ਹਕੀਮ ਅੱਲਾ ਯਾਰ ਖਾਂ ਜੋਗੀ ਨੂੰ

0
866

ਹਕੀਮ ਅੱਲਾ ਯਾਰ ਖਾਂ ਜੋਗੀ ਨੂੰ

(ਪ੍ਰਿੰਸੀਪਲ ਕਰਮਜੀਤ ਸਿੰਘ ਗਠਵਾਲਾ)

ਵਾਹ ਓਏ ਜੋਗੀਆ  ! ਆਪਣੇ ਨਾਂ ਤਾਈਂ, ਹਰ ਪਾਸਿਓਂ ਠੀਕ ਠਹਿਰਾਇਆ ਤੂੰ ।

‘ਅੱਲਾ ਯਾਰ’ ਸੀ ਅੱਲਾ ਦਾ ਯਾਰ ਬਣਿਓਂ, ਭੇਦ ਦੂਈ-ਦਵੈਤ ਮਿਟਾਇਆ ਤੂੰ ।

ਤੇਰੀ ਰੂਹ ਨੂੰ ਕੋਈ ਨਾ ਫ਼ਰਕ ਲੱਗਾ, ਹਜ਼ਰਤ ਸਾਹਿਬ ਤੇ ਗੁਰੂ ਗੋਬਿੰਦ ਦੇ ਵਿੱਚ ।

ਪੂਜਣ ਲੱਗਿਆਂ ਤੂੰ ਨਾ ਫ਼ਰਕ ਪਾਇਆ, ‘ਚਮਕੌਰ’ ‘ਕਰਬਲਾ’ ਅਤੇ ‘ਸਰਹਿੰਦ’ ਦੇ ਵਿੱਚ ।

ਹਜ਼ਰਤ ਅਲੀ ਦੇ ਹਸਨ-ਹੁਸੈਨ ਦਾ ਸੀ, ਤੇਰੀ ਨਜ਼ਰ ਵਿੱਚ ਮਰਤਬਾ ਬਹੁਤ ਉੱਚਾ ।

ਅਜੀਤ-ਜੁਝਾਰ, ਜ਼ੋਰਾਵਰ-ਫ਼ਤਹਿ ਦਾ ਵੀ, ਤੂੰ ਸਮਝਿਆ ਓਨਾਂ ਹੀ ਨਾਂ ਸੁੱਚਾ ।

ਵੱਡੇ ਪਾਪੀਆਂ ਦੀ ਕਤਾਰ ਅੰਦਰ, ਖੜੇ ਕੀਤੇ ਤੂੰ ਜ਼ਿਆਦ ਯਜ਼ੀਦ ਦੋਵੇਂ ।

ਉਨਾਂ ਨਾਲ ਹੀ ਤੂੰ ਮਿਲਾ ਦਿੱਤੇ, ਸੁੱਚਾ ਨੰਦ ਤੇ ਸੂਬਾ ਵਜ਼ੀਦ ਦੋਵੇਂ ।

ਤੇਰੀ ਕਲਮ ਨੇ ਉਹ ਤਸਵੀਰ ਖਿੱਚੀ, ਸਾਹਵੇਂ ਅੱਖਾਂ ਦੇ ਜੰਗ ਘਮਸਾਨ ਹੋਵੇ ।

ਸੁੱਤੇ ਸਿੰਘਾਂ ਨੂੰ ਤੱਕ ਕੇ ਗੁਰੂ ਸੋਚਣ, ਜਿਵੇਂ ਪੁੱਤਾਂ ਤੋਂ ਪਿਤਾ ਕੁਰਬਾਨ ਹੋਵੇ ।

ਹਰ ਇੱਕ ਸ਼ਿਅਰ ਹੈ ਪੁਰ ਤਾਸੀਰ ਤੇਰਾ, ਪੱਥਰ ਦਿਲ ਵੀ ਮੋਮ ਬਣਾਈ ਜਾਵੇ ।

ਦਰਦ ਕਿੰਨਾ ਵੀ ਭਾਵੇਂ ਮਹਿਸੂਸ ਹੋਵੇ, ਮੱਲਮ ਸ਼ਰਧਾ ਦੀ ਓਸ ਤੇ ਲਾਈ ਜਾਵੇ ।