ਗੁਰਬਾਣੀ ਅਨੁਸਾਰ ਸੁਰਤਿ, ਮਤਿ, ਮਨੁ, ਬੁਧਿ, ਬਿਬੇਕ, ਸੁਮਤਿ, ਅਕਲਿ ਆਦਿ।

1
1174

ਗੁਰਬਾਣੀ ਅਨੁਸਾਰ ਸੁਰਤਿ, ਮਤਿ, ਮਨੁ, ਬੁਧਿ, ਬਿਬੇਕ, ਸੁਮਤਿ, ਅਕਲਿ ਆਦਿ।

ਗਿਆਨੀ ਅਵਤਾਰ ਸਿੰਘ

ਮਨ ਕੀ ਹੈ ਅਤੇ ਕੀ ਇਹ ਮਾਰਿਆ ਜਾ ਸਕਦਾ ਹੈ ? (ਭਾਗ ਪਹਿਲਾ)

ਮਨ ਕੀ ਹੈ ਅਤੇ ਕੀ ਇਹ ਮਾਰਿਆ ਜਾ ਸਕਦਾ ਹੈ ? (ਭਾਗ ਦੂਜਾ)

ਜੀਵ ਵਿਗਿਆਨਿਕ ਪੱਖੋਂ ਵੇਖੀਏ ਤਾਂ ਅੱਜ ਸਾਇੰਸ ਨੇ ਬਹੁਤ ਤਰੱਕੀ ਕੀਤੀ ਹੈ। ਹਰ ਜੀਵ ਦਾ ਸ਼ੁਭਾਅ, ਉਸ ਦਾ ਖਾਣ-ਪਾਣ, ਦੂਸਰਿਆਂ ਤੱਕ ਆਪਣੀਆਂ ਭਾਵਨਾਵਾਂ ਪਹੁੰਚਾਉਣ ਦਾ ਢੰਗ, ਸੁੰਘਣ ਦੀ ਸ਼ਕਤੀ ਆਦਿਕ ਖੋਜਾਂ ਨੇ ਬਹੁਤ ਵਿਸਥਾਰ ਸਹਿਤ ਗਿਆਨ ਬਖ਼ਸ਼ਿਆ ਹੈ। ਮਨੁੱਖੀ ਸਰੀਰ ਨੂੰ ਵੀ ਸਕੈਨਿੰਗ ਮਸ਼ੀਨਾਂ ਰਾਹੀਂ ਬੜਾ ਢੰਡੋਲਿਆ ਜਾ ਚੁੱਕਾ ਹੈ, ਪਰ ਫਿਰ ਵੀ ਧਾਰਮਿਕ ਦ੍ਰਿਸ਼ਟੀ ਤੋਂ ਵੇਖੀਏ ਤਾਂ ਇਹ ਖੋਜਾਂ ਅਜੇ ਬਹੁਤ ਪਿੱਛੇ ਹਨ। ਅੱਜ ਕੋਈ ਵੀ ਮਨੁੱਖ; ਹਸਪਤਾਲਾਂ ਵਿੱਚ ‘ਲੋਭ, ਮੋਹ, ਅਹੰਕਾਰ, ਕਾਮ, ਈਰਖਾ’ ਆਦਿ ਦੀ ਦਵਾ ਲੈਣ ਨਹੀਂ ਜਾਂਦਾ ਕਿਉਂਕਿ ਹਰੇਕ ਨੂੰ ਪਤਾ ਹੈ ਕਿ ਐਸੇ ਰੋਗਾਂ ਦੀ ਦਵਾ ਇਨ੍ਹਾਂ ਡਾਕਟਰਾਂ ਪਾਸੋਂ ਨਹੀਂ ਮਿਲਣੀ । ਇਹ ਸਚਾਈ ਗੁਰੂ ਨਾਨਕ ਸਾਹਿਬ ਜੀ ਨੇ 15ਵੀਂ ਸਦੀ ’ਚ ਬਿਆਨ ਕਰ ਦਿੱਤੀ ਸੀ। ਜਦ ਨਨਕਾਣਾ ਸਾਹਿਬ (ਰਾਇਭੋਇ ਦੀ ਤਲਵੰਡੀ) ਵਿਖੇ ਬਚਪਨ ’ਚ ਗੁਰੂ ਸਾਹਿਬ ਨੂੰ ਅਕਾਲ ਪੁਰਖ ਵਿੱਚ ਮਗਨ ਹੋਏ ਨੂੰ ਮਾਤਾ ਤ੍ਰਿਪਤਾ ਜੀ ਅਤੇ ਪਿਤਾ ਮਹਿਤਾ ਕਾਲੂ ਚੰਦ ਜੀ ਵੇਖਦੇ ਹਨ ਤਾਂ ਉਨ੍ਹਾਂ ਨੂੰ ਜਾਪਿਆ ਕਿ ਸ਼ਾਇਦ ਕੋਈ ਸਰੀਰਕ ਰੋਗ ਹੈ, ਇਸ ਲਈ ਵੈਦ (ਹਰਿਦਾਸ ਜੀ) ਨੂੰ ਬੁਲਾ ਲਿਆਂਦਾ। ਉਸ ਦੁਆਰਾ ਕੀਤੀ ਸਰੀਰਕ ਜਾਂਚ-ਪੜਤਾਲ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤੇ ‘‘ਵੈਦੁ ਬੁਲਾਇਆ ਵੈਦਗੀ; ਪਕੜਿ ਢੰਢੋਲੇ ਬਾਂਹ ਭੋਲਾ ਵੈਦੁ, ਜਾਣਈ; ਕਰਕ ਕਲੇਜੇ ਮਾਹਿ ’’ (ਮਹਲਾ /੧੨੭੯) ਅਰਥ : ਦਵਾ ਦੇਣ ਲਈ ਵੈਦ ਬੁਲਾਇਆ ਗਿਆ, ਜਿਸ ਨੇ ਮੇਰੀ ਬਾਂਹ (ਦੀ ਨਬਜ਼) ਫੜ ਕੇ ਰੋਗ ਲੱਭਣਾ ਚਾਹਿਆ (ਪਰ ਰੋਗ ਨਾ ਮਿਲਿਆ), ਵਿਚਾਰਾ ਵੈਦ ਨਹੀਂ ਜਾਣਦਾ ਕਿ ਇਹ ਦਰਦ (ਸਰੀਰ ਨੂੰ ਨਹੀਂ, ਰੱਬ ਤੋਂ ਪਏ ਵਿਛੋੜੇ ਦਾ) ਕਲ਼ੇਜੇ (ਜਿਗਰ/ਦਿਲ) ਵਿੱਚ ਹੈ।

ਮੈਡੀਕਲ ਸਾਇੰਸ ਨੇ ਮਨੁੱਖ ਦੀ ਸੋਚਣ-ਸ਼ਕਤੀ ਦੇ ਤਿੰਨ ਭਾਗ (ਸੁਚੇਤ ਮਨ, ਅਚੇਤ ਮਨ ਅਤੇ ਅਰਧ ਅਚੇਤ ਮਨ) ਮੰਨੇ ਹਨ ਯਾਨੀ ਕਿ ਮਨ-ਸ਼ਕਤੀ ਨੂੰ ਤਿੰਨ ਭਾਗਾਂ ’ਚ ਵੰਡਿਆ ਹੈ ਅਤੇ ਇਹ ਸਾਰਾ ਪ੍ਰਭਾਵ; ਪੰਜ ਤੱਤਾਂ (ਅੱਗ, ਪਾਣੀ, ਹਵਾ, ਧਰਤੀ, ਅਕਾਸ਼) ਰਾਹੀਂ ਬਣੇ ਸਥੂਲ ਦਿਮਾਗ਼ ’ਚੋਂ ਪ੍ਰਗਟ ਹੁੰਦਾ ਹੈ।

ਪਿਛਲੇ ਭਾਗਾਂ ’ਚ ਰੂਹਾਨੀਅਤ ਪੱਖੋਂ ਗੁਰਬਾਣੀ ਅੰਦਰ ਮਨ ਦੇ ਦਰਜਨ ਦੇ ਕਰੀਬ ਅਰਥ ਵਿਚਾਰੇ ਜਾ ਚੁੱਕੇ ਹਨ, ਜੋ ਵਿਗਿਆਨ ਦੇ ਇਨ੍ਹਾਂ ਤਿੰਨੇ ਭਾਗਾਂ ਦੇ ਮੁਕਾਬਲੇ ਬੜੇ ਵਿਸਥਾਰ ਭਰਪੂਰ ਸਨ। ਇਸ ਲੇਖ ’ਚ ‘ਮਨ’ ਦੁਆਰਾ ਦਿਮਾਗ਼ ਉੱਤੇ ਪੈਂਦੇ ਪ੍ਰਭਾਵ ਨੂੰ ਵਿਸਥਾਰ ਸਹਿਤ ਵਾਚਣਾ ਹੈ, ਜਿਸ ਨੂੰ ਗੁਰਬਾਣੀ ਅੰਦਰ ‘ਸੁਰਤਿ, ਬੁਧਿ, ਬਿਬੇਕੁ, ਅਕਲਿ, ਮਤਿ, ਮਨਮਤਿ (ਮਨ ਕੀ ਮਤਿ), ਗੁਰਮਤਿ (ਗੁਰੂ ਕੀ ਮਤਿ)’ ਆਦਿ ਨਾਂ ਦਿੱਤੇ ਗਏ ਹਨ। ਅਜੋਕੇ ਕੋਸ਼ਾਂ ’ਚ ਇਨ੍ਹਾਂ ਦਾ ਅਕਸਰ ਅਰਥ ਇੱਕ ਸਮਾਨ (ਸੋਝੀ, ਸਮਝ, ਹੋਸ਼ ਆਦਿ) ਮਿਲਦਾ ਹੈ। ‘ਬਿਬੇਕ’ ਦਾ ਅਰਥ ‘ਤਰਕ’ ਜਾਂ ‘ਨਿਰਣਾ ਲੈਣ ਦੀ ਸਮਰੱਥਾ ਯਾਨੀ ਕਿ ਚੰਗੇ-ਮੰਦੇ ਦੀ ਪਛਾਣ ਕਰਨਾ’ ਹੈ, ਪਰ ਗੁਰਬਾਣੀ ਅੰਦਰ ‘ਮਨ’ ਦੇ ਵਿਆਪਕ ਅਰਥਾਂ ਵਾਙ ਦਿਮਾਗ਼ ’ਤੇ ਪਏ ਇਸ ਪ੍ਰਭਾਵ ਨੂੰ ਵੀ ਕਈ ਭਿੰਨ-ਭਿੰਨ ਨਾਂ ਦਿੱਤੇ ਗਏ ਹਨ।

ਗੁਰਬਾਣੀ ਅੰਦਰ ‘ਅਕਲਿ’ ਸ਼ਬਦ 7 ਵਾਰ।, ਬਿਬੇਕ/ ਬਿਬੇਕੁ 38 ਵਾਰ।, ਸੁਰਤਿ/ਸੁਰਤੀ’ 140 ਵਾਰ।, ਬੁਧਿ/ਬੁਧੀ 133 ਵਾਰ।, ਮਤਿ- 342 ਵਾਰ।, ਗੁਰਮਤਿ/ਗੁਰਮਤੀ 412 ਵਾਰ।, ਮਨਮਤਿ 2 ਵਾਰ (ਜਾਂ ‘ਮਨ ਕੀ ਮਤਿ’ 11 ਵਾਰ), ਸੁਮਤਿ (ਚੰਗੀ ਮਤਿ) 19 ਵਾਰ ਦਰਜ ਹੈ। ਇਹ ਸਾਰਾ ਹੀ ‘ਮਨ’ ਦੁਆਰਾ ਦਿਮਾਗ਼ ’ਤੇ ਪਿਆ ਪ੍ਰਭਾਵ ਹੁੰਦਾ ਹੈ; ਜਿਵੇਂ ਕਿ

(1). ਅਕਲਿ ਇਸ ਸ਼ਬਦ ਦਾ ਅਸਲ ਅਰਥ ਹੈ ‘ਰੌਸ਼ਨੀ, ਚਾਨਣ, ਸਿਆਣਪ’, ਜੋ ਦਿਮਾਗ਼ ’ਚੋਂ ਉਪਜਦੀ ਹੈ। ਭਗਤ ਕਬੀਰ ਜੀ ਦੇ ਬਚਨ ਹਨ ਕਿ ਸਤਿਗੁਰੂ ਦੀ ਕਿਰਪਾ ਨਾਲ਼ ਮੇਰੀ ਅਕਲ ਹੋਰ ਬਣ ਗਈ, ਬਦਲ ਗਈ, ਰੱਬ ਦੀ ਬੰਦਗੀ ਕਰਨ ਲੱਗ ਪਈ; ਨਹੀਂ ਤਾਂ ਰੱਬ; ਮੇਰੇ ਲਈ ਪਹਿਲਾਂ ਓਪਰਾ/ਪਰਾਇਆ ਜਿਹਾ ਜਾਪਦਾ ਸੀ ‘‘ਗੁਰ ਪਰਸਾਦਿ ਅਕਲਿ ਭਈ ਅਵਰੈ; ਨਾਤਰੁ ਥਾ ਬੇਗਾਨਾ ਰਹਾਉ ’’ (ਭਗਤ ਕਬੀਰ/੩੩੩)

ਗੁਰੂ ਨਾਨਕ ਸਾਹਿਬ ਜੀ ਦੇ ਬਚਨ ਹਨ ਕਿ ਜਿਹੜੇ (ਅਕਲਮੰਦ ਬਣ ਕੇ) ਰੱਬ ਦਾ ਨਾਮ (ਜੰਤਰਾਂ-ਮੰਤਰਾਂ ਰਾਹੀਂ) ਲਿਖ-ਲਿਖ ਕੇ ਵੇਚਦੇ ਹਨ, ਇਨ੍ਹਾਂ ਕਰਮਕਾਂਡਾਂ ਨਾਲ਼ ਪਰਵਾਰਿਕ ਲੋੜਾਂ ਪੂਰੀਆਂ ਕਰਦੇ ਹਨ। ਉਨ੍ਹਾਂ (ਕਿਰਤ ਵਿਹੂਣਿਆਂ) ਦਾ ਜੀਵਨ ਫਿਟਕਾਰਯੋਗ ਹੈ। ਜਿਨ੍ਹਾਂ ਦੀ ਖੇਤੀ (ਯਾਨੀ ਕਿ ਅਕਲ) ’ਚ ਡੰਗਰ ਚਰਦੇ ਰਹਿਣ ਉਨ੍ਹਾਂ ਕੋਲ਼ ਪਿੜਾਂ ’ਚ (ਫਸਲ) ਲੈ ਜਾਣ ਲਈ ਕੁੱਝ ਨਹੀਂ ਬਚਦਾ। ਸੱਚੀ ਕਿਰਤ ਕਰਨ ਤੋਂ ਭਗੌੜੇ ਐਸੇ ਲੋਕ; ਰੱਬ ਦੀ ਦਰਗਾਹ ’ਚ ਮਾਣ-ਸਤਿਕਾਰ ਨਹੀਂ ਪਾ ਸਕਦੇ। ਸੋ ਅਕਲ ਨੂੰ ਬੇਲੋੜੇ ਵਾਦ-ਵਿਵਾਦ ’ਚ ਬੇਅਰਥ ਗਵਾਉਣਾ ਸਹੀ ਨਹੀਂ ਸਗੋਂ ਅਕਲ ਨਾਲ਼ ਰੱਬ ਦੀ ਭਗਤੀ ਕਰਨੀ ਚਾਹੀਦੀ ਹੈ ਤਾਂ ਜੋ (ਹਰ ਥਾਂ) ਮਾਣ-ਸਤਿਕਾਰ ਮਿਲੇ। (ਨਿਰਾ) ਪੜ੍ਹ ਕੇ (ਨਹੀਂ, ਬਲਕਿ) ਸਮਝਣ ਨਾਲ਼, ਅਮਲ ਕਰਨ ਨਾਲ਼ ਅਕਲ ਆਉਂਦੀ ਹੈ। ਫਿਰ ਬੰਦਾ; ਲੋੜਵੰਦਾਂ ਦੀ ਮਦਦ ਵੀ ਕਰਦਾ ਹੈ (ਨਾ ਕਿ ਖ਼ੁਦ; ਕਰਮਕਾਂਡ ਕਰਾ-ਕਰਾ ਹੋਰਾਂ ’ਤੇ ਆਰਥਿਕ ਬੋਝ ਬਣਦਾ ਹੈ)। ਇਹੀ ਅਸਲ ਰਾਹ ਹੈ; ਹੋਰ ਗੱਲਾਂ ਨਾਲ਼ ਤਾਂ ਸ਼ੈਤਾਨ ਹੋਣਾ ਹੈ, ਖ਼ੁਦਾ/ਸਚਾਈ ਦਾ ਦੁਸ਼ਮਣ ਬਣਨਾ ਹੈ ‘‘ਧ੍ਰਿਗੁ ਤਿਨਾ ਕਾ ਜੀਵਿਆ; ਜਿ ਲਿਖਿ+ਲਿਖਿ (ਕੇ) ਵੇਚਹਿ ਨਾਉ ਖੇਤੀ (ਅਕਲ) ਜਿਨ ਕੀ ਉਜੜੈ; ਖਲਵਾੜੇ (ਪਿੜ ) ਕਿਆ ਥਾਉ  ? ਸਚੈ+ਸਰਮੈ (ਸ਼੍ਰਮੈ) ਬਾਹਰੇ; ਅਗੈ ਲਹਹਿ ਦਾਦਿ (ਕਦਰ/ਸ਼ਾਬਾਸ਼) ਅਕਲਿ ਏਹ ਆਖੀਐ; ਅਕਲਿ ਗਵਾਈਐ ਬਾਦਿ () ਅਕਲੀ ਸਾਹਿਬੁ ਸੇਵੀਐ; ਅਕਲੀ ਪਾਈਐ ਮਾਨੁ ਅਕਲੀ ਪੜ੍ਹਿ ਕੈ ਬੁਝੀਐ; ਅਕਲੀ ਕੀਚੈ ਦਾਨੁ ਨਾਨਕੁ ਆਖੈ ਰਾਹੁ ਏਹੁ; ਹੋਰਿ ਗਲਾਂ ਸੈਤਾਨੁ ’’ (ਮਹਲਾ /੧੨੪੫)

ਬਾਬਾ ਫ਼ਰੀਦ ਜੀ ਦੇ ਵੀ ਬਚਨ ਹਨ ਕਿ ਹੇ ਬੰਦੇ ! ਜੇਕਰ ਤੂੰ ਅਕਲਮੰਦ ਹੈਂ ਤਾਂ ਕਾਲ਼ੇ ਲੇਖ ਨਾ ਲਿਖ, ਹੋਰਾਂ ਨੂੰ ਕੁਰਾਹੇ ਨਾ ਪਾ। ਵਿੱਦਿਅਕ ਅਹੰਕਾਰ ਛੱਡ, ਆਪਣੇ ਹੀ ਮਨ ਦੇ ਕਾਲ਼ੇਪਣ ਨੂੰ ਵੇਖ ‘‘ਫਰੀਦਾ ! ਜੇ ਤੂ ਅਕਲਿ ਲਤੀਫੁ; ਕਾਲੇ ਲਿਖੁ ਲੇਖ ਆਪਨੜੇ ਗਿਰੀਵਾਨ ਮਹਿ; ਸਿਰੁ ਨਂ  ਨਂੀਵਾਂ ਕਰਿ ਦੇਖੁ ’’ (ਬਾਬਾ ਫਰੀਦ ਜੀ/੧੩੭੮)

ਗੁਰੂ ਨਾਨਕ ਸਾਹਿਬ ਜੀ ਅਕਲਮੰਦ (ਰੌਸ਼ਨ ਦਿਮਾਗ਼) ਦੀ ਕਦਰ ਨਾ ਕਰਨ ਵਾਲ਼ੇ ਨੂੰ ਵੀ ਅਸਲ ਗਧਾ ਕਹਿੰਦੇ ਹਨ ‘‘ਇਕਨਾ ਸਿਧਿ ਬੁਧਿ ਅਕਲਿ ਸਰ (ਅਕਲ ਦੀ ਕਦਰ); ਅਖਰ ਕਾ ਭੇਉ ਲਹੰਤਿ ਨਾਨਕ  ! ਤੇ (ਉਹ) ਨਰ ਅਸਲਿ ਖਰ (ਖੋਤੇ); ਜਿ ਬਿਨੁ ਗੁਣ, ਗਰਬੁ ਕਰੰਤ ’’ (ਮਹਲਾ /੧੪੧੧) ਅਰਥ : ਕਈਆਂ ਕੋਲ਼ ਨਾ ਸੂਝ ਹੁੰਦੀ ਹੈ, ਨਾ ਬੁੱਧੀ। ਅਕਲ ਦੀ ਕਦਰ ਕਰਨੀ ਵੀ ਨਹੀਂ ਜਾਣਦੇ। ਸਮਝਣਾ ਨਹੀਂ ਚਾਹੁੰਦੇ। ਜਿਨ੍ਹਾਂ ਅੰਦਰ ਕੋਈ ਗੁਣ ਨਹੀਂ, ਫਿਰ ਵੀ ਅਹੰਕਾਰ ਕਰਦੇ ਹਨ। ਖ਼ੁਦ ਨੂੰ ਅਕਲਮੰਦ ਸਮਝਣ ਦਾ ਮਾਣ ਕਰਦੇ ਹਨ। ਦਰਅਸਲ ਐਸੇ ਲੋਕ ਅਸਲ ਗਧੇ ਹਨ (ਨਾ ਕਿ ਪਸ਼ੂ-ਗਧਾ ਮਾੜਾ ਹੁੰਦਾ ਹੈ)

ਸੋ ਅਕਲ; ਮਾੜੀ ਨਹੀਂ ਜੇਕਰ ਨਿਮਰਤਾ ’ਚ ਰਹਿ ਕੇ ਇਸ ਦੀ ਵਰਤੋਂ ਕੀਤੀ ਜਾਵੇ, ਨਹੀਂ ਤਾਂ ਇਹ, ਹੋਰਾਂ ਨੂੰ ਵੀ ਕੁਰਾਹੇ ਪਾ ਦਿੰਦੀ ਹੈ।

(2). ਮਤਿ ਹਥਲੇ ਵਿਸ਼ੇ ’ਚ ਇਹ ਸ਼ਬਦ; ਸਭ ਤੋਂ ਵਧੇਰੇ ਵਾਰ ਵਰਤਿਆ ਗਿਆ ਹੈ। ਇਸ ਦਾ ਮੂਲ ਅਰਥ ਹੈ ‘ਸੁਭਾਅ, ਮਨ ਦਾ ਸੁਭਾਅ’; ਉਹ ਸਦਾਚਾਰੀ ਹੋਵੇ ਜਾਂ ਦੁਰਾਚਾਰੀ। ਸੁਭਾਅ ਹੀ ਮਮਤਾ (ਧਨ-ਪਦਾਰਥਾਂ) ਨਾਲ਼ ਸੰਬੰਧ ਸਥਾਪਿਤ ਕਰ ਅਹੰਕਾਰ ਪੈਦਾ ਕਰਦਾ ਹੈ ਅਤੇ ਸੁਭਾਅ ਹੀ ਰੱਬ ਨਾਲ਼ ਸੁਰਤਿ ਜੋੜ ਕੇ ਇਸ ਮਮਤਾ ਬੰਧਨ ਤੋਂ ਮੁਕਤ ਕਰਾ ਦਿੰਦਾ ਹੈ। ਸਦਾਚਾਰੀ ਸੁਭਾਅ ਦਾ ਆਧਾਰ; ‘ਸੁਰਤਿ’ ਹੁੰਦੀ ਹੈ ਅਤੇ ਦੁਰਾਚਾਰੀ ਸੁਭਾਅ ਦੀ ਜੜ੍ਹ; ‘ਮਨ’ ਹੁੰਦਾ ਹੈ। ਜਿਸ ਤਰ੍ਹਾਂ ਦੀ ਮਨ-ਬਣਤਰ ਹੋਏਗੀ ਉਸੇ ਤਰ੍ਹਾਂ ਬੰਦੇ ਦਾ ਸੁਭਾਅ ਹੁੰਦਾ ਹੈ। ਗੁਰਬਾਣੀ ਅੰਦਰ 1000 ਤੋਂ ਵੱਧ ਵਾਰ ‘ਮਨ/ਮਨਾ’ ਸ਼ਬਦਾਂ ਨੂੰ ਸੰਬੋਧਨ ਵਜੋਂ ਵਰਤਿਆ ਹੈ ਯਾਨੀ ਬੰਦੇ ਦੇ ‘ਸੁਭਾਅ ਨੂੰ ਸੰਬੋਧਨ ਕੀਤਾ ਹੈ’। ਸੁਭਾਅ ਹੀ ਮਨ ਦੀ ਮਤਿ ਹੈ; ਜਿਵੇਂ ਕਿ ‘‘ਮੇਰੇ ਮਨ ! ਸਤਗੁਰ ਕੀ ਸੇਵਾ ਲਾਗੁ ਜੋ ਦੀਸੈ ਸੋ ਵਿਣਸਣਾ; ਮਨ ਕੀ ਮਤਿ ਤਿਆਗੁ ਰਹਾਉ ’’ (ਮਹਲਾ /੫੦) ਅਰਥ : ਹੇ ਮੇਰੇ ਮਨ ! ਆਪਣਾ ਸੁਭਾਅ ਛੱਡ (ਇਸ ਦਾ ਜਿਸ ਨਾਲ਼ ਲਗਾਅ ਹੈ ਉਹ ਸਾਰਾ) ਜੋ ਵਿਖਾਈ ਦਿੰਦਾ (ਪਰਵਾਰਿਕ ਮੋਹ) ਹੈ; ਸਦਾ ਸਾਥ ਦੇਣ ਵਾਲ਼ਾ ਨਹੀਂ, (ਇਸ ਲਈ) ਸਤਿਗੁਰੂ ਦੀ ਦੱਸੀ ਸੇਵਾ-ਭਗਤੀ ਕਰ (ਇਹੀ ਸਾਥ ਨਿਭੇਗੀ)

ਸੁਭਾਅ ਹੀ ਸਿਆਪਣ ਹੈ ‘‘ਛਾਡਿ ਸਿਆਨਪ ਸਗਲੀ ਮਨਾ  ! ਸਾਧਸੰਗਿ ਪਾਵਹਿ ਸਚੁ ਧਨਾ ’’ (ਸੁਖਮਨੀ/ਮਹਲਾ /੨੮੯), ਸਿਆਣਪ ਕਈ ਹੀਲੇ-ਵਸੀਲੇ/ਉਪਾਅ ਕਰਦੀ ਹੈ, ਜਿਨ੍ਹਾਂ ਤੋਂ ਵਰਜਿਆ ਗਿਆ ਹੈ ‘‘ਮਨ ਮੇਰੇ ! ਸਗਲ ਉਪਾਵ ਤਿਆਗੁ ਗੁਰੁ ਪੂਰਾ ਆਰਾਧਿ ਨਿਤ; ਇਕਸੁ ਕੀ ਲਿਵ ਲਾਗੁ ’’ ਰਹਾਉ (ਮਹਲਾ /੪੫)

ਹਰੇਕ ਆਪਣੇ ਮਨ ਦੇ ਸੁਭਾਅ/ਸਿਆਣਪ ਮੁਤਾਬਕ ਵਿਚਰਦਾ ਹੈ। ਇਸ ਨੂੰ ਗੁਰਬਾਣੀ ’ਚ 533 ਵਾਰ ‘ਮਨਮੁਖ’ ਕਿਹਾ ਹੈ ਯਾਨੀ ਕਿ ਸੁਭਾਅ ਦਾ ਮੂੰਹ, ਮਨ ਵੱਲ ਹੈ ਜਾਂ ਮਨ ਦੇ ਅਧੀਨ ਸੁਭਾਅ। ਸੁਭਾਅ ’ਚ ਹਨ੍ਹੇਰਾ (ਅਗਿਆਨਤਾ) ਹੋਣ ਕਾਰਨ ਮਨਮੁਖ ਹਰ ਸਮੇਂ ਦੁਚਿੱਤੀ ’ਚ ਹੁੰਦਾ ਹੈ, ਡਰਦਾ ਹੈ, ਪਰ ਜੋ ਗੁਰੂ ਰਾਹੀਂ ਕਰਤਾਰ ਦਾ ਰੂਪ ਹੋ ਗਿਆ ਉਹੀ ਡਰ ਮੁਕਤ ਹੈ ‘‘ਮਨ ਕਾ ਸੁਭਾਉ; ਸਭੁ ਕੋਈ ਕਰੈ ਕਰਤਾ ਹੋਇ; ਸੁ ਅਨਭੈ ਰਹੈ ’’ (ਭਗਤ ਰਵਿਦਾਸ/੧੧੬੭) ਆਪਣੇ ਮਨ ’ਤੇ ਪੂਰਨ ਭਰੋਸਾ ਹੋਣ ਕਾਰਨ ਸੁਭਾਅ ਨੂੰ ਮਨ ’ਤੇ ਪ੍ਰਤੀਤ (ਤਸੱਲੀ) ਹੁੰਦੀ ਹੈ ‘‘ਮਨ ਕੀ ਪਰਤੀਤਿ; ਮਨ ਤੇ ਪਾਈ ’’ (ਮਹਲਾ /੭੯੮) ਜਦ ਰੱਬ ਦੀ ਰਜ਼ਾ ਪਿਆਰੀ ਲੱਗਣ ਲੱਗਦੀ ਹੈ ਤਾਂ ਐਸੀ ਪ੍ਰਤੀਤ, ਜਿਸ ਨੂੰ ਮੂਰਖਤਾ, ਢੀਠਪੁਣਾ ਵੀ ਕਿਹਾ ਹੈ, ਨਾਸ਼ ਹੋ ਜਾਂਦੀ ਹੈ ‘‘ਬਿਨਸਿਓ ਮਨ ਕਾ ਮੂਰਖੁ ਢੀਠਾ ਪ੍ਰਭ ਕਾ ਭਾਣਾ ਲਾਗਾ ਮੀਠਾ ’’ (ਮਹਲਾ /੩੮੭)

ਜਦ ਬੰਦੇ ਦੀ ਸੁਰਤਿ; ਗੁਰੂ ਰਾਹੀਂ ਰੱਬ ਦੀ ਕਥਾ ’ਚ ਜੁੜਦੀ ਹੈ, ਮਨ ’ਚ (ਰੱਬੀ ਗੁਣ) ਵਸਾਉਂਦੀ ਹੈ ਤਾਂ ਹਨ੍ਹੇਰਾ-ਗ੍ਰਸਤ ਸੁਭਾਅ; ਰੌਸ਼ਨ ਹੁੰਦਾ ਹੈ, ਡਰ ਮੁਕਤ ਹੋ ਜਾਂਦਾ ਹੈ, ਸਥਿਰ ਹੋ ਜਾਂਦਾ ਹੈ ਕਿਉਂਕਿ ਸਦੀਵੀ ਸਥਿਰ ਨਾਲ਼ ਜੁੜ ਗਿਆ ‘‘ਹਰਿ ਕਥਾ ਤੂੰ ਸੁਣਿ ਰੇ ਮਨ ! ਸਬਦੁ ਮੰਨਿ () ਵਸਾਇ ਇਹ ਮਤਿ ਤੇਰੀ ਥਿਰੁ ਰਹੈ; ਤਾਂ ਭਰਮੁ (ਹਨ੍ਹੇਰਾ), ਵਿਚਹੁ ਜਾਇ ’’ ਰਹਾਉ (ਮਹਲਾ /੪੯੧)

ਜੋਗੀਆਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਸਵਾਲ ਕੀਤਾ ਕਿ ਤੁਸੀਂ ਮਨ ਦਾ ਆਧਾਰ ਪ੍ਰਾਣ ਕਿਹਾ ਹੈ, ਸੁਆਸ ਦੱਸੇ ਹਨ ਯਾਨੀ ਜਦ ਤੱਕ ਸਰੀਰ ਅੰਦਰ ਸੁਆਸ ਚੱਲਦੇ ਹਨ ਤਦ ਤੱਕ ਪੰਜ ਤੱਤਾਂ ਤੋਂ ਜਨਮਿਆ ਇਹ ਮਨ (ਸੰਕਲਪ-ਵਿਕਲਪ) ਵੀ ਜੀਵਤ ਰਹਿੰਦਾ ਹੈ ਤਦੋਂ ਪ੍ਰਾਣ ਕੀ ਖਾਂਦੇ ਹਨ ‘‘ਮਨ ਕਾ ਜੀਉ ਪਵਨੁ ਕਥੀਅਲੇ; ਪਵਨੁ ਕਹਾ ਰਸੁ ਖਾਈ  ?..੬੧’’ (ਗੋਸਟਿ/ਮਹਲਾ /੯੪੫) ਪਦ ਅਰਥ : ਜੀਉ- ਜਿੰਦ, ਆਧਾਰ, ਜੀਵਤ ਹੋਣ ਦਾ ਸਬੂਤ।, ਪਵਨੁ- ਪ੍ਰਾਣ।, ਕਥੀਅਲੇ- ਦੱਸੇ ਹਨ।, ਕਹਾ ਰਸੁ ਖਾਈ- ਕਿਹੜਾ ਰਸ ਖਾਂਦਾ ਹੈ, ਪ੍ਰਾਣ ਕੀ ਖਾ ਕੇ ਮਨ ਨੂੰ ਜੀਵਤ ਰੱਖਦੇ ਹਨ ਯਾਨੀ ਪ੍ਰਾਣਾਂ ਦਾ ਆਧਾਰ ਕੀ ਹੈ, ਪ੍ਰਾਣਾਂ ਦੀ ਖ਼ੁਰਾਕ ਕਿਹੜੀ ਹੈ ?

ਗੁਰੂ ਜੀ ਨੇ ਜਵਾਬ ਦਿੱਤਾ ਕਿ ਗੁਰੂ ਉਪਦੇਸ਼ ਤੋਂ ਬਿਨਾਂ ਪ੍ਰਾਣਾਂ ਦਾ ਵਜੂਦ ਨਹੀਂ, ਪ੍ਰਾਣ ਸਫਲ ਨਹੀਂ ਹੁੰਦੇ ਕਿਉਂਕਿ ਅਹੰਕਾਰ; ਪ੍ਰਾਣ-ਪੂੰਜੀ ਨੂੰ ਖਾਂਦਾ ਰਹਿੰਦਾ ਹੈ ‘‘ਬਿਨੁ ਸਬਦੈ ਰਸੁ ਆਵੈ ਅਉਧੂ (ਹੇ ਜੋਗੀ !) ! ਹਉਮੈ ਪਿਆਸ ਜਾਈ .. ੬੧’’ (ਗੋਸਟਿ/ਮਹਲਾ /੯੪੫) ਪਦ ਅਰਥ : ਰਸੁ- ਖ਼ੁਰਾਕ, ਵਜੂਦ। ਅਰਥ : ਹੇ ਜੋਗੀ ! (ਪ੍ਰਾਣਾਂ ਦੀ) ਖ਼ੁਰਾਕ, ਗੁਰੂ ਸ਼ਬਦ ਹੈ। ਗੁਰੂ ਸ਼ਬਦ ਤੋਂ ਬਿਨਾਂ (ਪ੍ਰਾਣਾਂ ਦਾ ਕੋਈ) ਵਜੂਦ ਨਹੀਂ ਯਾਨੀ ਗੁਰੂ ਸ਼ਬਦ ਤੋਂ ਬਿਨਾਂ ਕੀਮਤੀ ਮਨੁੱਖੀ ਜ਼ਿੰਦਗੀ ਨੂੰ ਸਹਾਰਾ ਦੇਣ ਵਾਲ਼ੇ ਪ੍ਰਾਣ; ਨਿਹਫਲ਼ ਚਲੇ ਜਾਂਦੇ ਹਨ। ਅਹੰਕਾਰ ਇਨ੍ਹਾਂ ਨੂੰ ਨਿਰੰਤਰ ਖਾਂਦਾ ਰਹਿੰਦਾ ਹੈ, ਉਸ ਦੀ ਕਦੇ ਭੁੱਖ ਨਹੀਂ ਮਿਟਦੀ ਯਾਨੀ ਅਹੰਕਾਰ; ਪ੍ਰਾਣ-ਪੂੰਜੀ ਨੂੰ ਵਿਅਰਥ ਗਵਾਈ ਜਾਂਦਾ ਹੈ, ਇਸ ਪਾਸਿਓਂ ਥੱਕਦਾ ਨਹੀਂ।

ਸੋ ਜੇਕਰ ਸਰੀਰ ਅੰਦਰ ਪ੍ਰਾਣ ਰਹਿੰਦਿਆਂ ਸਤਿਗੁਰੂ ਦੀ ਸ਼ਰਨ ਲੈ ਲਈ ਜਾਵੇ ਤਾਂ ਹਰੀ ਦੀ ਕਥਾ ਸੁਣ ਕੇ ਮਨ ਦਾ ਸੁਭਾਅ ਬਦਲ ਜਾਂਦਾ ਹੈ। ਮਨਮਤਿ; ਬਿਬੇਕ ਬਣ ਜਾਂਦੀ ਹੈ। ਪ੍ਰਾਣਾਂ ਨੇ ਪੰਜ ਤੱਤਾਂ ਵਾਲ਼ੇ ਸਰੀਰਕ ਢਾਂਚੇ ਨੂੰ ਖੜ੍ਹਾ (ਜੀਵਤ) ਰੱਖ ਕੇ ਮਨ ਦੇ ਸੁਭਾਅ ਨੂੰ ਬਦਲਣ ’ਚ ਸਹਿਯੋਗ ਕਰਨਾ ਹੈ। ਇਹੀ ਬਦਲਾਅ ਯਾਨੀ ਮਨਮਤਿ ਤੋਂ ਬਿਬੇਕ ਬਣਨਾ ਹੀ ਪਾਰਦਰਸ਼ੀ ਅੰਤਹਿਕਰਣ ਹੋਣਾ ਹੈ, ਸੁਰਤਿ ਮਤਿ ਮਨਿ ਬੁਧਿ ਨੂੰ ਘੜਨਾ ਹੈ।

(3). ਬੁਧਿਇਸ ਦਾ ਅਰਥ ਹੈ ‘ਨਵੇਂ ਵਿਚਾਰ ਪੈਦਾ ਹੋਣੇ ਅਤੇ ਉਨ੍ਹਾਂ ’ਚ ਦੁਬਿਧਾ ਨਾ ਰਹਿਣੀ’। ਜੇਕਰ ਦੁਰਾਚਾਰੀ ਵਿਚਾਰ; ਮਨ ’ਚ ਉੱਠਿਆ ਹੈ ਤਾਂ ਦੁਬਿਧਾ ਨਾ ਹੋਣ ਕਾਰਨ ਬੰਦਾ; ਪੱਕਾ ਕੁਕਰਮ ਕਰੇਗਾ। ਐਸੇ ਬੰਦੇ ਲਈ ਗੁਰਬਾਣੀ ਦਾ ਬਚਨ ਹੈ ‘‘ਛੋਡਿ ਸਿਆਨਪ ਚਾਤੁਰੀ; ਦੁਰਮਤਿ ਬੁਧਿ ਤਿਆਗੋ ਰਾਮ ਨਾਨਕ  ! ਪਉ ਸਰਣਾਈ ਰਾਮਰਾਇ; ਥਿਰੁ ਹੋਇ ਸੁਹਾਗੋ ਰਾਮ ’’ (ਮਹਲਾ /੮੪੮) ਅਰਥ : ਹੇ ਕੁਕਰਮੀ ਮਨੁੱਖ ! ਆਪਣੀ ਸਿਆਣਪ, ਚਤੁਰਾਈ ਅਤੇ ਭੈੜੀ ਬੁਧੀ (ਮਨਮਤਿ) ਤਿਆਗ ਦੇਹ। ਸੱਚੇ ਪਾਤਿਸ਼ਾਹ ਦੀ ਸ਼ਰਨ ਪਹਿ, ਜੋ ਸਦੀਵੀ ਰਹਿਣ ਵਾਲ਼ਾ ਖ਼ਸਮ ਹੈ।

ਗੁਰਬਾਣੀ ਵਿੱਚ ਜਿੱਥੇ ‘ਦੁਰਮਤਿ+ਬੁਧਿ’ ਸੰਯੁਕਤ ਸ਼ਬਦ ਹਨ ਓਥੇ ਗੁਰੂ ਦੀ ਸੰਗਤ ਰਾਹੀਂ ਰੱਬ ਨਾਲ਼ ਜੁੜਨ ਲਈ ਪ੍ਰੇਰਿਆ ਗਿਆ ਹੈ। ਜਿਸ ਨੇ ਬਚਨ ਮੰਨਿਆ ਉਸ ਦੀ ਦੁਰਮਤਿ ਦਾ ਨਾਸ਼ ਅਤੇ ਬੁਧਿ ਵਿੱਚ ਚਾਨਣ ਹੋ ਜਾਂਦਾ ਹੈ, ਪ੍ਰਕਾਸ਼ ਆ ਜਾਂਦਾ ਹੈ; ਜਿਵੇਂ ਕਿ ‘‘ਬੁਧਿ ਪ੍ਰਗਾਸ ਭਈ ਮਤਿ ਪੂਰੀ ਤਾ ਤੇ ਬਿਨਸੀ ਦੁਰਮਤਿ ਦੂਰੀ (ਰੱਬ ਤੋਂ ਦੂਰੀ) (ਮਹਲਾ /੩੭੭), ਧਾਵਤ ਧਾਵਤ ਸਭੁ ਜਗੁ ਧਾਇਓ; ਅਬ ਆਏ ਹਰਿ ਦੁਆਰੀ (ਦਰ ਤੇ) ਦੁਰਮਤਿ ਮੇਟਿ (ਕੇ) ਬੁਧਿ ਪਰਗਾਸੀ; ਜਨ ਨਾਨਕ ਗੁਰਮੁਖਿ ਤਾਰੀ (ਤਰ ਗਿਆ) (ਮਹਲਾ /੪੯੫) ਗੁਰਮੁਖਿ ਪ੍ਰਗਾਸੁ ਭਇਆ, ਸਾਤਿ ਆਈ; ਦੁਰਮਤਿ+ਬੁਧਿ ਨਿਵਾਰੀ (ਦੂਰ ਕੀਤੀ) ਆਤਮ ਬ੍ਰਹਮੁ ਚੀਨਿ (ਵੇਖ ਕੇ) ਸੁਖੁ ਪਾਇਆ; ਸਤਸੰਗਤਿ ਪੁਰਖ ਤੁਮਾਰੀ (ਮਹਲਾ /੬੦੭), ਭਗਤ ਦਇਆ ਤੇ ਬੁਧਿ ਪਰਗਾਸੈ; ਦੁਰਮਤਿ ਦੂਖ ਤਜਾਵਨਾ (ਤਿਆਗ ਕੇ) (ਮਹਲਾ /੧੦੧੮), ਰਾਮ ਜਨਾ ਮਿਲਿ ਭਇਆ ਅਨੰਦਾ; ਹਰਿ ਨੀਕੀ (ਚੰਗੀ) ਕਥਾ ਸੁਨਾਇ (ਸੁਣ ਕੇ) ਦੁਰਮਤਿ ਮੈਲੁ ਗਈ ਸਭ ਨੀਕਲਿ; ਸਤਸੰਗਤਿ ਮਿਲਿ ਬੁਧਿ ਪਾਇ ’’ (ਮਹਲਾ /੮੮੦) ਨੋਟ : ਦੁਰਮਤਿ ਤੋਂ ਭਾਵ ਮਨਮਤਿ ਹੈ

‘ਬੁਧਿ’ ਦਾ ਪੈਂਡਾ ‘ਦੁਰਮਤਿ’ ਤੋਂ ਬਿਬੇਕ ਤੱਕ ਹੈ ਯਾਨੀ ਪਹਿਲੇ ਪੜਾਅ (ਮਨਮਤਿ) ਤੋਂ ਅੰਤਮ ਪੜਾਅ (ਬਿਬੇਕ/ਮੰਜ਼ਲ) ਤੱਕ ਦਿਮਾਗ਼ ’ਤੇ ਪ੍ਰਭਾਵ ਪਾਉਂਦੀ ਸ਼ਕਤੀ; ‘ਬੁਧਿ’ ਹੈ। ਗੁਰਬਾਣੀ ਅੰਦਰ ‘ਬੁਧਿ’ ਸ਼ਬਦ ‘ਦੁਰਮਤਿ’ ਨਾਲ਼ 5 ਵਾਰ ਅਤੇ ਗੁਰੂ ਦੀ ਸ਼ਰਨ ਪੈ ਕੇ ਬਣੀ ‘ਬਿਬੇਕ’ ਨਾਲ਼ 15 ਵਾਰ ਦਰਜ ਹੈ; ਜਿਵੇਂ ਕਿ ‘‘ਗੁਰਮੁਖਿ ਗਿਆਨੁ ਬਿਬੇਕ+ਬੁਧਿ ਹੋਇ ਹਰਿ ਗੁਣ ਗਾਵੈ ਹਿਰਦੈ ਹਾਰੁ ਪਰੋਇ (ਪ੍ਰੋ ਕੇ) (ਮਹਲਾ /੩੧੭), ਬਿਬੇਕ+ਬੁਧਿ ਸਤਿਗੁਰ ਤੇ ਪਾਈ; ਗੁਰ ਗਿਆਨੁ ਗੁਰੂ ਪ੍ਰਭ ਕੇਰਾ (ਦਾ) (ਮਹਲਾ /੭੧੧), ਸਭ ਮਹਿ ਜਾਨਉ ਕਰਤਾ (ਕਰਤਾਰ) ਏਕ ਸਾਧਸੰਗਤਿ ਮਿਲਿ ਬੁਧਿ+ਬਿਬੇਕ (ਮਹਲਾ /੩੭੭), ਸੋਈ ਗਿਆਨੀ; ਜਿ ਸਿਮਰੈ ਏਕ ਸੋ ਧਨਵੰਤਾ; ਜਿਸੁ ਬੁਧਿ+ਬਿਬੇਕ (ਮਹਲਾ /੧੧੫੦), ਸਤਸੰਗਤਿ ਮਿਲਿ ਬਿਬੇਕ+ਬੁਧਿ ਹੋਈ ਪਾਰਸੁ ਪਰਸਿ, ਲੋਹਾ ਕੰਚਨੁ ਸੋਈ (ਓਹੀ) ’’ (ਭਗਤ ਕਬੀਰ/੪੮੧)

ਸਿੱਧ ਗੋਸਟਿ ’ਚ ਜੋਗੀਆਂ ਨੇ ਗੁਰੂ ਨਾਨਕ ਸਾਹਿਬ ਜੀ ਪਾਸੋਂ ਪੁੱਛਿਆ ਕਿ ਕਿਹੜੀ ਬੁਧਿ ਹੈ, ਜਿਸ ਨਾਲ਼ ਜੀਵਨ ਅਡੋਲ ਰਹਿੰਦਾ ਹੈ ‘‘ਕਵਨ ਬੁਧਿ, ਜਿਤੁ ਅਸਥਿਰੁ ਰਹੀਐ  ?.. ੬੧’’ (ਗੋਸਟਿ/ਮਹਲਾ /੯੪੫) ਗੁਰੂ ਸਾਹਿਬ ਦਾ ਜਵਾਬ ਸੀ ਕਿ ਸਥਿਰ-ਅਡੋਲ ਜੀਵਨ ਤਾਂ ਹੀ ਬਣਦਾ ਹੈ ਜਦੋਂ ਗੁਰੂ ਦੀ ਕਿਰਪਾ ਨਾਲ਼ ਦੁੱਖ-ਸੁੱਖ ’ਚ ਬੁਧਿ; ਇੱਕ ਸਮਾਨ ਅਡੋਲ ਰਹੇ ਅਤੇ (ਮੌਤ ਦੇ) ਡਰ ਤੋਂ ਮੁਕਤ ਹੋਵੇ ‘‘ਨਾਨਕ  ! ਦੁਖੁ ਸੁਖੁ ਸਮ ਕਰਿ ਜਾਪੈ; ਸਤਿਗੁਰ ਤੇ ਕਾਲੁ (ਡਰ) ਗ੍ਰਾਸੈ ੬੧’’ (ਗੋਸਟਿ/ਮਹਲਾ /੯੪੫)

ਗੁਰੂ ਨਾਨਕ ਸਾਹਿਬ ਜੀ ਨੇ ‘ਜਪੁ’ ਬਾਣੀ ਅੰਦਰ ਦੋ ਵਾਰ ‘ਮਨਿ+ਬੁਧਿ’ ਸੰਯੁਕਤ ਸ਼ਬਦਾਂ ਰਾਹੀਂ ਤਦ ਸਥਿਰ ਜੀਵਨ ਬਣਨ ਦਾ ਜ਼ਿਕਰ ਕੀਤਾ ਹੈ ਜਦ ਗੁਰੂ ਉਪਦੇਸ਼ ਨੂੰ ਮੰਨਣ ਵਾਲ਼ਿਆਂ ਦਾ ਪ੍ਰਸੰਗ ਚੱਲਦਾ ਹੈ ਜਾਂ ਗੁਰੂ ਉਪਦੇਸ਼ ਨੂੰ ਅਪਣਾਉਣ ਵਾਲ਼ਿਆਂ ਦੀ ਘਾਲਣਾ/ਮਸ਼ੱਕਤ/ਸ਼੍ਰਮਖੰਡ ਦਾ ਵੇਰਵਾ ਹੈ ਕਿਉਂਕਿ ਤਦ ‘ਮਨਿ ਵਿੱਚ ਬੁੱਧ ਆਉਂਦੀ ਹੈ/ਦਿਮਾਗ਼ ’ਚ ਬਿਬੇਕ ਆ ਜਾਂਦਾ ਹੈ’; ਜਿਵੇਂ ਕਿ ‘‘ਮੰਨੈ; ਸੁਰਤਿ ਹੋਵੈ, ਮਨਿ+ਬੁਧਿ ..॥੧੩(ਜਪੁ/ਮਹਲਾ ੧/੩), ਤਿਥੈ; ਘੜੀਐ ਸੁਰਤਿ, ਮਤਿ, ਮਨਿ+ਬੁਧਿ ..॥੩੬(ਜਪੁ/ਮਹਲਾ ੧/੮) ਯਾਨੀ ਮਨ ’ਚ ਬੁਧਿ ਆ ਕੇ ਜੀਵਨ ਸਥਿਰ/ਅਡੋਲ ਹੁੰਦਾ ਹੈ। ਚੇਤੇ ਰਹੇ ਕਿ ਸਮੁੱਚੀ ਗੁਰਬਾਣੀ ਅੰਦਰ ‘ਮਨਿ+ਬੁਧਿ’ ਸੰਯੁਕਤ ਸ਼ਬਦ ਕੇਵਲ ‘ਜਪੁ’ ਬਾਣੀ ਅੰਦਰ ਹੀ ਹਨ।

ਗੁਰਬਾਣੀ ਅੰਦਰ ‘ਬਾਲ ਬੁਧਿ’ ਨੂੰ ਵੀ ‘ਬਿਬੇਕ ਬੁਧਿ’ ਸਮਾਨ ਮੰਨਿਆ ਹੈ (ਕਿਉਂਕਿ ਤਦ ਦਿਮਾਗ਼ ’ਤੇ ਦੁਰਮਤ ਦਾ ਬੁਰਾ ਪ੍ਰਭਾਵ ਨਹੀਂ ਹੁੰਦਾ); ਜਿਵੇਂ ਕਿ ‘‘ਪਹਿਲੈ+ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ! ਬਾਲਕ+ਬੁਧਿ ਅਚੇਤੁ ’’ (ਪਹਰੇ/ਮਹਲਾ /੭੫), ਧੰਨੈ (ਨੇ) ਸੇਵਿਆ ਬਾਲ+ਬੁਧਿ (ਅਪਣਾਅ ਕੇ) (ਮਹਲਾ /੧੧੯੨) ਆਦਿ।

ਸੋ, ਦੁਰਮਤਿ ਨਾਲ਼ ਮਿਲ ਕੇ ਬੁਧਿ; ਇਹ ਅਹੰਕਾਰ ਪੈਦਾ ਕਰਦੀ ਹੈ ‘‘ਹਮ ਬਡ ਕਬਿ (ਵੱਡੇ ਕਵੀ), ਕੁਲੀਨ ਹਮ ਪੰਡਿਤ; ਹਮ ਜੋਗੀ ਸੰਨਿਆਸੀ ਗਿਆਨੀ, ਗੁਨੀ, ਸੂਰ ਹਮ ਦਾਤੇ; ਇਹ ਬੁਧਿ ਕਬਹਿ ਨਾਸੀ ’’ (ਭਗਤ ਰਵਿਦਾਸ/੯੭੪) ਅਤੇ ਬਿਬੇਕ ਨਾਲ਼ ਮਿਲ ਕੇ ਬੁਧਿ; ਮਾਇਆ ਰਹਿਤ ਇਹ ਜੀਵਨ ਸਿਰਜਦੀ ਹੈ ‘‘ਜਾ ਕੈ (ਅੰਦਰ) ਆਸ ਨਾਹੀ, ਨਿਰਾਸ ਨਾਹੀ; ਚਿਤਿ () ਸੁਰਤਿ ਸਮਝਾਈ ਤੰਤ ਕਉ ਪਰਮ ਤੰਤੁ ਮਿਲਿਆ; ਨਾਨਕਾ ਬੁਧਿ ਪਾਈ ’’ (ਮਹਲਾ /੧੩੨੮) ਅਰਥ : ਜਿਸ ਦੇ ਚਿਤ ’ਚ (ਕਿਸੇ ਪਦਾਰਥ ਪ੍ਰਤੀ) ਆਸ ਨਹੀਂ, (ਗ੍ਰਿਹਸਤ ਤਿਆਗਣ ਦਾ) ਉਪਰਾਮ/ਖ਼ਿਆਲ ਨਹੀਂ, ਉਸ ਦੀ ਸੁਰਤਿ ਯਾਨੀ ਗਿਆਨਵਾਨ ਜੀਵਾਤਮਾ; ਪਰਮਾਤਮਾ (ਰੱਬ) ਨਾਲ਼ ਇੱਕ ਮਿੱਕ ਹੋ ਗਿਆ ਭਾਵ ਉਹ ਬਿਬੇਕੀ-ਰੱਬ ਦਾ ਰੂਪ ਬਣ ਗਿਆ, ਬਿਬੇਕੀ ਹੋ ਗਿਆ।

(4). ਬਿਬੇਕੁ ਅਜੋਕੇ ਕੋਸ਼ਾਂ ’ਚ ਇਸ ਦਾ ਅਰਥ ‘ਤਰਕ’ ਜਾਂ ‘ਚੰਗੇ-ਮੰਦੇ ਦੀ ਪਛਾਣ ਕਰਨ ਵਾਲ਼ਾ ਨਿਰਣਾ’ ਹੈ। ਹੁਣ ਜੇਕਰ ਕਿਸੇ ਦੀ ਬੁਧਿ ’ਚ 10% ਰੌਸ਼ਨੀ ਹੈ ਉਸ ਦੁਆਰਾ ਕੀਤੀ ਗਈ ‘ਚੰਗੇ ਮੰਦੇ ਦੀ ਪਛਾਣ’ ਜਾਂ ‘ਕੀਤਾ ਗਿਆ ਤਰਕ’ ਅਤੇ ਜਿਸ ਬੁਧਿ ’ਚ 100% ਰੌਸ਼ਨੀ ਹੈ ਉਸ ਦੁਆਰਾ ਕੀਤੀ ਗਈ ‘ਚੰਗੇ ਮੰਦੇ ਦੀ ਪਛਾਣ’ ਜਾਂ ‘ਕੀਤਾ ਗਿਆ ਤਰਕ’; ਦੋਵੇਂ ਇੱਕ ਸਮਾਨ ਕਿਵੇਂ ਹੋ ਸਕਦੇ ਹਨ ? ਡੇਰੇਦਾਰ ਸੋਚ ਨੂੰ ਪ੍ਰਣਾਇ ਜ਼ਿਆਦਾਤਰ ਪ੍ਰਚਾਰਕ; ਗੁਰਮਤਿ ਅਨੁਸਾਰੀ ਪ੍ਰਚਾਰਕਾਂ ਨੂੰ ਕਾਮਰੇਡ/ਨਾਸਤਿਕ ਮੰਨਦੇ ਹਨ। ਕੀ ਇਹੀ ਪੈਮਾਨਾ ਹੈ ਬਿਬੇਕ (ਚੰਗੇ ਮੰਦੇ ਦੀ ਪਰਖ) ਦਾ ?

ਗੁਰਬਾਣੀ ਅੰਦਰ ‘ਬਿਬੇਕ’ ਸ਼ਬਦ; ਗੁਰੂ ਅਤੇ ਅਕਾਲ ਪੁਰਖ ਲਈ ਵਰਤਿਆ ਹੈ ਯਾਨੀ ਅਸਲ ਬਿਬੇਕੀ ਰੱਬ ਅਤੇ ਸਤਿਗੁਰੂ ਜੀ ਹਨ; ਜਿਵੇਂ ਕਿ ‘‘ਹਮਰੋ ਭਰਤਾ ਬਡੋ ਬਿਬੇਕੀ; ਆਪੇ ਸੰਤੁ (ਗੁਰੂ) ਕਹਾਵੈ   ਓਹੁ ਹਮਾਰੈ ਮਾਥੈ (ਤੇ) ਕਾਇਮੁ; ਅਉਰੁ ਹਮਰੈ ਨਿਕਟਿ ਆਵੈ (ਭਗਤ ਕਬੀਰ/੪੭੬) ਸੰਤਾ (ਗੁਰੂ) ਕਉ ਮਤਿ ਕੋਈ ਨਿੰਦਹੁ; ਸੰਤ ਰਾਮੁ ਹੈ ਏਕੁੋ ਕਹੁ ਕਬੀਰ  !  ਮੈ ਸੋ ਗੁਰੁ ਪਾਇਆ; ਜਾ ਕਾ ਨਾਉ ਬਿਬੇਕੁੋ ’’ (ਭਗਤ ਕਬੀਰ/੭੯੩), ਗੁਰ ਕੀ ਮਹਿਮਾ ਕਿਆ ਕਹਾ (ਕਹਾਂ) ? ਗੁਰੁ+ਬਿਬੇਕ ਸਤ ਸਰੁ (ਸਮੁੰਦਰ)  ਓਹੁ ਆਦਿ ਜੁਗਾਦੀ ਜੁਗਹ ਜੁਗੁ; ਪੂਰਾ ਪਰਮੇਸਰੁ (ਮਹਲਾ /੩੯੭), ਬਿਬੇਕੁ+ਗੁਰੂ ਗੁਰੂ ਸਮਦਰਸੀ; ਤਿਸੁ ਮਿਲੀਐ ਸੰਕ ਉਤਾਰੇ (ਮਹਲਾ /੯੮੧), ਬਿਬੇਕ+ਬੁਧਿ (ਯਾਨੀ ਰੱਬ), ਸਭ ਜਗ ਮਹਿ ਨਿਰਮਲ (ਵਿਆਪਕ); ਬਿਚਰਿ ਬਿਚਰਿ (ਕੇ) ਰਸੁ ਪੀਜੈ (ਮਹਲਾ /੧੩੨੫), ਨਾਮੁ ਏਕੁ ਅਧਾਰੁ ਭਗਤਾ; ਈਤ ਆਗੈ ਟੇਕ (ਇੱਥੇਓਥੇ ਆਸਰਾ)   ਕਰਿ ਕ੍ਰਿਪਾ ਗੋਬਿੰਦਿ (ਨੇ) ਦੀਆ; ਗੁਰ ਗਿਆਨੁ ਬੁਧਿ+ਬਿਬੇਕ (ਮਹਲਾ /੫੦੧), ਹੇ ਅਚੁਤ  ! ਹੇ ਪਾਰਬ੍ਰਹਮ  ! ਅਬਿਨਾਸੀ ਅਘਨਾਸ  !  ਹੇ ਪੂਰਨਹੇ ਸਰਬ ਮੈ ! ਦੁਖ ਭੰਜਨ ਗੁਣਤਾਸ  !  ਹੇ ਸੰਗੀ ! ਹੇ ਨਿਰੰਕਾਰ  ! ਹੇ ਨਿਰਗੁਣ ਸਭ ਟੇਕ !   ਹੇ ਗੋਬਿਦ  ! ਹੇ ਗੁਣ ਨਿਧਾਨ ! ਜਾ ਕੈ (ਅੰਦਰ) ਸਦਾ ਬਿਬੇਕ   ਹੇ ਅਪਰੰਪਰ ਹਰਿ ਹਰੇ ! ਹਹਿ ਭੀ, ਹੋਵਨਹਾਰ   ਹੇ ਸੰਤਹ ਕੈ ਸਦਾ ਸੰਗਿ ! ਨਿਧਾਰਾ ਆਧਾਰ !   ਹੇ ਠਾਕੁਰ  ! ਹਉ ਦਾਸਰੋ; ਮੈ ਨਿਰਗੁਨ, ਗੁਨੁ ਨਹੀ ਕੋਇ   ਨਾਨਕਦੀਜੈ ਨਾਮ ਦਾਨੁ; ਰਾਖਉ ਹੀਐ ਪਰੋਇ (ਰਾਖਉਂ ਹਿਰਦੇ ਪ੍ਰੋ ਕੇ) ੫੫’’ (ਮਹਲਾ /੨੬੨) ਤਾਂ ਤੇ ‘ਬਿਬੇਕ’ ਅਤੇ ‘ਗੁਰੂ’ ਦੇ ਅਰਥ; ਇੱਕ ਸਮਾਨ ਹੀ ਹੋਣੇ ਚਾਹੀਦੇ ਹਨ।

ਗੁਰੂ ਦੇ ਅਰਥ ਹਨ : ‘ਗ’ ਤੋਂ ਗ਼ੁਬਾਰ ਯਾਨੀ ਕਿ ਹਨ੍ਹੇਰਾ ਅਤੇ ‘ਰ’ ਤੋਂ ‘ਰੌਸ਼ਨੀ’ ਭਾਵ ਹਨ੍ਹੇਰੇ ’ਚ ਰੌਸ਼ਨੀ ਕਰਨ ਵਾਲ਼ਾ ‘ਗੁਰੂ’ ਹੈ। ਹਨ੍ਹੇਰਾ ਹੈ ‘ਆਕਾਰ, ਕੁਦਰਤ, ਵਿਖਾਈ ਦੇਣ ਵਾਲ਼ਾ ਸੰਸਾਰ, ਮਾਇਆ ਮੋਹ’ ਅਤੇ ਰੌਸ਼ਨੀ ਹੈ ‘ਜੋ ਆਕਾਰ ਨਹੀਂ ਭਾਵ ਨਿਰਾਕਾਰ, ਮਾਇਆ ਤੋਂ ਨਿਰਲੇਪ, ਅਦ੍ਰਿਸ਼ ਸ਼ਕਤੀ’। ਇਸ ਵਿਆਖਿਆ ਤੋਂ ਬਾਅਦ ‘ਬਿਬੇਕ’ ਦਾ ਅਰਥ ਬਣ ਗਿਆ ‘ਹਨ੍ਹੇਰੇ/ਜਗਤ ਉੱਤੇ ਤਰਕ ਅਤੇ ਰੌਸ਼ਨੀ/ਨਿਰਾਕਾਰ ਉੱਤੇ ਸ਼ਰਧਾ’। ਇਸ ਦੀ ਪੁਸ਼ਟੀ ਕਰਨ ਲਈ ਬਾਬਾ ਕਬੀਰ ਜੀ ਦੇ ਬਚਨ ਹਨ ‘‘ਕਬੀਰ  ! ਰਾਮੈ ਰਾਮ ਕਹੁ; ਕਹਿਬੇ ਮਾਹਿ ਬਿਬੇਕ   ਏਕੁ ਅਨੇਕਹਿ ਮਿਲਿ ਗਇਆ; ਏਕ ਸਮਾਨਾ ਏਕ ’’ (ਭਗਤ ਕਬੀਰ/੧੩੭੪) ਅਰਥ : ਹੇ ਪੰਡਿਤ !  ਮੈਂ ਵੀ ਰਾਮ-ਰਾਮ ਜਪਦਾ ਹਾਂ, ਪਰ ਬਿਬੇਕ ਨਾਲ਼। ਇੱਕ ਰਾਮ ਉਹ ਹੈ, ਜੋ ਕੇਵਲ ਰਾਜਾ ਦਸ਼ਰਥ ਦਾ ਪੁੱਤਰ ਸੀ ਅਤੇ ਦੂਜਾ ਰਾਮ ਉਹ ਹੈ, ਜੋ ਹੁਣ ਭੀ ਕਣ-ਕਣ ’ਚ ਵਿਆਪਕ ਹੈ। ਮੇਰੇ ਵਾਲ਼ੇ ਰਾਮ (ਕਣ-ਕਣ ’ਚ ਵਿਆਪਕ) ਨੂੰ ਤੁਸੀਂ ਵੀ ਬਿਬੇਕ ਨਾਲ਼ ਰਾਮ-ਰਾਮ ਕਹੋ, ਜਪੋ।

ਭਗਤ ਕਬੀਰ ਜੀ ਦੇ ਉਕਤ ਬਚਨ; ਆਕਾਰ/ਹਨ੍ਹੇਰਾ ਰੂਪ ਦਸ਼ਰਥ ਦੇ ਪੁੱਤਰ (ਰਾਮ) ਉੱਤੇ ਤਰਕ ਕਰਦੇ ਹਨ ਅਤੇ ਨਿਰਾਕਾਰ/ਰੌਸ਼ਨੀ ਰੂਪ ਰਾਮ (ਭਾਵ ਸਰਬ ਵਿਆਪਕ ਆਤਮ ਪ੍ਰਕਾਸ਼ ਰੂਪ ਪ੍ਰਭੂ) ’ਤੇ ਸ਼ਰਧਾ ਬਣਾਉਂਦੇ ਹਨ। ਇਹੀ ਹੈ ਅਸਲ ਬਿਬੇਕੀ ਬੰਦੇ ਦੁਆਰਾ ਕੀਤੀ ਗਈ ‘ਚੰਗੇ-ਮੰਦੇ ਦੀ ਪਰਖ’, ਇਸ ਲਈ ਗੁਰੂ ਅਮਰਦਾਸ ਜੀ ਨੇ ਬਚਨ ਕੀਤੇ ਹਨ ‘‘ਸੋ ਜਨੁ ਰਲਾਇਆ ਨਾ ਰਲੈ; ਜਿਸੁ ਅੰਤਰਿ ਬਿਬੇਕ ਬੀਚਾਰੁ ॥’’ (ਮਹਲਾ ੩/੨੮), ਜਿਨ੍ਹਾਂ ਲੋਕਾਂ ਅੰਦਰ ਬਿਬੇਕ ਰੂਪ ਦੀਵਾ; ਮੱਧਮ/ਅਸਪਸ਼ਟ ਹੈ, ਉਨ੍ਹਾਂ ਬਾਰੇ ਬਚਨ ਹਨ ‘‘ਮਾਧੋ ! ਅਬਿਦਿਆ ਹਿਤ ਕੀਨ ॥ ਬਿਬੇਕ ਦੀਪ ਮਲੀਨ ॥੧॥ ਰਹਾਉ ॥ (ਭਗਤ ਰਵਿਦਾਸ/੪੮੬) ਅਰਥ : ਹੇ ਮਾਇਆ ਦੇ ਪਤੀ ਪ੍ਰਭੂ ! (ਜਿਨ੍ਹਾਂ ਦਾ) ਅਵਿੱਦਿਆ/ਅਗਿਆਨਤਾ ਨਾਲ਼ ਪਿਆਰ ਹੈ, (ਉਨ੍ਹਾਂ ਅੰਦਰ) ਬਿਬੇਕ-ਦੀਪ ਮਲ਼ੀਨ ਹੈ। ਦੂਜੇ ਪਾਸੇ ਬਿਬੇਕੀ ਭਗਤ ਨੇ ਇਹੀ ਮਾਇਆ ਰੂਪ ਬੇੜੀ ਕੱਟ ਦਿੱਤੀ ਹੈ; ਜਿਵੇਂ ਕਿ ‘‘ਨਕਟੀ ਕੋ ਠਨਗਨੁ ਬਾਡਾ ਡੂੰ ॥ ਕਿਨਹਿ ਬਿਬੇਕੀ ਕਾਟੀ ਤੂੰ ॥੧॥ ਰਹਾਉ ॥’’ (ਭਗਤ ਕਬੀਰ/੪੭੬) ਅਰਥ : ਨਿਲੱਜ ਮਾਇਆ ਦਾ ਡੰਕਾ ਸਾਰੇ ਸੰਸਾਰ ’ਚ ਧੂਮ ਮਚਾ ਰਿਹਾ ਹੈ, (ਪਰ ਹੇ ਮਾਇਆ/ਅਵਿੱਦਿਆ! ਭਾਵੇਂ ਤੂੰ ਬੜੀ ਬਲਵਾਨ ਹੈਂ ਫਿਰ ਵੀ) ਵਿਰਲੇ ਬਿਬੇਕੀ ਨੇ ਤੈਨੂੰ ਵੀ ਹਰਾ ਦਿੱਤਾ ਹੈ।

ਜਿਨ੍ਹਾਂ ਅੰਦਰ ਐਸੀ ਬਿਬੇਕ-ਕਸੌਟੀ ਹੈ, ਉੱਚੀ ਸੁਰਤਿ ਹੈ, ਉਹ ਕਦੇ ਬੁੱਢੇ ਨਹੀਂ ਹੁੰਦੇ, ਆਪਣਾ ਇਹ ਅਨੁਭਵ; ਬਜ਼ੁਰਗ ਅਵਸਥਾ ‘ਚ ਵਿਚਰਦੇ ਗੁਰੂ ਅਮਰਦਾਸ ਜੀ ਨੇ ਇਉਂ ਬਿਆਨ ਕੀਤਾ ‘‘ਗੁਰਮੁਖਿ ਬੁਢੇ ਕਦੇ ਨਾਹੀ; ਜਿਨ੍ਹਾ ਅੰਤਰਿ ਸੁਰਤਿ+ਗਿਆਨੁ   ਸਦਾ ਸਦਾ ਹਰਿ ਗੁਣ ਰਵਹਿ; ਅੰਤਰਿ ਸਹਜ ਧਿਆਨੁ   ਓਇ ਸਦਾ ਅਨੰਦਿ+ਬਿਬੇਕ () ਰਹਹਿ; ਦੁਖਿ ਸੁਖਿ () ਏਕ ਸਮਾਨਿ   ਤਿਨਾ ਨਦਰੀ ਇਕੋ ਆਇਆ; ਸਭੁ ਆਤਮ+ਰਾਮੁ (ਸਰਬ ਵਿਆਪਕ) ਪਛਾਨੁ ’’ (ਮਹਲਾ /੧੪੧੮)

(5)- ਸੁਰਤਿ ਹਥਲੇ ਵਿਸ਼ੇ ’ਤੇ ਹੁਣ ਤੱਕ ਹੋਈ ਸਾਰੀ ਵਿਚਾਰ ’ਚ ‘ਭੈੜੀ ਅਕਲ, ਭੈੜੀ ਮਤਿ (ਮਨਮਤਿ) ਤੇ ਭੈੜੀ ਬੁਧਿ’ ਦਾ ਜ਼ਿਕਰ ਕੀਤਾ ਹੈ ਜਾਂ ‘ਚੰਗੀ ਅਕਲ, ਚੰਗੀ ਮਤਿ (ਸੁਮਤਿ) ਤੇ ਚੰਗੀ ਬੁਧਿ’ ਦਾ ਜ਼ਿਕਰ ਹੋਇਆ ਹੈ ਭਾਵ ਚੰਗਿਆਈ, ਬੁਰਿਆਈ ਇੱਕ ਪੜਾਅ ਮਾਤਰ ਸਨ। ਇਹ ਪੜਾਅ; ਹੇਠਲਾ ਹੋਵੇ ਜਾਂ ਉਤਲਾ, ਪਰ ਸੁਰਤਿ; ਕੋਈ ਪੜਾਅ ਨਹੀਂ। ਸੁਰਤਿ ਦਾ ਅਰਥ ਹੈ ‘ਸੁਣਨਾ, ਧਿਆਨ ਦੀ ਇਕਾਗਰਤਾ, ਧਿਆਨ’। ਇਸ ਸੂਖਮ ਨੁਕਤੇ ਨੂੰ ਇਉਂ ਸਮਝਣਾ ਅਸਾਨ ਰਹੇਗਾ ਕਿ ਸਕਿੰਟ-ਸਕਿੰਟ ਦਾ ਜੰਪ ਮਾਰਨ ਵਾਲ਼ੀ ਘੜੀ ਦੀ ਸੂਈ; ‘ਅਕਲ, ਮਤਿ, ਬੁਧਿ’ ਹੈ ਅਤੇ ਨਿਰੰਤਰ (ਬਿਨਾਂ ਅਵਾਜ਼ ਕੀਤਿਆਂ) ਇਕਸਾਰ ਚੱਲਣ ਵਾਲ਼ੀ ਘੜੀ ਦੀ ਸੂਈ; ‘ਸੁਰਤਿ’ ਹੈ।

ਨੀਚ ਅਕਲ, ਨੀਚ ਮਤਿ (ਮਨਮਤਿ) ਤੇ ਨੀਚ ਬੁਧਿ ਤੋਂ ਚੰਗੀ ਅਕਲ, ਚੰਗੀ ਮਤਿ (ਸੁਮਤਿ) ਤੇ ਚੰਗੀ ਬੁਧਿ ਜਾਂ ਬਿਬੇਕ’ ਨੂੰ ਜਾਣ ਵਾਲ਼ੀ ਪਉੜੀ ਦਾ ਨਾਂ ਹੀ ‘ਸੁਰਤਿ’ ਹੈ। ਸੁਰਤਿ; ਪੰਜੇ ਗਿਆਨ ਇੰਦ੍ਰਿਆਂ ਨੂੰ ਸਹਾਰਾ ਬਣਾ ਉੱਪਰ ਉੱਠਦੀ ਹੈ। ਅੱਖ, ਨੱਕ, ਜੀਭ ਤੇ ਤ੍ਵਚਾ ਨੂੰ ਬਿਲਕੁਲ ਬੰਦ ਕਰਕੇ ਅਤੇ ਕੰਨਾਂ ਰਾਹੀਂ ਸੁਣੀ ਸ਼ਬਦ-ਧੁਨੀ ’ਚ ਟਿਕ ਕੇ, ਸੁਰਤਿ ਨੇ ਉੱਚਾ ਉੱਠਣਾ ਹੁੰਦਾ ਹੈ। ਨੇਤਰਹੀਣ ਬੰਦਾ; ਭਗਤ ਬਣ ਸਕਦਾ ਹੈ ਕਿਉਂਕਿ ਵੈਸੇ ਭੀ ਅੱਖਾਂ ਬੰਦ ਹੀ ਕਰਨੀਆਂ ਹੁੰਦੀਆਂ ਹਨ, ਪਰ ਕੰਨਾਂ ਤੋਂ ਬੋਲ਼ਾ ਬੰਦਾ; ਭਗਤ ਨਹੀਂ ਬਣ ਸਕਦਾ ਕਿਉਂਕਿ ਸੁਣਨ ਤੋਂ ਬਿਨਾਂ ਰੂਹਾਨੀਅਤ ਜੀਵਨ ਖਿੜ ਨਹੀਂ ਸਕਦਾ। ਮਨ ’ਚ ਬਿਬੇਕ ਬੁਧਿ ਆਉਣਾ (ਭਾਵ ਮਨਿ+ਬੁਧਿ) ਹੀ ਸਰਬੋਤਮ ਸੁਰਤਿ ਹੈ ‘‘ਮੰਨੈ; ਸੁਰਤਿ ਹੋਵੈ, ਮਨਿ+ਬੁਧਿ ’’ (ਜਪੁ)

ਗੁਰੂ ਨਾਨਕ ਸਾਹਿਬ ਜੀ ਨੇ ‘ਸਬਦੁ’ ਨੂੰ ‘ਗੁਰੂ’ ਕਿਹਾ ਭਾਵ ਸੁਰਤਿ ਦੇ ਖੜ੍ਹਨ/ਜੁੜਨ ਦਾ ਸਹਾਰਾ ਦੱਸਿਆ ਅਤੇ ‘ਸੁਰਤਿ’ ਨੂੰ ਚੇਲਾ ਦੱਸਿਆ ਯਾਨੀ ਕਿ ‘ਸ਼ਬਦ ਦੀ ਧੁਨਿ’ ’ਚ ਧਿਆਨ ਜੋੜਨ/ਟਿਕਾਉਣ ਨੂੰ ਸਿੱਖ ਕਿਹਾ ‘‘ਸਬਦੁ ਗੁਰੂ; ਸੁਰਤਿ ਧੁਨਿ ਚੇਲਾ ’’ (ਗੋਸਟਿ/ਮਹਲਾ /੯੪੩) ਸ਼ਬਦ-ਸੁਰਤਿ ਦਾ ਸੁਮੇਲ; ਗੁਰਬਾਣੀ ਅੰਦਰ 26 ਵਾਰ ਦਰਜ ਹੈ। ਜਿਨ੍ਹਾਂ ’ਚੋਂ 18 ਵਾਰ ਕੇਵਲ ਗੁਰੂ ਨਾਨਕ ਸਾਹਿਬ ਜੀ ਨੇ ਵਰਤਿਆ ਹੈ। ਜਿਨ੍ਹਾਂ ਦੀ ਸੰਖੇਪ ਮਾਤਰ ਵਿਚਾਰ ਕਰਨੀ ਅਤਿ ਜ਼ਰੂਰੀ ਹੈ; ਜਿਵੇਂ ਕਿ

ਗੁਰੂ ਨਾਨਕ ਸਾਹਿਬ ਜੀ

ਜੇਤਾ ਸਬਦੁ; ਸੁਰਤਿ ਧੁਨਿ ਤੇਤੀ; ਜੇਤਾ ਰੂਪੁ ਕਾਇਆ ਤੇਰੀ ॥ (ਮਹਲਾ ੧/੩੫੦)

ਅਰਥ : ਜੈਸੀ ਸਿੱਖਿਆ ਹੋਵੇ ਵੈਸੀ ਹੀ ਉਸ ਦੀ ਲਗਨ ’ਚੋਂ ਸੁਰਤਿ ਉਪਜਦੀ ਹੈ; ਜਿਵੇਂ ਜਿਸ ਤਰ੍ਹਾਂ ਦਾ ਸਰੀਰ ਹੋਵੇ; ਵੈਸਾ ਹੀ ਰੂਪ ਹੁੰਦਾ ਹੈ।

ਨੋਟ : ਚੇਤੇ ਰਹੇ ਕਿ ਇਸ ਤੁਕ ’ਚ ‘ਤੇਰੀ’ ਦਾ ਅਸਲ ਰੂਪ ‘ਤੇਤੀ’ ਹੈ। ਜੋ ਕਿ ਕਾਵਿ ਪਿੰਗਲ ਕਾਰਨ ‘ਤੇਰੀ’ ਬਣਿਆ ਹੈ।

ਗੁਰਮੁਖਿ ਸੁਰਤਿ+ਸਬਦੁ ਨੀਸਾਨੁ ॥ (ਮਹਲਾ ੧/੪੧੪)

ਅਰਥ : ਗੁਰੂ ਦਾ ਸ਼ਬਦ; ਅਸਲ ਰਾਹਦਾਰੀ (ਚਿੰਨ੍ਹ) ਹੈ, ਰਾਹ ਦੀ ਪੂੰਜੀ ਹੈ, ਜੇਕਰ ਉਸ ਵਿੱਚ ਸੁਰਤਿ ਜੁੜੇ।

ਜਿਥੈ ਜਾਇ ਬਹੀਐ, ਭਲਾ ਕਹੀਐ; ਸੁਰਤਿ+ਸਬਦੁ ਲਿਖਾਈਐ ॥ (ਮਹਲਾ ੧/੫੬੬)

ਅਰਥ : ਜਿੱਥੇ ਭੀ ਜਾ ਕੇ ਬੈਠੀਏ (ਓਥੇ) ਗੁਰੂ ਸ਼ਬਦ ਨੂੰ ਸੁਰਤਿ ’ਚ ਪ੍ਰੋ ਕੇ ਭਾਵ ਗੁਰੂ ਸ਼ਬਦ ਅਨੁਸਾਰ ਬਣੀ ਸੁਰਤਿ ਨਾਲ਼ ਸਾਰਥਕ/ਅਰਥ ਭਰਪੂਰ ਗੱਲ-ਬਾਤ ਕਰਨੀ ਚਾਹੀਦੀ ਹੈ।

ਸੁਰਤਿ+ਸਬਦੁ; ਧੁਨਿ ਅੰਤਰਿ ਜਾਗੀ ॥ (ਮਹਲਾ ੧/੯੦੩)

ਅਰਥ : ਮੇਰੀ ਸੁਰਤਿ ’ਚ ਗੁਰੂ ਸ਼ਬਦ ਹੈ, ਇਸ ਲਈ ਰੱਬ ਪ੍ਰਤੀ ਲਗਨ ਮੇਰੇ ਅੰਦਰੋਂ ਉੱਠੀ ਹੈ।

ਸਬਦ+ਸੁਰਤਿ ਸੁਖੁ ਊਪਜੈ; ਪ੍ਰਭ ਰਾਤਉ ਸੁਖ ਸਾਰੁ ॥ (ਮਹਲਾ ੧/੬੨)

ਅਰਥ : ਗੁਰੂ ਸਿੱਖਿਆ ਭਰਪੂਰ ਸੁਰਤਿ ਨਾਲ਼ ਰੱਬ ਦੇ ਰੰਗ ’ਚ ਰੰਗ ਕੇ ਸਰਬੋਤਮ ਸੁੱਖ/ਅਨੰਦ ਮਿਲਦਾ ਹੈ।

ਕਰਹਿ ਬਿਕਾਰ ਵਿਥਾਰ ਘਨੇਰੇ; ਸੁਰਤਿ+ਸਬਦ ਬਿਨੁ ਭਰਮਿ ਪਇਆ ॥ (ਮਹਲਾ ੧/੯੦੬)

ਅਰਥ : ਸ਼ਬਦ ਸੁਰਤਿ ਦੇ ਸੁਮੇਲ ਤੋਂ ਬਿਨਾਂ (ਬੰਦੇ); ਭਰਮ/ਹਨ੍ਹੇਰੇ ’ਚ ਪਏ ਅਣਗਿਣਤ ਪਾਪ ਕਰਦੇ ਹਨ।

ਸਬਦ+ਸੁਰਤਿ ਬਿਨੁ ਆਵੈ ਜਾਵੈ; ਪਤਿ ਖੋਈ ਆਵਤ ਜਾਤਾ ਹੇ ॥ (ਮਹਲਾ ੧/੧੦੩੧)

ਅਰਥ : ਸ਼ਬਦ ਸੁਰਤਿ ਦੇ ਸੁਮੇਲ ਤੋਂ ਬਿਨਾਂ (ਬੰਦਾ); ਜੰਮਦਾ ਮਰਦਾ ਹੈ। ਆਵਾਗਮਣ ’ਚ ਪਿਆ ਮਾਨ-ਸਤਿਕਾਰ ਗਵਾਉਂਦਾ ਹੈ।

ਸਾਕਤ ਨਰਿ (ਨੇ); ਸਬਦ+ਸੁਰਤਿ ਕਿਉ ਪਾਈਐ ॥ ਸਬਦ+ਸੁਰਤਿ ਬਿਨੁ ਆਈਐ ਜਾਈਐ ॥ (ਮਹਲਾ ੧/੧੦੪੨)

ਅਰਥ : ਰੱਬ ਤੋਂ ਟੁੱਟੇ ਬੰਦੇ ਨੇ ਸ਼ਬਦ-ਗੁਰੂ ਵਰਗੀ ਸੁਰਤਿ ਕਿਵੇਂ ਪਾਈ ਹੋ ਸਕਦੀ ਹੈ ? ਐਸੀ ਸ਼ਬਦ ਸੁਰਤਿ ਤੋਂ ਬਿਨਾਂ ਜੰਮਦਾ ਮਰਦਾ ਹੈ॥ 

ਏ ਮਨ ਮੇਰਿਆ ! ਬਿਨੁ ਬੇੜੀ ਪਾਰਿ ਨ ਅੰਬੜੈ ਰਾਮ ॥ ਪਾਰਿ ਸਾਜਨੁ ਅਪਾਰੁ ਪ੍ਰੀਤਮੁ; ਗੁਰ ਸਬਦ+ਸੁਰਤਿ ਲੰਘਾਵਏ ॥ (ਮਹਲਾ ੧/੧੧੧੩)

ਅਰਥ : ਹੇ ਮੇਰੇ ਮਨ (ਮੇਰੇ ਸੁਭਾਅ) ! ਜਿਵੇਂ ਬਿਨਾਂ ਬੇੜੀ ਤੋਂ ਸਮੁੰਦਰ ਪਾਰ ਨਹੀਂ ਹੁੰਦਾ। ਅਪਰੰਪਰ ਸੱਜਣ ਪ੍ਰੀਤਮ ਵੀ (ਸੰਸਾਰ ਸਮੁੰਦਰ ਤੋਂ) ਪਰਲੇ ਪਾਸੇ ਹੈ। ਓਥੋਂ ਤੱਕ ਪਾਰ ਲੰਘਾਉਂਦਾ ਹੈ ‘ਗੁਰੂ ਸ਼ਬਦ ਤੇ ਸੁਰਤਿ ਦਾ ਸੁਮੇਲ’।

ਡਗਰੀ ਚਾਲ ਨੇਤ੍ਰ ਫੁਨਿ ਅੰਧੁਲੇ; ਸਬਦ+ਸੁਰਤਿ ਨਹੀ ਭਾਈ (ਪਸੰਦ)(ਮਹਲਾ ੧/੧੧੨੬)

ਅਰਥ : ਅੱਖਾਂ ਤੋਂ ਅੰਨ੍ਹਿਆਂ ਨੂੰ ਅਤੇ ਹੈਂਕੜ ਭਰੀ ਚਾਲ ਨੂੰ ਗੁਰੂ ਸ਼ਬਦ ਤੇ ਸੁਰਤਿ ਦਾ ਸੁਮੇਲ; ਬਿਲਕੁਲ ਪਸੰਦ ਨਹੀਂ।

ਸੁਰਤਿ ਸਬਦਿ ਭਵ ਸਾਗਰੁ ਤਰੀਐ; ਨਾਨਕ !  ਨਾਮੁ ਵਖਾਣੇ ॥ (ਗੋਸਟਿ/ਮਹਲਾ ੧/੯੩੮)

ਅਰਥ : ਹੇ ਨਾਨਕ !  ਗੁਰੂ ਸ਼ਬਦ ਰਾਹੀਂ ਸੁਰਤਿ; ਰੱਬ ਦਾ ਨਾਮ ਜਪ-ਜਪ ਕੇ ਸੰਸਾਰ-ਸਮੁੰਦਰ ਤਾਰ ਲੈਂਦੀ ਹੈ।

ਸਬਦਿ ਮਿਲੇ ਸੇ ਦਰਗਹ ਪੈਧੇ; ਗੁਰਮੁਖਿ ਸੁਰਤਿ ਸਮਾਈ ਹੇ ॥ (ਮਹਲਾ ੧/੧੦੨੪)

ਅਰਥ : ਜੋ ਗੁਰੂ ਸ਼ਬਦ ਨਾਲ਼ ਜੁੜੇ ਉਹ ਦਰਗਹ ’ਚ ਸਨਮਾਨਿਤ ਕੀਤੇ ਗਏ ਕਿਉਂਕਿ ਉਨ੍ਹਾਂ ਗੁਰਮੁਖਾਂ ਦੀ ਸੁਰਤਿ (ਰੱਬ ’ਚ) ਲੀਨ ਸੀ।

ਨਾਨਕ  ! ਵੈਸਾਖੀਂ ਪ੍ਰਭੁ ਪਾਵੈ; ਸੁਰਤਿ ਸਬਦਿ ਮਨੁ ਮਾਨਾ ॥ (ਬਾਰਹਮਾਹਾ/ਮਹਲਾ ੧/੧੧੦੮)

ਅਰਥ : ਹੇ ਨਾਨਕ ! ਵੈਸਾਖ (ਮਹੀਨੇ) ’ਚ (ਆਈ ਫਸਲ ਵਾਙ ਗੁਣਾਂ ਭਰਪੂਰ ਜੀਵ ਇਸਤਰੀ) ਰੱਬ ਨੂੰ ਪਾ ਲੈਂਦੀ ਹੈ, ਜਿਸ ਦੀ ਸੁਰਤਿ ਅਤੇ ਮਨ; ਗੁਰੂ ਸ਼ਬਦ ’ਚ ਗਿੱਝ ਗਿਆ।

ਮੁਕਤਿ ਭਈ ਬੰਧਨ ਗੁਰਿ (ਨੇ) ਖੋਲ੍ਹੇ; ਸਬਦਿ ਸੁਰਤਿ ਪਤਿ ਪਾਈ ॥ (ਮਹਲਾ ੧/੧੨੫੫)

ਅਰਥ : ਜਿਸ ਸੁਰਤਿ ਨੇ ਗੁਰੂ ਸ਼ਬਦ ’ਚ ਜੁੜ ਕੇ ਇੱਜ਼ਤ ਪਾ ਲਈ। ਗੁਰੂ ਨੇ ਉਸ ਦੇ ਸਾਰੇ ਬੰਧਨ ਕੱਟ ਦਿੱਤੇ। ਉਹ ਮੁਕਤ ਹੋ ਗਈ।

ਸੇਵਾ ਸੁਰਤਿ ਸਬਦਿ ਵੀਚਾਰਿ (ਨਾਲ਼)(ਮਹਲਾ ੧/੧੩੪੩)

ਅਰਥ : ਗੁਰੂ ਸ਼ਬਦ ’ਚ (ਜੁੜ ਕੇ ਰੱਬੀ ਗੁਣਾਂ ਦੀ ਕੀਤੀ) ਵਿਚਾਰ ਨਾਲ਼ ਸੁਰਤਿ; ਸੇਵਾ-ਭਗਤੀ ਵੱਲ ਮੁੜਦੀ ਹੈ।

ਗੁਰੂ ਅਮਰਦਾਸ ਜੀ

ਕਰਮੁ ਹੋਵੈ; ਸਤਿਗੁਰੂ ਮਿਲਾਏ ॥ ਸੇਵਾ ਸੁਰਤਿ ਸਬਦਿ ਚਿਤੁ ਲਾਏ ॥ (ਮਹਲਾ ੩/੧੧੦)

ਅਰਥ : ਰੱਬ ਦੀ ਮਿਹਰ ਹੋਵੇ ਤਾਂ ਗੁਰੂ ਨੂੰ ਮਿਲਾਉਂਦਾ ਹੈ ਫਿਰ ਸੁਰਤਿ; ਸ਼ਬਦ ’ਚ ਜੁੜ ਕੇ ਸੇਵਾ-ਭਗਤੀ ’ਚ ਦਿਲ ਲਾਉਂਦੀ ਹੈ।

ਮਨਮੁਖ ਬੋਲੇ ਅੰਧੁਲੇ; ਤਿਸੁ ਮਹਿ ਅਗਨੀ ਕਾ ਵਾਸੁ ॥ ਬਾਣੀ ਸੁਰਤਿ ਨ ਬੁਝਨੀ; ਸਬਦਿ (ਰਾਹੀਂ) ਨ ਕਰਹਿ ਪ੍ਰਗਾਸੁ ॥ (ਮਹਲਾ ੩/੧੪੧੫)

ਅਰਥ : ਮਨਮੁਖ (ਮਾਇਆ ’ਚ) ਅੰਨ੍ਹੇ-ਬੋਲੇ ਹੁੰਦੇ ਹਨ। ਉਨ੍ਹਾਂ ਅੰਦਰ ਤ੍ਰਿਸ਼ਨਾ ਦਾ ਨਿਵਾਸ ਹੁੰਦਾ ਹੈ। ਉਨ੍ਹਾਂ ਦੀ ਸੁਰਤਿ; ਇਲਾਹੀ ਬਾਣੀ ਨਹੀਂ ਸਮਝ ਸਕਦੀ।  ਗੁਰੂ ਸ਼ਬਦ ਰਾਹੀਂ (ਉਹ ਆਪਣੇ ਹਿਰਦੇ ’ਚ) ਪ੍ਰਕਾਸ਼ ਨਹੀਂ ਕਰ ਸਕਦੇ।

ਗੁਰੂ ਅਮਰਦਾਸ ਜੀ ਨੇ ਇਹ ਵੀ ਚੇਤੇ ਕਰਾਇਆ ਕਿ ‘‘ਮਨਮੁਖੁ ਬਾਲਕੁ (ਬਾਲਗ਼), ਬਿਰਧਿ ਸਮਾਨਿ ਹੈ; ਜਿਨ੍ਹਾ ਅੰਤਰਿ ਹਰਿ ਸੁਰਤਿ ਨਾਹੀ ’’ (ਮਹਲਾ /੧੪੧੮) ਅਰਥ : ਜਿਨ੍ਹਾਂ ਦੀ ਦਿਲੋਂ ਹਰੀ ਨਾਲ਼ ਸੁਰਤਿ ਨਾ ਜੁੜੀ, ਉਹ ਮਨਮੁਖ ਭਾਵੇਂ ਬਾਲਗ਼/ਜੁਆਨ ਲੱਗਣ, ਪਰ ਅੰਦਰੋਂ ਬੁੱਢਿਆਂ ਵਰਗੇ ਹੁੰਦੇ ਹਨ (ਜੋ ਵਿਕਾਰਾਂ ਅੱਗੇ ਹਾਰੇ ਹੋਏ ਹਨ)

ਗੁਰੂ ਰਾਮਦਾਸ ਜੀ

ਹਰਿ ਆਪੇ ਸਬਦੁ; ਸੁਰਤਿ ਧੁਨਿ ਆਪੇ ॥ (ਮਹਲਾ ੪/੧੬੫)

ਅਰਥ : ਹਰੀ ਖ਼ੁਦ ਹੀ (ਗੁਰੂ ਰੂਪ) ਸ਼ਬਦ ਹੁੰਦਾ ਹੈ ਤੇ ਆਪ ਹੀ ਸੁਰਤਿ ਦਾ ਟਿਕਾਅ ਯਾਨੀ ਕਿ ਸਿੱਖ ਹੈ।

ਗੁਰੂ ਅਰਜਨ ਸਾਹਿਬ ਜੀ

ਸੁਰਤਿ ਸਬਦੁ ਰਿਦ ਅੰਤਰਿ ਜਾਗੀ; ਅਮਿਉ ਝੋਲਿ ਝੋਲਿ (ਕੇ) ਪੀਜਾ ਹੇ ॥ (ਮਹਲਾ ੫/੧੦੭੪)

ਅਰਥ : ਸ਼ਬਦ ਸੁਰਤਿ ਦੇ ਸੁਮੇਲ ਨਾਲ਼ ਹਿਰਦੇ ਅੰਦਰ (ਰੱਬ ਨਾਲ਼ ਮਿਲਣ ਦੀ) ਤਾਂਘ ਜਾਗਦੀ ਹੈ (ਫਿਰ ਭਗਤ; ਦਿਲੋਂ) ਸੁਆਦ ਲੈ ਲੈ ਅੰਮ੍ਰਿਤ-ਜਲ ਛੱਕਦਾ ਹੈ ਯਾਨੀ ਸ਼ਬਦ ਸੁਰਤਿ ਦੀ ਇਕਾਗਰਤਾ ਨਿਰੰਤਰ ਵਧਦੀ ਜਾਂਦੀ ਹੈ।

ਨਾਨਕ  ! ਦਾਸੁ ਹਰਿ ਕੀਰਤਨਿ ਰਾਤਾ; ਸਬਦੁ+ਸੁਰਤਿ ਸਚੁ ਸਾਖੀ ॥ (ਮਹਲਾ ੫/੧੨੨੭)

ਅਰਥ : ਹੇ ਨਾਨਕ ! ਭਗਤ; ਹਰੀ ਦੀ ਉਸਤਤ ’ਚ ਰੰਗਿਆ ਰਹਿੰਦਾ ਹੈ। ਸ਼ਬਦ ਸੁਰਤਿ ਦੇ ਸੁਮੇਲ ਨਾਲ਼ ਸੱਚ (ਰੱਬ) ਨੂੰ (ਹਰ ਥਾਂ) ਵੇਖਦਾ ਹੈ।

ਜੋਗ ਜੁਗਤਿ, ਗਿਆਨ ਭੁਗਤਿ, ਸੁਰਤਿ+ਸਬਦ ਤਤ ਬੇਤੇ; ਜਪੁ ਤਪੁ ਅਖੰਡਲੀ ॥ (ਮਹਲਾ ੫/੧੩੨੨)

ਅਰਥ : ਰੱਬ ਨਾਲ਼ ਜੁੜਨ ਵਾਲ਼ੀ ਸਚਾਈ ਨੂੰ ਸਮਝਣ ਵਾਲ਼ੇ (ਜੋਗ+ਜੁਗਤਿ ਤਤ ਬੇਤੇ); ਗੁਰੂ ਗਿਆਨ ਰੂਪ ਖ਼ੁਰਾਕ ਨੂੰ ਜਾਣਨ ਵਾਲ਼ੇ (ਗਿਆਨ+ਭੁਗਤਿ ਤਤ ਬੇਤੇ); ਸ਼ਬਦ ਸੁਰਤਿ ਦਾ ਅਨੰਦ ਭੋਗਣ ਵਾਲ਼ੇ (ਸੁਰਤਿ+ਸਬਦ ਤਤ ਬੇਤੇ); ਸਦਾ ਜਪ ਤਪ ਕਰਦੇ ਹਨ ਭਾਵ ਰੱਬ ਦੀ ਭਗਤੀ (ਜਪੁ) ਅਤੇ ਸੰਗਤ ਦੀ ਸੇਵਾ (ਤਪੁ) ਕਰਦੇ ਰਹਿੰਦੇ ਹਨ।

ਦਰਅਸਲ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਮੁਤਾਬਕ ਕਰਤਾਰ ਵੱਲੋਂ ਥੋੜ੍ਹੀ-ਬਹੁਤ ਸੁਰਤਿ; ਸਾਰੇ ਜੀਵਾਂ ਨੂੰ ਜ਼ਰੂਰ ਮਿਲੀ ਹੁੰਦੀ ਹੈ ‘‘ਏਕਾ ਸੁਰਤਿ ਜੇਤੇ ਹੈ ਜੀਅ ਸੁਰਤਿ ਵਿਹੂਣਾ; ਕੋਇ ਕੀਅ ਜੇਹੀ ਸੁਰਤਿ; ਤੇਹਾ ਤਿਨ ਰਾਹੁ ’’ (ਮਹਲਾ /੨੫) ਅਰਥ : ਸਾਰੇ ਜੀਵਾਂ ਨੂੰ ਇੱਕੋ ਮਾਲਕ ਨੇ ਸੁਰਤਿ/ਸੋਝੀ ਬਖ਼ਸ਼ੀ ਹੈ। ਸੁਰਤਿ ਤੋਂ ਬਿਨਾਂ ਕੋਈ ਪੈਦਾ ਨਹੀਂ ਕੀਤਾ। ਜਿਸ ਤਰ੍ਹਾਂ ਕੋਈ ਸੁਰਤਿ ਨੂੰ ਵਰਤਦਾ ਹੈ ਉਸੇ ਤਰ੍ਹਾਂ ਦਾ ਉਨ੍ਹਾਂ ਦਾ ਸੁਭਾਅ ਬਣਦਾ ਹੈ, ਮਾਰਗ ਹੁੰਦਾ ਹੈ। ਇਹੀ ਸੁਰਤਿ; ਸਿਗਮੰਡ ਸਕਲੋਮੋ ਫ਼ਰਾਇਡ (ਮਨੋਵਿਸ਼ਲੇਸ਼ਕ) ਦੇ ਸ਼ਬਦਾਂ ’ਚ 10% ਸੁਚੇਤ ਮਨ ਹੈ।

ਸੋ ਉਕਤ ਕੀਤੀ ਸਬਦ+ਸੁਰਤਿ ਸੰਧੀ ਦੀ ਸਾਰੀ ਵਿਚਾਰ ਤੋਂ ਸਪਸ਼ਟ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਇਸ ਸੀਮਤ (ਯਾਨੀ 10%) ਸੁਰਤਿ ਨੂੰ ਵਧਾਉਣ ਲਈ ਹੀ ‘ਗੁਰੂ ਗ੍ਰੰਥ ਸਾਹਿਬ’ ਨੂੰ ਪ੍ਰਗਟ ਕਰਨ ਦਾ ਨਿਰਣਾ ਲਿਆ ਹੈ। ਸੁਰਤਿ ਦੇ ਇਸ ਵਿਕਾਸ ’ਚ ‘ਸਬਦੁ ਗੁਰੂ’ ਨੂੰ ਰਹਿਬਰ (ਰਸਤਾ ਵਿਖਾਉਣ ਵਾਲ਼ਾ) ਬਣਾਇਆ ਗਿਆ। ਅੰਤ ’ਚ ‘ਸੁਰਤਿ’ ਦੇ ਪੈਂਡੇ ਨੂੰ ਸੰਖੇਪ ’ਚ ਜਾਣਨ ਲਈ ਹੇਠਲੀ ਮਿਸਾਲ ਢੁੱਕਵੀਂ ਜਾਪਦੀ ਹੈ :

(1). ਜਦ ਸੁਰਤਿ ਨੂੰ ਇਹ ਅਹਿਸਾਸ ਹੋ ਜਾਏ ਕਿ ਧਰਤੀ ਵਾਙ ਇਸ ਦੇ ਬਰਾਬਰ ਹਵਾ, ਪਾਣੀ, ਦਿਨ, ਰਾਤ ਆਦਿ ਨਹੀਂ ਬਣਾਏ ਬਲਕਿ ਧਰਤੀ ਲਈ ਇਹ ਸਭ ਸਿਰਜੇ ਗਏ ਹਨ ਅਤੇ ਸਾਰੇ ਜੀਵ-ਜੰਤਾਂ ਦੀ ਰਚਨਾ ਮਨੁੱਖ (ਦੇ ਆਵਾਗਮਣ) ਲਈ ਹੈ, ਨਾ ਕਿ ਜਨਮ ਲੈਣਾ ਅਤੇ ਮਰਨਾ; ਹਰ ਜਾਤੀ ਦਾ ਜੀਵਨ-ਟੀਚਾ ਹੈ; ਤਾਂ ਸਮਝੋ ਕਿ ਸੁਰਤਿ ‘ਧਰਮਖੰਡ’ ਪੜਾਅ ਵਿੱਚ ਹੈ। ਜਿਵੇਂ ਕਿ ਇੱਕ ਬੱਚੇ ਦਾ ਸਕੂਲ-ਸਿਲੇਬਸ ਤਾਂ ਬਣਾਇਆ ਗਿਆ ਤਾਂ ਜੋ ਇੱਕ ਦਿਨ ਉਸ ਦਾ ਇਮਤਿਹਾਨ ਭੀ ਲਿਆ ਜਾ ਸਕੇ ਕਿ ਉਹ ਪਾਸ ਹੈ ਜਾਂ ਫ਼ੇਲ੍ਹ; ਐਸੇ ਹੀ ਸਾਰੀ ਜਗਤ ਰਚਨਾ ਇੱਕ ਸਿਲੇਬਸ ਹੈ, ਜਿਸ ਵਿੱਚੋਂ ਪਾਸ ਜਾਂ ਫ਼ੇਲ੍ਹ ਹੋਣਾ; ਮਨੁੱਖ ਜੂਨੀ ਹੈ। ਐਸਾ ਅਹਿਸਾਸ ਹੋਣਾ; ਧਰਮਖੰਡ ਅਵਸਥਾ ਹੈ। ਰੂਹਾਨੀਅਤ ਮਾਰਗ ਦਾ ਸ਼ੁਰੂਆਤੀ ਕਦਮ ਹੈ। ਜਿਸ ਨੇ ਐਸਾ ਮਹਿਸੂਸ ਨਾ ਕੀਤਾ; ਉਹ ਰੂਹਾਨੀਅਤ ਵਿਕਾਸ ਨਹੀਂ ਕਰ ਸਕਦਾ। ਗੁਰਮਤਿ ਅਨੁਸਾਰੀ ਅਨੰਦ ਨਹੀਂ ਮਾਣ ਸਕਦਾ।

(2). ਜਦ ਸੁਰਤਿ ਨੂੰ ਜਾਪੇ ਕਿ ਇਸ ਧਰਤੀ ਵਾਙ ਹੋਰ ਭੀ ਅਨੇਕਾਂ ਧਰਮਸ਼ਾਲਾਂ ਹਨ, ਜਿੱਥੇ ਹਵਾ, ਪਾਣੀ, ਰਾਤ, ਦਿਨ, ਜੀਵ-ਜੰਤ ਆਦਿ ਧਰਮੀ ਪੁਰਸ਼ਾਂ ਦੀ ਸਹਾਇਤਾ ਲਈ ਅਤੇ ਕਾਲ-ਚੱਕ੍ਰ ਲਈ ਬਣਾਏ ਗਏ ਹਨ ਤਾਂ ਸੁਰਤਿ ਦਾ ਪੜਾਅ; ‘ਗਿਆਨਖੰਡ’ ਵਿੱਚ ਹੈ।

(3). ਜਦ ਸੁਰਤਿ ਨੂੰ ਜਾਪੇ ਕਿ ਇਸ ਵਿਸ਼ਾਲ ਬ੍ਰਹਿਮੰਡ/ਰਚਨਾ ’ਚ ਮੇਰਾ ਵਜੂਦ ਨਾ ਮਾਤਰ ਹੀ ਹੈ। ਮੈਂ ਵੀ ਮਾਲਕ ਦੁਆਰਾ ਹੋਰਾਂ ਵਾਙ ਪ੍ਰੇਰਿਆ ਵਿਚਰ ਰਿਹਾ ਹਾਂ, ਇਸ ਲਈ ਹਰ ਚੰਗੇ ਕੰਮ ਦਾ ਮਹੱਤਵ ਆਪਣੇ ’ਤੇ ਨਾ ਲਵਾਂ ਸਗੋਂ ਪਿਛਲੇ ਕੀਤੇ ਮਾੜੇ ਕੰਮਾਂ ਦਾ ਦੋਸ਼ੀ ਭੀ ਖ਼ੁਦ ਨੂੰ ਮੰਨਾਂ। ਮਾਲਕ ਨੂੰ ਯਾਦ ਰੱਖਾਂ ਉਸ ਦੀ ਪ੍ਰਸੰਨਤਾ ਗ੍ਰਹਿਣ ਕਰਨ ਲਈ ਅਰਦਾਸ ਕਰਾਂ । ਇਸ ਜੀਵਨ ਘਾਲਣਾ ਸਮੇਂ ਸੁਰਤਿ ਦਾ ਪੜਾਅ; ‘ਸਰਮਖੰਡ’ ਵਿੱਚ ਹੁੰਦਾ ਹੈ।

(4). ਜਦ ਸੁਰਤਿ ਨੂੰ ਲੱਗੇ ਕਿ ਰੱਬ ਦੀ ਬਖ਼ਸ਼ਸ਼ ਨਾਲ਼ ਅਸੰਭਵ ਕਾਰਜ ਵੀ ਫ਼ਤਿਹ ਹੋਣ ਲੱਗ ਪਏ ਹਨ ਤਾਂ ਸਮਝੋ ਕਿ ਸੁਰਤਿ ਦਾ ਪੜਾਅ; ‘ਕਰਮਖੰਡ’ ਵਿੱਚ ਹੈ।

(5). ਜਦ ਸੁਰਤਿ ਨੂੰ ਜਾਪੇ ਕਿ ਪੂਰਾ ਬ੍ਰਹਿਮੰਡ; ਰੱਬ ਦੀ ਪ੍ਰੇਰਨਾ ਨਾਲ਼, ਉਸ ਦੇ ਹੁਕਮ ਨਾਲ਼ ਅਤੇ ਬਖ਼ਸ਼ਸ਼/ਦਾਤਾਂ ਨਾਲ਼ ਹੀ ਜੀਵਤ/ਕਾਇਮ ਹੈ, ਵਿਕਾਸ ਕਰਦਾ ਹੈ ਤਾਂ ਸਮਝੋ ਕਿ ਸੁਰਤਿ ਦਾ ਪੜਾਅ; ‘ਸਚਖੰਡਿ’ ਵਿੱਚ ਹੈ।

ਕੁੱਝ ਸੱਜਣਾਂ ਦਾ ਅਕਸਰ ਸਵਾਲ ਹੁੰਦਾ ਹੈ ਕਿ ਰੱਬ ਸਭ ਕੁੱਝ ਕਰਾ ਰਿਹਾ ਹੈ ਜਾਂ ਬੰਦੇ ਨੇ ਖ਼ੁਦ ਹੀ ਸਭ ਕੁੱਝ ਕਰਨਾ ਹੁੰਦਾ ਹੈ ? ਜਵਾਬ : ਇਸ ਨੂੰ ਸਮਝਣ ਲਈ ਇੱਕ ਮਿਸਾਲ ਢੁੱਕਵੀਂ ਜਾਪਦੀ ਹੈ ਕਿ ਮਨੋਵਿਗਿਆਨ ਦੁਆਰਾ ਦਿੱਤੀ ਗਈ ਸੁਚੇਤ ਮਨ ਦੇ ਰੂਪ ’ਚ 10% ਸ਼ਕਤੀ ਦਾ ਅਧਿਕਾਰ ਮਨੁੱਖ ਕੋਲ਼ ਹੁੰਦਾ ਹੈ ਬਾਕੀ 90% ਜੀਵਨ ’ਚ ਬਦਲਾਅ ਮਾਲਕ ਦੀ ਬਖ਼ਸ਼ਸ਼ ’ਤੇ ਨਿਰਭਰ ਹੈ ਕਿਉਂਕਿ ਮਨੁੱਖ ਨੂੰ ਉਸ ਬਾਰੇ ਬਿਲਕੁਲ ਸੋਝੀ ਨਹੀਂ ਹੁੰਦੀ ਕਿ ਅਗਾਂਹ ਕੀ ਹੈ ਅਤੇ ਕਿੱਦਾਂ ਦਾ ਮਹਿਸੂਸ ਹੋਣਾ ਹੈ, ਇਸ ਲਈ ਅਰਦਾਸ ਰਾਹੀਂ ਨਿੱਤ ‘ਭਰੋਸਾ ਦਾਨ’ ਮੰਗਿਆ ਜਾਂਦਾ ਹੈ ਤਾਂ ਤੇ ਬੜਾ ਜ਼ਰੂਰੀ ਹੈ ਕਿ ਸਤਿਗੁਰੂ ਜੀ ਦੀ ਉਸਤਤ ’ਚ ਇਉਂ ਹਰ ਸਮੇਂ ਬੋਲਿਆ ਜਾਏ ‘‘ਗੁਰ ਬਿਨੁ ਘੋਰੁ ਅੰਧਾਰੁ; ਗੁਰੂ ਬਿਨੁ, ਸਮਝ ਆਵੈ ਗੁਰ ਬਿਨੁ ਸੁਰਤਿ ਸਿਧਿ (ਕਾਮਯਾਬੀ); ਗੁਰੂ ਬਿਨੁ, ਮੁਕਤਿ ਪਾਵੈ ਗੁਰੁ ਕਰੁ ਸਚੁ ਬੀਚਾਰੁ; ਗੁਰੂ ਕਰੁ ਰੇ ਮਨ ਮੇਰੇ  ! ਗੁਰੁ ਕਰੁ ਸਬਦ+ਸਪੁੰਨ (ਜੋ ਸ਼ਬਦ ਦਾ ਸੂਰਮਾ); ਅਘਨ (ਪਾਪ) ਕਟਹਿ ਸਭ ਤੇਰੇ ਗੁਰੁ ਨਯਣਿ (ਨੈਣ/ਨੇਤਰ ‘ਚ), ਬਯਣਿ (ਬੈਣ/ਬਚਨ ‘ਚ) ਗੁਰੁ, ਗੁਰੁ ਕਰਹੁ; ਗੁਰੂ ਸਤਿ ਕਵਿ ਨਲ ਕਹਿ ਜਿਨਿ ਗੁਰੂ ਦੇਖਿਅਉ; ਨਹੁ ਕੀਅਉ; ਤੇ ਅਕਯਥ (ਉਹ ਨਿਹਫਲ਼) ਸੰਸਾਰ ਮਹਿ (ਸਵਈਏ ਮਹਲੇ ਚਉਥੇ ਕੇ/ਭਟ ਨਲ/੧੩੯੯) ਗੁਰੂ ਅਰਜਨ ਸਾਹਿਬ ਜੀ ਨੇ ਵੀ ਸਿੱਖਾਂ ਦੀ ਬਾਂਹ ਫੜਦਿਆਂ ਸਦਾ ਇਉਂ ਕਹਿਣ ਲਈ ਪ੍ਰੇਰਿਆ ‘‘ਗੁਰੂ ਗੁਰੂ; ਗੁਰੁ ਕਰਿ ਮਨ ਮੋਰ  !   ਗੁਰੂ ਬਿਨਾ; ਮੈ (ਮੇਰਾ) ਨਾਹੀ ਹੋਰ   ਗੁਰ ਕੀ ਟੇਕ; ਰਹਹੁ ਦਿਨੁ ਰਾਤਿ   ਜਾ ਕੀ; ਕੋਇ ਮੇਟੈ ਦਾਤਿ (ਬਖ਼ਸ਼ਸ਼) (ਮਹਲਾ /੮੬੪), ਗੁਰੂ ਗੁਰੂ; ਗੁਰੁ ਕਰੁ ਮਨ ਮੇਰੇ ! .. ਜਉ ਹਰਿ ਬੁਧਿ ਰਿਧਿ ਸਿਧਿ ਚਾਹਤ; ਗੁਰੂ ਗੁਰੂ, ਗੁਰੁ ਕਰੁ ਮਨ ਮੇਰੇ ! ॥’’ (ਸਵਈਏ ਮਹਲੇ ਚਉਥੇ ਕੇ/ਭਟ ਨਲ/੧੪੦੦), ਇਸ ਕਾਰਜ ਲਈ ਅਨੁਭਵੀ ਪੁਰਸ਼ਾਂ ਦੀ ਸੰਗਤ ਕਰਨੀ ਲਾਭਕਾਰੀ ਹੈ; ਜਿਵੇਂ ਕਿ ਬਚਨ ਹਨ ‘‘ਸਭਿ ਸੁਰਤੀ ਮਿਲਿ; ਸੁਰਤਿ ਕਮਾਈ (ਸੋ ਦਰੁ/ਮਹਲਾ /) ਅਰਥ: ਸਾਰੇ ਹੀ ਸੁਰਤਵਾਨਾਂ (ਭਾਵ ਅਨੁਭਵੀ ਸਤਸੰਗੀਆਂ) ਨੇ ਮਿਲ ਕੇ ਸੁਰਤਿ ਦੀ ਇਕਾਗਰਤਾ ਪਾਈ, ਟਿਕਾਅ ਹਾਸਲ ਕੀਤਾ ਯਾਨੀ ਸਿੱਖ ਬਣੇ। (ਸਬਦੁ+ਗੁਰੂ ’ਚ) ਧਿਆਨ ਟਿਕਾਉਣ ’ਚ ਕਾਮਯਾਬੀ ਪਾਈ। ਐਸੇ ਸਤਿਸੰਗੀਆਂ ’ਚ ਰਹਿ ਕੇ ਕੀਤੇ ਅਹਿਸਾਸ ਨੂੰ ਭਗਤ ਕਬੀਰ ਜੀ ਨੇ ਇਉਂ ਸਾਂਝਾ ਕੀਤਾ ‘‘ਪ੍ਰੇਮ ਪਲੀਤਾ, ਸੁਰਤਿ ਹਵਾਈ; ਗੋਲਾ ਗਿਆਨੁ ਚਲਾਇਆ ਬ੍ਰਹਮ ਅਗਨਿ ਸਹਜੇ ਪਰਜਾਲੀ; ਏਕਹਿ ਚੋਟ ਸਿਝਾਇਆ (ਭਗਤ ਕਬੀਰ/੧੧੬੧) ਅਰਥ : (ਜਦ ਤੋਪ ਦਾ ਗੋਲ਼ਾ ਦਾਗਣ ਲਈ ਰੱਬੀ) ਪ੍ਰੇਮ ਦਾ ਪਲੀਤਾ (ਅੱਗ ਦੇਣ ਵਾਲ਼ੀ ਮਸ਼ਾਲ/ਬੱਤੀ) ਅਤੇ ਸੁਰਤਿ ਨੂੰ ਖੁੱਲ੍ਹਾ ਪੁਲਾੜ ਬਣਾ ਕੇ ਗੋਲ਼ਾ; ਗੁਰੂ ਗਿਆਨ ਰੂਪ ਚਲਾਇਆ ਤਾਂ ਸਹਿਜੇ ਹੀ ਰੱਬੀ ਜੋਤਿ (ਮੇਰੇ ਅੰਦਰ) ਬਲ਼ ਗਈ। ਇੱਕੋ ਚੋਟ ਨਾਲ਼ ਕਾਮਯਾਬੀ ਮਿਲ ਗਈ। ਐਸੀ ਹੀ ਕਾਮਯਾਬੀ ਪਾ ਚੁੱਕੇ ਅਤੇ ਸੰਗਤਾਂ ਪਾਸੋਂ ਸਫਲਤਾ ਪਵਾਉਣ ਵਾਲ਼ੇ ਗੁਰੂ ਅੰਗਦ ਸਾਹਿਬ ਜੀ ਬਾਰੇ ਭੱਟ ਕੀਰਤ ਜੀ ਦੇ ਬੋਲ ਹਨ ‘‘ਨਾਨਕਿ (ਨੇ) ਨਾਮੁ ਨਿਰੰਜਨ ਜਾਨ(ਜਾਨਿਅਉ); ਕੀਨੀ ਭਗਤਿ ਪ੍ਰੇਮ ਲਿਵ ਲਾਈ   ਤਾ ਤੇ; ਅੰਗਦੁ ਅੰਗਿ+ਸੰਗਿ ਭਯੋ ਸਾਇਰੁ; ਤਿਨਿ, ਸਬਦ+ਸੁਰਤਿ ਕੀਨੀ ਵਰਖਾਈ (ਭਟ ਕੀਰਤ/੧੪੦੬) ਅਰਥ : (ਗੁਰੂ) ਨਾਨਕ ਜੀ ਨੇ ਨਿਰੰਜਨ (ਕਾਲ਼ਖ਼ ਰਹਿਤ ਰੱਬ) ਦਾ ਨਾਮ ਪਹਿਲਾਂ ਆਪ ਸਮਝਿਆ ਅਤੇ ਇਕਾਗਰ ਚਿਤ ਹੋ ਕੇ (ਉਸ ਦੀ) ਪ੍ਰੇਮਾ-ਭਗਤੀ ਕੀਤੀ। ਫਿਰ ਉਸ (ਨਾਨਕ ਜੀ) ਤੋਂ (ਉਨ੍ਹਾਂ ਦੇ) ਅੰਗ-ਸੰਗ ਰਹਿਣ ਵਾਲ਼ੇ (ਗੁਰੂ) ਅੰਗਦ ਦੇਵ ਜੀ; (ਗੁਣਾਂ ਦੇ) ਸਮੁੰਦਰ ਬਣੇ। ਜਿਨ੍ਹਾਂ (ਨੇ, ਗੁਰਿਆਈ ’ਤੇ ਬਿਰਾਜਮਾਨ ਹੋ ਕੇ ਸੰਗਤਾਂ ਨੂੰ) ਸ਼ਬਦ-ਸੁਰਤਿ ਦਾ ਸੁਮੇਲ ਕਰਾ-ਕਰਾ ਨਾਮ-ਅੰਮ੍ਰਿਤ ਦੀ ਵਰਖਾ ਕੀਤੀ।

ਨੋਟ : ਗੁਰਬਾਣੀ ਦੇ ਵਾਕ ‘‘ਸਬਦ+ਸੁਰਤਿ ਕੀਨੀ ਵਰਖਾਈ’’ ਦਾ ਅਕਸਰ ਪਾਠ ‘‘ਸਬਦ+ਸੁਰਤਿ ਕੀ ਨੀਵ ਰਖਾਈ’’ ਕੀਤਾ ਜਾਂਦਾ ਹੈ ਜਦਕਿ ‘‘ਸਬਦ+ਸੁਰਤਿ ਕੀ ਨੀਵ’’; ਗੁਰੂ ਨਾਨਕ ਸਾਹਿਬ ਜੀ ਨੇ ਰੱਖੀ ਹੈ, ਪਰ ਇਹ ਸ਼ਬਦ; ਗੁਰੂ ਅੰਗਦ ਸਾਹਿਬ ਜੀ ਬਾਰੇ ਹੈ।

1 COMMENT

  1. ਲੇਖ ਬੜੀ ਮਿਹਨਤ ਅਤੇ ਗੁਰੂ ਦੀ ਕਿਰਪਾ ਨਾਲ ਲਿਖੀਦਾ ਹੈ ਹਰ ਗੂਰੂ ਪਿਆਰੇ ਨੂੰ ਧਿਆਨ ਨਾਲ ਸਮਝਣਾ ਅਤੇ ਹੋਰ ਸੰਗਤਾਂ ਨਾਲ਼ ਸਾਝਾ ਕਰਨਾ ਚਾਹੀਦਾ ਹੈ ਜੀ।

Comments are closed.