ਅਖੌਤੀ ਜਥੇਦਾਰ ਅਕਾਲ ਤਖ਼ਤ ਤੋਂ ਤਨਖ਼ਾਹੀਆ ਕਰਾਰ ਦੇਣ ਅਤੇ ਰਾਜਨੀਤਕ ਆਗੂ ਨਿਮਾਣੇ ਸਿੱਖ ਵਾਂਗ ਤਨਖ਼ਾਹ ਲਵਾ ਕੇ ਸੁਰਖੁਰੂ ਹੋਣ ਦਾ ਨਾਟਕ ਬੰਦ ਕਰਨ।

0
223

ਅਖੌਤੀ ਜਥੇਦਾਰ ਅਕਾਲ ਤਖ਼ਤ ਤੋਂ ਤਨਖ਼ਾਹੀਆ ਕਰਾਰ ਦੇਣ ਅਤੇ ਰਾਜਨੀਤਕ ਆਗੂ ਨਿਮਾਣੇ ਸਿੱਖ ਵਾਂਗ ਤਨਖ਼ਾਹ ਲਵਾ ਕੇ ਸੁਰਖੁਰੂ ਹੋਣ ਦਾ ਨਾਟਕ ਬੰਦ ਕਰਨ।

ਕਿਰਪਾਲ ਸਿੰਘ ਬਠਿੰਡਾ ਫ਼ੋਨ ਨੰ: 98554-80797, 73409–79813

ਰਾਮਪੁਰਾ ਫੂਲ ਵਿਧਾਨ ਸਭਾ ਹਲਕੇ ਦੇ ਅਕਾਲੀ-ਭਾਜਪਾ ਉਮੀਦਵਾਰ ਸਿਕੰਦਰ ਸਿੰਘ ਮਲੂਕਾ ਦੇ ਚੋਣ ਦਫਤਰ ਦਾ ਉਦਘਾਟਨ ਕਰਦੇ ਸਮੇਂ ਰਮਾਇਣ ਦਾ ਅਖੰਡਪਾਠ ਕਰਨ ਉਪ੍ਰੰਤ ਸਿੱਖਾਂ ਦੀ ਅਰਦਾਸ ਦੀ ਨਕਲ ਵਰਗੀ ਅਰਦਾਸ ਕਰਨ ਦੇ ਕੇਸ ਵਿਚ; ਜਿਸ ਤਰ੍ਹਾਂ ਉਮੀਦ ਸੀ ਅਕਾਲ ਤਖ਼ਤ ਸਾਹਿਬ ਜੀ ਦੇ ਪਾਵਨ ਅਸਥਾਨ ’ਤੇ ਬੈਠ ਕੇ ਅਖੌਤੀ ਜਥੇਦਾਰਾਂ ਨੇ ਹਮੇਸ਼ਾਂ ਵਾਂਗ ਫਿਰ ਸਿਕੰਦਰ ਸਿੰਘ ਮਲੂਕਾ ਨੂੰ ਤਨਖ਼ਾਹੀਆ ਕਰਾਰ ਦੇ ਕੇ ਚਾਰ ਦਿਨਾਂ ਲਈ ਸੰਗਤਾਂ ਦੇ ਜੋੜੇ ਝਾੜਨ ਅਤੇ ਲੰਗਰ ਦੇ ਜੂਠੇ ਭਾਂਡੇ ਮਾਂਜਨ ਦੀ ਤਨਖ਼ਾਹ ਲਾਉਣ ਦਾ ਨਾਟਕ ਕੀਤਾ ਹੈ। ਇਸੇ ਤਰ੍ਹਾਂ ਮਲੂਕਾ ਵੀ ਚਲਦੀ ਰਵਾਇਤ ਅਨੁਸਾਰ ਚਾਰ ਕੁ ਦਿਨ ਆਪਣੇ ਆਪ ਨੂੰ ਨਿਮਾਣੇ ਸਿੱਖ ਵਾਂਗ ਪੇਸ਼ ਕਰਨ ਲਈ ਸੇਵਾ ਕਰਨ ਦਾ ਢੌਂਗ ਰਚ ਕੇ ਆਖਰ ਚੌਥੇ ਦਿਨ ਅਰਦਾਸ ਕਰਵਾ ਕੇ ਅਕਾਲ ਤਖ਼ਤ ਸਾਹਿਬ ਤੋਂ ਬਖ਼ਸ਼ੇ ਜਾਣ ਦਾ ਨਾਟਕ ਕਰਨਗੇ। ਇਸ ਤਰ੍ਹਾਂ ਦਾ ਨਾਟਕ ਪਹਿਲੀ ਵਾਰ ਨਹੀਂ ਬਲਕਿ ਜਦੋਂ ਤੋਂ ਸਤਾ ਦੇ ਲਾਲਚੀ ਪਰ ਸਿੱਖ ਧਰਮ ਤੋਂ ਕੋਰੇ ਅਕਾਲੀਆਂ ਦਾ ਅਕਾਲ ਤਖ਼ਤ ’ਤੇ ਕਬਜ਼ਾ ਹੋਇਆ ਹੈ ਉਸ ਸਮੇਂ ਤੋਂ ਅਨੇਕਾਂ ਵਾਰ ਕੀਤਾ ਜਾ ਚੁੱਕਾ ਹੈ। ਪਰ ਅਜੇਹੇ ਨਾਟਕਾਂ ਨਾਲ ਨਾ ਹੁਣ ਤੱਕ ਸਿੱਖ ਧਰਮ ਦਾ ਕੁਝ ਸੰਵਰਿਆ ਹੈ ਅਤੇ ਨਾ ਹੀ ਅੱਗੇ ਤੋਂ ਕੁਝ ਸੰਵਰਨਾ ਦੀ ਸੰਭਾਵਨਾ ਹੈ ਸਗੋਂ ਸਿਧਾਂਤਕ ਤੌਰ ’ਤੇ ਸਿੱਖ ਧਰਮ ਦਿਨੋਂ ਦਿਨ ਗਿਰਾਵਟ ਵੱਲ ਜਾ ਰਿਹਾ ਹੈ। ਹੁਣ ਤਾਂ ਹਾਲਤ ਇੱਥੋਂ ਤੱਕ ਨਿੱਘਰ ਗਈ ਹੈ ਕਿ ਆਪਣੇ ਵੱਲੋਂ “ਪੰਥ ਰਤਨ, ਫ਼ਖ਼ਰ-ਏ-ਕੌਮ” ਦੇ ਅਵਾਰਡ ਨਾਲ ਨਿਵਾਜ਼ੇ ਗਏ ਪ੍ਰਕਾਸ਼ ਸਿੰਘ ਬਾਦਲ ਵਿਰੁੱਧ ਤਾਂ ਇਹ ਅਖੌਤੀ ਜਥੇਦਾਰ ਸ਼ਿਕਾਇਤ ਸੁਣਨ ਤੋਂ ਪਹਿਲਾਂ ਹੀ ਉਸ ਨੂੰ ਇਹ ਕਹਿ ਕੇ ਮੁਆਫ਼ ਕਰ ਦਿੰਦੇ ਹਨ ਕਿ ਬਾਦਲ ਸਾਹਿਬ ਸੂਬੇ ਦੇ ਮੁੱਖ ਮੰਤਰੀ ਅਤੇ ਇਕ ਰਾਜਨੀਤਕ ਆਗੂ ਹਨ ਇਸ ਲਈ ਉਸ ਨੇ ਤਾਂ ਹਰ ਥਾਂ ਹੀ ਜਾਣਾ ਹੁੰਦਾ ਹੈ; ਜਰੂਰੀ ਨਹੀਂ ਕਿ ਹਰ ਥਾਂ ਸਿੱਖ ਰਹਿਤ ਮਰਯਾਦਾ ਦਾ ਧਿਆਨ ਰੱਖਿਆ ਜਾਂਦਾ ਹੋਵੇ ਜਾਂ ਰੱਖਣਾ ਜਰੂਰੀ ਹੈ।  ਜੇਕਰ ਸਿਰਸਾ ਸਾਧ ਦੀ ਮੁਆਫੀ ਵਾਲੇ ਕੇਸ ਵਿੱਚ ਇਨ੍ਹਾਂ ਅਖੌਤੀ ਜਥੇਦਾਰਾਂ ਦੀ ਥੂ-ਥੂ ਨਾ ਹੋਈ ਹੁੰਦੀ ਤਾਂ ਪੂਰਾ ਯਕੀਨ ਹੈ ਕਿ ਮਲੂਕੇ ਨੂੰ ਵੀ ਕਿਸੇ ਨੇ ਨਹੀਂ ਸੀ ਸੱਦਣਾ।  ਜੇ ਆਪਣੀ ਖੁੱਸੀ ਹੋਈ ਭੱਲ ਮੁੜ ਬਣਾਉਣ ਲਈ ਮਲੂਕੇ ਨੂੰ ਸੱਦ ਕੇ ਤਨਖ਼ਾਹ ਸੁਣਾ ਹੀ ਦਿੱਤੀ ਹੈ ਅਤੇ ਉਹ ਵੀ ਚਾਰ ਦਿਨ ਸੇਵਾ ਦਾ ਨਾਟਕ ਕਰ ਵੀ ਲੈਣਗੇ ਤਾਂ ਇਸ ਨਾਲ ਕਿਹੜੇ ਕੱਦੂ ਵਿੱਚ ਤੀਰ ਵੱਜ ਜਾਵੇਗਾ।

 ਜਥੇਦਾਰਾਂ ਵੱਲੋਂ ਮਲੂਕੇ ਨੂੰ ਤਨਖ਼ਾਹੀਆ ਦੇਣ ਉਪ੍ਰੰਤ ਉਨ੍ਹਾਂ ਤੋਂ ਇਹ ਸਵਾਲ ਤਾਂ ਪੁੱਛਣਾ ਬਣਦਾ ਹੀ ਹੈ ਕਿ ਮਲੂਕੇ ਨਾਲੋਂ ਤਾਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਕਈ ਗੁਣਾਂ ਵੱਧ ਕਸੂਰਵਾਰ ਹਨ ਕਿਉਂਕਿ ਮਲੂਕੇ ਨੇ ਖ਼ੁਦ ਨਕਲੀ ਅਰਦਾਸ ਨਹੀਂ ਸੀ ਕੀਤੀ ਬਲਕਿ ਇਕ ਹਿੰਦੂ ਪੁਜਾਰੀ ਵੱਲੋਂ ਕੀਤੀ ਗਈ ਨਕਲੀ ਅਰਦਾਸ ਵਿੱਚ ਕੇਵਲ ਸੰਗਤੀ ਤੌਰ ’ਤੇ ਹਾਜਰੀ ਭਰੀ ਸੀ ਜਦੋਂ ਕਿ ਅਖੌਤੀ “ਪੰਥ ਰਤਨ, ਫ਼ਖ਼ਰ-ਏ-ਕੌਮ” ਸਮੇਤ ਉਸ ਦੇ ਪ੍ਰਵਾਰ ਦੇ ਉਕਤ ਮੈਂਬਰਾਂ ਨੇ ਤਾਂ ਗੁਰਮਤਿ ਵਿਰੋਧੀ ਕਰਮ ਕਾਂਡ ਹਵਨ, ਭੂਮੀ ਪੂਜਨ ਅਤੇ ਸ਼ਿਵਲਿੰਗ ਪੂਜਾ ਵਰਗੀਆਂ ਰਸਮਾਂ ਖ਼ੁਦ ਆਪਣੇ ਹੱਥੀਂ ਨਿਭਾਈਆਂ ਹਨ। ਜੇ ਕਰ ਜਥੇਦਾਰ ਇਨ੍ਹਾਂ ਕਰਮਕਾਂਡਾਂ, ਜਿਨ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਸਿੱਖ ਰਹਿਤ ਮਰਿਆਦਾ ਵਿੱਚ ਸਖਤ ਮਨਾਹੀ ਕੀਤੀ ਹੋਈ ਹੈ; ਦੇ ਦੋਸ਼ ਵਿੱਚ ਇਨ੍ਹਾਂ ਦੀ ਜਵਾਬ ਤਲਬੀ ਕਰਨ ਦੀ ਜੁਰਹਤ ਨਹੀਂ ਵਿਖਾ ਸਕਦੇ ਤਾਂ ਮਲੂਕੇ ਨੂੰ ਤਨਖ਼ਾਹ ਲਾਉਣ ਨਾਲ ਪੰਥ ਦਾ ਕੀ ਸੰਵਰ ਜਾਣਾ ਹੈ ?  ਜੇਕਰ ਮਲੂਕੇ ਨੂੰ ਜਥੇਦਾਰ ਤਨਖ਼ਾਹ ਲਾਉਣੀ ਜਾਇਜ਼ ਸਮਝਦੇ ਹਨ ਤਾਂ ਉਨ੍ਹਾਂ ਨੂੰ ਚਾਹੀਦਾ ਇਹ ਵੀ ਹੈ ਕਿ ਕਿਸੇ ਵੀ ਸਮਾਗਮ ਵਿੱਚ ਜਿੱਥੇ ਹਿੰਦੂ ਧਰਮ ਵਾਲੀਆਂ ਰਹੁ-ਰੀਤਾਂ ਨਿਭਾਈਆਂ ਜਾਂਦੀਆਂ ਹੋਣ ਜਾਂ ਉਸ ਸਮਾਗਮ ਦੇ ਮੁੱਖ ਪ੍ਰਬੰਧਕ; ਸਿੱਖੀ ਦੇ ਮੂਲ ਸਿਧਾਂਤ ‘ਸ਼ਬਦ ਗੁਰੂ’ ਸਿਧਾਂਤ ਦੇ ਵਿਰੋਧੀ ਦੇਹਧਾਰੀ ਗੁਰੂ ਡੰਮ ਨਿਰੰਕਾਰੀ, ਨਾਮਧਾਰੀ, ਰਾਧਾ ਸਵਾਮੀ, ਸਿਰਸਾ ਤੇ ਨੂਰ ਮਹਿਲੀਏ ਆਦਿਕ ਡੇਰੇਦਾਰਾਂ ਦੇ ਸ਼ਰਧਾਲੂ ਹੋਣ; ਉਥੇ ਅਕਾਲੀ ਆਗੂਆਂ ਸਮੇਤ ਸਮੁੱਚੇ ਸਿੱਖਾਂ ਵੱਲੋਂ ਸ਼ਮੂਲੀਅਤ ਕਰਨ ਦੀ ਸਖਤ ਮਨਾਹੀ ਦਾ ਆਦੇਸ਼ ਜਾਰੀ ਕਰਨ ਕਿਉਂਕਿ ਜਿੱਥੇ ਵੀ ਹਿੰਦੂ ਰਹੁ-ਰੀਤਾਂ ਨਿਭਾਈਆਂ ਜਾਣੀਆਂ ਹਨ ਉਥੇ ਉਨ੍ਹਾਂ ਨੇ ਗੁਰੂ ਦੀ ਸਿੱਖਿਆ ਦੇ ਉਲਟ ਹਵਨ, ਭੂਮੀ ਪੂਜਨ, ਜਗਰਾਤੇ ਅਤੇ ਮੂਰਤੀ/ਬੁੱਤ ਪੂਜਾ ਵਰਗੇ ਕਰਮਕਾਂਡ ਕਰਨੇ ਹੀ ਹਨ। ਪਰ ਜਦ ਤੱਕ ਅਕਾਲ ਤਖ਼ਤ ’ਤੇ ਧਰਮ ਤੋਂ ਹੀਣੇ ਸਿੱਖ ਸਿਆਸਤਦਾਨਾਂ, ਖ਼ਾਸ ਕਰਕੇ ਜਿਨ੍ਹਾਂ ਦਾ ਰਾਜਨੀਤਕ ਗਠਜੋੜ ਹੀ ਆਰ ਐੱਸ ਐੱਸ / ਭਾਜਪਾ ਨਾਲ ਹੈ; ਦਾ ਕਬਜ਼ਾ ਹੈ ਉਤਨੀ ਦੇਰ ਜਥੇਦਾਰਾਂ ਵੱਲੋਂ ਇਸ ਤਰ੍ਹਾਂ ਦਾ ਅਦੇਸ਼ ਜਾਰੀ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਆਰ ਐੱਸ ਐੱਸ / ਭਾਜਪਾ ਦਾ ਮੁਖ ਏਜੰਡਾ ਹੀ ਇਹ ਹੈ ਕਿ ਸਿੱਖ ਧਰਮ ਵਿੱਚ ਹੌਲ਼ੀ ਹੌਲ਼ੀ ਰਲਾਵਟ ਕਰਕੇ ਇਸ ਨੂੰ ਹਿੰਦੂ ਧਰਮ ਵਿੱਚ ਜਜ਼ਬ ਕਰ ਲਿਆ ਜਾਵੇ ।

 ਅਜਿਹੇ ਹਾਲਤਾਂ ਵਿੱਚ ਜਥੇਦਾਰਾਂ ਦੇ ਕਰਨ ਵਾਲਾ ਅਸਲ ਕੰਮ ਇਹ ਹੈ ਕਿ ਸੋਸ਼ਿਲ ਮੀਡੀਏ ’ਤੇ ਨਕਲੀ ਅਰਦਾਸ ਦੀ ਵਾਇਰਲ ਹੋਈ ਵੀਡੀਓ ਦੇ ਨਾਲ ਹੀ ਵਾਇਰਲ ਹੋਈ ਗੀਤਾ ਦੀ ਪੋਥੀ ਦੇ ਦੋ ਪੰਨਿਆਂ ਦੀ ਸਕੈਨ ਕਾਪੀ; ਜਿਨ੍ਹਾਂ ਉਪਰ ਸਿੱਖਾਂ ਦੀ ਨਕਲ ਵਾਲੀ ਹਿੰਦੂ ਅਰਦਾਸ ਛਪੀ ਹੋਈ ਹੈ; ਦੀ ਪੜਤਾਲ ਕਰਵਾਈ ਜਾਵੇ ਕਿ ਇਹ ਅਰਦਾਸ ਕਿਸ ਨੇ ਅਤੇ ਕਦੋਂ ਲਿਖਵਾ ਕੇ ਛਪਵਾਈ ਸੀ ?  ਇਸ ਦੇ ਨਾਲ ਹੀ ਸਿੱਖ ਇਤਿਹਾਸ ਦੇ ਮੂਲ ਸ੍ਰੋਤ ਵਜੋਂ ਪ੍ਰਚਾਰੇ ਜਾ ਰਹੇ ਬਚਿੱਤਰ ਨਾਟਕ, ਗੁਰ ਬਿਲਾਸ ਪਾ: ੬, ਗੁਰ ਬਿਲਾਸ ਪਾ: ੧੦, ਭਾਈ ਬਾਲੇ ਵਾਲੀ ਜਨਮ ਸਾਖੀ, ਸੂਰਜ ਪ੍ਰਕਾਸ਼, ਪੰਥ ਪ੍ਰਕਾਸ਼ ਆਦਿਕ ਗ੍ਰੰਥਾਂ, ਪੋਥੀਆਂ ਦੀ ਡੂੰਘੀ ਪੜਤਾਲ ਕਰਵਾਈ ਜਾਵੇ ਕਿ ਇਸ ਵਿੱਚ ਕੁਝ ਅਜੇਹਾ ਤਾਂ ਦਰਜ ਨਹੀਂ, ਜੋ ਗੁਰੂ ਉਪਦੇਸ਼ ਤੇ ਉਨ੍ਹਾਂ ਦੇ ਇਤਿਹਾਸ (ਜੀਵਨ ਬਸਰ) ਨਾਲ ਮੇਲ ਨਾ ਖਾਂਦਾ ਹੋਵੇ।  ਇਨ੍ਹਾਂ ਪੁਰਾਤਨ ਪੁਸਤਕਾਂ ਵਿੱਚ ਇਤਰਾਜਯੋਗ ਇਤਿਹਾਸਕ ਘਟਨਾਵਾਂ ਦੇ ਵੇਰਵੇ, ਜੋ ਗੁਰਮਤਿ ਸਿਧਾਂਤ ਦੇ ਅਨੁਕੂਲ ਨਹੀਂ , ਦੀ ਤੁਰੰਤ ਸੁਧਾਈ ਕਰਨ ਉਪਰੰਤ ਇਨ੍ਹਾਂ ਪੁਸਤਕਾਂ ਦੀ ਮੁੜ ਸੰਪਾਦਨਾ ਕੀਤੀ ਜਾਵੇ। ਜਾਗਰੂਕ ਸਿੱਖ ਬਹੁਤ ਸਮੇਂ ਤੋਂ ਅਵਾਜ਼ ਉਠਾ ਰਹੇ ਹਨ ਕਿ ਮੰਨੂਵਾਦੀ ਸੋਚ ਵਾਲੀਆਂ ਜਥੇਬੰਦੀਆਂ ਸਾਡੇ ਲੀਡਰਾਂ ਨਾਲ ਮਿਲ ਕੇ ਬਹੁਤ ਪਹਿਲਾਂ ਤੋਂ ਹੀ ਡੂੰਘੀ ਸਾਜਿਸ਼ ਅਧੀਨ ਸਿੱਖ ਇਤਿਹਾਸ ਤੇ ਸਿਧਾਂਤ ਵਿੱਚ ਬੜੇ ਯੋਜਨਾਵੱਧ ਢੰਗ ਨਾਲ ਰਲਾਵਟ ਕਰਦੀਆਂ ਆ ਰਹੀਆਂ ਹਨ ਅਤੇ ਸਿੱਖਾਂ ਨੂੰ ਚਿੜਾਉਣ ਲਈ ਸਿੱਖੀ ਰਵਾਇਤਾਂ ਦੀ ਨਕਲ ਉਤਾਰਨ ਵਿੱਚ ਲੱਗੇ ਹੋਏ ਹਨ ਤਾਂ ਕਿ ਸਿੱਖਾਂ ਵਿੱਚ ਦੁਬਿਧਾ ਖੜ੍ਹੀ ਕਰਕੇ ਸਿੱਖਾਂ ਵਿੱਚ ਵੰਡੀਆਂ ਪਾਈਆਂ ਜਾਣ ਅਤੇ ਸਿੱਖੀ ਅਸੂਲਾਂ ਦਾ ਹਿੰਦੂਕਰਨ ਕੀਤਾ ਜਾਵੇ । ਸਿੱਖਾਂ ਦੇ ਰਾਜਸੀ ਤੇ ਧਾਰਮਿਕ ਆਗੂਆਂ ਵੱਲੋਂ ਇਸ ਸੰਵੇਦਨਸ਼ੀਲ ਕਾਰਜ ਵੱਲ ਧਿਆਨ ਨਾ ਦੇਣ ਕਾਰਨ ਹੀ ਇਨ੍ਹਾਂ ਬੁਰਾਈਆਂ ਨੂੰ ਹਵਾ ਮਿਲ ਰਹੀ ਹੈ ਕਿ ਪੰਥ ਵਿਰੋਧੀ ਸ਼ਕਤੀਆਂ ਸ਼੍ਰੋਮਣੀ ਕਮੇਟੀ ਰਾਹੀਂ ਸਿੱਖ ਗੁਰੂ ਸਾਹਿਬਾਨਾਂ ਅਤੇ ਉਨ੍ਹਾਂ ਦੇ ਸਤਿਕਾਰਤ ਪਰਿਵਾਰਕ ਮੈਂਬਰਾਂ ਦੇ ਆਚਰਨ ਨੂੰ ਧੁੰਦਲਾ ਕਰਨ ਬਾਬਤ ਹਿੰਦੀ ਵਿੱਚ ਸਿੱਖ ਇਤਿਹਾਸ ਵਰਗੀਆਂ ਪੁਸਤਕਾਂ ਛਪਵਾ ਕੇ ਵੰਡਣ ਵਿੱਚ ਸਫਲਤਾ ਪ੍ਰਾਪਤ ਕਰ ਰਹੇ ਹਨ ਤੇ ਸ੍ਰੋਮਣੀ ਕਮੇਟੀ ਅਤੇ ਅਜੋਕੇ ਜਥੇਦਾਰ, ਇਨ੍ਹਾਂ ਪੰਥ ਵਿਰੋਧੀ ਮਾਨਸਿਕਤਾ ਵਾਲਿਆਂ ਵਿਰੁੱਧ ਕਾਰਵਾਈ ਕਰਨ ਤੋਂ ਬੇਵੱਸ ਨਜ਼ਰ ਆ ਰਹੇ ਹਨ। ਹੁਣ ਨੀਲਧਾਰੀ ਸੰਪ੍ਰਦਾ ਦੇ ਮੁਖੀ ਸਤਨਾਮ ਸਿੰਘ ਵੱਲੋਂ ਮਾਤਾ ਗੁਜਰੀ ਜੀ ਵਿਰੁੱਧ ਬੋਲੇ ਜਾਣ ਦਾ ਕੇਸ ਸਾਹਮਣੇ ਆ ਚੁੱਕਾ ਹੈ ਤੇ ਉਸ ਦੇ ਸ਼ਰਧਾਲੂਆਂ ਵੱਲੋਂ ਉਕਤ ਪੁਸਤਕਾਂ ਦੇ ਹੀ ਹਵਾਲੇ ਦਿੱਤੇ ਗਏ ਹਨ ਕਿ ਉਨ੍ਹਾਂ ਦੇ ਮੁਖੀ ਨੇ ਜੋ ਕੁਝ ਬੋਲਿਆ ਹੈ ਉਹ ਪਹਿਲਾਂ ਤੋਂ ਹੀ ਪੁਰਾਤਨ ਸਿੱਖ ਇਤਿਹਾਸ ਵਿੱਚ ਲਿਖਿਆ ਪਿਆ ਹੈ। ਪਰ ਹੈਰਾਨੀ ਹੁੰਦੀ ਹੈ ਕਿ ਅਜਿਹੇ ਹਾਲਾਤ ਸਿਰਜੇ ਜਾ ਚੁੱਕੇ ਹਨ ਕਿ ਅਗਰ ਕੋਈ ਸਿੱਖ ਵਿਦਵਾਨ ਮੰਗ ਕਰਦਾ ਹੈ ਕਿ ਉਕਤ ਪੁਰਾਤਨ ਪੁਸਤਕਾਂ ਵਿੱਚ ਬਹੁਤ ਕੁਝ ਐਸਾ ਹੈ ਜੋ ਗੁਰਮਤਿ ਨਾਲ ਮੇਲ ਨਹੀਂ ਖਾਂਦਾ, ਜਿਸ ਦੀ ਪੜਚੋਲ ਕਰਕੇ ਰੱਦ ਕਰ ਦੇਣਾ ਚਾਹੀਦਾ ਹੈ ਤਾਂ ਉਸ ਨੂੰ ਹੀ ਤਨਖ਼ਾਹੀਆ ਕਰਾਰ ਦੇਣ ਅਤੇ ਪੰਥ ਵਿੱਚੋਂ ਛੇਕਣ ਲਈ ਇਨ੍ਹਾਂ ਹੀ ਜਥੇਦਾਰਾਂ ਨੂੰ ਵਰਤ ਲਿਆ ਜਾਂਦਾ ਹੈ, ਇਸ ਕਾਰਨ ਜਿੱਥੇ ਸਿੱਖਾਂ ਦਾ ਬੌਧਿਕ ਵਿਕਾਸ ਰੁਕ ਗਿਆ ਹੈ ਉਥੇ ਦਸਮ ਗ੍ਰੰਥ, ਰਾਗਮਾਲਾ, ਸਿੱਖ ਰਹਿਤ ਮਰਯਾਦਾ ਦੀ ਭਿੰਨਤਾ ਆਦਿਕ ਅਨੇਕਾਂ ਮਸਲੇ ਪੰਥ ਲਈ ਗੰਭੀਰ ਸੰਕਟ ਦਾ ਰੂਪ ਧਾਰਨ ਕਰ ਚੁੱਕੇ ਹਨ ਜਦੋਂਕਿ ਸਾਡੇ ਅਖੌਤੀ ਜਥੇਦਾਰ ਦੋਸ਼ੀਆਂ ਨੂੰ ਤਨਖਾਹੀਆ ਕਰਾਰ ਦੇ ਕੇ ਅਤੇ ਧਰਮ ਵਿਹੂਣੇ ਅਕਾਲੀ, ਆਪਣੇ ਆਪ ਨੂੰ ਦੋਸ਼ ਮੁਕਤ ਜਾਂ ਬਖ਼ਸ਼ੇ ਜਾਣ ਦੇ ਨਾਟਕ ਰਚ ਕੇ ਪੰਥ ਪ੍ਰਸਤ ਦੱਸਣ ਦੀ ਬੀਨ ਵਜਾ ਕੇ ਸਿੱਖੀ ਸੰਕਟ ਰੂਪੀ ਵਿਕਰਾਲ ਸੱਪ ਨੂੰ ਪਟਾਰੀ ਵਿੱਚ ਬੰਦ ਕਰਨ ਦੇ ਅਸਫਲ ਯਤਨ ਵਿੱਚ ਰੁੱਝੇ ਹੋਏ ਹਨ।

 ਸੋ ਉਪ੍ਰੋਕਤ ਯੋਗ ਚਿੰਤਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਿੰਮੇਵਾਰ ਸਿੱਖ ਆਗੂਆਂ ਤੇ ਜਥੇਦਾਰਾਂ ਲਈ ਕੀਤੇ ਜਾਣ ਵਾਲੇ ਅਤਿ ਜਰੂਰੀ ਕੰਮ ਇਹ ਹਨ ਕਿ ਆਪਣੀਆਂ ਸਾਰੀਆਂ ਵਿਵਾਦਤ ਤੇ ਦੁਬਿਧਾਪਾਉ ਪੁਸਤਕਾਂ ਦੀ ਪੜਚੋਲ ਕਰ ਕੇ ਸਿੱਖ ਸਿਧਾਂਤਾਂ ਅਤੇ ਪੰਥਕ ਰਵਾਇਤਾਂ ਵਿੱਚ ਗਿਣੇ ਮਿਥੇ ਸਾਜਸ਼ੀ ਢੰਗ ਨਾਲ ਕੀਤੀ ਜਾ ਰਹੀ ਰਲਾਵਟ ਨੂੰ ਠੱਲ ਪਾਉਣ ਲਈ ਤੁਰੰਤ ਜਰੂਰੀ ਕਦਮ ਉਠਾਏ ਜਾਣੇ ਚਾਹੀਦੇ ਹਨ।