ਸਿੱਖ ਰਹਿਤ ਮਰਿਆਦਾ ਦੇ ਮੁੱਦੇ ’ਤੇ ਚਾਵਲਾ ਦੇ ਬਿਆਨ ਦੀ ਕੀਤੀ ਨਖੇਧੀ

0
78

ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਸਮਾਗਮ ਦੇ ਸੰਬੰਧ ’ਚ ਪੰਜ ਰੋਜਾ ਸਮਾਗਮ ਸਮਾਪਤ

ਸਿੱਖ ਰਹਿਤ ਮਰਿਆਦਾ ਦੇ ਮੁੱਦੇ ’ਤੇ ਚਾਵਲਾ ਦੇ ਬਿਆਨ ਦੀ ਕੀਤੀ ਨਖੇਧੀ

ਬਠਿੰਡਾ, 20 ਜੂਨ (ਕਿਰਪਾਲ ਸਿੰਘ ): ਬਠਿੰਡਾ ਸ਼ਹਿਰ ’ਚ ਸਥਿਤ ਗੁਰਦੁਆਰਾ ਗੁਰੂ ਅਰਜਨ ਦੇਵ ਜੀ ਗਰੀਨ ਪੈਲੇਸ ਰੋਡ, ਗੁਰਦੁਆਰਾ ਬਾਬਾ ਦੀਪ ਸਿੰਘ ਜੀ ਨੈਸ਼ਨਲ ਕਲੋਨੀ ਅਤੇ ਗੁਰਦੁਆਰਾ ਧਰਮਸ਼ਾਲਾ ਬਾਬਾ ਸੰਤੂ ਸਿੰਘ ਜੀ, ਅਜੀਤ ਰੋਡ ਵਿਖੇ ਨਾਨਕਸ਼ਾਹੀ ਕੈਲੰਡਰ ਮੁਤਾਬਕ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਪੁਰਬ 2 ਹਾੜ/16 ਜੂਨ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਉਪਰੰਤ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਚੌਤਾ ਕਲਾ ਦੇ ਬਠਿੰਡਾ ਸਰਕਲ ਵੱਲੋਂ ਸਮੂਹ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਉਲੀਕੇ ਪੰਜ ਰੋਜ਼ਾ ਸ਼ਹੀਦੀ ਸਮਾਗਮ ਦੀ ਅੱਜ ਸਵੇਰੇ ਸੰਪੂਰਨਤਾ ਹੋਈ। ਉਲੀਕੇ ਗਏ ਪ੍ਰੋਗਰਾਮ ਤਹਿਤ 16 ਅਤੇ 17 ਜੂਨ (ਦੋ ਦਿਨ) ਖਾਲਸਾ ਦੀਵਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਠਿੰਡਾ ਵਿਖੇ ਰਾਤ 7.30 ਵਜੇ ਤੋਂ 9.30 ਵਜੇ ਤੱਕ ਦੀਵਾਨ ਸਜਾਏ ਗਏ, ਜਿਨ੍ਹਾਂ ਵਿੱਚ ਅਖੰਡ ਕੀਰਤਨੀ ਜਥੇ ਨੇ ਗੁਰਬਾਣੀ ਦੇ ਸ਼ਬਦ ਕੀਰਤਨ ਅਤੇ ਭਾਈ ਰਵਿੰਦਰ ਸਿੰਘ ਵਾਂ ਨੇ ਕਥਾ ਦੀ ਸੇਵਾ ਨਿਭਾਈ।  18 ਅਤੇ 19 ਜੂਨ (ਦੋ ਦਿਨ) ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ, ਨੇੜੇ ਖੇਡ ਸਟੇਡੀਅਮ ਬਠਿੰਡਾ ਵਿਖੇ ਰਾਤ 8.00 ਵਜੇ ਤੋਂ 10.00 ਵਜੇ ਤੱਕ ਦੀਵਾਨ ਸਜਾਏ ਗਏ, ਜਿਨ੍ਹਾਂ ਵਿੱਚ ਗਿਆਨੀ ਹਰਿਭਜਨ ਸਿੰਘ ਜੀ ਪ੍ਰਿੰਸੀਪਲ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਚੌਤਾ ਕਲਾਂ (ਰੋਪੜ), ਭਾਈ ਕੁਲਵਿੰਦਰ ਸਿੰਘ ਜੀ ਗੁਰਮਤਿ ਸੇਵਾ ਲਹਿਰ ਭਾਈ ਬਖ਼ਤੌਰ ਅਤੇ ਭਾਈ ਤਰਸੇਮ ਸਿੰਘ ਜੀ ਹਜ਼ੂਰੀ ਰਾਗੀ ਜਥਾ ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ ਨੇ ਕੀਰਤਨ ਅਤੇ ਕਥਾ ਦੀਆਂ ਸੇਵਾਵਾਂ ਬਾਖ਼ੂਬੀ ਨਿਭਾਈਆਂ। ਇਸ ਤੋਂ ਇਲਾਵਾ 19 ਜੂਨ ਨੂੰ ਗੁਰਦੁਆਰਾ ਸ਼ਹੀਦ ਭਾਈ ਮਤੀ ਦਾਸ ਜੀ, ਭਾਈ ਮਤੀ ਦਾਸ ਨਗਰ ਬਠਿੰਡਾ ਅਤੇ 20 ਜੂਨ ਨੂੰ ਗੁਰਦੁਆਰਾ ਸਾਹਿਬ ਪਿੰਡ ਬੀਬੀਵਾਲ ਨੇੜੇ ਬਠਿੰਡਾ ਵਿਖੇ ਸਵੇਰੇ 5.45 ਤੋਂ 6.45 ਵਜੇ ਤੱਕ ਸਜੇ ਦੀਵਾਨਾਂ ਵਿੱਚ ਗਿਆਨੀ ਹਰਿਭਜਨ ਸਿੰਘ ਜੀ ਨੇ ਬਹੁਤ ਹੀ ਮਨੋਹਰ ਸ਼ਬਦ ਕੀਰਤਨ/ਕਥਾ ਨਾਲ ਸੰਗਤਾਂ ਨੂੰ ਨਿਹਾਲ ਕੀਤਾ।

ਇਨ੍ਹਾਂ ਸਮਾਗਮਾਂ ਵਿੱਚ ਗੁਰੂ ਅਰਜਨ ਸਾਹਿਬ ਜੀ ਦੇ ਜੀਵਨ, ਸ਼ਹੀਦੀ ਦੇ ਕਾਰਨ ਅਤੇ ਉਨ੍ਹਾਂ ਦੇ ਜੀਵਨ ਤੇ ਸ਼ਹੀਦੀ ਤੋਂ ਮਿਲਦੀ ਸਿੱਖਿਆ ਦੀ ਭਾਵਕਤਾ ਭਰਪੂਰ ਵਿਆਖਿਆ ਕੀਤੀ ਗਈ। ਬੁਲਾਰਿਆਂ ਨੇ ਦੱਸਿਆ ਕਿ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਜੇਠ ਸੁਦੀ ੪, ੨ ਹਾੜ ਬਿਕ੍ਰਮੀ ਸੰਮਤ ੧੬੬੩/ 30 ਮਈ 1606 ਈਸਵੀ ਨੂੰ ਹੋਈ ਸੀ। ਇਹ ਤਿੰਨੇ ਤਾਰੀਖ਼ਾਂ ਹੁਣ ਇਕੱਠੀਆਂ ਇੱਕੋ ਦਿਨ ਆਉਣੀਆਂ ਤਾਂ ਸੰਭਵ ਹੀ ਨਹੀਂ, ਇਸ ਲਈ ਗੁਰ ਪੁਰਬ ਮਨਾਉਣ ਵਾਸਤੇ ਇਨ੍ਹਾਂ ਤਿੰਨਾ ’ਚੋਂ ਕਿਸੇ ਇੱਕ ਪ੍ਰਣਾਲੀ ਦੀ ਤਾਰੀਖ਼ ਚੁਣਨੀ ਪੈਣੀ ਹੈ। ਮੌਜੂਦਾ ਸਮੇਂ ਜੇਠ ਸੁਦੀ ੪ ਨੂੰ ਪ੍ਰਮੁੱਖਤਾ ਦੇਣ ਨਾਲ਼ ਗੁਰ ਪੁਰਬ ਸੰਬੰਧੀ ਹਮੇਸ਼ਾਂ ਦੁਬਿਧਾ ਬਣੀ ਰਹਿੰਦੀ ਹੈ। ਕਿਸੇ ਨੂੰ ਪਤਾ ਨਹੀਂ ਲੱਗਦਾ ਕਿ ਅਗਲੇ ਸਾਲ ਗੁਰ ਪੁਰਬ ਕਿਸ ਤਾਰੀਖ਼ ਨੂੰ ਆਵੇਗਾ। ਜੇ ਬਿਕ੍ਰਮੀ ਕੈਲੰਡਰ ਦੀ ੨ ਹਾੜ ਅਪਣਾਅ ਲਈ ਜਾਵੇ ਤਾਂ 1606 ਈਸਵੀ ਵਿੱਚ ੨ ਹਾੜ 30 ਮਈ ਨੂੰ ਸੀ, ਜੋ ਅੱਜ 16 ਜੂਨ ਬਣਦਾ ਹੈ ਅਤੇ ਆਉਣ ਵਾਲੇ ਸਮੇਂ ’ਚ ਇਸ ਤਰ੍ਹਾਂ ਹੌਲ਼ੀ ਹੌਲ਼ੀ ਅੱਗੇ ਨੂੰ ਖਿਸਕਦੀ ਜਾਵੇਗੀ ਤੇ ਅਖੀਰ ੨ ਹਾੜ ਦੀ ਰੁੱਤ ਦਾ 1606 ਵਾਲੀ ਰੁੱਤ ਨਾਲੋਂ ਪੂਰੀ ਤਰ੍ਹਾਂ ਸੰਬੰਧ ਟੁੱਟ ਜਾਵੇਗਾ, ਜੋ ਸਾਡੇ ਇਤਿਹਾਸ ’ਚ ਵਰਣਿਤ ਮੌਸਮ ਨਾਲੋਂ ਪੂਰੀ ਤਰ੍ਹਾਂ ਅਪ੍ਰਸੰਗਿਕ ਹੋਵੇਗਾ, ਪਰ ਜੇ ਨਾਨਕਸ਼ਾਹੀ ਕੈਲੰਡਰ ਦੀ ੨ ਹਾੜ ਨੂੰ ਆਧਾਰ ਮੰਨ ਲਿਆ ਜਾਵੇ ਤਾਂ ਇਹ ਹਮੇਸ਼ਾਂ ਹਮੇਸ਼ਾਂ ਲਈ 16 ਜੂਨ ਨੂੰ ਹੀ ਆਇਆ ਕਰੇਗਾ, ਜੋ ਯਾਦ ਰੱਖਣਾ ਵੀ ਸੁਖਾਲਾ ਹੈ ਤੇ ਰੁੱਤ ਵੀ ਹਮੇਸ਼ਾਂ ਉਹੀ ਰਹੇਗੀ, ਜੋ ਗੁਰਬਾਣੀ ’ਚ ਹਾੜ ਮਹੀਨੇ ਰਾਹੀਂ ਵਰਣਿਤ ਕੀਤੀ ਹੈ ਭਾਵ ਜਿਹੋ ਜਿਹੀਆਂ ਰੁੱਤਾਂ ਅੱਜ ਕੱਲ੍ਹ ਚੱਲ ਰਹੀਆਂ ਹਨ, ਇਸ ਲਈ ਸਾਨੂੰ ਨਾਨਕਸ਼ਾਹੀ ਕੈਲੰਡਰ ਅਨੁਸਾਰ ਸਾਰੇ ਦਿਹਾੜੇ ਮਨਾਉਣੇ ਚਾਹੀਦੇ ਹਨ।

ਇਕ ਟੀਵੀ ਡਿਬੇਟ ’ਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ ਦੇ ਸਿੱਖ ਰਹਿਤ ਮਰਿਆਦਾ ਨੂੰ ਖਰੜਾ ਕਹੇ ਜਾਣ ਅਤੇ ਹਾਲੀ ਤੱਕ ਪ੍ਰਵਾਨ ਨਾ ਹੋਣ ਬਾਰੇ ਦਿੱਤੇ ਬਿਆਨ ਦੀ ਨਿਖੇਧੀ ਕਰਦੇ ਹੋਏ ਗੁਰਦੁਆਰਾ ਭਾਈ ਜਗਤਾ ਜੀ ਵਿਖੇ ਆਖਰੀ ਰਾਤ ਦੇ ਦੀਵਾਨ ’ਚ ਪ੍ਰਿੰਸੀਪਲ ਹਰਿਭਜਨ ਸਿੰਘ ਜੀ ਨੇ ਕਿਹਾ ਕਿ ਜਿਸ ਸਿੱਖ ਰਹਿਤ ਮਰਿਆਦਾ ਨੂੰ ਸ੍ਰੋਮਣੀ ਕਮੇਟੀ ਹਰ ਸਾਲ ਲੱਖਾਂ ਦੀ ਗਿਣਤੀ ’ਚ ਛਾਪ ਕੇ ਵੰਡ ਅਤੇ ਪ੍ਰਚਾਰ ਰਹੀ ਹੈ, ਤਖਤਾਂ ਦੇ ਜਥੇਦਾਰ ਸਿੱਖ ਰਹਿਤ ਮਰਿਆਦਾ ’ਤੇ ਪਹਿਰਾ ਦੇਣ ਦੀ ਗੱਲ ਕਰਦੇ ਆ ਰਹੇ ਹਨ, ਉਸੇ ਸਿੱਖ ਰਹਿਤ ਮਰਿਆਦਾ ਨੂੰ ਸ੍ਰੋਮਣੀ ਕਮੇਟੀ ਮੈਂਬਰ ਹੀ ਜੇ ਖਰੜਾ ਦੱਸ ਕੇ ਰੱਦ ਕਰਦਾ ਹੈ ਤਾਂ ਉਸ ’ਤੇ ਭਾਈ ਗੁਰਦਾਸ ਜੀ ਦੀ 35ਵੀਂ ਵਾਰ ਦੀ 22ਵੀਂ ਪਉੜੀ ਸਹੀ ਢੁੱਕਦੀ ਹੈ ‘‘ਜੇ ਮਾਉ ਪੁਤੈ ਵਿਸੁ ਦੇ, ਤਿਸ ਤੇ ਕਿਸੁ ਪਿਆਰਾ ?। ਜੇ ਘਰੁ ਭੰਨੈ ਪਾਹਰੂ, ਕਉਣੁ ਰਖਣਹਾਰਾ ?। ਬੇੜੀ ਡੋਬੈ ਪਾਤਣੀ (ਮਲਾਹ); ਕਿਉ ਪਾਰਿ ਉਤਾਰਾ ?। ਆਗੂ ਲੈ ਉਝੜਿ ਪਵੈ; ਕਿਸੁ ਕਰੈ ਪੁਕਾਰਾ ?। ਜੇ ਕਰਿ ਖੇਤੈ ਖਾਇ ਵਾੜਿ; ਕੋ ਲਹੈ ਨ ਸਾਰਾ ?। ਜੇ ਗੁਰ ਭਰਮਾਏ ਸਾਂਗੁ ਕਰਿ; ਕਿਆ ਸਿਖੁ ਵਿਚਾਰਾ  ?॥੨੨॥’’ ਭਾਵ ਜੇ ਮਾਂ ਹੀ ਪੁੱਤਰ ਨੂੰ ਜ਼ਹਰ ਦੇਵੇ, ਪਹਿਰੇਦਾਰ ਹੀ ਘਰ ਨੂੰ ਸੰਨ੍ਹ ਲਾ ਲਵੇ, ਮਲਾਹ ਬੇੜੀ ਡੋਬਣ ਲੱਗ ਜਾਵੇ, ਵਾੜ ਹੀ ਖੇਤ ਨੂੰ ਖਾਣ ਲੱਗ ਪਵੇ, ਆਗੂ ਹੀ ਕੌਮ ਨੂੰ ਔਝੜੇ ਪਾਵੇ ਤਾਂ ਪੁਕਾਰ ਕਿਸ ਅੱਗੇ ਕਰੀਏ ? ਤਾਂ ਤੇ ਪੰਥ ਦਰਦੀਆਂ ਨੂੰ ਹੀ ਚਾਹੀਦਾ ਹੈ ਕਿ ਅਜਿਹੇ ਆਗੂਆਂ ਤੋਂ ਛੁਟਕਾਰਾ ਪਾਇਆ ਜਾਵੇ।

ਬਠਿੰਡਾ ਸ਼ਹਰ ਦੀਆਂ ਸਮੂਹ ਧਾਰਮਿਕ ਸਿੱਖ ਜਥੇਬੰਦੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦਿਆਂ ਅਤੇ ਹਾਜ਼ਰ ਸਿੱਖ ਸੰਗਤਾਂ ਨੇ ਪ੍ਰਿੰਸੀਪਲ ਗਿਆਨੀ ਹਰਿਭਜਨ ਸਿੰਘ ਜੀ ਵੱਲੋਂ ਪ੍ਰਗਟ ਕੀਤੇ ਵੀਚਾਰਾਂ ਨਾਲ ਸਹਿਮਤੀ ਪ੍ਰਗਟ ਕਰਦੇ ਹੋਏ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਮੈਂਬਰ ਦੇ ਬਿਆਨ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ ਗਈ।