ਪਾਪ ਪੁੰਨ ਕੀ ਸਾਰ ਨ ਜਾਣੈ ..॥ (ਮ: ੧/੧੩੨੯)

0
530

ਪਾਪ ਪੁੰਨ ਕੀ ਸਾਰ ਨ ਜਾਣੈ ..॥ (ਮ: ੧/੧੩੨੯)

ਗੁਰਦੇਵ ਸਿੰਘ ਸੱਧੇਵਾਲੀਆ

ਪਾਪ-ਪੁੰਨ ਦੀ ਗੱਲ ਕਰ ਲਓ। ਇੱਕ ਲਈ ਗਾਂ ਦੀ ਪੂਜਾ ਕਰਨੀ ਪੁੰਨ ਹੈ ਅਤੇ ‘ਸਵਰਗ’ ਦੇ ਦਰਵਾਜੇ ਖੋਲ੍ਹ ਦਿੰਦੀ ਹੈ ਤੇ ਇੱਕ ਗਾਂ ਵੱਡ ਕੇ ਖਾ ਜਾਂਦੇ ਹਨ। ਪੁੰਨ ਤਾਂ ਕਿਧਰ ਰਿਹਾ ਉਨ੍ਹਾਂ ਲਈ ਗਾਂ ਵੱਡਣੀ ਵੀ ਕੋਈ ਪਾਪ ਨਹੀਂ। ਹੁਣ ਹਿੰਦੂ ਲਈ ਜਿਹੜਾ ਪੁੰਨ ਹੈ, ਮੁਸਲਮਾਨ ਜਾਂ ਵੈਸਟ ਲਈ ਕੋਈ ਪੁੰਨ ਨਹੀਂ। ਸੂਰ ਦਾ ਨਾਂ ਲੈਣਾ ਵੀ ਇੱਕ ਲਈ ਪਾਪ ਹੈ ਪਰ ਦੂਜਾ ਉਸ ਨੂੰ ਵੱਡ ਕੇ ਛਕਣ ਲੱਗਿਆ ਮਿੰਟ ਨਹੀਂ ਲਾਉਂਦਾ।

ਡਿਸਕਵਰੀ ਉੱਪਰ ਜੰਗਲ ਦੀ ਜਿੰਦਗੀ ਬਾਰੇ ਆ ਰਿਹਾ ਸੀ। ਸ਼ੇਰ ਇਕ ਬੜੇ ਨਾਜੁਕ ਜਿਹੇ ਹਿਰਨ ਦੀ ਧੌਣ ਮਰੋੜ ਰਹੇ ਸਨ। ਇੱਕ ਤਗੜਾ ਸੰਢਾ ਕਈਆਂ ਸ਼ੇਰਾਂ ਨੇ ਫੜਿਆ ਹੋਇਆ ਸੀ। ਕੋਈ ਧੌਣ ਨੂੰ, ਕੋਈ ਸ਼ਾਹ ਰਗ ਨੂੰ ਤੇ ਕੋਈ ਉਸ ਦੀ ਪਿੱਠ ’ਤੇ ਚੜ੍ਹਿਆ ਉਸ ਦੀਆਂ ਲੀਰਾਂ ਕਰੀ ਜਾ ਰਿਹਾ ਸੀ। ਦੇਖਣ ਵਾਲੇ ਦੀ ਹਮਦਰਦੀ ਕੁਦਰਤੀਂ ਮਾਰੇ ਜਾਣ ਵਾਲੇ ਨਾਲ ਹੋਣੀ ਹੈ। ਪਤਨੀ ਮੇਰੀ ਕਹਿਣ ਲੱਗੀ ਕਿ ਦੇਖੋ ਕਿਵੇਂ ਇਸ ਗਰੀਬ ਦੀ ਸੰਘੀ ਮਰੋੜੀ ਜਾ ਰਹੀ ਹੈ, ਜੇ ਕੋਈ ਇਨ੍ਹਾਂ ਦੀ ਮਰੋੜੇ ?

ਕਮਲੀਏ ! ਤੂੰ ਖਾਹ-ਮਖਾਹ ਪ੍ਰੇਸ਼ਾਨ ਨਾ ਹੋ ਇਨ੍ਹਾਂ ਨੂੰ ਕਿਹੜਾ ਕਿਸੇ ਪੀਜਾ-ਬਰਗਰ ਬਣਾ ਕੇ ਦੇਣਾ, ਇਨ੍ਹਾਂ ਨੇ ਇਹੀ ਖਾਣੈ। ਇੱਥੇ ਹਰੇਕ ਜੀਵ ਦੂਜੇ ਜੀਵ ਉੱਪਰ ਨਿਰਭਰ ਹੈ। ਜੇ ਇਹ ਇਸ ਨੂੰ ਨਾ ਖਾਣ ਤਾਂ ਆਪ ਮਰਨਗੇ। ਵੱਡੀ ਮੱਛੀ ਛੋਟੀ ਨੂੰ ਨਾ ਖਾਵੇ ਤਾਂ ਉਹ ਜਿਉਂਦੀ ਨਹੀਂ ਰਹਿ ਸਕਦੀ।

ਅਸੀਂ-ਤੁਸੀਂ ਸਾਰੇ ਹੀ ਕਿਸੇ ਨਾ ਕਿਸੇ ਰੂਪ ਵਿਚ ਕਿਸੇ ਦੂਜੇ ਉੱਪਰ ‘ਪਾਪ’ ਕਰ ਕੇ ਹੀ ਜੀਵਤ ਹਾਂ।

ਲੈ ਆਪਾਂ ਕਿਸੇ ਨੂੰ ਵੱਡ ਕੇ ਥੋੜੋਂ ਖਾਂਦੇ ਹਾਂ। ਅਸੀਂ ਭਲਾ ਜੀਵਾਂ ਨੂੰ ਕੀ ਦੁੱਖ ਦਿੰਦੇ ਹਾਂ..?

ਮੈ ਤਾਂ ਹਾਲੇ ਬੋਲਿਆ ਨਹੀਂ ਮੇਰਾ ਬੇਟਾ ਬੋਲ ਪਿਆ।

ਮਾਂ ! ਤੁਸੀਂ ਹਾਲੇ ਕੱਲ ਕਹਿ ਰਹੇ ਸੀ ਦਵਾਈ ਪਾਉਣੀ, ਮੈਨੂੰ ਘਰ ਅੰਦਰ 3-4 ਕੀੜੀਆਂ ਦਿੱਸੀਆਂ ਹਨ..?

ਲੈ ਉਹ ਤਾਂ ਅਪਣਾ ਨੁਕਸਾਨ ਕਰਦੀਆਂ ਹਨ! ਪਰ ਮਕਸਦ ਤਾਂ ਅਪਣੇ ਆਪ ਨੂੰ ਬਚਾਉਣਾ ਹੀ ਏ ਨਾ। ਪਰ ਆਪਾਂ ਕੀੜੀਆਂ ਖਾਂਦੇ ਥੋੜੋਂ ਆਂ। ਮਾਰ ਕੇ ਤਾਂ ਸੁੱਟਦੇ ਹਾਂ। ਪਰ ਚਲੋ ਆਪਾਂ ਜਾਨੋਂ ਵੀ ਨਹੀਂ ਮਾਰਦੇ ਪਰ ਮੈਨੂੰ ਯਾਦ ਏ ਬਾਪੂ ਮੇਰਾ ਗੱਡਾ ਕਣਕ ਦਾ ਸ਼ਹਿਰ ਲੈ ਕੇ ਜਾਂਦਾ ਹੁੰਦਾ ਸੀ ਗੱਡੇ ਦੇ ਇੱਕ ਪਾਸੇ ਸੰਢਾ ਜੁੱਪਿਆ ਹੁੰਦਾ ਸੀ ਤੇ ਰਾਹ ਵਿੱਚ ਇਕ ਨਹਿਰ ਦਾ ਪੁਲ ਅਤੇ ਦੂਜਾ ਫਾਟਕ ਵਾਲੀ ਚੜ੍ਹਾਈ ਪੈਂਦੀ ਸੀ ਉਸ ਵੇਲੇ ਉੱਪਰੋਂ ਗੱਡਾ ਕਣਕ ਦਾ ਲੱਦਿਆ, ਦੂਜਾ ਚੜ੍ਹਾਈ ਤੇ ਤੀਜਾ ਉੱਪਰੋਂ ਬੈਂਤ ਦੀ ਪਰਾਣੀ ਤੇ ਜਦ ਬਾਅਦ ਦੁਪਹਿਰ ਖਾਲੀ ਗੱਡਾ ਘਰ ਮੁੜਦਾ ਸੀ ਤਾਂ ਸੰਡੇ ਵਿਚਾਰੇ ਦਾ ਮਾਸ ਪਿੰਡੇ ਤੋਂ ਉੱਡਿਆ ਹੁੰਦਾ ਸੀ। ਉਹ ਜੀਅ ਤੇ ਜੁਲਮ ਨਹੀਂ ਸੀ? ਇਕੇ ਵਾਰ ਮਾਰ ਦੇਣਾ ਵੱਡਾ ‘ਪਾਪ’ ਏ ਜਾਂ ਰੋਜ਼ਾਨਾ ਹਲਾਲ ਕਰਨਾ? ਹੁਣ ਤਾਂ ਚਲੋ ਮਸ਼ੀਨਰੀ ਆ ਗਈ ਪਰ ਹਾਲੇ ਕੱਲ ਦੀਆਂ ਗੱਲਾਂ ਹਲੇ ਜੁੱਤੇ ਪਸ਼ੂਆਂ ਦਾ ਸਾਡੇ ਬਜ਼ੁਰਗ ਕੀ ਹਾਲ ਕਰਦੇ ਸਨ। ਬੇਸ਼ਕ ਉਹ ਜਾਣ ਬੁਝ ਕੇ ਨਹੀਂ ਸਨ ਕਰਦੇ ਪਰ ਅਪਣੇ ਜੀਉਣ ਲਈ ਉਨ੍ਹਾਂ ਨੂੰ ਇਹ ‘ਜੁਲਮ’ ਕਰਨਾ ਹੀ ਪੈਂਦਾ ਸੀ।

ਸਾਡੇ ਗੁਆਢੀ ਕੋਲ ਇੱਕ ਖੋਤੀ ਹੁੰਦੀ ਸੀ। ਸੀ ਉਹ ਮਾੜੀ ਪਰ ਪੰਡ ਚਰ੍ਹੀ ਦੀ ਉਹ ਭਾਰੀ ਲੱਦ ਦਿੰਦਾ ਸੀ ਤੇ ਖੋਤੀ ਬਹੁਤੀ ਵਾਰੀ ਰਾਹ ਵਿੱਚ ਹੀ ਬੈਠ ਜਾਂਦੀ ਸੀ ਤੇ ਗੁਆਂਢੀ ਢਾਹ-ਢਾਹ ਕੇ ਉਸ ਦੀ ਛਿੱਲ ਲਾਹੁੰਦਾ ਹੁੰਦਾ ਸੀ। ਸਾਡਾ ਇੱਕ ਗੁਆਂਢੀ ਕਿਸੇ ਸਾਧ ਦਾ ਚੇਲਾ ਸੀ ਉਹ ਵੀ ਜੀਵਾਂ ਦੇ ਵੱਡ ਵੱਡਈਏ ਤੇ ਬੜਾ ਨੱਕ ਫੜਦਾ ਪਰ ਉਸ ਕੋਲ ਬੂਰਾ ਸੰਢਾ ਹੁੰਦਾ ਸੀ ਤੇ ਉਸ ਦੀ ਹਾਲਤ? ਇੱਕ ਊਠਣੀ ਹੁੰਦੀ ਸੀ ਉਸ ਕੋਲ ਪਿੰਡੋਂ ਰੂੜੀ ਲੱਦਣੀ ਤੇ ਖੇਤੋਂ ਚਰ੍ਹੀ ਜਾਂ ਕਣਕ ਲੱਦ ਲਿਆਉਣੀ। ਸ਼ਾਮ ਤੱਕ ਉਸ ਤੁਰਨਾ ਨਾ ਤੇ ਆਖਰ ਕਈ ਚਿਰ ‘ਲੇਖਾ’ ਦਿੰਦੀ ਅਰੜਾਂਦੀ ਹੀ ਉਹ ਮਰ ਗਈ ਜਾਂ ਮਾਰ ਦਿੱਤੀ ਗਈ।

ਅਸੀਂ ਜਿੰਮੀਦਾਰੇ ਨਾਲ ਸਬੰਧਤ ਹਾਂ ਅਸੀਂ ਆਪਣੇ ਬਚਣ ਲਈ ਜਾਨਵਰਾਂ ਉੱਪਰ ਜੁਲਮ ਕਰਦੇ ਰਹੇ ਹਾਂ। ਇਸ ਨੂੰ ਕਿਹੜੇ ਪਾਪ ਦੇ ਖਾਤੇ ਜਾਂ ਜੀਵ ਹੱਤਿਆ ਦੇ ਖਾਤੇ ਪਾਵਾਂਗੇ। ਪਰ ਸਾਨੂੰ ਅਪਣੇ ਜੀਉਣ ਲਈ ਕਿਸੇ ਦੂਜੇ ਉੱਪਰ ‘ਜੁਲਮ’ ਕਿਸੇ ਨਾ ਕਿਸੇ ਰੂਪ ਵਿੱਚ ਕਰਨਾ ਹੀ ਪੈਣਾ ਹੈ। ਹੁਣ ਅਸੀਂ ਸਿੱਧੇ ਨਹੀਂ ਪਰ ਅਸਿਧੇ ਤੌਰ ’ਤੇ ਜੀਆਂ ਉੱਪਰ ਜੁਲਮ ਕਰਦੇ ਹਾਂ। ਮੇਰੇ ਤੱਕ ਜਿਹੜੀ ਕਣਕ ਦਾ ਆਟਾ ਪਹੁੰਚਦਾ ਹੈ ਉਹ ਪਤਾ ਨਹੀਂ ਕਿੰਨੇ ਜੀਆਂ ਉੱਪਰ ਜੁਲਮ ਹੋ ਕੇ ਮੇਰੇ ਤੱਕ ਪਹੁੰਚਦਾ ਹੈ। ਜਮੀਨ ਨੂੰ ਵਹੁਦਿਆਂ ਹੀ ਪਤਾ ਨਹੀਂ ਧਰਤੀ ਵਿਚ ਪਲ ਰਹੇ ਕਿੰਨੇ ਜੀਵ-ਜੰਤ ਬਾਹਰ ਆ ਕੇ ਮਰ ਜਾਂਦੇ ਹਨ ਜਾਂ ਦੂਜੇ ਜੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਕਣਕ ਉੱਪਰ ਪਾਈਆਂ ਗਈਆਂ ਸਪਰੇਆਂ ਪਤਾ ਨਹੀਂ ਕਿੰਨੇ ਜੀਵਾਂ ਦੀ ਮੌਤ ਦਾ ਕਾਰਨ ਬਣਦੀਆਂ ਹਨ। ਚੌਲ ਪੈਦਾ ਕਰਨ ਲਈ ਕਿੰਨੇ ਜੀਆਂ ਦਾ ਕਤਲ ਹੁੰਦਾ ਹੈ। ਖੰਡ-ਗੁੜ ਮੈਂ ਰੋਜਾਨਾ ਵਰਤਦਾ ਹਾਂ ਕਮਾਦ ਨੂੰ ਲਗੇ ਪਤਾ ਨਹੀਂ ਕਿੰਨੇ ਚੂਹਿਆਂ ਨੂੰ ਮੈਨੂੰ ਮੌਤ ਦੇ ਘਾਟ ਉਤਾਰਨਾ ਪੈਂਦਾ ਹੈ। ਦੁੱਧ ਮੈਂ ਰੋਜਾਨਾ ਵਰਤਦਾ ਹਾਂ। ਮਾਂ ਦਾ ਦੁੱਧ ਉਸ ਦੇ ਬੱਚੇ ਦੇ ਮੂੰਹ ਵਿੱਚੋਂ ਕੱਢ ਕੇ ਮੈਂ ਆਪਣੇ ਬੱਚਿਆਂ ਦੇ ਮੂੰਹ ਪਾਉਂਦਾ ਹਾਂ। ਮੈਨੂੰ ਯਾਦ ਏ ਮੱਝ ਦੀ ਕੱਟੀ ਹੋਣੀ ਤਾਂ ਬੱਚ ਜਾਣੀ ਪਰ ਕੱਟਾ ਕਦੇ ਘੱਟ-ਵੱਧ ਹੀ ਬੱਚਿਆ ਸੀ, ਕਾਰਨ ਕਿ ਕੱਟੇ ਦੀ ਲੋੜ ਨਾ ਹੋਣ ਕਾਰਨ ਉਸ ਨੂੰ ਦੁੱਧ ਨਹੀਂ ਸੀ ਛੱਡਿਆ ਜਾਂਦਾ ਤੇ ਉਹ ਭੁੱਖੋਂ ਹੀ ਤੜਫ ਤੜਫ ਕੇ ਮਰ ਜਾਂਦਾ ਸੀ ਯਾਨੀ ਮਾਰ ਦਿੱਤਾ ਜਾਂਦਾ ਸੀ।

ਅੱਜ-ਕੱਲ ਦਵਾਈਆਂ ਟੀਕੇ ਹਰੇਕ ਦੂਜਾ-ਤੀਜਾ ਵਰਤਦਾ ਉਹ ਕਾਹਦੇ ਬਣਦੇ? ਬਹੁਤੀਆਂ ਦਵਾਈਆਂ ਅਤੇ ਟੀਕੇ ਜੀਦੇਂ ਜੀਵਾਂ ਦੀ ਚਰਬੀ, ਮਿਹਦੇ ਜਾਂ ਲਹੂ ਮਿੱਝ ਤੋਂ ਜਾਂ ਕਿਸੇ ਹੋਰ ਅੰਗ ਤੋਂ ਬਣਦੀਆਂ ਹਨ ਪਰ ਮਰਨ ਲਗਾ ਕੌਣ ਨਹੀਂ ਵਰਤਦਾ ਉਨ੍ਹਾਂ ਨੂੰ ? ਮੇਰਾ ਇੱਕ ਰਿਸ਼ਤੇਦਾਰ ਏ ਉਹ ਮੱਛੀ ਦੇ ਕੈਪਸੂਲ ਰੋਜ਼ਾਨਾ ਵਰਤਦਾ ਹੈ ਉਝ ਉਹ ਵੈਸਨੋ ਹੈ। ਮੈਂ ਕਿਹਾ ਇਹ ਵੀ ਮੱਛੀ ਨੂੰ ਮਾਰ ਕੇ ਹੀ ਬਣਾਏ ਜਾਂਦੇ ਹਨ। ਉਹ ਕਹਿੰਦਾ ਲੈ ਵੇਖ ਕੇ ਮੱਖੀ ਥੋੜੋਂ ਨਿਗਲ ਹੁੰਦੀ। ਹੁਣ ਇਸ ਦਾ ਕੀ ਜਵਾਬ ਹੈ। ਆਪਣੇ ਆਪ ਨੂੰ ਬਚਾਉਣ ਲਈ ਦੂਜੇ ਨੂੰ ਮੈਨੂੰ ਮਾਰਨਾ ਹੀ ਪਵੇਗਾ !! ਸੱਪ ਦੀ ਜ਼ਹਿਰ ਪਤਾ ਹੀ ਨਹੀਂ ਕਿੰਨੀਆਂ ਦਵਾਈਆਂ ਵਿੱਚ ਪੈਂਦੀ ਹੈ ਪਰ ਕੀ ਸੱਪ ਭਲਮਾਣਸੀ ਨਾਲ ਹੀ ਜ਼ਹਿਰ ਦੇ ਦਿੰਦਾ ਹੈ ?

ਮੁਰਗੇ ਵੱਡਣਾ ਜੇ ਪਾਪ ਹੈ ਤਾਂ ਚੂਹੇ ਨੂੰ ਮਾਰਨਾ ਪੁੰਨ ਕਿਵੇਂ ਹੋਇਆ ? ਸੁੰਡੀਆਂ, ਕਾਕਰੋਚ, ਕੀੜੀਆਂ, ਸੱਪ, ਠੂੰਹੇਂ ਆਦਿ ਉਹ ਵੀ ਤਾਂ ਜੀਵ ਹਨ। ਦਰਅਸਲ ਦੋਹਾਂ ਰੂਪਾਂ ਵਿਚ ਹੀ ਬਚਾਉਣਾ ਮੈਂ ਆਪਣੇ ਆਪ ਨੂੰ ਹੀ ਚਾਹੁੰਦਾ ਹਾਂ। ਇਕ ਨੂੰ ਮਾਰਨ ਵੇਲੇ ਮੇਰੀ ਹੋਰ ਦਲੀਲ ਹੈ, ਦੂਜੇ ਲਈ ਹੋਰ। ਇਕ ਨੂੰ ਮਾਰਨ ਲਈ ਲਫਜ ਮੈ ਆਪਣੀ ਹਿਫਾਜਤ ਜਾਂ ‘ਐਕਸੀਡੈਂਟ’ ਘੜ ਲੈਂਦਾ ਹਾਂ ਦੂਜੇ ਲਈ ਪਾਪ। ਯਾਨੀ ਪਾਪ ਅਤੇ ਪੁੰਨ ਮੇਰੇ ਮਨ ਦੀਆਂ ਖੇਡਾਂ ਹਨ। ਜਿਹੜੀ ਗੱਲ ਮੈਨੂੰ ਜਾਂ ਮੇਰੇ ਮਿਲੇ ਸੰਸਕਾਰਾਂ ਨੂੰ ਚੰਗੀ ਨਹੀਂ ਲੱਗਦੀ ਉਸ ਨੂੰ ਮੈਂ ਪਾਪ ਕਹਿ ਲੈਂਦਾ ਹਾਂ ਦੂਜੀ ਨੂੰ ਪੁੰਨ। ਜੈਨੀ ਲਈ ਖੁਲ੍ਹੀ ਹਵਾ ਵਿਚ ਸਾਹ ਲੈਣਾ ਵੀ ਪਾਪ ਹੈ, ਪਾਣੀ ਨਾਲ ਨਾਹੁਣਾ ਵੀ ਪਾਪ ਹੈ, ਖੁਲ੍ਹੇ ਮੂੰਹ ਰਹਿਣਾ ਵੀ ਪਾਪ ਹੈ ਪਰ ਆਮ ਬੰਦੇ ਲਈ ਕੋਈ ਪਾਪ ਨਹੀਂ। ਸਿੱਖਾਂ ਵਿੱਚ ਅਜਿਹੇ ਗਰੁੱਪ ਵੀ ਹਨ ਉਨ੍ਹਾਂ ਨੂੰ ਗੁਰੂ ਘਰੋਂ ਪ੍ਰਸਾਦ ਲੈਣਾ ਵੀ ‘ਪਾਪ’ ਹੈ, ਆਪਣੇ ਵਰਗੇ ਦੁਮਾਲਿਆਂ ਵਾਲਿਆਂ ਤੋਂ ਬਿਨਾ ਪ੍ਰਸਾਦਾ ਛਕਣਾ ਵੀ ‘ਪਾਪ’ ਹੈ, ਉਹ ਬਾਹਰ ਗਏ ਵੀ ਅਪਣੇ ਹੀ ਲੋਹੇ ਦੇ ਬਾਟੇ ਖੜਕਾਉਂਦੇ ਸਾਹੋ ਸਾਹੀ ਹੋਏ ਫਿਰਦੇ ਰਹਿੰਦੇ ਹਨ, ਸਾਰਾ ਜੋਰ ਉਨ੍ਹਾਂ ਦਾ ‘ਆਪਣਾ’ ਕੜਾਹ ਪ੍ਰਸਾਦ ਬਣਾਉਣ ਤੇ ਹੀ ਲੱਗਾ ਹੁੰਦੈ। ਹੁਣ ਕੀ ਆਮ ਸਿੱਖ ਵੀ ਇਸ ਨੂੰ ‘ਪਾਪ’ ਹੀ ਮੰਨੇ ਤੇ ਹਰੇਕ ਆਪਣੇ ਆਪਣੇ ਬਾਟੇ ਖੜਕਾਉਂਦਾ ਤੁਰਿਆ ਫਿਰੇ ਕਿ ਮੈਂ ਪੁੰਨ ਦਾ ਕੰਮ ਕਰ ਰਿਹਾਂ ਹਾਂ !

ਇਸ ਤੋਂ ਵੱਡਾ ਪਾਪ ਕਿਹੜਾ ਹੈ ਜਿਹੜਾ ਚੋਲਿਆਂ ਵਾਲੇ ਚੂਹੜੇ-ਚਮਾਰ ਦੇ ਨਾਂ ’ਤੇ ਕਰਦੇ ਹਨ। ਇਕ ਬੰਦੇ ਨੂੰ ਤੁਸੀਂ ਕੁੱਤਿਆਂ ਵਾਂਗ ਦੁਰਕਾਰ ਦਿਓ ਕੀ ਇਹ ਪੁੰਨ ਹੈ? ਕਦੇ ਕਿਸੇ ਨੇ ਉਸ ਦਾ ਬਾਟਾ ਅੱਡ ਲਾਉਣ ਲੱਗਿਆਂ ਜਾਂ ਪੰਗਤ ਅਲਹਿਦਾ ਕਰਨ ਲੱਗਿਆਂ ਉਸ ਦੇ ਮਨ ਅੰਦਰ ਦੀ ਪੀੜਾ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ? ਇੱਕ ਮਨੁੱਖੀ ਮਨ ਉੱਪਰ ਤੁਸੀਂ ਆਪਣੇ ਉੱਚੇ ਹੋਣ ਦਾ ‘ਬੁਲਡੋਜਰ’ ਫੇਰ ਕੇ ਉਸ ਨੂੰ ਤੜਫਦਾ ਕਰ ਦਿਓ, ਕੀ ਇਹ ਮੁਰਗਾ ਵੱਡਣ ਨਾਲੋਂ ਘੱਟ ਪਾਪ ਹੈ ? ਇਕ ਲੋਹੇ ਦੇ ਬਾਟੇ ਵਾਲਾ ਜਦ ਦੂਜੇ ਗੁਰਸਿੱਖ ਦੇ ਘਰੋਂ ਉਸ ਦੇ ਪਿਆਰ ਨਾਲ ਪੱਕੇ ਪ੍ਰਸ਼ਾਦੇ ਨੂੰ ਠੁੱਡਾ ਮਾਰ ਕੇ ਲੰਘ ਜਾਏ, ਕੀ ਇਹ ਪਾਪ ਨਹੀਂ? ਉਸ ਦੇ ਘਰੋਂ ਮਿਲੇ ਪ੍ਰਸ਼ਾਦ ਨੂੰ ਹੀ ਚਿੜੀਆਂ ਨੂੰ ਪਾ ਦਏ ਜਾਂ ਗਾਰਗੇਜ ਕਰ ਦਏ ਕਦੇ ਸੋਚਿਆ ਕੇ ਉਸ ਦੇ ਮਨ ਦੀ ਕੀ ਹਾਲਤ ਹੁੰਦੀ ਹੋਵੇਗੀ, ਕੀ ਇਹ ਪੁੰਨ ਦਾ ਕੰਮ ਹੈ ? ਅਸੀਂ ਕੌਮ ਦੇ ਵੱਧਣ-ਫੁੱਲਣ ਦੇ ਰਾਹ ਬੰਦ ਕਰ ਰਹੇ ਹਾਂ ਓਸ ਕੌਮ ਦੇ ਜਿਸ ਖਾਤਰ ਗੁਰੂ ਸਾਹਿਬਾਨਾਂ, ਸਿੱਖ ਸੂਰਬੀਰਾਂ ਯੋਧਿਆਂ ਹਿੱਕਾਂ ਡਾਹੀਆਂ, ਪੁੱਠੀਆਂ ਖੱਲਾਂ ਲੁਹਾਈਆਂ, ਆਰਿਆਂ ਹੇਠ ਸਿਰ ਦਿੱਤੇ ਕੀ ਇਹ ਘੋਰ ਪਾਪ ਨਹੀਂ ?

ਸਾਡਾ ਇਹ ਪਾਪ ਪੁੰਨ ਦਾ ਸਿਲਸਿਲਾ ਉਸ ਬਣੀਏ ਵਰਗਾ ਹੈ ਜਿਹੜਾ ਕੀੜੀਆਂ ਨੂੰ ਤਾਂ ਸਵੇਰੇ ਸਵੇਰੇ ਆਟਾ-ਚੌਲ ਪਾ ਕੇ ਪੁੰਨ ਕਰ ਰਿਹੈ ਪਰ ਮਨੁੱਖ ਨਾਲ ਸ਼ੂਦਰ ਕਹਿ ਕੇ ਕੁੱਤਿਆਂ ਨਾਲੋਂ ਵੀ ਭੈੜਾ ਸਲੂਕ ਕਰ ਰਿਹੈ। ਗਾਂ ਦੀ ਤਾਂ ਪੂਜਾ ਕਰ ਰਿਹੈ ਉਸ ਲਈ ਗਊਸ਼ਾਲਾ ਖੋਲ੍ਹੀ ਫਿਰਦੈ, ਮਹਿੰਗੇ ਪੱਠੇ ਖਰੀਦ ਕੇ ਪਾ ਰਿਹੈ, ਉਸ ਉੱਪਰ ਝੁੱਲ ਦੇ ਰਿਹੈ ਪਰ ਉਸੇ ਗਊਸ਼ਾਲਾ ਦੇ ਸਾਹਵੇਂ ਇੱਕ ਮਨੁੱਖ ਭੁੱਖਾ, ਯੱਖ ਠੰਦ ਵਿੱਚ ਫੁੱਟਪਾਥ ’ਤੇ ਗੋਡਿਆਂ ਵਿੱਚ ਸਿਰ ਦਈ ਪਿਆ ਹੈ ਉਸ ਨਾਲ ਉਸ ਦੀ ਕੋਈ ਹਮਦਰਦੀ ਨਹੀਂ।

ਯਾਦ ਰਹੇ ਕਿ ਘਾਹ ਖਾਣੇ ਜੀਵ ਹਮੇਸ਼ਾਂ ਮਾਸ ਖਾਣਿਆਂ ਦਾ ਸ਼ਿਕਾਰ ਹੁੰਦੇ ਰਹੇ ਨੇ। ਇਹੀ ਹਾਲ ਤੁਸੀਂ ਕੌਮਾਂ ਵਿੱਚ ਦੇਖ ਸਕਦੇ ਹੋਂ। ਚੌਲ ਖਾਣੀਆਂ ਕੌਮਾਂ ਸ਼ਿਕਾਰ ਕਰਦੀਆਂ ਨਹੀਂ ਬਲਕਿ ਸ਼ਿਕਾਰ ਹੁੰਦੀਆਂ ਰਹੀਆਂ ਹਨ! ਨਹੀਂ ?