ਵਡੇ ਵਡੇ ਜੋ ਦੀਸਹਿ ਲੋਗ ।। ਤਿਨ ਕਉ ਬਿਆਪੈ ਚਿੰਤਾ ਰੋਗ ।।

0
891

ਵਡੇ ਵਡੇ ਜੋ ਦੀਸਹਿ ਲੋਗ ।। ਤਿਨ ਕਉ ਬਿਆਪੈ ਚਿੰਤਾ ਰੋਗ ।।

ਪ੍ਰੋ. ਮਨਰਾਜ ਕੌਰ

ਚਿਤਵਨ ਸਿੰਘ….ਦਾਦਾ ਜੀ ! ਅੱਜ ਸਵੇਰ ਤੋਂ ਹੀ ਤੁਸੀਂ ਮੂੰਹ ਵਿਚ ਕੁਝ ਗੁਣਗੁਣਾ ਰਹੇ ਹੋ। ਕੀ ਗੁਣ ਗੁਣਾ ਰਹੇ ਹੋ ?
ਦਾਦਾ ਜੀ…. ਬੇਟਾ ਜੀ ! ਆਪ ਜੀ ਨੂੰ ਸਾਰਾ ਪਤਾ ਲੱਗ ਜਾਂਦਾ ਹੈ।
ਚਿਤਵਨ ਸਿੰਘ…ਦਾਦਾ ਜੀ ! ਦੱਸੋ ਨਾ!
ਦਾਦਾ ਜੀ…..ਪੁੱਤਰ ਜੀ ! ਗੁਰਬਾਣੀ ਦੀ ਇਕ ਤੁੱਕ ਹੈ।
ਚਿਤਵਨ ਸਿੰਘ….ਕਿਹੜੀ ?
ਦਾਦਾ ਜੀ…… ਵਡੇ ਵਡੇ ਜੋ ਦੀਸਹਿ ਲੋਗ ।। ਤਿਨ ਕਉ ਬਿਆਪੈ ਚਿੰਤਾ ਰੋਗ ।। 
ਚਿਤਵਨ ਸਿੰਘ…. ਇਸ ਦਾ ਕੀ ਮਤਲਬ ਹੈ ?
ਦਾਦਾ ਜੀ…. (ਹੱਸਦੇ ਹੋਏ ) ਇਹ ਤੁੱਕ ਵਡੇ ਲੋਕਾਂ ਬਾਰੇ ਹੈ। ਤੁਸੀਂ ਤਾਂ ਅਜੇ ਛੋਟੇ ਹੋ।
ਚਿਤਵਨ ਸਿੰਘ… ਦਾਦਾ ਜੀ ! ਤੁਸੀਂ ਆਪ ਹੀ ਤਾਂ ਦੱਸਦੇ ਹੋ ਕਿ ਗੁਰਬਾਣੀ ਸਾਰਿਆਂ ਲਈ ਸਾਂਝੀ ਹੈ।
ਦਾਦਾ ਜੀ…..ਉਹ ਤਾਂ ਹੈ।
ਚਿਤਵਨ ਸਿੰਘ…..ਫਿਰ ਛੋਟੇ ਵੱਡੇ ਸਭ ਸਮਝ ਸਕਦੇ ਹਨ, ਨਾ!
ਦਾਦਾ ਜੀ….ਬਿਲਕੁੱਲ ਬੇਟਾ ਜੀ !
ਚਿਤਵਨ ਸਿੰਘ….ਫਿਰ ਦੱਸੋ ਨਾ !
ਦਾਦਾ ਜੀ…. ਇਸ ਦਾ ਮਤਲਬ ਹੈ ਕਿ ਦੁਨੀਆ ਵਿਚ ਜੋ ਕਿਸੇ ਵੀ ਪੱਖ ਤੋਂ ਵੱਡੇ ਹਨ, ਉਹ ਚਿੰਤਾ ਦੀ ਬਿਮਾਰੀ ਵਿਚ ਫਸੇ ਹੋਏ ਹਨ।
ਚਿਤਵਨ ਸਿੰਘ…. ਦਾਦਾ ਜੀ ! ਤੁਸੀਂ ਵੀ ਤਾਂ ਵੱਡੇ ਹੋ, ਪਰ ਤੁਸੀਂ ਤਾਂ ਕਦੀ ਕਿਸੇ ਗੱਲ ਦੀ ਚਿੰਤਾ ਨਹੀਂ ਕਰਦੇ।
ਦਾਦਾ ਜੀ…. ਇਸ ਤਰਾਂ ਨਹੀਂ ਬੇਟਾ ਜੀ !
ਚਿਤਵਨ ਸਿੰਘ…. ਫਿਰ ਕਿਸ ਤਰਾਂ ਦਾਦਾ ਜੀ !
ਦਾਦਾ ਜੀ……ਜੋ ਲੋਕ ਆਪਣੇ ਆਪ ਨੂੰ ਕਿਸੇ ਵੀ ਪੱਖ ਤੋਂ ਦੂਜਿਆਂ ਨਾਲੋਂ ਵੱਡਾ ਸਮਝਦੇ ਹਨ, ਜਿਵੇਂ ਪਦਵੀ ਵਲੋਂ, ਪੈਸੇ ਵਲੋਂ, ਪੜੵਾਈ ਵਲੋਂ ਜਾਂ ਕਿਸੇ ਵੀ ਹੋਰ ਦਨਿਆਵੀ ਪੱਖ ਤੋਂ।
ਚਿਤਵਨ ਸਿੰਘ….. ਜਿਹੜੇ ਵੱਡੇ ਬਣ ਹੀ ਗਏ, ਉਨਾਂ ਨੂੰ ਚਿੰਤਾ ਕਰਨ ਦੀ ਕੀ ਲੋੜ ਹੈ ?
ਦਾਦਾ ਜੀ….. ਇਹੀ ਤਾਂ ਸਮਝਣ ਦੀ ਲੋੜ ਹੈ।
ਚਿਤਵਨ ਸਿੰਘ…. ਫਿਰ ਕਿਉਂ ਨਹੀਂ ਸਮਝਦੇ ?
ਦਾਦਾ ਜੀ…..ਸਮਝ ਸਕਦੇ ਹਨ ਪਰ ਵੱਡੇ ਹੋਣ ਦਾ ਹੰਕਾਰ ਹੀ ਵਿਚਕਾਰ ਆ ਜਾਂਦਾ ਹੈ।
ਚਿਤਵਨ ਸਿੰਘ….ਉਹ ਕਿਵੇਂ ?
ਦਾਦਾ ਜੀ……ਪਹਿਲਾਂ ਹੀ ਚਿੰਤਾ ਇਸ ਗੱਲ ਦੀ ਹੁੰਦੀ ਹੈ ਕਿ ਮੇਰੀ ਪਦਵੀ, ਪੈਸੇ ਜਾਂ ਪੜੵਾਈ ਕਰਕੇ ਦੁਨੀਆ ਦੇ ਲੋਕਾਂ ਵਿਚ ਬਣੀ ਹੋਈ ਵਡਿਆਈ ਕਿਤੇ ਘਟ ਨਾ ਜਾਏ, ਕਿਤੇ ਮੇਰੇ ਇਸ ਮਾਣ ਇੱਜ਼ਤ ਵਿਚ ਕੋਈ ਫ਼ਰਕ ਨਾ ਪੈ ਜਾਏ।
ਚਿਤਵਨ ਸਿੰਘ…. ਕਿਵੇਂ ਦਾਦਾ ਜੀ?
ਦਾਦਾ ਜੀ…..ਉਹ ਆਪਣੇ ਆਪ ਵਿਚ ਇਕ ਭੁਲੇਖਾ ਬਣਾ ਕੇ ਬੈਠੇ ਹੁੰਦੇ ਹਨ ਕਿ ਉਨਾਂ ਨੂੰ ਦੁਨੀਆ ਭਰ ਦੀ ਸਾਰੀ ਸਮਝ ਹੈ ਤੇ ਇਹੀ ਭੁਲੇਖਾ ਉਨਾਂ ਨੂੰ ਕੁਝ ਹੋਰ ਸਮਝਣ ਨਹੀਂ ਦਿੰਦਾ।
ਚਿਤਵਨ ਸਿੰਘ….ਪਰ ਇਸ ਸਭ ਕੁਝ ਨਾਲ ਚਿੰਤਾ ਦਾ ਕੀ ਸਬੰਧ ਹੈ ?
ਦਾਦਾ ਜੀ….. ਬੇਟਾ ਜੀ ! ਜੇ ਸਾਨੂੰ ਕੁਝ ਵੀ ਖੁਸ ਜਾਣ ਦਾ ਡਰ ਹੋਵੇ ਤਾਂ ਚਿੰਤਾ ਤਾਂ ਹੋਵੇਗੀ ਹੀ।
ਚਿਤਵਨ ਸਿੰਘ…. ਪਰ ਤੁਸੀਂ ਕਿਹਾ ਕਿ ਚਿੰਤਾ ਰੋਗ, ਇਹ ਚਿੰਤਾ ਰੋਗ ਕਿਵੇਂ ਬਣ ਗਈ ?
ਦਾਦਾ ਜੀ…..ਸੱਭ ਬਿਮਾਰੀਆਂ ਦੀ ਜੜੵ ਹੀ ਚਿੰਤਾ ਹੈ।
ਚਿਤਵਨ ਸਿੰਘ…..ਉਹ ਕਿਵੇਂ ?
ਦਾਦਾ ਜੀ….. ਡਰ ਤੇ ਸਹਿਮ ਵਿਚੋਂ ਚਿੰਤਾ ਪੈਦਾ ਹੁੰਦੀ ਹੈ ਤੇ ਇਹ ਸੱਭ ਭਾਵਨਾਵਾਂ ਪਹਿਲਾਂ ਸਾਡੇ ਮਨ ’ਤੇ ਬੁਰਾ ਅਸਰ ਪਾਉਂਦੀਆਂ ਹਨ ਫਿਰ ਸਰੀਰ ਮਨ ਦੇ ਮਗਰ ਚੱਲਦਾ ਹੈ ਤੇ ਸਰੀਰ ਉੱਤੇ ਵੀ ਬੁਰੇ ਅਸਰ ਪੈਣੇ ਸ਼ੁਰੂ ਹੋ ਜਾਂਦੇ ਹਨ।
ਚਿਤਵਨ ਸਿੰਘ….ਇਨਾਂ ਬੁਰੇ ਅਸਰਾਂ ਦਾ ਕੀ ਹਸ਼ਰ ਹੁੰਦਾ ਹੈ ?
ਦਾਦਾ ਜੀ…. ਪਹਿਲਾਂ ਮਨ ਤੇ ਫਿਰ ਤਨ ਦੋਵੇਂ ਰੋਗੀ ਹੋ ਜਾਂਦੇ ਹਨ।
ਚਿਤਵਨ ਸਿੰਘ…..ਫਿਰ ?
ਦਾਦਾ ਜੀ…….ਫਿਰ ਕੀ ? ਪੂਰਾ ਜੀਵਨ ਹੀ ਰੋਗੀ ਹੋ ਜਾਂਦਾ ਹੈ।
ਚਿਤਵਨ ਸਿੰਘ…..ਇਸ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ?
ਦਾਦਾ ਜੀ…..ਬੇਟਾ ਜੀ ! ਬੱਸ ਇਕ ਹੀ ਤਰੀਕਾ ਹੈ।
ਚਿਤਵਨ ਸਿੰਘ…..ਉਹ ਕੀ ਦਾਦਾ ਜੀ!
ਦਾਦਾ ਜੀ…….ਵੱਡੇ ਹੋਣ ਦਾ ਮਾਣ ਛੱਡ ਕੇ ਮਾਨਸਿਕ ਤੌਰ ’ਤੇ ਬੱਚੇ ਬਣ ਕੇ ਗੁਰਬਾਣੀ ਵਿਚੋਂ ਜਿਊਣਾ ਸਿਖੀਏ।
ਚਿਤਵਨ ਸਿੰਘ…..ਇਹ ਤਾਂ ਬਹੁਤ ਵਧੀਆ ਤਰੀਕਾ ਹੈ।
ਦਾਦਾ ਜੀ……ਸਿਰਫ ਇਹ ਹੀ ਤਰੀਕਾ ਹੈ।
ਚਿਤਵਨ ਸਿੰਘ….ਮੈਨੂੰ ਇਕ ਗੱਲ ਹੋਰ ਸਮਝ ਵਿਚ ਆ ਗਈ।
ਦਾਦਾ ਜੀ…….ਉਹ ਕਿਹੜੀ ?
ਚਿਤਵਨ ਸਿੰਘ…… ਇਹੀ ਕਿ ਤੁਸੀਂ ਕਦੀ ਵੀ ਚਿੰਤਾ ਕਿਉਂ ਨਹੀਂ ਕਰਦੇ।
ਦਾਦਾ ਜੀ….ਅੱਛਾ ਜੀ ! ਕੀ ਸਮਝ ਵਿਚ ਆਇਆ ?
ਚਿਤਵਨ ਸਿੰਘ…..ਤੁਸੀਂ ਉਮਰ ਵਲੋਂ, ਪੜੵਾਈ ਵਲੋਂ, ਪਦਵੀ ਵਲੋਂ ਤੇ ਪੈਸੇ ਵਲੋਂ ਭਾਵ ਹਰੇਕ ਪੱਖ ਤੋਂ ਵੱਡੇ ਹੋ ਪਰ ਬੱਚੇ ਬਣ ਕੇ ਰੋਜ਼ ਗੁਰਬਾਣੀ ਵਿਚੋਂ ਜਿਊਣਾ ਸਿਖਦੇ ਵੀ ਹੋ ਤੇ ਸਾਨੂੰ ਸੱਭ ਨੂੰ ਸਿਖਾਉਂਦੇ ਵੀ ਹੋ। ਇਸੇ ਲਈ ਚਿੰਤਾ ਕਦੀ ਨੇੜੇ ਵੀ ਨਹੀਂ ਆਉਂਦੀ।
ਦਾਦਾ ਜੀ…..ਬਿਲਕੁੱਲ ਠੀਕ ਬੇਟਾ ਜੀ! ਤੁਸੀਂ ਬਹੁਤ ਸਿਆਣੇ ਹੋ।
ਚਿਤਵਨ ਸਿੰਘ……ਮੈਂ ਵੀ ਹਮੇਸ਼ਾਂ ਤੁਹਾਡੀ ਤਰਾਂ ਬੱਚਾ ਬਣ ਕੇ ਗੁਰਬਾਣੀ ਤੋਂ ਸਿਖਦਾ ਰਹਾਂਗਾ।
ਦਾਦਾ ਜੀ……ਬਹੁਤ ਵਧੀਆ ਬੇਟਾ ਜੀ !