ਔਰਤਾਂ ਲਈ ਕਿਹੜੇ ਖਾਣੇ ਬਿਹਤਰੀਨ ਹਨ ?

0
40

ਔਰਤਾਂ ਲਈ ਕਿਹੜੇ ਖਾਣੇ ਬਿਹਤਰੀਨ ਹਨ ?

ਡਾ. ਹਰਸ਼ਿੰਦਰ ਕੌਰ, ਐੱਮ.ਡੀ., 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਔਰਤ ਅਤੇ ਮਰਦ ਦੇ ਵਖਰੇ ਹਾਰਮੋਨ, ਬੱਚੇ ਦਾ ਠਹਿਰਨਾ, ਮਾਹਵਾਰੀ ਆਦਿ ਅਨੇਕ ਕਾਰਨਾਂ ਕਰ ਕੇ ਕੁੱਝ ਕਿਸਮਾਂ ਦੇ ਖਾਣੇ ਔਰਤਾਂ ਨੂੰ ਜ਼ਰੂਰ ਲੈਣੇ ਚਾਹੀਦੇ ਹਨ। ਹੱਡੀਆਂ ਨੂੰ ਛੇਤੀ ਖੁਰਨ ਤੋਂ ਬਚਾਉਣਾ, ਬੱਚੇ ਨੂੰ ਦੁੱਧ ਚੁੰਘਾਉਣਾ, ਛਾਤੀ ਦੇ ਕੈਂਸਰ ਤੋਂ ਬਚਾਓ ਆਦਿ, ਲਈ ਖ਼ੁਰਾਕ ਦਾ ਅਹਿਮ ਰੋਲ ਲੱਭਿਆ ਜਾ ਚੁੱਕਿਆ ਹੈ। ਇਹ ਖਾਣੇ ਹਨ :-

  1. ਸੋਇਆਬੀਨ ਦੀਆਂ ਫਲੀਆਂ :- ਮਾਹਵਾਰੀ ਬੰਦ ਹੋ ਜਾਣ ਬਾਅਦ ਇਕਦਮ ਗਰਮੀ ਤੇ ਘਬਰਾਹਟ ਮਹਿਸੂਸ ਹੋਣ ਲੱਗ ਪੈਂਦੀ ਹੈ। ਅਜਿਹੀ ਹਾਰਮੋਨਾਂ ਦੀ ਤਬਦੀਲੀ ਦੌਰਾਨ ਈਸਟਰੋਜਨ ਵਰਗੇ ਕੁਦਰਤੀ ਤੱਤ ਕਾਫ਼ੀ ਫ਼ਾਇਦਾ ਦਿੰਦੇ ਹਨ। ਸੋਇਆਬੀਨ ਦੀਆਂ ਹਰੀਆਂ ਫਲੀਆਂ ਵਿਚ ਆਈਸੋਫਲੇਵੋਨ ਹੁੰਦੇ ਹਨ, ਜੋ ਈਸਟਰੋਜਨ ਵਰਗਾ ਅਸਰ ਵਿਖਾਉਂਦੇ ਹਨ। ਇਨ੍ਹਾਂ ਵਿਚ ਫਾਈਬਰ ਵੀ ਕਾਫ਼ੀ ਹੁੰਦਾ ਹੈ।
  2. ਕੇਲ ਪੱਤਾ :- ਵਿਟਾਮਿਨ ਏ, ਡੀ, ਸੀ ਤੇ ਕੇ ਨਾਲ ਭਰੇ ਇਹ ਪੱਤੇ ਹੱਡੀਆਂ ਮਜ਼ਬੂਤ ਰੱਖਣ ਵਿਚ ਮਦਦ ਕਰਦੇ ਹਨ। ਵਿਟਾਮਿਨ ਏ ਅਤੇ ਸੀ ਦੀ ਰੋਜ਼ਾਨਾ ਲੋੜੀਂਦੀ ਮਾਤਰਾ ਦਾ 20 ਫੀਸਦੀ ਹਿੱਸਾ ਇੱਕ ਵੇਲੇ ਦਾ ਰੱਜ ਕੇ ਖਾਧਾ ਕੇਲ ਪੱਤਿਆਂ ਦੇ ਸਲਾਦ ਨਾਲ ਹੀ ਪੂਰਾ ਹੋ ਜਾਂਦਾ ਹੈ।
  3. ਐਸਪੈਰਾਗਸ ਬੂਟੀ :- ਵਿਟਾਮਿਨ ਕੇ ਤੇ ਫੋਲੇਟ ਭਰਪੂਰ ਇਹ ਬੂਟੀ ਹੁਣ ਵੱਡੇ ਹੋਟਲਾਂ ਵਿਚ ਬਹੁਤ ਮਹਿੰਗੇ ਭਾਅ ਖਾਣ ਨੂੰ ਮਿਲਦੀ ਹੈ। ਰੀੜ੍ਹ ਦੀ ਹੱਡੀ ਦੇ ਜਮਾਂਦਰੂ ਨੁਕਸ ਰੋਕਣ ਲਈ ਇਸ ਵਿਚਲਾ ਫੋਲੇਟ ਵਧੀਆ ਹੈ ਤੇ ਵਿਟਾਮਿਨ ਕੇ ਹੱਡੀਆਂ ਵੀ ਤਗੜੀਆਂ ਕਰਦਾ ਹੈ।
  4. ਰਾਜਮਾਹ, ਸੋਇਆਬੀਨ ਤੇ ਰੌਂਗੀ :- ਪੋ੍ਰਟੀਨ ਪੂਰੀ ਕਰਨ ਲਈ ਇਹ ਜ਼ਰੂਰ ਖਾਣੇ ਚਾਹੀਦੇ ਹਨ ਕਿਉਂਕਿ ਅਣਗਿਣਤ ਔਰਤਾਂ ਪ੍ਰੋਟੀਨ ਦੀ ਕਮੀ ਨਾਲ ਜੂਝਦੀਆਂ ਸਤਮਾਹੇ ਬੱਚੇ ਪੈਦਾ ਕਰਕੇ ਜਹਾਨੋਂ ਕੂਚ ਕਰ ਜਾਂਦੀਆਂ ਹਨ। ਲਹੂ ਦੀ ਕਮੀ ਵੀ ਲਗਭਗ 80 ਫੀਸਦੀ ਔਰਤਾਂ ਵਿਚ ਲੱਭੀ ਗਈ ਹੈ, ਜਿਸ ਸਦਕਾ ਮੰਦਬੁੱਧੀ ਬੱਚੇ ਪੈਦਾ ਹੋ ਸਕਦੇ ਹਨ। ਇਸੇ ਲਈ ਫਲ ਸਬਜ਼ੀਆਂ ਜ਼ਰੂਰ ਖਾਂਦੇ ਰਹਿਣਾ ਚਾਹੀਦਾ ਹੈ, ਜਿਨ੍ਹਾਂ ਵਿਚਲਾ ਫਾਈਬਰ ਅੰਤੜੀਆਂ ਲਈ ਵਧੀਆ ਹੈ ਤੇ ਇਹ ਸਰੀਰ ਅੰਦਰ ਸ਼ੱਕਰ ਦੀ ਮਾਤਰਾ ਵੀ ਸਹੀ ਰੱਖਦਾ ਹੈ। ਇੰਜ ਭਾਰ ਵੀ ਕਾਬੂ ਵਿਚ ਰੱਖਿਆ ਜਾ ਸਕਦਾ ਹੈ। ਅੱਜ ਦੇ ਦਿਨ ਅਮਰੀਕਾ ਵਿਚ ਔਰਤਾਂ ਦੇ ਦਿਲ ਦੇ ਰੋਗ ਉਨ੍ਹਾਂ ਦੀ ਮੌਤ ਦਾ ਪਹਿਲਾ ਕਾਰਨ ਬਣ ਚੁੱਕੇ ਹੋਏ ਹਨ।
  5. ਚਕੋਧਰਾ :- ਔਰਤਾਂ ਵਿਚ ਪਾਸੇ ਦਾ ਮਾਰਿਆ ਜਾਣਾ (ਸਟਰੋਕ) ਵੀ ਆਮ ਹੀ ਵੇਖਿਆ ਜਾਣ ਲੱਗ ਪਿਆ ਹੈ। ਚਕੋਧਰਾ ਜਿੱਥੇ ਸਟਰੋਕ ਦਾ ਖ਼ਤਰਾ ਘਟਾਉਂਦਾ ਹੈ, ਉੱਥੇ ਦਿਲ ਦੇ ਰੋਗਾਂ ਤੋਂ ਵੀ ਬਚਾਉਂਦਾ ਹੈ। ਹਾਲਾਂਕਿ ਸੰਤਰੇ ਵੀ ਵਧੀਆ ਹਨ, ਪਰ ਚਕੋਧਰੇ ਵਿਚ ਸੰਤਰੇ ਨਾਲੋਂ ਘੱਟ ਮਿੱਠਾ ਹੁੰਦਾ ਹੈ। ਇਸ ਵਿਚਲੇ ਫਲੇਵੋਨਾਇਡ ਬੇਸ਼ਕੀਮਤੀ ਹਨ। ਕੁੱਝ ਕਿਸਮ ਦੀਆਂ ਦਵਾਈਆਂ ਨਾਲ ਚਕੋਧਰਾ ਨਹੀਂ ਖਾਧਾ ਜਾ ਸਕਦਾ। ਸੋ ਇਸ ਵਾਸਤੇ ਡਾਕਟਰੀ ਸਲਾਹ ਲੈ ਲੈਣੀ ਚਾਹੀਦੀ ਹੈ।
  6. ਬਲੂਬੈਰੀ, ਸਟਰਾਅਬੈਰੀ ਅਤੇ ਚੈਰੀਆਂ :- ਫਲੇਵੋਨਾਇਡ ਅਤੇ ਐਂਟੀਆਕਸੀਡੈਂਟ ਨਾਲ ਭਰਪੂਰ ਰੰਗ ਬਿਰੰਗੀਆਂ ਬੈਰੀਆਂ ਅਤੇ ਚੈਰੀਆਂ ਜਿੱਥੇ ਦਿਮਾਗ਼ ਨੂੰ ਚੁਸਤ ਰੱਖਦੀਆਂ ਹਨ, ਉੱਥੇ ਇਨ੍ਹਾਂ ਵਿਚਲਾ ਵਿਟਾਮਿਨ ‘ਸੀ’ ਚਮੜੀ ਹੇਠਲੇ ਕੋਲਾਜਨ ਨੂੰ ਤੰਦਰੁਸਤ ਰੱਖਦਾ ਹੈ ਤੇ ਛੇਤੀ ਝੁਰੜੀਆਂ ਨਹੀਂ ਪੈਣ ਦਿੰਦਾ। ਸੈੱਲਾਂ ਦੀ ਟੁੱਟ ਫੁੱਟ ਹੋਣ ਨੂੰ ਵੀ ਇਹ ਘਟਾ ਦਿੰਦਾ ਹੈ।
  7. ਪਪੀਤਾ :- ਬੀਟਾ ਕੈਰੋਟੀਨ ਅਤੇ ਲਾਈਕੋਪੀਨ ਨਾਲ ਭਰਪੂਰ ਪਪੀਤਾ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਅਤੇ ਛਾਤੀ ਦੇ ਕੈਂਸਰ ਨੂੰ ਰੋਕਣ ਵਿਚ ਕੁੱਝ ਰੋਲ ਜ਼ਰੂਰ ਅਦਾ ਕਰਦਾ ਹੈ। ਬੀਟਾ ਕੈਰੋਟੀਨ ਗਾਜਰਾਂ ਵਿਚ ਵੀ ਹੁੰਦਾ ਹੈ। ਇੰਜ ਹੀ ਲਾਈਕੋਪੀਨ ਟਮਾਟਰ ਅਤੇ ਮਤੀਰੇ (ਹਦਵਾਣੇ) ਵਿਚ ਵੀ ਹੁੰਦਾ ਹੈ। ਸੋ ਉਹ ਵੀ ਰੈਗੂਲਰ ਵਰਤਣੇ ਚਾਹੀਦੇ ਹਨ।

ਪਪੀਤੇ ਵਿਚਲੇ ਐਂਟੀਆਕਸੀਡੈਂਟ ਕੋਲੈਸਟਰੋਲ ਅਤੇ ਬਲੱਡ ਪ੍ਰੈੱਸ਼ਰ ਨੂੰ ਸਹੀ ਰੱਖਣ ਵਿਚ ਵੀ ਮਦਦ ਕਰਦੇ ਹਨ। ਇੰਜ ਦਿਲ ਵੀ ਸਿਹਤਮੰਦ ਰੱਖਿਆ ਜਾ ਸਕਦਾ ਹੈ।

  1. ਘੱਟ ਥਿੰਦੇ ਵਾਲਾ ਦਹੀਂ :- ਤਾਜ਼ਾ ਜੰਮਿਆ ਸਪਰੇਟੇ ਦੁੱਧ ਦਾ ਦਹੀਂ, ਜਿਸ ਵਿਚ ਮਿੱਠਾ ਜਾਂ ਲੂਣ ਨਾ ਪਾਇਆ ਹੋਵੇ, 40 ਵਰ੍ਹਿਆਂ ਦੀ ਉਮਰ ਤੋਂ ਬਾਅਦ ਰੈਗੂਲਰ ਖਾਣਾ ਚਾਹੀਦਾ ਹੈ। ਸਿਰਫ਼ 8 ਔਂਸ ਨਾਲ ਹੀ ਰੋਜ਼ ਦੇ ਲੋੜੀਂਦੇ ਕੈਲਸ਼ੀਅਮ ਦਾ ਇੱਕ ਤਿਹਾਈ ਹਿੱਸਾ ਪੂਰਾ ਹੋ ਜਾਂਦਾ ਹੈ।
  2. ਫਲੈਕਸ ਬੀਜ (ਅਲਸੀ) :- ਫਾਈਬਰ ਅਤੇ ਲਿਗਨੈਨ ਜਿਹੜੇ ਈਸਟਰੋਜਨ ਵਾਂਗ ਅਸਰ ਵਿਖਾਉਂਦੇ ਹਨ, ਛਾਤੀ ਦੇ ਕੈਂਸਰ ਨੂੰ ਹੋਣ ਤੋਂ ਰੋਕਦੇ ਹਨ। ਇਸ ਵਿਚ ਲੋੜੀਂਦੇ ਓਮੇਗਾ ਤਿੰਨ ਫੈਟੀ ਏਸਿਡ ਵੀ ਹਨ।
  3. ਅਖਰੋਟ :– ਇਸ ਵਿਚਲੇ ਵਧੀਆ ਫੈਟੀ ਏਸਿਡ ਜਿੱਥੇ ਕੈਂਸਰ ਰੋਕਣ ਵਿਚ ਕੁੱਝ ਰੋਲ ਅਦਾ ਕਰਦੇ ਹਨ, ਉੱਥੇ ਅੰਤੜੀਆਂ ਨੂੰ ਤੰਦਰੁਸਤ ਰੱਖਣ, ਸ਼ੱਕਰ ਰੋਗ ਅਤੇ ਬਲੱਡ ਪ੍ਰੈੱਸ਼ਰ ਕਾਬੂ ਵਿਚ ਰੱਖਣ ਦੇ ਨਾਲ-ਨਾਲ ਦਿਮਾਗ਼ ਨੂੰ ਵੀ ਚੁਸਤ ਦਰੁਸਤ ਰੱਖਦੇ ਹਨ। ਰੋਜ਼ 4-5 ਅਖਰੋਟ ਜ਼ਰੂਰ ਖਾ ਲੈਣੇ ਚਾਹੀਦੇ ਹਨ ਤੇ ਏਨੇ ਹੀ ਬਦਾਮ ਵੀ।
  4. ਸਾਰਡੀਨ ਮੱਛੀ :- ਵਿਟਾਮਿਨ ਡੀ, ਕੈਲਸ਼ੀਅਮ, ਓਮੇਗਾ-3 ਫੈਟੀ ਏਸਿਡ ਨਾਲ ਭਰੀ ਮੱਛੀ ਦੁੱਧ ਪਿਆਉਂਦੀਆਂ ਮਾਵਾਂ ਲਈ ਕਾਫ਼ੀ ਲਾਹੇਵੰਦ ਹੈ। ਇੰਜ ਹੀ ਗਰਭਵਤੀ ਮਾਵਾਂ ਲਈ ਵੀ ਚੰਗੀ ਸਾਬਤ ਹੋ ਚੁੱਕੀ ਹੈ।
  5. ਐਵੋਕੈਡੋ :- ਚਮੜੀ ਅਤੇ ਅੱਖਾਂ ਲਈ ਵਧੀਆ ਐਵੋਕੈਡੋ, ਮਾੜਾ ਕੋਲੈਸਟਰੋਲ ਘਟਾਉਂਦਾ ਹੈ ਅਤੇ ਚੰਗਾ ਕੋਲੈਸਟਰੋਲ ਵਧਾ ਦਿੰਦਾ ਹੈ। ਇਸ ਨੂੰ ਚਟਨੀ ਵਿਚ ਪਾ ਕੇ ਵੀ ਖਾਧਾ ਜਾ ਸਕਦਾ ਹੈ ਅਤੇ ਸਲਾਦ ਵਿਚ ਵੀ।
  6. ਬਕਰੇ ਦਾ ਜਿਗਰ :- ਇਸ ਵਿਚ ਪਾਲਕ ਤੋਂ ਕਿਤੇ ਵੱਧ ਫੋਲੇਟ ਹੈ, ਜੋ ਭਰੂਣ ਲਈ ਬਹੁਤ ਵਧੀਆ ਹੈ।
  7. ਪਾਲਕ :- ਇਸ ਨੂੰ ਐਵੇਂ ਹੀ ਪਾਲਣਹਾਰ ਨਹੀਂ ਕਿਹਾ ਜਾਂਦਾ। ਦਿਮਾਗ਼ ਨੂੰ ਤਰੋਤਾਜ਼ਾ ਰੱਖਣਾ, ਦਿਮਾਗ਼ ਦਾ ਸੁੰਗੜਨ ਤੋਂ ਰੋਕਣਾ, ਦਿਲ ਨੂੰ ਨਿਰੋਗ ਰੱਖਣਾ, ਅੰਤੜੀਆਂ ਦੇ ਕੈਂਸਰ ਤੋਂ ਬਚਾਉਣਾ, ਲਿਊਟੀਨ ਅਤੇ ਫੋਲੇਟ ਸਦਕਾ ਅੱਖਾਂ ਵਿਚਲੇ ਲੈਂਸ ਅਤੇ ਰੈਟੀਨਾ ਪਰਤ ਨੂੰ ਤੰਦਰੁਸਤ ਰੱਖਣਾ, ਚਮੜੀ ਦੀਆਂ ਝੁਰੜੀਆਂ ਪੈਣ ਤੋਂ ਰੋਕਣਾ ਆਦਿ ਪਾਲਕ ਨੂੰ ਬਿਹਤਰੀਨ ਖ਼ੁਰਾਕ ਬਣਾ ਦਿੰਦਾ ਹੈ।

ਸਾਰ :- ਕਿਹਾ ਜਾਂਦਾ ਹੈ ਕਿ ਘਰ ਵਿਚਲੀ ਇੱਕ ਔਰਤ ਪੜ੍ਹ ਜਾਵੇ ਤਾਂ ਸਾਰਾ ਟੱਬਰ ਹੀ ਪੜ੍ਹ ਜਾਂਦਾ ਹੈ। ਇੰਜ ਹੀ ਮਾਂ ਸਿਹਤਮੰਦ ਹੋਵੇ ਤਾਂ ਬੱਚਾ ਭਾਵੇਂ ਕੁੜੀ ਹੋਵੇ ਜਾਂ ਮੁੰਡਾ, ਸਿਹਤਮੰਦ ਹੀ ਰਹਿੰਦਾ ਹੈ। ਇਸੇ ਲਈ ਹਰ ਬੇਟੀ ਦੀ ਸਿਹਤ ਦਾ ਖ਼ਿਆਲ ਰੱਖਣਾ ਬਹੁਤ ਜ਼ਰੂਰੀ ਹੈ, ਜਿਸ ਵਾਸਤੇ ਸਹੀ ਖ਼ੁਰਾਕ ਖਾਣੀ ਲਾਜ਼ਮੀ ਹੈ। ਰੋਜ਼ਾਨਾ ਕਸਰਤ ਵੀ ਨਾਲੋ ਨਾਲ ਕਰਨੀ ਜ਼ਰੂਰੀ ਹੈ।