27.7 C
Jalandhar
Sunday, June 29, 2025
spot_img
Home Blog Page 45

ਵਰਦੀ-ਧਾਰੀਆਂ ਵਲੋਂ ਢਾਹਿਆ ਕਹਿਰ

0

ਵਰਦੀ-ਧਾਰੀਆਂ ਵਲੋਂ ਢਾਹਿਆ ਕਹਿਰ

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28,

ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

‘‘ਆਓ ਨਿਰਲੱਜ ਹਿੰਦੁਸਤਾਨੀ ਸੂਰਮਿਓ ! ਸਾਡਾ ਵੀ ਬਲਾਤਕਾਰ ਕਰੋ’’- ਇਹ ਨਾਅਰੇ ਭਾਰਤੀ ਫੌਜੀਆਂ ਵਿਰੁੱਧ ਮਨੀਪੁਰ ਦੀਆਂ ਔਰਤਾਂ ਨੇ ਨਿਰਵਸਤਰ ਹੋ ਕੇ ਲਾਏ ਸਨ। ਕਾਰਨ ? ਭਾਰਤੀ ਪੈਰਾਮਿਲਟਰੀ 17ਵੀਂ ਅਸਾਮ ਰਾਈਫਲ ਨੇ 11 ਜੁਲਾਈ ਸੰਨ 2004 ਵਿੱਚ ਮਨੀਪੁਰ ਦੀ 32 ਸਾਲਾ ਔਰਤ ਥੰਗਜਾਮ ਮਨੋਰਮਾ ਨੂੰ ਬਲਾਤਕਾਰ ਕਰਨ ਬਾਅਦ ਭਿਆਨਕ ਤਸੀਹੇ ਦੇ ਕੇ ਗੋਲੀਆਂ ਨਾਲ ਵਿੰਨ੍ਹ ਕੇ ਬੁਰੀ ਤਰ੍ਹਾਂ ਕੱਟੀ-ਵੱਢੀ ਨਿਰਵਸਤਰ ਲਾਸ਼ ਬਣਾ ਕੇ ਉਸ ਦੇ ਘਰ ਤੋਂ ਤਿੰਨ ਕਿਲੋਮੀਟਰ ਦੂਰ ਨਿਰਵਸਤਰ ਹੀ ਸੁੱਟ ਦਿੱਤਾ ਸੀ। ਉਸ ਨੂੰ 10 ਜੁਲਾਈ 2004 ਨੂੰ ਉਸ ਦੇ ਘਰੋਂ ਚੁੱਕ ਲਿਆ ਗਿਆ ਸੀ। ਕਮਾਲ ਤਾਂ ਇਹ ਸੀ ਕਿ ਗੋਲੀਆਂ ਨਾਲ ਵਿੰਨ੍ਹੀ ਲਾਸ਼ ਦੇ ਆਸ-ਪਾਸ ਇੱਕ ਬੂੰਦ ਵੀ ਲਹੂ ਨਹੀਂ ਸੀ ਡਿੱਗਿਆ ਹੋਇਆ। ਉਸ ਦੇ ਅੰਦਰੂਨੀ ਅੰਗਾਂ ਦੇ ਆਸ-ਪਾਸ ਅਣਗਿਣਤ ਗੋਲੀਆਂ ਮਾਰੀਆਂ ਹੋਈਆਂ ਸਨ। ਪੱਟ ਵੀ ਗੋਲੀਆਂ ਨਾਲ ਵਿੰਨ੍ਹੇ ਪਏ ਸਨ। ਜ਼ਿਲ੍ਹਾ ਸੈਸ਼ਨ ਜੱਜ ਨੇ ਇਨਕੁਆਰੀ ਦੌਰਾਨ ਸਪਸ਼ਟ ਕੀਤਾ ਸੀ ਕਿ ਉਸ ਤੋਂ ਵੱਧ ਭਿਆਨਕ ਤਰੀਕੇ ਹਾਲੇ ਤੱਕ ਕਿਸੇ ਵੀ ਕੈਦ ਵਿੱਚ ਫੜੇ ਹੋਏ ਬੰਦੇ ਦਾ ਕਤਲ ਨਹੀਂ ਹੋਇਆ। ਰਾਤ ਨੂੰ ਆਰਾਮ ਨਾਲ ਘਰ ਬੈਠੀ ਮਨੋਰਮਾ ਨੂੰ ਘੜੀਸ ਕੇ ਉਸ ਦੇ ਘਰ ਦੇ ਬਾਹਰ ਰੱਜ ਕੇ ਮਾਰਿਆ ਕੁੱਟਿਆ ਤੇ ਅਨੇਕ ਵਾਰ ਬਲਾਤਕਾਰ ਕਰਨ ਤੋਂ ਬਾਅਦ ਟੱਟੀ ਵਾਲੇ ਰਾਹ ਅੰਦਰ ਵੱਟੇ ਭਰ ਕੇ 16 ਗੋਲੀਆਂ ਉਸੇ ਥਾਂ ਤੋਂ ਆਰ-ਪਾਰ ਕੱਢ ਸੁੱਟੀਆਂ ਸਨ। ਰਿਪੋਰਟ ਅਨੁਸਾਰ ਲਗਭਗ 37 ਜਣਿਆਂ ਨੇ ਰਾਤ ਨੂੰ ਉਸ ਨਾਲ ਵਹਿਸ਼ੀਆਨਾ ਤਰੀਕੇ ਨਾਲ ਬਲਾਤਕਾਰ ਕੀਤਾ ਸੀ। ਸਵੇਰੇ ਲਾਸ਼ ਪੁਲਿਸ ਸਟੇਸ਼ਨ ਤੋਂ ਇੱਕ ਕਿਲੋਮੀਟਰ ਦੂਰ ਸੁੱਟ ਦਿੱਤੀ ਸੀ। ਇਹੀ ਕਾਰਨ ਸੀ ਕਿ ਵਿਰੋਧ ਕਰਨ ਲਈ 30 ਔਰਤਾਂ ਨਾਅਰੇ ਲਾਉਣ ਉੱਤੇ ਮਜਬੂਰ ਹੋ ਗਈਆਂ।

ਸੰਨ 1991 ਤੋਂ 1995 ਤੱਕ ਕਰੋਸ਼ੀਆ ਤੇ ਬੌਸਨੀਆ ਵਿਚਲੀ ਜੰਗ ਵਿੱਚ ਬੌਸਨੀਆ ਦੀਆਂ ਮੁਸਲਮਾਨ ਔਰਤਾਂ ਨਾਲ ਫੌਜੀਆਂ ਨੇ ਰੱਜ ਕੇ ਬਲਾਤਕਾਰ ਕੀਤਾ ਸੀ। ਇਸ ਨੂੰ ‘‘ਐਥਨਿਕ ਕਲੀਂਨਿੰਗ’’ ਜਾਂ ਨਸਲਕੁਸ਼ੀ ਦਾ ਜ਼ਰੀਆ ਮੰਨ ਕੇ ਜਾਇਜ਼ ਕਰਾਰ ਦੇ ਦਿੱਤਾ ਗਿਆ। ਉਸ ਵਿੱਚ ਸਮੂਹਕ ਬਲਾਤਕਾਰ ਕਰਨ ਤੋਂ ਬਾਅਦ ਜਬਰੀ ਗਰਭ ਠਹਿਰਾਇਆ ਗਿਆ ਤਾਂ ਜੋ ‘‘ਬੀਜ’’ ਨਾਸ ਕੀਤਾ ਜਾ ਸਕੇ।

ਸੰਨ 2004 ’ਚ ਕਸ਼ਮੀਰ ਵਿੱਚ 16 ਸਾਲਾ ਹਮੀਦਾ ਦਾ ਭਾਰਤੀ ਫੌਜੀ ਅਫਸਰ ਨੇ ਬਲਾਤਕਾਰ ਕੀਤਾ ਤਾਂ ਅੰਤਰਰਾਸ਼ਟਰੀ ਪੱਧਰ ਉੱਤੇ ਆਵਾਜ਼ ਉੱਠੀ। ਉਦੋਂ ਇੰਗਲੈਂਡ ਦੀਆਂ ਵੱਖੋ ਵੱਖ ਅਖ਼ਬਾਰਾਂ ਵਿੱਚ ਖ਼ਬਰ ਛਪੀ ਕਿ ਫ਼ੌਜੀਆਂ ਨੇ 23 ਤੋਂ 100 ਕਸ਼ਮੀਰੀ ਔਰਤਾਂ ਦਾ ‘‘ਆਰਮੀ ਸਰਚ ਅਪਰੇਸ਼ਨ’’ ਦੌਰਾਨ ਰੱਜ ਕੇ ਕਈ-ਕਈ ਵਾਰ ਬਲਾਤਕਾਰ ਕੀਤਾ, ਜਿਨ੍ਹਾਂ ਵਿੱਚ ਸਭ ਤੋਂ ਛੋਟੀ ਬੱਚੀ 11 ਸਾਲ ਦੀ ਸੀ ਤੇ ਸਭ ਤੋਂ ਵੱਡੀ 60 ਸਾਲਾ ਔਰਤ ਸੀ।

ਫਿਰ ਡੋਗਰਾ ਬਟਾਲੀਅਨ ਵੱਲੋਂ ਸੰਨ 1947 ਵਿੱਚ ਮੀਰਪੁਰ ਵਿਖੇ ਸਿੱਖ ਤੇ ਮੁਸਲਮਾਨ ਔਰਤਾਂ ਦੇ ਬੁੱਚੜਾਂ ਵਾਂਗ ਕੀਤੇ ਬਲਾਤਕਾਰ ਵੀ ਉਜਾਗਰ ਹੋਏ। ਪਾਕਿਸਤਾਨੀ ਪਸ਼ਤੂਨਾਂ ਨੇ ਵੀ ਬੇਅੰਤ ਮੁਸਲਮਾਨ ਔਰਤਾਂ ਦਾ ਸਤਿਭੰਗ ਕੀਤਾ। ਉਦੋਂ ਜਿਹੜਾ ਵੀ ਆਵਾਜ਼ ਚੁੱਕਣ ਦੀ ਕੋਸ਼ਿਸ਼ ਕਰਦਾ ਤੇ ਫੌਜੀ ਵਰਦੀ ਹੇਠ ਲੁਕੇ ਹੈਵਾਨਾਂ ਬਾਰੇ ਗੱਲ ਕਰਨ ਲੱਗਦਾ ਤਾਂ ਦੇਸ਼ਧ੍ਰੋਹ ਹੇਠ ਫੜ ਲਿਆ ਜਾਂਦਾ। ਇਨ੍ਹਾਂ ਬਲਾਤਕਾਰਾਂ ਦੀਆਂ ਚੀਕਾਂ ਦਫ਼ਨ ਹੋ ਕੇ ਰਹਿ ਗਈਆਂ।

ਸੰਨ 1988 ’ਚ ਜੰਮੂ-ਕਸ਼ਮੀਰ ਵਿੱਚ ਅਣਗਿਣਤ ਬੁੱਧੀਜੀਵੀਆਂ ਤੇ ਮਨੁੱਖੀ ਅਧਿਕਾਰਾਂ ਦੇ ਰਾਖਿਆਂ ਨੇ ਅਖ਼ੀਰ ਚੁੱਪੀ ਤੋੜੀ ਤੇ ਮੰਨਿਆ ਕਿ ਨਾ ਸਿਰਫ ਭਾਰਤੀ ਫੌਜੀ ਬਲਕਿ ਸੀ. ਆਰ. ਪੀ. ਐਫ. ਅਤੇ ਬੀ. ਐਸ. ਐਫ ਦੇ ਜਵਾਨਾਂ ਨੇ ਵੀ ਔਰਤਾਂ ਉੱਤੇ ਅਣਮਨੁੱਖੀ ਤਸ਼ੱਦਦ ਢਾਹਿਆ ਅਤੇ ਰੱਜ ਕੇ ਸਰੀਰਕ ਸ਼ੋਸਣ ਕੀਤਾ। ਇਨ੍ਹਾਂ ਸਾਰੇ ਤੱਥਾਂ ਨੂੰ ਸਰਕਾਰ ਨੇ ਨਕਾਰ ਦਿੱਤਾ ਤੇ ਸਭ ਨੂੰ ਮੂੰਹ ਬੰਦ ਕਰਨ ਲਈ ਕਿਹਾ ਗਿਆ। ਇਸੇ ਸਦਕਾ ਕਈ ਅੱਤਵਾਦੀਆਂ ਨੇ ਵੀ ਦਾਅ ਲਾ ਕੇ ਜਿਹੜੀ ਬੱਚੀ ਹੱਥ ਲੱਗੀ, ਬਲਾਤਕਾਰ ਕਰ ਛੱਡੀ ਤੇ ਨਾਂ ਫ਼ੌਜੀਆਂ ਦਾ ਲਗਾ ਦਿੱਤਾ।

ਸੰਨ 1988 ਵਿੱਚ ਇਸ ਕਹਿਰ ਦੇ ਵਿਰੁੱਧ ਆਵਾਜ਼ ਨਾ ਉਠਦੀ ਵੇਖ ਮੁਸਲਮਾਨਾਂ ਨੇ ਵੀ ਕਸ਼ਮੀਰੀ ਪੰਡਤਾਂ ਦੇ ਘਰ-ਬਾਰ ਲੁੱਟ ਕੇ ਉਨ੍ਹਾਂ ਦੀਆਂ ਬੇਟੀਆਂ ਤੇ ਔਰਤਾਂ ਦੀ ਰੱਜ ਕੇ ਪੱਤ ਲੁੱਟੀ। ਇਹ ਸਭ ਸੰਨ 1989 ਤੱਕ ਚੱਲਦਾ ਰਿਹਾ। ਇਨ੍ਹਾਂ ਸਭ ਦੇ ਸਬੂਤ ਅੱਖੀ ਵੇਖੇ ਗਵਾਹਾਂ ਨੇ ਮੀਡੀਆ ਸਾਮ੍ਹਣੇ ਰੱਖੇ ਤੇ ਖ਼ਬਰਾਂ ਵੀ ਛਪੀਆਂ ਪਰ ਸਰਕਾਰਾਂ ਨੇ ਗੱਲ ਦਬਾ ਦਿੱਤੀ।

‘ਹਿਊਮਨ ਰਾਈਟਸ ਵਾਚ’ ਦੇ ਨੁਮਾਇੰਦਿਆਂ ਨੂੰ ਹਾਲਾਂਕਿ ਬਹੁਤ ਧਮਕੀਆਂ ਮਿਲੀਆਂ ਪਰ ਉਨ੍ਹਾਂ ਨੇ ਸੰਨ 1990 ਵਿੱਚ ਅੱਤਵਾਦੀਆਂ ਵੱਲੋਂ ਕੀਤੇ ਔਰਤਾਂ ਦੇ ਬਲਾਤਕਾਰ ਅਤੇ ਫਿਰ ਬੁਰੀ ਤਰ੍ਹਾਂ ਗੋਲੀਆਂ ਮਾਰ ਕੇ ਜਾਂ ਵੱਢ-ਟੁੱਕ ਕੇ ਕੀਤੇ ਕਤਲਾਂ ਬਾਰੇ ਜ਼ਿਕਰ ਕੀਤਾ। ਬਥੇਰੀ ਥਾਂ ’ਤੇ ਘਰ ਦੇ ਮਰਦਾਂ ਨੂੰ ਫੜਨ ਲਈ ਉਨ੍ਹਾਂ ਦੀਆਂ ਔਰਤਾਂ ਨੂੰ ਚੁੱਕ ਲਿਆ ਜਾਂਦਾ ਰਿਹਾ। ਕਈ ਥਾਈਂ ਪਿਤਾ ਨੂੰ ਤਸੀਹੇ ਦੇ ਕੇ ਉਸ ਦੇ ਸਾਮ੍ਹਣੇ ਧੀ ਦਾ ਜਬਰਜ਼ਨਾਹ ਕੀਤਾ ਗਿਆ। ਕਈ ਵਾਰ ਪੂਰੇ ਟੱਬਰ ਨੂੰ ਗੋਲੀਆਂ ਨਾਲ ਭੁੰਨ ਦੇਣ ਦੀ ਧਮਕੀ ਦੇ ਕੇ, ਕੁੜੀਆਂ ਚੁੱਕ ਕੇ ਜਬਰੀ ਵਿਆਹ ਦਿੱਤੀਆਂ ਗਈਆਂ ਤੇ ਫਿਰ ਦੇਹ ਵਪਾਰ ਵੱਲ ਧੱਕ ਦਿੱਤੀਆਂ ਗਈਆਂ।

ਜਦੋਂ ਅੱਤ ਹੀ ਹੋ ਗਈ ਤਾਂ ਸੰਨ 1992 ਵਿੱਚ ਲੋਕ ਇਸ ਜੁਰਮ ਵਿਰੁੱਧ ਸੜਕਾਂ ’ਤੇ ਉਤਰ ਪਏ। ਸੰਨ 2010 ਵਿੱਚ ਅਮਰੀਕਾ ਨੇ ਵੀ ਕਸ਼ਮੀਰ ਵਿਚਲੀਆਂ ਵਧੀਕੀਆਂ ਦਾ ਪਰਦਾ ਫਾਸ਼ ਕੀਤਾ, ਕਿ ਨਾ ਸਿਰਫ ਅਤਿਵਾਦੀ ਬਲਕਿ ਵਰਦੀਧਾਰੀ ਸਰਕਾਰੀ ਕਰਮਚਾਰੀਆਂ ਨੇ ਵੀ ਔਰਤਾਂ ਦੇ ਸ਼ੋਸ਼ਣ ਵਿੱਚ ਬਰਾਬਰ ਦਾ ਹਿੱਸਾ ਪਾਇਆ ਹੈ। ਇਨ੍ਹਾਂ ਜੁਰਮਾਂ ਦੀ ਅਸਲ ਗਿਣਤੀ ਇਸ ਲਈ ਸਾਹਮਣੇ ਨਹੀਂ ਆ ਰਹੀ ਕਿਉਕਿ ਟੱਬਰਾਂ ਨੂੰ ਹੱਦੋਂ ਵੱਧ ਡਰਾ ਧਮਕਾ ਕੇ ਚੁੱਪ ਕਰਵਾ ਦਿੱਤਾ ਜਾਂਦਾ ਹੈ। ਹਾਲਾਤ ਏਨੇ ਬਦਤਰ ਹੋ ਗਏ ਕਿ ਇੱਕ ਡਾਕਟਰ ਨੂੰ ਵੀ ਆਵਾਜ਼ ਚੁੱਕਣ ਦੇ ਜੁਰਮ ਵਿੱਚ ਹਿਜਬੁਲ-ਮੁਜਾਹੀਦੀਨ ਤੇ ਅਲ-ਜਿਹਾਦ ਦੇ ਕਾਰਕੁੰਨਾਂ ਨੇ ਮਾਰ ਮੁਕਾਇਆ।

ਉਦੋਂ ਤੱਕ ਸਭ ਨੂੰ ਇਹ ਸਪਸ਼ਟ ਹੋ ਗਿਆ ਸੀ ਕਿ ਬਲਾਤਕਾਰ ਨੂੰ ਸਰਕਾਰੀ ਪੱਧਰ ਉੱਤੇ ‘ਜੰਗ ਦਾ ਹਥਿਆਰ’ ਮੰਨ ਲਿਆ ਗਿਆ ਹੈ ਤੇ ਇਸ ਨੂੰ ਬਾਕਾਇਦਾ ਹਰੀ ਝੰਡੀ ਦੇ ਦਿੱਤੀ ਹੋਈ ਸੀ। ਸੰਨ 1996 ਦੀ ਹਿਊਮਨ ਰਾਈਟਸ ਰਿਪੋਰਟ ਵਿੱਚ ਇਹ ਵੀ ਜਗ ਜ਼ਾਹਰ ਹੋ ਗਿਆ ਕਿ ਖਾੜਕੂਵਾਦ ਨੂੰ ਰੋਕਣ ਲਈ ਬਲਾਤਕਾਰ ਇਕ ਜਾਇਜ਼ ਹਥਿਆਰ ਮੰਨਿਆ ਗਿਆ ਹੈ। ਖਾੜਕੂਆਂ ਦੀਆਂ ਧੀਆਂ, ਭੈਣਾਂ, ਮਾਵਾਂ ਉੱਤੇ ਜਬਰ ਢਾਹੁਣਾ ਵੀ ਇਕ ਢੰਗ ਮੰਨ ਲਿਆ ਗਿਆ, ਜਿਸ ਨਾਲ ਉਹ ਛੇਤੀ ਟੁੱਟ ਜਾਣ। ਫਿਰ ਬਲਾਤਕਾਰ ਨੂੰ ਫੌਜੀ ਹਮਲੇ ਦਾ ਇਕ ਲਾਜ਼ਮੀ ਹਿੱਸਾ ਬਣਾ ਦਿੱਤਾ ਗਿਆ।

ਸੀਮਾ ਕਾਜ਼ੀ ਨੇ ਰਿਪੋਰਟ ਜਾਰੀ ਕੀਤੀ ਜਿਸ ਵਿੱਚ ਭਾਰਤੀ ਫੌਜੀ ਮੰਨੇ ਕਿ ਉਨ੍ਹਾਂ ਨੇ ਬੇਅੰਤ ਜਬਰਜ਼ਨਾਹ ਕੀਤੇ ਸਨ, ਜੋ ਉਨ੍ਹਾਂ ਬਤੌਰ ਸੀਨੀਅਰ ਅਫਸਰਾਂ ਦੇ ਹੁਕਮਾਂ ਤਹਿਤ ਕੀਤੇ ਸਨ। ਇਹ ਤੱਥ ਯੂਨਾਈਟਿਡ ਨੇਸ਼ਨਜ਼ ਦੇ ਮਨੁੱਖੀ ਅਧਿਕਾਰ ਕਮਿਸ਼ਨ ਵਿੱਚ ਵੀ ਪੇਸ਼ ਕੀਤੇ ਗਏ, ਜਿਸ ਦੇ ਦਿਲ ਕੰਬਾਊ ਅੰਕੜਿਆਂ ਨੇ ਦੁਨੀਆ ਹਿਲਾ ਦਿੱਤੀ। ਵੱਖੋ-ਵੱਖ ਜੰਗਾਂ ਵਿੱਚ ਫੌਜੀਆਂ ਵੱਲੋਂ ਕੁੜੀਆਂ ਦੇ ਹੋਸਟਲਾਂ ਨੂੰ ਹਰਮ ਬਣਾ ਕੇ ਰੱਖ ਲਿਆ ਗਿਆ ਤੇ ਉਦੋਂ ਤੱਕ ਸਰੀਰਕ ਸ਼ੋਸ਼ਣ ਕੀਤਾ ਗਿਆ ਜਦ ਤੱਕ ਕਿ ਉਨ੍ਹਾਂ ਨੂੰ ਗਰਭ ਨਾ ਠਹਿਰ ਗਿਆ। ਕਾਰਨ ਇਹ ਦਿੱਤਾ ਗਿਆ ਕਿ ਬੀਜ ਨਾਸ ਕਰਨ ਦੇ ਨਾਲ ਨਾਲ ਅੱਗੋਂ ਪਨੀਰੀ ਹੀ ਨਵੀਂ ਪੈਦਾ ਹੋ ਜਾਵੇ ਤਾਂ ਪੱਕੀ ਤਰ੍ਹਾਂ ਨਸਲਕੁਸ਼ੀ ਹੋ ਜਾਂਦੀ ਹੈ।

ਬੁਰਦਵਾਨ ਯੂਨੀਵਰਸਿਟੀ ਦੀ ਡਾ. ਮਾਇਤੀ ਨੇ ਵੀ ਫੌਜੀਆਂ ਤੇ ਖ਼ੂਬਸੂਰਤ ਕਸ਼ਮੀਰੀ ਔਰਤਾਂ ਦੀ ਇੰਟਰਵਿਊ ਕਰ ਕੇ ਖੋਜ ਛਾਪੀ ਕਿ ਹਰ ਥਾਂ ਦੁਸ਼ਮਣੀ ਲਾਹੁਣ ਲਈ ਔਰਤਾਂ ਦਾ ਹੀ ਸਰੀਰਕ ਸ਼ੋਸ਼ਣ ਕਰਨਾ ਨਵਾਂ ਢੰਗ ਇਖ਼ਤਿਆਰ ਕਰ ਲਿਆ ਹੋਇਆ ਹੈ। ਨਾ ਸਿਰਫ਼ ਜੰਗਾਂ ਵਿੱਚ, ਬਲਕਿ ਟੱਬਰਾਂ ਦੀ ਆਪਸੀ ਦੁਸ਼ਮਣੀ, ਦੋਸਤੀ ਵਿੱਚ ਖਟਾਸ, ਪੁਲਿਸ ਕੇਸ ਜਾਂ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਵਿੱਚ ਘਰ ਵਿਚਲੀ ਔਰਤ ਹੀ ਪਹਿਲਾਂ ਸ਼ਿਕਾਰ ਬਣੀ ਹੈ। ਤਸ਼ੱਦਦ ਏਨਾ ਹੱਦੋਂ ਵੱਧ ਹੁੰਦਾ ਹੈ ਕਿ ਉਸ ਦੀ ਆਵਾਜ਼ ਕੋਈ ਵੀ ਨਹੀਂ ਬਣਦਾ।

ਇਸੇ ਲਈ ਬਹੁਤੀ ਵਾਰ ਹੱਦਾਂ ਟੱਪ ਜਾਣ ਤੋਂ ਬਾਅਦ ਔਰਤਾਂ ਹੀ ਬਲਾਤਕਾਰ ਵਿਰੁੱਧ ਆਵਾਜ਼ ਚੁੱਕਣ ਉੱਤੇ ਮਜਬੂਰ ਹੋ ਜਾਂਦੀਆਂ ਹਨ। ਜੇਲ੍ਹਾਂ ਵਿੱਚ ਡੱਕੀਆਂ ਔਰਤਾਂ ਉੱਤੇ ਤਾਂ ਏਨਾ ਜ਼ੁਲਮ ਹੁੰਦਾ ਹੈ ਕਿ ਕਲਮ ਵੀ ਲਿਖਣ ਤੋਂ ਇਨਕਾਰੀ ਹੋ ਜਾਂਦੀ ਹੈ।

ਸੰਨ 2021 ਦੀ ਤਸਵੀਰ ਵੀ ਕੁੱਝ ਵੱਖ ਨਹੀਂ ਹੈ। ਜਿੱਥੇ ਸੰਘਰਸ਼ਸ਼ੀਲ ਕੌਮਾਂ ਨੂੰ ਢਾਅ ਲਾਉਣ ਲਈ ਉਨ੍ਹਾਂ ਦੀਆਂ ਔਰਤਾਂ ਦੀ ਬੇਪਤੀ ਆਮ ਗੱਲ ਬਣ ਚੁੱਕੀ ਹੈ, ਉੱਥੇ ਹੀ ਘੱਟ ਗਿਣਤੀ ਕੌਮਾਂ ਤੇ ਆਦਿਵਾਸੀਆਂ ਦੀਆਂ ਬੇਟੀਆਂ ਦਾ ਵੀ ਰੱਜ ਕੇ ਸਰੀਰਕ ਸ਼ੋਸ਼ਣ ਕੀਤਾ ਜਾਂਦਾ ਹੈ।      

ਇਸ ਮਹੀਨੇ ਛੱਤੀਸਗੜ੍ਹ ਦੇ ਬੀਜਾਪੁਰ ਵਿੱਚ ਵੀ ਸਪੈਸ਼ਲ ਫੋਰਸ ਦੇ ਜਵਾਨਾਂ ਨੇ ਘਰ ਸੁੱਤੀ ਆਦਿਵਾਸੀ ਬੇਟੀ ਨਾਲ ਸਮੂਹਕ ਬਲਾਤਕਾਰ ਕਰਕੇ, ਉਸ ਦੀਆਂ ਛਾਤੀਆਂ ਵੱਢ ਦਿੱਤੀਆਂ ਅਤੇ ਪੱਟਾਂ ਤੇ ਹੱਥਾਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢ ਸੁੱਟਿਆ। ਇੱਕ ਨਿਹੱਥੀ ਕੁੜੀ ਉੱਤੇ ਵਹਿਸ਼ੀ ਜੱਲਾਦਾਂ ਨੇ ਆਪਣੀ ਮਰਦਾਨਗੀ ਵਿਖਾਈ ! ਲਾਅਣਤ ਹੈ ! ਲੱਖ ਲਾਅਣਤ ਹੈ ! !

ਕੇਰਲ ਵਿੱਚ ਵੀ ਇਕ ਸਮਾਂ ਸੀ ਜਦੋਂ ਦਲਿਤ ਔਰਤਾਂ ਨੂੰ ਆਪਣੇ ਹੀ ਕੁੱਖੋਂ ਜੰਮੇ ਬੱਚੇ ਨੂੰ ਦੁੱਧ ਪਿਆਉਣ ਲਈ ਟੈਕਸ ਦੇਣਾ ਪੈਂਦਾ ਸੀ। ਉਦੋਂ ਉਨ੍ਹਾਂ ਨੂੰ ਆਪਣੀਆਂ ਛਾਤੀਆਂ ਢੱਕਣ ਦੀ ਵੀ ਮਨਾਹੀ ਸੀ। ਜਦੋਂ ਇੱਕ ਦਲਿਤ ਔਰਤ ਨਾਂਗੇਲੀ ਕੋਲ ਆਪਣੇ ਬੱਚੇ ਨੂੰ ਦੁੱਧ ਪਿਆਉਣ ਵਾਸਤੇ ਟੈਕਸ ਭਰਨ ਲਈ ਪੈਸੇ ਨਹੀਂ ਸਨ ਤਾਂ ਉਸ ਤੋਂ ਉਸ ਦਾ ਨਵਜੰਮਿਆ ਬੱਚਾ ਖੋਹ ਲਿਆ ਗਿਆ। ਰੋਸ ਵਜੋਂ ਉਸ ਨੇ ਆਪਣੀਆਂ ਛਾਤੀਆਂ ਆਪ ਹੀ ਵੱਢ ਦਿੱਤੀਆਂ ਤੇ ਉਸ ਦੀ ਮੌਤ ਹੋ ਗਈ। ਉਸ ਦੇ ਘਰਵਾਲੇ ਨੇ ਵੀ ਉਸ ਦਾ ਇਹ ਹਾਲ ਵੇਖ ਆਤਮ ਹੱਤਿਆ ਕਰ ਲਈ। ਉਸ ਤੋਂ ਬਾਅਦ ਹੀ ਲੋਕਾਂ ਵਿੱਚ ਜਾਗ੍ਰਿਤੀ ਆਈ ਅਤੇ ਉਨ੍ਹਾਂ ਸੰਨ 1812 ਵਿੱਚ ਇਸ ਮਨੁੱਖੀ ਅਧਿਕਾਰਾਂ ਦੇ ਕਤਲ ਕਰਦੇ ਬੇਹੁਦਾ ਟੈਕਸ ਦਾ ਡਟ ਕੇ ਵਿਰੋਧ ਕੀਤਾ। ਅਖੀਰ ਦਲਿਤ ਮਾਂ ਨੂੰ ਆਪਣੇ ਹੀ ਬੱਚੇ ਨੂੰ ਦੁੱਧ ਪਿਆਉਣ ਦਾ ਹੱਕ ਮਿਲ ਗਿਆ, ਪਰ ਛਾਤੀ ਢੱਕਣ ਦਾ ਹੱਕ ਨਹੀਂ ਦਿੱਤਾ ਗਿਆ। ਇਸ ਵਾਸਤੇ ਅੱਗੋਂ 40 ਸਾਲ ਹੋਰ ਜੰਗ ਵਿੱਢੀ ਗਈ ਤੇ ਅਖੀਰ ਇਸ ਬਗ਼ਾਵਤ ਅੱਗੇ ਰਾਜਿਆਂ ਨੂੰ ਝੁਕਣਾ ਪਿਆ ਤੇ ਔਰਤ ਨੂੰ ਹੱਕ ਮਿਲਿਆ ਕਿ ਉਹ ਇਸ ਮਰਦ ਪ੍ਰਧਾਨ ਸਮਾਜ ਅੱਗੇ ਆਪਣਾ ਸਰੀਰ ਢੱਕ ਸਕੇਗੀ।

ਹੱਦ ਹੀ ਹੈ ਕਿ ਨੰਬੂਦਰੀ ਔਰਤਾਂ ਆਪਣਾ ਸਰੀਰ ਵੀ ਉੱਚੀ ਜਾਤ ਵਾਲਿਆਂ ਅੱਗੇ ਢੱਕ ਕੇ ਨਹੀਂ ਸਨ ਨਿਕਲ ਸਕਦੀਆਂ। ਜੇ ਕੋਈ ਔਰਤ ਜੁਅਰਤ ਕਰਦੀ ਸੀ ਤਾਂ ਰੱਸੀਆਂ ਨਾਲ ਬੰਨ ਕੇ ਪੁੱਠਾ ਲਟਕਾ ਕੇ ਸਜ਼ਾ ਦਿੱਤੀ ਜਾਂਦੀ ਸੀ ਤੇ ਸਰੇ ਬਾਜ਼ਾਰ ਨਗਨ ਕਰ ਉਸ ਦਾ ਸਰੀਰਕ ਸ਼ੋਸ਼ਣ ਕੀਤਾ ਜਾਂਦਾ ਸੀ।

ਲੰਬੇ ਡੰਡੇ ਅੱਗੇ ਛੁਰੀ ਬੰਨ੍ਹ ਕੇ ਔਰਤਾਂ ਦੇ ਕੱਪੜੇ ਪਾੜੇ ਜਾਂਦੇ ਸਨ ਤਾਂ ਜੋ ਉੱਚੀ ਜਾਤੀ ਵਾਲਿਆਂ ਦੇ ਸੁੱਚੇ ਹੱਥ ਕਿਤੇ ਜੂਠੇ ਨਾ ਹੋ ਜਾਣ ਪਰ ਔਰਤ ਦਾ ਜਿਸਮ ਹੰਢਾਉਣ ਵੇਲੇ ਇਹ ‘ਸੁੱਚ’ ਗ਼ਾਇਬ ਹੋ ਜਾਂਦੀ ਸੀ। ਇਸ ਅਖੌਤੀ ਸੱਭਿਅਕ ਸਮਾਜ ਦੇ ਰਾਖ਼ਸ਼ਾਂ ਨੇ ਔਰਤਾਂ ਦਾ ਅਪਮਾਨ ਕਰਨ ਦੇ ਢੰਗ ਹੀ ਵੱਖ ਲੱਭੇ ਸਨ।

ਪੁਲਸੀਆ ਵਰਦੀ ਵਿੱਚ ਲੁਕੇ ਵਹਿਸ਼ੀ ਦਰਿੰਦਿਆਂ ਦਾ ਸੱਚ ਖ਼ਬਰਾਂ ਵਿੱਚ ਛਪ ਚੁੱਕਿਆ ਹੋਇਆ ਹੈ ! ਔਰਤਾਂ ਦੇ ਮੂੰਹ ਵਿੱਚ ਪਿਸ਼ਾਬ ਕਰਨ ਤੋਂ ਲੈ ਕੇ ਨਿਰਵਸਤਰ ਕਰ ਸਮੂਹਕ ਬਲਾਤਕਾਰ ਤੇ ਅੰਦਰੂਨੀ ਅੰਗਾਂ ਵਿੱਚ ਚੀਰੇ ਪਾ ਕੇ ਮਿਰਚਾਂ ਪਾਉਣੀਆਂ ਤੇ ਉਨ੍ਹਾਂ ਦੇ ਟੱਬਰਾਂ ਸਾਮ੍ਹਣੇ ਉਨ੍ਹਾਂ ਨੂੰ ਜ਼ਲੀਲ ਕਰਨਾ ਜਾਂ ਪੁੱਤਰਾਂ ਅੱਗੇ ਮਾਂ ਨੂੰ ਨਿਰਵਸਤਰ ਕਰਨਾ ਆਮ ਜਿਹੀ ਘਟਨਾ ਬਣ ਕੇ ਰਹਿ ਚੁੱਕੀ ਹੈ।

ਇਸ ਸਭ ਤੋਂ ਬਾਅਦ ਜਦੋਂ ਭਾਰਤ ਸਰਕਾਰ ਕੋਲੋਂ ਤਮਗ਼ੇ ਪ੍ਰਾਪਤ ਕਰਕੇ ਇਹ ਵਰਦੀਧਾਰੀ ਹੈਵਾਨ ਫਖ਼ਰ ਨਾਲ ਛਾਤੀ ਤਾਣ ਕੇ ਤੁਰਦੇ ਹਨ ਅਤੇ ਵਡਿਆਏ ਜਾਂਦੇ ਹਨ ਤਾਂ ਇਸ ਦਾ ਕੀ ਮਤਲਬ ਕੱਢਣਾ ਚਾਹੀਦਾ ਹੈ ? ਕੀ ਇਹ ਵਡਿਆਈ ਮਾਸੂਮ ਬਾਲੜੀਆਂ ਦਾ ਬਲਾਤਕਾਰ ਕਰਨ ਦੀ ਜਾਂ ਮਾਸੂਮ ਬੇਕਸੂਰ ਔਰਤਾਂ ਦੀ ਬੇਪਤੀ ਕਾਰਨ ਮਿਲਦੀ ਹੈ ?

ਅੱਤਵਾਦ ਦੇ ਨਾਂ ਹੇਠ ਬਲਾਤਕਾਰ ਕਰਨ ਦੀ ਖੁੱਲ ਦੇਣ ਵਾਲੇ ਕੌਣ ਹਨ ? ਬੰਦੂਕ ਦੀ ਨੋਕ ਉੱਤੇ ਘਰ ਸੁੱਤੀਆਂ ਨਾਬਾਲਗ ਬੇਟੀਆਂ ਨੂੰ ਚੁੱਕਣਾ ਅਤੇ ਝੂਠੇ ਪੁਲਿਸ ਮੁਕਾਬਲਿਆਂ ਹੇਠ ਤਸੀਹੇ ਦੇ ਕੇ ਮਾਰ ਮੁਕਾਉਣਾ ਕਿਵੇਂ ਜਾਇਜ਼ ਠਹਿਰਾਇਆ ਜਾਂਦਾ ਹੈ ?

‘ਭਾਰਤ ਦੇ ਰਾਖਿਆਂ’ ਤੇ ‘ਕਾਨੂੰਨ ਦੇ ਰਾਖਿਆਂ’ ਦੀ ਇਸ ਬੁਰਛਾਗਰਦੀ ਨੂੰ ਨੰਗਾ ਕਰਨ ਵਾਲਿਆਂ ਉੱਤੇ ਝੂਠੇ ਕੇਸ ਪਾ ਕੇ ਦੇਸਧ੍ਰੋਹ ਦਾ ਮੁਕੱਦਮਾ ਦਰਜ ਕੀਤਾ ਜਾਂਦਾ ਹੈ। ਇਹ ਕਿਵੇਂ ਜਾਇਜ਼ ਕਰਾਰ ਹੁੰਦਾ ਹੈ ?

ਅੰਤ ਵਿੱਚ ਇਹੀ ਕਹਿਣਾ ਹੈ ਕਿ ਹਰ ਵਰਧੀਧਾਰੀ ਜਵਾਨ ਮਾੜਾ ਨਹੀਂ ਹੁੰਦਾ, ਪਰ ਜੇ ਉਹ ਆਪਣੇ ਸਾਥੀਆਂ ਦੀਆਂ ਕੋਝੀਆਂ ਹਰਕਤਾਂ ਨੂੰ ਵੇਖ ਕੇ ਚੁੱਪੀ ਧਾਰਦਾ ਹੈ ਤਾਂ ਉਹ ਵੀ ਜੁਰਮ ਵਿੱਚ ਬਰਾਬਰ ਦਾ ਭਾਗੀਦਾਰ ਮੰਨਿਆ ਜਾਂਦਾ ਹੈ। ਬਲਾਤਕਾਰੀ ਪੁਲਿਸ ਕਰਮੀ ਵਿਰੁੱਧ ਵੀ ਜੇ ਉਸ ਦੇ ਸਾਥੀਆਂ ਵੱਲੋਂ ਨਿਖੇਧੀ ਨਹੀਂ ਕੀਤੀ ਜਾਂਦੀ ਤਾਂ ਉਹ ਵੀ ਜੁਰਮ ਵਿੱਚ ਸ਼ਾਮਲ ਹੀ ਮੰਨੇ ਜਾਣਗੇ।

ਅੱਜ ਸਮਾਂ ਹੈ ਇਕਜੁੱਟ ਹੋ ਕੇ ਸਿਸਟਮ ਵਿਰੁੱਧ ਜੰਗ ਛੇੜਨ ਦਾ, ਜੋ ਵਹਿਸ਼ੀਆਨਾ ਹਰਕਤਾਂ ਨੂੰ ਹੱਲਾਸ਼ੇਰੀ ਦੇ ਰਿਹਾ ਹੈ। ਜੇ ਮਾਂ ਦੇ ਦੁੱਧ ਦਾ ਕਰਜ਼ਾ ਲਾਹੁਣਾ ਹੈ ਤਾਂ ਕੁੰਭਕਰਨੀ ਨੀਂਦਰ ਤੋਂ ਹੁਣ ਜਾਗੀਏ, ਨਹੀਂ ਤਾਂ ਅਗਲਾ ਸ਼ਿਕਾਰ ਅਸੀਂ ਵੀ ਹੋ ਸਕਦੇ ਹਾਂ।

ਬਾਣੀ ਗੁਰੂ ਗੁਰੂ ਹੈ ਬਾਣੀ..॥

0

ਬਾਣੀ ਗੁਰੂ ਗੁਰੂ ਹੈ ਬਾਣੀ..॥

ਪ੍ਰਿੰਸੀਪਲ ਹਰਭਜਨ ਸਿੰਘ ਜੀ

ਸਮੁੱਚੀ ਵਿਸ਼ਵ ਵਿਚਾਰਧਾਰਾ ਵਿੱਚੋਂ ਸ਼ਬਦ-ਗੁਰੂ ਦਾ ਵਿਚਾਰ; ਮੌਲਿਕ, ਵਿਲੱਖਣ ਅਤੇ ਮਹੱਤਵਪੂਰਨ ਵਿਚਾਰ ਹੈ। ਉਂਜ ਸ਼ਬਦ ਦਾ ਵਿਚਾਰ ਪਹਿਲੇ ਧਰਮ ਗ੍ਰੰਥਾਂ ਵਿੱਚ ਵੀ ਵਿਦਮਾਨ ਹੈ। ਵੇਦਾਂ ਵਿੱਚ ਸ਼ਬਦ; ਮੰਤਰ ਦੇ ਰੂਪ ਵਿੱਚ ਵਰਤਿਆ ਗਿਆ ਹੈ। ਇਹ ਮੰਤਰ ਸੁਆਰਥ ਸਿੱਧੀ ਜਾਂ ਦੇਵਤਿਆਂ ਨੂੰ ਖ਼ੁਸ਼ ਕਰਨ ਲਈ ਵਰਤੇ ਜਾਂਦੇ ਸਨ। ਗੁਰੂ ਅਰਜਨ ਦੇਵ ਜੀ ਨੇ ਪ੍ਰਚਲਿਤ ਮੰਤਰਾਂ ਤੋਂ ਵੱਖਰੀ ਗੁਰਮਤਿ ਵਾਲ਼ੀ ਦ੍ਰਿਸ਼ਟੀ ਨੂੰ ਇਸ ਤਰ੍ਹਾਂ ਪ੍ਰਗਟ ਕੀਤਾ ਹੈ ‘‘ਕਿਨਹੀ ਤੰਤ ਮੰਤ ਬਹੁ ਖੇਵਾ (ਚਲਾਏ ਹਨ)  ਮੋਹਿ ਦੀਨ; ਹਰਿ ਹਰਿ ਹਰਿ ਸੇਵਾ (ਮਹਲਾ /੯੧੩)

ਸ਼ਬਦ-ਗੁਰੂ; ਪਰੰਪਰਾਗਤ ਸ਼ਬਦ ਤੋਂ ਨਿਆਰਾ ਹੈ। ਭਾਈ ਗੁਰਦਾਸ ਜੀ ਨੇ ਸਪਸ਼ਟ ਤੌਰ ’ਤੇ ਲਿਖਿਆ ਹੈ ‘‘ਵੇਦ ਕਤੇਬਹੁ ਬਾਹਰਾ; ਗੁਰ ਸਬਦੁ ਹਜੂਰਾ (ਭਾਈ ਗੁਰਦਾਸ ਜੀ/ਵਾਰ ੧੩ ਪਉੜੀ ੨੧), ਵੇਦ ਕਤੇਬਹੁ ਬਾਹਰਾ; ਅਨਹਦ ਸਬਦੁ ਅਗੰਮ ਅਲਾਪੈ (ਭਾਈ ਗੁਰਦਾਸ ਜੀ/ਵਾਰ ੨੩ ਪਉੜੀ ੧੯)

ਸ਼ਬਦ ਦਾ ਜੋਗ ਮਤ ਨਾਲ ਵੀ ਬੜਾ ਡੂੰਘਾ ਸੰਬੰਧ ਹੈ, ਪਰ ਗੁਰਮਤਿ ਦੇ ਸ਼ਬਦ ਦਾ ਜੋਗ ਮੱਤ ਦੇ ਸ਼ਬਦ ਸੰਕਲਪ ਨਾਲੋਂ ਅੰਤਰ ਹੈ। ਜੋਗੀ ਚਿੱਤ ਬਿਰਤੀਆਂ ਨੂੰ ਰੋਕ ਕੇ ਸਮਾਧੀ ਲਗਾਉਂਦਾ ਹੋਇਆ ਪ੍ਰਾਣਾਯਾਮ ਦੁਆਰਾ ਸੁਆਸਾਂ ਦਾ ਨਾੜੀਆਂ ਨਾਲ ਟਕਰਾਉ ਕਰਕੇ ਫਿਰ ਭੇਰੀ, ਢੋਲਕੀ ਅਤੇ ਵੀਣਾ ਆਦਿ ਵਰਗੀਆਂ ਅਵਾਜ਼ਾਂ ਸੁਣਦਾ ਹੈ। ਗੁਰਮਤਿ ਦਾ ਅਨਹਦ ਸ਼ਬਦ ਸੁਆਸਾਂ ਦੀ ਸਰੀਰਕ ਕ੍ਰਿਆ ਰਾਹੀਂ ਨਹੀਂ ਪੈਦਾ ਹੁੰਦਾ। ਇਹ ਤਾਂ ਅਜਿਹਾ ਸੂਖਮ ਅਤੇ ਪਰਮ ਅਨੰਦੀ ਸ਼ਬਦ ਹੈ, ਜੋ ਬਾਣੀ ਦੁਆਰਾ ਪ੍ਰਭੂ ਚਰਨਾਂ ਨਾਲ ਸੁਰਤੀ ਜੁੜਣ ’ਤੇ ਅਨੁਭਵ ਰੂਪ ’ਚ ਸੁਣਾਈ ਦੇਂਦਾ ਹੈ।  ਗੁਰਸਿੱਖ; ਗੁਰਬਾਣੀ ਵਿੱਚ ਲਿਵ ਲਾ ਕੇ ਅਨਹਦੀ ਸ਼ਬਦ ਵਾਲ਼ਾ ਇਹ ਅਨੰਦ ਸੁਭਾਵਕ ਹੀ ਮਾਣ ਸਕਦਾ ਹੈ। ਸਿਰੀਰਾਗ ਅੰਦਰ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਹਨ ‘‘ਅਨਹਦ ਸਬਦਿ ਸੁਹਾਵਣੇ; ਪਾਈਐ ਗੁਰ ਵੀਚਾਰਿ (ਮਹਲਾ /੨੧), ਅਨਹਦ ਬਾਣੀ ਪਾਈਐ; ਤਹ ਹਉਮੈ ਹੋਇ ਬਿਨਾਸੁ ’’ (ਮਹਲਾ /੨੧)

ਸ਼ਬਦ (ਭਾਵ ਗੁਰਬਾਣੀ) ਬ੍ਰਹਮ ਰੂਪ ਹੀ ਹੈ, ਜੋ ਗੁਰੂ ਰੂਪ ਹੋ ਕੇ ਅਗਵਾਈ ਕਰਦਾ ਹੈ।  ਸਰੀਰ ਸਾਡੀ ਅਗਵਾਈ ਨਹੀਂ ਕਰਦਾ। ਇਸ ਸ਼ਬਦ ਉੱਤੇ ਦੇਸ਼ ਅਤੇ ਕਾਲ ਦਾ ਕੋਈ ਪ੍ਰਭਾਵ ਨਹੀਂ। ਦੂਰ-ਦੁਰਾਡੇ ਬੈਠਿਆਂ ਸ਼ਬਦ ਹੀ ਚਾਨਣ ਮੁਨਾਰੇ ਦਾ ਕੰਮ ਕਰਦਾ ਹੈ ਅਤੇ ਕੁਰਾਹੇ ਪੈਣ ਦੇ ਨੁਕਸਾਨ ਤੋਂ ਬਚਾਅ ਲੈਂਦਾ ਹੈ। ਗੁਰੂ ਸਰੀਰ ਨਹੀਂ; ਗੁਰੂ, ਸ਼ਬਦ ਭਾਵ ਬਾਣੀ ਹੈ। ਗੁਰੂ ਅਮਰਦਾਸ ਜੀ ਨੇ ਸਰੀਰ ’ਤੇ ਸ਼ਬਦ ਦੇ ਪ੍ਰਭਾਵ ਦੇ ਅੰਤਰ ਨੂੰ ਬਾਣੀ ਰਾਹੀਂ ਸਪਸ਼ਟ ਕੀਤਾ ਹੈ ‘‘ਸਤਿਗੁਰ ਨੋ ਸਭੁ ਕੋ ਵੇਖਦਾ; ਜੇਤਾ ਜਗਤੁ ਸੰਸਾਰੁ   ਡਿਠੈ ਮੁਕਤਿ ਹੋਵਈ; ਜਿਚਰੁ ਸਬਦਿ ਕਰੇ ਵੀਚਾਰੁ ’’ (ਮਹਲਾ /੫੯੪)

ਗੁਰੂ ਸਾਹਿਬਾਨ ਅਨੁਸਾਰ ਸ਼ਬਦ ਬ੍ਰਹਮ ਹੈ, ਧੁਰ ਕੀ ਬਾਣੀ ਹੈ, ਜਿਸ ਦਾ ਪ੍ਰਕਾਸ਼ ਉਨ੍ਹਾਂ ਨੂੰ ਪ੍ਰਗਟ ਹੋਇਆ। ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅਤੇ ਸ਼ਬਦ-ਗੁਰੂ ਦੀ ਮਹਾਨਤਾ ਅਤੇ ਲੋੜ ਬਾਰੇ ਆਪਣੀ ਬਾਣੀ ’ਚ ਬਹੁਤ ਜ਼ੋਰ ਦਿੱਤਾ ਹੈ। ਗੁਰੂ ਨਾਨਕ ਸਾਹਿਬ ਦਾ ਗੁਰੂ ਕੌਣ ਸੀ ? ਇਸ ਦਾ ਜਵਾਬ ਅਤੇ ਸਪਸ਼ਟੀਕਰਨ ਉਨ੍ਹਾਂ ਦੀ ਆਪਣੀ ਬਾਣੀ ’ਚੋਂ ਹੀ ਹੋ ਜਾਂਦਾ ਹੈ। ਆਪ ਜੀ ਫ਼ੁਰਮਾਨ ਕਰਦੇ ਹਨ ‘‘ਅਪਰੰਪਰ ਪਾਰਬ੍ਰਹਮੁ ਪਰਮੇਸਰੁ; ਨਾਨਕ  ! ਗੁਰੁ ਮਿਲਿਆ ਸੋਈ ਜੀਉ ’’ (ਮਹਲਾ /੫੯੯)

ਇਹ ਗੁਰੂ ਸੂਖਮ ਮੂਰਤਿ ਸ਼ਬਦ ਭਾਵ ਗੁਰਬਾਣੀ ਰੂਪ ਹੀ ਹੈ, ਜਿਸ ਅੰਦਰ ਉਨ੍ਹਾਂ ਦੀ ਸੁਰਤ ਜੁੜੀ ਰਹਿੰਦੀ ਹੈ। ਗੁਰੂ ਨਾਨਕ ਜੀ ਦੇ ਹੀ ਬਚਨ ਹਨ ‘‘ਸਤਿਗੁਰ ਸਬਦਿ ਰਹਹਿ ਰੰਗਿ ਰਾਤਾ; ਤਜਿ ਮਾਇਆ ਹਉਮੈ ਭ੍ਰਾਤਾ ਹੇ ’’ (ਮਹਲਾ /੧੦੩੧)

ਜਨਮ ਸਾਖੀ ਲੇਖਕਾਂ ਨੇ ਵੀ ਗੁਰੂ ਨਾਨਕ ਸਾਹਿਬ ਜੀ ਦੇ ਇੱਕ ਅਕਾਲ ਪੁਰਖ ਗੁਰੂ ਹੋਣ ਬਾਰੇ ਵਿਚਾਰ ਵਜੋਂ ਵਿਆਖਿਆ ਕੀਤੀ ਹੈ। ਜਨਮ ਸਾਖੀ ਅਨੁਸਾਰ ਗੋਪੀ ਚੰਦ ਦੇ ਸਵਾਲ ਦੇ ਜਵਾਬ ਵਿੱਚ ਗੁਰੂ ਨਾਨਕ ਸਾਹਿਬ ਜੀ ਇਸ ਤਰ੍ਹਾਂ ਕਹਿੰਦੇ ਹਨ ਏਕੰਕਾਰ ਗੁਰੂ ਸਿਰ ਮੇਰੇ ਕਹੇ ਨਾਨਕ ਸੁਣ ਗੋਪੀ ਚੰਦਾ, ਦਰਸਮਾਨ ਕੀਏ ਸਭ ਚੇਰੇ ਇੱਕ ਸਾਖੀ ਵਿੱਚ ਇਸ ਤਰਾਂ ਵੀ ਲਿਖਿਆ ਮਿਲਦਾ ਹੈ ਗੁਰੂ ਨਾਨਕ ਜੀ ਕਹਿਆ ! ਹਮਾਰਾ ਇਸ਼ਟ ਏਕੰਕਾਰ ਹੈ, ਸੱਚ ਮੰਤ੍ਰ ਹੈ, ਉਸ ਸੇ ਹਮਾਰਾ ਨਿਸਤਾਰਾ ਹੋਵੇਗਾ ਉਸਤਾਦ ਸਾਡਾ ਪੂਰਾ ਸਤਿਗੁਰੂ ਹੈ, ਜੋ ਆਦਿ ਅੰਤ ਬਚਨਾ ਕਾ ਸੂਰਬੀਰ ਹੈ

ਗੁਰੂ ਅਰਜਨ ਦੇਵ ਜੀ ਵੀ ਪਾਰਬ੍ਰਹਮ ਨੂੰ ਹੀ ਗੁਰੂ ਮੰਨਦੇ ਹੋਏ ਫ਼ੁਰਮਾਉਂਦੇ ਹਨ ‘‘ਸਫਲ ਮੂਰਤਿ ਗੁਰਦੇਉ ਸੁਆਮੀ; ਸਰਬ ਕਲਾ ਭਰਪੂਰੇ   ਨਾਨਕਗੁਰੁ ਪਾਰਬ੍ਰਹਮੁ ਪਰਮੇਸਰੁ; ਸਦਾ ਸਦਾ ਹਜੂਰੇ ’’ (ਮਹਲਾ /੮੦੨), ਸਤਿਗੁਰੂ ਜੀ ਦੇ ਸਰੀਰ ਰਹਿਤ ਹੋਣ ਬਾਰੇ ਆਪ ਜੀ ਦਾ ਫ਼ੁਰਮਾਨ ਹੈ ‘‘ਦੂਜਾ ਨਹੀ ਜਾਨੈ ਕੋਇ   ਸਤਗੁਰੁ ਨਿਰੰਜਨੁ ਸੋਇ   ਮਾਨੁਖ ਕਾ ਕਰਿ ਰੂਪੁ ਜਾਨੁ   ਮਿਲੀ ਨਿਮਾਨੇ ਮਾਨੁ ’’ (ਮਹਲਾ /੮੯੫)

ਪਾਰਬ੍ਰਹਮ ਅਕਾਲ ਪੁਰਖ ਗੁਰੂ ਨੇ ਗੁਰੂ ਨਾਨਕ ਸਾਹਿਬ ਉੱਤੇ ਸ਼ਬਦ ਰੂਪ ਵਿੱਚ ਜੋ ਬਖ਼ਸ਼ਸ਼ ਕੀਤੀ, ਉਸ ਦੀ ਰੌਸ਼ਨੀ ’ਚ ਅੰਮ੍ਰਿਤਮਈ ਵਚਨ ਉਚਾਰਨ ਕੀਤੇ ਅਤੇ ਉਹੀ ਸ਼ਬਦ ਮਾਰਗ ਉਨ੍ਹਾਂ ਨੇ ਆਪਣੇ ਸਿੱਖਾਂ ਨੂੰ ਦੱਸਿਆ। ਗੁਰੂ ਨਾਨਕ ਜੀ; ਮਾਰਗ ਦੱਸਣ ਵਾਲਾ ਗੁਰੂ ਅਤੇ ਪੀਰ; ਸ਼ਬਦ ਨੂੰ ਮੰਨਦੇ ਹਨ ‘‘ਸਬਦੁ ਗੁਰ ਪੀਰਾ, ਗਹਿਰ ਗੰਭੀਰਾ; ਬਿਨੁ ਸਬਦੈ ਜਗੁ ਬਉਰਾਨੰ ’’ (ਮਹਲਾ /੬੩੫)

ਜੋਗੀਆਂ ਦਾ ਵੀ ਗੁਰੂ ਨਾਨਕ ਸਾਹਿਬ ਜੀ ਨੂੰ ਮੁੱਖ ਪ੍ਰਸ਼ਨ ਇਹੋ ਸੀ ਕਿ ਉਨ੍ਹਾਂ ਦਾ ਗੁਰੂ ਕਿਹੜਾ ਹੈ ? ਗੁਰੂ ਜੀ ਨੇ ਇਸ ਪ੍ਰਸ਼ਨ ਦਾ ਜਵਾਬ ਇਸ ਤਰ੍ਹਾਂ ਦਿੱਤਾ ‘‘ਸਬਦੁ ਗੁਰੂ; ਸੁਰਤਿ ਧੁਨਿ ਚੇਲਾ ’’ (ਗੋਸਟਿ/ਮਹਲਾ /੯੪੩)

ਹਥਲੇ ਵਿਸ਼ੇ ਬਾਰੇ ਗੁਰੂ ਰਾਮਦਾਸ ਜੀ ਵੀ ਸਮਝਾ ਰਹੇ ਹਨ ਕਿ ਸ਼ਬਦ ਅਤੇ ਗੁਰੂ ਵਿੱਚ ਕੋਈ ਭੇਦ ਨਹੀਂ ਹੈ। ਪਾਰਬ੍ਰਹਮ ਨਾਲ ਇੱਕ ਸੁਰ ਹੋਏ ਗੁਰੂ ਨੂੰ ਇਸ ਸ਼ਬਦ ਜਾਂ ਬਾਣੀ ਦੀ ਪ੍ਰਾਪਤੀ ਹੁੰਦੀ ਹੈ। ਸ਼ਬਦ ਨਾਲ ਸੁਰਤਿ ਜੋੜਨ ’ਤੇ ਗੁਰੂ-ਬ੍ਰਹਮ ਪ੍ਰਤੱਖ ਹੋ ਜਾਂਦਾ ਹੈ। ਆਪ ਜੀ ਦਾ ਵਚਨ ਕੋਈ ਸੰਦੇਹ ਨਹੀਂ ਰਹਿਣ ਦਿੰਦਾ ‘‘ਬਾਣੀ ਗੁਰੂ, ਗੁਰੂ ਹੈ ਬਾਣੀ; ਵਿਚਿ ਬਾਣੀ ਅੰਮ੍ਰਿਤੁ, ਸਾਰੇ   ਗੁਰੁ, ਬਾਣੀ ਕਹੈ; ਸੇਵਕੁ ਜਨੁ ਮਾਨੈ; ਪਰਤਖਿ ਗੁਰੂ ਨਿਸਤਾਰੇ (ਮਹਲਾ /੯੮੨), ਸਤਿਗੁਰ ਬਚਨ, ਬਚਨ ਹੈ ਸਤਿਗੁਰ; ਪਾਧਰੁ ਮੁਕਤਿ ਜਨਾਵੈਗੋ ’’ (ਮਹਲਾ /੧੩੦੯)

ਗੁਰਮਤਿ ਦੇ ਸ਼੍ਰੋਮਣੀ ਵਿਆਖਿਆਕਾਰ ਭਾਈ ਗੁਰਦਾਸ ਜੀ ਨੇ ਸ਼ਬਦ-ਗੁਰੂ ਵੀਚਾਰ ਦੀ ਵਿਆਖਿਆ ਕਰਦਿਆਂ ਦ੍ਰਿੜ੍ਹ ਕਰਵਾਇਆ ਹੈ ਕਿ ‘‘ਗੁਰ ਦਰਸਨ ਗੁਰ ਸਬਦ ਹੈ; ਨਿਜ ਘਰਿ ਭਾਇ ਭਗਤਿ ਰਹਰਾਸੀ’’ (ਭਾਈ ਗੁਰਦਾਸ ਜੀ/ਵਾਰ ੩੯ ਪਉੜੀ ੧੭)

ਕਈ ਅਨਮਤੀਆਂ ਅਤੇ ਮਨਮਤੀਆਂ ਨੇ ਗੁਰਬਾਣੀ ਦੀਆਂ ਇਨ੍ਹਾਂ ਪਾਵਨ ਪੰਕਤੀਆਂ ‘‘ਗੁਰ ਕੀ ਮੂਰਤਿ; ਮਨ ਮਹਿ ਧਿਆਨੁ (ਮਹਲਾ /੮੬੪), ਸਤਿਗੁਰ ਕੀ ਮੂਰਤਿ; ਹਿਰਦੈ ਵਸਾਏ ’’ (ਮਹਲਾ /੬੬੧) ਨੂੰ ਆਧਾਰ ਬਣਾ ਕੇ ਗ਼ਲਤ ਪ੍ਰਚਾਰ ਕੀਤਾ ਕਿ ਗੁਰੂ ਸਾਹਿਬਾਨ ਨੇ ਆਪ ਹੀ ਗੁਰੂ ਦੀ ਮੂਰਤੀ ਜਾਂ ਸਰੀਰ ਧਾਰੀ ਹੋਣ ਦਾ ਆਦੇਸ਼ ਦਿੱਤਾ ਹੈ। ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਸਪਸ਼ਟ ਕੀਤਾ ਹੈ ਕਿ ਗੁਰੂ ਦੀ ਮੂਰਤਿ ਗੁਰੂ ਦਾ ਸ਼ਬਦ (ਬਾਣੀ) ਹੀ ਹੈ ‘‘ਗੁਰ ਮੂਰਤਿ ਗੁਰ ਸਬਦੁ ਹੈ; ਸਾਧ ਸੰਗਤਿ ਵਿਚਿ ਪਰਗਟੀ ਆਇਆ (ਭਾਈ ਗੁਰਦਾਸ ਜੀ/ਵਾਰ ੨੪ ਪਉੜੀ ੨੫), ਗੁਰ ਮੂਰਤਿ ਗੁਰ ਸਬਦੁ ਹੈ; ਸਾਧ ਸੰਗਤਿ ਸਮਸਰਿ ਪਰਵਾਣਾ (ਭਾਈ ਗੁਰਦਾਸ ਜੀ/ਵਾਰ ੩੨ ਪਉੜੀ ), ਗੁਰੁ ਮੂਰਤਿ ਗੁਰ ਸਬਦੁ ਸੁਣਿ; ਸਾਧ ਸੰਗਤਿ ਆਸਣੁ ਨਿਰੰਕਾਰੀ’’ (ਭਾਈ ਗੁਰਦਾਸ ਜੀ/ਵਾਰ ੧੧ ਪਉੜੀ )

ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗੁਰੂ ਦਾ ਸਰੂਪ ਹੀ ਹੈ। ਇੱਕ ਸਾਖੀ ਅਨੁਸਾਰ ਸਤਿਗੁਰੂ ਅਰਜਨ ਦੇਵ ਜੀ ਨੇ ਇਹ ਆਗਿਆ ਕੀਤੀ ਗੁਰੂ ਦਰਸ਼ ਜਿਹ ਦੇਖਨਾ ਸ਼੍ਰੀ ਗ੍ਰੰਥ ਦਰਸਾਇ ਬਾਤ ਕਰਨ ਗੁਰ ਸੋਂ ਚਹੈ, ਪੜੈ ਗ੍ਰੰਥ ਮਨ ਲਾਇ

ਸੰਸਾਰ ਅੰਦਰ ਵੱਖ-ਵੱਖ ਧਰਮਾਂ ਦੇ ਕਿਸੇ ਵੀ ਧਰਮ ਪੁਸਤਕ ਨੂੰ ਗੁਰਿਆਈ ਪ੍ਰਾਪਤ ਨਹੀਂ ਹੈ ਕਿਉਂਕਿ ਉਨ੍ਹਾਂ ਗ੍ਰੰਥਾਂ ਦੀ ਬਾਣੀ ਉਨ੍ਹਾਂ ਦੇ ਧਰਮ ਆਗੂਆਂ ਨੂੰ ਸਿੱਧੀ ਪ੍ਰਾਪਤ ਨਹੀਂ ਹੋਈ। ਕੋਈ ਨ ਕੋਈ ਵਸੀਲਾ ਹੋਰ ਬਣਿਆ ਹੈ, ਪਰ ਗੁਰੂ ਸ਼ਬਦ ਜਾਂ ਗੁਰਬਾਣੀ ਦਾ ਪ੍ਰਕਾਸ਼ ਗੁਰੂ ਸਾਹਿਬਾਨ ਨੂੰ ਸਿੱਧਾ ਹੋਇਆ ਹੈ, ਜੋ ਉਨ੍ਹਾਂ ਲਿਖਤੀ ਰੂਪ ਵਿੱਚ ਆਪ ਹੀ ਸੰਭਾਲਿਆ। ਇਉਂ ਨਿਰੋਲ ਸੱਚ ਵਿੱਚ ਮਿਲਾਵਟ ਨ ਹੋ ਸਕੀ। ਸੱਚ ਦਾ ਪ੍ਰਮਾਣਿਕ ਰੂਪ ਕਾਇਮ ਰਿਹਾ। ਇਸ ਸਚਾਈ ’ਤੇ ਗੁਰੂ ਸਾਹਿਬਾਨ;  ਆਪਣੇ ਬਚਨ ਰਾਹੀਂ ਮੋਹਰ ਲਾਉਂਦੇ ਹਨ ‘‘ਜੈਸੀ ਮੈ ਆਵੈ ਖਸਮ ਕੀ ਬਾਣੀ; ਤੈਸੜਾ ਕਰੀ ਗਿਆਨੁ, ਵੇ ਲਾਲੋ  ! (ਮਹਲਾ /੭੨੨), ਧੁਰ ਕੀ ਬਾਣੀ ਆਈ   ਤਿਨਿ, ਸਗਲੀ ਚਿੰਤ ਮਿਟਾਈ (ਮਹਲਾ /੬੨੮), ਹਉ ਆਪਹੁ ਬੋਲਿ ਜਾਣਦਾ; ਮੈ ਕਹਿਆ ਸਭੁ ਹੁਕਮਾਉ ਜੀਉ (ਮਹਲਾ /੭੬੩), ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ, ਗੁਰਸਿਖਹੁ  ! ਹਰਿ ਕਰਤਾ ਆਪਿ ਮੁਹਹੁ ਕਢਾਏ ’’ (ਮਹਲਾ /੩੦੮) ਆਦਿ। ਇਸ ਲਈ ਗੁਰਸਿੱਖ ਵਾਸਤੇ ਗੁਰ ਸ਼ਬਦ ਜਾਂ ਗੁਰਬਾਣੀ ਤੋਂ ਬਿਨਾਂ ਬਾਕੀ ਹੋਰ ਸਭ ਰਚਨਾ ਕੱਚੀ ਹੈ। ਗੁਰੂ ਸਾਹਿਬਾਨ ਦਾ ਹੁਕਮ ਹੈ ਕਿ ਅਜਿਹੀ ਬਾਣੀ ਨੂੰ ਕਹਿਣ ਵਾਲਾ, ਸੁਣਨ ਵਾਲਾ ਅਤੇ ਪ੍ਰਗਟਾਉਣ ਵਾਲਾ, ਸਭ ਕੱਚੇ ਹਨ। ਗੁਰੂ ਅਮਰਦਾਸ ਜੀ ਦੇ ਅਮਰ ਬੋਲ ਹਨ ‘‘ਸਤਿਗੁਰੂ ਬਿਨਾ; ਹੋਰ ਕਚੀ ਹੈ ਬਾਣੀ   ਬਾਣੀ ਕਚੀ ਸਤਿਗੁਰੂ ਬਾਝਹੁ; ਹੋਰ ਕਚੀ ਬਾਣੀ   ਕਹਦੇ ਕਚੇ; ਸੁਣਦੇ ਕਚੇ; ਕਚਂੀ ਆਖਿ ਵਖਾਣੀ   ਹਰਿ ਹਰਿ ਨਿਤ ਕਰਹਿ ਰਸਨਾ; ਕਹਿਆ ਕਛੂ ਜਾਣੀ   ਚਿਤੁ ਜਿਨ ਕਾ ਹਿਰਿ ਲਇਆ ਮਾਇਆ; ਬੋਲਨਿ ਪਏ ਰਵਾਣੀ   ਕਹੈ ਨਾਨਕੁ ਸਤਿਗੁਰੂ ਬਾਝਹੁ; ਹੋਰ ਕਚੀ ਬਾਣੀ ’’  (ਮਹਲਾ /੯੨੦)

ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਹੀ ਸਿੱਖ ਲਈ ਸੱਚੀ ਬਾਣੀ ਹੈ। ਇਸ ਦੀ ਵਿਚਾਰ ਕੀਤਿਆਂ ਬ੍ਰਹਮ ਨਾਲ ਇੱਕ-ਮਿੱਕ ਹੋਈਦਾ ਹੈ। ਗੁਰ ਉਪਦੇਸ਼ ਹਨ ‘‘ਸਾਚੀ ਬਾਣੀ ਸਿਉ ਧਰੇ ਪਿਆਰੁ   ਤਾ ਕੋ ਪਾਵੈ ਮੋਖ ਦੁਆਰੁ (ਮਹਲਾ /੬੬੧), ਸਚਾ ਸਬਦੁ ਵੀਚਾਰਿ ਸੇ; ਤੁਝ ਹੀ ਮਾਹਿ ਸਮਾਇਆ ’’ (ਮਹਲਾ /੧੨੯੦) ਇਸ ਬਾਣੀ ਦੇ ਕਮਾਈ ਕਰਨ ਬਾਬਤ ਗੁਰੂ ਸਾਹਿਬਾਨ ਇਸ ਤਰ੍ਹਾਂ ਫੁਰਮਾਉਂਦੇ ਹਨ ‘‘ਸਾਚੀ ਬਾਣੀ ਸੂਚਾ ਹੋਇ   ਗੁਣ ਤੇ ਨਾਮੁ ਪਰਾਪਤਿ ਹੋਇ ’’ (ਮਹਲਾ /੩੬੧)

ਗੁਰੂ ਅਮਰਦਾਸ ਜੀ ਸੱਚੀ ਬਾਣੀ ਦਾ ਹੀ ਕੀਰਤਨ ਕਰਨ ਲਈ ਪ੍ਰੇਰਨਾ ਕਰਦੇ ਹਨ ‘‘ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ! ਗਾਵਹੁ ਸਚੀ ਬਾਣੀ   ਬਾਣੀ ਗਾਵਹੁ ਗੁਰੂ ਕੇਰੀ; ਬਾਣੀਆ ਸਿਰਿ ਬਾਣੀ ’’ (ਮਹਲਾ /੯੨੦) ਇਸੇ ਲਈ ਗੁਰੂ ਕੀ ਬਾਣੀ ਸਿੱਖ ਦਾ ਜੀਵਨ ਹੈ, ਪ੍ਰਾਣ ਹਨ। ਗੁਰਬਾਣੀ ਵਿੱਚ ਸੁਰਤਿ ਜੋੜ ਕੇ ਸਿੱਖ ਆਤਮਕ ਸ਼ਕਤੀ ਅਤੇ ਅਨੰਦ ਪ੍ਰਾਪਤ ਕਰਦਾ ਹੈ। ਉਹ ਸ਼ਾਤੀ ਜਿਸ ਨੇ ਉਸ ਨੂੰ ਅਨੇਕਾਂ ਮੁਸ਼ਕਲਾਂ ਵਿੱਚ ਵੀ ਅਡੋਲ ਰੱਖਣਾ ਅਤੇ ਜ਼ੁਲਮ ਦੀਆਂ ਜੜ੍ਹਾਂ ਉਖੇੜਨ ਦੇ ਯੋਗ ਬਣਾਉਣਾ ਹੈ। ਗੁਰੂ ਕੀ ਬਾਣੀ ਸਿੱਖ ਲਈ ਉਸ ਦੀ ਜਾਨ ਤੋਂ ਵੀ ਪਿਆਰੀ ਹੈ ਕਿਉਂਕਿ ਸਿੱਖ; ਗੁਰੂ ਕੇ ਬਚਨਾਂ ਨੂੰ ਕੇਵਲ ਪੜ੍ਹਦਾ ਹੀ ਨਹੀਂ ਸਗੋਂ ਉਨ੍ਹਾਂ ’ਤੇ ਅਮਲ ਵੀ ਕਰਦਾ ਹੈ; ਜਿਵੇਂ ਕਿ ਗੁਰੂ ਰਾਮਦਾਸ ਜੀ ਦੇ ਬਚਨ ਹਨ ‘‘ਬਾਣੀ ਗੁਰੂ, ਗੁਰੂ ਹੈ ਬਾਣੀ; ਵਿਚਿ ਬਾਣੀ ਅੰਮ੍ਰਿਤੁ, ਸਾਰੇ   ਗੁਰੁ, ਬਾਣੀ ਕਹੈ; ਸੇਵਕੁ ਜਨੁ ਮਾਨੈ; ਪਰਤਖਿ ਗੁਰੂ ਨਿਸਤਾਰੇ ’’ (ਮਹਲਾ /੯੮੨)

ਨਵਾਬ ਕਪੂਰ ਸਿੰਘ ਜੀ

0

ਨਵਾਬ ਕਪੂਰ ਸਿੰਘ ਜੀ

ਰਣਜੀਤ ਸਿੰਘ ਲੁਧਿਆਣਾ

ਨਾਦਰਸ਼ਾਹ ਲਹੌਰ ਤੋਂ ਦਿੱਲੀ ਨੂੰ ਲੁੱਟਣ ਦੀ ਨੀਯਤ ਨਾਲ ਸੰਨ 1738 ਦੇ ਅਖੀਰ ਵਿੱਚ ਆਪਣੀ 12000 ਫੌਜ ਲੈ ਕੇ ਚੱਲਿਆ। ਉਸ ਸਮੇਂ ਦਿੱਲੀ ਦੇ ਤਖ਼ਤ ’ਤੇ ਮੁਹੰਮਦਸ਼ਾਹ ਰੰਗੀਲਾ ਰਾਜ ਕਰ ਰਿਹਾ ਸੀ। ਉਹ ਵੀ ਆਪਣੀ ਇੱਕ ਲੱਖ ਵੀਹ ਹਜਾਰ ਫੌਜ ਲੈ ਕੇ ਦਿੱਲੀ ਤੋਂ ਕਰਨਾਲ ਪਹੁੰਚਿਆ ਤਾਂ ਜੋ ਨਾਦਰ ਸ਼ਾਹ ਦੀ ਫੌਜ ਨੂੰ ਠੱਲ ਪਾਈ ਜਾ ਸਕੇ। ਮੁਹੰਮਦਸ਼ਾਹ ਦੀਆਂ ਫੌਜਾਂ ਬੁਰੀ ਤਰ੍ਹਾਂ ਹਾਰ ਗਈਆਂ। ਉਸ ਨੇ ਮੁਹੰਮਦ ਸ਼ਾਹ ਤੋਂ 25 ਕਰੋੜ ਰੁਪਏ ਲੜਾਈ ਦਾ ਖਰਚਾ ਮੰਗਿਆ। ਮੁਹੰਮਦਸ਼ਾਦ ਉਸ ਨੂੰ ਦਿੱਲੀ ਲੈ ਆਇਆ ਤੇ ਖਜਾਨੇ ਦਾ ਮੂੰਹ ਖੋਲ੍ਹ ਦਿੱਤਾ। ਲੁੱਟ ਤੋਂ ਇਲਾਵਾ ਨਾਦਰਸ਼ਾਹ ਨੇ ਦਿੱਲੀ ਵਿੱਚ ਕਤਲੇਆਮ ਸ਼ੁਰੂ ਕਰ ਦਿੱਤੀ ਤੇ ਲੱਗਭੱਗ ਇੱਕ ਲੱਖ ਵੀਹ ਹਜਾਰ ਬੱਚੇ ਇਸਤ੍ਰੀਆਂ ਤੇ ਪੁਰਸ਼ਾਂ ਨੂੰ ਕਤਲ ਕਰ ਦਿੱਤਾ।

ਦਿੱਲੀ ਤੋਂ ਲੁੱਟ ਦਾ ਸਮਾਨ ਅਤੇ ਦੋ ਹਜ਼ਾਰ ਨੌਜਵਾਨ ਲੜਕੀਆਂ ਲੈ ਕੇ ਜਦੋਂ ਨਾਦਰਸ਼ਾਹ ਵਾਪਸ ਜਾ ਰਿਹਾ ਸੀ ਤਾਂ ਚਨਾਬ ਦੇ ਕੰਢੇ ਅਖਨੂਰ ਵਿਖੇ ਇੱਕ ਬਹਾਦਰ ਸੂਰਮੇ ਦੀ ਅਗਵਾਈ ਹੇਠ ਸਿੰਘਾਂ ਦੀ ਫੌਜ ਨੇ ਨਾਦਰਸ਼ਾਹ ’ਤੇ ਹਮਲਾ ਕਰਕੇ ਉਸ ਦਾ ਜਿੱਥੇ ਭਾਰ ਹੌਲਾ ਕੀਤਾ ਉੱਥੇ ਨੌਜਵਾਨ ਲੜਕੀਆਂ ਨੂੰ ਛੁਡਵਾ ਕੇ ਉਨ੍ਹਾਂ ਦੇ ਘਰੋਂ ਘਰੀ ਪਹੁੰਚਾਇਆ। ਇਹ ਬਹਾਦਰ ਸੂਰਮਾ ਹੋਰ ਕੋਈ ਨਹੀਂ ਸੀ ਉਹ ਸੀ ‘ਨਵਾਬ ਕਪੂਰ ਸਿੰਘ’।

ਨਵਾਬ ਸ੍ਰ: ਕਪੂਰ ਸਿੰਘ ਜੀ ਅਠਾਰਵੀਂ ਸਦੀ ਦੇ ਇੱਕ ਮਹਾਨ ਜੰਗੀ ਜਰਨੈਲ ਹੋਏ ਹਨ। ਉਹ ਕੇਵਲ ਜੰਗੀ ਜਰਨੈਲ ਹੀ ਨਹੀਂ ਸਨ ਸਗੋਂ ਸੰਗਤਾਂ ਦੀ ਤਨ, ਮਨ, ਧਨ ਨਾਲ ਸੇਵਾ ਕਰਨ ਲਈ ਹਰ ਵੇਲੇ ਤੱਤਪਰ ਰਹਿੰਦੇ ਸਨ। ਸੇਵਾ ਦੀ ਗੁੜ੍ਹਤੀ ਉਹਨਾਂ ਨੂੰ ਵਿਰਸੇ ਵਿੱਚ ਆਪਣੇ ਮਾਤਾ ਪਿਤਾ ਤੋਂ ਮਿਲੀ ਸੀ। ਜਦੋਂ ਆਪ ਸੱਤ ਸਾਲ ਦੀ ਉਮਰ ਦੇ ਸਨ ਤਾਂ ਇਕ ਦਿਨ ਆਪਣੀ ਮਾਤਾ ਨੂੰ ਪੁੱਛਣ ਲੱਗੇ ਕਿ ਮਾਂ ਜਦੋਂ ਤੇਰੇ ਕੋਲੋਂ ਪੁੱਛਦਾ ਹਾਂ ਪਿਤਾ ਜੀ ਕਿੱਥੋਂ ਆਏ ਹਨ ਤਾਂ ਤੇਰਾ ਇੱਕੋ ਹੀ ਜਵਾਬ ਹੁੰਦਾ ਹੈ ਕਿ ਸੇਵਾ ਕਰ ਕੇ ਆਏ ਹਨ। ਇਹ ਸੇਵਾ ਕੀ ਹੁੰਦੀ ਹੈ ? ਮੈਂ ਵੀ ਸੇਵਾ ਕਰਨੀ ਚਾਹੁੰਦਾ ਹਾਂ। ਧਾਰਮਕ ਬਿਰਤੀ ਨਾਲ ਭਰਪੂਰ ਮਾਂ ਨੇ ਕਿਹਾ ਪੁੱਤਰ ਸੇਵਾ ਕਰਨੀ ਬਹੁਤ ਮੁਸ਼ਕਲ ਹੁੰਦੀ ਹੈ। ਆਪਣਾ ਤਨ, ਮਨ ਗੁਰੂ ਨੂੰ ਅਰਪਣ ਕਰਨਾ ਪੈਂਦਾ ਹੈ। ਗੁਰੂ ਅਮਰਦਾਸ ਜੀ ਦਾ ਫ਼ੁਰਮਾਨ ਹੈ ‘‘ਸਤਗੁਰ ਕੀ ਸੇਵਾ ਗਾਖੜੀ; ਸਿਰੁ ਦੀਜੈ ਆਪੁ ਗਵਾਇ ’’ (ਮਹਲਾ /੨੭)

ਸੱਤ ਸਾਲ ਦੇ ਬੱਚੇ ਨੇ ਸੇਵਾ ਦੇ ਨਾਲ-ਨਾਲ ਸ਼ਸਤਰ ਵਿਦਿਆ ਦਾ ਅਭਿਆਸ ਵੀ ਸ਼ੁਰੂ ਕਰ ਦਿੱਤਾ। ਅਜੇ ਉਮਰ ਕੇਵਲ 11 ਸਾਲ ਦੀ ਸੀ ਕਿ ਸ਼ਸਤਰ ਵਿਦਿਆ ਦੇ ਦੌਰਾਨ ਇੱਕ ਸਹਿਪਾਠੀ ਕੋਲੋਂ ਇਸ ਦੇ ਸੱਜੇ ਮੋਢੇ ’ਤੇ ਬਹੁਤ ਡੂੰਘਾ ਜ਼ਖਮ ਲੱਗਾ। ਬਚਣ ਦੀ ਆਸ ਵੀ ਘੱਟ ਸੀ ਪਰ ਪ੍ਰਮਾਤਮਾ ਦੀ ਮਿਹਰ ਨਾਲ ਸਮਾਂ ਪਾ ਕੇ ਜ਼ਖਮ ਠੀਕ ਹੋ ਗਿਆ, ਪਰ ਬੱਚੇ ਦੇ ਇਰਾਦੇ ਵਿੱਚ ਕੋਈ ਤਬਦੀਲੀ ਨਾ ਆਈ।

ਇਸ ਬੱਚੇ ਦਾ ਜਨਮ ਸੰਨ 1697 ਈਸਵੀ ਨੂੰ ਚੌਧਰੀ ਦਲੀਪ ਸਿੰਘ ਦੇ ਘਰ ਪਿੰਡ ਕਾਲੋਕੇ ਪਰਗਨਾ ਸ਼ੇਖੂਪੁਰਾ ਵਿੱਚ ਹੋਇਆ। ਆਪ ਦੇ ਪਿਤਾ ਪਿੰਡ ਦੀ ਅਲੋਕੀ ਪੱਤੀ ਦੇ ਪੱਤੀਦਾਰ ਸਨ ਅਤੇ ਗੁਰੂ ਘਰ ਦੇ ਅਨਿਨ ਸੇਵਕ ਸਨ। ਪਿਤਾ ਜੀ ਆਪਣੇ ਬੇਟੇ ਕਪੂਰ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾ ਲਈ ਦਮਦਮਾ ਸਾਹਿਬ ਲਿਆਏ ਅਤੇ ਗੁਰੂ ਪਾਤਸ਼ਾਹ ਦੀ ਅਸੀਸ ਪ੍ਰਾਪਤ ਕੀਤੀ। ਮਾਤਾ ਪਿਤਾ ਬਾਅਦ ਵਿੱਚ ਪਿੰਡ ਫੈਜ਼ਲਪੁਰ ਵਿਖੇ ਆ ਵਸੇ। ਇਹ ਪਿੰਡ ਮੁਗਲ ਜਰਨੈਲ ਫੈਜ਼ਲ ਉਲਾ ਨੇ ਵਸਾਇਆ ਸੀ। ਜ਼ਕਰੀਆ ਖ਼ਾਨ ਦੀ ਭੈਣ ਉਸ ਨਾਲ ਵਿਆਹੀ ਹੋਈ ਸੀ। ਫੈਜ਼ਲ ਉਲਾ ਨੇ ਅਮਨ ਅਮਾਨ ਨਾਲ ਵਸਦੇ ਬਹੁਤ ਸਾਰੇ ਸਿੱਖਾਂ ਨੂੰ ਕਤਲ ਕਰ ਦਿੱਤਾ। ਸ੍ਰ : ਕਪੂਰ ਸਿੰਘ ਦਾ ਪਰਵਾਰ ਬਚ ਕੇ ਅੰਮ੍ਰਿਤਸਰ ਆ ਗਿਆ।

ਸੰਨ 1721 ਵਿੱਚ ਸ੍ਰ: ਕਪੂਰ ਸਿੰਘ ਜੀ ਨੇ ਭਾਈ ਮਨੀ ਸਿੰਘ ਦੇ ਜੱਥੇ ਪਾਸੋਂ ਅੰਮ੍ਰਿਤਸਰ ਵਿਖੇ ਅੰਮ੍ਰਿਤਪਾਨ ਕੀਤਾ। ਆਪ ਦੇ ਜੀਵਨ ਕਾਲ ਵਿੱਚ ਸਿੱਖਾਂ ਉੱਤੇ ਅੰਤਾਂ ਦਾ ਜ਼ੁਲਮ ਹੁੰਦਾ ਰਿਹਾ। ਸਿੰਘਾਂ ਦੀਆਂ ਖੋਪਰੀਆਂ ਉਤਾਰਨਾ, ਬੰਦ ਬੰਦ ਕੱਟਣੇ, ਚਰਖੜੀਆਂ ’ਤੇ ਚਾੜਨਾ, ਮੂੰਗਲੀਆਂ ਨਾਲ ਸਿਰ ਫੇਹਣੇ, ਹਾਥੀਆਂ ਦੇ ਪੈਰਾਂ ਨਾਲ ਬੰਨ੍ਹ ਕੇ ਸਰੀਰ ਨੂੰ ਦੁਫਾੜ ਕਰਨਾ, ਮਸੂਮ ਬੱਚਿਆਂ ਦੇ ਟੋਟੇ ਕਰਕੇ ਮਾਵਾਂ ਦੀਆਂ ਝੋਲ਼ੀਆਂ ਵਿੱਚ ਪਾਉਣੇ। ਅਜਿਹੇ ਮੁਸ਼ਕਲ ਸਮੇਂ ਵਿੱਚ ਆਪ ਨੇ ਕੌਮ ਨੂੰ ਸੁਚੱਜੀ ਅਗਵਾਈ ਦਿੱਤੀ। ਸੰਨ 1726 ਵਿੱਚ ਭਾਈ ਤਾਰਾ ਸਿੰਘ ‘ਵਾ’ ਦੀ ਸ਼ਹੀਦੀ ਨੇ ਖਾਲਸੇ ਦੇ ਭਵਿੱਖ ਦਾ ਪ੍ਰੋਗਰਾਮ ਉਲੀਕਿਆ। ਹਜ਼ਾਰਾਂ ਗੁਰਸਿੱਖ ਆਪਣੇ ਕੰਮ ਧੰਦੇ ਛੱਡ ਕੇ ਪੰਥਕ ਸੇਵਾ ਲਈ ਇਕੱਠੇ ਹੋ ਗਏ। ਇਸ ਸਮੇਂ ਸ੍ਰ : ਕਪੂਰ ਸਿੰਘ ਜੀ ਅੰਮ੍ਰਿਤਸਰ ਪਹੁੰਚ ਸ੍ਰ: ਦਰਬਾਰਾ ਸਿੰਘ ਦੇ ਜੱਥੇ ਵਿੱਚ ਸੇਵਾ ਲਈ ਸ਼ਾਮਲ ਹੋ ਗਏ।

ਸਾਰੇ ਹਾਲਾਤ ਉੱਤੇ ਵਿਚਾਰ ਕਰਨ ਲਈ ਅੰਮ੍ਰਿਤਸਰ ਵਿਖੇ ਖਾਲਸੇ ਦਾ ਇੱਕ ਇਤਿਹਾਸਕ ਇਕੱਠ ਹੋਇਆ। ਫੈਸਲਾ ਇਹ ਕੀਤਾ ਗਿਆ ਕਿ ਸਰਕਾਰੀ ਖਜ਼ਾਨੇ, ਹਥਿਆਰ ਤੇ ਸ਼ਾਹੀ ਘੋੜੇ ਆਦਿ ਲੁੱਟੇ ਜਾਣ ਤੇ ਸਰਕਾਰ ਦੇ ਜਬਰ ਦਾ ਮੁਕਾਬਲਾ ਕੀਤਾ ਜਾਵੇ। ਸ੍ਰ : ਕਪੂਰ ਸਿੰਘ ਦੀ ਯੋਗਤਾ ਨੂੰ ਵੇਖਦਿਆਂ ਹੋਇਆਂ ਸ੍ਰ: ਦਰਬਾਰਾ ਸਿੰਘ ਨੇ ਇੱਕ ਜੱਥਾ ਸ੍ਰ : ਕਪੂਰ ਸਿੰਘ ਦੀ ਜੱਥੇਦਾਰੀ ਵਿੱਚ ਤਿਆਰ ਕੀਤਾ, ਜਿਸ ਦਾ ਮੁੱਖ ਕੰਮ ਦੁਸ਼ਮਣਾਂ ਦੀਆਂ ਖਬਰਾਂ ਹੈਡ ਕਵਾਟਰ ਪਹੁੰਚਾਉਣ ਦਾ ਸੀ।

ਉਲੀਕੇ ਪ੍ਰੋਗਰਾਮ ਅਨੁਸਾਰ 400 ਸਿੰਘਾਂ ਨੇ ਰਲ਼ ਕੇ ਲਗਭਗ ਚਾਰ ਲੱਖ ਰੁਪਏ ਦਾ ਪਹਿਲਾ ਸ਼ਾਹੀ ਖ਼ਜਾਨਾ, ਜੋ ਮੁਲਤਾਨ ਤੋਂ ਲਾਹੌਰ ਜਾ ਰਿਹਾ ਸੀ, ਨੂੰ ਲੁੱਟਿਆ ਤੇ ਵੈਰੀਆਂ ਦੇ ਘੋੜੇ ਤੇ ਸ਼ਸਤਰ ਵੀ ਖੋਹ ਲਏ। ਦੂਜੀ ਵਾਰੀ ਲਾਹੌਰ ਤੋਂ ਨਸੂਰ ਜਾ ਰਿਹਾ ਇੱਕ ਲੱਖ ਰੁਪਏ ਦਾ ਸਰਕਾਰੀ ਖ਼ਜਾਨਾ ਲੁੱਟਿਆ। ਤੀਜੇ ਹਮਲੇ ਵਿੱਚ ਸਿੰਘਾਂ ਨੇ ਸੰਨ 1726 ਵਿੱਚ ਕਈ ਸੈਂਕੜੇ ਘੋੜੇ ਤੇ ਹਥਿਆਰਾਂ ਦਾ ਜਖੀਰਾ, ਜੋ ਕਾਬਲ ਤੋਂ ਦਿੱਲੀ ਜਾ ਰਿਹਾ ਸੀ, ਲੁੱਟਿਆ। ਇਹਨਾਂ ਲੁੱਟਾਂ ਦੇ ਦੌਰਾਨ ਇੱਕ ਵਾਰੀ ਗਲਤੀ ਨਾਲ ਸੇਠ ਪ੍ਰਤਾਪ ਚੰਦ ਦਾ ਲੱਖਾਂ ਰੁਪਿਆ ਦਾ ਮਾਲ, ਜੋ ਉਹ ਦਿੱਲੀ ਵੇਚਣ ਲਈ ਜਾ ਰਿਹਾ ਸੀ, ਲੁੱਟਿਆ ਗਿਆ। ਜਦੋਂ ਇਸ ਗੱਲ ਦਾ ਪਤਾ ਸ੍ਰ: ਦਰਬਾਰਾ ਸਿੰਘ, ਸ੍ਰ : ਕਪੂਰ ਸਿੰਘ ਤੇ ਸ੍ਰ: ਹਰੀ ਸਿੰਘ ਹਜੂਰੀਏ ਨੂੰ ਲੱਗਾ ਤਾਂ ਉਹਨਾਂ ਨੇ ਸਾਰਾ ਮਾਲ ਸੇਠ ਨੂੰ ਵਾਪਸ ਕਰਾ ਦਿੱਤਾ।

ਸਿੰਘਾਂ ਦੇ ਅਜਿਹੇ ਲੁੱਟ ਮਾਰ ਦੇ ਹਮਲਿਆਂ ਤੋਂ ਦੁਖੀ ਹੋ ਕੇ ਜ਼ਕਰੀਆ ਖ਼ਾਨ ਨੇ ਹੋਰ ਸਖਤੀ ਕਰ ਦਿੱਤੀ। ਸਿੱਖਾਂ ਦਾ ਕਤਲੇਆਮ ਹੋਣ ਲੱਗਾ। ਸਿੰਘਾਂ ਨੇ ਵੀ ਲੁੱਟਮਾਰ ਜਾਰੀ ਰੱਖੀ। ਅਖੀਰ ਤੰਗ ਆ ਕੇ ਜ਼ਕਰੀਆ ਖਾਨ ਨੇ ਸੰਨ 1733 ਵਿੱਚ ਦਿੱਲੀ ਦੇ ਬਾਦਸ਼ਾਹ ਅੱਗੇ ਸਾਰੇ ਹਾਲਾਤ ਬਿਆਨ ਕੀਤੇ ਅਤੇ ਕਿਹਾ ਕਿ ਕੋਈ ਹੋਰ ਚਾਲ ਚੱਲ ਕੇ ਜਾਂ ਸਿੱਖਾਂ ਨੂੰ ਲਾਲਚ ਦੇ ਕੇ ਆਪਸ ਵਿੱਚ ਲੜਾਇਆ ਜਾਵੇ। ਇਸ ਸਕੀਮ ਤਹਿਤ ਸਿੱਖਾਂ ਤੋਂ ਸਾਰੀਆਂ ਬੰਦਸ਼ਾਂ ਹਟਾ ਲਈਆਂ ਗਈਆਂ ਅਤੇ ਸ੍ਰ: ਸੁਬੇਗ ਸਿੰਘ ਦੇ ਰਾਹੀਂ ਖਾਲਸੇ ਨੂੰ ਨਵਾਬੀ ਤੋਂ ਇਲਾਵਾ ਇੱਕ ਲੱਖ ਰੁਪਏ ਦਾ ਪਰਗਨਾ ਦੀਪਾਲਪੁਰ, ਕੰਗਣਵਾਲ ਅਤੇ ਝਬਾਲ ਆਦਿ ਪਿੰਡਾਂ ਦੀ ਜਗੀਰ ਅਤੇ ਖਿੱਲਤ ਪੇਸ਼ ਕੀਤੀ। ਗੁਰਧਾਮਾਂ ਦੀ ਯਾਤਰਾ ਲਈ ਪਾਬੰਦੀ ਵੀ ਹਟਾ ਦਿੱਤੀ ਗਈ। ਸਾਰੀ ਵਿਚਾਰ ਕਰਨ ਉਪਰੰਤ ਖਾਲਸੇ ਨੇ ਇਸ ਨੂੰ ਪ੍ਰਵਾਨ ਕਰ ਲਿਆ, ਪਰ ਨਵਾਬੀ ਲੈਣ ਲਈ ਕੋਈ ਵੀ ਤਿਆਰ ਨਾ ਹੋਇਆ। ਅਖੀਰ ਪੰਜ ਪਿਆਰਿਆਂ ਨੇ ਹੁਕਮ ਜਾਰੀ ਕੀਤਾ ਕਿ ਨਵਾਬੀ ਸ੍ਰ : ਕਪੂਰ ਸਿੰਘ ਜੀ ਨੂੰ ਦਿੱਤੀ ਜਾਵੇ, ਜੋ ਉਸ ਵੇਲੇ ਸੰਗਤ ਵਿੱਚ ਪੱਖੇ ਦੀ ਸੇਵਾ ਕਰ ਰਹੇ ਸਨ।

ਸ੍ਰ: ਕਪੂਰ ਸਿੰਘ ਨੇ ਕਿਹਾ ਕਿ ਪੰਜਾਂ ਪਿਆਰਿਆਂ ਦੇ ਹੁਕਮ ਦੀ ਮੈਂ ਅਵੱਗਿਆ ਤਾਂ ਨਹੀਂ ਕਰ ਸਕਦਾ, ਪਰ ਇਹ ਨਵਾਬੀ ਪੰਜਾਂ ਪਿਆਰਿਆਂ ਦੇ ਚਰਨਾਂ ਨਾਲ ਛੁਹਾ ਕੇ ਬਖਸ਼ੀ ਜਾਵੇ ਅਤੇ ਮੇਰੇ ਕੋਲੋਂ ਘੋੜਿਆਂ ਦੀ ਲਿੱਦ ਦੀ ਸੇਵਾ ਤੇ ਸੰਗਤਾਂ ਵਿੱਚ ਪੱਖੇ ਦੀ ਸੇਵਾ ਨਾ ਖੋਹੀ ਜਾਵੇ। ਨਵਾਬੀ ਦੀ ਖਿਲਅਤ ਦੇ ਨਾਲ ਸ਼ਾਲ ਦੀ ਪੱਗ, ਇਕ ਜੜਾਊ ਕਲਗੀ, ਜਿਗ੍ਹਾ, ਸੁਨਿਹਰੀ ਕੰਗਨਾ ਦੀ ਜੋੜੀ, ਕੈਂਠਾ, ਇਕ ਬਹੁਮੁੱਲੇ ਮੋਤੀਆਂ ਦੀ ਮਾਲਾ, ਕੀਨਖਵਾਬ ਦਾ ਜਾਮਾ ਤੇ ਇੱਕ ਹੀਰੇ ਜੜੀ ਸ਼ਮਸ਼ੀਰ ਸੀ। ਸ੍ਰ: ਕਪੂਰ ਸਿੰਘ ਏਨੇ ਸੂਝਵਾਨ ਸਨ ਕਿ ਉਹ ਹਕੂਮਤ ਨਾਲ ਇਸ ਮੇਲ ਜੋਲ ਨੂੰ ਥੋੜ੍ਹ ਚਿਰਾ ਹੀ ਸਮਝਦੇ ਸਨ, ਪਰ ਨਾਲ ਇਹ ਵੀ ਕਹਿੰਦੇ ਸਨ ਕਿ ਜਿੰਨਾ ਸਮਾਂ ਮਿਲਿਆ ਹੈ ਉਹ ਬਹਮੁੱਲਾ ਸਮਝ ਕੇ ਪੂਰਾ ਪੂਰਾ ਲਾਭ ਉਠਾਇਆ ਜਾਵੇ। ਸਭ ਤੋਂ ਪਹਿਲਾਂ ਉਹਨਾਂ ਨੇ ਖਾਲਸੇ ਦਾ ਅੰਮ੍ਰਿਤਸਰ ਵਿਖੇ ਇਕੱਠ ਬੁਲਾਇਆ ਅਤੇ ਖਾਲਸੇ ਨੂੰ ਦੋ ਹਿੱਸਿਆਂ ਵਿੱਚ ਵੰਡਿਆ ‘ਬੁੱਢਾ ਦਲ’ ਤੇ ‘ਤਰੁਣਾ ਦਲ’। ਚਾਲੀ ਸਾਲ ਤੋਂ ਵੱਧ ਉਮਰ ਵਾਲੇ ਬੁੱਢਾ ਦਲ ਵਿੱਚ ਅਤੇ ਚਾਲੀ ਸਾਲ ਤੋਂ ਘੱਟ ਵਾਲੇ ਤਰੁਣਾ ਦਲ ਵਿੱਚ ਸ਼ਾਮਲ ਕੀਤੇ। ਬੁੱਢਾ ਦਲ ਦੇ ਜੁੰਮੇ ਗੁਰਧਾਮਾਂ ਦੀ ਦੇਖਭਾਲ, ਸਿੱਖ ਧਰਮ ਦਾ ਪ੍ਰਚਾਰ ਅਤੇ ਲੋੜ ਪੈਣ ਤੇ ਤਰੁਣਾ ਦਲ ਦੀ ਯੁੱਧ ਸਮੇਂ ਮਦਦ ਕਰਨਾ ਸੀ। ਤਰੁਣਾ ਦਲ ਦਾ ਮੁੱਖ ਕੰਮ ਬਾਹਰਲੇ ਹਮਲਾਵਾਰਾਂ ਦਾ ਮੁਕਾਬਲਾ ਕਰਨਾ, ਦੀਨ ਦੁਖੀਆਂ ਦੀ ਸਹਾਇਤਾ ਅਤੇ ਸਿੱਖ ਰਾਜ ਸਥਾਪਤ ਕਰਨਾ ਸੀ। ਦੋਹਾਂ ਦਲਾਂ ਲਈ ਇਹ ਵੀ ਨਿਯਮ ਸੀ ਕਿ ਜੋ ਵੀ ਮਾਇਆ ਆਵੇਗੀ ਉਹ ਸਾਂਝੇ ਖਜ਼ਾਨੇ ਵਿੱਚ ਜਮਾਂ ਹੋਵੇਗੀ ਅਤੇ ਦੋਹਾਂ ਜੱਥਿਆਂ ਦੀ ਹਥਿਆਰਾਂ, ਘੋੜਿਆਂ ਤੇ ਸ਼ਸਤਰਾਂ ਦੀ ਲੋੜ ਇਸ ਸਾਂਝੇ ਖਜ਼ਾਨੇ ਵਿੱਚੋਂ ਪੂਰੀ ਹੋਵੇਗੀ। ਲੰਗਰ ਵੀ ਦੋਹਾਂ ਦਲਾਂ ਦਾ ਸਾਂਝਾ ਬਣਦਾ ਸੀ।

ਜਦੋਂ ਤਰੁਨਾ ਦਲ ਦੀ ਗਿਣਤੀ 12000 ਤੋਂ ਵੀ ਵਧ ਗਈ ਤਾ ਸ੍ਰ: ਨਵਾਬ ਕਪੂਰ ਸਿੰਘ ਜੀ ਨੇ ਸਾਰੇ ਮੁਖੀਆਂ ਦੀ ਇਕੱਤਰਤਾ ਕਰਕੇ ਇਸ ਨੂੰ ਪੰਜ ਜੱਥਿਆਂ ਵਿੱਚ ਵੰਡ ਦਿੱਤਾ। ਇਹਨਾਂ ਦੇ ਮੁੱਖੀ ਸਨ – (1) ਬਾਬਾ ਦੀਪ ਸਿੰਘ (2) ਸ੍ਰ: ਕਰਮ ਸਿੰਘ ਤੇ ਸ੍ਰ: ਧਰਮ ਸਿੰਘ (3) ਬਾਬਾ ਕਾਹਨ ਸਿੰਘ ਤੇ ਬਿਨੋਦ ਸਿੰਘ (4) ਭਾਈ ਦਸੌਂਧਾ ਸਿੰਘ (5) ਭਾਈ ਵੀਰ ਸਿੰਘ ਤੇ ਜੀਵਨ ਸਿੰਘ। ਬਾਅਦ ਵਿੱਚ ਇਹਨਾਂ ਪੰਜਾਂ ਜੱਥਿਆਂ ਦੀਆਂ ਬਾਰ੍ਹਾਂ ਮਿਸਲਾਂ ਬਣਾਈਆਂ ਗਈਆਂ। ਇਸ ਸਮੇਂ ਦੌਰਾਨ ਹੀ ਨਵਾਬ ਕਪੂਰ ਸਿੰਘ ਜੀ ਨੂੰ ਮਾਤਾ ਸੁੰਦਰ ਕੌਰ ਜੀ ਦਾ ਹੁਕਮਨਾਮਾ ਪੁੱਜਾ ਕਿ ਸ੍ਰ: ਜੱਸਾ ਸਿੰਘ ਸਾਡਾ ਪੁੱਤਰ ਜਾਣ ਕੇ ਇਸ ਨੂੰ ਹਰ ਪੱਖੋਂ ਨਿਪੁੰਨ ਕਰ ਦਿਓ।

ਨਵਾਬੀ ਦੇ ਦੌਰਾਨ ਸ੍ਰ : ਕਪੂਰ ਸਿੰਘ ਜੀ ਨੇ ਖਾਲਸੇ ਦੀ ਖਿੰਡੀ ਹੋਈ ਤਾਕਤ ਨੂੰ ਇਕੱਠਾ ਕੀਤਾ। ਸਰਕਾਰ ਦੇ ਨਵਾਬੀ ਦੇਣ ਦੇ ਮਨਸੂਬੇ ਕਾਮਯਾਬ ਨਾ ਹੋਏ ਤਾਂ 1735 ਵਿੱਚ ਲਾਹੌਰ ਹਕੂਮਤ ਨੇ ਫੌਜ ਭੇਜ ਕੇ ਖਾਲਸੇ ਨੂੰ ਦਿੱਤੀ ਹੋਈ ਜਗੀਰ ’ਤੇ ਕਬਜ਼ਾ ਕਰ ਲਿਆ। ਸ੍ਰ : ਕਪੂਰ ਸਿੰਘ ਜੀ ਨੇ ਖਾਲਸੇ ਨੂੰ ਸੰਬੋਧਨ ਹੁੰਦੇ ਹੋਏ ਕਿਹਾ ਕਿ ਹੁਣ ਸਾਰਾ ਪੰਜਾਬ ਹੀ ਖਾਲਸੇ ਦੀ ਜਗੀਰ ਹੋਵੇਗਾ। ਜ਼ਕਰੀਆ ਖਾਨ ਨੇ ਸਿੱਖਾਂ ਦਾ ਖੁੁਰਾ ਖੋਜ ਮਿਟਾਉਣ ਲਈ ਸਾਰੇ ਇਲਾਕਿਆਂ ਵਿੱਚ ਗਸ਼ਤੀ ਫੌਜ ਭੇਜ ਦਿੱਤੀ। ਸਿੱਖਾਂ ਦੇ ਸਿਰਾਂ ’ਤੇ ਇਨਾਮ ਰੱਖ ਦਿੱਤੇ। ਇਹ ਸਮਾਂ ਏਨਾ ਭਿਆਨਕ ਸੀ ਕਿ ਕੁੱਝ ਸਮੇਂ ਲਈ ਸਿੱਖ ਪੰਜਾਬ ਛੱਡ ਕੇ ਜੰਗਲ਼ਾਂ, ਪਹਾੜਾਂ ਤੇ ਰੇਤਲੇ ਇਲਾਕੇ ਵਿੱਚ ਚਲੇ ਗਏ।

ਅਜਿਹੇ ਭਿਆਨਕ ਸਮੇਂ ਵਿੱਚ ਨਵਾਬ ਕਪੂਰ ਸਿੰਘ ਨੇ ਇੱਕ ਕੌਤਕ ਰਚਿਆ। ਉਹਨਾਂ ਨੇ 20 ਸੂਰਬੀਰ ਸਿੰਘ ਆਪਣੇ ਨਾਲ ਲਏ ਤੇ ਬੇਖੌਫ ਹੋ ਕੇ ਲਾਹੌਰ ਜਾ ਵੜੇ। ਜਿਸ ਨੇ ਵੀ ਰਾਹ ਰੋਕਿਆ ਉਸ ਨੂੰ ਪਾਰ ਬੁਲਾ ਦਿੱਤਾ। ਇਸ ਤਰ੍ਹਾਂ ਨਵਾਬ ਜੀ ਸਿੱਧਾ ਕੋਤਵਾਲੀ ਜਾ ਪਹੁੰਚੇ। ਸਾਰੇ ਹਥਿਆਰ ਕਬਜ਼ੇ ਵਿੱਚ ਕਰ ਲਏ ਤੇ ਕੋਤਵਾਲ ਨੂੰ ਹੁਕਮ ਦਿੱਤਾ ਕਿ ਸਾਰਾ ਖਜ਼ਾਨਾ ਸਿੰਘਾਂ ਦੇ ਹਵਾਲੇ ਕੀਤਾ ਜਾਵੇ ਤੇ ਕੈਦੀ ਰਿਹਾਅ ਕਰ ਦਿੱਤੇ ਜਾਣ। ਕੋਤਵਾਲ ਨੇ ਤੁਰੰਤ ਹੁਕਮ ਮੰਨਿਆ ਅਤੇ ਉਸ ਨੂੰ ਕਹਿ ਦਿੱਤਾ ਕਿ ਹਕੂਮਤ ਨੂੰ ਕਹਿ ਦੇਣਾ ਕਿ ਨਵਾਬ ਕਪੂਰ ਸਿੰਘ ਆਇਆ ਸੀ ਤੇ ਉਸ ਦੇ ਹੁਕਮ ਨਾਲ ਹੀ ਇਹ ਸਭ ਕੁੱਝ ਹੋਇਆ ਹੈ। ਸੰਨ 1736 ਵਿੱਚ ਨਵਾਬ ਕਪੂਰ ਸਿੰਘ ਦੀ ਅਗਵਾਈ ਵਿੱਚ ਖਾਲਸੇ ਨੇ ਸਰਹਿੰਦ ’ਤੇ ਹਮਲਾ ਕੀਤਾ। ਮੁਗਲ ਫੌਜ ਦੇ ਸਿਪਾਹੀ ਖਾਲਸੇ ਦੀ ਫੌਜ ਅੱਗੇ ਟਿੱਕ ਨਾ ਸਕੇ ਤੇ ਮੈਦਾਨ ਛੱਡ ਕੇ ਭੱਜ ਗਏ। ਖਾਲਸੇ ਨੇ ਸ਼ਾਹੀ ਖਜ਼ਾਨਾ ਲੁੱਟਿਆ ਤੇ ਗੁਰਦੁਆਰਿਆਂ ਦੀ ਉਸਾਰੀ ਕੀਤੀ।

ਸਰਹਿੰਦ ਦੇ ਹਮਲੇ ਤੋਂ ਜ਼ਕਰੀਆ ਖਾਨ ਘਬਰਾ ਗਿਆ। ਕਾਜ਼ੀ ਅਬਦੁਲ ਰਹਿਮਾਨ ਦੇ ਕਹਿਣ ਤੇ ਜ਼ਕਰੀਆ ਖਾਨ ਨੇ ਹਰਿਮੰਦਰ ਸਾਹਿਬ ’ਤੇ ਪਹਿਰਾ ਲਾ ਦਿੱਤਾ ਤਾਂ ਕਿ ਕੋਈ ਸਿੱਖ ਸਰੋਵਰ ਵਿੱਚ ਇਸ਼ਨਾਨ ਕਰਕੇ ਇੱਥੋਂ ਸ਼ਕਤੀ ਨਾ ਪ੍ਰਾਪਤ ਕਰ ਸਕੇ। ਇਸ ਦੇ ਜਵਾਬ ਵਿੱਚ ਨਵਾਬ ਕਪੂਰ ਸਿੰਘ ਨੂੰ ਕੁੱਝ ਚੋਣਵੇ ਸਿੱਖਾਂ ਨੇ ਹੁਕਮ ਕੀਤਾ ਕਿ ਭਾਂਵੇ ਸੀਸ ਚਲਾ ਜਾਵੇ ਪਰ ਅੰਮ੍ਰਿਤਸਰ ਸਰੋਵਰ ਵਿੱਚ ਇਸ਼ਨਾਨ ਜਰੂਰ ਕਰਨਾ ਹੈ। ਇਹਨਾਂ ਸੂਰਮਿਆਂ ਨੇ ਕੇਵਲ ਇਸ਼ਨਾਨ ਹੀ ਨਹੀਂ ਕੀਤਾ ਸਗੋਂ ਜੈਕਾਰੇ ਗਜਾਉਂਦੇ ਹੋਏ ਸੁਨੇਹਾ ਦੇ ਗਏ ਕਿ ਸਿੱਖ ਆਪਣੇ ਗੁਰਧਾਮਾਂ ’ਤੇ ਹਰ ਕੀਮਤ ਪਹੁੰਚ ਸਕਦੇ ਹਨ।

ਸੰਨ 1734 ਵਿੱਚ ਕੌਮ ਦੇ ਮਹਾਨ ਵਿਦਵਾਨ ਭਾਈ ਮਨੀ ਸਿੰਘ ਜੀ ਨੂੰ ਬੰਦ ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ। ਇਤਿਹਾਸ ਗਵਾਹ ਹੈ ਕਿ ਜਿੱਥੇ ਸਿੱਖ ਕੌਮ ਅੰਤਾਂ ਦੀ ਦਿਆਲੂ ਹੈ, ਉੱਥੇ ਹੈਂਕੜਬਾਜ਼ ਜ਼ਾਲਮਾਂ ਤੋਂ ਬਦਲੇ ਲਏ ਬਿਨਾਂ ਚੈਨ ਨਾਲ ਨਹੀਂ ਬੈਠਦੀ। ਸ੍ਰ : ਕਪੂਰ ਸਿੰਘ ਜੀ ਦੀ ਅਗਵਾਈ ਹੇਠ ਭਾਈ ਮਨੀ ਸਿੰਘ ਜੀ ਦੇ ਕਾਤਲ ਸਮੱਦ ਖਾਨ ਨੂੰ ਘੇਰ ਲਿਆ ਅਤੇ ਘੋੜਿਆਂ ਦੇ ਮਗਰ ਬੰਨ ਕੇ ਖ਼ੂਬ ਦੁੜਾਇਆ ਤੇ ਕੀਤੇ ਦੀ ਸਜ਼ਾ ਦਿੱਤੀ।

ਹੁਣ ਸਿੰਘਾਂ ਨੇ ਨਾਦਰਸ਼ਾਹ ਨੂੰ ਸੋਧਣ ਦਾ ਪ੍ਰੋਗਰਾਮ ਉਲੀਕਿਆ। ਇਸ ਨੇ ਸੰਨ 1738 ਵਿੱਚ ਦਿੱਲੀ ਵਿੱਚ ਲਗਭਗ ਇੱਕ ਲੱਖ ਵੀਹ ਹਜ਼ਾਰ ਬੱਚੇ, ਜਵਾਨ, ਬੁੱਢੇ ਅਤੇ ਔਰਤਾਂ ਨੂੰ ਕਤਲ ਕੀਤਾ ਸੀ। ਮੁਹੰਮਦ ਸ਼ਾਹ ਰੰਗੀਲੇ ਨੇ ਇਸ ਕੋਲੋਂ ਹਾਰ ਖਾ ਕੇ ਖਜ਼ਾਨੇ ਦਾ ਮੂੰਹ ਖੋਲ ਦਿੱਤਾ ਸੀ। ਸਾਰੇ ਨਾਦਰ ਸ਼ਾਹ ਕੋਲੋਂ ਥਰ ਥਰ ਕੰਬਦੇ ਸਨ। ਦਿੱਲੀ ਦੀ ਲੁੱਟ ਵਿੱਚ ਉਸ ਨੇ ਸੱਤਰ ਕਰੋੜ ਰੁਪਏ ਦਾ ਸੋਨਾ ਤੇ ਹੀਰੇ ਜਵਾਹਰਾਤ, 25 ਕਰੋੜ ਦਾ ਤਾਵਾਨ-ਜੰਗ, 1000 ਹਾਥੀ, 7000 ਘੋੜੇ, 1000 ਊਠ, 200 ਕਾਰੀਗਰ ਤਰਖਾਣ, 200 ਲੌਹਾਰ, 300 ਰਾਜ ਮਿਸਤਰੀ, 200 ਪੱਥਰ ਘਾੜੇ, 130 ਖੁਸ਼ਨਵੀਸ਼, 100 ਹੀਜੜੇ ਹਰਮਾਂ ਦੀ ਸੇਵਾ ਲਈ ਤੇ 2000 ਨੌਜਵਾਨ ਹਿੰਦੂ ਲੜਕੀਆਂ ਲੈ ਕੇ ਚੱਲ ਪਿਆ।

ਜਦੋਂ ਇਹ ਖਬਰ ਨਵਾਬ ਕਪੂਰ ਸਿੰਘ ਜੀ ਨੂੰ ਮਿਲੀ ਤਾਂ ਉਹਨਾਂ ਨੇ ਹਮਲਾ ਕਰਨ ਦਾ ਪ੍ਰੋਗਰਾਮ ਬਣਾਇਆ। ਜਦੋ ਨਾਦਰਸ਼ਾਹ ਨੇ ਚਨਾਬ ਦੇ ਕੰਢੇ ਅਖਨੂਰ ਵਿਖੇ ਮੁਕਾਮ ਕੀਤਾ ਤਾਂ ਸਿੰਘਾਂ ਨੇ ਹਮਲਾ ਕਰਕੇ ਕੈਦੀ ਇਸਤਰੀਆਂ ਛੁਡਾ ਕੇ ਘਰੋਂ ਘਰੀ ਪਹੁੰਚਾਈਆਂ ਤੇ ਲੁੱਟ ਦੇ ਮਾਲ ਦਾ ਭਾਰ ਵੀ ਹੌਲਾ ਕੀਤਾ।

ਨਾਦਰਸ਼ਾਹ ਲੋਹਾ ਲਾਖਾ ਹੋ ਕੇ ਜ਼ਕਰੀਆ ਖਾਨ ਨੂੰ ਕਹਿਣ ਲੱਗਾ ਕਿ ਇਹ ਸਿੱਖ ਕੌਣ ਹਨ ਤੇ ਕਿੱਥੇ ਰਹਿੰਦੇ ਹਨ। ਮੈਂ ਇਹਨਾਂ ਦੇ ਘਰ-ਘਾਟ ਉਜਾੜ ਦੇਵਾਂਗਾ। ਜ਼ਕਰੀਆ ਖਾਨ ਕਹਿਣ ਲੱਗਾ ਕਿ ਇਹਨਾਂ ਦੇ ਘਰ ਘੋੜਿਆਂ ਦੀਆਂ ਕਾਠੀਆਂ ’ਤੇ ਹੀ ਹਨ। ਜਦੋਂ ਨਾਦਰ ਨੇ ਸਿੰਘਾਂ ਬਾਰੇ ਹੋਰ ਜਾਣਕਾਰੀ ਲਈ ਤਾਂ ਹਉਕਾ ਲੈ ਕੇ ਕਹਿਣ ਲੱਗਾ ਕਿ ਜੇ ਇਹ ਸੱਚ ਹੈ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਹ ਮੁਲਕ ਦੇ ਬਾਦਸ਼ਾਹ ਬਣਨਗੇ।

ਅੰਮ੍ਰਿਤਸਰ ’ਤੇ ਪਹਿਰਾ ਅਜੇ ਵੀ ਜਾਰੀ ਸੀ। ਸਿੰਘਾਂ ਨੇ ਹਮਲਾ ਕਰਕੇ ਕਾਜ਼ੀ ਅਬਦੁਲ ਰਹਿਮਾਨ ਨੂੰ ਮਾਰ ਮੁਕਾਇਆ ਸੀ। ਇਸ ਤੋਂ ਬਾਅਦ ਮੱਸਾ ਰੰਘੜ 1738 ਤੋਂ 1740 ਤੱਕ ਅੰਮ੍ਰਿਤਸਰ ਦਾ ਕੋਤਵਾਲ ਰਿਹਾ। ਇਸ ਨੂੰ ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਨੇ ਦਿਨ ਦਿਹਾੜੇ ਕਤਲ ਕੀਤਾ। ਸੰਨ 1745 ਵਿੱਚ ਜ਼ਕਰੀਆ ਖਾਨ ਮਰ ਗਿਆ। ਸੰਨ 1747 ਦੇ ਅਖੀਰ ਵਿੱਚ ਸਲਾਬਤ ਖਾਨ ਅੰਮ੍ਰਿਤਸਰ ਦੀ ਸ਼ਾਹੀ ਫੌਜ ਦਾ ਹਾਕਮ ਬਣਿਆ। ਇਸ ਨੇ ਪਹਿਰਾ ਏਨਾ ਸਖ਼ਤ ਕਰ ਦਿੱਤਾ ਕਿ ਜਿਹੜਾ ਵੀ ਸਿੱਖ ਸਰੋਵਰ ਦੇ ਨੇੜੇ ਪਹੁੰਚਦਾ ਉਸ ਨੂੰ ਗੋਲੀ ਮਾਰ ਦਿੱਤੀ ਜਾਂਦੀ। ਨਵਾਬ ਕਪੂਰ ਸਿੰਘ ਨੇ ਇਸ ਨੂੰ ਸੋਧਣ ਲਈ ਤੇ ਅੰਮ੍ਰਿਤਸਰ ਨੂੰ ਅਜ਼ਾਦ ਕਰਾਉਣ ਲਈ ਦੋਹਾਂ ਦਲਾਂ ਨੂੰ ਇਕੱਠਾ ਕਰਕੇ ਫੈਸਲਾ ਲਿਆ। ਮਾਰਚ 1748 ਵਿੱਚ ਨਵਾਬ ਕਪੂਰ ਸਿੰਘ ਦੀ ਅਗਵਾਈ ਹੇਠ ਡਟ ਕੇ ਮੁਕਾਬਲਾ ਹੋਇਆ। ਸਲਾਬਤ ਖਾਨ, ਸ੍ਰ: ਜੱਸਾ ਸਿੰਘ ਆਹਲੂਵਾਲੀਏ ਦੇ ਇੱਕੋ ਵਾਰ ਨਾਲ ਟੋਟੇ ਹੋ ਗਿਆ। ਉਸ ਦਾ ਭਤੀਜਾ ਨਜ਼ਾਬਤ ਖਾਨ ਸ੍ਰ: ਜੱਸਾ ਸਿੰਘ ’ਤੇ ਵਾਰ ਕਰਨ ਲੱਗਾ ਸੀ ਕਿ ਨਵਾਬ ਕਪੂਰ ਸਿੰਘ ਦੇ ਇੱਕ ਤੀਰ ਨੇ ਹੀ ਇਸ ਨੂੰ ਪਾਰ ਬੁਲਾ ਦਿੱਤਾ। ਇਸ ਤਰ੍ਹਾਂ ਖਾਲਸੇ ਦਾ ਅੰਮ੍ਰਿਤਸਰ ’ਤੇ ਕਬਜਾ ਹੋ ਗਿਆ।

ਸੰਨ 1753 ਵਿੱਚ ਅੰਮ੍ਰਿਤਸਰ ਵਿਖੇ ਇੱਕ ਵੱਡਾ ਇਕੱਠ ਹੋਇਆ। ਸ੍ਰ : ਕਪੂਰ ਸਿੰਘ ਨੇ ਖਾਲਸੇ ਨੂੰ ਕਿਹਾ ਕਿ ਮੇਰਾ ਅੰਤਮ ਸਮਾਂ ਹੁਣ ਨੇੜੇ ਹੈ। ਆਪ ਨੇ ਇੱਕ ਮੁੱਠ ਹੋ ਕੇ ਰਹਿਣਾ। ਮੇਰੇ ਤੋਂ ਬਾਅਦ ਖਾਲਸਾ ਸ੍ਰ: ਜੱਸਾ ਸਿੰਘ ਆਹਲੂਵਾਲੀਆ ਦੀ ਜੱਥੇਦਾਰੀ ਹੇਠ ਹੀ ਅਗਵਾਈ ਲਵੇਗਾ। ਇਸ ਉਪਰੰਤ ਸ੍ਰ : ਕਪੂਰ ਸਿੰਘ ਨੇ ਕਲਗੀਧਰ ਦੇ ਗਾਤਰੇ ਦੀ ਸ੍ਰੀ ਸਾਹਿਬ ਜੋ ਆਪ ਨੂੰ ਮਾਤਾ ਸੁੰਦਰ ਕੌਰ ਜੀ ਤੋਂ ਪ੍ਰਾਪਤ ਹੋਈ ਸੀ, ਸ੍ਰ: ਜੱਸਾ ਸਿੰਘ ਆਹਲੂਵਾਲੀਆ ਨੂੰ ਸੌਂਪ ਦਿੱਤੀ। ਇਸ ਦੇ ਨਾਲ ਹੀ ਪੰਥ ਦੀ ਜੱਥੇਦਾਰੀ ਸੌਂਪ ਕੇ ਆਪ ਚੜ੍ਹਾਈ ਕਰ ਗਏ। ਆਪ ਜੀ ਦਾ ਸਸਕਾਰ ਬਾਬਾ ਅਟਲ ਜੀ ਦੇ ਗੁਰਦੁਆਰੇ ਕੋਲ ਕੀਤਾ ਗਿਆ।

ਗੋਕਲ ਚੰਦ ਨਾਰੰਗ ਨੇ ਲਿਖਿਆ ਹੈ ਕਿ ਨਵਾਬ ਕਪੂਰ ਸਿੰਘ ਦੀ ਬਹਾਦਰੀ ਦਾ ਸਿੱਕਾ ਅੰਮ੍ਰਿਤਸਰ ਤੋਂ ਦਿੱਲੀ ਤੱਕ ਮੰਨਿਆ ਜਾਂਦਾ ਸੀ। ਗਿਆਨ ਗਿਆਨ ਸਿੰਘ ਅਨੁਸਾਰ ਨਵਾਬ ਕਪੂਰ ਸਿੰਘ ਆਪਣੇ ਆਪ ਵਿੱਚ ਵੱਡੇ ਹੌਂਸਲੇ ਵਾਲਾ ਤੇ ਬਹਾਦਰ ਜਰਨੈਲ ਸੀ। ਉਹ ਜੰਗ ਦੇ ਮੈਦਾਨ ਵਿੱਚ ਮਸਤ ਹਾਥੀ ਦੀ ਤਰ੍ਹਾਂ ਆਪਣੀ ਜਾਨ ਦੀ ਪ੍ਰਵਾਹ ਨਹੀਂ ਸੀ ਕਰਦਾ। ਅਸਲ ਵਿੱਚ ਸਾਰੇ ਹੀ ਇਤਿਹਾਸਕਾਰ ਭਾਵੇਂ ਉਹ ਜਨੂੰਨੀ ਵੀ ਸਨ, ਨਵਾਬ ਕਪੂਰ ਸਿੰਘ ਦੀ ਸ਼ਖ਼ਸੀਅਤ ਤੋਂ ਪ੍ਰਭਾਵਤ ਹੋਏ ਬਿਨਾਂ ਨਹੀਂ ਰਹਿ ਸਕੇ। ਸਾਡੇ ਅੱਜ ਦੇ ਆਗੂਆਂ ਨੂੰ ਵੀ ਉਹਨਾਂ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ।

ਜਥੇਦਾਰ ਅਕਾਲ ਤਖ਼ਤ ਸਾਹਿਬ ਦਾ ਇੱਕ ਪਾਸੜ ਰੋਲ

0

ਜਥੇਦਾਰ ਅਕਾਲ ਤਖ਼ਤ ਸਾਹਿਬ ਦਾ ਇੱਕ ਪਾਸੜ ਰੋਲ

ਕਿਰਪਾਲ ਸਿੰਘ ਬਠਿੰਡਾ 88378-13661

ਬਹੁਤ ਲੰਬੇ ਸਮੇਂ ਤੋਂ ਬਾਅਦ ਪੰਥ ਦੇ ਮਸਲੇ ਵਿਚਾਰਨ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਪੰਥਕ ਜਥੇਬੰਦੀਆਂ ਦੀ ਇੱਕ ਮੀਟਿੰਗ 27 ਜੁਲਾਈ ਨੂੰ ਹੋਈ; ਜੋ ਇੱਕ ਸ਼ੁਭ ਸੰਕੇਤ ਹੋਣੀ ਚਾਹੀਦੀ ਸੀ ਪਰ ਜਿਵੇਂ ਕਿ ਸੱਤਾਧਾਰੀ ਧਿਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਆਪਣੇ ਸਿਆਸੀ ਹਿੱਤਾਂ ਲਈ ਵਰਤਦੀ ਆਈ ਹੈ, ਉਹੀ ਇਸ ਵਾਰ ਹੋਇਆ ਜਿਸ ਕਾਰਨ ਪੰਥਕ ਧਿਰਾਂ ਦੀ ਏਕਤਾ ਵੱਲ ਵਧਣ ਦੀ ਥਾਂ ਇਸ ਦਾ ਉਲਟਾ ਅਸਰ ਵਿਖਾਈ ਦੇਣਾ ਸ਼ੁਰੂ ਹੋ ਗਿਆ ਹੈ। ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਹੋਈ ਇਸ ਪਲੇਠੀ ਮੀਟਿੰਗ ਦੇ ਅਸਫਲ ਰਹਿਣ ਦੇ ਹੇਠ ਲਿਖੇ ਕਾਰਨ ਹਨ :

  1. ਪਹਿਲੀ ਘਾਟ ਤਾਂ ਮੀਟਿੰਗ ਲਈ ਸੱਦਾ ਦੇਣ ਵਿੱਚ ਹੀ ਵਿਖਾਈ ਦਿੱਤੀ ਕਿਉਂਕਿ ਸੱਦਾ ਕੇਵਲ ਇੱਕ ਧੜੇ ਦੀਆਂ ਸੰਸਥਾਵਾਂ ਨੂੰ ਦਿੱਤਾ ਗਿਆ। ਦੂਸਰੇ ਪੱਖ ਨੂੰ ਪੂਰੀ ਤਰ੍ਹਾਂ ਵਿਸਾਰੇ ਜਾਣ ਕਾਰਨ ਫੁੱਟ ਦੀਆਂ ਦੂਰੀਆਂ ਘਟਣ ਦੀ ਥਾਂ ਵਧਣ ਦਾ ਸੰਕੇਤ ਹੈ।
  2. ਜਿਹੜੇ ਸੱਦੇ ਵੀ ਗਏ ਉਨ੍ਹਾਂ ਵਿੱਚੋਂ ਵੀ ਕੁਝ ਸੁਹਿਰਦ ਸੱਜਣਾਂ ਨੇ ਚੰਗੇ ਸੁਝਾਉ ਵੀ ਦਿੱਤੇ ਪਰ ਉਨ੍ਹਾਂ ਨੂੰ ਪੂਰੀ ਤਰ੍ਹਾਂ ਵਿਸਾਰ ਦਿੱਤਾ ਗਿਆ। ਮਿਸਾਲ ਦੇ ਤੌਰ ’ਤੇ ਡਾ: ਹਰਸਿਮਰਨਜੀਤ ਸਿੰਘ ਨੇ ਸੁਝਾਉ ਦਿੱਤਾ ਕਿ ਕਿਸੇ ਵੀ ਸਮੱਸਿਆ ਦੇ ਪਹਿਲਾਂ ਕਾਰਨ ਲੱਭਣੇ ਪੈਣਗੇ, ਫਿਰ ਉਸ ਨੂੰ ਦੂਰ ਕਰਨ ਦੇ ਉਪਾਉ ਅਤੇ ਤੀਸਰੇ ਨੰਬਰ ’ਤੇ ਉਨ੍ਹਾਂ ਉਪਾਵਾਂ ਨੂੰ ਵਰਤਣ ਦਾ ਸਹੀ ਤਰੀਕਾ। ਦੂਸਰਾ ਸੁਝਾਉ ਸੀ ਕਿ ਜਦ ਤੱਕ ਸ਼੍ਰੀ ਅਕਾਲ ਤਖ਼ਤ ਸਾਹਿਬ ਕਿਸੇ ਸੰਸਥਾ ਦੇ ਅਧੀਨ ਰਹੇਗਾ ਤਦ ਤੱਕ ਇਹ ਸੁਤੰਤਰ ਰੂਪ ’ਚ ਨਹੀਂ ਆ ਸਕਦਾ ਅਤੇ ਜਦ ਤੱਕ ਇਹ ਸੁਤੰਤਰ ਨਹੀਂ ਤਦ ਤੱਕ ਇਹ ਸਮੁੱਚੇ ਪੰਥ ਨੂੰ ਸਹੀ ਸੇਧ ਦੇਣ ਦੇ ਸਮਰੱਥ ਨਹੀਂ ਹੋ ਸਕਦਾ। ਇਸ ਲਈ ਜਰੂਰੀ ਹੈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਸੁਤੰਤਰਤਾ ਵਾਲਾ ਰੁਤਬਾ ਬਹਾਲ ਹੋਵੇ।

ਦਮਦਮੀ ਟਕਸਾਲ ਦੇ ਇੱਕ ਧੜੇ ਦੇ ਮੁਖੀ ਭਾਈ ਰਾਮ ਸਿੰਘ ਸੰਗਰਾਂਵਾ ਨੇ ਆਪਣੀਆਂ ਭਾਵਨਾਵਾਂ ਪ੍ਰਗਟ ਕਰਦੇ ਹੋਏ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਕੋਈ ਵੀ ਧਿਰ ਜਾਂ ਸਿੱਖ ਬਾਗੀ ਨਹੀਂ ਪਰ ਆਮ ਤੌਰ ’ਤੇ ਇੱਥੇ ਤਾਂ ਇੱਕ ਧੜੇ ਨੂੰ ਨੁੰਮਾਇੰਦਗੀ ਦਿੱਤੀ ਜਾ ਰਹੀ ਹੈ। ਜਥੇਦਾਰ ਸਾਹਿਬ ਸਰਬਸਾਂਝੇ ਬਣ ਕੇ ਵਿਖਾਉਣ ਤਾਂ ਕੋਈ ਵੀ ਸਿੱਖ ਬਾਗੀ ਹੋਣ ਦੀ ਜੁਰ੍ਹਤ ਨਹੀਂ ਕਰ ਸਕਦਾ।

ਸੰਤਾ ਤੇਜਾ ਸਿੰਘ ਐੱਮ.ਏ. ਖੁੱਡੇ ਵਾਲੇ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਪਹਿਲੀ ਵਾਰ ਨਹੀਂ ਹੋਈ ਸਗੋਂ ਪਹਿਲਾਂ ਵੀ ਹੁੰਦੀਆਂ ਆਈਆਂ, ਜੋ ਸਾਡੇ ਰਾਜ ’ਚ ਵੀ ਹੋਈਆਂ ਤੇ ਦੂਸਰਿਆਂ ਦੇ ਰਾਜ ਵਿੱਚ ਵੀ। ਅਸੀਂ ਦੂਸਰਿਆਂ ਤੋਂ ਇਨਸਾਫ਼ ਤਾਂ ਮੰਗਦੇ ਹਾਂ ਪਰ ਆਪਣਿਆਂ ਤੋਂ ਕਿਉਂ ਨਹੀਂ !

  1. ਸਨਮਾਨਯੋਗ ਉਪ੍ਰੋਕਤ ਤਿੰਨ੍ਹਾਂ ਹੀ ਵਿਅਕਤੀਆਂ ਨੇ ਬਹੁਤ ਹੀ ਨਿੱਗਰ ਸੁਝਾਉ ਦਿੱਤੇ ਜਿਨ੍ਹਾਂ ਵੱਲ ਧਿਆਨ ਦੇਣ ਦੀ ਬਹੁਤ ਲੋੜ ਹੈ ਪਰ ਬਦਕਿਸਮਤੀ ਇਹ ਰਹੀ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜੰਗੀਰ ਕੌਰ ਸਮੇਤ ਕਿਸੇ ਵੀ ਬੁਲਾਰੇ ਨੇ ਇਨ੍ਹਾਂ ਸੁਝਾਵਾਂ ਦੀ ਪ੍ਰੋੜਤਾ ਕਰਨ ਵੱਲ ਸੰਕੇਤ ਮਾਤ੍ਰ ਨਹੀਂ ਦਿੱਤਾ।
  2. ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਮਾਂ ਲੰਘਣ ਤੋਂ ਬਾਅਦ ਹਰ ਧਰਮ ਦੇ ਅਸੂਲਾਂ ’ਤੇ ਕੁਝ ਗਰਦੇ ਦੀ ਧੂੜ ਜੰਮ ਜਾਂਦੀ ਹੈ। ਲੋੜ ਹੁੰਦੀ ਹੈ ਕਿ ਕਿਸੇ ਨਰਮ ਬੁਰਸ਼ ਨਾਲ ਇਹ ਧੂੜ ਸਾਫ਼ ਕੀਤੀ ਜਾਵੇ ਪਰ ਸਾਡੀ ਬਦਕਿਸਮਤੀ ਹੈ ਕਿ ਇੱਕ ਧੜੇ ਨੇ ਤਾਂ ਉਸ ਧੂੜ ਨੂੰ ਹੀ ਧਰਮ ਮੰਨ ਲਿਆ ਤੇ ਉਨ੍ਹਾਂ ਇਸੇ ਨੂੰ ਪੂਜਣਾ ਸ਼ੁਰੂ ਕਰ ਦਿੱਤਾ। ਦੂਸਰੇ ਧੜੇ ਨੇ ਨਰਮ ਬੁਰਸ਼ ਫੜਨ ਦੀ ਥਾਂ ਤਾਰਾਂ ਵਾਲਾ ਬੁਰਸ਼ ਫੜ ਲਿਆ ਤੇ ਆਹ ਵੀ ਗਲਤ, ਓਹ ਵੀ ਗਲਤ, ਇਹ ਸਭ ਕੁਝ ਹੀ ਤਬਾਹ ਕਰਨ ’ਤੇ ਤੁਲੇ ਹੋਏ ਹਨ। ਉਹ ਸਿਰਫ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ, ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਮਾੜਾ ਨਹੀਂ ਕਹਿੰਦੇ ਬਲਕਿ ਸਾਡੀਆਂ ਪੁਰਾਤਨ ਸੰਪ੍ਰਦਾਵਾਂ ਤੇ ਉਨ੍ਹਾਂ ਦੇ ਮੁਖੀ ਮਹਾਂ ਪੁਰਸ਼ਾਂ ਨੂੰ ਵੀ ਮਾੜਾ ਕਹਿਣਾ ਸ਼ੁਰੂ ਕਰ ਦਿੱਤਾ ਜਿਸ ਕਾਰਨ ਸਾਡਾ ਆਪਸ ’ਚ ਟਕਰਾਅ ਵਧਦਾ ਗਿਆ । ਇਹੀ ਵੱਡੇ ਨੁਕਸਾਨ ਦਾ ਕਾਰਨ ਹੈ।
  3. ਚੰਗਾ ਹੁੰਦਾ ਜੇ ਜਥੇਦਾਰ ਸਾਹਿਬ ਧੂੜ ਅਤੇ ਤਾਰਾਂ ਵਾਲੇ ਬੁਰਸ਼ ਦੀ ਵਿਆਖਿਆ ਵੀ ਕਰ ਦਿੰਦੇ ਪਰ ਬਦਕਿਸਮਤੀ ਇਹ ਰਹੀ ਕਿ ਉਨ੍ਹਾਂ ਨੇ ਇਸ ਵੱਲ ਉੱਕਾ ਹੀ ਧਿਆਨ ਨਹੀਂ ਦਿੱਤਾ ਸ਼ਾਇਦ ਸਿੱਖੀ ਸਿਧਾਂਤਾਂ ’ਤੇ ਜੰਮੀ ਧੂੜ ਅਤੇ ਤਾਰਾਂ ਵਾਲੇ ਬੁਰਸ਼ ਦੀ ਵਿਆਖਿਆ ਕਰਨੀ ਉਨ੍ਹਾਂ ਦੇ ਏਜੰਡੇ ਵਿੱਚ ਹੀ ਨਹੀਂ ਸੀ। ਜਥੇਦਾਰ ਸਾਹਿਬ ਨੇ ਤਾਂ ਵਿਆਖਿਆ ਨਹੀਂ ਕੀਤੀ ਪਰ ਗੁਰੂ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹੋਇਆ ਮੈਂ ਥੋੜਾ ਖੋਲ੍ਹਣ ਦਾ ਯਤਨ ਕੀਤਾ ਹੈ :

(ੳ) ਮਿਸ਼ਨਰੀ ਸੋਚ ਵਾਲੇ ਪ੍ਰਚਾਰਕਾਂ ਦਾ ਮੱਤ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਜਗਨਨਾਥ ਪੁਰੀ ਦੇ ਪੁਜਾਰੀਆਂ ਵੱਲੋਂ ਥਾਲੀ ਵਿੱਚ ਦੀਵੇ ਅਤੇ ਹੋਰ ਸਮਗਰੀ ਰੱਖ ਕੇ ਮੂਰਤੀ ਦੀ ਆਰਤੀ ਵਿੱਚ ਸ਼ਾਮਲ ਹੋਣ ਦੀ ਬਜਾਏ ਇਸ ਸ਼ਬਦ ਦਾ ਗਾਇਨ ਕੀਤਾ ਸੀ : “ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ ਧੂਪੁ ਮਲਆਨਲੋ ਪਵਣੁ ਚਵਰੋ ਕਰੇ, ਸਗਲ ਬਨਰਾਇ ਫੂਲੰਤ ਜੋਤੀ (ਸੋਹਿਲਾ ਧਨਾਸਰੀ ਮਃ ੧/੧੩)  ਇਹ ਸ਼ਬਦ ਦੀਵਿਆਂ ਵਾਲੀ ਆਰਤੀ ਦਾ ਪ੍ਰਤੱਖ ਖੰਡਨ ਕਰਦਾ ਹੈ ਪਰ ਸਾਡੇ ਦੋ ਤਖ਼ਤਾਂ ਅਤੇ ਬਹੁਤ ਸਾਰੇ ਡੇਰਿਆਂ ’ਚ ਹਿੰਦੂ ਪੁਜਾਰੀਆਂ ਦੀ ਤਰਜ਼ ’ਤੇ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਹੀ ਦੀਵਿਆਂ ਨਾਲ ਭਰਿਆ ਥਾਲ ਘੁਮਾ ਕੇ ਆਰਤੀ ਕੀਤੀ ਜਾਂਦੀ ਹੈ।

(ਅ) ਸਿੱਖ ਮੱਤ ਦਾ ਦ੍ਰਿੜ ਵਿਸ਼ਵਾਸ਼ ਹੈ ਕਿ ਦੇਵੀ ਦੇਵਤਿਆਂ ਅੱਗੇ ਜਾਨਵਰਾਂ ਦੀ ਬਲੀ ਦੇਣ ਵਾਲੇ ਧਰਮੀ ਨਹੀਂ ਹੋ ਸਕਦੇ। ਬਲੀ ਦੇਣ ਦਾ ਖੰਡਨ ਕਰਦਾ ਭਗਤ ਕਬੀਰ ਸਾਹਿਬ ਜੀ ਦਾ ਸ਼ਬਦ ਪੰਨਾ ਨੰ: ੧੧੦੩ ’ਤੇ ਇਉਂ ਦਰਜ ਹੈ : “ਜੀਅ ਬਧਹੁ ਸੁ ਧਰਮੁ ਕਰਿ ਥਾਪਹੁ, ਅਧਰਮੁ ਕਹਹੁ ਕਤ ਭਾਈ   ਆਪਸ ਕਉ ਮੁਨਿਵਰ ਕਰਿ ਥਾਪਹੁ, ਕਾ ਕਉ ਕਹਹੁ ਕਸਾਈ ਪਰ ਇਸ ਪਾਵਨ ਵਚਨ ਨੂੰ ਅਣਡਿੱਠ ਕਰ ਇੱਕ ਤਖ਼ਤ ’ਤੇ ਹੀ ਮਨਮਤਿ ਸ਼ਰੇਆਮ ਹੁੰਦੀ ਵੇਖੀ ਜਾ ਸਕਦੀ ਹੈ।

(ੲ) ਗੁਰੂ ਗ੍ਰੰਥ ਸਾਹਿਬ ਜੀ ਅੰਦਰ ਕਬੀਰ ਸਾਹਿਬ ਜੀ ਦਾ ਸ਼ਬਦ ਦਰਜ ਹੈ : “ਜੀਵਤ ਪਿਤਰ ਨ ਮਾਨੈ ਕੋਊ, ਮੂਏਂ ਸਿਰਾਧ ਕਰਾਹੀ ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ, ਕਊਆ ਕੂਕਰ ਖਾਹੀ (੩੩੨) ਸਦੀਆਂ ਤੋਂ ਇਹ ਸ਼ਬਦ ਪੜ੍ਹਨ ਸੁਣਨ ਵਾਲੇ ਸਾਡੇ ਬਹੁਤੇ ਸਿੱਖ ਆਪਣੇ ਮਰ ਚੁੱਕੇ ਪੁਰਖਿਆਂ ਨੂੰ ਭੋਜਨ ਪਹੁੰਚਾਉਣ ਲਈ ਹਰ ਸਾਲ ਸ਼ਰਾਧ ਕਰਦੇ ਅਤੇ ਸਾਡੇ ਗੁਰਦੁਆਰਿਆਂ ਦੇ ਗ੍ਰੰਥੀ ਸਿੰਘ ਸ਼ਰਾਧ ਛੱਕਣ ਜਾਂਦੇ ਹਨ। ਇੱਥੋਂ ਤੱਕ ਕਿ ਗੁਰੂ ਨਾਨਕ ਸਾਹਿਬ ਜੀ ਨੂੰ ਹੀ ਆਪਣੇ ਪਿਤਾ ਮਹਿਤਾ ਕਾਲ਼ੂ ਜੀ ਦਾ ਸ਼ਰਾਧ ਕਰਦੇ ਵਿਖਾਇਆ ਗਿਆ ਹੈ।

(ਸ) ਉੱਚੀ ਜਾਤ ਦਾ ਹੰਕਾਰ ਕਰਨ ਵਾਲੇ ਮਨੁੱਖ ਨੂੰ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਮੂਰਖ ਕਿਹਾ ਹੈ: “ਜਾਤਿ ਕਾ ਗਰਬੁ ਨ ਕਰੀਅਹੁ ਕੋਈ ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ਰਹਾਉ (ਮਹਲਾ ੩/੧੧੨੮) ਪਰ ਇਸ ਦੇ ਬਾਵਜੂਦ ਸਿੱਖ ਧਰਮ ਦਾ ਅਤੁੱਟ ਅੰਗ ਕਹਾਉਣ ਵਾਲੇ ਕੁਝ ਡੇਰਿਆਂ ’ਚ ਮੰਨੂੰ ਸਿਮ੍ਰਿਤੀ ਦੁਆਰਾ ਘੋਸ਼ਿਤ ਕੀਤੀਆਂ ਦਲਿਤ ਜਾਤੀਆਂ ਦੇ ਸਿੱਖਾਂ ਲਈ ਗੁਰੂ ਕੇ ਲੰਗਰਾਂ ’ਚ ਵੱਖਰੀਆਂ ਪੰਕਤੀਆਂ ਤੇ ਵੱਖਰੇ ਭਾਂਡੇ ਰੱਖੇ ਜਾਂਦੇ ਹਨ। ਉਨ੍ਹਾਂ ਨੂੰ ਗੁਰੂ ਗਰੰਥ ਸਾਹਿਬ ਜੀ ਦੀ ਤਾਬਿਆ ਬੈਠਣ ਤੇ ਪਾਠ ਕਰਨ ਦੀ ਮਨਾਹੀ ਹੈ। ਬਠਿੰਡਾ ਨੇੜੇ ਪਿੰਡ ਲਹਿਰਾ ਖਾਨਾ ’ਚ ਇੱਕ ਦਲਿਤ ਲੜਕੀ ਦੇ ਇੱਕ ਡੇਰੇ ਦੇ ਪ੍ਰਬੰਧ ਅਧੀਨ ਗੁਰਦੁਆਰੇ ’ਚ ਅਨੰਦ ਕਾਰਜ਼ ਕਰਨ ਤੋਂ ਨਾਹ ਕਰ ਦਿੱਤੀ। ਉਸ ਵੇਲੇ ਪੰਜਾਬ ’ਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਤ ਕਹਾਉਣ ਵਾਲੇ ਬਾਦਲ ਦਲ ਦੀ ਸਰਕਾਰ ਸੀ। ਕਿਸੇ ਦਲਿਤ ਨਾਲ ਜਾਤੀ ਦੇ ਆਧਾਰ ’ਤੇ ਅਜਿਹਾ ਵਿਤਕਰਾ ਕਰਨ ਦੀ ਨਾ ਗੁਰੂ ਗ੍ਰੰਥ ਸਾਹਿਬ ਇਜ਼ਾਜਤ ਦਿੰਦਾ ਹੈ ਅਤੇ ਨਾ ਹੀ ਦੇਸ਼ ਦਾ ਸੰਵਿਧਾਨ। ਪੀੜਤ ਪਰਵਾਰ ਸਰਕਾਰੇ ਦਰਬਾਰੇ ਅਤੇ ਸ਼੍ਰੀ ਆਕਾਲ ਤਖ਼ਤ ਸਾਹਿਬ ’ਤੇ ਗੇੜੇ ਮਾਰਦਾ ਥੱਕ ਗਿਆ ਪਰ ਇਨਸਾਫ਼ ਦੇਣਾ ਤਾਂ ਇੱਕ ਪਾਸੇ ਰਿਹਾ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਨੰਦਗੜ੍ਹ ਤੋਂ ਬਿਨਾਂ ਕਿਸੇ ਹੋਰ ਜਥੇਦਾਰ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਅਕਾਲੀ ਮੰਤਰੀ, ਮੁੱਖ ਮੰਤਰੀ ਕਿਸੇ ਨੇ ਵੀ ਪੀੜਤ ਪਰਵਾਰ ਅਤੇ ਦਲਿਤ ਸਮਾਜ ਦੇ ਹੱਕ ਵਿੱਚ ਹਾਅ-ਦਾ-ਨਾਰ੍ਹਾ ਨਹੀਂ ਮਾਰਿਆ।

(ਹ) ਗੁਰੂ ਗੋਬਿੰਦ ਸਿੰਘ ਜੀ ਨੇ ੬ ਕੱਤਕ ਬਿਕ੍ਰਮੀ ਸੰਮਤ ੧੭੬੫ (1708 ਈ:) ਨੂੰ ਤਖ਼ਤ ਸ਼੍ਰੀ ਹਜੂਰ ਸਾਹਿਬ ਨਾਂਦੇੜ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦੇ ਕੇ ਸਮੂਹ ਸਿੱਖਾਂ ਨੂੰ ਹੁਕਮ ਕੀਤਾ: ‘ਸਭ ਸਿੱਖਨ ਕਉ ਹੁਕਮ ਹੈ ਗੁਰੂ ਮਾਨੀਓ ਗ੍ਰੰਥ’। ਇਸੇ ਗੁਰੂ ਗ੍ਰੰਥ ਸਾਹਿਬ ਜੀ ’ਚ ਦਰਜ ਹੈ: “ਸਾਹਿਬੁ ਮੇਰਾ ਏਕੋ ਹੈ ਏਕੋ ਹੈ, ਭਾਈ ਏਕੋ ਹੈ ਰਹਾਉ (ਮਹਲਾ ੧/੩੫੦), “ਗੁਰੁ ਪੂਰਾ, ਮੇਰਾ ਗੁਰੁ ਪੂਰਾ (ਮਹਲਾ ੫/੯੦੧) ਸ਼੍ਰੋਮਣੀ ਕਮੇਟੀ ਵੱਲੋਂ ਛਾਪੀ ਜਾ ਰਹੀ ਸਿੱਖ ਰਹਿਤ ਮਰਿਆਦਾ ’ਚ ਗੁਰਦੁਆਰੇ ਸਿਰਲੇਖ ਹੇਠ ਭੀ ਇਸ ਤਰ੍ਹਾਂ ਅੰਕਤ ਹੈ : ਮਦ (ਹ) ਗੁਰੂ ਗ੍ਰੰਥ ਸਾਹਿਬ ਜੀ ਵਾਕਰ (ਤੁੱਲ) ਕਿਸੇ ਪੁਸਤਕ ਨੂੰ ਅਸਥਾਪਨ ਨਹੀਂ ਕਰਨਾ। ਪਰ ਬਦਕਿਸਮਤੀ ਨਾਲ ਉਸੇ ਤਖ਼ਤ ਸਾਹਿਬ ਸਮੇਤ ਹੋਰਨਾਂ ਕਈ ਸੰਪ੍ਰਦਾਵਾਂ ਦੇ ਸਥਾਨਾਂ ’ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਦਸਮ ਗ੍ਰੰਥ ਬਿਲਕੁਲ ਉਸੇ ਮਰਿਆਦਾ ਨਾਲ ਪ੍ਰਕਾਸ਼ ਕਰਕੇ ਬਕਾਇਦਾ ਉਸ ’ਚੋਂ ਭੀ ਹੁਕਮਨਾਮੇ ਲਏ ਜਾਂਦੇ ਹਨ ਅਤੇ ਪ੍ਰਚਾਰ ਕੀਤਾ ਜਾਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਨੂੰ ਸੰਤ ਬਣਾਉਂਦਾ ਹੈ ਅਤੇ ਦਸਮ ਗ੍ਰੰਥ ਸਿਪਾਹੀ ਬਣਾਉਂਦਾ ਹੈ। ਮਿਸ਼ਨਰੀ ਵਿਚਾਰਧਾਰਾ ਵਾਲੇ ਪ੍ਰਚਾਰਕਾਂ ਦਾ ਮੰਨਣਾ ਹੈ ਕਿ ਐਸਾ ਕਰਨ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਧੂਰਾ ਗੁਰੂ, ਸਿੱਧ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਾਂ ਦੀ ਭਾਰੀ ਉਲੰਘਨਾ ਅਤੇ ਆਪਣੇ ਗੁਰੂ ਨੂੰ ਅਧੂਰਾ ਸਿੱਧ ਕਰਨ ਦੇ ਤੁਲ ਹੈ।

  1. ਸ਼੍ਰੋਮਣੀ ਕਮੇਟੀ ਅਤੇ ਪੰਥਕ ਵਿਦਵਾਨਾਂ ਦੇ ਡੇਢ ਦਹਾਕੇ ਦੇ ਲੰਬੇ ਵਿਚਾਰ ਵਟਾਂਦਰੇ ਪਿੱਛੋਂ 2003 ਦੀ ਵੈਸਾਖੀ ਵਾਲੇ ਦਿਨ ਦਮਦਮਾ ਸਾਹਿਬ ਵਿਖੇ ਅਕਾਲ ਤਖ਼ਤ ਦੇ ਤਤਕਾਲੀ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਦਾ ਐਲਾਨ ਕੀਤਾ ਅਤੇ ਅਕਾਲੀ ਦਲ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਨੇ ਨਾਨਕਸ਼ਾਹੀ ਕੈਲੰਡਰ ਜਾਰੀ ਕੀਤਾ। ਇਸ ਕੈਲੰਡਰ ਵਿੱਚ ਸਾਰੇ ਦਿਹਾੜੇ ਗੁਰੂ ਕਾਲ ਸਮੇਂ ਪ੍ਰਚਲਿਤ ਬਿਕ੍ਰਮੀ ਕੈਲੰਡਰ ਦੇ ਸੂਰਜੀ ਪ੍ਰਵਿਸ਼ਟਿਆਂ, ਜੋ ਪੁਰਾਤਨ ਸੋਮਿਆਂ ’ਚ ਦਰਜ ਤਾਰੀਖ਼ਾਂ ਨਾਲ ਪੂਰੀ ਤਰ੍ਹਾਂ ਮੇਲ ਖਾਂਦੇ ਹਨ, ਮੁਤਾਬਕ ਨਿਸ਼ਚਿਤ ਕੀਤੇ ਗਏ। ਹੋਰ ਤਸੱਲੀ ਵਾਲੀ ਗੱਲ ਇਹ ਹੈ ਕਿ ਹਰ ਸਾਲ ਸਾਰੇ ਗੁਰ ਪੁਰਬ ਅਤੇ ਹੋਰ ਦਿਹਾੜੇ 365/66 ਦਿਨਾਂ ਪਿੱਛੋਂ ਉਨ੍ਹਾਂ ਹੀ ਪ੍ਰਵਿਸ਼ਟਿਆਂ ਅਨੁਸਾਰ, ਸਾਰੀ ਦੁਨੀਆਂ ’ਚ ਪ੍ਰਚਲਿਤ ਸਾਂਝੇ ਕੈਲੰਡਰ ਦੀਆਂ ਉਨ੍ਹਾਂ ਹੀ ਤਾਰੀਖ਼ਾਂ ਨੂੰ ਆਉਂਦੇ ਰਹਿਣਗੇ, ਜਿਵੇਂ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ੨੩ ਪੋਹ/ 5 ਜਨਵਰੀ, ਹੋਲਾ ਮਹੱਲਾ ੧ ਚੇਤ/ 14 ਮਾਰਚ, ਵੈਸਾਖੀ ੧ ਵੈਸਾਖ/ 14 ਅਪ੍ਰੈਲ, ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ੨ ਹਾੜ/ 16 ਜੂਨ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ੧੧ ਮੱਘਰ/ 24 ਨਵੰਬਰ ਆਦਿਕ। ਇਸ ਤਰ੍ਹਾਂ ਕਿਸੇ ਵੀ ਕੈਲੰਡਰ ਦੀ ਤਾਰੀਖ਼ ਯਾਦ ਰੱਖੀ ਜਾ ਸਕਦੀ ਹੈ। ਹਰ ਦਿਹਾੜੇ ਨਾਲ ਸਬੰਧਿਤ ਤਾਰੀਖ਼ ਅਗਾਂਹ ਭੀ ਉਸੇ ਹੀ ਰੁੱਤ ਵਿੱਚ ਆਵੇਗੀ ਜਿਸ ਵਿੱਚ ਅੱਜ ਕੱਲ੍ਹ ਆ ਰਹੀ ਹੈ। ਇਹ ਯਾਦ ਰੱਖਣੀਆਂ ਬਹੁਤ ਹੀ ਆਸਾਨ ਹਨ ਜਦੋਂ ਕਿ ਮੌਜੂਦਾ ਸਮੇਂ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿੱਚ ਕੁਝ ਦਿਹਾੜੇ ਚੰਦਰਮਾਂ ਦੀਆਂ ਤਿਥਾਂ ਮੁਤਾਬਕ, ਕੁਝ ਸੂਰਜੀ ਪ੍ਰਵਿਸ਼ਟਿਆਂ ਮੁਤਾਬਕ ਅਤੇ ਕੁਝ ਸਾਂਝੇ ਕੈਲੰਡਰ ਦੀਆ ਤਾਰੀਖ਼ਾਂ ਮੁਤਾਬਕ ਨਿਸ਼ਚਿਤ ਕੀਤੇ ਜਾਣ ਕਾਰਨ ਹਮੇਸ਼ਾਂ ਰੋਲ ਘਚੋਲਾ ਤੇ ਦੁਬਿਧਾ ਬਣੀ ਰਹਿੰਦੀ ਹੈ ਕਿ ਕਿਹੜਾ ਦਿਹਾੜਾ ਕਦੋਂ ਆਵੇਗਾ ? ਬਿਕਰਮੀ ਕੈਲੰਡਰ ਦੇ ਮਹੀਨਿਆਂ ਦੀਆਂ ਤਾਂ ਰੁੱਤਾਂ ਦਾ ਸੰਬੰਧ ਵੀ ਅਸਲੀ ਰੁੱਤਾਂ ਨਾਲੋਂ ਬਹੁਤ ਤੇਜੀ ਨਾਲ ਦੂਰ ਹੋ ਰਿਹਾ ਹੈ ਜਿਸ ਕਾਰਨ ਅੱਜ ਕੱਲ੍ਹ ਗਰਮੀਆਂ ਦੀ ਰੁੱਤ ਵਿੱਚ ਆਉਣ ਵਾਲੇ ਦਿਹਾੜੇ 13000 ਸਾਲ ਬਾਅਦ ਅੱਜ ਨਾਲੋਂ 6 ਮਹੀਨੇ ਦੇ ਫ਼ਰਕ ਨਾਲ ਭਾਵ ਸਰਦ ਰੁੱਤ ’ਚ ਆਉਣਗੇ। ਇਸ ਦੇ ਬਾਵਜੂਦ ਡੇਰੇਵਾਦੀ ਸੋਚ ਵਾਲਿਆਂ ਦੀਆਂ ਵੋਟਾਂ ਦੇ ਲਾਲਚ ਅਧੀਨ ਉਪਰੋਂ ਆਏ ਹੁਕਮਾਂ ਅਨੁਸਾਰ ਅਕਾਲ ਤਖ਼ਤ ’ਤੇ ਬਿਰਾਜਮਾਨ ਜਥੇਦਾਰਾਂ ਅਤੇ ਉਸੇ ਸ਼੍ਰੋਮਣੀ ਕਮੇਟੀ ਨੇ 2010 ’ਚ ਆਪਣੇ ਫੈਸਲੇ ਉਲਟਾ ਕੇ ਮੁੜ ਮਿਲਗੋਭਾ ਬਿਕ੍ਰਮੀ ਕੈਲੰਡਰ ਕੌਮ ਦੇ ਸਿਰ ਥੋਪ ਦਿੱਤਾ ਹਾਲਾਂ ਕਿ ਉਨ੍ਹਾਂ ਪਾਸ ਇੱਕ ਦੀ ਬਜਾਏ ਤਿੰਨ ਤਿੰਨ ਕੈਲੰਡਰਾਂ ਅਨੁਸਾਰ ਦਿਹਾੜੇ ਨਿਸ਼ਚਿਤ ਕਰਨ ਦਾ ਆਧਾਰ ਗੁਰਬਾਣੀ ਜਾਂ ਸਿੱਖ ਇਤਿਹਾਸ ’ਚੋਂ ਇੱਕ ਵੀ ਨਹੀਂ ਮਿਲਦਾ।

(7) ਹੁਣ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਲਈ ਸਵਾਲ ਹਨ :

(ੳ) ਕੀ ਤੁਹਾਡੀਆਂ ਨਜ਼ਰਾਂ ’ਚ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਉਕਤ ਸਿੱਖੀ ਸਿਧਾਂਤਾਂ ਅਤੇ ਅਕਾਲ ਤਖ਼ਤ ਤੋਂ ਪ੍ਰਵਾਣਿਤ ਤੇ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਚਾਰ ਹਿੱਤ ਛਾਪੀ ਜਾ ਰਹੀ ਸਿੱਖ ਰਹਿਤ ਮਰਿਆਦਾ ਅਤੇ ਨਾਨਕਸ਼ਾਹੀ ਕੈਲੰਡਰ ਦੀ ਗੱਲ ਕਰਨਾ ਹੀ ਤਾਰਾਂ ਵਾਲਾ ਬੁਰਸ਼ ਹੈ ?

(ਅ) ਇਹ ਗੱਲ ਕਿਸੇ ਤੋਂ ਲੁਕੀ ਛਿਪੀ ਨਹੀਂ ਕਿ ਸਿੱਖੀ ਦੇ ਨਿਰਮਲ ਸਿਧਾਂਤਾਂ ’ਤੇ ਜੰਮ ਰਹੀ ਧੂੜ ਇੰਨੀ ਵਿਕਰਾਲ ਰੂਪ ਧਾਰਨ ਕਰ ਚੁੱਕੀ ਹੈ ਕਿ : “ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ, ਕਾਲਾ ਹੋਆ ਸਿਆਹੁ ਵਾਲੀ ਹਾਲਤ ਬਣ ਗਈ ਹੈ। ਗਿਆਨੀ ਹਰਪ੍ਰੀਤ ਸਿੰਘ ਜੀ ਅਤੇ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਸਿੱਖੀ ਸਿਧਾਂਤਾਂ ’ਤੇ ਜੰਮ ਰਹੀ ਇਸ ਧੂੜ ਨੂੰ ਸਾਫ਼ ਕਰਨ ਲਈ ਜਲਦੀ ਤੋਂ ਜਲਦੀ ਉੱਦਮ ਕਰਨ, ਨਹੀਂ ਤਾਂ ਹਾਲਤ “ਖੰਨਲੀ ਧੋਤੀ ਉਜਲੀ ਨ ਹੋਵਈ, ਜੇ ਸਉ ਧੋਵਣਿ ਪਾਹੁ (ਮਹਲਾ ੩/੬੫੧) ਵਾਲੀ ਬਣ ਜਾਵੇਗੀ।

(ੲ) ਤੁਸੀਂ ਕਈ ਵਾਰ ਆਪਣੇ ਇਸ ਅਦੇਸ਼ ਨੂੰ ਦੁਹਰਾਇਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਸਿਆਸਤ ਲਈ ਨਾ ਵਰਤਿਆ ਜਾਵੇ। ਸਵਾਲ ਹੈ ਕਿ ਬਾਦਲ ਦਲ ਪਿਛਲੇ 37 ਸਾਲਾਂ ਤੋਂ 1984 ਦੀਆਂ ਮੰਦ ਘਟਨਾਵਾਂ ਨੂੰ ਹਰ ਚੋਣ ਦੌਰਾਨ ਆਪਣੀ ਸਿਆਸਤ ਲਈ ਉਛਾਲਦੇ ਆ ਰਹੇ ਹਨ ਤਾਂ ਹੁਣ 2015 ਦੀਆਂ ਘਟਨਾਵਾਂ ਨੂੰ ਵਿਰੋਧੀ ਧਿਰਾਂ ਵੱਲੋਂ ਵਰਤੇ ਜਾਣ ’ਤੇ ਇਤਰਾਜ਼ ਕਿਉਂ ? ਕੀ ਜਥੇਦਾਰ ਸਾਹਿਬ ਦਾ ਇਹ ਦੂਹਰਾ ਮਿਆਰ ਨਹੀਂ ?

(ਸ). ਸ਼੍ਰੀ ਖੱਟੜਾ ਜੀ ਦੇ ਜਿਸ ਬਿਆਨ ਦੇ ਆਧਾਰ ’ਤੇ ਤੁਸੀਂ ਭਾਈ ਰੁਪਿੰਦਰ ਸਿੰਘ ਵਿਰੁੱਧ ਧਾਰਾ 295ਏ ਤਹਿਤ ਕੇਸ ਦਰਜ ਕਰਨ ਦੀ ਮੰਗ ਕੀਤੀ ਸੀ ਉਸ ਬਿਆਨ ਨੂੰ ਉਨ੍ਹਾਂ ਨੇ ਸਬੂਤਾਂ ਸਹਿਤ ਝੂਠਾ ਸਿੱਧ ਕਰ ਕੇ ਖੱਟੜਾ ਜੀ ਨੂੰ ਚੈਲੰਜ ਕਰ ਦਿੱਤਾ ਹੈ ਕਿ ਜੇ ਉਹ ਆਪਣੇ ਬਿਆਨ ਨੂੰ ਸਹੀ ਸਿੱਧ ਕਰ ਦਿੰਦੇ ਹਨ ਕਿ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਨੇਫੇ ’ਚ ਟੰਗ ਕੇ ਲੈ ਗਿਆ ਅਤੇ ਖੱਟੜਾ ਜੀ ਨੇ ਮੇਰੇ ਘਰੋਂ ਬਹੁਤ ਹੀ ਭੈੜੀ ਹਾਲਤ ’ਚ ਆਂਡਿਆਂ ਵਾਲੀ ਟਰੇਅ ’ਚੋਂ ਬਰਾਮਦ ਕੀਤੇ ਹਨ ਤਾਂ ਮੈਂ ਆਪਣੀ ਧੌਣ ਕਟਵਾ ਦੇਵਾਂਗਾਂ ਜੇਕਰ ਨਹੀਂ ਕਰ ਸਕਦੇ ਤਾਂ ਅਕਾਲ ਤਖ਼ਤ ’ਤੇ ਬੋਲੇ ਗਏ ਝੂਠ ਦੇ ਦੋਸ਼ ਹੇਠ ਆਪਣੀ ਧੌਣ ਕਟਵਾਉਣਾ ਪ੍ਰਵਾਨ ਕਰਨ (ਸੁਣੋ ਇਹ ਵੀਡੀਓ)। https://www.youtube.com/watch?v=AhgA0U_zZ_o । ਜਥੇਦਾਰ ਸਾਹਿਬ ! ਸ਼੍ਰੀ ਅਕਾਲ ਤਖ਼ਤ ਸਾਹਿਬ ਸੱਚ ਦਾ ਤਖ਼ਤ ਹੈ ਅਤੇ ਇੱਥੇ ਸ਼ਰੇਆਮ ਝੂਠ ਬੋਲੇ ਜਾਣਾ ਕੌਮ ਨੇ ਕਦਾਚਿਤ ਪ੍ਰਵਾਣ ਨਹੀਂ ਕੀਤਾ ਇਸ ਲਈ ਤੁਹਾਡਾ ਫਰਜ਼ ਬਣਦਾ ਹੈ ਕਿ ਇਨ੍ਹਾਂ ਦੋਵਾਂ ਵਿਅਕਤੀਆਂ ਨੂੰ ਆਪੋ ਆਪਣੇ ਸਬੂਤਾਂ ਸਮੇਤ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਬੁਲਾ ਕੇ ਸੱਚ ਝੂਠ ਦਾ ਨਿਤਾਰਾ ਕਰ ਝੂਠੇ ਬੰਦੇ ਨੂੰ ਮਿਸਾਲੀ ਸਜਾ ਦਿੱਤੀ ਜਾਵੇ, ਨਹੀਂ ਤਾਂ ਤੁਹਾਡੇ ’ਤੇ ਇਹ ਦੋਸ਼ ਲੱਗਣਗੇ ਕਿ ਤੁਸੀਂ ਵੀ ਗਿਆਨੀ ਗੁਰਬਚਨ ਸਿੰਘ ਵਾਙ ਬਾਦਲ ਦੇ ਬੁਲਾਰੇ ਵਜੋਂ ਬੋਲ ਰਹੇ ਹੋ !

(ਹ) ਜਿਨ੍ਹਾਂ ਪ੍ਰਚਾਰਕਾਂ ਲਈ ਜਥੇਦਾਰ ਸਾਹਿਬ ਨੇ ਤਾਰਾਂ ਵਾਲੇ ਬੁਰਸ਼ ਫੜਨ ਵਾਲੇ ਸ਼ਬਦ ਵਰਤੇ ਹਨ ਉਨ੍ਹਾਂ ਲਈ ਹੀ ਸਾਬਕਾ ਆਈ. ਪੀ. ਐੱਸ. ਅਧਿਕਾਰੀ ਰਣਬੀਰ ਖਟੜਾ ਜੀ ਨੇ (So called) ਅਖੌਤੀ ਪ੍ਰਚਾਰਕ ਸ਼ਬਦ ਵਰਤਿਆ ਸੀ ਕਿਉਂਕਿ ਉਨ੍ਹਾਂ ਪ੍ਰਚਾਰਕਾਂ ਨੇ ਹੀ ਸਭ ਤੋਂ ਪਹਿਲਾਂ ਕੋਟਕਪੂਰਾ ਵਿਖੇ ਬੇਅਦਬੀ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਮੰਗ ਕਰਦਿਆਂ ਧਰਨਾ ਲਾਇਆ ਸੀ। ਸ਼੍ਰੀ ਖਟੜਾ ਜੀ ਨੇ ਮਾਝੀ ਜੀ ਬਾਰੇ ਇਹ ਵੀ ਬੋਲਿਆ ਕਿ ਉਹ ਚੰਗੇ ਵਿਦਵਾਨ ਹਨ ਜਿਨ੍ਹਾਂ ਦੇ ਪਿੰਡ ਬੁਰਜ ਜਵਾਹਰਕੇ ਵਿਖੇ ਲੱਗੇ ਦੀਵਾਨ ਸੁਣ ਕੇ ਬਹੁਤ ਸਾਰੇ ਸੌਦਾ ਪ੍ਰੇਮੀਆਂ ਨੇ ਆਪਣੇ ਗਲ਼ਾਂ ’ਚੋ ਲਾਕਟ ਉਤਾਰਰੇ। ਮੇਰਾ ਖ਼ਿਆਲ ਹੈ ਕਿ ਸ਼੍ਰੋਮਣੀ ਕਮੇਟੀ ਦੇ ਕਿਸੇ ਐਸੇ ਪ੍ਰਚਾਰਕ, ਪ੍ਰਧਾਨ ਜਾਂ ਜਥੇਦਾਰ ਦਾ ਨਾਂ ਨਹੀਂ ਲਿਆ ਜਾ ਸਕਦਾ ਜਿਸ ਦਾ ਕੇਵਲ ਪ੍ਰਚਾਰ ਸੁਣ ਕੇ ਕਿਸੇ ਵੀ ਡੇਰੇ ਦੇ ਸ਼ਰਧਾਲੂ ਨੇ ਆਪਣੇ ਡੇਰੇ ਨੂੰ ਤਲਾਂਜਲੀ ਦੇ ਸਿੱਖੀ ਵੱਲ ਮੂੰਹ ਕੀਤਾ ਹੋਵੇ। ਤੁਹਾਡੇ ਲਈ ਸਵਾਲ ਹੈ ਕਿ ਜਿਸ ਵਿਦਵਾਨ ਦਾ ਪ੍ਰਚਾਰ ਸੁਣ ਕੇ ਸੌਦਾ ਪ੍ਰੇਮੀਆਂ ਨੇ ਵੀ ਆਪਣੇ ਗਲ਼ਾਂ ’ਚੋਂ ਲਾਕਟ ਉਤਾਰੇ ਹੋਣ ਤੁਸੀਂ ਦੂਸਰੇ ਹੀ ਸਾਹ ਅਜਿਹੇ ਵਿਦਵਾਨਾਂ ਨੂੰ ਅਖੌਤੀ ਵਿਦਵਾਨ ਕਿਸ ਆਧਾਰ ’ਤੇ ਕਿਹਾ ਹੈ ?

  1. ਇਸ ਤਰ੍ਹਾਂ ਦੇ ਬੇਤੁਕੇ ਦੋਸ਼ ਲਾਉਣ ਵਿੱਚ ਬੀਬੀ ਜੰਗੀਰ ਕੌਰ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਖੱਟੜਾ ਤੋਂ ਵੀ ਅੱਗੇ ਨਿਕਲ ਗਈ। ਉਨ੍ਹਾਂ ਨੇ ਬਹੁਤ ਨਫ਼ਰਤ ਭਰੀ ਕੜਕਵੀਂ ਆਵਾਜ਼ ’ਚ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਅਸਲ ਦੋਸ਼ੀ ਇਹ ਪ੍ਰਚਾਰਕ ਹੀ ਹਨ ਜਿਨ੍ਹਾਂ ਨੇ ਧਰਨਾ ਲਾਇਆ ਤੇ ਰੁਪਿੰਦਰ ਸਿੰਘ ਨੂੰ ਛੁਡਾਉਣ ਲਈ ਖੂਨ ਦੇ ਪਿਆਲੇ ਭਰ ਭਰ ਲੈ ਕੇ ਗਏ। ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਝੀ ਨੂੰ ਮਾਝੀ ਸਾਝੀ ਜਿਹੜਾ ਉੱਥੇ ਬਹੁਤ ਬੋਲਦਾ ਸੀ, ਵਰਗੇ ਸ਼ਬਦ ਬੋਲਣਾ ਅਤੇ ਬੇਅਦਬੀ ਦੇ ਅਸਲ ਦੋਸ਼ੀ ਸੌਦਾ ਪ੍ਰੇਮੀਆਂ ਤੇ ਉਨ੍ਹਾਂ ਦੇ ਅਖੌਤੀ ਗੁਰੂ ਅਤੇ ਦੋ ਸਿੰਘਾਂ ਨੂੰ ਸ਼ਹੀਦ ਕਰਨ ਵਾਲੇ ਬੇਲਗਾਮ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਬਚਾਉਣ ਵਾਲਿਆਂ ਵਿਰੁੱਧ ਇੱਕ ਵੀ ਸ਼ਬਦ ਨਾ ਬੋਲਣਾ, ਸਿੱਧ ਕਰਦਾ ਹੈ ਕਿ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਇਸ ਇਕੱਤਰਤਾ ਦਾ ਮਕਸਦ ਗੁਰੂ ਗ੍ਰੰਥ ਸਾਹਿਬ ਜੀ ਦੀ ਵਾਰ ਵਾਰ ਹੋ ਰਹੀ ਬੇਅਦਬੀ ਰੋਕਣਾ ਨਹੀਂ ਬਲਕਿ ਇਸ ਵਿਰੁੱਧ ਆਵਾਜ਼ ਉਠਾਉਣ ਵਾਲੀਆਂ ਪੰਥਕ ਧਿਰਾਂ ਨੂੰ ਦੋਸ਼ੀ ਠਹਿਰਾ ਕੇ ਅਸਲ ਦੋਸ਼ੀਆਂ ਨੂੰ ਬਚਾਉਣਾ ਸੀ। ਬੀਬੀ ਜੰਗੀਰ ਕੌਰ ਦੇ ਇਹ ਗੁੰਮਰਾਹਕੁਨ ਸ਼ਬਦ ਦੋਸ਼ੀਆਂ ਲਈ ਅਦਾਲਤ ’ਚ ਬਹੁਤ ਸਹਾਈ ਹੋਣਗੇ ਕਿਉਂਕਿ ਉਹ ਦਲੀਲ ਦੇਣਗੇ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਹੋਈ ਪੰਥਕ ਜਥੇਬੰਦੀਆਂ ਦੀ ਇਕੱਤਰਤਾ ਤਾਂ ਸਿੱਖ ਪ੍ਰਚਾਰਕਾਂ ਨੂੰ ਦੋਸ਼ੀ ਗਰਦਾਨਦੀ ਪਈ ਹੈ, ਸਾਨੂੰ ਤਾਂ ਉਨ੍ਹਾਂ ਦੇ ਦਬਾਅ ਹੇਠ ਖਾਹ ਮਖਾਹ ਦੋਸ਼ੀ ਠਹਿਰਾਇਆ ਜਾ ਰਿਹਾ ਹੈ।
  2. ਬੀਬੀ ਜੰਗੀਰ ਕੌਰ ਦਾ ਮੋੜਵਾਂ ਉੱਤਰ ਦਿੰਦਿਆਂ ਭਾਈ ਮਾਝੀ ਨੇ ਕਿਹਾ ਕਿ 25 ਜੂਨ 2021 ਨੂੰ ਪਿੰਡ ਜੌਲੀਆਂ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ 4 ਦਿਨ ਬਾਅਦ 29 ਜੂਨ ਨੂੰ ਓਥੇ ਪਹੁੰਚੀ ਬੀਬੀ ਜੰਗੀਰ ਕੌਰ ਨੂੰ ਚਾਰ ਸਵਾਲ ਪੁੱਛੇ ਗਏ ਸਨ ਜਿਨ੍ਹਾਂ ਦੇ ਉਨ੍ਹਾਂ ਨੇ ਲਿਖਤੀ ਜਵਾਬ ਦੇਣ ਦਾ ਵਾਅਦਾ ਕੀਤਾ ਸੀ, ਜੋ ਮਹੀਨਾ ਲੰਘ ਜਾਣ ਤੋਂ ਬਾਅਦ ਅੱਜ ਤੱਕ ਭੀ ਨਹੀਂ ਆਇਆ ਪਰ ਗੁੱਸੇ ਵਿੱਚ ਅਕਾਲ ਤਖ਼ਤ ਸਾਹਿਬ ’ਤੇ ਆਪਣੀ ਭੜਾਸ ਕੱਢੀ ਹੈ। ਭਾਈ ਮਾਝੀ ਜੀ ਵੱਲੋਂ ਪੁੱਛੇ ਚਾਰ ਸਵਾਲਾਂ ਹਨ :

(ੳ) ਗਿਆਨੀ ਗੁਰਮੁਖ ਸਿੰਘ ਨੇ ਕਿਹਾ ਸੀ ਕਿ ਬਾਦਲਾਂ ਨੇ ਸਿੰਘ ਸਾਹਿਬਾਨ ਨੂੰ ਚੰਡੀਗੜ੍ਹ ਆਪਣੀ ਕੋਠੀ ਵਿੱਚ ਸੱਦ ਕੇ ਕਿਹਾ ਸੀ ਕਿ ਸੌਦਾ ਸਾਧ ਨੂੰ ਮੁਆਫ ਕਰ ਦੇਵੋ। ਇਸ ਬਿਆਨ ਪਿੱਛੋਂ ਉਸ ਨੂੰ ਤਖ਼ਤ ਦਮਦਮਾ ਸਾਹਿਬ ਦੀ ਜਥੇਦਾਰੀ ਤੋਂ ਬਦਲ ਕੇ ਗੁਰਦੁਆਰਾ ਧਮਧਾਨ ਸਾਹਿਬ ਵਿਖੇ ਲਾ ਦਿੱਤਾ। ਜਦੋਂ ਉਹ ਆਪਣੇ ਭਰਾ ਰਾਹੀਂ ਇਸ ਬਿਆਨ ਤੋਂ ਮੁੱਕਰੇ ਤਾਂ ਉਸ ਨੂੰ ਬਦਲ ਕੇ ਮੁੜ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਲਾ ਦਿੱਤਾ ਗਿਆ। ਗਿਆਨੀ ਗੁਰਮੁਖ ਸਿੰਘ ਦੇ ਇਨ੍ਹਾਂ ਦੋ ਬਿਆਨਾਂ ’ਚੋਂ ਇੱਕ ਤਾਂ ਝੂਠਾ ਹੈ ਹੀ ਫਿਰ ਐਡੇ ਝੂਠੇ ਬੰਦੇ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਹੈੱਡ ਗ੍ਰੰਥੀ ਕਿਸ ਤਰ੍ਹਾਂ ਲਗਾ ਦਿੱਤਾ ਗਿਆ ?

(ਅ) ਜਦੋਂ ਬਿਨਾਂ ਮੰਗਿਆਂ ਸੌਦਾ ਸਾਧ ਨੂੰ ਮੁਆਫੀ ਦੇ ਦਿੱਤੀ ਗਈ ਤਾਂ ਸੰਗਤਾਂ ਨੇ ਇਸ ਦਾ ਭਾਰੀ ਵਿਰੋਧ ਕੀਤਾ। ਇਸ ਵਿਰੋਧ ਨੂੰ ਦਬਾਉਣ ਲਈ ਗੁਰੂ ਦੀ ਗੋਲਕ ’ਚੋਂ 90 ਲੱਖ ਰੁਪਏ ਤੋਂ ਵੱਧ ਦੇ ਇਸ਼ਤਿਹਾਰ ਦਿੱਤੇ ਗਏ, ਪਰ ਸੰਗਤਾਂ ਦੇ ਵਧਦੇ ਵਿਰੋਧ ਨੂੰ ਵੇਖਦਿਆਂ ਸੌਦਾ ਸਾਧ ਨੂੰ ਮੁਆਫੀ ਦੇਣ ਵਾਲਾ ਹੁਕਮਨਾਮਾ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਫਿਰ ਵਾਪਸ ਭੀ ਲੈ ਲਿਆ ਗਿਆ। ਸੰਗਤਾਂ ਨੂੰ ਦੱਸਿਆ ਜਾਵੇ ਕਿ ਸੰਗਤਾਂ ਵੱਲੋਂ ਪਿਆਰ ’ਚ ਭਿੱਜ ਕੇ ਭੇਟ ਕੀਤੇ ਪੈਸੇ ਦੀ ਭਰਪਾਈ ਸ਼੍ਰੋਮਣੀ ਕਮੇਟੀ ਵੱਲੋਂ ਕਿਸ ਪਾਸੋਂ ਅਤੇ ਕਿਸ ਢੰਗ ਨਾਲ ਕੀਤੀ ਜਾਵੇਗੀ ?

(ੲ) ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਹੁੰਦੀ ਹੈ ਉੱਥੋਂ 328 ਸਰੂਪਾਂ ਦਾ ਹਿਸਾਬ ਕਿਤਾਬ ਨਹੀਂ ਮਿਲ ਰਿਹਾ; ਉਸ ਸੰਬੰਧੀ ਮੈਮੋਰੰਡਮ ਦੇਣ ਲਈ ਦੱਸੋ ਅਸੀਂ ਕਿਸ ਪਾਸ ਜਾਈਏ ?

(ਸ) ਗਿਆਨੀ ਗੁਰਬਚਨ ਸਿੰਘ ਦੇ ਦਸਤਖਤਾਂ ਹੇਠ ਕੁਝ ਬੰਦਿਆਂ ਨੂੰ ਪੱਤਰ ਦਿੱਤਾ ਗਿਆ ਕਿ ਇਹ ਬ੍ਰਿਧ ਸਰੂਪਾਂ ਨੂੰ ਇਕੱਤਰ ਕਰਕੇ ਗੋਇੰਦਵਾਲ ਸਾਹਿਬ ਪਹੁੰਚਾਉਣ ਦੀ ਸੇਵਾ ਕਰ ਸਕਦੇ ਹਨ। ਜਿਸ ਪੱਤਰ ’ਤੇ ਗਿਆਨੀ ਗੁਰਬਚਨ ਸਿੰਘ ਦੇ ਦਸਤਖਤ ਹਨ ਉਸ ’ਤੇ ਨਾ ਕਿਸੇ ਸੰਸਥਾ ਦਾ ਨਾਂ, ਨਾ ਵੇਰਵਾ ਅਤੇ ਨਾ ਹੀ ਕੋਈ ਥਹੁ ਪਤਾ ਦਰਜ ਹੈ। ਇਹ ਬੰਦੇ ਮਲੇਰ ਕੋਟਲਾ ਹਲਕੇ ’ਚੋਂ ਗੁਰੂ ਗ੍ਰੰਥ ਸਾਹਿਬ ਦੇ 35 ਸਰੂਪ ਅਤੇ 250 ਤੋਂ ਵੱਧ ਪੋਥੀਆਂ ਨੂੰ ਇਕੱਠੀਆਂ ਕਰਕੇ ਲੈ ਗਏ। ਸੰਗਤਾਂ ਨੂੰ ਦੱਸਿਆ ਜਾਵੇ ਕਿ ਇਹ ਸਰੂਪ ਕਿੱਥੇ ਅਤੇ ਕਿਸ ਹਾਲਤ ’ਚ ਹਨ ?

  1. ਭਾਈ ਮਾਝੀ ਨੇ ਬੀਬੀ ਜੰਗੀਰ ਕੌਰ ਨੂੰ ਚੈਲੰਜ ਕੀਤਾ ਕਿ ਉਹ ਬੇਅਦਬੀ ਦੇ ਮੁੱਦੇ ’ਤੇ ਸ਼੍ਰੀ ਅਕਾਲ ਤਖ਼ਤ ਸਾਹਿਬ, ਮੰਜੀ ਸਾਹਿਬ ਦੀਵਾਨ ਹਾਲ ਜਾਂ ਤੇਜਾ ਸਿੰਘ ਸਮੁੰਦਰੀ ਹਾਲ ਵਿੱਚੋਂ ਕਿਸੇ ਵੀ ਸਥਾਨ ਜਾਂ ਹੋਰ ਕਿਸੇ ਸਥਾਨ, ਜਿੱਥੇ ਵੀ ਉਹ ਠੀਕ ਸਮਝਣ ਉੱਥੇ ਕਿਸੇ ਵੀ ਸਮੇਂ ਇਸ ਮੁੱਦੇ ’ਤੇ ਖੁਲ੍ਹੀ ਚਰਚਾ ਕਰਨ ਲਈ ਤਿਆਰ ਹਨ, ਜੇ ਉਸ ’ਚ ਹਿੰਮਤ ਹੈ ਤਾਂ ਮੇਰਾ ਚੈਲੰਜ ਪ੍ਰਵਾਨ ਕਰਨ (ਸੁਣੋ ਇਹ ਵੀਡੀਓ) https://www.youtube.com/watch?v=LV_A36J2POA & https://www.youtube.com/watch?v=QEvm-GN5kTw ਸਿੱਧੇ ਰੂਪ ਵਿੱਚ ਆਪ ਭਾਵੇਂ ਬੇਅਦਬੀ ਨਾ ਵੀ ਕਰਵਾਈ ਹੋਵੇ ਤਾਂ ਵੀ ਸਿੱਖ ਸੰਗਤਾਂ ਵੱਲੋਂ ਬਾਦਲ ਪਰਵਾਰ ’ਤੇ ਸ਼ੱਕ ਕਰਨ ਦੇ ਹੇਠ ਲਿਖੇ ਬਹੁਤ ਸਾਰੇ ਕਾਰਨ ਹਨ।

(ੳ) 2007 ’ਚ ਸਲਾਬਤਪੁਰਾ, ਜ਼ਿਲਾ ਬਠਿੰਡਾ, ਵਿਚਲੇ ਡੇਰੇ ਵਿਚ ਸੌਦਾ ਸਾਧ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਸ੍ਵਾਂਗ ਰਚਨ ਦੇ ਵਿਰੋਧ ’ਚ ਉਸ ਖਿਲਾਫ 20 ਮਈ 2007 ਨੂੰ ਥਾਣਾ ਕੋਤਵਾਲੀ ਬਠਿੰਡਾ ਵਿਚ FIR ਨੰਬਰ 262 IPC ਦੀ ਧਾਰਾ 153 A ਅਤੇ 295 A ਅਧੀਨ ਪਰਚਾ ਦਰਜ ਕੀਤਾ ਗਿਆ ਸੀ। ਪੁਲਿਸ ਨੇ ਪੌਣੇ ਪੰਜ ਸਾਲ ਤੱਕ ਵੀ ਚਲਾਣ ਪੇਸ਼ ਨਾ ਕੀਤਾ ਤੇ ਉਲਟਾ 2012 ਦੀਆਂ ਵਿਧਾਨ ਸਭਾ ਚੋਣਾਂ ਤੋਂ ਸਿਰਫ ਪੰਜ ਦਿਨ ਪਹਿਲਾਂ 25 ਜਨਵਰੀ 2012 ਨੂੰ ਉਸ ਵੇਲੇ ਦੇ ਉਪ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਕਹਿਣ ’ਤੇ ਪੁਲਿਸ ਵੱਲੋਂ ਅਦਾਲਤ ’ਚ ਕੈਂਸਲੇਸ਼ਨ ਰਿਪੋਰਟ ਦਾਖ਼ਲ ਕਰ ਦਿੱਤੀ, ਜਿਸ ਦਾ ਉਦੇਸ਼ ਵਿਧਾਨ ਸਭਾ ਚੋਣਾਂ ਵਿਚ ਡੇਰੇ ਦੀਆਂ ਵੋਟਾਂ ਹਾਸਲ ਕਰਨਾ ਸੀ। ਜੁਲਾਈ 2014 ’ਚ ਸੌਦਾ ਸਾਧ ਨੇ ਬਠਿੰਡੇ ਦੀ ਸੈਸ਼ਨ ਕੋਰਟ ’ਚ ਇਕ ਹੋਰ ਅਰਜੀ ਪਾ ਦਿਤੀ ਤੇ ਕਿਹਾ ਕਿ ਪੰਜਾਬ ਪੁਲਿਸ ਉਸ ਖਿਲਾਫ ਚਲਾਣ ਹੀ ਪੇਸ਼ ਨਹੀਂ ਕਰ ਸਕੀ ਤੇ ਉਸ ਨੂੰ ਬਰੀ ਕੀਤਾ ਜਾਵੇ; ਇਸੇ ਆਧਾਰ ’ਤੇ ਕੇਸ ਖਾਰਜ ਕਰ ਦਿੱਤਾ।

(ਅ) 25 ਜੂਨ 2015 ਨੂੰ ਪਿੰਡ ਬੁਰਜ ਜਵਾਹਰਕਾ ਦੇ ਗੁਰਦੁਆਰਾ ਸਾਹਿਬ ’ਚੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਹੋਇਆ। ਪੁਲਿਸ ਵੱਲੋਂ ਦੋ ਮੋਨੇ ਸੰਭਾਵੀ ਦੋਸ਼ੀਆਂ ਦੇ ਸਕੈਚ ਵੀ ਜਾਰੀ ਕੀਤੇ ਗਏ, ਪਰ ਬਾਦਲ ਸਰਕਾਰ ਨੇ 2017 ਤੱਕ ਦੇ ਆਪਣੇ ਰਾਜ ਦੌਰਾਨ ਕਿਸੇ ਵੀ ਮੋਨੇ ਵਿਅਕਤੀ ਦੀ ਕੋਈ ਪੁੱਛਗਿੱਛ ਤੱਕ ਨਹੀਂ ਕੀਤੀ ਪਰ ਅੰਮ੍ਰਿਤਧਾਰੀ ਤੇ ਕੇਸਾਧਾਰੀ ਸਿੱਖਾਂ ’ਤੇ ਪੁਲਿਸ ਤਸ਼ੱਦਦ ਕਰਦੀ ਰਹੀ।

(ੲ) 23 ਸਤੰਬਰ 2015 ਨੂੰ ਗੁਰਦੁਆਰਾ ਬਰਗਾੜੀ ਦੀ ਦੀਵਾਰ ’ਤੇ ਸੌਦਾ ਪ੍ਰੇਮੀਆਂ ਵੱਲੋਂ ਹੱਥ ਲਿਖਤ ਪੋਸਟਰ ਲਾਏ ਗਏ ਕਿ ਜੇ ਉਨ੍ਹਾਂ ਦੇ ਗੁਰੂ ਦੀ ਫਿਲਮ ਐੱਮ. ਐੱਸ. ਜੀ. ਨਾ ਲੱਗਣ ਦਿੱਤੀ ਤਾਂ ਤੁਹਾਡਾ ਗੁਰੂ ਸਾਡੇ ਪਾਸ ਹੈ ਉਸ ਨੂੰ ਗਲੀਆਂ, ਰੂੜੀਆਂ ’ਤੇ ਖਿਲਾਰ ਦੇਵਾਂਗੇ; ਇਸ ਦੇ ਬਾਵਜੂਦ ਬਾਦਲ ਸਰਕਾਰ ਸਮੇਂ ਕਿਸੇ ਪ੍ਰੇਮੀ ਤੋਂ ਕੋਈ ਪੁੱਛਗਿੱਛ ਤੱਕ ਨਾ ਕੀਤੀ ਗਈ।

(ਸ) ਬੇਅਦਬੀ ਦੇ ਰੋਸ ’ਚ ਸ਼ਾਂਤਮਈ ਬੈਠੇ ਗੁਰਬਾਣੀ ਪੜ੍ਹ ਰਹੇ ਸਿੱਖਾਂ ’ਤੇ 15 ਅਕਤੂਬਰ 2015 ਨੂੰ ਅਕਾਰਨ ਹੀ ਗੋਲ਼ੀ ਤੇ ਪਾਣੀ ਦੀਆਂ ਬੁਛਾੜਾਂ ਨਾਲ ਪੁਲਿਸ ਵੱਲੋਂ ਹਮਲਾ ਕਰ ਦਿੱਤਾ ਅਤੇ ਬਹਿਬਲ ਕਲਾਂ ਵਿਖੇ ਪੁਲਿਸ ਵੱਲੋ ਕੀਤੀ ਫ਼ਾਇਰਿੰਗ ’ਚ ਦੋ ਸਿੰਘ ਸ਼ਹੀਦ ਹੋ ਗਏ। ਦੋਸ਼ੀ ਪੁਲਿਸੀਆਂ ’ਤੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਕੇਸ ਖੂਹ ਖਾਤੇ ਪਾਉਣ ਲਈ ਐੱਫ. ਆਈ. ਆਰ. ਵੀ ਅਣਪਛਾਤਿਆਂ ਵਿਰੁੱਧ ਦਰਜ ਕੀਤੀ ਗਈ।

(ੲ) ਆਈ. ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਸਿੱਟ ਵੱਲੋਂ ਦੋਸ਼ੀ ਪੁਲਿਸ ਅਧਿਕਾਰੀਆਂ ਵਿਰੁੱਧ ਪੇਸ਼ ਕੀਤੇ ਚਲਾਨ ਅਦਾਲਤ ਵੱਲੋਂ ਰੱਦ ਕੀਤੇ ਜਾਣ ਦੀ ਓਨੀ ਖ਼ੁਸ਼ੀ ਪੁਲਿਸ ਅਧਿਕਾਰੀਆਂ ਨੇ ਨਹੀਂ ਮਨਾਈ, ਜਿੰਨੀ ਬਾਦਲ ਦਲ ਨੇ ਮਨਾਈ। ਇਸ ਤੋਂ ਪਤਾ ਲਗਦਾ ਹੈ ਕਿ ਬਾਦਲ ਦਲ ਬੇਅਦਬੀ ਅਤੇ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਲਈ ਪੂਰੀ ਵਾਹ ਲਾ ਰਿਹਾ ਹੈ। ਦੋਸ਼ੀਆਂ ਵਿਰੁੱਧ ਕਾਰਵਾਈ ਨਾ ਹੋਣਾ ਹੀ ਇੱਕ ਕਾਰਨ ਹੈ ਕਿ ਬੇਅਦਬੀ ਕਰਨ ਦੇ ਦੋਸ਼ੀਆਂ ਦੇ ਹੌਂਸਲੇ ਵਧੇ ਹਨ, ਇਸ ਲਈ ਉਹ ਵਾਰ ਵਾਰ ਬੇਅਦਬੀਆਂ ਕਰਦੇ ਰਹਿੰਦੇ ਹਨ।

ਪੰਥ ਦਰਦੀਆਂ ਲਈ ਬੇਨਤੀ

0

ਪੰਥ ਦਰਦੀਆਂ ਲਈ ਬੇਨਤੀ

ਗੁਰੂ ਪਿਆਰਿਓ, ਇਹ ਵੈਬਸਾਇਟ (gurparsad.com) ਸੰਨ 2014 ਤੋਂ ਨਿਰੰਤਰ ਅਪਲੋਡ ਹੁੰਦੀ ਆ ਰਹੀ ਹੈ, ਜੋ ਨਿਰੋਲ ਗੁਰੂ ਗ੍ਰੰਥ ਸਾਹਿਬ ਅਤੇ ਅਕਾਲ ਤਖਤ ਸਾਹਿਬ ਤੋਂ ਪ੍ਰਮਾਣਿਕ ਸਿੱਖ ਰਹਿਤ ਮਰਯਾਦਾ ਨੂੰ ਸਮਰਪਿਤ ਹੈ। ਮੈਨੂੰ ਪਾਠਕਾਂ ਦਾ ਭਰਪੂਰ ਪਿਆਰ ਮਿਲਿਆ ਹੈ, ਜਿਨਾਂ ਨੇ ਆਪਣਾ ਕੀਮਤ ਸਮਾਂ ਕੱਢ ਕੇ ਇੱਥੇ ਪਾਈ ਜਾਂਦੀ ਹਰ ਲਿਖਤ ਨੂੰ ਵਾਚਿਆ ਹੈ। ਮੈਂ ਉਨਾਂ ਦਾ ਧੰਨਵਾਦ ਕਰਦਾ ਹਾਂ।

ਮੇਰਾ ਮੰਨਣਾ ਹੈ ਕਿ ਵੈਬਸਾਇਟਾਂ ਦੋ ਕਾਰਨਾਂ ਕਰਕੇ ਹੀ ਲੰਬਾ ਸਮਾਂ ਚੱਲ ਸਕਦੀਆਂ ਹਨ (1). ਆਰਥਿਕ ਕਮਾਈ ਦੇ ਸਾਧਨ ਕਾਰਨ (2). ਸਮਾਜਿਕ ਜਾਂ ਪੰਥਕ ਦਰਦ ਕਾਰਨ । ਇਸ ਦੂਸਰੇ ਨੰਬਰ ਲਈ ਹਮਖਿਆਲੀ ਲੇਖਕਾਂ ਦਾ ਸਾਥ ਹੋਣਾ ਬੜਾ ਜ਼ਰੂਰੀ ਹੁੰਦਾ ਹੈ, ਪਰ ਸਿੱਖ ਕੌਮ ਵਿਚੋਂ ਸੁਹਿਰਦ ਅਤੇ ਗੁਰਮਤਿ ਦੇ ਗਿਆਤਾ (ਖੋਜੀ) ਲੇਖਕ ਮਿਲਣੇ, ਤੂੜੀ ਦੇ ਢੇਰ ਚੋਂ ਸੂਈ ਲੱਭ ਲੈਣ ਵਾਙ ਕਠਿਨ ਹੈ।

ਮੈਂ ਆਪਣਾ ਹਰ ਲੇਖ ਕੁੱਝ ਗੁਰਮੁਖ ਪਿਆਰਿਆਂ ਨੂੰ ਪੜਾਉਣ ਉਪਰੰਤ ਹੀ ਪੋਸਟ ਕਰਦਾ ਹਾਂ ਤਾਂ ਜੋ ਗੁਰਮਤਿ ਨੂੰ ਢਾਹ ਲਾਉਣ ਦਾ ਭਾਗੀ ਨਾ ਬਣ ਜਾਵਾਂ। ਗੁਰਮਤਿ ਵਰਗੇ ਵਿਸ਼ਾਲ ਵਿਸ਼ਿਆਂ ਨੂੰ ਪ੍ਰਗਟ ਕਰਨ ਲਈ ਅਨੇਕਾਂ ਲੇਖਕਾਂ ਦੀ ਜ਼ਰੂਰਤ ਹੈ ਤਾਂ ਜੋ ਸਾਹਿਤਕ ਰੁਚੀ ਰੱਖਣ ਵਾਲੇ ਗੁਰਸਿੱਖ ਪਾਠਕ ਤਿਆਰ ਹੋਣ। ਇਸ ਘਾਟ ਵੱਲ ਸ਼ਾਇਦ ਪੰਥ ਦਰਦੀਆਂ ਦਾ ਅਜੇ ਤੱਕ ਧਿਆਨ ਨਹੀਂ ਗਿਆ ਹੈ। ਇਕ ਸੁਹਿਰਦ ਲੇਖਕ ਹਿਰਦੇ ਗੁਰਮਤਿ ਦਾ ਬਹੁ ਪੱਖੀ ਗਿਆਨ ਹੋਣ ਦੇ ਨਾਲ ਨਾਲ ਹਾਪੱਖੀ ਅਤੇ ਆਸਾਵਾਦੀ ਸੋਚ ਉਪਜਣੀ ਭੀ ਜ਼ਰੂਰੀ ਹੈ। ਵੈਸੇ ਭੀ ਗੁਰਮਤਿ ਅਨੁਸਾਰੀ ਵਿਚਾਰ ਲਿਖਣ ਲਈ ਬਹੁਤ ਸਮਾਂ ਅਤੇ ਅਥਾਹ ਗੁਰੂ ਪਿਆਰ ਚਾਹੀਦਾ ਹੈ। ਸੁਹਿਰਦ ਪਾਠਕ ਇਹ ਸਭ ਜਾਣਦੇ ਹਨ।

ਮੇਰੀ ਆਪ ਜੀ ਨੂੰ ਇਕੋ ਬੇਨਤੀ ਹੈ ਕਿ ਲੇਖ ਨੂੰ ਪੜਨ ਤੋਂ ਪਹਿਲਾਂ ਹੀ ਪਸੰਦ ਕਰਨ ਵਾਲਾ ਬਟਨ ਨਾ ਦਬਾਇਆ ਜਾਵੇ ਕਿਉਂਕਿ ਹਰ ਲੇਖ ਨੂੰ ਕੀਤੇ ਲਾਇਕ ਤੋਂ ਹੀ ਜਾਣਕਾਰੀ ਮਿਲਦੀ ਹੈ ਕਿ ਪਾਠਕ ਨੂੰ ਲੇਖ ਸਮਝਣਾ ਕਿੰਨਾ ਕੁ ਮੁਸ਼ਕਲ ਜਾਂ ਆਸਾਨ ਰਿਹਾ ਹੈ ਤਾਂ ਜੋ ਦੂਸਰੀ ਵਾਰ ਉਸ ਵਿਸ਼ੇ ਨੂੰ ਹੋਰ ਸਰਲ ਤੇ ਸਪਸ਼ਟ ਕਰ ਸਕਾਂ। ਮੈਂ ਵੇਖਿਐ ਕਿ ਮੇਰੇ ਦੁਆਰਾ ਸ਼ੇਅਰ ਕਰਨ ਤੋਂ 10 ਕੁ ਸੈਕਿੰਡ ਦੇ ਅੰਦਰ-ਅੰਦਰ ਹੀ ਕੁਝ ਵੀਰ ਲਾਇਕ ਕਰ ਦਿੰਦੇ ਹਨ, ਇਸ ਨਾਲ ਲੇਖ ਨੂੰ ਪੜਨ ਅਤੇ ਪਸੰਦ ਕਰਨ ਵਾਲਿਆਂ ਦੀ ਸਹੀ ਜਾਣਕਾਰੀ ਨਹੀਂ ਮਿਲਦੀ। ਜੇਕਰ ਲੇਖ ਪੜਨ ਉਪਰੰਤ ਕਿਸੇ ਨੂੰ ਪਸੰਦ ਆਵੇ ਤਾਂ ਲਾਇਕ ਅਤੇ ਸ਼ੇਅਰ ਜ਼ਰੂਰ ਕਰਨਾ, ਇਸ ਨਾਲ ਹੌਂਸਲਾ ਵਧਦਾ ਹੈ।

ਪਿਛਲੇ 7 ਸਾਲਾਂ ਵਿਚ ਕਿਸੇ ਇੱਕ ਗੁਰੂ ਪਿਆਰੇ ਨੇ ਇਸ ਵੈਬਸਾਇਟ ਲਈ ਹੁੰਦੇ ਖ਼ਰਚ ਅਤੇ ਮਿਹਨਤ ਨੂੰ ਧਿਆਨ ‘ਚ ਰੱਖਦਿਆਂ 15 ਹਜ਼ਾਰ ਰੁਪਏ ਵੈਬਸਾਇਟ ਉਤੇ ਦਿੱਤੇ ਅਕਾਉਂਟ ‘ਚ ਪਾਏ ਹਨ, ਮੈਂ ਉਸ ਸੱਜਣ ਦਾ ਭੀ ਤਹਿ ਦਿਲੋਂ ਸ਼ੁਕਰ ਗੁਜਾਰ ਹਾਂ।

ਗਿਆਨੀ ਅਵਤਾਰ ਸਿੰਘ

ਵਿਅੰਗਮਈ ਕਵਿਤਾਵਾਂ

0

ਕਾਵਿ-ਵਿਅੰਗ        ਘਾਟ

ਮੌਤ ਆਪਣੀ ਮਰਨ ਤੋਂ ਲੋਕ ਡਰਦੇ, ਖ਼ਾਤਰ ਕਿਸੇ ਦੀ ਮਰਦਾ ਹੈ ਕੌਣ ਇੱਥੇ।

ਹੁੰਦੇ ਜਿਸ ਦੀ ਜੇਬ ਵਿੱਚ ਚਾਰ ਪੈਸੇ, ਲੰਘਦਾ ਅਕੜਾਕੇ ਹੈ ਉਹ ਧੌਣ ਇੱਥੇ।

ਆਕਸੀਜਨ ਦੀ ਘਾਟ ਕਿੰਜ ਹੋਏ ਪੂਰੀ, ਦੂਸ਼ਿਤ ਹੋ ਗਏ ਪਾਣੀ ਤੇ ਪੌਣ ਇੱਥੇ।

ਸੂਝ ਬੂਝ ਤੋਂ ਸੱਖਣੇ ਆਪ ਜਿਹੜੇ, ਆਉਂਦੇ ‘ਚੋਹਲੇ’ ਨੂੰ ਉਹ ਸਮਝਾਉਣ ਇੱਥੇ।

             

      ਸਤਿਕਾਰ

ਜਿੱਥੇ ਝੁਠ ਦਾ ਹੁੰਦਾ ਹੈ ਬੋਲਬਾਲਾ, ਉੱਥੇ ਸੱਚ ਉਚਾਰਦਾ ਹੈ ਕੋਈ ਕੋਈ।

ਬਣੀ ਆਪਣੀ ਕੱਟੇ ਹਰੇਕ ਬੰਦਾ, ਕਿਸੇ ਦੇ ਕਸ਼ਟ ਨਿਵਾਰਦਾ ਕੋਈ ਕੋਈ।             

ਸਹਿਣਸ਼ੀਲਤਾ ਜਦੋਂ ਜਵਾਬ ਦੇ ਜੇ, ਕਿਸੇ ਦੀ ਗੱਲ ਸਹਾਰਦਾ ਕੋਈ ਕੋਈ।

ਧਨਵਾਨ ਨੂੰ ਮਿਲੇ ਸਤਿਕਾਰ ‘ਚੋਹਲਾ’, ਨਿਰਧਨ ਸਤਿਕਾਰਦਾ ਕੋਈ ਕੋਈ।

ਰਮੇਸ਼ ਬੱਗਾ ਚੋਹਲਾ (ਲੁਧਿਅਣਾ)-9463132719        

ਸੰਗਤ, ਪ੍ਰਬੰਧਕ ਅਤੇ ਗ੍ਰੰਥੀ ਦੀ ਭੂਮਿਕਾ

0

ਸੰਗਤ, ਪ੍ਰਬੰਧਕ ਅਤੇ ਗ੍ਰੰਥੀ ਦੀ ਭੂਮਿਕਾ

ਸੁਖਜੀਤ ਸਿੰਘ, ਗੁਰਮਤਿ ਪ੍ਰਚਾਰਕ/ਕਥਾਵਾਚਕ (ਕਪੂਰਥਲਾ)-98720-76876

ਅੱਜ ਅਸੀਂ ਜਦੋਂ ਸਿੱਖੀ ਦੀ ਨਿਘਰ ਰਹੀ ਹਾਲਤ ਬਾਰੇ ਕਿਤੇ ਵੀ ਆਪਸ ਵਿੱਚ ਚਰਚਾ ਕਰਦੇ ਹਾਂ ਤਾਂ ਸਾਡੀ ਵਿਚਾਰ ਚਰਚਾ ਅਜੋਕੇ ਗ੍ਰੰਥੀ/ਪਾਠੀ ਸਿੰਘਾ ਦੀ ‘‘ਰੋਟੀਆ ਕਾਰਣਿ ਪੂਰਹਿ ਤਾਲ ॥ (ਮਹਲਾ ੧/੪੬੫) ਵਾਲੀ ਗੱਲ ’ਤੇ ਆ ਕੇ ਖ਼ਤਮ ਹੋ ਜਾਂਦੀ ਹੈ। ਅਸੀਂ ਗ੍ਰੰਥੀ/ਪਾਠੀ ਸਿੰਘਾਂ ਨੂੰ ਦੋਸ਼ੀ ਠਹਿਰਾ ਕੇ ਆਪ ਸੁਰਖਰੂ ਹੋਣ ਦਾ ਯਤਨ ਕਰਦੇ ਹਾਂ ਜਦਕਿ ਇਹ, ਤਸਵੀਰ ਦਾ ਕੇਵਲ ਇਕ ਪਾਸਾ ਹੈ।

ਇਸ ਤਸਵੀਰ ਦੇ ਦੂਜੇ ਪਾਸੇ ਗੁਰਦੁਆਰਾ ਪ੍ਰਬੰਧਕ ਸ਼੍ਰੇਣੀ ਹੈ, ਜੋ ਕਿ ਗ੍ਰੰਥੀ/ਪਾਠੀ ਸਿੰਘਾਂ ਨਾਲੋ ਬੇਹੱਦ ਤਾਕਤਵਰ ਹੈ। ਅੱਜ ਹਾਲਤ ਇਹ ਹੈ ਕਿ ਗ੍ਰੰਥੀ ਸਿੰਘ ਪ੍ਰਬੰਧਕ ਨਹੀਂ ਬਦਲ ਸਕਦਾ, ਪ੍ਰਬੰਧਕ ਗ੍ਰੰਥੀ ਨੂੰ ਬਦਲਣ ਦੀ ਤਾਕਤ ਜ਼ਰੂਰ ਰੱਖਦੇ ਹਨ। ਜਿੱਥੇ ਅਜੋਕੇ  ਗ੍ਰੰਥੀ (ਸਾਰੇ ਨਹੀਂ) ਗੁਰਮਤਿ ਦੀ ਸੂਝ-ਬੂਝ ਤੋਂ ਕੋਰੇ ਹਨ। ਇਸ ਲਈ ਮੁੱਖ ਦੋਸ਼ੀ ਧਿਰ ਪ੍ਰਬੰਧਕ ਹਨ। ਜੋ ਆਪ ਗੁਰਮਤਿ ਤੋ ਕੋਰੇ ਹੁੰਦੇ ਹਨ। ਜੇਕਰ ਗ੍ਰੰਥੀ ਗੁਰਮਤਿ ਦੀ ਜਾਣਕਾਰੀ ਵਾਲਾ ਵੀ ਹੋਵੇ ਤਾਂ ਵੀ ਉਸ ਨੂੰ ਗੁਰਮਤਿ ’ਤੇ ਪਹਿਰੇਦਾਰੀ ਕਰਨ ਨਹੀਂ ਦਿੰਦੇ। ਅੱਜ ਦੇ ਬਹੁ ਗਿਣਤੀ ਪ੍ਰਬੰਧਕ ਜਦੋਂ ਗ੍ਰੰਥੀ ਸਿੰਘ ਦੀ ਨਿਯੁਕਤੀ ਲਈ ਅਖਬਾਰਾਂ ਵਿੱਚ ਇਸ਼ਤਿਹਾਰ ਦਿੰਦੇ ਹਨ ਤਾਂ ਪਾਠੀ, ਕਥਾ ਵਾਚਕ, ਕੀਰਤਨੀਆ, ਪਰਵਾਰ ਸਮੇਤ ਗੁਰਦੁਆਰੇ ਰਿਹਾਇਸ਼ ਰੱਖ ਕੇ ਚੌਕੀਦਾਰੀ ਕਰਨ ਵਾਲਾ ਭਾਵ ‘ਫੋਰ ਇਨ ਵਨ’ ਭਾਲਦੇ ਹਨ ਭਾਵੇਂ ਕਿ ਸਭ ਤੋਂ ਅਹਿਮ ਜ਼ਿੰਮੇਵਾਰੀ, ਗੁਰਮਤਿ ਸਿਧਾਂਤਾਂ ਦੀ ਜਾਣਕਾਰੀ ਲਈ ਕੋਈ ਵੀ ਸ਼ਰਤ ਨਹੀਂ ਰੱਖੀ ਹੁੰਦੀ। ਪ੍ਰਬੰਧਕਾਂ ਵੱਲੋਂ ਗ੍ਰੰਥੀ ਸਿੰਘ ਨੂੰ ਇਸ ਸਭ ਬਦਲੇ ਜੋ ਤਨਖਾਹ ਦਿੱਤੀ ਜਾਂਦੀ ਹੈ, ਉਹ ਅੱਜ ਦੇ ਮਹਿੰਗਾਈ ਦੇ ਜਮਾਨੇ ਵਿੱਚ ਕਿਸੇ ਵੀ ਤਰ੍ਹਾਂ ਵਾਜਬ ਨਹੀਂ ਹੈ।

ਅੱਜ ਆਮ ਤੌਰ ’ਤੇ ਦੇਖਣ ਵਿੱਚ ਆਉਦਾ ਹੈ ਕਿ ਬਹੁਗਿਣਤੀ ਸੰਗਤ ਅੱਜ ਗੁਰਦੁਆਰਾ ਪ੍ਰਬੰਧ ਦੇ ਇਸ ਕਾਰਜ ਨੂੰ ਝੰਜਟ ਸਮਝਦੀ ਹੋਈ ‘ਸਾਨੂੰ ਕੀ’ ਆਖ ਕੇ ਪਾਸੇ ਰਹਿਣ ਦਾ ਯਤਨ ਕਰਦੀ ਹੈ। ਜੇ ਪੁੱਛਿਆ ਜਾਏ ਤਾਂ ਉੱਤਰ ਮਿਲਦਾ ਹੈ ‘ਕੀ ਕਰਨਾ ਗੁਰਦੁਆਰੇ ਜਾ ਕੇ ਉੱਥੇ ਤਾਂ ਬਹੁਗਿਣਤੀ ਪ੍ਰਬੰਧਕ ਸੇਵਾ ਦੇ ਨਾਂ ਹੇਠ ਲੜਦੇ ਹੀ ਰਹਿੰਦੇ ਹਨ।’ ਐਸਾ ਜਵਾਬ ਸੁਣ ਕੇ ਭਾਈ ਗੁਰਦਾਸ ਜੀ ਦਾ ਬਚਨ ‘‘ਮਾਇਆ ਡਰ ਡਰਪਤ ਹਾਰ ਗੁਰਦੁਅਰੈ ਜਾਵੈ; ਤਹਾ ਜਉ ਮਾਇਆ ਬਿਆਪੈ, ਕਹਾ ਠਹਰਾਈਐ  ?॥੫੪੪॥’’ (ਭਾਈ ਗੁਰਦਾਸ ਜੀ/ਕਬਿੱਤ ੫੪੪) ਯਾਦ ਆਉਦਾ ਹੈ। ਲੱਗਦਾ ਹੈ ਕਿ ਜਿਵੇਂ ਭਾਈ ਗੁਰਦਾਸ ਜੀ ਚਾਹੁੰਦੇ ਹੋਣ ਕਿ ਗੁਰਦੁਆਰਾ ਪ੍ਰਬੰਧਕ ਇੱਕ ਦਿਨ ਅਜੋਕੇ ਹਾਲਾਤਾਂ ਮੁਤਾਬਕ ਨਾ ਬਣ ਜਾਣ, ਇਸ ਲਈ ਪਹਿਲਾਂ ਹੀ ਸੁਚੇਤ ਕਰਨ ਦੀ ਜ਼ਿੰਮੇਵਾਰੀ ਉਨ੍ਹਾ ਨੇ ਬਾਖ਼ੂਬੀ ਨਿਭਾਅ ਦਿੱਤੀ ਪਰੰਤੂ ਸੋਚਣ ਦਾ ਵਿਸ਼ਾ ਹੈ-ਕੀ ਅਸੀਂ ਸੁਚੇਤ ਹੋਏ ?

ਗੁਰਮਤਿ ਕਸਵੱਟੀ ’ਤੇ ਪਰਖ ਕੇ ਵੇਖੀਏ ਤਾਂ ਸਪਸ਼ਟ ਹੈ ਕਿ ਸੇਵਾ ਦੇ ਨਾਮ ਉੱਪਰ ਤਾਂ ਕਦੀ ਲੜਾਈ-ਝਗੜਾ-ਵਿਰੋਧ ਨਹੀਂ ਹੋ ਸਕਦਾ। ਇੱਥੇ ਗੱਲ ਕੁਝ ਹੋਰ ਹੈ ? ਇਸ ਵਿਸ਼ੇ ’ਤੇ ਇੱਕ ਛੋਟੇ ਜਿਹੇ ਬੱਚੇ ਦੇ ਕਹੇ ਹੋਏ ਅਨਭੋਲ ਸ਼ਬਦ ਦਾਸ ਨੂੰ ਨਹੀਂ ਭੁੱਲਦੇ। ਆਪਣੇ ਰਿਸ਼ਤੇਦਾਰਾ ਦੇ ਪਿੰਡ ਦੇ ਗੁਰਦੁਆਰੇ ਆਏ ਬੱਚੇ ਨੇ ਪ੍ਰਬੰਧਕਾਂ ਨੂੰ ਝਗੜਾ ਕਰਦੇ ਵੇਖ ਕੇ ਹੈਰਾਨੀ ਪ੍ਰਗਟ ਕੀਤੀ ਤਾਂ ਕਿਸੇ ਨੇ ਬੱਚੇ ਨੂੰ ਪੁੱਛਿਆ ‘ਕੀ ਬੇਟਾ  ! ਤੁਹਾਡੇ ਪਿੰਡ ਕਦੀ ਇਸ ਤਰ੍ਹਾਂ ਲੜਾਈ ਝਗੜਾ ਨਹੀਂ ਹੁੰਦਾ ?’ ਬੱਚੇ ਦਾ ਜਵਾਬ ਸੀ ‘ਸਾਡੇ ਪਿੰਡ ਗੁਰਦੁਆਰਾ ਹੀ ਕੋਈ ਨਹੀ।’ ਜ਼ਰਾ ਸੋਚੀਏ ! ਸੁਚੇਤ ਸੰਗਤਾਂ ਦੀ ਗੁਰਦੁਆਰੇ ਦੀ ਹਾਜ਼ਰੀ ਪ੍ਰਤੀ ਨਿਰਾਸ਼ਤਾ ਲਈ ਅੱਜ ਜਿੰਮੇਵਾਰ ਕੌਣ ਹੈ ? ਜਿਸ ਗੁਰਦੁਆਰੇ ਦੇ ਵਿੱਚੋਂ ਪਰਾਇਆ ਹੱਕ ਨਾਂ ਖਾਣ ਦਾ ‘‘ਚੋਰ ਕੀ ਹਾਮਾ ਭਰੇ ਕੋਇ ’’ (ਮਹਲਾ /੬੬੨) ਦਾ ਸੰਦੇਸ਼ ਮਿਲਣਾ ਹੈ, ਉੱਥੇ ਅੱਜ ਹਰ ਗੁਰਦੁਆਰੇ ਵਿੱਚ ਗੋਲਕਾਂ ਨੂੰ ਲੱਗੇ ਵਡੇ-ਵਡੇ ਜਿੰਦਰੇ ਕੁਝ ਹੋਰ ਹੀ ਸੋਚਣ ’ਤੇ ਮਜਬੂਰ ਕਰਦੇ ਹਨ। ਦਾਸ ਇੱਕ ਗੁਰਦੁਆਰੇ ਵਿੱਚ ਕਥਾ ਕਰਨ ਤੋਂ ਬਾਅਦ ਸਮਾਪਤੀ ’ਤੇ ਪ੍ਰਬੰਧਕਾਂ ਨਾਲ ਬੈਠਾ ਸੀ ਤਾਂ ਗ੍ਰੰਥੀ ਸਿੰਘ ਨੇ ਆਪਣੇ ਬੱਚਿਆ ਦੀ ਪੜ੍ਹਾਈ, ਕਿਤਾਬਾ, ਫੀਸਾਂ ਆਦਿ ਦੇ ਖ਼ਰਚੇ ਦਾ ਵਾਸਤਾ ਪਾ ਕੇ ਪ੍ਰਬੰਧਕਾਂ ਨੂੰ ਤਨਖਾਹ ਵਧਾਉਣ ਦੀ ਬੇਨਤੀ ਕੀਤੀ। ਪ੍ਰਬੰਧਕਾ ਦਾ ਜਵਾਬ ਸੀ ‘ਬਾਬਾ ਤੈਨੂੰ ਕੌਣ ਕਹਿੰਦਾ ਬੱਚੇ ਅੰਗਰੇਜ਼ੀ ਸਕੂਲ ਵਿੱਚ ਪੜ੍ਹਾ, ਸਰਕਾਰੀ ਸਕੂਲ ਵਿੱਚ ਪੜ੍ਹਾ ਲੈ।’ ਦਾਸ ਕੋਲੋਂ ਪ੍ਰਬੰਧਕਾਂ ਦਾ ਐਸਾ ਜਵਾਬ ਸੁਣ ਕੇ ਰਿਹਾ ਨਾ ਗਿਆ। ਦਾਸ ਨੇ ਉਨ੍ਹਾਂ ਨੂੰ ਮੁਖਾਤਬ ਹੋ ਕੇ ਕਿਹਾ ‘ਭਾਈ ਸਾਹਿਬ ! ਤੁਸੀਂ ਇਸ ਨੂੰ ਕੇਵਲ ਗ੍ਰੰਥੀ ਰੂਪ ਵਿੱਚ ਹੀ ਕਿਉਂ ਵੇਖਦੇ ਹੋ ? ਇਹ ਇੱਕ ਬਾਪ ਵੀ ਹੈ। ਜੇ ਇਸ ਬਾਪ ਦੀ ਇੱਛਾ ਵੀ ਸਾਡੇ ਵਾਂਗ ਆਪਣੇ ਬੱਚਿਆ ਨੂੰ ਚੰਗੇ ਸਕੂਲਾਂ ਵਿੱਚ ਪੜ੍ਹਾ ਕੇ ਚੰਗੀ ਵਿਦਿਆ ਦੇਣ ਦੀ ਹੈ ਤਾਂ ਇਸ ਵਿੱਚ ਕੀ ਹਰਜ ਹੈ। ਤੁਸੀਂ ਤਨਖਾਹ ਵਧਾਉਣੀ ਹੈ ਜਾਂ ਨਹੀਂ ਇਹ ਤਾਂ ਅਲੱਗ ਵਿਸ਼ਾ ਹੈ। ਘੱਟੋ ਘੱਟ ਇੱਕ ਬਾਪ ਦੀਆਂ ਆਪਣੇ ਬੱਚਿਆਂ ਦੇ ਚੰਗੇਰੇ ਭਵਿੱਖ ਦੀ ਕਾਮਨਾ ਲਈ ਇੱਛਾਵਾਂ ਦਾ ਤ੍ਰਿਸਕਾਰ ਤਾਂ ਨਾ ਕਰੋ।’

ਸੋ ਸਪਸ਼ਟ ਹੈ ਕਿ ਅਜੋਕੇ ਸਮੇਂ ਦੇ ਗ੍ਰੰਥੀ/ਪਾਠੀ ਸਿੰਘਾਂ ਦੇ ਹਾਲ ਲਈ ਦੋਸ਼ ਕੇਵਲ ਇੱਕ ਧਿਰ ਨੂੰ ਦੇਣਾ ਕਿਸੇ ਤਰ੍ਹਾਂ ਵਾਜਬ ਨਹੀਂ ਹੈ। ਮਹਿੰਗਾਈ ਤਾਂ ਮਹਿੰਗਾਈ ਹੈ, ਜੋ ਕਿਸੇ ਦਾ ਲਿਹਾਜ ਨਹੀਂ ਕਰਦੀ। ਜੇਕਰ ਅਸੀਂ ਗ੍ਰੰਥੀ ਸਿੰਘਾਂ ਦੀ ਚੋਣ ਲਈ ਇਤਿਹਾਸਿਕ ਪੱਖ ਦੇਖਣਾ ਹੋਵੇ ਤਾਂ ਸਾਨੂੰ ਅਗਵਾਈ ਮਿਲਦੀ ਹੈ ਕਿ ਜੇ ਪ੍ਰਬੰਧਕ ਗੁਰੂ ਅਰਜਨ ਸਾਹਿਬ ਦੀ ਉੱਚੀ-ਸੁੱਚੀ ਸੋਚ ਵਾਲੇ ਹੋਣਗੇ ਤਾਂ ਹੀ ਬਾਬਾ ਬੁੱਢਾ ਜੀ ਵਰਗੇ ਗੁਰੂ ਕੇ ਵਜ਼ੀਰ ਦੀ ਚੋਣ ਹੋ ਸਕਦੀ ਹੈ, ਪਰ ਅੱਜ ਦੇ ਸਮੇਂ ਨਾ ਬਹੁਗਿਣਤੀ ਪ੍ਰਬੰਧਕ ਗੁਰੂ ਅਰਜਨ ਸਾਹਿਬ ਦੀ ਸੋਚ ਵਾਲੇ, ਨਾ ਗ੍ਰੰਥੀ ਬਾਬਾ ਬੁੱਢਾ ਜੀ ਵਰਗੇ ਹਨ। ਕਹਿਣ ਨੂੰ ਅਸੀਂ ਗ੍ਰੰਥੀ ਸਿੰਘ ਨੂੰ ‘ਗੁਰੂ ਕਾ ਵਜ਼ੀਰ’ ਆਖਦੇ ਹਾਂ, ਪਰ ਕੀ ਮੰਨਦੇ ਵੀ ਹਾਂ ? ਪੁਰਾਤਨ ਇਤਿਹਾਸਕ ਗ੍ਰੰਥਾਂ ਵਿੱਚੋਂ ਹਵਾਲੇ ਮਿਲਦੇ ਹਨ ਕਿ ਪਹਿਲੇ ਪ੍ਰਕਾਸ਼ ਦਿਹਾੜੇ (1604 ਈਸਵੀ) ਸਮੇਂ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬਿਠਾ ਕੇ ਕਿਹਾ ‘ਬੁਢਾ ਸਾਹਿਬ ਖੋਲੋ ਗ੍ਰੰਥ। ਲਈ ਅਵਾਜ ਸੁਨੈ ਸਭ ਪੰਥ।’ ਬਾਬਾ ਜੀ ਨੇ ਪਹਿਲਾ ਹੁਕਮਨਾਮਾ ਲਿਆ। ਸਮਾਪਤੀ ਉੱਪਰ ਬਾਬਾ ਜੀ ਨੇ ਆਪਣੇ ਮਨ ਦੀ ਬਾਤ ਰੱਖੀ ‘ਸਤਿਗੁਰੂ ਜੀ ! ਮੈ ਤਾਂ ਆਪ ਦਾ ਨਿਮਾਣਾ ਜਿਹਾ ਸੇਵਕ ਹਾਂ, ਤੁਸੀਂ ਮੈਨੂੰ ਸਾਹਿਬ ਆਖ ਕੇ ਕਿਉਂ ਸੰਬੋਧਨ ਕੀਤਾ ਹੈ ?’ ਪੰਚਮ ਪਾਤਸ਼ਾਹ ਨੇ ਜਵਾਬ ਦਿੱਤਾ ‘ਬਾਬਾ ਜੀ  ! ਤੁਸੀਂ ਮੇਰੇ ਤੋਂ ਵੀ ਵੱਡੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਗਏ ਤਾਂ ਤੁਸੀਂ ਮੇਰੇ ਵੀ ਸਾਹਿਬ ਹੋ ਗਏ।’ ਅਜੋਕੇ ਬਹੁ ਗਿਣਤੀ ਪ੍ਰਬੰਧਕ ਜਿਹੜੇ ਗ੍ਰੰਥੀ ਸਿੰਘ ਨੂੰ ਕਹਿੰਦੇ ਤਾਂ ਗੁਰੂ ਕੇ ਵਜ਼ੀਰ ਹਨ, ਪਰ ਦਿਲੋਂ ਮੰਨਦੇ ਨਹੀਂ। ਇਤਿਹਾਸਕ ਘਟਨਾਵਾਂ ਦੇ ਸੰਦਰਭ ਵਿੱਚ ਪੜਚੋਲ ਕਰਨ ਦੀ ਲੋੜ ਹੈ।

ਅਜੋਕੇ ਸਮੇਂ ਅੰਦਰ ਜਦੋਂ ਅਸੀਂ ਝਾਤੀ ਮਾਰ ਕੇ ਵੇਖਦੇ ਹਾਂ ਤਾਂ ਕੇਵਲ ਪ੍ਰਬੰਧਕ ਜਾਂ ਗ੍ਰੰਥੀ ਹੀ ਐਸੀ ਦੁਰਦਸ਼ਾ ਲਈ ਜ਼ਿੰਮੇਵਾਰ ਨਹੀਂ, ਇੱਕ ਹੱਦ ਤੱਕ ਸੰਗਤ ਵੀ ਜ਼ਿੰਮੇਵਾਰ ਹੈ। ਪਾਠ ਅਰੰਭ ਕਰਨ ਸਮੇਂ ਅਤੇ ਸਮਾਪਤੀ ਸਮੇਂ ਤਾਂ ਘਰ ਦੇ ਚਾਰ ਸਰੀਰ ਭਾਵੇਂ ਹਾਜ਼ਰ ਹੋ ਜਾਣ ਬਾਕੀ ਸਮਾਂ ਪਰਵਾਰਕ ਮੈਬਰ ਹਾਜ਼ਰੀ ਸੰਬੰਧੀ ਆਪਣੀ ਕੋਈ ਜ਼ਿੰਮੇਵਾਰੀ ਨਹੀਂ ਸਮਝਦੇ। ਅੱਜ ਪਾਠ ਅਰੰਭ ਕਰਨ ਤੋਂ ਪਹਿਲਾ ਪਾਠੀ ਸਿੰਘਾਂ ਨੂੰ ਹਦਾਇਤਾਂ ਦਿੰਦੇ ਹਾਂ ‘ਬਾਬਾ ਜੀ ! ਪਾਠ ਧਿਆਨ ਨਾਲ ਕਰਿਓ, ਨਹੀਂ ਤਾਂ ਪਾਪ ਲੱਗੂ’। ਕੋਈ ਪਾਠੀ ਗੁਰਮਤਿ ਤੋ ਜਾਣੂ ਹੋਵੇ ਤਾਂ ਸਵਾਲ ਕਰੇ ‘ਜੇ ਪਾਠ ਧਿਆਨ ਨਾਲ ਨਾ ਕਰਾਂ ਤਾਂ ਪਾਪ ਕਿਸ ਨੂੰ ਲੱਗੂ, ਜੇ ਧਿਆਨ ਨਾਲ ਕਰਾਂ ਤਾਂ ਪੁੰਨ ਕਿਸ ਨੂੰ ਲੱਗੂ ?  ਪਰਵਾਰ ਦਾ ਜਵਾਬ ਹੁੰਦਾ ‘ਬਾਬਾ ਜੀ ! ਪਾਪ ਤੁਹਾਨੂੰ ਲੱਗੂ ਅਤੇ ਪੁੰਨ ਪਰਵਾਰ ਨੂੰ ਲੱਗੂ।’ ਸੋਚਣ ਦਾ ਵਿਸ਼ਾ ਹੈ ਕਿ ਜੇ ਪਾਪ, ਪਾਠੀ ਨੂੰ ਲੱਗੂ ਤਾਂ ਪੁੰਨ ਵੀ ਪਾਠੀ ਨੂੰ ਹੀ ਲੱਗੇਗਾ।

ਅੱਜ ਸਾਡੇ ਬਹੁ ਗਿਣਤੀ ਘਰਾਂ ਵਿੱਚ ਅਖੰਡ ਪਾਠ ਦੇ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਪ੍ਰਤੀ ਲਾਪ੍ਰਵਾਹੀ ਸੰਬੰਧੀ ਸ੍ਰ. ਜਸਵੰਤ ਸਿੰਘ ਖਡੂਰ ਸਾਹਿਬ ਦੀ ਕਵਿਤਾ ‘ਬਾਬਾ ਜੀ ਕੱਲੇ’ ਪੜ੍ਹਨਯੋਗ ਹੈ। ਇਸ ਕਵਿਤਾ ਦੀਆ ਚਾਰ ਕੁ ਲਾਇਨਾ ਪੇਸ਼ ਹਨ ਪੂਰੇ ਸਤਿਗੁਰੂ ਮੇਹਰ ਜਾਂ ਕੀਤੀ, ਸ਼ਾਦੀ ਦਾ ਦਿਨ ਆਇਆ  ਸਤਿਗੁਰੂ ਦੇ ਧੰਨਵਾਦ ਵਾਸਤੇ, ਅਖੰਡ ਪਾਠ ਰਖਵਾਇਆ ਅਖੰਡ ਪਾਠ ਦੇ ਕਮਰੇ ਲਾਗੇ, ਟੈਲੀਵੀਜਨ   ਚੱਲੇ ਸਾਰਾ ਟੱਬਰ ਟੀ. ਵੀ. ਅੱਗੇ, ਬਾਬਾ ਜੀ ਨੇ ਕੱਲੇ

 ਇਨ੍ਹਾਂ ਸਾਰੀਆ ਕਮਜੋਰੀਆ ਤੋਂ ਨਿਜਾਤ ਪਾਉਣ ਲਈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ ਸਤਿਕਾਰ ਨੂੰ ਕਾਇਮ ਰੱਖਣ ਲਈ, ਸਿੱਖ ਪ੍ਰੰਪਰਾਵਾਂ ਦੇ ਸ਼ਾਨਾਮੱਤੇ ਇਤਿਹਾਸਕ ਵਿਰਸੇ ਨੂੰ ਮੁੜ ਉਜਾਗਰ ਕਰਨ ਲਈ ਜਿੱਥੇ ਕੁਝ ਸੱਜਣ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਨ ਓਥੇ ਅਸੀਂ ਆਪ ਭੀ ਸੰਗਤ ਰੂਪ ਵਿੱਚ ਗੁਰਮਤਿ ਸਿਧਾਂਤਾਂ ਪ੍ਰਤੀ ਜਾਗਰੂਕ ਹੋ ਕੇ ਆਪਣੀਆਂ-2 ਜ਼ਿੰਮੇਵਾਰੀਆਂ ਦੀ ਪਛਾਣ ਕਰੀਏ। ਜੇ ਸੰਗਤਾਂ ਸੁਚੇਤ ਹੋਣਗੀਆਂ ਤਾਂ ਸੰਗਤਾਂ ਵਿੱਚੋ ਹੀ ਸਹੀ ਪ੍ਰਬੰਧਕਾਂ ਦੀ ਚੋਣ ਹੋਵੇਗੀ। ਚੰਗੇ ਪ੍ਰਬੰਧਕਾਂ ਰਾਹੀਂ ਸੁਚੱਜੀ ਜੀਵਨ ਜਾਚ ਭਰਪੂਰ, ਗੁਰਮਤਿ ਸੋਝੀ ਵਾਲੇ ਗ੍ਰੰਥੀ ਸਿੰਘਾਂ ਦੀ ਨਿਯੁਕਤੀ ਹੋਵੇਗੀ। ਸੁਚੱਜੇ ਗ੍ਰੰਥੀ ਸਿੰਘਾਂ ਦੁਆਰਾ ਕੀਤੇ ਜਾਣ ਵਾਲੇ ਗੁਰਮਤਿ ਪ੍ਰਚਾਰ ਰਾਹੀਂ ਗੁਰਦੁਆਰੇ ਸਹੀ ਅਰਥਾਂ ਵਿੱਚ ਗੁਰਮਤਿ ਪ੍ਰਚਾਰ ਕੇਂਦਰ ਵਜੋਂ ਸਾਹਮਣੇ ਆਉਣਗੇ। ਸਿੱਖੀ ਦੇ ਪ੍ਰਚਾਰ ਦਾ ਅਸਰ ਤਾਂ ਹੀ ਦਿਖਾਈ ਦੇਵੇਗਾ ਜੇਕਰ ‘ਸੰਗਤ, ਪ੍ਰਬੰਧਕ ਤੇ ਗ੍ਰੰਥੀ’ ਤਿੰਨੋਂ ਸਹੀ ਰੂਪ ਵਿੱਚ ਸਿੱਖੀ ਨੂੰ ਸਮਰਪਿਤ ਹੋ ਕੇ ਚੱਲਣਗੇ।

ਆਓ ਸਿੱਖ ਕੌਮ ਦੇ ਉਜਲ ਭਵਿੱਖ ਦੀ ਕਾਮਨਾ ਕਰਦੇ ਹੋਏ ਇਸ ਮੁਹਿਮ ਲਈ ਅਸੀਂ ਆਪਣੇ ਨਿੱਜ ਤੋਂ ਯਤਨ ਆਰੰਭ ਕਰੀਏ। ‘ਸਾਨੂੰ ਕੀ’ ਵਾਲੇ ਨਿਰਾਸ਼ਤਾ ਭਰੇ ਪੱਖ ਨੂੰ ਆਪਣੇ ਜੀਵਨ ਵਿੱਚੋਂ ਬਾਹਰ ਕੱਢਣ ਦੀ ਲੋੜ ਹੈ। ਐਸਾ ਅਮਲੀ ਰੂਪ ਵਿੱਚ ਹੋਣ ਨਾਲ ਹੀ ਸਿੱਖ ਕੌਮ ਨੂੰ ਦਰਪੇਸ਼ ਸਮੱਸਿਆਵਾਂ ਦੇ ਸਾਰਥਕ ਹੱਲ ਨਿਕਲ ਦੀ ਉਮੀਦ ਬੱਝੇਗੀ।

Most Viewed Posts