45.7 C
Jalandhar
Monday, May 18, 2026
spot_img
Home Blog Page 51

ਹਾਜਿਰ ਹਜੂਰਿ ਖੁਦਾਇ (ਭਾਗ ਪਹਿਲਾ)

0

ਹਾਜਿਰ ਹਜੂਰਿ ਖੁਦਾਇ (ਭਾਗ ਪਹਿਲਾ)

ਗਿਆਨੀ ਸੰਤ ਸਿੰਘ ‘ਮਸਕੀਨ’

 ਬੇਸੁਮਾਰ ਅਥਾਹ ਅਗਨਤ ਅਤੋਲੈ   ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੈ (ਗਉੜੀ ਸੁਖਮਨੀ, ਮਹਲਾ , ਪੰਨਾ ੨੯੨) ਬੁਨਿਆਦੀ ਗੱਲ, ਸਾਰੇ ਕਥਾ ਕੀਰਤਨ, ਸੇਵਾ ਸਿਮਰਨ, ਦਾਨ ਪੁੰਨ, ਇਸ ਦਾ ਜੋ ਸਾਰ ਤੱਤ ਹੈ, ਉਹ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਹਾਂ। ਸੁਣਨਾ ਸੁਣਾਉਣਾ, ਦਾਨ ਪੁੰਨ, ਸੇਵਾ, ਇਸ ਸਭ ਕੁਝ ਨੂੰ ਬਾਣੀ ਨੇ ਇਸ ਤਰ੍ਹਾਂ ਤਸ਼ਬੀਹ (ਮਿਸਾਲ) ਦਿੱਤੀ ਹੈ; ਜਿਵੇਂ ਇਹ ਬੀਜ ਹੈ, ਫਲ ਨਹੀਂ। ਮਿੱਠੇ ਤੋਂ ਮਿੱਠੇ ਫਲਾਂ ਦਾ ਬੀਜ ਭੀ ਕੌੜਾ ਹੁੰਦਾ ਹੈ। ਸੁੰਦਰ ਤੋਂ ਸੁੰਦਰ ਫੁੱਲਾਂ ਦਾ ਬੀਜ ਭੀ ਕਰੂਪ ਹੁੰਦਾ ਹੈ। ਫੁੱਲ ਦਾ ਬੀਜ ਸੁੰਦਰ ਨਹੀਂ ਹੁੰਦਾ। ਕਿਸੇ ਭੀ ਫੁੱਲ ਦਾ ਬੀਜ ਲੈ ਲਵੋ, ਉਹ ਸੁੰਦਰ ਨਹੀਂ। ਫੁੱਲ ਕੋਮਲ ਹੈ, ਬੀਜ ਕਠੋਰ ਹੈ। ਫੁੱਲ ਸੁੰਦਰ ਹੈ, ਬੀਜ ਕਰੂਪ। ਇਸੇ ਤਰ੍ਹਾਂ ਫਲਾਂ ਦੇ ਬੀਜ ਵਿੱਚ ਮਿਠਾਸ ਨਹੀਂ, ਮਿਠਾਸ ਫਲ਼ ਵਿੱਚ ਹੁੰਦੀ ਹੈ। ਕੋਈ ਦਾਨ ਕਰ ਰਿਹੈ, ਕੋਈ ਪੁੰਨ ਕਰ ਰਿਹੈ, ਕੋਈ ਸੇਵਾ ਕਰ ਰਿਹੈ, ਕੋਈ ਤੀਰਥਾਂ ਦਾ ਰਟਨ ਕਰ ਰਿਹੈ, ਕੋਈ ਮੰਦਿਰ, ਮਸਜਿਦ, ਗੁਰਦੁਆਰੇ ਜਾ ਰਿਹੈ, ਇਹ ਸਭ ਬੀਜ ਰੂਪ ਹੈ, ਰਸ ਨਹੀਂ ਕਿਉਂਕਿ ਬੀਜ ਵਿੱਚ ਰਸ ਨਹੀਂ ਹੁੰਦਾ। ਬੀਜ ਨੂੰ ਖਾਈਏ ਤਾਂ ਕੌੜਾ ਹੁੰਦਾ ਹੈ। ਦਾਨ ਭੀ ਕਰ ਰਿਹੈ, ਪੁੰਨ ਭੀ ਕਰ ਰਿਹੈ। ਸ਼ਾਇਦ ਥੱਕਦਾ ਭੀ ਹੈ, ਟੁੱਟਦਾ ਭੀ ਹੈ, ਇਸ ਸਭ ਕੁਝ ਨੂੰ ਕਰਮਕਾਂਡ ਗੁਰਮਤਿ ਅਨੁਸਾਰ ਕਹਿੰਦੇ ਹਨ। ਸਰੀਰ ਜੋ ਕੁਝ ਭੀ ਕਰੇਗਾ, ਉਹ ਕਰਮ ਹੈ ਅਤੇ ਕਰਮ ਬੀਜ ਹੁੰਦਾ ਹੈ। ਇਸ ਕਰਮ ਬੀਜ ਦਾ ਫਲ ਹੈ ‘ਗਿਆਨ’। ਗਿਆਨ ਤੋਂ ਮੁਰਾਦ ਕਿਧਰੇ ਅੱਖਰੀਂ ਗਿਆਨ ਨਾ ਲੈ ਲੈਣਾ। ਅਨੁਭਵੀ ਗਿਆਨ, ਜੋ ਕਰਮਕਾਂਡ ਦੇ ਬੀਜ ਤੋਂ ਪੈਦਾ ਹੁੰਦੈ। ਕਿਸੇ ਭੀ ਕਰਮਕਾਂਡ ’ਚ ਰਸ ਨਹੀਂ, ਚਾਹੇ ਕੋਈ ਤੀਰਥਾਂ ’ਤੇ ਜਾ ਰਿਹੈ, ਚਾਹੇ ਕੋਈ ਪਾਠ ਪੂਜਾ ਕਰ ਰਿਹੈ। ਇਸ ਦਾ ਇਹ ਮਤਲਬ ਨਹੀਂ ਕਿ ਜੇਕਰ ਬੀਜ ਕਰੂਪ ਹੈ ਤਾਂ ਸਾੜ ਦੇਈਏ, ਗਾਲ਼ ਦੇਈਏ, ਪਰੇ ਸੁੱਟ ਦੇਈਏ। ਨਹੀਂ, ਬੀਜ ਕਠੋਰ ਜ਼ਰੂਰ ਹੈ, ਪਰ ਕੋਮਲਤਾ ਉਸ ਵਿੱਚੋਂ ਹੀ ਪ੍ਰਗਟ ਹੋਣੀ ਹੈ। ਬੀਜ ਕੌੜਾ ਜ਼ਰੂਰ ਹੈ, ਪਰ ਮਿਠਾਸ ਉਸੇ ਵਿੱਚੋਂ ਪ੍ਰਗਟ ਹੁੰਦੀ ਹੈ। ਬੀਜ ਕਰੂਪ ਜ਼ਰੂਰ ਹੈ, ਪਰ ਸੁਹੱਪਣ ਉਸੇ ਵਿੱਚੋਂ ਪ੍ਰਗਟ ਹੁੰਦੈ ‘‘ਫਲ ਕਾਰਨ ਫੂਲੀ ਬਨਰਾਇ   ਫਲੁ ਲਾਗਾ ਤਬ ਫੂਲੁ ਬਿਲਾਇ   ਗਿਆਨੈ ਕਾਰਨ ਕਰਮ ਅਭਿਆਸੁ   ਗਿਆਨੁ ਭਇਆ ਤਹ ਕਰਮਹ ਨਾਸੁ ’’ (ਭੈਰਉ, ਭਗਤ ਰਵਿਦਾਸ, ਪੰਨਾ ੧੧੬੭)

ਗਿਆਨ ਤਕ ਪਹੁੰਚੇ ਹੋਏ ਅਨੁਭਵੀ ਪੁਰਸ਼ ਨੂੰ ਕਰਮਕਾਂਡ ਦੀ ਲੋੜ ਨਹੀਂ ਰਹਿੰਦੀ ਅਤੇ ਬਹੁਤੇ ਕਰਮਕਾਂਡੀ ਉਸ ਨੂੰ ਨਾਸਤਿਕ ਭੀ ਕਹਿ ਸਕਦੇ ਹਨ। ਬਈ ਇਹ ਤਾਂ ਕਰਮਕਾਂਡ ਕਰਦਾ ਹੀ ਨਹੀਂ। ਹੁਣ ਕੌਣ ਦੱਸੇ ਕਿ ਬੀਜ ਫਲ਼ ਬਣ ਗਿਐ। ਬੀਜ ਦੀ ਕੁੜੱਤਣ ਮਿਠਾਸ ’ਚ ਬਦਲ ਗਈ ਹੈ। ਬੀਜ ਦੀ ਸਖ਼ਤੀ ਕੋਮਲਤਾ ’ਚ ਬਦਲ ਗਈ ਹੈ। ਬੀਜ ਦਾ ਕਰੂਪਪੁਣਾ ਸੁਹੱਪਣ ’ਚ ਬਦਲ ਗਿਆ ਹੈ। ਮੈਂ ਅਰਜ਼ ਕਰਾਂ, ਇਕ ਬੁਨਿਆਦੀ ਨੁਕਤਾ ਇਸ ਵਾਸਤੇ ਰੱਖ ਰਿਹਾ ਹਾਂ ਕਿਉਂਕਿ ਤਿੰਨ ਦਿਨ ਦੀ ਆਪ ਦੀ ਬੜੀ ਮਿਹਨਤ ਹੈ। ਆਪ ਦੂਰ ਦੂਰ ਤੋਂ ਚੱਲ ਕੇ ਆਏ ਹੋ। ਭਾਵੇਂ ਦਸ ਫ਼ੀਸਦੀ ਸੰਗਤ ਇੱਥੇ ਅਲਵਰ ਦੀ ਹੈ, ਬਾਕੀ ਸਭ ਬਾਹਰੋਂ ਆਏ ਹਨ। ਸਮਾਂ ਅਤੇ ਪੈਸਾ ਖ਼ਰਚ ਕਰ ਕੇ ਆਏ ਹਨ। ਇਕ ਬੁਨਿਆਦੀ ਗੱਲ, ਉਹ ਆਪ ਜ਼ਰੂਰ ਲੈ ਜਾਓ, ਇਸ ਵਾਸਤੇ ਮੈਂ ਬਿਆਨ ਕਰ ਰਿਹਾ ਹਾਂ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਐਸਾ ਫ਼ੁਰਮਾਨ ਹੈ ਕਿ ਇਹ ਸਾਰਾ ਆਕਾਸ਼, ਜੋ ਕੁਝ ਭੀ ਇਨ੍ਹਾਂ ਅੱਖਾਂ ਨਾਲ ਵੇਖਦੇ ਹਾਂ, ਜੜ੍ਹ ਹੈ, ਚੇਤਨ ਹੈ, ਸੂਖਸ਼ਮ ਹੈ, ਅਸਥੂਲ ਹੈ, ਸ਼ਬਦ ਤੋਂ ਆਇਐ, ਆਵਾਜ਼ ਤੋਂ ਆਇਐ ਅਤੇ ਐਸਾ ਕੇਵਲ ਗੁਰੂ ਨਾਨਕ ਜੀ ਨੇ ਹੀ ਨਹੀਂ ਆਖਿਆ, ਲਗਭਗ ਸਾਰੇ ਹੀ ਅਵਤਾਰੀ ਪੁਰਸ਼ਾਂ ਨੇ ਆਖਿਐ। ਇਹ ਸਾਰਾ ਬ੍ਰਹਿਮੰਡ ਸ਼ਬਦ ਤੋਂ ਆਇਐ। ਜੇਕਰ ਸ਼ਬਦ ਤੋਂ ਆਇਐ ਤਾਂ ਜਿੱਥੋਂ ਆਇਐ, ਉਸੇ ਵਿੱਚ ਹੀ ਪ੍ਰਵੇਸ਼ ਕਰਨੈ, ਤਾਂ ਕਿਸ ਤਰ੍ਹਾਂ ਕਰੇ  ? ਅਕਸਰ ਘਰ ਦੇ ਜਿਸ ਦਰਵਾਜ਼ੇ ਤੋਂ ਬਾਹਰ ਆਈਦਾ ਹੈ, ਉਸੇ ਹੀ ਦਰਵਾਜ਼ੇ ਤੋਂ ਅੰਦਰ ਪ੍ਰਵੇਸ਼ ਕਰੀਦਾ ਹੈ। ਇਵੇਂ ਹੀ ਜੇਕਰ ਸ਼ਬਦ ਤੋਂ ਬ੍ਰਹਿਮੰਡ ਬਾਹਰ ਆਇਐ, ਤਾਂ ਸ਼ਬਦ ਕਰਕੇ ਹੀ ਅੰਦਰ ਪ੍ਰਵੇਸ਼ ਮਿਲੇਗਾ ‘‘ਉਤਪਤਿ ਪਰਲਉ ਸਬਦੇ ਹੋਵੈ   ਸਬਦੇ ਹੀ ਫਿਰਿ ਓਪਤਿ ਹੋਵੈ ’’  (ਮਾਝ, ਮਹਲਾ , ਪੰਨਾ ੧੧੭)

ਇਹ ਉਤਪਤੀ, ਪਸਾਰਾ ਸ਼ਬਦ ਤੋਂ ਹੋਇਐ ਤਾਂ ਉਸ ਵਿੱਚ ਨਿਵਾਸ ਭੀ ਸ਼ਬਦ ਦੁਆਰਾ ਹੀ ਹੋਏਗਾ। ਸ਼ਬਦ ਆਉਣ ਜਾਣ ਦਾ ਇਕ ਜ਼ਰੀਆ ਹੈ। ਜਿਵੇਂ ਇਕ ਘਰ ਦਾ ਦਰਵਾਜ਼ਾ ਹੈ, ਦਰਵਾਜ਼ੇ ਰਾਹੀਂ ਬਾਹਰ ਜਾਣੈ, ਦਰਵਾਜ਼ੇ ਰਾਹੀਂ ਅੰਦਰ ਆਉਣੈ। ਸ਼ਬਦ; ਦੁਆਰ ਹੈ। ਸ਼ਬਦ ਦਰਵਾਜ਼ਾ ਹੈ। ਜੇਕਰ ਪਰਮਾਤਮਾ ਨੂੰ ‘ਘਰ’ ਮੰਨ ਲਈਏ ਤਾਂ ਫਿਰ ਸ਼ਬਦ ਨੂੰ ‘ਦਰ’ ਮੰਨਣਾ ਪਵੇਗਾ। ਸ਼ਬਦ ਦਰ ਹੈ, ਬੁਨਿਆਦੀ ਨੁਕਤਾ ਝੋਲ਼ੀ ’ਚ ਪਾਉਣੈ। ਜੇਕਰ ਪਰਮਾਤਮਾ ਪ੍ਰਕਾਸ਼ ਹੈ ਤਾਂ ਸ਼ਬਦ ਆਵਾਜ਼ ਹੈ, ਧੁਨੀ ਹੈ। ਉਹ ਪਰਮ ਪਿਤਾ, ਪ੍ਰਕਾਸ਼ਮਾਨ ਹੈ। ਉਹੀ ਘਰ ਹੈ, ਸਾਰੀ ਮਖ਼ਲੂਕ (ਰਚਨਾ) ਦਾ ਘਰ ਹੈ, ਜਿਸ ਦਾ ਦਰ ਹੈ ‘ਸ਼ਬਦ’। ਇਸਲਾਮ ਦੀ ਬਾਣੀ ਅਤੇ ਈਸਾਈਅਤ ਦੇ ਜਨਮ-ਦਾਤਾ ਕਹਿੰਦੇ ਹਨ ਕਿ ਜਗਤ; ਲਾਗੋਸ ਨਾਮ ਦੀ ਧੁਨੀ ਤੋਂ, ਕੁਨ ਨਾਮ ਦੀ ਧੁਨੀ ਤੋਂ ਆਇਐ। ਅਰਬ ਦੇ ਸੰਤ ਜਨਾਂ ਦੀ ਗੱਲ ਕਰੀਏ ਜਾਂ ਜੈਨੀਆਂ ਦੀ। ਰਾਜਸਥਾਨ ’ਚ ਚੰਗੀ ਚੋਖੀ ਗਿਣਤੀ ਹੈ ਇਨ੍ਹਾਂ ਦੀ। ਥੋੜ੍ਹੇ ਦਿਨ ਹੋਏ ਸਰਬ ਧਰਮ ਸੰਮੇਲਨ ਭੀ ਹੋਇਆ ਸੀ। ਦਾਸ ਨੂੰ ਭੀ ਬੁਲਾਇਆ ਸੀ ਐਤਕੀਂ। ਉਹ ਕਹਿੰਦੇ ਰਹੇ ਕਿ ਜਦ ਇਹ ਸਮਾਗਮ ਹੋਵੇਗਾ ਸਾਨੂੰ ਦੱਸਣਾ, ਅਸੀਂ ਸਾਰੇ ਆਵਾਂਗੇ। ਅਸੀਂ ਗੁਰੂ ਨਾਨਕ ਦੀ ਬਾਣੀ ਸੁਣਨਾ ਚਾਹੁੰਦੇ ਹਾਂ। ਸਾਨੂੰ ਬੜਾ ਬੋਧ ਮਿਲਿਐ। ਜੈਨ ਧਰਮ ਦੇ ਬਾਨੀ ਸਵਾਮੀ ਮਹਾਂਬੀਰ, ਉਹ ਕਹਿੰਦੇ ਹਨ ਕਿ ਇਹ ਸਾਰਾ ਬ੍ਰਹਿਮੰਡ ਸ਼ਬਦ ਤੋਂ ਆਇਐ। ਉਪਨਿਸ਼ਦਾਂ ਦੇ ਰਿਸ਼ੀ ਭੀ ਐਸਾ ਹੀ ਕਹਿੰਦੇ ਹਨ। ਵੈਦਿਕ ਰਿਸ਼ੀ, ਸ਼ਬਦ ਦੱਸਦੇ ਹਨ। ਉਪਨਿਸ਼ਦਾਂ ਦੇ ਰਿਸ਼ੀ ‘ਓਮ’ ਦੱਸਦੇ ਹਨ। ‘ਓਮ’ ਬ੍ਰਹਿਮੰਡ ਦੀ ਧੁਨੀ ਹੈ। ਇਸ ਤੋਂ ਜਗਤ ਹੋਇਐ। ਮਹਾਂਬੀਰ ਕਹਿੰਦੇ ਹਨ ਕਿ ਓਂਕਾਰ ਬ੍ਰਹਿਮੰਡ ਦੀ ਧੁਨੀ ਹੈ, ਇਸੇ ਤੋਂ ਜਗਤ ਆਇਐ।

ਚਲੋ, ਇਹ ਤਾਂ ਜਗਤ ਦੇ ਬੇਸ਼ਤਰ (ਬਹੁਤ ਚੰਗੇ) ਮਹਾਂਪੁਰਸ਼ਾਂ ਦਾ ਕਹਿਣਾ ਹੈ, ਪਰ ਮੈਂ ਅਰਜ਼ ਕਰਾਂ, ਇਕ ਮਹਾਂਪੁਰਸ਼ ਜੋ ਕਹੇਗਾ, ਦੂਸਰਾ ਮਹਾਂਪੁਰਸ਼ ਉਸ ਤੋਂ ਉਲਟ ਨਹੀਂ ਕਹਿ ਸਕਦਾ। ਜੇ ਉਲਟ ਕਹਿ ਰਿਹੈ ਤਾਂ ਉਹ ਮਹਾਂਪੁਰਸ਼ ਨਹੀਂ।  ਕਹਾਵਤ ਹੈ ਕਿ ਸੌ ਸਿਆਣੇ ਇੱਕੋ ਮਤਿ। ਸੌ ਸਿਆਣੇ ਇਕ ਸਚਾਈ ਬਿਆਨ ਕਰਨਗੇ ਜਾਂ ਇਕ ਸਿਆਣਾ ਸਚਾਈ ਬਿਆਨ ਕਰੇਗਾ ਤੇ ਨੜ੍ਹਿੰਨਵੇਂ ਸਹਿਮਤ ਹੋ ਜਾਣਗੇ। ਕਹਿੰਦੇ ਹਨ, ਸੋ ਸਿਆਣਿਆਂ ਦਾ ਸਹਿਮਤ ਹੋਣਾ ਸੁਭਾਵਕ ਹੈ। ਦੋ ਮੂਰਖਾਂ ਦਾ ਮੇਲ ਨਾ ਹੋਣਾ, ਆਪਸ ਵਿੱਚ ਸਹਿਮਤ ਨਾ ਹੋਣਾ, ਇਹ ਭੀ ਮੂਰਖਤਾ ਦਾ ਸੁਭਾਅ ਹੈ। ਕਾਰਨ, ਮੂਰਖ ਸੁਣਦਾ ਨਹੀਂ। ਇਕ ਬੋਲ ਰਿਹੈ, ਦੂਸਰਾ ਮੂਰਖ ਸੁਣਦਾ ਨਹੀਂ। ਉਹ ਇਹੀ ਸੋਚ ਰਿਹੈ ਕਿ ਇਹ ਚੁੱਪ ਕਰੇ ਤਾਂ ਮੈਂ ਬੋਲਾਂ। ਨਹੀਂ ਸੁਣਦਾ, ਮੂੜ੍ਹ ਸੁਣਾਣ ਵਿੱਚ ਹੀ ਰਸ ਲੈਂਦਾ ਹੈ। ਕਹਿੰਦੇ ਹਨ ਮਨ ਤਾਂ ਸਦਾ ਹੀ ਬੋਲਦਾ ਹੈ। ਮਨ ਨੂੰ ਖ਼ੁਸ਼ੀ ਮਿਲਦੀ ਹੈ ਵਕਤਾ ਬਣਨ ਵਿੱਚ, ਮਨ ਹਰ ਵਕਤ ਬੋਲ ਰਿਹੈ। ਮੈਂ ਬੇਅਦਬੀ ਨਾ ਕਰਾਂ, ਆਪ ਇੰਨੇ ਸਾਰੇ ਬੈਠੇ ਹੋ, ਕੁਝ ਨਾ ਕੁਝ ਤਾਂ ਮਨ; ਹਰ ਇੱਕ ਦਾ ਬੋਲ ਰਿਹੈ। ਇਹ ਨਹੀਂ ਚੁੱਪ ਕਰਦਾ। ਭਾਵੇਂ ਕੀਰਤਨ ਦੇ ਰਾਹੀਂ ਗੁਰੂ ਨਾਨਕ ਪਏ ਬੋਲਦੇ ਹਨ, ਪਾਠ ਦੇ ਰਾਹੀਂ ਗੁਰੂ ਅਰਜਨ ਦੇਵ ਜੀ ਪਏ ਬੋਲਦੇ ਹਨ, ਸ਼ਬਦਾਂ ਦੇ ਰਾਹੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਆਵਾਜ਼ ਪਈ ਗੁੰਜਦੀ ਹੈ, ਪਰ ਮਨ ਆਪਣੇ ਹੀ ਬੋਲ ਸੁਣਾਈ ਜਾ ਰਿਹਾ ਹੈ। ਮਨ ਸੁਣਦਾ ਨਹੀਂ, ਮਨ ਸੁਣਾਂਦੈ। ਸੁਣਨ ਵਿੱਚ ਰੁਚੀ ਨਹੀਂ ਇਸ ਦੀ। ਮਨ ਖ਼ਾਮੋਸ਼ ਹੋ ਜਾਏ ਤਾਂ ਮਨ ਦੀ ਖ਼ਾਮੋਸ਼ੀ ਨੂੰ ਸਮਾਧੀ ਕਹਿੰਦੇ ਹਨ। ਮਨ ਖ਼ਾਮੋਸ਼ ਹੋਏਗਾ ਬਸ਼ਰਤੇ ਕਿ ਇਹ ਸੁਣੇ। ਸੁਣਨਾ ਧਿਆਨ ਪੂਰਬਕ ਹੋਵੇਗਾ। ਸੋ ਧਰਮ ਦੀ ਸਾਰੀ ਸਾਧਨਾ ਧਿਆਨ-ਸਾਧਨਾ ਹੈ। ਸਾਰੇ ਧਰਮ ਕਾਂਡ ਦਾ ਆਖ਼ਰ ਨਿਚੋੜ ਹੈ-ਧਿਆਨ ਦੀ ਇਕਾਗਰਤਾ, ਪਰ ਇਸ ਦਾ ਖੁਲਾਸਾ ਕਰਨ ਤੋਂ ਪਹਿਲੇ ਮੈਂ ਅਰਜ਼ ਕਰਾਂ ‘ਇਹ ਠੀਕ ਹੈ ਕਿ ਸ਼ਬਦ ਦੇ ਰਾਹੀਂ ਜਗਤ ਆਇਐ, ਸ਼ਬਦ ਦੇ ਰਾਹੀਂ ਹੀ ਪ੍ਰਵੇਸ਼ ਹੋਵੇਗਾ। ਸ਼ਬਦ ਨੂੰ ਕੋਈ ਓਮ ਕਹਿੰਦੈ। ਮਹਾਂਬੀਰ ਕਹਿੰਦੇ ਹਨ-ਓਮਕਾਰ ਹੈ। ਗੁਰੂ ਨਾਨਕ ਜੀ ਕਹਿੰਦੇ ਹਨ-ਓਅੰਕਾਰ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ-ਓਅੰਕਾਰ। ਭਗਤ ਕਬੀਰ ਜੀ ਕਹਿੰਦੇ ਹਨ-ਓਅੰਕਾਰ।’ ਜਿਹੜੇ ਕਦੀ ਸ਼ਬਦਾਂ ਦੀ ਗਹਿਰਾਈ ਵਿੱਚ ਗਏ ਹਨ ਅਤੇ ਸ਼ਬਦ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਤਾਂ ਉੱਥੇ ਆਵਾਜ਼ ਦੀ, ਸ਼ਬਦ ਦੀ ਬੜੀ ਮਹਿਮਾ ਹੈ।

ਨੱਬੇ ਫ਼ੀਸਦੀ ਜੋ ਕੁਝ ਭੀ ਸਾਡੇ ਸਰੀਰ ’ਚ ਜਾਂਦੈ, ਉਹ ਮੂੰਹ ਰਾਹੀਂ ਜਾਂਦੈ। ਪਾਣੀ ਹੈ, ਤਰ੍ਹਾਂ ਤਰ੍ਹਾਂ ਦਾ ਅੰਨ ਹੈ ਜਾਂ ਪਵਨ ਹੈ, ਸੁਆਸ ਭੀ ਜ਼ਿਆਦਾ ਮੂੰਹ ਦੇ ਰਾਹੀਂ ਲੈਂਦੇ ਹਾਂ। ਨੱਬੇ ਫ਼ੀਸਦੀ ਖ਼ੁਰਾਕ ਮੂੰਹ ਦੇ ਰਾਹੀਂ ਅੰਦਰ ਜਾਂਦੀ ਹੈ ਤਾਂ ਅਸੀਂ ਜਿਊਂਦੇ ਹਾਂ, ਵਧਦੇ ਹਾਂ, ਸਰੀਰ ਬਣਦਾ ਰਹਿੰਦੈ ਅਤੇ ਨੱਬੇ ਫ਼ੀਸਦੀ ਹੀ ਅਸੀਂ ਮੂੰਹ ਦੇ ਰਾਹੀਂ ਬੋਲ ਕੇ ਬਾਹਰ ਪ੍ਰਗਟ ਹੁੰਦੇ ਹਾਂ। ਅਸੀਂ ਕੀ ਹਾਂ ? ਸਾਡਾ ਬੋਲਣਾ ਦੱਸਦਾ ਹੈ। ਸੋ ਨੱਬੇ ਫ਼ੀਸਦੀ ਜੋ ਅੰਦਰ ਜਾਂਦੈ, ਮੂੰਹ ਦੇ ਰਾਹੀਂ ਹੀ ਜਾਂਦੈ ਤੇ ਨੱਬੇ ਫ਼ੀਸਦੀ ਸਾਡੀ ਸ਼ਖ਼ਸੀਅਤ ਜੋ ਪ੍ਰਗਟ ਹੁੰਦੀ ਹੈ, ਉਹ ਭੀ ਮੂੰਹ ਦੇ ਰਾਹੀਂ ਹੀ ਪ੍ਰਗਟ ਹੁੰਦੀ ਹੈ। ਕੌੜੇ ਬੋਲ ਬੋਲਣ ਵਾਲਾ ਮਨੁੱਖ ਮਹਾਨ ਨਹੀਂ ਹੁੰਦਾ, ਝੂਠ ਤੇ ਮਿਥਿਆ ਬੋਲਣ ਵਾਲਾ ਮਨੁੱਖ ਮਹਾਨ ਨਹੀਂ ਹੁੰਦਾ। ਬੋਲ ਕੇ ਚੋਟ ਪਹੁੰਚਾਉਣ ਵਾਲਾ ਮਨੁੱਖ ਤਾਂ ਪੱਥਰ ਦੀ ਤਰ੍ਹਾਂ ਹੈ। ਜਿਸ ਦੇ ਬੋਲ ਪੱਥਰ ਹਨ, ਉਹ ਖ਼ੁਦ ਵੀ ਪੱਥਰ ਹੈ, ਜਿਸ ਦੇ ਬੋਲ ਕੌੜੇ ਹਨ, ਸ਼ਾਇਦ ਉਹ ਮਿਰਚ ਹੀ ਹੈ, ਮਿਰਚ ਹੀ ਹੋਵੇਗਾ, ਮਿਰਚ ਭੀ ਕਾਹਨੂੰ ਕਹੀਏ, ਜ਼ਹਿਰ ਹੀ ਹੈ। ਮਹਾਰਾਜ ਤਾਂ ਕਹਿੰਦੇ ਹਨ ‘‘ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ ’’ (ਆਸਾ ਕੀ ਵਾਰ, ਮਹਲਾ , ਪੰਨਾ ੪੭੩)  ਚਾਹੇ ਘਰੇਲੂ ਹਨ, ਚਾਹੇ ਬਾਹਰ ਦੇ, ਨੱਬੇ ਫ਼ੀਸਦੀ ਝਗੜੇ ਬੋਲ ਕਾਰਨ ਹੀ ਹੁੰਦੇ ਹਨ ‘‘ਬੋਲਤ ਬੋਲਤ ਬਢਹਿ ਬਿਕਾਰਾ ’’ (ਗੋਂਡ, ਭਗਤ ਕਬੀਰ, ਪੰਨਾ ੮੭੦)

ਘਰੇਲੂ ਝਗੜਿਆਂ ਦੀ ਤਹਿ ਵਿੱਚ ਭੀ ਜਾਓਗੇ ਤਾਂ ਕਿਸੇ ਨੇ ਕੁਝ ਬੋਲਿਐ, ਦੂਸਰੇ ਨੂੰ ਚੋਟ ਲੱਗੀ ਹੈ। ਚੋਟ ਲੱਗੀ ਤਾਂ ਤਣਾਅ, ਤਕਰਾਰ ਵਧ ਗਿਆ। ਜੇ ਕਿਸੇ ਨੇ ਚੋਟ ਪਹੁੰਚਾਈ ਹੈ ਤਾਂ ਅਗਲਾ ਭੀ ਚੋਟ ਪਹੁੰਚਾਉਣਾ ਚਾਹੁੰਦੈ। ਜੇ ਇਕ ਪੱਥਰ ਦੀ ਤਰ੍ਹਾਂ ਹੈ ਤਾਂ ਦੂਜਾ ਭੀ ਪੱਥਰ ਹੀ ਹੈ। ਕੋਈ ਵਿਰਲਾ ਹੀ ਹੈ ਜੋ ਫੁੱਲ ਹੋਵੇ ਤੇ ਪੱਥਰ ਖਾ ਕੇ ਭੀ ਆਪਣਾ ਸੁਭਾਅ ਨਾ ਛੱਡੇ। ਅਕਾਲੀ ਕੌਰ ਸਿੰਘ ਜੀ ਸ੍ਰੀ ਨਗਰ ਵਾਲੇ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਤਤਕਰਾ ਲਿਖਿਐ, ਕਈ ਸਾਲ ਮਿਹਨਤ ਕਰਕੇ। ਸਰਦੀ ਗਰਮੀ ਹੋਵੇ, ਉਹ ਗਰਮ ਕੱਪੜੇ ਪਹਿਣਦੇ ਸਨ, ਕਾਲੀ ਉੱਨ ਦੇ ਕੱਪੜੇ। ਇਹ ਨਹੀਂ ਸਮਝ ਆਈ। ਭਾਵੇਂ ਲੂ ਚੱਲਦੀ ਪਈ ਹੈ ਤਾਂ ਵੀ ਉਨ੍ਹਾਂ ਦੇ ਕੱਪੜੇ ਗਰਮ ਹੁੰਦੇ ਸਨ, ਠੰਢ ਵਿੱਚ ਤਾਂ ਹੁੰਦੇ ਹੀ ਸਨ। ਉਨ੍ਹਾਂ ਨੂੰ ਅਕਾਲੀ ਜੀ ਕਹਿ ਕੇ ਬੁਲਾਂਦੇ ਸਨ। ਹਰ ਵਕਤ ਜੁੜੀ ਹੋਈ ਆਤਮਾ ਸੀ। ਇਕ ਦਿਨ ਕੋਈ ਮਨੁੱਖ ਉਨ੍ਹਾਂ ਦੇ ਵੀਚਾਰਾਂ ਨਾਲ ਸਹਿਮਤ ਨਾ ਹੋਇਆ। ਨਗਰ ਦੀ ਗੱਲ ਹੈ। ਗੁਰਦੁਆਰੇ ਤੋਂ ਬਾਹਰ ਆਏ ਤਾਂ ਉਸ ਨੇ ਗਾਲ਼ਾਂ ਦੀ ਬੁਛਾੜ ਸ਼ੁਰੂ ਕਰ ਦਿੱਤੀ, ਮਸਤਾਨਾ ਸਮਝ ਕੇ। ਗਰਮੀਆਂ ਦੇ ਦਿਨ ਸਨ। ਕੰਬਲ ਭੀ ਓੜਿਆ ਹੋਇਐ ਤੇ ਕੱਪੜੇ ਭੀ ਗਰਮ। ਜਦ ਉਹ ਬੋਲ ਹਟਿਆ ਤਾਂ ਅਕਾਲੀ ਜੀ ਕਹਿੰਦੇ ਕਿ ਕੁਝ ਹੋਰ ਗੱਫਾ ਹੋਵੇ ਤਾਂ ਮੈਂ ਖੜ੍ਹਾ ਹਾਂ, ਨਹੀਂ ਤਾਂ ਮੈਂ ਜਾਵਾਂ। ਦਰਅਸਲ ਜੋ ਬੋਲ ਸਨ, ਉਹ ਤਾਂ ਫੁੱਲ ਦੀ ਤਰ੍ਹਾਂ ਸਨ ਤੇ ਫੁੱਲ ਪੱਥਰ ਨਹੀਂ ਬਣਦੇ। ਆਪਣਾ ਆਪਣਾ ਸੁਭਾਅ ਹੁੰਦੈ। ਜਿਸ ਦੇ ਬੋਲ ਚੋਟ ਪਹੁੰਚਾਉਣ, ਉਹ ਮਨੁੱਖ ਨਹੀਂ, ਪੱਥਰ ਹੈ। ਜਿਸ ਦੇ ਬੋਲਾਂ ’ਚ ਕੁੜੱਤਣ ਹੈ, ਉਹ ਮਨੁੱਖ ਨਹੀਂ, ਜ਼ਾਹਿਰ (ਪ੍ਰਤੱਖ) ਹੈ ਕਿ ਉਹ ਜ਼ਹਿਰ ਹੈ, ਜਿਹਦੇ ਬੋਲਾਂ ’ਚ ਫਿੱਕਾਪਣ ਹੈ, ਬੜੀ ਫਿਕਿਆਈ ਹੈ। ਮਹਾਰਾਜ ਕਹਿੰਦੇ ਹਨ ‘‘ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ’’, ਫਿਰ ਸਤਿਗੁਰ ਐਸਾ ਭੀ ਕਹਿੰਦੇ ਹਨ, ਮੁਖ਼ਤਸਰ (ਸੰਖੇਪ ’ਚ) ਅਰਜ਼ ਕਰਾਂ  ‘‘ਫਿਕਾ ਮੂਰਖੁ ਆਖੀਐ; ਪਾਣਾ ਲਹੈ ਸਜਾਇ ’’ (ਆਸਾ ਕੀ ਵਾਰ, ਮਹਲਾ , ਪੰਨਾ ੪੭੩) ਨੱਬੇ ਫ਼ੀਸਦੀ ਮਨੁੱਖ ਆਪਣੇ ਬੋਲਾਂ ਰਾਹੀਂ ਪ੍ਰਗਟ ਹੁੰਦੈ। ਜ਼ਹਿਰ ਹੈ ਜਾਂ ਮਨੁੱਖ ਹੈ। ਮੂਰਖ ਹੈ ਕਿ ਮਨੁੱਖ ਹੈ, ਪੱਥਰ ਹੈ ਜਾਂ ਮਨੁੱਖ ਹੈ ? ਫੁੱਲ ਹੈ ਕਿ ਪੱਥਰ ਹੈ, ਕੋਮਲ ਹੈ ਜਾਂ ਕਠੋਰ। ਕੋਈ ਰਸ ਹੈ ਕਿ ਫਿਕਿਆਈ ਹੈ। ਮੂਰਖ ਹੈ ਕਿ ਸਿਆਣਾ, ਨਾਸਤਕ ਹੈ ਕਿ ਆਸਤਕ। ਧਾਰਮਕ ਹੈ ਜਾਂ ਅਧਾਰਮਕ । ਰਾਜਨੀਤਕ ਹੈ ਕਿ ਵਪਾਰੀ। ਬੋਲਣਾ ਸਭ ਕੁਝ ਦੱਸ ਦਿੰਦਾ ਹੈ। ਬੋਲ ਤੋਂ ਮਨੁੱਖ ਦੀ ਕਿਰਤ ਭੀ ਪ੍ਰਗਟ ਹੁੰਦੀ ਹੈ, ਉਸ ਦਾ ਕੰਮ ਧੰਦਾ ਭੀ ਪ੍ਰਗਟ ਹੁੰਦਾ ਹੈ। ਟਰੱਕ ਚਲਾਣ ਵਾਲਾ ਡਰਾਈਵਰ ਗਿਆਨੀ ਅਜੀਤ ਸਿੰਘ ਜਦ ਮੇਰੇ ਨਾਲ ਗੱਡੀ ਚਲਾਂਦਾ ਸੀ ਤਾਂ ਉਸ ਦਾ ਬੋਲ ਅਜੇ ਤਕ ਮੈਨੂੰ ਯਾਦ ਹੈ। ਹੋਟਲ ’ਤੇ ਰੁਕ ਕੇ ਕਹਿੰਦਾ ਹੁੰਦਾ ਸੀ, ਬਈ ਅੱਸੀ ਮੀਲ ਸਪੀਡ ਦੀ ਚਾਹ ਬਣਾ। ਮੈਂ ਉਸ ਨੂੰ ਕਹਿੰਦਾ ਹੁੰਦਾ ਸੀ ਕਿ ਚਾਹ ਦਾ ਸਪੀਡ ਨਾਲ ਕੀ ਮਤਲਬ ? ਚਾਹ ਭੀ ਕੋਈ ਅੱਸੀ ਮੀਲ ਦੀ ਸਪੀਡ ਨਾਲ ਚੱਲਦੀ ਹੈ  ? ਕਹਿਣਾ ਚਾਹੀਦਾ ਹੈ ਕਿ ਚਾਹ ਜ਼ਰਾ ਕੜਕ ਚਾਹੀਦੀ ਹੈ। ਗੱਡੀ ਤੇਜ਼ ਚਲਾਈ ਹੈ। ਸਫ਼ਰ ਜ਼ਿਆਦਾ ਹੈ ਅਤੇ ਸਮੇਂ ਸਿਰ ਪਹੁੰਚਣੈ, ਪਰ ਢਾਬੇ ਵਾਲੇ ਨੂੰ ਕਹਿੰਦੈ ਕਿ ਅੱਸੀ ਮੀਲ ਸਪੀਡ ਦੀ ਚਾਹ ਬਣਾ। ਇਸ ਤੋਂ ਪਤਾ ਚੱਲਦੈ ਕਿ ਡਰਾਈਵਰ ਹੈ। ਹਰ ਵਕਤ ਸਪੀਡ ’ਚ ਰਹਿੰਦੈ, ਗੱਡੀ ਚਲਾਈ ਰੱਖਦੈ। ਮਨੁੱਖ ਦੇ ਬੋਲ-ਚਾਲ ਦੱਸ ਦਿੰਦੇ ਹਨ। ਚਾਹ ਬੜੀ ਸੁਆਦੀ ਹੋਵੇ ਤਾਂ ਪਤੈ ਰਾਗੀ ਸਿੰਘ ਕੀ ਕਹਿੰਦੇ ਹਨ ? ਚਾਹ ਬੜੀ ਸੁਰ ਵਿੱਚ ਬਣੀ ਹੈ, ਬੜੀ ਸੁਰ ਵਿੱਚ ਹੈ। ਚਾਹ ਕੋਈ ਗਾਉਂਦੀ ਹੈ, ਜੋ ਸੁਰ ’ਚ ਬਣੀ ਹੈ ? ਕਿਉਂਕਿ ਹਰ ਵਕਤ ਸੁਰ ਮੰਡਲ ’ਚ ਰਹਿੰਦੇ ਹਨ ਤੇ ਹਰ ਬੇਸੁਆਦੀ ਚੀਜ਼ ਬੇਸੁਰੀ ਪ੍ਰਤੀਤ ਹੁੰਦੀ ਹੈ ਅਤੇ ਹਰ ਚੰਗੀ ਚੀਜ਼ ਸੁਰ ਵਿੱਚ ਹੈ। ਜੋ ਕੱਪੜਾ ਭੀ ਦਰਜੀ ਨੇ ਸੀਤੈ ਤਾਂ ਕਹਿੰਦੇ ਹਨ ਸੁਰ ਵਿੱਚ ਸੀਤੈ। ਹੱਦ ਹੋ ਗਈ, ਸਲਾਈ ਦਾ ਸੁਰ ਨਾਲ ਜਾਂ ਬੇਸੁਰੇਪਣ ਨਾਲ ਕੀ ਮਤਲਬ  ? ਬੋਲ ਤੋਂ ਹੀ ਉਸ ਦੇ ਪੇਸ਼ੇ ਦਾ ਪਤਾ ਚੱਲਦੈ, ਕਿਰਤ ਦਾ ਭੀ ਪਤਾ ਚੱਲਦੈ। ਬੋਲ ਤੋਂ ਉਸ ਦੇ ਸੁਭਾਅ ਦਾ ਭੀ ਪਤਾ ਚੱਲਦੈ ਕਿ ਰਜੋ ਗੁਣੀ ਹੈ, ਤਮੋ ਗੁਣੀ ਹੈ ਜਾਂ ਸਤੋ ਗੁਣੀ। ਨੱਬੇ ਫ਼ੀਸਦੀ ਮਨੁੱਖ ਆਪਣੇ ਮੂੰਹ ਰਾਹੀਂ ਬਾਹਰ ਪ੍ਰਗਟ ਹੁੰਦਾ ਹੈ। ਅਸੀਂ ਇਸੇ ਕਰਕੇ ਜਿਊਂਦੇ ਹਾਂ ਕਿਉਂਕਿ ਨੱਬੇ ਫ਼ੀਸਦੀ ਸਭ ਕੁਝ ਮੂੰਹ ਰਾਹੀਂ ਅੰਦਰ ਜਾਂਦਾ ਹੈ, ਚਾਹੇ ਪਾਣੀ ਹੈ, ਚਾਹੇ ਹਵਾ ਹੈ, ਚਾਹੇ ਭੋਜਨ। ਅਸੀਂ ਜੀਊਂਦੇ ਹਾਂ ਦਸ ਫ਼ੀਸਦੀ ਰੋਮਾਂ ਦੇ ਰਾਹੀਂ, ਇਹ ਸਮਝ ਲਓ। ਨੱਬੇ ਫ਼ੀਸਦੀ ਅਸੀਂ ਆਪਣਾ ਭਾਵ ਮੂੰਹ ਦੇ ਰਾਹੀਂ ਪ੍ਰਗਟ ਕਰਦੇ ਹਾਂ। ਬੋਲਾਂ ਤੋਂ ਪ੍ਰਗਟ ਹੁੰਦੇ ਹਾਂ। ਪਰਮਾਤਮਾ ਦਾ ਨਾਮ ਭੀ 100% ਬੋਲਾਂ ’ਚੋਂ ਪ੍ਰਗਟ ਹੁੰਦਾ ਹੈ, ਇਹ ਭੀ ਮੈਂ ਅਰਜ਼ ਕਰਾਂ। ਜਦ ਕੋਈ ਸੁਣ ਲੈਂਦਾ ਹੈ ਉਸ ਬੋਲ ਨੂੰ, ਕੌਣ ਸੁਣ ਲੈਂਦੈ  ? ਜਿਹਦਾ ਮਨ ਚੁੱਪ ਹੋ ਜਾਂਦਾ ਹੈ। ਬਸ ਇਧਰ ਮਨ ਚੁੱਪ ਹੋਇਆ, ਉਧਰ ਪਰਮਾਤਮਾ ਦੀ ਆਵਾਜ਼ ਸੁਣਾਈ ਦਿੰਦੀ ਹੈ। ਬਸ ਇਹੀ ਤਰੀਕਾ ਹੈ, ਇਹੀ ਢੰਗ ਹੈ ਠਾਕੁਰੁ ਹਮਰਾ ਸਦ ਬੋਲੰਤਾ ’’ (ਭੈਰਉ, ਮਹਲਾ , ਪੰਨਾ ੧੧੬੦)

ਪ੍ਰਭੂ ਦੀ ਆਵਾਜ਼ ਹਰ ਵਕਤ ਗੂੰਜ ਰਹੀ ਹੈ। ਦੂਜੇ ਪਾਸੇ ਮਨ ਹਰ ਵਕਤ ਬੋਲ ਰਿਹੈ। ਇਕ ਮਨ ਹਰ ਵਕਤ ਬੋਲ ਰਿਹੈ, ਇਕ ਪਰਮਾਤਮਾ ਦੀ ਆਵਾਜ਼ ਹਰ ਵਕਤ ਗੂੰਜ ਰਹੀ ਹੈ। ਜਾਂ ਤਾਂ ਮਨ ਸ਼ਕਤੀ ਜੁਟਾਏ, ਰੱਬ ਨੂੰ ਚੁੱਪ ਕਰਾਏ ਜਾਂ ਫਿਰ ਖ਼ੁਦ ਚੁੱਪ ਰਹੇ। ਜਿਹੜਾ ਚੁੱਪ ਕਰ ਜਾਏ, ਕਹਿੰਦੇ ਹਨ ਉਹ ਮਰ ਗਿਆ, ਇਹ ਤਾਂ ਬੋਲਦਾ ਹੀ ਨਹੀਂ। ਪਰਮਾਤਮਾ ਹੈ ਸਦਾ ਜਿਊਣ ਦਾ ਨਾਮ । ਸਦਾ ਜਿਊਣ ਖੜ੍ਹਾ ਹੈ ਸਦੀਵੀ ਬੋਲ ਦੇ ਉੱਤੇ। ਮਧੁਰ ਬੋਲ ਦੇ ਉੱਤੇ। ਜਦ ਮਨ ਚੁੱਪ ਕਰ ਜਾਏ ਤਾਂ ਭੀ ਕਹੀਦੈ ਕਿ ਮਨ ਮਰ ਗਿਆ। ਮਨ ਦੀ ਮੌਤ ਕੀ ਹੈ ? ਮਨ ਦੀ ਮੌਤ ਅਹੰਕਾਰ ਦੀ ਮੌਤ ਹੈ, ਮਨ ਦੀ ਮੌਤ ਲੋਭ ਦੀ ਮੌਤ ਹੈ, ਮਨ ਦੀ ਮੌਤ ਕਾਮ, ਕ੍ਰੋਧ ਤੇ ਮੋਹ ਦੀ ਮੌਤ ਹੈ। ਹੋਰ ਮਨ ਹੈ ਕੀ  ? ਮਨ ਹੈ ਵੀਚਾਰਾਂ ਦਾ ਪ੍ਰਭਾਵ। ਮਨ ਤੋਂ ਮੁਰਾਦ ਸਾਡੇ ਵੀਚਾਰ, ਸਾਡੀ ਸੋਚਣੀ। ਸੋਚਣੀ ਵਿੱਚ ਕੀ ਚੱਲ ਰਿਹੈ, ਵੀਚਾਰਾਂ ਵਿੱਚ ਕੀ ਚੱਲ ਰਿਹੈ ? ਅਹੰਕਾਰ, ਲੋਭ, ਮੋਹ, ਕਾਮ, ਬਸ ਇਹੀ ਚੱਲ ਰਿਹਾ ਹੈ। ਜਿਸ ਤੋਂ ਅਹੰਕਾਰ ਦੀ, ਲੋਭ ਦੀ, ਕਾਮ ਦੀ ਪੂਰਤੀ ਹੋ ਗਈ ਉਸ ਦੇ ਉੱਤੇ ਮੋਹ ਆ ਜਾਂਦਾ ਹੈ ਅਤੇ ਜਿਸ ਨੇ ਰੋਕ ਖੜ੍ਹੀ ਕਰ ਦਿੱਤੀ, ਉਸ ’ਤੇ ਕ੍ਰੋਧ ਆ ਜਾਂਦਾ ਹੈ। ਮਨ ਤਾਂ ਇਹੀ ਕੁਝ ਹੈ। ਮਨ ਦੀ ਮੌਤ ਅਹੰਕਾਰ ਦੀ ਮੌਤ ਹੈ। ਸਰੀਰ ਜਦ ਮਰਦੈ ਤਾਂ ਰਾਖ ਹੋ ਜਾਂਦਾ ਹੈ, ਖ਼ਾਕ ਹੋ ਜਾਂਦਾ ਹੈ, ਪਰ ਮਨ ਜਦ ਮਰਦੈ ਤਾਂ ਯਕੀਨ ਜਾਣੋ ਉਹ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ, ਈਸ਼ਵਰ ਹੋ ਜਾਂਦਾ ਹੈ  ‘‘ਮਨ  ! ਤੂੰ ਜੋਤਿ ਸਰੂਪੁ ਹੈ; ਆਪਣਾ ਮੂਲੁ ਪਛਾਣੁ ’’ (ਆਸਾ/ਮਹਲਾ , ਪੰਨਾ ੪੪੧)

ਮਨ ਦਾ ਮਰਨਾ ਇਸ ਤਰ੍ਹਾਂ ਨਹੀਂ; ਜਿਵੇਂ ਕਹੀਏ ਬੀਜ ਮਰ ਗਿਐ ਕਿਉਂਕਿ ਬੀਜ ਮਰਿਆ ਨਹੀਂ ਹੁੰਦਾ, ਜ਼ਮੀਨ ’ਚ ਦਫ਼ਨ ਹੋਇਐ। ਮੁਰਦੇ ਨੂੰ ਜ਼ਮੀਨ ਵਿੱਚ ਦਫ਼ਨ ਕਰਦੇ ਹਨ। ਬੀਜ ਦੀ ਭੀ ਕਬਰ ਬਣਾਉਣੀ ਪੈਂਦੀ ਹੈ। ਹਰ ਬੀਜ ਦੀ ਕਬਰ ਬਣਦੀ ਹੈ। ਐਵੇਂ ਨਹੀਂ ਭਾਈ ਗੁਰਦਾਸ ਜੀ ਨੇ ਲਿਖ ਦਿੱਤਾ ‘‘ਮੁਰਦਾ ਹੋਇ ਮੁਰੀਦ ਸੋਇ; ਕੋ ਵਿਰਲਾ ਗੁਰ ਗੋਰਿ ਸਮਾਵੈ’’ (ਭਾਈ ਗੁਰਦਾਸ ਜੀ/ਵਾਰ ੨੮ ਪਉੜੀ ੧੬) ‘ਗੁਰ ਗੋਰਿ ਸਮਾਵੇ’ ਤੋਂ ਭਾਵ ਜ਼ਿੰਦਾ ਕਬਰ ਵਿੱਚ ਦਫ਼ਨ ਹੋ। ਜੇਕਰ ਬੀਜ ਹੈਂ ਤਾਂ ਕਬਰ ਵਿੱਚ ਦਫ਼ਨ ਹੋ। ਬੀਜ ਜਦ ਜ਼ਮੀਨ ਵਿੱਚ ਦਫ਼ਨ ਹੁੰਦਾ ਹੈ, ਕਬਰ ਬਣਦੈ ਤਾਂ ਇਸ ਕਰੂਪ ਬੀਜ ਨੂੰ ਸੁਹੱਪਣ ਮਿਲ ਜਾਂਦਾ ਹੈ। ਕਠੋਰ ਰੂਪ ਨੂੰ ਕੋਮਲਤਾ ਮਿਲ ਜਾਂਦੀ ਹੈ। ਕੌੜੇ ਬੀਜ ਨੂੰ ਰਸ ਮਿਲ ਜਾਂਦਾ ਹੈ। ਫਲ਼ ਰਸਦਾਇਕ ਹੈ, ਬੀਜ ਕੌੜਾ ਹੈ। ਫੁੱਲ ਕੋਮਲ ਹਨ, ਬੀਜ ਸਖ਼ਤ ਹਨ। ਫੁੱਲ ਸੁੰਦਰ ਹੈ, ਬੀਜ ਕਰੂਪ ਹੈ। ਬੀਜ ਦੀ ਕਬਰ ਬਣੇ, ਬੀਜ ਮਰੇ, ਬੀਜ ਦਾ ਮਰਨਾ ਇੰਝ ਹੈ; ਜਿਵੇਂ ਕਰੂਪਤਾ ਮਰ ਗਈ। ਸੁਹੱਪਣ ਪੈਦਾ ਹੋ ਗਿਆ। ਮਨ ਦੀ ਮੌਤ ਇਸ ਤਰ੍ਹਾਂ ਹੈ; ਜਿਵੇਂ ਕਠੋਰਤਾ ਮਰ ਗਈ ਤੇ ਕੋਮਲਤਾ ਪੈਦਾ ਹੋ ਗਈ। ਮਨ ਦੀ ਮੌਤ; ਮਨ ਦਾ ਨੂਰ ਹੋ ਜਾਣਾ ਹੈ, ਪ੍ਰਕਾਸ਼ਮਈ ਹੋ ਜਾਣਾ ਹੈ। ਗੁਰੂ-ਘਰ ਵਿੱਚ ਪ੍ਰਭੂ ਨੂੰ ਸਮਝਣ ਦਾ ਜ਼ਰੀਆ ਕਥਾ ਹੈ। ਜੁੜਨ ਦਾ ਜ਼ਰੀਆ; ਕੀਰਤਨ ਹੈ। ਕਥਾ ਕੀਰਤਨ ਦੋਵੇਂ ਸੁੱਖ ਦਿੰਦੇ ਹਨ। ਜਿਸ ਨੂੰ ਸਮਝਣੈ, ਉਸ ਨਾਲ ਜੁੜਨੈ। ਜਿਸ ਨਾਲ ਜੁੜਨੈ, ਉਸ ਨੂੰ ਸਮਝਣੈ। ਬਸ ਇੰਨੀ ਕੁ ਗੱਲ ਹੈ। ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਹਨ ਕਿ ਪਹਿਲਾਂ ਸਮਝਣੈ  ‘‘ਪਹਿਲਾ ਵਸਤੁ ਸਿਞਾਣਿ ਕੈ; ਤਾਂ ਕੀਚੈ ਵਾਪਾਰੁ ’’ (ਸਲੋਕ ਵਾਰਾਂ ਤੇ ਵਧੀਕ/ਮਹਲਾ , ਪੰਨਾ ੧੪੧੦) ਪਹਿਲੇ ਸਮਝਣੈ ਫਿਰ ਜੁੜਨੈ। ਇਸ ਵਾਸਤੇ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਦੀ ਵੀਚਾਰ ਕਰਨੀ ਦਿੱਤੀ ‘‘ਅੰਮ੍ਰਿਤ ਵੇਲਾ ਸਚੁ ਨਾਉ; ਵਡਿਆਈ ਵੀਚਾਰੁ ’’ (ਜਪੁ) ਆਪਣੇ ਵੀਚਾਰਾਂ ਵਿੱਚ, ਆਪਣੀ ਸੋਚਣੀ ਵਿੱਚ ਅਤੇ ਆਪਣੀ ਸਮਝ ਵਿੱਚ ਪਰਮਾਤਮਾ ਨੂੰ ਲਿਆ। ਜਿੰਨਾ ਚਿਰ ਤੇਰੇ ਕੋਲ ਸਮਝ ਨਹੀਂ, ਅੰਮ੍ਰਿਤ ਵੇਲਾ ਭੀ ਕੋਈ ਅੰਮ੍ਰਿਤ ਵੇਲਾ ਨਹੀਂ। ਜਿੰਨਾ ਚਿਰ ਤੇਰੇ ਕੋਲ ਸਮਝ ਨਹੀਂ, ਸਤਿਸੰਗ ਭੀ ਕੋਈ ਸਤਿਸੰਗ ਨਹੀਂ।

ਹੁਣ ਮੈਨੂੰ ਕਈਆਂ ਨੇ ਕਿਹੈ ਕਿ ਮੈਂ ਉਨ੍ਹਾਂ ਰਾਗੀ ਸਿੰਘਾਂ ਨੂੰ ਚੁੱਪ ਕਰਾਇਐ, ਜੋ ਕਹਿੰਦੇ ਹਨ, ਗਿਆਨੀ ਜੀ ! ਕਈ ਤਾਂ ਮੱਥਾ ਹੀ ਨਹੀਂ ਟੇਕਦੇ, ਲੰਗਰ ਛੱਕਿਆ ਤੇ ਗਏ। ਜੋ ਮੱਥਾ ਨਹੀਂ ਟੇਕਦੇ, ਉਹ ਕੁਝ ਸੁਣਦੇ ਵੀ ਨਹੀਂ। ਮੈਂ ਉਨ੍ਹਾਂ ਨੂੰ ਕਿਹਾ, ਇਹ ਤੁਸੀਂ ਕਾਹਨੂੰ ਦੇਖਦੇ ਹੋ, ਇਹ ਨਾ ਦੇਖੋ। ਬਾਜ਼ਾਰ ਵਿਚ ਫੁੱਲਾਂ ਦੀ ਦੁਕਾਨ ਭੀ ਹੁੰਦੀ ਹੈ, ਫਲ਼ਾਂ ਦੀ ਦੁਕਾਨ ਭੀ ਹੁੰਦੀ ਹੈ। ਬਜਾਜ (ਕੱਪੜੇ ਦੇ ਵਪਾਰੀ) ਭੀ ਹੁੰਦੇ ਹਨ, ਹੀਰਿਆਂ ਦੀਆਂ ਦੁਕਾਨਾਂ ਭੀ ਹੁੰਦੀਆਂ ਹਨ। ਸਰਾਫ਼ਾਂ ਦੀਆਂ ਭੀ ਦੁਕਾਨਾਂ ਹੁੰਦੀਆਂ ਹਨ। ਕੋਲਾ ਭੀ ਵਿਕਦੈ, ਲੱਕੜ ਭੀ ਵਿਕਦੀ ਹੈ। ਤਰ੍ਹਾਂ ਤਰ੍ਹਾਂ ਦੇ ਗਾਹਕ ਹੁੰਦੇ ਹਨ। ਕਿਸੇ ਨੂੰ ਕੁਝ ਚਾਹੀਦੇ, ਕਿਸੇ ਨੂੰ ਕੁਝ। ਕੋਈ ਕੁਝ ਲੈਂਦੇ, ਕੋਈ ਕੁਝ ਲੈਂਦੇ। ਜੇ ਕੋਈ ਕੋਲਾ ਖ਼ਰੀਦਦਾ ਪਿਐ ਅਤੇ ਇਹ ਆਖੇ ਕਿ ਮੈਂ ਹੀਰੇ ਕਿਉਂ ਖ਼ਰੀਦਾਂ ਤਾਂ ਉਸ ਤੋਂ ਹੀਰਿਆਂ ਦੀ ਖ਼ਰੀਦਦਾਰੀ ਭੀ ਨਾ ਕਰਾਓ। ਬਸ ਤੁਸੀਂ ਹੀਰੇ ਖ਼ਰੀਦਦੇ ਰਹੋ।

ਸੰਸਾਰ ਇੱਕ ਬਾਜ਼ਾਰ ਦੀ ਤਰ੍ਹਾਂ ਹੈ। ਇੱਥੇ ਹਰ ਤਰ੍ਹਾਂ ਦੀ ਦੁਕਾਨ ਹੈ। ਸੰਗਤ ਭੀ ਹੈ ਤੇ ਸਤਿਸੰਗ ਭੀ ਹੈ। ਇੱਥੇ ਉਹ ਸਾਧਨ ਭੀ ਹਨ, ਜਿਸ ਨਾਲ ਮਨੁੱਖ ਸਤਿਸੰਗ ’ਚ ਬੈਠਿਆਂ ਭੀ ਲੋਭ ਵੱਸ ਹੋ ਸਕਦੈ। ਮਨੁੱਖ ਬਾਜ਼ਾਰ ਵਿੱਚ ਵਿਚਰਦਿਆਂ ਭੀ ਸੰਤੁਸ਼ਟ ਹੋ ਸਕਦੈ, ਸੰਤੋਖੀ ਹੋ ਸਕਦੈ, ਆਨੰਦਿਤ ਹੋ ਸਕਦੈ। ਮਨ ਚੁੱਪ ਕਰੇ ਤਾਂ ਪਰਮਾਤਮਾ ਦੀ ਆਵਾਜ਼ ਸੁਣਾਈ ਦੇਵੇ।  ਪਰਮਾਤਮਾ ਹਰ ਵਕਤ ਬੋਲ ਰਿਹੈ ‘‘ਠਾਕੁਰੁ ਹਮਰਾ ਸਦ ਬੋਲੰਤਾ ’’ (ਭੈਰਉ/ਮਹਲਾ /੧੧੬੦) , ਪਰ ਹਰ ਵਕਤ ਬੋਲ ਰਿਹੈ ਸਾਡਾ ਮਨ। ਜਾਂ ਮਨ ਚੁੱਪ ਕਰੇ ਜਾਂ ਰੱਬ ਚੁੱਪ ਕਰੇ । ਜਿਹੜਾ ਚੁੱਪ ਕਰ ਜਾਏ ਸਮਝੋ ਮਰ ਗਿਆ। ਰੱਬ ਨੇ ਨਹੀਂ ਚੁੱਪ ਕਰਨਾ। ਕਈ ਲੋਗ ਰੱਬ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰਦੇ ਪਏ ਹਨ। ਉਸ ਦੀ ਆਵਾਜ਼ ਸਦਾ ਗੂੰਜ ਰਹੀ ਹੈ। ਜਿਨ੍ਹਾਂ ਨੇ ਉਸ ਆਵਾਜ਼ ਨੂੰ ਸੁਣਿਐ, ਸਾਧਨਾ ਬੱਸ ਉਹੀ ਹੈ। ਉਨ੍ਹਾਂ ਦਾ ਆਪਣਾ ਮਨ ਚੁੱਪ ਕਰ ਗਿਆ। ਧਰਮ ਦੀ ਸਾਰੀ ਸਾਧਨਾ ਹੈ ‘ਮਨ ਨੂੰ ਚੁੱਪ ਕਰਾਉਣਾ’। ਧੂੰਆਂਧਾਰ ਕੀਰਤਨ ਦਰਬਾਰ ਹੋ ਰਹੇ ਹਨ। ਬੜੇ ਇਕੱਠ ਹਨ ਪੰਤੂ ਕੋਈ ਇਕ ਅੱਧਾ ਹੀ ਹੈ, ਜਿਸ ਦੇ ਹਿਰਦੇ ਰਸ ਬਣਦਾ ਹੈ। ਜ਼ਿੰਦਗੀ ਵਿੱਚ ਆਨੰਦ ਬਣ ਜਾਂਦਾ ਹੈ। ਕਿਸ ਤਰ੍ਹਾਂ ਸੁਣੀਏ ਉਸ ਆਵਾਜ਼ ਨੂੰ  ? ਇੱਕੋ ਹੀ ਸਾਧਨ ਹੈ ਕਿ ਮਨ ਚੁੱਪ ਕਰ ਜਾਏ। ਮਨ ਚੁੱਪ ਕਿਉਂ ਨਹੀਂ ਕਰਦਾ ਕਿਉਂਕਿ ਮਨ ਵਿੱਚ ਹਰ ਵਕਤ ਮੰਗ ਚੱਲਦੀ ਹੈ। ਜਿਹੜੀ ਮੰਗ ਚੱਲਦੀ ਹੈ, ਉਹ ਯਕਦਮ ਤਾਂ ਪੂਰੀ ਨਹੀਂ ਹੋ ਸਕਦੀ। ਵੱਡੀਆਂ ਵੱਡੀਆਂ ਮੰਗਾਂ ਭੀ ਹਨ। ਸੋ ਮਨ ਚਲਾ ਜਾਂਦਾ ਹੈ ਭਵਿੱਖ ਵਿੱਚ। ਮਨੁੱਖ ਜਿੱਥੇ ਬੈਠਾ ਹੈ, ਮਨ ਉੱਥੇ ਨਹੀਂ ਬੈਠਾ। ਇੰਨੀ ਗੱਲ ਦਾਅਵੇ ਨਾਲ ਆਖੀ ਜਾ ਸਕਦੀ ਹੈ ਕਿ ਮਨ ਕਿਧਰੇ ਬੈਠਾ ਭੀ ਹੈ ਤਾਂ ਕਿਧਰੇ ਹਜ਼ਾਰਵਾਂ ਹਿੱਸਾ। ਤਨ ਟੁਕੜਿਆਂ ਵਿੱਚ ਨਹੀਂ ਜੀਅ ਸਕਦਾ। ਤਨ ਦੇ ਦਸ ਟੁਕੜੇ ਕਰ ਦੇਵੋ ਤਾਂ ਮੌਤ। ਮਨ ਤਾਂ ਜਿਊਂਦਾ ਹੀ ਟੁੱਕੜਿਆਂ ਵਿੱਚ ਹੈ। ਇੱਕ ਟੁਕੜਾ ਘਰ ਦੇ ਵਿੱਚ, ਇੱਕ ਟੁਕੜਾ ਬਾਜ਼ਾਰ ਦੇ ਵਿੱਚ, ਇੱਕ ਟੁਕੜਾ ਕਾਰੋਬਾਰ ਦੇ ਵਿੱਚ, ਇੱਕ ਟੁਕੜਾ ਕਿਸੇ ਹੋਰ ਮੁਲਕ ਵਿੱਚ, ਇੱਕ ਟੁਕੜਾ ਕਿਸੇ ਹੋਰ ਸ਼ਹਿਰ ਵਿੱਚ, ਇਕ ਨਿੱਕਾ ਜਿਹਾ ਮਨ ਦਾ ਟੁਕੜਾ ਕਿਧਰੇ ਗੁਰਦੁਆਰੇ ’ਚ ਹੁੰਦੈ, ਮੰਦਿਰ ’ਚ ਹੁੰਦੈ। ਇਸੇ ਤਰ੍ਹਾਂ ਬੀਜ ਨੂੰ ਦਲ ਦੇਈਏ ਤਾਂ ਹਜ਼ਾਰਾਂ ਟੁਕੜੇ ਹੋ ਜਾਣ ਅਤੇ ਬੋਈਏ, ਤਾਂ ਕੁਝ ਉੱਗਦੈ  ? ਕੁਝ ਨਹੀਂ ਉੱਗਦਾ। ਇਹ ਭੀ ਮੈਂ ਅਰਜ਼ ਕਰਾਂ, ਦਾਲ ਕਦੇ ਨਹੀਂ ਉੱਗਦੀ, ਸਾਬਤ ਬੀਜ ਉੱਗਦੈ। ਕਬੀਰ ਜੀ ਕਹਿੰਦੇ ਹਨ ‘‘ਕਬੀਰ ਜਾ ਕੀ ਦਿਲ ਸਾਬਤਿ ਨਹੀ; ਤਾ ਕਉ ਕਹਾਂ ਖੁਦਾਇ  ?’’ (ਸਲੋਕ/ਭਗਤ ਕਬੀਰ, ਪੰਨਾ ੧੩੭੪) ਜਿਸ ਦਾ ਬੀਜ ਹੀ ਸਾਬਤ ਨਹੀਂ, ਉਸ ਦੇ ਲਈ ਖ਼ੁਦਾ ਕਿੱਥੇ  ? ਉਸ ਦੇ ਲਈ ਰੱਬ ਕਿੱਥੇ  ? ਤਨ ਦੇ ਦਸ ਵੀਹ ਟੁਕੜੇ ਹੋ ਜਾਣ ਤਾਂ ਸਿਉਂ ਕੇ ਇੱਕ ਕਰਨਾ ਬੜਾ ਔਖਾ ਹੈ। ਜੇਕਰ ਕਰ ਭੀ ਲਈਏ ਤਾਂ ਤਨ ਮੁਰਦਾ ਹੋ ਜਾਏਗਾ, ਪ੍ਰਾਣ ਨਹੀਂ ਰਹਿ ਸਕਣਗੇ, ਖ਼ਤਮ ਹੋ ਜਾਏਗਾ। ਮਨ ਜ਼ਿੰਦਾ ਹੈ ਟੁਕੜਿਆਂ ਵਿੱਚ। ਮਨ ਦੀ ਮੌਤ ਹੋ ਜਾਂਦੀ ਹੈ ਜਦ ਜੋੜ ਕੇ ਇੱਕ ਕਰ ਦੇਈਏ। ਤਨ ਜ਼ਿੰਦਾ ਹੈ ਤਾਂ ਇੱਕ ਹੈ। ਲੱਤਾਂ ਨਾਲ ਜੁੜੀਆਂ ਹੋਈਆਂ ਹਨ। ਹੱਥ ਨਾਲ ਜੁੜੇ ਹੋਏ ਹਨ।  ਗਰਦਨ ਨਾਲ ਜੁੜੀ ਹੋਈ ਹੈ। ਇੱਕ ਇੱਕ ਅੰਗ ਤੁਸੀਂ ਅਲੱਗ ਕਰ ਦੇਵੇ ਤਾਂ ਫਿਰ ਮੌਤ ਹੈ। ਪੈਰ ਅਲੱਗ ਕਰ ਦੇਵੋ, ਹੱਥ ਅਲੱਗ ਕਰ ਦੇਵੋ, ਗਰਦਨ ਅਲੱਗ ਕਰ ਦੇਵੋ, ਪੇਟ ਅਲੱਗ ਕਰ ਦੇਵੋ, ਉਂਗਲੀਆਂ ਅਲੱਗ ਕਰ ਦੇਵੇ ਤਾਂ, ਕੀ ਰਹਿ ਸਕਦੈ ਇਹ ਤਨ  ? ਤਨ ਜਿਊਂਦਾ ਹੈ ਤਾਂ ਇੱਕ ਹੈ। ਮਨ ਅਨੇਕ ਟੁਕੜਿਆਂ ਵਿੱਚ ਜਿਊਂਦਾ ਹੈ। ਮਰ ਜਾਏਗਾ ਤਨ, ਜੇਕਰ ਦਸ ਵੀਹ ਟੁਕੜੇ ਕਰ ਦੇਈਏ । ਮਰ ਜਾਏਗਾ ਮਨ, ਜੇਕਰ ਇਸ ਦੇ ਹਜ਼ਾਰਾਂ ਟੁਕੜਿਆ ਨੂੰ ਇਕ ਕਰ ਦੇਈਏ, ਜੋੜ ਦੇਈਏ । ਇਕ ਹੋਇਆ ਮਨ ਮਰ ਜਾਂਦਾ ਹੈ, ਟੁਕੜੇ ਟੁਕੜੇ ਹੋਇਆ ਤਨ ਮਰ ਜਾਂਦਾ ਹੈ, ਪਰ ਮੈਂ ਅਰਜ਼ ਕਰਾਂ, ਤਨ ਮਰਦੈ ਤਾਂ ਖਾਕ ਹੋ ਜਾਂਦਾ ਹੈ, ਮਿੱਟੀ ਹੋ ਜਾਂਦਾ ਹੈ, ਰਾਖ ਹੋ ਜਾਂਦਾ ਹੈ। ਮਨ ਮਰਦੈ ਤਾਂ ਪ੍ਰਮਾਤਮਾ ਹੋ ਜਾਂਦਾ ਹੈ ‘‘ਮਨੁ ਮਰੈ; ਧਾਤੁ ਮਰਿ ਜਾਇ   ਬਿਨੁ ਮਨ ਮੂਏ; ਕੈਸੇ ਹਰਿ ਪਾਇ  ? (ਧਨਾਸਰੀ/ਮਹਲਾ , ਪੰਨਾ ੬੬੫) ਮਨ ਇਸ ਤਰ੍ਹਾਂ ਮਰ ਗਿਆ; ਜਿਵੇਂ ਬੀਜ ਮਰ ਗਿਆ। ਕਬਰ ਵਿੱਚ ਚਲਾ ਗਿਆ ਬੀਜ, ਪਰ ਫੁੱਲ ਬਣ ਕੇ ਪ੍ਰਗਟ ਹੋਇਆ, ਫਲ਼ ਬਣ ਕੇ ਪ੍ਰਗਟ ਹੋਇਐ ਕਬਰ ਵਿੱਚੋਂ। ਜੇਕਰ ਮਰਿਆ ਨਹੀਂ ਤਾਂ ਕਬਰ ਵਿੱਚ ਕਿਸ ਤਰ੍ਹਾਂ ਸਮਾਵੇ ਕਿਉਂਕਿ ਮਨ ਤਾਂ ਪਸਰਿਆ ਹੋਇਐ, ਫੈਲਿਆ ਹੋਇਐ। ਮਨ ਦਾ ਇੱਕ ਹੋ ਜਾਣਾ ਹੀ ਕਬਰ ਦਾ ਪ੍ਰਵੇਸ਼ ਹੈ ਤਾਂ ਇੱਕ ਕਿਸ ਤਰ੍ਹਾਂ ਹੋਵੇ  ? ਮੰਗ ਮਿਟੇ ‘‘ਮਮਾ ਮਾਗਨਹਾਰ ਇਆਨਾ ’’ (ਗਉੜੀ, ਬਾਵਨ ਅਖਰੀ, ਮਹਲਾ , ਪੰਨਾ ੨੫੮)  ਇਆਣਾ ਹੈ, ਮੁਰਖ ਹੈ, ਜਿਸ ਦੇ ਮਨ ਵਿੱਚ ਹਰ ਵਕਤ ਮੰਗ ਚੱਲਦੀ ਹੈ। ਦੁਕਾਨ ’ਤੇ ਬੈਠਾ ਹੈ ਜਾਂ ਬਾਜ਼ਾਰ ਵਿੱਚ ਹੈ, ਮੰਗ ਚੱਲਦੀ ਪਈ ਹੈ ਤਾਂ ਚੱਲਣ ਦੇਵੇ, ਪਰ ਹੱਥ ਵਿੱਚ ਗੁਟਕਾ ਹੈ, ਕੀਰਤਨ ਸੁਣ ਰਿਹੈ। ਜੇਕਰ ਫਿਰ ਭੀ ਮਨ ਵਿੱਚ ਮੰਗ ਚੱਲ ਰਹੀ ਹੈ ਤਾਂ ਨਾ ਕੋਈ ਪਾਠ ਕਰ ਰਿਹੈ, ਨਾ ਕੋਈ ਕੀਰਤਨ ਸੁਣ ਰਿਹੈ, ਨਾ ਕੋਈ ਗੁਰਦੁਆਰੇ ਬੈਠਾ ਹੈ, ਨਾ ਕੋਈ ਮੰਦਿਰ ਵਿੱਚ ਬੈਠਾ ਹੈ। ਉਹ ਜੋ ਮੰਗ ਪਈ ਚੱਲਦੀ ਹੈ, ਬਸ ਉਸ ਮੰਗ ਵਿੱਚ ਹੀ ਬੈਠਾ ਹੈ, ਕਿਸੇ ਮਸਜਿਦ ਮੰਦਿਰ ਵਿੱਚ ਨਹੀਂ ਬੈਠਾ।

ਗੁਰੂ ਨਾਨਕ ਜੀ ਨੇ ਸੁਲਤਾਨਪੁਰ ਦੇ ਨਵਾਬ ਨੂੰ ਕਹਿ ਦਿੱਤਾ ਸੀ ਕਿ ਕੌਣ ਪੜ੍ਹੇ ਤੇਰੇ ਨਾਲ ਨਮਾਜ਼, ਤੂੰ ਤਾਂ ਕਾਬਲ ਵਿੱਚ ਘੋੜੇ ਪਿਆ ਖ਼ਰੀਦਦਾ ਸੀ। ਆਪਾਂ ਕਾਬਲ ਜਾ ਕੇ ਘੋੜੇ ਨਹੀਂ ਖ਼ਰੀਦਣੇ, ਇਸ ਲਈ ਮੈਂ ਨਹੀਂ ਪੜ੍ਹੀ ਤੇਰੇ ਨਾਲ ਨਿਮਾਜ਼ ਕਿਉਂਕਿ ਘੋੜੇ ਮੈਂ ਖ਼ਰੀਦਣੇ ਨਹੀਂ ਸਨ। ਮਨ ਘੋੜੇ ਖ਼ਰੀਦ ਰਿਹਾ ਸੀ। ਮੰਗ ਭਵਿੱਖ ਵਿੱਚ ਲੈ ਜਾਂਦੀ ਹੈ। ਜਿਤਨੀ ਵੱਡੀ ਮੰਗ ਹੋਵੇਗੀ। ਉਤਨਾ ਹੀ ਲੰਬਾ ਭਵਿੱਖ ਹੋਵੇਗਾ। ਮੈਂ ਇੱਕ ਝੁੱਗੀ ਬਣਾਉਣਾ ਚਾਹੁੰਦਾ ਹਾਂ ਤਾਂ ਹੋ ਸਕਦੈ ਦੋ ਘੰਟਿਆਂ ਵਿੱਚ ਬਣ ਜਾਏ, ਪਰ ਮੈਂ ਦਸ ਮੰਜ਼ਲਾ ਮਕਾਨ ਬਣਾਉਣਾ ਚਾਹੁੰਦਾ ਹਾਂ, ਦੋ ਚਾਰ ਘੰਟਿਆਂ ਵਿੱਚ ਨਹੀਂ ਬਣ ਸਕਦਾ, ਕਈ ਮਹੀਨੇ ਲੱਗਣਗੇ, ਕਈ ਸਾਲ ਲੱਗਣਗੇ। ਜਿਤਨੀ ਵੱਡੀ ਮੰਗ, ਉਤਨਾ ਜ਼ਿਆਦਾ ਸਮਾਂ ਚਾਹੀਦਾ ਹੈ, ਭਵਿੱਸ਼ ਚਾਹੀਦੈ। ਸੋ ਫਿਰ ਮਨ ਤਾਂ ਭਵਿੱਸ਼ ਵਿੱਚ ਚਲਾ ਗਿਆ। ਕੌਣ ਬਾਣੀ ਸੁਣੇਗਾ ? ਪਾਠ ਸੁਣੇਗਾ ? ਕੌਣ ਕਥਾ ਕੀਰਤਨ ਸੁਣੇਗਾ  ? ਸਾਧਨ ਇਹ ਹੈ ਕਿ ਮੰਗ ਨਾ ਚੱਲੇ ‘‘ਮਮਾ ਮਾਗਨਹਾਰ ਇਆਨਾ   ਦੇਨਹਾਰ ਦੇ ਰਹਿਓ ਸੁਜਾਨਾ ’’  (ਬਾਵਨ ਅਖਰੀ, ਮਹਲਾ , ਪੰਨਾ ੨੫੮)

ਉੱਦਮ ਕਰ ਪਰ ਮੰਗ ਤੋਂ ਬਿਨਾਂ ਕਰ ਕਿਉਂਕਿ ਬਿਨਾਂ ਮੰਗਿਆਂ ਰੱਬ ਪਵਨ ਦਿੰਦਾ ਪਿਐ। ਮੰਗ ਨੂੰ ਇੱਕ ਪਾਸੇ ਕਰ, ਬਥੇਰਾ ਕੁਝ ਮਿਲਦਾ ਜਾਏਗਾ। ਜੇਕਰ ਮਨ ਨੂੰ ਇੱਕ ਪਾਸੇ ਕਰਕੇ ਮੰਗ ਕਰੇਂ ਤਾਂ ਫਿਰ ਪਰਮਾਤਮਾ ਭੀ ਮਿਲ ਜਾਏਗਾ। ਜੇ ਪਰਮਾਤਮਾ ਮਿਲ ਗਿਆ ਤਾਂ ਸਮਝੋ ਸਭ ਕੁਝ ਮਿਲ ਗਿਆ ਸਭ ਕੁਛ ਖ਼ੁਦਾ ਸੇ ਮਾਂਗ ਲੀਆ, ਖ਼ੁਦਾ ਕੋ ਮਾਂਗ ਕਰ ਉਠਤੇ ਨਹੀਂ ਹੈਂ ਹਾਥ ਮੇਰੇ ਇਸ ਦੁਆ ਕੇ ਬਾਅਦ

ਕਹਿੰਦੈ, ਐ ਰੱਬ  ! ਜਿਸ ਦਿਨ ਦਾ ਤੈਨੂੰ ਮੰਗਿਐ, ਤੂੰ ਮਿਲ ਗਿਐਂ। ਹੁਣ ਹੋਰ ਕੋਈ ਮੰਗ ਪੈਦਾ ਹੀ ਨਹੀਂ ਹੁੰਦੀ। ਮੰਗ ਦੇ ਮਿਟਦਿਆਂ ਹੀ ਮਨ ਆ ਜਾਂਦਾ ਹੈ ਵਰਤਮਾਨ ਵਿੱਚ। ਵਰਤਮਾਨ ਦੇ ਅੱਖਰੀ ਅਰਥ ਹਨ ‘ਜਿਸ ਨੂੰ ਮੈਂ ਵਰਤ ਸਕਦਾ ਹਾਂ, ਉਹ ਵਰਤਮਾਨ ਹੈ।’ ਕੱਲ੍ਹ ਦਾ ਗੁਜ਼ਰਿਆ ਹੋਇਆ ਦਿਨ, ਕੀ ਮੈਂ ਅੱਜ ਵਰਤ ਸਕਦਾ ਹਾਂ  ? ਅੱਜ ਦੀ ਲੰਘੀ ਹੋਈ ਸਵੇਰ ਜਾਂ ਲੰਘੀ ਹੋਈ ਦੁਪਹਿਰ ਦੀ ਕੀ ਮੈਂ ਵਰਤੋਂ ਕਰ ਸਕਦਾ ਹਾਂ ? ਨਹੀਂ। ਦੁਪਹਿਰ ਤਾਂ ਗਈ, ਸਵੇਰ ਵੀ ਗਿਆ। ਸੋ ਮੈਂ ਅਰਜ਼ ਕਰਾਂ, ਦੁਪਹਿਰ ਅਤੇ ਸਵੇਰ ਤਾਂ ਬਹੁਤ ਦੂਰ ਹੈ। ਵਰਤਮਾਨ ਤਾਂ ਬਹੁਤ ਥੋੜ੍ਹਾ ਹੁੰਦਾ ਹੈ, ਬਹੁਤ ਛੋਟਾ ਜਿਹਾ। ਕਿਤਨਾ ਕੁ ਛੋਟਾ  ? ਗੁਰਬਾਣੀ ਕਹਿੰਦੀ ਹੈ ‘ਇਕ ਦਮ, ਸਿਰਫ਼ ਇਕ ਦਮ’। ਇਹ ਬੁਨਿਆਦੀ ਨੁਕਤਾ ਮੈਂ ਤੁਹਾਡੇ ਸਾਹਮਣੇ ਰੱਖ ਦੇਵਾਂ, ਇਕ ਦਮ ਹੈ ‘ਵਰਤਮਾਨ’। ਜੇਕਰ ਇਕ ਦਮ ਦਾ ਸਮਾਂ ਗਿਣੀਏ ਤਾਂ ਇਕ ਛਿਨ, ਇਕ ਸੈਕਿੰਡ ਹੀ ਇਕ ਦਮ ਹੈ। ਪਰਮਾਤਮਾ ਜਦ ਭੀ ਮਿਲੇਗਾ ਇੱਕ ਸੈਕਿੰਡ ’ਚ ਮਿਲੇਗਾ। ਵੱਡਾ ਮਹਿਲ ਇੱਕ ਸੈਕਿੰਡ ਵਿੱਚ ਨਹੀਂ ਮਿਲੇਗਾ। ਦਸ-ਮੰਜ਼ਲਾ ਮਕਾਨ ਇੱਕ ਸੈਕਿੰਡ ਵਿੱਚ ਨਹੀਂ ਬਣ ਸਕਦਾ, ਪਰ ਪਰਮਾਤਮਾ ਜਦ ਭੀ ਮਿਲੇਗਾ, ਇੱਕ ਸੈਕਿੰਡ ਵਿੱਚ ਮਿਲੇਗਾ ‘‘ਏਕ ਚਿਤ; ਜਿਹ ਇਕ ਛਿਨ ਧਿਆਇਓ ਕਾਲ ਫਾਸਿ ਕੇ ਬੀਚ ਆਇਓ ੧੦ (ਅਕਾਲ ਉਸਤਤਿ), ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ; ਨਿਮਖ ਸਿਮਰਤ ਜਿਤੁ ਛੂਟੈ ’’ (ਸੂਹੀ, ਮਹਲਾ , ਪੰਨਾ ੭੪੭)

ਪਦਾਰਥ ਜਦ ਮੈਨੂੰ ਮਿਲਣਗੇ ਇੱਕ ਸੈਕਿੰਡ ’ਚ ਨਹੀਂ ਮਿਲ ਸਕਦੇ। ਬੱਚਾ ਪੰਜ ਸਾਲ ਦਾ ਆਖੇ ਕਿ ਮੈਂ ਇੰਜੀਨੀਅਰ ਬਣਨੈ, ਨਹੀਂ ਬਣ ਸਕਦਾ, ਪਰ ਜੇ ਬੱਚਾ ਆਖੇ ਮੈਂ ਭਗਤ ਬਣਨੈ, ਇੱਕ ਸੈਕਿੰਡ ਵਿੱਚ ਬਣ ਜਾਏਗਾ। ਪ੍ਰਹਿਲਾਦ ਬਣ ਗਿਆ ਸੀ। ਧ੍ਰੂ ਬਣ ਗਿਆ ਸੀ। ਪੰਜ ਸਾਲ ਦਾ ਬੱਚਾ ਡਾਕਟਰ ਨਹੀਂ ਬਣ ਸਕਦਾ, ਇੰਜੀਨੀਅਰ ਨਹੀਂ ਬਣ ਸਕਦਾ, ਲੱਗਣਗੇ ਪੰਦਰਾਂ ਵੀਹ ਸਾਲ। ਪੰਜ ਸਾਲ ਦਾ ਬੱਚਾ ਭਗਤ ਬਣ ਸਕਦੈ, ਲੱਗੇਗਾ ਸਿਰਫ਼ ਇੱਕ ਦਮ, ਇੱਕ ਸੈਕਿੰਡ। ਵਰਤਮਾਨ ਕਿਤਨਾ ਹੈ ‘ਇੱਕ ਨਿਮਖ’। ਜਿਹੜਾ ਦਮ ਮੇਰੇ ਮੂੰਹ ਵਿੱਚ ਹੈ, ਬਸ ਇਹੀ ਵਰਤਮਾਨ ਹੈ। ਮੈਂ ਜਿਧਰ ਚਾਹਵਾਂ ਇਸ ਨੂੰ ਵਰਤ ਸਕਦਾ ਹਾਂ। ਇੱਕ ਦਮ ਵਿੱਚ ਮੈਂ ਮਿਥਿਆ ਭੀ ਬੋਲ ਸਕਦਾ ਹਾਂ। ਇਸ ਇੱਕ ਦਮ ਵਿੱਚ ਮੈਂ ਮਹਾਂ ਮੰਤਰ ਭੀ ਬੋਲ ਸਕਦਾ ਹਾਂ। ਦੁਨੀਆਂ ਦੇ ਸਾਰੇ ਮਹਾਂ ਮੰਤਰ ਇੱਕ ਦਮ ਵਿੱਚ ਖ਼ਤਮ ਹੋ ਜਾਂਦੇ ਹਨ। ਓਮ; ਇਕ ਦਮ ਵਿੱਚ ਉਚਾਰਣ ਹੋ ਜਾਂਦਾ ਹੈ। ਰਾਮ ਅਤੇ ਅੱਲ੍ਹਾ ਹੂ; ਇੱਕ ਦਮ ਵਿੱਚ ਉਚਾਰਣ ਹੋ ਜਾਂਦੇ ਹਨ। ਵਾਹਿਗੁਰੂ, ਇੱਕ ਦਮ ਵਿੱਚ ਉਚਾਰਣ ਹੋ ਜਾਂਦਾ ਹੈ। ਹੁਣ ਮੈਂ ਅਰਜ਼ ਕਰਾਂ, ਇੱਕ ਦਫ਼ਾ ਵਾਹਿਗੁਰੂ ਆਖਦਿਆਂ ਹੀ ਵਾਹਿਗੁਰੂ ਪ੍ਰਗਟ ਹੁੰਦੈ।

ਭਗਤ ਮਾਲ ਦੀ ਕਥਾ ਹੈ ਕਿ ਤਿੰਨ ਦਫ਼ਾ ਰਾਮ ਕਹਿਲਾ ਕੇ ਲੋਈ ਨੇ ਕਿਧਰੇ ਇੱਕ ਰੋਗੀ ਦਾ ਰੋਗ ਦੂਰ ਕੀਤਾ ਸੀ। ਕਬੀਰ ਕਹਿੰਦੇ ਹਨ ਕਿ ਤੂੰ ‘ਰਾਮ ਨਾਮ’ ਦੀ ਤੌਹੀਨ ਕੀਤੀ ਹੈ। ਇਕ ਦਫ਼ਾ ਰਾਮ ਕਹਿ ਕੇ ਤਾਂ ਜਨਮਾਂ-ਜਨਮਾਂਤਰਾਂ ਦੇ ਰੋਗ ਦੂਰ ਕੀਤੇ ਜਾ ਸਕਦੇ ਹਨ। ਸਾਰੇ ਨਗਰ ਦਾ ਰੋਗ ਦੂਰ ਕੀਤਾ ਜਾ ਸਕਦੈ। ਤੂੰ ਤਿੰਨ ਦਫ਼ਾ ਰਾਮ ਕਹਿਲਾਇਐ। ਇਹ ਰੱਬ ਦੇ ਨਾਮ ਦੀ ਤੌਹੀਨ ਹੈ। ਇਸ ਨੂੰ ਕਿਧਰੇ ਅਤਿਕਥਨੀ ਨਾ ਸਮਝ ਲੈਣਾ। ਕਰੋੜਾਂ ਜਨਮਾਂ ਦੇ ਪਾਪ ਇੱਕ ਛਿਨ ਵਿੱਚ ਮਿਟਣਗੇ। ਕਰੋੜਾਂ ਜਨਮਾਂ ਦੇ ਪਾਪ ਧੋਣ ਲਈ ਕਰੋੜਾਂ ਜਨਮ ਨਹੀਂ ਚਾਹੀਦੇ, ਇੱਕ ਛਿਨ ਚਾਹੀਦੈ। ਕਰੋੜਾਂ ਜਨਮਾਂ ਦੇ ਪਾਪ, ਕਰੋੜਾਂ ਜਨਮਾਂ ਦੇ ਦੁੱਖ, ਕਰੋੜਾਂ ਜਨਮਾਂ ਵਿੱਚ ਨਹੀਂ ਮਿਟਣਗੇ, ਇਕ ਛਿਨ ਵਿੱਚ ਮਿਟਣਗੇ। ਭਗਤ ਕਬੀਰ ਜੀ ਕਹਿੰਦੇ ਹਨ  ‘‘ਟੁਕੁ ਦਮੁ ਕਰਾਰੀ ਜਉ ਕਰਹੁ; ਹਾਜਿਰ ਹਜੂਰਿ ਖੁਦਾਇ ’’ (ਤਿਲੰਗ, ਭਗਤ ਕਬੀਰ, ਪੰਨਾ ੭੨੭) ਪਦ ਅਰਥ : ਟੁਕੁ ਦਮੁ- ਪਲਕ ਭਰ।, ਕਰਾਰੀ-ਇਕਾਗ੍ਰਤਾ।

ਵਰਤਮਾਨ ਦੇ ਇੱਕ ਦਮ ਵਿੱਚ ਕਿਧਰੇ ਆ ਜਾਓ, ਹਾਜ਼ਰ ਨਾਜ਼ਰ ਪਰਮਾਤਮਾ ਵਿਖਾਈ ਦੇਵੇਗਾ। ਇਹ ਦਮ ਮੇਰੇ ਮੂੰਹ ਵਿੱਚ ਹੈ। ਮੇਰੀ ਮਰਜ਼ੀ ਹੈ ਮੈਂ ਇਸ ਨੂੰ ਜਿਧਰ ਵਰਤਾਂ। ਦਮ ਨਿਕਲ ਗਿਆ, ਮੇਰੇ ਹੱਥ ਵਿੱਚ ਨਹੀਂ, ਉਹ ਤਾਂ ਭੂਤਕਾਲ ਹੋ ਗਿਆ। ਦਮ ਜਿਹੜਾ ਆਇਆ ਨਹੀਂ, ਉਹ ਤਾਂ ਭਵਿਖਕਾਲ ਹੈ ਕਿਉਂਕਿ ਅਜੇ ਆਇਆ ਨਹੀਂ।  ਮੂੰਹ ਵਾਲਾ ਦਮ ਹੀ ਵਰਤਮਾਨ ਹੈ। ਭਵਿੱਸ਼ ਕਿਤਨਾ ਹੈ ? ਬਹੁਤ ਲੰਬਾ, ਬਹੁਤ ਹੀ ਲੰਬਾ। ਭੂਤਕਾਲ ਕਿਤਨਾ ਹੈ ? ਬਹੁਤਾ ਲੰਬਾ, ਬਹੁਤ ਹੀ ਲੰਬਾ। ਪਤਾ ਨਹੀਂ ਅਸੀਂ ਕਦੋਂ ਦੇ ਹਾਂ। ਵਰਤਮਾਨ ਕਿਤਨੈ  ? ਇਕ ਦਮ। ਨਾ ਭੂਤਕਾਲ ਵਿੱਚ ਪਰਮਾਤਮਾ ਮਿਲਣੈ, ਨਾ ਭਵਿਖਕਾਲ ਵਿੱਚ ਮਿਲਣੈ। ਕੇਵਲ ਵਰਤਮਾਨ ਵਿੱਚ ਹੀ ਮਿਲਣੈ ‘‘ਵਰਤਮਾਨ ਵਿਚਿ ਵਰਤਦਾ; ਹੋਵਣਹਾਰ ਸੋਈ ਪਰਵਾਣਾ’’ (ਭਾਈ ਗੁਰਦਾਸ ਜੀ, ਵਾਰ ੧੮ ਪਉੜੀ ੨੧)

 ਹੁਣ ਮੰਗ ਸਿਮਟੇ ਤਾਂ ਧਿਆਨ ਇੱਕ ਦਮ ਵਿੱਚ ਆਵੇ। ਮੰਗਾਂ ਜਿਹੜੀਆਂ ਹਨ, ਧਿਆਨ ਨੂੰ ਲੈ ਜਾਂਦੀਆਂ ਹਨ ਭਵਿੱਸ਼ ਦੇ ਵਿੱਚ, ਬਹੁਤ ਦੂਰ ਲੈ ਜਾਂਦੀਆਂ ਹਨ। ਕੋਈ ਗੱਲ ਨਹੀਂ। ਕਮ ਅਜ਼ ਕਮ (ਘੱਟ ਤੋਂ ਘੱਟ) ਜਦ ਸਤਿਸੰਗ ਵਿੱਚ ਬੈਠੇ ਹੋ ਤਾਂ ਵਾਹਿਗੁਰੂ ਆਖੋ। ਜੇਕਰ ਉਦੋਂ ਭੀ ਮੰਗ ਚੱਲਦੀ ਹੈ ਤਾਂ ਇਹ ਵਾਹਿਗੁਰੂ ਨਹੀਂ ਕਹਿਣ ਦੇਵੇਗੀ, ਨਹੀਂ ਆਖ ਸਕੇਗਾ। ਸੋ ਉਸ ਪਰਮਾਤਮਾ ਤੋਂ ਜੋ ਨਾਦ ਪ੍ਰਗਟ ਹੋਇਆ, ਸ਼ਬਦ ਪ੍ਰਗਟ ਹੋਇਆ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਹਨ, ਉਹ ਓਅੰਕਾਰ ਸੀ ‘‘ਓਅੰਕਾਰ ਆਦਿ ਕਥਨੀ ਅਨਾਦਿ (ਜਾਪੁ ਸਾਹਿਬ), ਓਅੰਕਾਰ; ਆਦਿ ਮੈ ਜਾਨਾ   ਲਿਖਿ ਅਰੁ ਮੇਟੈ; ਤਾਹਿ ਮਾਨਾ ’’  (ਗਉੜੀ ਬਾਵਨ ਅਖਰੀ, ਭਗਤ ਕਬੀਰ, ਪੰਨਾ ੩੪੦) ਕਬੀਰ ਜੀ ਕਹਿੰਦੇ ਹਨ ਕਿ ਪਹਿਲਾ ਬੋਲ ਬ੍ਰਹਿਮੰਡ ਦਾ ਕੀ ਹੈ ? ‘ਓਅੰਕਾਰ’। ਗੁਰੂ ਨਾਨਕ ਵੀ ਕਹਿੰਦੇ ਹਨ ‘ਓਅੰਕਾਰ’। ਦਖਣੀ ਓਅੰਕਾਰ ਆਪ ਜੀ ਨੇ ਲਿਖੀ ਹੈ ‘‘ਓਅੰਕਾਰਿ; ਬ੍ਰਹਮਾ ਉਤਪਤਿ ਓਅੰਕਾਰੁ ਕੀਆ ਜਿਨਿ ਚਿਤਿ   ਓਅੰਕਾਰਿ; ਸੈਲ ਜੁਗ ਭਏ   ਓਅੰਕਾਰਿ; ਬੇਦ ਨਿਰਮਏ ’’ (ਰਾਮਕਲੀ ਓਅੰਕਾਰ, ਮਹਲਾ , ਪੰਨਾ ੯੩੦)

ਸਾਰਾ ਪਸਾਰਾ ਓਅੰਕਾਰ ਤੋਂ ਹੋਇਐ, ਧੁਨੀ ਤੋਂ ਹੋਇਐ, ਸ਼ਬਦ ਤੋਂ ਹੋਇਐ। ਜੇਕਰ ਸਭ ਕੁਝ ਸ਼ਬਦ ਦੇ ਰਾਹੀਂ ਬਾਹਰ ਆਇਐ ਤਾਂ ਸਭ ਕੁਝ ਸ਼ਬਦ ਦੇ ਰਾਹੀਂ ਅੰਦਰ ਪ੍ਰਵੇਸ਼ ਕਰੇਗਾ। ਸੋ ਸ਼ਬਦ ਦੁਆਰ ਹੈ, ਸ਼ਬਦ ਗੁਰੂ ਹੈ। ਗੁਰੂ ਦੁਆਰ ਹੈ, ਦਰਵਾਜ਼ਾ ਹੈ। ਪ੍ਰਮਾਤਮਾ ਘਰ ਹੈ, ਗੁਰੂ ਦਰ ਹੈ। ਪ੍ਰਕਾਸ਼ ਘਰ ਹੈ, ਸ਼ਬਦ ਦਰ ਹੈ। ਸ਼ਬਦ ਦਾ ਜਪ ਕਰੋ ਤੇ ਸਾਰੇ ਜਪ ਇੱਕ ਦਮ ਵਿੱਚ ਪੂਰੇ ਹੋ ਜਾਂਦੇ ਹਨ। ਮਹਾਂ ਮੰਤਰ ਇੱਕ ਦਮ ਵਿੱਚ ਪੂਰਾ ਹੋ ਜਾਂਦਾ ਹੈ। ਵਾਹਿਗੁਰੂ ਜੇਕਰ ਮੈਂ ਆਖਿਐ, ਪੂਰੇ ਧਿਆਨ ਨਾਲ ਇਸ ਨੂੰ ਸੁਣਿਐ ਤਾਂ ਇੱਕ ਦਫ਼ਾ ਵਾਹਿਗੁਰੂ ਆਖਣ ਨਾਲ ਜਨਮਾਂ-ਜਨਮਾਂਤਰਾਂ ਦੇ ਪਾਪ ਮਿਟ ਜਾਣਗੇ ‘‘ਲਖ ਮੜਿਆ ਕਰਿ ਏਕਠੇ; ਏਕ ਰਤੀ ਲੇ ਭਾਹਿ ’’ (ਆਸਾ, ਮਹਲਾ , ਪੰਨਾ ੩੫੮) ਮਹਾਰਾਜ ਕਹਿੰਦੇ ਹਨ ਕਿ ਲੱਖਾਂ ਮਣ ਲੱਕੜਾਂ ਨੂੰ ਜਲਾਉਣ ਦੀ ਖ਼ਾਤਰ ਕੋਈ ਲੱਖਾਂ ਮਣ ਅੱਗ ਨਹੀਂ ਚਾਹੀਦੀ ਹੁੰਦੀ। ਇੱਕ ਚੰਗਿਆੜੀ ਹੀ ਚਾਹੀਦੀ ਹੈ। ਬੱਸ ਇੱਕ ਚੰਗਿਆੜੀ ਨਾਲ ਜਲ ਜਾਣਗੀਆਂ ਲੱਕੜਾਂ। ਲੱਖਾਂ ਕਰੋੜਾਂ ਪਾਪਾਂ ਨੂੰ ਧੋਣ ਵਾਸਤੇ ਕੋਈ ਲੱਖਾਂ ਪੁੰਨ ਚਾਹੀਦੇ ਹਨ ? ਨਹੀਂ। ਇੱਕ ਦਮ, ਇੱਕ ਦਮ ਵਿੱਚ ਆਖਿਆ ਹੋਇਆ ਇੱਕ ਦਫ਼ਾ ਵਾਹਿਗੁਰੂ, ਬੱਸ ਧੁਲ ਜਾਣਗੇ ਪਾਪ। ਘੰਟਾ ਘੰਟਾ ਜਿਹੜਾ ਅਸੀਂ ਵਾਹਿਗੁਰੂ ਵਾਹਿਗੁਰੂ ਕਹਿੰਦੇ ਹਾਂ, ਅਸੀਂ ਭਵਿੱਖ ਵਿੱਚ ਹੁੰਦੇ ਹਾਂ। ਭੂਤਕਾਲ ਵਿੱਚ ਹੁੰਦੇ ਹਾਂ, ਪਰ ਕਹਿੰਦੇ ਰਹੀਏ ਤਾਂ ਕਿਸੇ ਦਿਨ ਉਹ ਮੂੰਹ ’ਚੋਂ ਵਾਕ ਨਿਕਲੇ, ਜਿਹੜਾ ਇੱਕ ਦਮ ਹੈ ਤੇ ਉਸ ਦਮ ਵਿੱਚ ਜਿਹੜਾ ਵਾਕ ਨਿਕਲੇ, ਉਸੇ ਵਿੱਚ ਹੀ ਸਾਡਾ ਧਿਆਨ ਆ ਜਾਏ, ਉੱਥੇ ਹੀ ਆ ਜਾਏ। ਇਸ ਵਾਸਤੇ ਧਰਮ ਨੂੰ ਕਹਿੰਦੇ ਹਨ ਧਿਆਨ-ਸਾਧਨਾ। ਧਿਆਨ ਜਾਂਦਾ ਹੈ ਭਵਿੱਸ਼ ਵਿੱਚ, ਧਿਆਨ ਜਾਂਦਾ ਹੈ ਭੂਤਕਾਲ ਵਿੱਚ। ਧਿਆਨ ਵਰਤਮਾਨ ਵਿੱਚ ਆਉਂਦਾ ਹੀ ਨਹੀਂ ਤੇ ਵਰਤਮਾਨ ਕੀ ਹੈ, ਇੱਕ ਦਮ। ਇੱਕ ਦਮ ਵਿੱਚ ਕੀ ਮੰਗੋਗੇ ਤੁਸੀਂ  ? ਕਿਹੜੀ ਮੰਗ ਨੂੰ ਜਨਮ ਦਿਓਗੇ  ? ਇੱਕ ਦਮ ਵਿੱਚ ਕੀ ਮਿਲ ਸਕਦੈ  ? ਤੁਸੀਂ ਥੋੜ੍ਹੀ ਜਿਹੀ ਭੀ ਕਲਪਨਾ ਕਰੋ ਕਿ ਇੱਕ ਦਮ ਵਿੱਚ ਕੀ ਮਿਲ ਸਕਦੈ  ? ਜੇਕਰ ਭਵਿੱਸ਼ ਚਾਹੀਦੈ। ਜਿਤਨੀ ਵੱਡੀ ਮੰਗ ਹੋਵੇਗੀ, ਉਤਨਾ ਹੀ ਵੱਡਾ ਭਵਿੱਸ਼ ਹੋਵੇਗਾ। ਹੁਣੇ ਹੀ ਅਰਜ਼ ਕੀਤੀ ਹੈ, ਇੰਜੀਨੀਅਰ ਬਣਨੈ ਤਾਂ ਪੰਦਰਾਂ ਵੀਹ ਸਾਲ ਤਾਂ ਚਾਹੀਦੇ ਹਨ। ਡਾਕਟਰ ਬਣਨੈ, ਪੰਦਰਾਂ ਵੀਹ ਸਾਲ ਤਾਂ ਚਾਹੀਦੇ ਹਨ। ਮੈਂ ਝੁੱਗੀ ਬਣਾਉਣੀ ਹੈ, ਚਲੋ ਦੋ ਚਾਰ ਘੰਟਿਆਂ ਵਿੱਚ ਬਣਾ ਲਵਾਂਗਾ, ਪਰ ਮੈਂ ਅੱਠ-ਮੰਜ਼ਲਾ ਮਕਾਨ ਬਣਾਉਣੇ, ਕਈ ਸਾਲ ਲੱਗਣਗੇ। ਜਿਤਨੀ ਵੱਡੀ ਮੰਗ ਹੋਵੇਗੀ, ਉਤਨਾ ਵੱਡਾ ਭਵਿੱਸ਼। ਮਨ ਭਵਿੱਸ਼ ਦੇ ਵਿੱਚ ਚਲਾ ਜਾਂਦਾ ਹੈ ਜਦਕਿ ਇੱਕ ਦਮ ਵਰਤਮਾਨ ਹੈ ਤੇ ਹੁਣ ਕੋਈ ਇੱਕ ਦਮ ਦੇ ਵਿੱਚ ਆ ਜਾਏ ਅਤੇ ਮੰਗ ਨੂੰ ਪਰੇ ਸੁੱਟੇ। ਇਹ ਇੱਕ ਦਮ ਵਿੱਚ ਨਹੀਂ ਆਉਣ ਦਿੰਦੀ। ਤੁਸੀਂ ਕਰ ਕੇ ਦੇਖਣਾ ਸਾਧਨਾ। ਤੁਹਾਨੂੰ ਪਤਾ ਚੱਲੇਗਾ ਕਿ ਦੁਨੀਆਂ ਵਿੱਚ ਸਭ ਤੋਂ ਔਖਾ ਕੰਮ ਇਹੀ ਹੈ ‘‘ਆਖਣਿ ਅਉਖਾ ਸਾਚਾ ਨਾਉ ’’ (ਆਸਾ, ਮਹਲਾ , ਪੰਨਾ ) ਇਹੀ ਔਖੈ, ਇਕ ਦਮ ਵਿੱਚ ਕਿਸ ਤਰ੍ਹਾਂ ਆਖੋਗੇ, ਸਾਧਨਾ ਕਰ ਕੇ ਵੇਖਣਾ। ਰਾਮ ਰਾਮ ਕਹਿ ਰਿਹੈ, ਪਰ ਮੰਗਾਂ ਇਸ ਨੂੰ ਭਵਿੱਸ਼ ਵਿੱਚ ਲੈ ਗਈਆਂ ਹਨ। ਭਵਿੱਸ਼ ਦੀ ਚਿੰਤਾ ਵਿੱਚ ਹੀ ਹੈ। ਮੰਗਾਂ ਦਾ ਜਪ ਪਿਆ ਕਰਦੈ, ਰਾਮ ਦਾ ਜਪ ਨਹੀਂ ਹੋ ਰਿਹਾ। ਕਾਮਨਾਵਾਂ ਦਾ ਜਪ ਪਿਆ ਕਰਦੈ, ਵਾਹਿਗੁਰੂ ਦਾ ਜਪ ਨਹੀਂ ਹੋ ਰਿਹਾ। ਕਾਬਲ ਵਿੱਚ ਘੋੜੇ ਖ਼ਰੀਦਦਾ ਪਿਐ, ਨਮਾਜ਼ ਨਹੀਂ ਪੜ੍ਹਦਾ। ਪਰਮਾਤਮਾ ਤਾਂ ਹੁਣ ਮਿਲੇਗਾ ਵਰਤਮਾਨ ਵਿੱਚ। ਵਰਤਮਾਨ ਨੂੰ ਮੈਂ ਆਪਣੀ ਵਰਤੋਂ ਵਿੱਚ ਲਿਆ ਸਕਦਾ ਹਾਂ। ਇਕ ਦਮ ਜਿਹੜਾ ਮੇਰੇ ਮੂੰਹ ਵਿੱਚ ਹੈ, ਮੈਂ ਕਿਧਰੇ ਭੀ ਵਰਤ ਸਕਦਾ ਹਾਂ। ਇੱਕ ਦਮ ਚਲਾ ਗਿਆ ਤਾਂ ਮੈਂ ਨਹੀਂ ਵਰਤ ਸਕਦਾ। ਇੱਕ ਦਮ ਜਿਹੜਾ ਆਇਆ ਨਹੀਂ, ਮੈਂ ਨਹੀਂ ਵਰਤ ਸਕਦਾ। ਇਸ ਵਾਸਤੇ ਗੁਰੂ ਨਾਨਕ ਸਾਹਿਬ ਜੀ ਫੁਰਮਾਉਂਦੇ ਹਨ ਕਿ ਜੇ ਕੋਈ ਮੇਰੇ ਕੋਲੋਂ ਪੁੱਛੇ ਕਿ ਮੇਰੀ ਉਮਰ ਕੀ ਹੈ  ? ‘‘ਹਮ ਆਦਮੀ ਹਾਂ ਇਕ ਦਮੀ.. ’’ (ਧਨਾਸਰੀ, ਮਹਲਾ , ਪੰਨਾ ੬੬੦) ਮੇਰੀ ਉਮਰ ਹੈ ‘ਇਕ ਦਮ’। ਇੰਝ ਕਹਿ ਰਹੇ ਹਨ ਗੁਰੂ ਨਾਨਕ ਜੀ ਕਿ ਆਪਾਂ ਇਕ ਦਮ ਵਿੱਚ ਜਿਊਂਦੇ ਹਾਂ। ਜਿਹੜੀਆਂ ਮੰਗਾਂ ਗੁਜ਼ਰੇ ਹੋਏ ਦਮਾਂ ਵਿੱਚ ਲੈ ਜਾਂਦੀਆਂ ਹਨ, ਜਿਹੜੀਆਂ ਮੰਗਾਂ ਆਉਣ ਵਾਲੇ ਦਮਾਂ ਵਿੱਚ ਲੈ ਜਾਂਦੀਆਂ ਹਨ, ਮਹਾਰਾਜ ਕਹਿੰਦੇ ਹਨ ਮੈਂ ਉਨ੍ਹਾਂ ਦਮਾਂ ਵਿੱਚ ਨਹੀਂ ਜਿਊਂਦਾ। ਉਹ ਤਾਂ ਲੰਘ ਗਏ, ਆਏ ਹੀ ਨਹੀਂ। ਜਿਹੜੇ ਦਮ ਆਏ ਹੀ ਨਹੀਂ, ਉਨ੍ਹਾਂ ਨੂੰ ਮੈਂ ਕਿਸ ਤਰ੍ਹਾਂ ਵਰਤਾਂ  ? ਉਹ ਵਰਤਮਾਨ ਨਹੀਂ ਹਨ ਅਤੇ ਜੋ ਦਮ ਲੰਘ ਗਏ, ਉਨ੍ਹਾਂ ਨੂੰ ਭੀ ਮੈਂ ਕਿਸ ਤਰ੍ਹਾਂ ਵਰਤਾਂ। ਭਾਈ ਨੰਦ ਲਾਲ ਦਾ ਇੱਕ ਵਾਕ ਯਾਦ ਆਇਐ ‘‘ਯੱਕ ਦਮ ਖ਼ੇਸ਼ ਰਾਹ ਬੁਰਦਮ ਕਿ ਕੀਸਤਮ  ?’’ ਇਕ ਨੂੰ ਫ਼ਾਰਸੀ ਵਿਚ ਯੱਕ ਕਹਿੰਦੇ ਹਨ ‘‘ਯੱਕ ਦਮ ਖ਼ੇਸ਼ ਰਾਹ ਬੁਰਦ ਕਿ ਕੀਸਤਮ  ? ਵਾਇ ਨਕਦਿ ਜ਼ਿੰਦਗੀਅਮ ਰਾਇਗਾਂ ਗੁਜ਼ੱਸ਼ਤ’’  ਨਕਦੀ ਕੀ ਹੈ  ? – ‘ਯੱਕ ਦਮ’। ਉਧਾਰ ਕੀ ਹੈ  ? – ‘ਹਜ਼ਾਰਾਂ ਦਮ’, ਜਿਹੜੇ ਅਜੇ ਆਉਣੇ ਹਨ, ਆਏ ਕੋਈ ਨਹੀਂ। ਪਤਾ ਨਹੀਂ ਆਉਣੇ ਭੀ ਹਨ ਕਿ ਨਹੀਂ ਤੇ ਖ਼ਰਚ ਕਿਹੜਾ ਕੀਤੈ  ? ਜਿਹੜੇ ਦਮ ਚਲੇ ਗਏ। ਉਹ ਹੱਥ ਵਿੱਚ ਨਹੀਂ। ਜਿਹੜੇ ਮੈਂ ਖ਼ਰਚ ਕਰ ਦਿੱਤੇ, ਉਹ ਵੀ ਹੱਥ ’ਚ ਨਹੀਂ, ਜਿਹੜੇ ਅਜੇ ਆਉਣੇ ਹਨ ਉਹ ਭੀ ਹੱਥ ’ਚ ਨਹੀਂ। ਹੱਥ ਵਿੱਚ ਹੈ ਇੱਕ ਦਮ। ਮਹਾਰਾਜ ਕਹਿੰਦੇ ਹਨ ‘ਉਮਰ ਇੱਕ ਦਮ ਤੋਂ ਜ਼ਿਆਦਾ ਨਹੀਂ’। ਤੁਸੀਂ ਆਖੋਗੇ ਕਿ ਇੱਕ ਦਮ ਵਿੱਚ ਕੀ ਮਿਲ ਸਕਦੈ  ? ਇੱਕ ਦਮ ਵਿੱਚ ਰੱਬ ਮਿਲ ਸਕਦੈ। ਇੱਕ ਦਮ ਵਿੱਚ ਪਰਮਾਤਮਾ ਮਿਲ ਸਕਦੈ ‘‘ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ; ਨਿਮਖ ਸਿਮਰਤ ਜਿਤੁ ਛੂਟੈ ’’ (ਸੂਹੀ, ਮਹਲਾ , ਪੰਨਾ ੭੪੭) ਨਿਮਖ, ਇੱਕ ਸੈਕਿੰਡ। ਇੱਕ ਦਮ ਵਿੱਚ ਪਰਮਾਤਮਾ ਮਿਲ ਸਕਦਾ ਹੈ ‘‘ਟੁਕੁ ਦਮੁ ਕਰਾਰੀ ਜਉ ਕਰਹੁ; ਹਾਜਿਰ ਹਜੂਰਿ ਖੁਦਾਇ ’’ (ਤਿਲੰਗ, ਭਗਤ ਕਬੀਰ, ਪੰਨਾ ੭੨੭) ਸਭ ਪਦਾਰਥਾਂ ਦਾ ਮਿਲਣਾ ਭਾਵ  ਕੁਝ ਭੀ ਨਹੀਂ ਮਿਲਣਾ। ਪਰਮਾਤਮਾ ਦਾ ਮਿਲਣਾ, ਸਭ ਕੁਝ ਦਾ ਮਿਲਣਾ ਹੈ। ਇਸ ਨੂੰ ਇੰਜ ਲੈਣਾ ‘‘ਸਭੇ ਇਛਾ ਪੂਰੀਆ; ਜਾ ਪਾਇਆ ਅਗਮ ਅਪਾਰਾ (ਸੂਹੀ, ਮਹਲਾ , ਪੰਨਾ ੭੪੭) ਪਰਮਾਤਮਾ ਦਾ ਮਿਲਣਾ, ਸਭ ਕੁਝ ਦਾ ਮਿਲਣਾ ਹੈ। ਸਭ ਕੁਝ ਦਾ ਮਿਲਣਾ, ਕੁਝ ਭੀ ਨਹੀਂ ਮਿਲਣਾ ‘‘ਸਗਲ ਸ੍ਰਿਸਟਿ ਕੋ ਰਾਜਾ ਦੁਖੀਆ   ਹਰਿ ਕਾ ਨਾਮੁ ਜਪਤ ਹੋਇ ਸੁਖੀਆ ’’ (ਗਉੜੀ, ਸੁਖਮਨੀ, ਮਹਲਾ , ਪੰਨਾ ੨੬੪) ਮੈਂ ਫਿਰ ਦੁਹਰਾਵਾਂ, ਸਭ ਕੁਝ ਦਾ ਮਿਲਣਾ, ਕੁਝ ਭੀ ਨਹੀਂ ਮਿਲਣਾ, ਪ੍ਰਭੂ ਦਾ ਮਿਲ ਜਾਣਾ, ਸਭ ਕੁਝ ਦਾ ਮਿਲ ਜਾਣਾ ਹੈ ਸਭ ਕੁਝ ਖ਼ੁਦਾ ਸੇ ਮਾਂਗ ਲੀਆ ਖ਼ੁਦਾ ਕੋ ਮਾਂਗ ਕਰ ਉਠਤੇ ਨਹੀਂ ਹੈਂ ਹਾਥ ਮੇਰੇ ਇਸ ਦੁਆ ਕੇ ਬਾਅਦ

ਹੋ ਸਕਦੈ ਕਿ ਇੱਕ ਦਮ ਵਿੱਚ ਮਿਲ ਜਾਵੇ। ਮੈਂ ਜ਼ਿਆਦਾ ਸਮਾਂ ਨਾ ਲਵਾਂ, ਅੰਮ੍ਰਿਤ ਵੇਲੇ ਜਦ ਉੱਠ ਕੇ ਵਾਹਿਗੁਰੂ ਵਾਹਿਗੁਰੂ ਆਖੋ ਤਾਂ ਹੁਣ ਪੂਰੇ ਧਿਆਨ ਨਾਲ ਉਸ ਨੂੰ ਸੁਣੋ। ਪੂਰਾ ਧਿਆਨ ਤਾਂ ਹੀ ਸੁਣ ਸਕੇਗਾ ਜੇਕਰ ਉਸ ਵਕਤ ਕੋਈ ਮੰਗ ਨਾ ਚੱਲੇ, ਫੁਰਨਾ ਹੋਰ ਹੋਵੇ ਹੀ ਨਾ, ਨਹੀਂ ਤਾਂ ਕਾਮਨਾਵਾਂ, ਵਾਸਨਾਵਾਂ, ਮੰਗਾਂ, ਉਸ ਇੱਕ ਦਮ ਵਿੱਚ ਨਹੀਂ ਆਉਣ ਦਿੰਦੀਆਂ। ਜੇਕਰ ਕੋਈ ਆ ਗਿਐ ਇਕ ਦਮ ਵਿੱਚ ਤਾਂ ਉਸੇ ਦਮ ਵਿੱਚ ਖ਼ੁਦਾ ਹਾਜ਼ਰ ਨਾਜ਼ਰ ਵਿਖ ਜਾਂਦਾ ਹੈ। ਇਸੇ ਨੂੰ ਹੀ ਕਬੀਰ ਜੀ ਕਹਿੰਦੇ ਹਨ ‘‘ਬੇਦ ਕਤੇਬ ਇਫਤਰਾ ਭਾਈ ! ਦਿਲ ਕਾ ਫਿਕਰੁ ਜਾਇ   ਟੁਕੁ ਦਮੁ ਕਰਾਰੀ ਜਉ ਕਰਹੁ; ਹਾਜਿਰ ਹਜੂਰਿ ਖੁਦਾਇ ’’ (ਤਿਲੰਗ, ਭਗਤ ਕਬੀਰ, ਪੰਨਾ ੭੨੭)

ਇਹ ਵਿਅਕਤੀਗਤ ਬੰਦਗੀ ਹੈ। ਅੰਮ੍ਰਿਤ ਵੇਲੇ ਉਠ ਕੇ ਪੰਦਰਾਂ ਵੀਹ ਮਿੰਟ ਵਾਹਿਗੁਰੂ ਵਾਹਿਗੁਰੂ ਜਪਣੈ। ਮਸਾਂ ਕਿਧਰੇ ਉਹ ‘ਅਸਲ’, ਇਸ ਦਫ਼ਾ ਦਾ ਵਾਹਿਗੁਰੂ ਆਖਿਆ ਜਾਏ। ਇਕ ਦਮ ਇਕ ਦਫ਼ਾ ਦਾ ਵਾਹਿਗੁਰੂ ਕਿਧਰੇ ਮੂੰਹ ਵਿੱਚੋਂ ਨਿਕਲੇ, ਜਿਸ ਦੇ ਨਾਲ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਏ। ਸਭ ਕੁਝ ਦੀ ਪ੍ਰਾਪਤੀ ਲਈ ਬਹੁਤ ਵੱਡਾ ਭਵਿੱਸ਼ ਚਾਹੀਦੈ ਪ੍ਰੰਤੂ ਪਰਮਾਤਮਾ ਦੀ ਪ੍ਰਾਪਤੀ ਲਈ ਇਕ ਨਿਮਖ ਚਾਹੀਦੈ। ਲੰਬੇ ਚੌੜੇ ਭਵਿੱਸ਼ ਵਿੱਚ ਜਾਣਾ ਬੜਾ ਆਸਾਨ ਹੈ, ਇਕ ਦਮ ਵਿੱਚ ਆਉਣਾ ਬੜਾ ਔਖਾ ਹੈ। ਸਭ ਕੁਝ ਜਿਹੜਾ ਇਤਨਾ ਖਲੇਰਿਐ, ਇਹ ਸਭ ਸਮੇਟਣਾ ਪੈਂਦਾ ਹੈ। ਹਾਫ਼ਿਜ਼ ਕਹਿੰਦੈ ਮਰਾ ਦਰ ਮੰਜ਼ਿਲੇ ਜਾਨਾਂ ਚਿ ਅਮਨੇ ਐਸ਼ ਨੂੰ ਹਰ ਦਮ ਜਰਸ ਫ਼ਰੀਆਦ ਮੇਨਾਲਦ ਕਿ ਬਰਬੰਦੇਦ ਮਹਮਿਲਹਾਇਹ ਫ਼ਕੀਰ ਕਹਿੰਦੈ, ਆਪਣਾ ਸਾਮਾਨ ਮੈਂ ਬੜਾ ਖਲੇਰ ਬੈਠਾ ਹਾਂ ਤੇ ਘੜਿਆਲ ਵੱਜ ਗਿਐ। ਪੁਰਾਣੇ ਸਮੇਂ ਕਾਰਵਾਂ ਚੱਲਦੇ ਸਨ। ਊਠਾਂ ਦੇ ਕਾਫ਼ਲੇ, ਰਸਤੇ ਵਿੱਚ ਆਰਾਮ ਕਰਦੇ ਸਨ ਤੇ ਜਦ ਚੱਲਣੈ ਤਾਂ ਉਹ ਘੜਿਆਲ ਵਜਾਂਦੇ ਸਨ, ਬਈ ਅੰਮ੍ਰਿਤ ਵੇਲਾ ਹੋ ਗਿਐ, ਸਾਮਾਨ ਬੰਨ੍ਹ ਤੇ ਊਠਾਂ ’ਤੇ ਲੱਦੋ, ਅਸਾਂ ਚੱਲਣੈ। ਇਹ ਫ਼ਕੀਰ ਕਹਿੰਦੈ, ਦਿਨ ਭਰ ਚੱਲਣਾ, ਸਾਮਾਨ ਖੋਲ੍ਹਣਾ ਤੇ ਅੰਮ੍ਰਿਤ ਵੇਲੇ ਘੜਿਆਲ ਦਾ ਵੱਜਣਾ, ਫਿਰ ਸਾਮਾਨ ਲਪੇਟਣਾ ਤੇ ਫਿਰ ਚੱਲਣਾ, ਇਹ ਕੋਈ ਜ਼ਿੰਦਗੀ ਹੈ  ? ਇਹ ਕੋਈ ਜੀਵਨ ਹੈ  ? ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਹਨ ਜਰਸ ਬੇਹੂਦਾ ਮੇਨਾਲਦ, ਕੁਜਾ ਬੰਦੇਮ ਮਹਮਿਲਹਾ

ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਹਨ ਕਿ ਹਾਫ਼ਿਜ਼  ! ਇਹ ਘੜਿਆਲ ਬੇਹੂਦਾ ਪਿਆ ਬੋਲਦੈ। ਅਸੀਂ ਇਤਨਾ ਸਾਮਾਨ ਕਦੀ ਲੱਦਿਆ ਹੀ ਨਹੀਂ, ਨਾ ਖਲੇਰਿਐ। ਅਸੀਂ ਤਿਆਰ ਹੀ ਬੈਠੇ ਹਾਂ। ਸਾਡੀ ਨਿੱਤ ਚੱਲਣ ਦੀ ਤਿਆਰੀ ਹੈ। ਤਿਆਰ ਹੀ ਬੈਠੇ ਹਾਂ। ਇਧਰ ਵਾਹਿਗੁਰੂ ਆਖਿਆ ਤੇ ਵਾਹਿਗੁਰੂ ਨਾਲ ਜੁੜ ਗਏ। ਹੁਣ ਜਿਸ ਦਾ ਸਾਮਾਨ ਬਹੁਤ ਖਲੇਰਿਆ ਪਿਐ, ਕਹਿੰਦੇ ਹਨ ਮਨ ਖਿੰਡਿਆ ਹੋਇਐ, ਵਾਹਿਗੁਰੂ ਵਾਹਿਗੁਰੂ ਆਖਦਾ ਪਿਐ। ਪਹਿਲੇ ਸਾਰਾ ਸਾਮਾਨ ਖਲੇਰਿਆ ਹੋਇਆ ਸਮੇਟੋ ਤਾਂ ਸਹੀ, ਇਕੱਠਾ ਤਾਂ ਕਰੋ। ਭਾਈ ਸਾਹਿਬ ਕਹਿੰਦੇ ਹਨ ‘ਅਸੀਂ ਇਤਨਾ ਸਾਮਾਨ ਇਕੱਠਾ ਹੀ ਨਹੀਂ ਕੀਤਾ। ਖਲੇਰਿਆ ਹੀ ਨਹੀਂ। ਇਕ ਦਫ਼ਾ ਵਾਹਿਗੁਰੂ ਆਖਦੇ ਹਾਂ ਤੇ ਜੁੜ ਜਾਂਦੇ ਹਾਂ । ਮਨ ਕਦੀ ਖਿੰਡਾਇਆ ਹੀ ਨਹੀਂ । ਮਨ ਖਿੰਡਾਂਦੀਆਂ ਨੇ ਕਾਮਨਾਵਾਂ, ਮਨ ਖਿੰਡਾਂਦੀਆਂ ਨੇ ਵਾਸਨਾਵਾਂ। ਬਹੁਤ ਦੂਰ ਤਕ ਲੈ ਜਾਂਦੀਆਂ ਹਨ ਮਨ ਨੂੰ। ਘੱਟ ਤੋਂ ਘੱਟ ਇਹ ਧਿਆਨ-ਸਾਧਨਾ, ਜਿਸ ਵਕਤ ਵਾਹਿਗੁਰੂ ਵਾਹਿਗੁਰੂ ਕਰੀਏ, ਉਸ ਸਮੇਂ ਤਾਂ ਸੁਚੇਤ ਰਹੀਏ। ਉਸ ਸਮੇਂ ਤਾਂ ਕੋਈ ਮੰਗ ਨਾ ਹੋਵੇ ਕਿਉਂਕਿ ਉਹ ਤਾਂ ਭਵਿੱਸ਼ ਵਿੱਚ ਲੈ ਜਾਏਗੀ, ਇਕ ਦਮ ਵਿੱਚ ਆਉਣ ਨਹੀਂ ਦੇਵੇਗੀ।

ਮੈਂ ਫਿਰ ਅਰਜ਼ ਕਰਾਂ, ਸਭ ਕੁਝ ਮਿਲਣ ਲਈ ਭਵਿੱਸ਼ ਚਾਹੀਦੈ ਅਤੇ ਪਰਮਾਤਮਾ ਨੂੰ ਮਿਲਣ ਲਈ ਵਰਤਮਾਨ ਚਾਹੀਦੈ। ਸਭ ਕੁਝ ਮੈਨੂੰ ਮਿਲੇ, ਦਸ ਸਾਲ, ਵੀਹ ਸਾਲ, ਪੰਜਾਹ ਸਾਲ ਚਾਹੀਦੇ ਹਨ। ਹੋ ਸਕਦੇ ਮੈਨੂੰ ਨਾ ਮਿਲੇ, ਮੇਰੇ ਪੁੱਤਰਾਂ ਨੂੰ ਮਿਲੇ, ਮੇਰੇ ਪੋਤਰਿਆਂ ਨੂੰ ਮਿਲੇ। ਮੈਂ ਇਕ ਅੰਬ ਦਾ ਬੂਟਾ ਲਾਇਐ ਅੱਜ, ਪਤਾ ਨਹੀਂ ਪੰਦਰਾਂ ਸਾਲ ਬਾਅਦ ਫਲ਼ ਲੱਗਣੇ ਹਨ ਕਿ ਨਹੀਂ, ਮੈਂ ਖਾਣੇ ਹਨ ਕਿ ਨਹੀਂ। ਭਵਿੱਸ਼ ਬੜਾ ਲੰਬਾ ਹੈ, ਸਭ ਕੁਝ ਦੀ ਪ੍ਰਾਪਤੀ ਲਈ ਲੰਬਾ ਚੌੜਾ ਭਵਿੱਸ਼ ਚਾਹੀਦਾ ਹੈ। ਜਿਤਨਾ ਬਹੁਤਾ ਕੁਝ ਚਾਹੀਦਾ ਹੈ, ਉਤਨਾ ਲੰਬਾ ਭਵਿੱਸ਼ ਹੈ। ਪਰਮਾਤਮਾ ਚਾਹੀਦੈ-ਇੱਕ ਦਮ, ਇੱਕ ਸੈਕਿੰਡ। ਲੰਬੇ ਚੌੜੇ ਭਵਿੱਖ ਵਿੱਚ ਚਲੇ ਜਾਣਾ, ਧਿਆਨ ਨੂੰ ਖਿੰਡਾਣਾ ਆਸਾਨ ਹੈ, ਇੱਕ ਦਮ ਵਿੱਚ ਆਉਣਾ ਬੜਾ ਔਖਾ ਹੈ। ਇਹ ਬੁਨਿਆਦੀ ਗੱਲ, ਮੈਂ ਆਪ ਜੀ ਦੇ ਸਾਹਮਣੇ ਰੱਖੀ ਹੈ। ਜਿਤਨੇ ਚਿਰ ਤੱਕ ਮੰਗ ਚੱਲਦੀ ਪਈ ਹੈ, ਰਾਮ ਰਾਮ ਕਰ ਰਿਹੈ, ਵਾਹਿਗੁਰੂ ਵਾਹਿਗੁਰੂ ਕਰ ਰਿਹੈ, ਅੱਲ੍ਹਾ ਅੱਲ੍ਹਾ ਕਰ ਰਿਹੈ। ਕਾਬਲ ਵਿੱਚ ਘੋੜੇ ਖ਼ਰੀਦਦਾ ਪਿਐ, ਕੋਈ ਨਮਾਜ਼ ਨਹੀਂ ਪੜ੍ਹਦਾ, ਕੋਈ ਰਾਮ ਰਾਮ ਨਹੀਂ, ਕੋਈ ਵਾਹਿਗੁਰੂ ਵਾਹਿਗੁਰੂ ਨਹੀਂ ਕਰ ਰਿਹਾ। ਜਦ ਵਰਤਮਾਨ ਵਿੱਚ ਆ ਗਿਆ ਤਾਂ ਵਾਹਿਗੁਰੂ ਆਖਣਾ ਭੀ ਚੁੱਪ ਹੋ ਜਾਏਗਾ, ਜ਼ਬਾਨ ਚੁੱਪ ਹੋ ਜਾਏਗੀ ਕਿਉਂਕਿ ਉਹ ਵਾਹਿਗੁਰੂ ਦਾ ਰੂਪ ਹੋ ਜਾਏਗਾ ‘‘ਏਕੁ ਸਬਦੁ ਮੇਰੈ ਪ੍ਰਾਨਿ ਬਸਤੁ ਹੈ; ਬਾਹੁੜਿ ਜਨਮਿ ਆਵਾ (ਬਿਲਾਵਲੁ, ਮਹਲਾ , ਪੰਨਾ ੭੯੫), ਸਮਸਤੁਲ ਜੁਬਾਂ ਹੈਂ ਕਿ ਸਾਹਿਬ ਕਿਰਾ ਹੈਂ ’’ (ਜਾਪੁ ਸਾਹਿਬ) ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਕਿ ਪਤਾ ਨਹੀਂ ਕਿਤਨੀਆਂ ਜ਼ਬਾਨਾਂ ਵਿੱਚੋਂ ਮੈਂ ਤੇਰੀ ਆਵਾਜ਼ ਸੁਣ ਰਿਹਾ ਹਾਂ। ਇਸ ਦਾ ਮਤਲਬ ਹੈ ਕਿ ਮਨ ਚੁੱਪ ਕਰ ਗਿਆ ਹੈ। ਹੁਣ ਤਾਂ ‘‘ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ; ਸੁ ਬਿਨੁ ਹਰਿ ਜਾਪਤ ਹੈ ਨਹੀ ਹੋਰ (ਮਲਾਰ, ਮਹਲਾ , ਪੰਨਾ ੧੨੬੫), ਠਾਕੁਰੁ ਹਮਰਾ ਸਦ ਬੋਲੰਤਾ ’’ (ਭੈਰਉ, ਮਹਲਾ , ਪੰਨਾ ੧੧੬੦) ਜਾਂ ਮੈਂ ਬੋਲਾਂ ਜਾਂ ਠਾਕੁਰ ਬੋਲੇ ਜਾਂ ਠਾਕੁਰ ਚੁੱਪ ਕਰੇ ਜਾਂ ਮੈਂ ਚੁੱਪ ਕਰਾਂ। ਨਹੀਂ, ਮੈਂ ਠਾਕੁਰ ਨੂੰ ਸੁਣਨਾ ਹੈ, ਮੈਂ ਹੀ ਚੁੱਪ ਕਰਾਂ ਤਾਂ ਹੀ ਗੱਲ ਬਣੇਗੀ।

ਕਈਆਂ ਨੇ ਇਹ ਸੋਚਿਐ ਕਿ ਚੱਲੋ ਜ਼ਬਾਨ ਨੂੰ ਚੁੱਪ ਕਰਾਈਏ, ਗੱਲ ਬਣ ਜਾਏਗੀ। ਨਹੀਂ, ਮਨ ਨੂੰ ਹੀ ਚੁੱਪ ਕਰਾਉਣਾ ਪਵੇਗਾ। ਜ਼ਬਾਨ ਦੇ ਚੁੱਪ ਹੋਣ ਨਾਲ ਮਨ ਨਹੀਂ ਚੁੱਪ ਹੁੰਦਾ ‘‘ਚੁਪੈ ਚੁਪ ਹੋਵਈ..’’ (ਜਪ), ਸ਼ਬਦ ਦੇ ਜਪ ਨਾਲ ਸਿੱਧਾ ਮਨ ਨੂੰ ਚੁੱਪ ਕਰਾਉਣਾ ਪੈਂਦਾ ਹੈ। ਇਤਨੀ ਗਹਿਰੀ ਸਰੋਤ ਸੁਣਨਾ ਕਿ ਸੁਣਨਾ, ਸਮਝ ਬਣ ਜਾਏ। ਪਤੈ, ਸੁਰਤ ਦੇ ਅਰਥ ਕੀ ਹਨ ? ਜਵਾਬ ਹੈ ‘ਸੁਣਨਾ’।  ਸੁਰਤ ਦੇ ਅਰਥ ਹਨ ‘ਸਮਝਣਾ’। ਸੁਰਤ ਦੇ ਅਰਥ ਹਨ ‘ਜੁੜਨਾ’। ਕੋਈ ਸੁਣ ਰਿਹੈ, ਬਈ ਸੁਰਤ ਵਿੱਚ ਹੈ। ਸਮਝ ਆ ਗਈ, ਇਸ ਨੂੰ ਸੁਰਤ ਆ ਗਈ। ਇਹ ਜੁੜ ਗਿਐ, ਇਸ ਦੀ ਸੁਰਤ ਜੁੜ ਗਈ। ਇੱਕੋ ਹੀ ਸ਼ਬਦ ਹੈ ਅਤੇ ਅਰਥ ਭਿੰਨ ਹਨ ‘ਸੁਰਤ ਸੁਣਨਾ, ਸੁਰਤ ਸਮਝਣਾ, ਸੁਰਤ ਜੁੜਨਾ’। ਵਾਹਿਗੁਰੂ ਵਾਹਿਗੁਰੂ ਉਚਾਰਣ ਕਰਨੈ, ਇਸ ਨੂੰ ਸੁਣਨੈ, ਤਾਂ ਕਿਧਰੇ ਸੁਣਦਿਆਂ ਸੁਣਦਿਆਂ ਸਮਝ ਆ ਜਾਏ।  ਸੁਣਦਿਆਂ ਸੁਣਦਿਆਂ ਇੱਕ ਦਿਨ ਸਮਝ ਆ ਜਾਏਗੀ। ਮਨ ਜਿਵੇਂ ਜਿਵੇਂ ਸਿਮਟੇਗਾ, ਵਰਤਮਾਨ ਦੀ ਤਰਫ਼ ਆਏਗਾ, ਰਸ ਬਣਦਾ ਜਾਏਗਾ, ਬੋਝ ਕੁਝ ਹਲਕਾ ਹੁੰਦਾ ਜਾਏਗਾ ਤੇ ਜਦੋਂ ਮਨ ਵਰਤਮਾਨ ਵਿੱਚ ਆ ਗਿਆ, ਪਰਮਾਤਮਾ ਪ੍ਰਗਟ ਹੋ ਗਿਆ ਤਾਂ ਸਾਰੇ ਭਾਰ ਲਹਿ ਜਾਂਦੇ ਹਨ। ਸਤਿਗੁਰੁ ਸਾਰਿਆਂ ਦੀ ਐਸੀ ਅਵਸਥਾ ਬਣਾਏ। ਜਿਹੜਾ ਵਰਤਮਾਨ ਵਿੱਚ ਆ ਜਾਂਦਾ ਹੈ, ਉਸ ਦਾ ਭੂਤਕਾਲ ਅਤੇ ਭਵਿੱਸ਼ ਮਿਟ ਜਾਂਦਾ ਹੈ। ਜਨਮ ਮਰਨ ਹੀ ਮਿਟ ਜਾਂਦਾ ਹੈ। ਯਾਤਰਾ ਸਫਲ ਹੋ ਜਾਂਦੀ ਹੈ।  ਸੰਸਾਰ ਦੇ ਉੱਤੇ ਆਇਆ ਸਫਲ ਹੋ ਜਾਂਦਾ ਹੈ।

ਸਿੱਖ ਮੱਤ ਅਤੇ ਸੰਸਾਰ

0

ਸਿੱਖ ਮੱਤ ਅਤੇ ਸੰਸਾਰ

ਸਿਰਦਾਰ ਕਪੂਰ ਸਿੰਘ

3 ਨਵੰਬਰ 1974 ਈ: ਨੂੰ ਵਿਦਵਾਨ ਲੇਖਕ ਸਿਰਦਾਰ ਕਪੂਰ ਸਿੰਘ ਜੀ ਕੈਨੇਡਾ (ਟੋਰਾਂਟੋ) ਗਏ। ਉੱਥੇ ਜਾ ਕੇ ਉਨ੍ਹਾਂ ਨੂੰ ਇਹ ਜਾਣਕਾਰੀ ਮਿਲੀ ਕਿ ਉੱਥੋਂ ਦੀ ਯੂਨੀਵਰਸਿਟੀ ਦੇ ਇੱਕ ਵਿਭਾਗ ਵੱਲੋਂ 5 ਨਵੰਬਰ ਨੂੰ ਇੱਕ ਸਭਾ ਕੀਤੀ ਜਾ ਰਹੀ ਹੈ, ਜਿਸ ਵਿੱਚ ਇਹ ਵੀਚਾਰ ਕੀਤੀ ਜਾਣੀ ਸੀ ਕਿ ਸੰਸਾਰ ਦੇ ਸਾਰੇ ਧਰਮ ਮਿਲ ਕੇ ਦੁਨੀਆਂ ਨੂੰ ਦਰਪੇਸ਼ ਜੰਗ ਤੇ ਭੁੱਖਮਰੀ ਦੇ ਖ਼ਤਰਿਆਂ ਦੇ ਹੱਲ ਲਈ ਜਿਹੜੀ ਕਿ ਅਜੋਕੇ ਮਨੁੱਖੀ ਸਮਾਜ ਦੀ ਫ਼ੌਰੀ ਲੋੜ ਹੈ, ਬਾਰੇ ਕੀ ਮਦਦ ਕਰ ਸਕਦੇ ਹਨ ?

ਸਿਰਦਾਰ ਕਪੂਰ ਸਿੰਘ ਜੀ ਨੇ ਦੇਖਿਆ ਕਿ ਆਯੋਜਕਾਂ ਨੇ ਕਿਸੇ ਸਿੱਖ ਨੂੰ ਇਸ ਵੀਚਾਰ ਵਿੱਚ ਹਿੱਸਾ ਲੈਣ ਲਈ ਨਹੀਂ ਬੁਲਾਇਆ ਸੀ, ਭਾਵੇਂ ਕਿ ਇਸ ਇੱਕਠ ਲਈ ਪਿਛਲੇ ਇੱਕ ਸਾਲ ਤੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ।

ਜਦੋਂ ਉਨ੍ਹਾਂ ਨੇ ਇਸ ਦਾ ਕਾਰਨ ਜਾਣਨਾ ਚਾਹਿਆ ਤਾਂ ਦੱਸਿਆ ਗਿਆ ਕਿ ਸਿੱਖ ਧਰਮ ਨੂੰ ਵਿਸ਼ਵ ਧਰਮ ਅਤੇ ਸੁਤੰਤਰ ਧਰਮ ਨਹੀਂ ਮੰਨਿਆ ਜਾਂਦਾ। ਇਹ ਮੰਨ ਲਿਆ ਗਿਆ ਹੈ ਕਿ ਜੇ ਚਰਚਾ ਦੌਰਾਨ ਸਿੱਖ ਧਰਮ ਦਾ ਕੋਈ ਹਵਾਲਾ ਕਿਧਰੇ ਦੇਣਾ ਜ਼ਰੂਰੀ ਹੋ ਗਿਆ ਤਾਂ ਇਹ ਕੰਮ ਹਿੰਦੂ ਮੱਤ ਦੇ ਪ੍ਰਤੀਨਿਧੀ ਹੀ ਕਰ ਲੈਣਗੇ।

ਸਿਰਦਾਰ ਜੀ ਨੇ ਇਸ ਚਰਚਾ ਵਿੱਚ ਸਿੱਖਾਂ ਦੇ ਬੁਲਾਰੇ ਵਜੋਂ ਸ਼ਾਮਲ ਹੋਣ ਦੀ ਇੱਛਾ ਪ੍ਰਗਟ ਕੀਤੀ ਤਾਂ ਉਨ੍ਹਾਂ ਨੂੰ ਇਸ ਲਈ ਧੰਨਵਾਦ ਸਹਿਤ ਰਸਮੀ ਸੱਦਾ ਦਿੱਤਾ ਗਿਆ।

ਇਸ ਮੌਕੇ ਹਿੰਦੂ, ਬੁੱਧ (ਹੀਨਯਾਨ, ਮਹਾਯਾਨ, ਤੰਤਰਯਾਨ, ਤਿੱਬਤੀ ਬੁੱਧ ਧਰਮ) ਧਰਮਾਂ ਦੇ ਪ੍ਰਤੀਨਿਧੀ ਭਾਰਤ, ਲੰਕਾ ਤਿੱਬਤ, ਕੋਰੀਆ, ਉੱਤਰੀ ਵੀਅਤਨਾਮ ਤੇ ਭੂਟਾਨ ਵਿੱਚੋਂ ਅਤੇ ਇਸਲਾਮ ਦੇ ਸੁੰਨੀ, ਸ਼ੀਆ, ਅਹਿਮਦੀ ਤੇ ਇਸਮਾਇਲੀ ਫ਼ਿਰਕਿਆਂ ਦੇ ਪ੍ਰਤੀਨਿਧੀ ਅਤੇ ਮਸੀਹੀ ਧਰਮ ਦੇ ਪ੍ਰਮੁਖ ਫ਼ਿਰਕਿਆਂ ਦੇ ਤੇ ਯਹੂਦੀ ਮੱਤ ਦੇ ਕੋਈ 50-60 ਸ੍ਰੇਸ਼ਟ ਪ੍ਰਤੀਨਿਧੀ ਵੀ ਪਹੁੰਚੇ ਹੋਏ ਸਨ।

ਸਿਰਦਾਰ ਕਪੂਰ ਸਿੰਘ ਜੀ ਨੇ ਇਸ ਛੋਟੇ ਜਿਹੇ ਪਰਚੇ ਵਿੱਚ ਇਹ ਮੱਤ ਪ੍ਰਸਤੁਤ ਕੀਤਾ ਹੈ ਕਿ ਸੰਸਾਰ ਨੂੰ ਦਰਪੇਸ਼ ਜਿਨ੍ਹਾਂ ਮੁਸ਼ਕਲਾਂ ਬਾਰੇ ਇਹ ਪ੍ਰਤੀਨਿਧ ਵੀਚਾਰ ਕਰਨ ਲਈ ਪਹੁੰਚੇ ਹਨ, ਉਨ੍ਹਾਂ ਪ੍ਰਤੀ ਸਿੱਖ ਧਰਮ ਦੀ ਪਹੁੰਚ ਬਹੁਤ ਮਹੱਤਵ ਰੱਖਦੀ ਹੈ।

ਅਨੁਵਾਦਕ

(1). ਮੇਰਾ ਖਿਆਲ ਹੈ ਕਿ ਧਰਮਾਂ ਦੀ ਬਾਹਰੀ ਦਿੱਖ ਤੇ ਮਰਯਾਦਾ ਦੇ ਨੁਕਤੇ ਤੋਂ ਸਰਸਰੀ ਨਜ਼ਰ ਨਾਲ ਵੇਖਿਆਂ ਵੱਖ-ਵੱਖ ਧਰਮਾਂ ਨੂੰ ਪੰਜ ਸ਼੍ਰੇਣੀਆਂ ਵਿੱਚ ਰੱਖਿਆ ਜਾ ਸਕਦਾ ਹੈ :-

(ੳ). ਪਹਿਲੀ ਸ਼੍ਰੇਣੀ ਵਿੱਚ ਉਹ ਮੱਤ ਆਉਂਦੇ ਹਨ, ਜਿਨ੍ਹਾਂ ਦਾ ਆਧਾਰ ਨਸਲ ਹੈ ਤੇ ਇਨ੍ਹਾਂ ਮੱਤਾਂ ਦਾ ਨਿਸ਼ਚਾ ਹੈ ਕਿ ਰੱਬ ਵੱਲੋਂ ਪ੍ਰਾਪਤ ਹੋਣ ਵਾਲੇ ਲਾਭਾਂ ਦੇ ਅਧਿਕਾਰੀ ਉਨ੍ਹਾਂ ਨੂੰ ਮੰਨਣ ਵਾਲੇ ਅਨੁਯਾਈ ਹੀ ਹਨ; ਇਨ੍ਹਾਂ ਮੱਤਾਂ ਦੇ ਅਨੁਯਾਈਆਂ ਦਾ ਵਿਸ਼ਵਾਸ ਹੁੰਦਾ ਹੈ ਕਿ ਉਨ੍ਹਾਂ ਦਾ ਮੱਤ ਰੱਬ ਵੱਲੋਂ ਥਾਪੇ ਸ੍ਰੇਸ਼ਟ-ਵਰਗ ਭਾਵ ‘ਚੁਣੇ ਹੋਏ ਲੋਕਾਂ’ ਲਈ ਸਦੀਵੀ ਤੌਰ ’ਤੇ ਰਾਖਵਾਂ ਹੈ, ਜਿਨ੍ਹਾਂ ਨੇ ਰੱਬ ਨਾਲ ਇਕਰਾਰ ਕੀਤਾ ਹੈ। ਯਹੂਦੀ ਮੱਤ ਇਸ ਸ਼੍ਰੇਣੀ ਦੇ ਧਰਮਾਂ ਦੀ ਉੱਘੀ ਮਿਸਾਲ ਹੈ।

(ਅ). ਦੂਜੀ ਸ਼੍ਰੇਣੀ ਵਿੱਚ ਉਹ ਮੱਤ ਆਉਂਦੇ ਹਨ ਜਿਨ੍ਹਾਂ ਦਾ ਦਾਅਵਾ ਹੈ ਕਿ ਉਹ ਸਾਰੇ ਲੋਕਾਂ ਲਈ ਖੁਲ੍ਹੇ ਹਨ, ਬਸ਼ਰਤੇ ਕਿ ਲੋਕ ਉਨ੍ਹਾਂ ਦੇ ਧਰਮ ਨੂੰ ਧਾਰਨ ਕਰਨ ਅਤੇ ਉਨ੍ਹਾਂ ਦੇ ਧਰਮ ਦੇ ਸੂਤਰਾਂ ਨੂੰ ਸੱਚ ਦਾ ਇੱਕੋ ਇੱਕ ਖ਼ਜ਼ਾਨਾ ਪ੍ਰਵਾਨ ਕਰ ਲੈਣ। ਵਿਸ਼ਵ ਵਿਆਪੀ ਧਰਮਾਂ ਦੀ ਇਸ ਸ਼੍ਰੇਣੀ ਵਿੱਚ ਮਸੀਹੀ ਧਰਮ ਤੇ ਇਸਲਾਮ ਗਿਣੇ ਜਾ ਸਕਦੇ ਹਨ।

(ੲ). ਤੀਜੀ ਸ਼੍ਰੇਣੀ ਵਿੱਚ ਉਹ ਮੱਤ ਆਉਂਦੇ ਹਨ ਜਿਹੜੇ ਇਸ ਗੱਲ ਉੱਪਰ ਜ਼ੋਰ ਦਿੰਦੇ ਹਨ ਕਿ ਸਰਵਉਚ ਧਾਰਮਿਕ ਅਨੁਭਵ ਵਿਸ਼ੇਸ਼ ਭੂਗੋਲਿਕ ਤੇ ਸਭਿਆਚਾਰਕ ਵਾਤਾਵਰਣ ਦੇ ਸੰਦਰਭ ਵਿੱਚ ਜੀਵਾਤਮਾ ਦੇ ਕਈ ਜਨਮਾਂ ਤੇ ਪੁਨਰ-ਜਨਮਾਂ ਦੀ ਲੜੀ ਦਾ ਅੰਤਮ ਸਿੱਟਾ ਹੁੰਦਾ ਹੈ। ਸਪਸ਼ਟ ਹੈ ਕਿ ਇਸ ਸ਼੍ਰੇਣੀ ਦੇ ਮੱਤਾਂ ਅਨੁਸਾਰ ਸੱਚੇ ਧਰਮ ਦਾ ਮਾਰਗ ਤੇ ਪ੍ਰਾਪਤੀਆਂ, ਕੇਵਲ ਵਿਸ਼ੇਸ਼ ਨਸਲ ਤੇ ਖਾਸ ਭੂਗੋਲਿਕ ਖਿੱਤੇ ਦੇ ਲੋਕਾਂ ਤੱਕ ਹੀ ਸੀਮਤ ਹਨ। ਇਸ ਕਰ ਕੇ ਕੋਈ ਹਿੰਦੂ ਦਾਅਵਾ ਕਰਦਾ ਹੈ, ‘ਰੱਬ ਦੀ ਵਿਸ਼ੇਸ਼ ਕਿਰਪਾ ਕਰ ਕੇ ਹੀ – ਕੋਈ ਮਨੁੱਖ ਹਿੰਦੂ ਵਜੋਂ ਭਾਰਤ ਦੀ ਪਵਿੱਤਰ ਧਰਤੀ ਉੱਪਰ ਜਨਮ ਲੈਂਦਾ ਹੈ; ਹੋਰ ਥਾਂਵਾਂ ’ਤੇ ਜੰਮਣਾ ਦੁੱਖ ਤੇ ਨਿਰਾਸ਼ਤਾ ਦੇਣ ਵਾਲਾ, ਵਿਅਰਥ ਜਨਮ ਹੈ।’  ਵਿਸ਼ਨੂੰ ਪੁਰਾਣ ਵਿੱਚ ਲਿਖਿਆ ਗਿਆ ਹੈ:-

ਕ੍ਰਿਸ਼ਣਾਨੁਗ੍ਰਹਤੋ ਲਬਧਵਾ ਮਾਨਵ ਜਨਮ ਭਾਰਤੇ, ਅਨਯਸਥਾਨੇ ਵ੍ਰਿਥਾ ਜਨਮ ਨਿਸ਼ਫਲਨਯ ਗਤਾਗਤਮ ।

ਇਸ ਸਿਧਾਂਤ ਦੀ ਮੂਲ ਧਾਰਨਾ ਇਹ ਹੈ ਕਿ ਵਰਤਮਾਨ ਸਮੇਂ ਦੇ ਅਣਗਿਣਤ ਨਿਜੀ ਅਨੁਭਵ ਅਤੇ ਸਰੀਰਕ ਲੱਛਣ, ਪਿਛਲੇ ਕੀਤੇ ਕਰਮਾਂ ਦੀ ਰਹਿੰਦ-ਖੂੰਹਦ ਦਾ ਹੀ ਪ੍ਰਗਟਾਵਾ ਹੈ। ਇੱਕ ਹਿੰਦੂ ਅਨੁਸਾਰ ਪਹਿਲੀਆਂ ਦੋਹਾਂ ਸ਼੍ਰੇਣੀਆਂ ਦੇ ਮੱਤਾਂ ਨੂੰ ਮੰਨਣ ਵਾਲਿਆਂ ਦੇ ਅਸਪਸ਼ਟ ਵਰਤਾਰਿਆਂ ਤੇ ਰਹੱਸਵਾਦੀ ਸ਼ਕਤੀਆਂ ਦੇ ਗਹਿਰੇ ਅਧਿਐਨ ਤੋਂ ਬਾਅਦ ਜਿਹੜੀਆਂ ਖਾਮੀਆਂ ਨਜ਼ਰ ਆਉਂਦੀਆਂ ਹਨ, ਉਨ੍ਹਾਂ ਦੀ ਸਮਝ ਹਿੰਦੂ ਮੱਤ ਦੀ ਪੂਰਬ- ਵਰਣਿਤ ਧਾਰਨਾ ਨੂੰ ਮੰਨਣ ਤੇ ਸਵੀਕਾਰਨ ਨਾਲ ਹੀ ਆ ਸਕਦੀ ਹੈ। ਇਹੀ ਭਾਰਤ ਵਿੱਚ ਕਿਸੇ ਹਿੰਦੂ ਪਰਿਵਾਰ ਵਿੱਚ ਜਨਮ ਲੈਣ ਦੇ ਦਾਅਵੇ ਨੂੰ ਤਰਕ ਪ੍ਰਦਾਨ ਕਰਦੀ ਹੈ।

(ਸ). ਚੌਥੀ ਸ਼੍ਰੇਣੀ ਦੇ ਮੱਤਾਂ ਦੀ ਮੂਲ ਧਾਰਨਾ ਇਹ ਹੈ ਕਿ ਧਾਰਮਿਕ ਅਨੁਭਵ ਗੈਰ-ਬੌਧਿਕ ਤੇ ਅਕੱਥ ਹੁੰਦਾ ਹੈ, ਇਸ ਦਾ ਅਰਥ ਇਹ ਹੈ ਕਿ ਧਾਰਮਿਕ ਅਨੁਭਵ ਧਰਮ ਦੀ ਵਿਵਹਾਰਕ ਪੱਧਰ ਉੱਪਰ ‘ਉਪਾਅ’ ਭਾਵ ਕਿ ਆਰਜ਼ੀ ਸਾਧਨ ਹੈ, ਨਾ ਕਿ ਸਿਧਾਂਤ, ਸੰਕਲਪ ਜਾਂ ਵਿਸ਼ਵਾਸ।

ਇਹ ਉਪਾਅ ਉਸ ਹਸਤੀ ਵਾਂਗ ਅਸਥਿਰ ਹੁੰਦੇ ਹਨ ਜਿਸ ਨੂੰ ਰੂਹਾਨੀ ਖੁਰਾਕ ਪ੍ਰਦਾਨ ਕਰਨ ਦਾ ਇਹ ਸਾਧਨ ਹੁੰਦੇ ਹਨ। ਬੁੱਧ ਧਰਮ ਜਿਹੜਾ ਕਿ ਹਿੰਦੂ ਧਰਮ ਦਾ ਹੀ ਇਕ ਨਿਰਯਾਤ ਰੂਪ ਹੈ, ਇਸ ਸ਼੍ਰੇਣੀ ਦਾ ਮੱਤ ਹੈ। ਬੁੱਧ ਮੱਤ ਦੀਆਂ ਕਈ ਸ਼ਾਖਾਵਾਂ ਹਨ; ਜਿਵੇਂ : ‘ਹੀਨਯਾਨ’ ਜਿਸ ਨੂੰ ਮੂਲ ਰੂਪ ਵਿੱਚ ਨੈਤਿਕ-ਦਾਰਸ਼ਨਿਕ ਧਰਮ ਕਿਹਾ ਜਾਂਦਾ ਹੈ, ‘ਮਹਾਯਾਨ’, ‘ਵੈਰਯਾਨ’, ‘ਤੰਤਰਯਾਨ’, ‘ਮੰਤਰਯਾਨ’,‘ਤਿੱਬਤੀ ਬੁੱਧ ਮੱਤ’ ਅਤੇ ‘ਜੈਨ’।

(ਹ). ਧਰਮਾਂ ਦੀ ਪੰਜਵੀ ਸ਼੍ਰੇਣੀ ਵਿੱਚ ਉਹ ਧਰਮ ਹਨ, ਜਿਨ੍ਹਾਂ ਦਾ ਨਿਸ਼ਾਨਾ ਕੱਟੜਤਾ ਤਿਆਗਣਾ ਹੈ ਅਤੇ ਇਹ ਉਸ ਧਾਰਮਿਕ ਅਨੁਭਵ ਵੱਲ ਸੇਧਿਤ ਕਰਦੇ ਹਨ ਜਿਸ ਨੂੰ ਹਰ ਧਰਮ ਦਾ ਅਨੁਯਾਈ ਅਨੁਭਵ ਕਰ ਸਕਦਾ ਹੈ; ਇਸ ਲਈ ਇਹ ਧਰਮ ਕਿਸੇ ਸਿਧਾਂਤ, ਕਿਸੇ ਵਿਸ਼ਵਾਸ ਨਾਲ ਟਕਰਾਉਂਦੇ ਨਹੀਂ ਅਤੇ ਇਨ੍ਹਾਂ ਦਾ ਨਿਸ਼ਾਨਾ ਧਰਮ ਬਦਲੀ ਨਹੀਂ ਸਗੋਂ ਧਾਰਮਿਕ ਜੀਵਨ ਜੀਊਣਾ ਹੈ ਅਤੇ ਇਉਂ ਇਹ ਧਰਮ ਇੱਕ ਪੁੱਲ ਵਾਂਗ ਕੰਮ ਕਰਦਾ ਹੈ, ਨਾ ਕਿ ਵਿਸ਼ਵਵਿਆਪੀ ਜੇਤੂ ਵਾਂਗ, ਜਿਵੇਂ ਕਿ ਇਸਲਾਮ ਤੇ ਮਸੀਹੀ ਧਰਮਾਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਲੋਕ ਵੱਧ ਤੋਂ ਵੱਧ ਉਨ੍ਹਾਂ ਦੇ ਹੀ ਧਰਮ ਵਿੱਚ ਸ਼ਾਮਲ ਹੋਣ।

 ਸਿੱਖ ਧਰਮ ਪੰਜਵੀ ਸ਼੍ਰੇਣੀ ਦਾ ਧਰਮ ਹੈ, ਜਿਹੜਾ ਕਿ ਦੂਜੇ ਸਿਧਾਂਤਾਂ ਤੇ ਵਿਸ਼ਵਾਸਾਂ ਨੂੰ ਪੂਰੀ ਤਰ੍ਹਾਂ ਰੱਦ ਨਹੀਂ ਕਰਦਾ, ਸਗੋਂ ਧਰਮ ਬਦਲਣ ਦੀ ਥਾਂ ਸੰਵਾਦ ਦੀ ਯਾਚਨਾ ਕਰਦਾ ਹੈ ਤਾਂ ਜੋ ਧਾਰਮਿਕ ਤੰਗ-ਨਜ਼ਰੀ ਤੋਂ ਅੱਗੇ ਵਧਿਆ ਜਾਵੇ। ਇਹ ਇਸ ਗੱਲ ਦਾ ਪ੍ਰਚਾਰ ਕਰਦਾ ਹੈ ਕਿ ਨਾ ਤਾਂ ਵਿਸ਼ਵ-ਵਿਆਪੀ ਸੰਕਲਪ ਦਿੱਤਾ ਜਾਵੇ, ਨਾ ਸੰਸ਼ਲੇਸ਼ਣ (ਇੱਕੋ ਰੂਪ) ਜਾਂ ਸਮਨਵੈ (ਸਮਾਨੰਤਰ) ਕਰ ਕੇ ਧਰਮਾਂ ਨੂੰ ਮਿਲਾਇਆ ਜਾਵੇ ਬਲਕਿ ਹਰ ਕਿਸੇ ਨੂੰ ਆਪਣੇ ਧਰਮ ਦੀ ਸੋਚ, ਸ਼ਰਧਾ ਤੇ ਕਰਮ ਵਿੱਚ ਗਹਿਰਾਈ ਤੀਕ ਜਾਣਾ ਚਾਹੀਦਾ ਹੈ। ਇਸ ਦਾ ਖ਼ਿਆਲ ਹੈ ਕਿ ਹਰ ਜਿਊਂਦੇ ਧਰਮ ਦੀ ਗਹਿਰਾਈ ਵਿੱਚ ਕੋਈ ਅਜਿਹਾ ਨੁਕਤਾ ਹੁੰਦਾ ਹੈ, ਜਿਹੜਾ ਇਸ ਦੇ ਮਹੱਤਵ ਨੂੰ ਖੋਰਾ ਲਾਉਂਦਾ ਹੈ ਅਤੇ ਇਹ ਨੁਕਤਾ ਰੂਹਾਨੀ ਆਜ਼ਾਦੀ ’ਤੇ ਰੋਕ ਲਾ ਕੇ ਕੱਟੜਤਾ ਵਾਲੀ ਵੰਡ ਪਾਉਂਦਾ ਹੈ ।

(2). ਪਹਿਲੀ ਸ਼੍ਰੇਣੀ ਦੇ ਧਰਮਾਂ ਨੇ ਰਾਜਨੀਤਕ ਤੇ ਸਮਾਜਿਕ ਯੋਗਤਾ ਦੁਆਰਾ ਆਪਣਾ ਨਿਵੇਕਲਾ ਦਬ-ਦਬਾਅ, ਪਹਿਲਾਂ ਵਾਲੀ ਸ਼ਨਾਖ਼ਤ ਅਤੇ ਵਿਸ਼ੇਸ਼ ਅਧਿਆਤਮਕ ਅਧਿਕਾਰਾਂ ਵਾਲਾ ਰੁਤਬਾ; ਬਰਕਰਾਰ ਰੱਖੇ ਹਨ।

(3). ਦੂਜੀ ਸ਼੍ਰੇਣੀ ਦੇ ਧਰਮਾਂ ਵਿੱਚੋਂ ਈਸਾਈ ਮੱਤ ਦਾ ਵਿਸ਼ਵਾਸ ਹੈ ਕਿ ਚੀਜ਼ਾਂ ਦੀ ਪ੍ਰਕਿਰਤੀ ਵਿੱਚ ਸੰਸਾਰ ਲਈ ਦੈਵੀ-ਪ੍ਰੇਮ ਹੈ, ਜਿਸ ਦਾ ਨਿਸ਼ਾਨਾ ਦੁੱਖ ਸਹਿ ਕੇ ਨਵੇਂ ‘ਰਾਜ’ ਦੀ ਸਥਾਪਨਾ ਲਈ ਕੰਮ ਕਰਨਾ ਹੈ, ਜਿੱਥੇ ਸਾਰੇ ਕੰਮ ਰੱਬ ਦੇ ਹੁਕਮ ਅਨੁਸਾਰ ਹੋਣਗੇ; ਜਿਵੇਂ ਕਿ ਸਵਰਗ ਵਿੱਚ ਹੁੰਦਾ ਹੈ।

(4). ਦੂਜੀ ਸ਼ੇਣੀ ਵਿੱਚ ਆਉਂਦੇ ਇਸਲਾਮ ਦਾ ਨਿਸ਼ਾਨਾ ‘ਅਲ-ਜਹਾਦ’ ਲਈ ਵਾਹ ਲਾਉਣੀ ਹੈ ਤਾਂ ਜੋ ਸੰਸਾਰ ਵਿੱਚ ਉਨ੍ਹਾਂ ਨਿਯਮਾਂ ਨੂੰ ਲਾਗੂ ਕੀਤਾ ਜਾ ਸਕੇ ਜਿਹੜੇ ਆਕਾਸ਼ਬਾਣੀ ਰਾਹੀਂ ਆਏ ਤੇ ਮੁਹੰਮਦ ਸਾਹਿਬ ਵੱਲੋਂ ਦਿੱਤੇ ਗਏ ਹਨ। ਇਸ ਧਰਮ ਅਨੁਸਾਰ ਰੱਬ ਨੇ ਮਨੁੱਖ ਤੇ ਸੰਸਾਰ ਦੀ ਰਚਨਾ ਇਸੇ ਉਦੇਸ਼ ਲਈ ਕੀਤੀ ਹੈ ਅਤੇ ‘ਤਲਵਾਰ ਦੀ ਵਰਤੋਂ’ ਦੀ ਨੀਤੀ ਪ੍ਰਯੋਗ ਕਰਨੀ ਵਿਧਾਨ ਹੈ; ਜਿਵੇਂ ਕਿ ‘ਸ਼ਰਾ ਤਹਾਤੁਸ ਸ਼ੈਫਵਿੱਚ ਜ਼ਿਕਰ ਹੈ।

(5). ਤੀਜੀ ਸ਼੍ਰੇਣੀ ਦੇ ਧਰਮ; ਦੂਜਿਆਂ ਤੋਂ ਅਲੱਗ-ਥਲੱਗ, ਸਵੈ-ਸਮਰਥ ਤੇ ਸਵੈ-ਇਜਾਰੇਦਾਰੀ (ਏਕਾਧਿਕਾਰੀ) ਵਾਲੇ ਹਨ ਤੇ ਬਾਹਰੀ ਦਖ਼ਲ ਨੂੰ ਬਰਦਾਸ਼ਤ ਨਹੀਂ ਕਰਦੇ ਅਤੇ ਆਪਣੀ ਅੰਦਰੂਨੀ ਪਵਿੱਤਰਤਾ ਨੂੰ ਕਾਇਮ ਰੱਖਦੇ ਹਨ।

(6). ਚੌਥੀ ਸ਼੍ਰੇਣੀ ਦੇ ਧਰਮ ਗ਼ੈਰ-ਸਮਾਜਕ ਅਤੇ ਗ਼ੈਰ-ਸੰਸਥਾਤਮਿਕ ਹਨ ਅਤੇ ਮਨੁੱਖ ਵਿੱਚ ਨਿੱਜੀ ਪੱਧਰ ਦੀ ਚੇਤਨਾ ਜਗਾਉਂਦੇ ਹਨ, ਨਾ ਕਿ ਉਸ ਨੂੰ ਪੂਰੇ ਸਮਾਜ ਦਾ ਅੰਗ ਮੰਨਦੇ ਹਨ। ਇਨ੍ਹਾਂ ਧਰਮਾਂ ਅਨੁਸਾਰ ‘ਪ੍ਰਜਨਾ’ ਭਾਵ ਕਿ ਪਰਾ-ਗਿਆਨ ਮਨੁੱਖ ਨੂੰ ਸਾਰੇ ਨਾਮਾਂ ਤੇ ਰੂਪਾਂ ਦੀਆਂ ਸੀਮਾਵਾਂ ਤੋਂ ਮੁਕਤ ਕਰਦਾ ਹੈ।

(7). ਪੰਜਵੀਂ ਸ਼੍ਰੇਣੀ ਦੇ ਧਰਮਾਂ ਵਿੱਚ ਸਿੱਖ ਧਰਮ ਆਉਂਦਾ ਹੈ ਜੋ ਕਿ ਸਾਰੇ ਧਰਮਾਂ ਦੀ ਏਕਤਾ ਨੂੰ ਮਾਨਤਾ ਦਿੰਦਾ ਹੈ । ਇਸ ਦਾ ਕਹਿਣਾ ਹੈ ਕਿ ਸਾਰੇ ਧਰਮਾਂ ਵਿੱਚ ਕੁਝ ਖਾਮੀਆਂ ਹਨ, ਜਿਨ੍ਹਾਂ ਕਰਕੇ ਇਨ੍ਹਾਂ ਵਿੱਚ ਬੁਨਿਆਦੀ ਸੰਕਲਪਾਂ; ਜਿਵੇਂ ਪਰਮ-ਸੱਚ ਅਤੇ ਜਗਤ ਪ੍ਰਤੀ ਦ੍ਰਿਸ਼ਟੀਕੋਣ ਬਾਰੇ ਮੱਤਭੇਦ ਹੁੰਦੇ ਹਨ, ਜੋ ਕਿ ਬੇਮੇਲ ਤੱਤਾਂ ਕਾਰਨ ਇਨ੍ਹਾਂ ਦਰਮਿਆਨ ਸੱਚਾ ਤੇ ਪੱਕਾ ਮੇਲ ਪੈਦਾ ਕਰਨ ਵਿੱਚ ਰੁਕਾਵਟ ਪਾਉਂਦੇ ਹਨ। ਸਿੱਖ ਧਰਮ ਵੱਖ-ਵੱਖ ਧਰਮਾਂ ਤੇ ਉਨ੍ਹਾਂ ਦੇ ਅਨੁਯਾਈਆਂ ਨਾਲ ਖੁਲ੍ਹ ਕੇ ਸੰਵਾਦ ਕਰਦਾ ਹੈ ਤਾਂ ਜੁ ਮਜ਼੍ਹਬੀ ਸੰਕੀਰਨਤਾ ਦੇ ਘੇਰੇ ਵਿੱਚੋਂ ਬਾਹਰ ਆਇਆ ਜਾ ਸਕੇ ਅਤੇ ਸਾਰੇ ਧਰਮਾਂ ਦੀ ਗਹਿਰਾਈ ਵਿੱਚ ਪਏ ਧਾਰਮਿਕ ਪ੍ਰਗਟਾਅ ਨੂੰ ਸਮਝਿਆ ਜਾ ਸਕੇ। ਇਸ ਦੇ ਸਿੱਟੇ ਵਜੋਂ ਸਿੱਖ ਧਰਮ ਅਨੇਕਵਾਦੀ, ਆਜ਼ਾਦ ਤੇ ਅਗਾਂਹਵਧੂ ਮਨੁੱਖੀ ਸਮਾਜ ਦੀ ਮੰਗ ਕਰਦਾ ਹੈ ਜਿਹੜਾ ਰੱਬ ਵੱਲ ਝੁਕਾਅ ਰੱਖੇ ਅਤੇ ਝਗੜਾਲੂ ਨਾ ਹੋਵੇ ਸਗੋਂ ਬੁਰਾਈ ਵਿਰੁੱਧ ਜਥੇਬੰਦਕ ਪ੍ਰਤੀਰੋਧ ਕਰਨ ਤੇ ਜੂਝਣ ਲਈ ਦ੍ਰਿੜ੍ਹ ਤੇ ਹਮੇਸ਼ਾਂ ਤਤਪਰ ਹੋਵੇ। ਇਸ ਸਭ ਕੁਝ ਨੂੰ ਸਿਰੇ ਚਾੜ੍ਹਨ ਲਈ ਸਿੱਖ ਧਰਮ ਭਲੇ ਲੋਕਾਂ ਦੇ ਜਥੇਬੰਦਕ ਤੇ ਸਾਂਝੇ ਯਤਨਾਂ ਦੀ ਸਿਫ਼ਾਰਸ਼ ਕਰਦਾ ਹੈ ਅਤੇ ਇਹ ਵੀ ਸੰਕੇਤ ਕਰਦਾ ਹੈ ਕਿ ਇਸ ਛੋਟੇ ਜਿਹੇ ਪਰਚੇ ਦੇ ਘੇਰੇ ਵਿੱਚ ਨਹੀਂ ਆਉਂਦਾ।

1984 ਚ ਸਿੱਖ ਸਿਆਸਤ ਸਾਜ਼ਿਸ਼ ਦਾ ਸ਼ਿਕਾਰ ਹੋਈ ਸੀ

0

ਸਾਹਿਬੁ ਮੇਰਾ ਨੀਤ ਨਵਾ..॥

0

ਸਾਹਿਬੁ ਮੇਰਾ ਨੀਤ ਨਵਾ..॥

ਗਿਆਨੀ ਬਲਜੀਤ ਸਿੰਘ (ਡਾਇਰੈਕਟਰ ਆਫ ਐਜੂਕੇਸ਼ਨ) ਰੋਪੜ

ਮਨੁੱਖੀ ਜ਼ਿੰਦਗੀ ਨਵੀਨਤਾ ਨੂੰ ਪਿਆਰ ਕਰਦੀ ਹੈ। ਇਸ ਲਈ ਹਮੇਸ਼ਾਂ ਨਵੇਂ ਧਨ ਵੱਲ ਵੱਧਣਾ ਲੋਚਦੀ ਹੈ ਇਸ ਨੂੰ ਨਵੇਂ ਕੱਪੜੇ, ਨਵੀਂ ਗੱਡੀ ਆਦਿ ਬਹੁਤ ਪਿਆਰੇ ਲੱਗਦੇ ਹਨ ਫਿਰ ਮਨੁੱਖ ਸਮੇਂ ਦੀ ਨਵੀਨਤਾ ਵੀ ਲੋਚਦਾ ਹੈ।

ਦੁਨੀਆਂ ਦਾ ਕੋਈ ਆਲਮ ਫ਼ਾਜਿਲ ਸ੍ਰਿਸ਼ਟੀ ਰਚਨਾ ਬਾਰੇ ਸੰਪੂਰਨ ਰੂਪ ਵਿੱਚ ਇਸ ਦੇ ਆਦਿ ਤੋਂ ਅੰਤ ਤੱਕ ਕੁਝ ਵੀ ਦੱਸਣ ਦੇ ਸਮਰਥ ਨਹੀਂ ਹੋ ਸਕਿਆ। ਕੀਕਣ ਹੋਇਆ ਤੇ ਕੀਕੂੰ ਹੋਇਆ ਖਪ ਖਪ ਮੂਏ ਸਿਆਣੇ, ਦਾ ਗੁੱਝਾ ਭੇਦ ਹੀ ਬਣਿਆ ਹੋਇਆ ਹੈ। ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕਰਕੇ ਰੱਬੀ ਗਿਆਨ ਬਖ਼ਸ਼ਿਆ ਕਿ ‘‘ਕਵਣੁ ਸੁ ਵੇਲਾ  ? ਵਖਤੁ ਕਵਣੁ  ? ਕਵਣ ਥਿਤਿ  ? ਕਵਣੁ ਵਾਰੁ ? ਕਵਣਿ ਸਿ ਰੁਤੀ  ? ਮਾਹੁ ਕਵਣੁ ? ਜਿਤੁ ਹੋਆ ਆਕਾਰੁ ਵੇਲ ਪਾਈਆ ਪੰਡਤੀ; ਜਿ ਹੋਵੈ ਲੇਖੁ ਪੁਰਾਣੁ ਵਖਤੁ ਪਾਇਓ ਕਾਦੀਆ; ਜਿ ਲਿਖਨਿ ਲੇਖੁ ਕੁਰਾਣੁ ਥਿਤਿ ਵਾਰੁ ਨਾ ਜੋਗੀ ਜਾਣੈ; ਰੁਤਿ ਮਾਹੁ ਨਾ ਕੋਈ ਜਾ ਕਰਤਾ ਸਿਰਠੀ ਕਉ ਸਾਜੇ; ਆਪੇ ਜਾਣੈ ਸੋਈ (ਜਪੁ ਜੀ/ਮਹਲਾ /)  ਭਾਵ ਇਸ ਵਿਵਾਦ ਦਾ ਨਿਬੇੜਾ ਫ਼ੈਸਲਾਕੁਨ ਗੱਲ ਕੀਤੀ ਕਿ ਸ੍ਰਿਸ਼ਟੀ ਰਚਨਾ ਕਦੋਂ ਆਰੰਭ ਹੋਈ ਬਾਰੇ ਵਾਹਿਗੁਰੂ ਅਕਾਲ ਪੁਰਖ ਹੀ ਜਾਣਦਾ ਹੈ, ਕੋਈ ਹੋਰ ਸ਼ਕਤੀ ਇਸ ਦੀ ਵਿਆਖਿਆ ਨਹੀਂ ਕਰ ਸਕਦੀ, ਉਸ ਦੇ ਮਹਾਨ ਕ੍ਰਿਸ਼ਮੇ ਨੂੰ ਕਿਸੇ ਸੰਮਤ, ਈਸਵੀ ਜਾ ਹਿਜਰੀ ਸਾਲਾਂ ਵਿੱਚ ਸੀਮਿਤ ਨਹੀਂ ਕੀਤਾ ਜਾ ਸਕਦਾ।

ਸੰਨ 1609 ਤੋਂ 1613 ਵਿਚਕਾਰ ਪਹਿਲੀ ਵਾਰ ਇਟਲੀ ਦੇ ਖਗੋਲ ਵਿਗਿਆਨੀ ਗੈਲੀਲੀਓ ਗੈਲੀਲੀ (15-2-1564 ਤੋਂ 8-1-1642) ਨੇ ਸ਼ਕਤੀਸ਼ਾਲੀ ਦੂਰਬੀਨ ਦਾ ਨਿਰਮਾਣ ਕਰ ਚੰਦ, ਸ਼ੁਕਰ, ਬ੍ਰਹਸਪਤੀ ਆਦਿ ਗ੍ਰਹਿ ਦੀ ਚਾਲ ਨੂੰ ਵੇਖਿਆ ਅਤੇ ਸੂਰਜ ਦੁਆਲੇ ਧਰਤੀ ਸਮੇਤ ਇਹ ਸਾਰੇ ਗ੍ਰਹਿ ਘੁੰਮਣ ਦੀ ਗੱਲ ਕੀਤੀ। ਇਹ ਗੱਲ ਤਤਕਾਲੀਨ ਵਿਗਿਆਨੀ ਅਤੇ ਈਸਾਈ ਚਰਚ ਦੀਆਂ ਧਾਰਮਿਕ ਮਾਨਤਾਵਾਂ ਵਿਰੁੱਧ ਸੀ, ਜਿਸ ਕਾਰਨ 1633 ਵਿੱਚ ਇਸ ਮਹਾਨ ਵਿਅਕਤੀ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਭਾਵੇਂ ਕਿ ਗੈਲੀਲੀਓ ਦੁਆਰਾ ਮੁਆਫ਼ੀ ਮੰਗਣ ਉਪਰੰਤ ਇਹ ਸਜ਼ਾ ਘਰ-ਕੈਦ ਵਿੱਚ ਬਦਲੀ ਗਈ ਸੀ, ਜਿੱਥੇ ਉਨ੍ਹਾਂ ਦਾ 77 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ।

ਵਿਗਿਆਨ ਨੇ ਸਿੱਧ ਕੀਤਾ ਕਿ ਧਰਤੀ; ਸੂਰਜ ਦੁਆਲੇ ਲਗਭਗ 365 ਦਿਨਾਂ ਵਿੱਚ ਇੱਕ ਚੱਕਰ ਪੂਰਾ ਕਰਦੀ ਹੈ ਤਾਂ ਉਨ੍ਹਾਂ ਲੋਕਾਂ ਨੂੰ ਗੈਲੀਲੀਓ ਦੇ ਉਸ ਕਥਨ ਅੱਗੇ ਝੁਕਣਾ ਪਿਆ ਤੇ 5 ਅਕਤੂਬਰ 1989 ਨੂੰ ਪੋਪ ਸੇਂਟ ਜੋਹਨਪਾਲ ਨੇ ਟੀ. ਵੀ. ’ਤੇ ਗੈਲੀਲੀਓ ਦੀ ਆਤਮਾ ਤੋਂ ਮੁਆਫੀ ਮੰਗੀ ਤੇ ਮੰਨਿਆ ਕਿ ਪੁਲਾੜ ਵਿਗਿਆਨੀ ਠੀਕ ਕਹਿੰਦਾ ਸਾਡੀ ਸੋਚ ਜਾਂ ਧਾਰਨਾ ਹੀ ਗ਼ਲਤ ਸੀ ਪਰ ਸਿੱਖ ਸਿਧਾਂਤ ਨੇ ਸਦੀਵੀ ਸੱਚ ’ਤੇ ਤੁਰਦਿਆਂ ਸਾਰੀ ਕਾਇਨਾਤ ਸੰਬੰਧੀ ਫ਼ੁਰਮਾਨ ਕੀਤਾ ਕਿ ਇਹ ਸਾਰੀ ਰਚਨਾ ਰਚਨਹਾਰ ਦੇ ਹੁਕਮ ਵਿੱਚ ਨਿਯਮਬਧ ਹੋ ਕੇ ਚੱਲ ਰਹੀ ਹੈ ਇਹ ਬੇਨਿਯਮੀ ਨਾਲ ਨਹੀਂ ਚਲ ਸਕਦੀ। ਫ਼ੁਰਮਾਨ ਕੀਤਾ ‘‘ਭੈ ਵਿਚਿ; ਪਵਣੁ ਵਹੈ ਸਦਵਾਉ ਭੈ ਵਿਚਿ; ਚਲਹਿ ਲਖ ਦਰੀਆਉ ਭੈ ਵਿਚਿ; ਅਗਨਿ ਕਢੈ ਵੇਗਾਰਿ ਭੈ ਵਿਚਿ ਧਰਤੀ ਦਬੀ ਭਾਰਿ ਭੈ ਵਿਚਿ ਇੰਦੁ ਫਿਰੈ ਸਿਰ ਭਾਰਿ ਭੈ ਵਿਚਿ ਰਾਜਾ ਧਰਮ ਦੁਆਰੁ ਭੈ ਵਿਚਿ ਸੂਰਜੁ; ਭੈ ਵਿਚਿ ਚੰਦੁ  ਕੋਹ ਕਰੋੜੀ ਚਲਤ; ਅੰਤੁ’’ (ਮਹਲਾ /੪੬੫) ਗੱਲ ਕੀ, ਫ਼ੈਸਲਾ ਦਿੱਤਾ ਕਿ ‘‘ਸਗਲਿਆ ਭਉ ਲਿਖਿਆ ਸਿਰਿ ਲੇਖੁ ਨਾਨਕ  ! ਨਿਰਭਉ ਨਿਰੰਕਾਰੁ ਸਚੁ ਏਕੁ (ਮਹਲਾ  /੪੬੫),  ਆਪੇ ਸੂਤੁ ਆਪੇ ਬਹੁ ਮਣੀਆ; ਕਰਿ ਸਕਤੀ ਜਗਤੁ ਪਰੋਇ ਆਪੇ ਹੀ ਸੂਤਧਾਰੁ ਹੈ ਪਿਆਰਾ; ਸੂਤੁ ਖਿੰਚੇ ਢਹਿ ਢੇਰੀ ਹੋਇ’’ (ਮਹਲਾ /੬੦੫) ਇਹ ਰਚਨਾ ਵੀ ਰਚਨਹਾਰ ਦੀ ਤਰ੍ਹਾਂ ਸਾਡੇ ਲਈ ਬੇਅੰਤ ਹੀ ਹੈ। ਬਸ ਇਹੀ ਕਿਹਾ ਜਾ ਸਕਦਾ ਹੈ ਕਿ ‘‘ਅੰਤੁ ਜਾਪੈ ਕੀਤਾ ਆਕਾਰੁ  ਅੰਤੁ ਜਾਪੈ ਪਾਰਾਵਾਰੁ’’ (ਜਪੁ/ਮਹਲਾ /)  ਇਸ ਤਰ੍ਹਾਂ ਹਵਾ, ਪਾਣੀ, ਅੱਗ, ਧਰਤੀ, ਆਕਾਸ਼, ਸੂਰਜ, ਚੰਦ੍ਰਮਾ, ਤਾਰੇ ਆਦਿ ਕਿਸੇ ਰੱਬੀ ਸੂਤਰ ਵਿੱਚ ਬੱਝੇ ਹੋਏ ਸੇਵਾ ਨਿਭਾ ਰਹੇ ਹਨ।

ਮਨੁੱਖ ਇਸ ਰਚਨਾ ਦਾ ਸਭ ਤੋਂ ਸ਼੍ਰੋਮਣੀ ਜੀਵ ਹੈ। ਫਿਰ ਇਹ ਬੇਨਿਯਮਾ ਹੋ ਕੇ ਜੀਵਨ ਦੀ ਤਰੱਕੀ ਕਿਵੇਂ ਕਰ ਸਕਦਾ ਹੈ ? ਸਫਲਤਾ ਦੀ ਪਉੜੀ ਕਿਸੇ ਮਰਯਾਦਾ ਜਾਂ ਨਿਯਮ ਨਾਲ ਹੀ ਚੜ੍ਹੀ ਜਾ ਸਕਦੀ ਹੈ। ਇਸ ਲਈ ਸਿਆਣੇ ਲੋਕਾਂ ਨੇ ਮਨੁੱਖੀ ਜ਼ਿੰਦਗੀ ਲਈ, ਕਾਰੋਬਾਰ ਲਈ ਅਤੇ ਸੰਸਾਰ ਦੀ ਇੱਕ ਸਾਰਤਾ ਪੈਦਾ ਕਰਨ ਲਈ ਸਮਾਂ ਸਾਰਨੀ ਅਪੀਲ ਕਲੈਂਡਰ ਹੋਂਦ ਵਿੱਚ ਲਿਆਂਦਾ। ਜਿਸ ਅਨੁਸਾਰ 1 ਜਨਵਰੀ ਤੋਂ 31 ਦਸੰਬਰ ਤੱਕ ਸਾਲ ਦੇ ਬਾਰ੍ਹਾਂ ਮਹੀਨਿਆਂ ਦਾ ਸਮਾਂ ਨੀਅਤ ਕੀਤਾ ਗਿਆ। ਹਰ ਸਾਲ ਮਨੁੱਖਤਾ 31 ਦਿਸੰਬਰ ਨੂੰ ਬੀਤੇ ਵਰ੍ਹੇ ਨੂੰ ਅਲਵਿਦਾ ਆਖਦੀ ਹੋਈ ਨਵੇਂ ਵਰ੍ਹੇ ਨੂੰ ‘ਜੀ ਆਇਆਂ’ ਆਖਦੀ ਹੈ। ਗੁਰਮਤਿ ਨੇ ਇਕ ਗੱਲ ਬੜ੍ਹੀ ਸਪਸ਼ਟਤਾ ਨਾਲ ਸਾਨੂੰ ਸਮਝਾਈ ਹੈ ਕਿ ਸਿੱਖ ਜੀਵਨ ਜਾਚ ਵਿੱਚ ਜਿੱਥੇ ਕਿਸੇ ਦੇਵੀ ਦੇਵਤੇ, ਮਨੁੱਖ ਜਾਂ ਪੱਥਰ ਪੂਜਾ ਦਾ ਵਿਧਾਨ ਨਹੀਂ ਉੱਥੇ ਕਿਸੇ ਖ਼ਾਸ ਥਿੱਤ ਜਾਂ ਦਿਹਾੜੇ ਦੀ ਵੀ ਕੋਈ ਖਾਸ ਮਹੱਤਤਾ ਜਾਂ ਪੂਜਾ ਨਹੀਂ ਬਲਕਿ ਸਾਹਿਬ ਜੀ ਨੇ ਸਾਨੂੰ ਇਹ ਪਵਿੱਤਰ ਸੰਦੇਸ਼ ਦਿੱਤਾ ਹੈ ‘‘ਥਿਤੀ ਵਾਰ ਸਭਿ; ਸਬਦਿ ਸੁਹਾਏ ਸਤਿਗੁਰੁ ਸੇਵੇ; ਤਾ ਫਲੁ ਪਾਏ ਥਿਤੀ ਵਾਰ ਸਭਿ; ਆਵਹਿ ਜਾਹਿ ਗੁਰ ਸਬਦੁ ਨਿਹਚਲੁ; ਸਦਾ ਸਚਿ ਸਮਾਹਿ (ਮਹਲਾ /੮੪੨) , ਸਤਿਗੁਰ ਬਾਝਹੁ ਅੰਧੁ ਗੁਬਾਰੁ ਥਿਤੀ ਵਾਰ ਸੇਵਹਿ; ਮੁਗਧ ਗਵਾਰ ਨਾਨਕ  ! ਗੁਰਮੁਖਿ ਬੂਝੈ ਸੋਝੀ ਪਾਇ ਇਕਤੁ ਨਾਮਿ; ਸਦਾ ਰਹਿਆ ਸਮਾਇ (ਮਹਲਾ /੮੪੩), ਸਾ ਵੇਲਾ ਸੋ ਮੂਰਤੁ, ਸਾ ਘੜੀ ਸੋ ਮੁਹਤੁ ਸਫਲੁ ਹੈ ਮੇਰੀ ਜਿੰਦੁੜੀਏ ! ਜਿਤੁ ਹਰਿ ਮੇਰਾ ਚਿਤਿ ਆਵੈ ਰਾਮ’’ (ਮਹਲਾ /੫੪੦) ਜਿਹੜਾ ਮਨੁੱਖ, ਜਿਹੜੀ ਕੌਮ ਸਮੇਂ ਦੀ ਸੰਭਾਲ ਤੇ ਕਦਰ ਨਹੀਂ ਕਰਦੇ ਉਹ ਡਾਵਾਂ ਡੋਲ ਤੇ ਗੁਲਾਮ ਹੋ ਜਾਂਦੇ ਹਨ। ਭਾਈ ਵੀਰ ਸਿੰਘ ਜੀ ਨੇ ਲਹਿਰ ਹੁਲਾਰੇ ਕਾਵਿ ਰਚਨਾ ਵਿੱਚ ਮਨੁੱਖ ਨੂੰ ਸੁਚੇਤ ਕਰਦਿਆਂ ਕਾਵਿ ਰੂਪ ਵਿੱਚ ਸਾਡੇ ਨਾਲ ਗੱਲ ਸਾਂਝੀ ਕੀਤੀ ਹੈ ਰਹੀ ਵਾਸਤੇ ਘੱਤ, ਸਮੇਂ ਨੇ ਇਕ ਮੰਨੀ ਫੜ ਫੜ ਰਹੀ ਧਰੀਕ, ਸਮੇਂ ਖਿਮਕਾਈ ਕੰਨੀ ਕਿਵੇਂ ਸਕੀ ਰੋਕ, ਅਟਕ ਜੋ ਪਾਈ ਭੰਨੀ ਤਿਖੇ ਆਪਣੇ ਵੇਗ, ਗਿਆ ਟੱਪ ਬੰਨੋ ਬੰਨੀ ਹੋ ! ਅਜੇ ਸੰਭਾਲ ਇਸ ਸਮੇਂ ਨੂੰ, ਕਰ ਸਫਲ, ਉਡੰਦਾ ਜਾਂਵਦਾ ਇਹ ਠਹਿਰਨ ਜਾਚ ਜਾਣਦਾ, ਲੰਘ ਗਿਆ ਮੁੜ ਕੇ ਆਂਵਦਾ

ਅਸਲ ਵਿੱਚ ਇਹ ਸੂਝ ਗੁਰਬਾਣੀ ਤੋਂ ਹੀ ਪ੍ਰਾਪਤ ਹੁੰਦੀ ਹੈ ਕਿ ‘‘ਵਖਤੁ ਵੀਚਾਰੇ ਸੁ ਬੰਦਾ ਹੋਇ (ਮਹਲਾ /੮੪), ਕਬੀਰ  ! ਕਾਲਿ ਕਰੰਤਾ ਅਬਹਿ ਕਰੁ, ਅਬ ਕਰਤਾ ਸੁ ਇਤਾਲ ਪਾਛੈ ਕਛੂ ਹੋਇਗਾ; ਜਉ ਸਿਰ ਪਰਿ ਆਵੈ ਕਾਲੁ (ਭਗਤ ਕਬੀਰ੧੩੭੧), ਫਰੀਦਾ  ! ਚਾਰਿ ਗਵਾਇਆ ਹੰਢਿ ਕੈ; ਚਾਰਿ ਗਵਾਇਆ ਸੰਮਿ ਲੇਖਾ ਰਬੁ ਮੰਗੇਸੀਆ; ਤੂ ਆਂਹੋ ਕੇਰ੍ਹੇ ਕੰਮਿ’’ (ਬਾਬਾ ਫਰੀਦ ਜੀ/੧੩੭੯)

ਸਿੱਖ ਜੀਵਨ ਜਾਚ ਵਿੱਚ ਬੀਤੇ ’ਤੇ ਪਛਤਾਵੇ ਵਿੱਚ ਜ਼ਿੰਦਗੀ ਬਰਬਾਦ ਨਹੀਂ ਕੀਤੀ ਜਾਂਦੀ ਅਤੇ ਨਾ ਹੀ ਭਵਿੱਖ ਦੀ ਚਿੰਤਾ ਕੀਤੀ ਜਾਂਦੀ ਹੈ ਬਲਕਿ ਵਰਤਮਾਨ ਨੂੰ ਗੁਰੂ ਹੁਕਮਾਂ ਅਨੁਸਾਰ ਜੀਅ ਕੇ ‘‘ਇਹ ਲੋਕ ਸੁਖੀਏ ਪਰਲੋਕ ਸੁਹੇਲੇ’’ (ਮਹਲਾ /੨੯੨) ਦੀ ਸੋਝੀ ਦਿੱਤੀ ਗਈ ਹੈ। ਇਸੇ ਹੀ ਗੁਰਮੁਖ ਕਿਰਿਆ ਜਾਂ ਜੀਵਨ ਜੀਊਣ ਦੀ ਜਾਚ ਨੂੰ ਭਾਈ ਗੁਰਦਾਸ ਜੀ ਨੇ ਇਸ ਤਰ੍ਹਾਂ ਅੰਕਿਤ ਕੀਤਾ ਹੈ ‘‘ਗੁਰਮੁਖਿ ਹਉਮੈ ਪਰਹਰੈ, ਮਨਿ ਭਾਵੈ ਖਸਮੈ ਦਾ ਭਾਣਾ ਪੈਰੀ ਪੈ ਪਾਖਾਕ ਹੋਇ, ਦਰਗਹ ਪਾਵੈ ਮਾਣੁ ਨਿਮਾਣਾ ਵਰਤਮਾਨ ਵਿਚਿ ਵਰਤਦਾ, ਹੋਵਣਹਾਰ ਸੋਈ ਪਰਵਾਣਾ’’ (ਭਾਈ ਗੁਰਦਾਸ ਜੀ, ਵਾਰ ੧੮ ਪਉੜੀ ੨੧)

 ਇਸ ਲਈ ਸਤਿਗੁਰੂ ਜੀ ਨੇ ਸਮੇਂ ਦੀ ਸੰਭਾਲ ਤੇ ਕਦਰ ਦੀ ਮਹੱਤਤਾ ਨੂੰ ਗੁਰਬਾਣੀ ਅੰਦਰ ਦਰਜ ਕੀਤਾ ਹੈ ‘‘ਅਗੋ ਦੇ ਜੇ ਚੇਤੀਐ; ਤਾਂ ਕਾਇਤੁ ਮਿਲੈ ਸਜਾਇ (ਮਹਲਾ /੪੧੭), ਮੰਦਾ ਮੂਲਿ ਕੀਚਈ; ਦੇ ਲੰਮੀ ਨਦਰਿ ਨਿਹਾਲੀਐ (ਮਹਲਾ /੪੭੪), ਐਸਾ ਕੰਮੁ ਮੂਲੇ ਕੀਚੈ; ਜਿਤੁ ਅੰਤਿ ਪਛੋਤਾਈਐ (ਮਹਲਾ /੯੧੭), ਨਾਨਕ  ! ਦ੍ਰਿਸਟਿ ਦੀਰਘ ਸੁਖੁ ਪਾਵੈ; ਗੁਰ ਸਬਦੀ ਮਨੁ ਧੀਰਾ’’ (ਮਹਲਾ /੧੧੦੭)  ਭਾਈ ਗੁਰਦਾਸ ਜੀ ਦੇ ਵੀ ਬਚਨ ਹਨ ‘‘ਜੈਸੇ ਘਰਿ ਲਾਗੈ ਆਗਿ, ਜਾਗਿ ਕੂਆ ਖੋਦਿਓ ਚਾਹੈ; ਕਾਰਜ ਸਿਧਿ ਹੋਇ, ਰੋਇ ਪਛੁਤਾਈਐ’’ (ਭਾਈ ਗੁਰਦਾਸ ਜੀ/ਕਬਿੱਤ ੪੯੫), ਪ੍ਰੇਮ ਸੁਮਾਰਗ ਵਿੱਚ ਵੀ ਦਰਜ ਹੈ ਜੋ ਕਿਛੁ ਕਰੇ ਸੋ ਸਮਝ ਕੇ, ਅੰਤ ਕਾਲ ਕੋ ਨਦਰ ਕਰ ਕੈ ਕਰੇ

ਅੱਜ ਜੇ ਕਿਸੇ ਪੁਰਾਤਨਤਾ ਦੀ ਗੱਲ ਕਰੀਏ ਤਾਂ ਸਭ ਤੋਂ ਪੁਰਾਣਾ ਅਕਾਲ ਪੁਰਖ ਹੀ ਹੈ, ਇਸੇ ਲਈ ਭੱਟਾਂ ਨੇ ਬਚਨ ਕੀਤਾ ਹੈ ‘‘ਸੇਵਕ ਕੈ ਭਰਪੂਰ ਜੁਗੁ ਜੁਗੁ ਵਾਹਗੁਰੂ ਤੇਰਾ ਸਭੁ ਸਦਕਾ ਨਿਰੰਕਾਰੁ ਪ੍ਰਭੁ ਸਦਾ ਸਲਾਮਤਿ; ਕਹਿ ਸਕੈ ਕੋਊ ਤੂ ਕਦ ਕਾ’’ (ਸਵਈਏ ਮਹਲੇ ਚਉਥੇ ਕੇ/1403) ਪਰ ਇਸ ਦੇ ਮੁਕਾਬਲੇ ਜੇ ਕੋਈ ਨਵੀਨਤਾ ਹੋ ਸਕਦੀ ਹੈ ਤਾਂ ਉਹ ਵੀ ਅਕਾਲ ਪੁਰਖ ਹੀ ਹੈ। ਬਚਨ ਹਨ ‘‘ਸਾਹਿਬੁ ਮੇਰਾ ਨੀਤ ਨਵਾ, ਸਦਾ ਸਦਾ ਦਾਤਾਰੁ’’ (ਮਹਲਾ /੬੬੦)

ਹਰ ਧਰਮੀ ਅਤੇ ਦੁਨੀਆਦਾਰ ਆਪਣੇ ਸਭਿਆਚਾਰ ਅਨੁਸਾਰ ਅਤੀਤ ਤੋਂ ਸੇਧ ਲੈ ਕੇ ਨਵੇਂ ਸਮੇਂ ਨੂੰ ਸਫਲ ਬਣਾਉਂਦਾ ਹੈ। ਅਸੀਂ ਸਿੱਖ ਹੋਣ ਦੇ ਨਾਤੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ’ਚ ਸ਼ਬਦ ਵਿਚਾਰ ਕਰਦਿਆਂ ਭੂਤਕਾਲ ਦੀਆਂ ਗ਼ਲਤੀਆਂ ਤੋਂ ਸਾਵਧਾਨ ਰਹਿ ਆਪਣੇ ਵਰਤਮਾਨ ਨੂੰ ਸਫਲ ਬਣਾਉਣਾ ਦੀ ਅਰਦਾਸ ਕਰਨੀ ਹੈ ਤਾਂ ਕਿ ਫੋਕਟ ਰਸਮਾਂ ਤੋਂ ਉੱਪਰ ਉੱਠ ਗੁਰਮਤਿ ਕਮਾ ਸਕੀਏ। ਆਪਣਾ ਨਿਆਰਾਪਣ ਕਾਇਮ ਰੱਖ ਸਕੀਏ । ਜਿਵੇਂ ਬੀਤ ਚੁੱਕੇ ਸਾਲ ਨੂੰ ਅਲਵਿਦਾ ਆਖ ਨਵੇਂ ਸਾਲ ਨੂੰ ‘ਜੀ ਆਇਆਂ’ ਆਖੀਦਾ ਹੈ, ਓਵੇਂ ਹੀ ਹਰ ਦਿਨ ਆਪਣੀ ਮਨਮਤ ਨੂੰ ਅਲਵਿਦਾ ਕਹਿ ਗੁਰਮਤਿ ਦਾ ਧਾਰਨੀ ਹੋਣਾ ਹੈ‘‘ਸਤਿਗੁਰ ਕੈ ਜਨਮੇ ਗਵਨੁ ਮਿਟਾਇਆ’’ ਦੇ ਨਵੇਂ ਜੀਵਨ ਦਾ ਧਾਰਨੀ ਬਣਨਾ ਹੈ। ਜਦ ‘‘ਦਿਨੁ ਰੈਣਿ ਸਭ ਸੁਹਾਵਣੇ ਪਿਆਰੇ ! ਜਿਤੁ ਜਪੀਐ ਹਰਿ ਨਾਉ’’ (ਮਹਲਾ /੪੩੨) ਮਹਿਸੂਸ ਹੋਣ ਲੱਗਦਾ ਹੈ ਤਾਂ ਚਾਰੋਂ ਤਰਫ਼ ਅੰਗ ਸੰਗ ਮਾਲਕ ਸਦਾ ਨਵੇਂ ਰੂਪ ’ਚ, ਨਵੇਂ ਗੁਣਾਂ ਵਿੱਚ ‘‘ਸਾਹਿਬੁ ਮੇਰਾ ਨੀਤ ਨਵਾ, ਸਦਾ ਸਦਾ ਦਾਤਾਰੁ’’ (ਮਹਲਾ /੬੬੦) ਨਜ਼ਰੀਂ ਆਉਂਦਾ ਰਹਿੰਦਾ ਹੈ।

ਕਿਸਾਨ ਮੋਰਚੇ ਨੇ ਦੇਸ਼ ਦੀ ਸਿਆਸੀ ਨੁਹਾਰ ਬਦਲੀ ਹੈ।

0

ਕਿਸਾਨ ਮੋਰਚੇ ਨੇ ਦੇਸ਼ ਦੀ ਸਿਆਸੀ ਨੁਹਾਰ ਬਦਲ ਦਿੱਤੀ ਹੈ।

ਕਿਰਪਾਲ ਸਿੰਘ (ਬਠਿੰਡਾ) 88378-13661

ਦੇਸ਼ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦ ਕਰਵਾਉਣ ਦਾ ਉਤਸ਼ਾਹ; ਮਨ ’ਚ ਲੈ ਕੇ ਸ: ਕਰਤਾਰ ਸਿੰਘ ਸਰਾਭਾ, ਸ: ਊਦਮ ਸਿੰਘ ਸੁਨਾਮ, ਸ: ਭਗਤ ਸਿੰਘ ਸਮੇਤ ਬਹੁਤ ਸਾਰੇ ਕੌਮੀ ਪ੍ਰਵਾਨੇ ਹੱਸ-ਹੱਸ ਕੇ ਫਾਂਸੀ ’ਤੇ ਚੜ੍ਹੇ। ਸਾਡੇ ’ਚੋਂ ਬਹੁਤਿਆਂ ਦਾ ਜਨਮ 1947 ਤੋਂ ਬਾਅਦ ਦਾ ਹੋਣ ਕਰਕੇ ਭਾਵੇਂ ਅਸੀਂ ਗੁਲਾਮੀ ਦਾ ਸਮਾਂ ਅੱਖੀਂ ਨਹੀਂ ਵੇਖਿਆ ਪਰ ਬਜੁਰਗਾਂ ਤੋਂ ਜ਼ਰੂਰ ਸੁਣਦੇ ਆ ਰਹੇ ਹਾਂ ਕਿ ਇਸ ਆਜ਼ਾਦੀ ਨਾਲੋਂ ਤਾਂ ਅੰਗਰੇਜ਼ਾਂ ਦਾ ਰਾਜ ਚੰਗਾ ਸੀ। ਜਾਤ ਪਾਤ ਅਤੇ ਧਰਮਾਂ ਦੇ ਆਧਾਰ ’ਤੇ ਵੋਟ ਹਾਸਲ ਕਰਨੇ ਤਾਂ ਭਾਵੇਂ ਲੁਕਵੇਂ ਰੂਪ ’ਚ ਜਵਾਹਰ ਲਾਲ ਨਹਿਰੂ ਦੇ ਸਮੇਂ ਤੋਂ ਹੀ ਸ਼ੁਰੂ ਹੋ ਚੁੱਕਾ ਸੀ ਪਰ ਸਮੇਂ ਦੇ ਨਾਲ ਨਾਲ ਭ੍ਰਿਸ਼ਟਾਚਾਰ ਅਤੇ ਬਾਹੂਬਲ ਦਾ ਪ੍ਰਭਾਵ ਵਧਣ ਤੋਂ ਇਲਾਵਾ ਸਿਆਸੀ ਪਾਰਟੀਆਂ ਕੁਝ ਪਰਵਾਰਾਂ ਦੀ ਨਿੱਜੀ ਮਲਕੀਅਤ ਦੇ ਰੂਪ ਤੱਕ ਸੀਮਤ ਰਹਿ ਗਈਆਂ, ਜਿਸ ਕਾਰਨ ਆਮ ਆਦਮੀ ਦੀ ਆਵਾਜ਼ ਅਣਸੁਣੀ ਹੁੰਦੀ ਗਈ। ਬਹੁ ਕੌਮੀ ਆਜ਼ਾਦ ਭਾਰਤ ਵਿੱਚ ਹਿੰਦੂ ਰਾਸ਼ਟਰ ਘੋਸ਼ਿਤ ਕਰਨ ਦੀ ਮਨਸ਼ਾ ਨਾਲ ਆਰ. ਐੱਸ. ਐੱਸ. ਦੇ ਸਿਆਸੀ ਵਿੰਗ ਭਾਜਪਾ ਨੇ ਭਾਰਤੀ ਜਨਤਾ ਨੂੰ ਪਰਵਾਰਵਾਦ ਮੁਕਤ, ਭ੍ਰਿਸ਼ਟਾਚਾਰ ਤੇ ਬਾਹੂਬਲ ਮੁਕਤ ਲਾਲੀਪੌਪ ਦਿੱਤਾ। ਭਾਰਤ ’ਚ ਹਿੰਦੂ ਬਹੁਗਿਣਤੀ ਹਨ, ਜਿਸ ਕਾਰਨ ਇਸ ਦੰਭ ਦੇ ਸਹਾਰੇ ਪਹਿਲਾਂ ਤਿੰਨ ਵਾਰ ਅਟਲ ਬਿਹਾਰੀ ਵਾਜਪਾਈ ਅਤੇ ਦੋ ਵਾਰ ਨਰਿੰਦਰ ਮੋਦੀ ਨੇ ਸਰਕਾਰ ਬਣਾ ਲਈ।

ਨੈਸ਼ਨਲ ਇਲੈਕਸ਼ਨ ਵਾਚ ਐਂਡ ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮਜ਼ (ਏ.ਡੀ.ਆਰ.) ਦੀ ਰਿਪੋਰਟ ਮੁਤਾਬਕ ਸਾਲ 2019 ਦੀਆਂ ਲੋਕ ਸਭਾ ਚੋਣਾਂ ’ਚ 539 ਜੇਤੂਆਂ ਵਿੱਚੋਂ 233 ਸੰਸਦ ਮੈਂਬਰਾਂ ਨੇ ਆਪਣੇ ਚੋਣ ਹਲਫ਼ਨਾਮਿਆਂ ’ਚ ਆਪਣੇ ਉੱਪਰ ਦਰਜ ਅਪਰਾਧਿਕ ਕੇਸਾਂ ਦਾ ਜ਼ਿਕਰ ਕੀਤਾ ਹੈ। ਸਾਲ 2009 ਤੋਂ ਐਲਾਨੇ ਜਾ ਰਹੇ ਅਪਰਾਧਿਕ ਕੇਸਾਂ ’ਚ ਪਿਛਲੇ ਚੁਣਾਵੀ ਸਾਲ ਦੇ ਮੁਕਾਬਲੇ ਇਸ ਵਾਰ ਸੰਸਦ ਮੈਂਬਰਾਂ ਦੀ ਗਿਣਤੀ ’ਚ ਇਹ ਵਾਧਾ 44% ਹੋ ਗਿਆ। ਗੰਭੀਰ ਅਪਰਾਧਿਕ ਕੇਸਾਂ ਵਾਲੇ ਸੰਸਦ ਵੀ ਇਸ ਵਾਰ ਤਕਰੀਬਨ 159 (29%) ਜੇਤੂ ਹੋਏ, ਜਿਨ੍ਹਾਂ ਉੱਪਰ ਬਲਾਤਕਾਰ, ਕਤਲ, ਕਤਲ ਦੀ ਕੋਸ਼ਿਸ਼, ਅਗਵਾ ਕਰਨ ਆਦਿਕ ਕੇਸ ਦਰਜ ਹਨ ਜਦਕਿ 2009 ਵਿੱਚ 543 ਜੇਤੂ ਸੰਸਦਾਂ ਵਿੱਚ ਇਹ ਅੰਕੜਾ ਕੇਵਲ 76 (14%) ਹੀ ਸੀ। ਸੋ ਸੰਨ 2009 ਦੇ ਮੁਕਾਬਲੇ ਗੰਭੀਰ ਅਪਰਾਧਿਕ ਕੇਸਾਂ ਵਾਲੇ ਸੰਸਦ ਮੈਂਬਰਾਂ ਦੀ ਗਿਣਤੀ ਵਿੱਚ ਇਸ ਵਾਰ 109% ਵਾਧਾ ਹੋਇਆ ਹੈ। ਕਹਿਣ ਤੋਂ ਭਾਵ ਸਾਫ਼ ਸੁਥਰੀ ਰਾਜਨੀਤੀ ਕਰਨ ਦਾ ਵਾਅਦਾ ਕਰ ਕੇ ਸੱਤਾ ’ਚ ਆਈ ਭਾਜਪਾ ਦੇ 301 ਜੇਤੂ ਸੰਸਦਾਂ ਵਿੱਚ ਵੀ 87 (29%) ਸੰਸਦਾਂ ਉੱਤੇ ਗੰਭੀਰ ਅਪਰਾਧਿਕ ਕੇਸ ਦਰਜ ਹਨ। ਜਿਹੜੀ ਸਰਕਾਰ ਗੰਭੀਰ ਅਪਰਾਧਿਕ ਸੰਸਦਾਂ ਦੀ ਮਦਦ ਨਾਲ ਬਣੀ ਹੋਵੇ ਉਸ ਪਾਸੋਂ ਆਮ ਨਾਗਰਿਕ ਲਈ ਕਿੰਨੀ ਕੁ ਹਮਦਰਦੀ ਦੀ ਉਮੀਦ ਰੱਖੀ ਜਾ ਸਕਦੀ ਹੈ  ?

2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਮੋਦੀ ਜੀ ਨੇ ਕਿਹਾ ਮੁਝੇ ਪ੍ਰਧਾਨ ਮੰਤਰੀ ਨਹੀਂ, ਚੌਕੀਦਾਰ ਬਣਾ ਲੀਜੀਏ, ਮੈਂ ਦੇਸ਼ ਨਹੀਂ ਬਿਕਨੇ ਦੂੰਗਾ, ਵਿਦੇਸ਼ੋਂ ਮੇਂ ਜਮ੍ਹਾਂ ਕਾਲ਼ਾ ਧਨ ਵਾਪਸ ਲਾਏਂਗੇ, ਹਰ ਨਾਗਰਿਕ ਕੇ ਖ਼ਾਤੇ ਮੇਂ 15-15 ਲਾਖ ਰੁਪਏ ਜਮ੍ਹਾ ਹੋਂਗੇ, ਸਵਾਮੀਨਾਥਨ ਰਿਪੋਰਟ ਲਾਗੂ ਹੋਗੀ, ਕਿਸਾਨੋਂ ਕੀ ਆਮਦਨ ਦੁੱਗਣੀ ਕੀ ਜਾਏਗੀ, ਹਰ ਸਾਲ 2 ਕਰੋੜ ਨੌਕਰੀਆਂ ਦੀ ਜਾਏਂਗੀ, ਸਭ ਕਾ ਸਾਥ ਸਭ ਕਾ ਵਿਕਾਸ, ਅੱਛੇ ਦਿਨ ਆਏਂਗੇ, ਇਤਿਆਦਿਕ’। ਲੋਕਾਂ ਦੀ ਅੰਧਭਗਤੀ ਹੀ ਕਹੀਏ ਕਿ ਇਨ੍ਹਾਂ ਸਮਾਜਿਕ ਵਾਅਦਿਆਂ ’ਚੋਂ ਇੱਕ ਵੀ ਪੂਰਾ ਨਾ ਹੋਣ ਦੇ ਬਾਵਜੂਦ 2019 ’ਚ ਪੁਲਵਾਮਾ ਹਮਲੇ ਅਤੇ ਬਾਲਾਕੋਟ ਏਅਰ ਸਟਰਾਈਕ ਦੇ ਨਾਂ ’ਤੇ ਮੁੜ (2014 ਨਾਲੋਂ ਵੀ ਵੱਧ ਸੀਟਾਂ ’ਤੇ) ਜਿੱਤ ਹਾਸਲ ਕਰ ਲਈ। ਇਸ ਵੱਡੀ ਜਿੱਤ ਦੇ ਅਹੰਕਾਰ ’ਚ ਸਭ ਕਾ ਸਾਥ ਸਭ ਕਾ ਵਿਕਾਸ’ ਦੀ ਥਾਂ ਆਪਣੀਆਂ ਸਹਿਯੋਗੀ ਪਾਰਟੀਆਂ ਨੂੰ ਵੀ ਖ਼ਤਮ ਕਰਨਾ ਸ਼ੁਰੂ ਕਰ ਦਿੱਤਾ। ਆਂਧਰਾ ਪ੍ਰਦੇਸ਼ ਦੇ ਚੰਦਰ ਬਾਬੂ ਨਾਇਡੂ ਇਸ ਦੇ ਪਹਿਲੇ ਸ਼ਿਕਾਰ ਹੋਏ। ਮਹਾਂਰਾਸ਼ਟਰ ’ਚ ਆਪਣੀ ਸਭ ਤੋਂ ਪੁਰਾਣੀ ਸਹਿਯੋਗੀ ਪਾਰਟੀ ਸ਼ਿਵਸੈਨਾ ਵੀ ਨਿਸ਼ਾਨਾ ਬਣੀ। ਰਾਮ ਵਿਲਾਸ ਪਾਸਵਾਨ ਦੇ ਪੁੱਤਰ ਰਾਹੀਂ ਬਿਹਾਰ ’ਚ ਨਿਤਿਸ਼ ਕੁਮਾਰ ਅਤੇ ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ ਨੂੰ ਸਿਆਸੀ ਤੌਰ ’ਤੇ ਅਪਾਹਜ਼ ਕਰ ਛੱਡਿਆ। ਪੰਜਾਬ ’ਚ ਆਉਣ ਵਾਲੀਆਂ 2022 ਦੀਆਂ ਚੋਣਾਂ ਦੌਰਾਨ ਭਾਜਪਾ ਛੋਟੇ ਭਾਈਵਾਲ ਵਜੋਂ ਨਹੀਂ ਬਲਕਿ ਹੁਣ ਛੋਟੇ ਦਲਾਂ ਨਾਲ ਗਠਜੋੜ ਕਰ ਵੱਡੇ ਭਾਈਵਾਲ ਵਜੋਂ ਵਿਚਰੇਗੀ। ਇਹ ਤਾਂ ਭਲਾ ਹੋਵੇ ਕਿਸਾਨ ਅੰਦੋਲਨ ਦਾ, ਜਿਸ ਕਾਰਨ ਅਕਾਲੀ ਦਲ ਨੇ ਭਾਵੇਂ ਮਜਬੂਰੀ ਹੀ ਵਿਖਾਈ, ਭਾਜਪਾ ਨਾਲੋਂ ਗੱਠਜੋੜ ਤੋੜ ਲਿਆ ਤੇ ਆਪਣੇ ਪਤੀ-ਪਤਨੀ ਸੰਬੰਧਾਂ ਵਾਲੀ ਇੱਜ਼ਤ ਬਚਾ ਲਈ।

ਕਸ਼ਮੀਰ ’ਚ ਧਾਰਾ 370 ਅਤੇ ਭਾਰਤ ’ਚ ਨਾਗਰਿਕਤਾ ਸੋਧ ਕਾਨੂੰਨ ਬਣਾ ਮੁਸਲਮਾਨ ਭਰਾਵਾਂ ਨੂੰ ਦੂਸਰੇ ਦੇਸ਼ ਦੇ ਸ਼ਹਿਰੀ ਐਲਾਨ ਉਨ੍ਹਾਂ ਨੂੰ ਹੁਣ ਪੂਰੇ ਦੇਸ਼ ’ਚ ਨਫਰਤ ਦੀ ਨਿਗ੍ਹਾ ਨਾਲ ਵੇਖਿਆ ਜਾਣ ਲੱਗਾ ਹੈ। ਅਜਿਹੀ ਸੰਪਰਦਾਈ ਸੋਚ ਨੂੰ ਰਾਸ਼ਟਰੀ ਏਕਤਾ ਦੇ ਰੰਗ ’ਚ ਰੰਗ ਕੇ ਭਾਜਪਾ; ਹਰ ਚੁਣਾਵ ’ਚ ਆਮ ਜਨਤਾ ਅੰਦਰ ਨਫਰਤ ਦਾ ਬੀ ਬੀਜਦੀ ਆ ਰਹੀ ਹੈ, ਜਿਸ ਦੇ ਬਦਲੇ ’ਚ ‘‘ਅੰਧੀ ਰਯਤਿ ਗਿਆਨ ਵਿਹੂਣੀ.. ’’ (ਮਹਲਾ /੪੬੯) ਇਨ੍ਹਾਂ ਨੂੰ ਵੋਟਾਂ ਪਾ ਜਿਤਾ ਦਿੰਦੀ ਹੈ ਭਾਵੇਂ ਕਿ ਅਜਿਹੀ ਸੋਚ ਅਜ਼ਾਦ ਭਾਰਤ ਦੀ ਸੁਤੰਤਰਤਾ ਅਤੇ ਅਖੰਡਤਾ ਲਈ ਬਹੁਤ ਵੱਡਾ ਖ਼ਤਰਾ ਹੈ।

ਮੋਦੀ ਦੀ ਅਗਵਾਈ ’ਚ ਪ੍ਰਾਪਤ ਹੁੰਦੀਆਂ ਇਨ੍ਹਾਂ ਚੁਣਾਵੀ ਜਿੱਤਾਂ ਨੂੰ ਵੇਖ ਅੰਧ ਭਗਤਾਂ ਦੇ ਨਾਹਰੇ ‘ਮੋਦੀ ਹੈ ਤਾਂ ਮੁਮਕਿਨ ਹੈ’ ’ਚ ਬਦਲ ਗਏ, ਜੋ ਸਿਆਸਤਦਾਨਾਂ ਦੇ ਅਹੰਕਾਰ ਨੂੰ ਵਧਾਉਣ ਲਈ ਕਾਫ਼ੀ ਹਨ।  ਜੂਨ 2020 ’ਚ ਆਰਡੀਨੈਂਸ ਜਾਰੀ ਕਰ ਤਿੰਨ ਖੇਤੀ ਬਿੱਲ ਲੈ ਆਏ ਜੋ ਸੰਘੀ ਢਾਂਚੇ ’ਤੇ ਹਮਲਾ ਹੈ ਕਿਉਂਕਿ ਖੇਤੀ; ਸੂਬਾਈ ਸ਼ਡਿਊਲ ’ਚ ਹੋਣ ਕਾਰਨ ਕੇਂਦਰ ਸਰਕਾਰ ਖੇਤੀ ਸੰਬੰਧੀ ਕੋਈ ਨਾਨੂੰਨ ਨਹੀਂ ਬਣਾ ਸਕਦੀ। ਪੰਜਾਬ ’ਚ ਇਨ੍ਹਾਂ ਬਿੱਲਾਂ ਦਾ ਭਾਰੀ ਵਿਰੋਧ ਹੋਇਆ ਫਿਰ ਵੀ ਭਾਜਪਾ ਨੇ ਸੰਸਦੀ ਮਰਿਆਦਾ ਦੀ ਘੋਰ ਉਲੰਘਣਾ ਕਰ ਇਹ ਬਿੱਲ ਲੋਕ ਸਭਾ ਤੇ ਰਾਜ ਸਭਾ ’ਚ ਪਾਸ ਕਰਵਾ ਕਾਨੂੰਨ ਬਣਾ ਲਏ। ਕਿਸਾਨ ਜਥੇਬੰਦੀਆਂ ਨੇ 26 ਨਵੰਬਰ 2020 ਤੋਂ ਆਪਣਾ ਮੋਰਚਾ ਪੰਜਾਬ ਤੋਂ ਦਿੱਲੀ ਵੱਲ ਵਧਾ ਲਿਆ। ਇਸ ਸੰਘਰਸ਼ ਨਾਲ ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਉੱਤਰਾਖੰਡ ਆਦਿ ਦੇ ਕਿਸਾਨ ਵੀ ਜੁੜਦੇ ਗਏ। ਹੌਲ਼ੀ-ਹੌਲ਼ੀ ਇਹ ਸੰਘਰਸ਼ ਮੱਧ ਪ੍ਰਦੇਸ਼, ਗੁਜਰਾਤ, ਮਹਾਂਰਾਸ਼ਟਰ ਤੱਕ ਵਧਦਾ-ਵਧਦਾ ਪੂਰੇ ਭਾਰਤ ’ਚ ਫੈਲ ਗਿਆ। ਅੱਜ ਪੂਰੀ ਦੁਨੀਆ ਵਿੱਚ ਕਿਰਸਾਨੀ ਮੰਗਾਂ ਦੀ ਹਮਾਇਤ ਵਿੱਚ ਆਵਾਜ਼ ਉੱਠਣ ਲੱਗੀ ਹੈ। ਇਸ ਮੋਰਚੇ ਨੇ ਪੂਰੇ ਭਾਰਤ ’ਚ ‘ਮੋਦੀ ਹੈ ਤਾਂ ਮੁਮਕਿਨ ਹੈ’ ਸੋਚ ਵਾਲਿਆਂ ਲਈ ਭਾਰੀ ਖ਼ਤਰਾ ਪੈਦਾ ਕਰ ਦਿੱਤਾ ਹੈ। ਹਰਿਆਣਾ ’ਚ ਭਾਜਪਾ ਦਾ ਮੁੱਖ ਮੰਤਰੀ ਹੁੰਦਿਆਂ ਮਨੋਹਰ ਲਾਲ ਖੱਟਰ ਦੇ ਹੈਲੀਕੌਪਟਰ ਨੂੰ ਉਤਰਨ ਨਹੀਂ ਦਿੱਤਾ ਜਾ ਰਿਹਾ। ਪੂਰੇ ਸਰਕਾਰੀ ਤੰਤਰ ਦਾ ਦੁਰਪ੍ਰਯੋਗ ਕਰਕੇ ਵੀ ਬੰਗਾਲ ਵਿਧਾਨ ਸਭਾ ਚੋਣਾਂ ਜਿੱਤਣ ’ਚ ਭਾਜਪਾ ਨਾਕਾਮਯਾਬ ਰਹੀ। ਦਿੱਲੀ ਮੋਰਚੇ ਤੋਂ ਕਿਸਾਨ ਆਗੂਆਂ ਨੇ ਬੰਗਾਲ ’ਚ ਜਾ ਕੇ ਭਾਜਪਾ ਵਿਰੁਧ ਹਵਾ ਬਣਾਉਣ ’ਚ ਅਹਿਮ ਯੋਗਦਾਨ ਪਾਇਆ। ਲੋਕ ਮਾਰੂ, ਸੰਵਿਧਾਨ ਵਿਰੋਧੀ ਅਤੇ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਦਾ ਪਰਦਾਫ਼ਾਸ਼ ਕੀਤਾ। ਲੋਕਾਂ ਨੂੰ ਅਪੀਲ ਕੀਤੀ ਕਿ ਹੋਰ ਭਾਵੇਂ ਕਿਸੇ ਵੀ ਪਾਰਟੀ ਨੂੰ ਵੋਟ ਪਾਈ ਜਾਵੇ ਪਰ ਭਾਜਪਾ ਨੂੰ ਨਾ ਪਾਈ ਜਾਵੇ। ਮਮਤਾ ਬੈਨਰਜੀ ਦੇ ਲੋਕ ਭਲਾਈ ਕੰਮਾਂ ਅਤੇ ਕਿਸਾਨ ਜਥੇਬੰਦੀਆਂ ਦੇ ਸਾਂਝੇ ਅਸਰ ਨੇ ਫਿਰਕੂ ਭਾਜਪਾ ਦੇ ਸੁਫਨੇ ਪੂਰੇ ਨਹੀਂ ਹੋਣ ਦਿੱਤੇ। ਯੂ.ਪੀ. ਦੀਆਂ ਪੰਚਾਇਤੀ ਚੋਣਾਂ ’ਚ ਭਾਜਪਾ ਖ਼ਤਮ ਹੀ ਹੋ ਗਈ ਭਾਵੇਂ ਕਿ ਰਾਜ ਸੱਤਾ ’ਤੇ ਕਾਬਜ਼ ਪਾਰਟੀ ਹੀ ਅਜਿਹੀਆਂ ਛੋਟੀਆਂ-ਮੋਟੀਆਂ ਚੋਣਾਂ ਜਿੱਤਦੀ ਹੁੰਦੀ ਹੈ। ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਮੋਦੀ ਦੇ ਹਲਕੇ ਵਾਰਾਨਸ਼ੀ ’ਚ ਇੱਕ ਵੀ ਸੀਟ ਨਹੀਂ ਜਿੱਤ ਹੋਈ। ਮੁੱਖ ਮੰਤਰੀ ਯੋਗੀ ਦੇ ਹਲਕੇ ’ਚ ਵੀ ਭਾਜਪਾ ਕੋਈ ਸੀਟ ਨਾ ਹਾਸਲ ਕਰ ਸਕੀ। ਇਨ੍ਹਾਂ ਪੰਚਾਇਤੀ ਚੋਣਾਂ ’ਚ ਸੱਤਾਧਾਰੀ ਭਾਜਪਾ ਤੀਜੇ ਨੰਬਰ ’ਤੇ ਪਹੁੰਚ ਗਈ।

ਸਾਲ 2022 ਵਿੱਚ ਯੂ.ਪੀ., ਪੰਜਾਬ, ਗੋਆ, ਮਣੀਪੁਰ ਅਤੇ ਉਤਰਾਖੰਡ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਹ ਚੋਣਾਂ ਜਿੱਥੇ ਭਾਜਪਾ ਲਈ ਵਿਸ਼ੇਸ਼ ਹਨ, ਉੱਥੇ ਕਿਸਾਨ ਜਥੇਬੰਦੀਆਂ ਲਈ ਵੀ ਖ਼ਾਸ ਹਨ। ਪੰਜਾਬ ’ਚ ਤਾਂ ਅਗਨੀ ਪ੍ਰੀਖਿਆ ਤੋਂ ਘੱਟ ਨਹੀਂ ਕਿਉਂਕਿ ਯੂ.ਪੀ. ’ਚ ਕੰਮ ਆਸਾਨ ਹੋਵੇਗਾ। ਓਥੇ ਸਮਾਜਵਾਦੀ ਪਾਰਟੀ ਦਾ ਰਾਸ਼ਟਰੀ ਲੋਕ ਦਲ ਨਾਲ ਚੋਣ ਸਮਝੌਤਾ ਹੋ ਗਿਆ ਹੈ। ਕਿਸਾਨ ਆਗੂ ਰਾਕੇਸ਼ ਟਿਕੈਤ ਦੀ ਰਾਸ਼ਟਰੀ ਲੋਕ ਦਲ ਦੇ ਸਾਬਕਾ ਪ੍ਰਧਾਨ ਸਵ: ਅਜੀਤ ਸਿੰਘ ਦੇ ਪਰਿਵਾਰ ਨਾਲ ਸਾਂਝ ਵੀ ਹੈ। ਰਾਜਨੀਤਕ ਮਾਹਰਾਂ ਦਾ ਮੰਨਣਾ ਹੈ ਕਿ ਇਹ ਗੱਠਜੋੜ ਭਾਜਪਾ ਨੂੰ ਯੂ.ਪੀ ’ਚੋਂ ਬੇਦਖ਼ਲ ਕਰੇਗਾ।  ਯੂ.ਪੀ ਦਾ ਇਹ ਚੁਣਾਵ ਹਾਰਨ ਦਾ ਮਤਲਬ 2024 ਵਿੱਚ ਭਾਜਪਾ ਪ੍ਰਧਾਨ ਮੰਤਰੀ ਦੀ ਕੁਰਸੀ ਦਾ ਹੱਥੋਂ ਜਾਣਾ ਹੈ। ਯੂਪੀ ਵਰਗੇ ਹਾਲਾਤ ਹੀ ਕਿਸਾਨ ਸੰਘਰਸ਼ ਕਾਰਨ ਪੂਰੇ ਉੱਤਰ ਭਾਰਤ ਦੇ ਰਾਜਾਂ ’ਚ ਬਣ ਚੁੱਕੇ ਹਨ, ਜਿਨ੍ਹਾਂ ਵਿੱਚ ਰਾਜਸਥਾਨ, ਹਰਿਆਣਾ, ਉਤਰਾਖੰਡ, ਪੰਜਾਬ ਆਦਿ ਸ਼ਾਮਲ ਹਨ।

ਜਿਸ ਤਰ੍ਹਾਂ ਸਿੱਖਾਂ ਨੇ ਕਿਰਸਾਨੀ ਮੰਗਾਂ ਲਈ ਪੂਰੇ ਭਾਰਤ ਦੇ ਕਿਸਾਨਾਂ ਨੂੰ ਆਪਣੇ ਨਾਲ ਜੋੜਨ ਵਿੱਚ ਅਹਿਮ ਰੋਲ ਅਦਾ ਕੀਤਾ ਹੈ ਉਸੇ ਤਰ੍ਹਾਂ ਹੀ ਸੰਨ 2022 ਦੇ ਚੁਣਾਵ ਦੌਰਾਨ ਵੀ ਆਪਣਾ ਫ਼ਰਜ਼ ਅਦਾ ਕਰਨਾ ਪੈਣਾ ਹੈ। ਇਸ ਲਈ ਪੰਜਾਬ ਦੇ ਕੁਝ ਸਿਆਸੀ ਹਾਲਾਤ ਸਮਝਣੇ ਜ਼ਰੂਰੀ ਹਨ, ਜਿੱਥੇ ਕੇਵਲ 8 ਕੁ ਮਹੀਨੇ ਹੀ ਚੁਣਵ ਹੋਣ ਲਈ ਬਚੇ ਹਨ।

ਸੰਨ 2017 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਗੁਰਬਾਣੀ ਦਾ ਗੁਟਕਾ ਹੱਥ ’ਚ ਫੜ ਸੌਂ ਖਾਧੀ ਸੀ ਪਰ ਪੂਰਾ ਨਹੀਂ ਉਤਰੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣੀ,  4 ਹਫਤਿਆਂ ’ਚ ਪੰਜਾਬ ਨੂੰ ਨਸ਼ਾ ਮੁਕਤ ਕਰਨਾ, ਘਰ-ਘਰ ਨੌਕਰੀ ਅਤੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਵਰਗੇ ਵੱਡੇ ਵਾਅਦਿਆਂ ’ਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਹੋਇਆ। ਕੈਪਟਨ ਨੇ ਇਹ ਚੋਣ ਆਪਣੀ ਅਗਵਾਈ ’ਚ ਲੜਨੀ ਹੈ ਭਾਵੇਂ ਕਿ ਉਸ ਦੇ ਕੰਮ ਕਰਨ ਦਾ ਸ਼ਾਹੀ ਅੰਦਾਜ਼, ਸਰਕਾਰ ਦਾ ਪੂਰਾ ਕੰਮ ਪ੍ਰਸਾਸ਼ਨਿਕ ਅਧਿਕਾਰੀਆਂ ਦੇ ਹੱਥ ’ਚ ਦੇਣਾ, ਆਮ ਲੋਕਾਂ ਸਮੇਤ ਆਪਣੀ ਹੀ ਪਾਰਟੀ ਦੇ ਵਿਧਾਇਕ, ਮੰਤਰੀਆਂ ਨੂੰ ਵੀ ਮਿਲਣ ਦਾ ਸਮਾਂ ਨਾ ਦੇਣ ਕਾਰਨ ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਕਾਂਗਰਸ ਦਾ ਮੁੜ ਸੱਤਾ ’ਤੇ ਕਾਬਜ਼ ਹੋਣਾ ਮੁਸ਼ਕਲ ਹੈ।

ਸ਼੍ਰੋਮਣੀ ਅਕਾਲੀ ਦਲ ਦਾ ਆਧਾਰ; ਪੰਥਕ ਅਤੇ ਕਿਸਾਨ ਵੋਟ ਹੈ। ਗੁਰੂ ਸਾਹਿਬ ਦੀ ਬੇਅਦਬੀ, ਡੇਰਾ ਮੁਖੀ ਰਾਮ ਰਹੀਮ ਨੂੰ ਅਕਾਲ ਤਖ਼ਤ ਤੋਂ ਬਿਨਾਂ ਮੰਗਿਆਂ ਮੁਆਫ਼ੀ ਦਿਵਾ ਦੇਣੀ ਆਦਿਕ ਪੰਥ ਦੋਖੀ ਕਾਰਜਾਂ ਕਾਰਨ ਪੰਥਕ ਵੋਟ ਅਕਾਲੀ ਦਲ ਤੋਂ ਪਹਿਲਾਂ ਹੀ ਦੂਰ ਹੋ ਚੁੱਕੀ ਹੈ ਅਤੇ ਖੇਤੀ ਬਿੱਲਾਂ ਨੂੰ ਪਾਸ ਕਰਵਾਉਣ ’ਚ ਬਾਦਲ ਪਰਿਵਾਰ ਦੀ ਭੂਮਿਕਾ ਅਹਿਮ ਰਹੀ ਹੈ ਭਾਵੇਂ ਕਿ ਉਪਰੋਂ-ਉਪਰੋਂ ਕਿਸਾਨਾਂ ਦੀ ਹਮਾਇਤ ’ਚ ਹੰਝੂ ਕੇਰੇ ਜਾ ਰਹੇ ਹਨ। ਕਿਸਾਨ ਇਹ ਰਾਜ਼ ਭਲੀਭਾਂਤ ਜਾਣਦੇ ਹਨ ਤਾਹੀਓਂ ਕਿਰਸਾਨੀ ਵੋਟ ਵੀ ਅਕਾਲੀ ਦਲ ਤੋਂ ਦੂਰ ਹੋ ਚੁੱਕੀ ਹੈ। ਇਸ ਬੇਚੈਨੀ ’ਚੋਂ ਹੀ ਬਸਪਾ ਨਾਲ ਚੋਣ ਸਮਝੌਤਾ ਕਰਨਾ ਪਿਆ ਹੈ। ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਭਾਜਪਾ, ਅਕਾਲੀ ਦਲ ਅਤੇ ਬਸਪਾ ਕਦੋਂ ਇੱਕ ਹੋ ਜਾਣ ਅਤੇ ਯੂ.ਪੀ. ਵਿੱਚ ਵੀ ਕਿਸਾਨ ਹਮਾਇਤੀ ਸਿਆਸੀ ਦਲਾਂ ਨੂੰ ਨੁਕਸਾਨ ਪਹੁੰਚਾ ਦੇਣਾ, ਕੁਝ ਕਿਹਾ ਨਹੀਂ ਜਾ ਸਕਦਾ।

ਵੈਸੇ ਵੀ ਕਿਹਾ ਜਾਂਦਾ ਹੈ ਕਿ ਬਸਪਾ ਮੁਖੀ ਮਾਇਆਵਤੀ; ਭਾਜਪਾ ਦੀ ਸਹਿਮਤੀ ਤੋਂ ਬਿਨਾਂ ਕਿਸੇ ਹੋਰ ਪਾਰਟੀ ਨਾਲ ਚੋਣ ਸਮਝੌਤਾ ਨਹੀਂ ਕਰ ਸਕਦੀ। ਭਾਰਤ ਦਾ ਲੋਕਤੰਤਰੀ ਢਾਂਚਾ ਅਜਿਹਾ ਸਿਰਜਿਆ ਜਾ ਚੁੱਕਾ ਹੈ ਕਿ ਚੋਣਾਂ ਸਮੇਂ ਅਰਬਾਂ ਰੁਪਏ ਖ਼ਰਚ ਕੀਤੇ ਜਾਂਦੇ ਹਨ ਤਾਂ ਜੋ ਇਮਾਨਦਾਰ ਆਦਮੀ ਚੁਣਾਵ ਹੀ ਨਾ ਲੜ ਸਕੇ। ਗ਼ੈਰ ਤਰੀਕੇ ਨਾਲ ਇਕੱਠਾ ਕੀਤਾ ਪਾਰਟੀ ਫੰਡ ਚੁਣਾਵ ਉਪਰੰਤ ਸੱਤਾਧਾਰੀ ਪਾਰਟੀ ਦੀ ਹਮਾਇਤ ਹਾਸਲ ਕਰਨ ਲਈ ਸਰਕਾਰੀ ਏਜੰਸੀਆਂ ਦੇ ਡਰ ਨਾਲ ਮਦਦ ਕਰਦਾ ਹੈ ਅਤੇ ਵਿਰੋਧੀ ਸਿਆਸੀ ਆਵਾਜ਼ ਨੂੰ ਭ੍ਰਿਸ਼ਟਾਚਾਰ ਦਾ ਡਰ ਵਿਖਾ ਕੇ ਚੁਪ ਕਰਾ ਲਿਆ ਜਾਂਦਾ ਹੈ। ਹਰ ਪਾਰਟੀ ਨੂੰ ਮਹਿੰਗਾ ਚੁਣਾਵ ਲੜਨ ਲਈ ਜਾਇਜ਼-ਨਜਾਇਜ਼ ਹੱਥਕੰਡਾ ਅਪਣਾਉਣਾ, ਮਜਬੂਰੀ ਵੀ ਬਣਾ ਦਿੱਤਾ ਗਿਆ ਹੈ। ਅਜਿਹੇ ਭ੍ਰਿਸ਼ਟ ਅਤੇ ਮਹਿੰਗੇ ਢਾਂਚੇ ਵਿੱਚ ਕੋਈ ਇਮਾਨਦਾਰ ਅਤੇ ਪੜ੍ਹਿਆ ਲਿਖਿਆ ਸਿਆਸਤਦਾਨ ਹੀ ਟਿਕ ਸਕਦਾ ਹੈ ਭਾਵ ਅਹੰਕਾਰੀ ਸਿਆਸਦਾਨਾਂ ਦੀਆਂ ਲੋਕ ਮਾਰੂ ਨੀਤੀਆਂ ਵਿਰੁਧ ਬੋਲ ਸਕਦਾ ਹੈ। ਭ੍ਰਿਸ਼ਟ ਪਾਰਟੀਆਂ ਦੀ ਆਵਾਜ਼ ਸਦਾ ਬੰਦ ਹੀ ਰਹਿੰਦੀ ਹੈ। ਮਿਸਾਲ ਵਜੋਂ ਪਿਛਲੇ ਕੁਝ ਸਾਲਾਂ ਤੋਂ ਦਲਿਤਾਂ ਉੱਤੇ ਹੋਏ ਇੰਨੇ ਅਤਿਆਚਾਰ ਦੇ ਬਾਵਜੂਦ ਵੀ ਦਲਿਤਾਂ ਦੀ ਸਮਰਥਿਕ ਬਸਪਾ ਮੁਖੀ ਮਾਇਆਵਤੀ ਕਦੇ ਆਵਾਜ਼ ਉਠਾਉਂਦੀ ਨਹੀਂ ਵੇਖੀ ਗਈ।

ਦੂਸਰੇ ਪਾਸੇ ਸੱਤਾਧਾਰੀ ਪਾਰਟੀ ਭ੍ਰਿਸ਼ਟ ਸਿਆਸਤਦਾਨ ਆਪਣੀ ਪਾਰਟੀ ਵਿੱਚ ਸ਼ਾਮਲ ਕਰਕੇ ਵੀ ਆਪਣੀ ਛਬੀ ਇਮਾਨਦਾਰ ਅਤੇ ਪਾਰਦਰਸ਼ੀ ਸਾਬਤ ਕਰਨ ’ਚ ਲੱਗੀ ਰਹਿੰਦੀ ਹੈ । ਮਿਸਾਲ ਵਜੋਂ ਪੱਛਮੀ ਬੰਗਾਲ ਦੇ ਮੰਤਰੀ ਫਿਰਦਾਦ ਹਕੀਮ, ਸੁਬਰਤ ਮੁਖਰਜੀ ਅਤੇ ਟੀ. ਐਮ. ਸੀ. ਵਿਧਾਇਕ ਮਦਨ ਮਿੱਤਰਾ, ਜਿਨ੍ਹਾਂ ਨੇ ਭਾਜਪਾ ’ਚ ਸ਼ਾਮਲ ਹੋਣ ਤੋਂ ਨਾਂਹ ਕਰ ਦਿੱਤੀ ਸੀ ਉਨ੍ਹਾਂ ਨੂੰ ਸੀ. ਬੀ. ਆਈ. ਨੇ ਨਾਰਦਾ ਸਟਿੰਗ ਕੇਸ ਵਿੱਚ ਗ੍ਰਿਫ਼ਤਾਰ ਕਰ ਲਿਆ, ਪਰ ਉਸੇ ਕੇਸ ਵਿੱਚ ਦੋਸ਼ੀ ਭਾਜਪਾ ਦੇ ਕੌਮੀ ਮੀਤ ਪ੍ਰਧਾਨ ਮੁਕੁਲ ਰਾਇ ਤੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਸੁਵੇਂਧੂ ਅਧਿਕਾਰੀ ਨੂੰ ਸੀ. ਬੀ. ਆਈ. ਨੇ ਦੋਸ਼ ਮੁਕਤ ਕਰ ਦਿੱਤਾ।

ਜਿਵੇਂ ਬਾਦਲ ਦਲ ਨੇ ਅਕਾਲ ਤਖ਼ਤ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੀਆਂ ਸਿਰਮੌਰ ਪੰਥਕ ਸੰਸਥਾਵਾਂ ਨੂੰ ਨੁਕਸਾਨ ਪਹੁੰਚਾਇਆ ਹੈ; ਓਵੇਂ ਮੋਦੀ ਸਰਕਾਰ ਨੇ ਵੀ ਭਾਰਤ ਦੀਆਂ ਸੰਵਿਧਾਨਿਕ ਸੰਸਥਾਵਾਂ ਨੂੰ ਅਪੰਗ ਬਣਾ ਦਿੱਤਾ ਹੈ। ਕਿਸਾਨ ਅੰਦੋਲਨ ਨੇ ਇਨ੍ਹਾਂ ਦੋਵੇਂ ਸਿਆਸੀ ਦਲਾਂ ਨੂੰ ਪੂਰੀ ਚੁਣੌਤੀ ਦੇ ਰੱਖੀ ਹੈ, ਜਿਸ ਕਾਰਨ ਚਿੰਤਤ ਵੇਖੇ ਜਾ ਸਕਦੇ ਹਨ। ਅਜਿਹਾ ਕੰਮ ਸਾਰੀਆਂ ਹੀ ਵਿਰੋਧੀ ਸਿਆਸੀ ਪਾਰਟੀਆਂ ਮਿਲ ਕੇ ਨਹੀਂ ਕਰ ਸਕੀਆਂ। ਜ਼ਰੂਰਤ ਹੈ ਇਸ ਮੁਹਿਮ ਨੂੰ 2022 ਤੱਕ ਕਾਇਮ ਰੱਖਣ ਦੀ ਕਿਉਂਕਿ ਉਸ ਮਾਰ ਨਾਲ ਹੀ ਕਿਸਾਨੀ ਮੰਗਾਂ ਮੰਨੀਆਂ ਜਾਣੀਆਂ ਹਨ।

ਪੰਜਾਬ ’ਚ ਧੜਾਧੜ ਨਵੀਆਂ ਪਾਰਟੀਆਂ ਇਸ ਆਸ ’ਚ ਉੱਭਰ ਰਹੀਆਂ ਹਨ ਕਿ ਸ਼ਾਇਦ ਯੂ. ਪੀ. ਦੀਆਂ ਪੰਚਾਇਤੀ ਚੋਣਾਂ ’ਚ ਟਰੈਕਟਰ ਚੋਣ ਵਾਲੇ ਆਜ਼ਾਦ ਉਮੀਦਵਾਰਾਂ ਵਾਙ ਦਾਅ ਲੱਗ ਜਾਵੇ। ਪੰਜਾਬ ਦੇ ਕਿਸਾਨ ਆਗੂਆਂ ਦੀ ਸਿਆਣਪ ਇਸੇ ’ਚ ਹੈ ਕਿ ਮਾਹਰਾਂ ਦੀ ਕਮੇਟੀ ਬਣਾ ਕੇ ਕੇਵਲ ਆਪਣਾ ਹੀ ਨਹੀਂ ਸਗੋਂ ਸਮੁੱਚੇ ਪੰਜਾਬ ਦਾ ਚੋਣ ਏਜੰਡਾ ਤੈਅ ਕਰਨ। ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਦੀ ਅਗਵਾਈ ’ਚ ਕੰਮ ਕਰ ਰਹੀ ਪਿੰਡ ਬਚਾਉ ਪੰਜਾਬ ਬਚਾਉਕਮੇਟੀ ਵੱਲੋਂ ਤਿਆਰ ਕੀਤਾ ਏਜੰਡਾ ਪੰਜਾਬ ਖਰੜੇ ਤੋਂ ਇਸ ਕੰਮ ਲਈ ਸੇਧ ਲਈ ਜਾ ਸਕਦੀ ਹੈ। ਇਸ ਤਿਆਰ ਕੀਤੇ ਏਜੰਡੇ ਨੂੰ ਲਾਗੂ ਕਰਨ ਦਾ ਵਾਅਦਾ ਕਰਨ ਵਾਲੀ ਕਿਸੇ ਸੁਹਿਰਦ ਨਵੀਂ ਪਾਰਟੀ ਜਾਂ ਨਵੀਆਂ ਪਾਰਟੀਆਂ ਦੇ ਗੱਠਜੋੜ ਦਾ ਸਮਰਥਨ ਕਰਨ ਨਾਲ ਕਿਸਾਨੀ ਅੰਦੋਲਨ ਪ੍ਰਤੀ ਸੱਚੇ ਦਿਲੋਂ ਆਵਾਜ਼ ਉਠਾਈ ਜਾ ਸਕਦੀ ਹੈ।

ਕਿਸੇ ਦਲਿਤ ਨੂੰ ਪੰਜਾਬ ਦਾ ਅਗਲਾ ਮੁੱਖ ਮੰਤਰੀ ਬਣਾਉਣਾ ਵੀ ਲਾਲੀਪੌਪ ਹੀ ਹੈ ਕਿਉਂਕਿ ਪੰਜਾਬ ’ਚ ਜਦ ਕਿਸੇ ਆਪਣੇ ਟਕਸਾਲੀ ਆਗੂ ਦੀ ਪਾਰਟੀ ਮੁਖੀ (ਰਾਜਾ ਸ਼ਾਹੀ ਸੋਚ ਵਾਲੇ) ਨਹੀਂ ਸੁਣਦੇ ਤਾਂ ਰਾਸ਼ਟਪਤੀ ਵਾਙ ਉਪ ਮੁੱਖ ਮੰਤਰੀ ਦੀ ਕੁਰਸੀ ’ਤੇ ਬੈਠਾ ਕੋਈ ਦਲਿਤ ਵੀ ਆਪਣੇ ਭਾਈਚਾਰੇ ਪ੍ਰਤੀ ਕਿੰਨਾ ਕੁ ਲਾਭਕਾਰੀ ਹੋਵੇਗਾ, ਕਹਿਣਾ ਮੁਸ਼ਕਲ ਹੈ।

ਕਿਸਾਨ ਅਤੇ ਪੰਥਕ ਜਥੇਬੰਦੀਆਂ ਨੂੰ ਪਿੰਡ-ਪਿੰਡ ਸਭਾਵਾਂ ਕਰਕੇ ਦਲਿਤ ਭਾਈਚਾਰੇ ਨੂੰ ਸੁਚੇਤ ਰਹਿਣ ਬਾਬਤ ਸਮਝਾਉਣਾ ਚਾਹੀਦਾ ਹੈ। ਕਿਸਾਨ ਅਤੇ ਪੰਥਕ ਹਲਕਿਆਂ ਵਿੱਚ ਮਜ਼ਦੂਰਾਂ ਪ੍ਰਤੀ ਸਮਾਜਿਕ ਪਿਆਰ ਸਦੀਆਂ ਪੁਰਾਣਾ ਰਿਹਾ ਹੈ। ਪੰਜਾਬ ਦੇ ਸੁਨਹਿਰੇ ਭਵਿੱਖ ਲਈ ਅਤੇ ਕਿਸਾਨੀ ਮੰਗਾਂ ਨੂੰ ਮੰਨਵਾਉਣ ਲਈ ਕਿਸਾਨ- ਮਜ਼ਦੂਰ ਏਕਤਾ ਦਾ ਕਾਇਮ ਰਹਿਣਾ ਅਤਿ ਜ਼ਰੂਰੀ ਹੈ। ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਇਸ ਭਾਈਵਾਲ ਸਾਂਝ ਨੂੰ ਤੋੜਨ ਲਈ ਹੀ ਭਾਜਪਾ ਨੇ ਅਕਾਲੀ ਦਲ ਅਤੇ ਬਸਪਾ ਦਾ ਸਿਆਸੀ ਗਠਜੋੜ ਕਰਵਾਇਆ ਹੈ ਅਤੇ ਕੁਝ ਆਪਣੇ ਬੰਦੇ ਭਾਜਪਾ ਪਾਰਟੀ ਆਜ਼ਾਦ ਵੀ ਚੋਣਾਂ ਦੌਰਾਨ ਖੜ੍ਹੇ ਕਰ ਸਕਦੀ ਹੈ।

 ਪੰਜਾਬ ’ਚ ਹੁਣ ਤੱਕ ਬਹੁਤੇ ਮੁੱਖ ਮੰਤਰੀ ਜੱਟ ਕਿਸਾਨ ਰਹੇ ਹਨ, ਫਿਰ ਵੀ ਕਿਸਾਨ ਕਰਜ਼ੇ ਦੀ ਮਾਰ ਤੋਂ ਉੱਪਰ ਨਹੀਂ ਉੱਠ ਸਕੇ। ਕਿਸਾਨਾਂ ਦੁਆਰਾ ਖ਼ੁਦਕੁਸ਼ੀਆਂ ਹੁੰਦੀਆਂ ਰਹੀਆਂ। ਇਹੀ ਹਾਲ ਦਲਿਤ ਮੁੱਖ ਮੰਤਰੀ ਵਾਲਾ ਲਾਲੀਪੌਪ ਫੜਾਉਣ ਉਪਰੰਤ ਦਲਿਤਾਂ ਦਾ ਹੋਣਾ ਹੈ। ਮੌਜੂਦਾ ਕੈਪਟਨ ਸਰਕਾਰ ’ਚ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮੰਤਰਾਲਾ ਦਲਿਤ ਆਗੂ ਸਾਧੂ ਸਿੰਘ ਧਰਮਸੋਤ ਪਾਸ ਹੈ ਜਿਸ ਉੱਪਰ ਦਲਿਤ ਵਿਦਿਆਰਥੀਆਂ ਦੇ ਵਜੀਫਿਆਂ ਦੀ ਰਕਮ ਦੇ ਘੁਟਾਲੇ ਦੇ ਦੋਸ਼ ਲੱਗ ਰਹੇ ਹਨ। ਇਸ ਘੁਟਾਲੇ ਕਾਰਨ ਲੱਖਾਂ ਦਲਿਤ ਵਿਦਿਆਰਥੀਆਂ ਦਾ ਭਾਰੀ ਨੁਕਸਾਨ ਹੋਇਆ ਹੈ। ਯੂ. ਪੀ ਦੇ ਹਾਥਰਸ ਜ਼ਿਲ੍ਹੇ ਦੇ ਪਿੰਡ ਦੀ ਇੱਕ ਦਲਿਤ ਲੜਕੀ ਨਾਲ 14 ਸਤੰਬਰ 2020 ਨੂੰ ਸਮੂਹਿਕ ਬਲਾਤਕਾਰ ਅਤੇ ਭਾਰੀ ਤਸ਼ੱਦਦ ਹੋਇਆ; ਉਸ ਦੀ ਰੀੜ ਦੀ ਹੱਡੀ ਤੋੜੀ ਗਈ ਅਤੇ ਜੀਭ ਕੱਟ ਦਿੱਤੀ ਗਈ ਤਾਂ ਕਿ ਉਹ ਆਪਣੇ ਨਾਲ ਹੋਏ ਤਸ਼ੱਦਦ ਨੂੰ ਬਿਆਨ ਨਾ ਕਰ ਸਕੇ। ਲੜਕੀ 13 ਦਿਨ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਦਿਆਂ ਅੰਤ ਜੀਵਨ ਬਾਜ਼ੀ ਹਾਰ ਗਈ। ਕੁਝ ਸਮਾਜਸੇਵੀ ਤੇ ਵਿਰੋਧੀ ਪਾਰਟੀਆਂ ਨੇ ਆਵਾਜ਼ ਉਠਾਈ ਪਰ ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ, ਜਿਸ ਦਾ ਇਸ ਬਾਰੇ ਬੋਲਣਾ ਹੀ ਅਧਿਕਾਰਸੀ ਅਤੇ ਦੋਵੇਂ ਦਲਿਤ ਬਰਾਦਰੀ ਨਾਲ ਸੰਬੰਧਿਤ ਹਨ, ਫਿਰ ਵੀ ਕਦੇ ਪੀੜਤ ਲਈ ਹਾਅ ਦਾ ਨਾਹਰਾ ਨਾ ਮਾਰ ਸਕੇ। ਇਹ ਉਦਾਹਰਣਾਂ ਕੇਵਲ ਇਹ ਸਮਝਣ ਲਈ ਹਨ ਕਿ ਸਿਸਟਮ ਬਦਲੇ ਬਿਨਾਂ ਵਿਸ਼ੇਸ਼ ਜਾਤੀ ਦਾ ਮੁੱਖ ਮੰਤਰੀ ਕਹਿ ਦੇਣਾ ਕੇਵਲ ਲਾਲੀਪੌਪ ਹੀ ਹੁੰਦਾ ਹੈ।

ਸਿਆਸਤ ਜਾਣਨ ਲਈ ਪਾਰਟੀਆਂ ਦਾ ਅਸਲ ਏਜੰਡਾ ਸਮਝਣੀ ਜ਼ਰੂਰੀ ਹੈ। ਭਾਜਪਾ ਦਾ ਏਜੰਡਾ ਹੈ ‘ਰਾਮਰਾਜ’। ਧਰਮ ਪੁਸਤਕਾਂ ਅਨੁਸਾਰ ਰਾਜਾ ਰਾਮ ਚੰਦਰ ਜੀ ਦੇ ਰਾਜ ਦੌਰਾਨ ਇੱਕ ਦਲਿਤ ਸਮਾਜ ਨਾਲ ਸੰਬੰਧਿਤ ਰਿਸ਼ੀ ਸ਼ੰਭੂਕ ਨੂੰ ਬ੍ਰਾਹਮਣਾਂ ਦੀ ਸ਼ਿਕਾਇਤ ’ਤੇ ਕੇਵਲ ਇਸ ਲਈ ਮਾਰ ਦਿੱਤਾ ਕਿ ਉਸ ਨੇ ਦਲਿਤ ਹੁੰਦਿਆਂ ਰੱਬ ਦੀ ਭਗਤੀ ਕਰਨ ਦਾ ਸਾਹਸ ਵਿਖਾਇਆ ਸੀ। ਦੂਸਰੇ ਪਾਸੇ ਸਿੱਖਾਂ ਕੋਲ ਗੁਰੂ ਗ੍ਰੰਥ ਸਾਹਿਬ ਰੂਪੀ ਵਿਚਾਰਧਾਰਾ ਹੈ, ਜਿਸ ਅੰਦਰ ਭਾਰਤੀ ਅਖੌਤੀ ਜਾਤਾਂ ਦੇ ਸਿਰੋਮਣੀ ਭਗਤ ਸਾਹਿਬਾਨ ਦੇ ਵਿਚਾਰ ਬਿਨਾਂ ਕਿਸੇ ਭੇਦ ਭਾਵ ਤੋਂ ਸੁਭਾਇਮਾਨ ਹਨ। ਮਿਸਾਲ ਵਜੋਂ ਕੁਝ ਹੇਠਾਂ ਪਾਵਨ ਵਚਨ ਦਰਜ ਹਨ :

ਨੀਚਾ ਅੰਦਰਿ ਨੀਚ ਜਾਤਿ; ਨੀਚੀ ਹੂ ਅਤਿ ਨੀਚੁ ॥ ਨਾਨਕੁ ਤਿਨ ਕੈ ਸੰਗਿ ਸਾਥਿ; ਵਡਿਆ ਸਿਉ ਕਿਆ ਰੀਸ  ?॥ (ਮਹਲਾ ੧/੧੫)

ਖਤ੍ਰੀ, ਬ੍ਰਾਹਮਣ, ਸੂਦ, ਵੈਸ; ਉਪਦੇਸੁ ਚਹੁ ਵਰਨਾ ਕਉ ਸਾਝਾ ॥ ਗੁਰਮੁਖਿ ਨਾਮੁ ਜਪੈ, ਉਧਰੈ ਸੋ ਕਲਿ ਮਹਿ; ਘਟਿ ਘਟਿ ਨਾਨਕ ਮਾਝਾ ॥ (ਮਹਲਾ ੫/੭੪੮)

ਬ੍ਰਹਮਨ, ਬੈਸ, ਸੂਦ ਅਰੁ ਖੵਤ੍ਰੀ; ਡੋਮ, ਚੰਡਾਰ, ਮਲੇਛ ਮਨ ਸੋਇ ॥ ਹੋਇ ਪੁਨੀਤ, ਭਗਵੰਤ ਭਜਨ ਤੇ; ਆਪੁ ਤਾਰਿ ਤਾਰੇ ਕੁਲ ਦੋਇ ॥ (ਭਗਤ ਰਵਿਦਾਸ/੮੫੮)

ਐਸੀ ਲਾਲ  !  ਤੁਝ ਬਿਨੁ ਕਉਨੁ ਕਰੈ ॥ ਗਰੀਬ ਨਿਵਾਜੁ ਗੁਸਈਆ ਮੇਰਾ; ਮਾਥੈ ਛਤ੍ਰੁ ਧਰੈ ॥ ਨੀਚਹ, ਊਚ ਕਰੈ ਮੇਰਾ ਗੋਬਿੰਦੁ; ਕਾਹੂ ਤੇ ਨ ਡਰੈ ॥ (ਭਗਤ ਰਵਿਦਾਸ/੧੧੦੬)

ਜਾਤਿ ਕਾ ਗਰਬੁ; ਨ ਕਰਿ ਮੂਰਖ ਗਵਾਰਾ ! ॥ ਇਸੁ ਗਰਬ ਤੇ ਚਲਹਿ; ਬਹੁਤੁ ਵਿਕਾਰਾ ॥੧॥ ਰਹਾਉ ॥ (ਮਹਲਾ ੩/੧੧੨੮)

ਅਵਲਿ ਅਲਹ ਨੂਰੁ ਉਪਾਇਆ; ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ; ਕਉਨ ਭਲੇ ਕੋ ਮੰਦੇ  ?॥ (ਭਗਤ ਕਬੀਰ/੧੩੪੯) ਆਦਿ।

ਸੋ ਭਾਰਤ ਭਾਵੇਂ ਇੱਕ ਲੋਕਤੰਤਰ ਦੇਸ਼ ਹੈ ਪਰ ਇੱਥੇ ਸੱਤਾ ਦਾ ਨਸ਼ਾ, ਜਾਤ-ਪਾਤ ਦਾ ਅਭਿਮਾਨ, ਧਾਰਮਿਕ ਵਿਤਕਰਿਆਂ ਆਦਿ ਨੇ ਆਮ ਨਾਗਰਿਕਾਂ ਦੀ ਜ਼ਿੰਦਗੀ ਨੂੰ ਪੀੜਾ ਦਾਇਕ ਬਣਾ ਰੱਖਿਆ ਹੈ। ਇਸ ਦਾ ਮੁਕਾਬਲਾ ਸਭ ਨੂੰ ਮਿਲ ਕੇ ਕਰਨਾ ਪੈਣਾ ਹੈ, ਨਹੀਂ ਤਾਂ ਸਿਆਸੀ ਲੋਕ; ਸਾਨੂੰ ਵੰਡ ਕੇ ਅੱਜ ਕਿਸਾਨਾਂ ਨੂੰ, ਕੱਲ੍ਹ ਮਜਦੂਰਾਂ ਨੂੰ ਅਤੇ ਇੱਕ ਦਿਨ ਛੋਟੇ ਵਪਾਰੀਆਂ ਨੂੰ ਪੂੰਜੀਪਤੀਆਂ ਕੋਲ ਬੰਧੂਆ ਮਜ਼ਦੂਰ ਬਣਾ ਦੇਣਗੇ। ਸਿਆਸੀ ਲੋਕਾਂ ਦੀ ਜਾਨ ਮਤਦਾਨ ਪੇਟੀਆਂ ’ਚ ਬੰਦ ਹੁੰਦੀ ਹੈ ਬਸ਼ਰਤੇ ਕਿ ਸਾਨੂੰ ਆਪਣੀ ਵੋਟ ਸ਼ਕਤੀ ਦਾ ਸਹੀ ਪ੍ਰਯੋਗ ਕਰਨ ਦੀ ਜਾਚ ਆ ਜਾਵੇ। ਪੰਜਾਬੀਆਂ ਕੋਲ ਭਾਰਤ ਦੀ ਜਨਤਾ ਨੂੰ ਜਗਾਉਣ ਦੀ ਸਮਰੱਥਾ ਹੈ, ਇਸ ਦੀ ਮਿਸਾਲ ਕਿਸਾਨ ਅੰਦੋਲਨ ਹੈ ਤਾਂ ਤੇ ਅਸਾਂ ਆਪਣੀ ਜ਼ਿੰਮੇਵਾਰੀ ਜਲਦੀ ਸਮਝਣੀ ਹੈ।

ਸ਼ਹੀਦ ਭਾਈ ਮਨੀ ਸਿੰਘ ਜੀ

0

ਗੁਰੂ ਘਰ ਨੂੰ ਸਮਰਪਿਤ ਭਾਈ ਮਨੀ ਸਿੰਘ ਜੀ ਅਤੇ ਉਨ੍ਹਾਂ ਦੇ ਵੰਸ਼ਜ

ਗਿਆਨੀ ਅਵਤਾਰ ਸਿੰਘ

ਨੋਟ : ਇਸ ਲੇਖ ’ਚ ਸੰਨ ਦੇ ਨਾਲ਼-ਨਾਲ਼ ਸੰਮਤ ਦਾ ਵੀ ਜ਼ਿਕਰ ਹੈ ਕਿਉਂਕਿ ਭੱਟ ਵਹੀਆਂ ’ਚ ਸੰਮਤ ਦਰਜ ਹੈ, ਜੋ ਸੰਨ ਤੋਂ 57 ਸਾਲ ਅੱਗੇ ਹੁੰਦਾ ਹੈ। ਕਈ ਜਗ੍ਹਾ ਸੰਮਤ ਵੀ ਦੋ ਲਿਖੇ ਹਨ ਕਿਉਂਕਿ ਚੰਦ੍ਰਮਾ ਆਧਾਰਿਤ ਸੰਮਤ ਅਤੇ ਸੂਰਜ ਆਧਾਰਿਤ ਸੰਮਤ ਦੋ ਹੁੰਦੇ ਹਨ।

ਗੁਰੂ ਕਾਲ ਦੇ ਇਤਿਹਾਸ ਨੂੰ ਵਾਚਿਆਂ ਜਾਪਦਾ ਹੈ ਕਿ ਬਹੁਤ ਥੋੜ੍ਹੇ ਗੁਰੂ ਪਿਆਰੇ ਹੋਏ ਹਨ, ਜਿਨ੍ਹਾਂ ਨੇ ਗੁਰੂ ਸਾਹਿਬਾਨ ਦੇ ਅੰਗ ਸੰਗ ਰਹਿ ਕੇ ਲੰਬੀ ਉਮਰ ਤੱਕ ਗੁਰੂ ਘਰ ਸੇਵਾ ਨਿਭਾਈ ਹੈ। ਉਨ੍ਹਾਂ ਵਿੱਚੋਂ ਪ੍ਰਮੁੱਖ ਨਾਂ ਹਨ ‘ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਅਤੇ ਭਾਈ ਮਨੀ ਸਿੰਘ ਜੀ’। ਇਹ ਮਹਾਨ ਸ਼ਖ਼ਸੀਅਤਾਂ ਗੁਰੂ ਘਰ ’ਚ ਵਾਪਰਦੀ ਹਰ ਗਤੀਵਿਧੀ ਨਾਲ਼ ਜੁੜੀਆਂ ਰਹੀਆਂ ਹਨ।

ਬਾਬਾ ਬੁੱਢਾ ਜੀ ਦਾ ਜਨਮ 7 ਕੱਤਕ/6 ਅਕਤੂਬਰ ਜੂਲੀਅਨ 1506 (ਹੁਣ ਨਾਨਕਸ਼ਾਹੀ ਕੈਲੰਡਰ ਮੁਤਾਬਕ 21 ਅਕਤੂਬਰ 1506 ਕਿਉਂਕਿ ਜੂਲੀਅਨ ਕੈਲੰਡਰ ਤੋਂ ਈਸਵੀ ਕੈਲੰਡਰ ਹੁਣ ਤੱਕ 15 ਦਿਨ ਵਧ ਚੁਕਿਐ) ਨੂੰ ਹੋਇਆ। ਆਪ ਗੁਰੂ ਨਾਨਕ ਜੀ ਤੋਂ 37 ਸਾਲ ਛੋਟੇ ਸਨ ਅਤੇ 12 ਕੁ ਸਾਲ ਦੀ ਉਮਰ (ਸੰਨ 1518) ’ਚ ਗੁਰੂ ਨਾਨਕ ਜੀ ਨਾਲ ਆਪ ਦਾ ਮਿਲਾਪ ਹੋਇਆ, ਜੋ ਅੰਤਮ ਸਮੇਂ 13 ਨਵੰਬਰ ਜੂਲੀਅਨ 1631 (ਸਤਵੇਂ ਜਾਮੇ) ਤੱਕ ਯਾਨਿ 113 ਸਾਲ ਤੱਕ ਨਿਰੰਤਰ ਜਾਰੀ ਰਿਹਾ।

ਭਾਈ ਗੁਰਦਾਸ ਜੀ ਦਾ ਜਨਮ ਸੰਨ 1551 ’ਚ ਹੋਇਆ। ਛੋਟੀ ਉਮਰ ’ਚ ਹੀ ਮਾਤਾ-ਪਿਤਾ ਦਾ ਦੇਹਾਂਤ ਹੋਣ ਕਾਰਨ ਆਪ ਜੀ ਦਾ ਪਾਲਣ ਪੋਸ਼ਣ ਗੁਰੂ ਅਮਰਦਾਸ ਜੀ ਦੀ ਦੇਖ ਰੇਖ ’ਚ ਹੋਇਆ। ਰਿਸ਼ਤੇਦਾਰੀ ਵਜੋਂ ਆਪ; ਗੁਰੂ ਅਮਰਦਾਸ ਜੀ ਦੇ ਭਤੀਜੇ ਸਨ।  3 ਵੈਸਾਖ/29 ਮਾਰਚ ਜੂਲੀਅਨ ਸੰਨ 1552 ’ਚ ਗੁਰੂ ਅਮਰਦਾਸ ਜੀ ਗੁਰੂ ਨਾਨਕ ਜੋਤਿ ਦੇ ਤੀਸਰੇ ਵਾਰਸ ਬਣ ਗਏ ਯਾਨਿ ਭਾਈ ਗੁਰਦਾਸ ਜੀ ਬਚਪਨ ਤੋਂ ਹੀ ਗੁਰੂ ਸਾਹਿਬ ਦੇ ਚਰਨਾਂ ਨਾਲ ਜੁੜੇ ਰਹੇ ਤੇ ਅੰਤਮ ਸਮੇਂ 25 ਅਗਸਤ 1636 (ਸਤਵੇਂ ਜਾਮੇ) ਤੱਕ ਯਾਨਿ 85 ਸਾਲ ਗੁਰੂ ਘਰ ਨਾਲ ਜੁੜੇ ਰਹੇ।

ਭਾਈ ਮਨੀ ਸਿੰਘ ਜੀ ਦਾ ਜਨਮ 10 ਮਾਰਚ 1644 ਨੂੰ ਮੁਜ਼ੱਫਰਗੜ੍ਹ (ਪਾਕਿਸਤਾਨ) ’ਚ ਪਿਤਾ ਮਾਈ ਦਾਸ ਜੀ ਅਤੇ ਮਾਤਾ ਮਧਰੀ ਬਾਈ ਜੀ ਦੀ ਕੁੱਖੋਂ ਹੋਇਆ। ਇਸੇ ਸਾਲ ਗੁਰੂ ਹਰਿਰਾਇ ਸਾਹਿਬ ਜੀ 1 ਚੇਤ/27 ਫ਼ਰਵਰੀ ਜੂਲੀਅਨ 1644 ਨੂੰ ਗੁਰੂ ਨਾਨਕ ਜੋਤਿ ਦੇ ਸੱਤਵੇਂ ਵਾਰਸ ਬਣੇ। ਆਪ 13 ਕੁ ਸਾਲ ਦੀ ਉਮਰ ’ਚ ਪਹਿਲੀ ਵਾਰ ਸੰਨ 1657 ’ਚ ਗੁਰੂ ਹਰਿਰਾਇ ਸਾਹਿਬ ਜੀ ਦੇ ਦਰਸ਼ਨਾਂ ਲਈ ਕੀਰਤਪੁਰ ਸਾਹਿਬ ਗਏ ਅਤੇ ਸੰਨ 1708 ਤੱਕ (51 ਸਾਲ) ਚਾਰ ਗੁਰੂ ਸਾਹਿਬਾਨ ਦੀ ਗੋਦ ਦਾ ਨਿਘ ਮਾਣਿਆ ਤੇ ਅੰਤਮ ਸਮੇਂ 25 ਹਾੜ/24 ਜੂਨ ਜੂਲੀਅਨ 1734 ਯਾਨਿ 77 ਸਾਲ ਤੱਕ ਸਿੱਖ ਕੌਮ ਦੇ ਸਿਰਮੌਰ ਕਾਰਜਾਂ ’ਚ ਭਾਗੀਦਾਰ ਬਣੇ।

ਉਕਤ ਤਿੰਨੇ ਮਹਾਨ ਸ਼ਖ਼ਸੀਅਤਾਂ ਨੂੰ ਦਰਬਾਰ ਸਾਹਿਬ (ਅੰਮ੍ਰਿਤਸਰ) ਅਤੇ ਅਕਾਲ ਤਖ਼ਤ ਸਾਹਿਬ ਵਿਖੇ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਮੁੱਖ ਗ੍ਰੰਥੀ ਸਾਹਿਬਾਨ ਅਤੇ ਜਥੇਦਾਰ ਅਕਾਲ ਤਖ਼ਤ ਸਾਹਿਬ ਵਜੋਂ ਸੇਵਾ ਨਿਭਾਉਣ ਦਾ ਮਾਣ ਵੀ ਪ੍ਰਾਪਤ ਹੈ। ਇਨ੍ਹਾਂ ਤਿੰਨੇ ਰੂਹਾਂ ਨੇ ਗੁਰੂ ਕਾਲ ’ਚ 1518 ਤੋਂ 1708 ਤੱਕ (190 ਸਾਲ) ਅਤੇ 1708 ਤੋਂ ਬਾਅਦ 26 ਸਾਲ ਯਾਨਿ ਕੁੱਲ 216 ਸਾਲ ਆਦਰਸ਼ ਉਮਰ ਬਤੀਤ ਕੀਤੀ।

ਭਾਈ ਮਨੀ ਸਿੰਘ ਜੀ ਅਤੇ ਉਨ੍ਹਾਂ ਦੇ ਵੰਸ਼ਜ ਦਾ ਗੁਰੂ ਘਰ ’ਚ ਰੋਲ ਬੜਾ ਪ੍ਰੇਰਨਾ ਦਾਇਕ ਹੈ, ਜਿਸ ਦਾ ਸੰਖੇਪ ਵੇਰਵਾ ਇਸ ਪ੍ਰਕਾਰ ਹੈ :

(1). ਗੁਰੂ ਅਰਜਨ ਸਾਹਿਬ ਜੀ ਦੁਆਰਾ ਸੰਨ 1597 ’ਚ ਪਿੰਡ ਰੁਹੀਲਾ (ਜੋ ਹੁਣ ਹਰਿਗੋਬਿੰਦਪੁਰ ਹੈ) ਨਗਰ ਵਸਾਇਆ। ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਸੰਨ 1613 ’ਚ ਗਵਾਲੀਅਰ ਵਿਖੇ ਬੰਦੀ ਬਣਾਏ ਜਾਣ ਉਪਰੰਤ ਇਸ ਨਗਰ ’ਤੇ ਕਬਜ਼ਾ ਭਗਵਾਨ ਦਾਸ ਘੇਰੜ, ਉਸ ਦੇ ਪੁੱਤਰ ਰਤਨ ਚੰਦ ਤੇ ਚੰਦੂ ਦੇ ਪੁੱਤਰ ਕਰਮ ਚੰਦ ਨੇ ਕਰ ਲਿਆ। ਰਿਹਾਅ ਹੋਣ ਉਪਰੰਤ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਇਸ ਨਗਰ ਨੂੰ ਵਾਪਸ ਛੁਡਵਾਉਣ ਲਈ 27 ਸਤੰਬਰ ਤੋਂ 3 ਅਕਤੂਬਰ ਜੂਲੀਅਨ 1621 (3 ਕੱਤਕ/ਸੰਮਤ 1678) ਤੱਕ ਇੱਕ ਹਫ਼ਤਾ ਲੜਾਈ ਲੜੀ। ਇਨ੍ਹਾਂ ਤਿੰਨੇ ਦੋਖੀਆਂ ਨੂੰ ਮਾਰ ਕੇ ਮੀਰੀ ਪੀਰੀ ਦੇ ਮਾਲਕ ਨੇ ਪਹਿਲੀ ਜਿੱਤ ਹਾਸਲ ਕੀਤੀ। ਇਸ ਯੁੱਧ ’ਚ ਭੱਟ ਮਥਰਾ ਜੀ, ਭਾਈ ਪਰਾਗਾ ਜੀ (ਭਾਈ ਮਤੀ ਦਾਸ ਤੇ ਸਤੀ ਦਾਸ ਜੀ ਦੇ ਪੜਦਾਦਾ) ਅਤੇ ਭਾਈ ਮਨੀ ਸਿੰਘ ਦੇ ਦਾਦਾ ਜੀ ਦੇ ਭਰਾ ਭਾਈ ਨਾਨੂ ਜੀ, ਇਸ ਵੰਸ਼ ’ਚੋਂ ਪਹਿਲੇ ਸ਼ਹੀਦ ਹੋਏ। ਇਸ ਘਟਨਾ ਦਾ ਜ਼ਿਕਰ ਹੇਠਲੀ ਭੱਟ ਵਹੀ ’ਚ ਦਰਜ ਹੈ :

‘‘ਨਾਨੂ ਬੇਟਾ ਮੂਲੇ ਕਾ, ਪੋਤਾ ਰਾਉ ਕਾ, ਪੜਪੋਤਾ ਚਾਹੜ ਕਾ, ਬੰਸ ਬੀਝੇ ਕਾ, ਬੰਝਰਾਉਂਤ, ਸਾਲ ਸੋਲਾਂ ਸੈ ਅਠੱਤ੍ਰਾ, ਕੱਤਕ ਪ੍ਰਵਿਸ਼ਟੇ ਤੀਜ ਕੇ ਦਿਹੁੰ, ਗਾਮ ਰੁਹੀਲਾ ਪਰਗਣਾ ਬਟਾਲਾ ਕੇ ਮਲ੍ਹਾਨ, ਗੁਰੂ ਕਾ ਬਚਨ ਪਾਇ ਰਤਨਾ ਬੇਟਾ ਭਗਵਾਨੇ ਕਾ, ਕਰਮਾ ਬੇਟਾ ਚੰਦੂ ਕਾ, ਬਾਸੀ ਕਲਾਨੌਰ ਕੋ ਮਾਰ ਕੇ ਮਰਾ ਗੈਲੋਂ ਮਥਰਾ, ਬੇਟਾ ਭਿਖੇ ਕਾ, ਪੋਤਾ ਰਈਏ ਕਾ, ਪੜਪੋਤਾ ਨਰਸੀ ਕਾ, ਬੰਸ ਭਗੀਰਥ ਕਾ, ਕੌਸ਼ਿਸ਼ ਗੋਤ੍ਰ ਗੌੜ ਬ੍ਰਾਹਮਣ, ਪਰਾਗਾ ਬੇਟਾ ਗੋਤਮ ਕਾ, ਭਾਰਗਵ ਗੋਤ੍ਰ, ਛਿੱਬਰ ਬ੍ਰਾਹਮਣ, ਹੋਰ ਰਣ ਜੂਝੰਤੇ ਗੁਰੂ ਕੇ ਜੋਧੇ ਸਾਮ੍ਹਣੇ ਮਾਥੇ ਰਣ ਮੇਂ ਜੂਝ ਕਰ ਮਰੇ ’’ (ਭੱਟ ਵਹੀ ਮੁਲਤਾਨੀ ਸਿੰਧੀ, ਖਾਤਾ ਬੰਝਰਉਂਤੋ ਕਾ)

(2). ਗੁਰੂ ਹਰਿਰਾਇ ਸਾਹਿਬ ਜੀ ਦੀ ਫ਼ੌਜ ਵਿੱਚ 2200 ਘੋੜ ਸਵਾਰ ਅਤੇ ਬਹੁਤ ਸਾਰੇ ਪੈਦਲ ਫ਼ੌਜੀ ਸਨ। ਇਨ੍ਹਾਂ ਫ਼ੌਜੀਆਂ ’ਚ ਹੋਰਨਾਂ ਤੋਂ ਇਲਾਵਾ ਭਾਈ ਮਨੀ ਰਾਮ (ਭਾਈ ਮਨੀ ਸਿੰਘ), ਉਨ੍ਹਾਂ ਦੇ ਦੋ ਭਰਾ ਭਾਈ ਦਿਆਲਾ ਜੀ (ਸ਼ਹੀਦੀ 11 ਮੱਘਰ ਸੰਮਤ 1732/ 11 ਨਵੰਬਰ ਜੂਲੀਅਨ 1675), ਭਾਈ ਜੇਠਾ ਜੀ ਅਤੇ ਸ਼ਹੀਦ ਭਾਈ ਸੁਖੀਆ ਮਾਂਡਨ ਦੇ ਪੁੱਤਰ ਤੇ ਪੋਤੇ ਵੀ ਸ਼ਾਮਲ ਸਨ। ਸੋ ਇਸ ਸਮੇਂ ਭਾਈ ਮਨੀ ਸਿੰਘ ਜੀ ਮਹਾਨ ਯੋਧੇ ਸਨ, ਜਿਨ੍ਹਾਂ ਨੂੰ ਇੱਕ ਫ਼ੌਜੀ ਟੁਕੜੀ ਦਾ ਮੁਖੀ ਬਣਾ ਰੱਖਿਆ ਸੀ।

(3). 6 ਕੱਤਕ/6 ਅਕਤੂਬਰ ਜੂਲੀਅਨ 1661 ਦੇ ਦਿਨ ਗੁਰੂ ਹਰਿ ਰਾਇ ਸਾਹਿਬ ਜੋਤੀ-ਜੋਤਿ ਸਮਾ ਗਏ। ਤਦ ਬਾਬਾ ਰਾਮਰਾਇ ਦਿੱਲੀ ਵਿੱਚ ਸੀ। ਇਹ ਖ਼ਬਰ ਸੁਣ ਕੇ ਉਹ ਕੀਰਤਪੁਰ ਪੁੱਜਾ ਅਤੇ ਗੁਰਗੱਦੀ ’ਤੇ ਆਪਣਾ ਹੱਕ ਜਿਤਾਉਣ ਲੱਗਾ, ਪਰ ਉਸ ਦੇ ਤਿੰਨ ਨਿਜੀ ਸੇਵਾਦਾਰਾਂ (ਗੁਰਦਾਸ, ਗੁਰਬਖ਼ਸ਼ ਤੇ ਤਾਰਾ) ਤੋਂ ਇਲਾਵਾ ਕਿਸੇ ਨੇ ਉਸ ਦਾ ਸਾਥ ਨਾ ਦਿੱਤਾ। ਅਖ਼ੀਰ ਉਹ ਨਿਰਾਸ਼ ਹੋ ਕੇ ਦਿੱਲੀ ਪਰਤ ਗਿਆ। ਮਾਰਚ 1664 ਨੂੰ ਔਰੰਗਜ਼ੇਬ ਨਾਲ ਮਿਲ ਕੇ ਮਦਦ ਮੰਗੀ। ਔਰੰਗਜ਼ੇਬ ਨੇ ਰਾਮਰਾਇ ਦੀ ਮਦਦ ਕਰਨ ਲਈ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਰਾਜਾ ਜੈ ਸਿੰਹ ਮਿਰਜ਼ਾ ਦੇ ਦੀਵਾਨ ਪਰਸ ਰਾਮ ਰਾਹੀਂ ਦਿੱਲੀ ਬੁਲਾ ਲਿਆ। ਇਸ ਸਮੇਂ ਗੁਰੂ ਜੀ ਨਾਲ਼ ਮਾਤਾ ਸੁਲੱਖਣੀ ਜੀ, ਦੀਵਾਨ ਦਰਗਹ ਮੱਲ ਜੀ, ਭਾਈ ਦਰੀਆ ਪਰਮਾਰ ਜੀ, ਭਾਈ ਮਨੀ ਰਾਮ ਜੀ ਤੇ ਕੁਝ ਹੋਰ ਸਿੱਖ ਵੀ ਸਨ।

25 ਮਾਰਚ ਜੂਲੀਅਨ 1664 (ਚੰਦ੍ਰਮਾ ਆਧਾਰਿਤ ਚੇਤ ਸੁਦੀ 9, ਸੰਮਤ 1721/ਸੂਰਜ ਆਧਾਰਿਤ 29 ਚੇਤ ਸੰਮਤ 1720, ਚੇਤੇ ਰਹੇ ਕਿ ਇੱਥੋਂ ਸਾਲ ਦੀ ਆਰੰਭਤਾ ਹੋਣ ਕਾਰਨ ਦੋ ਸੰਮਤ 1721/1720 ਦਿੱਤੇ ਹਨ) ਨੂੰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਔਰੰਗਜ਼ੇਬ ਨਾਲ਼ ਲਾਲ ਕਿਲ੍ਹੇ ਮੁਲਾਕਾਤ ਹੋਈ। ਤਦ ਗੁਰੂ ਜੀ ਨਾਲ਼ ਕੰਵਰ ਰਾਮ ਸਿੰਹ ਮਿਰਜ਼ਾ, ਦੀਵਾਨ ਦਰਗਹ ਮੱਲ ਜੀ, ਭਾਈ ਮਨੀ ਰਾਮ (ਭਾਈ ਮਨੀ ਸਿੰਘ) ਜੀ, ਗੁਰਬਖ਼ਸ਼ (ਰਾਮਰਾਇ ਦਾ ਸਾਥੀ ਤੇ ਉਸ ਦਾ ਮਸੰਦ) ਤੇ ਕੁਝ ਹੋਰ ਸਿੱਖ ਵੀ ਸਨ। ਇਸ ਘਟਨਾ ਦਾ ਵੇਰਵਾ ਭੱਟ ਵਹੀ ਤਲਾਉਂਡਾਵਿੱਚ ਇੰਞ ਦਰਜ ਹੈ :

‘‘ਗੁਰੂ ਹਰਕਿਸ਼ਨ ਜੀ ਮਹਲ ਅਠਮਾਂ, ਬੇਟਾ ਗੁਰੂ ਹਰਿ ਰਾਇ ਜੀ ਕਾ ਸਾਲ ਸਤਰਾਂ ਸੈ ਇਕੀਸ ਚੇਤਰ ਮਾਸੇ ਸ਼ੁਕਲਾ ਪੱਖੇ ਥਿਤ ਨਾਮੀ, ਗੁਰੂਵਾਰ ਕੇ ਦਿੰਹ, ਸਵਾ ਪਹਿਰ ਦਿਨ ਚੜ੍ਹੇ ਪਾਲਕੀ ਮੇਂ ਸਵਾਰ ਹੋਏ, ਦਿਹਲੀ ਬਾਦਸ਼ਾਹ ਕੇ ਦਰਬਾਰ ਮੇਂ ਆਏ ਸਾਥ ਦੀਵਾਨ ਦਰਗਹ ਮੱਲ ਆਇਆ ਬੇਟਾ ਦਵਾਰਕਾ ਦਾਸ ਕਾ, ਕੰਵਰ ਰਾਮ ਸਿੰਹ ਆਇਆ ਬੇਟਾ ਜੈ ਸਿੰਹ ਅੰਬੇਰੀ ਕਾ, ਗੁਰਬਖ਼ਸ਼ ਆਇਆ ਬੇਟਾ ਬਾਘੇ ਛੀਪੇ ਕਾ, ਮਨੀ ਰਾਮ ਆਇਆ ਬੇਟਾ ਮਾਈ ਦਾਸ ਜਲਹਾਨੇ ਕਾ ਹੋਰ ਸਿੱਖ ਫਕੀਰ ਆਏ’’

(4). 30 ਮਾਰਚ 1664 (3 ਵੈਸਾਖ ਸੰਮਤ 1721) ਵਾਲ਼ੇ ਦਿਨ ਗੁਰੂ ਹਰਿਸ਼ਨ ਸਾਹਿਬ ਜੀ ਦੇ ਜੋਤੀ ਜੋਤਿ ਸਮਾਉਣ ਉਪਰੰਤ ਉਨ੍ਹਾਂ ਦਾ ਸਸਕਾਰ ਭੋਗਲ ਪਿੰਡ ਵਿੱਚ, ਜਮਨਾ ਦਰਿਆ ਦੇ ਕੰਢੇ ’ਤੇ ਕੀਤਾ ਗਿਆ। ਜੈ ਸਿੰਹ ਮਿਰਜ਼ਾ ਦੇ ਬੰਗਲੇ ਵਿੱਚ (ਗੁਰੂ) ਗ੍ਰੰਥ ਸਾਹਿਬ ਦਾ ਸਰੂਪ ਲਿਆ ਕੇ ਭੋਗ ਪਾਇਆ ਗਿਆ। ਭਾਈ ਗੁਰਦਾਸ (ਪੁੱਤਰ ਭਾਈ ਬਹਿਲੋ), ਦੀਵਾਨ ਦਰਗਹ ਮੱਲ, ਮੁਨਸ਼ੀ ਕਲਿਆਣ ਦਾਸ ਅਤੇ ਭਾਈ ਮਨੀ ਰਾਮ ਨੇ ਸਾਰਾ ਪਾਠ ਕੀਤਾ। ਦੋ ਕੁ ਹਫ਼ਤਿਆਂ ’ਚ ਪਾਠ ਦਾ ਭੋਗ ਪਿਆ। ਇਸ ਤੋਂ ਮਗਰੋਂ ਸਾਰੀ ਸੰਗਤ ਕੀਰਤਪੁਰ ਸਾਹਿਬ ਪਹੁੰਚੀ ਅਤੇ ਫਿਰ 11 ਅਗਸਤ ਜੂਲੀਅਨ 1664 (ਭਾਦਉਂ ਵਦੀ ਮੱਸਿਆ/11 ਭਾਦਉਂ ਸੰਮਤ 1721) ਦੇ ਦਿਨ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੂੰ ਬਕਾਲੇ ਜਾ ਕੇ ਗੁਰਗੱਦੀ ਸੌਂਪਣ ਦੀ ਰਸਮੀ ਅਰਦਾਸ ਕੀਤੀ, ਜਿਸ ਵਿੱਚ ਇਹ ਸਾਰੇ ਤੇ ਕੁਝ ਹੋਰ ਦਰਬਾਰੀ ਸਿੱਖ ਵੀ ਮੌਜੂਦ ਸਨ। ਇਸ ਦਾ ਜ਼ਿਕਰ ਹੇਠਲੀ ਭੱਟ ਵਹੀ ’ਚ ਦਰਜ ਹੈ :

‘‘ਦੀਵਾਨ ਦਰਗਹ ਮੱਲ ਬੇਟਾ ਦਵਾਰਕਾ ਦਾਸ ਕਾ ਪੋਤਾ ਪਰਾਗ ਦਾਸ ਕਾ, ਚਉਪਤਿ ਰਾਏ ਬੇਟਾ ਪੈਰੇ ਕਾ ਪੋਤਾ ਗੌਤਮ ਕਾ ਛਿਬਰ ਬ੍ਰਾਹਮਣ, ਜੇਠਾ ਮਾਈ ਦਾਸ ਕਾ, ਮਨੀ ਰਾਮ ਮਾਈ ਦਾਸ ਕਾ ਬਲਉਂਤ ਜਲ੍ਹਾਨੇ, ਜੱਗੂ ਬੇਟਾ ਪਦਮਾ ਕਾ ਪੋਤਾ ਕਉਲੇ ਕਾ ਹਜਾਵਤ ਆਂਬਿਆਨਾ, ਨਾਨੂ ਬੇਟਾ ਬਾਘੇ ਕਾ ਪੋਤਾ ਉਮੈਦੇ ਕਾ, ਦਿੱਲੀ ਸੇ ਗੁਰੂ ਹਰਕਿਸ਼ਨ ਜੀ ਮਹਿਲ ਅਠਮੇ ਕੀ ਮਾਤਾ ਸੁਲੱਖਣੀ ਕੇ ਸਾਥ ਬਕਾਲੇ ਆਏ  ਸਾਲ ਸਤਰਾਂ ਸੈ ਇਕੀਸ ਭਾਦਵਾ ਕੀ ਅਮਾਵਸ ਕੇ ਦਿਨ’’ (ਭੱਟ ਵਹੀ ਤਲਾਉਂਢਾ, ਪਰਗਣਾ ਜੀਂਦ, ਖਾਤਾ ਜਲਾਹਨੋਂ ਕਾ)

ਉਕਤ ਘਟਨਾਵਾਂ ਤੋਂ ਪਹਿਲਾਂ ਵੀ ਭਾਈ ਮਨੀ ਰਾਮ ਜੀ (ਗੁਰੂ) ਤੇਗ਼ ਬਹਾਦਰ ਸਾਹਿਬ ਜੀ ਨਾਲ਼ ਪ੍ਰਚਾਰਕ ਦੌਰਿਆਂ ਦੌਰਾਨ ਨਾਲ਼ ਜਾਂਦੇ ਰਹੇ ਸਨ; ਜਿਵੇਂ ਕਿ 21 ਜੂਨ ਜੂਲੀਅਨ 1661 (23 ਹਾੜ, ਹਾੜ ਸੁਦੀ 5 ਸੰਮਤ 1718) ’ਚ (ਗੁਰੂ) ਤੇਗ਼ ਬਹਾਦਰ ਸਾਹਿਬ ਜੀ ਦੇ ਬਨਾਰਸ ਵੱਲ ਜਾਣ ਦਾ ਜ਼ਿਕਰ ਇਸ ਵਹੀ ’ਚ ਦਰਜ ਹੈ :

‘‘ਬੰਝਰਾਊਤ ਜਲਹਾਨੇ : ਮਾਈ ਦਾਸ ਬਲੂ ਕਾ ਜੇਠਾ ਮਾਈ ਦਾਸ ਕਾ ਦਿਆਲ ਦਾਸ ਮਾਈ ਦਾਸ ਕਾ ਮਨੀ ਰਾਮ ਮਾਈ ਦਾਸ ਕਾ ਹਰੀ ਚੰਦ ਜੇਠਾ ਕਾ ਮਥਰਾ ਦਿਆਲ ਦਾਸ ਕਾ ਗੁਰੂ ਤੇਗ਼ ਬਹਾਦਰ ਜੀ ਬੇਟਾ ਗੁਰੂ ਹਰਗੋਬਿੰਦ ਜੀ ਮਹਲ ਛਟੇ ਕਾ ਬਨਾਰਸ ਆਏ, ਸਾਲ ਸਤਰਾਂ ਸੈ ਅਠਾਰਾਂ ਅਸਾਢ ਸੁਦੀ ਪੰਚਮੀ, ਗੈਲੋਂ ਨਾਨਕੀ ਜੀ ਆਈ ਮਾਤਾ ਗੁਰੂ ਤੇਗ਼ ਬਹਾਦਰ ਜੀ ਕੀ, ਮਾਤਾ ਹਰੀ ਜੀ ਆਈ ਇਸਤਰੀ ਗੁਰੂ ਸੂਰਜ ਮਲ ਜੀ ਕੀ, ਭਾਈ ਕਿਰਪਾਲ ਚੰਦ ਆਇਆ ਬੇਟਾ ਲਾਲ ਚੰਦ ਜੀ ਸੁਭਿਖੀ ਕਾ, ਬਾਵਾ ਦਿਆਲ ਦਾਸ ਆਇਆ ਬੇਟਾ ਮਾਈ ਦਾਸ ਜਲਹਾਨੇ ਕਾ, ਗਵਾਲ ਦਾਸ ਆਇਆ ਬੇਟਾ ਛੁਟੇ ਮਲ ਛਿਬਰ ਕਾ, ਚਉਪਤ ਰਾਏ ਆਇਆ ਬੇਟਾ ਪੈਰੇ ਛਿਬਰ ਕਾ, ਸੰਗਤ ਆਇਆ ਬੇਟਾ ਬਿੰਨੇ ਉਪਲ ਕਾ, ਸਾਧੂ ਰਾਮ ਆਇਆ ਬੇਟਾ ਧਰਮੇ ਖੋਸਲੇ ਕਾ’’

(5). ਗਰੂ ਤੇਗ਼ ਬਹਾਦਰ ਸਾਹਿਬ ਜੀ ਨੇ ਸਾਹਿਬਜ਼ਾਦਾ ਬਾਲਕ ਗੋਬਿੰਦ ਰਾਇ ਨੂੰ ਹਥਿਆਰ ਸਿਖਲਾਈ ਲਈ ਭਾਈ ਬਜਰ ਜੀ ਨੂੰ ਅਤੇ ਵਿਦਿਅਕ ਗਿਆਨ ਦੇਣ ਲਈ ਦੀਵਾਨ ਦਰਗਹ ਮੱਲ ਤੇ ਭਾਈ ਮਨੀ ਰਾਮ ਜੀ ਨੂੰ ਸੇਵਾ ਸੌਂਪੀ।

11 ਨਵੰਬਰ 1675 (11 ਮੱਘਰ ਸੰਮਤ 1732) ’ਚ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਉਪਰੰਤ ਭਾਈ ਮਨੀ ਰਾਮ ਜੀ ਦੇ ਸਹੁਰੇ ਭਾਈ ਲੱਖੀਸ਼ਾਹ ਵਣਜਾਰੇ ਨੇ, ਆਪਣੇ ਪੁੱਤਰਾਂ (ਭਾਈ ਨਿਗਾਹੀਆ, ਹੇਮਾ ਤੇ ਹਾੜੀ) ਦੀ ਮਦਦ ਨਾਲ, ਗੁਰੂ ਸਾਹਿਬ ਦਾ ਧੜ ਚੁੱਕ ਲਿਆਂਦਾ ਅਤੇ ਆਪਣੇ ਘਰ ਦੇ ਇੱਕ ਹਿੱਸੇ ਨੂੰ ਅੱਗ ਲਾ ਕੇ ਧੜ ਦਾ ਸਸਕਾਰ ਕੀਤਾ, ਜਿੱਥੇ ਹੁਣ ਗੁਰਦੁਆਰਾ ਰਕਾਬ ਗੰਜ ਸੁਭਾਇਮਾਨ ਹੈ।

(6). ਸੰਨ 1678 ਵਿੱਚ ਗੁਰੂ ਗੋਬਿੰਦ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਦਾ ਨਵਾਂ ਮੁਕੰਮਲ ਸਰੂਪ ਤਿਆਰ ਕਰਵਾਉਣ ਸਮੇਂ ਭਾਈ ਮਨੀ ਰਾਮ ਜੀ ਨੂੰ ‘ਆਦਿ ਬੀੜ’ ਲੈਣ ਲਈ ਧੀਰਮੱਲੀਆਂ ਕੋਲ ਭੇਜਿਆ। ਧੀਰਮੱਲ ਆਪ ਤਾਂ 16 ਨਵੰਬਰ 1677 ਦੇ ਦਿਨ ਔਰੰਗਜ਼ੇਬ ਦੀ ਕੈਦ ’ਚ ਮਰ ਚੁੱਕਾ ਸੀ ਤੇ ਉਸ ਦੇ ਵੱਡੇ ਪੁੱਤਰ ਰਾਮ ਚੰਦ ਨੂੰ 24 ਜੁਲਾਈ 1678 ਦੇ ਦਿਨ ਔਰੰਗਜ਼ੇਬ ਨੇ ਚਾਂਦਨੀ ਚੌਕ (ਦਿੱਲੀ) ਵਿਖੇ ਕਤਲ ਕਰਵਾ ਦਿੱਤਾ ਸੀ। ਰਾਮ ਚੰਦ ਮਗਰੋਂ ਉਸ ਦਾ ਛੋਟਾ ਭਰਾ (ਭਾਰਮੱਲ); ਧੀਰਮੱਲ ਦਾ ਵਾਰਸ ਬਣਿਆ।

ਅਗਸਤ 1678 ’ਚ ਰਾਮ ਚੰਦ ਦੀ ਅੰਤਮ ਰਸਮ ’ਤੇ ਭਾਈ ਮਨੀ ਰਾਮ ਜੀ ਬਕਾਲੇ ਗਏ। ਰਸਮ ਪੂਰੀ ਹੋਣ ਮਗਰੋਂ ਭਾਈ ਸਾਹਿਬ ਨੇ ਭਾਰਮੱਲ ਨੂੰ ਆਖਿਆ ਕਿ ਗੁਰੂ ਸਾਹਿਬ ਨਵਾਂ ਸਰੂਪ ਤਿਆਰ ਕਰਨਾ ਚਾਹੁੰਦੇ ਹਨ। ਕੁਝ ਦਿਨਾਂ ਵਾਸਤੇ ‘ਆਦਿ ਬੀੜ’ ਦੇ ਦੇਵੇ। ਭਾਰਮੱਲ ਨੇ ਬੀੜ ਚੱਕ ਨਾਨਕੀ (ਅਨੰਦਪੁਰ ਸਾਹਿਬ) ਭੇਜਣ ਵਾਸਤੇ ਅਸਿੱਧੇ ਤਰੀਕੇ ਨਾਲ ਨਾ ਕਰ ਦਿੱਤੀ ਤੇ ਆਖਿਆ ਕਿ ਮੈਂ ਹੁਣ ਬਕਾਲਾ ਛੱਡ ਕਰਤਾਰਪੁਰ (ਜਲੰਧਰ) ਰਹਿਣ ਲੱਗਣਾ ਹੈ। ਗੁਰੂ ਸਾਹਿਬ ਕਿਸੇ ਨੂੰ ਉੱਥੇ ਭੇਜ ਕੇ ‘ਆਦਿ ਬੀੜ’ ਦਾ ਉਤਾਰਾ ਕਰਵਾ ਲੈਣ। ਇਸ ਮਗਰੋਂ ਗੁਰੂ ਸਾਹਿਬ ਨੇ ਭਾਈ ਮਨੀ ਰਾਮ (ਭਾਈ ਮਨੀ ਸਿੰਘ) ਜੀ ਨੂੰ ਨਾਲ ਲੈ ਕੇ ਗੁਰੂ ਤੇਗ਼ ਬਹਾਦਰ ਸਾਹਿਬ ਦੀ ਬਾਣੀ ਸ਼ਾਮਲ ਕਰ ਦਮਦਮੀ ਸਰੂਪ; ਦਮਦਮਾ ਸਾਹਿਬ (ਅਨੰਦਪੁਰ ਸਾਹਿਬ) ਵਿਖੇ ਮੁਕੰਮਲ ਕੀਤਾ, ਇਸ ਲਈ ‘ਦਮਦਮੀ ਬੀੜ’ ਨਾਂ ਪ੍ਰਚਲਿਤ ਹੋਇਆ।

(7). ਗੁਰੂ ਗੋਬਿੰਦ ਸਾਹਿਬ ਜੀ ਨੇ ਸੰਨ 1691 ਦੀ ਵਿਸਾਖੀ ਨੂੰ ਭਾਈ ਮਨੀ ਰਾਮ ਜੀ ਨੂੰ ਦੀਵਾਨ ਨਿਯੁਕਤ ਕਰ ਦਿੱਤਾ। ਇਸ ਪਦਵੀ ’ਤੇ ਨਵੰਬਰ 1675 ਤੱਕ ਭਾਈ ਮਤੀ ਦਾਸ ਜੀ ਰਹੇ ਸਨ ਅਤੇ ਇਨ੍ਹਾਂ ਤੋਂ ਪਹਿਲਾਂ ਅਤੇ ਬਾਅਦ ’ਚ ਬਜ਼ੁਰਗ ਦਰਗਹ ਮੱਲ ਜੀ ਲੰਬਾ ਸਮਾਂ ਸੇਵਾ ਨਿਭਾਉਂਦੇ ਰਹੇ, ਜਿਨ੍ਹਾਂ ਦਾ 10 ਫ਼ਰਵਰੀ 1695 ਨੂੰ ਅਨੰਦਪੁਰ ਸਾਹਿਬ ਵਿਖੇ ਦੇਹਾਂਤ ਹੋ ਗਿਆ।

ਮਾਰਚ 1691 ’ਚ ਹੀ ਲਾਹੌਰ ਦੇ ਗਵਰਨਰ ਵੱਲੋਂ ਅਲਫ਼ ਖ਼ਾਨ ਦੀ ਅਗਵਾਈ ’ਚ ਭੇਜੀ ਫ਼ੌਜ ਨੇ ਪਹਾੜੀ ਰਾਜਿਆਂ ’ਤੇ ਹਮਲਾ ਕਰ ਦਿੱਤਾ। ਲਾਹੌਰ ਦੀਆਂ ਫ਼ੌਜਾਂ ਕਾਂਗੜੇ ਵੱਲ ਵਧ ਰਹੀਆਂ ਸਨ। ਇਸ ਮੌਕੇ ਪਹਾੜੀ ਰਾਜਿਆਂ ਨੇ ਰਾਜਾ ਭੀਮ ਚੰਦ ਰਾਹੀਂ ਗੁਰੂ ਸਾਹਿਬ ਤੋਂ ਮਦਦ ਮੰਗੀ। ਗੁਰੂ ਸਾਹਿਬ ਨੇ ਨੰਦ ਚੰਦ, ਧਰਮ ਚੰਦ (ਸਿੰਘ) ਛਿਬਰ, ਭਾਈ ਮਨੀ ਰਾਮ (ਸਿੰਘ), ਭਾਈ ਆਲਮ ਚੰਦ (ਸਿੰਘ) ‘ਨੱਚਣਾ’ ਅਤੇ ਹੋਰ ਜਰਨੈਲਾਂ ਦੀ ਅਗਵਾਈ ’ਚ ਫ਼ੌਜ ਨੂੰ ਨਦੌਣ ਵੱਲ ਕੂਚ ਕਰਨ ਦਾ ਹੁਕਮ ਦਿੱਤਾ।  20 ਮਾਰਚ ਜੂਲੀਅਨ 1691 (22 ਚੇਤ, ਸੰਮਤ 1747) ਦੇ ਦਿਨ ਬੜੀ ਜ਼ਬਰਦਸਤ ਲੜਾਈ ਹੋਈ। ਅਲਫ਼ ਖ਼ਾਨ ਦੀ ਫ਼ੌਜ ਦੇ ਸਭ ਤੋਂ ਤਾਕਤਵਰ ਜੱਥੇ ਦੇ ਖ਼ਿਲਾਫ਼, ਸਿੱਖ ਜਰਨੈਲ ਡੱਟ ਕੇ ਲੜੇ। ਦੋਹਾਂ ਪਾਸਿਆਂ ਤੋਂ ਬਹਾਦਰਾਂ ਨੇ ਖ਼ੂਬ ਜੌਹਰ ਦਿਖਾਏ। ਧਰਮ ਚੰਦ, ਮਨੀ ਰਾਮ, ਮੂਲ ਚੰਦ ਕੰਬੋਜ, ਸੋਹਨ ਚੰਦ ਪਰਮਾਰ ਵਰਗੇ ਸਿੱਖ ਜਰਨੈਲਾਂ ਦੇ ਤੀਰਾਂ ਦੀ ਵਾਛੜ ਨੇ ਅਲਫ਼ ਖ਼ਾਨ ਦੀ ਫ਼ੌਜ ਦੇ ਹੌਸਲੇ ਡੇਗ ਦਿੱਤੇ। ਸੂਰਜ ਛਿਪ ਜਾਣ ਮਗਰੋਂ ਅਲਫ਼ ਖ਼ਾਨ ਦੀ ਫ਼ੌਜ ਪਿਛਾਂਹ ਭੱਜ ਗਈ। ਪਹਾੜੀ ਫ਼ੌਜਾਂ ਨੇ ਅਲਫ਼ ਖ਼ਾਨ ਦੀ ਫ਼ੌਜ ਦਾ ਦੂਰ ਤੱਕ ਪਿੱਛਾ ਕੀਤਾ। ਇਸ ਲੜਾਈ ’ਚ ਭਾਈ ਸੋਹਨ ਚੰਦ (ਭਰਾ ਭਾਈ ਮਨੀ ਸਿੰਘ), ਭਾਈ ਮੂਲ ਚੰਦ (ਪੁੱਤਰ ਭਾਈ ਰਘੁਪਤਿ ਰਾਇ ਨਿੱਝਰ) ਅਤੇ ਕੁਝ ਹੋਰ ਸਿੱਖ ਸ਼ਹੀਦ ਹੋ ਗਏ। ਇਸ ਦਾ ਜ਼ਿਕਰ ਭੱਟ ਵਹੀ ਮੁਲਤਾਨੀ ਸਿੰਧੀ ’ਚ ਇਸ ਤਰ੍ਹਾਂ ਦਰਜ ਹੈ :

‘‘ਸੋਹਨ ਚੰਦ ਬੇਟਾ ਮਾਈਦਾਸ ਕਾ ਪੋਤਾ ਬੱਲੂ ਕਾ ਪੜਪੋਤਾ ਮੂਲੇ ਕਾ, ਪੁਆਰ, ਸਾਲ ਸਤਰਾਂ ਸੈ ਸੈਂਤਾਲੀਸ, ਚੇਤ ਪ੍ਰਵਿਸ਼ਟੇ ਬਾਈਸ, ਗੁਰੂਵਾਰ ਕੇ ਦਿਹੁੰ, ਗੁਰੂ ਕਾ ਬਚਨ ਪਾਇ ਨਦਉਨ ਕੇ ਮਲਹਾਨ, ਸਾਮੇ ਮਾਥੇ ਜੂਝ ਕਰ ਮਰਾ ਗੈਲ ਮੂਲਚੰਦ ਬੇਟਾ ਰਘੁਪਤਿ ਰਾਇ ਕਾ, ਨਿੱਝਰ ਗੋਤਰ ਕੰਬੋਜ, ਬਾਸੀ ਖੇਮਕਰਨ, ਪਰਗਨਾ ਕਸੂਰ, ਜੂਝ ਕਰ ਮਰਾ ’’ (ਭੱਟ ਵਹੀ ਮੁਲਤਾਨੀ ਸਿੰਧੀ, ਖਾਤਾ ਪੁਆਰ ਬਲਉਂਤੋ ਕਾ)

(8). ਫ਼ਰਵਰੀ 1698 ’ਚ ਸਿੱਖਾਂ ਦੇ ਕਈ ਜੱਥੇ ਅਨੰਦਪੁਰ ਸਾਹਿਬ ਆਉਣ ਲੱਗੇ ਕਿਉਂਕਿ ਗੁਰੂ ਸਾਹਿਬ; ਖੇਡਾਂ, ਕੁਸ਼ਤੀਆਂ, ਗਤਕਾ, ਘੋੜ-ਸਵਾਰੀ, ਨੇਜ਼ਾਬਾਜ਼ੀ ਤੇ ਤਲਵਾਰ-ਅੰਦਾਜ਼ੀ ਦੇ ਮੁਕਾਬਲੇ ਕਰਾ ਰਹੇ ਸਨ। ਕੁਝ ਭੰਡਾਂ ਨੂੰ ਵੀ ਜੌਹਰ ਵਿਖਾਉਣ ਦਾ ਮੌਕਾ ਮਿਲਿਆ। ਉਨ੍ਹਾਂ ਨੇ ਮਸੰਦਾਂ ਨੂੰ ਲੁਟੇਰੇ, ਠੱਗ, ਹੈਂਕੜਬਾਜ਼, ਕੁਰਪਟ, ਬਦਇਖ਼ਲਾਕ ਅਤੇ ਅੱਯਾਸ਼ ਜਿਹੇ ਪੇਸ਼ ਕੀਤਾ।  ਗੁਰੂ ਸਾਹਿਬ ਅੱਗੇ ਭਾਈ ਨਾਨੂ ਰਾਮ ਦਿਲਵਾਲੀ ਜੀ ਨੇ ਵੀ ਮਸੰਦਾਂ ਬਾਰੇ ਵਿਸਥਾਰ ਸਹਿਤ ਦੱਸਿਆ।  ਗੁਰੂ ਸਾਹਿਬ ਨੇ ਦੀਵਾਨ ਮਨੀ ਰਾਮ (ਭਾਈ ਮਨੀ ਸਿੰਘ) ਜੀ ਨੂੰ ਹੁਕਮ ਕੀਤਾ ਕਿ ਸਾਰੇ ਮਸੰਦਾਂ ਨੂੰ ਮੁਸ਼ਕਾਂ ਦੇ ਕੇ ਅਨੰਦਪੁਰ ਸਾਹਿਬ ਲਿਆਂਦਾ ਜਾਏ। ਭਾਈ ਆਲਮ ਚੰਦ (ਆਲਮ ਸਿੰਘ) ‘ਨੱਚਣਾ’ ਸਮੇਤ ਚਾਰ ਹੋਰ ਸਿੰਘ ਵੀ ਭੇਜੇ, ਜਿਨ੍ਹਾਂ ਨੇ ਮਸੰਦਾਂ ਨੂੰ ਬੰਨ੍ਹ ਕੇ ਗੁਰੂ ਸਾਹਿਬ ਅੱਗੇ ਪੇਸ਼ ਕੀਤਾ।

ਗੁਰੂ ਸਾਹਿਬ ਨੇ ਮਸੰਦਾਂ ਦੀ ਪਰਖ ਕਰਕੇ ਸਖ਼ਤ ਸਜ਼ਾਵਾਂ ਦਿੱਤੀਆਂ। ਵੱਧ ਦੋਸ਼ੀਆਂ ਨੂੰ ਸਜ਼ਾਏ-ਮੌਤ ਸੁਣਾਈ। ਇਮਾਨਦਾਰ ਮਸੰਦਾਂ ਨੂੰ ਸਿਰੋਪਾਓ ਭੇਟ ਕੀਤੇ ਗਏ, ਇਨ੍ਹਾਂ ’ਚ ਭਾਈ ਬਖ਼ਤ ਮੱਲ ਸੂਰੀ (ਜਲਾਲਪੁਰ ਜੱਟਾਂ) ਤੇ ਭਾਈ ਸੰਗਤ/ਭਾਈ ਫੇਰੂ (ਮੀਆਂ ਕੀ ਮੌੜ, ਲਾਹੌਰ) ਆਦਿ ਸ਼ਾਮਲ ਸਨ। ਇਸ ਘਟਨਾ ਤੋਂ ਬਾਅਦ ਗੁਰੂ ਸਾਹਿਬ ਨੇ ਮਸੰਦ ਪ੍ਰਥਾ ਖ਼ਤਮ ਕਰ ਦਿੱਤੀ ਅਤੇ ਸਾਰੇ ਸਿੱਖਾਂ ਨੂੰ ‘ਖਾਲਸਾ’ ਹੋਣ ਦਾ ਐਲਾਨ ਕਰ ਦਿੱਤਾ। ਅਗਲੇ ਹੀ ਸਾਲ ਦੀ ਵਿਸਾਖੀ (ਸੰਨ 1699) ਨੂੰ ਖ਼ਾਲਸਾ ਪੰਥ ਦੀ ਰੂਪ ਰੇਖਾ ਬਣਾਈ ਗਈ, ਜਿਸ ਦਾ ਪ੍ਰਬੰਧ ਦੀਵਾਨ ਭਾਈ ਮਨੀ ਰਾਮ ਜੀ ਨੂੰ ਸੌਂਪਿਆ ਗਿਆ। ਇਸ ਅਨੋਖੇ ਸਮਾਗਮ ਦੀ ਅਰੰਭਤਾ ਕੀਰਤਨ ਤੋਂ ਬਾਅਦ ਭਾਈ ਮਨੀ ਰਾਮ ਜੀ ਦੁਆਰਾ ਕੀਤੀ ਸ਼ਬਦ ਵਿਚਾਰ ਨਾਲ਼ ਹੋਈ।

ਪੰਜ ਪਿਆਰਿਆਂ (ਭਾਈ ਦਇਆ ਰਾਮ, ਭਾਈ ਮੁਹਕਮ ਚੰਦ, ਭਾਈ ਸਾਹਿਬ ਚੰਦ, ਭਾਈ ਧਰਮ ਚੰਦ, ਭਾਈ ਹਿੰਮਤ ਚੰਦ) ਦੁਆਰਾ ਅੰਮ੍ਰਿਤਪਾਨ ਕਰਨ ਉਪਰੰਤ, ਪੰਜ ਮੁਕਤਿਆਂ (ਦੇਵਾ ਰਾਮ, ਰਾਮ ਚੰਦ, ਟਹਿਲ ਦਾਸ, ਈਸ਼ਰ ਦਾਸ, ਤੇ ਫ਼ਤਹਿ ਚੰਦ) ਨੇ ਪਾਹੁਲ ਗ੍ਰਹਿਣ ਕੀਤੀ ਅਤੇ ਆਪਣੇ ਨਾਵਾਂ ਨਾਲ਼ ‘ਸਿੰਘ’ ਸ਼ਬਦ ਲਗਾਇਆ। ਇਨ੍ਹਾਂ ਦਸਾਂ ਤੋਂ ਬਾਅਦ ਪੰਜ ਪਿਆਰਿਆਂ ਨੇ ਭਾਈ ਮਨੀ ਸਿੰਘ, ਉਨ੍ਹਾਂ ਦੇ ਛੇ ਪੁੱਤਰਾਂ (ਭਾਈ ਚਿਤਰ ਸਿੰਘ, ਬਚਿਤਰ ਸਿੰਘ, ਭਾਈ ਉਦੈ ਸਿੰਘ, ਭਾਈ ਅਨਿਕ ਸਿੰਘ, ਭਾਈ ਅਜਬ ਸਿੰਘ ਤੇ ਭਾਈ ਅਜਾਇਬ ਸਿੰਘ), ਭਾਈ ਚੌਪਾ ਸਿੰਘ, ਭਾਈ ਧਰਮ ਸਿੰਘ, ਭਾਈ ਆਲਮ ਸਿੰਘ ‘ਨੱਚਣਾ’ ਤੇ ਭਾਈ ਗੁਰਬਖਸ਼ ਸਿੰਘ (ਰਾਮ ਕੰਵਰ); ਕੁੱਲ 11 ਸਿੱਖਾਂ ਨੇ ਖੰਡੇ ਦੀ ਪਾਹੁਲ ਲਈ। ਇਨ੍ਹਾਂ ਵਿੱਚ ਜ਼ਿਆਦਾਤਰ ਉਹ ਸ਼ਖ਼ਸ ਸਨ, ਜੋ ਪ੍ਰਬੰਧਕੀ ਸੇਵਾ ਨਿਭਾ ਰਹੇ ਸਨ।

ਉਕਤ ਵਿਸਾਖੀ ਤੋਂ ਕੁਝ ਸਾਲ ਪਹਿਲਾਂ ਤੋਂ ਹੀ ਵਿਸਾਖੀ ਵਾਲ਼ੇ ਦਿਨ ਗੁਰੂ ਸਾਹਿਬ; ਸਿੱਖ ਸੰਗਤਾਂ ਨੂੰ ਅਨੰਦਪੁਰ ਸਾਹਿਬ ਬੁਲਾਉਣਾ ਸ਼ੁਰੂ ਕਰ ਚੁੱਕੇ ਸਨ। ਗੁਰੂ ਦੇ ਚੱਕ (ਅੰਮ੍ਰਿਤਸਰ) ਤੋਂ ਕਾਫ਼ੀ ਸੰਗਤ ਅਨੰਦਪੁਰ ਸਾਹਿਬ ਆਉਂਦੀ ਸੀ। ਉਨ੍ਹਾਂ ਨੇ ਗੁਰੂ ਸਾਹਿਬ ਨੂੰ ਅਰਜ਼ ਕੀਤੀ ਕਿ ਮੀਣੇ (ਪ੍ਰਿਥੀ ਚੰਦ ਦੇ ਵਾਰਸ) ਗੁਰੂ ਦਾ ਚੱਕ ਛੱਡ ਗਏ ਹਨ। ਉੱਥੋਂ ਦੀ ਸੇਵਾ ਸੰਭਾਲ ਲਈ ਕੁੱਝ ਸਿੱਖਾਂ ਨੂੰ ਭੇਜਿਆ ਜਾਵੇ। ਗੁਰੂ ਸਾਹਿਬ ਨੇ ਭਾਈ ਮਨੀ ਰਾਮ (ਸਿੰਘ) ਨੂੰ ਪੰਜ ਹੋਰ ਸਾਥੀ ਸਮੇਤ ਗੁਰੂ ਦਾ ਚੱਕ ਜਾਣ ਦਾ ਹੁਕਮ ਕੀਤਾ। ਇਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਦਮਦਮੀ ਸਰੂਪ ਵੀ ਭੇਟ ਕੀਤਾ।

(ਨੋਟ : ਜੇਕਰ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਾ; ਦਮਦਮਾ ਤਲਵੰਡੀ ਸਾਬੋ ਵਿਖੇ ਕੀਤੀ ਮੰਨੀ ਜਾਵੇ ਤਾਂ ਭਾਈ ਮਨੀ ਰਾਮ ਜੀ ਗੁਰੂ ਦੇ ਚੱਕ (ਦਰਬਾਰ ਸਾਹਿਬ, ਅੰਮ੍ਰਿਤਸਰ) ਵਿਖੇ, ਜੋ ਸਿੱਖੀ ਦਾ ਕੇਂਦਰੀ ਸਥਾਨ ਰਿਹਾ ਹੈ, ਓਥੇ ਸਿੱਖ ਸੰਗਤਾਂ ’ਚ ਕਿਵੇਂ ਸੇਵਾ ਨਿਭਾਉਂਦੇ ?)

(9). 30 ਅਗਸਤ ਜੂਲੀਅਨ 1700 (30 ਭਾਦਉਂ, ਸੰਮਤ 1757) ਨੂੰ ਅਜਮੇਰ ਚੰਦ ਤੇ ਉਸ ਦੇ ਸਾਥੀਆਂ ਦੀਆਂ ਫ਼ੌਜਾਂ ਨੇ ਕਿਲ੍ਹਾ ਫ਼ਤਹਿਗੜ੍ਹ ’ਤੇ ਹਮਲਾ ਕਰ ਦਿੱਤਾ। ਇਸ ਕਿਲੇ੍ਹ ਦੀ ਕੇਸਗੜ੍ਹ ਸਾਹਿਬ ਵਾਲੇ ਪਾਸੇ ਵੱਲ ਦੀ ਕੰਧ ਅਜੇ ਅਧੂਰੀ ਸੀ। ਇਸ ਕਿਲੇ੍ਹ ਦਾ ਜਥੇਦਾਰ ਭਾਈ ਭਗਵਾਨ ਸਿੰਘ (ਪੁੱਤਰ ਭਾਈ ਮਨੀ ਸਿੰਘ) ਸੀ। ਭਾਈ ਭਗਵਾਨ ਸਿੰਘ ਜੀ ਦੀ ਜਥੇਦਾਰੀ ਹੇਠ ਗਿਣਤੀ ਦੇ ਸਿੰਘਾਂ ਨੇ ਹੀ ਪਹਾੜੀ ਫ਼ੌਜਾਂ ਦਾ ਡਟ ਕੇ ਮੁਕਾਬਲਾ ਕੀਤਾ ਤੇ ਬਹੁਤ ਸਾਰੇ ਪਹਾੜੀ ਫ਼ੌਜੀ ਮਾਰ ਮੁਕਾਏ। ਸ਼ਾਮ ਹੋਣ ਤੱਕ ਪਹਾੜੀ ਫ਼ੌਜਾਂ ਮੈਦਾਨ ਛੱਡ ਕੇ ਦੌੜ ਗਈਆਂ। ਇਸ ਲੜਾਈ ’ਚ ਭਾਈ ਭਗਵਾਨ ਸਿੰਘ, ਭਾਈ ਜਵਾਹਰ ਸਿੰਘ (ਪੁੱਤਰ ਭਾਈ ਲੱਖੀਸ਼ਾਹ ਵਣਜਾਰਾ), ਭਾਈ ਨੰਦ ਸਿੰਘ (ਪੁੱਤਰ ਭਾਈ ਆਲਮ ਸਿੰਘ, ਪੋਤਾ ਭਾਈ ਦਰੀਆ) ਸ਼ਹੀਦ ਹੋ ਗਏ। ਇਸ ਦਾ ਜ਼ਿਕਰ ‘ਭੱਟ ਵਹੀ ਜਾਦੋਬੰਸੀਆਂ ਕੀ’ ’ਚ ਇਉਂ ਦਰਜ ਹੈ :

‘‘ਭਗਵਾਨ ਸਿੰਘ ਬੇਟਾ ਮਨੀ ਸਿੰਘ ਕਾ, ਪੋਤਾ ਮਾਈਦਾਸ ਕਾ ਪੁਆਰ, ਜਵਾਹਰ ਸਿੰਘ ਬੇਟਾ ਲਖੀਏ ਕਾ, ਪੋਤਾ ਗੋਧੂ ਕਾ ਬੜਤੀਆਂ ਕਨਾਵਤ, ਨੰਦ ਸਿੰਘ ਬੇਟਾ ਆਲਮ ਸਿੰਘ ਕਾ, ਪੋਤਾ ਦਰੀਆ ਕਾ ਪੁਆਰ ਜਲਹਾਨਾ ਆਦਿ ਸਾਲ ਸਤਰਾਂ ਸੈ ਸਤਵੰਜਾ, ਭਾਦਵਾ ਪ੍ਰਵਿਸ਼ਟੇ ਤੀਸ ਗੁਰੂਵਾਰ ਕੇ ਦਿਹੁੰ, ਗੁਰੂ ਕਾ ਬਚਨ ਪਾਇ, ਕਿਲਾ ਫ਼ਤੇਗੜ੍ਹ ਪਰਗਨਾ ਸਹੋਟਾ ਕੇ ਮਲਹਾਨ, ਸਾਮੇ੍ਹ ਮਾਥੇ ਜੂਝ ਕਰ ਮਰੇ, ਆਗੇ ਗੁਰੂ ਭਾਣੇ ਕਾ ਖਾਬਿੰਦ ਹੈ, ਗੁਰੂ ਕੀ ਗਤਿ ਗੁਰੂ ਜਾਨੇ ’’ (ਭੱਟ ਵਹੀ ਜਾਦੋਬੰਸੀਆਂ ਕੀ, ਖਾਤਾ ਬੜ੍ਹਤੀਏ ਕਨਾਉਂਤੋ ਕਾ)।

ਤੀਜੇ ਦਿਨ ਪਹਿਲੀ ਸਤੰਬਰ ਨੂੰ ਜਦੋਂ ਮਦ ਮਸਤ ਹਾਥੀ ਲੋਹਗੜ੍ਹ ਵੱਲ ਆਇਆ ਤਾਂ ਭਾਈ ਮਨੀ ਸਿੰਘ ਦੇ ਸਪੁੱਤਰ ਭਾਈ ਬਚਿਤਰ ਸਿੰਘ ਜੀ ਨੇ ਪੂਰੇ ਜੋਰ ਨਾਲ਼ ਬਰਛਾ ਮਾਰਿਆ, ਜੋ ਹਾਥੀ ਦੇ ਮੱਥੇ ’ਤੇ ਬੰਨ੍ਹੀਆਂ ਤਵੀਆਂ ਵਿੰਨ੍ਹ ਕੇ, ਅੰਦਰ ਜਾ ਧਸਿਆ। ਹਾਥੀ ਦਰਦ ਨਾਲ ਚਿੰਘਾੜਦਾ ਪਿਛਾਂਹ ਭੱਜਿਆ। ਉਸ ਦੇ ਪੈਰਾਂ ਹੇਠ ਆ ਕੇ ਬਹੁਤ ਸਾਰੇ ਪਹਾੜੀ ਫ਼ੌਜੀ ਮਾਰੇ ਗਏ। ਉਧਰ ਭਾਈ ਮਨੀ ਸਿੰਘ ਜੀ ਦਾ ਦੂਸਰਾ ਸਪੁੱਤਰ ਭਾਈ ਉਦੈ ਸਿੰਘ ਜੀ ਤੇਜ਼ੀ ਨਾਲ ਘੋੜਾ ਦੌੜਾ ਕੇ ਕੇਸਰੀ ਚੰਦ ਵੱਲ ਵਧਿਆ, ਜਿਸ ਨੇ ਗੁਰੂ ਸਾਹਿਬ ਦਾ ਸਿਰ ਕੱਟਣ ਦੀ ਕਸਮ ਖਾਧੀ ਸੀ, ਭਾਈ ਉਦੈ ਸਿੰਘ ਨੇ ਕਿਰਪਾਨ ਦੇ ਇੱਕੋ ਵਾਰ ਨਾਲ ਕੇਸਰੀ ਚੰਦ ਦਾ ਸਿਰ ਵੱਢ ਲਿਆ ਤੇ ਨੇਜ਼ੇ ’ਤੇ ਰੱਖ ਅਨੰਦਗੜ੍ਹ ਕਿਲ੍ਹੇ ਅੰਦਰ ਲਿਆ ਕੇ ਗੁਰੂ ਸਾਹਿਬ ਦੇ ਚਰਨਾਂ ’ਚ ਰੱਖ ਦਿੱਤਾ।

ਰਾਜਾ ਕੇਸਰੀ ਚੰਦ ਦੇ ਮਰਨ ਮਗਰੋਂ ਭਾਈ ਮਨੀ ਸਿੰਘ, ਭਾਈ ਸ਼ੇਰ ਸਿੰਘ ਤੇ ਭਾਈ ਨਾਹਰ ਸਿੰਘ ਦੀ ਅਗਵਾਈ ’ਚ ਸਿੰਘਾਂ ਨੇ ਬਹੁਤ ਸਾਰੇ ਪਹਾੜੀ ਫ਼ੌਜੀ ਮਾਰ ਦਿੱਤੇ। ਲੋਹਗੜ੍ਹ ਕਿਲ੍ਹੇ ਦੇ ਬਾਹਰ ਚਰਨ ਗੰਗਾ ਮੈਦਾਨ ’ਚ ਪਹਾੜੀ ਫ਼ੌਜੀਆਂ ਦੀਆਂ ਲਾਸ਼ਾਂ ਦੇ ਢੇਰ ਲੱਗ ਗਏ। ਇਸ ਲੜਾਈ ਪਿੱਛੋਂ ਅਜਮੇਰ ਚੰਦ ਤੇ ਸਾਰੇ ਪਹਾੜੀ ਰਾਜੇ ਆਪਣੀਆਂ ਫ਼ੌਜਾਂ ਲੈ ਕੇ ਭੱਜ ਗਏ । ਇਸ ਲੜਾਈ ’ਚ ਭਾਈ ਮਨੀ ਸਿੰਘ ਜੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ, ਜੋ ਕਿਸੇ ਕੰਮ ਲਈ ਅੰਮ੍ਰਿਤਸਰ ਤੋਂ ਆਏ ਸਨ। ਭਾਈ ਆਲਮ ਸਿੰਘ (ਭਾਈ ਮਨੀ ਸਿੰਘ ਦੇ ਦਾਦੇ ਬੱਲੂ ਦੇ ਭਰਾ ਦਰੀਆ ਦਾ ਪੁੱਤਰ), ਸੁੱਖਾ ਸਿੰਘ (ਭਤੀਜਾ ਭਾਈ ਮਨੀ ਸਿੰਘ), ਖੁਸ਼ਹਾਲ ਸਿੰਘ (ਪੁੱਤਰ ਭਾਈ ਮੱਖਣ ਸ਼ਾਹ ਲੁਬਾਣਾ) ਸ਼ਹੀਦੀਆਂ ਪਾ ਗਏ। ਇਸ ਬਾਰੇ ‘ਭੱਟ ਵਹੀ ਤਲਾਉਂਢਾ’ ’ਚ ਇਉਂ ਜ਼ਿਕਰ ਹੈ :

‘‘ਗੁਰੂ ਕਾ ਬਚਨ ਪਾਇ ਮਨੀ ਸਿੰਘ ਬੇਟਾ ਮਾਈਦਾਸ ਕਾ, ਪੋਤਾ ਬੱਲੂ ਰਾਇ ਕਾ ਬਚਿਤਰ ਸਿੰਘ ਬੇਟਾ ਮਨੀ ਸਿੰਘ ਕਾ, ਉਦੈ ਸਿੰਘ ਬੇਟਾ ਮਨੀ ਸਿੰਘ ਕਾ, ਆਲਮ ਸਿੰਘ ਬੇਟਾ ਦੁਰਗਾ ਦਾਸ ਕਾ, ਪੋਤਾ ਪਦਮੇਂ ਕਾ ਹਜਾਵਤ ਆਂਬਿਆਨਾ ਸਾਲ ਸਤਰਾਂ ਸੈ ਸਤਵੰਜਾ ਅਸੂਜ ਪ੍ਰਵਿਸ਼ਟੇ ਪਹਿਲੀ ਰਵੀਵਾਰ ਕੇ ਦਿਹੁੰ ਕਿਲ੍ਹਾ ਲੋਹਗੜ੍ਹ, ਪਰਗਨਾ ਮਾਖੋਵਾਲ ਸੇ, ਖਾਲਸਾ ਦਲ ਕੋ ਗੈਲ ਲੈ ਚਰਨ ਗੰਗਾ ਨਦੀ ਕੇ ਮਲ੍ਹਾਨ ਸਾਮ੍ਹੇਂ ਮਾਥੇ ਘੋਰ ਜੁਧ ਕੀਆ ਬਚਿਤਰ ਸਿੰਘ ਨੇ ਹਾਥੀ ਕੋ ਮਾਰ ਭਗਾਇਆ ਉਦੈ ਸਿੰਘ ਕੇ ਹਾਥ ਸੇ ਕੇਸਰੀ ਚੰਦ ਜਸਵਾਰੀਆ ਮਾਰਾ ਗਿਆ ਮਨੀ ਸਿੰਘ ਸਖ਼ਤ ਘਾਇਲ ਹੁਏ ਆਲਮ ਸਿੰਘ ਬੇਟਾ ਦਰੀਆ ਦਾ ਪੋਤਾ ਮੂਲੇ ਕਾ ਜਲ੍ਹਾਨਾ, ਸੁਖਾ ਸਿੰਘ ਬੇਟਾ ਰਾਇ ਸਿੰਘ ਕਾ, ਪੋਤਾ ਮਾਈ ਦਾਸ ਕਾ, ਕੁਸ਼ਾਲ ਸਿੰਘ ਬੇਟਾ ਮਖਨਸ਼ਾਹ ਕਾ, ਪੋਤਾ ਦਾਸੇ ਕਾ, ਪੇਲੀਆ ਬਨਜਾਰਾ ਰਣ ਮੇਂ ਜੂਝ ਕਰ ਮਰੇ ਆਗੇ ਗੁਰੂ ਭਾਣੇ ਕਾ ਖਾਬਿੰਦ ਹੈ, ਗੁਰੂ ਕੀ ਗਤਿ ਗੁਰੂ ਜਾਣੇ’’  (ਭੱਟ ਵਹੀ ਤਲਾਉਂਢਾ ਪਰਗਨਾ ਜੀਂਦ, ਖਾਤਾ ਜਲਹਾਨੋਂ ਕਾ)

(10). ਅਜਮੇਰ ਚੰਦ ਨੇ ਆਪਣੇ ਵਜ਼ੀਰ ਪੰਡਿਤ ਪਰਮਾਨੰਦ ਰਾਹੀਂ ਸਰਹੰਦ ਦੇ ਫ਼ੌਜਦਾਰ ਵਜ਼ੀਰ ਖ਼ਾਨ ਨਾਲ਼ ਸੰਪਰਕ ਕੀਤਾ ਅਤੇ ਕਿਹਾ ਕਿ ਇਸ ਵਕਤ ਗੁਰੂ ਗੋਬਿੰਦ ਸਿੰਘ ਇੱਕ ਪਹਾੜੀ ’ਤੇ ਤੰਬੂ ਗੱਡ ਕੇ ਬੈਠੇ ਹਨ। ਉਸ ਨਾਲ਼ ਥੋੜ੍ਹੇ ਜਿਹੇ ਸਿੱਖ ਹਨ। ਉਨ੍ਹਾਂ ਨੂੰ ਖ਼ਤਮ ਕੀਤਾ ਜਾ ਸਕਦਾ ਹੈ। ਪੰਡਿਤ ਪਰਮਾਨੰਦ ਨੇ ਅਜਮੇਰ ਚੰਦ ਵੱਲੋਂ ਭੇਜੀ ਕੁਝ ਰਕਮ ਵੀ ਵਜ਼ੀਰ ਖ਼ਾਨ ਨੂੰ ਭੇਂਟ ਕੀਤੀ। ਵਜ਼ੀਰ ਖ਼ਾਨ ਨੇ ਆਪਣੇ ਇੱਕ ਜਰਨੈਲ ਰੁਸਤਮ ਖ਼ਾਨ ਨੂੰ ਫ਼ੌਜ ਦੇ ਕੇ ਨਿਰਮੋਹਗੜ੍ਹ ਵੱਲ ਭੇਜਿਆ। ਉਧਰ ਜਦੋਂ ਭਾਈ ਚਿਤਰ ਸਿੰਘ ਤੇ ਭਾਈ ਬਚਿਤਰ ਸਿੰਘ (ਦੋਵੇਂ ਪੁੱਤਰ ਭਾਈ ਮਨੀ ਸਿੰਘ) ਨੂੰ ਪਤਾ ਲੱਗਾ ਕਿ ਰੁਸਤਮ ਖ਼ਾਨ ਨਿਰਮੋਹਗੜ੍ਹ ਵੱਲ ਚੜ੍ਹਾਈ ਕਰਨ ਤੁਰ ਪਿਆ ਹੈ ਤਾਂ ਉਨ੍ਹਾਂ ਕਿਹਾ ਕਿ ਉਹ ਮੂਹਰੇ ਜਾ ਕੇ ਉਸ ਪਠਾਣ ਜਰਨੈਲ ਨਾਲ ਆਹਮੋ-ਸਾਹਮਣੇ ਹੋ ਕੇ ਹੱਥੋ-ਹੱਥ ਲੜਾਈ ਕਰਨਗੇ।  12 ਅਕਤੂਬਰ 1700 (12 ਕੱਤਕ, ਸੰਮਤ 1757) ਦੇ ਦਿਨ ਰੁਸਤਮ ਖ਼ਾਨ ਤੇ ਉਸ ਦਾ ਭਰਾ ਨਾਸਰ ਖ਼ਾਨ ਅਲੀ ਫ਼ੌਜ ਲੈ ਕੇ ਆ ਗਿਆ। ਉਨ੍ਹਾਂ ਨੇ ਆਉਂਦਿਆਂ ਹੀ ਨਿਰਮੋਹਗੜ੍ਹ ਦੀ ਟਿੱਬੀ ਤੋਂ ਥੋੜ੍ਹੀ ਦੂਰ ਸ਼ਾਹੀ ਟਿੱਬੀ ’ਤੇ ਮੋਰਚਾ ਲਾ ਕੇ ਗੁਰੂ ਜੀ ਵੱਲ ਤੋਪ ਦਾ ਗੋਲ਼ਾ ਚਲਾਇਆ, ਜਿਸ ਨਾਲ਼ ਗੁਰੂ ਜੀ ਦਾ ਚੌਰ-ਬਰਦਾਰ ਭਾਈ ਰਾਮ ਸਿੰਘ ਕਸ਼ਮੀਰੀ ਸ਼ਹੀਦੀ ਪਾ ਗਿਆ। ਗੁਰੂ ਸਾਹਿਬ ਨੇ ਤੁਰੰਤ ਤੀਰ ਚਲਾਇਆ ਤੇ ਰੁਸਤਮ ਖ਼ਾਨ ਮਾਰਿਆ ਗਿਆ। ਇਸ ਤੋਂ ਬਾਅਦ ਭਾਈ ਮਨੀ ਸਿੰਘ ਜੀ ਦੇ ਸਪੁੱਤਰ ਭਾਈ ਉਦੈ ਸਿੰਘ ਜੀ ਦੇ ਤੀਰ ਨਾਲ ਨਾਸਰ ਖ਼ਾਨ ਵੀ ਮਾਰਿਆ ਗਿਆ। ਦੋਵੇਂ ਭਰਾਵਾਂ ਦੇ ਮਰਨ ਉਪਰੰਤ ਫ਼ੌਜਾਂ ਬਹੁਤੀ ਦੇਰ ਨਾ ਟਿੱਕ ਸਕੀਆਂ। ਆਖ਼ਿਰ ਸਰਹੰਦ ਵੱਲ ਭੱਜ ਗਈਆਂ। ਇਸ ਲੜਾਈ ’ਚ ਭਾਈ ਰਾਮ ਸਿੰਘ, ਭਾਈ ਹਿੰਮਤ ਸਿੰਘ ਤੇ ਭਾਈ ਮੋਹਰ ਸਿੰਘ ਜੀ ਸ਼ਹੀਦੀਆਂ ਪਾ ਗਏ। ਇਸ ਘਟਨਾ ਦਾ ਜ਼ਿਕਰ ‘ਭੱਟ ਵਹੀ ਤਲਾਉਂਢਾ’ ’ਚ ਇਉਂ ਦਰਜ ਹੈ :

‘‘ਹਿੰਮਤ ਸਿੰਘ ਬੇਟਾ ਜੀਤੇ ਕਾ ਪੋਤਾ ਰਾਮੇ ਕਾ, ਉਦਾਨਾਂ, ਮੋਹਰ ਸਿੰਘ ਬੇਟਾ ਧੂਮੇ ਕਾ ਪੋਤਾ ਕਾਨੇ੍ਹ ਕਾ, ਤੂਮਰ ਬਿੰਜਲਉਤ, ਸਾਲ ਸਤਰਾਂ ਸੈ ਸਤਵੰਜਾ ਕਤਿਕ ਪ੍ਰਵਿਸ਼ਟੇ ਬਾਰਾਂ, ਰਵੀਵਾਰ ਕੇ ਦਿਹੁੰ, ਨਿਰਮੋਹਗੜ੍ਹ ਕੇ ਮਲ੍ਹਾਨ, ਪਰਗਨਾ ਕਹਿਲੂਰ ਸਾਮੇ੍ਹਂ ਜੂਝ ਕਰ ਮਰੇ’’ (ਭੱਟ ਵਹੀ ਤਲਾਉਂਢਾ ਪਰਗਨਾ ਜੀਂਦ, ਖਾਤਾ ਉਦਾਨਿਓਂ ਕਾ)

(11). ਬਸਾਲੀ ਰਹਿੰਦਿਆਂ ਗੁਰੂ ਜੀ 20 ਅਕਤੂਬਰ 1700 ਦੇ ਦਿਨ ਸ਼ਿਕਾਰ ਖੇਡਣ ਨੇੜੇ ਦੀਆਂ ਪਹਾੜੀਆਂ ’ਤੇ ਗਏ। ਇੱਕ ਬਘਿਆੜ ਦਾ ਪਿੱਛਾ ਕਰਦਿਆਂ ਆਪ ਬਸਾਲੀ ਤੋਂ 24 ਕਿਲੋਮੀਟਰ ਦੂਰ ਖੇੜਾ ਅਤੇ ਕਲਮੋਟ ਦੀਆਂ ਪਹਾੜੀਆਂ ਵੱਲ ਨਿਕਲ ਗਏ। ਇੱਥੇ ਕਲਮੋਟ ਦੇ ਰੰਘੜਾਂ ਅਤੇ ਗੁੱਜਰਾਂ ਨੇ ਸਿੱਖਾਂ ’ਤੇ ਹਮਲਾ ਕਰ ਦਿੱਤਾ ਅਤੇ ਭਾਈ ਜੀਵਨ ਸਿੰਘ ਜੀ (ਸਪੁੱਤਰ ਭਾਈ ਪ੍ਰੇਮਾ ਜੀ ਅਤੇ ਪੋਤਾ ਭਾਈ ਮੂਲਾ ਜੀ, ਜੋ ਰਿਸ਼ਤੇ ’ਚ ਭਾਈ ਮਨੀ ਸਿੰਘ ਜੀ ਦਾ ਚਾਚਾ ਸੀ) ਮਾਰੇ ਗਏ। ਇਸ ਘਟਨਾ ਤੋਂ ਬਾਅਦ ਸਿੱਖਾਂ ਨੇ ਰੰਘੜਾਂ ਤੇ ਗੁੱਜਰਾਂ ਨੂੰ ਅਜਿਹਾ ਸੋਧਾ ਲਾਇਆ ਕਿ ਉਨ੍ਹਾਂ ਨੇ ਗੁਰੂ ਜੀ ਤੋਂ ਮੁਆਫ਼ੀ ਮੰਗ ਕੇ ਜਾਨ ਬਚਾਈ।

(12). 6 ਦਸੰਬਰ ਜੂਲੀਅਨ, 1705 (7 ਪੋਹ, ਸੰਮਤ 1762) ’ਚ ਗੁਰੂ ਸਾਹਿਬ ਅਤੇ ਪਹਾੜੀ ਫ਼ੌਜਾਂ ਦੀ ਲੰਬੀ ਲੜਾਈ ਤੋਂ ਬਾਅਦ ਅਨੰਦਪੁਰ ਸਾਹਿਬ ਛੱਡਣ ਸਮੇਂ ਓਥੇ ਗੁਰੂ ਸਾਹਿਬ, ਮਾਤਾ ਗੁਜਰੀ ਜੀ, ਚਾਰ ਸਾਹਿਬਜ਼ਾਦੇ ਅਤੇੇ ਤਕਰੀਬਨ ਪੰਜ ਕੁ ਸੌ ਸਿੰਘ ਹੀ ਬਚੇ ਸਨ, ਜਿਨ੍ਹਾਂ ਨੂੰ ਜਥਿਆਂ ’ਚ ਵੰਡਿਆ ਗਿਆ। ਇਨ੍ਹਾਂ ਜਥਿਆਂ ਦੀ ਅਗਵਾਈ ਭਾਈ ਮਨੀ ਸਿੰਘ ਜੀ ਦੇ ਦੋ ਸਪੁੱਤਰ ਭਾਈ ਉਦੈ ਸਿੰਘ ਜੀ ਅਤੇ ਭਾਈ ਬਚਿਤਰ ਸਿੰਘ ਜੀ ਕਰ ਰਹੇ ਸਨ ਅਤੇ ਇੱਕ ਹੋਰ ਜਥੇ ਦੀ ਅਗਵਾਈ ਭਾਈ ਜੈਤਾ ਸਿੰਘ ਜੀ ਕਰ ਰਹੇ ਸਨ, ਜੋ ਗੁਰੂ ਜੀ ਦਾ ਸੀਸ ਦਿੱਲੀਓਂ ਲੈ ਕੇ ਆਏ ਸੀ। ਸਭ ਤੋਂ ਬਾਅਦ ’ਚ ਭਾਈ ਜੈਤਾ ਜੀ ਦੇ ਜਥੇ ਨੇ ਅਨੰਦਪੁਰ ਸਾਹਿਬ ਨੂੰ ਛੱਡਿਆ, ਜਿਸ ਕਾਰਨ ਪਹਾੜੀ ਰਾਜਿਆਂ ਦੁਆਰਾ ਖਾਧੀਆਂ ਕਸਮਾਂ ਨੂੰ ਭੁਲਾ ਕੇ ਕੀਤੇ ਪਿਛਲੇ ਪਾਸਿਓਂ ਹਮਲੇ ਨਾਲ਼ ਲੜਦਿਆਂ ਸਭ ਤੋਂ ਪਹਿਲਾਂ ਇਨ੍ਹਾਂ ਦੇ ਜਥੇ ਨੇ ਹੀ ਸ਼ਹੀਦੀਆਂ ਪ੍ਰਾਪਤ ਕੀਤੀਆਂ।

ਦੂਜੀ ਲੜਾਈ ਸ਼ਾਹੀ ਟਿੱਬੀ ’ਤੇ ਭਾਈ ਉਦੈ ਸਿੰਘ ਜੀ ਦੇ ਜਥੇ ਨਾਲ਼ ਹੋਈ, ਜਿਨ੍ਹਾਂ ਨੇ ਦਸਵੇਂ ਪਾਤਸ਼ਾਹ ਵਰਗਾ ਜੋੜਾ ਜਾਮਾ ਪਹਿਨਿਆ ਹੋਇਆ ਸੀ। ਅਜਮੇਰ ਚੰਦ ਨੇ ਭਾਈ ਉਦੈ ਸਿੰਘ ਦੇ ਕੱਪੜਿਆਂ ਨੂੰ ਵੇਖ ਗੁਰੂ ਗੋਬਿੰਦ ਸਿੰਘ ਸਾਹਿਬ ਮੰਨ ਲਿਆ ਤੇ ਸਿਰ ਕੱਟ ਕੇ ਰੋਪੜ ਦੇ ਨਵਾਬ ਵੱਲ ਭੇਜ ਦਿੱਤਾ ਤੇ ਕਹਿਣਾ ਸ਼ੁਰੂ ਕਰ ਦਿੱਤਾ ‘ਅਸੀਂ ਗੁਰੂ ਨੂੰ ਮਾਰ ਲਿਆ ਹੈ।’

ਇਸ ਲੜਾਈ ਦਾ ਵੇਰਵਾ ‘ਭੱਟ ਵਹੀ ਕਰਸਿੰਧੂ’ ’ਚ ਇਉਂ ਦਰਜ ਹੈ ‘‘ਉਦੈ ਸਿੰਘ ਬੇਟਾ ਮਨੀ ਸਿੰਘ, ਪੋਤਾ ਮਾਈਦਾਸ ਕਾ, ਪੜਪੋਤਾ ਬੱਲੂ ਰਾਇ ਕਾ ਚੰਦਰਬੰਸੀ ਭਾਰਦੁਆਜੀ ਗੋਤਰਾ ਪੁਆਰ ਬੰਸ, ਬੀਂਝੇ ਕਾ ਬੰਝਰਉਤ ਜਲਹਾਨਾਂ ਸੰਮਤ ਸਤਰਾਂ ਸੈ ਬਾਸਠ ਪੋਖ ਮਾਸੇ ਦਿਹੁੰ ਸਾਤ ਗਏ ਵੀਰਵਾਰ ਕੇ ਦਿਵਸ ਪਚਾਸ ਸਿੱਖਾਂ ਕੋ ਗੈਲ ਲੈ ਸ਼ਾਹੀ ਟਿੱਬੀ ਕੇ ਮਲਹਾਨ, ਪਰਗਾਨਾ ਭਰਥਗੜ ਰਾਜ ਕਹਿਲੂਰ, ਆਧ ਘਰੀ ਦਿਹੁੰ ਨਿਕਲੇ, ਰਾਜਾ ਅਜਮੇਰ ਚੰਦ ਬੇਟਾ ਭੀਮ ਚੰਦ ਕਾ, ਪੋਤਾ ਦੀਪ ਕਾ, ਪੜਪੋਤਾ ਤਾਰਾ ਚੰਦ ਕਾ ਬੰਸ ਕਲਿਆਨ ਚੰਦ ਕੀ ਚੰਦੇਲ ਗੋਤਰਾ ਰਾਣੇ ਕੀ ਫ਼ੌਜ ਗੈਲ ਬਾਰਾਂ ਘਰੀ ਜੂਝ ਕੇ ਮਰਾ ’’

ਭਾਈ ਬਚਿੱਤਰ ਸਿੰਘ ਜੀ ਦਾ ਜਥਾ ਸਭ ਤੋਂ ਅੱਗੇ ਸੀ, ਜੋ ਸਰਸਾ ਨਦੀ ਪਾਰ ਕਰਦਿਆਂ ਰੰਗੜਾਂ ਨਾਲ਼ ਲੜਿਆ। ਇਸ ਵਿੱਚ ਭਾਈ ਸਾਹਿਬ ਬਹੁਤ ਜ਼ਖ਼ਮੀ ਹੋ ਗਏ ਅਤੇ ਪਿੱਛੇ ਆ ਰਹੇ ਗੁਰੂ ਸਾਹਿਬ ਦੇ ਜਥੇ ਨੇ ਆਪ ਨੂੰ ਨਿਹੰਗ ਖਾਨ ਦੇ ਘਰ (ਰੋਪੜ) ਪਹੁੰਚਾਇਆ। ਨਿਹੰਗ ਖਾਨ ਦੀ ਬੇਟੀ ਬੀਬੀ ਮੁਮਤਾਜ ਨੇ ਉਨ੍ਹਾਂ ਦੀ ਬੜੀ ਸੇਵਾ ਕੀਤੀ, ਪਰ ਗਹਿਰੇ ਜ਼ਖ਼ਮ ਕਾਰਨ ਭਾਈ ਬਚਿਤਰ ਸਿੰਘ ਜੀ 8 ਦਸੰਬਰ 1705 ਨੂੰ ਸ਼ਹੀਦੀ ਪਾ ਗਏ। ਆਪ ਦਾ ਸਸਕਾਰ ਭਾਈ ਗਰਸਾ ਸਿੰਘ ਗਹੂਣੀਆਂ ਸੈਣੀ ਅਤੇ ਭਾਈ ਬੱਗਾ ਸਿੰਘ ਤਰਖਾਣ ਨੇ ਰਾਤੋ-ਰਾਤ ਕਰ ਦਿੱਤਾ। ਇਸ ਘਟਨਾ ਦਾ ਵੇਰਵਾ ਹੇਠਲੀਆਂ ਦੋ ਭੱਟ ਵਹੀਆਂ ’ਚ ਦਰਜ ਹੈ :

‘‘ਬਚਿਤਰ ਸਿੰਘ ਬੇਟਾ ਮਨੀ ਸਿੰਘ ਕਾ, ਪੋਤਾ ਮਾਈਦਾਸ ਕਾ, ਪੜਪੋਤਾ ਬੱਲੂ ਕਾ, ਚੰਦਰਬੰਸੀ ਭਾਰਦਵਾਜੀ ਗੋਤਰ ਪੁਆਰ, ਬੰਸ ਬੀਂਝੇ ਕਾ ਬੰਝਰਉਤ, ਜਲ੍ਹਾਨਾ, ਬਲਉਂਤ, ਗੁਰੂ ਕਾ ਬਚਨ ਪਾਇ ਸੰਮਤ 1762 ਪੋਖ ਮਾਸੇ ਸੁਦੀ ਦੂਜ ਕੋ, ਮਲਕਪੁਰਰੰਘੜਾਂਕੇ ਮਲ੍ਹਾਨ ਰੰਘੜਾਂ ਕੇ ਹਾਥ ਸੇ ਘਾਇਲ ਹੋਇ ਪੋਖ ਮਾਸੇ ਸੁਦੀ ਚਉਥ ਸ਼ੁਕਰਵਾਰ ਕੇ ਦਿਹੁੰ ਡੇਢ ਪਹਿਰ ਰਾਤ ਗਈ, ਕੋਟਲਾ ਨਿਹੰਗ ਮੇਂ ਸੁਆਸ ਪੂਰੇ ਹੂਏ ਸੁਦਾਗਰ ਕੀ ਪਤ ਗੁਰੂ ਰਾਖੀ, ਇਸ ਕੀ ਬੇਟੀ ਮੁਮਤਾਜ ਕਾ ਸਤ ਰਹਾ’’ (ਭੱਟ ਵਹੀ ਤਲਉਂਢਾ)

‘‘ਬਚਿਤਰ ਸਿੰਘ ਬੇਟਾ ਮਨੀ ਸਿੰਘ, ਪੋਤਾ ਮਾਈਦਾਸ ਕਾ. ਗੁਰੂ ਕਾ ਬਚਨ ਪਾਇ, ਸਾਲ ਸਤਰਾਂ ਸੈ ਬਾਸਠ, ਪੋਖ ਮਾਸੇ ਸੁਦੀ ਦੂਜ, ਵੀਰਵਾਰ ਕੇ ਦਿਹੁੰ, ਮਲਕਪੁਰ ਕੇ ਮਲ੍ਹਾਨ ਪ੍ਰਗਨਾ ਰੋਪਰ, ਰੰਘੜਾਂ ਗੈਲ ਜੁਧ ਮੇਂ ਘਾਇਲ ਹੋਇ, ਗਾਮ ਕੋਟਲਾ ਪ੍ਰਗਨਾ ਨਿਹੰਗ ਖਾਨ ਕੇ ਗ੍ਰਹਿ ਰਹਾ ਪੋਖ ਮਾਸੇ ਸੁਦੀ ਚੌਥ, ਸ਼ਨੀਵਾਰ ਕੇ ਦਿਵਸ, ਡੇਢ ਪਹਿਰ ਰੈਣ ਗਈ, ਸੁਆਸ ਪੂਰੇ ਹੋਏ ਨਿਹੰਗ ਖਾਨ ਕੀ ਪਤ ਗੁਰੂ ਰਾਖੀ, ਏਸ ਕੀ ਬੇਟੀ ਕਾ ਸਤ ਰਹਾ ’’ (ਭੱਟ ਵਹੀ ਤਲਉਂਢਾ, ਪਰਗਨਾ ਜੀਂਦ)

(13). ਚਮਕੌਰ ਸਾਹਿਬ ਵਿਖੇ ਸ਼ਹੀਦ ਹੋਣ ਵਾਲੇ 40 ਸਿੰਘਾਂ ’ਚ ਭਾਈ ਮਨੀ ਸਿੰਘ ਜੀ ਦੇ ਤਿੰਨ ਪੁੱਤਰ ਅਤੇ ਇੱਕ ਭਰਾ ਵੀ ਸੀ।  ਸ਼ਹੀਦ ਹੋਏ 40 ਸਿੰਘਾਂ ਦੇ ਨਾਂ ਹਨ : 1. ਭਾਈ ਹਿੰਮਤ ਸਿੰਘ 2. ਭਾਈ ਮੋਹਕਮ ਸਿੰਘ 3. ਭਾਈ ਸਾਹਿਬ ਸਿੰਘ (ਤਿੰਨੇ ਪਿਆਰੇ) 4. ਭਾਈ ਦੇਵਾ ਸਿੰਘ 5. ਭਾਈ ਰਾਮ ਸਿੰਘ 6. ਭਾਈ ਟਹਿਲ ਸਿੰਘ 7. ਭਾਈ ਈਸ਼ਰ ਸਿੰਘ 8. ਭਾਈ ਫ਼ਤਹਿ ਸਿੰਘ (ਪੰਜੇ ਮੁਕਤੇ) 9. ਭਾਈ ਅਨਕ ਸਿੰਘ 10. ਭਾਈ ਅਜਬ ਸਿੰਘ 11. ਭਾਈ ਅਜਾਇਬ ਸਿੰਘ (ਭਾਈ ਮਨੀ ਸਿੰਘ ਜੀ ਦੇ ਤਿੰਨੇ ਪੁੱਤਰ) 12. ਭਾਈ ਦਾਨ ਸਿੰਘ (ਭਾਈ ਮਨੀ ਸਿੰਘ ਜੀ ਦਾ ਭਰਾ) 13. ਭਾਈ ਆਲਿਮ ਸਿੰਘ ‘ਨੱਚਣਾ’ 14. ਭਾਈ ਵੀਰ ਸਿੰਘ (ਭਾਈ ਆਲਿਮ ਸਿੰਘ ‘ਨੱਚਣਾ’ ਦਾ ਭਰਾ) 15. ਭਾਈ ਮੋਹਰ ਸਿੰਘ 16. ਭਾਈ ਅਮੋਲਕ ਸਿੰਘ (ਭਾਈ ਆਲਿਮ ਸਿੰਘ ‘ਨੱਚਣਾ’ ਦੇ ਦੋਵੇਂ ਪੁੱਤਰ) 17. ਭਾਈ ਮਦਨ ਸਿੰਘ 18. ਭਾਈ ਕਾਠਾ ਸਿੰਘ 19. ਭਾਈ ਨਾਹਰ ਸਿੰਘ 20. ਭਾਈ ਸ਼ੇਰ ਸਿੰਘ 21. ਭਾਈ ਕਿਰਪਾ ਸਿੰਘ ਦੱਤ ਤੇ ਉਸ ਦਾ ਭਰਾ 22. ਭਾਈ ਸਨਮੁਖ ਸਿੰਘ 23. ਭਾਈ ਨਾਨੂੰ ਸਿੰਘ ਦਿਲਵਾਲੀ 24. ਭਾਈ ਬਖਸ਼ਿਸ਼ ਸਿੰਘ 25. ਭਾਈ ਗੁਰਬਖਸ਼ੀਸ਼ ਸਿੰਘ 26. ਭਾਈ ਮੁਕੰਦ ਸਿੰਘ 27. ਭਾਈ ਮੁਕੰਦ ਸਿੰਘ (ਦੂਜਾ) 28. ਭਾਈ ਖ਼ਜ਼ਾਨ ਸਿੰਘ 29. ਭਾਈ ਲਾਲ ਸਿੰਘ 30. ਭਾਈ ਜਵਾਹਰ ਸਿੰਘ 31. ਭਾਈ ਕੀਰਤ ਸਿੰਘ 32. ਭਾਈ ਸ਼ਾਮ ਸਿੰਘ 33. ਭਾਈ ਹੁਕਮ ਸਿੰਘ 34. ਭਾਈ ਕੇਸਰਾ ਸਿੰਘ 35. ਭਾਈ ਧੰਨਾ ਸਿੰਘ 36. ਭਾਈ ਸੁੱਖਾ ਸਿੰਘ 37. ਭਾਈ ਬੁੱਢਾ ਸਿੰਘ 38. ਭਾਈ ਅਨੰਦ ਸਿੰਘ 39. ਭਾਈ ਸੰਤ ਸਿੰਘ ਬੰਗੇਸ਼ਰੀ 40. ਭਾਈ ਸੰਗਤ ਸਿੰਘ ਅਰੋੜਾ (ਆਖ਼ਰੀ ਦੋਵੇਂ 9 ਦਸੰਬਰ ਦੀ ਸਵੇਰ ਨੂੰ ਸ਼ਹੀਦ ਹੋਏ, ਜਦ ਰਾਤ ਨੂੰ ਕੁਝ ਸਿੰਘਾਂ ਸਮੇਤ ਗੁਰੂ ਸਾਹਿਬ ਜੀ ਉੱਥੋਂ ਚਲੇ ਗਏ ਸਨ।

ਭਾਈ ਨਿਹੰਗ ਖਾਨ ਦੀ ਭੈਣ ਬੀਬੀ ਉਮਰੀ ਦੇ ਸਪੁੱਤਰ ‘ਭਾਈ ਨਬੀ ਖਾਨ ਤੇ ਗ਼ਨੀ ਖਾਨ’ ਸਨ, ਜੋ ਰੋਪੜ ਦੇ ਨਵਾਬ ਮਲੇਰੀਏ ਪਠਾਣ ਦੀ ਫ਼ੌਜ ’ਚ ਸਨ। ਇਹ ਦੋਵੇਂ ਮਾਛੀਵਾੜੇ ਦੇ ਰਹਿਣ ਵਾਲੇ ਸੀ। ਡਾ. ਦਲਗੀਰ ਸਿੰਘ ਮੁਤਾਬਕ ਇਹ ਦੋਵੇਂ ਗੁਰੂ ਸਾਹਿਬ ਨੂੰ ਓਥੋਂ ਲੈ ਕੇ ਗਏ ਸਨ।)

7 ਤੋਂ 9 ਦਸੰਬਰ 1705 ਦੀ ਰਾਤ ਤੱਕ ਚਮਕੌਰ ਦੀ ਗੜ੍ਹੀ ’ਚ ਹਾਜ਼ਰ 45 ਸਿੰਘਾਂ ਤੇ ਦੋ ਸਾਹਿਬਜ਼ਾਦਿਆਂ ਵਿੱਚੋਂ, ਦੋਵੇਂ ਵੱਡੇ ਸਾਹਿਬਜ਼ਾਦੇ ਅਤੇ ਤਿੰਨ ਪਿਆਰੇ (ਭਾਈ ਹਿੰਮਤ ਸਿੰਘ, ਭਾਈ ਸਾਹਿਬ ਸਿੰਘ, ਭਾਈ ਮੋਹਕਮ ਸਿੰਘ) ਸਮੇਤ 38 ਸਿੰਘ ਸ਼ਹੀਦ ਹੋ ਚੁੱਕੇ ਸਨ। ਬਾਕੀ 7 ਸਿੱਖ ਹੀ ਬਚੇ ਸਨ ‘ਭਾਈ ਦਯਾ ਸਿੰਘ, ਭਾਈ ਧਰਮ ਸਿੰਘ, ਭਾਈ ਦਯਾ ਸਿੰਘ ਪੁਰੋਹਤ, ਭਾਈ ਮਾਨ ਸਿੰਘ ਨਿਸ਼ਾਨਚੀ, ਭਾਈ ਰਾਮ ਸਿੰਘ (ਸਪੁੱਤਰ ਭਾਈ ਬਚਿਤਰ ਸਿੰਘ ਤੇ ਪੋਤਾ ਭਾਈ ਮਨੀ ਸਿੰਘ ਜੀ), ਭਾਈ ਸੰਤ ਸਿੰਘ ਅਤੇ ਭਾਈ ਸੰਗਤ ਸਿੰਘ। ਅੰਤ ’ਚ ਕੇਵਲ ਦੋ ਸਿੱਖ ‘ਭਾਈ ਸੰਤ ਸਿੰਘ ਜੀ ਅਤੇ ਭਾਈ ਸੰਗਤ ਸਿੰਘ ਜੀ ਹੀ ਰਹਿ ਗਏ ਸਨ। ਬਾਕੀ ਸਿੱਖ ਗੁਰੂ ਜੀ ਦੇ ਨਾਲ਼-ਨਾਲ਼ ਚਲੇ ਗਏ ਸਨ।

(14). ਖਿਦਰਾਣੇ ਦੀ ਢਾਬ (ਮੁਕਤਸਰ) ਦੀ ਜੰਗ ਵਿੱਚ ਸ਼ਹੀਦ ਹੋਣ ਵਾਲ਼ੇ 37 ਸਿੰਘਾਂ ਵਿੱਚ ਵੀ ਭਾਈ ਮਨੀ ਸਿੰਘ ਜੀ ਦਾ ਭਰਾ ਭਾਈ ਰਾਏ ਸਿੰਘ ਮੁਲਤਾਨੀ ਅਤੇ ਉਨ੍ਹਾਂ ਦਾ ਸਪੁੱਤਰ ਭਾਈ ਮਹਾਂ ਸਿੰਘ ਜੀ ਸ਼ਾਮਲ ਸੀ।

ਉਕਤ ਵੇਰਵਿਆਂ ਤੋਂ ਸਾਫ਼ ਹੁੰਦਾ ਹੈ ਕਿ ਭਾਈ ਮਨੀ ਸਿੰਘ ਜੀ ਅਤੇ ਉਨ੍ਹਾਂ ਦਾ ਪੂਰਾ ਵੰਸ਼ਜ ਗੁਰੂ ਘਰ ਲਈ ਕੁਰਬਾਨ ਹੋਣ ਨੂੰ ਕਿੰਨਾ ਮਹੱਤਵ ਦਿੰਦਾ ਰਿਹਾ ਹੈ। ਦਸਮੇਸ਼ ਪਿਤਾ ਜੀ ਦੇ ਜੋਤੀ ਜੋਤ ਸਮਾ ਜਾਣ ਉਪਰੰਤ ਵੀ ਭਾਈ ਸਾਹਿਬ ਜੀ ਨੇ 26 ਸਾਲ ਤੱਕ ਸਿੱਖ ਕੌਮ ਦੀ ਅਗਵਾਈ ਕਰਦਿਆਂ ਅਨੇਕਾਂ ਅਹਿਮ ਰੋਲ ਅਦਾ ਕੀਤੇ। ਭਾਈ ਸਾਹਿਬ ਜੀ ਨੇ ਗੁਰੂ ਦੇ ਚੱਕ (ਅੰਮ੍ਰਿਤਸਰ) ਵਿਖੇ ਲੰਬਾ ਸਮਾਂ ਸੇਵਾ ਨਿਭਾਈ ਹੈ।

ਬਾਬਾ ਬੰਦਾ ਸਿੰਘ ਜੀ ਦੀ ਸ਼ਹੀਦੀ ਤੋਂ ਬਾਅਦ ਸਿੱਖਾਂ ਨੂੰ ਲੰਬਾ ਸਮਾਂ ਜੰਗਲ਼ਾਂ ਵਿੱਚ ਰਹਿਣਾ ਪਿਆ। ਭਾਈ ਸਾਹਿਬ ਨੇ ਅਜਿਹੇ ਬਿਖੜੇ ਸਮੇਂ ਦੌਰਾਨ ਵੀ ਗੁਰੂ ਦੇ ਚੱਕ ਦੇ ਇਰਦ ਗਿਰਦ ਰਹਿੰਦਿਆਂ ਆਪਣੀਆਂ ਸੇਵਾਵਾਂ ਨਿਰੰਤਰ ਜਾਰੀ ਰੱਖੀਆਂ। ਸਿੱਖ ਸੰਗਤਾਂ ਨੂੰ ਲੋੜ ਪੈਣ ’ਤੇ ਇਕੱਠੇ ਕਰ ਉਨ੍ਹਾਂ ਦੇ ਮਤਭੇਦ ਵੀ ਦੂਰ ਕਰਦੇ ਰਹਿੰਦੇ।

ਸੰਨ 1734 ਦੀ ਵਿਸਾਖੀ ਵਾਲ਼ੇ ਦਿਨ (ਇਤਿਹਾਸ ’ਚ 1733 ਦੀ ਦਿਵਾਲੀ ਵੀ ਲਿਖਿਆ ਹੈ, ਪਰ ਫਿਰ ਗ੍ਰਿਫ਼ਤਾਰੀ 6-7 ਮਹੀਨਿਆਂ ਬਾਅਦ ਕਿਉਂ ?) ਭਾਈ ਸਾਹਿਬ ਨੇ ਗੁਰੂ ਦੇ ਚੱਕ ਵਿਖੇ ਸਰਬੱਤ ਖ਼ਾਲਸਾ ਇਕੱਠ ਬੁਲਾਉਣ ਦਾ ਫ਼ੈਸਲਾ ਕਰ ਲਿਆ। ਸੂਬਾ ਲਾਹੌਰ ਜ਼ਕਰੀਆ ਨੇ ਸਿੱਖਾਂ ਦੁਆਰਾ ਧਾਰਮਿਕ ਸਮਾਗਮ ਕਰਨ ’ਤੇ ਪਾਬੰਦੀ ਲਗਾ ਦਿੱਤੀ। ਇਸ ਪਾਬੰਦੀ ਨੂੰ ਹਟਾਉਣ ਲਈ 10,000 ਰੁਪਏ ਸਰਕਾਰ ਨੂੰ ਦੇਣ ਦੀ ਸ਼ਰਤ ਰੱਖੀ ਗਈ।  ਦੂਸਰੇ ਪਾਸੇ ਆਪਣੇ ਵਜ਼ੀਰ ਲਖਪਤ ਰਾਏ ਨੂੰ ਫ਼ੌਜ ਦੇ ਕੇ ਗੁਰੂ ਦੇ ਚੱਕ ਭੇਜ ਦਿੱਤਾ। ਉਸ ਨੇ ਰਾਮ ਤੀਰਥ ਵਾਲ਼ੀ ਜਗ੍ਹਾ ਫ਼ੌਜ ਜਮਾ ਕਰ ਲਈ। ਉਹ ਅੰਦਰੋਂ ਅੰਦਰੀ ਸਿੱਖਾਂ ਨੂੰ ਖ਼ਤਮ ਕਰਨਾ ਚਾਹੁੰਦਾ ਸੀ। ਭਾਈ ਸਾਹਿਬ ਨੇ ਸਥਿਤੀ ਨੂੰ ਭਾਂਪਦਿਆਂ ਸਿੱਖਾਂ ਨੂੰ ਗੁਰੂ ਦੇ ਚੱਕ ਨਾ ਆਉਣ ਦੇ ਸੁਨੇਹੇ ਭੇਜ ਦਿੱਤੇ।

ਭਾਈ ਸਾਹਿਬ ਜੀ ਨੇ ਸਰਕਾਰ ਨਾਲ਼ ਮਿੱਥੀ ਰਕਮ ਨਾ ਦਿੱਤੀ। ਜ਼ਕਰੀਆ ਖ਼ਾਨ ਨੇ 90 ਸਾਲ ਦੇ ਬਜ਼ੁਰਗ ਭਾਈ ਮਨੀ ਸਿੰਘ ਸਮੇਤ ਉਨ੍ਹਾਂ ਦੇ ਭਰਾ ਜਗਤ ਸਿੰਘ, ਉਨ੍ਹਾਂ ਦੇ ਪੁੱਤਰ ਚਿੱਤਰ ਸਿੰਘ ਤੇ ਗੁਰਬਖ਼ਸ਼ ਸਿੰਘ, ਉਨ੍ਹਾਂ ਦੀ ਸਿੰਘਣੀ ਬਸੰਤ ਕੌਰ, ਗੁਲਜ਼ਾਰ ਸਿੰਘ, ਰਣ ਸਿੰਘ, ਸੰਗਤ ਸਿੰਘ, ਭੂਪਤ ਸਿੰਘ ਆਦਿਕ ਸਿੱਖਾਂ ਨੂੰ ਗ੍ਰਿਫ਼ਤਾਰ ਕਰ ਲਾਹੌਰ ਲਿਜਾਇਆ ਗਿਆ। ਜਿਥੇ ਸਖ਼ਤ ਤਸੀਹੇ ਦਿੰਦਿਆਂ 24 ਜੂਨ ਜੂਲੀਅਨ 1734 (ਹਾੜ ਸੁਦੀ 5, 24 ਹਾੜ ਸੰਮਤ 1791) ਵਿੱਚ ਸਭ ਨੂੰ ਸ਼ਹੀਦ ਕਰ ਦਿੱਤਾ ਗਿਆ ਹਾੜ੍ਹ ਸੁਦੀ ਪੰਚਮ ਥਿਤ ਆਹੀ ਸਤ੍ਰਹ ਸੈ ਇਕਾਨਵੈਂ ਮਾਹੀ ਜਾਇ ਨਿਖਾਸ ਚੌਂਕ ਕੇ ਬੀਚ ਸੂਬੇ ਖ਼ਾਨ ਬਹਾਦਰ ਨੀਚ ਪਹਿਲੋਂ ਮਨੀ ਸਿੰਘ ਕੇ ਤਾਈ ਕਾਜੀ ਫ਼ਤਵਾ ਦੀਯੋ ਸੁਣਾਈ ਤਿਸੈ ਗੈਲ ਜਲਾਦੈ ਆਇ ਬੰਦ ਬੰਦ ਦੀਯੇ ਜੁਦਾ ਕਰਾਇ ਪੀਛੇ ਸਿੰਘ ਗੁਲਜਾਰੇ ਕੇਰੀ ਪੁੱਠੀ ਖੱਲ ਲਾਹੀ ਬਿਨ ਦੇਰੀ ਭੂਪਤ ਸਿੰਘ ਕੀ ਆਂਖ ਕਢਾਇ ਫੇਰ ਚਰਖੜੀ ਦੀਯੋ ਚਢਾਇ ਜਹਾਂ ਭਯੋ ਇਹ ਸਾਕਾ ਭਾਰੀ ਖ਼ਲਤ ਦੇਖਣ ਆਈ ਸਾਰੀ ਸੇਵਾ ਹਰੀ ਜਿਤਕ ਸਿੰਘ ਔਰ ਕਰੈ ਸ਼ਹੀਦ ਦੁਸ਼ਟ ਤਿਹ ਠੌਰ (ਸੇਵਾ ਸਿੰਘ, ਸ਼ਹੀਦ ਬਿਲਾਸ)

ਸ਼ਹੀਦ ਊਧਮ ਸਿੰਘ

0

ਸ਼ਹੀਦ ਊਧਮ ਸਿੰਘ ਦੀ ਬੇਮਿਸਾਲ ਦ੍ਰਿੜ੍ਹਤਾ ਤੇ ਸਮਾਜ ਲਈ ਕੁੱਝ ਕਰਨ ਦਾ ਜਜ਼ਬਾ।

ਗਿਆਨੀ ਅਵਤਾਰ ਸਿੰਘ

ਭਾਰਤ ਦੇ ਇਤਿਹਾਸ ਵਿੱਚ ਸ਼ਹੀਦ ਊਧਮ ਸਿੰਘ ਦਾ ਨਾਂ ਸਰਬੋਤਮ ਰਾਸ਼ਟਰੀ ਸ਼ਹੀਦਾਂ ਦੀ ਗਿਣਤੀ ’ਚ ਸ਼ਾਮਲ ਹੈ, ਜੋ ਕਿ ਨੌਜਵਾਨੀ ਲਈ ਹਮੇਸ਼ਾਂ ਪ੍ਰੇਰਨਾ ਸ੍ਰੋਤ ਬਣੇ ਰਹੇ ਤੇ ਬਣੇ ਰਹਿਣਗੇ।  ਸ਼ਹੀਦ ਊਧਮ ਸਿੰਘ ਦਾ ਜਨਮ ਜ਼ਿਲ੍ਹਾ ਸੰਗਰੂਰ ਦੇ ਸੁਨਾਮ ਸ਼ਹਿਰ ਵਿਖੇ ਇੱਕ ਦਲਿਤ ਪਰਵਾਰ ’ਚ ਮਿਤੀ 26 ਦਸੰਬਰ 1899 ਨੂੰ ਹੋਇਆ, ਜੋ ਕਿ ਸਿੱਖ ਧਰਮ ਦਾ ਅਨੁਯਾਈ ਸੀ।  ਅੰਗਰੇਜ਼ੀ ਹਕੂਮਤ ਵੱਲੋਂ ਨਿਯੁਕਤ ਕੀਤੇ ਗਏ ਪੰਜਾਬ ਦੇ ਉੱਪ ਰਾਜਪਾਲ ਜਨਰਲ ਡਾਇਰ ਵੱਲੋਂ ਸੰਨ 1919 ਦੀ ਵਿਸਾਖੀ ਵਾਲੇ ਦਿਨ ਨਿਹੱਥੇ ਅਤੇ ਬੇਕਸੂਰ 370 ਲੋਕਾਂ ਦੀ ਹੋਈ ਮੌਤ ਤੇ 1200 ਤੋਂ ਵੱਧ ਜ਼ਖ਼ਮੀ ਲੋਕਾਂ ਦਾ ਬਦਲਾ ਲੈਣ ਦੀ ਲਪਟ ਇਸ ਨੇ ਆਪਣੇ ਮਨ ਵਿੱਚ 20 ਸਾਲ (ਭਾਵ 13 ਅਪ੍ਰੈਲ 1919 ਤੋਂ 31 ਜੁਲਾਈ 1940 ਸ਼ਹੀਦੀ) ਤੱਕ ਬੁਝਣ ਨਹੀਂ ਦਿੱਤੀ।  ਇੰਨਾ ਲੰਮਾ ਸਮਾਂ ਇਨਕਲਾਬੀ ਮਸ਼ਾਲ ਨੂੰ ਆਪਣੇ ਮਨ ’ਚ ਬਲ਼ਦਾ ਰੱਖਣਾ ਇੱਕ ਵਿਲੱਖਣ ਇਤਿਹਾਸਕ ਉਦਾਹਰਨ ਹੈ।  ਇਸ ਘਟਨਾ ਦਾ ਪਿਛੋਕੜ ਇਹ ਸੀ ਕਿ ਪਹਿਲੇ ਵਿਸ਼ਵ ਯੁੱਧ ਕਾਰਨ ਅਰਥਵਿਵਸਥਾ ਨੂੰ ਲੱਗੇ ਧੱਕੇ ਦੇ ਵਿਰੋਧ ਵਿੱਚ ਭਾਰਤੀਆਂ ਦੀਆਂ ਮੀਟਿਗਾਂ ਅਤੇ ਮੁਜ਼ਾਹਰਿਆਂ ਉੱਤੇ ਜਨਰਲ ਡਾਇਰ ਨੇ ਰੋਕ ਲਗਾ ਦਿੱਤੀ ਸੀ।  13 ਅਪ੍ਰੈਲ 1919 ਨੂੰ ਸ਼ਰਧਾਲੂਆਂ ਦੀ ਭੀੜ ਵਿਸਾਖੀ ਦਾ ਤਿਉਹਾਰ ਮਨਾਉਣ ਲਈ ਅਮ੍ਰਿਤਸਰ ਵਿੱਚ ਇਕੱਠੀ ਹੋਈ।  ਦੁਪਹਿਰ ਬਾਅਦ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਵਿਸਾਖੀ ਮਨਾਉਣ ਲਈ ਜਲਿਆਂ ਵਾਲ਼ੇ ਬਾਗ ਵਿੱਚ ਇਕੱਠੇ ਹੋਏ।  ਇਹ ਮੈਦਾਨ ਚਾਰੋਂ ਤਰਫ਼ ਵੱਡੀਆਂ ਕੰਧਾਂ ਨਾਲ਼ ਘਿਰਿਆ ਹੋਇਆ ਸੀ, ਸਿਰਫ਼ ਅੰਦਰ ਆਉਣ ਲਈ ਹੀ ਇੱਕ ਤੰਗ ਗਲੀ ਸੀ। 

ਜਨਰਲ ਡਾਇਰ ਖ਼ੁਦ ਫ਼ੌਜ ਲੈ ਕੇ ਉਸ ਜਗ੍ਹਾ ’ਤੇ ਪਹੁੰਚਿਆ ਅਤੇ ਬਿਨਾਂ ਕੋਈ ਚੇਤਾਵਨੀ ਦਿੱਤਿਆਂ ਆਪਣੇ ਬੰਦਿਆਂ ਤੋਂ ਗੋਲ਼ੀਬਾਰੀ ਸ਼ੁਰੂ ਕਰਵਾ ਦਿੱਤੀ।  ਜਿਸ ਨਾਲ਼ 370 ਲੋਕਾਂ ਦੀ ਮੌਤ ਹੋ ਗਈ ਤੇ 1200 ਤੋਂ ਜ਼ਿਆਦਾ ਜ਼ਖ਼ਮੀ ਹੋ ਗਏ।  ਬਹੁਤ ਲੋਕਾਂ ਨੇ ਗੋਲ਼ੀਆਂ ਤੋਂ ਬਚਣ ਲਈ ਇੱਕ ਖੂਹ ਵਿੱਚ ਵੀ ਛਾਲਾਂ ਮਾਰੀਆਂ।  ਇਹ ਘਟਨਾ ਸ. ਊਦਮ ਸਿੰਘ ਨੇ ਆਪਣੇ ਅੱਖੀਂ ਵੇਖੀ, ਜਿਨ੍ਹਾਂ ਦੀ ਉਮਰ ਉਸ ਵਕਤ ਮਾਤ੍ਰ 18 ਸਾਲ ਸੀ।

ਸਿੱਖ ਧਰਮ ਦਾ ਇਹ ਉਪਦੇਸ਼ ਕਿ ਭਗਤ ਦੀ ਕੋਈ ਜਾਤ ਜਾਂ ਕੋਈ ਇੱਕ ਧਰਮ ਨਹੀਂ ਹੁੰਦਾ, ਅਨੁਸਾਰ ਅੰਗਰੇਜ਼ਾਂ ਦੇ ਪੁੱਛਣ ਉਪਰੰਤ ਇਸ ਨੇ ਆਪਣਾ ਨਾਂ ‘ਰਾਮ ਮੁਹੰਮਦ ਸਿੰਘ ਆਜ਼ਾਦ’ ਦੱਸਿਆ, ਜਿਸ ਦਾ ਮਤਲਬ ਹਿੰਦੂਆਂ ਦਾ ‘ਰਾਮ’, ਮੁਸਲਮਾਨਾਂ ਦਾ ‘ਮੁਹੰਮਦ’, ਸਿੱਖਾਂ ਲਈ ‘ਸਿੰਘ’ ਤੇ ਕ੍ਰਾਂਤੀਕਾਰਾਂ ਲਈ ਗ਼ੁਲਾਮ ਨਹੀਂ ਬਲਕਿ ‘ਆਜ਼ਾਦ’।  ਅਜਿਹੀ ਸੋਚ ਨੂੰ ਰਾਸ਼ਟਰੀ ਏਕਤਾ ਤੇ ਦੇਸ਼ ਪਿਆਰ ਦਾ ਪ੍ਰਤੀਕ ਕਹਿਣਾ ਦਰੁਸਤ ਹੋਵੇਗਾ।  ਸ਼ਹੀਦ ਊਧਮ ਸਿੰਘ ਨੇ ਇਹੀ ਨਾਂ ‘ਕਤਲ ਕੇਸ’ ਸਮੇਂ ਕਚਹਿਰੀ ਵਿੱਚ ਦੱਸਿਆ ਸੀ।

ਜਨਰਲ ਡਾਇਰ ਦੀ ਮੌਤ: 13 ਮਾਰਚ 1940 ਨੂੰ ਈਸਟ ਐਸੋਸੀਏਸ਼ਨ ਅਤੇ ਸੈਂਟਰਲ ਏਸੀਅਨ ਸੁਸਾਇਟੀ ਦੀ 10 ਕੈਕਸਟਨ ਹਾਲ ਲੰਡਨ ਵਿਖੇ ਮੀਟਿੰਗ ਹੋ ਰਹੀ ਸੀ, ਜਿੱਥੇ ਜਲ੍ਹਿਆਂਵਾਲੇ ਬਾਗ਼ ਦੇ ਘਿਨੌਣੇ ਸਾਕੇ ਦਾ ਦੋਸ਼ੀ ਮਾਈਕਲ ਉਡਵਾਇਰ (ਜਨਰਲ ਡਾਇਰ) ਨੇ ਬੁਲਾਰੇ ਵਜੋਂ ਭਾਸਣ ਦੇਣਾ ਸੀ।  ਸ਼ਹੀਦ ਊਧਮ ਸਿੰਘ ਨੇ ਆਪਣੇ ਨਾਲ ਛੁਪਾ ਕੇ ਰੱਖੀ ਹੋਈ ਰਿਵਾਲਵਰ ਨਾਲ ਉਸ ਉੱਤੇ ਗੋਲ਼ੀਆਂ ਦਾਗ ਦਿੱਤੀਆਂ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।  ਇਸ ਘਟਨਾ ਨੂੰ ਵਿਸ਼ਵ ਪੱਧਰ ਦੀਆਂ ਅਖਬਾਰਾਂ ਨੇ ਵੱਖ-ਵੱਖ ਅੰਦਾਜ਼ ਵਿੱਚ ਪ੍ਰਕਾਸ਼ਿਤ ਕੀਤਾ।  ਲੰਡਨ ਤੋਂ ਪ੍ਰਕਾਸ਼ਿਤ ਹੁੰਦੇ ਅਖ਼ਬਾਰ ‘ਦੀ ਟਾਈਮਜ ਆਫ ਲੰਡਨ’ ਨੇ ਸ਼ਹੀਦ ਊਧਮ ਸਿੰਘ ਨੂੰ ‘ਆਜ਼ਾਦੀ ਦਾ ਲੜਾਕਾ’ ਅਤੇ ਉਸ ਦੇ ਕਾਰਨਾਮੇ ਨੂੰ ਗ਼ੁਲਾਮ ਭਾਰਤੀਆਂ ਦੇ ਦੱਬੇ ਗੁੱਸੇ ਦਾ ਇਜ਼ਹਾਰ ਕਿਹਾ।  ਇਸ ਬਾਰੇ ਜਰਮਨ ਰੇਡੀਓ ਤੋਂ ਵਾਰ-ਵਾਰ ਇਹ ਨਸ਼ਰ ਹੁੰਦਾ ਰਿਹਾ, ‘‘ਹਾਥੀਆਂ ਦੀ ਤਰ੍ਹਾਂ ਭਾਰਤੀ ਆਪਣੇ ਦੁਸ਼ਮਣਾਂ ਨੂੰ ਕਦੇ ਵੀ ਮੁਆਫ਼ ਨਹੀਂ ਕਰਦੇ।  ਉਹ ਵੀਹ ਸਾਲ ਤੋਂ ਲੰਮੇ ਵਕਫ਼ੇ ਬਾਅਦ ਵੀ ਉਨ੍ਹਾਂ ਨੂੰ ਮਾਰ ਮੁਕਾਉਂਦੇ ਹਨ।’’  ਸੁਭਾਸ ਚੰਦਰ ਬੋਸ ਨੇ ਇਸ ਕਾਰਨਾਮੇ ਦੀ ਪ੍ਰਸੰਸਾ ਕੀਤੀ, ਪਰ ਪੰਡਿਤ ਜਵਾਹਰ ਲਾਲ ਨਹਿਰੂ ਤੇ ਮਹਾਤਮਾ ਗਾਂਧੀ ਵਰਗੇ ਆਗੂਆਂ ਨੇ ਇਸ ਦੀ ਨਿੰਦਾ ਕੀਤੀ।

ਆਪਣੇ ਇਰਾਦੇ ਪ੍ਰਤਿ ਦ੍ਰਿੜ੍ਹਤਾ: ਸ਼ਹੀਦ ਊਧਮ ਸਿੰਘ ਦੀ ਸੂਰਮਗਤੀ ਵਾਲੀ ਦ੍ਰਿੜ੍ਹਤਾ ਇਸ ਗੱਲ ਤੋਂ ਹੋਰ ਵੀ ਪ੍ਰਮਾਣਿਤ ਹੁੰਦੀ ਹੈ ਕਿ ਉਹ ਡਾਇਰ ਦੇ ਕਤਲ ਮਗਰੋਂ ਆਪਣੇ ਜੁਰਮ ਕਬੂਲ ਕਰਦਾ ਹੋਇਆ ਆਪਣੇ ਆਪ ਨੂੰ ਕਾਨੂੰਨ ਦੇ ਹਵਾਲੇ ਕਰ ਦਿੰਦਾ ਹੈ ਤੇ ਹਿਰਾਸਤ ਵਿੱਚ ਲੈਣ ਵਾਲੇ ਪੁਲੀਸ ਅਧਿਕਾਰੀਆਂ ਨੂੰ ਪੁੱਛਦਾ ਹੈ ਕਿ ਕੀ ਦੂਜਾ ਦੋਸ਼ੀ ਜੈਟਲੈਂਡ ਵੀ ਮਾਰਿਆ ਗਿਆ ?  ਕਿਉਂਕਿ ਉਹ ਵੀ ਮੌਤ ਦਾ ਹੱਕਦਾਰ ਸੀ ਤੇ ਮੈਂ ਉਸ ਉੱਤੇ ਵੀ ਦੋ ਰੌਂਦ ਮਾਰੇ ਸਨ।

ਕ੍ਰਾਂਤੀਕਾਰੀ ਵਿਚਾਰਧਾਰਾ: ਸ਼ਹੀਦ ਊਧਮ ਸਿੰਘ ਦੇ ਯੋਗਦਾਨ ਨੂੰ ਆਮ ਤੌਰ ’ਤੇ 1919 ਦੀ ਘਟਨਾ ਨਾਲ ਜੋੜ ਕੇ ਹੀ ਵੇਖਿਆ ਜਾਂਦਾ ਹੈ, ਜਿਸ ਨਾਲ ਉਸ ਦੀ ਹੋਰ ਕ੍ਰਾਂਤੀਕਾਰੀ ਭਾਵਨਾ ਅਣਡਿੱਠ ਰਹਿ ਜਾਂਦੀ ਹੈ।  ਸ਼ਹੀਦ ਭਗਤ ਸਿੰਘ ਵਾਙ ਹੀ ਸ. ਊਧਮ ਸਿੰਘ ਵੀ ਵਿਚਾਰਧਾਰਕ ਪੱਖੋਂ ਪ੍ਰਪੱਕ ਤੇ ਗਰਮ ਖਿਆਲੀ ਕ੍ਰਾਂਤੀਕਾਰੀ ਸਨ।  ਸੰਨ 1924 ਤੋਂ ਭਾਰਤ ਦੀ ਆਜ਼ਾਦੀ ਦੀ ਲੜਾਈ (ਵਿਦੇਸੀ ਮੁਲਕਾਂ ’ਚ) ਲੜਨ ਵਾਲੀ ਗਦਰ ਪਾਰਟੀ ਦੀ ਲਹਿਰ ’ਚ ਵੀ ਊਦਮ ਸਿੰਘ ਸਰਗਰਮ ਰਿਹਾ।  ਭਗਤ ਸਿੰਘ ਨਾਲ ਉਸ ਦੇ ਕਾਫ਼ੀ ਨੇੜਲੇ ਸੰਬੰਧ ਸਨ, ਜਿਨ੍ਹਾਂ ਤੋਂ ਉਹ ਕਾਫ਼ੀ ਪ੍ਰਭਾਵਤ ਸੀ।  ਭਗਤ ਸਿੰਘ ਦੇ ਹੁਕਮ ਅਨੁਸਾਰ (25 ਹੋਰ ਸਾਥੀਆਂ ਸਮੇਤ) 27 ਜੁਲਾਈ 1927 ਨੂੰ ਉਹ ਭਾਰਤ ਵਾਪਸ ਪਰਤ ਆਇਆ, ਜਿਸ ਦੌਰਾਨ ਕੁਝ ਗੋਲ਼ੀ-ਸਿੱਕਾ ਤੇ ਅਸਲਾ ਲਿਆਉਣ ’ਚ ਵੀ ਕਾਮਯਾਬ ਰਿਹਾ।  30 ਅਗਸਤ 1927 ਨੂੰ ਪੁਲੀਸ ਵੱਲੋਂ ਗ਼ੈਰ-ਕਾਨੂੰਨੀ ਅਸਲਾ ਰੱਖਣ ਦੇ ਦੋਸ਼ ’ਚ ਗ੍ਰਿਫ਼ਤਾਰ ਕਰ ਲਿਆ ਤੇ 5 ਸਾਲ ਦੀ ਕੈਦ ਹੋ ਗਈ।  ਮਿਤੀ 23 ਮਾਰਚ 1931 ਨੂੰ ਜਦ ਸ਼ਹੀਦ ਭਗਤ ਸਿੰਘ ਨੂੰ ਫਾਂਸੀ ਲੱਗੀ ਤਦ ਇਹ ਵੀ ਜੇਲ੍ਹ ਵਿੱਚ ਹੀ ਬੰਦ ਸਨ।

ਡਾਇਰ ਨੂੰ ਮਾਰਨ ਕਾਰਨ ਪਹਿਲੀ ਅਪ੍ਰੈਲ 1940 ਨੂੰ ਊਧਮ ਸਿੰਘ ਲੰਡਨ ਦੀ ਅਦਾਲਤ ਵਿੱਚ ਪਹਿਲੀ ਵਾਰ ਪੇਸ਼ ਕੀਤਾ ਗਿਆ। ਮੁਕੱਦਮੇ ਦੀ ਸੁਣਵਾਈ ਚੱਲਦੀ ਰਹੀ ਤੇ 4 ਜੂਨ 1940 ਨੂੰ ਪੇਸ਼ੀ ਸਮੇਂ ਜਦੋਂ ਜੱਜ ਨੇ ਇਸ ਕਤਲ ਬਦਲੇ ਊਧਮ ਸਿੰਘ ਨੂੰ ਪੁੱਛਿਆ ਕਿ ਉਹ ਦੱਸੇ ਕਿ ਉਸ ਨੂੰ ਫਾਂਸੀ ਦੀ ਸਜ਼ਾ ਕਿਉਂ ਨਾ ਦਿੱਤੀ ਜਾਵੇ ?

ਜੱਜ ਤੇ ਊਧਮ ਸਿੰਘ ਦੇ ਵਿਚਕਾਰ ਹੋਈ ਗੱਲਬਾਤ ਦਾ ਸ਼ਾਰਟਹੈਂਡ ਵਿੱਚ ਲਿਖਿਆ ਸਾਰ ਇਸ ਪ੍ਰਕਾਰ ਹੈ :

ਜੱਜ ਵੱਲ ਨੂੰ ਮੂੰਹ ਕਰਕੇ ਉਹ ਲਲਕਾਰਿਆ, ਮੈਂ ਕਹਿੰਦਾ ਹਾ ਬ੍ਰਿਟਿਸ਼ ਸਾਮਰਾਜਵਾਦ ਮੁਰਾਦਾਬਾਦ।  ਤੁਸੀਂ ਕਹਿੰਦੇ ਹੋ ਭਾਰਤ ਵਿੱਚ ਸ਼ਾਂਤੀ ਨਹੀਂ ਹੈ।  ਤੁਸੀਂ ਤਾਂ ਸਾਡੇ ਪੱਲੇ ਸਿਰਫ ਗ਼ੁਲਾਮੀ ਹੀ ਪਾਈ ਹੈ।  ਤੁਹਾਡੀਆਂ ਪੁਸ਼ਤਾਂ ਨੇ ਸੱਭਿਆਚਾਰਿਕ ਸਮਾਜ ਨੂੰ ਭ੍ਰਿਸ਼ਟਾਚਾਰ ਅਤੇ ਗ਼ੁਰਬਤ (ਕੰਗਾਲੀ) ਹੀ ਦਿੱਤੀ ਹੈ।  ਜੋ ਕਿ ਇਨਸਾਨੀਅਤ ਵਿੱਚ ਹੋਰ ਕਿਧਰੋਂ ਨਹੀਂ ਆਈ।  ਤੁਸੀਂ ਸਿਰਫ ਆਪਣਾ ਹੀ ਇਤਿਹਾਸ ਪੜ੍ਹਦੇ ਹੋ।  ਜੇ ਤੁਹਾਡੇ ਵਿੱਚ ਰੱਤਾ ਭਰ ਵੀ ਇਨਸਾਨੀਅਤ ਦੀ ਕਣੀ ਬਚੀ ਹੈ ਤਾਂ ਤੁਹਾਨੂੰ ਸ਼ਰਮ ਨਾਲ ਮਰ ਜਾਣਾ ਚਾਹੀਦਾ ਹੈ।  ਤੁਹਾਡੇ ਅਖੌਤੀ ਪੰਡਿਤ ਵੀ ਬੇਰਹਿਮ ਅਤੇ ਲਹੂਪੀਣੇ ਹਨ। ਜਿਹੜੇ ਆਪਣੇ ਆਪ ਨੂੰ ਦੁਨੀਆਂ ਦੇ ਸ਼ਾਸਕ ਦੱਸਦੇ ਹਨ।  ਅਸਲ ਵਿੱਚ ਜ਼ਰੂਰ ਕਿਸੇ ਹਰਾਮ ਦੇ ਤੁਖ਼ਮ (ਵੀਰਜ) ਹਨ।

ਜੱਜ ਐਟਕਿਨਸਨ : ਮੈਂ ਤੇਰੀ ਸਿਆਸੀ ਤਕਰੀਰ ਨਹੀਂ ਸੁਣਾਂਗਾ, ਜੇ ਕੋਈ ਕੇਸ ਨਾਲ ਸੰਬੰਧਿਤ ਗੱਲ ਹੈ, ਤਾਂ ਕਹਿ ਲੈ।

ਊਧਮ ਸਿੰਘ : ਜਿਹੜੇ ਕਾਗਜ਼ ਤੋਂ ਉਹ ਪੜ੍ਹਦਾ ਸੀ, ਉਹਨੇ ਹਵਾ ’ਚ ਲਹਿਰਾਉਂਦੇ ਕਿਹਾ, ‘ਮੈਂ ਤਾਂ ਇਹ ਕਹਿ ਕੇ ਹੀ ਹਟਾਂਗਾ, ਮੈਂ ਆਪਣਾ ਰੋਸ ਪ੍ਰਗਟ ਕਰਨਾ ਹੈ।’

ਜੱਜ ਐਟਕਿਨਸਨ : ਆਹ ਅੰਗ੍ਰੇਜ਼ੀ ਵਿੱਚ ਹੀ ਹੈ, ਜੱਜ ਨੇ ਕਾਗਜ਼ਾਂ ਵੱਲ ਇਸ਼ਾਰਾ ਕਰਕੇ ਪੁੱਛਿਆ ?

ਊਧਮ ਸਿੰਘ : ਤੂੰ ਫ਼ਿਕਰ ਨਾ ਕਰ, ਜੋ ਮੈਂ ਕਹਿਣਾ ਹੈ ਉਹ ਤੂੰ ਸਮਝ ਲਏਂਗਾ।

ਜੱਜ ਐਟਕਿਨਸਨ : ਜੇ ਤੂੰ ਪੜ੍ਹਨ ਲਈ ਇਹ ਮੈਨੂੰ ਦੇ ਦੇਵੇਂ ਤਾਂ ਮੈਂ ਅੱਛੀ ਤਰ੍ਹਾਂ ਸਮਝ ਸਕਾਂਗਾ।

(ਇਸੇ ਵੇਲੇ ਸਰਕਾਰੀ ਵਕੀਲ, ਜੀ. ਬੀ. ਮਕਲੈਅਰ ਨੇ ਜੱਜ ਨੂੰ ਯਾਦ ਕਰਾਇਆ ਕਿ ਉਹ ਐਮਰਜੈਂਸੀ ਪਾਵਰ ਐਕਟ ਦੀ ਧਾਰਾ ਛੇ ਤਹਿਤ, ਦੋਸ਼ੀ ਨੂੰ ਪੜ੍ਹਨੋ ਰੋਕ ਸਕਦਾ ਹੈ।)

ਜੱਜ ਐਟਕਿਨਸਨ : ਤੂੰ ਇਹ ਜਾਣ ਲੈ ਕਿ ਜੋ ਕੁਝ ਵੀ ਪੜ੍ਹਨਾ ਹੈ ਇਹ ਅਖਬਾਰਾਂ ਵਿੱਚ ਨਹੀਂ ਛਪ ਸਕਣਾ।  ਇਸ ਕਰਕੇ ਸਿਰਫ਼ ਕੰਮ ਦੀ ਗੱਲ ਕਰੀਂ।  ਚੱਲ ਹੁਣ, ਜੋ ਕਹਿਣਾ ਹੈ, ਕਹਿ।

ਊਧਮ ਸਿੰਘ : ਮੈਂ ਤਾਂ ਰੋਸ ਪ੍ਰਗਟ ਕਰਨਾ ਸੀ ਤੇ ਇਹੋ ਹੀ ਮੇਰਾ ਇਰਾਦਾ ਹੈ।  ਉਸ ਪਤੇ (ਇਸ ਇਸ਼ਾਰੇ ਬਾਰੇ ਕੋਈ ਜਾਣਕਾਰੀ ਨਹੀਂ) ਬਾਰੇ ਮੈਨੂੰ ਨਹੀਂ ਪਤਾ; ਮੈਂ ਬਿਲਕੁਲ ਅਣਭੋਲ ਹਾਂ।  ਜਿਊਰੀ ਨੂੰ ਉਸ ਪਤੇ ਬਾਰੇ ਗ਼ਲਤ ਜਾਣਕਾਰੀ ਦਿੱਤੀ ਗਈ ਹੈ।  ਮੈਨੂੰ ਪਤੇ ਬਾਰੇ ਕੋਈ ਜਾਣਕਾਰੀ ਨਹੀਂ ਹੈ।  ਹੁਣ ਮੈਂ ਆਹ ਪੜ੍ਹਾਂਗਾ।

ਜੱਜ ਐਟਕਿਨਸਨ : ਚੱਲ ਫਿਰ ਪੜ੍ਹ।

(ਜਦ ਊਧਮ ਸਿੰਘ ਕਾਗਜ਼ ਦੇਖ ਰਿਹਾ ਸੀ ਤਾਂ ਜੱਜ ਨੇ ਯਾਦ ਕਰਵਾਇਆ ਕਿ ਉਹ ਸਿਰਫ਼ ਇਸ ਬਾਰੇ ਹੀ ਬੋਲੇ ਕਿ ਕਾਨੂੰਨ ਦੇ ਹਿਸਾਬ ਨਾਲ ਉਸ ਨੂੰ ਸਜ਼ਾ ਕਿਉਂ ਨਾ ਹੋਵੇ ?)

ਊਧਮ ਸਿੰਘ ਜ਼ੋਰ ਨਾਲ : ‘ਮੈਂ ਮੌਤ ਦੀ ਸਜ਼ਾ ਤੋਂ ਨਹੀਂ ਡਰਦਾ ਹਾਂ।  ਰੱਤੀ ਭਰ ਵੀ ਨਹੀਂ ਡਰਦਾ।  ਮੈਨੂੰ ਮਰ ਜਾਣ ਦੀ ਕੋਈ ਪ੍ਰਵਾਹ ਨਹੀਂ। ਮੈਨੂੰ ਭੋਰਾ ਵੀ ਫ਼ਿਕਰ ਨਹੀਂ ਹੈ।  ਮੈਂ ਕਿਸੇ ਮਕਸਦ ਲਈ ਮਰ ਰਿਹਾ ਹਾਂ।  ਕਟਹਿਰੇ ’ਤੇ ਹੱਥ ਮਾਰਦਿਆਂ ਉਹ ਚੀਕਿਆ, ਅਸੀਂ ਅੰਗਰੇਜ਼ਾਂ ਦੀ ਅਧੀਨਗੀ ਹੇਠ ਜੂਨ ਭੋਗ ਰਹੇ ਹਾਂ।  ਫਿਰ ਜ਼ਰਾ ਕੁ ਠੰਡਾ ਹੋ ਕੇ ਕਹਿਣ ਲੱਗਾ ‘ਮੈਂ ਮਰਨ ਤੋਂ ਨਹੀਂ ਡਰਦਾ ਸਗੋਂ ਮੈਨੂੰ ਇਸ ਤਰ੍ਹਾਂ ਮਰਨ ’ਤੇ ਮਾਣ ਹੈ ਕਿ ਮੈਂ ਆਪਣੀ ਦੇਸ਼ ਭੂਮੀ ਨੂੰ ਆਜ਼ਾਦ ਕਰਾਉਣ ਲਈ ਮਰਾਂਗਾ। ਮੈਨੂੰ ਆਸ ਹੈ ਕਿ ਮੇਰੇ ਦੇਸ਼ ਵਾਸੀ ਮੇਰੇ ਵਾਲੇ ਰਾਹ ’ਤੇ ਚੱਲ ਕੇ ਤਹਾਨੂੰ ਕੁੱਤਿਆਂ ਨੂੰ ਉੱਥੋਂ ਭਜਾਉਣਗੇ ਤੇ ਮੇਰਾ ਦੇਸ਼ ਆਜ਼ਾਦ ਹੋ ਜਾਵੇਗਾ।

ਮੈਂ ਅੰਗ੍ਰੇਜ਼ ਜਿਊਰੀ ਸਾਹਮਣੇ ਖੜ੍ਹਾ ਹਾਂ, ਇਹ ਅਦਾਲਤ ਵੀ ਅੰਗ੍ਰੇਜ਼ੀ ਸਾਮਰਾਜ ਦੀ ਹੈ; ਤੁਸੀਂ ਭਾਰਤ ਤੋਂ ਵਾਪਸ ਆਉਂਦੇ ਹੋ ਤੁਹਾਨੂੰ ਇਨਾਮ ਸਨਮਾਨ ਮਿਲਦੇ ਹਨ।  ਪਾਰਲੀਮੈਂਟ ’ਚ ਸੀਟ ਵੀ ਮਿਲ ਜਾਂਦੀ ਹੈ, ਜਦੋਂ ਅਸੀਂ ਇੱਥੇ ਆਉਂਦੇ ਹਾਂ ਤਾਂ ਮੌਤ ਦੀ ਸਜ਼ਾ ਮਿਲਦੀ ਹੈ।

ਮੇਰਾ ਹੋਰ ਕੋਈ ਇਰਾਦਾ ਨਹੀਂ ਸੀ, ਮੈਂ ਇਹ ਸਜ਼ਾ ਸਿਰ ਮੱਥੇ ਝੱਲਾਂਗਾ ਤੇ ਮੈਨੂੰ ਇਸ ਦੀ ਕੋਈ ਪਰਵਾਹ ਨਹੀਂ ਹੈ।  ਸਮਾਂ ਆਉਣ ਹੀ ਵਾਲਾ ਹੈ ਜਦੋਂ ਤੁਹਾਡੇ ਕੁੱਤਿਆ ਦਾ ਉੱਥੋਂ ਸਫਾਇਆ ਕਰ ਦਿੱਤਾ ਜਾਣਾ ਹੈ।  ਤੁਹਾਡਾ ਸਾਰਾ ਸਾਮਰਾਜ ਹੀ ਢਹਿ ਢੇਰੀ ਕਰ ਦਿੱਤਾ ਜਾਵੇਗਾ। ਜਿੱਥੇ ਕਿਤੇ ਵੀ ਤੁਹਾਡੀ ਅਖੌਤੀ ਜਮਹੂਰੀਅਤ (ਲੋਕਤੰਤਰ) ਦਾ ਝੰਡਾ ਹੈ, ਉੱਥੇ ਤੁਹਾਡੀਆਂ ਮਸ਼ੀਨਗੰਨਾਂ ਹਜ਼ਾਰਾਂ ਨਿਹੱਥੇ ਔਰਤਾਂ ਤੇ ਬੱਚਿਆਂ ਦੇ ਸੱਥਰ ਵਿਛਾਉਂਦੀਆਂ ਹਨ।  ਇਨ੍ਹੇ ਤੁਹਾਡੇ ਕੁਕਰਮ, ਹਾਂ ਹਾਂ, ਤੁਹਾਡੇ ਹੀ ਕੁਕਰਮ। ਮੈਂ ਅੰਗ੍ਰੇਜ਼ ਸਾਮਰਾਜ ਦੀ ਗੱਲ ਕਰ ਰਿਹਾ ਹਾਂ।  ਮੇਰੀ ਅੰਗ੍ਰੇਜ਼ ਲੋਕਾਈ ਨਾਲ ਕੋਈ ਦੁਸ਼ਮਣੀ ਨਹੀਂ ਹੈ, ਸਗੋਂ ਭਾਰਤੀਆਂ ਨਾਲੋਂ ਮੇਰੇ ਗੋਰੇ ਵਧੇਰੇ ਦੋਸਤ ਹਨ ਅਤੇ ਮੇਰੀ ਗੋਰੇ ਮਜ਼ਦੂਰਾਂ ਨਾਲ ਪੂਰੀ ਹਮਦਰਦੀ ਹੈ।  ਮੈਂ ਤਾਂ ਸਿਰਫ ਅੰਗ੍ਰੇਜ਼ੀ ਸਾਮਰਾਜਵਾਦ ਦੇ ਖਿਲਾਫ ਹਾਂ।

ਊਧਮ ਸਿੰਘ ਗੋਰੇ ਮਜ਼ਦੂਰਾਂ ਨੂੰ ਮੁਖ਼ਾਤਬ ਹੋ ਕੇ ਬੋਲਿਆ: ‘ਮਜ਼ਦੂਰੋ ! ਤੁਸੀਂ ਵੀ ਇਨ੍ਹਾਂ ਸਾਮਰਾਜੀ ਕੁੱਤਿਆ ਤੋਂ ਦੁੱਖ ਰਹਿੰਦੇ ਹੋ ਤੇ ਅਸੀਂ ਵੀ ਦੁੱਖੀ ਹਾਂ, ਇਹ ਸਭ ਪਾਗ਼ਲ ਹੈਵਾਨ ਹਨ।  ਭਾਰਤ ਗ਼ੁਲਾਮ ਹੈ, ਉੱਥੇ ਸਾਮਰਾਜ ਨੇ ਮੌਤ, ਕੱਟ-ਵੱਡ ਤੇ ਤਬਾਹੀ ਮਚਾਈ ਹੋਈ ਹੈ।  ਵਲੈਤ ਵਿੱਚ ਇਸ ਬਾਰੇ ਕੋਈ ਪਤਾ ਨਹੀਂ ਲੱਗਦਾ, ਪਰ ਸਾਨੂੰ ਤਾਂ ਪਤਾ ਹੈ ਕਿ ਭਾਰਤ ਵਿੱਚ ਕੀ ਹੁੰਦਾ ਹੈ।’

ਜੱਜ ਐਟਕਿਨਸਨ: ਮੈਂ ਆਹ ਨਹੀਂ ਸੁਣਾਂਗਾ।

ਊਧਮ ਸਿੰਘ : ਤੂੰ ਇਹ ਇਸ ਕਰਕੇ ਨਹੀਂ ਸੁਣ ਸਕਦਾ ਕਿਉਂਕਿ ਤੂੰ ਇਸ ਤੋਂ ਅੱਕ ਗਿਆ ਹੈਂ, ਅਜੇ ਤਾਂ ਮੈਂ ਹੋਰ ਬੜਾ ਕੁਝ ਕਹਿਣਾ ਹੈ।

ਜੱਜ ਐਟਕਿਨਸਨ : ਮੈਂ ਤੇਰੀ ਤਕਰੀਰ ਹੋਰ ਨਹੀਂ ਸੁਣਾਂਗਾ।

ਊਧਮ ਸਿੰਘ : ਤੂੰ ਮੈਨੂੰ ਪੁੱਛਿਆ ਸੀ ਕਿ ਮੈਂ ਕੀ ਕੀ ਕਹਿਣਾ ਹੈ ?  ਹੁਣ ਮੈਂ ਉਹੀ ਕੁਝ ਕਹਿ ਰਿਹਾ ਹਾਂ।  ਦਰਅਸਲ, ਤੁਸੀਂ ਬੜੀ ਹੀ ਗੰਦੀ ਜ਼ਹਿਨੀਅਤ (ਮਾਨਸਿਕਤਾ) ਦੇ ਹੋ।  ਤੁਸੀਂ ਭਾਰਤ ’ਚ ਕੀਤੇ ਕੁਕਰਮਾਂ ਬਾਰੇ ਮੈਥੋਂ ਸੁਣ ਹੀ ਨਹੀਂ ਸਕਦੇ।

ਊਧਮ ਸਿੰਘ ਨੇ ਆਪਣੀਆਂ ਐਨਕਾਂ ਜੇਬ ਵਿੱਚ ਪਾਉਂਦਿਆਂ ਹਿੰਦੀ ਵਿੱਚ ਤਿੰਨ ਨਾਹਰੇ ਮਾਰੇ ਤੇ ਫਿਰ ਲਲਕਾਰਿਆ, ਸਾਮਰਾਜਵਾਦ ਮੁਰਦਾਬਾਦ।  ਅੰਗ੍ਰੇਜ਼ ਕੁੱਤੇ ਮੁਰਦਾਬਾਦ।

ਜਦੋਂ ਉਹ ਕਟਹਿਰੇ ’ਚੋਂ ਬਾਹਰ ਨਿਕਲਿਆ ਤਾਂ ਉਸ ਨੇ ਸਰਕਾਰੀ ਵਕੀਲਾਂ ਦੀ ਮੇਜ ’ਤੇ ਥੁੱਕਿਆ।  ਊਧਮ ਸਿੰਘ ਦੇ ਬਾਹਰ ਜਾਣ ਬਾਅਦ ਜੱਜ ਐਟਕਿਨਸਨ ਨੇ ਪ੍ਰੈੱਸ ਨੂੰ ਮੁਖ਼ਾਤਬ ਹੋ ਕੇ ਕਿਹਾ ਕਿ ਮੇਰਾ ਹੁਕਮ ਹੈ ਕਿ ਇਹ ਬਿਆਨ ਕਿਧਰੇ ਵੀ ਨਾ ਛਾਪਿਆ ਜਾਵੇ ਤੇ ਫਿਰ ਪੱਕਾ ਕਰਨ ਲਈ ਪੁੱਛਿਆ, ਕੀ ਇਹ ਗੱਲ ਸਮਝ ਲਈ ਹੈ ?

ਜੱਜ ਨੇ ਊਧਮ ਸਿੰਘ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ।  ਮਿਤੀ 31 ਜੁਲਾਈ 1940 ਨੂੰ ਭਾਰਤ ਦੇ ਇਸ ਮਹਾਨ ਸਪੂਤ ਨੂੰ ਪੈਟੋਨਵਿਲੇ ਜੇਲ੍ਹ ਲੰਡਨ ਵਿੱਚ ਫਾਂਸੀ ਦੇ ਦਿੱਤੀ ਗਈ ਅਤੇ ਉਸ ਦੀ ਦੇਹ ਨੂੰ ਜੇਲ੍ਹ ਵਿੱਚ ਹੀ ਦਬਾ ਦਿੱਤਾ ਗਿਆ।

ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ’ਤੇ ਜਿੱਥੇ ਸਾਰੇ ਦੇਸ਼ਵਾਸੀ ਮਾਣ ਮਹਿਸੂਸ ਕਰਦੇ ਹਨ ਉੱਥੇ ਸਿੱਖ ਕੌਮ ਦਾ ਗੌਰਵ ਵੀ ਵਧਦਾ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਸ਼ਹੀਦ ਊਧਮ ਸਿੰਘ ਵਰਗੇ ਸੂਰਮਿਆਂ ਦੀ ਕੁਰਬਾਨੀ ਉਪਰੰਤ ਭਾਰਤ ’ਚ ਕੁੱਝ ਬਦਲਿਆ ਮਹਿਸੂਸ ਹੁੰਦਾ ਹੈ ? ਜਾਂ ਅਸੀਂ ਪਿੰਜਰੇ ’ਚ ਬੰਦ ਤੋਤੇ ਦੀ ਮਾਨਸਿਕਤਾ ਵਾਙ ਆਜ਼ਾਦ ਹਾਂ, ਆਜ਼ਾਦ ਹਾਂ, ਦੀ ਦੁਹਾਈ ਦੇਂਦੇ ਹੋਏ ਗ਼ੁਲਾਮੀ ਨਾਲ ਸਮਝੌਤੇ ਕਰਦੇ ਜਾ ਪਏ ਹਾਂ ?

ਇਨਸਾਨੀਅਤ ਦੀਆਂ ਹੱਦਾਂ

0

Most Viewed Posts