ਸੋ ਪੁਰਖੁ ਨਿਰੰਜਨੁ, ਹਰਿ ਪੁਰਖੁ ਨਿਰੰਜਨੁ

0
141

ਸੋ ਪੁਰਖੁ ਨਿਰੰਜਨੁ, ਹਰਿ ਪੁਰਖੁ ਨਿਰੰਜਨੁ

ਪ੍ਰੋਫ਼ੈਸਰ ਮਨਮੋਹਨ ਸਿੰਘ (ਕੈਨੇਡਾ)

ਰਾਗੁ ਆਸਾ, ਮਹਲਾ ੪, ਸੋ ਪੁਰਖੁ, ੴ ਸਤਿ ਗੁਰ ਪ੍ਰਸਾਦਿ ॥

ਸੋ ਪੁਰਖੁ ਨਿਰੰਜਨੁ, ਹਰਿ ਪੁਰਖੁ ਨਿਰੰਜਨੁ; ਹਰਿ ਅਗਮਾ ਅਗਮ ਅਪਾਰਾ ॥ ਸਭਿ ਧਿਆਵਹਿ, ਸਭਿ ਧਿਆਵਹਿ ਤੁਧੁ ਜੀ; ਹਰਿ ਸਚੇ ਸਿਰਜਣਹਾਰਾ ॥ ਸਭਿ ਜੀਅ ਤੁਮਾਰੇ ਜੀ; ਤੂੰ ਜੀਆ ਕਾ ਦਾਤਾਰਾ ॥ ਹਰਿ ਧਿਆਵਹੁ ਸੰਤਹੁ ਜੀ ! ਸਭਿ ਦੂਖ ਵਿਸਾਰਣਹਾਰਾ ॥ ਹਰਿ ਆਪੇ ਠਾਕੁਰੁ, ਹਰਿ ਆਪੇ ਸੇਵਕੁ ਜੀ; ਕਿਆ, ਨਾਨਕ  ! ਜੰਤ ਵਿਚਾਰਾ ॥੧॥ ਤੂੰ ਘਟ ਘਟ ਅੰਤਰਿ, ਸਰਬ ਨਿਰੰਤਰਿ ਜੀ; ਹਰਿ ਏਕੋ ਪੁਰਖੁ ਸਮਾਣਾ ॥ ਇਕਿ ਦਾਤੇ, ਇਕਿ ਭੇਖਾਰੀ ਜੀ; ਸਭਿ ਤੇਰੇ ਚੋਜ ਵਿਡਾਣਾ ॥ ਤੂੰ ਆਪੇ ਦਾਤਾ, ਆਪੇ ਭੁਗਤਾ ਜੀ; ਹਉ, ਤੁਧੁ ਬਿਨੁ ਅਵਰੁ ਨ ਜਾਣਾ ॥ ਤੂੰ ਪਾਰਬ੍ਰਹਮੁ ਬੇਅੰਤੁ ਬੇਅੰਤੁ ਜੀ; ਤੇਰੇ ਕਿਆ ਗੁਣ ਆਖਿ ਵਖਾਣਾ ॥ ਜੋ ਸੇਵਹਿ, ਜੋ ਸੇਵਹਿ ਤੁਧੁ ਜੀ; ਜਨੁ ਨਾਨਕੁ ਤਿਨ ਕੁਰਬਾਣਾ ॥੨॥ ਹਰਿ ਧਿਆਵਹਿ, ਹਰਿ ਧਿਆਵਹਿ ਤੁਧੁ ਜੀ; ਸੇ ਜਨ ਜੁਗ ਮਹਿ ਸੁਖਵਾਸੀ ॥ ਸੇ ਮੁਕਤੁ, ਸੇ ਮੁਕਤੁ ਭਏ, ਜਿਨ ਹਰਿ ਧਿਆਇਆ ਜੀ; ਤਿਨ ਤੂਟੀ ਜਮ ਕੀ ਫਾਸੀ ॥ ਜਿਨ ਨਿਰਭਉ, ਜਿਨ ਹਰਿ ਨਿਰਭਉ ਧਿਆਇਆ ਜੀ; ਤਿਨ ਕਾ ਭਉ ਸਭੁ ਗਵਾਸੀ ॥ ਜਿਨ ਸੇਵਿਆ, ਜਿਨ ਸੇਵਿਆ ਮੇਰਾ ਹਰਿ ਜੀ; ਤੇ ਹਰਿ ਹਰਿ ਰੂਪਿ ਸਮਾਸੀ ॥ ਸੇ ਧੰਨੁ, ਸੇ ਧੰਨੁ, ਜਿਨ ਹਰਿ ਧਿਆਇਆ ਜੀ; ਜਨੁ ਨਾਨਕੁ ਤਿਨ ਬਲਿ ਜਾਸੀ ॥੩॥ ਤੇਰੀ ਭਗਤਿ, ਤੇਰੀ ਭਗਤਿ ਭੰਡਾਰ ਜੀ; ਭਰੇ ਬਿਅੰਤ ਬੇਅੰਤਾ ॥ ਤੇਰੇ ਭਗਤ, ਤੇਰੇ ਭਗਤ ਸਲਾਹਨਿ ਤੁਧੁ ਜੀ; ਹਰਿ ਅਨਿਕ ਅਨੇਕ ਅਨੰਤਾ ॥ ਤੇਰੀ ਅਨਿਕ, ਤੇਰੀ ਅਨਿਕ ਕਰਹਿ ਹਰਿ ਪੂਜਾ ਜੀ; ਤਪੁ ਤਾਪਹਿ, ਜਪਹਿ ਬੇਅੰਤਾ ॥ ਤੇਰੇ ਅਨੇਕ, ਤੇਰੇ ਅਨੇਕ ਪੜਹਿ ਬਹੁ ਸਿਮ੍ਰਿਤਿ ਸਾਸਤ ਜੀ; ਕਰਿ ਕਿਰਿਆ ਖਟੁ ਕਰਮ ਕਰੰਤਾ ॥ ਸੇ ਭਗਤ, ਸੇ ਭਗਤ ਭਲੇ ਜਨ ਨਾਨਕ ਜੀ; ਜੋ ਭਾਵਹਿ ਮੇਰੇ ਹਰਿ ਭਗਵੰਤਾ ॥੪॥ ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਜੀ; ਤੁਧੁ ਜੇਵਡੁ ਅਵਰੁ ਨ ਕੋਈ ॥ ਤੂੰ ਜੁਗੁ ਜੁਗੁ ਏਕੋ, ਸਦਾ ਸਦਾ ਤੂੰ ਏਕੋ ਜੀ; ਤੂੰ ਨਿਹਚਲੁ ਕਰਤਾ ਸੋਈ ॥ ਤੁਧੁ ਆਪੇ ਭਾਵੈ, ਸੋਈ ਵਰਤੈ ਜੀ; ਤੂੰ ਆਪੇ ਕਰਹਿ ਸੁ ਹੋਈ ॥ ਤੁਧੁ ਆਪੇ ਸ੍ਰਿਸਟਿ ਸਭ ਉਪਾਈ ਜੀ; ਤੁਧੁ ਆਪੇ ਸਿਰਜਿ ਸਭ ਗੋਈ ॥ ਜਨੁ ਨਾਨਕੁ ਗੁਣ ਗਾਵੈ ਕਰਤੇ ਕੇ ਜੀ; ਜੋ ਸਭਸੈ ਕਾ ਜਾਣੋਈ ॥੫॥੧॥ (ਸੋ ਪੁਰਖੁ ਆਸਾ ਮਹਲਾ ੪/੧੧)

ਇਸ ਹਥਲੇ ਸ਼ਬਦ ਦੇ ਆਰੰਭ ’ਚ ਆਏ ‘ਸੋ ਪੁਰਖੁ’ ਸ਼ਬਦ, ਜਿਸ ਨੂੰ ਅਗਲੇ ਚਾਰ ਸ਼ਬਦਾਂ ਦੇ ‘ਸਿਰਲੇਖ’ ਵਜੋਂ ਵੀ ਜਾਣਿਆ ਜਾਂਦਾ ਹੈ, ਪਹਿਲਾਂ ਇਸ ਦੇ ਅਰਥ ਨੂੰ ਜਾਣਨਾ ਜ਼ਰੂਰੀ ਹੈ। ‘ਪੁਰਖੁ’ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਅੰਦਰ 33 ਵਾਰ ਦਰਜ ਸੰਪੂਰਨ ਮੂਲ ਮੰਤਰ ਵਿੱਚ ਵੀ ਆਇਆ ਹੈ ਤੇ ਅਰਥ ਹੈ ‘ਸਰਬ ਵਿਆਪਕ, ਪਹੁੰਚਿਆ ਹੋਇਆ’। ‘ਪੁਰਖੁ’ ਸ਼ਬਦ ਗੁਰਬਾਣੀ ਵਿੱਚ ਕਈ ਰੂਪਾਂ ਵਿੱਚ ਤੇ ਕਈ ਅਰਥਾਂ ਵਿੱਚ ਵਰਤਿਆ ਗਿਆ ਹੈ। ‘ਸਰਬ ਵਿਆਪਕ’ ਦੇ ਅਰਥਾਂ ਤੋਂ ਇਲਾਵਾ ਇਹ ਸ਼ਬਦ; ਮਨੁੱਖ ਲਈ ਵੀ ਵਰਤਿਆ ਗਿਆ ਹੈ; ਜਿਵੇਂ ਕਿ ਆਸਾ ਕੀ ਵਾਰ ਵਿੱਚ ਪੜ੍ਹਦੇ ਹਾਂ ‘‘ਪੁਰਖਾਂ ਬਿਰਖਾਂ ਤੀਰਥਾਂ; ਤਟਾਂ ਮੇਘਾਂ ਖੇਤਾਂਹ ’’ (ਮਹਲਾ /੪੬੭) ਇਸ ਵਾਕ ਅੰਦਰ ਸਾਰੇ ਸ਼ਬਦਾਂ ਦੇ ਅੰਤ ’ਚ ਬਿੰਦੇ ਲੱਗੇ ਹੋਏ ਹਨ ‘ਪੁਰਖਾਂ, ਬਿਰਖਾਂ, ਤੱਟਾਂ, ਮੇਘਾਂ, ਤੀਰਥਾਂ’। ਇਸ ਪੂਰੇ ਸ਼ਬਦ ਵਿੱਚ 13 ਨਾਂਵਾਂ ਦੇ ਅੰਤਮ ਕੰਨੇ ਉੱਤੇ ਬਿੰਦੇ ਲੱਗੇ ਹੋਏ ਹਨ, ਜੋ ਕਿ ਬਹੁ ਵਚਨ ਦੇ ਪ੍ਰਤੀਕ ਹਨ ਅਤੇ ਅਰਥ ਬਣਦੇ ਹਨ ‘ਸਾਰੇ ਮਨੁੱਖਾਂ ਦੀ (ਗਿਣਤੀ), ਸਾਰੇ ਰੁੱਖਾਂ ਦੀ (ਗਿਣਤੀ ਰੱਬ ਤੋਂ ਬਿਨਾਂ ਕੋਈ ਨਹੀਂ ਜਾਣਦਾ) ਆਦਿ। ਫਿਰ ਆਇਆ ਹੈ ‘ਪੂਰਨ ਸਤਿਗੁਰੂ’ ਲਈ; ਜਿਵੇਂ ਕਿ ‘‘ਸਤਿਗੁਰੁ ਪੁਰਖੁ ਮਿਲਿਆ, ਪ੍ਰਭੁ ਪ੍ਰਗਟਿਆ; ਗੁਣ ਗਾਵੈ, ਗੁਣ ਵੀਚਾਰੀ ’’ (ਮਹਲਾ /੬੦੭) ਇੱਥੇ ‘ਪੁਰਖੁ’; ਇਕ ਵਚਨ ਪੁਲਿੰਗ ਹੈ। ‘ਪੁਰਖੁ’ ਸ਼ਬਦ; ਪਰਮਾਤਮਾ ਵਾਸਤੇ ਵੀ ਹੈ; ਜਿਵੇਂ ਕਿ ‘‘ਇਸੁ ਜਗ ਮਹਿ ਪੁਰਖੁ ਏਕੁ ਹੈ; ਹੋਰ ਸਗਲੀ ਨਾਰਿ ਸਬਾਈ ’’ (ਮਹਲਾ /੫੯੧) ਹਥਲੇ ਸ਼ਬਦ ਵਿੱਚ ਵੀ ਦਰਜ ਹੈ ‘‘ਤੂੰ ਘਟ ਘਟ ਅੰਤਰਿ, ਸਰਬ ਨਿਰੰਤਰਿ ਜੀ; ਹਰਿ ਏਕੋ ਪੁਰਖੁ ਸਮਾਣਾ ’’ (ਸੋ ਪੁਰਖੁ/ਮਹਲਾ /੧੧) ਭਾਵ ‘ਪੁਰਖੁ’ ਉਹ ਹੈ, ਜੋ ਹਰ ਇੱਕ ਚੀਜ਼ ਵਿੱਚ ਪੂਰਾ ਸਮਾਇਆ ਹੋਇਆ ਹੈ, ਪਹੁੰਚਿਆ ਹੋਇਆ ਹੈ। ਉਹ ਇੱਕੋ ਕਰਤਾ ਪੁਰਖ ਹੈ, ਜਿਹੜਾ ਹਰ ਹਿਰਦੇ ਘਰ ਦੇ ਵਿੱਚ ਪਹੁੰਚਿਆ ਹੋਇਆ ਹੈ। ਜਿਹੜਾ ਮੂਲ ਮੰਤਰ ਵਿੱਚ ‘ਕਰਤਾ ਪੁਰਖੁ’ ਆਇਆ ਹੈ, ਉਸ ਦਾ ਭਾਵ ਹੈ ‘ਕਰਤਾ’ ਉਹ ਹੁੰਦਾ ਹੈ, ਜਿਹੜਾ ਕਿਸੇ ਚੀਜ਼ ਨੂੰ ਬਣਾਉਂਦਾ ਹੈ। ਆਮ ਦੁਨੀਆਂ ਦੀਆਂ ਜਿੰਨੀਆਂ ਵੀ ਚੀਜ਼ਾਂ ਬਣਾਉਣ ਵਾਲੇ ਜਿਵੇਂ ਕੁਰਸੀ, ਕੰਪਿਊਟਰ, ਆਈਪੈਡ ਆਦਿ ਬਣਾਉਣ ਵਾਲ਼ੇ ਜਿਹੜੇ ਕਰਤੇ ਹਨ ਉਹ ਕੋਈ ਚਾਈਨਾ ਵਿੱਚ ਬੈਠਾ ਹੈ। ਕੋਈ ਇੰਡੀਆ ’ਚ ਬੈਠਾ ਹੈ ਤੇ ਕੋਈ ਕਿਸੇ ਹੋਰ ਜਗ੍ਹਾ ’ਤੇ ਬੈਠਾ ਹੈ ਭਾਵ ਦੁਨਿਆਵੀ ਵਸਤੂਆਂ ਨੂੰ ਬਣਾਉਣ ਵਾਲ਼ੇ ਜਿੰਨੇ ਵੀ ਕਰਤਾ ਹਨ ਉਨ੍ਹਾਂ ਦੀ ਬਣਾਈ ਵਸਤੂ ਸਾਡੇ ਕੋਲ਼ ਹੁੰਦੀ ਹੈ, ਪਰ ਉਹ ਆਪ ਸਾਡੇ ਕੋਲ਼ ਨਹੀਂ ਹੁੰਦੇ ਜਦਕਿ ਜਗਤ ਨੂੰ ਬਣਾਉਣ ਵਾਲ਼ੇ ਕਰਤਾ (ਕਰਤਾਰ) ਦੀ ਹਰ ਚੀਜ਼ ਸਾਡੇ ਕੋਲ਼ ਵੀ ਹੈ ਅਤੇ ਉਹ ਆਪ ਵੀ ਉਸ ਵਿੱਚ ਸਮਾਇਆ ਹੋਇਆ ਹੈ। ਗੁਰੂ ਨਾਨਕ ਸਾਹਿਬ ਨੇ ਮੂਲ ਮੰਤਰ ਰਾਹੀਂ ਸਮਝਾਇਆ ਹੈ ਕਿ ੴ- ਇਕ ਅਦੁੱਤੀ ਸ਼ਕਤੀ ਹੈ, ਇੱਕ ਰਸ ਵਿਆਪਕ ਹੈ, ਉਹੀ ਸਾਰੇ ਸੰਸਾਰ/ਬ੍ਰਹਿਮੰਡ ਦੀ ਸਿਰਜਣਹਾਰ ਹੈ; ਜਿਵੇਂ ਕਿ ਵਾਕ ਹੈ ‘‘ਕੀਤਾ ਪਸਾਉ ਏਕੋ ਕਵਾਉ ਤਿਸ ਤੇ ਹੋਏ ਲਖ ਦਰੀਆਉ …. ੧੬’’ (ਜਪੁ/ਮਹਲਾ /) ਉਸ ਕਰਤੇ ਨੇ ਸਭ ਕੁਝ ਪੈਦਾ ਕੀਤਾ ਹੈ ਪਰ ਉਹ ਕਰਤਾ ਐਸਾ ਨਹੀਂ ਜਿਹੜਾ ਆਪਣੀ ਕਿਰਤ ਤੋਂ ਵੱਖਰਾ ਹੁੰਦਾ ਹੈ। ਉਹ ਕਰਤਾ ਪੁਰਖ ਹੈ, ਉਹ ਆਪਣੀ ਕਿਰਤ ਦੇ ਵਿੱਚ ਆਪ ਮੌਜੂਦ ਹੈ। ਵਿਚਾਰ ਅਧੀਨ ਇਸ ਸ਼ਬਦ ਅੰਦਰ ਉਸ ਕਰਤਾ ਪੁਰਖ ਦੀ ਪਰਿਭਾਸ਼ਾ ਹੀ ਦਿੱਤੀ ਹੋਈ ਹੈ; ਜਿਵੇਂ ਕਿ

ਸੋ ਪੁਰਖੁ ਨਿਰੰਜਨੁ, ਹਰਿ ਪੁਰਖੁ ਨਿਰੰਜਨੁ; ਹਰਿ ਅਗਮਾ ਅਗਮ ਅਪਾਰਾ ॥ ਭਾਵ ਉਹ ਪੁਰਖ ਨਿਰੰਜਨ; ਮਾਇਆ ਦੀ ਕਾਲਖ਼ ਤੋਂ ਨਿਰਲੇਪ ਹੈ ਭਾਵੇਂ ਕਿ ਸਭ ਜੀਵਾਂ ਦੇ ਵਿੱਚ ਮੌਜੂਦ ਹੈ। ਅਸੀਂ ਸਾਰੇ ਜੀਵ ਮਾਇਆ ਦੇ ਪ੍ਰਭਾਵ ਹੇਠ ਹਾਂ ਪਰ ਉਸ ਨੂੰ ਮਾਇਆ ਦਾ ਪ੍ਰਭਾਵ ਨਹੀਂ ਹੈ, ਉਹ ਮਾਇਆ ਦੀ ਕਾਲਖ ਤੋਂ ਰਹਿਤ ਹੈ। ਪਰਮਾਤਮਾ ਆਪ ਨਿਰੰਜਨ ਹੈ। ਉਹ ਅਗੰਮ ਹੈ। ਸਾਡੇ ਗਿਆਨ ਇੰਦ੍ਰਿਆਂ ਦੀ ਪਹੁੰਚ ਉਸ ਤੱਕ ਨਹੀਂ। ਗਿਆਨ ਇੰਦ੍ਰੀਆਂ ਦੀ ਇੱਕ ਸੀਮਾ ਹੁੰਦੀ ਹੈ, ਪਰ ਪਰਮਾਤਮਾ; ਅਸੀਮ ਹੈ, ਕੋਈ ਸੀਮਾ ਨਹੀਂ। ਸਾਡੀਆਂ ਸੀਮਤ ਗਿਆਨ ਇੰਦ੍ਰੀਆਂ ਵਿੱਚ ਉਸ ਅਸੀਮ ਨੂੰ ਸਮਝਣਾ, ਉਸ ਦਾ ਪਾਰ ਪਾਉਣ ਹੈ ਜਦਕਿ ਉਹ ਅਪਾਰ ਹੈ, ਅੰਤ ਪਾਉਣਾ ਅਸੰਭਵ ਹੈ। ਗੁਰਬਾਣੀ ਦਾ ਵਾਕ ਹੈ ‘‘ਜਨ ਨਾਨਕ  ! ਬਲਿ ਬਲਿ ਸਦ ਬਲਿ ਜਾਈਐ; ਤੇਰਾ ਅੰਤੁ ਪਾਰਾਵਰਿਆ ’’ (ਸੋ ਦਰੁ/ਮਹਲਾ /੧੦) ਭਾਵ ਤੇਰਾ ਅੰਤ ਕਿਸੇ ਨੇ ਪਾਇਆ ਹੀ ਨਹੀਂ ਤੇ ਨਾ ਹੀ ਪਾ ਸਕਦਾ ਹੈ, ਆਦਿ। ਇਹੀ ਸਿੱਖਿਆ ਗੁਰੂ ਰਾਮਦਾਸ ਜੀ ਹਥਲੇ ਸ਼ਬਦ ਦੇ ਪਹਿਲੇ ਬੰਦ ਦੀ ਅਰੰਭਕ ਪੰਕਤੀ ਵਿੱਚ ਦਿੰਦੇ ਹਨ ‘‘ਸੋ ਪੁਰਖੁ ਨਿਰੰਜਨੁ, ਹਰਿ ਪੁਰਖੁ ਨਿਰੰਜਨੁ; ਹਰਿ ਅਗਮਾ ਅਗਮ ਅਪਾਰਾ ’’ ਅਕਾਲ ਪੁਰਖ ਦੀ ਵਡਿਆਈ ਨਾਲ਼ ਸੰਬੰਧਿਤ ਕੁੱਝ ਹੋਰ ਸਬਦ ਵੀ ਹਨ; ਜਿਵੇਂ ਕਿ

 (1). ਤੂ ਅਕਾਲ ਪੁਰਖੁ; ਨਾਹੀ ਸਿਰਿ ਕਾਲਾ ॥ (ਮਹਲਾ ੧/੧੦੩੮) ਭਾਵ ਤੇਰੇ ਉੱਪਰ ਕਾਲ ਦਾ ਕੋਈ ਅਸਰ ਨਹੀਂ ਹੁੰਦਾ ਹੈ। ਤੂੰ ਕਾਲ ਰਹਿਤ ਹੈ ਅਤੇ ਤੂੰ ਅਕਾਲ ਦੀ ਮੂਰਤਿ ਹੈ।

(2). ਇਸੇ ਤਰ੍ਹਾਂ ‘ਆਦਿ ਪੁਰਖ’ ਆਇਆ ਹੈ ਕਿ ਤੂੰ ਆਦਿ ਤੋਂ ਹੈ/ਸ਼ੁਰੂ ਤੋਂ ਹੈਂ। ਹਰ ਇੱਕ ਦੇ ਵਿੱਚ ਭਰਪੂਰ ਹੈ, ਹਰ ਇੱਕ ਵਿੱਚ ਮਿਲਿਆ ਹੋਇਆ ਹੈ। ਹਰ ਇੱਕ ਦੇ ਘਰ ਵਿੱਚ ਤੂੰ ਆਪ ਵਿਆਪ ਰਿਹਾ ਹੈ ‘‘ਆਦਿ ਪੁਰਖ ਕਰਤਾਰ; ਕਰਣ ਕਾਰਣ ਸਭ ਆਪੇ ਸਰਬ ਰਹਿਓ ਭਰਪੂਰਿ; ਸਗਲ ਘਟ ਰਹਿਓ ਬਿਆਪੇ ’’ (ਮਹਲਾ /੧੩੮੫) ‘ਪੁਰਖੁ’ ਦੀ ਇਹੀ ਪਰਿਭਾਸ਼ਾ ਅਸੀਂ ਸਰਬ ਵਿਆਪਕ ਪ੍ਰਭੂ ਲਈ ਵਰਤ ਰਹੇ ਹਾਂ।

(3). ਪੁਰਖ ਨਿਰੰਜਨ ਸਿਰਜਨਹਾਰ ॥ ਜੀਅ ਜੰਤ ਦੇਵੈ ਆਹਾਰ ॥ (ਮਹਲਾ ੫/੧੧੪੮) ਭਾਵ ਕਰਤਾ ਪੁਰਖ ਸਿਰਜਣਹਾਰ ਵੀ ਹੈ ਤੇ ਜੀਅ-ਜੰਤਾਂ ਨੂੰ ਆਹਾਰ (ਰਿਜ਼ਕ) ਵੀ ਦਿੰਦਾ ਹੈ। ਇੱਥੇ ‘ਪੁਰਖੁ’ ਦਾ ਅਰਥ ਹੈ- ਉਹ ਪਰਮਾਤਮਾ, ਜੋ ਸਭ ਦੇ ਵਿੱਚ ਇੱਕ ਰਸ ਵਿਆਪਕ ਹੈ।

ਉਸ ਮਹਾਨ ਸ਼ਖ਼ਸੀਅਤ ਨੂੰ ਸਮਝਣ ਤੋਂ ਬਾਅਦ ਸਤਿਗੁਰੂ ਜੀ ਉਸ ਦੇ ਗੁਣ ਗਾਉਂਦੇ ਹਨ ਕਿ ਹੇ ਸਦੀਵੀ ਸਥਿਰ ਹਰੀ ! ਜਗਤ ਰਚਨਾ ਦੇ ਸਿਰਜਹਾਰ ! ਤੈਨੂੰ ਸਭ ਯਾਦ ਕਰਦੇ ਹਨ, ਸਿਮਰਦੇ ਹਨ, ਸਭ ਗਾਉਂਦੇ ਹਨ ‘‘ਸਭਿ ਧਿਆਵਹਿ, ਸਭਿ ਧਿਆਵਹਿ ਤੁਧੁ ਜੀ; ਹਰਿ ਸਚੇ ਸਿਰਜਣਹਾਰਾ ’’ ਕਿਉਂਕਿ ਸਾਰੇ ਹੀ ਜੀਵ ਤੈਂ ਪੈਦਾ ਕੀਤੇ ਹਨ ਤੇ ਸਾਰਿਆਂ ਨੂੰ ਤੂੰ ਹੀ ਰਿਜ਼ਕ ਦਿੰਦਾ ਹੈਂ ‘‘ਸਭਿ ਜੀਅ ਤੁਮਾਰੇ ਜੀ; ਤੂੰ ਜੀਆ ਕਾ ਦਾਤਾਰਾ ’’ ਜਿਵੇਂ ਕਿ ‘ਸੋ ਦਰੁ’ ਸ਼ਬਦ ਵਿੱਚ ਵਿਚਾਰ ਚੁੱਕੇ ਹਾਂ ਕਿ ਕਿਵੇਂ ਉਸ ਪਰਮਾਤਮਾ ਨੂੰ ਦੇਵੀ ਦੇਵਤੇ ਗਾ ਰਹੇ ਹਨ। ਖੰਡ, ਬ੍ਰਹਿਮੰਡ, ਪਰਮਾਰਥੀ ਪਥ ’ਤੇ ਚੱਲਣ ਵਾਲੇ ਆਦਿ ਪਰਮਾਤਮਾ ਨੂੰ ਗਾ ਰਹੇ ਹਨ ‘‘ਗਾਵਨਿ ਤੁਧ ਨੋ ਚਿਤੁ ਗੁਪਤੁ ਲਿਖਿ ਜਾਣਨਿ; ਲਿਖਿ ਲਿਖਿ ਧਰਮੁ ਬੀਚਾਰੇ ਗਾਵਨਿ ਤੁਧ ਨੋ ਈਸਰੁ ਬ੍ਰਹਮਾ ਦੇਵੀ; ਸੋਹਨਿ ਤੇਰੇ ਸਦਾ ਸਵਾਰੇ ਗਾਵਨਿ ਤੁਧ ਨੋ ਇੰਦ੍ਰ ਇੰਦ੍ਰਾਸਣਿ ਬੈਠੇ; ਦੇਵਤਿਆ ਦਰਿ ਨਾਲੇ ’’ (ਸੋ ਦਰੁ/ਆਸਾ ਮਹਲਾ /) ਭਾਵ ਹੇ ਪਰਮਾਤਮਾ ! ਤੈਨੂੰ ਸਾਰੇ ਗਾ ਰਹੇ ਹਨ, ਸਾਰੇ ਹੀ ਧਿਆ ਰਹੇ ਹਨ। ਸਭ ਤੇਰੇ ਹੀ ਜੀਅ-ਜੰਤ ਹਨ।

ਗੁਰਬਾਣੀ ਲਿਖਤ ਮੁਤਾਬਕ ‘ਜੀਅ’ ਦਾ ਅਰਥ ‘ਜੀਵ-ਜੰਤ’ ਹੈ ਜਦਕਿ ‘ਜੀ’ ਸਤਿਕਾਰਮਈ ਭਾਵ ਪ੍ਰਗਟ ਕਰਨ ਲਈ ਵਰਤਿਆ ਜਾਂਦਾ ਹੈ; ਜਿਵੇਂ ਕਿ ‘‘ਸਭਿ ਧਿਆਵਹਿ ਤੁਧੁ ਜੀ’’, ਪਰ ‘‘ਸਭਿ ਜੀਅ ਤੁਮਾਰੇ ਜੀ; ਤੂੰ ਜੀਆ ਕਾ ਦਾਤਾਰਾ ’’ ਦਾ ਅਰਥ ਹੈ ਕਿ ਤੂੰ ਸਾਰੇ ਜੀਆਂ ਨੂੰ ਦਾਤਾਂ ਦੇਣ ਵਾਲ਼ਾ ਹੈਂ, ਸਾਰਿਆਂ ਨੂੰ ਰਿਜ਼ਕ ਪਹੁੰਚਾ ਰਿਹਾ ਹੈਂ ਅਤੇ ਸਭ ਦੀ ਪਾਲਣਾ ਕਰ ਰਿਹਾ ਹੈਂ ਤਾਂ ਤੇ ਹੇ ਸੰਤ ਜਨੋ  ! ਉਸ ਪਰਮਾਤਮਾ ਨੂੰ ਯਾਦ ਕਰੋ ਕਿਉਂਕਿ ਉਹ ਸਾਰਿਆਂ ਦੇ ਦੁੱਖਾਂ ਨੂੰ ਵਿਸਾਰਣਹਾਰ ਹੈ ‘‘ਹਰਿ ਧਿਆਵਹੁ ਸੰਤਹੁ ਜੀ  ! ਸਭਿ ਦੂਖ ਵਿਸਾਰਣਹਾਰਾ ’’

ਵਿਚਾਰ : ਇਸ ਨੁਕਤੇ ਨੂੰ ਵੀ ਸਮਝਣਾ ਹੈ ਕਿਉਂਕਿ ਗੁਰਬਾਣੀ ਅਨੁਸਾਰ ਸੁੱਖ ਤੇ ਦੁੱਖ ਕਰਤਾਰ ਵੱਲੋਂ ਮਿਲੀਆਂ ਹੋਈਆਂ ਦਾਤਾਂ ਹੀ ਹਨ; ਜਿਵੇਂ ਕਿ ‘‘ਸੁਖੁ ਦੁਖੁ ਤੇਰੀ ਆਗਿਆ ਪਿਆਰੇ  ! ਦੂਜੀ ਨਾਹੀ ਜਾਇ ’’ (ਮਹਲਾ /੪੩੨), ਸੋ ਹਰੀ ਦਾ ਨਾਮ ਜਪਣ ਨਾਲ ਬੰਦਾ ਦੁੱਖ ਸੁੱਖ ਦੇ ਪ੍ਰਭਾਵ ਤੋਂ ਉੱਪਰ ਉੱਠ ਜਾਂਦਾ ਹੈ ਜਾਂ ਕਹਿ ਲਈਏ ਕਿ ਦੁੱਖ ਸੁੱਖ ਖ਼ਤਮ ਹੋ ਜਾਂਦੇ ਹਨ ਅਤੇ ਜੀਵਨ ਸਥਿਰ ਹੋ ਜਾਂਦਾ ਹੈ। ਦਿਨ ਰਾਤ ਹਰ ਵੇਲਾ ਸੁਖਾਵਾਂ ਜਾਪਦਾ ਹੈ। ਪ੍ਰਭੂ ਦੇ ਨਾਮ ਸਿਮਰਨ ਨਾਲ ਮਨੁੱਖ ਦੀ ਆਤਮਕ ਅਵਸਥਾ ਇੰਨੀ ਉੱਚੀ ਹੋ ਜਾਂਦੀ ਹੈ ਕਿ ਸਭ ਸੁੱਖ ਹੀ ਸੁੱਖ ਲੱਗਦਾ ਹੈ। ਫਿਰ ਸੰਗਤ ਵਿੱਚ ਵੀ ਦ੍ਰਿੜ੍ਹਤਾ ਨਾਲ਼ ਕਹਿੰਦਾ ਹੈ ‘‘ਨਾਨਕ  ! ਬੋਲਣੁ ਝਖਣਾ; ਦੁਖ ਛਡਿ, ਮੰਗੀਅਹਿ ਸੁਖ ਸੁਖੁ ਦੁਖੁ ਦੁਇ ਦਰਿ ਕਪੜੇ; ਪਹਿਰਹਿ ਜਾਇ ਮਨੁਖ ਜਿਥੈ ਬੋਲਣਿ ਹਾਰੀਐ; ਤਿਥੈ ਚੰਗੀ ਚੁਪ ’’ (ਮਹਲਾ /੧੪੯) ਿਉਂਕਿ ‘‘ਸਭ ਦੁਖ, ਤੇਰੇ ਸੂਖ ਰਜਾਈ ਸਭਿ ਦੁਖ ਮੇਟੇ, ਸਾਚੈ ਨਾਈ ’’ (ਮਹਲਾ /੪੧੨) ਭਾਵ ਤੇਰੀ ਰਜ਼ਾ ਵਿੱਚ ਚੱਲਣ ਨਾਲ ਸੁੱਖ ਦੁੱਖ ਦੋਵੇਂ ਇੱਕ ਬਰਾਬਰ ਜਾਪਦੇ ਹਨ। ਸੱਚੇ ਨਾਮ ਨੂੰ ਜਪਣ ਨਾਲ ਦੁੱਖਾਂ ਦੀ ਨਵਿਰਤੀ; ਪਰਮਾਤਮਾ ਆਪ ਹੀ ਕਰ ਦਿੰਦਾ ਹੈ। ਇਸ ਲਈ ਬਚਨ ਕੀਤੇ ਗਏ ਹਨ ‘‘ਹਰਿ ਧਿਆਵਹੁ ਸੰਤਹੁ ਜੀ  ! ਸਭਿ ਦੂਖ ਵਿਸਾਰਣਹਾਰਾ ॥’’ ਇਸ ਪਹਿਲੇ ਬੰਦ ਦੇ ਅੰਤ ’ਚ ਬਚਨ ਹਨ ਕਿ ‘‘ਹਰਿ ਆਪੇ ਠਾਕੁਰੁ, ਹਰਿ ਆਪੇ ਸੇਵਕੁ ਜੀ; ਕਿਆ, ਨਾਨਕ  ! ਜੰਤ ਵਿਚਾਰਾ ’’ ਇਹ ਪੂਰੇ ਬੰਦ ਦਾ ਤੱਤਸਾਰ ਹੈ ਕਿਉਂਕਿ ਜੋ ‘ਪੁਰਖੁ’; ਕਣ ਕਣ ਵਿੱਚ ਰਮਿਆ ਹੋਇਆ ਹੈ, ਦਰਅਸਲ ਉਹ ਆਪ ਹੀ ਮਾਲਕ ਹੈ ਅਤੇ ਆਪ ਹੀ ਸੇਵਕ ਹੈ। ਇਸ ਲਈ ਬਚਨ ਕੀਤੇ ਹਨ ਕਿ ਹੇ ਪਰਮਾਤਮਾ ! ਤੁਸੀਂ ਆਪ ਹੀ ਠਾਕੁਰ ਹੋ ਤੇ ਆਪ ਹੀ ਸੇਵਕ ਹੋ। ਤੁਸੀਂ ਆਪ ਸਭ ਵਿੱਚ ਪੁਰਖ ਬਣ ਕੇ ਰਮੇ ਹੋਏ ਹੋ। ਹਰੀ ਤੋਂ ਵੱਖਰੀ ਜੀਵਾਂ ਦੀ ਕੋਈ ਹਸਤੀ ਨਹੀਂ ਹੈ। ਜੀਵ ਪਰਮਾਤਮਾ ਤੋਂ ਹੀ ਉਪਜਦੇ ਹਨ ਅਤੇ ਉਪਜ ਕੇ ਬਿਨਸਦੇ ਹਨ, ਉਸ ਵਿੱਚ ਸਮਾ ਜਾਂਦੇ ਹਨ। ਜੀਵਾਂ ਦੀ ਆਪਣੀ ਕੋਈ ਵੱਖਰੀ ਹੋਂਦ ਨਹੀਂ।

ਦੂਜੇ ਬੰਦ ਵਿੱਚ ਵੀ ਉਪਦੇਸ਼ ਹੈ ਕਿ ‘‘ਤੂੰ ਘਟ ਘਟ ਅੰਤਰਿ, ਸਰਬ ਨਿਰੰਤਰਿ ਜੀ; ਹਰਿ ਏਕੋ ਪੁਰਖੁ ਸਮਾਣਾ ’’ ਭਾਵ ਹੇ ਪ੍ਰਭੂ ਜੀ ! ਤੁਸੀਂ ਸਭ ਵਿੱਚ ਇੱਕ ਰਸ ਵਿਆਪਕ ਹੋ ਯਾਨੀ ਇੱਕੋ ਪਰਮਾਤਮਾ ਹੀ ਪੁਰਖ ਹੈ, ਜੋ ਸਾਰਿਆਂ ਵਿੱਚ ਸਮਾਇਆ ਹੋਇਆ ਹੈ। ਇਨ੍ਹਾਂ ਵਿੱਚੋਂ ਕਈ ਦਾਤੇ (ਦੇਣ ਵਾਲ਼ੇ) ਅਤੇ ਕਈ ਭਿਖਾਰੀ (ਭਾਵ ਲੈਣ ਵਾਲ਼ੇ) ਬਣ ਬੈਠੇ ਹਨ ‘‘ਇਕਿ ਦਾਤੇ, ਇਕਿ ਭੇਖਾਰੀ ਜੀ; ਸਭਿ ਤੇਰੇ ਚੋਜ ਵਿਡਾਣਾ ’’ ‘ਇਕਿ’ ਦੇ ‘ਕ’ ਨੂੰ ਸਿਹਾਰੀ ਹੋਣ ਕਰਕੇ ਬਹੁ ਵਚਨ ਬਣ ਜਾਂਦਾ ਹੈ ਭਾਵ ਕਈ। ਇਸ ਸੰਸਾਰ ਵਿੱਚ ਬਹੁਤ ਸਾਰੇ ਦਾਤੇ ਬਣੇ ਹੋਏ ਹਨ ਭਾਵੇਂ ਕਿ ਅਸਲ ਵਿੱਚ ਦਾਤਾਂ ਦੇਣ ਵਾਲਾ ਕੇਵਲ ਇੱਕ ਅਕਾਲ ਪੁਰਖ ਹੀ ਹੈ। ਜਿੰਨੇ ਵੀ ਆਪਣੇ ਆਪ ਵਿੱਚ ਦਾਤੇ ਬਣੇ ਹੋਏ ਹਨ, ਉਹ ਪਰਮਾਤਮਾ ਦੇ ਦਿੱਤੇ ਹੋਏ ਭੰਡਾਰਾਂ ਵਿੱਚੋਂ ਹੀ ਲੈ ਕੇ ਦੂਸਰਿਆਂ ਨੂੰ, ਜੋ ਭਿਖਾਰੀ ਬਣੇ ਹੋਏ ਹਨ, ਉਨ੍ਹਾਂ ਨੂੰ ਦਿੰਦੇ ਹਨ। ਇਹ ਸਭ ਤੇਰੇ ਆਪਣੇ ਹੀ ਚੋਜ ਹਨ, ਇਹ ਤੇਰੇ ਆਪਣੇ ਹੀ ਖੇਡ ਤਮਾਸ਼ੇ ਹਨ ਕਿਉਂਕਿ ਅਸਲ ਦਾਤਾ ਤੂੰ ਹੀ ਹੈਂ ‘‘ਦਦਾ ਦਾਤਾ ਏਕੁ ਹੈ; ਸਭ ਕਉ ਦੇਵਨਹਾਰ ਦੇਂਦੇ ਤੋਟਿ ਆਵਈ; ਅਗਨਤ ਭਰੇ ਭੰਡਾਰ ’’ (ਮਹਲਾ /੨੫੭), ਇਹੀ ਬੇਨਤੀ ਵਿਚਾਰ ਅਧੀਨ ਸ਼ਬਦ ਵਿੱਚ ਕੀਤੀ ਹੈ ‘‘ਤੂੰ ਆਪੇ ਦਾਤਾ, ਆਪੇ ਭੁਗਤਾ ਜੀ; ਹਉ, ਤੁਧੁ ਬਿਨੁ ਅਵਰੁ ਜਾਣਾ ’’ ਭਾਵ ਤੂੰ ਆਪ ਹੀ ਦਾਤਾਂ ਦੇਣ ਵਾਲਾ ਹੈ ਤੇ ਆਪ ਹੀ ਉਨ੍ਹਾਂ ਨੂੰ ਭੋਗਣ ਵਾਲਾ ਹੈਂ। ਮੈਂ ਤੇਰੇ ਤੋਂ ਬਿਨਾਂ ਕਿਸੇ ਹੋਰ ਨੂੰ ਦਾਤਾ ਨਹੀਂ ਮੰਨਦਾ। ਅਗਾਂਹ ਸਤਿਗੁਰੂ ਜੀ ਫ਼ੁਰਮਾ ਰਹੇ ਹਨ ਕਿ ‘‘ਤੂੰ ਪਾਰਬ੍ਰਹਮੁ ਬੇਅੰਤੁ ਬੇਅੰਤੁ ਜੀ; ਤੇਰੇ ਕਿਆ ਗੁਣ ਆਖਿ ਵਖਾਣਾ ? ਜੋ ਸੇਵਹਿ, ਜੋ ਸੇਵਹਿ; ਤੁਧੁ ਜੀ, ਜਨੁ ਨਾਨਕੁ ਤਿਨ ਕੁਰਬਾਣਾ ’’ ਭਾਵ ਤੂੰ ਪਾਰਬ੍ਰਹਮ ਹੈ, ਬੇਅੰਤ ਹੈ, ਮੇਰੀ ਕੋਈ ਪਾਇਆਂ ਨਹੀਂ ਕਿ ਮੈਂ ਤੇਰੇ ਸਾਰੇ ਗੁਣਾਂ ਦਾ ਵਖਿਆਣ ਕਰ ਸਕਾਂ। ਜੋ ਤੈਨੂੰ ਸਿਮਰਦੇ ਹਨ, ਦਾਸ ਨਾਨਕ ਤਾਂ ਉਨ੍ਹਾਂ ਤੋਂ ਕੁਰਬਾਨ ਜਾਂਦਾ ਹੈ।

ਸਤਿਗੁਰੂ ਜੀ ਦੇ ਇਹ ਬਚਨ ਕਿ ਤੂੰ ਆਪੇ ਠਾਕੁਰ ਹੈਂ, ਆਪੇ ਸੇਵਕ ਹੈਂ, ਆਪੇ ਦਾਤਾ ਹੈਂ, ਆਪੇ ਭੁਗਤਾ ਹੈਂ, ਵੈਸਾ ਹੀ ਬਿਹਾਗੜਾ ਰਾਗ ਵਿੱਚ ਇੱਕ ਸ਼ਬਦ ਹੈ, ਜੋ ਪਰਮਾਤਮਾ ਦੇ ਆਪਣੇ ਆਪ ਦੀ ਹੀ ਵਿਆਖਿਆ ਹੈ ‘‘ਹਰਿ ਆਪੇ ਠਾਕੁਰੁ, ਸੇਵਕੁ ਭਗਤੁ; ਹਰਿ ਆਪੇ ਕਰੇ ਕਰਾਏ ਹਰਿ ਆਪੇ ਵੇਖੈ, ਵਿਗਸੈ ਆਪੇ; ਜਿਤੁ ਭਾਵੈ, ਤਿਤੁ ਲਾਏ ’’ (ਮਹਲਾ /੫੫੦) ਭਾਵ ਹਰਿ ਆਪ ਹੀ ਠਾਕੁਰ ਹੈ, ਆਪ ਹੀ ਸੇਵਕ ਹੈ, ਭਗਤ ਹੈ। ਉਹ ਆਪ ਹੀ ਸਭ ਕੁੱਝ ਕਰਦਾ ਹੈ ਤੇ ਜੀਵਾਂ ਕੋਲੋਂ ਕਰਵਾਉਂਦਾ ਹੈ। ਉਹ ਆਪ ਹੀ ਸਭ ਦੇ ਕੰਮ ਕਾਰ ਨੂੰ ਦੇਖਦਾ ਹੈ ਤੇ ਖੁਸ਼ ਹੁੰਦਾ ਹੈ ਕਿਉਂਕਿ ਜਿਵੇਂ ਉਸ ਦੀ ਰਜ਼ਾ ਵਾਪਰਦੀ ਹੈ ਉਸੇ ਤਰ੍ਹਾਂ ਹੀ ਜੀਵ ਕੰਮਾਂ ਵਿੱਚ ਲੱਗੇ ਹਨ। ਕਈਆਂ ਨੂੰ ਆਪ ਹੀ ਸਹੀ ਰਸਤੇ ਪਾ ਦਿੰਦਾ ਹੈ ਤੇ ਕਈਆਂ ਨੂੰ ਆਪੇ ਹੀ ਕੁਰਾਹੇ ਪਾ ਦਿੰਦਾ ਹੈ। ਤੂੰ ਜੋ ਵੀ ਕਰਦਾ ਹੈਂ, ਆਪਣੇ ਅਭੁੱਲ ਨਿਆਂ ਮੁਤਾਬਕ ਕਰ ਰਿਹਾ ਹੈਂ। ਸਾਰੇ ਚੋਜ-ਤਮਾਸ਼ੇ ਆਪ ਕਰਕੇ ਆਪ ਹੀ ਦੇਖ ਰਿਹਾ ਹੈ। ਪੰਜਵੇਂ ਪਾਤਿਸ਼ਾਹ ਜੀ ਦੇ ਬਚਨ ਹਨ ‘‘ਉਦਮੁ ਕਰਉ, ਕਰਾਵਹੁ ਠਾਕੁਰ  ! ਪੇਖਤ ਸਾਧੂ ਸੰਗਿ ਹਰਿ ਹਰਿ ਨਾਮੁ ਚਰਾਵਹੁ ਰੰਗਨਿ; ਆਪੇ ਹੀ ਪ੍ਰਭ ਰੰਗਿ ’’ (ਮਹਲਾ /੪੦੫) ਅਰਥ : ਹੇ ਮਾਲਕ ਪ੍ਰਭੂ ! ਮੇਰੇ ਮਨ ਨੂੰ ਆਪਣੇ ਨਾਮ ਦਾ ਰੰਗ ਚਾੜ੍ਹ ਦਿਓ। ਆਪਣੇ ਪ੍ਰੇਮ ਰੰਗ ਵਿੱਚ ਰੰਗ ਦਿਓ। ਸਾਧ ਸੰਗਤ ਵਿੱਚ ਤੇਰਾ ਦਰਸ਼ਨ ਕਰਦਿਆਂ ਜੇ ਇਹ ਉਦਮ ਕਰਾਓਗੇ ਤਾਂ ਹੀ ਮੈਂ ਕਰ ਸਕਦਾ ਹਾਂ।

ਨੋਟ : ਇਸ ਪੰਕਤੀ ਵਿੱਚ ‘ਕਰਉ’ ਸ਼ਬਦ ਉੱਤਮ ਪੁਰਖ ਇੱਕ ਵਚਨ ਕਿਰਿਆ ਹੈ, ਇਸ ਲਈ ਇਸ ਦਾ ਉਚਾਰਨ ਹੈ ‘ਕਰਉਂ’ ਤੇ ਅਰਥ ਹੈ ‘ਮੈਂ ਕਰਦਾ ਹਾਂ’।

ਅਕਾਲ ਪੁਰਖ ਅੱਗੇ ਜੋਦੜੀ ਕਰਨ ਦਾ ਇਹੀ ਢੰਗ ਗੁਰੂ ਰਾਮਦਾਸ ਜੀ ਦੇ ਹਥਲੇ ਸ਼ਬਦ ਵਿੱਚ ਦਰਜ ਹੈ ‘‘ਤੂੰ ਆਪੇ ਦਾਤਾ, ਆਪੇ ਭੁਗਤਾ ਜੀ; ਹਉ, ਤੁਧੁ ਬਿਨੁ ਅਵਰੁ ਜਾਣਾ ’’, ਜਿਸ ਵਿੱਚ ਸਭ ਕੁੱਝ ਕਰਨ ਕਾਰਨ ਦਾ ਕਰਤਾ ਅਕਾਲ ਪੁਰਖ ਨੂੰ ਮੰਨਿਆ ਗਿਆ ਹੈ, ਇਸ ਵਿਸ਼ੇ ਨੂੰ ਹੀ ਆਪ ਜੀ ਨੇ ਕਈ ਵਾਰ ਆਪਣੀ ਬਾਣੀ ਵਿੱਚ ਵਰਤਿਆ ਹੈ; ਜਿਵੇਂ ਕਿ

(1). ਆਪੇ ਧਰਤੀ, ਆਪੇ ਹੈ ਰਾਹਕੁ; ਆਪਿ ਜੰਮਾਇ ਪੀਸਾਵੈ ॥ ਆਪਿ ਪਕਾਵੈ, ਆਪਿ ਭਾਂਡੇ ਦੇਇ ਪਰੋਸੈ; ਆਪੇ ਹੀ ਬਹਿ ਖਾਵੈ ॥ ਆਪੇ ਜਲੁ, ਆਪੇ ਦੇ ਛਿੰਗਾ; ਆਪੇ ਚੁਲੀ ਭਰਾਵੈ ॥ ਆਪੇ ਸੰਗਤਿ ਸਦਿ ਬਹਾਲੈ; ਆਪੇ ਵਿਦਾ ਕਰਾਵੈ ॥ ਜਿਸ ਨੋ ਕਿਰਪਾਲੁ ਹੋਵੈ ਹਰਿ ਆਪੇ; ਤਿਸ ਨੋ ਹੁਕਮੁ ਮਨਾਵੈ ॥੬॥ (ਮਹਲਾ ੪/੫੫੧) ਭਾਵ ਤੂੰ ਆਪੇ ਹੀ ਧਰਤੀ ਹੈਂ ਤੇ ਆਪ ਹੀ ਕਿਸਾਨ ਬਣ ਕੇ ਅੰਨ ਪੈਦਾ ਕਰਦਾ ਹੈਂ। ਆਪ ਹੀ ਉਸ ਅੰਨ ਨੂੰ ਪਿਸਾ ਕੇ ਤੇ ਭੋਜਨ ਤਿਆਰ ਕਰਕੇ ਭਾਂਡਿਆਂ ਵਿੱਚ ਪ੍ਰੋਸਦਾ ਹੈਂ। ਆਪ ਹੀ ਸੰਗਤ ਵਿੱਚ ਬੈਠ ਕੇ ਆਪ ਹੀ ਖਾ ਰਿਹਾ ਹੁੰਦਾ ਹੈਂ। ਤੂੰ ਆਪ ਹੀ ਪਾਣੀ ਹੈਂ, ਆਪ ਹੀ ਦੰਦਾਂ ਵਿੱਚ ਫਸਿਆ ਖਾਣਾ ਕੱਢਣ ਲਈ ਨੋਕਦਾਰ ਪਤਲਾ ਤੀਲਾ ਹੈਂ ਤੇ ਆਪ ਹੀ ਚੂਲੀਆਂ ਕਰਵਾਉਂਦਾ ਹੈ। ਤੂੰ ਆਪ ਹੀ ਸੰਗਤ ਨੂੰ ਇੱਕਠਾ ਕਰ ਬੈਠਾਲਦਾ ਹੈ ਤੇ ਆਪ ਹੀ ਉਨ੍ਹਾਂ ਨੂੰ ਘਰੋ ਘਰੀਂ ਭੇਜਦਾ ਹੈ, ਪਰ ਜਿਸ ਉੱਤੇ ਤੂੰ ਕਿਰਪਾ ਕਰ ਦਿੰਦਾ ਹੈਂ, ਉਸ ਤੋਂ ਆਪਣੀ ਰਜ਼ਾ ਮਨਵਾਉਂਦਾ ਹੈ। ਕਿਸੇ ਅੰਦਰ ਆਪਣੀ ਕੋਈ ਪਾਇਆਂ ਨਹੀਂ ਕਿ ਉਹ ਕੁੱਝ ਆਪ ਕਰ ਸਕੇ।

(2). ਆਪੇ ਠਾਕੁਰੁ, ਸੇਵਕੁ ਆਪੇ; ਆਪੇ ਹੀ ਪਾਪ ਖੰਡਨੁ ॥ ਆਪੇ ਸਭਿ ਘਟ ਭੋਗਵੈ ਸੁਆਮੀ; ਆਪੇ ਹੀ ਸਭੁ ਅੰਜਨੁ ॥ ਆਪਿ ਬਿਬੇਕੁ, ਆਪਿ ਸਭੁ ਬੇਤਾ; ਆਪੇ ਗੁਰਮੁਖਿ ਭੰਜਨੁ ॥ (ਮਹਲਾ ੪/੫੫੨) ਭਾਵ ਪਾਪਾਂ ਦੀ ਨਵਿਰਤੀ ਕਰਨ ਵਾਲਾ ਵੀ ਤੂੰ ਆਪ ਹੈਂ। ਸਭ ਦੁੱਖ ਨਿਵਾਰਣਹਾਰ ਵੀ ਤੂੰ ਆਪ ਹੈਂ। ਆਪੇ ਜਗਤ ਵਿੱਚ ਵਿਆਪਕ ਹੋ ਕੇ ਮਾਇਆਵੀ ਪਦਾਰਥ ਭੋਗ ਰਿਹਾ ਹੈਂ ਭਾਵ ਜੋ ਮਾਇਆ ਦੇ ਪ੍ਰਭਾਵ ਅਧੀਨ ਹਨ, ਉਨ੍ਹਾਂ ਵਿੱਚ ਵੀ ਤੂੰ ਆਪ ਹੈਂ।

(3). ਆਪੇ ਚਾਟਸਾਲ, ਆਪਿ ਹੈ ਪਾਧਾ; ਆਪੇ ਚਾਟੜੇ ਪੜਣ ਕਉ ਆਣੇ ॥ ਆਪੇ ਪਿਤਾ, ਮਾਤਾ ਹੈ ਆਪੇ; ਆਪੇ ਬਾਲਕ ਕਰੇ ਸਿਆਣੇ ॥ ਇਕ ਥੈ ਪੜਿ ਬੁਝੈ ਸਭੁ ਆਪੇ; ਇਕ ਥੈ ਆਪੇ ਕਰੇ ਇਆਣੇ ॥ ਇਕਨਾ, ਅੰਦਰਿ ਮਹਲਿ (’ਚ) ਬੁਲਾਏ; ਜਾ ਆਪਿ ਤੇਰੈ+ਮਨਿ (’ਚ), ਸਚੇ ਭਾਣੇ ॥ ਜਿਨਾ ਆਪੇ, ਗੁਰਮੁਖਿ ਦੇ ਵਡਿਆਈ; ਸੇ ਜਨ ਸਚੀ ਦਰਗਹਿ ਜਾਣੇ ॥੧੧॥ (ਮਹਲਾ ੪/੫੫੩) ਚਾਟਸਾਲ ਤੋਂ ਭਾਵ ਪਾਠਸ਼ਾਲਾ ਹੈ। ਇੱਥੇ ਇਸ ਦਾ ਮਤਲਬ ‘ਸਤਿਸੰਗਤ’ ਹੈ ਯਾਨੀ ਕਿ ਆਪ ਹੀ ਸਤਿਸੰਗਤ ਹੈ। ਆਪ ਹੀ ਪਾਂਧਾ (ਅਧਿਆਪਕ) ਹੈ, ਜੋ ਸਤਿਸੰਗਤ ਵਿੱਚ ਪੜ੍ਹਾਉਂਦਾ ਹੈ। ਆਪ ਹੀ ਤੂੰ ਬੱਚਿਆਂ ਨੂੰ ਸਤਿਸੰਗਤ ਵਿੱਚ ਲੈ ਕੇ ਆਉਂਦਾ ਹੈਂ ਭਾਵੇਂ ਕਿ ਪਾਂਧਾ ਸਭ ਬੱਚਿਆਂ ਨੂੰ ਬਰਾਬਰ ਪੜ੍ਹਾ ਰਿਹਾ ਹੁੰਦਾ ਹੈ। ਉਨ੍ਹਾਂ ਵਿੱਚੋਂ ਕੁੱਝ ਬੱਚੇ ਹੁਸ਼ਿਆਰ ਹੁੰਦੇ ਹਨ ਤੇ ਸਮਝ ਜਾਂਦੇ ਹਨ, ਪਰ ਕੁਝ ਸਮਝਣ ’ਚ ਅਸਮਰੱਥ ਹੁੰਦੇ ਹਨ। ਇਸੇ ਤਰ੍ਹਾਂ ਗੁਰਮਤਿ ਸਿਧਾਂਤ ਦੇ ਗਹਿਰੇ ਰਾਜ਼ ਜਾਣਨ ਲਈ ਗਹਿਰੀ ਸੋਚ ਵੀ ਹੋਣੀ ਜ਼ਰੂਰੀ ਹੈ। ਜਿਨ੍ਹਾਂ ਨੂੰ ਅਸਲ ਸਮਝ ਆ ਗਈ ਉਨ੍ਹਾਂ ਨੇ ਐਲਾਨੀਆ ਕਿਹਾ ‘‘ਕਬੀਰ  ! ਕੂਕਰੁ ਰਾਮ ਕੋ; ਮੁਤੀਆ ਮੇਰੋ ਨਾਉ ਗਲੇ ਹਮਾਰੇ ਜੇਵਰੀ; ਜਹ ਖਿੰਚੈ, ਤਹ ਜਾਉ ੭੪’’ (ਭਗਤ ਕਬੀਰ ਜੀ/੧੩੬੮) ਭਾਵ ਮੈਂ ਤਾਂ ਰਾਮ ਦਾ ਪਾਲਤੂ ਕੁੱਤਾ ਹਾਂ, ਵਾਹਿਗੁਰੂ ਨੇ ਮੇਰਾ ਨਾਂ ਮੋਤੀ ਰੱਖਿਆ ਹੈ । ਮੇਰੇ ਗਲੇ ਵਿੱਚ ਪਰਮਾਤਮਾ ਨੇ ਪਟਾ ਪਾਇਆ ਹੈ। ਜਿਧਰ ਵੱਲ ਉਹ, ਮੈਨੂੰ ਖਿਚਦੇ ਹਨ ਮੈਂ ਓਧਰ ਹੀ ਜਾਂਦਾ ਹਾਂ। ਮੇਰੀ ਆਪਣੀ ਕੋਈ ਪਾਇਆਂ ਨਹੀਂ ਕਿ ਮਨ ਮਰਜ਼ੀ ਕਰ ਸਕਾਂ ‘‘ਕਬੀਰ  ! ਨਾ ਹਮ ਕੀਆ, ਕਰਹਿਗੇ; ਨਾ ਕਰਿ ਸਕੈ ਸਰੀਰੁ ਕਿਆ ਜਾਨਉ, ਕਿਛੁ ਹਰਿ ਕੀਆ; ਭਇਓ ਕਬੀਰੁ ਕਬੀਰੁ ੬੨’’ (ਭਗਤ ਕਬੀਰ ਜੀਉ/੧੩੬੭) ਭਾਵ ਮੈਂ ਅੱਜ ਤੱਕ ਕੁਝ ਨਹੀਂ ਕੀਤਾ ਤੇ ਨਾ ਮੈਂ ਕੁਝ ਕਰ ਸਕਦਾ ਹਾਂ। ਮੇਰੇ ਸਰੀਰ ਵਿੱਚ ਕੋਈ ਸਮਰੱਥਾ ਨਹੀਂ ਕਿ ਮੈਂ ਪਰਮਾਤਮਾ ਨੂੰ ਯਾਦ ਕਰ ਸਕਾਂ ਜਾਂ ਉਸ ਦੇ ਗੁਣ ਗਾ ਸਕਾਂ। ਪਤਾ ਨਹੀਂ ਵਾਹਿਗੁਰੂ ਨੇ ਕੀ ਕਰ ਦਿੱਤਾ ਹੈ, ਕਿਹੜੀ ਖੇਡ ਖੇਡੀ ਹੈ, ਜਿਸ ਅਨੁਸਾਰ ਦੁਨੀਆਂ ਮੈਨੂੰ ਵੱਡਾ-ਵੱਡਾ ਕਹਿਣ ਲੱਗ ਪਈ ਹੈ। ਕੁੱਝ ਕਹਿੰਦੇ ਹਨ ਕਿ ਤੂੰ ਤਾਂ ਰੱਬ ਦਾ ਰੂਪ ਹੋ ਗਿਆ, ਪਰ ਹੇ ਭਾਈ ! ਮੈਂ ਤਾਂ ਕੁੱਛ ਨਹੀਂ ਕੀਤਾ, ਨਾ ਕਰ ਸਕਦਾ ਹਾਂ। ਸਾਰੀ ਦਾਤਾਰ ਮਾਲਕ ਦੀ ਖੇਡ ਹੈ। ਗੁਰੂ ਅਰਜਨ ਸਾਹਿਬ ਜੀ ਅਕਾਲ ਪੁਰਖ ਨਾਲ਼ ਸੰਵਾਦ ਕਰਦਿਆਂ ਪ੍ਰਭੂ ਗੁਣਾਂ ਨੂੰ ਇਉਂ ਬਿਆਨ ਕਰਦੇ ਹਨ ‘‘ਆਪੇ ਕੀਤੋ ਰਚਨੁ; ਆਪੇ ਹੀ ਰਤਿਆ ਆਪੇ ਹੋਇਓ ਇਕੁ; ਆਪੇ ਬਹੁ ਭਤਿਆ ਆਪੇ ਸਭਨਾ ਮੰਝਿ (’); ਆਪੇ ਬਾਹਰਾ ਆਪੇ ਜਾਣਹਿ ਦੂਰਿ; ਆਪੇ ਹੀ ਜਾਹਰਾ (ਅੰਗਸੰਗ) ਆਪੇ ਹੋਵਹਿ ਗੁਪਤੁ; ਆਪੇ ਪਰਗਟੀਐ ਕੀਮਤਿ ਕਿਸੈ ਪਾਇ; ਤੇਰੀ ਥਟੀਐ (ਕੁਦਰਤ ਦੀ) ਗਹਿਰ ਗੰਭੀਰੁ ਅਥਾਹੁ; ਅਪਾਰੁ ਅਗਣਤੁ ਤੂੰ ਨਾਨਕ  ! ਵਰਤੈ ਇਕੁ; ਇਕੋ ਇਕੁ ਤੂੰ ੨੨’’ (ਮਹਲਾ /੯੬੬)

ਵਿਚਾਰ ਅਧੀਨ ਸ਼ਬਦ ਦੇ ਅਗਲੇ ਬੰਦ ’ਚ ਗੁਰੂ ਰਾਮਦਾਸ ਜੀ ਫ਼ੁਰਮਾ ਰਹੇ ਹਨ ਕਿ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਜਿਹੜੇ ਤੈਨੂੰ ਧਿਆਉਂਦੇ ਹਨ, ਸਿਮਰਦੇ ਹਨ। ਜੋ ਤੇਰੀ ਯਾਦ ਹਿਰਦੇ ਘਰ ਵਿੱਚ ਵਸਾਈ ਰੱਖਦੇ ਹਨ। ਉਹ ਸਾਰੇ ਸੁੱਖਾਂ ਦੀ ਪ੍ਰਾਪਤੀ ਕਰ ਲੈਂਦੇ ਹਨ ‘‘ਹਰਿ ਧਿਆਵਹਿ, ਹਰਿ ਧਿਆਵਹਿ ਤੁਧੁ ਜੀ; ਸੇ ਜਨ, ਜੁਗ ਮਹਿ ਸੁਖਵਾਸੀ ’’ (ਮਹਲਾ /੧੧), ਸਾਰੇ ਸੁੱਖਾਂ ਦੀ ਪ੍ਰਾਪਤੀ ਤੋਂ ਭਾਵ ਪ੍ਰਭੂ ਮਿਲਾਪ ਦਾ ਅਨੰਦ ਪਾਉਣਾ ਹੈ; ਜਿਵੇਂ ਕਿ ਗੁਰੂ ਅਮਰਦਾਸ ਜੀ ਦੇ ਬਚਨ ਹਨ ‘‘ਅਨੰਦੁ ਭਇਆ ਮੇਰੀ ਮਾਏ  ! ਸਤਿਗੁਰੂ ਮੈ ਪਾਇਆ ’’ (ਮਹਲਾ /੯੧੭) ਭਾਵ ਜਿਨ੍ਹਾਂ ਨੇ ਸਤਿਗੁਰੂ ਨੂੰ ਪਾ ਲਿਆ ਉਹੀ ਅਨੰਦਿਤ ਹਨ, ਉਹੀ ਸੁਖੀ ਹਨ। ਬਾਣੀ ਕਿਸੇ ਹੋਰ ਨੂੰ ਸੁਖੀ ਨਹੀਂ ਮੰਨਦੀ।

ਅਗਾਂਹ ਗੁਰੂ ਰਾਮਦਾਸ ਜੀ ਫ਼ੁਰਮਾਉਂਦੇ ਹਨ ‘‘ਸੇ ਮੁਕਤੁ, ਸੇ ਮੁਕਤੁ ਭਏ; ਜਿਨ ਹਰਿ ਧਿਆਇਆ ਜੀ, ਤਿਨ ਤੂਟੀ ਜਮ ਕੀ ਫਾਸੀ ’’ ਸੇ ਮੁਕਤ ਤੋਂ ਭਾਵ ਹੈ ਆਵਾਗਵਣ ਦੇ ਗੇੜ ਤੋਂ ਮੁਕਤ ਹੋਣਾ ਭਾਵ ਜਿਨ੍ਹਾਂ ਨੇ ਪ੍ਰਭੂ ਨੂੰ ਧਿਆਇਆ ਹੈ। ਉਨ੍ਹਾਂ ਦੀ ਜਮਾਂ ਦੀ ਫਾਂਸੀ ਕੱਟੀ ਗਈ; ਇਸ ਸੰਸਾਰ ਭਵਸਾਗਰ ਤੋਂ ਸਫਲ ਹੋ ਕੇ ਚਲੇ ਗਏ।

ਗੁਰਬਾਣੀ ਵਿੱਚ ‘ਸੇ’ ਬਹੁ ਵਚਨ ਪੜਨਾਂਵ ਹੈ ਅਤੇ ‘ਸੋ’ ਇੱਕ ਵਚਨ। ‘ਸੇ ਮੁਕਤੁ’ ਤੋਂ ਭਾਵ ਉਹ ਸਾਰੇ ਮੁਕਤ ਹੋ ਗਏ, ਜਿਨ੍ਹਾਂ ਨੇ ਦਿਲੋਂ ਪਰਮਾਤਮਾ ਨੂੰ ਯਾਦ ਕੀਤਾ, ਜਿਨ੍ਹਾਂ ਨੂੰ ਸਬਰ-ਸੰਤੋਖ ਆ ਗਿਆ। ਜਿਨ੍ਹਾਂ ਨੂੰ ਸਥਿਰਤਾ ਪ੍ਰਾਪਤ ਹੋ ਗਈ। ਦੁੱਖ-ਸੁੱਖ ਇੱਕ ਸਮਾਨ ਜਾਪਣ ਲੱਗੇ। ਉਹ ਸਦਾ ਲਈ ਨਿਡਰ ਹੋ ਗਏ ‘‘ਜਿਨ ਨਿਰਭਉ, ਜਿਨ ਹਰਿ ਨਿਰਭਉ ਧਿਆਇਆ ਜੀ; ਤਿਨ ਕਾ ਭਉ ਸਭੁ ਗਵਾਸੀ ’’ ਭਾਵ ਜਿਨ੍ਹਾਂ ਨੇ ਨਿਰਭਉ ਪ੍ਰਭੂ ਨੂੰ ਧਿਆਇਆ ਉਨ੍ਹਾਂ ਦੇ ਸਾਰੇ ਡਰ ਖ਼ਤਮ ਹੋ ਗਏ। ਜਿਨ੍ਹਾਂ ਨੇ ਇਹ 5 ਸੱਸੇ ਅਪਣਾਅ ਲਏ ‘ਸਿਮਰਨ, ਸੰਤੋਖ, ਸਹਿਜ, ਸੁਕ੍ਰਿਤ ਅਤੇ ਸ਼ੁਕਰਾਨਾ’।

ਅਕਾਲ ਪੁਰਖ ਲਈ ‘ਨਿਰਭਉ’ ਸ਼ਬਦ ਗੁਰੂ ਨਾਨਕ ਸਾਹਿਬ ਨੇ ਮੂਲ ਮੰਤਰ ਵਿੱਚ ਵਰਤਿਆ ਹੈ ਕਿਉਂਕਿ ਉਸ ਤੋਂ ਉੱਪਰ ਕੋਈ ਸ਼ਕਤੀ ਨਹੀਂ ਹੈ। ਗੁਰੂ ਅਮਰਦਾਸ ਜੀ ਦੇ ਬਚਨ ਹਨ ‘‘ਤਿਸ ਤੇ ਊਪਰਿ ਨਾਹੀ ਕੋਇ ਕਉਣੁ ਡਰੈ ? ਡਰੁ ਕਿਸ ਕਾ ਹੋਇ  ?’’ (ਮਹਲਾ /੮੪੨) ਭਾਵ ਉਸ ‘ੴ’ ਤੋਂ ਉੱਪਰ ਕੋਈ ਸ਼ਕਤੀਮਾਨ ਨਹੀਂ ਹੈ। ਇਸ ਕਰਕੇ ਉਸ ਨੂੰ ਕਿਸੇ ਦਾ ਡਰ ਨਹੀਂ। ਉਹ ‘ਨਿਰਭਉ’ ਹੈ। ਐਸੇ ਹੀ ਬੋਲ ਗੁਰੂ ਅਰਜਨ ਸਾਹਿਬ ਜੀ ਦੇ ਹਨ ‘‘ਦੂਸਰ ਹੋਆ ਨਾ ਕੋ ਹੋਈ ਜਪਿ ਨਾਨਕ  ! ਪ੍ਰਭ ਏਕੋ ਸੋਈ ’’ (ਮਹਲਾ /੭੪੦) ਭਾਵ ਨਾ ਕੋਈ ਉਸ ਵਰਗਾ ਹੈ, ਨਾ ਕੋਈ ਉਸ ਵਰਗਾ ਹੋ ਸਕਦਾ ਹੈ। ਇਸ ਕਰਕੇ ਉਸ ਨੂੰ ਕਿਸੇ ਦਾ ਡਰ ਨਹੀਂ। ਹੇ ਨਾਨਕ  ! ਉਸ ਪ੍ਰਭੂ ਦਾ ਜਾਪ ਕਰ। ਗੁਰੂ ਨਾਨਕ ਸਾਹਿਬ ਜੀ ਵੀ ਐਸਾ ਹੀ ਉਪਦੇਸ਼ ਕਰਦੇ ਹਨ ‘‘ਅਵਰੁ ਦੀਸੈ ਕਿਸੁ ਸਾਲਾਹੀ ? ਤਿਸਹਿ ਸਰੀਕੁ ਕੋਈ ’’ (ਮਹਲਾ /੫੯੭) ਭਾਵ ਉਸ ਦੇ ਬਰਾਬਰ ਦਾ ਹੀ ਕੋਈ ਨਹੀਂ, ਇਸ ਲਈ ਨਾ ਕੋਈ ਉਸ ਦਾ ਵੈਰੀ ਹੈ, ਜੋ ਉਸ ਨਾਲ਼ ਟਕਰਾਵੇ।

ਜਿੱਥੇ ਅਕਾਲ ਪੁਰਖ ਸਰਬ ਸ਼ਕਤੀਮਾਨ ਹੈ ਓਥੇ ਸਾਰੇ ਜੀਵ-ਜੰਤ ਭੈ ਵਿੱਚ ਹਨ, ਦੁਨਿਆਵੀ ਡਰ ਤੇ ਕਾਲ ਦੇ ਡਰ ਅਧੀਨ ਹਨ। ਇਨ੍ਹਾਂ ਡਰਾਂ ਤੋਂ ਮੁਕਤ ਹੋਣ ਲਈ ਸਤਿਗੁਰੂ ਦਾ ਆਸਰਾ ਲੈ ਕੇ ਪ੍ਰਭੂ ਦਾ ਨਾਮ ਸਿਮਰਨ ਹੀ ਮਦਦਗਾਰ ਬਣਦਾ ਹੈ; ਜਿਵੇਂ ਕਿ ਗੁਰੂ ਰਾਮਦਾਸ ਜੀ ਦੇ ਬਚਨ ਹਨ ‘‘ਸਤਿਗੁਰੁ ਜਿਨੀ ਧਿਆਇਆ; ਤਿਨ ਜਮ ਡਰੁ ਨਾਹੀ ’’ (ਮਹਲਾ /੮੮) ਪਰਮਾਤਮਾ ਦੇ ਨਾਮ ਤੋਂ ਮਾਇਆ ਵੀ ਡਰਦੀ ਹੈ; ਜਿਵੇਂ ਕਿ ਪੰਜਵੇਂ ਪਾਤਿਸ਼ਾਹ ਜੀ ਫ਼ੁਰਮਾ ਰਹੇ ਹਨ ‘‘ਛਲ ਬਪੁਰੀ ਇਹ ਕਉਲਾ ਡਰਪੈ; ਅਤਿ ਡਰਪੈ ਧਰਮ ਰਾਇਆ ’’ (ਮਹਲਾ /੯੯੯) ਭਾਵ ਉਸ ਪਰਮਾਤਮਾ ਤੋਂ ਮਾਇਆ ਵੀ ਡਰਦੀ ਹੈ। ਧਰਮਰਾਜ ਵੀ ਉਸ ਕੋਲੋਂ ਬਹੁਤ ਡਰਦਾ ਹੈ। ਸਾਰੀਆਂ ਕੁਦਰਤੀ ਸ਼ਕਤੀਆਂ ਉਸ ਦੇ ਡਰ ਵਿੱਚ ਹਨ; ਜਿਵੇਂ ਕਿ ਗੁਰੂ ਨਾਨਕ ਸਾਹਿਬ ਜੀ ਦਾ ਆਸਾ ਕੀ ਵਾਰ ਵਿੱਚ ਸਲੋਕ ਹੈ ‘‘ਭੈ ਵਿਚਿ; ਪਵਣੁ ਵਹੈ ਸਦਵਾਉ ਭੈ ਵਿਚਿ; ਚਲਹਿ ਲਖ ਦਰੀਆਉ ਭੈ ਵਿਚਿ; ਅਗਨਿ ਕਢੈ ਵੇਗਾਰਿ ਭੈ ਵਿਚਿ; ਧਰਤੀ ਦਬੀ ਭਾਰਿ ਭੈ ਵਿਚਿ; ਇੰਦੁ ਫਿਰੈ ਸਿਰ ਭਾਰਿ ਭੈ ਵਿਚਿ; ਰਾਜਾ ਧਰਮ ਦੁਆਰੁ ਭੈ ਵਿਚਿ; ਸੂਰਜੁ ਭੈ ਵਿਚਿ ਚੰਦੁ ਕੋਹ ਕਰੋੜੀ ਚਲਤ ਅੰਤੁ ਭੈ ਵਿਚਿ; ਸਿਧ ਬੁਧ ਸੁਰ ਨਾਥ ਭੈ ਵਿਚਿ; ਆਡਾਣੇ ਆਕਾਸ ਭੈ ਵਿਚਿ; ਜੋਧ ਮਹਾਬਲ ਸੂਰ ਭੈ ਵਿਚਿ; ਆਵਹਿ ਜਾਵਹਿ ਪੂਰ ਸਗਲਿਆ ਭਉ ਲਿਖਿਆ ਸਿਰਿ ਲੇਖੁ ਨਾਨਕ  ! ਨਿਰਭਉ ਨਿਰੰਕਾਰੁ ਸਚੁ ਏਕੁ ’’ (ਮਹਲਾ /੪੬੪) ਯਾਨੀ ਕਿ ਸਾਰਿਆਂ ਅੰਦਰ ਡਰ; ਪਰਮਾਤਮਾ ਨੇ ਆਪ ਪਾਇਆ ਹੈ। ਸਿਰਫ਼ ਇੱਕੋ-ਇੱਕ ਨਿਰੰਕਾਰ ਹੀ ਸੱਚ ਹੈ, ਡਰ ਮੁਕਤ ਹੈ ਕਿਉਂਕਿ ਉਸ ਦੇ ਸਿਰ ਉੱਪਰ ਕੋਈ ਡਰ ਲਿਖਣ ਵਾਲਾ ਨਹੀਂ ਹੈ। ਇਸ ਲਈ ਗੁਰੂ ਰਾਮਦਾਸ ਜੀ ਨੇ ਹਥਲੇ ਸ਼ਬਦ ਵਿੱਚ ਬਚਨ ਕੀਤੇ ਹਨ ਕਿ ਜਿਨ੍ਹਾਂ ਨੇ ਨਿਰਭਉ-ਪ੍ਰਭੂ ਨੂੰ ਜਪਿਆ, ਉਹ ਵੀ ਡਰ ਮੁਕਤ ਹੋ ਜਾਂਦਾ ਹੈ। ਨਿਰਭੈ ਵਿੱਚ ਲੀਨ ਹੋ ਜਾਂਦਾ ਹੈ ‘‘ਜਿਨ ਸੇਵਿਆ, ਜਿਨ ਸੇਵਿਆ ਮੇਰਾ ਹਰਿ ਜੀ; ਤੇ ਹਰਿ ਹਰਿ ਰੂਪਿ ਸਮਾਸੀ ’’ ਯਾਨੀ ਕਿ ਨਿਰਭਉ ਅਕਾਲ ਪੁਰਖ ਨੂੰ ਯਾਦ ਕਰਨ ਨਾਲ਼ ਸੇਵਕ ਵੀ ਨਿਰਭਉ ਹੋ ਜਾਂਦਾ ਹੈ। ਉਸ ਨਿਰਭਉ ਵਿੱਚ ਲੀਨ ਹੋ ਜਾਂਦਾ ਹੈ। ਓਹੀ ਸੰਸਾਰ ਵਿੱਚ ਧੰਨਤਾਯੋਗ ਹਨ। ਤੀਸਰੇ ਬੰਦ ਦੀ ਸਮਾਪਤੀ ’ਚ ਇਹੀ ਸੁਨੇਹਾ ਹੈ ‘‘ਸੇ ਧੰਨੁ, ਸੇ ਧੰਨੁ, ਜਿਨ ਹਰਿ ਧਿਆਇਆ ਜੀ; ਜਨੁ ਨਾਨਕੁ ਤਿਨ ਬਲਿ ਜਾਸੀ ’’ ਜੋ ਧੰਨਤਾ ਯੋਗ ਹਨ; ਦਾਸ ਨਾਨਕ ਉਨ੍ਹਾਂ ਤੋਂ ਬਲਿਹਾਰ ਜਾਂਦਾ ਹੈ।

ਆਪਣੇ ਸ਼ਬਦ ਦੇ ਚੌਥੇ ਬੰਦ ਵਿੱਚ ਗੁਰੂ ਜੀ ਫ਼ੁਰਮਾ ਰਹੇ ਹਨ ਕਿ ਹੇ ਵਾਹਿਗੁਰੂ ! ਤੇਰੀ ਭਗਤੀ ਦੇ ਤਾਂ ਭੰਡਾਰ ਭਰੇ ਪਏ ਹਨ। ਤੇਰੀ ਭਗਤੀ ਬੇਅੰਤ ਤਰੀਕਿਆਂ ਨਾਲ ਹੋ ਰਹੀ ਹੈ। ਤੇਰੇ ਭਗਤ ਤੈਨੂੰ ਯਾਦ ਕਰ ਰਹੇ ਹਨ। ਤੇਰੀ ਕੋਈ ਪੂਜਾ ਕਰਦਾ ਹੈ, ਕੋਈ ਜਪ ਜਾਪਦਾ ਹੈ ਤੇ ਕੋਈ ਤਪ ਤਾਪ ਰਿਹਾ ਹੈ। ਅਨੇਕਾਂ ਭਗਤ ਤੇਰੀ ਭਗਤੀ ਕਰ ਰਹੇ ਹਨ। ਅਨੇਕਾਂ ਸਿਮ੍ਰਿਤੀਆਂ ਸ਼ਾਸਤਰਾਂ ਦਾ ਅਧਿਐਨ ਕਰ ਰਹੇ ਹਨ ‘‘ਤੇਰੀ ਭਗਤਿ, ਤੇਰੀ ਭਗਤਿ ਭੰਡਾਰ ਜੀ; ਭਰੇ ਬਿਅੰਤ ਬੇਅੰਤਾ ਤੇਰੇ ਭਗਤ, ਤੇਰੇ ਭਗਤ ਸਲਾਹਨਿ ਤੁਧੁ ਜੀ; ਹਰਿ ਅਨਿਕ ਅਨੇਕ ਅਨੰਤਾ ਤੇਰੀ ਅਨਿਕ, ਤੇਰੀ ਅਨਿਕ ਕਰਹਿ ਹਰਿ ਪੂਜਾ ਜੀ; ਤਪੁ ਤਾਪਹਿ, ਜਪਹਿ ਬੇਅੰਤਾ ਤੇਰੇ ਅਨੇਕ, ਤੇਰੇ ਅਨੇਕ ਪੜਹਿ ਬਹੁ ਸਿਮ੍ਰਿਤਿ ਸਾਸਤ ਜੀ; ਕਰਿ ਕਿਰਿਆ ਖਟੁ ਕਰਮ ਕਰੰਤਾ ’’ ‘ਭਗਤਿ’ ਵਿੱਚ ਜਿੱਥੇ ‘ਤ’ ਨੂੰ ਸਿਹਾਰੀ ਹੋਵੇ, ਉਸ ਦਾ ਅਰਥ ਹੈ ‘ਭਗਤੀ’। ਹਿੰਦੂ ਮਾਈਥੋਲੋਜੀ ਅਨੁਸਾਰ 27 ਸਿਮ੍ਰਿਤੀਆਂ ਤੇ 6 ਸ਼ਾਸਤਰ ਹਨ।

ਛੇ ਸ਼ਾਸਤਰ ਹਨ ‘ਛਾਂਅ, ਯੋਗ, ਨਿਆਏ, ਵਿਆਸ਼ੇਸ਼ਕਿ, ਵਿਮਾਨਸ਼ਾ, ਵਿਧਾਂਤ’।

ਖਟੁ ਕਰਮ ਤੋਂ ਭਾਵ ਛੇ ਕਰਮ ਹਨ; ਜਿਵੇਂ ਕਿ

1,2. ਵਿੱਦਿਆ ਪੜਨੀ ਤੇ ਪੜਾਉਣੀ।

3,4. ਜਗ ਕਰਨਾ ਤੇ ਜਗ ਕਰਾਉਣਾ।

5,6. ਦਾਨ ਦੇਣਾ ਤੇ ਦਾਨ ਲੈਣਾ।

ਇਹ ਸਾਰੇ ਕਰਮ ਸਿੱਖਾਂ ਵਾਸਤੇ ਨਹੀਂ ਹਨ। ਗੁਰਸਿੱਖਾਂ ਵਾਸਤੇ ਸੁਨੇਹਾ ਹੈ ਸਿਰਫ ਪ੍ਰਮਾਤਮਾ ਨਾਲ ਮਿਲਾਪ ਭਾਵ ਸੁਰਤੀ ਜੁੜਨੀ; ਜਿਵੇਂ ਕਿ ਬਚਨ ਹਨ ‘‘ਹਰਿ ਪੜੁ, ਹਰਿ ਲਿਖੁ, ਹਰਿ ਜਪਿ, ਹਰਿ ਗਾਉ; ਹਰਿ ਭਉਜਲੁ ਪਾਰਿ ਉਤਾਰੀ ਮਨਿ ਬਚਨਿ ਰਿਦੈ ਧਿਆਇ; ਹਰਿ ਹੋਇ ਸੰਤੁਸਟੁ, ਇਵ ਭਣੁ ਹਰਿ ਨਾਮੁ ਮੁਰਾਰੀ ’’ (ਮਹਲਾ / ੬੬੯) ਭਾਵ ਰੱਬ ਦਾ ਨਾਮ ਜਪਣਾ ਹੀ ਸਾਡੇ ਵਾਸਤੇ ਪੂਜਾ ਹੈ, ਤਪ ਹੈ। ਸੰਤੋਖੀ ਹੋਣਾ ਹੀ ਸਾਡੇ ਵਾਸਤੇ ਭਗਤੀ ਦਾ ਰਾਹ ਹੈ। ਹਥਲੇ ਸ਼ਬਦ ਦੇ ਚੌਥੇ ਬੰਦ ਦੇ ਅੰਤ ’ਚ ਗੁਰੂ ਰਾਮਦਾਸ ਜੀ ਦੇ ਬਚਨ ਹਨ ‘‘ਸੇ ਭਗਤ, ਸੇ ਭਗਤ ਭਲੇ ਜਨ ਨਾਨਕ ਜੀ; ਜੋ ਭਾਵਹਿ ਮੇਰੇ ਹਰਿ ਭਗਵੰਤਾ ’’ ਭਾਵ ਓਹੀ ਭਗਤ-ਜਨ ਸਫਲ ਹਨ ਜੋ ਅਕਾਲ ਪੁਰਖ ਨੂੰ ਚੰਗੇ ਲੱਗਦੇ ਹਨ; ਜਿਵੇਂ ਕਿ ‘ਸੋ ਦਰੁ’ ਸ਼ਬਦ ਦੀ ਸਮਾਪਤ ’ਚ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਹਨ ‘‘ਸੇਈ ਤੁਧ ਨੋ ਗਾਵਨਿ; ਜੋ ਤੁਧੁ ਭਾਵਨਿ; ਰਤੇ ਤੇਰੇ ਭਗਤ ਰਸਾਲੇ ’’ ਭਾਵ ਜਿਹੜੇ ਤੇਰੇ ਭਗਤ, ਭਗਤੀ ਦੇ ਰੰਗ ਵਿੱਚ ਰੰਗੇ ਗਏ, ਉਹੀ ਪ੍ਰਵਾਨ ਹਨ। ਜਿਹੜੇ ਤੇਰੀ ਭਗਤੀ ਦੇ ਪ੍ਰੇਮ ਵਿੱਚ ਭਿੱਜ ਗਏ ਉਹਨਾਂ ਨੂੰ ਧਰਤੀ ਦੇ ਹੋਰ ਰਸ-ਕਸ ਭੁੱਲ ਗਏ। ਉਹਨਾਂ ਨੂੰ ਭਗਤੀ ਦਾ ਰਸ ਆਉਣ ਲੱਗ ਪਿਆ।

ਵਿਚਾਰ ਅਧੀਨ ਸ਼ਬਦ ਦਾ ਅੰਤਮ ਬੰਦ ਹੈ ‘‘ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਜੀ; ਤੁਧੁ ਜੇਵਡੁ ਅਵਰੁ ਕੋਈ ਤੂੰ ਜੁਗੁ ਜੁਗੁ ਏਕੋ, ਸਦਾ ਸਦਾ ਤੂੰ ਏਕੋ ਜੀ; ਤੂੰ ਨਿਹਚਲੁ ਕਰਤਾ ਸੋਈ ਤੁਧੁ ਆਪੇ ਭਾਵੈ, ਸੋਈ ਵਰਤੈ ਜੀ; ਤੂੰ ਆਪੇ ਕਰਹਿ ਸੁ ਹੋਈ ’’ ਅਪਰੰਪਰ ਤੋਂ ਭਾਵ ਬੇਅੰਤ ਹੈ, ਜਿਸ ਦਾ ਆਰ-ਪਾਰ ਨਾ ਲੱਭਿਆ ਜਾ ਸਕੇ ਭਾਵ ਤੂੰ ਆਦਿ ਤੋਂ ਹੈਂ ਅਤੇ ਹਰ ਜੁਗ ਵਿੱਚ ਕੇਵਲ ਏਕੋ ਹੈਂ। ਤੂੰ ਅਟੱਲ/ਕਰਤਾ ਹੈਂ। ਜੋ ਤੂੰ ਕਰਦਾ ਹੈਂ, ਜੋ ਤੈਨੂੰ ਭਾਉਂਦਾ ਹੈ, ਉਹੀ ਜਗਤ ਵਿੱਚ ਹੁੰਦਾ ਹੈ ਤੇ ਹੋਵੇਗਾ। ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਨਾ ਹੀ ਤੇਰਾ ਉਰਲਾ ਪਰਲਾ ਬੰਨ੍ਹਾ ਲੱਭਿਆ ਜਾ ਸਕਦਾ ਹੈ। ਤਾਂ ਤੇ ਉਸ ਤੋਂ ਕੁਰਬਾਨ ਹੋਣਾ ਬਣਦਾ ਹੈ ਜਿਵੇਂ ਕਿ ਸੁਖਮਨੀ ਸਾਹਿਬ ਵਿੱਚ ਪੰਜਵੇਂ ਪਾਤਿਸ਼ਾਹ ਜੀ ਫ਼ੁਰਮਾ ਰਹੇ ਹਨ ‘‘ਕਰਣ ਕਾਰਣ ਪ੍ਰਭੁ ਏਕੁ ਹੈ; ਦੂਸਰ ਨਾਹੀ ਕੋਇ ਨਾਨਕ  ! ਤਿਸੁ ਬਲਿਹਾਰਣੈ, ਜਲਿ ਥਲਿ ਮਹੀਅਲਿ ਸੋਇ …. ਦੁਹਾ ਸਿਰਿਆ ਕਾ ਆਪਿ ਸੁਆਮੀ ਖੇਲੈ ਬਿਗਸੈ ਅੰਤਰਜਾਮੀ ਜੋ ਭਾਵੈ; ਸੋ ਕਾਰ ਕਰਾਵੈ ਨਾਨਕ  ! ਦ੍ਰਿਸਟੀ ਅਵਰੁ ਆਵੈ ’’ (ਸੁਖਮਨੀ/ਮਹਲਾ /੨੭੭) ਭਾਵ ਉਹ ਦੋਵਾਂ ਸਿਰਿਆਂ (ਲੋਕ-ਪ੍ਰਲੋਕ) ਦਾ ਆਪ ਹੀ ਮਾਲਕ ਹੈ; ਉਹ ਜਗਤ-ਖੇਡ ਖੇਡਦਾ ਹੈ ਤੇ ਖੁਸ਼ ਹੁੰਦਾ ਹੈ। ਉਹ ਸਭ ਜਾਣਦਾ ਹੈ। ਜੋ ਉਸ ਨੂੰ ਚੰਗਾ ਲੱਗਦਾ ਹੈ, ਉਹੀ ਖੇਡ ਬਣਾਉਂਦਾ ਹੈ। ਹੇ ਨਾਨਕ ! ਸਾਰੇ ਸੰਸਾਰ ਵਿੱਚ ਉਸ ਵਰਗੀ ਹਸਤੀ ਦਿਖਾਈ ਨਹੀਂ ਦਿੰਦੀ। ਮਨੁੱਖ ਦੇ ਹੱਥ ਵਿੱਚ ਕੋਈ ਸ਼ਕਤੀ ਨਹੀਂ ਹੈ ‘‘ਇਸ ਕਾ ਬਲੁ, ਨਾਹੀ ਇਸੁ ਹਾਥ ਕਰਨ ਕਰਾਵਨ ਸਰਬ ਕੋ ਨਾਥ ਆਗਿਆਕਾਰੀ ਬਪੁਰਾ ਜੀਉ ਜੋ ਤਿਸੁ ਭਾਵੈ, ਸੋਈ ਫੁਨਿ ਥੀਉ ’’ (ਸੁਖਮਨੀ/ਮਹਲਾ /੨੭੭) ਭਾਵ ਮਨੁੱਖ ਦੇ ਹੱਥ ਕੁੱਝ ਨਹੀਂ। ਪਰਮਾਤਮਾ ਚਾਹੇ ਤਾਂ ਮਨੁੱਖ ਇੱਕ ਕਦਮ ਵੀ ਨਹੀਂ ਪੁੱਟ ਸਕਦਾ। ਸਾਰੇ ਜੀਵ ਉਸ ਦੀ ਆਗਿਆ ਵਿੱਚ ਹੀ ਚੱਲਦੇ ਹਨ। ਆਖ਼ਿਰ ਵਿੱਚ ਹੁੰਦਾ ਉਹੀ ਹੈ, ਜੋ ਕਰਤਾਰ ਨੇ ਕਰਵਾਉਣਾ ਹੈ ਭਾਵੇਂ ਅਸੀਂ ਜਿੰਨੀ ਮਰਜ਼ੀ ਕੋਸ਼ਸ਼ ਕਰੀਏ। ਸਾਨੂੰ ਜਿਵੇਂ ਉਹ ਰੱਖਦਾ ਹੈ, ਅਸੀਂ ਉਵੇਂ ਹੀ ਰਹਿੰਦੇ ਹਾਂ ‘‘ਜਿਉ ਪ੍ਰਭ ਭਾਵੈ, ਤਿਵੈ ਨਚਾਵੈ ਜੋ ਤਿਸੁ ਭਾਵੈ, ਸੋਈ ਹੋਇ ਨਾਨਕ  ! ਦੂਜਾ ਅਵਰੁ ਕੋਇ ’’ (ਸੁਖਮਨੀ/ਮਹਲਾ /੨੭੮) ਯਾਨੀ ਕਿ ਉਹ ਸਾਨੂੰ ਉਵੇਂ ਨਚਾ ਰਿਹਾ ਹੈ, ਜਿਵੇਂ ਉਸ ਨੂੰ ਭਾਉਂਦਾ ਹੈ। ਹੋਰ ਕੋਈ ਦੂਜਾ ਨਹੀਂ, ਜੋ ਕੁੱਝ ਕਰ ਸਕੇ, ਜਾਂ ਕਰਨ ਦੇ ਸਮਰੱਥ ਹੋਵੇ। ਸਿਰਫ ਤੇ ਸਿਰਫ ਪਰਮਾਤਮਾ ਹੀ ਹੈ ਜੋ ਸਭ ਕੁਝ ਕਰਾ ਸਕਦਾ ਹੈ। ਇਹੀ ਵਿਚਾਰ ਗੁਰੂ ਰਾਮਦਾਸ ਜੀ ਨੇ ਆਪਣੇ ਹਥਲੇ ਸ਼ਬਦ ਦੀ ਸਮਾਪਤੀ ’ਚ ਬਿਆਨ ਕੀਤੇ ਹਨ ‘‘ਤੁਧੁ ਆਪੇ ਸ੍ਰਿਸਟਿ ਸਭ ਉਪਾਈ ਜੀ; ਤੁਧੁ ਆਪੇ ਸਿਰਜਿ ਸਭ ਗੋਈ ਜਨੁ ਨਾਨਕੁ ਗੁਣ ਗਾਵੈ ਕਰਤੇ ਕੇ ਜੀ; ਜੋ ਸਭਸੈ ਕਾ ਜਾਣੋਈ ’’ (ਸੋ ਪੁਰਖੁ/ਮਹਲਾ /੧੧) ਭਾਵ ਤੂੰ ਆਪ ਹੀ ਇਹ ਸੰਸਾਰ ਪੈਦਾ ਕੀਤਾ ਹੈ। ਆਪ ਹੀ ਪੈਦਾ ਕਰ ਕੇ ਆਪ ਹੀ ਖ਼ਤਮ ਕਰਦਾ ਹੈਂ। ਜੀਵਨ ਵੀ ਤੂੰ ਦੇ ਰਿਹਾ ਹੈਂ ਤੇ ਮੌਤ ਵੀ ਤੂੰ ਦੇ ਰਿਹਾ ਹੈਂ। ਚੌਥੇ ਪਾਤਿਸ਼ਾਹ ਜੀ ਕਹਿ ਰਹੇ ਹਨ ਕਿ ਹੇ ਵਾਹਿਗੁਰੂ ਜੀ ! ਮੈ ਦਾਸ ਨਾਨਕ ਤੇਰੇ ਗੁਣ ਗਾਉਂਦਾ ਹਾਂ ਕਿਉਂਕਿ ਤੇਰੇ ਹੱਥ ਵਿੱਚ ਹੀ ਸਭ ਕੁੱਝ ਹੈ। ਤੁਹੀਂ ਸਭ ਦੇ ਦਿਲਾਂ ਦੀਆਂ ਜਾਣਦਾ ਹੈ; ਜਿਵੇਂ ਕਿ ਚੌਪਈ ਸਾਹਿਬ ’ਚ ਨਿੱਤ ਪੜ੍ਹਦੇ ਹਾਂ ‘‘ਘਟ ਘਟ ਕੇ ਅੰਤਰ ਕੀ ਜਾਨਤ ’’, ਉਹ ਅਕਾਲ ਪੁਰਖ ਸਾਰੇ ਜੀਵਾਂ ਦੇ ਅੰਦਰ ਛੁਪੇ ਭੇਦਾਂ ਨੂੰ ਵੀ ਜਾਣਦਾ ਹੈ। ਸਭ ਦੀਆਂ ਲੋੜਾਂ ਨੂੰ ਵੀ ਜਾਣਦਾ ਹੈ ਤੇ ਉਨ੍ਹਾਂ ਮੁਤਾਬਕ ਦਾਤਾਂ ਦਿੰਦਾ ਹੈਂ। ਸੋ ਉਸ ਨੂੰ ਹੀ ਸਦਾ ਯਾਦ ਕਰਦੇ ਰਹਿਣਾ ਹੈ, ਸਿਮਰਨਾ ਹੈ।