26.5 C
Jalandhar
Sunday, June 29, 2025
spot_img
Home Blog Page 43

ਮੂਰਖ ਅਨੁਰਾਗ ਸਿੰਘ ਦੇ ਮੂਰਖਤਾ ਭਰੇ ਸਵਾਲ ਦਾ ਜਵਾਬ

0

ਮੂਰਖ ਅਨੁਰਾਗ ਸਿੰਘ ਦੇ ਮੂਰਖਤਾ ਭਰੇ ਸਵਾਲ ਦਾ ਜਵਾਬ

ਪਾਲ ਸਿੰਘ ਪੁਰੇਵਾਲ

ਸੰਪਰਕ: +1 (780) 463-2306

22 ਸਤੰਬਰ 2021 ਸੀਈ

ਮੈਨੂੰ ਅਫ਼ਸੋਸ ਹੈ ਕਿ ਮੂਰਖ ਅਨੁਰਾਗ ਸਿੰਘ ਵੱਲੋਂ ਪਿਛਲੇ ਕਈ ਸਾਲਾਂ ਤੋਂ ਕੀਤੇ ਜਾ ਰਹੇ ਮੂਰਖਤਾ ਭਰੇ ਸਵਾਲ ਦਾ ਜਵਾਬ ਦੇਣ ਸਮੇਂ ਮੈਨੂੰ ਮਜਬੂਰਨ ਉਹੋ ਜਿਹੀ ਭਾਸ਼ਾ ਦੀ ਵਰਤੋਂ ਕਰਨੀ ਪੈ ਰਹੀ ਹੈ ਜੋ ਉਹ ਮੇਰੇ ਲਈ ਵਰਤਦਾ ਆ ਰਿਹਾ ਹੈ ।

ਫੇਸਬੁੱਕ ‘ਤੇ ਉਸ ਦਾ ਪ੍ਰਸ਼ਨ ਹੈ : ਪੁਰੇਵਾਲ ਦੀ 500 ਸਾਲਾ ਜੰਤਰੀ ਵਿੱਚ ਸਾਲ 1752 ਪੰਨੇ ’ਤੇ 2 ਸਤੰਬਰ ਲਈ ਹਫ਼ਤੇ ਦਾ ਦਿਨ ਬੁੱਧਵਾਰ ਵਜੋਂ ਦਿੱਤਾ ਗਿਆ ਹੈ ਅਤੇ ਉਸ ਤੋਂ ਬਾਅਦ 14 ਸਤੰਬਰ ਨੂੰ ਵੀਰਵਾਰ ਦਿੱਤਾ ਗਿਆ. ਮੂਰਖ ਅਨੁਰਾਗ ਦੇ ਅਨੁਸਾਰ 14 ਸਤੰਬਰ ਨੂੰ ਸੋਮਵਾਰ ਹੋਣਾ ਚਾਹੀਦਾ ਸੀ ।

ਮੇਰਾ ਜਵਾਬ: ਅਨੁਰਾਗ ਸਿੰਘ ਦਾ ਇਹ ਕਹਿਣਾ ਕਿ 14 ਸਤੰਬਰ ਨੂੰ ਸੋਮਵਾਰ ਹੋਣਾ ਚਾਹੀਦਾ ਹੈ; ਮੂਰਖਤਾ ਦੀ ਹੱਦ ਹੈ, ਅਤੇ ਜੂਲੀਅਨ ਕੈਲੰਡਰ ਤੇ ਗ੍ਰੈਗੋਰੀਅਨ ਕੈਲੰਡਰ ਦੇ ਵਿਚਕਾਰ ਅੰਤਰ ਤੋਂ ਉਸਦੀ ਪੂਰੀ ਅਗਿਆਨਤਾ ਦਰਸਾਉਂਦਾ ਹੈ। ਇਸ ਦਾ ਮਤਲਬ ਹੈ ਕਿ ਉਸਦਾ ਕੈਲੰਡਰਾਂ ਬਾਰੇ ਗਿਆਨ ਬਿਲਕੁਲ ਸਿਫ਼ਰ ਤੋਂ ਵੀ ਘੱਟ ਹੈ। ਉਸਨੂੰ ਪਤਾ ਹੋਣਾ ਚਾਹੀਦਾ ਸੀ ਕਿ ਜੇ 14 ਸਤੰਬਰ ਲਈ ਵੀਰਵਾਰ ਗ਼ਲਤ ਹੈ ਤਾਂ ਮੇਰੀ ਕਿਤਾਬ ਦੇ ਅੰਤ 31 ਦਸੰਬਰ 2000 ਈਸਵੀ ਤੱਕ ਹਫ਼ਤੇ ਦੇ ਸਾਰੇ ਦੇ ਸਾਰੇ ਦਿਨ ਵੀ ਗ਼ਲਤ ਹੋ ਜਾਣੇ ਸਨ. ਗ਼ਲਤ ਸਿੱਟੇ ’ਤੇ ਪਹੁੰਚਣ ਤੋਂ ਪਹਿਲਾਂ ਉਹ ਮੂਰਖ ਕਿਸੇ ਵੀ ਸਾਲ ਲਈ ਬਾਜ਼ਾਰ ’ਚੋਂ ਜੰਤਰੀ ਖਰੀਦ ਸਕਦਾ ਸੀ ਅਤੇ ਉਸ ਦੇ ਨਾਲ ਉਸ ਸਾਲ ਵਿੱਚ ਦਿੱਤੇ ਗਏ ਹਫ਼ਤੇ ਦੇ ਦਿਨਾਂ ਦੀ ਜਾਂਚ ਕੀਤਿਆਂ ਹਫਤੇ ਦੇ ਦਿਨ ਮੇਰੀ ਕਿਤਾਬ ਵਿੱਚ ਦਿੱਤੇ ਗਏ ਦਿਨਾਂ ਨਾਲ ਮਿਲ ਜਾਣੇ ਸਨ. ਜੇ ਹਫ਼ਤੇ ਦੇ ਦਿਨ ਮੇਰੀ ਕਿਤਾਬ ਨਾਲ ਮੇਲ ਖਾਂਦੇ ਹਨ ਫਿਰ ਇੱਕ ਇੱਕ ਕਰਕੇ ਪਿਛਾਂਹ ਜਾਣ ਨਾਲ ਅਨੁਰਾਗ ਨੂੰ ਇਹ ਪਤਾ ਵੀ ਲੱਗ ਜਾਂਦਾ ਕਿ 14 ਸਤੰਬਰ 1752 ਲਈ ਵੀਰਵਾਰ ਵੀ ਸਹੀ ਹੈ । ਮੈਂ ਪੁਸਤਕ ਦੀ ਮੁੱਢਲੀ ਜਾਣ ਪਛਾਣ (Introduction) ਵਿੱਚ ਜ਼ਿਕਰ ਕੀਤਾ ਹੈ ਕਿ ਕਿਤਾਬ ਵਿੱਚ ਸਾਰੀਆਂ ਅੰਗਰੇਜ਼ੀ ਤਾਰੀਖਾਂ 2 ਸਤੰਬਰ 1752 ਸਮੇਤ ਤੱਕ ਜੂਲੀਅਨ ਕੈਲੰਡਰ ਦੀਆਂ ਹਨ ਅਤੇ 14 ਸਤੰਬਰ 1752 ਸਮੇਤ ਤੋਂ ਬਾਅਦ ਦੀਆਂ ਸਾਰੀਆਂ ਤਾਰੀਖਾਂ ਗ੍ਰੈਗੋਰੀਅਨ ਕੈਲੰਡਰ ਦੀਆਂ ਹਨ ।

1947 ਵਿੱਚ ਜਦੋਂ ਮੈਂ ਸ਼ੰਕਰ ਵਿਖੇ ਖਾਲਸਾ ਹਾਈ ਸਕੂਲ ਦੀ 10ਵੀਂ ਕਲਾਸ ਵਿੱਚ ਪੜ੍ਹਦਾ ਸੀ ਤਾਂ ਉਸ ਵੇਲੇ ਅੰਕਗਣਿਤ ਦੀ ਕਿਤਾਬ ’ਚ ਇੱਕ ਭਾਗ ਕੈਲੰਡਰ ਦਾ ਹੁੰਦਾ ਸੀ ਜਿਸ ਵਿੱਚ 1600 ਸੀਈ ਤੋਂ ਬਾਅਦ ਦੇ ਕਿਸੇ ਵੀ ਗ੍ਰੈਗੋਰੀਅਨ ਮਿਤੀ ਦੇ ਹਫ਼ਤੇ ਦਾ ਦਿਨ ਲੱਭਣ ਦਾ ਤਰੀਕਾ ਹੁੰਦਾ ਸੀ। ਉਸ ਤਰੀਕੇ ਨਾਲ 14 ਸਤੰਬਰ 1752 ਨੂੰ ਹਫ਼ਤੇ ਦੇ ਦਿਨ ਦੀ ਗਣਿਤ ਇਸ ਤਰ੍ਹਾਂ ਹੈ:

(ਨੋਟ : ਹੇਠਾਂ ਸਮਝਾਏ ਜਾ ਰਹੇ ਵਾਧੂ ਦਿਨਾਂ ਦਾ ਮਤਲਬ ਹੁੰਦਾ ਹੈ ਸਾਲ ਦੇ ਕੁੱਲ ਦਿਨਾਂ ਨੂੰ 7 ਨਾਲ ਵੰਡਣ ਤੋਂ ਬਾਅਦ ਬਾਕੀ ਬਚਿਆ ਜਾਂ ਬਚੇ ਦਿਨ; ਜਿਵੇਂ ਕਿ

1 ਸਾਲ = 365 ਦਿਨ ​÷ 7 = 52 ਹਫ਼ਤੇ; ਇਨ੍ਹਾਂ 52 ਹਫ਼ਤਿਆਂ ਤੋਂ ਇਲਾਵਾ ਬਾਕੀ (ਵਾਧੂ) ਬਚਿਆ = 1 ਦਿਨ (ਜੋ ਚਾਰ ਸਾਲਾਂ ਬਾਅਦ ਯਾਨੀ ਕਿ ਲੀਪ ਦੇ ਸਾਲ ’ਚ 366 ਦਿਨ ਹੋਣ ਕਾਰਨ ਇਹ ਵਾਧੂ 2 ਦਿਨ ਹੋਣਗੇ ।)

100 ਸਾਲ ’ਚ ਵਾਧੂ ਦਿਨ = 100 ਦਿਨ + 24 ਲੀਪ ਦੇ ਸਾਲ (ਇਥੇ 25 ਹੋਣੇ ਸੀ ਭਾਵ ਹਰ ਚੌਥੇ ਸਾਲ ਲੀਪ ਦੇ ਸਾਲ ਦਾ, 1 ਦਿਨ ਵਧਦਾ ਵਧਦਾ 100 ਸਾਲਾਂ ’ਚ 25 ਲੀਪ ਬਣਦੇ ਸਨ, ਪਰ 100 ’ਤੇ ਪੂਰਾ ਵੰਡੇ ਜਾਣ ਵਾਲਾ ਸਾਲ, ਲੀਪ ਸਾਲ ਨਹੀਂ ਹੁੰਦਾ ਯਾਨੀ ਕਿ 100ਵੇਂ ਸਾਲ ਦੇ ਵਾਧੂ ਦਿਨ 2 ਨਹੀਂ ਹੋਣਗੇ, ਇਸ ਲਈ 100 ਸਾਲਾਂ ’ਚ 24 ਲੀਪ ਸਾਲ ਰਹਿ ਗਏ ।)

                            100+24 = 124 ਦਿਨ ​÷ 7 = 17 ਹਫ਼ਤੇ ਅਤੇ ਵਾਧੂ 5 ਦਿਨ

400 ਸਾਲ ’ਚ ਵਾਧੂ ਦਿਨ = 5 × 4 +1 (ਇਸ 1 ਦਾ ਮਤਲਬ ਹੈ ਕਿ 400 ’ਤੇ ਵੰਡੇ ਜਾਣ ਵਾਲੀ ਸਦੀ ਲੀਪ ਸਾਲ ਵਾਲੀ ਹੁੰਦੀ ਹੈ, ਇਸ ਲਈ 100, 200, 300 ਸਦੀਆਂ ਵਾਙ ਇਸ ਦਾ 1 ਦਿਨ ਨਹੀਂ ਵਧੇਗਾ ਬਲਕਿ ਹਰ ਚੌਥੇ ਲੀਪ ਸਾਲ ਵਾਙ ਇਸ ਦੇ ਭੀ ਵਾਧੂ 2 ਦਿਨ ਹੋਣਗੇ, ਸੋ 5 × 4 +1) = 21 ਦਿਨ        

                          = 21 ÷ 7 = 3 ਹਫ਼ਤੇ ਵਾਧੂ ਦਿਨ 0

ਇਸੇ ਤਰ੍ਹਾਂ 1600, 2000, 2400, 2800, 3200 ਆਦਿ ਲਈ ਵਾਧੂ ਦਿਨ 0 ਹਨ ।)

1600 ਸਾਲਾਂ ਵਿੱਚ ਵਾਧੂ ਦਿਨ                    = 0

100 ਸਾਲਾਂ ’ਚ ਵਾਧੂ ਦਿਨ                         = 5

51 ਸਾਲ ’ਚ ਵਾਧੂ ਦਿਨ 51                        = 2 (ਵਾਧੂ ਦਿਨਾਂ ਨੂੰ 7 ’ਤੇ ਭਾਗ ਕਰਕੇ ਬਾਕੀ)

51 ਸਾਲਾਂ ਵਿੱਚ ਲੀਪ ਸਾਲਾਂ ਦੇ 12 ਵਾਧੂ ਦਿਨ  = 5

ਜਨਵਰੀ ਦੇ 31 ਦਿਨ; ਵਾਧੂ ਦਿਨ ਦਿੰਦੇ ਹਨ    = 3

ਫ਼ਰਵਰੀ ਦੇ 29 ਦਿਨ; ਵਾਧੂ ਦਿਨ ਦਿੰਦੇ ਹਨ    = 1 (1752 ਲੀਪ ਦਾ ਸਾਲ ਹੋਣ ਕਾਰਨ)

ਮਾਰਚ ਦੇ 31 ਦਿਨ; ਵਾਧੂ ਦਿਨ ਦਿੰਦੇ ਹਨ        = 3

ਅਪ੍ਰੈਲ 30 ਦਿਨ; ਵਾਧੂ ਦਿਨ ਦਿੰਦੇ ਹਨ           = 2 

ਮਈ ਦੇ 31 ਦਿਨ; ਵਾਧੂ ਦਿਨ ਦਿੰਦੇ ਹਨ           = 3

ਜੂਨ ਦੇ 30 ਦਿਨ; ਵਾਧੂ ਦਿਨ ਦਿੰਦੇ ਹਨ          = 2

ਜੁਲਾਈ ਦੇ 31 ਦਿਨ; ਵਾਧੂ ਦਿਨ ਦਿੰਦੇ ਹਨ      = 3

ਅਗਸਤ ਦੇ 31 ਦਿਨ ਵਾਧੂ ਦਿਨ ਦਿੰਦੇ ਹਨ      = 3

ਸਤੰਬਰ ਦੇ 14 ਦਿਨ ਵਾਧੂ ਦਿਨ ਦਿੰਦੇ ਹਨ      = 0

ਵਾਧੂ ਦਿਨਾਂ ਦੀ ਕੁੱਲ ਗਿਣਤੀ                     = 32

7 ਨਾਲ ਵੰਡੋ ਅਤੇ ਬਾਕੀ ਲੱਭੋ                    = 4 ਹੈ

ਐਤਵਾਰ ਤੋਂ 0 ਦੀ ਗਿਣਤੀ ਸ਼ੁਰੂ ਕਰਕੇ 4 ਨੂੰ ਵੀਰਵਾਰ ਬਣਦਾ ਹੈ ।

ਗਣਿਤ ਦੇ ਪੇਪਰ ਵਿੱਚ ਹਮੇਸ਼ਾਂ ਇੱਕ ਸਵਾਲ ਕੈਲੰਡਰ ਦਾ ਹੁੰਦਾ ਸੀ । ਮੂਰਖ ਅਨੁਰਾਗ ਨੂੰ ਆਪਣੀ 10ਵੀਂ ਦੀ ਗਣਿਤ ਵੀ ਯਾਦ ਨਹੀਂ ।

ਵੈਸੇ ਮੈਂ 1948 ’ਚ ਮੈਟ੍ਰਿਕ ਦੀ ਪ੍ਰੀਖਿਆ ਵਿੱਚ ਆਪਣੀ ਕਲਾਸ ’ਚ ਪਹਿਲੇ ਸਥਾਨ ’ਤੇ ਰਿਹਾ ਸੀ। ਮੇਰਾ ਨਾਮ ਅਜੇ ਵੀ ਸਕੂਲ ਦੇ ਆਨਰਜ਼ ਬੋਰਡ ਉੱਤੇ ਦਰਜ ਹੈ ।

ਈ ਜੀ ਰਿਚਰਡਜ਼ ਦੁਆਰਾ ਮੈਪਿੰਗ ਟਾਈਮ ਤੋਂ :

ਯੂਨਾਈਟਿਡ ਕਿੰਗਡਮ ਅਤੇ ਉਸ ਦੀਆਂ ਬਸਤੀਆਂ (ਜਿਸ ਵਿੱਚ ਅਮਰੀਕੀ ਕਲੋਨੀਆਂ) ਸ਼ਾਮਲ ਹਨ ’ਚ ਜਾਰਜ II ਦੇ ਰਾਜ ਕਾਲ 14 ਸਤੰਬਰ 1752 ਤੋਂ [ਜੂਲੀਅਨ ਕੈਲੰਡਰ ਨੂੰ] ਗ੍ਰੈਗੋਰੀਅਨ ਕੈਲੰਡਰ ਵਿੱਚ ਤਬਦੀਲ ਕਰ ਦਿੱਤਾ ਗਿਆ ।

ਬੁੱਧਵਾਰ 2 ਸਤੰਬਰ ਤੋਂ ਬਾਅਦ ਵੀਰਵਾਰ 14 ਸਤੰਬਰ ਸੀ, ਅਤੇ ਵਿਚਕਾਰਲੀਆਂ 11 ਤਾਰੀਖਾਂ ਕੈਲੰਡਰ ’ਚ ਖਤਮ ਕਰ ਦਿੱਤੀਆਂ ਗਈਆਂ ।

-ਪੰਨਾ 252.

ਕੀ ਮੂਰਖ ਅਨੁਰਾਗ ਲਈ ਉਪਰੋਕਤ ਹਿਸਾਬ ਕਿਤਾਬ ਕਾਫ਼ੀ ਨਹੀਂ ਹੈ ?

ਹੋਰ, ਮੂਰਖ ਅਨੁਰਾਗ ਲਈ ਕੰਨੂ ਪਿੱਲੇ ਦੀ ਇੰਡੀਅਨ ਐਫੀਮੈਰਿਜ਼ (Indian Ephemeris) ਦਾ ਸਤੰਬਰ 1752 ਈਸਵੀ ਲਈ ਪੰਨਾ, ਅਤੇ ਨਾਲ ਹੀ ਇੰਟਰਨੈੱਟ ਤੋਂ ਸਤੰਬਰ 1752 ਈਸਵੀ ਦਾ ਕੈਲੰਡਰ, Dershowitz ਅਤੇ Reingold ਦੇ ਸੌਫ਼ਟਵੇਅਰ ਰਾਹੀਂ 2 ਸਤੰਬਰ 1752 ਅਤੇ 14 ਸਤੰਬਰ 1752 ਦੇ ਸਕ੍ਰੀਨ ਸ਼ਾਟ ਦੀਆਂ ਫੋਟੋ ਕਾਪੀਆਂ ਪੇਸਟ ਕਰ ਰਿਹਾ ਹਾਂ ।

ਕੀ ਤੁਸੀਂ ਹੁਣ ਵੇਖ ਸਕਦੇ ਹੋ ਕਿ ਅੰਨ੍ਹਾ ਕੌਣ ਹੈ ਅਤੇ ਅੰਨ੍ਹੇ ਪੈਰੋਕਾਰ ਕੌਣ ਹਨ ?

ਜੇ ਥੋੜ੍ਹੀ ਬਹੁਤ ਹੀ ਅਕਲ ਅਤੇ ਇਖ਼ਲਾਕ ਹੈ ਤਾਂ ਘੱਟ ਤੋਂ ਘੱਟ ਮੂਰਖ ਅਨੁਰਾਗ ਅਤੇ ਉਸ ਦੀ ਫ਼ੇਸ ਬੁੱਕ ’ਤੇ ਮੇਰੇ ਅਤੇ ਮੇਰੀ ਕਿਤਾਬ 500 ਸਾਲਾ ਜੰਤਰੀ ’ਚ ਸਤੰਬਰ 1752 ਦੇ ਕੈਲੰਡਰ ਦੀ ਤਾਰੀਖ ਪ੍ਰਤੀ ਗ਼ਲਤ ਟਿੱਪਣੀਆਂ ਕਰਨ ਵਾਲਿਆਂ ਨੂੰ ਹੁਣ ਮੇਰੇ ਤੋਂ ਮੁਆਫੀ ਮੰਗਣੀ ਚਾਹੀਦੀ ਹੈ ।

ਦਿਮਾਗ਼ ਦਾ ਵਿਕਾਸ ਅਤੇ ਮੋਬਾਇਲ ਫੋਨ

0

ਦਿਮਾਗ਼ ਦਾ ਵਿਕਾਸ ਅਤੇ ਮੋਬਾਇਲ ਫੋਨ

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ,

28, ਪ੍ਰੀਤ ਨਗਰ, ਲੋਅਰ ਮਾਲ ਪਟਿਆਲਾ। ਫੋਨ ਨੰ: 0175-2216783

ਜ਼ਿੰਦਗੀ ਸ਼ੁਰੂ ਹੀ ਦਿਮਾਗ਼ ਦੇ ਸੈੱਲਾਂ ਨਾਲ ਹੁੰਦੀ ਹੈ। ਮਾਂ ਦੇ ਢਿੱਡ ਅੰਦਰ ਪਹਿਲੇ ਤਿੰਨ ਮਹੀਨਿਆਂ ਵਿੱਚ ਹੀ ਭਰੂਣ ਦੇ ਦਿਮਾਗ਼ ਦੇ ਸੈੱਲਾਂ ਦੇ ਜੋੜ ਬਣਨੇ ਸ਼ੁਰੂ ਹੋ ਜਾਂਦੇ ਹਨ, ਜੋ ਸਰੀਰ ਦੀ ਹਿਲਜੁਲ ਨੂੰ ਕੰਟਰੋਲ ਕਰਦੇ ਹਨ ਅਤੇ ਬਾਹਰੀ ਸੁਨੇਹਿਆਂ ਨੂੰ ਇਕੱਠਾ ਕਰਨ ਦਾ ਕੰਮ ਕਰਦੇ ਹਨ। ਤਿੰਨ ਤੋਂ 6 ਮਹੀਨਿਆਂ ਦੇ ਭਰੂਣ ਵਿੱਚ ਦਿਮਾਗ਼ ਦਾ ਕਾਫ਼ੀ ਵੱਡਾ ਹਿੱਸਾ ਬਣਨਾ ਸ਼ੁਰੂ ਹੋ ਜਾਂਦਾ ਹੈ, ਜਿਸ ਵਿੱਚ ਸੋਚਣ ਸਮਝਣ ਅਤੇ ਬੌਧਿਕ ਵਿਕਾਸ ਦੇ ਅੰਸ਼ ਪਨਪਦੇ ਹਨ। ਇਸ ਦੌਰਾਨ ਢੇਰ ਸਾਰੇ ਹੋਰ ਜੋੜ ਬਣਦੇ ਹਨ। ਸੱਤ ਤੋਂ ਨੌਂ ਮਹੀਨਿਆਂ ਦੇ ਭਰੂਣ ਵਿੱਚ ਸੋਚਣ ਸਮਝਣ ਤੇ ਸਮੋਣ ਦਾ ਵੱਡਾ ਹਿੱਸਾ ਤਿਆਰ ਹੋ ਜਾਂਦਾ ਹੈ, ਜਿਸ ਨੇ ਪੈਦਾ ਹੁੰਦੇ ਸਾਰ ਜਿੰਨੇ ਵੀ ਸੁਣੇਹੇ ਮਿਲਣੇ ਹੁੰਦੇ ਹਨ, ਉਨ੍ਹਾਂ ਨਾਲ ਦਿਮਾਗ਼ ਵਿਚਲੀ ਹਾਰਡ ਡਿਸਕ ਨੂੰ ਭਰਨਾ ਹੁੰਦਾ ਹੈ।

ਇਹੀ ਦਿਮਾਗ਼ ਵਿਚਲੀ ‘ਹਾਰਡ ਡਿਸਕ’ ਅੱਗੋਂ ਜ਼ਬਾਨ, ਲਿਆਕਤ, ਬੌਧਿਕ ਵਿਕਾਸ ਅਤੇ ਵਰਤਾਰੇ ਬਾਰੇ ਨੀਂਹ ਪੱਕੀ ਕਰਦੀ ਹੈ।

ਜੰਮਣ ਤੋਂ ਬਾਅਦ ਜਿਸ ਤਰ੍ਹਾਂ ਬੱਚੇ ਨਾਲ ਵਿਹਾਰ ਕੀਤਾ ਜਾਂਦਾ ਹੈ, ਉਸੇ ਅਨੁਸਾਰ ਦਿਮਾਗ਼ ਦੀ ਬਣਤਰ ਵਿੱਚ ਸਦੀਵੀ ਛਾਪ ਤਿਆਰ ਹੁੰਦੀ ਹੈ ਤੇ ਉਸੇ ਵੇਲੇ ਹੀ ਬੱਚੇ ਦੇ ਵੱਡੇ ਹੋ ਜਾਣ ਉੱਤੇ ਕਿਹੋ ਜਿਹਾ ਕਿਰਦਾਰ ਤਿਆਰ ਹੋਣਾ ਹੈ, ਤੈਅ ਹੋ ਜਾਂਦਾ ਹੈ। ਮਿਸਾਲ ਵਜੋਂ ਪਿਆਰ ਦੁਲਾਰ ਨਾਲ ਪਲਿਆ ਬੱਚਾ ਜ਼ਿਆਦਾ ਲਾਇਕ ਹੋਣਾ ਸੁਭਾਵਕ ਹੈ। ਇੰਜ ਹੀ ਬੱਚੇ ਨਾਲ ਜਿੰਨੀ ਗੱਲਬਾਤ ਵੱਧ ਕੀਤੀ ਜਾਵੇ, ਓਨੇ ਹੀ ਵੱਧ ਦਿਮਾਗ਼ ਦੇ ਸੈੱਲਾਂ ਦੇ ਜੋੜ ਬਣਦੇ ਹਨ ਤੇ ਓਨਾ ਹੀ ਬੱਚਾ ਵੱਧ ਲਾਇਕ ਬਣਦਾ ਹੈ। ਉਸ ਦੇ ਦਿਮਾਗ਼ ਅੰਦਰ ਨਵੀਆਂ ਚੀਜ਼ਾਂ ਬਾਰੇ ਜਾਣਕਾਰੀ ਸਾਂਭਣ ਦੀ ਥਾਂ, ਵੱਧ ਬਣ ਜਾਂਦੀ ਹੈ।

ਦੁਨੀਆ ਦੇ ਚੋਟੀ ਦੇ ਜਨਰਲ ‘ਪੀਡੀਐਟਰਿਕਸ’ ਵਿੱਚ ਸੰਨ 2011 ਅਪ੍ਰੈਲ ਵਿੱਚ ਕਈ ਸਾਲਾਂ ਤੱਕ ਚੱਲੀ ਖੋਜ ਦੇ ਨਤੀਜੇ ਛਪੇ ਜਿਸ ਵਿੱਚ ਸਤਮਾਹੇ ਜੰਮੇ ਬੱਚਿਆਂ ਦੇ ਦਿਮਾਗ਼ ਦੇ ਵਿਕਾਸ ਬਾਰੇ ਦੱਸਿਆ ਗਿਆ ਕਿ ਪੂਰੇ ਸਮੇਂ ਉੱਤੇ ਜੰਮੇ ਬੱਚਿਆਂ ਦੇ ‘ਆਈ ਕਿਊ’ 83.8 ਤੋਂ 96 ਫ਼ੀਸਦੀ ਸੀ ਜਦ ਕਿ ਸਤਮਾਹੇ ਜੰਮਿਆਂ ਦਾ 78.9 ਫ਼ੀਸਦੀ ਤੋਂ 90 ਫ਼ੀਸਦੀ ਦੇ ਵਿਚਕਾਰ।

ਇਸ ਵਿੱਚ ਇਹ ਸਪਸ਼ਟ ਕੀਤਾ ਗਿਆ ਹੈ ਕਿ ਵਕਤ ਤੋਂ ਜਿੰਨਾ ਵੱਧ ਪਹਿਲਾਂ ਜੰਮਿਆ ਬੱਚਾ ਹੋਵੇ, ਓਨਾ ਹੀ ਉਸ ਦਾ ਦਿਮਾਗ਼ ਘੱਟ ਵਿਕਸਿਤ ਹੁੰਦਾ ਹੈ ਕਿਉਂਕਿ ਸੈੱਲਾਂ ਦੇ ਜੋੜ ਪੂਰੇ ਨਹੀਂ ਹੁੰਦੇ। ਇਸ ਖੋਜ ਵਿੱਚ ਇੱਕ ਗੱਲ ਬਹੁਤ ਕਮਾਲ ਦੀ ਪਤਾ ਲੱਗੀ ਕਿ ਜਿਹੜੇ ਮਾਂ ਦੇ ਢਿੱਡ ਅੰਦਰ ਪਲ ਰਹੇ ਬੱਚੇ ਨਾਲ ਮਾਂ ਜਾਂ ਪਿਓ ਵੱਧ ਗੱਲਾਂ ਕਰਦੇ ਰਹੇ ਹੋਣ, ਉਨ੍ਹਾਂ ਸਤਮਾਹੇ ਜੰਮੇਂ ਬੱਚਿਆਂ ਦੇ ਦਿਮਾਗ਼ ਦੇ ਸੈੱਲਾਂ ਦੇ ਜੋੜ ਕਾਫ਼ੀ ਬਣ ਚੁੱਕੇ ਹੋਏ ਸਨ ਤੇ ਉਨ੍ਹਾਂ ਦੇ ਦਿਮਾਗ਼ ਦਾ ਵਿਕਾਸ ਬਾਕੀਆਂ ਨਾਲੋਂ ਵਧੀਆ ਹੋਇਆ ਲੱਭਿਆ।

9 ਜਨਵਰੀ 2011 ਨੂੰ ਮੋਬਾਇਲ ਫੋਨਾਂ ਦਾ ਦੋ ਤੋਂ 18 ਹਫ਼ਤਿਆਂ ਦੇ ਭਰੂਣ ਉੱਤੇ ਅਸਰ ਬਾਰੇ ਖੋਜ ਛਪੀ। ਉਸ ਵਿੱਚ ਸਪਸ਼ਟ ਕੀਤਾ ਗਿਆ ਕਿ ਮੋਬਾਇਲ ਫ਼ੋਨਾਂ ਵਿੱਚੋਂ ਮਾਈਕਰੋਵੇਵ ਵਰਗੀਆਂ ਰੇਡੀਓ ਤਰੰਗਾਂ ਨਿਕਲਦੀਆਂ ਹਨ, ਪਰ ਉਨ੍ਹਾਂ ਦਾ ਜੱਚਾ ਅਤੇ ਮਾਂ ਦੇ ਢਿੱਡ ਅੰਦਰ ਪਲ ਰਹੇ ਬੱਚੇ ਦੇ ਵਧਣ ਫੁੱਲਣ ਉੱਤੇ ਕੋਈ ਮਾੜਾ ਅਸਰ ਨਹੀਂ ਦਿਸਿਆ।

15 ਮਾਰਚ 2012 ਨੂੰ ਯੇਲ ਯੁਨੀਵਰਸਿਟੀ ਵਿਖੇ ਹੋਈ ਖੋਜ ਦੇ ਨਤੀਜੇ ਛਾਪੇ ਗਏ। ਉਸ ਵਿੱਚ ਮੋਬਾਇਲ ਫ਼ੋਨ ਨਾਲ ਗਰਭ ਵਿੱਚ ਪਲ ਰਹੇ ਬੱਚੇ ਦੇ ਦਿਮਾਗ਼ ਉੱਤੇ ਪੈਂਦੇ ਅਸਰ ਘੋਖੇ ਗਏ ਸਨ। ਇਹ ਖੋਜ ‘ਨੇਚਰ’ ਰਸਾਲੇ ਵਿੱਚ ਛਪੀ। ਡਾ. ਹੁੱਗ ਟੇਲਰ ਨੇ ਚੂਹਿਆਂ ਉੱਤੇ ਕੀਤੀ ਖੋਜ ਦੇ ਨਤੀਜਿਆਂ ਬਾਰੇ ਦੱਸਿਆ ਸੀ ਕਿ ਗਰਭਵਤੀ ਚੂਹੀਆਂ ਨੂੰ ਜਿਸ ਪਿੰਜਰੇ ਅੰਦਰ ਰੱਖਿਆ ਗਿਆ ਸੀ, ਉਸ ਪਿੰਜਰੇ ਉੱਤੇ ‘ਮਿਊਟ’ ਕਰ ਕੇ ਮੋਬਾਇਲ ਫੋਨ ਰੱਖੇ ਗਏ, ਜਿਨ੍ਹਾਂ ਉੱਤੇ ‘ਕਾਲ’ ਕੀਤੀ ਜਾ ਰਹੀ ਸੀ। ਲਗਾਤਾਰ ਕੁੱਝ ਘੰਟੇ ਵਾਰ ਵਾਰ ‘ਕਾਲਾਂ’ ਕੀਤੀਆਂ ਗਈਆਂ ਤੇ 15 ਤੋਂ 20 ਮਿੰਟ ਤੱਕ ਇਕ ਕਾਲ ਜਾਰੀ ਰੱਖੀ ਗਈ। ਇਹ ਵੇਖਣ ਵਿੱਚ ਆਇਆ ਕਿ ਨਵਜੰਮੀਆਂ ਚੂਹੀਆਂ ਦੇ ਦਿਮਾਗ਼ ਦੇ ਅਗਲੇ ਸਿਰੇ (ਪ੍ਰੀ ਫਰੰਟਲ ਕੋਰਟੈਕਸ) ਵਿੱਚ ਸੈੱਲ ਵੀ ਘੱਟ ਬਣੇ ਅਤੇ ਜੋੜ ਵੀ। ਨਤੀਜੇ ਵਜੋਂ ਉਹ ਲੋੜੋਂ ਵੱਧ ਕਾਹਲੇ, ਚਿੜਚਿੜੇ, ਧਿਆਨ ਨਾ ਲਾ ਸਕਣ ਵਾਲੇ ਅਤੇ ਗੁਸੈਲ ਬਣੇ ਸਨ। ਜਿਹੜੀਆਂ ਗਰਭਵਤੀ ਚੂਹੀਆਂ ਦੇ ਨੇੜੇ ਫ਼ੋਨ ਪੂਰਾ ਬੰਦ ਕਰ ਕੇ ਰੱਖਿਆ ਗਿਆ ਤੇ ਕੋਈ ਵੀ ਕਾਲ ਨਾ ਕੀਤੀ ਗਈ, ਉਨ੍ਹਾਂ ਦੇ ਬੱਚਿਆਂ ਵਿੱਚ ਕੋਈ ਨੁਕਸ ਨਾ ਲੱਭਿਆ।

ਇਸੇ ਯੇਲ ਯੂਨੀਵਰਸਿਟੀ ਦੇ ਡਾ. ਤਾਮਿਰ ਅਲਦਾਦ ਨੇ ਵੀ ਆਪਣੀ ਖੋਜ ਬਾਰੇ ਦੱਸਿਆ ਕਿ ਚੂਹੀਆਂ ਵਿੱਚ ਗਰਭ ਦਾ ਸਮਾਂ ਸਿਰਫ਼ 19 ਦਿਨਾਂ ਦਾ ਹੁੰਦਾ ਹੈ ਤੇ ਫਿਰ ਵੀ ਉਸ ਦੌਰਾਨ ਏਨਾ ਤਗੜਾ ਅਸਰ ਮੋਬਾਇਲ ਦੀਆਂ ਕਿਰਨਾਂ ਦਾ ਦਿਸਿਆ ਹੈ। ਇਸੇ ਲਈ ਮਨੁੱਖ ਦੇ ਬੱਚਿਆਂ ਦੇ ਦਿਮਾਗ਼ ਉੱਤੇ ਵੀ ਜ਼ਰੂਰ ਮਾੜਾ ਅਸਰ ਪੈਂਦਾ ਹੋਵੇਗਾ ਕਿਉਂਕਿ ਉਹ ਲੰਮੇ ਸਮੇਂ ਤੱਕ ਮੋਬਾਇਲ ਦੀਆਂ ਕਿਰਨਾਂ ਦੇ ਅਸਰ ਹੇਠ ਰਹਿੰਦੇ ਹਨ।

ਇਸ ਖੋਜ ਤੋਂ ਬਾਅਦ ਅਗਲੀ ਖੋਜ ਆਰੰਭ ਹੋਈ, ਜੋ 5 ਸਤੰਬਰ 2017 ਵਿੱਚ ਨਾਮਵਰ ‘ਬਰਿਟਿਸ਼ ਮੈਡੀਕਲ ਜਰਨਲ’ ਵਿੱਚ ਛਪੀ। ਉਸ ਖੋਜ ਵਿੱਚ 45,389 ਨਾਰਵੇ ਦੀਆਂ ਮਾਂਵਾਂ ਸ਼ਾਮਲ ਕੀਤੀਆਂ ਗਈਆਂ, ਜਿਹੜੀਆਂ ਮੋਬਾਇਲ ਦੀ ਵਰਤੋਂ ਕਰ ਰਹੀਆਂ ਸਨ। ਇਨ੍ਹਾਂ ਸਾਰੀਆਂ ਦੇ ਗਰਭ ਦੌਰਾਨ ਵੀ ਭਰੂਣ ਦਾ ਚੈੱਕਅੱਪ ਕੀਤਾ ਗਿਆ ਤੇ ਬੱਚਾ ਜੰਮਣ ਤੋਂ ਪੰਜ ਸਾਲ ਬਾਅਦ ਤੱਕ ਵੀ ਲਗਾਤਾਰ ਚੈੱਕ ਕੀਤਾ ਗਿਆ। ਇਨ੍ਹਾਂ ਵਿੱਚੋਂ ਕਿਸੇ ਦੇ ਵੀ ਬੱਚੇ ਦੇ ਦਿਮਾਗ ਉੱਤੇ ਮੋਬਾਇਲ ਦੇ ਮਾੜੇ ਅਸਰ ਨਹੀਂ ਲੱਭੇ। ਇਸ ਖੋਜ ਦੌਰਾਨ ਬਹੁਤ ਮਹੱਤਵ ਪੂਰਨ ਚੀਜ਼ਾਂ ਬਾਰੇ ਪਤਾ ਲੱਗਿਆ ਕਿਉਂਕਿ ਖਤਰਾ ਭਾਂਪਦਿਆਂ ਸਾਰੀਆਂ ਮਾਂਵਾਂ ਨੂੰ ਅਜਿਹੀ ਖ਼ੁਰਾਕ ਦਿੱਤੀ ਗਈ ਸੀ, ਜੋ ਭਰੂਣ ਦੇ ਦਿਮਾਗ਼ ਦਾ ਵਿਕਾਸ ਵਧੀਆ ਕਰਨ ਵਿੱਚ ਮਦਦ ਕਰਦੀ ਸੀ। ਇਸੇ ਲਈ ਉਸ ਖੋਜ ਤੋਂ ਬਆਦ ਸਾਰੀਆਂ ਗਰਭਵਤੀ ਮਾਂਵਾਂ ਲਈ ਉਹੀ ਖ਼ੁਰਾਕ ਦੇਣ ਬਾਰੇ ਜ਼ੋਰ ਪਾਇਆ ਗਿਆ ਹੈ। ਇਹ ਖ਼ੁਰਾਕ ਹੈ :-

  1. ਸਾਲਮਨ ਮੱਛੀ :- ਪ੍ਰੋਟੀਨ ਤੇ ਕੈਲਸ਼ੀਅਮ ਭਰਪੂਰ ਹੋਣ ਦੇ ਨਾਲੋ-ਨਾਲ ਇਸ ਵਿਚਲੇ ਓਮੇਗਾ ਤਿੰਨ ਫੈੱਟੀ ਏਸਿਡ ਭਰੂਣ ਦੇ ਦਿਮਾਗ਼ ਨੂੰ ਵਧਣ ਫੁੱਲਣ ਵਿੱਚ ਮਦਦ ਕਰਦੇ ਹਨ।
  2. ਚੁਲਾਈ:- ਲੋਹ ਕਣ ਤੇ ਫੋਲੇਟ ਭਰਪੂਰ ਚੁਲਾਈ ਜਿੱਥੇ ਔਲ ਨੂੰ ਤੰਦਰੁਸਤ ਰੱਖਦੀ ਹੈ, ਭਰੂਣ ਦੇ ਵਧਣ ਫੁੱਲਣ ਵਿੱਚ ਸਹਾਈ ਹੁੰਦੀ ਹੈ, ਉੱਥੇ ਹੀ ਭਰੂਣ ਦੇ ਦਿਮਾਗ਼ ਦੇ ਸੈੱਲਾਂ ਨੂੰ ਵੀ ਸਿਹਤਮੰਦ ਰੱਖਦੀ ਹੈ।
  3. ਹਰੀਆਂ ਸਬਜ਼ੀਆਂ ਤੇ ਫਲ :- ਛੋਲੀਏ ਦੇ ਪੱਤੇ, ਮੂਲੀ ਦੇ ਪੱਤੇ, ਪੱਤ-ਗੋਭੀ, ਹਰੀਆਂ ਸਬਜ਼ੀਆਂ ਤੇ ਫਲਾਂ ਵਿੱਚ ਐਂਟੀਆਕਸੀਡੈਂਟ ਭਰੇ ਪਏ ਹਨ, ਜੋ ਭਰੂਣ ਦੇ ਦਿਮਾਗ਼ ਉੱਤੇ ਪੈਂਦੇ ਮਾੜੇ ਅਸਰਾਂ ਤੋਂ ਬਚਾਓ ਕਰਦੇ ਹਨ। ਇਨ੍ਹਾਂ ਵਿਚਲੇ ਲੋਹ ਕਣ ਭਰੂਣ ਨੂੰ ਆਕਸੀਜਨ ਵੀ ਪੂਰੀ ਪਹੰੁਚਾ ਦਿੰਦੇ ਹਨ।
  4. ਪ੍ਰੋਟੀਨ :- ਅੰਡੇ, ਦਾਲਾਂ, ਦੁੱਧ, ਪਨੀਰ ਤੇ ਸੁੱਕੇ ਮੇਵੇ ਜਿੱਥੇ ਜੱਚਾ ਨੂੰ ਤੰਦਰੁਸਤ ਰੱਖਦੇ ਹਨ, ਉੱਥੇ ਭਰੂਣ ਦੇ ਦਿਮਾਗ਼ ਲਈ ਵੀ ਬਿਹਤਰੀਨ ਸਾਬਤ ਹੋ ਚੁੱਕੇ ਹਨ।
  5. ਿਲ :- ਤਿਲ ਯਾਦਦਾਸ਼ਤ ਤੇਜ਼ ਰੱਖਣ ਵਿੱਚ ਸਹਾਈ ਹੁੰਦੇ ਹਨ।

 ਉੱਪਰ ਦੱਸੇ ਖਾਣੇ ਜੇ ਹਰ ਜੱਚਾ ਸਹੀ ਮਿਕਦਾਰ ਵਿੱਚ ਲੈਂਦੀ ਰਹੇ ਤਾਂ ਉਸ ਦੇ ਢਿੱਡ ਅੰਦਰ ਪਲ ਰਹੇ ਬੱਚੇ ਦੇ ਦਿਮਾਗ਼ ਦਾ ਵਿਕਾਸ ਵੀ ਵਧੀਆ ਹੋ ਜਾਂਦਾ ਹੈ ਅਤੇ ਮਾੜੇ ਅਸਰਾਂ ਤੋਂ ਬਚਾਓ ਵੀ ਹੋ ਜਾਂਦਾ ਹੈ।

20 ਨਵੰਬਰ 2018 ਨੂੰ ਭਰੂਣਾਂ ਉੱਤੇ ਕੀਤੀ ਇੱਕ ਹੋਰ ਖੋਜ ਸਾਹਮਣੇ ਆਈ, ਜਿਸ ਵਿੱਚ ‘ਫੰਕਸ਼ਨਲ ਐਮ.ਆਰ.ਆਈ. ਸਕੈਨ’ ਰਾਹੀਂ ਭਰੂਣਾਂ ਦੇ ਦਿਮਾਗ਼ ਦੇ ਕੰਮਕਾਰ ਬਾਰੇ ਲੱਭਣ ਦੀ ਕੋਸ਼ਿਸ਼ ਕੀਤੀ ਗਈ। ਉਸ ਵਿੱਚ ਪਤਾ ਲੱਗਿਆ ਕਿ ਕਿਵੇਂ ਢਿੱਡ ਅੰਦਰ ਭਰੂਣ ਸ਼ੈਤਾਨੀਆਂ ਕਰਦੇ, ਖੇਡਦੇ, ਘੁੰਮਦੇ ਅਤੇ ਸੌਂਦੇ ਹਨ।

ਗਰਭ ਠਹਿਰਨ ਦੇ ਤੀਜੇ ਹਫ਼ਤੇ ਵਿੱਚ ਹੀ ਭਰੂਣ ਦੀ ਦਿਮਾਗ਼ ਦੇ ਪਹਿਲੇ ਪੁੰਗਰੇ ਸੈੱਲਾਂ ਦੀ ਅੱਗੋਂ ਵੰਡ ਹੋਣੀ ਸ਼ੁਰੂ ਹੋ ਜਾਂਦੀ ਹੈ, ਜਿਨ੍ਹਾਂ ਵਿੱਚੋਂ ਕੁੱਝ ਜੋੜ ਬਣਾਉਣੇ ਸ਼ੁਰੂ ਕਰ ਦਿੰਦੇ ਹਨ। ਨੌਵੇਂ ਹਫ਼ਤੇ ਦੇ ਭਰੂਣ ਵਿਚਲੇ ਨਿੱਕੇ ਜਿਹੇ ਦਿਮਾਗ਼ ਵਿੱਚੋਂ ਕੈਮੀਕਲ ਰਾਹੀਂ ਸੁਣੇਹੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ। ਇਹ ਕੈਮੀਕਲ ਬਾਹਰਲੇ ਸੁਣੇਹੇ ਫੜਨ ਲਈ ਕਈ ਨਵੇਂ ਜੋੜ ਬਣਾਉਣ ਵਿੱਚ ਵੀ ਮਦਦ ਕਰਦੇ ਹਨ।

ਜੰਮਣ ਤੋਂ ਬਾਅਦ ਤੱਕ ਇਹ ਜੋੜ ਬਣਦੇ ਰਹਿੰਦੇ ਹਨ। ਪਹਿਲੇ ਦੋ ਸਾਲਾਂ ਦੀ ਉਮਰ ਵਿੱਚ ਦਿਮਾਗ਼ ਵਿੱਚ ਸਭ ਤੋਂ ਵੱਧ ਤਬਦੀਲੀਆਂ ਹੁੰਦੀਆਂ ਹਨ ਅਤੇ ਬਾਹਰਲੇ ਸੁਣੇਹਿਆਂ ਤੋਂ ਖਰਬਾਂ ਨਵੇਂ ਜੋੜ ਬਣਦੇ ਜਾਂਦੇ ਹਨ। ਇਨ੍ਹਾਂ ਨੂੰ ‘ਸਾਇਨੈਪਟਿਕ ਬਿਗ ਬੈਂਗ’ ਕਹਿੰਦੇ ਹਨ।

ਦੋ ਸਾਲਾਂ ਤੋਂ ਬਾਅਦ ਹੌਲੀ ਹੌਲੀ ਦਿਮਾਗ਼ ਵਿੱਚ ਵੱਖ ਤਰ੍ਹਾਂ ਦੀ ਤਬਦੀਲੀ ਹੁੰਦੀ ਹੈ, ਜਿਸ ਵਿੱਚ ਅੱਧ ਪਚੱਧ ਬਣੇ ਜੋੜ ਖੁਰਨ ਲੱਗ ਪੈਂਦੇ ਹਨ। ਉਸ ਹਿੱਸੇ ਦੇ ਸੈੱਲ ਜਿਹੜੇ ਬਿਲਕੁਲ ਵਰਤੋਂ ਵਿੱਚ ਨਾ ਆ ਰਹੇ ਹੋਣ, ਦਿਮਾਗ ਆਪੇ ਹੀ ਬੇਲੋੜੇ ਮੰਨ ਕੇ ਉਨ੍ਹਾਂ ਨੂੰ ਖ਼ਤਮ ਕਰ ਦਿੰਦਾ ਹੈ। ਇਹ ਸਫ਼ਾਈ ਇਸ ਲਈ ਕੀਤੀ ਜਾਂਦੀ ਹੈ ਤਾਂ ਜੋ ਲੋੜ ਵਿੱਚ ਆ ਰਹੇ ਹਿੱਸੇ ਨੂੰ ਹੋਰ ਥਾਂ ਮਿਲ ਸਕੇ ਤੇ ਉਹ ਪ੍ਰਫੁਲਿਤ ਹੋ ਸਕੇ।

ਬੇਅੰਤ ਖੋਜਾਂ ਰਾਹੀਂ ਪਤਾ ਲੱਗ ਚੁੱਕਿਆ ਹੈ ਕਿ ਇਸ ਸਮੇਂ ਦੌਰਾਨ ਪਿਆਰ, ਝਿੜਕਾਂ, ਤਿੱਖੀ ਲਾਈਟ, ਸ਼ੋਰ-ਸ਼ਰਾਬਾ, ਤਾਪਮਾਨ ਵਿੱਚ ਗੜਬੜੀ, ਕੁੱਟ-ਮਾਰ, ਮਾਹੌਲ ਵਿੱਚ ਵਾਰ-ਵਾਰ ਤਬਦੀਲੀ ਆਦਿ ਦਿਮਾਗ਼ ਦੇ ਕੰਮ ਕਾਰ ਉੱਤੇ ਸਦੀਵੀ ਅਸਰ ਪਾ ਦਿੰਦੇ ਹਨ ਕਿਉਂਕਿ ਸੈੱਲਾਂ ਵਿਚਕਾਰ ਬਣ ਰਹੇ ਜੋੜ ਸਹੀ ਥਾਂ ਨਹੀਂ ਜੁੜਦੇ, ਜਿਸ ਸਦਕਾ ਸਹੀ ਸੁਣੇਹੇ ਫੜਨ ਵਿੱਚ ਗੜਬੜੀ ਹੋ ਜਾਂਦੀ ਹੈ। 

13 ਮਾਰਚ 2018 ਵਿਚ ‘ਯੂ.ਸੀ.ਇਰਵਿਨ ਹੈਲਥ ਰਿਸਰਚ’ ਵਿੱਚ ਦੁੱਧ ਪਿਆਉਂਦੀਆਂ ਚੂਹੀਆਂ ਦੇ ਨੇੜੇ ਮੋਬਾਇਲ ਦੀ ਵਰਤੋਂ ਬਾਰੇ ਇੱਕ ਹੋਰ ਖੋਜ ਛਪੀ, ਜਿਸ ਰਾਹੀਂ ਸਪਸ਼ਟ ਹੋ ਗਿਆ ਕਿ ਉਨ੍ਹਾਂ ਤਰੰਗਾਂ ਦਾ ਨਿੱਕੇ ਚੂਹਿਆਂ ਦੇ ਦਿਮਾਗ਼ ਉੱਤੇ ਤਗੜਾ ਅਸਰ ਪਿਆ ਜਿਸ ਸਦਕਾ ਉਨ੍ਹਾਂ ਵਿੱਚੋਂ ਕੁੱਝ ਉੱਕਾ ਹੀ ਦੁਬਕ ਕੇ ਬਹਿ ਗਏ ਤੇ ਕੁੱਝ ਬੇਹੱਦ ਚਿੜਚਿੜੇ ਹੋ ਗਏ।

ਇਸ ਦੌਰਾਨ ਕਈ ਸਾਲ ਲਗਾਤਾਰ ਮੋਬਾਇਲ ਦੀਆਂ ਤਰੰਗਾਂ ਉੱਤੇ ਚੱਲ ਰਹੀਆਂ ਵੱਖੋਂ ਵੱਖ ਖੋਜਾਂ ਦੇ ਨਤੀਜੇ ਸਾਹਮਣੇ ਆਉਣ ਲੱਗੇ :-

  1. ਨੈਸ਼ਨਲ ਸੈਂਟਰ ਫੌਰ ਹੈਲਥ ਰੀਸਰਚ ਅਨੁਸਾਰ ਕੰਨ ਨਾਲ ਲਾ ਕੇ ਲਗਾਤਾਰ ਮੋਬਾਇਲ ਸੁਣਦੇ ਰਹਿਣ ਨਾਲ 15 ਤੋਂ 20 ਸਾਲਾਂ ਬਾਅਦ ਦਿਮਾਗ਼ ਦੇ ਕੈਂਸਰ ਹੋਣ ਦਾ ਖ਼ਤਰਾ ਕਈ ਗੁਣਾਂ ਵਧ ਜਾਂਦਾ ਹੈ।
  2. ‘ਅਮਰੀਕਨ ਅਕੈਡਮੀ ਔਫ਼ ਪੀਡੀਐਟਰਿਕਸ’ ਨੇ ਬੱਚਿਆਂ ਵਿੱਚ ਹੋਈਆਂ ਅਨੇਕ ਖੋਜਾਂ ਤੋਂ ਬਾਅਦ ਇਹ ਲੱਭਿਆ ਕਿ ਮੋਬਾਇਲ ਵਿੱਚੋਂ ਨਿਕਲਦੀਆਂ ਤਰੰਗਾਂ ਬੱਚਿਆਂ ਦੇ ਦਿਮਾਗ਼ ਉੱਤੇ ਵੱਡਿਆਂ ਨਾਲੋਂ ਦੁਗਣਾ ਵੱਧ ਅਸਰ ਪਾਉਂਦੀਆਂ ਹਨ। ਬੱਚੇ ਦੇ ਦਿਮਾਗ਼ ਨੂੰ ਕੱਜ ਰਹੀ ਹੱਡੀ ਪਤਲੀ ਹੁੰਦੀ ਹੈ, ਇਸੇ ਲਈ ਉਸ ਹੱਡੀ ਉੱਤੇ ਤਰੰਗਾਂ ਦਾ ਵੱਡਿਆਂ ਨਾਲੋਂ 10 ਗੁਣਾਂ ਵੱਧ ਅਸਰ ਪੈਂਦਾ ਹੈ। ਇਸੇ ਲਈ 6 ਮਹੀਨਿਆਂ ਦੀ ਉਮਰ ਤੋਂ ਹੀ ਜਿਨ੍ਹਾਂ ਬੱਚਿਆਂ ਨੂੰ ਮੋਬਾਇਲ ਫੋਨ ਖਿਡੌਣੇ ਵਾਂਗ ਫੜਾਉਣੇ ਸ਼ੁਰੂ ਕਰ ਦਿੱਤੇ ਗਏ ਸਨ, ਉਨ੍ਹਾਂ ਵਿੱਚੋਂ ਭਾਰੀ ਗਿਣਤੀ ਬੱਚੇ ਜ਼ਿੱਦੀ, ਚਿੜਚਿੜੇ, ਲੜਾਕੇ ਅਤੇ ਟਿਕ ਕੇ ਨਾ ਬਹਿ ਸਕਣ ਵਾਲੇ ਬਣ ਗਏ ਲੱਭੇ।
  3. ਕੋਰੀਆ ਵਿੱਚ ਬੱਚਿਆਂ ਵਿੱਚ ਹੋਈ ਖੋਜ ਵਿੱਚ ਵੀ ਮੋਬਾਇਲ ਦੀ ਵਾਧੂ ਵਰਤੋਂ ਕਰਨ ਵਾਲੇ ਬੱਚਿਆਂ ਵਿੱਚ ਟਿਕ ਕੇ ਨਾ ਬਹਿ ਸਕਣ ਦੀ ਬੀਮਾਰੀ ਲੱਭੀ। ਇਨ੍ਹਾਂ ਬੱਚਿਆਂ ਦੇ ਲਹੂ ਵਿੱਚ ‘ਸਿੱਕੇ’ ਦੀ ਮਾਤਰਾ ਵੀ ਵਧੀ ਹੋਈ ਸੀ, ਜਿਸ ਦੇ ਵੱਖ ਕਾਰਨ ਸਨ।

ਇਨ੍ਹਾਂ ਖੋਜਾਂ ਤੋਂ ਬਾਅਦ ਫਿਰ 4 ਅਗਸਤ 2021 ਨੂੰ ਵਿਸ਼ਵ ਭਰ ਦੇ ਬੱਚਿਆਂ ਲਈ ਖ਼ਾਸ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਸਨ। ਮੋਬਾਇਲ ਵਿੱਚੋਂ ਨਿਕਲੀਆਂ ਤਰੰਗਾਂ ਦੇ ਮਾੜੇ ਅਸਰਾਂ ਤੋਂ ਬਚਣ ਲਈ ਮੋਬਾਇਲ ਨੂੰ ਕੰਨਾਂ ਤੋਂ ਪਰ੍ਹਾਂ ਰੱਖਣ ਉੱਤੇ ਜ਼ੋਰ ਪਾਇਆ ਗਿਆ ਹੈ।

ਐੱਪਲ ਫ਼ੋਨ ਵਾਲੇ ਸਪਸ਼ਟ ਕਹਿ ਰਹੇ ਹਨ ਕਿ ਆਈ ਫ਼ੋਨ 12; ਦਿਮਾਗ਼ ਤੋਂ 5 ਮਿਲੀਮੀਟਰ ਦੂਰ ਰੱਖ ਕੇ ਗੱਲ ਸੁਣਨੀ ਚਾਹੀਦੀ ਹੈ। ਇਹੋ ਕੁੱਝ ਗੂਗਲ ਪਿਕਸਲ 4 ਵਾਲੇ ਕਹਿਣ ਲੱਗ ਪਏ ਹਨ। ਸੈਮਸੰਗ ਗਲੈਕਸੀ ਤਾਂ ਘੱਟੋ-ਘੱਟ ਕੰਨ ਤੋਂ 1.5 ਸੈਂਟੀਮੀਟਰ ਪਰ੍ਹਾਂ ਫੋਨ ਰੱਖ ਕੇ ਗੱਲ ਸੁਣਨ ਬਾਰੇ ਕਹਿੰਦਾ ਹੈ। ਇਹ ਸਭ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਮਾਈਕਰੋਵੇਅ ਦੀਆਂ ਤਰੰਗਾਂ ਬਾਰੇ ਤਾਂ ਸੰਨ 2014 ਵਿੱਚ ਹੀ ਲੱਭ ਲਿਆ ਗਿਆ ਸੀ ਕਿ ਇਨ੍ਹਾਂ ਨਾਲ ਸਿੱਧਾ ਸੰਪਰਕ ਹੁੰਦੇ ਰਹਿਣ ਨਾਲ ਕੈਂਸਰ ਹੋਣ ਦਾ ਖ਼ਤਰਾ ਹੈ।

ਹੁਣ ਅਮਰੀਕਾ ਵਿੱਚ ਬੱਚਿਆਂ ਦੇ ਖਿਡੌਣਿਆਂ ਵਿੱਚ ਵੀ ਵਾਇਰਲੈਸ ਅਤੇ ਰੇਡੀਓ ਟਰਾਂਸਮੀਟਰ ਲਾਉਣ ਉੱਤੇ ਮਨਾਹੀ ਲਾ ਦਿੱਤੀ ਗਈ ਹੈ ਕਿਉਂਕਿ ਇਹ ਤਰੰਗਾਂ ਬੱਚੇ ਦੇ ਦਿਮਾਗ਼ ਦੇ ਪਿਛਲੇ ਹਿੱਸੇ ‘ਸੈਰੀਬੈਲਮ’ ਵਿੱਚ ਵੱਡਿਆਂ ਨਾਲੋਂ ਢਾਈ ਗੁਣਾ ਵੱਧ ਅੰਦਰ ਪਹੁੰਚ ਜਾਂਦੀਆਂ ਹਨ।

ਸੰਨ 2019 ਵਿੱਚ ਛਪੀ ਖੋਜ ਵਿੱਚ ਵੀ ਕਈ ਸਾਲ ਚੱਲੀ ਖੋਜ ਦੇ ਸਿੱਟਿਆਂ ਤੋਂ ਬਾਅਦ ਇਨ੍ਹਾਂ ਤਰੰਗਾਂ ਨਾਲ ਬੱਚਿਆਂ ਦੀਆਂ ਸਿਰ ਦੀਆਂ ਹੱਡੀਆਂ ਉੱਤੇ ਅਸਰ ਲੱਭੇ ਸਨ। ਕੁੱਝ ਕੁ ਬੱਚਿਆਂ ਦੇ ਡੀ.ਐਨ.ਏ. ਉੱਤੇ ਵੀ ਅਸਰ ਪਏ ਲੱਭੇ।

ਹੁਣ ਤੱਕ ਦੀ ਸਭ ਤੋਂ ਲੰਮੇ ਸਮੇਂ ਤੱਕ ਚੱਲੀ ਖੋਜ ਵਿੱਚ ਵੱਡਿਆਂ ਉੱਤੇ ਪੂਰੀ ਉਮਰ ਦੌਰਾਨ 1640 ਘੰਟੇ ਦੇ ਮੋਬਾਇਲ ਦੀ ਵਰਤੋਂ ਬਾਅਦ ਅਸਰ ਘੋਖੇ ਗਏ ਸਨ। ਉਸ ਵਿਚਲੇ ਨਤੀਜੇ ਅੱਖਾਂ ਖੋਲ੍ਹਣ ਵਾਲੇ ਹਨ :-

  1. ਮੋਬਾਇਲ ਦੀ ਕੰਨ ਨਾਲ ਲਾ ਕੇ ਕੀਤੀ ਵਾਧੂ ਵਰਤੋਂ ਨਾਲ 15 ਤੋਂ 20 ਸਾਲਾਂ ਬਾਅਦ ਦਿਮਾਗ਼ ਦੇ ਟੈਂਪੋਰਲ ਹਿੱਸੇ ਦੇ ਕੈਂਸਰ ਦਾ ਖ਼ਤਰਾ ਦੁਗਣਾ ਹੋ ਜਾਂਦਾ ਹੈ।
  2. ਰੋਜ਼ ਦੀ 30 ਮਿੰਟ ਦੀ ਲਗਾਤਾਰ 10 ਸਾਲ ਤੱਕ ਮੋਬਾਇਲ ਦੀ ਵਰਤੋਂ ਬਾਅਦ ਦਿਮਾਗ਼ ਦੇ ਕੈਂਸਰ ਦਾ ਖ਼ਤਰਾ 40 ਫ਼ੀਸਦੀ ਵੱਧ ਹੋ ਜਾਂਦਾ ਹੈ।

ਹੁਣ ਦੁਨੀਆਂ ਭਰ ਵਿੱਚ ਸੈੱਲ ਫ਼ੋਨ ਤੋਂ ਹੋ ਰਹੇ ਮਾੜੇ ਅਸਰਾਂ ਤੋਂ ਬਚਾਓ ਬਾਰੇ ਦੱਸਿਆ ਜਾਣ ਲੱਗ ਪਿਆ ਹੈ। ਇਨ੍ਹਾਂ ਮਾੜੇ ਅਸਰਾਂ ਤੋਂ ਬਚਣ ਲਈ ਜੋ ਮਾਹਿਰਾਂ ਵੱਲੋਂ ਸੁਝਾਓ ਦਿੱਤੇ ਗਏ ਹਨ, ਉਹ ਹਨ :-

  1. ਨਿੱਕੇ ਬੱਚਿਆਂ ਤੋਂ ਮੋਬਾਇਲ ਦੂਰ ਰੱਖੋ ਤੇ ਇਸ ਨੂੰ ਖਿਡੌਣੇ ਵਾਂਗ ਨਾ ਫੜਾਓ।
  2. ਰਾਤ ਸੌਣ ਲੱਗਿਆਂ ਮੋਬਾਇਲ ਜਾਂ ਤਾਂ ਏਰੋਪਲੇਨ ਮੋਡ ਉੱਤੇ ਜਾਂ ਕਮਰੇ ਤੋਂ ਬਾਹਰ ਰੱਖੋ।
  3. ਪੂਰੇ ਸੈੱਲ ਫ਼ੋਨ ਉੱਤੇ ਮੋਟੇ ਕਵਰ ਚਾੜ੍ਹੋ ਜਿਵੇਂ ਫੋਮ ਜਾਂ ਚਮੜੇ ਦੇ।
  4. ਕੰਨ ਨਾਲ ਕਦੇ ਵੀ ਲਾ ਕੇ ਮੋਬਾਇਲ ਫ਼ੋਨ ਨਾ ਸੁਣਿਆ ਜਾਵੇ।
  5. ਹੱਥ ਖਾਲੀ ਰੱਖ ਕੇ, ਫ਼ੋਨ ਪਰ੍ਹਾਂ ਰੱਖ ਕੇ ਈਅਰ ਫ਼ੋਨ ਰਾਹੀਂ ਗੱਲ ਕੀਤੀ ਜਾ ਸਕਦੀ ਹੈ ਜਾਂ ਸਪੀਕਰ ਰਾਹੀਂ ਗੱਲ ਕਰਨੀ ਸਭ ਤੋਂ ਬਿਹਤਰ ਹੈ।
  6. ਜਿੰਨਾ ਹੋ ਸਕੇ, ਸੁਣੇਹੇ ਟਾਈਪ ਕਰ ਕੇ ਗੱਲ ਕਰ ਲੈਣੀ ਚਾਹੀਦੀ ਹੈ।
  7. ਮੋਬਾਇਲ ਫ਼ੋਨ ਉੱਤੇ ਲੰਮੀ ਗੱਲ ਬਿਲਕੁਲ ਨਹੀਂ ਕਰਨੀ ਚਾਹੀਦੀ।

ਸਾਰ :- ਨਵੀਆਂ ਖੋਜਾਂ ਜਿੱਥੇ ਜ਼ਿੰਦਗੀ ਆਸਾਨ ਬਣਾ ਦਿੰਦੀਆਂ ਹਨ, ਉੱਥੇ ਕੁੱਝ ਮਾੜੇ ਅਸਰ ਵੀ ਨਾਲ ਹੀ ਲੈ ਕੇ ਆਉਂਦੀਆਂ ਹਨ। ਮੋਬਾਇਲ ਫ਼ੋਨਾਂ ਨੇ ਇੱਕ ਪਾਸੇ ਵਿਛੜਿਆਂ ਨੂੰ ਮਿਲਾ ਦਿੱਤਾ ਹੈ ਤਾਂ ਦੂਜੇ ਪਾਸੇ ਦੋਸਤਾਂ ਦੀਆਂ ਗਲਵਕੜੀਆਂ ਵਿੱਚ ਵਿੱਥ ਵੀ ਪਾ ਦਿੱਤੀ ਹੈ।

ਮੋਬਾਇਲ ਵਰਤੀਏ ਜ਼ਰੂਰ ਪਰ ਇਹ ਧਿਆਨ ਰੱਖ ਕੇ ਕਿ ਮਾੜੀ ਬੀਮਾਰੀ ਨਾ ਸਹੇੇੜ ਲਈਏ। ਸੋ ਬੱਚਿਆਂ ਤੋਂ ਦੂਰ ਰੱਖ ਕੇ, ਬੱਚਿਆਂ ਨਾਲ ਬੇਸ਼ਕੀਮਤੀ ਸਮਾਂ ਬਿਤਾ ਕੇ, ਉਨ੍ਹਾਂ ਦੇ ਪਿਆਰ ਦੁਲਾਰ ਦੇ ਸਮੇਂ ਨੂੰ ਖੋਹ ਕੇ ਮੋਬਾਇਲ ਨੂੰ ਨਾ ਦੇਈਏ ਤਾਂ ਜਿੱਥੇ ਘਰ ਦਾ ਮਾਹੌਲ ਸੁਖਾਵਾਂ ਹੋ ਜਾਵੇਗਾ, ਉੱਥੇ ਮੋਬਾਇਲ ਤੋਂ ਹੋ ਰਹੀਆਂ ਬੀਮਾਰੀਆਂ ਤੋਂ ਵੀ ਬਚਾਓ ਹੋ ਜਾਵੇਗਾ। ਸੋ, ਖ਼ੁਸ਼ ਰਹੋ, ਤੰਦਰੁਸਤ ਰਹੋ, ਆਬਾਦ ਰਹੋ ਪਰ ਮੋਬਾਇਲ ਤੋਂ ਜ਼ਰਾ ਬਚ ਕੇ  !

ਫ਼ਰਿਸ਼ਤਿਆਂ ਵਰਗੇ ਲੋਕ

0

ਫ਼ਰਿਸ਼ਤਿਆਂ ਵਰਗੇ ਲੋਕ

ਮਨਬੀਰ ਕੌਰ ਅੰਮ੍ਰਿਤਸਰ ਸਾਹਿਬ

ਗੁਰਬਾਣੀ ਦੇ ਕਥਨ ਅਨੁਸਾਰ ਜੋ ਮਨੁੱਖ ਦੁਨੀਆ ਵਿੱਚ ਰਹਿੰਦੇ ਹੋਏ ਨਿਸ਼ਕਾਮਤਾ ਅਤੇ ਨਿਰਸਵਾਰਥ ਭਾਵਨਾ ਨਾਲ ਸੇਵਾ ਕਰਦਾ ਹੈ, ਉਹ ਪ੍ਰਮਾਤਮਾ ਦੇ ਦਰ ’ਤੇ ਪ੍ਰਵਾਨ ਹੁੰਦਾ ਹੈ। ਗੁਰੂ ਸਾਹਿਬਾਨ ਦੀ ਨਰੋਈ ਅਤੇ ਸਮੁੱਚੀ ਮਾਨਵਤਾ ਦੀ ਭਲਾਈ ਵਾਲੀ ਸੋਚ ਨੇ ਸਾਡੀ ਜ਼ਿੰਦਗੀ ਨੂੰ ਸੁਚੱਜਾ ਬਣਾਇਆ। ਸਾਡੀ ਰੋਜ਼ਾਨਾ ਅਰਦਾਸ ਦੌਰਾਨ ਵੀ ਪ੍ਰਮਾਤਮਾ ਪਾਸ ਇਹੀ ਬਿਨੈ ਹੁੰਦੀ ਹੈ ਕਿ ਸਰਬੱਤ ਦਾ ਭਲਾ ਹੋਵੇ।

ਇਸੇ ਮਕਸਦ ਦੀ ਪੂਰਤੀ ਲਈ ਸਤਿਗਰੂ ਸਾਹਿਬਨ ਨੇ ਆਪਣੇ ਜੀਵਨ ਕਾਲ ਵਿੱਚ ਗੁਰਬਾਣੀ ਦਾ ਉਚਾਰਨ ਕਰਕੇ ਸਾਨੂੰ ‘‘ਨਾ ਕੋ ਬੈਰੀ, ਨਹੀ ਬਿਗਾਨਾ; ਸਗਲ ਸੰਗਿ ਹਮ ਕਉ ਬਨਿ ਆਈ ’’ (ਮਹਲਾ /੧੨੯੯) ਦਾ ਸਿਧਾਂਤ ਬਖਸ਼ਿਆ ਹੀ ਨਹੀਂ ਬਲਕਿ ਇਸ ਕਹੀ ਗੱਲ ਨੂੰ ਅਮਲੀ ਤੌਰ ’ਤੇ ਆਪਣੇ ਜੀਵਨ ਵਿੱਚ ਲਾਗੂ ਵੀ ਕਰਕੇ ਦਿਖਾਇਆ। ਇਹੀ ਕਾਰਨ ਸੀ ਕਿ ਅੱਗੋਂ ਗੁਰਸਿੱਖਾਂ ਨੇ ਵੀ ਆਪਣੇ ਗੁਰੂ ਵੱਲੋਂ ਕਹੀਆਂ ਗੱਲਾਂ ਨੂੰ ਸਿਰ ਮੱਥੇ ਮੰਨ ਕੇ ਅਜਿਹੇ ਕੀਰਤੀਮਾਨ ਸਥਾਪਤ ਕੀਤੇ ਕਿ ਗੁਰਬਾਣੀ ਦਾ ਵਚਨ ‘‘ਏਕ ਨੂਰ ਤੇ ਸਭੁ ਜਗੁ ਉਪਜਿਆ; ਕਉਨ ਭਲੇ  ? ਕੋ ਮੰਦੇ  ?॥’’ (ਭਗਤ ਕਬੀਰ/੧੩੪੯) ਨੂੰ ਸੱਚ ਕਰ ਵਿਖਾਇਆ। ਜਿਸ ਦੀ ਵੱਡੀ ਮਿਸਾਲ ਗੁਰੂ ਗੋਬਿੰਦ ਸਿੰਘ ਨਾਲ ਹੋਈਆਂ ਜੰਗਾਂ ਦੌਰਾਨ ਮਿਲਦੀ ਹੈ, ਜਿੱਥੇ ਸਿੱਖ ਸੂਰਮੇ ਇੱਕ ਪਾਸੇ ਰਣ-ਤੱਤੇ ਵਿੱਚ ਦੁਸ਼ਮਣਾਂ ਦੇ ਆਹੂ ਲਾਹ ਰਹੇ ਸਨ ਤਾਂ ਉਸੇ ਹੀ ਮੈਦਾਨ-ਏ-ਜੰਗ ਵਿੱਚ ਭਾਈ ਘਨੱਈਆ ਜੀ ਵਰਗੀ ਸ਼ਖ਼ਸੀਅਤ ਫੱਟੜ ਹੋਏ ਸਿੱਖਾਂ ਸਮੇਤ ਜ਼ਖ਼ਮੀ ਦੁਸ਼ਮਣਾਂ ਨੂੰ ਵੀ ਪਾਣੀ ਪਿਲਾ ਰਹੀ ਸੀ। ਇਹ ਦੇਖ ਕੇ ਗੁਰੂ ਸਾਹਿਬ ਨੇ ਪ੍ਰਸੰਨ ਹੋ ਕੇ ਭਾਈ ਘਨੱਈਆ ਜੀ ਨੂੰ ਮੱਲ੍ਹਮ ਪੱਟੀ ਦੀ ਸੇਵਾ ਕਰਨ ਲਈ ਵੀ ਪ੍ਰੇਰਿਤ ਕੀਤਾ। ਇਸ ਤਰ੍ਹਾਂ ਦੀਆਂ ਅਨੇਕਾਂ ਮਿਸਾਲਾਂ ਸਿੱਖ ਇਹਿਤਾਸ ਵਿੱਚ ਭਰੀਆਂ ਪਈਆਂ ਹਨ।  20ਵੀਂ ਸਦੀ ਦੇ ਮਹਾਨ ਸੇਵਾ ਦੇ ਪੁੰਜ ‘ਭਗਤ ਪੂਰਨ ਸਿੰਘ ਜੀ’ ਆਪਣੀ ਮਿਸਾਲ ਆਪ ਹਨ।

ਇਸੇ ਤਰ੍ਹਾਂ ਜੇਕਰ ਅਸੀਂ ਨਿੱਜੀ ਜ਼ਿੰਦਗੀ ਵੱਲ ਝਾਤ ਮਾਰੀਏ ਤਾਂ ਅੱਜ ਵੀ ਬਹੁਤ ਸਾਰੇ ਫ਼ਰਿਸ਼ਤਿਆਂ ਵਰਗੇ ਲੋਕ ਸਾਨੂੰ ਮਿਲ ਜਾਣਗੇ, ਜੋ ਬਿਨ੍ਹਾਂ ਕਿਸੇ ਨਿੱਜੀ ਸਵਾਰਥ ਦੇ ਦੂਸਰਿਆਂ ਦੀ ਭਲਾਈ ਦੇ ਕੰਮਾਂ ਵਿੱਚ ਲੱਗੇ ਰਹਿੰਦੇ ਹਨ। ਦੂਜਿਆਂ ਦਾ ਭਲਾ ਕਰਨ ਨਾਲ ਜੋ ਸੰਤੁਸ਼ਟੀ ਮਿਲਦੀ ਹੈ ਉਸ ਨੂੰ ਪੈਸਿਆਂ ਨਾਲ ਕਦੇ ਵੀ ਖ਼ਰੀਦਿਆ ਨਹੀਂ ਜਾ ਸਕਦਾ। ਕਹਿੰਦੇ ਨੇ ਪ੍ਰਮਾਤਮਾ ਆਪ ਧਰਤੀ ’ਤੇ ਨਹੀਂ ਆਉਂਦਾ ਉਹ ਸਾਡੀ ਮਦਦ ਲਈ ਕੋਈ ਨਾ ਕੋਈ ਜ਼ਰੀਆ ਬਣਾ ਦਿੰਦਾ ਹੈ, ਅਸੀਂ ਉਸ ਨੂੰ ਪਹਿਚਾਣ ਨਹੀਂ ਪਾਉਂਦੇ ਜਾਂ ਕਈ ਵਾਰ ਅਸੀਂ ਆਖਦੇ ਵੀ ਹਾਂ ਕਿ ਫਲਾਣਾ ਬੰਦਾ ਤਾਂ ਰੱਬ ਦਾ ਰੂਪ ਹੈ। ਹਰ ਵੇਲੇ ਬਿਨਾਂ ਕਿਸੇ ਭੇਦ-ਭਾਵ ਦੇ ਹਰ ਇੱਕ ਦੇ ਕੰਮ ਆਉਣ ਵਾਲਾ। ਅਜਿਹੇ ਫ਼ਰਿਸ਼ਤੇ ਸਾਡੀ ਜ਼ਿੰਦਗੀ ਵਿੱਚ ਆ ਕੇ ਸਾਨੂੰ ਨਵਾਂ ਰਾਹ ਦਿਖਾਉਂਦੇ ਹਨ। ਸਾਡੀ ਰੁਕੀ ਹੋਈ ਜ਼ਿੰਦਗੀ ਨੂੰ ਮੁੜ ਹੁਲਾਰਾ ਦਿੰਦੇ ਹਨ ਅਤੇ ਸਾਡੀ ਜ਼ਿੰਦਗੀ ਵਿੱਚ ਨਵੇਂ ਰੰਗ ਭਰਦੇ ਹਨ।

ਜਿਉਂਦੇ ਜੀਅ ਹਰ ਵਿਅਕਤੀ ਵਿਸ਼ੇਸ਼ ਨੂੰ ਇੱਕ ਅਜਿਹੇ ਸਾਥ ਦੀ ਲੋੜ ਹਮੇਸ਼ਾਂ ਹੀ ਰਹਿੰਦੀ ਹੈ, ਜੋ ਸਾਡੀਆਂ ਭਾਵਨਾਵਾਂ ਨੂੰ ਸਮਝ ਸਕਦਾ ਹੋਵੇ। ਜੋ ਸਾਡੇ ਵਿਚਾਰਾਂ ਦੀ ਪ੍ਰੋੜ੍ਹਤਾ ਵੀ ਕਰਦਾ ਹੋਵੇ ਅਤੇ ਕੁੱਝ ਗ਼ਲਤ ਹੋਣ ’ਤੇ ਸਾਡੀ ਆਲੋਚਨਾ ਕਰਕੇ ਸਹੀ ਰਾਹ ਦੱਸਣ ਵਿੱਚ ਮਦਦ ਵੀ ਕਰਦਾ ਹੋਵੇ। ਦੁਨੀਆਂ ਉੱਤੇ ਹਰ ਤਰ੍ਹਾਂ ਦੇ ਮਨੁੱਖ ਹਨ। ਕੁੱਝ ਅਜਿਹੇ ਜੋ ਸਾਡੀ ਸੋਚ ਦੇ ਉੱਲਟ ਹੁੰਦੇ ਹਨ। ਉਨ੍ਹਾਂ ਦਾ ਸਾਡੇ ਵਿਚਾਰਾਂ ਨਾਲ ਤਾਲਮੇਲ ਨਹੀਂ ਬੈਠਦਾ, ਪਰ ਕੁੱਝ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਨਾਲ ਸਾਡੀ ਪਰਸਪਰ ਸਾਂਝ ਬਣ ਜਾਂਦੀ ਹੈ ਅਤੇ ਅਜਿਹੇ ਮਨੁੱਖਾਂ ਨਾਲ ਸਾਨੂੰ ਆਪਣਾ ਰਿਸ਼ਤਾ ਬੜਾ ਅਨਿੱਖੜਵਾਂ ਮਹਿਸੂਸ ਹੁੰਦਾ ਹੈ।

ਪਰ ਅੱਜ-ਕੱਲ੍ਹ ਦੀ ਭੱਜ ਦੌੜ ਦੀ ਜ਼ਿੰਦਗੀ ਵਿੱਚ ਮਨੁੱਖ ਆਪਣੇ ਬਾਰੇ ਪਹਿਲਾਂ ਸੋਚਦਾ ਹੈ ਅਤੇ ਬਹੁਤ ਘੱਟ ਇਨਸਾਨ ਅਜਿਹੇ ਮਿਲਦੇ ਹਨ ਜੋ ਆਪਣੇ ਨਾਲ-ਨਾਲ ਹੋਰਨਾਂ ਦੀ ਵੀ ਫ਼ਿਕਰ ਕਰਦੇ ਹਨ। ਕਿਸੇ ਨੇ ਬੜਾ ਵਧੀਆ ਕਿਹਾ ਹੈ ਕਿ, ਸਾਨੂੰ ਜ਼ਿੰਦਗੀ ਵਿੱਚ ਪੈਸੇ ਕਮਾਉਣ ਨਾਲੋਂ ਜ਼ਿਆਦਾ ਜ਼ਰੂਰੀ ਹੈ ਕਿ ਇਨਸਾਨ ਕਮਾਏ ਜਾਣ।’ ਕਿਉਂਕਿ ਆਖਿਰ ਮਨੁੱਖ ਨੇ ਹੀ ਮਨੁੱਖ ਦੇ ਕੰਮ ਆਉਣਾ ਹੁੰਦਾ ਹੈ।

ਆਪਣੇ ਵਿਰਸੇ, ਵਿਰਾਸਤ, ਸੱਭਿਆਚਾਰ ਅਤੇ ਇਤਿਹਾਸ ਤੋਂ ਸੇਧ ਲੈ ਕੇ ਅਜਿਹੇ ਮਨੁੱਖ ਜੋ ਹਮੇਸ਼ਾਂ ਦੂਸਰਿਆਂ ਦਾ ਭਲਾ ਚਿਤਵਦੇ ਹਨ, ਮੇਰੀ ਇਹੀ ਅਰਦਾਸ ਹੈ ਕਿ ਪ੍ਰਮਾਤਮਾ ਹਮੇਸ਼ਾਂ ਉਹਨਾਂ ਦੇ ਸਿਰ ’ਤੇ ਆਪਣਾ ਮਿਹਰ ਭਰਿਆ ਹੱਥ ਰੱਖੇ ਤਾਂ ਕਿ ਅਜਿਹੇ ਵਿਰਲੇ ਟਾਂਵੇਂ ਮਨੁੱਖ ਹਮੇਸ਼ਾਂ ਹੀ ਮਨੁੱਖੀ ਕਦਰਾਂ ਕੀਮਤਾਂ ਪ੍ਰਤੀ ਸੁਹਰਿਦਤਾ ਨਾਲ ਕੰਮ ਕਰਦੇ ਰਹਿਣ ਅਤੇ ਹੋਰਨਾਂ ਦੇ ਜੀਵਣ ਲਈ ਵੀ ਪ੍ਰੇਰਨਾ ਸਰੋਤ ਬਣੇ ਰਹਿਣ।

ਗੁਰਬਾਣੀ ’ਚ ਦਰਜ ਸੰਖਿਅਕ ਸੰਕੇਤ; ਗੁਰਮਤਿ ਹਨ ਜਾਂ ਮਿਸਾਲ ਮਾਤਰ ?

0

ਗੁਰਬਾਣੀ ’ਚ ਦਰਜ ਸੰਖਿਅਕ ਸੰਕੇਤ; ਗੁਰਮਤਿ ਹਨ ਜਾਂ ਮਿਸਾਲ ਮਾਤਰ ?

ਕਿਰਪਾਲ ਸਿੰਘ ਬਠਿੰਡਾ 88378-13661

ਗੁਰਮਤਿ; ਇੱਕ ਨਿਵੇਕਲੀ ਤੇ ਆਧੁਨਿਕ ਸੋਚ ਹੈ। ਇਸ ਦੁਆਰਾ ਕੀਤੀ ਗਈ ਧਰਮ ਦੀ ਵਿਆਖਿਆ ਨੂੰ ਹੀ ਅਜੋਕੇ ਸਾਇੰਸ ਯੁੱਗ ਦੀ ਸ਼ੁਰੂਆਤ ਮੰਨ ਸਕਦੇ ਹਾਂ। ਇਸ ਤੋਂ ਪਹਿਲਾਂ ਸਦੀਆ ਤੋਂ ਮਿਥਿਹਾਸ, ਕਰਮਕਾਂਡ, ਅੰਧਵਿਸ਼ਵਾਸ ਤੇ ਸਮਾਜਿਕ ਭੇਦ-ਭਾਵ ਨੂੰ ਹੀ ਧਰਮ ਦਾ ਨਾਂ ਦਿੱਤਾ ਹੋਇਆ ਸੀ। ਜਿਸ ਤਰ੍ਹਾਂ ਅਨੇਕਾਂ ਸਾਇੰਸਦਾਨਾਂ ਨੇ ਸੱਚ ਨੂੰ ਉਜਾਗਰ ਕਰਨ ਅਤੇ ਅਰਥਹੀਣ ਧਾਰਮਿਕ ਰਸਮੋ ਰਿਵਾਜ ਨੂੰ ਰੱਦ ਕਰਨ ਬਦਲੇ ਅਣਗਿਣਤ ਸਰੀਰਕ ਤਸੀਹੇ ਸਹਾਰੇ ਉਸੇ ਤਰ੍ਹਾਂ ਹੀ ਗੁਰਮਤਿ ਰਚੇਤਾ ਅਤੇ ਉਨ੍ਹਾਂ ਦੇ ਪੈਰੋਕਾਰਾਂ ਨੂੰ ਸੱਚ ਨੂੰ ਪ੍ਰਗਟ ਕਰਨ ਬਦਲੇ ਅਨੇਕਾਂ ਸ਼ਹੀਦੀਆਂ ਦੇਣੀਆਂ ਪਈਆਂ ਕਿਉਂਕਿ ਹਰ ਰਵਾਇਤੀ ਕਬੀਲੇ ਦੇ ਸਰਦਾਰ ਨੇ ਅਖੌਤੀ ਧਰਮ ਨੂੰ ਆਰਥਿਕਤਾ ਦਾ ਸਾਧਨ ਬਣਾ ਰੱਖਿਆ ਸੀ। ਇੱਕ ਪੱਖੋਂ ਵੇਖੀਏ ਤਾਂ ਸਾਇੰਸਦਾਨਾਂ ਅਤੇ ਗੁਰੂ ਸਾਹਿਬਾਨ ਦਾ ਟੀਚਾ ਇੱਕੋ ਸੀ ਕਿ ਧਰਮ ਦੇ ਨਾਂ ’ਤੇ ਫੈਲਾਇਆ ਜਾ ਰਿਹਾ ਅੰਧ ਵਿਸ਼ਵਾਸ, ਦੁਬਿਧਾ ਆਦਿਕ ਖ਼ਤਮ ਹੋਵੇ।

ਅਜੋਕੇ ਜੀਵ ਵਿਗਿਆਨ ਨੇ ਇਸ ਧਰਤੀ ਉੱਤੇ 90 ਲੱਖ ਤੋਂ ਲੈ ਕੇ ਇੱਕ ਅਰਬ (100 ਕ੍ਰੋੜ) ਤੱਕ ਜੀਵਾਂ ਦੀਆਂ ਨਸਲਾਂ ਹੋਣ ਦਾ ਅਨੁਮਾਨ ਲਗਾਇਆ ਹੈ, ਜਿਸ ਲਈ ਹੁਣ ਤੱਕ ਹੋਈ ਖੋਜ ਨੇ ਸੁੱਕੀ ਧਰਤੀ ਉੱਤੇ ਹੀ 65 ਲੱਖ ਜੀਵ-ਨਸਲਾਂ ਅਤੇ ਪਾਣੀ ਵਿੱਚ 22 ਲੱਖ ਜੀਵ-ਜੂਨਾਂ ਦੀ ਖੋਜ ਕਰ ਲਈ ਹੈ, ਪਰ ਧਾਰਮਿਕ ਗ੍ਰੰਥਾਂ ’ਚ ਜੂਨਾਂ ਦੀ ਸੰਖਿਆ 84 ਲੱਖ ਮੰਨੀ ਹੋਈ ਹੈ, ਜਿਸ ਵਿੱਚੋਂ 42 ਲੱਖ ਪਾਣੀ ਵਿੱਚ ਅਤੇ 42 ਲੱਖ ਸੁੱਕੀ ਧਰਤੀ ’ਤੇ ਹੋਣ ਬਾਰੇ ਧਾਰਮਿਕ ਗ੍ਰੰਥਾਂ ’ਚ ਲਿਖਿਆ ਹੈ ‘‘ਆਨੀਲੇ ਕੁੰਭ, ਭਰਾਈਲੇ ਊਦਕ; ਠਾਕੁਰ ਕਉ ਇਸਨਾਨੁ ਕਰਉ ਬਇਆਲੀਸ ਲਖ ਜੀ, ਜਲ ਮਹਿ ਹੋਤੇ; ਬੀਠਲੁ ਭੈਲਾ ਕਾਇ ਕਰਉ ? ’’ (ਭਗਤ ਨਾਮਦੇਵ ਜੀ/੪੮੫) ਭਾਵ ਠਾਕਰ ਨੂੰ ਇਸ਼ਨਾਨ ਕਰਵਾਉਣ ਲਈ ਸੁੱਚਾ-ਸਾਫ਼ (ਪਵਿੱਤਰ) ਪਾਣੀ ਕਿੱਥੋਂ ਲਿਆਵਾਂ, 42 ਲੱਖ ਜੀਵ ਪਾਣੀ ’ਚ ਮੰਨੇ ਜਾਂਦੇ ਹਨ, ਜਿਨ੍ਹਾਂ ਨੇ ਮਲ-ਮੂਤਰ ਨਾਲ਼ ਪਾਣੀ ਪਹਿਲਾਂ ਹੀ ਅਸ਼ੁੱਧ ਕਰ ਰੱਖਿਆ ਹੈ, ਮੈਂ ਹੁਣ ਸ਼ੁੱਧਤਾ ਕਿਵੇਂ ਰੱਖਾਂ ? ਸੋ, ਗੁਰਮਤਿ ਨੂੰ ਸਮਝਾਉਣ ਲਈ ਪ੍ਰਚਲਿਤ ਜੂਨ ਸੰਖਿਆ (84 ਲੱਖ) ਨੂੰ ਮਿਸਾਲ ਵਜੋਂ ਲਿਆ ਹੈ ਤਾਂ ਜੋ ਕਰਤਾਰ ਦੀ ਵਿਸ਼ਾਲਤਾ ਦਰਸਾਈ ਜਾ ਸਕੇ। ਗੁਰਮਤਿ ਦਾ ਇਹੀ ਨੁਕਤਾ ਵਿਚਾਰਨਾ ਹਥਲੇ ਲੇਖ ਦਾ ਮਕਸਦ ਹੈ।

ਉਕਤ ਕੀਤੀ ਗਈ ਵਿਚਾਰ ਕਿ ਪਰੰਪਰਾਵਾਦੀ ਧਰਮਾਂ ਦੀ ਮਨੌਤ ਅਨੁਸਾਰ ਮੰਨੇ ਗਏ ਕਈ ਅੰਕੜੇ ਗੁਰਬਾਣੀ ਵਿੱਚ ਉਦਾਹਰਣ ਦੇ ਤੌਰ ’ਤੇ ਦਿੱਤੇ ਹਨ। ਜਿਨ੍ਹਾਂ ਦਾ ਕਦਾਚਿਤ ਇਹ ਭਾਵ ਨਹੀਂ ਕਿ ਗੁਰੂ ਸਾਹਿਬਾਨ ਜਾਂ ਭਗਤ ਸਾਹਿਬਾਨ ਨੇ ਇਨ੍ਹਾਂ ਅੰਕੜਿਆਂ ਦੇ ਸਹੀ ਹੋਣ ਦੀ ਪੁਸ਼ਟੀ ਕੀਤੀ ਹੈ ਬਲਕਿ ਇਹ ਅੰਕੜੇ ਦੇਣ ਦਾ ਭਾਵ ਪ੍ਰਚਲਿਤ ਅਰਥਹੀਣ ਰਵਾਇਤਾਂ ਦੀ ਮਿਸਾਲ ਨਾਲ ਗੁਰਮਤਿ ਨੂੰ ਅੰਧ ਭਗਤ ਸਮਾਜ ਦੇ ਹਿਰਦੇ ’ਚ ਦ੍ਰਿੜ੍ਹ ਕਰਨਾ ਹੈ। ਪ੍ਰਚਲਿਤ ਅਖੌਤੀ ਮਨੌਤਾਂ ਦੀ ਇੱਕ ਇੱਕ ਅਸਲੀਅਤ ਨੂੰ ਨਿਰਮੂਲ ਸਿੱਧ ਕਰਨ ਲਈ ਇਸ ਦੇ ਮੁਕਾਬਲੇ ਰੱਬੀ ਵਿਸ਼ਾਲਤਾ ਨੂੰ ਰੂਪਮਾਨ ਕਰਨਾ ਗੁਰਮਤਿ ਦੀ ਪੇਸ਼ਕਾਰੀ ਰਿਹਾ ਹੈ; ਜਿਵੇਂ ਕਿ

(1). ਰਿਸ਼ੀ ਮੁਨੀਆਂ ਨੇ ਸਿੰਮ੍ਰਿਤੀਆਂ, ਪੁਰਾਣ ਵੀ ਗਹੁ ਨਾਲ ਵਾਚੇ, ਵੇਦਾਂ ਦੀ ਘੋਖ ਪੜਤਾਲ ਕਰ ਭੀ ਉੱਚੀ ਉੱੱਚੀ ਪੁਕਾਰਿਆ (ਪਰ ਰੱਬੀ ਭੇਦ ਨਾ ਜਾਣ ਸਕੇ ਕਿਉਂਕਿ ਰੱਬ ਕਰਕੇ ਪੇਸ਼ ਕੀਤੇ ਜਾ ਰਹੇ ਦੇਵੀ ਦੇਵਤਿਆਂ ਅਤੇ ਅਵਤਾਰਾਂ ਦੀ ਸ਼ਰਨ ਪੈਣ ਦੀ ਬਜਾਇ) ਕਿਰਪਾ ਦੇ ਸਮੁੰਦਰ ਪਰਮਾਤਮਾ ਦੀ ਸ਼ਰਨ ਪੈਣ ਨਾਲ਼ ਉਸ ਦੇ ਵਜੂਦ ਨੂੰ ਸਮਝਿਆ ਜਾਣਾ ਹੈ ਤਾਂ ਜੋ ਲੋਕ ਪਰਲੋਕ ਸੁਹੇਲੇ ਹੋਣ ‘‘ਘੋਖੇ ਮੁਨਿ ਜਨ ਸਿੰਮ੍ਰਿਤਿ ਪੁਰਾਨਾਂ; ਬੇਦ ਪੁਕਾਰਹਿ ਘੋਖ ਕ੍ਰਿਪਾ ਸਿੰਧੁ ਸੇਵਿ, ਸਚੁ ਪਾਈਐ ; ਦੋਵੈ ਸੁਹੇਲੇ ਲੋਕ ’’ (ਮਹਲਾ /੬੮੨)

(2). ਆਧੁਨਿਕ ਸਾਇੰਸ ਦਾ ਸਰੋਤ; ਗੁਰਮਤਿ ਇਸ ਲਈ ਹੈ ਕਿਉਂਕਿ ਪਰਮਾਤਮਾ ਤੋਂ ਹਵਾ ਬਣੀ, ਹਵਾ ਤੋਂ ਜਲ, ਜਲ ਤੋਂ ਸਾਰਾ ਜਗਤ, ਜਿਸ ਦੇ ਕਣ-ਕਣ ’ਚ ਪਰਮਾਤਮਾ ਦੀ ਜੋਤਿ ਸ਼ਕਤੀ ਹੈ ‘‘ਸਾਚੇ ਤੇ ਪਵਨਾ ਭਇਆ ; ਪਵਨੈ ਤੇ ਜਲੁ ਹੋਇ ਜਲ ਤੇ ਤ੍ਰਿਭਵਣੁ ਸਾਜਿਆ; ਘਟਿ ਘਟਿ ਜੋਤਿ ਸਮੋਇ ” (ਮਹਲਾ /੧੯) ਇਸ ਗੁਰਮਤਿ ਸਿਧਾਂਤ ਨੂੰ ਸਾਇੰਸ ਨਾਲ ਤੁਲਨਾਤਮਕ ਪੱਖੋਂ ਵੇਖਣਾ ਵੀ ਜ਼ਰੂਰੀ ਹੈ। ਸਾਇੰਸ ਹਵਾ ਤੋਂ ਪਾਣੀ ਦਾ ਵਜੂਦ ਤਾਂ ਮੰਨਦੀ ਹੈ ਪਰ ਸਾਚੇ ਤੋਂ ਹਵਾ ਦਾ ਵਜੂਦ ਬਣਨ ਬਾਰੇ ਅਤੇ ਸਾਚੇ ਦੀ ਅਦ੍ਰਿਸ਼-ਸ਼ਕਤੀ ਕਣ-ਕਣ ’ਚ ‘‘ਘਟਿ ਘਟਿ ਜੋਤਿ ਸਮੋਇ’’ ਬਾਰੇ ਸੰਦੇਹ ਹੈ ਭਾਵ ਹੋਰ ਖੋਜ ਕਰਨੀ ਬਾਕੀ ਹੈ।

ਰੱਬ; ਇੱਕ ਵਿਸ਼ਾਲ ਰਾਜਾ ਹੈ (ਜਿਸ ਦੇ ਸ਼ਾਮੀਆਨੇ ਦੀਆਂ) ਕਨਾਤਾਂ; ਚਾਰੇ ਦਿਸ਼ਾਵਾਂ ਹਨ। ਸਾਰਾ ਬੈਕੁੰਠ; ਉਸ ਦੇ ਤਸ਼ਵੀਰ-ਘਰ ਹਨ। ਸਾਰੇ ਜਗਤ ’ਚ ਉਸ ਦਾ ਹੁਕਮ ਇਕ-ਸਾਰ ਚੱਲਦਾ ਹੈ। ਜਿਸ ਦੇ ਮਹਲ ਵਿੱਚ ਲੱਛਮੀ; ਸਦਾ ਜੁਆਨ ਰਹਿੰਦੀ ਹੈ (ਭਾਵ ਜਿਸ ਦਾ ਵਜੂਦ ਕਦੇ ਅਲੋਪ ਨਹੀਂ ਹੁੰਦਾ), ਚੰਦ ਸੂਰਜ; (ਉਸ ਦੇ ਮਹਲ ’ਚ) ਨਿੱਕੇ ਜਿਹੇ ਦੀਵੇ ਹਨ। ਮੌਤ-ਕਾਲ (ਜੋ ਜਗਤ-ਰੂਪ ਸ਼ਹਿਰ ਦੇ ਸਿਰ ਉੱਤੇ) ਕੋਤਵਾਲ ਹੈ, ਉਸ ਦੇ ਦਰ ਦਾ ਖਿਡੌਣਾ ਮਾਤਰ ਹੈ ‘‘ਜਾਂ ਚੈ ਘਰਿ, ਦਿਗ ਦਿਸੈ ਸਰਾਇਚਾ; ਬੈਕੁੰਠ ਭਵਨ ਚਿਤ੍ਰਸਾਲਾ, ਸਪਤ ਲੋਕ ਸਾਮਾਨਿ ਪੂਰੀਅਲੇ ਜਾਂ ਚੈ ਘਰਿ, ਲਛਿਮੀ ਕੁਆਰੀ ; ਚੰਦੁ ਸੂਰਜੁ ਦੀਵੜੇ, ਕਉਤਕੁ ਕਾਲੁ ਬਪੁੜਾ ਕੋਟਵਾਲੁ ਸੁ ਕਰਾ ਸਿਰੀ ਸੁ ਐਸਾ ਰਾਜਾ ਸ੍ਰੀ ਨਰਹਰੀ ’’ (ਭਗਤ ਨਾਮਦੇਵ ਜੀ/੧੨੯੨)

(3) ਚਾਰ ਪਾਸੇ, ਚੌਦਾਂ ਲੋਕਾਂ ਵਿੱਚ ਪਰਮਾਤਮਾ ਦਾ ਨਿਵਾਸ ਹੈ। ਹੇ ਨਾਨਕ ! (ਉਸ ਦੇ ਭੰਡਾਰਿਆਂ ’ਚ) ਕੋਈ ਕਮੀ ਨਹੀਂ ਵੇਖੀਦੀ, ਉਸ ਦੇ ਕੀਤੇ ਸਾਰੇ ਹੀ ਕੰਮ ਸਫਲ ਹੁੰਦੇ ਹਨ ‘‘ਚਾਰਿ ਕੁੰਟ, ਚਉਦਹ ਭਵਨ ; ਸਗਲ ਬਿਆਪਤ ਰਾਮ ਨਾਨਕ  ! ਊਨ ਦੇਖੀਐ ; ਪੂਰਨ ਤਾ ਕੇ ਕਾਮ ’’ (ਮਹਲਾ /੨੯੯)

(4). ਮਨੁੱਖ, ਰੁੱਖ, ਤੀਰਥ, ਤਟ (ਨਦੀਆਂ) ਬੱਦਲ, ਖੇਤ, ਦੀਪ, ਲੋਕ, ਮੰਡਲ, ਖੰਡ, ਬ੍ਰਹਿਮੰਡ, ਸਰੋਵਰ, ਮੇਰ ਆਦਿਕ ਪਰਬਤ, ਅੰਡਜ, ਜੇਰਜ, ਉਤਭੁਜ, ਸੇਤਜ (ਚਾਰੇ ਖਾਣੀਆਂ) ਦੇ ਜੀਵ ਜੰਤ ਆਦਿ ਸਭਨਾਂ ਦੀ ਗਿਣਤੀ ਦਾ ਅੰਦਾਜ਼ਾ ਉਹੀ ਆਪ ਹੀ ਜਾਣਦਾ ਹੈ (ਜਿਸ ਨੇ ਇਹ ਪੈਦਾ ਕੀਤੇ, ਨਾ ਕਿ 84 ਲੱਖ ਲਿਖ ਕਲਮਬੱਧ ਹੁੰਦਾ ਹੈ) ਸਾਰੇ ਜੀਅ ਜੰਤ ਪੈਦਾ ਕਰ ਕੇ, ਪ੍ਰਭੂ ਉਨ੍ਹਾਂ ਸਭਨਾਂ ਦੀ ਪਾਲਣਾ ਭੀ ਕਰਦਾ ਹੈ। ਜਿਸ ਕਰਤਾਰ ਨੇ ਇਹ ਸ੍ਰਿਸ਼ਟੀ ਰਚੀ ਹੈ, ਇਸ ਦੀ ਪਾਲ਼ਨਾ ਦਾ ਫ਼ਿਕਰ ਭੀ ਉਸੇ ਨੂੰ ਹੈ। ਮੈਂ ਉਸ ਤੋਂ ਸਦਕੇ ਹਾਂ, ਉਸੇ ਦੀ ਜੈ ਜੈਕਾਰ ਆਖਦਾ ਹਾਂ (ਯਾਨੀ ਕਿ ਕਿਸੇ ਕਾਲਪਨਿਕ ਰੱਬ ਦੀ ਨਹੀਂ) ਉਸ ਪ੍ਰਭੂ ਦਾ ਆਸਰਾ (ਜੀਵ ਵਾਸਤੇ) ਸਦਾ ਅਟੱਲ ਹੈ। ਹੇ ਨਾਨਕ ! ਉਸ ਹਰੀ ਦਾ ਸੱਚਾ ਨਾਮ ਸਿਮਰਨ ਤੋਂ ਬਿਨਾਂ ਧਾਰਮਿਕ ਚਿੰਨ੍ਹ ਟਿੱਕਾ, ਜਨੇਊ ਆਦਿਕ ਅਰਥਹੀਣ ਹਨ ‘‘ਪੁਰਖਾਂ ਬਿਰਖਾਂ ਤੀਰਥਾਂ; ਤਟਾਂ ਮੇਘਾਂ ਖੇਤਾਂਹ ਦੀਪਾਂ ਲੋਆਂ ਮੰਡਲਾਂ ਖੰਡਾਂ ਵਰਭੰਡਾਂਹ ਅੰਡਜ ਜੇਰਜ ਉਤਭੁਜਾਂ; ਖਾਣੀ ਸੇਤਜਾਂਹ ਸੋ ਮਿਤਿ ਜਾਣੈ ਨਾਨਕਾ  ! ਸਰਾਂ ਮੇਰਾਂ ਜੰਤਾਹ ਨਾਨਕ  ! ਜੰਤ ਉਪਾਇ ਕੈ, ਸੰਮਾਲੇ ਸਭਨਾਹ ਜਿਨਿ ਕਰਤੈ ਕਰਣਾ (ਜਗਤ) ਕੀਆ; ਚਿੰਤਾ ਭਿ ਕਰਣੀ ਤਾਹ ਸੋ ਕਰਤਾ ਚਿੰਤਾ ਕਰੇ ; ਜਿਨਿ, ਉਪਾਇਆ ਜਗੁ ਤਿਸੁ ਜੋਹਾਰੀ, ਸੁਅਸਤਿ ਤਿਸੁ ; ਤਿਸੁ ਦੀਬਾਣੁ ਅਭਗੁ ਨਾਨਕ  ! ਸਚੇ ਨਾਮ ਬਿਨੁ, ਕਿਆ ਟਿਕਾ  ? ਕਿਆ ਤਗੁ  ? ’’ (ਮਹਲਾ /੪੬੭)

ਉਕਤ ਸ਼ਬਦਾਂ ’ਚ ਪ੍ਰਚਲਿਤ ਅਖੌਤੀ ਲੋਕ/ਭਵਨਾਂ ਦੀ ਗਿਣਤੀ; ਅਨਮਤੀ ਧਰਮਾਂ ਦੀ ਮਨੌਤ ਅਨੁਸਾਰ ਕਰਮਵਾਰ ਦੋ, ਤਿੰਨ, ਸੱਤ, ਚੌਦ੍ਹਾਂ ਅਤੇ ਇਨ੍ਹਾਂ ਲੋਕਾਂ ’ਚ ਵਸਦੇ ਜੀਵਾਂ ਦੀ ਉਤਪਤੀ ਦੇ ਸਾਧਨ ਚਾਰ ਖਾਣੀਆਂ ਦੱਸੀਆਂ ਹਨ ਪਰ ਇਨ੍ਹਾਂ ਸੰਖਿਅਕ ਅੰਕੜਿਆਂ ਦਾ ਕਦਾਚਿਤ ਇਹ ਭਾਵ ਨਹੀਂ ਕਿ ਗੁਰਬਾਣੀ; ਇਨ੍ਹਾਂ ਦੇ ਸਹੀ ਹੋਣ ਦੀ ਪੁਸ਼ਟੀ ਕਰਦੀ ਹੈ। ਦਰਅਸਲ ਜਿਨ੍ਹਾਂ ਲੋਕਾਂ ਨੂੰ ਗੁਰੂ ਸਾਹਿਬਾਨ ਨੇ ਗੁਰਮਤਿ ਸਮਝਾਉਣੀ ਹੁੰਦੀ ਸੀ ਉਨ੍ਹਾਂ ਦੇ ਧਾਰਮਿਕ ਵਿਸ਼ਵਾਸ ਨੂੰ ਆਧਾਰ ਬਣਾਇਆ ਹੈ। ਜੇਕਰ ਇਨ੍ਹਾਂ ਅੰਕੜਿਆਂ ਨੂੰ ਸਹੀ ਮੰਨੀਏ ਤਾਂ ਦੁਬਿਧਾ ਰਹੇਗੀ ਕਿ ਗੁਰੂ ਸਾਹਿਬ ਜੀ ਕਦੀ ਤਿੰਨ ਲੋਕ, ਕਦੀ ਸੱਤ ਲੋਕ ਅਤੇ ਕਦੀ ਚੌਦ੍ਹਾਂ ਲੋਕ ਕਹਿ ਰਹੇ ਹਨ। ਇਨ੍ਹਾਂ ਵਿੱਚੋਂ ਕਿਹੜੀ ਗਿਣਤੀ ਠੀਕ ਹੈ ? ਜਦੋਂ ਗੁਰੂ ਸਾਹਿਬ ਜੀ ਪ੍ਰਭੂ ਦੇ ਪੈਦਾ ਕੀਤੇ ਪਾਸਾਰੇ ਦੀ ਗੱਲ ਕਰਦੇ ਹਨ ਉਸ ਸਮੇਂ ਤਾਂ ਕੇਤੇ, ਕੇਤੀਆਂ, ਕਈ ਕੋਟਿ ਅਤੇ ਅਸੰਖ ਸ਼ਬਦਾਂ ਦੀ ਵਰਤੋਂ ਕਰਦੇ ਫ਼ੁਰਮਾਉਂਦੇ ਹਨ ਕਿ ਪ੍ਰਭੂ ਦੇ ਪਸਾਰੇ ਦਾ ਕੋਈ ਅੰਤ ਨਹੀਂ ਪੈ ਸਕਦਾ ‘‘ਅਸੰਖ ਕਹਹਿ; ਸਿਰਿ ਭਾਰੁ ਹੋਇ (ਜਪੁ), ਬੇਸੁਮਾਰ ਬੇਅੰਤ ਸੁਆਮੀ  ! ਤੇਰੋ ਅੰਤੁ ਕਿਨ ਹੀ ਲਹੀਐ ਰਹਾਉ ’’ (ਮਹਲਾ /੬੭੪) ਸੋ ਰੱਬ ਦੇ ਵਡੱਪਣ ਬਾਰੇ ਕੋਈ ਸੰਖਿਅਕ ਸ਼ਬਦ ਹੀ ਨਹੀਂ। ਗਿਣਤੀ-ਮਿਣਤੀ ਨਾਲ਼ ਆਪਣੀ ਨਾਦਾਨੀ ਸਾਬਤ ਕਰਨਾ ਹੈ। ਕੋਈ ਵੀ ਮਨੁੱਖ ਪ੍ਰਭੂ ਦੇ ਪਾਸਾਰੇ ਦਾ ਅੰਦਾਜ਼ਾ ਨਹੀਂ ਲਗਾ ਸਕਦਾ, ਆਪਣੀ ਰਚਨਾ ਦੀ ਸਹੀ ਗਿਣਤੀ ਮਿਣਤੀ, ਕੇਵਲ ਉਹ ਰਚਨਹਾਰ ਕਰਤਾਰ ਆਪ ਹੀ ਜਾਣਦਾ ਹੈ।

ਯਥਾ : 1.  (ਅਕਾਲ ਪੁਰਖ ਦੀ ਰਚਨਾ ’ਚ) ਕਈ ਪ੍ਰਕਾਰ ਦੇ ਪਉਣ, ਪਾਣੀ ਤੇ ਅਗਨੀਆਂ ਹਨ, ਕਈ ਕ੍ਰਿਸ਼ਨ ਹਨ ਤੇ ਕਈ ਸ਼ਿਵ ਹਨ। ਕਈ ਬ੍ਰਹਮੇ ਪੈਦਾ ਕੀਤੇ ਜਾ ਰਹੇ ਹਨ, ਜਿਨ੍ਹਾਂ ਦੇ ਕਈ ਰੂਪ, ਕਈ ਰੰਗ ਤੇ ਕਈ ਵੇਸ ਹਨ। ਬੇਅੰਤ ਧਰਤੀਆਂ ਹਨ, ਬੇਅੰਤ ਮੇਰੂ ਪਰਬਤ, ਬੇਅੰਤ ਧਰੂ ਭਗਤ ਤੇ ਉਨ੍ਹਾਂ ਦੇ ਉਪਦੇਸ਼ ਹਨ। ਬੇਅੰਤ ਇੰਦਰ ਦੇਵਤੇ, ਬੇਅੰਤ ਚੰਦ੍ਰਮਾ, ਸੂਰਜ ਅਤੇ ਬੇਅੰਤ ਭਵਨ-ਚੱਕਰ ਹਨ। ਬੇਅੰਤ ਸਿੱਧ, ਬੁੱਧ, ਨਾਥ ਅਤੇ ਬੇਅੰਤ ਦੇਵੀਆਂ ਦੇ ਸਰੂਪ ਹਨ।  ਬੇਅੰਤ ਦੇਵਤੇ ਤੇ ਦੈਂਤ ਹਨ, ਬੇਅੰਤ ਮੁਨੀ ਹਨ, ਬੇਅੰਤ ਪਰਕਾਰ ਦੇ ਰਤਨ, (ਰਤਨਾਂ ਦੇ) ਸਮੁੰਦਰ ਹਨ। (ਜੀਵ-ਰਚਨਾ ਦੀਆਂ) ਬੇਅੰਤ ਖਾਣੀਆਂ, ਬੇਅੰਤ ਬਾਣੀਆਂ (ਬੋਲੀਆਂ) ਹਨ, ਬੇਅੰਤ ਪਾਤਸ਼ਾਹ ਤੇ ਰਾਜੇ ਹਨ, ਬੇਅੰਤ ਪਰਕਾਰ ਦੇ ਧਿਆਨ ਧਾਰੀ ਹਨ (ਜੋ ਮਨ ਇਕਾਗਰ ਕਰ ਬੈਠੇ ਹਨ), ਬੇਅੰਤ ਸੇਵਕ ਹਨ। ਕੋਈ ਅੰਤ ਨਹੀਂ ਪਾਇਆ ਜਾ ਸਕਦਾ ‘‘ਕੇਤੇ ਪਵਣ ਪਾਣੀ ਵੈਸੰਤਰ ; ਕੇਤੇ ਕਾਨ ਮਹੇਸ ਕੇਤੇ ਬਰਮੇ ਘਾੜਤਿ ਘੜੀਅਹਿ ; ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ, ਮੇਰ ਕੇਤੇ ; ਕੇਤੇ ਧੂ ਉਪਦੇਸ ਕੇਤੇ ਇੰਦ, ਚੰਦ ਸੂਰ ਕੇਤੇ ; ਕੇਤੇ ਮੰਡਲ ਦੇਸ ਕੇਤੇ ਸਿਧ ਬੁਧ, ਨਾਥ ਕੇਤੇ ; ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ, ਮੁਨਿ ਕੇਤੇ ; ਕੇਤੇ ਰਤਨ ਸਮੁੰਦ ਕੇਤੀਆ ਖਾਣੀ, ਕੇਤੀਆ ਬਾਣੀ ; ਕੇਤੇ ਪਾਤ ਨਰਿੰਦ ਕੇਤੀਆ ਸੁਰਤੀ, ਸੇਵਕ ਕੇਤੇ ; ਨਾਨਕ  ! ਅੰਤੁ ਅੰਤੁ ’’ (ਮਹਲਾ /)

  1. (ਧਰਤੀ ਦੇ ਨੌ) ਖੰਡਾਂ (ਜੀਵ ਉਤਪਤੀ ਦੇ ਸਾਧਨ ਵੀ ਕੇਵਲ ਚਾਰ ਖਾਣੀਆਂ ਨਹੀਂ ਬਲਕਿ), ਕਰੋੜਾਂ ਹੀ ਖਾਣੀਆਂ ਹਨ, ਜਿਨ੍ਹਾਂ ਰਾਹੀਂ ਕਰੋੜਾਂ ਜੀਵ ਉਤਪੰਨ ਹੋਏ ਹਨ। ਆਕਾਸ਼ ਗੰਗਾ ’ਚ ਕਰੋੜਾਂ ਜੀਵ ਪੈਦਾ ਹੋ ਰਹੇ ਹਨ; (ਪ੍ਰਭੂ ਨੇ) ਕਈ ਤਰੀਕਿਆਂ ਨਾਲ ਜਗਤ ਰਚਨਾ ਕੀਤੀ ਹੈ; (ਮੁੜ ਇਸ ਨੂੰ ਸਮੇਟ ਕੇ) ਸਦਾ-ਇੱਕ ਆਪ ਹੀ ਰਹਿ ਜਾਂਦਾ ਹੈ; ਕਈ ਕਿਸਮਾਂ ਦੇ ਜੀਵ; ਪ੍ਰਭੂ ਤੋਂ ਪੈਦਾ ਹੋ ਕੇ ਫਿਰ ਉਸੇ ’ਚ ਲੀਨ ਹੋ ਜਾਂਦੇ ਹਨ। ਪ੍ਰਭੂ ਦਾ ਕੋਈ ਅੰਤ ਨਹੀਂ ਜਾਣਦਾ। ਪ੍ਰਭੂ ਵਰਗਾ ਉਹ ਆਪ ਹੀ ਹੈ ‘‘ਕਈ ਕੋਟਿ ਖਾਣੀ ਅਰੁ ਖੰਡ ਕਈ ਕੋਟਿ ਅਕਾਸ ਬ੍ਰਹਮੰਡ ਕਈ ਕੋਟਿ ਹੋਏ ਅਵਤਾਰ ਕਈ ਜੁਗਤਿ ਕੀਨੋ ਬਿਸਥਾਰ ਕਈ ਬਾਰ ਪਸਰਿਓ ਪਾਸਾਰ ਸਦਾ ਸਦਾ ਇਕੁ ਏਕੰਕਾਰ ਕਈ ਕੋਟਿ ਕੀਨੇ ਬਹੁ ਭਾਤਿ ਪ੍ਰਭ ਤੇ ਹੋਏ, ਪ੍ਰਭ ਮਾਹਿ ਸਮਾਤਿ ਤਾ ਕਾ ਅੰਤੁ; ਜਾਨੈ ਕੋਇ ਆਪੇ ਆਪਿ, ਨਾਨਕ  ! ਪ੍ਰਭੁ ਸੋਇ’’ (ਮਹਲਾ /੨੭੬)
  2. (ਸਿਰਜਣਹਾਰ ਨੇ) ਕ੍ਰੋੜਾਂ ਹੀ ਵਿਸ਼ਨੂ-ਅਵਤਾਰ ਸਿਰਜੇ ਹਨ (ਨਾ ਕਿ ਕੇਵਲ 24 ਅਵਤਾਰ)। ਕ੍ਰੋੜਾਂ ਬ੍ਰਹਮੰਡ ਜਿਸ ਦੇ ਧਰਮ-ਅਸਥਾਨ ਹਨ, ਜੋ ਕ੍ਰੋੜਾਂ ਸ਼ਿਵ ਪੈਦਾ ਕਰ (ਆਪਣੇ ’ਚ ਮੁੜ) ਲੀਨ ਕਰ ਲੈਂਦਾ ਹੈ। ਕ੍ਰੋੜਾਂ ਬ੍ਰਹਮੇ; ਜਗਤ ਪੈਦਾ ਕਰਨ ਲਾਏ ਹਨ ‘‘ਕੋਟਿ ਬਿਸਨ ਕੀਨੇ ਅਵਤਾਰ ਕੋਟਿ ਬ੍ਰਹਮੰਡ ਜਾ ਕੇ ਧ੍ਰਮਸਾਲ ਕੋਟਿ ਮਹੇਸ ਉਪਾਇ ਸਮਾਏ ਕੋਟਿ ਬ੍ਰਹਮੇ, ਜਗੁ ਸਾਜਣ ਲਾਏ ’’ (ਮਹਲਾ /੧੧੫੬)
  3. ਅਕਾਲ ਪੁਰਖ ਦੀ ਰਚਨਾ ਦੀ ਵਿਸ਼ਾਲਤਾ ਦੀ ਗੱਲ ਕਰਦਿਆਂ ਜਦੋਂ ਗੁਰਬਾਣੀ ’ਚ ਜੀਵ ਉਤਪਤੀ ਵਾਲ਼ੀਆਂ ਖਾਣੀਆਂ ਦੀ ਗਿਣਤੀ ਅਤੇ ਉਨ੍ਹਾਂ ਰਾਹੀਂ ਜੀਵਾਂ ਦੀ ਪੈਦਾਇਸ਼ ਕਰਨ ਦੇ ਅਧਿਕਾਰ ਬ੍ਰਹਮੇ ਵਰਗੇ ਦੇਵਤਿਆਂ ਨੂੰ ਦਿੱਤਾ, ਮੰਨਿਆ ਗਿਆ ਸੀ, ਜੋ ਕਰੋੜਾਂ ਜਾਂ ਅਣਗਿਣਤ ਹਨ ਤਾਂ ਮਿਸਾਲ ਵਜੋਂ ਦਰਸਾਇਆ ਇੱਕ ਬ੍ਰਹਮਾ ਜਾਂ 84 ਲੱਖ ਗਿਣਤੀ ਨਿਰਮੂਲ ਜਾਪਦੀ ਹੈ। ਇਸੇ ਗਿਣਤੀ ਨੂੰ ਸੱਚ ਮੰਨ ਗੁਰਮਤਿ ਸੰਦੇਸ਼ ਸਮਝਣਾ; ਮਨਮਤ ਹੈ, ਪਰ ਹੈਰਾਨੀ ਹੋਈ ਜਦ ਇੱਕ ਪ੍ਰਸਿੱਧ ਕਥਾਵਾਚਕ ਨੇ ਗੁਰਦੁਆਰੇ ਕਥਾ ਕਰਦਿਆਂ ਕਿਹਾ ਕਿ ਮੇਰੀ ਤਾਂ ਕੋਈ ਸਮਰਥਾ ਨਹੀਂ ਕਿ ਪ੍ਰਭੂ ਦੀ ਜਗਤ ਰਚਨਾ ’ਚ ਪੈਦਾ ਕੀਤੇ ਜੀਵਾਂ ਦੀ ਗਿਣਤੀ ਕਰ ਸਕਾਂ ਪਰ ਜਿਸ ਗਿਣਤੀ ’ਤੇ ਗੁਰਬਾਣੀ ਨੇ ਆਪ ਮੋਹਰ ਲਾਈ ਹੋਵੇ ਉਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ; ਜਿਵੇਂ ਕਿ ‘‘ਲਖ ਚਉਰਾਸੀਹ ਜੋਨਿ ਸਬਾਈ ਮਾਣਸ ਕਉ ; ਪ੍ਰਭਿ, ਦੀਈ ਵਡਿਆਈ ਇਸੁ ਪਉੜੀ ਤੇ, ਜੋ ਨਰੁ ਚੂਕੈ ; ਸੋ ਆਇ ਜਾਇ, ਦੁਖੁ ਪਾਇਦਾ ’’ (ਮਹਲਾ /੧੦੭੫) ਭਾਵ ਜੂਨਾਂ ਕੁੱਲ 84 ਲੱਖ ਹਨ, ਜਿਨ੍ਹਾਂ ’ਚੋਂ ਪਰਮਾਤਮਾ ਨੇ ਮਨੁੱਖਾ ਜਨਮ ਨੂੰ ਵਡਿਆਈ ਦਿੱਤੀ ਹੈ। ਹੁਣ ਜੋ ਇਸ ਪੌੜੀ ਤੋਂ ਖੁੰਝ ਗਿਆ, ਉਹ ਜਨਮ ਮਰਨ ਦੇ ਗੇੜ ’ਚ ਪੈ ਕੇ ਦੁੱਖ ਭੋਗਦਾ ਹੈ।

ਗੁਰਬਾਣੀ ਦੀ ਉਕਤ ਵਿਆਖਿਆ ਸੁਣ ਜਗਿਆਸੂਆਂ ਦੇ ਮਨ ’ਚ ਸ਼ੰਕਾ ਉਪਜਦੀ ਹੈ ਕਿ ਇੱਕ ਪਾਸੇ ਗੁਰੂ ਸਾਹਿਬ ਜੀ ਜੀਵਾਂ ਨੂੰ ਪੈਦਾ ਕਰਨ ਵਾਲ਼ੇ ਬ੍ਰਹਮਿਆਂ ਦੀ ਗਿਣਤੀ ਕਈ ਕਰੋੜ ਦੱਸਦੇ ਪਏ ਹਨ, ਫਿਰ ਉਨ੍ਹਾਂ ਵੱਲੋਂ ਪੈਦਾ ਕੀਤੇ ਜੀਵ; ਕੇਵਲ 84 ਲੱਖ ਕਿਵੇਂ ਹੋ ਸਕਦੇ ਹਨ ? ਇਨ੍ਹਾਂ ਦੋਵਾਂ ’ਚੋਂ ਕਿਹੜੀ ਗੁਰਮਤਿ ਸਚਾਈ ਹੈ ਤੇ ਕਿਹੜੀ ਅਨਮਤ ?  ਅਜਿਹੇ ਸ਼ੰਕਿਆਂ ’ਚ ਉਸ ਸਮੇਂ ਹੋਰ ਵਾਧਾ ਹੋ ਜਾਂਦਾ ਹੈ ਜਦੋਂ ਕੁਝ ਵਿਦਵਾਨ ‘‘ਏਕਾ ਮਾਈ, ਜੁਗਤਿ ਵਿਆਈ ; ਤਿਨਿ ਚੇਲੇ ਪਰਵਾਣੁ ਇਕੁ ਸੰਸਾਰੀ, ਇਕੁ ਭੰਡਾਰੀ ; ਇਕੁ ਲਾਏ ਦੀਬਾਣੁ ’’ ਵਾਕ ਦੀ ਮਿਸਾਲ ਦੇ ਕੇ ਇੱਥੋਂ ਤੱਕ ਕਹਿ ਦਿੰਦੇ ਹਨ ਕਿ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਜੀ ਦੀ ਹੋਂਦ ਨੂੰ ਗੁਰੂ ਸਾਹਿਬ ਜੀ ਨੇ ਵੀ ਮੰਨਿਆ ਹੈ ਜਦਕਿ ਇਸੇ ਪਉੜੀ ’ਚ ਦਰਜ ‘‘ਜਿਵ ਤਿਸੁ ਭਾਵੈ, ਤਿਵੈ ਚਲਾਵੈ ; ਜਿਵ ਹੋਵੈ ਫੁਰਮਾਣੁ ਓਹੁ ਵੇਖੈ, ਓਨਾ ਨਦਰਿ ਆਵੈ ; ਬਹੁਤਾ ਏਹੁ ਵਿਡਾਣੁ ਆਦੇਸੁ ਤਿਸੈ ਆਦੇਸੁ ਆਦਿ ਅਨੀਲੁ ਅਨਾਦਿ ਅਨਾਹਤਿ; ਜੁਗੁ ਜੁਗੁ ਏਕੋ ਵੇਸੁ ੩੦’’ (ਜਪੁ) ਨੂੰ ਭੀ ਵਿਚਾਰ ਕੇ ਵੇਖਦੇ ਹਾਂ ਤਾਂ ਸੋਝੀ ਹੁੰਦੀ ਹੈ ਕਿ ਇਸ ਪਉੜੀ ਦੇ ਉਹ ਅਰਥ ਨਹੀਂ, ਜੋ ਅਜਿਹੇ ਕਥਾਕਾਰਾਂ ਪਾਸੋਂ ਸੁਣਦੇ ਹਾਂ। ਸਮੁੱਚਾ ਪ੍ਰਸੰਗ ਇਹ ਸੂਝ ਬਖ਼ਸ਼ਦਾ ਹੈ ਕਿ ਪਉੜੀ ਦੀਆਂ ਅਰੰਭਕ ਦੋ ਤੁਕਾਂ; ਗੁਰੂ ਨਾਨਕ ਸਾਹਿਬ ਜੀ ਦਾ ਆਪਣਾ ਮੱਤ ਨਹੀਂ ਬਲਕਿ ਇਨ੍ਹਾਂ ਨੂੰ ਨਿਰਾਕਾਰ ਪ੍ਰਭੂ ਦੀ ਵਿਸ਼ਾਲਤਾ ਸਾਮ੍ਹਣੇ ਤੁੱਛ ਸਾਬਤ ਕਰ ਰੱਦ ਕੀਤਾ ਹੈ ਕਿਉਂਕਿ ਇਹ ਤਿੰਨੇ ਦੇਵਤੇ; ਵੇਦਾਂ ਪੁਰਾਣਾਂ ’ਚ ਜਗਤ ਰਚੇਤਾ, ਜਗਤ ਪਾਲਕ ਅਤੇ ਜਗਤ ਦੇ ਵਿਨਾਸ਼ਕਾਰੀ ਮੰਨੇ ਗਏ ਹਨ, ਜੋ ਇੱਕ ਮਾਇਆ ਤੋਂ ਉਪਜੇ। ਇਕੱਲੀ ਮਾਇਆ (ਕਿਸੇ) ਜੁਗਤੀ ਨਾਲ ਪ੍ਰਸੂਤ ਹੋਈ ਤੇ ਪ੍ਰਤੱਖ ਤੌਰ ’ਤੇ ਉਸ ਦੇ ਤਿੰਨ ਪੁੱਤਰ ਜੰਮੇ, ਮੰਨ ਲਏ ਗਏ; ਜਿਵੇਂ ਕਿ ਇਕ (ਬ੍ਰਹਮਾ) ਘਰਬਾਰੀ ਬਣ ਗਿਆ (ਭਾਵ ਜੀਵ-ਜੰਤਾਂ ਨੂੰ ਪੈਦਾ ਕਰਨ ਵਾਲ਼ਾ), ਇਕ (ਵਿਸ਼ਨੂੰ) ਪਦਾਰਥ-ਭੰਡਾਰ ਦਾ ਮਾਲਕ ਬਣ ਗਿਆ (ਭਾਵ ਜੀਵਾਂ ਨੂੰ ਰਿਜ਼ਕ ਦੇਣ ਵਾਲ਼ਾ) ਅਤੇ ਇੱਕ (ਸ਼ਿਵ) ਕਚਹਿਰੀ ਲਾਉਂਦਾ ਹੈ (ਭਾਵ ਜੀਵਾਂ ਨੂੰ ਮਾਰਨ ਵਾਲ਼ਾ)।

ਉਕਤ ਮਿਸਾਲ ਉਪਰੰਤ ਪਉੜੀਆਂ ਦੀਆਂ ਅਗਲੀਆਂ ਤੁਕਾਂ ’ਚ ਗੁਰੂ ਸਾਹਿਬ ਜੀ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਸਮਝਾਉਂਦੇ ਹਨ ਕਿ (ਦਰਅਸਲ ਸਚਾਈ ਇਹ ਹੈ ਕਿ ਇਨ੍ਹਾਂ ਬ੍ਰਹਮਾ, ਵਿਸ਼ਨੂੰ ਤੇ ਸ਼ਿਵ ਦੇ ਹੱਥ ਕੁੱਝ ਨਹੀਂ) ਜਿਵੇਂ ਉਸ ਅਕਾਲ ਪੁਰਖ ਨੂੰ ਭਾਉਂਦਾ ਹੈ। ਜਿਵੇਂ ਉਸ ਦਾ ਹੁਕਮ ਹੁੰਦਾ ਹੈ, ਤਿਵੇਂ ਹੀ ਉਹ ਆਪ ਸੰਸਾਰ ਦੀ ਕਾਰ ਚਲਾ ਰਿਹਾ ਹੈ, ਇਹ ਬੜਾ ਹੈਰਾਨ ਕਰਨ ਵਾਲ਼ਾ ਖੇਲ ਹੈ ਕਿ ਉਹ ਅਕਾਲ ਪੁਰਖ (ਇਨ੍ਹਾਂ ਤਿੰਨਾਂ ਸਮੇਤ ਸਭ ਜੀਵਾਂ ਨੂੰ) ਵੇਖ ਰਿਹਾ ਹੈ ਪਰ ਇਨ੍ਹਾਂ ਨੂੰ ਅਕਾਲ ਪੁਰਖ ਫਿਰ ਭੀ ਨਜ਼ਰ ਨਹੀਂ ਆਉਂਦਾ। ਇਸ ਲਈ (ਬ੍ਰਹਮਾ, ਵਿਸ਼ਨੂੰ, ਸ਼ਿਵ ਦੀ ਬਜਾਇ) ਕੇਵਲ ਉਸ (ਅਕਾਲ ਪੁਰਖ) ਨੂੰ ਪ੍ਰਣਾਮ ਕਰੋ, ਜੋ (ਸ੍ਰਿਸ਼ਟੀ ਦਾ) ਮੁੱਢ ਹੈ, ਜੋ ਨਿਰਮਲ ਸਰੂਪ ਹੈ, ਪਰ ਉਸ ਦਾ ਆਪਣਾ ਕੋਈ ਮੁੱਢ ਭੀ ਨਹੀਂ ਭਾਵ ਚਾਰੋਂ ਤਰਫ਼ ਫੈਲਿਆ ਹੈ, ਜੋ ਨਾਸ ਰਹਿਤ ਹੈ ਅਤੇ ਸਦਾ ਹੀ ਇੱਕੋ ਜਿਹਾ ਰਹਿੰਦਾ ਹੈ ਯਾਨੀ ਕਿ ਬ੍ਰਹਮਾ, ਵਿਸ਼ਨੂੰ ਤੇ ਸ਼ਿਵ ਸਮੇਤ ਹਰ ਜੀਵ ਵਾਙ ਜੰਮਦਾ ਮਰਦਾ ਨਹੀਂ।

ਗੁਰੂ ਸਾਹਿਬ ਜੀ; ਸੰਸਾਰਕ ਜੀਵਾਂ ਵਾਂਙ ਇਨ੍ਹਾਂ ਤਿੰਨੇ ਦੇਵਤਿਆਂ ਨੂੰ ਭੀ ਮਾਇਆਧਾਰੀ ਭਾਵ ਰੋਗੀ ਕਹਿ ਰਹੇ ਹਨ ‘‘ਬ੍ਰਹਮਾ ਬਿਸਨੁ ਮਹਾਦੇਉ, ਤ੍ਰੈ ਗੁਣ ਰੋਗੀ ; ਵਿਚਿ ਹਉਮੈ ਕਾਰ ਕਮਾਈ ਜਿਨਿ ਕੀਏ, ਤਿਸਹਿ ਚੇਤਹਿ ਬਪੁੜੇ; ਹਰਿ, ਗੁਰਮੁਖਿ ਸੋਝੀ ਪਾਈ ’’ (ਮਹਲਾ /੭੩੫) ਅਰਥ : ਮਾਇਆ ਦੇ ਤਿੰਨ ਗੁਣਾਂ (ਰਜੋ, ਤਮੋ, ਸਤੋ) ਦੇ ਪ੍ਰਭਾਵ ਕਾਰਨ ਬ੍ਰਹਮਾ, ਵਿਸ਼ਨੂੰ, ਸ਼ਿਵ (ਵੱਡੇ ਦੇਵਤੇ ਭੀ) ਰੋਗੀ ਰਹੇ ਕਿਉਂਕਿ ਉਨ੍ਹਾਂ ਨੇ ਹਉਮੈ ’ਚ ਕਾਰ ਕੀਤੀ। ਜਿਸ ਪਰਮਾਤਮਾ ਨੇ ਉਨ੍ਹਾਂ ਨੂੰ ਪੈਦਾ ਕੀਤਾ, ਉਸ ਨੂੰ ਨਾ ਸਮਝ ਸਕੇ । ਸੋ ਪਰਮਾਤਮਾ ਬਾਰੇ ਸੂਝ ਗੁਰੂ ਦੀ ਸ਼ਰਨ ਪਿਆਂ ਹੁੰਦੀ ਹੈ (ਜਿਸ ਨੂੰ ਉਹ ਧਾਰਨ ਨਾ ਕਰ ਸਕੇ ਤਾਹੀਓਂ) ‘‘ਰੋਗੀ ਬ੍ਰਹਮਾ ਬਿਸਨੁ ਸਰੁਦ੍ਰਾ ; ਰੋਗੀ ਸਗਲ ਸੰਸਾਰਾ ਹਰਿ ਪਦੁ ਚੀਨਿ, ਭਏ ਸੇ ਮੁਕਤੇ ; ਗੁਰ ਕਾ ਸਬਦੁ ਵੀਚਾਰਾ ’’ (ਮਹਲਾ /੧੧੫੩) ਅਰਥ : ਬ੍ਰਹਮਾ, ਵਿਸ਼ਨੂ ਤੇ ਸ਼ਿਵ ਹਉਮੈ ਰੋਗ ਤੋਂ ਪੀੜਤ ਹਨ, (ਜਿਸ ਤਰ੍ਹਾਂ) ਸਾਰਾ ਸੰਸਾਰ ਹੀ ਇਸ ਰੋਗ ਵਿੱਚ ਗ੍ਰਸਿਆ ਹੋਇਆ ਹੈ। ਇਸ ਰੋਗ ਤੋਂ ਉਹੀ ਮੁਕਤ ਹੋਏ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਵਿਚਾਰ ਕੇ ਹਰੀ ਦਾ ਵਜੂਦ ਜਾਣ ਲਿਆ ਤੇ ਆਪਣਾਪਣ ਮਿਟਾ ਲਿਆ।

ਉਕਤ ਗੁਰਬਾਣੀ ਵਿੱਚ ਭਾਵੇਂ ਦੇਵਤਿਆਂ ਨੂੰ ਮਿਸਾਲ ਵਜੋਂ ਸ਼ਾਮਲ ਕੀਤਾ ਹੈ ਕਿਉਂਕਿ ਹਿੰਦੂ ਸਮਾਜ ਇਨ੍ਹਾਂ ਨੂੰ ਹੀ ਰੱਬ ਸਮਝਦਾ ਆ ਰਿਹਾ ਹੈ, ਪਰ ਸਚਾਈ ਇਹ ਕਿ ਗੁਰੂ ਜੀ ਇਹ ਸਪਸ਼ਟ ਭੀ ਕਰਦੇ ਹਨ ਕਿ ਦੇਵਤੇ ਦਰਅਸਲ ਰਾਜੇ ਸਨ, ਜਿਨ੍ਹਾਂ ਨੂੰ ਪੁਜਾਰੀ ਵਰਗ ਨੇ ਵਿਸ਼ਨੂੰ ਅਵਤਾਰ ਬਣਾ ਦਿੱਤਾ ‘‘ਜੁਗਹ ਜੁਗਹ ਕੇ ਰਾਜੇ ਕੀਏ; ਗਾਵਹਿ ਕਰਿ ਅਵਤਾਰੀ ’’ (ਮਹਲਾ /੪੨੩) ਵਿਸ਼ਨੂੰ ਅਵਤਾਰ ਬਣਾਏ ਗਏ ਸਾਰੇ ਰਾਜੇ ਸਨ ਜਾਂ ਕੁੱਝ ਕਾਲਪਨਿਕ ਅਵਤਾਰ ਭੀ ਸਨ, ਇਸ ਬਾਰੇ ਗੁਰਬਾਣੀ ਕੋਈ ਪੁਸ਼ਟੀ ਨਹੀਂ ਕਰਦੀ; ਜਿਵੇਂ ਕਿ ਕੀ ਇੱਕ ਬੰਦੇ ਦੇ ਚਾਰ ਸਿਰ ਹੋ ਸਕਦੇ ਹਨ; ਜਿਵੇਂ ਕਿ ਬ੍ਰਹਮਾ ਦੇ ਮੰਨ ਗਏ ਹਨ ਆਦਿ।

ਸੋ ਸਿੱਖ ਨੂੰ ਗੁਰਬਾਣੀ ’ਚ ਦਰਜ ਕਿਸੇ ਗਿਣਤੀ-ਮਿਣਤੀ ਨੂੰ ਗੁਰਮਤਿ ਮੰਨਣ ਦੀ ਬਜਾਇ ਉਸ ਅਕਾਲ ਪੁਰਖ ਨਾਲ਼ ਜੁੜਨਾ ਚਾਹੀਦਾ ਹੈ ਜਿਸ ਦਾ ਕੋਈ ਅੰਤ ਹੀ ਨਹੀਂ ਪਾ ਸਕਦਾ।  ਉਹੀ ਸਭ ਨੂੰ ਪੈਦਾ ਕਰਨ ਵਾਲ਼ਾ, ਰਿਜ਼ਕ ਦੇਣ ਵਾਲਾ ਅਤੇ ਨਾਸ਼ ਕਰਨ ਵਾਲ਼ਾ ਹੈ ‘‘ਨਾਨਕ  ! ਜੰਤ ਉਪਾਇ ਕੈ, ਸੰਮਾਲੇ ਸਭਨਾਹ ਜਿਨਿ ਕਰਤੈ, ਕਰਣਾ (ਜਗਤ) ਕੀਆ; ਚਿੰਤਾ ਭਿ ਕਰਣੀ ਤਾਹ ਸੋ ਕਰਤਾ ਚਿੰਤਾ ਕਰੇ ; ਜਿਨਿਉਪਾਇਆ ਜਗੁ ’’ (ਸੁਖਮਨੀ/ਮਹਲਾ /੭੫), ਜਗਤ ਵਿੱਚ ਜੀਵਾਂ ਦਾ ਜੰਮਣਾ ਮਰਨਾ ਕਿਸੇ ਮਨੁੱਖ ਦੇ ਹੱਥ ਨਹੀਂ ਹੋ ਸਕਦਾ, ਜੋ ਖ਼ੁਦ ਭੀ ਮੌਤ ਦੇ ਮੂੰਹ ’ਚ ਸਮਾਇਆ ਹੋਵੇ। ਇਸ ਵਿਚਾਰ ਦਾ ਤੱਤ-ਸਾਰ ਇਹ ਹੈ ਕਿ ਗੁਰਬਾਣੀ ’ਚ ਵਰਤੇ ਗਏ ਸੰਖਿਆਕ ਸੰਕੇਤ; ਕੇਵਲ ਰਵਾਇਤੀ ਧਾਰਨਾ ਮਾਤਰ ਹਨ, ਨਾ ਕਿ ਗੁਰਮਤਿ।

ਹੁਕਮ ਬਨਾਮ ਨਸੀਬ

0

ਹੁਕਮ ਬਨਾਮ ਨਸੀਬ

ਗਿਆਨੀ ਅਵਤਾਰ ਸਿੰਘ

ਗੁਰਬਾਣੀ ’ਚ ‘ਹੁਕਮ’; ਪੁਲਿੰਗ ਨਾਂਵ ਹੈ ਅਤੇ ਇਸ ਦੇ ਤਿੰਨ ਤਰ੍ਹਾਂ ਅਰਥ ਬਣਦੇ ਹਨ (1). ਮਨੁੱਖ ਦੁਆਰਾ ਕੀਤਾ ਜਾਂਦਾ ‘ਹੁਕਮ’, ਇਸ ਦਾ ਅਰਥ ਹੈ ‘ਅਹੰਕਾਰ’; ਜਿਵੇਂ ‘‘ਹੁਕਮ ਕੀਏ ਮਨਿ ਭਾਵਦੇ.. ’’ (ਮਹਲਾ /੪੭੦), (2). ਸਤਿਗੁਰੂ ਦੁਆਰਾ ਕੀਤਾ ‘ਹੁਕਮ’, ਇਸ ਦਾ ਅਰਥ ਹੈ ‘ਉਪਦੇਸ਼’; ਜਿਵੇਂ ‘‘ਪੂਰੇ ਗੁਰ ਕਾ ਹੁਕਮੁ ਮੰਨੈ; ਓਹੁ ਮਨਮੁਖੁ ਅਗਿਆਨੁ ਮੁਠਾ ਬਿਖੁ ਮਾਇਆ ’’ (ਮਹਲਾ /੩੦੩), ਇਸ ਗੁਰੂ ਹੁਕਮ ਨੂੰ ਮੰਨਣਾ ਜਾਂ ਨਾ ਮੰਨਣਾ; ਬੰਦੇ ਦਾ ਨਿਜੀ ਅਧਿਕਾਰ ਹੈ ਯਾਨੀ ਕਿ ਕਿਸੇ ’ਤੇ ਥੋਪਿਆ ਨਹੀਂ ਜਾਂਦਾ।, (3). ਰੱਬ ਦੁਆਰਾ ਕੀਤਾ ਜਾਂਦਾ ‘ਹੁਕਮ’, ਇਸ ਦਾ ਅਰਥ ਹੈ ‘ਆਦੇਸ਼’; ਯਾਨੀ ਕਿ ਇਹ ਹੁਕਮ ਹਰ ਹਾਲਤ ’ਚ ਮੰਨਣਾ ਪੈਣੈ ਭਾਵੇਂ ਕੋਈ ਖ਼ੁਸ਼ੀ ਨਾਲ਼ ਮੰਨੇ ਜਾਂ ਦੁਖੀ ਹੋ ਕੇ ‘‘ਇਕਨ੍ਾ ਹੁਕਮਿ ਸਮਾਇ ਲਏ; ਇਕਨ੍ਾ ਹੁਕਮੇ ਕਰੇ ਵਿਣਾਸੁ ’’ (ਮਹਲਾ /੪੬੩) ਅਰਥ : ਰੱਬ; ਕਈਆਂ ਨੂੰ ਆਪਣੇ ਹੁਕਮ ਰਾਹੀਂ ਆਪਣੇ ’ਚ ਲੀਨ ਕਰ ਲੈਂਦਾ ਹੈ ਭਾਵ ਦੁੱਖ-ਸੁੱਖ ਤੋਂ ਬਚਾ ਲੈਂਦੈ ਅਤੇ ਕਈਆਂ ਨੂੰ ਆਪਣੇ ਹੁਕਮ ਰਾਹੀਂ ਆਤਮਿਕ ਮੌਤ ਅਤੇ ਸਰੀਰਕ ਮੌਤ ਮਾਰਦਾ ਹੈ ਯਾਨੀ ਕਿ ਆਵਾਗਮਣ ਰਾਹੀਂ ਦੁੱਖ ਦਿੰਦਾ ਹੈ।

ਉਕਤ ਨੰਬਰ (3). ਵਾਲ਼ੇ ਹੁਕਮ ’ਚ ਜਗਤ ਰਚਨਾ ਬਣੀ ਹੈ। ਗੁਰਮਤਿ ਨੇ ਇਹ ਹੁਕਮ ਨੂੰ ਭੀ ਦੋ ਭਾਗ ’ਚ ਵੰਡਿਆ ਹੈ :

(ੳ). ਰੱਬ ਦੇ ਹੁਕਮ ’ਚ ਪੂਰੀ ਕੁਦਰਤਿ ਬਣੀ, ਜੋ ਹੁਣ ਭੀ ਹੁਕਮ ’ਚ ਵਧ-ਫੁੱਲ ਰਹੀ ਹੈ ‘‘ਚਹੁ ਦਿਸਿ ਹੁਕਮੁ ਵਰਤੈ ਪ੍ਰਭ ! ਤੇਰਾ.. ’’ (ਮਹਲਾ /੧੨੭੫) ਰੱਬ ਦਾ ਇਹ ਵਿਆਪਕ/ਵਿਸ਼ਾਲ ਹੁਕਮ; ਪੂਰਾ ਕਲਮਬੱਧ ਨਹੀਂ ਹੋ ਸਕਦਾ ‘‘ਤੇਰਾ ਹੁਕਮੁ ਜਾਪੀ ਕੇਤੜਾ; ਲਿਖਿ ਜਾਣੈ ਕੋਇ (ਮਹਲਾ /੫੩), ਜੇ ਕੋ ਕਹੈ; ਕਰੈ ਵੀਚਾਰੁ   ਕਰਤੇ ਕੈ ਕਰਣੈ (ਰੱਬ ਦੇ ਪਸਾਰੇ ਦਾ) ਨਾਹੀ ਸੁਮਾਰੁ (ਅੰਤ)੧੬’’ (ਜਪੁ), ਨਾਸਤਕ ਸੋਚ; ਅਜਿਹੇ ਵਾਕਾਂ ਦੀ ਟੇਕ ਲੈ ਕੇ ਨਿਰਾਕਾਰ (ਰੱਬ) ਦੀ ਵਿਚਾਰ ਕਰਨੋਂ ਹੀ ਇਨਕਾਰੀ ਹੁੰਦੀ ਹੈ ਭਾਵੇਂ ਕਿ ਇਨ੍ਹਾਂ ਵਾਕਾਂ ’ਚ ਰੱਬ ਦੀ ਵਿਚਾਰ ਕਰਨ ਤੋਂ ਮਨਾਹੀ ਨਹੀਂ ਬਲਕਿ ਉਸ ਦੇ ਪਸਾਰੇ ਦਾ ਅੰਤ ਪਾਉਣ ਤੋਂ ਵਰਜਿਐ; ਜਿਵੇਂ ਕੁਦਰਤ ਦਾ ਅੰਤ ਪਾਉਣ ਗਏ ਬ੍ਰਹਮਾ ਦੀ ਮਿਸਾਲ ਹੈ ‘‘ਨਾਲਿ ਕੁਟੰਬੁ ਸਾਥਿ ਵਰਦਾਤਾ; ਬ੍ਰਹਮਾ ਭਾਲਣ ਸ੍ਰਿਸਟਿ ਗਇਆ ਆਗੈ ਅੰਤੁ ਪਾਇਓ ਤਾ ਕਾ.. ’’ (ਮਹਲਾ /੩੫੦), ‘ਨਾਲਿ’ ਦਾ ਅਰਥ ਹੈ : ਕਮਲ ਦੀ ‘ਨਾੜਿ/ਨਾੜੀ’, ‘ਵਰਦਾਤਾ’ ਦਾ ਅਰਥ ਹੈ ‘ਵਰ ਦੇਣ ਵਾਲ਼ਾ ਵਿਸ਼ਨੂੰ ਯਾਨੀ ਕਿ ‘ਕਮਲ’, ਜਿਸ ’ਚੋਂ ਬ੍ਰਹਮਾ ਪੈਦਾ ਹੋਇਆ, ਮੰਨਿਐ। ‘‘ਨਾਲਿ ਕੁਟੰਬੁ ਸਾਥਿ ਵਰਦਾਤਾ’’  ਦਾ ਅਰਥ ਹੈ : ਪਰਵਾਰ ਕਮਲ ਦੀ ਨਾੜ ਸਮੇਤ ਯਾਨੀ ਕਿ ਆਪਣੇ ਹੀ ਜਨਮ-ਦਾਤਾ ਕਮਲ ਨਾੜੀ ਦੀ ਰਾਹੀਂ ‘‘ਬ੍ਰਹਮਾ ਭਾਲਣ ਸ੍ਰਿਸਟਿ ਗਇਆ ’’  ਫਲ਼ ਕੀ ਮਿਲਿਆ ‘‘ਆਗਿਆ ਨਹੀ ਲੀਨੀ (ਗੁਰੂ ਹੁਕਮ ਨਾ ਮੰਨਿਆ); ਭਰਮਿ ਭੁਲਾਇਆ ’’ (ਮਹਲਾ /੨੨੭)

 (ਅ). ਰੱਬ ਦਾ ਉਹ ਹੁਕਮ, ਜਿਸ ਦਾ ਸੰਬੰਧ ਕੇਵਲ ਮਨੁੱਖ ਜਾਤੀ ਨਾਲ਼ ਹੈ। ਗੁਰਬਾਣੀ ’ਚ ਇਹ ਹੁਕਮ ਵਿਸਥਾਰ ਸਹਿਤ ਬਿਆਨ ਕੀਤਾ ਹੈ। ਇਹ ਹੁਕਮ; ਮਨੁੱਖ ਜਾਤੀ ਬਾਰੇ ਰੱਬ ਦੇ ਸੁਭਾਅ ਨੂੰ ਬਿਆਨ ਕਰਦਾ ਹੈ। ਰੱਬ ਦਾ ਸੁਭਾਅ ਜਾਣਨਾ; ਮਨੁੱਖ ਜਾਤੀ ਲਈ ਧਰਮ ਹੈ। ਇਸ ਤੋਂ ਇਨਕਾਰੀ ਬੰਦਾ; ਜੇ ਕਹੇ ‘ਜਿਸ ਦਾ ਅੰਤ ਨਹੀਂ ਪੈ ਸਕਦਾ, ਉਸ ਬਾਰੇ ਵਿਚਾਰ ਕਾਹਦੇ ਲਈ ?’ ਯਾਨੀ ਧਰਮ ਦਾ ਅਸਿੱਧਾ ਵਿਰੋਧ ਕਰੇ ਤਾਂ ਉਹ, ਧਾਰਮਿਕ ਵਿਅਕਤੀਆਂ ਪਾਸੋਂ ਕੋਈ ਹੋਰ ਲੋੜਾਂ ਪੂਰੀਆਂ ਕਰ ਰਿਹਾ ਹੁੰਦਾ ਹੈ, ਨਹੀਂ ਤਾਂ ਨਾਸਤਕ ਨੂੰ ਐਨਾ ਕੁ ਕਹਿਣ ਦੀ ਭੀ ਕੀ ਜ਼ਰੂਰਤ ਹੈ ਜਦਕਿ ਇਸ ਹੁਕਮ (ਮਨੁੱਖ ਲਈ ਧਰਮ) ਦੀ ਮੁਕੰਮਲ ਵਿਆਖਿਆ ਕੀਤੀ ਹੋਣ ਕਾਰਨ ਗੁਰੂ ਨੂੰ ਪੂਰਨ ਗੁਰੂ, ਸੱਚਾ ਗੁਰੂ ਕਿਹਾ ਹੈ।

ਮਨੁੱਖ ਨੇ ਜਿਵੇਂ ਹਵਾ, ਪਾਣੀ ਨੂੰ ਆਪਣੇ ਅਨੁਕੂਲ ਕੀਤੈ ਉਸੇ ਤਰ੍ਹਾਂ ਇਹ ਚਾਹੁੰਦੈ ਕਿ ਜੇ ਸਾਰੀ ਮਨੁੱਖ ਜਾਤੀ ਦੀ ਸੋਚ ਇੱਕ ਸਮਾਨ ਹੋਵੇ ਤਾਂ ਹੀ ਕਿਸੇ ਰੱਬੀ ਸ਼ਕਤੀ ’ਤੇ ਭਰੋਸਾ ਕੀਤਾ ਜਾ ਸਕਦੈ ਕਿ ਵਾਕਿਆ ਈ ਉਹ, ਆਪਣੇ ਹੁਕਮ ’ਚ ਸਭ ਨੂੰ ਚਲਾਉਂਦੀ ਪਈ ਹੈ ਯਾਨੀ ਕਿ ਮਨੁੱਖ ਚਾਹੁੰਦੈ ਕਿ ਜਿਵੇਂ ਗਰਮੀ-ਸਰਦੀ; ਆਪਣੇ ਅਨੁਕੂਲ ਕੀਤੀ ਹੈ; ਧਰਮੀ ਬਣਨ ਉਪਰੰਤ ਸਮਾਜ ਭੀ ਮੇਰੇ ਮੁਤਾਬਕ ਹੋਵੇ ਯਾਨੀ ਕਿ ਕਿਸੇ ਸੰਘਰਸ਼ ਲਈ ਤਕਲੀਫ਼ ਨਾ ਸਹਿਣੀ ਪਵੇ ਜਦਕਿ ਆਪਣੇ ਆਪ ਨੂੰ ਚੰਗਾ ਤੇ ਦੂਜਾ ਨੂੰ ਮਾੜਾ ਸਮਝਣਾ; ਮਨੁੱਖ ਦਾ ਭਰਮ ਹੈ, ਭੁਲੇਖਾ ਹੈ। ਜਿਸ ਦਾ ਇਹ ਭਰਮ ਮਿਟ ਗਿਆ ਉਹ, ਰੱਬ ਨੂੰ ਹਰ ਥਾਂ ਪਛਾਣ ਲੈਂਦਾ ਹੈ ਕਿਉਂਕਿ ਕੁਰਾਹੇ ਕੋਈ ਨਹੀਂ ਪਿਆ ਹੁੰਦਾ ‘‘ਮਨ ਮੇਰੇ ! ਜਿਨਿ ਅਪੁਨਾ ਭਰਮੁ ਗਵਾਤਾ   ਤਿਸ ਕੈ ਭਾਣੈ ਕੋਇ ਭੂਲਾ; ਜਿਨਿ ਸਗਲੋ ਬ੍ਰਹਮੁ ਪਛਾਤਾ ’’ (ਮਹਲਾ /੬੧੦)

ਗੁਰਮਤਿ ਦੀ ਸਹੀ ਜਾਣਕਾਰੀ ਨਾ ਹੋਣ ਕਾਰਨ ਅਕਸਰ ਸ਼ੰਕੇ ਉਪਜਦੇ ਵੇਖੇ ਹਨ; ਜਿਵੇਂ ਕਿ (1). ਜੇ ਸਭ ਕੁੱਝ ਰੱਬ ਦੇ ਹੁਕਮ ’ਚ ਹੁੰਦੈ ਤਾਂ ਮਾੜੇ ਨਸੀਬ ਦਾ ਦੋਸ਼ੀ ਬੰਦਾ ਕਿਉਂ ? (2). ਬੰਦੇ ਦੀ ਮੂਰਖਤਾ; ਰੱਬ ਦੀ ਰਜ਼ਾ ਕਿਵੇਂ ਹੋਈ  ?, (3). ਜੇ ਲਿਖੇ ਮੁਤਾਬਕ ਹੀ ਵਾਪਰਨਾ ਹੈ; ਜਿਵੇਂ ਕਿ ਵਚਨ ਹਨ ‘‘ਲੇਖੁ ਮਿਟਈ ਹੇ ਸਖੀ ! ਜੋ ਲਿਖਿਆ ਕਰਤਾਰਿ (ਨੇ) ’’ (ਮਹਲਾ /੯੩੭) ਤਾਂ ਭਗਤੀ ਕਰਨ ਦਾ ਕੀ ਲਾਭ ? ਆਦਿ। ਇਹ ਸ਼ੰਕੇ/ਭਰਮ ਇਸ ਲਈ ਪੈਦਾ ਹੋਏ ਕਿਉਂਕਿ ਸਤਿਗੁਰੂ ਦੇ ਅਨੁਭਵ ਗਿਆਨ ਨੂੰ ਮਨੁੱਖ ਨੇ ਗਿਆਨ ਇੰਦ੍ਰਿਆਂ (ਅੱਖ, ਕੰਨ, ਜੀਭ, ਨੱਕ, ਤ੍ਵਚਾ) ਨਾਲ਼ ਵੇਖਿਆ ਹੈ। ਇਨ੍ਹਾਂ ਤੋਂ ਮੁਕਤ ਹੋਣ ਲਈ ਗੁਰਮਤਿ ਦੇ ਸਰੋਤ; ਗੁਰੂ ਨਾਨਕ ਜੀ ਦੀ ਲਿਖਤ ਨੂੰ ਵਾਚਣਾ ਪੈਣਾ ਹੈ ਕਿਉਂਕਿ ਉਨ੍ਹਾਂ ਨੇ ਆਪਣੇ ਅਨੁਭਵ ਨੂੰ ਵਿਸਥਾਰ ਸਹਿਤ ਬਿਆਨ ਕੀਤਾ ਹੈ। ਹਥਲੇ ਵਿਸ਼ੇ ਨਾਲ਼ ਸੰਬੰਧਿਤ ਗੁਰਬਾਣੀ ਦੇ ਸ਼ਬਦ ਤੇ ਉਨ੍ਹਾਂ ਦੀ ਸੰਖਿਆ ਜਾਣਨੀ ਜ਼ਰੂਰੀ ਹੈ।

ਰੱਬ ਦੇ ਹੁਕਮ ਨੂੰ ਗੁਰਬਾਣੀ ਅੰਦਰ ਰਜ਼ਾ, ਭਾਣਾ ਅਤੇ ਆਗਿਆ ਭੀ ਕਿਹਾ ਹੈ। ਗੁਰਬਾਣੀ; ਕਾਵਿ ਸ਼ੈਲੀ ਹੋਣ ਕਾਰਨ ਅਸਲ ਸ਼ਬਦ ਰੂਪ ’ਚ ਥੋੜ੍ਹਾ ਬਹੁਤ ਬਦਲਾ ਹੋ ਜਾਂਦਾ ਹੈ; ਜਿਵੇਂ ਹੁਕਮ; 10 ਰੂਪਾਂ (ਹੁਕਮ, ਹੁਕਮੁ, ਹੁਕਮਿ, ਹੁਕਮਹੁ, ਹੁਕਮੋ, ਹੁਕਮੀ, ਹੁਕਾਮੀ, ਹੁਕਮੇ, ਹੁਕਮੈ, ਹੁਕਮਾਵੈ) ’ਚ 466 ਵਾਰ ਦਰਜ ਹੈ।, ਰਜ਼ਾ; 3 ਰੂਪਾਂ (ਰਜਾਇ, ਰਜਾਈ, ਰਜਾਏ) ’ਚ 97 ਵਾਰ ਹੈ।, ਭਾਣਾ; 111 ਵਾਰ ਅਤੇ ਆਗਿਆ; 40 ਵਾਰ ਦਰਜ ਹੈ। ਹਥਲੇ ਸਿਰਲੇਖ ’ਚ ਦੂਜਾ ਸ਼ਬਦ ਹੈ ‘ਨਸੀਬ’ ਯਾਨੀ ਕਿ ਬੰਦੇ ਦੁਆਰਾ ਕੀਤੇ ਕੰਮਾਂ ਦਾ ਫਲ਼। ਗੁਰਬਾਣੀ ਅੰਦਰ ਨਸੀਬ ਨੂੰ ‘ਭਾਗ, ਲੇਖ, ਕਰਮ, ਕਿਰਤੁ, ਮੈਲ਼’ ਕਿਹਾ ਹੈ। ਭਾਗ; 4 ਰੂਪਾਂ (ਭਾਗੁ, ਭਾਗ, ਭਾਗਿ, ਭਾਗਾ) ’ਚ 262 ਵਾਰ ਹੈ। ਲੇਖ; 5 ਰੂਪਾਂ (ਲੇਖ, ਲੇਖੁ, ਲੇਖਿ, ਲੇਖੇ, ਲੇਖੈ) ’ਚ 136 ਵਾਰ, ਕਿਰਤੁ 39 ਵਾਰ, ਮਲੁ/ਮੈਲੁ 280 ਵਾਰ ਅਤੇ ਕਰਮ; 3 ਰੂਪਾਂ (ਕਰਮ, ਕਰਮੁ, ਕਰਮਿ) ’ਚ 585 ਵਾਰ ਦਰਜ ਹੈ। ਧਿਆਨ ਰਹੇ ਕਿ ‘ਕਰਮ’ ਦੇ ਅਰਥ; ਨਸੀਬ ਤੋਂ ਇਲਾਵਾ ਮਨੁੱਖ ਦੁਆਰਾ ਕੀਤੇ ਕੰਮ ਅਤੇ ਰੱਬ ਦੀ ਮਿਹਰ ਭੀ ਹਨ। ਕਰਮ ਦੇ ਇਹ ਤਿੰਨ ਅਰਥ (ਕੰਮ, ਨਸੀਬ, ਮਿਹਰ) ਸਾਬਤ ਕਰਦੇ ਹਨ ਕਿ ਕੀਤੇ ਕੰਮ ਨਾਲ਼ ਨਸੀਬ ਬਣਦਾ ਹੈ ਅਤੇ ਮਿਹਰ ਨਾਲ਼ ਨਸੀਬ ਮਿਟਦਾ ਹੈ ਯਾਨੀ ਇਹ ਤਿੰਨੇ ਅਰਥ; ਇੱਕ ਦੂਜੇ ਨਾਲ਼ ਭਾਵਾਰਥਾਂ ’ਚ ਜੁੜੇ ਹਨ। ਆਪਣੇ ਸਿਰ ਦੇ ਨਸੀਬ (ਲੇਖ) ਮਿਟਾ ਕੇ ਹੀ ਅਲੇਖ ਰੱਬ ’ਚ ਲੀਨ ਹੋਇਆ ਜਾ ਸਕਦਾ ਹੈ।

ਗੁਰੂ ਗ੍ਰੰਥ ਸਾਹਿਬ ’ਚ 5870 ਸ਼ਬਦ ਹਨ, ਇਨ੍ਹਾਂ ’ਚੋਂ ਗੁਰੂ ਨਾਨਕ ਸਾਹਿਬ ਜੀ ਦੇ 977 ਸ਼ਬਦ ਹਨ ਯਾਨੀ ਕਿ 17 ਪ੍ਰਤਿਸ਼ਤ।  ਹਥਲੇ ਵਿਸ਼ੇ ਨਾਲ਼ ਸੰਬੰਧਿਤ ਸ਼ਬਦ ‘ਕਰਮੁ/ਕਰਮਿ’; ਗੁਰਬਾਣੀ ’ਚ 199 ਵਾਰ ਹਨ, ਜਿਨ੍ਹਾਂ ’ਚੋਂ ਗੁਰੂ ਨਾਨਕ ਜੀ ਨੇ 74 ਵਾਰ ਵਰਤੇ ਯਾਨੀ ਕਿ 38 ਫ਼ੀਸਦੀ ਅਤੇ ਹੁਕਮ; 466 ਵਾਰ ਹੈ, ਜਿਨ੍ਹਾਂ ’ਚੋਂ ਗੁਰੂ ਨਾਨਕ ਜੀ ਦੁਆਰਾ 195 ਵਾਰ ਵਰਤਿਆ ਹੈ ਯਾਨੀ ਕਿ 42 ਫ਼ੀਸਦੀ; ਇਉਂ ਹੀ ਗੁਰਬਾਣੀ ’ਚ ਤਕਰੀਬਨ 200 ਵਾਰ ‘ਜੋਤਿ’ ਦਾ ਅਰਥ ‘ਆਤਮਾ, ਰੂਹ, ਜਿੰਦ-ਜਾਨ, ਜੀਵਾਤਮਾ, ਆਤਮ ਸ਼ਕਤੀ, ਚੇਤਨ ਸੱਤਾ’ ਹੈ। ਇਨ੍ਹਾਂ ’ਚੋਂ ਗੁਰੂ ਨਾਨਕ ਜੀ ਨੇ 97 ਵਾਰ ਇਹ ਸ਼ਬਦ ਦਰਜ ਕੀਤਾ ਯਾਨੀ ਕਿ 48 ਫ਼ੀਸਦੀ, ਪਰ ਜੋ ਸ਼ਬਦ ਸੂਖਮ ਅਨੁਭਵ ਨਾਲ਼ ਸੰਬੰਧਿਤ ਨਹੀਂ; ਜਿਵੇਂ ਸੰਤ (ਸੰਤ/ਸੰਤੁ/ਸੰਤਿ); ਗੁਰਬਾਣੀ ’ਚ 734 ਵਾਰ ਹੈ, ਇਨ੍ਹਾਂ ’ਚੋਂ ਗੁਰੂ ਨਾਨਕ ਜੀ ਨੇ ਮਾਤਰ 26 ਵਾਰ ਵਰਤਿਆ ਯਾਨੀ ਕਿ 3 ਕੁ ਪ੍ਰਤਿਸ਼ਤ ਅਤੇ ਪਰਮੇਸਰ; 151 ਵਾਰ ਹੈ, ਜਿਨ੍ਹਾਂ ’ਚੋਂ ਗੁਰੂ ਨਾਨਕ ਜੀ ਨੇ ਮਾਤਰ 11 ਵਾਰ ਵਰਤਿਆ ਯਾਨੀ ਕਿ 7 ਪ੍ਰਤਿਸ਼ਤ। ਸੋ ਸਪਸ਼ਟ ਹੈ ਕਿ ਗੁਰਬਾਣੀ ’ਚ ਅਨੁਭਵ ਨੂੰ ਪ੍ਰਗਟਾਉਂਦੇ ਸੂਖਮ ਵਿਸ਼ੇ; ਜਿਵੇਂ ਕਿ ਰੱਬ ਦਾ ਸਰਵ ਵਿਆਪਕ ਜੋਤਿ ਸਰੂਪ ਹੋਣਾ, ਰੱਬ ਦੀ ਮਿਹਰ, ਰੱਬ ਦਾ ਹੁਕਮ, ਮਨੁੱਖ ਦੇ ਨਸੀਬ ਆਦਿ ਨੂੰ ਗੁਰੂ ਨਾਨਕ ਜੀ ਨੇ ਚੰਗੀ ਤਰ੍ਹਾਂ ਸਪਸ਼ਟ ਕੀਤੈ, ਫਿਰ ਭੀ ਜੇ ਕੋਈ ਇਨ੍ਹਾਂ ਨੁਕਤਿਆਂ ਬਾਰੇ ਦੁਬਿਧਾ ’ਚ ਹੋਵੇ ਤਾਂ ਮਾੜੇ ਨਸੀਬ ਹੀ ਕਹੇ ਜਾ ਸਕਦੇ ਹਨ। ਹੇਠਾਂ ਕੇਵਲ ਗੁਰੂ ਨਾਨਕ ਜੀ ਦੇ ਅਨੁਭਵ ਨਾਲ਼ ਹਥਲਾ ਵਿਸ਼ਾ ‘ਹੁਕਮ ਬਨਾਮ ਨਸੀਬ’ ਵਿਚਾਰਿਆ ਜਾਣਾ ਹੈ।

ਗੁਰਮਤਿ ਦਾ ਮੰਤਵ; ਮਨੁੱਖ ਨੂੰ ਇਹ ਤਸੱਲੀ ਕਰਾਉਣਾ ਹੈ ਕਿ ਉਹ ਸਮੁੱਚੀ ਕੁਦਰਤਿ ਵਾਙ ਰੱਬ ਦੇ ਹੁਕਮ ’ਚ ਚੱਲਦਾ ਪਿਐ ਤਾਂ ਜੋ ਹਰ ਕਾਰਜ ਦਾ ਮਹੱਤਵ ਇਹ ਆਪਣੇ ’ਤੇ ਲੈ ਕੇ ਮਨ ’ਚ ਵਿਕਾਰ ਪੈਦਾ ਨਾ ਕਰੇ। ਹੁਕਮ ਦੇ ਸਰੋਤ (ਕਰਤਾ) ਨੂੰ ਪਛਾਣਨ ਨਾਲ਼ ਸ਼ਰਧਾਵਾਨ ਅੰਦਰ ਉਸ ਦਾ ਡਰ-ਅਦਬ ਪੈਦਾ ਹੁੰਦਾ ਹੈ, ਉਸ ਦੇ ਗੁਣ ਗਾ ਹੁੰਦੇ ਹਨ ਅਤੇ ਆਪਣੇ ਅੰਦਰੋਂ (ਸਭ ਕੁੱਝ ਮੈਂ ਕਰਦਾ ਪਿਆ ਹਾਂ, ਇਹ) ਅਹੰਕਾਰ ਮਰਦਾ ਹੈ। ਗੁਰੂ ਨਾਨਕ ਜੀ ਦੇ ਵਚਨ ਹਨ :

ਹੁਕਮੁ ਪਛਾਣੈ ਨਾਨਕਾ !  ਭਉ ਚੰਦਨੁ ਲਾਵੈ ॥ (ਮਹਲਾ ੧/੭੨੫) ਭਉ ਚੰਦਨੁ ਲਾਵੈ ਭਾਵ ਡਰ-ਅਦਬ ਰੂਪ ਚੰਦਨ ਸਰੀਰ ’ਤੇ ਲਾਉਂਦਾ ਹੈ ਯਾਨੀ ਉਮਰ ਖ਼ਤਮ ਹੁੰਦੀ, ਪ੍ਰਤੀਤ ਹੁੰਦੀ ਹੈ।

ਹੁਕਮੁ ਪਛਾਣੈ; ਸੁ ਹਰਿ ਗੁਣ ਵਖਾਣੈ ॥ (ਮਹਲਾ ੧/੧੦੯) ਯਾਨੀ ਹੁਕਮ ਪਛਾਣ ਕੇ ਹਰੀ ਗੁਣ ਚੰਗੀ ਤਰ੍ਹਾਂ ਗਾ ਹੁੰਦੇ ਹਨ।

ਰਬ ਕੀ ਰਜਾਇ ਮੰਨੇ ਸਿਰ ਉਪਰਿ; ਕਰਤਾ ਮੰਨੇ ਆਪੁ (ਹੰਕਾਰ) ਗਵਾਵੈ ॥ (ਮਹਲਾ ੧/੧੪੧)

ਸਵਾਲ : ਜੇਕਰ ਸਾਰੇ ਹੀ ਰੱਬ ਦੇ ਹੁਕਮ ’ਚ ਚੱਲਦੇ ਹਨ ਤਾਂ ਇੱਕ ਸੁਖੀ, ਦੂਜਾ ਦੁਖੀ ਕਿਉਂ; ਜਿਵੇਂ ਕਿ ਵਚਨ ਹਨ ‘‘ਇਕਿ ਨਿਹਾਲੀ ਪੈ ਸਵਨਿ੍; ਇਕਿ ਉਪਰਿ ਰਹਨਿ ਖੜੇ ’’ (ਮਹਲਾ /੪੭੫) ਅਰਥ : ਕਈ ਰਾਤ ਨੂੰ ਬਿਸਤਰਿਆਂ ’ਤੇ ਪੈ ਕੇ ਸੌਂ ਜਾਂਦੇ ਹਨ, ਅਰਾਮ ਕਰਦੇ ਹਨ ਪਰ ਕਈ ਉਨ੍ਹਾਂ ਲਈ ਪਹਿਰਾ ਦਿੰਦੇ ਰਹਿੰਦੇ ਹਨ।

ਜਵਾਬ : ਗੁਰਮਤਿ ਅਨੁਸਾਰ ਉਕਤ ਸੌਂਣ ਵਾਲ਼ਾ ਭੀ ਸੁਖੀ (ਚਿੰਤਾ ਮੁਕਤ) ਨਹੀਂ ਕਿਉਂਕਿ ਗੁਰੂ ਨਾਨਕ ਜੀ ਦੇ ਹੀ ਵਚਨ ਹਨ ‘‘ਨਾਨਕ  ! ਦੁਖੀਆ ਸਭੁ ਸੰਸਾਰੁ ’’ (ਮਹਲਾ /੯੫੪)

ਸਵਾਲ : ਜੇ ਹਰ ਕੋਈ ਹੁਕਮ ’ਚ ਹੈ ਤਾਂ ਮਾੜੇ ਕੰਮਾਂ ਲਈ ਬੰਦਾ ਦੋਸ਼ੀ ਕਿਉਂ; ਜਿਵੇਂ ਵਚਨ ਹਨ ‘‘ਜੋ ਹੁਕਮੁ ਬੂਝੈ ਖਸਮ ਕਾ; ਸੋਈ ਨਰੁ ਕਚਾ ’’ (ਮਹਲਾ /੧੦੯੪)

ਜਵਾਬ : ਹੁਕਮ ’ਚ ਚੱਲਣਾ ਅਤੇ ਹੁਕਮ ਨੂੰ ਬੁੱਝਣਾ; ਦੋਵਾਂ ’ਚ ਅੰਤਰ ਹੁੰਦੈ। ਇੱਕ ਪਰਉਪਕਾਰੀ ਬੰਦੇ ਨੇ ਨੌਕਰ ਨੂੰ ਕਿਹਾ ਕਿ ਰਸਤੇ ’ਚ ਲੰਗਰ ਲਗਾਓ। ਲੰਗਰ ਵੰਡਦਿਆਂ ਜੇ ਨੌਕਰ ਕਹੇ ਕਿ ਇਹ ਲੰਗਰ ਮਾਲਕ ਨੇ ਲਗਵਾਇਐ ਤਾਂ ਇਹ ਮਾਲਕ ਦਾ ਹੁਕਮ ਬੁੱਝਣਾ ਹੈ, ਹੁਕਮ ਪਛਾਣਨਾ ਹੈ ਪਰ ਜੇ ਮਾਲਕ ਨੂੰ ਅਣਡਿੱਠ ਕਰ ਆਪ ਦਾਨੀ ਬਣ ਬੈਠੇ ਤਾਂ ਕਹਿਣਾ ਬਣਦੈ ‘‘ਸੋਈ ਨਰੁ ਕਚਾ ’’  ਇੱਥੇ ਵਿਸ਼ਾ ਹੁਕਮ ਬੁੱਝਣਾ ਹੈ ‘‘ਹੁਕਮੁ ਬੂਝੈ ਖਸਮ ਕਾ’’, ਨਾ ਕਿ ਹੁਕਮ ’ਚ ਚੱਲਣਾ। ਚੱਲ ਤਾਂ ਨੌਕਰ ਰਿਹੈ ਯਾਨੀ ਕਿ ਲੰਗਰ ਲਗਾ ਰਿਹੈ। ਸੋ ਹੁਕਮ ’ਚ ਨਾ ਚੱਲਣਾ; ਦੋਸ਼ ਨਹੀਂ, ਹੁਕਮ ਨੂੰ ਨਾ ਬੁੱਝਣਾ; ਦੋਸ਼ ਹੈ। ਗੁਰੂ ਨਾਨਕ ਜੀ ਦੇ ਹੇਠਲੇ ਵਚਨ; ਮਨੁੱਖ ਨੂੰ ਹੁਕਮ ਬੁੱਝਣ/ਪਛਾਣਨ ਲਈ ਪ੍ਰੇਰਦੇ ਹਨ ਅਤੇ ਉਸ ਦਾ ਫਲ਼ ਦੱਸ ਰਹੇ ਹਨ, ਨਾ ਕਿ ਹੁਕਮ ’ਚ ਚੱਲਣ ਲਈ ਕਹਿੰਦੇ ਹਨ  :

ਹੁਕਮੀ ਆਇਆ, ਹੁਕਮੁ ਨ ਬੂਝੈ… ॥ (ਮਹਲਾ ੧/੬੮੮) ‘ਹੁਕਮੀ ਆਇਆ’ ਭਾਵ ਹੁਕਮ ਨਾਲ਼ ਜੰਮਿਐ ਫਿਰ ਭੀ ‘ਹੁਕਮੁ ਨ ਬੂਝੈ’

ਹੁਕਮੁ ਪਛਾਣਿ; ਸਚੈ ਦਰਿ ਵਾਸੁ ॥ (ਮਹਲਾ ੧/੮੩੨) ਯਾਨੀ ਹੁਕਮ ਸਮਝ ਕੇ ਹੀ ਸੱਚੇ ਦਰ ’ਤੇ ਨਿਵਾਸ ਹੁੰਦੈ।

ਹੁਕਮਿ ਮੰਨਿਐ ਹੋਵੈ ਪਰਵਾਣੁ; ਤਾ ਖਸਮੈ ਕਾ ਮਹਲੁ ਪਾਇਸੀ ॥ (ਮਹਲਾ ੧/੪੭੧) ਹੁਕਮਿ ਮੰਨਿਐ ਭਾਵ ਹੁਕਮ ਨੂੰ ਸਵੀਕਾਰ ਕਰ ਕੇ

ਗੁਰਬਾਣੀ ਕਾਵਿਮਈ ਰਚਨਾ ਹੈ। ਬੁਝਣਾ ਦੀ ਥਾਂ ਚਲਣਾ ਅਤੇ ਹੁਕਮ ਦੀ ਥਾਂ ਗਾਉਣਾ ਭੀ ਲਿਖਿਆ ਮਿਲਦੈ ‘‘ਹੁਕਮਿ ਰਜਾਈ ਚਲਣਾ’’  ਵਾਕ ’ਚ ‘ਚਲਣਾ’ ਦਾ ਅਰਥ ‘ਬੁਝਣਾ’; ਗੁਰਮਤਿ ਅਨੁਸਾਰੀ ਹੈ, ਨਹੀਂ ਤਾਂ ਅਗਲੀ ਹੀ ਪਉੜੀ ’ਚ ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਕੋਇ ’’ (ਜਪੁ) ਦੇ ਅਰਥ ‘‘ਹੁਕਮਿ ਰਜਾਈ ਚਲਣਾ’’  ਦੇ ਅਰਥਾਂ ਨੂੰ ਰੱਦ ਕਰਨਗੇ।  ਕੁੱਝ ਸਿੱਖ ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਕੋਇ ’’ (ਜਪੁ) ਵਾਕ ਦੇ ਇਹ ਅਰਥ ਕਰਦੇ ਵੇਖੇ ਗਏ ਕਿ ਹੁਕਮ ’ਚ ਚੱਲਣ ਵਾਲ਼ਾ ਸੁਖੀ ਅਤੇ ਹੁਕਮ ’ਚ ਨਾ ਚੱਲਣ ਵਾਲ਼ਾ ਦੁਖੀ ਹੈ, ਜੋ ਕਿ ਗੁਰਮਤਿ ਵਿਰੁਧ ਹਨ ਕਿਉਂਕਿ ਇਸੇ ਪਉੜੀ ’ਚ ਇਉਂ ਭੀ ਦਰਜ ਹੈ ‘‘ਹੁਕਮਿ ਲਿਖਿ ਦੁਖ ਸੁਖ ਪਾਈਅਹਿ ’’  ਯਾਨੀ ਕਿ ਰੱਬ ਦੇ ਹੁਕਮ ਲਿਖੇ ਮੁਤਾਬਕ ਦੁੱਖ-ਸੁੱਖ ਮਿਲਦੇ ਹਨ ਤਾਂ ਫਿਰ ਕਿਵੇਂ ਮੰਨੀਏ ਕਿ ਦੁਖੀ ਹੋਣ ਵਾਲ਼ਾ ਹੁਕਮ ’ਚ ਨਹੀਂ ? ਗੁਰੂ ਨਾਨਕ ਜੀ; ਜਪੁ ਸਾਹਿਬ ਦੀ 25ਵੀਂ ਪਉੜੀ ’ਚ ਫ਼ੁਰਮਾਉਂਦੇ ਹਨ ‘‘ਕੇਤਿਆ ਦੂਖ ਭੂਖ ਸਦ ਮਾਰ   ਏਹਿ ਭਿ ਦਾਤਿ ਤੇਰੀ; ਦਾਤਾਰ  ! .. ’’  ਯਾਨੀ ਕਿ ਦੁੱਖ, ਭੁੱਖ ਭੀ ਰੱਬ ਦੀ ਦੇਣ (ਦਾਤ) ਹਨ। ਪਉੜੀ ਦੇ ਅੰਤ ’ਚ ਇਹ ਤਾੜਨਾ ਭੀ ਕੀਤੀ ਕਿ ਜੋ ਸਚਾਈ ਨਾ ਸਵੀਕਾਰੇ ਉਹ ਮੂਰਖ ਹੈ। ਵਿਕਾਰਾਂ ਦੀ ਮਾਰ ਖਾਏਗਾ, ਮੁਕਤ ਨਹੀਂ ਹੋ ਸਕਦਾ ‘‘ਜੇ ਕੋ ਖਾਇਕੁ (ਮੂਰਖ) ਆਖਣਿ ਪਾਇ ਓਹੁ ਜਾਣੈ ਜੇਤੀਆ ਮੁਹਿ ਖਾਇ ੨੫’’ 

ਗੁਰਬਾਣੀ ਦੀ ਸ਼ਬਦ ਵਿਚਾਰ ਦੌਰਾਨ ਸਮੁੱਚਾ ਗੁਰਮਤਿ-ਸਿਧਾਂਤ ਧਿਆਨ ’ਚ ਰੱਖਣਾ ਹੁੰਦਾ ਹੈ, ਨਹੀਂ ਤਾਂ ਇੱਕ ਸ਼ਬਦ ਪੜ੍ਹ ਭੁਲੇਖਾ ਲੱਗ ਸਕਦੈ। ਮਿਸਾਲ ਵਜੋਂ ਵਾਕ ਹੈ ‘‘ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ; ਸੁ ਬਿਨੁ ਹਰਿ, ਜਾਪਤ ਹੈ ਨਹੀ ਹੋਰ ’’ (ਮਹਲਾ /੧੨੬੫) ਅਰਥ : ਹਿਰਨ, ਮੱਛੀ, ਪੰਛੀ ਆਦਿ ਜੋ ਭੀ ਬੋਲਦੇ ਹਨ, ਉਹ ਹਰੀ ਨੂੰ ਜਪਣ ਤੋਂ ਬਿਨਾਂ ਹੋਰ ਕੁੱਝ ਨਹੀਂ ਆਖ ਰਹੇ ਹੁੰਦੇ। ਇਨ੍ਹਾਂ ਸ਼ਾਬਦਿਕ ਅਰਥਾਂ ਮੁਤਾਬਕ ਕੀ ਇਹ ਮੰਨਿਆ ਜਾ ਸਕਦੈ ਕਿ ਵਾਕਿਆ ਈ ਪਸ਼ੂ-ਪੰਛੀ; ਰੱਬ ਨੂੰ ਜਪਦੇ ਹਨ ? ਜਵਾਬ : ਨਹੀਂ ਕਿਉਂਕਿ ਮਨੁੱਖ ਨੂੰ ਗੁਰੂ ਰਾਹੀਂ ਹੀ ਰੱਬ ਬਾਰੇ ਸੂਝ ਹੁੰਦੀ ਹੈ। ਪਸ਼ੂ-ਪੰਛੀਆਂ ਨੂੰ ਇਹ ਸੂਝ ਕਿਵੇਂ ਹੋਈ ? ਨਹੀਂ ਤਾਂ ਮਨੁੱਖ ਨੂੰ ਭੀ ਇਹ ਸੂਝ ਹੋ ਜਾਣੀ ਸੀ; ਗੁਰੂ ਦੀ ਕੀ ਲੋੜ ਸੀ ?

ਸੋ ਇੱਥੇ ‘ਜਾਪਤ’ ਭਾਵ ਗਾਉਣ ਦਾ ਅਰਥ ‘ਹੁਕਮ ’ਚ ਚੱਲਣਾ’ ਹੈ। ਸਾਰੇ ਪਸ਼ੂ-ਪੰਛੀ ਹੁਕਮ ’ਚ ਚੱਲਦੇ ਹੋਣ ਨੂੰ ਕਿਹਾ ਹੈ ‘‘ਸੁ ਬਿਨੁ ਹਰਿ, ਜਾਪਤ ਹੈ ਨਹੀ ਹੋਰ ’’ ਗੁਰੂ ਨਾਨਕ ਜੀ ਦੇ ਸਬਦ ‘ਸੋ ਦਰੁ’ ਵਿੱਚ ਭੀ ‘ਗਾਵਹਿ, ਗਾਵਨਿ’ ਦਾ ਅਰਥ ਹੈ ‘ਹੁਕਮ ’ਚ ਚੱਲਣਾ, ਨਾ ਕਿ ‘ਸੋ ਦਰੁ’ (ਨਿਰਾਕਾਰ) ਦੇ ਗੁਣ ਗਾਉਣਾ, ਨਹੀਂ ਤਾਂ ਖੰਡ, ਮੰਡਲ ਬ੍ਰਹਿਮੰਡ ਆਦਿ ਨਿਰਜਿੰਦ; ਰੱਬ ਨੂੰ ਕਿਵੇਂ ਗਾ ਸਕਦੇ ਹਨ ‘‘ਗਾਵਹਿ ਖੰਡ ਮੰਡਲ ਵਰਭੰਡਾ; ਕਰਿ ਕਰਿ ਰਖੇ ਧਾਰੇ ’’  ਅਤੇ ਜੇਕਰ ਬ੍ਰਹਮਾ, ਵਿਸ਼ਨੂੰ, ਸ਼ਿਵ ਵਰਗੇ ਨਿਰਾਕਾਰ ਦੇ ਗੁਣ ਗਾਉਂਦੇ ਹੁੰਦੇ; ਜਿਵੇਂ ਕਿ ਕਿਹਾ ਹੈ ‘‘ਗਾਵਹਿ ਈਸਰੁ ਬਰਮਾ ਦੇਵੀ; ਸੋਹਨਿ ਸਦਾ ਸਵਾਰੇ ’’  ਤਾਂ ਇਹ ਆਪਣੇ ਆਪ ਨੂੰ ‘ਕਰਤਾ, ਧਰਤਾ, ਹਰਤਾ’ ਕਿਉਂ ਅਖਵਾਉਂਦੇ ?

ਸਵਾਲ : ਰੱਬ ਦੇ ਹੁਕਮ ’ਚ ਚੱਲਣ ਕਾਰਨ ਸਭ ਦੀ ਸੋਚ ਇੱਕ ਸਮਾਨ ਕਿਉਂ ਨਹੀਂ ?

ਜਵਾਬ : ਗੁਰਬਾਣੀ ਦੇ ਪਹਿਲੇ ਸਵਾਲ ‘‘ਕਿਵ ਸਚਿਆਰਾ ਹੋਈਐ ?’’  ਦਾ ਜਵਾਬ ਕੇਵਲ ‘‘ਹੁਕਮਿ ਰਜਾਈ ਚਲਣਾ’’  ਸਮਝਣਾ ਹੀ ਇਸ ਭੁਲੇਖੇ ਦਾ ਕਾਰਨ ਹੈ ਕਿਉਂਕਿ ਬਾਕੀ ਅੱਧਾ ਜਵਾਬ ‘‘ਲਿਖਿਆ ਨਾਲਿ ॥੧॥’’ ਸ਼ਬਦਾਂ ’ਚ ਸੀ, ਜੋ ਅਣਡਿੱਠ ਕਰ ਦਿੱਤਾ। ‘‘ਲਿਖਿਆ ਨਾਲਿ’’ ਯਾਨੀ ਕਿ ‘‘ਨਾਲਿ ਲਿਖਿਆ’’ ਦਾ ਅਰਥ ਹੈ ‘ਨਸੀਬ’। ਇਹ ਨਸੀਬ ਹੀ ਬੰਦੇ ਅੰਦਰ ‘‘ਕੂੜੈ ਪਾਲਿ’’  (ਝੂਠ ਦਾ ਪਰਦਾ) ਹੈ। ਹੁਣ ਇਹ ਝੂਠ ਦੀ ਦੀਵਾਰ ਕਿਵੇਂ ਮਿਟੇ ਯਾਨੀ ਕਿ ਸਚਿਆਰ ਕਿਵੇਂ ਹੋਈਏ?, ਇਸ ਦਾ ਜਵਾਬ ਹੈ ‘‘ਲਿਖਿਆ ਨਾਲਿ’’ (ਨਸੀਬ) ਮੁਬਾਬਕ ਵਾਪਰ ਰਹੇ ‘‘ਹੁਕਮਿ ਰਜਾਈ’’  ਵਿੱਚ ‘‘ਚਲਣਾ’’  ਸਿੱਖਣਾ ਹੈ ਯਾਨੀ ਕਿ ਮੈ ਰਜ਼ਾ ਦੇ ਮਾਲਕ ਦੇ ਹੁਕਮ ਵਿੱਚ ਚੱਲ ਰਿਹਾ ਹਾਂ, ਨੂੰ ਸਮਝਣਾ ਹੈ, ਸਵੀਕਾਰਨਾ ਹੈ, ਮੰਨਣਾ ਹੈ।

ਬੰਦੇ ਦੁਆਰਾ ਕੀਤੇ ਕੰਮਾਂ ਮੁਤਾਬਕ ਰੱਬ ਦੀ ਹੁਕਮ ਰੂਪ ਕਲਮ; ਬੰਦੇ ਦਾ ਨਸੀਬ ਲਿਖਦੀ ਹੈ ‘‘ਹੁਕਮਿ (’) ਚਲਾਏ ਆਪਣੈ; ਕਰਮੀ ਵਹੈ ਕਲਾਮ ’’ (ਮਹਲਾ /੧੨੪੧) ਭਾਵ ਭਾਵੇਂ ਸਭ ਨੂੰ ਆਪਣੇ ਹੁਕਮ ’ਚ ਚਲਾਇਆ ਜਾਂਦਾ ਹੈ, ਪਰ ਇਹ ਹੁਕਮ ਰੂਪ ਕਲਮ ਭੀ ਬੰਦੇ ਦੁਆਰਾ ਕੀਤੇ ਕਰਮਾਂ ਮੁਤਾਬਕ ਚੱਲੀ ਹੈ ਤਾਂ ਤੇ ਸਭ ਦਾ ਨਸੀਬ ਭੀ ਇੱਕ ਸਮਾਨ ਨਹੀਂ ਹੋ ਸਕਦਾ ਤਾਂ ਜੋ ਰੱਬ ਦੇ ਹੁਕਮ ’ਚ ਚੱਲਦਿਆਂ ਸਭ ਦੀ ਸੋਚ ਇੱਕ ਸਮਾਨ ਹੋਵੇ। ‘‘ਕੂੜੈ ਪਾਲਿ’’ ਰੂਪ ਨਸੀਬ ਭੀ ਪਿਛਲੇ ਜਨਮਾਂ ’ਚ ਰੱਬ ਦੇ ਹੁਕਮ ’ਚ ਚਲਦਿਆਂ ਹੀ ਬਣਿਆ ਸੀ।

ਗੁਰੂ ਨਾਨਕ ਜੀ; ‘ਲਿਖਿਆ ਨਾਲਿ’ ਨੂੰ ਰੱਬ ਦੇ ਹੁਕਮ ਨਾਲ਼ ਜੋੜਦੇ ਹਨ; ਜਿਵੇਂ ਕਿ

ਹੁਕਮੁ ਨ ਜਾਈ ਮੇਟਿਆ; ਜੋ ਲਿਖਿਆ, ਸੋ ਨਾਲਿ ॥ (ਮਹਲਾ ੧/੧੦੯੧)

ਕਿਰਤੁ ਪਇਆ ਪਰਵਾਣਾ ਲਿਖਿਆ; ਬਾਹੁੜਿ (ਦੁਬਾਰਾ) ਹੁਕਮੁ ਨ ਹੋਈ ॥ (ਮਹਲਾ ੧/੩੫੯) ਯਾਨੀ ਜੋ ਇੱਕ ਵਾਰ ਨਸੀਬ ਲਿਖ ਦਿੱਤਾ ਉਹ, ਮਰਨ ਤੱਕ ਨਹੀਂ ਸੋਧਿਆ ਜਾਂਦਾ ਤਾਹੀਓਂ ਕਿਹਾ ਹੈ ‘‘ਜੋ ਕਿਛੁ ਪਾਇਆ; ਸੁ ਏਕਾ ਵਾਰ ’’ (ਜਪੁ)

ਗੁਰੂ ਅੰਗਦ ਸਾਹਿਬ ਜੀ ਦਾ ਵਚਨ ਹੈ ਕਿ ‘‘ਨਕਿ ਨਥ, ਖਸਮ ਹਥਿ; ਕਿਰਤੁ ਧਕੇ ਦੇ ’’ (ਮਹਲਾ /੬੫੩) ਯਾਨੀ ਕਿ ਕੀਤੇ ਕਰਮ (ਕਿਰਤੁ) ਹੀ ਮਨੁੱਖ ਦੇ ਨੱਕ ’ਚ ਪਈ ਨਕੇਲ ਬਣ ਧੱਕੇ ਦਿੰਦੇ ਹਨ ਭਾਵੇਂ ਕਿ ਇਸ ਮੁਤਾਬਕ ਚੱਲਦੀ ਰੱਬੀ ਹੁਕਮ ਰੂਪ ਕਲਮ; ਮਾਲਕ ਦੇ ਹੱਥ ’ਚ ਹੁੰਦਾ ਹੈ ਭਾਵ ਕਿਰਤ ਮੁਤਾਬਕ ਲੇਖ (ਨਸੀਬ) ਲਿਖਣਾ; ਮਾਲਕ ਦਾ ਅਧਿਕਾਰ ਹੈ।

ਜੇਕਰ ਬੰਦਾ; ਗੁਰੂ ਗਿਆਨ-ਦਰਪਣ ਨਾਲ਼ ਆਪਣੇ ਆਪ ਨੂੰ ਪੜਚੋਲੇ ਯਾਨੀ ਕਿ ਆਪਣੇ ਅੰਦਰਲੇ ਤੀਰਥ ’ਤੇ ਚੰਗੀ ਤਰ੍ਹਾਂ ਇਸ਼ਨਾਨ ਕਰੇ ‘‘ਅੰਤਰਗਤਿ ਤੀਰਥਿ ਮਲਿ ਨ੍ਾਉ ’’ ਤਾਂ ਸਾਰੇ ਦੁੱਖ-ਸੁੱਖ; ਆਪਣੇ ਦੁਆਰਾ ਕੀਤੇ ਕਰਮਾਂ ਦਾ ਫਲ਼ (ਨਸੀਬ) ਨਜ਼ਰ ਆਉਂਦੇ ਹਨ ਅਤੇ ਆਪਣੀ ਤਕਦੀਰ ਲਿਖਣ ਵਾਲ਼ੇ ਅੱਗੇ ਪੁਕਾਰ ਉੱਠੇਗਾ ਕਿ ਹੇ ਹੁਕਮ ਦੇ ਮਾਲਕ ! ‘‘ਸਭਿ ਗੁਣ ਤੇਰੇ; ਮੈ ਨਾਹੀ ਕੋਇ   ਵਿਣੁ ਗੁਣ ਕੀਤੇ; ਭਗਤਿ ਹੋਇ ’’  ਯਾਨੀ ਮੇਰੇ ਅੰਦਰ ਪ੍ਰਗਟ ਹੁੰਦੇ ਗੁਣ; ਤੇਰੀ ਹੀ ਕਿਰਪਾ ਹੈ, ਨਾ ਕਿ ਮੇਰਾ ਨਸੀਬ। ਜੇ ਤੂੰ ਇਹ ਉਪਕਾਰ ਨਾ ਕਰੇਂ ਤਾਂ ਤੇਰੀ ਭਗਤੀ ਨਹੀਂ ਹੋ ਸਕਦੀ, ਤੇਰਾ ਮਾਰਗ ਨਹੀਂ ਪਛਾਣ ਹੁੰਦਾ। ਅਜਿਹੀ ਭਾਵਨਾ ‘‘ਕੂੜੈ ਪਾਲਿ’’ ਮਿਟਾ ਕੇ ‘ਸਚਿਆਰ’ ਜੀਵਨ ਘੜਦੀ ਹੈ, ਪਰ ਇਸ ਦੀ ਸ਼ੁਰੂਆਾਤ ਹੋਏਗੀ ‘‘ਹੁਕਮਿ ਰਜਾਈ ਚਲਣਾ’’  ਯਾਨੀ ਕਿ ‘ਰਜ਼ਾ ਦੇ ਮਾਲਕ ਦੇ ਹੁਕਮ ’ਚ ਚੱਲ ਰਿਹਾ ਹਾਂ, ਨੂੰ ਬੁੱਝਣ ਨਾਲ਼, ਪਛਾਣਨ ਨਾਲ਼; ਤਾਂ ਜੋ ਹਰ ਚੰਗੇ ਕੰਮ ਦਾ ਮਹੱਤਵ ਆਪਣੇ ’ਤੇ ਲੈ ਕੇ ਭਰਮ ਪੈਦਾ ਨਾ ਹੋਵੇ, ‘ਕੂੜੈ ਪਾਲਿ’ ਨਾ ਬਣੇ।

ਜੁੜਵੇ ਬੱਚਿਆਂ ’ਚ ਰਕਤ-ਬਿੰਦ ਅਤੇ ਖਾਣ ਪਾਣ ਇੱਕ ਸਮਾਨ ਹੁੰਦੈ, ਫਿਰ ਭੀ ਜਨਮ ਲੈਂਦਿਆਂ ਉਨ੍ਹਾਂ ਦਾ ਸੁਭਾਅ ਭਿੰਨ ਭਿੰਨ ਹੋ ਜਾਂਦਾ ਹੈ ਯਾਨੀ ਕਿ ਇੱਕ ਸਮਾਨ ਨਹੀਂ ਰਹਿੰਦਾ। ਮੈਡੀਕਲ ਸਾਇੰਸ ਕੋਈ ਭੀ ਦਲੀਲ ਦੇਵੇ, ਪਰ ਸਰਵ ਵਿਆਪਕ ਜੋਤਿ ਸਰੂਪ ’ਤੇ ਸ਼ਰਧਾਵਾਨ ਇਨ੍ਹਾਂ ਨੂੰ ਪੂਰਬਲੇ ਕਰਮਾਂ ਦਾ ਫਲ਼ ਮੰਨੇਗਾ ਕਿਉਂਕਿ ਸਰੀਰਕ ਮੌਤ ਉਪਰੰਤ ਰੱਬੀ ਜੋਤ ਦਾ ਅਨਿੱਖੜਵਾਂ ਅੰਗ ‘ਆਤਮਾ’; ਮਰਿਆ ਨਹੀਂ ਹੁੰਦਾ। ਉਹੀ ਕਰਮਾਂ ਦੇ ਫਲ਼ (ਲਿਖਿਆ ਨਾਲਿ) ਸਮੇਤ ਜਨਮ ਧਾਰਦਾ ਹੈ। ਨਸੀਬ ਭਿੰਨ ਭਿੰਨ ਹੋਣ ਕਾਰਨ ਰੱਬ ਦਾ ਹੁਕਮ ਭੀ ਸਭ ਲਈ ਇੱਕ ਸਮਾਨ ਨਹੀਂ ਹੋਏਗਾ, ਇਸ ਕਾਰਨ ਹੀ ਸਭ ਦੇ ਵਿਚਾਰ ਇੱਕ ਸਮਾਨ ਨਹੀਂ ਹੁੰਦੇ ਭਾਵੇਂ ਕਿ ਸਾਰੇ ਹੀ ਹੁਕਮ ’ਚ ਚੱਲਦੇ ਹੁੰਦੇ ਹਨ।

ਰੱਬ ਦਾ ਹੁਕਮ; ਕੁਦਰਤ ’ਚ ਭਿੰਨ ਭਿੰਨ ਵਾਪਰਨ ਦੇ ਕਈ ਸਬੂਤ ਹਨ; ਜਿਵੇਂ ਕਿ ਕਈ ਜਾਨਵਰ ਰੌਸ਼ਨੀ ’ਚ ਵੇਖਦੇ ਹਨ, ਪਰ ਕਈ ਹਨੇਰੇ ’ਚ।, ਜੀਵ; ਆਕਸੀਜਨ ਲੈਂਦੇ, ਕਾਰਬਨ ਡਾਈਆਕਸਾਇਡ ਛੱਡਦੇ ਹਨ, ਪਰ ਪੌਦੇ; ਕਾਰਬਨ ਡਾਈਆਕਸਾਇਡ ਲੈਂਦੇ, ਆਕਸੀਜਨ ਛੱਡਦੇ ਹਨ। ਸੂਰਜ ਦੀਆਂ ਕਿਰਨਾਂ ਨਾਲ਼ ਪੌਦੇ; ਆਕਸੀਜਨ ਛੱਡਦੇ ਹਨ, ਪਰ ਕੁੱਝ ਪੌਦੇ ਬਿਨਾਂ ਸੂਰਜ ਰੌਸ਼ਨੀ ਤੋਂ ਰਾਤ ਨੂੰ ਭੀ ਆਕਸੀਜਨ ਦਿੰਦੇ ਹਨ। ਔਰਤ; ਜਨਨੀ ਹੈ, ਪਰ ਸਮੁੰਦਰੀ ਘੋੜਾ; ਇਕਲੌਤਾ ਬਾਪ ਹੈ, ਜੋ ਬੱਚੇ ਨੂੰ ਜਨਮ ਦਿੰਦੈ। ਬ੍ਰਹਿਮੰਡ ’ਚ ਤਾਰੇ ਘੜੀ ਦੀਆਂ ਸੂਈਆਂ ਦੇ ਉਲ਼ਟ ਘੁੰਮਦੇ ਹਨ, ਪਰ ਕੁੱਝ ਘੜੀ ਦੀਆਂ ਸੂਈਆਂ ਵਾਙ ਘੁੰਮਦੇ ਹਨ। ਇਹ ਆਪਾ ਵਿਰੋਧੀ ਰੱਬੀ ਹੁਕਮ ਹੀ ਕੁਦਰਤ ਦੇ ਵਿਕਾਸ ’ਚ ਭੰਨ-ਤੋੜ (ਜਨਮ ਲੈਣਾ/ ਮਰਨਾ) ਕਰਦਾ ਆ ਰਿਹਾ ਹੈ, ਇਸ ਪਿੱਛੇ ਅਦ੍ਰਿਸ਼ ਸ਼ਕਤੀ ਹੋਣ ਦਾ ਭੀ ਸਬੂਤ ਹੈ ਤਾਂ ਤੇ ਹਰ ਬੰਦੇ ਲਈ ਰੱਬ ਦਾ ਹੁਕਮ ਭੀ ਇੱਕ ਸਮਾਨ ਨਹੀਂ। ਸੋ ਸਵਾਲ ‘‘ਕਿਵ ਸਚਿਆਰਾ ਹੋਈਐ ?’’ ਦਾ ਜਵਾਬ ਹਰ ਬੰਦੇ ਲਈ ‘‘ਹੁਕਮਿ ਰਜਾਈ ਚਲਣਾ’’ ਇੱਕ ਸਮਾਨ ਮੰਨਣ ਨਾਲ਼; ‘‘ਲਿਖਿਆ ਨਾਲਿ’’ ਸ਼ਬਦ; ਅਰਥਹੀਣ ਹੋ ਜਾਂਦੇ ਹਨ, ਜਿਨ੍ਹਾਂ ਨੇ ਬੰਦੇ ਤੋਂ ਸਵੈ ਪੜਚੋਲ ਕਰਵਾਉਣੀ ਸੀ।  ਰੱਬ ਦਾ ਹੁਕਮ; ਕੋਈ ਅਜਿਹਾ ਮਾਰਗ ਨਹੀਂ, ਜਿਸ ਨੂੰ ਗਿਆਨ ਇੰਦ੍ਰਿਆਂ ਨਾਲ਼ ਵੇਖ ਕੇ ਚੱਲਿਆ ਜਾਵੇ। ਬੰਦੇ ਦੁਆਰਾ ਕੀਤੇ ਕੰਮਾਂ ਮੁਤਾਬਕ ਰੱਬ ਦਾ ਹੁਕਮ ਵਾਪਰਨ ਬਾਰੇ ਗੁਰੂ ਨਾਨਕ ਜੀ; ਹੋਰ ਜਗ੍ਹਾ ਭੀ ਸਮਝਾਉਂਦੇ ਹਨ ‘‘ਤਿਸ ਦਾ ਦੀਆ, ਸਭਨੀ ਲੀਆ; ਕਰਮੀ ਕਰਮੀ ਹੁਕਮੁ ਪਇਆ ੨੨’’ (ਪਟੀ/ਮਹਲਾ /੪੩੩)

ਸਵਾਲ : ਗੁਰੂ ਨਾਨਕ ਜੀ; ਕਹਿੰਦੇ ਹਨ ‘‘ਲੇਖੁ ਮਿਟਈ ਹੇ ਸਖੀ ! ਜੋ ਲਿਖਿਆ ਕਰਤਾਰਿ (ਨੇ) ’’ (ਮਹਲਾ /੯੩੭), ਸਾਹਾ ਹੁਕਮੁ ਰਜਾਇ, ਸੋ ਟਲੈ; ਜੋ ਪ੍ਰਭੁ ਕਰੈ, ਬਲਿ ਰਾਮ ਜੀਉ ’’ (ਮਹਲਾ /੭੬੩) ਤਾਂ ਫਿਰ ਗੁਰਮਤਿ ਪ੍ਰਚਾਰ ਕਰਨ ਦਾ ਕੀ ਲਾਭ ?

ਜਵਾਬ : ਉਕਤ ਵਚਨ ਉਨ੍ਹਾਂ ਲਈ ਹਨ, ਜੋ ਗੁਰੂ ਦੇ ਲੜ ਨਹੀਂ ਲੱਗੇ; ਜਿਵੇਂ ਗੁਰੂ ਨਾਨਕ ਜੀ; ਆਪਣੇ 51ਵੇਂ ਸ਼ਬਦ ’ਚ ਕਹਿ ਰਹੇ ਹਨ ‘‘ਹਰਿ ਬਿਨੁ ਕਿਨਿ ਸੁਖੁ ਪਾਇਆ ? ਦੇਖਹੁ ਮਨਿ (’) ਬੀਚਾਰਿ (ਕੇ) ..੫੧ (ਓਅੰਕਾਰ/ਮਹਲਾ /੯੩੭), ਅਗਲੇ 52ਵੇਂ ਸ਼ਬਦ ਦੀ ਅਰੰਭਤਾ ਹੈ ‘‘ਲੇਖੁ ਮਿਟਈ ਹੇ ਸਖੀ ! ਜੋ ਲਿਖਿਆ ਕਰਤਾਰਿ (ਨੇ) ’’, ਜੋ ਕਿ ‘‘ਨਦਰਿ ਤੇਰੀ ਸੁਖੁ ਪਾਇਆ; ਨਾਨਕ ਸਬਦੁ ਵੀਚਾਰਿ (ਕੇ) ’’  ਤੱਕ ਵਿਸ਼ਾ ਹੈ ਯਾਨੀ ਕਿ ਰੱਬ ਦੀ ਮਿਹਰ ਨਾਲ਼ ਇੱਥੇ ਆ ਕੇ ਲੇਖ ਮਿਟ ਗਿਆ। ਕਿਸ ਨੇ ਲੇਖ ਮਿਟਵਾਇਆ; ਸ਼ਬਦ ਦੇ ਅੰਤ ’ਚ ਸਪਸ਼ਟ ਕੀਤੈ ‘‘ਬਲਿਹਾਰੀ ਗੁਰ ਆਪਣੇ; ਜਿਨਿ ਹਿਰਦੈ ਦਿਤਾ ਦਿਖਾਇ ੫੨’’ (ਓਅੰਕਾਰ/ਮਹਲਾ /੯੩੭) ਇਉਂ ਹੀ ਦੂਜਾ ਪ੍ਰਸੰਗ ਹੈ ਕਿ ਹੇ ਸਤਿਗੁਰੂ !  ਚੰਗਾ ਮੁਹੂਰਤ ਕਢਾ ਤਾਂ ਜੋ ਮੈਂ ਪ੍ਰਲੋਕ (ਸਹੁਰੇ ਘਰ) ’ਚ ਜਾ ਕੇ ਰੱਬ ’ਚ ਲੀਨ ਹੋ ਜਾਵਾਂ ਕਿਉਂਕਿ ਮੌਤ ਨਿਸ਼ਚਿਤ ਹੈ ‘‘ਬਾਬਾ  ! ਲਗਨੁ ਗਣਾਇ, ਹੰ ਭੀ ਵੰਞਾ ਸਾਹੁਰੈ; ਬਲਿ ਰਾਮ ਜੀਉ ਸਾਹਾ ਹੁਕਮੁ ਰਜਾਇ; ਸੋ ਟਲੈ, ਜੋ ਪ੍ਰਭੁ ਕਰੈ, ਬਲਿ ਰਾਮ ਜੀਉ ’’ (ਮਹਲਾ /੭੬੩)

ਸੋ ਗੁਰੂ ਹੀ ਨਸੀਬ ਮਿਟਵਾਉਂਦਾ ਹੈ ‘‘ਲਿਖਿਆ ਲੇਖੁ ਮੇਟੈ ਕੋਈ; ਗੁਰਮੁਖਿ ਮੁਕਤਿ ਕਰਾਵਣਿਆ ’’ (ਮਹਲਾ /੧੦੯) ਤਦ ਤੱਕ ਸਿਰ ਦਾ ਲੇਖ (ਨਸੀਬ) ਨਹੀਂ ਮਿਟੇਗਾ ਜਦ ਤੱਕ ਗੁਰੂ ਦੀ ਸ਼ਰਨ ਆਉਣ ਤੋਂ ਬਿਨਾਂ, ਆਹ ਕਰਮ ਹੁੰਦਾ ਰਿਹਾ ‘‘ਅੰਮ੍ਰਿਤੁ ਛੋਡਿ ਮਹਾ ਬਿਖੁ ਪੀਵੈ; ਮਾਇਆ ਕਾ ਦੇਵਾਨਾ ਕਿਰਤੁ ਮਿਟਈ, ਹੁਕਮੁ ਬੂਝੈ; ਪਸੂਆ ਮਾਹਿ ਸਮਾਨਾ ’’ (ਮਹਲਾ /੧੦੧੩) ਜੇਕਰ ਪਸ਼ੂ-ਪੰਛੀ ਨੂੰ ਮੰਨੀਏ ਕਿ ਰੱਬ ਦੇ ਗੁਣ ਗਾਉਣ ਤੋਂ ਬਿਨਾਂ, ਹੋਰ ਕੁੱਝ ਨਹੀਂ ਬੋਲਦੇ ਤਾਂ ਇਸ ਵਾਕ ’ਚ ਮਾਇਆਧਾਰੀ ਨੂੰ ਪਸ਼ੂ ਸਮਾਨ ਨਾ ਕਿਹਾ ਹੁੰਦਾ।

ਜੇਕਰ ਬੰਦਾ ਆਪਣੇ ਜਨਮ ’ਚ ਪਿਛਲੇ ਕਰਮਾਂ ਦਾ ਫਲ਼ ਭੋਗਦਾ ਹੈ ਤਾਂ ਪਿਛਲੇ ਜਨਮ ’ਚ ਭੀ ਜ਼ਰੂਰ ਉਸ ਤੋਂ ਪਿਛਲੇ ਜਨਮ ਦਾ ਫਲ਼ ਭੋਗਦਾ ਹੋਵੇਗਾ ਤਾਂ ਫਿਰ ਜਦ ਪਹਿਲੀ ਵਾਰ ਜੀਵ ਰਚਨਾ ਹੋਈ ਭਾਵ ਜਦ ਪਿਛਲਾ ਕੋਈ ਜਨਮ ਨਹੀਂ ਸੀ ਤੇ ਕੁਦਰਤਿ ਬਣਨ ਉਪਰੰਤ ਅਰੰਭਕ ਜਨਮ ’ਚ ਕਿਹੜਾ ਫਲ਼ ਭੋਗਦਾ ਹੋਵੇਗਾ ? ਇਸ ਦਾ ਜਵਾਬ ਹੈ ‘‘ਹੁਕਮਿ (’) ਚਲਾਏ ਆਪਣੈ; ਕਰਮੀ ਵਹੈ ਕਲਾਮ (ਮਹਲਾ /੧੨੪੧) ਯਾਨੀ ਕਿ ਪਹਿਲਾਂ ਹੁਕਮ ਮੁਤਾਬਕ ਜੀਵ ਰਚਨਾ ਹੋਈ ਅਤੇ ਮਨੁੱਖਾਂ ਨੂੰ ਚੰਗੇ-ਮੰਦੇ ਪਾਸੇ ਪ੍ਰੇਰਿਆ। ਇਸ ਉਪਰੰਤ ਮਨੁੱਖਾਂ ਦੁਆਰਾ ਕੀਤੇ ਕਰਮਾਂ ਮੁਤਾਬਕ ਨਸੀਬ ਬਣਿਆ ਅਤੇ ਨਸੀਬ ਮੁਤਾਬਕ ਰੱਬ ਦਾ ਹੁਕਮ ਹੋਇਆ। ਸ਼ੁਰੂਆਤ ’ਚ ਹੁਕਮ ਮੁਤਾਬਕ ਨਸੀਬ ਬਣਿਆ ਤਾਂ ਤੇ ਹੁਕਮ ਕਰਤਾ ਨੂੰ ਪਛਾਣਨ ਨਾਲ਼ ਇਹ ਮਿਟੇਗਾ। ਉਸ ਅੱਗੇ ਫ਼ਰਿਆਦ ਕਰਨੀ ਹੈ, ਨਾ ਕਿ ਮੇਰਾ ਕੀ ਗੁਨਾਹ ਹੈ; ਇਉਂ ਰੋਸ ਪ੍ਰਗਟਾਉਣੈ ‘‘ਨਾਨਕ  ! ਹੁਕਮੁ ਚਲਈ; ਨਾਲਿ ਖਸਮ ਚਲੈ ਅਰਦਾਸਿ ੨੨’’ (ਆਸਾ ਕੀ ਵਾਰ/ਮਹਲਾ /੪੭੪)

ਗੁਰੂ ਨਾਨਕ ਸਾਹਿਬ ਜੀ ਵਾਰ-ਵਾਰ ਸਮਝਾਉਂਦੇ ਹਨ ਕਿ ਗੁਰੂ ਹੀ ਰੱਬ ਦੇ ਹੁਕਮ ਦੀ ਪਛਾਣ ਕਰਾਉਂਦਾ ਹੈ ਤਾਂ ਜੋ ਹੁਕਮ ਕਰਤਾ ਨੂੰ ਪਛਾਣ ਕੇ ਸ਼ਰਧਾਵਾਨ; ਰੌਸ਼ਨ ਦਿਮਾਗ਼ ਨਾਲ਼ ਉਸ ਦੇ ਗੁਣ ਗਾਉਣ, ਜਿਸ ਦੀ ਮਿਹਰ ਨਾਲ਼ ਨਸੀਬ ਮਿਟਣਾ ਹੈ; ਜਿਵੇਂ ਕਿ

ਗੁਰ ਕਿਰਪਾ ਤੇ ਹੁਕਮੁ ਪਛਾਣੈ ॥ (ਮਹਲਾ ੧/੧੦੨੭)

ਗੁਰ ਬਿਨੁ, ਹੁਕਮੁ ਨ ਬੂਝੀਐ, ਪਿਆਰੇ ! ਸਾਚੇ ਸਾਚਾ ਤਾਣੁ ॥ (ਮਹਲਾ ੧/੬੩੬)

ਗੁਰਮੁਖਿ ਹੋਇ; ਸੁ ਹੁਕਮੁ ਪਛਾਣੈ; ਮਾਨੈ ਹੁਕਮੁ ਸਮਾਇਦਾ ॥ (ਮਹਲਾ ੧/੧੦੩੭)

ਸਤਿਗੁਰਿ ਮਿਲਿਐ (ਕਾਰਨ), ਹੁਕਮੁ ਬੁਝੀਐ; ਤਾਂ ਕੋ ਆਵੈ ਰਾਸਿ ॥ (ਮਹਲਾ ੧/੧੨੮੯)

ਹੁਕਮੈ (ਨੂੰ) ਬੂਝੈ; ਤਤੁ ਪਛਾਣੈ ॥ ਇਹੁ ਪਰਸਾਦੁ; ਗੁਰੂ ਤੇ ਜਾਣੈ ॥ (ਮਹਲਾ ੧/੧੨੮੯)

ਪਰ ਮਨੁੱਖ ਕੋਲ਼ ਐਨਾ ਕੁ ਨਸੀਬ ਤਾਂ ਪਹਿਲਾਂ ਤੋਂ ਚਾਹੀਦੈ ਕਿ ਗੁਰੂ ਨਾਲ਼ ਮਿਲਾਪ ਹੋ ਜਾਵੇ। ਭਾਈ ਗੁਰਦਾਸ ਜੀ ਇਸ ਨੂੰ ਗੁਰੂ ਵੱਲ ਇੱਕ ਕਦਮ ਚੱਲਣਾ ਕਹਿੰਦੇ ਹਨ ‘‘ਚਰਨ ਸਰਨਿ ਗੁਰ ਏਕ ਪੈਡਾ ਜਾਇ ਚਲ; ਸਤਿਗੁਰ ਕੋਟਿ ਪੈਡਾ ਆਗੇ ਹੋਇ ਲੇਤ ਹੈ’’ (ਭਾਈ ਗੁਰਦਾਸ ਜੀ/ਕਬਿੱਤ ੧੧੧) ਇਸ ਨੂੰ ਹੀ ਗੁਰੂ ਨਾਨਕ ਜੀ ਸ਼ੁਰੂਆਤੀ ਨਸੀਬ ਕਹਿੰਦੇ ਹਨ; ਜਿਵੇਂ ਕਿ

ਵਡੈ ਭਾਗਿ (ਨਾਲ਼) ਸਤਿਗੁਰੁ ਮਿਲੈ; ਪਾਈਐ ਪਦੁ ਨਿਰਬਾਣੀ ॥ (ਮਹਲਾ ੧/੪੨੧)

ਬਿਨੁ ਭਾਗਾ ਸਤਸੰਗੁ ਨ ਪਾਈਐ; ਕਰਮਿ (ਗੁਰੂ ਮਿਹਰ ਨਾਲ਼) ਮਿਲੈ, ਹਰਿ ਨਾਮੁ ਹਰੀ ॥ (ਮਹਲਾ ੧/੧੧੭੧)

ਹੁਕਮ ਕਰਤਾ ਨੂੰ ਪਛਾਣਨ ਉਪਰੰਤ ਉਹ ਆਪਣੀ ਮਿਹਰ ਨਾਲ਼ ਸ਼ਰਧਾਵਾਨ ਨੂੰ ਆਪਣੇ ਵੱਲ (ਰੂਹਾਨੀਅਤ ਮੰਜ਼ਲ) ਵੱਲ ਲੈ ਜਾਂਦਾ ਹੈ; ਜਿਵੇਂ ਕਿ

ਕਰਮਿ ਮਿਲੈ ਤਾ ਪਾਈਐ; ਆਪਿ ਨ ਲਇਆ ਜਾਇ ॥ (ਮਹਲਾ ੧/੬੧) ਕਰਮਿ ਭਾਵ ਮਿਹਰ ਨਾਲ਼।

ਪੂਰੇ ਗੁਰ ਕੀ ਕਾਰ; ਕਰਮਿ ਕਮਾਈਐ ॥ (ਮਹਲਾ ੧/੧੪੪) ਕਰਮਿ ਭਾਵ ਮਿਹਰ ਨਾਲ਼।

ਸਿਖ ਸੰਗਤਿ; ਕਰਮਿ ਮਿਲਾਏ ॥ (ਮਹਲਾ ੧/੪੧੨) ਕਰਮਿ ਭਾਵ ਮਿਹਰ ਨਾਲ਼।

ਨਦਰੀ ਕਰਮਿ ਲਘਾਏ ਪਾਰਿ ॥ (ਮਹਲਾ ੧/੪੬੫) ਕਰਮਿ ਭਾਵ ਮਿਹਰ ਨਾਲ਼।

ਜੋਗੀਆਂ ਨੇ ਗੁਰੂ ਨਾਨਕ ਜੀ ਨੂੰ ਸਵਾਲ ਕੀਤਾ ਕਿ ਜੀਵਾਤਮਾ ‘‘ਕਹਾ ਤੇ ਆਵੈ  ? ਕਹਾ ਇਹੁ ਜਾਵੈ  ? ਕਹਾ ਇਹੁ ਰਹੈ ਸਮਾਈ  ? (ਮਹਲਾ /੯੪੦) ਗੁਰੂ ਜੀ ਨੇ ਜਵਾਬ ਦਿੱਤਾ ‘‘ਹੁਕਮੇ ਆਵੈ ਹੁਕਮੇ ਜਾਵੈ; ਹੁਕਮੇ ਰਹੈ ਸਮਾਈ (ਮਹਲਾ /੯੪੦), ਹੁਕਮੇ ਆਵੈ; ਹੁਕਮੇ ਜਾਵੈ ਬੂਝੈ ਹੁਕਮੁ; ਸੋ ਸਾਚਿ (’) ਸਮਾਵੈ ’’ (ਮਹਲਾ /੧੦੨੫)

‘ਸਾਚ’ ਤੋਂ ਭਾਵ ਸਦੀਵੀ ਸਥਿਰ ਹੈ ਅਤੇ ਸਦੀਵੀ ਸਥਿਰ ਉਹੀ ਹੋਵੇਗਾ ਜਿਸ ਦੇ ਸਿਰ ’ਤੇ ਕੋਈ ਨਸੀਬ (ਲੇਖ) ਨਹੀਂ ‘‘ਅਲਾਹੁ ਅਲਖੁ ਅਗੰਮੁ; ਕਾਦਰੁ ਕਰਣਹਾਰੁ ਕਰੀਮੁ   ਸਭ ਦੁਨੀ ਆਵਣ ਜਾਵਣੀ; ਮੁਕਾਮੁ (ਸਥਿਰ) ਏਕੁ ਰਹੀਮੁ   ਮੁਕਾਮੁ ਤਿਸ ਨੋ ਆਖੀਐ; ਜਿਸੁ ਸਿਸਿ (ਸਿਰਤੇ) ਹੋਵੀ ਲੇਖੁ   ਅਸਮਾਨੁ ਧਰਤੀ ਚਲਸੀ; ਮੁਕਾਮੁ ਓਹੀ ਏਕੁ   ਦਿਨ ਰਵਿ ਚਲੈ; ਨਿਸਿ ਸਸਿ ਚਲੈ; ਤਾਰਿਕਾ ਲਖ ਪਲੋਇ (ਭਾਵ ਨਾਸ਼ਵਾਨ)  ਮੁਕਾਮੁ ਓਹੀ ਏਕੁ ਹੈ; ਨਾਨਕਾ  ! ਸਚੁ ਬੁਗੋਇ (ਹੇ ਨਾਨਕ ! ਇਹ ਸਚਾਈ ਪ੍ਰਗਟ ਕਰ) (ਮਹਲਾ /੬੪)

ਸਾਰੀ ਕੁਦਰਤ ਇਸ ਲਈ ਸਥਿਰ ਨਹੀਂ ਯਾਨੀ ਕਿ ਨਾਸ਼ਵਾਨ ਹੈ ਕਿਉਂਕਿ ਸਭ ਦੇ ਸਿਰ ’ਤੇ ਲੇਖ ਹੈ, ਨਸੀਬ ਹੈ ‘‘ਸਰਬ ਜੀਆ ਸਿਰਿ ਲੇਖੁ ਧੁਰਾਹੂ; ਬਿਨੁ ਲੇਖੈ ਨਹੀ ਕੋਈ ਜੀਉ ’’ (ਮਹਲਾ /੫੯੮) ਇਹ ਲੇਖ; ਹੁਕਮ ਕਰਤਾ (ਮਾਲਕ) ਨੇ ਬਿਨਾਂ ਕਿਸੇ ਸਿਆਹੀ ਤੇ ਦਵਾਤ ਤੋਂ ਲਿਖੇ ਹਨ ‘‘ਹੁਕਮੀ ਲਿਖੈ ਸਿਰਿ (’ਤੇ) ਲੇਖੁ; ਵਿਣੁ ਕਲਮ ਮਸਵਾਣੀਐ ’’ (ਮਹਲਾ /੧੨੮੦) ਜਿਨ੍ਹਾਂ ਦੇ ਨਸੀਬ ’ਚ ਸਤਿਗੁਰੂ ਪ੍ਰਤੀ ਖਿੱਚ ਲਿਖੀ ਹੋਵੇ ਉਹ ਹਰੀ ਦਾ ਹੁਕਮ ਪਛਾਣ ਕੇ ਉਸ ਦੀ ਭਗਤੀ ਕਰਦਾ ਹੈ ‘‘ਬਿਨੁ ਭਗਤੀ (ਦਿਲੀ ਖਿੱਚ) ਨਹੀ ਸਤਿਗੁਰੁ ਪਾਈਐ; ਬਿਨੁ ਭਾਗਾ ਨਹੀ ਭਗਤਿ ਹਰੀ ’’ (ਮਹਲਾ /੧੧੭੧) ਫਿਰ ਹੁਕਮ ਕਰਤਾ; ਰੂਹਾਨੀਅਤ ਮੰਜ਼ਲ ਵੱਲ ਲੈ ਜਾਂਦਿਆਂ ਰੱਤੀ ਭਰ ਦੇਰ ਨਹੀਂ ਲਗਾਉਂਦਾ ‘‘ਹੁਕਮਿ (ਨਾਲ਼) ਸਵਾਰੇ ਆਪਣੈ; ਚਸਾ ਢਿਲ ਕਰੇਇ ’’ (ਮਹਲਾ /੫੩) ਜੋ ਰੱਬ ਨਾਲ਼ ਇੱਕ ਮਿਕ ਹੋ ਗਏ ਉਨ੍ਹਾਂ ਨੂੰ ਰੱਬ ਦੀ ਰਜ਼ਾ ਮਿੱਠੀ ਲੱਗਦੀ ਹੈ, ਮਨ ’ਚ ਵਿਸਮਾਦ ਪੈਦਾ ਹੋ ਜਾਂਦੈ ‘‘ਤੂਹੈ ਹੈ; ਵਾਹੁ ਤੇਰੀ ਰਜਾਇ (ਮਹਲਾ /੧੩੨੯), ਵੇਖਿ ਵਿਡਾਣੁ (ਕੌਤਕ) ਰਹਿਆ ਵਿਸਮਾਦੁ (ਪਰ ਇਹ ਰਾਜ਼) ਨਾਨਕ  ! ਬੁਝਣੁ ਪੂਰੈ ਭਾਗਿ (ਨਾਲ਼) ’’ (ਮਹਲਾ /੪੬੪) ਇਹੀ ਸਰਵੋਤਮ ਜੀਵਨ ਜਾਚ ਹੈ ‘‘ਤੇਰਾ ਹੁਕਮੁ ਲਾਲਾ (ਗ਼ੁਲਾਮ) ਮੰਨੇ; ਏਹ ਕਰਣੀ ਸਾਰੁ ’’ (ਮਹਲਾ /੧੦੧੧) ਜੋਗੀਆਂ ਨੇ ਗੁਰੂ ਨਾਨਕ ਜੀ ਨੂੰ ਸਵਾਲ ਕੀਤਾ ‘‘ਨਾਨਕੁ ਬੋਲੈ ਸੁਣਿ ਬੈਰਾਗੀ ! ਕਿਆ ਤੁਮਾਰਾ ਰਾਹੋ  ?’’ (ਮਹਲਾ /੯੩੮) ਗੁਰੂ ਜੀ ਨੇ ਜਵਾਬ ਦਿੱਤਾ ਕਿ ਜਗਤ ’ਚ ਆਉਣਾ, ਜਗਤ ’ਚ ਵਿਚਰਨਾ ਅਤੇ ਜਗਤ ਤੋਂ ਜਾਣਾ; ਸਭ ਰੱਬ ਦੀ ਰਜ਼ਾ ’ਚ ਹੈ, ਇਹ ਦ੍ਰਿੜ੍ਹ ਨਿਸ਼ਚਾ ਹੋਰਾਂ ਨੂੰ ਕਰਾਉਣਾ ਹੈ ‘‘ਸਹਜੇ ਆਏ ਹੁਕਮਿ ਸਿਧਾਏ; ਨਾਨਕ ਸਦਾ ਰਜਾਏ ’’ (ਮਹਲਾ /੯੩੮)

ਸੋ ਗੁਰਬਾਣੀ ਪ੍ਰਤੀ ਸੰਦੇਹ; ਗੁਰਮਤਿ ਬਾਰੇ ਨਾਸਮਝੀ ਦਾ ਪ੍ਰਤੀਕ ਹਨ। ਗੁਰੂ ਸਾਹਿਬਾਨ ਨੇ ਆਪਣੇ ਸੂਖਮ ਅਨੁਭਵੀ ਨੁਕਤੇ ਗੁਰਬਾਣੀ ’ਚ ਵਾਰ-ਵਾਰ ਸਪਸ਼ਟ ਕੀਤੇ ਹਨ ਕਿਉਂਕਿ ਰੱਬ ਦੇ ਹੁਕਮ ਨੂੰ ਪਛਾਣਨਾ ਹੀ ਧਰਮ ਦਾ ਮੁੱਢਲਾ ਫ਼ਰਜ਼ ਹੈ। ਇਸ ਤੋਂ ਬਾਅਦ ਹੀ ਉਸ ਦੇ ਗੁਣ ਗਾਉਣੇ, ਸਫਲ ਹਨ ਅਤੇ ਜਗਤ ਰਚੇਤਾ ਦੁਆਰਾ ਦਿੱਤੀਆਂ ਦਾਤਾਂ (ਬਖ਼ਸ਼ਸ਼ਾਂ) ਦੀ ਕਦਰ ਪੈਂਦੀ ਹੈ। ਸਤਿਗੁਰੂ ਦੇ ਮਾਰਗ-ਦਰਸ਼ਨ ਤੋਂ ਬਿਨਾਂ ਅੰਨ੍ਹੀ ਲੁਕਾਈ ਅਦ੍ਰਿਸ਼ ਰੱਬ ਨੂੰ ਨਹੀਂ ਪਛਾਣ ਸਕਦੀ ‘‘ਆਪੇ ਨਿਰਮਲੁ (ਸੁਜਾਖਾ) ਏਕੁ ਤੂੰ; ਹੋਰ ਬੰਧੀ ਧੰਧੈ (’) ਪਾਇ (ਕੇ) (ਮਹਲਾ /੫੪), ਜੰਤ ਉਪਾਇ ਧੰਧੈ (’) ਸਭ ਲਾਏ; ਕਰਮੁ (ਮਿਹਰ) ਹੋਆ, ਤਿਨ ਨਾਮੁ ਲਇਆ ’’ (ਪਟੀ/ਮਹਲਾ /੪੩੪)

ਗੁਰੂ ਪਿਆਰਿਆਂ ਨੂੰ ਬੇਨਤੀ ਹੈ ਕਿ ਜੇਕਰ ਆਪ ਜੀ ਨੂੰ ਇਹ ਵਿਸ਼ਾ ਚੰਗਾ ਲੱਗੇ ਤਾਂ ਲਾਇਕ ਤੇ ਸ਼ੇਅਰ ਕਰਨਾ। ਗੁਰੂ ਮਿਹਰ ਨਾਲ ਕਾਫੀ ਮਿਹਨਤ ਕੀਤਿਆਂ ਅਜਿਹੇ ਵਿਸ਼ੇ ਪਾਠਕਾਂ ਨਾਲ ਸਾਂਝੇ ਕਰੀਦੇ ਹਨ।

ਬੌਧਿਕ ਗਿਆਨ ਨੂੰ ਰੂਹਾਨੀਅਤ ਗਿਆਨ ਸਮਝਣ ਦਾ ਭੁਲੇਖਾ

0

ਬੌਧਿਕ ਗਿਆਨ ਨੂੰ ਰੂਹਾਨੀਅਤ ਗਿਆਨ ਸਮਝਣ ਦਾ ਭੁਲੇਖਾ

ਗਿਆਨੀ ਅਵਤਾਰ ਸਿੰਘ

ਜਰੂਰੀ ਬੇਨਤੀ- ਜੇਕਰ ਤੁਸੀਂ ਇਹ ਲੇਖ ਪਹਿਲਾਂ ਪੜਿਆ ਹੈ ਤਾਂ ਕ੍ਰਿਪਾ ਦੁਬਾਰਾ ਜ਼ਰੂਰ ਪੜਨਾ ਕਿਉਂਕਿ ਪਾਠਕਾਂ ਵੱਲੋਂ ਮਿਲੇ ਸੁਝਾਅ ਉਪਰੰਤ ਲੇਖ ਚ ਕਾਫੀ ਤਬਦੀਲੀ ਕਰ ਵਿਸ਼ਾ, ਸਰਲ ਤੇ ਸੰਖੇਪ ਕਰਨ ਦਾ ਯਤਨ ਕੀਤੈ। ਜੇਕਰ ਵਿਸ਼ਾ ਪਸੰਦ ਆਇਆ ਤਾਂ ਲਾਇਕ ਤੇ ਸ਼ੇਅਰ ਕਰਨਾ, ਪਰ ਬਿਨਾਂ ਪੜੇ ਲਾਇਕ ਨਾ ਕਰਨਾ ਇਉਂ ਸਹੀ Feedback ਨਹੀਂ ਮਿਲਦਾ।

ਰੂਹਾਨੀਅਤ ਗਿਆਨ ਅਤੇ ਬੌਧਿਕ ਗਿਆਨ ’ਚ ਅੰਤਰ ਹੁੰਦਾ ਹੈ। ਬੌਧਿਕ ਗਿਆਨ; ਬੁੱਧੀ ਦੀ ਉਪਜ ਹੈ ਅਤੇ ਤਰਕਸ਼ੀਲਤਾ ਹੈ ਕਿਉਂਕਿ ਇਸ ਦਾ ਸ੍ਰੋਤ; ਪੰਜ ਗਿਆਨ ਇੰਦ੍ਰੇ (ਅੱਖ, ਕੰਨ, ਨੱਕ, ਜੀਭ ਤੇ ਤ੍ਵਚਾ) ਹਨ ਜਦਕਿ ਰੂਹਾਨੀਅਤ ਗਿਆਨ; ਇੱਕ ਅਨੁਭਵ ਹੈ, ਜਿਸ ’ਤੇ ਦੂਸਰੇ ਨੂੰ ਵਿਸ਼ਵਾਸ ਹੀ ਕਰਨਾ ਪੈਣਾ ਹੈ।  ਰੂਹਾਨੀਅਤ ਸਮਝਾਉਣ ਲਈ ਬੌਧਿਕ ਗਿਆਨ ਮਿਸਾਲ ਬਣਦਾ ਹੈ ਕਿਉਂਕਿ ਇਸ ਤੋਂ ਹਰ ਕੋਈ ਵਾਕਫ਼ ਹੈ, ਪਰ ਬੌਧਿਕ ਗਿਆਨ ਲਈ ਰੂਹਾਨੀਅਤ ਦੀ ਦਲੀਲ ਨਹੀਂ ਦੇ ਸਕਦੇ ਕਿਉਂਕਿ ਇਸ ਤੋਂ ਕੋਈ ਜਾਣੂ ਨਹੀਂ ਹੁੰਦਾ। ਰੂਹਾਨੀਅਤ ਅਨੁਭਵ; ਵੱਖਰੀਆਂ ਅੱਖਾਂ ਹਨ ‘‘ਸੇ ਅਖੜੀਆ ਬਿਅੰਨਿ; ਜਿਨੀ ਡਿਸੰਦੋ ਮਾ ਪਿਰੀ ’’ (ਮਹਲਾ /੧੧੦੦) ਅਰਥ : ਜਿਨ੍ਹਾਂ ਅੱਖਾਂ ਨਾਲ਼ ਮੇਰਾ ਪਤੀ (ਪਿਆਰਾ ਪ੍ਰਭੂ) ਦਰਸ਼ਨ ਦਿੰਦੈ, ਉਹ ਅੱਖਾਂ; ਹੋਰ ਹਨ (ਨਾ ਕਿ ਗਿਆਨ ਨੇਤਰ)।

ਅਨੁਭਵ ਗਿਆਨ; ਸਵੈ ਪੜਚੋਲ ’ਚੋਂ ਪ੍ਰਗਟ ਹੋਈ ਅਨੋਖੀ ਵਿਚਾਰਧਾਰਾ ਹੈ, ਜੋ ਮਨ ’ਚ ਵਿਸਮਾਦ ਪੈਦਾ ਕਰਦੀ ਹੈ। ਗਿਆਨ ਇੰਦ੍ਰਿਆਂ ਰਾਹੀਂ ਉਪਜਦਾ ਬੌਧਿਕ ਗਿਆਨ ਇਹ ਹੈਰਾਨਗੀ ਨਹੀਂ ਭਰ ਸਕਦਾ ਭਾਵੇਂ ਕੋਈ ਇਸ ਤੋਂ ਘੱਟ ਵਾਕਫ਼ ਹੈ ਜਾਂ ਵੱਧ। ਬੌਧਿਕ ਗਿਆਨ ਭੀ ਅਰਥਹੀਣ ਨਹੀਂ ਕਿਉਂਕਿ ਜੋ ਗਿਆਨ; ਮਿਸਾਲ ਵਜੋਂ ਰੂਹਾਨੀਅਤ ਪ੍ਰਗਟਾਉਣ ’ਚ ਮਦਦ ਕਰੇ ਉਸ ਨੂੰ ਮੂਲੋਂ ਰੱਦ ਨਹੀਂ ਕੀਤਾ ਜਾਂਦਾ, ਨਹੀਂ ਤਾਂ ਮਿਸਾਲ ਕਿਵੇਂ ਬਣੇਗਾ; ਜਿਵੇਂ ਕਿ ਗੁਰਬਾਣੀ ’ਚ ਦੇਵੀ-ਦੇਵਤਿਆਂ ਦੇ ਵਜੂਦ ਨੂੰ ਨਾ ਪ੍ਰਵਾਨ ਕੀਤੈ, ਨਾ ਰੱਦ।

ਭਾਰਤ ’ਚ ਦੋ ਤਰ੍ਹਾਂ ਦੇ ਰਾਜਿਆਂ ਨੂੰ ਦੇਵਤੇ ਕਿਹਾ ਗਿਆ (ੳ). ਆਰੀਅਨ ਰਾਜੇ; ਜਿਵੇਂ ਇੰਦਰ, ਬ੍ਰਹਮਾ, ਵਿਸ਼ਨੂੰ, ਸ਼ਿਵ ਆਦਿ। ਇਨ੍ਹਾਂ ਦਾ ਇਲਾਕਾ ਉੱਤਰ ਭਾਰਤ ਹੈ। (ਅ). ਦਰਾਵੜਾਂ ਰਾਜਿਆਂ ’ਚੋਂ ਆਰੀਅਨ ਦਾ ਸਿੱਧੇ ਜਾਂ ਅਸਿੱਧੇ ਸਾਥ ਦੇਣ ਵਾਲ਼ੇ; ਜਿਵੇਂ ਕ੍ਰਿਸ਼ਨ, ਪ੍ਰਹਿਲਾਦ, ਧ੍ਰੂ, ਵਿਭਿਖਣ (ਭਭੀਸਣ) ਆਦਿ। ਇਨ੍ਹਾਂ ਦਾ ਇਲਾਕਾ ਮੱਧ ਅਤੇ ਦੱਖਣ ਭਾਰਤ ਹੈ। ਗੁਰਬਾਣੀ ਦੇ ਹੇਠਲੇ ਵਾਕ ਵਿਚਾਰਨਯੋਗ ਹਨ :

(ੳ). ਕਰਉ ਅਢਾਈ ਧਰਤੀ ਮਾਂਗੀ; ਬਾਵਨ ਰੂਪਿ ਬਹਾਨੈ ॥ ਕਿਉ ਪਇਆਲਿ ਜਾਇ ? ਕਿਉ ਛਲੀਐ  ? ਜੇ ਬਲਿ ਰੂਪੁ ਪਛਾਨੈ ॥ (ਮਹਲਾ ੧/੧੩੪੪) ਅਰਥ : ਵਿਸ਼ਨੂੰ ਨੇ ਬੌਣਾ ਰੂਪ ਧਾਰ ਰਾਜਾ ਬਲਿ ਤੋਂ ਕੁਟੀਆ ਬਣਾਨ ਲਈ ਢਾਈ ਕਰਮ ਜ਼ਮੀਨ ਮੰਗੀ। ਦਾਨ ਮਿਲਣ ਉਪਰੰਤ ਵੱਡਾ ਰੂਪ ਧਾਰ ਢਾਈ ਕਰਮਾਂ ’ਚ ਸਾਰੀ ਧਰਤੀ ਨਾਪ ਲਈ। ਰਾਜਾ ਬਲਿ ਨੂੰ ਆਪ ਪਾਤਾਲ ’ਚ ਰਹਿਣਾ ਪਿਆ। ਕੀ ਇਸ ਛਲ਼-ਕਪਟ ਨੂੰ ਗੁਰਮਤਿ ਕਹਿ ਸਕਦੇ ਹਾਂ ? ਜਵਾਬ : ਨਹੀਂ। ਇੱਥੇ ਰੂਹਾਨੀਅਤ ਨੁਕਤਾ ਹੈ ‘ਭਰਮ ਭੁਲੇਖਾ’। ਭਰਮ; ਇੱਕ ਦੁਬਿਧਾ ਹੈ। ਇਸ ’ਚ ਕੀਤੀ ਭਗਤੀ ਦੁੱਖੀ ਕਰਦੀ ਹੈ ਭਾਵ ਸਫਲ ਨਹੀਂ ਹੁੰਦੀ; ਜਿਵੇਂ ਦਾਨੀ ਰਾਜੇ ਬਲਿ ਦੀ ਭਗਤੀ; ਪਾਤਾਲ ’ਚ ਉਹ ਖ਼ੁਸ਼ੀ ਨਾਲ਼ ਨਹੀਂ ਗਿਆ ਬਲਕਿ ਵਿਸ਼ਨੂੰ ਨੇ ਦੋ ਕਰਮਾਂ ’ਚ ਸਾਰੀ ਧਰਤੀ ਨਾਪ ਲਈ ਤੇ ਅੱਧੀ ਕਰਮ, ਹੋਰ ਪੂਰੀ ਕਰਨ ਲਈ ਕਿਹਾ ਤਾਂ ਬਲਿ ਨੇ ਵਿਸ਼ਨੂੰ ਨੂੰ ਕਿਹਾ ਕਿ ਅੱਧੀ ਕਰਮ ਮੇਰੇ ਸਿਰ ’ਤੇ ਰੱਖ ਲਓ, ਜਿਸ ਦੇ ਦਬਾਅ ਨਾਲ਼ ਉਹ ਪਾਤਾਲ ’ਚ ਚਲਾ ਗਿਆ ਯਾਨੀ ਕਿ ਭਰਮ ’ਚ ਭਗਤੀ ਕਰਦਿਆਂ ਭੀ ਬੰਦਾ ਦੁੱਖੀ ਰਹਿੰਦਾ ਹੈ ਜਦਕਿ ਸਚਖੰਡ ਵਿਖੇ ਵਿਰਾਜਮਾਨ ਰੌਸ਼ਨ ਦਿਮਾਗ਼ ਭਗਤ ਕਦੇ ਛਲ਼-ਕਪਟ ਦਾ ਸ਼ਿਕਾਰ ਨਹੀਂ ਹੁੰਦਾ; ਜਿਵੇਂ ਕਿ 37ਵੀਂ ਪਉੜੀ (ਸਚਖੰਡ) ’ਚ ਬਿਆਨ ਕੀਤੈ ‘‘ਨਾ ਓਹਿ ਮਰਹਿ ਠਾਗੇ ਜਾਹਿ   ਜਿਨ ਕੈ ਰਾਮੁ ਵਸੈ ਮਨ ਮਾਹਿ.. ੩੭’’

(ਅ). ਪਾਂਚ ਬਰਖ ਕੋ ਅਨਾਥੁ ਧ੍ਰੂ ਬਾਰਿਕੁ; ਹਰਿ ਸਿਮਰਤ ਅਮਰ ਅਟਾਰੇ ॥ (ਮਹਲਾ ੫/੯੯੯) ਭਾਵ 5 ਸਾਲ ਦੇ ਧ੍ਰੂ ਨੇ ਭਗਤੀ ਕਰ ਵਿਸ਼ਨੂੰ ਤੋਂ ਅਮਰ ਪਦਵੀ ਪਾ ਲਈ ਤੇ 36000 ਸਾਲ ਰਾਜ ਕੀਤਾ ਯਾਨੀ ਕਿ ਦੱਖਣ ਭਾਰਤ ਦੇ ਦਰਾਵੜ ਰਾਜੇ (ਧਰੂ) ਨੂੰ ਉੱਤਰ ਭਾਰਤ ਦੇ ਆਰੀਅਨ ਰਾਜੇ (ਵਿਸ਼ਨੂੰ) ਨੇ ਵਰ ਦਿੱਤਾ, ਜੋ ਇੰਦਰ ਦਾ ਭਰਾ ਹੈ, ਜਿਸ ਦੀ ਮਹਿਮਾ ਗਾਉਂਦਾ ਹੈ ਹਿੰਦੂਆਂ ਦਾ ਸਭ ਤੋਂ ਪੁਰਾਣਾ ਗ੍ਰੰਥ ‘ਰਿਗ ਵੇਦ’। ਭਗਤ ਕਬੀਰ ਜੀ ਦੇ ਭੀ ਵਚਨ ਹਨ ‘‘ਰਾਮ ਜਪਉ ਜੀਅ ਐਸੇ ਐਸੇ ਧ੍ਰੂ ਪ੍ਰਹਿਲਾਦ ਜਪਿਓ ਹਰਿ ਜੈਸੇ ’’ (ਭਗਤ ਕਬੀਰ/੩੩੭) ਇਸ ਵਾਕ ਦਾ ਸ਼ਬਦ ‘ਜੈਸੇ’, ਸਾਬਤ ਕਰਦਾ ਹੈ ਕਿ ਇਹ ਮਿਸਾਲ ਹੈ, ਨਾ ਕਿ ਗੁਰਮਤਿ ਦਾ ਕੋਈ ਨੁਕਤਾ। ਕਬੀਰ ਜੀ ਇਹ ਹਵਾਲਾ ‘ਭਾਗਵਤ ਅਤੇ ਵਿਸ਼ਨੂੰ ਪੁਰਾਣ ਦੀ ਲਿਖਤ ’ਚੋਂ ਦੇ ਰਹੇ ਹਨ, ਜਿਨ੍ਹਾਂ ਬਾਬਤ ਉਨ੍ਹਾਂ ਖ਼ੁਦ ਕਿਹਾ ‘‘ਬੇਦ ਪੁਰਾਨ ਪੜੇ ਕਾ ਕਿਆ ਗੁਨੁ (ਲਾਭ) ? ਖਰ (ਖੋਤੇ) ਚੰਦਨ ਜਸ (ਜੈਸੇ) ਭਾਰਾ ਰਾਮ ਨਾਮ ਕੀ ਗਤਿ ਨਹੀ ਜਾਨੀ; ਕੈਸੇ ਉਤਰਸਿ ਪਾਰਾ  ?’’ (ਭਗਤ ਕਬੀਰ/੧੧੦੩) ਅਤੇ ‘‘ਪੰਡਿਤ ਜਨ ਮਾਤੇ (ਘਮੰਡੀ ਬਣੇ) ਪੜਿ੍ (ਕੇ) ਪੁਰਾਨ ’’ (ਭਗਤ ਕਬੀਰ/੧੧੯੩) ਭਾਵ ਕਬੀਰ ਜੀ ਮੁਤਾਬਕ ਪੁਰਾਣ; ਰਾਮ ਦੇ ਨਾਮ ਬਾਰੇ ਸੂਝ ਨਹੀਂ ਦਿੰਦੇ ਤਾਂ ਤੇ ‘‘ਰਾਮ ਜਪਉ ਜੀਅ ਐਸੇ ਐਸੇ ’’  ਵਾਕ ’ਚ ਹਿੰਦੂ ਸਮਾਜ ਨੂੰ ਅਸਲ ਸੱਚ ਨਾਲ਼ ਜੋੜਨ ਲਈ ਇਸ ਕੱਚ ਦਾ ਸਹਾਰਾ ਲਿਐ, ਜੋ ਉਨ੍ਹਾਂ ਅੰਦਰ ਸ਼ਰਧਾ ਬਣਾ ਚੁੱਕਾ ਸੀ, ਨਾ ਕਿ ਸਾਬਤ ਕੀਤੈ ਕਿ ਧ੍ਰੂ ਤੇ ਪ੍ਰਹਿਲਾਦ ਨੇ ਨਾਮ ਜਪਿਐ।

ਉਕਤ ਦੋਵੇਂ ਮਿਸਾਲਾਂ ’ਚ ਵਿਸ਼ਨੂੰ ਨੂੰ ਸਰਬ ਸ਼ਕਤੀਮਾਨ ਮੰਨਿਆ ਗਿਆ ਹੈ। ਗੁਰਬਾਣੀ ਪ੍ਰਤੀ ਸ਼ਰਧਾਵਾਨ ਕਹਿ ਸਕਦੈ ਕਿ ‘ਵਿਸ਼ਨੂੰ’ ਦਾ ਅਰਥ ਆਰੀਅਨ ਰਾਜਾ ਨਹੀਂ; ਨਿਰਾਕਾਰ ਰੱਬ ਹੈ, ਪਰ ਫਿਰ ਗੁਰਮਤਿ ਦੀ ਵਿਲੱਖਣਤਾ (ਜੋ ੴ ਦੇ ਅਰਥ ’ਚ ਹੈ) ਮਰਦੀ ਹੈ। ਜੇਕਰ ਧਰੂ-ਪ੍ਰਹਿਲਾਦ ਸਮੇਂ ਹੀ ਨਿਰਾਕਾਰ ਦੀ ਹੋਂਦ ਪ੍ਰਤੱਖ ਹੋ ਚੁੱਕੀ ਸੀ ਤਾਂ ਬ੍ਰਹਮਾ, ਵਿਸ਼ਨੂੰ, ਸ਼ਿਵ ਨੂੰ ਕਰਤਾ, ਧਰਤਾ, ਹਰਤਾ ਕਿਉਂ ਮੰਨਿਆ ਜਾਂਦਾ। ਸੋ ਨਿਰਾਕਾਰ ਦੇ ਵਜੂਦ ਨੂੰ ਗੁਰੂ ਨਾਨਕ ਜੀ ਨੇ ਪ੍ਰਗਟ ਕੀਤੈ, ਨਾ ਕਿ ਤਿੰਨ ਚਾਰ ਹਜ਼ਾਰ ਪਹਿਲਾਂ ਕਿਸੇ ਬ੍ਰਾਹਮਣ ਨੇ, ਤਾਂ ਜੋ ‘ਭਾਗਵਤ ਅਤੇ ਵਿਸ਼ਨੂੰ ਪੁਰਾਣ ਦੀਆਂ ਸਾਖੀਆਂ ’ਚ ਦਰਜ ਵਿਅਕਤੀ ਵਿਸ਼ੇਸ਼ ਨਾਂਵਾਂ ਨੂੰ ਗੁਰਮਤਿ ਅਨੁਸਾਰੀ ਉਲਥਾ ਲਈਏ, ਜਿਨ੍ਹਾਂ ਨੂੰ ਗੁਰਬਾਣੀ ‘‘ਜੁਗਹ ਜੁਗਹ ਕੇ ਰਾਜੇ ਕੀਏ; ਗਾਵਹਿ ਕਰਿ ਅਵਤਾਰੀ ॥’’ (ਮਹਲਾ ੩/੪੨੩) ਬਿਆਨ ਕਰਦੀ ਪਈ ਹੈ। ਸੋ ਇਹ ਸਭ ਮਿਸਾਲ ਮਾਤਰ ਹਨ, ਨਾ ਕਿ ਰੂਹਾਨੀਅਤ ਸਚਾਈ।

ਦਰਅਸਲ ਰੂਹਾਨੀਅਤ ਅਨੁਭਵ (ਯਾਨੀ ਕਿ ਗੁਰਮਤਿ) ’ਤੇ ਵਿਸ਼ਵਾਸ ਧਾਰ ਮਨਹਠ ਛੱਡਣਾ ਪੈਂਦਾ ਹੈ ਅਤੇ ਗਿਆਨ ਇੰਦ੍ਰੇ; ਬੌਧਿਕ ਗਿਆਨ ’ਤੇ ਭਰੋਸਾ ਕਰਾ ਮਨਹਠ ਜੀਵਤ ਰੱਖਣ ’ਚ ਮਦਦ ਕਰਦੇ ਹਨ ‘‘ਹੋਇ ਅਨੰਨਿ (ਸੰਨਿਆਸੀ), ਮਨਹਠ ਕੀ ਦ੍ਰਿੜਤਾ; ਆਪਸ ਕਉ ਜਾਨਾਤ ’’ (ਮਹਲਾ /੪੯੬) ਸੁਰਤਿ ਨੂੰ ਉੱਚਾ ਚੁੱਕਣ ਲਈ ਸਵੈ ਪੜਚੋਲ ਜ਼ਰੂਰੀ ਹੈ, ਜੋ ਰੂਹਾਨੀਅਤ ਅਨੁਭਵ ਕਰਾਏਗਾ, ਨਾ ਕਿ ਦਿੱਤੀ ਕੋਈ ਮਿਸਾਲ, ਫਿਰ ਭੀ ਸਿੱਖ ਮਿਸਾਲ ਨੂੰ ਗੁਰਮਤਿ ਮੰਨਦੇ ਪਏ ਹਨ; ਜਿਵੇਂ ਕਿ ਗੁਰੂ ਜੀ ਦਾ ਅਨੁਭਵ/ਤਜਰਬਾ ਹੈ ਕਿ ਝੂਠੇ ਬੰਦੇ ਦਾ ਕਿਰਦਾਰ ਹੀ ਝੂਠਾ ਹੋ ਜਾਂਦਾ ਹੈ। ਮੂੰਹੋਂ ਵਾਰ-ਵਾਰ ਝੂਠ ਟਪਕਦੈ। ਬਾਹਰੋਂ ਸਰੀਰ ਧੋਤਿਆਂ ਇਹ ਬੰਦ ਨਹੀਂ ਹੋਣਾ। ਝੂਠ ਦੀ ਥਾਂ; ਮਨ ਅੰਦਰੋਂ ਸੱਚ ਨਾਲ਼ ਜੁੜਨਾ ਹੈ ਤਾਂ ਜੋ ਝੂਠ ਕਿਰਨਾ ਬੰਦ ਹੋਵੇ ‘‘ਜੂਠੇ ਜੂਠਾ ਮੁਖਿ ਵਸੈ; ਨਿਤ ਨਿਤ ਹੋਇ ਖੁਆਰੁ   ਸੂਚੇ ਏਹਿ ਆਖੀਅਹਿ; ਬਹਨਿ ਜਿ ਪਿੰਡਾ ਧੋਇ   ਸੂਚੇ ਸੇਈ ਨਾਨਕਾ ! ਜਿਨ ਮਨਿ ਵਸਿਆ ਸੋਇ (ਮਹਲਾ /੪੭੨) ਪਰ ਇੱਥੇ ਮੂੰਹੋਂ ਕਿਰਦੇ ਝੂਠ ਬਾਰੇ ਦਿੱਤੀ ਮਿਸਾਲ ‘‘ਜਿਉ ਜੋਰੂ ਸਿਰਨਾਵਣੀ; ਆਵੈ ਵਾਰੋ ਵਾਰ ’’  ਨੂੰ ਹੀ ਗੁਰਮਤਿ ਸਮਝ ਔਰਤ; ਅਪਵਿੱਤਰ ਬਣਾ ਦਿੱਤੀ ਅਤੇ ਉਸ ਨਾਲ਼ ਜਤਾਈ ਹਮਦਰਦੀ ‘‘ਸੋ ਕਿਉ ਮੰਦਾ ਆਖੀਐ; ਜਿਤੁ ਜੰਮਹਿ ਰਾਜਾਨ ’’ (ਮਹਲਾ /੪੭੩) ਛੁਪਾ ਲਈ।

 ਬੌਧਿਕ ਗਿਆਨ ਕਿਸੇ ਨੂੰ ਸਵੈ ਪੜਚੋਲ ਨਹੀਂ ਕਰਾਉਂਦਾ ਕਿਉਂਕਿ ਇਹ; ਰੂਹਾਨੀਅਤ ਵਾਙ ਇੱਕ ਤਰਫ਼ਾ ਸਿਧਾਂਤ ਨਹੀਂ ਹੁੰਦਾ। ਰੂਹਾਨੀਅਤ ਦੇ ਪ੍ਰਸੰਗ ਮੁਤਾਬਕ ਇਹ; ਸੂਕਰ (ਸੂਰ) ਨੂੰ ਚੰਗਾ ਭੀ ਆਖਦੈ ‘‘ਕਬੀਰ  ! ਸਾਕਤ ਤੇ (ਨਾਸਤਿਕ ਤੋਂ) ਸੂਕਰ ਭਲਾ; ਰਾਖੈ ਆਛਾ ਗਾਉ (ਗਾਂਉ)’’ (ਭਗਤ ਕਬੀਰ/੧੩੭੨) ਅਤੇ ਉਸ ਨੂੰ ਬੁਰਾ ਭੀ ਮੰਨਦੈ; ਜਿਵੇਂ ‘‘ਏਕ ਭਗਤਿ ਭਗਵਾਨ; ਜਿਹ ਪ੍ਰਾਨੀ ਕੈ ਨਾਹਿ ਮਨਿ (’)  ਜੈਸੇ ਸੂਕਰ ਸੁਆਨ; ਨਾਨਕ  !  ਮਾਨੋ ਤਾਹਿ ਤਨੁ ’’ (ਮਹਲਾ /੧੪੨੮)

ਗੁਰੂ ਗ੍ਰੰਥ ਸਾਹਿਬ; 35 ਰੂਹਾਨੀਅਤ ਮਹਾਂਪੁਰਸ਼ਾਂ ਦੁਆਰਾ ਸਵੈ ਪੜਚੋਲ ਕਰ ਦਰਜਨ ਤੋਂ ਵੱਧ ਭਾਸ਼ਾਵਾਂ ’ਚ ਲਿਖਿਆ ਵਿਅਕਤੀਗਤ ਤਜਰਬਾ (ਸ਼ਬਦ ਸੰਗ੍ਰਹਿ) ਹੈ, ਜਿਸ ਦਾ ਆਧਾਰ; ਇਹ ਨੁਕਤੇ ਹਨ, ਜੋ ਗੁਰਮਤਿ ਦੀ ਵਿਲੱਖਣਤਾ ਨੂੰ ਦਰਸਾਉਂਦੇ ਹਨ :

(1). ਰੱਬ; ਨਿਰਾਕਾਰ ਹੈ, ਅਦ੍ਰਿਸ਼ ਹੈ, ਸਦੀਵੀ ਸਥਿਰ ਹੈ, ਜੋਤਿ ਸਰੂਪ ਵਜੋਂ ਜ਼ਰਰੇ-ਜ਼ਰਰੇ ’ਚ ਮੌਜੂਦ ਹੈ ਤਾਹੀਓਂ ਸਭ ਦੇ ਦਿਲਾਂ ਤੋਂ ਜਾਣੂ ਹੈ।  ਜੋਤਿ ਸਰੂਪ ਤੋਂ ਭਾਵ ਚੇਤਨ ਸੱਤਾ ਹੈ, ਆਤਮ ਪ੍ਰਕਾਸ਼ ਹੈ, ਅਦ੍ਰਿਸ਼ ਸ਼ਕਤੀ ਹੈ। ਉਸ ਨਾਲ਼ ਇਕ-ਮਿਕ ਹੋਇਆ ਸ਼ਖ਼ਸ/ਗੁਰੂ ਹੀ ਐਸੀ ਸੂਝ ਦਿੜ੍ਹਤਾ ਨਾਲ਼ ਪੈਰੋਕਾਰਾਂ (ਸਿੱਖਾਂ) ਅੰਦਰ ਭਰ ਸਕਦਾ ਹੈ।

(2). ਨਿਰਾਕਾਰ ਹੀ ਆਕਾਰ ਯਾਨੀ ਕਿ ਸ੍ਰਿਸ਼ਟੀ ਨੂੰ ਬਣਾਨ ਵਾਲ਼ਾ, ਪਾਲਣਹਾਰ ਅਤੇ ਨਾਸ਼ ਕਰਨ ਵਾਲ਼ਾ ਹੈ। ਪਾਲਣਹਾਰ ਤੋਂ ਭਾਵ ਕੇਵਲ ਸਮਾਜਿਕ ਲੋੜਾਂ ਦੇਣ ਤੱਕ ਨਹੀਂ ਬਲਕਿ ਗੁਰੂ ਰਾਹੀਂ ਆਪਣੀ ਮੌਜੂਦਗੀ ਅਤੇ ਸੁਭਾਅ ਦਾ ਅਹਿਸਾਸ ਕਰਵਾਉਣਾ ਭੀ ਹੈ।, ਨਾਸ਼ ਕਰਨ ਤੋਂ ਭਾਵ ਕੇਵਲ ਸਰੀਰਕ ਮੌਤ ਨਹੀਂ ਬਲਕਿ ਆਤਮਿਕ ਮੌਤ ਮਾਰਨਾ ਭੀ ਹੈ।

(3). ਆਕਾਰ ਯਾਨੀ ਕਿ ਜਗਤ ਰਚਨਾ; ਨਿਰਾਕਾਰ ਦੀ ਖੇਡ ਹੈ, ਮੌਜ ਹੈ, ਪਰ ਇਹ ਸਦੀਵੀ ਸਥਿਰ ਨਾ ਹੋਣ ਕਾਰਨ ਕਈ ਵਾਰ ਬਣੀ ਤੇ ਓਨੀ ਵਾਰ ਹੀ ਨਾਸ਼ ਹੋਈ। ਅਗਾਂਹ ਭੀ ਇਹ ਸਿਲਸਿਲਾ ਜਾਰੀ ਰਹੇਗਾ, ਜਿਸ ਨੂੰ ਕਿਆਮਤ ਭੀ ਕਿਹਾ ਜਾਂਦਾ ਹੈ।

(4). ਨਿਰਾਕਾਰ ਦੇ ਹੁਕਮ ’ਚ ਜੀਵ ਰਚਨਾ ਉਪਜਦੀ ਹੈ ਤੇ ਜੀਵਾਂ ਦੁਆਰਾ ਕੀਤੇ ਕਰਮ; ਭਾਗ/ਨਸੀਬ ਬਣਦੇ ਗਏ। ਇਸ ਭਾਗ ਮੁਤਾਬਕ ਰੱਬ ਦਾ ਹੁਕਮ ਅਤੇ ਹੁਕਮ ਮੁਤਾਬਕ ਭਾਗ ਰਚਨ ਵਾਲ਼ੇ ਰੱਬ ਨੂੰ ਸਮਝਣਾ ਹੀ ਆਪਣਾ ਭਾਗ ਮਿਟਾਉਣਾ ਹੈ, ਮੁਕਤ ਹੋਣਾ ਹੈ।  ਮੁਕਤ ਹੋਇਆ ਮੁੜ ਆਪਣੇ ਸਰੋਤ ਨਿਰਾਕਾਰ ’ਚ ਲੀਨ ਹੋ ਜਾਂਦਾ ਹੈ। ਇਸ ਅਲੌਕਿਕ ਮਾਰਗ ’ਚ ਸਤਿਗੁਰੂ; ਪੈਰੋਕਾਰ ਦਾ ਭਰੋਸਾ ਨਹੀਂ ਟੁੱਟਣ ਦਿੰਦਾ, ਇਸ ਲਈ ਗੁਰੂ ਪਾਸੋਂ ‘ਭਰੋਸਾ ਦਾਨ’ ਮੰਗੀਦਾ ਹੈ। ਇਹੀ ਕਰਤਾਰ ਦੀ ਹੋਂਦ ਅਤੇ ਉਸ ਦੇ ਸੁਭਾਅ ਨੂੰ ਸਮਝਣ ਦਾ ਤਰੀਕਾ ਹੈ।

ਉਕਤ ਗੁਰਮਤਿ ਏਜੰਡਾ (ਫ਼ਲਸਫ਼ਾ) ਭਾਵੇਂ ਸੰਖੇਪ ਮਾਤਰ ਹੈ, ਪਰ ਇਸ ’ਤੇ ਭਰੋਸਾ ਕਰਨ ਅਤੇ ਹੂ-ਬਹੂ ਅਮਲ ’ਚ ਲਿਆਉਣ ਲਈ ਸਾਰੀ ਉਮਰ ਭੀ ਥੋੜ੍ਹੀ ਹੈ। ਇਸ ਦੇ ਪ੍ਰਚਾਰ-ਪ੍ਰਸਾਰ ਲਈ ਸਤਿਗੁਰੂ ਜੀ ਬਿਖੜੇ ਸੰਸਾਰਕ ਮਾਰਗ ’ਤੇ ਹਜ਼ਾਰਾਂ ਮੀਲ ਸਫ਼ਰ ਕਰਦੇ ਰਹੇ, ਪਰ ਸਿੱਖਾਂ ਅੰਦਰ ਉਪਜਦੇ ਇਨ੍ਹਾਂ ਗੁਰਮਤਿ ਨੁਕਤਿਆਂ ਬਾਰੇ ਸੰਦੇਹ, ਸਾਬਤ ਕਰਦੇ ਹਨ ਕਿ ਅਸੀਂ ਗੁਰਬਾਣੀ ਨੂੰ ਅਜੇ ਸਮਝ ਹੀ ਨਾ ਸਕੇ, ਇਸ ਦਾ ਪ੍ਰਚਾਰ-ਪ੍ਰਸਾਰ ਕਰਨਾ ਤਾਂ ਬਹੁਤ ਦੂਰ ਜਦਕਿ ਗੁਰਬਾਣੀ ਦੇ ਟੀਕੇ ਅਤੇ ਸ਼ਬਦ ਕੋਸ਼ ਸਾਡੀ ਮਦਦ ਕਰਦੇ ਪਏ ਹਨ। ਗੁਰਮਤਿ ਦੇ ਸਰੋਤ (ਨਿਰਾਕਾਰ) ਬਾਰੇ ਹੀ ਪਹਿਲਾ ਸੰਦੇਹ ਹੈ ਕਿ ਇਹ ਇੱਕ ਨਿਰਾਕਾਰ ਹੈ ਜਾਂ ਸਰਗੁਨ ਅਤੇ ਨਿਰਗੁਨ ਦੋ ਹਨ; ਜਿਵੇਂ ਕਿ ਗੁਰੂ ਅਰਜਨ ਸਾਹਿਬ ਜੀ ਦੇ ਵਚਨ ਹਨ ‘‘ਸਰਗੁਨ ਨਿਰਗੁਨ ਨਿਰੰਕਾਰ’’ (ਸੁਖਮਨੀ/ਮਹਲਾ /੨੯੦) ਸਰਗੁਨ ਤੋਂ ਭਾਵ ਹੈ ਮਾਯਾ ਦੇ ਤਿੰਨ ਗੁਣ ‘ਰਜੋ, ਤਮੋ ਤੇ ਸਤੋ’। ਰਜੋ ਤੋਂ ਭਾਵ ਹੈ ਮਿਹਨਤ।, ਤਮੋ ਤੋਂ ਭਾਵ ਹਨ੍ਹੇਰਾ, ਨਾਸਮਝੀ।, ਸਤੋ ਤੋਂ ਭਾਵ ਹੈ ਵਿਖਾਵੇ ਮਾਤਰ ਕੀਤੇ ਜਾਂਦੇ ਚੰਗੇ ਕੰਮ ਯਾਨੀ ਕਿ ਸਰਗੁਨ ਦਾ ਅਰਥ ਹੈ ‘ਆਕਾਰ, ਸਮਾਜਿਕ ਦ੍ਰਿਸ਼ਟੀਕੋਣ, ਗਿਆਨ ਇੰਦ੍ਰਿਆਂ ਰਾਹੀਂ ਪਕੜ ’ਚ ਆਉਂਦੀ ਜਗਤ ਰਚਨਾ’ ਅਤੇ ਨਿਰਗੁਨ ਤੋਂ ਭਾਵ ਹੈ ਜਿਸ ਵਿੱਚ ਇਹ ਤਿੰਨੇ ਗੁਣ ਨਾ ਹੋਣ ਯਾਨੀ ਕਿ ‘ਨਿਰਾਕਾਰ, ਅਦ੍ਰਿਸ਼ ਸ਼ਕਤੀ’। ਹੁਣ ਸੋਚਣਾ ਬਣਦੈ ਕਿ, ਕੀ ਸਰਗੁਨ ਰੂਪ ਨੂੰ ‘‘ਆਦਿ ਸਚੁ; ਜੁਗਾਦਿ ਸਚੁ ਹੈ ਭੀ ਸਚੁ; ਨਾਨਕ  ! ਹੋਸੀ ਭੀ ਸਚੁ ’’ ਕਹਿ ਸਕਦੇ ਹਾਂ ? ਜਵਾਬ : ਨਹੀਂ ਕਿਉਂਕਿ ਗੁਰੂ ਅਰਜਨ ਸਾਹਿਬ ਜੀ ਖ਼ੁਦ ਹੀ ਸਰਗੁਨ ਰੂਪ ਨੂੰ ਨਿਰਾਕਾਰ ਵਾਙ ਸਥਾਈ ਨਹੀਂ ਮੰਨਦੇ ‘‘ਦ੍ਰਿਸਟਿਮਾਨ ਹੈ ਸਗਲ ਬਿਨਾਸੀ..’’ (ਮਹਲਾ /੧੨੦੪) ਅਰਥ: ਜਗਤ ਰਚਨਾ ਸਥਾਈ ਨਹੀਂ;  ਤਾਂ ਤੇ ਰੱਬ ਦਾ ਸਰਗੁਨ ਰੂਪ ਹੀ ਬੌਧਿਕ ਗਿਆਨ ਹੈ, ਜੋ ਸਰਵ ਵਿਆਪਕ ਅਦ੍ਰਿਸ਼ ਨਿਰਗੁਨ ਨੂੰ ਪ੍ਰਗਟ ਕਰਨ ’ਚ ਮਿਸਾਲ ਬਣਦਾ ਹੈ। ਸਦੀਆਂ ਤੋਂ ਸਰਗੁਨ ਦੀ ਕਿਸੇ ਨਾ ਕਿਸੇ ਰੂਪ ’ਚ ਪੂਜਾ ਹੁੰਦੀ ਆਈ ਹੈ, ਪਰ ਸਿੱਖ ਨੇ ਨਿਰਗੁਨ ਨਾਲ਼ ਜੁੜਨਾ ਹੈ, ਨਾ ਕਿ ਆਕਾਰ ਯਾਨੀ ਸਰਗੁਨ ਨਾਲ਼।

ਦੂਜਾ ਸੰਦੇਹ : ‘ਜਪੁ’ ਬਾਣੀ ਦੇ ਅਰੰਭ ’ਚ ਮੰਗਲਾਚਰਨ ਵਜੋਂ ਦਰਜ ਸਲੋਕ ‘‘ਆਦਿ ਸਚੁ; ਜੁਗਾਦਿ ਸਚੁ ’’  ਵਾਙ ਗੁਰੂ ਅਰਜਨ ਸਾਹਿਬ ਭੀ ਜੈਤਸਰੀ ਕੀ ਵਾਰ ਦੇ ਅਰੰਭ ’ਚ ਮੰਗਲਾਚਰਨ ਰੂਪ ਅਜਿਹਾ ਹੀ ਅਨੁਭਵ (ਸਲੋਕ) ਦਰਜ ਕਰਦੇ ਹਨ ‘‘ਆਦਿ ਪੂਰਨ, ਮਧਿ ਪੂਰਨ; ਅੰਤਿ ਪੂਰਨ ਪਰਮੇਸੁਰਹ   ਸਿਮਰੰਤਿ ਸੰਤ ਸਰਬਤ੍ਰ ਰਮਣੰ; ਨਾਨਕ ! ਅਘ ਨਾਸਨ ਜਗਦੀਸੁਰਹ (ਮਹਲਾ /੭੦੫)  ਅਰਥ : ਜਗਤ ਰਚੇਤਾ ਤੇ ਪਾਪ ਨਾਸ਼ਕ ਪਰਮੇਸ਼ਰ; ਸ੍ਰਿਸ਼ਟੀ ਬਣਨ ਤੋਂ ਪਹਿਲਾਂ ਭੀ ਹਰ ਥਾਂ ਸੀ (ਆਦਿ ਸਚੁ), ਹੁਣ ਭੀ ਸਰਵ ਵਿਆਪਕ ਹੈ (ਹੈ ਭੀ ਸਚੁ) ਅਤੇ ਕਿਆਮਤ ਤੋਂ ਬਾਅਦ ਭੀ ਹਰ ਥਾਂ ਭਰਪੂਰ ਰਹੇਗਾ (ਹੋਸੀ ਭੀ ਸਚੁ) ।  ਅਸਲ ਸੰਤ-ਜਨ ਉਹੀ ਹਨ, ਜੋ ਉਸ ਨੂੰ ਸਿਮਰਦੇ ਹਨ, ਯਾਦ ਕਰਦੇ ਹਨ।

‘ਸਚੁ’ ਦਾ ਅਰਥ ਹੈ ਸਦੀਵੀ ਸਥਿਰ (ਰੱਬ) ਅਤੇ ‘ਪੂਰਨ’ ਦਾ ਅਰਥ ਹੈ ਸਰਵ ਵਿਆਪਕ (ਰੱਬ)। ਗੁਰਮਤਿ ਅਨੁਸਾਰ ਜੋ ਸਦੀਵੀ ਸਥਿਰ ਹੈ ਉਹ ਸਰਵ ਵਿਆਪਕ ਭੀ ਹੈ ਅਤੇ ਜੋ ਸਰਵ ਵਿਆਪਕ ਹੈ ਉਹ ਸਦੀਵੀ ਸਥਿਰ ਭੀ ਹੈ ਯਾਨੀ ਕਿ ‘ਆਦਿ ਸਚੁ’ ਹੀ ‘ਆਦਿ ਪੂਰਨ’ ਹੈ ਅਤੇ ‘ਮਧਿ ਪੂਰਨ’ ਹੀ ‘ਹੈ ਭੀ ਸਚੁ’ ਹੈ। ਇਸ ਨਿਰੋਲ ਅਨੁਭਵੀ ਸਚਾਈ ’ਤੇ ਨਿਸ਼ਚਾ ਕਰ ਸ਼ਰਧਾਲੂ ਨੇ ਆਪਣੀ ਸੰਸਾਰਕ (ਸਰਗੁਨ) ਪਕੜ ਢਿੱਲੀ ਕਰ ਨਿਰਗੁਨ ਨੂੰ ਹੀ ਸਭ ਕੁੱਝ ਮੰਨਣਾ ਸੀ, ਪਰ ਕੀਤਾ ਬਿਲਕੁਲ ਉਲ਼ਟ; ‘‘ਆਦਿ ਪੂਰਨ, ਮਧਿ ਪੂਰਨ’’  ਯਾਨੀ ਕਿ ‘‘ਆਦਿ ਸਚੁ; ਜੁਗਾਦਿ ਸਚੁ’’ ਨੂੰ  ਸਰਗੁਨ ਵੱਲ ਹੀ ਉਲਥਾ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਆਦਿ, ਮਧਿ, ਅੰਤਿ ਮੰਨ 705 ਅੰਕ ’ਤੇ ਪਾਠ ਪਹੁੰਚਦਿਆਂ ਮੱਧ ਦੀ ਅਰਦਾਸ ਹੋਣ ਲੱਗੀ ਯਾਨੀ ਕਿ ਸਰਗੁਨ ਪ੍ਰਤੀ ਸ਼ਰਧਾ ਵਧਾਈ ਗਈ (ਜਿਸ ਪਾਸਿਓਂ ਰੋਕਿਆ ਸੀ) ਤਾਂ ਜੋ ਸਰਗੁਨ ਰੂਪ ਵਜੋਂ ‘ਸੰਤ, ਬ੍ਰਹਮਗਿਆਨੀ’ ਆਦਿ ’ਤੇ ਭੀ ਸੰਦੇਹ ਨਾ ਕੀਤਾ ਜਾਏ। ਗਿਆਨ ਵਿਹੂਣੀ ਸ਼ਰਧਾ ਨੇ ਗੁਰਬਾਣੀ ਦੇ ਅੰਕ 1430 ਦਾ ਮੱਧ 715 ਹੁੰਦੈ ਜਾਂ 705; ਭੀ ਨਾ ਵਿਚਾਰਿਆ।

ਬੌਧਿਕ ਗਿਆਨ ਦਾ ਭੀ ਆਪਣਾ ਅਨੁਭਵ ਹੈ; ਪਰ ਰੂਹਾਨੀਅਤ ਵਾਙ ਇਹ ਵਿਸ਼ਾਲ ਨਹੀਂ ਹੁੰਦਾ; ਜਿਵੇਂ ਗਿਆਨ ਇੰਦ੍ਰਿਆਂ ਰਾਹੀਂ ਬਣਿਆ ਡਾਕਟਰ; ਇੰਜੀਨੀਅਰ ਨਹੀਂ ਹੁੰਦਾ ਅਤੇ ਇੰਜੀਨੀਅਰ; ਤਾਰਾ ਮੰਡਲ ਬਾਰੇ ਨਹੀਂ ਜਾਣਦਾ, ਪਰ ਰੂਹਾਨੀਅਤ ਸੂਝ ਨੇ ਗੁਰੂ ਨਾਨਕ ਜੀ ਨੂੰ ਡਾਕਟਰ ਭੀ ਸਾਬਤ ਕੀਤਾ, ਖਗੋਲ ਵਿਗਿਆਨੀ ਭੀ। ਉਨ੍ਹਾਂ ਨੇ ਸਰਗੁਨ ਰੂਪ ’ਚੋਂ ਨਿਰਗੁਨ ਰੂਪ ਨੂੰ ਪ੍ਰਤੱਖ ਕਰ ਦਿੱਤਾ।  ਸਰਗੁਨ ਤੋਂ ਪਹਿਲਾਂ ਯਾਨੀ ਕਿ ਪੂਰਵ ਕਾਲ ‘‘ਅਰਬਦ ਨਰਬਦ ਧੁੰਧੂਕਾਰਾ ਧਰਣਿ (ਧਰਤੀ) ਗਗਨਾ (ਅਕਾਸ਼); ਹੁਕਮੁ ਅਪਾਰਾ   ਨਾ ਦਿਨੁ ਰੈਨਿ (ਰਾਤ), ਚੰਦੁ ਸੂਰਜੁ; ਸੁੰਨ ਸਮਾਧਿ ਲਗਾਇਦਾ ’’ (ਮਹਲਾ /੧੦੩੫) ਤੋਂ ਲੈ ਕੇ ਸਰੁਗਨ ਦੇ ਵਿਨਾਸ਼ ਯਾਨੀ ਕਿ ਕਿਆਮਤ ਉਪਰੰਤ ‘‘ਨਾਨਕ  ! ਹੋਸੀ ਭੀ ਸਚੁ ’’  ਬਿਆਨ ਕੀਤਾ ਭਾਵ ਸਰਗੁਨ; ਨਾਸ਼ਵਾਨ ਹੈ ਅਤੇ ਨਿਰਗੁਨ; ਸਦੀਵੀ ਸਥਿਰ ਸੀ, ਹੈ ਅਤੇ ਰਹੇਗਾ।  ਸਤਿਗੁਰੂ ਅੰਦਰੋਂ ਪ੍ਰਗਟ ਹੋਇਆ ਇਹ ਅਨੁਭਵ; ਦਰਅਸਲ ਜੋਤਿ ਸਰੂਪ ’ਚ ਸਰਵ ਵਿਆਪਕ ਰੱਬ ਹੈ ‘‘ਜੋਤਿ ਰੂਪਿ ਹਰਿ ਆਪਿ; ਗੁਰੂ ਨਾਨਕੁ ਕਹਾਯਉ ॥’’  (ਭਟ ਮਥੁਰਾ/੧੪੦੮) ਕਿਉਂਕਿ ਜਗਤ ਰਚਣਹਾਰ ਤੋਂ ਬਿਨਾਂ ਅਜਿਹਾ ਹੋਰ ਕੋਈ ਨਹੀਂ ਜਾਣ ਸਕਦਾ

ਗੁਰਬਾਣੀ ਦੇ ਕਿਸੇ ਇੱਕ ਨੁਕਤੇ ਲਈ ਤਾਂ ਬੌਧਿਕ ਗਿਆਨ ਮਿਸਾਲ ਹੋ ਸਕਦਾ ਹੈ, ਪਰ ਸਮੁੱਚੀ ਗੁਰਮਤਿ ਸਾਮ੍ਹਣੇ ਇਹ ਬੌਣਾ ਹੈ, ਮਿਸਾਲ ਦੇਣ ਲਾਇਕ ਭੀ ਨਹੀਂ; ਜਿਵੇਂ ਸਚਖੰਡ ਪੜਾਅ, ਜਿਸ ਦੀ ਵਿਆਖਿਆ ਹਰ ਲੰਬੀ ਰਚਨਾ ਦੇ ਅੰਤ ’ਚ ਭੀ ਹੁੰਦੀ ਹੈ। ਇਸ ਪੜਾਅ ’ਚ ਬੌਧਿਕ ਗਿਆਨ ਬਿਲਕੁਲ ਨਹੀਂ; ਜਿਵੇਂ ਕਿ

(1). ‘ਜਪੁ’ ਬਾਣੀ ਦੀ 37ਵੀਂ ਪਉੜੀ ਦੇ ਸ਼ਾਬਦਿਕ ਅਰਥ ਹਨ : ਕੁਦਰਤ ਰਚੇਤਾ ਨਿਰਾਕਾਰ; ਸਚਖੰਡ ’ਚ ਵਸਦਾ ਹੈ। ਆਪਣੀ ਪ੍ਰਸੰਨ-ਚਿਤ ਨਜ਼ਰ ਨਾਲ਼ ਸਭ ਨੂੰ ਪੈਦਾ ਕਰ-ਕਰ ਸੰਭਾਲ਼ਦਾ ਹੈ। ਉਸ ਦੇ ਹੁਕਮ ’ਚ ਹੀ ਖੰਡ, ਮੰਡਲ, ਬ੍ਰਹਿਮੰਡ, ਆਕਾਸ਼, ਤ੍ਰਿਲੋਕ ਆਦਿਕ ਉਪਜਦੇ, ਚੱਲਦੇ ਅਤੇ ਨਾਸ਼ ਹੁੰਦੇ ਹਨ। ਜਿਵੇਂ ਉਹ ਚਾਹੁੰਦਾ ਹੈ; ਓਵੇਂ ਹੁੰਦਾ ਪਿਐ ਤਾਹੀਓਂ ਸਭ ਨੂੰ ਵੇਖ ਖ਼ੁਸ਼ ਹੁੰਦੈ, ਇਸ ਪੜਾਅ ਬਾਰੇ ਹੋਰ ਬਿਆਨ ਕਰਨਾ, ਕਠਿਨ ਹੈ ਕਿਉਂਕਿ ਰੱਬੀ ਵਿਸ਼ਾਲਤਾ ਦਾ ਕੋਈ ਅੰਤ ਨਹੀਂ ‘‘ਸਚਖੰਡਿ ਵਸੈ ਨਿਰੰਕਾਰੁ   ਕਰਿ ਕਰਿ ਵੇਖੈ; ਨਦਰਿ ਨਿਹਾਲ   ਤਿਥੈ; ਖੰਡ ਮੰਡਲ ਵਰਭੰਡ   ਜੇ ਕੋ ਕਥੈ; ਅੰਤ ਅੰਤ   ਤਿਥੈ, ਲੋਅ ਲੋਅ ਆਕਾਰ   ਜਿਵ ਜਿਵ ਹੁਕਮੁ; ਤਿਵੈ ਤਿਵ ਕਾਰ   ਵੇਖੈ, ਵਿਗਸੈ; ਕਰਿ ਵੀਚਾਰੁ   ਨਾਨਕ  ! ਕਥਨਾ ਕਰੜਾ ਸਾਰੁ ੩੭’’ (ਜਪੁ)

(2). ਆਸਾ ਕੀ ਵਾਰ ’ਚ ਅੰਤਮ ਪਉੜੀ 24ਵੀਂ ਹੈ, ਜਿਸ ਅੰਦਰ ਗੁਰੂ ਨਾਨਕ ਜੀ ਫ਼ੁਰਮਾਉਂਦੇ ਹਨ ‘ਜੀਵ ਦਾ ਚੰਗਾ-ਮੰਦਾ ਬਣਨਾ, ਵੱਡੇ ਮਾਲਕ ਦੀ ਰਜ਼ਾ/ਖੇਡ ਹੈ। ਉਹ ਕਿਉਂ ਕਰਦਾ ਹੈ ? ਇਸ ਬਾਰੇ ਕੁੱਝ ਨਹੀਂ ਕਹਿ ਸਕਦੇ। ਉਹ ਪੈਦਾ ਕਰਨ ਵਾਲ਼ਾ, ਰਿਜ਼ਕ ਦੇਣ ਵਾਲ਼ਾ ਤੇ ਮਿਹਰ ਕਰਨ ਵਾਲ਼ਾ ਹੈ। ਸਾਰੇ ਜੀਵਾਂ ਨੂੰ ਰਿਜ਼ਕ ਪਹੁੰਚਾਉਂਦਾ ਹੈ। ਜੀਵ ਨੇ ਉਹੀ ਕਿਰਤ ਕਰਨੀ ਹੁੰਦੀ ਹੈ, ਜੋ ਬਚਪਨ ਤੋਂ ਉਸ ਨੇ ਨਸੀਬ ’ਚ ਲਿਖੀ ਹੈ। ਉਸ ਤੋਂ ਇਲਾਵਾ ਜੀਵਾਂ ਨੂੰ ਕੋਈ ਹੋਰ ਆਸਰਾ ਨਹੀਂ। ਮਾਲਕ ਨੂੰ ਜੋ ਪਸੰਦ ਹੈ, ਉਹੀ ਜਗਤ ’ਚ ਕਰਦਾ ਹੈ ‘‘ਵਡੇ ਕੀਆ ਵਡਿਆਈਆ; ਕਿਛੁ ਕਹਣਾ ਕਹਣੁ ਜਾਇ   ਸੋ ਕਰਤਾ ਕਾਦਰ ਕਰੀਮੁ; ਦੇ ਜੀਆ ਰਿਜਕੁ ਸੰਬਾਹਿ   ਸਾਈ ਕਾਰ ਕਮਾਵਣੀ; ਧੁਰਿ ਛੋਡੀ ਤਿੰਨੈ ਪਾਇ (ਉਸ ਨੇ ਪਾ ਕੇ)  ਨਾਨਕ  ! ਏਕੀ ਬਾਹਰੀ; ਹੋਰ ਦੂਜੀ ਨਾਹੀ ਜਾਇ   ਸੋ ਕਰੇ; ਜਿ ਤਿਸੈ ਰਜਾਇ ੨੪ ’’  ਸੁਧੁ (ਮਹਲਾ /੪੭੫)

(3). ਗੁਰੂ ਰਾਮਦਾਸ ਜੀ ਦੁਆਰਾ ਰਚਿਤ ਗਉੜੀ ਕੀ ਵਾਰ ’ਚ ਅੰਤਮ ਪਉੜੀ 33ਵੀਂ ਇਉਂ ਹੈ ‘‘ਤੂੰ ਸਚਾ ਸਾਹਿਬੁ ਅਤਿ ਵਡਾ; ਤੁਹਿ ਜੇਵਡੁ ਤੂੰ ਵਡ ਵਡੇ   ਜਿਸੁ ਤੂੰ ਮੇਲਹਿ, ਸੋ ਤੁਧੁ ਮਿਲੈ; ਤੂੰ ਆਪੇ ਬਖਸਿ ਲੈਹਿ, ਲੇਖਾ ਛਡੇ   ਜਿਸ ਨੋ ਤੂੰ ਆਪਿ ਮਿਲਾਇਦਾ; ਸੋ ਸਤਿਗੁਰੁ ਸੇਵੇ, ਮਨੁ ਗਡ ਗਡੇ   ਤੂੰ ਸਚਾ ਸਾਹਿਬੁ, ਸਚੁ ਤੂ; ਸਭੁ ਜੀਉ ਪਿੰਡੁ ਚੰਮੁ ਤੇਰਾ ਹਡੇ   ਜਿਉ ਭਾਵੈ, ਤਿਉ ਰਖੁ ਤੂੰ ਸਚਿਆ ! ਨਾਨਕ ਮਨਿ ਆਸ ਤੇਰੀ, ਵਡ ਵਡੇ ! ੩੩   ਸੁਧੁ   (ਮਹਲਾ /੩੧੭) ਯਾਨੀ ਕਿ ਸਭ ਕੁੱਝ ਕਰਨ, ਕਰਾਵਣਹਾਰ ਰੱਬ ਹੈ; ਜਿਵੇਂ ਕਿ ਸਚਖੰਡ ਅਸਵਥਾ ਬਿਆਨ ਕਰ ਰਹੀ ਹੈ।

ਭਗਤ ਦੀ ਮੰਜ਼ਲ; ਸਚਖੰਡ ਹੈ। ਸਚਖੰਡ ’ਚ ਨਿਵਾਸ ਕਰਨ ਲਈ ਸਚਖੰਡ ਵਰਗੀ ਦ੍ਰਿਸ਼ਟੀ ਹੋਣੀ ਜ਼ਰੂਰੀ ਹੈ, ਪਰ ਇਹ ਤਾਂ ਬਣੇਗੀ ਜੇ ਮਨ ਅੰਦਰ ਰੂਹਾਨੀਅਤ ਮੰਜ਼ਲ ਲਈ ਹੀ ਤਾਂਘ ਹੋਵੇ। ‘ਜਪੁ’ ਬਾਣੀ ’ਚ 34 ਤੋਂ 37 ਪਉੜੀਆਂ ਤੱਕ ਰੂਹਾਨੀਅਤ ਨੂੰ ਪੰਜ ਪੜਾਅ (ਧਰਮਖੰਡ, ਗਿਆਨਖੰਡ, ਸਰਮਖੰਡ, ਕਰਮਖੰਡ, ਸਚਖੰਡ) ’ਚ ਵੰਡਿਆ ਹੈ।  37ਵੀਂ ਪਉੜੀ ’ਚ ਕਰਮਖੰਡ/ਸਚਖੰਡ ਸਮਾਨ ਹਨ ਯਾਨੀ ਕਿ ਕਰਮਖੰਡ; ‘ਸੋ ਦਰੁ’ (ਬੂਹਾ) ਅਤੇ ਸਚਖੰਡ; ‘ਸੋ ਘਰੁ’ (ਰੱਬ ਦਾ ਨਿਵਾਸ ਸਥਾਨ); ‘‘ਸੋ ਦਰੁ ਕੇਹਾ  ! ਸੋ ਘਰੁ ਕੇਹਾ  ! ਜਿਤੁ ਬਹਿ (ਕੇ) ਸਰਬ ਸਮਾਲੇ ’’ ਬਾਕੀ ਤਿੰਨ ਪੜਾਅ ਬੌਧਿਕ ਗਿਆਨ; ਮਿਸਾਲ ਮਾਤਰ ਹਨ ਤਾਹੀਓਂ ਇੱਥੋਂ ਤੱਕ ਤਰਕ ਹੁੰਦਾ ਨਹੀਂ ਵੇਖਿਆ। ਗਿਆਨਖੰਡ ਵਾਲ਼ੇ ਹੀ ਸ਼ਬਦ (ਬੌਧਿਕ ਗਿਆਨ) ‘ਸੁਣਿਐ’ ਦੀਆਂ ਪਉੜੀਆਂ ’ਚ ਹਨ ‘‘ਸੁਣਿਐ; ਸਿਧ ਪੀਰ ਸੁਰਿ ਨਾਥ .., ਕੇਤੇ ਸਿਧ ਬੁਧ ਨਾਥ.. ੩੫’’ ਅਤੇ ਸਰਮਖੰਡ ਵਾਲ਼ੇ ਹੀ ਸ਼ਬਦ ‘ਮੰਨੈ’ ਦੀਆਂ ਪਉੜੀਆਂ ’ਚ ਹਨ; ਜਿਵੇਂ ਕਿ ‘‘ਮੰਨੇ ਕੀ ਗਤਿ; ਕਹੀ ਜਾਇ   ਜੇ ਕੋ ਕਹੈ; ਪਿਛੈ ਪਛੁਤਾਇ ..੧੨, ਤਾ ਕੀਆ ਗਲਾ; ਕਥੀਆ ਨਾ ਜਾਹਿ   ਜੇ ਕੋ ਕਹੈ; ਪਿਛੈ ਪਛੁਤਾਇ ..੩੬’’  ਦਿੱਲੀ ਤੋਂ ਦਰਬਾਰ ਸਾਹਿਬ (ਅੰਮ੍ਰਿਤਸਰ) ਲਈ ਚੱਲੇ ਸ਼ਰਧਾਲੂ ਨੂੰ ਰਸਤੇ ਤੋਂ ਜਾਣੂ, ਜੇਕਰ ਸਮਝਾਵੇ ਕਿ ਵਿਚਕਾਰ ਅੰਬਾਲਾ, ਲੁਧਿਆਣਾ ਤੇ ਜਲੰਧਰ ਆਉਣੇ ਹਨ ਤਾਂ ਇਹ, ਯਾਤਰੀ ਦੀ ਮੰਜ਼ਲ ਨਹੀਂ ਅਖਵਾ ਸਕਦੇ। ਨਾ ਹੀ ਇਨ੍ਹਾਂ ਪ੍ਰਤੀ ਤਾਂਘ ਸੀ। ਤਾਂਘ ਵਾਲ਼ੀ ਮੰਜ਼ਲ; ਦਰਬਾਰ ਸਾਹਿਬ ਹੈ, ਜਿਸ ਨੇ ਪੜਾਅ ਦਰ ਪੜਾਅ ਯਾਨੀ ਅੰਬਾਲਾ, ਲੁਧਿਆਣਾ ਵਿਖੇ ਭੀ ਮਨ ਦੀ ਕਠੋਰਤਾ ਘਟਾਉਣੀ ਹੈ; ਅੰਬਾਲਾ, ਲੁਧਿਆਣਾ ਨੇ ਨਹੀਂ। ਰਾਹ ਦੇ ਪੜਾਅ (ਧਰਮਖੰਡ, ਗਿਆਨਖੰਡ) ਦੇ ਨਜ਼ਾਰੇ ‘‘ਕੇਤੇ ਇੰਦ, ਚੰਦ ਸੂਰ ਕੇਤੇ; ਕੇਤੇ ਮੰਡਲ ਦੇਸ ’’; ਮੰਜ਼ਲ ਸਚਖੰਡ (ਅੰਮ੍ਰਿਤਸਰ) ਪਹੁੰਚਿਆਂ ‘‘ਲੇਖਾ ਹੋਇ ਲਿਖੀਐ; ਲੇਖੈ ਹੋਇ ਵਿਣਾਸੁ .. ੨੨’’ (ਜਪੁ) ’ਚ ਬਦਲਣੇ ਹੁੰਦੇ ਹਨ ਕਿਉਂਕਿ ਸਚਖੰਡ ’ਚ ਰੂਹਾਨੀਅਤ ਦੇ ਪੂਰਨ ਦਰਸ਼ਨ ਹੁੰਦੇ ਹਨ। ਰੂਹਾਨੀਅਤ ਦਾ ਅੱਖਰੀ ਅਰਥ ਭੀ ਰੂਹ (ਆਤਮਾ, ਜਿੰਦ) ਨੂੰ ਪ੍ਰਫੁਲਿਤ ਕਰਨਾ, ਰੂਹ ਨੂੰ ਵੇਖਣਾ ਹੈ, ਰੂਹ ਵਰਗਾ ਨਿਰਮਲ ਦ੍ਰਿਸ਼ਟੀਕੋਣ ਹੋਣਾ ਹੈ।

ਸਚਖੰਡ ਨਜ਼ਰੀਏ ਤੋਂ ਗੁਰਬਾਣੀ ਦੀ ਵਿਚਾਰ ਕੀਤਿਆਂ ਗੁਰਮਤਿ ਸਚਾਈ ਪ੍ਰਤੱਖ ਨਜ਼ਰ ਆਉਂਦੀ ਹੈ। ਇਹੀ ਕਾਰਨ ਹੈ ਕਿ ਗੁਰੂ ਸਾਹਿਬਾਨ; ਗੁਰਮਤਿ ਦੇ ਜਿਸ ਰਹੱਸ ਨੂੰ ਦਿੜ੍ਹਤਾ ਸਹਿਤ ਚਾਹਵਾਨਾਂ ਸਾਮ੍ਹਣੇ ਰੱਖਦੇ ਰਹੇ; ਪੈਰੋਕਾਰ-ਸਿੱਖਾਂ ਅੰਦਰ ਅਜੇ ਉਸ ਬਾਰੇ ਕਈ ਸੰਦੇਹ ਹਨ। ਆਪ ਸਮਝਣਾ ਅਤੇ ਹੋਰਾਂ ਨੂੰ ਸਮਝਾਉਣਾ ਤਾਂ ਬਹੁਤ ਦੂਰ ਰਿਹਾ। ਇਸ ਕਮਜ਼ੋਰੀ ਨੂੰ ਭਾਂਪਦਿਆਂ ਹੀ ਗੁਰੂ ਨਾਨਕ ਜੀ ਨੇ ਆਪਣੇ ਸਮੇਂ ਤੋਂ ਵਚਨ ਕੀਤੇ ‘‘ਪਹਿਲਾ ਵਸਤੁ ਸਿਞਾਣਿ ਕੈ; ਤਾਂ ਕੀਚੈ ਵਾਪਾਰੁ …. ਤਿਸ ਸਉ ਨੇਹੁ (ਪ੍ਰੇਮ) ਕੀਚਈ; ਜਿ ਦਿਸੈ ਚਲਣਹਾਰੁ ’’ (ਮਹਲਾ /੧੪੧੦), ਗੁਰੂ ਅਰਜਨ ਸਾਹਿਬ ਜੀ ਨੇ ਸੰਪਾਦਨ ਕਰਦਿਆਂ ਵਚਨ ਉਚਾਰੇ ‘‘ਪ੍ਰਥਮੇ ਮਨੁ ਪਰਬੋਧੈ ਅਪਨਾ; ਪਾਛੈ ਅਵਰ ਰੀਝਾਵੈ ’’ (ਮਹਲਾ /੩੮੧) ਅਜਿਹੀ ਦ੍ਰਿੜ੍ਹਤਾ ਹੀ ਹੋਰਾਂ ਅੰਦਰ ਲਗਨ ਪੈਦਾ ਕਰੇਗੀ। ਗੁਰਮਤਿ ਦੇ ਉੱਚੇ-ਸੁੱਚੇ ਖ਼ਿਆਲਾਂ ਤੱਕ ਪੈਰੋਕਾਰ ਦੀ ਪਕੜ; ਭੱਟ ਸਾਹਿਬਾਨ ਅਤੇ ਸੱਤਾ-ਬਲਵੰਡ ਜੀ ਭੀ ਕਰਵਾਉਂਦੇ ਹਨ। ਦੁਨੀਆਂ ਦੇ ਪਹਿਲੇ ਧਾਰਮਿਕ ਗ੍ਰੰਥ ਹਨ ‘ਗੁਰੂ ਗ੍ਰੰਥ ਸਾਹਿਬ’, ਜਿਨ੍ਹਾਂ ਵਿੱਚ ਫ਼ਲਸਫ਼ੇ (ਨਾਨਕ ਜੋਤਿ) ਦੀ ਵਿਆਖਿਆ ਫ਼ਲਸਫ਼ਾ (ਭੱਟ ਸਾਹਿਬਾਨ ਅਤੇ ਸੱਤਾ-ਬਲਵੰਡ) ਕਰਦਾ ਹੈ।

ਜੇਕਰ ਸਮੁੱਚੀ ਗੁਰਬਾਣੀ ਦੀ ਵਿਚਾਰ ਕਰਦਿਆਂ ਉਕਤ ਦ੍ਰਿਸ਼ਟੀਕੋਣ ਨਾ ਬਣਿਆ ਤਾਂ ਨਿਰੋਲ ਅਨੁਭਵ ’ਚੋਂ ਪ੍ਰਗਟਾਏ ਵਚਨ ‘‘ਰਾਮਦਾਸ ਸਰੋਵਰਿ ਨਾਤੇ ਸਭਿ ਉਤਰੇ ਪਾਪ ਕਮਾਤੇ ’’ ਯਾਨੀ ਕਿ ਸਵੈ ਪੜਚੋਲ ਕਰਨ ਵਾਲ਼ੇ ਰਾਮ ਦੇ ਦਾਸ ਰੂਪ ਸਰੋਵਰ ’ਚ ਸਵੈ ਪੜਚੋਲ ਕੀਤਿਆਂ ਮਨ ਨਿਰਮਲ ਹੋ ਜਾਂਦਾ ਹੈ; ਇਹ ਅੰਮ੍ਰਿਤਮਈ ਵਚਨ ਭੀ ਬੌਧਿਕ ਗਿਆਨ ‘ਦਰਬਾਰ ਸਾਹਿਬ ਸਰੋਵਰ ’ਚ ਸਰੀਰਕ ਇਸ਼ਨਾਨ ਕਰਨ ਨਾਲ਼ ਪਾਪ ਲਹਿ ਜਾਂਦੇ ਹਨ, ਬਣ ਜਾਂਦੇ ਹਨ ਭਾਵੇਂ ਕਿ ਇਹ ਸ਼ਬਦ ਅਗਾਂਹ (ਅੰਤ ’ਚ) ‘ਰਾਮਦਾਸ ਸਰੋਵਰਿ’ ਦਾ ਅਰਥ ‘ਸੰਗਤ’ ਹੈ, ਭੀ ਸਪਸ਼ਟ ਕਰਦਾ ਹੈ‘‘ਸਾਧ ਸੰਗਿ ਮਲੁ ਲਾਥੀ ਪਾਰਬ੍ਰਹਮੁ ਭਇਓ ਸਾਥੀ ਨਾਨਕ  ! ਨਾਮੁ ਧਿਆਇਆ ਆਦਿ ਪੁਰਖ ਪ੍ਰਭੁ ਪਾਇਆ ’’ (ਮਹਲਾ /੬੨੫)

ਸੋ ਗੁਰਮਤਿ; ਹਰ ਉਸ ਧਾਰਮਿਕ ਕਰਮ ਨੂੰ ਕਰਮਕਾਂਡ ਮੰਨਦੀ ਹੈ, ਜਿਸ ਦੇ ਕੀਤਿਆਂ ਮਨੁੱਖ; ਰੂਹਾਨੀਅਤ ਮੰਜ਼ਲ (ਰੱਬ ਦੇ ਨਿਰਗੁਨ ਰੂਪ) ਵੱਲ ਨਾ ਵਧੇ।  ਸਰਗੁਨ ਜਗਤ ’ਚੋਂ ਨਿਰਗੁਨ ਅਦ੍ਰਿਸ਼ ਨੂੰ ਪਛਾਣਨ ਦੀ ਬਜਾਇ ਸਰਗੁਨ ਨੂੰ ਨਿਰਗੁਨ ਕਹਿਣਾ ਜਾਂ ਨਿਰਗੁਨ ਅਤੇ ਸਰਗੁਨ ਇੱਕ ਸਮਾਨ ਮੰਨਣਾ; ਗੁਰਮਤਿ ਅਨੁਸਾਰ ਭੁਲੇਖਾ ਹੈ, ਮਨਮਤ ਹੈ, ਕਰਮਕਾਂਡ ਹੈ ਕਿਉਂਕਿ ਇਉਂ ਕੀਤਿਆਂ ਸ਼ਰਧਾਲੂ; ਮੂਲ ਦੀ ਬਜਾਇ ਟਹਿਣੀਆਂ ਨਾਲ਼ ਜੁੜਦਾ ਹੈ ‘‘ਜਿਨ੍ੀ ਨਾਮੁ ਵਿਸਾਰਿਆ; ਦੂਜੈ ਭਰਮਿ ਭੁਲਾਈ ਮੂਲੁ ਛੋਡਿ, ਡਾਲੀ ਲਗੇ; ਕਿਆ ਪਾਵਹਿ ਛਾਈ ? ’’ (ਮਹਲਾ /੪੨੦) ਚੇਤੇ ਰਹੇ ਕਿ ਗੁਰਬਾਣੀ ਦੇ ਹੁਣ ਤੱਕ ਕੀਤੇ ਗਏ ਸਾਰੇ ਟੀਕਿਆਂ (ਸ਼ਬਦਾਰਥਾਂ) ’ਚ ਮਿਸਾਲ ਵਜੋਂ ਦਰਜ (ਸਰਗੁਨ) ਦੇ ਅਰਥਾਂ ’ਚ ਮਤਭੇਤ ਹਨ, ਨਾ ਕਿ ਗੁਰਮਤਿ ਦੇ ਤੱਤ-ਸਾਰ ਨਿਰਗੁਨ ਰੱਬ ਨੂੰ ਬਿਆਨ ਕਰਨ ’ਚ, ਪਰ ਅੱਜ ਕੁੱਝ ਅਖੌਤੀ ਵਿਦਵਾਨ; ਟੀਕੇਕਾਰਾਂ ਦੇ ਇਨ੍ਹਾਂ ਸਰਗੁਨ ਬਾਰੇ ਮਤਭੇਦਾਂ ਨੂੰ ਆਧਾਰ ਬਣਾ ਨਿਰਗੁਨ ਰੱਬ ’ਤੇ ਸੰਦੇਹ ਪੈਦਾ ਕਰ ਅਤੇ ਹੋਰਾਂ ਤੋਂ ਕਰਾ ਕੇ ਗੁਰਮਤਿ ਵਿਰੋਧੀ ਕਾਰਜ ਕਰਦੇ ਪਏ ਹਨ।

ਤੁਧੁ ਭਾਵੈ ਤਾ ਵਾਵਹਿ ਗਾਵਹਿ (ਮਾਝ ਵਾਰ ਪਉੜੀ ੧੫ ਸਲੋਕੁ ਮਹਲਾ ੧, ਅੰਗ ੧੪੪/੪੫)

0

ਸਾਧ ਸੰਗਤ ਜੀ ਇਸ ਸ਼ਬਦ ਵੀਚਾਰ ਵਿੱਚ ਗੁਰੂ ਦਾ ਹੁਕਮ, ਭਾਣਾ ਤੇ ਸਚਿਆਰ ਹੋਣ ਦੇ ਗੁਰੂ ਨਾਨਕ ਜੀ ਦੇ ਉਪਦੇਸ਼ ਨੂੰ ਬੜੇ ਵਿਸਥਾਰ ਨਾਲ ਉਜਾਗਰ ਕੀਤਾ ਗਿਆ ਹੈ। ਆਪ ਲਾਹਾ ਲਵੋ ਤੇ ਹੋਰ ਸੰਗਤ ਨੂੰ ਵੀ ਫਾਰਵਰਡ ਕਰੋ ਜੀ।

ਗੁਰੂ ਅੰਗਦ ਸਾਹਿਬ ਜੀ ਦਾ ਗੁਰਗੱਦੀ ਪੁਰਬ ਅਤੇ ਗੁਰੂ ਨਾਨਕ ਸਾਹਿਬ ਜੀ ਦਾ ਜੋਤੀ-ਜੋਤ ਪੁਰਬ

0

ਗੁਰੂ ਅੰਗਦ ਸਾਹਿਬ ਜੀ ਦਾ ਗੁਰਗੱਦੀ ਪੁਰਬ ਅਤੇ ਗੁਰੂ ਨਾਨਕ ਸਾਹਿਬ ਜੀ ਦਾ ਜੋਤੀ-ਜੋਤ ਪੁਰਬ

ਕਿਰਪਾਲ ਸਿੰਘ ਬਠਿੰਡਾ 88378-13661

ਗੁਰੂ ਨਾਨਕ ਸਾਹਿਬ ਜੀ ਆਪਣੀਆਂ ਦੇਸ਼ ਵਿਦੇਸ਼ ਦੀਆਂ ਲੰਬੀਆਂ ਪ੍ਰਚਾਰ ਯਾਤਰਾਵਾਂ (ਚਾਰ ਉਦਾਸੀਆਂ) ਦੀ ਸਮਾਪਤੀ ਤੋਂ ਬਾਅਦ ਬਿਕ੍ਰਮੀ ਸੰਮਤ ੧੫੭੮, ਨਾਨਕਸ਼ਾਹੀ ਸੰਮਤ ੫੨/1521 ਸੀਈ ਦੌਰਾਨ ਆਪਣੀ ਭੈਣ ਬੇਬੇ ਨਾਨਕੀ ਜੀ ਦੇ ਨਗਰ ਸੁਲਤਾਨਪੁਰ ਲੋਧੀ ਆ ਗਏ। ਇੱਥੇ ਹੀ ਉਨ੍ਹਾਂ ਦੇ ਮਹਿਲ ਮਾਤਾ ਸੁਲੱਖਣੀ ਜੀ ਅਤੇ ਦੋਵੇਂ ਪੁੱਤਰ ਸ਼੍ਰੀਚੰਦ ਜੀ ਅਤੇ ਲਖਮੀ ਚੰਦ ਜੀ ਰਹਿ ਰਹੇ ਸਨ। ਗੁਰੂ ਜੀ ਕੁਝ ਸਮਾਂ ਉਨ੍ਹਾਂ ਪਾਸ ਠਹਿਰੇ। ਚੌਥੀ ਉਦਾਸੀ ਦੌਰਾਨ ਗੁਰੂ ਨਾਨਕ ਸਾਹਿਬ ਜੀ ਲਾਹੌਰ ਪਰਤਦੇ ਹੋਏ ਰਾਵੀ ਦੇ ਕਿਨਾਰੇ ਜ਼ਿਲ੍ਹਾ ਨਾਰੋਵਾਲ (ਹੁਣ ਪਾਕਿਸਤਾਨ) ਤਹਿਸੀਲ ਸ਼ੱਕਰਗੜ੍ਹ, ਪੱਖੋ ਕੇ ਰੰਧਾਵੇ ਪਿੰਡ ਪਹੁੰਚੇ ਤਾਂ ਪਿੰਡ ਦਾ ਚੌਧਰੀ ਅਜਿੱਤ ਰੰਧਾਵਾ ਉਨ੍ਹਾਂ ਨੂੰ ਮਿਲਣ ਆਇਆ। ਉਨ੍ਹਾਂ ਨੇ ਗੁਰੂ ਜੀ ਨੂੰ ਰਾਵੀ ਦੇ ਪਾਰ ਸੱਜੇ ਪਾਸੇ ਦਰਸ਼ਨ ਦੇਣ ਲਈ ਬੇਨਤੀ ਕੀਤੀ, ਜਿੱਥੇ ਉਨ੍ਹਾਂ ਨੇ ਸਿੱਖਾਂ ਵਾਸਤੇ ਧਰਮਸ਼ਾਲਾ ਅਤੇ ਹੋਰ ਰਿਹਾਇਸ਼ ਆਦਿ ਦਾ ਪ੍ਰਬੰਧ ਵੀ ਕਰ ਦਿੱਤਾ। ਬਿਕਰਮੀ ਸੰਮਤ ੧੫੭੯, ਨਾਨਕਸ਼ਾਹੀ ਸੰਮਤ ੫੩/1522 ਸੀਈ ’ਚ ਗੁਰੂ ਜੀ ਨੇ ਇਸੇ ਸਥਾਨ ’ਤੇ ਕਰਤਾਰਪੁਰ ਪਿੰਡ ਵਸਾਇਆ ਅਤੇ ਆਪਣੇ ਮਾਤਾ ਪਿਤਾ ਨੂੰ ਰਾਇ ਭੋਇ ਦੀ ਤਲਵੰਡੀ ਤੋਂ, ਆਪਣੀ ਸੁਪਤਨੀ ਮਾਤਾ ਸੁਲੱਖਣੀ ਜੀ ਅਤੇ ਦੋਵੇਂ ਸਪੁੱਤਰਾਂ ਨੂੰ ਸੁਲਤਾਨਪੁਰ ਲੋਧੀ ਤੋਂ ਇੱਥੇ ਬੁਲਾ ਲਿਆ। ਗੁਰੂ ਨਾਨਕ ਸਾਹਿਬ ਨੇ ਜ਼ਮੀਨ ਖਰੀਦ ਕੇ ਆਪ ਖੇਤੀਬਾੜੀ ਦਾ ਕੰਮ ਸ਼ੁਰੂ ਕਰ ਲਿਆ। ਗੁਰੂ ਕੇ ਲੰਗਰ ਵਰਤਦੇ ਅਤੇ ਨਿਰਾਕਾਰ ਦੇ ਸਿਮਰਨ ਦਾ ਪ੍ਰਵਾਹ ਚਲਦਾ ਰਹਿੰਦਾ।

ਬਾਬਾ ਲਹਿਣਾ ਜੀ ਦੇ ਪਿਤਾ ਬਾਬਾ ਫੇਰੂਮੱਲ ਜੀ ਦੁਰਗਾ ਦੇਵੀ ਦਾ ਭਗਤ ਸੀ, ਜੋ ਹਰ ਸਾਲ ਪਿੰਡਾਂ ’ਚੋਂ ਜਥਿਆਂ ਨੂੰ ਦੇਵੀ ਦਰਸ਼ਨ ਕਰਾਉਣ ਲਈ ਲਿਜਾਇਆ ਕਰਦੇ ਸਨ।  1526 ਈ: ’ਚ ਬਾਬਾ ਫੇਰੂਮੱਲ ਜੀ ਚੜ੍ਹਾਈ ਕਰ ਗਏ। ਉਨ੍ਹਾਂ ਤੋਂ ਬਾਅਦ ਦੇਵੀ ਯਾਤਰਾ ਦੀ ਅਗਵਾਈ ਦਾ ਕੰਮ ਭਾਈ ਲਹਿਣਾ ਜੀ ਦੇ ਜ਼ਿੰਮੇ ਆ ਗਿਆ। ਉਹ ਹਰ ਸਾਲ ਨਿਰੰਤਰ ਯਾਤਰਾ ’ਤੇ ਜਾਂਦੇ ਰਹੇ। ਇੱਕ ਵਾਰੀ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਭਾਈ ਜੋਧਾ ਪਾਸੋਂ ਰਸ ਭਿੰਨੀ ਅੰਮ੍ਰਿਤ ਬਾਣੀ ‘‘ਜਿਤੁ ਸੇਵਿਐ ਸੁਖੁ ਪਾਈਐ; ਸੋ ਸਾਹਿਬੁ ਸਦਾ ਸਮ੍ਾਲੀਐ   ਜਿਤੁ ਕੀਤਾ ਪਾਈਐ ਆਪਣਾ; ਸਾ ਘਾਲ ਬੁਰੀ ਕਿਉ ਘਾਲੀਐ   ਮੰਦਾ ਮੂਲਿ ਕੀਚਈ; ਦੇ ਲੰਮੀ ਨਦਰਿ ਨਿਹਾਲੀਐ   ਜਿਉ ਸਾਹਿਬ ਨਾਲਿ ਹਾਰੀਐ; ਤੇਵੇਹਾ ਪਾਸਾ ਢਾਲੀਐ   ਕਿਛੁ ਲਾਹੇ ਉਪਰਿ; ਘਾਲੀਐ ੨੧’’ (ਆਸਾ ਕੀ ਵਾਰ/ਮਹਲਾ /੪੭੪) ਸੁਣੀ ਤਾਂ ਬਹੁਤ ਪ੍ਰਭਾਵਤ ਹੋਏ। ਭਾਈ ਜੋਧਾ ਜੀ ਕੋਲ਼ੋਂ ਪੁੱਛਣ ’ਤੇ ਪਤਾ ਲੱਗਾ ਕਿ ਇਹ ਬਾਣੀ ਗੁਰੂ ਨਾਨਕ ਸਾਹਿਬ ਜੀ ਦੁਆਰਾ ਉਚਾਰੀ ਗਈ ਹੈ। ਬੱਸ ਫਿਰ ਕੀ ਸੀ, ਉਨ੍ਹਾਂ ਦੇ ਦਰਸ਼ਨਾਂ ਦੀ ਤਾਂਘ ਪੈਦਾ ਹੋ ਗਈ। ਹਰ ਸਾਲ ਦੀ ਤਰ੍ਹਾਂ ਭਾਈ ਲਹਿਣਾ ਜੀ ਦੀ ਅਗਵਾਈ ਹੇਠ ਬਿਕ੍ਰਮੀ ਸੰਮਤ ੧੫੮੯, ਨਾਨਕਸ਼ਾਹੀ ਸੰਮਤ ੬੪/੧੫੩੨ ਈ: ’ਚ ਦੇਵੀ ਦਰਸ਼ਨਾਂ ਲਈ ਜਥਾ ਚੱਲ ਪਿਆ। ਜਦ ਕਰਤਾਰਪੁਰ ਪਹੁੰਚੇ ਤਾਂ ਜਥੇ ਨਾਲੋਂ ਆਪ ਅਲੱਗ ਹੋ ਕੇ ਇੱਕ ਸਿੱਖ ਕੋਲ਼ੋਂ ਪੁੱਛਦੇ ਹਨ ਕਿ ਗੁਰੂ ਨਾਨਕ ਜੀ ਦੇ ਦਰਸ਼ਨ ਕਰਨੇ ਹਨ, ਉਨ੍ਹਾਂ ਦਾ ਪਤਾ ਦੱਸ ਸਕਦੇ ਹੋ ? ਉਨ੍ਹਾਂ ਨੇ ਘੋੜੇ ਦੀ ਲਗਾਮ ਪਕੜ ਲਈ ਅਤੇ ਕਿਹਾ ਕਿ ਮੇਰੇ ਪਿੱਛੇ-ਪਿੱਛੇ ਆਓ। ਮੈਂ ਤੁਹਾਨੂੰ ਉਨ੍ਹਾਂ ਕੋਲ਼ ਲੈ ਚਲਦਾ ਹਾਂ। ਜਦ ਧਰਮਸ਼ਾਲ ਪਹੁੰਚੇ ਤਾਂ ਕਿਹਾ ‘ਘੋੜਾ ਇਥੇ ਬੰਨ ਦਿਓ’ ਅਤੇ ਜਲ ਪਾਣੀ ਛਕ ਕੇ ਸੰਗਤ ’ਚ ਬੈਠ ਜਾਣਾ। ਸੰਗਤ ’ਚ ਪਹੁੰਚ ਕੇ ਭਾਈ ਲਹਿਣਾ ਜੀ ਨੇ ਮੱਥਾ ਟੇਕਿਆ। ਜਦੋਂ ਸਿਰ ਚੁੱਕ ਕੇ ਦੇਖਿਆ ਤਾਂ ਸਾਮ੍ਹਣੇ ਓਹੀ ਗੁਰੂ ਨਾਨਕ ਸਾਹਿਬ ਬੈਠੇ ਸਨ, ਜੋ ਉਨ੍ਹਾਂ ਦੇ ਘੋੜੇ ਦੀ ਲਗਾਮ ਪਕੜ ਕੇ ਇੱਥੋਂ ਤੱਕ ਲੈ ਕੇ ਆਏ ਸਨ।

ਮਾਫ਼ੀ ਮੰਗੀ ਕਿ ਮੈਂ ਘੋੜੇ ’ਤੇ, ਪਰ ਤੁਸੀਂ ਪੈਦਲ !  ਗੁਰੂ ਸਾਹਿਬ ਨੇ ਪਿਆਰ ਨਾਲ ਨਾਮ ਪੁੱਛਿਆ। ਜਵਾਬ ’ਚ ‘ਭਾਈ ਲਹਿਣਾ’ ਸੁਣਿਆ ਤਾਂ ਕਿਹਾ ਫਿਰ ਤੇ ਮਾਫ਼ੀ ਦੀ ਕੋਈ ਗੱਲ ਨਹੀਂ, ਤੁਸੀਂ ਲਹਿਣਾ ਤੇ ਅਸਾਂ ਦੇਣਾ। ਲੈਣ ਵਾਲੇ ਹਮੇਸ਼ਾਂ ਘੋੜੇ ’ਤੇ ਸਵਾਰ ਹੁੰਦੇ ਹਨ ਤੇ ਦੇਣਦਾਰ ਪੈਦਲ। ਇਹ ਸੁਣ ਕੇ ਭਾਈ ਲਹਿਣਾ ਜੀ ਦੀਆਂ ਅੱਖਾਂ ’ਚ ਅੱਥਰੂ ਆ ਗਏ। ਅੰਦਰੋਂ ਅਜਿਹੀ ਅਗੰਮੀ ਖਿੱਚ ਪਈ ਕਿ ਦੇਵੀ ਦੇ ਦਰਸ਼ਨ ਕਰਨੇ, ਚੇਤੇ ਨਾ ਰਹੇ। ਉਹ ਗੁਰੂ ਘਰ ਨੂੰ ਸਮਰਪਿਤ ਹੋ ਗਏ, ਜੋ ਕਦੀਂ ਨਾ ਨਿਖੜ ਸਕੇ। ਪਤਾ ਲੱਗਣ ’ਤੇ ਉਨ੍ਹਾਂ ਦੀ ਸੁਪਤਨੀ ਮਾਤਾ ਖੀਵੀ ਜੀ ਬੱਚਿਆਂ ਸਮੇਤ ਭਾਈ ਲਹਿਣਾ ਜੀ ਦੀ ਰਿਸ਼ਤੇ ’ਚ ਲੱਗਦੀ ਭੂਆ ਬੇਬੇ ਵੀਰਾਈ ਕੋਲ਼ ਗਏ। ਮਨ ਅੰਦਰ ਤੌਖਲਾ ਸੀ ਕਿ ਵਾਪਾਰ ਨੂੰ ਕੌਣ ਸੰਭਾਲ਼ੇਗਾ ? ਬੱਚਿਆਂ ਨੂੰ ਕੌਣ ਪੜ੍ਹਾਏਗਾ ? ਮਾਤਾ ਵੀਰਾਈ ਨੇ ਦਿਲਾਸਾ ਦਿੱਤਾ ਕਿ ਚਿੰਤਾ ਨਾ ਕਰੋ; ਨੇਕੀ ਦੇ ਘਰ ਗਏ ਹਨ। ਨੇਕ ਬਣ ਕੇ ਹੀ ਆਉਣਗੇ। ਕੁਝ ਚਿਰ ਮਗਰੋਂ ਗੁਰੂ ਨਾਨਕ ਸਾਹਿਬ ਨੇ ਬਾਬਾ ਲਹਿਣਾ ਜੀ ਨੂੰ ਆਪਣਾ ਪਰਵਾਰ ਤੇ ਕੰਮ ਕਾਜ ਦੇਖਣ ਲਈ ਖਡੂਰ ਵਿਖੇ ਭੇਜ ਦਿੱਤਾ ਪਰ ਉੱਥੇ ਉਨ੍ਹਾਂ ਦਾ ਚਿੱਤ ਨਾ ਲੱਗਿਆ। ਘਰਬਾਰ ਦੀ ਜ਼ਿੰਮੇਦਾਰੀ ਆਪਣੇ ਪਰਵਾਰ ਨੂੰ ਸੌਂਪ ਕੇ ਮੁੜ ਵਾਪਸ ਕਰਤਾਰ ਪੁਰ ਆ ਗਏ। ਜਦੋਂ ਕਰਤਾਰ ਪੁਰ ਪੁੱਜੇ ਤਾਂ ਗੁਰੂ ਨਾਨਕ ਸਾਹਿਬ ਖੇਤਾਂ ’ਚ ਕੰਮ ਕਰ ਰਹੇ ਸਨ। ਉਨ੍ਹਾਂ ਨੇ ਜਾ ਮੱਥਾ ਟੇਕਿਆ ਤੇ ਕੰਮ ’ਚ ਹੱਥ ਵਟਾਉਣ ਲੱਗ ਪਏ। ਸ਼ਾਮ ਨੂੰ ਦੋ ਪੰਡਾਂ ਘਾਹ ਦੀਆਂ ਤਿਆਰ ਹੋ ਗਈਆਂ। ਇੱਕ ਪੰਡ ਭਾਈ ਲਹਿਣਾ ਜੀ ਨੂੰ ਚੁਕਵਾ ਦਿੱਤੀ ਤੇ ਦੂਸਰੀ ਆਪ ਚੁੱਕ ਲਈ। ਭਾਈ ਲਹਿਣਾ ਜੀ ਦੇ ਰੇਸ਼ਮੀ ਕੱਪੜੇ ਸਾਰੇ ਚਿਕੜ ਨਾਲ ਲਬੋ-ਲਬ ਭਰ ਗਏ। ਜਦ ਮਾਤਾ ਸੁਲੱਖਣੀ ਨੇ ਦੇਖਿਆ ਤਾਂ ਕਿਹਾ ‘ਆਪ ਤਾਂ ਤੁਸੀਂ ਪੰਡ ਚੁੱਕੀ ਸੀ, ਪਰ ਇਨ੍ਹਾਂ ਨੂੰ ਚਿੱਕੜ ਨਾਲ ਭਰੀ ਪੰਡ ਕਿਉਂ ਚੁਕਾ ਦਿੱਤੀ ?

ਗੁਰੂ ਨਾਨਕ ਸਾਹਿਬ ਜੀ; ਭਾਈ ਲਹਿਣੇ ਵੱਲ ਵੇਖ ਕੇ ਹੱਸ ਪਏ ਅਤੇ ਬਚਨ ਕੀਤਾ ‘ਸੁਲੱਖਣੀ ! ਇਨ੍ਹਾਂ ਦੇ ਸਿਰ ’ਤੇ ਘਾਹ ਦੀ ਪੰਡ ਨਹੀਂ, ਇਹ ਤਾਂ ਦੀਨ ਦੁਨਿਆਂ ਦਾ ਛੱਤਰ ਹੈ। ਪ੍ਰਮਾਤਮਾ ਨੇ ਆਪ ਇਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੰਭਾਲਣ ਲਈ ਚੁਣਿਆ ਹੈ।’ ਭਾਈ ਲਹਿਣਾ ਜੀ ਨੇ ਇਸ ਹੁਕਮ ’ਤੇ ਪਹਿਰਾ ਦੇ ਕੇ ਸਾਬਤ ਭੀ ਕਰ ਦਿੱਤਾ ਹੈ। ਉਨ੍ਹਾਂ ਨੇ ਸਿਮਰਨ, ਤਿਆਗ, ਧੀਰਜ ਆਦਿਕ ਗੁਣਾਂ ਨਾਲ਼ ਵਿਕਾਰਾਂ ’ਤੇ ਕਾਬੂ ਪਾਉਂਦਿਆਂ ਗੁਰੂ ਸਾਹਿਬ ਦੀ ਬੜੇ ਪ੍ਰੇਮ ਤੇ ਸਿਦਕ ਨਾਲ ਅਣਥੱਕ ਸੇਵਾ ਕੀਤੀ ‘‘ਪਏ ਕਬੂਲੁ ਖਸੰਮ ਨਾਲਿ; ਜਾਂ ਘਾਲ ਮਰਦੀ ਘਾਲੀ ’’ (ਸਤਾ ਬਲਵੰਡ ਜੀ/੯੬੭) ਲਹਿਣਾ ਜੀ ਸੰਗਤਾਂ ਦੀ ਸੇਵਾ ਦੇ ਨਾਲ਼-ਨਾਲ਼ ਖੇਤੀ ਬਾੜੀ ਦਾ ਕੰਮ ਭੀ ਸੰਭਾਲਣ ਲੱਗੇ। ਬਿਨਾਂ ਕਿਸੇ ਕਿੰਤੂ-ਪਰੰਤੂ ਤੋਂ ਸਤਿਗੁਰੂ ਦੇ ਹਰ ਹੁਕਮ ਲਈ ਤਿਆਰ-ਬਰ ਤਿਆਰ ਰਹਿੰਦੇ। ਗੁਰੂ ਸਾਹਿਬ ਨੇ ਭਾਈ ਲਹਿਣਾ ਜੀ ਦੀ ਪ੍ਰਤਿਭਾ ਅਤੇ ਅੰਦਰ ਜਗਦੀ ਜੋਤ ਨੂੰ ਪਛਾਣ ਲਿਆ। ਵੈਸੇ ਉਨ੍ਹਾਂ ਦੀਆਂ ਕੁੱਝ ਪ੍ਰੀਖਿਆਵਾਂ ਵੀ ਲਈਆਂ; ਜਿਵੇਂ ਘਾਹ ਦੀ ਪੰਡ ਚੁੱਕਣੀ, ਚਿੱਕੜ ਵਿੱਚੋਂ ਕਟੋਰਾ ਕੱਢਣਾ, ਧਰਮਸ਼ਾਲ ’ਚੋਂ ਮੋਈ ਚੂਹੀ ਬਾਹਰ ਸੁੱਟਣੀ, ਸਰਦੀ ਦੇ ਮੌਸਮ ’ਚ ਅੱਧੀ ਰਾਤੀਂ ਮੀਂਹ ਪੈਂਦੇ ’ਚ ਕੰਧ ਬਣਾਉਣੀ; ਜਿਸ ਨੂੰ ਵਾਰ-ਵਾਰ ‘ਠੀਕ ਨਹੀਂ ਬਣੀ’ ਕਹਿ ਗੁਰੂ ਨਾਨਕ ਸਾਹਿਬ ਢਾਹ ਦਿੰਦੇ ਸਨ ਆਦਿ। ਇਨ੍ਹਾਂ ਕਠਿਨ ਪ੍ਰੀਖਿਆਵਾਂਚੋਂ ਹਰ ਵਾਰ ਵੱਧ ਸੁਰਖ਼ਰੂ ਹੁੰਦੇ ਵੇਖ ਗੁਰਗੱਦੀ ਦੇ ਯੋਗ ਜਾਣ ਅੱਸੂ ਵਦੀ , ਅੱਸੂ, ਬਿਕ੍ਰਮੀ ਸੰਮਤ ੧੫੯੬, ਨਾਨਕਸ਼ਾਹੀ ਸੰਮਤ ੭੧ /3 ਸਤੰਬਰ 1539 ਨੂੰ ਗੁਰੂ ਨਾਨਕ ਸਾਹਿਬ ਨੇ ਬਾਬਾ ਬੁੱਢਾ ਜੀ ਪਾਸੋਂ ਗੁਰਗੱਦੀ ਦੀ ਰਸਮ ਅਦਾ ਕਰਾ, ਗੁਰਿਆਈ ਭਾਈ ਲਹਿਣੇ ਜੀ ਨੂੰ ਸੌਂਪ ਦਿੱਤੀ ਉਨ੍ਹਾਂ ਨੂੰ ਆਪਣੇ ਅੰਗ ਲਾ ਕੇ ਨਾਮ ਭੀ ਗੁਰੂ ਅੰਗਦ ਜੀ ਰੱਖ ਦਿੱਤਾ ਗੁਰੂ ਨਾਨਕ ਸਾਹਿਬ ਨੇ ਆਪਣੇ ਦੁਆਰਾ ਰਚੀ ਬਾਣੀ ਦੇ ਨਾਲ-ਨਾਲ ਉਦਾਸੀਆਂ ਦੌਰਾਨ ਇਕੱਤਰ ਕੀਤੀ ਭਗਤ ਬਾਣੀ ਦੀਆਂ ਪੋਥੀਆਂ ਵੀ ਗੁਰੂ ਅੰਗਦ ਸਾਹਿਬ ਜੀ ਨੂੰ ਸੌਂਪ ਦਿੱਤੀਆਂ। ਸਾਰੀ ਸੰਗਤ ਸਮੇਤ ਗੁਰੂ ਨਾਨਕ ਜੀ ਨੇ ਰੱਬੀ ਭਾਣਾ ਮੰਨਣ ਕਾਰਨ ਗੁਰੂ ਅੰਗਦ ਸਾਹਿਬ ਜੀ ਅੱਗੇ ਸੀਸ ਝੁਕਾਇਆ ‘‘ਗੁਰਿ ਚੇਲੇ ਰਹਰਾਸਿ ਕੀਈ; ਨਾਨਕਿ ਸਲਾਮਤਿ ਥੀਵਦੈ ’’ (ਸਤਾ ਬਲਵੰਡ ਜੀ/੯੬੬)

ਗੁਰੂ ਸਾਹਿਬਾਨ ਜੀ ਦੇ ਜੋਤੀ-ਜੋਤ ਸਮਾਉਣ ਦੇ ਦਿਹਾੜਿਆਂ ਸੰਬੰਧੀ ਤਾਂ ਤਕਰੀਬਨ ਸਭਨਾ ਇਤਿਹਾਸਕਾਰਾਂ ’ਚ ਆਮ ਸਹਿਮਤੀ ਹੈ। ਪਹਿਲੀ ਪਾਤਸ਼ਾਹੀ ਤੋਂ ਛੇਵੀਂ ਪਾਤਸ਼ਾਹੀ ਤੱਕ 6 ਗੁਰੂ ਸਾਹਿਬਾਨ ਦੇ ਜੋਤੀ ਸਮਾਉਣ ਦੇ ਦਿਹਾੜੇ ਕਰਤਾਰਪੁਰੀ ਬੀੜ ’ਚ ਭੀ ਦਰਜ ਹਨ, ਜਿਨ੍ਹਾਂ ਨਾਲ ਇਤਿਹਾਸਕਾਰਾਂ ਦੀਆਂ ਤਾਰੀਖ਼ਾਂ ਮੇਲ ਖਾਂਦੀਆਂ ਹਨ; ਇਸ ਲਈ ਇਨ੍ਹਾਂ ਦੋਵੇਂ ਗੁਰੂ ਸਾਹਿਬਾਨ ਦੇ ਜੋਤੀ-ਜੋਤ ਸਮਾਉਣ ਦੀਆਂ ਤਾਰੀਖ਼ਾਂ ਬਾਰੇ ਤਾਂ ਭਾਵੇਂ ਕੋਈ ਮਤਭੇਦ ਨਹੀ, ਪਰ ਪ੍ਰਕਾਸ਼ ਦਿਹਾੜਿਆਂ ਅਤੇ ਗੁਰਗੱਦੀ ਦਿਵਸ ਦੀਆਂ ਤਾਰੀਖ਼ਾਂ ਵੱਖ-ਵੱਖ ਲਿਖੀਆਂ ਹਨ। ਕੁਝ ਇਤਿਹਾਸਕਾਰਾਂ (ਜਿਵੇਂ ਕਿ ਗੁਰਵੰਸ ਦਰਪਣ ਪੱਤਰ, ਸੂਰਜ ਪ੍ਰਕਾਸ਼ ਵਾਰਤਿਕ, ਗੁਰਮਤਿ ਰਹਿਤ ਮਰਿਆਦਾ, ਗੁਰਬਾਣੀ ਪਾਠ ਦਰਸ਼ਨ ਆਦਿਕ ਮੁਤਾਬਕ ਗੁਰੂ ਨਾਨਕ ਸਾਹਿਬ ਜੀ ਦੇ ਜੋਤੀ-ਜੋਤ ਸਮਾਉਣ ਦੀ ਤਿੱਥ ਅੱਸੂ ਵਦੀ ੧੦ ਸੰਮਤ ੧੫੯੬ ਅਤੇ ਗੁਰੂ ਅੰਗਦ ਸਾਹਿਬ ਜੀ ਦੀ ਗੁਰਗੱਦੀ ’ਤੇ ਬਿਰਾਜਮਾਨ ਹੋਣ ਦੀ ਤਿੱਥ ਅੱਸੂ ਵਦੀ ਸੰਮਤ ੧੫੯੬ ਲਿਖੀ ਹੈ। ਇਹੋ ਤਾਰੀਖ਼ਾਂ ਜ਼ਿਆਦਾ ਪ੍ਰਚਲਿਤ ਹਨ। ਗੁਰੂ ਨਾਨਕ ਸਾਹਿਬ ਜੀ ਦੇ ਜੋਤੀ ਜੋਤ ਦਿਵਸ ਬਾਰੇ ਜਿੱਥੇ ਕੋਈ ਮਤਭੇਦ ਨਹੀਂ, ਓਥੇ ਇਤਿਹਾਸਕਾਰਾਂ ਮੁਤਾਬਕ ਗੁਰੂ ਅੰਗਦ ਸਾਹਿਬ ਜੀ ਦੇ ਗੁਰਿਆਈ ਪੁਰਬ ’ਚ ਤਿੰਨ ਮਹੀਨਿਆਂ ਦਾ ਅੰਤਰ ਹੈ।

ਸ਼ਾਇਦ ਇਸ ਫ਼ਰਕ ਦਾ ਇੱਕ ਕਾਰਨ ਇਹ ਹੈ ਕਿ ਸ: ਕਰਮ ਸਿੰਘ ਹਿਸਟੋਰੀਅਨ ਵੱਲੋਂ ਲਿਖੀ ਪੁਸਤਕ ‘ਗੁਰ ਪੁਰਬ ਨਿਰਣੈ’ ਵਿੱਚ ਕਵੀ ਸੰਤੋਖ ਸਿੰਘ ਦੇ ਹਵਾਲੇ ਨਾਲ ਲਿਖਿਆ ਹੈ ‘ਦਵਾਦਸ ਬਰਖ ਟਿਕੇ ਗੁਰਗਾਦੀ ਖਸਟ ਮਾਸ, ਨੌ ਦਿਨ ਐਹਲਾਦੀ ਭਾਵ ਗੁਰੂ ਅੰਗਦ ਸਾਹਿਬ ਜੀ 12 ਬਰਸ 6 ਮਹੀਨੇ 9 ਦਿਨ ਗੁਰਗੱਦੀ ’ਤੇ ਬਿਰਾਜਮਾਨ ਰਹੇ। ਇਸ ਲਿਖਤ ਮੁਤਾਬਕ ਸਤਿਗੁਰੂ ਜੀ ਦਾ ਗੁਰਗੱਦੀ ਪੁਰਬ ਨਿਸ਼ਚਿਤ ਕਰਨ ਲਈ ਉਨ੍ਹਾਂ ਦੇ ਜੋਤੀ-ਜੋਤ ਸਮਾਉਣ ਦੀ ਤਿੱਥ ਚੇਤ ਸੁਦੀ ੪,  ਸੰਮਤ ੧੬੦੯ ’ਚੋਂ ਕੁਲ ਗੁਰਿਆਈ ਸਮਾਂ 12 ਸਾਲ 6 ਮਹੀਨੇ 9 ਦਿਨ ਘਟਾਉਣ ਦੀ ਬਜਾਏ ਗ਼ਲਤੀ ਨਾਲ 12 ਸਾਲ 9 ਮਹੀਨੇ 6 ਦਿਨ ਘਟਾ ਕੇ ਹਾੜ ਵਦੀ ੧੩ ਸੰਮਤ ੧੫੯੬ ਲਿਖ ਲਿਆ, ਜਿਸ ਨੂੰ ਦੂਸਰੀਆਂ ਪਧਤੀਆਂ ’ਚ ਤਬਦੀਲ ਕਰਕੇ ੧੭ ਹਾੜ ਸੰਮਤ ੧੫੯੬; 14 ਜੂਨ 1539 ਦੀ ਗ਼ਲਤ ਤਾਰੀਖ਼ ਲਿਖੀ ਮਿਲਦੀ ਹੈ । ਹੁਣ ਜਦੋਂ ਇਹ ਗਲਤੀ ਧਿਆਨ ’ਚ ਆ ਚੁੱਕੀ ਹੈ ਤਾਂ ਇਸ ਤਾਰੀਖ਼ ਨੂੰ ਸਹੀ ਮੰਨ ਲੈਣਾ ਠੀਕ ਨਹੀਂ ਹੈ।

ਸ: ਕਰਮ ਸਿੰਘ ਹਿਸਟੋਰੀਅਨ ਲਿਖਤ ਗੁਰਪੁਰਬ ਨਿਰਣੈ ਦੇ ਪੰਨਾ 63 ਦੀ ਫੋਟੋ

 ਇਸ ਤੋਂ ਵੇਖ ਕੇ ਕੁਝ ਹੋਰ ਨਾਮਵਰ ਇਤਿਹਾਸਕਾਰ ਵੀ ਇਹੀ ਤਾਰੀਖ਼ਾਂ ਲਿਖਦੇ ਆ ਰਹੇ ਹਨ। ਜੇ ਗੁਰ ਪੁਰਬ ਨਿਰਣੈ ’ਚ ਸ: ਕਰਮ ਸਿੰਘ ਜੀ ਵੱਲੋਂ ਸੁਭਾਵਕ ਤੌਰ ’ਤੇ ਹੋਈ ਇਸ ਮਨੁੱਖੀ ਗ਼ਲਤੀ ਵੱਲ ਕਿਸੇ ਦਾ ਧਿਆਨ ਗਿਆ ਹੁੰਦਾ ਤਾਂ ਇਹ ਗ਼ਲਤ ਤਾਰੀਖ਼ ਕਦਾਚਿਤ ਪ੍ਰਚਲਿਤ ਨਾ ਹੁੰਦੀ। ਇਸ ਗ਼ਲਤੀ ਵੱਲ ਪਹਿਲੀ ਵਾਰ ਸ: ਪਾਲ ਸਿੰਘ ਪੁਰੇਵਾਲ ਦਾ ਧਿਆਨ ਗਿਆ। ਉਨ੍ਹਾਂ ਨੇ ਗੁਰੂ ਅੰਗਦ ਸਾਹਿਬ ਜੀ ਦੇ ਜੋਤੀ-ਜੋਤ ਸਮਾਉਣ ਦੀ ਤਿੱਥ ਚੇਤ ਸੁਦੀ ੪, ਸੰਮਤ ੧੬੦੯ ’ਚੋਂ 12 ਸਾਲ 6 ਮਹੀਨੇ 9 ਦਿਨ ਘਟਾ ਕੇ ਗੁਰਿਆਈ ਦੀ ਤਿੱਥ ਅੱਸੂ ਵਦੀ ੧੦ ਸੰਮਤ ੧੫੯੬ ਲਿਖੀ, ਜੋ ਸਹੀ ਜਾਪਦੀ ਹੈ। ਇਹੋ ਤਿੱਥ ਗੁਰੂ ਨਾਨਕ ਸਾਹਿਬ ਜੀ ਦੇ ਜੋਤੀ-ਜੋਤ ਸਮਾਉਣ ਦੀ ਹੈ, ਪਰ ਪ੍ਰਚਲਿਤ ਤਿੱਥ ਅੱਸੂ ਵਦੀ ੫ ਸੰਮਤ ੧੫੯੬ ਹੋਣ ਕਾਰਨ ਇਹੀ ਸਹੀ ਮੰਨ ਲਈ ਗਈ। ਇਹ ਵੀ ਹੋ ਸਕਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਬਾਬਾ ਲਹਿਣਾ ਜੀ ਨੂੰ ਗੁਰਗੱਦੀ ਕੁਝ ਦਿਨ ਪਹਿਲਾਂ ਹੀ ਸੌਂਪ ਕੇ ਖ਼ੁਦ ਹਾਲਾਤਾਂ ਦਾ ਜਾਇਜ਼ਾ ਲਿਆ ਹੋਵੇ ਅਤੇ ਉਨ੍ਹਾਂ ਤੋਂ ਬਾਅਦ ਸਿੱਖੀ ਦਾ ਅਗਲਾ ਪ੍ਰਚਾਰ ਕੇਂਦਰ ਖਡੂਰ ਸਾਹਿਬ ਸਥਾਪਿਤ ਕਰਨ ਦੀ ਹਿਦਾਇਤ ਕੀਤੀ ਗਈ ਹੋਵੇ।

ਗੁਰੂ ਨਾਨਕ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਦੀ ਤਿੱਥ ਅੱਸੂ ਵਦੀ ੧੦ ਸੰਮਤ ੧੫੯੬ ਨੂੰ ਦੂਸਰੀਆਂ ਪੱਧਤੀਆਂ ਤਬਦੀਲ ਕੀਤਿਆਂ ਅੱਸੂ ਸੰਮਤ ੧੫੯੬, ਦਿਨ ਐਤਵਾਰ, ਪੁਨਰਵਸੁ ਨਛੱਤਰ, ਨਾਨਕਸ਼ਾਹੀ ਸੰਮਤ ੭੧; 7 ਸਤੰਬਰ 1539 ਜੂਲੀਅਨ ਬਣਦਾ ਹੈ ਨਾਨਕਸ਼ਾਹੀ ਕੈਲੰਡਰ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਜੋਤੀਜੋਤ ਪੁਰਬ ਨਾਨਕਸ਼ਾਹੀ ਅੱਸੂ ਹਰ ਸਾਲ 22 ਸਤੰਬਰ ਨੂੰ ਆਏਗਾ ਅਤੇ ਗੁਰੂ ਅੰਗਦ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਦੀ ਤਿੱਥ ਅੱਸੂ ਵਦੀ ਸੰਮਤ ੧੫੯੬ ਨੂੰ ਦੂਸਰੀਆਂ ਪੱਧਤੀਆਂ ਤਬਦੀਲ ਕੀਤਿਆਂ ਅੱਸੂ ਸੰਮਤ ੧੫੯੬, ਦਿਨ ਬੁੱਧਵਾਰ, ਕ੍ਰਿਤਕਾ ਨਛੱਤਰ, ਨਾਨਕਸ਼ਾਹੀ ਸੰਮਤ ੭੧; 3 ਸਤੰਬਰ 1539 ਜੂਲੀਅਨ ਬਣਦਾ ਹੈ ਨਾਨਕਸ਼ਾਹੀ ਕੈਲੰਡਰ ਵਿੱਚ ਗੁਰੂ ਅੰਗਦ ਸਾਹਿਬ ਜੀ ਦਾ ਗੁਰਗੱਦੀ ਪੁਰਬ ਨਾਨਕਸ਼ਾਹੀ ਅੱਸੂ ਹਰ ਸਾਲ 18 ਸਤੰਬਰ ਆਏਗਾ

ਗੁਰੂ ਨਾਨਕ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਪਿੱਛੋਂ ਉਨ੍ਹਾਂ ਦੀ ਦੇਹ ਦਾ ਅੰਤਮ ਸਸਕਾਰ ਕਰਨ ਬਾਰੇ ਇੱਕ ਮਨਘੜਤ ਅਤੇ ਸਿਧਾਂਤਹੀਣ ਸਾਖੀ ਘੜੀ, ਲਿਖੀ ਤੇ ਪ੍ਰਚਾਰੀ ਜਾ ਰਹੀ ਹੈ। ਜਿਸ ਮੁਤਾਬਕ ਹਿੰਦੂਆਂ ਅਤੇ ਮੁਸਲਮਾਨਾਂ ਦਾ ਆਪਸ ’ਚ ਝਗੜਾ ਹੋ ਗਿਆ। ਹਿੰਦੂ ਕਹਿਣ ਨਾਨਕ ਸਾਡਾ ਗੁਰੂ ਹੈ, ਇਸ ਲਈ ਇਨ੍ਹਾਂ ਦੀ ਦੇਹ ਦਾ ਸਸਕਾਰ ਅਸੀਂ ਕਰਾਂਗੇ ਅਤੇ ਮੁਸਲਮਾਨ ਕਹਿਣ ਸਾਡਾ ਪੀਰ ਹੈ ਇਨ੍ਹਾਂ ਨੂੰ ਕਬਰ ’ਚ ਅਸੀਂ ਦਫ਼ਨਾਉਣਾ ਹੈ। ਇਸ ਝਗੜੇ ਦੌਰਾਨ ਜਦ ਗੁਰੂ ਸਾਹਿਬ ਜੀ ਦੀ ਦੇਹ ਉਪਰੋਂ ਚਾਦਰ ਚੁੱਕ ਕੇ ਵੇਖੀ ਤਾਂ ਉੱਥੇ ਕੁਝ ਨਹੀਂ ਸੀ ਭਾਵ ਗੁਰੂ ਸਾਹਿਬ ਜੀ ਸਮੇਤ ਦੇਹੀ ਪ੍ਰਲੋਕ ਚਲੇ ਗਏ। ਹਿੰਦੂ ਅਤੇ ਮੁਸਲਮਾਨਾਂ ਨੇ ਚਾਦਰ ਹੀ ਪਾੜ ਕੇ ਅੱਧੀ ਅੱਧੀ ਵੰਡ ਲਈ; ਹਿੰਦੂਆਂ ਨੇ ਉਸ ਦਾ ਸਸਕਾਰ ਕਰ ਦਿੱਤਾ ਅਤੇ ਮੁਸਲਮਾਨਾਂ ਨੇ ਦਫ਼ਨ ਕਰ ਦਿੱਤੀ। ਬਾਅਦ ’ਚ ਇਸ ਸਾਖੀ ਨੂੰ ਪ੍ਰਪੱਕ ਕਰਨ ਲਈ ਉੱਥੇ ਹੀ ਇੱਕ ਪਾਸੇ ਕਬਰ ਅਤੇ ਦੂਜੇ ਪਾਸੇ ਸਮਾਧ ਬਣਾ ਦਿੱਤੀ। ਕਈ ਪ੍ਰਚਾਰਕ ਤਾਂ ਇੱਥੋਂ ਤੱਕ ਕਹਿ ਦਿੰਦੇ ਹਨ ਕਿ ਜਿਸ ਸਥਾਨ ’ਤੇ ਹਿੰਦੂ ਅਤੇ ਮੁਸਲਮਾਨਾਂ ਨੇ ਚਾਦਰ ਪਾੜ ਕੇ ਅੱਧੀ-ਅੱਧੀ ਵੰਡੀ ਓਥੋਂ ਹੀ ਲਕੀਰ ਖਿੱਚ ਕੇ ਭਾਰਤ ਅਤੇ ਪਾਕਿਸਤਾਨ ਦੀ 1947 ’ਚ ਵੰਡ ਹੋਈ। ਇਹ ਸਾਖੀ ਗੁਰਬਾਣੀ ਦੀ ਕਸੌਟੀ ’ਤੇ ਪਰਖਿਆਂ ਸਾਫ਼ ਹੋ ਜਾਂਦਾ ਹੈ ਕਿ ਬੰਦੇ ਦਾ ਸਰੀਰ, ਪੈਸਾ ਅਤੇ ਸਰੀਰਕ ਅੰਗ ਕਿਸੇ ਦੇ ਨਾਲ਼ ਨਹੀਂ ਜਾਂਦਾ ‘‘ਭਾਈ ਰੇ ! ਤਨੁ ਧਨੁ ਸਾਥਿ ਹੋਇ (ਮਹਲਾ ੧/੬੨), ਇਹੁ ਤਨੁ ਜਾਇਗਾ ; ਜਾਹਿਗੇ ਖੰਭ (ਮਹਲਾ ੧/੧੨੫੭), ਜਾਗ ਲੇਹੁ ਰੇ ਮਨਾ ! ਜਾਗ ਲੇਹੁ ! ਕਹਾ ਗਾਫਲ ਸੋਇਆ ਜੋ ਤਨੁ ਉਪਜਿਆ ਸੰਗ ਹੀ ; ਸੋ ਭੀ ਸੰਗਿ ਹੋਇਆ ਰਹਾਉ ’’ (ਮਹਲਾ ੯/੭੨੬)

ਹੁਣ ਸਵਾਲ ਤਾਂ ਇਹ ਭੀ ਉੱਠਣਗੇ ਕਿ

(ੳ) ਜੇ ਉਕਤ ਸਾਖੀ ਸੱਚੀ ਹੈ ਤਾਂ ਮੰਨਣਾ ਪਏਗਾ ਕਿ ਗੁਰੂ ਨਾਨਕ ਸਾਹਿਬ ਜੀ ਹਿੰਦੂਆਂ ਤੇ ਮੁਸਲਮਾਨਾਂ ਦਾ ਝਗੜਾ ਖ਼ਤਮ ਕਰਨ ਲਈ ਆਪਣੀ ਮ੍ਰਿਤਕ ਦੇਹ ਨੂੰ ਨਾਲ ਹੀ ਪ੍ਰਲੋਕ ’ਚ ਲੈ ਗਏ ਭਾਵ ਗੁਰੂ ਸਾਹਿਬ ਜੀ ਸਾਰੀ ਉਮਰ ਜੋ ਸਿੱਖਿਆ ਸਾਨੂੰ ਦਿੰਦੇ ਰਹੇ ਉਸ ਨੂੰ ਅੰਤਮ ਸਮੇਂ ਆਪ ਹੀ ਗ਼ਲਤ ਸਾਬਤ ਕਰ ਗਏ।

(ਅ) ਗੁਰੂ ਸਾਹਿਬ ਜੀ ਦਾ ਆਦੇਸ਼ ਸੀ ਕਿ ਮਰਨ ਉਪਰੰਤ ਦੇਹ ਨੂੰ ਬਿਲੈ ਲਾਉਣ ਦਾ ਕੋਈ ਵੀ ਢੰਗ ਵਰਤ ਲਿਆ ਜਾਵੇ ਤਾਂ ਵੀ ਉਸ ਦੀ ਆਤਮਾ ਨੂੰ ਕੋਈ ਫ਼ਰਕ ਨਹੀਂ ਪੈਂਦਾ; ਜਿਵੇਂ ਕਿ ਹਿੰਦੂਆਂ ਦੇ ਮ੍ਰਿਤਕ ਸਰੀਰ ਦਾ ਸਸਕਾਰ ਕੀਤਾ ਜਾਂਦਾ ਹੈ। ਮੁਸਲਮਾਨ ਤੇ ਈਸਾਈ; ਕਬਰ ’ਚ ਦੱਬ ਦਿੰਦੇ ਹਨ। ਯਹੂਦੀ ਸੁੰਨਸਾਨ ਜਗ੍ਹਾ ਜਾਂ ਸੁੱਕੇ ਖੂਹ ’ਚ ਸੁੱਟ ਦਿੰਦੇ ਹਨ ਤਾਂ ਜੋ ਕੁੱਤੇ, ਗਿੱਧ ਆਦਿਕ ਮਾਸਾਹਰੀ ਜਾਨਵਰ ਖਾ ਲੈਣ। ਕੁੱਝ ਹਿੰਦੂ ਜਲ ਪ੍ਰਵਾਹ ਭੀ ਕਰਦੇ ਹਨ ‘‘ਇਕ ਦਝਹਿ ਇਕ ਦਬੀਅਹਿ; ਇਕਨਾ ਕੁਤੇ ਖਾਹਿ ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ ’’ (ਮਹਲਾ ੧/੬੪੮) ਅਜਿਹੇ ਵਚਨ ਕਰਨ ਵਾਲੇ ਸਤਿਗੁਰੂ ਆਪਣੀ ਦੇਹ ਨੂੰ ਨਾਲ ਕਿਉਂ ਲੈ ਕੇ ਜਾਣਗੇ ? ਜਾਂ ਉਨ੍ਹਾਂ ਨੂੰ ਗੁਰੂ ਤੇ ਪੀਰ ਮੰਨਣ ਵਾਲੇ ਹਿੰਦੂ ਤੇ ਮੁਸਲਮਾਨ ਦੱਬਣ ਜਾਂ ਸਸਕਾਰ ਬਾਬਤ ਆਪਸ ਵਿੱਚ ਕਿਉਂ ਲੜਨਗੇ ?

(ੲ) ਜਦ ਹਿੰਦੂ ਅਤੇ ਮੁਸਲਮਾਨ; ਗੁਰੂ ਸਾਹਿਬ ਦੀ ਦੇਹ ਦਾ ਸਸਕਾਰ ਕਰਨ ’ਤੇ ਝਗੜਦੇ ਸਨ ਜਾਂ ਚਾਦਰ ਵੰਡਦੇ ਸਨ ਤਾਂ ਗੁਰੂ ਜੀ ਦੇ ਪੈਰੋਕਾਰ ਸਿੱਖ (ਬਾਬਾ ਬੁੱਢਾ ਜੀ, ਮਾਤਾ ਤ੍ਰਿਪਤਾ ਜੀ, ਦੋਵੇਂ ਪੁੱਤਰ ਅਤੇ ਅਨੇਕਾਂ ਸਿੱਖ) ਕਿੱਥੇ ਸਨ ? ਕੀ ਉਨ੍ਹਾਂ ਨੇ ਆਪਣਾ ਕੋਈ ਹੱਕ ਨਾ ਜਤਾਇਆ ? ਸਮਾਜ ਦੀ ਰੀਤ ਵੀ ਵੇਖੀ ਜਾਵੇ ਤਾਂ ਕਿਸੇ ਵੀ ਵਿਅਕਤੀ ਦੀ ਅੰਤਮ ਕ੍ਰਿਆ ਕਰਮ ਕਰਨ ਦਾ ਹੱਕ ਪਰਵਾਰ ਦਾ ਰਾਖਵਾਂ ਹੁੰਦਾ ਹੈ। ਪਰਵਾਰ ਦੇ ਕਿਸੇ ਵੀ ਮੈਂਬਰ ਵੱਲੋਂ ਬਿਲਕੁਲ ਹੀ ਕੋਈ ਦਖ਼ਲ ਅੰਦਾਜ਼ੀ ਨਾ ਕੀਤੀ ਜਾਣੀ, ਵੀ ਇਸ ਸਾਖੀ ਨੂੰ ਮਨਘੜਤ ਸਾਬਤ ਕਰਦਾ ਹੈ।

(ਸ) ਪਾਕਿਸਤਾਨ ਅਤੇ ਹਿੰਦੋਸਤਾਨ ਦੀ ਸੀਮਾ ਜੇਕਰ ਹਿੰਦੂ-ਮੁਸਲਮਾਨਾਂ ਵੱਲੋਂ ਚਾਦਰ ਵੰਡਣ ਸਦਕਾ ਹੋਈ ਤਾਂ ਪੂਰਬੀ ਪਾਕਿਸਤਾਨ (ਹੁਣ ਬੰਗਲਾ ਦੇਸ਼) ਤੇ ਹਿੰਦੋਸਤਾਨ ਦੀ ਸੀਮਾ ਦਾ ਵੀ ਕੋਈ ਕਾਰਨ ਹੋਵੇਗਾ ?

ਦਰਅਸਲ ਅਨ ਧਰਮਾਂ ਦਾ ਇਹ ਵਿਸ਼ਵਾਸ ਹੈ ਕਿ ਜੇ ਕੋਈ ਕਰਾਮਤ ਨਾ ਵਿਖਾ ਸਕੇ ਤਾਂ ਉਹ ਗੁਰੂ, ਪੀਰ ਜਾਂ ਅਉਲੀਆ ਹੀ ਨਹੀਂ, ਇਸ ਲਈ ਗੁਰੂ ਸਾਹਿਬ ਨੂੰ ਵੱਡਾ ਸਿੱਧ ਕਰਨ ਲਈ ਅਤੇ ਸਿੱਖਾਂ ਨੂੰ ਅਨਮਤ ਅਤੇ ਗੁਰੂ ਮਰਿਆਦਾ ਨੂੰ ਇੱਕ ਸਮਾਨ ਦਰਸਾਉਣ ਲਈ ਅਜਿਹੀਆਂ ਮਨਘੜਤ ਕਈ ਸਾਖੀਆਂ ਸਿੱਖੀ ਦੇ ਵਿਹੜੇ ’ਚ ਸੁੱਟੀਆਂ ਗਈਆਂ ਹਨ। ਵੈਸੇ ਗੁਰੂ ਹਰਿ ਰਾਏ ਜੀ ਨੇ ਬਾਬਾ ਰਾਮਰਾਏ ਨੂੰ ਕਰਾਮਾਤ ਵਿਖਾਉਣ ਅਤੇ ਗੁਰੂ ਸਿਧਾਂਤ ਬਦਲਣ ਲਈ ਸਾਮ੍ਹਣੇ ਨਾ ਆਉਣ ਦੀ ਸਜ਼ਾ ਦਿੱਤੀ ਸੀ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਰਾਮਾਤ ਵਿਖਾਉਣ ਨੂੰ ਰੱਬ ਦੀ ਰਜ਼ਾ ਦੇ ਉਲਟ ਦੱਸਿਆ ਹੈ। ਭਾਈ ਗੁਰਦਾਸ ਜੀ; ਗੁਰੂ ਨਾਨਕ ਸਾਹਿਬ ਜੀ ਦੇ ਹਵਾਲੇ ਨਾਲ਼ ਸਿੱਧ-ਜੋਗੀਆਂ ਨਾਲ ਉਨ੍ਹਾਂ ਦੇ ਹੋਏ ਸਵਾਲ-ਜਵਾਬ ਨੂੰ ਇਉਂ ਬਿਆਨ ਕਰਦੇ ਹਨ ‘‘ਸਿਧਿ ਬੋਲਨਿ ਸੁਣਿ ਨਾਨਕਾ ! ਤੁਹਿ ਜਗ ਨੋ ਕਿਆ ਕਰਾਮਾਤਿ ਦਿਖਾਈ  ਕੁਝ ਵਿਖਾਲੇਂ ਅਸਾ ਨੋ; ਤੁਹਿ ਕਿਉ ਢਿਲ ਅਵੇਹੀ ਲਾਈ ਬਾਬਾ ਬੋਲੇ ਨਾਥ ਜੀਅਸਾਂ ਤੇ ਵੇਖਣਿ ਜੋਗੀ ਵਸਤੁ ਕਾਈ ਗੁਰ ਸੰਗਤਿ ਬਾਣੀ ਬਿਨਾ; ਦੂਜੀ ਓਟ ਨਹੀਂ ਹਹਿ ਰਾਈ’’ (ਭਾਈ ਗੁਰਦਾਸ ਜੀ/ਵਾਰ ੧ ਪਉੜੀ ੪੨) ਸੋ ਅਜਿਹੀਆਂ ਕਈ ਸਿਧਾਂਤਿਕ ਮਿਸਾਲਾਂ ਗੁਰੂ ਇਤਿਹਾਸ ’ਚ ਦਰਜ ਹੋਣ ਦੇ ਬਾਵਜੂਦ ਭੀ ਮਨਘੜਤ ਸਾਖੀਆਂ ਨੂੰ ਜੀਵਤ ਰੱਖਣਾ ਕਿਸੇ ਗੁਰੂ ਦੇ ਪਿਆਰੇ ਸਿੱਖ ਦਾ ਕਾਰਜ ਨਹੀਂ ਹੋ ਸਕਦਾ।

ਜਿਹੜੇ ਗੁਰੂ ਸਾਹਿਬਾਨ ਕਰਾਮਾਤ ਵਿਖਾਉਣ ਦੀ ਥਾਂ ਆਪਣੇ ਸਰੀਰਕ ਨੂੰ ਤਿਆਗਣ ਨੂੰ ਤਰਜੀਹ ਦੇਣ; ਉਨ੍ਹਾਂ ਦੇ ਹੀ ਨਾਂ ਨਾਲ ਮਨਘੜਤ ਸਾਖੀਆਂ ਜੋੜਨਾ, ਹੈਰਾਨ ਕਰਦਾ ਹੈ। ਗੁਰੂ ਨਾਨਕ ਸਾਹਿਬ ਜੀ ਦੀ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਘੋੜੇ ਸਮੇਤ ਜਾਣਾ ਵਿਖਾਇਆ ਜਾਂਦਾ ਹੈ। ਸ਼ਾਇਦ ਇਨ੍ਹਾਂ ਨੇ ਸ਼ਾਹੂਕਾਰ ਭਾਈ ਦੁਨੀ ਚੰਦ ਲਾਹੌਰ ਦੀ ਇਹ ਸਾਖੀ ਨਹੀਂ ਪੜ੍ਹੀ ਕਿ ਗੁਰੂ ਨਾਨਕ ਸਾਹਿਬ ਜੀ ਨੇ ਉਨ੍ਹਾਂ ਨੂੰ ਸੂਈ ਦੇ ਕੇ ਕਿਹਾ ਕਿ ਮੇਰੀ ਅਮਾਨਤ ਹੈ, ਜੋ ਪ੍ਰਲੋਕ ’ਚ ਤੁਹਾਥੋਂ ਵਾਪਸ ਲਵਾਂਗਾ। ਪਤਾ ਲੱਗਣ ’ਤੇ ਉਨ੍ਹਾਂ ਦੀ ਪਤਨੀ ਨੇ ਕਿਹਾ ਤੁਸੀਂ ਗ਼ਲਤ ਵਚਨ ਦੇ ਬੈਠੇ ਹੋ। ਨਿਭਾ ਨਹੀਂ ਸਕਦੇ ਕਿਉਂਕਿ ਕੋਈ ਵੀ ਮਨੁੱਖ ਨਾਲ ਕੁਝ ਨਹੀਂ ਲਿਜਾ ਸਕਦਾ। ਦੁਨੀ ਚੰਦ ਸੂਈ ਵਾਪਸ ਕਰਨ ਗਿਆ ਅਤੇ ਕਿਹਾ ਮਹਾਰਾਜ ! ਬੰਦੇ ਦੇ ਨਾਲ ਤਾਂ ਕੁਝ ਵੀ ਨਹੀਂ ਜਾ ਸਕਦਾ, ਇਸ ਲਈ ਆਪਣੀ ਅਮਾਨਤ ਹੁਣੇ ਵਾਪਸ ਲੈ ਲਵੋ। ਗੁਰੂ ਜੀ ਨੇ ਤੁਰੰਤ ਕਿਹਾ ਜੇ ਸੂਈ ਨਾਲ ਨਹੀਂ ਲਿਜਾ ਸਕਦਾ ਤਾਂ ਮਾਇਆ ਦੇ ਜਿਹੜੇ ਅੰਬਾਰ ਇਕੱਠੇ ਕਰਕੇ ਵਿਖਾਵੇ ਲਈ 7 ਝੰਡੇ ਲਾ ਰੱਖੇ ਹਨ ਇਨ੍ਹਾਂ ਨੂੰ ਨਾਲ ਕਿਵੇਂ ਲੈ ਜਾਵੇਂਗਾ ? ਚੰਗਾ ਹੋਵੇ ਲੋਕ ਭਲਾਈ ਦੇ ਕਾਰਜਾਂ ਲਈ ਆਪਣੇ ਹੱਥੀਂ ਵੰਡ ਦਿਓ।

ਸੋ ਜੋ ਗੁਰੂ ਸਾਹਿਬ ਜੀ ਇੱਕ ਸੂਈ ਦੀ ਮਿਸਾਲ ਦੇ ਕੇ ਲੋਕਾਂ ਨੂੰ ਸਮਝਾਉਂਦੇ ਰਹੇ ਕਿ ਨਾਲ ਕੁਝ ਨਹੀਂ ਜਾ ਸਕਦਾ ਉਨ੍ਹਾਂ ਨੂੰ ਹੀ ਸਮੇਤ ਸਰੀਰ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਤ ਘੋੜੇ ਚਲੇ ਜਾਣ ਦੀਆਂ ਸਾਖੀਆਂ ਸੁਣਾਉਣ ਵਾਲ਼ੇ ਮਨਮਤੀ ਲੋਕ ਹਨ, ਜਿਨ੍ਹਾਂ ਨੇ ਗੁਰਬਾਣੀ ਨੂੰ ਸਮਝਣ ਦੀ ਬਜਾਏ ਇਸ ਦੇ ਸਿਧਾਂਤ ਵਿਰੁਧ ਕਾਰਜ ਕਰ ਪਾਪਾਂ ਦੇ ਭਾਗੀ ਬਣੇ ਹਨ। ਕੌਮ ਨੂੰ ਵਿਚਾਰ ਕਰਨ ਦੀ ਲੋੜ ਹੈ।

Most Viewed Posts