ਸੋ ਤੋ ਵਾਹਗੁਰੂ ਵਾਹਗੁਰੂ ਵਾਹ ਗੁਰੂ ਜੀ ਕਾ ਖਾਲਸਾ॥
ਗਿਆਨੀ ਬਲਜੀਤ ਸਿੰਘ ਰੋਪੜ
ਖ਼ਾਲਸਾ ਦਾ ਅਰਥ ਹੈ ‘ਸ਼ੁੱਧ ਪਵਿੱਤਰ’ ਯਾਨੀ ਕਿ ਸਿੱਧਾ ਅਕਾਲ ਪੁਰਖ ਨਾਲ ਸੰਬੰਧ ਰੱਖਣ ਵਾਲਾ ਖ਼ਾਲਸਾ, ਜੋ ਅਕਾਲ ਪੁਰਖ ਕੀ ਫ਼ੌਜ ਹੋਣ ਕਰਕੇ ਪਰਮਾਤਮਾ ਕੀ ਮੌਜ ਵਿੱਚ ਹੀ ਜੀਵਨ ਜਿਉਂਦਾ ਹੈ। ਪਰਮਾਤਮਾ ਕੀ ਮੌਜ ਦਾ ਭਾਵ ਹੈ ਅਕਾਲ ਪੁਰਖ ਦੇ ਭਾਣੇ ਵਿੱਚ ਰਹਿਣ ਵਾਲਾ ਅਕਾਲੀ ਹੁਕਮਾਂ ਕੀ ਪਾਲਣਾ ਕਰਨ ਵਾਲਾ ਕਿਉਂਕਿ ਗੁਰਮਤਿ ਦਾ ਸਿਧਾਂਤ ਹੀ ‘‘ਹੁਕਮਿ ਰਜਾਈ ਚਲਣਾ..॥’’ (ਜਪੁ) ਤੋਂ ਸ਼ੁਰੂ ਹੁੰਦਾ ਹੈ। ਸਾਡੀ ਮਨੁੱਖੀ ਜ਼ਿੰਦਗੀ ਦੀ ਹਾਲਤ ‘‘ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ; ਕਾਲਾ ਹੋਆ ਸਿਆਹੁ ॥’’ (ਮਹਲਾ ੩/੬੫੧) ਦੇ ਪ੍ਰਭਾਵ ਥੱਲੇ ‘‘ਲਿਵ ਛੁੜਕੀ ਲਗੀ ਤ੍ਰਿਸਨਾ.. ॥’’ (ਮਹਲਾ ੩/੯੨੧) ਦੀ ਅੱਗ ’ਚ ਸੜਦੀ ਰਹਿੰਦੀ ਹੈ। ਅਜਿਹੀ ਅਵਸਥਾ ਵਿੱਚ ਪਾਪਾਂ ਦੀ ਕਾਲ਼ਖ਼ ਤੋਂ ਬਚਣ ਲਈ ‘‘ਸਤਿਗੁਰ ਕੈ ਜਨਮੇ; ਗਵਨੁ ਮਿਟਾਇਆ ॥’’ (ਮਹਲਾ ੧/੯੪੦) ਹੀ ਸਹੀ ਰਸਤਾ ਹੈ। ਜਿਹੜਾ ਜਗਿਆਸੂ ‘‘ਗੁਰ ਕਾ ਸਬਦੁ ਰਖਵਾਰੇ ॥ ਚਉਕੀ ਚਉਗਿਰਦ ਹਮਾਰੇ ॥’’ (ਮਹਲਾ ੫/੬੨੬) ਅਨੁਸਾਰ ਗੁਰੂ ਹੁਕਮਾਂ ਨੂੰ ਕਮਾ ਕੇ ਜੀਵਨ ਜਿਉਂਦਾ ਹੈ, ਉਸ ਨੂੰ ਪ੍ਰਤੀਤ ਹੋ ਜਾਂਦੈ ਹੈ ਕਿ ‘‘ਤਾਤੀ ਵਾਉ ਨ ਲਗਈ; ਪਾਰਬ੍ਰਹਮ ਸਰਣਾਈ ॥ ਚਉਗਿਰਦ ਹਮਾਰੈ ਰਾਮ ਕਾਰ; ਦੁਖੁ ਲਗੈ ਨ ਭਾਈ !॥’’ (ਮਹਲਾ ੫/੮੧੯) ਉਹ ਕਹਿ ਉਠਦਾ ਹੈ, ‘‘ਤੂੰ ਪਿੰਜਰੁ; ਹਉ ਸੂਅਟਾ ਤੋਰ ॥ ਜਮੁ ਮੰਜਾਰੁ; ਕਹਾ ਕਰੈ ਮੋਰ ? ॥’’ (ਭਗਤ ਕਬੀਰ/੩੨੩) ਪਦ ਅਰਥ : ਹਉ ਸੂਅਟਾ ਤੋਰ- ਮੈਂ ਤੇਰਾ ਤੋਤਾ ਹਾਂ, ਮੋਰ- ਮੇਰਾ।
ਬਸ, ਗੁਰੂ ਜਾਂ ਪ੍ਰਭੂ ਦੇ ਦਰ ’ਤੇ ਪ੍ਰਵਾਣ ਹੋਣ ਲਈ ਇੱਕੋ ਪੈਮਾਨਾ ਹੈਸ ‘‘ਹੁਕਮਿ ਮੰਨਿਐ ਹੋਵੈ ਪਰਵਾਣੁ; ਤਾ ਖਸਮੈ ਕਾ ਮਹਲੁ ਪਾਇਸੀ ॥’’ (ਮਹਲਾ ੧/੪੭੧) ਹਰ ਨਾਨਕ ਨਾਮ ਲੇਵਾ ਅਤੇ ਸਿੱਖ ਜਗਤ; ਦਸਮ ਪਾਤਿਸ਼ਾਹ ਜੀ ਦਾ ਗੁਰ ਪੁਰਬ ਬੜੀ ਸ਼ਰਧਾ ਨਾਲ ਮਨਾਉਂਦਾ ਹੈ, ਪਰ ‘‘ਭਾਇ ਭਗਤਿ ਗੁਰਪੁਰਬ ਕਰੰਦੇ।’’ (ਭਾਈ ਗੁਰਦਾਸ ਜੀ/ਵਾਰ ੧੨ ਪਉੜੀ ੨) ਦੀ ਗੱਲ ਤਦੋਂ ਹੀ ਸਮਝ ਸਕਦੇ ਹਾਂ, ਜੇਕਰ ਅਸੀਂ ਗੁਰੂ ਹੁਕਮਾਂ ਨੂੰ ਅਮਲੀ ਜੀਵਨ ’ਚ ਅਪਣਾਈਏ।
ਹਰ ਧਰਮ ਵਿੱਚ ਦਾਖ਼ਲ ਹੋਣ ਦਾ ਵਿਧਾਨ ਹੈ। ਸਿੱਖ ਧਰਮ ਵਿਚ ਵੀ ‘‘ਚਰਨ ਧੋਇ ਰਹਰਾਸਿ ਕਰਿ; ਚਰਣਾਮ੍ਰਿਤੁ ਸਿਖਾਂ ਪੀਲਾਇਆ।’’ (ਭਾਈ ਗੁਰਦਾਸ ਜੀ/ਵਾਰ ੧ ਪਉੜੀ ੨੩) ਤੋਂ ‘ਪ੍ਰਿਥਮ ਰਹਤ ਯਹ ਜਾਨ ਖੰਡੇ ਕੀ ਪਾਹੁਲ ਛਕੈ।’ (ਰਹਿਤਨਾਮਾ ਭਾਈ ਦੇਸਾ ਸਿੰਘ) ਤੱਕ ਦਾ ਵਿਧਾਨ ਹੋਂਦ ਵਿੱਚ ਹੈ। ਜਿਸ ਰਾਹੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਗੁਰੂ ਪੰਥ ਵੱਲੋਂ ਸਿੱਖ ਨੂੰ ਮੂਲ ਮੰਤ੍ਰ, ਗੁਰਮੰਤ੍ਰ, ਪੰਜ ਕਕਾਰਾਂ (ਕੇਸ, ਕੰਘਾ, ਕੜਾ, ਕਿਰਪਾਨ, ਕਛਹਿਰਾ) ਦੇ ਨਾਲ ਨਿੱਤਨੇਮ ਦੀਆਂ ਬਾਣੀਆਂ ਦੀ ਬਖ਼ਸ਼ਸ਼ ਹੁੰਦੀ ਹੈ। ਇਹ ਸਾਰਾ ਕੁਝ ਜਿੱਥੇ ਸਾਨੂੰ ਅਧਿਆਤਮਿਕ ਉਚਾਈਆਂ ਵੱਲ ਲੈ ਜਾਂਦਾ ਹੈ, ਉੱਥੇ ਕੌਮੀ ਪੱਧਰ ’ਤੇ ਇਕਸਾਰਤਾ ਦਾ ਪ੍ਰਤੀਕ ਵੀ ਹੈ। ਜਿਸ ਤੋਂ ਸਾਨੂੰ ‘‘ਮਿਲਬੇ ਕੀ ਮਹਿਮਾ ਬਰਨਿ ਨ ਸਾਕਉ; ਨਾਨਕ ਪਰੈ ਪਰੀਲਾ ॥’’ (ਮਹਲਾ ੫/੪੯੮) ਦਾ ਸਭਿਆਚਾਰਕ ਜੀਵਨ ਪ੍ਰਾਪਤ ਹੁੰਦਾ ਹੈ।
ਦੂਜੇ ਪਾਸੇ ‘‘ਆਪਣੈ ਭਾਣੈ, ਜੋ ਚਲੈ ਭਾਈ ! ਵਿਛੁੜਿ ਚੋਟਾ ਖਾਵੈ ॥’’ (ਮਹਲਾ ੩/੬੦੧) ਦਾ ਪੱਖ ਵੀ ਹੈ, ਜਿਸ ਰਾਹੀਂ ਮਨੁੱਖੀ ਜ਼ਿੰਦਗੀ ਬਰਬਾਦ ਤੇ ਖ਼ੁਆਰ ਹੋ ਜਾਂਦੀ ਹੈ। ‘‘ਆਪਣੈ ਭਾਣੈ, ਜੋ ਚਲੈ’’ ਵਾਲਾ ਸਿੱਖ ਤਨਖਾਹੀਏ ਤੇ ਪਤਿਤਪੁਣੇ ਕੀ ਖੱਡ ਵਿੱਚ ਡਿੱਗਿਆ ਹੁੰਦਾ ਹੈ। ਸਿੱਖ ਰਹਿਤ ਮਰਯਾਦਾ ਅਨੁਸਾਰ ਪੰਥਕ ਰਹਿਣੀ ਅਧੀਨ ਅੰਮ੍ਰਿਤ ਸੰਸਕਾਰ ਪੰਨਾ ਨੰ: 21 ਤੋਂ 32 ਤੱਕ ਅੰਕਤ ਹੈ। ਸਿੱਖ ਨੇ ਗੁਰੂ ਦੇ ਹੁਕਮ ਅਨੁਸਾਰ ਮੀਣੇ, ਮਸੰਦ, ਧੀਰਮਲੀਏ, ਰਾਮਰਾਈਏ ਅਤੇ ਨਕਲੀ ਨਿਰੰਕਾਰੀ ਆਦਿਕ ਪੰਥ ਵਿਰੋਧੀਆਂ ਦੀ ਕੁਸੰਗਤ ਤੋਂ ਦੂਰ ਰਹਿਣਾ ਹੈ ਅਤੇ ਨੜੀਮਾਰ (ਹੁੱਕਾ-ਤਮਾਕੂ ਪੀਣ ਵਾਲ਼ਾ), ਕੁੜੀਮਾਰ, ਸਿਰਗੁੰਮ (ਸਿਰ ਤੋਂ ਕੇਸ ਕੱਟਣ ਵਾਲ਼ਾ), ਬੇਅੰਮ੍ਰਿਤੀਏ ਦਾ ਜੂਠਾ ਖਾਣ ਤੇ ਪਤਿਤ ਲੋਕਾਂ ਦੇ ਕੁਸੰਗ ਤੋਂ ਭੀ ਬਚਨਾ ਹੈ ਕਿਉਂਕਿ ਇਨ੍ਹਾਂ ਦੀ ਸੰਗਤਿ ਬਹੁਤ ਦੁਖਦਾਈ ਹੁੰਦੀ ਹੈ। ਭਗਤ ਕਬੀਰ ਜੀ ਦੇ ਬਚਨ ਚੇਤੇ ਰੱਖਣ ਯੋਗ ਹੈ, ‘‘ਕਬੀਰ ! ਮਾਰੀ ਮਰਉ ਕੁਸੰਗ ਕੀ; ਕੇਲੇ ਨਿਕਟਿ ਜੁ ਬੇਰਿ ॥ ਉਹ ਝੂਲੈ, ਉਹ ਚੀਰੀਐ; ਸਾਕਤ ਸੰਗੁ ਨ ਹੇਰਿ ॥’’ (ਭਗਤ ਕਬੀਰ/੧੩੬੯)
ਸਿੱਖ ਨੇ ‘‘ਕਾਲੀ ਧਉਲੀ ਸਾਹਿਬੁ ਸਦਾ ਹੈ; ਜੇ ਕੋ ਚਿਤਿ ਕਰੇ ॥’’ (ਮਹਲਾ ੩/੧੩੭੮) ਦੇ ਵਡਮੁਲੇ ਉਪਦੇਸ਼ ਨੂੰ ਸਮਝਦਿਆਂ ਕੇਸਾਂ ਨੂੰ ਨਹੀਂ ਰੰਗਣਾ। ਪੁੱਤਰ, ਧੀ ਦਾ ਸਾਕ ਵਪਾਰੀ ਵਿਰਤੀ ਨਾਲ ਨਹੀਂ ਕਰਨਾ। ਕੋਈ ਨਸ਼ਾ, ਜਿਸ ਨਾਲ ‘‘ਆਪਣਾ ਪਰਾਇਆ ਨ ਪਛਾਣਈ.. ॥’’ (ਮਹਲਾ ੩/੫੫੪) ਦਾ ਖੋਟ ਪੈਦਾ ਹੋਵੇ, ਨਹੀਂ ਕਰਨਾ। ਕੋਈ ਸੰਸਕਾਰ ਗੁਰਮਤਿ ਵਿਰੋਧੀ ਨਹੀਂ ਕਰਨਾ ਤਾਂ ਕਿ ਖ਼ਾਲਸਾ ਪੰਥ; ਨਿਰਮਲ ਤੇ ਨਿਆਰਾ ਰਹਿ ਸਕੇ। ‘‘ਭਗਤਾ ਕੀ ਚਾਲ ਨਿਰਾਲੀ ॥’’ (ਮਹਲਾ ੩/੯੧੮) ਵਿੱਚ ‘‘ਬਿਖਮ ਮਾਰਗਿ ਚਲਣਾ.॥’’ ਦਾ ਭਾਵ ਸਮਝਦਿਆਂ ਚਾਰ ਕੁਰਹਿਤਾਂ ਤੋਂ ਬਚ ਕੇ ਰਹਿਣਾ ਹੈ; ਜਿਵੇਂ ਕਿ
(1). ਕੇਸਾਂ ਦੀ ਬੇਅਦਬੀ ਨਹੀਂ ਕਰਨੀ : ਕੇਸਾਂ ਦੀ ਦਾਤਿ ਮਨੁੱਖਤਾ ਲਈ ਉਤਨੀ ਹੀ ਪੁਰਾਤਨ ਹੈ, ਜਿੰਨੀ ਕਿ ਸ੍ਰਿਸ਼ਟੀ ਦੀ ਰਚਨਾ। ਕੇਸਾਂ ਦੀ ਸੰਭਾਲ, ‘‘ਹੁਕਮਿ ਰਜਾਈ ਚਲਣਾ..॥’’ (ਜਪੁ) ਦੀ ਆਰੰਭਤਾ ਹੈ। ਪਰਮਾਤਮਾ ਵੀ ਜਦੋਂ ਨਿਰਗੁਣ ਤੋਂ ਸਰਗੁਣ ਰੂਪ ਧਾਰਨ ਕਰਦਾ ਹੈ ਤਾਂ ‘‘ਸੋਹਣੇ ਨਕ ਜਿਨ ਲੰਮੜੇ ਵਾਲਾ ॥’’ (ਮਹਲਾ ੧/੫੬੭) ਦਾ ਰੂਪ ਹੀ ਧਾਰਦਾ ਹੈ। ਉਸ ਨੂੰ ਮੰਨਣਹਾਰ ‘‘ਕੇਸੋ ਕੇਸੋ ਕੂਕੀਐ.. ॥’’ (ਭਗਤ ਕਬੀਰ/੧੩੭੬) ਕਹਿ ਕਹਿ ਕੇ ਉਸ ਨੂੰ ਸਿਮਰਦੇ ਹਨ। ਸਾਰੇ ਗੁਰੂ ਸਾਹਿਬਾਨ, ਭਗਤ ਸਾਹਿਬਾਨ ਅਤੇ ਸਿੱਖ ਭੱਟ (ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਤ ਹੈ) ਕੇਸਾਧਾਰੀ ਸਨ ਤਾਹੀਓਂ ਆਪਣੇ ਪਿਆਰੇ ਦੀ ਸੇਵਾ ਵਿੱਚ ‘‘ਕੇਸ ਸੰਗਿ ਦਾਸ ਪਗ ਝਾਰਉ.. ॥’’ (ਮਹਲਾ ੫/੫੦੦), … ਕੇਸ ਚਵਰ ਕਰਿ ਫੇਰੀ ॥’’ (ਭਗਤ ਕਬੀਰ/੯੬੯) ਦਾ ਇਜ਼ਹਾਰ ਕਰਦੇ ਹਨ। ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨੂੰ ਇਹ ਉਪਦੇਸ਼ ਦਿੱਤਾ ਸੀ- ‘ਮਰਦਾਨਿਆਂ ਤਿੰਨ ਬਾਤਾਂ ਤੂੰ ਕਰ– ਸਿਰ ਤੇ ਕੇਸ ਰੱਖਣੇ, ਪਿਛਲ ਰਾਤੀ ਸਤਿ ਨਾਮੁ ਦਾ ਜਾਪ ਜਪਣਾ, ਤੀਜਾ ਆਏ ਜਗਿਆਸੂ ਸੰਤ ਸਾਧ ਦੀ ਸੇਵਾ ਕਰਨੀ।’ (ਸਾਖੀ ਭਾਈ ਬਾਲਾ), ਕੇਸ ਲੜਕੇ ਕੇ ਜੁ ਹੋਇ ਸੋ ਉਨਾਂ ਦਾ ਬੁਰਾ ਨ ਮੰਗੇ, ਕੇਸ ਓਹੀ (ਭਾਵ ਜਮਾਂਦਰੂ) ਰੱਖੇ ਨਾਮ ਸਿੰਘ ਰੱਖੇ। (ਪ੍ਰੇਮ ਸੁਮਾਰਗ)
ਨੋਬਲ ਇਨਾਮ ਜੇਤੂ ਰਾਬਿੰਦਰ ਨਾਥ ਟੈਗੋਰ ਨੇ ਕਿਹਾ ਕਿ ਹਰਿਮੰਦਰ ਸਾਹਿਬ ਦੇ ਦਰਸ਼ਨ ਇਸਨਾਨ ਕਰਕੇ, ਜਪੁ ਜੀ ਵਿਚਾਰ ਪੜ੍ਹ ਕੇ ਸਾਰੀ ਉਮਰ ਕੇਸਾਂ ਦੀ ਬੇਅਦਬੀ ਨਹੀਂ ਕੀਤੀ, ਪਰ ਅੱਜ ਸਾਡੀ ਨੌਜਵਾਨ ਪੀੜੀ 95% ਤੱਕ ਕੇਸਾਂ ਦੀ ਬੇਅਦਬੀ ਕਰਕੇ ਸਿੱਖੀ ਸਰੂਪ ਨੂੰ ਢਾਹ ਲਾ ਰਹੀ ਹੈ। ਇੱਕ ਵਾਰ ਟੂ ਡੇ. ਟੀ. ਵੀ. ਚੈਨਲ ਵੱਲੋਂ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਦਾ ਮੁਆਇਨਾ ਕੀਤਾ ਗਿਆ। ਜਿਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚਲਾ ਰਹੀ ਹੈ। ਉਸ ਸਮੇਂ ਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭੀ ਉੱਥੇ ਮੌਜੂਦ ਸਨ। ਮੌਰਨਿੰਗ ਪ੍ਰੇਅਰ (ਪ੍ਰਾਰਥਨਾ) ਕਰਨ ਵਾਲੇ ਸਿੱਖ ਵਿਦਿਆਰਥੀ, ਜੋ ‘‘ਦੇਹ ਸਿਵਾ ਬਰੁ ਮੋਹਿ ਇਹੈ.. ॥’’ ਸ਼ਬਦਾਂ ਨਾਲ਼ ਪ੍ਰਾਰਥਨਾ ਕਰ ਰਹੇ ਸਨ; ਕਾਲਜ ਦੇ ਨਿਯਮਾਂ ਮੁਤਾਬਕ ਪੰਜੇ ਹੀ ਮੋਨੇ ਵਿਦਿਆਰਥੀ ਸਨ। ਇੱਥੋਂ ਸਾਨੂੰ ਬਾਕੀ ਥਾਂਵਾਂ ਦਾ ਅੰਦਾਜ਼ਾ ਲੱਗ ਜਾਣਾ ਚਾਹੀਦਾ ਹੈ। ਅੱਜ ਇਸ ਹਾਲਾਤ ਲਈ ਬੱਚੇ ਬਹੁਤੇ ਜ਼ਿੰਮੇਵਾਰ ਨਹੀਂ ਬਲਕਿ ਕਸੂਰ ਸਾਡਾ ਵੱਡਿਆਂ ਦਾ ਹੈ, ਜਿਨ੍ਹਾਂ ਨੇ ਸ਼ਾਇਦ ਕੇਸਾਂ ਦੀ ਮਹੱਤਤਾ ਨੂੰ ਉਨ੍ਹਾਂ ਦੇ ਘਰਾਂ, ਸਕੂਲਾਂ ਅਤੇ ਗੁਰਦੁਆਰੇ ਤੱਕ ਨਹੀਂ ਪਹੁੰਚਾਇਆ। ਅੱਜ ਹਰ ਨਗਰ, ਪਿੰਡ ਵਿੱਚ ਪਾਖੰਡੀ ਬਾਬਿਆਂ ਦੀਆਂ ਬਰਸੀਆਂ ਤਾਂ ਮਨਾਈਆਂ ਜਾਂਦੀਆਂ ਹਨ, ਪਰ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਨੂੰ ਕਦੇ ਯਾਦ ਨਹੀਂ ਕੀਤਾ ਜਾਂਦਾ। ਜੇ ਸਿੱਖੀ ਸਰੂਪ ਨੂੰ ਸੰਭਾਲਣਾ ਹੈ ਤਾਂ ਹਰ ਗੁਰੂ ਘਰ; ਸਾਲ ਵਿੱਚ ਇਕ ਵਾਰ ਘੱਟੋ ਘੱਟ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਰਾਹੀਂ ਨੌਜਵਾਨ ਪੀੜ੍ਹੀ ਨੂੰ ਵਿਰਸੇ ਨਾਲ ਜੋੜੇ, ਪੀਰ ਬੁਧੂ ਸ਼ਾਹ ਨੂੰ ਚੇਤੇ ਕਰੇ, ਆਦਿ; ਜਿਨ੍ਹਾਂ ਨੂੰ ਪੁੱਤਾਂ, ਭਰਾਵਾਂ ਦੀ ਸ਼ਹੀਦੀ ਦੇ ਬਦਲੇ ਵਜੋਂ ਕੇਸਾਂ ਸਮੇਤ ਕੰਘਾ ਤੇ ਦਸਤਾਰ ਨਾਲ਼ ਸਨਮਾਨਿਆ ਗਿਆ ਤਾਂ ਕਿ ਅੱਜ ਫਿਰ ਨੌਜਵਾਨ ਵਰਗ ‘‘ਹਰ ਦੋ ਆਲਮ ਕੀਮਤੇ ਯਕ ਤਾਰਿ ਮੂਏ ਯਾਰਿ ਮਾ॥’’ (ਗ਼ਜ਼ਲ, ਭਾਈ ਨੰਦ ਲਾਲ ਸਿੰਘ) ਅਰਥ : ਦੋਵੇਂ ਜਹਾਨ ਸਾਡੇ ਉਸ ਯਾਰ ਦੇ ਇੱਕ ਵਾਲ ਦੇ ਮੁੱਲ ਬਰਾਬਰ ਹਨ, ਦਾ ਮਾਣ ਕਰ ਸਕੇ। ਮੇਰੇ ਸਨਮਾਨ ਯੋਗ ਪ੍ਰਿੰਸੀਪਲ ਹਰਭਜਨ ਸਿੰਘ (ਗੁਰਪੁਰ ਵਾਸੀ ਚੰਡੀਗੜ੍ਹ) ਕਈ ਵਾਰ ਲੈਕਚਰ ਦਿੰਦਿਆਂ ਘਟਨਾ ਸੁਣਾਇਆ ਕਰਦੇ ਸਨ ਕਿ ਇਕ ਵਾਰ ਬਾਬਾ ਭਗਤ ਸਿੰਘ ਠਰੂ ਵਾਲੇ, ਟ੍ਰੇਨ ਵਿੱਚ ਸਫ਼ਰ ਕਰ ਰਹੇ ਸਨ ਕਿ ਦੋ ਨੌਜਵਾਨ (ਹਿੰਦੂ ਤੇ ਮੁਸਲਮਾਨ) ਆਪਸ ਵਿੱਚ ਝਗੜ ਪਏ ਸਨ। ਸਿਆਣੇ ਬੰਦਿਆਂ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਕਿਰਪਾ ਕਰਕੇ ਇਨ੍ਹਾਂ ਨੂੰ ਸ਼ਾਂਤ ਕਰੋ। ਬਾਬਾ ਭਗਤ ਸਿੰਘ ਜੀ ਨੇ ਜਦੋਂ ਦੋਨਾਂ ਨੂੰ ਬਿਠਾ ਕੇ ਲੜਾਈ ਦਾ ਕਾਰਨ ਪੁੱਛਿਆ ਤਾਂ ਪਤਾ ਲੱਗਾ ਕਿ ਦੋਨੋਂ ਜ਼ਿੱਦ ਕਰ ਰਹੇ ਹਨ ਕਿ ਪਰਮਾਤਮਾ ਨੇ ਪਹਿਲਾਂ ਹਿੰਦੂ ਪੈਦਾ ਕੀਤੇ ਹਨ, ਦੂਜਾ ਕਹਿ ਰਿਹਾ ਹੈ ਕਿ ਪਹਿਲਾਂ ਮੁਸਲਮਾਨ ਪੈਦਾ ਕੀਤੇ ਹਨ। ਬਾਬਾ ਜੀ ਨੇ ਬੜੇ ਪਿਆਰ ਨਾਲ ਪੁੱਛਿਆ ਕਿ ਬੇਟਾ ! ਜੇ ਤੁਹਾਡੇ ਦੋਹਾਂ ਦੀ ਸੰਤਾਨ ਨੂੰ 20-25 ਸਾਲ ਤੱਕ ਕੋਈ ਉਸਤਰਾ ਨਾ ਲੱਗੇ ਤਾਂ ਕੌਣ ਪਹਿਲਾਂ ਪੈਦਾ ਹੋਵੇਗਾ ? ਦੋਨੋਂ ਹੱਥ ਜੋੜ ਕੇ ਕਹਿਣ ਲੱਗੇ ਬਾਬਾ ਜੀ ! ਉਨ੍ਹਾਂ ਦੀ ਸੂਰਤ ਤੁਹਾਡੇ ਵਰਗੀ ਹੋਵੇਗੀ। ਬਾਬਾ ਜੀ ਹੱਸ ਕੇ ਕਹਿਣ ਲੱਗੇ ਪਰਮਾਤਮਾ ਨੇ ਤਾਂ ਮਨੁੱਖ ਨੂੰ ਸਾਬਤ ਸੂਰਤ ਪੈਦਾ ਕੀਤਾ ਹੈ, ਪਰ ਤੁਸੀਂ ਦੋਨੋਂ ਤਾਂ ਉਸਤਰੇ ਤੋਂ ਪੈਦਾ ਹੋਏ ਹੋ। ਸੋ ਅੱਜ ਕੌਮਾਂ ਨੂੰ ਸੋਹਣੇ ਕੇਸ ਤੇ ਸੋਹਣੀ ਦਸਤਾਰ ਦੀ ਸ਼ਾਨ ’ਤੇ ਮਾਣ ਕਰਨ ਦੀ ਲੋੜ ਹੈ, ਨਾ ਕਿ ਹੀਣ ਭਾਵਨਾ ਵਿੱਚ ਫਸਣ ਦੀ। ਟੀ. ਵੀ. ਚੈਨਲ ’ਤੇ ‘ਮਿਸਟਰ ਸਿੰਘ’ ਸ਼ੋ ਸਿੱਖੀ ਸਰੂਪ ਨੂੰ ਉਜਾਗਰ ਕਰਨ ਲਈ ਚੰਗੀ ਪਹਿਲ ਕਦਮੀ ਰਿਹਾ ਹੈ। ਇਸ ਤਰ੍ਹਾਂ ਅੱਗੋਂ ਵੀ ਹੁੰਦਾ ਰਹਿਣਾ ਚਾਹੀਦਾ ਹੈ ਤੇ ਯਾਦ ਰੱਖਣਾ ਚਾਹੀਦਾ ਹੈ, ‘‘ਕਬੀਰ ! ਮਨੁ ਮੂੰਡਿਆ ਨਹੀ; ਕੇਸ ਮੁੰਡਾਏ ਕਾਂਇ ?॥ ਜੋ ਕਿਛੁ ਕੀਆ, ਸੋ ਮਨ ਕੀਆ; ਮੂੰਡਾ ਮੂੰਡੁ ਅਜਾਂਇ ॥’’ (ਭਗਤ ਕਬੀਰ/੧੩੬੯)
(2). ਕੁੱਠਾ ਖਾਣਾ (ਹਲਾਲ ਕੀਤਾ ਮਾਸ) : ਗੁਲਾਮੀ ਦੀ ਨਿਸ਼ਾਨੀ ‘ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ’। ਜ਼ਬਰੀ ਕਿਸੇ ਮਨੁੱਖ ਦੀ ਖੁਰਾਕ ’ਤੇ ਪਾਬੰਦੀ ਲਾਉਣੀ ਜ਼ੁਲਮ ਹੈ। ਇਹ ‘‘ਜੇ ਜੀਵੈ ਪਤਿ ਲਥੀ ਜਾਇ ॥ ਸਭੁ ਹਰਾਮੁ; ਜੇਤਾ ਕਿਛੁ ਖਾਇ ॥’’ (ਮਹਲਾ ੧/੧੪੨) ਵਾਲ਼ੀ ਲਾਹਨਤ ਸੀ, ਇਸ ਲਈ ਗੁਰੂ ਨਾਨਕ ਸਾਹਿਬ ਜੀ ਤੋਂ ਹੀ ਇਸ ਵਿਰੁਧ ਆਵਾਜ਼ ਉਠਾਈ ਗਈ। ਦਸਮ ਪਾਤਿਸ਼ਾਹ ਜੀ ਵੱਲੋਂ ਕਾਬਲ ਦੀ ਸੰਗਤ ਦੇ ਨਾਂ ’ਤੇ ਲਿਖਿਆ ਹੁਕਮਨਾਮਾ ‘‘ਅਭਾਖਿਆ ਕਾ ਕੁਠਾ ਬਕਰਾ ਖਾਣਾ ॥’’ (ਮਹਲਾ ੧/੪੭੨) ਭਾਵ ਕਲਮਾਂ ਪੜ੍ਹ ਕੇ ਇਸਲਾਮੀ ਢੰਗ ਨਾਲ਼ ਤਿਆਰ ਕੀਤਾ ਮਾਸ ਨਹੀਂ ਖਾਣਾ, ਇਸ ਲਾਹਨਤ ਤੋਂ ਬਚਾਣ ਵਾਸਤੇ ਹੀ ਹੈ, ਜੋ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸਰਬਸਾਂਝਾ ਸਿਧਾਂਤ ਹੈ ਤਾਂ ਕਿ ਹਰ ਮਨੁੱਖ ਆਪਣੀ ਅਜ਼ਾਦੀ ਭਰਿਆ ਜੀਵਨ ਜੀ ਸਕੇ।
(3). ਪਰਇਸਤ੍ਰੀ ਜਾਂ ਪਰ ਪੁਰਸ਼ ਦਾ ਗਮਨ ਭੋਗਣਾ : ਜਿੱਥੇ ਪਤੀਬ੍ਰਤ ਧਰਮ ‘‘ਅੰਦਰਿ ਸਚੁ ਮੁਖੁ ਉਜਲਾ; ਖਸਮੈ ਮਾਹਿ ਸਮਾਇ ॥’’ (ਮਹਲਾ ੩/੭੮੫) ਦੀ ਪਵਿਤਰ ਜੀਵਨ ਜਾਚ ਬਖ਼ਸ਼ਦਾ ਹੈ, ਉੱਥੇ ਇਸਤ੍ਰੀ ਬ੍ਰਤ ਧਰਮ ‘‘.. ਪਰ ਵੇਲਿ ਨ ਜੋਹੇ ਕੰਤ ਤੂ ॥’’ (ਮਹਲਾ ੫/੧੦੯੫) ਦੀ ਬਖ਼ਸ਼ਸ਼ ਕਰਦਾ ਹੈ। ਇਸੇ ਲਈ ਸਾਡੇ ਦੁਸ਼ਮਣ ਵੀ ਮਾਣ ਨਾਲ ਆਖਦੇ ਹਨ ‘‘ਜ਼ਨਾਹਮ ਨ ਬਾਸ਼ਦ ਮਿਆਨੇ ਸਗਾਂ’ ਭਾਵ ਇਨ੍ਹਾਂ ਕੁੱਤਿਆਂ ਵਿੱਚ ਕੋਈ ਵਿਭਚਾਰੀ ਨਹੀਂ ਹੁੰਦਾ, ਕਾਜ਼ੀ ਨੂਰ ਮੁਹੰਮਦ)। ਅੱਜ ਪੂਰਾ ਸੰਸਾਰ ਗੁਰਮਤਿ ਸਿਧਾਂਤ ਨੂੰ ਨਮਸਕਾਰ ਕਰਦਾ ਹੈ, ਜਿਸ ਰਾਹੀਂ ‘‘ਜੈਸਾ ਸੰਗੁ ਬਿਸੀਅਰ ਸਿਉ ਹੈ ਰੇ ! ਤੈਸੋ ਹੀ ਇਹੁ ਪਰ ਗ੍ਰਿਹੁ ॥’’ (ਮਹਲਾ ੫/੪੦੩) ਦਾ ਸੰਦੇਸ਼ ਮਿਲਦਾ ਹੈ। ਅੱਜ ਏਡਸ ਦੇ ਮਹਾਮਾਰੀ ਰੋਗ ਨੇ ਪੂਰੇ ਸੰਸਾਰ ਨੂੰ ਚਿੰਤਾ ’ਚ ਪਾਇਆ ਹੋਇਆ ਹੈ। ਸੰਨ 2022 ਦੀ ਰਿਪੋਰਟ ਮੁਤਾਬਕ ਦੁਨੀਆਂ ’ਚ 3 ਕਰੋੜ 90 ਲੱਖ ਏਡਸ ਮਰੀਜ਼ ਹਨ, ਜਿਨ੍ਹਾਂ ਵਿੱਚੋਂ ਹੁਣ ਤੱਕ 6 ਲੱਖ 30 ਹਜ਼ਾਰ ਏਡਸ ਨਾਲ਼ ਸੰਬੰਧਿਤ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਸੰਨ 2021 ਦੀ ਰਿਪੋਰਟ ਮੁਤਾਬਕ ਭਾਰਤ ’ਚ 24 ਲੱਖ ਏਡਸ ਮਰੀਜ਼ ਹਨ, ਜਿਨ੍ਹਾਂ ਵਿੱਚ ਸੰਨ 2021 ’ਚ ਤਕਰੀਬਨ 63 ਹਜ਼ਾਰ ਨਵੇਂ ਰੋਗੀ ਮਿਲੇ ਹਨ। ਪੰਜਾਬ ਦੀ ਸੰਨ 2022-23 ਦੀ ਰਿਪੋਰਟ ਬੜੀ ਭਿਆਨਕ ਹੈ ਕਿਉਂਕਿ ਇਸ ਸਾਲ 10, 109 ਏਡਸ ਰੋਗੀ ਨਵੇਂ ਪਾਏ ਗਏ, ਜੋ ਪਿਛਲੇ ਸਾਲ ਦੇ 4131 ਮਰੀਜ਼ਾਂ ਨਾਲ਼ੋਂ ਤਿੰਨ ਗੁਣਾਂ ਵੱਧ ਹਨ। ਸੋ ਜੀਵਨ ਪਵਿੱਤਰਤਾ ਲਈ ਜਰੂਰੀ ਹੈ ਕਿ ਅੱਜ ਹਰ ਸਿੱਖ ਤੇ ਗ਼ੈਰ ਸਿੱਖ, ‘‘ਏਕਾ ਨਾਰੀ ਜਤੀ ਹੋਇ; ਪਰ ਨਾਰੀ ਧੀ ਭੈਣ ਵਖਾਣੈ।’’ (ਭਾਈ ਗੁਰਦਾਸ ਜੀ/ਵਾਰ ੬ ਪਉੜੀ ੮) ਵਾਲ਼ੇ ਪਵਿੱਤਰ ਸਿਧਾਂਤ ਨੂੰ ਅਪਣਾਏ।
(4). ਤਮਾਕੂ ਦਾ ਵਰਤਣਾ : ਗੁਰਮਤਿ ਸਿਧਾਂਤ ਨੇ ਨਸ਼ਿਆਂ ਦੀ ਜੜ੍ਹ ਨੂੰ ਪਕੜਿਆ ਹੈ ਕਿਉਂਕਿ ਤਮਾਕੂ ਸਭ ਤੋਂ ਸਸਤਾ ਤੇ ਆਸਾਨ ਤਰੀਕੇ ਨਾਲ ਪ੍ਰਾਪਤ ਹੋਣ ਵਾਲਾ ਨਸ਼ਾ ਹੈ; ਜਿਵੇਂ ‘ਨਮਕ ਹਰਾਮ ਨਹੀਂ ਕਰਨਾ’ ਦਾ ਭਾਵ ਹੁੰਦਾ ਹੈ ਕਿ ਹਰ ਤਰ੍ਹਾਂ ਦਾ ਪਰਾਇਆ ਹੱਕ ਨਹੀਂ ਖਾਣਾ; ਇਵੇਂ ਹੀ ਤਮਾਕੂ ਦੇ ਸੇਵਨ ’ਤੇ ਪਾਵੰਦੀ ਨਾਲ ਬਾਕੀ ਹਰ ਤਰ੍ਹਾਂ ਦੇ ਨਸ਼ੇ ’ਤੇ ਰੋਕ ਲੱਗ ਜਾਂਦੀ ਹੈ। ਇਹ ਸਭ ਤੋਂ ਖ਼ਤਰਨਾਕ ਨਸ਼ਾ ਹੈ, ਜੋ ਧੂਏਂ ਰਾਹੀਂ ਇਰਦ ਗਿਰਦ ਦੇ ਵਾਤਾਵਰਨ ਨੂੰ ਭੀ ਪ੍ਰਦੂਸ਼ਿਤ ਕਰਦਾ ਹੈ। ਆਉਣ ਵਾਲੀ ਸੰਤਾਨ ’ਤੇ ਬੁਰਾ ਅਸਰ ਪਾਉਂਦਾ ਹੈ। ਸਿੱਖ ਬੋਲ-ਚਾਲ ਵਿੱਚ ਇਸ ਨੂੰ ਜਗਤ ਜੂਠ ਕਿਹਾ ਗਿਆ ਹੈ। ਅੱਜ ਅਨੇਕਾਂ ਢੰਗਾਂ ਰਾਹੀਂ ਨੌਜਵਾਨੀ ਇਸ ਵਿੱਚ ਗ੍ਰਸੀ ਹੋਈ ਪਈ ਹੈ। ਪੂਰੇ ਵਿਸ਼ਵ ਵਿੱਚ 70 ਲੱਖ ਬੰਦਾ ਤਮਾਕੂ ਸੇਵਨ ਨਾਲ ਮਰਦਾ ਹੈ। ਜਿਨ੍ਹਾਂ ਵਿੱਚੋਂ 13.5 ਲੱਖ ਬੰਦਾ ਹਰ ਸਾਲ ਕੇਵਲ ਭਾਰਤ ਵਿੱਚ ਅਤੇ ਤਕਰੀਬਨ 30 ਹਜ਼ਾਰ ਬੰਦਾ ਪੰਜਾਬ ਵਿੱਚ ਮਰਦਾ ਹੈ ਜਦ ਕਿ ਭਾਰਤੀ ਧਰਮਿਕ ਗ੍ਰੰਥ ਇਸ ਦਾ ਸਖ਼ਤ ਵਿਰੋਧ ਭੀ ਕਰਦੇ ਹਨ।
ਧੂਮਰ ਪਾਨੰ ਰਤੰ ਬਿਪ੍ਰੰ ਦਾਨੰ ਦਿਜੰਤੀ ਜਿ ਨਰਾ॥ ਦਾਤਾ ਰੌਰਵੇ ਜਾਤਿਅੰ ਬ੍ਰਾਹਮਣੰ ਗ੍ਰਾਮ ਸੁ ਸੁਸੂਕਰਹ। (ਸਿਕੰਧ ਪੁਰਾਣ) ਇਸ ਦੇ ਅਰਥ ਹਨ ਕਿ ‘ਧੂਮਰ ਪਾਨੀਏ ਬਿਪਰ ਕੌ, ਦੈ ਹੈ ਦਾਨ ਜੇ ਕੋਇ। ਦਾਤਾ ਨਰਕੇ ਬਾਸ ਲਹੈ, ਬਿਪ੍ਰ ਸੂਕਰ ਪੁਰ ਹੋਇ।’ (ਗੁਰ ਪੁਰਬ ਪ੍ਰਕਾਸ਼)
ਬਿਜੀਆ ਏਕ ਕਲਪਤੈ, ਦੋਇ ਕਲਪਤੈ ਨਾਗਨੀ। ਬਾਹਨੈ ਸਹੰਸਰ ਕਲਪਤੈ, ਧੁਮਰ ਪਾਨ ਨ ਵਿਦਿਅਤੇ। (ਮਨੂੰ ਸਿਮਰਤੀ) ਇਸ ਦੇ ਅਰਥ ਹਨ ਕਿ ਭੰਗ ਪੀਣ ਵਾਲਾ ਇਕ ਨਰਕ ਭੋਗਦਾ ਹੈ, ਫੀਮ ਖਾਣ ਵਾਲਾ ਦੋ, ਸ਼ਰਾਬ ਦਾ ਪਿਆਕੜ ਹਜ਼ਾਰਾਂ ਨਰਕਾਂ ਦਾ ਭਾਗੀ ਬਣਦਾ ਹੈ, ਪਰ ਧੂਮਰ ਪਾਨ ਕਰਨ ਵਾਲਾ ਕਿੰਨਾ ਕੂ ਨਰਕ ਗਾਮੀ ਹੈ, ਉਨ੍ਹਾਂ ਨਰਕਾਂ ਦੀ ਗਿਣਤੀ ਹੀ ਨਹੀਂ ਹੋ ਸਕਦੀ। ਅੱਜ ਪੰਜਾਬ ਨਸ਼ਿਆਂ ਵਿੱਚ ਕਿੱਥੋਂ ਤੱਕ ਗ੍ਰਸਤ ਹੈ। ਸੰਨ 2018 ਦੀ ਇੱਕ ਰਿਪੋਰਟ ਮੁਤਾਬਕ ਭਾਰਤ ’ਚ ਮਾਨਸਿਕ ਰੋਗਾਂ ਦੀ ਦਰ 10.6% ਹੈ ਤੇ ਪੰਜਾਬ ’ਚ ਇਹ ਦਰ 13.42% ਹੈ ਅਤੇ ਪੰਜਾਬ ਦੇ ਪਿੰਡਾਂ ਵਿੱਚ ਤਕਰੀਬਨ 15% ਹੈ। ਇਸ ਦਾ ਮੂਲ ਕਾਰਨ ਨਸ਼ਿਆਂ ਦੀ ਵਧੇਰੇ ਵਰਤੋ ਹੈ। ਸਿੱਖ ਨੇ ਧਿਆਨ ਕਰਨਾ ਹੈ ਕਿ ਗੁਰੂ ਦਾ ਇਹ ਹੁਕਮ ਹੈ, ‘ਕੁੱਠਾ ਹੁੱਕਾ ਚਰਸ ਤਮਾਕੂ। ਗਾਂਜਾ ਟੋਪੀ ਤਾੜੀ (ਸ਼ਰਾਬ) ਖਾਕੂ। ਇਨ ਕੀ ਓਰ ਨ ਕਬਹੂ ਦੇਖੈ। ਰਹਤਵੰਤ ਸੋ ਸਿੰਘ ਵਿਸੇਖੈ।’ (ਰਹਿਤਨਾਮਾ, ਭਾਈ ਦੇਸਾ ਸਿੰਘ) ਖਾਕੂ ਭਾਵ ਚੰਡੂ, ਜਿਸ ਨੂੰ ਤਮਾਕੂ ਵਾਙ ਪੀਣ ’ਤੇ ਧੂਆਂ ਨਿਕਲਦਾ ਹੈ।
ਸੋ ਸਿੱਖ ਨੇ ਆਪਣੇ ਵਿਰਸੇ ਨੂੰ ਸੰਭਾਲਦਿਆਂ ਪਵਿੱਤਰ ਜੀਵਨ (ਖ਼ਾਲਸਾਈ ਸ਼ਾਨ) ਨਾਲ ਜੀਉਣਾ ਹੈ। ਇਹ ਸੱਚ ਹੈ ਕਿ ਗੁਰੂ ਤੇ ਪਰਮਾਤਮਾ; ਬਖਸ਼ਿੰਦ ਹਨ, ਪਤਿਤ ਪਾਵਨ ਹਨ, ਪਰ ਜੇ ਮਨੁੱਖ ਸਿਧਾਂਤਾਂ ਦੀ ਉਲੰਘਣਾ ਕਰੇਗਾ ਤਾਂ ਸਮਾਜ ’ਚ ਕਲੰਕਿਤ ਅਖਵਾਏਗਾ। ਭਾਈ ਗੁਰਦਾਸ ਜੀ ਸਿੱਖ ਨੂੰ ਸੁਚੇਤ ਕਰਦੇ ਹੋਏ ਕਥਨ ਕਰਦੇ ਹਨ ਕਿ ਜਿਵੇਂ ਘਾਇਲ ਮਨੁੱਖ ਦਾ ਇਲਾਜ ਰਾਹੀਂ ਜ਼ਖ਼ਮ ਤਾਂ ਠੀਕ ਹੋ ਜਾਂਦਾ ਹੈ ਪਰ ਟਾਕੀਆਂ ਨਜ਼ਰ ਆਉਂਦੀਆਂ ਹੀ ਹਨ; ਓਵੇਂ ਪਤਿਤ ਹੋਇਆ ਮਨੁੱਖ ਕਲੰਕੀ ਨਜ਼ਰੀਏ ਨਾਲ ਹੀ ਵੇਖਿਆ ਜਾਂਦਾ ਹੈ :
ਜੈਸੇ ਘਾਉ ਘਾਇਲ ਕੋ ਜਤਨ ਕੈ ਨੀਕੋ ਹੋਤ; ਪੀਰ ਮਿਟਿ ਜਾਇ, ਲੀਕ ਮਿਟਤ ਨ ਪੇਖੀਐ।
ਅਰਥ : ਜਿਵੇਂ ਕਿਸੇ ਫੱਟ ਦਾ ਇਲਾਜ ਕੀਤਿਆਂ ਜ਼ਖ਼ਮ ਠੀਕ ਹੋ ਜਾਂਦਾ ਹੈ, ਪੀੜਾ ਭੀ ਮਿਟ ਜਾਂਦੀ ਹੈ, ਪਰ ਉਸ ਦਾ ਨਿਸ਼ਾਨ ਨਹੀਂ ਜਾਂਦਾ।
ਜੈਸੇ ਫਾਟੇ ਅੰਬਰੋ, ਸੀਆਇ ਪੁਨਿ ਓਢੀਅਤ; ਨਾਗੋ ਤਉ ਨ ਹੋਇ, ਤਊ ਥੇਗਰੀ ਪਰੇਖੀਐ।
ਅਰਥ : ਜਿਵੇਂ ਫਟੇ ਕੱਪੜੇ ਸਿਓਂ ਕੇ ਮੁੜ ਪਹਿਣ ਤਾਂ ਲਈਦੇ ਹਨ, ਨੰਗਾ ਨਹੀਂ ਰਹੀਦਾ, ਪਰ ਉਸ ਨੂੰ ਲੱਗੀ ਟਾਕੀ ਵਿਖਾਈ ਦਿੰਦੀ ਹੈ।
ਜੈਸੇ ਟੂਟੈ ਬਾਸਨੁ, ਸਵਾਰ ਦੇਤ ਹੈ ਠਠੇਰੋ; ਗਿਰਤ ਨ ਪਾਨੀ, ਪੈ ਗਠੀਲੋ ਭੇਖ ਭੇਖੀਐ।
ਅਰਥ : ਜਿਵੇਂ ਟੁੱਟੇ ਭਾਂਡੇ ਨੂੰ ਕਾਰੀਗਾਰ ਜੋੜ ਲਾ ਦਿੰਦਾ ਹੈ; ਇਉਂ ਪਾਣੀ ਤਾਂ ਨਹੀਂ ਡੁੱਲਦਾ, ਪਰ ਉਸ ਨੂੰ ਲਾਈ ਗੰਢ ਦਾ ਦਾਗ਼ ਨਹੀਂ ਜਾਂਦਾ।
ਤੈਸੇ ਗੁਰ ਚਰਨਿ ਬਿਮੁਖ ਦੁਖ ਦੇਖਿ, ਪੁਨਿ ਸਰਨ ਗਹੇ ਪੁਨੀਤ; ਪੈ ਕਲੰਕੁ ਲੇਖ ਲੇਖੀਐ ॥੪੧੯॥
(ਭਾਈ ਗੁਰਦਾਸ ਜੀ/ਕਬਿੱਤ ੪੧੯)
ਅਰਥ : ਇਸੇ ਤਰ੍ਹਾਂ ਗੁਰੂ ਦੇ ਚਰਨਾਂ ਤੋਂ ਬੇਮੁੱਖ ਹੋਣ ’ਤੇ ਉਪਜੇ ਦੁੱਖਾਂ ਨੂੰ ਵੇਖ ਕੇ ਮੁੜ ਗੁਰੂ ਦੀ ਸ਼ਰਨ ਪੈਣ ਨਾਲ਼ (ਦੁੱਖ ਤਾਂ) ਮਿਟ ਜਾਂਦੇ ਹਨ, ਪਰ ਗੁਰੂ ਤੋਂ ਬੇਮੁੱਖ ਹੋਣ ਦਾ ਕਲੰਕ ਨਹੀਂ ਮਿਟਦਾ।
ਸੋ ਆਓ ਪਤਿਤਪੁਣੇ ਤੋਂ ਬਚਣ ਅਤੇ ਇਸ ਨੂੰ ਠੱਲ ਪਾਉਣ ਲਈ ਗੁਰੂ ਉਪਦੇਸ਼ ਨੂੰ ਚੇਤੇ ਕਰੀਏ :
ਕਿਯੇ ਜਦਿ ਬਚਨਿ ਸਤਿਗੁਰੂ ਕਾਰਨ ਕਰਨ, ਸਰਬ ਸੰਗਤਿ ਆਦਿ ਅੰਤ ਮੇਰਾ ਖ਼ਾਲਸਾ।
ਮਾਨੇਗਾ ਹੁਕਮ ਸੋ ਤੋ ਹੋਵੈਗਾ ਸਿੱਖ ਸਹੀ, ਨਾ ਮਾਨੇਗਾ ਹੁਕਮ, ਸੋ ਤੋ ਹੋਵੈਗਾ ਬਿਹਾਲਸਾ (ਦੁਖੀ)।
ਪਾਂਚ ਕੀ ਕੁਸੰਗਤਿ ਤਜਿ, ਸੰਗਤਿ ਸੋਂ ਪ੍ਰੀਤਿ ਕਰੇ, ਦਯਾ ਔਰ ਧਰਮ ਧਾਰਿ, ਤਿਆਗੇ ਸਭ ਲਾਲਸਾ।
ਹੁਕਾ ਨਾ ਪੀਵੈ, ਸੀਸ ਦਾੜ੍ਹੀ ਨ ਮੁੰਡਾਵੈ, ਸੋ ਤੋ ਵਾਹਗੁਰੂ ਵਾਹਗੁਰੂ ਵਾਹ ਗੁਰੂ ਜੀ ਕਾ ਖਾਲਸਾ॥ ੩੧॥ ੧੪੭॥
(ਗੁਰੂ ਸ਼ੋਭਾ, ਅਧਿਆਏ ੫, ਕਵੀ ਸੈਨਾਪਤਿ)
ਐਸੇ ਹੀ ਖ਼ਾਲਸੇ ਦੀ ਵਿਆਖਿਆ ਕਰਦਾ ਗੁਰੂ ਵਾਕ ਹੈ ‘‘ਪੂਰਨ ਜੋਤਿ ਜਗੈ ਘਟ ਮੈ; ਤਬ ਖਾਲਸ ਤਾਹਿ ਨ ਖਾਲਸ ਜਾਨੈ ॥’’ (੩੩ ਸਵੈਯੇ) ਅਤੇ ਐਸੇ ਖ਼ਾਲਸੇ ਲਈ ਹੀ ਦਸਮੇਸ਼ ਪਿਤਾ ਨੇ ਬਚਨ ਕੀਤੇ ਹਨ ਕਿ ‘‘ਖ਼ਾਲਸਾ ਮੇਰੋ ਰੂਪ ਹੈ ਖਾਸ। ਖ਼ਾਲਸੇ ਮਹਿ ਹਉਂ ਕਰਹੁੰ ਨਿਵਾਸ।.. ਖ਼ਾਲਸਾ ਮੇਰੋ ਪਿੰਡ ਪ੍ਰਾਨ। ਖ਼ਾਲਸਾ ਮੇਰੀ ਜਾਨ ਕੀ ਜਾਨ।’’ (ਸਰਬ ਲੋਹ)










