ਗੁਰਬਾਣੀ ਦੇ ਸੰਥਿਆ ਪਾਠ ਵਿੱਚ ਵਿਸਰਾਮ ਚਿੰਨ੍ਹਾਂ ਦਾ ਮਹੱਤਵ

0
1726

ਗੁਰਬਾਣੀ ਦੇ ਸੰਥਿਆ ਪਾਠ ਵਿੱਚ ਵਿਸਰਾਮ ਚਿੰਨ੍ਹਾਂ ਦਾ ਮਹੱਤਵ

ਗਿਆਨੀ ਜਗਤਾਰ ਸਿੰਘ ਜਾਚਕ-098552-05089

ਭਾਸ਼ਾ ਵਿਗਿਆਨੀਆਂ ਦਾ ਕਥਨ ਹੈ ਕਿ ਕਿਸੇ ਵੀ ਭਾਸ਼ਾ ਦੇ ਵਾਕਾਂ ਦੀ ਸਹੀ ਵੰਡ ਤੋਂ ਬਿਨਾਂ ਅਰਥਾਂ ਨੂੰ ਸਪਸ਼ਟ ਕਰ ਸਕਣਾ ਅਸੰਭਵ ਹੈ । ਅਸਲ ਵਿੱਚ ਇਹੀ ਕਾਰਣ ਹੈ ਕਿ ਗੱਲਬਾਤ ਕਰਨ ਵੇਲੇ ਵਾਕਾਂ ਦੇ ਅੰਤ ਵਿੱਚ ਅਤੇ ਵਾਕਾਂ ਦੇ ਖਾਸ ਖਾਸ ਹਿੱਸਿਆਂ ’ਤੇ ਠਹਿਰਿਆ ਜਾਂਦਾ ਹੈ, ਤਾਂ ਕਿ ਕਹੀ ਜਾ ਰਹੀ ਗੱਲ ਠੀਕ ਤਰ੍ਹਾਂ ਸਮਝੀ ਜਾ ਸਕੇ । ਲਿਖਤੀ ਵਾਕਾਂ ਵਿੱਚ ਇਸ ਗੱਲ ਨੂੰ ਪ੍ਰਗਟ ਕਰਨ ਲਈ, ਕਿ ਕਿੱਥੇ ਅਤੇ ਕਿੰਨਾ ਕੁ ਚਿਰ ਠਹਿਰਨਾ ਹੈ ਖਾਸ ਨਿਸ਼ਾਨ ਵਰਤੇ ਜਾਂਦੇ ਹਨ, ਜਿਨ੍ਹਾਂ ਨੂੰ ਵਿਸਰਾਮ-ਚਿੰਨ੍ਹ (Punctuation Marks) ਕਿਹਾ ਜਾਂਦਾ ਹੈ । ਪੰਜਾਬੀ ਭਾਸ਼ਾ ਦੇ ਨਿਰੁਕਤ ਕੋਸ਼ ਵਿੱਚ ਵਿਸਰਾਮ ਚਿੰਨ੍ਹ ਦਾ ਅਰਥ ‘ਵਿਆਕਰਣ ਦੇ ਠਹਿਰਾਉ ਸੂਚਕ ਚਿੰਨ੍ਹ’ ਕੀਤਾ ਗਿਆ ਹੈ ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਤ ਵਿੱਚ ਵਾਕ ਵੰਡ ਲਈ ਕੇਵਲ ਦੋ ਡੰਡੀਆਂ (॥) ਦੀ ਵਰਤੋਂ ਕੀਤੀ ਹੋਈ ਹੈ। ਉਦਾਰਹਣ ਵਜੋਂ ਗੁਰਬਾਣੀ ਦੀਆਂ ਹੇਠ ਲਿਖੀਆਂ ਤੁਕਾਂ ਵਿਚਾਰੀਆਂ ਜਾ ਸਕਦੀਆਂ ਹਨ, ਜਿਨ੍ਹਾਂ ਵਿੱਚ ਅਰਧ ਵਿਸਰਾਮ, ਸੰਬੋਧਨ ਕਾਰਕੀ (ਵਿਸਮੀ) ਤੇ ਪ੍ਰਸ਼ਨਵਾਚਕ ਚਿੰਨ੍ਹਾਂ ਦੀ ਥਾਂ ਵੀ ਦੋ ਡੰਡੀਆਂ (ਹੱਦਾਂ) ਦੀ ਵਰਤੋਂ ਕੀਤੀ ਗਈ ਹੈ :

ਤੂ ਕੁਨੁ ਰੇ ॥ ਮੈ ਜੀ ॥ ਨਾਮਾ ॥ ਹੋ ਜੀ ॥ ਆਲਾ ਤੇ ਨਿਵਾਰਣਾ ਜਮ ਕਾਰਣਾ॥ (ਅੰਗ ੬੯੪)

ਮੋਹਨੁ ਲਾਲੁ ਮੇਰਾ ਪ੍ਰੀਤਮ ਮਨ ਪ੍ਰਾਨਾ॥ ਮੋ ਕਉ ਦੇਹੁ ਦਾਨਾ॥ (ਅੰਗ ੧੦੦੫)

ਕਿਉਂਕਿ, ਉਸ ਵੇਲੇ ਗੁਰਮੁਖੀ ਸਮੇਤ ਕਿਸੇ ਵੀ ਹਿੰਦੋਸਤਾਨੀ ਲਿਪੀ ਵਿੱਚ ਕੋਈ ਵਿਸਰਾਮ ਚਿੰਨ ਨਹੀਂ ਸਨ ; ਸਿਵਾਏ ਇੱਕ ਖੜੀ ਲੀਕ (।) ਦੇ, ਜੋ ਅੰਗਰੇਜ਼ੀ ਦੇ ਫ਼ੁਲਸਟਾਪ (.) ਦੀ ਥਾਂ ’ਤੇ ਹੈ । ਇਸ ਨੂੰ ਪੰਜਾਬੀ ਵਾਲੇ ਡੰਡੀ ਜਾਂ ਹੱਦ ਆਖਦੇ ਹਨ। ਕਿਉਂਕਿ, ਇਸ ਚਿੰਨ ਦੀ ਵਰਤੋਂ ਪ੍ਰਾਚੀਨ ਕਾਲ ਤੋਂ ਹੀ ਆਮ ਤੌਰ ’ਤੇ ਵਾਕ ਦੇ ਅੰਤ ਉੱਤੇ ਹੁੰਦੀ ਚੱਲੀ ਆ ਰਹੀ ਹੈ। ਇਹ ਚਿੰਨ ਲਗਭਗ ਤਿੰਨ ਹਜ਼ਾਰ ਸਾਲ ਪੁਰਾਣਾ ਹੈ। ਕਿਉਂਕਿ, ਹਜ਼ਰਤ ਈਸਾ ਮਸੀਹ ਤੋਂ ਨੌ ਸਦੀਆਂ ਪਹਿਲਾਂ ਦੇ ਫ਼ਿਨੀਸ਼ਨ (Phoenician) ਲਿਪੀ ਵਿੱਚ ਲਿਖੇ ਗਏ ਮੁਬਾਈਟ ਸਟੋਨ (Moabite Stone) ਉਤੇ ਵੀ ਚਿੰਨ ਡੰਡੀ (।) ਦੀ ਵਰਤੋਂ ਇਸੇ ਹੀ ਮਤਲਬ ਲਈ ਹੋਈ ਮਿਲਦੀ ਹੈ ।

ਜਿਉਂ ਜਿਉਂ ਪੰਜਾਬੀ ਭਾਸ਼ਾ ਦਾ ਵਿਕਾਸ ਹੋਇਆ, ਤਿਉਂ ਤਿਉਂ ਪੰਜਾਬੀ ਦੇ ਸੂਝਵਾਨ ਲਿਖਾਰੀਆਂ ਨੇ ਲਿਖਤ ਦੀ ਸਪਸ਼ਟਤਾ ਲਈ ਅੰਗਰੇਜ਼ੀ ਦੇ ਵਿਸਰਾਮ ਚਿੰਨ੍ਹਾਂ ਨੂੰ ਵਰਤਣਾ ਸ਼ੁਰੂ ਕੀਤਾ। ਜਿਵੇਂ ਕਾਮਾ (, Comma), ਬਿੰਦੀ ਕਾਮਾ (;Cemecolon), ਦੁਬਿੰਦੀ (:Colon), ਪ੍ਰਸ਼ਨ ਚਿੰਨ੍ਹ (? Interrogataion), ਵਿਸਮੀ ਚਿੰਨ੍ਹ (! Exclamation), ਪੁਠੇ ਕਾਮੇ (‘ ’ Inverted commas ), ਤੇ ਜੋੜਨੀ (-Hyphon) ਆਦਿਕ । ਅੱਜ-ਕਲ ਤਾਂ ਅਜਿਹੀ ਵਰਤੋਂ ਆਮ ਹੈ ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਅਜੋਕੀਆਂ ਪਦ-ਛੇਦ ਬੀੜਾਂ ਤੋਂ ਪਹਿਲਾਂ ਜੁੜਵੇਂ ਅੱਖਰਾਂ ਵਾਲੀਆਂ (ਲੜੀਦਾਰ) ਬੀੜਾਂ ਹੀ ਪ੍ਰਚਲਿਤ ਸਨ । ਅਭਿਆਸ ਹੀਣ ਪਾਠੀਆਂ ਪਾਸੋਂ ਗੁਰਬਾਣੀ ਦੀਆਂ ਤੁਕਾਂ ਨੂੰ ਠੀਕ ਪਦ-ਛੇਦ ਨਾ ਕਰਨ ਕਰਕੇ ਅਤੇ ਠੀਕ ਥਾਂ ਵਿਸ਼ਰਾਮ ਨਾ ਲਗਾਉਣ ਕਰਕੇ ਬੇਅੰਤ ਭੁਲਾਂ ਹੁੰਦੀਆਂ ਸਨ। ਪਦ-ਛੇਦ ਬੀੜਾਂ ਛਪਣ ਨਾਲ ਤੁਕਾਂ ਨੂੰ ਪਦ-ਛੇਦ ਕਰਨ ਦੀ ਸਮਸਿਆ ਤਾਂ 99% ਹੱਲ ਹੋ ਗਈ, ਪਰ ਵਿਸਰਾਮਾਂ ਦੀ ਸਮਸਿਆ ਓਵੇਂ ਹੀ ਕਾਇਮ ਰਹੀ। ਗੁਰਸਿੱਖ ਵਿਦਵਾਨਾਂ ਦੀ ਦਿਸ਼੍ਰਟੀ ਵਿੱਚ ਇਸ ਦਾ ਇੱਕੋ ਇੱਕ ਹੱਲ ਸੀ ਕਿ ਗੁਰਬਾਣੀ ਦੇ ਸ਼ੁਧ ਉਚਾਰਨ ਦੀਆਂ ਸੰਥਾ-ਪੋਥੀਆਂ ਤੇ ਟੀਕਿਆਂ ਵਿੱਚ ਠੀਕ ਥਾਂ ਲੋੜੀਂਦੇ ਵਿਸਰਾਮ ਚਿੰਨ ਲਗਾ ਦਿੱਤੇ ਜਾਣ। ਇਹੀ ਕਾਰਣ ਹੈ ਕਿ ਗੁਰਬਾਣੀ ਨੂੰ ਸਮਝਣ ਸਮਝਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਟੀਕੇਕਾਰਾਂ ਤੇ ਸੰਥਿਆ ਕਰਾਉਣ ਵਾਲੇ ਵਿਦਵਾਨਾਂ ਵਲੋਂ ਹੁਣ ਸਾਰੇ ਵਿਸਰਾਮਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਕਿਉਂਕਿ, ਪਾਠਕਾਂ ਤੇ ਸ਼੍ਰੋਤਿਆਂ ਨੂੰ ਗੁਰਬਾਣੀ ਦੇ ਸ਼ੁਧ ਉਚਾਰਨ ਤੇ ਅਰਥ ਭਾਵਾਂ ਤੋਂ ਜਾਣੂ ਕਰਾਉਣ ਲਈ ਅਜਿਹੀ ਵਰਤੋਂ ਅਤਿ ਜ਼ਰੂਰੀ ਹੈ। ਪਰ, ਇਸ ਤੋਂ ਵੀ ਜ਼ਰੂਰੀ ਹੈ ਵਿਸਰਾਮ ਠੀਕ ਥਾਂ ਦੇਣਾ। ਜੇ ਵਿਸਰਾਮ ਦੀ ਥਾਂ ਠੀਕ ਨਾ ਹੋਵੇ ਤਾਂ ਪਾਠ ਅਤੇ ਅਰਥ ਦੋਵੇਂ ਹੀ ਗ਼ਲਤ ਹੋ ਜਾਂਦੇ ਹਨ । ਜਿਵੇਂ :

ਠੀਕ : ਗੁਰੁ ਅਰਜੁਨੁ, ਘਰਿ ਗੁਰ ਰਾਮਦਾਸ; ਭਗਤ ਉਤਰਿ ਆਯਉ॥ (ਅੰਗ ੧੪੦੭)

ਗ਼ਲਤ : ਗੁਰੁ ਅਰਜੁਨੁ ਘਰਿ, ਗੁਰ ਰਾਮਦਾਸ ; ਭਗਤ ਉਤਰਿ ਆਯਉ॥

ਇਸ ਤੁਕ ਦਾ ਸਹੀ ਅਰਥ ਹੈ: ਗੁਰੂ ਰਾਮਦਾਸ ਦੇ ਘਰ ਵਿੱਚ ਗੁਰੂ ਅਰਜੁਨ (ਰੱਬ ਦਾ) ਭਗਤ ਜੰਮ ਪਿਆ। ਇਹ ਇੱਕ ਇਤਿਹਾਸਕ ਸੱਚ ਹੈ । ਪਰ, ਜੇ ਅਣਗਹਿਲੀ ਕਾਰਨ ਵਿਸਰਾਮ ‘ਅਰਜੁਨੁ’ ਦੀ ਥਾਂ ‘ਘਰਿ’ ਤੇ ਲੱਗ ਜਾਏ ਤਾਂ ਸ਼੍ਰੋਤਾ ਸਮਝੇਗਾ ਕਿ ਗੁਰੂ ਅਰਜਨ ਦੇ ਘਰ ਗੁਰੂ ਰਾਮਦਾਸ ਭਗਤ ਪੈਦਾ ਹੋ ਪਏ। ਅਜਿਹੇ ਅਰਥ ਇਤਿਹਾਸਕ ਪੱਖੋਂ ਵੀ ਗ਼ਲਤ ਹਨ ਤੇ ਵਿਆਕਰਣਿਕ ਪੱਖੋਂ ਵੀ। ਕਿਉਂਕਿ, ‘ਅਰਜੁਨੁ’ ਨਾਂਵ ਦੇ ਨੰਨੇ ਨੂੰ ਲੱਗਾ ਔਂਕੜ ‘ਗੁਰੂ ਅਰਜੁਨ ਦੇ ਘਰ’ ਵਾਲੇ ਸਬੰਧਕੀ ਅਰਥ ਨਹੀਂ ਹੋਣ ਦਿੰਦਾ।

ਠੀਕ : ਸਾਚਾ, ਮਰੈ ਨ ਆਵੈ ਜਾਇ॥ ਨਾਨਕ! ਗੁਰਮੁਖਿ ਰਹੈ ਸਮਾਇ॥ (ਅੰਗ ੨੨੯)

ਗ਼ਲਤ : ਸਾਚਾ ਮਰੈ, ਨ ਆਵੈ ਜਾਇ॥ ਨਾਨਕ ਗੁਰਮੁਖਿ ਰਹੈ ਸਮਾਇ॥

ਇਨ੍ਹਾਂ ਤੁਕਾਂ ਦਾ ਸਹੀ ਅਰਥ ਹੈ: ਹੇ ਨਾਨਕ (ਆਖ) ! ਗੁਰੂ ਦੀ ਰਾਹੀਂ (ਮਨੁਖ ਉਸ ਅਕਾਲਪੁਰਖ ਵਿੱਚ) ਸਮਾਇਆ ਰਹਿੰਦਾ ਹੈ, ਜੋ ਸਦਾ ਕਾਇਮ ਰਹਿਣ ਵਾਲਾ ਹੈ, ਜੋ ਜੰਮਦਾ ਮਰਦਾ ਨਹੀਂ। ਪਰ, ਜੇ ਪਾਠੀ ਵੱਲੋਂ ਬੇਧਿਆਨੀ ਨਾਲ ਵਿਸਰਾਮ ‘ਮਰੈ’ ਲਫ਼ਜ਼ ’ਤੇ ਲਾਇਆ ਜਾਏ ਅਤੇ ‘ਨਾਨਕ’ ਨਾਂਵ ’ਤੇ ਵਿਸਰਾਮ ਨਾ ਲਾਇਆ ਜਾਏ ਤਾਂ ਸ਼੍ਰੋਤੇ ਸਮਝਣਗੇ : ਨਾਨਕ ਗੁਰਮੁਖ ਉਸ ਵਿੱਚ ਸਮਾਇਆ ਰਹਿੰਦਾ ਹੈ, ਜਿਹੜਾ ਸਚਾ ਰੱਬ ਮਰਦਾ ਹੈ, ਆਉਂਦਾ ਜਾਂਦਾ ਨਹੀਂ। ਅਜਿਹੇ ਅਰਥ ਸਿਧਾਂਤਕ ਤੇ ਵਿਆਕਰਣਿਕ ਪੱਖੋਂ ਗ਼ਲਤ ਸਿੱਧ ਹੋਣਗੇ। ਕਿਉਂਕਿ, ਜੋ ਸੱਚਾ ਹੈ, ਉਹ ਮਰਦਾ ਨਹੀਂ। ਤੇ ਜੋ ਮਰਦਾ ਹੈ, ਉਸ ਬਾਰੇ ‘ਨ ਆਵੈ ਜਾਇ’ ਵਾਕਾਂਸ਼ ਨਹੀਂ ਕਿਹਾ ਜਾ ਸਕਦਾ। ‘ਗੁਰਮੁਖ ਨਾਨਕ’ ਅਰਥ ਗੁਰਬਾਣੀ ਵਿਆਕਰਣ ਮੁਤਾਬਿਕ ਤਾਂ ਹੀ ਬਣ ਸਕਦੇ ਹਨ, ਜੇ ‘ਨਾਨਕ’ ਨਾਂਵ ਦੇ ਕੱਕੇ ਨੂੰ ਅਤੇ ਗੁਰਮੁਖ ਦੇ ਖੱਖੇ ਨੂੰ ਔਂਕੜ ਹੋਣ। ਪਰ, ਤੁਸੀਂ ਹੈਰਾਨ ਹੋਵੋਗੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰਮੁਖਿ ਸ਼ਬਦ ’ਚ ਖੱਖੇ ਔਂਕੜ ਵਾਲਾ ਰੂਪ ਹੀ ਨਹੀਂ ਹੈ ।

ਤਜਿ ਆਨ, ਸਰਣਿ ਗਹੀ ॥ (ਅੰਗ ੮੩੭)

ਤਜਿ, ਆਨ ਕਤਹਿ ਨ ਜਾਹਿ ॥ (ਅੰਗ ੮੩੭)

ਇਨ੍ਹਾਂ ਦੋਹਾਂ ਤੁਕਾਂ ਵਿੱਚ ਜਮਕੀ ਵਿਸਰਾਮ ਖਾਸ ਧਿਆਨ ਮੰਗਦੇ ਹਨ। ਪਹਿਲੀ ਤੁਕ ਵਿੱਚ ‘ਆਨ’ ’ਤੇ ਵਿਸਰਾਮ ਹੈ। ਜਿਸ ਦਾ ਅਰਥ ਹੈ ਕਿ (ਹੇ ਪ੍ਰਭੂ! ਮੈਂ) ਹੋਰਨਾ ਨੂੰ ਛੱਡ ਕੇ ਤੇਰੀ ਸ਼ਰਨ ਪਕੜੀ ਹੈ। ਦੂਜੀ ਤੁਕ ਵਿੱਚ ਵਿਸਰਾਮ ‘ਤਜਿ’ ਤੋਂ ਬਾਅਦ ਹੈ। ਅਰਥ ਹੈ ਕਿ (ਹੇ ਪ੍ਰਭੂ! ਤੈਨੂੰ) ਛੱਡ ਕੇ, ਅਸੀਂ ਹੋਰ ਕਿਤੇ ਨਹੀਂ ਜਾਂਦੇ। ਜੇ ਕਰ ਦੋਹਾਂ ਤੁਕਾਂ ਦੇ ਵਿਸਰਾਮ ਆਪਸ ਵਿੱਚ ਬਦਲ ਦਿੱਤੇ ਜਾਣ ਤਾਂ ਅਰਥਾਂ ਦਾ ਅਨਰਥ ਹੋ ਜਾਵੇਗਾ ।

ਪ੍ਰੋ: ਸਾਹਿਬ ਸਿੰਘ ਜੀ ਨੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਵਿੱਚ ਅਰਧ ਵਿਸਰਾਮ ਵਜੋਂ ਕੇਵਲ ਕਾਮਿਆਂ ਦੀ ਵਰਤੋਂ ਕੀਤੀ ਹੈ । ਗਿਆਨੀ ਹਰਬੰਸ ਸਿੰਘਪਟਿਆਲੇ ਵਾਲਿਆਂ ਨੇ ‘ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਸ਼ਨ ਨਿਰਣੈ ਸਟੀਕ’ ਵਿੱਚ ਕਾਮਿਆਂ ਤੋਂ ਅੱਗੇ ਵਧ ਕੇ ਵਿਸਮਕ ਚਿੰਨ੍ਹ (!) ਨੂੰ ਸੰਬੋਧਨੀ ਚਿੰਨ੍ਹ ਵਜੋਂ ਆਮ ਵਰਤਿਆ ਹੈ । ਜਿਵੇਂ :

ਗੁਰਾ ! ਇਕ ਦੇਹਿ ਬੁਝਾਈ ॥ (ਦੇਖੋ, ਦਰਸ਼ਨ ਨਿਰਣੈ ਸਟੀਕ, ਪੰਨਾ ੧੦੪)

ਬਾਬਾ ! ਜੈ ਘਰਿ, ਕਰਤੇ ਕੀਰਤਿ ਹੋਇ ॥ (ਦਰਸ਼ਨ ਨਿਰਣੈ ਸਟੀਕ, ਪੰਨਾ ੨੨੪)

ਪਰ, ਇਸ ਪੱਖੋਂ ਕਮਾਲ ਦੀ ਪਹਿਲ ਕੀਤੀ ਹੈ ਗਿਆਨੀ ਗੁਰਬਚਨ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਨੇ, ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ੁਧ ਉਚਾਰਨ ਦੀ ਸੰਥਿਆ ਦਿੰਦਿਆਂ, ਲੋੜੀਦੀਆਂ ਥਾਵਾਂ ’ਤੇ ਬਿੰਦੀ, ਟਿੱਪੀ ਤੇ ਅਧਿਕ ਦੀ ਵਰਤੋਂ ਸਮਝਾਉਣ ਦੇ ਨਾਲ ਅਰਥਾਂ ਦੀ ਸਪਸ਼ਟਤਾ ਲਈ ਹਰੇਕ ਕਿਸਮ ਦੇ ਅੰਗਰੇਜ਼ੀ ਵਿਸਰਾਮ ਚਿੰਨ੍ਹ ਲਗਵਾਏ। ਹੋਰ ਉਪਕਾਰ ਕੀਤਾ ਗਿਆਨੀ ਮੋਹਣ ਸਿੰਘ ਜੀ (ਸੰਪਰਦਾਈ ਮੁਖੀ, ਗੁਰਦੁਆਰਾ ਅਖੰਡ ਪ੍ਰਕਾਸ਼, ਭਿੰਡਰ ਕਲਾਂ) ਵਾਲਿਆਂ, ਜਿਨ੍ਹਾਂ ਨੇ ਖ਼ਾਲਸਾ ਜੀ ਦੀ ਉਪਰੋਕਤ ਕਿਰਤ ਨੂੰ ‘ਗੁਰਬਾਣੀ ਪਾਠ ਦਰਸ਼ਨ’ ਨਾਮੀ ਪੁਸਤਕ ਰਾਹੀਂ ਪ੍ਰਕਾਸ਼ਿਤ ਕੀਤਾ। ਟਕਸਾਲ ਮਹਿਤਾ ਕਲਾਂ ਵਲੋਂ ਇਹੀ ਪੁਸਤਕ ‘ਗੁਰਬਾਣੀ ਪਾਠ ਦਰਪਣ’ ਦੇ ਨਾਮ ਹੇਠ ਛਾਪੀ ਜਾ ਰਹੀ ਹੈ ।

ਇਸ ਪੁਸਤਕ ਵਿੱਚ ਹਜ਼ਾਰਾਂ ਹੀ ਗੁਰਬਾਣੀ ਦੀ ਤੁਕਾਂ ਦੇ ਦਰਸ਼ਨ ਕੀਤੇ ਜਾ ਸਕਦੇ ਹਨ, ਜਿਨ੍ਹਾਂ ਨੂੰ ਵਖ ਵਖ ਕਿਸਮਾਂ ਦੇ ਵਿਸਰਾਮ ਚਿੰਨ੍ਹਾਂ ਨਾਲ ਨਿਖੇੜਿਆ ਗਿਆ ਹੈ। ਅਰਧ ਵਿਸਰਾਮ ਲਈ ਬਿੰਦੀ ਕਾਮਾ (;) ਅਤੇ ਇਸ ਤੋਂ ਘਟ ਵਿਸਰਾਮ (ਜਮਕੀ) ਲਈ ਕਾਮਾ (,) ਦੀ ਵਰਤੋਂ ਕੀਤੀ ਗਈ ਹੈ। ਸਮਾਸੀ ਲਫ਼ਜ਼ਾਂ ਦੇ ਹਿੱਸੇ ਪ੍ਰਗਟਾਉਣ ਲਈ ਜੁੜਤ ਲਫ਼ਜ਼ਾਂ ਨੂੰ ਤੋੜ ਕੇ ਜੋੜਣੀ (-) ਦੀ ਵਰਤੋਂ ਕੀਤੀ ਗਈ ਹੈ। ਇਥੋਂ ਤੱਕ ਕਿ ਕਈ ਖ਼ਾਸ ਲਫ਼ਜ਼ਾਂ ਨੂੰ ਉਭਾਰਨ ਲਈ ਪੁਠੇ ਕਾਮਿਆਂ (‘’) ਦੀ ਵਰਤੋਂ ਕਰਨੋ ਵੀ ਸੰਕੋਚ ਨਹੀਂ ਕੀਤਾ। ਤੁਕਾਂ ਦੇ ਅਖ਼ੀਰ ਵਿੱਚ ਬ੍ਰੈਕਟਾਂ ਪਾ ਕੇ ਬਿੰਦੀ, ਟਿੱਪੀ ਤੇ ਅਧਿਕ ਦੀ ਵਰਤੋਂ ਬਾਰੇ ਸੇਧਾਂ ਦਿਤੀਆਂ ਹੋਈਆਂ ਹਨ ਅਤੇ ਪਾਠਾਂਤਰ ਵੀ ਲਿਖੇ ਹਨ। ਉਦਾਹਰਣ ਵਜੋਂ ਹੇਠਾਂ ਕੁਝ ਤੁਕਾਂ ਦੇ ਹੂ-ਬਹੂ ਦਰਸ਼ਨ ਕਰਵਾਏ ਜਾ ਰਹੇ ਹਨ । ਜਿਵੇਂ :

ਸੋਚੈ, ਸੋਚਿ ਨ ਹੋਵਈ ; ਜੇ ਸੋਚੀ ਲਖ ਵਾਰ ॥ (ਲੱਖ ਪੜ੍ਹੋ) -ਅੰਗ ੧

ਤੇਰਾ ਸਬਦੁ, ਤੂੰਹੈ ਹਹਿ ਆਪੇ ; ਭਰਮੁ ਕਹਾ ਹੀ ॥ (ਕਹਾਂ ਬੋਲਣਾ)- ਅੰਗ ੧੬੨

‘ਅਹੰ-ਬੁਧਿ’ ਪਰ ਬਾਦ ਨੀਤ ; ਲੋਭ ਰਸਨਾ ਸਾਦਿ ॥ (੨) ਪਰਬਾਦ -ਅੰਗ ੮੧੦

ਤੂ ਅਜਰਾ-ਵਰੁ ਅਮਰੁ ਤੂ ; ਸਭ ਚਾਲਣ-ਹਾਰੀ ॥ ਅੰਗ ੧੦੦੮

ਅਖੰਡ ਕੀਰਤਨੀ ਜਥੇ ਦੇ ਮੁਖੀ ਵਿਦਵਾਨ ਭਾਈ ਜੋਗਿੰਦਰ ਸਿੰਘ ਤਲਵਾੜਾ ਜੀ ਨੇ ਜਪੁ ਜੀ ਸਾਹਿਬ ਦੀ ਸਰਲ ਸਟੀਕ ਵਿੱਚ ਤੁਕਾਂ ਵਿਚਕਾਰ ਵਿਸਰਾਮ ਵਜੋਂ ਕਾਮੇ ਵੀ ਵਰਤੇ ਹਨ ਅਤੇ ਸ਼੍ਰੋਮਣੀ ਕਮੇਟੀ ਵਲੋਂ ਪ੍ਰਕਾਸ਼ਿਤ ਹੋ ਰਹੇ ‘ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ’ ਵਾਂਗ ਮੂਲਿਕ ਲਫ਼ਜ਼ਾਂ ’ਤੇ ਵਿਸ਼ੇਸ਼ ਹਿੰਦਸੇ ਪਾ ਕੇ ਪਦ-ਅਰਥ ਤੇ ਸ਼ੁਧ ਉਚਾਰਣ ਵੀ ਦੱਸੇ ਹਨ। ‘ਗੁਰਬਾਣੀ ਦਾ ਸਰਲ ਵਿਆਕਰਣ-ਬੋਧ’ ਨਾਮੀ ਪੁਸਤਕ ਵਿੱਚ ਸੈਂਕੜੇ ਤੁਕਾਂ ਹਨ, ਜਿਨ੍ਹਾਂ ਵਿੱਚ ਵਿਸਰਾਮ ਚਿੰਨਾਂ ਤੋਂ ਇਲਾਵਾ ‘ਗੁਰਬਾਣੀ ਪਾਠ ਦਰਸ਼ਨ’ ਪੁਸਤਕ ਵਾਂਗ ਗੁਰਬਾਣੀ ਦੀਆਂ ਤੁਕਾਂ ਵਿਚਕਾਰੋਂ ਲਫ਼ਜ਼ਾਂ ਨੂੰ ਵਿਸ਼ੇਸ਼ ਤੌਰ ’ਤੇ ਉਭਾਰਨ ਲਈ ਪੁੱਠੇ ਕਾਮੇ ਵੀ ਵਰਤੇ ਹਨ। ਕਿਉਂਕਿ, ਪਾਠਕਾਂ ਨੂੰ ਬਾਣੀ ਦੀ ਸੋਝੀ ਕਰਾਉਣ ਲਈ ਅਜਿਹੀ ਜੁਗਤਿ ਅਪਨਾਉਣੀ ਲਾਜ਼ਮੀ ਹੈ। ਜਿਵੇਂ, ਪੰਨਾ ੬੨੪ ’ਤੇ ਪੰਕਤੀ ਉਲੇਖ ਇਸ ਪ੍ਰਕਾਰ ਹੈ :

‘ਗਾਵਿਆ’, ‘ਸੁਣਿਆ’ ਤਿਨ ਕਾ ਹਰਿ ਥਾਇ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ ॥ (ਅੰਗ ੬੬੯)

ਤਲਵਾੜਾ ਜੀ ਨੇ ਇਹ ਵੀ ਲਿਖਿਆ ਹੈ ਕਿ ਵਿਸਰਾਮ ਚਿੰਨ੍ਹ ਤਾਂ ਭਾਵੇਂ ਗੁਰਬਾਣੀ ਦੀਆਂ ਛੋਟੀਆਂ ਛੋਟੀਆਂ ਤੁਕਾਂ ਵਿੱਚ ਵੀ ਅਤਿ ਲੋੜੀਂਦੇ ਹਨ। ਪਰ ਫਿਰ ਵੀ ਪੜਤਾਲ ਵਾਲੇ ਚਉਪਦਿਆਂ, ਛੰਤਾਂ ਅਤੇ ਸਵੱਈਆਂ ਵਿੱਚ ਜਿਹੜੀਆਂ ਤੁਕਾਂ ਬਹੁਤ ਲੰਮੀਆਂ ਲੰਮੀਆ ਹਨ, ਉਨ੍ਹਾਂ ਵਿੱਚ ਵਿਸਰਾਮ ਦੇ ਕੇ ਪਾਠ ਕਰਨਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ। ਕਿਉਂਕਿ, ਜੇ ਐਸੀਆਂ ਤੁਕਾਂ ਨੂੰ ਕੁਝ ਭਾਗਾਂ ਵਿੱਚ ਵੰਡ ਕੇ ਅਤੇ ਯੋਗ ਥਾਵਾਂ ਤੇ ਰਤਾ ਕੁ ਵਿਸਰਾਮ ਦੇ ਕੇ ਉਚਾਰਣ ਕੀਤਾ ਜਾਵੇ ਤਾਂ ਜਿਥੇ ਪਾਠ ਦੀ ਲੈਅ ਰਸਦਾਇਕ ਹੋ ਜਾਂਦੀ ਹੈ, ਉਥੇ ਅਰਥ ਭਾਵ ਵੀ ਸਪਸ਼ਟ ਹੋ ਜਾਂਦਾ ਹੈ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਹਿ ਚੁੱਕੇ ਗਿਆਨੀ ਜੋਗਿੰਦਰ ਸਿੰਘ ‘ਵੇਦਾਂਤੀ’, ਗੁਰਬਾਣੀ ਵਿਆਕਰਣ ਦੀ ਰੌਸ਼ਨੀ ਵਿੱਚ ਸ਼ੁਧ-ਉਚਾਰਣ ਸਮਝਾਉਣ ਵਾਲੇ ਵਿਦਵਾਨਾਂ ਵਿਚੋਂ ਮੋਹਰੀ ਮੰਨੇ ਜਾਂਦੇ ਹਨ। ਉਹ ਵੀ ਤਲਵਾੜਾ ਜੀ ਦੇ ਵਿਚਾਰਾਂ ਨਾਲ ਸੌ ਫੀਸਦੀ ਸਹਿਮਤ ਹਨ। ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਿਤ ਹੁੰਦੇ ਮਾਸਿਕ ਪਤਰ ‘ਗੁਰਮਤਿ ਪ੍ਰਕਾਸ਼’ ਜੁਲਾਈ ੨੦੧੨ ਵਾਲੇ ਅੰਕ ਵਿੱਚ ਜਥੇਦਾਰ ਵੇਦਾਂਤੀ ਜੀ ਦਾ ਲਿਖਿਆ ਲੇਖ ‘ਗੁਰਬਾਣੀ ਦੀ ਲਗ-ਮਾਤ੍ਰ ਨਿਯਮਾਵਲੀ: ਖੋਜ ਤੇ ਸੰਭਾਵਨਾ’ ਇਸ ਪੱਖੋਂ ਪੜ੍ਹਣ ਯੋਗ ਹੈ ।

‘ਸ਼ਬਦ-ਵੀਚਾਰ ਸ੍ਰੀ ਗੁਰੂ ਗ੍ਰੰਥ ਸਾਹਿਬ’ ਦੇ ਕਰਤਾ ਡਾ: ਓਅੰਕਾਰ ਸਿੰਘ ਜੀ ਨੇ ਤੁਕਾਂ ਦੇ ਵਿਚਕਾਰ ਵਿਸਰਾਮ ਵਜੋਂ ਕਾਮਿਆਂ ਦੀ ਵਰਤੋਂ ਕਰਦਿਆਂ ਬ੍ਰੈਕਟਾਂ ਪਾ ਕੇ ਸ਼ਬਦਾਂ ਦੇ ਸ਼ੁਧ ਉਚਾਰਨ ਦੱਸਣ ਦਾ ਸ਼ਲਾਘਾ ਯੋਗ ਉਪਰਾਲਾ ਕੀਤਾ ਹੈ । ਜਿਵੇਂ :

ਕੀਟਾ (ਕੀਟਾਂ) ਅੰਦਰਿ (ਅੰਦਰ) ਕੀਟੁ (ਕੀਟ), ਕਰਿ (ਕਰ) ਦੋਸੀ (ਦੋਸ਼ੀ), ਦੋਸੁ (ਦੋਸ਼) ਧਰੇ ॥ ਪੋਥੀ ਭਾਗ ਪਹਿਲਾ, ਪੰਨਾ ੧੪’

ਸਿਧਾ (ਸਿਧਾਂ) ਪੁਰਖਾ (ਪੁਰਖਾਂ) ਕੀਆ (ਕੀਆਂ) ਵਡਿਆਈਆ॥ (ਵਡਿਆਈਆਂ)- ਪੋਥੀ ਭਾਗ ਪਹਿਲਾ, ਪੰਨਾ ੮੪’

ਖੁਸ਼ੀ ਦੀ ਗੱਲ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਜੂਦਾ ਜਥੇਦਾਰ ਗਿਆਨੀ ਗੁਰਬਚਨ ਸਿੰਘ, ਸਾਬਕਾ ਜਥੇਦਾਰ ਪ੍ਰੋ: ਮਨਜੀਤ ਸਿੰਘ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਮਜੂਦਾ ਮੁਖ ਗ੍ਰੰਥੀ ਗਿਆਨੀ ਜਸਵਿੰਦਰ ਸਿੰਘ ਜੀ ਹੁਰਾਂ ਵੱਲੋਂ, ਇਸ ਪੋਥੀ ਦੇ ਆਰੰਭ ਵਿੱਚ ਅਸੀਸ ਵਜੋਂ ਇੱਕ ਇੱਕ, ਦੋ ਦੋ ਪੰਨੇ ਦੇ ਪ੍ਰਸੰਸਾ ਪੱਤਰ ਵੀ ਲਿਖੇ ਗਏ ਹਨ ।

ਧੰਨਵਾਦੀ ਹਾਂ ਡਾ; ਕੁਲਬੀਰ ਸਿੰਘ ਥਿੰਦ ਅਤੇ ਭਾਈ ਬਲਵਿੰਦਰ ਸਿੰਘ ਰਾੜੇ ਵਾਲਿਆਂ ਦਾ, ਜਿਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਰਤਸਰ ਦੀ ਆਗਿਆ ਦੁਆਰਾ ਬਾਬਾ ਈਸ਼ਰ ਸਿੰਘ ਰਾੜੇ ਵਾਲਿਆਂ ਦੇ ਨਾਂ ’ਤੇ ‘ਈਸ਼ਰ ਮੈਕਰੋਮੀਡੀਆ ਵੈਬਸਾਈਟ’ ਰਾਹੀਂ ਗੁਰਬਾਣੀ ਪਾਠ-ਬੋਧ ਕਰਾਉਣ ਲਈ ਵਿਸਰਾਮਾਂ ਵਜੋਂ ਕਾਮੇ ਤੇ ਬਿੰਦੀ ਕਾਮੇ ਦੀ ਵਰਤੋਂ ਦੇ ਨਾਲ ਪ੍ਰਸ਼ਨ ਚਿੰਨ੍ਹ (?) ਅਤੇ ਵਿਸਮੀ ਚਿੰਨ੍ਹਾਂ (!) ਦੀ ਵਰਤੋਂ ਖੁਲ੍ਹ ਕੇ ਕੀਤੀ ਹੈ, ਜਿਨ੍ਹਾਂ ਦੀ ਬਦੌਲਤ ਪਾਠਕਾਂ ਤੇ ਸ਼੍ਰੋਤਿਆਂ ਲਈ ਅਰਥ ਭਾਵ ਸਮਝਣੇ ਅਤਿ ਸੁਖਾਲੇ ਹੋ ਗਏ ਹਨ । ਜਿਵੇਂ :

ਕਿਵ ਸਚਿਆਰਾ ਹੋਈਐ ? ਕਿਵ ਕੂੜੈ ਤੁਟੈ ਪਾਲਿ ? ॥ (ਅੰਗ ੧)

ਸੋ ਦਰੁ ਕੇਹਾ ! ਸੋ ਘਰੁ ਕੇਹਾ ! ਜਿਤੁ ਬਹਿ, ਸਰਬ ਸਮਾਲੇ ॥ (ਅੰਗ ੬)

ਪਾਠਕਾਂ ਦੀ ਜਾਣਕਾਰੀ ਲਈ ਦਸਣਾ ਜ਼ਰੂਰੀ ਹੈ ਕਿ ਉਪਰੋਕਤ ਲੇਖ ਦੇ ਆਰੰਭ ਵਿੱਚ ਗੁਰਬਾਣੀ ਦੀਆਂ ਜਿਹੜੀਆਂ ਦੋ ਤੁਕਾਂ ਵਿਸਰਾਮਾਂ ਦੀ ਥਾਂ ਦੋ ਡੰਡੀਆਂ (ਹੱਦਾਂ) ਦਰਸਾਉਣ ਲਈ ਪ੍ਰਮਾਣ ਵਜੋਂ ਲਿਖੀਆਂ ਗਈਆਂ ਹਨ; ਉਨ੍ਹਾਂ ਦੇ ਵਿਸ਼ਰਾਮ ਸਮਝਾਉਣ ਲਈ ਤਰਤੀਬਵਾਰ ਕਰਮਸਰ ਰਾੜਾ ਵਾਲਿਆਂ ਦੀ ਵੈਬਸਾਈਟ ‘ਈਸ਼ਰ ਮੈਕਰੋਮੀਡੀਆ’ ਅਤੇ ‘ਗੁਰਬਾਣੀ ਪਾਠ ਦਰਸ਼ਨ’ ਪੁਸਤਕ ਦੇ ਪੰਨਾ484 ’ਤੇ ਤੁਕ ਹੇਠਾਂ ਬ੍ਰੈਕਟ ਵਿੱਚ ਨੋਟ ਲਿਖ ਕੇ ਇਉਂ ਪ੍ਰਗਟ ਕੀਤਾ ਗਿਆ ਹੈ :

ਤੂ ਕੁਨੁ ਰੇ ?॥ ਮੈ ਜੀ !॥ ਨਾਮਾ॥ ਹੋ ਜੀ !॥

ਆਲਾ ਤੇ ਨਿਵਾਰਣਾ, ਜਮ ਕਾਰਣਾ॥ (ਅੰਗ ੬੯੪)

ਮੋਹਨੁ ਲਾਲੁ ਮੇਰਾ; ਪ੍ਰੀਤਮ ਮਨ ਪ੍ਰਾਨਾ॥ ਮੋ-ਕਉ, ਦੇਹੁ ਦਾਨਾ॥ (ਅੰਗ ੧੦੦੫)

(ਇਹ ਇਕੋ ਹੀ ਤੁਕ ਹੈ, ਬਿਸ੍ਰਾਮ ਵਾਲੀ ਜਗ੍ਹਾ ਹੱਦਾਂ ਲਾ ਕੇ ਦੋ ਤੁਕਾਂ ਬਣਾਈਆਂ ਹਨ, ਸ਼ੁਧ ਇਕੋ ਹੀ ਤੁਕ ਹੈ ।)

ਜਾਗਰੂਕ ਧਿਰਾਂ ਤੇ ਵਿਗਿਆਨਕ ਯੁੱਗ ਦੇ ਹਾਣੀ ਅਖਵਾਉਣ ਵਾਲੇ ਸਿੱਖ ਮਿਸ਼ਨਰੀ ਕਾਲਜ, ਆਪਣੀਆਂ ਵੈਬਸਾਈਟਾਂ ਤੇ ਵੀਡੀਓ ਕੈਸਟਾਂ ਰਾਹੀਂ ਗੁਰਬਾਣੀ ਪਾਠ ਦੀ ਸੋਝੀ ਕਰਵਾਉਣ ਲਈ ਯਤਨਸ਼ੀਲ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਬਕਾ ਤੇ ਮਜੂਦਾ ਜਥੇਦਾਰ ਸਹਿਬਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੂਲ-ਪਾਠ ਨੂੰ ਕਾਇਮ ਰੱਖ ਕੇ ਹੋਰ ਪੁਸਤਕਾਂ ਰਾਹੀਂ ਸੰਥਿਆ ਪਾਠ ਨੂੰ ਵਧੇਰੇ ਸੁਖਾਲਾ ਬਨਾਉਣ ਲਈ ਕੀਤੇ ਜਾ ਰਹੇ ਯਤਨਾਂ ਦੀ ਲਿਖਤੀ ਰੂਪ ਵਿੱਚ ਸ਼ਲਾਘਾ ਕਰ ਰਹੇ ਹਨ ।

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ (ਸ੍ਰੀ ਅਨੰਦਪੁਰ ਸਾਹਿਬ) ਦੇ ਜਥੇਦਾਰ ਗਿਆਨੀ ਮੱਲ ਸਿੰਘ ਜੀ ਦਾ ਕਥਨ ਹੈ ਕਿ ਚੰਗਾ ਹੋਵੇ ਜੇਕਰ ਸ਼੍ਰੋਮਣੀ ਕਮੇਟੀ ਵੱਲੋਂ ਗੁਰਬਾਣੀ ਦੇ ਮੂਲ-ਪਾਠ ਨੂੰ ਕਾਇਮ ਰੱਖ ਕੇ ਸ਼ਬਦਾਰਥ ਵਾਂਗ ਤੁਕ-ਵਾਰ ਸ਼ਬਦਾਂ ਦਾ ਸਰਲ ਉਚਾਰਣਤਮਿਕ ਰੂਪ ਲਿਖ ਕੇ ਸੰਥਾ ਪੋਥੀਆਂ ਤਿਆਰ ਕਰ ਦੇਵੇ, ਤਾਂ ਕਿ ਪਾਠਕਾਂ ਨੂੰ ਗੁਰਬਾਣੀ ਦਾ ਪਾਠ ਕਰਨਾ ਤੇ ਸਮਝਣਾ ਹੋਰ ਸੌਖਾ ਹੋ ਸਕਦਾ ਹੈ। ਆਸ ਹੈ ਕਿ ਗੁਰਸਿੱਖ ਵਿਦਵਾਨ ਸਤਿਕਾਰਯੋਗ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਵਾਲੇ, ਪ੍ਰੋ: ਸਾਹਿਬ ਸਿੰਘ, ਪ੍ਰਿੰਸੀਪਲ ਹਰਿਭਜਨ ਸਿੰਘ ਚੰਡੀਗੜ, ਗਿਆਨੀ ਹਰਿਬੰਸ ਸਿੰਘ ਪਟਿਆਲਾ, ਭਾਈ ਜੋਗਿੰਦਰ ਸਿੰਘ ਤਲਵਾੜਾ ਅਤੇ ਡਾ: ਕੁਲਬੀਰ ਸਿੰਘ ਥਿੰਦ ਤੇ ਡਾ: ਓਅੰਕਾਰ ਸਿੰਘ ਵਰਗੇ ਪਰਉਪਕਾਰੀ ਗੁਰਸਿੱਖ ਵਿਦਵਾਨਾਂ ਵਲੋਂ ਬਖਸ਼ੀਆਂ ਸੇਧਾਂ ਨੂੰ ਅਧਾਰ ਬਣਾ ਕੇ ਇਸ ਪੱਖੋਂ ਹੋਰ ਉਪਰਾਲੇ ਕਰਨਗੇ ; ਤਾਂ ਜੋ ਹਰੇਕ ਮਨੁੱਖ ਗੁਰ ਸ਼ਬਦ ਵੀਚਾਰ ਦੀ ਰੌਸ਼ਨੀ ਸਦਕਾ ਆਪਣੇ ਹਿਰਦੇ ਦੇ ਅਗਿਆਨਮਈ ਅੰਧੇਰੇ ਨੂੰ ਦੂਰ ਕਰਕੇ ਰੱਬ-ਰੂਪ ਸਚਿਆਰ ਬਣ ਸਕੇ ।

ਸਾਡੇ ਲਈ ਇਹ ਵੀ ਇੱਕ ਖੁਸ਼ਖ਼ਬਰੀ ਹੀ ਮੰਨੀ ਜਾ ਸਕਦੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਇੰਸਟੀਚਿਊਟ ਮੈਲਬਰਨ (ਅਸਟ੍ਰੇਲੀਆ) ਵੱਲੋਂ ਦਾਸ (ਜਾਚਕ) ਦੁਆਰਾ ਤਿਆਰ ਕਰਵਾਇਆ ਅਤੇ ਸ੍ਰੀ ਦਰਬਾਰ ਸਾਹਿਬ ਅੰਮਿ੍ਰਤਸਰ ਦੇ ਸੂਚਨਾ ਕੇਂਦਰ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਵੱਲੋਂ ਅਰਦਾਸ ਕਰਕੇ ਚੜ੍ਹਦੀਕਲਾ ਟਾਈਮ ਟੀ.ਵੀ.’ਤੇ ਸ਼ੁਰੂ ਕਰਵਾਇਆ ਵਿਆਕਰਣਿਕ ਸੰਥਿਆ ਪਾਠ, ਜਿਹੜਾ ਹਰ ਰੋਜ਼ ਸਵੇਰੇ 10-30 ਤੋਂ 11 ਵਜੇ ਤੱਕ ਸੰਸਾਰ ਭਰ ਵਿੱਚ ਸੁਣਿਆ ਜਾ ਰਿਹਾ ਹੈ, ਉਸ ਨੂੰ ਸਮੁੱਚੇ ਸਿੱਖ ਜਗਤ ਵੱਲੋਂ ਸਲਾਹਿਆ ਜਾ ਰਿਹਾ ਹੈ । ਨਿਹੰਗ ਸਿੰਘ ਬੁੱਢਾ ਦਲ ਦੇ ਜਥੇਦਾਰ ਬਾਬਾ ਬਲਬੀਰ ਸਿੰਘ ਜੀ ਤੋਂ ਇਲਾਵਾ ਸੇਵਾ ਪੰਥੀ ਤੇ ਨੀਲਧਾਰੀ ਸੰਪਰਦਾਵਾਂ ਦੇ ਮੁਖੀਆਂ ਵੱਲੋਂ ਵੀ ਉਪਰੋਕਤ ਪਾਠ ਨੂੰ ਟੀ.ਵੀ. ਚੈਨਲ ਲਈ ਸੰਪੌਸਰ ਕੀਤਾ ਜਾ ਚੁੱਕਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਇੰਨਸੀਚਿਊਟ ਮੈਲਬਰਨ ਵਾਲੇ ਸੰਥਿਆ ਪੈਟਰਨ ’ਤੇ ਅਧਾਰਿਤ ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵੱਲੋਂ ਟਾਈਮ ਟੀ.ਵੀ. ’ਤੇ ਪਾਠ ਸ਼ੁਰੂ ਕਰਵਾਇਆ ਜਾ ਚੁੱਕਾ ਹੈ। ਕਿਉਂਕਿ, ਹੁਣ ਗੁਰਬਾਣੀ ਸੰਥਿਆ ਪਾਠ ਦੀ ਪ੍ਰਚਲਿਤ ਵਿਸਰਾਮਿਕ ਵਿਧੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਰਾਹੀਂ ਸਮੁੱਚੇ ਪੰਥ ਵੱਲੋਂ ਪ੍ਰਵਾਣਿਤ ਕੀਤਾ ਜਾ ਚੁੱਕਾ ਹੈ ।

ਸਿੱਖ ਜਗਤ ਲਈ ਇਹ ਵੀ ਖੁਸ਼ੀ ਦੀ ਗੱਲ ਹੈ ਕਿ ਸਾਹਿਬਜ਼ਾਦਾ ਜੁਝਾਰ ਸਿੰਘ ਮਿਸ਼ਨਰੀ ਕਾਲਜ (ਚੌਤਾ ਕਲਾਂ) ਰੋਪੜ ਵੱਲੋਂ ਚਲਾਏ ਜਾ ਰਹੇ ‘ਮਿਸ਼ਨਰੀ ਸੇਧਾਂ’ ਮਾਸਿਕ ਪੱਤਰ ਦੇ ਸੁਘੜ ਸੰਪਾਦਿਕ ਗਿਆਨੀ ਅਵਤਾਰ ਸਿੰਘ ਜੀ ਨੇ ਮਾਸਿਕ ਪਤਰ ਤੋਂ ਇਲਾਵਾ ਆਪਣੇ ਵੱਲੋਂ ਚਲਾਈ ਜਾ ਰਹੀ ਵੈਬਸਾਈਟ ‘ਗੁਰ ਪ੍ਰਸਾਦਿ’ ਦੁਆਰਾ ਪੰਥ ਪ੍ਰਵਾਣਿਤ ਉਪਰੋਕਤ ਵਿਸਰਾਮਿਕ ਸੰਥਿਆ ਵਿਧੀ ਅਪਨਾਅ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਰਥਾਂ ਸਮੇਤ ਪਾਠ-ਬੋਧ ਕਰਾਉਣ ਦਾ ਉਦਮ ਉਪਰਾਲਾ ਸ਼ੁਰੂ ਕਰ ਦਿੱਤਾ ਹੈ। ਹਜ਼ਾਰਾਂ ਹੀ ਪਾਠਕ ਇਸ ਦਾ ਲਾਭ ਲੈ ਰਹੇ ਹਨ। ਪਰ, ਦੁੱਖ ਭਰੀ ਹੈਰਾਨੀ ਦੀ ਗੱਲ ਹੈ ਕਿ ਹਰਦੇਵ ਸਿੰਘ ਜੰਮੂ ਵਰਗੇ ਇੱਕ ਚੇਤੰਨ ਸੱਜਣ ਵੱਲੋਂ ਪ੍ਰਸੰਸਾ ਕਰਨ ਦੀ ਥਾਂ ਸੰਥਿਆ ਦੀ ਇਸ ਵਿਸਰਾਮਿਕ ਵਿਧੀ ’ਤੇ ਫ਼ਜੂਲ ਕਿਸਮ ਦੇ ਸੁਆਲ ਉਠਾ ਕੇ ਸ਼ਰਧਾਲੂ ਗੁਰਸਿੱਖਾਂ ਦੇ ਮਨਾਂ ਵਿੱਚ ਸੰਸੇ ਪੈਦਾ ਕੀਤੇ ਜਾਣ ਲੱਗੇ ਹਨ। ਜਦੋਂ ਕਿ ਪਿਛਲੇ ਇੱਕ ਸਾਲ ਤੋਂ ‘ਮਿਸ਼ਨਰੀ ਸੇਧਾਂ’ ਮਾਸਿਕ ਪੱਤਰ ਵਿੱਚ ਇਸੇ ਸੱਜਣ ਦੇ ਕਈ ਲੇਖ ਛਪ ਚੁੱਕੇ ਹਨ, ਜਿਨ੍ਹਾਂ ਵਿੱਚਲੀਆਂ ਗੁਰਬਾਣੀ ਦੀਆਂ ਤੁੱਕਾਂ ਅੰਦਰ ਉਸੇ ਤਰ੍ਹਾਂ ਸਾਰੇ ਵਿਸਰਾਮ ਲੱਗੇ ਦੇਖੇ ਜਾ ਸਕਦੇ ਹਨ, ਜਿਸ ਢੰਗ ਨਾਲ ਗਿਆਨੀ ਜੀ ਆਪਣੀਆਂ ਲਿਖਤਾਂ ਰਾਹੀਂ ਪਾਠ-ਬੋਧ ਕਰਵਾ ਰਹੇ ਹਨ। ਸ਼ਾਇਦ ਵੀਰ ਜੰਮੂ ਦੇ ਵਿਚਾਰਾਂ ਵਿੱੱਚ ਆਈ ਇਸ ਅਚਾਨਿਕ ਤਬਦੀਲੀ ਨੂੰ ਧਿਆਨ ਵਿੱਚ ਰੱਖ ਕੇ ਹੀ ਗਿਆਨੀ ਜੀ ਦੇ ਮਨ ਵਿੱਚ ਉਨ੍ਹਾਂ ਦੀ ਸੋਚ ਪ੍ਰਤੀ ਸ਼ੰਕਾ ਪੈਦਾ ਹੋਈ ਹੈ।

ਮੈਨੂੰ ਈ-ਮੇਲ ਰਾਹੀਂ ਮਿਲੇ ਇੱਕ ਲੇਖ ਵਿੱਚ ਵੀਰ ਜੰਮੂ ਨੇ ਗਿਆਨੀ ਜੀ ਨੂੰ ਸੰਬੋਧਨ ਹੁੰਦਿਆਂ ਇੱਕ ਮੁੱਖ ਸੁਆਲ ਇਹ ਖੜਾ ਕੀਤਾ ਹੈ ਕਿ ਉਨ੍ਹਾਂ ਨੂੰ ‘ਗੁਰਬਾਣੀ ਦੇ ਲਿਖਤੀ ਸਰੂਪ ਨੂੰ ਬਦਲਣ ਦਾ ਅਧਿਕਾਰ ਕਿਸ ਨੇ ਦਿੱਤਾ ਹੈ?’ ਪਾਠਕਾਂ ਨੂੰ ਸਪਸ਼ਟ ਹੋਣਾ ਚਾਹੀਦਾ ਹੈ ਕਿ ਇਹ ਸੁਆਲ ਸ਼ਰਧਾਲੂ ਸਿੱਖਾਂ ਦੇ ਜਜ਼ਬਾਤ ਨੂੰ ਭੜਕਾਉਣ ਵਾਲੀ ਇੱਕ ਕੋਝੀ ਤੇ ਗੁੰਮਰਾਹਕੁਨ ਚਾਲ ਤੋਂ ਬਗੈਰ ਹੋਰ ਕੁਝ ਵੀ ਨਹੀਂ। ਕਿਉਂਕਿ, ਗੁਰਬਾਣੀ ਦਾ ਸ਼ੁਧ ਉਚਾਰਣ ਸਮਝਣ ਸਮਝਾਉਣ ਲਈ ਗੁਰਬਾਣੀ ਦੇ ਟੀਕਿਆਂ ਤੇ ਸੰਥਾ ਪੋਥੀਆਂ ਜਾਂ ਵੈਬ ਸਾਈਟਾਂ ਵਿੱਚ ਵਿਸਰਾਮ ਚਿੰਨ ਲਗਾਉਣੇ ਕੋਈ ਨਵੀਂ ਗੱਲ ਨਹੀਂ। 20ਵੀਂ ਸਦੀ ਵਿੱਚ ਤਿਆਰ ਹੋਏ ਸਾਰੇ ਟੀਕਿਆਂ ਵਿੱਚ ਵਿਸਰਾਮ ਚਿੰਨ ਵੇਖੇ ਜਾ ਸਕਦੇ ਹਨ। ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਗਿਆਨੀ ਹਰਨਾਮ ਸਿੰਘ ਧੁੰਮਾਂ ਵੱਲੋਂ ਕੀਤੇ ਗਏ ਟੀਕਾ ਪੋਥੀਆਂ ਵਿੱਚ ਵੀ ਅਰਥ ਕਰਨ ਵੇਲੇ ਤੁਕਾਂ ਵਿੱਚ ਵਿਸਰਾਮ ਲਗਾਏ ਗਏ ਹਨ।

ਇਸ ਲਈ ਕਦਾਚਿੱਤ ਵੀ ਨਹੀਂ ਮੰਨਿਆ ਜਾ ਸਕਦਾ ਕਿ ਗਿਆਨੀ ਜੀ ਵੱਲੋਂ ਪਾਠ-ਬੋਧ ਕਰਾਉਣ ਲਈ ਅਪਨਾਈ ਗਈ ਵਿਧੀ ਗੁਰਬਾਣੀ ਦੇ ਲਿਖਤੀ ਸਰੂਪ ਨੂੰ ਬਦਲਣ ਵਾਲੀ ਗੱਲ ਹੈ ਕਿਉਂਕਿ, ਇਹ ਸੰਥਿਆ ਵਿਧੀ ਸਦੀਆਂ ਤੋਂ ਪੰਥਕ ਖੇਤਰ ਵਿੱਚ ਪ੍ਰਚਲਿਤ ਹੋਣ ਕਾਰਣ ਪੰਥ ਪ੍ਰਵਾਣਿਤ ਹੈ। ਹਾਂ ! ਜੇ ਕੋਈ ਸੰਸਥਾ ਜਾਂ ਸੱਜਣ ਵਿਸਰਾਮਾਂ ਸਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਖਣ ਜਾਂ ਛਾਪਣ ਦੀ ਹਿਕਾਮਤ ਕਰੇ ਤਾਂ ਸੁਆਲ ਉਠਾਇਆ ਜਾ ਸਕਦਾ ਕਿ ਇਹ ਢੰਗ ਗੁਰਬਾਣੀ ਦੇ ਸਰੂਪ ਨੂੰ ਬਦਲਣ ਵਾਲਾ ਹੈ। ਗ਼ਲ਼ਤ ਹੈ। ਪਰ, ਪਾਠ-ਬੋਧ ਕਰਾਉਣ ਵਾਲੀਆਂ ਪੋਥੀਆਂ ਜਾਂ ਵੈਬ ਸਾਈਟਾਂ ਵਿੱਚ ਅਪਨਾਈ ਵਿਸਰਾਮਿਕ ਸੰਥਿਆ ਜੁਗਤਿ ਪ੍ਰਤੀ ਅਜਿਹਾ ਸੁਆਲ ਖੜ੍ਹਾ ਕਰਨਾ ਪੰਥਕ ਹਿੱਤਾਂ ਵਿੱਚ ਨਹੀਂ। ਨੁਕਸਾਨ ਦਾਇਕ ਹੈ। ਅੱਛਾ ਹੁੰਦਾ ਜੇਕਰ ਗਿਆਨੀ ਜੀ ਵੀ ਵੀਰ ਜੰਮੂ ’ਤੇ ਦੋਸ਼ ਅਰੋਪਿਤ ਕਰਨ ਤੋਂ ਬਗੈਰ ਹੀ ਠੋਕਵਾਂ ਜੁਆਬ ਦਿੰਦੇ। ਉਹ ਉੱਤਰ ਦੇਣ ਵਿੱਚ ਸਮਰਥ ਹਨ। ਭਾਈ ਹਰਦੇਵ ਸਿੰਘ ਜੰਮੂ ਸਿਆਣੇ ਸੱਜਣ ਹਨ। ਮੈਨੂੰ ਪੂਰਨ ਉਮੀਦ ਹੈ ਕਿ ਉਪਰੋਕਤ ਸਾਰੀ ਵਿਚਾਰ ਨੂੰ ਪੜ੍ਹ ਕੇ ਇਸ ਨਵੇਂ ਵਿਵਾਦ ਨੂੰ ਹੋਰ ਅੱਗੇ ਨਹੀਂ ਵਧਾਉਣਗੇ ਕਿਉਂਕਿ, ਅਸੀਂ ਤਾਂ ਪਹਿਲਾਂ ਹੀ ਲੀਰੋ-ਲੀਰ ਹੋ ਚੁੱਕੇ ਹਾਂ। ਇਕ ਸ਼ਾਇਰ ਦੇ ਬੋਲ ਹਨ- ‘ਇੱਕ ਚਾਕ ਹੋ ਤੋ ਸੀਲੂੰ ਗਰੇਬਾਂ ਅਪਨਾ, ਜ਼ਾਲਮ ਨੇ ਫਾੜ ਡਾਲਾ ਹੈ ਤਾਰ ਤਾਰ ਕਰਕੇ।

ਭੁਲ-ਚੁਕ ਮੁਆਫ਼।

ਗੁਰੂ ਪੰਥ ਦਾ ਦਾਸ : ਜਗਤਾਰ ਸਿੰਘ ਜਾਚਕ, ਡਾਇਰੈਕਟਰ ਸ੍ਰੀ ਗੁਰੂ ਗ੍ਰੰਥ ਸਾਹਿਬ ਇੰਨਸੀਚਿਊਟ, ਮੈਲਬਰਨ (ਅਸਟ੍ਰੇਲੀਆ) ।