28.3 C
Jalandhar
Thursday, June 26, 2025
spot_img
Home Blog Page 62

ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਤੇ ਜੋਤੀ-ਜੋਤ ਪੁਰਬ ਅਤੇ ਗੁਰੂ ਅੰਗਦ ਸਾਹਿਬ ਜੀ ਦਾ ਗੁਰਗੱਦੀ ਪੁਰਬ

0

ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਤੇ ਜੋਤੀ-ਜੋਤ ਪੁਰਬ ਅਤੇ ਗੁਰੂ ਅੰਗਦ ਸਾਹਿਬ ਜੀ ਦਾ ਗੁਰਗੱਦੀ ਪੁਰਬ

ਕਿਰਪਾਲ ਸਿੰਘ ਬਠਿੰਡਾ 88378-13661

ਸ. ਪਾਲ ਸਿੰਘ ਪੁਰੇਵਾਲ ਨੇ ਨਾਨਕਸ਼ਾਹੀ ਕੈਲੰਡਰ ਵਿੱਚ ਗੁਰੂ ਸਾਹਿਬਾਨ ਦੇ ਗੁਰਪੁਰਬ ਨਿਸ਼ਚਿਤ ਕਰਨ ਲਈ 34 ਪੁਰਾਤਨ ਅਤੇ ਨਵੀਨ ਲਿਖਾਰੀਆਂ ਦੀਆਂ ਪੁਸਤਕਾਂ ਵਿੱਚੋਂ ਤਾਰੀਖ਼ਾਂ ਨੋਟ ਕਰਕੇ ਇੱਕ ਸੂਚੀ ਬਣਾਈ ਅਤੇ 14 ਨਵੰਬਰ 1995 ਨੂੰ ਚੰਡੀਗੜ੍ਹ ਵਿਖੇ ਗੁਰੂ ਗੋਬਿੰਦ ਸਿੰਘ ਕਾਲਜ ਫ਼ਾਰ ਮੈੱਨ ਵਿੱਚ ਹੋਈ ਮੀਟਿੰਗ ’ਚ ਪੇਸ਼ ਕੀਤੀ। ਇਸ ਸੂਚੀ ਵਿੱਚੋਂ ਪ੍ਰਤੱਖ ਤੌਰ ’ਤੇ ਵੇਖਿਆ ਗਿਆ ਕਿ ਕੇਵਲ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਛੱਡ ਕੇ ਬਾਕੀ ਕਿਸੇ ਵੀ ਗੁਰੂ ਸਾਹਿਬਾਨ ਦੇ ਪ੍ਰਕਾਸ਼ ਦਿਹਾੜਿਆਂ ਵਿੱਚ ਇਕਸਾਰਤਾ ਨਹੀਂ ਸਗੋਂ ਮਤਭੇਦ ਹੀ ਹਨ ਭਾਵੇਂ ਕਿ ਜੋਤੀ-ਜੋਤ ਸਮਾਉਣ ਦੀਆਂ ਸਾਰੀਆਂ ਤਾਰੀਖ਼ਾਂ ਸੰਬੰਧੀ ਨਵੀਨ ਅਤੇ ਪੁਰਾਤਨ ਲਿਖਾਰੀਆਂ ਦੀ ਆਮ ਸਹਿਮਤੀ ਹੀ ਹੈ। ਇਸ ਦਾ ਕਾਰਨ ਇਹ ਹੈ ਕਿ ਜਨਮ ਵੇਲੇ ਕਿਸੇ ਨੂੰ ਨਹੀਂ ਪਤਾ ਹੁੰਦੈ ਕਿ ਇਸ ਬਾਲਕ ਨੇ ਵੱਡਾ ਹੋ ਕੇ ਗੁਰੂ ਬਣਨਾ ਹੈ ਅਤੇ ਇੰਨੇ ਮਹਾਨ ਰੁਤਬੇ ’ਤੇ ਪਹੁੰਚੇਗਾ, ਜਿਸ ਦੇ ਸਿਰ ਉੱਪਰ ਚਹੁੰ ਕੁੰਟਾਂ ਵਿੱਚ ਛਤਰ ਝੁਲੇਗਾ। ਇਸ ਲਈ ਉਨ੍ਹਾਂ ਦੇ ਜਨਮ ਦਿਨਾਂ ਦਾ ਕਿਸੇ ਨੇ ਬਹੁਤਾ ਰੀਕਾਰਡ ਨਹੀਂ ਰੱਖਿਆ ਪਰ ਜੋਤੀ-ਜੋਤ ਸਮਾਉਣ ਵੇਲੇ ਤਾਂ ਉਨ੍ਹਾਂ ਦੇ ਆਲੇ ਦੁਆਲੇ ਅਣਗਿਣਤ ਸਿੱਖ-ਸੇਵਕ ਹੋਣ ਕਰਕੇ ਉਨ੍ਹਾਂ ਦੇ ਜੋਤੀ-ਜੋਤ ਸਮਾਉਣ ਦੀ ਤਾਰੀਖ਼ ਸੰਬੰਧੀ ਕਿਸੇ ਨੂੰ ਕੋਈ ਭੁਲੇਖਾ ਨਹੀਂ ਰਿਹਾ ਤੇ ਤਾਰੀਖ਼ ਠੀਕ ਠੀਕ ਹੀ ਨੋਟ ਕੀਤੀ ਗਈ ਹੈ। ਇਸ ਲਈ ਗੁਰੂ ਸਾਹਿਬਾਨ ਦੇ ਜੋਤੀ-ਜੋਤ ਸਮਾਉਣ ਦੀ ਤਾਰੀਖ਼ ’ਚੋਂ ਉਨ੍ਹਾਂ ਦੀ ਕੁੱਲ ਸਰੀਰਕ ਉਮਰ ਜਾਂ ਗੁਰਿਆਈ ਦੇ ਕੁੱਲ ਸਮੇਂ ਨੂੰ ਘਟਾ ਕੇ ਪ੍ਰਕਾਸ਼ ਦਿਹਾੜਿਆਂ ਅਤੇ ਗੁਰਗੱਦੀ ’ਤੇ ਬਿਰਾਜਮਾਨ ਹੋਣ ਦੀਆਂ ਤਾਰੀਖ਼ਾਂ ਨਿਸ਼ਚਿਤ ਕੀਤੀਆਂ ਜਾਂਦੀਆਂ ਸਨ। ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਤੇ ਜੋਤੀ-ਜੋਤ ਸਮਾਉਣ ਅਤੇ ਗੁਰੂ ਅੰਗਦ ਸਾਹਿਬ ਜੀ ਦੇ ਗੁਰਗੱਦੀ ’ਤੇ ਬਿਰਾਜਮਾਨ ਹੋਣ ਦੀਆਂ ਤਾਰੀਖ਼ਾਂ ਸੰਬੰਧੀ ਸਿੱਖ ਇਤਿਹਾਸ ਵਿੱਚ ਵੱਡੇ ਭੁਲੇਖੇ ਹਨ। ਹਥਲੇ ਲੇਖ ਰਾਹੀਂ ਇਨ੍ਹਾਂ ਤਾਰੀਖ਼ਾਂ ਸੰਬੰਧੀ ਇਸ ਭੁਲੇਖੇ ਨੂੰ ਕੁੱਝ ਦੂਰ ਕਰਨ ਦਾ ਯਤਨ ਕੀਤਾ ਗਿਆ ਹੈ।

ਗੁਰੂ ਨਾਨਕ ਸਾਹਿਬ ਜੀ ਦਾ ਜੋਤੀਜੋਤ ਪੁਰਬ : ਸ: ਪਾਲ ਸਿੰਘ ਪੁਰੇਵਾਲ ਵੱਲੋਂ ਤਿਆਰ ਕੀਤੀ ਸੂਚੀ ਵਿੱਚ ਤਕਰੀਬਨ ਸਾਰੇ ਹੀ ਲਿਖਾਰੀ ਗੁਰੂ ਨਾਨਕ ਸਾਹਿਬ ਜੀ ਦੇ ਜੋਤੀ-ਜੋਤ ਸਮਾਉਣ ਦੀ ਤਿੱਥ ਅੱਸੂ ਵਦੀ ੧੦ ਸੰਮਤ ੧੫੯੬ ਲਿਖਦੇ ਹਨ। ਕੇਵਲ ਸ਼੍ਰੋਮਣੀ ਕਮੇਟੀ ਵੱਲੋਂ ਤਿਆਰ ਕਰਵਾਈ ਸ਼ੁੱਧ ਗੁਰਪ੍ਰਣਾਲੀ ਵਿੱਚ ਅੱਸੂ ਸੁਦੀ ੧੦, ਸੰਮਤ ੧੫੯੬, ੩ ਕੱਤਕ ਦਿਨ ਵੀਰਵਾਰ ਲਿਖਿਆ ਹੈ। ਗੁਰਪ੍ਰਣਾਲੀ ੭ ਅਤੇ ਮਹਿਮਾ ਪ੍ਰਕਾਸ਼ ਵਿੱਚ ਵਦੀ/ਸੁਦੀ ਦੋਵੇਂ ਹੀ ਲਿਖੀਆਂ ਪਈਆਂ ਹਨ। [ਇਹ ਦੱਸਣਯੋਗ ਹੈ ਕਿ ਅੱਸੂ ਵਦੀ ੧੦ ਸੰਮਤ ੧੫੯੬ ਨੂੰ ਦਿਨ ਐਤਵਾਰ ੮ ਅੱਸੂ; 7 ਸਤੰਬਰ 1539 ਬਣਦਾ ਹੈ ਅਤੇ ਅੱਸੂ ਸੁਦੀ ੧੦ ਸੰਮਤ ੧੫੯੬ ਨੂੰ 23 ਅੱਸੂ; 22 ਸਤੰਬਰ 1539 ਈ: ਜੂਲੀਅਨ ਬਣਦਾ ਹੈ।]

ਡਾ: ਹਰਜਿੰਦਰ ਸਿੰਘ ਦਿਲਗੀਰ ਨੇ ਆਪਣੀ ਪੁਸਤਕ ‘ਸਿੱਖ ਤਵਾਰੀਖ਼’ (ਭਾਗ ਪਹਿਲਾ) ਦੇ ਪੰਨਾ 177 ’ਤੇ ਤਾਂ ਗੁਰੂ ਸਾਹਿਬ ਜੀ ਦੇ ਜੋਤੀ-ਜੋਤ ਸਮਾਉਣ ਦੀ ਤਾਰੀਖ਼ 22 ਸਤੰਬਰ 1539 ਲਿਖੀ ਹੈ, ਜਿਸ ਦਿਨ ਅੱਸੂ ਸੁਦੀ ੧੦ ਸੰਮਤ ੧੫੯੬ ਬਣਦਾ ਹੈ ਪਰ ਆਪਣੀ ਦੂਜੀ ਪੁਸਤਕ ‘ਨਾਨਕਸ਼ਾਹੀ ਕੈਲੰਡਰ’ ਦੇ ਪੰਨਾ ਨੰ: 49 ’ਤੇ ਲਿਖ ਦਿੱਤਾ ਕਿ ਮਿਹਰਬਾਨ ਪ੍ਰਣਾਲੀ ਮੰਨਣ ਵਾਲਿਆਂ ਨੇ ਗੁਰੂ ਨਾਨਕ ਸਾਹਿਬ ਦਾ ਜੋਤੀ-ਜੋਤ ਸਮਾਉਣ ਦਾ ਦਿਨ ਵੀ ਗ਼ਲਤ ਲਿਖ ਦਿੱਤਾ, ਜੋ ਅਸਲ ਵਿੱਚ ਅੱਸੂ ਵਦੀ ੧੦ ਸੰਮਤ ੧੫੯੬ (7 ਸਤੰਬਰ 1539) ਹੈ ਪਰ ਮਿਹਰਵਾਨ ਨੇ ਇਸ ਨੂੰ ਅੱਸੂ ਸੁਦੀ ੧੦ ਯਾਨਿ 22 ਸਤੰਬਰ 1539 ਲਿਖ ਦਿੱਤਾ, ਜੋ ਅਸਲ ਵਿੱਚ ਮਾਤਾ ਸੁਲੱਖਣੀ ਦੇ ਚੜ੍ਹਾਈ ਕਰਨ ਦਾ ਦਿਨ ਹੈ। [ਇਸ ਦਾ ਭਾਵ ਹੈ ਕਿ ਡਾ: ਦਿਲਗੀਰ ਨੂੰ ਆਪਣੀ ਪੁਸਤਕ ‘ਸਿੱਖ ਤਵਾਰੀਖ਼’ ਵਿੱਚ ਲਿਖੀ ਤਾਰੀਖ਼ ਯਾਦ ਨਹੀਂ ਕਿ ਉਸ ਨੇ ਖ਼ੁਦ ਕਿੱਥੋਂ ਵੇਖ ਕੇ ਲਿਖੀ ਹੈ।]

‘ਸਿੱਖ ਤਵਾਰੀਖ਼’ (ਭਾਗ ਪਹਿਲਾ) ਦਾ ਪੰਨਾ 177 ਦੀ ਫੋਟੋ ਕਾਪੀ

——————————————————————–

ਡਾ: ਦਿਲਗੀਰ ਵੱਲੋਂ ਲਿਖੀ ਪੁਸਤਕ ‘ਨਾਨਕਸ਼ਾਹੀ ਕੈਲੰਡਰ’ ਦਾ ਪੰਨਾ 49 ਦੀ ਫੋਟੋ ਕਾਪੀ

ਸ਼੍ਰੋਮਣੀ ਕਮੇਟੀ ਵੱਲੋਂ ਤਿਆਰ ਕਾਰਵਾਈ ਸ਼ੁੱਧ ਗੁਰਪ੍ਰਣਾਲੀ ਤਾਂ ਸਿਰੇ ਤੋਂ ਗ਼ਲਤ ਹੈ ਕਿਉਂਕਿ ਇਸ ਵਿੱਚ ਅੱਸੂ ਸੁਦੀ ੧੦ ਸੰਮਤ ੧੫੯੫, ੩ ਕੱਤਕ ਲਿਖਿਆ ਹੋਣ ਕਰਕੇ ਜਿੱਥੇ ਇੱਕ ਸਾਲ ਦਾ ਫ਼ਰਕ ਹੈ, ਉੱਥੇ ਇਸ ਤਿੱਥ ਨੂੰ ਕੱਤਕ ਵੀ ੩ ਨਹੀਂ ਬਲਕਿ ੪ ਕੱਤਕ ਬਣਦਾ ਹੈ।

ਸ: ਕਰਮ ਸਿੰਘ ਹਿਸਟੋਰੀਅਨ ਨੇ ਅੱਸੂ ਵਦੀ ੧੦ ਦੀ ਬਜਾਏ ਅੱਸੂ ਸੁਦੀ ੧੦ ਨੂੰ ਸਹੀ ਮੰਨ ਕੇ ਆਪਣੀਆਂ ਤਾਰੀਖ਼ਾਂ ਕੱਢੀਆਂ ਹਨ, ਜਿਸ ਤੋਂ ਵੇਖ ਕੇ ਭਾਈ ਕਾਨ੍ਹ ਸਿੰਘ ਨਾਭਾ, ਡਾ: ਗੰਡਾ ਸਿੰਘ, ਗਿਆਨੀ ਸੋਹਣ ਸਿੰਘ ਸੀਤਲ, ਪ੍ਰੋ: ਸਾਹਿਬ ਸਿੰਘ ਆਦਿਕ ਲੇਖਕਾਂ ਨੇ ਵੀ ਅੱਸੂ ਸੁਦੀ ੧੦ ਦੇ ਹਿਸਾਬ ਹੀ ਆਪਣੀਆਂ ਤਾਰੀਖ਼ਾਂ ਲਿਖ ਦਿੱਤੀਆਂ, ਪਰ ਸੁਦੀ ਪੱਖ ਦੀ ਇਹ ਤਿੱਥ ਮੰਨਣਯੋਗ ਨਹੀਂ ਹੈ ਕਿਉਂਕਿ ਕਰਤਾਰਪੁਰੀ ਬੀੜ [ਕਰਤਾਰਪੁਰੀ ਬੀੜ ਦੇ ਦਰਸ਼ਨ- 1. ਭਾਈ ਕਾਨ੍ਹ ਸਿੰਘ ਨਾਭਾ, 2. ਭਾਈ ਜੋਧ ਸਿੰਘ] ਵਿੱਚ ਪਹਿਲੇ ਪੰਜ ਗੁਰੂ ਸਾਹਿਬਾਨ ਅਤੇ ਬਾਬਾ ਗੁਰਦਿੱਤਾ ਜੀ ਦੇ ਜੋਤੀ-ਜੋਤ ਸਮਾਉਣ ਦੀਆਂ ਤਿੱਥਾਂ ਅਤੇ ਸੰਮਤ ਦਿੱਤੇ ਹੋਏ ਹਨ। ਇਸ ਬੀੜ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਜੋਤੀ-ਜੋਤ ਸਮਾਉਣ ਦੀ ਤਿੱਥ ਅੱਸੂ ਵਦੀ ੧੦, ਸੰਮਤ ੧੫੯੬ ਲਿਖੀ ਹੋਈ ਹੈ। ਇਸ ਲਈ ਅੱਸੂ ਸੁਦੀ ੧੦ ਮੰਨਣਾ ਸਹੀ ਨਹੀਂ ਲੱਗਦਾ।

ਸ. ਪਾਲ ਸਿੰਘ ਪੁਰੇਵਾਲ ਨੇ ਜੋਤੀ ਜੋਤ ਸਮਾਉਣ ਦੀ ਤਾਰੀਖ਼ ਅੱਸੂ ਵਦੀ ੧੦ ਸੰਮਤ ੧੫੯੬ (ਜੋ ਕਰਤਾਰਪੁਰੀ ਬੀੜ ਵਿੱਚ ਦਰਜ ਹੈ) ਨੂੰ ਸਹੀ ਮੰਨ ਕੇ ਇਸ ਤਿੱਥ ਨੂੰ ਦੂਸਰੀਆਂ ਪੱਧਤੀਆਂ ਵਿੱਚ ਤਬਦੀਲ ਕਰਕੇ ਅੱਸੂ; ਨਾਨਕਸ਼ਾਹੀ ਸੰਮਤ 71; 7 ਸਤੰਬਰ 1539 ਲਿਖਿਆ ਹੈ। ਇਸ ਤਾਰੀਖ਼ ਨੂੰ ਸਭ ਤੋਂ ਵੱਧ ਭਰੋਸੇਯੋਗ ਮੰਨਿਆ ਜਾ ਸਕਦਾ ਹੈ ਕਿਉਂਕਿ ਇਹ ਤਾਰੀਖ਼ ਕਰਤਾਰਪੁਰੀ ਬੀੜ ਵਿੱਚ ਦਰਜ ਹੋਣ ਤੋਂ ਇਲਾਵਾ ਭਾਈ ਬਾਲੇ ਵਾਲੀ ਜਨਮ ਸਾਖੀ, ਗੁਰ ਬਿਲਾਸ ਪਾ: ੬, ਸੂਰਜ ਪ੍ਰਕਾਸ਼, ਪੰਥ ਪ੍ਰਕਾਸ਼, ਗੁਰ ਬੰਸਾਵਲੀ ੧, ਬੰਸਾਵਲੀ ਨਾਮਾ, ਗੁਰ ਪ੍ਰਣਾਲੀਆਂ ੧ ਤੋਂ ੬, ੯, ੧੦, ਗੁਰਵੰਸ ਦਰਪਣ ਪੱਤਰ, ਗੁਰਮਤਿ ਰਹਿਤ ਮਰਯਾਦਾ, ਗੁਰਬਾਣੀ ਪਾਠ ਦਰਸ਼ਨ, ਗਿਆਨੀ ਸਰਦੂਲ, ਡਾ: ਗੰਡਾ ਸਿੰਘ (ਉਰਦੂ ਜੰਤਰੀ) ਆਦਿਕ ਵਿਦਵਾਨਾਂ ਨਾਲ ਵੀ ਮੇਲ ਖਾਂਦੀ ਹੈ।

ਗੁਰੂ ਨਾਨਕ ਸਾਹਿਬ ਜੀ ਦੇ ਪ੍ਰਗਟ ਹੋਣ ਦੀ ਤਾਰੀਖ਼ : ਹੈਰਾਨੀ ਇਸ ਗੱਲ ਦੀ ਹੈ ਕਿ ਬਹੁਤੇ ਲਿਖਾਰੀ ਜਿਵੇਂ ਕਿ ਗੁਰ ਬੰਸਾਵਲੀ ੧, ਗੁਰ ਪ੍ਰਣਾਲੀ ੨, ਗੁਰ ਪ੍ਰਣਾਲੀ ੩, ਗੁਰ ਪ੍ਰਣਾਲੀ ੪, ਗੁਰ ਪ੍ਰਣਾਲੀ ੭, ਗੁਰ ਪ੍ਰਣਾਲੀ ੧੦, ਗਿਆਨੀ ਸਰਦੂਲ ਸਿੰਘ ਆਦਿਕ ਨੇ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਗਟ ਹੋਣ ਦੀ ਤਾਰੀਖ਼ ਕੱਤਕ ਸੁਦੀ ੧੫ ਸੰਮਤ ੧੫੨੬ ਅਤੇ ਜੋਤੀ-ਜੋਤ ਸਮਾਉਣ ਦੀ ਤਾਰੀਖ਼ ਅੱਸੂ ਵਦੀ ੧੦ ਸੰਮਤ ੧੫੯੬ ਲਿਖਣ ਉਪਰੰਤ ਵੀ ਉਨ੍ਹਾਂ ਦੀ ਕੁਲ ਸਰੀਰਕ ਆਯੂ 70 ਸਾਲ 5 ਮਹੀਨੇ 7 ਦਿਨ ਲਿਖੀ ਹੈ। ਜਦ ਇਹ ਸਵਾਲ ਉੱਠਣੇ ਸ਼ੁਰੂ ਹੋਏ ਕਿ ਜੇ ਇਹ ਦੋਵੇਂ ਤਾਰੀਖ਼ਾਂ ਸਹੀ ਹਨ ਤਾਂ ਗੁਰੂ ਸਾਹਿਬਾਨ ਜੀ ਦੀ ਉਮਰ 70 ਸਾਲ 5 ਮਹੀਨੇ 7 ਦਿਨ ਨਹੀਂ ਬਣਦੀ; ਤਾਂ ਕੁਝ ਲਿਖਾਰੀਆਂ ਜਿਵੇਂ ਕਿ ਗੁਰ ਪ੍ਰਣਾਲੀ ੫ ਅਤੇ ੬, ਗੁਰਵੰਸ ਦਰਪਣ ਪੱਤ੍ਰ, ਸੂਰਜ  ਪ੍ਰਕਾਸ਼ (ਵਾਰਤਿਕ), ਗੁਰਮਤਿ ਰਹਿਤ ਮਰਯਾਦਾ, ਗੁਰਬਾਣੀ ਪਾਠ ਦਰਸ਼ਨ ਨੇ ਦੋਵਾਂ ਤਾਰੀਖ਼ਾਂ ਨੂੰ ਤਾਂ ਸਹੀ ਮੰਨਿਆ ਪਰ ਉਮਰ 69 ਸਾਲ 10 ਮਹੀਨੇ 10 ਦਿਨ ਲਿਖ ਦਿੱਤੀ।

ਸ. ਕਰਮ ਸਿੰਘ ਹਿਸਟੋਰੀਅਨ ਨੇ ਜੋਤੀ ਜੋਤ ਸਮਾਉਣ ਦੀ ਤਾਰੀਖ਼ ਅੱਸੂ ਵਦੀ ੧੦ ਦੀ ਥਾਂ ਅੱਸੂ ਸੁਦੀ ੧੦ ਨੂੰ ਸਹੀ ਮੰਨਿਆ ਤੇ ਇਸ ਵਿੱਚੋਂ ਗੁਰੂ ਸਾਹਿਬਾਨ ਜੀ ਦੀ ਕੁੱਲ ਉਮਰ 70 ਸਾਲ 5 ਮਹੀਨੇ 7 ਦਿਨ ਘਟਾ ਕੇ ਗੁਰੂ ਸਾਹਿਬ ਜੀ ਦੇ ਪ੍ਰਗਟ ਹੋਣ ਦੀ ਤਾਰੀਖ਼ ਵੈਸਾਖ ਸੁਦੀ ੩ ਸੰਮਤ ੧੫੨੬, ੨੦ ਵੈਸਾਖ, 15 ਅਪ੍ਰੈਲ 1469 ਬਣਾ ਲਈ। ਇਹ ਦੱਸਣਯੋਗ ਹੈ ਕਿ ਭਾਈ ਮਿਹਰਬਾਨ ਵਾਲੀ ਜਨਮ ਸਾਖੀ ਵਿੱਚ ਗੁਰੂ ਜੀ ਦੇ ਪ੍ਰਕਾਸ਼ ਦਿਹਾੜੇ ਦੀ ਤਿੱਥ ਵੈਸਾਖ ਸੁਦੀ ੩ ਸੰਮਤ ੧੫੨੬ ਹੀ ਲਿਖੀ ਹੋਈ ਹੈ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬ ਇਤਿਹਾਸ ਵਿਭਾਗ ਦੇ ਸਾਬਕਾ ਮੁਖੀ ਡਾ: ਸੁਖਦਿਆਲ ਸਿੰਘ ਦਾ ਬਾਬਾ ਆਦਮ ਹੀ ਨਿਰਾਲਾ ਹੈ। ਉਨ੍ਹਾਂ ਨੇ ਇੱਕ ਪੁਸਤਕ ‘ਸ਼੍ਰੋਮਣੀ ਸਿੱਖ ਇਤਿਹਾਸ: 1469-1708’ ਲਿਖੀ ਹੈ, ਜਿਸ ਵਿੱਚ ਬਾਬਰਬਾਣੀ ਦੇ ਸ਼ਬਦ ਆਵਨਿ ਅਠਤਰੈ  ਜਾਨਿ ਸਤਾਨਵੈ   ਹੋਰੁ ਭੀ ਉਠਸੀ  ਮਰਦ ਕਾ ਚੇਲਾ ਦੇ ਹਵਾਲੇ ਨਾਲ ਉਸ ਪੁਸਤਕ ਦੇ ਪੰਨਾ ਨੰ: 40 ’ਤੇ ਲਿਖਿਆ ਹੈ ‘ਆਪ 69 ਸਾਲ 10 ਮਹੀਨੇ 10 ਦਿਨ ਦੀ ਉਮਰ ਬਤੀਤ ਕਰਕੇ ਅੱਸੂ ਵਦੀ ਦਸਮੀ ਸੰਮਤ ੧੫੯੭ ਮੁਤਾਬਕ 22 ਸਤੰਬਰ 1540 ਈ: ਵਿੱਚ ਜੋਤੀ-ਜੋਤ ਸਮਾ ਗਏ ਸਨ’।

ਡਾ. ਸੁਖਦਿਆਲ ਸਿੰਘ ਦੀ ਕਿਤਾਬ (ਸ਼੍ਰੋਮਣੀ ਸਿੱਖ ਇਤਿਹਾਸ) ਦੇ ਪੰਨਾ ਨੰ. 40 ਦੀ ਫੋਟੋ ਕਾਪੀ।

ਇਸ ਲੇਖਕ ਦਾ ਮੰਨਣਾ ਹੈ ਕਿ ਇਸ ਸ਼ਬਦ ਵਿੱਚ ਸੰਨ 1521 ਵਿੱਚ ਬਾਬਰ ਵੱਲੋਂ ਸੈਦਪੁਰ ’ਤੇ ਕੀਤੇ ਹਮਲੇ ਅਤੇ 1540 ਵਿੱਚ ਸ਼ੇਰ ਸ਼ਾਹ ਸੂਰੀ ਵੱਲੋਂ ਬਾਬਰ ਦੇ ਪੁੱਤਰ ਹਮਾਯੂੰ ਨੂੰ ਭਜਾ ਦਿੱਤੇ ਜਾਣ ਤੱਕ ਦਾ ਹਾਲ; ਗੁਰੂ ਸਾਹਿਬਾਨ ਨੇ ਆਪਣੀ ਅੱਖੀਂ ਵੇਖ ਕੇ ਹੀ ਇਸ ਸ਼ਬਦ ’ਚ ਵਰਣਨ ਕੀਤਾ ਹੈ।  ਸੰਨ 1540 ਈ: ਦੀ ਇਹ ਤਾਰੀਖ਼ ਹੇਠ ਲਿਖੇ ਕਾਰਨਾਂ ਕਰਕੇ ਮੰਨਣਯੋਗ ਨਹੀਂ :

1. ਪੰਨਾਂ 31 ’ਤੇ ਡਾ: ਸੁਖਦਿਆਲ ਸਿੰਘ ਲਿਖਦਾ ਹੈ ‘ਗੁਰੂ ਨਾਨਕ ਦੇਵ ਜੀ ਦਾ ਜਨਮ ਕੱਤਕ ਦੀ ਪੂਰਨਮਾਸ਼ੀ, ਸੰਮਤ ੧੫੨੬ ਬਿਕ੍ਰਮੀ ਮੁਤਾਬਕ ਸੰਨ 1469 ਈ: ਵਿੱਚ ਹੋਇਆ’।

ਟਿੱਪਣੀ:  (ੳ) ਕੱਤਕ ਦੀ ਪੂਰਨਮਾਸ਼ੀ ੧੫੨੬ ਤੋਂ ਅੱਸੂ ਵਦੀ ੧੦, ੧੫੯੭ ਤੱਕ ਗੁਰੂ ਜੀ ਦੀ ਉਮਰ 70 ਸਾਲ 10 ਮਹੀਨੇ 10 ਦਿਨ ਬਣਦੀ ਹੈ, ਨਾ ਕਿ 69 ਸਾਲ 10 ਮਹੀਨੇ 10 ਦਿਨ; ਜਿਵੇਂ ਕਿ ਡਾ: ਸੁਖਦਿਆਲ ਸਿੰਘ ਲਿਖਦਾ ਪਿਆ ਹੈ।

(ਅ) ਕੱਤਕ ਦੀ ਪੂਰਨਮਾਸ਼ੀ ਦੀ ਤਾਰੀਖ਼ ਮੰਨਣ ਵਾਲਿਆਂ ਦਾ ਮੂਲ ਸ੍ਰੋਤ ਭਾਈ ਬਾਲੇ ਵਾਲੀ ਜਨਮਸਾਖੀ ਹੈ। ਇਸ ਜਨਮ ਸਾਖੀ

ਭਾਈ ਬਾਲੇ ਵਾਲੀ ਜਨਮਸਾਖੀ ਦੇ ਪੰਨਾ ਨੰਬਰ 2 ਦੀ ਕਾਪੀ

ਦੀਆਂ ਪਹਿਲੀਆਂ 3 ਲਾਈਨਾਂ ਹੀ ਪੜ੍ਹੋ ਤਾਂ ਪਤਾ ਲੱਗ ਜਾਵੇਗਾ ਕਿ ਇਹ ਜਨਮਸਾਖੀ ਕਿੰਨੀ ਕੁ ਸਹੀ ਹੈ। ਇਸ ਜਨਮਸਾਖੀ ਦੀ ਸ਼ੁਰੂਆਤ ਇਸ ਤਰ੍ਹਾਂ ਹੈ: ‘੧ਓ ਸਤਿਗੁਰਪ੍ਰਸਾਦਿ ਜਨਮ ਪੱਤਰੀ ਬਾਬੇ ਨਾਨਕ ਜੀ ਕੀ ਸੰਮਤ ਪੰਦ੍ਰਾ ਸੈ ਬਿਆਸੀ ੧੫੮੨ ਮਿਤੀ ਬੈਸਾਖ ਸੁਦੀ ਪੋਥੀ ਲਿਖੀ ਪੈੜੇ ਮੋਖੇ ਸੁਲਤਾਨਪੁਰ ਦੇ ਖਤਰੇਟੇ ਗੁਰੂ ਅੰਗਦ ਜੀ ਲਿਖਾਈ ਪੈੜੇ ਮੋਖੇ ਲਿਖੀ 

 ਟਿੱਪਣੀ: ਭਾਈ ਲਹਿਣਾ ਜੀ; ਗੁਰੂ ਨਾਨਕ ਜੀ ਨੂੰ ਪਹਿਲੀ ਵਾਰ ਸੰਮਤ ੧੫੮੯ ਵਿੱਚ ਮਿਲਣ ਆਏ ਹਨ ਅਤੇ ੧੫੯੬ ਵਿੱਚ ਗੁਰਗੱਦੀ ’ਤੇ ਬਿਰਾਜਮਾਨ ਹੋਏ ਹਨ। ਡਾ: ਸੁਖਦਿਆਲ ਸਿੰਘ ਤਾਂ ੧੫੯੭ ਮੰਨਦਾ ਹੈ, ਇਸ ਲਈ ਜਦੋਂ ਭਾਈ ਲਹਿਣਾ ਜੀ ਦਾ ਗੁਰੂ ਨਾਨਕ ਸਾਹਿਬ ਜੀ ਨਾਲ ਕੋਈ ਮੇਲ ਹੀ ਨਹੀਂ ਸੀ ਹੋਇਆ ਅਤੇ ਨਾ ਹੀ ਉਨ੍ਹਾਂ ਦਾ ਨਾਮ ਕਿਸੇ ਨੇ ਗੁਰੂ ਅੰਗਦ ਜੀ ਰੱਖਿਆ ਸੀ ਤਾਂ ਗੁਰੂ ਨਾਨਕ ਜੀ ਨਾਲ ਪਹਿਲੀ ਮਿਲਣੀ ਤੋਂ 7 ਸਾਲ ਪਹਿਲਾਂ ਅਤੇ ਗੁਰੂ ਪਦਵੀ ਹਾਸਲ ਕਰਨ ਤੋਂ 14-15 ਸਾਲ ਪਹਿਲਾਂ (ਸੰਮਤ ੧੫੮੨ ’ਚ) ਹੀ ਗੁਰੂ ਅੰਗਦ ਜੀ ਨੇ ਭਾਈ ਬਾਲਾ ਜੀ ਤੋਂ ਪੁੱਛ ਕੇ ਭਾਈ ਪੈੜੇ ਤੋਂ ਜਨਮ ਸਾਖੀ ਕਿਵੇਂ ਲਿਖਵਾ ਦਿੱਤੀ ?

(ੲ) ਇਸੇ ਜਨਮਸਾਖੀ ਦੇ ਪੰਨਾ 3 ’ਤੇ ਇਸ ਤਰ੍ਹਾਂ ਲਿਖਿਆ ਹੋਇਆ ਹੈ: ‘ਬਾਲਾ ਸੰਧੂ ਜਟੇਟਾ ਗੁਰੂ ਅੰਗਦ ਜੀ ਦੇ ਦਰਸ਼ਨ ਨੂੰ ਆਇਆ ਗੁਰੂ ਅੰਗਦ ਜੀ ਛਪੇ ਰਹਦੇ ਸੇ ਬਾਲੇ ਸੰਧੂ ਨੂੰ ਇਹ ਚਾਹ ਸੀ ਜੇ ਕਰ ਗੁਰੂ ਪ੍ਰਗਟ ਹੋਵੈ ਦਰਸਨ ਨੂ ਜਾਈਏ

ਭਾਈ ਬਾਲੇ ਵਾਲੀ ਜਨਮਸਾਖੀ ਦੇ ਪੰਨਾ ਨੰਬਰ 3 ਦੀ ਕਾਪੀ

ਤਾਂ ਬਾਲੇ ਸੁਣਿਆ ਜੋ ਗੁਰੂ ਨਾਨਕ ਜੀ ਗੁਰੂ ਅੰਗਦ ਜੀ ਨੂੰ ਗੁਰੂ ਥਾਪ ਗਏ ਹੈ ਪਰ ਨਹੀ ਜਾਣੀਦਾ ਜੋ ਕੇੜੇ ਥਾਵ ਛਪ ਬੈਠੇ ਹੈ ਫੇਰ ਖਬਰ ਸੁਣੀ ਜੁ ਖਡੂਰ ਖਹਰਿਆ ਦੀ ਵਿਚ ਬੈਠੇ ਹੈ ਏਹ ਸੁਣ ਕਰ ਬਾਲਾ ਗੁਰੂ ਅੰਗਦ ਜੀ ਦੇ ਦਰਸਨ ਨੂ ਆਇਆ ਜੋ ਕੁਛ ਸਕਤ ਆਹੀ ਸੋ ਭੇਟ ਲੈ ਆਯਾ ਗੁਰੂ ਢੂਢ ਲਧੋਸੁ ਅਗੇ ਦੇਖੇ ਤਾ ਗੁਰੂ ਅੰਗਦ ਜੀ ਬੈਠੇ ਹੈ ਬਾਲੇ ਜਾਇ ਮਥਾ ਟੇਕਿਆ ਅਗੋ ਗੁਰੂ ਅੰਗਦ ਜੀ ਬੋਲੇ ਆਉ ਭਾਈ ਸਤ ਕਰਤਾਰ ਬੈਠੋ ਜੀ ਗੁਰੂ ਅੰਗਦ ਜੀ ਬਾਲੇ ਸੰਧੂ ਨੂੰ ਪੁੱਛਣ ਲੱਗੇ ਭਾਈ ਸਿੱਖਾ ਕਿਥੋਂ ਆਇਓ ਕਿਵਕਰ ਆਵਣਾ ਹੋਇਆ ਹੈ ਕਉਣ ਹੋਦੇ ਹੋ ਤਾ ਬਾਲੇ ਸੰਧੂ ਹਥ ਜੋੜ ਕਰ ਅਰਦਾਸ ਕੀਤੀ  ਜੀ ਗੁਰੂ ਜੀ  ਜਟੇਟਾ ਹਾਂ ਗੋਤ ਸੰਧੂ ਹੈ ਨਾਮ ਬਾਲਾ ਹੈ ਵਤਨ ਜਨਮ ਰਾਇਭੋਇ ਦੀ ਤਲਵੰਡੀ ਹੈ ਮੈ ਗੁਰੂ ਕੇ ਦਰਸਨ ਨੂ ਆਇਆ ਹਾਂ ਫੇਰ ਗੁਰੂ ਅੰਗਦ ਜੀ ਪੁਛਯਾ ਭਾਈ ਬਾਲਾ ਤੂ ਸਿਖ ਕਿਸ ਦਾ ਹੈਂ ਤੈਨੂੰ ਕੌਣ ਮਿਲਿਆ ਹੈ ਫੇਰ ਬਾਲਾ ਬੋਲਯਾ  ਜੀ ਗੁਰੂ ਜੀ  ਹਉਂ ਗੁਰੂ ਨਾਨਕ ਜੀ ਦਾ ਸਿੱਖ ਹਾਂ ਮੈਨੂ ਗੁਰੂ ਨਾਨਕ ਜੀ ਮਿਲਯਾ ਹੈ ਫੇਰ ਗੁਰੂ ਅੰਗਦ ਜੀ ਪੁਛਯਾ ਭਾਈ ਬਾਲਾ ਤੂ ਗੁਰੂ ਡਿਠਾ ਸੀ ਫੇਰ ਬਾਲੇ ਕਹਯਾ ਜੀ ਮੈਥੋਂ ਤ੍ਰੈ ਵਰੇ ਗੁਰੂ ਨਾਨਕ ਜੀ ਵਡੇ ਸੇ ਮੈ ਗੁਰੂ ਨਾਨਕ ਜੀ ਦੇ ਪਿਛੇ ਲਗਾ ਫਿਰਦਾ ਸਾਂ ਪਰ ਜੀ ਤਦ ਅਸਾਂ ਨੂੰ ਏਹ ਮਤ ਨਾ ਸੀ ਜੋ ਏਹ ਵਡਾ ਗੁਰੂ ਹੈ ਪਰ ਸਲਾਮੀ ਰਹਦੇ ਸੇ ਏਹ ਗਲ ਜਾ ਭਾਈ ਬਾਲੇ ਆਖੀ ਤਾ ਗੁਰੂ ਅੰਗਦ ਜੀ ਦਾ ਬੈਰਾਗ ਛੁਟ ਗਇਆ

ਟਿੱਪਣੀ: ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਭਾਈ ਬਾਲਾ ਜੀ, ਜਿਸ ਨੇ ਚਾਰ ਉਦਾਸੀਆਂ ਦੌਰਾਨ ਗੁਰੂ ਜੀ ਦੇ ਨਾਲ ਐਨਾ ਲੰਬਾ ਸਾਥ ਨਿਭਾਇਆ ਹੋਵੇ, ਉਸ ਨੂੰ ਪਹਿਲਾਂ ਇਹ ਖ਼ਬਰ ਵੀ ਨਾ ਮਿਲੀ ਹੋਵੇ ਕਿ ਗੁਰੂ ਨਾਨਕ ਜੀ ਜੋਤੀ-ਜੋਤ ਸਮਾ ਚੁੱਕੇ ਹਨ ਤੇ ਹੁਣ ਗੁਰੂ ਅੰਗਦ ਜੀ ਗੁਰਗੱਦੀ ’ਤੇ ਬਿਰਾਜਮਾਨ ਹਨ। ਦੂਸਰੇ ਪਾਸੇ ਗੁਰੂ ਅੰਗਦ ਸਾਹਿਬ ਜੀ ਨੂੰ ਵੀ ਗੁਰੂ ਨਾਨਕ ਜੀ ਦੇ ਲੰਬਾ ਚਿਰ ਸਾਥੀ ਰਹੇ ਭਾਈ ਬਾਲਾ ਜੀ ਬਾਰੇ ਕੋਈ ਜਾਣਕਾਰੀ ਹੀ ਨਾ ਹੋਵੇ ਕਿ ਉਹ ਕੌਣ ਹੈ।

(ਸ) ਅੱਗੇ ਪੰਨਾ ੪ ’ਤੇ ਲਿਖਿਆ ਹੈ: ਉਹ ਰਾਤ ਗੁਜਰੀ ਫਿਰ ਭਲਕ ਹੋਇਆ ਤਾ ਫੇਰ ਗੁਰੂ ਅੰਗਦ ਜੀ ਆਖਿਆ ਭਾਈ

ਭਾਈ ਬਾਲੇ ਵਾਲੀ ਜਨਮਸਾਖੀ ਦੇ ਪੰਨਾ ਨੰਬਰ 4 ਦੀ ਕਾਪੀ

ਬਾਲੇ ਨੂ ਸਦੋ ਭਾਈ ਬਾਲਾ ਆਇ ਮਥਾ ਟੇਕਿਆ ਫਿਰ ਬਾਲੇ ਨੂੰ ਗੁਰੂ ਅੰਗਦ ਪੁਛਣ ਲਗੇ ਭਾਈ ਬਾਲਾ ਕੁਛ ਤੈਨੂ ਇਹ ਵੀ ਮਾਲੂਮ ਹੈ ਜੋ ਗੁਰੂ ਨਾਨਕ ਜਨਮੇ ਸੀ ਸੋ ਕਿਕੂ ਜਨਮੇ ਸੀ ਬਾਲੇ ਕਹਿਆ ਜੀ ਇਹ ਮੈਨੂ ਮਾਲੂਮ ਨਹੀਂ ਪਰ ਜੀ ਇਤਨੀ ਮੈ ਸੁਣੀ ਹੈ ਜੀ ਲੋਕਾਂ ਦੇ ਮੂਹੋ ਜੋ ਹਰਦਿਆਲ ਮਿਸਰ ਆਖਦਾ ਹੈ ਜੋ ਭਾਈ ਏਨੇ ਮਹੂਰਤ ਤੇ ਤੈ ਸਤਾਈਏ ਨਛਤ੍ਰੇ ਅਤੇ ਕਤਕ ਦੀ ਪੂਰਨਮਾਸੀ ਸੰਸਾਰ ਤੇ ਕੋਈ ਨਹੀਂ ਜਨਮਿਆ ਏਹ ਕਾਲੂ ਬੇਦੀ ਦੇ ਘਰ ਕੋਈ ਅਵਤਾਰੀ ਜਨਮਿਆ ਹੈ

ਟਿੱਪਣੀ: ਸਤਾਈਵਾਂ ਨਛੱਤਰ ਰੇਵਤੀ ਹੈ। ਸ੍ਵਾਮੀਕੰਨੂ ਪਿਲੇ ਦੀ 701 ਤੋਂ ਲੈ ਕੇ 2000 ਤੱਕ ਦੀ ਜੰਤਰੀ ਫਰੋਲ ਕੇ ਵੇਖੀ ਜਾ ਸਕਦੀ ਹੈ। ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ 27ਵਾਂ ਨਛੱਤਰ ਰੇਵਤੀ ਕਦੇ ਨਹੀਂ ਮਿਲੇਗਾ ਕਿਉਂਕਿ ਕੱਤਕ ਦੀ ਪੂਰਨਮਾਸ਼ੀ ਨੂੰ ਰੇਵਤੀ ਨਛੱਤਰ ਹੋ ਹੀ ਨਹੀਂ ਸਕਦਾ। ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ ਕੇਵਲ 4 ਨਛੱਤਰ ਅਸ਼ਵਨੀ, ਭਰਣੀ, ਕ੍ਰਿਤਿਕਾ ਅਤੇ ਰੋਹਿਣੀ ਵਿੱਚੋਂ ਕੋਈ ਇਕ ਨਛੱਤਰ ਹੀ ਹੋ ਸਕਦਾ ਹੈ। ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ ਜਦ 27ਵਾਂ ਨਛੱਤਰ ਹੋ ਹੀ ਨਹੀਂ ਸਕਦਾ ਤਾਂ ਇਹ ਗੱਲ ਠੀਕ ਹੀ ਲਿਖੀ ਹੈ ਕਿ ਕੱਤਕ ਦੀ ਪੂਰਨਮਾਸ਼ੀ ਨੂੰ ਏਸ ਨਛੱਤਰ ਵਿੱਚ ਕੋਈ ਬਾਲਕ ਨਹੀਂ ਜਨਮਿਆ, ਇਸ ਲਈ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਵੀ ਕੱਤਕ ਦੀ ਪੂਰਨਮਾਸ਼ੀ ਨੂੰ 27ਵੇਂ ਨਛੱਤਰ ਵਿੱਚ ਨਹੀਂ ਹੋਇਆ। ਇਸ ਤੋਂ ਇਹ ਵੀ ਸਪਸ਼ਟ ਹੋ ਜਾਂਦਾ ਹੈ ਕਿ ਇਹ ਜਨਮਸਾਖੀ ਜਾਅਲੀ ਹੈ। ਜਿਸ ਜਨਮਸਾਖੀ ਦੇ ਪਹਿਲੇ ਚਾਰ ਪੰਨੇ ਪੜ੍ਹਨ ਤੋਂ ਇਸ ਦੇ ਜਾਅਲੀ ਹੋਣ ਦੇ 3 ਸਬੂਤ ਮਿਲਦੇ ਹੋਣ ਅਤੇ 100 ਸਾਲ ਪਹਿਲਾਂ ਸ: ਕਰਮ ਸਿੰਘ ਹਿਸਟੋਰੀਅਨ ਵੱਲੋਂ ‘ਕੱਤਕ ਕਿ ਵੈਸਾਖ’ ਪੁਸਤਕ ਵਿੱਚ ਇਸ ਜਨਮਸਾਖੀ ਨੂੰ ਜਾਅਲੀ ਸਿੱਧ ਕੀਤੇ ਜਾਣ ਬਾਅਦ ਵੀ ਜੇ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਭਾਈ ਬਾਲੇ ਵਾਲੀ ਜਨਮਸਾਖੀ ਦੇ ਆਧਾਰ ’ਤੇ ਕੱਤਕ ਦੀ ਪੂਰਨਮਾਸ਼ੀ ਨੂੰ ਮੰਨਦੇ ਹੋਣ ਤਾਂ ਉਨ੍ਹਾਂ ਦੀਆਂ ਲਿਖਤਾਂ ਨੂੰ ਪ੍ਰਮਾਣਿਕ ਕਿਵੇਂ ਮੰਨਿਆ ਜਾ ਸਕਦਾ ਹੈ ਕਿਉਂਕਿ ਜਿੰਨੇ ਵੀ ਲੇਖਕਾਂ ਨੇ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਕੱਤਕ ਦੀ ਪੂਰਨਮਾਸ਼ੀ ਲਿਖਿਆ ਹੈ, ਉਨ੍ਹਾਂ ਸਭਨਾਂ ਦਾ ਮੂਲ ਸ੍ਰੋਤ ਇਹ ਬਾਲੇ ਵਾਲੀ ਜਨਮਸਾਖੀ ਹੀ ਹੈ।

2. ਹੈਰਾਨੀ ਦੀ ਗੱਲ ਇਹ ਹੈ ਕਿ ਡਾ: ਸੁਖਦਿਆਲ ਸਿੰਘ ਆਪਣੀ ਇਕ ਹੋਰ ਪੁਸਤਕ ‘ਪੰਜਾਬ ਦਾ ਇਤਿਹਾਸ/ਗੁਰੂ-ਕਾਲ 1469-1708’ ਜਿਲਦ ਪੰਜਵੀਂ ਦੇ ਪੰਨਾ 48 ’ਤੇ ਇਉਂ ਵੀ ਲਿਖਦਾ ਹੈ : ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਨੂੰ ਆਪਣਾ ਅਗਲਾ ਉੱਤਰਾਧਿਕਾਰੀ ਥਾਪਿਆ ਅਤੇ ਆਪ 69 ਸਾਲ 10 ਮਹੀਨੇ 10 ਦਿਨ ਦੀ ਉਮਰ ਬਤੀਤ ਕਰਕੇ ਅੱਸੂ ਵਦੀ ਦਸਮੀ ਸੰਮਤ ੧੫੯੬ ਬਿਕ੍ਰਮੀ ਮੁਤਾਬਕ 22 ਸਤੰਬਰ 1539 : ਵਿੱਚ ਜੋਤੀਜੋਤ ਸਮਾ ਗਏ ਸਨ

ਟਿੱਪਣੀ: (ੳ). ਹੱਦ ਹੋ ਗਈ ਕਿ ਡਾ: ਸੁਖਦਿਆਲ ਸਿੰਘ ਮੁਤਾਬਕ ਸੰਮਤ ੧੫੯੬ ਬਿ: ਵਿੱਚ ਵੀ ਗੁਰੂ ਜੀ ਦੀ ਉਮਰ 69 ਸਾਲ 10 ਮਹੀਨੇ 10 ਦਿਨ ਅਤੇ ਅਗਲੇ ਸਾਲ ਸੰਮਤ ੧੫੯੭ ਵਿੱਚ ਵੀ 69 ਸਾਲ 10 ਮਹੀਨੇ 10 ਦਿਨ ਜਦੋਂ ਕਿ ਉਨ੍ਹਾਂ ਦੇ ਪ੍ਰਗਟ ਹੋਣ ਦੀ ਉਹੀ ਤਾਰੀਖ਼ ਕੱਤਕ ਦੀ ਪੂਰਨਮਾਸ਼ੀ ਸੰਮਤ ੧੫੯੬ ਹੀ ਮੰਨਦਾ ਹੈ।

(ਅ) ਡਾ: ਸੁਖਦਿਆਲ ਸਿੰਘ ਮੁਤਾਬਕ ਅੱਸੂ ਵਦੀ ਦਸਮੀ ਸੰਮਤ ੧੫੯੬ ਬਿ. ਨੂੰ ਵੀ 22 ਸਤੰਬਰ ਅਤੇ ਅੱਸੂ ਵਦੀ ਦਸਮੀ ਸੰਮਤ ੧੫੯੭ ਬਿ. ਨੂੰ ਵੀ 22 ਸਤੰਬਰ !! ਇਹ ਦੂਸਰੀ ਵੱਡੀ ਗ਼ਲਤੀ ਹੈ ਕਿਉਂਕਿ ਸਾਧਾਰਨ ਤੋਂ ਸਾਧਾਰਨ ਵਿਅਕਤੀ ਨੂੰ ਵੀ ਇਹ ਪਤਾ ਹੈ ਕਿ ਚੰਦਰ ਕੈਲੰਡਰ ਦੀ ਕੋਈ ਵੀ ਤਿੱਥ ਜਿਹੜੀ ਸੂਰਜੀ ਕੈਲੰਡਰ ਦੀ ਇਸ ਸਾਲ ਦੀ ਕਿਸੇ ਤਾਰੀਖ਼ ਨੂੰ ਆਈ ਹੋਵੇ ਉਹੀ ਤਿੱਥ ਅਗਲੇ ਸਾਲ ਉਸੇ ਤਾਰੀਖ਼ ਤੋਂ 10/12 ਦਿਨ ਪਹਿਲਾਂ ਜਾਂ ਕਈ ਵਾਰ ਦੋ ਤਿੰਨ ਸਾਲਾਂ ਪਿੱਛੋਂ 18/19 ਦਿਨ ਬਾਅਦ ਵਿੱਚ ਆਉਂਦੀ ਹੈ। ਕਿਸੇ ਯੂਨੀਵਰਸਿਟੀ ਦੇ ਵਿਭਾਗ ਦਾ ਮੁਖੀ ਇਸ ਤਰ੍ਹਾਂ ਦੀ ਗ਼ਲਤੀ ਕਰੇ ਕਿ ਅੱਸੂ ਵਦੀ ੧੦ ਲਗਾਤਾਰ ਦੋ ਸਾਲ (ਸੰਮਤ ੧੫੯੬ ਅਤੇ ੧੫੯੭) ਇਕ ਹੀ ਤਾਰੀਖ਼ 22 ਸਤੰਬਰ ਨੂੰ ਵਿਖਾ ਦੇਵੇ ਤਾਂ ਉਸ ਦੀਆਂ ਲਿਖਤਾਂ ’ਤੇ ਸਵਾਲੀਆ ਚਿੰਨ੍ਹ ਲੱਗਣਾ ਲਾਜ਼ਮੀ ਹੈ।

3. ਅੱਸੂ ਵਦੀ ੧੦ ਸੰਮਤ ੧੫੯੬ ਨੂੰ ਦੂਸਰੀਆਂ ਪੱਧਤੀਆਂ ਵਿੱਚ ਤਬਦੀਲ ਕਰਕੇ ਬਣਦਾ ਹੈ – ੮ ਅੱਸੂ, 7 ਸਤੰਬਰ 1539 ਈ: ਅਤੇ ਅੱਸੂ ਸੁਦੀ ੧੦, ੧੫੯੬ ਨੂੰ ਤਬਦੀਲ ਕਰਕੇ ਬਣਦਾ ਹੈ – ੨੩ ਅੱਸੂ, 22 ਸਤੰਬਰ 1539 ਈ:। ਇਸ ਵਿਦਵਾਨ ਨੇ ਅੱਸੂ ਵਦੀ ੧੦, ਸੰਮਤ ੧੫੯੬ ਤਾਂ ਉਹੀ ਤਾਰੀਖ਼ ਲੈ ਲਈ ਜਿਹੜੀ ਕਰਤਾਰਪੁਰੀ ਬੀੜ ਵਿੱਚ ਦਰਜ ਹੈ ਅਤੇ ਜਿਸ ਨੂੰ ਇਹ ਆਪ ਹੀ ਗ਼ਲਤ ਮੰਨ ਰਿਹਾ ਹੈ ਪਰ 22 ਸਤੰਬਰ 1539 ਈ. ਸ: ਕਰਮ ਸਿੰਘ ਹਿਸਟੋਰੀਅਨ ਜਾਂ ਉਸ ਤੋਂ ਨਕਲ ਕਰਨ ਵਾਲੇ ਕਿਸੇ ਵਿਦਵਾਨ ਦੀ ਪੁਸਤਕ ਵਿੱਚੋਂ ਲੈ ਲਈ ਜਿਹੜੀ ਅੱਸੂ ਸੁਦੀ ੧੦ ਦੇ ਹਿਸਾਬ ਨਾਲ 22 ਸਤੰਬਰ ਕੱਢੀ ਗਈ ਸੀ। ਹੋਰ ਮਾਰਕਾ ਮਾਰ ਦਿੱਤਾ ਕਿ ਆਪਣੀ ਦੂਸਰੀ ਪੁਸਤਕ ਵਿੱਚ ਆਪਣੀ ਹੀ ਤਾਰੀਖ਼ ਸੰਮਤ ੧੫੯੬ ਨੂੰ ਰੱਦ ਕਰਕੇ ਉਸ ਦੀ ਬਜਾਏ ੧੫੯੭ ਲਿਖ ਕੇ ਨਵੀਂ ਖੋਜ ਦੱਸ ਰਿਹਾ ਹੈ ਅਤੇ ਵਦੀ ੧੦ ਨੂੰ ਪਿਛਲੇ ਸਾਲ ਦੀ ਸਮਝ ਕੇ ਜੂਲੀਅਨ ਤਾਰੀਖ਼ 22 ਸਤੰਬਰ ਹੀ ਲਿਖੀ ਜਾ ਰਿਹਾ ਹੈ ਜਦੋਂ ਕਿ ਅੱਸੂ ਵਦੀ ੧੦ ਸੰਮਤ ੧੫੯੭ ਨੂੰ 27 ਅਗਸਤ 1540 ਸੀ।

4. ਗੁਰਬਾਣੀ ਵਿਆਕਰਣ ਦੇ ਨਿਯਮਾਂ ਦੀ ਸਮਝ ਰੱਖਣ ਵਾਲੇ ਵਿਅਕਤੀ ਜਾਣਦੇ ਹਨ ਕਿ ‘ਗਾਵੈ, ਵੇਖੈ, ਆਵਨਿ, ਆਖੈ’ ਆਦਿਕ ਕਿਰਿਆਵਾਚੀ ਸ਼ਬਦ ਵਰਤਮਾਨ ਕਾਲ ਸੂਚਕ ਹੁੰਦੇ ਹਨ ਅਤੇ ‘ਆਖੁ, ਕਰੇਗੁ, ਹੋਸੀ, ਸਮਾਲਸੀ, ਜਾਨਿ, ਉਠਸੀ, ਸੁਣਾਇਸੀ’ ਆਦਿਕ ਕਿਰਿਆਵਾਚੀ ਸ਼ਬਦ ਭਵਿਖਕਾਲ ਸੂਚਕ ਹੁੰਦੇ ਹਨ। ਇਸ ਨਿਯਮ ਅਨੁਸਾਰ; ਵੀਚਾਰ ਅਧੀਨ ਸ਼ਬਦ ਵਿੱਚ ਜਿੱਥੇ ਵਰਤਮਾਨ ਕਾਲ ਸੂਚਕ ਕਿਰਿਆਵਾਂ ਆਈਆਂ ਹਨ ਓਥੇ ਸੰਮਤ ੧੫੭੮ ਜਦੋਂ ਬਾਬਰ ਨੇ ਸੈਦਪੁਰ ’ਤੇ ਹਮਲਾ ਕੀਤਾ ਸੀ ਉਸੇ ਸਮੇਂ ਮੁਗਲ ਫ਼ੌਜਾਂ ਵੱਲੋਂ ਕੀਤੀ ਦੁਰਗਤੀ ਦਾ ਹਾਲ ਭਾਈ ਲਾਲੋ ਜੀ ਨੂੰ ਸੰਬੋਧਨ ਹੁੰਦੇ ਹੋਏ ਉਚਾਰਿਆ ਸ਼ਬਦ ਆਵਨਿ ਅਠਤਰੈ’’ ਤੋਂ ਭਾਵ ਸੰਮਤ ੧੫੭੮ (ਸੰਨ 1521ਈ.) ਵਿੱਚ ਮੁਗਲ ਹਾਕਮ; ਹਿੰਦੋਸਤਾਨ ਵਿੱਚ ਆਉਂਦੇ ਹਨ, ਆਏ ਹਨ ਅਤੇ ‘‘ਜਾਨਿ ਸਤਾਨਵੈ’’ = ਸੰਮਤ ੧੫੯੭ (ਸੰਨ 1540 ਈ.) ਵਿੱਚ ਚਲੇ ਜਾਣਗੇ। ‘‘ਹੋਰੁ ਭੀ ਉਠਸੀ ਮਰਦ ਕਾ ਚੇਲਾ’’ ਭਾਵ ਕੋਈ ਹੋਰ ਵੀ ਸੂਰਮਾ ਉਠੇਗਾ (ਜਿਹੜਾ ਮੁਗਲਾਂ ਦੀ ਸੰਤਾਨ ਨੂੰ ਭਜਾ ਦੇਵੇਗਾ)।

ਨੋਟ : ਇੱਥੇ ਇਸ਼ਾਰਾ ਸ਼ੇਰ ਸ਼ਾਹ ਸੂਰੀ ਵੱਲ ਹੈ, ਜਿਸ ਨੇ ਸੰਮਤ ੧੫੯੭ ਵਿੱਚ ਬਾਬਰ ਦੇ ਪੁੱਤਰ ਹਮਾਯੂੰ ਨੂੰ ਹਿੰਦੁਸਤਾਨ ਵਿੱਚੋਂ ਮਾਰ ਭਜਾਇਆ ਸੀ ਤੇ ਆਪ ਇੱਥੋਂ ਦਾ ਰਾਜਾ ਬਣ ਗਿਆ।

ਇਸੇ ਤਰ੍ਹਾਂ ਬਾਕੀ ਦੇ ਸਾਰੇ ਸ਼ਬਦ ਵਿੱਚ ਵਰਤਮਾਨ ਕਾਲ ਅਤੇ ਭਵਿੱਖ ਕਾਲ ’ਚ ਨਾਲੋ ਨਾਲ ਗੱਲ ਕੀਤੀ ਗਈ ਹੈ ਪਰ ਇਸ ਵਿਦਵਾਨ ਲੇਖਕ (ਡਾ. ਸੁਖਦਿਆਲ ਸਿੰਘ) ਨੇ ਸਾਰੇ ਦੇ ਸਾਰੇ ਸ਼ਬਦ ਦੇ ਭੂਤ ਕਾਲ ਵਿੱਚ ਅਰਥ ਕਰਕੇ ਅਰਥਾਂ ਦੇ ਅਨਰਥ ਕਰ ਦਿੱਤੇ ਭਾਵ ਜੋ ਸ਼ਬਦ ਸੰਨ 1521 ’ਚ ਉਚਾਰਿਆ ਗਿਆ ਸੀ ਉਸ ਨੂੰ ਸੰਨ 1540 ’ਚ ਉਚਾਰਿਆ ਸਿੱਧ ਕੀਤਾ, ਇਸ ਨਾਲ ਜਿੱਥੇ ਗੁਰੂ ਨਾਨਕ ਜੀ 1539 ਈ. ’ਚ ਜੋਤੀ ਜੋਤ ਨਹੀਂ ਸਮਾਏ ਓਥੇ ਗੁਰੂ ਨਾਨਕ ਸਾਹਿਬ ਜੀ ਦੁਆਰਾ ਕੀਤੀ 19 ਸਾਲ ਪਹਿਲਾਂ ਭਵਿੱਖਬਾਣੀ ’ਤੇ ਵੀ ਸੰਦੇਹ ਜਤਾਇਆ ਗਿਆ ਹੈ। ਇਸ ਵਿਦਵਾਨ ਵੱਲੋਂ ਕੀਤੇ ਇਹ ਅਰਥ ਕਿਸੇ ਵੀ ਹੋਰ ਵਿਦਵਾਨ ਦੁਆਰਾ ਕੀਤੇ ਗੁਰਬਾਣੀ ਦੇ ਅਰਥਾਂ ਨਾਲ ਮੇਲ ਨਹੀਂ ਖਾਂਦੇ।

5. ਚਲੋ ਜੇ ਮੰਨ ਵੀ ਲਿਆ ਜਾਵੇ ਕਿ ਇਹ ਸ਼ਬਦ ਭਵਿੱਖਬਾਣੀ ਨਹੀਂ ਬਲਕਿ ਸੰਮਤ ੧੫੯੭ ਤੱਕ ਗੁਰੂ ਸਾਹਿਬ ਜੀ ਨੇ ਆਪਣੀ ਹੈਯਾਤੀ ਵਿੱਚ ਹੀ ਅੱਖੀਂ ਡਿੱਠਾ ਹਾਲ ਵਰਣਨ ਕੀਤਾ ਹੈ ਤਾਂ ਡਾ: ਸੁਖਦਿਆਲ ਸਿੰਘ ਨੇ ਕਿਵੇਂ ਮੰਨ ਲਿਆ ਕਿ ਗੁਰੂ ਨਾਨਕ ਜੀ ਸੰਮਤ ੧੫੯੭ ਵਿੱਚ ਵੀ ਅੱਸੂ ਵਦੀ ੧੦, ਸੰਮਤ ੧੫੯੭ ਨੂੰ ਹੀ ਜੋਤੀ-ਜੋਤ ਸਮਾਏ ਹਨ। ਇਸ ਤਾਰੀਖ਼ ਸੰਬੰਧੀ ਨਾ ਕੋਈ ਇਤਿਹਾਸਕ ਹਵਾਲਾ ਹੈ ਅਤੇ ਨਾ ਹੀ ਇਸ ਵੱਲੋਂ ਜਿਸ ਸ਼ਬਦ ਦਾ ਸਹਾਰਾ ਲੈ ਕੇ ਗੁਰੂ ਸਾਹਿਬ ਜੀ ਦੇ ਜੋਤੀ-ਜੋਤ ਸਮਾਉਣ ਦਾ ਸੰਮਤ ੧੫੯੬ ਦੀ ਬਜਾਏ ੧੫੯੭ ਲਿਖਿਆ ਹੈ; ਉਸ ਸ਼ਬਦ ਵਿੱਚੋਂ ਕੋਈ ਸੰਕੇਤ ਮਿਲਦਾ ਹੈ ਕਿ ਗੁਰੂ ਸਾਹਿਬ ਜੀ ਕਿਸ ਸੰਮਤ, ਮਹੀਨੇ ਜਾਂ ਤਿੱਥ ਨੂੰ ਜੋਤੀ-ਜੋਤ ਸਮਾਏ ਹਨ। ਕੋਈ ਹੋਰ ਇਤਿਹਾਸਕਾਰ; ਡਾ: ਸੁਖਦਿਆਲ ਸਿੰਘ ਵਾਙ ਆਪਣੇ ਹੀ ਮਨ ਦੀਆਂ ਮਿੱਥਾਂ ਨਾਲ ਗੁਰੂ ਸਾਹਿਬ ਜੀ ਦਾ ਜੋਤੀ-ਜੋਤ ਸਮਾਉਣਾ ਸੰਮਤ ੧੫੯੭ ਦੀ ਬਜਾਏ ੯੮ ਜਾਂ ੯੯ ਜਾਂ ੧੬੦੦ ਲਿਖੀ ਜਾਵੇ ਤਾਂ ਕੀ ਅਜਿਹੇ ਇਤਿਹਾਸਕਾਰ; ਪਹਿਲਾਂ ਤੋਂ ਹੀ ਗੁਰ ਇਤਿਹਾਸ ਦੀਆਂ ਤਾਰੀਖ਼ਾਂ ਸੰਬੰਧੀ ਬਣੀ ਅਨੇਕਤਾ ਨੂੰ ਹੋਰ ਨਹੀਂ ਵਧਾ ਰਹੇ ? ਕਿਸੇ ਡੇਰੇਦਾਰ ਵੱਲੋਂ ਮਨ ਦੀਆਂ ਉਡਾਰੀਆਂ ਲਾਉਂਦੇ ਹੋਏ ਇਸ ਤਰ੍ਹਾਂ ਦੀਆਂ ਤਾਰੀਖ਼ਾਂ ਲਿਖੀਆਂ ਜਾਣਾ ਤਾਂ ਹੋਰ ਗੱਲ ਹੈ ਪਰ ਯੂਨੀਵਰਸਿਟੀਆਂ ਦੇ ਪੀ. ਐੱਚ. ਡੀ ਵਿਦਵਾਨ; ਇਸ ਤਰ੍ਹਾਂ ਦੀਆਂ ਖ਼ਿਆਲੀ ਉਡਾਰੀਆਂ ਮਾਰਨ ਲੱਗ ਜਾਣ ਤਾਂ ਸਿੱਖ ਇਤਿਹਾਸ ਨੂੰ ਕੌਣ ਦਰੁਸਤ ਕਰੇਗਾ ?

ਉਪਰੋਕਤ ਸਾਰੇ ਤੱਥਾਂ ਨੂੰ ਵੇਖ ਕੇ ਪੰਜਾਬੀ ਦਾ ਮੁਹਾਵਰਾ ਚੇਤੇ ਆਉਂਦਾ ਹੈ ‘ਨਕਲ ਮਾਰਨ ਵਾਸਤੇ ਵੀ ਅਕਲ ਦੀ ਲੋੜ ਹੁੰਦੀ ਹੈ’, ਪਰ ਇਸ ਵਿਦਵਾਨ ਨੇ ਤਾਂ ਨਕਲ ਮਾਰਨ ਸਮੇਂ ਬਿਲਕੁਲ ਵੀ ਅਕਲ ਦੀ ਵਰਤੋਂ ਨਹੀਂ ਕੀਤੀ। ਯੂਨੀਵਰਸਿਟੀ ਦੇ ਇੱਕ ਵਿਭਾਗ ਦੇ ਮੁੱਖੀ ਪ੍ਰੋਫੈਸਰ ਵੱਲੋਂ ਕੀਤੀ ਇਹ ਨਵੀਂ ਖੋਜ ਸ਼ੱਕ ਪੈਦਾ ਕਰਦੀ ਹੈ ਕਿ ਇਸ ਯੂਨੀਵਰਸਿਟੀ ਨੇ ਅਜਿਹੇ ਮੁਖੀ ਪ੍ਰੋਫੈਸਰਾਂ ਦੀ ਦੇਖ-ਰੇਖ ਹੇਠ ਕਿਸ ਤਰ੍ਹਾਂ ਦੇ ਵਿਦਵਾਨ ਇਤਿਹਾਸਕਾਰ ਪੈਦਾ ਕੀਤੇ ਹੋਣਗੇ ? ਇਸ ਸਬੰਧੀ ਪੰਜਾਬੀ ਯੂਨੀਵਰਸਿਟੀ ਨੂੰ ਵੀ ਚਾਹੀਦਾ ਹੈ ਕਿ ਯੂਨੀਵਰਸਿਟੀ ਦੀ ਭਰੋਸੇਯੋਗਤਾ (Creditiablity) ਨੂੰ ਢਾਹ ਲਾ ਰਹੇ ਆਪਣੇ ਪ੍ਰੋਫੈਸਰਾਂ ਦੀਆਂ ਖੋਜਾਂ ਦਾ ਮੁੜ ਮੂਲਾਂਕਣ ਕਰੇ।

6. ਕੱਤਕ ਪੂਰਨਮਾਸ਼ੀ ਦਾ ਪੱਖ ਪੂਰਨ ਵਾਲੇ ਵਿਦਵਾਨ ਆਪਣੀ ਮਿੱਥ ਦੀ ਪ੍ਰੋੜ੍ਹਤਾ ਕਰਨ ਲਈ ਕਿਸ ਤਰ੍ਹਾਂ ਤੱਥਾਂ ਦੀ ਤੋੜ-ਮਰੋੜ ਕਰਦੇ ਹਨ ਉਸ ਦੀ ਇੱਕ ਉਦਾਹਰਨ ਕੇਸਰ ਸਿੰਘ ਛਿੱਬਰ ਦੇ ‘ਬੰਸਾਵਲੀ ਨਾਮਾ (ਰਚਨਾਂ 11 ਅਕਤੂਬਰ 1769 ਈ:)’ ਦਾ

ਕੇਸਰ ਸਿੰਘ ਛਿੱਬਰ ਦੇ ਵੰਸਾਵਲੀ ਨਾਮਾ ਵਿਚੋਂ ਫੋਟੋ ਕਾਪੀ

ਹਵਾਲਾ ਹੈ : ‘ਸੰਮਤ ਪੰਦ੍ਰਾਂ ਸੈ ਛੱਬੀ ਭਏ ਤਬ ਬਾਬਾ ਨਾਨਕ ਸਾਹਿਬ ਜੀ ਜਨਮ ਲੈ ਲਏ ਮਾਹ ਕਾਤਕ ਦਿਨ ਚਉਦਾਂ ਚਾਰ ਪੁੰਨਿਆਂ ਰਾਤਿ ਗੁਰੂ ਨਾਨਕ ਜੀ ਲੀਨਾ ਅਵਤਾਰ ੧੨੦

 ਗਿਆਨੀ ਈਸ਼ਰ ਸਿੰਘ ਨਾਰਾ ਆਪਣੀ ਪੁਸਤਕ ‘ਵਿਸਾਖ ਨਹੀਂ ਕੱਤਕ’ ਦੇ ਪੰਨਾ 222 ਵਿੱਚ ਇਸ ਦਾ ਹਵਾਲਾ ਇਸ ਤਰ੍ਹਾਂ ਦਿੰਦੇ ਹਨ – ਮਹਾਂ ਕਾਰਤਕ ਦਿਨ ਚਾਰ ਪੁੰਨਿਆਂ ਰਾਤ ਗੁਰੂ ਨਾਨਕ ਲੀਨਾ ਅਵਤਾਰ*’ ਅਤੇ *ਨੋਟ ਵਿੱਚ ਇਸ ਤਰ੍ਹਾਂ ਲਿਖਦੇ ਹਨ – ‘ਇਹ ਮਹਾਂ ਕਾਰਤਕ ਦਿਨ ਚਾਰ ਦਾ ਭਾਵ ਮਹਾਨਤਾ ਭਰਿਆ ਕਤਕ ਮਹੀਨਾ (ਚਾਰ) ਸ੍ਰੇਸ਼ਟ ਦਿਨ ਪੁੰਨਿਆ ਹੈ।’ ਸਿਤਮ

ਈਸਰ ਸਿੰਘ ਨਾਰਾ ਦੀ ਕਿਤਾਬ (ਵਿਸਾਖ ਨਹੀਂ ਕੱਤਕ) ਵਿਚੋਂ ਫੋਟੋ ਕਾਪੀ।

ਵਾਲੀ ਗੱਲ ਹੈ ਕਿ ਗਿਆਨੀ ਜੀ ਮੂਲ ਪਾਠ ਵਿੱਚੋਂ ਚਉਦਾਂ ਹੜਪ ਕਰ ਗਏ ਹਨ ਅਤੇ ਮਾਹ ਜਿਸ ਦਾ ਅਰਥ ਮਹੀਨਾਂ ਹੈ ਨੂੰ ‘ਮਹਾਂ’ ਵਿੱਚ ਬਦਲ ਦਿੱਤਾ ਗਿਆ। ਮੂਲ ਪਾਠ ਵਿੱਚ ਮਾਹ ਕਾਤਕ ਦਿਨ ਚਉਦਾਂ ਚਾਰ ਦਾ ਅਰਥ ਹੈ : ਕੱਤਕ ਮਹੀਨਾ ਅਠਾਰਾਂ ਦਿਨ ਗਏ। ਇਨ੍ਹਾਂ ਵਿਦਵਾਨਾਂ ਨੇ ਇਹ ਵੀ ਚੈੱਕ ਨਹੀਂ ਕੀਤਾ ਕਿ ਜਿਸ ਕੇਸਰ ਸਿੰਘ ਛਿੱਬਰ ਦੀ ਲਿਖਤ ਉਹ ਵਰਤ ਰਹੇ ਹਨ ਉਹੀ ਸ਼ੱਕੀ ਹੈ ਕਿਉਂਕਿ ਕੱਤਕ ਪੂਰਨਮਾਸ਼ੀ ਸੰਮਤ 1526 ਬਿ: (ਸੰਨ 1469 ਈ.) ਨੂੰ 21 ਕੱਤਕ ਸੀ, ਜਦੋਂ ਕਿ ਛਿੱਬਰ ਦੀ ਲਿਖਤ ਵਿੱਚ ਪੂਰਨਮਾਸ਼ੀ ਅਤੇ 18 ਕੱਤਕ ਲਿਖਿਆ ਹੈ ਜੋ ਆਪਸ ਵਿੱਚ ਮੇਲ ਨਾ ਖਾਂਦੇ ਹੋਣ ਕਰਕੇ ਛਿੱਬਰ ਦੀ ਇਹ ਲਿਖਤ ਹੀ ਸ਼ੱਕੀ ਹੋ ਜਾਂਦੀ ਹੈ।

ਹੁਣ ਜ਼ਰਾ ਦੇਖੋ ਕਿ ਛਿੱਬਰ ਦਾ ਇਹੀ ਹਵਾਲਾ ਡਾ. ਹਰਜਿੰਦਰ ਸਿੰਘ ਦਿਲਗੀਰ ਆਪਣੇ ਲੇਖ ਵਿੱਚ ਇਸ ਤਰ੍ਹਾਂ ਦਿੰਦੇ ਹਨ – ਸੰਮਤ ਪੰਦ੍ਰਾਂ ਸੈ ਛੱਬੀ ਭਏ  ਤਬ ਬਾਬਾ ਨਾਨਕ ਸਾਹਿਬ ਜੀ ਜਨਮ ਲੈ ਲਏ  ਮਹਾਂ ਕਾਰਤਕ ਪੁੰਨਿਆਂ ਰਾਤ ਗੁਰੂ ਨਾਨਕ ਲੀਨਾ ਅਵਤਾਰ ਡਾ. ਦਿਲਗੀਰ ਜੀ ਮੂਲ ਪਾਠ ਵਿੱਚੋਂ ਦਿਨ ਚਉਦਾਂ ਚਾਰ ਉੱਡਾ ਗਏ ਹਨ ਕਿਉਂਕਿ ਸ਼ਾਇਦ ਉਨ੍ਹਾਂ ਨੂੰ ਪਤਾ ਸੀ ਕਿ 1526 ਬਿ. ਵਿੱਚ ਕੱਤਕ ਪੂਰਨਮਾਸ਼ੀ 18 ਕੱਤਕ ਨੂੰ ਨਹੀਂ ਸੀ।  ਨਾਲ ਹੀ ਮਾਹ ਨੂੰ ‘ਮਹਾਂ’ ਵਿੱਚ ਬਦਲ ਦਿੱਤਾ ਗਿਆ ਹੈ। ਕੀ ਇਹੀ ਹੈ ਖੋਜ ?

ਡਾ. ਹਰਜਿੰਦਰ ਸਿੰਘ ਦਿਲਗੀਰ ਦੀ ਪੁਸਤਕ (ਨਾਨਕਸ਼ਾਹੀ ਕੈਲੰਡਰ) ਦੇ ਪੰਨਾ ਨੰ. 48 ਦੀ ਫੋਟੋ

ਦੂਸਰੀ ਮਿਸਾਲ ਹੈ ਦੋਵਾਂ ਹੀ ਵਿਦਵਾਨਾਂ ਭਾਵ ਗਿਆਨੀ ਈਸ਼ਰ ਸਿੰਘ ਨਾਰਾ ਅਤੇ ਡਾ: ਹਰਜਿੰਦਰ ਸਿੰਘ ਦਿਲਗੀਰ ਨੇ ਸ਼੍ਰੀ ਬੀ. ਵੀ. ਰਮਨ ਦੀ ਲਿਖਤ ‘ਨੋਟੇਬਬਲ ਹਾਰੋਸਕੋਪ’ (Notable Horoscope) ’ਚ ਦਰਜ ਟੇਵਾ ਨੰ: 13 ਦਾ ਗਲਤ ਹਵਾਲਾ ਦਿੱਤਾ ਹੈ ਕਿ ਸ਼੍ਰੀ ਬੀ. ਵੀ. ਰਮਨ ਨੇ ਵੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਕੱਤਕ ਸੁਦੀ ਪੂਰਨਮਾਸ਼ੀ ਸੰਮਤ ੧੫੨੬ (ਸੰਨ 1469) ਵਿੱਚ ਹੋਇਆ ਮੰਨਿਆ ਹੈ। ਇਨ੍ਹਾਂ ਵਿਦਵਾਨਾਂ ਨੇ ਇਸ ਟੇਵੇ ਦੇ ਉੱਪਰ ਲਿਖਿਆ ਨਹੀਂ ਪੜ੍ਹਿਆ ਕਿ ਇਹ ਟੇਵਾ ਸੰਨ 1469 ਦਾ ਨਹੀਂ ਬਲਕਿ 8 ਨਵੰਬਰ 1470 ਦਾ ਹੈ।

ਉਕਤ ਦੋਵੇਂ ਉਦਾਹਰਨਾਂ ਤੋਂ ਜਾਪਦਾ ਹੈ ਕਿ ਇਨ੍ਹਾਂ ਵਿਦਵਾਨਾਂ ਨੇ ਪਹਿਲਾਂ ਹੀ ਧਾਰ ਲਿਆ ਹੋਇਆ ਸੀ ਕਿ ਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਕੱਤਕ ਦੀ ਪੂਰਨਮਾਸ਼ੀ ਸਿੱਧ ਕਰਨਾ ਹੀ ਕਰਨਾ ਹੈ ਭਾਵੇਂ ਕਿ ਆਪਣੇ ਵੱਲੋਂ ਦਿੱਤੇ ਹਵਾਲੇ ਵਾਲੇ ਸਰੋਤ ਵਿੱਚ ਇਨ੍ਹਾਂ ਨੂੰ ਕਿੰਨਾ ਵੀ ਬਦਲਾਅ ਕਿਉਂ ਨਾ ਕਰਨਾ ਪਵੇ ਜਦ ਕਿ ਇਸ ਟੇਵੇ ਨੂੰ ਹੇਠ ਲਿਖੇ ਕੁਝ ਕਾਰਨਾਂ ਕਰਕੇ ਸਬੂਤ ਵਜੋਂ ਸਹੀ ਨਹੀਂ ਮੰਨਿਆ ਜਾ ਸਕਦਾ :

(ੳ) ਇਸ ਟੇਵੇ ਦੇ ਉੱਪਰ ਹੀ ਲਿਖਿਆ ਹੈ- *ਜਨਮ 8 ਨਵੰਬਰ 1470 (OS= Old Style ਭਾਵ ਜੂਲੀਅਨ) ਨੂੰ ਹੋਇਆ।

(ਅ) ਇਸ ਟੇਵੇ ਦੇ ਥੱਲੇ ਲਿਖਿਆ ਹੈ – *I am indebted to Mr. Nahar Singh Gyani of Gujjarwal, Ludhiana District, for the birth details of Guru Nanak. According to most reliable sources, the Guru was born on the Full Moon day of Karthika, Samvat 1526, Thursday at midnight, in the nakshatra of Krittika, Simha Lagna. ਭਾਵ ਮੈਂ, ਗੁੱਜਰਵਾਲ, ਜ਼ਿਲ੍ਹਾ ਲੁਧਿਆਣਾ ਦੇ ਨਾਹਰ ਸਿੰਘ ਗਿਆਨੀ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਗੁਰੂ ਨਾਨਕ ਦੇ ਜਨਮ ਦਿਨ ਦੇ ਵੇਰਵੇ ਦਿੱਤੇ। ਬਹੁਤ ਭਰੋਸੇਮੰਦ ਸੂਤਰਾਂ ਅਨੁਸਾਰ, ਗੁਰੂ ਜੀ ਦਾ ਜਨਮ, ਸੰਮਤ ੧੫੨੬ ਦੇ ਕੱਤਕ ਮਹੀਨੇ ਦੀ ਪੂਰਨਮਾਸ਼ੀ ਵਾਲੇ ਦਿਨ, ਵੀਰਵਾਰ ਅੱਧੀ ਰਾਤ ਨੂੰ, ਕ੍ਰਿਤਿਕਾ ਨਕਸ਼ਤਰ, ਸਿੰਘ ਲਗਨ ਦੇ ਵਿੱਚ ਹੋਇਆ ਸੀ।

ਉਕਤ ਨੋਟ ਨੂੰ ਪੜ੍ਹ ਕੇ ਕੋਈ ਵੀ ਵਿਦਵਾਨ ਇਸ ਟੇਵੇ ਨੂੰ ਸਬੂਤ ਵਜੋਂ ਨਹੀਂ ਵਰਤੇਗਾ ਕਿਉਂਕਿ ਇਸ ਦੇ ਲਿਖਾਰੀ ਨੇ ਤਾਂ ਸਾਫ਼ ਲਿਖ ਦਿੱਤਾ ਹੈ ਕਿ ਇਹ ਟੇਵਾ ਉਸ ਤਾਰੀਖ਼ ਦਾ ਬਣਾਇਆ ਹੈ ਜਿਸ ਦੇ ਵੇਰਵੇ ਮੈਨੂੰ ਗਿਆਨੀ ਨਾਹਰ ਸਿੰਘ ਵੱਲੋਂ ਦਿੱਤੇ ਗਏ ਸਨ। ਟੇਵਾ ਬਣਾਉਣ ਵਾਲੇ ਨੇ ਕੋਈ ਗਰੰਟੀ ਨਹੀਂ ਲਈ ਕਿ ਇਹ ਤਾਰੀਖ਼ਾਂ ਸਹੀ ਹਨ । ਭਰੋਸੇਯੋਗ ਸੂਤਰਾਂ ਦੇ ਹਵਾਲੇ ਨਾਲ ਉਹ ਸੰਮਤ ੧੫੨੬ ਵੀ ਲਿਖ ਰਹੇ ਹਨ ਭਾਵ ਕਿ ਟੇਵਾ ਬਣਾਉਣ ਵਾਲੇ ਨੂੰ ਨਹੀਂ ਪਤਾ ਕਿ ਅਸਲੀ ਤਾਰੀਖ਼ ਕਿਹੜੀ ਹੈ। ਟੇਵਾ ਉਸ ਨੇ ਉਸੇ ਤਾਰੀਖ਼ ਦਾ ਬਣਾ ਦਿੱਤਾ ਜਿਹੜੀ ਉਸ ਨੂੰ ਗਿਆਨੀ ਨਾਹਰ ਸਿੰਘ ਵੱਲੋਂ ਦਿੱਤੀ ਗਈ ਸੀ। ਇਸ ਤਰ੍ਹਾਂ ਦੇ ਟੇਵੇ ਤਾਂ ਜਿਹੜੀ ਮਰਜ਼ੀ ਤਿੱਥ ਜਾਂ ਸੰਮਤ ਦੇ ਬਣਾ ਲਓ ਪਰ ਉਨ੍ਹਾਂ ਨੂੰ ਕਿਸੇ ਸਬੂਤ ਵਜੋਂ ਨਹੀਂ ਲਿਆ ਜਾ ਸਕਦਾ ਜਦੋਂ ਕਿ ਇਹ ਵਿਦਵਾਨ 8 ਨਵੰਬਰ 1470 ਦੀ ਤਾਰੀਖ਼ ਲਈ ਬਣਾਏ ਟੇਵੇ ਨੂੰ ਹੀ ਕੱਤਕ ਦੀ ਪੂਰਨਮਾਸ਼ੀ ਸੰਮਤ ੧੫੨੬ (20 ਅਕਤੂਬਰ 1469) ਦੀ ਤਾਰੀਖ਼ ਸਿੱਧ ਕਰਨ ਲਈ ਵਰਤ ਰਹੇ ਹਨ।

(ੲ). ਗਿਆਨੀ ਈਸ਼ਰ ਸਿੰਘ ਨਾਰਾ ਨੇ ਆਪਣੀ ਪੁਸਤਕ ‘ਵਿਸਾਖ ਨਹੀਂ ਕੱਤਕ’ ਦੇ ਪੰਨਾ ਨੰ: 129 ’ਤੇ ਕਿਸੇ ਹੋਰ ਪੰਡਿਤ ਵੱਲੋਂ ਬਣਾਇਆ ਟੇਵਾ (ਜਿਸ ਉੱਪਰ ਕਿਸੇ ਦਾ ਨਾਂ ਵੀ ਨਹੀਂ ਲਿਖਿਆ) ਵੀ ਸਬੂਤ ਵਜੋਂ ਦਿੱਤਾ ਹੈ। ਹਾਲਾਂਕਿ ਇਸ ਦੇ ਥੱਲੇ ਗਿਆਨੀ ਜੀ

ਈਸਰ ਸਿੰਘ ਨਾਰਾ ਦੀ ਕਿਤਾਬ (ਵਿਸਾਖ ਨਹੀਂ ਕੱਤਕ) ਵਿਚੋਂ ਫੋਟੋ ਕਾਪੀ।

ਨੇ ਖ਼ੁਦ ਹੀ ਲਿਖਿਆ ਹੈ ਕਿ ਮੈਂ ਇਸ ਦਾ ਨਾ ਖੰਡਨ ਕਰਦਾ ਹਾਂ, ਨਾ ਹੀ ਮੰਡਨ ਕਰਦਾ ਹਾਂ; ਪਰ ਥੋੜ੍ਹਾ ਅੱਗੇ ਜਾ ਕੇ ਪੰਨਾ 135 ’ਤੇ ਇਸੇ ਟੇਵੇ ਦਾ ਇਸ ਆਧਾਰ ’ਤੇ ਮੰਡਨ ਵੀ ਕਰ ਦਿੱਤਾ ਕਿ ਇਹ ਬੀ. ਵੀ. ਰਮਨ ਦੇ ਟੇਵੇ ਨਾਲ ਮੇਲ ਖਾਂਦਾ ਹੈ। ਜੇਕਰ ਟੇਵਿਆਂ ਬਾਰੇ ਜਾਣਕਾਰੀ ਰੱਖਣ ਵਾਲਾ ਵਿਅਕਤੀ ਦੋਵਾਂ ਟੇਵਿਆਂ ਨੂੰ ਬਰਾਬਰ-ਬਰਾਬਰ ਰੱਖ ਕੇ ਵੇਖੇ ਤਾਂ ਉਸ ਨੂੰ ਸਹਿਜੇ ਹੀ ਪਤਾ ਲੱਗ ਜਾਵੇਗਾ ਕਿ ਦੋਵਾਂ ਟੇਵਿਆਂ

ਸ਼੍ਰੀ ਬੀ. ਵੀ. ਰਮਨ ਦੀ ਪੁਸਤਕ ਵਿਚੋਂ ਫੋਟੋ ਕਾਪੀ।

ਦੇ ਸਮੇਂ ਵਿੱਚ ਘੱਟ ਤੋਂ ਘੱਟ 9.3 ਸਾਲ ਦਾ ਫ਼ਰਕ ਹੈ। ਕਾਰਨ ਇਹ ਹੈ ਕਿ ਰਾਹੂ ਅਤੇ ਕੇਤੂ ਆਪਸ ਵਿੱਚ 180° ਦੀ ਦੂਰੀ ’ਤੇ ਹਨ ਅਤੇ ਇਹ 6793.47 ਦਿਨ (18.6 ਸਾਲ) ਵਿੱਚ ਆਪਣਾ ਚੱਕਰ ਪੂਰਾ ਕਰਦੇ ਹਨ। ਇਸ ਹਿਸਾਬ ਨਾਲ 9.3 ਸਾਲਾਂ ਮਗਰੋਂ ਇਹ ਆਪਣੀ ਪੋਜੀਸ਼ਨ ਇੱਕ ਦੂਸਰੇ ਨਾਲ ਬਦਲ ਲੈਂਦੇ ਹਨ ਭਾਵ ਜਿਸ ਰਾਸ਼ੀ ਵਿੱਚ 9.3 ਸਾਲ ਪਹਿਲਾਂ ਰਾਹੂ ਸੀ, ਓਥੇ ਕੇਤੂ ਆ ਜਾਂਦਾ ਹੈ ਅਤੇ ਕੇਤੂ ਵਾਲੀ ਰਾਸ਼ੀ ਵਿੱਚ ਰਾਹੂ। 18.6 ਸਾਲਾਂ ਮਗਰੋਂ ਇਹ ਮੁੜ ਆਪਣੀ ਪਹਿਲੀ ਪੋਜੀਸ਼ਨ ਵਿੱਚ ਆ ਜਾਂਦੇ ਹਨ।  ਹੁਣ ਦੋਵਾਂ ਟੇਵਿਆਂ ਨੂੰ ਨਾਲ-ਨਾਲ ਰੱਖ ਕੇ ਵੇਖੋ ਤਾਂ ਪਤਾ ਲੱਗ ਜਾਵੇਗਾ ਕਿ ਬੇਨਾਮੀ ਟੇਵੇ ਵਿੱਚ ‘ਰਾਹੂ’ ਚੌਥੀ ਰਾਸ਼ੀ ਵਿੱਚ ਅਤੇ ‘ਕੇਤੂ’ ਦਸਵੀਂ ਰਾਸ਼ੀ ਵਿੱਚ ਹੈ ਜਦਕਿ ਇਸ ਦੇ ਉਲ਼ਟ ਬੀ. ਵੀ ਰਮਨ ਵਾਲੇ ਟੇਵੇ ਵਿੱਚ ਰਾਹੂ ਦਸਵੀਂ ਰਾਸ਼ੀ ਅਤੇ ਕੇਤੂ ਚੌਥੀ ਰਾਸ਼ੀ ਵਿੱਚ ਹੈ। ਇਸ ਤੋਂ ਸਿੱਧਾ ਹੁੰਦਾ ਹੈ ਕਿ ਦੋਵਾਂ ਟੇਵਿਆਂ ਵਿੱਚ ਘੱਟ ਤੋਂ ਘੱਟ 9.3 ਸਾਲਾਂ ਦਾ ਫ਼ਰਕ ਹੈ, ਪਰ ਦੋਵੇਂ ਸਿੱਖ ਵਿਦਵਾਨਾਂ ਨੂੰ ‘ਕੱਤਕ ਦੀ ਪੂਰਨਮਾਸ਼ੀ’ ਵੇਖ ਕੇ ਹੀ ਇੰਨਾ ਚਾਅ ਚੜ੍ਹ ਗਿਆ ਕਿ ਇਨ੍ਹਾਂ ਨੇ ਨਾ ਹੀ ਟੇਵੇ ਉੱਪਰ ਲਿਖਿਆ ਸਾਲ (8 ਨਵੰਬਰ 1470) ਵੇਖਿਆ ਅਤੇ ਨਾ ਹੀ ਇਹ ਵਿਚਾਰਿਆ ਕਿ ਇਹ ਟੇਵਾ ਤਾਂ ਗਿਆਨੀ ਨਾਹਰ ਸਿੰਘ ਦੁਆਰਾ ਦਿੱਤੀ ਤਾਰੀਖ਼ ’ਤੇ ਆਧਾਰਿਤ ਹੀ ਬੀ. ਵੀ. ਰਮਨ ਨੇ ਬਣਾਇਆ ਹੈ, ਨਾ ਕਿ ਇਹ ਬੀ. ਵੀ. ਰਮਨ ਦੀ ਆਪਣੀ ਖੋਜ ਸੀ, ਪਰ ਗਿਆਨੀ ਈਸ਼ਰ ਸਿੰਘ ਨਾਰਾ ਅਤੇ ਡਾ: ਹਰਜਿੰਦਰ ਸਿੰਘ ਦਿਲਗੀਰ ਨੇ ਇਸ ਟੇਵੇ ਨੂੰ ਆਪਣੇ ਵੱਲੋਂ ਸਬੂਤ ਦੇ ਤੌਰ ’ਤੇ ਲੈ ਲਿਆ।

(ਸ). ਬੇਨਾਮੀ ਟੇਵੇ ਨੂੰ ਸਹੀ ਸਿੱਧ ਕਰਨ ਲਈ ਗਿਆਨੀ ਈਸ਼ਰ ਸਿੰਘ ਨਾਰਾ ਨੇ ਇੱਕ ਹੋਰ ਗ਼ਲਤ ਜਾਣਕਾਰੀ ਦਿੱਤੀ ਕਿ ‘500 ਸਾਲਾ ਜਨਮ ਸ਼ਤਾਬਦੀ ਹੁਣ ਠੀਕ ਉਸੇ ਟੇਵੇ (ਜਨਮ ਕੁੰਡਲੀ) ਦੇ ਮੁਤਾਬਕ (ਸੰਮਤ ੧੫੨੬ ਤੋਂ ਠੀਕ 500 ਸਾਲਾਂ ਬਾਅਦ) ਸੰਮਤ ੨੦੨੬ ਵਿੱਚ ਮੁੜ ੯ ਮੱਘਰ (23 ਨਵੰਬਰ 1969) ਨੂੰ ਆਈ ਹੈ। ਇਹ ਕਰਤਾਰ ਦੇ ਹੁਕਮ ਅੰਦਰ ਸੂਰਜ ਚੰਨ ਦੀ ਚਾਲ ਦਾ ਪੱਕਾ ਸਬੂਤ ਹੈ। ਗੁਰੂ ਨਾਨਕ ਵਾਕ ਹੈ – ‘‘ਭੈ ਵਿਚਿ ਸੂਰਜੁ ਭੈ ਵਿਚਿ ਚੰਦੁ ਕੋਹ ਕਰੋੜੀ ਚਲਤ ਨਾ ਅੰਤੁ’’ ਕਿੰਨੀ ਹੈਰਾਨੀ ਦੀ ਗੱਲ ਹੈ ਕਿ 500 ਸਾਲ ਪਹਿਲੇ ਲਿਖੇ ਟੇਵੇ ਨੂੰ ਸਹੀ ਸਾਬਤ ਕਰਨ ਵਾਸਤੇ ਸੰਮਤ ੧੫੨੬ ਵਿੱਚ ੯ ਮੱਘਰ ਦੇ ਦਿਨ ਨੂੰ ਕੱਤਕ ਦੀ ਪੂਰਨਮਾਸ਼ੀ ਆਈ ਹੈ।’

ਟਿੱਪਣੀ: (1). ਇਹ ਝੂਠ ਹੈ ਕਿ ਸੰਮਤ ੧੫੨੬ ਨੂੰ ਕੱਤਕ ਦੀ ਪੂਰਨਮਾਸ਼ੀ ੯ ਮੱਘਰ ਨੂੰ ਸੀ ਕਿਉਂਕਿ ਉਸ ਸਾਲ ਕੱਤਕ ਸੁਦੀ ਪੂਰਨਮਾਸ਼ੀ ਨੂੰ ੨੧ ਕੱਤਕ ਦਿਨ ਸ਼ੁੱਕਰਵਾਰ; 20 ਅਕਤੂਬਰ 1469 ਈ. ਸੀ। ਇਹ ਤਾਰੀਖ਼ ਸ੍ਵਾਮੀਕੰਨੂ ਪਿੱਲੇ ਦੀ ਜੰਤਰੀ ਜਾਂ ਸ: ਪਾਲ ਸਿੰਘ ਪੁਰੇਵਾਲ ਦੀ 500 ਸਾਲਾ ਜੰਤਰੀ ਵਿੱਚੋਂ ਵੇਖੀ ਜਾ ਸਕਦੀ ਹੈ ਜਾਂ ਇੰਡੀਅਨ ਕੈਲੰਡਰ ਵਿੱਚ ਦਿੱਤੇ ਟੇਬਲਜ਼ (Tables) ’ਚ ਦਰਜ ਡਾਟੇ (Data) ਦੀ ਸਹਾਇਤਾ ਨਾਲ ਗਣਿਤ (Calculate) ਕਰਕੇ ਚੈੱਕ ਕੀਤੀ ਜਾ ਸਕਦੀ ਹੈ।

(2). ਦੂਜੀ ਗਲਤ ਜਾਣਕਾਰੀ ਇਹ ਹੈ ਕਿ ‘ਗੁਰੂ ਨਾਨਕ ਦੇ ਵਾਕ ਅਨੁਸਾਰ 500 ਸਾਲ ਪਹਿਲੇ ਲਿਖੇ ਟੇਵੇ ਨੂੰ ਸੱਚਾ ਸਾਬਤ ਕਰਨ ਵਾਸਤੇ ਸੰਮਤ ੨੦੨੬ ਵਿੱਚ ੯ ਮੱਘਰ ਦੇ ਦਿਨ ਨੂੰ ਕੱਤਕ ਦੀ ਪੂਰਨਮਾਸ਼ੀ ਆਈ ਹੈ।’ ਇਹ ਠੀਕ ਹੈ ਕਿ ਸੰਮਤ ੨੦੨੬ ਵਿੱਚ ੯ ਮੱਘਰ ਨੂੰ ਕੱਤਕ ਦੀ ਪੂਰਨਮਾਸ਼ੀ ਆਈ ਸੀ, ਪਰ ਕਿਸੇ ਵੀ ਸਾਲ ਦੀ ਸੂਰਜੀ ਤਾਰੀਖ਼ (ਪ੍ਰਵਿਸ਼ਟੇ) ਨੂੰ ਜਿਹੜੀ ਤਿੱਥ ਆਉਂਦੀ ਹੈ, ਉਹੀ ਤਿੱਥ 500 ਸਾਲ ਪਹਿਲਾਂ ਉਸੇ ਪ੍ਰਵਿਸ਼ਟੇ ਨੂੰ 12+1 ਜਾਂ 12-1 ਤਿੱਥਾਂ ਦੇ ਅੰਤਰ ਨਾਲ ਹੁੰਦੀ ਹੈ। ਮਿਸਾਲ ਦੇ ਤੌਰ ’ਤੇ ੧ ਵੈਸਾਖ ੧੫੨੬/ 27 ਮਾਰਚ 1469 ਈ: ਜੂਲੀਅਨ ਨੂੰ ਚੇਤ ਸੁਦੀ ੧੫ (ਪੂਰਨਮਾਸ਼ੀ) ਸੀ ਅਤੇ 500 ਸਾਲਾਂ ਬਾਅਦ ਸੰਮਤ ੨੦੨੬/ ਸੰਨ 1969 ਈ: ਗ੍ਰੈਗੋਰੀਅਨ ਨੂੰ ੧ ਵੈਸਾਖ/ 13 ਅਪ੍ਰੈਲ ਵੈਸਾਖ ਵਦੀ ੧੨ ਸੀ ਭਾਵ ਪੂਰੀਆਂ ੧੨ ਤਿੱਥਾਂ ਦਾ ਅੰਤਰ ਸੀ। ਇਸੇ ਤਰ੍ਹਾਂ ਬਾਕੀ ਦੇ ਕਿਸੇ ਵੀ ਪ੍ਰਵਿਸ਼ਟੇ ਦੀ ਪਰਖ ਕੀਤੀ ਜਾ ਸਕਦੀ ਹੈ। ਗਿਆਨੀ ਈਸ਼ਰ ਸਿੰਘ ਨਾਰਾ ਜੀ ਜਿਸ ਨੂੰ ਕੈਲੰਡਰ ਬਾਰੇ ਕੋਈ ਗਿਆਨ ਨਹੀਂ ਹੈ, ਉਸ ਨੂੰ ਆਪਣੇ ਗਲਤ ਕਥਨ (ਕਿ 1469 ਵਿੱਚ ੯ ਮੱਘਰ ਨੂੰ ਕੱਤਕ ਦੀ ਪੂਰਨਮਾਸ਼ੀ ਸੀ ਅਤੇ ਕਰਤਾਰ ਦੇ ਹੁਕਮ ਅਨੁਸਾਰ 500 ਸਾਲਾ ਸ਼ਤਾਬਦੀ ਦੌਰਾਨ 1969 ਨੂੰ ਵੀ ਕੱਤਕ ਦੀ ਪੂਰਨਮਾਸ਼ੀ ੯ ਮੱਘਰ ਨੂੰ ਹੀ ਆਈ ਹੈ) ਨੂੰ ਸੱਚਾ ਸਿੱਧ ਕਰਨ ਲਈ ਬਿਨਾਂ ਮਤਲਬ ਕਰਤਾਰ ਦੇ ਹੁਕਮ ਅਤੇ ਗੁਰੂ ਵਾਕ (ਭੈ ਵਿਚਿ ਸੂਰਜੁ ਭੈ ਵਿਚਿ ਚੰਦੁ..) ਦਾ ਹਵਾਲਾ ਨਹੀਂ ਦੇਣਾ ਚਾਹੀਦਾ ਸੀ ਕਿਉਂਕਿ ਇਸ ਗੁਰੂ ਵਾਕ ਵਿੱਚੋਂ ਕੋਈ ਸੰਕੇਤ ਨਹੀਂ ਮਿਲਦਾ ਕਿ 500 ਸਾਲ ਪਹਿਲਾਂ ਜਿਸ ਪ੍ਰਵਿਸ਼ਟੇ ਨੂੰ ਜਿਹੜੀ ਤਿੱਥ ਆਈ ਸੀ 500 ਸਾਲ ਬਾਅਦ ਉਸੇ ਪ੍ਰਵਿਸ਼ਟੇ ਨੂੰ ਉਹੀ ਤਿੱਥ ਹੋਵੇਗੀ।

(ਹ). ਖੋਜੀ ਵਿਦਵਾਨਾਂ ਦਾ ਪਹਿਲਾ ਕੰਮ ਹੁੰਦਾ ਹੈ ਕਿ ਉਹ ਇਤਿਹਾਸਕ ਸਰੋਤਾਂ ’ਚੋਂ ਤੱਥ ਇਕੱਤਰ ਕਰਨ, ਫਿਰ ਉਨ੍ਹਾਂ ਦੇ ਸਹੀ ਜਾਂ ਗ਼ਲਤ ਹੋਣ ਦੀ ਤਸਦੀਕ ਕਰਨ ਕਿ ਇਹ ਕੈਲੰਡਰ ਨਿਯਮਾਂ ਆਧਾਰਿਤ ਹਨ; ਸੋਮਿਆਂ ਵਿੱਚ ਦਿੱਤੀਆਂ ਤਾਰੀਖ਼ਾਂ ਦੇ ਹਿਸਾਬ ਗੁਰੂ ਸਾਹਿਬ ਜੀ ਦੀ ਕੁਲ ਉਮਰ ਜਾਂ ਗੁਰਿਆਈ ਦਾ ਸਮਾਂ ਪੂਰਾ ਬਣਦਾ ਹੈ, ਜਾਂ ਨਹੀਂ; ਫਿਰ ਇਨ੍ਹਾਂ ਸੋਮਿਆਂ ਵਿੱਚੋਂ ਸਭ ਤੋਂ ਵੱਧ ਭਰੋਸੇਯੋਗ ਤਾਰੀਖ਼ ਸੰਬੰਧੀ ਆਪਣਾ ਫ਼ੈਸਲਾ ਲੈਂਦੇ ਹਨ; ਜਿਵੇਂ ਕਿ ਸ: ਪਾਲ ਸਿੰਘ ਪੁਰੇਵਾਲ ਨੇ ਕੀਤਾ ਹੈ, ਪਰ ਇਹ ਵਿਦਵਾਨ, ਗੁਰੂ ਸਾਹਿਬਾਨ ਦੇ ਪ੍ਰਕਾਸ਼ ਦਿਹਾੜੇ ਸੰਬੰਧੀ ਫ਼ੈਸਲਾ ਪਹਿਲਾਂ ਹੀ ਕਰੀ ਬੈਠੇ ਹਨ ਅਤੇ ਸਬੂਤ ਬਾਅਦ ਵਿੱਚ ਇਕੱਠੇ ਕਰਦੇ ਪ੍ਰਤੀਤ ਹੁੰਦੇ ਹਨ । ਇੱਥੋਂ ਤੱਕ ਕਿ ਜੇ ਆਪਣੀ ਪਹਿਲਾਂ ਬਣਾਈ ਧਾਰਨਾ ਦੀ ਪੁਸ਼ਟੀ ਲਈ ਮੂਲ ਸਰੋਤਾਂ ’ਚੋਂ ਅੱਧ-ਪਚੱਧ ਲੈਣਾ ਪਵੇ ਜਾਂ ਉਨ੍ਹਾਂ ਨੂੰ ਕੁਝ ਬਦਲਣਾ ਵੀ ਪਵੇ ਤਾਂ ਉਸ ਤੋਂ ਵੀ ਕੋਈ ਗੁਰੇਜ਼ ਨਹੀਂ ਕਰਦੇ; ਜਿਵੇਂ ਕਿ ਇਨ੍ਹਾਂ ਦੋਵਾਂ ਵਿਦਵਾਨਾਂ ਨੇ ਕੇਸਰ ਸਿੰਘ ਛਿੱਬਰ ਦੀ ਲਿਖਤ ਵਿੱਚ ਕੀਤਾ ਹੈ ਅਤੇ ਸੰਨ 1470 ਦੇ ਟੇਵੇ ਨੂੰ 1469 ਦੀ ਕੱਤਕ ਸੁਦੀ ਪੂਰਨਮਾਸ਼ੀ ਸਿੱਧ ਕਰਨ ਲਈ ਵਰਤ ਲਿਆ। ਇਹ ਸਾਹਿਤਕ ਬੇਈਮਾਨੀ ਅਤੇ ਕੌਮ ਨਾਲ ਧੋਖਾ ਜਾਪਦਾ ਹੈ।

ਸ: ਪਾਲ ਸਿੰਘ ਪੁਰੇਵਾਲ ਨੇ ਗੁਰੂ ਨਾਨਕ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ਼ ਅੱਸੂ ਵਦੀ ੧੦ ਸੰਮਤ ੧੫੯੬ (ਜੋ ਕਿ ਕਰਤਾਰਪੁਰੀ ਬੀੜ ਵਿੱਚ ਦਰਜ ਹੈ) ਨੂੰ ਸਹੀ ਮੰਨ ਕੇ ਇਸ ਤਿੱਥ ਨੂੰ ਦੂਸਰੀਆਂ ਪੱਧਤੀਆਂ ਵਿੱਚ ਤਬਦੀਲ ਕਰਕੇ ਅੱਸੂ; ਨਾਨਕਸ਼ਾਹੀ ਸੰਮਤ 71; 7 ਸਤੰਬਰ 1539 ਲਿਖਿਆ ਹੈ। ਇਸ ਵਿੱਚੋਂ ਗੁਰੂ ਜੀ ਦੀ ਕੁਲ ਉਮਰ 70 ਸਾਲ 5 ਮਹੀਨੇ 7 ਦਿਨ ਘਟਾ ਕੇ ਪ੍ਰਕਾਸ਼ ਦਿਹਾੜਾ ਚੇਤ ਸੁਦੀ ਪੂਰਨਮਾਸ਼ੀ, ਬਿਕ੍ਰਮੀ ਸੰਮਤ ੧੫੨੬, ਵੈਸਾਖ, ਨਛੱਤਰ ਹਸਤਨਾਨਕਸ਼ਾਹੀ ਸੰਮਤ 1;  27 ਮਾਰਚ 1469 ਜੂਲੀਅਨ ਲਿਖਿਆ ਹੈ। ਇਹ ਤਾਰੀਖ਼ ਕਈ ਪੱਖਾਂ ਤੋਂ ਵਾਚਿਆਂ ਬਾਕੀਆਂ ਨਾਲੋਂ ਵੱਧ ਭਰੋਸੇਯੋਗ ਅਤੇ ਦਰੁਸਤ ਜਾਪਦੀ ਹੈ। ਇਸ ਤਾਰੀਖ਼ ਵਿੱਚ ਹੇਠ ਲਿਖੀਆ ਖ਼ੂਬੀਆਂ ਹਨ ਜੋ ਹੋਰ ਕਿਸੇ ਲੇਖਕ ਦੀਆਂ ਤਾਰੀਖ਼ਾਂ ਵਿੱਚ ਨਹੀਂ ਹਨ :

  1. ਜੋਤੀ-ਜੋਤ ਸਮਾਉਣ ਦੀ ਤਿੱਥ/ਸੰਮਤ ਕਰਤਾਰਪੁਰੀ ਬੀੜ ਨਾਲ ਮੇਲ ਖਾਂਦੀ ਹੈ।
  2. ਪ੍ਰਕਾਸ਼ ਦਿਹਾੜੇ ਤੋਂ ਜੋਤੀ-ਜੋਤ ਸਮਾਉਣ ਤੱਕ ਸਤਿਗੁਰੂ ਜੀ ਦੀ ਕੁਲ ਸਰੀਰਕ ਆਯੂ 70 ਸਾਲ 5 ਮਹੀਨੇ 7 ਦਿਨ ਬਣਦੀ ਹੈ, ਜੋ ਇਤਿਹਾਸਕ ਤੱਥਾਂ ਨਾਲ ਮੇਲ ਖਾਂਦੀ ਹੈ।
  3. ਇਹ ਤਾਰੀਖ਼ ਕੈਲੰਡਰ ਵਿਗਿਆਨ ਦੀ ਕਸਵੱਟੀ ’ਤੇ ਪੂਰੀ ਉੱਤਰਦੀ ਹੈ ਜਦੋਂ ਕਿ ਸ: ਕਰਮ ਸਿੰਘ ਹਿਸਟੋਰੀਅਨ ਨੂੰ ਛੱਡ ਕੇ ਬਾਕੀ ਲੇਖਕਾਂ ਵਿੱਚੋਂ ਕਿਸੇ ਦੀਆਂ ਵੀ ਤਾਰੀਖ਼ਾਂ ਕੈਲੰਡਰ ਵਿਗਿਆਨ ਦੀ ਕਸੌਟੀ ’ਤੇ ਪੂਰੀਆਂ ਨਹੀਂ ਉੱਤਰਦੀਆਂ।
  4. ਗੁਰੂ ਅਮਰਦਾਸ ਜੀ ਵੱਲੋਂ ਗੋਇੰਦਵਾਲ ਵਿਖੇ ਹਰ ਸਾਲ ੧ ਵੈਸਾਖ ਨੂੰ ਵੈਸਾਖੀ ਦਾ ਉਤਸਵ ਮਨਾਉਣਾ ਸ਼ੁਰੂ ਕਰਨਾ ਅਤੇ ਸੰਮਤ ੧੭੫੬ (ਸੰਨ 1699) ਵਿੱਚ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖ਼ਾਲਸਾ ਪ੍ਰਗਟ ਕਰਨ ਲਈ ੧ ਵੈਸਾਖ ਦੀ ਚੋਣ ਕਰਨੀ; ਇਸ ਸਚਾਈ ’ਤੇ ਮੋਹਰ ਲਾਉਂਦੀਆਂ ਹਨ ਭਾਵ ਤੀਸਰੇ ਅਤੇ ਦਸਵੇਂ ਪਾਤਸ਼ਾਹ ਨੇ ੧ ਵੈਸਾਖ ਨੂੰ ਮਹੱਤਵ ਇਸੇ ਕਾਰਨ ਦਿੱਤਾ ਹੈ ਕਿ ਇਸ ਦਿਨ ਰੱਬੀ ਨੂਰ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ।
  5. ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਪੂਰਨਮਾਸ਼ੀ ਨੂੰ ਹੋਣ ਦੀ ਪ੍ਰਚਲਿਤ ਧਾਰਨਾ ਨੂੰ ਵੀ ਪੂਰਾ ਕਰਦਾ ਹੈ ਭਾਵੇਂ ਕਿ ਇਹ ਕੱਤਕ ਦੀ ਬਜਾਇ ਚੇਤ ਦੀ ਪੂਰਨਮਾਸ਼ੀ ਹੀ ਹੈ
  6. ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ ਜਿਉਕਰਿ ਸੂਰਜੁ ਨਿਕਲਿਆ  ਤਾਰੇ ਛਪੇ  ਅੰਧੇਰੁ ਪਲੋਆਘਰਿ ਘਰਿ ਅੰਦਰਿ ਧਰਮਸਾਲ  ਹੋਵੈ ਕੀਰਤਨੁ ਸਦਾ ਵਿਸੋਆ  (ਭਾਈ ਗੁਰਦਾਸ ਜੀ/ਵਾਰ ੧ ਪਉੜੀ ੨੭) ਪੰਕਤੀ ’ਚ ਦਰਜ ‘ਵਿਸੋਆ’ ਦਾ ਅਰਥ ਹੈ: ਵੈਸਾਖ ਮਹੀਨੇ ਦਾ ਪਹਿਲਾ ਦਿਨ = ੧ ਵੈਸਾਖ = ਵੈਸਾਖੀ ਭਾਵ ਕਿ ਭਾਈ ਸਾਹਿਬ ਜੀ ਵੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ੧ ਵੈਸਾਖ ਮੰਨਦੇ ਹਨ।
  7. ਜਨਮ ਸਾਖੀਆਂ, ਜੋ ਵੈਸਾਖ ਮਹੀਨੇ ਦੀ ਤਾਰੀਖ਼ ਦਿੰਦੀਆਂ ਹਨ : 1. ਭਾਈ ਮੇਹਰਬਾਨ ਵਾਲੀ ਜਨਮਸਾਖੀ, 2. ਭਾਈ ਮਨੀ ਸਿੰਘ ਦੀ ਗਿਆਨ ਰਤਨਾਵਲੀ, 3. ਬੀ-40 ਜਨਮ ਸਾਖੀ, 4. ਪੁਰਾਤਨ ਜਨਮਸਾਖੀ, 8. ਪੱਥਰ ਦੇ ਛਾਪੇ ਵਾਲੀ ਜਨਮਸਾਖੀ, ਜੋ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਆਰਕਾਈਵਜ਼ ਵਿਭਾਗ ਵਿੱਚ ਸਾਂਭੀ ਪਈ ਹੈ ਇਤਿਆਦਿਕ।
  8. ਪ੍ਰਸਿੱਧ ਲਿਖਾਰੀ ਅਤੇ ਵਿਦਵਾਨ, ਜੋ ਵੈਸਾਖ ਮਹੀਨੇ ਦੀ ਤਾਰੀਖ਼ ਨਾਲ ਸਹਿਮਤ ਹਨ : 1. ਸ. ਕਰਮ ਸਿੰਘ ਹਿਸਟੋਰੀਅਨ, 2. ਭਾਈ ਕਾਨ੍ਹ ਸਿੰਘ ਨਾਭਾ, 3. ਡਾ. ਗੰਡਾ ਸਿੰਘ, 4. ਪ੍ਰਿੰ. ਸਤਬੀਰ ਸਿੰਘ, 5. ਪ੍ਰੋ. ਸਾਹਿਬ ਸਿੰਘ, 6. ਡਾ. ਹਰੀ ਰਾਮ ਗੁਪਤਾ, 7. ਐਮ. ਏ. ਮੈਕਾਲਿਫ਼ ਆਦਿਕ।
  9. ਮੈਕਾਲਿਫ਼ ਅਨੁਸਾਰ ਸੰਨ 1816 ਤੱਕ ਗੁਰੂ ਨਾਨਕ ਜੀ ਦਾ ਗੁਰ ਪੁਰਬ; ਨਨਕਾਣਾ ਸਾਹਿਬ ਵਿਖੇ ਵੈਸਾਖ ਵਿੱਚ ਹੀ ਮਨਾਇਆ ਜਾਂਦਾ ਰਿਹਾ ਹੈ।
  10. ਸ: ਕਰਮ ਸਿੰਘ ਹਿਸਟੋਰੀਅਨ ਮੁਤਾਬਕ ਕੁਝ ਸਿੰਘ ਸਭਾਵਾਂ; ਜਿਵੇਂ ਕਿ ਸਿੰਘ ਸਭਾ ਭਸੌੜ, ਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ੧ ਵੈਸਾਖ ਮੰਨਦੀਆਂ ਸਨ।

ਗੁਰੂ ਅੰਗਦ ਸਾਹਿਬ ਜੀ ਦਾ ਗੁਰਗੱਦੀ ਪੁਰਬ :

ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਅਤੇ ਜੋਤੀ-ਜੋਤ ਸਮਾਉਣ ਦੇ ਦਿਹਾੜੇ ਮਿਲਾਣ ਕਰਨ ’ਚ ਇਤਿਹਾਸਕਾਰਾਂ ’ਚ ਆਮ ਸਹਿਮਤੀ ਨਾ ਬਣ ਸਕੀ ਅਤੇ ਭਿੰਨ-ਭਿੰਨ ਤਾਰੀਖ਼ਾਂ ਪ੍ਰਚਲਿਤ ਹੋ ਗਈਆਂ, ਉਸੇ ਤਰ੍ਹਾਂ ਗੁਰੂ ਅੰਗਦ ਸਾਹਿਬ ਜੀ ਦੇ ਗੁਰਿਆਈ ਪੁਰਬ ਦਿਹਾੜੇ ’ਚ ਵੀ ਇਤਿਹਾਸਕਾਰਾਂ ਮੁਤਾਬਕ ਤਿੰਨ ਮਹੀਨਿਆਂ ਦਾ ਅੰਤਰ ਹੈ।  ਸ: ਕਰਮ ਸਿੰਘ ਹਿਸਟੋਰੀਅਨ ਦੁਆਰਾ ਕੀਤੀ ਸਿੱਖ ਇਤਿਹਾਸ ਦੀ ਖੋਜ ਲਾਜਵਾਬ ਹੈ, ਪਰ ਉਨ੍ਹਾਂ ਦੀ ਅਚਾਨਕ ਹੋਈ ਮੌਤ ਕਾਰਨ ਬਹੁਤ ਕੁਝ, ਜੋ ਉਨ੍ਹਾਂ ਦੇ ਜ਼ਬਾਨੀ ਯਾਦ ਸੀ, ਨੂੰ ਲਿਖਤ ’ਚ ਨਹੀਂ ਲਿਆਂਦਾ ਜਾ ਸਕਿਆ। ਬਹੁਤਾ ਥੋੜ੍ਹਾ ਹਿੱਸਾ ਹੀ ਉਨ੍ਹਾਂ ਤੋਂ ਬਾਅਦ ’ਚ ਇੱਧਰੋਂ-ਓਧਰੋਂ ਇਕੱਠਾ ਕਰ ਛਾਪਿਆ ਗਿਆ। ਇਹ ਵੀ ਸੱਚ ਹੈ ਕਿ ਹਰ ਲਿਖਤ ’ਚ ਸੋਧ ਦੀ ਗੁਜਾਇਸ਼ ਬਣੀ ਰਹਿੰਦੀ ਹੈ। ਉਨ੍ਹਾਂ ਦੁਆਰਾ ਲਿਖੀ ਇੱਕ ਪੁਸਤਕ ‘ਗੁਰ ਪੁਰਬ ਨਿਰਣੈ’ ਵਿੱਚ ਕਵੀ ਸੰਤੋਖ ਸਿੰਘ ਦਾ ਹਵਾਲਾ ਮਿਲਦਾ ਹੈ ‘ਦਵਾਦਸ ਬਰਖ ਟਿਕੇ ਗੁਰਗਾਦੀ ਖਸਟ ਮਾਸ ਨੌ ਦਿਨ ਐਹਲਾਦੀ ਭਾਵ ਗੁਰੂ ਅੰਗਦ ਜੀ 12 ਬਰਸ 6 ਮਹੀਨੇ 9 ਦਿਨ ਗੁਰਗੱਦੀ ’ਤੇ ਬਿਰਾਜਮਾਨ ਰਹੇ।

ਸ: ਕਰਮ ਸਿੰਘ ਹਿਸਟੋਰੀਅਨ ਦੀ ਲਿਖਤ ‘ਗੁਰਪੁਰਬ ਨਿਰਣੈ’ ਵਿੱਚ ਸਤਿਗੁਰੂ ਜੀ ਦਾ ਗੁਰਗੱਦੀ ਪੁਰਬ ਨਿਸ਼ਚਿਤ ਕਰਨ ਲਈ ਉਕਤ ਲਿਖਤ ਮੁਤਾਬਕ ਉਨ੍ਹਾਂ ਦੇ ਜੋਤੀ-ਜੋਤ ਸਮਾਉਣ ਦੀ ਤਿੱਥ ਚੇਤ ਸੁਦੀ ੪, ੧੬੦੯ ’ਚੋਂ ਕੁਲ ਗੁਰਿਆਈ ਦਾ ਸਮਾਂ 12 ਸਾਲ 6 ਮਹੀਨੇ 9 ਦਿਨ ਘਟਾਉਣ ਦੀ ਬਜਾਏ ਗ਼ਲਤੀ ਨਾਲ 12 ਸਾਲ 9 ਮਹੀਨੇ 6 ਦਿਨ ਘਟਾ ਕੇ ਅੱਸੂ ਵਦੀ ੧੦ ਦੀ ਥਾਂ ਹਾੜ ਵਦੀ

ਸ. ਕਰਮ ਸਿੰਘ ਹਿਸਟੋਰੀਅਨ ਦੀ ਕਿਤਾਬ (ਗੁਰ ਪੁਰਬ ਨਿਰਣੈ) ਦੇ ਪੰਨਾ ਨੰ. 63 ਦੀ ਫੋਟੋ ਕਾਪੀ।

੧੩ ਸੰਮਤ ੧੫੯੬, ੧੭ ਹਾੜ; 14 ਜੂਨ 1539 ਦੀ ਗ਼ਲਤ ਤਾਰੀਖ਼ ਲਿਖੀ ਮਿਲਦੀ ਹੈ। ਇਸ ਨੂੰ ਵੇਖ ਕੇ ਕੁਝ ਹੋਰ ਇਤਿਹਾਸਕਾਰ ਵੀ ਇਹੀ ਤਾਰੀਖ਼ ਲਿਖਦੇ ਆ ਰਹੇ ਹਨ ਭਾਵੇਂ ਕਿ ਇਹ ਸਹੀ ਨਹੀਂ ਜਾਪਦੀ ਕਿਉਂਕਿ ਇਹ ਤਾਰੀਖ਼ ਗੁਰੂ ਨਾਨਕ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ਼ (7 ਸਤੰਬਰ 1539 ਜਾਂ ਕੁਝ ਇਤਿਹਾਸਕਾਰਾਂ ਮੁਤਾਬਕ 22 ਸਤੰਬਰ 1539) ਤੋਂ ਤਕਰੀਬਨ 3 ਮਹੀਨੇ ਪਹਿਲਾਂ ਦੀ ਬਣਦੀ ਹੈ ਜਦ ਕਿ ਕੁਝ ਇਤਿਹਾਸਕਾਰਾਂ (ਜਿਵੇਂ ਕਿ ਗੁਰਵੰਸ ਦਰਪਣ ਪੱਤਰ, ਸੂਰਜ ਪ੍ਰਕਾਸ਼ ਵਾਰਤਿਕ, ਗੁਰਮਤਿ ਰਹਿਤ ਮਰਿਆਦਾ, ਗੁਰਬਾਣੀ ਪਾਠ ਦਰਸ਼ਨ ਆਦਿਕ) ਮੁਤਾਬਕ ਗੁਰੂ ਨਾਨਕ ਸਾਹਿਬ ਜੀ ਦੇ ਜੋਤੀ-ਜੋਤ ਸਮਾਉਣ ਦੀ ਤਿੱਥ ਅੱਸੂ ਵਦੀ ੧੦ ਸੰਮਤ ੧੫੯੬ ਅਤੇ ਗੁਰੂ ਅੰਗਦ ਸਾਹਿਬ ਜੀ ਦੀ ਗੁਰਗੱਦੀ ’ਤੇ ਬਿਰਾਜਮਾਨ ਹੋਣ ਦੀ ਤਿੱਥ ਅੱਸੂ ਵਦੀ ੫ ਲਿਖੀ ਹੋਣ ਕਾਰਨ ਇਹ ਅੰਤਰ 5 ਤਿੱਥਾਂ ਦਾ ਹੈ।

ਕੈਲੰਡਰ ਆਧਾਰਿਤ ਨਿਯਮਾਂ ਮੁਤਾਬਕ ਸਹੀ ਤਾਰੀਖ਼ : ਗੁਰੂ ਨਾਨਕ ਸਾਹਿਬ ਜੀ ਜੋਤੀ ਸਮਾਏ = ਅੱਸੂ ਵਦੀ ੧੦, ੧੫੯੬ ਅਤੇ 5 ਤਿੱਥਾਂ ਘਟਾ ਕੇ ਗੁਰੂ ਅੰਗਦ ਸਾਹਿਬ ਜੀ ਦੇ ਗੁਰਗੱਦੀ ’ਤੇ ਬਿਰਾਜਮਾਨ ਹੋਣ ਦੀ ਤਿੱਥ ਬਣਦੀ ਹੈ = ਅੱਸੂ ਵਦੀ ੫, ੧੫੯੬, ਇਸ ਨੂੰ ਬਾਕੀ ਦੀਆਂ ਪੱਧਤੀਆਂ ਵਿੱਚ ਤਬਦੀਲ ਕੀਤਿਆਂ = ਦਿਨ ਬੁੱਧਵਾਰ, ੪ ਅੱਸੂ ਸੰਮਤ ੧੫੯੬ ਬਿਕ੍ਰਮੀ, ਨਛੱਤਰ ਕ੍ਰਿਤਿਕਾ; ਨਾਨਕਸ਼ਾਹੀ ਸੰਮਤ 71; 3 ਸਤੰਬਰ 1539 ਈ.।

ਹਥਲੇ ਲੇਖ ਦੀ ਸਮੁੱਚੀ ਵੀਚਾਰ ਹੇਠ ਲਿਖੇ ਤੱਥ ਸਾਮ੍ਹਣੇ ਆਏ ਹਨ :

  1. ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ = ਚੇਤ ਸੁਦੀ ਪੂਰਨਮਾਸ਼ੀ ਬਿਕ੍ਰਮੀ ਸੰਮਤ ੧੫੨੬, ਵੈਸਾਖ, ਦਿਨ ਸੋਮਵਾਰ, ਨਛੱਤਰ ਹਸਤ; ਨਾਨਕਸ਼ਾਹੀ ਸੰਮਤ 1; 27 ਮਾਰਚ 1469 ਜੂਲੀਅਨ  ਨਾਨਕਸ਼ਾਹੀ ਕੈਲੰਡਰ ਅਨੁਸਾਰ ਇਹ ਦਿਹਾੜਾ ਹਰ ਸਾਲ ਵੈਸਾਖ/14 ਅਪ੍ਰੈਲ ਨੂੰ ਆਉਂਦਾ ਰਹੇਗਾ
  2. ਗੂਰੂ ਨਾਨਕ ਸਾਹਿਬ ਜੀ ਦਾ ਜੋਤੀਜੋਤ ਪੁਰਬ ਅੱਸੂ ਵਦੀ ੧੦, ਸੰਮਤ ੧੫੯੬, ਅੱਸੂ, ਦਿਨ ਐਤਵਾਰ, ਪੁਨਰਵਸੁ ਨਛੱਤਰ, ਨਾਨਕਸ਼ਾਹੀ ਸੰਮਤ 71; 7 ਸਤੰਬਰ 1539 ਜੂਲੀਅਨ  ਨਾਨਕਸ਼ਾਹੀ ਕੈਲੰਡਰ ਅਨੁਸਾਰ ਇਹ ਦਿਹਾੜਾ ਹਰ ਸਾਲ ਅੱਸੂ/22 ਸਤੰਬਰ ਨੂੰ ਆਏਗਾ
  3. ਗੁਰੂ ਅੰਗਦ ਸਾਹਿਬ ਜੀ ਦਾ ਗੁਰਗੱਦੀ ਪੁਰਬ = ਅੱਸੂ ਵਦੀ , ਸੰਮਤ ੧੫੯੬, ਅੱਸੂ; ਦਿਨ ਬੁੱਧਵਾਰ, ਨਛੱਤਰ ਕ੍ਰਿਤਿਕਾ; ਨਾਨਕਸ਼ਾਹੀ ਸੰਮਤ 71; 3 ਸਤੰਬਰ 1539 ਜੂਲੀਅਨ ਨਾਨਕਸ਼ਾਹੀ ਕੈਲੰਡਰ ਅਨੁਸਾਰ ਇਹ ਦਿਹਾੜਾ ਹਰ ਸਾਲ ਅੱਸੂ/18 ਸਤੰਬਰ ਨੂੰ ਆਉਂਦਾ ਰਹੇਗਾ

ਕਿਤਿਓਂ ਰਾਵਣ ਨੂੰ ਹੀ ਲੱਭ ਲਿਆਓ

0

ਕਿਤਿਓਂ ਰਾਵਣ ਨੂੰ ਹੀ ਲੱਭ ਲਿਆਓ

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਰਾਵਣ ਬਾਰੇ ਇਹ ਗੱਲ ਮਸ਼ਹੂਰ ਹੈ ਕਿ ਉਸ ਨੇ ਸੀਤਾ ਨੂੰ ਚੁੱਕਿਆ ਅਤੇ ਕੈਦ ਕਰ ਕੇ ਰੱਖਿਆ। ਕੈਦ ਵਿੱਚ ਵੀ ਸੀਤਾ ਦੀ ਮਾਨ ਮਰਿਆਦਾ ਦਾ ਖ਼ਿਆਲ ਰੱਖਦਿਆਂ ਉਸ ਦੀ ਮਰਜ਼ੀ ਤੋਂ ਬਗ਼ੈਰ ਉਸ ਨੂੰ ਹੱਥ ਵੀ ਨਹੀਂ ਲਾਇਆ।

ਦੂਜੇ ਪਾਸੇ ਪਤੀ ਭਗਵਾਨ ਰਾਮ ਵੱਲੋਂ ਇੱਕ ਧੋਬੀ ਦੇ ਕਹਿਣ ਉੱਤੇ ਸੀਤਾ ਨੂੰ ਅਗਨ ਪ੍ਰੀਖਿਆ ਵੱਲ ਧੱਕ ਦਿੱਤਾ ਗਿਆ। ਵੱਡੀ ਗਿਣਤੀ ਭਾਰਤੀ ਮਰਦ ਆਪਣੇ ਆਪ ਨੂੰ ਰਾਮ ਭਗਤ ਮੰਨਦਿਆਂ ਸਿਰਫ਼ ਇਹੀ ਇੱਕ ਨੁਕਤਾ ਯਾਦ ਰੱਖ ਕੇ ਆਪਣੀ ਪਤਨੀ ਕੋਲੋਂ ‘ਜੀ ਹਜ਼ੂਰੀ’ ਤਾਂ ਕਰਵਾਉਂਦੇ ਹੀ ਹਨ, ਆਪਣੀ ਚੌਧਰ ਵੀ ਮਰਦ ਪ੍ਰਧਾਨ ਸਮਾਜ ਵਿੱਚ ਜਤਾਉਂਦੇ ਹਨ, ਪਰ ਪਤਨੀ ਦੀ ਗ਼ਲਤੀ ਹੋਵੇ ਜਾਂ ਨਾ, ਸ਼ੱਕ ਦੇ ਆਧਾਰ ਉੱਤੇ ਹੀ ਉਸ ਵਿੱਚ ਕਸੂਰ ਕੱਢ ਕੇ ਅਗਨ ਪ੍ਰੀਖਿਆ ਲਈ ਸਮਾਜ ਦੇ ਹਵਾਲੇ ਕਰ ਦਿੰਦੇ ਹਨ। ਸਮਾਜ ਵੀ ਬੇਰਹਿਮ ਧੋਬੀ ਵਾਂਗ 100 ਫੀਸਦੀ ਗ਼ਲਤੀ ਔਰਤ ਦੀ ਹੀ ਕੱਢਦਾ ਹੈ ਭਾਵੇਂ ਬਾਲੜੀ ਦਾ ਹੀ ਬਲਾਤਕਾਰ ਕਿਉਂ ਨਾ ਹੋ ਗਿਆ ਹੋਵੇ।

ਇਹੀ ਕਾਰਨ ਹੈ ਕਿ ਮਰਦ ਪ੍ਰਧਾਨ ਸਮਾਜ ਔਰਤ ਨੂੰ ਹੋਰ ਦਬਾਉਂਦਾ, ਸੀਤਾ ਵਾਂਗ ਉਸ ਨੂੰ ਸਭ ਕੁੱਝ ਸਹਿ ਜਾਣ ਉੱਤੇ ਮਜਬੂਰ ਕਰਦਾ ਹੋਇਆ ਔਰਤ ਜਾਤ ਉੱਤੇ ਵੱਧ ਜ਼ੁਲਮ ਕਰਦਾ ਆ ਰਿਹਾ ਹੈ।

ਕੀ ਕਦੇ ਕਿਸੇ ਨੇ ਔਰਤ ਨੂੰ ਪੁੱਛਣਾ ਚਾਹਿਆ ਹੈ ਕਿ ਉਸ ਵਿੱਚ ਰਾਮ ਦੀ ਪੂਜਾ ਕਰਨ ਵਾਲੇ ਦੀ ਸ਼ਰਨ ਵਿੱਚ ਘਰੇਲੂ ਹਿੰਸਾ, ਬਲਾਤਕਾਰ ਜਾਂ ਲਗਾਤਾਰ ਮਾਰ ਕੁਟਾਈ ਸਹਿਣ ਦੀ ਹੋਰ ਹਿੰਮਤ ਬਚੀ ਹੈ ਜਾਂ ਉਹ ਰਾਵਣ ਵਰਗੇ ਕੋਲ ਸੁਰੱਖਿਅਤ ਮਹਿਸੂਸ ਕਰਦੀ ਹੈ ਜਿੱਥੇ ਉਸ ਦੇ ਅਰਮਾਨਾਂ ਦਾ ਸੰਘ ਨਹੀਂ ਘੋਟਿਆ ਜਾਂਦਾ ਅਤੇ ਉਸ ਦੀਆਂ ਇੱਛਾਵਾਂ ਵਿਰੁੱਧ ਕੁੱਝ ਵੀ ਨਹੀਂ ਕੀਤਾ ਜਾਂਦਾ ? ਮੇਰੇ ਇਨ੍ਹਾਂ ਕੌੜੇ ਸ਼ਬਦਾਂ ਪਿੱਛੇ ਕਾਰਨ ਕੀ ਹੈ, ਉਹ ਅਗਲੀ ਖ਼ਬਰ ਪੜ੍ਹਨ ਬਾਅਦ ਸੌਖਿਆਂ ਸਮਝ ਆ ਜਾਵੇਗੀ।

ਘਟਨਾ ਤਹਿਜ਼ੀਬ ਵਾਲਿਆਂ ਦੇ ਸੂਬੇ ਲਖਨਊ ਦੀ ਹੈ, ਜਿੱਥੇ ‘ਪਹਿਲੇ ਆਪ’ ‘ਪਹਿਲੇ ਆਪ’ ਕਰਦਿਆਂ ਲੋਕਾਂ ਦੇ ਮੂੰਹ ਸੁੱਕ ਜਾਂਦੇ ਹਨ। ਲਖੀਮਪੁਰ ਖੇੜੀ ਜ਼ਿਲ੍ਹੇ ਵਿੱਚ ਪੁਲਿਸ ਵਾਲਿਆਂ ਨੇ ਦੋ ਬੰਦਿਆਂ ਨੂੰ ਥਾਣੇ ਵਿੱਚ ਫੜ ਕੇ ਰੱਖਿਆ। ਕਾਰਨ  ? ਉਨ੍ਹਾਂ ਨੇ ਇੱਕ 13 ਸਾਲਾਂ ਦੀ ਬੱਚੀ ਨੂੰ ਸਵੇਰੇ ਖੇਤਾਂ ਵਿੱਚ ਜਾਂਦੀ ਨੂੰ ਘੇਰ ਲਿਆ ਤੇ ਸਮੂਹਕ ਬਲਾਤਕਾਰ ਕੀਤਾ। ਜਦੋਂ ਬੱਚੀ ਨੇ ਚੀਕਣਾ ਚਾਹਿਆ ਤਾਂ ਉਸ ਦਾ ਗਲ਼ਾ ਘੁੱਟ ਦਿੱਤਾ। ਫੇਰ ਵੀ ਉਸ ਦੀ ਹਲਕੀ ਆਵਾਜ਼ ਨਿਕਲਣੀ ਬੰਦ ਨਾ ਹੋਈ ਤਾਂ ਤੇਜ਼ਧਾਰ ਹਥਿਆਰ ਨਾਲ ਜ਼ਬਾਨ ਵੱਢ ਦਿੱਤੀ। ਲਹੂ ਦੀਆਂ ਧਤੀਰੀਆਂ ਨਿਕਲ ਪਈਆਂ। ਆਵਾਜ਼ ਬੰਦ ਹੋ ਗਈ ਤਾਂ ਦੁਬਾਰਾ ਜਬਰਜ਼ਨਾਹ ਕੀਤਾ। ਉਸ ਦੀਆਂ ਹੰਝੂ ਕੇਰਦੀਆਂ ਅੱਖਾਂ ਉਨ੍ਹਾਂ ਤੋਂ ਬਰਦਾਸ਼ਤ ਨਹੀਂ ਸੀ ਹੋ ਰਹੀਆਂ। ਇਸ ਲਈ ਚਾਕੂ ਨਾਲ ਦੋਵੇਂ ਅੱਖਾਂ ਵੀ ਕੱਢ ਦਿੱਤੀਆਂ। ਜਦੋਂ ਰੱਜ ਪੈ ਗਿਆ ਤਾਂ ਗਲ਼ਾ ਘੁੱਟ ਕੇ ਮਾਰ ਮੁਕਾ ਦਿੱਤਾ ਤੇ ਨਿਰਬਸਤਰ ਲਾਸ਼ ਨੂੰ ਗੰਨੇ ਦੇ ਖੇਤ ਵਿੱਚ ਸੁੱਟ ਕੇ ਮੁੱਛਾਂ ਨੂੰ ਤਾਅ ਦਿੰਦੇ ਭੱਜ ਗਏ।

ਜਦੋਂ ਦੁਪਿਹਰ ਤੱਕ ਬੱਚੀ ਨਾ ਮੁੜੀ ਤਾਂ ਪਿਤਾ ਦੀ ਸ਼ਿਕਾਇਤ ਉੱਤੇ ਡੀ. ਐਸ. ਪੀ. ਅਭਿਸ਼ੇਕ ਪ੍ਰਤਾਪ ਨੇ ਇਨ੍ਹਾਂ ਦੋਵਾਂ ਨੂੰ ਫੜ ਲਿਆ। ਹਦ ਤਾਂ ਇਹ ਹੈ ਕਿ ਆਜ਼ਾਦੀ ਦੇ ਜਸ਼ਨਾਂ ਤੋਂ ਇੱਕ ਦਿਨ ਪਹਿਲਾਂ ਯਾਨੀ 14 ਅਗਸਤ 2020 ਦੀ ਇਸ ਘਟਨਾ ਵਿੱਚ ਦਲਿਤ ਨਾਬਾਲਗ ਬੱਚੀ ਨਾਲ ਹੋਈ ਦਰਿੰਦਗੀ ਬਾਰੇ ਮਰਿਆਦਾ ਪੁਰਸ਼ ਭਗਵਾਨ ਰਾਮ ਨੂੰ ਮੰਨਣ ਵਾਲੇ ਇਸ ਮੁਲਕ ਵਿੱਚ ਹਾਹਾਕਾਰ ਕਿਉਂ ਨਹੀਂ ਮਚੀ ? ਕੀ ਉਹ ਨਾਬਾਲਗ ਬੱਚੀ ਦੇ ਨੁਕਸ ਲੱਭਣ ਵਿੱਚ ਸਮਾਂ ਲਾ ਰਹੇ ਹਨ ? ਉਹ ਇਕੱਲੀ ਖੇਤ ਵਿੱਚ ਕਿਉਂ ਗਈ ? ਉਹ ਦਲਿਤ ਸੀ ! ਉਸ ਦਾ ਸੂਟ ਘਸਿਆ ਹੋਇਆ ਕਿਉਂ ਸੀ ? ਉਹ ਚੀਕੀ ਕਿਉਂ ? ਉਸ ਨੇ ਬਲਾਤਕਾਰ ਵਿੱਚ ਮਜ਼ਾ ਕਿਉਂ ਨਾ ਲਿਆ ? ਅੱਖਾਂ ’ਚੋਂ ਹੰਝੂ ਕਿਉਂ ਡੇਗੇ ? ਹਾਲੇ ਹੋਰ ਬਥੇਰੇ ਸਵਾਲਾਂ ਦੇ ਜਵਾਬ ਬਾਕੀ ਹਨ, ਇਸੇ ਲਈ ਲੋਕਾਂ ਨੇ ਚੁੱਪ ਚੁਪੀਤੇ ਖ਼ਬਰ ਪੜ੍ਹ ਕੇ ਪਾਸੇ ਰੱਖ ਦਿੱਤੀ ਤੇ ਆਜ਼ਾਦੀ ਦੇ ਜਸ਼ਨਾਂ ਵਿੱਚ ਰੁੱਝ ਗਏ।

ਕੀ ਹੁਣ ਮਰਿਆਦਾ ਪੁਰਸ਼ ਨੂੰ ਮੰਨਣ ਵਾਲੇ ਨਾਬਾਲਗ ਬੱਚੀਆਂ ਦੇ ਉਧਾਲੇ ਤੇ ਕਤਲ ਨੂੰ ਜਾਇਜ਼ ਕਰਾਰ ਦੇਣਗੇ ? ਕੀ ਦਲਿਤ ਹੋਣਾ ਏਨਾ ਭਾਰੀ ਗੁਨਾਹ ਹੈ ਕਿ ਮੰਦਰ ਵਿੱਚ ਤਾਂ ਵੜਨ ਦੀ ਇਜਾਜ਼ਤ ਨਹੀਂ ਜਿੱਥੇ ਰੱਬ ਵੱਸਦਾ ਹੈ, ਪਰ ਉਸੇ ਦਲਿਤ ਦੀ ਇੱਜ਼ਤ ਤਾਰ-ਤਾਰ ਕਰਨ ਲੱਗਿਆਂ ਉੱਚੀ ਜਾਤ ਅੜਿੱਕਾ ਨਹੀਂ ਬਣਦੀ ? ਉਦੋਂ ਧਰਮ ਭ੍ਰਿਸ਼ਟ ਕਿਉਂ ਨਹੀਂ ਹੁੰਦਾ ? ਕਿਉਂ ਉੱਚੀ ਜਾਤ ਵਾਲੇ ਦਲਿਤ ਬੱਚੀ ਦਾ ਸਰੀਰ ਹੰਢਾਉਣ ਲੱਗਿਆਂ ਭਿੱਟ ਨਹੀਂ ਜਾਂਦੇ ? ਕੀ ਅਜਿਹੀ ਬੱਚੀ ਲਈ ਰਾਵਣ ਵਧੇਰੇ ਚੰਗਾ ਨਹੀਂ ਹੋਵੇਗਾ ਜੋ ਉਸ ਦੀ ਇੱਜ਼ਤ ਉੱਤੇ ਕਦੇ ਹੱਥ ਨਾ ਪਾਵੇ ?

ਹੁਣ ਇੱਕ ਹੋਰ ਖ਼ਬਰ ਵੱਲ ਧਿਆਨ ਕਰਿਓ। ਪੰਜਾਬ ਕੇਸਰੀ ਟੈਲੀਵਿਜ਼ਨ ਵਿੱਚ ਰਿਪੋਰਟ ਕੀਤੀ ਗਈ ਇਹ ਘਟਨਾ ਅਜਿਹੀ ਹੈ ਜਿਸ ਤੋਂ ਬਾਅਦ ਬਹੁਤਾ ਕੁੱਝ ਦੱਸਣ ਨੂੰ ਰਹਿ ਨਹੀਂ ਜਾਂਦਾ। ਗੱਲ ਦਿੱਲੀ ਦੀਆਂ ਉਨ੍ਹਾਂ ਗਲੀਆਂ ਦੀ ਹੈ ਜਿਨ੍ਹਾਂ ਨੇ ਨਿਹੱਥੇ ਸਿੱਖਾਂ ਉੱਤੇ ਦੰਗਾਈਆਂ ਵੱਲੋਂ ਕੀਤੇ ਹੱਲੇ ਵੇਖੇ ਅਤੇ ਅਨੇਕ ਸਿੱਖ ਬੱਚੀਆਂ ਦੇ ਸਮੂਹਕ ਬਲਾਤਕਾਰ ਹੁੰਦੇ ਵੇਖੇ। ਭਾਰਤ ਦੀ ‘ਰੇਪ ਕੈਪੀਟਲ’ ਵਜੋਂ ਜਾਣੀ ਜਾਂਦੀ ਦਿੱਲੀ ਦੀ ਗੀਤਾ ਕਲੋਨੀ ਵਿੱਚ ਇੱਕ ਨਾਬਾਲਗ ਬੱਚੀ ਨੂੰ ਪੁਲ ਹੇਠਾਂ ਨਿਰਬਸਤਰ ਖੜ੍ਹੀ ਨੂੰ ਵੇਖ ਕੇ ਇੱਕ ਸਿੱਖ ਨੌਜਵਾਨ ਸੁਰਿੰਦਰ ਸਿੰਘ, ਜੋ ਸਾਈਕਲ ਉੱਤੇ ਲੰਘਦਾ ਜਾ ਰਿਹਾ ਸੀ, ਰੁੱਕ ਗਿਆ। ਬੱਚੀ ਨੇ ਕੰਬਦੇ ਹੱਥਾਂ ਨਾਲ ਉਸ ਨੂੰ ਹੇਠਾਂ ਆਉਣ ਦਾ ਇਸ਼ਾਰਾ ਕੀਤਾ। ਜਿਉਂ ਹੀ ਸੁਰਿੰਦਰ ਸਿੰਘ ਪੁਲ ਦੇ ਹੇਠਾਂ ਉਤਰਿਆ ਤਾਂ ਚਾਰ ਮੁਸ਼ਟੰਡੇ ‘ਓਏ ਸਿਖੜੇ ਯੇ ਹਮਾਰਾ ਸ਼ਿਕਾਰ ਹੈ’ ਕਹਿ ਕੇ ਉਸ ਉੱਪਰ ਟੁੱਟ ਕੇ ਪੈ ਗਏ। ਸਭ ਨੂੰ ਘਸੁੰਨ ਮਾਰ ਪਰ੍ਹਾਂ ਕਰ ਸਭ ਤੋਂ ਪਹਿਲਾਂ ਉਸ ਨੇ ਬੱਚੀ ਨੂੰ ਆਪਣੀ ਕਮੀਜ਼ ਪਾਉਣ ਨੂੰ ਫੜਾ ਦਿੱਤੀ। ਫੇਰ ਪੁਲਿਸ ਨੂੰ ਬੁਲਾਇਆ। ਦੋ ਪੁਲਿਸ ਵਾਲੇ ਪਹੁੰਚੇ ਤਾਂ ਪਰ੍ਹਾਂ ਕਮਰੇ ਅੰਦਰੋਂ ਆਵਾਜ਼ਾਂ ਆ ਰਹੀਆਂ ਸਨ। ਪੁਲਿਸ ਵਾਲੇ ਡਰ ਕੇ ਪਿਛਾਂਹ ਹੋ ਗਏ ਕਿ ਰਾਈਫਲ ਲੈ ਕੇ ਆਵਾਂਗੇ, ਪਰ ਸੁਰਿੰਦਰ ਸਿੰਘ ਨੇ ਡਾਂਗ ਚੁੱਕ ਕੇ ਕਮਰੇ ਅੰਦਰ ਹੱਲਾ ਬੋਲ ਕੇ ਦੋ ਹੋਰ ਲੁਕੇ ਹੋਏ ਬਲਾਤਕਾਰੀਆਂ ਨੂੰ ਫੜ ਲਿਆ। ਫੇਰ ਪੀ. ਸੀ. ਆਰ. ਵੈਨ ਰਾਹੀਂ ਬੱਚੀ ਨੂੰ ਪਹਿਲਾਂ ਘਰ ਪਹੁੰਚਾਇਆ, ਫੇਰ ਸੁਰਿੰਦਰ ਸਿੰਘ ਆਪ ਮੁੜਿਆ।

ਇਹ ਖ਼ਬਰ ਸੁਣ ਕੇ ਦੋ ਗੱਲਾਂ ਇਤਿਹਾਸ ਵਿੱਚੋਂ ਉਭਰ ਕੇ ਸਾਹਮਣੇ ਆਉਂਦੀਆਂ ਹਨ। ਪਹਿਲੀ ਕਾਬਲ, ਇਰਾਨ ਤੇ ਬਸਰੇ ਵੱਲੋਂ ਆਏ ਹਮਲਾਵਰਾਂ ਵੱਲੋਂ ਹਿੰਦੂ ਧੀਆਂ ਨੂੰ ਚੁੱਕ ਕੇ ਲਿਜਾਉਣ ਲੱਗਿਆਂ ਉਸ ਸਮੇਂ ਦੀਆਂ ਕੂਕਾਂ ਜੋ ਦਰਜ ਹਨ-‘ਮੋੜੀਂ ਬਾਬਾ ਕੱਛ ਵਾਲਿਆ, ਰੰਨ ਬਸਰੇ ਨੂੰ ਗਈ’ ਰਾਹੀਂ ਬੇਟੀਆਂ ਸਿੱਖਾਂ ਅੱਗੇ ਹਾੜੇ ਕੱਢਦੀਆਂ ਸਨ ਕਿ ਉਨ੍ਹਾਂ ਨੂੰ ਬਚਾਉਣ ਲਈ ਅੱਗੇ ਆਓ। ਸਿੱਖ ਅੱਗੇ ਆਏ ਤੇ ਉਨ੍ਹਾਂ ਨੂੰ ਬਚਾਉਣ ਲਈ ਆਪਣੀਆਂ ਜਾਨਾਂ ਵੀ ਵਾਰੀਆਂ। ਦੂਜੀ ਇਤਿਹਾਸਕ ਗੱਲ ਇਹ ਹੈ ਕਿ ਏਸੇ ਦਿੱਲੀ ਵਿੱਚ ਸਿੱਖਾਂ ਦੀਆਂ ਧੀਆਂ ਦੀ ਪੱਤ ਰੋਲਣ ਲਈ ਦੰਗਾਈ ‘ਹਰ ਹਰ ਮਹਾਂਦੇਵ’ ਦੇ ਨਾਅਰੇ ਲਾਉਂਦਿਆਂ ਇਹ ਵੀ ਚੀਕਦੇ ਰਹੇ-‘ਫੂਕ ਦੋ ਸਰਦਾਰੋਂ ਕੋ, ਦੇਸ ਕੇ ਗਦਾਰੋਂ ਕੋ।’’

ਮੈਂ ਇਸ ਲੇਖ ਰਾਹੀਂ ਕੋਈ ਧਾਰਮਿਕ ਪਾੜ ਵਧਾਉਣ ਦੀ ਕੋਸ਼ਿਸ਼ ਨਹੀਂ ਕਰ ਰਹੀ। ਬੜੀ ਡੂੰਘੀ ਸਾਜ਼ਸ਼ ਬਾਰੇ ਚੇਤੰਨ ਕਰ ਰਹੀ ਹਾਂ। ਆਮ ਲੋਕਾਂ ਦੀਆਂ ਧੀਆਂ ਭੈਣਾਂ ਦੀ ਪੱਤ ਰੋਲਣ ਲਈ ਧਾਰਮਿਕ ਭਾਵਨਾਵਾਂ ਉਜਾਗਰ ਕਰ ਕੇ ਗੁੰਡੇ ਕਿਸੇ ਧਰਮ ਨੂੰ ਮੰਨਣ ਵਾਲਿਆਂ ਦੀਆਂ ਧੀਆਂ ਨੂੰ ਬਖ਼ਸ਼ ਨਹੀਂ ਰਹੇ। ਹਿੰਦੂ, ਸਿੱਖ, ਮੁਸਲਮਾਨ ਜਾਂ ਈਸਾਈ ਧਰਮ ਕਦੇ ਦੂਜਿਆਂ ਦੀਆਂ ਧੀਆਂ ਭੈਣਾਂ ਦੀ ਪੱਤ ਰੋਲਣ ਦੀ ਗੱਲ ਨਹੀਂ ਕਰਦੇ।

ਪੱਤ ਲੁੱਟਣ ਵਾਲੇ ‘ਹਰ ਹਰ ਮਹਾਂਦੇਵ’ ਜਾਂ ‘ਅੱਲਾ ਹੂ ਅਕਬਰ’ ਦੇ ਨਾਅਰੇ ਲਾ ਕੇ ਸਿਰਫ਼ ਆਮ ਲੋਕਾਂ ਵਿੱਚ ਧਾਰਮਿਕ ਪਾੜ ਪਾ ਕੇ, ਲੋਕਾਂ ਦੇ ਮਨਾਂ ਵਿੱਚ ਦੂਰੀਆਂ ਵਧਾ ਕੇ, ਕਿਸੇ ਦੀ ਵੀ ਧੀ ਦੀ ਪਤ ਰੋਲ ਕੇ ਹੋਰ ਸ਼ਿਕਾਰ ਭਾਲਣ ਵਿੱਚ ਜੁਟ ਜਾਂਦੇ ਹਨ। ਇਨ੍ਹਾਂ ਗੁੰਡਾ ਅਨਸਰਾਂ ਦਾ ਧਰਮ ਨਾਲ ਦੂਰ-ਦੂਰ ਤੱਕ ਕੋਈ ਨਾਤਾ ਨਹੀਂ ਹੁੰਦਾ।

ਸਿੱਖ ਧਰਮ ਵਿੱਚ ਦੂਜਿਆਂ ਦੀਆਂ ਧੀਆਂ-ਭੈਣਾਂ ਦੀ ਪਤ ਬਚਾਉਣ ਅਤੇ ਉਨ੍ਹਾਂ ਨੂੰ ਆਪਣੀਆਂ ਧੀਆਂ-ਭੈਣਾਂ ਵਾਂਗ ਸਮਝਣ ਬਾਰੇ ਕਿਹਾ ਜਾਂਦਾ ਹੈ। ਇਹੀ ਕਾਰਨ ਹੈ ਕਿ ਕਿਸੇ ਵੀ ਮੁਲਕ ਦੀ ਧੀ, ਕਿਸੇ ਦਸਤਾਰਧਾਰੀ ਕੋਲ ਇਕੱਲੀ ਖੜੀ ਸੁਰੱਖਿਅਤ ਮਹਿਸੂਸ ਕਰਦੀ ਹੈ। ਆਮ ਹਿੰਦੂ ਟੱਬਰ ਵੀ ਸਿੱਖਾਂ ਨੂੰ ਵੱਢਣ ਨੂੰ ਨਹੀਂ ਫਿਰਦੇ। ਪੰਜਾਬੀ ਮੁਸਲਮਾਨ ਵੀ ਸਿੱਖਾਂ ਦਾ ਪਾਕਿਸਤਾਨ ਵਿੱਚ ਦਿਲ ਖੋਲ੍ਹ ਕੇ ਸੁਆਗਤ ਕਰਦੇ ਹਨ।

ਸਿਆਸਤਦਾਨਾਂ ਦੇ ਪਾਲੇ ਗੁੰਡੇ ਅਨਸਰਾਂ ਤੋਂ ਅਸੀਂ ਕਦੇ ਤਾਂ ਬਚ ਕੇ ਆਪੋ ਵਿਚਲਾ ਪਿਆਰ ਬਹਾਲ ਕਰਾਂਗੇ। ਸਾਂਝੇ ਹੋ ਕੇ, ਹਿੰਦੂ, ਸਿੱਖ, ਮੁਸਲਮਾਨ ਦਾ ਵਿਤਕਰਾ ਛੱਡ ਕੇ ਸਾਂਝੀਆਂ ਧੀਆਂ-ਭੈਣਾਂ ਮੰਨ ਕੇ ਰਹਾਂਗੇ ਤਾਂ ਇਨ੍ਹਾਂ ਗੁੰਡਾ ਅਨਸਰਾਂ ਦੀ ਜੁਅਰਤ ਨਹੀਂ ਹੋਵੇਗੀ ਕਿ ਸਾਡੀਆਂ ਧੀਆਂ ਵੱਲ ਝਾਕ ਸਕਣ।

ਮੈਂ ਸ਼ੁਰੂ ਵਾਲੀ ਗੱਲ ਫਿਰ ਦੁਹਰਾਉਣਾ ਚਾਹੁੰਦੀ ਹਾਂ ਕਿ ਸਾਨੂੰ ਅੱਜ ਦੇ ਦਿਨ ਹਵਸੀ ਕੁੱਤਿਆਂ ਦੀ ਥਾਂ, ਜੋ ਧਰਮ ਦੀ ਆੜ ਹੇਠ ਬਲਾਤਕਾਰ ਕਰਦੇ ਆ ਰਹੇ ਹਨ; ਰਾਵਣਾਂ ਦੀ ਲੋੜ ਭਾਸਦੀ ਹੈ, ਜੋ ਧੀ ਚੁੱਕੇ ਜਾਣ ਉੱਤੇ ਵੀ ਉਸ ਦੀ ਇੱਜ਼ਤ ਉੱਤੇ ਹੱਥ ਨਾ ਪਾਉਣ ਬਲਕਿ ਉਸ ਦੀ ਮਾਣ ਮਰਿਆਦਾ ਦਾ ਪੂਰਾ ਖ਼ਿਆਲ ਰੱਖਣ !  ਜੇ ਨਹੀਂ ਤਾਂ ‘ਬਾਬੇ ਕੱਛ ਵਾਲਿਆਂ’ ਦੀ ਸਖ਼ਤ ਲੋੜ ਹੈ, ਜੋ ਹਰ ਧਰਮ ਵਾਲਿਆਂ ਦੀ ਧੀ ਨੂੰ ਆਪਣਾ ਮੰਨ ਕੇ, ਜਾਨ ਜੋਖ਼ਮ ਵਿੱਚ ਪਾ ਕੇ ਉਸ ਦੀ ਰਾਖੀ ਕਰਨ ਲਈ ਤਤਪਰ ਰਹਿੰਦੇ ਹਨ।

ਆਖ਼ਰੀ ਸਵਾਲ ਇਹ ਹੈ ਕਿ ਜੇ ਕਿਸੇ ਨੂੰ ਸਾਰੀ ਗੱਲ ਸਮਝ ਆ ਗਈ ਹੋਵੇ ਤਾਂ ਝੱਟ ਪਤਾ ਲਾਇਆ ਜਾ ਸਕਦਾ ਹੈ ਕਿ ਕੌਣ ਕੁਰਾਨ, ਗੀਤਾ ਜਾਂ ਗੁਰੂ ਗ੍ਰੰਥ ਸਾਹਿਬ ਸਾੜ ਰਹੇ ਹਨ ਤੇ ਕੌਣ ਧਾਰਮਿਕ ਥਾਂਵਾਂ ਸਾੜ ਕੇ ਗਾਂ ਦੀਆਂ ਪੂਛਾਂ ਸੁੱਟ ਰਹੇ ਹਨ !  ਜਾਗ ਜਾਓ ! ਹਾਲੇ ਵੀ ਵੇਲਾ ਹੈ। ਜੇ ਨਹੀਂ ਤਾਂ ਧਾਰਮਿਕ ਦੰਗੇ ਜੋ ਸ਼ੁਰੂ ਹੋਣਗੇ, ਉਸ ਦੀ ਆੜ ਹੇਠ ਹੋਰ ਕਿੰਨੀਆਂ ਧੀਆਂ ਦੀ ਪੱਤ ਲੁੱਟੀ ਜਾਣੀ ਹੈ, ਇਹ ਗਿਣਤੀ ਹੁਣੇ ਤੋਂ ਕਰਨੀ ਸ਼ੁਰੂ ਕਰ ਦਿਓ !

ਕੋਵਿਡ ਅਪਡੇਟ ਅਤੇ ਉਸ ਦੇ ਟੀਕਾਕਰਨ ਦਾ ਕੱਚ ਸੱਚ

0

      ਕੋਵਿਡ ਅਪਡੇਟ ਅਤੇ ਉਸ ਦੇ ਟੀਕਾਕਰਨ ਦਾ ਕੱਚ ਸੱਚ

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)- 0175-2216783

ਸੰਨ 1846 ਦੀ ਗੱਲ ਹੈ। ਹੰਗਰੀ ਵਿੱਚ ਡਾ. ਇਗਨਾਜ਼ ਸੈੱਮਲਵੀ ਵਿਏਨਾ ਜਨਰਲ ਹਸਪਤਾਲ ਵਿੱਚ ਕੰਮ ਕਰਦਾ ਸੀ। ਉਸ ਨੇ ਵੇਖਿਆ ਕਿ ਮੁਰਦਾਘਰ ਵਿੱਚ ਲਾਸ਼ਾਂ ਦੀ ਕੱਟ-ਵੱਢ ਕਰਨ ਬਾਅਦ ਡਾਕਟਰ ਨਾਲ ਲੱਗਦੇ ਜੱਚਾ ਵਿਭਾਗ ਵਿੱਚ ਰਾਊਂਡ ਕਰਨ ਜਾ ਰਹੇ ਹਨ। ਉਸ ਵਿਭਾਗ ਵਿੱਚ ਮੌਤ ਦਰ, ਬਾਕੀਆਂ ਨਾਲੋਂ ਕਈ ਗੁਣਾਂ ਵੱਧ ਸੀ।

ਜਿਹੜੇ ਵਾਰਡਾਂ ਨੇੜੇ ਕੋਈ ਮੁਰਦਾਘਰ ਨਹੀਂ ਸੀ, ਉੱਥੇ ਮੌਤ ਦਰ ਬਹੁਤ ਘੱਟ ਸੀ। ਉਸ ਨੇ ਲਗਾਤਾਰ ਇਸ ਪੱਖ ਉੱਤੇ ਖੋਜ ਕਰ ਕੇ ਨਤੀਜਾ ਕੱਢਿਆ ਕਿ ਲਾਸ਼ਾਂ ਦੀ ਕੱਟ-ਵੱਢ ਕਰਦਿਆਂ ਹੱਥਾਂ ਉੱਤੇ ਬਰੀਕ ਕਣ ਲੱਗੇ ਰਹਿ ਜਾਂਦੇ ਸਨ। ਉਹੀ ਹੱਥ ਜਦੋਂ ਜੱਚਾ ਦੀ ਚੈੱਕਅੱਪ ਕਰਦੇ ਸਨ ਤਾਂ ਉਨ੍ਹਾਂ ਵਿੱਚ ਬੁਖ਼ਾਰ ਹੋਣ ਲੱਗ ਪੈਂਦਾ ਸੀ। ਇਹੀ ਉਨ੍ਹਾਂ ਦੀ ਮੌਤ ਦਰ, ਵਧਾ ਰਿਹਾ ਸੀ।

ਇਸ ਦਾ ਮਤਲਬ ਉਸ ਨੇ ਇਹ ਕੱਢਿਆ ਕਿ ਲਾਸ਼ਾਂ ਵਿਚਲੇ ਕਣ ਕੁੱਝ ਖ਼ਰਾਬੀ ਕਰ ਰਹੇ ਹਨ। ਡਾ. ਸੈੱਮਲਵੀ ਨੇ ਉਸ ਵਾਰਡ ਵਿੱਚ ਦਾਖ਼ਲ ਹੋਣ ਵਾਲੇ ਡਾਕਟਰਾਂ ਲਈ ਇੱਕ ਵੱਖ ਕਾਨੂੰਨ ਲਾਗੂ ਕਰ ਦਿੱਤਾ। ਉਸ ਦੇ ਕਹਿਣ ਮੁਤਾਬਕ ਸਾਰੇ ਡਾਕਟਰ ਕਲੋਰੀਨ ਨਾਲ ਹੱਥ ਧੋ ਕੇ ਵਾਰਡ ਵਿੱਚ ਆਉਣ ਲੱਗ ਪਏ। ਸਿਰਫ਼ ਏਨੇ ਨਾਲ ਹੀ ਇੱਕ ਮਹੀਨੇ ਵਿੱਚ ਮੌਤ ਦਰ 10 ਫੀਸਦੀ ਤੋਂ ਘੱਟ ਕੇ ਦੋ ਫੀਸਦੀ ਰਹਿ ਗਈ। ਇਸ ਗੱਲ ਨਾਲ ਉਸ ਦੀ ਚੁਫ਼ੇਰੇ ਲੋਕਾਂ ਵਿੱਚ ਸ਼ੋਭਾ ਫੈਲ ਗਈ। ਸਾਥੀ ਡਾਕਟਰਾਂ ਨੂੰ ਇਸ ਗੱਲ ਦਾ ਬਹੁਤ ਸਾੜਾ ਲੱਗਿਆ। ਲਹੂ ਦਾ ਘੁੱਟ ਪੀ ਕੇ ਬੈਠੇ ਡਾਕਟਰਾਂ ਨੇ ਉਸ ਵਿਰੁੱਧ ਸਾਜਸ਼ਾਂ ਘੜਨੀਆਂ ਸ਼ੁਰੂ ਕਰ ਦਿੱਤੀਆਂ। ਸੰਨ 1861 ਵਿੱਚ ਡਾਕਟਰ ਸੈੱਮਲਵੀ ਨੇ ਆਪਣੀ ਖੋਜ ਛਾਪੀ ਜੋ ਇਤਿਹਾਸ ਮੁਤਾਬਕ ਸੈਨੇਟਾਈਜੇਸ਼ਨ ਬਾਰੇ ਪਹਿਲੀ ਖੋਜ ਸੀ। ਇਸ ਦੀ ਚਰਚਾ ਏਨੀ ਜ਼ਿਆਦਾ ਹੋ ਗਈ ਕਿ ਸਾਥੀ ਡਾਕਟਰਾਂ ਨੇ ਆਪਣੇ ਸਾੜੇ ਸਦਕਾ ਸਿਆਸੀ ਲੀਡਰਾਂ ਦੀ ਮਦਦ ਨਾਲ ਵਿਚਾਰੇ ਬੇਗੁਨਾਹ ਡਾਕਟਰ ਸੈੱਮਲਵੀ ਨੂੰ ਹਸਪਤਾਲ ਵਿੱਚੋਂ ਬਾਹਰ ਕੱਢਵਾ ਦਿੱਤਾ। ਜਦੋਂ ਏਨੇ ਬਾਅਦ ਵੀ ਉਸ ਦੀ ਸ਼ੋਭਾ ਘੱਟ ਨਾ ਹੋਈ ਤਾਂ ਹੋਰ ਤਸੀਹੇ ਦੇਣ ਦੀ ਕੋਸ਼ਿਸ਼ ਕੀਤੀ ਗਈ। ਉਸ ਵਿਰੁੱਧ ਉਸ ਦੀ ਪਤਨੀ ਦੇ ਵੀ ਕੰਨ ਭਰ ਦਿੱਤੇ ਗਏ, ਜੋ ਉਸ ਨੂੰ ਪਾਗਲ ਮੰਨ ਕੇ ਛੱਡ ਕੇ ਚਲੀ ਗਈ। ਸਾਥੀ ਡਾਕਟਰਾਂ ਨੇ ਲੋਕਾਂ ਵਿੱਚ ਵੀ ਉਸ ਨੂੰ ਪਾਗਲ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਤੇ ਅਖ਼ੀਰ ਸਿਆਸੀ ਲੀਡਰਾਂ ਦੀ ਮਦਦ ਨਾਲ ਧੱਕੋਜ਼ੋਰੀ ਹੀ ਉਸ ਨੂੰ ਸੰਨ 1865 ਵਿੱਚ ਪਾਗਲਖ਼ਾਨੇ ਡੱਕ ਦਿੱਤਾ ਗਿਆ। ਉੱਥੇ ਲਾਸ਼ਾਂ ਕੱਟਣ ਵਾਲੇ ਵਰਤੇ ਹੋਏ ਔਜ਼ਾਰ ਵੀ ਰੱਖ ਦਿੱਤੇ ਗਏ ਤੇ 14 ਦਿਨਾਂ ਦੇ ਅੰਦਰ ਹੀ ਇਨਫੈਕਸ਼ਨ ਨਾਲ ਅਤੇ ਗਾਰਡਾਂ ਵੱਲੋਂ ਬੇਤਹਾਸ਼ਾ ਕੀਤੀ ਮਾਰ ਕੁਟਾਈ ਸਦਕਾ ਉਸ ਦੀ ਮੌਤ ਹੋ ਗਈ।

ਉਸ ਦੀ ਮੌਤ ਤੋਂ ਕੁੱਝ ਸਾਲਾਂ ਬਾਅਦ ਲੂਈ ਪਾਸਚਰ ਨੇ ਕੀਟਾਣੂਆਂ ਤੇ ਉਨ੍ਹਾਂ ਤੋਂ ਹੁੰਦੀਆਂ ਬੀਮਾਰੀਆਂ ਬਾਰੇ ਚੇਤੰਨ ਕੀਤਾ ਅਤੇ ਡਾ. ਸੈੱਮਲਵੀ ਦੀ ਖੋਜ ਨੂੰ ਸੱਚ ਸਾਬਤ ਕਰ ਦਿੱਤਾ। ਡੇਢ ਸੌ ਸਾਲ ਬਾਅਦ ਡਾ. ਸੈੱਮਲਵੀ ਦੇ ਨਾਂ ਉੱਤੇ ਬਣੀ ਸੈੱਮਲਵੀ ਯੂਨੀਵਰਸਿਟੀ ਵਿਖੇ ਡਾਕਟਰਾਂ ਨੂੰ ਤੇ ਆਮ ਲੋਕਾਂ ਨੂੰ ਹੱਥ ਸੈਨੇਟਾਈਜ਼ ਕਰਨ ਦੇ ਢੰਗ ਪਹਿਲੀ ਵਾਰ ਸਿਖਾਏ ਗਏ। ਉਹੀ ਢੰਗ ਹੁਣ ਤੱਕ ਸਹੀ ਸਾਬਤ ਹੋ ਰਹੇ ਹਨ ਕਿ ਕਿਸੇ ਵੀ ਤਰ੍ਹਾਂ ਦੀ ਬੀਮਾਰੀ ਤੋਂ ਬਚਣ ਲਈ ਸਭ ਤੋਂ ਬਿਹਤਰ ਤਰੀਕਾ ਸਾਬਣ ਨਾਲ ਚੰਗੀ ਤਰ੍ਹਾਂ ਹੱਥ ਧੋਣੇ ਹਨ। ਬਾਕੀ ਹਰ ਤਰ੍ਹਾਂ ਦੇ ਸੈਨੇਟਾਈਜ਼ਰ ਬਾਅਦ ਵਿੱਚ ਆਉਂਦੇ ਹਨ। ਨੋਵਲ ਕੋਰੋਨਾ ਸਾਰਸ ਕੋਵ-2 ਵਿੱਚ ਵੀ ਸਭ ਤੋਂ ਵੱਧ ਅਸਰਦਾਰ ਸਾਬਣ ਨਾਲ ਹੱਥ ਧੋਣਾ ਹੀ ਸਾਬਤ ਹੋ ਚੁੱਕਿਆ ਹੈ।

ਕੋਵਿਡ ਬੀਮਾਰੀ ਬਾਰੇ ਵਿਸ਼ਵਭਰ ਵਿੱਚ ਖੋਜਾਂ ਲਗਾਤਾਰ ਜਾਰੀ ਹਨ। ਇਸ ਬਾਰੇ ਹੌਲੀ-ਹੌਲੀ ਸਮਝ ਵਿੱਚ ਵਾਧਾ ਹੋ ਰਿਹਾ ਹੈ। ਤਾਜ਼ਾ ਖੋਜਾਂ ਮੁਤਾਬਕ ਕੋਵਿਡ ਪੀੜਤ ਮਰੀਜ਼ਾਂ ਵਿੱਚ ਨੱਕ ਤੋਂ ਲਏ ਟੈਸਟ 30 ਫੀਸਦੀ ਕੇਸਾਂ ਵਿੱਚ ਹੀ ਪਾਜ਼ੀਟਿਵ ਮਿਲੇ ਹਨ। ਗਲੇ ਤੋਂ ਲਏ ਸੈਂਪਲ ਵਿੱਚ 50 ਫੀਸਦੀ ਕੇਸਾਂ ਵਿੱਚ ਟੈਸਟ ਪਾਜ਼ੀਟਿਵ ਮਿਲਿਆ, ਬਲਗਮ ਵਿੱਚ 70 ਫੀਸਦੀ ਅਤੇ ਫੇਫੜਿਆਂ ਅੰਦਰਲੇ ਪਾਣੀ ਵਿੱਚ 90 ਫੀਸਦੀ ਮਰੀਜ਼ਾਂ ਵਿੱਚ।

ਸ਼ੁਰੂਆਤੀ ਦੌਰ ਵਿੱਚ ਟੈਸਟ ਪਾਜ਼ੀਟਿਵ ਹੋਣ ਦੇ ਆਸਾਰ ਵੱਧ ਹੁੰਦੇ ਹਨ। ਜਿਉਂ ਹੀ ਬੀਮਾਰੀ ਦੇ ਲੱਛਣ ਵੱਧਣ ਤਾਂ ਟੈਸਟ ਨੈਗੇਟਿਵ ਹੋ ਸਕਦਾ ਹੈ। ਬੱਚਿਆਂ ਵਿੱਚ ਆਮ ਤੌਰ ਉੱਤੇ ਟੈਸਟ ਨੈਗੇਟਿਵ ਹੁੰਦਾ ਹੈ।

ਆਮ ਹੋ ਰਿਹਾ ਟੈਸਟ, ਜੋ ਕੋਵਿਡ ਬੀਮਾਰੀ ਲਈ ਕੀਤਾ ਜਾ ਰਿਹਾ ਹੈ, ਆਰ. ਟੀ. ਪੀ. ਸੀ. ਆਰ. ਹੈ, ਜੋ ਜਿਊਂਦੇ ਅਤੇ ਮਰ ਚੁੱਕੇ ਕੋਰੋਨਾ ਵਾਇਰਸ ਵਿੱਚ ਫ਼ਰਕ ਨਹੀਂ ਦੱਸ ਸਕਦਾ। ਇਸ ਦਾ ਮਤਲਬ ਇਹ ਹੈ ਕਿ ਪਾਜ਼ੀਟਿਵ ਟੈਸਟ ਵਿੱਚ ਵੀ ਬੀਮਾਰੀ ਹੋਣ ਦਾ ਖ਼ਤਰਾ ਨਾ ਬਰਾਬਰ ਹੋ ਸਕਦਾ ਹੈ।

ਇਹੀ ਟੈਸਟ ਬੀਮਾਰੀ ਖ਼ਤਮ ਹੋ ਜਾਣ ਬਾਅਦ ਵੀ ਮਹੀਨਿਆਂ ਬੱਧੀ ਪਾਜ਼ੀਟਿਵ ਰਹਿ ਸਕਦਾ ਹੈ। ਏਸੇ ਲਈ ਦੁਬਾਰਾ ਟੈਸਟ ਕਰਵਾਉਣ ਦਾ ਬਹੁਤਾ ਫ਼ਾਇਦਾ ਨਹੀਂ ਹੁੰਦਾ ਹੈ। ਦਸ ਦਿਨਾਂ ਦੀ ਬੀਮਾਰੀ ਤੋਂ ਬਾਅਦ ਕਿਸੇ ਮਰੀਜ਼ ਕੋਲੋਂ ਹੋਰਨਾਂ ਤੱਕ ਬੀਮਾਰੀ ਫੈਲਣ ਦਾ ਖ਼ਤਰਾ ਨਾ ਬਰਾਬਰ ਹੁੰਦਾ ਹੈ।

ਬੀਮਾਰ ਮਰੀਜ਼ ਦੇ ਗਲੇ ਵਿੱਚੋਂ ਸਭ ਤੋਂ ਵੱਧ ਵਾਇਰਸ ਫੈਲਣ ਦਾ ਖ਼ਤਰਾ ਚੌਥੇ ਦਿਨ ਹੁੰਦਾ ਹੈ। ਉਸ ਤੋਂ ਬਾਅਦ ਗਲੇ ਵਿੱਚੋਂ ਫੈਲਣ ਦਾ ਖ਼ਤਰਾ ਘੱਟ ਹੋ ਜਾਂਦਾ ਹੈ।

ਮਰੀਜ਼ ਦੀ ਬਲਗਮ ਵਿੱਚ ਵਾਇਰਸ ਚੌਥੇ ਤੋਂ ਨੌਵੇਂ ਦਿਨ ਤੱਕ ਰਹਿੰਦਾ ਹੈ ਤੇ ਗਿਆਰਵੇਂ ਦਿਨ ਤੱਕ ਖ਼ਤਮ ਹੋ ਜਾਂਦਾ ਹੈ। ਟੱਟੀ ਰਾਹੀਂ ਇਹ ਵਾਇਰਸ ਤਿੰਨ ਹਫ਼ਤੇ ਤੱਕ ਬਾਹਰ ਨਿਕਲਦਾ ਰਹਿੰਦਾ ਹੈ।

ਇਸ ਦੌਰਾਨ ਜੇ ਮਰੀਜ਼ ਨੂੰ ਕੋਈ ਲੱਛਣ ਨਹੀਂ ਹੈ ਤਾਂ ਉਹ ਘਰ ਹੀ ਆਰਾਮ ਨਾਲ ਰਹਿ ਸਕਦਾ ਹੈ। ਘਰ ਅੰਦਰ ਇੱਕ ਮਰੀਜ਼ ਤੋਂ ਦੂਜੇ ਨੂੰ ਵਾਇਰਸ ਫੈਲਣ ਦਾ ਖ਼ਤਰਾ 30 ਫੀਸਦੀ ਹੈ, ਜੋ ‘ਸਾਰਸ’ ਅਤੇ ‘ਮਰਸ’ ਵਾਇਰਸ ਤੋਂ ਕਿਤੇ ਵੱਧ ਹੈ। ਇਸੇ ਲਈ ਘੱਟ ਲੱਛਣਾਂ ਵਾਲੇ ਮਰੀਜ਼ ਨੂੰ ਘਰ ਵਿੱਚ ਵੀ ਵੱਖ ਕਮਰੇ ਵਿੱਚ ਰੱਖਣਾ ਚਾਹੀਦਾ ਹੈ।

ਕੋਰੋਨਾ ਵਾਇਰਸ ਪਲਾਸਟਿਕ ਉੱਤੇ 72 ਘੰਟੇ ਜ਼ਿੰਦਾ ਰਹਿ ਜਾਂਦਾ ਹੈ, ਸਟੀਲ ਉੱਤੇ 48 ਘੰਟੇ, ਤਾਂਬੇ ਉੱਤੇ 4 ਘੰਟੇ, ਗੱਤੇ ਉੱਤੇ 24 ਘੰਟੇ ਤੇ ਨਿੱਛ ਰਾਹੀਂ ਹਵਾ ਵਿੱਚ ਤਿੰਨ ਘੰਟੇ। ਜੇ ਹਵਾ ਵਿੱਚ ਨਮੀ 40 ਫੀਸਦੀ ਹੋਵੇ ਤਾਂ 7 ਦਿਨ ਤੱਕ ਵਾਇਰਸ ਜ਼ਿੰਦਾ ਰਹਿ ਜਾਂਦਾ ਹੈ।

ਜੇ ਤਾਪਮਾਨ 22 ਡਿਗਰੀ ਸੈਂਟੀਗਰੇਡ ਹੋਵੇ ਅਤੇ ਨਮੀ 65 ਫੀਸਦੀ ਹੋਵੇ ਤਾਂ ਅਖ਼ਬਾਰੀ ਕਾਗਜ਼ ਉੱਤੇ ਤਿੰਨ ਘੰਟੇ, ਲੱਕੜ ਅਤੇ ਕੱਪੜੇ ਉੱਤੇ ਦੋ ਦਿਨ, ਸ਼ੀਸ਼ੇ ਅਤੇ ਬੈਂਕ ਦੇ ਨੋਟਾਂ ਉੱਤੇ 4 ਦਿਨ, ਪਲਾਸਟਿਕ ਅਤੇ ਸਟੀਲ ਉੱਤੇ 7 ਦਿਨ ਤੱਕ ਵਾਇਰਸ ਜ਼ਿੰਦਾ ਰਹਿ ਜਾਂਦਾ ਹੈ।

ਸਭ ਤੋਂ ਵੱਧ ਜ਼ਰੂਰੀ ਨੁਕਤਾ ਇਹ ਸਾਹਮਣੇ ਆ ਚੁੱਕਿਆ ਹੈ ਕਿ ਮਰੀਜ਼ ਦੇ ਸਰੀਰ ਅੰਦਰਲੀਆਂ ਐਂਟੀਬਾਡੀਜ਼ ਦੂਜੀ ਵਾਰ ਕੋਰੋਨਾ ਦੇ ਹੱਲੇ ਨੂੰ ਪੂਰੀ ਤਰ੍ਹਾਂ ਰੋਕਣ ਦੇ ਸਮਰੱਥ ਨਹੀਂ ਹਨ।

ਹਰਡ ਇਮਿਊਨਿਟੀ :- ਜਦੋਂ ਵੱਡੀ ਗਿਣਤੀ ਲੋਕ ਕਿਸੇ ਕਿਸਮ ਦੀ ਬੀਮਾਰੀ ਤੋਂ ਬਚ ਜਾਣ ਅਤੇ ਉਨ੍ਹਾਂ ਦੇ ਸਰੀਰ, ਉਸ ਬੀਮਾਰੀ ਵਿਰੁੱਧ ਐਂਟੀਬਾਡੀਜ਼ ਤਿਆਰ ਕਰ ਲੈਣ ਤਾਂ ਉਨ੍ਹਾਂ ਦਾ ਇਮਿਊਨ ਸਿਸਟਮ ਏਨਾ ਤਗੜਾ ਹੋ ਜਾਂਦਾ ਹੈ ਕਿ ਕੀਟਾਣੂ ਦੁਬਾਰਾ ਹੱਲਾ ਕਰ ਹੀ ਨਹੀਂ ਸਕਦੇ।

ਇਹੋ ਜਿਹਾ ਹਾਲ ਤਾਂ ਹੀ ਹੋ ਸਕਦਾ ਹੈ ਜੇ ਟੀਕਾਕਰਨ ਹੋ ਜਾਵੇ ਜਾਂ ਵੱਡੀ ਗਿਣਤੀ ਲੋਕ ਉਸ ਬੀਮਾਰੀ ਨੂੰ ਸਹੇੜ ਚੁੱਕੇ ਹੋਣ ਤੇ ਕੁਦਰਤੀ ਤੌਰ ਉੱਤੇ ਉਨ੍ਹਾਂ ਦੀ ਬੀਮਾਰੀ ਨਾਲ ਲੜਨ ਦੀ ਤਾਕਤ ਕਈ ਗੁਣਾਂ ਵੱਧ ਜਾਵੇ। ਇੰਜ ਬੀਮਾਰੀ ਹੋਰ ਫੈਲ ਨਹੀਂ ਸਕਦੀ। ਇਸੇ ਨੂੰ ਹਰਡ ਇਮਿਊਨਿਟੀ ਕਹਿੰਦੇ ਹਨ।

ਨਵਜੰਮੇਂ ਬੱਚੇ ਦਾ ਆਪਣਾ ਇਮਿਊਨ ਸਿਸਟਮ ਤਗੜਾ ਨਹੀਂ ਹੁੰਦਾ ਅਤੇ ਉਸ ਦੇ ਸਰੀਰ ਅੰਦਰ ਮਾਂ ਦੇ ਸਰੀਰ ਵੱਲੋਂ ਬਣੀਆਂ ਬਣਾਈਆਂ ਐਂਟੀਬਾਡੀਜ਼ ਪਹੁੰਚ ਜਾਂਦੀਆਂ ਹਨ ਜਿਸ ਸਦਕਾ ਟੀਕਾ ਲਾਉਣ ਦਾ ਕੋਈ ਫ਼ਾਇਦਾ ਨਹੀਂ ਹੁੰਦਾ।

ਜਦੋਂ ਦੁਨੀਆਭਰ ਵਿੱਚ ਹਰਡ ਇਮਿਊਨਿਟੀ ਹੋ ਜਾਵੇ ਤਾਂ ਉਹ ਬੀਮਾਰੀ ਹਮੇਸ਼ਾ ਲਈ ਖ਼ਤਮ ਹੋ ਜਾਂਦੀ ਹੈ ਜਿਵੇਂ ਸਮਾਲ ਪਾਕਸ (ਵੱਡੀ ਮਾਤਾ)। ਅਫ਼ਸੋਸ ਕਿ ਅੱਜ ਵੀ ਪਿੰਡਾਂ ਵਿੱਚ ਲੋਕਾਂ ਨੂੰ ਮੂਰਖ ਬਣਾ ਕੇ ਕਈ ਨੀਮ ਹਕੀਮ ਹਰ ਤਰ੍ਹਾਂ ਦੇ ਬੁਖ਼ਾਰ ਨੂੰ ਵੱਡੀ ਮਾਤਾ ਕਹਿ ਕੇ ਲੋਕਾਂ ਨੂੰ ਲੁੱਟਦੇ ਜਾ ਰਹੇ ਹਨ ਜਦਕਿ ਇਹ ਰੋਗ ਪੂਰੀ ਦੁਨੀਆ ਵਿੱਚੋਂ ਖ਼ਤਮ ਹੋ ਚੁੱਕਿਆ ਹੈ।

ਕੋਵਿਡ ਬੀਮਾਰੀ ਵਿੱਚ ਹਾਲੇ ਹਰਡ ਇਮਿਊਨਿਟੀ ਨਹੀਂ ਬਣੀ ਕਿਉਂਕਿ 60 ਫੀਸਦੀ ਲੋਕਾਂ ਵਿੱਚ ਹਾਲੇ ਇਮਿਊਨਿਟੀ ਨਹੀਂ ਹੈ ਅਤੇ ਇਹ ਤੱਥ ਵੀ ਹਾਲੇ ਖੋਜ ਅਧੀਨ ਹੈ ਕਿ ਕੋਵਿਡ ਬੀਮਾਰੀ ਤੋਂ ਬਾਅਦ ਬਣੀਆਂ ਐਂਟੀਬਾਡੀਜ਼ ਕਿੰਨਾ ਕੁ ਚਿਰ ਅਸਰਦਾਰ ਰਹਿਣਗੀਆਂ !

ਹੁਣ ਤੱਕ ਦੀਆਂ ਖੋਜਾਂ ਵਿੱਚ ਇਹ ਪਤਾ ਲੱਗਿਆ ਹੈ ਕਿ 20 ਫੀਸਦੀ ਲੋਕਾਂ ਵਿੱਚ ਬੀਮਾਰੀ ਤੋਂ ਬਾਅਦ ਐਂਟੀਬਾਡੀਜ਼, ਨਾ ਬਰਾਬਰ ਹੀ ਬਚੀਆਂ ਹਨ। ਇਸੇ ਲਈ ਹਾਲੇ ਤੱਕ ਕੋਈ ਅਸਰਦਾਰ ਟੀਕਾ ਬਣ ਨਹੀਂ ਸਕਿਆ ਅਤੇ ਹਾਲੇ ਟੈਸਟ ਹੀ ਚੱਲ ਰਹੇ ਹਨ।

ਉਪਰੋਕਤ ਸਾਰੇ ਤੱਥ ਵੱਖੋ-ਵੱਖ ਅੰਤਰਰਾਸ਼ਟਰੀ 56 ਖੋਜਾਂ ਉੱਤੇ ਆਧਾਰਿਤ ਹਨ ਜਿਨ੍ਹਾਂ ਵਿੱਚ ਬਹੁਤੀਆਂ ਚੀਨ ਅਤੇ ਜਪਾਨ ਵਿੱਚ ਹੋਈਆਂ ਹਨ, ਬਾਕੀ ਫਿਨਾਡੈਲਫੀਆ, ਇੰਗਲੈਂਡ, ਵਿਸ਼ਵ ਸਿਹਤ ਸੰਸਥਾ, ਸਿੰਗਾਪੁਰ ਆਦਿ ਵਿੱਚ ਵੀ ਹੋਈਆਂ ਹਨ ਅਤੇ ਚੋਟੀ ਦੇ ਅੰਤਰਰਾਸ਼ਟਰੀ ਰਸਾਲਿਆਂ, ਜਿਵੇਂ ਨੇਚਰ, ਲੈਨਸਟ ਤੇ ਸਾਇੰਸ ਵਿੱਚ ਛਪ ਚੁੱਕੀਆਂ ਹਨ।

ਕੋਵਿਡ ਵਿੱਚ ਇਮਿਊਨ ਸਿਸਟਮ ਦਾ ਰੋਲ :-

ਸਰੀਰ ਅੰਦਰ ਦੋ ਤਰ੍ਹਾਂ ਦੇ ਸਿਸਟਮ ਇਮਿਊਨਿਟੀ ਬਣਾਉਂਦੇ ਹਨ- ‘ਟੀ ਸੈੱਲ’ ਤੇ ‘ਬੀ ਸੈੱਲ’। ‘ਟੀ ਸੈੱਲ’ ਸਰੀਰ ਵਿਚਲੇ ਥਾਈਮਸ ਗਲੈਂਡ ਵਿੱਚ ਹੁੰਦੇ ਹਨ ਅਤੇ ਸੈੱਲਾਂ ਰਾਹੀਂ ਬੀਮਾਰੀ ਨਾਲ ਲੜਨ ਦੀ ਤਾਕਤ ਵਧਾਉਂਦੇ ਹਨ। ‘ਬੀ ਸੈੱਲ’ ਹੱਡੀਆਂ ਦੇ ਮਾਦੇ ਵਿੱਚ ਹੁੰਦੇ ਹਨ ਅਤੇ ਇਮਿਊਨਿਟੀ ਵਧਾਉਣ ਲਈ ਐਂਟੀਬਾਡੀ ਬਣਾਉਂਦੇ ਹਨ। ਇਹ ਐਂਟੀਬਾਡੀਜ਼ ‘ਆਈ. ਜੀ. ਐਮ.’ ਅਤੇ ‘ਆਈ. ਜੀ. ਜੀ.’ ਹੁੰਦੀਆਂ ਹਨ। ਬੀਮਾਰੀ ਹੋਣ ਤੋਂ 6 ਤੋਂ 15 ਦਿਨਾਂ ਅੰਦਰ ਸਰੀਰ ਵਿੱਚ ਇਹ ਤਿਆਰ ਹੋ ਜਾਂਦੀਆਂ ਹਨ। ਲਗਭਗ 12 ਤੋਂ 52 ਹਫ਼ਤਿਆਂ ਦੇ ਵਿੱਚ ਇਹ ਐਂਟੀਬਾਡੀਜ਼ ਘੱਟ ਜਾਂਦੀਆਂ ਹਨ। ‘ਸਾਰਸ ਕੋਵ ਇਕ’ ਦੀਆਂ ਐਂਟੀਬਾਡੀਜ਼ ਦੋ ਤੋਂ ਤਿੰਨ ਸਾਲ ਤੱਕ ਚੁਸਤ ਰਹਿੰਦੀਆਂ ਹਨ।

ਕੋਵਿਡ ਬੀਮਾਰੀ ਵਿੱਚ ‘ਟੀ’ ਜਾਂ ‘ਬੀ’ ਸੈੱਲ ਵਿੱਚੋਂ ਕਿਹੜੇ ਸੈੱਲ ਵੱਧ ਇਮਿਊਨਿਟੀ ਦੇ ਰਹੇ ਹਨ, ਬਾਰੇ ਖੋਜਾਂ ਜਾਰੀ ਹਨ। ਹੁਣ ਤੱਕ ਦੇ ਮਰੀਜ਼ਾਂ ਨੂੰ ਘੋਖਣ ਤੋਂ ਬਾਅਦ ਇਹ ਪਤਾ ਲੱਗਿਆ ਹੈ ਕਿ ਇਮਿਊਨਿਟੀ ਬਹੁਤੀ ਤਕੜੀ ਨਹੀਂ ਹੈ ਤੇ ਨਾ ਹੀ ਲੰਮੇ ਸਮੇਂ ਲਈ ਬਣ ਰਹੀ ਹੈ। ਇਸੇ ਲਈ ਦੁਬਾਰਾ ਕੋਵਿਡ ਦਾ ਹੱਲਾ ਹੋ ਸਕਦਾ ਹੈ।

ਕੋਵਿਡ ਤੋਂ ਬਚਣ ਲਈ ਟੀਕੇ :-

ਹੁਣ ਤੱਕ ਦੀਆਂ ਖੋਜਾਂ ਤੋਂ ਬਾਅਦ ਤਿਆਰ ਕੀਤੇ ਟੀਕੇ ਲਗਭਗ 26 ਕਿਸਮਾਂ ਦੇ ਹਨ। ਇਹ ਧਿਆਨ ਰਹੇ ਕਿ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਵੀ ਸਾਰਸ, ਮਰਸ ਤੇ ਜ਼ੀਕਾ ਵਾਇਰਸ; ਵਿਰੁੱਧ ਇੱਕ ਵੀ ਅਸਰਦਾਰ ਟੀਕਾ ਨਹੀਂ ਬਣ ਸਕਿਆ ਹੈ।

ਮੌਜੂਦਾ ਖੋਜਾਂ ਵਿਚਲੇ ਟੀਕੇ :-

  1. ਆਕਸਫੋਰਡ ਵੱਲੋਂ ਤਿਆਰ ਹੋਇਆ ਟੀਕਾ-ਕੋਵੀ ਸ਼ੀਲਡ ਜੋ ਲਗਭਗ 1000 ਰੁਪਏ ਦਾ ਹੈ।
  2. ਕੋਵੈਕਸਿਨ :- ਭਾਰਤ ਵੱਲੋਂ ਤਿਆਰ ਕੀਤਾ ਟੀਕਾ ਹੈ।
  3. ਮੌਡਰਨਾ ਟੀਕਾ-ਅਮਰੀਕਾ ਵੱਲੋਂ ਤਿਆਰ ਹੋਇਆ, ਜੋ ਆਰ. ਐਨ. ਏ., ਵਾਇਰਸ ਉੱਤੇ ਆਧਾਰਿਤ ਹੈ।
  4. ਸਾਈਨੋਵੈਕ (ਚੀਨ)-ਇਸ ਦੀਆਂ ਸਭ ਤੋਂ ਵੱਧ ਖੋਜਾਂ ਹੋ ਚੁੱਕੀਆਂ ਹਨ।
  5. ਬਾਇਓ ਐਨ. ਟੈਕ. (ਜਰਮਨੀ)- ਆਰ. ਐਨ. ਏ. ਉੱਤੇ ਆਧਾਰਿਤ ਹੈ।
  6. ਇਨੋਵੀਓ ਟੀਕਾ- ਡੀ. ਐਨ. ਏ. ਉੱਤੇ ਆਧਾਰਿਤ ਹੈ।
  7. ਸਾਈਨੋਫਾਰਮ- (ਬੀਜਿੰਗ ਇਨਸਟੀਚਿਊਟ)।
  8. ਕੈਨਸੀਨੋ – (ਬੀਜਿੰਗ ਇਨਸਟੀਚਿਊਟ)।
  9. ਆਈ. ਐਨ. ਓ. 4800
  10. ਇੰਮਪੀਰੀਅਲ ਕਾਲਜ ਲੰਡਨ ਵੱਲੋਂ ਤਿਆਰ ਕੀਤਾ ਟੀਕਾ ਹੈ। ਇਨ੍ਹਾਂ ਤੋਂ ਇਲਾਵਾ ਵੀ ਕਈ ਹੋਰ ਤਰ੍ਹਾਂ ਦੇ ਟੀਕੇ ਈਜਾਦ ਕੀਤੇ ਜਾ ਰਹੇ ਹਨ, ਜਿਨ੍ਹਾਂ ਦੇ ਟੈਸਟ ਹਾਲੇ ਜਾਰੀ ਹਨ। ਲੋਕਾਂ ਨੂੰ ਇਹ ਟੀਕੇ ਲਾ ਕੇ ਉਨ੍ਹਾਂ ਵਿੱਚ ਟੀਕਿਆਂ ਦੇ ਮਾੜੇ ਅਸਰ, ਚੰਗੇ ਅਸਰ, ਐਂਟੀਬਾਡੀ ਕਿੰਨੀ ਦੇਰ ਵਿੱਚ ਬਣਨ ਅਤੇ ਟਿਕਣ, ਬੀਮਾਰੀ ਤੋਂ ਬਚਣ ਦਾ ਕਿੰਨਾ ਅਸਰ ਆਦਿ ਵੇਖੇ ਜਾ ਰਹੇ ਹਨ।

ਲਗਭਗ 140 ਤੋਂ ਵੱਧ ਟੀਕੇ ਹਾਲੇ ਹੋਰ ਤਿਆਰ ਹੋ ਰਹੇ ਹਨ। ਪਹਿਲੇ ਆ ਚੁੱਕਿਆਂ ਵਿੱਚੋਂ 19 ਕਿਸਮਾਂ ਦੀ ਹਾਲੇ ਪਹਿਲੇ ਚਰਨ ਦੀ ਟੈਸਟਿੰਗ ਚੱਲ ਰਹੀ ਹੈ, ਜੋ ਤਿੰਨ ਚਰਨ ਤੱਕ ਚੱਲਣੀ ਹੁੰਦੀ ਹੈ। ਹੁਣ ਤੱਕ 13 ਕਿਸਮਾਂ ਦੇ ਟੀਕੇ ਚਰਨ ਦੋ ਤੱਕ ਪਹੁੰਚ ਚੁੱਕੇ ਹਨ ਤੇ 4 ਤਰ੍ਹਾਂ ਦੇ ਤੀਜੇ ਚਰਨ ਵਿੱਚ ਹਨ। ਚੀਨ ਦੀ ਫ਼ੌਜ ਵੱਲੋਂ ਬਣਿਆ ਟੀਕਾ- ‘ਕੈਨ ਸਾਈਨੋ’ ਹੀ ਹਾਲੇ ਤੱਕ ਦੁਨੀਆ ਦਾ ਪਹਿਲਾ ਟੀਕਾ ਹੈ, ਜੋ ਸਾਰੀ ਚੀਨੀ ਫ਼ੌਜ ਨੂੰ ਲਾਇਆ ਜਾਣ ਲੱਗ ਪਿਆ ਹੈ, ਪਰ ਇਸ ਦੇ ਲੰਮੇ ਸਮੇਂ ਤੱਕ ਕੀ ਅਸਰ ਲੱਭਦੇ ਹਨ, ਇਸ ਬਾਰੇ ਹਾਲੇ ਤੱਕ ਪਤਾ ਨਹੀਂ ਹੈ।

ਹੁਣ ਤੱਕ ਦੇ ਬਣੇ ਟੀਕੇ; ਕੋਰੋਨਾ ਵਾਇਰਸ ਦੇ ਵੱਖੋ-ਵੱਖਰੇ ਹਿੱਸਿਆਂ ਵਿਰੁੱਧ ਬਣਾਏ ਗਏ ਹਨ। ਕੁੱਝ ਆਰ. ਐਨ. ਏ. ਅਤੇ ਕੁੱਝ ਡੀ. ਐਨ. ਏ. ਉੱਤੇ ਆਧਾਰਿਤ ਹਨ, ਕੁੱਝ ਵਾਇਰਸ ਨੂੰ ਅਧਮਰਿਆ ਕਰ ਕੇ ਤੇ ਕੁੱਝ ਵਾਇਰਸ ਨੂੰ ਕਮਜ਼ੋਰ ਕਰ ਕੇ ਬਣਾਏ ਗਏ ਹਨ। ਅਸਟ੍ਰੇਲੀਆ ਵਿੱਚ ਬੀ. ਸੀ. ਜੀ. ਦੇ ਟੀਕੇ ਦਾ ਹੀ ਅਸਰ ਕੋਰੋਨਾ ਉੱਤੇ ਘੋਖਿਆ ਜਾ ਰਿਹਾ ਹੈ।

ਅਮਰੀਕਾ ਦੀ ਬੈਟ ਕੰਪਨੀ ਨੇ ਤਮਾਕੂ ਵਿੱਚ ਮਿਲਾ ਕੇ ਟੀਕਾ ਬਣਾਉਣਾ ਸ਼ੁਰੂ ਕੀਤਾ ਹੈ। ਖੋਜ ਅਧੀਨ ਇੱਕ ਹੋਰ ਟੀਕਾ ਹੈ, ਜੋ ਸੂਈ ਰਾਹੀਂ ਲਾਉਣ ਦੀ ਥਾਂ; ਬੂੰਦਾਂ ਰਾਹੀਂ ਪਿਆਇਆ ਜਾ ਸਕੇਗਾ। ਇਸ ਦਾ ਨਾਂ ‘ਵੈਕਸਾਰਟ’ ਹੈ।

ਜਾਨਸਨ ਐਂਡ ਜਾਨਸਨ ਕੰਪਨੀ ਇਜ਼ਰਾਈਲ ਵਿੱਚ ਐਡੀਨੋ ਵਾਇਰਸ ਵਰਤ ਕੇ ਕੋਰੋਨਾ ਵਿਰੁੱਧ ਟੀਕਾ ਤਿਆਰ ਕਰ ਰਹੀ ਹੈ। ਇਸ ਤੋਂ ਪਹਿਲਾਂ ਇਹੀ ਢੰਗ ਵਰਤ ਕੇ ਉਹ ਈਬੋਲਾ ਵਾਇਰਸ ਵਿਰੁੱਧ ਵੀ ਟੀਕਾ ਬਣਾ ਚੁੱਕੇ ਹਨ।

ਉਮੀਦ ਹੈ ਕਿ ਇੱਕ ਸਾਲ ਦੇ ਅੰਦਰ-ਅੰਦਰ ਕਈ ਤਰ੍ਹਾਂ ਦੇ ਟੀਕੇ ਬਜ਼ਾਰ ਵਿੱਚ ਆ ਜਾਣਗੇ, ਪਰ ਹਾਲੇ ਤੱਕ ਇਹ ਪਤਾ ਨਹੀਂ ਹੈ ਕਿ ਇਨ੍ਹਾਂ ਵਿੱਚੋਂ ਕਿੰਨਿਆਂ ਦਾ ਅਸਰ ਕਿੰਨੇ ਲੰਬੇ ਸਮੇਂ ਤੱਕ ਰਹੇਗਾ ਕਿਉਂਕਿ ਫਲੂ ਦਾ ਟੀਕਾ ਹਰ ਸਾਲ ਲਵਾਉਣਾ ਪੈਂਦਾ ਹੈ ਤੇ ਉਹ ਵਾਇਰਸ ਸ਼ਕਲ ਤਬਦੀਲ ਕਰਦੀ ਰਹਿੰਦੀ ਹੈ। ਇਸੇ ਤਰ੍ਹਾਂ ਕੋਰੋਨਾ ਕੀ ਰੰਗ ਵਿਖਾਏਗੀ, ਆਉਣ ਵਾਲਾ ਸਮਾਂ ਹੀ ਦੱਸੇਗਾ।

ਇਸ ਵੇਲੇ ਸਿਆਸੀ ਗਲਿਆਰਿਆਂ ਵਿੱਚ ਕੋਰੋਨੇ ਦਾ ਭੈਅ ਚਰਮ ਸੀਮਾ ਉੱਤੇ ਹੈ ਅਤੇ ਉਹ ਲੋਕ ਭਲਾਈ ਦੇ ਕੰਮ-ਕਾਰ ਤੋਂ ਭੱਜ ਕੇ ਏ. ਸੀ. ਘੁਰਨਿਆਂ ਦੇ ਵਿੱਚ ਦਫ਼ਨ ਹੋ ਚੁੱਕੇ ਹਨ। ਦੂਜੇ ਪਾਸੇ ‘ਕੋਰੋਨਾ ਵਾਰੀਅਰਜ਼’ ਉੱਤੇ ਵਾਧੂ ਭਾਰ ਪਾਉਣ ਦੇ ਨਾਲ-ਨਾਲ ਤਨਖ਼ਾਹਾਂ ਨਾ ਮਿਲਣੀਆਂ ਅਤੇ ਹਿੰਸਾ ਦਾ ਸ਼ਿਕਾਰ ਹੋ ਜਾਣ ਸਦਕਾ ਭਾਰੀ ਨਿਰਾਸ਼ਾ ਵੇਖਣ ਵਿੱਚ ਆ ਰਹੀ ਹੈ। ਰੱਬ ਹੀ ਰਾਖਾ ਆਉਣ ਵਾਲੇ ਸਮੇਂ ਦਾ !

ਕੁੰਗੂ ਕੀ ਕਾਂਇਆ ਰਤਨਾ ਕੀ ਲਲਿਤਾ..

0

ਅਮਲੁ ਗਲੋਲਾ ਕੂੜ ਕਾ ਦਿਤਾ ਦੇਵਣਹਾਰਿ ॥

0

ਸਭਿ ਰਸ ਮਿਠੇ ਮੰਨਿਐ ਸੁਣਿਐ ਸਾਲੋਣੇ ॥

0

ਜਾਲਿ ਮੋਹੁ ਘਸਿ ਮਸੁ ਕਰਿ, ਮਤਿ ਕਾਗਦੁ ਕਰਿ ਸਾਰੁ ॥

0

ਬਤੀਹ ਸੁਲਖਣੀ

0

ਬਤੀਹ ਸੁਲਖਣੀ

ੴ ਸਤਿ ਗੁਰ ਪ੍ਰਸਾਦਿ

ਰਣਜੀਤ ਸਿੰਘ, B.Sc., M.A., M.Ed., ਸਟੇਟ ਤੇ ਨੈਸ਼ਨਲ ਅਵਾਰਡੀ,

ਹੈਡਮਾਸਟਰ (ਸੇਵਾ ਮੁਕਤ), 105, ਮਾਇਆ ਨਗਰ, ਸਿਵਲ ਲਾਈਨਜ਼ (ਲੁਧਿਆਣਾ)-99155-15436

‘ਬਤੀਹ ਸੁਲਖਣੀ’ ਤੋਂ ਭਾਵ ਸ਼ੁਭ ਗੁਣਾਂ ਨਾਲ ਭਰਪੂਰ ਇਸਤਰੀ ਹੈ। ਇਸਤਰੀ ਦੇ ਵਿੱਚ ਇਹ ਸ਼ੁਭ ਗੁਣ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ  ਜੀ ਦੀ ਦਿਬ ਦ੍ਰਿਸ਼ਟੀ ਨੇ ਸੰਸਾਰ ਦੇ ਸਾਹਮਣੇ ਪ੍ਰਗਟ ਕੀਤੇ। ਭਾਈ ਕਾਨ੍ਹ ਸਿੰਘ ਜੀ ਨਾਭਾ ਦੇ ਮਹਾਨ ਕੋਸ਼ ਅਨੁਸਾਰ ਇਸਤਰੀ ਦੇ ਬੱਤੀ ਗੁਣ ਹਨ : ‘ਸੁੰਦਰਤਾ, ਸ਼੍ਵੱਛਤਾ, ਲੱਜਾ, ਚਤੁਰਾਈ, ਵਿਦਿਆ, ਸੇਵਾ, ਪਤਿਭਗਤੀ, ਦਯਾ, ਸਤਯ, ਪ੍ਰਿਯਬਾਣੀ, ਪ੍ਰਸੰਨਤਾ, ਨਮ੍ਰਤਾ, ਨਿਸ੍ਕਪਟਤਾ, ਏਕਤਾ, ਧੀਰਯ, ਧਰਮਨਿਸ਼ਠਾ, ਸੰਜਮ, ਉਦਾਰਤਾ, ਗੰਭੀਰਤਾ, ਉੱਦਮ, ਸੂਰਵੀਰਤਾ, ਰਾਗ, ਕਾਵਯ, ਚਿਤ੍ਰ, ਔਸਧ, ਰਸੋਈ ਅਤੇ ਸਿਊਣ ਪਰੋਣ ਦੀ ਵਿਦਿਆ, ਘਰ ਦੀਆਂ ਵਸਤੂਆਂ ਦਾ ਯਥਾ ਯੋਗ ਸ਼ਿੰਗਰਣਾ, ਬਜ਼ੁਰਗਾਂ ਦਾ ਮਾਨ, ਘਰ ਆਏ ਪਰਾਹੁਣਿਆਂ ਦਾ ਸਨਮਾਨ, ਸੰਤਾਨ ਦਾ ਪਾਲਣਾ’।

ਅਜਿਹੇ ਗੁਣਾਂ ਵਾਲੀ ਇਸਤਰੀ ਦਾ ਜ਼ਿਕਰ ਕਰਦੇ ਹੋਏ ਗੁਰੂ ਅਰਜਨ ਸਾਹਿਬ ਜੀ ਫ਼ੁਰਮਾਉਂਦੇ ਹਨ : ਬਤੀਹ ਸੁਲਖਣੀ ਸਚੁ ਸੰਤਤਿ ਪੂਤ   ਆਗਿਆਕਾਰੀ ਸੁਘੜ ਸਰੂਪ   ਇਛ ਪੂਰੇ ਮਨ ਕੰਤ ਸੁਆਮੀ   ਸਗਲ ਸੰਤੋਖੀ ਦੇਰ ਜੇਠਾਨੀ   ਸਭ ਪਰਵਾਰੈ ਮਾਹਿ ਸਰੇਸਟ   ਮਤੀ ਦੇਵੀ ਦੇਵਰ ਜੇਸਟ   ਧੰਨੁ ਸੁ ਗ੍ਰਿਹੁ ਜਿਤੁ ਪ੍ਰਗਟੀ ਆਇ   ਜਨ ਨਾਨਕ ਸੁਖੇ ਸੁਖਿ ਵਿਹਾਇ (ਮਹਲਾ /੩੭੧)

ਅਜਿਹੇ ਗੁਣਾਂ ਨਾਲ ਭਰਪੂਰ ਇਸਤਰੀ ਸੱਚ ਦੀ ਧਾਰਨੀ ਹੋਵੇਗੀ ਅਤੇ ਆਪਣੀ ਸੰਤਾਨ ਵਿੱਚ ਉੱਤਮ ਗੁਣ ਭਰੇਗੀ। ਅਜਿਹੀ ਔਰਤ ਪਰਿਵਾਰ ਵਿੱਚ ਸ੍ਰੇਸ਼ਟ ਦਰਜਾ ਪ੍ਰਾਪਤ ਕਰੇਗੀ ਅਤੇ ਜੇਕਰ ਲੋੜ ਪਵੇ ਤਾਂ ਦੇਵਰ ਤੇ ਜੇਠ ਨੂੰ ਸੁਚੱਜੀ ਮੱਤ ਵੀ ਦੇਵੇਗੀ। ਇਹ ਤਾਂ ਹੀ ਸੰਭਵ ਹੋਵੇਗਾ ਜੇਕਰ ਉਹ ਆਪ ਵਿਦਿਆਵਤੀ ਹੋਵੇਗੀ। ਜਿਸ ਘਰ ਵਿੱਚ ਅਜਿਹੀ ਇਸਤਰੀ ਪ੍ਰਗਟ ਹੋ ਜਾਵੇਗੀ ਉੱਥੇ ਸਦਾ ਹੀ ਸੁਖ ਹੋਵੇਗਾ : ਸਭ ਪਰਵਾਰੈ ਮਾਹਿ ਸਰੇਸਟ   ਮਤੀ ਦੇਵੀ ਦੇਵਰ ਜੇਸਟ   ਧੰਨੁ ਸੁ ਗ੍ਰਿਹੁ; ਜਿਤੁ ਪ੍ਰਗਟੀ ਆਇ ਜਨ ਨਾਨਕ  ! ਸੁਖੇ ਸੁਖਿ ਵਿਹਾਇ (ਮਹਲਾ /੩੭੧)

ਬਸੰਤ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਇਸਤਰੀ ਦੇ ਹੋਰ ਗੁਣਾਂ ਤੋਂ ਇਲਾਵਾ ਜਿੱਥੇ ਉਹ ਘਰ ਦੀ ਸਾਂਭ ਸੰਭਾਲ਼ ਕਰਦੀ ਹੈ ਅਤੇ ਕਿਸੇ ਦਾ ਬੁਰਾ ਵੀ ਨਹੀਂ ਚਿਤਵਦੀ। ਉਸ ਨੂੰ ਉੱਤਮ ਦਰਜਾ ਦੇ ਕੇ ਮਾਣ ਬਖਸ਼ਦੇ ਹਨ। ਆਪ ਜੀ ਦਾ ਫ਼ੁਰਮਾਉਂ ਹਨ : ਕਢਿ ਕਸੀਦਾ ਪਹਿਰਹਿ ਚੋਲੀ; ਤਾਂ ਤੁਮ੍ ਜਾਣਹੁ ਨਾਰੀ   ਜੇ ਘਰੁ ਰਾਖਹਿ ਬੁਰਾ ਚਾਖਹਿ; ਹੋਵਹਿ ਕੰਤ ਪਿਆਰੀ (ਮਹਲਾ /੧੧੭੧)

ਗੁਰੂ ਅਮਰਦਾਸ ਜੀ ਫ਼ੁਰਮਾਉਂਦੇ ਹਨ ਕਿ ਔਰਤ ਵਿੱਚ ਉੱਚੇ ਆਤਮਕ ਗੁਣ ਵੀ ਹੋਣ ਤੇ ਉਹ ਭਗਤੀ ਦੀ ਮੂਰਤ ਵੀ ਹੋਵੇ। ਇਸ ਤੋਂ ਇਲਾਵਾ ਉਸ ਦਾ ਰਸੋਈ ਵਿਦਿਆ ਵਿੱਚ ਪਰਪੱਕ ਹੋਣਾ ਵੀ ਉਸ ਦੀ ਸ਼ਖ਼ਸੀਅਤ ਨੂੰ ਉਘਾੜਦਾ ਹੈ। ਆਪ ਆਪਣੇ ਇੱਕ ਸਲੋਕ ਵਿੱਚ ਫ਼ੁਰਮਾਉਂਦੇ ਹਨ : ਜਿਉ ਪੁਰਖੈ ਘਰਿ ਭਗਤੀ ਨਾਰਿ ਹੈ; ਅਤਿ ਲੋਚੈ ਭਗਤੀ ਭਾਇ   ਬਹੁ ਰਸ ਸਾਲਣੇ ਸਵਾਰਦੀ; ਖਟ ਰਸ ਮੀਠੇ ਪਾਇ (ਮਹਲਾ /੧੪੧੪)

ਸੋ ਸ਼ੁਭ ਗੁਣਾਂ ਨਾਲ ਭਰਪੂਰ ਹੋਣਾ ਹੀ ਇਸਤਰੀ ਦਾ ਗਹਿਣਾ ਤੇ ਹਾਰ ਸ਼ਿੰਗਾਰ ਹੁੰਦਾ ਹੈ। ਸਿੱਖ ਸਭਿਆਚਾਰ ਵਿੱਚ ਇਸਤਰੀ ਨੂੰ ਹਰ ਪੱਖੋਂ ਉੱਤਮ ਦਰਜਾ ਪ੍ਰਾਪਤ ਹੈ। ਸਿੱਖ ਰਹਿਤ ਮਰਯਾਦਾ ਅਨੁਸਾਰ ਕੁੜੀ ਮਾਰ ਨਾਲ ਵਰਤਣ ਦੀ ਮਨਾਹੀ ਹੈ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਜੂਨ 1699 ਵਿੱਚ ਕਾਬਲ ਦੀ ਸੰਗਤ ਦੇ ਨਾਂ, ਜੋ ਹੁਕਮਨਾਮਾ ਭੇਜਿਆ, ਉਸ ਵਿੱਚ ਹੋਰ ਹਦਾਇਤਾਂ ਤੋਂ ਇਲਾਵਾ ਇਹ ਵੀ ਦਰਜ ਸੀ ਕਿ ਭਾਦਨੀ ਤਥਾ ਕੰਨਿਆ ਮਾਰਨੇ ਵਾਲੇ ਸੇ ਮੇਲ ਨਾ ਰਖੇਂ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਨੇ ਇਸਤਰੀ ਦੇ ਹੱਕ ਵਿੱਚ ਅਵਾਜ਼ ਬੁਲੰਦ ਕਰਦਿਆਂ ਕਿਹਾ ਕਿ ਜੋ ਔਰਤ ਵੱਡੇ ਵੱਡੇ ਰਾਜੇ ਮਹਾਰਾਜਿਆਂ ਨੂੰ ਜਨਮ ਦਿੰਦੀ ਹੈ, ਉਸ ਨੂੰ ਨੀਵਾਂ ਕਿਵੇਂ ਕਿਹਾ ਜਾ ਸਕਦਾ ਹੈ। ਆਸਾ ਕੀ ਵਾਰ ਵਿੱਚ ਅਸੀਂ ਰੋਜ਼ਾਨਾ ਪੜ੍ਹਦੇ ਸੁਣਦੇ ਹਾਂ : ਸੋ ਕਿਉ ਮੰਦਾ ਆਖੀਐ  ? ਜਿਤੁ ਜੰਮਹਿ ਰਾਜਾਨ (ਮਹਲਾ /੪੭੩)

ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਤੋਂ ਪਹਿਲਾਂ ਕਿਸੇ ਵੀ ਸਮਾਜਕ, ਰਾਜਨੀਤਕ ਜਾਂ ਧਾਰਮਕ ਆਗੂ ਨੂੰ ਇਸਤਰੀ ਦੀ ਉੱਚਤਾ ਦੇ ਬਾਰੇ ਖ਼ਿਆਲ ਤੱਕ ਵੀ ਨਹੀਂ ਆਇਆ ਭਾਵੇਂ ਕਿ ਇਸਤਰੀ ਦੀ ਹਾਲਤ ਉਸ ਵਕਤ ਅਤੀ ਤਰਸਯੋਗ ਸੀ। ਪੁਰਾਤਨ ਧਾਰਮਕ ਗ੍ਰੰਥਾਂ ਵਿੱਚ ਵੀ ਇਸ ਦੇ ਹਵਾਲੇ ਮਿਲਦੇ ਹਨ। ਪੁਰਾਣਾ ਵਿੱਚ ਇਸਤਰੀ ਨੂੰ ਸਭ ਤੋਂ ਨਸ਼ੀਲੀ ਸ਼ਰਾਬ ਅਤੇ ਸਭ ਤੋਂ ਮਾਰੂ ਜ਼ਹਿਰ ਕਰਕੇ ਬਿਆਨਿਆ ਗਿਆ ਹੈ। ਪੁਰਾਤਨ ਮੰਦਰਾਂ ਵਿੱਚ ਇਸਤਰੀਆਂ ਨੂੰ ਦੇਵਦਾਸੀਆਂ ਦੇ ਰੂਪ ਵਿੱਚ ਰੱਖਿਆ ਜਾਂਦਾ ਸੀ, ਜਿਸ ਦਾ ਹਵਾਲਾ ਡਾ: ਰਾਧਾ ਕ੍ਰਿਸ਼ਨਨ ਨੇ ਆਪਣੀ ਪੁਸਤਕ ਧਰਮ ਤੇ ਸਮਾਜ ਦੇ ਪੰਨਾ 219 ’ਤੇ ਦਿੱਤਾ ਹੈ। ‘ਰਾਮ ਚਰਿਤ ਮਾਨਸ’ ਦਾ ਕਰਤਾ ਗੋਸਵਾਮੀ ਤੁਲਸੀ ਦਾਸ ਇਸਤਰੀ ਨੂੰ ਦਬਾ ਕੇ ਰੱਖਣ ਦੀ ਗੱਲ ਕਰਦਾ ਹੋਇਆ ਕਹਿੰਦਾ ਹੈ : ਢੋਲ ਗਵਾਰ ਸ਼ੂਦਰ ਪਸ਼ੂ ਨਾਰੀ ਇਹ ਸਭ ਤਾੜਨ ਕੇ ਅਧਿਕਾਰੀ

ਜੈਨ ਮਤ ਵਾਲਿਆਂ ਦਾ ਇਹ ਵਿਚਾਰ ਹੈ ਕਿ ਇਸਤਰੀ ਕਦੇ ਵੀ ਮੁਕਤੀ ਪ੍ਰਾਪਤ ਨਹੀਂ ਕਰ ਸਕਦੀ। ਮਹਾਤਮਾ ਬੁਧ ਦਾ ਵੀ ਇਹ ਵਿਚਾਰ ਹੈ ਕਿ ਇਸਤਰੀਆਂ ਨੂੰ ਬੋਧੀ ਭਿਖਸ਼ੂਆਂ ਵਿੱਚ ਸ਼ਾਮਲ ਕਰਨ ਨਾਲ ਬੁਧ ਧਰਮ ਦੀ ਉਮਰ ਘਟ ਜਾਵੇਗੀ। ਇਸਲਾਮ ਵਿੱਚ ਇਸਤਰੀ ਨੂੰ ਘਟੀਆ ਦੱਸਣ ਲਈ ਦੋ ਔਰਤਾਂ ਦੀ ਗਵਾਹੀ ਇਕ ਮਰਦ ਦੇ ਬਰਾਬਰ ਮੰਨੀ ਜਾਂਦੀ ਹੈ। ਹੋਰ ਤਾਂ ਹੋਰ ਔਰਤ ਮਸਜਿਦ ਵਿੱਚ ਨਮਾਜ਼ ਵੀ ਅਦਾ ਨਹੀਂ ਕਰ ਸਕਦੀ। ਜੋਗ ਮਤ ਦਾ ਮੋਢੀ ਗੋਰਖ ਨਾਥ ਔਰਤ ਨੂੰ ‘ਬਘਿਆੜਨ’ ਸ਼ਬਦ ਨਾਲ ਸੰਬੋਧਨ ਕਰਦਾ ਹੋਇਆ ਕਹਿੰਦਾ ਹੈ ਕਿ ਇਸਤਰੀ ਨੇ ਸਾਰੀ ਦੁਨੀਆ ਦਾ ਨਾਸ ਕਰਕੇ ਰੱਖ ਦਿੱਤਾ ਹੈ : ਇਨ ਬਾਘਣ ਤ੍ਰੈ ਲੋਈ ਖਾਈ

ਯਹੂਦੀਆ ਦੀ ਤਾਂ ਅਰਦਾਸ ਹੀ ਇਹ ਹੈ : ਹੇ ਰੱਬਾ ਤੇਰਾ ਸ਼ੁਕਰ ਹੈ ਕਿ ਤੂੰ ਮੈਨੂੰ ਨਾ ਕਾਫ਼ਰ ਪੈਦਾ ਕੀਤਾ ਹੈ ਤੇ ਨਾ ਹੀ ਇਸਤਰੀ ਜਾਮਾ ਦਿੱਤਾ ਹੈ ਪ੍ਰਸਿੱਧ ਫ਼ਿਲਾਸਫ਼ਰ ਅਰਸਤੂ ਇਸਤਰੀ ਨੂੰ ਨਾ-ਮੁਕੰਮਲ ਵਸਤੂ ਲਿਖਦਾ ਹੈ। ਪੁਸਤਕ ਸਿੱਖ ਵਿਚਾਰਧਾਰਾ ਦੇ ਪੰਨਾ 139 ਤੇ ਸ਼ੁਕਰਾਤ ਦੇ ਵਿਚਾਰ ਇਸ ਤਰ੍ਹਾਂ ਲਿਖੇ ਹੋਏ ਹਨ : ਮਰਦ ਦੀ ਖੂਬੀ ਹੁਕਮ ਕਰਨ ਤੇ ਹੁਕਮ ਮਨਾਉਣ ਵਿੱਚ ਹੈ ਤੇ ਇਸਤਰੀ ਦੀ ਖੂਬੀ ਹੁਕਮ ਮੰਨਣ ਵਿੱਚ ਹੈ

ਗੁਰੂ ਅਮਰਦਾਸ ਜੀ ਨੇ ਇਸਤਰੀ ਬਾਰੇ ਇਨ੍ਹਾਂ ਸਾਰੇ ਵਿਚਾਰਾਂ ਦਾ ਖੰਡਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸੁ ਜਗ ਮਹਿ ਪੁਰਖੁ ਏਕੁ ਹੈ; ਹੋਰ ਸਗਲੀ ਨਾਰਿ ਸਬਾਈ (ਮਹਲਾ /੫੯੧) ਭਾਵ ਸਾਰੇ ਇਨਸਾਨ ਜੀਵ ਰੂਪ ਇਸਤਰੀਆਂ ਹੀ ਹਨ। ਕੇਵਲ ਪਰਮਾਤਮਾ ਨੂੰ ਹੀ ਪੁਰਖ ਕਿਹਾ ਗਿਆ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਤਾਂ ਇਸਤਰੀ ਨੂੰ ਬਹੁ ਗੁਣਾਂ ਦੀ ਮਾਲਕਣ ਸਮਝ ਕੇ ‘ਬਤੀਹ ਸੁਲਖਣੀ’ ਕਹਿ ਕੇ ਵਡਿਆਇਆ ਗਿਆ ਹੈ।

ਗੁਰੂ ਨਾਨਕ ਸਾਹਿਬ ਜੀ ਦੇ ਵਿਚਾਰਾਂ ਨੂੰ ਅੱਗੇ ਤੋਰਦਿਆਂ ਹੋਇਆਂ ਹੀ ਗੁਰੂ ਅਮਰਦਾਸ ਜੀ ਨੇ ਸਤੀ ਪਰਥਾ ਦਾ ਵਿਰੋਧ ਕੀਤਾ। ਸਮੇਂ ਦੇ ਬਾਦਸ਼ਾਹ ਅਕਬਰ ਨੂੰ ਕਾਨੂੰਨ ਰਾਹੀਂ ਇਹ ਪ੍ਰਥਾ ਬੰਦ ਕਰਵਾਉਣ ਲਈ ਕਿਹਾ ਗਿਆ। ਆਪ ਜੀ ਨੇ ਲੋਕਾਂ ਨੂੰ ਅਸਲ ਸਤੀ ਦੀ ਨਵੀਂ ਪਰਿਭਾਸ਼ਾ ਸਮਝਾਈ। ਆਪ ਜੀ ਦਾ ਫ਼ੁਰਮਾਨ ਹੈ : ਸਤੀਆ ਏਹਿ ਆਖੀਅਨਿ; ਜੋ ਮੜਿਆ ਲਗਿ ਜਲੰਨਿ੍   ਨਾਨਕ ! ਸਤੀਆ ਜਾਣੀਅਨਿ੍; ਜਿ ਬਿਰਹੇ ਚੋਟ ਮਰੰਨਿ੍ (ਮਹਲਾ /੭੮੭) ਅਤੇ ਭੀ ਸੋ ਸਤੀਆ ਜਾਣੀਅਨਿ; ਸੀਲ ਸੰਤੋਖਿ ਰਹੰਨਿ੍   ਸੇਵਨਿ ਸਾਈ ਆਪਣਾ; ਨਿਤ ਉਠਿ ਸੰਮ੍ਾਲੰਨਿ੍ (ਮਹਲਾ /੭੮੭) ਇੱਥੇ ਹੀ ਬੱਸ ਨਹੀਂ ਗੁਰੂ ਅਮਰਦਾਸ ਜੀ ਨੇ ਪਰਦੇ ਜਾਂ ਘੁੰਡ ਦੀ ਰਸਮ ਤੋਂ ਵੀ ਵਰਜਿਆ ਅਤੇ ਹੁਕਮ ਕੀਤਾ ਕਿ ਜੋ ਵੀ ਇਸਤਰੀ ਗੁਰੂ ਦਰਬਾਰ ਵਿੱਚ ਆਵੇ ਉਹ ਘੁੰਡ ਜਾਂ ਪਰਦਾ ਨਾ ਕਰੇ। ਜਦੋਂ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ ਖੰਡੇ ਦੀ ਪਹੁਲ ਦਿੱਤੀ ਤਾਂ ਬੀਬੀਆਂ ਨੂੰ ਵੀ ਸਿੰਘਾਂ ਦੇ ਨਾਲ ਬੈਠ ਕੇ ਅੰਮ੍ਰਿਤਪਾਨ ਕਰਵਾਇਆ। ਸਿੱਖ ਰਹਿਤ ਮਰਯਾਦਾ ਵਿੱਚ ਇਹ ਵੀ ਪੰਥ ਪ੍ਰਮਾਣਿਤ ਫ਼ੈਸਲਾ ਹੈ ਕਿ ਅੰਮ੍ਰਿਤਪਾਨ ਕਰਵਾਉਣ ਸਮੇਂ ਪੰਜ ਪਿਆਰਿਆਂ ਵਿੱਚ ਬੀਬੀਆਂ ਵੀ ਸ਼ਾਮਲ ਹੋ ਸਕਦੀਆਂ ਹਨ। ਇੱਥੋਂ ਤੱਕ ਕਿ ਜੰਗਾਂ-ਜੁਧਾਂ ਵਿੱਚ ਸਿੰਘਾਂ ਦੇ ਨਾਲ ਸ਼ਹੀਦ ਹੋਣ ਵਾਲੀਆਂ ਬੀਬੀਆਂ ਵੀ ਸਨ ਤਾਹੀਓਂ ਅਸੀਂ ਹਰ ਰੋਜ਼ ਅਰਦਾਸ ਕਰਦੇ ਹਾਂ ਕਿ ਜਿਹਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿਤੇ ਤਿਨਾ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ  !

ਅਜਿਹੇ ਆਤਮਿਕ ਗੁਣਾਂ ਨਾਲ ਭਰਪੂਰ ਇਸਤਰੀਆਂ; ਗੁਰੂ ਕਾਲ ਸਮੇਂ ਅਤੇ ਉਸ ਤੋਂ ਬਾਅਦ ਇਤਿਹਾਸ ਵਿੱਚ ਅਨੇਕਾਂ ਹੀ ਹੋਈਆਂ ਜਿਨ੍ਹਾਂ ਨੇ ਸਿੱਖ ਇਤਿਹਾਸ ਨੂੰ ਰੁਸ਼ਨਾਇਆ ਹੈ। ਇਹ ਵੀ ਇੱਕ ਸਚਾਈ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਸਰੀਰਕ ਦਰਸ਼ਨ ਕਰਨ ਵਾਲੀ ਪਹਿਲੀ ਇਸਤਰੀ ਦਾਈ ਦੌਲਤਾ ਹੋਈ ਹੈ, ਜੋ ਲੜਕੇ ਦੇ ਜਨਮ ਸਮੇਂ ਪਰਿਵਾਰ ਕੋਲੋਂ ਬਹੁਤ ਕੁੱਝ ਮਿਲਣ ਦੀ ਆਸ ਰੱਖਦੀ ਸੀ, ਪਰ ਗੁਰੂ ਨਾਨਕ ਸਾਹਿਬ ਜੀ ਦੇ ਪਹਿਲੇ ਦਰਸ਼ਨ ਕਰਕੇ ਹੀ ਉਹ ਨਿਹਾਲ ਹੋ ਗਈ ਅਤੇ ਉਸ ਦੀ ਕੁੱਝ ਲੈਣ ਦੀ ਝਾਕ ਖ਼ਤਮ ਹੋ ਗਈ। ਗੁਰੂ ਨਾਨਕ ਸਾਹਿਬ ਵਿੱਚੋਂ ਪ੍ਰਭੂ ਦੇ ਦੀਦਾਰ ਕਰਨ ਵਾਲੀ ਪਹਿਲੀ ਔਰਤ ਉਨ੍ਹਾਂ ਦੀ ਭੈਣ ਬੇਬੇ ਨਾਨਕੀ ਹੋਈ ਹੈ, ਜੋ ਗੁਰੂ ਨਾਨਕ ਜੀ ਨੂੰ ਆਪਣਾ ਵੀਰ ਨਹੀਂ ਸਗੋਂ ਪੀਰ ਵੀ ਸਮਝਦੀ ਸੀ। ਜਦੋਂ ਗੁਰੂ ਨਾਨਕ ਸਾਹਿਬ ਜੀ ਸੁਲਤਾਨਪੁਰ ਪਹੁੰਚੇ ਤਾਂ ਬੇਬੇ ਨਾਨਕੀ; ਆਪਣੇ ਵੀਰ ਦੇ ਪੈਰੀਂ ਪੈ ਗਈ ਤੇ ਗੁਰੂ ਸਾਹਿਬ ਨੇ ਕਿਹਾ ਕਿ ਬੇਬੇ ! ਤੂੰ ਮੇਰੇ ਤੋਂ ਵੱਡੀ ਹੈ। ਪੈਰੀਂ ਤਾਂ ਮੈਨੂੰ ਤੇਰੇ ਪੈਣਾ ਚਾਹੀਦਾ ਹੈ ਤਾਂ ਬੇਬੇ ਨਾਨਕੀ ਨੇ ਕਿਹਾ ਕਿ ਨਾਨਕ ! ਤੂੰ ਮੇਰਾ ਵੀਰ ਹੀ ਨਹੀਂ ਸਗੋਂ ਪੀਰ ਵੀ ਹੈਂ। ਗੁਰੂ ਨਾਨਕ ਸਾਹਿਬ ਜੀ ਦੇ ਵੇਈਂ ਨਦੀ ਵਿੱਚ ਅਲੋਪ ਹੋਣ ’ਤੇ ਕੇਵਲ ਬੇਬੇ ਨਾਨਕੀ ਜੀ ਨੇ ਹੀ ਦ੍ਰਿੜ੍ਹ ਨਿਸ਼ਚੇ ਨਾਲ ਕਿਹਾ ਸੀ ਕਿ ਮੇਰਾ ਵੀਰ, ਡੁੱਬ ਨਹੀਂ ਸਕਦਾ ਕਿਉਂਕਿ ਉਹ ਤਾਂ ਆਇਆ ਹੀ ਡੁੱਬਦਿਆਂ ਨੂੰ ਤਾਰਨ ਲਈ ਹੈ।

ਗੁਰੂ ਅੰਗਦ ਸਾਹਿਬ ਜੀ ਦੀ ਸੁਪਤਨੀ ਮਾਤਾ ਖੀਵੀ ਜੀ ਲੰਗਰ ਸੰਸਥਾ ਦੀ ਪਹਿਲੀ ਸੰਚਾਲਕ ਬਣੀ ਅਤੇ ਆਪਣੇ ਹੱਥੀਂ ਘਿਉ ਵਾਲੀ ਖੀਰ ਵਰਤਾਉਂਦੀ ਰਹੀ ਹੈ। ਉਹ, ਸਾਰੀ ਸੰਗਤ ਨੂੰ ਸੰਘਣੇ ਪੱਤਿਆਂ ਵਾਲੇ ਦਰਖ਼ਤ ਦੀ ਛਾਂ ਜਾਪਦੀ ਸੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮਤਾ ਖੀਵੀ ਜੀ ਦਾ ਨਾਂ ਦਰਜ ਹੋਣਾ, ਸੰਸਾਰ ਦੀਆਂ ਸਮੁੱਚੀਆਂ ਔਰਤਾਂ ਲਈ ਇੱਕ ਮਾਣ ਵਾਲੀ ਗੱਲ ਹੈ। ਭਾਈ ਸੱਤਾ ਤੇ ਬਲਵੰਡ ਜੀ ਨੇ ਰਾਮਕਲੀ ਵਾਰ ਵਿੱਚ ਇਸ ਦਾ ਵਰਣਨ ਕੀਤਾ ਹੈ : ਬਲਵੰਡ ! ਖੀਵੀ ਨੇਕ ਜਨ; ਜਿਸੁ ਬਹੁਤੀ ਛਾਉ ਪਤ੍ਰਾਲੀ   ਲੰਗਰਿ ਦਉਲਤਿ ਵੰਡੀਐ; ਰਸੁ ਅੰਮ੍ਰਿਤੁ ਖੀਰਿ ਘਿਆਲੀ (ਬਲਵੰਡ ਸਤਾ/੯੬੭)

ਸਿੱਖ ਧਰਮ ਦੀ ਪਹਿਲੀ ਪ੍ਰਚਾਰਕ ਬੀਬੀ ਅਮਰੋ ਜੀ  (ਜਨਮ ਸੰਨ 1526) ਨੂੰ ਮਾਤਾ ਖੀਵੀ ਜੀ ਨੇ ਗੁਰਬਾਣੀ ਦੀ ਐਸੀ ਗੁੜ੍ਹਤੀ ਦਿੱਤੀ ਕਿ ਉਨ੍ਹਾਂ ਨੇ ਆਪਣੇ ਨੇਕ ਜੀਵਨ ਨਾਲ ਸਹੁਰੇ ਘਰ ਜਾ ਕੇ ਗੁਰਬਾਣੀ ਦੀ ਐਸੀ ਜਾਗ ਲਾਈ ਕਿ ਉਨ੍ਹਾਂ ਦੇ ਮੂੰਹੋਂ : ਕਰਣੀ ਕਾਗਦੁ ਮਨੁ ਮਸਵਾਣੀ; ਬੁਰਾ ਭਲਾ ਦੁਇ, ਲੇਖ ਪਏ ਜਿਉ ਜਿਉ ਕਿਰਤੁ ਚਲਾਏ, ਤਿਉ ਚਲੀਐ; ਤਉ ਗੁਣ ਨਾਹੀ ਅੰਤੁ ਹਰੇ  ! (ਮਹਲਾ /੯੯੦) ਸ਼ਬਦ ਸੁਣ ਕੇ ਚਾਚੇ (ਸਹੁਰੇ) ਬਾਬਾ ਅਮਰਦਾਸ ਜੀ; ਗੁਰੂ ਪਦਵੀ ਨੂੰ ਪ੍ਰਾਪਤ ਹੋ ਗਏ।

ਬੀਬੀ ਅਮਰੋ ਜੀ ਬਾਰੇ ਕਵੀ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਭਗਤੀ ਨੇ ਆਪਣਾ ਸਰੀਰ ਧਾਰਿਆ ਤਾਂ ਉਸ ਨੇ ਮਾਤਾ ਜੀ ਦੀ ਕੁੱਖੋਂ ਬਾਬਾ ਲਹਿਣਾ ਜੀ ਦੇ ਘਰ ਜਨਮ ਲਿਆ। ਅਸਲ ਵਿੱਚ ‘ਬਤੀਹ ਸੁਲਖਣੀ’ ਵਾਲੇ ਸਾਰੇ ਗੁਣ ਬੀਬੀ ਅਮਰੋ ਜੀ ਗ੍ਰਹਿਣ ਕਰ ਚੁੱਕੀ ਸੀ। ਇਸ ਬੀਬੀ ਨੂੰ ਜਪੁ, ਓਅੰਕਾਰ, ਆਸਾ ਕੀ ਵਾਰ, ਸਿਧ ਗੋਸਟਿ, ਪਟੀ ਤੇ ਮਾਰੂ ਰਾਗ ਦੇ ਸਾਰੇ ਸ਼ਬਦ ਯਾਦ ਸਨ।

ਆਤਮਕ ਗੁਣਾਂ ਨਾਲ ਭਰਪੂਰ ਬੀਬੀ ਭਾਨੀ ਜੀ (ਜਨਮ 30 ਅਪਰੈਲ 1534)  ਨੂੰ ਸ਼ਹੀਦ ਪਰਿਵਾਰ ਦੀ ਜਣਨੀ ਹੋਣ ਕਰਕੇ ਵੀ ਯਾਦ ਕੀਤਾ ਜਾਂਦਾ ਹੈ। ਆਪ ਦੇ ਪੁੱਤਰ ਗੁਰੂ ਅਰਜਨ ਸਾਹਿਬ ਜੀ; ਸਿੱਖ ਧਰਮ ਦੇ ਪਹਿਲੇ ਸ਼ਹੀਦ ਹੋਏ, ਪੜਪੋਤੇ ਗੁਰੂ ਤੇਗ਼ ਬਹਾਦਰ ਜੀ ਸ਼ਹੀਦ, ਅੱਗੋਂ ਉਨ੍ਹਾਂ ਦੀ ਸੁਪਤਨੀ (ਮਾਤਾ ਗੁਜਰੀ ਜੀ) ਅਤੇ ਉਨ੍ਹਾ ਦੇ ਪੋਤਿਆਂ (ਚਾਰ ਸਾਹਿਬਜ਼ਾਦਿਆਂ ਨੇ ਸ਼ਹੀਦੀ ਦੇ ਕੇ ਸ਼ਾਨਦਾਰ ਇਤਿਹਾਸ ਸਿਰਜਿਆ। ਸੇਵਾ ਦੇ ਮਾਰਗ ’ਤੇ ਚਲਦਿਆਂ ਬੀਬੀ ਭਾਨੀ ਜੀ ਸੁਸ਼ੀਲ, ਸੰਜਮੀ, ਨਿਮਰਤਾ, ਰਜ਼ਾ ਵਿੱਚ ਰਹਿਣਾ, ਖਿਮਾ ਕਰਨੀ ਤੇ ਹੋਰ ਅਨੇਕਾਂ ਗੁਣਾਂ ਦੀ ਮਾਲਕਣ ਸਨ।

ਗੁਰੂ ਹਰਿਰਾਇ ਸਾਹਿਬ ਜੀ ਦੀ ਬੇਟੀ ਬੀਬੀ ਰੂਪ ਕੌਰ ਜੀ (ਜਨਮ 9 ਅਪਰੈਲ 1649) ਨੂੰ ਜੇ ਇਹ ਕਹੀਏ ਕਿ ਉਹ ਪਹਿਲੀ ਸਿੱਖ ਲਿਖਾਰੀ ਜਾਂ ਇਤਿਹਾਸਕਾਰ ਹੋਈ ਹੈ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ। ਗੁਰੂ ਹਰਿਰਾਇ ਜੀ, ਜੋ ਬਚਨ ਬਿਲਾਸ ਸੰਗਤਾਂ ਦੇ ਦੀਵਾਨ ਵਿੱਚ ਕਰਦੇ ਸਨ, ਬੀਬੀ ਰੂਪ ਕੌਰ ਜੀ ਉਸ ਨੂੰ ਲਿਖਤੀ ਰੂਪ ਦੇ ਦਿੰਦੇ ਸਨ।

ਮਨੁੱਖੀ ਅਧਿਕਾਰਾਂ ਦੀ ਖ਼ਾਤਰ ਸ਼ਹੀਦ ਹੋਣ ਵਾਲੀ ਪਹਿਲੀ ਔਰਤ, ਗੁਰੂ ਤੇਗ਼ ਬਹਾਦਰ ਸਾਹਿਬ ਦੀ ਸੁਪਤਨੀ ਮਾਤਾ ਗੁਜਰੀ ਜੀ ਸਨ ਜਿਹੜੇ ਔਖੇ ਤੋਂ ਔਖੇ ਸਮੇਂ ਵਿੱਚ ਵੀ ਸਬਰ, ਸੰਤੋਖ ਤੇ ਰਜ਼ਾ ਵਿੱਚ ਰਹਿਣ ਵਾਲੇ ਸਨ। ਜਦੋਂ ਕੀਰਤਪੁਰ ਵਿਖੇ ਆਪਣੇ ਪਤੀ ਦੇ ਸੀਸ ਦੇ ਦਰਸ਼ਨ ਕੀਤੇ ਤਾਂ ਮੁਖੋਂ ਉਚਾਰਿਆ: ਪਾਤਸ਼ਾਹ ! ਤੁਹਾਡੀ ਨਿਭ ਆਈ, ਕ੍ਰਿਪਾ ਕਰੋ ਹੁਣ ਮੇਰੀ ਭੀ ਨਿਭ ਆਵੇ ਉਨ੍ਹਾਂ ਦੇ ਪਤੀ, ਪੁੱਤਰ ਤੇ ਪੋਤਰਿਆਂ ਨੇ ਸਾਰਾ ਜੀਵਨ ਸਿੱਖ ਸੰਘਰਸ਼ ਦੇ ਲੇਖੇ ਲਾ ਦਿੱਤਾ। ਭਾਂਵੇ ਆਪ ਨੂੰ ਸਮੇਂ ਦੀ ਹਕੂਮਤ ਦੀ ਕਰੋਪੀ ਦਾ ਸ਼ਿਕਾਰ ਵੀ ਹੋਣਾ ਪਿਆ ਪਰ ਮਾਤਾ ਗੁਜਰੀ ਜੀ ਕਦੇ ਵੀ ਸੰਘਰਸ਼ ਵਿੱਚ ਘਬਰਾਏ ਨਹੀਂ ਸਗੋਂ ਸੰਘਰਸ਼ ਵਿੱਚ ਪੂਰਾ ਯੋਗਦਾਨ ਪਾਇਆ।

ਮਾਤਾ ਸੁੰਦਰ ਕੌਰ (ਸੁੰਦਰੀ ਜੀ) ਨੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਲਗਾਤਾਰ 40 ਸਾਲ ਸਿੱਖ ਸੰਗਤਾਂ ਦੀ ਅਗਵਾਈ ਕੀਤੀ। ਇਸ ਘੋਰ ਸੰਕਟ ਦੇ ਸਮੇਂ ਵਿੱਚ ਮਾਤਾ ਜੀ ਨੇ ਚੜ੍ਹਦੀ ਕਲਾ ਵਿੱਚ ਰਹਿ ਕੇ ਸਿੱਖ ਮਸਲਿਆਂ ਨੂੰ ਸੁਲਝਾਉਣ ਵਿੱਚ ਵੱਡਾ ਯੋਗਦਾਨ ਪਾਇਆ। ਜਦੋਂ ਸਿੱਖ ਦੋ ਧੜਿਆਂ ਵਿੱਚ ਵੰਡੇ ਗਏ ਤਾਂ ਮਾਤਾ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਏਕਤਾ ਕਰਾਉਣ ਲਈ ਦਰਬਾਰ ਸਾਹਿਬ ਅੰਮ੍ਰਿਤਸਰ ਭੇਜਿਆ। ਮਾਤਾ ਜੀ ਨੇ ਨਕਲੀ ਗੁਰੂ ਬਣਨ ਵਾਲਿਆਂ ਦੇ ਯਤਨਾਂ ਨੂੰ ਨਾਕਾਮ ਕੀਤਾ। ਦਿੱਲੀ ਦੇ ਮੁਸਲਮਾਨੀ ਇਲਾਕੇ ਵਿੱਚ ਰਹਿੰਦੇ ਹੋਏ ਵੀ ਮਾਤਾ ਜੀ ਨੇ ਨਿਤਨੇਮ ਅਤੇ ਸਵੇਰ, ਸ਼ਾਮ ਦੇ ਕੀਰਤਨ ਤੇ ਗੁਰਮਤਿ ਸਮਾਗਮ ਜਾਰੀ ਰੱਖੇ ਤੇ ਗੁਰੂ ਕਾ ਲੰਗਰ ਵੀ ਅਤੁਟ ਵਰਤਦਾ ਰਿਹਾ ਕਿਉਂਕਿ ਮਾਤਾ ਜੀ ਆਪ ਸ਼ੁਭ ਗੁਣਾਂ ਦੇ ਧਾਰਨੀ ਸਨ।

ਮਾਤਾ ਸਾਹਿਬ ਕੌਰ ਜੀ ਸਿੱਖ ਇਤਿਹਾਸ ਵਿੱਚ ਸਭ ਗੁਣਾਂ ਨਾਲ ਭਰਪੂਰ ਇਕ ਐਸੀ ਔਰਤ ਹੋਈ ਹੈ ਜਿਸ ਨੂੰ ‘ਖਾਸਲੇ ਦੀ ਮਾਤਾ’ ਹੋਣ ਦਾ ਮਾਣ ਹਾਸਲ ਹੈ। ਆਪ ਜੀ ਦਾ ਸਵਾਸ-ਸਵਾਸ ਸਿਮਰਨ ਵਿੱਚ ਹੀ ਬਤੀਤ ਹੋਇਆ ਹੈ। ਹਮੇਸ਼ਾਂ ਖਾਲਸੇ ਦੀ ਚੜ੍ਹਦੀ ਕਲਾ ਲਈ ਤਤਪਰ ਰਹਿੰਦੇ। ਆਪ ਨੇ ਸਿੱਖਾਂ ਨੂੰ ਦਸਵੰਧ ਆਦਿ ਦੀ ਪ੍ਰੇਰਣਾ ਦੇਣ ਲਈ ਕਈ ਹੁਕਮਨਾਮੇ ਵੀ ਜਾਰੀ ਕੀਤੇ ਸਨ।

ਮਾਈ ਭਾਗ ਕੌਰ ਸਿੱਖ ਇਤਿਹਾਸ ਵਿੱਚ ਪਹਿਲੀ ਜੰਗੀ ਜਰਨੈਲ ਹੋਈ  ਹੈ, ਜਿਸ ਨੇ ਮੁਕਤਸਰ ਦੀ ਜੰਗ ਵਿੱਚ ਸਿੰਘਾਂ ਦੇ ਨਾਲ ਮਿਲ ਕੇ ਬਹਾਦਰੀ ਦੇ ਜੌਹਰ ਦਿਖਾਏ। ਇਹ ਮਾਈ ਆਪਣੇ ਪਿਤਾ ਨਾਲ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਦਰਬਾਰ ਵਿੱਚ ਦੋ ਵਾਰ ਜਾਣ ਨਾਲ ਸਿੱਖੀ ਅਸੂਲਾਂ ਵਿੱਚ ਪ੍ਰਪੱਕ ਹੋ ਗਈ ਸੀ ਤੇ ਸਿੱਖੀ ਵਾਲੇ ਸਾਰੇ ਗੁਣ ਇਨ੍ਹਾਂ ਨੇ ਧਾਰਨ ਕੀਤੇ ਹੋਏ ਸਨ।

ਬੀਬੀ ਹਰਸ਼ਰਨ ਕੌਰ ਇਕ ਐਸੀ ਦਲੇਰ ਔਰਤ ਹੋਈ ਹੈ, ਜਿਸ ਨੇ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾ ਕੇ ਚਕਮੌਰ ਦੀ ਗੜ੍ਹੀ ਵਿੱਚ ਸ਼ਹੀਦ ਹੋਏ ਸਿੰਘਾਂ ਤੇ ਵੱਡੇ ਸਾਹਿਬਜ਼ਾਦਿਆਂ ਦੀ ਰਾਤ ਦੇ ਹਨ੍ਹੇਰੇ ਵਿੱਚ ਜਾ ਕੇ ਪਛਾਣ ਕੀਤੀ ਅਤੇ ਉਨ੍ਹਾਂ ਦਾ ਆਪਣੇ ਹੱਥੀ ਲੱਕੜਾਂ ਇਕੱਠੀਆਂ ਕਰਕੇ ਸਸਕਾਰ ਕੀਤਾ। ਜਦੋਂ ਅੱਗ ਭੜਕੀ ਤਾਂ ਉਸ ਦੇ ਚਾਨਣ ਵਿੱਚ ਸ਼ਾਹੀ ਫ਼ੌਜਾਂ ਨੇ ਇਸ ਬੀਬੀ ਨੂੰ ਫੜ ਕੇ ਉਸੇ ਸਿਵੇ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ।

ਮਹਾਰਾਜਾ ਰਣਜੀਤ ਸਿੰਘ ਦੀ ਪਤਨੀ ਮਹਾਰਾਣੀ ਜਿੰਦਾਂ (ਜਿੰਦ ਕੌਰ) ਧੁਨ ਦੀ ਪੱਕੀ ਤੇ ਦ੍ਰਿੜ੍ਹ ਇਰਾਦੇ ਵਾਲੀ ਔਰਤ ਸੀ। ਉਨ੍ਹਾਂ ਦੀ ਸਿਆਸੀ ਸੂਝ ਬੂਝ ਤੋਂ ਅੰਗਰੇਜ਼ ਹਕੂਮਤ ਵੀ ਡਰਦੀ ਸੀ। ਲਰਡ ਡਲਹੌਜੀ ਨੇ ਵੀ ਇੱਕ ਵਾਰ ਕਿਹਾ ਸੀ ਕਿ ਪੰਜਾਬ ਵਿੱਚੋਂ ਇੱਕੋ ਇੱਕ ਔਰਤ ਰਾਣੀ ਜਿੰਦਾਂ ਹੈ, ਜੋ ਮਰਦਾਂ ਵਾਲੀ ਸ਼ਕਤੀ ਰੱਖਦੀ ਹੈ। ਸਿੱਖੀ ਪ੍ਰਤੀ ਉਸ ਦੀ ਲਗਨ ਦਾ ਅੰਦਾਜ਼ਾ ਇਸੇ ਘਟਨਾ ਤੋਂ ਲੱਗ ਜਾਂਦਾ ਹੈ ਕਿ ਜਦੋਂ ਉਨ੍ਹਾਂ ਦਾ ਪੁੱਤਰ ਦਲੀਪ ਸਿੰਘ ਈਸਾਈ ਬਣ ਚੁੱਕਾ ਸੀ ਤੇ ਕੇਸ ਕਟਵਾ ਲਏ ਸਨ ਤੇ ਆਪਣੀ ਮਾਂ ਨੂੰ ਮਿਲਣ ਲਈ ਆਇਆ ਤਦੋਂ ਉਨ੍ਹਾਂ ਦੀ ਮਾਤਾ ਅੱਖਾਂ ਦੀ ਰੋਸ਼ਨੀ ਗਵਾ ਚੁੱਕੀ ਸੀ। ਮਾਂ ਨੇ ਜਦੋਂ ਸਿਰ ਪਲੋਸਣ ਲਈ ਹੱਥ ਫੇਰਿਆ ਤਾਂ ਬਿਜਲੀ ਦੇ ਕਰੰਟ ਵਾਂਗ ਤ੍ਰਭਕ (ਸਹਿਮ) ਪਈ। ਮਾਂ ਦੀ ਪ੍ਰੇਰਨਾ ਸਦਕਾ ਦਲੀਪ ਸਿੰਘ ਦੁਬਾਰਾ ਸਿੰਘ ਸਜ ਗਿਆ। ਅਜੋਕੀਆਂ ਸਿੱਖ ਬੀਬੀਆਂ ਅੰਦਰ ਮਹਾਰਾਣੀ ਜਿੰਦ ਕੌਰ ਵਾਲੀ ਸੂਝ-ਬੂਝ ਦ੍ਰਿੜ੍ਹਤਾ ਤੇ ਸਿੱਖੀ ਪਿਆਰ ਚਾਹੀਦਾ ਹੈ ਤਾਂ ਜੋ ਪਤਿਤਪੁਣੇ ਨੂੰ ਠਲ ਪਾਈ ਜਾ ਸਕੇ।

ਮਾਤਾ ਕ੍ਰਿਸ਼ਨ ਕੌਰ ਪਿੰਡ ਕਉਂਕੇ (ਜ਼ਿਲ੍ਹਾ ਲੁਧਿਆਣਾ) ਦੀ ਰਹਿਣ ਵਾਲੀ ਐਸੀ ਦਲੇਰ ਔਰਤ ਸੀ, ਜਿਸ ਨੇ ਜ਼ਾਲਮ ਪੁਲਿਸ ਅਫ਼ਸਰ ਬੀ.ਟੀ., ਜਿਸ ਨੇ ਗੁਰੂ ਕੇ ਬਾਗ਼ ਦੇ ਮੋਰਚੇ ਵਿੱਚ ਸ਼ਾਂਤੀਮਈ ਸਿੰਘਾਂ ’ਤੇ ਜੁਲਮ ਢਾਹਿਆ ਸੀ, ਨੂੰ ਇਕ ਐਸੀ ਜੋਰ ਦੀ ਚਪੇੜ ਮਾਰੀ ਕਿ ਮੂਧੇ ਮੂੰਹ ਜਾ ਡਿੱਗਾ ਤੇ ਮੂੰਹ ਛੁਪਾ ਕੇ ਆਪਣੇ ਕੈਂਪ ਵਿੱਚ ਜਾ ਵੜਿਆ। ਜੈਤੋ ਦੇ ਮੋਰਚੇ ਵਿੱਚ ਖ਼ੁਫ਼ੀਆ ਰੀਪੋਰਟ ਦੇਣ ਤੇ ਇਸ ਬੀਬੀ ਨੂੰ 4 ਸਾਲ ਦੀ ਕੈਦ ਹੋਈ।  ਰਿਹਾਅ ਹੋਣ ਤੋਂ ਬਾਅਦ ਅਕਾਲ ਤਖ਼ਤ ’ਤੇ ਬੀਬੀ ਜੀ ਦਾ ਸਨਮਾਨ ਕੀਤਾ ਗਿਆ ਤੇ ਮਾਤਾ ਦਾ ਖ਼ਿਤਾਬ ਦਿੱਤਾ।

ਰਾਣੀ ਸਦਾ ਕੌਰ; ਘਨਈਆ ਮਿਸਾਲ ਦੀ ਸਰਦਾਰਨੀ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਸੱਸ। ਉਹ ਅਸਾਧਾਰਨ ਹੌਸਲੇ ਅਤੇ ਤੀਖਣ ਬੁਧੀ ਵਾਲੀ ਇਸਤਰੀ ਸੀ, ਜਿਸ ਨੇ ਮਹਾਰਾਜੇ ਦੇ ਰਾਜ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਪਾਇਆ। ਉਹ ਘਨਈਆ ਮਿਸਲ ਦੀ ਅਗਵਾਈ ਕਰਦੀ ਸੀ। ਜਦੋਂ ਉਸ ਨੂੰ ਆਪਣੇ ਪਤੀ ਦੇ ਮੁਲਤਾਨ ਦੀ ਲੜਾਈ ਵਿੱਚ ਸ਼ਹੀਦ ਹੋਣ ਦੀ ਖ਼ਬਰ ਮਿਲੀ ਤਾਂ ਉਹ ਰੋਣ ਕੁਰਲਾਉਣ ਦੀ ਥਾਂ ਘੋੜੇ ’ਤੇ ਸਵਾਰ ਹੋ ਕੇ ਜੰਗ ਦੇ ਮੈਦਾਨ ਵਿੱਚ ਜਾ ਪੁੱਜੀ ਤੇ ਘਨਈਆ ਮਿਸਲ ਦੀ ਕਮਾਨ ਸੰਭਾਲ਼ੀ। ਉਸ ਨੇ ਸ਼ੁਕਰਚਕੀਆ ਮਿਸਲ ਨਾਲ ਨਿੱਤ ਦੇ ਝਗੜੇ ਖ਼ਤਮ ਕਰਨ ਲਈ ਬੜੀ ਸਿਆਣਪ ਨਾਲ ਆਪਣੀ ਲੜਕੀ ਮਹਿਤਾਬ ਕੌਰ ਦਾ ਵਿਆਹ ਮਹਾਰਾਜਾ ਰਣਜੀਤ ਸਿੰਘ ਨਾਲ ਕਰ ਦਿੱਤਾ।

ਬੀਬੀ ਬਲਬੀਰ ਜੀ; ਜਿਸ ਦੀ ਉਮਰ ਕੇਵਲ 22 ਸਾਲ ਦੀ ਸੀ ਆਪਣੇ ਦੋ ਸਾਲ ਦੇ ਬੱਚੇ ਨੂੰ ਕੁੱਛੜ ਚੁੱਕ ਕੇ ਜੈਤੋ ਦੇ ਮੋਰਚੇ ਵਿੱਚ ਸਿੰਘਾਂ ਦੇ ਸ਼ਹੀਦੀ ਜੱਥੇ ਨਾਲ ਸ਼ਾਮਲ ਹੋ ਗਈ। ਜੱਥੇਦਾਰ ਦੇ ਰੋਕਣ ’ਤੇ ਵੀ ਨਾ ਰੁਕੀ ਤਾਂ ਜਥੇਦਾਰ ਨੇ ਕਿਹਾ ਕਿ ਅੱਗੇ ਗੋਲ਼ੀ ਚੱਲ ਰਹੀ ਹੈ, ਆਪਣੇ ਬੱਚੇ ਦਾ ਖ਼ਿਆਲ ਕਰ। ਅੱਗੋਂ ਉਹ ਕਹਿਣ ਲੱਗੀ ਕਿ ਬੱਚੇ ਦੇ ਖ਼ਿਆਲ ਕਰਕੇ ਹੀ ਤਾਂ ਅੱਗੇ ਵਧ ਰਹੀ ਹਾਂ। ਦੋ ਸਾਲਾ ਦੇ ਬੱਚੇ ਨੂੰ ਗੋਲ਼ੀ ਲੱਗੀ ਤਾਂ ਉਸ ਨੂੰ ਜ਼ਮੀਨ ’ਤੇ ਲਿਟਾ ਕੇ ਅੱਗੇ ਵਧਦੀ ਗਈ ਅਤੇ ਆਪ ਵੀ ਸ਼ਹੀਦੀ ਪਾ ਗਈ। ਅਜਿਹੇ ਗੁਣ ਧਾਰਨ ਕਰਨ ਵਾਲੀਆਂ ਇਸਤਰੀਆਂ ਹੀ ਕਿਸੇ ਉਸਾਰੂ ਕੌਮ ਦੀ ਸਿਰਜਣਾ ਕਰਨ ਦੇ ਸਮਰੱਥ ਹੋ ਸਕਦੀਆਂ ਹਨ। ਨੈਪੋਲੀਅਨ ਨੇ ਕਿਹਾ ਸੀ : ਮੈਨੂੰ ਚੰਗੀਆਂ ਮਾਵਾਂ ਦਿਉ, ਮੈਂ ਤੁਹਾਨੂੰ ਚੰਗੀ ਕੌਮ ਦੇਵਾਂਗਾ

ਉੱਚੇ ਗੁਣਾਂ ਨਾਲ ਭਰਪੂਰ ਮਾਂ ਹੀ ਅੱਜ ਬੱਚੇ ਨੂੰ ਅਜਿਹੀ ਅਸੀਸ ਦੇ ਸਕਦੀ ਹੈ, ਜਿਸ ਦਾ ਜ਼ਿਕਰ ਗੁਰੂ ਅਰਜਨ ਸਾਹਿਬ ਜੀ ਕਰਦੇ ਹੋਏ ਫ਼ੁਰਮਾਉਂਦੇ ਹਨ : ਪੂਤਾ ! ਮਾਤਾ ਕੀ ਆਸੀਸ   ਨਿਮਖ ਬਿਸਰਉ ਤੁਮ੍ ਕਉ ਹਰਿ ਹਰਿ; ਸਦਾ ਭਜਹੁ ਜਗਦੀਸ (ਮਹਲਾ /੪੯੬)

ਬੱਚੇ ਦੀ ਘਾੜਤ ਘੜਨ ਵਿੱਚ ਜਿੱਥੇ ਅਧਿਆਪਕ ਅਤੇ ਉਸ ਦੀ ਸੰਗਤ ਦਾ ਪ੍ਰਭਾਵ ਹੁੰਦਾ ਹੈ, ਉੱਥੇ ਸਭ ਤੋਂ ਵੱਧ ਅਸਰ ਮਾਂ ਦੀ ਸਿੱਖਿਆ ਦਾ ਹੁੰਦਾ ਹੈ। ਸਹਿਜ, ਸੰਤੋਖ, ਨਿਮਰਤਾ ਤੇ ਮਿੱਠਾ ਬੋਲਣਾ; ਅਜਿਹੇ ਗੁਣ ਹਨ ਜਿਨ੍ਹਾਂ ਨੂੰ ਧਾਰਨ ਕਰਕੇ ਇਸਤਰੀ ਆਪਣੇ ਸਹੁਰੇ ਘਰ ਵਿੱਚ ਮਾਨ ਪ੍ਰਾਪਤ ਕਰ ਸਕਦੀ ਹੈ। ਇਸੇ ਤਰ੍ਹਾਂ ਸਾਰੇ ਮਨੁੱਖ (ਜੀਵ ਇਸਤਰੀਆਂ) ਇਨ੍ਹਾਂ ਗੁਣਾਂ ਨੂੰ ਧਾਰਨ ਕਰਕੇ ਅਕਾਲ ਪੁਰਖ (ਪ੍ਰਭੂ ਪਤੀ) ਨੂੰ ਰੀਝਾ ਸਕਦੇ ਹਨ।

ਅਜਿਹੇ ਉੱਚੇ ਗੁਣਾਂ ਵਾਲੀਆਂ (ਬੱਤੀ ਸੁਲਖਣੀ) ਇਸਤਰੀਆਂ ਦੀ ਪਛਾਣ ਉਨ੍ਹਾਂ ਦੀ ਬਾਹਰੀ ਦਿਖ ਭਾਵ ਪਹਿਰਾਵੇ ਤੋਂ ਵੀ ਹੋ ਜਾਂਦੀ ਹੈ। ਆਮ ਕਰਕੇ ਬਾਹਰਲਾ ਪਹਿਰਾਵਾ ਮਨੁੱਖ ਦੇ ਅੰਦਰਲੇ ਗੁਣਾਂ ਨੂੰ ਹੀ ਪ੍ਰਗਟ ਕਰਦਾ ਹੁੰਦਾ ਹੈ। ਸਿੱਖ ਰਹਿਤ ਮਰਯਾਦਾ ਵਿੱਚ ਪਹਿਰਾਵੇ ਸੰਬੰਧੀ ਲਿਖਿਆ ਹੈ: ‘ਦਸਤਾਰ ਅਤੇ ਕਛਹਿਰੇ ਤੋਂ ਛੁੱਟ ਪੁਸ਼ਾਕ ਸੰਬੰਧੀ ਹੋਰ ਕੋਈ ਪਾਬੰਦੀ ਨਹੀਂ। ਸਿੱਖ ਬੀਬੀਆਂ ਦਸਤਾਰ ਸਜਾਉਣ ਜਾਂ ਚੁੰਨੀ ਨਾਲ ਸਿਰ ਢੱਕਣ। ਕੌਮੀ ਮਹਿਲ ਦੀਆਂ ਨੀਂਹਾਂ ਦੀਆਂ ਇੱਟਾਂ ਮਾਵਾਂ ਨੇ ਹੀ ਰੱਖਣੀਆਂ ਹੁੰਦੀਆਂ ਹਨ। ਜਿਸ ਮਹਿਲ ਦੀ ਨੀਂਹ ਪੱਕੀ ਨਾ ਹੋਈ, ਉਸ ਦੀ ਬੁਨਿਆਦ ਬਹੁਤੀ ਲੰਮੀ ਨਹੀਂ ਹੋ ਸਕਦੀ, ਇਸ ਲਈ ਬੀਬੀਆਂ ਦਾ ਪਹਿਰਾਵਾ ਸਾਦਾ ਅਤੇ ਪ੍ਰਭਾਵਸਾਲੀ ਹੋਣਾ ਚਾਹੀਦਾ ਹੈ।

ਅੱਜ ਸੰਸਾਰ ਭਰ ਦੇ ਲੋਕ ਗੁਰਮਤਿ ਦੀ ਇਸ ਸਚਾਈ ਨੂੰ ਪ੍ਰਵਾਨ ਕਰਨ ਲਈ ਤਿਆਰ ਹਨ ਕਿ ਜੀਵਨ ਸੁਚਾਰੂ ਰੂਪ ਵਿੱਚ ਜੀਊਣ ਲਈ ਇਸਤਰੀ ਗੁਣਾਂ ਦੀ ਜ਼ਿਆਦਾ ਲੋੜ ਹੈ। ਗੁਰਮਤਿ ਦੀ ਫ਼ਿਲਾਸਫ਼ੀ ਇਸੇ ਸਿਧਾਂਤੇ ਆਧਾਰਿਤ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਵਿੱਚ ਮਨੁੱਖਤਾ ਨੂੰ ਇਸਤਰੀ ਗੁਣਾਂ ਦੇ ਧਾਰਨੀ ਹੋਣ ’ਤੇ ਜ਼ੋਰ ਦਿੱਤਾ ਗਿਆ ਹੈ। ਅੱਜ ਦੀ ਔਰਤ, ਆਪਣੇ ਜੀਵਨ ਨੂੰ ਸਰਲ ਅਤੇ ਸਹਿਜ ਬਣਾਉਣ ਲਈ ਆਤਮਕ ਬਲ; ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਪ੍ਰਾਪਤ ਕਰ ਸਕਦੀ ਹੈ। ਇਸੇ ਵਿੱਚ ਹੀ ਨਿਜ ਦਾ ਅਤੇ ਸੰਸਾਰ ਦਾ ਭਲਾ ਹੈ।

ਜਥੇਦਾਰ, ਅਕਾਲ ਤਖਤ ਸਾਹਿਬ ਦੇ ਨਾਮ ਖੁੱਲਾ ਖ਼ੱਤ

0

ਜਥੇਦਾਰ, ਅਕਾਲ ਤਖਤ ਸਾਹਿਬ ਦੇ ਨਾਮ ਖੁੱਲਾ ਖ਼ੱਤ

ਸਤਿਕਾਰ ਯੋਗ ਗਿਆਨੀ ਹਰਪ੍ਰੀਤ ਸਿੰਘ ਜੀ,

ਜਥੇਦਾਰ ਅਕਾਲ ਤਖਤ ਸਾਹਿਬ।

ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।

ਵਿਸ਼ਾ:- ਕੈਲੰਡਰ

ਗਿਆਨੀ ਹਰਪ੍ਰੀਤ ਸਿੰਘ ਜੀ, ਆਪ ਜੀ ਦੇ ਨਾਮ ਖੁੱਲਾ ਪੱਤਰ ਲਿਖਣ ਦਾ ਕਾਰਨ ਇਹ ਹੈ ਕਿ 17 ਮਈ 2020 ਈ: ਦੇ ਅਖ਼ਬਾਰਾਂ ਰਾਹੀਂ ਪ੍ਰਾਪਤ ਹੋਏ ਆਪ ਜੀ ਦੇ ਆਦੇਸ਼, “ਜਥੇਦਾਰ ਜੀ ਨੇ ਕਿਹਾ ਕਿ ਕੋਈ ਵੀ ਸ਼ਿਕਾਇਤ ਪਹਿਲਾਂ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਕੋਲ ਭੇਜੀ ਜਾਵੇ, ਜਿਸ ਤੋਂ ਬਾਅਦ ਲੋੜ ਪੈਣ ’ਤੇ ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਵਿਚਾਰਿਆ ਜਾਵੇਗਾ”, ਨੂੰ ਮੁਖ ਰੱਖਦਿਆਂ, ਸ. ਮਨਜੀਤ ਸਿੰਘ ਬੱਲ, ਸਕੱਤਰ ਧਰਮ ਪ੍ਰਚਾਰ ਕਮੇਟੀ ਦੇ ਨਾਮ, ਕੈਲੰਡਰ ਸੰਬੰਧੀ ਸ਼੍ਰੋਮਣੀ ਕਮੇਟੀ ਦਾ ਪੱਖ ਜਾਣਨ ਲਈ 17 ਮਈ ਨੂੰ ਇਕ ਪੱਤਰ ਲਿਖਿਆ ਸੀ। 20 ਮਈ ਨੂੰ ਸ. ਮਨਜੀਤ ਸਿੰਘ ਜੀ ਨਾਲ ਟੈਲੀਫ਼ੋਨ ’ਤੇ ਵੀ ਸੰਪਰਕ ਕੀਤਾ ਸੀ। ਉਨ੍ਹਾਂ ਵਾਅਦਾ ਕੀਤਾ ਸੀ ਕਿ ਤੁਹਾਡਾ ਪੱਤਰ, ਕੈਲੰਡਰ ਸਬ ਕਮੇਟੀ ਨੂੰ ਭੇਜ ਦਿੱਤਾ ਗਿਆ ਹੈ ਅਤੇ ਇਕ ਹਫ਼ਤੇ ਵਿਚ ਜਵਾਬ ਆਪ ਨੂੰ ਭੇਜ ਦਿੱਤਾ ਜਾਵੇਗਾ। ਦੋ ਹਫ਼ਤੇ ਬੀਤ ਜਾਣ ’ਤੇ ਭੀ ਜਦੋਂ ਕੋਈ ਜਵਾਬ ਨਹੀਂ ਆਇਆ ਤਾਂ 31 ਮਈ ਨੂੰ, ਸ. ਮਨਜੀਤ ਸਿੰਘ ਜੀ ਨੂੰ ਯਾਦ ਪੱਤਰ ਭੇਜਿਆ ਸੀ ਅਤੇ ਮੰਗੀ ਗਈ ਜਾਣਕਾਰੀ ਭੇਜਣ ਦੀ ਬੇਨਤੀ ਕੀਤੀ ਸੀ। ਦੋ ਹਫ਼ਤੇ ਬੀਤ ਜਾਣ ’ਤੇ ਜਦੋਂ ਕੋਈ ਜਵਾਬ ਨਹੀਂ ਆਇਆ ਤਾਂ 14 ਜੂਨ ਨੂੰ, ਡਾ. ਰੂਪ ਸਿੰਘ ਨੂੰ ਪੱਤਰ ਭੇਜ ਕੇ ਬੇਨਤੀ ਕੀਤੀ ਕਿ ਆਪ ਜੀ ਨਿੱਜੀ ਦਖ਼ਲ ਦੇ ਕੇ ਮੰਗੀ ਗਈ ਜਾਣਕਾਰੀ ਦੀ ਕ੍ਰਿਪਾਲਤਾ ਕਰੋ। ਇਸੇ ਦੌਰਾਨ ਡਾ. ਰੂਪ ਸਿੰਘ ਜੀ ਨਾਲ ਟੈਲੀਫ਼ੋਨ ’ਤੇ ਗੱਲ ਹੋਈ ਸੀ। ਫੇਰ ਵੀ ਕੋਈ ਜਵਾਬ ਨਹੀਂ ਆਇਆ ਤਾਂ 21 ਜੂਨ ਨੂੰ ਪੱਤਰ ਭੇਜ ਕੇ ਡਾ. ਰੂਪ ਸਿੰਘ ਜੀ ਨੂੰ ਬੇਨਤੀ ਕੀਤੀ ਗਈ ਸੀ। ਜਦੋਂ ਡਾ. ਰੂਪ ਸਿੰਘ ਜੀ ਨੂੰ ਲਿਖੇ ਪੱਤਰਾਂ ਦਾ ਵੀ ਕੋਈ ਜਵਾਬ ਨਹੀਂ ਆਇਆ ਤਾਂ 28 ਜੂਨ ਨੂੰ ਸ. ਗੋਬਿੰਦ ਸਿੰਘ ਜੀ ਲੋਂਗੋਵਾਲ, ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਪੱਤਰ ਭੇਜ ਕੇ ਬੇਨਤੀ ਕੀਤੀ ਗਈ ਕਿ ਨਿੱਜੀ ਦਖ਼ਲ ਦੇ ਕੇ ਮੰਗੀ ਗਈ ਜਾਣਕਾਰੀ ਭਿਜਵਾਉਣ ਦੀ ਕ੍ਰਿਪਾਲਤਾ ਕੀਤੀ ਜਾਵੇ। ਇਸ ਪੱਤਰ ਦਾ ਵੀ ਕੋਈ ਜਵਾਬ ਨਹੀਂ ਆਇਆ ਤਾਂ 5 ਜੁਲਾਈ ਨੂੰ ਫੇਰ ਪੱਤਰ ਭੇਜ ਕੇ ਪ੍ਰਧਾਨ ਜੀ ਨੂੰ ਬੇਨਤੀ ਕੀਤੀ ਗਈ। ਜਦੋਂ ਭਾਈ ਗੋਬਿੰਦ ਸਿੰਘ ਜੀ ਨੇ ਵੀ ਕੋਈ ਹੁੰਗਾਰਾ ਨਹੀਂ ਭਰਿਆ ਤਾਂ 12 ਜੁਲਾਈ ਨੂੰ, ਆਪ ਜੀ ਦੇ ਨਾਮ ਪੱਤਰ ਭੇਜ ਕਿ ਬੇਨਤੀ ਕੀਤੀ ਗਈ ਸੀ ਕਿ ਆਪ ਜੀ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੂੰ ਆਦੇਸ਼ ਦਿਓ ਕਿ ਉਹ ਮੰਗੀ ਗਈ ਜਾਣਕਾਰੀ ਭੇਜਣ। ਆਪ ਜੀ ਨੂੰ ਈ. ਮੇਲ ਰਾਹੀਂ ਪੱਤਰ ਭੇਜਣ ਦੇ ਨਾਲ-ਨਾਲ, ਆਪ ਜੀ ਦੇ ਨਿੱਜੀ ਸਹਾਇਕ ਸ. ਜਸਵਿੰਦਰ ਸਿੰਘ ਨਾਲ ਟੈਲੀਫ਼ੋਨ ’ਤੇ ਵੀ ਗੱਲ ਹੋਈ ਸੀ ਅਤੇ ਉਨ੍ਹਾਂ ਨੇ ਵੀ ਯਕੀਨ ਦਿਵਾਇਆ ਸੀ। ਇਸ ਦਾ ਵੀ ਕੋਈ ਜਵਾਬ ਨਹੀਂ ਆਇਆ ਤਾਂ 19 ਜੁਲਾਈ ਨੂੰ ਇਕ ਹੋਰ ਪੱਤਰ ਆਪ ਜੀ ਨੂੰ ਭੇਜ ਕੇ ਬੇਨਤੀ ਕੀਤੀ ਗਈ। 20 ਜੁਲਾਈ ਨੂੰ, ਦੂਜੀ ਵਾਰ ਆਪ ਜੀ ਦੇ ਨਿੱਜੀ ਸਹਾਇਕ ਸ. ਜਸਵਿੰਦਰ ਸਿੰਘ ਨਾਲ ਵੀ ਟੈਲੀਫ਼ੋਨ ’ਤੇ ਗੱਲ ਕਰ ਕੇ ਵੀ ਬੇਨਤੀ ਕੀਤੀ, ਪਰ ਬੜੇ ਦੁਖ ਨਾਲ ਲਿਖਣਾ ਪੈ ਰਿਹਾ ਹੈ ਕਿ ਜਦੋਂ ਆਪ ਜੀ ਨੂੰ ਲਿਖੇ ਪੱਤਰਾਂ ਅਤੇ ਕੀਤੇ ਗਏ ਟੈਲੀਫ਼ੋਨਾਂ ਦਾ ਵੀ ਕੋਈ ਨਤੀਜਾ ਨਹੀਂ ਨਿਕਲਿਆ ਤਾਂ ਅੱਜ ਇਹ ਖੁੱਲਾ ਪੱਤਰ ਲਿਖਣ ਲਈ ਮਜਬੂਰ ਹੋਇਆ ਹਾਂ। ਸ਼ਾਇਦ ਹੁਣ ਹੀ ਮੇਰੀ ਬੇਨਤੀ ਆਪ ਜੀ ਤਾਈਂ ਪੁੱਜ ਜਾਵੇ।

ਗਿਆਨੀ ਹਰਪ੍ਰੀਤ ਸਿੰਘ ਜੀ, 14 ਮਾਰਚ ਦੀ ਅਖ਼ਬਾਰ ਵਿਚ, ਆਪ ਜੀ ਵੱਲੋਂ ਸ਼੍ਰੋਮਣੀ ਕਮੇਟੀ ਵੱਲੋਂ ਛਾਪੇ ਗਏ ਨਵੇਂ ਸਾਲ ਦਾ ਕੈਲੰਡਰ ਜਾਰੀ ਕਰਨ ਦੀ ਖ਼ਬਰ ਮੁਤਾਬਕ ਆਪ ਜੀ ਦਾ ਬਿਆਨ, “ਕੈਲੰਡਰ ਜਾਰੀ ਕਰਦਿਆਂ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸੰਗਤਾਂ ਇਸ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਗੁਰ ਪੁਰਬ ਅਤੇ ਇਤਿਹਾਸਕ ਦਿਹਾੜੇ ਮਨਾਉਣ। ਪਾਕਿਸਤਾਨ ਸਿੱਖ ਗੁ: ਪ੍ਰ: ਕਮੇਟੀ ਸਮੇਤ ਕੁੱਝ ਸਿੱਖ ਜਥੇਬੰਦੀਆਂ ਵਲੋਂ ਮੂਲ ਨਾਨਕਸ਼ਾਹੀ ਕੈਲੰਡਰ ਅਤੇ ਸ਼੍ਰੋਮਣੀ ਕਮੇਟੀ ਵਲੋਂ ਪ੍ਰਕਾਸ਼ਿਤ ਸੋਧੇ ਹੋਏ ਕੈਲੰਡਰ ਸੰਬੰਧੀ ਚੱਲ ਰਹੇ ਵਿਵਾਦ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਸਿੱਖ ਪੰਥ ਦਾ ਇੱਕੋ ਕੈਲੰਡਰ ਹੋਣਾ ਚਾਹੀਦਾ ਹੈ, ਜਿਸ ਨੂੰ ਦੁਨੀਆਂ ਦੇ ਸਾਰੇ ਸਿੱਖ ਪ੍ਰਵਾਨ ਕਰਨ”। ਛਪਿਆ ਸੀ।

ਜਥੇਦਾਰ ਜੀ, ਮੈਂ ਵੀ ਤਾਂ ਇਸੇ ਗੱਲ ਨੂੰ ਅੱਗੇ ਤੋਰ ਰਿਹਾ ਹਾਂ ਕਿ ਸਿੱਖ ਪੰਥ ਦਾ ਆਪਣਾ ਕੈਲੰਡਰ ਹੋਣਾ ਚਾਹੀਦਾ ਹੈ, ਪਰ ਕਿਹੜਾ ਕੈਲੰਡਰ ਹੋਣਾ ਚਾਹੀਦਾ ਹੈ ?

(1). ਕਿਹੜਾ ਕੈਲੰਡਰ ਚਾਹੀਦਾ ਹੈ ?

(ੳ). ਸੂਰਜੀ (solar)

(ਅ). ਚੰਦ ਆਧਾਰਿਤ (Lunar)

(ੲ). ਚੰਦਰ-ਸੂਰਜੀ (lunisolar)

(2). ਜੇ ਸੂਰਜੀ ਕੈਲੰਡਰ ਹੋਣਾ ਚਾਹੀਦਾ ਹੈ ਤਾਂ ਸੂਰਜੀ ਕਿਹੜਾ ਹੋਣਾ ਚਾਹੀਦਾ ਹੈ ?

(ੳ). ਸੂਰਜੀ ਸਿਧਾਂਤ

(ਅ). ਦ੍ਰਿਕਗਿਣਤ ਸਿਧਾਂਤ

(ੲ). ਰੁੱਤੀ ਸਾਲ (Tropical year)

(3). ਜੇ ਚੰਦਰ-ਸੂਰਜੀ ਕੈਲੰਡਰ ਹੋਣਾ ਚਾਹੀਦਾ ਹੈ ਤਾਂ ਸੂਰਜੀ ਕਿਹੜਾ ਹੋਣਾ ਚਾਹੀਦਾ ਹੈ ?

(ੳ). ਸੂਰਜੀ ਸਿਧਾਂਤ

(ਅ). ਦ੍ਰਿਕਗਿਣਤ ਸਿਧਾਂਤ

(ੲ). ਰੁੱਤੀ ਸਾਲ (Tropical year)

ਜਥੇਦਾਰ ਜੀ, ਜੇ ਤੁਹਾਡਾ ਭਾਵ ਇਹ ਹੈ ਕਿ ਜਿਹੜਾ ਕੈਲੰਡਰ ਸ਼੍ਰੋਮਣੀ ਕਮੇਟੀ ਵੱਲੋਂ ਛਾਪਿਆ ਜਾਵੇ, ਉਸੇ ਕੈਲੰਡਰ ਨੂੰ ਹੀ ਪੰਥ ਅੱਖਾਂ ਬੰਦ ਕਰ ਕੇ ਅਤੇ ਸਿਰ ਸੁੱਟ ਕੇ ਭਾਣਾ ਮੰਨ ਲਵੇ ਤਾਂ ਇਹ ਸੰਭਵ ਨਹੀਂ ਹੈ। ਵਿਦੇਸ਼ੀ ਸਿੱਖਾਂ ਦੀ ਗੱਲ ਤਾਂ ਛੱਡੋ, ਪਿਛਲੇ ਸਾਲ ਤੁਹਾਡੇ ਵੱਲੋਂ ਜਾਰੀ ਕੀਤੇ ਕੈਲੰਡਰ ਨੂੰ ਤਾਂ, ਆਪਣੇ ਆਪ ਨੂੰ ਗੁਰੂ ਦੀਆਂ ਲਾਡਲੀਆਂ ਫੌਜਾਂ ਅਖਵਾਉਣ ਵਾਲਿਆਂ ਨੇ ਵੀ ਨਹੀਂ ਸੀ ਮੰਨਿਆ। ਆਪ ਜੀ ਨੂੰ ਯਾਦ ਹੋਵੇਗਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਛਾਪੇ ਗਏ ਕੈਲੰਡਰ ਵਿੱਚ ਹੋਲਾ ਮਹੱਲਾ 8 ਚੇਤ ਦਾ ਦਰਜ ਸੀ, ਪਰ ਨਿਹੰਗ ਬਾਬਿਆਂ ਨੇ ਹੋਲਾ ਮਹੱਲਾ 9 ਚੇਤ ਨੂੰ ਮਨਾਇਆ ਸੀ। ਆਪ ਜੀ ਨੇ “ਵੇਖ ਕੇ ਅਣਡਿੱਠ ਕਰਨ” ਦੇ ਸਿਧਾਂਤ ’ਤੇ ਅਮਲ ਕਰਨ ਵਿੱਚ ਹੀ ਭਲਾਈ ਸਮਝੀ ਸੀ। ਸ਼੍ਰੋਮਣੀ ਕਮੇਟੀ ਵੱਲੋਂ ਛਾਪੇ ਗਏ ਇਸ ਸਾਲ (ਸੰਮਤ 552) ਦੇ ਕੈਲੰਡਰ ਵਿੱਚ ਹੋਲਾ ਮਹੱਲਾ ਦਰਜ ਹੀ ਨਹੀਂ ਹੈ। ਕੀ ਹੁਣ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਹੋਲਾ ਮਹਲਾ ਮਨਾਉਣਾ ਬੰਦ ਕਰ ਦਿੱਤਾ ਹੈ ?

ਜਥੇਦਾਰ ਜੀ, ਜਿਸ ਤਖਤ ਸਾਹਿਬ ਦੇ ਆਪ ਜੀ ਮੁਖ ਸੇਵਾਦਾਰ ਹੋ, ਉਸ ਤਖਤ ਦੇ ਇਤਿਹਾਸ ਨਾਲ ਵੀ ਸ਼੍ਰੋਮਣੀ ਕਮੇਟੀ ਵੱਲੋਂ ਖਿਲਵਾੜ ਕੀਤਾ ਜਾ ਰਿਹਾ ਹੈ। ਇਸ ਸਾਲ (ਸੰਮਤ 552) ਦੇ ਕੈਲੰਡਰ ਮੁਤਾਬਕ ਤਾਂ ਗੁਰੂ ਜੀ ਨੇ ਮੀਰੀ ਅਤੇ ਪੀਰੀ ਦੀਆਂ ਕਿਰਪਾਨਾਂ ਥੜਾ ਬਣਨ ਤੋਂ ਇਕ ਦਿਨ ਪਹਿਲਾਂ ਪਹਿਨੀਆਂ ਸਨ, ਪਰ ਪਿਛਲੇ ਸਾਲ (ਸੰਮਤ 551) ਦੇ ਕੈਲੰਡਰ ਮੁਤਾਬਕ ਥੜਾ ਬਣਨ ਤੋਂ 9 ਦਿਨ ਪਿਛੋਂ ਪਹਿਨੀਆਂ ਗਈਆਂ ਸਨ। ਜੇ ਹੁਣ ਵੀ ਆਪ ਜੀ ਨੇ ਧਿਆਨ ਨਾ ਦਿੱਤਾ ਤਾਂ ਸ਼੍ਰੋਮਣੀ ਕਮੇਟੀ ਨੇ ਅਗਲੇ ਸਾਲ ਇਹ ਦਿਹਾੜਾ ਸਾਵਣ ਵਿੱਚ (4 ਸਾਵਣ) ਲੈ ਜਾਣਾ ਹੈ। ਕੀ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਇਤਿਹਾਸ ਨੂੰ ਗੰਧਲਾਂ ਕਰਨ ਦੀ ਸ਼ਾਜਸ, ਆਪ ਜੀ ਨੂੰ ਪ੍ਰਵਾਨ ਹੈ ?

ਜਥੇਦਾਰ ਜੀ, ਆਪ ਜੀ ਨੂੰ ਯਾਦ ਹੋਵੇਗਾ ਕਿ ਪਿਛਲੇ ਸਾਲ ਆਪ ਜੀ ਜਦੋਂ ਪਾਕਿਸਤਾਨ ਗਏ ਸੀ ਤਾਂ ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਨਾਲ ਆਪ ਜੀ ਨੇ ਵਾਅਦਾ ਕੀਤਾ ਸੀ ਕਿ ਅਗਲੇ ਸਾਲ, ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਆਪਾਂ ਇਕੱਠੇ ਮਨਾਵਾਂਗੇ। ਤੁਹਾਡੇ ਵੱਲੋਂ ਜਾਰੀ ਕੈਲੰਡਰ ਵਿੱਚ ਇਹ ਦਿਹਾੜਾ 13 ਜੇਠ ਦਾ ਦਰਜ ਹੈ ਅਤੇ ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਕੈਲੰਡਰ ਵਿੱਚ ਇਹ ਦਿਹਾੜਾ 2 ਹਾੜ ਦਾ ਦਰਜ ਹੈ। ਮਹਾਂ-ਮਾਰੀ ਹੋਣ ਕਾਰਨ, ਇਸ ਸਾਲ ਆਵਾਜਾਈ ਬੰਦ ਹੈ। ਇਸ ਕਾਰਨ ਕੋਈ ਵੀ ਜਥਾ ਪਾਕਿਸਤਾਨ ਨਾ ਜਾ ਸਕਿਆ, ਪਰ ਜੇ ਅਜੇਹਾ ਨਾ ਹੁੰਦਾ ਤਾਂ ਦੱਸੋ ਤੁਹਾਡੇ ਵੱਲੋਂ ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਨਾਲ ਕੀਤੇ ਗਏ ਵਾਅਦੇ ਦਾ ਕੀ ਬਣਦਾ ?

ਆਪ ਜੀ ਦਾ ਬਿਆਨ, “ਉਨ੍ਹਾਂ ਪਾਕਿ ਸਿੱਖ ਗੁ: ਪ੍ਰ: ਕਮੇਟੀ ਵੱਲੋਂ ਇਸ ਮੌਕੇ ਮੂਲ ਨਾਨਕਸ਼ਾਹੀ ਕੈਲੰਡਰ ਵਿਵਾਦ ਨੂੰ ਹੱਲ ਕਰਨ ਦੀ ਕੀਤੀ ਅਪੀਲ `ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਜੇ ਵਾਹਿਗੁਰੂ ਨੇ ਚਾਹਿਆ ਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਅਗਲੇ ਸਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਤੇ ਪਾਕਿ ਸਿੱਖ ਗੁ: ਪ੍ਰ: ਕਮੇਟੀ ਸਮੇਤ ਸਮੂਹ ਸਿੱਖ ਜਥੇਬੰਦੀਆਂ ਵੱਲੋਂ ਗੁ: ਡੇਹਰਾ ਸਾਹਿਬ ਵਿਖੇ ਸਾਂਝੇ ਤੌਰ ’ਤੇ ਮਿਲ ਕੇ ਮਨਾਇਆ ਜਾਵੇਗਾ”। (ਅਜੀਤ 2 ਅਗਸਤ 2019 ਈ:)

ਸਤਿਕਾਰ ਯੋਗ ਜਥੇਦਾਰ ਜੀ, ਜਦੋਂ ਵਾਰ-ਵਾਰ ਈ. ਮੇਲਾਂ ਅਤੇ ਟੈਲੀਫ਼ੋਨ ਰਾਹੀਂ ਬੇਨਤੀਆਂ ਕਰਨ ’ਤੇ ਭੀ ਕੋਈ ਜਵਾਬ ਨਹੀਂ ਆਇਆ ਤਾਂ ਇਸ ਖੁੱਲੇ ਪੱਤਰ ਰਾਹੀਂ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਇਆ ਹਾਂ। ਨਿਮਰਤਾ ਸਹਿਤ ਬੇਨਤੀ ਹੈ ਕਿ ਆਪਣੇ ਬਚਨਾਂ ਸਿੱਖ ਪੰਥ ਦਾ ਇਕ ਹੀ ਕੈਲੰਡਰ ਹੋਣਾ ਚਾਹੀਦਾ ਹੈ” ਨੂੰ ਅਮਲੀ ਜਾਮਾ ਪਹਿਨਾਉਣ ਦਾ ਉਪਰਾਲਾ ਕਰੋ ਤਾਂ ਜੋ ਸਿੱਖ ਪੰਥ ਲਈ ਬਹੁਤ ਹੀ ਅਹਿਮ ਅਤੇ ਸਤਿਕਾਰ ਯੋਗ ਅਹੁਦਾ, ਜਿਸ ’ਤੇ ਅੱਜ ਆਪ ਜੀ ਬਿਰਾਜਮਾਨ ਹੋ, ਦੀ ਮਾਣ-ਮਰਯਾਦਾ ਨੂੰ ਹੋਰ ਖੋਰਾ ਲੱਗਣ ਤੋਂ ਬਚਾਇਆ ਜਾ ਸਕੇ।

ਸਤਿਕਾਰ ਸਹਿਤ, ਸਰਵਜੀਤ ਸਿੰਘ ਸੈਕਰਾਮੈਂਟੋ, sarbjits@gmail.com

Most Viewed Posts