ਵਿਗਿਆਨ, ਧਰਮ (ਗੁਰਮਤਿ) ਅਤੇ ਬ੍ਰਾਹਮਣਵਾਦ
ਵਿਗਿਆਨ, ਧਰਮ (ਗੁਰਮਤਿ) ਅਤੇ ਬ੍ਰਾਹਮਣਵਾਦ
ਗਿਆਨੀ ਅਵਤਾਰ ਸਿੰਘ
ਧਰਮ ਨੂੰ ਮੰਨਣ ਵਾਲ਼ਾ ਹੋਵੇ ਜਾਂ ਨਾ ਮੰਨਣ ਵਾਲ਼ਾ; ਧਾਰਮਿਕ ਚਰਚਾ ’ਚ ਆਪਣੀ ਰਾਏ ਦੇਣ ਨੂੰ ਹਰ ਕੋਈ ਤਿਆਰ ਰਹਿੰਦਾ ਹੈ। ਵੈਸੇ ਜਿਵੇਂ ਸਰੀਰਕ ਬਣਤਰ ਇੱਕ ਸਮਾਨ ਨਹੀਂ ਹੁੰਦੀ ਓਵੇਂ ਧਾਰਮਿਕ ਸੂਝ ਤੇ ਉਸ ਦਾ ਅਹਿਸਾਸ ਭੀ ਸਾਰਿਆਂ ’ਚ ਇੱਕ ਸਮਾਨ ਨਹੀਂ ਹੁੰਦਾ, ਨਹੀਂ ਹੋ ਸਕਦਾ। ਇੱਕੋ ਧਰਮ ਦੇ ਪੈਰੋਕਾਰ ਆਪਣੇ ਧਰਮ ਬਾਰੇ ਵੱਖ ਵੱਖ ਰਾਏ ਰੱਖਦੇ ਹਨ। ਧਰਮ ਦੀ ਵਿਆਖਿਆ; ਦਰਖ਼ਤ ਦੇ ਪਸਾਰੇ ਵਾਙ ਕਈ ਭਾਗਾਂ ’ਚ ਵੰਡੀ ਹੁੰਦੀ ਹੈ। ਅਗਰ ਧਾਰਮਿਕ ਬੰਦੇ ਅੰਦਰ ਰੁੱਖ ਦੀਆਂ ਟਹਿਣੀਆਂ ਜਾਂ ਪੱਤਿਆਂ ਦੀ ਤਰ੍ਹਾਂ ਕੇਵਲ ਬਾਹਰੀ ਮਤਭੇਦ ਹੋਣ ਤਾਂ ਬਹੁਤੀ ਚਿੰਤਾ ਨਹੀਂ, ਪਰ ਜੇਕਰ ਧਰਮ ਦੇ ਮੂਲ (ਅਸੂਲ) ਬਾਰੇ ਹੀ ਮਤਭੇਦ ਹੋਣ ਤਾਂ ਆਪਣੇ ਹੀ ਕੌਮੀ ਪਹਿਰਾਵੇ ’ਚ ਵਿਚਰਦਾ ਬੰਦਾ ਕੌਮ ਦੇ ਦੁਸ਼ਮਣਾਂ ਨਾਲ਼ੋਂ ਵੱਧ ਨੁਕਸਾਨ ਕਰਦਾ ਹੈ। ਆਪਣੇ ਵਰਗਾ ਸਰੂਪ ਹੋਣ ਕਾਰਨ ਕਿਸੇ ਨੂੰ ਪਤਾ ਭੀ ਨਹੀਂ ਲੱਗਦਾ ਕਿਉਂਕਿ ਜ਼ਿਆਦਾਤਰ ਲੋਕ ਧਰਮ ਤੋਂ ਜਾਣੂ ਨਹੀਂ ਹੁੰਦੇ। ਧਰਮ; ਪੜ੍ਹਨ ਨਾਲੋਂ ਭਰੋਸਾ ਕਰਨ ਨਾਲ਼ ਵਧੇਰੇ ਜੁੜਿਆ ਵਿਸ਼ਾ ਹੈ। ਇਸ ਭਰੋਸੇ ਨੂੰ ਵਧਾਉਣ ਲਈ ਨਿਤਨੇਮ (ਦਾ ਪਾਠ) ਨਿਰਧਾਰਿਤ ਕੀਤਾ ਜਾਂਦਾ ਹੈ।
ਜੀਵ ਵਿਗਿਆਨ ਮੁਤਾਬਕ ਬੰਦਾ; ਚਿੰਪੈਂਜ਼ੀ ਦਾ ਵਿਕਸਿਤ ਰੂਪ ਹੈ। ਧਰਮ ਬਾਰੇ ਇਸ ਦੀ ਪਕੜ ਬਹੁਤੀ ਪੁਰਾਣੀ ਨਹੀਂ। ਸਾਢੇ ਤਿੰਨ ਜਾਂ ਚਾਰ ਕੁ ਹਜ਼ਾਰ ਸਾਲ ਤੋਂ ਧਰਮ ਬਾਰੇ ਕੁੱਝ ਲਿਖਿਆ ਮਿਲਦਾ ਹੈ। ਕਹਿੰਦੇ ਹਨ ਕਿ ਜਦ ਬੰਦਾ; ਆਪਣੇ ਆਪ ਨੂੰ ਨੰਗਾ ਵੇਖ ਸ਼ਰਮਿੰਦਾ ਹੋਣ ਲੱਗਾ ਤਾਂ ਹੀ ਸਮਾਜਿਕਤਾ ਦਾ ਜਨਮ ਹੋਇਆ, ਜਿਸ ਤੋਂ ਬਾਅਦ ਧਰਮ ਬਾਰੇ ਲਗਨ ਵਧਣ ਲੱਗੀ। ਸ਼ੁਰੂਆਤ ਵਿੱਚ ਇਹ ਆਪਣੇ ਕਬੀਲੇ ਦੇ ਸਰਦਾਰ ਨੂੰ ਹੀ ਸਰਬ ਸ੍ਰੇਸ਼ਟ (ਯਾਨੀ ਰੱਬ) ਮੰਨਦਾ ਰਿਹਾ। ਮਰਨ ਉਪਰੰਤ ਉਸ ਦੀ ਮੂਰਤੀ; ਭਗਵਾਨ ਵਜੋਂ ਪੂਜੀ ਗਈ। ਦੁਨੀਆ ’ਚ ਸਭ ਤੋਂ ਪੁਰਾਣੇ ਦੋ ਧਰਮ; ‘ਹਿੰਦੂ ਮੱਤ’ (1500 ਤੋਂ 1000 ਪੂਰਵ ਈਸਵੀ ਤੋਂ) ਅਤੇ ‘ਯਹੂਦੀ ਮੱਤ’ (1571 ਪੂਰਵ ਈਸਵੀ ਤੋਂ) ਹਨ। ਇਨ੍ਹਾਂ ਦੇ ਧਾਰਮਿਕ ਅਸੂਲ; ਆਪਣੇ ਕਬੀਲਿਆਂ ਦੇ ਸਰਦਾਰਾਂ ਦਾ ਇਤਿਹਾਸ ਹੀ ਹਨ, ਜਿਨ੍ਹਾਂ ਨੂੰ ਪੜ੍ਹਨਾ ਤੇ ਹੋਰਾਂ ਨੂੰ ਪੜ੍ਹਾਉਣਾ ਧਰਮ ਦਾ ਪ੍ਰਚਾਰ ਹੈ; ਜਿਵੇਂ ਕਿ ਰਿਗ ਵੇਦ ’ਚ ਇੰਦਰ ਦੇ ਜੀਵਨ ਦਾ ਵਰਣਨ ਹੈ, ਮਹਾਭਾਰਤ ਅਤੇ ਰਾਮਾਇਣ ਧਾਰਮਿਕ ਗ੍ਰੰਥ ਭੀ ਇਤਿਹਾਸਕ ਸਰੋਤ ਹੀ ਹਨ। ਅੱਜ ਵੀ ਉੱਤਰੀ ਕੋਰੀਆ ਵਰਗੇ ਦੇਸਾਂ ’ਚ ਆਪਣੇ ਰਾਜੇ ਦੀ ਪੂਜਾ ਕਰਨ ਸੰਬੰਧੀ; ਸਕੂਲਾਂ ’ਚ ਪੜ੍ਹਾਇਆ ਜਾਂਦਾ ਹੈ। ਹਿੰਦੂ ਧਰਮ ’ਚ ਇਨ੍ਹਾਂ ਰਾਜਿਆਂ ਨੂੰ ਦੇਵਤੇ ਕਿਹਾ ਹੈ, ਵਿਸ਼ਨੂੰ ਦੇ ਅਵਤਾਰ ਮੰਨਿਆ ਹੈ। ਪਾਵਨ ਵਚਨ ਹਨ ‘‘ਜੁਗਹ ਜੁਗਹ ਕੇ ਰਾਜੇ ਕੀਏ; ਗਾਵਹਿ ਕਰਿ ਅਵਤਾਰੀ ॥’’ (ਮਹਲਾ ੩/੪੨੩) ਜਦ ਜਨਤਾ ਆਪਣੇ ਸਰਦਾਰਾਂ ਨੂੰ ਸਰਵੋਤਮ ਮੰਨੇ, ਰੱਬ ਬਣਾ ਕੇ ਪੂਜਾ ਕਰੇ ਤਾਂ ਝੋਲ਼ੀ ਚੁੱਕ; ਸੁਆਰਥ, ਅਗਿਆਨਤਾ ਅਤੇ ਡਰ ਕਾਰਨ ਉਸ ਦੀ ਰਹਿਣੀ ਨੂੰ ਹੋਰ ਚਾਰ ਚੰਨ ਲਾ ਦਿੰਦੇ ਹਨ ਯਾਨੀ ਕਿ ਅਨੋਖੇ ਬਣਾਉਣ ’ਚ ਕਸਰ ਨਹੀਂ ਛੱਡਦੇ, ਇਸ ਲਈ ਪੁਰਾਤਨ ਧਰਮਾਂ ’ਚ ਬਹੁਤ ਕੁੱਝ ਹਕੀਕਤ ਨਹੀਂ, ਮਿੱਥ ਹੈ। ਜਿਸ ਨੂੰ ਲੋਕਾਂ ਨੇ ਸਦੀਆਂ ਤੋਂ ਸੱਚ ਕਰਕੇ ਜਾਣਿਆ ਹੈ ਭਾਵੇਂ ਕਿ ਅਸਲ ’ਚ ਧਰਮ; ਇੱਕ ਸਚਾਈ ਹੈ, ਜੋ ਮਿੱਥ ਨਹੀਂ ਹੋ ਸਕਦੀ।
ਅਜੋਕੇ ਵਿਗਿਆਨਿਕ ਯੁੱਗ ਦੀ ਸ਼ੁਰੂਆਤ ਜੇਕਰ ਗੁਰੂ ਨਾਨਕ ਸਾਹਿਬ ਜੀ ਤੋਂ ਮੰਨੀਏ ਤਾਂ ਗ਼ਲਤ ਨਹੀਂ ਹੋਵੇਗਾ। ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਭਾਰਤ ’ਚ ਪੈਦਾ ਹੋਈ ਭਗਤੀ ਲਹਿਰ ਅਤੇ ਇਸਲਾਮ ’ਚੋਂ ਪੈਦਾ ਹੋਈ ਸੂਫ਼ੀ ਲਹਿਰ ਦੁਆਰਾ ਧਰਮ ਦੀ ਕੀਤੀ ਵਿਆਖਿਆ ਭੀ ਸੱਚ ਆਧਾਰਿਤ ਹੈ ਯਾਨੀ ਕਿ ਮਿੱਥ ਨਹੀਂ, ਕਾਲਪਨਿਕ ਖ਼ਿਆਲ ਨਹੀਂ ਹਨ, ਇਸ ਲਈ ਗੁਰੂ ਨਾਨਕ ਸਾਹਿਬ ਜੀ ਨੇ ਇਨ੍ਹਾਂ ਭਗਤਾਂ ਦੀ ਇਲਾਹੀ ਬਾਣੀ ਨੂੰ ਭੀ ਇਕੱਤਰ ਕਰ ਆਪਣੀ ਰਚਨਾ ’ਚ ਸ਼ਾਮਲ ਕਰ ਲਿਆ, ਜੋ ਬਾਅਦ ’ਚ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ ਗਈ। ਗੁਰਬਾਣੀ ਵਿੱਚ ਜਿੱਥੇ ਪ੍ਰਚਲਿਤ ਦੰਦ ਕਥਾਵਾਂ, ਮਿਥਿਹਾਸ, ਇਤਿਹਾਸ ਆਦਿਕ ਹਵਾਲਿਆਂ ਨਾਲ਼ ਮਨੁੱਖ ਨੂੰ ਸੱਚ ਨਾਲ਼ ਜੋੜਿਆ ਹੈ ਓਥੇ ਤੱਥਾਂ ਆਧਾਰਿਤ ਵਿਗਿਆਨਿਕ ਹਵਾਲੇ ਭੀ ਦਿੱਤੇ ਹਨ, ਜਿਨ੍ਹਾਂ ਨੂੰ ਆਧੁਨਿਕ ਸਾਇੰਸ ਭੀ ਸਦੀਆਂ ਤੱਕ ਨਹੀਂ ਸਮਝ ਸਕਦੀ।
ਅੱਜ ਸਾਇੰਸ ਯੁੱਗ ਹੈ। ਕੁੱਝ ਸਿੱਖ ਸਮੁੱਚੀ ਗੁਰਬਾਣੀ ਨੂੰ ਅਜੋਕੀ ਵਿਗਿਆਨਿਕ ਖੋਜ ਸਮਾਨ ਮੰਨਣ ’ਚ ਮਾਣ ਮਹਿਸੂਸ ਕਰਦੇ ਹਨ ਅਤੇ ਕਈ ਪ੍ਰਚਲਿਤ ਮਿਥਿਹਾਸ ਯਾਨੀ ਕਬੀਲਿਆਂ ਦੇ ਸਰਦਾਰਾਂ ਦੇ ਕਾਲਪਨਿਕ ਇਤਿਹਾਸ ਨੂੰ ਭੀ ਸੱਚ ਸਾਬਤ ਕਰਨ ’ਚ ਲੱਗੇ ਹਨ। ਪ੍ਰਾਚੀਨ ਰਾਜਿਆਂ ਨੂੰ ਭੀ ਭਗਵਾਨ ਆਖਦੇ ਹਨ ਭਾਵੇਂ ਕਿ ਇਹ ਦੋਵੇਂ ਗ਼ਲਤ ਹਨ। ਮਿਥਿਹਾਸ ’ਤੇ ਭਰੋਸਾ; ਅੰਧ ਭਗਤੀ ਹੈ ਅਤੇ ਨਿਰਾ ਵਿਗਿਆਨਿਕ ਤਰਕ; ਨਾਸਤਿਕਵਾਦ ਹੈ।
ਧਰਮ ਨੂੰ ਜਾਣਨ ਲਈ ਸਮੁੱਚੀ ਗੁਰਬਾਣੀ ਦੇ ਤਿੰਨ ਹਿੱਸੇ ਬਣਾ ਲੈਣਾ, ਸਹੀ ਹੈ (ੳ). ਜ਼ਿੰਦਗੀ (ਵਿਕਾਰ, ਮੌਤ ਆਦਿ) ਦਾ ਵਿਸ਼ਲੇਸ਼ਣ। (ਅ). ਕੁਦਰਤ (ਸੰਸਾਰ/ਬ੍ਰਹਿਮੰਡ) ਦਾ ਵਿਸ਼ਲੇਸ਼ਣ। (ੲ). ਨਿਰਾਕਾਰ ਦੀ ਵਿਆਖਿਆ। ਦਰਖ਼ਤ ਦੇ ਫੈਲਾਅ ਵਾਙ ਧਰਮ ਦੀ ਵਿਆਖਿਆ ਹੁੰਦੀ ਹੈ। ਪਹਿਲੇ ਦੋ ਭਾਗ (ੳ, ਅ); ਦਰਖ਼ਤ (ਧਰਮ) ਦੇ ਪੱਤੇ, ਟਹਿਣੀਆਂ, ਫਲ਼, ਫੁੱਲ ਆਦਿ ਹਨ, ਜਿਨ੍ਹਾਂ ਨੂੰ ਅਜੋਕੀ ਵਿਗਿਆਨਿਕ ਖੋਜ ਨਾਲ਼ ਸਮਝਣਾ ਭੀ ਗ਼ਲਤ ਨਹੀਂ, ਪਰ ‘ੲ’ ਨੂੰ ਸਮਝਣ ਲਈ ਵਿਗਿਆਨਕ ਟੇਕ ਨਹੀਂ ਲਈ ਜਾ ਸਕਦੀ। ਵੈਸੇ ਗੁਰਬਾਣੀ ਅਨੁਸਾਰ ਇਹ ‘ੲ’ ਹੀ ਧਰਮ ਹੈ, ਜੋ ਨਿਰਾਕਾਰ ਦਾ ਨਾਮ ਜਪਾਉਂਦਾ ਹੈ ‘‘ਰਾਮ ਰਾਮ; ਬੋਲਿ ਰਾਮ ਰਾਮ ॥ ਤਿਆਗਹੁ ਮਨ ਕੇ ਸਗਲ ਕਾਮ ॥੧॥ ਰਹਾਉ ॥… (ਇਹੀ) ਸਗਲ ਧਰਮ ਮਹਿ; ਊਤਮ ਧਰਮ ॥ ਕਰਮ ਕਰਤੂਤਿ ਕੈ ਊਪਰਿ, ਕਰਮ ॥ (ਮਹਲਾ ੫/੧੧੮੨), ਸਰਬ ਧਰਮ ਮਹਿ; ਸ੍ਰੇਸਟ ਧਰਮੁ ॥ ਹਰਿ ਕੋ ਨਾਮੁ ਜਪਿ; (ਹੁੰਦਾ) ਨਿਰਮਲ ਕਰਮੁ (ਯਾਨੀ ਸਾਫ਼ ਕਿਰਦਾਰ ਬਣਦਾ)॥’’ (ਸੁਖਮਨੀ/ਮਹਲਾ ੫/੨੬੬), ਜਦ ਧਰਮ; ਨਿਰਾਕਾਰ ਨਾਲ਼ ਜੁੜਿਆ ਵਿਸ਼ਾ ਹੀ ਹੈ ਤਾਂ ਤੇ ਹਿਰਦੇ ’ਚ ਉਸ ਪ੍ਰਤੀ ਭਰੋਸਾ ਬਣਨਾ; ਧਰਮ ਦੀ ਪਹਿਲੀ ਤੇ ਆਖ਼ਰੀ ਪਉੜੀ ਹੈ ਤਾਹੀਓਂ ਸਿੱਖ; ਸਤਿਗੁਰੂ ਅਤੇ ਅਕਾਲ ਪੁਰਖ ਪਾਸੋਂ ਨਿੱਤ ਅਰਦਾਸ ਰਾਹੀਂ ਭਰੋਸਾ ਦਾਨ ਮੰਗਦੇ ਹਨ ਭਾਵੇਂ ਕਿ ਸਾਇੰਸਦਾਨਾਂ ਮੁਤਾਬਕ ਇਹ ਪਾਣੀ ਰਿੜਕਣਾ ਹੈ ਕਿਉਂਕਿ ਵਿਗਿਆਨ; ਗਿਆਨ ਇੰਦ੍ਰਿਆਂ (ਅੱਖ, ਕੰਨ, ਨੱਕ, ਜੀਭ ਤੇ ਤ੍ਵਚਾ) ਦੇ ਦਾਇਰੇ ’ਚ ਰਹਿ ਕੇ ਕੀਤੀ ਖੋਜ ਹੁੰਦਾ ਹੈ, ਪਰ ਧਰਮ; ਅਨੁਭਵ ਨਾਲ਼ ਜੁੜਿਆ ਹੈ। ਸਿੱਖ ਇਸ ਵਾਕ ‘‘ਪ੍ਰਭ ਭਾਵੈ; ਬਿਨੁ ਸਾਸ ਤੇ ਰਾਖੈ ॥’’ (ਸੁਖਮਨੀ/ਮਹਲਾ ੫/੨੭੭) ’ਤੇ ਭਰੋਸਾ ਕਰੇਗਾ, ਸਾਇੰਸਦਾਨ ਨਹੀਂ। ਸਾਰੀ ਗੁਰਬਾਣੀ ਨੂੰ ਵਿਗਿਆਨ ਆਧਾਰਿਤ ਸਾਬਤ ਕਰਨ ਵਾਲ਼ੇ ਸਿੱਖਾਂ ਲਈ ਇਹ ਵਾਕ ਭੀ ਬ੍ਰਾਹਮਣ ਦਾ ਮਿੱਥ ਹੈ, ਪਰ ਇਹ ਅਸ਼ਰਧਾ ਦਾ ਪ੍ਰਤੀਕ ਹੈ। ਜਿਸ ਅੰਦਰ ਭਰੋਸਾ ਨਹੀਂ, ਜਿਸ ਲਈ ਸਾਰੀ ਗੁਰਬਾਣੀ; ਗਿਆਨ ਇੰਦ੍ਰਿਆਂ ਨਾਲ਼ ਸੰਬੰਧਿਤ ਵਿਸ਼ਾ ਹੈ, ਉਸ ਲਈ ਗੁਰੂ ਦੀ ਮਿਹਰ ਭੀ ਸ਼ਾਬਦਿਕ ਗਿਆਨ ਹੀ ਹੈ ਜਦਕਿ ਧਰਮ (ਨਿਰਾਕਾਰ ਨਾਲ਼ ਜੁੜਨਾ); ਗਿਆਨ ਇੰਦ੍ਰਿਆਂ ਦੀ ਪਕੜ ਤੋਂ ਪਰੇ (ਅਗੰਮ, ਅਗੋਚਰ) ਹੈ, ਜਿਸ ਤੱਕ ਪਹੁੰਚ ਗੁਰੂ ਦੀ ਮਿਹਰ ਕਰਾਉਂਦੀ ਹੈ। ਪਾਵਨ ਵਚਨ ਹਨ ‘‘ਅਗਮ ਅਗੋਚਰੁ ਰਹੈ ਨਿਰੰਤਰਿ; ਗੁਰ ਕਿਰਪਾ ਤੇ ਲਹੀਐ ॥ (ਭਗਤ ਕਬੀਰ/੩੩੩), ਅਗਮੁ ਅਗੋਚਰੁ ਨਾਮੁ ਹਰਿ ਊਤਮੁ; ਹਰਿ, ਕਿਰਪਾ ਤੇ ਜਪਿ ਲਇਆ ॥ (ਮਹਲਾ ੪/੧੨੬੪), ਅਗਮ ਅਗੋਚਰੁ ਸੁਆਮੀ ਅਪੁਨਾ; ਗੁਰ ਕਿਰਪਾ ਤੇ ਸਚੁ ਧਿਆਈ ਜੀਉ ॥’’ (ਮਹਲਾ ੫/੧੦੧) ਆਦਿ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜਦ ਧਰਮ ‘ੲ’ ਹੈ ਤਾਂ ਪਹਿਲੇ ਦੋ ਹਿੱਸੇ (ੳ, ਅ); ਕਿਉਂ ਸ਼ਾਮਲ ਕੀਤੇ, ਜੋ ਪੰਜ ਗਿਆਨ ਇੰਦ੍ਰਿਆਂ ਦੀ ਪਕੜ ਦਾ ਵਿਸ਼ਾ ਹੈ ?
ਜਵਾਬ : (1). ਗੁਰਬਾਣੀ ਮੁਤਾਬਕ ‘ੲ’ (ਨਿਰਾਕਾਰ ਦੀ ਵਿਆਖਿਆ/ਉਸ ਦਾ ਨਿਵਾਸ ਸਥਾਨ); ਹਰ ਜ਼ਿੰਦਗੀ ਸਮੇਤ ਸਮੁੱਚੀ ਕੁਦਰਤਿ (ੳ, ਅ) ਵਿੱਚ ਹੈ। ਇਨ੍ਹਾਂ ਦੀ ਘੋਖ-ਪੜਚੋਲ ਕਰਦਿਆਂ ਕਰਦਿਆਂ ਨਿਰਾਕਾਰ ਦਾ ਦਰਸ਼ਨ ਹੁੰਦਾ ਹੈ। ਕੁਦਰਤਿ ’ਚੋਂ ਨਿਰਾਕਾਰ ਨੂੰ ਪ੍ਰਗਟਾਉਂਦੇ ਪਾਵਨ ਵਚਨ ਹਨ ‘‘ਬਲਿਹਾਰੀ ਕੁਦਰਤਿ (’ਚ) ਵਸਿਆ ॥ ਤੇਰਾ ਅੰਤੁ ਨ ਜਾਈ ਲਖਿਆ (ਸਮਝਿਆ)॥੧॥ ਰਹਾਉ ॥ (ਆਸਾ ਕੀ ਵਾਰ/ਮਹਲਾ ੧/੪੬੯), ਕੁਦਰਤਿ ਕਰਿ ਕੈ ਵਸਿਆ; ਸੋਇ (ਉਹ ਨਿਰਾਕਾਰ)॥ (ਮਹਲਾ ੧/੮੩), ਸਾਚੇ ਸਾਹਿਬ ਸਿਉ; ਮਨੁ ਮਾਨਿਆ ॥ ਹਰਿ, ਸਰਬ ਨਿਰੰਤਰਿ ਜਾਨਿਆ ॥੧॥ ਰਹਾਉ ॥’’ (ਮਹਲਾ ੫/੬੨੯) ਆਦਿ।
(2). ਜ਼ਿੰਦਗੀ ਅਤੇ ਕੁਦਰਤਿ ਦਾ ਕੀਤਾ ਗਿਆ ਤੱਥਾਂ ਆਧਾਰਿਤ ਲਾਜਵਾਬ ਵਿਸ਼ਲੇਸ਼ਣ (ੳ, ਅ); ਗਿਆਨ ਇੰਦ੍ਰਿਆਂ ਨੂੰ ਤਸੱਲੀ ਕਰਾ ਜਾਂਦਾ ਹੈ ਕਿ ਇਹੀ ਸੱਚਾ ਗਿਆਨ ਹੈ, ਜਿਸ ਤੋਂ ਬਾਅਦ ਨਿਰਾਕਾਰ ਦੀ ਕੀਤੀ ਗਈ ਵਿਆਖਿਆ (ੲ) ’ਤੇ ਭਰੋਸਾ ਕਰਨ ’ਚ ਮਦਦ ਮਿਲਦੀ ਹੈ। ਜੇਕਰ ਇਸ (ੳ, ਅ) ਦੇ ਕੀਤੇ ਵਿਸ਼ਲੇਸ਼ਣ ’ਚ ਅੱਜ ਸਾਇੰਸ ਦੀ ਖੋਜ ਕੋਈ ਤਰੁਟੀ ਕੱਢ ਦਿੰਦੀ (ਜਿਵੇਂ ਕਿ ਬਾਈਬਲ ’ਚ ਕਿਹਾ ਹੈ ਕਿ ਸੂਰਜ; ਧਰਤੀ ਦੇ ਦੁਆਲੇ ਘੁੰਮਦਾ ਹੈ, ਨੂੰ ਸਾਇੰਸ ਨੇ ਰੱਦ ਕਰ ਦਿੱਤਾ) ਤਾਂ ਨਿਰਾਕਾਰ ਦੀ ਵਿਆਖਿਆ (‘ੲ’ ਦੀ ਸਚਾਈ) ਨੂੰ ਮੰਨਣ ਲਈ ਭੀ ਹਿਰਦੇ ਅੰਦਰ ਸੰਦੇਹ ਪੈਦਾ ਹੁੰਦਾ, ਜੋ ਨਹੀਂ ਹੋਇਆ ਤਾਂ ਤੇ ਅਫ਼ਸੋਸ ਹੈ ਕਿ ਫਿਰ ਭੀ ਕਈ ਸਿੱਖ ਨਿਰਾਕਾਰ ਦੇ ਵਜੂਦ ਨੂੰ ਮੰਨਣ ਤੋਂ ਇਨਕਾਰੀ ਹਨ ਜਾਂ ਨਿਰਾਕਾਰ ਨੂੰ ਪ੍ਰਗਟਾਉਂਦੇ ਗੁਰੂ ਵਚਨਾਂ ਦੇ ਮਨਘੜਤ ਅਰਥ ਕਰ ਸਿੱਖ ਹੋਣ ਦਾ ਸਬੂਤ ਦਿੰਦੇ ਰਹਿੰਦੇ ਹਨ। ਐਸੇ ਨਿੰਮੋਝੂਣੇਪਣ ਦਾ ਕਾਰਨ ਨਿਰਾਕਾਰ ਦੀ ਵਿਆਖਿਆ ਨੂੰ ਸਮਝਣ ਲਈ ਭੀ ਵਿਗਿਆਨ ’ਤੇ ਨਿਰਭਰ ਹੋਣਾ ਹੈ ਜਾਂ ਬ੍ਰਾਹਮਣ ਦੇ ਮਿੱਥ ’ਤੇ। ਸੋਚਣਾ ਬਣਦਾ ਹੈ ਕਿ 500 ਸਾਲ ਪਹਿਲਾਂ ਕਿਸ ਵਿਗਿਆਨਿਕ ਖੋਜ ਨਾਲ਼ ਗੁਰੂ ਨਾਨਕ ਸਾਹਿਬ ਜੀ ਦੇ ਇਹ ਵਚਨ ਸਮਝ ਆਏ ਹੋਣਗੇ ‘‘ਸਾਚੇ ਤੇ ਪਵਨਾ ਭਇਆ; ਪਵਨੈ ਤੇ ਜਲੁ ਹੋਇ ॥ ਜਲ ਤੇ ਤ੍ਰਿਭਵਣੁ ਸਾਜਿਆ; ਘਟਿ ਘਟਿ ਜੋਤਿ ਸਮੋਇ ॥’’ (ਮਹਲਾ ੧/੧੯) ਅਰਥ : ਸਦੀਵੀ ਸਥਿਰ (ਨਿਰਾਕਾਰ) ਤੋਂ ਹਵਾ (ਆਕਸੀਜਨ ਤੇ ਹਾਈਡ੍ਰੋਜਨ ਗੈਸ) ਬਣੀ। ਹਵਾ ਤੋਂ ਪਾਣੀ ਹੋਇਆ। ਪਾਣੀ ਤੋਂ ਤਿੰਨੇ ਲੋਕਾਂ ਦੇ ਜੀਵ ਯਾਨੀ ਪਾਣੀ ਵਾਲ਼ੇ ਜੀਵ, ਧਰਤੀ ’ਤੇ ਚੱਲਣ ਵਾਲ਼ੇ ਅਤੇ ਅਕਾਸ਼ ’ਚ ਉੱਡਣ ਵਾਲ਼ੇ ਜੀਵ ਪੈਦਾ ਹੋਏ। ਇਨ੍ਹਾਂ ਸਾਰਿਆਂ ਅੰਦਰ (ਉਹੀ ਸੱਚਾ) ਜੋਤਿ ਸਰੂਪ ਵਜੋਂ ਵਿਆਪਕ ਹੈ।
ਉਕਤ ਵਾਕ ਉਚਾਰਨ ਤੋਂ ਲਗਭਗ 300 ਸਾਲ ਬਾਅਦ ਹੈਨਰੀ ਕੈਵੇਂਡਿਸ਼ (ਬ੍ਰਿਟਿਸ਼, Henry Cavendish 1731-1810) ਨੇ ਸੰਨ 1783 ਵਿੱਚ ਇਹ ਖੋਜ ਕੀਤੀ ਕਿ ਹਵਾ (ਹਾਈਡ੍ਰੋਜਨ ਅਤੇ ਆਕਸੀਜਨ) ਤੋਂ ਪਾਣੀ ਬਣਦਾ ਹੈ। ਜੇਕਰ ਅੱਜ ਸਿੱਖ; ਹੈਨਰੀ ਕੈਵੇਂਡਿਸ਼ ਦੀ ਇਸ ਖੋਜ ਨਾਲ਼ ‘‘ਪਵਨੈ ਤੇ ਜਲੁ ਹੋਇ ॥’’ ਵਾਕ ਨੂੰ ਸਮਝਣ ਦੀ ਬਜਾਇ ਗੁਰੂ ਨਾਨਕ ਸਾਹਿਬ ਜੀ ਦੇ ਵਚਨਾਂ ’ਤੇ ਭਰੋਸਾ ਕਰ ਆਪ ਖੋਜ ਕਰਨਾ ਸਿੱਖਦੇ ਤਾਂ ਇਹ ਖੋਜ ਕਿਸੇ ਸਿੱਖ ਦੇ ਨਾਂ ਹੁੰਦੀ, ਨਾ ਕਿ ਹੈਨਰੀ ਕੈਵੇਂਡਿਸ਼ ਦੇ ਨਾਂ। ਐਸੀਆਂ ਗੁਰੂ ਨਾਨਕ ਸਾਹਿਬ ਜੀ ਵੱਲੋਂ ਗੁਰਬਾਣੀ ’ਚ ਦਰਜ ਕੀਤੀਆਂ ਅਨੇਕਾਂ ਵਿਗਿਆਨਿਕ ਮਿਸਾਲਾਂ (ਕੁਦਰਤਿ ਦੇ ਵਿਸ਼ਲੇਸ਼ਣ ਵਜੋਂ) ਹਨ, ਜਿਨ੍ਹਾਂ ਬਾਰੇ ਸਾਇੰਸ ਨੇ ਅਜੇ ਖੋਜ ਕਰਨੀ ਹੈ। ਇਨ੍ਹਾਂ ਵਿੱਚੋਂ ਕੁੱਝ ਕੁ ਹਨ ‘‘ਪਹਿਲਾ ਪਾਣੀ ਜੀਉ ਹੈ; ਜਿਤੁ ਹਰਿਆ ਸਭੁ ਕੋਇ ॥ (ਮਹਲਾ ੧/੪੭੨), ਜੇਤੇ ਦਾਣੇ ਅੰਨ ਕੇ; ਜੀਆ ਬਾਝੁ ਨ ਕੋਇ ॥ (ਮਹਲਾ ੧/੪੭੨), ਕਉਣੁ ਮਾਸੁ ਕਉਣੁ ਸਾਗੁ ਕਹਾਵੈ ? ਕਿਸੁ ਮਹਿ ਪਾਪ ਸਮਾਣੇ ॥’’ (ਮਹਲਾ ੧/੧੨੮੯) ਆਦਿ। ਅਫ਼ਸੋਸ ਤਾਂ ਇਹ ਹੈ ਕਿ ਤੱਤਵੇਤਾ (ਅਸਲੀਅਤ ਨੂੰ ਜਾਣ ਚੁੱਕੇ) ਅਖਵਾਉਂਦੇ ਸਿੱਖ; ਅਜੇ ਇਸ ‘ਜੀਉ/ਜੀਅ’ ਦਾ ਅਰਥ ‘ਆਤਮਾ, ਜਿੰਦ, ਰੂਹ’ ਮੰਨਣ ਤੋਂ ਮੁਨਕਰ ਹਨ ਅਤੇ ਕਈ ਸਿੱਖ; ਸਾਗ ਅਤੇ ਮਾਸ ਵਿੱਚ ਇੱਕ ਸਮਾਨ ‘ਜੀਉ/ਜੀਅ’ ਹੈ, ਇਸ ਤੋਂ ਇਨਕਾਰੀ ਹਨ।
ਗੁਰੂ ਗ੍ਰੰਥ ਸਾਹਿਬ ਵਿੱਚ ਵਿਰਾਜਮਾਨ 35 ਮਹਾਂ ਪੁਰਸ਼ਾਂ ਤੋਂ ਇਲਾਵਾ ਦੁਨੀਆ ਵਿੱਚ ਜਿੰਨੇ ਵੀ ਧਰਮ ਪ੍ਰਚਲਿਤ ਹੋਏ, ਉਨ੍ਹਾਂ ਵਿੱਚੋਂ ਕਿਸੇ ਵੀ ਰਹਿਬਰ, ਪੈਗ਼ੰਬਰ ਨੇ ਆਪਣੇ ਇਲਾਹੀ ਬੋਲ ਆਪ ਨਹੀਂ ਲਿਖੇ ਸਗੋਂ ਉਨ੍ਹਾਂ ਦੀ ਮੌਤ ਤੋਂ ਬਾਅਦ, ਕੁੱਝ ਤਾਂ ਸਦੀਆਂ ਬਾਅਦ; ਜਿਵੇਂ ਕਿ ਵੇਦ; 1200 ਸਾਲ ਬਾਅਦ ਵੇਦ ਵਿਆਸ ਜੀ ਨੇ ਲਿਖੇ ਹਨ। ਮਨੌਤ ਹੈ ਕਿ ਈਸਾ ਮਸੀਹ ਦੇ ਦੇਹਾਂਤ ਤੋਂ 60 ਸਾਲ ਬਾਅਦ 40 ਲੇਖਕਾਂ ਨੇ ‘ਅੰਜੀਲ’ ਪੁਸਤਕ ਲਿਖੀ, ਪਰ ਇਸ ਵਿੱਚ ਈਸਾ ਦੀ ਮੌਤ ਤੋਂ 70 ਸਾਲ ਬਾਅਦ ਦੀਆਂ (ਸੰਤ ਮਾਰਕ ਨਾਂ ਦੇ ਪੁਰਸ਼ ਵੱਲੋਂ ਲਿਖੀਆਂ) ਅੰਜੀਲਾਂ ਭੀ ਦਰਜ ਹਨ। ਵੈਸੇ ਈਸਾ ਮਸੀਹ ਦੀ ਮੌਤ ਤੋਂ ਤਕਰੀਬਨ 400 ਸਾਲ ਬਾਅਦ ਅੰਜੀਲ ਨੂੰ ਲਿਖਤੀ ਰੂਪ ਦਿੱਤਾ ਹੈ। ਹਜ਼ਰਤ ਮੁਹੰਮਦ ਸਾਹਿਬ ਜੀ ਅਣਪੜ੍ਹ ਸਨ। ਉਨ੍ਹਾਂ ਨੂੰ ਨਾਜ਼ਿਲ ਹੋਏ ਇਲਾਹੀ ਪੈਗ਼ਾਮ ਉਨ੍ਹਾਂ ਦੀ ਮੌਤ ਤੋਂ ਬਾਅਦ ਲਿਖੇ ਗਏ ਹਨ। ਮਹਾਤਮਾ ਬੁੱਧ (ਗੌਤਮ ਬੁੱਧ ਜਾਂ ਸਿਧਾਰਥ) ਦੀ ਮੌਤ ਤੋਂ 446 ਸਾਲ ਬਾਅਦ ਲੰਕਾ ਦੇ ਰਾਜੇ ਵਿਰਦਗਾਮਨੀ ਨੇ ਉਨ੍ਹਾਂ ਦੇ ਬੋਲਾਂ ਨੂੰ ਲਿਖਤੀ ਰੂਪ ਦਿੱਤਾ, ਆਦਿ। ਹੁਣ ਜਦ ਇਹ ਸਾਫ਼ ਹੈ ਕਿ ਰਹਿਬਰ ਦੇ ਇਲਾਹੀ ਬੋਲ ਹੀ ਉਨ੍ਹਾਂ ਆਪ ਨਹੀਂ ਲਿਖੇ ਤਾਂ ਫਿਰ ਇਹ ਵੀ ਗ਼ਲਤ ਨਹੀਂ ਹੋਵੇਗਾ ਕਿ ਉਨ੍ਹਾਂ ਇਲਾਹੀ ਬੋਲਾਂ ਦਾ ਕੱਢਿਆ ਗਿਆ ਮਤਲਬ ਵੀ ਸਾਰੇ ਧਰਮਾਂ ਦੇ ਪੈਰੋਕਾਰਾਂ ਨੇ ਆਪਣੀ ਆਪਣੀ ਸੂਝ ਮੁਤਾਬਕ ਲਿਆ ਹੈ, ਜੋ ਜੀਵਨ ਦੇ ਅਨੁਭਵ, ਸਮਾਜਿਕ ਗਿਆਨ ਅਤੇ ਹੋਰਾਂ ਧਰਮਾਂ ਦੇ ਹੋਏ ਪ੍ਰਚਾਰ-ਪ੍ਰਸਾਰ ਨਾਲ਼ ਬਦਲਿਆ ਭੀ ਹੈ ਜਾਂ ਕਹਿ ਲਈਏ ਕਿ ਸੱਚ ਆਧਾਰਿਤ ਗੁਰੂ ਗ੍ਰੰਥ ਸਾਹਿਬ ਜੀ ਦੇ ਫ਼ਲਸਫ਼ੇ ਦਾ ਪ੍ਰਭਾਵ ਹਰ ਧਰਮ ਦੇ ਗ੍ਰੰਥ ਦੀ ਕੀਤੀ ਜਾ ਰਹੀ ਵਿਆਖਿਆ ’ਤੇ ਪਿਆ ਹੈ। ਨਹੀਂ ਤਾਂ ਸੋਚਣਾ ਬਣਦਾ ਕਿ ਹਿੰਦੂ ਮਿਥਿਹਾਸ ਅਨੁਸਾਰ ਰਾਮ ਚੰਦਰ ਜੀ ਦਾ ਜਨਮ; 20 ਅਪਰੈਲ 2013 ਤੋਂ 8 ਲੱਖ 80 ਹਜ਼ਾਰ ਇੱਕ ਸੌ ਤੇਰ੍ਹਾਂ (8,80,113) ਸਾਲ ਪਹਿਲਾਂ ਹੋਇਆ ਹੈ, ਪਰ ਉਨ੍ਹਾਂ ਦੀ ਜੀਵਨ ਕਥਾ; ਤੁਲਸੀ ਦਾਸ ਜੀ (ਸੰਨ 1497-1623) 15ਵੀਂ ਸਦੀ ’ਚ ਲਿਖਦੇ ਹਨ। ਐਨੀ ਪਿਛੋਂ ਆਈ ਇਸ ਲਿਖਤ ’ਚ ਕਿਆਸਾਂ ਤੋਂ ਇਲਾਵਾ ਰਾਮ ਚੰਦਰ ਜੀ ਦੀ ਜੀਵਨੀ ਕਿੰਨੀ ਕੁ ਸਹੀ ਹੋਵੇਗੀ ?
12ਵੀਂ ਸਦੀ ਤੋਂ ਪ੍ਰਗਟ ਹੋਈ ਸੱਚ ਆਧਾਰਿਤ ਭਗਤੀ ਲਹਿਰ ਅਤੇ ਸੂਫ਼ੀ ਲਹਿਰ, ਜਿਸ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਅਗਾਂਹ ਬਹੁਤ ਪ੍ਰਚੰਡ ਕਰ ਦਿੱਤਾ ਸੀ, ਉਸ ਦਾ ਅਸਰ; ਹਰ ਧਰਮ ਦੇ ਗ੍ਰੰਥ ਦੀ ਕੀਤੀ ਗਈ ਵਿਆਖਿਆ ’ਤੇ ਪਿਆ ਹੈ। ਮਿਸਾਲ ਦੇ ਤੌਰ ’ਤੇ ਦੇਵਤਿਆਂ ਦੀ ਪੂਜਾ ਕਰਨ ਵਾਲ਼ੇ ਹਿੰਦੂ ਭਗਤ ਭੀ ਅੱਜ ਧਾਰਮਿਕ ਪੰਡਾਲਾਂ ’ਚ ਇਹ ਭਜਨ ਗਾਉਂਦੇ ਵੇਖੇ ਜਾ ਸਕਦੇ ਹਨ ਕਿ ‘ਤੂੰ ਵੱਸਦੀ ਹੈ ਘਟ ਘਟ ਅੰਦਰ ਮਾਂ, ਹਮ ਢੂੰਡਤੇ ਰਹਿ ਗਏ ਮੰਦਿਰ ਮੇਂ’ ਜਦਕਿ ਨਿਰਾਕਾਰ ਦੇ ਇਸ ਸਰਬ ਵਿਆਪਕ ਸਰੂਪ ਦੀ ਵਿਆਖਿਆ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੇ ਕੀਤੀ ਹੈ। ਭਾਰਤ ’ਤੇ ਕਾਬਜ਼ ਹੋਣ ਕਾਰਨ ਈਸਾਈਆਂ ’ਤੇ ਭੀ ਸੱਚ ਆਧਾਰਿਤ ਗੁਰਬਾਣੀ ਸਿਧਾਂਤਾਂ ਦਾ ਅਸਰ ਪਿਆ ਹੈ, ਜਿਸ ਦਾ ਮਹੱਤਵ ਉਹ, ਬਾਈਬਲ ਦੇ ਅਰਥ ਬਦਲ ਬਦਲ ਉਸ ਨੂੰ ਦਿੰਦੇ ਹਨ ਵਰਨਾ ਈਸਾ ਮਸੀਹ ਨੇ ਤਾਂ ਆਪਣੇ ਮੱਤ (ਧਰਮ) ਦਾ ਪ੍ਰਚਾਰ ਕੇਵਲ 3 ਸਾਲ (ਉਮਰ 30 ਤੋਂ 33 ਤੱਕ) ਹੀ ਥੋੜ੍ਹਾ ਬਹੁਤ ਕੀਤਾ ਸੀ। ਰੂੜ੍ਹੀਵਾਦੀ ਸੋਚ ਵਾਲ਼ੇ ਅੱਜ ਭੀ ਕੈਥੋਲਿਕ ਈਸਾਈ ਅਖਵਾਉਂਦੇ ਹਨ ਤੇ ਨਵੇਂ ਵਿਚਾਰਾਂ ਵਾਲ਼ੇ ਪ੍ਰੋਟੈਸਟੈਂਟ ਯਾਨੀ ਵਿਰੋਧੀ।
ਅਕਬਰ ਬਾਦਸ਼ਾਹ ਨੇ ਨਵੇਂ ਧਰਮ (ਦੀਨ ਏ ਇਲਾਹੀ) ਦੀ ਸਥਾਪਨਾ 1581 ਈਸਵੀ ’ਚ ਕੀਤੀ। ਇਸ ਧਰਮ ਦੇ ਕਈ ਅਸੂਲ; ਗੁਰਬਾਣੀ ਦੇ ਇਸ ਸਿਧਾਂਤ ਨਾਲ਼ ਮੇਲ਼ ਖਾਂਦੇ ਹਨ ‘ਕਿਰਤ ਕਰੋ, ਨਾਮ ਜਪੋ, ਵੰਡ ਛਕੋ’ ਕਿਉਂਕਿ ‘‘ਫਰੀਦਾ ! ਖਾਲਕੁ ਖਲਕ ਮਹਿ; ਖਲਕ ਵਸੈ ਰਬ ਮਾਹਿ ॥ ਮੰਦਾ ਕਿਸ ਨੋ ਆਖੀਐ ? ਜਾਂ ਤਿਸੁ ਬਿਨੁ ਕੋਈ ਨਾਹਿ ॥’’ (ਮਹਲਾ ੫/੧੩੮੧) ਅਰਥ : ਖ਼ੁਦਾ; ਆਪਣੀ ਪਰਜਾ ਵਿੱਚ ਵੱਸਦਾ ਹੈ ਤੇ ਪਰਜਾ; ਖ਼ੁਦਾ ਅੰਦਰ ਵੱਸਦੀ ਹੈ ਯਾਨੀ ਖ਼ੁਦਾ ਤੇ ਪਰਜਾ; ਇੱਕ ਦੂਜੇ ਤੋਂ ਭਿੰਨ ਨਹੀਂ। ਜਦ ਉਸ (ਖ਼ੁਦਾ) ਤੋਂ ਇਲਾਵਾ ਕੋਈ ਹੋਰ ਨਹੀਂ ਤਾਂ ਮਾੜਾ ਕਿਸ ਨੂੰ ਕਿਹਾ ਜਾਵੇ ਯਾਨੀ ਸਭ ਨਾਲ਼ ਪਿਆਰ ਕਰਨਾ ਬਣਦਾ ਹੈ। ਅਕਬਰ ਬਾਦਸ਼ਾਹ ਉੱਤੇ ਗੁਰਬਾਣੀ ਦਾ ਇਹ ਪ੍ਰਭਾਵ ਤਦ ਪਿਆ ਜਦ ਸੰਨ 1566 ’ਚ ਹਿੰਦੂ ਪੁਰੋਹਿਤਾਂ ਦੀ ਸ਼ਿਕਾਇਤ ’ਤੇ ਗੁਰੂ ਰਾਮਦਾਸ ਜੀ ਨੇ ਲਾਹੌਰ ਵਿਖੇ ਉਸ ਦੇ ਦਰਬਾਰ ’ਚ ਜਾ ਕੇ ਉਸ ਨੂੰ ਹਿੰਦੂ ਧਰਮ ਨਾਲ਼ੋਂ ਗੁਰਬਾਣੀ ਦੀ ਵਿਲੱਖਣਤਾ ਸਮਝਾਈ। ਇਸ ਤੋਂ ਬਾਅਦ ਅਕਬਰ ਬਾਦਸ਼ਾਹ; ਸੰਨ 1571 ’ਚ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਲਈ ਗੋਇੰਦਵਾਲ ਆਇਆ। ਜਿੱਥੇ ਪੰਗਤ ’ਚ ਬੈਠ ਕੇ ਲੰਗਰ ਛਕਿਆ ਤੇ ਕੁੱਝ ਜ਼ਮੀਨ ਗੁਰੂ ਦੇ ਲੰਗਰਾਂ ਲਈ ਦਾਨ ਦੇਣੀ ਚਾਹੀ, ਪਰ ਗੁਰੂ ਸਾਹਿਬ ਨੇ ਇਹ ਕਹਿ ਕੇ ਮਨ੍ਹਾ ਕਰ ਦਿੱਤਾ ਕਿ ਲੰਗਰ; ਸੰਗਤਾਂ ਦੇ ਦਸਵੰਧ ਤੇ ਪਿਆਰ ਨਾਲ਼ ਚੱਲਣੇ ਹੀ ਸਹੀ ਹੁੰਦੇ ਹਨ। ਸਰਕਾਰੀ ਮਦਦ ਨਾਲ਼ ਸੰਗਤਾਂ ’ਚ ਪਿਆਰ ਨਹੀਂ ਉਪਜਦਾ। ਗੁਰੂ ਸਾਹਿਬ ਜੀ ਨੇ ਅਕਬਰ ਨੂੰ ਭਾਰਤ ’ਚੋਂ ਸਤੀ ਪ੍ਰਥਾ ਬੰਦ ਕਰਨ ਲਈ ਕਿਹਾ, ਜੋ ਉਨ੍ਹਾਂ ਨੇ ਤੁਰੰਤ ਮੰਨ ਕੇ ਸਖ਼ਤਾਈ ਨਾਲ਼ ਬੰਦ ਕਰਵਾਈ। ਇਸ ਤੋਂ ਬਾਅਦ ਭੀ ਅਕਬਰ; 24 ਨਵੰਬਰ 1598 ਨੂੰ ਗੁਰੂ ਅਰਜਨ ਸਾਹਿਬ ਜੀ ਦੇ ਦਰਸ਼ਨਾਂ ਲਈ ਗੋਇੰਦਵਾਲ ਆਇਆ। ਇਸ ਤੋਂ ਸਾਫ਼ ਹੈ ਕਿ ਗੁਰਬਾਣੀ ਸਿਧਾਂਤਾਂ ਦਾ ਲੋਕਾਂ ’ਤੇ ਵਿਆਪਕ ਅਸਰ ਪੈ ਰਿਹਾ ਸੀ।
ਆਰੀਆ ਸਮਾਜੀ ਸਵਾਮੀ ਦਯਾ ਨੰਦ (1824-1883) ਨੇ ਭੀ ਪੰਜਾਬੀ ਹੋਣ ਕਾਰਨ ਗੁਰਬਾਣੀ ਸਿਧਾਂਤਾਂ ਤੋਂ ਕੁੱਝ ਪ੍ਰਭਾਵਤ ਹੋ ਕੇ ਹਿੰਦੂ ਧਰਮ ਨੂੰ ਸੰਨ 1874 ਤੋਂ ਨਵੇਂ ਅਰਥ (ਥੋੜ੍ਹਾ ਗੁਰਬਾਣੀ ਸਿਧਾਂਤਾਂ ਦੇ ਆਸ ਪਾਸ ਰਹਿ ਕੇ) ਦਿੱਤੇ, ਜਿਨ੍ਹਾਂ ਨੂੰ ਰੂੜ੍ਹੀਵਾਦੀ ਹਿੰਦੂ ਅੱਜ ਭੀ ਨਹੀਂ ਮੰਨਦੇ। ਦਯਾ ਨੰਦ ਭਾਵੇਂ ਤਰਕਵਾਦੀ ਸੀ, ਪਰ ਗੁਰਬਾਣੀ ਦੇ ਸਿਧਾਂਤ ਪੁਨਰਜਨਮ ਨੂੰ ਮੰਨਦਾ ਸੀ। ਜਦ ਕੋਈ ਦੂਸਰੀ ਕੌਮ ਦੇ ਕੁੱਝ ਸਿਧਾਂਤ ਚੁਰਾ ਕੇ ਕੁੱਝ ਆਪਣੇ ਸ਼ਾਮਲ ਕਰ ਨਵੀਂ ਵਿਚਾਰਧਾਰਾ ਮਨੁੱਖਤਾ ’ਚ ਲਾਗੂ ਕਰ ਭਰਮ ਫੈਲਾਉਂਦਾ ਹੈ ਤਾਂ ਹੀ ਗਿਆਨੀ ਦਿੱਤ ਸਿੰਘ ਵਰਗਿਆਂ ਨੇ ਇਸ ਰਲ਼ਗੱਡ ਨੂੰ ਨੰਗਾ ਕਰਨ ਲਈ ਸੰਘਰਸ਼ ਕੀਤਾ। ਜੇਕਰ ਦਯਾ ਨੰਦ; ਨਿਰੋਲ ਹਿੰਦੂ ਮੱਤ (ਧਰਮ) ਦਾ ਪ੍ਰਚਾਰ ਕਰਦਾ ਤਾਂ ਗਿਆਨੀ ਦਿੱਤ ਸਿਘ ਨੂੰ ਉਸ ਦੇ ਰਾਹ ’ਚ ਆਉਣ ਦੀ ਬਿਲਕੁਲ ਜ਼ਰੂਰਤ ਨਾ ਪੈਂਦੀ ਕਿਉਂਕਿ ਹਰ ਇੱਕ ਨੂੰ ਆਪਣੇ ਧਰਮ ਦਾ ਪ੍ਰਚਾਰ ਕਰਨ ਦਾ ਅਧਿਕਾਰ ਹੈ।
ਜਿਸ ਤਰ੍ਹਾਂ ਕਿਸੇ ਫਲ਼ਦਾਰ ਰੁੱਖ ਦਾ ਲਾਭ ਉਸ ਨੂੰ ਲੱਗੇ ਫਲ਼ ਕਾਰਨ ਹੁੰਦਾ ਹੈ ਉਸੇਂ ਤਰ੍ਹਾਂ ਧਰਮ ਦਾ ਅਸਲ ਲਾਭ; ਜ਼ਿੰਦਗੀ ਦੇ ਮੁਕਤ ਹੋਣ ਨਾਲ਼ ਹੈ। ਵਿਕਾਰਾਂ ਤੋਂ ਮੁਕਤੀ, ਸਮਾਜਿਕ ਪਦਾਰਥਾਂ ਵੱਲੋਂ ਨਿਰਮੋਹ ਹੋਣਾ ਜਾਂ ਮਰਨ ਉਪਰੰਤ ਆਵਾਗਮਣ ਤੋਂ ਮੁਕਤ ਹੋਣਾ ਆਦਿ। ਇਹ ਮੁਕਤੀ ਜਾਂ ਨਿਰਮੋਹ ਹੋਣਾ ਹੀ ਬੰਦੇ ਦੇ ਜੀਵਨ ਨੂੰ ਸਮਾਜ ’ਚ ਆਦਰਸ਼ਵਾਦੀ ਬਣਾਉਂਦਾ ਹੈ। ਗੁਰਬਾਣੀ ’ਚ ਇਸ ਨੂੰ ‘‘ਮਨਿ ਜੀਤੈ ਜਗੁ ਜੀਤੁ ॥ (ਜਪੁ/ਮਹਲਾ ੧), ਮਨੁ ਜੀਤੇ ਜਗੁ ਜੀਤਿਆ; ਜਾਂ ਤੇ ਬਿਖਿਆ ਤੇ ਹੋਇ ਉਦਾਸੁ ॥’’ (ਭਗਤ ਕਬੀਰ/੧੧੦੩) ਕਿਹਾ ਹੈ। ਆਤਮਾ, ਰੂਹ, ਜਿੰਦ, ਜੀਉ ਜਾਂ ਜੀਅ ਦਾ ਮਰਨ ਉਪਰੰਤ ਮੁਕਤ ਹੋਣਾ; ਗੁਰਬਾਣੀ ਦੁਆਰਾ ਦਰਸਾਇਆ ਗਿਆ ਸਾਰੇ ਪ੍ਰਚਲਿਤ ਧਰਮਾਂ ਤੋਂ ਵੱਖਰਾ ਹੈ। ਯਹੂਦੀ, ਪਾਰਸੀ, ਈਸਾਈ ਅਤੇ ਇਸਲਾਮ ਧਰਮ; ਮੌਤ ਉਪਰੰਤ ਜਿੰਦ (ਆਤਮਾ) ਨੂੰ ਪ੍ਰਲੋਕ ਦੇ ਉਸ ਪੁਰਸਲਾਤ (ਪੁਲ ਸਿਰਾਤ) ਪੁਲ ’ਤੇ ਸਫ਼ਰ ਕਰਾਉਂਦੇ ਹਨ, ਜੋ ਨਰਕ ਦੀ ਅੱਗ ’ਤੇ ਬਾਲ ਨਾਲ਼ੋਂ ਬਾਰੀਕ ਤੇ ਤਲਵਾਰ ਦੀ ਧਾਰ ਨਾਲ਼ੋਂ ਤਿੱਖਾ ਹੈ, ਜਿਸ ਦੇ ਦੋਵੇਂ ਪਾਸੇ ਤਿੱਖੇ ਕੰਡੇ ਹਨ, ਜੋ ਜਿੰਦ ਨੂੰ ਇੱਧਰ ਓਧਰ ਨਹੀਂ ਹਿੱਲਣ ਦਿੰਦੇ। ਧਰਮੀ ਇਸ ਪੁਲ ਤੋਂ ਛੇਤੀ ਲੰਘ ਜਾਂਦੇ ਹਨ, ਪਰ ਪਾਪੀ ਇਸ ਨਰਕ ਦੀ ਅੱਗ ’ਚ ਡਿੱਗ ਪੈਂਦੇ ਹਨ। ਪਾਰਸੀ ਇਸ ਪੁਲ ਨੂੰ ‘ਚਿਨਵਤ ਪੇਰੇਤੂ’ ਆਖਦੇ ਹਨ; ਜਿਵੇਂ ਕਿ ਗੁਰਬਾਣੀ ਵਾਕ ਹੈ ‘‘ਮਲਕੁ ਜਿ ਕੰਨੀ ਸੁਣੀਦਾ; ਮੁਹੁ ਦੇਖਾਲੇ ਆਇ ॥ ਜਿੰਦੁ ਨਿਮਾਣੀ ਕਢੀਐ; ਹਡਾ ਕੂ ਕੜਕਾਇ ॥… ਵਾਲਹੁ ਨਿਕੀ ਪੁਰਸਲਾਤ; ਕੰਨੀ ਨ ਸੁਣੀ ਆਇ ॥ ਫਰੀਦਾ ! ਕਿੜੀ ਪਵੰਦੀਈ; ਖੜਾ ਨ ਆਪੁ ਮੁਹਾਇ ॥’’ (ਬਾਬਾ ਫਰੀਦ ਜੀ/੧੩੭੭) ਅਰਥ : ਜਿਹੜਾ ਮੌਤ ਦਾ ਫ਼ਰਿਸ਼ਤਾ (ਮਲਕ); ਪਹਿਲਾਂ ਕੰਨਾਂ ਨਾਲ਼ ਕੇਵਲ ਸੁਣਿਆ ਸੀ ਉਹ ਆ ਕੇ ਮੂੰਹ ਵਿਖਾਉਂਦਾ ਹੈ ਯਾਨੀ ਜਿਸ ਦੀ ਮੌਤ ਹੋਣੀ ਹੈ ਬੰਦੇ ਨੂੰ ਮਾਰਦਾ ਹੈ। ਉਹ ਹੱਡਾਂ ਨੂੰ ਭੰਨ ਤੋੜ ਕਰ (ਨਿਤਾਣਾ ਬਣਾ) ਵਿੱਚੋਂ ਵਿਚਾਰੀ ਜਿੰਦ ਕੱਢ ਕੇ ਲੈ ਜਾਂਦਾ ਹੈ। ਹੇ ਫਰੀਦ! ਤੈਂ ਬਾਲ ਤੋਂ ਬਾਰੀਕ ਪੁਰਸਲਾਤ (ਨਰਕ ਦਾ ਪੁਲ) ਕੰਨਾਂ ਨਾਲ਼ ਨਹੀਂ ਸੁਣਿਆ (ਕਿ ਕਿੰਨਾ ਭਿਆਨਕ ਹੈ) ? ਓਥੇ ਚੀਕਾਂ ਪੈਂਦੀਆਂ ਹਨ ਤਾਂ ਤੇ ਇਸ ਜਨਮ ’ਚ ਸਾਵਧਾਨ ਰਹਿ। ਆਪਣੇ ਆਪ ਨੂੰ (ਆਪਣੇ ਸੁਆਸ ਰੂਪ ਗੁਣਾਂ ਨੂੰ) ਵਿਕਾਰਾਂ ਤੋਂ ਲੁਟਾ ਨਾ।
ਦੂਜੇ ਪਾਸੇ ਹਿੰਦੂ ਪੁਰਾਣਾਂ ਅਨੁਸਾਰ ਯਮਲੋਕ ਦੇ ਉਰਲੇ ਪਾਸੇ ਇੱਕ ਵੈਤਰਨੀ ਨਦੀ ਹੈ, ਜੋ ਦੋ ਯੋਜਨ ਚੌੜੀ ਹੈ ਯਾਨੀ 8 ਕੋਹ/12 ਕਿਲੋਮੀਟਰ ਚੌੜੀ ਹੈ। ਇਹ ਦੁਰਗੰਧ ਨਾਲ਼ ਭਰੀ ਹੈ। ਇਸ ਵਿੱਚ ਅੱਗ ਵਰਗਾ ਗਰਮ ਪਾਣੀ ਵਹਿੰਦਾ ਹੈ। ਇਸ ਨੂੰ ਪਾਰ ਕਰਨ ਲਈ ਗਊ ਦਾਨ ਕੀਤੀ ਜਾਂਦੀ ਹੈ। ਵੈਤਰਨੀ ਦਾ ਅਰਥ ਹੈ ‘ਵਿਤਰਣ ਯਾਨੀ ਦਾਨ’ ਭਾਵ ਗਊ ਦਾਨ ਕਰਨ ਉਪਰੰਤ ਪਾਰ ਹੋਣ ਵਾਲ਼ੀ ਨਦੀ। ਦਸਮ ਗ੍ਰੰਥ ਵਿੱਚ ਇਸ ਦਾ ਜ਼ਿਕਰ ਹੈ ‘‘ਸ੍ਰੋਨਤ ਕੀ ਸਰਤਾ ਤਹਾ; ਚਲੀ ਮਹਾ ਅਰਿਰਾਇ ॥ ਮੇਦ ਮਾਸ ਮਜਿਯਾ ਬਹੁਤ; ਬੈਤਰੁਨੀ ਕੇ ਭਾਇ ॥੧੬੦੭॥’’ (੨੪ ਅਵਤਾਰ ਕ੍ਰਿਸਨ) ਅਰਥ : ਓਥੇ ਲਹੂ-ਪੀਕ ਦੀ ਵੈਤਰਨੀ ਨਦੀ ਖ਼ੂਬ ਸ਼ੋਰ ਮਚਾ ਕੇ ਵਗਦੀ ਹੈ, ਜਿਸ ਵਿੱਚ ਚਰਬੀ, ਮਿੱਝ, ਮਾਸ ਆਦਿ ਬਹੁਤ ਹੈ।
ਸੋ ਉਕਤ ਸਾਰੇ ਪ੍ਰਚਲਿਤ ਰੂੜ੍ਹੀਵਾਦੀ ਧਰਮਾਂ ਮੁਤਾਬਕ ਜਿੰਦ (ਰੂਹ/ਆਤਮਾ); ਸਰੀਰਕ ਮੌਤ ਉਪਰੰਤ ਕਸ਼ਟ ਭੋਗਦਾ ਹੈ, ਪਰ ਗੁਰਬਾਣੀ ਆਤਮਾ ਨੂੰ ਰੱਬ ਦੀ ਜੋਤਿ ਮੰਨਦੀ ਹੈ, ਜਿਸ ਉੱਤੇ ਅੱਗ, ਮੌਤ, ਕਸ਼ਟ ਆਦਿ ਦਾ ਅਸਰ ਨਹੀਂ ਹੁੰਦਾ ‘‘ਇਆ ਮੰਦਰ (ਸਰੀਰ) ਮਹਿ ਕੌਨ ਬਸਾਈ ?॥ ਤਾ ਕਾ ਅੰਤੁ; ਨ ਕੋਊ ਪਾਈ ॥੧॥ ਰਹਾਉ ॥ … ਨਾ ਇਸੁ ਪਿੰਡੁ (ਸਰੀਰ); ਨ ਰਕਤੂ ਰਾਤੀ ॥ ਨਾ ਇਹੁ ਬ੍ਰਹਮਨੁ; ਨਾ ਇਹੁ ਖਾਤੀ (ਖੱਤ੍ਰੀ)॥੨॥ ਨਾ ਇਹੁ ਤਪਾ ਕਹਾਵੈ ਸੇਖੁ ॥ ਨਾ ਇਹੁ ਜੀਵੈ; ਨ ਮਰਤਾ ਦੇਖੁ ॥ ਇਸੁ ਮਰਤੇ ਕਉ; ਜੇ ਕੋਊ ਰੋਵੈ ॥ ਜੋ ਰੋਵੈ; ਸੋਈ ਪਤਿ ਖੋਵੈ ॥੩॥ ਗੁਰ ਪ੍ਰਸਾਦਿ (ਨਾਲ਼); ਮੈ ਡਗਰੋ (ਸਹੀ ਰਾਹ) ਪਾਇਆ ॥ ਜੀਵਨ ਮਰਨੁ ਦੋਊ ਮਿਟਵਾਇਆ ॥ ਕਹੁ ਕਬੀਰ! ਇਹੁ ਰਾਮ ਕੀ ਅੰਸੁ ॥ ਜਸ (ਜਿਵੇਂ) ਕਾਗਦ ਪਰ ਮਿਟੈ ਨ ਮੰਸੁ (ਸਿਆਹੀ; ਇਉਂ ਇਹ ਅਮਰ ਹੈ)॥੪॥ (ਭਗਤ ਕਬੀਰ/੮੭੧), ਜਿਨੀ ਆਤਮੁ ਚੀਨਿਆ; ਪਰਮਾਤਮੁ ਸੋਈ ॥’’ (ਮਹਲਾ ੧/੪੨੧) ਅਰਥ : ਜਿਨ੍ਹਾਂ ਨੇ ਆਪਣੇ ਸਰੀਰ ਅੰਦਰਲੇ ਆਤਮ ਨੂੰ ਪਛਾਣ ਲਿਆ ਓਹੀ ਪਰਮਾਤਮਾ ਦਾ ਰੂਪ ਬਣ ਗਿਆ ਕਿਉਂਕਿ ਆਤਮਾ ਹੈ ਹੀ ਰੱਬ ਦੀ ਜੋਤਿ, ਰੱਬ ਦਾ ਵਜੂਦ, ਰੱਬ ਦਾ ਦਰਸ਼ਨ।
ਉਕਤ ਗੁਰਮਤਿ ਸਚਾਈ ਤੋਂ ਅਣਜਾਣ ਕਈ ਸਿੱਖ ਉਲ਼ਟਾ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ’ਤੇ ਪ੍ਰਚਲਿਤ ਧਾਰਮਿਕ ਰਹੁਰੀਤਾਂ ਦਾ ਪ੍ਰਭਾਵ ਪਿਆ ਮੰਨਦੇ ਹਨ, ਜੋ ਕਿ ਸਹੀ ਨਹੀਂ। ਧਿਆਨ ਦੇਣਯੋਗ ਹੈ ਕਿ ਕੌਮੀ ਫ਼ਲਸਫ਼ੇ ਦਾ ਸੱਚ; ਉਸ ਦੇ ਗ੍ਰੰਥ ’ਚੋਂ ਪ੍ਰਗਟ ਹੁੰਦਾ ਹੈ, ਨਾ ਕਿ ਪੈਰੋਕਾਰਾਂ (ਸਿੱਖਾਂ) ਦੇ ਕਿਰਦਾਰਾਂ ਤੋਂ। ਕਈ ਸਿੱਖ; ਜੇਕਰ ਬ੍ਰਾਹਮਣੀ ਪ੍ਰਭਾਵ ਨੂੰ ਕਬੂਲਦੇ ਨਜ਼ਰ ਆ ਰਹੇ ਹਨ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਗੁਰਬਾਣੀ ਫ਼ਲਸਫ਼ੇ ’ਚ ਕੋਈ ਘਾਟ ਆ ਚੁੱਕੀ ਹੈ।
ਸੋ ਨਿਰਾਕਾਰ ਦੀ ਵਿਆਖਿਆ ਹੀ ਗੁਰਮਤਿ ਦੀ ਵਿਲੱਖਣਤਾ ਹੈ ਅਤੇ ਗੁਰੂ ਸਾਹਿਬਾਨ ਦੇ ਪੂਰਨ ਗੁਰੂ ਹੋਣ ਦਾ ਸਬੂਤ ਹੈ, ਜਿਨ੍ਹਾਂ ਨੇ ਪੰਜ ਗਿਆਨ ਇੰਦ੍ਰਿਆਂ ਤੋਂ ਪਰੇ ਅਦ੍ਰਿਸ਼ ਵੱਸਦੇ ਨਿਰਾਕਾਰ ਦਾ ਪੰਜ ਗਿਆਨ ਇੰਦ੍ਰਿਆਂ ਅਧੀਨ ਵਿਚਰਦੇ ਮਨੁੱਖ ਨੂੰ (ਕੁਦਰਤਿ ਅਤੇ ਜ਼ਿੰਦਗੀ ਦੇ ਤੱਥਾਂ ਆਧਾਰਿਤ ਕੀਤੇ ਵਿਸ਼ਲੇਸ਼ਣ ਦੁਆਰਾ) ਭਰੋਸਾ ਕਰਾ ਦਿੱਤਾ। ਅਜੋਕਾ ਸਾਇੰਸ ਅਤੇ ਬ੍ਰਾਹਮਣ ਦਾ ਮਿੱਥ; ਗੁਰਮਤਿ ਦੀ ਇਸ ਵਿਲੱਖਣਤਾ ਤੋਂ ਕੋਹਾਂ ਦੂਰ ਹੈ। ਇਸ ਸਚਾਈ ਦੇ ਬਲ ਨਾਲ਼ ਹੀ ਗੁਰੂ ਸਾਹਿਬਾਨ ਨੇ ਪ੍ਰਚਲਿਤ ਧਰਮਾਂ ਦੇ ਕੇਂਦਰਾਂ ’ਤੇ ਜਾ ਕੇ ਉਨ੍ਹਾਂ ਨੂੰ ਧਰਮ ਦੇ ਅਸਲ ਅਰਥ ਸਮਝਾਏ। ਇਹ ਕੰਮ ਕੋਈ ਨਕਲੀ ਗੁਰੂ ਜਾਂ ਨਕਲੀ ਚੇਲਾ ਨਹੀਂ ਕਰ ਸਕਦਾ ਸੀ।
ਜਗਨਨਾਥ ਪੁਰੀ ’ਚ ਹੁੰਦੀ ਪੱਥਰ-ਮੂਰਤੀ ਅੱਗੇ ਆਰਤੀ ਦੇ ਮੁਕਾਬਲੇ ਕੁਦਰਤਿ ’ਚ ਹੁੰਦੀ ਨਿਰੰਤਰ ਆਰਤੀ ਦਾ ਵਰਣਨ ਕਰਨਾ ‘‘ਗਗਨ ਮੈ ਥਾਲੁ; ਰਵਿ ਚੰਦੁ ਦੀਪਕ ਬਨੇ; ਤਾਰਿਕਾ ਮੰਡਲ, ਜਨਕ ਮੋਤੀ ॥ ਧੂਪੁ ਮਲਆਨਲੋ; ਪਵਣੁ ਚਵਰੋ ਕਰੇ; ਸਗਲ ਬਨਰਾਇ ਫੂਲੰਤ ਜੋਤੀ ॥੧॥ ਕੈਸੀ ਆਰਤੀ ਹੋਇ !!॥ ਭਵ ਖੰਡਨਾ! ਤੇਰੀ ਆਰਤੀ ॥ ਅਨਹਤਾ ਸਬਦ ਵਾਜੰਤ ਭੇਰੀ ॥੧॥ ਰਹਾਉ ॥’’ (ਸੋਹਿਲਾ/ਮਹਲਾ ੧/੧੩) ਅਰਥ : ਹੇ ਆਵਾਗਮਣ ਚੱਕਰ ਮੁਕਾਉਣ ਵਾਲ਼ੇ ਜੋਤਿ ਸਰੂਪ! ਆਵਾਗਮਣ ਵਾਲ਼ੀ ਕੁਦਰਤਿ ’ਚ ਤੇਰੀ ਕੈਸੀ ਅਦਭੁਤ ਆਰਤੀ ਹੋ ਰਹੀ ਹੈ!! ਅਕਾਸ਼; ਥਾਲ ਹੈ, ਜਿਸ ਵਿੱਚ ਚੰਦ, ਸੂਰਜ ਦੀਵੇ ਹਨ ਤੇ ਤਾਰਿਆਂ ਦਾ ਸਮੂਹ ਜਾਣੋ (ਥਾਲ ’ਚ ਰੱਖੇ) ਮੋਤੀ ਹਨ। ਮਲ੍ਯ ਪਹਾੜ ਵੱਲੋਂ ਆਉਂਦੀ ਚੰਦਨ-ਸੁਗੰਧੀ; ਧੂਫ਼ ਹੈ ਤੇ ਹਵਾ; ਚੌਰ ਕਰਦੀ ਪਈ ਹੈ। ਸਾਰੀ ਬਨਸਪਤੀ; ਤੇਰੀ ਜੋਤਿ ਸਰੂਪ ਨਿਰਾਕਾਰ ਹਸਤੀ ਲਈ ਫੁੱਲ ਭੇਟ ਕਰ ਰਹੀ ਹੈ।
ਹਰਿਦੁਆਰ ਵਿਖੇ ਪਾਣੀ ਪੂਰਵ ਵੱਲੋਂ ਚੜਦੇ ਸੂਰਜ ਨੂੰ ਦੇਣ ਦੀ ਬਜਾਇ ਦੱਖਣ ਵੱਲ ਦੇਣਾ। ਮੱਕੇ ਜਾ ਕੇ ਕਹਿਣਾ ਕਿ ਜਿੱਧਰ ਅੱਲ੍ਹਾ ਨਹੀਂ ਓਧਰ ਮੇਰੇ ਪੈਰ ਕਰ ਦਿਓ। ਗ੍ਰਹਿਸਤ ਤਿਆਗ ਜੰਗਲ਼ਾਂ ’ਚ ਗਏ ਜੋਗੀਆਂ ਨੂੰ ਗ੍ਰਹਿਸਤੀ ਫ਼ਰਜ਼ ਤੋਂ ਭਗੌੜੇ ਸਾਬਤ ਕਰਨਾ। ਬਾਬਰ ਨੂੰ ਮੂੰਹ ’ਤੇ ਜਾਬਰ ਕਹਿਣਾ। ਏਮਨਾਬਾਦ ਵਿਖੇ ਤਰਖਾਣ ਭਾਈ ਲਾਲੋ ਦੇ ਘਰ ਠਹਿਰ ਕੇ ਮਲਕ ਭਾਗੋ ਦੇ ਸ਼ਾਹੀ ਭੋਜਨ ਨੂੰ ਪਾਪ ਦੀ ਕਮਾਈ ਸਾਬਤ ਕਰਨਾ ਅਤੇ ਬਾਬਰ ਦੁਆਰਾ ਕੀਤੇ ਹਿੰਦੋਸਤਾਨ ’ਤੇ ਪਹਿਲੇ ਹਮਲੇ (ਸੰਨ 1521/ਸੰਮਤ 1578) ਸਮੇਂ ਹੀ ਕਹਿ ਦੇਣਾ ਕਿ ਇਹ ਮੁਗ਼ਲ 19 ਸਾਲ ਬਾਅਦ (ਸੰਨ 1540/ਸੰਮਤ 1597) ’ਚ ਹਾਰ ਕੇ ਵਾਪਸ ਆਪਣੇ ਵਤਨ ਜਾਣਗੇ ‘‘ਆਵਨਿ ਅਠਤਰੈ ਜਾਨਿ ਸਤਾਨਵੈ; ਹੋਰੁ ਭੀ ਉਠਸੀ ਮਰਦ ਕਾ ਚੇਲਾ ॥’’ (ਮਹਲਾ ੧/੭੨੩), ਜੋ ਸ਼ੇਰ ਸ਼ਾਹ ਸੂਰੀ ਤੋਂ ਮੁਗ਼ਲ ਬਾਦਸ਼ਾਹ ਹਮਾਯੂੰ ਦੇ ਹਾਰਨ ਨਾਲ਼ ਸੱਚ ਸਾਬਤ ਹੋਇਆ ਆਦਿਕ ਘਟਨਾਵਾਂ ਗੁਰੂ ਨਾਨਕ ਸਾਹਿਬ ਜੀ ਦੇ ਪੂਰਨ ਗੁਰੂ ਹੋਣ ਦੇ ਸਬੂਤ ਹਨ, ਜਿਨ੍ਹਾਂ ਦੁਆਰਾ ਆਪ ਲਿਖਤੀ ਰੂਪ ’ਚ ਸੰਭਾਲੇ ਆਪਣੇ ਇਲਾਹੀ ਅਤੇ ਅਲੌਕਿਕ ਬੋਲਾਂ ਨੂੰ ਅੱਜ ਅਸੀਂ ਕਬੀਲਿਆਂ ਦੇ ਸਰਦਾਰਾਂ ਦੇ ਕਾਲਪਨਿਕ ਇਤਿਹਾਸ ਨਾਲ਼ ਮੇਲ਼ ਕੇ ਜਾਂ ਅਧੂਰੀ ਸਾਇੰਸ ਖੋਜ ਦੀ ਟੇਕ ਨਾਲ਼ ਸਮਝਣ ਦਾ ਯਤਨ ਕਰਦੇ ਹਾਂ, ਜੋ ਸਾਡੇ ਅੰਨ੍ਹੇਪਣ ਦਾ ਪ੍ਰਤੱਖ ਸਬੂਤ ਹੈ।
ਜਗਤਾਰ ਸਿੰਘ (ਮੁੱਖ ਗ੍ਰੰਥੀ ਦਰਬਾਰ ਸਾਹਿਬ) ਨੇ ਗੁਰਬਾਣੀ ਸੰਪਾਦਨਾ ਵਿਧੀ ਨੂੰ ਦਿੱਤੀ ਚੁਣੌਤੀ
ਜਗਤਾਰ ਸਿੰਘ (ਮੁੱਖ ਗ੍ਰੰਥੀ ਦਰਬਾਰ ਸਾਹਿਬ) ਨੇ ਗੁਰਬਾਣੀ ਸੰਪਾਦਨਾ ਵਿਧੀ ਨੂੰ ਦਿੱਤੀ ਚੁਣੌਤੀ
ਪਿਛਲੇ ਕਈ ਸਾਲਾਂ ਤੋਂ ਅਸੀਂ ਕੁਝ ਸਿੱਖ; ਆਪਣੇ ਸ਼ਹਿਰ ਦੇ ਵੱਖ ਵੱਖ ਗੁਰਦੁਆਰਿਆਂ ’ਚ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਬਾਣੀ ਸੰਥਿਆ ਪਾਠ ਦੀਆਂ ਕਲਾਸਾਂ ’ਚ ਭਾਗ ਲੈਂਦੇ ਆ ਰਹੇ ਹਾਂ। ਇਨ੍ਹਾਂ ਕਲਾਸਾਂ ’ਚੋਂ ਮਿਲਦੀ ਸਿੱਖਿਆ ਨਾਲ਼ ਵਧੇਰੇ ਪ੍ਰਭਾਵਤ ਗੁਰੂ ਅਰਜਨ ਸਾਹਿਬ ਜੀ ਦੀ ਸੰਪਾਦਨ ਕਲਾ ਤੋਂ ਹੋਏ ਹਾਂ। ਬਲਿਹਾਰ ਹਾਂ ਗੁਰੂ ਸਾਹਿਬ ਜੀ ਦੀ ਇਸ ਕਲਾ ਤੋਂ, ਜਿਨ੍ਹਾਂ ਨੇ ਇੱਕ ਵੀ ਤੁਕ ਬੇਨਾਮੀ ਨਹੀਂ ਲਿਖੀ; ਜਿਵੇਂ ਕਿ ਭਗਤ ਸੂਰਦਾਸ ਜੀ ਦੁਆਰਾ ਲਿਖੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਕੇਵਲ ਇੱਕ ਤੁਕ ਹੈ ‘‘ਛਾਡਿ ਮਨ ! ਹਰਿ ਬਿਮੁਖਨ ਕੋ ਸੰਗੁ ॥’’ ਅਰਥ : ਹੇ ਮਨ ! ਹਰੀ ਤੋਂ ਬੇਮੁਖ ਹੋਏ ਬੰਦਿਆਂ ਦਾ ਸਾਥ ਛੱਡ ਦੇਹ। ਸਮੁੱਚੀ ਗੁਰਬਾਣੀ ਦੀ ਸਬਦ ਸੰਖਿਆ ਮੁਤਾਬਕ ਇਹ ਤੁਕ ਵੀ ਇੱਕ ਸ਼ਬਦ ਹੈ। ਇਸ ਦੇ ਸਿਰਲੇਖ ’ਚ ਜਾਂ ਤੁਕ ਦੀ ਸਮਾਪਤੀ ’ਚ ਕਿਸੇ ਰਚੇਤਾ ਭਗਤ ਦਾ ਨਾਂ ਦਰਜ ਨਹੀਂ ਤਾਂ ਜੋ ਲੇਖਕ ਬਾਰੇ ਪਤਾ ਲੱਗ ਸਕਦਾ। ਇਹ ਤੁਕ ਕਿਨ੍ਹਾਂ ਦੁਆਰਾ ਉਚਾਰਨ ਕੀਤੀ ਹੈ, ਇਸ ਨੂੰ ਸਪਸ਼ਟ ਕਰਨ ਲਈ ਅਗਲੇ ਹੀ ਸ਼ਬਦ ਦਾ ਸਿਰਲੇਖ ਹੈ ‘‘ਸਾਰੰਗ ਮਹਲਾ ੫ ਸੂਰਦਾਸ ॥’’, ਇਸ ਤੋਂ ਸਪਸ਼ਟ ਹੁੰਦਾ ਹੈ ਕਿ ਇਹ ਸ਼ਬਦ ਭਾਵੇਂ ਗੁਰੂ ਅਰਜਨ ਸਾਹਿਬ ਜੀ ਦਾ ਹੈ, ਪਰ ਇਸ ਦਾ ਸਿੱਧਾ ਸੰਬੰਧ ਪਿਛਲੇ ਸ਼ਬਦ (ਛਾਡਿ ਮਨ ਹਰਿ ਬਿਮੁਖਨ ਕੋ ਸੰਗੁ॥) ਨਾਲ ਹੈ ਤਾਂ ਜੋ ਕਿਸੇ ਨੂੰ ਇਸ ਦੇ ਲਿਖਾਰੀ ਦੇ ਨਾਂ ਬਾਰੇ ਅਤੇ ਸ਼ਬਦ ਵਿਸ਼ੇ ਨੂੰ ਸਮਝਣ ’ਚ ਕੋਈ ਭੁਲੇਖਾ ਨਾ ਰਹੇ ਕਿ ਬੇਮੁਖਾਂ ਦਾ ਸਾਥ ਕਿਵੇਂ ਛੱਡਣਾ ਹੈ। ਆਪਣੇ ਇਸ ਸ਼ਬਦ ਰਾਹੀਂ ਗੁਰੂ ਸਾਹਿਬ ਜੀ; ਭਗਤ ਸੂਰਦਾਸ ਜੀ ਨੂੰ ਸੰਬੋਧਨ ਕਰ ਕੇ ‘‘ਹਰਿ ਬਿਮੁਖਨ ਕੋ ਸੰਗੁ’’ ਛੱਡਣ ਦੀ ਯੁਕਤੀ ਦੱਸਦੇ ਹਨ ਕਿ ਜਿਉਂ ਜਿਉਂ ‘‘ਹਰਿ ਕੇ ਸੰਗ ਬਸੇ ਹਰਿ ਲੋਕ’’ ਤਿਉਂ ਤਿਉਂ ‘‘ਆਨ ਬਸਤੁ ਸਿਉ ਕਾਜੁ ਨ ਕਛੂਐ’’ ਯਾਨੀ ਹਰੀ ਦੇ ਨੇੜੇ ਰਹਿਣ ਨਾਲ਼ ਸੁਤੇ ਹੀ ਹਰੀ ਤੋਂ ਬੇਮੁਖਾਂ ਦਾ ਸਾਥ ਭੀ ਛੁੱਟ ਜਾਂਦਾ ਹੈ ਕਿਉਂਕਿ ਹਰੀ ਦੇ ਭਗਤਾਂ ਅੰਦਰ ਹਰੀ ਤੋਂ ਬੇਮੁਖਾਂ ਨਾਲ ਸੰਬੰਧ ਬਣਾਨ ਵਾਲ਼ੀ ਕੋਈ ਚਾਹਤ ਹੀ ਨਹੀਂ ਰਹਿੰਦੀ।
ਗੁਰੂ ਅਰਜਨ ਸਾਹਿਬ ਜੀ ਦਾ ਇਹ ਸ਼ਬਦ ਦੋ ਬੰਦਾਂ ਵਾਲਾ ਹੈ ਅਤੇ ਇੱਕ ਰਹਾਉ ਪਦਾ ਹੈ, ਜੋ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ। ਇਸ ਪੂਰੇ ਸ਼ਬਦ ਨੂੰ ਵਿਚਾਰਨ ਨਾਲ਼ ਭਗਤ ਜੀ ਦੀ ਉਕਤ ਤੁਕ ਦਾ ਭਾਵਾਰਥ ਸਪਸ਼ਟ ਹੋ ਜਾਂਦਾ ਹੈ। ਗੁਰੂ ਜੀ ‘ਰਹਾਉ’ ਬੰਦ ’ਚ ਫ਼ੁਰਮਾਉਂਦੇ ਹਨ ਕਿ (ਬੇਮੁਖਾਂ ਦਾ ਸਾਥ ਛੱਡ ਕੇ) ਹਰੀ ਦੇ ਨੇੜੇ ਵੱਸਣ ਵਾਲ਼ੇ ਲੋਕ; ਆਪਣਾ ਤਨ ਮਨ ਆਦਿ ਸਭ ਕੁੱਝ (ਆਪਣੇ ਪਿਆਰੇ ਤੋਂ) ਵਾਰ ਕੇ ਅਨੰਦ ਦਾ ਹੁਲਾਰਾ, ਸਹਿਜਤਾ ਦਾ ਝੂਟਾ ਲੈਂਦੇ ਰਹਿੰਦੇ ਹਨ ‘‘ਹਰਿ ਕੇ ਸੰਗ ਬਸੇ ਹਰਿ ਲੋਕ ॥ ਤਨੁ ਮਨੁ ਅਰਪਿ, ਸਰਬਸੁ ਸਭੁ ਅਰਪਿਓ ; ਅਨਦ ਸਹਜ ਧੁਨਿ ਝੋਕ ॥੧॥ ਰਹਾਉ ॥’’, ਇਸ ਲਈ ਬੇਮੁਖਾਂ ਦੇ ਨਾਲ਼ ਨਹੀਂ ਰਹਿੰਦੇ।
ਸ਼ਬਦ ਦੇ ਪਹਿਲੇ ਬੰਦ ’ਚ ਗੁਰੂ ਜੀ ਨੇ ਆਪਣਾ ਅਨੁਭਵ ਸਾਂਝਾ ਕਰਦਿਆਂ ਕਿਹਾ ਹੈ ਕਿ ਹਰੀ ਦੇ ਸੁੰਦਰ ਮੁਖ ਦਾ ਦਰਸ਼ਨ ਕਰਕੇ ਭਗਤ-ਜਨ ਵਿਕਾਰ ਮੁਕਤ ਹੋ ਜਾਂਦੇ ਹਨ। ਉਨ੍ਹਾਂ ਨੇ ਸਾਰੇ ਪਦਾਰਥ ਪਾ ਲਏ ਹੁੰਦੇ ਹਨ। ਮਾਇਆਵੀ ਪਦਾਰਥ ਨਾਲ਼ ਕੋਈ ਸੰਬੰਧ ਨਹੀਂ ਬਚਦਾ ‘‘ਦਰਸਨੁ ਪੇਖਿ, ਭਏ ਨਿਰਬਿਖਈ; ਪਾਏ ਹੈ ਸਗਲੇ ਥੋਕ ॥ ਆਨ ਬਸਤੁ ਸਿਉ ਕਾਜੁ ਨ ਕਛੂਐ ; ਸੁੰਦਰ ਬਦਨ ਅਲੋਕ ॥੧॥’’, ਇਸ ਲਈ ਬੇਮੁਖਾਂ ਦੇ ਨਾਲ਼ ਨਹੀਂ ਰਹਿੰਦੇ।
ਸ਼ਬਦ ਦੇ ਦੂਜੇ ਯਾਨੀ ਅੰਤਮ ਬੰਦ ’ਚ ਵਚਨ ਹਨ ਕਿ ਸੋਹਣੇ ਸਾਂਵਲੇ ਪਿਆਰੇ (ਪ੍ਰਭੂ) ਨੂੰ ਭੁਲਾ ਕੇ ਜੋ ਹੋਰ ਹੋਰ ਪਦਾਰਥਾਂ ਵੱਲ ਖਿੱਚ ਰੱਖਦੇ ਹਨ, ਉਹ ਲੋਕ ਉਸ ਜੋਕ ਵਰਗੇ ਹਨ, ਜਿਹੜੀ ਇੱਕ ਕੋਹੜੀ ਦੇ ਸਰੀਰ ’ਚੋਂ (ਗੰਦਾ ਖ਼ੂਨ ਚੂਸਦੀ ਹੈ), ਪਰ ਹੇ ਸੂਰਦਾਸ ! ਜਿਨ੍ਹਾਂ ਦਾ ਮਨ ਪ੍ਰਭੂ ਨੇ ਆਪਣੇ ਵੱਸ ਵਿੱਚ ਕਰ ਲਿਆ, ਉਨ੍ਹਾਂ ਲਈ ਇਹ ਲੋਕ ਤੇ ਪਰਲੋਕ ਦੋਵੇਂ ਬਖ਼ਸ਼ ਦਿੱਤੇ ਯਾਨੀ ਉਹ ਲੋਕ ਪਰਲੋਕ ’ਚ ਖ਼ੁਸ਼ ਰਹਿੰਦੇ ਹਨ ‘‘ਸਿਆਮ ਸੁੰਦਰ ਤਜਿ, ਆਨ ਜੁ ਚਾਹਤ ; ਜਿਉ, ਕੁਸਟੀ ਤਨਿ ਜੋਕ ॥ ਸੂਰਦਾਸ ਮਨੁ ਪ੍ਰਭਿ ਹਥਿ ਲੀਨੋ ; ਦੀਨੋ ਇਹੁ ਪਰਲੋਕ ॥੨॥੧॥੮॥’’ (ਮਹਲਾ ੫/੧੨੫੩)
ਨੋਟ : ਭਗਤ ਸੂਰਦਾਸ ਜੀ ਦੀ ਉਕਤ ਤੁਕ ਤੋਂ ਪਹਿਲਾਂ ਭਗਤ ਬਾਣੀ ਦੀ ਚਲਦੀ ਲੜੀ ’ਚ ਭਗਤ ਪਰਮਾਨੰਦ ਜੀ ਦਾ ਸ਼ਬਦ ਹੈ, ਜਿਸ ਦੇ ਤਿੰਨ ਬੰਦ ਹਨ। ਤੀਸਰੇ ਯਾਨੀ ਅੰਤਮ ਬੰਦ ਦੀ ਸਮਾਪਤੀ ’ਚ ਸ਼ਬਦ ਸੰਖਿਆ ਇਉਂ ਹੈ ‘‘ਪਰਮਾਨੰਦ ਸਾਧਸੰਗਤਿ ਮਿਲਿ; ਕਥਾ ਪੁਨੀਤ ਨ ਚਾਲੀ ॥੩॥੧॥੬॥’’ (੧੨੫੩), ਇਸ ਸ਼ਬਦ ਗਿਣਤੀ (॥੩॥੧॥੬॥) ਤੋਂ ਬਾਅਦ ਹੈ ‘‘ਛਾਡਿ ਮਨ ! ਹਰਿ ਬਿਮੁਖਨ ਕੋ ਸੰਗੁ॥’’ ਅਤੇ ਇਸ ਤੋਂ ਬਾਅਦ ਹੈ ਗੁਰੂ ਅਰਜਨ ਸਾਹਿਬ ਜੀ ਦਾ ਉਕਤ ਸ਼ਬਦ, ਜਿਸ ਦੀ ਸਮਾਪਤੀ ’ਚ ਸ਼ਬਦ ਸੰਖਿਆ ਹੈ ॥੨॥੧॥੮॥ , ਇਸ ਗਿਣਤੀ ਦਾ ਮਤਲਬ ਹੈ ਕਿ ਅੰਕ ੨; ਗੁਰੂ ਅਰਜਨ ਸਾਹਿਬ ਜੀ ਦੇ ਸ਼ਬਦ ਦੇ ਦੋ ਬੰਦ ਹਨ, ਬਾਰੇ ਜਾਣਕਾਰੀ ਦਿੰਦਾ ਹੈ। ਅੰਕ ੧; ਭਗਤ ਸੂਰਦਾਸ ਜੀ ਦੇ ਸ਼ਬਦ ਦਾ ਸੂਚਕ ਹੈ। ਅੰਕ ੮ ਤੋਂ ਭਾਵ ਹੈ ਕਿ ਸਾਰੰਗ ਰਾਗ ’ਚ ਭਗਤ ਬਾਣੀ ਦੇ ਅੱਠ ਸ਼ਬਦ ਹਨ ਯਾਨੀ ਗੁਰੂ ਅਰਜਨ ਸਾਹਿਬ ਜੀ ਦਾ ਸ਼ਬਦ ਵੀ ਭਗਤ ਬਾਣੀ ਦਾ ਹਿੱਸਾ ਹੈ; ਜਿਵੇਂ ਕਿ ਭਗਤ ਕਬੀਰ ਜੀ ਅਤੇ ਬਾਬਾ ਫ਼ਰੀਦ ਜੀ ਦੇ ਸਲੋਕਾਂ ’ਚ ਗੁਰੂ ਸਾਹਿਬਾਨ (ਮਹਲਾ ੧, ਮਹਲਾ ੩, ਮਹਲਾ ੫) ਦੁਆਰਾ ਭਗਤ ਸਾਹਿਬਾਨ ਦੇ ਵਿਸ਼ਿਆਂ ਨੂੰ ਹੋਰ ਸਪਸ਼ਟ ਕਰਨ ਲਈ ਰਚੇ ਸਲੋਕ ਭੀ ਭਗਤ ਬਾਣੀ ਹੀ ਅਖਵਾਉਂਦੇ ਹਨ।
ਉਕਤ ਵਿਚਾਰ ਤੋਂ ਸਾਫ ਹੈ ਕਿ ਗੁਰੂ ਅਰਜਨ ਸਾਹਿਬ ਜੀ ਨੇ ਆਪਣੇ ਸ਼ਬਦ ਰਾਹੀਂ ਸਪਸ਼ਟ ਕੀਤਾ ਕਿ (1). ਇਹ ਤੁਕ ਭਗਤ ਸੂਰਦਾਸ ਜੀ ਦੁਆਰਾ ਰਚੀ ਗਈ ਹੈ। (2). ਭਗਤ ਸੂਰਦਾਸ ਜੀ ਦੀ ਇਹ ਤੁਕ; ਪੂਰਾ ਸ਼ਬਦ ਹੈ। (2). ਭਗਤ ਜੀ ਦੇ ਪਾਵਨ ਸਿਧਾਂਤ ‘‘ਛਾਡਿ ਮਨ ! ਹਰਿ ਬਿਮੁਖਨ ਕੋ ਸੰਗੁ॥’’ ਦਾ ਮਨੁੱਖਾ ਜ਼ਿੰਦਗੀ ਲਈ ਲਾਭ ਅਤੇ ਨੁਕਸਾਨ; ਦੋਵੇਂ ਪੱਖ ਉਜਾਗਰ ਕੀਤੇ ਹਨ। (4). ਭਗਤ ਸੂਰਦਾਸ ਜੀ ਦੇ ਸ਼ਬਦ ਦੀ ਸੰਖਿਆ ॥੧॥੭॥ ਮੰਨੀ ਹੈ।
ਗੁਰੂ ਅਰਜਨ ਸਾਹਿਬ ਜੀ ਦੇ ਇਸ ਸ਼ਬਦ ਤੋਂ ਅਗਲਾ ਦੋ ਬੰਦ ਵਾਲ਼ਾ ਸ਼ਬਦ; ਭਗਤ ਕਬੀਰ ਜੀ ਦਾ ਹੈ, ਜਿਸ ਦੇ ਦੂਜੇ/ਅੰਤਮ ਬੰਦ ਨਾਲ਼ ਇਉਂ ਸ਼ਬਦ ਸੰਖਿਆ ਹੈ ‘‘ਸਗਲ ਧਰਮ ਪੁੰਨ ਫਲ ਪਾਵਹੁ; ਧੂਰਿ ਬਾਂਛਹੁ ਸਭ ਜਨ ਕਾ ॥ ਕਹੈ ਕਬੀਰੁ ਸੁਨਹੁ ਰੇ ਸੰਤਹੁ ! ਇਹੁ ਮਨੁ ਉਡਨ ਪੰਖੇਰੂ ਬਨ ਕਾ ॥੨॥੧॥੯॥’’ (੧੨੫੩)। ਅੰਕ ੧ ਤੋਂ ਭਾਵ ਕਬੀਰ ਜੀ ਦਾ ਇੱਕ ਸ਼ਬਦ ਹੈ ਅਤੇ ਅੰਕ ੯ ਤੋਂ ਭਾਵ ਭਗਤ ਬਾਣੀ ਦੇ ਸਾਰੰਗ ਰਾਗ ’ਚ ਕੁੱਲ ੯ ਸ਼ਬਦ ਹੋ ਚੁੱਕੇ ਹਨ। ਐਸੀ ਸ਼ਬਦ ਸੰਖਿਆ ਤਰਤੀਬ; ਗੁਰੂ ਗ੍ਰੰਥ ਸਾਹਿਬ ਸ਼ਬਦ ਸੰਗ੍ਰਹਿ ਵਿੱਚ ਕਿਸੇ ਨੂੰ ਇੱਕ ਸ਼ਬਦ ਵਾਧੂ ਜੋੜਨ ਜਾਂ ਕੋਈ ਸ਼ਬਦ ਕੱਢਣ ਦੀ ਅਨੁਮਤੀ ਨਹੀਂ ਦਿੰਦੀ।
ਸ਼ਬਦਾਂ ਦੇ ਸਿਰਲੇਖ ਅਤੇ ਅੰਕ ਜੋੜਾਂ ਦੀ ਇਹ ਕੋਈ ਇਕੱਲੀ ਉਦਾਹਰਨ ਨਹੀਂ ਹੈ। ਅਨੇਕਾਂ ਹੋਰ ਵੀ ਮਿਲ ਜਾਂਦੀਆਂ ਹਨ; ਜਿਨ੍ਹਾਂ ’ਚੋਂ ਕੁਝ ਕੁ ਨੂੰ ਵਿਚਾਰਨਾ ਜ਼ਰੂਰੀ ਹੈ :
(1). ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਕ ੩੨੬ ’ਤੇ ਸਿਰਲੇਖ ‘‘ਗਉੜੀ ਕਬੀਰ ਜੀ ਕੀ ਨਾਲਿ ਰਲਾਇ ਲਿਖਿਆ ਮਹਲਾ ੫ ॥’’ ਵੀ ਵਿਸ਼ੇਸ਼ ਸੰਪਾਦਕੀ ਸੰਕੇਤ ਹੈ, ਜੋ ਇਸ ਰਾਗ ਵਿੱਚ ਚਲਦੀ ਸ਼ਬਦ ਸੰਖਿਆ ਲੜੀ ਮੁਤਾਬਕ ਇਸ ਤੋਂ ਪਹਿਲਾਂ ਅਤੇ ਪਿੱਛੋਂ ਆਏ ਸ਼ਬਦਾਂ ਨਾਲ ਸੰਬੰਧਿਤ ਨਹੀਂ। ਇਸ ਸ਼ਬਦ ਦਾ ਕੇਵਲ ਸਿਰਲੇਖ ਹੀ ਨਹੀਂ ਬਲਕਿ ਸ਼ਬਦ ਜੋੜ ਅੰਕ ਵੀ ਵੱਖਰੇ ਢੰਗ ਨਾਲ ਲਿਖਿਆ ਹੈ। ਇਸ ਤੋਂ ਉਪਰਲੇ ਸ਼ਬਦਾਂ ਦੇ ਸਿਰਲੇਖ ਹਨ ‘ਗਉੜੀ ਕਬੀਰ ਜੀ’ ਅਤੇ ਅੰਕ ਜੋੜ ਹਨ ॥੪॥੧੨॥; ॥੪॥੧੩॥ ਆਦਿ ਅਤੇ ਵਿਚਾਰ ਅਧੀਨ ਸ਼ਬਦ ਤੋਂ ਬਾਅਦ ਵਾਲੇ ਸਿਰਲੇਖਾਂ ਹੇਠ ਆਏ ਸ਼ਬਦਾਂ ਦੇ ਜੋੜ ਹਨ ॥੪॥੧੫॥ ; ॥੪॥੧੬॥ ਆਦਿ, ਇਸ ਲਈ ਉਕਤ ਸ਼ਬਦ ਦਾ ਜਿੱਥੇ ਸਿਰਲੇਖ ਵੱਖਰਾ ਹੈ ਉੱਥੇ ਜੋੜ ਵੀ ਵੱਖਰੇ ਅੰਦਾਜ਼ ’ਚ ਹੈ ॥੪॥੧॥੧੪॥; ਇਸ ਤੋਂ ਸਪਸ਼ਟ ਹੈ ਕਿ ਭਾਵੇਂ ਸਾਰੇ ਸ਼ਬਦ ਚਾਰ ਚਾਰ ਬੰਦਾਂ ਦੇ ਹਨ, ਪਰ ਅੰਕ ੧; ਵੱਖਰਾ ਹੈ, ਜੋ ਪਿਛਲੇ ਜੋੜ ॥੧੩॥ ’ਚ ਮਿਲ ਕੇ ਕੁਲ ॥੧੪॥ ਹੁੰਦਾ ਹੈ।
ਸਿਰਲੇਖ ’ਚ ਇਹ ਦਰਜ ‘‘ਗਉੜੀ ਕਬੀਰ ਜੀ ਕੀ ਨਾਲਿ ਰਲਾਇ ਲਿਖਿਆ ਮਹਲਾ ੫ ॥’’ ਤੋਂ ਸਪਸ਼ਟ ਹੈ ਕਿ ਇਹ ਸ਼ਬਦ ਨਾ ਤਾਂ ਨਿਰੋਲ ਕਬੀਰ ਸਾਹਿਬ ਜੀ ਦਾ ਹੈ ਅਤੇ ਨਾ ਹੀ ਕੇਵਲ ਮਹਲਾ ੫ (ਗੁਰੂ ਅਰਜਨ ਸਾਹਿਬ ਜੀ) ਦਾ ਯਾਨੀ ਕਿ ਕਬੀਰ ਜੀ ਦੇ ਇਸ ਸ਼ਬਦ ਦੇ ਅੰਤ ’ਚ ਕੁਝ ਹਿੱਸਾ ਮਹਲਾ ੫ ਦਾ ਵੀ ਹੈ। ਅਰਥ ਵਾਚਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਰਹਾਉ ਸਮੇਤ ਪਹਿਲੇ ਤਿੰਨ ਪਦੇ ਕਬੀਰ ਸਾਹਿਬ ਜੀ ਦੇ ਹਨ; ਜਿਵੇਂ ਕਿ ‘‘ਐਸੋ ਅਚਰਜੁ; ਦੇਖਿਓ ਕਬੀਰ ॥ ਦਧਿ ਕੈ ਭੋਲੈ (ਦਹੀਂ ਦੇ ਭੁਲੇਖੇ), ਬਿਰੋਲੈ ਨੀਰੁ ॥੧॥ ਰਹਾਉ ॥ ਹਰੀ ਅੰਗੂਰੀ ਗਦਹਾ ਚਰੈ ॥ ਨਿਤ ਉਠਿ ਹਾਸੈ; ਹੀਗੈ ਮਰੈ ॥੧॥ ਮਾਤਾ ਭੈਸਾ, ਅੰਮੁਹਾ ਜਾਇ ॥ ਕੁਦਿ ਕੁਦਿ ਚਰੈ, ਰਸਾਤਲਿ ਪਾਇ ॥੨॥ ਕਹੁ ਕਬੀਰ, ਪਰਗਟੁ ਭਈ ਖੇਡ ॥ ਲੇਲੇ ਕਉ ਚੂਘੈ ਨਿਤ ਭੇਡ ॥੩॥’’ ਅਰਥ : ਹੇ ਕਬੀਰ ! ਅਜਿਹਾ ਤਮਾਸ਼ਾ ਜਗਤ ’ਚ ਵੇਖਿਆ ਹੈ ਕਿ ਸਾਰਾ ਸੰਸਾਰ; ਦਹੀਂ ਦੇ ਭੁਲੇਖੇ ਯਾਨੀ ਦਹੀਂ ਸਮਝ ਕੇ ਪਾਣੀ ਰਿੜਕ ਰਿਹਾ ਹੈ॥ ਰਹਾਉ॥ ਮਨ ਭਾਉਂਦੇ ਵਿਕਾਰ ਮੂਰਖ ਭੋਗਦਾ ਹੈ। (ਪਛੁਤਾਵੇ ਦੀ ਥਾਂ ਸਗੋਂ) ਰੋਜ਼ਾਨਾ ਸੁਬ੍ਹਾ ਤੋਂ ਹੀ ਹੱਸਦਾ ਹੈ। (ਖੋਤੇ ਵਾਙ) ਹਿਣਕਦਾ ਹੈ; (ਇਉਂ ਆਤਮਕ ਮੌਤ ਵੀ) ਮਰਦਾ ਹੈ॥੧॥ ਮਸਤੇ ਸਾਂਢ ਵਰਗਾ ਮੂਰਖ ਮਨ (ਇਸ ਪਾਸਿਓਂ) ਮੁੜਦਾ ਨਹੀਂ ਸਗੋਂ ਉਛਲ ਉਛਲ ਕੇ (ਵਿਕਾਰਾਂ ਨੂੰ) ਚਰਦਾ ਹੈ, ਮਾਣਦਾ ਹੈ ਭਾਵੇਂ ਕਿ ਗਿਰਾਵਟ ਵੱਲ ਹੀ ਵਧਦਾ ਜਾਂਦਾ ਹੈ॥੨॥ ਹੇ ਕਬੀਰ ! (ਮੈਨੂੰ ਤਾਂ) ਇਹ ਅਜੀਬ ਤਮਾਸ਼ਾ ਸਮਝ ਵਿੱਚ ਆ ਗਿਆ ਕਿ ਸੰਸਾਰਕ ਜੀਵਾਂ ਦੀ (ਭੇਡ ਰੂਪ) ਬੁੱਧੀ; (ਲੇਲੇ ਰੂਪ) ਮਨ ਦੇ ਪਿੱਛੇ ਲੱਗੀ ਫਿਰਦੀ ਹੈ (ਜਦਕਿ ਚਾਹੀਦਾ ਹੈ ਕਿ ਲੇਲਾ ਮਨ; ਆਪਣੀ ਮਾਤਾ ਬੁੱਧੀ ਅਨੁਸਾਰ ਚੱਲਦਾ)॥੩॥ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਭਗਤ ਕਬੀਰ ਜੀ ਨੂੰ ਇਹ ਸਮਝ ਕਿਵੇਂ ਆਈ ? ਇਸ ਨੂੰ ਸਪਸ਼ਟ ਕਰਨ ਲਈ ਹੀ ਇਸ ਸ਼ਬਦ ਦਾ ਚੌਥਾ ਬੰਦ ਗੁਰੂ ਅਰਜਨ ਸਾਹਿਬ ਜੀ ਇਉਂ ਉਚਾਰਦੇ ਹਨ ‘‘ਰਾਮ ਰਮਤ ; ਮਤਿ ਪਰਗਟੀ ਆਈ ॥ ਕਹੁ ਕਬੀਰ, ਗੁਰਿ (ਨੇ) ਸੋਝੀ ਪਾਈ ॥੪॥੧॥੧੪॥’’ (ਪੰਨਾ ੩੨੬) ਅਰਥ : ਸਤਿਗੁਰੂ ਨੇ (ਮਿਹਰ ਕਰਕੇ) ਸਮਝ ਬਖ਼ਸ਼ੀ ਹੈ; (ਉਹ ਸਮਝ ਹੈ) ਪ੍ਰਭੂ ਦਾ ਸਿਮਰਨ ਕਰਦਿਆਂ ਕਰਦਿਆਂ ਬੁੱਧੀ ਜਾਗ ਪਈ ਹੈ (ਮਨ ਦੇ ਪਿੱਛੇ ਤੁਰਨੋਂ ਹਟ ਗਈ)।
(2). ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ ੩੦੦ ਤੋਂ ੩੧੮ ਤੱਕ ਗੁਰੂ ਰਾਮਦਾਸ ਜੀ ਦੀ ਗਉੜੀ ਕੀ ਵਾਰ ਹੈ, ਸ਼ੁਰੂ ’ਚ ਇਹ ਵਾਰ ਕੇਵਲ ੨੮ ਪਉੜੀਆਂ ਦੀ ਸੀ। ਸੰਪਾਦਨਾ ਸਮੇਂ ਗੁਰੂ ਅਰਜਨ ਸਾਹਿਬ ਜੀ ਨੇ ਇਸ ਵਾਰ ਦੀਆਂ ਪੰਜ ਪਉੜੀਆਂ (੨੭, ੨੮, ੨੯, ੩੦, ੩੧) ਆਪਣੇ ਵੱਲੋਂ ਲਿਖੀਆਂ ਹਨ, ਜਿਨ੍ਹਾਂ ਨੂੰ ਨਵਾਂ ਸਿਰਲੇਖ ‘ਪਉੜੀ ੫’ ਜਾਂ ਪਉੜੀ ਮ: ੫’ ਵੀ ਦਿੱਤਾ ਗਿਆ ਹੈ। ਤਾਂ ਜੋ ਗੁਰਸਿੱਖ; ਹਮੇਸ਼ਾਂ ਧਿਆਨ ’ਚ ਰੱਖਣ ਕਿ ਇਹ ਪਉੜੀਆਂ ਦਰਜ ਕਰਨ ਦਾ ਅਸਲ ਮਨੋਰਥ ਕੀ ਹੈ। ਇਨ੍ਹਾਂ ਪੰਜ ਪਉੜੀਆਂ ਸਮੇਤ ਅੱਜ ਇਸ ਦੀਆਂ ੩੩ ਪਉੜੀਆਂ ਹਨ।
(3). ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ ੪੮੭ ’ਤੇ ਆਸਾ ਰਾਗੁ ’ਚ ਭਗਤ ਧੰਨਾ ਜੀ ਦਾ ਸ਼ਬਦ ਹੈ ‘‘ਆਸਾ ਬਾਣੀ ਭਗਤ ਧੰਨੇ ਜੀ ਕੀ ੴ ਸਤਿ ਗੁਰ ਪ੍ਰਸਾਦਿ ॥ ਭ੍ਰਮਤ ਫਿਰਤ ਬਹੁ ਜਨਮ ਬਿਲਾਨੇ; ਤਨੁ ਮਨੁ ਧਨੁ ਨਹੀ ਧੀਰੇ ॥ ਲਾਲਚ ਬਿਖੁ ਕਾਮ ਲੁਬਧ ਰਾਤਾ; ਮਨਿ ਬਿਸਰੇ ਪ੍ਰਭ ਹੀਰੇ ॥੧॥ ਰਹਾਉ ॥… ॥੩॥ ਜੋਤਿ ਸਮਾਇ ਸਮਾਨੀ ਜਾ ਕੈ; ਅਛਲੀ ਪ੍ਰਭੁ ਪਹਿਚਾਨਿਆ ॥ ਧੰਨੈ (ਨੇ) ਧਨੁ ਪਾਇਆ ਧਰਣੀਧਰੁ; ਮਿਲਿ ਜਨ ਸੰਤ ਸਮਾਨਿਆ ॥੪॥੧॥ (ਭਗਤ ਧੰਨਾ ਜੀ/੪੮੭) ਭਾਵੇਂ ਕਿ ਇਸ ਸ਼ਬਦ ਦੇ ਅੰਤ ’ਚ ਭਗਤ ਧੰਨਾ ਜੀ ਸਪਸ਼ਟ ਕਰਦੇ ਪਏ ਹਨ ਕਿ ਉਨ੍ਹਾਂ ਨੇ ਧਰਤੀ ਦੇ ਆਸਰੇ ਪ੍ਰਭੂ ਦਾ ਨਾਮ-ਧਨ ਸੰਤ ਜਨਾਂ ਨੂੰ ਮਿਲ ਕੇ ਪਾਇਆ ਹੈ, ਨਾ ਕਿ ਪੱਥਰ ਦੀ ਮੂਰਤੀ ਪੂਜ ਕੇ, ਪਰ ਫਿਰ ਵੀ ਕੋਈ ਭੁਲੇਖਾ ਨਾ ਰਹੇ ਇਸ ਦੇ ਨਾਲ ਹੀ ਸੰਪਾਦਨਾ ਸਮੇਂ ਗੁਰੂ ਅਰਜਨ ਸਾਹਿਬ ਜੀ ਨੇ ਆਪਣੇ ਸ਼ਬਦ ਦੀ ਰਾਹੀਂ ਇਉਂ ਸਪਸ਼ਟ ਵੀ ਕਰ ਦਿੱਤਾ ‘‘ਮਹਲਾ ੫ ॥ ਗੋਬਿੰਦ ਗੋਬਿੰਦ ਗੋਬਿੰਦ ਸੰਗਿ; ਨਾਮਦੇਉ ਮਨੁ ਲੀਣਾ ॥ ਆਢ ਦਾਮ ਕੋ ਛੀਪਰੋ; ਹੋਇਓ ਲਾਖੀਣਾ ॥੧॥ ਰਹਾਉ ॥ ਬੁਨਨਾ ਤਨਨਾ ਤਿਆਗਿ ਕੈ; ਪ੍ਰੀਤਿ ਚਰਨ ਕਬੀਰਾ ॥ ਨੀਚ ਕੁਲਾ ਜੋਲਾਹਰਾ; ਭਇਓ ਗੁਨੀਯ ਗਹੀਰਾ ॥੧॥ ਰਵਿਦਾਸੁ ਢੁਵੰਤਾ ਢੋਰ ਨੀਤਿ; ਤਿਨਿ ਤਿਆਗੀ ਮਾਇਆ ॥ ਪਰਗਟੁ ਹੋਆ ਸਾਧਸੰਗਿ; ਹਰਿ ਦਰਸਨੁ ਪਾਇਆ ॥੨॥ ਸੈਨੁ ਨਾਈ ਬੁਤਕਾਰੀਆ; ਓਹੁ ਘਰਿ ਘਰਿ ਸੁਨਿਆ ॥ ਹਿਰਦੇ ਵਸਿਆ ਪਾਰਬ੍ਰਹਮੁ; ਭਗਤਾ ਮਹਿ ਗਨਿਆ ॥੩॥ ਇਹ ਬਿਧਿ ਸੁਨਿ ਕੈ ਜਾਟਰੋ; ਉਠਿ ਭਗਤੀ ਲਾਗਾ ॥ ਮਿਲੇ ਪ੍ਰਤਖਿ ਗੁਸਾਈਆ; ਧੰਨਾ ਵਡਭਾਗਾ ॥੪॥੨॥ (ਮਹਲਾ ੫/੪੮੮) ਪਦ ਅਰਥ : ਲੀਣਾ- ਲੀਨ ਹੋ ਗਿਆ।, ਲਾਖੀਣਾ- ਲੱਖਾਂ ਦਾ।, ਪ੍ਰੀਤ ਚਰਨ- ਹਰੀ ਦੇ ਚਰਨਾਂ ਨਾਲ਼ ਪ੍ਰੀਤ।, ਕਬੀਰਾ- ਕਬੀਰ ਜੀ ਦੀ।, ਨੀਚ ਕੁਲਾ ਜੋਲਾਹਰਾ- ਛੋਟੀ ਕੁਲ ਦਾ ਜੁਲਾਹਾ (ਤਾਣੀ ਬੁਣਨ ਵਾਲ਼ਾ)।, ਭਇਓ ਗੁਨੀਯ ਗਹੀਰਾ- ਗੁਣਾਂ ਦਾ ਸਾਗਰ ਬਣ ਗਿਆ।, ਢੋਰ- ਮਰੇ ਹੋਏ ਪਸ਼ੂ।, ਬੁਤਕਾਰੀਆ- ਛੋਟੇ ਮੋਟੇ ਕੰਮ ਕਰਨ ਵਾਲ਼ਾ।, ਜਾਟਰੋ- ਧੰਨਾ ਜੱਟ। ਨੋਟ : ਇਸ ਸ਼ਬਦ ਦਾ ਅਸਲ ਮਨੋਰਥ ਇਹ ਸਾਬਤ ਕਰਨਾ ਹੈ ਕਿ ਇਨ੍ਹਾਂ ਸਾਰੇ ਭਗਤਾਂ ਨੇ ਸਾਧ ਸੰਗਤ ’ਚ ਰਹਿੰਦਿਆਂ ਨਿਰਾਕਾਰ ਰੱਬ ਨੂੰ ਪ੍ਰਾਪਤ ਕੀਤਾ ਹੈ ਯਾਨੀ ਸੱਚੇ ਭਗਤ ਸਨ, ਨਾ ਕਿ ਅਖੌਤੀ; ਜਿਵੇਂ ਕਿ ਇਨ੍ਹਾਂ ਦੀ ਜਾਤ ਨੂੰ ਅਖੌਤੀ ਮੰਨਿਆ ਜਾਂਦਾ ਰਿਹਾ ਸੀ।
(4). ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ ੧੨੭੮ ਤੋਂ ੧੨੯੧ ਤੱਕ ਗੁਰੂ ਨਾਨਕ ਸਾਹਿਬ ਜੀ ਦੁਆਰਾ ਉਚਾਰਨ ਕੀਤੀ ਮਲਾਰ ਰਾਗ ਦੀ ਵਾਰ ਹੈ, ਜਿਸ ਦੀਆਂ ਹੁਣ ੨੮ ਪਉੜੀਆਂ ਹਨ ਕਿਉਂਕਿ ਸ਼ੁਰੂ ਵਿੱਚ ਇਸ ਦੀਆਂ ਵੀ 27 ਪਉੜੀਆਂ ਸਨ। ਸੰਪਾਦਨਾ ਸਮੇਂ ਪੰਜਵੇਂ ਪਾਤਿਸ਼ਾਹ ਜੀ ਨੇ ੨੭ਵੀਂ ਪਉੜੀ ਆਪਣੇ ਵੱਲੋਂ ਦਰਜ ਕਰਕੇ ਉਸ ਨੂੰ ਸਿਰਲੇਖ ਦਿੱਤਾ ਹੈ ‘ਪਉੜੀ ਨਵੀ ਮ: ੫॥’ ਤਾਂ ਜੋ ਇਸ ਨੂੰ ਦਰਜ ਕਰਨ ਦਾ ਅਸਲ ਮਨੋਰਥ ਬਾਣੀ ਨੂੰ ਧਿਆਨ ਨਾਲ਼ ਪੜ੍ਹਨ ਵਾਲ਼ੇ ਗੁਰਸਿੱਖ ਸਮਝਦੇ ਰਹਿਣ। ਚੇਤੇ ਰਹੇ ਕਿ ਸੰਪਾਦਨਾ ਸਮੇਂ ਗੁਰੂ ਅਰਜਨ ਸਾਹਿਬ ਜੀ ਨੇ ਆਪਣੇ ਵੱਲੋਂ ਜੋ ਜੋ ਰਚਨਾ; ਬਾਕੀ ਬਾਣੀਕਾਰਾਂ ਦੀ ਰਚਨਾ ਦੇ ਸੰਬੰਧ ਵਿੱਚ ਕੀਤੀ ਹੈ, ਉਹ ਜਾਂ ਤਾਂ ਲੰਬੀ ਰਚਨਾ (ਵਾਰਾਂ) ਦੀਆਂ ਤਕਰੀਬਨ ਅੰਤਮ ਪਉੜੀਆਂ ’ਚ ਹੈ ਜਾਂ ਕਿਸੇ ਸ਼ਬਦ ਦੇ ਅਖੀਰ ਵਿੱਚ, ਇਸ ਤੋਂ ਸਾਫ਼ ਹੁੰਦਾ ਹੈ ਕਿ ਗੁਰੂ ਸਾਹਿਬ; ਗੁਰਮਤਿ ਦਾ ਤੱਤਸਾਰ ਹੀ ਹੋਰ ਵਧੀਕ ਸਪਸ਼ਟ ਕਰਦੇ ਹਨ, ਜੋ ਹਰ ਰਚਨਾ ਦੇ ਅੰਤ ’ਚ ਹੁੰਦਾ ਹੈ। ਧਿਆਨ ਰਹੇ ਕਿ ਉਕਤ ਦੋਵੇਂ ਵਾਰਾਂ (ਗਉੜੀ ਅਤੇ ਮਲਾਰ) ਦੀ ਸਮਾਪਤੀ ਪਉੜੀ; ਗੁਰੂ ਅਰਜਨ ਸਾਹਿਬ ਜੀ ਦੁਆਰਾ ਨਹੀਂ ਰਚੀ ਗਈ ਕਿਉਂਕਿ ਗੁਰੂ ਰਾਮਦਾਸ ਜੀ ਅਤੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੀਆਂ ਵਾਰਾਂ ਦੇ ਵਿਸ਼ੇ ਨੂੰ ਅੰਤ ’ਚ ਬਾਖ਼ੂਬੀ ਸਪਸ਼ਟ ਕੀਤਾ ਹੈ, ਸਮੇਟਿਆ ਹੈ। ਨਹੀਂ ਤਾਂ ਕੁੱਝ ਸਿੱਖ ਇਹ ਵੀ ਭੁਲੇਖਾ ਖਾ ਜਾਂਦੇ ਕਿ ਸ਼ਾਇਦ ਵਾਰਾਂ ਦੀਆਂ ਅੰਤਮ ਪਉੜੀਆਂ ਉਤਾਰਾ ਕਰਦਿਆਂ ਗੁੰਮ ਹੋ ਗਈਆਂ ਹੋਣ ਜਾਂ ਵਾਰਾਂ ਅਧੂਰੀਆਂ ਹੀ ਲਿਖੀਆਂ ਗਈਆਂ ਹੋਣ।
(5). ਭਗਤ ਕਬੀਰ ਜੀ ਅਤੇ ਬਾਬਾ ਸ਼ੇਖ਼ ਫ਼ਰੀਦ ਜੀ ਦੇ ਕੁੱਝ ਸਲੋਕਾਂ ਦੇ ਵਿਸ਼ੇ ਨੂੰ ਹੋਰ ਸਪਸ਼ਟ ਕਰਨ ਲਈ ਗੁਰੂ ਸਾਹਿਬਾਨ (ਗੁਰੂ ਨਾਨਕ ਸਾਹਿਬ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਸਾਹਿਬ ਜੀ) ਦੁਆਰਾ ਆਪਣੇ ਵੱਲੋਂ ਇਨ੍ਹਾਂ ਭਗਤਾਂ ਨੂੰ ਸੰਬੋਧਨ ਹੁੰਦਿਆਂ ਹੀ ਸਲੋਕ ਲਿਖੇ ਹਨ ਪਰ ਉਨ੍ਹਾਂ ਵਿੱਚ ਸਿਰਲੇਖ ਵਜੋਂ ਮ: ੧, ਮ: ੩, ਮ: ੪, ਮ: ੫, ਲਿਖਿਆ ਮਿਲਦਾ ਹੈ; ਜਿਵੇਂ ਕਿ
ਫਰੀਦਾ ! ਰਤੀ ਰਤੁ ਨ ਨਿਕਲੈ; ਜੇ ਤਨੁ ਚੀਰੈ ਕੋਇ ॥ ਜੋ ਤਨ ਰਤੇ ਰਬ ਸਿਉ; ਤਿਨ ਤਨਿ ਰਤੁ ਨ ਹੋਇ ॥੫੧॥ (ਬਾਬਾ ਫ਼ਰੀਦ ਜੀ)
ਮ: ੩ ॥ ਇਹੁ ਤਨੁ ਸਭੋ ਰਤੁ ਹੈ; ਰਤੁ ਬਿਨੁ ਤੰਨੁ ਨ ਹੋਇ ॥ ਜੋ ਸਹ ਰਤੇ ਆਪਣੇ; ਤਿਤੁ ਤਨਿ ਲੋਭੁ ਰਤੁ ਨ ਹੋਇ ॥ ਭੈ ਪਇਐ ਤਨੁ ਖੀਣੁ ਹੋਇ; ਲੋਭੁ ਰਤੁ ਵਿਚਹੁ ਜਾਇ ॥ ਜਿਉ ਬੈਸੰਤਰਿ ਧਾਤੁ ਸੁਧੁ ਹੋਇ; ਤਿਉ ਹਰਿ ਕਾ ਭਉ ਦੁਰਮਤਿ ਮੈਲੁ ਗਵਾਇ ॥ ਨਾਨਕ ! ਤੇ ਜਨ ਸੋਹਣੇ; ਜਿ ਰਤੇ ਹਰਿ ਰੰਗੁ ਲਾਇ ॥੫੨॥ (ਫਰੀਦ ਜੀ/ਮਹਲਾ ੩/੧੩੮੦)
(6). ਸਲੋਕ ਵਾਰਾਂ ਤੇ ਵਧੀਕ ਮਹਲਾ ੧॥ ਸਿਰਲੇਖ ਹੇਠ ਕੱਲ 33 ਸਲੋਕ ਹਨ, ਜਿਨ੍ਹਾਂ ’ਚ 28ਵਾਂ ਸਲੋਕ ਗੁਰੂ ਅਮਰਦਾਸ ਜੀ ਦਾ ਹੈ; ਜਿਵੇਂ ਕਿ ‘‘ਮਹਲਾ ੩ ॥ ਲਾਹੌਰ ਸਹਰੁ, ਅੰਮ੍ਰਿਤ ਸਰ, ਸਿਫਤੀ ਦਾ ਘਰੁ ॥੨੮॥’’ (ਪੰਨਾ ੧੪੧੨), ਜੋ ਗੁਰੂ ਨਾਨਕ ਸਾਹਿਬ ਜੀ ਦੇ 27ਵੇਂ ਸਲੋਕ (ਲਾਹੌਰ ਸਹਰੁ ਜਹਰੁ ਕਹਰੁ ਸਵਾ ਪਹਰੁ ॥੨੭॥) ਨੂੰ ਹੀ ਵਿਸਥਾਰ ਦਿੰਦਾ ਹੈ, ਪਰ ‘ਮਹਲਾ ੩’ ਦਰਜ ਕਰਕੇ ਸਾਫ਼ ਕੀਤਾ ਗਿਆ ਕਿ ਇਹ ਸਲੋਕ ਗੁਰੂ ਨਾਨਕ ਸਾਹਿਬ ਜੀ ਦਾ ਨਹੀਂ ਹੈ। ਸੋ ਗੁਰਬਾਣੀ ਦੀ ਸੰਪਾਦਨਾ ਦੌਰਾਨ ਗੁਰੂ ਅਰਜਨ ਸਾਹਿਬ ਜੀ ਨੇ ਗੁਰਬਾਣੀ ਨੂੰ ਪੜ੍ਹਨ, ਸਮਝਣ ਵਾਲ਼ੇ ਸਿੱਖ ਲਈ ਕੋਈ ਕੁਤਾਹੀ ਨਹੀਂ ਛੱਡੀ ਤਾਂ ਜੋ ਸਿੱਖ ਨੂੰ ਕਿਸੇ ਹੋਰ ਗ੍ਰੰਥ ਜਾਂ ਕਿਸੇ ਕਾਲਪਨਿਕ ਕਹਾਣੀ ਦੀ ਟੇਕ ਲੈ ਕੇ ਗੁਰੂ ਉਪਦੇਸ਼ ਨੂੰ ਸਮਝਣ ਦੀ ਲੋੜ ਪਵੇ, ਪਰ ਫਿਰ ਵੀ ਕੁੱਝ ਭੁੱਲੜ ਸਿੱਖ ਪ੍ਰਚਾਰਕ; ਗੁਰਬਾਣੀ ਤੋਂ ਬਾਹਰੋਂ ਹਵਾਲੇ ਦੇ ਕੇ ਸੰਗਤਾਂ ’ਚ ਦੁਬਿਧਾ ਫੈਲਾਉਂਦੇ ਵੇਖੇ ਜਾ ਰਹੇ ਹਨ।
8 ਮਈ ਨੂੰ ਗੁਰਦੁਆਰਾ ਮੰਜੀ ਹਾਲ ਸਾਹਿਬ, ਦਰਬਾਰ ਸਾਹਿਬ ਅੰਮ੍ਰਿਤਸਰ ਦੀ ਸਟੇਜ ’ਤੇ ਕਥਾ ਕਰਦਿਆਂ ਗਿਆਨੀ ਜਗਤਾਰ ਸਿੰਘ ਜੀ ਮੁੱਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਜੀ ਨੇ ਕਿਹਾ ਕਿ ਅਨੰਦੁ ਸਾਹਿਬ ਦੀਆਂ 38 ਪਾਉੜੀਆਂ; ਗੁਰੂ
ਅਮਰਦਾਸ ਜੀ ਨੇ ਉਚਾਰੀਆਂ ਹਨ; 39ਵੀਂ ਪਉੜੀ ਗੁਰੂ ਰਾਮਦਾਸ ਜੀ ਦੀ ਅਤੇ 40ਵੀਂ ਪਉੜੀ ਗੁਰੂ ਅਰਜਨ ਸਾਹਿਬ ਜੀ ਨੇ ਸੰਪਾਦਨਾ ਸਮੇਂ ਉਚਾਰਨ ਕੀਤੀ ਹੈ ਜਦਕਿ ਗੁਰਬਾਣੀ ਵਿੱਚੋਂ ਅਜਿਹਾ ਕੋਈ ਸੰਕੇਤ ਨਹੀਂ ਮਿਲਦਾ। ਉਕਤ ਕੀਤੀ ਗਈ ਗੁਰਬਾਣੀ ਸੰਪਾਦਨਾ ਦੀ ਵਿਚਾਰ ਉਪਰੰਤ ਗਿਆਨੀ ਜਗਤਾਰ ਸਿੰਘ ਜੀ ਦਾ ਇਹ ਕਥਨ ਨਿਰੋਲ ਮਨਮਤ ਜਾਪਦਾ ਹੈ ਕਿਉਂਕਿ ਗੁਰੂ ਅਰਜਨ ਸਾਹਿਬ ਜੀ ਨੇ ਗੁਰਬਾਣੀ ਦੀ ਸੰਪਾਦਨਾ ਕਰਦਿਆਂ ਪੂਰੀ ਸਾਵਧਾਨੀ ਨਾਲ ਜ਼ਿੰਮੇਵਾਰੀ ਨਿਭਾਈ ਹੈ। ਜੋ ਜੋ ਸ਼ਬਦ ਜਿਸ ਜਿਸ ਬਾਣੀਕਾਰ ਦੁਆਰਾ ਉਚਾਰਨ ਕੀਤੇ ਗਏ ਓਹੀ ਓਹੀ ਉਨ੍ਹਾਂ ਦੇ ਨਾਂ ਹੇਠ ਕਲਮਬੱਧ ਕੀਤੇ ਹੋਏ ਅੱਜ ਵੀ ਪ੍ਰਤੱਖ ਦਰਸ਼ਨ ਦੇ ਰਹੇ ਹਨ।
ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਲੰਬੀਆਂ ਰਚਨਾਵਾਂ ’ਚ ਇਹ ਵੀ ਵੇਖਣ ਨੂੰ ਮਿਲਦਾ ਹੈ ਕਿ ਜਿਸ ਸਿਰਲੇਖ ਅਧੀਨ ਕੋਈ ਰਚਨਾ ਕੀਤੀ ਗਈ ਹੋਵੇ, ਉਸੇ ਰਚਨਾ ਦੀ ਸਮਾਪਤੀ ਸਮੇਂ ਮੁੜ ਸਿਰਲੇਖ ਵਿਸ਼ਾ ਚੇਤੇ ਕਰਵਾਇਆ ਜਾਂਦਾ ਹੈ; ਜਿਵੇਂ ਕਿ ਇੱਕ ਲੰਬੀ ਰਚਨਾ ਹੈ ‘ਸੁਖਮਨੀ’ (ਸਾਹਿਬ)। ਇਸ ਦੇ ਸਿਰਲੇਖ ਵਜੋਂ ਦਰਜ ‘ਸੁਖਮਨੀ’ ਸ਼ਬਦ; ਪਹਿਲੀ ਅਸਟਪਦੀ ’ਚ ਆਈ ਰਹਾਉ ਦੀ ਤੁਕ ‘‘ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ ॥ ਭਗਤ ਜਨਾ ਕੈ ਮਨਿ ਬਿਸ੍ਰਾਮ ॥ ਰਹਾਉ ॥’’ (ਪੰਨਾ ੨੬੨) ਵਿੱਚ ਦਰਜ ਹੈ ਜਾਂ ਫਿਰ ਅੰਤਮ (24ਵੀਂ) ਅਸਟਪਦੀ ’ਚ ਦੋ ਵਾਰ ਇਉਂ ਦਰਜ ਹੈ ‘‘ਪ੍ਰਭ ਕੀ ਉਸਤਤਿ ਕਰਹੁ ਸੰਤ ਮੀਤ ॥ ਸਾਵਧਾਨ ਏਕਾਗਰ ਚੀਤ ॥ ਸੁਖਮਨੀ ਸਹਜ ਗੋਬਿੰਦ ਗੁਨ ਨਾਮ ॥ ਜਿਸੁ ਮਨਿ ਬਸੈ ਸੁ ਹੋਤ ਨਿਧਾਨ ॥… ॥੫॥… ਸਭ ਤੇ ਊਚ ਤਾ ਕੀ ਸੋਭਾ ਬਨੀ ॥ ਨਾਨਕ ਇਹ ਗੁਣਿ ਨਾਮੁ ਸੁਖਮਨੀ ॥੮॥੨੪॥ (ਸੁਖਮਨੀ/ਮਹਲਾ ੫/੨੯੬)
ਇਸੇ ਤਰ੍ਹਾਂ ਤੀਸਰੇ ਪਾਤਿਸ਼ਾਹ (ਗੁਰੂ ਅਮਰਦਾਸ ਜੀ) ਦੁਆਰਾ ਲਿਖੀ ਇੱਕ ਲੰਬੀ ਰਚਨਾ ਹੈ ‘ਅਨੰਦੁ’ (ਸਾਹਿਬ), ਜਿਸ ਦੀਆਂ 40 ਪਉੜੀਆਂ ਹਨ। ਇਸ ਬਾਣੀ ’ਚ ਭੀ ‘ਅਨੰਦ’ ਸ਼ਬਦ ਪਹਿਲੀ, ਸੱਤਵੀਂ ਅਤੇ ਅੰਤਮ 40ਵੀਂ ਪਉੜੀ ਵਿੱਚ ਇਉਂ ਆਇਆ ਹੈ :
‘ਅਨੰਦੁ’ ਭਇਆ ਮੇਰੀ ਮਾਏ ! ਸਤਿਗੁਰੂ ਮੈ ਪਾਇਆ ॥ ਸਤਿਗੁਰੁ ਤ ਪਾਇਆ ਸਹਜ ਸੇਤੀ; ਮਨਿ (’ਚ) ਵਜੀਆ ਵਾਧਾਈਆ ॥ … ਰਾਗ ਰਤਨ ਪਰਵਾਰ ਪਰੀਆ; ਸਬਦ ਗਾਵਣ ਆਈਆ ॥ ਸਬਦੋ ਤ ਗਾਵਹੁ ਹਰੀ ਕੇਰਾ; ਮਨਿ (’ਚ) ਜਿਨੀ ਵਸਾਇਆ ॥ ਕਹੈ ਨਾਨਕੁ ‘ਅਨੰਦੁ’ ਹੋਆ; ਸਤਿਗੁਰੂ ਮੈ ਪਾਇਆ ॥੧॥ (ਅਨੰਦ/ਮਹਲਾ ੩/੯੧੭)
‘ਆਨੰਦੁ’ ‘ਆਨੰਦੁ’ ਸਭੁ ਕੋ ਕਹੈ; ਆਨੰਦੁ ਗੁਰੂ ਤੇ ਜਾਣਿਆ ॥ ਜਾਣਿਆ ਆਨੰਦੁ ਸਦਾ ਗੁਰ ਤੇ; ਕ੍ਰਿਪਾ ਕਰੇ ਪਿਆਰਿਆ ॥ ਕਰਿ ਕਿਰਪਾ ਕਿਲਵਿਖ ਕਟੇ; ਗਿਆਨ ਅੰਜਨੁ ਸਾਰਿਆ ॥ ਅੰਦਰਹੁ ਜਿਨ ਕਾ ਮੋਹੁ ਤੁਟਾ; ਤਿਨ ਕਾ ਸਬਦੁ, ਸਚੈ (ਨੇ) ਸਵਾਰਿਆ ॥ ਕਹੈ ਨਾਨਕੁ ਏਹੁ ਅਨੰਦੁ ਹੈ; ਆਨੰਦੁ ਗੁਰ ਤੇ ਜਾਣਿਆ ॥੭॥ (ਅਨੰਦ/ਮਹਲਾ ੩/੯੧੭)
‘ਅਨਦੁ ਸੁਣਹੁ ਵਡਭਾਗੀਹੋ ! ਸਗਲ ਮਨੋਰਥ ਪੂਰੇ ॥ ਪਾਰਬ੍ਰਹਮੁ ਪ੍ਰਭੁ ਪਾਇਆ; ਉਤਰੇ ਸਗਲ ਵਿਸੂਰੇ ॥ ਦੂਖ ਰੋਗ ਸੰਤਾਪ ਉਤਰੇ; ਸੁਣੀ ਸਚੀ ਬਾਣੀ ॥ ਸੰਤ ਸਾਜਨ ਭਏ ਸ+ਰਸੇ; ਪੂਰੇ ਗੁਰ ਤੇ ਜਾਣੀ ॥ ਸੁਣਤੇ ਪੁਨੀਤ ਕਹਤੇ ਪਵਿਤੁ; ਸਤਿਗੁਰੁ ਰਹਿਆ ਭਰਪੂਰੇ ॥ ਬਿਨਵੰਤਿ ਨਾਨਕੁ ਗੁਰ ਚਰਣ ਲਾਗੇ; ਵਾਜੇ ਅਨਹਦ ਤੂਰੇ ॥੪੦॥੧॥ (ਅਨੰਦ/ਮਹਲਾ ੩/੯੨੨)
ਉਕਤ ਵਿਚਾਰ ਤੋਂ ਸਾਫ਼ ਹੁੰਦਾ ਹੈ ਕਿ ‘ਅਨੰਦੁ’ ਸਿਰਲੇਖ ਅਧੀਨ ਰਚੀ ਬਾਣੀ ਦੀ 7ਵੀਂ ਪਉੜੀ ’ਚ ਅਖੌਤੀ ਅਨੰਦ (‘ਆਨੰਦੁ’ ‘ਆਨੰਦੁ’ ਸਭੁ ਕੋ ਕਹੈ) ਅਤੇ ਸਤਿਗੁਰੂ ਪਾਸੋਂ ਮਿਲਦੇ ਸੱਚੇ ਅਨੰਦ (ਆਨੰਦੁ ਗੁਰੂ ਤੇ ਜਾਣਿਆ) ਨੂੰ ਤੁਲਨਾਤਮਿਕ ਵਿਚਾਰਿਆ ਗਿਆ ਹੈ ਜਦਕਿ ਪਹਿਲੀ ਪਉੜੀ ’ਚ ‘ਅਨੰਦੁ’ ਪ੍ਰਸੰਗ ਸ਼ੁਰੂ ਕਰਕੇ ਅੰਤਮ (40ਵੀਂ) ਪਉੜੀ ’ਚ ਅਨੰਦੁ ਸਿਰਲੇਖ ਵਿਸ਼ੇ ਨੂੰ ਸਮੇਟਿਆ ਗਿਆ ਹੈ। ਸਾਰੀ ਬਾਣੀ ਪੜ੍ਹਨ ਨਾਲ ਸਮਝ ਆਉਂਦੀ ਹੈ ਕਿ ਇੱਕ ਰਸ ਬੱਝਵੀਂ ਲੜੀ ’ਚ ਪ੍ਰੋਤੇ ਹੋਏ ਖਿਆਲਾਂ ਦਾ ਪ੍ਰਵਾਹ ਚੱਲ ਰਿਹਾ ਹੈ ਅਤੇ ਇੱਕ ਹੀ ਗੁਰੂ ਸਾਹਿਬ ਦੀ ਉਚਾਰਨ ਕੀਤੀ ਹੋਈ ਹੈ। ਹੁਣ ਜੇਕਰ ਇਹ ਮੰਨੀਏ ਕਿ 39ਵੀਂ ਅਤੇ 40ਵੀਂ ਪਉੜੀ ਤੀਸਰੇ ਪਾਤਿਸ਼ਾਹ ਦੁਆਰਾ ਰਚੀ ਹੋਈ ਨਹੀਂ ਤਾਂ ਇਹ ਗੁਰਬਾਣੀ ਦੀ ਲਿਖਣ ਵਿਧੀ ਦੇ ਉਲ਼ਟ ਹੋਵੇਗਾ। ਕੀ ਕੋਈ ਇਹ ਕਹਿ ਸਕਦਾ ਹੈ ਕਿ ‘ਸੁਖਮਨੀ’ ਬਾਣੀ ਦੀ ਅੰਤਮ (24ਵੀਂ) ਅਸਟਪਦੀ, ਜਿਸ ਵਿੱਚ ਸੁਖਮਨੀ ਸਿਰਲੇਖ ਵਿਸ਼ੇ ਨੂੰ ਸਮੇਟਿਆ ਹੈ, ਪੰਜਵੇਂ ਪਾਤਿਸ਼ਾਹ ਦੁਆਰਾ ਲਿਖੀ ਹੋਈ ਨਹੀਂ ? ਜੇਕਰ ਜਵਾਬ ਨਹੀਂ ਹੈ ਤਾਂ ਅਨੰਦੁ ਸਾਹਿਬ ਦੀ ਅੰਤਮ ਪਉੜੀ, ਜਿਸ ਵਿੱਚ ਅਨੰਦ ਸਿਰਲੇਖ ਵਿਸ਼ੇ ਨੂੰ ਸਮੇਟਿਆ ਹੈ, ਗੁਰੂ ਅਮਰਦਾਸ ਜੀ ਦੁਆਰਾ ਲਿਖੀ ਹੋਈ ਨਹੀਂ, ਕਿਵੇਂ ਮੰਨਿਆ ਜਾ ਸਕਦਾ ਹੈ ?
ਗੁਰੂ ਅਰਜਨ ਸਾਹਿਬ ਜੀ ਦੁਆਰਾ ਉਕਤ ਕੀਤੀ ਸੰਪਾਦਨਾ ਤਰਤੀਬ ਨੂੰ ਧਿਆਨ ’ਚ ਰੱਖਦਿਆਂ ਜੇਕਰ ੩੯ਵੀਂ ਪਉੜੀ ਚੌਥੇ ਪਾਤਸ਼ਾਹ (ਗੁਰੂ ਰਾਮਦਾਸ ਜੀ) ਦੀ ਅਤੇ ੪੦ਵੀਂ ਪਉੜੀ ਪੰਜਵੇਂ ਪਾਤਸ਼ਾਹ (ਗੁਰੂ ਅਰਜਨ ਸਾਹਿਬ) ਜੀ ਦੀ ਹੁੰਦੀ ਤਾਂ ਸੰਪਾਦਨਾ ਸਮੇਂ ਗੁਰੂ ਅਰਜਨ ਸਾਹਿਬ ਜੀ ੩੯ਵੀਂ ਅਤੇ ੪੦ਵੀਂ ਪਉੜੀ ਦੇ ਸਿਰਲੇਖ ’ਚ ਮਹਲਾ ੪ ਅਤੇ ਮਹਲਾ ੫ ਲਿਖ ਦਿੰਦੇ ਅਤੇ 39ਵੀਂ ਪਉੜੀ ਦੀ ਸਮਾਪਤੀ ’ਚ ॥੧॥੩੯ ਅਤੇ 40ਵੀਂ ਪਉੜੀ ਦੀ ਸਮਾਪਤੀ ’ਚ ॥੧॥੧॥੪੦॥ ਲਿਖਿਆ ਹੁੰਦਾ ਕਿਉਂਕਿ ਐਸਾ ਨਹੀਂ ਲਿਖਿਆ, ਇਸ ਲਈ ਸਾਰੀਆਂ 40 ਦੀਆਂ 40 ਪਉੜੀਆਂ ਹੀ ਸ਼ੁਰੂ ’ਚ ਲਿਖੇ ਸਿਰਲੇਖ ‘‘ਰਾਮਕਲੀ ਮਹਲਾ ੩ ਅਨੰਦੁ’’ ਮੁਤਾਬਕ ਤੀਸਰੇ ਪਾਤਸ਼ਾਹ ਦੀਆਂ ਹੀ ਹਨ।
ਕੁੱਝ ਟਕਸਾਲੀ ਸੱਜਣ; ਗਿਆਨੀ ਜਗਤਾਰ ਸਿੰਘ ਜੀ ਦੀਆਂ ਉਕਤ ਮਨਘੜਤ ਗੱਲਾਂ ਨੂੰ ਸਹੀ ਠਹਿਰਾਉਣ ਲਈ ਦਲੀਲ ਦਿੰਦੇ ਹਨ ਕਿ ਗੁਰਬਾਣੀ ਵਿੱਚ ‘ਬਿਨਵੰਤਿ’ ਸ਼ਬਦ; ਕੇਵਲ ਪੰਜਵੇਂ ਪਾਤਿਸ਼ਾਹ ਜੀ ਦੁਆਰਾ ਦਰਜ ਕੀਤਾ ਹੈ, ਗੁਰੂ ਅਮਰਦਾਸ ਜੀ ਦੁਆਰਾ ਨਹੀਂ, ਇਸ ਲਈ ਅਨੰਦ ਸਾਹਿਬ ਦੀ ਅੰਤਮ (40ਵੀਂ) ਪਉੜੀ ’ਚ ਦਰਜ ‘‘ਬਿਨਵੰਤਿ ਨਾਨਕੁ ਗੁਰ ਚਰਣ ਲਾਗੇ; ਵਾਜੇ ਅਨਹਦ ਤੂਰੇ ॥੪੦॥੧॥’’ ਪਉੜੀ ਗੁਰੂ ਅਰਜਨ ਸਾਹਿਬ ਜੀ ਦੀ ਹੈ।
ਗੁਰਬਾਣੀ ਵਿੱਚ ‘ਬਿਨਵੰਤਿ’ ਸ਼ਬਦ ਪੰਜ ਰੂਪਾਂ (ਬਿਨਵੰਤ, ਬਿਨਵੰਤਿ, ਬਿਨਵਤਿ, ਬਿਨਵੰਤਾ, ਬਿਨਵਤਾ) ’ਚ 107 ਵਾਰ ਦਰਜ ਹੈ, ਜਿਨ੍ਹਾਂ ਵਿੱਚ ਇੱਕ ਵਾਰ ਭਗਤ ਕਬੀਰ ਜੀ, 2 ਵਾਰ ਗੁਰੂ ਨਾਨਕ ਸਾਹਿਬ ਜੀ, ਇੱਕ ਵਾਰ ਗੁਰੂ ਅਮਰਦਾਸ ਜੀ ਅਤੇ 103 ਵਾਰ ਗੁਰੂ ਅਰਜਨ ਸਾਹਿਬ ਜੀ ਨੇ ਦਰਜ ਕੀਤਾ ਹੈ। ਜੇਕਰ ਗੁਰਬਾਣੀ ਦੀ ਲਿਖਤ ਵਿਧੀ ਅਤੇ ਸਿਧਾਂਤਿਕ ਲੜੀ ਨੂੰ ਅਣਡਿੱਠ ਕਰ ਕੇਵਲ ‘ਬਿਨਵੰਤਿ’ ਸ਼ਬਦ ਨੂੰ ਆਧਾਰ ਬਣਾ ਕੇ ਵਿਚਾਰ ਕਰਨੀ ਹੈ ਤਾਂ ਤੇ ਹੇਠਲੀਆਂ ਪੰਕਤੀਆਂ ਭੀ ਕਬੀਰ ਜੀ ਅਤੇ ਗੁਰੂ ਨਾਨਕ ਸਾਹਿਬ ਜੀ ਦੁਆਰਾ ਉਚਾਰਨ ਕੀਤੀਆਂ ਨਹੀਂ ਹੋ ਸਕਦੀਆਂ :
ਗੁਰ ਚਰਣ ਲਾਗਿ ਹਮ ਬਿਨਵਤਾ; ਪੂਛਤ ਕਹ ਜੀਉ ਪਾਇਆ ॥ (ਭਗਤ ਕਬੀਰ/੪੭੫)
ਬਿਨਵੰਤਿ ਨਾਨਕੁ ਜਾਇ ਸਹਸਾ; ਬੁਝੈ ਗੁਰ ਬੀਚਾਰਾ ॥ (ਮਹਲਾ ੧/੫੬੭)
ਬਿਨਵੰਤਿ ਨਾਨਕੁ ਦਾਸੁ ਹਰਿ ਕਾ; ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ ॥੮॥੨॥ (ਮਹਲਾ ੧/੫੬੭)
ਦੂਸਰਾ ਤਰਕ ਦਿੱਤਾ ਜਾਂਦਾ ਹੈ ਕਿ ਕਵੀ ਸੰਤੋਖ ਸਿੰਘ ਨੇ ਗੁਰੂ ਪ੍ਰਤਾਪ ਸੂਰਯ (ਸੂਰਜ ਪ੍ਰਕਾਸ਼) ਗ੍ਰੰਥ ਵਿੱਚ ਇਹੀ ਲਿਖਿਆ ਹੈ ਕਿ ਗੁਰੂ ਅਮਰਦਾਸ ਜੀ ਦੀਆਂ ਪਹਿਲੀਆਂ 38 ਪਉੜੀਆਂ ਹਨ, ਗੁਰੂ ਰਾਮਦਾਸ ਜੀ ਦੀ 39ਵੀਂ ਪਉੜੀ ਅਤੇ ਗੁਰੂ ਅਰਜਨ ਸਾਹਿਬ ਜੀ ਦੀ 40ਵੀਂ ਪਉੜੀ ਹੈ; ਜਿਵੇਂ ਕਿ ‘ਆਠ ਤੀਸ ਪੌੜੀ ਸਭਿ ਗਾਈ। ਧੁਨ ਊਚੀ ਸੋਂ ਨਰਨ (ਲੋਕਾਂ ਨੂੰ) ਸੁਨਾਈ। ਜਿਨ ਜਿਨ ਸੁਨ੍ਯੋ ਕਾਨ ਮਹਿਂ ਤਬੈ। ਭਗਤਿ ਪ੍ਰਗਟੀ ਉਰ ਸਬੈ।੨੩। ਅਨਂਦ ਮੂਲ ਬਾਣੀ ਸ਼ੁਭ ਕਰੀ। ਭਗਤਿ ਵਿਰਾਗ ਗ੍ਯਾਨ ਸੋਂ ਭਰੀ। ਚਤੁਰਥ ਪਾਤਸਾਹ ਜਬਿ ਭਏ। ਇਕ ਪੌੜੀ ਤਿਨਹੂਂ ਰਚਿ ਕਏ।੨੪। ਇਕ ਸ਼੍ਰੀ ਅਰਜਨ ਤਿਹ ਸੰਗ ਜੋੜੀ। ਅਨਂਦ ਮਹਾਤਮ ਚਾਲਿਸ ਪੌੜੀ। ਅੰਮ੍ਰਿਤ ਸਮੈਂ ਜੁ ਪਠਹਿ ਅਨੰਦ। ਮਿਲਹਿ ਗੁਬਿੰਦ ਮੁਕੰਦ ਅਨੰਦ।੨੫।’
ਸਿੱਖ ਇਤਿਹਾਸ ਵਿੱਚ ਬਹੁਤ ਕੁੱਝ ਗੁਰਮਤਿ ਵਿਰੋਧੀ ਭੀ ਦਰਜ ਹੈ। ਇਹ ਤਾਂ ਹਰ ਗੁਰਸਿੱਖ ਨੇ ਵੇਖਣਾ ਹੈ ਕਿ ਉਹ ਨਿਰੋਲ ਗੁਰਬਾਣੀ ਨੂੰ ਕਸੌਟੀ ਮੰਨਦਾ ਹੈ ਜਾਂ ਕਿਸੇ ਬਾਹਰੀ ਰਚਨਾ ਨੂੰ ਭੀ। ਗਿਆਨੀ ਜਗਤਾਰ ਸਿੰਘ ਜੀ ਨੇ ਕਵੀ ਸੰਤੋਖ ਸਿੰਘ ਜੀ ਦੇ ਹਵਾਲੇ ਨਾਲ਼ ਅਨੰਦ ਸਾਹਿਬ ਜੀ ਦੀ 39ਵੀਂ ਅਤੇ 40ਵੀਂ ਪਉੜੀ ਨੂੰ ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਸਾਹਿਬ ਜੀ ਦੀ ਰਚਨਾ ਮੰਨਿਆ ਹੈ। ਹੁਣ ਜੇਕਰ ਗੁਰਬਾਣੀ ਤੋਂ ਬਾਹਰੋਂ ਕਵੀ ਸੰਤੋਖ ਸਿੰਘ ਜੀ ਦੀ ਰਚਨਾ ਨੂੰ ਕਸੌਟੀ ਮੰਨੀਏ ਤਾਂ ਉਨ੍ਹਾਂ ਦੇ ਇਹ ਵਿਚਾਰ ਵੀ ਮੰਨਣੇ ਚਾਹੀਦੇ ਹਨ :
(1). ਕਵੀ ਸੰਤੋਖ ਸਿੰਘ ਰਾਗਮਾਲਾ ਬਾਰੇ ਲਿਖਦੇ ਹਨ ਕਿ ਇਹ ਗੁਰੂ ਕ੍ਰਿਤ ਨਹੀਂ ‘ਰਾਗ ਮਾਲਾ ਸ੍ਰੀ ਗੁਰੂ ਕ੍ਰਿਤ ਨਹਿ ਹੈ, ਮੁੰਦਾਵਣੀ ਲਗ ਗੁਰਬੈਨ। ਇਸ ਮਹਿ ਨਹਿ ਸੰਸੈ ਕੁਛ ਕਰੀਅਹੁ; ਜੇ ਸੰਸੈ, ਅਵਲੋਕਹੁ ਨੈਨ। ਮਾਧਵਨਲ ਆਲਮ ਕਵਿ ਕੀਨਸਿ, ਤਿਸ ਮਹਿ ਨ੍ਰਿਤਕਾਰੀ ਕਹਿ ਤੈਨ। ਰਾਗ ਰਾਗਨੀ ਨਾਮ ਗਿਨੇ ਤਹਿ, ਯਾਂਤੇ ਸ੍ਰੀ ਅਰਜਨ ਕ੍ਰਿਤ ਹੈ ਨ। ੪੮। (ਰਾਸ.3. ਅੰਸੂ 48 ਪੰਨਾ 2128)
(2). ਕਵੀ ਸੰਤੋਖ ਸਿੰਘ ਜੀ ਨੇ ਜਪੁ ਬਾਣੀ ਦਾ ਟੀਕਾ ਕੀਤਾ ਹੈ। ਉਸ ਦਾ ਨਾਮ ਰੱਖਿਆ ਹੈ ‘ਗਰਬ ਗਜਨੀ ਟੀਕਾ’। ਇਸ ਦੀ 25ਵੀਂ ਪਉੜੀ ਦੀ ਅੰਤਮ ਪੰਕਤੀ ‘‘ਜਿਸ ਨੋ ਬਖਸੇ ਸਿਫਤਿ ਸਾਲਾਹ॥ ਨਾਨਕ ਪਾਤਿਸਾਹੀ ਪਾਤਿਸਾਹੁ॥੨੫॥’’ ਦੇ ਅਰਥਾਂ ’ਚ ਲਿਖਿਆ ਹੈ ਕਿ ‘ਗੁਰੂ ਅਰਜਨ ਜੀ ਕੋ ਭੀ ਬਚਨ ਹੈ, ਜਿਸ ਸਮੇਂ ਗ੍ਰੰਥ ਸਾਹਿਬੁ ਪੂਰੋ ਲਿਖ੍ਯੋ ਗ੍ਯੋ ਹੈ, ਤਬ ਕਿਸੀ ਸਿਖ ਨੇ ਅਰਦਾਸ ਕਰੀ ਹਜ਼ੂਰ ਮੈਂ: ਬਿੰਦਾ ਔਰ ਅਧਿਕ ਇਨ ਕੋ ਘਾਟੋ ਰਹ੍ਯੋ ਗ੍ਰੰਥ ਸਾਹਿਬ ਮੇਂ। ਸਾਹਿਬ ਜੀ ਨੇ ਕਹ੍ਯੋ: ਅਬ ਨਹੀਂ ਲਗਤ ਹੈ, ਸਿਖ੍ਯ ਬੁਧਿਵਾਨ ਅਗਾਰੀ ਆਪ ਹੀ ਤਿਸੀ ਰੀਤਿ ਪੜਿ ਕਰਿ ਅਰਥ ਕੋ ਕਰੈਂਗੇ। ਯਾਂਤੇ ਈਹਾਂ ‘ਪਾਤਿਸ਼ਾਹੀਂ’ ਕੋ ਅਰਥ ਹੋਤ ਹੈ’। (ਕਵੀ ਚੂੜਮਣਿ ਭਾਈ ਸੰਤੋਖ ਸਿੰਘ ਜੀ)
(3). ਕਵੀ ਭਾਈ ਸੰਤੋਖ ਸਿੰਘ ਜੀ (ਪੂਰਬਾਰਧ ਅਧਿਆਇ ੨੯, ਸੂਰਜ ਪ੍ਰਕਾਸ਼ ’ਚ) ਮੂਲ ਮੰਤਰ ਦਾ ਸਰੂਪ ‘‘ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥’’ ਤੱਕ ਮੰਨਦੇ ਹਨ ਆਦਿ।
ਉਕਤ ਤਿੰਨੇ ਮਿਸਾਲਾਂ ਕਵੀ ਸੰਤੋਖ ਸਿੰਘ ਜੀ ਦੀ ਲਿਖਤ ਵਿੱਚੋਂ ਹਨ। ਗਿਆਨੀ ਜਗਤਾਰ ਸਿੰਘ ਜੀ ਸਮੇਤ ਟਕਸਾਲੀ ਪ੍ਰਚਾਰਕਾਂ ਨੇ ਅਨੰਦੁ ਸਾਹਿਬ ਬਾਰੇ ਲਿਖਤ ਤਾਂ ਸਹੀ ਮੰਨ ਲਈ, ਪਰ ਰਾਗਮਾਲਾ ਬਾਣੀ ਨਹੀਂ, ਗੁਰਬਾਣੀ ਉਚਾਰਨ ਦੌਰਾਨ ਲੋੜ ਮੁਤਾਬਕ ਢੁਕਵੀਂ ਜਗ੍ਹਾ ਅੱਧਕ ਅਤੇ ਬਿੰਦੀ ਲਗਾਉਣ ਦੀ ਹਦਾਇਤ, ਜੋ ਗੁਰੂ ਅਰਜਨ ਸਾਹਿਬ ਜੀ ਵੱਲੋਂ ਕੀਤੀ ਗਈ ਸੀ, ਨੂੰ ਮੰਨਣ ਲਈ ਤਿਆਰ ਨਹੀਂ ਹਨ ਅਤੇ ਕਵੀ ਸੰਤੋਖ ਸਿੰਘ ਦੁਆਰਾ ਲਿਖੇ ਗਏ ਮੂਲਮੰਤਰ ਸਰੂਪ ‘‘ੴ …………. ਗੁਰਪ੍ਰਸਾਦਿ ॥’’ ਨੂੰ ਅਣਡਿੱਠ ਕਰ ਇਹੀ ਲੋਕ ‘‘ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥ ਜਪੁ॥ ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥’’ ਤੱਕ ਮੂਲਮੰਤਰ ਮੰਨਦੇ ਹਨ। ਹੈ ਨਾ ਕਮਾਲ !!
ਸਿੱਖ ਰਹਿਤ ਮਰਿਆਦਾ ’ਚ ਵੀ ਦਰਜ ਹੈ ਕਿ ਭੋਗ ਸਥਾਨਕ ਮਰਿਆਦਾ ਅਨੁਸਾਰ ਮੁੰਦਾਵਣੀ ’ਤੇ ਜਾਂ ਰਾਗਮਾਲਾ ਪੜ੍ਹ ਕੇ ਪਾਇਆ ਜਾਵੇ, ਪਰ ਇਸ ਗਿਆਨੀ ਜੀ ਨੇ ਗੁਰਦੁਆਰਾ ਬੰਗਲਾ ਸਾਹਿਬ ਦੀ ਸਟੇਜ ਤੋਂ 4 ਮਈ ਨੂੰ ਕਿਹਾ ਕਿ ਭੋਗ ਰਾਗਮਾਲਾ ’ਤੇ ਹੀ ਪਾਇਆ ਜਾਵੇ, ਜਿਹੜਾ ਰਾਗਮਾਲਾ ਪੜ੍ਹਦਾ ਹੈ, ਉਸ ਦੀ ਚੌਰਾਸੀ ਕੱਟੀ ਜਾਂਦੀ ਹੈ ਭਾਵ ਰਾਗਮਾਲਾ ਦੇ ਸੰਬੰਧ ’ਚ ਇਹ ਸੂਰਜ ਪ੍ਰਕਾਸ਼ ਦੀ ਕ੍ਰਿਤ ਨੂੰ ਨਹੀਂ ਮੰਨਦੇ। ਇਸ ਤੋਂ ਸਪਸ਼ਟ ਹੈ ਕਿ ਇਨ੍ਹਾਂ ਦਾ ਮਕਸਦ ਸੰਗਤਾਂ ਨੂੰ ਦੁਬਿਧਾ ਮੁਕਤ ਕਰਨਾ ਨਹੀਂ ਬਲਕਿ ਸੰਗਤਾਂ ’ਚ ਵਧੇਰੇ ਦੁਬਿਧਾ ਪਾਉਣੀ ਹੈ। ਅਜਿਹੇ ਸਿੱਖ ਪ੍ਰਚਾਰਕ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰੋਂ ਉਹ ਗੱਲਾਂ ਪੜ੍ਹ ਕੇ ਬੋਲਣ ’ਚ ਮਾਣ ਮਹਿਸੂਸ ਕਰਦੇ ਹਨ, ਜਿਨ੍ਹਾਂ ਨਾਲ਼ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਤੀ ਯੁਕਤੀ ਅਤੇ ਸਿਧਾਂਤਿਕ ਲੜੀ ਨੂੰ ਨੁਕਸਾਨ ਹੁੰਦਾ ਹੋਵੇ ਜਦਕਿ ਗੁਰਬਾਣੀ ਦਾ ਗੁਰਸਿੱਖਾਂ ਲਈ ਸਖ਼ਤ ਉਪਦੇਸ਼ ਹੈ ‘‘ਹੰਸਾ ਹੀਰਾ ਮੋਤੀ ਚੁਗਣਾ; ਬਗੁ ਡਡਾ ਭਾਲਣ ਜਾਵੈ ॥’’ (ਮਹਲਾ ੫/੯੬੦)
ਮਨ ਮੇਰੇ ਤਿਨ ਕੀ ਓਟ ਲੇਹਿ॥
ਮਨ ਮੇਰੇ ਤਿਨ ਕੀ ਓਟ ਲੇਹਿ॥
ਮਨ ਮੇਰੇ ! ਤਿਨ ਕੀ ਓਟ ਲੇਹਿ ॥ ਮਨੁ ਤਨੁ ਅਪਨਾ; ਤਿਨ ਜਨ ਦੇਹਿ ॥
ਜਿਨਿ ਜਨਿ; ਅਪਨਾ ਪ੍ਰਭੂ ਪਛਾਤਾ ॥ ਸੋ ਜਨੁ; ਸਰਬ ਥੋਕ ਕਾ ਦਾਤਾ ॥
ਤਿਸ ਕੀ ਸਰਨਿ; ਸਰਬ ਸੁਖ ਪਾਵਹਿ ॥ ਤਿਸ ਕੈ ਦਰਸਿ; ਸਭ ਪਾਪ ਮਿਟਾਵਹਿ ॥
ਅਵਰ ਸਿਆਨਪ; ਸਗਲੀ ਛਾਡੁ ॥ ਤਿਸੁ ਜਨ ਕੀ; ਤੂ ਸੇਵਾ ਲਾਗੁ ॥
ਆਵਨੁ ਜਾਨੁ; ਨ ਹੋਵੀ ਤੇਰਾ ॥ ਨਾਨਕ ! ਤਿਸੁ ਜਨ ਕੇ; ਪੂਜਹੁ ਸਦ ਪੈਰਾ ॥੮॥੧੭॥
(ਸੁਖਮਨੀ/ਮਹਲਾ ੫/੨੮੬)
ਵਿਚਾਰ ਅਧੀਨ ਅਨਮੋਲ ਪਾਵਨ ਪੰਕਤੀਆਂ; ਗੁਰੂ ਅਰਜਨ ਦੇਵ ਜੀ ਦੁਆਰਾ ਉਚਾਰਨ ਕੀਤੀਆਂ ਹੋਈਆਂ ਸੁਖਮਨੀ ਸਾਹਿਬ (ਬਾਣੀ) ਦੀ 17ਵੀਂ ਅਸ਼ਟਪਦੀ ਦੇ ਅੱਠਵੇਂ ਪਦੇ ਦੀਆਂ ਹਨ, ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਕ 286 ’ਤੇ ਸੁਭਾਇਮਾਨ ਹੈ। ਇਨ੍ਹਾਂ ਪੰਕਤੀਆਂ ਰਾਹੀਂ ਗੁਰਦੇਵ ਪਿਤਾ ਜੀ ਆਪਣੇ ਮਨ ਨੂੰ ਸਮਝਾਉਂਦੀ ਮਿਸਾਲ ਨਾਲ਼ ਕਹਿ ਰਹੇ ਹਨ ਕਿ ਹੇ ਮੇਰੇ ਮਨ ! ਉਨ੍ਹਾਂ ਮਨੁੱਖਾਂ ਦੀ ਸੰਗਤ ਕਰ, ਜੋ ਸਦਾ ਹੀ ਪ੍ਰਭੂ ਦੀ ਹਜ਼ੂਰੀ ਵਿੱਚ (ਹਰੀ ਦੇ ਚਰਨਾਂ ਨਾਲ਼ ਜੁੜੇ) ਰਹਿੰਦੇ ਹਨ।
ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ। ਇਸ ਨੂੰ ਸੰਸਾਰ ਵਿੱਚ ਰਹਿਣ ਲਈ ਸਰੀਰਕ ਅਤੇ ਮਾਨਸਿਕ ਤੌਰ ’ਤੇ ਕਿਸੇ ਨ ਕਿਸੇ ਸਾਥ ਦੀ ਲੋੜ ਪੈਂਦੀ ਹੈ। ਜੇ ਧਿਆਨ ਨਾਲ ਵੇਖਿਆ ਜਾਏ ਤਾਂ ਸਰੀਰ ਕਰਕੇ ਇਸ ਨੇ ਆਪਣੇ ਆਲੇ-ਦੁਆਲੇ ਬਹੁਤ ਸੱਜਣ ਮਿੱਤਰ ਬਣਾਏ ਹੋਏ ਹਨ, ਜਿਨ੍ਹਾਂ ਦੇ ਆਸਰੇ ਇਹ ਆਪਣਾ ਜੀਵਨ ਬਤੀਤ ਕਰਦਾ ਹੈ। ਇਨ੍ਹਾਂ ਵਿੱਚ ਰਹਿਣ ਕਰਕੇ ਅਤੇ ਆਪਣੀ ਅਗਿਆਨਤਾ ਕਾਰਨ ਇਨ੍ਹਾਂ ਨੂੰ ਹੀ ਆਪਣਾ ਸਭ ਕੁੱਝ ਸਮਝਣ ਲੱਗ ਪਿਆ ਹੈ, ਪਰ ਜਦੋਂ ਵੱਡੇ ਭਾਗਾਂ ਨਾਲ ਗੁਰਮੁਖ ਜਨਾਂ ਦੀ ਸੰਗਤ ਇਸ ਨੂੰ ਮਿਲਦੀ ਹੈ ਤਾਂ ਉਨ੍ਹਾਂ ਪਾਸੋਂ ਸਤਿਗੁਰੂ ਦੇ ਬਚਨ ਸੁਣ-ਸੁਣ ਕੇ ਇਸ ਦੇ ਮਨ ਅੰਦਰ ਵਿਸ਼ਵਾਸ ਬੱਝ ਜਾਂਦਾ ਹੈ ਕਿ ਹੁਣ ਤੱਕ ਮੈਂ ਜੋ ਕੁੱਝ ਵੀ ਕਰਦਾ ਆਇਆ ਹਾਂ, ਉਹ ਸਭ ਵਿਅਰਥ ਹੀ ਸੀ। ਇਸ ਲਈ ਹੁਣ ਮੈਨੂੰ ਉਹ, ਕਰਨਾ ਚਾਹੀਦਾ ਹੈ, ਜੋ ਸਤਿ ਸੰਗਤ ਵਿੱਚ ਰਹਿ ਕੇ ਗੁਰੂ ਦੇ ਪਿਆਰੇ ਕਹਿੰਦੇ ਅਤੇ ਕਰਦੇ ਹਨ। ਮਨ; ਸਰੀਰ ਰੂਪੀ ਗੱਡੀ ਦਾ ਡਰਾਇਵਰ ਹੈ। ਗੱਡੀ ਨੇ ਓਧਰ ਹੀ ਜਾਣਾ ਹੁੰਦਾ ਹੈ, ਜਿਧਰ ਡਰਾਇਵਰ ਚਾਹੁੰਦਾ ਹੈ। ਤਾਂ ਹੀ ਗੁਰੂ ਅਰਜਨ ਦੇਵ ਜੀ ਇਸ ਪਦੇ ਦੀਆਂ ਆਰੰਭਕ ਪੰਕਤੀਆਂ ਵਿੱਚ ਫ਼ੁਰਮਾ ਰਹੇ ਹਨ ‘‘ਮਨ ਮੇਰੇ ! ਤਿਨ ਕੀ ਓਟ ਲੇਹਿ ॥ ਮਨੁ ਤਨੁ ਅਪਨਾ; ਤਿਨ ਜਨ ਦੇਹਿ ॥’’ ਭਾਵ ਹੇ ਮੇਰੇ ਮਨ ! (ਜੋ ਮਨੁੱਖ ਸਦਾ ਪ੍ਰਭੂ ਦੀ ਹਜ਼ੂਰੀ ਵਿੱਚ ਰਹਿੰਦੇ ਹਨ) ਉਨ੍ਹਾਂ ਦੀ ਸ਼ਰਨੀ ਪਓ ਅਤੇ ਆਪਣਾ ਤਨ ਮਨ ਉਨ੍ਹਾਂ ਨੂੰ ਸਦਕੇ ਕਰ ਦੇਹ। ਪ੍ਰਭੂ ਦੀ ਨੇੜਤਾ, ਜਿਨ੍ਹਾਂ ਵਡਭਾਗੀ ਪਿਆਰਿਆਂ ਨੂੰ ਪ੍ਰਾਪਤ ਹੋ ਜਾਂਦੀ ਹੈ, ਉਨ੍ਹਾਂ ਅੰਦਰ ਪ੍ਰਭੂ ਵਾਲੇ ਗੁਣ ਪਨਪਨੇ ਸ਼ੁਰੂ ਹੋ ਜਾਂਦੇ ਹਨ ਕਿਉਂਕਿ ਉਨ੍ਹਾਂ ਦਾ ਜੀਵਨ ਮਨੋਰਥ ਹੀ ਐਸਾ ਬਣ ਜਾਂਦਾ ਹੈ ‘‘ਹਰਿ ਕਾ ਨਾਮੁ ਧਿਆਇ, ਸੁਣਿ; ਸਭਨਾ ਨੋ ਕਰਿ ਦਾਨੁ ॥’’ (ਬਾਰਹਮਾਹਾ/ਮਹਲਾ ੫/੧੩੬) ਯਾਨੀ ਗੁਰੂ ਬਚਨਾਂ ਅਨੁਸਾਰ ਉਹ, ਨਾਮ ਦੀ ਦਾਤ ਹੋਰਾਂ ਨੂੰ ਵੀ ਵੰਡਦੇ ਹਨ।
ਜੋ ਵਸਤੂ ਕਿਸੇ ਕੋਲ਼ ਹੋਵੇਗਾ, ਉਹੀ ਦੂਜੇ ਨੂੰ ਦਿੱਤੀ ਜਾ ਸਕਦੀ ਹੈ; ਜਿਵੇਂ ਫੁੱਲਾਂ ਨਾਲ਼ ਖਿੜੀ ਹੋਈ ਕਿਸੇ ਫੁਲਵਾੜੀ ਕੋਲ, ਕੋਈ ਜਾਵੇ ਤਾਂ ਇਹ ਕਿਵੇਂ ਹੋ ਸਕਦਾ ਹੈ ਕਿ ਉਸ ਨੂੰ ਸੁਗੰਧ ਪ੍ਰਾਪਤ ਨਾ ਹੋਵੇ। ਸੁਗੰਧੀ ਤਾਂ ਅਵੱਸ਼ ਮਿਲਣੀ ਹੀ ਹੈ। ਇਸੇ ਤਰ੍ਹਾਂ ਪ੍ਰਭੂ ਪਿਆਰਿਆਂ ਦੀ ਸੰਗਤ ਵਿੱਚੋਂ ਵੀ ਪ੍ਰਭੂ ਦੇ ਗੁਣਾਂ ਦੀ ਖ਼ੁਸ਼ਬੋ ਅਵੱਸ਼ ਮਿਲਦੀ ਹੈ। ਜਿਨ੍ਹਾਂ ਪਾਸੋਂ ਕੁਝ ਮਿਲੇ, ਫਿਰ ਉਸ ਬਦਲੇ ਕੁੱਝ ਦੇਣਾ ਵੀ ਫ਼ਰਜ਼ ਹੁੰਦਾ ਹੈ ਭਾਵੇਂ ਕਿ ਦੇਣ ਵਾਲਿਆਂ ਅੰਦਰ ਬਦਲੇ ’ਚ ਲੈਣ ਦੀ ਲਾਲਸਾ ਰੰਚਕ ਮਾਤਰ ਵੀ ਨ ਹੋਵੇ। ਜੋ ਦਾਤ ਉਨ੍ਹਾਂ ਪਾਸੋਂ ਮਿਲਦੀ ਹੈ ਉਸ ਬਦਲੇ ਜੋ ਵੀ ਕੁੱਝ ਦਿੱਤਾ ਜਾਏ, ਉਹ ਥੋੜ੍ਹਾ ਹੀ ਹੁੰਦਾ ਹ; ਜਿਵੇਂ ਕਿ ਗੁਰੂ ਬਚਨ ਹਨ ‘‘ਮਨੁ ਅਰਪਉ, ਧਨੁ ਰਾਖਉ ਆਗੈ; ਮਨ ਕੀ ਮਤਿ, ਮੋਹਿ ਸਗਲ ਤਿਆਗੀ ॥ ਜੋ ਪ੍ਰਭ ਕੀ ਹਰਿ ਕਥਾ ਸੁਨਾਵੈ; ਅਨਦਿਨੁ ਫਿਰਉ, ਤਿਸੁ ਪਿਛੈ ਵਿਰਾਗੀ ॥’’ (ਮਹਲਾ ੫/੨੦੪)
ਵਿਚਾਰ ਅਧੀਨ ਪਦੇ ਦੀਆਂ ਅਗਲੀਆਂ ਪੰਕਤੀਆਂ ਵਿੱਚ ਸਤਿਗੁਰੂ ਜੀ ਫ਼ੁਰਮਾਨ ਕਰਦੇ ਹਨ ਕਿ ਜਿਸ ਮਨੁੱਖ ਨੇ ਆਪਣੇ ਪ੍ਰਭੂ ਨੂੰ ਪਛਾਣ ਲਿਆ ਹੈ, ਉਹ, ਸਾਰੇ ਪਦਾਰਥ ਦੇਣ ਦੇ ਸਮਰੱਥ ਹੋ ਜਾਂਦਾ ਹੈ ‘‘ਜਿਨਿ ਜਨਿ, ਅਪਨਾ ਪ੍ਰਭੂ ਪਛਾਤਾ ॥ ਸੋ ਜਨੁ, ਸਰਬ ਥੋਕ ਕਾ ਦਾਤਾ ॥’’ (ਸੁਖਮਨੀ/ਮਹਲਾ ੫/੨੮੬)
ਮਨੁੱਖ ਦੇ ਜੀਵਨ ਦਾ ਮਨੋਰਥ ਹੀ ਪ੍ਰਭੂ ਨੂੰ ਪਛਾਣਨਾ ਹੈ ਭਾਵ ਉਸ ਵਿੱਚ ਇੱਕ ਮਿਕ ਹੋਣਾ ਹੈ। ਪਰਮਾਤਮਾ ਨੂੰ ਆਪਣੇ ਅੰਗ-ਸੰਗ ਮਹਿਸੂਸ ਕਰਨਾ ਹੀ ਸਫਲ ਮਨੁੱਖੀ ਜੀਵਨ ਹੈ। ਪਰਮਾਤਮਾ ਕੀ ਕਰਦਾ ਹੈ, ਜਦ ਮਨੁੱਖ ਨੂੰ ਆਪਣੇ ਅੰਗ-ਸੰਗ ਮਹਿਸੂਸ ਹੁੰਦਾ ਹੈ। ਇਸ ਪ੍ਰਸ਼ਨ ਦਾ ਜਵਾਬ ਹੈ ਕਿ ਉਹ, ਆਪਣੇ ਪਿਆਰੇ ਭਗਤ ਦਾ ਪੱਖ ਪੂਰਦਾ ਹੈ, ਉਸ ਦੇ ਸਾਰੇ ਕਾਰਜ ਸਿਰੇ ਚਾੜਦਾ ਹੈ ‘‘ਅੰਗੀਕਾਰੁ ਓਹੁ ਕਰੇ ਤੇਰਾ; ਕਾਰਜ ਸਭਿ ਸਵਾਰਣਾ ॥’’ (ਅਨੰਦ/ਮਹਲਾ ੩/੯੧੭)
ਜਦ ਪਰਮਾਤਮਾ; ਮਨੁੱਖ ਦਾ ਅੰਗੀਕਾਰ ਕਰੇ ਤਾਂ ਮਨੁੱਖ ਨੂੰ ਆਪਣੇ ਜੀਵਨ ਦਾ ਮੰਤਵ ਪ੍ਰਾਪਤ ਹੁੰਦਾ ਹੈ; ਜਿਵੇਂ ਪ੍ਰਭੂ ਦਾ ਸੁਭਾਅ, ਦੇਣਾ ਹੀ ਹੈ, ਇਸੇ ਲਈ ਉਸ ਨੂੰ ਦਾਤਾ ਕਿਹਾ ਜਾਂਦਾ ਹੈ। ਅੱਜ ਤੱਕ ਉਸ ਨੇ ਹਰ ਜੀਵ-ਜੰਤ ਨੂੰ ਬਹੁਤ ਕੁੱਝ ਦਿੱਤਾ ਹੈ ਤੇ ਅੱਗੋਂ ਵੀ ਦੇਂਦਾ ਰਹੇਗਾ। ਇਸ ਅਸ਼ਟਪਦੀ ਦੀ ਅਰੰਭਤਾ ’ਚ ਵਿਸ਼ੇ ਨਾਲ਼ ਸੰਬੰਧਿਤ ਹੀ ਇੱਕ ਸਲੋਕ ਹੈ ‘‘ਆਦਿ ਸਚੁ; ਜੁਗਾਦਿ ਸਚੁ ॥ ਹੈ ਭਿ ਸਚੁ; ਨਾਨਕ ! ਹੋਸੀ ਭਿ ਸਚੁ ॥੧॥’’ (ਸੁਖਮਨੀ/ਮਹਲਾ ੫/੨੮੫), ਜੋ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਸਭ ਕੁੱਝ ਦੇਣ ਵਾਲ਼ਾ ਪਰਮਾਤਮਾ; ਸ੍ਰਿਸ਼ਟੀ ਦੇ ਆਦਿ ਤੋਂ ਅੰਤ ਤੱਕ ਯਾਨੀ ਸਦੀਵੀ ਸਥਿਰ ਹੈ। ਜੀਵਾਂ ਨੂੰ ਦਾਤਾਂ ਦੇਣ ਵਾਲ਼ਾ ਪ੍ਰਮਾਤਮਾ; ਕੁਦਰਤਿ ਦੇ ਆਤਿ ਤੋਂ ਅੰਤ ਤੱਕ ਸਥਿਰ ਹੋਣਾ ਵੀ ਚਾਹੀਦਾ ਹੈ। ਐਸੇ ਸੱਚ ਨਾਲ ਜੁੜਿਆ ਹੋਇਆ ਮਨੁੱਖ; ਸੁਭਾਵਕ ਹੀ ਉਸ ਵਰਗਾ ਹੋ ਜਾਏਗਾ।
ਵਿਚਾਰ ਅਧੀਨ ਪਦੇ ਦੀਆਂ ਅਗਲੀਆਂ ਪੰਕਤੀਆਂ ਵਿੱਚ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਹੇ ਮਨ ! ਉਸ ਦੀ ਸ਼ਰਨ ਪੈ ਕੇ, ਉਸ ਦਾ ਦੀਦਾਰ ਕਰਕੇ ਤੂੰ ਆਪਣੇ ਸਾਰੇ ਪਾਪ ਦੂਰ ਕਰ ਅਨੰਦ ਪ੍ਰਾਪਤ ਕਰ ਲਏਂਗਾ ‘‘ਤਿਸ ਕੀ ਸਰਨਿ; ਸਰਬ ਸੁਖ ਪਾਵਹਿ ॥ ਤਿਸ ਕੈ ਦਰਸਿ; ਸਭ ਪਾਪ ਮਿਟਾਵਹਿ ॥’’ (ਸੁਖਮਨੀ/ਮਹਲਾ ੫/੨੮੬) ਗੁਰੂ ਕੇ ਪਿਆਰੇ ਦੀ ਸ਼ਰਨ ਤੋਂ ਭਾਵ ਗੁਰੂ ਦੀ ਸ਼ਰਨ ਹੀ ਹੈ ਕਿਉਂਕਿ ਅਸਲ ਗੁਰਸਿੱਖ; ਕਿਸੇ ਨੂੰ ਆਪਣੇ ਨਾਲ ਨਹੀਂ, ਗੁਰੂ ਨਾਲ ਜੋੜਦਾ ਹੈ। ਭਾਈ ਗੁਰਦਾਸ ਜੀ ਵੀ ਐਸਾ ਹੀ ਵਚਨ ਕਰਦੇ ਹਨ ‘‘ਗੁਰਮੁਖਿ ਜਨਮ ਸਕਾਰਥਾ; ਗੁਰਸਿਖ ਮਿਲਿ ਗੁਰ ਸਰਣੀ ਆਇਆ। ਆਦਿ ਪੁਰਖ ਆਦੇਸੁ ਕਰਿ; ਸਫਲ ਮੂਰਤਿ ਗੁਰ ਦਰਸਨੁ ਪਾਇਆ।’’ (ਭਾਈ ਗੁਰਦਾਸ ਜੀ/ਵਾਰ ੧੧ ਪਉੜੀ ੩) ਗੁਰੂ ਰਾਮਦਾਸ ਜੀ ਦੇ ਬਚਨ ਵੀ ਗੁਰਸਿਖ ਦੇ ਸੰਬੰਧ ’ਚ ‘ਰਾਗ ਵਡਹੰਸ ਕੀ ਵਾਰ’ ਵਿੰਚ ਅੰਕਿਤ ਹਨ ‘‘ਧੰਨੁ ਧੰਨੁ ਸੋ ਗੁਰਸਿਖੁ ਕਹੀਐ; ਜੋ ਸਤਿਗੁਰ ਚਰਣੀ ਜਾਇ ਪਇਆ ॥ ਧੰਨੁ ਧੰਨੁ ਸੋ ਗੁਰਸਿਖੁ ਕਹੀਐ; ਜਿਨਿ (ਨੇ) ਹਰਿ ਨਾਮਾ ਮੁਖਿ (ਨਾਲ਼) ਰਾਮੁ ਕਹਿਆ ॥ ਧੰਨੁ ਧੰਨੁ ਸੋ ਗੁਰਸਿਖੁ ਕਹੀਐ; ਜਿਸੁ, ਹਰਿ ਨਾਮਿ+ਸੁਣਿਐ (ਨਾਲ਼), ਮਨਿ (’ਚ) ਅਨਦੁ ਭਇਆ ॥ ਧੰਨੁ ਧੰਨੁ ਸੋ ਗੁਰਸਿਖੁ ਕਹੀਐ; ਜਿਨਿ, ਸਤਿਗੁਰ ਸੇਵਾ ਕਰਿ, ਹਰਿ ਨਾਮੁ ਲਇਆ ॥ ਤਿਸੁ ਗੁਰਸਿਖ ਕੰਉ ਹੰਉ ਸਦਾ ਨਮਸਕਾਰੀ; ਜੋ ਗੁਰ ਕੈ ਭਾਣੈ (’ਚ), ਗੁਰਸਿਖੁ ਚਲਿਆ ॥੧੮॥’’ (ਮਹਲਾ ੪/੫੯੩) ਕਿਉਂਕਿ ਉਸ ਨੇ ਆਪ ਗੁਰੂ ਦੀ ਰਜ਼ਾ ਵਿੱਚ ਚੱਲ ਕੇ ਸੁੱਖ ਪ੍ਰਾਪਤ ਕੀਤੇ ਹੁੰਦੇ ਹਨ ਤਾਂ ਤੇ ਜੋ ਜਗਿਆਸੂ, ਉਸ ਕੋਲ ਆਏਗਾ ਉਸ ਨੂੰ ਭੀ ਗੁਰੂ ਦੇ ਭਾਣੈ ਵਿੱਚ ਚੱਲਣ ਲਈ ਪ੍ਰੇਰੇਗਾ। ਹਥਲੇ ਪਦੇ ਦੀਆਂ ਅਗਲੀਆਂ ਪੰਕਤੀਆਂ ਵਿੱਚ ਸਤਿਗੁਰ ਜੀ ਫ਼ੁਰਮਾ ਰਹੇ ਹਨ ਕਿ ਬਾਕੀ ਚਤੁਰਾਈ ਛੱਡ ਦੇਹ ਅਤੇ ਉਸ ਸੇਵਕ ਦੀ ਸੇਵਾ ਵਿੱਚ ਲੱਗ ਜਾਹ ‘‘ਅਵਰ ਸਿਆਨਪ ਸਗਲੀ ਛਾਡੁ ॥ ਤਿਸੁ ਜਨ ਕੀ ਤੂ ਸੇਵਾ ਲਾਗੁ ॥’’ (ਸੁਖਮਨੀ/ਮਹਲਾ ੫/੨੮੬) ਗੁਰੂ ਅਮਰਦਾਸ ਜੀ ਭੀ ਮਨ ਨੂੰ ਇਉਂ ਹੀ ਸਮਝਾਉਂਦੇ ਹਨ ‘‘ਏ ਮਨ ਚੰਚਲਾ ! ਚਤੁਰਾਈ ਕਿਨੈ ਨ ਪਾਇਆ ॥’’ (ਅਨੰਦ/ਮਹਲਾ ੩/੯੧੮) ਰੂਹਾਨੀਅਤ ਮਾਰਗ ਵਿੱਚ ਸਿਆਣਪਾਂ, ਚਤੁਰਾਈਆਂ ਕੋਈ ਕੰਮ ਨਹੀਂ ਆਉਂਦੀਆਂ, ਇਹ ਤਾਂ ਰੁਕਾਵਟਾਂ ਬਣ ਅੱਗੇ ਖਲੋਦੀਆਂ ਹਨ। ਸੂਹੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਦੁਆਰਾ ਉਚਾਰਨ ਕੀਤੀਆਂ ਪੰਕਤੀਆਂ, ਜੋ ਉਨ੍ਹਾਂ ਨੇ ਸ਼ੇਖ਼ ਸੱਜਣ ਨੂੰ ਸੰਬੋਧਨ ਕਰਦਿਆਂ ਉਚਾਰੀਆਂ ਹਨ, ਅੱਜ ਭੀ ਹਰ ਮਨੁੱਖ ’ਤੇ ਹੂਬਹੂ ਢੁੱਕਦੀਆਂ ਹਨ ‘‘ਚਾਕਰੀਆ ਚੰਗਿਆਈਆ; ਅਵਰ ਸਿਆਣਪ ਕਿਤੁ ॥ ਨਾਨਕ ! ਨਾਮੁ ਸਮਾਲਿ ਤੂੰ; ਬਧਾ ਛੁਟਹਿ ਜਿਤੁ ॥’’ (ਮਹਲਾ ੧/੭੨੯) ਅਰਥ : ਹੇ ਸ਼ੇਖ਼ ਜੀ ! ਦੁਨੀਆਂ ਦੀਆਂ ਖ਼ੁਸ਼ਾਮਦਾਂ, ਬਾਹਰਲੇ ਵਿਖਾਵੇ ਅਤੇ ਹੋਰ ਸਿਆਣਪਾਂ ਕਿਸ ਕੰਮ ਵਿੱਚ ਹਨ ? ਯਾਨੀ ਕੋਈ ਲਾਭ ਨਹੀਂ ਪਹੁੰਚਾਦੀਆਂ, ਇਸ ਲਈ ਤੂੰ ਹਰੀ ਦੇ ਨਾਮ ਨੂੰ ਯਾਦ ਕਰ, ਜਿਸ ਨਾਲ਼ ਤੂੰ (ਇੰਨ੍ਹਾਂ ਬੰਧਨਾਂ ’ਚ) ਫਸਿਆ ਮੁਕਤ ਹੋ ਜਾਵੇਂਗਾ।
ਸੋ ਅਸਫਲ ਮਨੁੱਖੀ ਜੀਵਨ ਹੋਣ ਦਾ ਮੂਲ ਕਾਰਨ, ਬੰਦੇ ਦੀ ਨਾਸਮਝੀ ਹੁੰਦੀ ਹੈ, ਜੋ ਆਪਣੀ ਅਰਥਹੀਣ ਚਤੁਰਾਈ ਨਾਲ਼ ਗੁਣਕਾਰੀ ਗੁਰੂ ਗਿਆਨ ਦਾ ਵੀ ਵਿਰੋਧ ਕਰ ਬੈਠਦੀ ਹੈ। ਇਸ ਸੰਬੰਧ ’ਚ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਹਨ ‘‘ਮਤਿ ਥੋੜੀ; ਸੇਵ ਗਵਾਈਐ ॥੧੦॥’’ (ਆਸਾ ਕੀ ਵਾਰ/ਮਹਲਾ ੧/੪੬੮) ਜਿੰਨੀ ਦੇਰ ਤੱਕ ਮਨੁੱਖ ਆਪਣੇ ਆਪ ਨੂੰ ਸਿਆਣਾ ਸਮਝਦਾ ਹੈ, ਤਦ ਤੱਕ ਦੂਸਰੇ ਦੁਆਰਾ ਕੀਤੀ ਜਾਂਦੀ ਸੇਵਾ-ਭਗਤੀ ਤੋਂ ਲਾਭ ਲੈਣ ਲਈ ਉਸ ਨਾਲ਼ ਨੇੜਤਾ ਨਹੀਂ ਬਣਾ ਸਕਦਾ, ਉਸ ਦੀ ਸੰਗਤ ਨਹੀਂ ਮਾਣ ਸਕਦਾ ਭਾਵੇਂ ਕਿ ਸਾਨੂੰ ਗੁਰੂ ਰਾਮਦਾਸ ਜੀ ਦੇ ਨਿਮਰਤਾ ਭਰੇ ਇਹ ਬਚਨ ਭੀ ਕਿਉਂ ਨਾ ਸੇਧ ਬਖ਼ਸਦੇ ਹੋਣ ‘‘ਮੋ ਕਉ ਕੀਜੈ ਦਾਸੁ ਦਾਸ ਦਾਸਨ ਕੋ; ਹਰਿ ਦਇਆ ਧਾਰਿ ਜਗੰਨਾਥਾ !॥’’ (ਮਹਲਾ ੪/੬੯੬) ਹਥਲੇ ਪਦੇ ਦੀਆਂ ਅੰਤਮ ਪੰਕਤੀਆਂ ’ਚ ਗੁਰੂ ਅਰਜਨ ਦੇਵ ਜੀ ਸਮਝਾਉਂਦੇ ਹਨ ਕਿ ਹੇ ਮਨ ! ਉਸ (ਭਗਤੀ ਕਰਨ ਵਾਲ਼ੇ) ਜਨ ਦੇ ਸਦਾ ਪੈਰਾਂ ਨੂੰ ਪੂਜ ਤਾਂ ਜੋ ਤੇਰਾ ਵੀ ਜੀਵਨ ਸਫਲ ਹੋ ਜਾਵੇ ਤੇ ਤੈਨੂੰ ਸੰਸਾਰ ਵਿੱਚ ਵਾਰ-ਵਾਰ ਜਨਮ ਨਾ ਲੈਣਾ ਪਵੇ ‘‘ਆਵਨੁ ਜਾਨੁ ਨ ਹੋਵੀ ਤੇਰਾ ॥ ਨਾਨਕ ! ਤਿਸੁ ਜਨ ਕੇ ਪੂਜਹੁ ਸਦ ਪੈਰਾ ॥੮॥੧੭॥’’ (ਸੁਖਮਨੀ/ਮਹਲਾ ੫/੨੮੬)
ਕੀਰਤਨ ਦੀ ਮਹੱਤਤਾ
ਕੀਰਤਨ ਦੀ ਮਹੱਤਤਾ
ਗਿਆਨੀ ਬਲਜੀਤ ਸਿੰਘ ਜੀ (ਡਾਇਰੈਕਟਰ ਐਜੁਕੇਸ਼ਨ)
ਜਿਸ ਪਵਿੱਤਰ ਪੰਗਤੀ ‘‘ਕਲਜੁਗ ਮਹਿ ਕੀਰਤਨੁ ਪਰਧਾਨਾ ॥’’ (ਮਹਲਾ ੫/੧੦੭੫) ਦੀ ਵੀਚਾਰ ਪੰਜਾਬੀ ਵਾਰਤਾ ਰਾਹੀਂ ਅੱਜ ਅਸੀਂ ਸਾਂਝੀ ਕਰ ਰਹੇ ਹਾਂ ਉਹ ਪੰਜਵੇਂ ਪਾਤਿਸ਼ਾਹ ਜੀ ਦੁਆਰਾ ਉਚਾਰਨ ਕੀਤੀ ਹੋਈ ‘ਮਾਰੂ ਰਾਗ’ ਅੰਦਰ ‘ਸੋਹਿਲੇ’ ਸਿਰਲੇਖ ਅਧੀਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1075 ’ਤੇ ਸੁਭਾਇਮਾਨ ਹੈ।
ਸਮਾਂ ਆਪਣੇ ਤਿੱਖੇ ਵੇਗ ਨਾਲ ਚੱਲਦਾ ਹੈ। ਭਾਈ ਵੀਰ ਸਿੰਘ ਜੀ ਦੇ ਕਥਨ ਅਨੁਸਾਰ ‘ਰਹੀ ਵਾਸਤੇ ਘਤ ਸਮੇਂ ਨੇ ਇਕ ਨ ਮੰਨੀ। ਫੜਿ ਫੜਿ ਰਹੀ ਧਰੀਕ ਸਮੇਂ ਖਿਸਕਾਈ ਕੰਨੀ।’ ਕੱਲ੍ਹ ਦੇ ਰਸਮੋਂ ਰਿਵਾਜ ਅੱਜ ਪੁਰਾਣੇ ਹੋ ਜਾਂਦੇ ਹਨ। ਅੱਜ ਦੀ ਸੋਚ ਕੱਲ੍ਹ ਨੂੰ ਪੂਰੀ ਨਹੀਂ ਉਤਰਦੀ। ਸਮਾਂ ਸਭ ਕੁਝ ਬਦਲ ਕੇ ਰੱਖ ਦਿੰਦਾ ਹੈ। ਸੰਸਾਰ ਵਿੱਚ ਕਿੰਨੀਆਂ ਸੰਸਕ੍ਰਿਤੀਆਂ ਪੈਦਾ ਹੋਈਆਂ ਤੇ ਮਿਟ ਗਈਆਂ। ਸਮਾਂ ਪੁਰਾਣੇ ਵੀਚਾਰ ਜਾਂ ਸੋਚ ਨੂੰ ਇਵੇਂ ਹੀ ਪਾਸੇ ਕਰ ਦਿੰਦਾ ਹੈ; ਜਿਵੇਂ ਦਰਖ਼ਤ ਨੂੰ ਪੱਤਿਆਂ ਨਾਲ ਕਿੰਨਾ ਵੀ ਮੋਹ ਹੋਵੇ, ਪਰ ਪੱਤਝੜ ਦੀ ਰੁੱਤ ਵਿੱਚ ਪੱਤੇ ਝੱੜ ਹੀ ਜਾਂਦੇ ਹਨ।
ਪਹਿਲਾਂ ਮਨੁੱਖ ਕੋਲ ਸਮਾਂ ਵਧੇਰੇ ਸੀ। ਸੁਆਸਾਂ ਨੂੰ ਰੋਕ ਕੇ ਲਮੇਂ ਸਮੇਂ ਤੱਕ ਸੁੰਨ ਪੈ ਰਹਿਣਾ। ਲੱਖਾਂ ਵਾਰੀ ਕਿਸੇ ਵਿਸ਼ੇਸ਼ ਮੰਤ੍ਰ ਦਾ ਜਾਪ ਕਰਨਾ। ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਲਈ ਤਪ ਸਾਧਣੇ ਆਦਿ ਜੀਵਨ ਦਾ ਮਨੋਰਥ ਸੀ। ਅਜੋਕਾ ਮਨੁੱਖੀ ਜੀਵਨ ਬਹੁਤ ਰੁਝੇਵਿਆਂ ਭਰਿਆ ਹੈ। ਇਸ ਨਾਲ ਭਾਸ਼ਾ, ਰਹਿਣ ਸਹਿਣ, ਖਾਨ ਪਾਨ, ਸਭ ਕੁਝ ਬਦਲਿਆ ਹੈ। ਜੀਵਨ ਦੀਆਂ ਲੋੜਾਂ ਇੰਨੀਆਂ ਵਧ ਗਈਆਂ ਹਨ ਕਿ ਮਨੁੱਖ ਇਨ੍ਹਾਂ ਦੀ ਪੂਰਤੀ ਲਈ ਰੁੱਝਿਆ ਰਹਿੰਦਾ ਹੈ। ਅਜੋਕਾ ਮਨੁੱਖ ਉਸ ਧਰਮ ਜਾਂ ਜੀਵਨ ਜਾਚ ਨੂੰ ਲੋਚਦਾ ਹੈ, ਜੋ ‘‘ਨਾਮਾ ਕਹੈ ਤਿਲੋਚਨਾ ! ਮੁਖ ਤੇ ਰਾਮੁ ਸੰਮ੍ਾਲਿ ॥ ਹਾਥ ਪਾਉ ਕਰਿ ਕਾਮੁ ਸਭੁ; ਚੀਤੁ ਨਿਰੰਜਨ ਨਾਲਿ ॥’’ (ਭਗਤ ਕਬੀਰ/੧੩੭੬) ਜੋੜੀ ਰੱਖੇ। ਸਤਿਗੁਰੂ ਨਾਨਕ ਪਾਤਿਸ਼ਾਹ ਜੀ ਨੇ ਨਵੀਨ ਵਿਚਾਰਧਾਰਾ ਨੂੰ ਜਨਮ ਦਿੱਤਾ ‘‘ਘਰਿ ਘਰਿ ਅੰਦਰਿ ਧਰਮਸਾਲ; ਹੋਵੈ ਕੀਰਤਨੁ ਸਦਾ ਵਿਸੋਆ।’’ (ਭਾਈ ਗੁਰਦਾਸ ਜੀ/ਵਾਰ ੧ ਪਉੜੀ ੨੭) ਤਾਂ ਕਿ ਘੱਟ ਸਮੇਂ ਵਿੱਚ ਜੀਵਨ ਸਫਲ ਕੀਤਾ ਜਾ ਸਕੇ।
ਸਤਿਗੁਰੂ ਨੇ ਫ਼ੁਰਮਾਇਆ ਹੈ ਕਿ ਜੇ ਚੱਲ ਰਹੀ ਵਿਚਾਰਧਾਰਾ ਅਨੁਸਾਰ ਸਮੇਂ ਦੀ ਵੰਡ ਸਤਿਜੁਗ, ਤ੍ਰੇਤਾ, ਦੁਆਪਰ, ਕਲਿਯੁਗ ਨੂੰ ਮੰਨ ਲਿਆ ਜਾਏ ਤਾਂ ਵੀ ਸਾਨੂੰ ਇਸ ਫ਼ੈਸਲੇ ’ਤੇ ਪੁੱਜਣਾ ਪੈਂਦਾ ਹੈ ‘‘ਅਬ ਕਲੂ ਆਇਓ ਰੇ ॥ ਇਕੁ ਨਾਮੁ ਬੋਵਹੁ ਬੋਵਹੁ ॥ ਅਨ ਰੂਤਿ ਨਾਹੀ ਨਾਹੀ ॥ ਮਤੁ, ਭਰਮਿ ਭੂਲਹੁ ਭੂਲਹੁ ॥ (ਮਹਲਾ ੫/੧੧੮੫), ਸਤਜੁਗਿ ਸਤੁ, ਤੇਤਾ ਜਗੀ; ਦੁਆਪਰਿ ਪੂਜਾਚਾਰ ॥ ਤੀਨੌ ਜੁਗ ਤੀਨੌ ਦਿੜੇ; ਕਲਿ ਕੇਵਲ ਨਾਮ ਅਧਾਰ ॥’’ (ਭਗਤ ਰਵਿਦਾਸ/੩੪੬)
ਗੁਰੂ ਅਮਰਦਾਸ ਜੀ ਨੇ ਫ਼ੁਰਮਾਨ ਕੀਤਾ ਹੈ ‘‘ਜਤੁ ਸੰਜਮ ਤੀਰਥ ਓਨਾ ਜੁਗਾ ਕਾ ਧਰਮੁ ਹੈ; ਕਲਿ ਮਹਿ ਕੀਰਤਿ ਹਰਿ ਨਾਮਾ ॥’’ (ਮਹਲਾ ੩/੭੯੭) ਸਤਿਗੁਰੂ ਨਾਨਕ ਪਾਤਿਸ਼ਾਹ ਜੀ ਨੇ ਸਵੇਰ, ਦੁਪਹਿਰ ਤੇ ਸ਼ਾਮ ਸਮੇਂ ਗਾਏ ਜਾਣ ਵਾਲੇ 19 ਰਾਗਾਂ ਵਿੱਚ ਖਸਮ ਕੀ ਬਾਣੀ ਨੂੰ ਗਾਇਨ ਕੀਤਾ। ਭਾਈ ਮਰਦਾਨਾ ਜੀ ਨੂੰ ਗੁਰੂ ਕੀ ਹਜ਼ੂਰੀ ਵਿਚ ਪਹਿਲੇ ਕੀਰਤਨੀਏ ਹੋਣ ਦਾ ਮਾਣ ਪ੍ਰਾਪਤ ਹੋਇਆ, ਜਿਨਾਂ ਨੇ ਲਗਭਗ 47 ਸਾਲ ਇਹ ਸੇਵਾ ਨਿਭਾਈ। ਗੁਰਬਾਣੀ ਦੇ ਕੀਰਤਨ ਦੀ ਮਹੱਤਤਾ ਇਹ ਹੈ ਕਿ ਇਸ ਵਿੱਚ ਸੰਗੀਤ, ਕਵਿਤਾ ਅਤੇ ਫ਼ਿਲਾਸਫ਼ੀ; ਤਿੰਨੇ ਗੱਲਾਂ ਦਾ ਸੁਮੇਲ ਹੈ। ਰਾਗ ਦੀ ਪ੍ਰਧਾਨਤਾ ਨਹੀਂ ਬਲਕਿ ਵਿਚਾਰਧਾਰਾ ਨੂੰ ਮੁੱਖ ਰੱਖਿਆ ਹੈ। ਫ਼ੁਰਮਾਨ ਕੀਤਾ ਹੈ ‘‘ਸਭਨਾ ਰਾਗਾਂ ਵਿਚਿ ਸੋ ਭਲਾ ਭਾਈ ! ਜਿਤੁ ਵਸਿਆ ਮਨਿ ਆਇ ॥’’ (ਮਹਲਾ ੪/੧੪੨੩) ਇਸੇ ਤਰ੍ਹਾਂ ਗੁਰੂ ਅੰਗਦ ਦੇਵ ਜੀ ਨੇ ਕੀਰਤਨ ਰਾਹੀਂ ਹੀ ‘‘ਸਬਦ ਸੁਰਤਿ ਕੀਨੀ ਵਰਖਾਈ ॥’’ (ਸਵਈਏ ਮਹਲੇ ਚਉਥੇ ਕੇ/ਭਟ ਕੀਰਤ/੧੪੦੬) ਭਾਵ ਧਰਮ ਪ੍ਰਚਾਰ ਦੀ ਸੇਵਾ ਨਿਭਾਈ। ਗੁਰੂ ਅਮਰਦਾਸ ਜੀ ਨੇ ਪਹਿਲੀ ਪਾਤਿਸ਼ਾਹੀ ਦੁਆਰਾ ਗਾਏ ਗਏ 19 ਰਾਗਾਂ ਵਿੱਚੋਂ 17 ਰਾਗਾਂ ਵਿੱਚ ਗੁਰਬਾਣੀ ਉਚਾਰਨ ਕੀਤੀ ਤੇ ‘‘ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ! ਗਾਵਹੁ ਸਚੀ ਬਾਣੀ ॥’’ (ਅਨੰਦ/ਮਹਲਾ ੩/੯੨੦) ਵਚਨਾਂ ਰਾਹੀਂ ‘‘ਕਲਜੁਗ ਮਹਿ ਕੀਰਤਨੁ ਪਰਧਾਨਾ ॥’’ ਦੀ ਪਿਰਤ ਪਾਈ। ਗੁਰੂ ਰਾਮਦਾਸ ਜੀ ਨੇ ਸਿੱਖੀ ਜੀਵਨ ਜਾਚ ਦੀ ਪਰਿਭਾਸ਼ਾ ਅੰਕਿਤ ਕਰ ‘‘ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ.. ॥’’ (ਮਹਲਾ ੪/੩੦੫) ਦੀ ਸਖ਼ਤ ਤਾਕੀਦ ਕੀਤੀ। ਆਪ ਜੀ ਨੇ 30 ਰਾਗਾਂ ਵਿੱਚ ਬਾਣੀ ਉਚਾਰਨ ਕੀਤੀ ਹੈ।
ਪੰਜਵੇਂ ਪਾਤਿਸ਼ਾਹ ਜੀ ਨੂੰ ਭੱਟਾਂ ਨੇ ‘‘ਕਲਜੁਗਿ ਜਹਾਜੁ ਅਰਜੁਨੁ ਗੁਰੂ..॥’’ (ਭਟ ਮਥੁਰਾ/੧੪੦੮) ਕਹਿ ਕੇ ਸਨਮਾਨਿਆ। ਪਾਤਿਸ਼ਾਹ ਜੀ ਨੇ ‘‘ਸਬਦੁ ਗੁਰੂ ਪਰਕਾਸਿਓ’’ (ਭਟ ਕਲੵ/੧੪੦੭) ਦੀ ਰਹਿਮਤ ਕੀਤੀ। ਆਪ ਜੀ ਦੀ ਬਾਣੀ ਸਾਰੇ ਗੁਰੂ ਸਾਹਿਬਾਨ ਤੋਂ ਵਧੇਰੇ ਹੈ। ਸਾਹਿਬ ਜੀ ਨੇ ਤੁਲਨਾਤਮਿਕ ਅਧਿਐਨ ਰਾਹੀਂ ਇਹ ਸੱਚ ਜਗਤ ਲੋਕਾਈ ਸਾਮ੍ਹਣੇ ਉਜਾਗਰ ਕੀਤਾ ਕਿ ਵੀਚਾਰ ਕੇ ਸਮਝਣ ਤੋਂ ਬਿਨਾਂ ‘‘ਪਾਠੁ ਪੜਿਓ ਅਰੁ ਬੇਦੁ ਬੀਚਾਰਿਓ.. ॥’’ (ਮਹਲਾ ੫/੬੪੧) ਆਦਿ ਰਸਮੀ ਗੱਲਾਂ ਨਾਲ ‘‘ਪਿਆਰੇ ਇਨ ਬਿਧਿ ਮਿਲਣੁ ਨ ਜਾਈ; ਮੈ ਕੀਏ ਕਰਮ ਅਨੇਕਾ ॥’’ (ਮਹਲਾ ੫/੬੪੧) ਵਚਨ ਉਚਾਰ ਕੇ ਸਾਹਿਬ ਜੀ ਇਸ ਨਿਰਨੇ ’ਤੇ ਪੁੱਜੇ ਕਿ ‘‘ਹਰਿ ਕੀਰਤਿ ਸਾਧਸੰਗਤਿ ਹੈ; ਸਿਰਿ ਕਰਮਨ ਕੈ ਕਰਮਾ ॥ ਕਹੁ ਨਾਨਕ ! ਤਿਸੁ ਭਇਓ ਪਰਾਪਤਿ; ਜਿਸੁ ਪੁਰਬ ਲਿਖੇ ਕਾ ਲਹਨਾ ॥੮॥ ਤੇਰੋ ਸੇਵਕੁ; ਇਹ ਰੰਗਿ ਮਾਤਾ ॥ ਭਇਓ ਕ੍ਰਿਪਾਲੁ ਦੀਨ ਦੁਖ ਭੰਜਨੁ; ਹਰਿ ਹਰਿ ਕੀਰਤਨਿ, ਇਹੁ ਮਨੁ ਰਾਤਾ ॥ ਰਹਾਉ ਦੂਜਾ ॥੧॥’’ (ਮਹਲਾ ੫/੬੪੨) ਫਿਰ ਜੋਦੜੀ ਕੀਤੀ ‘‘ਸੋ ਅਸਥਾਨੁ ਬਤਾਵਹੁ ਮੀਤਾ !॥ ਜਾ ਕੈ; ਹਰਿ ਹਰਿ ਕੀਰਤਨੁ ਨੀਤਾ ॥੧॥ ਰਹਾਉ ॥’’ (ਮਹਲਾ ੫/੩੮੫) ਸਭ ਕਰਮਾਂ ਤੋਂ ਸ੍ਰੇਸ਼ਟ ਕਰਮ ਹੈ ‘‘ਸਾਧਸੰਗਿ, ਹਰਿ ਕੀਰਤਨੁ ਗਾਈਐ ॥ ਇਹੁ ਅਸਥਾਨੁ; ਗੁਰੂ ਤੇ ਪਾਈਐ ॥੧॥ ਰਹਾਉ ਦੂਜਾ ॥’’ (ਮਹਲਾ ੫/੩੮੫) ਕਿਉਂਕਿ ਕੀਰਤਨ ਦੀ ਮਹੱਤਤਾ ਹੈ ‘‘ਮੀਚੁ ਹੁਟੈ ਜਮ ਤੇ ਛੁਟੈ; ਹਰਿ ਕੀਰਤਨ ਪਰਵੇਸ ॥’’ (ਮਹਲਾ ੫/੨੯੭) ਭਾਵ ਜ਼ਿੰਦਗੀ ਵਿੱਚੋਂ ਮੌਤ ਦਾ ਡਰ ਵੀ ਮੁੱਕ ਜਾਂਦਾ ਹੈ, ਜਿਸ ਹਿਰਦੇ ਵਿੱਚ ਕੀਰਤਨ ਪ੍ਰਵੇਸ਼ ਕਰ ਜਾਏ ‘‘ਜਹ ਸਾਧੂ ਗੋਬਿਦ ਭਜਨੁ; ਕੀਰਤਨੁ ਨਾਨਕ ਨੀਤ ॥ ਣਾ ਹਉ, ਣਾ ਤੂੰ, ਣਹ ਛੁਟਹਿ; ਨਿਕਟਿ ਨ ਜਾਈਅਹੁ ਦੂਤ ॥’’ (ਮਹਲਾ ੫/੨੫੬) ਬੜੀ ਦ੍ਰਿੜ੍ਹਤਾ ਨਾਲ ਫ਼ੁਰਮਾਇਆ ‘‘ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ; ਨਿਮਖ ਸਿਮਰਤ ਜਿਤੁ ਛੂਟੈ ॥’’ (ਮਹਲਾ ੫/੭੪੭) ਪੰਜਵੇਂ ਪਾਤਿਸ਼ਾਹ ਜੀ ਦੀ ਹਜ਼ੂਰੀ ਵਿੱਚ ਸੱਤਾ ਤੇ ਬਲਵੰਡ ਜੀ; ਕੀਰਤਨ ਦੀ ਸੇਵਾ ਨਿਭਾਉਂਦੇ ਰਹੇ। ਸਾਹਿਬ ਜੀ ਆਪ ਸਰੰਦੇ ਨਾਲ ਧੁਰ ਕੀ ਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕਰਦੇ। ਆਪ ਜੀ ਹਰਿਮੰਦਰ ਸਾਹਿਬ ਅੰਦਰ ਕੀਰਤਨ ਦੀਆਂ ਚਾਰ ਚੌਂਕੀਆਂ; ਜਿਵੇਂ ਅੰਮ੍ਰਿਤ ਵੇਲੇ ‘ਆਸਾ ਕੀ ਵਾਰ’, ਸਵਾ ਪਹਿਰ ਦਿਨ ਚੜ੍ਹੇ ‘ਚਰਨ ਕੰਵਲ ਬਿਲਾਵਲ ਦੀ ਚੌਂਕੀ’, ਆਥਣ ਵੇਲੇ ‘ਸੋ ਦਰ ਦੀ ਚੌਂਕੀ’ ਅਤੇ ਚਾਰ ਘੜੀਆਂ ਰਾਤ ਬੀਤੀ ‘ਕਲਿਆਣ ਦੀ ਚੌਂਕੀ’ ਦੀ ਪਰੰਪਰਾ ਆਰੰਭ ਕੀਤੀ।
ਵੀਚਾਰ ਅਧੀਨ ਪੰਕਤੀ ਤੋਂ ਪਹਿਲੇ ਪਦੇ ਵਿੱਚ ਜਿੱਥੋਂ ਇਹ ‘ਸੋਲਿਹਾ’ ਸ਼ੁਰੂ ਹੁੰਦਾ ਹੈ। ਸਾਹਿਬ ਜੀ ਨੇ ‘‘ਹਰਿ ਕੀਰਤਿ ਸਾਧਸੰਗਤਿ ਹੈ; ਸਿਰਿ ਕਰਮਨ ਕੈ ਕਰਮਾ ॥’’ ਨੂੰ ਹੀ ਦੋਹਰਾ ਬਚਨ ਕੀਤਾ ‘‘ਅਨਿਕ ਕਰਮ ਕੀਏ ਬਹੁਤੇਰੇ ॥ ਜੋ ਕੀਜੈ, ਸੋ ਬੰਧਨੁ ਪੈਰੇ ॥’’ (ਮਹਲਾ ੫/੧੦੭੫) ਭਾਵ ਕਿ ਜੋ ਮਨੁੱਖਤਾ ਵਿੱਚ ਅਨੇਕ ਰਸਮੀ ਕਰਮ ਕੀਤੇ, ਉਹ ਜੀਵਨ ਦੌਰਾਨ ਪੈਰਾਂ ਲਈ ਬੰਧਨ ਹੀ ਬਣ ਗਏ। ਇਹ ਸਾਰਾ ਕੁੱਝ ਉਸ ਬੇਸਮਝ ਕਿਰਸਾਨ ਦੇ ਉੱਦਮ ਵਾਂਗ ਵਿਅਰਥ ਹੋ ਗਿਆ, ਜਿਸ ਨੇ ਰੁੱਤ ਦੀ ਪਹਿਚਾਣ ਤੋਂ ਬਿਨਾਂ ਹੀ ਬੇਰੱੁਤੀ ਫਸਲ ਬੀਜ ਦਿੱਤੀ ਪਰ ‘‘ਕੁਰੁਤਾ ਬੀਜੁ, ਬੀਜੇ ਨਹੀ ਜੰਮੈ; ਸਭੁ ਲਾਹਾ ਮੂਲੁ ਗਵਾਇਦਾ ॥’’ (ਮਹਲਾ ੫/੧੦੭੫) ਇਸ ਲਈ ‘‘ਸਭ ਤੇ ਵਡਾ ਸਤਿਗੁਰੁ ਨਾਨਕੁ… ॥’’ (ਮਹਲਾ ੫/੭੫੦) ਜੀ ਦੇ ਵੱਡਮੁਲੇ ਸਿਧਾਂਤ ‘‘ਅਬ ਕਲੂ ਆਇਓ ਰੇ ॥ ਇਕੁ ਨਾਮੁ ਬੋਵਹੁ ਬੋਵਹੁ ॥ ਅਨ ਰੂਤਿ ਨਾਹੀ ਨਾਹੀ ॥’’ (ਮਹਲਾ ੫/੧੧੮੫) ਦਾ ਹੋਕਾ ਦੇਣ ਲਈ ਫ਼ੁਰਮਾਇਆ ‘‘ਕਲਜੁਗ ਮਹਿ ਕੀਰਤਨੁ ਪਰਧਾਨਾ ॥ ਗੁਰਮੁਖਿ ਜਪੀਐ ਲਾਇ ਧਿਆਨਾ ॥ ਆਪਿ ਤਰੈ ਸਗਲੇ ਕੁਲ ਤਾਰੇ; ਹਰਿ ਦਰਗਹ ਪਤਿ ਸਿਉ ਜਾਇਦਾ ॥’’ (ਮਹਲਾ ੫/੧੦੭੬)
ਸੋ ਆਓ ਜ਼ਿੰਦਗੀ ਨੂੰ ਸਫਲ ਕਰਨ ਲਈ ਅਰਦਾਸ ਕਰੀਏ ‘‘ਸੁਣਿ ਬੇਨੰਤੀ ਸੁਆਮੀ ਅਪੁਨੇ; ਨਾਨਕੁ ਇਹੁ ਸੁਖੁ ਮਾਗੈ ॥ ਜਹ ਕੀਰਤਨੁ ਤੇਰਾ ਸਾਧੂ ਗਾਵਹਿ; ਤਹ ਮੇਰਾ ਮਨੁ ਲਾਗੈ ॥’’ (ਮਹਲਾ ੫/੬੧੦) ਕਿਉਂਕਿ ‘‘ਕੀਰਤਨੁ ਨਿਰਮੋਲਕ ਹੀਰਾ ॥ ਆਨੰਦ ਗੁਣੀ ਗਹੀਰਾ ॥’’ (ਮਹਲਾ ੫/੮੯੩) ਹੈ, ਪਰ ਇਸ ਅਨੰਦ ਦੀ ਪ੍ਰਾਪਤੀ ਲਈ ਮਨੁੱਖ ਨੂੰ ਮੰਨਣਾ ਹੀ ਪਵੇਗਾ ‘‘ਕਲਜੁਗ ਮਹਿ ਕੀਰਤਨੁ ਪਰਧਾਨਾ ॥ ਗੁਰਮੁਖਿ ਜਪੀਐ ਲਾਇ ਧਿਆਨਾ ॥ ਆਪਿ ਤਰੈ ਸਗਲੇ ਕੁਲ ਤਾਰੇ; ਹਰਿ ਦਰਗਹ ਪਤਿ ਸਿਉ ਜਾਇਦਾ ॥’’ (ਮਹਲਾ ੫/੧੦੭੬)
ਬਾਬਾ ਬੰਦਾ ਸਿੰਘ ਬਹਾਦਰ ਜੀ ਦੁਆਰਾ ਸਰਹੰਦ ਫ਼ਤਿਹ।
ਬਾਬਾ ਬੰਦਾ ਸਿੰਘ ਬਹਾਦਰ ਜੀ ਦੁਆਰਾ ਸਰਹੰਦ ਫ਼ਤਿਹ।
ਸ਼ਮਸ਼ੇਰ ਸਿੰਘ ਜੇਠੂਵਾਲ
ਕੁਦਰਤ ਦਾ ਇਕ ਅਸੂਲ ਹੈ ਕਿ ਜ਼ਿਆਦਤੀ ਜ਼ਿਆਦਾ ਚਿਰ ਤੱਕ ਸਹਿਣ ਨਹੀਂ ਕੀਤੀ ਜਾਂਦੀ। ਕਿਵੇਂ ਨਾ ਕਿਵੇਂ ਧਰਤੀ ’ਤੇ ਕਿਸੇ ਨਾ ਕਿਸੇ ਰੂਪ ’ਚ ਜ਼ੁਲਮ ਦਾ ਸਾਮ੍ਹਣਾ ਕਰਨ ਲਈ ਕੋਈ ਰੱਬੀ ਰੂਹ ਪੈਦਾ ਹੁੰਦੀ ਹੀ ਰਹੀ ਹੈ। ਜਿਵੇਂ ਸਿੱਧੇ ਸ਼ਬਦਾਂ ’ਚ ਕਹਿ ਲਓ ਕਿ ਪਾਪ ਦਾ ਭਾਂਡਾ ਜਲਦੀ ਭਰ ਜਾਂਦਾ ਹੈ। ਇਸੇ ਕੜੀ ਦਾ ਹੀ ਇਕ ਹਿੱਸਾ ਹੈ ‘ਸਰਹਿੰਦ ਫ਼ਤਿਹ’, ਜਿਸ ਨੂੰ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਸਿੰਘਾਂ ਨਾਲ ਜ਼ਾਲਮਾਂ ਨੂੰ ਸੋਧਾ ਲਗਾ ਕੇ ਸਰਹਿੰਦ ਫ਼ਤਿਹ ਕੀਤੀ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਦੋਂ ਥਾਪੜਾ ਦੇ ਕੇ ਆਪਣੇ ਸਿੱਖਾਂ ਨਾਲ ਤੋਰਿਆ ਤਾਂ ਇਕ ਗੱਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਹੀ ਕਿ ਬੰਦਾ ਸਿੰਘ ! ਜ਼ਾਲਮਾਂ ਨੂੰ ਸੋਧਣ ਦੇ ਨਾਲ-ਨਾਲ ਅਕਾਲ ਪੁਰਖ ਨੂੰ ਨਾ ਵਿਸਾਰ ਦੇਣਾ। ਬਾਬਾ ਬੰਦਾ ਸਿੰਘ ਬਹਾਦਰ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਅਸ਼ੀਰਵਾਦ ਲੈ ਕੇ ਜਦੋਂ ਪੰਜਾਬ ਵੱਲ ਰਵਾਨਗੀ ਪਾਈ ਤਾਂ ਸਿੰਘਾਂ ਦਾ ਜੋਸ਼ ਵੇਖਣ ਵਾਲਾ ਸੀ।
ਸਭ ਤੋਂ ਪਹਿਲੋਂ ਬੰਦਾ ਸਿੰਘ ਬਹਾਦਰ ਨੇ ਸਿਹਰੀ, ਸੋਨੀਪਤ, ਕੈਥਲ ’ਤੇ ਕਬਜ਼ਾ ਕੀਤਾ। ਕੈਥਲ ਦੇ ਆਮਿਲ ਨੂੰ ਈਨ ਮਨਵਾ ਕੇ ਉਸ ਪਾਸੋਂ ਅਸਲਾ ਘੋੜੇ ਅਤੇ ਬਹੁਤ ਸਾਰਾ ਮਾਲ ਹਥਿਆ ਲਿਆ। ਕੈਥਲ ਵਿਖੇ ਸ਼ਾਹੀ ਖਜ਼ਾਨਾ, ਜੋ ਦਿੱਲੀ ਲਿਜਾਇਆ ਜਾ ਰਿਹਾ ਸੀ, ਲੁਟ ਕੇ ਗਰੀਬਾਂ ਤੇ ਲੋੜਵੰਦਾਂ ਵਿੱਚ ਵੰਡ ਦਿੱਤਾ। ਇੱਥੋ ਦੇ ਆਮਿਲ ਨੂੰ ਦੀਨ ਮਨਾ ਕੇ ਬਹੁਤ ਸਾਰਾ ਅਸਲਾ ਘੋੜੇ ’ਤੇ ਮਾਲ ਉਸ ਤੋਂ ਭੀ ਲੈ ਲਏ। ਇੱਥੇ ਖ਼ਬਰ ਮਿਲੀ ਕਿ ਮੁਗਲਾਂ ਵੱਲੋਂ ਭੇਜੇ ਦੋ ਪਠਾਣਾਂ ਨੇ ਗੁਰੂ ਸਾਹਿਬ ’ਤੇ ਵਾਰ ਕਰ ਦਿੱਤਾ। ਇਹ ਖ਼ਬਰ ਸੁਣਦੇ ਸਾਰ ਬੰਦਾ ਬਹਾਦਰ ’ਚ ਗੁੱਸੇ ਦੀ ਅੱਗ ਹੋਰ ਤੇਜ਼ ਹੋ ਕੇ ਭੜਕੀ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ’ਚ ਨਾ ਕਦੇ ਬਦਲੇ ਦੀ ਭਾਵਨਾ ਸੀ ਤੇ ਨਾ ਹੀ ਉਨ੍ਹਾਂ ਦੇ ਜੀਵਨ ਦਾ ਇਸ ਤਰ੍ਹਾਂ ਦਾ ਕੋਈ ਮਕਸਦ ਸੀ। ਬੰਦਾ ਬਹਾਦਰ ਨੂੰ ਉਨ੍ਹਾਂ ਨੇ ਥਾਪੜਾ ਦੇ ਕੇ ਜ਼ਾਲਮ ਹਕੂਮਤ ਨਾਲ ਟੱਕਰ ਕਰਨ ਅਤੇ ਮਜ਼ਲੂਮਾਂ ਦੀ ਰੱਖਿਆ ਕਰਨ ਲਈ ਭੇਜਿਆ ਸੀ, ਨਾ ਕਿ ਕਿਸੇ ਬਦਲੇ ਵਾਸਤੇ ਪਰ ਕਿਸੇ ਇਨਸਾਨ ਦਾ ਦਿਲ ਇੰਨਾ ਵੱਡਾ ਨਹੀਂ ਹੋ ਸਕਦਾ, ਜਿਸ ਦੀ ਸੋਚ ਰੱਬੀ ਨੂਰ ਦੀ ਸੋਚ ਦਾ ਮੁਕਾਬਲਾ ਕਰੇ। ਜ਼ੁਲਮਾਂ ਦੇ ਬਦਲੇ ਦੀ ਭਾਵਨਾ ਬੰਦਾ ਬਹਾਦਰ ਵਿੱਚ ਸੀ, ਜਿਸ ਲਈ ਉਸ ਨੇ ਆਪਣੇ ਆਪ ਨੂੰ ਕਸੂਰ ਵਾਰ ਠਹਿਰਾਇਆ ਅਤੇ ਅਰਦਾਸ ਕਰਕੇ ਗੁਰੂ ਸਾਹਿਬ ਤੋਂ ਭੁੱਲ ਬਖ਼ਸ਼ਵਾਈ।
ਬੰਦਾ ਸਿੰਘ ਦਾ ਮੁਖ ਮਕਸਦ ਸਰਹੰਦ ਦੇ ਵਜੀਰ ਨੂੰ ਮਾਰਨਾ ਸੀ ਕਿਉਂਕਿ ਸਰਹੰਦ ਇਕ ਤਾਕਤਵਰ ਸੂਬਾ ਸੀ ਅਤੇ ਉਸ ਦੀ ਆਪਣੀ ਫ਼ੌਜ ਵੀ ਕਾਫ਼ੀ ਸੀ। ਲੋੜ ਪੈਣ ’ਤੇ ਉਹ ਆਲੇ-ਦੁਆਲੇ ਤੋਂ ਮਦਦ ਲੈ ਸਕਦਾ ਸੀ। ਬੰਦਾ ਸਿੰਘ ਬਹਾਦਰ ਨੇ ਸੋਚਿਆ ਕਿ ਸਭ ਤੋਂ ਪਹਿਲਾਂ ਆਲੇ-ਦੁਆਲੇ ਦੀਆਂ ਬਾਂਹਾਂ ਕੱਟ ਦਿੱਤੀਆਂ ਜਾਣ। ਇਸ ਲਈ ਸਭ ਤੋਂ ਪਹਿਲਾਂ ਉਹ ਸਮਾਣਾ ਪੁੱਜਾ, ਜਿੱਥੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਕਤਲ ਕਰਨ ਵਾਲਾ ਸਯਦ ਜਲਾਲ-ਉ-ਦੀਨ ਤੇ ਛੋਟੇ ਸਾਹਿਬਜ਼ਾਦਿਆਂ ਦੇ ਕਾਤਲ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਰਹਿੰਦੇ ਸਨ। ਇਹ, ਮੁਗਲ ਰਾਜ ਦੀ ਧਾਰਮਿਕ ਅਤੇ ਰਾਜਨੀਤਕ ਸ਼ਕਤੀ ਦਾ ਕੇਂਦਰ ਸੀ। ਸਯੀਦਾਂ ਦਾ ਤਕੜਾ ਗੜ੍ਹ ਅਤੇ ਮਹੱਤਵ ਪੂਰਨ ਅਸਥਾਨ ਸੀ। ਇੱਥੇ 22 ਸ਼ਹੀਦ ਪਰਿਵਾਰ ਰਹਿੰਦੇ ਸਨ। ਹਰ ਇਕ ਕੋਲ ਆਪੋ-ਆਪਣੀ ਫ਼ੌਜ ਸੀ, ਜਿਸ ਨੂੰ ਜਿੱਤਣਾ ਸੌਖਾ ਨਹੀਂ ਸੀ। ਇੱਥੇ ਘਮਸਾਨ ਦਾ ਯੁੱਧ ਹੋਇਆ, ਹਜ਼ਾਰਾਂ ਮੁਗਲ ਫ਼ੌਜੀ ਸਿੰਘਾਂ ਦੀਆਂ ਤਲਵਾਰਾਂ ਦੀ ਭੇਟ ਚੜ੍ਹੇ । 24 ਘੰਟਿਆਂ ਦੇ ਅੰਦਰ-ਅੰਦਰ ਸਮਾਣੇ ’ਤੇ ਕਬਜ਼ਾ ਕਰ ਲਿਆ। ਤਿੰਨਾਂ ਜਲਾਦਾਂ ਨੂੰ ਆਪਣੀ ਕਰਨੀ ਦੀ ਸਜ਼ਾ ਦੇ ਕੇ ਕਤਲ ਕਰ ਦਿੱਤਾ। ਭਾਈ ਫਤਿਹ ਸਿੰਘ ਨੂੰ ਸਮਾਣੇ ਦਾ ਗਵਰਨਰ ਥਾਪ ਦਿੱਤਾ।
ਇਨ੍ਹਾਂ ਸਾਰੀਆਂ ਜਿੱਤਾਂ ਕਾਰਨ ਬਾਬਾ ਬੰਦਾ ਬਹਾਦਰ ਦੀ ਪ੍ਰਸਿੱਧੀ ਦੂਰ-ਦੂਰ ਤਕ ਫੈਲ ਗਈ। ਬਹੁਤ ਲੋਕ, ਜੋ ਮੁਗਲ ਹਕੂਮਤ ਤੋਂ ਦੁੱਖੀ ਸਨ, ਬੰਦਾ ਸਿੰਘ ਬਹਾਦਰ ਨਾਲ ਆ ਮਿਲੇ। ਬੰਦਾ ਬਹਾਦਰ ਦੇ ਆਉਣ ਨਾਲ ਪਹਿਲੀ ਵਾਰੀ ਪੰਜਾਬ ਦੀ ਸਿਆਸਤ ਵਿੱਚ ਜ਼ਬਰਦਸਤ ਧਮਾਕਾ ਹੋਇਆ, ਜਿਸ ਧਮਾਕੇ ਨੂੰ ਮੁਸਲਮਾਨ ਲਿਖਾਰੀ ‘ਅਜਲ ਬਲਾ’ ਲਿਖਦੇ ਹਨ ਕਿ ਪੰਜਾਬ ਦੀ ਸਿਆਸਤ ਵਿੱਚ ਉਹ ਹਲਚਲ ਮਚਾਈ ਕਿ ਇਕ ਵਾਰੀ ਤਾਂ ਧਰਤੀ ਨੂੰ ਕਾਂਬਾ ਛਿੜ ਗਿਆ। ਉੱਥੋਂ ਸਢੋਰੇ ਵੱਲ ਨੂੰ ਤੁਰ ਪਏ। ਇੱਥੋਂ ਦੇ ਹਾਕਮ ਓਸਮਾਨ ਖਾਨ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪਿਆਰੇ ਮਿਤਰ ਪੀਰ ਬੁਧੂ ਸ਼ਾਹ ਨੂੰ ਬੜੇ ਤਸੀਹੇ ਦੇ ਕੇ ਕਤਲ ਕੀਤਾ ਸੀ, ਕਹਿੰਦੇ ਹਨ ਕਿ ਓਸਮਾਨ ਖਾਨ ਨੂੰ ਉਸ ਦੀ ਕਰਨੀ ਦੀ ਬੜੀ ਭਿਆਨਕ ਸਜ਼ਾ ਦਿੱਤੀ। ਮੁਖਲਿਸ ਗੜ੍ਹ ਦਾ ਕਿਲ੍ਹਾ ਫ਼ਤਿਹ ਕਰ ਲਿਆ, ਜਿਸ ਦਾ ਨਾਂ ਲੋਹਗੜ੍ਹ ਰੱਖਿਆ।
ਉਸ ਤੋਂ ਉਪਰੰਤ ਅੰਬਾਲਾ-ਛਤ-ਬਨੂੜ, ਜੋ ਜ਼ੁਲਮ ਤੇ ਜਬਰ ਦੇ ਗੜ੍ਹ ਸੀ, ’ਤੇ ਕਬਜ਼ਾ ਕੀਤਾ। ਇਸ ਤੋਂ ਬਾਅਦ ਉਹ ਖਰੜ ਵੱਲ ਨੂੰ ਤੁਰ ਪਏ। ਬੰਦਾ ਸਿੰਘ ਦਾ ਆਉਣਾ ਸੁਣ ਕੇ ਸਿੱਖਾਂ ਦੇ ਹੌਸਲੇ ਬੁਲੰਦ ਹੋ ਚੁੱਕੇ ਸਨ। ਮਾਝੇ ਅਤੇ ਦੁਆਬੇ ਦੇ ਸਿੱਖਾਂ ਨੇ ਮੁਗਲ ਹਕੂਮਤ ਵਿਰੁਧ ਬਗਾਵਤ ਕਰ ਦਿੱਤੀ। ਬੰਦਾ ਸਿੰਘ ਬਹਾਦਰ ਦਾ ਸਾਥ ਦੇਣ ਲਈ ਸਰਹੰਦ ਵੱਲ ਕੂਚ ਕਰ ਦਿੱਤਾ। ਰੋਪੜ ਦੇ ਸਥਾਨ ’ਤੇ ਇਨ੍ਹਾਂ ਸਿੰਘਾਂ ਨਾਲ ਸ਼ਾਹੀ ਫ਼ੌਜ ਦੀ ਪਹਿਲੀ ਲੜਾਈ ਹੋਈ। ਵਜ਼ੀਰ ਖਾਨ ਦੇ ਹੁਕਮ ’ਤੇ ਮਲੇਰ ਕੋਟਲੇ ਦੇ ਨਵਾਬ ਸ਼ੇਰ ਖਾਨ ਨੇ ਆਪਣੇ ਭਰਾ (ਖਿਜਰ ਖਾਨ) ਅਤੇ ਭਤੀਜਿਆਂ (ਨੁਸਰਤ ਖਾਨ ਤੇ ਵਲੀ ਮੁਹੰਮਦ ਖਾਨ) ਸਮੇਤ ਸਿੱਖਾਂ ਉੱਤੇ ਜ਼ੋਰਦਾਰ ਹਮਲਾ ਕਰ ਦਿੱਤਾ। ਸਿੱਖਾਂ ਦੀ ਮਲੇਰ ਕੋਟਲਾ ਦੇ ਪਠਾਣਾ ਨਾਲ ਤਕੜੀ ਝੜਪ ਹੋਈ। ਦੋ ਦਿਨ ਖੂਨ ਡੋਲਵੀ ਲੜਾਈ ਵਿੱਚ ਖਿਜਰ ਖਾਨ, ਨੁਸਰਤ ਖਾਨ ਤੇ ਵਲੀ ਮੁਹੰਮਦ ਖਾਨ ਮਾਰੇ ਗਏ ਤੇ ਸ਼ੇਰ ਮੁਹੰਮਦ ਸਖ਼ਤ ਜ਼ਖ਼ਮੀ ਹੋ ਗਿਆ। ਸਿੰਘ ਇਹ ਲੜਾਈ ਜਿੱਤ ਕੇ ਬੰਦਾ ਸਿੰਘ ਬਹਾਦਰ ਨਾਲ ਆਣ ਮਿਲੇ।
ਇਹ ਸਾਰੀਆਂ ਜਿੱਤਾਂ ਆਉਣ ਵਾਲੀ ਸਰਹੰਦ ਦੀ ਵੱਡੀ ਮੁਹਿਮ ਦਾ ਆਧਾਰ ਬਣੀਆਂ। ਜਿੱਤਾਂ ਦੇ ਇਸ ਲੰਬੇ ਸਿਲਸਿਲੇ ਨੂੰ ਸੁਣ ਕੇ ਸਰਹੰਦ ਦਾ ਸੂਬੇਦਾਰ ਵਜੀਰ ਖਾਨ ਨੂੰ ਇਕ ਵਾਰ ਕਾਂਬਾ ਛਿੜ ਗਿਆ ਹਾਲਾਂਕਿ ਉਹ ਖ਼ੁਦ ਇਕ ਜੰਗਜੂ, ਜੰਗੀ ਚਾਲਾਂ ਨੂੰ ਸਮਝਣ ਵਾਲਾ, ਕੁਸ਼ਲ ਪ੍ਰਬੰਧਕ ਸੀ। ਉਸ ਕੋਲ 48 ਤੋਪਾਂ 200 ਹਾਥੀ ਅਤੇ 10000 ਘੋੜ ਸਵਾਰ, 5000 ਪਿਆਦਾ ਫੌਜ, ਅਨਗਿਣਤ ਬੰਦੂਕਾਂ, ਦਾਰੂ ਸਿਕਾ ਅਤੇ ਰਸਦ ਦੇ ਭੰਡਾਰ ਇੱਕਠੇ ਕੀਤੇ ਹੋਏ ਸੀ। ਰਾਜੇ ਰਜਵਾੜਿਆਂ ਨੂੰ ਬੁਲਾ ਲਿਆ, ਜੇਹਾਦ ਦਾ ਨਾਅਰਾ ਲਗਾ ਕੇ ਨਵਾਬਾਂ ਅਤੇ ਜਗੀਰਦਾਰਾਂ ਦੀਆਂ ਫ਼ੌਜਾਂ ਇੱਕਠੀਆਂ ਕਰ ਲਈਆਂ। ਸਰਹੰਦ ਨੂੰ ਬਚਾਣ ਲਈ ਹਿਸਾਰ ਤੋਂ ਲੈ ਕੇ ਗੁਜਰਾਤ ਤੱਕ ਦੇ 5000 ਗਾਜ਼ੀ ਪਹੁੰਚੇ ਹੋਏ ਸਨ। 20000 ਉਸ ਦੀ ਆਪਣੀ ਫੌਜ਼ ਸੀ। ਵੱਡੀ ਗਿਣਤੀ ’ਚ ਹਾਥੀ, ਘੋੜ-ਚੜੇ ਬੰਦੂਕਚੀ, ਨੇਜਾ ਬਰਦਾਰ ਤੇ ਤਲਵਾਰ-ਬਾਜ਼ ਸ਼ਾਮਲ ਸਨ।
ਵਜ਼ੀਰ ਖਾਨ ਨੇ ਖਾਲਿਸਾਈ ਨਿਸ਼ਾਨ ਨੂੰ ਮੇਟਣ ਲਈ ਪੂਰੀ ਵਾਹ ਲਗਾ ਦਿੱਤੀ। ਜੰਗ ਦੀ ਤਿਆਰੀ ਲਈ ਸਾਰੇ ਸਾਧਨ ਜੁਟਾ ਲਏ। ਗੋਲ਼ੀ ਸਿੱਕਾ ਬਾਰੂਦ ਨਾਲ ਕੋਠੇ ਭਰ ਲਏ। ਵਜੀਰ ਖਾਨ ਨੇ ਸਰਹੰਦ ਤੋਂ ਬੰਦਾ ਸਿੰਘ ਬਹਾਦਰ ਨੂੰ ਇੱਕ ਚਿੱਠੀ ਭੇਜੀ, ਜਿਸ ਵਿੱਚ ਲਿਖਿਆ ਕਿ ਤੈਨੂੰ ਸਿੱਖਾਂ ਦੇ ਉਸ ਗੁਰੂ ਨੇ ਭੇਜਿਆ ਹੈ, ਜਿਸ ਦੇ ਪੁੱਤਰਾਂ ਨੂੰ ਮੈਂ ਕੋਹ-ਕੋਹ ਕੇ ਮਾਰਿਆ ਹੈ। ਗੁਰੂ ਨੂੰ ਚਮਕੋਰ ਦੀ ਗੜੀ ਵਿੱਚੋਂ ਭਜਾ ਦਿੱਤਾ। ਮੇਰੀ ਫ਼ੌਜ ਦੇ ਫੋਲਾਦੀ ਦੰਦ ਹਨ, ਤੈਨੂੰ ਤਾਂ ਕੱਚਾ-ਚਬਾ ਜਾਣਗੇ। ਬੰਦਾ ਸਿੰਘ ਬਹਾਦੁਰ ਨੇ ਚਿੱਠੀ ਦਾ ਜਵਾਬ ਦਿੱਤਾ ਕਿ ਫੌਲਾਦ ਦੇ ਦੰਦਾਂ ਨਾਲ ਲੋਹੇ ਦੇ ਚਨੇ ਨਹੀਂ ਚਬਾਏ ਜਾਂਦੇ।
ਕਿੰਨੀ ਹੈਰਾਨੀ ਦੀ ਗੱਲ ਹੈ ਕਿ ਸਰਹੰਦ ਦਾ ਸੂਬਾ ਫਕਰ ਨਾਲ ਕਹਿ ਰਿਹਾ ਹੈ ਕਿ ਉਸ ਨੇ 5-7 ਸਾਲ ਦੇ ਬੱਚਿਆਂ ਨੂੰ ਕੋਹ-ਕੋਹ ਕੇ ਮਾਰਿਆ ਹੈ। ਉਸ ਨੂੰ ਆਪਣੇ ਕੀਤੇ ਗੁਨਾਹ ਦਾ ਕੋਈ ਅਫ਼ਸੋਸ ਜਾਂ ਪਛੁਤਾਵਾ ਨਹੀਂ ਸੀ। ਉਸ ਦੀ ਜ਼ਮੀਰ ਨੇ ਕਦੀ ਉਸ ਨੂੰ ਝੰਝੋੜਿਆ ਨਹੀਂ ਸੀ। ਇਸ ਤੋਂ ਪਤਾ ਚੱਲਦਾ ਹੈ ਕਿ ਮੁਗਲ ਹਕੂਮਤ ਵਹਿਸ਼ੀਆਨਾ ’ਤੇ ਦਰਿੰਦਗੀ ਨਾਲ ਜ਼ੁਲਮ ਕਰਦੇ ਕਰਦੇ ਹੁਣ ਤੱਕ ਐਨੀ ਆਦੀ ਤੇ ਪਰਪੱਕ ਹੋ ਚੁੱਕੀ ਸੀ ਕਿ ਜ਼ੁਲਮ ਕਰਨਾ ਉਨ੍ਹਾਂ ਦਾ ਪੈਸਾ, ਸਿਆਸੀ ਨੀਤੀ ’ਤੇ ਨਿਸ਼ਾਨਾ ਬਣ ਚੁੱਕਾ ਸੀ। ਸਰਹੰਦ ਕੂਚ ਕਰਨ ਤੋਂ ਪਹਿਲਾਂ ਬੰਦਾ ਸਿੰਘ ਬਹਾਦਰ ਦੀ ਖਾਲਿਸਾਈ ਫ਼ੌਜਾਂ ਨਾਲ ਇੱਕ ਹੋਰ ਸ਼ਕਤੀਸ਼ਾਲੀ ਸਿੰਘਾਂ ਦਾ ਜਥਾ ਬਨੂੜ ਦੇ ਨੇੜੇ ਆ ਰਲਿਆ, ਜਿਸ ਨਾਲ ਖਾੱਲਸਾਈ ਫ਼ੌਜ ਦੀ ਤਾਕਤ ਵਿੱਚ ਵਾਧਾ ਹੋ ਗਿਆ। ਬੰਦਾ ਸਿੰਘ ਬਹਾਦਰ ਕੋਲ ਸਿਰਫ਼ 6 ਤੋਪਾਂ, 5000 ਧਾੜਵੀ 1000 ਘੋੜ ਸਵਾਰ ਅਤੇ ਕੁਝ ਮਰਜੀਵੜੇ ਸਿੱਖ ਸਨ, ਜੋ ਜਾਨ ਤਲੀ ’ਤੇ ਰੱਖ ਕੇ ਲੜਨਾ ਮਰਨਾ ਜਾਣਦੇ ਸਨ। ਚੜ੍ਹਦੀ ਕਲਾ ਅਤੇ ਗੁਰੂ ਸਾਹਿਬ ਜੀ ਦਾ ਥਾਪੜਾ ਅਤੇ ਆਸ਼ੀਰਵਾਦ ਉਨ੍ਹਾਂ ਦੇ ਨਾਲ ਸੀ। ਚੱਪੜ-ਚਿੜੀ ਦੇ ਮੈਦਾਨ ਵਿੱਚ ਦੋਨਾਂ ਫ਼ੌਜਾਂ ਆ ਡੱਟੀਆਂ। ਬੰਦਾ ਸਿੰਘ ਬਹਾਦਰ ਨੇ ਆਪਣੀ ਫ਼ੌਜ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ, ਇਕ ਜੱਥਾ, ਫਤਹਿ ਸਿੰਘ, ਕਰਮ ਸਿੰਘ, ਧਰਮ ਸਿੰਘ, ਆਲੀ ਸਿੰਘ ਤੇ ਦੂਸਰੇ ਜੱਥੇ ਦਾ ਆਗੂ ਬਾਬਾ ਵਿਨੋਦ ਸਿੰਘ, ਬਾਜ ਸਿੰਘ, ਰਾਮ ਸਿੰਘ ਤੇ ਸ਼ਾਮ ਸਿੰਘ ਸਨ।
12 ਮਈ 1710 ਨੂੰ ਚੱਪੜ-ਚਿੜੀ ਦੇ ਮੈਦਾਨ ਵਿੱਚ, ਜੋ ਪਹਿਲਾਂ ਛਪੜ ਚਿੜੀ ਦੇ ਨਾਂ ਨਾਲ ਮਸ਼ਹੂਰ ਸੀ, ਸਰਹੰਦ ਤੋਂ ਕੋਈ 10 ਕੋਹ ਦੀ ਦੂਰੀ ’ਤੇ ਭਾਰੀ ਯੁੱਧ ਹੋਇਆ। ਲੜਾਈ ਸ਼ੁਰੂ ਹੋਣ ਤੋਂ ਪਹਿਲੋਂ ਵਜ਼ੀਰ ਖਾਨ ਨੇ ਇੱਕ ਚਾਲ ਚਲੀ। ਬੰਦਾ ਸਿੰਘ ਬਹਾਦਰ ਦੀ ਫ਼ੌਜ ਵਿੱਚ ਭਗਦੜ ਮਚਾਨ ਵਾਸਤੇ। ਸੁੱਚਾ ਨੰਦ ਦੇ ਭਤੀਜੇ ਗੰਡਾ ਮਲ ਨੂੰ 1000 ਫ਼ੌਜ ਦੇ ਕੇ ਬੰਦਾ ਸਿੰਘ ਬਹਾਦਰ ਕੋਲ ਭੇਜਿਆ, ਜਿਸ ਨੇ ਆ ਕੇ ਕਿਹਾ ਕਿ ਮੈਂ ਆਪਣੇ ਚਾਚਾ ਦੀ ਕਰਨੀ ’ਤੇ ਬੇਹੱਦ ਸ਼ਰਮਿੰਦਾ ਹਾਂ, ਮੈਂ ਤੁਹਾਡੀ ਫ਼ੌਜ ਵਿੱਚ ਭਰਤੀ ਹੋ ਕੇ ਉਨ੍ਹਾਂ ਦੀ ਇਸ ਭੁੱਲ ਦਾ ਪ੍ਰਾਸ਼ਚਿਤ ਕਰਨਾ ਚਾਹੁੰਦਾ ਹਾਂ। ਬੰਦਾ ਸਿੰਘ ਬਹਾਦਰ ਨੇ ਉਸ ਨੂੰ ਫ਼ੌਜ ਵਿੱਚ ਭਰਤੀ ਤਾਂ ਕਰ ਲਿਆ, ਪਰ ਬਾਜ ਸਿੰਘ ਨੂੰ ਕਹਿ ਦਿੱਤਾ ਕਿ ਇਸ ’ਤੇ ਨਜ਼ਰ ਰੱਖੀ ਜਾਏ। ਲੜਾਈ ਸ਼ੁਰੂ ਹੋਣ ’ਤੇ ਉਸ ਨੇ ਬੰਦਾ ਸਿੰਘ ਦੇ ਫ਼ੌਜੀ ਮਰਵਾਣੇ ਸ਼ੁਰੂ ਕਰ ਦਿੱਤੇ। ਬਾਜ ਸਿੰਘ ਨੇ ਇੱਕੋ ਝੱਟਕੇ ਨਾਲ ਉਸ ਦੀ ਗਰਦਨ ਉਤਾਰ ਦਿੱਤੀ ਤੇ ਬਾਕੀ ਧਾੜਵੀ ਉਸ ਦੇ ਸਾਥੀ ਸਭ ਖਿਸਕ ਗਏ।
ਲੜਾਈ ਸ਼ੁਰੂ ਹੋਈ। ਸਿੱਖਾਂ ਕੋਲ ਤੋਪਾਂ ਨਹੀਂ ਸਨ। ਦੁਸ਼ਮਣ ਦੀਆਂ ਤੋਪਾਂ ਨਾਲ ਮੁਕਾਬਲਾ ਕਰਨਾ ਔਖਾ ਸੀ। ਸੋ ਸਭ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਦੀ ਹਦਾਇਤ ਅਨੁਸਾਰ ਸਿੱਖ ਦੁਸ਼ਮਣ ਦੀਆਂ ਤੋਪਾਂ ’ਤੇ ਟੁੱਟ ਪਏ ਅਤੇ ਸਾਰੀਆਂ ਤੋਪਾਂ ਖੋਹ ਲਈਆਂ। ਹੱਥੋ-ਹੱਥ ਲੜਾਈ ਹੋਈ ਬੜਾ ਭਿਆਨਕ ਨਜ਼ਾਰਾ ਸੀ। ਖੰਡੇ ਨਾਲ ਖੰਡਾ ਖੜਕਿਆ। ਲੋਥਾਂ ਦੇ ਢੇਰ ਲੱਗ ਗਏ ਖੂਨ ਦੀਆਂ ਨਦੀਆਂ ਬਹਿ ਨਿਕਲੀਆਂ। ਵਜ਼ੀਰ ਖਾਨ ਨੇ ਸਿੱਖਾਂ ’ਤੇ ਕਾਬੂ ਪਾਉਣ ਲਈ ਆਪਣਾ ਹਾਥੀ ਅਗਲੀ ਪਾਲ ਵਿੱਚ ਲਿਆ ਕੇ ਗਾਜ਼ੀਆਂ ਨੂੰ ਹੱਲਾ ਸ਼ੇਰੀ ਦੇਣ ਲਗਾ। ਬਾਬਾ ਬੰਦਾ ਸਿੰਘ ਇਕ ਉਚੀ ਟਿੱਬੀ ’ਤੇ ਬੈਠ ਕੇ ਦੋਨੋਂ ਫ਼ੌਜਾਂ ਦਾ ਜਾਇਜ਼ਾ ਲੈ ਰਿਹਾ ਸੀ। ਇੱਕ ਦੰਮ ਉਠਿਆ ਅਤੇ ਮੁਹਰਲੀ ਕਤਾਰ ਵਿੱਚ ਆ ਕੇ ਵੈਰੀਆਂ ’ਤੇ ਬਿਜਲੀ ਵਾਂਗ ਟੁੱਟ ਪਿਆ। ਸਿੱਖਾਂ ਦੇ ਹੌਂਸਲੇ ਵਧ ਗਏ ਅਤੇ ਜੋਸ਼ ਚਰਮ ਸੀਮਾਂ ਤੱਕ ਪਹੁੰਚ ਗਿਆ। ਵਜ਼ੀਰ ਖਾਨ; ਬਾਜ ਸਿੰਘ ਤੇ ਫਤਿਹ ਸਿੰਘ ਵਿੱਚ ਘਿਰ ਗਏ। ਫਤਿਹ ਸਿੰਘ ਨੇ ਫੁਰਤੀ ਨਾਲ ਤਲਵਾਰ ਚਲਾਈ ਅਤੇ ਉਸ ਦੀ ਬਾਂਹ ਕੱਟ ਦਿੱਤੀ। ਉਹ ਧਰਤੀ ’ਤੇ ਡਿੱਗ ਪਿਆ। ਵਜ਼ੀਰ ਖਾਨ ਨੂੰ ਜਿੰਦਾ ਦਬੋਚ ਲਿਆ ਗਿਆ। ਸ਼ਾਹੀ ਫੌਜ ਵਿੱਚ ਹਫੜਾ-ਦਫੜੀ ਮਚ ਗਈ, ਜਿਧਰ ਮੂੰਹ ਆਇਆ ਸਭ ਨਸ ਗਏ ਸਭ ਕੁਝ ਧਨ, ਮਾਲ, ਤੋਪਾਂ ਘੋੜੇ, ਰਸਦ ਸਿੱਘਾਂ ਦੇ ਹੱਥ ਆ ਗਏ। ਸਰਹੰਦ ਫਤਹਿ ਹੋਣ ਦੇ ਜੈਕਾਰੇ ਛੱਡੇ ਗਏ। ਨਗਾਰਾ ਵਜਿਆ। ਅਗਲੇ ਦਿਨ ਸਿੰਘਾਂ ਦੀ ਮਰਹਮ ਪੱਟੀ ਕੀਤੀ ਗਈ, ਸ਼ਹੀਦਾਂ ਦੇ ਸਸਕਾਰ ਕਰਕੇ ਸਰਹੰਦ ਸ਼ਹਿਰ ਨੂੰ ਘੇਰ ਲਿਆ।
ਸਿੱਖਾਂ ਨੇ ਸਰਹੰਦ ਵਿੱਚ ਪ੍ਰਵੇਸ਼ ਕੀਤਾ। ਵਜ਼ੀਰ ਖਾਨ ਦੀਆਂ ਲੱਤਾਂ ਨੂੰ ਰਸੇ ਨਾਲ ਬੰਨ ਦਿੱਤਾ। ਮੂੰਹ ਕਾਲਾ ਕਰਕੇ, ਘੋੜੇ ਪਿੱਛੇ ਬੰਨ੍ਹ ਕੇ ਸਾਰੇ ਸ਼ਹਿਰ ਵਿੱਚ ਘਸੀਟਿਆ ਗਿਆ। ਉਸ ਦੀ ਲਾਸ਼ ਚੀਲਾਂ ਅਤੇ ਕਾਂਵਾਂ ਵਾਸਤੇ ਦਰਖ਼ਤਾਂ ’ਤੇ ਲਟਕਾ ਦਿੱਤੀ। ਸੁੱਚਾ ਨੰਦ ਦੀ ਹਵੇਲੀ ਮਲਬੇ ਦਾ ਢੇਰ ਕਰ ਦਿੱਤੀ। ਸੁੱਚਾ ਨੰਦ ਦੇ ਨੱਕ ਵਿੱਚ ਨਕੇਲ ਪਾ ਕੇ ਦਰ-ਦਰ ਤੋਂ ਭੀਖ ਮੰਗਵਾਈ। ਉਹ ਲੋਕਾਂ ਤੋਂ ਸਿਰ ਵਿੱਚ ਜੁੱਤੀਆਂ ਖਾਂਦਾ ਖਾਂਦਾ ਮਰ ਗਿਆ। ਵਜ਼ੀਰ ਖਾਨ ਦਾ ਵੱਡਾ ਪੁੱਤਰ ਡਰ ਕੇ ਦਿੱਲੀ ਭੱਜ ਗਿਆ। ਸਿੱਖਾਂ ਅਤੇ ਗਰੀਬ ਜਨਤਾ ’ਤੇ ਜ਼ੁਲਮ ਢਾਹੁਣ ਤੇ ਲੁੱਟ ਘਸੁੱਟ ਕਰਨ ਵਾਲੇ ਅਹਿਲਕਾਰਾਂ ’ਤੇ ਲਹੁ ਪੀਣ ਵਾਲੇ ਹਾਕਮਾਂ ਦਾ ਕਤਲੇਆਮ ਕਰ ਦਿੱਤਾ ਗਿਆ। ਇਹ ਗੋਰਵਸ਼ਾਲੀ ਜਿੱਤ ’ਤੇ ਸੁਨਹਿਰੀ ਯਾਦਗਾਰ, ਜਿਸ ਨੇ ਖਾਲਸੇ ਪੰਥ ਦੇ ਮਨ-ਮਸਤਕ ’ਤੇ ਕਈ ਖਾਬ ਸਿਰਜੇ, ਜੋ ਹਕੀਕਤ ਵਿੱਚ ਤਬਦੀਲ ਹੋਏ।
ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਵਾਲੇ ਦਿਨ ਖਾਲਸਾ ਫ਼ੌਜ ਅਤੇ ਇਲਾਕੇ ਦੀਆਂ ਸੰਗਤਾ ਨੇ ਇਕ ਵੱਡੇ ਇਕੱਠ ਵਿੱਚ ਸਰਹੰਦ ਫਤਹਿ ਲਈ ਅਕਾਲ ਪੁਰਖ ਦਾ ਧੰਨਵਾਦ ਕੀਤਾ ਅਤੇ ਸਰਬ ਸਾਂਝੇ ਸਿੱਖ ਰਾਜ ਦਾ ਐਲਾਨ ਕੀਤਾ। ਸਿੱਖ ਰਾਜ ਦਾ ਝੰਡਾ ਉੱਥੇ ਲਹਿਰਾਇਆ, ਜਿੱਥੇ ਗੁਰੂ ਸਾਹਿਬ ਜੀ ਦੇ ਦੋਨੋਂ ਬੱਚੇ ਸ਼ਹੀਦ ਕੀਤੇ ਗਏ ਸਨ। ਬੰਦਾ ਸਿੰਘ ਬਹਾਦਰ ਨੇ ਕੌਮੀ ਨੇਤਾ ਦੀ ਜ਼ਿੰਮੇਵਾਰੀ ਸੰਭਾਲੀ। ਬਾਜ ਸਿੰਘ ਨੂੰ ਸਰਹੰਦ ਦਾ ਸੂਬੇਦਾਰ ਅਤੇ ਆਲੀ ਸਿੰਘ ਨੂੰ ਉਸ ਦਾ ਵਜ਼ੀਰ ਥਾਪਿਆ ਗਿਆ।
ਜਿੱਤਾਂ ਦਾ ਸਿਲਸਲਾ ਚੱਲਦਾ ਰਿਹਾ। ਜੁਲਾਈ 1710 ਵਿੱਚ ਬੰਦਾ ਬਹਾਦਰ ਨੇ ਗੰਗਾ ਤੇ ਜਮੁਨਾ ਦੇ ਮੈਦਾਨੀ ਇਲਾਕੇ ’ਤੇ ਫ਼ਤਿਹ ਕਰ ਲਈ। ਅਕਤੂਬਰ 1710 ਵਿੱਚ ਕਿਲਾ ਭਗਵੰਤ ਰਾਇ ਅਤੇ ਭਿਲੋਵਾਲ ’ਤੇ ਸਿੱਖਾਂ ਦਾ ਕਬਜ਼ਾ ਹੋ ਗਿਆ। ਬਾਬਾ ਬੰਦਾ ਸਿੰਘ ਬਹਾਦਰ ਨਾਲ-ਨਾਲ ਆਪਣੇ ਜਿੱਤੇ ਇਲਾਕਿਆਂ ਦੀ ਵਿਵਸਥਾ ਕਰਦੇ ਚਲੇ ਆ ਰਹੇ ਸਨ। ਭਾਈ ਅਲੀ ਸਿੰਘ ਨੂੰ ਸਮਾਣੇ ਦਾ, ਭਾਈ ਰਾਮ ਸਿੰਘ ਨੂੰ ਥਨੇਸਰ ਦਾ ਅਤੇ ਭਾਈ ਬਾਜ ਸਿੰਘ ਨੂੰ ਸਰਹੰਦ ਦਾ ਸੂਬੇਦਾਰ ਥਾਪ ਦਿੱਤਾ ਗਿਆ।