ਈਸ਼ਵਰ ਦੀ ਹੋਂਦ
ਪ੍ਰਿੰਸੀਪਲ ਗੰਗਾ ਸਿੰਘ ਜੀ।
ਪੁਰਾਣੀਆਂ ਪੁਸਤਕਾਂ ਵਿੱਚ ਲਿਖਿਆ ਹੈ ਕਿ ਬਾਬਾ ਆਦਮ ਨੇ ਸਵਰਗ ਵਿੱਚ ਰਹਿੰਦਿਆਂ ਇੱਕ ਅਜਿਹੇ ਦਰਖ਼ਤ ਦਾ ਫਲ਼ ਖਾ ਲਿਆ, ਜਿਸ ਨੂੰ ਖਾਣਾ ਉਸ ਦੇ ਮਾਲਕ ਨੇ ਮਨ੍ਹਾ ਕੀਤਾ ਹੋਇਆ ਸੀ, ਜਿਸ ਕਰਕੇ ਉਸ ਨੂੰ ਜ਼ਿਮੀ ਤੇ ਸੁੱਟ ਦਿੱਤਾ ਗਿਆ। ਭਾਵੇਂ ਇਹ ਗੱਲ ਚਿਰਾਂ ਦੀ ਹੈ, ਪਰ ਪਤਾ ਲੱਗਿਆ ਹੈ ਕਿ ਉਸ ਮੇਵੇ ਦੇ ਰਸ ਦਾ ਨਸ਼ਾ ਆਦਮੀ ਦੀ ਸੰਤਾਨ ਦੇ ਦਿਮਾਗ ਵਿੱਚੋਂ ਅਜੇ ਤੱਕ ਨਹੀਂ ਉਤਰਿਆ। ਇਹ, ਉਸੇ ਨਸ਼ੇ ਦਾ ਅਸਰ ਹੀ ਪ੍ਰਤੀਤ ਹੁੰਦਾ ਹੈ, ਜਿਸ ਕਰਕੇ ਮਨੁੱਖ ਪੁੱਛਦਾ ਹੈ ਕਿ ਈਸ਼ਵਰ ਦੀ ਹਸਤੀ ਦਾ ਕੀ ਸਬੂਤ ਹੈ ? ਜੇਕਰ ਨਸ਼ੇ ਦੇ ਅਸਰ ਹੇਠ ਨਾ ਹੁੰਦਾ ਤੇ ਬੁੱਧੀ ਸੱਚੀ ਮੁੱਚੀ ਕੰਮ ਕਰਦੀ ਹੁੰਦੀ ਤਾਂ ਇਹ ਸਵਾਲ ਹੁੰਦਾ ਹੀ ਕਿਉਂ ? ਅੱਜ ਤੱਕ ਕਦੀ ਭੀ ਕਿਸੇ ਫੁੱਲ ਨੇ ਨਹੀਂ ਪੁੱਛਿਆ ਕਿ ਦਰਖ਼ਤ ਦੀ ਹੋਂਦ ਦਾ ਕੀ ਸਬੂਤ ਹੈ ? ਉਹ ਪੁੱਛੇ ਭੀ ਕਿਸ ਤਰ੍ਹਾਂ, ਜਦ ਕਿ ਉਹ ਖ਼ੁਦ ਹੀ ਦਰਖ਼ਤ ਦੀ ਹੋਂਦ ਦਾ ਸਬੂਤ ਹੈ। ਬਿਰਹੋਂ ਕੁਠੀਆਂ, ਮਿਲਾਪ ਦੀ ਆਸ ਕਰ ਬੇਕਰਾਰ, ਨਸ਼ੇਬ (ਢਲਾਣ) ਵੱਲ ਬਹਿ ਰਹੀਆਂ ਪਾਣੀ ਦੀਆਂ ਬੂੰਦਾਂ ਨੇ ਕਦੀ ਕਿਸੇ ਪਾਸੋਂ ਪੁੱਛ ਨਹੀਂ ਕੀਤੀ ਕਿ ਸਾਗਰ ਸੱਚੀਂ ਹੈ ? ਉਨ੍ਹਾਂ ਨੂੰ ਅੰਦਰ ਦੀ ਧੂਹ, ਮਿਲਾਪ ਦਾ ਚਾਅ, ਪੁਕਾਰ ਪੁਕਾਰ ਕੇ ਆਪੇ ਵਿੱਚੋਂ ਹੀ ਆਖ ਰਿਹਾ ਹੈ ਕਿ ਤੁਰੀਆਂ ਚਲੋ, ਸਾਗਰ ਹੈ; ਜੇ ਨਾ ਹੁੰਦਾ ਤਦ ਧੂਹਾਂ ਪੈਂਦੀਆਂ ਹੀ ਕਿਉਂ ? ਵਹਿਣ ਦਾ ਸੁਭਾਅ ਕਿਉਂ ਬਣਦਾ ? ਰਬਾਨੀਆਂ ਹੀ ਮੰਜ਼ਲ ਦਾ ਪਤਾ ਦੱਸ ਰਹੀਆਂ ਹਨ। ਸਵਾਦਲੀ ਗੱਲ ਇਹ ਹੈ ਕਿ ਕੁਦਰਤ ਦੇ ਸਾਰੇ ਸੁਹਜ-ਸੁਹੱਪਣ ਨੂੰ ਦੇਖਦਾ ਹੋਇਆ ਤੇ ਆਪਣੀ ਹੋਂਦ ਨੂੰ ਸਮਝਦਾ ਹੋਇਆ ਭੀ ਮਨੁੱਖ ਇਹ ਪੁੱਛਣ ਦੀ ਲੋੜ ਰੱਖਦਾ ਹੈ ਕਿ ਈਸ਼ਵਰ ਹੈ ਭੀ ? ਸੱਚ ਮੁੱਚ ਇਹ ਗੱਲ ਨਸ਼ਈਆਂ ਵਾਲੀ ਹੀ ਹੈ। ਉਸ ਨੇ ਇਹ ਕਦੇ ਨਹੀਂ ਸੋਚਿਆ ਕਦੇ ਨਹੀਂ ਸੋਚਿਆ ਕਿ ਜੇ ਕਾਦਰ ਨਾ ਹੁੰਦਾ ਤਾਂ ਕੁਦਰਤ ਕਿਥੋਂ ਹੁੰਦੀ; ਜੇ ਰੱਬ ਹੀ ਨਾ ਹੁੰਦਾ, ਤਦ ਰਚਨਾ ਕੌਣ ਕਰਦਾ ? ਪਰ ਅਜਿਹਾ ਪੁੱਛਣ ਵਾਲੇ ਮਨੁੱਖ ਦੇ ਹੀ ਕੁਝ ਅਧੀਨ ਨਹੀਂ। ਸਾਗਰਾਂ, ਪਹਾੜਾਂ, ਦਰਿਆਵਾਂ, ਬਣਾਂ, ਸ਼ਹਰਾਂ, ਮਕਾਨਾਂ ਤੇ ਸੁੰਦਰ ਮਨੁੱਖਾਂ ਦੇ ਰੂਪ ਦੇ ਹੁੰਦਿਆਂ ਸੁੰਦਿਆਂ ਭੀ ਨੇਤਰਹੀਣ ਨੂੰ ਰੂਪ ਦਾ ਕੋਈ ਬੋਧ ਨਹੀਂ। ਉਹ ਸੁਣ ਕੇ ਤਾਂ ਮੰਨ ਲੈਂਦਾ ਹੈ ਕਿ ਰੂਪ ਕੋਈ ਸ਼ੈ ਹੈ, ਪਰ ਉਸ ਦੇ ਆਪਣੇ ਆਪ ਵਿੱਚ ਇਸ ਦਾ ਕੋਈ ਭੀ ਅਹਿਸਾਸ ਨਹੀਂ ਕਿ ਰੂਪ ਕੀ ਸ਼ੈ ਹੈ ? ਉਸ ਨੂੰ ਇਹ ਅਨੁਭਵਤਾ ਹੋਵੇ ਭੀ ਕਿਵੇਂ ? ਨਿਮਾਣੇ ਦੇ ਨੇਤਰ ਜੁ ਨਾ ਹੋਏ, ਦੇਖ ਜੋ ਨਹੀਂ ਸਕਦਾ, ਬਿਨ ਦੇਖੇ ਰੂਪ ਦਾ ਅਹਿਸਾਸ ਕਿੱਥੇ ? ਬੱਸ ਜਿਸ ਤਰ੍ਹਾਂ ਇਸ ਵਿਸ਼ਵ ਵਿੱਚ ਪਸਰੇ ਹੋਏ ਰੂਪ ਨੂੰ ਤੱਕਣ ਲਈ ਨੇਤਰਾਂ ਦੀ ਲੋੜ ਹੈ, ਉਸੇ ਤਰ੍ਹਾਂ ਹੀ ਇਸ ਰੂਪ ਨੂੰ ਅਰੂਪ ਤੋਂ ਪੈਦਾ ਕਰਨ ਵਾਲੇ ਮਾਲਕ ਨੂੰ ਤੱਕਣ ਲਈ ਭੀ ਨਿਗਾਹ ਦੀ ਜ਼ਰੂਰਤ ਹੈ। ਪਰ ਹਾਂ, ਉਹ ਨਿਗਾਹ ਹੋਰ ਹੈ, ਜੋ ਅਰੂਪ ਨੂੰ ਤੱਕ ਸਕੇ। ਇਹ ਨੈਣ ਰੂਪ ਨੂੰ ਤੱਕਣ ਲਈ ਨਹੀਂ ਹਨ। ਰੂਪ ਬਾਹਰ ਦਾ ਪਸਾਰਾ ਹੈ, ਇਹ ਨੈਣ ਭੀ ਬਾਹਰ ਹੀ ਦੇਖਦੇ ਹਨ। ਅਰੂਪ ਰੂਪ ਦੇ ਅੰਦਰ ਹੈ, ਜਿਸ ਕਰਕੇ ਉਸ ਨੂੰ ਤੱਕਣਹਾਰ ਨੇਤਰ ਭੀ ਅੰਦਰ ਵਾਰ ਤੱਕਦੇ ਹਨ। ਇਕਬਾਲ ਨੇ ਕਿਹਾ ਹੈ, ‘ਜ਼ਾਹਿਰ ਕੀ ਆਂਖ ਸੇ ਨ ਤਮਾਸ਼ਾ ਕਰੇ ਕੋਈ। ਹੋ ਦੇਖਣਾ ਤੋ ਦੀਦਾ-ਏ-ਦਿਲ ਵਾ ਕਰੇ ਕੋਈ। ਹੋ ਦੀਦ ਕਾ ਜੋ ਸ਼ੌਕ, ਤੋ ਆਂਖੋਂ ਕੋ ਬੰਦ ਕਰ, ਹੈ ਦੇਖਣਾ ਯਹੀ ਕਿ ਨਾ ਦੇਖਾ ਕਰੇ ਕੋਈ।’
ਕਵੀ ਕਹਿੰਦਾ ਹੈ ਕਿ ਜੇ ਤੂੰ ਅਰੂਪ ਨੂੰ ਤੱਕਣਾ ਚਾਹੁੰਦਾ ਹੈਂ ਤਾਂ ਬਾਹਰ ਦੀਆਂ ਅੱਖਾਂ ਨਾਲ ਨਹੀਂ ਦੇਖ ਸਕੇਂਗਾ। ਉਸ ਨੂੰ ਤੱਕਣ ਲਈ ਅੱਖ ਖੋਲ੍ਹ। ਜੇ ਤੈਨੂੰ ਦੀਦਾਰ ਦਾ ਸ਼ੌਕ ਹੈ ਤਾਂ ਇਹ ਨੈਣ ਬੰਦ ਕਰ, ਕਿਉਂ ਜੁ ਇਨ੍ਹਾਂ ਨਾਲ ਨਾ ਦੇਖਣਾ ਹੀ ਅਸਲ ਵਿੱਚ ਦੇਖਣਾ ਹੈ।
ਭਾਵ ਇਹ ਕਿ ਇਹ ਅੱਖਾਂ ਰੂਪ ਨੂੰ ਤੱਕਦੀਆਂ ਹਨ, ਜਿਸ ਕਰਕੇ ਅਰੂਪ ਦੀ ਲਖਤਾ ਤੋਂ ਅਸਮਰਥ ਹਨ। ਜੇ ਕੋਈ ਇਨ੍ਹਾਂ ਨੈਣਾਂ ਨਾਲ ਦੇਖਣ ਦੀ ਕੋਸ਼ਿਸ਼ ਕਰੇ ਤਾਂ ਯਤਨ ਵਿਅਰਥ ਜਾਵੇਗਾ। ਲਿਖਿਆ ਹੈ ਕਿ ਮੂਸਾ ਨੇ ਇਨ੍ਹਾ ਹੀ ਨੈਣਾਂ ਨਾਲ ਦੇਖਣ ਦਾ ਯਤਨ ਕੀਤਾ ਸੀ। ਉਸ ਨੇ ਕੋਹ ਤੂਰ ’ਤੇ ਸਜਦੇ ਵਿੱਚ ਬੰਦਗੀ ਕੀਤੀ ਸੀ ਕਿ ਰੱਬ! ਮੈਨੂੰ ਦੀਦਾਰ ਦੇਹ। ਸਿਰਫ਼ ਇਸ ਲਈ ਕਿ ਉਹ ਇਨ੍ਹਾਂ ਰੂਪਵਾਨ ਅੱਖਾਂ ਨਾਲ ਰੂਪ ਦੀ ਲਖਤਾ ਚਾਹੁੰਦਾ ਸੀ, ਪਰ ਮਾਲਕ ਜਾਣਦਾ ਸੀ ਕਿ ਅੱਖਾਂ, ਰੂਪ ਨੂੰ ਤੱਕਣ ਦੀ ਤਾਬ ਨਹੀਂ ਲਿਆਉਣਗੀਆਂ, ਪਰ ਮੂਸਾ ਨੇ ਜ਼ਿੱਦ ਕੀਤੀ। ਓੜਕ (ਅੰਤ ਨੂੰ) ਹੁਕਮ ਹੋਇਆ ਕਿ ‘ਲੈ ਤੱਕ’। ਜਦ ਤੱਕਣ ਲੱਗਾ ਤਾਂ ਬਿਜਲੀ ਦੀ ਝਲਕ ਵਰਗਾ ਅਜਿਹਾ ਲਿਸ਼ਕਾਰਾ ਪਿਆ ਕਿ ਮੂਸਾ ਬੇਸੁਰਤ ਹੋ ਗਿਆ ਤੇ ਉਹ ਪਹਾੜ ਭੀ ਸੜ ਕੇ ਸੁਰਮਾ ਹੋ ਗਿਆ। ਰੂਪ ਤੱਕਣਹਾਰ ਅੱਖ ਨਾਲ ਅਰੂਪ ਦੇਖਣ ਦੀ ਜ਼ਿੱਦ ਨੇ ਇਹ ਚਮਤਕਾਰ ਵਿਖਾਇਆ। ਬਿਜਲੀ ਦੀ ਚਮਕ ਅਰੂਪ ਦਾ ਦ੍ਰਿਸ਼ ਨਹੀਂ ਸੀ। ਪਰ, ਹਾਂ ਇਹ ਗੱਲ ਜ਼ਰੂਰ ਪ੍ਰਗਟ ਹੋਈ ਸੀ ਕਿ ਇਹ ਨੈਣ ਤਿੱਖੇ ਰੂਪ ਦਾ ਭੀ ਦੀਦਾਰ ਨਹੀਂ ਕਰ ਸਕਦੇ। ਬਿਜਲੀ ਦੀ ਸ਼ੋਖ਼ (ਚਮਕ) ਭੀ ਨਹੀਂ ਸਹਾਰ ਸਕਦੇ। ਫਿਰ ਜਿਸ ਦੇ ਆਸ਼ਰਿਤ ਕੋਟਾਨ ਕੋਟ ਬਿਜਲੀਆਂ ਚਮਕਦੀਆਂ ਹਨ ਤੇ ਸੂਰਜ ਚਮਕ ਰਹੇ ਹਨ, ਉਹਦੇ ਦੀਦਾਰ ਨੂੰ ਇਹ ਨਿਮਾਣੀਆਂ ਅੱਖਾਂ ਕਿਸ ਤਰ੍ਹਾਂ ਦੇਖ ਸਕਦੀਆਂ ਹਨ ? ਅਸਲ ਵਿੱਚ ਉਸ ਦਾ ਦਰਸ਼ਨ ਕਰਨ ਲਈ ਇਨ੍ਹਾਂ ਨੇਤਰਾਂ ਤੋਂ ਪਰ੍ਹੇ ਕੋਈ ਹੋਰ ਨੇਤਰ ਹਨ। ਅਰਸ਼ ਤੋਂ ਦੱਸਿਆ ਗਿਆ ਹੈ, ‘‘ਨਾਨਕ ! ਸੇ ਅਖੜੀਆ ਬਿਅੰਨਿ (ਹੋਰ); ਜਿਨੀ ਡਿਸੰਦੋ ਮਾ ਪਿਰੀ ॥’’ (ਮਹਲਾ ੫/੧੧੦੦) ਭਾਵ ਪਤੀ ਨੂੰ ਤੱਕਣਵਾਲੇ ਨੇਤਰ ਦੂਜੇ ਹਨ। ਜਿਚਰ ਉਹ ਨਾ ਮਿਲਣ, ਮਿਲਾਪ ਕਿੱਥੋਂ ? ਫਿਰ ਆਇਆ ਹੈ ਕਿ ਜਿਨ੍ਹਾਂ ਨੇ ਮਿਲਣਾ ਹੋਵੇ, ਉਹ ਦਰਸ਼ਨ ਤੋਂ ਪਹਿਲਾਂ ਨੈਣ ਥੰਮ੍ਹ ਲੈਣ। ਭਾਈ ਗੁਰਦਾਸ ਜੀ ਨੇ ਲਿਖਿਆ ਹੈ, ‘‘ਦ੍ਰਿਸਟਿ ਦਰਸ ਹੀਨ, ਸਬਦ ਸੁਰਤਿ ਹੀਨ; ਬੁਧਿ ਬਲ ਹੀਨ, ਸੂਧੇ ਹਸਤ ਨ ਪਾਵ ਰੀ।… ਅੰਗ ਅੰਗ ਹੀਨ ਦੀਨਾਧੀਨ ਪਰਾਚੀਨ ਲਗਿ; ਚਰਨ ਸਰਨਿ ਕੈਸੇ ਪ੍ਰਾਪਤ ਹੁਇ ਰਾਵਰੀ ?॥੨੨੦॥’’ (ਕਬਿੱਤ ੨੨੦) ਭਾਵ ਸੁਰਤ ਤੋਂ ਬਿਨਾਂ ਸ਼ਬਦ ਦੀ ਸਮਝ ਤੇ ਦ੍ਰਿਸ਼ਟੀ ਤੋਂ ਬਿਨਾਂ ਦਰਸਨ ਦਾ ਰਸ ਕਿੱਥੋਂ ?
ਬਾਬੇ ਨਾਨਕ ਜੀ ਨੇ ਖੁਦ ਕਿਹਾ ਹੈ, ‘‘ਸਭਿ ਅਵਗਣ; ਮੈ ਗੁਣੁ ਨਹੀ ਕੋਈ ॥ ਕਿਉ ਕਰਿ, ਕੰਤ ਮਿਲਾਵਾ ਹੋਈ ?॥੧॥ ਨਾ ਮੈ ਰੂਪੁ; ਨ ਬੰਕੇ ਨੈਣਾ ॥ ਨਾ ਕੁਲ ਢੰਗੁ; ਨ ਮੀਠੇ ਬੈਣਾ ॥੧॥ ਰਹਾਉ ॥’’ (ਮਹਲਾ ੧/੭੫੦) ਗੱਲ ਕੀ ਨੈਣਾਂ ਤੋਂ ਬਿਨਾਂ ਦੀਦਾਰ ਨਹੀਂ, ਤੇ ਮਨੁੱਖ ਨੈਣਾਂ ਦੀ ਹੀ ਪ੍ਰਾਪਤੀ ਦਾ ਯਤਨ ਨਹੀਂ ਕਰਦਾ। ਪ੍ਰਾਰਥਨਾ ਵਿੱਚ ਕਦੀ ਬਹਿੰਦਾ ਹੈ ਤੇ ਨੇਤਰਹੀਣਾਂ ਵਾਂਗ ਆਖੀ ਚਲਿਆ ਜਾਂਦਾ ਹੈ, ‘ਅਰੂਪ ਕੋਈ ਨਹੀਂ’, ਪਰ ਜਿਨ੍ਹਾਂ ਨੇ ਨੈਣ ਪ੍ਰਾਪਤ ਕੀਤੇ ਹਨ ਤੇ ਉਨ੍ਹਾਂ ਨੇ ਕਦਮ ਕਦਮ ’ਤੇ ਉਸ ਦੀ ਹੋਂਦ ਨੂੰ ਅਨੁਭਵ ਕੀਤਾ ਹੈ ਤੇ ਪੁਕਾਰ ਪੁਕਾਰ ਕੇ ਕਿਹਾ ਹੈ ਕਿ ‘ਉਹ ਹੈ’। ਜਿਨ੍ਹਾਂ ਨੇ ਅਜਿਹਾ ਦੇਖਿਆ ਤੇ ਕਿਹਾ ਹੈ, ਉਨ੍ਹਾਂ ਦੀਆਂ ਸ਼ਹਾਦਤਾਂ ਕਲਮ-ਬੰਦ ਪਈਆਂ ਹਨ। ਵੇਦ ਰਚਨਹਾਰਾਂ ਨੇ ਦੇਖਿਆ ਤੇ ਕਿਹਾ ਕਿ ‘ਉਹ ਹੈ’; ਬਾਈਬਲ ਤੇ ਕੁਰਾਨ ਵਿੱਚ ਕਈ ਇੱਕ ਮਹਾਂਪੁਰਖਾਂ ਦਾ ਵੇਖ ਕੇ ਕਿਹਾ ਹੋਇਆ ਕਿ ‘ਉਸ ਦੀ ਹੋਂਦ ਹੈ’, ਦਰਜ ਪਿਆ ਹੈ; ਬੰਦ ਅਰਥਾਂ ਤੇ ਹੋਰ ਬੇਅੰਤ ਧਾਰਮਿਕ ਕਿਤਾਬਾਂ ਤੋਂ ਬਿਨਾਂ ਸੰਸਾਰ ਦੇ ਵੱਡੇ ਵੱਡੇ ਕਵੀਆਂ, ਫ਼ਲਸਫ਼ੀਆਂ ਤੇ ਵਿਗਿਆਨਕਾਂ ਨੇ ਉਸ ਦੀ ਹੋਂਦ ਦਾ ਸਬੂਤ ਦਿੱਤਾ। ਜੇ ਇਉਂ ਕਿਹਾ ਜਾਏ ਕਿ ਜਿਨ੍ਹਾਂ ਨੇ ਉਸ ਤੋਂ ਇਨਕਾਰ ਕੀਤਾ ਹੈ, ਉਹ ਭੀ ਇਨਕਾਰ ਨਹੀਂ ਕਰ ਸਕੇ ਤਾਂ ਕੋਈ ਗਲਤ ਨਹੀਂ ਹੋਵੇਗਾ। ਉਨ੍ਹਾਂ ਦਾ ਇਨਕਾਰ ਸਿਰਫ ਏਨੀ ਹੀ ਗੱਲ ’ਤੇ ਨਿਰਭਰ ਹੈ ਕਿ ਉਹ ਉਸ ਨੂੰ ਪੂਰੀ ਤਰ੍ਹਾਂ ਅਨੁਭਵ ਨਹੀਂ ਕਰ ਸਕਦੇ, ਪਰ ਇਹ ਦਾਅਵਾ ਤਾਂ ਆਸਤਕਾਂ ਨੇ ਭੀ ਨਹੀਂ ਕਦੀ ਨਹੀਂ ਕੀਤਾ ਕਿ ਉਹ ਉਸ ਦਾ ਪਾਰਾਵਾਰ ਪਾ ਸਕਦੇ ਹਨ। ਜ਼ਰਰੇ ਨੇ ਸੂਰਜ ਦਾ, ਕਤਰੇ ਨੇ ਸਾਗਰ ਦਾ ਕਦੇ ਅੰਤ ਨਹੀਂ ਪਾਇਆ। ਉਹ ਪਾ ਸਕਦੇ ਹੀ ਨਹੀਂ। ਹਾਲੀ ਨੇ ਠੀਕ ਕਿਹਾ ਹੈ :
ਹੈਰਤ ਮੇਂ ਹੈ ਇਲਾਹੀ, ਦੁਬਿਧਾ ਮੇਂ ਹੈ ਤਬੀਈ।
ਜੋ ਹਲ ਹੂਆ, ਨਾ ਹੋਗਾ ਵਹੁ, ਹੈ ਸਵਾਲ ਤੇਰਾ।
ਪਦ ਅਰਥ : ਹੈਰਤ-ਹੈਰਾਨੀ, ਅਸਚਰਜ। ਇਲਾਹੀ-ਖੇੜਾ। ਤਬੀਈ-ਫ਼ਿਤਰਤ, ਬੇਚੈਨੀ।
ਜੇ ਆਸਤਕ ਹੈਰਾਨ ਵਿੱਚ ਹੈ ਤਾਂ ਵਿਗਿਆਨਕ ਭੀ ਦੁਬਿਧਾ ਵਿੱਚ ਪਿਆ ਹੋਇਆ ਹੈ। ਆਸਤਕ ਤਾਂ ਉਸ ਅੱਗੇ ਝੁਕਿਆ ਹੀ ਹੈ, ਪਰ ਵਿਗਿਆਨ ਨੂੰ ਭੀ ਓੜਕ ਟੱਕਰਾਂ ਮਾਰ ਕੇ ਇਥੇ ਆਉਣਾ ਪੈਂਦਾ ਹੈ। ਜਿਹਾ ਕਿ ਮਸ਼ਹੂਰ ਵਿਗਿਆਨਿਕ ਐਡਿੰਕਟਨ ਲਿਖਦਾ ਹੈ, ‘ਜਦੋਂ ਮੈਂ ਕਦੀ ਅੰਤ੍ਰੀਵ ਤਜਰਬੇ ਦੁਆਰਾ ਜੋ ਸੱਚਾਈ ਸਾਡੇ ਪਰ ਪ੍ਰਗਟ ਹੁੰਦੀ ਹੈ, ਉਸ ਨੂੰ ਲਫ਼ਜ਼ਾਂ ਵਿੱਚ ਵਰਣਨ ਕਰਨ ਦਾ ਯਤਨ ਕਰਾਂ ਤਾਂ ਇਹੋ ਹੀ ਕਹਾਂਗਾ ਕਿ ਸਾਡੇ ਅੰਤਹਿਕਰਣ; ਸੰਸਾਰ ਨਾਲੋਂ ਵੱਖਰੇ ਨਹੀਂ, ਖਖ਼ਸ਼ੀ ਤੇ ਗ਼ਮੀ ਦੇ ਦੋ ਭਾਵ ਸਾਡੇ ਅੰਦਰ ਵਰਤਦੇ ਹਨ ਅਤੇ ਉਸ ਤੋਂ ਭੀ ਡੂੰਘੇ ਭਾਵ ਇਹ ਨਿਰੇ ਨਵੇਕਲੇ ਸਾਡੇ ਹੀ ਨਹੀਂ, ਇਹ ਅਸਲੀਅਤ ਦੇ ਝਾਕੇ ਹਨ, ਜੋ ਸਾਡੀ ਮਖ਼ਸੂਸ (ਨਿਸ਼ਚਿਤ ਕੀਤੀ) ਚੇਤਨਤਾ ਦੀਆਂ ਤੰਗ ਹੱਦਾਂ ਤੋਂ ਪਰ੍ਹੇ ਹੈ, ਕੁਦਰਤ ਦੇ ਸੁਹੱਪਣ ਅਤੇ ਇਕਸੁਰਤਾ ਅਸਲ ਵਿੱਚ ਉਹ ਹਰਖ (ਮਸਤੀ) ਨਾਲ ਇਕਮਿਕ ਹਨ, ਜਿਸ ਹਰਖ ਦੁਆਰਾ ਮਨੁੱਖ ਦਾ ਚਿਹਰਾ ਖਿੜ ਜਾਂਦਾ ਹੈ। ਅਸੀਂ ਇਸੇ ਸਚਾਈ ਨੂੰ ਜ਼ਾਹਿਰ ਕਰਨ ਦਾ ਯਤਨ ਕਰਦੇ ਹਾਂ, ਜਦੋਂ ਅਸੀਂ ਕਹਿੰਦੇ ਹਾਂ ਕਿ ਮਾਦੀ ਪਦਾਰਥ, ਪ੍ਰਮਾਣੂਆਂ ਦਾ ਇੱਕ ਸੰਖੇਪ ਹਨ ਅਤੇ ਉਨ੍ਹਾਂ ਦੀ ਤਹਿ ਵਿੱਚ ਇੱਕ ਅਸਲਾ ਹੈ, ਜੋ ਸਾਰੇ ਅਸਲੇ ਨਾਲ ਇਕਸਾਰ ਹੈ। (ਗੁਰਮਤਿ ਨਿਰਣਯ)
ਇਸ ਇੱਕ ਵਿਗਿਆਨਕ ਦੀ ਕਹੀ ਗੱਲ, ਜ਼ਮਾਨੇ ਭਰ ਦੇ ਸਿਆਣੇ ਇਸ ਸਚਾਈ ਅੱਗੇ ਝੁਕ ਚੁੱਕੇ ਹਨ ਕਿ ਕੁਦਰਤ ਦਾ ਕੁਝ ਅੰਤ ਨਹੀਂ ਪਾਇਆ ਜਾਂਦਾ। ਆਸਤਕ ਦਾ ਇਹ ਕਹਿਣਾ ਹੈ ਕਿ ਇਸ ਬੇਅੰਤ ਕੁਦਰਤ ਦਾ ਕਾਦਰ ਜ਼ਰਰੇ ਜ਼ਰਰੇ ਤੇ ਵਣ ਤ੍ਰਿਣ ਵਿਚੋਂ ਪ੍ਰਗਟ ਹੋ ਹੋ ਆਪ ਦਰਸਾ ਰਿਹਾ ਹੈ :
ਚਮਕ ਤੇਰੀ ਅਯਾਂ ਬਿਜਲੀ ਮੇਂ, ਆਤਸ਼ ਮੇਂ ਸ਼ਰਾਰੇ ਮੇਂ।
ਝਲਕ ਤੇਰੀ ਹਵੈਦਾ ਚਾਂਦ ਮੇਂ ਸੂਰਜ ਮੇਂ ਤਾਰੇ ਮੇਂ।
ਬੁਲੰਦੀ ਆਸਮਾਨੋਂ ਮੇਂ ਜ਼ਮੀਨੋਂ ਮੇਂ ਤਿਰੀ ਪਸਤੀ।
ਰਵਾਨੀ ਬਹਿਰ ਮੇਂ, ਉਫ਼ਤਾਦਗੀ ਤੇਰੀ ਕਿਨਾਰੇ ਮੇਂ।
ਪਦ ਅਰਥ : ਅਯਾਂ-ਸਾਫ਼। ਆਤਸ਼-ਅੱਗ। ਸ਼ਰਾਰੇ-ਅੱਗ ਦੀ ਚਿੰਨਗਿਆਰੀ। ਹਵੈਦਾ- ਹੈ। ਪਸਤੀ-ਨਿਵਾਣ ਮੇਂ। ਬਹਿਰ-ਸਾਗਰ। ਉਫ਼ਤਾਦਗੀ-ਡਿੱਗੇ ਹੋਏ।
ਜਿਨ੍ਹਾਂ ਦੀ ਬਾਤਨੀ ਅੱਖ ਖੁੱਲ੍ਹੀ ਹੈ, ਉਨ੍ਹਾਂ ਨੇ ਰੂਪ ’ਚੋਂ ਅਰੂਪ ਨੂੰ ਤੱਕਿਆ ਹੈ ਤੇ ਪੁਕਾਰ ਕੇ ਕਿਹਾ ਹੈ, ਇਸ ਰੂਪ ਵਿੱਚ ਉਸੇ ਦੀ ਹੀ ਝਲਕ ਹੈ, ਉਹੀ ਬਿਜਲੀਆਂ, ਅੱਗਾਂ ਤੇ ਚੰਗਿਆੜਿਆਂ ਵਿਚ ਚਮਕਦਾ, ਚੰਦ ਸੂਰਜ ਝਲਕਦਾ ਤੇ ਤਾਰਿਆਂ ਵਿੱਚ ਡਲ੍ਹਕਦਾ ਹੈ। ਰਸੀਆਂ ਨੂੰ ਹਰ ਥਾਂ ਉਸ ਦੀ ਤਾਸੀਰ ਦਿਸਦੀ ਹੈ :
ਸ਼ਮਾਂ ਮਹਿਫ਼ਲ ਚਮਕ ਮੇਂ ਗੁਲ, ਫਲਕ ਪਰ ਮੇਹਰੋ ਮਾਹ ਰੌਸ਼ਨ,
ਦੇਖਨੇ ਵਾਲਾ ਜੋ ਹੋ, ਹਰ ਜਾ ਤੇਰੀ ਤਸਵੀਰ ਹੈ।
ਪਦ ਅਰਥ : ਸ਼ਮਾਂ-ਅਸਮਾਨ। ਗੁਲ-ਫੁੱਲ। ਫਲਕ-ਅਕਾਸ਼।
ਬਹਾਰ ਦਾ ਮੌਸਮ ਸੀ ਤੇ ਫੁੱਲ ਖਿੜੇ ਹੋਏ ਸਨ, ਬਾਗ਼ ਵਿੱਚ ਫਿਰਦੇ ਇੱਕ ਸੈਲਾਨੀ ਨੂੰ ਗ਼ੁਲਾਬ ਦਾ ਫੁੱਲ ਪਸੰਦ ਆਇਆ ਤੇ ਜਦ ਉਹ ਤੋੜਨ ਲਈ ਅਗਾਂਹ ਵਧਿਆ ਤਾਂ ਫੁੱਲ ਨੇ ਘਾਬਰ ਕੇ ਕਿਹਾ ‘ਬੇਦਰਦੀ, ਮੈਨੂੰ ਕਿਉਂ ਤੋੜਦਾ ਹੈ’ ? ਸੈਲਾਨੀ ਨੇ ਕਿਹਾ ‘ਤੂੰ ਮੈਨੂੰ ਪਿਆਰਾ ਲੱਗਾ ਹੈਂ, ਤੇਰੀ ਸੋਹਣੀ ਸੂਰਤ, ਉਠਦੇ ਜੋਬਨ ਤੇ ਭਿੰਨੀ ਭਿੰਨੀ ਸੁਗੰਧ ਨੇ ਮੈਨੂੰ ਪ੍ਰੇਰਿਆ ਹੈ, ਮੈਂ ਵੈਰੀ ਨਹੀਂ, ਤੇਰੇ ਨਾਲ ਪਿਆਰ ਕਰਨਹਾਰ ਹਾਂ।’ ਫੁੱਲ ਨੇ ਕਿਹਾ ‘ਜੇ ਮੇਰੀ ਸੁੰਦਰਤਾ ਦਾ ਆਸ਼ਕ ਹੈਂ ਤਾਂ ਮੈਨੂੰ ਤੋੜ ਨਾ।’
ਡਾਲੀ ਨਾਲੋਂ ਤੋੜ ਨਾ ਸਾਨੂੰ, ਅਸਾਂ ਹੱਟ ਮਹਿਕ ਦੀ ਲਾਈ।
ਲੱਖ ਗਾਹਕ ਜੇ ਸੁੰਘੇ ਆ ਕੇ, ਤਾਂ ਖ਼ਾਲੀ ਇੱਕ ਨ ਜਾਈ।
ਜੇ ਤੂੰ ਇੱਕ ਤੋੜ ਕੇ ਲੈ ਗਿਓਂ, ਤਾਂ ਇੱਕ ਜੋਗਾ ਰਹਿ ਜਾਸਾਂ।
ਇਹ ਵੀ ਪਲਕ ਝਲਕ ਦਾ ਮੇਲਾ, ਰੂਪ ਮਹਿਕ ਨਸ ਜਾਈ। (ਭਾਈ ਸਾਹਿਬ ਭਾਈ ਵੀਰ ਸਿੰਘ ਜੀ)
ਸ਼ੌਕੀਨ ਨੇ ਹੈਰਾਨ ਹੋ ਕੇ ਪੁੱਛਿਆ ਕਿ ਤੇਰਾ ਰੂਪ ਮਹਿਕ ਛਿੰਨ-ਭੰਵਰ ਕਿਉਂ ? ਫੁੱਲ ਨੇ ਕਿਹਾ ਕਿ ਰੂਪ ਮਹਿਕ ਤਾਂ ਛਿੰਨ-ਭੰਵਰ ਨਹੀਂ, ਮੁਕਾਮੀ (ਥਿਰ) ਹੈ, ਪਰ ਮੈਂ ਡਾਲੀ ਤੋਂ ਮੰਗ ਕੇ ਵਰਤਦਾ ਹਾਂ। ਜਦੋਂ ਉਸ ਤੋਂ ਟੁੱਟਾ, ਤਦ ਸੁਹੱਪਣ ਨੇ ਆਪ ਹੀ ਖ਼ਤਮ ਹੋ ਜਾਣਾ ਹੋਇਆ। ਤੋੜਨ ਵਾਲੇ ਨੇ ਕਿਹਾ ਕਿ ਇਹ ਤਾਂ ਸਾਧਾਰਨ ਗੱਲ ਨਿਕਲੀ, ਜੇ ਡਾਲੀ ਹੀ ਰੂਪ ਮਹਿਕ ਦੀ ਦਾਤ ਹੈ ਤਾਂ ਉਸ ਨੂੰ ਭੀ ਨਾਲ ਹੀ ਕੱਟ ਲੈਂਦਾ ਹਾਂ। ਜਦ ਡਾਲੀ ਵੱਲ ਚਾਕੂ ਕੀਤਾ ਤਾਂ ਟਹਿਣੀ ਨੇ ਤ੍ਰਬਕ ਕੇ ਕਿਹਾ ਕਿ ਫੁੱਲ ਭੋਲਾ ਨਾਦਾਨ ਹੈ, ਅਸਲੀਅਤ ਨਹੀਂ ਜਾਣਦਾ, ਮੇਰਾ ਕੁਝ ਨਹੀਂ, ਮੈਂ ਸਭ ਕੁਝ ਤਣੇ ਤੋਂ ਲੈਂਦੀ ਹਾਂ। ਇਹ ਸੁਣ ਕੇ ਜਦ ਤਣੇ ਨੂੰ ਕੱਟਣ ਲੱਗਾ, ਤਦ ਉਸ ਨੇ ਕਿਹਾ ਕਿ ਮੈਨੂੰ ਸਭ ਕੁਝ ਜੜ੍ਹ ਤੋਂ ਲੱਭਦਾ ਹੈ। ਉਸ ਤੋਂ ਜੁਦਾ ਹੋਇਆ ਤਾਂ ਮੈਂ ਸੁੱਕਿਆ। ਜੜ੍ਹ ਬੋਲੀ ਕਿ ਤੱਤ ਮਿੱਟੀ ਕੋਲ ਹੈ। ਮਿੱਟੀ ਨੇ ਕਿਹਾ ਕਿ ਮੈਂ ਪਾਣੀ ਬਾਝ ਨਿਮਾਣਾ ਹਾਂ, ਰੂਪ ਰਸ ਪਾਣੀ ਤੋਂ ਮਿਲਦਾ ਹੈ, ਜਦ ਤੱਕ ਮੀਂਹ ਨਹੀਂ ਵਰਸਦਾ, ਅਰਸ਼ਾਂ ਵੱਲ ਤੱਕਦੀ ਰਹਿੰਦੀ ਹਾਂ। ਰੂਪ ਸੁਗੰਧ ਦੇ ਚਾਹਵਾਨ ਨੇ ਹੈਰਾਨ ਹੋ ਕੇ ਆਰਸ਼ਾਂ ਵੱਲ ਤੱਕਿਆ ਤਾਂ ਬੱਦਲਾਂ ਨੇ ਗਰਜ ਕੇ ਕਿਹਾ ਕਿ ਸਭ ਕੁਝ ਸੂਰਜ ਦੇ ਵੱਸ ਹੈ, ਉਹੋ ਹੀ ਕਿਰਨਾਂ ਰਾਹੀਂ ਭੰਡਾਰ ਭਰਦਾ ਹੈ। ਸੂਰਜ ਸੁਣਦਿਆਂ ਹੀ ਕਹਿ ਉਠਿਆ ਕਿ ਮੈਂ ਕਿਸੇ ਦਾ ਗੋੱਲਾ ਹਾਂ, ਜਿਸ ਦੇ ਹੁਕਮ ਵਿੱਚ ਦਿਨ ਰਾਤ ਹਾਂ, ਕਰੋੜਾਂ ਕੋਹ ਚੱਲ ਚੁੱਕਾ ਹਾਂ ਤੇ ਚੱਲਦਾ ਰਹਾਂਗਾ। ਮੇਰੀ ਰੌਸ਼ਨੀ ਜਗਤ ਨੂੰ ਰੂਪ ਦਿੰਦੀ ਹੈ, ਪਰ ਮੈਨੂੰ ਰੂਪ; ਅਰੂਪ ਤੋਂ ਪ੍ਰਾਪਤ ਹੁੰਦਾ ਹੈ। ਜਦ ਰਸਕ ਪੁਰਸ਼ ਨੇ ਸਾਰਿਆਂ ਦੇ ਬਿਆਨ ਸੁਣ ਲਏ ਤਾਂ ਹੈਰਾਨ ਹੋ ਕੇ ਰੂਪ ਵੱਲੋਂ ਮੁੜ ਅਰੂਪ ਵੱਲ ਗਹੁ ਕੀਤਾ ਤਾਂ ਅਰਸ਼ੋਂ ਆਵਾਜ਼ ਆਈ, ‘‘ਅਤਿ ਸੁੰਦਰ ਮਨਮੋਹਨ ਪਿਆਰੇ! ਸਭਹੂ ਮਧਿ ਨਿਰਾਰੇ ॥੧॥ ਰਹਾਉ ॥’’ (ਮਹਲਾ ੫/੫੩੪) ਉਹੋ ਹੀ ਅਤਿ ਸੁੰਦਰਤਾ ਦਾ ਮੂਲ ਹੈ, ਉਹੋ ਹੀ ਸਾਰਿਆਂ ਦੇ ਮੱਧ ਵਿੱਚ ਰਹਿੰਦਾ ਹੋਇਆ, ਸਭ ਤੋਂ ਨਿਆਰਾ ਭੀ ਰਹਿੰਦਾ ਹੈ।
ਸਤ ਪੁਰਖਾਂ ਨੇ ਉਸ ਦੀ ਹੋਂਦ ਨੂੰ ਕੇਵਲ ਸੁੰਦਰਤਾ ਵਿੱਚ ਹੀ ਅਨੁਭਵ ਨਹੀਂ ਕੀਤਾ, ਬਲਕਿ ਸੰਸਾਰ ਦੀ ਹਸਤੀ ਵਿੱਚ ਉਸ ਦੀ ਸੱਤਾ ਨੂੰ ਤੱਕਿਆ ਹੈ। ਅਸੀਂ ਪ੍ਰਤੱਖ ਕੀ ਦੇਖਦੇ ਹਾਂ ਕਿ ਨਾਮ ਰੂਪ ਦੀ ਇਹ ਰਚਨਾ ਸੱਤਤਾ ਦੇ ਆਸਰੇ ’ਤੇ ਖੜੋਤੀ ਹੈ।
ਵਗਦੇ ਖਾਲ ਦੇ ਕੰਢੇ ’ਤੇ ਜ਼ਿਮੀਂਦਾਰ ਦੇ ਇੱਕ ਮੁੰਡੇ ਨੇ ਟਾਹਲੀ ਦਾ ਇੱਕ ਬੀ ਬੀਜ ਦਿੱਤਾ, ਉਹ ਚਪਟਾ ਜਿਹਾ ਸੀ, ਸਮਾਂ ਪਾ ਕੇ ਉਹ ਧਰਤੀ ’ਚੋਂ ਸੂਏ ਵਾਂਗ ਫੁੱਟਿਆ, ਉਸ ਦਾ ਰੂਪ ਚੌੜਿਓਂ ਲੰਬਾ ਹੋ ਗਿਆ ਤੇ ਨਾਂ ਬੀਜ ਤੋਂ ਅੰਕੁਰ ਹੋ ਗਿਆ। ਫਿਰ ਰੂਪ ਬਦਲਿਆ ਤੇ ਨਾਂ ਭੀ ਬਦਲਿਆ, ਪੌਦਾ ਅਖਵਾਉਣ ਲੱਗਾ। ਵਧੇਰੇ ਛਾ ਗਿਆ ਤਾਂ ਦਰਖ਼ਤ ਅਖਵਾਇਆ। ਆਰੀ ਨਾਲ ਵੱਢ ਦਿੱਤਾ ਤਾਂ ਗਲ ਗਲ ਲੰਬੇ ਰੂਪ ਵਿੱਚ ਵੰਡਿਆ ਗਿਆ ਹੋਇਆ ਸ਼ਤੀਰ ਅਖਵਾਇਆ। ਸ਼ਤੀਰ ਆਰੇ ਅੱਗੇ ਰੱਖਿਆ ਤੇ ਚੌੜਾ ਜਿਹਾ ਹੋਇਆ ਤੇ ਨਾਂ ਫੱਟਾ ਵੱਜਿਆ। ਫੂਕ ਦਿੱਤਾ, ਕਾਲੀਆਂ ਕਾਲੀਆਂ ਦੋ ਢੀਮਾਂ ਬਣਿਆ ਤੇ ਨਾਂ ਕੋਲੇ ਹੋਇਆ ਕੋਲੇ ਪੀਹ ਦਿੱਤੇ ਤਾਂ ਉਹ ਸਵਾਹ ਹੋ ਗਏ। ਹੋਰ ਬਰੀਕ ਕੀਤਾ ਤਾਂ ਜ਼ੱਰਰਾ ਬਣ ਹਵਾ ਵਿੱਚ ਉੱਡ ਗਿਆ। ਗੱਲ ਕੀ, ਰੂਪ ਹਰ ਗੱਲ ’ਤੇ ਬਦਲਦਾ ਗਿਆ ਤੇ ਨਾਂ ਨਵਾਂ ਪੈਂਦਾ ਗਿਆ, ਪਰ ਹਸਤੀ ਕਾਇਮ ਰਹੀ, ਇਸ ਹਸਤੀ ਦੇ ਆਸਰੇ ਹੀ ਨਾਂ ਤੇ ਰੂਪ ਤਬਦੀਲ ਹੁੰਦੇ ਹੋਏ ਕਾਇਮ ਰਹੇ। ਇਸ ਹਸਤੀ ਦਾ ਨਾਂ ਆਪਣਾ ਕੋਈ ਰੂਪ ਰੰਗ ਸੀ ਤੇ ਨਾ ਹੀ ਨਾਂ, ਪਰ ਇਹ ਨਾਂ ਰੂਪ ਤੋਂ ਰਹਿਤ ਹੁੰਦੀ ਹੋਈ ਭੀ ਸਾਰਿਆਂ ਦਾ ਸਹਾਰਾ ਬਣੀ ਹੋਈ ਸੀ। ਬਣਦੀ ਭੀ ਕਿਉਂ ਨਾ, ਸਾਰੇ ਉਸੇ ’ਚੋਂ ਜੁ ਹੋਏ ਤੇ ਉਹ ਸਾਰਿਆਂ ਨਾਲ ਪਿਆਰ ਜੁ ਕਰਦੀ ਹੋਈ। ਅੱਖੀਂ ਵੇਖਣ ਵਾਲੇ ਨੇ ਕਿਹਾ ਹੈ :
ਨਾਮ ਠਾਮ ਨ ਜਾਤਿ ਜਾਕਰ; ਰੂਪ ਰੰਗ ਨ ਰੇਖ ॥
ਆਦਿ ਪੁਰਖ ਉਦਾਰ ਮੂਰਤਿ; ਅਜੋਨਿ ਆਦਿ ਅਸੇਖ ॥
ਦੇਸ ਅਉਰ ਨ ਭੇਸ ਜਾਕਰ; ਰੂਪ ਰੇਖ ਨ ਰਾਗ ॥
ਜਤ੍ਰ ਤਤ੍ਰ ਦਿਸਾ ਵਿਸਾ; ਹੁਇ ਫੈਲਿਓ ਅਨੁਰਾਗ ॥੨॥੮੦॥ (ਜਾਪੁ ਸਾਹਿਬ, ਪਾਤਿਸ਼ਾਹੀ ਦਸਵੀਂ)
ਰੂਪ ਦੀ ਸਾਰੀ ਸੁੰਦਰਤਾ ਵਿੱਚ ਨੈਣਾਂ ਵਾਲਿਆਂ ਨੇ, ਉਸ ਦੇ ਹੀ ਸਰੂਪ ਨੂੰ ਤੱਕਿਆ ਹੈ, ਸੰਸਾਰ ਦੀ ਸਮੱਸਤ ਹਸਤੀਆਂ ਵਿੱਚ ਇੱਕ ਉਸ ਦੀ ਹੀ ਸੱਤਾ ਕੰਮ ਕਰ ਰਹੀ ਹੈ। ਇਹੀ ਕਾਰਨ ਹੈ ਕਿ ਵਿਗਿਆਨਕ, ਜਿਹੜਾ ਕੱਲ ਤੱਕ ਬੇਅੰਤ ਤੱਤ ਮਨਦਾ ਸੀ, ਹੁਣ ਇਸ ਮੁਕਾਮ ’ਤੇ ਪੁੱਜ ਗਿਆ ਹੈ ਕਿ ਅਸਲ ਵਿੱਚ ਤੱਤ ਦੋ ਹੀ ਹਨ ‘ਇੱਕ ਪ੍ਰੋਟੀਨ ਤੇ ਦੂਜਾ ਇਲੈਕਟ੍ਰਾਨ’। ਇਹ ਦੋਵੇਂ ਬਿਜਲੀ ਦੇ ਮੁਸਬਤ ਤੇ ਮਨਫ਼ੀ ਤੱਤ ਹੋਣ ਕਰਕੇ ਸੱਤਾ ਦੇ ਹੀ ਦੋ ਪ੍ਰਗਟ ਰੂਪ ਹਨ। ਵਾਸਤਵ ਵਿੱਚ ਇੱਕ ਸੱਤਾ ਹੀ ਹੈ, ਜੋ ਇਨ੍ਹਾਂ ਦੋਹਾਂ ਦਾ ਰੂਪ ਧਾਰਨ ਕਰ ਕੇ ਸ੍ਰਿਸ਼ਟੀ ਦੇ ਬੇਅੰਤ ਰੂਪਾਂ ਵਾਲੀ ਰਚਨਾ ਰਚਦੀ ਹੈ। ਸੋ ਭਗਤ ਤਾਂ ਇਸ ਗੱਲ ਦੇ ਕਾਇਲ ਸਨ ਹੀ, ਕਿ ਸਭ ਸੰਸਾਰ ਦਾ ਮੂਲ ਭਗਵਾਨ ਦੀ ਸੱਤਾ ਹੈ, ਹੁਣ ਵਿਗਿਆਨਕ ਭੀ ਇਸ ਤਰਫ਼ ਹੀ ਝੁੱਕਿਆ ਹੈ। ਅਸਲ ਗੱਲ ਇਹ ਹੈ ਕਿ ਜਿਉਂ ਜਿਉਂ ਕਿਸੇ ਦਾ ਅਨੁਭਵ ਖੁਲ੍ਹਦਾ ਹੈ ਤੇ ਦ੍ਰਿਸ਼ਟੀ ਉੱਚੀ ਹੁੰਦੀ ਹੈ, ਉਸ ਦੇ ਸਾਮ੍ਹਣੇ ਨਜ਼ਾਰੇ ਭੀ ਉਚੇਰੇ ਹੀ ਆਉਂਦੇ ਜਾਂਦੇ ਹਨ। ਚੂਕੇ ਵਾਹਿਗੁਰੂ ਸਭ ਤੋਂ ਉੱਚਾ ਹੈ, ਇਸ ਲਈ ਉਸ ਦੇ ਤੱਕਣ ਲਈ ਨਿਗਾਹਾਂ ਭੀ ਸਭ ਤੋਂ ਉਚੇਰੀਆਂ ਹੋਣੀਆਂ ਚਾਹੀਦੀਆਂ ਹਨ, ਤੇ ਸਭ ਤੋਂ ਉਚੇਰੀ ਨਿਗਹ ਇੰਦ੍ਰੀਆਂ ਦੀ ਨਹੀਂ, ਅਨੁਭਵ ਦੀ ਹੈ। ਇੰਦ੍ਰੀਆਂ ਤਾਂ ਮਾਦੀ ਜਗਤ ਨੂੰ ਹੀ ਦੇਖ ਸਕਦੀਆਂ ਹਨ, ਅਨੁਭਵ ਇਸ ਤੋਂ ਅਗਾਂਹ ਜਾਂਦਾ ਹੈ। ਅਨੁਭਵ ਦੇ ਨੈਣਾਂ ਤੋਂ, ਕੰਮ ਲੈਣ ਤੋਂ ਬਿਨਾ, ਨਿਰਾ ਮਾਦੀ ਜਗਤ ਦੀ ਹੋਂਦ ਨੂੰ ਹੀ ਹੋਂਦ ਮੰਨਣ ਵਾਲਾ ਨਾਸਤਕ ਇਹ ਕਿਉਂ ਨਹੀਂ ਵਿਚਾਰਦਾ ਕਿ ਜੇ ਨਿਰਾ ਪੁਰਾ ਮਾਦੇ ਤੋਂ ਹੀ ਹੋਂਦ ਹੁੰਦੀ ਤਾਂ ਉਸ ਦਾ ਆਪਣਾ ਆਪ ਕਿਸ ਤਰ੍ਹਾਂ ਉਸ ’ਤੇ ਪ੍ਰਗਟ ਹੋ ਸਕਦਾ ? ਇਹ ਇਕ ਹਕੀਕਤ ਹੈ ਕਿ ਸਾਡੀਆਂ ਅੱਖਾਂ ਜਗਤ-ਰੂਪ ਤੱਕਦੀਆਂ ਹਨ, ਆਪਣੇ ਆਪ ਨੂੰ ਨਹੀਂ ਤੱਕ ਸਕਦੀਆਂ, ਤੇ ਜਦੋਂ ਰੂਪ-ਚਾਹ ਵਿੱਚ ਬਿਹਬਲ ਹੋ ਆਪਾ ਦੇਖਣਾ ਚਾਹੁੰਦੀਆਂ ਹਨ ਤਾਂ ਮਜਬੂਰਨ ਸ਼ੀਸ਼ੇ ਪਾਸੋਂ ਜਾ ਪੁੱਛਦੀਆਂ ਹਨ, ਪਰ ਸ਼ੀਸ਼ਾ ਰੂਪ ਨਹੀਂ, ਪਰਛਾਵਾਂ ਦੱਸਦਾ ਹੈ। ਕੀ ਇਹ ਹਕੀਕਤ ਨਹੀਂ ਕਿ ਪਰਛਾਵੇਂ ਨੂੰ ਰੂਪ ਮੰਨ ਲੈਣ ਵਾਲੀਆਂ ਅੱਖਾਂ, ਸਾਨੂੰ ਟਪਲਾ ਦੇ ਰਹੀਆਂ ਹਨ ਤੇ ਅਸੀਂ ਪਰਛਾਵੇਂ ਨੂੰ ਹੀ ਰੂਪ ਮੰਨ ਲਿਆ ਹੈ ? ਸਾਡਾ ਆਪਣਾ ਆਪ ਸੱਚ ਮੁੱਚ ਹੀ ਇਹ ਰੂਪ ਤੋਂ ਪਰ੍ਹੇ ਹੈ। ਭਲਾ ਜਗਤ ਵਿੱਚ ਤਾਂ ਸਾਨੂੰ ਕਿਸੇ ਦੇਖਿਆ ਭੀ, ਛੋਹਿਆ ਭੀ, ਸੁੰਘਿਆ ਭੀ, ਪਰ ਜਦੋਂ ਨੀਂਦ ਵਿੱਚ ਹੁੰਦੇ ਹਾਂ ਤੇ ਉਹ ਭੀ ਗਹਿਰੀ ਨੀਂਦ ਵਿੱਚ, ਉਦੋਂ ਸਾਨੂੰ ਕਿਸ ਤਰ੍ਹਾਂ ਇਹ ਨਿਸ਼ਚਾ ਰਹਿੰਦਾ ਹੈ ਕਿ ‘ਅਸੀਂ ਹਾਂ’; ਸੁਪਨੇ ਤਾਂ ਤੱਕੇ, ਪਰ ਅੱਖਾਂ ਬੰਦ ਸਨ; ਗੀਤ ਤਾਂ ਗਾਇ, ਪਰ ਜ਼ਬਾਨ ਨਹੀਂ ਸੀ ਖੁੱਲ੍ਹੀ; ਗੱਲਾਂ ਭੀ ਸੁਣੀਆਂ, ਪਰ ਕੰਨਾਂ ਨੇ ਕੰਮ ਨਹੀਂ ਕੀਤਾ; ਪਾਣੀ ਵਿੱਚ ਭੀ ਤਰੇ, ਪਰ ਖੱਲ ਨਾ ਭਿੱਜੀ ਅਤੇ ਖ਼ੁਸ਼ਬੂਆਂ ਭੀ ਲਈਆਂ, ਪਰ ਨਾਸਾਂ ਬੰਦ ਰਹੀਆਂ। ਇਹ ਅੱਖ, ਕੰਨ, ਨੱਕ, ਤ੍ਵਚਾ, ਜਿਹਵਾ ਤੋਂ ਪਰ੍ਹੇ ਸਾਰਾ ਜਗਤ ਕਿਸ ਨੇ ਆਬਾਦ ਕੀਤਾ ਹੈ ? ਰੂਪ ਕਿਸ ਨੇ ਤੱਕਿਆ ? ਆਵਾਜ਼ਾਂ ਕਿਸ ਨੇ ਸੁਣੀਆਂ ? ਪਾਣੀ ਨੂੰ ਕੌਣ ਤਰਿਆ ? ਆਖੋਗੇ ਖ਼ਿਆਲ। ਚਲੋ ਕੁਝ ਖ਼ਿਆਲ ਹੀ ਸਹੀ, ਪਰ ਖ਼ਿਆਲ ਕਿਸ ਆਸਰੇ ਖੜ੍ਹਾ ਰਿਹਾ ? ਮੰਨਣਾ ਪਵੇਗਾ ਕਿ ਅਨੁਭਵ ਦੇ। ਜਦੋਂ ਆਪਣੇ ਆਪ ਦਾ ਨਿਸ਼ਚਾ ਕਰਨਾ ਹੋਵੇ ਤਾਂ ਅਨੁਭਵ ਦਾ ਹੀ ਆਸਰਾ ਲੈਣਾ ਪਵੇਗਾ, ਜਿਸ ਤਰ੍ਹਾਂ ਆਪਣੀ ਛੋਟੀ ਜਿਹੀ ਹਸਤੀ ਵਿੱਚ ਆਪਣਾ ਨਿੱਕਾ ਜਿਹਾ ਆਪਾ ਝਲਕ ਮਾਰਦਾ ਪ੍ਰਤੀਤ ਹੁੰਦਾ ਹੈ, ਇਸੇ ਤਰ੍ਹਾਂ ਹੀ ਇਸ ਗ਼ਲਤ ਰਚਨਾ ਵਿੱਚੋਂ ਭੀ ਉਹ ਵੱਡਾ ਆਪਾ ਝਲਕਾਂ ਮਾਰਦਾ ਹੈ। ਜਿਸ ਤਰ੍ਹਾਂ ਸਾਡਾ ਆਪਣਾ ਆਪ ਇੰਦਰੀਆਂ ਦਾ ਵਿਸ਼ਯ ਨਹੀਂ, ਇਸੇ ਤਰ੍ਹਾਂ ਉਸ ਦੀ ਹੋਂਦ ਨੂੰ ਭੀ ਇੰਦਰੀਆਂ ਵਿਸ਼ਯ ਨਹੀਂ ਕਰ ਸਕਦੀਆਂ। ਉਹ ਉਸ ਦੇ ਪਰਛਾਵੇਂ ਨੂੰ ਤੱਕਦੀਆਂ ਹਨ।
ਮਰਕਜ਼ (ਕੇਂਦ੍ਰੀ) ਮੱਲ ਆਪੇ ਵਿਚ ਜਿਸ ਨੇ, ਸਭ ਜਗ ਘੇਰਾ ਪਾਇਆ।
ਭੂ ਮੰਡਲ ਆਕਾਸ਼ ਪਤਾਲਾਂ, ਵਣ ਤ੍ਰਿਣ ਅੰਦਰ ਛਾਇਆ।
ਬੁੱਧੀ ਅੰਦਰ ਝਲਕਾ ਪੈਂਦਾ, ਸਮਝ ਨਹੀਂ ਰਸ ਆਵੇ।
ਫੁੱਲਾਂ ਦਾ ਅਕਸ਼ ਪਿਆ ਵਿੱਚ ਸ਼ੀਸ਼ੇ, ਤੋੜਿਆ ਹੱਥ ਨਾ ਆਇਆ।
ਸ਼ੀਸ਼ੇ ਵਿੱਚ ਪੈ ਰਹੇ ਫੁੱਲ ਦਾ ਅਕਸ, ਜਿਸ ਤਰ੍ਹਾਂ ਤੋੜਿਆ ਨਹੀਂ ਜਾ ਸਕਦਾ, ਕਿਉਂਕਿ ਅਸਲ ਵਿੱਚ ਉਹ ਫੁੱਲ ਨਹੀਂ ਬਲਕਿ ਅਕਸ ਹੈ, ਇਸੇ ਤਰ੍ਹਾਂ ਹੀ ਕਿਰਤਮ ਜਗਤ ਵਿੱਚ ਦਿਸ ਰਿਹਾ ਰੂਪ, ਅਰੂਪ ਦਾ ਇੱਕ ਅਕਸ ਹੈ। ਇੰਦਰੀਆਂ ਅਕਸ ਤਕਦੀਆਂ ਹਨ, ਪਰ ਅਨੁਭਵ ਅਰੂਪ ਨੂੰ ਲਖਦਾ ਹੈ। ਜਿਸ ਤਰ੍ਹਾਂ ਆਪਣੀ ਛੋਟੀ ਜਿਹੀ ਹਸਤੀ ਵਿੱਚ ਸਾਡਾ ਆਪਣਾ ਆਪ ਅਨੁਭਵ ਦੁਆਰਾ ਜਾਣਿਆ ਜਾਂਦਾ ਹੈ, ਉਸੇ ਤਰ੍ਹਾਂ ਹੀ ਵਿਸ਼ਵ ਦੀ ਹਸਤੀ ਵਿੱਚ ਵਿਸ਼ਵ ਦਾ ਆਪਣਾ ਆਪ ਅਨੁਭਵ ਦੁਆਰਾ ਹੀ ਜਾਣਿਆ ਜਾ ਸਕਦਾ ਹੈ, ਪਰ ਪਿੰਡੀ ਅਨੁਭਵ ਪਿੰਡ ਦੀ ਅਸਲੀਅਤ ਨੂੰ ਸਮਝੇਗਾ ਤੇ ਬ੍ਰਹਿਮੰਡੀ ਬ੍ਰਹਿਮੰਡ ਦੇ ਆਪੇ ਨੂੰ। ਪ੍ਰਤੱਖ ਦਰਸ਼ਨ ਕਰਨਹਾਰ ਨੇ ਕਿਹਾ ਹੈ :
ਚਕ੍ਰ ਚਿਹਨ ਅਰੁ ਬਰਨ ਜਾਤਿ; ਅਰੁ ਪਾਤਿ ਨਹਿਨ ਜਿਹ ॥
ਰੂਪ ਰੰਗ ਅਰੁ ਰੇਖ ਭੇਖ; ਕੋਊ ਕਹਿ ਨ ਸਕਤਿ ਕਿਹ ॥
ਅਚਲ ਮੂਰਤਿ ਅਨਭਵ ਪ੍ਰਕਾਸ; ਅਮਿਤੋਜ ਕਹਿਜੈ ॥
ਕੋਟਿ ਇੰਦ੍ਰ ਇੰਦ੍ਰਾਣਿ; ਸਾਹੁ ਸਾਹਾਣਿ ਗਣਿਜੈ ॥
ਤ੍ਰਿਭਵਣ ਮਹੀਪ, ਸੁਰ ਨਰ ਅਸੁਰ; ਨੇਤਿ ਨੇਤਿ ਬਨ ਤ੍ਰਿਣ ਕਹਤ ॥
ਤ੍ਵ ਸਰਬ ਨਾਮ ਕਥੈ ਕਵਨ ? ਕਰਮ ਨਾਮ ਬਰਣਤ ਸੁਮਤਿ ॥੧॥ (ਜਾਪੁ ਸਾਹਿਬ, ਪਾਤਿਸ਼ਾਹੀ ਦਸਵੀਂ)
ਉਹ ਚੱਕਰ, ਚਿਹਨ, ਬਰਨ, ਜਾਤ ਅਤੇ ਪਾਤ ਤੋਂ ਰਹਿਤ ਹੈ, ਜਿਸ ਦਾ ਰੂਪ-ਰੰਗ, ਰੇਖ ਅਤੇ ਭੇਖ ਕੁਝ ਭੀ ਕਿਹਾ ਨਹੀਂ ਜਾ ਸਕਦਾ। ਆਪਣਾ ਪ੍ਰਕਾਸ਼ ਅਨੁਭਵ ਵਿੱਚ ਕਰਦਾ ਹੈ। ਇਸ ਤੋਂ ਸਿੱਧ ਹੋਇਆ ਕਿ ਉਸ ਦੀ ਹਸਤੀ ਹੈ ਤਾਂ ਪ੍ਰਤੱਖ, ਪਰ ਜਾਣੀ ਅਨੁਭਵ ਨਾਲ ਹੀ ਜਾ ਸਕਦੀ ਹੈ। ਜਗਤ ਵਿੱਚ ਬੁੱਧੀ ਮੰਡਲ ਦੇ ਆਚਾਰਜਾਂ ਨੇ ਕਿਸੇ ਚੀਜ਼ ਦੇ ਸਿੱਧ ਕਰਨ ਲਈ ਜੋ ਪ੍ਰਮਾਣ ਮੰਨੇ ਹਨ, ਉਨ੍ਹਾਂ ਵਿੱਚੋਂ ਤਿੰਨ ਪ੍ਰਧਾਨ ਹਨ ‘ਸ਼ਬਦ, ਅਨੁਮਾਨ ਤੇ ਪ੍ਰਤੱਖਸ਼’।
ਸ਼ਬਦ ਵਿੱਚ ਉਸ ਨੂੰ ਕਿਤਨਾ ਪ੍ਰਮਾਣਿਕ ਕੀਤਾ ਗਿਆ, ਇਸ ਦੇ ਸਬੰਧ ਵਿੱਚ ਇੰਨਾ ਹੀ ਕਹਿਣਾ ਪਵੇਗਾ ਕਿ ਦੁਨੀਆਂ ਦੀਆਂ ਬੇਅੰਤ ਕਿਤਾਬਾਂ, ਬੇਅੰਤ ਪੁਰਾਣੇ ਸਮੇਂ ਤੋਂ ਅੱਜ ਤੱਕ ਉਸ ਦੇ ਮੁਤੱਲਕ ਗਵਾਹੀ ਦੇਣ ਲਈ ਲਿਖੀਆਂ ਗਈਆਂ ਹਨ। ਇਨ੍ਹਾਂ ਸਾਰੇ ਲਿਖਾਰੀਆਂ ਨੇ ਬਹੁਤ ਕੁਝ ਲਿਖ ਕੇ ਅਖ਼ੀਰ ਇਹੀ ਕਿਹਾ ਕਿ ਅਸੀਂ ਬਹੁਤ ਥੋੜ੍ਹਾ ਲਿਖ ਸਕਦੇ ਹਾਂ। ਸਾਡੀ ਲਿਖਣ ਸੱਤਾ ਕਮਜ਼ੋਰ ਤੇ ਸਾਧਨ ਅਧੂਰੇ ਹਨ, ਨਹੀਂ ਤਾਂ ਅਜੇ ਹੋਰ ਬਹੁਤ ਕੁਝ ਲਿਖਿਆ ਜਾ ਸਕਦਾ ਹੈ। ਪਰਮ ਸੰਤ ਕਵੀ ਕਬੀਰ ਜੀ ਕਹਿੰਦੇ ਹਨ :
ਕਬੀਰ ! ਸਾਤ ਸਮੁੰਦਹਿ ਮਸੁ ਕਰਉ; ਕਲਮ ਕਰਉ ਬਨਰਾਇ ॥
ਬਸੁਧਾ ਕਾਗਦੁ ਜਉ ਕਰਉ; ਹਰਿ ਜਸੁ ਲਿਖਨੁ ਨ ਜਾਇ ॥੮੧॥ (ਭਗਤ ਕਬੀਰ/੧੩੬੮)
ਇਸੇ ਤਰ੍ਹਾਂ ਦਾਤਾ ਗੁਰੂ ਜੀ ਲਿਖਦੇ ਹਨ :
ਕਾਗਦ ਦੀਪ ਸਭੈ ਕਰਿ ਕੈ; ਅਰ ਸਾਤ ਸਮੁੰਦ੍ਰਨ ਕੀ ਮਸੁ ਕੈਹੋ ॥
ਕਾਟਿ ਬਨਾਸਪਤੀ ਸਿਗਰੀ; ਲਿਖਬੇ ਹੂੰ ਕੇ ਲੇਖਨ ਕਾਜਿ ਬਨੈਹੋ ॥
ਸਾਰਸੁਤੀ ਬਕਤਾ ਕਰਿ ਕੈ; ਜੁਗ ਕੋਟਿ ਗਨੇਸ ਕੈ ਹਾਥਿ ਲਿਖੈਹੋ ॥
ਕਾਲ ਕ੍ਰਿਪਾਨ ਬਿਨਾ ਬਿਨਤੀ; ਨ ਤਊ ਤੁਮ ਕੋ ਪ੍ਰਭ ਨੈਕੁ ਰਿਝੈਹੋ ॥੧੦੧॥ (ਬਚਿਤ੍ਰ ਨਾਟਕ, ਪਾਤਿਸ਼ਾਹੀ ਦਸਵੀਂ)
ਜੇ ਕਦੀ ਇਸ ਮਜ਼ਮੂਨ ਉੱਤੇ ਹੀ ਆਤਮਵੇਤਾ ਪੁਰਖਾਂ ਦੇ ਬਚਨ ਇਕੱਠੇ ਕੀਤੇ ਜਾਣ ਤਾਂ ਉਨ੍ਹਾਂ ਲਿਖਤਾਂ ਦੇ ਇਕੱਠ ਨੂੰ ਦੁਬਾਰਾ ਲਿਖਣਾ ਹੀ, ਇੱਕ ਜਨਮ ਦੀ ਮਨੁੱਖੀ ਸੱਤਾ ਤੋਂ ਪਰ੍ਹੇ ਹੈ। ਕੀ ਇਹ ਗੱਲ ਸਪਸ਼ਟ ਹੈ ਕਿ ਸ਼ਬਦ ਭੀ ਕੋਈ ਪ੍ਰਮਾਣ ਹੈ ? ਜਿਹਾ ਕਿ ਹੈ ਤੇ ਜ਼ਰੂਰ ਹੈ, ਤਾਂ ਈਸ਼ਵਰ ਦੀ ਹੋਂਦ ਕਦੇ ਦੀ ਸਿੱਧ ਹੋ ਚੁੱਕੀ ਹੈ।
ਕਈ ਵਾਰ ਵਾਮੀ (ਸ਼ਿਵ ਨੂੰ ਮੰਨਣ ਵਾਲ਼ੇ) ਸ਼ਬਦ ਪ੍ਰਮਾਣ ਤੋਂ ਇਨਕਾਰ ਕਰ ਦਿੰਦੇ ਹਨ ਤੇ ਉਹ ਇਸ ਸਚਾਈ ਤੋਂ ਸਿਰ ਫੇਰਦੇ ਹੋਏ ਇਤਨਾ ਹਠ ਕਰ ਬੈਠਦੇ ਹਨ ਕਿ ਬਚਨ ਪ੍ਰਮਾਣਿਤ ਕੀਤੇ ਜਾਣ ਦੀ ਸਚਾਈ ’ਤੇ ਸ਼ੱਕ ਕਰਨ ਲੱਗ ਪੈਂਦੇ ਹਨ, ਪਰ ਜੇ ਕਦੀ ਅਜਿਹੇ ਨਿਸ਼ਚੇਹੀਣ ਤੋਂ ਪੁੱਛਿਆ ਜਾਏ ਕਿ ਤੁਹਾਡੇ ਪਿਤਾ ਦਾ ਕੀ ਨਾਂ ਹੈ ? ਤਾਂ ਉਹ ਤੜੱਕ ਨਾਂ ਲੈ ਦੇਣਗੇ। ਉਨ੍ਹਾਂ ਨੂੰ ਪੁੱਛਿਆ ਜਾਵੇ ਕਿ ਇਸ ਗੱਲ ਵਿੱਚ ਕੀ ਪ੍ਰਮਾਣ ਹੈ ਕਿ ਜਿਸ ਦਾ ਤੁਸੀਂ ਨਾਂ ਲੈ ਰਹੇ ਹੋ, ਉਹੀ ਤੁਹਾਡਾ ਪਿਤਾ ਹੈ ? ਤਾਂ ਕਹਿਣਗੇ ਕਿ ਸਾਡੀ ਮਾਤਾ ਨੇ ਦੱਸਿਆ ਹੈ। ਕੋਈ ਅਜਿਹੇ ਸਿਆਣਿਆਂ ਨੂੰ ਪੁੱਛੇ ਕਿ ਜੇ ਤੁਹਾਡੀ ਮਾਤਾ ਜੀ ਦਾ ਬਚਨ, ਪ੍ਰਮਾਣ ਹੋ ਸਕਦਾ ਹੈ ਤਾਂ ਇਤਨੇ ਬੜੇ ਜੀਵਨ ਵਾਲੇ ਦੇ ਬਚਨ ਕਿਉਂ ਪ੍ਰਮਾਣ ਨਹੀਂ ਹੋ ਸਕਦੇ ?
ਸੱਚ ਤਾਂ ਇਹ ਹੈ ਕਿ ਸ਼ਬਦ-ਪ੍ਰਮਾਣ, ਬਿਨਾਂ ਜਗਤ ਕਿਰਿਆ ਦੇ ਚੱਲ ਨਹੀਂ ਸਕਦਾ। ਜੇ ਰਾਹ ਟੁਰਿਆ ਜਾਂਦਾ ਪਾਂਧੀ ਕਿਸੇ ਦੱਸਣ ਵਾਲੇ ਦੇ ਵਾਕ ਨੂੰ ਪ੍ਰਮਾਣ ਨਾ ਜਾਣੇ ਤਾਂ ਮੰਜ਼ਲ ਹੀ ਕਿਵੇਂ ਤਹਿ ਹੋਵੇ ? ਜੇ ਵਿਦਿਆਰਥੀ ਉਸਤਾਦ ਦੇ ਵਾਕ, ਪ੍ਰਮਾਣ ਕਰਕੇ ਨਾ ਮੰਨੇ ਤਾਂ ਵਿਦਿਆ ਪ੍ਰਫੁਲਿਤ ਹੀ ਕਿਵੇਂ ਹੋਵੇ ? ਗੱਲ ਕੀ, ਹਰ ਥਾਂ ’ਤੇ ਸਾਨੂੰ ਵਾਕਫ਼ਕਾਰ ਤੇ ਸੁਹਿਰਦ ਹਿਰਦਿਆਂ ਦਾ ਬਚਨ, ਪ੍ਰਮਾਣ ਮੰਨਣਾ ਪੈਂਦਾ ਹੈ, ਤਾਂ ਫਿਰ ਰਿਸ਼ੀਆਂ-ਮੁਨੀਆਂ, ਪੈਗ਼ੰਬਰਾਂ ਤੇ ਸਤਿਗੁਰਾਂ ਦੇ ਬਚਨ ਕਿਉਂ ਨਾ ਪ੍ਰਮਾਣ ਮੰਨੇ ਜਾਣ ? ਸੋ ਜਿੱਥੋਂ ਤੱਕ ਸ਼ਬਦ-ਪ੍ਰਮਾਣ ਦਾ ਤਅੱਲਕ ਹੈ, ਦੁਨੀਆ ਦੇ ਸਾਹਿਤ ਵਿੱਚ ਬੇਅੰਤ ਗਵਾਹੀਆਂ ਲਿਖੀਆਂ ਪਈਆਂ ਹਨ।
ਹੁਣ ਜੇ ਅਨੁਮਾਨ ਵੱਲ ਤੱਕੀਏ, ਤਾਂ ਪਹਿਲਾਂ ਤੱਕਣਹਾਰ ਤੋਂ ਹੀ ਇਹ ਸਾਬਤ ਹੁੰਦਾ ਹੈ ਕਿ ਕੋਈ ਪਿੱਛੇ ਹੈ ਸੀ, ਤਾਂ ਹੀ ਉਸ ਨੇ ਇਸ ਨੂੰ ਤੱਕਣ ਦੀ ਸੱਤਾ ਦਿੱਤੀ ਹੈ। ਇਹੀ ਕਾਰਣ ਹੈ ਕਿ ਪ੍ਰਕਿਰਤੀ ਦੀ ਕਿਰਿਆ ’ਚੋਂ ਵਿਗਿਆਨਕ ਤੇ ਮਾਨਸਿਕ ਸਤ੍ਹਾ ਦੇ ਚਮਤਕਾਰਾਂ ਤੋਂ ਫ਼ਲਸਫ਼ੀ ਉਸ ਦੀ ਹੋਂਦ ਦਾ ਅਨੁਮਾਨ ਲਾ ਰਿਹਾ ਹੈ। ਜੇ ਅਸੀਂ ਵਿਗਿਆਨਕ ਤੇ ਫ਼ਲਸਫ਼ੀ ਨੂੰ ਇੱਕ ਬੰਨੇ ਵੀ ਰਹਿਣ ਦਈਏ ਤਾਂ ਕੇਵਲ ਭਗਤ ਮੰਡਲ ਦੀ ਲੀਕ ਹੀ ਉਸ ਦੀ ਹੋਂਦ ਦਾ ਪੱਕਾ ਅਨੁਮਾਨ ਦਰਸਾ ਰਹੀ ਹੈ। ਅਨੁਮਾਨ ਵਿੱਚ ਕਿਸੇ ਸਬੰਧਤ ਚੀਜ਼ ਤੋਂ ਉਸ ਦੇ ਨਾਲ ਦੀ ਚੀਜ਼ ਦਾ ਅੰਦਾਜ਼ਾ ਕੀਤਾ ਜਾਂਦਾ ਹੈ, ਧੂੰਆਂ ਉੱਠਦਾ ਦੇਖ ਕੇ ਜਾਣ ਲਿਆ ਜਾਂਦਾ ਹੈ ਕਿ ਧੂੰਆਂ ਉੱਠ ਰਿਹਾ ਹੈ, ਅੱਗ ਜ਼ਰੂਰ ਹੈ। ਜਿਨ੍ਹਾਂ ਮਕਾਨਾਂ ਦੀਆਂ ਬਾਰੀਆਂ ਤੇ ਰੌਸ਼ਨਦਾਨਾਂ ਵਿੱਚੋਂ ਖ਼ੁਸ਼ਬੂ ਦੀਆਂ ਲਪਟਾਂ ਆਉਣ, ਉਸ ਦੇ ਅੰਦਰ ਕਸਤੂਰੀ ਤੇ ਅਤਰ ਦੇ ਛੜਕਾਉ ਜ਼ਰੂਰੀ ਸਮਝੇ ਜਾਂਦੇ ਹਨ। ਇਸ ਤਰ੍ਹਾਂ ਹੀ ਅਸੀਂ ਪੂਰਨ ਪੁਰਖਾਂ ਦੇ ਜੀਵਨ ਵਿੱਚ ਪਰਮੇਸ਼ਰ ਦੀ ਹੋਂਦ ਦਾ ਸਬੂਤ ਤੱਕਦੇ ਹਾਂ। ਇਸ ਸਬੰਧ ’ਚ ਭਗਤ ਰਵਿਦਾਸ ਜੀ ਦੇ ਬਚਨ ਹਨ, ‘‘ਪ੍ਰਭ ਤੇ ਜਨੁ ਜਾਨੀਜੈ; ਜਨ ਤੇ ਸੁਆਮੀ ॥’’ (ਭਗਤ ਰਵਿਦਾਸ/੯੩)
ਕਿਰਤਮ ਤੇ ਕਰਤਾ ਵਿੱਚ ਸੁਭਾਵਕ ਫ਼ਰਕ ਇਹ ਹੈ ਕਿ ਕਿਰਤਮ ਕਾਲ ਵੱਸ ਹੈ ਤੇ ਕਰਤਾ ਅਕਾਲ; ਕਿਰਤਮ ਵਿੱਚ ਤਬਦੀਲੀ ਹੈ, ਕਰਤਾ ਵਿਚ ਰਸਤਾ; ਕਿਰਤਮ ਫ਼ਨਾਹ ਹੈ ਤੇ ਕਰਤਾ ਬਕਾ (ਅੰਤਮ ਯਾਨੀ ਸਥਿਰ); ਸੋ ਜਿਸ ਮਨੁੱਖ ਵਿੱਚੋਂ ਅਕਾਲਪਣ, ਦ੍ਰਿੜ੍ਹਤਾ, ਬਕਾ ਦਾ ਪ੍ਰਕਾਸ਼ ਦਿੱਸ ਆਵੇ, ਅਨੁਮਾਨ ਪ੍ਰਮਾਣ ਸਿੱਧ ਕਰਦਾ ਹੈ ਕਿ ਉਸ ਦੇ ਅੰਦਰ ਗੁਣਾਂ ਦੇ ਆਧਾਰ ਦਾ ਨਿਵਾਸ ਹੋ ਗਿਆ ਹੈ, ਕਿਉਂਕਿ ਆਮ ਮਨੁੱਖ ਜਨਮ ਤੋਂ ਹੀ ਮੌਤ ਦਾ ਖ਼ੌਫ਼ ਖਾਂਦੇ ਹਨ, ਇਸ ਖ਼ੌਫ਼ ਦੇ ਤਮਸੇ (ਡਰੇ) ਹੋਏ ਆਪਣੇ ਆਪ ਵਿੱਚ ਤਬਦੀਲੀਆਂ ’ਤੇ ਰੋਂਦੇ ਹੋਏ, ਆਪਾ, ਫ਼ਨਾਹ ਦੇ ਸਪੁਰਦ ਕਰਦੇ ਦਿੱਸ ਆਉਂਦੇ ਹਨ। ਪਰ ਸੰਤ ਇਸ ਦੇ ਐਨ ਉਲਟ ਬੇਖ਼ੌਫ਼, ਦ੍ਰਿੜ੍ਹ ਤੇ ਆਪਣੇ ਅਮਰ ਹੋਣ ਦਾ ਐਲਾਨ ਕਰਦੇ ਹਨ। ਜਿੱਥੇ ਦੁਨੀਆਂਦਾਰ ਦਾ ਮਨ ਦੁੱਖ ਵਿਹਾਉਂਦਾ ਹੈ, ਉੱਥੇ ਸੰਤਾਂ ਦੇ ਮਨ ਸਦਾ ਖਿੜਾ ਰਹਿੰਦਾ ਹੈ। ਸੰਤ ਰੇਨ ਜੀ ਨੇ ਕਿਹਾ ਸੁੰਦਰ ਕਿਹਾ ਹੈ :
ਤੈਨੂੰ ਭੁਲਿਆਂ ਦੁੱਖ ਲੱਗਣ ਘਨੇਰੇ, ਤੁਧ ਡਿਠੇ ਦੁਖ ਨ ਕੋਈ।
ਜੇ ਦੁੱਖ ਹੁੰਦਾ ਤਾਂ ਮਨਸੂਰ ਨਾ ਰੋਂਦਾ, ਜਿਨੂੰ ਸੂਲੀ ਸੇਜ ਹੋਈ।
ਸ਼ਮਸ ਉਪੱਠੀ ਲੱਥੀ ਉਹਨੂੰ, ਦਰ ਦਰ ਮਿਲੇ ਨਾ ਢੋਈ।
ਸੰਤ ਰੇਨ ਸੁਖ ਓਹਾ ਜਾਣਨ, ਹੋਰ ਬੀਆ ਕੀ ਜਾਨੇ ਕੋਈ।
ਸੱਚ ਹੈ, ਅੰਦਰ ਜੋਤ ਦੇ ਨਿਵਾਸ ਦੇ ਅਨੁਭਵ ਤੋਂ ਬਿਨਾ ਸੱਚੇ ਸੁੱਖ ਨੂੰ ਜਾਣਿਆ ਨਹੀਂ ਜਾ ਸਕਦਾ। ਕਿਸੇ ਦੂਜੇ ਨੇ ਉਸ ਸੁੱਖ ਨੂੰ ਕੀ ਅਨੁਭਵ ਕਰਨਾ ਹੋਇਆ, ਜੋ ਮਨਸੂਰ ਨੂੰ ਸੂਲੀ ’ਤੇ ਚੜ੍ਹ ਕੇ ਸ਼ਮਸ ਨੂੰ ਪੁੱਠੀ ਖੱਲ ਉਤਰਵਾ ਕੇ, ਮਸੀਹ ਨੂੰ ਸਲੀਬ ’ਤੇ ਟੰਗਿਆਂ, ਭਾਈ ਤਾਰੂ ਸਿੰਘ ਨੂੰ ਸਿਰ ਦੀ ਖੋਪਰੀ ਉਤਰਵਾ ਕੇ ਅਤੇ ਭਾਈ ਮਨੀ ਸਿੰਘ ਜੀ ਨੂੰ ਬੰਦ ਬੰਦ ਕਟਵਾ ਕੇ ਹੋ ਗਿਆ ਸੀ। ਆਮ ਜੀਵਨ ਵਿੱਚ ਕੰਡੇ ਦੀ ਚੋਭ ਨਾਲ ਹੀ ਮਨੁੱਖ ਟੱਪ ਉੱਠਦਾ ਹੈ, ਤਲਵਾਰ ਦੀ ਝਲਕ ਦੇਖਿਆਂ ਹੀ ਕਾਫ਼ੂਰ ਹੋ ਜਾਂਦੇ ਹਨ, ਪਰ ਜਿਸ ਜੀਵਨ ਵਿੱਚ ਸੂਲਾਂ ਦੀਆਂ ਚੋਭਾਂ, ਸੁਰਾਹੀਆਂ ਦੇ ਨਸ਼ੇ ਤੇ ਖ਼ੰਜਰਾਂ ਦੇ ਜ਼ਖ਼ਮ, ਪਿਆਲਿਆਂ ਦੇ ਕੈਫ਼ ਚੜ੍ਹਾਉਣ, ਉਹ ਯਕੀਕਨ ਇਸ ਜੀਵਨ ਨਾਲੋਂ ਕੋਈ ਹੋਰ ਜੀਵਨ ਹੈ। ਜਿਸ ਜੀਵਨ ਦੇ ਮਨ-ਵਿਹੜੇ ਦੀਆਂ ਬਾਰੀਆਂ ’ਚੋਂ ਮੌਤ ਦੀ ਬੂ ਆਵੇ ਅਤੇ ਜਿੱਥੋਂ ਜੀਵਨ ਦੇ ਮਨ ਦਿਆਂ ਝਰੋਖਿਆਂ ’ਚੋਂ ਅਮਰਪਦ ਦੀਆਂ ਸੁਗੰਧੀਆਂ ਆਵਣ, ਨਿਸ਼ਚੇ ਹੀ ਅਲਹਿਦਾ ਹੋਣਗੇ, ਪਰ ਇਨਸਾਨੀਅਤ ਤੋਂ ਇਹ ਅਲਹਿਦਗੀ ਕਿਉਂ ਹੈ ? ਇਸ ਦਾ ਕਾਰਨ ਸਤਸੰਗਾਂ ਨੇ ਬਸ ਜ਼ਬਾਨ ਤੋਂ ਇੱਕੋ ਹੀ ਬਿਆਨ ਕੀਤਾ ਹੈ ਕਿ ਉਨ੍ਹਾਂ ਦੇ ਅੰਦਰ ਪਰਮੇਸ਼ਰ ਦਾ ਪ੍ਰਕਾਸ਼ ਹੋਇਆ। ਉਹ ਅਮਰ ਹੋ ਗਏ ਹਨ ਤੇ ਮੌਤ ਦਾ ਖ਼ੌਫ਼ ਉਨ੍ਹਾਂ ਨੂੰ ਆਪਣੀ ਜਾਨ ਤੋਂ ਡੁਲਾ ਨਹੀਂ ਸਕਦਾ। ਉਨ੍ਹਾਂ ਨੇ ਜੋ ਕਿਹਾ, ਕਰ ਵਿਖਾਇਆ। ਉਨ੍ਹਾਂ ਦੀ ਕਿਰਤ ਤੋਂ ਕਮਾਇਆ ਹੋਇਆ ਅਨੁਮਾਨ ਇਹ ਸਿੱਧ ਕਰਦਾ ਹੈ ਕਿ ਪ੍ਰਭੂ ਦੀ ਜੋਤ ਹੈ। ਸੰਤ ਤਾਂ ਸਗੋਂ ਇਥੋਂ ਤੱਕ ਭੀ ਕਹਿ ਗਏ ਹਨ ਕਿ ਉਨ੍ਹਾਂ ਤੋਂ ਬਿਨਾ ਕੁਝ ਹੈ ਹੀ ਨਹੀਂ, ਕਿਉਂਕਿ ਜੇ ਕੁਝ ਹੁੰਦਾ ਤਾਂ ਸਦਾ ਰਹਿੰਦਾ। ਛਿਣ-ਭੰਵਰ ਅਵਸਥਾ ਨੂੰ ਹੋਂਦ ਨਹੀਂ ਕਿਹਾ ਜਾਂਦਾ, ਉਹ ਹਾਲਤ ਹੁੰਦੀ ਹੈ। ਇਸ ਵਿਸ਼ਵਾਸ ਨੂੰ ਜਗਤ ਸਾਮ੍ਹਣੇ ਰੱਖਦਿਆਂ ਹੋਇਆਂ ਹੀ ਭਾਰਤ ਦੇ ਪ੍ਰਸਿੱਧ ਸੰਤ ਸਰਮਦ ਨੇ ਆਪਣਾ ਸਿਰ ਕਟਵਾ ਲਿਆ ਸੀ। ਉਨ੍ਹਾਂ ਇਹੀ ਐਲਾਨ ਕੀਤਾ ਸੀ ਕਿ ਦ੍ਰਿਸ਼ਟਮਾਨ ਜਗਤ ਵਿਚ ਕੋਈ ਹੈਸੀਅਤ ਹੈ ਹੀ ਨਹੀਂ। ਪ੍ਰਭੂ ਦੇ ਦੇਵ ਦਰਸ਼ਨ ਦੇਖਣ ਵਾਲੇ ਨੇ ਤਾਂ ਹੀ ਕਿਹਾ ਹੈ :
ਬਿਨੁ ਹਰਿ, ਹੈ ਕੋ ਕਹਾ ਬਤਾਵਹੁ ?॥ (ਮਹਲਾ ੫/੧੨੧੮)
ਕਿਤਨਾ ਸਹੀ ਸਵਾਲ ਹੈ, ਜੋ ਸਦਾ ਲਈ ਨਾਸਤਕ ਦੁਨੀਆਂ ਦਾ ਮੂੰਹ ਬੰਦ ਕਰ ਦਿੰਦਾ ਹੈ। ਆਪ ਪੁੱਛ ਕਰਦੇ ਹਨ ਕਿ ਹਰੀ ਤੋਂ ਬਿਨਾ ਹੋਰ ਹੈ ਕੀ ? ਜੇ ਕੋਈ ਹੈ ਤਾਂ ਦੱਸੋ ਕਿੱਥੇ ਹੈ ? ਹੁਣ ਕੋਈ ਦੱਸੇ ਕੀ, ਜਿਸ ਚੀਜ਼ ਨੂੰ ਦੱਸਣ ਲੱਗੇ, ਉਹ ਦੱਸਦਿਆਂ ਦੱਸਦਿਆਂ ਹੀ ਹੋਰ ਦੀ ਹੋ ਜਾਂਦੀ ਹੈ। ਇਹ, ਇੱਥੇ ਤੇ ਹੁਣ ਕਦੀ ਕਾਇਮ ਹੋ ਹੀ ਨਹੀਂ ਸਕੇ, ਜ਼ਬਾਨੀ ਆਖੇ ਗਏ ਹਨ। ਖੋਜ ਕੀਤਿਆਂ ਕਦੀ ਹੱਥ ਨਹੀਂ ਆਏ। ਜੇ ਹੱਥ ਲੱਗਦਾ ਹੈ ਤਾਂ ਇੱਕ ਉਹੀ, ਜਿਹੜਾ ਹਰ ਸ਼ੈ ਵਿੱਚ ‘ਇਹ, ਹਰ ਥਾਂ ਵਿੱਚ, ਇੱਥੇ ਤੇ ਹਰ ਛਿੰਨ ਵਿੱਚ ਹੁਣ ਰਹਿੰਦਾ ਹੈ’। ਸੰਤਾ ਨੇ ਉਸ ਨੂੰ ਮਹਿਸੂਸ ਕੀਤਾ ਹੈ ਤੇ ਕਿਹਾ ਹੈ ਕਿ ਅਸੀਂ ਉਸ ਨੂੰ ਇੱਥੇ ਤੱਕਦੇ ਹਾਂ, ਇਤਨਾ ਨਜ਼ਦੀਕ ਜਿਸ ਤੋਂ ਨੇੜੇ ਹੋਰ ਥਾਂ ਹੋ ਹੀ ਨਹੀਂ ਸਕਦੀ। ਪ੍ਰਤੱਖ ਦੇਖਣ ਵਾਲੇ ਸਤਿਗੁਰੂ ਪੰਜਵੇਂ ਪਾਤਿਸ਼ਾਹ ਜੀ ਨੇ ਦੱਸਿਆ ਹੈ, ‘‘ਬਾਸਿ ਰਹਿਓ ਹੀਅਰੇ ਕੈ ਸੰਗੇ; ਪੇਖਿ ਮੋਹਿਓ ਮਨੁ ਲੀਲਾ ॥੧॥ ਰਹਾਉ ॥’’ (ਮਹਲਾ ੫/੪੯੮) ਭਗਤ ਰਵਿਦਾਸ ਜੀ ਕਹਿੰਦੇ ਹਨ, ‘‘ਕਹਿ ਰਵਿਦਾਸ ! ਹਾਥ ਪੈ ਨੇਰੈ; ਸਹਜੇ ਹੋਇ ਸੁ ਹੋਈ ॥’’ (ਭਗਤ ਰਵਿਦਾਸ/੬੫੮) ਜਿਨ੍ਹਾਂ ਦੇ ਨਿਸ਼ਚੇ ਕਮਜ਼ੋਰ ਤੇ ਮਿਜ਼ਾਜ (ਸੁਭਾਅ) ਸ਼ੱਕੀ ਸਨ, ਉਨ੍ਹਾਂ ਨੇ ਪੁਰਖਾਂ ਦੇ ਬਚਨਾਂ ’ਤੇ ਯਕੀਨ ਕੀਤਾ ਤੇ ਪਰਖ ਕਰਨੀ ਚਾਹੀ, ਕਠਿਨ ਕਠਿਨ ਸਮੱਸਿਆਵਾਂ ਪੇਸ਼ ਕੀਤੀਆਂ, ਪਰ ਓੜਕ ਆਸਤਕ ਦੀ ਹੀ ਜਿੱਤ ਹੋਈ। ਹਰਨਾਖਸ਼ ਨੇ ਪ੍ਰਹਿਲਾਦ ਨੂੰ ਤੇ ਨਮਰੂਦ ਨੇ ਇਬਰਾਹਿਮ ਨੂੰ ਤਪੇ ਹੋਏ ਥੰਮ੍ਹਾਂ ਨਾਲ ਜੱਫੀਆਂ ਪਾਣ ਤੇ ਅੱਗ ਦੇ ਅੰਗਾਰਾਂ ’ਤੇ ਟੁਰਨ ਲਈ ਆਖਿਆ ਤਾਂ ਕਿ ਉਨ੍ਹਾਂ ਦੀ ਨਿਰਭੈਤਾ ਦੀ ਪ੍ਰੀਖਿਆ ਹੋ ਸਕੇ ਤੇ ਪਤਾ ਲੱਗ ਸਕੇ ਕਿ ਉਨ੍ਹਾਂ ਨੇ ਜਿਸ ਨਿਰਭਉ ਨੂੰ ਜਪਿਆ ਹੈ, ਉਸ ਦੀ ਹੋਂਦ ਸੱਚ ਮੁੱਚ ਹੈ; ਬਾਲਕ ਭਗਤ ਤੇ ਜਵਾਨ ਪੈਗ਼ੰਬਰ ਦੋਹਾਂ ਹੀ ਸਿਦਕ ਨਿਭਾ ਵਿਖਾਇਆ, ਹਰਨਾਖਸ਼ ਤੇ ਨਮਰੂਦ ਦੀ ਤਾਂ ਨਿਸ਼ਾ ਹੋ ਗਈ, ਪਰ ਮਾਦੀ ਜਗਤ ਦੇ ਦਿਲ ਵਿੱਚ ਇਹ ਗੱਲ ਕਿ ਪ੍ਰਹਿਲਾਦ ਦੇ ਸਾਮ੍ਹਣੇ ਤਪਾ ਕੇ ਸੁਰਖ਼ ਕੀਤਾ ਹੋਇਆ ਥੰਮ੍ਹ ਠੰਡਾ ਹੋ ਜਾਣ ਅਤੇ ਇਬਰਾਹੀਮ ਦੇ ਸਾਮ੍ਹਣੇ ਵਿਛੇ ਹੋਏ ਅੰਗਾਰ ਫੁੱਲ ਵਿੱਚ ਬਦਲ ਜਾਣ ਦੇ ਕਾਰਨ ਬਣੀ ਹੀ ਰਹੀ। ਇਹ ਸਹੀ ਤੌਰ ’ਤੇ ਸਾਬਤ ਨਾ ਹੋ ਸਕਿਆ ਕਿ ਉਹ ਸੱਚ ਮੁੱਚ ਹੀ ਨਿਰਭਉ ਨੂੰ ਜਪ ਕੇ ਨਿਰਭਉ ਹੋ ਚੁੱਕੇ ਹਨ, ਪਰ ਜਗਤ ਦਾ ਇਹ ਸੰਸਾ ਭੀ ਜਗਤ-ਗੁਰੂ ਅਰਜਨ ਦੇਵ ਜੀ ਨੇ ਮੁਕਾ ਦਿੱਤਾ, ਜਦ ਕਿ ਉਹ ਜਹਾਂਗੀਰ ਦੇ ਹੁਕਮ ਨਾਲ ਮੁਰਤਜ਼ਾ ਖ਼ਾਨ ਦੀ ਨਿਗਰਾਨੀ ਹੇਠ ਲੋਹੇ ਦੀ ਤਪਾ ਕੇ ਸੁਰਖ਼ ਕੀਤੀ ਹੋਈ ਲੋਹ ’ਤੇ ਆਸਣ ਕਰਨ ਵਾਸਤੇ ਬੈਠ ਗਏ ਤੇ ਸਿਰ ਵਿੱਚ ਭੁੱਜਦਾ ਭੱਠ ਦਾ ਬਾਲੂ ਪੈਂਦਿਆਂ ਹੋਇਆਂ ਭੀ ਮੁਸਕ੍ਰਾਂਦੇ ਰਹੇ ਅਤੇ ਆਪਣੇ ਦਿਲੀ ਦੋਸਤ ਸਾਈਂ ਮੀਆਂ ਮੀਰ ਸਾਹਿਬ ਦੇ ਪੁੱਛਣ ’ਤੇ ਦੱਸਿਆ ਕਿ ਮੈਨੂੰ ਅੱਗ ਨਹੀਂ ਜਲਾ ਸਕਦੀ, ਕਿਉਂ ਜੁ ਮੇਰੇ ਅੰਦਰ ਅਮਰ ਪ੍ਰਭੂ ਦਾ ਨਿਵਾਸ ਹੈ।
ਚਾਰ ਤਰਫੋਂ ਅੱਗ ਬਰਸੇ, ਸੇਕ ਸੀ ਤਨ ਸਾੜਦਾ।
ਛਾਲੇ ਛਾਲੇ ਹੋ ਗਿਆ ਜੁੱਸਾ, ਸੱਚੀ ਸਰਕਾਰ ਦਾ।
ਸਾਈਂ ਮੀਆਂ ਮੀਰ ਡਿੱਠਾ ਹਾਲ ਆ ਜਦ ਯਾਰ ਦਾ।
ਉਹ ਹੋ ਵਿਆਕੁਲ ਰੋ ਪਿਆ, ਚੀਖੇ ਤੇ ਢਾਹੀਂ ਮਾਰਦਾ।
ਸੁਣ ਕਿਹਾ ਸਤਿਗੁਰ ਮੀਆਂ! ਛੋੜੋ ਪ੍ਰੀਤੀ ਚਾਮ ਸੇ।
ਕਿਆ ਹੂਆ ਤਨ ਤਪ ਰਹਾ ? ਹਮ ਸਾਂਤ ਹੈ ਹਰੀ ਨਾਮ ਸੇ।
ਇਸੇ ਹੀ ਪ੍ਰਭੂ ਦਰਸ਼ਨ ਦੇ ਨਸ਼ੇ ਵਿੱਚ ਕਬੀਰ ਸਾਹਿਬ ਨੇ ਰੱਜ ਕੇ ਕਿਹਾ, ‘‘ਮੈ ਨ ਮਰਉ; ਮਰਿਬੋ ਸੰਸਾਰਾ ॥ ਅਬ ਮੋਹਿ ਮਿਲਿਓ ਹੈ; ਜੀਆਵਨਹਾਰਾ ॥੧॥ ਰਹਾਉ ॥’’ (ਭਗਤ ਕਬੀਰ/੩੨੫)
ਕਿੱਥੋਂ ਤੱਕ ਦੱਸਦੇ ਜਾਈਏ, ਸੰਤ ਮਾਰਗ ਵਿੱਚ ਇਹ ਲੀਲ੍ਹਾ ਬੇਅੰਤ ਹੈ, ਕਿਸ ਕਿਸ ਵੱਲ ਤੱਕੀਏ, ਸੱਚ ਤਾ ਇਹ ਹੈ ਕਿ ਜਿਸ ਨੂੰ ਭੀ ਇਸ ਪ੍ਰੇਮ-ਰਸ ਦਾ ਸਵਾਦ ਆ ਗਿਆ ਹੈ, ਉਸ ਨੇ ਹੀ ਗੱਜ ਕੇ ਆਖ ਦਿੱਤਾ ਹੈ ਕਿ ਉਹ ਪ੍ਰਭੂ ਜੀ ਨੂੰ ਪ੍ਰਤੱਖ ਦੇਖ ਰਿਹਾ ਹੈ। ਕੋਈ ਆਦਮੀ ਭੀ ਇਹ ਕਹਿਣ ਦਾ ਹੱਕ ਨਹੀਂ ਰੱਖਦਾ ਕਿ ਇਹ ਸੂਲੀਆਂ ’ਤੇ ਖੇਡਣ ਵਾਲੇ, ਸਲੀਬਾਂ ’ਤੇ ਖਿੱਚੇ ਜਾਣ ਤੇ ਜ਼ਹਰ ਦੇ ਪਿਆਲੇ ਪੀ ਜਾਣ ਵਾਲੇ ਲੋਕ ਝੂਠੇ ਹਨ। ਉਨ੍ਹਾਂ ਨੂੰ ਜੋ ਝੂਠਾ ਕਹੇ, ਉਹ ਆਪ ਝੂਠਾ ਹੈ, ਜੋ ਭੁੱਲਾ ਕਹੇਗਾ, ਉਹ ਖ਼ੁਦ ਭੁੱਲਦਾ ਹੈ। ਇਨ੍ਹਾਂ ਇਸ਼ਕਬਾਜ਼ਾਂ ਨੂੰ ਤੱਕ ਕੇ ਹੀ, ਇਹ ਸਾਬਤ ਹੋ ਜਾਂਦਾ ਹੈ ਕਿ ਇਨ੍ਹਾਂ ਦੀ ਨਿਗਾਹ ਨੇ ਪ੍ਰਤੱਖ ਹੀ ਕੋਈ ਅਮਰ ਤੇ ਅਕਾਲ ਹਸਤੀ ਤੱਕੀ ਹੈ।
ਉਪਮਾਨ ਤਾ ਵਰਤਿਆ ਹੀ ਨਹੀਂ ਜਾ ਸਕਦਾ, ਕਿਉਂਕਿ ਨਾ ਕੋਈ ਉਸ ਜਿਹਾ ਹੈ ਤੇ ਨਾ ਉਸ ਨੂੰ ਕਿਸੇ ਦੀ ਉਪਮਾ ਦਿੱਤੀ ਜਾ ਸਕਦੀ ਹੈ। ਪਰਮ ਸੰਤ ਰਵਿਦਾਸ ਜੀ ਨੇ ਕਿਹਾ ਹੈ, ‘‘ਕਹਿ ਰਵਿਦਾਸ ! ਅਕਥ ਕਥਾ ਬਹੁ; ਕਾਇ ਕਰੀਜੈ ?॥ ਜੈਸਾ ਤੂ ਤੈਸਾ ਤੁਹੀ; ਕਿਆ ਉਪਮਾ ਦੀਜੈ ?॥’’ (ਭਗਤ ਰਵਿਦਾਸ/੮੫੮) ਇਸੇ ਤਰ੍ਹਾਂ ਹੀ ਪਰਮ ਸੰਤ ਸ਼ਮਸ ਤਬਰੇਜ਼ੀ ਕਹਿੰਦੇ ਹਨ :
ਆਫਾਕਹਾ ਗਰਦੀਦਾਅਮ ਮੇਹਰੇ ਬੁਤਾਂ ਵਰਜ਼ੀਦਾਅਮ।
ਬਿਸੀਆਰ ਖ਼ੂਬਾਂ ਦੀਦਾਅਮ, ਲੇਕਨ ਤੂੰ ਚੀਜ਼ੇ ਦੀਗਰੀ।
ਭਾਵ ਜਗਤ ਵਿੱਚ ਫਿਰ ਕੇ, ਮਨੁੱਖਾਂ ਦੀ ਸੱਤਾ ਤੱਕ ਕੇ ਤੇ ਬੇਅੰਤ ਸੁੰਦਰੀਆਂ ਵੇਖ ਕੇ ਭੀ ਇਹ ਕਹਿਣਾ ਪੈਂਦਾ ਹੈ ਕਿ ਤੂੰ ਕੋਈ ਹੋਰ ਸ਼ੈ ਹੈਂ। ਗੱਲ ਕੀ, ਨਾ ਕੋਈ ਹੋਰ ਹੈ ਤੇ ਨਾ ਉਸ ਨੂੰ ਕਿਸੇ ਦੀ ਉਪਮਾ ਦਿੱਤੀ ਜਾ ਸਕਦੀ ਹੈ।
ਬਾਕੀ ਰਹਿ ਜਾਂਦੀ ਹੈ ਗੱਲ ਪ੍ਰਤੱਖ ਹੋਣ ਦੀ, ਜੋ ਇਹ ਸਾਡੇ ’ਤੇ ਰੋਜ਼ ਵਾਪਰਦਾ ਰਹਿੰਦਾ ਹੈ। ਜੇ ਆਪੇ ’ਚ ਝਾਤੀ ਮਾਰ ਕੇ ਤੱਕੀਏ ਤਾਂ ਪਤਾ ਲੱਗਦਾ ਹੈ ਕਿ ਜੇ ਕਦੀ ਉਹ ਸਿਰ ’ਤੇ ਹੁੰਦਾ ਤਾਂ ਅਸੀਂ ਮਜਬੂਰ ਹੀ ਨਾ ਹੁੰਦੇ ਤੇ ਜੇ ਕਦੀ ਮਜਬੂਰ ਨਾ ਹੁੰਦੇ ਤਾਂ ਜਗਤ ਹੀ ਮਰਜ਼ੀ ਦਾ ਬਣਾ ਕੇ ਛੱਡਦੇ, ਪਰ ਅਸੀਂ ਉਮਰ ਭਰ ਤਦਬੀਰਾਂ ਕਰਦੇ ਰਹਿੰਦੇ ਹਾਂ ਤੇ ਉਸ ਦਾ ਇੱਕ ਹੀ ਇਸ਼ਾਰਾ, ਜਿਸ ਨੂੰ ਤਕਦੀਰ ਦਾ ਨਾਂ ਦਿੱਤਾ ਜਾਂਦਾ ਹੈ, ਪਲ ਵਿੱਚ ਉਨ੍ਹਾਂ ਨੂੰ ਮਿੱਟੀ ਵਿੱਚ ਮਿਲਾ ਦਿੰਦਾ ਹੈ। ਜੇ ਕਦੀ ਵਿਚਾਰ ਕਰੀਏ ਕਿ ਸਾਡਾ ਕੀਤਾ ਕਿਉਂ ਨਹੀਂ ਹੁੰਦਾ ਤਾਂ ਸਾਫ਼ ਜਵਾਬ ਮਿਲੇਗਾ ਕਿ ਕਰਣਹਾਰ ਕੋਈ ਹੋਰ ਹੈ, ਜੇ ਆਪਣੇ ਹੀ ਵੱਸ ਹੁੰਦਾ ਤਾਂ ਬਾਲਕ ਹੀ ਬਣੇ ਰਹਿੰਦੇ। ਨਾ ਕੋਈ ਜ਼ਿੰਮੇਵਾਰੀ, ਨਾ ਫ਼ਿਕਰ, ਨਾ ਚਿੰਤਾ, ਨਿਰਾ ਖਾਣਾ ਪੀਣਾ, ਹੱਸਣਾ, ਟੱਪਣਾ, ਸੌਣਾ; ਕਮਾਣਾ ਕਿਨ੍ਹੇ ਤੇ ਖਾਣਾ ਆਪ; ਥਥਲਾ ਕੇ ਬੋਲਣਾ ਤੇ ਪਿਆਰੇ ਲੱਗਣਾ, ਮਾੜਾ ਕਰਨਾ ਤੇ ਮਿੱਠੇ ਜਾਪਣਾ, ਭਲਾ ਜੇ ਇਹ ਨਾ ਸਹੀ, ਪਰ ਜੇ ਵੱਸ ਲੱਗਦਾ ਤਾਂ ਨਾ ਜਾਣ ਦਿੰਦੇ। ਇਹ ਖ਼ਿਜ਼ਾਬ ਲਾ ਲਾ ਚਿੱਟਿਆਂ ਨੂੰ ਕਾਲੇ ਕਰਨ ਦੇ, ਨਸ਼ੇ ਪੀ ਪੀ ਅੱਖਾਂ ਵਿੱਚ ਡੋਰੇ ਲੈ ਆਵਣ ਦੇ, ਯਤਨ ਕਾਹਦੇ ਲਈ ਨੇ, ਕੇਵਲ ਲੰਘ ਗਏ ਦਿਨਾਂ ਨੂੰ ਮੋੜ ਲਿਆਉਣ ਲਈ, ਗਈ ਜਵਾਨੀ ਨੂੰ ਫਿਰ ਮੁੜ ਝਲਕ ਦਿਖਾਉਣ ਦੀ ਮਿੰਨਤ, ਜੋ ਕਦੇ ਮੰਨੀ ਭੀ ਨਹੀਂ ਗਈ। ਪੱਲੇ ਧੂੰਦਿਆਂ ਜਵਾਨੀ ਖਿਸਕ ਗਈ ਤੇ ਬੂਹੇ ਢੋਂਦਿਆਂ ਢੋਂਦਿਆਂ ਬੁਢਾਪਾ ਬਦੋ-ਬਦੀ ਆ ਵੜਿਆ।
ਹਮ ਨੇ ਦੁਨੀਆ ਤਿਰੀ, ਮੌਲਾ ਮੇਰੇ ਫਾਨੀ ਦੇਖੀ।
ਹਰ ਚੀਜ਼ ਜਹਾਂ ਕੀ, ਆਨੀ ਜਾਨੀ ਦੇਖੀ।
ਜੋ ਆ ਕੇ ਨਾ ਜਾਏ, ਉਹ ਬੁਢਾਪਾ ਦੇਖਾ।
ਜੋ ਜਾ ਕੇ ਨਾ ਆਏ, ਉਹ ਜਵਾਨੀ ਦੇਖੀ।
ਜੇ ਆਪਣਾ ਵੱਸ ਹੁੰਦਾ ਤਾਂ ਜਵਾਨੀ ਨੂੰ ਕਿਉਂ ਜਾਣ ਦਿੰਦੇ ? ਬੁੜਾਪੇ ਨੂੰ ਬੂਹੇ ਕਿਉਂ ਵੜਨ ਦਿੰਦੇ ? ਪਰ ਵਸ ਕਿਸੇ ਹੋਰ ਦਾ ਸੀ। ਕਈ ਵੇਰ ਇਸ ਗ਼ੈਬੀ ਇਸ਼ਾਰੇ ਨੇ, ਰਾਣੇ ਰੰਕ ਤੇ ਰੰਕ ਰਾਉ ਕਰ ਦਿੰਦੇ। ਬਸਤੀਆਂ ਉਜਾੜੀਆਂ ਤੇ ਉਜਾੜਾਂ ਨੂੰ ਵਸਾ ਦਿੱਤਾ, ਭਲਾ ਅਸੀਂ ਜਿਸ ਨੂੰ ਇਤਫ਼ਾਕ (chance) ਕਹਿੰਦੇ ਹਾਂ, ਉਹ ਕੀ ਹੈ ? ਉਹਦਾ ਸਹੀ ਤਰਜਮਾ ਪੰਜਾਬੀ ਬੋਲੀ ਵਿੱਚ ਹੈ ‘ਰੱਬ ਸਬੱਬੀ’। ਹਕੀਕਤ ਵਿੱਚ ਹੀ ਸਾਡੀ ਤੌਫ਼ੀਕ (ਸ਼ਕਤੀ) ਤੋਂ ਪਰ੍ਹੇ, ਸਾਡੀ ਸਮਝ ਤੋਂ ਉੱਪਰ ਤੇ ਸਾਡੀ ਦ੍ਰਿਸ਼ਟੀ ਤੋਂ ਅਗੋਚਰ, ਜੋ ਕੁਝ ਹੋ ਰਿਹਾ ਹੈ, ਉਹ ਬਿਲਾ (ਬਿਨਾ)-ਵਜ੍ਹਾ ਨਹੀਂ, ਸਗੋਂ ‘ਰੱਬ ਸਬੱਬੀ’ ਹੈ। ਹਰ ਕਾਰਜ ਦਾ ਕਾਰਨ ਹੁੰਦਾ ਹੈ, ਹਰ ਬਣਤਰ ਲਈ ਸਬੱਬ ਹੈ, ਹਕੀਕਤ ਵਿੱਚ ਤਾਂ ਸਾਡੇ ਯਤਨਾਂ ਕਰਕੇ ਪੈਦਾ ਹੋਏ ਸਬੱਬ ਭੀ ‘ਰੱਬ ਸਬੱਬੀ’ ਹੀ ਹਨ। ਜੇ ਸਾਨੂੰ ਗ਼ੈਬ ਤੋਂ ਸ਼ਕਤੀ ਨਾ ਮਿਲੇ, ਅਸੀਂ ਸਬੱਬ ਕਿਸ ਤਰ੍ਹਾਂ ਪੈਦਾ ਕਰ ਸਕੀਏ। ਇਸ ਸਚਾਈ ਨੂੰ ਹੀ ਸੰਤ ਨਾਮਦੇਵ ਜੀ ਨੇ ਦਰਸਾਂਦਿਆਂ ਹੋਇਆਂ ਕਿਹਾ ਹੈ, ‘‘ਮੇਰਾ ਕੀਆ ਕਛੂ ਨ ਹੋਇ ॥ ਕਰਿ ਹੈ ਰਾਮੁ; ਹੋਇ ਹੈ ਸੋਇ ॥’’ (ਭਗਤ ਨਾਮਦੇਵ/੧੧੬੫) ਗੱਲ ਕੀ, ਚਾਹੇ ਸ਼ਬਦ ਨੂੰ ਮੰਨੀਏ, ਅਨੁਮਾਨ ਕਰ ਵੇਖੀਏ ਤੇ ਭਾਵੇਂ ਪ੍ਰਤੱਖ ਨੂੰ ਤੱਕੀਏ, ਸ੍ਰੀ ਅਕਾਲ ਪੁਰਖ ਦੀ ਹੋਂਦ ਹੈ ਤੇ ਹਰ ਸਮੇਂ ਹੈ। ਗੁਰੂ ਬਾਬੇ ਨਾਨਕ ਜੀ ਨੇ ਤਾਂ ਹੀ ਤੇ ਕਿਹਾ ਹੈ, ‘‘ਆਦਿ ਸਚੁ; ਜੁਗਾਦਿ ਸਚੁ ॥ ਹੈ ਭੀ ਸਚੁ, ਨਾਨਕ ! ਹੋਸੀ ਭੀ ਸਚੁ ॥੧॥’’ (ਜਪੁ)









