ਸ: ਹਰਦੇਵ ਸਿੰਘ ਜੀ ! ਤੁਹਾਨੂੰ ਇਹ ਵੀ ਨਹੀਂ ਪਤਾ ਕਿ ਪਹਿਲਾਂ ਗੁਰਬਾਣੀ ਪਦ-ਛੇਦ ਨਹੀਂ ਬਲਕਿ ਲੜੀਵਾਰ ਲਿਖੀ ਹੋਈ ਸੀ।
ਕਿਰਪਾਲ ਸਿੰਘ (ਬਠਿੰਡਾ)
ਪਿਛਲੇ ਕੁਝ ਸਮੇਂ ਤੋਂ ਹੋਰ ਕੰਮਾਂ ਵਿੱਚ ਬਿਜੀ ਹੋਣ ਅਤੇ ਬਾਅਦ ਵਿੱਚ ਅਪੈਂਡਿਕਸ ਦਾ ਅਪ੍ਰੇਸ਼ਨ ਹੋਣ ਕਰਕੇ ਵੈੱਬਸਾਈਟਾਂ ਜਾਂ ਈ-ਮੇਲ ਪੜ੍ਹ ਨਹੀਂ ਸੀ ਸਕਿਆ। ਪਰ ਜਦੋਂ ਕਿਤੇ ਇੰਟਰਨੈੱਟ ‘ਤੇ ਬੈਠ ਕੇ ਸਿਰਫ ਹੈਡਿੰਗ ਵੇਖਣ ਦਾ ਥੋੜਾ ਸਮਾਂ ਮਿਲਦਾ ਤਾਂ ਕੁਝ ਲੋਕਾਂ ਵੱਲੋਂ ਬੜਾ ਹੂ-ਪਾਹਰਿਆ ਪਾਇਆ ਜਾਂਦਾ ਵਿਖਾਈ ਦਿੰਦਾ ਕਿ ਮਿਸ਼ਨਰੀ ਕਾਲਜਾਂ ਵੱਲੋਂ ਗੁਰਬਾਣੀ ਬਦਲੀ ਜਾ ਰਹੀ ਹੈ। ਇਹ ਸੁਣ ਕੇ ਮਨ ਨੂੰ ਬੜਾ ਹੀ ਦੁੱਖ ਲੱਗਾ ਕਿ ਗੁਰਬਾਣੀ ਦੇ ਅਸਲ ਸਰੂਪ ਨੂੰ ਕਾਇਮ ਰੱਖਣ ‘ਤੇ ਸਖਤ ਪਹਿਰਾ ਦੇਣ ਵਾਲੇ ਮਿਸ਼ਨਰੀ ਕਾਲਜਾਂ ਵਿੱਚ ਐਸਾ ਕਿਹੜਾ ਜੰਮ ਪਿਆ ਜਿਹੜਾ ਗੁਰਬਾਣੀ ਦੇ ਸ਼ਬਦ ਜੋੜਾਂ ਨੂੰ ਬਦਲਣ ਦੀ ਗੁਸਤਾਖੀ ਕਰਨ ਦਾ ਹੌਂਸਲਾ ਕਰ ਬੈਠਾ। ਬੇਸ਼ੱਕ ਅਪ੍ਰੇਸ਼ਨ ਦੇ ਜਖ਼ਮ ਹਾਲੀ ਬਿਲਕੁਲ ਠੀਕ ਨਹੀਂ ਹੋਏ ਪਰ ਗੁਰਬਾਣੀ ਬਦਲੇ ਜਾਣ ਦੀ ਖ਼ਬਰਾਂ ਤੋਂ ਉਪਜੀ ਪੀੜਾ ਦੇ ਬਾਵਯੂਦ ਇਹ ਮੇਲ ਪੜ੍ਹੀ। ਇਹ ਪੜ੍ਹ ਕੇ ਸਭ ਕੁਝ ਸਪਸ਼ਟ ਹੋ ਗਿਆ ਕਿ ਇਹ ਹੂ-ਪਾਹਰਿਆ ਪਾਉਣ ਵਾਲੇ ਲੋਕ ਜਾਂ ਤਾਂ ਫੌਟ ਕਨਵਰਸ਼ਨ ਦੀ ਸਮੱਸਿਆ ਅਤੇ ਟਾਈਪ ਕਰਨ ਸਮੇਂ ਹੋਈਆਂ ਮਨੁਖੀ ਗਲਤੀਆਂ ਤੋਂ ਬਿਲਕੁਲ ਅਣਜਾਣ ਅਤੇ ਬੇਸਮਝ ਹਨ ਜਾਂ ਕਿਸੇ ਪੰਥ ਵਿਰੋਧੀ ਏਜੰਸੀ ਨੇ ਇਨ੍ਹਾਂ ਲੋਕਾਂ ਦੀ ਡਿਉਟੀ ਵਿਸ਼ੇਸ਼ ਤੌਰ ‘ਤੇ ਮਿਸ਼ਨਰੀ ਕਾਲਜਾਂ ਨੂੰ ਬਦਨਾਮ ਕਰਨ ਲਈ ਲਾਈ ਹੋਈ ਹੈ। ਇਨ੍ਹਾਂ ਲੋਕਾਂ ਵੱਲੋਂ ਆਪਣੀ ਡਿਉਟੀ ਬਾਖ਼ੂਬੀ ਨਿਭਾਏ ਜਾਣ ਲਈ ਇਹ ਲੋਕ ਮੁਬਾਰਕਵਾਦ ਦੇ ਹੱਕਦਾਰ ਹਨ। ਆਪਣੀ ਡਿਉਟੀ ਨਿਭਾ ਰਹੇ ਇਨ੍ਹਾਂ ਲੋਕਾਂ ਨੂੰ ਸਮਝਾਉਣਾ ਤਾਂ ਮੱਝ ਅੱਗੇ ਬੀਨ ਬਜਾਉਣ ਦੇ ਬਰਾਬਰ ਹੈ ਪਰ ਜਿਨ੍ਹਾਂ ਅਨਭੋਲ ਲੋਕਾਂ ਨੂੰ ਇਹ ਮਿਸ਼ਨਰੀ ਕਾਲਜਾਂ ਵਿਰੁੱਧ ਭੜਕਾ ਰਹੇ ਹਨ ਉਨ੍ਹਾਂ ਨੂੰ ਸਪਸ਼ਟ ਕਰ ਦੇਣਾ ਜਰੂਰੀ ਹੈ ਕਿ ਪੰਜਾਬੀ ਦੇ ਬਹੁਤ ਸਾਰੇ ਫੌਂਟ ਹਨ ਜਿਨ੍ਹਾਂ ਦੇ ਕੀ-ਬੋਰਡਾਂ ਵਿੱਚ ਅੰਤਰ ਹੈ। ਇਸ ਲਈ ਜਿਸ ਵਿਅਕਤੀ ਨੂੰ ਇਕੋ ਸਮੇਂ ਵੱਖ ਵੱਖ ਫੌਂਟਾ ਵਿੱਚ ਟਾਈਪ ਕਰਨ ਪੈਂਦਾ ਹੈ ਤਾਂ ਉਸ ਕੋਲੋਂ ਬਹੁਤ ਜਿਆਦਾ ਧਿਆਨ ਰੱਖੇ ਜਾਣ ਦੇ ਬਾਵਯੂਦ ਗਲਤੀਆਂ ਹੋਣੀਆਂ ਸੁਭਾਵਕ ਹਨ। ਗੁਰਬਾਣੀ ਬਦਲਣ ਦਾ ਜਿਸ ਵਿਅਕਤੀ ‘ਤੇ ਝੂਠਾ ਦੋਸ਼ ਲਾਇਆ ਜਾ ਰਿਹਾ ਹੈ ਉਹ ਕਾਲਜ ਦੇ ਮਾਸਕ ਪੱਤਰ ‘ਮਿਸ਼ਨਰੀ ਸੇਧਾਂ’ ਅਤੇ ਵੈੱਬਸਾਈਟ ਦੋਵਾਂ ਦਾ ਹੀ ਸੰਪਾਦਕ ਹੈ। ਇਸ਼ ਲਈ ਵੱਖ ਵੱਖ ਲੇਖਕਾਂ ਵੱਲੋਂ ਵੱਖ ਵੱਖ ਫੌਂਟਾਂ ਵਿੱਚ ਟਾਈਪ ਕੀਤੀਆਂ ਰਚਨਾਵਾਂ ਦੀ ਸੰਪਾਦਨਾ ਕਰਨ ਸਮੇਂ ਉਸ ਨੂੰ ਵੱਖ ਫੌਂਟਾਂ ਵਿੱਚ ਕੰਮ ਕਰਨਾ ਪੈਂਦਾ ਹੈ ਇਸ ਲਈ ਟਾਈਪ ਕਰਨ ਸਮੇਂ ਉਸ ਤੋਂ ਟਾਈਪਿੰਗ ਲਗਤੀਆਂ ਰਹਿ ਸਕਦੀਆਂ ਹਨ ਪਰ ਇਹ ਕਹਿਣਾਂ ਬਿਲਕੁਲ ਗਲਤ ਹੈ ਕਿ ਇਹ ਸੰਪਾਦਕ ਗੁਰਬਾਣੀ ਬਦਲ ਰਿਹਾ ਹੈ।
ਦੂਸਰੀ ਗੱਲ ਹੈ ਕਿ ਬਾਕੀ ਦੇ ਫੌਂਟਾਂ ਵਿੱਚ ਜਦੋਂ ਟਾਈਪ ਕੀਤਾ ਜਾਂਦਾ ਹੈ ਤਾਂ ਕਿਸੇ ਸ਼ਬਦ ਨੂੰ ਲੱਗੀ ਸਿਹਾਰੀ ਪਹਿਲਾਂ ਟਾਈਪ ਕੀਤੀ ਜਾਂਦੀ ਹੈ ਅਤੇ ਅੱਖਰ ਬਾਅਦ ਵਿੱਚ ਟਾਈਪ ਕੀਤਾ ਜਾਂਦਾ ਹੈ। ਪਰ ਜਦੋਂ ਸਿੱਧਾ ਯੂਨੀਕੋਡ ਵਿੱਚ ਟਾਈਪ ਕੀਤਾ ਜਾਂਦਾ ਹੈ ਤਾਂ ਅੱਖਰ ਪਹਿਲਾਂ ਅਤੇ ਸਿਹਾਰੀ ਬਾਅਦ ਵਿੱਚ ਟਾਈਪ ਕੀਤੀ ਜਾਂਦੀ ਹੈ। ਇਸ ਲਈ ਆਮ ਫੌਂਟਾਂ ਵਿੱਚ ਕੰਮ ਕਰਨ ਵਾਲੇ ਟਾਈਪਿਸਟਾਂ ਤੋਂ ਯੂਨੀਕੋਡ ਵਿੱਚ ਟਾਈਪ ਕਰਨ ਸਮੇਂ ਸਿਹਾਰੀ ਸਹੀ ਅੱਖਰ ਨੂੰ ਲੱਗਣ ਦੀ ਬਜਾਏ ਉਸ ਤੋਂ ਪਹਿਲੇ ਅੱਖਰ ਨੂੰ ਲੱਗ ਜਾਂਦੀ ਹੈ ਜਿਵੇਂ ਕਿ ‘ਪਹਿਲਾ’ ਨੂੰ ‘ਪਿਹਲਾ’ ਲਿਖਿਆ ਜਾ ਸਕਦਾ ਹੈ।
ਤੀਸਰੀ ਗੱਲ ਹੈ ਕਿ ਪੰਜਾਬੀ ਵਿਆਕਰਨ ਦਾ ਨਿਯਮ ਹੈ ਕਿ ਜਦੋਂ ਕਿਸੇ ਅੱਖਰ ਦੇ ਪੈਰ ਵਿੱਚ ਅੱਧਾ ਅੱਖਰ ਵੀ ਲੱਗਾ ਹੋਵੇ ਤੇ ਲਗ-ਮਾਤਰ ਵੀ; ਤਾਂ ਉਚਾਰਾਨ ਕਰਨ ਸਮੇਂ ਓਹ ਮਾਤਰਾ ਮੁੱਖ ਅੱਖਰ ਨੂੰ ਨਹੀਂ ਬਲਕਿ ਪੈਰ ਵਾਲੇ ਅੱਖਰ ਨੂੰ ਲਗਦੀ ਹੈ। ਇਸ ਨਿਯਮ ਨੂੰ ਧਿਆਨ ਵਿੱਚ ਰੱਖਕੇ ਜਦੋਂ ਸ਼ਬਦ ‘ਅੰਮ੍ਰਿਤ’ ਟਾਈਪ ਕਰਨਾ ਹੋਵੇ ਤਾਂ ਪਹਿਲਾਂ ਅੰ ਟਾਈਪ ਕੀਤਾ ਜਾਂਦਾ ਹੈ ਫਿਰ ਤਰਤੀਬਵਾਰ ਮ, ਪੈਰ ਵਿੱਚ ਅੱਧਾ ਰ, ਸਿਹਰੀ ਅਤੇ ਉਸ ਉਪ੍ਰੰਤ ਤ ਟਾਈਪ ਕੀਤਾ ਜਾਂਦਾ ਹੈ। ਪਰ ਜੇ ਕਰ ਅੱਧਾ ਰ ਤੇ ਸਿਹਰੀ ਦੀ ਤਰਤੀਬ ਬਦਲ ਜਾਂਦੀ ਹੈ ਤਾਂ ਸ਼ਬਦ ਇਉਂ ਬਣ ਜਾਂਦਾ ਹੈ: ‘ਅੰਮਿ੍ਰਤ’ ਜਦੋਂ ਕਿ ਇਸੇ ਸ਼ਬਦ ਨੂੰ ਦੂਸਰੇ ਫੌਂਟਾਂ ਵਿੱਚ ਟਾਈਪ ਕਰਨ ਸਮੇਂ ਤਰਤੀਬ ਬਦਲਣ ਨਾਲ ਵੀ ਸ਼ਬਦ ਦੀ ਬਣਤਰ ਵੇਖਣ ਵਿੱਚ ਕੋਈ ਫਰਕ ਨਜਰ ਨਹੀਂ ਆਉਂਦਾ। ਕਈ ਫੌਂਟ ਜਾਂ ਵੈੱਬਸਾਈਟਾਂ ਦੇ ਸਪੋਰਟਿੰਗ ਸਾਫਟਵੇਅਰ ਐਸੇ ਹਨ ਜਿਥੇ ਯੂਨੀਕੋਡ ਵਿੱਚ ਫੌਂਟ ਕਨਵਰਸ਼ਨ ਸਮੇਂ ਜਾਂ ਕਨਵਰਟ ਕੀਤਾ ਟੈਕਸਟ ਪੇਸਟ ਕਰਨ ਸਮੇਂ ਸ਼ਬਦ ‘ਅੰਮ੍ਰਿਤ’ ਬਣ ਜਾਵੇਗਾ ‘ਅੰਮਿ੍ਰਤ’ ਇਸ ਤਰ੍ਹਾਂ ਦੀਆਂ ਗਲਤੀਆਂ ਸ: ਅਵਤਾਰ ਸਿੰਘ ਦੇ ਕੰਮ ਵਿਚ ਵੀ ਹਨ ਅਤੇ ਹੋਰ ਬਹੁਤ ਸਾਰੀਆਂ ਵੈੱਬ ਸਾਈਟਾਂ ‘ਤੇ ਹੋਰਨਾਂ ਲੇਖਕਾਂ ਦੀਆਂ ਰਚਨਾਵਾਂ ਵਿੱਚ ਵੀ ਬਹੁਤ ਮਿਲ ਜਾਣਗੀਆਂ। ਜੇ ਕੋਈ ਖ਼ੁਦ ਟਾਈਪ ਕਰਨ ਜਾਂ ਫੌਂਟ ਕਨਵਰਟ ਕਰਨ ਜਾਣਦਾ ਹੈ ਤਾਂ ਉੁਹ ਬੇਸ਼ੱਕ ਕਰ ਕੇ ਵੇਖ ਲਵੇ ਜਾਂ ਦੂਸਰੇ ਲੇਖ ਧਿਆਨ ਨਾਲ ਪੜ੍ਹ ਕੇ ਵੇਖ ਲਵੇ ਕਿ ਇਹ ਗਲਤੀਆਂ ਸਿਰਫ ਗਿਆਨੀ ਅਵਤਾਰ ਸਿੰਘ ਦੀਆਂ ਨਹੀਂ ਬਲਕਿ ਉਸ ‘ਤੇ ਝੂਠੇ ਦੋਸ਼ ਲਾਉਣ ਵਾਲਿਆਂ ਦੀਆਂ ਆਪਣੀਆ ਲਿਖਤਾਂ ਵਿੱਚ ਵੀ ਮਿਲ ਜਾਣਗੀਆਂ। ਇਹ ਗਲਤੀਆਂ ਤਕਨੀਕੀ ਨੁਕਸ ਅਤੇ ਮਨੁੱਖੀ ਅਣਗਹਿਲੀ ਦੀਆਂ ਹੋ ਸਕਦੀਆਂ ਹਨ ਪਰ ਉਨ੍ਹਾਂ ਦੀ ਨੀਅਤ ‘ਤੇ ਕਿਸੇ ਕਿਸਮ ਦਾ ਸ਼ੱਕ ਖੜ੍ਹਾ ਕਰਨਾ ਬਿਲਕੁਲ ਬੇਲੋੜਾ ਹੈ। ਦੋਸ਼ ਲਾਉਣ ਵਾਲੇ ਦੀ ਇਸ ਮੇਲ ਵਿੱਚ ਹੀ ਗਲਤੀਆਂ ਦੀ ਭਰਮਾਰ ਵੇਖੀ ਜਾ ਸਕਦੀ ਹੈ। ਪਾਠਕਾਂ ਦੀ ਅਸਾਨੀ ਲਈ ਦੋਸ਼ ਲਾਉਣ ਵਾਲੇ ਦੀ ਲਿਖਤ ਵਿੱਚ ਗਲਤ ਸ਼ਬਦ-ਜੋੜਾਂ ਵਾਲੇ ਸ਼ਬਦਾਂ ਨੂੰ ਲਾਲ ਰੰਗ ਵਿੱਚ ਹਾਈਲਾਈਟ ਕੀਤਾ ਗਿਆ ਹੈ। ਖ਼ੁਦ ਇੰਨੀਆਂ ਗਲਤੀਆਂ ਕਰਨ ਵਾਲਾ ਵੀ ਜੇ ਦੂਸਰਿਆਂ ਦੀਆਂ ਟਾਈਪਿੰਗ ਮਿਸਟੇਕ ਨੂੰ ਉਛਾਲ ਕੇ ਉਸ ‘ਤੇ ਗੁਰਬਾਣੀ ਬਦਲਣ ਦੇ ਦੋਸ਼ ਲਾਉਂਦਾ ਹੋਵੇ ਤਾਂ ਇਹ ਸਮਝਣਾ ਮੁਸ਼ਕਲ ਨਹੀਂ ਕਿ ਉਸ ਪਿੱਛੇ ਕੌਣ ਬੋਲ ਰਿਹਾ ਹੈ?ਸਰਲ ਤਰੀਕੇ ਨਾਲ ਗੁਰਬਾਣੀ ਸਮਝਣ ਸਮਝਾਉਣ ਲਈ ਲਾਏ ਗਏ ਵਿਸ਼ਰਾਮ ਚਿਨ੍ਹਾਂ ਪਦ-ਛੇਦ ‘ਤੇ ਕੀਤੇ ਇਤਰਾਜ ਇੰਨੇ ਬੇਤੁਕੇ ਹਨ ਕਿ ਇਹ ਪੜ੍ਹਨ ਸਮੇ ਇਕੋ ਸਮੇਂ ਉਸ ਦੀ ਅਕਲ ‘ਤੇ ਹੱਸਣ ਤੇ ਰੋਣ ਨੂੰ ਦਿਲ ਕਰਦਾ ਸੀ ਅਤੇ ਸਮਝ ਨਹੀਂ ਸੀ ਆ ਰਹੀ ਕਿ ਪਹਿਲਾਂ ਹੱਸਿਆ ਜਾਵੇ ਜਾਂ ਰੋਇਆ ਜਾਵੇ। ਹੈਰਾਨੀ ਦੀ ਗੱਲ ਹੈ ਕਿ ਐਸੇ ਚਿਨ੍ਹ ਸਿਰਫ ਗਿਆਨੀ ਅਵਤਾਰ ਸਿੰਘ ਨੇ ਹੀ ਨਹੀਂ ਲਾਏ ਬਲਕਿ ਪੁਸਤਕ ‘ਗੁਰਬਾਣੀ ਪਾਠ ਦਰਪਣ’ ਵਿੱਚ ਗਿਆਨੀ ਗੁਰਬਚਨ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਨੇ, ਅਖੰਡ ਕੀਰਤਨੀ ਜਥੇ ਦੇ ਮੁਖੀ ਵਿਦਵਾਨ ਭਾਈ ਜੋਗਿੰਦਰ ਸਿੰਘ ਤਲਵਾੜਾ ਜੀ ਨੇ ਜਪੁ ਜੀ ਸਾਹਿਬ ਦੀ ਸਰਲ ਸਟੀਕ ਵਿੱਚ, ਡਾ; ਕੁਲਬੀਰ ਸਿੰਘ ਥਿੰਦ ਅਤੇ ਭਾਈ ਬਲਵਿੰਦਰ ਸਿੰਘ ਰਾੜੇ ਵਾਲਿਆਂ ਨੇ ਬਾਬਾ ਈਸ਼ਰ ਸਿੰਘ ਰਾੜੇ ਵਾਲਿਆਂ ਦੇ ਨਾਂ ’ਤੇ ਤਿਆਰ ਕੀਤੀ ‘ਈਸ਼ਰ ਮੈਕਰੋਮੀਡੀਆ ਵੈਬਸਾਈਟ’ ਰਾਹੀਂ ਗੁਰਬਾਣੀ ਪਾਠ-ਬੋਧ ਕਰਾਉਣ ਲਈ ਵਿਸਰਾਮਾਂ ਵਜੋਂ ਕਾਮੇ ਤੇ ਬਿੰਦੀ ਕਾਮੇ ਦੀ ਵਰਤੋਂ ਦੇ ਨਾਲ ਪ੍ਰਸ਼ਨ ਚਿੰਨ੍ਹ (?) ਅਤੇ ਵਿਸਮੀ ਚਿੰਨ੍ਹਾਂ (!) ਦੀ ਵਰਤੋਂ ਖੁਲ੍ਹ ਕੇ ਕੀਤੀ ਹੈ, ਜਿਨ੍ਹਾਂ ਦੀ ਬਦੌਲਤ ਪਾਠਕਾਂ ਤੇ ਸ਼੍ਰੋਤਿਆਂ ਲਈ ਅਰਥ ਭਾਵ ਸਮਝਣੇ ਅਤਿ ਸੁਖਾਲੇ ਹੋ ਗਏ ਹਨ। ਇਸੇ ਤਰ੍ਹਾਂ ਪੰਥ ਦੇ ਮਹਾਨ ਵਿਦਵਾਨ ਪ੍ਰੋ: ਸਾਹਿਬ ਸਿੰਘ ਅਤੇ ਗਿਆਨੀ ਹਰਬੰਸ ਸਿੰਘ ਪਟਿਆਲਾ ਨੇ ਵੀ ਆਪਣੇ ਵੱਲੋਂ ਕੀਤੇ ਗਏ ਟੀਕਿਆਂ ਵਿੱਚ ਵਿਸ਼ਰਾਮਾਂ ਦੀ ਵਰਤੋਂ ਕੀਤੀ ਹੋਈ ਹੈ। ਦੋਸ਼ ਲਾਉਣ ਵਾਲਿਆਂ ਨੇ ਜਾਂ ਤਾਂ ਇਨ੍ਹਾਂ ਟੀਕਿਆਂ ਅਤੇ ਪੁਸਤਕਾਂ ਨੂੰ ਪੜ੍ਹਿਆ ਹੀ ਨਹੀਂ ਜਿਸ ਕਾਰਣ ਉਨ੍ਹਾਂ ਦੇ ਗਿਆਨ ਨੂੰ ਅਧੂਰਾ ਕਹਿਣ ਵਿੱਚ ਕੁਝ ਵੀ ਗਲਤ ਨਹੀਂ ਹੈ ਜਾਂ ਫਿਰ ਉਹ ਜਾਣ ਬੁੱਝ ਕੇ ਗਿਆਨੀ ਅਵਤਾਰ ਸਿੰਘ ‘ਤੇ ਗੁਰਬਾਣੀ ਬਦਲਣ ਦਾ ਦੋਸ਼ ਲਾ ਰਿਹਾ ਹੈ ਇਸ ਲਈ ਉਸ ‘ਤੇ ਕਿਸੇ ਪੰਥ ਵਿਰੋਧੀ ਏਜੰਸੀ ਲਈ ਕੰਮ ਕਰਨ ਦਾ ਦੋਸ਼ ਲਾਉਣੇ ਵੀ ਗਲਤ ਨਹੀਂ ਹੋ ਸਕਦੇ।ਇਸ ਕਿਸਮ ਦੇ ਵਿਅਕਤੀਆਂ ਜਿਨ੍ਹਾਂ ਦਾ ਕੰਮ ਹੀ ਪੰਥਕ ਵਿਦਵਾਨਾਂ ਨੂੰ ਬਦਨਾਮ ਕਰਕੇ ਪ੍ਰਚਾਰ ਵਿੱਚ ਰੋੜਾ ਅੜਕਾਉਣਾ ਅਤੇ ਅਣਲੋੜੀਂਦੇ ਨਵੇਂ ਵਿਵਾਦ ਖੜ੍ਹੇ ਕਰਕੇ ਹੋਰਨਾਂ ਵਿਦਵਾਨਾਂ ਦਾ ਸਮਾਂ ਨਸ਼ਟ ਕਰਨਾ ਹੋਵੇ ਉਨ੍ਹਾਂ ਨੂੰ ਬੇਨਤੀ ਹੈ ਕਿ ਅੱਗੇ ਤੋਂ ਇਸ ਕਿਸਮੇ ਦੇ ਲੇਖ ਮੈਨੂੰ ਨਾ ਭੇਜੇ ਜਾਣ ਕਿਉਂਕਿ ਮੈਂ ਇਨ੍ਹਾਂ ਨੂੰ ਪੜ੍ਹ ਕੇ ਆਪਣਾਂ ਸਮਾਂ ਨਸ਼ਟ ਨਹੀਂ ਕਰਨਾ ਚਾਹੁੰਦਾ। ਇਹ ਆਪਣੀ ਕੋਝੀ ਕਾਰਵਾਈ ਤੋਂ ਬਾਜ਼ ਨਾ ਆਏ ਤਾਂ ਮੈਂ ਉਨ੍ਹਾਂ ਵੱਲੋਂ ਆਈਆਂ ਮੇਲਾਂ ਨੂੰ ਸਿੱਧਾ ਸਪੈਮ ਬੌਕਸ ਵਿੱਚ ਭੇਜਣ ਲਈ ਮਜਬੂਰ ਹੋਵਾਂਗਾ।
ਕਿਰਪਾਲ ਸਿੰਘ ਬਠਿੰਡਾ ਮੋਬ: 98554-80797
ਗਿਆਨੀ ਅਵਤਾਰ ਸਿੰਘ ਦੁਆਰਾ ਕੀਤੇ ਜਾਂਦੇ ਕਾਰਜ ਵਿਚ ਤਰੁਟੀਆਂ ਕੱਢਣ ਵਾਲੇ ਹਰਦੇਵ ਸਿੰਘ ਜੰਮੂ ਦੇ ਆਪਣੇ ਲੇਖ ਵਿਚ ਤਰੁਟੀਆਂ ਵੇਖੋ, ਜੋ ਹੇਠਾਂ ਦਿੱਤਾ ਜਾ ਰਿਹਾ ਹੈ।
‘ ਗਲਤ ਕੰਮ ਤਰੂੰਤ ਬੰਦ ਹੋਣਾ ਚਾਹੀਦਾ ਹੈ ‘
ਹਰਦੇਵ ਸਿੰਘ ਜੰਮੂ
ਜਪੁ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਪਹਿਲੀ ਬਾਣੀ ਹੈ। ਜਿਸ ਨੂੰ ਅਰਥਾਉਣ ਲਈ ਕਈਂ ਸੱਜਣਾਂ ਨੇ ਆਪਣਾ- ਅਪਣਾ ਜਤਨ ਕੀਤਾ ਹੈ। ਪਰ ਹੇਠ ਦਿੱਤੇ ਹਵਾਲੇ ਇਸ ਗਲ ਦਰਸਾਉਦੇ ਹਨ ਕਿ ਇਕ ਜਪੁ ਦੇ ਅਰਥ ਕਰਨ ਲੱਗਿਆ ਵਿਆਕਰਣ ਦੀ ਹੁਨਰਕਾਰੀ ਨੇ ਨਾ ਸਿਰਫ ਬਾਣੀ ਵਿਚ ਵਾਧੂ ਵਿਸ਼ਰਾਮ ਚਿੰਨ੍ਹ ਲਗਾਏ ਹਨ ਬਲਕਿ ਉਸਦੇ ਅੱਖਰਾ, ਮਾਤਰਾਵਾਂ ਅਤੇ ਸ਼ਬਦ ਜੋੜਾਂ ਨੂੰ ਵੀ ਬਦਲਿਆ ਹੈ ਜਿਸ ਵਿਚ ਆਪਣੇ ਗਿਆਨ ਦਾ ਵਾਧੂ ਅਤੇ ਬਿਲਕੁਲ ਅਨੁਉਚਿੱਤ ਪ੍ਰਗਟਾਵਾ ਹੈ।
ਹੇਠਾਂ ਖੱਬੇ ਹੱਥ, ਉਹ ਪੰਗਤਿਆਂ ਹਨ ਜੋ ਕਿ ਬਲਦ ਕੇ ਲਿਖਿਆਂ ਹੋਇਆ ਹਨ ਅਤੇ ਸੱਜੇ ਹੱਥ ਗੁਰੂ ਗ੍ਰੰਥ ਸਾਹਿਬ ਜੀ ਵਿਚਲੀ ਬਾਣੀ ਦੀ ਮੂਲ ਲਿਖਤ ਹੈ। ਲਾਲ ਰੰਗ ਵਿਚ ਦਿੱਤੇ ਸ਼ਬਦ ਬਲਦੇ ਹੋਏ ਹਨ ਅਤੇ ਸਾ੍ਹਮਣੇ, ਨੀਲੇ ਰੰਗ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ ਮੂਲ ਸ਼ਬਦ ਦਿੱਤੇ ਗਏ ਹਨ।
(1) ਅੰਮ੍ਰਿਤ ਵੇਲਾ, ਸਚੁ ਨਾਉ; ਵਡਿਆਈ ਵੀਚਾਰੁ॥ (4)———————————— ਵੇਲਾ ਸਚੁ ਨਾਉ ਵਡਿਆਈ ਵੀਚਾਰੁ ॥
(2) ਕਰਮੀ, ਆਵੈ ਕਪੜਾ; ਨਦਰੀ, ਮੋਖ ਦੁਆਰੁ॥ (4)–———————————- ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ ॥
(3) ਸੁਣਿਐ; ਜੋਗ ਜੁਗਤਿ, ਤਨਿ ਭੇਦ॥ ਸੁਣਿਐ; ਸਾਸਤ ਸਿਮਿ੍ਰਤਿ ਵੇਦ॥ (9)———————————— ਸੁਣਿਐ ਸਾਸਤ ਸਿਮ੍ਰਿਤਿ ਵੇਦ ॥
(4) ਮੰਨੈ; ਮਗੁ ਨ ਚਲੈ ਪਥੁ॥ (14)-———————————– ਮੰਨੈ ਮਗੁ ਨ ਚਲੈ ਪੰਥੁ ॥
(5) ਨਾਨਕੁ ਨੀਚੁ, ਕਹੈ ਵੀਚਾਰ॥ (18)-———————————– ਨਾਨਕੁ ਨੀਚੁ ਕਹੈ ਵੀਚਾਰੁ ॥
(6) ਪਾਣੀ ਧੋਤੈ, ਉਤਰਸਿ ਖੇਹ॥ (20)———————————— ਪਾਣੀ ਧੋਤੈ ਉਤਰਸੁ ਖੇਹ ॥
(7) ਅਮੁਲ ਬਖਸੀਸ, ਅਮੁਲੁ ਨੀਸਾਣੁ॥ (26)-———————————– ਅਮੁਲੁ ਬਖਸੀਸ ਅਮੁਲੁ ਨੀਸਾਣੁ ॥
(8) ਸੇਈ ਤੁਧੁ ਨੋ ਗਾਵਹਿ, (27)———————————— ਸੇਈ ਤੁਧੁਨੋ ਗਾਵਹਿ
(9) ਸੋ ਪਾਤਿਸਾਹੁ, ਸਾਹਾ ਪਾਤਿ ਸਾਹਿਬੁ; ਨਾਨਕ ! (27)-———————————– ਸੋ ਪਾਤਿਸਾਹੁ ਸਾਹਾ ਪਾਤਿਸਾਹਿਬੁ ਨਾਨਕ
(10) ਭਾਂਡਾ ਭਾਉ, ਅੰਮ੍ਰਿਤੁ ਤਿਤੁ ਢਾਲਿ॥———————————— (37) ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ
ਲਿਖਣ ਵਿਚ ਕੋਈ ਗਲਤੀ ਹੋ ਜਾਣਾ ਇਕ ਅਲਗ ਗਲ ਹੈ, ਪਰੰਤੂ ਜਿਸ ਵੇਲੇ ਕੋਈ ਸੱਜਣ ਜਾਣਬੂਝ ਕੇ ਗੁਰਬਾਣੀ ਵਿਚ ਆਪਣੇ ਵਲੋਂ ਵਾਧੂ ਵਿਸ਼ਰਾਮ ਚਿੰਨ੍ਹ ਅਤੇ ਅੱਖਰ ਲਗਾ ਕੇ ਸ਼ਬਦਾਂ ਨੂੰ ਬਦਲ ਕੇ ਪੇਸ਼ ਕਰ ਰਿਹਾ ਹੋਵੇ ਤਾਂ ਉਪਰੋਕਤ ਬਦਲਾਉ ਉੱਚੇਚਾ ਧਿਆਨ ਮੰਗਦੇ ਹਨ। ਵਿਸ਼ੇਸ਼ ਰੂਪ ਵਿਚ ਗੁਰੂ ਸਾਹਿਬ ਜੀ ਦੇ ਮੂਲ ਸ਼ਬਦ ‘ਤੁਧੁਨੋ’ ਨੂੰ ਵਿੱਛੇਦ ਕਰਕੇ ਬਦਲਦੇ ਹੋਏ ‘ਤੁਧੁ ਨੋ’ ਲਿਖਣਾ ਅਤੇ ਮੂਲ ਸ਼ਬਦ ‘ਪਾਤਿਸਾਹਿਬੁ’ ਨੂੰ ਵਿੱਛੇਦ ਕਰਕੇ ਬਦਲਦੇ ਹੋਏ ‘ਪਾਤਿ ਸਾਹਿਬੁ’ ਲਿਖਣਾ। ਹੁਣ ਉਪਰੋਕਤ ਸੋਚ ਨੂੰ ਕਿਸ ਸੋਚ ਦਾ ਨਾਮ ਦਿੱਤਾ ਜਾਏ ?
ਗੁਰੂ ਗ੍ਰੰਥ ਸਾਹਿਬ ਜੀ ਵਿਚਲੇ ਸ਼ਬਦਾਂ ਨੂੰ ਬਦਲ ਕੇ ਲਿਖਣ ਦੀ ਆਪਹਦੂਰੀ ਛੂਟ ਲੇਂਣਾ ਇਕ ਨਿੰਦਨੀਯ ਕੰਮ ਹੈ ਜਿਸ ਦੇ ਸਿੱਟੇਆਂ ਬਾਰੇ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ। “ਗਿਆਨੀ” ਜੀ ਨੂੰ ਇਹ ਗਲਤ ਕੰਮ ਤਰੂੰਤ ਬੰਦ ਕਰਨਾ ਚਾਹੀਦਾ ਹੈ।
“ਗਿਆਨੀ” ਜੀ ਆਮ ਸਿੱਖ ਨੂੰ ਗੁਰਮਤਿ ਨਾਲੋਂ ਟੁੱਟਿਆ ਹੋਇਆ ਦੱਸਦੇ ਹਨ। ਚੰਗੀ ਗਲ ਹੈ, ਪਰ ‘ ਯਾਦ ਰਹੇ ‘ ( ਜਵੇਂ ਕਿ “ਗਿਆਨੀ” ਜੀ ਹਰ ਲੇਖ ਵਿਚ ਵਾਰ-ਵਾਰ ਲਿਖਦੇ ਰਹਿੰਦੇ ਹਨ) ਆਮ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਲਿਖਤ ਨਾਲ ਉਪਰੋਕਤ ਜਿਹੀ ਛੋੜਛਾੜ ਨਹੀਂ ਕਰਦਾ !
ਹਰਦੇਵ ਸਿੰਘ, ਜੰਮੂ-11. 02.2015
ਸ: ਹਰਦੇਵ ਸਿੰਘ ਜੀ ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।
ਤੁਸੀਂ ਹੁਣ ਖ਼ੁਦ ਮੰਨ ਰਹੇ ਹੋ ਕਿ ਇਸ ਤੋਂ ਪਹਿਲਾਂ ਤੁਹਾਨੂੰ ਨਹੀਂ ਸੀ ਪਤਾ ਕਿ ਸੰਥਿਆ ਪੋਥੀਆਂ ਅਤੇ ਸਟੀਕਾਂ ਵਿੱਚ ਬਹੁਤ ਸਾਰੇ ਵਿਦਵਾਨਾਂ ਨੇ ਗੁਰਬਾਣੀ ਨੂੰ ਸਰਲ ਢੰਗ ਨਾਲ ਸਮਝਣ ਅਤੇ ਸ਼ੁੱਧ ਪਾਠ ਲਈ ਸੇਧ ਦੇਣ ਲਈ ਵਾਧੂ ਵਿਸ਼ਰਾਮ ਚਿੰਨ੍ਹ ਲਾਏ ਹੋਏ ਹਨ। ਤੁਹਾਨੂੰ ਇਹ ਵੀ ਨਹੀਂ ਪਤਾ ਕਿ ਪਹਿਲਾਂ ਗੁਰਬਾਣੀ ਪਦ-ਛੇਦ ਨਹੀਂ ਬਲਕਿ ਲੜੀਵਾਰ ਲਿਖੀ ਸੀ। ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆਉਣ ਉਪ੍ਰੰਤ ਜਗਿਆਸੂਆਂ ਨੂੰ ਸ਼ੁੱਧ ਪਾਠ ਕਰਨ ਦੀ ਸਹੂਲਤ ਲਈ ਵਿਦਵਾਨਾਂ ਦੇ ਪੈਨਲ ਰਾਹੀਂ ਗੁਰਬਾਣੀ ਨੂੰ ਪਦ-ਛੇਦ ਕਰਕੇ ਛਪਵਾਇਆ ਗਿਆ। ਪਦ-ਛੇਦ ਬੀੜਾਂ ਤੋਂ ਸ਼ੁੱਧ ਪਾਠ ਕਰਨ ਦੀ ਸਹੂਲਤ ਹੋਣ ਕਰਕੇ ਇਨ੍ਹਾਂ ਬੀੜਾਂ ਦੀ ਮੰਗ ਵਧਣ ਲੱਗੀ ਇਸ ਕਾਰਣ ਅੱਜ ਕੱਲ੍ਹ ਲੜੀਵਾਰ ਬੀੜਾਂ ਦੀ ਛਪਵਾਈ ਨਾਂਹ ਦੇ ਬਰਾਬਰ ਹੈ। ਤੁਹਾਨੂੰ ਇਸ ਗੱਲ ਦੀ ਜਾਣਕਾਰੀ ਨਾ ਹੋਣ ਕਾਰਣ ਤੁਸੀਂ ਸ਼੍ਰੋਮਣੀ ਕਮੇਟੀ ਵੱਲੋਂ ਛਾਪੀਆਂ ਜਾ ਰਹੀਆਂ ਪਦ-ਛੇਦ ਬੀੜਾਂ ਦੇ ਪਾਠ ਨੂੰ ਹੀ ਗੁਰੂ ਸਾਹਿਬ ਜੀ ਦੀ ਅਸਲ ਲਿਖਤ ਮੰਨਣ ਦੀ ਭਾਰੀ ਗਲਤੀ ਕਰ ਰਹੇ ਹੋ ਇਸੇ ਕਾਰਣ ਗਿਆਨੀ ਅਵਤਾਰ ਸਿੰਘ ਵੱਲੋਂ ਗੁਰਬਾਣੀ ਦੇ ਅਰਥਾਂ ਨੂੰ ਵਧੇਰੇ ਸਪਸ਼ਟ ਕਰਨ ਲਈ ਕੀਤੇ ਜਾ ਰਹੇ ਪਦ-ਛੇਦ ਵਿਰੁੱਧ ਬਿਨਾਂ ਸੋਚੇ ਸਮਝੇ ਹੋ-ਹੱਲਾ ਮਚਾ ਦਿੱਤਾ।
‘ਅੰਮਿ੍ਰਤ ਵੇਲਾ, ਸਚੁ ਨਾਉ; ਵਡਿਆਈ ਵੀਚਾਰੁ॥’ ਅਤੇ ‘ਸੁਣਿਐ; ਸਾਸਤ ਸਿਮਿ੍ਰਤਿ ਵੇਦ॥’ ਦਾ ਹਵਾਲਾ ਦੇ ਕੇ ਗੁਰਬਾਣੀ ਦੇ ਸ਼ਬਦ-ਜੋੜ ਬਦਲਣ ਜੋ ਫਜੂਲ ਦਾ ਰੌਲ਼ਾ ਪਾਇਆ ਹੈ ਉਹ ਵੀ ਬਿਲਕੁਲ ਨਿਰਅਧਾਰ ਹੈ। ਯੂਨੀਕੋਡ ਵਿੱਚ ਲਿਖੀਆਂ ਇਨ੍ਹਾਂ ਪੰਕਤੀਆਂ ਨੂੰ ਤੁਸੀਂ ਫੌਂਟ ਕਨਵਰਟਰ ਰਾਹੀਂ ਗੁਰਬਾਣੀ ਅੱਖਰ ਫੌਂਟ ਵਿੱਚ ਕਨਵਰਟ ਕਰਕੇ ਵੇਖੋ ਇਹ ਬਿਲਕੁਲ ਮੂਲ ਰੂਪ ਵਿੱਚ ਵਿਖਾਈ ਦੇਣਗੀਆਂ। ਇਸ ਤੋਂ ਭਾਵ ਹੈ ਕਿ ਗਿਆਨੀ ਅਵਤਾਰ ਸਿੰਘ ਜੀ ਨੇ ਆਪਣੀ ਲਿਖਤ ਨੂੰ ਗੁਰਬਾਣੀ ਅੱਖਰ ਜਾਂ ਅਮਰ ਲਿਪੀ ਜਾਂ ਅਨਮੋਲ ਫੌਂਟ ਵਿੱਚ ਬਿਲਕੁਲ ਸਹੀ ਟਾਈਪ ਕੀਤਾ ਸੀ ਪਰ ਕਿਉਂਕਿ ਵੈੱਬ ਸਾਈਟ ‘ਤੇ ਪਾਉਣ ਲਈ ਯੂਨੀਕੋਡ ਵਿੱਚ ਤਬਦੀਲ ਕੀਤਾ ਗਿਆ ਅਤੇ ਕਨਵਰਸ਼ਨ ਸਮੇਂ ਉਸ ਦੀ ਬਣਤਰ ਵਿੱਚ ਤਬਦੀਲੀ ਆ ਗਈ। ਸੋ ਜੇ ਤੁਹਾਨੂੰ ਨਾ ਹੀ ਗੁਰਬਾਣੀ ‘ਤੇ ਹੁਣ ਤੱਕ ਹੋਏ ਕੰਮ ਦੀ ਜਾਣਕਾਰੀ ਹੈ ਨਾਂ ਹੀ ਫੌਂਟ ਕਨਵਰਸ਼ਨ ਦੀ ਸਮੱਸਿਆ ਦਾ ਗਿਆਨ ਹੈ ਤਾਂ ਮਨ ਦੀ ਮਿੱਥ ਦੀ ਆਧਾਰ ‘ਤੇ ਫਜੂਲ ਦਾ ਰੌਲ਼ਾ ਪਾਉਣ ਨਾਲ ਤੁਹਾਨੂੰ ਬੇਇੱਜਤ ਤਾਂ ਹੋਣਾ ਹੀ ਪਵੇਗਾ। ਚੰਗਾ ਹੈ ਕਿ ਤੁਸੀਂ ਆਪਣੀ ਅਗਿਆਨਤਾ ਨੂੰ ਸੱਚੇ ਦਿਲੋਂ ਕਬੂਲ ਕਰਕੇ ਮੁਆਫੀ ਮੰਗ ਲਵੋ ਤੇ ਮਾਮਲੇ ਨੂੰ ਰਫਾਦਫਾ ਕਰ ਲਵੋ।
ਗਿਆਨੀ ਅਵਤਾਰ ਸਿੰਘ ਵੱਲੋਂ ਤੁਹਾਡੇ ਸਬੰਧੀ ਲਿਖੀਆਂ ਦੋਵੇਂ ਸੰਪਾਦਕੀਆਂ ਮੈਂ ਪੜ੍ਹੀਆਂ ਹਨ। ਉਨ੍ਹਾਂ ਸੰਪਾਦਕੀਆਂ ਤੋਂ ਵੀ ਸਿੱਟਾ ਇਹੀ ਨਿਕਲਦਾ ਹੈ ਕਿ ਮਸਲਾ ਗੁਰਬਾਣੀ ਦੇ ਸ਼ਬਦ ਜੋੜਾਂ ਨੂੰ ਬਦਲਣ ਦਾ ਨਹੀਂ ਬਲਕਿ ਤੁਹਾਡੀ ਵੀਚਾਰਾਧਾਰਾ ਦਾ ਮਿਸ਼ਨਰੀ ਕਾਲਜਾਂ ਦੀ ਵੀਚਾਰਧਾਰਾ ਨਾਲ ਮੇਲ ਨਾ ਖਾਣ ਕਾਰਣ ਉਨ੍ਹਾਂ ਨੇ ਤੁਹਾਡੇ ਲੇਖ ਛਾਪਣੇ ਬੰਦ ਕਰ ਦਿੱਤੇ ਅਤੇ ਈਰਖਾ ਵੱਸ ਤੁਸੀਂ ਫਜੂਲ ਦਾ ਮਸਲਾ ਖੜ੍ਹਾ ਕਰ ਦਿੱਤਾ। ਜੇ ਸਿਰਫ ਵਾਧੂ ਵਿਸ਼ਰਾਮ ਚਿੰਨ੍ਹਾਂ ਜਾਂ ਪਦ-ਛੇਦ ਦਾ ਮਸਲਾ ਹੁੰਦਾ ਤਾਂ ਇਹ ਤਾਂ ਪਿਛਲੇ ਦੋ ਸਾਲ ਤੋਂ ਧਿਆਨ ਵਿੱਚ ਸੀ ਕਿਉਂਕਿ ਮਿਸ਼ਨਰੀ ਸੇਧਾਂ ਮੈਗਜੀਨ ਤੁਹਾਡੇ ਘਰ ਆ ਰਿਹਾ ਸੀ ਜਿਸ ਵਿੱਚ ਤੁਹਾਡੇ ਆਪਣੇ ਲੇਖਾਂ ਵਿੱਚ ਵੀ ਗੁਰਬਾਣੀ ਨੂੰ ਵਾਧੂ ਵਿਸ਼ਰਾਮ ਚਿੰਨ੍ਹਾਂ ਜਾਂ ਪਦ-ਛੇਦ ਕਰਕੇ ਛਾਪਿਆ ਜਾ ਰਿਹਾ ਸੀ ਫਿਰ ਉਸ ਸਮੇਂ ਤੁਸੀਂ ਚੁੱਪ ਕਿਉਂ ਰਹੇ। ਸੋ ਇੱਥੇ ਵੀ ਤੁਸੀਂ ਕਸੂਰਵਾਰ ਸਿੱਧ ਹੁੰਦੇ ਹੋ।
ਕਿਰਪਾਲ ਸਿੰਘ (ਬਠਿੰਡਾ)