ਜੋ ਹਰਿ ਕਾ ਪਿਆਰਾ; ਸੋ ਸਭਨਾ ਕਾ ਪਿਆਰਾ.. ॥

0
77

ਜੋ ਹਰਿ ਕਾ ਪਿਆਰਾ; ਸੋ ਸਭਨਾ ਕਾ ਪਿਆਰਾ.. ॥

ਪ੍ਰਿੰਸੀਪਲ ਹਰਭਜਨ ਸਿੰਘ ਜੀ

ਜਿੱਥੇ ਸਤਿਗੁਰੂ ਜੀ ਨੇ ਗੁਰਬਾਣੀ ਵਿਚ ਸੱਚ ਜਾਂ ਹਰੀ ਦੀ ਵਿਆਖਿਆ ਕੀਤੀ ਹੈ। ਓਥੇ ਹਰੀ ਦੇ ਨਾਲ ਸੰਪਰਕ ਬਣਾਉਣ ਲਈ ਢੰਗ ਤਰੀਕਾ ਸਮੁੱਚੀ ਗੁਰਬਾਣੀ ਵਿੱਚ ਦਰਸਾਇਆ ਹੈ। ਜਿਹੜੇ ਸੱਚ ਹਰੀ ਨਾਲੋਂ ਟੁੱਟ ਜਾਂਦੇ ਹਨ। ਉਹਨਾਂ ਦੀ ਮਾਨਸਿਕ ਦਸ਼ਾ ਕਿਹੋ ਜਿਹੀ ਬਣ ਜਾਂਦੀ ਹੈ ਅਤੇ ਸੱਚ ਹਰੀ ਨਾਲੋਂ ਟੁੱਟ ਜਾਣ ਕਾਰਨ ਜੋ ਉਹਨਾਂ ਨੂੰ ਆਰਥਕ ਅਤੇ ਪ੍ਰਮਾਰਥਕ ਘਾਟਾ ਪੈਂਦਾ ਹੈ, ਉਸ ਨੂੰ ਬੜੇ ਵਿਸਥਾਰ ਨਾਲ ਸਤਿਗੁਰੂ ਜੀ ਅਤੇ ਭਗਤ ਸਾਹਿਬਾਨਾਂ ਨੇ ਆਪਣੀ ਰਚਨਾ ਰਾਹੀਂ ਸਮਝਾਇਆ ਹ। ਹਰੀ ਨਾਮ ਨੂੰ ਜਪ ਕੇ ਵੀ ਜੋ ਸੱਚ ਨਾਲ ਅਭੇਦ ਹੋ ਜਾਂਦੇ ਹਨ, ਉਹਨਾਂ ਦੀ ਆਤਮਕ ਦਸ਼ਾ ਕਿਹੋ ਜਿਹੀ ਬਣਦੀ ਹੈ ? ਹਰੀ ਨਾਲ ਜੁੜਨ ਸਦਕਾ ਕਿਵੇਂ ਉਹਨਾਂ ਦੇ ਲੋਕ-ਪ੍ਰਲੋਕ ਸੰਵਰ ਜਾਂਦੇ ਹਨ। ਉਸ ਬਾਰੇ ਗੁਰੁ ਅਮਰਦਾਸ ਜੀ ਦੇ ਬਚਨ ਹਨ ‘‘ਸੇ ਧਨਵੰਤ; ਹਰਿ ਨਾਮਿ ਲਿਵ ਲਾਇ ’’ (ਮਹਲਾ /੬੬੩)  ਉਹਨਾਂ ਨੂੰ ਜਿੱਥੇ ਇਸ ਸੰਸਾਰ ਵਿੱਚ ਚੰਗੇ ਮਾਰਗ ’ਤੇ ਤੁਰਨ ਸਦਕਾ ਮਾਣ ਸਤਿਕਾਰ ਮਿਲਦਾ ਹੈ ‘‘ਸਚੈ ਮਾਰਗਿ ਚਲਦਿਆ; ਉਸਤਤਿ ਕਰੇ ਜਹਾਨੁ ’’ (ਮਹਲਾ /੧੩੬), ਉੱਥੇ ਰੱਬੀ ਦਰਗਾਹ ਵਿੱਚ ਬਰਕਾਂ ਪ੍ਰਾਪਤ ਹੁੰਦੀਆਂ ਹਨ ‘‘ਰੇ ਰੇ ਦਰਗਹ ਕਹੈ ਕੋਊ ਆਉ ਬੈਠੁ ਆਦਰੁ ਸੁਭ ਦੇਊ ’’ (ਮਹਲਾ /੨੫੨) ਜਿਹੜਾ ਸੱਚੇ ਹਰੀ ਨਾਮ ਦੇ ਜਪ ਵਿੱਚ ਜੁੜ ਜਾਂਦਾ ਹੈ, ਹਰੀ ਉਸ ਨੂੰ ਕੀ ਕੀ ਦਾਤਾ ਬਸ਼ਸ਼ ਦਿੰਦੇ ਹਨ ? ਗੁਰੁ ਅਰਜਨ ਦੇਵ ਜੀ ਫ਼ੁਰਮਾਉਂਦੇ ਹਨ ਕਿ ਜੋ ਹਰੀ ਨਾਲ ਜੁੜਦੇ ਹਨ ਉਸ ਦਾ ਸਾਰਾ ਸੰਸਾਰ ਹੀ ਮਿੱਤਰ ਬਣ ਜਾਂਦਾ ਹੈ। ਉਸ ਦਾ ਕੋਈ ਦੁਸ਼ਮਨ ਨਹੀਂ ਰਹਿੰਦਾ। ਹਰੀ ਪ੍ਰਮਾਤਮਾ ਦੇ ਨਾਲ ਜੁੜਨ ਸਦਕਾ ਉਸ ਗੁਰੂ ਪਿਆਰੇ ਦਾ ਚਿੱਤ ਅਡੋਲ ਹੋ ਜਾਂਦਾ ਹੈ, ਉਸ ਦੀਆਂ ਸਾਰੀਆਂ ਭਟਕਣਾਂ ਖ਼ਤਮ ਹੋ ਜਾਂਦੀਆਂ ਹਨ, ਹਰ ਪ੍ਰਕਾਰ ਦੀ ਚਿੰਤਾ ਖ਼ਤਮ ਹੋ ਜਾਂਦੀ ਹੈ, ਜੀਵ ਆਤਮਾ ਦਾ ਨਿਸਤਾਰਾ ਹੋ ਜਾਂਦਾ ਹੈ। ਹਰੀ ਦਾ ਪਿਆਰਾ ਸੇਵਕ ਭਾਵੇਂ ਅਖੌਤੀ ਨੀਵੀਂ ਕੁਲ ਨਾਲ ਸੰਬੰਧ ਰੱਖਦਾ ਹੋਵੇ, ਉਸ ਦੀ ਭੋਰਾ ਮਾਤਰ ਸੰਗਤ ਕਰਨ ਨਾਲ ਜੀਵ ਦਾ ਨਿਸਤਾਰਾ ਹੋ ਜਾਂਦਾ ਹੈ ‘‘ਹਰਿ ਸਿਉ ਜੁਰੈ ਸਭੁ ਕੋ ਮੀਤੁ   ਹਰਿ ਸਿਉ ਜੁਰੈ; ਨਿਹਚਲੁ ਚੀਤੁ   ਹਰਿ ਸਿਉ ਜੁਰੈ; ਵਿਆਪੈ ਕਾੜ੍ਾ   ਹਰਿ ਸਿਉ ਜੁਰੈ; ਹੋਇ ਨਿਸਤਾਰਾ   ਰੇ ਮਨ ਮੇਰੇ ! ਤੂੰ ਹਰਿ ਸਿਉ ਜੋਰੁ   ਕਾਜਿ ਤੁਹਾਰੈ ਨਾਹੀ ਹੋਰੁ ਰਹਾਉ   ਵਡੇ ਵਡੇ ਜੋ ਦੁਨੀਆਦਾਰ   ਕਾਹੂ ਕਾਜਿ ਨਾਹੀ ਗਾਵਾਰ   ਹਰਿ ਕਾ ਦਾਸੁ ਨੀਚ ਕੁਲੁ ਸੁਣਹਿ   ਤਿਸ ਕੈ ਸੰਗਿ; ਖਿਨ ਮਹਿ ਉਧਰਹਿ ’’ (ਮਹਲਾ /੨੩੯)

ਵੀਚਾਰ ਅਧੀਨ ਪੰਕਤੀ ‘‘ਜੋ ਹਰਿ ਕਾ ਪਿਆਰਾ; ਸੋ ਸਭਨਾ ਕਾ ਪਿਆਰਾ; ਹੋਰ ਕੇਤੀ ਝਖਿ ਝਖਿ ਆਵੈ ਜਾਵੈ ’’ (ਮਹਲਾ /੫੫੫) ਗੁਰੂ ਰਾਮਦਾਸ ਸਾਹਿਬ ਜੀ ਦੁਆਰਾ ਉਚਾਰਨ ਕੀਤੀ ਹੋਈ ਬਿਹਾਗੜੇ ਕੀ ਵਾਰ ਦੀ 17ਵੀਂ ਪਉੜੀ ਦੀ ਅਖੀਰਲੀ ਤੁਕ ਹੈ। ਜਿਸ ਦਾ ਅਰਥ ਹੈ ਕਿ ਜੋ ਮਨੁੱਖ ਪ੍ਰਭੂ ਦਾ ਪਿਆਰਾ ਹੈ ਉਹ ਸਭ ਦਾ ਪਿਆਰਾ ਹੈ ਭਾਵ ਉਸ ਨੂੰ ਸਭ ਲੋਕ ਪਿਆਰ ਕਰਦੇ ਹਨ। ਬਾਕੀ ਹੋਰ ਬਥੇਰੀ ਸ੍ਰਿਸ਼ਟੀ ਖਪ-ਖਪ ਕੇ ਜੰਮਦੀ ਮਰਦੀ ਹੈ।

‘ਹਰਿ ਕਾ ਪਿਆਰਾ’ ਵਾਕ ਬਾਰੇ ਪਹਿਲਾਂ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਹਰੀ ਰਹਿੰਦਾ ਕਿੱਥੇ ਹੈ ਅਤੇ ਉਸ ਨਾਲ ਪਿਆਰ ਕਰਕੇ ਅਸੀਂ ਉਸ ਦੇ ਪਿਆਰੇ ਕਿਵੇਂ ਬਣ ਸਕਦੇ ਹਾਂ। ਇਸ ਦਾ ਜਵਾਬ ਬਾਬਾ ਫ਼ਰੀਦ ਜੀ ਦੇ ਹਵਾਲੇ ਨਾਲ਼ ਗੁਰੂ ਅਰਜਨ ਸਾਹਿਬ ਜੀ ਇਉਂ ਦਿੰਦੇ ਹਨ ‘‘ਫਰੀਦਾ ! ਖਾਲਕੁ ਖਲਕ ਮਹਿ; ਖਲਕ ਵਸੈ ਰਬ ਮਾਹਿ   ਮੰਦਾ ਕਿਸ ਨੋ ਆਖੀਐ: ਜਾਂ ਤਿਸੁ ਬਿਨੁ ਕੋਈ ਨਾਹਿ ’’ (ਮਹਲਾ /੧੩੮੧) ਭਾਵ ਹੇ ਫ਼ਰੀਦ ! ਖ਼ਲਕਤ ਪੈਦਾ ਕਰਨ ਵਾਲਾ ਪ੍ਰਮਾਤਮਾ ਸਾਰੀ ਖ਼ਲਕਤ ਵਿੱਚ ਮੌਜੂਦ ਹੈ ਅਤੇ ਖ਼ਲਕਤ ਵੀ ਪ੍ਰਮਾਤਮਾ ਅੰਦਰ ਵੱਸ ਰਹੀ ਹੈ। ਜਦੋਂ ਉਸ ਪ੍ਰਮਾਤਮਾ ਤੋਂ ਬਿਨਾਂ ਕਿਤੇ ਹੋਰ ਦੂਜਾ ਵਿਚਾਰ ਹੀ ਨਹੀਂ ਤਾਂ ਕਿਸ ਜੀਵ ਨੂੰ ਮੰਦਾ ਕਿਹਾ ਜਾਏ। ਇਹਨਾਂ ਪਾਵਨ ਬਚਨਾਂ ਤੋਂ ਸਾਨੂੰ ਇਹ ਸੇਧ ਮਿਲਦੀ ਹੈ ਕਿ ਹਰੀ; ਸਾਰੀ ਲੁਕਾਈ ਵਿੱਚ ਵੱਸਦਾ ਹੈ। ਤਾਂ ਤੇ ਸਾਰੀ ਲੁਕਾਈ ਨੂੰ ਪਿਆਰ ਕਰਨ ਵਾਲਾ ਜਗਿਆਸੂ ਹੀ ‘ਹਰਿ ਕਾ ਪਿਆਰਾ’ ਅਤੇ ‘ਸਭਨਾ ਕਾ ਪਿਆਰਾ’ ਹੋਏਗਾ। ਲੁਕਾਈ ਨੂੰ ਪਿਆਰ ਕਰਨ ਤੋਂ ਭਾਵ ‘ਲੁਕਾਈ ਦੀ ਸੇਵਾ ਕਰਨਾ’ ਹੈ। ਗੁਰੁ ਨਾਨਕ ਸਾਹਿਬ ਜੀ ਦੇ ਅੰਮ੍ਰਿਤਮਈ ਬਚਨ ਹਨ ‘‘ਵਿਚਿ ਦੁਨੀਆ ਸੇਵ ਕਮਾਈਐ   ਤਾ ਦਰਗਹ ਬੈਸਣੁ ਪਾਈਐ   ਕਹੁ ਨਾਨਕ  ! ਬਾਹ ਲੁਡਾਈਐ ’’ (ਮਹਲਾ /੨੬) ਭਾਵ ਜਗਤ ਵਿੱਚ ਆ ਕੇ ਪ੍ਰਭੂ ਦੀ (ਖ਼ਲਕਤ ਦਾ) ਸੇਵਾ ਕਰਨੀ ਚਾਹੀਦੀ ਹੈ, ਤਦੋਂ ਹੀ ਉਸ ਦੀ ਹਜੂਰੀ ਵਿੱਚ ਬੈਠਣ ਨੂੰ ਥਾਂ ਮਿਲਦਾ ਹੈ। ਜਿਸ ਨੂੰ ਥਾਂ ਮਿਲ ਗਈ ਓਹੀ ‘ਪ੍ਰਭੂ ਦਾ ਪਿਆਰਾ’ ਹੋ ਗਿਆ। ਜੋ ‘ਪ੍ਰਭੂ ਦਾ ਪਿਆਰਾ’ ਹੈ, ਉਹ ‘ਸਭਨਾ ਦਾ ਪਿਆਰਾ’ ਹੈ।

ਖ਼ਲਕਤ ਦੀ ਸੇਵਾ ਓਹੀ ਕਰ ਸਕਦਾ ਹੈ ਜਿਸ ਨੂੰ ਸਾਰਿਆਂ ਵਿੱਚ ਰੱਬੀ ਜੋਤਿ ਵੱਸਦੀ ਵਿਖਾਈ ਦਿੰਦੀ ਹੋਵੇ। ਰੱਬੀ ਜੋਤਿ; ਸਾਰਿਆਂ ਅੰਦਰ ਉਸ ਨੂੰ ਹੀ ਦਿਸਦੀ ਹੈ ਜਿਸ ਨੇ ਪਹਿਲਾਂ ਆਪਣੇ ਅੰਦਰ ਰੱਬੀ ਜੋਤਿ ਨੂੰ ਅਨੁਭਵ ਕੀਤੀ ਹੋਵੇ। ਆਪਣੇ ਅੰਦਰ ਰੱਬੀ ਜੋਤਿ ਉਹੀ ਅਨੁਭਵ ਕਰ ਸਕਦਾ ਹੈ, ਜੋ ਗੁਰੂ ਜੀ ਦੀ ਸਿੱਖਿਆ ’ਤੇ ਅਮਲ ਕਰਦਾ ਹੋਵੇ। ਗੁਰੂ ਜੀ ਦੀ ਸਿੱਖਿਆ ’ਤੇ ਅਮਲ ਉਹੀ ਕਰ ਸਕਦਾ ਹੈ, ਜਿਸ ਨੇ ਆਪਣੀ ਮਨਮਤਿ ਤਿਆਗ ਦਿੱਤੀ ਹੋਵੇ ਅਤੇ ਪੂਰਨ ਤੌਰ ’ਤੇ ਗੁਰਮਤਿ ਦਾ ਧਾਰਨੀ ਬਣ ਕੇ ਆਪਣਾ ਜੀਵਨ ਬਤੀਤ ਕਰੇ। ਆਮ ਸੁਣਨ, ਪੜ੍ਹਨ ਨੂੰ ਐਸਾ ਮਿਲਦਾ ਹੈ ਕਿ ਆਪਣੇ ਆਪ ਨੂੰ ਧਾਰਮਿਕ ਸਮਝਣ ਵਾਲੇ ਵੀ ਸਭ ਦੇ ਪਿਆਰੇ ਨਹੀਂ ਬਣ ਸਕੇ। ਇਸ ਦਾ ਕਾਰਨ ਹੈ ਕਿ ਉਨ੍ਹਾਂ ਦਾ ਇੱਕ ਹਰੀ ਉੱਤੇ ਭਰੋਸਾ ਨਾ ਹੋਣ ਕਾਰਨ ਬਹੁ ਦੇਵ ਪੂਜਾ ਨੂੰ ਪ੍ਰਧਾਨਤਾ ਦੇਂਦੇ ਹਨ। ਪ੍ਰਮਾਤਮਾ ਦੀ ਥਾਂ ਪ੍ਰਮਾਤਮਾ ਦੀ ਬਣਾਈ ਲੁਕਾਈ ਨੂੰ ਵੱਡਾ-ਛੋਟਾ ਮੰਨਦਿਆਂ ਵੰਡੀਆਂ ਪਾਉਂਦੇ ਹਨ। ਆਪਣੇ ਆਪ ਨੂੰ ਸਭ ਤੋਂ ਉੱਤਮ ਸਮਝ ਕੇ ਹੋਰਨਾਂ ਨੂੰ ਨੀਵੇਂ ਸਮਝਦੇ ਹਨ ਭਾਵੇਂ ਕਿ ਗੁਰਬਾਣੀ ਦਾ ਸਪਸ਼ਟ ਸੰਦੇਸ਼ ਹੈ ‘‘ਸਗਲ ਬਨਸਪਤਿ ਮਹਿ ਬੈਸੰਤਰੁ; ਸਗਲ ਦੂਧ ਮਹਿ ਘੀਆ   ਊਚ ਨੀਚ ਮਹਿ ਜੋਤਿ ਸਮਾਣੀ; ਘਟਿ ਘਟਿ ਮਾਧਉ ਜੀਆ ’’ (ਮਹਲਾ /੬੧੭) ਜਾਂ ‘‘ਚੀਤਿ ਆਵੈ ਤਾਂ ਸਦਾ ਦਇਆਲਾ; ਲੋਗਨ ਕਿਆ ਵੇਚਾਰੇ  ?  ਬੁਰਾ ਭਲਾ ਕਹੁ ਕਿਸ ਨੋ ਕਹੀਐ; ਸਗਲੇ ਜੀਅ ਤੁਮ੍ਾਰੇ ਰਹਾਉ ’’ (ਮਹਲਾ /੩੮੩) ਗੁਰਬਾਣੀ ਦੇ ਇੰਨਾ ਸਮਝਾਉਣ ਦੇ ਬਾਵਜੂਦ ਵੀ ਕੀ ਅਨਮਤੀਏ ਅਤੇ ਕੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਰਹਿਬਰ ਮੰਨਣ ਵਾਲੇ, ਸਾਰਿਆਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ।

ਹਰੀ ਆਪਣੇ ਪਿਆਰੇ ਦੀ ਜਾਤ ਪਾਤ ਨਹੀਂ ਵੇਖਦਾ ਅਤੇ ਨਾ ਹੀ ਰੰਗ ਰੂਪ ਵੇਖਦਾ ਹੈ। ਉਹ ਤਾਂ ਕੇਵਲ ਪ੍ਰੇਮਾ ਭਗਤੀ ਹਿਰਦੇ ਵਿੱਚ  ਟਿਕਾਅ ਸ਼ਰਨ ਆਏ ਹੋਏ ਹਰ ਇੱਕ ਨੂੰ ਆਪਣੇ ਗਲ ਨਾਲ ਲਾਉਂਦਾ ਹੈ। ਗੁਰ ਬਚਨ ਹਨ ‘‘ਜੋ ਸਰਣਿ ਆਵੈ, ਤਿਸੁ ਕੰਠਿ ਲਾਵੈ; ਇਹੁ ਬਿਰਦੁ ਸੁਆਮੀ ਸੰਦਾ ’’ (ਮਹਲਾ /੫੪੪) ਜੋ ਸੁਭਾਅ ਹਰੀ ਦਾ ਹੈ, ਜੋ ਗੁਣ ਹਰੀ ਵਿੱਚ ਹਨ, ਉਸ ਦਾ ਪਿਆਰਾ ਬਣਨ ਵਾਸਤੇ ਵੀ ਉਸ ਦਾ ਸੁਭਾਅ ਅਤੇ ਗੁਣ ਅਪਣਾਉਣੇ ਪੈਣਗੇ।

ਦੁਨਿਆਵੀ ਤੌਰ ’ਤੇ ਵੇਖਿਆ ਜਾਏ ਤਾਂ ਉਹੀ ਮਿੱਤਰ ਦੂਜੇ ਮਿੱਤਰ ਨੂੰ ਪਿਆਰਾ ਲੱਗਦਾ ਹੈ, ਜਿਹੜਾ ਉਸ ਦੀ ਹਾਂ ਵਿੱਚ ਹਾਂ ਮਿਲਾਉਂਦਾ ਹੈ ਭਾਵ ਦੋਨਾਂ ਦੇ ਸੁਭਾਅ ਇਕਸਾਰ ਹੁੰਦਾ ਹੈ। ਹਰੀ ਦੇ ਗੁਣ ਹਨ ਕਿ ਉਹ ਅਜਾਤਿ ਹੈ, ਉਹ ਅਕੁਲ ਹੈ, ਉਹ ਨਿਰਭਉ ਹੈ, ਉਹ ਨਿਰਵੈਰ ਹੈ, ਉਹ ਅਕਾਲ ਮੂਰਤਿ ਹੈ, ਉਹ ਅਜੂਨੀ ਹੈ। ਹੁਣ ਜੇਕਰ ਹਰੀ; ਅਜਾਤਿ ਹੈ ਤਾਂ ਉਸ ਦਾ ਸੇਵਕ, ਬੇਦੀ, ਸੋਢੀ ਜਾਂ ਹੋਰ ਕਿਸੇ ਜਾਤਿ ਵਾਲਾ ਕਿਵੇਂ ਹੋ ਸਕਦਾ ਹੈ ? ਜੇ ਹਰੀ ਨਿਰਭਉ ਅਤੇ ਨਿਰਵੈਰ ਹੈ ਤਾਂ ਉਸ ਦਾ ਸੇਵਕ ਡਰਪੋਕ ਅਤੇ ਵੈਰ ਭਾਵਨਾ ਵਾਲਾ ਕਿਵੇਂ ਹੋ ਸਕਦਾ ਹੈ ? ਕਿਸੇ ਖ਼ਾਸ ਜਾਤਿ ਦਾ ਸਮਝਣ ਕਾਰਨ ਉਹ ਅਜਾਤਿ ਪ੍ਰਮਾਤਮਾ ਵਿੱਚ ਕਿਵੇਂ ਅਭੇਦ ਹੋ ਸਕਦਾ ਹੈ ਅਤੇ ਕਿਵੇਂ ਉਸ ਦਾ ਪਿਆਰਾ ਬਣ ਸਕਦਾ ਹੈ ? ਕਿਵੇਂ ਉਸ ਦੇ ਅੰਦਰ ਨਿਰਵੈਰਤਾ ਟਿਕ ਸਕਦੀ ਹੈ ? ਐਸਾ ਅਖੌਤੀ ਧਾਰਮਿਕ ਮਨੁੱਖ ਤਾਂ ਆਪਣੇ ਆਪ ਨੂੰ ਵਿਤਕਰਿਆਂ ਵਿੱਚ ਪਾ ਕੇ ਹੀ ਆਪਣੀ ਉਮਰ ਅਜਾਈਂ ਗਵਾਉਂਦਾ ਹੋਇਆ ਸੰਸਾਰ ਤੋਂ ਕੂਚ ਕਰ ਜਾਂਦਾ ਹੈ, ਪਰ ਹਰੀ ਦੇ ਪਿਆਰੇ ਨੂੰ ਇਹ ਜਾਤਿ ਅਭਿਮਾਨ ਪੋਹ ਵੀ ਨਹੀਂ ਸਕਦਾ ਸਗੋਂ ਉਹ ਤਾਂ ਭਾਈ ਘਨੱਈਆ ਜੀ ਵਾਂਗ ਮੈਦਾਨੇ ਜੰਗ ਵਿੱਚ ਵੀ ਵਿਤਕਰਾ ਰਹਿਤ ਹੋ ਕੇ ਨਿਰਵੈਰਤਾ ਵਾਲੇ ਗੁਣਾਂ ਦੀ ਮਿਸਾਲ ਪੇਸ਼ ਕਰਦਾ ਹੋਇਆ ਸਾਰਿਆਂ ਦਾ ਭਲਾ ਮਨਾਉਂਦਾ ਹੈ।

ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਸਾਹਿਬਾਨ ਅਤੇ ਹੋਰ ਜਿਨ੍ਹਾਂ-ਜਿਨ੍ਹਾਂ ਮਹਾਂ ਪੁਰਖਾਂ ਦੀ ਬਾਣੀ ਦਰਜ ਹੈ, ਉਹ ਸਾਰੇ ਹੀ ਹਰੀ ਦੇ ਪਿਆਰੇ ਹਨ ਤਾਹੀਓਂ ਸਮਾਜ ਉਹਨਾਂ ਨੂੰ ਪਿਆਰ ਕਰਦਾ ਹੈ। ਇਨ੍ਹਾਂ ਵਾਙ ਕੋਈ ਵੀ ਜਗਿਆਸੂ ਜਾਤਿ-ਪਾਤਿ, ਛੂਤ-ਛਾਤ ਅਤੇ ਭੇਦ ਭਾਵ ਤੋਂ ਨਿਰਲੇਪ ਹੋ ਕੇ ਗੁਰੁ ਸਾਹਿਬਾਨ ਦੇ ਦਰਸਾਏ ਮਾਰਗ ’ਤੇ ਚੱਲ ਕੇ ਹਰੀ ਦਾ ਪਿਆਰਾ ਹੋ ਸਕਦਾ ਹੈ। ਵੀਚਾਰ ਅਧੀਨ ਬਚਨਾਂ ਤੋਂ ਪਹਿਲਾਂ ਦੋ ਸ਼ਲੋਕ ਇਸ ਤਰ੍ਹਾਂ ਦਰਜ ਹਨ ‘‘ਕਬੀਰਾ ! ਮਰਤਾ ਮਰਤਾ ਜਗੁ ਮੁਆ; ਮਰਿ ਭਿ ਜਾਨੈ ਕੋਇ   ਐਸੀ ਮਰਨੀ ਜੋ ਮਰੈ; ਬਹੁਰਿ ਮਰਨਾ ਹੋਇ ’’ (ਭਗਤ ਕਬੀਰ/੫੫੫) ਅਤੇ ‘‘ਕਿਆ ਜਾਣਾ ਕਿਵ ਮਰਹਗੇ ? ਕੈਸਾ ਮਰਣਾ ਹੋਇ  ? ਜੇ ਕਰਿ ਸਾਹਿਬੁ ਮਨਹੁ ਵੀਸਰੈ; ਤਾ ਸਹਿਲਾ ਮਰਣਾ ਹੋਇ ਮਰਣੈ ਤੇ ਜਗਤੁ ਡਰੈ; ਜੀਵਿਆ ਲੋੜੈ ਸਭੁ ਕੋਇ ਗੁਰ ਪਰਸਾਦੀ ਜੀਵਤੁ ਮਰੈ; ਹੁਕਮੈ ਬੂਝੈ ਸੋਇ ਨਾਨਕ  ! ਐਸੀ ਮਰਨੀ ਜੋ ਮਰੈ; ਤਾ ਸਦ ਜੀਵਣੁ ਹੋਇ ’’ (ਮਹਲਾ /੫੫੫) ਇਸ ਦੂਜੇ ਸ਼ਲੋਕ ਦੀਆਂ ਅਖੀਰਲੀਆਂ ਦੋ ਪੰਕਤੀਆਂ ਵਿੱਚ ਗੁਰੂ ਅਮਰਦਾਸ ਜੀ ਸਮਝਾਉਂਦੇ ਹਨ ਕਿ ਜੋ ਮਨੁੱਖ ਗੁਰੁ ਦੀ ਕਿਰਪਾ ਨਾਲ ਜੀਵਦਿਆਂ ਹੀ ਮਰਦਾ ਹੈ, ਸਮਾਜ ਵੱਲੋਂ ਉਪਰਾਮ ਹੋ ਜਾਂਦਾ ਹੈ, ਉਹੀ ਹਰੀ ਦੀ ਰਜ਼ਾ ਨੂੰ ਸਮਝਦਾ ਹੈ। ਹੇ ਨਾਨਕ  ! ਐਸੀ ਮੌਤ ਮਰਨਾ ਭਾਵ ਪ੍ਰਭੂ ਦੀ ਰਜ਼ਾ ਵਿੱਚ ਤੁਰਨਾ ਹੀ ਅਟੱਲ ਜੀਵਨ ਹੋਣਾ ਅਖਵਾਉਂਦਾ ਹੈ। ਜਿਊਂਦੇ ਮਰਨ ਤੋਂ ਭਾਵ ਇਹੀ ਹੈ ਕਿ ਆਪਣੇ ਅੰਦਰੋਂ ਹਰ ਪ੍ਰਕਾਰ ਦੇ ਵਿਕਾਰ ਨੂੰ ਮਾਰ ਮੁਕਾਵੇ, ਵਿਸ਼ੇਸ਼ ਤੌਰ ’ਤੇ ਮੈਂ-ਮੇਰੀ ਨੂੰ, ਕਿਉਂਕਿ ਇਹ ਮੈਂ-ਮੇਰੀ ਹੀ ਹਰੀ ਦੇ ਪਿਆਰੇ ਬਣਨ ’ਚ ਵੱਡੀ ਰੁਕਾਵਟ ਪੈਦਾ ਕਰਦੀ ਹੈ। ਮੈਂ-ਮੇਰੀ ਹੀ ਮਨੁੱਖ ਨੂੰ ਗੁਰੂ ਦਾ ਹੁਕਮ ਨਾ ਮੰਨਣ ਲਈ ਉਕਸਾਉਂਦੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਕਥਨ ਹੈ ਕਿ ਰੱਬ ਨੂੰ ਵੀ ਓਹੀ ਪਿਆਰਾ ਹੈ ਜੋ ਰੱਬ ਦੀ ਰਜ਼ਾ ਨੂੰ ਮੰਨਦਾ ਹੈ ‘‘ਖਸਮੈ ਸੋਈ ਭਾਵਦਾ; ਖਸਮੈ ਦਾ ਜਿਸੁ ਭਾਣਾ ਭਾਵੈ’’ (ਭਾਈ ਗੁਰਦਾਸ ਜੀ/ਵਾਰ ੨੯ ਪਉੜੀ ੧੩) ਸੋ ਹਰੀ ਦੇ ਪਿਆਰੇ ਬਣਨ ਲਈ ‘‘ਹੁਕਮਿ ਮੰਨਿਐ ਹੋਵੈ ਪਰਵਾਣੁ ਤਾ ਖਸਮੈ ਕਾ ਮਹਲੁ ਪਾਇਸੀ (ਮਹਲਾ /੪੭੧) ਵਾਲੇ ਸਿਧਾਂਤ ਦਾ ਧਾਰਨੀ ਬਣਨਾ ਅਤਿ ਜ਼ਰੂਰੀ ਹੈ। ਐਸੀ ਉੱਚੀ ਆਤਮਕ ਅਵਸਥਾ ਵਾਲਿਆਂ ਉੱਤੇ ਹੀ ਗੁਰੂ ਰਾਮਦਾਸ ਜੀ ਦੇ ਇਹ ਬਚਨ ਅਸਲ ’ਚ ਢੁੱਕਦੇ ਹਨ ‘‘ਜੋ ਹਰਿ ਕਾ ਪਿਆਰਾ, ਸੋ ਸਭਨਾ ਕਾ ਪਿਆਰਾ; ਹੋਰ ਕੇਤੀ ਝਖਿ ਝਖਿ ਆਵੈ ਜਾਵੈ ’’ (ਮਹਲਾ /੫੫੫)