ਖੁਸ਼ਹਾਲ ਜੀਵਣ ਜਿਊਣ ਦੇ ਨੁਕਤੇ
ਅਮਨਪ੍ਰੀਤ ਸਿੰਘ (ਪੰਚਾਇਤ ਮੈਂਬਰ, ਲੁਧਿਆਣਾ)
ਧਰਤੀ ’ਤੇ ਹਰ ਮਨੁੱਖ ਸੁਖੀ ਤੇ ਖ਼ੁਸ਼ਹਾਲ ਜੀਵਨ ਜਿਊਣਾ ਲੋਚਦਾ ਹੈ । ਹਰੇਕ ਪ੍ਰਾਣੀ ਸੁਖੀ ਰਹਿਣ ਲਈ ਹਰ ਸੰਭਵ ਯਤਨ ਤਾਂ ਕਰਦਾ ਹੈ ਤੇ ਹਰ ਉਹ ਸੰਭਵ ਉਪਰਾਲਾ ਜਾਂ ਕੰਮ ਵੀ ਕਰਦਾ ਹੈ, ਜਿਸ ਨਾਲ ਉਹ ਖ਼ੁਦ ਤੇ ਉਸ ਦਾ ਪਰਵਾਰ ਸੁਖੀ ਰਹਿ ਸਕੇ, ਪਰ ਇਸ ਦੇ ਉਲ਼ਟ ਦੁਖ ਭੋਗ ਕੇ ਜੀਵਣ ਜਿਊਣ ਦੀ ਕਲਪਨਾ ਵੀ ਨਹੀਂ ਕਰਦਾ। ਗੁਰਬਾਣੀ ਫ਼ੁਰਮਾਨ ਹੈ ‘‘ਸੁਖ ਕਉ ਮਾਗੈ ਸਭੁ ਕੋ; ਦੁਖੁ ਨ ਮਾਗੈ ਕੋਇ ॥ ਸੁਖੈ ਕਉ ਦੁਖੁ ਅਗਲਾ; ਮਨਮੁਖਿ ਬੂਝ ਨ ਹੋਇ ॥’’ (ਮਹਲਾ ੧/੫੭)
ਜੀਵਣ ਵਿੱਚ ਖੁਸ਼ਹਾਲੀ ਲਿਆਉਣ ਲਈ ਮਨੁੱਖ ਕਿਸੇ ਵੀ ਹੱਦ ਤੱਕ ਚਲੇ ਜਾਂਦਾ ਹੈ ਜਾਂ ਇਉਂ ਕਹਿ ਲਵੋ ਕਿ ਹਰ ਜਾਇਜ ਨਜਾਇਜ ਕਰਮ ਕਰਨ ਲਈ ਤਿਆਰ ਹੋ ਜਾਂਦਾ ਹੈ ਕਿਉਂਕਿ ਉਸ ਨੂੰ ਜੀਵਨ ਵਿਚ ਖ਼ੁਸ਼ੀ ਚਾਹੀਦੀ ਹੈ ਭਾਵੇਂ ਉਸ ਦੀ ਕੀਮਤ ਕੋਈ ਵੀ ਕਿਉਂ ਨਾ ਹੋਵੇ, ਪਰ ਹਰ ਸੰਭਵ ਯਤਨ ਕਰਨ ਦੇ ਬਾਵਜੂਦ ਵੀ ਜਦ ਖੁਸ਼ਹਾਲੀ ਸਾਰਿਆਂ ਦੇ ਹੱਥ ਨਹੀਂ ਲੱਗਦੀ ਤਾਂ ਬਜਾਏ ਆਪਣੇ ਕੀਤੇ ਅਧੂਰੇ ਕਰਮਾਂ ਦੇ ਜਾਂ ਮਿਹਨਤ ਵਿਚ ਰਹਿ ਗਈ ਕਮੀ ਦੇ, ਉਹ ਆਪਣੀ ਕਿਸਮਤ ਜਾਂ ਪਰਮਾਤਮਾ ਉੱਤੇ ਦੋਸ਼ ਲਾ ਕੇ ਪੱਲ੍ਹਾ ਝਾੜ ਲੈਂਦਾ ਹੈ। ਗੁਰੂ ਸਾਹਿਬ ਫ਼ੁਰਮਾਉਂਦੇ ਹਨ ‘‘ਨਾਰਾਇਣ ਨਿੰਦਸਿ ਕਾਇ; ਭੂਲੀ ਗਵਾਰੀ ॥ ਦੁਕ੍ਰਿਤੁ ਸੁਕ੍ਰਿਤੁ; ਥਾਰੋ ਕਰਮੁ ਰੀ ॥੧॥ ਰਹਾਉ ॥’’ (ਭਗਤ ਤ੍ਰਿਲੋਚਨ/੬੯੫)
ਮਨੁੱਖ ਵੱਲੋਂ ਸੁੱਖਾਂ ਦੀ ਪ੍ਰਾਪਤੀ ਲਈ ਕਿੱਧਰੇ ਨਾ ਕਿੱਧਰੇ ਘਾਟ ਜਾਂ ਦਿਸ਼ਾ ਵਿੱਚ ਕੁਝ ਕੁ ਕਮੀਆਂ ਰਹਿ ਜਾਂਦੀਆਂ ਹਨ, ਜਿਸ ਕਾਰਨ ਮਨੁੱਖ ਸੁਖੀ ਨਹੀਂ ਰਹਿ ਪਾਉਂਦਾ ਤੇ ਥਾਂ-ਥਾਂ ’ਤੇ ਭਟਕਦਾ ਤੇ ਨੱਕ ਰਗੜਦਾ ਵੇਖਿਆ ਜਾ ਸਕਦਾ ਹੈ । ਮਨੁੱਖ ਨੇ ਸੁਖੀ ਰਹਿਣ ਲਈ ਸੁੰਦਰ ਤੇ ਆਲੀਸ਼ਾਨ ਮਹਿਲਨੁਮਾ ਘਰ ਵੀ ਬਣਾਏ। ਤੇਜ਼ ਰਫ਼ਤਾਰ ਕੀਮਤੀ ਗੱਡੀਆਂ ਵੀ ਖ਼ਰੀਦ ਲਈਆਂ। ਨੋਕਰ-ਚਾਕਰ, ਬੈਂਕ ਬੈਲੇਂਸ਼, ਗਹਿਣੇ ਆਦਿ ਸਭ ਇਕੱਠੇ ਕਰ ਲਏ। ਹੋਰ ਤਾਂ ਹੋਰ ਸੰਸਾਰ ਵਿੱਚ ਸੁੰਦਰ ਦਿਖਣ ਲਈ ਸੁੰਦਰ ਕੱਪੜੇ ਵੀ ਪਹਿਣ ਲਏ, ਪਰ ਫਿਰ ਵੀ ਕਿੱਧਰੇ ਨਾ ਕਿੱਧਰੇ ਖੁਸ਼ੀ ਨਹੀਂ ਆਈ ਸਗੋਂ ਨਫ਼ਰਤ, ਸਾੜਾ ਤੇ ਈਰਖਾ ਦੀ ਭਾਵਣਾ ਆਪਣੇ ਹਿਰਦੇ ਅੰਦਰ ਟਿਕਾਅ ਲਈ । ਇਸ ਦਾ ਗੁਰਬਾਣੀ ਵਿਚ ਸਤਿਗੁਰ ਨੇ ਸੁਆਲ-ਜਵਾਬ ਰਾਹੀਂ ਬੜੇ ਸੁੰਦਰ ਲਫਜ਼ਾਂ ਵਿਚ ਇਉਂ ਸਮਝਾਇਆ ‘‘ਕਿਨ ਬਿਧਿ ਕੁਸਲੁ ਹੋਤ ? ਮੇਰੇ ਭਾਈ !॥ ਕਿਉ ਪਾਈਐ ? ਹਰਿ ਰਾਮ ਸਹਾਈ ॥੧॥ ਰਹਾਉ ॥ ਕੁਸਲੁ ਨ ਗ੍ਰਿਹਿ (’ਚ); ਮੇਰੀ ਸਭ ਮਾਇਆ ॥ ਊਚੇ ਮੰਦਰ ਸੁੰਦਰ ਛਾਇਆ ॥ ਝੂਠੇ ਲਾਲਚਿ (’ਚ) ਜਨਮੁ ਗਵਾਇਆ ॥੧॥ ਹਸਤੀ ਘੋੜੇ ਦੇਖਿ (ਕੇ) ਵਿਗਾਸਾ ॥ ਲਸਕਰ ਜੋੜੇ ਨੇਬ ਖਵਾਸਾ ॥ ਗਲਿ (’ਚ) ਜੇਵੜੀ; ਹਉਮੈ ਕੇ ਫਾਸਾ ॥੨॥ ਰਾਜੁ ਕਮਾਵੈ ਦਹ ਦਿਸ ਸਾਰੀ ॥ ਮਾਣੈ ਰੰਗ ਭੋਗ ਬਹੁ ਨਾਰੀ ॥ ਜਿਉ ਨਰਪਤਿ ਸੁਪਨੈ (’ਚ) ਭੇਖਾਰੀ ॥੩॥ ਏਕੁ ਕੁਸਲੁ ਮੋ ਕਉ ਸਤਿਗੁਰੂ (ਨੇ) ਬਤਾਇਆ ॥ ਹਰਿ ਜੋ ਕਿਛੁ ਕਰੇ; ਸੁ ਹਰਿ ਕਿਆ ਭਗਤਾ ਭਾਇਆ ॥ ਜਨ ਨਾਨਕ ! ਹਉਮੈ ਮਾਰਿ ਸਮਾਇਆ ॥੪॥ ਇਨਿ ਬਿਧਿ ਕੁਸਲ ਹੋਤ; ਮੇਰੇ ਭਾਈ ! ॥ ਇਉ ਪਾਈਐ; ਹਰਿ ਰਾਮ ਸਹਾਈ ॥੧॥ ਰਹਾਉ ਦੂਜਾ ॥’’ (ਮਹਲਾ ੫/੧੭੫)
ਹੁਣ ਸੋਚਣ ਵਾਲੀ ਗੱਲ ਹੈ ਕਿ ਉਹ ਕਿਹੜਾ ਯਤਨ ਜਾਂ ਕਰਮ ਕੀਤਾ ਜਾਵੇ, ਜਿਸ ਨਾਲ ਸਾਡੇ ਜੀਵਣ ਵਿੱਚ ਸੁਖ, ਸ਼ਾਤੀ ਤੇ ਖੇੜਾ ਆ ਸਕੇ ਤੇ ਸਾਡਾ ਜੀਵਣ ਖੁਸ਼ਹਾਲ ਬਣ ਜਾਵੇ । ਗੁਰੂ ਹੁਕਮਾ ਰਾਹੀਂ ਸੁਖੀ ਰਹਿਣ ਦਾ ਸਭ ਤੋਂ ਵੱਡਾ ਨੁਕਤਾ ਇਹ ਹੈ ਕਿ ਰੱਬੀ ਹੁਕਮ ਨੂੰ ਖਿੜੇ ਮੱਥੇ ਸਵੀਕਾਰ ਕਰਨ ਨਾਲ ਹੀ ਸੁਖੀ ਜੀਵਨ ਬਤੀਤ ਕੀਤਾ ਜਾ ਸਕਦਾ ਹੈ। ਗੁਰ ਫ਼ੁਰਮਾਨ ਹੈ ‘‘ਸੁਖੁ ਨਾਹੀ ਰੇ ! ਹਰਿ ਭਗਤਿ ਬਿਨਾ ॥ ਜੀਤਿ ਜਨਮੁ ਇਹੁ ਰਤਨੁ ਅਮੋਲਕੁ; ਸਾਧਸੰਗਤਿ ਜਪਿ ਇਕ ਖਿਨਾ ॥੧॥ ਰਹਾਉ ॥’’ (ਮਹਲਾ ੫/੨੧੦)
ਮਨੁੱਖ ਜਿਨ੍ਹਾਂ ਸਾਧਨਾਂ ਜਾਂ ਕਰਮਾਂ ਕਾਰਨ ਆਪਣੀ ਜ਼ਿੰਦਗੀ ਵਿਚ ਸੁਖ ਜਾਂ ਖੁਸ਼ਹਾਲੀ ਭਾਲਦਾ ਹੈ, ਉਹਨਾਂ ਵਿਚ ਨਿਰਸੰਦੇਹ ਅਧੂਰਾਪਣ ਜਾਂ ਖਾਮੀਆਂ ਰਹਿ ਜਾਂਦੀਆਂ ਹਨ। ਜਿਸ ਬਦਲੇ ਉਸ ਨੂੰ ਸੁਖ ਨਸੀਬ ਨਹੀਂ ਹੁੰਦਾ । ਧਨ ਤੇ ਪਦਾਰਥ ਇਕੱਠੇ ਕਰਕੇ ਵੀ ਉਸ ਨੂੰ ਜੀਵਣ ਵਿਚ ਸੁੱਖ ਨਹੀਂ ਮਿਲਦਾ ਕਿਉਂਕਿ ਇਹ ਸਭ ਨਾਸ਼ਵੰਤ ਪਦਾਰਥ ਮਨੁੱਖ ਨੂੰ ਹੋਰ ਜੰਜਾਲਾਂ ਵਿਚ ਪਾਉਂਦੇ ਹਨ। ਗੁਰੂ ਫ਼ੁਰਮਾਨ ਹੈ ‘‘ਸੁਖੁ ਨਾਹੀ; ਬਹੁਤੈ ਧਨਿ ਖਾਟੇ ॥ ਸੁਖੁ ਨਾਹੀ; ਪੇਖੇ ਨਿਰਤਿ ਨਾਟੇ ॥ ਸੁਖੁ ਨਾਹੀ; ਬਹੁ ਦੇਸ ਕਮਾਏ ॥ ਸਰਬ ਸੁਖਾ; ਹਰਿ ਹਰਿ ਗੁਣ ਗਾਏ ॥’’ (ਮਹਲਾ ੫/੧੧੪੭)
ਸੋ ਮਨੁੱਖ ਨੂੰ ਨਿਰਮਲ ਤੇ ਨੇਕ ਕਰਮ ਕਰਦਿਆਂ ਮਨੁੱਖਤਾ ਦੀ ਖੁਸ਼ਹਾਲੀ ਦੀ ਸੋਚ ਹਿਰਦੇ ਵਿਚ ਚਿਤਵਦਿਆਂ ਜੀਵਨ ਜਿਊਣਾ ਆ ਜਾਵੇ ਤਾਂ ਖੁਸ਼ਹਾਲੀ ਮਨੁੱਖ ਦੇ ਖ਼ੁਦ ਕਦਮਾਂ ’ਚ ਆਵੇਗੀ, ਨਾ ਕਿ ਦੁਨਿਆਵੀ ਪਦਾਰਥਾ ਤੇ ਵਸਤੂਆਂ ’ਚੋਂ ਲੱਭਣੀ ਪਵੇਗੀ। ਸੀਮਤ ਪਦਾਰਥ ਹੁੰਦਿਆਂ ਹੋਇਆਂ ਵੀ ਖੁਸ਼ੀਆਂ ਖੇੜਿਆਂ ਭਰਿਆਂ ਜੀਵਣ ਜਿਊਣ ਦੀ ਜਾਚ ਆ ਜਾਏਗਾ । ਗੁਰਬਾਣੀ ਤੋਂ ਸੇਧ ਲੈ ਕੇ ਹਰੀ ਪ੍ਰਭੂ ਦਾ ਨਾਮ ਹਿਰਦੇ ਵਿਚ ਵਸਾ ਕੇ ਨਿਰਮਲ ਕਰਮ ਕਰੇ ਤਾਂ ਜੋ ਉਸ ਦੇ ਵਰਤਮਾਨ ਵਿਚ ਕੀਤੇ ਸ੍ਰੇਸ਼ਟ ਕਰਮ ਖੁਸ਼ਹਾਲ ਭਵਿੱਖ ਦਾ ਨਿਰਮਾਣ ਕਰ ਸਕਣ ‘‘ਸਰਬ ਧਰਮ ਮਹਿ ਸ੍ਰੇਸਟ ਧਰਮੁ ॥ ਹਰਿ ਕੋ ਨਾਮੁ ਜਪਿ; ਨਿਰਮਲ ਕਰਮੁ ॥’’ (ਸੁਖਮਨੀ/ਮਹਲਾ ੫/੨੬੬) ਇਸ ਤਰ੍ਹਾਂ ਸ਼ੁਭ ਅਮਲ ਕਰਦਿਆਂ ਜਦੋਂ ਰੱਬੀ ਰਜ਼ਾ ਵਿਚ ਰਹਿਣ ਦੀ ਜੁਗਤ ਆ ਜਾਏਗੀ ਤਾਂ ਭਾਣਾ ਮਿੱਠਾ ਕਰ ਕੇ ਲੱਗਣ ਲੱਗ ਪਏਗਾ ਤੇ ਫੇਰ ਤੱਤੀ ਤਵੀ ’ਤੇ ਬੈਠ, ਆਰੇ ਨਾਲ ਚੀਰਵਾ ਕੇ, ਬੰਦ ਬੰਦ ਕਟਵਾ ਕੇ ਵੀ ਜੀਵਣ ਵਿਚ ਸੁਖ ਤੇ ਅਨੰਦ ਖੇੜਾ ਰਹੇਗਾ ਤੇ ਇਹ ਬੋਲ ਆਪ ਮੁਹਾਰੇ ਨਿਕਲਗੇ ‘‘ਸੁਖੁ ਦੁਖੁ ਤੇਰੀ ਆਗਿਆ ਪਿਆਰੇ ! ਦੂਜੀ ਨਾਹੀ ਜਾਇ (ਜਗ੍ਹਾ)॥’’ (ਮਹਲਾ ੫/੪੩੨)