ਸਿੱਖ ਕੌਮ ਨੂੰ ਪੰਜਾਬ ਵਿੱਚ ਨਵੇਂ ਸਾਲ ਦਰਮਿਆਨ 10 ਪ੍ਰਮੁੱਖ ਚੁਣੌਤੀਆਂ ਅਤੇ ਉਸ ਦੇ ਹੱਲ
ਗਿਆਨੀ ਅੰਮ੍ਰਿਤਪਾਲ ਸਿੰਘ ਲੁਧਿਆਣੇ ਵਾਲੇ
ਹੋ ਸਕਦਾ ਹੈ ਕਿ ਕਈ ਗੁਰਸਿੱਖ ਨਿਜੀ ਤੌਰ ’ਤੇ ਬਹੁਤ ਸੁੱਖੀ ਹੋਣ ਪਰ ਪੰਥਕ ਤੌਰ ’ਤੇ ਸਿੱਖ ਕੌਮ ਦੇ ਸਾਹਮਣੇ ਬਹੁਤ ਚੁਣੌਤੀਆਂ ਹਨ। ਆਪਣੇ ਆਪ ਨੂੰ ਪੰਥਕ ਪਰਿਵਾਰ ਦਾ ਮੈਂਬਰ ਮੰਨਣ ਵਾਲੇ ਗੁਰਸਿੱਖ ਨੂੰ ਪੰਥ ਦੀ ਤਰੱਕੀ ਵਿੱਚ ਆਪਣਾ ਬਣਦਾ ਯੋਗਦਾਨ ਜ਼ਰੂਰ ਪਾਉਣਾ ਚਾਹੀਦਾ ਹੈ।
ਪਿਛਲੇ ਸਾਲਾਂ ਦੀ ਤਰ੍ਹਾਂ ਨਵਾਂ ਸਾਲ ਵੀ ਸਾਡੇ ਲਈ 10 ਦੇ ਕਰੀਬ ਪ੍ਰਮੁੱਖ ਚੁਣੌਤੀਆਂ ਲੈ ਕੇ ਆ ਰਿਹਾ ਹੈ। ਕੌਮੀ ਭਵਿੱਖ ਸੁੱਖ ਦੇ ਨਵੇਂ ਸੁਨੇਹੇ ਲੈ ਕੇ ਆਵੇ, ਇਸ ਲਈ ਸਾਨੂੰ ਜਲਦੀ ਹੀ ਕੁੱਝ ਹੱਲ ਸੋਚ ਕੇ ਉਹਨਾਂ ਨੂੰ ਅਮਲੀ ਜਾਮਾ ਪਹਿਨਾਉਣਾ ਪਵੇਗਾ।
1. ਜਾਤੀਵਾਦ : ਅੱਜ ਸਿੱਖ ਕੌਮ ਜਾਤੀਵਾਦ ਵਿੱਚ ਬੁਰੀ ਤਰ੍ਹਾਂ ਵੰਡੀ ਜਾ ਚੁੱਕੀ ਹੈ। ਇਕ-ਇਕ ਪਿੰਡ ਵਿੱਚ ਜਾਤਾਂ ਦੇ ਨਾਮ ’ਤੇ ਕਈ ਗੁਰਦੁਆਰਾ ਸਾਹਿਬ ਬਣ ਗਏ ਹਨ, ਜਿਸ ਨਾਲ ਸੰਗਤ ਕਈ ਹਿੱਸਿਆਂ ਵਿੱਚ ਵੰਡੀ ਗਈ ਹੈ।
ਜਾਤਿ ਜਨਮੁ ਨਹ ਪੂਛੀਐ; ਸਚ ਘਰੁ ਲੇਹੁ ਬਤਾਇ ॥
ਸਾ ਜਾਤਿ, ਸਾ ਪਤਿ ਹੈ; ਜੇਹੇ ਕਰਮ ਕਮਾਇ ॥ (ਮ: ੧/੧੩੩੦)
ਗੁਰਬਾਣੀ ਤਾਂ ਜਾਤ ਪੁੱਛਣ ਤੋਂ ਵਰਜਦੀ ਹੈ। ਆਪਣੇ ਬੱਚਿਆਂ ਦੇ ਰਿਸ਼ਤੇ ਕਰਦਿਆਂ ਜਾਂ ਆਮ ਤੌਰ ’ਤੇ ਕਹਿੰਦੇ-ਕਹਾਉਂਦੇ ਗੁਰਸਿੱਖ ਦੂਜੇ ਗੁਰਸਿੱਖਾਂ ਨੂੰ ਪੁੱਛੀ ਜਾਣਗੇ ਕਿ ਖ਼ਾਲਸਾ ਜੀ ! ਤੁਸੀਂ ਕੌਣ ਹੁੰਦੇ ਹੋ ? ਸਿੰਘ ਜੀ ! ਤੁਹਾਡੀ ਜਾਤ ਕੀ ਹੈ ? ਜਾਤ-ਪਾਤ ਤੋਂ ਖਹਿੜਾ ਛੁਡਾਉਣ ਲਈ ਸਿੱਖ ਪੰਥ ਵਿੱਚ ਸ਼ਾਮਲ ਹੋਣ ਵਾਲਾ ਵੀ ਸੋਚਦਾ ਹੈ ਕਿ ਸਿੱਖ ਬਣ ਕੇ ਵੀ ਜਾਤ-ਪਾਤ ਨੇ ਮੇਰਾ ਖਹਿੜਾ ਨਹੀਂ ਛੱਡਿਆ। ਗਿਆਨੀ ਦਿੱਤ ਸਿੰਘ ਜੀ ਮੁਤਾਬਕ :
ਕੌਣ ਸਿੱਖ ਹੁੰਦੇ ਹੋ ਭਾਈ ? ਜੀ ਮੈਂ ਅਰੋੜਾ, ਇਹ ਹੈ ਨਾਈ।
ਤੇਰਾ ਜਨਮ ਕਿਹਨਾਂ ਦੇ ਘਰ ਦਾ ? ਮੈਂ ਜੀ ਮਹਿਰਾ ਪਾਣੀ ਭਰਦਾ।
ਤੇਰੀ ਸਿੰਘਾ ਕੀ ਜਾਤ ? ਨਾਮੀ ਵੰਸ਼ ਮੈਂ ਹਾਂ ਭਰਾਤ।
ਇਹਨਾਂ ਵੰਡੀਆਂ ਕਾਰਨ ਸਿੱਖਾਂ ਵਿੱਚ ਆਪਸੀ ਝਗੜੇ-ਫ਼ਸਾਦ ਪੈਦਾ ਹੋ ਗਏ ਹਨ। ਬਾਹਰਲਾ ਦੁਸ਼ਮਣ ਉਦੋਂ ਜ਼ਰੂਰ ਹਮਲਾ ਕਰਦਾ ਹੈ ਜਦੋਂ ਕੋਈ ਕੌਮ ਵੰਡੀ ਹੋਈ ਹੋਵੇ। ਕਈ ਵਾਰੀ ਤਾਂ ਇਸ ਤਰ੍ਹਾਂ ਲਗਦਾ ਹੈ ਕਿ ਸਾਡਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਬਲਕਿ ਅਖੌਤੀ ਜਾਤ-ਪਾਤ ਨੂੰ ਬਣਾਉਣ ਵਾਲਾ ਮੰਨੂੰ ਰਿਖੀ ਹੈ। ਅਸਲ ਵਿੱਚ ਸਾਡੀ ਤਾਂ ਜਾਤ-ਪਾਤ ਹੀ ਸਾਡੇ ਗੁਰੂ ਦਾ ਸਿਧਾਂਤ ਹੈ। ਸਾਡਾ ਸਭ ਦਾ ਸਾਂਝਾ ਜਨਮ ਅਸਥਾਨ ਤਖ਼ਤ ਸ੍ਰੀ ਕੇਸਗੜ ਸਾਹਿਬ, ਵਾਸੀ ਸ੍ਰੀ ਅਨੰਦਪੁਰ ਸਾਹਿਬ, ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਮਾਤਾ ਸਾਹਿਬ ਕੌਰ ਜੀ, ਭੈਣ-ਭਰਾ ਸਾਰਾ ਸਿੱਖ ਪੰਥ ਹੈ। ਜਾਤ-ਪਾਤ ਛੱਡ ਕੇ ਆਪਸੀ ਏਕਤਾ ਲਈ ਸਾਂਝੇ ਪਰਿਵਾਰ ਦਾ ਸਿਧਾਂਤ ਹੀ ਯੋਗ ਹੱਲ ਹੈ।
ਗੁਰ ਸਿਖਾ ਇਕੋ ਪਿਆਰੁ; ਗੁਰ ਮਿਤਾ, ਪੁਤਾ, ਭਾਈਆ ॥ (ਮ: ੪/੬੪੮)
2. ਆਰਥਿਕਤਾ : ਅੱਜ ਆਰਥਿਕ ਤੌਰ ’ਤੇ ਪੰਜਾਬ ਕੰਗਾਲ ਹੋ ਰਿਹਾ ਹੈ। ਅਨਾਜ਼ ਦੀ ਜਾਇਜ਼ ਕੀਮਤ ਨਾ ਮਿਲਣ ਕਰ ਕੇ ਕਿਸਾਨ ਵੀਰ ਖੁਦਕੁਸ਼ੀਆਂ ਕਰ ਰਹੇ ਹਨ। ਵੱਡੀਆਂ-ਵੱਡੀਆਂ ਡਿਗਰੀਆਂ ਹਾਸਲ ਕਰ ਕੇ ਵੀ ਨੌਜਵਾਨ ਬੇਰੁਜ਼ਗਾਰ ਫਿਰ ਰਹੇ ਹਨ। ਕਈ ਨੌਜਵਾਨ ਬੇਰੁਜ਼ਗਾਰੀ ਤੋਂ ਬਚਣ ਲਈ ਕਰਜ਼ਾ ਚੁੱਕ ਕੇ ਆਪਣੇ ਪ੍ਰਾਣਾਂ ਤੋਂ ਪਿਆਰੀ ਜਨਮ ਭੂਮੀ ਛੱਡ ਕੇ ਵਿਦੇਸ਼ਾਂ ਵਿੱਚ ਧੱਕੇ ਖਾ ਰਹੇ ਹਨ। ਗੁਰਬਾਣੀ ਇਸ ਦਾ ਵੀ ਹੱਲ ਸੁਝਾਉਂਦੀ ਹੈ।
ਘਾਲਿ ਖਾਇ; ਕਿਛੁ ਹਥਹੁ ਦੇਇ ॥ ਨਾਨਕ ! ਰਾਹੁ ਪਛਾਣਹਿ ਸੇਇ ॥ (ਮ: ੧/੧੨੪੫)
ਸਭ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਸੌੜੀ ਰਾਜਨੀਤੀ ਤੋਂ ਮੁਕਤ ਹੋਵੇ। ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਧੀਨ ਦਸਵੰਧ ਕਮੇਟੀਆਂ ਬਣਨ। ਇਹਨਾਂ ਦਾ ਸਾਰਾ ਹਿਸਾਬ ਪਾਰਦਰਸ਼ੀ (Transparent) ਹੋਵੇ। ਜੇ ਸਾਰੀ ਦੁਨੀਆਂ ਵਿੱਚ ਵੱਸਦਾ ਹਰ ਇਕ ਗੁਰਸਿੱਖ ਆਪਣੀ ਪੂਰੀ ਇਮਾਨਦਾਰੀ ਨਾਲ ਹਰ ਮਹੀਨੇ ਦਸਵੰਧ ਦੀ ਮਾਇਆ ਜਮਾਂ ਕਰਾਏ ਤਾਂ 6 ਮਹੀਨਿਆਂ ਵਿੱਚ ਹੀ ਅਰਬਾਂ ਰੁਪਇਆ ਇਕੱਠਾ ਹੋ ਸਕਦਾ ਹੈ। ਇਸ ਨਾਲ ਪੰਜਾਬ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾ ਸਕਦੇ ਹਨ। ਫ਼ੈਕਟਰੀਆਂ, ਮਿੱਲਾਂ ਤੇ ਕਾਰਖਾਨੇ ਲਗਾਏ ਜਾ ਸਕਦੇ ਹਨ। ਸਕੂਲ, ਕਾਲਜ, ਯੂਨੀਵਰਸਿਟੀਆਂ, ਨਰਸਿੰਗ-ਇੰਜੀਨੀਅਰਿੰਗ-ਟੈਕਨੀਕਲ ਕਾਲਜ ਅਤੇ ਹੋਰ ਕਿੱਤਾ ਮੁਖੀ ਸੰਸਥਾਵਾਂ ਖੋਲ੍ਹੀਆਂ ਜਾ ਸਕਦੀਆਂ ਹਨ। ਡਿਸਪੈਂਸਰੀਆਂ, ਹਸਪਤਾਲ ਤੇ ਹੋਰ ਲੋੜੀਂਦੀਆਂ ਸੰਸਥਾਵਾਂ ਖੋਲ੍ਹਣ ਨਾਲ ਜਿੱਥੇ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ, ਉੱਥੇ ਪੰਜਾਬ ਵਿੱਚ ਸਹੂਲਤਾਂ ਵੀ ਵਧ ਜਾਣਗੀਆਂ। ਸਿੱਖੀ ਦੇ ਦਸਵੰਧ ਕੱਢਣ ਅਤੇ ਵੰਡ ਛੱਕਣ ਦੇ ਸਿਧਾਂਤ ਨੂੰ ਲਾਗੂ ਕੀਤਿਆਂ ਪੰਜਾਬ ਵਿੱਚੋਂ ਗਰੀਬੀ ਸਦਾ ਲਈ ਖਤਮ ਹੋ ਜਾਵੇਗੀ ਤੇ ਨਵੀਂ ਮਨੁੱਖਤਾ ਦਾ ਉੱਥਾਨ ਹੋ ਜਾਵੇਗਾ।
3. ਰਾਜਨੀਤੀਕ : ਰਾਜਨੀਤਿਕ ਤੌਰ ’ਤੇ ਗੁਰੂਆਂ ਦੀ ਪਾਵਨ ਧਰਤੀ ਸਿੱਖਾਂ ਤੋਂ ਖੁੱਸਦੀ ਜਾ ਰਹੀ ਹੈ। ਬਾਹਰਲੇ ਸੂਬਿਆਂ ਦੇ ਲੋਕ ਪੰਜਾਬ ਵਿੱਚ ਧੜਾਧੜ ਵੋਟਾਂ ਬਣਾ ਰਹੇ ਨੇ। ਉਹ ਲੋਕ ਅੱਜ M.L.A.ਬਣ ਰਹੇ ਹਨ ਤੇ ਕੱਲ ਨੂੰ M.P.ਵੀ ਬਣ ਜਾਣਗੇ। ਇਕ ਸਮਾਂ ਐਸਾ ਵੀ ਆ ਸਕਦਾ ਹੈ ਕਿ ਸਿੱਖ ਚਾਹ ਕੇ ਗੱਠਜੋੜ ਵਾਲੀ ਸਰਕਾਰ ਵਿੱਚ ਵੀ ਸ਼ਾਮਲ ਨਹੀਂ ਹੋ ਸਕਦੇ। ਅਸੀਂ ਸ਼ਰਾਬ ਦੀ ਬੋਤਲ ਜਾਂ ਇਕ ਵੱਡਾ ਨੋਟ ਲੈ ਕੇ ਆਪਣੀ ਵੋਟ ਹੀ ਨਹੀਂ ਵੇਚਦੇ ਸਗੋਂ ਆਪਣੀ ਕੌਮ ਦਾ ਭਵਿੱਖ ਵੀ ਵੇਚ ਦਿੰਦੇ ਹਾਂ। ਇਸ ਨਾਲ ਯੋਗ ਆਗੂਆਂ ਦੀ ਜਗ੍ਹਾ ਭ੍ਰਸ਼ਟ ਲੋਕ ਪੰਜਾਬ ’ਤੇ ਕਾਬਜ਼ ਹੋ ਜਾਂਦੇ ਹਨ। ਇਕ-ਦੂਜੇ ਦੀਆਂ ਦਸਤਾਰਾਂ ਲਾਹੁਣ, ਤਲਵਾਰਾਂ ਚਲਾਉਣ ਅਤੇ ਲੱਤਾਂ ਖਿੱਚਣ ਵਾਲੀ ਆਪਸੀ ਖਹਿਬਾਜ਼ੀ ਨੇ ਵੀ ਸਿੱਖਾਂ ਨੂੰ ਕਮਜ਼ੋਰ ਕੀਤਾ ਹੋਇਆ ਹੈ। ਜੇ ਸਿੱਖਾਂ ਦੇ ਸਾਰੇ ਰਾਜਨੀਤਿਕ ਧੜੇ ਪੰਥਕ ਏਕਤਾ ਵਿੱਚ ਪਰੋਏ ਜਾਣ ਤਾਂ ਸਿੱਖ ਵੀ ਆਪਣੇ ਪੰਜਾਬ ਦੇ ਹੱਕਾਂ ਬਾਰੇ ਸੋਚ ਸਕਦੇ ਹਨ। ਅੱਜ ਸਾਨੂੰ ਇਕ ਯੋਗ, ਇਮਾਨਦਾਰ, ਦੂਰ-ਅੰਦੇਸ਼ ਤੇ ਪੰਥਕ ਜਜ਼ਬਾ ਰੱਖਣ ਵਾਲੇ ਗੁਰਸਿੱਖ ਆਗੂ ਦੀ ਬੇਹੱਦ ਸਖ਼ਤ ਲੋੜ ਹੈ, ਜਿਸ ਨਾਲ ਸਾਡਾ ਪੰਜਾਬ ਰਾਜ ਬੇਗ਼ਮਪੁਰਾ ਬਣ ਸਕੇ।
ਬੇਗਮ ਪੁਰਾ; ਸਹਰ ਕੋ ਨਾਉ ॥ ਦੂਖੁ ਅੰਦੋਹੁ ਨਹੀ; ਤਿਹਿ ਠਾਉ ॥ (ਭਗਤ ਰਵਿਦਾਸ/੩੪੫)
4. ਧੀ ਭਰੂਣ ਹੱਤਿਆ : ਕਿਸੇ ਸਮੇਂ ਧੀ ਨੂੰ ਜਨਮ ਤੋਂ ਬਾਅਦ ਮਾਰ ਦਿੱਤਾ ਜਾਂਦਾ ਸੀ ਪਰ ਅੱਜ ਮੈਡੀਕਲ ਸਾਇੰਸ ਨੇ ਇੰਨੀ ਸਹੂਲਤ ਦੇ ਦਿੱਤੀ ਕਿ ਧੀ ਨੂੰ ਜਨਮ ਤੋਂ ਪਹਿਲਾਂ ਹੀ ਮਾਤਾ ਦੇ ਪੇਟ ਵਿੱਚ ਮਾਰ ਦਿੱਤਾ ਜਾਂਦਾ ਹੈ। ਪੰਜਾਬ ਵਿੱਚ ਪੁੱਤਰਾਂ ਦੇ ਮੁਕਾਬਲੇ ਧੀਆਂ ਦੀ ਜਨਮ ਦਰ ਘਟੀ ਹੋਈ ਹੈ। ਪੁੱਤਰ ਦੀ ਚਾਹਤ ਲਈ ਮਾਰੀ ਜਾਣ ਵਾਲੀ ਧੀ ਦੀ ਮੌਤ ਦੇ ਪਾਪ ਵਿੱਚ ਕੇਵਲ ਮਾਂ-ਪਿਉ ਤੇ ਡਾਕਟਰ ਹੀ ਭਾਗੀਦਾਰ ਨਹੀਂ, ਸਗੋਂ ਉਸ ਤੋਂ ਬਾਅਦ ਹੋਣ ਵਾਲਾ ਪੁੱਤਰ ਵੀ ਓਨਾ ਹੀ ਪਾਪਾਂ ਦਾ ਭਾਗੀ ਹੁੰਦਾ ਹੈ ਕਿਉਂਕਿ ਉਸ ਦੀ ਖਾਤਰ ਹੀ ਧੀ ਦੀ ਹੱਤਿਆ ਕੀਤੀ ਹੁੰਦੀ ਹੈ।
ਇਸ ਤੋਂ ਇਲਾਵਾ ਪਿਤਾ ਲਈ ਦਾਜ ਦੇਣ ਦਾ ਬੋਝ, ਦਾਜ ਦੇਣ ਤੋਂ ਬਾਅਦ ਵੀ ਕਈ ਵਾਰੀ ਧੀ ਦਾ ਸੁਖੀ ਨਾ ਵੱਸਣਾ ਵੀ ਹੱਤਿਆ ਕਾਰਨ ਬਣਦੇ ਹਨ। ਸਮਾਜ ਵਿੱਚ ਨੌਜਵਾਨਾਂ ਵੱਲੋਂ ਛੇੜਖਾਨੀਆਂ ਜਾਂ ਹੋਰਨਾਂ ਧੀਆਂ ਵੱਲੋਂ ਪਿਤਾ ਦੀ ਪੱਗ ਨੂੰ ਦਾਗ ਲਾ ਦੇਣਾ, ਦੇਖ ਕੇ ਵੀ ਇਕ ਅਣਖ ਵਾਲਾ ਬਾਪ ਨਹੀਂ ਚਾਹੁੰਦਾ ਕਿ ਕੱਲ੍ਹ ਨੂੰ ਉਸ ਨੂੰ ਵੀ ਇਹ ਦਿਨ ਦੇਖਣਾ ਪਵੇ। ਇਸ ਦੇ ਅਸਿੱਧੇ ਰੂਪ ਵਿੱਚ ਦੋਸ਼ੀ ਤਾਂ ਸਮਾਜ ਹੀ ਹੈ, ਜਿਸ ਵਿੱਚ ਅਸੀਂ ਸਾਰੇ ਸ਼ਾਮਲ ਹਾਂ।
ਗੁਰਬਾਣੀ ਨੇ ਔਰਤ ਨੂੰ ‘‘ਸੋ ਕਿਉ ਮੰਦਾ ਆਖੀਐ ? ਜਿਤੁ ਜੰਮਹਿ ਰਾਜਾਨ ॥’’ (ਮ: ੧/੪੭੩) ਕਹਿ ਕੇ ਸਨਮਾਨ ਦਿੱਤਾ ਹੈ। ਸਿੱਖ ਪੰਥ ਵਿੱਚ ਇਸਤਰੀ ਤੇ ਪੁਰਖ ਦੋਨੋਂ ਹੀ ਰੱਬ ਦੇ ਰੂਪ ਮੰਨੇ ਗਏ ਹਨ। ਇਸ ਲਈ ਧੀਆਂ ਨੂੰ ਵੀ ਪੁੱਤਰਾਂ ਦੇ ਬਰਾਬਰ ਹੱਕ ਅਤੇ ਪਿਆਰ ਦੇਣਾ ਚਾਹੀਦਾ ਹੈ।
ਏਤੇ ਅਉਰਤ ਮਰਦਾ ਸਾਜੇ; ਏ ਸਭ ਰੂਪ ਤੁਮ੍ਾਰੇ ॥ (ਭਗਤ ਕਬੀਰ/੧੩੪੯)
5. ਦਾਜ : ਅੱਜ ਸਾਡੇ ਸਾਮ੍ਹਣੇ ਦਾਜ ਅਤੇ ਫ਼ਿਜ਼ੂਲ-ਖਰਚੀਆਂ ਵਾਲੇ ਮਹਿੰਗੇ ਵਿਆਹ ਵੀ ਇਕ ਸਮੱਸਿਆ ਬਣ ਗਏ ਹਨ। ਪੁਰਾਣੇ ਜ਼ਮਾਨੇ ਵਿੱਚ ਜਦੋਂ ਕੋਈ ਕਬੀਲਾ ਦੂਜੇ ਕਬੀਲੇ ’ਤੇ ਹਮਲਾ ਕਰਦਾ ਸੀ ਤਾਂ ਦੂਜਾ ਕਬੀਲਾ ਮੂੰਹ ਭੰਨ ਦਿੰਦਾ ਸੀ। ਜੇ ਦੂਜਾ ਕਬੀਲਾ ਕਮਜ਼ੋਰ ਹੁੰਦਾ ਤਾਂ ਉਹ ਹਾਰ ਮੰਨ ਕੇ ਹਮਲਾਵਰ ਕਬੀਲੇ ਦਾ ਸਵਾਗਤ ਕਰਦਾ ਸੀ। ਉਸ ਨੂੰ ਟੈਕਸ ਦੇ ਰੂਪ ਵਿੱਚ ਧਨ-ਦੌਲਤ, ਕੀਮਤੀ ਚੀਜ਼ਾਂ ਤੇ ਆਪਣੀਆਂ ਧੀਆਂ ਦੇ ਕੇ ਵਾਪਸ ਮੋੜ ਦਿੰਦਾ ਸੀ। ਹਮਲਾਵਰ ਕਬੀਲਾ ਜਿੱਤ ਦੇ ਵਾਜੇ ਵਜਾ ਕੇ ਵਾਪਸ ਮੁੜ ਜਾਂਦਾ ਸੀ। ਸਾਡੀਆਂ ਬਰਾਤਾਂ ਵੀ ਧੀ ਦੇ ਪਰਿਵਾਰ ’ਤੇ ਹਮਲਾ ਕਰਨ ਵਾਂਙ ਲਗਦੀਆਂ ਹਨ। ਜਿਸ ਨੇ ਕਦੀ ਕੁੱਤੇ ਨੂੰ ਸੋਟੀ ਨਹੀਂ ਮਾਰੀ ਹੁੰਦੀ, ਉਹ ਤਲਵਾਰ ਫੜ ਲੈਂਦਾ ਹੈ। ਉਸ ਨੂੰ ਫੜ ਕੇ ਘੋੜੀ ’ਤੇ ਬਿਠਾਇਆ ਜਾਂਦਾ ਹੈ। ਬਰਾਤ ਰੂਪੀ ਫ਼ੌਜ, ਨਾਲ ਤੁਰਦੀ ਹੈ। ਧੀ ਦਾ ਬਾਪ ਹਾਰੇ ਹੋਏ ਕਬੀਲੇ ਦੇ ਸਰਦਾਰ ਵਾਂਙੂੰ ਬਾਹਰ ਆ ਕੇ ਸਵਾਗਤ ਕਰਦਾ ਹੈ। ਬਹੁਤ ਸਾਰੇ ਤੋਹਫ਼ੇ ਦੇ ਕੇ, ਦਾਜ ਦੇ ਕੇ, ਧੀ ਨੂੰ ਵੀ ਨਾਲ ਤੋਰਦਾ ਹੈ। ਪੁੱਤਰ ਵਾਲੇ ਜੇਤੂ ਧਿਰ ਵਾਂਙ ਬੈਂਡ-ਵਾਜੇ ਵਜਾਉਂਦੇ ਧੀ ਅਤੇ ਬਹੁਤ ਸਾਰਾ ਦਾਜ ਲੈ ਕੇ ਵਾਪਸ ਮੁੜ ਜਾਂਦੇ ਹਨ।
ਅੱਜ ਸਾਡੇ ਸਮਾਜ ਵਿੱਚ ਵੀ ਪੁੱਤਰਾਂ ਦੀ ਬੋਲੀ ਲਗਾਈ ਜਾਂਦੀ ਹੈ। ਅਮੀਰ ਤਾਂ ਦਾਜ ਵਿੱਚ ਬਹੁਤ ਕੁੱਝ ਦੇ ਸਕਦੇ ਹਨ ਪਰ ਗਰੀਬ ਆਦਮੀ ਪੀਸਿਆ ਜਾਂਦਾ ਹੈ। ਤਿੰਨ ਧੀਆਂ ਦਾ ਬਾਪ ਕਰਜ਼ਾ ਚੁੱਕ ਕੇ ਇਕ ਧੀ ਨੂੰ ਵਿਆਹੁੰਦਾ ਹੈ ਤੇ ਘਰ ਬੈਠੀਆਂ ਦੋ ਧੀਆਂ ਨੂੰ ਦੇਖ ਕੇ ਝੁਰਦਾ ਹੈ। ਕੁੜਮਾਂ ਵੱਲੋਂ ਹੋਰ ਦਾਜ ਮੰਗਣ ’ਤੇ ਜਾਂ ਕਈ ਵਾਰੀ ਕਰਜ਼ਾ ਨਾ ਉਤਰਨ ’ਤੇ ਬਾਪ ਖੁਦਕਸ਼ੀ ਕਰ ਲੈਂਦਾ ਹੈ। ਕਈਆਂ ਨੇ ਤਾਂ ਗਰੀਬ ਧੀਆਂ ਦੇ ਵਿਆਹ ਦੇ ਨਾਮ ’ਤੇ ਵਪਾਰ ਵੀ ਸ਼ੁਰੂ ਕਰ ਲਏ ਹਨ। ਉਹਨਾਂ ਦੇ ਵਿਆਹ ਦੀਆਂ ਵੀਡੀਉ ਬਣਾ ਕੇ, ਸਾਰੀ ਦੁਨੀਆਂ ਵਿੱਚ ਦਿਖਾ ਕੇ ਕਰੋੜਾਂ ਰੁਪਇਆ ਇਕੱਠਾ ਕਰ ਰਹੇ ਹਨ।
ਦਾਜ ਦੀ ਲਾਹਨਤ ਤਾਂ ਹੀ ਬੰਦ ਹੋ ਸਕਦੀ ਹੈ ਜੇ ਪਿਤਾ ਦਾਜ ਦੇ ਮੰਗਤਿਆਂ ਨਾਲ ਆਪਣੀ ਧੀ ਦਾ ਰਿਸ਼ਤਾ ਹੀ ਨਾ ਜੋੜੇ। ਇਸ ਤੋਂ ਇਲਾਵਾ ਸਾਡੇ ਨੌਜਵਾਨ ਪ੍ਰਣ ਕਰਨ ਕਿ ਉਹ ਦਾਜ ਨਹੀਂ ਲੈਣਗੇ ਬਲਕਿ ਲੜਕੀ ਦੇ ਗੁਣ ਦੇਖੇ ਜਾਣਗੇ। ਜਿਸ ਨੇ ਆਪਣੇ ਦਿਲ ਦਾ ਟੁੱਕੜਾ ਧੀ ਹੀ ਦੇ ਦਿੱਤੀ, ਉਸ ਨੇ ਆਪਣੇ ਕੋਲ ਹੋਰ ਕੀ ਰੱਖ ਲਿਆ ? ਗੁਰਮਤਿ ਵਿੱਚ ਤਾਂ ਗੁਣਾਂ ਦੇ ਦਾਜ ਨੂੰ ਹੀ ਵਡਿਆਇਆ ਗਿਆ ਹੈ। ਦਾਜ ਲੈਣ ਤੇ ਦੇਣ ਦਾ ਵਿਖਾਲਾ ਪਾਉਣ ਵਾਲਾ ਗੁਰਮੁਖ ਹੀ ਨਹੀਂ ਹੈ। ਉਸ ਨੂੰ ਮਨਮੁਖ, ਝੂਠੇ, ਹੰਕਾਰੀ, ਕੱਚੇ ਜੀਵਨ ਵਾਲੇ ਤੇ ਪਖੰਡੀ ਕਹਿ ਕੇ ਦੁਰਕਾਰਿਆ ਗਿਆ ਹੈ।
ਹੋਰਿ ਮਨਮੁਖ ਦਾਜੁ ਜਿ ਰਖਿ ਦਿਖਾਲਹਿ; ਸੁ ਕੂੜੁ ਅਹੰਕਾਰੁ ਕਚੁ ਪਾਜੋ ॥ (ਮ: ੪/੭੯)
6. ਨਸ਼ੇ : ਪੰਜਾਬ ਵਿੱਚ ਨਸ਼ੇ ਇੰਨੇ ਵੱਧ ਗਏ ਹਨ ਕਿ ਇਹ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਨਾਲ-ਨਾਲ ਸਕੂਲਾਂ ਵਿੱਚ ਵੀ ਪਹੁੰਚ ਚੁੱਕੇ ਹਨ। ਅੱਜ ਪੰਜਾਬ ਵਿੱਚ ਇੰਨੀ ਜ਼ਿਆਦਾ ਸ਼ਰਾਬ ਹੈ ਕਿ ਜੰਮਦੇ ਬੱਚੇ ਤੋਂ ਲੈ ਕੇ ਮਰਨ ਕਿਨਾਰੇ ਪਏ ਬਜ਼ੁਰਗ ਤੱਕ ਦੇ ਹਿੱਸੇ ਵੀ ਸੱਤ-ਸੱਤ ਬੋਤਲਾਂ ਸ਼ਰਾਬ ਦੀਆਂ ਆਉਂਦੀਆਂ ਹਨ। ਪੰਜ ਦਰਿਆਵਾਂ ਦੀ ਧਰਤੀ ਵਿੱਚ ਦੇਸ਼ ਦੀ ਵੰਡ ਪਿੱਛੋਂ ਢਾਈ ਦਰਿਆ ਰਹਿ ਗਏ ਹਨ। ਪੰਜ ਦਰਿਆ ਤਾਂ ਸੁੱਕਦੇ ਜਾ ਰਹੇ ਹਨ ਪਰ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਛੇਵਾਂ ਸ਼ਰਾਬ ਦਾ ਦਰਿਆ ਲਬਾ-ਲੱਬ ਭਰਿਆ ਵਗ ਰਿਹਾ ਹੋਵੇ। ਨਸ਼ਿਆਂ ਲਈ ਲੀਡਰਾਂ ਨੂੰ ਕੋਸਣ ਦੀ ਲੋੜ ਨਹੀਂ, ਇਸ ਲਈ ਅਸੀਂ ਆਪਣੇ ਦੁਸ਼ਮਣ ਆਪ ਹੀ ਹਾਂ। ਅਸੀਂ ਆਪਣੇ 7 ਨੁਕਸਾਨ ਆਪ ਹੀ ਕਰਦੇ ਹਾਂ। ਨਸ਼ੇ ਨੇ ਪੈਸਾ, ਸਿਹਤ, ਸਮਾਂ, ਪਰਿਵਾਰਕ ਸੰਬੰਧ, ਸਮਾਜਿਕ ਰਿਸ਼ਤੇ-ਨਾਤਿਆਂ ਦਾ ਨੁਕਸਾਨ ਤਾਂ ਕੀਤਾ ਹੀ ਹੈ, ਨਾਲ ਹੀ ਨੈਤਿਕ ਗੁਣ ਵੀ ਗਵਾਚ ਗਏ ਅਤੇ ਸੱਤਵਾਂ ਗੁਰੂ ਤੇ ਰੱਬ ਵੱਲੋਂ ਵੀ ਬੇਮੁੱਖ ਹੋ ਗਏ। ਮਨੁੱਖ ਨੂੰ ਓਨਾ ਦਰਿਆਵਾਂ, ਸਮੁੰਦਰਾਂ ਨੇ ਨਹੀਂ ਡੋਬਿਆ, ਜਿੰਨਾ ਇਕ ਸ਼ਰਾਬ ਦੇ ਪਿਆਲੇ ਨੇ ਡੋਬ ਕੇ ਰੱਖ ਦਿੱਤਾ ਹੈ। ਸ਼ਰਾਬੀ ਮਨੁੱਖ ਬੋਤਲ ਵਰਗਾ ਹੁੰਦਾ ਹੈ, ਜਿਸ ਦਾ ਧੜ ਤੇ ਗਰਦਨ ਤਾਂ ਹੁੰਦੀ ਹੈ ਪਰ ਸਿਰ ਨਹੀਂ ਹੁੰਦਾ। ਸ਼ਰਾਬੀ ਦੇ ਘਰ ਆਉਣ ’ਤੇ ਬੱਚੇ ਸਹਿਮ ਜਾਂਦੇ ਹਨ ਤੇ ਪਤਨੀ ਦੇ ਅਰਮਾਨ ਮੁੱਕ ਜਾਂਦੇ ਹਨ।
ਨਸ਼ਾ ਸਰੀਰ ਵਿੱਚ ਸੁਸਤੀ, ਕਮਜ਼ੋਰੀ, ਕੈਂਸਰ, ਚੱਕਰ, ਲਕਵਾ, ਖਾਂਸੀ ਵਰਗੀਆਂ ਅਲਾਮਤਾਂ ਪੈਦਾ ਕਰਦਾ ਹੈ। ਇਸ ਨਾਲ ਦਿਮਾਗ ਦੀਆਂ ਨਾੜੀਆਂ ਕਮਜ਼ੋਰ ਹੁੰਦੀਆਂ ਹਨ ਅਤੇ ਚੇਤੰਨਤਾ ਖਤਮ ਹੋ ਜਾਂਦੀ ਹੈ। ਸੀ. ਬੀ. ਸੀ. ਕੈਨੇਡਾ ਦਾ ਇਕ ਪਬਲਿਕ ਅਦਾਰਾ ਹੈ, ਜਿਸ ਨੇ 2 ਦਸੰਬਰ, ਸੰਨ 2004 ਨੂੰ ਸਵੇਰੇ 9:03 ’ਤੇ ਅਤੇ 5 ਦਸੰਬਰ, ਸੰਨ 2004 ਨੂੰ ਸ਼ਾਮ 7 ਵਜੇ ਦੱਸਿਆ ਹੈ ਕਿ ਜੋ ਸ਼ਰਾਬ ਦੇ ਹੱਕ ਵਿੱਚ ਝੂਠੀ ਖੋਜ ਕਰਦੇ ਹਨ, ਅਸਲ ਵਿੱਚ ਇਹਨਾਂ ਪਿੱਛੇ ਸਾਰਾ ਹੱਥ ਸ਼ਰਾਬ ਕੰਪਨੀਆਂ ਦਾ ਹੁੰਦਾ ਹੈ। ਇਕ ਸਰਵੇ ਦੇ ਮੁਤਾਬਕ ਸ਼ਰਾਬ ਦੇ ਲਾਭ ਦੱਸਣ ਲਈ 3 ਸਾਲਾਂ ਵਿੱਚ 53 ਕਰੋੜ ਰੁਪਏ ਖਰਚੇ ਗਏ ਅਤੇ ਹਾਨੀਆਂ ਦੱਸਣ ਲਈ ਸਿਰਫ਼ 75 ਹਜ਼ਾਰ ਰੁਪਏ ਖਰਚੇ ਗਏ। ਹੁਣ ਤਾਂ ਪੰਜਾਬ ਦੇ ਵੱਡੇ ਸ਼ਹਿਰਾਂ ਵਿੱਚ ਹੁੱਕਾ ਬਾਰ ਖੁੱਲ੍ਹ ਗਏ ਹਨ, ਜਿਹਨਾਂ ਵਿੱਚ ‘ਸਿੰਘ’ ਅਤੇ ‘ਕੌਰ’ ਨਾਮ ਦੇ ਗੁਰਸਿੱਖਾਂ ਦੇ ਬੱਚੇ ਜਾ ਕੇ ਸ਼ਰੇਆਮ ਜਾਨਲੇਵਾ ਨਸ਼ੇ ਕਰ ਰਹੇ ਹਨ।
ਜਿਵੇਂ ਪੰਜਾਬੀ ਦੀ ਕਹਾਵਤ ਹੈ ਕਿ ਕਿਸੇ ਦਾ ਸਸਤੀ ਤੋਂ ਸਸਤੀ ਚੀਜ਼ ਲੂਣ ਖਾ ਕੇ ਬੁਰਾ ਨਹੀਂ ਮੰਗੀਦਾ, ਇਵੇਂ ਹੀ ਸਿੱਖੀ ਵਿੱਚ ਸਸਤੇ ਤੋਂ ਸਸਤੇ ਨਸ਼ੇ ਤੰਮਾਕੂ ਤੋਂ ਵੀ ਦੂਰ ਰਹਿਣ ਦੀ ਹਦਾਇਤ ਹੈ। ਸਿੱਖ ਲਈ ਘਰ ਨੂੰ ਧਰਮਸਾਲਾ ਬਣਾਉਣ ਦੀ ਹਦਾਇਤ ਸੀ ਪਰ ਕਈਆਂ ਨੇ ਘਰ ਵਿੱਚ ਹੀ ਬਾਰ ਬਣਾ ਲਈ ਜਾਂ ਅਹਾਤਾ ਬਣਾ ਲਿਆ ਗਿਆ। ਜੇ ਗੁਰਬਾਣੀ ਦਾ ਗਿਆਨ ਸਾਡੇ ਘਰਾਂ ਵਿੱਚ ਹੋਵੇ ਤਾਂ ਨਸ਼ੇ ਸਾਡੇ ਘਰਾਂ ਵਿੱਚ ਆ ਹੀ ਨਹੀਂ ਸਕਦੇ।
ਜਿਤੁ ਪੀਤੈ, ਮਤਿ ਦੂਰਿ ਹੋਇ; ਬਰਲੁ ਪਵੈ ਵਿਚਿ ਆਇ ॥ ਆਪਣਾ, ਪਰਾਇਆ, ਨ ਪਛਾਣਈ; ਖਸਮਹੁ ਧਕੇ ਖਾਇ ॥
ਜਿਤੁ ਪੀਤੈ, ਖਸਮੁ ਵਿਸਰੈ; ਦਰਗਹ ਮਿਲੈ ਸਜਾਇ ॥ ਝੂਠਾ ਮਦੁ, ਮੂਲਿ ਨ ਪੀਚਈ; ਜੇ ਕਾ ਪਾਰਿ ਵਸਾਇ ॥ (ਮ: ੩/੫੫੪)
7. ਪਤਿਤਪੁਣਾ : ਜੇ ਕਿਸੇ ਇਮਾਨਦਾਰ ਬਜ਼ੁਰਗ ਦੀਆਂ ਅੱਖਾਂ ’ਤੇ ਪੱਟੀ ਬੰਨ ਕੇ ਉਸ ਨੂੰ ਪੰਜਾਬ ਦੇ ਕਿਸੇ ਵੱਡੇ ਸ਼ਹਿਰ ਵਿੱਚ ਖੜ੍ਹਾ ਕਰ ਦਿੱਤਾ ਜਾਏ। ਫਿਰ ਉਸ ਦੀਆਂ ਅੱਖਾਂ ਤੋਂ ਪੱਟੀ ਖੋਲ੍ਹ ਕੇ ਪੁੱਛਿਆ ਜਾਵੇ ਕਿ ਉਹ ਕਿੱਥੇ ਖੜ੍ਹਾ ਹੈ ਤਾਂ ਉਹ ਜਵਾਬ ਦੇਵੇਗਾ ਕਿ ਮੈਂ ਯੂ. ਪੀ. ਜਾਂ ਬਿਹਾਰ ਦੇ ਕਿਸੇ ਸ਼ਹਿਰ ਵਿੱਚ ਖੜ੍ਹਾ ਹਾਂ। ਕਾਰਨ ਇਹ ਹੈ ਕਿ ਉਸ ਨੂੰ ਕੇਸਾਂ ਵਾਲਾ ਕੋਈ ਵਿਰਲਾ ਹੀ ਨਜ਼ਰ ਆਵੇਗਾ। ਅੱਜ 80% ਸਿੱਖਾਂ ਦੇ ਬੱਚਿਆਂ ਦੇ ਸਿਰ ’ਤੇ ਕੇਸ ਨਜ਼ਰ ਨਹੀਂ ਆਉਂਦੇ। ‘ਕੇਸ ਗੁਰੂ ਕੀ ਮੋਹਰ’ ਕਤਲ ਕਰਾਉਣ ਦਾ ਭਾਵ ਇਹ ਹੈ ਕਿ ਗੁਰੂ ਨਾਨਕ ਦੇ ਘਰ ਵਿੱਚ ਉਸ ਦੀ ਮੌਤ ਹੋਈ ਮੰਨ ਲਈ ਗਈ ਹੈ। ਅੱਜ ਯੋਰਪੀਨ ਦੇਸ਼ਾਂ ਵਿੱਚ ਸਾਨੂੰ ਦਸਤਾਰ ਦੇ ਹੱਕ ਮੰਗਣੇ ਪੈ ਰਹੇ ਹਨ। ਜੇਕਰ ਯੋਰਪੀਨ ਦੇਸ਼ਾਂ ਦੀਆਂ ਸਰਕਾਰਾਂ ਸਾਡੇ ਨੌਜਵਾਨਾਂ ਦਾ ਸਰਵੇ ਕਰਨ ਲੱਗ ਜਾਣ ਤਾਂ ਉਹ ਕਹਿਣਗੇ ਕਿ ਤੁਸੀਂ ਆਪਣੇ ਬੱਚਿਆਂ ਨੂੰ ਦਸਤਾਰ ਤਾਂ ਦਿੱਤੀ ਹੀ ਨਹੀਂ, ਫਿਰ ਸਾਡੇ ਤੋਂ ਕਿਹੜੇ ਮੂੰਹ ਨਾਲ ਦਸਤਾਰ ਦਾ ਹੱਕ ਮੰਗ ਰਹੇ ਹੋ ? ਸਾਡੇ ਕੋਲ ਨਮੋਸ਼ੀ ਤੋਂ ਬਿਨਾਂ ਕੋਈ ਜਵਾਬ ਨਹੀਂ ਹੋਵੇਗਾ। ਮੇਰੀ ਹਮਦਰਦੀ ਹੈ ਉਹਨਾਂ ਨੌਜਵਾਨਾਂ ਨਾਲ ਕਿਉਂਕਿ ਉਹ ਜ਼ਿਆਦਾ ਕਸੂਰਵਾਰ ਨਹੀਂ ਹਨ। ਉਹਨਾਂ ਨੂੰ ਕੇਸਾਂ ਤੇ ਦਸਤਾਰ ਦੀ ਅਹਿਮੀਅਤ ਹੀ ਨਹੀਂ ਦੱਸੀ ਗਈ। ਕਸੂਰਵਾਰ ਤਾਂ ਮਾਪੇ, ਪ੍ਰਬੰਧਕ, ਪ੍ਰਚਾਰਕ ਤੇ ਸਾਡੀਆਂ ਧਾਰਮਿਕ ਸੰਸਥਾਵਾਂ ਹਨ, ਜਿਹੜੇ ਆਪਣੇ ਬੱਚਿਆਂ ਨੂੰ ਸਿੱਖੀ ਚਿੰਨ੍ਹਾਂ ਦੀ ਮਹਤੱਤਾ ਹੀ ਨਹੀਂ ਦਰਸਾ ਸਕੇ। ਅੱਜ ਇਸ ਪਾਸੇ ਵੀ ਸਾਨੂੰ ਸੁਚੇਤ ਹੋਣ ਦੀ ਸਖ਼ਤ ਲੋੜ ਹੈ।
ਨਾਪਾਕ, ਪਾਕੁ ਕਰਿ, ਹਦੂਰਿ ਹਦੀਸਾ; ਸਾਬਤ ਸੂਰਤਿ ਦਸਤਾਰ ਸਿਰਾ ॥ (ਮ: ੫/੧੦੮੪)
8. ਡੇਰਾਵਾਦ : 2011 ਦੀ ਗਣਨਾ ਮੁਤਾਬਕ ਪੰਜਾਬ ਵਿੱਚ 12581 ਪਿੰਡ ਹਨ। ਤਕਰੀਬਨ ਦੁੱਗਣੇ ਡੇਰੇ ਪੰਜਾਬ ਵਿੱਚ ਸਥਾਪਤ ਹਨ। ਕਈ ਆਲੀਸ਼ਾਨ ਡੇਰਿਆਂ ਦੇ ਨਾਮ ਹਜ਼ਾਰਾਂ ਏਕੜ ਜ਼ਮੀਨ ਲੱਗੀ ਹੋਈ ਹੈ। ਲੋਕਾਂ ਦੀ ਕਮਾਈ ’ਤੇ ਜਿਊਣ ਵਾਲੇ ਇਹਨਾਂ ਪਰਜੀਵੀਆਂ ਨੇ ਆਪਣੇ ਡੇਰਿਆਂ ਵਿੱਚ ਕਈ ਤਰ੍ਹਾਂ ਦਾ ਪਖੰਡ ਚਲਾਇਆ ਹੁੰਦਾ ਹੈ। ਲੋਕਾਂ ਨੂੰ ਜੰਤਰ, ਮੰਤਰ, ਤੰਤਰ, ਧਾਗੇ, ਤਵੀਤ, ਜਲ, ਸਵਾਹ ਆਦਿ ਦੀਆਂ ਪੁੜੀਆਂ ਦੇ ਕੇ ਲੁੱਟਿਆ ਤੇ ਗੁੰਮਰਾਹ ਕੀਤਾ ਜਾਂਦਾ ਹੈ। ਅੱਜ ਸਾਧ ਅਮੀਰ ਹੈ ਤੇ ਪੰਜਾਬ ਗਰੀਬ ਹੈ। ਪੰਜਾਬ ਦੇ ਪਿੰਡਾਂ ਵਿੱਚ ਨਸ਼ਾ ਬੁਰੀ ਤਰ੍ਹਾਂ ਫੈਲਿਆ ਹੋਇਆ ਹੈ। ਦੋ-ਦੋ ਪਖੰਡੀ ਸਾਧਾਂ ਦੇ ਹਿੱਸੇ ਇਕ-ਇਕ ਪਿੰਡ ਆਉਂਦਾ ਹੈ। ਜੇ ਇਹ ਪਿੰਡਾਂ ਵਿੱਚੋਂ ਨਸ਼ਾ ਵੀ ਖਤਮ ਨਹੀਂ ਕਰ ਸਕਦੇ ਤਾਂ ਅੇਸੈ ਸਾਧਾਂ ਨੂੰ ਰਗੜ ਕੇ ਫੋੜੇ ’ਤੇ ਬੰਨਣਾ ਹੈ ?
ਕਈ ਸਿੱਖਾਂ ਨੇ ਆਪਣੇ ਫੈਮਲੀ ਬਾਬੇ ਬਣਾਏ ਹੋਏ ਹਨ। ਇਹ ਗੱਦੀਦਾਰ ਗੁਰੂ ਨਾਨਕ ਦੇ ਸਿੱਖਾਂ ਨੂੰ ਆਪਣੇ ਪੈਰਾਂ ਵਿੱਚ ਬਿਠਾਉਂਦੇ ਹਨ। ਕਈ ਤਾਂ ਆਪਣੀ ਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਲਗਾ ਕੇ ਮੱਥੇ ਟਿਕਾਉਂਦੇ ਹਨ। ਜਦੋਂ ਪੰਜਾਬ ਜ਼ੁਲਮ ਦੀ ਅੱਗ ਵਿੱਚ ਬਲ ਰਿਹਾ ਸੀ ਉਦੋਂ ਆਪਣੇ ਆਪ ਨੂੰ ਸਿੱਖਾਂ ਦੇ ਆਗੂ ਅਖਵਾਉਣ ਵਾਲੇ ਸੰਨ 1984 ਤੋਂ 1995 ਤੱਕ ਕਿਤੇ ਨਜ਼ਰ ਨਹੀਂ ਆਏ। ਸਵਾ ਦੋ ਲੱਖ ਤੋਂ ਵੱਧ ਸਿੱਖ ਨੌਜਵਾਨਾਂ ਨੂੰ ਚੁਣ-ਚੁਣ ਕੇ ਸ਼ਹੀਦ ਕੀਤਾ ਗਿਆ ਪਰ ਕਿਸੇ ਪਖੰਡੀ ਸਾਧ ਨੇ ਜ਼ੁਲਮ ਦੇ ਖਿਲਾਫ਼ ‘ਹਾਅ’ ਦਾ ਨਾਅਰਾ ਵੀ ਨਹੀਂ ਮਾਰਿਆ। ਹਜ਼ਾਰਾਂ ਹੀ 15 ਤੋਂ 35 ਸਾਲ ਦੇ ਨੌਜਵਾਨ ਲਾਵਾਰਸ ਕਹਿ ਕੇ ਸਾੜ ਦਿੱਤੇ ਗਏ ਪਰ ਇਹਨਾਂ ਪਖੰਡੀਆਂ ਨੇ ਅਖ਼ਬਾਰ ਵਿੱਚ ਕੋਈ ਫ਼ੋਕਾ ਬਿਆਨ ਵੀ ਨਹੀਂ ਦਿੱਤਾ। ਜਦੋਂ ਪੰਜਾਬ ਦੀ ਧਰਤੀ ’ਤੇ ਸ਼ਾਂਤੀ ਹੋਈ ਤਾਂ ਕਈ ਪਖੰਡੀ ਸਾਧ ਖੁੰਬਾਂ ਵਾਙੂੰ ਉੱਗ ਪਏ। ਇਹਨਾਂ ਨੇ ਗੁਰੂ ਸਾਹਿਬਾਨਾਂ ਦੇ ਗੁਰ ਪੁਰਬ ਤੇ ਖ਼ਾਲਸੇ ਦੇ ਇਤਿਹਾਸਕ ਦਿਹਾੜੇ ਬੰਦ ਕਰਾ ਕੇ ਆਪਣੇ ਸਾਧਾਂ ਦੇ ਜਨਮ ਦਿਨ, ਬਰਸੀਆਂ, ਮੱਸਿਆ, ਪੁੰਨਿਆਂ, ਪੰਚਮੀਆਂ ਤੇ ਦਸਮੀਆਂ ਆਦਿ ਪ੍ਰਚਲਿਤ ਕਰ ਦਿਤੀਆਂ। ਗੁਰਬਾਣੀ ਨਾਲੋਂ ਤੋੜ ਕੇ ਕੱਚੀਆਂ-ਪਿੱਲੀਆਂ ਕਵਿਤਾਵਾਂ ਨਾਲ ਜੋੜ ਦਿੱਤਾ। ‘ਗੁਰ ਮੂਰਤਿ ਗੁਰ ਸਬਦੁ’ ਨਾਲੋਂ ਹਟਾ ਕੇ ਕਾਲਪਨਿਕ ਤਸਵੀਰਾਂ ਦੀ ਪੂਜਾ ਕਰਾਉਣੀ ਸ਼ੁਰੂ ਕਰ ਦਿੱਤੀ। ਸਾਡੀਆਂ ਵੱਡੀਆਂ ਧਾਰਮਿਕ ਸੰਸਥਾਵਾਂ ਨੇ ਸਿੱਖੀ ਦੇ ਸੂਝਵਾਨ ਪ੍ਰਚਾਰਕਾਂ ਨੂੰ ਨਹੀਂ ਸਾਂਭਿਆ ਪਰ ਪਖੰਡੀਆਂ ਨੇ ਕਈ ਲਾਲਚੀ ਪ੍ਰਚਾਰਕਾਂ ਨੂੰ ਖਰੀਦ ਕੇ ਆਪਣੇ ਡੇਰਿਆਂ ਦਾ ਪ੍ਰਚਾਰ ਕਰਾਉਣਾ ਸ਼ੁਰੂ ਕਰ ਦਿੱਤਾ। ਜਦੋਂ ਇਹਨਾਂ ਦੇ ਪਖੰਡਾਂ ਨੂੰ ਨਸ਼ਰ ਕੀਤਾ ਜਾਂਦਾ ਹੈ ਤਾਂ ਲੋਕ ਖੁਸ਼ ਹੁੰਦੇ ਹਨ ਪਰ ਅੰਦਰੋਂ-ਅੰਦਰੀ ਕਹਿੰਦੇ ਹਨ ਕਿ ਸਾਡਾ ਬਾਬਾ ਤਾਂ ਬਿਲਕੁੱਲ ਠੀਕ ਹੈ। ਯਾਦ ਰੱਖੋ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਖ਼ਸੀ ਗੁਰਿਆਈ ਖਤਮ ਕਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦੇ ਕੇ ਮੱਥਾ ਟੇਕ ਦਿੱਤਾ ਸੀ। ਹਰ ਇਕ ਗੁਰੂ ਨਾਨਕ ਨਾਮ ਲੇਵਾ ਗੁਰਸਿੱਖ ਨੂੰ ਹੁਕਮ ਕਰ ਦਿੱਤਾ ਕਿ ਅੱਜ ਤੋਂ ਬਾਅਦ ਤੁਹਾਡਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਕਾਸ਼ ! ਜੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਮਝ ਕੇ ਪੜ੍ਹਿਆ ਹੁੰਦਾ ਤਾਂ ਕੋਈ ਪਖੰਡੀ ਸਾਧ ਸਾਨੂੰ ਕਦੇ ਵੀ ਲੁੱਟ ਨਹੀਂ ਸੀ ਸਕਦਾ। ਜੇ ਅਸੀਂ ਹੁਣ ਵੀ ਇੰਨੀ ਗੱਲ ਸਮਝ ਲਈਏ ਤਾਂ ਅਜੇ ਵੀ ਪਖੰਡੀਆਂ ਦੀਆਂ ਦੁਕਾਨਾਂ ਬੰਦ ਹੋ ਸਕਦੀਆਂ ਹਨ।
ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ।
ਸਭ ਸਿੱਖਨ ਕਉ ਹੁਕਮ ਹੈ, ਗੁਰੂ ਮਾਨਿਓ ਗ੍ਰੰਥ।
9. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ : ਪਿਛਲੇ ਸਮਿਆਂ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗਲੀਆਂ, ਨਾਲੀਆਂ ਵਿੱਚ ਪੱਤਰੇ ਪਾੜ ਕੇ, ਸੁੱਟ ਕੇ ਜਾਂ ਸਾੜ ਕੇ ਘੋਰ ਬੇਅਦਬੀ ਕੀਤੀ ਗਈ। ਬੇਅਦਬੀ ਕਰਨ ਵਾਲੇ ਸ਼ਰੇਆਮ ਧਮਕੀਆਂ ਦਿੰਦੇ ਰਹੇ ਪਰ ਪ੍ਰਸ਼ਾਸ਼ਨ ਵੱਲੋਂ ਕਿਸੇ ਵੀ ਦੋਸ਼ੀ ਨੂੰ ਫੜਿਆ ਨਹੀਂ ਗਿਆ। ਪੰਜਾਬ ਵਿੱਚ ਮਾਰੂ ਦੰਗੇ-ਫ਼ਸਾਦਾਂ ਤੋਂ ਬਚਣ ਲਈ ਹੁਣ ਪੰਥ ਨੂੰ ਆਪ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ-ਸਤਿਕਾਰ ਦਾ ਧਿਆਨ ਰੱਖਣਾ ਪਵੇਗਾ। ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨਾ ਵਾਪਰਨ, ਇਸ ਲਈ ਗੁਰਦੁਆਰਿਆਂ ਵਿੱਚ ਸੁਰੱਖਿਆ ਦਾ ਪੁਖ਼ਤਾ ਇੰਤਜ਼ਾਮ ਕਰਨਾ ਚਾਹੀਦਾ ਹੈ। ਨਵੀਂ ਟੈਕਨੋਲਜੀ ਦਾ ਲਾਭ ਉਠਾ ਕੇ ਸੀ. ਸੀ. ਟੀ. ਵੀ. ਕੈਮਰੇ ਲਗਾ ਲੈਣੇ ਚਾਹੀਦੇ ਹਨ।
ਸਭ ਤੋਂ ਅਹਿਮ ਗੱਲ ਇਹ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੁਕਾਨਾਂ ਤੋਂ ਵਿਕਣੇ ਬੰਦ ਹੋਣੇ ਚਾਹੀਦੇ ਹਨ ਤਾਂ ਕਿ ਕੋਈ ਗਲਤ ਅਨਸਰ ਖਰੀਦ ਕੇ ਬੇਅਦਬੀ ਨਾ ਕਰ ਸਕੇ। ਕਿਸੇ ਪ੍ਰਮਾਣਿਤ ਸੰਸਥਾ ਵੱਲੋਂ ਮੁਫ਼ਤ ਸਰੂਪ ਮੁਹੱਈਆ ਹੋਣੇ ਚਾਹੀਦੇ ਹਨ। ਇਕ ਜਾਂਚ ਕਮੇਟੀ ਸਰੂਪ ਪ੍ਰਕਾਸ਼ ਹੋਣ ਵਾਲੇ ਸਥਾਨ ਅਤੇ ਸੇਵਾਦਾਰਾਂ ਦਾ ਨਿਰੀਖਣ ਕਰੇ। ਹਰ ਸਰੂਪ ਦਾ ਇਕ ਖਾਸ ਰਜਿਸਟ੍ਰੇਸ਼ਨ ਨੰਬਰ ਹੋਵੇ; ਹਰ ਪੱਤਰਾ ਲੁਪਤ ਰੂਪ ਵਿੱਚ ਬਾਇਓਮੈਟ੍ਰਿਕ (Biometric) ਹੋਵੇ, ਜਿਸ ਵਿੱਚ ਸਰੂਪ ਲਿਜਾਣ ਵਾਲਿਆਂ ਦਾ ਪੂਰਾ ਵੇਰਵਾ ਦਰਜ ਹੋਵੇ ਅਤੇ ਉਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੁਰੱਖਿਆ ਲਈ ਜਵਾਬਦੇਹ ਹੋਣ। ਥੋੜ੍ਹੀ ਜਿਹੀ ਸਾਵਧਾਨੀ ਵਰਤ ਕੇ ਹੀ ਅਸੀਂ ਗਲਤ ਅਨਸਰਾਂ ਹੱਥੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਣ ਤੋਂ ਰੋਕ ਸਕਦੇ ਹਾਂ।
10. ਗੁਰਬਾਣੀ ਨਾਲੋਂ ਬੇਮੁਖਤਾਈ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਜੀਵਨ ਪੰਥਕ ਰੁਝੇਵਿਆਂ ਭਰਿਆ ਹੈ। ਉਹਨਾਂ ਕੋਲ ਇੰਨਾ ਵੀ ਸਮਾਂ ਨਹੀਂ ਸੀ ਕਿ ਚਮਕੌਰ ਦੀ ਗੜੀ ਛੱਡਦਿਆਂ ਆਪਣੇ ਲਾਡਲੇ ਸਾਹਿਬਜ਼ਾਦੇ ਅਤੇ ਆਪਣੇ ਪਿਆਰੇ ਸਿੰਘਾਂ ਦਾ ਸਸਕਾਰ ਹੀ ਕਰ ਜਾਂਦੇ। ਫਿਰ ਵੀ ਸਾਰਿਆਂ ਰੁਝੇਵਿਆਂ ਵਿੱਚੋਂ ਸਮਾਂ ਕੱਢਿਆ ਤੇ ਦਮਦਮਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਵਾਈ ਤਾਂ ਕਿ ਕਿਤੇ ਮੇਰਾ ਖ਼ਾਲਸਾ ਕਰਮਕਾਡਾਂ ਤੇ ਪਖੰਡਾਂ ਵਿੱਚ ਭਟਕ ਨਾ ਜਾਏ। ਅੱਜ ਸਾਡੇ ਕੋਲ ਇੰਨਾ ਸਮਾਂ ਵੀ ਨਹੀਂ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਵੀ ਕਰ ਸਕੀਏ। ਜਿਸ ਨੂੰ ‘ਗੁਰੂ-ਗੁਰੂ’ ਕੂਕਦਿਆਂ ਥੱਕਦੇ ਨਹੀਂ, ਕਈਆਂ ਨੇ ਸਾਰੀ ਜ਼ਿੰਦਗੀ ਵਿੱਚ ਉਸ ਗੁਰੂ ਦੇ ਸੰਪੂਰਨ ਦਰਸ਼ਨ ਵੀ ਨਹੀਂ ਕੀਤੇ ਹੁੰਦੇ। ਸਿੱਖ ਨੂੰ ਦੁਨੀਆਂ ਤੋਂ ਮੁਕਾਉਣ ਲਈ ਜ਼ਾਲਮਾਂ ਨੇ ਤਲਵਾਰਾਂ, ਨੇਜ਼ਿਆਂ, ਤੀਰਾਂ, ਬੰਦੂਕਾਂ, ਤੋਪਾਂ ਨਾਲ ਸਿੱਖਾਂ ਨੂੰ ਉਡਾਇਆ ਪਰ ਸਿੱਖ ਮੁੱਕਿਆ ਨਹੀਂ। ਸਿੱਖ ਵੀ ਮਰ ਸਕਦਾ ਹੈ, ਜਿਵੇਂ ਕਿਸੇ ਪਿਆਸੇ ਨੂੰ ਪਾਣੀ ਨਾ ਮਿਲੇ ਤਾਂ ਉਸ ਦੀ ਮੌਤ ਹੋ ਜਾਂਦੀ ਹੈ, ਇਸੇ ਤਰ੍ਹਾਂ ਜੇ ਸਿੱਖ ਨੂੰ ਬਾਣੀ ਨਾ ਮਿਲੇ ਤਾਂ ਸਿੱਖ ਦੀ ਵੀ ਮੌਤ ਹੋ ਜਾਂਦੀ ਹੈ।
ਜਿਉ ਪ੍ਰਾਣੀ ਜਲ ਬਿਨੁ ਹੈ ਮਰਤਾ; ਤਿਉ ਸਿਖੁ, ਗੁਰ ਬਿਨੁ ਮਰਿ ਜਾਈ ॥ (ਮ: ੪/੭੫੭)
ਜੇ ਅਸੀਂ ਜਿਊਣਾ ਚਾਹੁੰਦੇ ਹਾਂ ਤਾਂ ਇਕੋ ਹੀ ਤਰੀਕਾ ਹੈ, ਗੁਰਬਾਣੀ ਨਾਲ ਜੁੜਨਾ। ਗੁਰਬਾਣੀ ਨੂੰ ਪੜ੍ਹ ਕੇ ਵਿਚਾਰੋ ਅਤੇ ਵਿਚਾਰ ਕੇ ਅਮਲ ਕਰੋ। ਵਿਚਾਰ ਕਰਨ ਵਾਲਾ ਗਿਆਨਵਾਨ ਹੋ ਜਾਂਦਾ ਹੈ ਅਤੇ ਅਮਲ ਕਰਨ ਵਾਲਾ ਅਨੰਦਿਤ ਜੀਵਨ ਜਿਉਂਦਾ ਹੈ। ਸਿੱਖ ਦੇ ਜੀਵਨ ਦਾ ਅਧਾਰ ਗੁਰਬਾਣੀ ਹੀ ਹੈ।
ਜੀਵਤ ਜੀਵਤ ਜੀਵਤ ਰਹਹੁ ॥ ਰਾਮ ਰਸਾਇਣੁ, ਨਿਤ ਉਠਿ ਪੀਵਹੁ ॥
ਹਰਿ ਹਰਿ, ਹਰਿ ਹਰਿ, ਰਸਨਾ ਕਹਹੁ ॥੧॥ ਰਹਾਉ ॥ (ਮ: ੫/੧੧੩੮)