ਸਿੱਖ ਮੱਤ ਅਤੇ ਸੰਸਾਰ

0
674

ਸਿੱਖ ਮੱਤ ਅਤੇ ਸੰਸਾਰ

ਸਿਰਦਾਰ ਕਪੂਰ ਸਿੰਘ

3 ਨਵੰਬਰ 1974 ਈ: ਨੂੰ ਵਿਦਵਾਨ ਲੇਖਕ ਸਿਰਦਾਰ ਕਪੂਰ ਸਿੰਘ ਜੀ ਕੈਨੇਡਾ (ਟੋਰਾਂਟੋ) ਗਏ। ਉੱਥੇ ਜਾ ਕੇ ਉਨ੍ਹਾਂ ਨੂੰ ਇਹ ਜਾਣਕਾਰੀ ਮਿਲੀ ਕਿ ਉੱਥੋਂ ਦੀ ਯੂਨੀਵਰਸਿਟੀ ਦੇ ਇੱਕ ਵਿਭਾਗ ਵੱਲੋਂ 5 ਨਵੰਬਰ ਨੂੰ ਇੱਕ ਸਭਾ ਕੀਤੀ ਜਾ ਰਹੀ ਹੈ, ਜਿਸ ਵਿੱਚ ਇਹ ਵੀਚਾਰ ਕੀਤੀ ਜਾਣੀ ਸੀ ਕਿ ਸੰਸਾਰ ਦੇ ਸਾਰੇ ਧਰਮ ਮਿਲ ਕੇ ਦੁਨੀਆਂ ਨੂੰ ਦਰਪੇਸ਼ ਜੰਗ ਤੇ ਭੁੱਖਮਰੀ ਦੇ ਖ਼ਤਰਿਆਂ ਦੇ ਹੱਲ ਲਈ ਜਿਹੜੀ ਕਿ ਅਜੋਕੇ ਮਨੁੱਖੀ ਸਮਾਜ ਦੀ ਫ਼ੌਰੀ ਲੋੜ ਹੈ, ਬਾਰੇ ਕੀ ਮਦਦ ਕਰ ਸਕਦੇ ਹਨ ?

ਸਿਰਦਾਰ ਕਪੂਰ ਸਿੰਘ ਜੀ ਨੇ ਦੇਖਿਆ ਕਿ ਆਯੋਜਕਾਂ ਨੇ ਕਿਸੇ ਸਿੱਖ ਨੂੰ ਇਸ ਵੀਚਾਰ ਵਿੱਚ ਹਿੱਸਾ ਲੈਣ ਲਈ ਨਹੀਂ ਬੁਲਾਇਆ ਸੀ, ਭਾਵੇਂ ਕਿ ਇਸ ਇੱਕਠ ਲਈ ਪਿਛਲੇ ਇੱਕ ਸਾਲ ਤੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ।

ਜਦੋਂ ਉਨ੍ਹਾਂ ਨੇ ਇਸ ਦਾ ਕਾਰਨ ਜਾਣਨਾ ਚਾਹਿਆ ਤਾਂ ਦੱਸਿਆ ਗਿਆ ਕਿ ਸਿੱਖ ਧਰਮ ਨੂੰ ਵਿਸ਼ਵ ਧਰਮ ਅਤੇ ਸੁਤੰਤਰ ਧਰਮ ਨਹੀਂ ਮੰਨਿਆ ਜਾਂਦਾ। ਇਹ ਮੰਨ ਲਿਆ ਗਿਆ ਹੈ ਕਿ ਜੇ ਚਰਚਾ ਦੌਰਾਨ ਸਿੱਖ ਧਰਮ ਦਾ ਕੋਈ ਹਵਾਲਾ ਕਿਧਰੇ ਦੇਣਾ ਜ਼ਰੂਰੀ ਹੋ ਗਿਆ ਤਾਂ ਇਹ ਕੰਮ ਹਿੰਦੂ ਮੱਤ ਦੇ ਪ੍ਰਤੀਨਿਧੀ ਹੀ ਕਰ ਲੈਣਗੇ।

ਸਿਰਦਾਰ ਜੀ ਨੇ ਇਸ ਚਰਚਾ ਵਿੱਚ ਸਿੱਖਾਂ ਦੇ ਬੁਲਾਰੇ ਵਜੋਂ ਸ਼ਾਮਲ ਹੋਣ ਦੀ ਇੱਛਾ ਪ੍ਰਗਟ ਕੀਤੀ ਤਾਂ ਉਨ੍ਹਾਂ ਨੂੰ ਇਸ ਲਈ ਧੰਨਵਾਦ ਸਹਿਤ ਰਸਮੀ ਸੱਦਾ ਦਿੱਤਾ ਗਿਆ।

ਇਸ ਮੌਕੇ ਹਿੰਦੂ, ਬੁੱਧ (ਹੀਨਯਾਨ, ਮਹਾਯਾਨ, ਤੰਤਰਯਾਨ, ਤਿੱਬਤੀ ਬੁੱਧ ਧਰਮ) ਧਰਮਾਂ ਦੇ ਪ੍ਰਤੀਨਿਧੀ ਭਾਰਤ, ਲੰਕਾ ਤਿੱਬਤ, ਕੋਰੀਆ, ਉੱਤਰੀ ਵੀਅਤਨਾਮ ਤੇ ਭੂਟਾਨ ਵਿੱਚੋਂ ਅਤੇ ਇਸਲਾਮ ਦੇ ਸੁੰਨੀ, ਸ਼ੀਆ, ਅਹਿਮਦੀ ਤੇ ਇਸਮਾਇਲੀ ਫ਼ਿਰਕਿਆਂ ਦੇ ਪ੍ਰਤੀਨਿਧੀ ਅਤੇ ਮਸੀਹੀ ਧਰਮ ਦੇ ਪ੍ਰਮੁਖ ਫ਼ਿਰਕਿਆਂ ਦੇ ਤੇ ਯਹੂਦੀ ਮੱਤ ਦੇ ਕੋਈ 50-60 ਸ੍ਰੇਸ਼ਟ ਪ੍ਰਤੀਨਿਧੀ ਵੀ ਪਹੁੰਚੇ ਹੋਏ ਸਨ।

ਸਿਰਦਾਰ ਕਪੂਰ ਸਿੰਘ ਜੀ ਨੇ ਇਸ ਛੋਟੇ ਜਿਹੇ ਪਰਚੇ ਵਿੱਚ ਇਹ ਮੱਤ ਪ੍ਰਸਤੁਤ ਕੀਤਾ ਹੈ ਕਿ ਸੰਸਾਰ ਨੂੰ ਦਰਪੇਸ਼ ਜਿਨ੍ਹਾਂ ਮੁਸ਼ਕਲਾਂ ਬਾਰੇ ਇਹ ਪ੍ਰਤੀਨਿਧ ਵੀਚਾਰ ਕਰਨ ਲਈ ਪਹੁੰਚੇ ਹਨ, ਉਨ੍ਹਾਂ ਪ੍ਰਤੀ ਸਿੱਖ ਧਰਮ ਦੀ ਪਹੁੰਚ ਬਹੁਤ ਮਹੱਤਵ ਰੱਖਦੀ ਹੈ।

ਅਨੁਵਾਦਕ

(1). ਮੇਰਾ ਖਿਆਲ ਹੈ ਕਿ ਧਰਮਾਂ ਦੀ ਬਾਹਰੀ ਦਿੱਖ ਤੇ ਮਰਯਾਦਾ ਦੇ ਨੁਕਤੇ ਤੋਂ ਸਰਸਰੀ ਨਜ਼ਰ ਨਾਲ ਵੇਖਿਆਂ ਵੱਖ-ਵੱਖ ਧਰਮਾਂ ਨੂੰ ਪੰਜ ਸ਼੍ਰੇਣੀਆਂ ਵਿੱਚ ਰੱਖਿਆ ਜਾ ਸਕਦਾ ਹੈ :-

(ੳ). ਪਹਿਲੀ ਸ਼੍ਰੇਣੀ ਵਿੱਚ ਉਹ ਮੱਤ ਆਉਂਦੇ ਹਨ, ਜਿਨ੍ਹਾਂ ਦਾ ਆਧਾਰ ਨਸਲ ਹੈ ਤੇ ਇਨ੍ਹਾਂ ਮੱਤਾਂ ਦਾ ਨਿਸ਼ਚਾ ਹੈ ਕਿ ਰੱਬ ਵੱਲੋਂ ਪ੍ਰਾਪਤ ਹੋਣ ਵਾਲੇ ਲਾਭਾਂ ਦੇ ਅਧਿਕਾਰੀ ਉਨ੍ਹਾਂ ਨੂੰ ਮੰਨਣ ਵਾਲੇ ਅਨੁਯਾਈ ਹੀ ਹਨ; ਇਨ੍ਹਾਂ ਮੱਤਾਂ ਦੇ ਅਨੁਯਾਈਆਂ ਦਾ ਵਿਸ਼ਵਾਸ ਹੁੰਦਾ ਹੈ ਕਿ ਉਨ੍ਹਾਂ ਦਾ ਮੱਤ ਰੱਬ ਵੱਲੋਂ ਥਾਪੇ ਸ੍ਰੇਸ਼ਟ-ਵਰਗ ਭਾਵ ‘ਚੁਣੇ ਹੋਏ ਲੋਕਾਂ’ ਲਈ ਸਦੀਵੀ ਤੌਰ ’ਤੇ ਰਾਖਵਾਂ ਹੈ, ਜਿਨ੍ਹਾਂ ਨੇ ਰੱਬ ਨਾਲ ਇਕਰਾਰ ਕੀਤਾ ਹੈ। ਯਹੂਦੀ ਮੱਤ ਇਸ ਸ਼੍ਰੇਣੀ ਦੇ ਧਰਮਾਂ ਦੀ ਉੱਘੀ ਮਿਸਾਲ ਹੈ।

(ਅ). ਦੂਜੀ ਸ਼੍ਰੇਣੀ ਵਿੱਚ ਉਹ ਮੱਤ ਆਉਂਦੇ ਹਨ ਜਿਨ੍ਹਾਂ ਦਾ ਦਾਅਵਾ ਹੈ ਕਿ ਉਹ ਸਾਰੇ ਲੋਕਾਂ ਲਈ ਖੁਲ੍ਹੇ ਹਨ, ਬਸ਼ਰਤੇ ਕਿ ਲੋਕ ਉਨ੍ਹਾਂ ਦੇ ਧਰਮ ਨੂੰ ਧਾਰਨ ਕਰਨ ਅਤੇ ਉਨ੍ਹਾਂ ਦੇ ਧਰਮ ਦੇ ਸੂਤਰਾਂ ਨੂੰ ਸੱਚ ਦਾ ਇੱਕੋ ਇੱਕ ਖ਼ਜ਼ਾਨਾ ਪ੍ਰਵਾਨ ਕਰ ਲੈਣ। ਵਿਸ਼ਵ ਵਿਆਪੀ ਧਰਮਾਂ ਦੀ ਇਸ ਸ਼੍ਰੇਣੀ ਵਿੱਚ ਮਸੀਹੀ ਧਰਮ ਤੇ ਇਸਲਾਮ ਗਿਣੇ ਜਾ ਸਕਦੇ ਹਨ।

(ੲ). ਤੀਜੀ ਸ਼੍ਰੇਣੀ ਵਿੱਚ ਉਹ ਮੱਤ ਆਉਂਦੇ ਹਨ ਜਿਹੜੇ ਇਸ ਗੱਲ ਉੱਪਰ ਜ਼ੋਰ ਦਿੰਦੇ ਹਨ ਕਿ ਸਰਵਉਚ ਧਾਰਮਿਕ ਅਨੁਭਵ ਵਿਸ਼ੇਸ਼ ਭੂਗੋਲਿਕ ਤੇ ਸਭਿਆਚਾਰਕ ਵਾਤਾਵਰਣ ਦੇ ਸੰਦਰਭ ਵਿੱਚ ਜੀਵਾਤਮਾ ਦੇ ਕਈ ਜਨਮਾਂ ਤੇ ਪੁਨਰ-ਜਨਮਾਂ ਦੀ ਲੜੀ ਦਾ ਅੰਤਮ ਸਿੱਟਾ ਹੁੰਦਾ ਹੈ। ਸਪਸ਼ਟ ਹੈ ਕਿ ਇਸ ਸ਼੍ਰੇਣੀ ਦੇ ਮੱਤਾਂ ਅਨੁਸਾਰ ਸੱਚੇ ਧਰਮ ਦਾ ਮਾਰਗ ਤੇ ਪ੍ਰਾਪਤੀਆਂ, ਕੇਵਲ ਵਿਸ਼ੇਸ਼ ਨਸਲ ਤੇ ਖਾਸ ਭੂਗੋਲਿਕ ਖਿੱਤੇ ਦੇ ਲੋਕਾਂ ਤੱਕ ਹੀ ਸੀਮਤ ਹਨ। ਇਸ ਕਰ ਕੇ ਕੋਈ ਹਿੰਦੂ ਦਾਅਵਾ ਕਰਦਾ ਹੈ, ‘ਰੱਬ ਦੀ ਵਿਸ਼ੇਸ਼ ਕਿਰਪਾ ਕਰ ਕੇ ਹੀ – ਕੋਈ ਮਨੁੱਖ ਹਿੰਦੂ ਵਜੋਂ ਭਾਰਤ ਦੀ ਪਵਿੱਤਰ ਧਰਤੀ ਉੱਪਰ ਜਨਮ ਲੈਂਦਾ ਹੈ; ਹੋਰ ਥਾਂਵਾਂ ’ਤੇ ਜੰਮਣਾ ਦੁੱਖ ਤੇ ਨਿਰਾਸ਼ਤਾ ਦੇਣ ਵਾਲਾ, ਵਿਅਰਥ ਜਨਮ ਹੈ।’  ਵਿਸ਼ਨੂੰ ਪੁਰਾਣ ਵਿੱਚ ਲਿਖਿਆ ਗਿਆ ਹੈ:-

ਕ੍ਰਿਸ਼ਣਾਨੁਗ੍ਰਹਤੋ ਲਬਧਵਾ ਮਾਨਵ ਜਨਮ ਭਾਰਤੇ, ਅਨਯਸਥਾਨੇ ਵ੍ਰਿਥਾ ਜਨਮ ਨਿਸ਼ਫਲਨਯ ਗਤਾਗਤਮ ।

ਇਸ ਸਿਧਾਂਤ ਦੀ ਮੂਲ ਧਾਰਨਾ ਇਹ ਹੈ ਕਿ ਵਰਤਮਾਨ ਸਮੇਂ ਦੇ ਅਣਗਿਣਤ ਨਿਜੀ ਅਨੁਭਵ ਅਤੇ ਸਰੀਰਕ ਲੱਛਣ, ਪਿਛਲੇ ਕੀਤੇ ਕਰਮਾਂ ਦੀ ਰਹਿੰਦ-ਖੂੰਹਦ ਦਾ ਹੀ ਪ੍ਰਗਟਾਵਾ ਹੈ। ਇੱਕ ਹਿੰਦੂ ਅਨੁਸਾਰ ਪਹਿਲੀਆਂ ਦੋਹਾਂ ਸ਼੍ਰੇਣੀਆਂ ਦੇ ਮੱਤਾਂ ਨੂੰ ਮੰਨਣ ਵਾਲਿਆਂ ਦੇ ਅਸਪਸ਼ਟ ਵਰਤਾਰਿਆਂ ਤੇ ਰਹੱਸਵਾਦੀ ਸ਼ਕਤੀਆਂ ਦੇ ਗਹਿਰੇ ਅਧਿਐਨ ਤੋਂ ਬਾਅਦ ਜਿਹੜੀਆਂ ਖਾਮੀਆਂ ਨਜ਼ਰ ਆਉਂਦੀਆਂ ਹਨ, ਉਨ੍ਹਾਂ ਦੀ ਸਮਝ ਹਿੰਦੂ ਮੱਤ ਦੀ ਪੂਰਬ- ਵਰਣਿਤ ਧਾਰਨਾ ਨੂੰ ਮੰਨਣ ਤੇ ਸਵੀਕਾਰਨ ਨਾਲ ਹੀ ਆ ਸਕਦੀ ਹੈ। ਇਹੀ ਭਾਰਤ ਵਿੱਚ ਕਿਸੇ ਹਿੰਦੂ ਪਰਿਵਾਰ ਵਿੱਚ ਜਨਮ ਲੈਣ ਦੇ ਦਾਅਵੇ ਨੂੰ ਤਰਕ ਪ੍ਰਦਾਨ ਕਰਦੀ ਹੈ।

(ਸ). ਚੌਥੀ ਸ਼੍ਰੇਣੀ ਦੇ ਮੱਤਾਂ ਦੀ ਮੂਲ ਧਾਰਨਾ ਇਹ ਹੈ ਕਿ ਧਾਰਮਿਕ ਅਨੁਭਵ ਗੈਰ-ਬੌਧਿਕ ਤੇ ਅਕੱਥ ਹੁੰਦਾ ਹੈ, ਇਸ ਦਾ ਅਰਥ ਇਹ ਹੈ ਕਿ ਧਾਰਮਿਕ ਅਨੁਭਵ ਧਰਮ ਦੀ ਵਿਵਹਾਰਕ ਪੱਧਰ ਉੱਪਰ ‘ਉਪਾਅ’ ਭਾਵ ਕਿ ਆਰਜ਼ੀ ਸਾਧਨ ਹੈ, ਨਾ ਕਿ ਸਿਧਾਂਤ, ਸੰਕਲਪ ਜਾਂ ਵਿਸ਼ਵਾਸ।

ਇਹ ਉਪਾਅ ਉਸ ਹਸਤੀ ਵਾਂਗ ਅਸਥਿਰ ਹੁੰਦੇ ਹਨ ਜਿਸ ਨੂੰ ਰੂਹਾਨੀ ਖੁਰਾਕ ਪ੍ਰਦਾਨ ਕਰਨ ਦਾ ਇਹ ਸਾਧਨ ਹੁੰਦੇ ਹਨ। ਬੁੱਧ ਧਰਮ ਜਿਹੜਾ ਕਿ ਹਿੰਦੂ ਧਰਮ ਦਾ ਹੀ ਇਕ ਨਿਰਯਾਤ ਰੂਪ ਹੈ, ਇਸ ਸ਼੍ਰੇਣੀ ਦਾ ਮੱਤ ਹੈ। ਬੁੱਧ ਮੱਤ ਦੀਆਂ ਕਈ ਸ਼ਾਖਾਵਾਂ ਹਨ; ਜਿਵੇਂ : ‘ਹੀਨਯਾਨ’ ਜਿਸ ਨੂੰ ਮੂਲ ਰੂਪ ਵਿੱਚ ਨੈਤਿਕ-ਦਾਰਸ਼ਨਿਕ ਧਰਮ ਕਿਹਾ ਜਾਂਦਾ ਹੈ, ‘ਮਹਾਯਾਨ’, ‘ਵੈਰਯਾਨ’, ‘ਤੰਤਰਯਾਨ’, ‘ਮੰਤਰਯਾਨ’,‘ਤਿੱਬਤੀ ਬੁੱਧ ਮੱਤ’ ਅਤੇ ‘ਜੈਨ’।

(ਹ). ਧਰਮਾਂ ਦੀ ਪੰਜਵੀ ਸ਼੍ਰੇਣੀ ਵਿੱਚ ਉਹ ਧਰਮ ਹਨ, ਜਿਨ੍ਹਾਂ ਦਾ ਨਿਸ਼ਾਨਾ ਕੱਟੜਤਾ ਤਿਆਗਣਾ ਹੈ ਅਤੇ ਇਹ ਉਸ ਧਾਰਮਿਕ ਅਨੁਭਵ ਵੱਲ ਸੇਧਿਤ ਕਰਦੇ ਹਨ ਜਿਸ ਨੂੰ ਹਰ ਧਰਮ ਦਾ ਅਨੁਯਾਈ ਅਨੁਭਵ ਕਰ ਸਕਦਾ ਹੈ; ਇਸ ਲਈ ਇਹ ਧਰਮ ਕਿਸੇ ਸਿਧਾਂਤ, ਕਿਸੇ ਵਿਸ਼ਵਾਸ ਨਾਲ ਟਕਰਾਉਂਦੇ ਨਹੀਂ ਅਤੇ ਇਨ੍ਹਾਂ ਦਾ ਨਿਸ਼ਾਨਾ ਧਰਮ ਬਦਲੀ ਨਹੀਂ ਸਗੋਂ ਧਾਰਮਿਕ ਜੀਵਨ ਜੀਊਣਾ ਹੈ ਅਤੇ ਇਉਂ ਇਹ ਧਰਮ ਇੱਕ ਪੁੱਲ ਵਾਂਗ ਕੰਮ ਕਰਦਾ ਹੈ, ਨਾ ਕਿ ਵਿਸ਼ਵਵਿਆਪੀ ਜੇਤੂ ਵਾਂਗ, ਜਿਵੇਂ ਕਿ ਇਸਲਾਮ ਤੇ ਮਸੀਹੀ ਧਰਮਾਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਲੋਕ ਵੱਧ ਤੋਂ ਵੱਧ ਉਨ੍ਹਾਂ ਦੇ ਹੀ ਧਰਮ ਵਿੱਚ ਸ਼ਾਮਲ ਹੋਣ।

 ਸਿੱਖ ਧਰਮ ਪੰਜਵੀ ਸ਼੍ਰੇਣੀ ਦਾ ਧਰਮ ਹੈ, ਜਿਹੜਾ ਕਿ ਦੂਜੇ ਸਿਧਾਂਤਾਂ ਤੇ ਵਿਸ਼ਵਾਸਾਂ ਨੂੰ ਪੂਰੀ ਤਰ੍ਹਾਂ ਰੱਦ ਨਹੀਂ ਕਰਦਾ, ਸਗੋਂ ਧਰਮ ਬਦਲਣ ਦੀ ਥਾਂ ਸੰਵਾਦ ਦੀ ਯਾਚਨਾ ਕਰਦਾ ਹੈ ਤਾਂ ਜੋ ਧਾਰਮਿਕ ਤੰਗ-ਨਜ਼ਰੀ ਤੋਂ ਅੱਗੇ ਵਧਿਆ ਜਾਵੇ। ਇਹ ਇਸ ਗੱਲ ਦਾ ਪ੍ਰਚਾਰ ਕਰਦਾ ਹੈ ਕਿ ਨਾ ਤਾਂ ਵਿਸ਼ਵ-ਵਿਆਪੀ ਸੰਕਲਪ ਦਿੱਤਾ ਜਾਵੇ, ਨਾ ਸੰਸ਼ਲੇਸ਼ਣ (ਇੱਕੋ ਰੂਪ) ਜਾਂ ਸਮਨਵੈ (ਸਮਾਨੰਤਰ) ਕਰ ਕੇ ਧਰਮਾਂ ਨੂੰ ਮਿਲਾਇਆ ਜਾਵੇ ਬਲਕਿ ਹਰ ਕਿਸੇ ਨੂੰ ਆਪਣੇ ਧਰਮ ਦੀ ਸੋਚ, ਸ਼ਰਧਾ ਤੇ ਕਰਮ ਵਿੱਚ ਗਹਿਰਾਈ ਤੀਕ ਜਾਣਾ ਚਾਹੀਦਾ ਹੈ। ਇਸ ਦਾ ਖ਼ਿਆਲ ਹੈ ਕਿ ਹਰ ਜਿਊਂਦੇ ਧਰਮ ਦੀ ਗਹਿਰਾਈ ਵਿੱਚ ਕੋਈ ਅਜਿਹਾ ਨੁਕਤਾ ਹੁੰਦਾ ਹੈ, ਜਿਹੜਾ ਇਸ ਦੇ ਮਹੱਤਵ ਨੂੰ ਖੋਰਾ ਲਾਉਂਦਾ ਹੈ ਅਤੇ ਇਹ ਨੁਕਤਾ ਰੂਹਾਨੀ ਆਜ਼ਾਦੀ ’ਤੇ ਰੋਕ ਲਾ ਕੇ ਕੱਟੜਤਾ ਵਾਲੀ ਵੰਡ ਪਾਉਂਦਾ ਹੈ ।

(2). ਪਹਿਲੀ ਸ਼੍ਰੇਣੀ ਦੇ ਧਰਮਾਂ ਨੇ ਰਾਜਨੀਤਕ ਤੇ ਸਮਾਜਿਕ ਯੋਗਤਾ ਦੁਆਰਾ ਆਪਣਾ ਨਿਵੇਕਲਾ ਦਬ-ਦਬਾਅ, ਪਹਿਲਾਂ ਵਾਲੀ ਸ਼ਨਾਖ਼ਤ ਅਤੇ ਵਿਸ਼ੇਸ਼ ਅਧਿਆਤਮਕ ਅਧਿਕਾਰਾਂ ਵਾਲਾ ਰੁਤਬਾ; ਬਰਕਰਾਰ ਰੱਖੇ ਹਨ।

(3). ਦੂਜੀ ਸ਼੍ਰੇਣੀ ਦੇ ਧਰਮਾਂ ਵਿੱਚੋਂ ਈਸਾਈ ਮੱਤ ਦਾ ਵਿਸ਼ਵਾਸ ਹੈ ਕਿ ਚੀਜ਼ਾਂ ਦੀ ਪ੍ਰਕਿਰਤੀ ਵਿੱਚ ਸੰਸਾਰ ਲਈ ਦੈਵੀ-ਪ੍ਰੇਮ ਹੈ, ਜਿਸ ਦਾ ਨਿਸ਼ਾਨਾ ਦੁੱਖ ਸਹਿ ਕੇ ਨਵੇਂ ‘ਰਾਜ’ ਦੀ ਸਥਾਪਨਾ ਲਈ ਕੰਮ ਕਰਨਾ ਹੈ, ਜਿੱਥੇ ਸਾਰੇ ਕੰਮ ਰੱਬ ਦੇ ਹੁਕਮ ਅਨੁਸਾਰ ਹੋਣਗੇ; ਜਿਵੇਂ ਕਿ ਸਵਰਗ ਵਿੱਚ ਹੁੰਦਾ ਹੈ।

(4). ਦੂਜੀ ਸ਼ੇਣੀ ਵਿੱਚ ਆਉਂਦੇ ਇਸਲਾਮ ਦਾ ਨਿਸ਼ਾਨਾ ‘ਅਲ-ਜਹਾਦ’ ਲਈ ਵਾਹ ਲਾਉਣੀ ਹੈ ਤਾਂ ਜੋ ਸੰਸਾਰ ਵਿੱਚ ਉਨ੍ਹਾਂ ਨਿਯਮਾਂ ਨੂੰ ਲਾਗੂ ਕੀਤਾ ਜਾ ਸਕੇ ਜਿਹੜੇ ਆਕਾਸ਼ਬਾਣੀ ਰਾਹੀਂ ਆਏ ਤੇ ਮੁਹੰਮਦ ਸਾਹਿਬ ਵੱਲੋਂ ਦਿੱਤੇ ਗਏ ਹਨ। ਇਸ ਧਰਮ ਅਨੁਸਾਰ ਰੱਬ ਨੇ ਮਨੁੱਖ ਤੇ ਸੰਸਾਰ ਦੀ ਰਚਨਾ ਇਸੇ ਉਦੇਸ਼ ਲਈ ਕੀਤੀ ਹੈ ਅਤੇ ‘ਤਲਵਾਰ ਦੀ ਵਰਤੋਂ’ ਦੀ ਨੀਤੀ ਪ੍ਰਯੋਗ ਕਰਨੀ ਵਿਧਾਨ ਹੈ; ਜਿਵੇਂ ਕਿ ‘ਸ਼ਰਾ ਤਹਾਤੁਸ ਸ਼ੈਫਵਿੱਚ ਜ਼ਿਕਰ ਹੈ।

(5). ਤੀਜੀ ਸ਼੍ਰੇਣੀ ਦੇ ਧਰਮ; ਦੂਜਿਆਂ ਤੋਂ ਅਲੱਗ-ਥਲੱਗ, ਸਵੈ-ਸਮਰਥ ਤੇ ਸਵੈ-ਇਜਾਰੇਦਾਰੀ (ਏਕਾਧਿਕਾਰੀ) ਵਾਲੇ ਹਨ ਤੇ ਬਾਹਰੀ ਦਖ਼ਲ ਨੂੰ ਬਰਦਾਸ਼ਤ ਨਹੀਂ ਕਰਦੇ ਅਤੇ ਆਪਣੀ ਅੰਦਰੂਨੀ ਪਵਿੱਤਰਤਾ ਨੂੰ ਕਾਇਮ ਰੱਖਦੇ ਹਨ।

(6). ਚੌਥੀ ਸ਼੍ਰੇਣੀ ਦੇ ਧਰਮ ਗ਼ੈਰ-ਸਮਾਜਕ ਅਤੇ ਗ਼ੈਰ-ਸੰਸਥਾਤਮਿਕ ਹਨ ਅਤੇ ਮਨੁੱਖ ਵਿੱਚ ਨਿੱਜੀ ਪੱਧਰ ਦੀ ਚੇਤਨਾ ਜਗਾਉਂਦੇ ਹਨ, ਨਾ ਕਿ ਉਸ ਨੂੰ ਪੂਰੇ ਸਮਾਜ ਦਾ ਅੰਗ ਮੰਨਦੇ ਹਨ। ਇਨ੍ਹਾਂ ਧਰਮਾਂ ਅਨੁਸਾਰ ‘ਪ੍ਰਜਨਾ’ ਭਾਵ ਕਿ ਪਰਾ-ਗਿਆਨ ਮਨੁੱਖ ਨੂੰ ਸਾਰੇ ਨਾਮਾਂ ਤੇ ਰੂਪਾਂ ਦੀਆਂ ਸੀਮਾਵਾਂ ਤੋਂ ਮੁਕਤ ਕਰਦਾ ਹੈ।

(7). ਪੰਜਵੀਂ ਸ਼੍ਰੇਣੀ ਦੇ ਧਰਮਾਂ ਵਿੱਚ ਸਿੱਖ ਧਰਮ ਆਉਂਦਾ ਹੈ ਜੋ ਕਿ ਸਾਰੇ ਧਰਮਾਂ ਦੀ ਏਕਤਾ ਨੂੰ ਮਾਨਤਾ ਦਿੰਦਾ ਹੈ । ਇਸ ਦਾ ਕਹਿਣਾ ਹੈ ਕਿ ਸਾਰੇ ਧਰਮਾਂ ਵਿੱਚ ਕੁਝ ਖਾਮੀਆਂ ਹਨ, ਜਿਨ੍ਹਾਂ ਕਰਕੇ ਇਨ੍ਹਾਂ ਵਿੱਚ ਬੁਨਿਆਦੀ ਸੰਕਲਪਾਂ; ਜਿਵੇਂ ਪਰਮ-ਸੱਚ ਅਤੇ ਜਗਤ ਪ੍ਰਤੀ ਦ੍ਰਿਸ਼ਟੀਕੋਣ ਬਾਰੇ ਮੱਤਭੇਦ ਹੁੰਦੇ ਹਨ, ਜੋ ਕਿ ਬੇਮੇਲ ਤੱਤਾਂ ਕਾਰਨ ਇਨ੍ਹਾਂ ਦਰਮਿਆਨ ਸੱਚਾ ਤੇ ਪੱਕਾ ਮੇਲ ਪੈਦਾ ਕਰਨ ਵਿੱਚ ਰੁਕਾਵਟ ਪਾਉਂਦੇ ਹਨ। ਸਿੱਖ ਧਰਮ ਵੱਖ-ਵੱਖ ਧਰਮਾਂ ਤੇ ਉਨ੍ਹਾਂ ਦੇ ਅਨੁਯਾਈਆਂ ਨਾਲ ਖੁਲ੍ਹ ਕੇ ਸੰਵਾਦ ਕਰਦਾ ਹੈ ਤਾਂ ਜੁ ਮਜ਼੍ਹਬੀ ਸੰਕੀਰਨਤਾ ਦੇ ਘੇਰੇ ਵਿੱਚੋਂ ਬਾਹਰ ਆਇਆ ਜਾ ਸਕੇ ਅਤੇ ਸਾਰੇ ਧਰਮਾਂ ਦੀ ਗਹਿਰਾਈ ਵਿੱਚ ਪਏ ਧਾਰਮਿਕ ਪ੍ਰਗਟਾਅ ਨੂੰ ਸਮਝਿਆ ਜਾ ਸਕੇ। ਇਸ ਦੇ ਸਿੱਟੇ ਵਜੋਂ ਸਿੱਖ ਧਰਮ ਅਨੇਕਵਾਦੀ, ਆਜ਼ਾਦ ਤੇ ਅਗਾਂਹਵਧੂ ਮਨੁੱਖੀ ਸਮਾਜ ਦੀ ਮੰਗ ਕਰਦਾ ਹੈ ਜਿਹੜਾ ਰੱਬ ਵੱਲ ਝੁਕਾਅ ਰੱਖੇ ਅਤੇ ਝਗੜਾਲੂ ਨਾ ਹੋਵੇ ਸਗੋਂ ਬੁਰਾਈ ਵਿਰੁੱਧ ਜਥੇਬੰਦਕ ਪ੍ਰਤੀਰੋਧ ਕਰਨ ਤੇ ਜੂਝਣ ਲਈ ਦ੍ਰਿੜ੍ਹ ਤੇ ਹਮੇਸ਼ਾਂ ਤਤਪਰ ਹੋਵੇ। ਇਸ ਸਭ ਕੁਝ ਨੂੰ ਸਿਰੇ ਚਾੜ੍ਹਨ ਲਈ ਸਿੱਖ ਧਰਮ ਭਲੇ ਲੋਕਾਂ ਦੇ ਜਥੇਬੰਦਕ ਤੇ ਸਾਂਝੇ ਯਤਨਾਂ ਦੀ ਸਿਫ਼ਾਰਸ਼ ਕਰਦਾ ਹੈ ਅਤੇ ਇਹ ਵੀ ਸੰਕੇਤ ਕਰਦਾ ਹੈ ਕਿ ਇਸ ਛੋਟੇ ਜਿਹੇ ਪਰਚੇ ਦੇ ਘੇਰੇ ਵਿੱਚ ਨਹੀਂ ਆਉਂਦਾ।