33 C
Jalandhar
Thursday, April 2, 2026
spot_img
Home Blog Page 32

ਕੀ ਸੋਨੇ ਦੀਆਂ ਵਸਤਾਂ ਭੇਟ ਕਰਨ ਨਾਲ ਕੌਮ ਦਾ ਭਲਾ ਹੈ ?

0

ਕੀ ਸੋਨੇ ਦੀਆਂ ਵਸਤਾਂ ਭੇਟ ਕਰਨ ਨਾਲ ਕੌਮ ਦਾ ਭਲਾ ਹੈ ?

ਕਿਰਪਾਲ ਸਿੰਘ ਬਠਿੰਡਾ

ਸੋਨਾ ਭੇਟ ਕਰਨ ਨਾਲ ਗੁਰੂ ਦੀਆਂ ਖ਼ੁਸ਼ੀਆਂ ਵੱਧ ਮਿਲਦੀਆਂ ਹਨ ਜਾਂ ਘੱਟ, ਇਸ ’ਤੇ ਵੀਚਾਰ ਕਰਨ ਤੋਂ ਪਹਿਲਾਂ ਆਓ ਗੁਰੂ ਗ੍ਰੰਥ ਸਾਹਿਬ ਜੀ ’ਚ ਸੋਨੇ ਬਾਰੇ ਦਰਜ ਗੁਰੂ ਸਾਹਿਬ ਜੀ ਦੇ ਵੀਚਾਰਾਂ ਨੂੰ ਸਮਝਣ ਦਾ ਯਤਨ ਕਰੀਏ।

ਗੁਰੂ ਗ੍ਰੰਥ ਸਾਹਿਬ ਜੀ ’ਚ ਸੋਇਨਾ 18 ਵਾਰ, ਸੋਇਨੇ 8 ਵਾਰ, ਸੋਇਨ 5 ਵਾਰ, ਸੋਇੰਨ 1 ਵਾਰ, ਸੋੁਇਨ 2 ਵਾਰ ਕੁੱਲ 34 ਵਾਰ ਅਤੇ ਸੋਨੇ ਦੇ ਅਰਥਾਂ ’ਚ ਸ਼ਬਦ ਕੰਚਨ ਵਿਆਕਰਨਿਕ ਨਿਯਮਾਂ ਮੁਤਾਬਕ ਵੱਖ ਵੱਖ ਰੂਪਾਂ ’ਚ 79 ਵਾਰੀ ਵਰਤਿਆ ਗਿਆ ਹੈ, ਜਿਨ੍ਹਾਂ ’ਚੋਂ ‘ਕੰਚਨੁ’ ਸ਼ਬਦ 39 ਵਾਰ, ‘ਕੰਚਨ’ 38 ਵਾਰ ਤੇ ‘ਕੰਚਨਾ’ 2 ਵਾਰ ਆਉਂਦਾ ਹੈ। ਇਨ੍ਹਾਂ ’ਚੋਂ ਕੁਝ ਉਦਾਹਰਨਾਂ ਹੇਠਾਂ ਦਿੱਤੀ ਜਾ ਰਹੀਆਂ ਹਨ :

ਜਿਸ ਮਨੁੱਖਾ ਸਰੀਰ ਨੂੰ ਸੋਨਾ ਚਾਂਦੀ (ਇਕੱਠਾ ਕਰਨ) ਦਾ ਚਸਕਾ, ਇਸਤ੍ਰੀ (ਭਾਵ ਕਾਮ) ਦਾ ਚਸਕਾ, ਸੁਗੰਧੀਆਂ ਦੀ ਲਗਨ, ਘੋੜਿਆਂ (ਦੀ ਸਵਾਰੀ) ਦਾ ਸ਼ੌਂਕ, (ਨਰਮ ਨਰਮ) ਸੇਜਾਂ ਅਤੇ (ਸੋਹਣੇ) ਮਹਲ-ਮਾੜੀਆਂ ਦੀ ਲਾਲਸਾ, (ਸੁਆਦਲੇ) ਮਿੱਠੇ ਪਦਾਰਥ ਤੇ ਮਾਸ (ਖਾਣ) ਦਾ ਚਸਕਾ ਆਦਿਕ ਇੰਨੇ ਚਸਕੇ ਲੱਗੇ ਹੋਏ ਹੋਣ ਤਾਂ ਪਰਮਾਤਮਾ ਦੇ ਨਾਮ ਦਾ ਟਿਕਾਣਾ ਕਿਸ ਹਿਰਦੇ ਵਿੱਚ ਹੋ ਸਕਦਾ ਹੈ ? ‘‘ਰਸੁ ਸੁਇਨਾ, ਰਸੁ ਰੁਪਾ ਕਾਮਣਿ; ਰਸੁ ਪਰਮਲ ਕੀ ਵਾਸੁ ਰਸੁ ਘੋੜੇ, ਰਸੁ ਸੇਜਾ ਮੰਦਰ; ਰਸੁ ਮੀਠਾ, ਰਸੁ ਮਾਸੁ ਏਤੇ ਰਸ ਸਰੀਰ ਕੇ; ਕੈ ਘਟਿ ਨਾਮ ਨਿਵਾਸੁ 2’’  (ਮਹਲਾ /੧੫)

ਗੁਰੂ ਗ੍ਰੰਥ ਸਾਹਬਿ ਜੀ ਦੇ ਪਾਵਨ ਅੰਕ 328 ’ਤੇ ਭਗਤ ਕਬੀਰ ਸਾਹਬਿ ਜੀ ਨੇ ਬਹੁਤ ਹੀ ਸਪਸ਼ਟ ਸ਼ਬਦਾਂ ਚ ਸਮਝਾਇਆ ਹੈ ਕਿ ਪ੍ਰੀਤ ਤੋਂ ਬਿਨਾ (ਪ੍ਰਭੂ-ਪਤੀ ਨਾਲ) ਪਿਆਰ ਨਹੀਂ ਬਣ ਸਕਦਾ ਅਤੇ ਜਦ ਤਾਈਂ (ਮਨ ’ਚ) ਮਾਇਆ ਦਾ ਚਸਕਾ ਹੈ, ਤਦ ਤਾਈਂ (ਪਤੀ ਪਰਮਾਤਮਾ ਨਾਲ) ਪਿਆਰ ਨਹੀਂ ਹੋ ਸਕਦਾ ‘‘ਪ੍ਰੀਤਿ ਬਿਨਾ ਕੈਸੇ ਬਧੈ ਸਨੇਹੁ ? ਜਬ ਲਗੁ ਰਸੁ, ਤਬ ਲਗੁ ਨਹੀ ਨੇਹੁ 1 ਰਹਾਉ ’’  (ਗਉੜੀ ਭਗਤ ਕਬੀਰ ਜੀ/੩੨੮) ਉਪਰੋਕਤ ਸ਼ਬਦ ਵਿਚ ਵਰਣਨ ਕੀਤੇ ਵੱਖ ਵੱਖ ਰਸਾਂ ’ਚੋਂ ਗੁਰੂ ਨਾਨਕ ਸਾਹਿਬ ਜੀ ਨੇ ਸਭ ਤੋਂ ਪਹਿਲੇ ਨੰਬਰ ਦਾ ਰਸ ਸੋਨਾ ਲਿਖਿਆ ਹੈ। ਇਸ ਦਾ ਭਾਵ ਹੈ ਕਿ ਗੁਰੂ ਮਹਾਰਜ ਜੀ ਦੇ ਸਥਾਨਾਂ ’ਤੇ ਸੋਨੇ ਦੀਆਂ ਵਸਤਾਂ ਭੇਟ ਕਰਨ ਨਾਲ, ਨਾ ਹੀ ਗੁਰੂ ਦੀ ਪ੍ਰਸੰਨਤਾ ਹਾਸਲ ਹੋ ਸਕਦੀ ਅਤੇ ਨਾ ਹੀ ਪ੍ਰਭੂ ਨਾਲ ਪ੍ਰੀਤ ਬਣ ਸਕਦੀ ਹੈ। ਸੋਨੇ ਦੀਆਂ ਵਸਤਾਂ ਭੇਟ ਕਰਨ ਲਈ ਸੰਗਤਾਂ ਨੂੰ ਉਕਸਾਉਣ ਅਤੇ ਭੇਟਾ ਕਰਨ ਵਾਲੀਆਂ ਸੰਗਤਾਂ ਦੋਵੇਂ ਹੀ ਹਉਮੈ ਦਾ ਸ਼ਿਕਾਰ ਜ਼ਰੂਰ ਹੁੰਦੀਆ ਹਨ। ਇਸ ਤੋਂ ਅੱਗੇ ਗੁਰਬਾਣੀ ’ਚੋਂ ਬਹੁਤ ਸਾਰੇ ਸ਼ਬਦਾਂ ਦੀਆਂ ਉਦਾਹਰਨਾਂ ਦਿੱਤੀਆਂ ਜਾ ਰਹੀਆਂ ਹਨ ਜੋ ਦਰਸਾਉਂਦੀਆਂ ਹਨ ਕਿ ਸੋਨੇ ਚਾਂਦੀ ਦੀਆਂ ਵਸਤਾਂ ਨਾਲ ਗੁਰੂ ਦੀ ਪ੍ਰਸੰਨਤਾ ਹਾਸਲ ਨਹੀਂ ਕੀਤੀ ਜਾ ਸਕਦੀ।

 (ਹੇ ਮੂਰਖ !) ਤੂੰ ਖਾਣ, ਹੰਢਾਉਣ ਵਿਚ ਮਸਤ ਹੋ ਰਿਹਾ ਹੈਂ, ਤੂੰ ਸੋਨਾ, ਚਾਂਦੀ, ਧਰਤੀ ਇਕੱਠੀ ਕਰ ਰਿਹਾ ਹੈਂ। ਤੂੰ ਕਈ ਕਿਸਮਾਂ ਦੇ ਵਧੀਆ ਘੋੜੇ, ਵਧੀਆ ਹਾਥੀ ਤੇ ਕਦੇ ਨਾ ਥੱਕਣ ਵਾਲੇ ਰਥ ਇਕੱਠੇ ਕਰ ਲਏ ਹਨ। (ਮਾਇਆ ਦੀ ਮਸਤੀ ਵਿਚ) ਤੂੰ ਆਪਣੇ ਸਾਕ ਸੰਬੰਧੀਆਂ ਨੂੰ (ਭੀ) ਭੁਲਾ ਬੈਠਾ ਹੈਂ, ਕਿਸੇ ਨੂੰ ਭੀ ਯਾਦ ’ਚ ਨਹੀਂ ਲਿਆਉਂਦਾ। ਪਰਮਾਤਮਾ ਦੇ ਨਾਮ ਤੋਂ ਬਿਨਾਂ ਤੂੰ (ਆਤਮਕ ਜੀਵਨ ਪੱਖੋਂ) ਗੰਦਾ ਹੈਂ, ਸਿਰਜਨਹਾਰ ਪ੍ਰਭੂ ਨੇ (ਤੈਨੂੰ) ਆਪਣੇ ਮਨੋਂ ਲਾਹ ਦਿੱਤਾ ਹੈ ‘‘ਕਪੜਿ ਭੋਗਿ ਲਪਟਾਇਆ; ਸੁਇਨਾ ਰੁਪਾ ਖਾਕੁ ਹੈਵਰ ਗੈਵਰ ਬਹੁ ਰੰਗੇ; ਕੀਏ ਰਥ ਅਥਾਕ ਕਿਸ ਹੀ ਚਿਤਿ ਪਾਵਹੀ; ਬਿਸਰਿਆ ਸਭ ਸਾਕ ਸਿਰਜਣਹਾਰਿ ਭੁਲਾਇਆ; ਵਿਣੁ ਨਾਵੈ ਨਾਪਾਕ ’’  (ਮਹਲਾ /੪੨)

ਗੁਰੂ ਨਾਨਕ ਸਾਹਿਬ ਜੀ ਆਪਣੀ ਉਦਾਹਰਣ ਦੇ ਕੇ ਸਾਨੂੰ ਉਪਦੇਸ਼ ਕਰਦੇ ਹਨ ਕਿ ਮੈਂ (ਚਾਹੇ) ਸੋਨੇ ਦੇ (ਸੁਮੇਰ) ਪਰਬਤ ਉੱਤੇ ਗੁਫ਼ਾ ਬਣਾ ਲਵਾਂ, ਭਾਵੇਂ ਹੇਠਾਂ ਪਾਣੀ ਵਿਚ (ਜਾ ਕੇ ਬੈਠਾ ਰਹਾਂ); ਚਾਹੇ ਧਰਤੀ ਵਿਚ ਰਹਾਂ, ਚਾਹੇ ਆਕਾਸ਼ ਵਿਚ ਪੁੱਠਾ ਸਿਰ ਭਾਰ ਖਲੋਤਾ ਰਹਾਂ, ਭਾਵੇਂ ਸਰੀਰ ਨੂੰ ਪੂਰਨ ਤੌਰ ’ਤੇ ਕੱਪੜਾ ਪਹਿਨਾ ਲਵਾਂ (ਭਾਵ ਕਾਪੜੀਆਂ ਵਾਂਗ ਸਰੀਰ ਨੂੰ ਮੁਕੰਮਲ ਤੌਰ ’ਤੇ ਕੱਪੜਿਆਂ ਨਾਲ ਢੱਕ ਲਵਾਂ) ਚਾਹੇ ਸਰੀਰ ਨੂੰ ਸਦਾ ਹੀ ਧੋਂਦਾ ਰਹਾਂ, ਭਾਵੇਂ ਮੈਂ ਚਿੱਟੇ ਲਾਲ ਪੀਲੇ ਜਾਂ ਕਾਲੇ ਕੱੱਪੜੇ ਪਾ ਕੇ (ਚਾਰ) ਵੇਦਾਂ ਦਾ ਉਚਾਰਨ ਕਰਾਂ, ਚਾਹੇ (ਸਰੇਵੜਿਆਂ ਵਾਂਗ) ਗੰਦਾ ਤੇ ਮੈਲਾ ਰਹਾਂ-ਇਹ ਸਾਰੇ ਭੈੜੀ ਮਤ ਦੇ ਮੰਦੇ ਕਰਮ ਹੀ ਹਨ। ਹੇ ਨਾਨਕ ! (ਮੈਂ ਤਾਂ ਇਹ ਚਾਹੁੰਦਾ ਹਾਂ ਕਿ ਸਤਿਗੁਰੂ ਦੇ) ਸ਼ਬਦ ਨੂੰ ਵਿਚਾਰ ਕੇ (ਮੇਰੀ) ਹਉਮੈ ਨਾ ਰਹੇ ‘‘ਸੁਇਨੇ ਕੈ ਪਰਬਤਿ ਗੁਫਾ ਕਰੀ; ਕੈ ਪਾਣੀ ਪਇਆਲਿ ਕੈ ਵਿਚਿ ਧਰਤੀ, ਕੈ ਆਕਾਸੀ; ਉਰਧਿ ਰਹਾ ਸਿਰਿ ਭਾਰਿ ਪੁਰੁ ਕਰਿ ਕਾਇਆ ਕਪੜੁ ਪਹਿਰਾ; ਧੋਵਾ ਸਦਾ ਕਾਰਿ ਬਗਾ, ਰਤਾ, ਪੀਅਲਾ, ਕਾਲਾ; ਬੇਦਾ ਕਰੀ ਪੁਕਾਰ ਹੋਇ ਕੁਚੀਲੁ, ਰਹਾ ਮਲੁ ਧਾਰੀ; ਦੁਰਮਤਿ ਮਤਿ ਵਿਕਾਰ ਨਾ ਹਉ, ਨਾ ਮੈ, ਨਾ ਹਉ ਹੋਵਾ; ਨਾਨਕ  ! ਸਬਦੁ ਵੀਚਾਰਿ ’’  (ਮਹਲਾ /੧੩੯)

ਜੇ ਸਾਰੀਆਂ ਨਦੀਆਂ (ਮੇਰੇ ਵਾਸਤੇ ਦੁੱਧ ਦੇਣ ਵਾਲੀਆਂ) ਗਾਈਆਂ ਬਣ ਜਾਣ (ਪਾਣੀ ਦੇ) ਚਸ਼ਮੇ ਦੁੱਧ ਤੇ ਘਿਉ ਬਣ ਜਾਣ, ਸਾਰੀ ਜ਼ਮੀਨ ਸ਼ੱਕਰ ਬਣ ਜਾਏ, (ਇਹਨਾਂ ਪਦਾਰਥਾਂ ਨੂੰ ਵੇਖ ਕੇ) ਮੇਰੀ ਜਿੰਦ ਨਿੱਤ ਖ਼ੁਸ਼ ਹੋਵੇ, ਜੇ ਹੀਰੇ ਤੇ ਲਾਲਾਂ ਨਾਲ ਜੜਿਆ ਹੋਇਆ ਸੋਨੇ ਤੇ ਚਾਂਦੀ ਦਾ ਪਹਾੜ ਬਣ ਜਾਏ, ਤਾਂ ਭੀ (ਹੇ ਪ੍ਰਭੂ ! ਮੈਂ ਇਹਨਾਂ ਪਦਾਰਥਾਂ ਵਿਚ ਨਾ ਫਸਾਂ ਤੇ) ਤੇਰੀ ਹੀ ਸਿਫ਼ਤ-ਸਾਲਾਹ ਕਰਾਂ, ਤੇਰੀ ਵਡਿਆਈ ਕਰਨ ਦਾ ਮੇਰਾ ਚਾਉ ਮੁੱਕ ਨਾ ਜਾਏ ‘‘ਨਦੀਆ ਹੋਵਹਿ ਧੇਣਵਾ; ਸੁੰਮ ਹੋਵਹਿ ਦੁਧੁ ਘੀਉ ਸਗਲੀ ਧਰਤੀ ਸਕਰ ਹੋਵੈ; ਖੁਸੀ ਕਰੇ ਨਿਤ ਜੀਉ ਪਰਬਤੁ ਸੁਇਨਾ ਰੁਪਾ ਹੋਵੈ; ਹੀਰੇ ਲਾਲ ਜੜਾਉ ਭੀ ਤੂੰਹੈ ਸਾਲਾਹਣਾ; ਆਖਣ ਲਹੈ ਚਾਉ ’’  (ਮਹਲਾ /੧੪੨)

ਜੇ ਸੋਹਣੀ ਸੇਜ ਮਿਲੀ ਹੋਵੇ, ਅਨੇਕਾਂ ਸੁਖ ਹੋਣ, ਸਭ ਕਿਸਮ ਦੇ ਸੁਆਦਲੇ ਭੋਗ ਭੋਗਣ ਨੂੰ ਹੋਣ। ਜੇ ਮੋਤੀ ਹੀਰਿਆਂ ਨਾਲ ਜੜੇ ਹੋਏ ਸੋਨੇ ਦੇ ਘਰ ਹੋਣ, ਜਿਨ੍ਹਾਂ ਵਿਚ ਚੰਦਨ ਦੀ ਸੁਗੰਧੀ ਹੋਵੇ। ਜੇ ਮਨੁੱਖ ਮਨ-ਮੰਨੀਆਂ ਮੌਜਾਂ ਮਾਣਦਾ ਹੋਵੇ ਤੇ ਕੋਈ ਚਿੰਤਾ ਝੋਰਾ ਨਾ ਹੋਵੇ, (ਪਰ ਇਹ ਸਭ ਕੁਝ ਹੁੰਦਿਆਂ) ਜੇ (ਇਹ ਦਾਤਾਂ ਦੇਣ ਵਾਲਾ) ਉਹ ਪ੍ਰਭੂ ਮਨ ’ਚ ਯਾਦ ਨਹੀਂ ਹੈ ਤਾਂ (ਇਹ ਭੋਗ ਭੋਗਣ ਵਾਲਿਆਂ ਨੂੰ) ਗੰਦ ਦੇ ਕੀੜੇ ਜਾਣੋ, (ਕਿਉਂਕਿ) ਪ੍ਰਭੂ ਦੇ ਨਾਮ ਤੋਂ ਬਿਨਾਂ ਸ਼ਾਂਤੀ ਨਹੀਂ ਮਿਲਦੀ, ਹੋਰ ਕਿਸੇ ਤਰ੍ਹਾਂ ਭੀ ਮਨ ਧੀਰਜ ਨਹੀਂ ਫੜਦਾ ‘‘ਸੁੰਦਰ ਸੇਜ, ਅਨੇਕ ਸੁਖ, ਰਸ ਭੋਗਣ ਪੂਰੇ ਗ੍ਰਿਹ ਸੋਇਨ, ਚੰਦਨ ਸੁਗੰਧ, ਲਾਇ ਮੋਤੀ ਹੀਰੇ ਮਨ ਇਛੇ ਸੁਖ ਮਾਣਦਾ; ਕਿਛੁ ਨਾਹਿ ਵਿਸੂਰੇ ਸੋ ਪ੍ਰਭੁ ਚਿਤਿ ਆਵਈ; ਵਿਸਟਾ ਕੇ ਕੀਰੇ ਬਿਨੁ ਹਰਿ ਨਾਮ, ਸਾਂਤਿ ਹੋਇ; ਕਿਤੁ ਬਿਧਿ ਮਨੁ ਧੀਰੇ ’’  (ਮਹਲਾ /੭੦੭)

(ਜੇਠ ਹਾੜ ਦੀਆਂ ਲੋਆਂ ਪਿੱਛੋਂ ਵਰਖਾ ਰੁੱਤੇ) ਟੋਏ-ਟਿੱਬੇ (ਮੀਂਹ ਦੇ) ਪਾਣੀ ਨਾਲ ਭਰੇ ਹੋਏ ਹੋਣ, ਠੰਢੀਆਂ ਹਵਾਵਾਂ ਵਗਦੀਆਂ ਹੋਣ, ਸੋਨੇ ਦਾ ਪਲੰਘ ਹੋਵੇ, ਜਿਸ ਵਿਚ ਹੀਰੇ ਲਾਲ ਜੜੇ ਹੋਏ ਹੋਣ, ਸਗਨਾਂ ਦੇ ਸਾਲੂ ਪਹਿਨਣ ਨੂੰ ਹੋਣ, (ਪਰ ਜੇ ਇਸਤ੍ਰੀ ਨੂੰ ਆਪਣੇ) ਪਤੀ ਤੋਂ ਵਿਛੋੜਾ ਹੈ ਤਾਂ (ਇਹ ਸਾਰੇ ਸੁਹਾਵਣੇ ਪਦਾਰਥ ਹਿਰਦੇ ਨੂੰ ਸੁਖ ਪਹੁੰਚਾਣ ਦੇ ਥਾਂ) ਸੜਨ ਪੈਦਾ ਕਰਦੇ ਹਨ ‘‘ਜਲ ਥਲ ਨੀਰਿ ਭਰੇ; ਸੀਤਲ ਪਵਣ ਝੁਲਾਰਦੇ ਸੇਜੜੀਆ ਸੋਇੰਨ ਹੀਰੇ ਲਾਲ ਜੜੰਦੀਆ ਸੁਭਰ ਕਪੜ ਭੋਗ; ਨਾਨਕ  ! ਪਿਰੀ ਵਿਹੂਣੀ ਤਤੀਆ ’’ (ਮਹਲਾ /੧੧੦੨)

ਰਾਵਣ ਵਰਗੇ ਵੱਡੇ ਬਲੀ ਰਾਜੇ ਦੀ ਲੰਕਾ ਸਾਰੀ ਦੀ ਸਾਰੀ ਸੋਨੇ ਦੀ ਸੀ, (ਉਸ ਦੇ ਮਹਿਲਾਂ ਦੇ) ਦਰਵਾਜ਼ੇ ’ਤੇ ਹਾਥੀ ਬੱਝੇ ਖਲੋਤੇ ਸਨ, ਪਰ ਆਖ਼ਰ ਕੀ ਬਣਿਆ ? ਇਕ ਪਲ ਵਿਚ ਸਭ ਕੁਝ ਪਰਾਇਆ ਹੋ ਗਿਆ ‘‘ਸਰਬ ਸੁੋਇਨ ਕੀ ਲੰਕਾ ਹੋਤੀ; ਰਾਵਨ ਸੇ ਅਧਿਕਾਈ ਕਹਾ ਭਇਓ ਦਰਿ ਬਾਂਧੇ ਹਾਥੀ; ਖਿਨ ਮਹਿ ਭਈ ਪਰਾਈ ’’ (ਭਗਤ ਨਾਮਦੇਵ/੬੯੩)

(ਕਿਸੇ ਦਰਿਆ ਤੋਂ) ਜੁਆਨਾਂ ਨੂੰ ਪਾਰ ਲੰਘਦਿਆਂ ਵੇਖ ਕੇ (ਕਮਜ਼ੋਰ) ਇਸਤ੍ਰੀ ਦਾ ਮਨ ਭੀ (ਹੌਸਲਾ ਫੜ ਲੈਂਦਾ ਹੈ (ਤੇ ਲੰਘਣ ਦਾ ਹੀਆ ਕਰਦੀ ਹੈ; ਇਸੇ ਤਰ੍ਹਾਂ ਸੰਤ ਜਨਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਦਿਆਂ ਵੇਖ ਕੇ ਕਮਜ਼ੋਰ-ਦਿਲ ਮਨੁੱਖ ਨੂੰ ਭੀ ਹੌਸਲਾ ਪੈ ਜਾਂਦਾ ਹੈ, ਤਾਂ ਤੇ ਹੇ ਮਨ ! ਤੂੰ ਸੰਤ ਜਨਾਂ ਦੀ ਸੰਗਤ ਕਰ ! ਵੇਖ) ਜੋ ਮਨੁੱਖ ਨਿਰੇ ਸੋਨੇ ਵਾਲੇ ਪਾਸੇ (ਭਾਵ ਮਾਇਆ ਜੋੜਨ ਵੱਲ ਲੱਗ) ਪੈਂਦੇ ਹਨ ਉਹ ਆਰੇ ਨਾਲ ਚੀਰੇ ਜਾਂਦੇ ਹਨ (ਭਾਵ ਦੁੱਖੀ ਜੀਵਨ ਬਿਤੀਤ ਕਰਦੇ ਹਨ) ‘‘ਛੈਲ ਲੰਘੰਦੇ ਪਾਰਿ; ਗੋਰੀ (ਗੋਰੀਂ/ਇਸਤਰੀਆਂ ਦਾ) ਮਨੁ ਧੀਰਿਆ ਕੰਚਨ ਵੰਨੇ (ਸੋਨੇ ਵਾਲੇ) ਪਾਸੇ ਕਲਵਤਿ (ਆਰੇ ਨਾਲ) ਚੀਰਿਆ ’’  (ਬਾਬਾ ਫਰੀਦ ਜੀ/488)

ਜੇ ਮੈਂ ਸੋਨੇ ਦੇ ਕਿਲ੍ਹੇ ਦਾਨ ਕਰਾਂ, ਬਹੁਤ ਸਾਰੇ ਘੋੜੇ ਤੇ ਹਾਥੀ ਦਾਨ ਕਰਾਂ, ਜ਼ਮੀਨ ਦਾਨ ਕਰਾਂ, ਬਹੁਤ ਸਾਰੀਆਂ ਗਾਈਆਂ ਦਾਨ ਕਰਾਂ, ਫਿਰ ਭੀ (ਸਗੋਂ ਇਸ ਦਾਨ ਦਾ ਹੀ) ਮਨ ਵਿਚ ਅਹੰਕਾਰ ਮਾਣ ਬਣ ਜਾਂਦਾ ਹੈ। ਜਿਸ ਮਨੁੱਖ ਨੂੰ ਸਤਿਗੁਰੂ ਨੇ ਸਦਾ-ਥਿਰ ਪ੍ਰਭੂ (ਦਾ ਨਾਮ ਜਪਣ ਦੀ) ਬਖ਼ਸ਼ਸ਼ ਕੀਤੀ ਹੈ, ਉਸ ਦਾ ਮਨ ਪਰਮਾਤਮਾ ਦੇ ਨਾਮ ਵਿਚ ਪਰੋਇਆ ਰਹਿੰਦਾ ਹੈ (ਤੇ ਇਹੀ ਹੈ ਸੱਚੀ ਕਰਣੀ) ‘‘ਕੰਚਨ ਕੇ ਕੋਟ ਦਤੁ ਕਰੀ, ਬਹੁ ਹੈਵਰ ਗੈਵਰ ਦਾਨੁ ਭੂਮਿ ਦਾਨੁ ਗਊਆ ਘਣੀ; ਭੀ ਅੰਤਰਿ ਗਰਬੁ ਗੁਮਾਨੁ ਰਾਮ ਨਾਮਿ ਮਨੁ ਬੇਧਿਆ; ਗੁਰਿ ਦੀਆ ਸਚੁ ਦਾਨੁ ’’ (ਮਹਲਾ /੬੨)

ਮੇਰੀ ਜਿੰਦ ਸੋਨੇ (ਦੇ ਮੋਹ) ਵਿੱਚ, ਇਸਤ੍ਰੀ (ਦੇ ਮੋਹ) ਵਿੱਚ ਫਸੀ ਹੋਈ ਹੈ, ਮਾਇਆ ਦਾ ਮੋਹ ਮੈਨੂੰ ਮਿੱਠਾ ਲੱਗ ਰਿਹਾ ਹੈ। ਘਰ, ਪੱਕੇ ਮਹਿਲ ਘੋੜੇ (ਵੇਖ ਵੇਖ ਕੇ) ਮੈਨੂੰ ਚਾਉ ਚੜ੍ਹਦਾ ਹੈ, ਮੇਰਾ ਮਨ ਹੋਰ ਹੋਰ (ਪਦਾਰਥਾਂ ਦੇ) ਰਸ ਵਿੱਚ ਲੱਗਾ ਹੋਇਆ ਹੈ। ਹੇ ਮੇਰੇ ਹਰੀ ! ਹੇ ਮੇਰੇ ਰਾਜਨ ! ਤੂੰ ਕਦੇ ਮੇਰੇ ਚਿੱਤ ਵਿੱਚ ਨਹੀਂ ਆਉਂਦਾ। ਮੈਂ (ਇਨ੍ਹਾਂ ਰਸਾਂ ਦੇ ਮੋਹ ਵਿੱਚੋਂ) ਕਿਵੇਂ ਨਿਕਲਾਂ ? ‘‘ਕੰਚਨ ਨਾਰੀ ਮਹਿ ਜੀਉ ਲੁਭਤੁ ਹੈ; ਮੋਹੁ ਮੀਠਾ ਮਾਇਆ ਘਰ ਮੰਦਰ ਘੋੜੇ ਖੁਸੀ; ਮਨੁ ਅਨ ਰਸਿ ਲਾਇਆ ਹਰਿ ਪ੍ਰਭੁ ਚਿਤਿ (’) ਆਵਈ; ਕਿਉ ਛੂਟਾ  ? ਮੇਰੇ ਹਰਿ ਰਾਇਆ ’’  (ਮਹਲਾ /੧੬੭), ਪਰ  ਸਰੀਰ ਤਦੋਂ ਸੋਨੇ ਵਾਂਗ ਪਵਿਤ੍ਰ ਹੋ ਜਾਂਦਾ ਹੈ, ਜਦੋਂ ਗੁਰੂ; ਮਨੁੱਖ ਨੂੰ ਪਰਮਾਤਮਾ ਦੇ ਚਰਨਾਂ ਵਿੱਚ ਜੋੜ ਦੇਂਦਾ ਹੈ ‘‘ਕਾਂਇਆ ਕੰਚਨੁ ਤਾਂ ਥੀਐ; ਜਾ ਸਤਿਗੁਰੁ ਲਏ ਮਿਲਾਏ ’’ (ਮਹਲਾ /੫੮੫)

ਹੇ ਭਾਈ ! ਜੇਹੜਾ ਮਨੁੱਖ ਦੁੱਖਾਂ ’ਚ ਘਬਰਾਂਦਾ ਨਹੀਂ, ਜਿਸ ਦੇ ਹਿਰਦੇ ’ਚ ਸੁੱਖਾਂ ਨਾਲ ਮੋਹ ਨਹੀਂ ਅਤੇ (ਕਿਸੇ ਕਿਸਮ ਦਾ) ਡਰ ਨਹੀਂ, ਸੋਨੇ ਨੂੰ ਮਿੱਟੀ (ਸਮਾਨ) ਸਮਝਦਾ ਹੈ (ਉਸ ਦੇ ਅੰਦਰ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ) ॥੧॥ ਰਹਾਉ ॥ ਜਿਸ ਦੇ ਅੰਦਰ ਕਿਸੇ ਦੀ ਚੁਗ਼ਲੀ-ਬੁਰਾਈ ਨਹੀਂ, ਕਿਸੇ ਦੀ ਖ਼ੁਸ਼ਾਮਦ ਨਹੀਂ, ਜਿਸ ਦੇ ਅੰਦਰ ਨਾ ਲੋਭ ਹੈ, ਨਾ ਮੋਹ, ਨਾ ਅਹੰਕਾਰ; ਖ਼ੁਸ਼ੀ ਤੇ ਗ਼ਮੀ ਤੋਂ ਨਿਰਲੇਪ ਰਹਿੰਦਾ ਹੈ, ਜਿਸ ਨੂੰ ਨਾ ਕੋਈ ਸਤਿਕਾਰ ਪਸੰਦ ਹੈ, ਨਾ ਨਿਰਾਦਰ (ਉਸ ਅੰਦਰ ਪਰਮਾਤਮਾ ਦਾ ਨਿਵਾਸ ਹੈ) ॥੧॥ ਜੋ ਆਸਾ ਉਮੀਦਾਂ ਸਭ ਤਿਆਗ ਦੇਂਦਾ ਹੈ, ਜਗਤ ਤੋਂ ਨਿਰਮੋਹ ਰਹਿੰਦਾ ਹੈ, ਨਾ ਕਾਮ-ਵਾਸਨਾ ਪੋਹਦੀ ਹੈ, ਨਹ ਕ੍ਰੋਧ, ਉਸ ਅੰਦਰ ਰੱਬ ਦਾ ਨਿਵਾਸ ਹੈ ॥2॥ ‘‘ਜੋ ਨਰੁ, ਦੁਖ ਮੈ ਦੁਖੁ ਨਹੀ ਮਾਨੈ ਸੁਖ ਸਨੇਹੁ ਅਰੁ ਭੈ ਨਹੀ ਜਾ ਕੈ; ਕੰਚਨ ਮਾਟੀ ਮਾਨੈ ਰਹਾਉ ਨਹ ਨਿੰਦਿਆ, ਨਹ ਉਸਤਤਿ ਜਾ ਕੈ ਲੋਭੁ ਮੋਹੁ ਅਭਿਮਾਨਾ   ਹਰਖ ਸੋਗ ਤੇ ਰਹੈ ਨਿਆਰਉ ਨਾਹਿ ਮਾਨ ਅਪਮਾਨਾ   ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ   ਕਾਮੁ ਕ੍ਰੋਧੁ ਜਿਹ ਪਰਸੈ ਨਾਹਨਿ ਤਿਹ ਘਟਿ ਬ੍ਰਹਮੁ ਨਿਵਾਸਾ ’’  (ਮਹਲਾ /੬੩੩)

ਗੁਰੂ ਸਾਹਿਬ ਜੀ ਦੇ ਐਸੇ ਅਨੇਕਾਂ ਸ਼ਬਦਾਂ ਨੂੰ ਵਾਚੀਏ ਤਾਂ ਸਿੱਟਾ ਇਹੀ ਨਿਕਲਦਾ ਹੈ ਕਿ ਗੁਰੂ ਸਾਹਿਬ ਜੀ ਨੇ ਸੋਨੇ ਨੂੰ ਰਸ ਮੰਨਿਆ ਹੈ, ਜੋ ਜੀਵਾਤਮਾ ਦੇ ਪ੍ਰਮਾਤਮਾ ਨਾਲ ਸੰਬੰਧ ਨਹੀਂ ਸਗੋਂ ਦੂਰੀ ਬਣਾਉਂਦਾ ਹੈ। ਸੋਨੇ ਦੀਆਂ ਵਸਤਾਂ ਗੁਰੂ ਨੂੰ ਭੇਟ ਕਰਨ ਨਾਲ, ਨਾ ਗੁਰੂ ਤੇ ਨਾ ਅਕਾਲ ਪੁਰਖ ਖ਼ੁਸ਼ ਹੁੰਦੇ ਹਨ, ਇਉਂ ਉਨ੍ਹਾਂ ਨਾਲ਼ ਨੇੜਤਾ ਨਹੀਂ ਬਣਦੀ। ਕਬੀਰ ਸਾਹਿਬ ਜੀ ਨੇ ਬਹੁਤ ਹੀ ਸਪਸ਼ਟ ਸ਼ਬਦਾਂ ’ਚ ਵਰਣਨ ਕੀਤਾ ਹੈ ਕਿ ਸੋਨਾ ਸਾਵਾਂ ਤੋਲ ਕੇ ਵੀ ਬਦਲੇ ’ਚ ਰੱਬ ਨਹੀਂ ਮਿਲਦਾ, ਇਸ ਲਈ ਮੈਂ ਤਾਂ ਮਨ ਹੀ ਅਰਪਣ ਕਰ ਉਸ ਨੂੰ ਮੁੱਲ ਖਰੀਦਿਆ ਹੈ ‘‘ਕੰਚਨ ਸਿਉ ਪਾਈਐ ਨਹੀ ਤੋਲਿ ਮਨੁ ਦੇ, ਰਾਮੁ ਲੀਆ ਹੈ ਮੋਲਿ ’’  (ਭਗਤ ਕਬੀਰ ਜੀ/੩੨੭) 

ਗੁਰੂ ਸਾਹਿਬ ਜੀ ਦਾ ਉਪਦੇਸ਼ ਹੈ ਕਿ ਜੇ ਕੋਈ ਬਹੁਤ ਸੋਨਾ ਦਾਨ ਕਰਦਾ ਹੈ, ਭੂਮੀ ਅਰਪ ਕੇ ਦਾਨ ਕਰਦਾ ਹੈ। ਕਈ ਸੁੱਚਾਂ ਨਾਲ (ਸਰੀਰ) ਪਵਿੱਤਰ ਕਰਦਾ ਹੈ। (ਐਸੇ ਉੱਦਮ) ਪਰਮਾਤਮਾ ਦੇ ਨਾਮ ਦੇ ਬਰਾਬਰ ਨਹੀਂ, ਇਸ ਲਈ ਹੇ ਮਨ ! ਪਰਮਾਤਮਾ ਦੇ ਸੋਹਣੇ ਚਰਨਾਂ ’ਚ ਜੁੜਿਆ ਰਹਿ ‘‘ਕੰਚਨਾ ਬਹੁ ਦਤ ਕਰਾ ਭੂਮਿ ਦਾਨੁ ਅਰਪਿ ਧਰਾ ਮਨ ਅਨਿਕ ਸੋਚ ਪਵਿਤ੍ਰ ਕਰਤ ਨਾਹੀ ਰੇ  ! ਨਾਮ ਤੁਲਿ, ਮਨ  ! ਚਰਨ ਕਮਲ ਲਾਗੇ ਰਹਾਉ ’’  (ਮਹਲਾ /੧੨੨੯)

ਗੁਰੂ ਸਾਹਿਬ ਜੀ ਦੇ ਐਨੇ ਸਪਸ਼ਟ ਹੁਕਮਾਂ ਨੂੰ ਅੱਖੋਂ ਪਰੋਖੇ ਕਰ ਪਤਾ ਨਹੀਂ ਕਿਉਂ ਸਿੱਖਾਂ ’ਚ ਸੋਨੇ ਦੀ ਪਾਲਕੀ, ਸੋਨੇ ਦਾ ਪੀੜ੍ਹਾ, ਸੋਨੇ ਦੀ ਕਲਗੀ, ਸੋਨੇ ਦੇ ਹਾਰ, ਸੋਨੇ ਦੇ ਕਲਸ, ਸੋਨੇ ਦੀ ਡੰਡੀ ਵਾਲੇ ਚੌਰ ਭੇਟ ਕਰਨ ਵਾਲਿਆਂ ਅਤੇ ਸੋਨੇ ਦੀਆਂ ਵਸਤਾਂ ਭੇਟ ਕਰਨ ਲਈ ਉਤਸ਼ਾਹਿਤ ਕਰਨ ਵਾਲਿਆਂ ਦੀ ਗਿਣਤੀ ਦਿਨੋ ਦਿਨ ਵਧਦੀ ਜਾ ਰਹੀ ਹੈ। ਸਿਆਣਿਆਂ ਦਾ ਮੰਨਣਾ ਕਿ ਸ਼ਾਇਦ ਇਸ ਵਿੱਚ ਘਾਲ਼ਾ ਮਾਲ਼ਾ ਵੱਧ ਹੁੰਦਾ ਹੈ ਤੇ ਸੋਨੇ ਦੀਆਂ ਵਸਤਾਂ ਭੇਟ ਕਰਨ ਵਾਲੇ ਦੀ ਹਉਮੈਂ ਨੂੰ ਪੱਠੇ ਪੈਂਦੇ ਹਨ। ਇਸ ਦੀ ਤਾਜ਼ਾ ਮਿਸਾਲ ਇੱਕ ਪੜ੍ਹੇ ਲਿਖੇ ਡਾਕਟਰ ਪਰਵਾਰ ਵੱਲੋਂ ਤਖ਼ਤ ਸ੍ਰੀ ਪਟਨਾ ਸਾਹਿਬ ਅਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਸੋਨੇ ਦੀ ਕਲਗੀ, ਸੋਨੇ ਦਾ ਹਾਰ, ਸ੍ਰੀ ਸਾਹਿਬ ਅਤੇ ਪੀੜ੍ਹਾ ਸਾਹਿਬ ਭੇਟ ਕਰਨ ਉਪਰੰਤ ਪੈਦਾ ਹੋਏ ਵਿਵਾਦ ’ਚ ਵੇਖੀ ਜਾ ਸਕਦੀ ਹੈ। ਇਸ ਵਿਵਾਦ ਦਾ ਅਸਲ ਦੋਸ਼ੀ ਕੌਣ ਹੈ, ਇਸ ਦਾ ਪਤਾ ਤਾਂ ਪੜਤਾਲ ਕਰਨ ’ਤੇ ਲੱਗੇਗਾ ਪਰ ਇੱਥੇ ਇੱਕ ਦੀ ਲਾਲਸਾ ਅਤੇ ਦੂਸਰੇ ਦੀ ਹਉਮੈ; ਸਾਫ਼ ਵਿਖਾਈ ਦੇ ਰਹੀ ਹੈ। ਇਸ ਕੇਸ ’ਚ ਬਹੁਤੀਆਂ ਉਂਗਲਾਂ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ-ਏ-ਮਸਕੀਨ ’ਤੇ ਹੀ ਉਠਦੀਆਂ ਹਨ, ਜੋ ਸੁਭਾਵਕ ਵੀ ਹਨ। ਦਾਨੀ ਸੱਜਣ ਖ਼ੁਦ ਕਹਿ ਰਹੇ ਹਨ ਕਿ ਉਨ੍ਹਾਂ ਨੇ ਆਪਣੀ ਸਾਰੀ ਜ਼ਮੀਨ ਬਾਬਾ ਸੇਵਾ ਸਿੰਘ ਨੂੰ ਸਰਬੱਤ ਦੇ ਭਲੇ ਟਰੱਸਟ ਲਈ ਦਾਨ ਦੇ ਦਿੱਤੀ ਹੈ ਅਤੇ ਕਮਾਈ ਦਾ ਸਾਧਨ ਕੇਵਲ ਹਸਪਤਾਲ ਹੈ, ਜਿੱਥੇ 14 ਡਾਕਟਰ ਅਤੇ ਨਰਸਿੰਗ ਸਟਾਫ ਸੇਵਾ ਨਿਭਾ ਰਹੇ ਹਨ। ਉਨ੍ਹਾਂ ਮੁਤਾਬਕ ਹਸਪਤਾਲ ਆਉਣ ਵਾਲੇ ਕਿਸੇ ਵੀ ਮਰੀਜ਼ ਤੋਂ ਨਾਂ ਫ਼ੀਸ, ਨਾ ਕਮਰਿਆਂ ਦਾ ਕਿਰਾਇਆ ਲਿਆ ਜਾਂਦਾ ਹੈ। ਕੇਵਲ ਅਪ੍ਰੇਸ਼ਨਾਂ ਦਾ ਖ਼ਰਚਾ ਅਤੇ ਦਵਾਈਆਂ ਦੀ ਕੀਮਤ ਲਈਦੀ ਹੈ। ਜੇ ਵਾਕਿਆ ਈ ਐਸਾ ਕਰ ਰਹੇ ਹਨ ਤਾਂ ਸੱਚ ਮੁੱਚ ਮਨੁੱਖਤਾ ਦੀ ਸੇਵਾ ਹੈ, ਜੋ ਗੁਰੂ ਦੇ ਦਰ ’ਤੇ ਪ੍ਰਵਾਨ ਤੇ ਸ਼ਾਲਾਘਾਯੋਗ ਹੈ, ਪਰ ਜੇਕਰ ਮਨਸ਼ਾ ਕੁੱਝ ਹੋਰ ਹੈ ਤਾਂ ਜ਼ਰੂਰ ਵਿਚਾਰਨਾ ਬਣਦਾ ਹੈ ਕਿਉਂਕਿ ਬਿਜਲੀ ਦੇ ਬਿੱਲ, ਸਟਾਫ/ਡਾਕਟਰਾਂ ਦੀਆਂ ਤਨਖਾਹਾਂ, ਨਿੱਜੀ ਲੋੜਾਂ ਪੂਰੀਆਂ ਕਰਨ ਤੋਂ ਬਾਅਦ ਪਟਨਾ ਸਾਹਿਬ ਅਤੇ ਹਜੂਰ ਸਾਹਿਬ ਲਈ ਤਕਰੀਬਨ 10-12 ਕਿਲੋ ਸੋਨਾ ਅਤੇ ਹੀਰੇ ਭੇਟ ਕਰਨਾ, ਅਸੰਭਵ ਕਾਰਜ ਹੈ।

ਡਾਕਟਰ ਸਾਹਿਬ ਨੂੰ ਭਾਈ ਗੁਰਦਾਸ ਜੀ ਦੇ ਇਸ ਕਬਿੱਤ ਤੋਂ ਸੇਧ ਲੈਣੀ ਚਾਹੀਦੀ ਸੀ ‘‘ਜੈਸੇ, ਸਤ (100) ਮੰਦਰ ਕੰਚਨ ਕੇ ਉਸਾਰ ਦੀਨੇ; ਤੈਸਾ ਪੁੰਨ, ਸਿਖ ਕਉ ਇਕ ਸਬਦ ਸਿਖਾਏ ਕਾ’’  (ਕਬਿੱਤ 673) ਤਾਂ ਤੇ ਇਹ ਮਾਇਆ ਨਾਲ਼ ਗੁਰਮਤਿ ਮਿਸ਼ਨਰੀ ਕਾਲਜਾਂ ਦੀ ਸਹਾਇਤਾ ਕਰਦੇ ਤਾਂ ਚੰਗਾ ਹੁੰਦਾ ਕਿਉਂਕਿ ਇਨ੍ਹਾਂ ਅੰਦਰ ਵਿਦਿਆਰਥੀਆਂ ਨੂੰ ਮੁਫ਼ਤ ਲੰਗਰ, ਮੁਫ਼ਤ ਰਿਹਾਇਸ਼, ਮੁਫ਼ਤ ਵਰਦੀ, ਮੁਫ਼ਤ ਪੜ੍ਹਾਈ ਆਦਿ ਦੇ ਕੇ ਹਰ ਸਾਲ ਸੈਂਕੜੇ ਪ੍ਰਚਾਰਕ ਤਿਆਰ ਕੀਤੇ ਜਾ ਰਹੇ ਹਨ ਜੋ ਗੁਰਬਾਣੀ ਦੇ ਪਾਵਨ ਬਚਨਾਂ ‘‘ਗੁਰ ਕਾ ਸਬਦੁ ਰਤੰਨੁ ਹੈ; ਹੀਰੇ ਜਿਤੁ ਜੜਾਉ (ਅਨੰਦ ਮਹਲਾ /੯੨੦), ਗੁਰ ਕਾ ਸਬਦੁ ਰਤੰਨੁ ਹੈ; ਕਰਿ ਚਾਨਣੁ ਆਪਿ ਦਿਖਾਇਆ ’’  (ਮਹਲਾ /੧੨੯੦) ਆਦਿ ਦਾ ਪ੍ਰਚਾਰ ਪਾਸਾਰ ਕਰਕੇ ਕੌਮ ਨੂੰ ਸੋਨੇ ਵਰਗਾ ਬਣਾ ਸਕਦੇ ਹਨ ਜਾਂ ਉਨ੍ਹਾਂ ਗੁਰਸਿੱਖ ਬੱਚਿਆਂ ਦੀ ਪੜ੍ਹਾਈ ਦਾ ਖ਼ਰਚਾ ਚੁੱਕਦੇ ਜਿਨ੍ਹਾਂ ਦੇ ਮਾਤਾ ਪਿਤਾ ਆਰਥਿਕ ਕਮਜ਼ੋਰੀ ਕਾਰਨ ਆਪਣੇ ਬੱਚਿਆਂ ਨੂੰ ਉੱਚ ਪਾਂਏ ਦੀ ਵਿਦਿਆ ਦਿਵਾਉਣ ’ਚ ਅਸਮਰਥ ਹਨ।

ਹੁਣੇ ਹੀ ਇਕ ਖ਼ਬਰ ਸੁਣਨ ਨੂੰ ਮਿਲੀ ਹੈ ਕਿ ਪੜ੍ਹਾਈ ’ਚ ਹੁਸ਼ਿਆਰ ਗ਼ਰੀਬ ਪਰਵਾਰ ਦੇ ਬਾਰ੍ਹਵੀਂ ਪਾਸ ਵਿਦਿਆਰਥੀ ਨੇ ਉਚੇਰੀ ਪੜ੍ਹਾਈ ਲਈ ਪੈਸੇ ਨਾ ਹੋਣ ਕਾਰਨ ਫਾਹਾ ਲੈ ਲਿਆ। ਸੋਨੇ ਦੀਆਂ ਵਸਤਾਂ ਭੇਟ ਕਰਨ ਅਤੇ ਕਰਵਾਉਣ ਵਾਲਿਆਂ ਦਾ ਖਿਆਲ ਅਜਿਹੇ ਬੱਚਿਆਂ ਦੀ ਜ਼ਿੰਦਗੀ ਬਚਾਉਣ ਅਤੇ ਉਨ੍ਹਾਂ ਨੂੰ ਕੌਮ ਲਈ ਹੀਰੇ ਬਣਾਉਣ ਵੱਲ ਹੋਣਾ ਚਾਹੀਦਾ ਹੈ। ਯਹੂਦੀਆਂ ਦੀ ਤਰੱਕੀ ਦਾ ਸਭ ਤੋਂ ਵੱਡਾ ਰਾਜ਼ ਇਹੋ ਸੀ ਕਿ ਉਨ੍ਹਾਂ ਨੇ ਸਭ ਤੋਂ ਵੱਧ ਤਰਜੀਹ ਆਪਣੇ ਬੱਚਿਆਂ ਨੂੰ ਧਾਰਮਿਕ ਤੇ ਉੱਚ ਪਾਂਏ ਦੀ ਦੁਨਿਆਵੀ ਵਿਦਿਆ ’ਚ ਨਿਪੁੰਨਤਾ ਹਾਸਲ ਕਰਵਾਉਣ ਨੂੰ ਦਿੱਤੀ ਜਦੋਂ ਕਿ ਸਿੱਖ ਇਸ ਪੱਖੋਂ ਦੂਰ ਹਨ ਤੇ ਸਾਰਾ ਜੋਰ ਕਾਰ ਸੇਵਾ ਵਾਲੇ ਬਾਬਿਆਂ ਰਾਹੀਂ ਗੁਰਦੁਆਰਿਆਂ ’ਚ ਸੰਗਮਰਮਰ ਪੱਥਰ ਲਾਉਣ, ਸੋਨੇ ਦੀਆਂ ਕਲਸਾਂ, ਸੋਨੇ ਦੀਆਂ ਪਾਲਕੀਆਂ, ਸੋਨੇ ਦੇ ਪੀੜ੍ਹੇ, ਸੋਨੇ ਦੀਆਂ ਕਲਗੀਆਂ ਅਤੇ ਮਹਿੰਗੇ ਹਾਰ ਭੇਟ ਕਰਕੇ ਆਪਣੀ ਹਉਮੈ ਨੂੰ ਪੱਠੇ ਪਾ ਰਹੇ ਹਨ। ਉਨ੍ਹਾਂ ਇਤਿਹਾਸਕ ਘਟਨਾਵਾਂ ਤੋਂ ਵੀ ਕੁਝ ਸਿੱਖਣਾ ਬਣਦਾ, ਜਿੱਥੇ ਜ਼ਿਕਰ ਆਉਂਦਾ ਹੈ ਕਿ ਹਿੰਦੂ ਮੰਦਿਰਾਂ ’ਚ ਸੋਨੇ ਦੀਆਂ ਵਸਤਾਂ ਦੇ ਅੰਬਾਰ ਲਾ ਰੱਖੇ ਸਨ; ਅਹਿਮਦ ਸ਼ਾਹ ਅਬਦਾਲੀ ਵਰਗੇ ਧਾੜਵੀ ਆਉਂਦੇ ਤੇ ਮੰਦਿਰਾਂ ਦਾ ਸੋਨਾ, ਦੇਸ਼ ਦੀ ਧਨ ਦੌਲਤ ਅਤੇ ਇੱਜ਼ਤ ਆਬਰੂ ਲੁੱਟ ਕੇ ਬੜੇ ਅਰਾਮ ਨਾਲ ਇੱਥੋਂ ਚਲੇ ਜਾਂਦੇ।

ਸਿੱਖ ਤਵਾਰੀਖ਼ ਨੂੰ ਕੌਣ ਵਿਗਾੜ ਰਿਹਾ ਹੈ ?

0

ਸਿੱਖ ਤਵਾਰੀਖ਼ ਨੂੰ ਕੌਣ ਵਿਗਾੜ ਰਿਹਾ ਹੈ ?

ਸਰਵਜੀਤ ਸਿੰਘ ਸੈਕਰਾਮੈਂਟੋ

ਪਿਛਲੇ ਮਹੀਨੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਸੰਬੰਧਿਤ ਦੋ ਬਹੁਤ ਹੀ ਅਹਿਮ ਦਿਹਾੜੇ, ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਸਿੱਖ ਕੌਮ ਵੱਲੋਂ ਬੜੇ ਉਤਸ਼ਾਹ ਨਾਲ ਮਨਾਏ ਗਏ ਹਨ। ਦੇਸ਼-ਵਿਦੇਸ਼ ਦੀਆਂ ਅਖ਼ਬਾਰਾਂ ਵਿੱਚ ਹਰ ਸਾਲ ਦੀ ਤਰ੍ਹਾਂ, ਇਸ ਸਾਲ ਵੀ ਕਈ ਲੇਖ ਛਪੇ ਅਤੇ ਸੋਸ਼ਲ ਮੀਡੀਏ ਉੱਪਰ ਵੀ ਕਈ ਦਿਨ ਚਰਚਾ ਚਲਦੀ ਰਹੀ। ਖਾਸ ਤੌਰ ’ਤੇ ਦਰਬਾਰ ਸਾਹਿਬ ਵਿਖੇ ਵਿਦੇਸ਼ੀ ਫੁੱਲਾਂ ਨਾਲ ਕੀਤੀ ਗਈ ਸਜਾਵਟ ਦੀ, ਜਿਨ੍ਹਾਂ ਦੀ ਕੀਮਤ ਅਖ਼ਬਾਰਾਂ ਵੱਲੋਂ ਕਈ ਕਰੋੜ ਦੱਸੀ ਗਈ ਸੀ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਦੇ ਨਾਂ ਹੇਠ ਛਾਪੇ ਗਏ ਬਿਕ੍ਰਮੀ ਕੈਲੰਡਰ ਮੁਤਾਬਕ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ 12 ਭਾਦੋਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ 14 ਭਾਦੋਂ ਦਾ ਦਰਜ ਹੈ, ਜਿਸ ਕਾਰਨ ਕਈ ਸੱਜਣਾਂ ਵੱਲੋਂ ਇਹ ਸਵਾਲ ਵੀ ਆਇਆ ਕਿ ਜਦ ਗੁਰੂ ਗ੍ਰੰਥ ਸਾਹਿਬ ਜੀ ਸੰਪੂਰਨ 14 ਭਾਦੋਂ ਨੂੰ ਹੋਏ ਤਾਂ ਪ੍ਰਕਾਸ਼ 2 ਦਿਨ ਪਹਿਲਾਂ 12 ਭਾਦੋਂ ਨੂੰ ਕਿਵੇਂ ਸੰਭਵ ਹੋ ਸਕਦਾ ਹੈ ?  ਸ਼੍ਰੋਮਣੀ ਕਮੇਟੀ ਦਾ ਕੈਲੰਡਰ ਵੇਖ ਕੇ ਤਾਂ ਇਹ ਸਵਾਲ ਕਰਨਾ ਜਾਇਜ਼ ਹੀ ਹੈ। ਪਰ ਇਸ ਦਾ ਅਸਲ ਕਾਰਨ ਇਹ ਹੈ ਕਿ ਪਹਿਲਾ ਪ੍ਰਕਾਸ਼ ਦਿਵਸ, ਗੁਰੂ ਅਰਜਨ ਦੇਵ ਜੀ ਵੱਲੋਂ ਰਾਮਸਰ ਦੇ ਰਮਣੀਕ ਅਸਥਾਨ ’ਤੇ ਲਿਖਵਾਈ ਗਈ ਅਤੇ ਭਾਈ ਗੁਰਦਾਸ ਜੀ ਵੱਲੋਂ ਲਿਖੀ ਗਈ ਉਸ ਪਾਵਨ ਬੀੜ ਦਾ ਸੀ, ਜਿਸ ਦਾ ਪਹਿਲਾ ਗ੍ਰੰਥੀ ਬਾਬਾ ਬੁੱਢਾ ਜੀ ਨੂੰ ਥਾਪਿਆ ਗਿਆ ਸੀ। ਇਸ ਆਦਿ ਬੀੜ ਦੇ ਲਿਖੇ ਜਾਣ ਦੀ ਤਾਰੀਖ਼, ਇੱਕ ਭਾਦੋਂ, ਭਾਦੋਂ ਵਦੀ ਏਕਮ, ਸੰਮਤ 1661 ਬਿਕ੍ਰਮੀ ਮੰਨੀ ਹੈ ਅਤੇ ਕੁੱਝ ਦਿਨ ਜਿਲਦ ਬੰਨਵਾਉਣ ਤੋਂ ਬਾਅਦ ਇਨ੍ਹਾਂ ਦਾ ਪਹਿਲਾ ਪ੍ਰਕਾਸ਼ 17 ਭਾਦੋਂ, ਭਾਦੋਂ ਸੁਦੀ ਏਕਮ, ਸੰਮਤ 1661 ਬਿਕ੍ਰਮੀ ਯਾਨੀ 16 ਦਿਨ ਬਾਅਦ ਦਰਬਾਰ ਸਾਹਿਬ ਵਿਖੇ ਕੀਤਾ ਗਿਆ ਸੀ ਅਤੇ ‘ਸੰਪੂਰਨਤਾ ਦਿਵਸ ਗੁਰੂ ਗ੍ਰੰਥ ਸਾਹਿਬ ਜੀ’, ਉਹ ਦਿਹਾੜਾ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਤੋਂ, ਤਲਵੰਡੀ ਸਾਬੋ (ਤਖਤ ਦਮਦਮਾ ਸਾਹਿਬ) ਵਿਖੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਕਰਵਾ ਕੇ ਸੰਪੂਰਨ ਕੀਤਾ ਮੰਨਿਆ ਜਾਂਦਾ ਹੈ। ਇਹ ਦਿਹਾੜਾ ਸ਼੍ਰੋਮਣੀ ਕਮੇਟੀ ਵੱਲੋਂ ਹਰ ਸਾਲ ਪ੍ਰਵਿਸ਼ਟਿਆਂ ਮੁਤਾਬਕ 14 ਭਾਦੋਂ ਨੂੰ ਮਨਾਇਆ ਜਾਂਦਾ ਹੈ, ਪਰ ਪੋਥੀ ਸਾਹਿਬ ਦਾ ਪਹਿਲਾ ਪ੍ਰਕਾਸ਼ ਵਦੀ-ਸੁਦੀ ਭਾਵ ਚੰਦ ਦੇ ਕੈਲੰਡਰ ਮੁਤਾਬਕ, ਭਾਦੋਂ ਸੁਦੀ ਏਕਮ ਨੂੰ ਮਨਾਇਆ ਜਾਂਦਾ ਹੈ। ਇਸ ਕਾਰਨ ਇਸ ਦਿਹਾੜੇ ਦਾ ਪ੍ਰਵਿਸ਼ਟਾ ਅਤੇ ਤਾਰੀਖ ਹਰ ਸਾਲ ਬਦਲਦੀ ਰਹਿੰਦੀ ਹੈ। ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿੱਚ ਪਿਛਲੇ ਸਾਲ ਇਹ ਦਿਹਾੜਾ 23 ਭਾਦੋਂ (7 ਸਤੰਬਰ) ਦਾ ਦਰਜ ਸੀ, ਇਸ ਸਾਲ 12 ਭਾਦੋਂ (28 ਅਗਸਤ) ਅਤੇ ਅਗਲੇ ਸਾਲ 31 ਭਾਦੋਂ (16 ਸਤੰਬਰ) ਹੋਵੇਗਾ। ਜਦੋਂ ਕਿ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਸੂਰਜੀ ਬਿਕ੍ਰਮੀ ਕੈਲੰਡਰ ਮੁਤਾਬਕ ਮਨਾਉਣ ਕਾਰਨ ਹਰ ਸਾਲ 14 ਭਾਦੋਂ ਦਾ ਹੀ ਦਰਜ ਹੁੰਦਾ ਹੈ। (ਅਸਲ ’ਚ ਇਹ ਪ੍ਰਵਿਸ਼ਟਾ 15 ਭਾਦੋਂ ਹੈ।  15 ਭਾਦੋਂ, ਭਾਦੋਂ ਵਦੀ 3, ਸੰਮਤ 1763 ਬਿਕ੍ਰਮੀ, ਦਿਨ ਵੀਰਵਾਰ, 15 ਅਗਸਤ 1706 ਈ: ਜੂਲੀਅਨ)

ਕਈ ਸੱਜਣਾਂ ਨੂੰ ਵਦੀ-ਸੁਦੀ, ਪ੍ਰਵਿਸ਼ਟੇ, ਜੂਲੀਅਨ ਤੇ ਗਰੈਗੋਰੀਅਨ ਵਿੱਚ ਫਰਕ ਅਤੇ ਇਕ ਦੂਜੇ ਵਿੱਚ ਬਦਲੀ ਕਰਨ ਦੀ ਜਾਣਕਾਰੀ ਨਾ ਹੋਣ ਕਾਰਨ, ਕਈ ਵਾਰ ਬਹੁਤ ਹੀ ਹਾਸੋਂ ਹੀਣੀ ਸਥਿਤੀ ਪੈਦਾ ਹੋ ਜਾਂਦੀ ਹੈ। ਕੈਲੀਫੋਰਨੀਆ ਤੋਂ ਛਪਦੀ ਇਕ ਅਖ਼ਬਾਰ ਵਿਚ ਇਕ ਲੇਖ ‘ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਪੂਰਨਤਾ’ ਪੜ੍ਹ ਰਿਹਾ ਸੀ। ਜਿਸ ਦਾ ਲੇਖਕ ਲਿਖਦਾ ਹੈ ‘ਇਸ ਗ੍ਰੰਥ ਦੀ ਸੰਪੂਰਨਤਾ 30 ਅਗਸਤ, 1604 ਈ: ਨੂੰ ਹੋਈ। ਇਸੇ ਸਾਲ ਪਹਿਲੀ ਸਤੰਬਰ ਨੂੰ ਇਸ ਗ੍ਰੰਥ ਸਾਹਿਬ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ਼੍ਰੀ ਅੰਮ੍ਰਿਤਸਰ ਦੀ ਤਿਆਰ ਹੋਈ ਇਮਾਰਤ ਵਿਚ ਸਥਾਪਤ ਕਰਕੇ ਇਸ ਦਾ ਪ੍ਰਕਾਸ਼ ਕੀਤਾ ਗਿਆ। ਬਾਬਾ ਬੁੱਢਾ ਜੀ ਨੂੰ ਪਹਿਲਾ ਗ੍ਰੰਥੀ ਨਿਯੁਕਤ ਕੀਤਾ ਗਿਆ’। ਹੁਣ ਜੇ ਇਨ੍ਹਾਂ ਤਾਰੀਖਾਂ ਦੀ ਪੜਤਾਲ ਕਰੀਏ ਤਾਂ 30 ਅਗਸਤ, 1604 ਈ: (ਜੂਲੀਅਨ) 31 ਭਾਦੋਂ, ਸਾਵਣ ਸੁਦੀ 15 (ਪੁੰਨਿਆ) ਸੀ ਅਤੇ 1 ਸਤੰਬਰ ਨੂੰ 2 ਭਾਦੋਂ, ਭਾਦੋਂ ਵਦੀ ਤੀਜ ਬਣਦੀ ਹੈ।

ਫੇਸਬੁਕ ਉੱਪਰ ਇਕ ਸਾਂਝੇ ਸੱਜਣ ਵੱਲੋਂ ਡਾ: ਹਰਜਿੰਦਰ ਸਿੰਘ ਦਿਲਗੀਰ ਦੀ ਇਕ ਲਿਖਤ ਭੇਜੀ ਗਈ (ਮੈਨੂੰ ਤਾਂ ਡਾ: ਦਿਲਗੀਰ ਨੇ ਬਲਾਕ ਕੀਤਾ ਹੋਇਆ ਹੈ) ਜਿਸ ਵਿੱਚ ਉਹ ਲਿਖਦੇ ਹਨ ‘ਪਲੀਜ਼ ਇਤਿਹਾਸ ਦਾ ਰੇਪ ਨਾ ਕਰੋ ਸੰਮਤ 1661 ਦੀ ਭਾਦੋਂ ਸੁਦੀ ਏਕਮ (17 ਭਾਦੋਂ) ਗਰੈਗੋਰੀਅਨ ਕੈਲੰਡਰ (ਜਿਸ ਨੂੰ ਕੁਝ ਅਗਿਆਨੀ ਲੋਕ ਈਸਾਈ ਕੈਲੰਡਰ ਕਹਿੰਦੇ ਹਨ ਤੇ ਅੱਜ ਸਾਰੀ ਦੁਨੀਆਂ ਵਰਤਦੀ ਹੈ) ਮੁਤਾਬਿਕ 16 ਅਗਸਤ 1604 ਸੀ ਇਹ ਪੁਰੇਵਾਲ ਦੀ ਜੰਤਰੀ ਦੇ ਸਫ਼ਾ 136 ’ਤੇ ਵੀ 16 ਅਗਸਤ ਹੈ ਸੂਝਵਾਨ ਸਿੱਖਾਂ ਨੂੰ ਅਪੀਲ: ਤੁਸੀਂ ਇਹ ਪੁਰਬ 2022 ਵਿਚ ਜੰਮਜੰਮ ਪਹਿਲੀ ਸਤੰਬਰ ਨੂੰ ਮਨਾਓ, ਪਰ ਸਿੱਖ ਤਵਾਰੀਖ਼ ਨਾ ਵਿਗਾੜੋ

 ਇਸ ਸੰਬੰਧੀ ਬੇਨਤੀ ਹੈ ਕਿ ਡਾ: ਦਿਲਗੀਰ ਜੀ ਵੱਲੋਂ ਲਿਖੀ ਗਈ ਤਾਰੀਖ ਭਾਦੋਂ ਸੁਦੀ ਏਕਮ, 17 ਭਾਦੋਂ ਸੰਮਤ 1661 ਬਿਕ੍ਰਮੀ ਤਾਂ ਠੀਕ ਹੈ ਪਰ ਅੰਗਰੇਜ਼ੀ ਤਾਰੀਖ, ‘ਸੰਮਤ 1661 ਦੀ ਭਾਦੋਂ ਸੁਦੀ ਏਕਮ (17 ਭਾਦੋਂ) ਗਰੈਗੋਰੀਅਨ ਕੈਲੰਡਰ ਮੁਤਾਬਕ 16 ਅਗਸਤ 1604 ਸੀ’ ਇਹ ਸਹੀਂ ਨਹੀਂ। ਇਸ ਤਾਰੀਖ ਦੀ ਪੜਤਾਲ ਕੀਤੀ ਤਾਂ ਇਹ ਤਾਰੀਖ ਗ਼ਲਤ ਸਾਬਤ ਹੋਈ, ਅਸਲ ’ਚ 16 ਅਗਸਤ ਗ੍ਰੈਗੋਰੀਅਨ ਨਹੀਂ, 16 ਅਗਸਤ ਜੂਲੀਅਨ ਸੀ। ਸ: ਪਾਲ ਸਿੰਘ ਪੁਰੇਵਾਲ ਦੀ ਜੰਤਰੀ ਵਿੱਚ ਵੀ 16 ਅਗਸਤ ਜੂਲੀਅਨ ਹੀ ਲਿਖੀ ਹੈ ਕਿਉਂਕਿ ਭਾਰਤ ’ਚ ਗ੍ਰੈਗੋਰੀਅਨ ਕੈਲੰਡਰ 2 ਸਤੰਬਰ 1752 ਨੂੰ ਲਾਗੂ ਹੋਇਆ ਮੰਨਿਆ ਗਿਆ, ਜਿਸ ਦੇ ਕੈਲੰਡਰ ਦੀ ਫੋਟੋ ਹੇਠਾਂ ਵੇਖੀ ਜਾ ਸਕਦੀ ਹੈ ।  16 ਅਗਸਤ 1604 ਈ: ਗਰੈਗੋਰੀਅਨ ਨੂੰ ਤਾਂ 7 ਭਾਦੋਂ, ਭਾਦੋਂ ਵਦੀ 6 ਸੀ। ਦੂਜੇ ਪਾਸੇ, ਜੇ ਭਾਦੋਂ ਸੁਦੀ ਏਕਮ, 17 ਭਾਦੋਂ ਨੂੰ ਸਹੀ ਮੰਨ ਕੇ ਗਰੈਗੋਰੀਅਨ ਕੈਲੰਡਰ ਦੀ ਤਾਰੀਖ ਵੇਖੀਏ ਤਾਂ ਇਹ 26 ਅਗਸਤ 1604 ਈ: ਬਣਦੀ ਹੈ, ਨਾ ਕਿ 16 ਅਗਸਤ। ਇਉਂ ਹਰਜਿੰਦਰ ਸਿੰਘ ਦਿਲਗੀਰ ਵਰਗੇ ਵਿਦਵਾਨਾਂ ਦਾ ਇਹ ਕਹਿਣਾ ਕਿ ‘ਇਤਿਹਾਸ ਦਾ ਰੇਪ’ ਨਾ ਕਰੋ, ਤਾਂ ਸਮਝਣਾ ਪੈਣਾ ਹੈ ਇਹ ਕੌਣ ਕਰ ਰਿਹਾ ਹੈ ? ਜਿਨ੍ਹਾਂ ਨੂੰ ਜੂਲੀਅਨ ਅਤੇ ਗਰੈਗੋਰੀਅਨ ਕੈਲੰਡਰ ਦੇ ਫ਼ਰਕ ਦਾ ਨਹੀਂ ਪਤਾ, ਉਹ ਪਿਛਲੇ ਦੋ ਦਹਾਕਿਆਂ ਤੋਂ ਨਾਨਕਸ਼ਾਹੀ ਕੈਲੰਡਰ ਦੀ ਅਲੋਚਨਾ ਕਰ ਰਹੇ ਹਨ।  ਨਾਨਕਸ਼ਾਹੀ ਕੈਲੰਡਰ ਵਿੱਚ 17 ਭਾਦੋਂ ਦਰਜ ਹੈ। ਪਤਾ ਨਹੀਂ ਦਿਲਗੀਰ ਹੋਰਾਂ ਨੂੰ ਸ. ਪਾਲ ਸਿੰਘ ਪੁਰੇਵਾਲ ਵੱਲੋਂ ਬਣਾਈ 500 ਸਾਲਾਂ ਜੰਤਰੀ ਦੇ ਸਫ਼ਾ 136 ’ਤੇ ਦਰਜ, 17 ਭਾਦੋਂ ਨੂੰ ਸਹੀ ਮੰਨਣ ’ਤੇ ਕੀ ਇਤਰਾਜ਼ ਹੈ ?

ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ (ਸੂਰਜੀ ਸਿਧਾਂਤ) ਜਿਹੜਾ ਆਪਣੇ ਖਿਤੇ ਵਿੱਚ ਲਾਗੂ ਸੀ, ਉਸ ਵਿੱਚ ਦੋਵੇਂ ਤਰ੍ਹਾਂ ਹੀ (ਵਦੀ-ਸੁਦੀ ਅਤੇ ਪ੍ਰਵਿਸ਼ਟੇ) ਤਾਰੀਖਾਂ ਲਿਖੀਆਂ ਜਾਂਦੀਆਂ ਸਨ। ਜਿਵੇਂ ਡਾ. ਦਿਲਗੀਰ ਨੇ ਵੀ ਦੋਵੇਂ ਤਰ੍ਹਾਂ ਹੀ, ‘ਭਾਦੋਂ ਸੁਦੀ ਏਕਮ ਅਤੇ 17 ਭਾਦੋਂ’ ਲਿਖੀ ਹੈ। ਅੰਗਰੇਜ਼ੀ ਕੈਲੰਡਰ ਤਾਂ ਬਹੁਤ ਪਿਛੋਂ ਪ੍ਰਚਲਿਤ ਹੋਇਆ ਹੈ। ਆਪਣੇ ਦੇਸ਼ ਵਿਚ ਜੂਲੀਅਨ ਕੈਲੰਡਰ ਕਦੇ ਵੀ ਲਾਗੂ ਨਹੀਂ ਹੋਇਆ। ਭਾਵੇਂ ਜੂਲੀਅਨ ਕੈਲੰਡਰ ਵਿੱਚ ਸੋਧ ਅਕਤੂਬਰ 1582 ਈ: ਵਿੱਚ ਹੋ ਗਈ ਸੀ, ਜਿਸ ਉਪਰੰਤ ਇਹ ਗਰੈਗੋਰੀਅਨ ਕੈਲੰਡਰ ਬਣ ਗਿਆ ਸੀ, ਪਰ ਇੰਗਲੈਂਡ ਨੇ ਇਸ ਸੋਧ ਨੂੰ ਸਤੰਬਰ 1752 ਈ: ਪ੍ਰਵਾਨ ਕੀਤਾ ਸੀ। ਇਸ ਲਈ ਆਪਣੇ ਖਿਤੇ ਵਿੱਚ ਅੰਗਰੇਜਾਂ ਦੇ ਆਉਣ ਤੋਂ ਪਿਛੋਂ ਗਰੈਗੋਰੀਅਨ ਕੈਲੰਡਰ ਹੀ ਆਇਆ ਸੀ। ਜੇ ਇਸ ਦਿਨ ਦੀ ਅੰਗਰੇਜ਼ੀ ਤਾਰੀਖ ਵੇਖਣੀ ਹੋਵੇ ਤਾਂ ਇਹ 16 ਅਗਸਤ 1604 ਈ: ਜੂਲੀਅਨ ਬਣਦੀ ਹੈ ਨਾ ਕਿ 16 ਅਗਸਤ 1604 ਈ: ਗਰੈਗੋਰੀਅਨ। ਡਾ. ਹਰਜਿੰਦਰ ਸਿੰਘ ਦਿਲਗੀਰ ਵੱਲੋਂ ਇਸ ਨੂੰ 16 ਅਗਸਤ 1604 ਈ: ਗਰੈਗੋਰੀਅਨ ਲਿਖਣਾ, ਉਸ ਦਾ ਕੈਲੰਡਰ ਵਿਗਿਆਨ ਦੀ ਮੁੱਢਲੀ ਜਾਣਕਾਰੀ ਤੋਂ ਕੋਰੇ ਹੋਣ ਦਾ ਠੋਸ ਸਬੂਤ ਹੈ। ਕੈਲੰਡਰ ਕਮੇਟੀ ਵੱਲੋਂ ਲਏ ਗਏ ਫ਼ੈਸਲੇ ਮੁਤਾਬਕ, ਹਰ ਇਤਿਹਾਸਿਕ ਦਿਹਾੜੇ ਦੇ ਪ੍ਰਵਿਸ਼ਟੇ ਨੂੰ ਮੁੱਖ ਰੱਖਿਆ ਗਿਆ ਹੈ, ਵਦੀ-ਸੁਦੀ ਜਾਂ ਅੰਗਰੇਜ਼ੀ ਤਾਰੀਖਾਂ ਨੂੰ ਨਹੀਂ। ਇਸ ਲਈ ਨਾਨਕਸ਼ਾਹੀ ਕੈਲੰਡਰ ਵਿਚ, ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ 17 ਭਾਦੋਂ ਦਰਜ ਕੀਤਾ ਗਿਆ ਹੈ। ਹਰ ਸਾਲ ਇਸ ਦਿਨ ਗਰੈਗੋਰੀਅਨ ਕੈਲੰਡਰ ਦੀ 1 ਸਤੰਬਰ ਹੋਵੇਗੀ। ਜੇ ਗ੍ਰੰਥ ਗ੍ਰੰਥ ਸਾਹਿਬ ਦਾ ਸੰਪੂਰਨਤਾ ਦਿਵਸ ਪ੍ਰਵਿਸ਼ਟਿਆਂ ਮੁਤਾਬਕ ਹਰ ਸਾਲ 14 ਭਾਦੋਂ ਨੂੰ ਮਨਾਇਆ ਜਾ ਸਕਦਾ ਹੈ, ਜਿਸ ’ਤੇ ਡਾ. ਦਿਲਗੀਰ ਨੇ ਕਦੇ ਇਤਰਾਜ਼ ਨਹੀਂ ਕੀਤਾ, ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਹਰ ਸਾਲ 17 ਭਾਦੋਂ ਨੂੰ ਮਨਾਉਣ ’ਤੇ ਇਤਰਾਜ਼ ਕਿਉਂ ?

ਸ਼੍ਰੋਮਣੀ ਕਮੇਟੀ ਵੱਲੋਂ ਛਾਪੇ ਗਏ ਕੈਲੰਡਰ ਮੁਤਾਬਕ ਪਿਛਲੇ ਸਾਲ ਇਹ ਦਿਹਾੜਾ 7 ਸਤੰਬਰ ਨੂੰ ਮਨਾਇਆ ਗਿਆ ਸੀ, ਇਸ ਸਾਲ ਇਹ ਦਿਹਾੜਾ 28 ਅਗਸਤ ਨੂੰ ਮਨਾਇਆ ਗਿਆ ਹੈ। ਮੈਂ, ਸ਼੍ਰੋਮਣੀ ਕਮੇਟੀ ਵੱਲੋਂ ਛਾਪੇ ਗਏ ਪਿਛਲੇ 10 ਸਾਲਾਂ ਦੇ ਕੈਲੰਡਰਾਂ ਦੀ ਪੜਤਾਲ ਕੀਤੀ ਹੈ, ਇਹ ਦਿਹਾੜਾ ਕਦੇ ਵੀ ਡਾ. ਦਿਲਗੀਰ ਵੱਲੋਂ ਦੱਸੀ ਗਈ ਤਾਰੀਖ ਨੂੰ ਨਹੀਂ ਮਨਾਇਆ ਗਿਆ। ਇਸ ’ਤੇ ਤਾਂ ਡਾ ਦਿਲਗੀਰ ਨੇ ਇਤਰਾਜ਼ ਨਹੀਂ ਕੀਤਾ। ਜੇ ਹਰ ਸਾਲ ਅਸਲ ਪ੍ਰਵਿਸ਼ਟੇ ਭਾਵ 17 ਭਾਦੋਂ ਨੂੰ ਮਨਾਇਆ ਜਾਵੇ ਤਾਂ ਡਾ. ਦਿਲਗੀਰ ਇਸ ਨੂੰ ‘ਇਤਹਾਸ ਨਾਲ ਰੇਪ’ ਦੱਸਦਾ ਪਿਆ ਹੈ। ਹੁਣ ਇਨ੍ਹਾਂ ਨੂੰ ਇਮਾਨਦਾਰ ਕਿਵੇਂ ਮੰਨਿਆ ਜਾਵੇ ? ਇਸ ਤੋਂ ਸਪਸ਼ਟ ਹੈ ਕਿ ਇਨ੍ਹਾਂ ਦਾ ਮਕਸਦ ਸਿਰਫ਼ ਅਤੇ ਸਿਰਫ਼ ਨਿੱਜੀ ਕਾਰਨਾਂ ਕਰਕੇ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰਨਾ ਹੀ ਹੈ।

ਪਾਲ ਸਿੰਘ ਪੁਰੇਵਾਲ ਨੂੰ ਯਾਦ ਕਰਦੇ ਹੋਏ

0

ਪਾਲ ਸਿੰਘ ਪੁਰੇਵਾਲ ਨੂੰ ਯਾਦ ਕਰਦੇ ਹੋਏ

ਕਿਰਪਾਲ ਸਿੰਘ ਬਠਿੰਡਾ

ਤਹਿਸੀਲ ਨਕੋਦਰ ਜ਼ਿਲ੍ਹਾ ਜਲੰਧਰ ਦਾ ਪਿੰਡ ਸ਼ੰਕਰ ਪੰਜਾਬ ਦਾ ਬਹੁਤ ਵੱਡਾ ਅਤੇ ਪ੍ਰਸਿੱਧ ਨਗਰ ਹੈ, ਜਿਸ ਨੂੰ ਗੁਰੂ ਅਰਜਨ ਦੇਵ ਜੀ ਦੀ ਚਰਨਛੋਹ ਪ੍ਰਾਪਤ ਹੈ। ਗੁਰੂ ਅਰਜਨ ਦੇਵ ਜੀ ਦੇ ਵਿਆਹ ਦੀ ਪਾਰਟੀ (ਬਰਾਤ) ਨੇ ਮਲਹੜੀ (ਨੇੜੇ ਨਕੋਦਰ), ਸ਼ੰਕਰ (ਨਕੋਦਰ ਤੋਂ ਸਿਰਫ 2-3 ਮੀਲ) ਅਤੇ ਸ: ਪਾਲ ਸਿੰਘ ਪੁਰੇਵਾਲ ਦੇ ਨਾਨਕੇ ਪਿੰਡ ਬਿਲਗਾ ਸਮੇਤ ਵੱਖ-ਵੱਖ ਪਿੰਡਾਂ ਵਿੱਚ ਕਈ ਠਹਿਰਾਅ ਕੀਤੇ। ਲਾੜੇ ਗੁਰੂ ਅਰਜਨ ਦੇਵ ਜੀ ਤੋਂ ਇਲਾਵਾ, ਵਿਆਹ ਦੀ ਪਾਰਟੀ ਵਿੱਚ ਪ੍ਰਸਿੱਧ ਗੁਰਸਿੱਖ ਜਿਵੇਂ ਬਾਬਾ ਬੁੱਢਾ ਜੀ, ਭਾਈ ਮੰਝ ਜੀ, ਭਾਈ ਸ਼ਾਲੋ ਜੀ, ਮੀਆਂ ਮੀਰ ਜੀ, ਭਾਈ ਗੁਰਦਾਸ ਜੀ, ਭਾਈ ਸੰਗ ਜੀ ਅਤੇ ਹੋਰ ਸਿੱਖ ਸ਼ਾਮਲ ਸਨ। ਉਹ ਪਿੰਡ ਬਿਲਗਾ (ਸ: ਪਾਲ ਸਿੰਘ ਪੁਰੇਵਾਲ ਦਾ ਨਾਨਕਾ ਪਿੰਡ ਅਤੇ ਜਨਮ ਸਥਾਨ) ਜਾਣ ਤੋਂ ਪਹਿਲਾਂ ਪਿੰਡ ਸ਼ੰਕਰ ਵਿਖੇ ਕੁਝ ਸਮਾਂ ਰੁਕੇ। ਉਸ ਸਮੇਂ ਬਿਲਗਾ ਬਹੁਤ ਛੋਟਾ ਸੀ, ਜਿਸ ਵਿੱਚ ਸਿਰਫ਼ ਸੱਤ ਮਿੱਟੀ ਦੀਆਂ ਝੌਂਪੜੀਆਂ ਸਨ, ਪਰ ਇਸ ਸਮੇਂ ਬਿਲਗਾ ਪੰਜਾਬ ਦੇ ਸਭ ਤੋਂ ਵੱਡੇ ਪਿੰਡਾਂ ਵਿੱਚੋਂ ਇੱਕ ਹੈ। ਸ: ਪਾਲ ਸਿੰਘ ਪੁਰੇਵਾਲ ਜੀ ਦੇ ਆਪਣੇ ਦੱਸਣ ਮੁਤਾਬਕ ਉਨ੍ਹਾਂ ਦਾ ਜਨਮ ਉਨ੍ਹਾਂ ਦੇ ਨਾਨਕਾ ਪਿੰਡ ਬਿਲਗਾ ਵਿਖੇ 23 ਨਵੰਬਰ 1932 ਨੂੰ ਹੋਇਆ ਸੀ। ਸ: ਪਾਲ ਸਿੰਘ ਪੁਰੇਵਾਲ ਨੂੰ ਦੋਹਰੀ ਬਖ਼ਸ਼ਸ਼ ਹੋਈ ਕਿਉਂਕਿ ਉਸ ਦਾ ਜਨਮ ਬਿਲਗਾ ਵਿੱਚ ਹੋਇਆ ਸੀ ਅਤੇ ਉਹ ਪਿੰਡ ਸ਼ੰਕਰ ਦਾ ਰਹਿਣ ਵਾਲਾ ਸੀ। ਉਨ੍ਹਾਂ ਨੇ ਆਪਣੇ ਹੀ ਪਿੰਡ ਦੇ ਖਾਲਸਾ ਹਾਈ ਸਕੂਲ ਸ਼ੰਕਰ ਵਿੱਚੋਂ 1948 ਈਸਵੀ ’ਚ ਦਸਵੀਂ ਪਾਸ ਕੀਤੀ ਅਤੇ ਪੰਜਾਬ ਸਟੇਟ ਮੈਰਿਟ ਸਕਾਲਰਸ਼ਿੱਪ ਦੇ ਵਿਜੇਤਾ ਸਨ। ਸਕੂਲ ਦੇ ਇਤਿਹਾਸ ਵਿੱਚ ਮੈਰਿਟ ਸੂਚੀ ਬੋਰਡ ਵਿੱਚ ਉਸ ਦਾ ਨਾਮ ਅੱਜ ਵੀ ਸਭ ਤੋਂ ਉੱਪਰ ਹੈ। ਉਸ ਤੋਂ ਬਾਅਦ ਦੁਆਬਾ ਕਾਲਜ ਨਕੋਦਰ ਤੋਂ F.Sc. ਅਤੇ ਡੀ.ਏ.ਵੀ. ਕਾਲਜ ਜਲੰਧਰ ਤੋਂ B.Sc. ਕੀਤੀ। ਇਸ ਤੋਂ ਬਾਅਦ B.T. ਕੀਤੀ। ਉਹ ਕੇਵਲ ਪੜ੍ਹਾਈ ’ਚ ਹੀ ਹੁਸ਼ਿਆਰ ਵਿਦਿਆਰਥੀ ਨਹੀਂ ਸਨ ਬਲਕਿ ਚੰਗੇ ਖਿਡਾਰੀ ਵੀ ਸਨ। ਕਾਲਜ ਦੌਰਾਨ ਬਾਸਕਟ ਬਾਲ ਦੇ ਚੰਗੇ ਖਿਡਾਰੀ ਰਹੇ ਸਨ। ਟੀਮ ਦੇ ਕੈਪਟਨ ਵਜੋਂ ਪੰਜਾਬ ਦੀ ਨੁਮਾਇੰਦਗੀ ਕੀਤੀ। ਉਹ ਸ਼ਤਰੰਜ ਚੈਂਪੀਅਨ ਵੀ ਸੀ। ਇੰਡੀਅਨ ਚੈੱਸ ਹਿਸਟਰੀ ਪੁਸਤਕ ’ਚ ਪੰਜਾਬ ਚੈੱਸ ਸੰਬੰਧੀ ਉਨ੍ਹਾਂ ਦਾ ਇੱਕ ਲੇਖ ਛਪਿਆ ਹੈ। ਸ: ਪੁਰੇਵਾਲ ਨੇ ਆਪਣੇ ਹੀ ਪਿੰਡ ਦੇ ਖ਼ਾਲਸਾ ਹਾਈ ਸਕੂਲ ਸ਼ੰਕਰ (ਬਾਅਦ ਵਿੱਚ ਸਰਕਾਰੀ ਹਾਈ ਸਕੂਲ ਸ਼ੰਕਰ) ਵਿੱਚ ਕਈ ਸਾਲ ਬਤੌਰ ਸਫਲ B.Sc., B.T. ਸਾਇੰਸ ਮਾਸਟਰ ਦੇ ਤੌਰ ’ਤੇ ਪੜ੍ਹਾਇਆ। ਸੰਨ 1965 ’ਚ ਇੰਗਲੈਂਡ ਚਲੇ ਗਏ ਅਤੇ ਭਾਰਤ-ਪਾਕਿਸਤਾਨ ਜੰਗ ਲੱਗਣ ਕਾਰਨ ਛੁੱਟੀ ਰੱਦ ਹੋ ਜਾਣ ’ਤੇ ਤਿੰਨ ਕੁ ਮਹੀਨੇ ਬਾਅਦ ਵਾਪਸ ਆਉਣਾ ਪਿਆ। ਸੰਨ 1966 ’ਚ ਸਰਕਾਰੀ ਨੌਕਰੀ ਤੋਂ ਅਸਤੀਫ਼ਾ ਦੇ ਕੇ ਪੱਕੇ ਤੌਰ ’ਤੇ ਵਾਪਸ ਇੰਗਲੈਂਡ ਚਲੇ ਗਏ ਅਤੇ ਉੱਥੇ ਨਿਯੁਕਤੀ ਪ੍ਰਾਪਤ ਕਰ ਲਈ ਸੀ। ਸੰਨ 1967 ’ਚ ਆਪਣੇ ਪਰਵਾਰ ਨੂੰ ਵੀ ਇੰਗਲੈਂਡ ਬੁਲਾ ਲਿਆ। ਟੈਕਸਾਸ ਇੰਸਟਰੂਮੈਂਟਸ (Texas Instruments) ਵਿੱਚ ਨੌਕਰੀ ਕਰ ਲਈ ਅਤੇ ਬਹੁਤ ਹੀ ਥੋੜ੍ਹੇ ਸਮੇਂ ’ਚ ਸੀਨੀਅਰ ਟੈਕਨੀਸ਼ਨ ਤੋਂ ਤਰੱਕੀਆਂ ਪਾ ਕੇ ਸੀਨੀਅਰ ਇੰਜੀਨੀਅਰ ਬਣ ਗਏ। ਸੰਨ 1974 ’ਚ ਉਹ ਕੈਨੇਡਾ ਚਲੇ ਗਏ ਅਤੇ ਬਹੁਤ ਹੀ ਘੱਟ ਸਮੇਂ ’ਚ ਤਰੱਕੀਆਂ ਪਾ ਕੇ ਆਈ.ਟੀ. ਵਿਚ ਕੰਪਿਊਟ ਪ੍ਰੋਗਰਾਮਿੰਗ ਵਿਭਾਗ ਦੇ ਇੰਚਾਰਜ ਅਤੇ ਮੈਨੇਜਰ ਬਣ ਗਏ। ਉਨ੍ਹਾਂ ਦਾ ਵੱਡਾ ਪੁੱਤਰ ਡਾ: ਸਤਿੰਦਰ ਸਿੰਘ (ਲੰਡਨ ਰਹਿੰਦਾ) ਹੈ, ਜੋ ਦੁਨੀਆਂ ਦੇ ਪ੍ਰਮੁੱਖ ਪੈਟਰੋਲੀਅਮ ਇੰਜੀਨੀਅਰਾਂ ਅਤੇ ਵਿਗਿਆਨੀਆਂ ਵਿੱਚੋਂ ਇੱਕ ਹੈ, ਜਿਸ ਦਾ ਸਨਮਾਨਯੋਗ ਅਹੁਦਾ ਹੈ। ਉਹ ਇੰਪੀਰੀਅਲ ਕਾਲਜ, ਲੰਡਨ ਦੇ ਪ੍ਰੋਫ਼ੈਸਰ ਅਤੇ ਉਸ ਖੇਤਰ ਵਿੱਚ ਸਭ ਤੋਂ ਵੱਧ ਮੰਗੇ ਜਾਣ ਵਾਲੇ ਤਕਨੀਕੀ ਸਲਾਹਕਾਰਾਂ ਵਿੱਚੋਂ ਇੱਕ ਹਨ। ਸ: ਪੁਰੇਵਾਲ ਦਾ ਇੱਕ ਛੋਟਾ ਪੁੱਤਰ ਹਰਿੰਦਰ ਸਿੰਘ ਪੁਰੇਵਾਲ ਹੈ, ਜੋ ਉਨ੍ਹਾਂ ਦੇ ਨਾਲ ਕੈਨੇਡਾ ਰਹਿੰਦਾ ਹੈ।  22 ਸਤੰਬਰ 2022 ਨੂੰ 89 ਸਾਲ 10 ਮਹੀਨੇ ਦੀ ਉਮਰ ਭੋਗ ਕੇ ਸ: ਪਾਲ ਸਿੰਘ ਜੀ ਪੁਰੇਵਾਲ ਆਪਣੇ ਪਿੱਛੇ ਪਤਨੀ ਗੁਰਜੀਤ ਕੌਰ, ਦੋ ਪੁੱਤਰ ਅਤੇ ਦੋ ਪੋਤੇ-ਪੋਤੀਆਂ ਦੇ ਖ਼ੁਸ਼ਹਾਲ ਪਰਵਾਰ ਸਮੇਤ ਇਸ ਫ਼ਾਨ੍ਹੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ ਹਨ।

ਸ: ਪਾਲ ਸਿੰਘ ਜੀ ਪੁਰੇਵਾਲ ਨੂੰ ਵਿਦਿਆਰਥੀ ਜੀਵਨ ਤੋਂ ਹੀ ਕੈਲੰਡਰ ਵਿਸ਼ੇ ’ਚ ਬਹੁਤ ਦਿਲਚਸਪੀ ਸੀ। ਉਹ ਦੱਸਦੇ ਹੁੰਦੇ ਸਨ ਕਿ ਉਨ੍ਹਾਂ ਦੀ ਮਾਤਾ ਜੀ ਉਨ੍ਹਾਂ ਤੋਂ ਗੁਰ ਪੁਰਬਾਂ, ਮੱਸਿਆ, ਸੰਗਰਾਂਦਾਂ ਅਤੇ ਪੂਰਨਮਾਸ਼ੀਆਂ ਦੀਆਂ ਤਾਰੀਖ਼ਾਂ ਪੁੱਛਦੀ ਰਹਿੰਦੀ ਸੀ, ਇਸ ਲਈ ਉਹ ਹਰ ਸਾਲ ਜੰਤਰੀ ਖਰੀਦ ਕੇ ਲਿਆਉਂਦੇ ਸਨ। ਜਦ ਉਹ ਜੰਤਰੀ ਪੜ੍ਹਦੇ ਤਾਂ ਵੇਖਦੇ ਕਿ ਉਸ ਵਿੱਚ ਤਿਥਾਂ, ਘੜੀ, ਪਲ, ਨਛੱਤਰ, ਯੋਗ ਆਦਿਕ ਲਿਖੇ ਹੁੰਦੇ ਸਨ ਤਾਂ ਉਨ੍ਹਾਂ ਦੀ ਦਿਲਚਸਪੀ ਇਹ ਜਾਣਨ ’ਚ ਵਧਦੀ ਗਈ ਕਿ ਇਹ ਕੀ ਹਨ ਅਤੇ ਕਿਵੇਂ ਬਦਲਦੀਆਂ ਹਨ ? ਇਹ ਜਾਣਨ ਲਈ ਉਨ੍ਹਾਂ ਨੇ ‘ਸੂਰਜ ਸਿਧਾਂਤ’ ਪੁਸਤਕ ਖਰੀਦੀ, ਜੋ 1000 ਸਾਲ ਪੁਰਾਣਾ ਸਿਧਾਂਤ ਹੈ। ਉਸ ਦੇ ਆਧਾਰ ’ਤੇ ਹੀ ਬਿਕ੍ਰਮੀ ਕੈਲੰਡਰ ਬਣਦੇ ਹਨ। ਇਸ ਸਿਧਾਂਤ ਨਾਲ ਤਾਰੀਖ਼ਾਂ ਦੀ ਗਣਿਤ ਬਹੁਤ ਲੰਬੀ ਹੈ। ਇਸ ਲੰਬੀ ਗਣਿਤ ਨੂੰ ਛੋਟੇ ਤਰੀਕੇ ਨਾਲ ਹੱਲ ਕਰਨ ਲਈ ਇੱਕ ਪੁਸਤਕ ਹੈ ‘ਗ੍ਰਹ ਲਘਮ’ (ਭਾਵ ਗ੍ਰਹਿਆਂ ਦੀ ਗਣਿਤ ਛੋਟੇ ਤਰੀਕੇ ਨਾਲ)। ਤੀਸਰੀ ਪੁਸਤਕ ਹੈ ‘ਮਕਰੰਦ ਸਾਰਣੀ’ ਜੋ ਗੁਰੂ ਨਾਨਕ ਸਾਹਿਬ ਜੀ ਦੇ ਸਮਕਾਲੀ ਪੰਡਿਤ ਦੀ ਲਿਖੀ ਹੈ।

ਸ: ਪਾਲ ਸਿੰਘ ਜੀ ਪੁਰੇਵਾਲ ਨੇ ਇਨ੍ਹਾਂ ਤਿੰਨੇ ਪੁਸਤਕਾਂ ਨੂੰ ਚੰਗੀ ਤਰ੍ਹਾਂ ਪੜ੍ਹਿਆ, ਘੋਖਿਆ ਅਤੇ ਇਨ੍ਹਾਂ ’ਚ ਮਾਸਟਰੀ ਹਾਸਲ ਕੀਤੀ। ਹੁਣ ਉਹ ਸਭ ਕੁਝ ਸਿੱਖ ਚੁੱਕੇ ਸਨ, ਜੋ ਬਿਕ੍ਰਮੀ ਕੈਲੰਡਰ ਤਿਆਰ ਕਰਨ ਲਈ ਲੋੜੀਂਦਾ ਹੈ। ਉਨ੍ਹਾਂ ਨੇ ਟੇਵੇ/ ਜਨਮ ਪੱਤਰੀਆਂ ਬਣਾਉਣੀਆਂ ਅਤੇ ਉਨ੍ਹਾਂ ਦੀ ਸ਼ੁੱਧਤਾ ਚੈੱਕ ਕਰਨ ’ਚ ਵੀ ਯੋਗਤਾ ਹਾਸਲ ਕਰ ਲਈ, ਜਿਸ ਦੀ ਮਦਦ ਨਾਲ ਟੇਵਿਆਂ/ ਜਨਮ ਪੱਤਰੀਆਂ ਦੀ ਪ੍ਰਮਾਣਿਕਤਾ ਚੈੱਕ ਕੀਤੀ ਜਾਣ ਲੱਗੀ ਕਿਉਂਕਿ ਉਨ੍ਹਾਂ ਦੀ ਸਹਾਇਤਾ ਨਾਲ ਹੀ ਗੁਰ ਪੁਰਬਾਂ ਦੀਆਂ ਗਲਤ ਤਾਰੀਖ਼ਾਂ ਪ੍ਰਚਲਿਤ ਕਰ ਦਿੱਤੀਆਂ ਗਈਆਂ ਸਨ। ਫਿਰ ਉਨ੍ਹਾਂ ਨੇ ਇਨ੍ਹਾਂ ਤਿੰਨਾਂ ਪੁਸਤਕਾਂ ਦਾ ਕੰਪਿਊਟਰ ਪ੍ਰੋਗਰਾਮ ਤਿਆਰ ਕੀਤਾ, ਜਿਸ ਦੀ ਮਦਦ ਨਾਲ ਕੋਈ ਵੀ ਤਾਰੀਖ਼ ਇੱਕ ਤੋਂ ਦੂਸਰੀ ਪੱਧਤੀ ’ਚ ਆਸਾਨੀ ਨਾਲ ਬਦਲੀ ਜਾ ਸਕਦੀ ਹੈ। ਸਿੱਖ ਇਤਿਹਾਸ ਪੜ੍ਹਦਿਆਂ ਉਨ੍ਹਾਂ ਨੋਟ ਕੀਤਾ ਕਿ ਇੱਕੋ ਇਤਿਹਾਸਕਾਰ ਆਪਣੀ ਇੱਕੋ ਪੁਸਤਕ ’ਚ ਜਾਂ ਦੂਸਰੀ ਤੇ ਤੀਸਰੀ ਪੁਸਤਕ ’ਚ ਇੱਕੋ ਘਟਨਾ ਨੂੰ ਵੱਖ ਵੱਖ ਤਾਰੀਖਾਂ ’ਚ ਲਿਖਦਾ ਪਿਆ ਹੈ। ਮਿਸਾਲ ਵਜੋਂ ਗਿਆਨੀ ਗਿਆਨ ਸਿੰਘ ਨੇ ਤਵਾਰੀਖ਼ ਗੁਰੂ ਖ਼ਾਲਸਾ ਪੁਸਤਕ ’ਚ ਇਕੋ ਘਟਨਾਂ ਦੀਆਂ ਤਿੰਨ ਤਿੰਨ ਤਾਰੀਖ਼ਾਂ ਲਿਖੀਆਂ ਹਨ। ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਕਈ ਇਤਿਹਾਸਕਾਰਾਂ ਨੇ ਜੇਠ ਸੁਦੀ 4, ਬਿਕ੍ਰਮੀ ਸੰਮਤ 1663 / 30 ਮਈ 1606 ਨੂੰ 1 ਹਾੜ ਲਿਖਿਆ ਹੈ ਅਤੇ ਕਈਆਂ ਨੇ 2 ਹਾੜ।  ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਇਤਿਹਾਸਕ ਦਿਹਾੜਿਆਂ ਦੀਆਂ ਤਾਰੀਖ਼ਾਂ ਵਿੱਚ ਅੰਤਰ ਹੈ। ਇਸ ਵਖਰੇਵੇਂ ਦੀ ਪੜਤਾਲ ਕੀਤੀ ਤਾਂ ਇਸ ਸਿੱਟੇ ’ਤੇ ਪਹੁੰਚੇ ਕਿ ਸਿੱਖ ਇਤਿਹਾਸ ਬਿਕ੍ਰਮੀ ਕੈਲੰਡਰ ਅਤੇ ਹਿਜ਼ਰੀ ਕੈਲੰਡਰ ਦੀਆਂ ਤਾਰੀਖ਼ਾਂ ’ਚ ਲਿਖਿਆ ਮਿਲਦਾ ਹੈ, ਪਰ ਅੰਗਰੇਜਾਂ ਦਾ ਰਾਜ ਆਉਣ ਕਰਕੇ ਇੱਥੇ ਜੂਲੀਅਨ ਕੈਲੰਡਰ ਅਤੇ ਗ੍ਰੈਗੋਰੀਅਨ ਕੈਲੰਡਰ ਲਾਗੂ ਹੋਣ ਉਪਰੰਤ ਮੌਜੂਦਾ ਇਤਿਹਾਸਕਾਰਾਂ ਨੇ ਇਨ੍ਹਾਂ ਅੰਗਰੇਜ਼ੀ ਕੈਲੰਡਰ ਦੀਆਂ ਤਾਰੀਖ਼ਾਂ ’ਚ ਇਤਿਹਾਸ ਲਿਖਣਾ ਸ਼ੁਰੂ ਕਰ ਦਿੱਤਾ। ਤਾਰੀਖਾਂ ਦੀ ਤਬਦੀਲੀ (Date Convertion)  ਦੀ ਸਮੱਸਿਆ ਹੋਣ ਕਰਕੇ ਗ਼ਲਤੀਆਂ ਦਰ ਗ਼ਲਤੀਆਂ ਹੁੰਦੀਆਂ ਚਲੀਆਂ ਆ ਰਹੀਆਂ ਹਨ। ਇਸ ਦੇ ਹੱਲ ਲਈ ਉਨ੍ਹਾਂ ਨੇ 500 ਸਾਲਾ ਜੰਤਰੀ ਤਿਆਰ ਕੀਤੀ।  ਫ਼ਰਵਰੀ 1992 ’ਚ ਲਾਇਲਪੁਰ ਖ਼ਾਲਸਾ ਕਾਲਜ ਨਕੋਦਰ ਵਿਖੇ ਉਨ੍ਹਾਂ ਨੂੰ ਲੈਕਚਰ ਲਈ ਬੁਲਾਇਆ ਗਿਆ ਤਾਂ ਉੱਥੇ ਕੈਲੰਡਰ ਦੀ ਜਾਣਕਾਰੀ ਦਿੰਦਿਆਂ ਇਤਿਹਾਸਕ ਤਾਰੀਖ਼ਾਂ ’ਚ ਸੁਭਾਵਕ ਹੀ ਹੋ ਰਹੀਆਂ ਗ਼ਲਤੀਆਂ ਵੱਲ ਧਿਆਨ ਦਿਵਾਇਆ; ਆਪਣੇ ਵੱਲੋਂ ਤਿਆਰ ਕੀਤੀ 500 ਸਾਲਾ ਜੰਤਰੀ ਦਾ ਖਰੜਾ ਵਿਖਾਇਆ ਅਤੇ ਦੱਸਿਆ ਕਿ ਇਸ ਦੀ ਮਦਦ ਨਾਲ 1469 ਤੋਂ 2000 ਤੱਕ ਦੀ ਕੋਈ ਵੀ ਤਾਰੀਖ਼ ਇੱਕ ਪੱਧਤੀ ਤੋਂ ਦੂਸਰੀ ਪੱਧਤੀ ਵਿੱਚ ਰੈਡੀ ਰੈਕਨਰ ਦੀ ਤਰ੍ਹਾਂ ਤਬਦੀਲ ਕੀਤੀ ਜਾ ਸਕਦੀ ਹੈ। ਸ: ਪੁਰੇਵਾਲ ਸਿੰਘ ਜੀ ਦੇ ਇਸ ਕੰਮ ਤੋਂ ਕਾਲਜ ਦੇ ਤਤਕਾਲੀ ਪ੍ਰਿੰਸੀਪਲ ਰਾਜਾ ਹਰਿਨਰਿੰਦਰ ਸਿੰਘ ਅਤੇ ਸਾਰੇ ਪ੍ਰੋਫੈਸਰਜ਼ ਬਹੁਤ ਪ੍ਰਭਾਵਤ ਹੋਏ। ਉਸੇ ਸਾਲ ਨਨਕਾਣਾ ਸਾਹਿਬ ਵਿਖੇ ਪਾਕਿਸਤਾਨ ਗੁਰਧਾਮਾਂ ਦੇ ਦਰਸ਼ਨ ਕਰਨ ਪਹੁੰਚੇ ਭਾਰਤੀ ਜਥੇ ਦੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿਯੁਕਤ ਕੀਤੇ ਇੰਚਾਰਜ ਸ: ਮੱਲ ਸਿੰਘ ਨੂੰ ਉਹ ਖਰੜਾ ਸੌਂਪਿਆ। ਕੁਝ ਸਮੇਂ ਬਾਅਦ ਪ੍ਰਿੰ: ਰਾਜਾ ਹਰਿਨਰਿੰਦਰ ਸਿੰਘ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਬਣ ਗਏ। ਸੰਨ 1994 ’ਚ ਪੰਜਾਬ ਸਰਕਾਰ ਨੇ ਪੰਜਾਬ ਸਿੱਖਿਆ ਬੋਰਡ ਦੀ 25 ਸਾਲਾ ਵਰ੍ਹੇ ਗੰਢ ਮਨਾਉਣ ਲਈ ਖੋਜ ਪੁਸਤਕਾਂ ਛਾਪਣ ਲਈ ਫੰਡ ਜਾਰੀ ਕੀਤਾ। ਬੋਰਡ ਦੇ ਚੇਅਰਮੈਨ ਨੇ ਸ: ਪਾਲ ਸਿੰਘ ਪੁਰੇਵਾਲ ਤੋਂ ਮੰਗ ਕੀਤੀ ਕਿ ਜੇ ਉਹ 500 ਸਾਲਾ ਜੰਤਰੀ ਦਾ ਖਰੜਾ ਉਨ੍ਹਾਂ ਨੂੰ ਦੇ ਦੇਣ ਤਾਂ ਉਹ ਇਸ ਨੂੰ ਛਪਵਾ ਦੇਣਗੇ। ਇਸ ਤਰ੍ਹਾਂ ਨਵੰਬਰ 1994 ’ਚ ਇਹ ਖਰੜਾ ਪੁਸਤਕ ਰੂਪ ’ਚ ਛਪ ਕੇ ਲੋਕਾਂ ਦੇ ਹੱਥਾਂ ’ਚ ਆ ਗਿਆ।

ਜਦੋਂ ਵੇਖਿਆ ਗਿਆ ਕਿ ਜੋ ਵੈਸਾਖੀ 1699 ’ਚ 29 ਮਾਰਚ ਨੂੰ ਆ ਰਹੀ ਸੀ ਉਹ ਹੁਣ 13 ਅਪ੍ਰੈਲ ਨੂੰ ਕਿਵੇਂ ਆ ਗਈ ਤਾਂ ਸਮਝ ਵੱਗੀ ਕਿ ਗ੍ਰੈਗੋਰੀਅਨ ਕੈਲੰਡਰ ਟਰੋਪੀਕਲ ਕੈਲੰਡਰ ਹੈ, ਜਿਸ ਦੇ ਸਾਲ ਦੀ ਲੰਬਾਈ ਰੁੱਤੀ ਸਾਲ ਦੇ ਤਕਰੀਬਨ ਬਰਾਬਰ ਹੈ ਤੇ ਬਿਕ੍ਰਮੀ ਕੈਲੰਡਰ ਸਾਈਡਰਲ ਕੈਲੰਡਰ ਹੈ, ਜਿਸ ਦੇ ਸਾਲ ਦੀ ਲੰਬਾਈ ਰੁੱਤੀ ਸਾਲ ਨਾਲੋਂ ਗੁਰੂ ਸਾਹਿਬ ਦੇ ਸਮੇਂ ਤਕਰੀਬਨ 24 ਮਿੰਟ ਵੱਧ ਸੀ, ਜਿਸ ਕਾਰਨ 60 ਸਾਲਾਂ ਵਿੱਚ ਰੁੱਤਾਂ ਨਾਲੋਂ ਇੱਕ ਦਿਨ ਦਾ ਫ਼ਰਕ ਪੈ ਜਾਂਦਾ ਸੀ ਅਤੇ ਫਿਰ ਸੰਨ 1964 ’ਚ ਸੂਰਜ ਸਿਧਾਂਤ ਦੀ ਬਜਾਏ ਦ੍ਰਿਕ ਗਣਿਤ ਅਪਣਾਉਣ ਨਾਲ ਵੀ ਇਸ ਦੀ ਲੰਬਾਈ ਰੁੱਤੀ ਸਾਲ ਨਾਲੋਂ ਤਕਰੀਬਨ ਸਾਢੇ 20 ਮਿੰਟ ਵੱਧ ਸੀ, ਜਿਸ ਕਾਰਨ 71-72 ਸਾਲਾਂ ’ਚ ਇੱਕ ਦਿਨ ਦਾ ਫ਼ਰਕ ਪੈ ਜਾਂਦਾ ਹੈ। ਜੇ ਇਸੇ ਤਰ੍ਹਾਂ ਚਲਦਾ ਰਿਹਾ ਤਾਂ ਦ੍ਰਿਕ ਗਣਿਤ ਵਾਲੇ ਮੌਜੂਦਾ ਬਿਕ੍ਰਮੀ ਕੈਲੰਡਰ ਮੁਤਾਬਕ ਸੰਨ 2999 ’ਚ ਵੈਸਾਖੀ 27 ਅਪ੍ਰੈਲ ਨੂੰ ਹੋਵੇਗੀ ਅਤੇ ਜਿਹੜਾ ਕੈਲੰਡਰ ਗੁਰੂ ਸਾਹਿਬਾਨ ਦੇ ਸਮੇਂ ਲਾਗੂ ਸੀ, ਉਸ ਮੁਤਾਬਕ ਵੈਸਾਖੀ 30 ਅਪ੍ਰੈਲ ਨੂੰ ਹੋਵੇਗੀ।

ਇਤਿਹਾਸਕ ਤਾਰੀਖ਼ਾਂ ’ਚ ਐਨਾ ਫ਼ਰਕ ਵੇਖ ਕੇ ਉਨ੍ਹਾਂ ਦੇ ਧਿਆਨ ’ਚ ਆਇਆ ਕਿ ਕਿਉਂ ਨਾ ਸਿੱਖ ਕੈਲੰਡਰ ਤਿਆਰ ਕੀਤਾ ਜਾਵੇ ਜਿਸ ਵਿੱਚ ਹਮੇਸ਼ਾਂ ਇਕਸਾਰ ਪੱਕੀਆਂ ਤਾਰੀਖ਼ਾਂ ਆਉਣ। ਇਸ ਲਈ ਸਿੱਖ ਵਿਦਵਾਨਾਂ ਤੇ ਇਤਿਹਾਸਕਾਰਾਂ ਨਾਲ ਸੰਪਰਕ ਕੀਤਾ ਅਤੇ ਇੰਸਟੀਚੂਟ ਆਫ਼ ਸਿੱਖ ਸਟੱਡੀਜ਼ ਚੰਡੀਗੜ੍ਹ ਦੇ ਸਹਿਯੋਗ ਨਾਲ ਵੱਖ ਵੱਖ ਸ਼ਹਿਰਾਂ ’ਚ ਕਈ ਸੈਮੀਨਾਰ ਕੀਤੇ ਗਏ। ਸੰਨ 1996 ’ਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਕੈਲੰਡਰ ਬਣਾਉਣ ਲਈ ਸਹਿਮਤੀ ਦੇ ਦਿੱਤੀ, ਜਿਸ ਤੋਂ ਬਾਅਦ ਮੀਟਿੰਗਾਂ ਦੇ ਕਈ ਦੌਰ ਚੱਲੇ ਤੇ ਅੰਤ 1998 ’ਚ ਨਾਨਕਸ਼ਾਹੀ ਕੈਲੰਡਰ ਬਣ ਕੇ ਤਿਆਰ ਹੋ ਗਿਆ, ਜਿਸ ਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਅਤੇ ਜਨਰਲ ਇਜਲਾਸ ਵਿੱਚ ਪਾਸ ਕਰਕੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਾਗੂ ਕਰਨ ਲਈ ਪ੍ਰਵਾਨਗੀ ਦੇ ਦਿੱਤੀ ਅਤੇ ਜਥੇਦਾਰ ਟੌਹੜਾ ਨੇ ਨਵਾਂ ਕੈਲੰਡਰ 1 ਜਨਵਰੀ 1999 ਤੋਂ ਲਾਗੂ ਹੋਣ ਲਈ ਰੀਲੀਜ਼ ਕਰ ਦਿੱਤਾ। ਨਾਨਕਸ਼ਾਹੀ ਕੈਲੰਡਰ ਦੀ ਵਿਸ਼ੇਸ਼ਤਾ ਇਹ ਰਹੀ ਕਿ ਇਸ ਵਿੱਚ ਗੁਰ ਪੁਰਬਾਂ ਸਮੇਤ ਸਾਰੇ ਇਤਿਹਾਸਕ ਦਿਹਾੜੇ ਉਨ੍ਹਾਂ ਪ੍ਰਵਿਸ਼ਟਿਆਂ (ਬਿਕ੍ਰਮੀ ਕੈਲੰਡਰ ਦੀਆਂ ਸੰਗਰਾਂਦ ਦੇ ਹਿਸਾਬ ਸੂਰਜੀ ਤਾਰੀਖ਼ਾਂ) ਮੁਤਾਬਕ ਨਿਸ਼ਚਿਤ ਕੀਤੇ ਗਏ, ਜੋ ਘਟਨਾ ਵਾਪਰਨ ਸਮੇਂ ਮੂਲ ਰੂਪ ’ਚ ਸਨ। ਸਾਰੇ ਗੁਰਪੁਰਬਾਂ/ ਇਤਿਹਾਸਕ ਦਿਹਾੜਿਆਂ ਦੇ ਦਿਨ ਨਿਸ਼ਚਿਤ ਕਰਨ ਲਈ ਪ੍ਰਮੁਖਤਾ ਪ੍ਰਵਿਸ਼ਟਿਆਂ ਨੂੰ ਦਿੱਤੀ ਗਈ, ਪਰ ਟਰੋਪੀਕਲ ਕੈਲੰਡਰ ਹੋਣ ਕਰਕੇ ਇਸ ਦੇ ਸਾਲ ਦੀ ਲੰਬਾਈ ਰੁੱਤੀ ਸਾਲ ਦੇ ਲਗਭਗ ਨੇੜੇ ਅਤੇ ਗ੍ਰੈਗੋਰੀਅਨ ਕੈਲੰਡਰ ਦੇ ਸਾਲ ਦੀ ਲੰਬਾਈ ਦੇ ਬਰਾਬਰ 365.2425 ਦਿਨ ਸੀ, ਜਿਸ ਸਦਕਾ ਇੱਕ ਵਾਰ ਨਿਸ਼ਚਿਤ ਕੀਤੀਆਂ ਤਾਰੀਖਾਂ ਹਮੇਸ਼ਾਂ ਹਮੇਸ਼ਾਂ ਲਈ ਉਨ੍ਹਾਂ ਹੀ ਤਾਰੀਖ਼ਾਂ ਨੂੰ ਆਉਣਗੀਆਂ, ਜਿਹੜੀਆਂ ਸੰਨ 1999 ’ਚ ਆਈਆਂ ਸਨ; ਜਿਵੇਂ ਕਿ ਹੋਲਾ ਮਹੱਲਾ ਤੇ ਸਿੱਖਾਂ ਦਾ ਨਵਾਂ ਸਾਲ; ਹਰ ਸਾਲ 1 ਚੇਤ/ 14 ਮਾਰਚ, ਵੈਸਾਖੀ ਹਰ ਸਾਲ 1 ਵੈਸਾਖ/ 14 ਅਪ੍ਰੈਲ, ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਪੁਰਬ ਹਰ ਸਾਲ 2 ਹਾੜ/ 16 ਜੂਨ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਪੁਰਬ ਹਰ ਸਾਲ 11 ਮੱਘਰ/ 24 ਨਵੰਬਰ, ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ; ਹਰ ਸਾਲ 8 ਪੋਹ/ 21 ਦਸੰਬਰ, ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ; ਹਰ ਸਾਲ 13 ਪੋਹ/ 26 ਦਸੰਬਰ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਹਰ ਸਾਲ 23 ਪੋਹ/ 5 ਜਨਵਰੀ ਨੂੰ ਹੀ ਆਉਣਗੇ। ਇਸੇ ਤਰ੍ਹਾਂ ਕੋਈ ਵੀ ਦਿਹਾੜਾ ਨਾ ਕਦੀ ਅੱਗੇ ਪਿੱਛੇ ਹੋਵੇਗਾ ਅਤੇ ਨਾ ਹੀ ਕਦੀ ਸਾਲ ਵਿੱਚ ਦੋ ਵਾਰ ਅਤੇ ਕਿਸੇ ਸਾਲ ਇੱਕ ਵੀ ਵਾਰ ਨਾ ਆਉਣ ਦੀ ਸਮੱਸਿਆ ਖੜ੍ਹੀ ਹੋਵੇਗੀ ਜਦੋਂ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਰੀ ਕੀਤੇ ਜਾ ਰਹੇ ਮੌਜੂਦਾ ਕੈਲੰਡਰ ’ਚ ਕੁਝ ਦਿਹਾੜੇ ਚੰਦਰਮਾਂ ਦੀਆਂ ਤਿੱਥਾਂ ਮੁਤਾਬਕ, ਕੁਝ ਪ੍ਰਵਿਸ਼ਟਿਆਂ ਮੁਤਾਬਕ ਅਤੇ ਕੁਝ ਗ੍ਰੈਗੋਰੀਅਨ ਕੈਲੰਡਰ ਦੀਆਂ ਤਾਰੀਖ਼ਾਂ ਅਨੁਸਾਰ ਰੱਖੇ ਜਾਂਦੇ ਹਨ, ਜਿਸ ਕਾਰਨ ਹਰ ਸਾਲ ਦੁਬਿਧਾ ਬਣੀ ਰਹਿੰਦੀ ਹੈ। ਪਤਾ ਹੀ ਨਹੀਂ ਚਲਦਾ ਕਿ ਕਿਹੜਾ ਦਿਹਾੜਾ ਪਹਿਲਾਂ ਆਵੇਗਾ ਤੇ ਕਿਹੜਾ ਪਿੱਛੋਂ ? ਇਸ ਤੋਂ ਇਲਾਵਾ ਨਾਨਕਸ਼ਾਹੀ ਕੈਲੰਡਰ ਗੁਰਬਾਣੀ ਦੇ ਬਿਲਕੁਲ ਅਨੁਕੂਲ ਸੀ ਕਿਉਂਕਿ ਗੁਰਬਾਣੀ ਵਿੱਚ ਮਾਝ ਰਾਗੁ ਅਤੇ ਤੁਖਾਰੀ ਰਾਗੁ ’ਚ ਦਰਜ ਦੋ ਬਾਰ੍ਹਾਂ ਮਾਹਾਂ ’ਚ ਮਹੀਨਿਆਂ ਦੀਆਂ ਰੁੱਤਾਂ ਦਾ ਵਰਣਨ ਕਰਕੇ ਉਨ੍ਹਾਂ ਰਾਹੀਂ ਰੂਹਾਨੀਅਤ ਦਾ ਉਪਦੇਸ਼ ਦਿੱਤਾ ਹੈ। ਗੁਰੂ ਅਰਜਨ ਸਾਹਿਬ ਜੀ ਦੀ ਰਾਮਕਲੀ ਰਾਗੁ ’ਚ ਉਚਾਰਨ ਕੀਤੀ ਬਾਣੀ ਰੁਤੀ ਸਲੋਕੁ ’ਚ ਦੋ-ਦੋ ਮਹੀਨਿਆਂ ਦੀਆਂ ਛੇ ਰੁੱਤਾਂ ਦਾ ਵਰਣਨ ਹੈ। ਨਾਨਕਸ਼ਾਹੀ ਕੈਲੰਡਰ ਦੇ ਮਹੀਨਿਆਂ ਦੀਆਂ ਰੁੱਤਾਂ ਹਮੇਸ਼ਾਂ ਲਈ ਉਹੀ ਰਹਿਣੀਆਂ ਸਨ, ਜਿਹੜੀਆਂ ਅੱਜ ਕੱਲ੍ਹ ਦੇ ਮਹੀਨਿਆਂ ’ਚ ਚੱਲ ਰਹੀਆਂ ਹਨ ਜਦੋਂ ਕਿ ਬਿਕ੍ਰਮੀ ਕੈਲੰਡਰ ਦੇ ਮਹੀਨਿਆਂ ਦੀਆਂ ਰੁੱਤਾਂ ਦਾ ਸੰਬੰਧ ਨਿਰੰਤਰ ਟੁੱਟ ਰਿਹਾ ਹੈ। ਨਾਨਕਸ਼ਾਹੀ ਕੈਲੰਡਰ ਦੀ ਐਨੀ ਸਪਸ਼ਟਤਾ, ਸਰਲਤਾ ਅਤੇ ਸਮਝਣ ’ਚ ਆਸਾਨ ਹੋਣ ਦੇ ਬਾਵਜੂਦ ਕੁਝ ਲੋਕਾਂ ਦੀ ਬੇਸਮਝੀ ਕਾਰਨ ਵਾਦ-ਵਿਵਾਦ ਦਾ ਵਿਸ਼ਾ ਬਣਾ ਲਿਆ ਤੇ ਇੱਕ ਵਾਰ ਇਸ ’ਤੇ ਅਮਲ ਰੋਕ ਦਿੱਤਾ ਗਿਆ। ਸੰਨ 2003 ’ਚ ਪੰਥਕ ਵਿਦਵਾਨਾਂ ਤੇ ਜਥੇਬੰਦੀਆਂ ਦੀਆਂ ਕਈ ਮੀਟਿੰਗਾਂ ਹੋਣ ਉਪਰੰਤ ਲਏ ਫ਼ੈਸਲੇ ਤੋਂ ਬਾਅਦ ਮੁੜ ਲਾਗੂ ਕੀਤਾ ਗਿਆ।

ਕੁਝ ਤਾਕਤਾਂ ਨਹੀਂ ਚਾਹੁੰਦੀਆਂ ਹਨ ਕਿ ਸਿੱਖਾਂ ਦਾ ਆਪਣਾ ਕੋਈ ਵੱਖਰਾ ਕੈਲੰਡਰ ਹੋਵੇ ਜਿਹੜਾ ਕੈਲੰਡਰ ਵਿਗਿਆਨ, ਗੁਰਬਾਣੀ ਅਤੇ ਇਤਿਹਾਸਕ ਤੱਥਾਂ ’ਤੇ ਪੂਰਾ ਉੱਤਰਦਾ ਹੋਵੇ। ਉਨ੍ਹਾਂ ਨੇ ਲਗਾਤਾਰ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ ਤੇ ਅੰਤ 2009 ਦੇ ਅਖੀਰ ’ਤੇ ਸੋਧਾਂ ਦੇ ਨਾਂ ’ਤੇ ਫਿਰ ਮਿਲਗੋਭਾ ਬਿਕ੍ਰਮੀ ਕੈਲੰਡਰ ਕੌਮ ਦੇ ਸਿਰ ਮੜ੍ਹ ਦਿੱਤਾ। ਇਨ੍ਹਾਂ ਲੋਕਾਂ ਨੂੰ ਕੈਲੰਡਰਾਂ ਸੰਬੰਧੀ ਤਾਂ ਕੋਈ ਗਿਆਨ ਨਹੀਂ, ਪਰ ਇੱਕੋ ਰੱਟ ਲਾ ਰੱਖੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਤਾਂ 22 ਦਸੰਬਰ ਨੂੰ ਹੋਇਆ ਸੀ ਫਿਰ ਪੁਰਬ ਲਈ ਜ਼ਾਲ੍ਹੀ ਤਾਰੀਖ਼ 5 ਜਨਵਰੀ ਕਿਉਂ ਨਿਸ਼ਚਿਤ ਕੀਤੀ  ? ਅਜਿਹੇ ਲੋਕਾਂ ਨੂੰ ਵਾਰ ਵਾਰ ਦੱਸਿਆ ਵੀ ਗਿਆ ਕਿ ਗੁਰ ਪੁਰਬ ਲਈ 5 ਜਨਵਰੀ ਨਹੀਂ, 23 ਪੋਹ ਨਿਸ਼ਚਿਤ ਕੀਤੀ ਹੈ ਅਤੇ 23 ਪੋਹ; ਨਾਨਕਸ਼ਾਹੀ ਕੈਲੰਡਰ ’ਚ ਓਵੇਂ ਹੀ 5 ਜਨਵਰੀ ਨੂੰ ਆ ਜਾਂਦੀ ਹੈ; ਜਿਵੇਂ ਬਿਕ੍ਰਮੀ ਕੈਲੰਡਰ ਦੀ ਜੋ ਵੈਸਾਖੀ 1699 ’ਚ 29 ਮਾਰਚ ਨੂੰ ਸੀ, ਜੋ 1999 ’ਚ 14 ਅਪਰੈਲ ਨੂੰ ਆਈ; ਉਸੇ ਤਰ੍ਹਾਂ 23 ਪੋਹ, ਜੋ ਸੰਨ 1666 ’ਚ 22 ਦਸੰਬਰ ਨੂੰ ਸੀ; ਉਹ ਸੰਨ 1999 ’ਚ, ਜਦ ਨਾਨਕਸ਼ਾਹੀ ਕੈਲੰਡਰ ਤਿਆਰ ਕੀਤਾ ਗਿਆ ਸੀ ਤਦ ਉਸ ਅਨੁਸਾਰ 5 ਜਨਵਰੀ ਨੂੰ ਹੀ ਸੀ, ਪਰ ਇਨ੍ਹਾਂ ਦਾ ਇਤਰਾਜ਼ ਕੁਝ ਸਮਝਣ ਲਈ ਨਹੀਂ, ਵਿਰੋਧ ਕਰਨ ਲਈ ਹੈ; ਜਿਵੇਂ ਕਿ ਸੁਖਮਨੀ ਸਾਹਿਬ ’ਚ ਗੁਰੂ ਅਰਜਨ ਸਾਹਿਬ ਜੀ ਨੇ ਕਿਹਾ ਹੈ ‘‘ਕਹਾ ਬੁਝਾਰਤਿ ਬੂਝੈ ਡੋਰਾ ਨਿਸਿ ਕਹੀਐ ਤਉ ਸਮਝੈ ਭੋਰਾ ’’ (ਮਹਲਾ /੨੬੭) ਭਾਵ ਕੰਨਾਂ ਤੋਂ ਬੋਲ਼ਾ/ਬਹਿਰਾ ਬੰਦਾ ਨਿਰੀ ਸੈਨਤ (ਇਸ਼ਾਰੇ) ਤੋਂ ਕਿਵੇਂ ਅੰਦਾਜ਼ਾ ਲਗਾ ਸਕਦਾ ਹੈ ? ਉਸ ਨੂੰ ਰਾਤ ਕਹੀਏ ਤਾਂ ਉਹ ਦਿਨ ਸਮਝ ਲੈਂਦਾ ਹੈ ਯਾਨੀ ਸੈਨਤ ਤੋਂ ਬਿਲਕੁਲ ਉਲ਼ਟ। ਇਸ ਲਈ ਜਿਨ੍ਹਾਂ ਨੇ ਸਮਝਣਾ ਨਹੀਂ ਜਾਂ ਸਮਝਣਯੋਗ ਨਹੀਂ, ਉਨ੍ਹਾਂ ਨੂੰ ਹਜ਼ਾਰ ਵਾਰ ਕਹੀਏ ਕਿ ਗੁਰ ਪੁਰਬ 23 ਪੋਹ ਦਾ ਹੀ ਨਿਸ਼ਚਿਤ ਕੀਤਾ ਹੈ, ਫਿਰ ਵੀ ਉਨ੍ਹਾਂ ਨੇ ਕਹੀ ਜਾਣੈ ਕਿ ਤੁਸੀਂ 5 ਜਨਵਰੀ ਨਿਰਧਾਰਿਤ ਕੀਤੀ ਪਈ ਹੈ।

ਸ: ਪਾਲ ਸਿੰਘ ਜੀ ਪੁਰੇਵਾਲ ਵਰਗਾ ਖੋਜੀ ਤੇ ਪੰਥ ਦਰਦੀ ਮਨੁੱਖ ਪੈਦਾ ਕਰਨ ’ਚ ਸਦੀਆਂ ਲੱਗ ਗਈਆਂ ਤਾਂ ਕਿਤੇ ਜਾ ਕੇ ਨਾਨਕਸ਼ਾਹੀ ਕੈਲੰਡਰ ਬਣਾਇਆ ਜਾ ਸਕਿਆ। ਉਨ੍ਹਾਂ ਦੀਆਂ ਪ੍ਰਕਾਸ਼ਿਤ ਪੁਸਤਕਾਂ ਵਿੱਚ ਸ਼ਾਮਲ ਹਨ : Jantri 500 YEARS – An Almanac (ਜੰਤਰੀ 500 ਸਾਲ-ਇੱਕ ਅਲਮੈਨਕ), ਜੋ ਨਵੰਬਰ 1994 ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ, Hizri Calendars For Macca, Bagdad, Cairo & Delhi from 1 AH to 1500 AH (ਹਿਜਰੀ ਕੈਲੰਡਰ-ਇੱਕ ਕਿਤਾਬ), ਜਿਸ ਲਈ ਉਨ੍ਹਾਂ ਨੂੰ ‘ਜੀਵਨ ਭਰ ਦੀ ਪ੍ਰਾਪਤੀ’ ਪੁਰਸਕਾਰ ਮਿਲਿਆ। ਹੁਣੇ ਹੁਣੇ ਸਿੰਘ ਬ੍ਰਾਦਰਜ਼ ਅੰਮ੍ਰਿਤਸਰ ਵੱਲੋਂ ਛਾਪੀ ਪੁਸਤਕ Nanakshahi Calendar with Calendar Convertion Tables for 632 Years (ਨਾਨਕਸ਼ਾਹੀ ਕੈਲੰਡਰ 632 ਸਾਲਾਂ ਲਈ ਕੈਲੰਡਰ ਪਰਿਵਰਤਨ ਸਾਰਣੀ ਨਾਲ) ਅਗਸਤ 2022 ’ਚ ਛਪੀ  ਜਿਸ ਨੂੰ ਜਿਉਂਦੇ ਜੀ ਉਹ ਆਪਣੇ ਅੱਖੀਂ ਵੇਖ ਤਾਂ ਗਏ, ਪਰ ਰਸਮੀ ਤੌਰ ’ਤੇ ਰੀਲੀਜ਼ ਉਨ੍ਹਾਂ ਦੀ ਮੌਤ ਤੋਂ ਬਾਅਦ ਕੈਨੇਡੀਅਨ ਸਿੱਖ ਸਟੱਡੀ ਐਂਡ ਟੀਚਿੰਗ ਸੁਸਾਇਟੀ ਵੱਲੋਂ ਸਰੀ ਵਿਖੇ ਰੱਖੇ ਇੱਕ ਪ੍ਰਭਾਵਸ਼ਾਲੀ ਸਮਾਗਮ ’ਚ ਦੇਸ਼ ਵਿਦੇਸ਼ ਦੇ ਵਿਦਵਾਨਾਂ ਤੇ ਸੰਗਤ ਦੀ ਹਾਜ਼ਰੀ ’ਚ 23 ਸਤੰਬਰ ਨੂੰ ਕੀਤੀ ਗਈ ਜਦੋਂ ਕਿ ਉਹ 22 ਸਤੰਬਰ 2022 ਦਿਨ ਵੀਰਵਾਰ ਨੂੰ ਕੈਨੇਡੀਅਨ ਸਮੇਂ ਅਨੁਸਾਰ ਸਵੇਰੇ ਲੱਗਭਗ 1:30 ਵਜੇ ਇਸ ਫ਼ਾਨ੍ਹੀ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ ਸਨ। ਇਨ੍ਹਾਂ ਤਿੰਨਾਂ ਪੁਸਤਕਾਂ ਤੋਂ ਇਲਾਵਾ ਉਨ੍ਹਾਂ ਦੇ ਬਹੁਤ ਸਾਰੇ ਖੋਜ ਪੱਤਰ ਯੂਨੀਵਰਸਿਟੀਆਂ ਦੇ ਸੈਮੀਨਾਰਾਂ ’ਚ ਪੜ੍ਹੇ ਅਤੇ Journals ’ਚ ਛਾਪੇ ਗਏ। ਇਹ ਸ: ਪੁਰੇਵਾਲ ਲਈ ਮਾਨ ਵਾਲੀ ਗੱਲ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ 1995 ਦੇ ਇੱਕ ਹੀ Journals ’ਚ ਹੇਠ ਲਿਖੇ ਚਾਰ ਪੱਤਰ ਇਕੱਠੇ ਹੀ ਛਾਪੇ ਗਏ ਜਦੋਂ ਕਿ ਬਹੁਤ ਲੇਖਕ ਆਪਣਾ ਇੱਕ ਪੱਤਰ ਛਪਵਾਉਣ ਲਈ ਤਰਲੇ ਕਰਦੇ ਵੇਖੀਦੇ ਹਨ।

  1. Problem of Date Conversion in Sikh History (pp.261-269);
  2. The Date of Founding of Akal Takhat Sahib (pp.283-284);
  3. The Changing Vaisakhi Date in Common Era and Proposed New Calendar for Khalsa Samvat (pp.285-289);
  4. Birth Date of Guru Nanak Dev Ji (pp.306-311).

ਇਸਲਾਮੀ ਕੈਲੰਡਰ ਦੀ ਵੀ ਸਮੱਸਿਆ ਹੈ ਕਿ ਉਨ੍ਹਾਂ ਦਾ ਮਹੀਨਾ ਉਸ ਸਮੇਂ ਸ਼ੁਰੂ ਹੁੰਦਾ ਹੈ ਜਦੋਂ ਮੱਸਿਆ ਤੋਂ ਬਾਅਦ ਸ਼ਾਮ ਦੇ ਸਮੇਂ ਚੰਦ ਵਿਖਾਈ ਦੇਵੇ। ਇਹੋ ਕਾਰਨ ਹੈ ਕਿ ਉਨ੍ਹਾਂ ਨੂੰ ਆਪਣੇ ਤਿਉਹਾਰਾਂ ਦੀ ਤਾਰੀਖ਼ ਐਨ ਮੌਕੇ ’ਤੇ ਐਲਾਨਣੀ ਪੈਂਦੀ ਹੈ। ਇਸ ਸਮੱਸਿਆ ਨੂੰ ਹੱਲ ਕਰਨ ਲਈ ਸ: ਪਾਲ ਸਿੰਘ ਪੁਰੇਵਾਲ ਨੇ ਚਾਰ ਸ਼ਹਿਰਾਂ ਮੱਕਾ, ਬਗਦਾਦ, ਕੈਰੋ ਅਤੇ ਦਿੱਲੀ ਸ਼ਹਿਰਾਂ ਲਈ ਹਿਜ਼ਰੀ ਸੰਮਤ 1 ਤੋਂ ਸੰਮਤ 1500 ਤੱਕ (622 ਤੋਂ 2077 ਸੀਈ ਤੱਕ) 1500 ਸਾਲਾਂ ਦੇ ਮੱਸਿਆ ਤੋਂ ਬਾਅਦ ਚੰਦਰਮਾਂ ਵਿਖਾਈ ਦੇਣ ਦੇ ਸਮੇਂ ਦੀ ਸਾਰਨੀ ਵਾਲੀ ਪੁਸਤਕ ‘ਹਿਜ਼ਰੀ ਕੈਲੰਡਰ – ਇੱਕ ਕਿਤਾਬ’ ਲਿਖੀ, ਜੋ ਪਾਕਿਸਤਾਨ ’ਚ 2007 ਸੀਈ ’ਚ ਛਪੀ, ਜਿਸ ਨੂੰ ਬਹੁਤ ਹੀ ਸਲਾਹਿਆ ਗਿਆ। ਇਸ ਖੋਜ ਭਰਪੂਰ ਪੁਸਤਕ ਲਈ ਸ: ਪਾਲ ਸਿੰਘ ਪੁਰੇਵਾਲ ਨੂੰ ‘ਜੀਵਨ ਭਰ ਦੀ ਪ੍ਰਾਪਤੀ’ ਪੁਰਸਕਾਰ ਮਿਲਿਆ ਅਤੇ ਦਿਆਲ ਸਿੰਘ ਕਾਲਜ ਲਾਹੌਰ ਦੀ ਲਾਇਬਰੇਰੀ ’ਚ ਵਿਸ਼ੇਸ਼ ਤੌਰ ’ਤੇ ਪੁਰੇਵਾਲ ਕਾਰਨਰ ਬਣਾਇਆ ਗਿਆ, ਜਿਸ ਵਿੱਚ ਇੱਕ ਮੇਜ਼ ਕੁਰਸੀ ਰੱਖ ਕੇ ਉਸ ਦੇ ਪਿੱਛੇ ਉਨ੍ਹਾਂ ਦੀ ਵੱਡੇ ਸਾਈਜ਼ ਦੀ ਫੋਟੋ ਲੱਗੀ ਹੈ। ਇੱਕ ਪਾਸੇ ਇਸਲਾਮ ਜਗਤ ਹੈ, ਜਿਨ੍ਹਾਂ ਨੇ ਸ. ਪਾਲ ਸਿੰਘ ਜੀ ਪੁਰੇਵਾਲ ਦੀ ਖੋਜ ਦੀ ਕਦਰ ਕੀਤੀ, ਦੂਜੇ ਪਾਸੇ ਅਸੀਂ ਹਾਂ, ਜੋ ਸਿੱਖ ਕੌਮ ਦੇ ਅਖੌਤੀ ਆਗੂ ਅਤੇ ਡੇਰਾਵਾਦ, ਜਿਨ੍ਹਾਂ ਨੇ ਉਨ੍ਹਾਂ ਦੀ 60 ਸਾਲਾਂ ਦੀ ਅਣਥੱਕ ਮਿਹਨਤ, ਲਗਨ ਤੇ ਖੋਜ ਦਾ ਮੁੱਲ ਨਹੀਂ ਪਾਇਆ; ਦੇ ਸਿਆਸੀ ਗਠਬੰਧਨ ਕਾਰਨ ਆਪਣੀ ਕੌਮ ਦਾ ਨੁਕਸਾਨ ਹੁੰਦਾ ਵੇਖ ਰਹੇ ਹਾਂ। ਵੋਟ ਰਾਜਨੀਤੀ ਕਾਰਨ ਨਾਨਕਸ਼ਾਹੀ ਕੈਲੰਡਰ ’ਚ ਸੋਧਾਂ ਦੇ ਨਾਂ ’ਤੇ ਹਿੰਦੂ ਬਿਕਰਮੀ ਕੈਲੰਡਰ ਲਾਗੂ ਕਰ ਹਿੰਦੂਆਂ ਦੀ ਵੋਟ ਲਈਦੀ ਹੈ ਅਤੇ ਸਿੱਖ ਕੌਮ ਦੇ ਵਿਦਵਾਨਾਂ ਨੂੰ ਪੰਥ ਦੋਖੀ ਸਾਬਤ ਕੀਤਾ ਜਾਂਦਾ ਹੈ ਅਤੇ ਅੰਧ ਭਗਤਾਂ ਪਾਸੋਂ ਕਰਾਇਆ ਜਾਂਦਾ ਹੈ। ਸੰਗਤਾਂ ਨੂੰ ਗੁੰਮਰਾਹ ਕਰਨ ਲਈ ਹਰ ਸਾਲ ਕੈਲੰਡਰ ਦਾ ਨਾਂ ‘ਨਾਨਕਸ਼ਾਹੀ ਕੈਲੰਡਰ’ ਹੀ ਰੱਖਿਆ ਜਾਂਦਾ ਹੈ ਜਦਕਿ ਹੁੰਦਾ ਹੈ ਇਹ ਪੰਡਿਤਾਂ ਦੁਆਰਾ 1964 ਵਿੱਚ ਸੋਧਿਆ ਹੋਇਆ ਬਿਕਰਮੀ ਕੈਲੰਡਰ।

ਸਿੱਖ ਨੌਜੁਆਨ ਸਿੱਖੀ ਪਹਿਰਾਵੇ ਤੇ ਪਹਿਚਾਣ ਨੂੰ ਕਿਉਂ ਛੱਡ ਰਿਹਾ ਹੈ ?

0

ਸਿੱਖ ਨੌਜੁਆਨ ਸਿੱਖੀ ਪਹਿਰਾਵੇ ਤੇ ਪਹਿਚਾਣ ਨੂੰ ਕਿਉਂ ਛੱਡ ਰਿਹਾ ਹੈ ?

ਲੇਖਕ – ਹੁਸਨ-ਓਲ-ਚਿਰਾਗ

ਇਸ ਸਵਾਲ ਦਾ ਜਵਾਬ ਕੋਈ ਗੁੜ੍ਹਿਆ ਸਿੱਖ ਸਮਾਜ-ਸ਼ਾਸਤਰੀ ਹੀ ਦੇ ਸਕਦਾ ਹੈ। ਮੈਂ ਤਾਂ ਇਕ ਖ਼ੁਦ ਬਾਹਰ ਦੇ ਮਜ਼੍ਹਬ ਦਾ ਬੰਦਾ ਹਾਂ ਤੇ ਹੋ ਸਕਦਾ ਹੈ ਮੇਰਾ ਜਵਾਬ ਸਹੀ ਵੀ ਨਾ ਹੋਵੇ, ਪਰ ਮੇਰੀਆਂ ਛਪੀਆਂ ਲਿਖਤਾਂ ਨੂੰ ਪੜ੍ਹ ਕੇ ਕਈ ਨੌਜੁਆਨਾਂ ਨੇ ਮੇਰੇ ਉੱਤੇ ਸਵਾਲ ਕੀਤਾ ਹੈ ਕਿ ਮੈਂ ਆਪਣੀਆਂ ਲਿਖਤਾਂ ਦੀ ਜ਼ਿੰਮੇਵਾਰੀ ਲੈਂਦੇ ਹੋਏ ਇਸ ਸਵਾਲ ਦਾ ਉਨ੍ਹਾਂ ਨੂੰ ਜੁਆਬ ਦਿਆਂ।

ਇਕ ਨੌਜੁਆਨ ਜੋ ਅੰਗਰੇਜ਼ੀ ਬੋਲਣ ਦਾ ਕੋਰਸ ਕਰ ਰਿਹਾ ਹੈ ਅਤੇ ਉਸ ਤੋਂ ਸੀਨੀਅਰ ਦੋ ਸਿੱਖ ਨੌਜੁਆਨ ਜਿਨ੍ਹਾਂ ਨੇ ਹੋਟਲ ਮੈਨੇਜਮੈਂਟ ਦਾ ਡਿਪਲੋਮਾ ਵੀ ਕੀਤਾ ਹੋਇਆ ਸੀ, ਨੇ ਵਿਦੇਸ਼ ਜਾਣ ਲਈ ਇੰਟਰਵਿਊ ਦਿੱਤਾ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਜੇਕਰ ਤੁਸੀਂ ਕਲੀਨ-ਸ਼ੇਵ ਹੁੰਦੇ ਤਾਂ ਤੁਹਾਨੂੰ ਸਿੰਘਾਪੁਰ ਦੇ ਹੋਟਲ ਵਿੱਚ ਨੌਕਰੀ ਦਾ ਪਰਮਿਟ ਮਿਲ ਸਕਦਾ ਸੀ। ਮਾਲਕ ਨੇ ਕਿਹਾ ਕਿ ਮੈਨੂੰ ਅਫ਼ਸੋਸ ਹੈ ਕਿ ਮੈਂ ਤੁਹਾਨੂੰ ਤੁਹਾਡੇ ਮੌਜੂਦਾ ਫੈਸ਼ਨ (ਸਰੂਪ) ਵਿੱਚ ਹੁੰਦੇ ਹੋਏ ਨਹੀਂ ਲੈ ਸਕਦਾ ਤੇ ਉਹ ਦੋਵੇਂ ਨੌਜੁਆਨ ਰਹਿ ਗਏ। ਪਰ ਦੋ ਹੋਰ ਨੌਜੁਆਨ ਜੋ ਗੂੜ੍ਹੇ ਅਕਾਲੀ ਸਿੱਖ ਪਰਿਵਾਰਾਂ ਵਿੱਚੋਂ ਸਨ ਤੇ ਕਲੀਨ-ਸ਼ੇਵ ਸਨ ਉਨ੍ਹਾਂ ਨੂੰ ਵਿਦੇਸ਼ੀ ਵੀਜ਼ਾ ਦੇ ਦਿੱਤਾ ਗਿਆ।

ਅਜਿਹੇ ਕੁਝ ਕਾਰਨ ਵਿਦੇਸ਼ਾਂ ਵਿਚ ਜਾਣ ਲਈ ਹੀ ਨਹੀਂ, ਇੱਥੇ ਆਪਣੇ ਦੇਸ਼ ਵਿਚ ਵੀ ਟੀ. ਵੀ. ਗਾਇਕੀ, ਪੰਜਾਬੀ ਵਿਰਾਸਤ ਤੇ ਸਭਿਆਚਾਰ ਦੇ ਝੰਡੇ ਹੇਠ ਕੱਟੀ ਦਾਹੜੀ ਤੇ ਬਿਨਾਂ ਪੱਗ ਤੋਂ ਸਿੱਖ ਮੁੰਡਿਆਂ ਦੇ ਫੈਸ਼ਨ ਦਾ ਰਵੱਈਆ ਬਣ ਗਿਆ ਹੈ। ਜੇਕਰ ਇਸ ਦੀ ਜੜ੍ਹ ਨੂੰ ਫਰੋਲਿਆ ਜਾਵੇ ਤਾਂ ਵੇਖਣ ਵਿਚ ਆਉਂਦਾ ਹੈ ਕਿ ਦੇਸ਼ ਅੰਦਰ ਸਭ ਤੋਂ ਪਹਿਲਾਂ ਕ੍ਰਿਕਟ ਖਿਡਾਰੀ ਬਿਸ਼ਨ ਸਿੰਘ ਬੇਦੀ ਨੇ ਆਪਣੇ ਪਟਕੇ ਉੱਤੋਂ ਦੀ ਯਾਂਕੀ ਕੈਪ ਰੱਖੀ ਤੇ ਉਸ ਦੀ ਵੇਖਾ-ਵੇਖੀ ਸਿੱਖ ਨੌਜੁਆਨਾਂ ਵਿਚ ਪਟਕੇ ਉੱਤੋਂ ਦੀ ਯਾਂਕੀ ਕੈਪ ਪਹਿਨਣ ਦਾ ਰਿਵਾਜ ਚੱਲ ਪਿਆ। ਬੇਸ਼ੱਕ ਸ: ਬਿਸ਼ਨ ਸਿੰਘ ਪੂਰੇ ਸਿੱਖੀ ਕੇਸਾਂ ਸਮੇਤ ਖੇਡਦੇ ਰਹੇ ਤੇ ਅੱਜ ਕੱਲ੍ਹ ਸਿਰਫ਼ ਸੋਹਣੀ ਦਸਤਾਰ ਹੀ ਸਜਾਉਂਦੇ ਹਨ ਪਰ ਸਿੱਖ ਨੌਜੁਆਨਾਂ ਵਿਚ ਉਹ ਅਜਿਹੀ ਪਿਰਤ ਪਈ ਕਿ ਉਹ ਉਸੇ ਤਰ੍ਹਾਂ ਹੀ ਚਲੀ ਆ ਰਹੀ ਹੈ।

ਮਸ਼ੀਨੀ-ਦਾਹੜੀ ਕੱਟ ਕਰਕੇ ਟੀ. ਵੀ. ਉੱਤੇ ਗਾਇਕੀ ਦਾ ਰਿਵਾਜ ਗੁਰਦਾਸ ਮਾਨ ਨੇ ਪਾਇਆ ਜਿਸ ਤੋਂ ਬਾਅਦ ਸਾਰੇ ਸਿੱਖ ਮੁੰਡੇ-ਗਾਇਕਾਂ ਨੇ ਗੁਰਦਾਸ ਮਾਨ ਦੇ ਕਦਮਾਂ ’ਤੇ ਚੱਲਦੇ ਹੋਏ ਸਿੱਖੀ ਵਿਚ ਇਸ ਨਵੀਂ ਤਰਬੀਅਤ ਦੀ ਰੀਤ ਮਸ਼ਹੂਰ ਕਰ ਦਿੱਤੀ। ਇੱਥੇ ਇਹ ਵੀ ਵਾਪਰਿਆ ਕਿ ਗੁਰਦਾਸ ਮਾਨ ਦਾ ਨਾਮ ਗੁਰਦਾਸ ਸਿੰਘ ਸੀ ਤੇ ਉਸ ਦੇ ਨਵੇਂ ਪੈਦਾ ਕੀਤੇ ਫੈਸ਼ਨ ਨੇ ‘ਸਿੰਘ’ ਲਫ਼ਜ਼ ਨੂੰ ਛੱਡ ਦਿੱਤਾ ਅਤੇ ਜੱਟ ਸਿੱਖ ਪਹਿਚਾਣ ਮੋਨੇ ਹੋਣ ਦੇ ਬਾਅਦ ਵੀ ਬਣੀ ਰਹੇ, ਇਸ ਲਈ ਜੱਟਾਂ ਦੀ ਆਪਣੀ ‘ਮਾਨ’ ਗੋਤ ਜੋੜ ਲਈ। ਇਸ ਤੋਂ ਬਾਅਦ ਜੋ ਕਲਾਕਾਰ, ਗਾਇਕੀ ਜਾਂ ਫਿਲਮਾਂ ਵਿਚ ਵੜਿਆ ਉਸ ਨੇ ਆਪਣੇ ਨਾਮ ਨਾਲੋਂ ਸਿੰਘ ਲਫ਼ਜ਼ ਮੁਕਾ ਕੇ ਜਾਤ ਨਾਲ ਜੋੜ ਲਈ, ਜੋ ਸਿਲਸਿਲਾ ਜਾਰੀ ਹੈ।

ਮਾਨ ਸਾਹਿਬ ਆਪਣੀ ਜਾਤ ਨਾਲ ਹੀ ਆਪਣੀ ਹਸਤੀ ਕਾਇਮ ਕਰਕੇ ਮਸ਼ਹੂਰ ਤੇ ਅਮੀਰ ਹੋ ਗਏ ਤੇ ਉਹ ਹਰ ਵੱਡੀ ਸਿੱਖ ਰੈਲੀ ਵਿਚ ਗੀਤ ਗਾਉਂਦੇ ਹਨ। ਪਰ ਕਿਸੇ ਵੀ ਐਸ.ਜੀ.ਪੀ.ਸੀ. (SGPC) ਜਾਂ ਅਕਾਲੀ ਦਲ ਦੇ ਪ੍ਰਧਾਨ ਨੇ ਉਨ੍ਹਾਂ ਉੱਤੇ ਕਦੇ ਉਂਗਲੀ ਨਹੀਂ ਉਠਾਈ ਕਿ ਮਾਨ ਸਾਹਿਬ ਦੀ ਨਿੱਜੀ ਖੁਲ੍ਹ ਤੇ ਧਰਮ ਤੋਂ ਆਜ਼ਾਦੀ ਦੇ ਕਾਰਨ ਸਿੱਖ-ਨੌਜੁਆਨਾਂ ਦੀ ਮਾਨਸਿਕ ਦਸ਼ਾ ਵਿਚ ਕਿੰਨੀ ਤਬਦੀਲੀ ਆਈ ਹੈ [ਮੈਂ ਮਾਨ ਸਾਹਿਬ ਤੋਂ ਮੁਆਫੀ ਚਾਹੁੰਦਾ ਹਾਂ ਕਿ ਮੈਂ ਉਨ੍ਹਾਂ ਦਾ ਨਾਂ ਲੈ ਕੇ ਗੱਲ ਕੀਤੀ ਹੈ। ਮੈਂ ਉਨ੍ਹਾਂ ਦੇ ਨਿੱਜੀ ਜੀਵਨ (ਆਜ਼ਾਦੀ) ਵਿਚ ਦਖ਼ਲ ਨਹੀਂ ਦੇ ਰਿਹਾ ਪਰੰਤੂ ਉਨ੍ਹਾਂ ਦੇ ਫੈਸ਼ਨ ਕਾਰਨ ਜੋ ਸਿੱਖ ਸਮਾਜ ਦੇ ਨੌਜੁਆਨਾਂ ਉੱਤੇ ਪ੍ਰਭਾਵ ਪਿਆ, ਉਸ ਦੇ ਕਾਰਨਾਂ ਦਾ ਜ਼ਿਕਰ ਕਰ ਰਿਹਾ ਹਾਂ।]

ਇਸ ਦੇ ਨਾਲ-ਨਾਲ ਮਲਕੀਅਤ ਤੇ ਦਲੇਰ ਮਹਿੰਦੀ ਆਪਣੇ ਪੂਰੇ ਨਹੀਂ ਤਾਂ ਘੱਟੋ-ਘੱਟ ਅੱਧੇ ਸਿੱਖੀ ਸਰੂਪ ਵਿਚ ਅਜੇ ਤੱਕ ਬਣੇ ਹੋਏ ਹਨ। ਉਨ੍ਹਾਂ ਦੀ ਪੱਗ ਦੇ ਗੋਟੇ-ਕਿਨਾਰੀ ਨੂੰ ਵੇਖ ਕੇ ਕਈ ਹੋਰ ਕਲੀਨ-ਸ਼ੇਵ ਤੇ ਮਸ਼ੀਨੀ ਦਾਹੜੀ ਵਾਲਿਆਂ ਨੇ ਵੀ ਪੱਗ ਬੰਨ੍ਹ ਕੇ ਗਾਉਣਾ ਸ਼ੁਰੂ ਕੀਤਾ ਹੈ। ਰਬੀ ਸ਼ੇਰਗਿੱਲ ਨੇ ਸੋਹਣੀ ਗਾਇਕੀ ਤੇ ਸਿੱਖੀ ਫੈਸ਼ਨ ਦੀ ਤੋਰ ਤੋਰੀ ਹੈ। ਇਸ਼ਮੀਤ ਸਿੰਘ ਆਦਿ ਗਾਇਕਾਂ ਨੇ ਸਿੱਖ ਨੌਜੁਆਨਾਂ ਵਿਚ ਨਵਾਂ ਮੋੜ ਮੋੜਿਆ ਹੈ।

ਇਹ ਤਾਂ ਹੋਈ ਘਰ ਦੀ ਗੱਲ ਤੇ ਬਾਹਰ ਵਿਦੇਸ਼ਾਂ ਵਿਚ ਸਿੱਖੀ ਦਾ ਕੀ ਹਾਲ ਹੈ ? ਵਿਦੇਸ਼ ਜਾਣ ਦੇ ਚਾਹਵਾਨ ਨੌਜੁਆਨਾਂ ਦਾ ਵੱਡਾ ਵਰਗ ਜੋ ਤਾਲੀਮ ਯਾਫਤਾ ਨਹੀਂ ਪਰ ਗੈਰ-ਕਾਨੂੰਨੀ ਤਰੀਕੇ ਅਪਣਾਅ ਕੇ ਵਿਦੇਸ਼ਾਂ ਵਿਚ ਜਾਣ ਦੀ ਕੋਸ਼ਿਸ਼ ਕਰਦੇ ਹਨ, ਉਹ ਸੌ ਫੀਸਦੀ ਚੱਲਣ ਤੋਂ ਪਹਿਲੇ ਕਲੀਨ-ਸ਼ੇਵ ਹੋ ਜਾਂਦੇ ਹਨ ਤਾਂ ਕਿ ਉਹ ਚੋਰ ਦਰਵਾਜ਼ਿਆਂ ਵਿਚੋਂ ਚੋਰੀਂ ਪਾਰ ਹੋ ਸਕਣ। ਜੋ ਲੋਕ ਸਹੀ ਤਰੀਕੇ ਅਪਣਾਅ ਕੇ ਜਾਣਾ ਚਾਹੁੰਦੇ ਹਨ, ਉਨ੍ਹਾਂ ਵਾਸਤੇ ਇਕ ਹੋਰ ਪੈਮਾਨਾ ਪਾਰ ਕਰਨਾ ਹੁੰਦਾ ਹੈ, ਜਿਸ ਨੂੰ ਉਹ ਪ੍ਰਸਨੈਲਿਟੀ ਪੁਆਇੰਟਸ ਕਹਿੰਦੇ ਹਨ। ਜੇਕਰ ਨੌਜੁਆਨ ਸਿੱਖ ਹੈ ਜਾਂ ਉਸ ਨੇ ਮੁਸਲਮਾਨੀ ਦਾਹੜੀ ਰੱਖੀ ਹੋਈ ਹੈ ਤਾਂ ਉਸ ਨੂੰ ਸ਼ਖ਼ਸੀਅਤ ਰੋਹਬ ਦੇ ਪੁਆਇੰਟਸ ਨਹੀਂ ਦਿੱਤੇ ਜਾਂਦੇ। ਪਰ ਇਕ ਕਲੀਨ-ਸ਼ੇਵਨ ਸਿੱਖ ਮੁੰਡੇ ਨੂੰ ਬੇਸ਼ੱਕ ਉਹ ਘੱਟ ਯੋਗਤਾ ਵੀ ਕਿਉਂ ਨਾ ਰੱਖਦਾ ਹੋਵੇ ਉਸ ਨੂੰ ਇਹ ਨੰਬਰ ਦਿੱਤੇ ਜਾਂਦੇ ਹਨ। ਇਸ ਤਰ੍ਹਾਂ ਸਿੱਖ ਨੌਜੁਆਨ ਆਪਣੇ ਦੇਸ਼ ਵਿਚ, ਆਪਣੇ ਚੌਗਿਰਦੇ ਵਿਚ, ਆਪਣਿਆਂ ਵਿਚ ਘਿਰ ਕੇ ਰੁੜ੍ਹ ਰਿਹਾ ਹੈ ਤੇ ਵਿਦੇਸ਼ਾਂ ਵਿਚ ਰੋਜ਼ੀ ਦੀ ਤਲਾਸ਼ ਦੀ ਮਾਰ ਝੇਲਦਾ ਤੇ ਭੇਸ ਬਦਲਦਾ ਪਿਆ ਹੈ।

ਸਿੱਖ ਨੌਜੁਆਨ ਖਾਸ ਕਰਕੇ ਜੱਟ ਸਿੱਖ ਮੁੰਡਿਆਂ ਦਾ ਕਲੀਨਸ਼ੇਵ ਹੋਣ ਦਾ ਜੁਆਬ ਹੁੰਦਾ ਹੈ ਕਿ ਸਿੱਖੀ ਤਾਂ ਮਨ ਵਿਚ ਹੋਣੀ ਚਾਹੀਦੀ ਹੈ ਤੇ ਉਹ ਸਾਡੇ ਵਿਚ ਭਰੀ ਪਈ ਹੈ। ਅਸੀਂ ਜੱਟ ਸਿੱਖ ਹਾਂ ਤੇ ਜੱਟਾਂ ਦੇ ਬਰਾਬਰ ਦਾ ਹੋਰ ਕਿਹੜਾ ਸਿੱਖ ਹੈ। ਅਸੀਂ ਹੀ ਮਿਸਲਾਂ ਚਲਾਈਆਂ, ਲੜਾਈਆਂ ਲੜੀਆਂ, ਜਾਨਾਂ ਦਿੱਤੀਆਂ, ਪੰਜਾਬ ਫ਼ਤਹਿ ਕੀਤਾ। ਕੀਹ ਹੋਇਆ ਜੇ ਮੁੰਡੇ ਨੇ ਵਾਲ ਕਟਾ ਲਏ ਤਾਂ ? ਹੈ ਤਾਂ ਉਹ ਸਿੱਖ ਹੀ ਨਾ ਤੇ ਜੱਟਾਂ ਦਾ ਮੁੰਡਾ। ਜਦੋਂ ਜੀ ਕਰੇਗਾ ਰੱਖ ਲਵੇਗਾ। ਇਸ ਤਰਕ ਤੋਂ ਸਵਾਲ ਪੈਦਾ ਹੁੰਦਾ ਹੈ ਕਿ ‘‘ਕੀ ਸਿੱਖੀ ‘ਜੀ ਕਰਨ’ ਵਿਚ ਹੈ ਜਾਂ ਇਹ ਕੋਈ (ਸਿੱਖੀ) ਮੂਲ ਸਿਧਾਂਤ ਦੇ ਸ਼ਾਸਤਰ ਵਿਚੋਂ ਉਪਜੀ ਰਹਿਤ ਦੀ ਸਿਰਜਨਾ ਹੈ।’’ ਜੀ ਕਰੇਗਾ ਰੱਖ ਲਵੇਗਾ-‘ਸਿੱਖੀ ਮਨ ਵਿਚ ਹੈ’ ਦੇ ਤਰਕ ਦਿੱਤਿਆਂ ਸਿੱਖੀ ਦੀ ਪਹਿਚਾਣ ਤੇ ਸਾਬਤੀ ਬਰਕਰਾਰ ਨਹੀਂ ਰੱਖੀ ਜਾ ਸਕਦੀ।

ਜੋ ਤਸਵੀਰ ਸਾਡੇ ਸਾਹਮਣੇ ਹੈ ਉਸ ਮੁਤਾਬਕ ਦੇਸ਼ ਅਤੇ ਵਿਦੇਸ਼ਾਂ ਵਿਚ ਨਾਨ-ਜੱਟ ਸਿੱਖ ਭਾਈਚਾਰੇ ਦੇ ਲੋਕ ਸਿੱਖੀ ਵਿਚ ਵਧੇਰੇ ਬਰਕਰਾਰ ਹਨ ਜਿਵੇਂ ਕਿ ਰਾਮਗੜ੍ਹੀਆ ਬਰਾਦਰੀ, ਕੰਬੋਜ ਸਿੱਖ, ਅਰੋੜੇ ਤੇ ਖੱਤਰੀ ਸਿੱਖ, ਮਹਿਰੇ ਤੇ ਰਮਦਾਸੀਏ ਸਿੱਖ, ਸੈਣੀ ਅਤੇ ਸਿਕਲੀਗਰ ਸਿੱਖ ਆਦਿ। ਜੇਕਰ ਗ਼ੁਰਬਤ (ਗ਼ਰੀਬ) ਨਾਲ ਲੜਦੇ ਪੂਰਨ ਗੁਰਸਿੱਖ ਵੇਖਣੇ ਹੋਣ ਤਾਂ ਉਹ ਸਿਕਲੀਗਰ-ਮੁਹੱਲਾ ਨਾਹਨ ਅਤੇ ਪਾਉਂਟਾ ਸਾਹਿਬ ਵਿਚ ਵੇਖੋ ਜਾਂ ਫਿਰ ਉਨ੍ਹਾਂ ਨੂੰ ਭਟਕਦਿਆਂ ਮੱਧ-ਪ੍ਰਦੇਸ਼ ਵਿਚ। ਇਹ ਉਹ ਲੋਕ ਹਨ ਜਿਨ੍ਹਾਂ ਪਾਉਂਟੇ ਤੇ ਅਨੰਦਪੁਰ ਦੀਆਂ ਲੜਾਈਆਂ ਲਈ ਸਿੱਖ ਫ਼ੌਜਾਂ ਵਾਸਤੇ ਤੀਰ ਤੇ ਹਥਿਆਰ ਬਣਾਏ। ਗ਼ੁਰਬਤ ਦੀ ਜ਼ਿੰਦਗੀ ਬਸਰ ਕਰਦੇ ਹੋਏ ਵੀ ਉਨ੍ਹਾਂ ਦੇ ਧੀਆਂ ਪੁੱਤਰ ਪੂਰਨ ਗੁਰਸਿੱਖ ਤੇ ਗੁਰਦੁਆਰੇ ਬਣਾ ਕੇ ਰਹਿੰਦੇ ਹਨ। ਅਕਾਲੀ ਤੇ ਐਸ. ਜੀ. ਪੀ. ਸੀ. ਇਨ੍ਹਾਂ ਬਾਰੇ ਖ਼ਾਮੋਸ਼ ਹਨ।

ਸੰਸਾਰ ਦੇ ਸਾਰੇ ਧਰਮਾਂ ਵਿਚੋਂ ਸਿੱਖ ਧਰਮ ਦਾ ਪਹਿਰਾਵਾ, ਪਹਿਚਾਣ, ਸਰੂਪ ਤੇ ਰਹਿਤ ਸਭ ਤੋਂ ਸਖ਼ਤ, ਔਖੇ ਤੇ ਨਿਆਰੇ ਹਨ। ਕੇਸਾਂ ਦੀ ਸਾਫ਼-ਸਫ਼ਾਈ ਤੇ ਸੰਭਾਲ, ਦਸਤਾਰ ਦੇ ਸਜਾਉਣ ਲਈ ਸਮਾਂ ਤੇ ਸੂਝ, ਬਾਕੀ ਕਕਾਰਾਂ ਦੀ ਸੰਭਾਲ ਤੇ ਸੋਧ। ਇਸੇ ਤਰ੍ਹਾਂ ਯਹੂਦੀ-ਲੋਕ, ਕੂਪਾ, ਇਕ ਛੋਟੀ ਟਿੱਕੀ ਨੁਮਾ ਕੈਪ, ਜੋ ਉਹ ਸੂਈਆਂ ਜਾਂ ਕਲਿਪ ਨਾਲ ਸਿਰ ਦੀ ਚੋਟੀ ਦੇ ਠੀਕ ਵਿਚਕਾਰ ਸਜਾਉਂਦੇ ਹਨ, ਯਹੂਦੀਆਂ ਦੀ ਪਹਿਚਾਣ ਤੇ ਧਰਮ ਚਿੰਨ੍ਹ ਦਾ ਹਿੱਸਾ ਹੈ। ਯਹੂਦੀ ਦਾਹੜੇ ਰੱਖਦੇ ਹਨ ਪਰ ਜ਼ਰੂਰੀ ਨਹੀਂ ਪਰੰਤੂ ਸੁੰਨਤ ਜ਼ਰੂਰੀ ਹੈ। ਈਸਾਈਆਂ ਵਿਚ ਚਿੰਨ੍ਹ ਪਾਦਰੀਆਂ ਤੇ ਪੁਜਾਰੀਆਂ ਤੱਕ ਹੀ ਸੀਮਿਤ ਹਨ। ਆਮ ਈਸਾਈ ਧਾਰਨ ਕਰਨ ਜਾਂ ਨਾ, ਜ਼ਰੂਰੀ ਨਹੀਂ। ਪਰੰਤੂ ਈਸਟਰਨ ਕ੍ਰਿਸਟੀਨਿਟੀ-ਆਰਥੋਡਕਸ ਚਰਚ ਦੇ ਮੰਨਣ ਵਾਲੇ ਦਾਹੜੀ ਜ਼ਰੂਰ ਰੱਖਦੇ ਸਨ, ਪਰ ਰੂਸ ਦੇ ਬਾਦਸ਼ਾਹ ਪੀਟਰ ਦਾ ਗਰੇਟ ਨੇ ਦਾਹੜੀ ਸਾਫ਼ ਕਰਨ ਦੀ ਰਵਾਇਤ ਚਲਾ ਦਿੱਤੀ। ਈਸਾਈਆਂ ਵਿਚ ਸੁੰਨਤ ਖ਼ਤਮ ਹੋ ਗਿਆ। ਜਦੋਂ ਇਸਲਾਮ ਨਾਜ਼ਲ ਹੋਇਆ ਤਾਂ ਮੁਸਲਮਾਨਾਂ ਵਿਚ ਸੁੰਨਤ ਜੋ ਇਕ ਦਰਦਨਾਕ, ਕਸ਼ਟਦਾਇਕ ਹੈ ਤੇ ਇਸ ਵਿਚ ਬੱਚੇ ਦੇ ਲਿੰਗ ਤੋਂ ਵਧੇ ਹੋਏ ਮਾਸ ਨੂੰ ਕਤਰ ਦਿੱਤਾ ਜਾਂਦਾ ਹੈ, ਨੂੰ ਲਾਜ਼ਮੀ ਕਰ ਦਿੱਤਾ ਗਿਆ। ਪਰ ਸੁੰਨਤ ਇਕੋ ਵਾਰ ਹੀ ਹੁੰਦੀ ਹੈ। ਦਾਹੜੀ ਜੋ ਮੁਸਲਮਾਨਾਂ ਲਈ, ਬਤੌਰ ਅੱਲਾਹ ਦਾ ਨੂਰ ਕਿਹਾ ਗਿਆ, ਜ਼ਰੂਰੀ ਹੈ, ਪਰ ਅੱਜ ਕੱਲ੍ਹ ਮਨ ਮਰਜ਼ੀ ਬਣ ਗਈ ਹੈ। ਨਮਾਜ਼ ਦੇ ਵਕਤ, ਨਾਤ ਜਾਂ ਕੁਰਾਨ ਪੜ੍ਹਨ ਵੇਲੇ ਸਿਰ ਦੀ ਟੋਪੀ ਜਾਂ ਪਗੜੀ ਨਾਲ ਢੱਕਿਆ ਹੋਣਾ ਜ਼ਰੂਰੀ ਹੈ। ਭਾਰਤ ਵਿਚ ਹਿੰਦੂ ਧਰਮ ਦੇ ਅਨੇਕਾਂ ਫਿਰਕਿਆਂ ਦੇ ਲਿਬਾਸ ਤੇ ਤਿਲਕ ਲਾਉਣ ਦੇ ਢੰਗ ਤਰੀਕੇ ਉਨ੍ਹਾਂ ਫਿਰਕਿਆਂ ਦੀ ਪਹਿਚਾਣ ਦੱਸਦੇ ਹਨ। ਪਰ ਆਮ ਲੋਕਾਂ ਵਾਸਤੇ ਜ਼ਰੂਰੀ ਨਹੀਂ। ਖਾਸ ਮੌਕੇ, ਖਾਸ ਵਕਤ ਵਿਧੀਆਂ ਤੇ ਰੀਤਾਂ ਮੰਦਿਰਾਂ ਜਾਂ ਹਵਨ ਦੇ ਸਮੇਂ ਅਪਣਾਈਆਂ ਜਾਂਦੀਆਂ ਹਨ ਪਰ ਆਮ ਜ਼ਿੰਦਗੀ ਵਿਚ ਜ਼ਰੂਰੀ ਨਹੀਂ। ਬੁੱਧ ਧਰਮ ਵਿਚ ਬੋਧੀ ਭਿਖਸ਼ੂ, ਖਾਸ ਲਿਬਾਸ ਤੇ ਤਿਲਕ ਲਾਉਣ ਦੇ ਢੰਗ ਤਰੀਕੇ ਉਨ੍ਹਾਂ ਫਿਰਕਿਆਂ ਦੀ ਪਹਿਚਾਣ ਦੱਸਦੇ ਹਨ। ਪਰ ਆਮ ਲੋਕਾਂ ਵਾਸਤੇ ਤੇ ਸਰੀਰ ਨੂੰ ਖਾਸ ਅਵਸਥਾ ਵਿਚ ਰੱਖਦੇ ਹਨ ਤੇ ਜੈਨੀਆਂ ਵਿਚ ਵੀ ਉਨ੍ਹਾਂ ਦੇ ਸਾਧੂ ਤੇ ਸਾਧਵੀਆਂ ਖਾਸ ਲਿਬਾਸ, ਖਾਸ ਖੁਰਾਕ, ਬ੍ਰਹਮਚਾਰੀ ਜੀਵਨ ਤੇ ਜਿੱਥੇ ਕਿਤੇ ਵੀ ਜਾਣਾ ਹੋਵੇ ਪੈਦਲ ਜਾਂਦੇ ਹਨ। ਇਹ ਨਿਯਮ ਸਿਰਫ਼ ਉਨ੍ਹਾਂ ਲਈ ਹੀ ਹਨ ਅਤੇ ਇਹ ਕਾਫੀ ਔਖੇ ਤੇ ਕਸ਼ਟਦਾਇਕ ਹਨ ਪਰ ਆਮ ਜੈਨੀ ਲੋਕਾਂ ਵਾਸਤੇ ਇਹ ਜ਼ਰੂਰੀ ਨਹੀਂ, ਪਰ ਇਨ੍ਹਾਂ ਸਭ ਤੋਂ ਉਤੋਂ ਦੀ ਸਿੱਖ ਧਰਮ ਦਾ ਸਰੂਪ ਜਿਸ ਵਿਚ ਪੰਜ ਕਕਾਰਾਂ ਦੀ ਪਾਲਣਾ ਤੇ ਰੋਜ਼-ਮ੍ਰਰਾਹ ਦੀ ਰਹਿਤ ਹੈ। ਸਾਰੇ ਜਿਸਮ ਦੇ ਰੋਮ ਅਤੇ ਖਾਸ ਕਰਕੇ ਕੇਸਾਂ ਦੀ ਸੰਭਾਲ ਤੇ ਉਨ੍ਹਾਂ ਉੱਤੇ ਹਮੇਸ਼ਾ ਜੀਵਨ ਭਰ ਪੱਗ ਅਤੇ ਉਸ ਦੀ ਸੰਭਾਲ, ਬੜੀ ਵੱਡੀ ਜ਼ਿੰਮੇਵਾਰੀ ਹੈ। ਸਰੂਪ ਅਤੇ ਰਹਿਤ ਨਿਭਾਉਣ ਲਈ ਮਨੁੱਖ ਵਿਚ ਜ਼ਬਰਦਸਤ ਪੱਕੇ ਜਜ਼ਬੇ (ਸਪਿਰਟ) ਦੀ ਲੋੜ ਹੈ। ਇਹ ਜਜ਼ਬਾ ਸਿੱਖ ਵਿਚ ਬੜੇ ਪ੍ਰਬਲ ਰੂਪ ਵਿਚ ਹੋਣਾ ਚਾਹੀਦਾ ਹੈ। ਇਸ ਜਜ਼ਬੇ ਵਿਚ ਸੰਪਰਦਾਇਕ ਭਾਵਨਾ ਨਾ ਹੋ ਕੇ ਨਿਯਮੀ ਤੇ ਉਦਮੀ ਭਾਵਨਾ ਹੋਣੀ ਚਾਹੀਦੀ ਹੈ। ਇਸ ਵਿਚ ਸਿਦਕ ਤੇ ਇਸ਼ਟ ਹਮੇਸ਼ਾ ਕਾਇਮ ਰਹਿਣਾ ਚਾਹੀਦਾ ਹੈ। ਇਹ ਉਦੋਂ ਹੀ ਹੋ ਸਕਦਾ ਹੈ ਜੇਕਰ ਤੁਹਾਡੇ ਵਿਚ ਜਜ਼ਬਾ ਸਲਾਮਤ ਤੇ ਜੋਸ਼ ਬਰਕਰਾਰ ਹੈ ਤਾਂ। ਇਸ ਲਈ ਖ਼ਾਸ ਤੌਰ ਉੱਤੇ ਕੇਸ ਸੰਭਾਲਣੇ ਤੇ ਉਨ੍ਹਾਂ ਉੱਤੇ ਦਸਤਾਰ ਰੱਖਣੀ ਬਤੌਰ ਜਜ਼ਬੇ ਦੇ ਲਿਆ ਜਾਵੇ, ਨਾ ਕਿ ਫਟੀਗ, ਵਗ਼ਾਰ, ਝੰਜਟ, ਮੁਸੀਬਤ, ਬੰਧਨ, ਮਜਬੂਰੀ ਜਾਂ ਲੋਕਲਾਜ ਜਾਂ ਵਿਖਾਵੇ ਦੇ ਤੌਰ ਉੱਤੇ। ਜਿਹੜੇ ਨੌਜੁਆਨ ਕੇਸਾਂ ’ਤੇ ਪੱਗ ਨੂੰ ਮੁਸੀਬਤ, ਬੰਧਨ, ਮਜਬੂਰੀ ਜਾਂ ਲੋਕ-ਲਾਜ ਸਮਝਣ ਲੱਗ ਪਏ ਹਨ, ਕੀ ਕਦੇ ਸਿੱਖ ਰਹਿਨੁਮਾਵਾਂ ਨੇ ਸੋਚਿਆ ਹੈ ਕਿ ਅਜਿਹਾ ਕਿਉਂ ਹੋਣ ਜਾ ਰਿਹਾ ਹੈ ? ਕੀ ਇਸ ਆਧੁਨਿਕ ਯੁੱਗ ਵਿਚ ਹੁਣ ਸਿੱਖੀ ਸਰੂਪ ਦੀ ਲੋੜ ਨਹੀਂ ਰਹੀ ਜਾਂ ਇਹ ਪੁਰਾਣੀ ਗੱਲ ਸੀ ਤੇ ਹੁਣ ਸਮਾਂ ਬਦਲ ਗਿਆ ਹੈ ? ਜੇ ਸਾਰੇ ਕਾਂਵਾਂ ਦੇ ਰੰਗ ਕਾਲੇ ਨੇ-ਕਬੂਤਰ ਇਕੋ ਜਿਹੇ ਨੇ, ਚਿੜੀਆਂ-ਤੋਤੇ, ਮਧੂ-ਮੱਖੀਆਂ ਦੀ ਕੋਈ ਵੱਖਰੀ-ਵੱਖਰੀ ਪਹਿਚਾਣ ਨਹੀਂ ਹੈ। ਫ਼ੌਜ-ਪੁਲਿਸ ਜਾਂ ਸਕਾਊਟਸ ਨੂੰ ਵੱਖਰੀ ਵਰਦੀ ਦਾ ਸਰੂਪ ਦੇ ਕੇ ਤੁਹਾਡੇ ਤੋਂ ਨਿਆਰਾ ਕਿਉਂ ਕੀਤਾ ਗਿਆ। ਕਿੰਨਾ ਭਾਰ ਏ ਮੋਟੇ ਫ਼ੌਜੀ ਬੂਟ, ਜੁਰਾਬਾਂ, ਪੇਟੀ ਤੇ ਵਰਦੀ ਦਾ। ਰੋਜ਼ ਦਿਹਾੜੇ ਕਿਉਂ ਪਾਉਣੀ, ਸਿਰਫ਼ ਲੜਾਈ ਵੇਲੇ ਪੁਆ ਦਿਆਂਗੇ ?

ਇਨ੍ਹਾਂ ਸਭ ਨੁਕਤਿਆਂ ਨੂੰ ਨਜ਼ਰਾਂ ਨਾਲ ਵੇਖਣ ਤੋਂ ਵਧੇਰੇ ਮਨ ਦੀਆਂ ਗਹਿਰਾਈਆਂ ਤੇ ਜ਼ਿਹਨੀਂ ਸੋਚਾਂ ਤੇ ਤੁਹਾਡੇ ਸ਼ੇਰ ਦਿਲਾਂ ਵਿਚੋਂ ਉੱਠੇ ਉਦਗਾਰਾਂ ਦੀ ਜਜ਼ਬਿਆਂ ਭਰੀ ਪਰਾਤ ਦੀ ਤੁਹਾਡੀ ਹਯਾਤੀ (ਜ਼ਿੰਦਗੀ) ਨੂੰ ਲੋੜ ਹੈ। ਕੇਸ ਮੁਸੀਬਤ ਤੇ ਪੱਗ ਭਾਰੀ ਕਿਉਂ ਲੱਗਣ ਲੱਗ ਪਈ ਹੈ ? ਇਸ ਨੂੰ ਸਮਝਣ ਲਈ ਜ਼ਿੰਦਗੀ ਤੇ ਹਾਲਾਤ ਦਾ ਅਗਲਾ ਬਾਬ ਖੋਲ੍ਹਣਾ ਹੋਵੇਗਾ। ਜੋ ਲੋਕ ਸਚਾਈ ਨੂੰ ਸੁਣਨ ਤੇ ਕੁੜੱਤਣ ਨੂੰ ਚੱਖਣ ਤੋਂ ਗੁਰੇਜ਼ ਕਰਦੇ ਹਨ ਉਹ ਮਸਲੇ ਨਹੀਂ ਸੁਲਝਾ ਸਕਦੇ। ਖੇਤਾਂ ਵਿਚ ਆਮ ਲਿਬਾਸ ਤੇ ਤਿਲਕ ਲਾਉਣ ਦੇ ਢੰਗ ਤਰੀਕੇ ਉਨ੍ਹਾਂ ਫਿਰਕਿਆਂ ਦੀ ਪਹਿਚਾਣ ਦੱਸਦੇ ਹਨ। ਪਰ ਆਮ ਲੋਕਾਂ ਵਾਸਤੇ ਫ਼ਸਲਾਂ ਵਾਂਗ ਸਿੱਖੀ ਉਗਾਈ ਨਹੀਂ ਜਾ ਸਕਦੀ। ਸਿੱਖੀ ਦੀ ਉਪਜ ਤੇ ਸਿਰਜਣਾ ਓਨੀ ਹੀ ਔਖੀ ਹੈ ਜਿੰਨਾ ਪਹਿਲੇ ਦੱਸੇ ਵਾਂਗ ਸਿੱਖੀ ਸਰੂਪ ਨੂੰ ਸੰਭਾਲਣਾ। ਜੋ ਜਨਮ ਲੈ ਰਿਹਾ ਹੈ ਉਹ ਕੁਝ ਵੀ ਹੋ ਸਕਦਾ ਹੈ। ਉਸ ਜਨਮ ਦੇ ਸਾਜਕਾਰ ਤੁਸੀਂ ਹੋ। ਉਸ ਦੀ ਬੁੱਧ ਬਣਤਰ, ਜਜ਼ਬਿਆਂ ਨੂੰ ਉਭਾਰਨ ਦੀਆਂ, ਉਸ ਅੰਦਰ ਉਛੱਲਾਂ ਤੇ ਲਹਿਰਾਂ ਪੈਦਾ ਕਰਨੀਆਂ ਤੇ ਉਸ ਸਾਹਮਣੇ ਸਿੱਖੀ ਸਰੂਪ ਦਾ ਤਸਵੀਰ-ਏ-ਪੈਗ਼ਾਮ ਤੁਸੀਂ ਖ਼ੁਦ ਹੋ। ਸਾਹਮਣੇ ਦੇ ਝਮਕਾਰੇ ਨੇ ਹੀ ਉਸ ਦੇ ਮਨ ਅੰਦਰ ਜਾਣਾ ਹੈ ਤੇ ਘਰ ਕਾਇਮ ਕਰਨਾ ਹੈ। ਸੋ ਦੱਸੋ ਤੁਸੀਂ ਕਿਹੋ ਜਿਹੇ ਹੋ ? ਤੁਸੀਂ ਕੀ ਹੋ ? ਆਪਣੇ ਨਵੇਂ ਜੰਮੇ ਬੱਚੇ ਦੇ ਸਾਹਮਣੇ ਜਾਣ ਤੋਂ ਪਹਿਲਾਂ ਖ਼ੁਦ ਸ਼ੀਸ਼ੇ ਅੱਗੇ ਜਾਓ। ਉਨ੍ਹੇ ਉਹੀ ਕੁਝ ਬਣ ਜਾਣਾ ਜੋ ਤੁਸੀਂ ਹੋ। ਜੇ ਤੁਸੀਂ ਸਿੱਖੀ-ਸਰਦਾਰੀ ਦਾ ਖ਼ੁਦ ਨਮੂਨਾ ਹੋ, ਤਾਂ ਤੁਹਾਨੂੰ ਕੋਈ ਖ਼ੌਫ ਨਹੀਂ ਹੋਣਾ ਚਾਹੀਦਾ ਤੇ ਜੇ ਨਹੀਂ ਹੋ ਤਾਂ ਫਿਰ ਤੁਸੀਂ ਡਿੱਗੇ ਕਿ ਡਿੱਗੇ। ਪ੍ਰਚਾਰ ਖਾਤਰ ਦੀਵਾਨ, ਕੀਰਤਨ ਦਰਬਾਰ ਜਾਂ ਤਾਂ ਰਾਜਨੀਤੀ ਤੋਂ ਪ੍ਰੇਰਤ ਹਨ ਜਾਂ ਕੋਈ ਵਪਾਰੀ ਜਾਂ ਅਦਾਕਾਰ ਆਪਣੇ ਕਾਰੋਬਾਰ ਦੀ ਮਸ਼ਹੂਰੀ ਲਈ ਵੱਡੀਆਂ ਫੀਸਾਂ ਲੈਣ ਵਾਲੇ ਮਸ਼ਹੂਰ ਕੀਰਤਨੀਏ ਪ੍ਰਭਾਵ ਪਾਉਣ ਲਈ ਮੰਗਵਾ ਕੇ ਕੁਝ ਸਮੇਂ ਲਈ ਸਿੱਖਾਂ ਨੂੰ ਮੰਤਰ ਮੁਗਧ ਤਾਂ ਕਰ ਲੈਂਦੇ ਹਨ ਪਰ ਉਹ ਸਿੱਖ ਨੌਜੁਆਨਾਂ ਅੰਦਰ ਸਿੱਖੀ ਦਾ ਜਜ਼ਬਾ ਉਤਾਰਨ ਵਿਚ ਸਫਲ ਹੁੰਦੇ ਨਹੀਂ ਦਿੱਸਦੇ।

 ਦੇਸ਼ ਵਿਚ ਇਸਲਾਮੀ ਹਕੂਮਤ ਕਾਇਮ ਹੋ ਜਾਣ ਤੋਂ ਬਾਅਦ ਕੋਈ ਹਿੰਦੂ ਘੋੜੇ ਜਾਂ ਹਾਥੀ ਦੀ ਸਵਾਰੀ, ਹਥਿਆਰ ਧਾਰਨ ਕਰਨ ਜਾਂ ਪੱਗ ਦਾ ਬੰਬਲ ਉੱਤੇ ਨਹੀਂ ਸੀ ਕਰ ਸਕਦਾ। ਉਨ੍ਹਾਂ ਨੂੰ ਅੱਧੇ ਨਾਂ ਨਾਲ ਬੁਲਾਇਆ ਜਾਂਦਾ ਸੀ। ਸਰਦਾਰ ਤੇ ਚੌਧਰੀ ਕਹਾਉਣ ਦੇ ਰੁਤਬੇ ਸਿਰਫ ਮੁਸਲਮਾਨਾਂ ਕੋਲ ਸਨ। ਢੋਲ ਵਜਾ ਕੇ, ਵਾਜੇ ਵਜਾ ਕੇ ਹਿੰਦੂ ਕੋਈ ਸਮਾਗਮ ਨਹੀਂ ਸਨ ਕਰ ਸਕਦੇ ਤੇ ਨਾ ਹੀ ਹਿੰਦੂਆਂ ਨੂੰ ਨਗਾਰਾ ਰੱਖਣ ਜਾਂ ਵਜਾਉਣ ਦੀ ਆਗਿਆ ਸੀ ਪਰ ਜਿਵੇਂ ਹੀ ਯਕਮ ਵਿਸਾਖ 1699 ਨੂੰ ਤੁਹਾਡੀ ਬਤੌਰ ਖਾਲਸਾ ਦੇ ਸਿਰਜਨਾ ਕੀਤੀ ਗਈ ਉਸ ਸਮੇਂ ਤੋਂ ਤੁਹਾਨੂੰ ਹਥਿਆਰ-ਬੰਦ ਨਹੀਂ, ਹਥਿਆਰ ਰੱਖਣ, ਪੱਗਾਂ ਦੇ ਸੰਬਲੇ (ਬੰਬਲ) ਉੱਤੇ ਛੱਡਣ, ਘੋੜੇ ਦੀ ਸਵਾਰੀ ਕਰਨ, ਨਗਾਰੇ ਰੱਖਣ ਤੇ ਖੜਕਾਉਣ ਤੇ ਨਰਸਿੰਘੇ ਦੀ ਨਾਦ ਜਗਾਉਣ ਦੇ ਇਲਾਹੀ ਅਜ਼ਾਦਾਨਾ ਹੱਕ ਦੇ ਕੇ (ਸਿੱਖ) ਖਾਲਸਾ ਕਰ ਦਿੱਤਾ। ਹੁਣ ਸਿੱਖਾਂ ਕੋਲ ਕ੍ਰਿਪਾਨ, ਢਾਲ, ਕਿਰਚ-ਕਟਾਰ, ਬਰਛਾ-ਬਲਮ ਤੇ ਤੀਰ ਕਮਾਨ ਵਰਗੇ ਹਥਿਆਰ ਤੇ ਸਵਾਰੀਆਂ ਲਈ ਘੋੜੇ ਸਨ। ਰੁਤਬੇ ਦੇ ਤੌਰ ਉੱਤੇ ਸਿੱਖਾਂ ਨੂੰ ‘ਸਰਦਾਰ’ ਦੇ ਖਿਤਾਬ ਨਾਲ ਸਵਾਰਿਆ ਤੇ ਨਵਾਜਿਆ ਜਾਣ ਲੱਗਾ। ਸਿੱਖ ਲੋਕ ਵਿਸ਼ੇਸ਼ ਹੋ ਗਏ ਸਨ। ਹੁਣ ਸਿੱਖ ਬੰਦੇ ਵਿਚ ਹਿੰਮਤ ਆ ਗਈ ਸੀ ਜੋ ਉਸ ਦੇ ਬਾਕੀ ਦੇ ਸਮਾਜ ਦੇ ਨਾਨ ਮੁਸਲਮਾਨਾਂ ਵਿਚ ਨਹੀਂ ਸੀ। ਹੁਣ ਸਿੱਖ ਦੂਜਿਆਂ ਨੂੰ ਇਮਦਾਦ, ਰਖਵਾਲੀ ਤੇ ਮਦਦ ਕਰਨ ਵਾਲਾ ਸੀ। ਜੋ ਦੇ ਸਕਦਾ ਹੈ, ਲੋਕ ਉਸ ਕੋਲ ਆਉਂਦੇ ਹਨ ਤੇ ਪੰਜਾਬ ਦੇ ਸਮਾਜ ਨੇ ਸਿੱਖਾਂ ਕੋਲ ਆਉਣਾ ਤੇ ਉਨ੍ਹਾਂ ਤੋਂ ਇਮਦਾਦ ਮੰਗਣੀ ਸ਼ੁਰੂ ਕੀਤੀ। ਐਡੀਆਂ ਵੱਡੀਆਂ ਘਟਨਾਵਾਂ ਜਿਨ੍ਹਾਂ ਨੇ ਪੰਜਾਬ (ਪੇਸ਼ਾਵਰ ਤੋਂ ਦਿੱਲੀ ਤੇ ਸਿੰਧ ਮੁਲਤਾਨ ਤੋਂ ਕਸ਼ਮੀਰ-ਲੱਦਾਖ ਤੱਕ) ਦੇ ਇਸ ਸਾਰੇ ਖਿੱਤੇ ਨੂੰ ਹਿਲਾ ਕੇ ਰੱਖ ਦਿੱਤਾ ਤੇ ਸਿੱਖ; ਦੇਣ ਵਾਲੇ (ਦਾਤੇ) ਬਣ ਗਏ। ਇਸ ਕੁਵਤ (ਬਲ) ਨੂੰ ਕਿਸੇ ਸਿੱਖ ਨੇ ਆਧੁਨਿਕ ਕਾਲ ਵਿਚ ਆਪਣੀ ਕੌਮ ਦੇ ਜਿਸਮ ਵਿਚ ਹੀ ਨਹੀਂ ਪਾਇਆ।

ਅੱਜ ਦੇ ਨੌਜੁਆਨ ਸਿੱਖ ਮੁੰਡਿਆਂ ਨੂੰ ਸਿੱਖੀ ਦੀ ਗੁੜ੍ਹਤੀ ਹੀ ਨਹੀਂ ਦਿੱਤੀ ਜਾ ਰਹੀ ਤੇ ਨਾ ਉਨ੍ਹਾਂ ਨੂੰ ਇਸ ਸਮਾਜਿਕ ਪਲਟੇ ਤੋਂ ਵਾਕਿਫ਼ ਕਰਾਇਆ ਜਾ ਰਿਹਾ ਹੈ। ਸਿੱਖੋ ! ਯਾਦ ਕਰੋ ਜਦੋਂ ਤੁਸੀਂ ਹਿੰਦੂ ਸਾਓ (ਸੀ), ਤੁਹਾਨੂੰ ਹਥਿਆਰ-ਸਵਾਰੀ ਰੱਖਣੀ ਮਨ੍ਹਾ ਸੀ। ਤੁਸੀਂ ਆਪਣੀ ਪੱਗ ਦਾ ਤੁਰਾਅ ਉੱਪਰ ਨਹੀਂ ਸੀ ਕਰ ਸਕਦੇ ਤੇ ਜਿਵੇਂ ਹੀ ਤੁਸੀਂ ਸਿੱਖ ਤੇ ਸਿੰਘ ਸਜੇ, ਤਿਵੇਂ ਹੀ ਤੁਹਾਡੇ ਹੇਠ ਸਵਾਰੀ-ਹੱਥਾਂ ਵਿਚ ਹਥਿਆਰ ਤੇ ਤੁਹਾਡਾ ਭਖਦਾ ਰੋਹ ਸੂਰਜੀ ਕੁਵਤ (ਬਲ) ਦਾ ਸੀ। ਸਮਾਜ ਤੁਹਾਥੋਂ ਹਿਫ਼ਾਜ਼ਤਾਂ ਦੀ ਆਸ ਤੇ ਮੰਗ ਕਰਦਾ ਸੀ। ਤੁਸੀਂ ਨਿਮਾਣਿਆਂ ਦਾ ਮਾਣ ਬਣੇ। ਤੁਸਾਂ ਤਬਦੀਲੀਆਂ ਲਿਆਂਦੀਆਂ, ਵਹੀਰਾਂ ਮੋੜੀਆਂ ਤੇ ਰਾਜ ਕਾਇਮ ਕੀਤੇ ਤੇ ਜਦੋਂ ਤੁਸੀਂ ਖਾਲਸਈ ਕੁਵਤ ਨੂੰ ਭੁੱਲੇ ਤਾਂ ਰਾਜ ਗੁਆ ਬੈਠੇ। ਹੁਣ ਆਧੁਨਿਕ ਯੁੱਗ ਵਿਚ ਤੁਹਾਡਾ ਸਭ ਕੁਝ ਟੁੱਟ ਰਿਹਾ ਹੈ ਤੇ ਖਾਲਸਈ ਕੁਵਤ ਤਾਂ ਕੀ, ਤੁਸੀਂ ਖਾਲਸਈ ਨਿਸ਼ਾਨੀਆਂ ਵੀ ਗੁਆ ਰਹੇ ਹੋ। ਪਰ ਇਸ ਵਿਚ ਤੁਹਾਡਾ ਕੀ ਕਸੂਰ-ਝੋਨਾ ਲਾ ਕੇ ਪਾਣੀ ਨਾ ਦਿੱਤਾ ਤਾਂ ਉਸ ਸੁੱਕਣਾ ਹੀ ਏ। ਤੁਹਾਨੂੰ ਤਾਂ ਜਨਮ ਦੇ ਕੇ ਆਜ਼ਾਦ ਛੱਡ ਦਿੱਤਾ ਗਿਆ ਹੈ। ਤੁਹਾਡੀ ਸਿਰਜਣਾ ਨਹੀਂ ਹੋ ਪਾਈ। ਹਾਂ ! ਤੁਸੀਂ ਸਿੱਖਾਂ ਦੇ ਘਰ ਜੰਮੇ ਜ਼ਰੂਰ ਜੇ। ਭਾਰਤੀ ਸਮਾਜ ਜੋ ਸਵਰਨ ਤੇ ਸ਼ੂਦਰਾਂ ਵਿਚ ਵੰਡਿਆ ਤੇ ਨਕਾਰਿਆ ਪਿਆ ਸੀ। ਉਹੀ ਸ਼ੂਦਰਾਂ ਦੇ ਘਰ-ਰੰਘਰੇਟੇ ਤੇ ਮਜ਼ਹਬੀ ਜਦੋਂ ਸਿੱਖ ਤੇ ਖ਼ਾਲਸੇ ਹੋਏ ਤਾਂ ਉਨ੍ਹਾਂ ਮਨੁੱਖਾਂ ਨੂੰ ਹੁਣ ‘ਸਰਦਾਰ ਜੀ’ ਕਰਕੇ ਸੰਬੋਧਨ ਕੀਤਾ ਜਾਣ ਲੱਗਾ ਤੇ ਹੁਣ ਉਹ ਸ਼ੂਦਰ ਨਹੀਂ ਸਨ। ‘ਪਰ ਅੱਜ ਦੇ ਸਮੇਂ ਤੁਸੀਂ ਆਪਣਾ ਨਾਮ ਸ਼ੇਰ ਸਿੰਘ-ਬਘੇਲ ਸਿੰਘ ਜਾਂ ਬਾਜ ਸਿੰਘ ਜੋ ਮਰਜ਼ੀ ਹੈ ਰੱਖ ਲਵੋ ਤੇ ਨਾਲ ਗਿੱਲ, ਰੰਧਾਵਾ, ਸੰਧੂ, ਬਰਾੜ ਕੁਝ ਵੀ ਜੋੜ ਲਓ ਪਰ ਜੇਕਰ ਤੁਸਾਂ ਦਾਹੜੀ ਗੁੰਮ ਕਰ ਲਈ ਹੈ ਤੇ ਪੱਗ ਤਿਆਗ ਦਿੱਤੀ ਹੈ ਤਾਂ ਤੁਸੀਂ ਬਾਬੂ ਜਾਂ ਬਾਬੂ ਜੀ ਤਾਂ ਹੋ ਸਕਦੇ ਹੋ ਪਰ ਸਰਦਾਰ ਜੀ ਕਹਿ ਕੇ ਤੁਹਾਨੂੰ ਕੋਈ ਨਹੀਂ ਬੁਲਾਏਗਾ।’ ਇਕ ਕਰੋੜਪਤੀ ਲਾਲਾ ਹੈ ਉਸ ਨੂੰ ਕੋਈ ਸਰਦਾਰ ਨਹੀਂ ਕਹਿੰਦਾ। ਹਾਂ, ਉਸ ਨੂੰ ਕਈ ਅਮੀਰ ਸੇਠ ਕਹਿ ਦੇਣਗੇ ਪਰ ਸੇਠ ਕੋਲ ਸਿਰਫ਼ ਪੈਸਾ ਏ ਪ੍ਰੰਤੂ ਉਹ ਡਰ ਵਿਚ ਸਦਾ ਖ਼ੌਫ਼-ਜ਼ਦਾ ਰਹਿੰਦਾ ਹੈ ਤੇ ਹਿਫ਼ਾਜ਼ਤ ਲਈ ਹੋਰਾਂ ਉੱਤੇ ਨਿਰਭਰ। ਉਹ ਧਨਵਾਨ-ਮਾਲਕ ਹੋ ਕੇ ਵੀ ਮਦਦ ਕਿਸੇ ਹੋਰ ਤੋਂ ਮੰਗਦਾ ਹੈ। ਪਰ ‘ਮੰਨ ਲਓ ਤੁਹਾਡੇ ਕੋਲ ਜ਼ਮੀਨ ਵੀ ਨਹੀਂ ਰਹੀ-ਤੁਸੀਂ ਜਾਤ ਦੇ ਜੱਟ, ਕੰਬੋਜ, ਰਾਮਗੜ੍ਹੀਏ ਭਾਵੇਂ ਕਿਸੇ ਵੀ ਭਾਈਚਾਰੇ ਵਿਚੋਂ ਹੋ ਪਰ ਜੇਕਰ ਤੁਸੀਂ ਸਾਫ ਸੁਥਰੇ ਸਿੱਖੀ ਸਰੂਪ ਵਿਚ ਹੋ, ਤਾਂ ਹਰ ਥਾਵੇਂ ਸਰਕਾਰੇ-ਦਰਬਾਰੇ, ਰੇਲ ਵਿਚ, ਬੱਸ ਵਿਚ, ਜਨਤਾ ਵਿਚ ਵੱਸਦੇ, ਭਾਰਤ, ਪਾਕਿਸਤਾਨ ਜਾਂ ਬੰਗਲਾਦੇਸ਼ ਵਿਚ-ਤੁਹਾਨੂੰ ‘ਸਰਦਾਰ ਜੀ’ ਉਚਾਰ ਕੇ ਬੁਲਾਇਆ ਜਾਏਗਾ।’ ਸੰਸਾਰ ਵਿਚ ਸੰਚਾਰ ਤੇ ਆਵਾਜਾਈ ਦੇ ਸਾਧਨਾਂ ਦੀ ਰਫਤਾਰ ਤੇਜ਼ ਹੋ ਜਾਣ ਕਾਰਨ, ਸਾਰੀ ਦੁਨੀਆਂ ਨੂੰ ਪਤਾ ਲੱਗ ਚੁੱਕਾ ਹੈ ਕਿ ਭਾਰਤ ਵਿਚ ਪੰਜਾਬ ਹੈ ਤੇ ਉਸ ਪੰਜਾਬ ਵਿਚ ਸਰਦਾਰ ਲੋਕ (ਸਿੱਖ) ਵੱਸਦੇ ਹਨ ਤੇ ਤੁਹਾਡੇ ਨਿਆਰੇ ਹੁਲੀਏ ਬਾਰੇ ਗੱਲਾਂ ਕਰਦੇ ਹਨ।

ਸਿੱਖ ਦੋਸਤੋ ! ਤੁਸੀਂ ਸਬਜ਼ੀ ਪਕਾਈ ਪਰ ਲੂਣ ਪਾਉਣਾ ਭੁੱਲ ਗਏ। ਤੁਸਾਂ ਘਿਉ ਪਾ ਕੇ ਆਟਾ ਭੁੰਨਿਆ, ਪਾਣੀ ਪਾਇਆ ਕਿ ਕੜਾਹ ਪ੍ਰਸ਼ਾਦ ਤਿਆਰ ਹੋਵੇ ਪਰ ਖੰਡ ਪਾਉਣੀ ਭੁੱਲ ਗਏ। ਸਬਜ਼ੀ ਵੇਖਣ ਵਿਚ ਠੀਕ ਲੱਗ ਰਹੀ ਹੈ ਪਰ ਖਾਣ ਵਿਚ ਬੇ-ਸੁਆਦੀ-ਕਿਉਂਕਿ ਉਸ ਵਿਚ ਲੂਣ ਨਹੀਂ; ਪ੍ਰਸ਼ਾਦ ਵੇਖਣ ਵਿਚ ਸੋਹਣਾ ਹੈ, ਘਿਉ ਤਰਦਾ ਫਿਰਦਾ ਹੈ ਪਰ ਸਵਾਦ ਵਿਚ ਲੇਵੀ, ਕਿਉਂਕਿ ਉਸ ਵਿਚ ਸ਼ੱਕਰ ਨਹੀਂ ਰਲਾਈ ਗਈ ਤੇ ਬਿਨਾਂ ਮਿੱਠੇ ਤੋਂ ਉਹ ਕੜਾਹ ਪ੍ਰਸ਼ਾਦ ਨਹੀਂ। ਦੋਸਤੋ ! ਤੁਹਾਡੇ ਕੋਲ ਸੋਹਣਾ ਮਜ਼ਬੂਤ ਜਿਸਮ ਹੈ-ਉੱਚੇ ਲੰਮੇ ਹੋ, ਤੁਹਾਡੀ ਪੰਜਾਬੀ ਵਿਚ ਬੋਲਚਾਲ ਜ਼ਬਰਦਸਤ ਹੈ। ਸ਼ਾਇਦ ਜ਼ਬਾਨੀ ਤੁਹਾਨੂੰ ਗੁਰਬਾਣੀ ਦੀਆਂ ਕੁਝ ਤੁਕਾਂ ਵੀ ਆਉਂਦੀਆਂ ਹੋਣ ਜਿਵੇਂ ਹਰ ਬੰਦਾ ਗੁਣ ਗੁਣਾਉਂਦੇ ਹੋਏ ਲੋਕ ਗੀਤ ਚੇਤੇ ਕਰ ਲੈਂਦਾ ਹੈ। ਤੁਹਾਡੇ ਕੋਲ ਸਭ ਕੁਝ ਹੋਣ ਦੇ ਬਾਵਜੂਦ ਤੁਹਾਡੇ ਵਿਚੋਂ ਬਤੌਰ ਸਿੱਖ ਦੇ ਇਕ ਜ਼ਰੂਰੀ ਚੀਜ਼ ਗੁੰਮ ਹੈ। ਸ਼ਾਇਦ ਤੁਹਾਨੂੰ ਉਸ ਦੀ ਗੁੜ੍ਹਤੀ ਹੀ ਨਾ ਦਿੱਤੀ ਗਈ ਹੋਵੇ।

ਤੁਹਾਡੇ ਅੰਦਰ ਉਹ ਜਜ਼ਬਾ ਹੀ ਨਾ ਪੈਦਾ ਕੀਤਾ ਗਿਆ ਹੋਵੇ ਜਾਂ ਜ਼ਿਹਨ ਵਿਚ ਸਿੱਖੀ ਤੇ ਖ਼ਾਲਸਈ ਵਿਚਾਰਧਾਰਾ ਹੀ ਪੈਦਾ ਨਾ ਕੀਤੀ ਗਈ ਹੋਵੇ-ਜੇਕਰ ਤੁਹਾਡੇ ਮਾਂ-ਬਾਪ ਜਾਂ ਸਿੱਖੀ ਦੇ ਰਹਿਬਰਾਂ ਨੇ ਤੁਹਾਨੂੰ ਇਹ ਸਭ ਕੁਝ ਦਿੱਤਾ ਹੀ ਨਹੀਂ ਤਾਂ ਇਸ ਵਿਚ ਨੌਜੁਆਨਾਂ ਦਾ ਕੀ ਕਸੂਰ। ਤੁਸੀਂ ਤਾਂ ਫਿਰ ਬਾਇੱਜ਼ਤ ਬਰੀ ਹੋ ਤੇ ਇਸ ਘਾਟ ਦਾ ਦੋਸ਼ ਤਾਂ ਤੁਹਾਡੇ ਰਹਿਬਰਾਂ ਉੱਪਰ ਜਾ ਟਿਕਿਆ। ਗੁੰਮ ਤਾਂ ਉਹ ਚੀਜ਼ ਹੁੰਦੀ ਹੈ ਜੋ ਸਾਡੇ ਪਾਸੇ ਮੌਜੂਦ ਹੈ। ਜੇਕਰ ਉਹ ਦਿੱਤੀ ਹੀ ਨਹੀਂ ਗਈ ਤਾਂ ਉਹ ਗੁੰਮ ਕਿਵੇਂ ਹੋਈ ਤੇ ਗੁੰਮ ਕੀਤੀ ਕਿਸ ਨੇ ? ਅੱਜ ਜ਼ਮੀਨਾਂ ਦੀਆਂ ਕੀਮਤਾਂ ਉੱਪਰ ਗਈਆਂ ਨੇ। ਇਕ ਦੋ ਕਿੱਲੇ ਵੇਚ ਕੇ ਤੁਸਾਂ ਕੋਠੀਆਂ ਵੀ ਪਾ ਲਈਆਂ ਨੇ। ਕਿੱਲਾ ਵੇਚ ਕੇ ਵੱਡੀ ਕਾਰ ਵੀ ਲੈ ਆਂਦੀ ਹੈ। ਹੁਣ ਦੇਸੀ ਦੀ ਥਾਵੇਂ ਵਲੈਤੀ ਸ਼ਰਾਬ ਪੀਣ ਲੱਗ ਪਏ ਹੋਵੋਗੇ।

ਤੁਸੀਂ ਨਹੀਂ ਤਾਂ ਤੁਹਾਡੇ ਅਨੇਕਾਂ ਦੋਸਤਾਂ ਨੇ ਮਸ਼ੀਨੀ-ਦਾੜ੍ਹੀ ਕੁਤਰ ਕੇ ਕੰਨਾਂ ਵਿਚ ਸੋਨੇ ਦੀਆਂ ਮੁੰਦਰਾਂ ਵੀ ਪਾ ਲਈਆਂ ਹੋਣ ਤੇ ਟੈਲੀਫੂਨ-ਸੈਲਫੂਨ ਵੱਡਾ ਟੀ. ਵੀ. ਵੀ ਘਰ ਆ ਗਿਆ ਹੋਵੇ। ਹੁਣ ਤੁਸੀਂ ਤੇ ਤੁਹਾਡੇ ਮਾਪੇ ਠੰਡੀ ਕਾਰ ਤੇ ਠੰਡੇ ਘਰ ਵਿਚ ਜਾਂ ਤਾਂ ਵਧੇਰਾ ਸੌਂ ਗਏ ਹੋਣਗੇ ਜਾਂ ਫਿਰ ਲੋਕ ਗੀਤਾਂ-ਰੈਲੀਆਂ ਤੇ ਪਾਰਟੀ ਪੌਲਿਟਿਕਸ ਤੇ ਹਰ ਮਹੀਨੇ ਇਕ ਤੋਂ ਬਾਅਦ ਇਕ, ਤਰ੍ਹਾਂ ਤਰ੍ਹਾਂ ਦੀਆਂ ਚੋਣਾਂ ਵਿਚ ਉਲਝ ਗਏ ਹੋਣਗੇ, ਪਰ ਜਿਸ ਦਿਨ ਤੁਹਾਡਾ ਜਨਮ ਹੋਇਆ ਸੀ ਤੁਹਾਡੇ ਪੈਰੋਕਾਰ ਕਿਸ ਹਾਲਾਤ ਵਿਚ ਕਿੱਥੇ ਸਨ-ਦੁਖਾਂਤ: ਕਿ ਉਹ ਤੁਹਾਡੇ ਜੀਵਨ ਦੇ ਕੜਾਹ ਪ੍ਰਸ਼ਾਦ ਵਿਚ ਖੰਡ ਪਾਉਣੀ ਤੇ ਦਾਲ-ਸਬਜ਼ੀ ਵਿਚ ਲੂਣ ਪਾਉਣਾ ਭੁੱਲ ਗਏ। ਸਿਰਫ਼ ਇਕ ਚੀਜ਼ ਦੀ ਘਾਟ ਨੇ ਦਾਲ-ਸਬਜ਼ੀ ਤੇ ਪ੍ਰਸ਼ਾਦ ਨੂੰ ਕਿਵੇਂ ਬੇ-ਮਾਅਨੇ ਤੇ ਬੇ-ਸੁਆਦਾ ਕਰ ਦਿੱਤਾ। ਬਾਵਜੂਦ ਤੁਹਾਡੀ ਵੱਡੀ ਦੇਹ ਦੇ ਰੂਬਰੂ ਵੀ ਤੁਹਾਡੇ ਵਿਚ ਸਰਦਾਰੀ ਦੇ ਰੁਤਬੇ ਦਾ ਵਜੂਦ ਨਾ ਉਤਰਿਆ, ਨਾ ਕਾਇਮ ਹੋਇਆ। ‘ਸਿੱਖੀ ਧਰਤੀ ਉੱਤੋਂ ਅਲੋਪ ਨਹੀਂ ਹੋ ਰਹੀ ਬਲਕਿ ਸਿੱਖਾਂ ਵਿਚੋਂ ਸਿੱਖੀ ਗੁੰਮ ਹੋ ਰਹੀ ਹੈ। ਉਹ ਪਤਲੀ ਪੈ ਗੁਆਚ ਰਹੀ ਹੈ।’

ਤੁਹਾਨੂੰ ਚੇਤਾ ਹੋਵੇਗਾ-ਮੈਂ ਲਿਖਿਆ ਸੀ ਕਿ ਤੁਸੀਂ ਸਿਰਫ਼ ਇਕ ਸਿੱਖ ਹੀ ਨਹੀਂ ਤੇ ਨਾ ਹੀ ਸੰਸਾਰ ਦੀ ਭੀੜ ਵਿਚ ਇਕੱਲੇ ਖਲੋਤੇ ਸਿੱਖਾਂ ਦੀ ਨੁਮਾਇੰਦਗੀ ਕਰ ਰਹੇ ਹੋਵੋਗੇ ਸਗੋਂ ਦੁਨੀਆਂ ਦੀਆਂ ਕੌਮਾਂ ਵਿਚ ਖਲੋਤੇ ਤੁਹਾਡੇ ਇਕੱਲਿਆਂ ਵਿਚੋਂ ਸਾਰੀ ਸਿੱਖ ਕੌਮ ਨਜ਼ਰ ਆ ਰਹੀ ਹੋਵੇਗੀ, ਇਸ ਲਈ ਤੁਹਾਡੀ ਹਰ ਹਰਕਤ ਤੇ ਮੂੰਹੋਂ ਬੋਲਿਆ ਬੋਲ ਸੋਚਿਆ-ਸਮਝਿਆ ਹੋਣਾ ਚਾਹੀਦਾ ਹੈ। ਇਹ ਕਿਵੇਂ ਹੋਵੇ ? ਇਸ ਕਿਸਬਤ (ਕਮਾਈ) ਨੂੰ ਹਾਸਲ ਕਰਨ ਲਈ ਰੋਜ਼ਾਨਾ ਕਵੈਤ (ਡਰਿਲ), ਸਖ਼ਤ ਮਿਹਨਤ, ਸੰਘਰਸ਼ ਤੇ ਜ਼ਿਹਨੀ (ਦਿਮਾਗ਼ੀ) ਤਾਕਤ ਦੀ ਜ਼ਰੂਰਤ ਹੈ। ਦੂਸਰਾ ਸਵਾਲ ਹੈ ਦੇਸ਼ ਅਤੇ ਵਿਦੇਸ਼ਾਂ ਵਿਚ ਜੋ ਖੋਰਾ ਸਿੱਖੀ ਨੂੰ ਲੱਗ ਚੁੱਕਾ ਹੈ ਉਸ ਤੋਂ ਸਿੱਖੀ ਨੂੰ ਕਿਵੇਂ ਮਹਿਫ਼ੂਜ਼ ਕੀਤਾ ਜਾਵੇ।

ਇਸ ਸਮੇਂ ਸਿੱਖੀ ਕਮਜ਼ੋਰ ਤੇ ਨਿਰਬਲਤਾ ਦੀ ਹਾਲਤ ਵਿਚ ਹੈ। ਸਿੱਖਿਆ ਤੇ ਵਿੱਦਿਆ ਵਿਚ ਸਿੱਖ ਕੌਮ ਪਿਛੜ ਗਈ ਹੈ। ਮੁੰਡਿਆਂ ਕੋਲ ਸਕੂਲ ਸਰਟੀਫਿਕੇਟ ਤੇ ਕਾਲਜੀ ਡਿਗਰੀਆਂ ਹਨ ਪਰ ਨਿਖਿਧ ਤੇ ਜਾਹਲੀ ਦੇ ਬਰਾਬਰ। ਕੌਮਾਂ ਦਾ ਪੈਮਾਨਾ ਸਨਦਾਂ (ਸਬੂਤ) ਨਹੀਂ ਹੁੰਦੀਆਂ ਬਲਕਿ ਸਾਹਮਣੇ ਦਿਸਦੇ ਕੰਮ ਹੁੰਦੇ ਹਨ। ਸਿੱਖ ਨੌਜੁਆਨ ਬੇਕਾਰ ਇਸ ਲਈ ਨਹੀਂ ਕਿ ਰੁਜ਼ਗਾਰ ਨਹੀਂ, ਬਲਕਿ ਇਸ ਲਈ ਹੈ ਕਿ ਜੋ ਆਧੁਨਿਕ ਰੁਜ਼ਗਾਰ ਹਨ ਉਨ੍ਹਾਂ ਰੁਜ਼ਗਾਰਾਂ ਲਈ ਆਮ ਸਿੱਖ ਨੌਜੁਆਨ ਦੇ ਕੋਲ ਯੋਗਤਾ ਨਹੀਂ। ਜੋ ਕੰਮ ਉਸ ਨੂੰ ਮਿਲਦਾ ਹੈ ਉਸ ਨੂੰ ਸ਼ਰਮ ਹਯਾਅ ਤੇ ਛੋਟਾ ਕੰਮ ਸਮਝ ਕੇ ਕਰਦਾ ਨਹੀਂ ਤੇ ਜੋ ਉਹ ਕਰਨਾ ਚਾਹੁੰਦਾ ਹੈ ਉਸ ਦੇ ਉਹ ਯੋਗ ਨਹੀਂ। ਹੁਣ ਸਮੱਸਿਆ ਦਾ ਕਾਰਨ ਸਾਡੇ ਸਾਹਮਣੇ ਆ ਗਿਆ ਹੈ ਕਿ ਸਿੱਖ ਨੌਜੁਆਨ ਆਧੁਨਿਕ ਕੰਮਾਂ ਦੇ ਯੋਗ ਨਹੀਂ, ਤਾਂ ਫਿਰ ਇਹ ਯੋਗਤਾ ਪੂਰੀ ਕਿਵੇਂ ਕੀਤੀ ਜਾਵੇ ?

ਨੌਜੁਆਨਾਂ ਅਤੇ ਬਚਪਨ ਦੀ ਪਨੀਰੀ ਨੂੰ ਕਿਵੇਂ ਸੰਭਾਲਿਆ ਜਾਵੇ ਤੇ ਕਿਵੇਂ ਆਧੁਨਿਕ ਰੁਜ਼ਗਾਰਾਂ ਦੀ ਸਿਖਲਾਈ ਦਿੱਤੀ ਜਾਵੇ। ਇਸ ਨੁਕਤੇ ਨੂੰ ਪੇਸ਼ ਕਰਨ ਲਈ ਮੈਂ ਸਾਰੀ ਸਿੱਖ ਕੌਮ ਦਾ ਧਿਆਨ ਜਪਾਨੀਆਂ ਵੱਲ ਲੈ ਜਾਂਦਾ ਹਾਂ। ਜੋ 1848 ਤੱਕ ਦੁਨੀਆਂ ਦੇ ਦੇਸ਼ਾਂ ਤੋਂ 200 ਸਾਲ ਪਿੱਛੇ ਸਨ। ਉਨ੍ਹਾਂ ਨੇ ਸਿੱਖਿਆ ਦਾ ਵਿਕਾਸ ਕੀਤਾ ਅਤੇ ਦਸਤਕਾਰੀ ਤੇ ਉਦਯੋਗਾਂ ਦੇ ਕਾਰਨ ਜਾਪਾਨ ਦੁਨੀਆਂ ਦੀਆਂ ਵੱਡੀਆਂ ਤਾਕਤਾਂ ਵਿਚ ਸ਼ਾਮਲ ਹੋ ਗਿਆ।

ਦੂਸਰੀ ਉਦਾਹਰਨ ਯਹੂਦੀਆਂ ਦੀ ਹੈ। ਇਸ ਕੌਮ ਨੇ ਸੰਸਾਰ ਵਿਚ ਵਿਗਿਆਨ, ਉਦਯੋਗ, ਅਰਥ ਤੇ ਸਿੱਖਿਆ ਵਿਚ ਪਹਿਲਾ ਮੁਕਾਮ ਹਾਸਲ ਕੀਤਾ ਹੋਇਆ ਹੈ। ਇਨ੍ਹਾਂ ਨੇ ਸੰਸਾਰ ਵਿਚ ਸਭ ਤੋਂ ਵੱਧ ਕਾਢਾਂ ਕੱਢੀਆਂ ਤੇ ਨੋਬਲ ਪ੍ਰਾਈਜ਼ ਜਿੱਤੇ। ਬੇਸ਼ੱਕ ਇਤਿਹਾਸ ਵਿਚ ਇਸ ਕੌਮ ਨੂੰ ਬੜੀ ਵਾਰੀ ਸਤਾਇਆ ਗਿਆ ਪਰ ਇਹ ਉਭਰਦੇ ਹੀ ਚਲੇ ਆਏ ਹਨ। ਇਹ ਲੋਕ ਯੋਗ ਹਨ, ਅਮੀਰ ਹਨ, ਉਦਯੋਗਪਤੀ ਹਨ, ਵਿਸ਼ਵ ਵਿਦਿਆਲਿਆਂ ਤੇ ਕਾਲਜਾਂ ਵਿਚ ਇਨ੍ਹਾਂ ਬਾਜ਼ੀ ਮਾਰ ਰੱਖੀ ਹੈ। ਸੰਸਾਰ ਵਿਚ ਬੜੇ ਉੱਚ ਪੱਧਰੀ ਰੁਤਬੇ ਇਨ੍ਹਾਂ ਕੋਲ ਹਨ। ਸਿਆਸਤ ਵਪਾਰ ਵਿਚ ਇਨ੍ਹਾਂ ਦੀ ਰੀਸ ਨਹੀਂ। ਇਨ੍ਹਾਂ ਨੇ ਇਜ਼ਰਾਈਲ ਦੇ ਰੇਗਿਸਤਾਨ ਨੂੰ ਕਿਵੇਂ ਘੱਟੋ-ਘੱਟ ਪਾਣੀ ਨਾਲ ਹਰਾ-ਭਰਾ ਕਰ ਦਿੱਤਾ ਹੈ। ਵਸੀਲਿਆਂ ਦੀ ਘਾਟ ਹੋਣ ਦੇ ਬਾਵਜੂਦ ਇੱਥੇ ਉਦਯੋਗ ਤੇ ਉਪਕਰਨਾਂ ਦੀ ਤਰੱਕੀ ਹੋਈ ਹੈ। ਇਸ ਦੇ ਉਲਟ ਨੇਪਾਲ ਨੂੰ ਵੇਖੋ। ਵਾਤਾਵਰਣ ਕਿੰਨਾ ਠੰਡਾ ਤੇ ਅਨੁਕੂਲ ਹਰਿਆ ਭਰਿਆ। ਗੋਰਖੇ ਬਹਾਦਰ ਹਨ, ਪਰ ਚੌਕੀਦਾਰਾ/ਰਖਵਾਲੀ ਦੇ ਕੰਮਾਂ ਲਈ ਜਾਣੇ ਜਾਂਦੇ ਹਨ। ਇਸੇ ਤਰ੍ਹਾਂ ਸਿੱਖ ਚੰਗੇ ਯੋਧੇ ਹੋਣ ਦੇ ਬਾਵਜੂਦ ਦੇਸ਼ ਤੇ ਵਿਦੇਸ਼ਾਂ ਵਿਚ ਬਤੌਰ ਟੈਕਸੀ ਤੇ ਟਰੱਕ ਡਰਾਈਵਰਜ਼ ਜਾਂ ਵੱਡੇ ਹੋਟਲਾਂ ਦੇ ਦਰਬਾਨ ਦੇ ਤੌਰ ’ਤੇ ਮਸ਼ਹੂਰ ਹੋ ਗਏ ਹਨ। ਸਿੱਖ ਗੰਭੀਰਤਾ ਨਾਲ ਅਹਿਸਾਸ ਕਰਨ ਕਿ ਕੀ ਸਿੱਖੀ ਦਾ ਬੀਜ ਤੇ ਖਾਲਸਾ ਸਿਰਜਣਾ ਇਨ੍ਹਾਂ ਦੋਹਾਂ ਕੰਮਾਂ ਤੇ ਖੇਤੀ ਵਾਸਤੇ ਹੀ ਕੀਤੀ ਗਈ ਸੀ ?

ਸਮਾਂ ਕਿੰਨਾ ਬਦਲ ਗਿਆ ਹੈ ਪਰ ਦੂਰ ਵੱਸਦੇ ਸਿੱਖਾਂ ਦੀ ਸੋਚ ਸਮੇਂ ਦੇ ਨਾਲ ਨਾਲ ਕਿਉਂ ਨਹੀਂ ਉੱਠੀ ।  70 ਸਾਲਾਂ ਦੀ ਆਜ਼ਾਦੀ ਵਿਚ ਵੀ ਪੰਜਾਬ ਦੇ ਪਿੰਡਾਂ ਦੀ ਸਿੱਖਿਆ ਦਾ ਹੁਲੀਆ ਹੀ ਨਹੀਂ ਬਦਲਿਆ। ਕੌਮ ਹਮੇਸ਼ਾ ਸਾਧੂਆਂ-ਸੰਤਾਂ ਤੇ ਡੇਰਿਆਂ ਦੇ ਵਿਚਕਾਰ ਹੀ ਗੁੰਮ ਹੋ ਜਾਂਦੀ ਰਹੀ ਹੈ। ਨਵੇਂ ਯੁੱਗ ਵਿਚ ਵੀ ਸਿੱਖਾਂ ਨੂੰ ਪੜ੍ਹਾਈ ਦੇ ਪੱਖੋਂ ਹੋਸ਼ ਨਹੀਂ ਆਈ। ਪਿਛਲੇ ਕੁਝ ਸਮੇਂ ਤੋਂ ਮੁੰਡਿਆਂ ਨੇ ਟੀ. ਵੀ. ਸੰਗੀਤ ਤੇ ਆਧੁਨਿਕ ਫੈਸ਼ਨ ਕਰਕੇ ਪੱਗਾਂ ਲਾਹ ਦਿੱਤੀਆਂ ਹਨ। ਹੁਣ ਉਹ ਨੌਜੁਆਨ ਕੇਸਾਂ ਤੇ ਪੱਗਾਂ ਨੂੰ ਪੰਗਾ ਕਹਿੰਦੇ ਹਨ। ਮੈਟ੍ਰਿਕ ਬਾਪੂ ਨੇ ਪਾਸ ਕਰਵਾਈ, ਡਿਗਰੀ ਟੀਚਰਾਂ ਤੋਂ ਕਰਵਾ ਲਈ। ਹੁਣ ਬਾਪੂ ਹੋਰ ਜ਼ਮੀਨ ਵੇਚੇਗਾ ਤੇ ਪੁੱਤ ਚੋਰ ਦਰਵਾਜ਼ੇ ਰਾਹੀਂ ਵਿਦੇਸ਼ ਡਾਲਰ ਕਮਾਉਣ ਜਾਏਗਾ। ਇਸੇ ਉਮੀਦ ਵਿਚ ਹੁਣ ਪੇਂਡੂ ਨੌਜੁਆਨ ਸ਼ਹਿਰਾਂ ’ਚ ਆ ਕੇ ਅੰਗੇਰਜ਼ੀ ਸਿੱਖ ਰਹੇ ਹਨ।

ਹੈਰਾਨੀ ਦੀ ਗੱਲ ਹੈ ਕਿ ਜੋ ਲੋਕ ਦਹਾਕਾ ਸੱਠ ਜਾਂ ਸਤਰ ਵਿਚ ਅਮਰੀਕਾ, ਕੈਨੇਡਾ ਜਾਂ ਇੰਗਲੈਂਡ ਗਏ ਤੇ ਉਨ੍ਹਾਂ ਦੇ ਧੀਆਂ ਪੁੱਤਰ ਵੀ ਉੱਥੇ ਹੀ ਜੰਮੇ ਪਰ ਪ੍ਰੋਫੈਸ਼ਨਲ ਉਨ੍ਹਾਂ ਵਿਚ ਵੀ ਕੋਈ ਨਾ ਬਣ ਸਕਿਆ, ਜ਼ਿਆਦਾਤਰ ਪੰਜਾਬ ਤੋਂ ਗਏ ਲੋਕ ਟੈਕਸੀਆਂ ਤੇ ਟਰੱਕ ਚਲਾ ਰਹੇ ਨੇ ਜਾਂ ਬਾਗਾਂ ਤੇ ਖੇਤਾਂ ਵਿਚੋਂ ਸਬਜ਼ੀ, ਫਲ਼, ਤੋੜਦੇ ਤੇ ਡੱਬਿਆਂ ਵਿਚ ਬੰਦ ਕਰਨ ਦਾ ਕੰਮ ਕਰਦੇ ਨੇ। ਉਨ੍ਹਾਂ ਦੀਆਂ ਤ੍ਰੀਮਤਾਂ (ਔਰਤਾਂ) ਵੀ ਕਾਰਖਾਨਿਆਂ, ਬੇਕਰੀਜ਼, ਹੋਟਲ ਤੇ ਰੈਸਟੋਰੈਂਟਾਂ ਵਿਚ ਹੇਠਲੇ ਕੰਮ ਕਰਦੀਆਂ ਨੇ। ਉਨ੍ਹਾਂ ਐਨੇ ਪੁਰਾਣੇ ਗਏ ਲੋਕਾਂ ਨੇ ਐਨੇ ਵਧੀਆ ਦੇਸ਼ਾਂ ਵਿਚ ਵੀ ਪਹੁੰਚ ਕੇ ਕੀ ਸਿੱਖਿਆ ? ਇਸ ਮਸਲੇ ਉੱਤੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਕਿ ਪੰਜਾਬ ਦਾ ਬੰਦਾ ਕਿਉਂ ਵਿੱਦਿਆ ਤੇ ਵਿਗਿਆਨ ਵੱਲ ਨਹੀਂ ਵਧ ਰਿਹਾ। ਸਿਵਾਏ ਡਾਕਟਰ ਹਰਗੋਬਿੰਦ ਖੁਰਾਨਾ ਦੇ ਕੋਈ ਵੀ ਨਾਮਵਰ ਪੰਜਾਬੀ ਖੋਜ ਦੇ ਕੰਮਾਂ ਵੱਲ ਦਿਲਚਸਪੀ ਨਹੀਂ ਵਿਖਾ ਰਿਹਾ।

ਜੇ ਸਿੱਖ ਕੌਮ ਨੇ ਉੱਠਣਾ ਹੈ ਤਾਂ ਸਿੱਖ ਬੱਚਿਆਂ ਵਿਚ ਪ੍ਰੋਫੈਸ਼ਨਲ ਵਿੱਦਿਆ, ਵਪਾਰ ਤੇ ਉਦਯੋਗਾਂ ਦੀ ਤਰਬੀਅਤ (ਸਿੱਖਿਆ) ਦਾ ਪਸਾਰ ਕਰਨਾ ਹੋਵੇਗਾ। ਬੇਸ਼ੱਕ ਤੁਸੀਂ ਇੱਥੇ ਦੇਸ਼ ਵਿਚ ਹੋ ਜਾਂ ਵਿਦੇਸ਼ਾਂ ਵਿਚ, ਆਪਣੇ ਬੱਚਿਆਂ ਦੀ ਤਰਬੀਅਤ (ਸਿੱਖਿਆ) ਵਿਚ ਕਰਾਂਤੀ ਲਿਆਓ। ਉਨ੍ਹਾਂ ਨੂੰ ਮੁੱਢ ਤੋਂ ਹੀ ਅਹਿਸਾਸ ਕਰਾਓ ਕਿ ਹੁਣ ਜੀਵਨ; ਜ਼ਿਹਨੀ (ਦਿਮਾਗ਼ੀ) ਤੇ ਦਸਤਕਾਰੀ (ਕਾਰੀਗਰੀ) ਦਾ ਮੁਕਾਬਲਾ ਹੈ ।

ਸਿੱਖਾਂ ਉੱਤੇ ਜੋ ਡਰੈਵਰੀ ਦੀ ਮੋਹਰ ਲੱਗ ਚੁੱਕੀ ਹੈ ਉਸ ਨੂੰ ਸਿਰਫ਼ ਵਿੱਦਿਆ ਤੇ ਵਿਗਿਆਨ ਦੀ ਪੜ੍ਹਾਈ ਨਾਲ ਹੀ ਧੋਇਆ ਜਾ ਸਕਦਾ ਹੈ। ਇਸ ਮੋਹਰ ਦੇ ਕਾਰਨ ਹੀ ਤੁਹਾਡੀ ਸੰਸਾਰ ਵਿਚ ਵੱਖਰੀ ਪਹਿਚਾਣ ਹੋਣ ਦੇ ਨਾਲ ਵੀ ਤੁਹਾਡੀ ਹਸਤੀ ਨੂੰ ਨਹੀਂ ਪਹਿਚਾਣਿਆ ਜਾ ਰਿਹਾ। ਜੇ ਤੁਸੀਂ ਆਪਣੀ ਪਹਿਚਾਣ ਦੇ ਨਾਲ-ਨਾਲ ਹਸਤੀ ਕਾਇਮ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਯਹੂਦੀਆਂ ਵਾਂਗੂੰ ਵਿਗਿਆਨ ਤੇ ਵਪਾਰੀ, ਜਪਾਨੀਆਂ-ਕੋਰੀਆਈਆਂ ਤੇ ਚੀਨੀਆਂ ਵਾਂਗੂੰ ਆਧੁਨਿਕਤਾ ਵਿਚ ਕਿਵੇਂ ਬਦਲਣਾ ਤੇ ਦਸਤਕਾਰੀ ਦੇ ਉਦਯੋਗਾਂ ਨੂੰ ਅਪਣਾਅ ਕੇ ਉਤਪਾਦਨ ਵਧਾਉਣਾ ਤੇ ਦੁਨੀਆਂ ਦੇ ਬਾਜ਼ਾਰਾਂ ਉੱਤੇ ਕਬਜ਼ੇ ਕਰ ਲੈਣ ਵਰਗੇ ਕੰਮ ਕਰਨੇ ਹੋਣਗੇ। ਪਿਛਲੇ 50 ਸਾਲਾਂ ਵਿਚ ਖੇਤੀ ਦੀ ਪੈਦਾਵਾਰ ਨੂੰ ਛੱਡ ਕੇ ਕੌਮ ਬਾਕੀ ਕੰਮਾਂ ਵਿਚ ਥੱਲੇ ਨੂੰ ਗਈ ਹੈ ਤੇ ਇਸ ਸਾਰੇ ਸਮੇਂ ਵਿਚ ਸਿਆਸਤਦਾਨ ਤਾਂ ਇਕ ਤੋਂ ਇਕ ਚੜ੍ਹਦੇ ਹੋਏ ਪਰ ਕੋਈ ਵੀ ਦੂਰਦ੍ਰਿਸ਼ਟੀ ਵਾਲਾ ਸਿੱਖ ਜਿਸ ਨੇ ਸਿੱਖ ਕੌਮ ਦੀ ਤਾਲੀਮ ਤੇ ਉਦਯੋਗੀਕਰਨ ਵੱਲ ਸੋਚਿਆ ਹੋਵੇ, ਨਹੀਂ ਹੋਇਆ। ਸਿਰਫ਼ ਤੇ ਸਿਰਫ਼ ਵਿੱਦਿਆ, ਵਿਗਿਆਨ, ਉਦਯੋਗ ਤੇ ਵਪਾਰ ਹਨ, ਜੋ ਕੌਮ ਨੂੰ ਉਚਾ ਉੱਠਾ ਸਕਦੇ ਹਨ। ਜਿਸ ਦਿਨ ਸਿੱਖ ਯਹੂਦੀਆਂ ਵਾਂਗੂੰ ਅਧਿਆਪਕ ਹੋਣਗੇ ਤੇ ਇਕ ਇਕ ਬੱਚੇ ਨੂੰ ਘੇਰ ਕੇ ਸਿਖਲਾਈ ਯਾਫ਼ਤਾ ਦੇ ਦਾਇਰਿਆਂ ਵਿਚ ਬੰਨ੍ਹ ਲੈਣਗੇ ਤਾਂ ਕੌਮ ਵਿਚ ਤਬਦੀਲੀ ਆਵੇਗੀ। ਫਿਰ ਸਿੱਖ ਨੌਜੁਆਨ ਟਰੱਕ ਚਲਾਉਣ ਵਾਲੇ ਡਰਾਈਵਰ ਨਹੀਂ ਬਲਕਿ ਟਰੱਕ ਤੇ ਕਾਰਾਂ ਬਣਾ ਕੇ ਵੇਚਣ ਵਾਲੇ ਉਦਯੋਗਪਤੀ ਬਣ ਜਾਣਗੇ। ਪ੍ਰੋਫੈਸ਼ਨਲ, ਉਦਯੋਗਪਤੀ, ਵਪਾਰੀ ਤੇ ਸ਼ੋ ਰੂਮਾਂ ਦੇ ਮਾਲਕ ਹੋਣਗੇ। ਫਿਰ ਉਨ੍ਹਾਂ ਨੂੰ ਗੈਸੋਲੀਨ ਪੰਪਾਂ ਉੱਤੇ ਛੋਟੀਆਂ ਮਜ਼ਦੂਰੀਆਂ ਨਹੀਂ ਕਰਨੀਆਂ ਪੈਣਗੀਆਂ। ਫਿਰ ਉਹ ਪੈਸੇ ਦੇ ਮਾਲਕ ਹੋਣਗੇ ਤੇ ਸਿੱਖ ਆਪਣੇ ਦੇਸ਼ ਤੋਂ ਬਾਹਰ ਵਿਦੇਸ਼ਾਂ ਵਿਚ ਆਪਣੇ ਪੈਸੇ ਦਾ ਨਿਵੇਸ਼ ਕਰਨਗੇ। ਦੇਸ਼ ਤੇ ਵਿਦੇਸ਼ਾਂ ਦੀਆਂ ਸਰਕਾਰਾਂ ਅਤੇ ਕੰਪਨੀਆਂ ਤੇ ਉਦਯੋਗਤੀਆਂ ਦੇ ਬੁਲਾਵੇ ਆਉਣਗੇ। ਤੁਹਾਨੂੰ ਨਿਮੰਤਰਣ ਪੱਤਰ ਮਿਲਣਗੇ। ਤੁਸੀਂ ਖ਼ਾਲਸੇ ਦੇ ਅਰੰਭ ਵਿਚ ਜਿਵੇਂ ਲੋਕਾਂ ਦੇ ਮਦਦਗਾਰ ਸੀ ਤੁਸੀਂ ਹੁਣ ਫਿਰ ਦੁਬਾਰਾ ਦੇਣ ਵਾਲੇ ਬਣ ਸਕਦੇ ਹੋ ਤੇ ਫਿਰ ਤੁਹਾਡੀ ਦਾਹੜੀ ਬੇਸ਼ੱਕ ਖੁਲ੍ਹੀ ਹੋਵੇਗੀ ਜਾਂ ਬੱਝੀ ਹੋਈ ਉਸ ਦਾ ਕੋਈ ਪ੍ਰਸਨੈਲਿਟੀ ਟੈਸਟ ਜਾਂ ਪੁਆਇੰਟ ਨਹੀਂ ਕੱਟਿਆ ਜਾਵੇਗਾ ਤੇ ਨਾ ਟੈਸਟ ਦੇਣਾ ਪਵੇਗਾ।

ਅਜਿਹੇ ਮਿਆਰ ਉੱਤੇ ਉਹੀ ਬੰਦੇ ਤੇ ਕੌਮਾਂ ਪਹੁੰਚ ਸਕਦੀਆਂ ਨੇ ਜੋ ਖ਼ਜ਼ਾਨਾ ਪੈਦਾ ਕਰ ਸਕਣ, ਵਿੱਦਿਆ ਤੇ ਵਿਗਿਆਨ ਦਾ, ਅਕਲ ਤੇ ਸੂਝ ਸਿਆਣਪ ਦਾ, ਧਨ ਤੇ ਵਸਤਾਂ ਦਾ, ਹੱਥਾਂ ਦੀ ਦਸਤਕਾਰੀ ਤੇ ਜ਼ਿਹਨੀ (ਦਿਮਾਗ਼ੀ) ਵਿਉਂਤਾਂ ਦਾ, ਡਾਕਟਰੀ ਤੇ ਇੰਜੀਨੀਰਿੰਗ ਦਾ, ਬਾਗਾਂ, ਖੇਤਾਂ ਤੇ ਜੰਗਲਾਂ ਦਾ। ਜਦੋਂ ਇਹ ਸਭ ਕੁਝ ਬੰਦਿਆਂ ਤੇ ਕੌਮਾਂ ਨੂੰ ਹਾਸਲ ਹੋ ਜਾਂਦਾ ਹੈ ਜਿਵੇਂ ਇੰਗਲੈਂਡ, ਅਮਰੀਕਾ, ਜਰਮਨੀ, ਫਰਾਂਸ, ਜਾਪਾਨ, ਕੋਰੀਆ ਤੇ ਹੁਣ ਦਿਨਾਂ ਤੇ ਸਾਲਾਂ ਵਿਚ ਉਭਰ ਖਲੋਤੇ ਚੀਨ ਨੇ ਹਾਸਲ ਕਰ ਲਿਆ ਹੈ ਤਾਂ ਦੂਸਰੇ ਮਨੁੱਖ ਤੇ ਦੇਸ਼ ਜਿਨ੍ਹਾਂ ਕੋਲ ਨਹੀਂ ਹੁੰਦਾ ਉਹ ਹੁੰਦਿਆਂ ਕੋਲੋਂ ਆਸ ਕਰਦੇ ਹਨ ਆਪਣੀਆਂ ਲੋੜਾਂ ਪੂਰੀਆਂ ਕਰਨ ਦੀ। ਵੱਡਾ ਉਹ ਹੁੰਦਾ ਹੈ ਜੋ ਲੋੜ ਪੂਰੀ ਕਰਨ ਦੇ ਯੋਗ ਹੁੰਦਾ ਹੈ ਤੇ ਲੋੜਵੰਦ ਨੂੰ ਨਿਰਭਰ ਕਹਿੰਦੇ ਹਨ। ਜੋ ਮੈਂ ਖ਼ਜ਼ਾਨਿਆਂ ਦਾ ਨੁਕਤਾ ਪੇਸ਼ ਕੀਤਾ ਹੈ ਜ਼ਰਾ ਸਿੱਖ ਸੋਚਣ ਕਿ ਖੇਤੀ ਨੂੰ ਛੱਡ ਕੇ ਉਨ੍ਹਾਂ ਕੋਲ ਕੋਈ ਹੋਰ ਵੀ ਖ਼ਜ਼ਾਨਾ ਹੈ ? ਕੀ ਤੁਹਾਡੇ ਉੱਤੇ ਕੋਈ ਨਿਰਭਰ ਹੈ ? ਤੁਸੀਂ ਕਿਸੇ ਦੀ ਲੋੜ ਹੋ ? ਜੁਆਬ ਹੈ ਨਹੀਂ। ਸਗੋਂ ਤੁਸੀਂ ਤਾਂ ਦੂਜਿਆਂ ਉੱਤੇ ਨਿਰਭਰ ਹੋ, ਰੁਜ਼ਗਾਰ ਲਈ, ਪੈਸੇ ਲਈ, ਵਿਵਸਾਇ (ਕਿੱਤੇ) ਲਈ। ਦੁਨੀਆਂ ਦੇ ਕਮਜ਼ੋਰ ਦੇਸ਼ ਵਿਸ਼ਵ ਬੈਂਕ, ਆਈ. ਐਮ. ਐਫ. ਅਮਰੀਕਾ, ਜਾਪਾਨ ਵੱਲ ਕਿਉਂ ਜਾ ਰਹੇ ਹਨ ਕਿਉਂਕਿ ਉਹ ਲੋੜ ਪੂਰੀ ਕਰ ਸਕਦੇ ਹਨ, ਦੇ ਸਕਦੇ ਹਨ। ਜੇ ਤੁਸੀਂ ਸੰਸਾਰ ਦੀਆਂ ਕੌਮਾਂ ਦੇ ਬਰਾਬਰ ਪਹੁੰਚਣਾ ਚਾਹੁੰਦੇ ਹੋ ਤਾਂ ਯੋਗਤਾਵਾਂ ਦਾ, ਧਨ ਦਾ, ਉਦਯੋਗਾਂ ਤੇ ਪ੍ਰੋਫੈਸ਼ਨਲਜ਼ ਦਾ ਖਜ਼ਾਨਾ ਪੈਦਾ ਕਰੋ। ਕੌਮ ਨੂੰ ਦੂਜਿਆਂ ਦੀ ਲੋੜ ਪੂਰੀ ਕਰਨ ਦੇ ਕਾਬਲ ਬਣਾਓ। ਜ਼ਮੀਨਾਂ ਵੇਚ ਕੇ ਜਾਂ ਕੁਰੱਪਸ਼ਨ ਕਰਕੇ ਕਾਰਾਂ ਖਰੀਦਣ ਤੇ ਕੋਠੀਆਂ ਪਾਉਣ ਨਾਲ ਤੁਸੀਂ ਕਿਸੇ ਨੂੰ ਦੇਣ ਦੇ ਯੋਗ ਨਹੀਂ ਹੋ ਸਕਦੇ। ਮੈਂ ਆਪਣੇ ਇਕ ਮਿੱਤਰ ਬਾਣੀਏ ਨੂੰ ਦੱਸਿਆ ਕਿ ਸਾਡੇ ਨਾਲ ਦਾ ਘਰ ਸਸਤਾ ਵਿਕਾਊ ਹੈ, ਉਸ ਨੇ ਮੈਨੂੰ ਜਵਾਬ ਦਿੱਤਾ ਦੁਕਾਨ ’ਚੋਂ ਘਰ ਬਣ ਜਾਂਦਾ ਹੈ, ਘਰ ’ਚੋਂ ਦੁਕਾਨ ਨਹੀਂ ਬਣਦੀ। ਮੈਂ ਦੁਕਾਨ ਅਜੇ ਪੂਰੀ ਕਰਨੀ ਹੈ। ਉਸ ਨੇ ਮੈਨੂੰ ਦੱਸ ਕੇ ਸੋਚਾਂ ਦਾ ਰਾਹ ਵਿਖਾ ਦਿੱਤਾ।

ਸੋ ਮੇਰੇ ਦੋਸਤੋ ! ਤੁਹਾਨੂੰ ਮੇਰੇ ਇਸ ਦੋਸਤ ਬਾਣੀਏ ਦੀ ਗੱਲ ਕਿਹੋ ਜਿਹੀ ਲੱਗੀ। ਹਾਂ ਤੁਸੀਂ ਦੇਣ ਦੇ ਯੋਗ ਹੋ ਸਕੋਗੇ ਜਿਸ ਦਿਨ ਤੁਸੀਂ ਆਪਣੇ ਲਈ ਘਰ ਜਾਂ ਕਾਰ ਜ਼ਮੀਨ ਵੇਚ ਕੇ ਜਾਂ ਕੁਰੱਪਸ਼ਨ ਕਰਕੇ ਨਹੀਂ, ਆਪਣੀ ਦੁਕਾਨ ’ਚੋਂ, ਆਪਣੇ ਵਿਵਸਾਏ ਵਿਚੋਂ ਬਣਾਉਗੇ। ਉਸ ਦਿਨ ਤੁਸੀਂ ਮੇਰੇ ਤੋਂ ਉੱਪਰ ਖਲੋਤੇ ਹੋਵੋਗੇ; ਜਿਸ ਦਿਨ ਤੁਸੀਂ ਕਾਰਾਂ, ਟਰੈਕਟਰ, ਟਰਬਾਈਨਜ਼, ਸਾਜ਼ੋ-ਸਾਮਾਨ ਤੇ ਮਸ਼ੀਨਰੀ ਬਣਾ ਕੇ ਆਪ ਖੁਦ ਵੇਚਣ ਦੇ ਯੋਗ ਹੋ ਜਾਉਗੇ। ਅੱਜ ਜਿਵੇਂ ਤੁਸੀਂ ਸਾਰੇ ਵੱਡੇ ਛੋਟੇ ਸਿੱਖ ਆਪਣੀ ਵੱਖਰੀ ਪਹਿਚਾਣ ਤੇ ਸਾਬਤੀ ਨੂੰ ਬਰਕਰਾਰ ਰੱਖਣ ਲਈ ਆਪਣੇ ਹੀ ਦੇਸ਼ ਤੇ ਵਿਦੇਸ਼ਾਂ ਵਿਚ ਸੰਘਰਸ਼ ਕਰ ਰਹੇ ਹੋ ਤੇ ਤੁਹਾਡੀ ਵੱਖਰੀ ਪਹਿਚਾਣ ਦੀ ਸੁਣਾਈ ਨਹੀਂ ਹੋ ਰਹੀ। ਆਪਣਾ ਨੁਕਤਾ-ਏ-ਨਜ਼ਰ ਬਦਲੋ, ਦੇਣ ਦੇ ਖਜ਼ਾਨੇ ਪੈਦਾ ਕਰੋ, ਦੁਨੀਆਂ ਵਾਲੇ ਤੁਹਾਡੇ ਉੱਤੇ ਸ਼ੱਕ ਜਾਂ ਪ੍ਰਸਨੈਲਿਟੀ ਟੈਸਟ ਤਾਂ ਕੀ ਤੁਹਾਡੀ ਪਹਿਚਾਣ ਨੂੰ ਸਲਾਮ ਕਰਨਗੇ, ਮਾਨਤਾ ਦੇਣਗੇ, ਤੁਹਾਡਾ ਸਨਮਾਨ ਕਰਨਗੇ ਤੇ ਤੁਹਾਡੀ ਪਹਿਚਾਣ ਨੂੰ ਅਪਣਾਉਣ ਲਈ ਤਿਆਰ ਹੋਣਗੇ।

ਆਮੀਨ !

ਇਹ ਲੇਖ ਵਿਦਵਾਨ ਲੇਖਕ ਹੁਸਨ-ਓਲ-ਚਿਰਾਗ ਜੀ ਦੁਆਰਾ ਲਿਖਿਆ ਹੋਇਆ ਹੈ, ਜੋ ਇਸਲਾਮ ਨਾਲ ਸੰਬੰਧਿਤ ਹੋਣ ਦੇ ਬਾਵਜੂਦ ਲੇਖਕ ਨੇ ਬੜੀ ਸ਼ਿੱਦਤ ਨਾਲ ਖੁਰਦੇ ਜਾ ਰਹੇ ਸਿੱਖੀ ਸਰੂਪ ਤੇ ਸਿੱਖੀ ਸਭਿਆਚਾਰ ਨੂੰ ਪਹਿਚਾਣ ਕੇ ਪੂਰੀ ਸਿੱਖ ਕੌਮ ਨੂੰ ਹਲੂਣੇ ਦਿੱਤੇ ਹਨ। ਇਹ ਲੇਖ ਬੇਸ਼ੱਕ ਕਾਫ਼ੀ ਲੰਬਾ ਹੈ, ਪਰ ਮੇਰੀ ਆਪ ਜੀ ਦੇ ਸਨਮੁੱਖ ਬੇਨਤੀ ਹੈ ਕਿ ਇਸ ਨੂੰ ਜ਼ਰੂਰ ਪੜੋ ਅਤੇ ਆਪਣੇ ਪਰਿਵਾਰ ਤੇ ਦੋਸਤਾਂ ਮਿੱਤਰਾਂ ਸਮੇਤ ਹੋਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ।

ਸਗਲੀ ਥੀਤਿ ਪਾਸਿ ਡਾਰਿ ਰਾਖੀ ॥

0

ਸਗਲੀ ਥੀਤਿ ਪਾਸਿ ਡਾਰਿ ਰਾਖੀ ॥

ਗਿਅਨੀ ਬਲਜੀਤ ਸਿੰਘ ਜੀ

ਭੈਰਉ ਮਹਲਾ ੫ ਘਰੁ ੧  ੴ ਸਤਿ ਗੁਰ ਪ੍ਰਸਾਦਿ ॥

ਸਗਲੀ ਥੀਤਿ; ਪਾਸਿ ਡਾਰਿ ਰਾਖੀ ॥  ਅਸਟਮ ਥੀਤਿ; ਗੋਵਿੰਦ ਜਨਮਾ ਸੀ ॥੧॥

ਭਰਮਿ ਭੂਲੇ ਨਰ; ਕਰਤ ਕਚਰਾਇਣ ॥  ਜਨਮ ਮਰਣ ਤੇ ਰਹਤ; ਨਾਰਾਇਣ ॥੧॥ ਰਹਾਉ ॥

ਕਰਿ ਪੰਜੀਰੁ; ਖਵਾਇਓ ਚੋਰ ॥  ਓਹੁ ਜਨਮਿ ਨ ਮਰੈ; ਰੇ ਸਾਕਤ ਢੋਰ  !॥੨॥

ਸਗਲ ਪਰਾਧ ਦੇਹਿ ਲੋਰੋਨੀ ॥  ਸੋ ਮੁਖੁ ਜਲਉ; ਜਿਤੁ ਕਹਹਿ ਠਾਕੁਰੁ ਜੋਨੀ ॥੩॥

ਜਨਮਿ ਨ ਮਰੈ ਨ; ਆਵੈ ਨ ਜਾਇ ॥  ਨਾਨਕ ਕਾ ਪ੍ਰਭੁ; ਰਹਿਓ ਸਮਾਇ ॥੪॥੧॥ (ਮਹਲਾ ੫/੧੧੩੬)

ਵੀਚਾਰ ਅਧੀਨ ਇਹ ਪਵਿੱਤਰ ਸ਼ਬਦ ਗੁਰੂ ਅਰਜਨ ਦੇਵ ਜੀ ਦੁਆਦਾ ਉਚਾਰਨ ਕੀਤਾ ਹੋਇਆ ਗੁਰੂ ਗਰੰਥ ਸਾਹਿਬ ਜੀ ਦੇ ਭੈਰਉ ਰਾਗ ਵਿੱਚ, ਜੋ ਲੜੀ ਅਨੁਸਾਰ ਗੁਰਬਾਣੀ ਦੇ ਰਾਗ ਨੰਬਰ 24 ਵਿੱਚ, ਗੁਰੂ ਗਰੰਥ ਸਾਹਿਬ ਜੀ ਦੇ ਪੰਨਾ ਨੰਬਰ 1136 ’ਤੇ ਸੁਭਾਇਮਾਨ ਹੈ।

ਭਰਮ, ਪੂਰੀ ਮਨੁੱਖਤਾ ਲਈ ਖਤਰਾ ਹੈ ਕਿਉਂਕਿ ਇਹ ਮਨੁੱਖੀ ਜ਼ਿੰਦਗੀ ਦੀ ਭਟਕਣਾ ਦਾ ਕਾਰਨ ਬਣਿਆ ਹੋਇਆ ਹੈ। ਸਪਸ਼ਟ ਹੈ ‘‘ਡੀਗਨ ਡੋਲਾ ਤਊ ਲਉ; ਜਉ ਮਨ ਕੇ ਭਰਮਾ ॥’’ (ਮਹਲਾ ੫/੪੦੦) ਜੀਵਨ ਦੀ ਸਥਿਰਤਾ ਲਈ ‘‘ਭਰਮ ਭੇਖ ਤੇ ਰਹੇ ਨਿਆਰਾ’’ ਦਾ ਸਿਧਾਂਤ ਲਾਜ਼ਮੀ ਹੈ। ਭਰਮ ਹੀ ਸਭ ਤੋਂ ਵੱਡੀ ਅਪਵਿੱਤਰਤਾ ਹੈ, ਜਿਸ ਕਾਰਨ ਮਨੁੱਖ ‘‘ਦੂਜੈ ਲਗੈ ਜਾਇ’’ ਅਨੁਸਾਰ ਆਪਣੇ ਸਿਰਜਣਹਾਰ ਨੂੰ ਭੁੱਲ ਹੀ ਜਾਂਦਾ ਹੈ।

ਅਨਮਤ ਦਾ ਵਿਸ਼ਵਾਸ ਹੈ ਕਿ ਸਮੇਂ ਸਮੇਂ ਕੁਝ ਕੁ ਤਾਕਤ ਲੈ ਕੇ ਅਵਤਾਰ ਪੈਦਾ ਹੁੰਦੇ ਹਨ, ਜਿਨ੍ਹਾਂ ਨੂੰ ਭਰਮੀ ਲੋਕ ਪਰਮਾਤਮਾ ਕਰਕੇ ਪੂਜਣ ਲੱਗ ਜਾਂਦੇ ਹਨ। ਪਰਮਾਤਮਾ ਦੀ ਕੁਝ ਅੰਸ਼ (ਤਾਕਤ) ਉਨ੍ਹਾਂ ਕੋਲ ਹੋਣ ਕਰਕੇ ਉਹ ਲੋਕ ਉਨ੍ਹਾਂ ਸ਼ਖ਼ਸੀਅਤਾਂ ਨੂੰ ‘ਅੰਸਾ ਅਵਤਾਰ’ ਆਖਦੇ ਹਨ। ਆਸਾ ਦੀ ਵਾਰ ਦੀ ਪਉੜੀ ਨੰਬਰ 13 ਨਾਲ ਸਲੋਕ ਨੰਬਰ 2 ਇਸੇ ਵੀਚਾਰ ਦੀ ਪੁਸ਼ਟੀ ਕਰਦਾ ਹੈ :

(1). ਸਾਮ ਕਹੈ ਸੇਤੰਬਰੁ ਸੁਆਮੀ; ਸਚ ਮਹਿ ਆਛੈ ਸਾਚਿ ਰਹੇ ॥

(2). ਰਿਗੁ ਕਹੈ ਰਹਿਆ ਭਰਪੂਰਿ ॥  ਰਾਮ ਨਾਮੁ ਦੇਵਾ ਮਹਿ ਸੂਰੁ ॥

(3). ਜੁਜ ਮਹਿ ਜੋਰਿ ਛਲੀ ਚੰਦ੍ਰਾਵਲਿ; ਕਾਨ੍ ਕ੍ਰਿਸਨੁ ਜਾਦਮੁ ਭਇਆ ॥

(4). ਕਲਿ ਮਹਿ ਬੇਦੁ ਅਥਰਬਣੁ ਹੂਆ; ਨਾਉ ਖੁਦਾਈ ਅਲਹੁ ਭਇਆ ॥ (ਮਹਲਾ ੧/੪੭੦)

ਸ਼ਾਮ ਵੇਦ ਨੇ ਸਤਿਜੁਗ ਦੇ ਮਾਲਕ ਦਾ ਨਾਂ ‘ਸੇਤੰਬਰ’ (ਸਫ਼ੈਦ/ਚਿੱਟਾ) ਪ੍ਰਗਟ ਕੀਤਾ। ਰਿਗ ਵੇਦ ਨੇ ਤੇਤੇ ਜੁਗ ’ਚ ਪਰਮਾਤਮਾ ਸ਼੍ਰੀ ਰਾਮਚੰਦ੍ਰ ਜੀ ਨੂੰ ਆਖਿਆ। ਯਜੁਰ ਵੇਦ ਨੇ ਯਾਦਮਾਂ ਦੀ ਕੁਲ ਵਾਲੇ ਸ਼੍ਰੀ ਕ੍ਰਿਸ਼ਨ ਜੀ ਨੂੰ ਰੱਬ ਮੰਨ ਲਿਆ। ਕਲਿਜੁਗ ਵਿੱਚ ਅਥਰਬਣ ਵੇਦ ਨੇ ‘ਅਲਹੁ’ ਤੇ ਖੁਦਾ ਦੇ ਨਾਂ ’ਤੇ ਰੱਬ ਪਰਗਟ ਕੀਤਾ। ਇਸ ਤਰ੍ਹਾਂ ਪ੍ਰਭੂ ਦੀ ਏਕਤਾ ਖ਼ਤਮ ਕਰਕੇ ਉਸ ਨੂੰ ਅਨੇਕਾਂ ਰੂਪਾਂ ਵਿੱਚ ਪਰਗਟ ਕੀਤਾ। ਜੋ ਅੱਗੇ ਜਾ ਕੇ ਮਨੁੱਖਤਾ ਦੀਆਂ ਵੰਡੀਆਂ ਦਾ ਕਾਰਨ ਬਣਿਆ ਕਿਉਂਕਿ ਜਦੋਂ ਰੱਬ ਅਨੇਕ ਹੋ ਗਏ ਉਸ ਨੂੰ ਪੂਜਣ ਵਾਲੇ ਅਤੇ ਉਸ ਦੀ ਪੂਜਾ ਵੀ ਅਨੇਕਤਾ ਤੱਕ ਪਹੁੰਚ ਗਈ, ਇਸ ਕਾਰਨ ਹਿੰਦੂ ਵੀਰਾਂ ਵਿੱਚ ਤਿੰਨ ਪ੍ਰਕਾਰ ਦੀ ਪੂਜਾ ਪ੍ਰਚਲਿਤ ਹੋ ਗਈ।

ਪਹਿਲਾ ਮੰਤ੍ਰ ਪੂਜਾ ਕਿਸੇ ਖਾਸ ਮੰਤ੍ਰ ਨੂੰ ਅਨੁਲੋਮ ਵਿਲੋਮ (ਉਲਟਾਸਿਧਾ) ਰੂਪ ਵਿੱਚ ਰਟਨਾ।  ਭਗਤ ਨਾਮਦੇਵ ਜੀ ਨੇ ਇਸ ਵੀਚਾਰ ਨੂੰ ਗੌਂਡ ਰਾਗ ਵਿੱਚ ਸਪਸ਼ਟ ਕੀਤਾ ਹੈ।,  ਦੂਜੀ ਦੇਵ ਪੂਜਾ ਅਤੇ ਤੀਜੀ ਅਵਤਾਰ ਪੂਜਾ, ਪਰ ਸਿੱਖ ਸਿਧਾਂਤ ਅਨੁਸਾਰ ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਦਾ, ਤਿੰਨ ਨੁਕਤੀ ਨਿਯਮ ਕਾਇਮ ਕੀਤਾ ਗਿਆ ਹੈ।

  1. ਪਾਂਡੇ ! ਤੁਮਰੀ ਗਾਇਤ੍ਰੀ; ਲੋਧੇ ਕਾ ਖੇਤੁ ਖਾਤੀ ਥੀ ॥ (ਗਇਤ੍ਰੀ ਮੰਤ੍ਰ ਦਾ ਰਟਨਾ ਮੰਤ੍ਰ ਪੂਜਾ ਦੀ ਵਿਧੀ ਹੈ)
  2. ਪਾਂਡੇ ! ਤੁਮਰਾ ਮਹਾਦੇਉ, ਧਉਲੇ ਬਲਦ ਚੜਿਆ ਆਵਤੁ ਦੇਖਿਆ ਥਾ ॥ (ਦੇਵ ਪੂਜਾ ਦਾ ਪ੍ਰਤੀਕ ਹੈ)
  3. ਪਾਂਡੇ ! ਤੁਮਰਾ ਰਾਮਚੰਦੁ, ਸੋ ਭੀ ਆਵਤੁ ਦੇਖਿਆ ਥਾ ॥ (ਭਗਤ ਨਾਮਦੇਵ/੮੭੫) (ਅਵਤਾਰ ਵਾਦ ਦੀ ਪੂਜਾ ਦਾ ਪ੍ਰਤੀਕ ਹੈ)

ਅੱਜ ਸਿੱਖ ਧਰਮ ਲਈ ਵੀ ਦੁਖਦਾਈ ਕਹਾਣੀ ਹੈ ਕਿ ਗੁਰੂ ਸਾਹਿਬਾਨ ਨੂੰ ਵੀ ਵਿਸ਼ਨੂੰ ਦੇ ਅਵਤਾਰ ਸਿੱਧ ਕਰਨ ਦਾ ਪੂਰਾ ਯਤਨ ਅਨਮਤੀ ਭਰਾਵਾਂ ਵੱਲੋਂ ਕੀਤਾ ਜਾ ਰਿਹਾ ਹੈ। ਉੱਥੇ ਸਾਡੇ ਅਖੌਤੀ ਧਾਰਮਿਕ ਤੇ ਰਾਜਨੀਤਕ ਲੀਡਰ ਅਗਿਆਨਤਾ ਅਤੇ ਚੌਧਰ ਦੀ ਭੁੱਖ ਵਿੱਚ ਫਸੇ ਇਸ ਵੀਚਾਰ ਦਾ ਪੱਖ ਪੂਰਦੇ ਦਿਖਾਈ ਦਿੰਦੇ ਹਨ। ਸਤਿਗੁਰੂ ਜੀ ਨੇ ‘‘ਪੂਜਾ ਕੀਚੈ ਨਾਮੁ ਧਿਆਈਐ; ਬਿਨੁ ਨਾਵੈ ਪੂਜ ਹੋਇ ਰਹਾਉ ’’ (ਮਹਲਾ /੪੮੯) ਦਾ ਵਡਮੁੱਲਾ ਸਿਧਾਂਤ ਹੀ ਦਿੱਤਾ ਹੈ। ਆਓ ਗੁਰਮਤਿ ਸਿਧਾਂਤਾਂ ਦੀ ਰੌਸ਼ਨੀ ਵਿੱਚ ਵੀਚਾਰ ਕਰੀਏ ਕਿ ਗੁਰਬਾਣੀ ਕੀ ਹੁਕਮ ਕਰਦੀ ਹੈ।

  1. ਪਰਮਾਤਮਾ ਅਨੇਕ ਨਹੀਂ ਹੋ ਸਕਦੇ ‘‘ਸਾਹਿਬੁ ਮੇਰਾ ਏਕੋ ਹੈ ਏਕੋ ਹੈ ਭਾਈ ! ਏਕੋ ਹੈ ਰਹਾਉ ’’ (ਮਹਲਾ /੩੫੦), ਜੋ ‘‘ਸਭਨਾ ਜੀਆ ਕਾ ਇਕੁ ਦਾਤਾ’’ (ਜਪੁ) ਹੋ ਕੇ ਮਨੁੱਖ ਮਾਤਰ ਅਤੇ ਜੀਵ ਜੰਤੂ ਬਨਸਪਤੀ ਦੀ ਪਾਲਣਾ ਕਰਦਾ ਹੈ।
  2. ਪਰਮਾਤਮਾ ਜਨਮ ਮਰਨ ਤੋਂ ਰਹਿਤ ਹੈ। ਕਬੀਰ ਸਾਹਿਬ ਨੇ ਸਵਾਲ ਕੀਤਾ ਕਿ ‘‘ਨੰਦ ਕੋ ਨੰਦਨੁ’’ ਨੂੰ ਪੂਜਣ ਵਾਲਿਓ ! ਤੁਸੀਂ ਦੱਸ ਸਕਦੇ ਹੋ ਕਿ ‘‘ਧਰਨਿ ਅਕਾਸੁ ਦਸੋ ਦਿਸ ਨਾਹੀ; ਤਬ ਇਹੁ ਨੰਦੁ ਕਹਾ ਥੋ ? ਰੇ ਰਹਾਉ ’’ (ਭਗਤ ਕਬੀਰ/੩੩੯), ਇਸ ਲਈ ਸਪਸ਼ਟ ਕੀਤਾ ਪ੍ਰਭੂ ਦਾ ਸਰੂਪ ‘‘ਸੰਕਟਿ ਨਹੀ ਪਰੈ; ਜੋਨਿ ਨਹੀ ਆਵੈ; ਨਾਮੁ ਨਿਰੰਜਨ ਜਾ ਕੋ ਰੇ ਕਬੀਰ ਕੋ ਸੁਆਮੀ ਐਸੋ ਠਾਕੁਰੁ; ਜਾ ਕੈ, ਮਾਈ ਬਾਪੋ ਰੇ !’’ (ਭਗਤ ਕਬੀਰ/੩੩੯)
  3. ਪਰਮਾਤਮਾ ਦਾ ਅੰਤ ਅਵਤਾਰ ਵੀ ਨਹੀਂ ਪਾ ਸਕੇ ‘‘ਅਵਤਾਰ ਜਾਨਹਿ ਅੰਤੁ ਪਰਮੇਸਰੁ ਪਾਰਬ੍ਰਹਮ ਬੇਅੰਤੁ (ਮਹਲਾ /੮੯੪), ਜੁਗਹ ਜੁਗਹ ਕੇ ਰਾਜੇ ਕੀਏ; ਗਾਵਹਿ ਕਰਿ ਅਵਤਾਰੀ ਤਿਨ ਭੀ ਅੰਤੁ ਪਾਇਆ ਤਾ ਕਾ; ਕਿਆ ਕਰਿ ਆਖਿ ਵੀਚਾਰੀ  ?’’ (ਮਹਲਾ /੪੨੩)

ਗੁਰਮਤਿ ਤਤ ਬੇਤਾ ਭਾਈ ਗੁਰਦਾਸ ਜੀ ਕਥਨ ਕਰਦੇ ਹਨ ਕਿ ‘ਪਰਮਾਤਮਾ ਅਜੋਨੀ ਹੈ’ ਫਿਰ ਉਸ ਨੂੰ ਜਨਮਿਆ ਸਮਝ ਜਨਮ ਅਸ਼ਟਮੀ ਨੂੰ ਕਿਵੇਂ ਬਰਤ ਕੀਤਾ ਹੈ ? ਉਹ ਜਗਜੀਵਨ ਅਕਾਲ ਤੇ ਅਬਿਨਾਸ਼ੀ ਹੈ। ਉਸ ਨੂੰ ਬਧਿਕ (ਸ਼ਿਕਾਰੀ) ਨੇ ਮਾਰਨ ਦਾ ਕਿਵੇਂ ਅਪਜਸ ਲਿਆ ਹੈ। ਜਿਸ ਨੂੰ ਨਿਰਮਲ ਨਿਰਦੋਖ ਅਤੇ ਮੋਖ ਪਦਵੀ ਵਾਲਾ ਕਰਕੇ ਜਾਣਦੇ ਹਾਂ। ਉਹ ਗੋਪੀਆਂ ਨੂੰ ਵਿਛੋੜੇ ਦਾ ਦੁੱਖ ਕਿਉਂ ਦੇ ਰਿਹਾ ਹੈ। ਪੂਜਾਰੀ ਮੂਰਖਤਾ ਅਗਿਆਨਤਾ ਕਾਰਨ ਪੱਥਰ ਦੀ ਮੂਰਤੀ ਨੂੰ ਹੀ ਰੱਬ ਮੰਨ ਕੇ ਪੂਜਦਾ ਹੈ ਕਿਉਂਕਿ ਉਹ ਗੁਰੂ ਦੇ ਗਿਆਨ ਤੋਂ ਹੀਣਾ ਹੋਣ ਕਰਕੇ ਐਸਾ ਕਰਦਾ ਹੈ। ਕਥਨ ਹੈ :

ਜਾ ਕੋ ਨਾਮੁ ਹੈ ਅਜੋਨੀ; ਕੈਸੇ ਕੈ ਜਨਮੁ ਲੈ; ਕਹਾ ਜਾਨ ਬ੍ਰਤ ਜਨਮਾਸਟਮੀ ਕੋ ਕੀਨੋ ਹੈ।

ਜਾ ਕੋ ਜਗਜੀਵਨ ਅਕਾਲ ਅਬਿਨਾਸੀ ਨਾਮੁ; ਕੈਸੇ ਕੈ ਬਧਿਕ ਮਾਰਿਓ ਅਪਜਸੁ ਲੀਨੋ ਹੈ।

ਨਿਰਮਲ ਨਿਰਦੋਖ ਮੋਖ ਪਦੁ ਜਾ ਕੇ ਨਾਮਿ (ਰਾਹੀਂ); ਗੋਪੀਨਾਥ ਕੈਸੇ ਹੁਇ ਬਿਰਹ ਦੁਖ ਦੀਨੋ ਹੈ।

ਪਾਹਨ ਕੀ ਪ੍ਰਤਿਮਾ ਕੇ ਅੰਧ ਕੰਧ ਹੈ ਪੁਜਾਰੀ; ਅੰਤਰਿ ਅਗਿਆਨ ਮਤ ਗਿਆਨ ਗੁਰ ਹੀਨੋ ਹੈ ॥੪੮੫॥

(ਭਾਈ ਗੁਰਦਾਸ ਜੀ/ਕਬਿੱਤ ੪੮੫)

ਤੇਤੀ ਸਵੱਈਆਂ ਵਿੱਚ ਵੀ ਦਰਜ ਹੈ ਕਿ ਜਿਹ ਪਰਮਾਤਮਾ ਨੂੰ ‘‘ਆਦਿ ਅਜੋਨਿ ਕਹਾਇ ਕਹੋ; ਕਿਮ ਦੇਵਕਿ ਕੇ ਜਠਰੰਤਰ ਆਯੋ ਤਾਤ ਮਾਤ ਕਹੈ ਜਿਹ ਕੋ; ਤਿਹ ਕਯੋ ਬਸੁਦੇਵਹਿ ਬਾਪੁ ਕਹਾਯੋ  ?੧੪’’ (੩੩ ਸਵੈਯੇ)

ਭਾਈ ਬਾਲੇ ਵਾਲੀ ਜਨਮ ਸਾਖੀ ਰਾਹੀਂ ਵੀ ਐਸਾ ਪ੍ਰਤੀਤ ਹੁੰਦਾ ਹੈ ਬ੍ਰਹਮਾ ਬਿਸ਼ਨ ਮਹੇਸ਼ ਓਹ ਭੀ ਅੰਤ ਪਾਇ ਥਕੇ ਹੈਨ ਤੇ ਕਿਸੇ ਨੂੰ ਅੰਤ ਨਹੀ ਆਇਆ ਉਹ ਪਰਮੇਸ਼ਰ ਆਪਣੀ ਕੁਦਰਤਿ ਕਉ ਆਪੇ ਹੀ ਜਾਣੈ ਕਮਲਾ ਸੰਸਾਰ ਅਵਤਾਰਾਂ ਨੂੰ ਪਰਮੇਸ਼ਰ ਆਖਦਾ ਹੈ ਅਤੇ ਉਨ੍ਹਾਂ ਭੀ ਅੰਤ ਨਹੀ ਪਾਇਆ

ਗਿ. ਗਿਆਨ ਸਿੰਘ ਜੀ ਦੇ ਨਵੀਨ ਪੰਥ ਪ੍ਰਕਾਸ਼ ਵਿੱਚ ਸਪਸ਼ਟ ਹੈ ਹਿੰਦੂ ਕਹਿਤ ਜਿਨੈਂ ਅਵਤਾਰ ਪਰਮੇਸ਼ਰ ਤਨ ਧਾਰੇ ਸਾਰ ਸਿੱਖ ਉਨੇ ਪਰਮੇਸ਼ਰ ਮਾਨੈ ਪਰਮੇਸ਼ਰ ਕੇ ਸੇਵਕ ਜਾਨੈ

ਵੀਚਾਰ ਅਧੀਨ ਇਹ ਸ਼ਬਦ ਇਤਿਹਾਸਕ ਮਹੱਤਤਾ ਵੀ ਰੱਖਦਾ ਹੈ ਕਿ ਭਾਈ ਕਲਿਆਣਾ ਜੀ ਨੇ ਆਪਣੇ ਨਿਆਰੇ ਜੀਵਨ ਨਾਲ ਜਨਮ ਅਸ਼ਟਮੀ ਵਾਲੇ ਦਿਨ ਸੰਕੇਤ ਮੰਡੀ ਦੇ ਰਾਜੇ ਹਰੀ ਸੈਨ ਦਾ ਜੀਵਨ ਇਸੇ ਸ਼ਬਦ ਨਾਲ ਬਦਲਿਆ ਸੀ। ਰਾਜਾ ਸਿੱਖੀ ਧਾਰਨ ਕਰਨ ਲਈ ਆਪਣੇ ਪਰਵਾਰ ਤੇ ਵਜ਼ਾਰਤ ਸਹਿਤ ਅੰਮ੍ਰਿਤਸਰ ਗੁਰੂ ਅਰਜਨ ਸਾਹਿਬ ਜੀ ਦੀ ਹਜ਼ੂਰੀ ’ਚ ਪਹੁੰਚਿਆ ਸੀ। ਆਓ ਹੁਣ ਇਕ ਇਕ ਪੰਗਤੀ ਦੀ ਵੀਚਾਰ ਕਰੀਏ ਯਾਦ ਰੱਖਣਾ ਕਿ ਸ਼ਬਦ ਦਾ ਕੇਂਦਰੀ ਭਾਵ ‘ਰਹਾਉ’ ਵਾਲੇ ਬੰਦ ਵਿੱਚ ਹੁੰਦਾ ਹੈ। ਇਸ ਲਈ ਵੀਚਾਰ ਇੱਥੋਂ ਸ਼ੁਰੂ ਕਰ ਰਿਹਾ ਹਾਂ :

ਭਰਮਿ ਭੂਲੇ ਨਰ; ਕਰਤ ਕਚਰਾਇਣ ॥  ਜਨਮ ਮਰਣ ਤੇ ਰਹਤ; ਨਾਰਾਇਣ ॥੧॥ ਰਹਾਉ ॥

ਅਰਥ : ਭਰਮ ਵਿੱਚ ਭੁਲੇ ਲੋਕ ਇਹੋ ਜਿਹੀਆਂ ਕੱਚੀਆਂ ਗੱਲਾਂ ਕਰਦੇ ਹਨ (ਕਚਰਾਇਣ-ਕਿਸੇ ਖੀਰੇ ਆਦਿਕ ਕਕੜੀ ਨੂੰ ਚੀਰ ਕੇ ਉਸ ਵਿੱਚ ਸਾਲਗਰਾਮ ਰੱਖ ਕੇ ਫਿਰ ਜਨਮ ਸਮੇਂ ਪਰਗਟ ਕਰਨਾ, ਪਰ) ਨਾਰਾਇਣ ਜਨਮ ਮਰਨ ਦੋਹਾਂ ਤੋਂ ਰਹਿਤ ਹੈ। ਫਿਰ ਵੀ ਭਰਮ ਵਿੱਚ ਭੁਲੇ ਹੋਏ ਪੁਜਾਰੀ ਨੇ ਐਸਾ ਕੀਤਾ ‘‘ਸਗਲੀ ਥੀਤਿ ਪਾਸਿ ਡਾਰਿ ਰਾਖੀ   ਅਸਟਮ ਥੀਤਿ; ਗੋਵਿੰਦ ਜਨਮਾ ਸੀ ’’ ਅਰਥ : ਹੇ ਭਾਈ (ਬਾਕੀ) ਸਾਰੀਆਂ ਤਿਥਾਂ ਇਕ ਪਾਸੇ ਰੱਖ ਦਿੱਤੀਆਂ ਕੇਵਲ ਅਸ਼ਟਮੀ ਥਿਤ ਵਾਲੇ ਦਿਨ ਆਖਣਾ ਕਿ (ਅੱਜ ਹੀ) ਗੋਬਿੰਦ (ਕ੍ਰਿਸ਼ਨ) ਜੰਮਿਆ ਸੀ (ਕੇਵਲ ਭਰਮ ਹੈ)। ਭਰਮ ਵਿੱਚ ਭੁਲੇ ਮਨੁੱਖ ਨੂੰ ਹੀ ਸੰਬੋਧਨ ਕਰਕੇ ਸਾਹਿਬ ਫ਼ੁਰਮਾਨ ਕਰਦੇ ਹਨ ‘‘ਕਰਿ ਪੰਜੀਰੁ ਖਵਾਇਓ ਚੋਰ   ਓਹੁ ਜਨਮਿ ਮਰੈ; ਰੇ ਸਾਕਤ ਢੋਰ  !’’ ਅਰਥ : (ਹੇ ਭਾਈ ਭਰਮ ਵਿੱਚ ਭੁਲੇ ਪੁਜਾਰੀ ਨੇ) ਪੰਜੀਰ ਬਣਾ ਕੇ ਲੁਕਾ ਕੇ (ਪੜਦਾ ਕਰਕੇ ਠਾਕੁਰ ਨੂੰ) ਖਵਾਇਆ ਭੋਗ ਲਗਾਇਆ। ਹੇ ਸਾਕਤ ! ਹੇ ਪਸ਼ੂ ਬ੍ਰਿਤੀ ਵਾਲੇ ! ਉਹ ਪਰਮਾਤਮਾ ਕਿਸੇ ਜਨਮ ਵਿੱਚ ਨਹੀਂ ਆਉਂਦਾ ਤੇ ਨਾ ਹੀ ਮਰਦਾ ਹੈ।੨।

ਭਰਮ ਵਿੱਚ ਭੁਲਿਆ ‘‘ਹੋਇ ਇਆਣਾ ਕਰੇ ਕੰਮੁ; ਆਣਿ ਸਕੈ ਰਾਸਿ ’’ (ਮਹਲਾ /੪੭੪) ਦੇ ਸਿਧਾਂਤ ਅਨੁਸਾਰ ਠਾਕੁਰ ਦੀ ਪੂਜਾ ਕਰਦਾ ਹੋਇਆ ਵੀ ਵੱਡਾ ਅਪਰਾਧ ਕਰੀ ਜਾ ਰਿਹਾ ਹੈ। ਫ਼ੁਰਮਾਨ ਹੈ ‘‘ਸਗਲ ਪਰਾਧ ਦੇਹਿ ਲੋਰੋਨੀ   ਸੋ ਮੁਖੁ ਜਲਉ; ਜਿਤੁ ਕਹਹਿ ਠਾਕੁਰੁ ਜੋਨੀ ’’ ਅਰਥ : (ਹੇ ਪੰਡਿਤ) ਇਹ ਸਭ ਤੋਂ ਵੱਡਾ ਅਪਰਾਧ ਹੈ ਕਿ (ਪਰਮਾਤਮਾ ਨੂੰ ਬੱਚਾ ਸਮਝ ਜਨਮ ਸਮੇਂ ਰੋਂਦੇ ਨੂੰ) ਲੋਰੀਆਂ ਦੇ ਕੇ ਚੁਪ ਕਰਵਾਉਂਦੇ ਹੋ। ਉਹ ਮੂੰਹ ਸੜ ਜਾਏ ਜਿਹੜਾ ਆਖਦਾ ਹੈ ਕਿ ਠਾਕੁਰ ਜੋਨੀਆਂ (ਦੇ ਸੰਕਟਾਂ ਵਿੱਚ) ਪੈਂਦਾ ਹੈ।

ਅਖੀਰ ਪੂਰੀ ਮਨੁੱਖਤਾ ਨੂੰ ਭਰਮ ਵਿੱਚੋਂ ਮੁਕਤ ਕਰਨ ਲਈ ਗੁਰਮਤਿ ਸਿਧਾਂਤ ਫ਼ੁਰਮਾਨ ਕਰਦੇ ਹਨ ‘‘ਜਨਮਿ ਮਰੈ ; ਆਵੈ ਜਾਇ   ਨਾਨਕ ਕਾ ਪ੍ਰਭੁ; ਰਹਿਓ ਸਮਾਇ ’’ ਅਰਥ : (ਹੇ ਭਾਈ !) ਧਿਆਨ ਨਾਲ ਸੁਣ, ਉਹ ਠਾਕੁਰ ਨਾ ਜੰਮਦਾ ਹੈ, ਨਾ ਮਰਦਾ ਹੈ, ਨਾ ਕਿਤੋਂ ਆਉਂਦਾ ਜਾਂਦਾ ਹੈ। ਨਾਨਕ ਦਾ ਠਾਕੁਰ ਸਭ ਥਾਵਾਂ ’ਤੇ ਵਿਆਪਕ ਹੈ॥੪॥੧॥

ਸੋ ਆਓ ਅਸੀਂ ਸਿੱਖ ਵੀਚਾਰਧਾਰਾ ’ਤੇ ਪਹਿਰਾ ਦਿੰਦਿਆਂ ਅਵਤਾਰਵਾਦ ਜਾਂ ਦੇਹਧਾਰੀ ਗੁਰੂ ਡੰਮ ਤੋਂ ਮੁਕਤ ਹੋ ਗੁਰੂ ਸ਼ਬਦ ਰਾਹੀਂ ਆਪਣੇ ਪ੍ਰਭੂ ਦੀ ਪਛਾਣ ਕਰੀਏ, ਜਿਸ ਦੇ ਬਾਰੇ ਸਤਿਗੁਰੂ ਦੇ ਵੀਚਾਰ ਅਧੀਨ ਸ਼ਬਦ ਰਾਹੀਂ ਸਮਝ ਪਈ ਹੈ ਤੇ ਮਾਣ ਨਾਲ ਕਹਿ ਸਕਦੇ ਹਾਂ ‘‘ਪੂਰਿ ਰਹਿਆ ਸ੍ਰਬ ਠਾਇ; ਹਮਾਰਾ ਖਸਮੁ ਸੋਇ ॥  ਏਕੁ ਸਾਹਿਬੁ ਸਿਰਿ ਛਤੁ; ਦੂਜਾ ਨਾਹਿ ਕੋਇ ॥’’ (ਮਹਲਾ ੫/੩੯੮)

ਗੁਰੂ ਨਾਨਕ ਸਾਹਿਬ ਜੀ ਵੱਲੋਂ ਸ਼ਬਦ ਗੁਰੂ ਰਾਹੀਂ ਆਪਾ ਖੋਜਣ ਲਈ 13 ਰੂਹਾਨੀ ਸੇਧਾਂ

0

ਗੁਰੂ ਨਾਨਕ ਸਾਹਿਬ ਜੀ ਵੱਲੋਂ ਸ਼ਬਦ ਗੁਰੂ ਰਾਹੀਂ ਆਪਾ ਖੋਜਣ ਲਈ 13 ਰੂਹਾਨੀ ਸੇਧਾਂ

ਗੁਰਪ੍ਰੀਤ ਸਿੰਘ (USA)

ਗੁਰੂ ਨਾਨਕ ਸਾਹਿਬ ਜੀ ਨੇ ਬਿਨਾਂ ਕਿਸੇ ਭੇਦ ਭਾਵ ਤੋਂ ਸਾਰੀ ਲੁਕਾਈ ਨੂੰ ਆਪਣਾ ਮੂਲ (ਅਸਲ) ਬੁੱਝਣ (ਪਛਾਣਨ) ਲਈ ਪ੍ਰੇਰਿਆ ਤਾਂ ਕਿ ਮਨੁੱਖ ਦੀ ਆਪਣੇ ਅਸਲੇ ਨਾਲ ਸਾਂਝ ਬਣੇ ਤੇ ਬੜੀ ਮੁਸ਼ਕਲ ਨਾਲ਼ ਮਿਲੇ ਮਨੁੱਖਾ ਜਨਮ ਦੇ ਮਨੋਰਥ ਨੂੰ ਸਕਾਰਥ ਕੀਤਾ ਜਾ ਸਕੇ। ਅਧਿਆਤਮਿਕ ਮਾਰਗ ਸਿਰਫ਼ ਇੱਕ ਬੁਝਾਰਤ ਹੀ ਨਾ ਰਹਿ ਜਾਵੇ, ਇਸ ਲਈ ਮਨੁੱਖਤਾ ਨੂੰ ਇੱਕ ਸੁਚੱਜੀ ਜੀਵਨ ਜੁਗਤ ਵੀ ਪ੍ਰਦਾਨ ਕੀਤੀ ਜਿਸ ਤਹਿਤ ਜਪ, ਤਪ, ਹਠ ਅਤੇ ਗ੍ਰਹਿਸਤ ਛੱਡ ਕੇ ਭੋਰਿਆਂ ਜਾਂ ਜੰਗਲ਼ਾਂ ’ਚ ਬੈਠ ਕੇ ਬਗਲ ਸਮਾਧੀਆਂ ਲਾਉਣ ਵਰਗੇ ਪਖੰਡਾਂ ਨੂੰ ਨਕਾਰਿਆ। ਬਾਹਰੀ ਤੇ ਫੋਕਟ ਕਰਮਕਾਂਡਾਂ ਦੀ ਬਜਾਇ ਗੁਰੂ ਸਾਹਿਬ ਜੀ ਨੇ ਮਨੁੱਖ ਨੂੰ ਆਪਣਾ ਆਪ ਸਵਾਰਨ ਦਾ ਉਪਦੇਸ਼ ਕੀਤਾ ਤੇ ਇੱਥੋਂ ਤੱਕ ਕਿ ਆਪਣੇ ਮੁੱਢ ਨੂੰ ਨਾ ਸਮਝਣ ਵਾਲੇ ਮਨੁੱਖਾਂ ਦੀ ਤੁਲਨਾ ਪਸ਼ੂਆਂ ਨਾਲ਼ ਕੀਤੀ :  ‘‘ਮੂਲੁ ਨ ਬੂਝਹਿ ਆਪਣਾ; ਸੇ ਪਸੂਆ, ਸੇ ਢੋਰ ਜੀਉ ॥’’ (ਮਹਲਾ ੧/੭੫੧), ਸਿੱਧਾਂ (ਜੋਗੀਆਂ) ਨੇ ਵੀ ਗੁਰੂ ਨਾਨਕ ਪਾਤਸ਼ਾਹ ਨੂੰ ਇਹੀ ਸਵਾਲ ਕੀਤਾ ਸੀ ਕਿ ਮਨੁੱਖ ਕਿਉਂ ਅਸਲੀਅਤ ਨਹੀਂ ਸਮਝਦਾ ਤੇ ਦੁੱਖੀ ਹੁੰਦਾ ਹੈ ? (ਕਿਉ ਤਤੁ ਨ ਬੂਝੈ ? ਚੋਟਾ ਖਾਇ॥ ਮਹਲਾ  ੧/੯੪੪) ਅਤੇ ਮਨੁੱਖ ਕਿਸ ਤਰ੍ਹਾਂ ਸਮਝ ਹਾਸਲ ਕਰ ਕੇ ਤਰ ਸਕਦਾ ਹੈ ? (ਕਿਉ ਕਰਿ ਬੂਝੈ ? ਪਾਵੈ ਪਾਰੁ॥ ਮਹਲਾ ੧/੯੪੪) ਗੁਰੂ ਸਾਹਿਬ ਜੀ ਦਾ ਉੱਤਰ ਬੜਾ ਸਰਲ ਸੀ ਕਿ ਆਪਣੇ ਭਾਣੇ ਭਾਵ ਮਨ ਦੇ ਮਗਰ ਲੱਗ ਕੇ ਤੁਰਨ ਵਾਲੇ ਨੂੰ ਤਾਂ ਸੋਝੀ (ਸਮਝ) ਪ੍ਰਾਪਤ ਨਹੀਂ ਹੁੰਦੀ (ਨਾਨਕ ! ਮਨਮੁਖਿ ਨ ਬੁਝੈ ਗਵਾਰੁ॥ ਮਹਲਾ ੧/੯੪੪) ਪਰ ਮਨ ਦੀ ਭੈੜੀ ਮੱਤ ਨੂੰ ਗੁਰ ਸ਼ਬਦ ਦੀ ਵਿਚਾਰ ਰਾਹੀਂ ਦੂਰ ਕੀਤਾ ਜਾ ਸਕਦਾ ਹੈ: ‘‘ਕੁਬੁਧਿ ਮਿਟੈ, ਗੁਰ ਸਬਦੁ ਬੀਚਾਰਿ॥ ਸਤਿਗੁਰੁ ਭੇਟੈ, ਮੋਖ ਦੁਆਰ॥’’ (ਮਹਲਾ ੧/੯੪੪) ਯਕੀਨਨ ! ਸਹੀ ਜੀਵਨ ਜਾਚ ਸਮਝਣ ਤੋਂ ਬਿਨਾਂ ਮਨੁੱਖ ਦਾ ਹਰ ਕਰਮ (ਹਉਮੈਂ ’ਚ ਰੱਤਿਆ ਹੋਇਆ) ਦੁੱਖ ਹੀ ਦੁੱਖ ਪੈਦਾ ਕਰਦਾ ਹੈ, ਜਿਵੇਂ ਕਿ ਗੁਰ-ਵਾਕ ਹਨ: ‘‘ਬਿਨੁ ਬੂਝੇ ਸਭੁ ਦੁਖੁ, ਦੁਖੁ ਕਮਾਵਣਾ॥ ਹਉਮੈ ਆਵੈ ਜਾਇ,  ਭਰਮਿ ਭੁਲਾਵਣਾ॥ (ਮਹਲਾ ੧/੭੫੨), ਮੂਲੁ ਨ ਬੁਝੈ ਆਪਣਾ; ਵਸਤੁ ਰਹੀ ਘਰ ਬਾਰਿ॥ ਵਿਣੁ ਵਖਰ, ਦੁਖੁ ਅਗਲਾ; ਕੂੜਿ ਮੁਠੀ ਕੂੜਿਆਰਿ॥’’ (ਮਹਲਾ ੧/੫੬-੫੭)

ਅਜੋਕੇ ਸਮਾਜ ’ਚ ਨੈਤਿਕਤਾ ਪੱਖੋਂ ਆਈ ਗਿਰਾਵਟ ਦਾ ਵੀ ਇਹੀ ਸਭ ਤੋਂ ਵੱਡਾ ਕਾਰਨ ਹੈ ਕਿ ਮਨੁੱਖ ਆਪ, ਸਮਝ ਤੋਂ ਖ਼ਾਲੀ ਹੋਣ ਦੇ ਬਾਵਜੂਦ ਵੀ ਹੋਰਨਾਂ ਨੂੰ ਸਮਝਾਉਂਦਾ ਫਿਰਦਾ ਹੈ। ਲੁਕਾਈ ਨੂੰ ਕੁਰਾਹੇ ਪਾਉਣ ਵਾਲੇ ਅਖੌਤੀ ਆਗੂਆਂ ਤੇ ਡੇਰੇਦਾਰ ਸਾਧਾਂ ਉੱਪਰ ਅੱਜ ਗੁਰੂ ਨਾਨਕ ਸਾਹਿਬ ਜੀ ਦੇ ਇਹ ਬਚਨ ਪੂਰੀ ਤਰ੍ਹਾਂ ਢੁੱਕਦੇ ਹਨ: ‘‘ਕੀਤਾ ਕਰਣਾ ਕਹਿਆ ਕਥਨਾ; ਭਰਿਆ ਭਰਿ ਭਰਿ ਧੋਵਾਂ ॥ ਆਪਿ ਨ ਬੁਝਾ, ਲੋਕ ਬੁਝਾਈ; ਐਸਾ ਆਗੂ ਹੋਵਾਂ॥ ਨਾਨਕ ! ਅੰਧਾ ਹੋਇ ਕੈ ਦਸੇ ਰਾਹੈ; ਸਭਸੁ ਮੁਹਾਏ ਸਾਥੈ॥ ਅਗੈ ਗਇਆ, ਮੁਹੇ ਮੁਹਿ ਪਾਹਿ; ਸੁ ਐਸਾ ਆਗੂ ਜਾਪੈ॥’’ (ਮਹਲਾ ੧/੧੪੦), ਸਮਾਜ ਵਿੱਚ ਜੇ ਅਸੀਂ ਉਸਾਰੂ ਭੂਮਿਕਾ ਨਿਭਾਉਣੀ ਹੈ ਤਾਂ ਸਭ ਤੋਂ ਪਹਿਲਾਂ ਸਾਨੂੰ ਆਪਣੇ ਆਪ ਨੂੰ ਬੁੱਝਣਾ (ਜਾਣਨਾ) ਹੀ ਪਵੇਗਾ। ਆਪਣੇ ਆਤਮਿਕ ਜੀਵਨ ਨੂੰ ਗੁਰੂ ਦੇ ਗਿਆਨ ਦੀ ਕਸਵੱਟੀ ਉੱਤੇ ਪਰਖਣ ਉਪਰੰਤ ਹੀ ਸਾਨੂੰ ਸਰਬ ਵਿਆਪਕ ਪ੍ਰਮਾਤਮਾ ਦੀ ਸੂਝ ਆ ਸਕਦੀ ਹੈ। ਗੁਰੂ ਨਾਨਕ ਸਾਹਿਬ ਜੀ ਅਨੁਸਾਰ ਗਿਆਨਵਾਨ ਦੀ ਇਹੀ ਪਹਿਚਾਣ ਹੈ: ‘‘ਪ੍ਰਣਵਤਿ ਨਾਨਕ, ਗਿਆਨੀ ਕੈਸਾ ਹੋਇ  ?॥ ਆਪੁ ਪਛਾਣੈ, ਬੂਝੈ ਸੋਇ ॥ ਗੁਰ ਪਰਸਾਦਿ, ਕਰੇ ਬੀਚਾਰੁ ॥ ਸੋ ਗਿਆਨੀ, ਦਰਗਹ ਪਰਵਾਣੁ॥’’ (ਮਹਲਾ ੧/੨੫), ਅਕਾਲ ਪੁਰਖ ਦੇ ਗੁਣਾਂ ਨੂੰ ਧਿਆਨ ’ਚ ਰੱਖ ਕੇ, ਆਪਣਾ ਆਪ ਪਛਾਣਨਾ ਭਾਵ ਆਪਣੀ ਨਿਰਪੱਖ ਪੜਤਾਲ ਕਰਨ ਨਾਲ਼ (ਮਨ ਦੀ ਚਤੁਰਾਈ ਛੱਡਿਆਂ) ਆਪਣੀ ਨੀਚਤਾ ਦਾ ਅਹਿਸਾਸ ਹੁੰਦਾ ਹੈ ਤੇ ਹਉਮੈਂ ਦੂਰ ਹੋ ਕੇ, ਮਨ ਪਵਿੱਤ੍ਰ (ਨਿਰਮਲ) ਹੋਣਾ ਸ਼ੁਰੂ ਹੋ ਜਾਂਦਾ ਹੈ। ਪੂਰਨ ਗੁਰੂ ਵੱਲੋਂ ਦਰਸਾਏ ਜੀਵਨ ਦੇ ਸਹੀ ਰਸਤੇ ’ਤੇ ਤੁਰਨ ਵਾਲੇ ਗਿਆਨਵਾਨ ਮਨੁੱਖ ਨੂੰ ਹੀ ਗੁਰਮੁਖ ਦੀ ਉਪਾਧੀ ਮਿਲਦੀ ਹੈ। ਅਜਿਹਾ ਬਿਬੇਕੀ ਗੁਰੂ ਦਾ ਪਿਆਰਾ, ਗੁਰੂ ਕ੍ਰਿਪਾ ਸਦਕਾ ਹੀ ਨਿਰੰਕਾਰ ਦੀ ਯਾਦ ’ਚ ਨਿਰੰਤਰ ਜੁੜਿਆ ਰਹਿੰਦਾ ਹੈ; ਜਿਵੇਂ ਕਿ ਗੁਰ-ਵਾਕ ਹੈ: ‘‘ਗੁਰਮੁਖਿ ਬੂਝੈ, ਆਪੁ ਪਛਾਣੈ; ਸਚੇ ਸਚਿ ਸਮਾਏ ॥’’ (ਮਹਲਾ ੧/੯੩੮)

ਹੁਣ ਇੱਕ ਸਿੱਖ ਦੇ ਮਨ ’ਚ ਇਹ ਸਵਾਲ ਪੈਦਾ ਹੋਣਾ ਸੁਭਾਵਿਕ ਹੈ ਕਿ ਆਪਣਾ ਆਤਮਿਕ ਜੀਵਨ ਸਵਾਰਨ ਨਾਲ਼ ਕੀ ਰੱਬੀ ਬਖ਼ਸ਼ਸ਼ ਦਾ ਮਿਲ਼ਨਾ ਯਕੀਨੀ ਹੋ ਜਾਂਦਾ ਹੈ ? ਇਸ ਸਵਾਲ ਦਾ ਜਵਾਬ ਦਿੰਦਿਆਂ ਗੁਰੂ ਨਾਨਕ ਪਾਤਸ਼ਾਹ ਜੀ ਫ਼ੁਰਮਾਉਂਦੇ ਹਨ ਕਿ ਅਸਲ ’ਚ ਰੱਬੀ ਮਿਹਰ ਸਦਕਾ ਹੀ ਆਪਣਾ ਆਪ ਸਵਾਰਿਆ ਜਾ ਸਕਦਾ ਹੈ: ‘‘ਆਪੇ ਮਾਰਗਿ ਪਾਵਣਹਾਰਾ; ਆਪੇ ਕਰਮ ਕਮਾਏ ॥ ਨਾਮਿ ਰਤੇ ਗੁਰਿ ਪੂਰੈ ਰਾਖੇ; ਨਾਨਕ  !  ਸਹਜਿ ਸੁਭਾਏ ॥ (ਮਹਲਾ  ੧/੫੮੧), ਆਪਿ ਜਾਣਾਵੈ, ਮਾਰਗਿ ਪਾਵੈ; ਆਪੇ ਮਨੂਆ ਲੇਵਏ ॥ ਕਰਮ ਸੁਕਰਮ ਕਰਾਏ ਆਪੇ; ਕੀਮਤਿ ਕਉਣ ਅਭੇਵਏ ?॥’’ (ਮਹਲਾ ੧/੭੬੭)

ਪਾਤਸ਼ਾਹ ਦੇ ਉਪਰੋਕਤ ਰੱਬੀ ਬਚਨਾਂ ਅਨੁਸਾਰ ਮਾਲਕ ਆਪ ਹੀ ਸਮਝ ਦਿੰਦਾ ਹੈ ਤੇ ਆਪੇ ਹੀ ਮਾਰਗ ’ਤੇ ਪਾਉਂਦਾ ਹੈ। ਉਹ ਆਪ ਹੀ ਸਾਡੇ ਮਨ ਨੂੰ ਆਪਣੇ ਵੱਲ ਖਿੱਚਦਾ ਹੈ ਪਰ ਉਸ ਅਭੇਵ (ਭੇਦ-ਰਹਿਤ) ਪ੍ਰਮਾਤਮਾ ਦੀ ਕੀਮਤ (ਭੇਤ) ਕੋਈ ਨਹੀਂ ਪਾ ਸਕਦਾ; ਜਿਵੇਂ ਕਿ ਕਰਤੇ ਦੇ ਗੁਣਾਂ ਦਾ ਅੰਤ ਪਾਉਣਾ ਕਿਸੇ ਸੂਝਵਾਨ ਮਨੁੱਖ ਦਾ ਮਕਸਦ ਨਹੀਂ ਹੋ ਸਕਦਾ; ਤਿਵੇਂ ਹੀ ਰੱਬੀ ਬਖ਼ਸ਼ਸ਼ ’ਤੇ ਕਿਸੇ ਤਰ੍ਹਾਂ ਦਾ ਵੀ ਹੱਕ ਜਤਾਉਣਾ ਇੱਕ ਭੁੱਲੇ ਹੋਏ ਮਨੁੱਖ (ਦੁਬਿਧਾ ਕਾਰਨ) ਦਾ ਕਰਮ ਹੀ ਹੋ ਸਕਦਾ ਹੈ। ਹਾਂ, ਨਿਮਰਤਾ ਤੇ ਸੱਚੀ ਪ੍ਰੀਤ ’ਚ ਰੰਗਿਆ ਹੋਇਆ ਇੱਕ ਗੁਰਸਿੱਖ ਅਰਦਾਸ ਭਾਵਨਾ ’ਚ ਜੁੜ ਕੇ ਮਾਲਕ ਦੇ ਦਰੋਂ ਹਮੇਸ਼ਾ ਰੱਬੀ ਰਹਿਮਤ ਦੀ ਯਾਚਨਾ ਕਰਦਾ ਰਹਿੰਦਾ ਹੈ: ‘‘ਨਾਨਕੁ ਮੰਗੈ ਸਚੁ, ਗੁਰਮੁਖਿ ਘਾਲੀਐ ॥ ਮੈ, ਤੁਝ ਬਿਨੁ ਅਵਰੁ ਨ ਕੋਇ; ਨਦਰਿ ਨਿਹਾਲੀਐ ॥ (ਮਹਲਾ ੧/੪੧੯-੨੦), ਹਉ, ਸਤਿਗੁਰ ਵਿਟਹੁ ਘੁਮਾਇਆ ॥ ਜਿਨਿ ਭ੍ਰਮਿ ਭੁਲਾ,  ਮਾਰਗਿ ਪਾਇਆ ॥ ਨਦਰਿ ਕਰੇ ਜੇ ਆਪਣੀ; ਆਪੇ ਲਏ ਰਲਾਇ ਜੀਉ ॥’’ (ਮਹਲਾ ੧/੭੨)

ਤਾਂ ਤੇ ਸੱਚੇ ਗੁਰੂ ਦੀ ਲੋੜ ਹੋਰ ਵੀ ਜ਼ਿਆਦਾ ਮਹਿਸੂਸ ਹੁੰਦੀ ਹੈ ਕਿਉਂਕਿ ਸ਼ਬਦ ਗੁਰੂ ਦੇ ਲੜ ਲੱਗਿਆਂ, ਹਰ ਇੱਕ ਦੁਬਿਧਾ ਨਿਰਸੰਦੇਹ ਬਿਨਸ ਜਾਂਦੀ ਹੈ। ਆਪਣਾ ਮੂਲ ਬੁੱਝਣ ਲਈ ‘‘ਸਬਦੁ ਗੁਰੂ, ਸੁਰਤਿ ਧੁਨਿ ਚੇਲਾ ॥’’ ਦਾ ਅਨਮੋਲਕ ਫ਼ਲਸਫ਼ਾ ਦੁਨੀਆ ਦੀ ਝੋਲੀ ’ਚ ਪਾਉਣ ਵਾਲੇ ਅਕਾਲ ਰੂਪ ਬਾਬਾ ਨਾਨਕ ਜੀ ਵੱਲੋਂ ਬਖ਼ਸ਼ੇ, ਸੱਚੇ ਸ਼ਬਦ ਦੇ ਅਖੁੱਟ ਭੰਡਾਰ ’ਚੋਂ ਸ਼ਬਦ ਗੁਰੂ ਬਾਬਤ ਹੀ ਹੇਠ ਲਿਖੀਆਂ ਤੇਰਾਂ ਅਹਿਮ ਰੂਹਾਨੀ ਸੇਧਾਂ ਵਿਚਾਰਿਆਂ; ਸ਼ਬਦ ਗੁਰੂ ਨਾਲ਼ ਸਾਂਝ ਪਾਉਣ ਵਾਲੀ ਸਾਡੀ ਬਿਰਤੀ ਹੋਰ ਵੀ ਪ੍ਰਬਲ (ਤੀਬਰ) ਹੋਵੇਗੀ, ਜਿਸ ਸਦਕਾ ਸਾਡਾ ਜਿਊਂਦੇ ਜੀ ਮਾਇਆ ਵੱਲੋਂ ਮੁਕਤ (ਨਿਰਲੇਪ) ਹੋਣਾ ਸੁਖਾਲ਼ਾ ਹੋ ਸਕਦਾ ਹੈ।

  1. ਗੁਰੂ ਤੋਂ ਬਗੈਰ ਘੁੱਪ ਹਨੇਰਾ ਹੈ: ਸੱਚੇ ਗੁਰੂ ਦੀ ਸਿੱਖਿਆ ਮੰਨਣ ਵਾਲੇ ਦੇ ਹਿਰਦੇ ’ਚ ਹੀ ਰੱਬੀ ਨੂਰ ਚਮਕ ਸਕਦਾ ਹੈ: ‘‘ਬਾਝੁ ਗੁਰੂ, ਗੁਬਾਰੁ ਹੈ; ਬਿਨੁ ਸਬਦੈ, ਬੂਝ ਨ ਪਾਇ ॥ ਗੁਰਮਤੀ ਪਰਗਾਸੁ ਹੋਇ; ਸਚਿ ਰਹੈ ਲਿਵ ਲਾਇ ॥ ਤਿਥੈ, ਕਾਲੁ ਨ ਸੰਚਰੈ; ਜੋਤੀ ਜੋਤਿ ਸਮਾਇ ॥’’ (ਮਹਲਾ ੧/੫੫) ਪਰ ਗੁਰੂ-ਵਿਹੂਣ ਨੂੰ ਰਜ਼ਾ ’ਚ ਤੁਰਨ ਦੀ ਕੋਈ ਸਮਝ ਨਹੀਂ ਹੁੰਦੀ: ‘‘ਗੁਰੁ ਦਾਤਾ ਮੇਲੇ, ਤਾ ਮਤਿ ਹੋਵੈ; ਨਿਗੁਰੇ ਮਤਿ ਨ ਕਾਈ ॥’’ (ਮਹਲਾ ੧/੬੩੪-੩੫)

ਨੋਟ: ਗੁਰੂ ਨਾਨਕ ਪਾਤਸ਼ਾਹ ਨੂੰ ਪਤਾ ਸੀ ਕਿ ਇਹ ਸਵਾਲ ਜ਼ਰੂਰ ਉੱਠੇਗਾ ‘ਤਾਂ ਫਿਰ ਗੁਰੂ ਨਾਨਕ ਦਾ ਗੁਰੂ ਕੌਣ ਸੀ  ?’ ਇਸ ਲਈ ਗੁਰੂ ਸਾਹਿਬ ਜੀ ਖ਼ੁਦ ਹੀ ਫ਼ੁਰਮਾ ਗਏ: ‘‘ਅਪਰੰਪਰ ਪਾਰਬ੍ਰਹਮੁ ਪਰਮੇਸਰੁ; ਨਾਨਕ ! ਗੁਰੁ ਮਿਲਿਆ ਸੋਈ ਜੀਉ ॥’’ (ਮਹਲਾ ੧/੫੯੯)

ਧਿਆਨ ਰਹੇ ਕਿ ਗੁਰੂ ਦੇ ਸ਼ਬਦ ਦੀ ਦਾਤ ਪ੍ਰਾਪਤ ਹੋਣ ਉਪਰੰਤ ਵੀ ਗੁਰੂ ਦੀ ਬਖ਼ਸ਼ਸ਼ ਤੋਂ ਬਿਨਾਂ ਸਾਡਾ ਪਾਰ ਉਤਾਰਾ ਸੰਭਵ ਨਹੀਂ ਹੋ ਸਕਦਾ ਪਰ ਸਤਿਗੁਰੂ ਦੀ ਦਇਆ (ਰੱਬੀ ਰਹਿਮਤ) ਸਦਕਾ ਜਿਹੜਾ ਮਨੁੱਖ ਆਪਣੇ ਅਸਲੇ ਨੂੰ ਪਛਾਣ ਲੈਂਦਾ ਹੈ; ਉਹ ਪ੍ਰਮਾਤਮਾ ਦਾ ਹੀ ਰੂਪ ਬਣ ਜਾਂਦਾ ਹੈ, ਜਿਸ ਤੋਂ ਗੁਰੂ ਵੀ ਬਲਿਹਾਰੇ ਜਾਂਦੇ ਹਨ: ‘‘ਗੁਰ ਪਰਸਾਦੀ ਬੂਝਿ ਲੇ; ਤਉ ਹੋਇ ਨਿਬੇਰਾ॥ ਘਰਿ ਘਰਿ ਨਾਮੁ ਨਿਰੰਜਨਾ; ਸੋ ਠਾਕੁਰੁ ਮੇਰਾ ॥……ਇਸੁ ਪਦ ਜੋ ਅਰਥਾਇ ਲੇਇ; ਸੋ ਗੁਰੂ ਹਮਾਰਾ ॥ ਨਾਨਕ ! ਚੀਨੈ ਆਪ ਕਉ; ਸੋ ਅਪਰ ਅਪਾਰਾ ॥’’ (ਮਹਲਾ ੧/੨੨੯) ਸਾਨੂੰ ਇਹ ਮੰਨਣਾ ਪਵੇਗਾ ਕਿ ਸੋਝੀ (ਅਕਲ) ਜਾਂ ਗਿਆਨ ਤਾਂ ਅਕਸਰ ਹੀ ਜ਼ਿੰਦਗੀ ਦੀਆਂ ਨਕਾਰਾਤਮਿਕ ਘਟਨਾਵਾਂ ਜਾਂ ਕਿਸੇ ਦੁਖਾਂਤ ’ਚੋਂ ਵੀ ਉਪਜ ਸਕਦਾ ਹੈ ਪਰ ਅਜਿਹਾ ਮਨੁੱਖੀ ਗਿਆਨ ਕਦੀ ਵੀ ਪੂਰਨ ਨਹੀਂ ਹੁੰਦਾ। ਬਰਕਤ ਤਾਂ ਸਮਰੱਥ ਗੁਰੂ ਵੱਲੋਂ ਬਖ਼ਸ਼ੇ ਰੱਬੀ ਗਿਆਨ ਸਦਕਾ ਹੀ ਉਤਪੰਨ ਹੋ ਸਕਦੀ ਹੈ, ਸ਼ਾਇਦ ਇਸ ਕਰਕੇ ਹੀ ਗੁਰੂ ਨਾਨਕ ਸਾਹਿਬ ਜੀ ਫ਼ੁਰਮਾਉਂਦੇ ਹਨ: ‘‘ਗਿਆਨੁ ਗਿਆਨੁ, ਕਥੈ ਸਭੁ ਕੋਈ ॥ ਕਥਿ ਕਥਿ, ਬਾਦੁ ਕਰੇ, ਦੁਖੁ ਹੋਈ ॥ ਕਥਿ ਕਹਣੈ ਤੇ, ਰਹੈ ਨ ਕੋਈ ॥ ਬਿਨੁ ਰਸ ਰਾਤੇ,  ਮੁਕਤਿ ਨ ਹੋਈ ॥ ਗਿਆਨੁ ਧਿਆਨੁ, ਸਭੁ ਗੁਰ ਤੇ ਹੋਈ ॥ (ਮਹਲਾ ੧/੮੩੧), ਗੁਰ ਬਿਨੁ, ਆਪੁ ਨ ਚੀਨੀਐ; ਕਹੇ ਸੁਣੇ ਕਿਆ ਹੋਇ ? ॥ ਨਾਨਕ ! ਸਬਦਿ ਪਛਾਣੀਐ; ਹਉਮੈ ਕਰੈ ਨ ਕੋਇ ॥’’ (ਮਹਲਾ ੧/੫੮)

ਇੱਥੋਂ ਤੱਕ ਕਿ ਗੁਰਬਾਣੀ ਵਿਚਲਾ ਗਿਆਨ ਵੀ ਹਰ ਇੱਕ ਮਨੁੱਖ ਲਈ (ਉਸ ਦੀ ਆਪਣੀ ਸਮਝਣ ਦੀ ਸਮਰੱਥਾ ਅਨੁਸਾਰ) ਹਮੇਸ਼ਾ ਵੱਖਰਾ ਹੀ ਹੋਵੇਗਾ; ਜਿਵੇਂ-ਜਿਵੇਂ ਗੁਰ ਸ਼ਬਦ ਰਾਹੀਂ ਆਤਮਾ ਸੰਪੂਰਨਤਾ ਵੱਲ ਵਧਦੀ ਹੈ (ਸਾਡਾ ਆਤਮਿਕ ਵਿਕਾਸ ਹੁੰਦਾ ਹੈ); ਤਿਵੇਂ-ਤਿਵੇਂ ਗੁਰ ਸ਼ਬਦ ਦਾ ਗਿਆਨ (ਸ਼ਬਦਾਰਥ ਤੇ ਭਾਵਾਰਥ) ਵੀ ਇੱਕ ਨਵੇਂ ਰੂਪ ’ਚ ਪ੍ਰਕਾਸ਼ ਹੁੰਦਾ ਰਹਿੰਦਾ ਹੈ। ਇਹੀ ਕਾਰਨ ਹੈ ਕਿ ਇੱਕ ਟੀਕਾਕਾਰ ਨੂੰ ਕੁਝ ਸਮੇਂ ਬਾਅਦ ਆਪਣੇ ਦੁਆਰਾ ਹੀ ਕੀਤੇ ਗਏ ਗੁਰਬਾਣੀ ਦੇ ਟੀਕੇ ਨੂੰ, ਫਿਰ ਤੋਂ ਸੋਧਣ ਦੀ ਲੋੜ ਮਹਿਸੂਸ ਹੋਣ ਲੱਗਦੀ ਹੈ। ਸੋ, ਨਿਰਮਲ ਹਿਰਦੇ ਨਾਲ਼ ਗੁਰੂ ਦੀ ਸ਼ਰਨ ਪੈ ਕੇ (ਗੁਰ-ਸ਼ਬਦ ਰਾਹੀਂ) ਆਪਣੇ ਆਪ ਅਤੇ ਆਪਣੇ ਅਸਲੇ (ਮੂਲ/ਅਸਲੀਅਤ) ਨੂੰ ਪਛਾਣਨਾ ਹੀ ਤੱਤ ਵਿਚਾਰਨਾ ਕਹਿਆ ਜਾ ਸਕਦਾ ਹੈ; ਜਿਵੇਂ ਕਿ ਗੁਰ-ਵਾਕ ਹਨ: ‘‘ਸੰਤ ਹੇਤਿ, ਪ੍ਰਭਿ ਤ੍ਰਿਭਵਣ ਧਾਰੇ ॥ ਆਤਮੁ ਚੀਨੈ, ਸੁ ਤਤੁ ਬੀਚਾਰੇ ॥ (ਮਹਲਾ ੧/੨੨੪), ਪ੍ਰੇਮ ਪਦਾਰਥੁ ਪਾਈਐ; ਗੁਰਮੁਖਿ ਤਤੁ ਵੀਚਾਰੁ ॥’’ (ਮਹਲਾ ੧/੬੦-੬੧) ਗੁਰੂ ਸਾਹਿਬ ਜੀ ਅਨੁਸਾਰ, ਔਗੁਣ ਤਿਆਗ ਕੇ ਸ਼ੁੱਭ ਅਮਲ ਕਰਨੇ ਤੇ ਸਦਾ ਪ੍ਰਮਾਤਮਾ ਦੇ ਪ੍ਰੇਮ ਅੰਦਰ ਲੀਨ ਰਹਿਣ ਵਾਲੀ ਰੂਹਾਨੀ ਬਿਰਤੀ ਪਾਲਣ ਨਾਲ਼ ਹੀ ਸਹੀ ਮਾਅਨਿਆਂ ’ਚ ਚਿੰਤਕ ਬਣਿਆ ਜਾ ਸਕਦਾ ਹੈ। ਤੱਤ ਗੁਰਮਤਿ ਨਾਲ਼ ਭਰਪੂਰ (ਮਨ ਦੇ ਪੱਧਰ ਤੋਂ ਉੱਪਰ ਉੱਠ ਕੇ, ਰੂਹਾਨੀ ਮੰਡਲ ’ਚ ਉਡਾਰੀ ਲਾਉਣ ਵਾਲੀ) ਅਜਿਹੀ ਆਤਮਿਕ ਅਵਸਥਾ ਹਮੇਸ਼ਾਂ ਅਟੱਲ (ਕਾਇਮ) ਰਹਿੰਦੀ ਹੈ: ‘‘ਅਵਗਣ ਪਰਹਰਿ ਕਰਣੀ ਸਾਰੀ; ਦਰਿ ਸਚੈ ਸਚਿਆਰੋ ॥ ਆਵਣੁ ਜਾਵਣੁ ਠਾਕਿ ਰਹਾਏ; ਗੁਰਮੁਖਿ ਤਤੁ ਵੀਚਾਰੋ ॥ ਸਾਜਨੁ ਮੀਤੁ ਸੁਜਾਣੁ ਸਖਾ ਤੂੰ; ਸਚਿ ਮਿਲੈ ਵਡਿਆਈ ॥ ਨਾਨਕ  ! ਨਾਮੁ ਰਤਨੁ ਪਰਗਾਸਿਆ; ਐਸੀ ਗੁਰਮਤਿ ਪਾਈ ॥’’ (ਮਹਲਾ ੧/੪੩੭), ਪਰ ਅੱਜ ‘ਤੱਤ ਗਿਆਨ’ ਦੀ ਆੜ ਹੇਠ ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ਗੁਰਮਤਿ ਸਿਧਾਂਤ ਅਨੁਸਾਰ ਗੁਰੂ ਨਾਨਕ ਸਾਹਿਬ ਜੀ ਦੇ ਨਾਂ ਨਾਲ਼ ‘ਗੁਰੂ’ ਪਦ ਲਾਉਣਾ ਉਚਿਤ ਨਹੀਂ ਜਾਪਦਾ ਕਿਉਂਕਿ ਗੁਰਮਤਿ ਕਿਸੇ ਦੇਹਧਾਰੀ ਨੂੰ ਗੁਰੂ ਮੰਨਣ ਦੀ ਵਕਾਲਤ ਨਹੀਂ ਕਰਦੀ। ਇਸ ਬਾਰੇ ਗੁਰੂ ਜੀ ਦੇ ਇਹ ਬਚਨ ਹੀ ਕਾਫ਼ੀ ਹਨ: ‘‘ਮਨਮੁਖ ਲੂਣ ਹਾਰਾਮ, ਕਿਆ ਨ ਜਾਣਿਆ ॥ ਬਧੇ ਕਰਨਿ ਸਲਾਮ, ਖਸਮ ਨ ਭਾਣਿਆ ॥’’ (ਮਹਲਾ ੧/੧੪੩) ਗੁਰੂ ਵੱਲੋਂ ਕੀਤੇ ਉਪਕਾਰ ਲਈ ਧੰਨਵਾਦੀ ਹੋਣ ਦੀ ਬਜਾਇ, ਤੱਤ ਗੁਰਮਤਿ ਦੇ ਨਾਂ ਹੇਠ ਖਾਲ਼ੀ ਦਿਮਾਗ਼ ਨਾਲ਼ ਵਾਲ਼ ਦੀ ਖੱਲ ਲਾਹ ਕੇ ਹੀ ਆਪਣੇ ਆਪ ਨੂੰ ਜਾਗਰੂਕ ਸਮਝਣ ਵਾਲ਼ਿਆਂ ਦੀ ਸਲਾਮ ਕਦੀ ਵੀ ਸਾਹਿਬ ਨੂੰ ਚੰਗੀ ਨਹੀਂ ਲੱਗ ਸਕਦੀ। ਸਿੱਖ ਸੰਗਤ ਤੇ ਬਾਕੀ ਲੁਕਾਈ ਨੂੰ ਗੁਰੂ ਨਾਨਕ ਸਾਹਿਬ ਜੀ ਤੇ ਉਹਨਾਂ ਦੇ ਫ਼ਲਸਫ਼ੇ ਬਾਰੇ ਦੱਸਣ ਵੇਲੇ, ਗੁਰੂ ਸਾਹਿਬ ਜੀ ਨੂੰ ਮਹਿਜ਼ ਇੱਕ ਧਾਰਮਿਕ ਆਗੂ (7) ਵਜੋਂ ਪੇਸ਼ ਕਰਨਾ, ਕੀ ਇੱਕ ਸੱਚੇ ਸਿੱਖ ਦਾ ਕਿਰਦਾਰ ਹੋ ਸਕਦਾ ਹੈ ?

ਕੁਦਰਤ ਜਾਂ ਕੁਦਰਤੀ ਨਿਯਮ ਨੂੰ ਹੀ ਰੱਬ ਕਹਿਣਾ, ਗੁਰੂ ਯੋਗਤਾ ’ਤੇ ਸ਼ੱਕ ਕਰਨਾ, ਗੁਰੂ ਨੂੰ ਭੁੱਲਣਹਾਰ ਦੱਸਣਾ ਤੇ ਅਖੌਤੀ ਤੱਤ ਗੁਰਮਤਿ ਤੇ ਜਾਗਰੂਕਤਾ ਦੀ ਆੜ ਲੈ ਕੇ, ਗੁਰੂ ਪਦ ਤੇ ਗੁਰੂ ਸਾਹਿਬਾਨ ਦੇ ਨਾਵਾਂ ਬਾਰੇ ਹੀ ਸ਼ੰਕੇ ਖੜੇ ਕਰਨਾ ਭਾਵ ਕਿ ਗੁਰੂ ਸ਼ਖ਼ਸੀਅਤ ਨੂੰ ਢਾਹ ਲਾ ਕੇ ਗੁਰੂ ਨਾਲ਼ੋਂ ਤੋੜਨ ਦੀ ਕੋਸ਼ਿਸ਼ ਕਰਨ ਵਾਲੇ ਨਿਰਸੰਦੇਹ ਇੱਕੋ ਹੀ ਸਾਜ਼ਿਸ਼ ਅਧੀਨ ਕੰਮ ਕਰਨ ਵਾਲੇ ਸਰਕਾਰੀ ਮੋਹਰੇ ਹੋ ਸਕਦੇ ਹਨ। ਨਿਰਮਲ ਪੰਥ ਦੇ ਮੋਢੀ, ‘‘ਜਾਹਰ ਪੀਰੁ ਜਗਤੁ ਗੁਰ ਬਾਬਾ’’ ਭਾਵ ਰੱਬੀ ਗਿਆਨ ਦੇ ਐਨੇ ਵੱਡੇ ਅਨਮੋਲਕ ਖ਼ਜ਼ਾਨੇ ਦੀ ਦਾਤ ਬਖ਼ਸ਼ਣ ਵਾਲੇ ਪਿਉ ਨੂੰ ‘ਗੁਰੂ’ ਨਾ ਕਹਿਣਾ ਪਰ ਉਸ ਦੀ ਬਾਣੀ ਦੇ ਗਿਆਨ ਨੂੰ ਗੁਰੂ ਮੰਨਣਾ ਜੇ ਅਕ੍ਰਿਤਘਣਤਾ ਨਹੀਂ ਤਾਂ ਅਧੂਰੇ ਗਿਆਨ ਕਾਰਨ ਦੁਬਿਧਾ ਦਾ ਪ੍ਰਤੀਕ ਜ਼ਰੂਰ ਹੈ ਜਿਸ ਬਾਬਤ ਸਿਰਫ਼ ਇਹੀ ਕਿਹਾ ਜਾ ਸਕਦਾ ਹੈ: ‘‘ਸਲਾਮੁ ਜਬਾਬੁ ਦੋਵੈ ਕਰੇ; ਮੁੰਢਹੁ ਘੁਥਾ ਜਾਇ ॥ ਨਾਨਕ ! ਦੋਵੈ ਕੂੜੀਆ; ਥਾਇ ਨ ਕਾਈ ਪਾਇ ॥’’ (ਮਹਲਾ ੨/੪੭੪) ਖ਼ੈਰ ਵਿਸ਼ੇ ਵੱਲ ਪਰਤਦੇ ਹੋਏ ਦੂਜੀ ਸੇਧ ਵਿਚਾਰਦੇ ਹਾਂ ਕਿਉਂਕਿ ‘‘ਨਾਨਕ ! ਲੇਖੈ ਇਕ ਗਲ; ਹੋਰੁ ਹਉਮੈ ਝਖਣਾ ਝਾਖ ॥’’ (ਮਹਲਾ ੧/੪੬੭) ਅਨੁਸਾਰ ਰੱਬੀ ਗਿਆਨ ਦੀ ਵਿਚਾਰ ਕਰਨ ਤੋਂ ਬਿਨਾਂ ਸਾਰਾ ਕੁਝ ਝੱਖ ਮਾਰਨਾ (ਹੰਕਾਰ ਦਾ ਜੰਜਾਲ) ਹੀ ਹੈ।

  1. ਸਿੱਖ ਦੇ ਗੁਰੂ ਕਿਆਮਤ ਤੱਕ (ਗੁਰੂ) ਗ੍ਰੰਥ ਸਾਹਿਬ ਹਨ: ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ੧੭੦੮ ’ਚ ਨੰਦੇੜ ਵਿਖੇ ਜੋਤੀ-ਜੋਤ ਸਮਾਉਣ ਤੋਂ ਇੱਕ ਦਿਨ ਪਹਿਲਾਂ ੬ ਕੱਤਕ (੨੦ ਅਕਤੂਬਰ) ਨੂੰ ਸ਼ਖ਼ਸੀ ਗੁਰਿਆਈ ਦਾ ਸਿਲਸਿਲਾ ਖ਼ਤਮ ਕਰ ਕੇ, ‘ਸ਼ਬਦ’ (ਗ੍ਰੰਥ) ਨੂੰ ਗੁਰਿਆਈ ਬਖ਼ਸ਼ ਦਿੱਤੀ ਸੀ। ਧਿਆਨ ਰਹੇ ਕਿ ‘ਸ਼ਬਦ ਗੁਰੂ’ ਇਸ ਜੱਗ ਤੋਂ ਬਾਹਰੀ ਕੋਈ ਅਦ੍ਰਿਸ਼ਟ ਜਾਂ ਗੁਪਤ ਸ਼ਬਦ ਨਹੀਂ ਹੈ ਬਲਕਿ ਗੁਰੂ ਗ੍ਰੰਥ ਸਾਹਿਬ ’ਚ ਦਰਜ, ਰੱਬੀ ਬਾਣੀ ਹੀ ਸਾਡਾ ‘ਸ਼ਬਦ ਗੁਰੂ’ ਹੈ। ਮਨੁੱਖਤਾ ਦੇ ਭਲੇ ਲਈ ਉਚਾਰੀ ਗਈ ਸੱਚ ਦੀ ਇਹ ਬਾਣੀ, ਨਿਰੰਕਾਰ ਨਾਲ਼ ਜੁੜੇ ਹੋਏ ਮਹਾਂ ਪੁਰਖਾਂ ਦੇ ਪਵਿੱਤਰ ਹਿਰਦੇ ’ਚੋਂ ਨਿਕਲ਼ੀ ਹੈ ਤੇ ਪਾਰਬ੍ਰਹਮ ਨੂੰ ਵੀ ਭਾਉਂਦੀ ਹੈ: ‘‘ਗੁਰ ਪੂਰੇ ਕੀ ਬਾਣੀ ॥ ਪਾਰਬ੍ਰਹਮ ਮਨਿ, ਭਾਣੀ ॥’’ (ਮਹਲਾ ੫/੬੨੯) ਅਸਲ ’ਚ ਪਾਰਬ੍ਰਹਮ ਨੇ ਆਪਣੇ ਆਪ ਨੂੰ ਗੁਰੂ ਵਿੱਚ ਲੀਨ ਕਰ ਕੇ ਹੀ ਆਪਣਾ ਸ਼ਬਦ ਜਗਤ ’ਚ ਵਰਤਾਇਆ ਹੈ, ਇਸ ਦੀ ਪ੍ਰੋੜ੍ਹਤਾ ਲਈ ਕੁਝ ਗੁਰ-ਵਾਕਾਂ ਨੂੰ ਵਿਚਾਰਨਾ ਜ਼ਰੂਰੀ ਹੈ: ‘‘ਗੁਰ ਮਹਿ ਆਪੁ ਸਮੋਇ; ਸਬਦੁ ਵਰਤਾਇਆ ॥ ਸਚੇ ਹੀ ਪਤੀਆਇ; ਸਚਿ ਸਮਾਇਆ ॥ (ਮਹਲਾ ੧/੧੨੭੯), ਜੈਸੀ ਮੈ ਆਵੈ, ਖਸਮ ਕੀ ਬਾਣੀ; ਤੈਸੜਾ ਕਰੀ ਗਿਆਨੁ ਵੇ ਲਾਲੋ !॥ (ਮਹਲਾ ੧/੭੨੨-੨੩), ਤਾ ਮੈ ਕਹਿਆ ਕਹਣੁ; ਜਾ ਤੁਝੈ ਕਹਾਇਆ ॥’’ (ਮਹਲਾ ੧/੫੬੬)

ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਸਾਹਿਬ ਜੀ ਕੁਝ ਅਜਿਹਾ ਹੀ ਵਿਚਾਰ ਪ੍ਰਗਟ ਕਰਦੇ ਹਨ ਕਿ ਸਤਿਗੁਰੂ ਦੀ ਬਾਣੀ ਜੋ ਕਿ ਇੱਕ ਮੁਕੰਮਲ ਸੱਚ ਹੈ, ਇਸ ਨੂੰ ਕਰਤਾ ਪੁਰਖ (ਸਿਰਜਣਹਾਰ) ਆਪ ਹੀ ਸਤਿਗੁਰੂ ਦੇ ਮੁਖਾਰਬਿੰਦ ਤੋਂ ਉਚਾਰਨ ਕਰਵਾਉਂਦਾ ਹੈ। ਗੁਰੂ ਵੱਲੋਂ ਬਖ਼ਸ਼ੇ ਇਸ ਰੱਬੀ ਸ਼ਬਦ ਦੇ ਨਾਲ਼ ਹੀ, ਗੁਰੂ ਦੀ ਮਿਹਰ ਵੀ ਇੱਕ ਕੁੰਜੀ (ਚਾਬੀ) ਦੀ ਨਿਆਈਂ ਹੈ ਜਿਸ ਬਗੈਰ ਪ੍ਰਮਾਤਮਾ ਦੀ ਭਗਤੀ ਦੇ ਖ਼ਜ਼ਾਨੇ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਹੈ: ‘‘ਸਤਿਗੁਰ ਕੀ ਬਾਣੀ, ਸਤਿ ਸਤਿ ਕਰਿ ਜਾਣਹੁ ਗੁਰਸਿਖਹੁ ! ਹਰਿ ਕਰਤਾ ਆਪਿ ਮੁਹਹੁ ਕਢਾਏ ॥ (ਮਹਲਾ ੪/੩੦੮), ਹਉ ਆਪਹੁ ਬੋਲਿ ਨ ਜਾਣਦਾ; ਮੈ ਕਹਿਆ ਸਭੁ ਹੁਕਮਾਉ ਜੀਉ ॥ ਹਰਿ ਭਗਤਿ ਖਜਾਨਾ ਬਖਸਿਆ; ਗੁਰਿ ਨਾਨਕਿ ਕੀਆ ਪਸਾਉ ਜੀਉ ॥ (ਮਹਲਾ ੫/੭੬੩), ਆਦਿ ਵਚਨ ਗੁਰੂ ਨਾਨਕ ਸਾਹਿਬ ਜੀ ਦੁਆਰਾ ਉਚਾਰੇ ਗਏ ਸ਼ਬਦ ‘‘ਜੈਸੀ ਮੈ ਆਵੈ ਖਸਮ ਕੀ ਬਾਣੀ; ਤੈਸੜਾ ਕਰੀ ਗਿਆਨੁ ਵੇ ਲਾਲੋ  !॥’’ (ਮਹਲਾ  ੧/੭੨੨) ਦਾ ਹੀ ਵਿਸਥਾਰ ਜਾਂ ਮਿਲਵਾਂ ਭਾਗ/ਰੂਪ ਹਨ, ਇਹੀ ਕਾਰਨ ਹੈ ਕਿ ਗੁਰਮਤਿ ’ਚ ‘ਗੁਰੂ’ ਸ਼ਬਦ ਪਾਰਬ੍ਰਹਮ ਲਈ ਵੀ ਵਰਤਿਆ ਗਿਆ ਹੈ ਭਾਵ ਕਿ ਗੁਰੂ, ਪਾਰਬ੍ਰਹਮ ਦਾ ਹੀ ਰੂਪ ਹੈ; ਜਿਵੇਂ ਕਿ ਗੁਰ-ਵਾਕ ਹੈ: ‘‘ਗੁਰੁ ਦਾਤਾ, ਸਮਰਥੁ ਗੁਰੁ; ਗੁਰੁ ਸਭ ਮਹਿ ਰਹਿਆ ਸਮਾਇ ॥ ਗੁਰੁ ਪਰਮੇਸਰੁ ਪਾਰਬ੍ਰਹਮੁ; ਗੁਰੁ, ਡੁਬਦਾ ਲਏ ਤਰਾਇ ॥’’ (ਮਹਲਾ ੫/੪੯-੫੦) ਤਾਂ ਤੇ ਅਜਿਹੇ ਸਤਿਗੁਰੂ ਨੂੰ ‘ਸ਼ਾਬਾਸ਼ੇ’ ਕਹਿਣਾ ਬਣਦਾ ਹੈ, ਧੰਨ ਹੈ ਅਜਿਹਾ ਗੁਰੂ ਜਿਸ ਦੇ ਸ਼ਬਦ ਸਦਕਾ ਸਾਡੇ ਮਨ ਨੂੰ ਧੀਰਜ ਮਿਲਦਾ ਹੈ ਤੇ ਮਨ ਦੀ ਪੀੜਾ ਦੂਰ ਹੁੰਦੀ ਹੈ: ‘‘ਗੁਰ ਬਚਨੀ, ਮਨੁ ਵੇਚਿਆ; ਸਬਦਿ ਮਨੁ ਧੀਰਾ ॥ ਗੁਰ ਪੂਰੇ ਸਾਬਾਸਿ ਹੈ; ਕਾਟੈ ਮਨ ਪੀਰਾ ॥’’ (ਮਹਲਾ ੧/੧੦੧੦)

  1. ਸ਼ਬਦ ਗੁਰੂ ਤੋਂ ਬਿਨਾਂ ਸਿਰਫ਼ ਖੁਆਰੀ ਹੀ ਮਿਲਦੀ ਹੈ: ਗੁਰੂ ਨਾਨਕ ਸਾਹਿਬ ਜੀ ਦੇ ਬਚਨ ਅਨੁਸਾਰ ਗੁਰੂ ਦੇ ਸ਼ਬਦ ਨੂੰ ਹਿਰਦੇ ’ਚ ਵਸਾ ਕੇ ਮਨੁੱਖ ਗੰਭੀਰ, ਡੂੰਘਾ ਭਾਵ ਗਿਆਨਵਾਨ ਹੋ ਨਿਬੜਦਾ ਹੈ ਪਰ ਗੁਰ ਸ਼ਬਦ ਤੋਂ ਬਿਨਾਂ ਜਗਤ ਝੱਲਾ ਹੋਇਆ ਫਿਰਦਾ ਹੈ: ‘‘ਸਬਦੁ ਗੁਰ ਪੀਰਾ, ਗਹਿਰ ਗੰਭੀਰਾ; ਬਿਨੁ ਸਬਦੈ, ਜਗੁ ਬਉਰਾਨੰ ॥’’ (ਮਹਲਾ ੧/੬੩੫) ਲੋਕਾਂ ਦੇ ਕੰਨਾਂ ’ਚ ਫੂਕਾਂ ਮਾਰ ਕੇ ਕਿਸੇ ਇੱਕ ਖ਼ਾਸ ਸ਼ਬਦ ਦਾ ਅਖੌਤੀ ‘ਨਾਮ ਦਾਨ’ ਦੇਣ ਵਾਲੇ ਨਕਲੀ, ਕੱਚੇ (ਕਾਚੇ ਗੁਰ ਤੇ, ਮੁਕਤਿ ਨ ਹੂਆ ॥ ਮਹਲਾ ੧/੯੩੨) ਤੇ ਦੰਭੀ ਗੁਰੂਆਂ ਤੋਂ ਲੁਕਾਈ ਨੂੰ ਬਚਾਉਣ ਲਈ ਗੁਰੂ ਜੀ ਫ਼ੁਰਮਾਉਂਦੇ ਹਨ ਕਿ ਅਜਿਹੇ ਆਗੂ ਤਾਂ ਆਪ ਹੀ ਮਾਇਆ ਦੇ ਮੋਹ ਕਾਰਨ ਅੰਨ੍ਹੇ ਹੋਏ ਫਿਰਦੇ ਹਨ ਤਾਂ ਫਿਰ ਕਿਸੇ ਚੇਲੇ ਨੂੰ ਕਿਵੇਂ ਮਾਰਗ ਦਰਸਾ ਸਕਦੇ ਹਨ ? ਪ੍ਰਮਾਤਮਾ ਦੇ ਨਾਮ ਦੀ ਦਾਤ ਸਿਰਫ਼ ਪੂਰੇ ਸਤਿਗੁਰੂ ਦੀ ਮਿਹਰ ਨਾਲ਼ ਹੀ ਨਸੀਬ ਹੁੰਦੀ ਹੈ: ‘‘ਗੁਰੂ ਜਿਨਾ ਕਾ ਅੰਧੁਲਾ; ਚੇਲੇ ਨਾਹੀ ਠਾਉ ॥ ਬਿਨੁ ਸਤਿਗੁਰ, ਨਾਉ ਨ ਪਾਈਐ; ਬਿਨੁ ਨਾਵੈ, ਕਿਆ ਸੁਆਉ ?॥ ਆਇ ਗਇਆ ਪਛੁਤਾਵਣਾ; ਜਿਉ, ਸੁੰਞੈ ਘਰਿ ਕਾਉ ॥’’ (ਮਹਲਾ ੧/੫੮)

ਦੇਹਧਾਰੀ ਗੁਰੂ ਡੰਮ੍ਹ ਚਲਾਉਣ ਵਾਲ਼ਿਆਂ ’ਚੋਂ ਬਹੁਤੇ ਗੁਰਬਾਣੀ ਦੀ ਦੁਰਵਰਤੋਂ ਕਰ ਕੇ ਹੀ ਆਪਣੀਆਂ ਝੂਠ ਦੀਆਂ ਦੁਕਾਨਾਂ ਚਲਾ ਰਹੇ ਹੁੰਦੇ ਹਨ ਤਾਂ ਤੇ ਯਾਦ ਰੱਖੀਏ: ‘‘ਬਿਨੁ ਗੁਰ ਸਬਦ, ਨਹੀ ਘਰੁ ਬਾਰੁ ॥ ਨਾਨਕ ! ਗੁਰਮੁਖਿ ਤਤੁ ਬੀਚਾਰੁ ॥ (ਰਾਮਕਲੀ ਮਹਲਾ ੧/੯੦੬), ਸਤਿਗੁਰੁ ਖੋਟਿਅਹੁ ਖਰੇ ਕਰੇ; ਸਬਦਿ ਸਵਾਰਣਹਾਰੁ ॥ ਸਚੀ ਦਰਗਹ ਮੰਨੀਅਨਿ; ਗੁਰ ਕੈ ਪ੍ਰੇਮ ਪਿਆਰਿ ॥’’ (ਮਹਲਾ ੧/੧੪੩)

  1. ਸ਼ਬਦ ਗੁਰੂ ਸਾਨੂੰ ਸਿੱਧਾ ਆਪਣੇ ਮੂਲ ਨਾਲ਼ ਜੋੜਦਾ ਹੈ: ਸਤਿਗੁਰੂ ਦੀ ਰਹਿਮਤ ਨਾਲ਼ ਹੀ ਇਹ ਸੂਝ ਮਿਲਦੀ ਹੈ ਕਿ ਕਿਸੇ ਦੇਵੀ ਦੇਵਤੇ ਆਦਿ ਦੀ ਪੂਜਾ ਦੀ ਬਜਾਇ ਰਤਨਾਂ ਦੀ ਖਾਣ ਅਤੇ ਅਥਾਹ, ਡੂੰਘੇ ਮਾਲਕ ਦੀ ਭਗਤੀ ਕਰਨੀ ਚਾਹੀਦੀ ਹੈ ਜਿਸ ਨੇ ਸਾਡੀ ਚੇਤਨਾ ’ਚ ਵੀ ਕੀਮਤੀ ਰਤਨ ਭਰੇ ਹੋਏ ਹਨ। ਗੁਰੂ ਦੇ ਸ਼ਬਦ ਨੂੰ ਵਿਚਾਰ ਕੇ ਹੀ, ਗੁਰੂ ਦੇ ਇਸ ਹੁਕਮ ਦੀ ਸਮਝ ਪੈਂਦੀ ਹੈ ਕਿ ਇੱਕ ਅਕਾਲ ਪੁਰਖ ਤੋਂ ਬਿਨਾਂ ਕਿਸੇ ਹੋਰ ਨੂੰ ਉਸ ਵਰਗਾ ਨਹੀਂ ਜਾਣਨਾ: ‘‘ਗਹਿਰ ਗੰਭੀਰ ਸਾਗਰ ਰਤਨਾਗਰ; ਅਵਰ ਨਹੀ ਅਨ ਪੂਜਾ ॥ ਸਬਦੁ ਬੀਚਾਰਿ ਭਰਮ ਭਉ ਭੰਜਨੁ; ਅਵਰੁ ਨ ਜਾਨਿਆ ਦੂਜਾ ॥ ਮਨੂਆ ਮਾਰਿ ਨਿਰਮਲ ਪਦੁ ਚੀਨਿਆ; ਹਰਿ ਰਸ ਰਤੇ ਅਧਿਕਾਈ ॥ ਏਕਸ ਬਿਨੁ ਮੈ ਅਵਰੁ ਨ ਜਾਨਾਂ; ਸਤਿਗੁਰਿ ਬੂਝ ਬੁਝਾਈ ॥’’ (ਮਹਲਾ ੧/੧੨੩੨-੩੩)
  2. ਸ਼ਬਦ ਗੁਰੂ, ਸਾਨੂੰ ਜਪਾਂ, ਤਪਾਂ ਆਦਿ ਜਿਹੇ ਕਰਮ ਕਾਂਡਾਂ ਤੋਂ ਬਚਾ ਕੇ, ਸਾਡੇ ਕੀਮਤੀ ਸਾਹਾਂ ਨੂੰ ਅਜਾੲੀਂ ਨਹੀਂ ਹੋਣ ਦਿੰਦਾ: ਸਹਿਜ ਭਾਵ ਨਾਲ਼ ਹਰ ਸਮੇਂ ਮਾਲਕ ਦਾ ਚਿੰਤਨ ਕਰਨਾ ਹੀ ਇੱਕ ਉੱਤਮ ਜੀਵਨ ਜਾਚ ਹੈ: ‘‘ਜਪੁ ਤਪੁ ਕਰਿ ਕਰਿ ਸੰਜਮ ਥਾਕੀ; ਹਠਿ ਨਿਗ੍ਰਹਿ ਨਹੀ ਪਾਈਐ ॥ ਨਾਨਕ ! ਸਹਜਿ ਮਿਲੇ ਜਗਜੀਵਨ; ਸਤਿਗੁਰ ਬੂਝ ਬੁਝਾਈਐ ॥’’ (ਮਹਲਾ ੧/੪੩੬) ਇਸ ਦੇ ਨਾਲ਼ ਹੀ ਧਾਰਮਿਕ ਰਸਮਾਂ, ਕਾਇਦਿਆਂ ਭਾਵ ਨਿਰੀ ਮਰਯਾਦਾ ਦੀ ਹੀ ਵਿਚਾਰ ਕਰਨ ਦੀ ਬਜਾਇ ਰੱਬ ’ਤੇ ਭਰੋਸਾ ਰੱਖ ਕੇ, ਹਰ ਪਲ ਉਸ ਦੀ ਬੰਦਗੀ ਕਰਨੀ ਹੀ ਮਨੁੱਖੀ ਜੀਵਨ ਦਾ ਅਸਲ ਮਨੋਰਥ ਹੈ: ‘‘ਸਰੈ ਸਰੀਅਤਿ, ਕਰਹਿ ਬੀਚਾਰੁ ॥ ਬਿਨੁ ਬੂਝੇ, ਕੈਸੇ ਪਾਵਹਿ ਪਾਰੁ ?॥ ਸਿਦਕੁ ਕਰਿ ਸਿਜਦਾ; ਮਨੁ ਕਰਿ ਮਖਸੂਦੁ ॥ ਜਿਹ ਧਿਰਿ ਦੇਖਾ; ਤਿਹ ਧਿਰਿ ਮਉਜੂਦੁ ॥’’ (ਮਹਲਾ ੧/੮੪)
  3. ਗੁਰੂ ਦੇ ਸ਼ਬਦ-ਜਲ ਤੋਂ ਬਿਨਾਂ ਮਨ ਨੂੰ ਮਾਂਜਿਆ ਨਹੀਂ ਜਾ ਸਕਦਾ: ਵਿਕਾਰਾਂ ਨਾਲ਼ ਜੂਠੇ ਤੇ ਕਾਲ਼ੇ ਹੋ ਚੁੱਕੇ ਮਨ ਨੂੰ ਕਿਸੇ ਬਾਹਰੀ ਸੁੱਚ ਆਦਿਕ ਕਰਮ ਨਾਲ਼ ਨਹੀਂ ਬਲਕਿ ਸਿਰਫ਼ ਗੁਰੂ ਦੇ ਸ਼ਬਦ ਦੁਆਰਾ ਹੀ ਫਿਰ ਤੋਂ ਨਿਰਮਲ ਕੀਤਾ ਜਾ ਸਕਦਾ ਹੈ: ‘‘ਮਨਿ ਜੂਠੈ ਤਨਿ ਜੂਠਿ ਹੈ; ਜਿਹਵਾ ਜੂਠੀ ਹੋਇ ॥ ਮੁਖਿ ਝੂਠੈ, ਝੂਠੁ ਬੋਲਣਾ; ਕਿਉ ਕਰਿ ਸੂਚਾ ਹੋਇ ? ॥ ਬਿਨੁ ਅਭ (ਪਾਣੀ) ਸਬਦ ਨ ਮਾਂਜੀਐ; ਸਾਚੇ ਤੇ, ਸਚੁ ਹੋਇ ॥’’ (ਮਹਲਾ ੧/੫੬) ਇੱਥੋਂ ਤੱਕ ਕਿ ਸਰੀਰਕ ਸੁੱਖ ਜਾਂ ਦੁੱਖ ਦਾ ਵਾਪਰਨਾ ਵੀ ਮਨੁੱਖ ਦੀ ਆਪਣੀ ਬਿਰਤੀ ’ਤੇ ਨਿਰਭਰ ਕਰਦਾ ਹੈ (ਖਸਮੁ ਵਿਸਾਰਿ, ਕੀਏ ਰਸ ਭੋਗ ॥ ਤਾਂ ਤਨਿ, ਉਠਿ ਖਲੋਏ ਰੋਗ ॥ ਮਹਲਾ ੧/੧੨੫੬) ਨਾਮ ਸਿਮਰਨ ’ਚ ਰੰਗੇ ਹੋਏ ਗੁਰਮੁਖ ਦੇ ਅੰਦਰ ਸਦਾ ਆਨੰਦ ਤੇ ਚੜ੍ਹਦੀ ਕਲਾ ਹੋਣ ਕਰਕੇ ਸਰੀਰਕ ਦੁੱਖ ਛੇਤੀ ਕਿੱਧਰੇ ਆਪਣਾ ਪ੍ਰਭਾਵ ਨਹੀਂ ਪਾ ਸਕਦੇ ਜਦ ਕਿ ਇੱਕ ਮਨਮੁਖ ਦੁੱਖਾਂ ਦਾ ਟਾਕਰਾ ਕਰਦਿਆਂ ਹੋਇਆਂ ਛੇਤੀ ਹੀ ਹਾਰ ਜਾਂਦਾ ਹੈ। ਨਾਮ ਸਿਮਰਨ ਤੋਂ ਬਿਨਾਂ ਕੋਈ ਵੀ ਰੁੱਤ ਭਾਵ ਹੋਰ ਕੋਈ ਵੀ ਹੀਲਾ ਸਾਰਥਿਕ ਨਹੀਂ, ਤਾਂ ਤੇ ਮਨੁੱਖ ਵਾਸਤੇ ਉਹੀ ਸਮਾਂ, ਘੜੀ ਤੇ ਰੁੱਤ ਭਲੀ ਹੈ ਜਦੋਂ ਉਹ ਨਾਮ ਸਿਮਰਦਾ ਹੈ; ਜਿਵੇਂ ਕਿ ਗੁਰ-ਵਾਕ ਹੈ: ‘‘ਜੇਹੀ ਰੁਤਿ, ਕਾਇਆ ਸੁਖੁ ਤੇਹਾ; ਤੇਹੋ ਜੇਹੀ ਦੇਹੀ ॥ ਨਾਨਕ ! ਰੁਤਿ ਸੁਹਾਵੀ ਸਾਈ; ਬਿਨੁ ਨਾਵੈ, ਰੁਤਿ ਕੇਹੀ ?॥’’ (ਮਹਲਾ ੧/੧੨੫੪)

ਗੁਰੂ ਦੀ ਸ਼ਰਨ ਪੈ ਕੇ ਆਪਣੇ ਮਨ ਦਾ ਮੁਲਾਂਕਣ ਕਰਨ ਵਾਲੇ ਨੂੰ ਸਹਿਜੇ ਹੀ ਇਹ ਸੋਝੀ ਆ ਜਾਂਦੀ ਹੈ ਕਿ ਸੱਚੇ ਸ਼ਬਦ ਤੋਂ ਬਿਨਾਂ ਨਿਰੰਕਾਰ ਦਾ ਟਿਕਾਣਾ (ਪ੍ਰਮਾਤਮਾ ਦਾ ਸਾਡੇ ਨੇੜੇ ਹੋਣ ਦਾ ਅਹਿਸਾਸ) ਕੋਈ ਮਨੁੱਖ ਨਹੀਂ ਪਛਾਣ ਸਕਦਾ: ‘‘ਅੰਤਰਿ ਨਾਵਣੁ, ਸਾਚੁ ਪਛਾਣੈ ॥ ਅੰਤਰ ਕੀ ਗਤਿ, ਗੁਰਮੁਖਿ ਜਾਣੈ ॥ ਸਾਚ ਸਬਦ ਬਿਨੁ, ਮਹਲੁ ਨ ਪਛਾਣੈ ॥’’ (ਮਹਲਾ ੧/੪੧੪-੧੫)

  1. ਰੱਬੀ ਜੋਤ ਹਰੇਕ ਸਰੀਰ ’ਚ ਵਿਆਪਕ ਹੈ: ਗੁਰੂ ਦੀ ਸਿੱਖਿਆ ’ਤੇ ਪੂਰੀ ਤਰ੍ਹਾਂ ਚੱਲਣ ਵਾਲੇ ਕਿਸੇ ਵਿਰਲੇ ਗੁਰਸਿੱਖ ਦੀ ਇੱਕ ਰਸ ਵਰਤ ਰਹੀ ਰੱਬੀ ਜੋਤ ਨਾਲ਼ ਸਾਂਝ ਬਣਦੀ ਹੈ ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਅਗਿਆਨਤਾ ਦੇ ਹਨ੍ਹੇਰੇ ’ਚ ਹੀ ਭਟਕਦਾ ਰਹਿੰਦਾ ਹੈ: ‘‘ਜਹ ਜਹ ਦੇਖਉ, ਤਹ ਤਹ ਸਾਚਾ॥ ਬਿਨੁ ਬੂਝੇ, ਝਗਰਤ ਜਗੁ ਕਾਚਾ ॥ ਗੁਰੁ ਸਮਝਾਵੈ, ਸੋਝੀ ਹੋਈ ॥ ਗੁਰਮੁਖਿ ਵਿਰਲਾ ਬੂਝੈ ਕੋਈ ॥ (ਮਹਲਾ ੧/੨੨੪), ਜਿਨਿ ਏਹੁ ਜਗਤੁ ਉਪਾਇਆ; ਤ੍ਰਿਭਵਣੁ ਕਰਿ ਆਕਾਰੁ ॥ ਗੁਰਮੁਖਿ ਚਾਨਣੁ ਜਾਣੀਐ; ਮਨਮੁਖਿ ਮੁਗਧੁ ਗੁਬਾਰੁ ॥ ਘਟਿ ਘਟਿ ਜੋਤਿ ਨਿਰੰਤਰੀ; ਬੂਝੈ ਗੁਰਮਤਿ ਸਾਰੁ॥’’ (ਮਹਲਾ ੧/੨੦)
  2. ਮਾਇਆ ਦਾ ਲੋਭ ਤੇ ਅਹੰਕਾਰ ਤਿਆਗਣਾ ਬਹੁਤ ਜ਼ਰੂਰੀ ਹੈ: ਮਾਇਆ ਵਿੱਚ ਅੰਨ੍ਹੇ ਹੋਏ ਮਨੁੱਖ ਭਾਵ ਮਨਮੁਖ ਨੂੰ ਕੋਈ ਸੋਝੀ ਨਹੀਂ ਆ ਸਕਦੀ: ‘‘ਇਕਿ ਆਵਹਿ ਜਾਵਹਿ, ਘਰਿ ਵਾਸੁ ਨ ਪਾਵਹਿ ॥ ਕਿਰਤ ਕੇ ਬਾਧੇ, ਪਾਪ ਕਮਾਵਹਿ ॥ ਅੰਧੁਲੇ, ਸੋਝੀ ਬੂਝ ਨ ਕਾਈ; ਲੋਭੁ ਬੁਰਾ ਅਹੰਕਾਰਾ ਹੇ ॥ (ਮਹਲਾ ੧/੧੦੨੮-੨੯), ਮਨਮੁਖਿ, ਕਦੇ ਨ ਦਰਗਹ ਸੀਝੈ ॥ ਬਿਨੁ ਸਬਦੈ, ਕਿਉ ਅੰਤਰੁ ਰੀਝੈ ॥ ਬਾਧੇ ਆਵਹਿ, ਬਾਧੇ ਜਾਵਹਿ; ਸੋਝੀ ਬੂਝ ਨ ਕਾਈ ਹੇ ॥’’ (ਮਹਲਾ ੧/੧੦੨੩-੨੪)
  3. ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਮਨੁੱਖ ਕੰਗਾਲ ਹੀ ਹੈ: ਨਾਮ ਧਨ ਤੋਂ ਬਿਨਾਂ ਕੁਝ ਵੀ ਨਾਲ਼ ਨਹੀਂ ਜਾ ਸਕਦਾ: ‘‘ਹਿਰਦੈ ਨਾਮੁ ਸਦਾ ਧੁਨਿ ਨਿਹਚਲ; ਘਟੈ ਨ ਕੀਮਤਿ ਪਾਈ ॥ ਬਿਨੁ ਨਾਵੈ, ਸਭੁ ਕੋਈ ਨਿਰਧਨੁ; ਸਤਿਗੁਰਿ ਬੂਝ ਬੁਝਾਈ ॥ (ਮਹਲਾ ੧/੧੨੩੨), ਸੁਇਨਾ ਰੁਪਾ ਸਭ ਧਾਤੁ ਹੈ; ਮਾਟੀ ਰਲਿ ਜਾਈ ॥ ਬਿਨੁ ਨਾਵੈ, ਨਾਲਿ ਨ ਚਲਈ; ਸਤਿਗੁਰਿ ਬੂਝ ਬੁਝਾਈ ॥ ਨਾਨਕ ! ਨਾਮਿ ਰਤੇ, ਸੇ ਨਿਰਮਲੇ; ਸਾਚੈ ਰਹੇ ਸਮਾਈ॥’’ (ਮਹਲਾ ੧/੧੦੧੧-੧੨)

ਦਿਨ ਰਾਤ ਸਾਡੀ ਆਰਬਲਾ (ਉਮਰ) ਘਟਦੀ ਜਾ ਰਹੀ ਹੈ ਤੇ ਅਸੀਂ ਇੱਥੇ ਸਦਾ ਟਿਕੇ ਨਹੀਂ ਰਹਿ ਸਕਦੇ, ਇਸ ਲਈ ਸਾਹਾਂ ਦੀ ਪੂੰਜੀ ਦੇ ਰਹਿੰਦੇ ਹੀ ਸ਼ਬਦ ਦੀ ਵਿਚਾਰ ਅਤਿ ਜ਼ਰੂਰੀ ਹੈ: ‘‘ਕਿਉ ਰਹੀਐ ? ਉਠਿ ਚਲਣਾ; ਬੁਝੁ ਸਬਦ ਬੀਚਾਰਾ ॥ ਜਿਸੁ ਤੂ ਮੇਲਹਿ, ਸੋ ਮਿਲੈ; ਧੁਰਿ ਹੁਕਮੁ ਅਪਾਰਾ ॥’’ (ਮਹਲਾ ੧/੧੦੧੨)

  1. ਗੁਰੂ ਦਾ ਸ਼ਬਦ ਵਿਚਾਰਨ ਨਾਲ਼ ਡਰ, ਸਹਿਮ, ਭਰਮ, ਵਹਿਮ ਤੇ ਹਉਮੈਂ ਆਦਿ ਦੂਰ ਹੋ ਜਾਂਦੇ ਹਨ: ਗੁਰੂ ਦਾ ਸ਼ਬਦ ਸਾਨੂੰ ਆਤਮ ਨਿਰਭਰ ਬਣਾਉਂਦਾ ਹੈ (ਆਪਣ ਹਥੀ ਆਪਣਾ; ਆਪੇ ਹੀ ਕਾਜੁ ਸਵਾਰੀਐ॥ ਮਹਲਾ ੧/੪੭੪) ਆਪਣੀ ਸੁਰਤ ਨੂੰ ਸ਼ਬਦ ਅੰਦਰ ਜੋੜਨ ਨਾਲ਼ ਸਾਡਾ ਮਨ ਨਿਰਮਲ ਹੁੰਦਾ ਹੈ ਤੇ ਉੱਤਮ (ਆਤਮਿਕ) ਅਨੰਦ ਮਿਲਦਾ ਹੈ, ਜਿਸ ਸਦਕਾ ਸਾਰੇ ਡਰ ਉੱਡ-ਪੁੱਡ ਜਾਂਦੇ ਹਨ: ‘‘ਬਿਨਵੰਤਿ ਨਾਨਕੁ, ਜਾਇ ਸਹਸਾ; ਬੁਝੈ ਗੁਰ ਬੀਚਾਰਾ ॥ (ਮਹਲਾ ੧/੫੬੭), ਸੋ ਬੂਝੈ, ਜੋ ਸਤਿਗੁਰੁ ਪਾਏ ॥ ਹਉਮੈ ਮਾਰੇ, ਗੁਰ ਸਬਦੇ ਪਾਏ ॥’’ (ਮਹਲਾ ੧/੨੨੮) ਸੁਰਤ (ਬਿਰਤੀ) ਜੋੜਨ ਤੋਂ ਭਾਵ ਗੁਰ ਸ਼ਬਦ ਨੂੰ ਵਿਚਾਰਨਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਬਾਹਰੋਂ ਦਰਸ਼ਨ ਕੀਤਿਆਂ ਭਾਵ ਸਿਰਫ਼ ਮੱਥਾ ਟੇਕਿਆਂ ਹੀ ਸਾਡਾ ਪਾਰ ਉਤਾਰਾ ਸੰਭਵ ਨਹੀਂ; ਗੁਰੂ ਦਾ ਸ਼ਬਦ ਵਿਚਾਰਨਾ ਹੀ ਅਸਲ ’ਚ ਗੁਰੂ ਦਰਸ਼ਨ ਹੈ; ਜਿਵੇਂ ਕਿ ਗੁਰ-ਵਾਕ ਹੈ: ‘‘ਸਬਦ ਸੁਰਤਿ ਸੁਖੁ ਊਪਜੈ; ਪ੍ਰਭ ਰਾਤਉ ਸੁਖ ਸਾਰੁ॥ ਜਿਉ ਭਾਵੈ, ਤਿਉ ਰਾਖੁ ਤੂੰ; ਮੈ ਹਰਿ ਨਾਮੁ ਅਧਾਰੁ ॥’’ (ਮਹਲਾ ੧/੬੨) ਪਰ ਗੁਰੂ ਦੀ ਬਾਣੀ ਨੂੰ ਵਿਚਾਰਨ ਤੋਂ ਬਿਨਾਂ ਮਨੁੱਖ ਅਨਮੋਲਕ ਸੂਝ ਤੋਂ ਸੱਖਣਾ ਰਹਿ ਜਾਂਦਾ ਹੈ ਤੇ ਆਪਣਾ ਮੂਲ ਵੀ ਗੁਆ ਕੇ, ਜਨਮ ਮਰਨ ਦੇ ਗੇੜ ’ਚ ਪਿਆ ਰਹਿੰਦਾ ਹੈ: ‘‘ਸਬਦ ਸੁਰਤਿ ਬਿਨੁ ਆਵੈ ਜਾਵੈ; ਪਤਿ ਖੋਈ ਆਵਤ ਜਾਤਾ ਹੇ ॥’’ (ਮਹਲਾ ੧/੧੦੩੧-੩੨) ਸੰਸਾਰੀ ਕਾਰ ਵਿਹਾਰ ਕਰਦਿਆਂ ਹੀ ਸੰਸਾਰ ਤੋਂ ਨਿਰਲੇਪ ਰਹਿਣਾ ਤੇ ਗੁਰੂ ਦੇ ਸ਼ਬਦ ’ਚ ਸੁਰਤ ਜੋੜਨੀ, ਇੱਕ ਉੱਤਮ ਤੇ ਵਿਲੱਖਣ ਜੀਵਨ ਜੁਗਤ ਹੈ ਜਿਸ ਸਦਕਾ ਸੰਸਾਰ ਸਮੁੰਦਰ ਤੋਂ ਪਾਰ ਹੋਇਆ ਜਾ ਸਕਦਾ ਹੈ: ‘‘ਜੈਸੇ ਜਲ ਮਹਿ, ਕਮਲੁ ਨਿਰਾਲਮੁ; ਮੁਰਗਾਈ, ਨੈ ਸਾਣੇ ॥ ਸੁਰਤਿ ਸਬਦਿ, ਭਵ ਸਾਗਰੁ ਤਰੀਐ; ਨਾਨਕ ! ਨਾਮੁ ਵਖਾਣੇ॥’’ (ਮਹਲਾ ੧/੯੩੮)
  2. ਨਿਰੰਕਾਰ ਦੀ ਸਿਫ਼ਤ ਸਾਲਾਹ ਤੇ ਅਰਜ਼ੋਈ ਕਰਨ ਵਾਲ਼ਿਆਂ ਨੂੰ ਨਿਰੰਕਾਰ ਦੀ ਪ੍ਰਾਪਤੀ ਹੁੰਦੀ ਹੈ: ਗੁਰੂ ਦੀ ਸ਼ਰਨ ਪੈਣ ਵਾਲੇ ਮਨੁੱਖ ਨੂੰ ਸੱਚੇ ਸਾਹਿਬ ਦੇ ਬੇਅੰਤ ਗੁਣਾਂ ਦਾ ਅਨੁਭਵ ਹੁੰਦਾ ਹੈ: ‘‘ਗੁਰਮੁਖਿ ਬੂਝੈ, ਅਕਥੁ ਕਹਾਵੈ ॥ ਸਚੇ ਠਾਕੁਰ, ਸਾਚੋ ਭਾਵੈ ॥ ਨਾਨਕ ! ਸਚੁ ਕਹੈ ਬੇਨੰਤੀ; ਸਚੁ ਮਿਲੈ, ਗੁਣ ਗਾਵਣਿਆ ॥’’ (ਮਹਲਾ ੧/੧੦੯) ਯਕੀਨਨ ! ਨਿਰੰਕਾਰ ਦੀ ਵਡਿਆਈ ਕਰਨ ਨਾਲ਼ ਸਾਰੇ ਹੀ ਦੁੱਖ ਮਿਟ ਜਾਂਦੇ ਹਨ। ਮਨੁੱਖ ਦੀ ਅੰਦਰਲੀ ਅਵਸਥਾ ਅਜਿਹੀ ਅਨੰਦਿਤ ਬਣ ਜਾਂਦੀ ਹੈ, ਮਾਨੋ ਕਿ ਹੱਥਾਂ ਬਿਨਾਂ ਸੰਗੀਤ ਵੱਜਦਾ ਹੋਵੇ ਤੇ ਪੈਰਾਂ ਦੇ ਬਗੈਰ ਨਾਚ ਭਾਵ ਆਪਣੇ ਅੰਤਰ ਆਤਮੇ ਸੁੱਖ ਹੀ ਸੁੱਖ ਮਹਿਸੂਸ ਹੁੰਦੇ ਹਨ: ‘‘ਕਰ ਬਿਨੁ ਵਾਜਾ, ਪਗ ਬਿਨੁ ਤਾਲਾ ॥ ਜੇ ਸਬਦੁ ਬੁਝੈ, ਤਾ ਸਚੁ ਨਿਹਾਲਾ ॥ ਅੰਤਰਿ ਸਾਚੁ, ਸਭੇ ਸੁਖ ਨਾਲਾ॥ ਨਦਰਿ ਕਰੇ, ਰਾਖੈ ਰਖਵਾਲਾ ॥’’ (ਆਸਾ ਮਹਲਾ ੧/੪੧੨)
  3. ਗੁਰ ਸ਼ਬਦ ਦੇ ਪਿਆਰ ’ਚ ਰੱਤੇ ਹੋਏ ਮਨੁੱਖ ਨੂੰ ਮਾਲਕ ਆਪ ਹੀ ਪਛਾਣ ਲੈਂਦਾ ਹੈ: ਭਾਗਾਂ ਵਾਲੇ ਅਜਿਹੇ ਮਨੁੱਖ ਨੂੰ ਰੱਬੀ ਬਖ਼ਸ਼ਸ਼ ਦੀ ਦਾਤ ਨਸੀਬ ਹੁੰਦੀ ਹੈ ਤੇ ਇੰਞ ਜਨਮ ਮਰਨ ਦਾ ਗੇੜ ਵੀ ਗੁਰੂ ਦੇ ਸ਼ਬਦ ਦੀ ਰਾਹੀਂ ਮਿਟ ਜਾਂਦਾ ਹੈ, ਪਰ ਰੱਬ ਦੇ ਨਾਮ ਸਿਮਰਨ ਦੀ ਸੋਝੀ ਸਿਰਫ਼ ਉਸੇ ਨੂੰ ਆਉਂਦੀ ਹੈ, ਜਿਸ ਨੂੰ ਮਾਲਕ ਆਪ ਸਮਝਾਉਂਦਾ ਹੈ: ‘‘ਆਵਾ ਗਉਣੁ ਮਿਟੈ ਗੁਰ ਸਬਦੀ; ਆਪੇ ਪਰਖੈ ਬਖਸਿ ਲਇਆ ॥ ਏਕਾ ਬੇਦਨ ਦੂਜੈ ਬਿਆਪੀ; ਨਾਮੁ ਰਸਾਇਣੁ ਵੀਸਰਿਆ ॥ ਸੋ ਬੂਝੈ, ਜਿਸੁ ਆਪਿ ਬੁਝਾਏ; ਗੁਰ ਕੈ ਸਬਦਿ, ਸੁ ਮੁਕਤੁ ਭਇਆ ॥ ਨਾਨਕ ! ਤਾਰੇ ਤਾਰਣਹਾਰਾ; ਹਉਮੈ ਦੂਜਾ, ਪਰਹਰਿਆ॥’’ (ਮਹਲਾ ੧/੯੪੦-੪੧) ਵੈਸੇ ਮੂੰਹ ਨਾਲ਼ ਤਾਂ ਹਰ ਕੋਈ ਹੀ ਪ੍ਰਮਾਤਮਾ ਨੂੰ ਆਪਣਾ ਕਹਿੰਦਾ ਹੈ ਪਰ ਤਰਦੇ ਉਹੀ ਹਨ ਜਿਨ੍ਹਾਂ ਦੇ ਹਿਰਦੇ ਸੱਚੀ ਪ੍ਰੀਤ ਨਾਲ਼ ਵਿੰਨ੍ਹੇ ਜਾਂਦੇ ਹਨ: ‘‘ਸਭੁ ਕੋ ਆਖੈ ਆਪਣਾ ਭਾਈ ! ਗੁਰ ਤੇ ਬੁਝੈ ਸੁਜਾਨੁ ॥ ਜੋ ਬੀਧੇ, ਸੇ ਊਬਰੇ ਭਾਈ ! ਸਬਦੁ ਸਚਾ ਨੀਸਾਨੁ ॥’’ (ਮਹਲਾ ੧/੬੩੬-੩੭)
  4. ਗੁਰੂ ਦੇ ਸ਼ਬਦ ਦੁਆਰਾ ਖ਼ਾਲਕ ਦੇ ਗੁਣਾਂ ਦੀ ਵਿਚਾਰ ਕਰਨ ਨਾਲ਼ ਖ਼ਲਕਤ ਦੀ ਸੇਵਾ ਕਰਨ ਦਾ ਚਾਉ ਪੈਦਾ ਹੁੰਦਾ ਹੈ: ‘ਸਵੈ’ ਤੋਂ ਸ਼ੁਰੂ ਕੀਤੀ ਸੇਵਾ; ਨਿਰਸੰਦੇਹ ਮਨੁੱਖ ਨੂੰ ਨਿਸ਼ਕਾਮੀ ਬਣਾਉਂਦੀ ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਜੇਕਰ ਪਹਿਲਾਂ ਆਪਣਾ ਦਿਲ ਖੋਜ ਲਿਆ ਜਾਵੇ ਤਾਂ ਸਹਿਜੇ ਹੀ ਦੂਸਰੇ ’ਚ ਵੀ ਰੱਬ ਵੱਸਦਾ ਨਜ਼ਰ ਆ ਜਾਂਦਾ ਹੈ; ਜਿਵੇਂ ਕਿ ਗੁਰ-ਵਾਕ ਹੈ: ‘‘ਸੇਵਾ ਸੁਰਤਿ, ਸਬਦਿ ਵੀਚਾਰਿ ॥ ਜਪੁ, ਤਪੁ, ਸੰਜਮੁ, ਹਉਮੈ ਮਾਰਿ ॥ ਜੀਵਨ ਮੁਕਤੁ, ਜਾ ਸਬਦੁ ਸੁਣਾਏ॥ ਸਚੀ ਰਹਤ, ਸਚਾ ਸੁਖੁ ਪਾਏ ॥’’ (ਮਹਲਾ ੧/੧੩੪੨-੪੩) ਇੰਞ ਕਰਨੀ ਕਮਾ ਕੇ, ਜਦ ਕੋਈ ਮਨੁੱਖ ਗੁਰੂ ਦੇ ਸ਼ਬਦ ’ਚ ਜੁੜਦਾ ਹੈ ਤਾਂ ਉਸ ਦੀ ਸੇਵਾ ਕਬੂਲ ਹੋ ਜਾਂਦੀ ਹੈ ਤੇ ਉਸ ਨੂੰ ਪ੍ਰਭੂ ਪਿਤਾ ਦਾ ਮਿਲਾਪ ਹੋ ਜਾਂਦਾ ਹੈ। ਗੁਰ ਸ਼ਬਦ ਰਾਹੀਂ ਆਪਣਾ ਆਪ ਗਵਾ ਕੇ, ਸੱਚੀ ਸੇਵਾ (ਹਰ ਵੇਲੇ ਚਿੰਤਨ) ਕਰਨ ਵਾਲਾ ਗੁਰਮੁਖ ਹੋਰਨਾਂ ਦਾ ਜੀਵਨ ਵੀ ਸੁਆਰ ਦਿੰਦਾ ਹੈ: ‘‘ਤ੍ਰਿਭਵਣ ਸੂਝੈ, ਆਪੁ ਗਵਾਵੈ ॥ ਬਾਣੀ ਬੂਝੈ, ਸਚਿ ਸਮਾਵੈ ॥ ਸਬਦੁ ਵੀਚਾਰੇ, ਏਕ ਲਿਵ ਤਾਰਾ ॥ ਨਾਨਕ ! ਧੰਨੁ ਸਵਾਰਣਹਾਰਾ ॥’’ (ਮਹਲਾ ੧/੪੧੨)

ਅੰਤ ’ਚ ਸਾਰ ਵਜੋਂ; ਇਹ ਚੇਤੇ ਰੱਖਣਾ ਲਾਭਕਾਰੀ ਰਹੇਗਾ ਕਿ ਗੁਰੂ ਦੇ ਸ਼ਬਦ ਦੀ ਵਿਚਾਰ ਕਰਨੀ ਹੀ, ਗੁਰੂ ਦੀ ਸੇਵਾ ਕਮਾਉਣਾ ਹੈ: ‘‘ਗੁਰ ਕੀ ਸੇਵਾ, ਸਬਦੁ ਵੀਚਾਰੁ ॥ ਹਉਮੈ ਮਾਰੇ, ਕਰਣੀ ਸਾਰੁ ॥’’ (ਮਹਲਾ ੧/੨੨੩) ਅਤੇ ਆਪਣੇ ਆਤਮਿਕ ਜੀਵਨ ਨੂੰ ਪਛਾਣਨ ਵਾਲੇ ਨੂੰ ਹੀ ਪ੍ਰਮਾਤਮਾ ਦਾ ਗਿਆਨ ਤੇ ਮਿਲਾਪ ਹੋ ਸਕਦਾ ਹੈ: ‘‘ਜਿਨੀ ਆਤਮੁ ਚੀਨਿਆ, ਪਰਮਾਤਮੁ ਸੋਈ ॥ ਏਕੋ ਅੰਮ੍ਰਿਤ ਬਿਰਖੁ ਹੈ, ਫਲੁ ਅੰਮ੍ਰਿਤੁ ਹੋਈ ॥ ਅੰਮ੍ਰਿਤ ਫਲੁ ਜਿਨੀ ਚਾਖਿਆ, ਸਚਿ ਰਹੇ ਅਘਾਈ॥ ਤਿੰਨਾ ਭਰਮੁ ਨ ਭੇਦੁ ਹੈ; ਹਰਿ ਰਸਨ ਰਸਾਈ ॥’’ (ਮਹਲਾ ੧/੪੨੧)

ਪ੍ਰੇਮ ਨਾਲ਼ ਭਰਪੂਰ, ਗੁਰੂ ਨਾਨਕ ਜੀ ਦੇ ਰੂਹਾਨੀ ਘਰ ਦੀ ਨੀਂਹ ਐਨੀ ਪੱਕੀ ਹੈ ਕਿ ਰਹਿੰਦੀ ਦੁਨੀਆ ਤੱਕ ਇਸ ਨੂੰ ਹਿਲਾਉਣਾ ਸੰਭਵ ਨਹੀਂ। (ਅਬਿਚਲ ਨੀਵ ਧਰੀ ਗੁਰ; ਨਾਨਕ  ! ਨਿਤ ਨਿਤ ਚੜੈ ਸਵਾਈ ॥’’ ਮਹਲਾ  ੫/੫੦੦) ਇਹ ਵੀ ਠੀਕ ਹੈ ਕਿ  ਵਰਗੀਆਂ ਮਾਨਵਤਾ ਵਿਰੋਧੀ ਸੰਸਥਾਵਾਂ ਸਿੱਖਾਂ ਸਮੇਤ ਹੋਰ ਘੱਟ ਗਿਣਤੀਆਂ ਨੂੰ ਹਰ ਹੀਲਾ ਵਰਤ ਕੇ ਨਿਗਲ਼ਨ ਲਈ ਦਿਨ ਰਾਤ ਤਤਪਰ ਰਹਿੰਦੀਆਂ ਹਨ ਪਰ ਕੀ ਸਾਨੂੰ ਕੋਈ ਆਪਣੇ ਹੀ ਘਰ ’ਚ ਬਾਣੀ ਪੜ੍ਹਨ ਭਾਵ ਗੁਰੂ ਦੇ ਸ਼ਬਦ ਨਾਲ਼ ਸਾਂਝ ਪਾਉਣ (ਗੁਰੂ ਦੀ ਸੰਗਤ ਕਰਨ) ਤੋਂ ਰੋਕ ਸਕਦਾ ਹੈ ? ਗੁਰੂ ਦਾ ਸ਼ਬਦ ਤਾਂ ਹਮੇਸ਼ਾ ਸਾਡੀ ਜਿੰਦ ਦੇ ਨਾਲ਼ ਵੱਸਦਾ ਹੈ, ਨਾ ਤਾਂ ਇਹ ਪਾਣੀ ’ਚ ਡੁੱਬ ਸਕਦਾ ਹੈ, ਨਾ ਅੱਗ ਸਾੜ ਸਕਦੀ ਹੈ ਤੇ ਨਾ ਹੀ ਮਾਨਵਤਾ ਦਾ ਖ਼ੂਨ ਕਰਨ ਵਾਲੇ ਦਰਿੰਦੇ ਇਸ ਨੂੰ ਖੋਹ ਕੇ ਕਿਤੇ ਹੋਰ ਲਿਜਾ ਸਕਦੇ ਹਨ, ‘‘ਜਲਿ ਨਹੀ ਡੂਬੈ, ਤਸਕਰੁ ਨਹੀ ਲੇਵੈ; ਭਾਹਿ ਨ ਸਾਕੈ ਜਾਲੇ ॥੧॥ ਰਹਾਉ ॥’’ (ਮਹਲਾ  ੫/੬੭੯), ਗੁਰੂ ਦਾ ਸ਼ਬਦ ਤਾਂ ਅਟੱਲ ਹੈ ਤੇ ਲੋਕ, ਪਰਲੋਕ ’ਚ ਸਹਾਈ ਹੋਣ ਵਾਲਾ ਹੈ; ਆਉ ! ਗੁਰੂ ਨਾਨਕ ਸਾਹਿਬ ਜੀ ਦਾ ੫੫੦ਵਾਂ ਪ੍ਰਕਾਸ਼ ਦਿਹਾੜਾ, ਆਪਣੇ ਹਿਰਦਿਆਂ ਨੂੰ ਸ਼ਬਦ ਗੁਰੂ ਦੇ ਗਿਆਨ ਰੂਪੀ ਚਾਨਣ ਨਾਲ਼ ਪ੍ਰਕਾਸ਼ ਕਰ ਕੇ ਮਨਾਈਏ ਤੇ ਯਥਾ ਸ਼ਕਤ ਮਨੁੱਖਤਾ ਦੀ ਸੇਵਾ ਵੀ ਕਰੀਏ ਤਾਂ ਹੀ ‘ਘਰਿ ਘਰਿ ਬਾਬਾ ਪੂਜੀਐ’ ਤੇ ‘ਘਰਿ ਘਰਿ ਬਾਬਾ ਗਾਵੀਐ’ ਜਿਹੇ ਬਚਨਾਂ ਦੀਆਂ ਗੂੰਜਾਂ ਇੱਕ ਵਾਰ ਫਿਰ ਤੋਂ ਸਾਰੇ ਸੰਸਾਰ ’ਚ ਪੈ ਸਕਣਗੀਆਂ।

ਧੰਨਵਾਦ !

ਕਿਵ ਸਚਿਆਰਾ ਹੋਈਐ  ? ਕਿਵ ਕੂੜੈ ਤੁਟੈ ਪਾਲਿ  ? ॥ (ਭਾਗ ਪਹਿਲਾ)

0

ਕਿਵ ਸਚਿਆਰਾ ਹੋਈਐ  ? ਕਿਵ ਕੂੜੈ ਤੁਟੈ ਪਾਲਿ  ? ॥ (ਭਾਗ ਪਹਿਲਾ)

ਗਿਆਨੀ ਅਵਤਾਰ ਸਿੰਘ

ਗੁਰਬਾਣੀ ਅੰਦਰ ਸੈਂਕੜੇ ਹੀ ਪ੍ਰਸ਼ਨਵਾਚਕ ਸ਼ਬਦ ਹਨ; ਜਿਵੇਂ ‘ਕਿਵ/ਕੇਵ/ਕੇਉ-12+3+1=16 ਵਾਰ, ਕੈਸਾ/ਕੈਸੀ/ਕੈਸੇ 20+18+77=115 ਵਾਰ, ਕਿਤ/ਕਿਤੁ 13+59=72 ਵਾਰ ਅਤੇ ਕਿਉ-405 ਵਾਰ’ ਹੈ, ਜਿਨ੍ਹਾਂ ਦਾ ਅਰਥ ਹੈ ‘ਕਿਵੇਂ, ਕਿਸ ਤਰ੍ਹਾਂ ?’ ਅਤੇ ‘ਕੇਵਡ/ਕੇਵਡੁ 2+14=16 ਵਾਰ ਤੇ ਕੇਹਾ 17 ਵਾਰ ਹੈ, ਜਿਨ੍ਹਾਂ ਦਾ ਅਰਥ ਹੈ ‘ਕਿਹੋ ਜਿਹਾ, ਕਿੰਨਾ ਵੱਡਾ  ?’। ਇਨ੍ਹਾਂ ਸਾਰਿਆਂ ਰਾਹੀਂ ਕੋਈ ਨਾ ਕੋਈ ਸਵਾਲ ਪੈਦਾ ਕਰ ਉਸ ਦੇ ਜਵਾਬ ਵਜੋਂ ਪ੍ਰਗਟਾਏ ਰੂਹਾਨੀਅਤ ਮੰਤਵ (ਪੈਗ਼ਾਮ, ਗੁਰਮਤਿ ਸੁਨੇਹੇ) ਨੂੰ ਅਸਾਨੀ ਨਾਲ਼ ਸਿੱਖਾਂ ਨੂੰ ਦ੍ਰਿੜ੍ਹ ਕਰਾਇਆ ਗਿਆ ਹੈ। ਗੁਰੂ ਸਾਹਿਬਾਨ ਦੁਆਰਾ ਵਰਤੀ ਗਈ ਇਸ ਯੁਕਤੀ ਤੋਂ ਸਪਸ਼ਟ ਹੈ ਕਿ ਗੁਰਬਾਣੀ ਸਧਾਰਨ ਰਚਨਾ ਨਹੀਂ ਕਿਉਂਕਿ ਸਧਾਰਨ ਰਚਨਾ ਦਾ ਵਿਸ਼ਾ; ਹਰ ਕੋਈ ਸਮਝ ਲੈਂਦਾ ਹੈ। ਪਹਿਲਾਂ ਪ੍ਰਸ਼ਨ ਫਿਰ ਜਵਾਬ ਦੇਣ ਵਾਲ਼ਾ ਢੰਗ ਲੇਖਕ ਨੂੰ ਵਰਤਣ ਦੀ ਲੋੜ ਨਹੀਂ ਹੁੰਦੀ।

ਹਰ ਸਵਾਲ; ਸਵਾਲ ਕਰਤਾ ਦੇ ਦਿਮਾਗ਼ ਦੇ ਮਿਆਰ (ਪੱਧਰ) ਨੂੰ ਭੀ ਉਜਾਗਰ ਕਰਦਾ ਹੁੰਦਾ ਹੈ। ਦੁਨਿਆਵੀ ਮਿਆਰ ਵਾਲ਼ਾ ਦਿਮਾਗ਼ ਬਹੁਤੇ ਗੰਭੀਰ ਪ੍ਰਸ਼ਨ ਨਹੀਂ ਉਠਾ ਸਕਦਾ ਤਾਹੀਓਂ ਸਤਿਗੁਰੂ ਸਾਹਿਬਾਨ ਨੇ ਆਪ ਹੀ ਪਹਿਲਾਂ ਸਵਾਲ ਉਠਾਏ, ਫਿਰ ਰੁਤਬੇ ਅਨੁਸਾਰ ਉਨ੍ਹਾਂ ਦੇ ਜਵਾਬ ਦੇਣਾ, ਉਚਿਤ ਸਮਝਿਆ। ਵੈਸੇ ਸਮਾਜਿਕ ਪੱਧਰ ਤੋਂ ਵੇਖੀਏ ਤਾਂ ਪ੍ਰਸ਼ਨ ਕਰਤਾ ਕੋਲ਼ ਪ੍ਰਸ਼ਨ ਦਾ ਜਵਾਬ ਨਹੀਂ ਹੁੰਦਾ ਅਤੇ ਜਿਸ ਕੋਲ਼ ਜਵਾਬ ਹੋਵੇ ਉਸ ਦੇ ਅੰਦਰੋਂ ਕੋਈ ਪ੍ਰਸ਼ਨ ਨਹੀਂ ਉੱਠਦਾ ਹੁੰਦਾ। ਗੁਰੂ ਗ੍ਰੰਥ ਸਾਹਿਬ ਜੀ ਦੀ ਅਰੰਭਕ ਰਚਨਾ; ‘ਜਪੁ’ ਬਾਣੀ ਹੈ, ਜਿਸ ਦੀ ਪਹਿਲੀ ਪਉੜੀ ’ਚ ਹੀ ਦੋ ਸਵਾਲ ਹਨ, ਜੋ ਗੁਰਮਤਿ ਦੇ ਗਹਿਰੇ ਅਤੇ ਅਹਿਮ ਰਾਜ਼ ਉਜਾਗਰ ਕਰਦੇ ਹਨ।

ਪਹਿਲਾ ਸਵਾਲ ਹੈ ‘‘ਕਿਵ ਸਚਿਆਰਾ ਹੋਈਐ  ?’’ ਭਾਵ ਸੱਚ ਆਧਾਰਿਤ ਜ਼ਿੰਦਗੀ ਕਿਸ ਤਰ੍ਹਾਂ ਘੜੀ ਜਾਵੇ ਜਾਂ ਨਿਰੋਲ ਸੱਚਾ ਜੀਵਨ ਕਿਵੇਂ ਬਣੇ  ? ਅਤੇ ਦੂਜਾ ਸਵਾਲ ਹੈ ‘‘ਕਿਵ ਕੂੜੈ ਤੁਟੈ ਪਾਲਿ ? ’’ ਯਾਨੀ ਕਿ ਸਰੀਰ ਅੰਦਰੋਂ ਝੂਠ ਦੀ ਕੰਧ (ਪਰਦਾ) ਕਿਵੇਂ ਢਹਿ-ਢੇਰੀ ਹੋਵੇ  ? (ਤਾਂ ਜੋ ਚਾਨਣ ਦਾ ਪ੍ਰਕਾਸ਼ ਹੋਵੇ/ਸਚਿਆਰ ਜੀਵਨ ਬਣੇ)। ਝੂਠ ਦੀ ਕੰਧ ਢਹਿਣੀ ਹੀ ਨਿਰੋਲ ਸੱਚਾ ਜੀਵਨ ਹੈ। ਨਿਰੋਲ ਸੱਚਾ ਜੀਵਨ ਅਤੇ ਕੂੜ ਦੀ ਕੰਧ; ਦੋਵੇਂ ਇੱਕੋ ਸਰੀਰ ਅੰਦਰ ਨਹੀਂ ਹੋ ਸਕਦੇ ਤਾਹੀਓਂ ਦੋਵੇਂ ਸਵਾਲ ਪੈਦਾ ਕਰਨ ਦਾ ਮਕਸਦ ਇੱਕੋ ਹੀ ਹੈ ਕਿ ਕੂੜ ਦੀ ਕੰਧ ਤੋਂ ਨਿਰੋਲ ਸੱਚ ਤੱਕ ਦਾ ਜੀਵਨ ਕਿਵੇਂ ਬਣੇ ?

ਕੂੜ ਆਧਾਰਿਤ ਜ਼ਿੰਦਗੀ; ਦੁਨਿਆਵੀ ਜ਼ਿੰਦਗੀ ਹੈ, ਜਿਸ ਨੂੰ ਚਾਰੋਂ ਤਰਫ਼ ਮਾਇਆਵੀ/ ਸੁਆਰਥੀ ਸੋਚ ਨਜ਼ਰ ਆਉਂਦੀ ਹੈ। ਹਰ ਕੋਈ ਆਪਣੇ-ਆਪਣੇ ਹੁਕਮ ’ਚ ਵਿਚਰਦਾ, ਪ੍ਰਤੀਤ ਹੁੰਦਾ ਹੈ ਕਿਉਂਕਿ ਐਸੀ ਜ਼ਿੰਦਗੀ ਖ਼ੁਦ ਭੀ ਆਪਣੇ ਆਪ ਨੂੰ ਆਪਣੇ ਹੁਕਮ ’ਚ ਚੱਲਦਾ ਮੰਨ ਰਹੀ ਹੁੰਦੀ ਹੈ ਯਾਨੀ ਆਪਣੇ ਹੀ ਸੁਭਾਅ ਨੂੰ ਮਹੱਤਵ ਦਿੰਦੀ ਪਈ ਹੁੰਦੀ ਹੈ, ਪਰ ਸੱਚ ਆਧਾਰਿਤ ਜ਼ਿੰਦਗੀ; ਰੱਬ ਦਾ ਰੂਪ ਹੈ, ਜਿਸ ਨੂੰ ਚਾਰੋਂ ਤਰਫ਼; ਸੱਚ ਨਜ਼ਰ ਆਉਂਦਾ ਹੈ। ਸੱਚ ਦੀ ਹੋਂਦ; ਪ੍ਰਤੀਤ ਹੁੰਦੀ ਹੈ। ਇਉਂ ਜਾਪਦਾ ਹੈ ਕਿ ਪੂਰਾ ਸੰਸਾਰ ਰੱਬ ਦੇ ਹੁਕਮ ’ਚ ਵਿਚਰਦਾ ਹੈ ਯਾਨੀ ਹਰ ਸੁਭਾਅ ਦੇ ਪਿੱਛੇ ਕਰਤਾਰ ਦਾ ਹੁਕਮ ਕਾਰਜਸ਼ੀਲ ਹੈ, ਜੋ ਹਰ ਬੰਦੇ ਦਾ ਸੁਭਾਅ ਘੜਦਾ ਹੈ, ਘੜਦਾ ਜਾਂਦਾ ਹੈ।

ਆਮ ਇਨਸਾਨ ’ਚ ਉਪਜੀ ਧਾਰਮਿਕ ਸ਼ਰਧਾ, ਇੱਕ ਚੌਰਾਹੇ ’ਚ ਖੜ੍ਹੇ ਬੰਦੇ ਵਾਙ ਹੁੰਦੀ ਹੈ, ਜੋ ਮਾਰਗ ਦੇ ਭੇਤੀ ਮਹਾਂ ਪੁਰਸ਼ਾਂ ਪਾਸੋਂ ਸਹੀ ਰਾਹ ਬਾਰੇ ਪੁੱਛਦੀ ਹੈ ਕਿਉਂਕਿ ਉਸ ਅੰਦਰ ਤਾਂਘ ਹੈ ‘‘ਕਿਵ ਸਚਿਆਰਾ ਹੋਈਐ  ? ਕਿਵ ਕੂੜੈ ਤੁਟੈ ਪਾਲਿ  ? ’’, ਸਵਾਲ ਭਾਵੇਂ ਯੋਗ ਰਾਹ ਚੁਣਨ ਬਾਰੇ ਸੀ, ਪਰ ਮਾਰਗ ਦਾ ਭੇਤੀ ਮੰਜ਼ਲ ਦੀ ਜਾਣਕਾਰੀ ਦਿੰਦਾ ਹੈ ਕਿਉਂਕਿ ਮੰਜ਼ਲ ਕਾਰਨ ਹੀ ਮਾਰਗ ਦੀ ਵਿਸ਼ੇਸ਼ਤਾ/ਕੁਆਲਿਟੀ ਹੁੰਦੀ ਹੈ। ਮੰਜ਼ਲ ਹੈ ‘ਸਚਿਆਰ ਜੀਵਨ’। ‘ਜਪੁ’ ਬਾਣੀ ਦੀ ਪਹਿਲੀ ਪਉੜੀ ’ਚ ਜਿੱਥੇ ਜਗਿਆਸੂ; ਪਹਿਲੇ ਰੂਹਾਨੀਅਤ ਪੜਾਅ (ਧਰਮਖੰਡ) ਬਾਰੇ ਪੁੱਛਦਾ ਹੈ ‘‘ਕਿਵ ਸਚਿਆਰਾ ਹੋਈਐ  ?’’ ਓਥੇ ਗੁਰੂ ਸਾਹਿਬ ਵੱਲੋਂ ਰੂਹਾਨੀਅਤ ਦੇ ਅੰਤਮ ਪੜਾਅ (ਮੰਜ਼ਲ/ਸਚਖੰਡਿ/ਸਚਿਆਰ ਜੀਵਨ) ਬਾਰੇ ਸੰਖੇਪ ਜਾਣਕਾਰੀ ਦਿੱਤੀ ‘‘ਹੁਕਮਿ ਰਜਾਈ ਚਲਣਾ; ਨਾਨਕ  ! ਲਿਖਿਆ ਨਾਲਿ ’’ ਗੁਰੂ ਗ੍ਰੰਥ ਸਾਹਿਬ ਜੀ ਦੀ ਅਰੰਭਕ ਬਾਣੀ ‘ਜਪੁ’ ਹੈ; ਜਿਸ ਦੀ ਸ਼ੁਰੂਆਤ ਹੀ ਸਵਾਲ ਜਵਾਬ ਨਾਲ਼ ਕਰਕੇ ਰੂਹਾਨੀਅਤ ਦੇ ਪੰਜੇ ਪੜਾਅ (ਧਰਮਖੰਡ ਤੋਂ ਸਚਖੰਡ) ਤੱਕ, ਜੋ ਗੁਰਮਤਿ ਸਿਧਾਂਤ ਦਾ ਆਧਾਰ ਹੈ, ਬਾਰੇ ਨੀਂਵ ਰੱਖਦੀ ਪ੍ਰਤੀਤ ਹੁੰਦੀ ਹੈ।

ਆਪਣੇ ਅੰਦਰੋਂ ਕੂੜ ਦੀ ਕੰਧ ਬਾਰੇ ਸੋਝੀ ਹੋ ਜਾਣਾ; ਇੱਕ ਸਿੱਖ ਲਈ ਇਲਾਹੀ ਭਗਤੀ ਕਰਦਾ ਪਹਿਲਾ ਕਦਮ ਹੈ, ਜਿਸ ਨੇ ਮੰਜ਼ਲ (ਸਚਿਆਰ) ਤੱਕ ਜਾਣਾ ਹੈ। ਭਾਈ ਗੁਰਦਾਸ ਜੀ ਆਪਣੇ ਸ਼ਬਦਾਂ ’ਚ ਇਹ ਪੱਖ ਇਉਂ ਬਿਆਨ ਕਰਦੇ ਹਨ ‘‘ਚਰਨ ਸਰਨਿ ਗੁਰ ਏਕ ਪੈਡਾ ਜਾਇ ਚਲ; ਸਤਿਗੁਰ ਕੋਟਿ (ਕ੍ਰੋੜ) ਪੈਡਾ ਆਗੇ ਹੋਇ ਲੇਤ ਹੈ’’ (ਭਾਈ ਗੁਰਦਾਸ ਜੀ/ਕਬਿੱਤ ੧੧੧) ਯਾਨੀ ਕਿ ਗੁਰੂ ਜੀ ਦੀ ਸ਼ਰਨ ਲੈਣ ਲਈ ਸਿੱਖ ਇੱਕ ਕਦਮ ਪੁੱਟੇ ਤਾਂ ਅਗਾਂਹ ਸਤਿਗੁਰੂ ਜੀ ਅੱਗੇ ਲੱਗ ਕੇ ਸਿੱਖ ਨੂੰ ਰੂਹਾਨੀਅਤ ਪੜਾਅ ਦੇ ਕ੍ਰੋੜਾਂ ਕਦਮ ਲੈ ਜਾਂਦੇ ਹਨ।

ਜਿਵੇਂ ‘‘ਹੁਕਮਿ ਰਜਾਈ ਚਲਣਾ’’ ਵਾਕ ’ਚ ਰੱਬ ਦੇ ਹੁਕਮ ਨੂੰ ਸਿਰਮੌਰ ਮੰਨਿਆ ਹੈ; ਓਵੇਂ ਹੀ ਸਚਖੰਡਿ ਪਉੜੀ ’ਚ ਰੱਬ ਦੀ ਰਜ਼ਾ ’ਚ ਵਿਚਰਦੇ ਪੂਰੇ ਸੰਸਾਰ ਨੂੰ ਬਿਆਨ ਕੀਤਾ ਹੈ ਕਿਉਂਕਿ ਤਦ ਚਾਰੋਂ ਤਰਫ਼ ਸੱਚ ਦੀ ਹੋਂਦ ਪ੍ਰਤੀਤ ਹੁੰਦੀ ਹੈ ‘‘ਸਚਖੰਡਿ ਵਸੈ ਨਿਰੰਕਾਰੁ ਕਰਿ ਕਰਿ ਵੇਖੈ; ਨਦਰਿ ਨਿਹਾਲ ਤਿਥੈ; ਖੰਡ ਮੰਡਲ ਵਰਭੰਡ ਜੇ ਕੋ ਕਥੈ; ਅੰਤ ਅੰਤ ਤਿਥੈ; ਲੋਅ ਲੋਅ ਆਕਾਰ ਜਿਵ ਜਿਵ ਹੁਕਮੁ; ਤਿਵੈ ਤਿਵ ਕਾਰ ਵੇਖੈ ਵਿਗਸੈ; ਕਰਿ ਵੀਚਾਰੁ ਨਾਨਕ ! ਕਥਨਾ ਕਰੜਾ ਸਾਰੁ ੩੭’’ (ਜਪੁ) ਯਾਨੀ ਧਰਮਖੰਡ ਤੋਂ ਸਚਖੰਡਿ ਤੱਕ ਦੀ ਰੂਹਾਨੀਅਤ ਯਾਤਰਾ; ਪਹਿਲੀ ਪਉੜੀ ’ਚ ਸਵਾਲ-ਜਵਾਬ ਰੂਪ ’ਚ ਦਰਜ ਹੈ, ਜੋ ਅਗਲੀ ਪਉੜੀ ‘‘ਹੁਕਮੀ ਹੋਵਨਿ ਆਕਾਰ; ਹੁਕਮੁ ਕਹਿਆ ਜਾਈ ’’ ਤੋਂ ਲੈ ਕੇ ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਕੋਇ…..’’ ਤੱਕ ਮੁਕੰਮਲ ਹੁੰਦੀ ਹੈ।

ਜਿਵੇਂ ਦੂਹਰੇ ਸਵਾਲ ਕੀਤੇ ‘‘ਕਿਵ ਸਚਿਆਰਾ ਹੋਈਐ  ?’’ ਅਤੇ ‘‘ਕਿਵ ਕੂੜੈ ਤੁਟੈ ਪਾਲਿ  ? ’’; ਓਵੇਂ ਹੀ ਦੂਸਰੀ ਪਉੜੀ ’ਚ ਦੋ ਵਾਰ ਦੁਹਰਾਇਆ ਹੈ ਕਿ ਹਰ ਕੋਈ ਰੱਬ ਦੀ ਰਜ਼ਾ ਅੰਦਰ ਹੈ। ਰਜ਼ਾ ਤੋਂ ਆਕੀ ਕੋਈ ਨਹੀਂ ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਕੋਇ ..’’, ਇਸ ਤੋਂ ਜਾਪਦੈ ਕਿ ਇਹ ਸਚਾਈ ਹੀ ਗੁਰਮਤਿ ਦਾ ਆਧਾਰ ਹੈ, ਮੂਲ ਹੈ, ਜਿਸ ਨੂੰ ਜਾਣਨਾ ਤੇ ਸਦਾ ਚੇਤੇ ਰੱਖਣਾ ਹੈ ਤਾਂ ਜੋ ਮੈਂ ਆਪਣੇ ਹੁਕਮ ’ਚ ਚੱਲਦਾ ਹਾਂ, ਵਾਲ਼ਾ ਅਹੰਕਾਰ ਮਨ ’ਚ ਨਾ ਪਨਪੇ/ਪੁੰਗਰੇ। ਇਹੀ ਰਾਜ਼; ਰੱਬ ਦੇ ਹੁਕਮ ਦੀ ਮੁਕੰਮਲ ਵਿਆਖਿਆ ਕਰਨ ਉਪਰੰਤ ਦੂਜੀ ਪਉੜੀ ਦੀ ਸਮਾਪਤੀ ’ਚ ਦਰਜ ਕੀਤਾ ਹੈ ‘‘ਨਾਨਕ  ! ਹੁਕਮੈ ਜੇ ਬੁਝੈ; ਹਉਮੈ ਕਹੈ ਕੋਇ ’’, ਇਹ ਸਚਾਈ ਹਜ਼ਮ ਨਾ ਹੋਣ ਦਾ ਕਾਰਨ ਅਹੰਕਾਰ ਹੈ। ਗੁਰੂ ਨਾਨਕ ਸਾਹਿਬ ਜੀ ਉਸ ਨੂੰ ਖਾਇਕ (ਮੂਰਖ) ਕਹਿੰਦੇ ਹਨ।  ‘ਮੂਰਖ’ ਯਾਨੀ ਮੂੰਹ ਰੱਖ, ਮੇਰਾ ਮੂੰਹ ਰਹਿ ਜਾਵੇ, ਮੇਰੀ ਕਹੀ ਗੱਲ ਹੀ ਅੰਤਮ ਸੱਚ ਮੰਨੀ ਜਾਵੇ ‘‘ਬੰਦਿ ਖਲਾਸੀ ਭਾਣੈ ਹੋਇ   ਹੋਰੁ, ਆਖਿ ਸਕੈ ਕੋਇ   ਜੇ ਕੋ ਖਾਇਕੁ; ਆਖਣਿ ਪਾਇ   ਓਹੁ ਜਾਣੈ; ਜੇਤੀਆ ਮੁਹਿ ਖਾਇ ..੨੫’’ (ਜਪੁ) ਅਰਥ : ‘ਕੂੜ ਦੀ ਕੰਧ’ ਰੂਪ ਦੁੱਖ-ਸੁੱਖ ਬੰਧਨ (ਗ਼ੁਲਾਮੀ) ਤੋਂ ਮੁਕਤੀ; ਰੱਬ ਦੀ ਰਜ਼ਾ ’ਚ ਚੱਲਦਾ ਹਾਂ, ਨੂੰ ਮੰਨਣ ਨਾਲ਼ ਹੁੰਦੀ ਹੈ। ਹੋਰ ਕੋਈ ਤਰੀਕਾ ਦੱਸਿਆ ਨਹੀਂ ਜਾ ਸਕਦਾ। ਜੇ ਕੋਈ ਮੂਰਖ ਦੱਸਣਾ ਚਾਹੇ (ਤਾਂ ਉਹ ਅਹੰਕਾਰ ਮੁਕਤ ਤਾਂ ਨਹੀਂ ਹੋ ਸਕਦਾ ਸਗੋਂ ਅਹੰਕਾਰ ਕਾਰਨ ਵਿਕਾਰਾਂ ਦੀ ਮਾਰ) ਵਿਕਾਰਾਂ ਦੀਆਂ ਜੁੱਤੀਆਂ ਜਿੰਨੀਆਂ ਖਾਂਦਾ ਹੈ, ਉਸ ਦਾ ਜ਼ਮੀਰ ਹੀ ਜਾਣਦਾ ਹੈ।

ਸੋ ਅਹੰਕਾਰ ਹੀ ਕੂੜ ਦੀ ਕੰਧ ਹੈ, ਜਿਸ ਨੂੰ ‘‘ਹੁਕਮਿ ਰਜਾਈ ਚਲਣਾ; ਨਾਨਕ  ! ਲਿਖਿਆ ਨਾਲਿ ’’ ਤੁਕ ’ਚ ਲਿਖਿਆ ਨਾਲਿ ਵਜੋਂ ਦਰਜ ਕੀਤਾ ਹੈ ਯਾਨੀ ‘ਕੂੜ ਦੀ ਕੰਧ’; ਮਨੁੱਖ ਦੇ ਪਿਛਲੇ ਕੀਤੇ ਕਰਮਾਂ ਦੇ ਫਲ਼ ਵਜੋਂ ਨਸੀਬ ’ਚ ਲਿਖੀ ਗਈ ਹੈ। ਇਹੀ ਜਨਮ ਮਰਨ ਦਾ ਮੂਲ ਹੈ। ਜੋਗੀਆਂ ਦੇ ਇੱਕ ਸਵਾਲ ਕਿ ਜਗਤ ਰਚਨਾ ਕਿਸ ਕਾਰਨ ਹੁੰਦੀ ਹੈ ‘‘ਕਿਤੁ ਕਿਤੁ ਬਿਧਿ ਜਗੁ ਉਪਜੈ ? ਪੁਰਖਾ !.. ’’ (ਗੋਸਟਿ/ਮਹਲਾ /੯੪੬) ਦੇ ਜਵਾਬ ਵਜੋਂ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਹੈ ਕਿ ਅਹੰਕਾਰ ਕਾਰਨ ਜਗਤ ਵਾਰ ਵਾਰ ਜਨਮ ਲੈਂਦਾ ਹੈ ‘‘ਹਉਮੈ ਵਿਚਿ ਜਗੁ ਉਪਜੈ ਪੁਰਖਾ !… ’’ (ਗੋਸਟਿ/ਮਹਲਾ /੯੪੬) ਇਹ ਕੂੜ ਦੀ ਕੰਧ; ਕਰਤਾਰ ਦੇ ਹੁਕਮ ’ਚ ਬਣੀ ਹੈ ‘‘ਹੁਕਮੁ ਨ ਜਾਈ ਮੇਟਿਆ; ਜੋ ਲਿਖਿਆ, ਸੋ ਨਾਲਿ ॥’’ (ਮਹਲਾ ੧/੧੦੯੧), ਇਸ ਨੂੰ ਸਿਰ ਦੇ ਲੇਖ/ ਭਾਗ/ ਨਸੀਬ ਵੀ ਕਿਹਾ ਹੈ ‘‘ਸਰਬ ਜੀਆ ਸਿਰਿ (’ਤੇ) ਲੇਖੁ ਧੁਰਾਹੂ (ਧੁਰ ਤੋਂ); ਬਿਨੁ ਲੇਖੈ ਨਹੀ ਕੋਈ ਜੀਉ ਆਪਿ ਅਲੇਖੁ; ਕੁਦਰਤਿ ਕਰਿ ਦੇਖੈ; ਹੁਕਮਿ (’) ਚਲਾਏ ਸੋਈ ਜੀਉ ’’ (ਮਹਲਾ /੫੯੮) ਸੋ ਅਹੰਕਾਰ; ਜੋ ਜਨਮ ਮਰਨ ਦਾ ਮੂਲ ਹੈ; ਰੱਬ ਦੇ ਹੁਕਮ ਅਨੁਸਾਰ ਹੀ ਬੰਦੇ ਦੇ ਨਸੀਬ ਵਜੋਂ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਸਮੇਂ ਨਾਲ਼ ਜ਼ਰੂਰ ਲਿਖਿਆ ਹੁੰਦਾ ਹੈ। ‘‘ਹੁਕਮਿ ਰਜਾਈ ਚਲਣਾ’’ ਦਾ ਕੀ ਅਸਲ ਮਤਲਬ ਹੈ। ਇਸ ਬਾਰੇ ਅਗਾਂਹ ਵਿਚਾਰ ਕੀਤੀ ਜਾਣੀ ਹੈ।

ਚੱਲਦੇ ਪ੍ਰਸੰਗ ’ਚ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਇਹ ਦੋਵੇਂ ਸਵਾਲ ਕਿਸ ਸੰਦਰਭ ’ਚ ਉੱਠਾਏ ਗਏ ਹਨ  ? ਜਵਾਬ ਹੈ ਕਿ ਜਦ ਸਦੀਆਂ ਤੋਂ ਧਰਮ ਪ੍ਰਤੀ ਸ਼ਰਧਾ ਭਾਵਨਾ ਰੱਖਣ ਵਾਲ਼ੇ (ਹਿੰਦੂ, ਪੰਡਿਤ ਆਦਿ) ਪੰਜ ਤੱਤਾਂ ਤੋਂ ਬਣੇ ਸਥੂਲ ਸਰੀਰ ਨਾਲ਼ ਸੰਬੰਧਿਤ ਕਰਮਾਂ ਨਾਲ਼ ਹੀ ਆਪਣਾ ਸੂਖਮ ਮਨ; ਪਵਿੱਤਰ/ਸਚਿਆਰ ਹੁੰਦਾ ਮੰਨੀ ਬੈਠੇ ਹੋਣ; ਜਿਵੇਂ ਕਿ ਖ਼ਾਸ ਤੀਰਥ ਉੱਤੇ ਸਥੂਲ ਸਰੀਰ ਨੂੰ ਇਸ਼ਨਾਨ ਕਰਾ ਕੇ ਮਨ; ਪਵਿੱਤਰ ਹੋਣਾ।, ਸਰੀਰਕ ਮੌਨ ਵਰਤ ਰੱਖਣ ਨਾਲ਼ ਜਾਂ ਸਰੀਰਕ ਖ਼ੁਰਾਕ (ਭੋਜਨ) ਤਿਆਗਣ ਨਾਲ਼ ਜ਼ਮੀਰ ਪੱਖੋਂ ਸਚਿਆਰ (ਨੇਕ) ਹੋਣਾ।, ਸਰੀਰਕ ਯਾਨੀ ਦਿਮਾਗ਼ੀ ਸਿਆਣਪ ਨਾਲ਼ ਜਾਂ ਸਾਰੇ ਸੰਸਾਰਕ ਪਦਾਰਥ ਇਕੱਠੇ ਕੀਤਿਆਂ ਮਨ ਸੰਤੁਸ਼ਟ (ਸ਼ਾਂਤ) ਹੋਣ ਦਾ ਭਰਮ ਪਾਲਣਾ ਆਦਿਕ ਤਾਂ ਅਚਾਨਕ ਕੋਈ ਰੂਹਾਨੀਅਤ ਪੱਧਰ ’ਤੇ ਜੀਵਨ ਬਸਰ ਕਰਨ ਵਾਲ਼ੀ ਰੱਬੀ ਰੂਹ (ਗੁਰੂ ਨਾਨਕ ਜੀ) ਸਾਮ੍ਹਣੇ ਆ ਕੇ ਕਹਿ ਦੇਵੇ ਕਿ ‘‘ਸੋਚੈ ਸੋਚਿ ਹੋਵਈ; ਜੇ ਸੋਚੀ ਲਖ ਵਾਰ ਚੁਪੈ ਚੁਪ ਹੋਵਈ; ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖ ਉਤਰੀ; ਜੇ ਬੰਨਾ ਪੁਰੀਆ ਭਾਰ ਸਹਸ ਸਿਆਣਪਾ ਲਖ ਹੋਹਿ; ਇਕ ਚਲੈ ਨਾਲਿ ’’ ਯਾਨੀ ਇਨ੍ਹਾਂ ਫੋਕਟ ਸਰੀਰਕ ਕਰਮਾਂ ਦਾ ਰੂਹਾਨੀਅਤ ਜੀਵਨ ਨਾਲ਼ ਕੋਈ ਸੰਬੰਧ ਨਹੀਂ ਤਾਂ ਉਨ੍ਹਾਂ ਅੰਧ ਭਗਤਾਂ ਅੰਦਰੋਂ ਸਵਾਲ ਉੱਠਣੇ ਸੁਭਾਵਕ ਹਨ ਕਿ ਤਾਂ ਫਿਰ ‘‘ਕਿਵ ਸਚਿਆਰਾ ਹੋਈਐ  ? ਕਿਵ ਕੂੜੈ ਤੁਟੈ ਪਾਲਿ  ? ’’ ਯਾਨੀ ਕਿਵੇਂ ਸਚਿਆਰੇ ਹੋਈਏ, ਕਿਵੇਂ ਪਵਿੱਤਰ ਹੋਈਏ, ਕਿਵੇਂ ਕੂੜ ਦੀ ਕੰਧ ਢਹੇ ? (ਧਿਆਨ ਰਹੇ ਕਿ ਕੂੜਿਆਰ ਜੀਵਨ; ਮਾਲਕ-ਪ੍ਰਭੂ ਤੋਂ ਦੂਰੀ ਅਤੇ ਸਚਿਆਰ ਜੀਵਨ; ਮਾਲਕ ਨਾਲ਼ ਨੇੜਤਾ ਹੈ। ਇਨ੍ਹਾਂ ਸਵਾਲਾਂ ਤੋਂ ਪ੍ਰਤੀਤ ਹੁੰਦਾ ਹੈ ਕਿ ਰੂੜ੍ਹੀਵਾਦੀ ਸ਼ਰਧਾਲੂ ਵੀ ਉਕਤ ਸਾਰੇ ਕਰਮਕਾਂਡ; ‘ਸਚਿਆਰ ਹੋਣ’ ਲਈ ਕਰਦੇ ਪਏ ਸਨ ਭਾਵੇਂ ਕਿ ਉਨ੍ਹਾਂ ਦਾ ਲਾਭ ਰੂਹ/ਜ਼ਮੀਰ ਨੂੰ ਨਹੀਂ ਪਹੁੰਚਦਾ ਸੀ।

ਗੁਰਬਾਣੀ ਦੇ ਹਵਾਲੇ ਨਾਲ਼ ਅਕਸਰ ਸਿੱਖਾਂ ’ਚ ਕਿਹਾ ਅਤੇ ਸਮਝਿਆ ਜਾਂਦਾ ਹੈ ਕਿ ‘‘ਕਿਵ ਸਚਿਆਰਾ ਹੋਈਐ  ? ਕਿਵ ਕੂੜੈ ਤੁਟੈ ਪਾਲਿ  ? ’’ ਸਵਾਲਾਂ ਦੇ ਜਵਾਬ ਵਜੋਂ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ‘‘ਹੁਕਮਿ ਰਜਾਈ ਚਲਣਾ’’ ਯਾਨੀ ਕਰਤਾਰ ਦੇ ਹੁਕਮ ’ਚ ਚੱਲਣਾ ਚਾਹੀਦਾ ਹੈ, ਪਰ ਐਨਾ ਕੁ ਸੰਕੇਤਿਕ ਵਾਕ ਦੋਵੇਂ ਸਵਾਲਾਂ ਦਾ ਮੁਕੰਮਲ ਜਵਾਬ ਨਹੀਂ ਹੈ ਤਾਹੀਓਂ ਗੁਰਮਤਿ ਦੇ ਆਧਾਰ (ਮੂਲ ਸਿਧਾਂਤ) ਨੂੰ ਗ਼ਲਤ ਸੰਦਰਭ ’ਚ ਲਿਆ ਜਾਂਦਾ ਹੈ ਕਿਉਂਕਿ ‘‘ਲਿਖਿਆ ਨਾਲਿ ’’ ਸੁਨੇਹਾ ਅਣਡਿੱਠ ਕਰ ਦਿੱਤਾ, ਸ਼ਾਮਲ ਹੀ ਨਹੀਂ ਕੀਤਾ। ਗੁਰਬਾਣੀ ਦੇ ਟੀਕਾਕਾਰਾਂ ਨੇ ਵੀ ‘ਲਿਖਿਆ ਨਾਲਿ’ ਸ਼ਬਦਾਂ ਨੂੰ ਸਪਸ਼ਟ ਨਹੀਂ ਕੀਤਾ। ਇਸ ਨਾਸਮਝੀ ਕਾਰਨ ਹੀ ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਕੋਇ ..’’ ਦੇ ਮਨਮਤੀ ਅਰਥ ਅਗਾਂਹ ਹੋਰ ਬਣਾ ਲਏ ਕਿ ‘ਕਰਤਾਰ ਦੀ ਰਜ਼ਾ ’ਚ ਚੱਲਣ ਵਾਲ਼ਾ ਹਰ ਕੋਈ ਅਨੰਦ ਮਾਣਦਾ ਹੈ ਅਤੇ ਰਜ਼ਾ ਨਾ ਮੰਨਣ ਵਾਲ਼ਾ ਦੁਖੀ ਹੁੰਦੀ ਹੈ ਜਦਕਿ ਸਮੁੱਚੀ ‘ਜਪੁ’ ਬਾਣੀ, ‘ਸੋ ਦਰੁ’ ਸਿਰਲੇਖ ਦੇ 9 ਸ਼ਬਦ ਅਤੇ ਸੋਹਿਲਾ ਬਾਣੀ ਦੇ 5 ਸ਼ਬਦ ਯਾਨੀ ਨਿਤਨੇਮ ਨਾਲ਼ ਸੰਬੰਧਿਤ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ 13 ਅੰਗਾਂ ਤੱਕ ਨਾਪੱਖੀ ਸੋਚ; ਜਿਵੇਂ ਕਿ ਰੱਬ ਦਾ ਹੁਕਮ ਨਾ ਮੰਨਣ ਵਾਲ਼ਾ ਕਿਵੇਂ ਜ਼ਿੰਦਗੀ ਭੋਗਦਾ ਹੈ, ਬਾਰੇ ਇੱਕ ਵੀ ਸ਼ਬਦ ਦਰਜ ਨਹੀਂ ਹੈ।

ਉਕਤ ਮਨਮਤੀ ਅਰਥ; ਇਹ ਇਸ਼ਾਰਾ ਕਰਦੇ ਹਨ ਕਿ ਮਨੁੱਖ ਕੋਲ਼ ਰੱਬ ਦੀ ਰਜ਼ਾ ਤੋਂ ਬਾਹਰ ਯਾਨੀ ਆਕੀ ਹੋਣ ਦੀ ਸ਼ਕਤੀ ਹੈ ?, ਪਰ ਗੁਰਬਾਣੀ ਇਸ ਦੀ ਪੁਸ਼ਟੀ ਨਹੀਂ ਕਰਦੀ। ਗੁਰਬਾਣੀ ਅੰਦਰ ਜਿੱਥੇ ‘ਮਨ, ਭਾਈ ਜਾਂ ਪੰਡਿਤ’ ਆਦਿ ਨੂੰ ਸੰਬੋਧਨ ਕਰ ਤਾੜਨਾ ਕੀਤੀ ਹੈ ਕਿ ‘ਤੂੰ ਇਉਂ ਨਹੀਂ, ਇਉਂ ਕਰ’ ਇਸ ਦਾ ਇਹ ਮਤਲਬ ਨਹੀਂ ਹੁੰਦਾ ਕਿ ਇਹ ਸਾਰੇ ਰੱਬ ਦੇ ਹੁਕਮ ਤੋਂ ਆਕੀ ਹਨ ਬਲਕਿ ਇਨ੍ਹਾਂ ਨੂੰ ਆਪਣੇ ‘ਹਉਮੈ/ਕੂੜ ਦੀ ਕੰਧ’ ਵਾਲ਼ੇ ਨਸੀਬ ਕਾਰਨ ਕੁਰਾਹੇ ਪਏ ਜੀਵਨ ਦਾ ਅਹਿਸਾਸ ਕਰਾਇਆ ਜਾਂਦਾ ਹੈ ਤਾਂ ਜੋ ਜਿਸ ਹੁਕਮ ਅੰਦਰ ਵਿਚਰਦੇ ਪਏ ਹਨ, ਉਸ ਦੇ ਮਾਲਕ ਅੱਗੇ ‘ਕੂੜ ਦੀ ਕੰਧ’ ਤੋਂ ਮੁਕਤ ਹੋਣ ਲਈ ਅਰਦਾਸ ਕਰਨ ਦੀ ਜਾਚ ਸਿੱਖ ਲੈਣ, ਪਰ ਇਹ ਤਾਂ ਹੀ ਸੰਭਵ ਹੈ ਜੇਕਰ ‘ਮੈ ਆਪਣੇ ਹੁਕਮ ’ਚ ਚੱਲਦਾ ਹਾਂ, ਹਰ ਕੋਈ ਆਪਣੀ ਮਨ ਮਰਜ਼ੀ ਨਾਲ਼ ਚੱਲਦਾ ਹੈ’ ਦੀ ਜਗ੍ਹਾ ‘ਮੈ ਕਰਤਾਰ ਦੇ ਹੁਕਮ ’ਚ ਚੱਲਦਾ ਹਾਂ ਅਤੇ ‘ਕੂੜ ਦੀ ਕੰਧ’ ਵਾਲ਼ੇ ਲੇਖ ਮੁਤਾਬਕ ਦੁੱਖ-ਸੁੱਖ ਭੋਗਦਾ ਹਾਂ, ਹਰ ਕੋਈ ਰੱਬ ਦੀ ਰਜ਼ਾ ’ਚ ਚੱਲਦਾ ਆਪਣਾ ਦਾਣਾ ਚੁਗਦਾ ਪਿਆ ਹੈ’ ਉੱਤੇ ਭਰੋਸਾ ਹੋਵੇ ਅਤੇ ਅਹਿਸਾਸ ਕਰਨ ਵਾਲ਼ੀ ਦ੍ਰਿਸ਼ਟੀ ਹੋਵੇ। ਇਹ ਕਿਵੇਂ ਬਣੇ ? ਇਸ ਨੂੰ ਜਾਣਨ ਲਈ ‘‘ਹੁਕਮਿ ਰਜਾਈ ਚਲਣਾ’’ ਦੇ ਪ੍ਰਚਲਿਤ ਅਰਥਾਂ ਤੋਂ ਪੈਦਾ ਹੋਏ ਸੰਦੇਹ ਦੂਰ ਹੋਣੇ ਚਾਹੀਦੇ ਹਨ; ਜਿਵੇਂ ਕਿ

(1). ਕੀ ਕਰਤਾਰ ਦਾ ਹੁਕਮ ਕੋਈ ਪੈਮਾਨਾ, ਪੜਾਅ ਹੈ, ਜਿਸ ’ਤੇ ਸਭ ਨੇ ਇਕ ਸਮਾਨ ਚੱਲਣਾ ਹੁੰਦਾ ਹੈ ? ਜਦ ਰੱਬ ਦੀ ਰਜ਼ਾ ’ਚ ਦੁਰਾਚਾਰੀ ਤੇ ਸਦਾਚਾਰੀ ਜੀਵਨ ਦੋਵੇਂ ਹੀ ਬਣਦੇ ਹਨ ਤਾਂ ਕਿਹੜਾ ਹੁਕਮ ਮੰਨਿਆ ਜਾਵੇ ਤੇ ਕਿਹੜਾ ਛੱਡਿਆ ਜਾਵੇ, ਜੋ ਰੱਬ ਦਾ ਨਹੀਂ ?

(2). ਕੀ ‘ਕੂੜ ਦੀ ਕੰਧ’; ਕਰਤਾਰ ਦੇ ਹੁਕਮ ’ਚ ਚੱਲਣ ਤੋਂ ਬਿਨਾਂ ਬਣੀ ਹੈ ? ਕਿਉਂਕਿ ਰੱਬ ਦੇ ਹੁਕਮ ਦੀ ਮੁਕੰਮਲ ਵਿਆਖਿਆ ਦੇ ਅੰਤ ’ਚ ਇਉਂ ਭੀ ਦਰਜ ਹੈ ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਕੋਇ ..’’

(3). ਜੇਕਰ ‘ਕੂੜ ਦੀ ਕੰਧ’ ਕਰਤਾਰ ਦੇ ਹੁਕਮ ’ਚ ਚੱਲ ਕੇ ਬਣੀ ਹੈ ਤਾਂ ਮੁੜ ਉਸ ਦੇ ਹੁਕਮ ’ਚ ਚੱਲ ਕੇ ਕਿਵੇਂ ਢਹਿ-ਢੇਰੀ ਹੋਵੇਗੀ ?

ਉਕਤ ਸਾਰੇ ਸੰਦੇਹ ਪੈਦਾ ਹੋਣ ਦਾ ਅਸਲ ਕਾਰਨ ‘‘ਹੁਕਮਿ ਰਜਾਈ ਚਲਣਾ; ਨਾਨਕ  ! ਲਿਖਿਆ ਨਾਲਿ ’’ ਵਾਕ ’ਚੋਂ ‘ਲਿਖਿਆ ਨਾਲਿ’ ਸ਼ਬਦਾਂ ਦੇ ਅਰਥਾਂ ਵੱਲ ਧਿਆਨ ਨਾ ਦੇਣਾ ਹੈ ਜਦਕਿ ਇਨ੍ਹਾਂ ਅਰਥ ਨੇ ਹੀ ‘‘ਹੁਕਮਿ ਰਜਾਈ ਚਲਣਾ’’ ਦੇ ਅਰਥ ਗੁਰਮਤਿ ਸਿਧਾਂਤ ਅਨੁਸਾਰੀ ਪ੍ਰਗਟਾਉਣੇ ਸਨ।

ਗੁਰਬਾਣੀ ਅੰਦਰ ‘ਕਰਮੁ’ ਇੱਕ ਐਸਾ ਸ਼ਬਦ ਹੈ, ਜੋ ਦੋ ਭਾਸ਼ਾਵਾਂ (ਸੰਸਕ੍ਰਿਤ ਅਤੇ ਫ਼ਾਰਸੀ) ਵਿੱਚੋਂ ਲਿਆ ਹੈ। ਸੰਸਕ੍ਰਿਤ ਭਾਸ਼ਾ ਵਿੱਚ ਇਸ ਦਾ ਅਰਥ ਹੈ ‘ਕੀਤੇ ਜਾਣ ਵਾਲ਼ੇ ਕੰਮ’ (ਕਰਮ) ਅਤੇ ‘ਭਾਗ/ਨਸੀਬ’ (ਕਰਮੁ) ਜਦਕਿ ਫ਼ਾਰਸੀ ਭਾਸ਼ਾ ਵਿੱਚ ਇਸ ਦਾ ਅਰਥ ਹੈ ‘ਮਿਹਰ, ਬਖ਼ਸ਼ਸ਼’ (ਕਰਮੁ)। ਕਰਮ ਸ਼ਬਦ ਦੀ ਬਣਤਰ ਗੁਰਬਾਣੀ ’ਚ ‘ਕਰਮਿ’ 100 ਵਾਰ, ਕਰਮੁ 99 ਵਾਰ ਅਤੇ ਕਰਮ 385 ਵਾਰ ਹੈ। ਇਨ੍ਹਾਂ ਵਿੱਚੋਂ ‘ਕਰਮੁ’ ਅਤੇ ‘ਕਰਮਿ’ ਇੱਕ ਵਚਨ ਪੁਲਿੰਗ ਹਨ, ਜਿਨ੍ਹਾਂ ਦੇ ਅਰਥ ਹਨ ‘ਭਾਗ’ ਤੇ ‘ਬਖ਼ਸ਼ਸ਼’ ਅਤੇ ‘ਕਰਮ’ ਬਹੁ ਵਚਨ ਹੈ ਜਾਂ ਇਸ ਨਾਲ਼ ਕੋਈ ਸੰਬੰਧਕੀ ਚਿੰਨ੍ਹ (ਕਾ, ਕੇ, ਕੀ ਆਦਿ) ਹੈ, ਜਿਸ ਕਾਰਨ ‘ਕਰਮੁ’ (ਅੰਤ ਔਂਕੜ) ਤੋਂ ‘ਕਰਮ’ (ਅੰਤ ਮੁਕਤ) ਬਣਿਆ ਹੈ। ਵੇਖਿਆ ਜਾਵੇ ਤਾਂ ਦੋਵੇਂ ਭਾਸ਼ਾਵਾਂ ’ਚੋਂ ਲਏ ਇਸ ਸ਼ਬਦ ਰਾਹੀਂ ਰੂਹਾਨੀਅਤ ਪੱਖੋਂ ਇੱਕ ਸ੍ਰਿਸ਼ਟੀ ਚੱਕਰ ਪੂਰਾ ਕੀਤਾ ਗਿਆ ਜਾਪਦਾ ਹੈ; ਜਿਵੇਂ ਕਿ ਕੰਮ (ਕਰਮ/ਅੰਤ ਮੁਕਤ) ਕਰਕੇ ਬੰਦਾ ਭਾਗ (ਕਰਮੁ) ਬਣਾਉਂਦਾ ਹੈ ਅਤੇ ਰੱਬ ਦੀ ਮਿਹਰ (ਕਰਮਿ/ਹੁਕਮਿ) ਨਾਲ਼ ਆਵਾਗਮਣ ਤੋਂ ਮੁਕਤ ਹੁੰਦਾ ਹੈ ਜਾਂ ਅਗਲੇ ਜਨਮ ’ਚ ਮੁੜ ਕੰਮ (ਕਰਮ/ਬਹੁ ਵਚਨ) ਕਰਦਾ ਹੈ। ਧਿਆਨ ਰਹੇ ਕਿ ‘ਕਰਮਿ’ ਤੇ ‘ਹੁਕਮਿ’ ਸ਼ਬਦਾਂ ਦਾ ਵਿਆਕਰਨਿਕ ਅਰਥ ਇੱਕ ਸਮਾਨ ਹੈ ‘ਰੱਬ ਦੀ ਮਿਹਰ ਨਾਲ਼, ਰੱਬ ਦੇ ਹੁਕਮ ਨਾਲ਼’। ਹੁਕਮ ਅਤੇ ਮਿਹਰ ਵਿੱਚ ਅੰਤਰ ਨਹੀਂ ਹੁੰਦਾ; ਜਿਵੇਂ ਕੇ ਰੱਬੀ ਹੁਕਮ ਨਾਲ਼ ਦਾਤ ਮਿਲੀ ਜਾਂ ਰੱਬੀ ਮਿਹਰ ਨਾਲ਼ ਦਾਤ ਮਿਲੀ; ਦੋਵਾਂ ਵਾਕਾਂ ’ਚ ਕੋਈ ਅੰਤਰ ਨਹੀਂ। ਮਾਲਕ ਦਾ ਹੁਕਮ; ਨੌਕਰ ਲਈ ਮਿਹਰ ਹੀ ਹੁੰਦਾ ਹੈ।

ਅਕਸਰ ਸਵਾਲ ਉਪਜਦਾ ਹੈ ਕਿ ਜੇਕਰ ਬੰਦਾ ਇਸ ਜਨਮ ’ਚ ਪਿਛਲੇ ਜਨਮ ਦਾ ਫਲ਼ ਹੀ ਭੋਗਦਾ ਹੈ ਤਾਂ ਪਿਛਲੇ ਜਨਮ ’ਚ ਵੀ ਉਸ ਤੋਂ ਪਿਛਲੇ ਜਨਮ ਦਾ ਫਲ਼ ਭੋਗਦਾ ਰਿਹਾ ਹੋਵੇਗਾ; ਇਉਂ ਜਦ ਜੀਵ ਰਚਨਾ ਪਹਿਲੀ ਵਾਰ ਵਜੂਦ ’ਚ ਆਈ ਤਾਂ ਕਿਹੜਾ ਫਲ਼; ਜੀਵਨ ਭੋਗਦਾ ਰਿਹਾ ਹੋਏਗਾ ਕਿਉਂਕਿ ਉਸ ਤੋਂ ਪਹਿਲਾਂ ਕੰਮ/ਕਰਮ ਕਰਨ ਲਈ ਜਨਮ ਦਾ ਵਜੂਦ ਹੀ ਨਹੀਂ ਸੀ ? ਇਸ ਦਾ ਜਵਾਬ ਵੀ ਗੁਰੂ ਨਾਨਕ ਸਾਹਿਬ ਜੀ ਦਿੰਦੇ ਹਨ ‘‘ਸਭੇ ਮਾਣਸ, ਦੇਵ ਸਭਿ; ਸਭੇ ਜੋਗ ਧਿਆਨ ਸਭੇ ਪੁਰੀਆ, ਖੰਡ ਸਭਿ; ਸਭੇ ਜੀਅ ਜਹਾਨ ਹੁਕਮਿ ਚਲਾਏ ਆਪਣੈ; ਕਰਮੀ ਵਹੈ ਕਲਾਮ ’’ (ਮਹਲਾ /੧੨੪੧) ਅਰਥ : ਕਰਤਾਰ ਆਪਣੇ ਹੁਕਮ ਵਿੱਚ ਸਾਰੇ ਮਨੁੱਖਾਂ ਨੂੰ, ਸਾਰੇ ਦੇਵਤਿਆਂ ਨੂੰ, ਧਿਆਨ ਸਾਧਨਾ ਕਰਨ ਵਾਲ਼ੇ ਸਾਰੇ ਜੋਗੀਆਂ ਨੂੰ, ਸਾਰੀਆਂ ਧਰਤੀਆਂ ਨੂੰ, ਬ੍ਰਹਿਮੰਡ ਦੇ ਸਾਰੇ ਭਾਗਾਂ/ਟੁਕੜਿਆਂ/ਤਾਰਿਆਂ ਨੂੰ, ਜਗਤ ਦੇ ਸਾਰੇ ਜੀਵ-ਜੰਤ ਆਦਿ ਨੂੰ ਚਲਾਉਂਦਾ ਹੈ ਅਤੇ ਉਨ੍ਹਾਂ ਦੁਆਰਾ ਕੀਤੇ ਜਾਂਦੇ ਕੰਮ ਮੁਤਾਬਕ ਮੁੜ ਹੁਕਮ ਰੂਪ ਕਲਮ ਚੱਲਦੀ ਹੈ ਯਾਨੀ ਨਸੀਬ ਲਿਖਿਆ ਜਾਂਦਾ ਹੈ।

ਸੋ ਜਦ ਜੀਵ ਰਚਨਾ ਪਹਿਲੀ ਵਾਰ ਹੋਈ ਤਾਂ ਰੱਬ ਦੀ ਹੁਕਮ ਰੂਪੀ ਕਲਮ ਹੀ ਨਸੀਬ ਵਜੋਂ ਵਾਪਰੀ, ਜਿਸ ਨੇ ਚੰਗੇ-ਮੰਦੇ ਕਰਮ ਕਰਾਏ, ਜਿਨ੍ਹਾਂ ਉਪਰੰਤ ਹਰ ਇੱਕ ਦਾ ਨਸੀਬ ਵਜੂਦ ’ਚ ਆ ਗਿਆ ਅਤੇ ਅਣਗਿਣਤ ਜਨਮਾਂ ਉਪਰੰਤ ਮਾਣਸ ਜਨਮ ਨਸੀਬ ਹੋਇਆ ‘ਅਪਵਿਤ੍ਰ ਪਵਿਤ੍ਰੁ; ਜਿਨਿ ਤੂ ਕਰਿਆ ਸਗਲ ਜੋਨਿ ਮਹਿ; ਤੂ ਸਿਰਿ ਧਰਿਆ ਅਬ ਤੂ ਸੀਝੁ ਭਾਵੈ ਨਹੀ ਸੀਝੈ ਕਾਰਜੁ ਸਵਰੈ ਮਨ ! ਪ੍ਰਭੁ ਧਿਆਈਜੈ ’’ (ਮਹਲਾ /੯੧੩) ਅਰਥ : ਹੇ ਮਨ ! ਜਿਸ ਮਾਲਕ ਨੇ ਤੈਨੂੰ ਸਦਾਚਾਰੀ (ਪਵਿੱਤਰ) ਜਾਂ ਦੁਰਾਚਾਰੀ (ਅਪਵਿੱਤਰ) ਬਣਾਇਆ ਹੈ। ਸਾਰੀਆਂ ਜੂਨਾਂ ਵਿੱਚੋਂ ਉੱਤਮ ਕਰ ਥਾਪਿਆ ਹੈ। ਉਸ ਪ੍ਰਭੂ ਨੂੰ ਯਾਦ ਕੀਤਿਆਂ ਹੀ ਤੇਰਾ ਅਸਲ ਕਾਰਜ (ਕੂੜ ਦੀ ਕੰਧ ਮਿਟਾਉਣਾ) ਸਫਲ ਹੋਣਾ ਹੈ। ਇਸ ਜਨਮ ’ਚ ਤੂੰ (ਸਚਿਆਰ ਬਣਨ ’ਚ) ਕਾਮਯਾਬ ਹੋ ਜਾਂ ਨਾ ਹੋ (ਇਹ ਤੈਂ ਚੁਣਨਾ ਹੈ)।

ਗੁਰੂ ਸਾਹਿਬ ਜੀ ਮਨੁੱਖਾ ਜਨਮ ਨੂੰ ਬੜੇ ਚਿਰਾਂ ਬਾਅਦ ਮਿਲਿਆ ਕਹਿ ਰਹੇ ਹਨ। ਜ਼ਰੂਰੀ ਹੈ ਕਿ ਬੜਾ ਚਿਰ, ਹੋਰ ਜੂਨਾਂ ’ਚ ਹੀ ਗੁਜ਼ਰਿਆ ਹੈ ‘‘ਮਿਲੁ ਜਗਦੀਸ ਮਿਲਨ ਕੀ ਬਰੀਆ ਚਿਰੰਕਾਲ ਇਹ ਦੇਹ ਸੰਜਰੀਆ ਰਹਾਉ ’’ (ਮਹਲਾ /੧੭੬), ਭਗਤ ਰਵਿਦਾਸ ਜੀ ਦੇ ਬਚਨ ਹਨ ‘‘ਬਹੁਤ ਜਨਮ ਬਿਛੁਰੇ ਥੇ ਮਾਧਉ ! ਇਹੁ ਜਨਮੁ ਤੁਮ੍ਾਰੇ ਲੇਖੇ   ਕਹਿ ਰਵਿਦਾਸ ਆਸ ਲਗਿ ਜੀਵਉ; ਚਿਰ ਭਇਓ ਦਰਸਨੁ ਦੇਖੇ ’’ (ਭਗਤ ਰਵਿਦਾਸ/੬੯੪), ਭਗਤ ਕਬੀਰ ਜੀ ਬਚਨ ਕਰਦੇ ਹਨ ਕਿ ਇਹ ਮਨੁੱਖ ਜੂਨੀ ਪਾਉਣ ਲਈ ਦੇਵਤੇ ਵੀ ਤਰਸਦੇ ਹਨ ‘‘ਗੁਰ ਸੇਵਾ ਤੇ ਭਗਤਿ ਕਮਾਈ   ਤਬ ਇਹ ਮਾਨਸ ਦੇਹੀ ਪਾਈ   ਇਸ ਦੇਹੀ ਕਉ ਸਿਮਰਹਿ ਦੇਵ   ਸੋ ਦੇਹੀ ਭਜੁ ਹਰਿ ਕੀ ਸੇਵ ’’ (ਭਗਤ ਕਬੀਰ/੧੧੫੯) ਅਰਥ : ਜਦੋਂ ਗੁਰੂ ਦੁਆਰਾ ਦੱਸੀ ਸੇਵਾ ਭਗਤੀ ਕੀਤੀ ਤਾਂ ਹੀ ਸਮਝੋ ਕਿ (ਸਚਿਆਰ ਬਣ ਕੇ) ਮਨੁੱਖੀ ਦੇਹ ਪਾਉਣਾ ਸਫਲ ਹੋਇਆ ਹੈ (ਨਹੀਂ ਤਾਂ ‘ਕੂੜ ਦੀ ਕੰਧ’ ਕਾਰਨ ਲੋਕ; ਜੂਨ ਹੀ ਭੋਗਦੇ ਪਏ ਹਨ)। ਇਹ ਮਨੁੱਖਾ ਸਰੀਰ ਨੂੰ ਦੇਵੀ-ਦੇਵਤੇ ਪ੍ਰਾਪਤ ਕਰਨਾ ਚਾਹੁੰਦੇ ਹਨ ਯਾਨੀ ਦੇਵੀ-ਦੇਵਤਿਆਂ ਦੀ ਜੂਨ; ਮਨੁੱਖ ਜੂਨ ਤੋਂ ਹੇਠਾਂ ਹੈ ਤਾਂ ਤੇ ਇਸ ਸਰੀਰ ਦੇ ਹੁੰਦਿਆਂ (ਗੁਰੂ ਦੁਆਰਾ ਦੱਸੀ) ਹਰੀ ਦੀ ਸੇਵਾ ਭਗਤੀ ਕਰਨੀ ਬਣਦੀ ਹੈ (ਤਾਂ ਜੋ ਕੂੜ ਦੀ ਕੰਧ ਨੂੰ ਢਹਿ ਢੇਰੀ ਕਰ ਸਚਿਆਰ ਹੋ ਸਕੀਏ)।

ਉਕਤ ਸਾਰੀ ਵਿਚਾਰ ਦਾ ਸਾਰਅੰਸ਼ ਇਹ ਹੈ ਕਿ ‘ਮੈ ਆਪਣੇ ਹੁਕਮ ’ਚ ਚੱਲਦਾ ਹਾਂ, ਸਾਰਾ ਸੰਸਾਰ ਹੀ ਆਪਣੇ-ਆਪਣੇ ਸੁਭਾਅ ਅਨੁਸਾਰ ਚੱਲਦਾ ਹੈ’ ਇਹ ਮਾਇਆਵੀ ਸੋਚ ਹੈ, ਜੋ ਸਰੀਰ ਅੰਦਰ ‘ਅਹੰਕਾਰ/ਕੂੜ ਦੀ ਕੰਧ’ ਸਿਰਜਦੀ ਹੈ ਤੇ ‘ਨਸੀਬ, ਆਵਾਗਮਣ’ ਵਾਲ਼ਾ ਚੱਕਰ ਚੱਲਦਾ ਹੈ ਅਤੇ ‘ਮੈ ਕਰਤਾਰ ਦੇ ਹੁਕਮ ’ਚ ਚੱਲਦਾ ਹਾਂ, ਸਾਰਾ ਸੰਸਾਰ ਹੀ ਉਸ ਦੀ ਰਜ਼ਾ ’ਚ ਵਿਚਰਦਾ ਹੈ; ਇਸ ’ਤੇ ਭਰੋਸਾ ਅਤੇ ਅਹਿਸਾਸ ਕਰਨ ਨਾਲ਼ ਸਰੀਰ ਅੰਦਰੋਂ ‘ਅਹੰਕਾਰ, ਕੂੜ ਦੀ ਕੰਧ, ਨਸੀਬ, ਆਵਾਗਮਣ ਲੇਖ’ ਮਿਟਦਾ ਹੈ, ਪਰ ਇਸ ਲਈ ਮਾਲਕ ਦਾ ਸਿਮਰਨ ਕਰਨਾ ਹੈ, ਉਸ ਅੱਗੇ ਅਰਦਾਸ ਕਰਨੀ ਹੈ ਤਾਂ ਜੋ ਉਸ ਦੀ ਬਖ਼ਸ਼ਸ਼ ਨਾਲ਼, ਉਸ ਦੇ ਹੁਕਮ ਨਾਲ਼ ‘ਕੂੜ ਦੀ ਕੰਧ’ ਮਿਟੇ ਕਿਉਂਕਿ ਉਹੀ ਇਹ ਪਰਦਾ ਬਣਾਉਣ ਅਤੇ ਢਾਹੁਣ ਵਾਲ਼ਾ ਹੈ। ਜੀਵ ਰਚਨਾ ਦੇ ਅਰੰਭ ’ਚ; ਜਿਵੇਂ ਉਸ ਨੇ ਆਪਣੇ ਹੁਕਮ ਵਿੱਚ ਸਭ ਨੂੰ ਚਲਾ ਕੇ ਨਸੀਬ ਵਜੂਦ ’ਚ ਲਿਆਂਦੇ; ਓਵੇਂ ਹੀ ਹੁਣ ਉਸ ਮਾਲਕ ਨੇ ਆਪ ਢਹਿ ਢੇਰੀ ਕਰਨੇ ਹਨ। ਨਿਰਾ ਇਹ ਸਮਝੀ ਜਾਣਾ ਕਿ ‘ਕੂੜ ਦੀ ਕੰਧ’ ਰਜ਼ਾ ਦੇ ਮਾਲਕ ਦੇ ਹੁਕਮ ’ਚ ਚੱਲ ਕੇ ਮਿਟਣੀ ਹੈ ਤੇ ਆਪਣੇ ਆਪ ਨੂੰ ਉਸ ਦੇ ਹੁਕਮ ’ਚ ਚੱਲਣਾ ਵਾਲਾ ਸੱਚਾ ਸਿੱਖ ਸਮਝੀ ਜਾਣਾ, ਆਪਣੇ ਆਪ ਨਾਲ਼ ਧੋਖਾ ਹੈ।

ਦੋਵੇਂ ਸਵਾਲ ‘‘ਕਿਵ ਸਚਿਆਰਾ ਹੋਈਐ  ? ਕਿਵ ਕੂੜੈ ਤੁਟੈ ਪਾਲਿ  ? ’’ ਦੇ ਜਵਾਬ ਵਜੋਂ, ਜੋ ‘‘ਹੁਕਮਿ ਰਜਾਈ ਚਲਣਾ; ਨਾਨਕ  ! ਲਿਖਿਆ ਨਾਲਿ ’’ ਸ਼ਬਦ ਹਨ, ਉਨ੍ਹਾਂ ਦਾ ਭਾਵਾਰਥ ਇਉਂ ਸਮਝਣਾ ਚਾਹੀਦਾ ਹੈ ਕਿ ਹੇ ਮਨੁੱਖ ! ਜੋ ਤੇਰੇ ਨਾਲ਼ ਯਾਨੀ ਤੇਰੇ ਨਸੀਬ ’ਚ ‘ਕੂੜ ਦੀ ਕੰਧ’ ਰੂਪ ਲੇਖ ਲਿਖਿਆ ਹੈ ਉਹ ਤੇਰੇ ਦੁਆਰਾ ਕੀਤੇ ਪਿਛਲੇ ਕੰਮਾਂ ਉੱਤੇ ਚੱਲੀ ਕਰਤਾਰ ਦੀ ਹੁਕਮ ਰੂਪ ਕਲਮ ਦਾ ਫਲ਼ ਹੈ। ਆਪਣੇ ਬੁਰੇ ਕਰਮਾਂ ਨੂੰ ਸਵੀਕਾਰ ਕਰਦਾ ਹੋਇਆ ਹੁਕਮ ਦੇ ਮਾਲਕ (ਕਰਤਾਰ) ਨੂੰ ਯਾਦ ਕਰ, ਉਸ ਅੱਗੇ ਅਰਦਾਸ ਕਰ ਤਾਂ ਜੋ ਤੇਰਾ ‘ਅਹੰਕਾਰ, ਕੂੜ ਦੀ ਕੰਧ’ ਢਹਿ-ਢੇਰੀ ਹੋਵੇ। ਇਸ ਨੂੰ ਹੀ ਕਹਾਂਗੇ ‘ਮੈਂ ਕਰਤਾਰ ਦੇ ਹੁਕਮ ’ਚ ਚੱਲਦਾ ਹਾਂ, ਨੂੰ ਸਵੀਕਾਰਨਾ, ਜਿਸ ਤੋਂ ਬਾਅਦ ਹੀ ਸਚਿਆਰ ਜੀਵਨ ਬਣਨਾ ਹੈ। ਉਸ ਅਵਸਥਾ ’ਚ ਚਾਰੋਂ ਤਰਫ਼ ਹੁਕਮ ਕਰਤਾ ਪ੍ਰਤੀਤ ਹੁੰਦਾ ਹੈ। ਸਾਰਾ ਸੰਸਾਰ ਉਸ ਦੇ ਹੁਕਮ ’ਚ ਚੱਲਦਾ ਜਾਪਦਾ ਹੈ ਫਿਰ ‘‘ਨਾ ਕੋ ਬੈਰੀ, ਨਹੀ ਬਿਗਾਨਾ; ਸਗਲ ਸੰਗਿ ਹਮ ਕਉ ਬਨਿ ਆਈ ’’ (ਮਹਲਾ /੧੨੯੯)

ਹੁਣ ਸਪਸ਼ਟ ਹੋ ਜਾਣਾ ਚਾਹੀਦਾ ਹੈ ਕਿ ਕਰਤਾਰ ਦਾ ਹੁਕਮ ਕੋਈ ਪੈਮਾਨਾ ਨਹੀਂ, ਜਿਸ ਤੱਕ ਸਭ ਨੇ ਇਕ ਸਮਾਨ ਚੜ੍ਹਨਾ ਹੈ। ਅਜਿਹਾ ਮੰਨਣ ਨਾਲ਼ ‘ਕੂੜ ਦੀ ਕੰਧ’ ਕਦੇ ਨਹੀਂ ਮਿਟੇਗੀ ਅਤੇ ਮਨੁੱਖ ਆਪਣੇ ਦੁੱਖ-ਸੁੱਖ ਦਾ ਕਾਰਨ ਹੋਰਾਂ ਨੂੰ ਮੰਨਦਾ ਰਹੇਗਾ ‘‘ਬਾਧਿਓ ਆਪਨ ਹਉ ਹਉ ਬੰਧਾ   ਦੋਸੁ ਦੇਤ ਆਗਹ ਕਉ ਅੰਧਾ ’’ (ਮਹਲਾ /੨੫੮) ਆਪਣੇ ਆਪ ਨੂੰ ਸਿਆਣਾ ਅਤੇ ਹੋਰਾਂ ਨੂੰ ਮੂਰਖ ਸਮਝਣਾ; ਗੁਰਮਤਿ ਵਿਰੁਧ ਹੈ ਕਿਉਂਕਿ ਗੁਰਬਾਣੀ ਆਪਣੇ ਆਪ ਨੂੰ ਮੂਰਖ ਅਤੇ ਹੋਰਾਂ ਨੂੰ ਸਿਆਣਾ ਕਹਿਣ ਲਈ ਪ੍ਰੇਰਦੀ ਹੈ ‘‘ਨਾਨਕ ! ਮੂਰਖੁ ਏਕੁ ਤੂ; ਅਵਰੁ ਭਲਾ ਸੈਸਾਰੁ ’’ (ਮਹਲਾ /੧੩੨੮) ਵੈਸੇ ਮੂਰਖ ਅਤੇ ਸਿਆਣਾ; ਦੁਨਿਆਦਾਰਾਂ ਵੱਲੋਂ ਰੱਖੇ ਦੋ ਨਾਂ ਹੀ ਹਨ, ਰੱਬ ਦੀ ਜੋਤਿ ਦੋਵਾਂ ’ਚ ਇੱਕ ਸਮਾਨ ਹੁੰਦੀ ਹੈਂ ਯਾਨੀ ਰੱਬ ਦੀਆਂ ਨਜ਼ਰਾਂ ’ਚ ਦੋਵੇਂ ਬਰਾਬਰ ਹਨ ‘‘ਮੂਰਖੁ ਸਿਆਣਾ ਏਕੁ ਹੈ; ਏਕ ਜੋਤਿ ਦੁਇ ਨਾਉ ’’ (ਮਹਲਾ /੧੦੧੫)

‘ਕੂੜ ਦੀ ਕੰਧ’ ਮਿਟਣੀ ਹੈ ਸਵੈ ਪੜਚੋਲ ਨਾਲ਼, ਜਿਸ ਨੂੰ ਗੁਰੂ ਨਾਨਕ ਸਾਹਿਬ ਜੀ ਰੱਬੀ ਨਾਮ ਸੁਣਨ, ਮੰਨਣ ਅਤੇ ਦਿਲੀ ਪ੍ਰੇਮ ਕਰਦਿਆਂ ਅੰਦਰਲੇ ਤੀਰਥ ਉੱਤੇ ਮਲ ਮਲ ਕੇ ਇਸ਼ਨਾਨ ਕਰਨਾ ਆਖਦੇ ਹਨ ‘‘ਸੁਣਿਆ ਮੰਨਿਆ ਮਨਿ ਕੀਤਾ ਭਾਉ ਅੰਤਰਗਤਿ ਤੀਰਥਿ ਮਲਿ ਨਾਉ੨੧’’ (ਜਪੁ)

‘ਹੁਕਮਿ ਰਜਾਈ ਚਲਣਾ’ ਦਾ ਇਹ ਮਤਲਬ ਲੈਣਾ ਕਿ ਰੱਬ ਦੇ ਸਦਾਚਾਰੀ ਗੁਣ ਧਾਰਨ ਕਰਨਾ ਹੈ; ਸਹੀ ਨਹੀਂ ਸਗੋਂ ਸਰੀਰਕ ਕਰਮਾਂ ਰਾਹੀਂ ਰੂਹਾਨੀਅਤ ਉੱਨਤੀ ਲੱਭਣ ਵਾਲ਼ੇ ਉਨ੍ਹਾਂ ਕਰਮਕਾਂਡੀ ਲੋਕਾਂ ਵਾਙ ਹੈ ਜੋ ਚੌਰਾਹੇ ’ਚ ਖੜ੍ਹੇ ਸਦੀਆਂ ਤੋਂ ਤੀਰਥ ਇਸ਼ਨਾਨ ਕਰਦੇ ਹਨ, ਮੌਨ ਬਰਤ ਰੱਖਦੇ ਹਨ, ਦਿਮਾਗ਼ੀ ਸਿਆਣਪ ਨਾਲ਼ ਮਨ ਸ਼ਾਂਤ ਕਰਨਾ ਲੋਚਦੇ ਹਨ, ਪਰ ਹੋਇਆ ਕਦੇ ਨਹੀਂ।

————-ਚੱਲਦਾ—————–

CLICK HERE   ਕਿਵ ਸਚਿਆਰਾ ਹੋਈਐ  ? ਕਿਵ ਕੂੜੈ ਤੁਟੈ ਪਾਲਿ ॥ (ਭਾਗ ਦੂਜਾ)

ਸ਼੍ਰੋਮਣੀ ਕਮੇਟੀ ਨੂੰ ਪੱਤਰ

0

ਸੇਵਾ ਵਿਖੇ,

  1. ਗਿਆਨੀ ਹਰਪ੍ਰੀਤ ਸਿੰਘ ਜੀ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ।
  2. ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਪ੍ਰਧਾਨ ਸ੍ਰੋ. ਗੁ. ਪ੍ਰ. ਕਮੇਟੀ, ਸ੍ਰੀ ਅੰਮ੍ਰਿਤਸਰ।
  3. ਸ: ਕਰਨੈਲ ਸਿੰਘ ਪੰਜੌਲੀ, ਜਨਰਲ ਸਕੱਤਰ ਸ੍ਰੋ. ਗੁ. ਪ੍ਰ. ਕਮੇਟੀ, ਸ੍ਰੀ ਅੰਮ੍ਰਿਤਸਰ।
  4. ਸ: ਹਰਮੀਤ ਸਿੰਘ ਕਾਲਕਾ ਪ੍ਰਧਾਨ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ।

ਵਿਸ਼ਾ :  ਇਤਿਹਾਸਕ ਗੁਰਦੁਆਰਿਆਂ ਵਿਖੇ ਇਤਿਹਾਸ ਦੀ ਜਾਣਕਾਰੀ ਦਰਸਾਉਂਦੇ ਬੋਰਡਾਂ ’ਤੇ ਲਿਖੀਆਂ ਤਾਰੀਖ਼ਾਂ ਅਤੇ ਸ੍ਰੋਮਣੀ ਗੁਰਦੁਆਰਾ ਕਮੇਟੀ ਵੱਲੋਂ ਜਾਰੀ ਕੀਤੇ ਜਾ ਰਹੇ (ਵਿਗੜੇ) ਨਾਨਕਸ਼ਾਹੀ ਕੈਲੰਡਰਾਂ ਵਿੱਚ ਦਿੱਤੀਆਂ ਤਾਰੀਖ਼ਾਂ ਰਾਹੀਂ ਇਤਿਹਾਸ ਨਾਲ ਕੀਤਾ ਜਾ ਰਿਹਾ ਖਿਲਵਾੜ ਰੋਕਿਆ ਜਾਵੇ, ਜੀ

21-22 ਜੂਨ 2022 ਨੂੰ ਦਾਸ ਨੇ ਆਪਣੇ ਸਾਥੀਆਂ ਸਮੇਤ ਸ੍ਰੀ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ, ਚਮਕੌਰ ਸਾਹਿਬ, ਫ਼ਤਹਿਗੜ੍ਹ ਸਾਹਿਬ ਅਤੇ 3-4 ਸਤੰਬਰ ਨੂੰ ਦਿੱਲੀ ’ਚ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨਾਂ ਦੌਰਾਨ ਗੁਰਦੁਆਰਿਆਂ ਦੇ ਇਤਿਹਾਸ ਦੀ ਸੰਖੇਪ ਜਾਣਕਾਰੀ ਦਰਸਾਉਂਦੇ ਬੋਰਡਾਂ ’ਤੇ ਲਿਖੀਆਂ ਤਾਰੀਖ਼ਾਂ ਦਾ; ਸ੍ਰੋਮਣੀ ਕਮੇਟੀ ਵੱਲੋਂ ਹਰ ਸਾਲ ਜਾਰੀ ਕੀਤੇ ਜਾ ਰਹੇ (ਵਿਗੜੇ) ਨਾਨਕਸ਼ਾਹੀ ਕੈਲੰਡਰਾਂ ਦੀਆਂ ਤਾਰੀਖ਼ਾਂ ਨਾਲ ਮਿਲਾਨ ਕੀਤਾ ਤਾਂ ਬਹੁਤ ਹੀ ਦੁੱਖ ਹੋਇਆ ਕਿ ਸਿੱਖ ਇਤਿਹਾਸ ਨੂੰ ਸਾਂਭਣ ਦੀਆਂ ਜਿੰਮੇਵਾਰ ਮੁੱਖ ਸੰਸਥਾਵਾਂ ਆਪਣੀ ਅਣਗਹਿਲੀ ਕਾਰਨ ਖ਼ੁਦ ਹੀ ਆਪਣੇ ਹੀ ਗੌਰਵਮਈ ਇਤਿਹਾਸ ਨਾਲ ਖਿਲਵਾੜ ਕਰ ਰਹੀਆਂ ਹਨ। ਵਿਸਥਾਰ ਵਧਣ ਤੋਂ ਸੰਕੋਚਦੇ ਹੋਏ; ਵੇਖੇ ਗਏ ਬੋਰਡਾਂ ’ਚੋਂ ਨਿਮਨ ਲਿਖਤ ਕੇਵਲ ਦੋ ਬੋਰਡਾਂ ਦੀਆਂ ਉਦਾਹਰਣਾ ਦੇਣਾ ਚਾਹਾਂਗਾ।

  1. ਗੁਰਦੁਆਰਾ ਸ਼ਹੀਦ ਗੰਜ ਫ਼ਤਹਿਗੜ੍ਹ ਸਾਹਿਬ ਅੱਗੇ ਲੱਗੇ ਬੋਰਡ ’ਤੇ ਲਿਖਿਆ ਹੈ : “ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਅਗਵਾਈ ਵਿੱਚ ਸਿਤਮਾਂ ਦੀ ਨਗਰੀ ਸਰਹਿੰਦ ਨੂੰ ਫ਼ਤਹਿ ਕਰਕੇ ਅਤੇ ਜ਼ਾਲਮ ਸੂਬੇ ਵਜ਼ੀਦ ਖਾਂ ਨੂੰ ਚੱਪੜ ਚਿੜੀ ਦੇ ਮੈਦਾਨ ਵਿੱਚ ਸੋਧਣ ਉਪਰੰਤ ਖ਼ਾਲਸਾ ਪੰਥ ਪਾਤਿਸ਼ਾਹੀ ਸ਼ਾਨ ਨਾਲ ੧ ਜੇਠ ਸੰਮਤ ੧੭੬੭/ 14 ਮਈ 1710 ਨੂੰ ਸਰਹਿੰਦ ’ਤੇ ਕਾਬਜ਼ ਹੋਇਆ ਅਤੇ ਖ਼ਾਲਸਾ ਰਾਜ ਸਥਾਪਤ ਕੀਤਾ। ਸਰਹਿੰਦ ਫ਼ਤਹਿ ਦੌਰਾਨ ਹੋਈ ਜੰਗ ਵਿੱਚ ਸ਼ਹੀਦ ਹੋਏ 6000 ਸਿੰਘਾਂ ਦਾ ਸਸਕਾਰ ਸਮੂਹਿਕ ਰੂਪ ਵਿੱਚ ਇਸ ਸਥਾਨ ’ਤੇ ਕੀਤਾ ਗਿਆ।”

ਜਦੋਂ ਸ੍ਰੋਮਣੀ ਕਮੇਟੀ ਵੱਲੋਂ ਹਰ ਸਾਲ ਜਾਰੀ ਕੀਤੇ ਜਾ ਰਹੇ (ਵਿਗੜੇ) ਨਾਨਕਸ਼ਾਹੀ ਕੈਲੰਡਰ ਵੇਖੇ ਗਏ ਤਾਂ ਉਨ੍ਹਾਂ ’ਚ ਹਰ ਸਾਲ ਬਦਲਵੀਂ ਤਾਰੀਖ਼ ਕਦੀ ੨੯ ਵੈਸਾਖ ਅਤੇ ਕਦੀ ੩੦ ਵੈਸਾਖ, ਲਿਖੀ ਹੋਈ ਮਿਲਦੀ ਹੈ ਜਿਨ੍ਹਾਂ ਨਾਲ ਸੰਬੰਧਿਤ ਅੰਗਰੇਜੀ ਤਾਰੀਖ਼ ਹਰ ਸਾਲ ਹੀ 12 ਮਈ ਹੁੰਦੀ ਹੈ। ਇਸ ਦਾ ਭਾਵ ਹੈ ਕਿ ਸ੍ਰੋਮਣੀ ਕਮੇਟੀ ਨੇ ਸਰਹਿੰਦ ਫ਼ਤਹਿ ਦਿਵਸ ਦੀ ਤਾਰੀਖ਼ 12 ਮਈ ਮੁੱਖ ਰੱਖੀ ਹੈ, ਜੋ ਜੂਲੀਅਨ ਕੈਲੰਡਰ ਦੀ ਤਾਰੀਖ਼ ਹੈ।

ਇਹ ਵੇਖਣ ਲਈ ਕਿ ਉਕਤ ਬੋਰਡ ਅਤੇ ਕੈਲੰਡਰਾਂ ’ਚੋਂ ਕਿਹੜੀ ਤਾਰੀਖ਼ ਸਹੀ ਹੈ; ਇਤਿਹਾਸ ਦੀਆਂ ਪਰਤਾਂ ਫਰੋਲੀਆਂ। ਅਸਲ ’ਚ ਚੱਪੜਚਿੜੀ ਮੈਦਾਨ ’ਚ 24 ਰੱਬੀ-ਉਲ-ਅੱਵਲ ਹਿਜ਼ਰੀ ਸੰਮਤ 1122 ਨੂੰ ਬਾਬਾ ਬੰਦਾ ਸਿੰਘ ਜੀ ਦੀ ਅਗਵਾਈ ਹੇਠ ਖ਼ਾਲਸਾ ਪੰਥ ਨੇ ਸਰਹਿੰਦ ਦੇ ਸੂਬੇਦਾਰ ਵਜ਼ੀਦ ਖਾਂ ਨੂੰ ਸੋਧਣ ਉਪਰੰਤ ਫ਼ਤਹਿ ਹਾਸਲ ਕਰ ਲਈ ਸੀ ਅਤੇ ਇਸ ਤੋਂ ਦੋ ਦਿਨ ਬਾਅਦ ਸਰਹਿੰਦ ’ਤੇ ਕਾਬਜ਼ ਹੋਏ। ਸ੍ਰੋਮਣੀ ਕਮੇਟੀ ਸਪਸ਼ਟ ਨਹੀਂ ਕਿ ਸਰਹਿੰਦ ਫ਼ਤਹਿ ਦੀ ਤਾਰੀਖ਼ ਚੱਪੜਚਿੜੀ ਦੇ ਮੈਦਾਨ ’ਚ ਜਿੱਤ ਹਾਸਲ ਕਰਨ ਤੋਂ ਮਿਥੀ ਜਾਵੇ ਜਾਂ ਸਰਹਿੰਦ ’ਚ ਦਾਖਲ ਹੋਣ ਵਾਲੀ ਤਾਰੀਖ਼ ਤੋਂ, ਇਹੋ ਕਾਰਨ ਹੈ ਕਿ ਇੱਕੋ ਘਟਨਾਂ ਦੀਆਂ ਦੋ ਵੱਖ ਵੱਖ ਤਾਰੀਖ਼ਾਂ ਦਿੱਤੀਆਂ ਜਾ ਰਹੀਆਂ ਹਨ। 24 ਰੱਬੀ-ਉਲ-ਅੱਵਲ ਹਿਜ਼ਰੀ ਸੰਮਤ 1122 ਨੂੰ ਦੂਸਰੀਆਂ ਪੱਧਤੀਆਂ ਵਿੱਚ ਤਬਦੀਲ ਕਰਨ ’ਤੇ ੧੫ ਜੇਠ ਬਿਕ੍ਰਮੀ ਸੰਮਤ ੧੭੬੭ (ਸੂਰਜੀ ਸਿਧਾਂਤ) ਮੁਤਾਬਕ 13 ਮਈ 1710 ਜੂਲੀਅਨ ਬਣਦੀ ਹੈ। ਡਾ: ਗੰਡਾ ਸਿੰਘ ਜੀ ਨੇ ਇਤਿਹਾਸਕਾਰੀ ’ਚ ਬਹੁਤ ਹੀ ਮਾਰਕੇ ਦਾ ਕੰਮ ਕੀਤਾ ਹੈ ਪਰ ਕੈਲੰਡਰ ਵਿਗਿਆਨ ਦੀ ਪੂਰੀ ਜਾਣਕਾਰੀ ਨਾ ਹੋਣ ਕਰਕੇ ਤਾਰੀਖ਼ਾਂ ਦੀ ਤਬਦੀਲੀ ਲਈ ਉਨ੍ਹਾਂ ਨੇ ਸਵਾਮੀਕਨੂੰ ਪਿੱਲੇ ਦੀ ਜੰਤਰੀ ਤੋਂ ਸਹਾਇਤਾ ਲਈ, ਜਿਸ ਦੀਆਂ ਕੁਝ ਤਾਰੀਖ਼ਾਂ ’ਚ ਇੱਕ ਦਿਨ ਦੀ ਗਲਤੀ ਹੋ ਸਕਦੀ ਹੈ। ਡਾ: ਗੰਡਾ ਸਿੰਘ ਜੀ ਨੇ ਸਵਾਮੀਕਨੂੰ ਪਿੱਲੇ ਦੀ ਜੰਤਰੀ ਵੇਖ ਕੇ 12 ਮਈ 1710 ਜੂਲੀਅਨ ਲਿਖ ਦਿੱਤਾ ਅਤੇ ਇਹੋ ਤਾਰੀਖ਼ ਸ੍ਰੋਮਣੀ ਕਮੇਟੀ ਨੇ ਆਪਣੇ ਕੈਲੰਡਰਾਂ ਲਈ ਚੁਣ ਲਈ ਜਦੋਂ ਕਿ ਚਾਹੀਦਾ ਸੀ ੧੫ ਜੇਠ ਦੀ ਚੋਣ ਕਰਨਾ। ਜੂਲੀਅਨ ਕੈਲੰਡਰ ’ਚ 1752 ਅਤੇ ਬਿਕ੍ਰਮੀ ਕੈਲੰਡਰ ’ਚ 1964 ’ਚ ਹੋਈਆਂ ਸੋਧਾਂ ਉਪਰੰਤ ਅੱਜ ਕੱਲ੍ਹ ੧੫ ਜੇਠ 12 ਮਈ ਨਹੀਂ ਬਲਕਿ 28 ਜਾਂ 29 ਮਈ ਨੂੰ ਆਉਂਦੀ ਹੈ। ਸਿੱਟਾ ਇਹ ਨਿਕਲਿਆ ਕਿ ਬੋਰਡ ’ਤੇ ਲਿਖੀਆਂ ਅਤੇ ਕੈਲੰਡਰ ’ਚ ਨਿਸ਼ਚਿਤ ਕੀਤੀਆਂ ਸਾਰੀਆਂ ਹੀ ਤਾਰੀਖ਼ਾਂ ਗਲਤ ਸਾਬਤ ਹੁੰਦੀਆਂ ਹਨ।

  1. ਸ਼ਹੀਦੀ ਅਸਥਾਨ ਬਾਬਾ ਬੰਦਾ ਸਿੰਘ ਬਹਾਦਰ ਜੀ (ਮਹਿਰੌਲੀ) ਨਵੀਂ ਦਿੱਲੀ ਵਿਖੇ ਜੋ ਬੋਰਡ ਲੱਗਾ ਹੈ ਉਸ ’ਤੇ ਅਖੀਰਲੀਆਂ ਦੋ ਲਾਈਨਾਂ ਇਸ ਤਰ੍ਹਾਂ ਲਿਖੀਆਂ ਹਨ : “9 ਜੂਨ 1716 ਆਪ ਜੀ ਦੇ 40 ਸਾਥੀ ਜਰਨੈਲਾਂ 4 ਸਾਲ ਦੇ ਪੁੱਤਰ ਅਜੈ ਸਿੰਘ ਨੂੰ ਬਾਬਾ ਜੀ ਦੇ ਸਾਹਮਣੇ ਸ਼ਹੀਦ ਕਰ ਦਿੱਤਾ ਗਿਆ ਬਾਅਦ ’ਚ ਬਾਬਾ ਜੀ ਦਾ ਤਿੰਨ ਦਿਨਾਂ ਤੱਕ ਤੱਤੇ ਜਮੂਰਾਂ ਨਾਲ ਮਾਸ ਨੋਚਿਆ ਗਿਆ ਅਤੇ ਇਸੇ ਸ਼ਾਹੀ ਗੇਟ ਵਿੱਚ ਹੀ ਬਾਬਾ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ।”

ਬਾਬਾ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀਆਂ ਨੂੰ ਮਾਰਨ ਲਈ ਬਾਦਸ਼ਾਹ ਫ਼ਰਖ਼ੁੱਸ਼ੀਅਰ ਦਾ ਹੁਕਮ ਸਮਕਾਲੀ “ਅਖ਼ਬਾਰਾਂ-ਏ-ਦਰਬਾਰ-ਏ-ਮੁਅਲਾ” ਨੇ ਇੰਝ ਛਾਪਿਆ “29 ਜ਼ਮਾਦੀ-ਉਲ-ਸਾਨੀ ਹਿਜ਼ਰੀ ਸੰਮਤ 1128 [ਇਸ ਤਾਰੀਖ਼ ਨੂੰ ਕੈਲੰਡਰ ਦੀਆਂ ਦੂਸਰੀਆਂ ਪੱਧਤੀਆਂ ’ਚ ਤਬਦੀਲ ਕੀਤਿਆਂ ਬਣਦਾ ਹੈ – ੧੧ ਹਾੜ ਬਿਕ੍ਰਮੀ ਸੰਮਤ ੧੭੭੩ (ਸੂਰਜੀ ਸਿਧਾਂਤ)/9 ਜੂਨ 1716 ਜੂਲੀਅਨ] ਹਜ਼ੂਰ ਬਾਦਸ਼ਾਹ ਨੇ ਹੁਕਮ ਜਾਰੀ ਕੀਤਾ ਹੈ ਕਿ ਇਬਰਾਹੀਮ-ਉਦ-ਦੀਨ ਖਾਂਨ ਮੀਰ-ਇ-ਆਤਸ਼ ਅਤੇ ਕੋਤਵਾਲ ਸਰਬਰਾਹ ਖਾਂਨ ਬਦਬਖ਼ਤ ਬਾਗ਼ੀ ਗੁਰੂ (ਬੰਦਾ ਸਿੰਘ) ਨੂੰ ਜੋ ਕਿਲਾ ਮੁਬਾਰਕ (ਬਾਦਸ਼ਾਹੀ ਕਿਲੇ) ਤ੍ਰਿਪੋਲੀ ਵਿੱਚ ਕੈਦ ਹੈ; ਤੋਂ ਲੈ ਕੇ, ਖ਼ੁਆਜ਼ਾ ਕੁਤਬੁਦੀਨ ਬਖ਼ਤਿਆਰ ਕਾਕੀ ਦੀ ਦਰਗਾਹ ਦੇ ਸਾਹਮਣੇ ਹਜ਼ਰਾ ਖ਼ੁਲਦ ਮਜ਼ਲ ਦੇ ਮਕਬਰੇ (ਬਹਾਦਰ ਸ਼ਾਹ ਦੇ ਮਕਬਰੇ) ਦੇ ਨੇੜੇ ਲਿਜਾ ਕੇ ਉਸ ਦੀ ਜ਼ਬਾਨ ਅਤੇ ਅੱਖਾਂ ਖਿੱਚ ਕੇ ਕੱਢ ਦਿੱਤੀਆਂ ਜਾਣ, ਉਸ ਦੀ ਚਮੜੀ ਨਾਲੋਂ ਉਸ ਦਾ ਮਾਸ ਤੋੜ ਦੇਣ, ਹੱਡੀਆਂ ਨੂੰ ਵੀ ਮਾਸ ਨਾਲੋਂ ਤੋੜ ਕੇ ਜ਼ੁਦਾ ਕਰ ਦੇਣ, ਉਸ ਦੇ ਪੁੱਤਰ ਨੂੰ ਵੀ ਮਾਰ ਦਿੱਤਾ ਜਾਵੇ”।

ਧਰਮ ਪ੍ਰਚਾਰ ਕਮੇਟੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ “ਬਾਬਾ ਬੰਦਾ ਸਿੰਘ ਬਹਾਦਰ- ਜੀਵਨ ਤੇ ਸ਼ਹਾਦਤ ਨਾਮ ਦਾ ਮੁਫ਼ਤ ਵੰਡਣ ਲਈ ਛਾਪੇ ਗਏ ਟ੍ਰੈਕਟ ’ਚ ਬਾਬਾ ਜੀ ਦੀ ਸ਼ਹਾਦਤ 10 ਜੂਨ 1716 ਈਸਵੀ ਲਿਖੀ ਹੋਈ ਹੈ ਪਰ ਸ੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਜਾਂਦੇ ਕੈਲੰਡਰ (ਜਿਸ ਨੂੰ ਦਿੱਲੀ ਕਮੇਟੀ ਵੀ ਹੂ-ਬਹੂ ਮਾਣਤਾ ਦਿੰਦੀ ਹੈ) ਵੇਖੇ ਤਾਂ ਸ਼ਹੀਦੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਹਰ ਸਾਲ ੧੧ ਹਾੜ ਨਿਸ਼ਚਿਤ ਹੁੰਦੀ ਹੈ ਜਿਸ ਨਾਲ ਸੰਬੰਧਿਤ ਅੰਗਰੇਜੀ ਤਾਰੀਖ਼ ਕਦੀ 25 ਜੂਨ ਅਤੇ ਕਦੀ 24 ਜੂਨ ਆਉਂਦੀ ਹੈ। ਇਸ ਦਾ ਭਾਵ ਹੈ ਕਿ ਸ੍ਰੋਮਣੀ ਕਮੇਟੀ ਬਾਬਾ ਜੀ ਦੇ ਸ਼ਹੀਦੀ ਦਿਹਾੜੇ ਲਈ ੧੧ ਹਾੜ ਨੂੰ ਮੁੱਖ ਰੱਖਦੀ ਹੈ, ਪਰ ਬੋਰਡ ਦੀ ਇਸ ਇਬਾਰਤ ਤੋਂ ਤਾਂ ਇਹੀ ਸਾਬਤ ਹੁੰਦਾ ਹੈ ਕਿ 9 ਜੂਨ 1716/੧੧ ਹਾੜ ਸੰਮਤ ੧੭੭੩ ਨੂੰ ਬਾਬਾ ਜੀ ਦੇ ਪੁੱਤਰ ਅਜੈ ਸਿੰਘ ਤੇ ਸਾਥੀ 40 ਸਿੱਖ ਜਰਨੈਲਾਂ ਨੂੰ ਸ਼ਹੀਦ ਕੀਤਾ ਗਿਆ ਅਤੇ ਉਸ ਤੋਂ ਬਾਅਦ ਤਿੰਨ ਦਿਨ ਤਸੀਹੇ ਦੇਣ ਤੋਂ ਬਾਅਦ ਬਾਬਾ ਜੀ ਨੂੰ 12 ਜੂਨ/੧੪ ਹਾੜ ਨੂੰ ਸ਼ਹੀਦ ਕੀਤਾ ਗਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੁਝਾਅ ਹੈ :

(i) ਬੋਰਡ ’ਤੇ ਸਪਸ਼ਟ ਤੌਰ ’ਤੇ ਲਿਖਿਆ ਜਾਵੇ ਕਿ 9 ਜੂਨ 1716 ਨੂੰ ਬਾਬਾ ਜੀ ਦੇ ਸਾਥੀ ਸਿੱਖ ਜਰਨੈਲਾਂ ਅਤੇ ਪੁੱਤਰ ਅਜੈ ਸਿੰਘ ਨੂੰ ਸ਼ਹੀਦ ਕੀਤਾ ਗਿਆ ਜਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ?

(ii) ਕੌਮੀ ਸਿੱਖ ਕੈਲੰਡਰ ’ਚ ਮਾਨਤਾ ਦੇਸੀ ਮਹੀਨੇ (ਚੇਤ, ਵੈਸਾਖ, ਜੇਠ, ਹਾੜ, ………) ਮਹੀਨਿਆਂ ਦੀਆਂ ਤਾਰੀਖ਼ਾਂ ਨੂੰ ਹੈ, ਨਾ ਕਿ ਜੂਲੀਅਨ ਤਾਰੀਖ਼ਾਂ ਨੂੰ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ’ਚ ਦਰਜ ਦੋਵੇਂ ਬਾਰਹ ਮਾਹਾ ਵਿੱਚ ਇਹੀ ਮਹੀਨੇ ਦਰਜ ਹਨ, ਨਾ ਕਿ ਜਨਵਰੀ, ਫ਼ਰਵਰੀ, ਮਾਰਚ ਆਦਿਕ। ਦੂਸਰਾ ਨੁਕਤਾ ਇਹ ਹੈ ਕਿ ਉਸ ਸਮੇਂ ਨਾ ਹੀ ਜੂਲੀਅਨ ਕੈਲੰਡਰ ਅਤੇ ਨਾ ਹੀ ਮੌਜੂਦਾ ਗ੍ਰੈਗੋਰੀਅਨ ਕੈਲੰਡਰ ਲਾਗੂ ਸਨ ਅਤੇ ਸਿੱਖ ਇਤਿਹਾਸ ਦੇ ਮੁੱਢਲੇ ਸੋਮਿਆਂ ’ਚ ਹਿਜ਼ਰੀ ਕੈਲੰਡਰ ਜਾਂ ਬਿਕ੍ਰਮੀ ਕੈਲੰਡਰ (ਸੂਰਜੀ ਸਿਧਾਂਤ) ਦੀਆਂ ਤਾਰੀਖ਼ਾਂ ਹੀ ਦਰਜ ਹਨ, ਇਸ ਲਈ 9 ਜੂਨ 1716 ਦੇ ਨਾਲ ੧੧ ਹਾੜ ਸੰਮਤ ੧੭੭੩ ਵੀ ਲਿਖ ਦਿੱਤਾ ਜਾਵੇ ਤਾਂ ਕਿ ਪੜ੍ਹਨ ਵਾਲਾ ਤੁਰੰਤ ਸਮਝ ਜਾਵੇ ਕਿ ਉਸ ਸਮੇਂ ੧੧ ਹਾੜ 9 ਜੂਨ ਨੂੰ ਆਈ ਸੀ, ਜੋ ਅੱਜ ਕੱਲ੍ਹ 25 ਜੂਨ ਨੂੰ ਆ ਰਹੀ ਹੈ। ਇਹ ਸਮਝ ਆਉਣ ਪਿੱਛੋਂ ਨਾਨਕਸ਼ਾਹੀ ਕੈਲੰਡਰ ਤੁਰੰਤ ਲਾਗੂ ਕਰਨ ਦੀ ਲੋੜ ਵੀ ਮਹਿਸੂਸ ਹੋਣ ਲੱਗ ਪਵੇਗੀ ਕਿ 1716 ਈਸਵੀ ’ਚ ਜਿਹੜੀ ੧੧ ਹਾੜ  9 ਜੂਨ ਤੋਂ ਖਿਸਕ ਕੇ ਅੱਜ 25 ਜੂਨ ਤੱਕ ਪਹੁੰਚ ਗਈ ਹੈ ਉਹ ਜੇ ਹੁਣ ਵੀ ਨਾਨਕਸ਼ਾਹੀ ਕੈਲੰਡਰ ਲਾਗੂ ਨਾ ਕੀਤਾ ਗਿਆ ਤਾਂ ਇਸੇ ਤਰ੍ਹਾਂ ਅੱਗੇ ਦੀ ਅੱਗੇ ਖਿਸਕਦੀ ਜਾਵੇਗੀ ਤਾਂ ਉਸ ਵੇਲੇ ਇਤਿਹਾਸਕਾਰ ਤੇ ਸਿੱਖ ਸੰਗਤ ਕਿਹੜੀਆਂ ਤਾਰੀਖ਼ਾਂ ਨੂੰ ਸਹੀ ਸਮਝੇਗੀ ?

ਨਾਨਕਸ਼ਾਹੀ ਕੈਲੰਡਰ ’ਤੇ ਉਂਗਲਾਂ ਉਠਾਉਣ ਵਾਲੇ ਕਰਨਲ ਸੁਰਜੀਤ ਸਿੰਘ ਨਿਸ਼ਾਨ, ਐਡਵੋਕੇਟ ਗੁਰਸ਼ਰਨਜੀਤ ਸਿੰਘ ਲਾਂਬਾ, ਸੰਤ ਸਮਾਜ ਸਮੇਤ ਹੋਰ ਅਨੇਕਾਂ ਸਵਾਲ ਕਰਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਨਾਨਕਸ਼ਾਹੀ ੨੩ ਪੋਹ ਨੂੰ ਜੇ ਪਿਛਲਖੁਰੀ ਗਿਣੀਏ ਤਾਂ 1 ਜਨਵਰੀ 1667/ ੧੯ ਪੋਹ ਸੰਮਤ ੧੭੨੩ ਬਣਦਾ ਹੈ, ਇਸ ਲਈ ਨਾਨਕਸ਼ਾਹੀ ੨੩ ਪੋਹ ਵਿੱਚ 4 ਦਿਨਾਂ ਦੀ ਗਲਤੀ ਹੈ। ਇਹ ਸਵਾਲ ਉਠਾਉਣ ਵਾਲਿਆਂ ਸਮੇਤ ਸਾਡੇ ਤਖ਼ਤ ਸਾਹਿਬਾਨਾਂ ’ਤੇ ਬਿਰਾਜਮਾਨ ਸਤਿਕਾਰਯੋਗ ਜਥੇਦਾਰ ਸਾਹਿਬਾਨ ਅਤੇ ਸ੍ਰੋਮਣੀ ਕਮੇਟੀ ਦੇ ਸਨਮਾਨਯੋਗ ਅਹੁਦੇਦਾਰਾਂ ਨੂੰ ਹੇਠ ਲਿਖੇ ਸਵਾਲ ਹਨ :

(1)  ਸਰਹਿੰਦ ਫ਼ਤਹਿ ਦਿਵਸ ਦੀ ਜਿਹੜੀ 12 ਮਈ ਤਾਰੀਖ਼ ਡਾ: ਗੰਡਾ ਸਿੰਘ ਜੀ ਤੋਂ ਲਈ ਹੈ, ਉਹ ਜੂਲੀਅਨ ਕੈਲੰਡਰ ਦੀ ਤਾਰੀਖ਼ ਹੈ ਪਰ ਉਸ ਨੂੰ ਤੁਸੀਂ 12 ਮਈ ਗ੍ਰੈਗੋਰੀਅਨ ਮਨਾ ਰਹੇ ਹੋ। ਜੇ ਜੂਲੀਅਨ ਕੈਲੰਡਰ ਦੀ 12 ਮਈ ਵੇਖੀ ਜਾਵੇ ਤਾਂ ਉਹ ਅੱਜ ਕੱਲ 25 ਮਈ ਨੂੰ ਆਉਂਦੀ ਹੈ। ਇਸ ਵਿੱਚ 13 ਦਿਨਾਂ ਦੀ ਗਲਤੀ ਤੁਹਾਨੂੰ ਕਿਉਂ ਨਜ਼ਰ ਨਹੀਂ ਆ ਰਹੀ ?

(2)  ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ ਸੰਬੰਧਿਤ ਇੱਕ ਤਾਰੀਖ਼ ਸਰਹਿੰਦ ਫ਼ਤਹਿ ਦਿਵਸ ਲਈ ਜੂਲੀਅਨ ਕੈਲੰਡਰ ਦੀ 12 ਮਈ ਤਾਰੀਖ਼ ਅਤੇ ਸ਼ਹੀਦੀ ਦਿਹਾੜੇ ਦੀ ਦੂਸਰੀ ਤਾਰੀਖ਼ ਲਈ ਬਿਕ੍ਰਮੀ ਕੈਲੰਡਰ ਦੀ ੧੧ ਹਾੜ ਦੀ ਚੋਣ ਕਰਨ ਸਮੇਂ ਕਿਹੜੇ ਨਿਯਮ ਨੂੰ ਮੁਖ ਰੱਖਿਆ ਹੈ ? ਕਿਉਂ ਨਹੀਂ ਦੋਵੇਂ ਦਿਹਾੜਿਆਂ ਲਈ ਬਿਕ੍ਰਮੀ ਕੈਲੰਡਰ ਦੀਆਂ ਸੂਰਜੀ ਤਾਰੀਖ਼ਾਂ ਨੂੰ ਮੁੱਖ ਰੱਖਿਆ ਜਾਂਦਾ ?

(3)  ਕੇਵਲ ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ ਸੰਬੰਧਿਤ ਦੋ ਦਿਹਾੜਿਆਂ ਲਈ ਹੀ ਦੋ ਵੱਖ ਵੱਖ ਕੈਲੰਡਰਾਂ ਨੂੰ ਮੁੱਖ ਨਹੀਂ ਰੱਖਿਆ ਬਲਕਿ ਅਨੇਕਾਂ ਹੋਰ ਉਦਾਹਰਣਾਂ ਹਨ ਜਿਨ੍ਹਾਂ ਨਾਲ ਸੰਬੰਧਿਤ ਦੋ ਦਿਹਾੜਿਆਂ ਲਈ ਇੱਕ ਨਹੀਂ ਬਲਕਿ ਦੋ ਵੱਖ ਵੱਖ ਕੈਲੰਡਰਾਂ ਦੀ ਚੋਣ ਕੀਤੀ ਗਈ ਹੈ; ਮਿਸਾਲ ਦੇ ਤੌਰ ’ਤੇ :

(੧) ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਪੁਰਬ ਪ੍ਰਵਿਸ਼ਟੇ (ਸੰਗਰਾਂਦ ਦੇ ਹਿਸਾਬ ਸੂਰਜੀ ਤਾਰੀਖ਼) ਅਤੇ ਪਹਿਲੇ ਪਰਕਾਸ਼ ਪੁਰਬ ਅਤੇ ਗੁਰਗੱਦੀ ਪੁਰਬ ਚੰਦਰਮਾਂ ਦੀਆਂ ਤਿੱਥਾਂ ਮੁਤਾਬਕ ਨਿਸ਼ਚਿਤ ਕੀਤੇ ਜਾਂਦੇ ਹਨ।

(੨) ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਅਤੇ ਮੀਰੀ ਪੀਰੀ ਦਿਵਸ, ਦੋਵੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਅਤੇ ਇੱਕ ਹੀ ਸਥਾਨ ਨਾਲ ਸੰਬੰਧਿਤ ਹਨ। ਇਨ੍ਹਾਂ ਵਿੱਚੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਪ੍ਰਵਿਸ਼ਟੇ (ਸੰਗਰਾਂਦ ਦੇ ਹਿਸਾਬ ਸੂਰਜੀ ਤਾਰੀਖ਼) ਅਤੇ ਮੀਰੀ ਪੀਰੀ ਦਿਵਸ ਚੰਦਰਮਾਂ ਦੀਆਂ ਤਿੱਥਾਂ ਮੁਤਾਬਕ ਮਨਾਏ ਜਾਣ ਸਦਕਾ ਇਤਿਹਾਸਕ ਤੌਰ ’ਤੇ ਖਾਸ ਨਿਸ਼ਚਿਤ ਵਕਫ਼ੇ ਪਿੱਛੋਂ ਆਉਣ ਵਾਲੇ ਦਿਹਾੜੇ ਅੱਗੇ ਪਿੱਛੇ ਹੋ ਜਾਂਦੇ ਹਨ ਤੇ ਸਿੱਖ ਸੰਗਤ ਨੂੰ ਸਮਝ ਨਹੀਂ ਲੱਗਦੀ ਕਿ :

(i) ਸੰਪੂਰਨਤਾ ਦਿਵਸ ਪਹਿਲਾਂ ਆਵੇਗਾ ਜਾਂ ਪ੍ਰਕਾਸ਼ ਦਿਹਾੜਾ ਪਹਿਲਾਂ ?

(ii) ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਅਕਾਲ ਤਖ਼ਤ ਸਾਹਿਬ ਜੀ ਦੀ ਸਥਾਪਨ ਪਹਿਲਾਂ ਕੀਤੀ ਜਾਂ ਮੀਰੀ-ਪੀਰੀ ਦੀਆਂ ਦੋ ਕਿਰਪਾਨਾਂ ਪਹਿਲਾਂ ਧਾਰਨ ਕੀਤੀਆਂ ?

(੩) ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਖੇਡ੍ਹਣ ਦੀ ਰੀਤ ਸ਼ੁਰੂ ਕੀਤੀ ਅਤੇ ਇਸੇ ਸਥਾਨ ’ਤੇ ਪੰਜ ਪਿਆਰਿਆਂ ਦੀ ਚੋਣ ਕਰਕੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ। ਇਨ੍ਹਾਂ ਵਿੱਚੋਂ ਹੋਲਾ ਮਹੱਲਾ ਤਾਂ ਚੰਦਰਮਾਂ ਦੀ ਤਿੱਥ ਚੇਤ ਵਦੀ ੧ ਨੂੰ ਮਨਾਇਆ ਜਾਂਦਾ ਹੈ ਜਦੋਂ ਕਿ ਦੂਸਰਾ ਦਿਹਾੜਾ ਖ਼ਾਲਸਾ ਪੰਥ ਦੀ ਸਾਜਨਾ ਲਈ ਪ੍ਰਵਿਸ਼ਟਾ ੧ ਵੈਸਾਖ ਨੂੰ ਮੁੱਖ ਰੱਖਿਆ ਜਾਂਦਾ ਹੈ।

(੪) ਪਹਿਲੇ ਅਤੇ ਦੂਜੇ ਘੱਲੂਘਾਰੇ ਲਈ ਤਾਂ ਪ੍ਰਵਿਸ਼ਟਿਆਂ ਨੂੰ ਮੁੱਖ ਰੱਖਿਆ ਜਾਂਦਾ ਹੈ ਪਰ ਤੀਜੇ ਘੱਲੂਘਾਰਾ (1984) ਗ੍ਰੈਗੋਰੀਅਨ ਦੀ ਤਾਰੀਖ਼ 4 ਜੂਨ ਨੂੰ ਨਿਸ਼ਚਿਤ ਹੁੰਦਾ ਹੈ।

(੫) ਸਾਕਾ ਨਨਕਾਣਾ ਸਾਹਿਬ ਲਈ ਗ੍ਰੈਗੋਰੀਅਨ ਕੈਲੰਡਰ ਦੀ 21 ਫ਼ਰਵਰੀ ਹੈ, ਪਰ ਸਾਕਾ ਪੰਜਾ ਸਾਹਿਬ ਲਈ ਪ੍ਰਵਿਸ਼ਟਾ ੧੪ ਕੱਤਕ।

(੬) ਗੁਰ ਪੁਰਬਾਂ ਲਈ ਚੰਦਰਮਾਂ ਦੀਆਂ ਤਿੱਥਾਂ ਅਤੇ ਬਹੁਤਾਤ ’ਚ ਸਾਰੇ ਇਤਿਹਾਸਕ ਦਿਹਾੜਿਆਂ ਲਈ ਪ੍ਰਵਿਸ਼ਟਿਆਂ ਨੂੰ ਮੁੱਖ ਰੱਖਿਆ ਜਾਂਦਾ ਹੈ।

ਵੱਖ ਵੱਖ ਦਿਹਾੜਿਆਂ ਲਈ ਵੱਖਰੀਆਂ ਵੱਖਰੀਆਂ ਪੱਧਤੀਆਂ ਵਾਲੇ ਕੈਲੰਡਰ ਵਰਤੇ ਜਾਣ ਦਾ ਨਤੀਜਾ ਇਹ ਨਿਕਲਦਾ ਹੈ ਕਿ ਸ੍ਰੋਮਣੀ ਕਮੇਟੀ ਨੂੰ ਖ਼ੁਦ ਪਤਾ ਨਹੀਂ ਰਹਿੰਦਾ ਕਿ ਕਿਹੜਾ ਦਿਹਾੜਾ ਕਿਸ ਕੈਲੰਡਰ ਮੁਤਾਬਕ ਨਿਸ਼ਚਿਤ ਕਰਨਾ ਹੈ ? ਇਹੋ ਕਾਰਨ ਬਣਿਆ ਹੈ ਗੁਰਦੁਆਰਾ ਸੀਸ ਗੰਜ ਫ਼ਤਹਿਗੜ੍ਹ ਸਾਹਿਬ ਵਿਖੇ ਲੱਗੇ ਬੋਰਡ ’ਤੇ ਸਰਹਿੰਦ ਫ਼ਤਹਿ ਦਿਵਸ ਦੀ ਤਰੀਖ਼ ੧ ਜੇਠ ਸੰਮਤ ੧੭੬੭/ 14 ਮਈ 1710 ਲਿਖ ਦੇਣਾ। ਜੇ ਸ੍ਰੋਮਣੀ ਕਮੇਟੀ ਨੂੰ ਕੈਲੰਡਰਾਂ ਸੰਬੰਧੀ ਥੋੜੀ ਬਹੁਤ ਵੀ ਸੂਝ ਹੁੰਦੀ ਤਾਂ ਜ਼ਰੂਰ ਸਮਝ ਜਾਣਾ ਸੀ ਕਿ ੧ ਜੇਠ ਬੇਸ਼ੱਕ ਅੱਜ ਕੱਲ੍ਹ 14 ਜਾਂ 15 ਮਈ ਨੂੰ ਆ ਰਹੀ ਹੈ ਪਰ 1710 ਈਸਵੀ ’ਚ ਕਦਾਚਿਤ ਨਹੀਂ ਸੀ; ਉਸ ਸਾਲ ੧ ਜੇਠ 29 ਅਪ੍ਰੈਲ ਨੂੰ ਸੀ।

ਸ੍ਰੋਮਣੀ ਕਮੇਟੀ ਅਤੇ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰਨ ਵਾਲੀਆਂ ਸਾਰੀਆਂ ਧਿਰਾਂ ਨੂੰ ਕੁੱਝ ਹੋਰ ਸਵਾਲ ਹਨ :

  1. ਵੱਖ ਵੱਖ ਦਿਹਾੜਿਆਂ ਲਈ ਵੱਖਰੀਆਂ ਵੱਖਰੀਆਂ ਕੈਲੰਡਰ ਪੱਧਤੀਆਂ ਅਪਣਾਏ ਜਾਣ ਪਿੱਛੇ ਕਿਹੜਾ ਸਿੱਖੀ ਸਿਧਾਂਤ ਅਪਣਾਇਆ ਗਿਆ ਹੈ ? ਜੇ ਤੁਸੀਂ ਇਸ ਨੂੰ ਪੁਰਾਤਨ ਰਵਾਇਤ ਜਾਂ ਮਰਿਆਦਾ ਦੱਸਦੇ ਹੋ ਤਾਂ ਇਹ ਰਵਾਇਤ ਕਿਸ ਨੇ ਅਤੇ ਕਦੋਂ ਸ਼ੁਰੂ ਕੀਤੀ ?
  2. ਜੇ ਸਾਰੇ ਹੀ ਦਿਹਾੜਿਆਂ ਲਈ ਪ੍ਰਵਿਸ਼ਟੇ ਅਪਣਾਅ ਕੇ ਨਾਨਕਸ਼ਾਹੀ ਕੈਲੰਡਰ ਲਾਗੂ ਕਰ ਲਿਆ ਜਾਵੇ, ਜਿਸ ਨਾਲ ਸਾਰੇ ਹੀ ਦਿਹਾੜੇ ਹਮੇਸ਼ਾਂ ਲਈ ਹਰ ਸਾਲ ਉਨ੍ਹਾਂ ਹੀ ਨਿਸ਼ਚਿਤ ਤਾਰੀਖ਼ਾਂ ਨੂੰ ਆਇਆ ਕਰਨਗੇ ਜਿਨ੍ਹਾਂ ਨੂੰ 1999 ਅਤੇ 2003 ’ਚ ਕੀਤੇ ਗਏ ਸਨ; ਤਾਂ ਗੁਰਮਤਿ ਸਿਧਾਂਤ ਅਤੇ ਸਿੱਖ ਇਤਿਹਾਸ ਦਾ ਕੀ ਨੁਕਸਾਨ ਹੋਵੇਗਾ ?
  3. ਜਿਹੜਾ ਕੈਲੰਡਰ ਗੁਰੂ ਕਾਲ ਸਮੇਂ ਲਾਗੂ ਸੀ ਅਸੀਂ ਉਸ ਨੂੰ ਕਿਉਂ ਛੱਡੀਏ, ਦੀ ਰੱਟ ਲਾਉਣ ਵਾਲੇ ਇਹ ਨਹੀਂ ਦੱਸਦੇ ਕਿ ਜੇ ਗੁਰੂ ਕਾਲ ਸਮੇਂ ਲਾਗੂ ਬਿਕ੍ਰਮੀ ਕੈਲੰਡਰ (ਸੂਰਜੀ ਸਿਧਾਂਤ) ਨੂੰ 1964 ’ਚ ਛੱਡ ਕੇ ਦ੍ਰਿਕ ਗਣਿਤ ਕੈਲੰਡਰ ਅਪਨਾਉਣ ਨਾਲ ਗੁਰਮਤਿ ਸਿਧਾਂਤ ਅਤੇ ਸਿੱਖ ਇਤਿਹਾਸ ਦਾ ਕੋਈ ਨੁਕਸਾਨ ਨਹੀਂ ਹੋਇਆ; 1752 ’ਚ ਜੂਲੀਅਨ ਕੈਲੰਡਰ ਦਾ ਤਿਆਗ ਕਰਕੇ ਗ੍ਰੈਗੋਰੀਅਨ ਕੈਲੰਡਰ ਅਪਨਾਉਣ ਨਾਲ ਕੋਈ ਨੁਕਸਾਨ ਨਹੀਂ ਹੋਇਆ ਤਾਂ 2003 ’ਚ ਬਿਕ੍ਰਮੀ ਕੈਲੰਡਰ ਦਾ ਤਿਆਗ ਕਰਕੇ ਨਾਨਕਸ਼ਾਹੀ ਕੈਲੰਡਰ ਅਪਨਾਉਣ ਨਾਲ ਕੀ ਨੁਕਸਾਨ ਹੋ ਜਾਵੇਗਾ ?

ਗੁਰੂ ਗ੍ਰੰਥ ਅਤੇ ਗੁਰੂ ਪੰਥ ਨੂੰ ਸਮਰਪਿਤ

ਕਿਰਪਾਲ ਸਿੰਘ

ਸਾਹਿਬਜ਼ਾਦਾ ਅਜੀਤ ਸਿੰਘ ਰੋਡ ਗਲੀ ਨੰ: 20

ਬਠਿੰਡਾ, ਪੰਜਾਬ ਪਿੰਨ ਕੋਡ 151001

ਮਿਤੀ ੨੫ ਭਾਦੋਂ ਨਾਨਕਸ਼ਾਹੀ ਸੰਮਤ ੫੫੪/9 ਸਤੰਬਰ 2022                        ਸੰਪਰਕ ਨੰ: 88378-13661

 

ਸਾਜਨਾ ਸੰਤ ਆਉ ਮੇਰੈ ॥

0

ਸਾਜਨਾ ਸੰਤ ਆਉ ਮੇਰੈ ॥

ਪ੍ਰਿੰਸੀਪਲ ਹਰਭਜਨ ਸਿੰਘ

ਕਾਨੜਾ ਮਹਲਾ ੫ ॥ ਸਾਜਨਾ ਸੰਤ ਆਉ ਮੇਰੈ ॥੧॥ ਰਹਾਉ ॥ ਆਨਦਾ ਗੁਨ ਗਾਇ ਮੰਗਲ; ਕਸਮਲਾ ਮਿਟਿ ਜਾਹਿ ਪਰੇਰੈ ॥੧॥ ਸੰਤ ਚਰਨ ਧਰਉ ਮਾਥੈ; ਚਾਂਦਨਾ ਗ੍ਰਿਹਿ ਹੋਇ ਅੰਧੇਰੈ ॥੨॥ ਸੰਤ ਪ੍ਰਸਾਦਿ ਕਮਲੁ ਬਿਗਸੈ; ਗੋਬਿੰਦ ਭਜਉ ਪੇਖਿ ਨੇਰੈ ॥੩॥ ਪ੍ਰਭ ਕ੍ਰਿਪਾ ਤੇ ਸੰਤ ਪਾਏ; ਵਾਰਿ ਵਾਰਿ ਨਾਨਕ ਉਹ ਬੇਰੈ ॥੪॥ (ਮਹਲਾ ੫/੧੩੦੧)

ਵਿਚਾਰ ਅਧੀਨ ਪਾਵਨ ਸ਼ਬਦ ਪੰਚਮ ਪਾਤਸ਼ਾਹ ਗੁਰੁ ਅਰਜਨ ਦੇਵ ਜੀ ਦੁਆਰਾ ਉਚਾਰਨ ਕੀਤਾ ਹੋਇਆ ਕਾਨੜਾ ਰਾਗ ਵਿਚਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ 1301 ’ਤੇ ਸੁਭਾਇਮਾਨ ਹੈ। ਸਤਿਗੁਰੂ ਜੀ ਇਸ ਸ਼ਬਦ ਦੀ ਪਹਿਲੀ ਅਤੇ ਰਹਾਉ ਵਾਲੀ ਪੰਕਤੀ ਰਾਹੀਂ ਫ਼ੁਰਮਾਉਂਦੇ ਹਨ ‘‘ਸਾਜਨਾ ਸੰਤ ਆਉ ਮੇਰੈ ॥੧॥ ਰਹਾਉ ॥’’ ਭਾਵ ਹੇ ਸੰਤ ਜਨੋ ! ਤੁਸੀਂ ਮੇਰੇ ਹਿਰਦੇ-ਘਰ ’ਚ ਆਓ। ਗੁਰਬਾਣੀ ਵਿੱਚ ਸੰਤ ਦੇ ਲੱਛਣ ਅਤੇ ਵਡਿਆਈ ਇਸ ਤਰ੍ਹਾਂ ਹੈ ‘‘ਜਿਨਾ ਸਾਸਿ ਗਿਰਾਸਿ ਨ ਵਿਸਰੈ; ਹਰਿ ਨਾਮਾਂ ਮਨਿ ਮੰਤੁ ॥ ਧੰਨੁ ਸਿ ਸੇਈ ਨਾਨਕਾ ! ਪੂਰਨੁ ਸੋਈ ਸੰਤੁ ॥’’ (ਮਹਲਾ ੫/੩੧੯) ਜਾਂ ‘‘ਸੰਤ ਰਹਤ ਸੁਨਹੁ, ਮੇਰੇ ਭਾਈ  !॥ ਉਆ ਕੀ ਮਹਿਮਾ; ਕਥਨੁ ਨ ਜਾਈ ॥੧॥ ਰਹਾਉ ॥’’ (ਮਹਲਾ ੫/੩੯੨)

ਗੁਰਮਤਿ ਅਨੁਸਾਰ ਸੰਤ ਕੋਈ ਖ਼ਾਸ ਜਮਾਤ ਅਥਵਾ ਪੰਥ ਨਹੀਂ ਅਤੇ ਨਾ ਹੀ ਉਸ ਲਈ ਕੋਈ ਖ਼ਾਸ ਲਿਬਾਸ ਨਿਯਤ ਕੀਤਾ ਹੁੰਦਾ ਹੈ ਸਗੋਂ ਸੰਤ ਤਾਂ ਉਹ ਹੈ ਜਿਸ ਨੇ ਸਭ ਇੰਦ੍ਰੀਆਂ ਨੂੰ ਭਟਕਣ ਤੋਂ ਰੋਕ ਕੇ ਰੱਖਿਆ ਹੈ । ਐਸੇ ਉੱਚੇ ਸੁੱਚੇ ਜੀਵਨ ਵਾਲੇ ਪ੍ਰਭੂ ਪਿਆਰਿਆ ਦੀ ਸੰਗਤ ਦੀ ਲੋਚਾ ਸਾਨੂੰ ਹਰ ਵਕਤ ਕਰਦੇ ਰਹਿਣੀ ਚਾਹੀਦੀ ਹੈ। ਸਤਿਗੁਰੂ ਜੀ ਤਾਂ ਗੁਰਬਾਣੀ ਰਾਹੀਂ ਸਾਨੂੰ ਪ੍ਰਭੂ ਪਿਤਾ ਪਾਸੋਂ ਮੰਗਣ ਦੀ ਜਾਚ ਸਿਖਾਉਂਦੇ ਹੋਏ ਫੁਰਮਾਨ ਕਰਦੇ ਹਨ ‘‘ਐਸੀ ਮਾਂਗੁ ਗੋਬਿਦ ਤੇ ॥ ਟਹਲ ਸੰਤਨ ਕੀ; ਸੰਗੁ ਸਾਧੂ ਕਾ; ਹਰਿ ਨਾਮਾਂ ਜਪਿ ਪਰਮ ਗਤੇ ॥੧॥ ਰਹਾਉ ॥’’ (ਮਹਲਾ ੫/੧੨੯੮)  ਭਾਵ ਹੇ ਭਾਈ ! ਪਰਮਾਤਮਾ ਪਾਸੋਂ ਇਹੋ ਜਿਹੀ ਦਾਤ ਮੰਗ ਕਿ ਮੈਨੂੰ ਸੰਤ ਜਨਾਂ ਦੀ ਟਹਲ ਕਰਨ ਦਾ ਮੌਕਾ ਮਿਲਿਆ ਰਹੇ। ਮੈਨੂੰ ਗੁਰੂ ਦਾ ਸਾਥ ਮਿਲਿਆ ਰਹੇ ਅਤੇ ਹਰਿ ਨਾਮ ਜਪ ਕੇ ਮੈਂ ਸਭ ਤੋਂ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਸਕਾਂ। ਗੁਰਮੁਖ ਪਿਆਰਿਆਂ ਨੂੰ ਆਪਣੇ ਘਰ ਇਸ ਲਈ ਬੁਲਾਉਣਾ ਹੈ ਤਾਂ ਕਿ ਉਹਨਾਂ ਦੀ ਸੰਗਤ ਕਰਕੇ ਉਹਨਾਂ ਪਾਸੋਂ ਗੁਰਮਤਿ ਵਿਚਾਰਾਂ ਸੁਣ ਕੇ ਜੀਵਨ ਵਿੱਚ ਬਦਲਾਅ ਆ ਜਾਏ। ਗੁਰੁ ਰਾਮਦਾਸ ਸਾਹਿਬ ਜੀ ਦੇ ਵੀ ਬਚਨ ਹਨ ‘‘ਆਇ ਮਿਲੁ ਗੁਰਸਿਖ ਆਇ ਮਿਲੁ; ਤੂ ਮੇਰੇ ਗੁਰੂ ਕੇ ਪਿਆਰੇ ॥ ਰਹਾਉ ॥’’ (ਮਹਲਾ ੪/੭੨੫) ਭਾਵ ਹੇ ਮੇਰੇ ਗੁਰੂ ਦੇ ਪਿਆਰੇ ਗੁਰਸਿੱਖ ! ਤੂੰ ਮੈਨੂੰ ਆ ਕੇ ਮਿਲ। ਗੁਰਸਿੱਖ ਇੱਕ ਹੋਵੇ ਜਾਂ ਇੱਕ ਤੋਂ ਜ਼ਿਆਦਾ, ਇਹਨਾਂ ਦਾ ਮਿਲਾਪ ਲਾਹੇਵੰਦ ਹੀ ਹੋਵੇਗਾ। ਭਾਈ ਸਾਹਿਬ ਭਾਈ ਗੁਰਦਾਸ ਜੀ ਤਾਂ ਕਥਨ ਕਰਦੇ ਹਨ ਕਿ ਜਦੋਂ ਦੋ ਸਿੱਖ ਮਿਲ ਬੈਠਦੇ ਹਨ ਤਾਂ ਉਹ ਸਾਧ ਸੰਗ ਦਾ ਹੀ ਰੂਪ ਹੁੰਦੇ ਹਨ ‘‘ਇਕੁ ਸਿਖੁ, ਦੁਇ ਸਾਧ ਸੰਗੁ; ਪੰਜੀਂ ਪਰਮੇਸਰੁ।’’ (ਭਾਈ ਗੁਰਦਾਸ ਜੀ/ਵਾਰ ੧੩ ਪਉੜੀ ੧੯) ਤੇ ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਜੀ ਵੀ ਐਸੇ ਗੁਰਮੁਖ ਜਨਾਂ ਦੇ ਜੀਵਨ ਦੀ ਵਿਆਖਿਆ ਇਸ ਤਰ੍ਹਾਂ ਕਰਦੇ ਹਨ ਕਿ ‘ਵਾਹਿਗੁਰੂ ਦੇ ਪਿਆਰੇ ਦੇਖਣ ਵਿੱਚ ਤਾਂ ਇਸਤਰੀ ਪੁੱਤਰ ਨੂੰ ਪਾਲ ਰਹੇ ਹਨ ਪਰ ਵਾਸਤਵ ਵਿੱਚ ਆਪਣੇ ਮਾਲਕ ਵੱਲ ਲੱਗੇ ਹੋਏ ਹੁੰਦੇ ਹਨ ‘‘ਜ਼ਾਹਿਰ ਅੰਦਰ ਮਾਇਲੇ ਫੁਰਜ਼ੰਦੋ ਜ਼ਨ॥  ਦਰ ਹਕੀਕਤ ਬਾ-ਖੁਦਾਏ ਖ਼ੇਸ਼ਤਨ॥’’

ਸਤਿਗੁਰੂ ਜੀ ਵਿਚਾਰ ਅਧੀਨ ਸ਼ਬਦ ਦੇ ਪਹਿਲੇ ਪਦੇ ਰਾਹੀਂ ਫ਼ੁਰਮਾ ਰਹੇ ਹਨ ‘‘ਸਾਜਨਾ ਸੰਤ ਆਉ ਮੇਰੈ ॥੧॥ ਰਹਾਉ ॥ ਆਨਦਾ ਗੁਨ ਗਾਇ ਮੰਗਲ ਕਸਮਲਾ ਮਿਟਿ ਜਾਹਿ ਪਰੇਰੈ ॥੧॥’’ ਭਾਵ ਹੇ ਗੁਰਮੁਖ ਸੱਜਣੋ ! ਤੁਹਾਡੀ ਸੰਗਤ ਵਿੱਚ ਪਰਮਾਤਮਾ ਦੇ ਗੁਣ ਗਾ ਕੇ ਮੇਰੇ ਹਿਰਦੇ ਵਿੱਚ ਆਨੰਦ ਪੈਦਾ ਹੋ ਜਾਂਦਾ ਹੈ, ਖ਼ੁਸੀਆਂ ਬਣ ਜਾਂਦੀਆਂ ਹਨ। ਮੇਰੇ ਅੰਦਰੋਂ ਸਾਰੇ ਪਾਪ ਮਿਟ ਜਾਂਦੇ ਹਨ, ਦੂਰ ਹੋ ਜਾਂਦੇ ਹਨ। ਜੀਵਨ ਦਾ ਅਸਲ ਮਨੋਰਥ ਆਤਮਕ ਅਨੰਦ ਅਤੇ ਆਤਮਕ ਖ਼ੁਸੀਆਂ ਪ੍ਰਾਪਤ ਕਰਨਾ ਹੀ ਹੈ, ਪਰ ਇਸ ਸਦੀਵੀ ਅਨੰਦ ਨੂੰ ਬਣਾਈ ਰੱਖਣ ਲਈ ਪਾਪਾਂ ਤੋਂ ਮੁਕਤ ਹੋਣ ਦੀ ਲੋੜ ਹੈ। ਪਾਪਾਂ ਤੋਂ ਛੁਟਕਾਰਾ ਪਾਉਣ ਦਾ ਸਾਧਨ ਪ੍ਰਭੂ ਦਾ ਨਾਮ ਹੀ ਹੈ ਅਤੇ ਇਹ ਨਾਮ ਗੁਰੂ ਪਿਆਰਿਆਂ ਦੀ ਸੰਗਤ ਕਰਕੇ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਗੁਰੂ ਤੇਗ਼ ਬਹਾਦਰ ਸਾਹਿਬ ਜੀ ਵੀ ਪਾਪਾਂ ਤੋਂ ਬਚੇ ਰਹਿਣ ਲਈ ਗਉੜੀ ਰਾਗ ਵਿਚਲੇ ਸ਼ਬਦ ਦੁਆਰਾ ਇਸ ਤਰ੍ਹਾਂ ਪ੍ਰੇਰਨਾ ਦਿੰਦੇ ਹੋਏ ਸਮਝਾ ਰਹੇ ਹਨ ‘‘ਨਰ ਅਚੇਤ ! ਪਾਪ ਤੇ ਡਰੁ ਰੇ ॥ ਦੀਨ ਦਇਆਲ ਸਗਲ ਭੈ ਭੰਜਨ; ਸਰਨਿ ਤਾਹਿ ਤੁਮ ਪਰੁ ਰੇ ॥੧॥ ਰਹਾਉ ॥ ਬੇਦ ਪੁਰਾਨ ਜਾਸ ਗੁਨ ਗਾਵਤ; ਤਾ ਕੋ ਨਾਮੁ ਹੀਐ ਮੋ ਧਰੁ ਰੇ ॥ ਪਾਵਨ ਨਾਮੁ ਜਗਤਿ ਮੈ ਹਰਿ ਕੋ; ਸਿਮਰਿ ਸਿਮਰਿ ਕਸਮਲ ਸਭ ਹਰੁ ਰੇ ॥੧॥ ਮਾਨਸ ਦੇਹ ਬਹੁਰਿ ਨਹ ਪਾਵੈ; ਕਛੂ ਉਪਾਉ ਮੁਕਤਿ ਕਾ ਕਰੁ ਰੇ ॥ ਨਾਨਕ ਕਹਤ ਗਾਇ ਕਰੁਨਾ ਮੈ; ਭਵ ਸਾਗਰ ਕੈ ਪਾਰਿ ਉਤਰੁ ਰੇ ॥੨॥’’ (ਮਹਲਾ ੯/੨੨੦) ਭਾਵ ਹੇ ਗ਼ਾਫ਼ਿਲ ਮਨੁੱਖ ! ਪਾਪਾਂ ਤੋਂ ਬਚਿਆ ਰਹਿ ਤੇ ਇਹਨਾਂ ਪਾਪਾਂ ਤੋਂ ਬਚਣ ਵਾਸਤੇ ਉਸ ਪਰਮਾਤਮਾ ਦੀ ਸ਼ਰਨ ਪਿਆ ਰਹਿ ਜੋ ਗਰੀਬਾਂ ’ਤੇ ਦਇਆ ਕਰਨ ਵਾਲਾ ਹੈ। ਸਾਰੇ ਡਰ ਦੂਰ ਕਰਨ ਵਾਲਾ ਹੈ। ਹੇ ਗ਼ਾਫ਼ਿਲ ਮਨੁੱਖ ! ਉਸ ਪਰਮਾਤਮਾ ਦਾ ਨਾਮ ਹਿਰਦੇ ਵਿੱਚ ਪ੍ਰੋ ਕੇ ਰੱਖ, ਜਿਸ ਦੇ ਗੁਣ ਵੇਦ ਪੁਰਾਣ ਆਦਿਕ ਧਰਮ ਪੁਸਤਕ ਵੀ ਗਾ ਰਹੇ ਹਨ। ਪਾਪਾਂ ਤੋਂ ਬਚਾ ਕੇ ਪਵਿੱਤ੍ਰ ਕਰਨ ਵਾਲਾ ਸੰਸਾਰ ਵਿੱਚ ਪਰਮਾਤਮਾ ਦਾ ਨਾਮ ਹੀ ਹੈ। ਤੂੰ ਉਸ ਨੂੰ ਸਿਮਰ ਕੇ ਸਾਰੇ ਪਾਪ ਦੂਰ ਕਰ ਲੈ। ਭੈੜੀ ਮੱਤ ਵੱਸ ਹੋ ਕੇ ਹੀ ਮਨੁੱਖ ਪਾਪੀ ਬਣਦਾ ਹੈ, ਜਿਸ ਸਦਕਾ ਇਸ ਦੇ ਅੰਦਰ ਅਗਿਆਨਤਾ ਦਾ ਹਨ੍ਹੇਰਾ ਛਾਇਆ ਰਹਿੰਦਾ ਹੈ। ਇਸ ਹਨ੍ਹੇਰੇ ਨੂੰ ਦੂਰ ਕਰਨ ਲਈ ਗੁਰਮੁਖਾਂ ਦੀ ਸੰਗਤ ਅਤਿਅੰਤ ਜ਼ਰੂਰੀ ਹੈ। ਤਾਂ ਹੀ ਗੁਰੂ ਅਰਜਨ ਦੇਵ ਜੀ ਸ਼ਬਦ ਦੀ ਦੂਸਰੀ ਅਤੇ ਤੀਸਰੀ ਪੰਗਤੀ ਰਾਹੀਂ ਸਮਝਾਉਦੇ ਹੋਏ ਫ਼ੁਰਮਾਨ ਕਰਦੇ ਹਨ ‘‘ਸੰਤ ਚਰਨ ਧਰਉ ਮਾਥੈ; ਚਾਂਦਨਾ ਗ੍ਰਿਹਿ ਹੋਇ ਅੰਧੇਰੈ ॥੨॥ ਸੰਤ ਪ੍ਰਸਾਦਿ ਕਮਲੁ ਬਿਗਸੈ; ਗੋਬਿੰਦ ਭਜਉ ਪੇਖਿ ਨੇਰੈ ॥੩॥’’ ਭਾਵ ਹੇ ਭਾਈ ! ਜਦੋਂ ਮੈਂ ਸੰਤ ਜਨਾਂ ਦੇ ਚਰਨ ਆਪਣੇ ਮੱਥੇ ਉੱਤੇ ਰੱਖਦਾ ਹਾਂ ਤਦੋਂ ਮੇਰੇ ਹਨ੍ਹੇਰੇ ਹਿਰਦੇ-ਘਰ ਵਿੱਚ ਆਤਮਕ ਚਾਨਣ ਹੋ ਜਾਂਦਾ ਹੈ। ਹੇ ਭਾਈ  ! ਸੰਤ ਜਨਾਂ ਦੀ ਕਿਰਪਾ ਨਾਲ ਮੇਰਾ ਹਿਰਦਾ ਰੂਪੀ ਕਮਲ ਖਿੜ ਪੈਂਦਾ ਹੈ। ਗੋਬਿੰਦ ਨੂੰ ਆਪਣੇ ਨੇੜੇ ਵੇਖ ਕੇ ਮੈਂ ਉਸ ਦਾ ਭਜਨ ਕਰਦਾ ਹਾਂ। ਜਿਵੇਂ ਹਨ੍ਹੇਰੇ ਵਿੱਚ ਨੇੜੇ ਪਈ ਹੋਈ ਵਸਤੂ ਵਿਖਾਈ ਨਹੀਂ ਦੇਂਦੀ ਠੀਕ ਇਸੇ ਤਰ੍ਹਾਂ ਅਗਿਅਨਤਾ ਦੇ ਹਨ੍ਹੇਰੇ ਵਿੱਚ ਭਟਕ ਰਹੇ ਮਨੁੱਖ ਨੂੰ ਨੇੜੇ ਰਹਿਣ ਵਾਲਾ ਪ੍ਰਭੂ ਵੀਂ ਨਹੀਂ ਦਿੱਸਦਾ। ਬਾਹਰਲੇ ਹਨ੍ਹੇਰੇ ਨੂੰ ਦੂਰ ਕਰਨ ਦੇ ਬਹੁਤ ਸਾਧਨ ਹਨ; ਜਿਵੇਂ-ਸੂਰਜ ਦਾ ਪ੍ਰਕਾਸ਼, ਬਿਜਲੀ ਦੇ ਬੱਲਬ, ਲੈਂਪ, ਲਾਲਟਨ ਆਦਿ, ਪਰ ਆਤਮਕ ਹਨ੍ਹੇਰੇ ਨੂੰ ਗੁਰੂ, ਪ੍ਰਭੂ ਦਾ ਨਾਮ ਅਤੇ ਸਤਿਸੰਗਤ ਹੀ ਦੂਰ ਕਰ ਸਕਦੀ ਹੈ; ਜਿਵੇਂ-ਸੂਰਜ ਚੜਨ ਨਾਲ ਪ੍ਰਕਾਸ਼ ਫੈਲਦਾ ਹੈ ਅਤੇ ਸੂਰਜ ਦੀਆਂ ਕਿਰਨਾਂ; ਬੰਦ ਹੋਏ ਕਮਲ ਫੁੱਲ ਨੂੰ ਖਿੜਾ ਦਿੰਦੀਆਂ ਹਨ; ਤਿਵੇਂ ਹੀ ਸਤਿਪੁਰਖਾਂ ਦੀ ਸੰਗਤ ਵਿੱਚ ਆ ਕੇ ਗੁਰਮਤਿ ਦਾ ਪ੍ਰਕਾਸ਼ ਹਾਸਲ ਹੁੰਦਾ ਹੈ ਅਤੇ ਹਿਰਦਾ ਰੂਪੀ ਮੁਰਝਾਇਆ ਹੋਇਆ ਕਮਲ ਖਿੜ ਪੈਂਦਾ ਹੈ। ਜਦੋਂ ਐਸਾ ਆਤਮਕ ਜੀਵਨ ਜਗਿਆਸੂ ਨੂੰ ਪ੍ਰਾਪਤ ਹੁੰਦਾ ਹੈ ਤਾਂ ਉਹ ਆਪਣੇ ਮੁਖ ਤੋਂ ਇਹੋ ਕਹਿੰਦਾ ਹੈ ਕਿ ਇਹ ਸਾਰੀ ਬਖ਼ਸ਼ਿਸ਼ ਗੁਰਮੁਖਾਂ ਦੀ ਸੰਗਤ ਕਰਕੇ ਹੀ ਹੈ। ਸ਼ਬਦ ਦੀ ਅਖੀਰਲੀ ਪੰਕਤੀ ਵਿੱਚ ਗੁਰੂ ਅਰਜਨ ਦੇਵ ਜੀ ਫ਼ੁਰਮਾਉਂਦੇ ਹਨ ‘‘ਪ੍ਰਭ ਕ੍ਰਿਪਾ ਤੇ ਸੰਤ ਪਾਏ; ਵਾਰਿ ਵਾਰਿ ਨਾਨਕ ਉਹ ਬੇਰੈ ॥੪॥’’ ਭਾਵ ਹੇ ਨਾਨਕ ! ਆਖ ਕਿ ਹੇ ਭਾਈ ! ਪਰਮਾਤਮਾ ਦੀ ਮਿਹਰ ਨਾਲ ਮੈਂ ਸੰਤ ਜਨਾਂ ਨੂੰ ਮਿਲਿਆ। ਮੈਂ ਉਸ ਵੇਲੇ ਤੋਂ ਸਦਾ ਕੁਰਬਾਨ ਜਾਂਦਾ ਹਾਂ ਜਦੋਂ ਸੰਤਾਂ ਦੀ ਸੰਗਤ ਪ੍ਰਾਪਤ ਹੋਈ। ਉਹ ਘੜੀ ਸਚੁਮੱਚ ਹੀ ਭਾਗਾਂ ਵਾਲੀ ਹੈ ਜਦੋਂ ਪ੍ਰਭੂ ਪਿਆਰਿਆਂ ਦੀ ਸੰਗਤ ਨਸੀਬ ਹੁੰਦੀ ਹੈ ਕਿਉਂਕਿ ਸਾਧ ਸੰਗਤ ਕਰਨ ਸਦਕਾ ਹੀ ਪ੍ਰਭੂ ਦਾ ਨਾਮ ਚੇਤੇ ਰਹਿੰਦਾ ਹੈ।

ਹਊਮੈ ਦੀਰਘ ਰੋਗ ਹੈ॥

0

ਹਊਮੈ ਦੀਰਘ ਰੋਗ ਹੈ

ਰਣਜੀਤ ਸਿੰਘ, B.Sc., M.A., M.Ed. ਸਟੇਟ ਤੇ ਨੈਸ਼ਨਲ ਅਵਾਰਡੀ,

ਹੈਡਮਾਸਟਰ (ਸੇਵਾ ਮੁਕਤ), 105, ਮਾਇਆ ਨਗਰ, ਸਿਵਲ ਲਾਈਨਜ਼, ਲੁਧਿਆਣਾ। 99155-15436

ਸਤਿਗੁਰ ਪ੍ਰਸਾਦਿ

ਮਨੁੱਖੀ ਸਰੀਰ ਪੰਜ ਤੱਤਾਂ ਦਾ ਬਣਿਆ ਹੋਇਆ ਹੈ। ਇਸ ਸਰੀਰ ਵਿੱਚ ਜਿੱਥੇ ਮਨ, ਬੁੱਧੀ ਅਤੇ ਚਿੱਤ ਹੈ, ਉੱਥੇ ਨਾਲ ਹੀ ਇਸ ਵਿੱਚ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਵੀ ਵੱਸਦੇ ਹਨ। ਜੇ ਇਹਨਾਂ ਉੱਤੇ ਕਾਬੂ ਨਾ ਪਾਇਆ ਜਾਵੇ ਤਾਂ ਵਿਕਾਰ ਬਣ ਜਾਂਦੇ ਹਨ। ਪਵਿੱਤਰ ਤੇ ਉੱਚਾ ਸੁੱਚਾ ਜੀਵਨ ਜਿਊਣ ਲਈ ਇਹਨਾਂ ’ਤੇ ਕਾਬੂ ਪਾਉਣਾ ਬਹੁਤ ਜ਼ਰੂਰੀ ਹੈ। ਮਨੁੱਖ ਨੇ ਇਹਨਾਂ ਵਿਕਾਰਾਂ ਨੂੰ ਤਿਆਗਣਾ ਨਹੀਂ ਸਗੋਂ ਇਹਨਾਂ ’ਤੇ ਕੰਟਰੋਲ ਕਰਨਾ ਹੈ। ਮਨੁੱਖ ਅਤੇ ਪਸ਼ੂਆਂ ਵਿੱਚ ਫ਼ਰਕ ਇਹ ਹੈ ਕਿ ਪਸ਼ੂ ਆਪਣੀਆਂ ਕਾਮਨਾਵਾਂ ਨੂੰ ਕਾਬੂ ਨਹੀਂ ਰੱਖ ਸਕਦੇ ਪਰ ਮਨੁੱਖ ਇਹਨਾਂ ਨੂੰ ਸਵੈ ਕਾਬੂ ਵਿੱਚ ਰੱਖ ਸਕਦਾ ਹੈ। ਮਨੁੱਖ ਨੇ ਇਹਨਾਂ ਵਿਕਾਰਾਂ ਦੀ ਦਿਸ਼ਾ ਨੂੰ ਬਦਲਣਾ ਹੈ। ਸਿੱਖ ਨੇ ਇਹਨਾਂ ਨੂੰ ਮਾਰਨਾ ਨਹੀਂ ਸਗੋਂ ਸੁਧਾਰਨਾ ਹੈ। ਕਾਮ ਨੂੰ ਸੰਜਮ ਤੇ ਸ਼ਕਤੀ ਦੇ ਰੂਪ ਵਿੱਚ ਬਦਲਣਾ ਹੈ। ਕ੍ਰੋਧ ਨੂੰ ਸੂਰਬੀਰਤਾ ਤੇ ਬੀਰ ਰਸ ਵਿੱਚ, ਲੋਭ ਨੂੰ ਪੁਰਸ਼ਾਰਥ ਤੇ ਸੰਤੋਖ ਵਿੱਚ ਬਦਲਣਾ ਹੈ। ਇਸੇ ਤਰ੍ਹਾਂ ਮੋਹ ਨੂੰ ਪ੍ਰੇਮ ਤੇ ਕੁਰਬਾਨੀ ਵਿੱਚ ਅਤੇ ਹੰਕਾਰ ਨੂੰ ਸਵੈਮਾਨ ਤੇ ਅਣਖ ਦੇ ਰੂਪ ਵਿੱਚ ਬਦਲਣਾ ਹੈ। ਇਸ ਤਰ੍ਹਾਂ ਕਰਨ ਨਾਲ ਮਨੁੱਖ ਦੇ ਅੰਦਰ ਸਚਾਈ, ਪ੍ਰੇਮ, ਵੈਰਾਗ, ਦਇਆ, ਸੰਤੋਖ ਅਤੇ ਨਿਮ੍ਰਤਾ ਵਰਗੇ ਸ਼ੁਭ ਗੁਣ ਪੈਦਾ ਹੋ ਜਾਣਗੇ।

ਭਗਤ ਰਵਿਦਾਸ ਜੀ ਫ਼ੁਰਮਾਉਂਦੇ ਹਨ ਕਿ ਹਿਰਨ, ਮੱਛੀ, ਭੌਰਾ, ਪਤੰਗਾ ਤੇ ਹਾਥੀ ਨੂੰ ਕੇਵਲ ਇੱਕ ਇੱਕ ਰੋਗ ਹੈ, ਜਿਸ ਕਾਰਨ ਉਹ ਮਰ ਜਾਂਦੇ ਹਨ ਜਾਂ ਪਰ ਅਧੀਨ ਹੋ ਜਾਂਦੇ ਹਨ, ਪਰ ਮਨੁੱਖ ਜੋ ਸਾਰੀਆਂ ਜੂਨਾਂ ਦਾ ਸਰਦਾਰ ਹੈ ਉਸ ਨੂੰ ਪੰਜੇ ਰੋਗ ਚੰਬੜੇ ਹੋਏ ਹਨ। ਭਗਤ ਰਵਿਦਾਸ ਜੀ ਆਸਾ ਰਾਗ ਵਿੱਚ ਫ਼ੁਰਮਾਉਂਦੇ ਹਨ ‘‘ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ; ਏਕ ਦੋਖ ਬਿਨਾਸ ਪੰਚ ਦੋਖ ਅਸਾਧ ਜਾ ਮਹਿ; ਤਾ ਕੀ ਕੇਤਕ ਆਸ ’’ (ਭਗਤ ਰਵਿਦਾਸ/੪੮੬) ਭਾਵ ਹਿਰਨ ਨੂੰ ਕੰਨਾ ਦਾ ਰਸ, ਮੱਛੀ ਨੂੰ ਜੀਭ ਦਾ ਸੁਆਦ, ਭੌਰੇ ਨੂੰ ਸੁੰਘਣ ਦਾ, ਪਤੰਗੇ ਨੂੰ ਦੇਖਣ ਦਾ ਸ਼ੌਂਕ, ਹਾਥੀ ਨੂੰ ਕਾਮ ਰਸ ਹੈ।

ਚੇਤੇ ਰਹੇ ਕਿ ਜੰਗਲ਼ ’ਚ ਛੁਪ ਕੇ ਸ਼ਿਕਾਰੀ ਘੰਟਾਹੇੜਾ (ਘੰਟਾਕਹੇਰਿ) ’ਚੋਂ ਧੁਨੀ ਪ੍ਰਗਟ ਕਰਦਾ ਹੈ, ਜਿਸ ਨੂੰ ਸੁਣਨ ਲਈ ਹਿਰਨ ਉਸ ਵੱਲ ਭੱਜਦਾ ਹੋਇਆ ਉਸ ਦੇ ਜਾਲ ’ਚ ਫਸ ਜਾਂਦਾ ਹੈ ਯਾਨੀ ਹਿਰਨ ਨੂੰ ਕੰਨ ਰਸ ਰੋਗ ਹੈ।, ਮੱਛੀ ਜੀਭ ਰਸ ਕਾਰਨ ਸ਼ਿਕਾਰੀ ਦੀ ਕੁੰਡੀ ’ਚ ਫਸ ਜਾਂਦੀ ਹੈ।, ਭੌਰੇ ਨੂੰ ਨਾਸਿਕੀ (ਸੁਗੰਧੀ ਰਸ) ਰੋਗ ਹੈ। ਉਹ ਖਿੜੇ ਫੁੱਲ ’ਚੋਂ ਸੁਗੰਧੀ ਲੈਣ ਜਾਂਦਾ ਹੈ, ਜੋ ਰਾਤ ਨੂੰ ਬੰਦ ਹੋ ਜਾਂਦਾ ਹੈ ਤੇ ਭੌਰਾ ਵਿੱਚੇ ਮਰ ਜਾਂਦਾ ਹੈ।, ਪਤੰਗੇ ਨੂੰ ਦ੍ਰਿਸ਼ਟੀ ਰੋਗ ਹੈ, ਜੋ ਰੌਸ਼ਨੀ ’ਤੇ ਜਾ ਕੇ ਆਪਣੀ ਜਾਨ ਗਵਾ ਬੈਠਦਾ ਹੈ।, ਹਾਥੀ ਨੂੰ ਤ੍ਵਚਾ (ਕਾਮ) ਰੋਗ ਹੈ। ਇਸ ਨੂੰ ਪਕੜਨ ਲਈ ਸ਼ਿਕਾਰੀ ਜੰਗਲ਼ ’ਚ ਟੋਆ ਪੁੱਟ ਕੇ ਉੱਪਰ ਕਾਗਜ਼ ਦੀ ਹਥਨੀ ਬਣਾ ਉਸ ਨੂੰ ਪਕੜ ਲੈਂਦਾ ਹੈ। ਸੋ ਇਹ ਇੱਕ ਇੱਕ ਰੋਗ ਕਰਕੇ ਦੁੱਖੀ ਹਨ, ਪਰ ਮਨੁੱਖ ਵਿੱਚ ਇਹ ਪੰਜੇ ਰੋਗ ਹਨ। ਇਨ੍ਹਾਂ ਤੋਂ ਬਚਣ ਦੀ ਆਸ ਕਿਵੇਂ ਹੋ ਸਕਦੀ ਹੈ ? ਭਾਈ ਗੁਰਦਾਸ ਜੀ ਦਾ ਕਥਨ ਹੈ ‘‘ਗਜ ਮ੍ਰਿਗ ਮੀਨ ਪਤੰਗ ਅਲਿ (ਭੌਰਾ); ਇਕਤੁ ਇਕਤੁ ਰੋਗਿ (ਨਾਲ਼) ਪਚੰਦੇ ਮਾਣਸ ਦੇਹੀ ਪੰਜਿ ਰੋਗ; ਪੰਜੇ ਦੂਤ ਕੁਸੂਤੁ ਕਰੰਦੇ’’ (ਭਾਈ ਗੁਰਦਾਸ ਜੀ/ਵਾਰ ਪਉੜੀ ੨੦)

ਇਹਨਾਂ ਪੰਜਾਂ ਰੋਗਾਂ ਵਿੱਚੋਂ ਵਿਸ਼ੇਸ਼ ਹਊਮੈ ਜਾਂ ਹੰਕਾਰ ਦਾ ਰੋਗ ਕੇਵਲ ਤੇ ਕੇਵਲ ਪ੍ਰਮਾਤਮਾ ਨੇ ਮਨੁੱਖ ਨੂੰ ਦਿੱਤਾ ਹੈ ‘‘ਹਉਮੈ ਰੋਗੁ ਮਾਨੁਖ ਕਉ ਦੀਨਾ ’’ (ਮਹਲਾ /੧੧੪੦) ਇਹਨਾਂ ਪੰਜਾਂ ਵਿੱਚੋਂ ਸਭ ਤੋਂ ਵੱਡਾ ਰੋਗ ਅਤੇ ਅੰਤ ਤੱਕ ਮਨੁੱਖ ਦੇ ਨਾਲ ਨਿਭਣ ਵਾਲਾ ਰੋਗ ਹੈ ‘ਹਉਮੈ’ ਪਰ ਇਹ ਰੋਗ ਲਾ-ਇਲਾਜ ਨਹੀਂ। ਗੁਰੂ ਨਾਨਕ ਸਾਹਿਬ ਜੀ ਆਸਾ ਕੀ ਵਾਰ ਵਿੱਚ ਫ਼ੁਰਮਾਉਂਦੇ ਹਨ ‘‘ਹਉਮੈ ਦੀਰਘ ਰੋਗੁ ਹੈ; ਦਾਰੂ ਭੀ, ਇਸੁ ਮਾਹਿ ਕਿਰਪਾ ਕਰੇ ਜੇ ਆਪਣੀ; ਤਾ ਗੁਰ ਕਾ ਸਬਦੁ ਕਮਾਹਿ ’’ (ਮਹਲਾ /੪੬੬), ਇਸੇ ਤਰ੍ਹਾਂ ਗੁਰੂ ਅਮਰਦਾਸ ਜੀ ਫ਼ੁਰਮਾਉਂਦੇ ਹਨ ‘‘ਹੰਉਮੈ ਵਡਾ ਰੋਗੁ ਹੈ; ਮਰਿ ਜੰਮੈ ਆਵੈ ਜਾਇ ’’ (ਮਹਲਾ /੫੯੨)

ਮਨੁੱਖ ਪ੍ਰਮਾਤਮਾ ਦੀ ਅੰਸ ਹੈ। ਜਿਵੇਂ ਸਮੁੰਦਰ ਅਤੇ ਇਸ ਦੀ ਬੂੰਦ ਦਾ ਅਸਲਾ ਇੱਕ ਹੁੰਦਿਆਂ ਹੋਇਆਂ ਵੀ, ਦੋਹਾਂ ਵਿੱਚ ਬਹੁਤ ਅੰਤਰ ਹੈ। ਸਮੁੰਦਰ ਅਥਾਹ ਸ਼ਕਤੀ ਦਾ ਮਾਲਕ ਹੈ, ਜਿਸ ਦੀ ਕੁੱਖ ਵਿੱਚ ਬਹੁਤ ਕੀਮਤੀ ਪਦਾਰਥਾਂ ਦਾ ਢੇਰ ਹੈ ਅਤੇ ਇਸ ਦੇ ਤਲ ਉੱਤੇ ਵੱਡੇ ਵੱਡੇ ਸਮੁੰਦਰੀ ਜਹਾਜ਼ ਚੱਲਦੇ ਹਨ ਪਰ ਇਸ ਦਾ ਅੰਸ਼ ਹੁੰਦਿਆਂ ਵੀ ਬੂੰਦ ਵਿੱਚ ਕੋਈ ਤਾਕਤ ਨਹੀਂ ਕਿਉਂਕਿ ਇਸ ਵਿੱਚ ਵੱਖਰੀ ਹੋਂਦ ਦੀ ਹੰਊਮੈ ਬਣੀ ਹੋਈ ਹੈ। ਜੇ ਇਹ ਬੂੰਦ ਆਪਣੀ ਹਉਮੈ ਤਿਆਗ ਕੇ ਆਪਣੇ ਮੂਲ ਸੋਮੇ ਸਮੁੰਦਰ ਵਿੱਚ ਜਜ਼ਬ ਹੋ ਜਾਵੇ ਤਾਂ ਇਹ ਵੀ ਸਮੁੰਦਰ ਦੀ ਤਰ੍ਹਾਂ ਸਾਰੀ ਤਾਕਤ ਹਾਸਲ ਕਰ ਲਵੇਗੀ। ਇਹੀ ਗੱਲ ਮਨੁੱਖੀ ਆਤਮਾ ਦੀ ਹੈ। ਜੇ ਇਹ ਆਪਣੀ ਹਉਮੈ ਤਿਆਗ ਕੇ ਪਰਮ ਆਤਮਾ ਨਾਲ ਇਕ ਸੁਰਤਾ ਹਾਸਲ ਕਰ ਲਵੇ ਤੇ ਉਸ ਵਿੱਚ ਲੀਨ ਹੋ ਜਾਵੇ ਤਾਂ ਉਸ ਵਿੱਚ ਤੇ ਪ੍ਰਮਾਤਮਾ ਵਿੱਚ ਕੋਈ ਭੇਦ ਨਹੀਂ ਰਹਿ ਜਾਵੇਗਾ। ਗੁਰੂ ਰਾਮਦਾਸ ਜੀ ਦਾ ਕਥਨ ਹੈ ‘‘ਧਨ ਪਿਰ ਕਾ ਇਕ ਹੀ ਸੰਗਿ ਵਾਸਾ; ਵਿਚਿ ਹਉਮੈ ਭੀਤਿ ਕਰਾਰੀ ਗੁਰਿ ਪੂਰੈ (ਨੇ) ਹਉਮੈ ਭੀਤਿ ਤੋਰੀ; ਜਨ ਨਾਨਕ ਮਿਲੇ ਬਨਵਾਰੀ ’’ (ਮਹਲਾ /੧੨੬੩)

ਸੋ ਮਨੁੱਖ ਦਾ ਆਪਣੀ ਹਸਤੀ ਨੂੰ ਪ੍ਰਮਾਤਮਾ ਤੋਂ ਵੱਖਰਾ ਮੰਨਣਾ ਕਿ ਮੇਰੇ ਅਤੇ ਪ੍ਰਮਾਤਮਾ ਵਿੱਚ ਵਿੱਥ ਹੈ। ਇਸ ਵੱਖਰੇਵੇਂ ਨੂੰ ਹੀ ‘ਹਉਮੈ’ ਕਿਹਾ ਜਾਂਦਾ ਹੈ।

ਜਦੋਂ ਬੱਚਾ ਜਨਮ ਲੈਂਦਾ ਹੈ ਤਾਂ ਉਹ ਪ੍ਰਭੂ ਨਾਲ ਆਪਣੇ ਆਪ ਨੂੰ ਇਕ ਮਿਕ ਸਮਝਦਾ ਹੈ। ਜਿਉਂ ਜਿਉਂ ਉਹ ਵੱਡਾ ਹੁੰਦਾ ਹੈ ਤੇ ਉਸ ਦੀ ਚੇਤਨਾ ਵਧਦੀ ਹੈ ਤਾਂ ਉਹ ਆਪਣੇ ਆਪ ਨੂੰ ਵੱਖਰਾ ਸਮਝਦਾ ਹੈ ਤੇ ਉਸ ਵਿੱਚ ਮੈਂ ਤੇ ਮੇਰੀ ਦੀ ਭਾਵਨਾ ਪ੍ਰਬਲ ਹੁੰਦੀ ਜਾਂਦੀ ਹੈ। ਜਦੋਂ ਇਹ ਮੇਰ ਤੇਰ ਦਾ ਸਿਲਸਿਲਾ ਸ਼ੁਰੂ ਹੋ ਜਾਵੇ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਹਉਮੈ ਦਾ ਬੀਜ ਅੰਦਰ ਬੀਜਿਆ ਜਾ ਚੁੱਕਿਆ ਹੈ। ਇਸ ਹਉਮੈ ਦੀ ਪਕੜ ਕਾਰਨ ਜੀਵ ਦੁੱਖੀ ਹੁੰਦਾ ਹੈ। ਜੇ ਕਿਸੇ ਮਨੁੱਖ ਦੇ ਪੈਰ ਵਿੱਚ ਕੰਡਾ ਚੁਭ ਜਾਵੇ ਤਾਂ ਪੀੜ ਨਾਲ ਤੁਰ ਨਹੀਂ ਸਕਦਾ ਇਸੇ ਤਰ੍ਹਾਂ ਜਿਸ ਮਨੁੱਖ ਦੇ ਅੰਦਰ ‘ਹਊਮੈ ਦਾ ਕੰਡਾ’ ਚੁਭ ਜਾਏ ਤਾਂ ਉਹ, ਮਨੁੱਖੀ ਮਨ ਨੂੰ ਪੀੜਾ ਦਿੰਦਾ ਹੈ। ‘ਸੋਹਿਲਾ’ ਬਾਣੀ ਵਿੱਚ ਅਸੀਂ ਰੁਜ਼ਾਨਾ ਪੜ੍ਹਦੇ ਹਾਂ ‘‘ਸਾਕਤ ਹਰਿ ਰਸ ਸਾਦੁ ਜਾਣਿਆ; ਤਿਨ ਅੰਤਰਿ ਹਉਮੈ ਕੰਡਾ ਹੇ ਜਿਉ ਜਿਉ ਚਲਹਿ, ਚੁਭੈ, ਦੁਖੁ ਪਾਵਹਿ; ਜਮਕਾਲੁ ਸਹਹਿ ਸਿਰਿ ਡੰਡਾ ਹੇ ’’ (ਸੋਹਿਲਾ/ਮਹਲਾ /੧੩)

ਜਦ ਤਕ ਜੀਵ ਹਉਮੈ ਦਾ ਸ਼ਿਕਾਰ ਹੈ, ਉਸ ਦੇ ਅੰਦਰ ਨਾਮ ਦਾ ਵਾਸਾ ਨਹੀਂ ਹੋ ਸਕਦਾ ਕਿਉਂਕਿ ‘ਹਉਮੈ’ ਅਤੇ ‘ਨਾਮ’ ਦੋਵੇਂ ਇਕੱਠੇ (ਇੱਕੋ ਹਿਰਦੇ ’ਚ) ਨਹੀਂ ਰਹਿ ਸਕਦੇ। ਗੁਰੂ ਅਮਰਦਾਸ ਜੀ ਦਾ ਫ਼ੁਰਮਾਨ ਹੈ ‘‘ਹਉਮੈ ਨਾਵੈ ਨਾਲਿ ਵਿਰੋਧੁ ਹੈ; ਦੁਇ ਵਸਹਿ ਇਕ ਠਾਇ ’’ (ਮਹਲਾ /੫੬੦)

‘ਹਉਮੈ’ ਇਕ ਤਰ੍ਹਾਂ ਦੀ ਗੂੜੀ ਨੀਂਦ ਹੈ, ਜਿਸ ਤੋਂ ਜਾਗਣ ਦੀ ਉਮੀਦ ਬਹੁਤ ਘੱਟ ਹੁੰਦੀ ਹੈ। ਗੁਰਬਾਣੀ ਦਾ ਫ਼ੁਰਮਾਨ ਹੈ ‘‘ਹਉਮੈ ਵਿਚਿ ਜਾਗ੍ਰਣੁ ਹੋਵਈ; ਹਰਿ ਭਗਤਿ ਪਵਈ ਥਾਇ ’’ (ਮਹਲਾ /੧੩੪੭)

ਜਦੋਂ ਹਉਮੈ ਦੀ ਦੀਵਾਰ ਟੁੱਟ ਜਾਵੇਗੀ ਤਾਂ ਹੀ ਸਾਨੂੰ ਪ੍ਰਮਾਤਮਾ ਦੀ ਨੇੜਤਾ ਹਾਸਲ ਹੋਵੇਗੀ। ਗੁਰੂ ਨਾਨਕ ਸਾਹਿਬ ਜੀ ਫ਼ੁਰਮਾਉਂਦੇ ਹਨ ‘‘ਹਉਮੈ ਜਾਈ; ਤਾ ਕੰਤ ਸਮਾਈ ’’ (ਮਹਲਾ /੭੫੦)

ਹੁਣ ਪ੍ਰਸ਼ਨ ਇਹ ਵੀ ਹੈ ਕਿ ਹਉਮੈ ਕਿੱਥੋਂ ਤੇ ਕਿਵੇਂ ਪੈਦਾ ਹੁੰਦੀ ਹੈ ? ਮਨੁੱਖ ਜੋ ਵੀ ਕਰਮ ਕਰਦਾ ਹੈ, ਉਸ ਦੇ ਕੀਤੇ ਹੋਏ ਕਰਮਾਂ ਅਨੁਸਾਰ ਉਸ ਦਾ ਸੁਭਾਅ ਬਣਦਾ ਹੈ ਅਤੇ ਉਸ ਰੱਬੀ ਹੁਕਮ ਅਨੁਸਾਰ ਮਨੁੱਖ ਦੇ ਕੀਤੇ ਹੋਏ ਕਰਮਾਂ ਦੇ ਆਧਾਰ ’ਤੇ ਉਸ ਦੇ ਮੱਥੇ ’ਤੇ ਹਉਮੈ ਦਾ ਲੇਖ ਲਿਖਿਆ ਜਾਂਦਾ ਹੈ। ਗੁਰੂ ਅੰਗਦ ਦੇਵ ਜੀ ਦਾ ਫ਼ੁਰਮਾਨ ਹੈ ‘‘ਹਉਮੈ ਕਿਥਹੁ ਊਪਜੈ ? ਕਿਤੁ ਸੰਜਮਿ ਇਹ ਜਾਇ ? ਹਉਮੈ ਏਹੋ ਹੁਕਮੁ ਹੈ; ਪਇਐ ਕਿਰਤਿ ਫਿਰਾਹਿ ’’ (ਮਹਲਾ /੪੬੬)

ਜਿਵੇਂ ਜਗਤ ਦਾ ਪਸਾਰਾ ਤੇ ਮਾਇਆ ਦਾ ਪਸਾਰਾ ਅਕਾਲ ਪੁਰਖ ਦੇ ਹੁਕਮ ਨਾਲ ਹੋਇਆ ਹੈ, ਉਸੇ ਤਰ੍ਹਾਂ ਹਉਮੈ ਦਾ ਪਸਾਰਾ ਵੀ ਰੱਬੀ ਹੁਕਮ ਨਾਲ ਹੀ ਹੋਇਆ ਹੈ। ਗੁਰੂ ਅਮਰਦਾਸ ਜੀ ਦਾ ਫ਼ੁਰਮਾਨ ਹੈ ‘‘ਇਹੁ ਸਰੀਰੁ ਮਾਇਆ ਕਾ ਪੁਤਲਾ; ਵਿਚਿ ਹਉਮੈ ਦੁਸਟੀ ਪਾਈ ’’ (ਮਹਲਾ /੩੧)

ਜਿਹੜਾ ਮਨੁੱਖ ਇਸ ਹਉਮੈ ਨੂੰ ਮਾਰਨ ਵਿੱਚ ਕਾਮਯਾਬ ਹੋ ਗਿਆ, ਉਸ ਦੀ ਤੁਲਨਾ ਗੁਰੂ ਸਾਹਿਬ; ਯੋਧੇ ਦੇ ਨਾਲ ਕਰਦੇ ਹਨ। ਤੀਜੇ ਪਾਤਸ਼ਾਹ ਫ਼ੁਰਮਾਉਂਦੇ ਹਨ ‘‘ਨਾਨਕ  ! ਸੋ ਸੂਰਾ ਵਰੀਆਮੁ; ਜਿਨਿ, ਵਿਚਹੁ ਦੁਸਟੁ ਅਹੰਕਰਣੁ ਮਾਰਿਆ ’’ (ਮਹਲਾ /੮੬) ਪਰੰਤੂ ਇਹ ਕੰਮ ਕੋਈ ਸੌਖਾ ਨਹੀਂ। ਥੋੜ੍ਹੀ ਜਿਹੀ ਸ਼ੋਹਰਤ ਮਿਲ ਜਾਵੇ, ਧਨ ਦੀ ਪ੍ਰਾਪਤੀ ਹੋ ਜਾਵੇ, ਉੱਚੀ ਪਦਵੀ ਮਿਲ ਜਾਵੇ ਤਾਂ ਮਨੁੱਖ ਇਸ ਨੂੰ ਜਰ ਨਹੀਂ ਸਕਦਾ। ਆਪਣੇ ਆਪ ਨੂੰ ਹੋਰਨਾਂ ਤੋਂ ਵੱਖਰਾ ਤੇ ਉੱਚਾ ਹੀ ਸਮਝਣ ਲੱਗ ਜਾਂਦਾ ਹੈ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਗੁਰੂ ਅੰਗਦ ਦੇਵ ਜੀ ਮਾਲਵੇ ਦੇ ਇਲਾਕੇ ਵਿੱਚ ਪ੍ਰਚਾਰ ਕਰਨ ਹਿੱਤ ਪਿੰਡ ਹਰੀਕੇ ਪਹੁੰਚੇ। ਇੱਥੋਂ ਦਾ ਮੁੱਖ ਚੌਧਰੀ ਬਖਤਾਵਰ 72 ਪਿੰਡਾਂ ਦਾ ਮਾਲਕ ਸੀ, ਜਿਸ ਕਾਰਨ ਇਹ ਮਾਇਆਧਾਰੀ ਤੇ ਅਹੰਕਾਰੀ ਬਿਰਤੀ ਦਾ ਮਾਲਕ ਸੀ। ਇਸ ਰੋਗ ਕਾਰਨ ਇਹ, ਗ਼ਰੀਬ ਤੇ ਨੀਵੀਆਂ ਜਾਤਾਂ ਦੇ ਲੋਕਾਂ ਦੀ ਸੰਗਤ ਵਿੱਚ ਬਰਾਬਰ ਬੈਠਣ ਨੂੰ ਤਿਆਰ ਨਹੀਂ ਸੀ। ਗੁਰੂ ਸਾਹਿਬ ਨੇ ਇਸ ਨੂੰ ਬੜੇ ਪ੍ਰੇਮ ਨਾਲ ਸਮਝਾਇਆ ਕਿ ਇਹ ਦੁਨੀਆਵੀ ਮਾਨ ਸਭ ਕੂੜ ਹੈ। ਜਦ ਤੱਕ ਅਸੀਂ ਇਹਨਾਂ ਦਾ ਤਿਆਗ ਨਹੀਂ ਕਰਦੇ ਤਾਂ ਉੱਚ ਆਤਮਿਕ ਅਵਸਥਾ ਨਹੀਂ ਮਾਣ ਸਕਦੇ। ਗੁਰੂ ਉਪਦੇਸ਼ ਦਾ ਅਸਰ ਇਹ ਹੋਇਆ ਕਿ ਚੌਧਰੀ ਬਖਤਾਵਰ ਮਾਣ ਛੱਡ ਕੇ ਸੰਗਤ ਦੀ ਸੇਵਾ ਵਿੱਚ ਜੁੱਟ ਗਿਆ।

ਮਨੁੱਖ ਦੇ ਜੀਵਨ ਦਾ ਇਕ ਲਕਸ਼ ਗਿਆਨ ਦੀ ਪ੍ਰਾਪਤੀ ਹੈ। ਭਾਂਵੇ ਇਹ ਗਿਆਨ ਦੁਨਿਆਵੀ ਹੋਵੇ ਜਾਂ ਨਿਰੰਕਾਰੀ। ਇਸ ਗਿਆਨ ਦੀ ਪ੍ਰਾਪਤੀ ਰਾਹੀਂ ਹੀ ਮਨੁੱਖ ਆਪਣਾ ਅਤੇ ਹੋਰਨਾਂ ਦਾ ਜੀਵਨ ਸੰਵਾਰਨ ਵਿੱਚ ਕਾਮਯਾਬ ਹੁੰਦਾ ਹੈ। ਗਿਆਨ ਤੋਂ ਵਿਹੂਣਾ ਮਨੁੱਖ ਜ਼ਬਾਨੀ ਗਿਆਨ ਦੀਆਂ ਗੱਲਾਂ ਕਰਕੇ ਆਪਣਾ ਅੰਦਰ ਲੂੰਹਦਾ ਰਹਿੰਦਾ ਹੈ। ਗੁਰੂ ਨਾਨਕ ਸਾਹਿਬ ਜੀ ਫ਼ੁਰਮਾਉਂਦੇ ਹਨ ‘‘ਗਿਆਨ ਵਿਹੂਣਾ ਕਥਿ ਕਥਿ ਲੂਝੈ ’’ (ਮਹਲਾ /੪੬੬) ਪਰ ਗਿਆਨ ਦੀ ਪ੍ਰਾਪਤੀ ਵੀ ਮਨੁੱਖ ਲਈ ਕਈ ਵਾਰ ਹਉਮੈ ਦਾ ਕਾਰਨ ਬਣਦੀ ਹੈ। ਉਹ ਆਪਣੇ ਆਪ ਨੂੰ ਦੂਜਿਆਂ ਤੋਂ ਵੱਖਰਾ ਸਮਝਣ ਲੱਗ ਜਾਂਦਾ ਹੈ। ਪ੍ਰਭੂ ਪ੍ਰਾਪਤੀ ਲਈ ਕੇਵਲ ਅੱਖਰੀਂ ਗਿਆਨ ਜ਼ਰੂਰੀ ਨਹੀਂ। ਪੰਜਵੇਂ ਪਾਤਸ਼ਾਹ ਦਾ ਫ਼ੁਰਮਾਨ ਹੈ ‘‘ਜੋ ਪ੍ਰਾਣੀ ਗੋਵਿੰਦੁ ਧਿਆਵੈ ਪੜਿਆ ਅਣਪੜਿਆ ਪਰਮ ਗਤਿ ਪਾਵੈ ’’ (ਮਹਲਾ /੧੯੭)

ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਪ੍ਰਚਾਰਕ ਦੌਰੇ ਦੌਰਾਨ ਕਸ਼ਮੀਰ ਦੇ ਲਾਗੇ ਮਟਨ ਸ਼ਹਿਰ ਵਿੱਚ ਪਹੁੰਚੇ ਤਾਂ ਉੱਥੋਂ ਦਾ ਬ੍ਰਹਮਦਾਸ ਪੰਡਿਤ ਜੋ ਬਹੁਤ ਵਿਦਵਾਨ ਸੀ ਤੇ ਉਸ ਨੂੰ ਆਪਣੀ ਵਿੱਦਿਆ ਦਾ ਹੰਕਾਰ ਵੀ ਸੀ। ਉਹ ਦੂਜਿਆ ਨੂੰ ਆਪਣੇ ਗਿਆਨ ਦੁਆਰਾ ਹਰਾਉਣ ਨੂੰ ਹੀ ਆਪਣੀ ਸਫਲਤਾ ਸਮਝਦਾ ਸੀ। ਗੁਰੂ ਸਾਹਿਬ ਨੇ ਉਸ ਨੂੰ ਸਮਝਾਇਆ ਕਿ ਪੁਸਤਕਾਂ ਪੜ੍ਹ ਪੜ੍ਹ ਕੇ ਜੇਕਰ ਹੰਕਾਰ ਹੀ ਵਧਾਉਣਾ ਹੈ ਤਾਂ ਫਿਰ ਭਾਵੇਂ ਸਾਰੀ ਉਮਰ ਹੀ ਪੜ੍ਹਦੇ ਰਹੋ ਫਿਰ ਵੀ ਰੱਬ ਦੀ ਦਰਗਾਹ ਵਿੱਚੋਂ ਕੁੱਝ ਪ੍ਰਵਾਨ ਨਹੀਂ ਹੋਵੇਗਾ। ਇਸ ਤਰ੍ਹਾਂ ਸਾਰੀ ਉਮਰ ਹਉਮੈ ਦੇ ਵਿੱਚ ਹੀ ਭਟਕਦੇ ਰਹੋਗੇ। ਇਸ ਤਰ੍ਹਾਂ ਗੁਰੂ ਸਾਹਿਬ ਨੇ ‘‘ਪੜਿ ਪੜਿ ਗਡੀ ਲਦੀਅਹਿ; ਪੜਿ ਪੜਿ ਭਰੀਅਹਿ ਸਾਥ ’’ (ਮਹਲਾ /੪੬੭) ਵਾਲਾ ਸ਼ਬਦ ਉਚਾਰ ਕੇ ਪੰਡਿਤ ਬ੍ਰਹਮਦਾਸ ਦਾ ਹੰਕਾਰ ਤੋੜਿਆ ਅਤੇ ਸਮਝਾਇਆ ਕਿ ਪ੍ਰਮਾਤਮਾ ਦੀ ਸਿਫਤ ਸਲਾਹ ਹੀ ਉਸ ਦੇ ਦਰ ’ਤੇ ਕਬੂਲ ਪੈਂਦੀ ਹੈ ਤੇ ਬਾਕੀ ਸਭ ਹਉਮੈ ਵਿੱਚ ਝੱਖ ਮਾਰਨ ਵਾਲੀ ਗੱਲਾਂ ਹਨ। ਆਪ ਨੇ ਫ਼ੁਰਮਾਇਆ ‘‘ਨਾਨਕ ! ਲੇਖੈ ਇਕ ਗਲ; ਹੋਰੁ ਹਉਮੈ ਝਖਣਾ ਝਾਖ ’’ (ਮਹਲਾ /੪੬੭)

ਸੇਵਾ ਸਾਧਨਾ ਤੇ ਧਾਰਮਿਕ ਗਿਆਨ ਵੀ ਕਈ ਵਾਰ ਮਨੁੱਖ ਲਈ ਹਉਮੈ ਦਾ ਕਾਰਨ ਬਣਦਾ ਹੈ। ਜਦੋਂ ਉਸ ਦੀ ਪ੍ਰਤਿਭਾ ਵਧ ਜਾਂਦੀ ਹੈ ਤੇ ਸਮਾਜ ਵਿੱਚ ਸਤਿਕਾਰ ਹੋਣ ਲੱਗ ਜਾਂਦਾ ਹੈ ਤਾਂ ਉਹ ਕਿਸੇ ਹੋਰ ਦੀ ਪ੍ਰਤਿਭਾ ਸਹਾਰ ਨਹੀਂ ਸਕਦਾ। ਅਜਿਹੀ ਹਉਮੈ ਨੂੰ ਮਾਰਨਾ ਅਤਿ ਮੁਸ਼ਕਲ ਹੁੰਦਾ ਹੈ। ਜਿਵੇਂ ਖੇਤੀ ਜੇ ਸੁੱਕ ਜਾਏ ਤਾਂ ਮੀਂਹ ਪੈਣ ਨਾਲ ਹਰੀ ਭਰੀ ਹੋ ਜਾਂਦੀ ਹੈ ਪਰ ਜੇ ਪਾਣੀ ਦੇ ਹੜ੍ਹਾਂ ਆਦਿ ਦੇ ਕਾਰਨ ਖੇਤੀ ਮਾਰ ਜਾਏ ਤਾਂ ਉਸ ਦੇ ਹਰੇ ਭਰੇ ਹੋਣ ਦੀ ਉਮੀਦ ਹੀ ਨਹੀਂ ਰਹਿੰਦੀ। ਇਸ ਲਈ ਮਨੁੱਖ ਸੇਵਾ, ਸਿਮਰਨ ਤੇ ਦਾਨ ਪੁੰਨ ਕਰਦਿਆਂ ਹੋਇਆਂ ਵੀ ਪ੍ਰਮਾਤਮਾ ਦੀ ਭੈ ਭਾਵਨੀ ਵਿੱਚ ਰਹੇ।

ਹਉਮੈ ਮਨੁੱਖ ਨੂੰ ਕਿੰਨਾ ਕੁ ਦੁੱਖੀ ਕਰਦੀ ਹੈ, ਇਸ ਬਾਰੇ ਗੁਰੂ ਅਰਜਨ ਦੇਵ ਜੀ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਸਪਸ਼ਟ ਕਰਦੇ ਹਨ ਕਿ ਜਿਸ ਮਨੁੱਖ ਦੇ ਮਨ ਵਿੱਚ ਰਾਜ ਭਾਗ ਦਾ ਅਭਿਮਾਨ ਹੈ ਤਾਂ ਸਮਝੋ ਕਿ ਉਹ ਨਰਕ ਭਰੀ ਜ਼ਿੰਦਗੀ ਜਿਉਂ ਰਿਹਾ ਹੈ। ਉਹ ਹੀਰੇ ਵਰਗਾ ਜਨਮ ਕੌਡੀਆਂ ਦੇ ਭਾਅ ਗਵਾ ਰਿਹਾ ਹੈ। ਉਸ ਨੇ ਹੀਰੇ ਵਰਗੇ ਜਨਮ ਦੀ ਪਛਾਣ ਨਹੀਂ ਕੀਤੀ। ਗੁਰੂ ਸਾਹਿਬ ਹੋਰ ਸਮਝਾਉਂਦੇ ਹੋਏ ਕਹਿੰਦੇ ਹਨ ਕਿ ਜਿਸ ਮਨੁੱਖ ਨੂੰ ਆਪਣੀ ਜਵਾਨੀ ਤੇ ਬਾਹੂ ਬਲ ਦਾ ਹੰਕਾਰ ਹੈ ਉਹ ਮਾਨੋ ਗੰਦਗੀ ਦੇ ਕੀੜੇ ਦੀ ਨਿਆਈਂ ਜੀਵਨ ਬਤੀਤ ਕਰ ਰਿਹਾ ਹੈ। ਜਿਸ ਮਨੁੱਖ ਨੂੰ ਇਹ ਹੰਕਾਰ ਹੈ ਕਿ ਉਹ ਸਭ ਤੋਂ ਸ੍ਰੇਸ਼ਟ ਕਰਮ ਕਰ ਰਿਹਾ ਹੈ ਤਾਂ ਉਹ ਜਨਮ ਮਰਣ ਦੇ ਗੇੜ ਵਿੱਚ ਪੈਂਦਾ ਰਹੇਗਾ। ਜਿਸ ਮਨੁੱਖ ਨੂੰ ਆਪਣੀ ਜ਼ਮੀਨ, ਜਾਇਦਾਦ ਅਤੇ ਧਨ ਦਾ ਹੰਕਾਰ ਹੈ, ਗੁਰੂ ਸਾਹਿਬ ਉਸ ਦੀ ਤੁਲਨਾ ਅਗਿਆਨੀ ਮਨੁੱਖ ਦੇ ਨਾਲ ਕਰਦੇ ਹਨ। ਅਸਲ ਵਿੱਚ ਜਿਸ ਮਨੁੱਖ ਨੂੰ ਪ੍ਰਮਾਤਮਾ ਆਪਨੀ ਮਿਹਰ ਕਰਕੇ ਨਿਮਰਤਾ ਦੀ ਦਾਤ ਬਖ਼ਸ਼ਦਾ ਹੈ ਉਹ ਮਨੁੱਖ ਇਸੇ ਜੀਵਨ ਵਿੱਚ ਹੀ ਮੁਕਤੀ ਪ੍ਰਾਪਤ ਕਰ ਲੈਂਦਾ ਹੈ। ਗੁਰੂ ਸਾਹਿਬ ਦਾ ਫ਼ੁਰਮਾਨ ਹੈ ‘‘ਜਿਸ ਕੈ ਅੰਤਰਿ; ਰਾਜ ਅਭਿਮਾਨੁ ਸੋ ਨਰਕਪਾਤੀ ਹੋਵਤ ਸੁਆਨੁ ਜੋ ਜਾਨੈ; ਮੈ ਜੋਬਨਵੰਤੁ ਸੋ ਹੋਵਤ; ਬਿਸਟਾ ਕਾ ਜੰਤੁ ਆਪਸ ਕਉ ਕਰਮਵੰਤੁ ਕਹਾਵੈ ਜਨਮਿ ਮਰੈ; ਬਹੁ ਜੋਨਿ ਭ੍ਰਮਾਵੈ ਧਨ ਭੂਮਿ ਕਾ; ਜੋ ਕਰੈ ਗੁਮਾਨੁ ਸੋ ਮੂਰਖੁ ਅੰਧਾ ਅਗਿਆਨੁ ਕਰਿ ਕਿਰਪਾ; ਜਿਸ ਕੈ ਹਿਰਦੈ ਗਰੀਬੀ ਬਸਾਵੈ ਨਾਨਕ  ! ਈਹਾ ਮੁਕਤੁ; ਆਗੈ ਸੁਖੁ ਪਾਵੈ ’’ (ਸੁਖਮਨੀ (ਮਹਲਾ /੨੭੮)

ਮਨੁੱਖ ਦੀਆਂ ਸਰੀਰਕ ਕਿਰਿਆਵਾਂ (ਬਾਹਰਲੀਆਂ ਹਰਕਤਾਂ) ਵੀ ਮਨ ਦੇ ਗੁਪਤ ਖ਼ਜ਼ਾਨੇ ਨੂੰ ਪ੍ਰਗਟ ਕਰਦੀਆਂ। ਮਨੁੱਖੀ ਮਨ ਸ਼ਾਤ ਤੇ ਖ਼ੁਸ਼ ਹੋਵੇ ਤਾਂ ਉਸ ਦਾ ਪ੍ਰਗਟਾਅ ਉਸ ਦੇ ਚਿਹਰੇ ਤੋਂ ਜਾਂ ਉਸ ਦੀ ਪਹਿਨੀ ਹੋਈ ਪੁਸ਼ਾਕ ਤੋਂ ਵੀ ਲੱਗ ਜਾਂਦਾ ਹੈ। ਇਸੇ ਤਰ੍ਹਾਂ ਜੇ ਮਨੁੱਖ ਕਿਸੇ ਰੋਗ ਦਾ ਸ਼ਿਕਾਰ ਹੋਵੇ ਤਾਂ ਉਸ ਦਾ ਪ੍ਰਗਟਾਅ ਵੀ ਉਸ ਦਾ ਲਿਬਾਸ ਜਾਂ ਚਿਹਰਾ ਪ੍ਰਗਟ ਕਰ ਦਿੰਦਾ ਹੈ। ਹਉਮੈ ਜਾਂ ਹੰਕਾਰ ਵੀ ਇਕ ਦੀਰਘ ਰੋਗ ਹੈ, ਜਿਸ ਦਾ ਪ੍ਰਗਟਾਅ ਉਸ ਦੀ ਚਾਲ, ਉਸ ਦੀ ਬੋਲੀ ਤੇ ਉਸ ਦੀ ਪੁਸ਼ਾਕ ਤੋਂ ਹੋ ਜਾਂਦਾ ਹੈ। ਇੱਥੋਂ ਤੱਕ ਕਿ ਉਸ ਦੇ ਸਿਰ ’ਤੇ ਸਜਾਈ ਹੋਈ ਦਸਤਾਰ ਵੀ ਉਸ ਦੇ ਹਉਮੈ ਦਾ ਪ੍ਰਗਟਾਅ ਕਰ ਦੇਂਦੀ ਹੈ। ਉਸ ਦੇ ਪੱਗ ਬੰਨ੍ਹਣ ਦਾ ਤਰੀਕਾ ਵੱਖਰਾ ਹੋਏਗਾ। ਭਗਤ ਕਬੀਰ ਜੀ ਫ਼ੁਰਮਾਉਂਦੇ ਹਨ ਕਿ ਅਜਿਹੇ ਹੰਕਾਰੀ ਮਨੁੱਖ ਦੀ ਪੱਗ ਵੱਖਰੀ ਕਿਸਮ ਦੀ ਭਾਵ ਟੇਡੀ ਜਿਹੀ ਹੁੰਦੀ ਹੈ, ਜੋ ਹਉਮੈ ਦਾ ਪ੍ਰਗਟਾਅ ਕਰਦੀ ਹੈ। ਆਪ ਜੀ ਦਾ ਫ਼ੁਰਮਾਨ ਹੈ ‘‘ਟੇਢੀ ਪਾਗ ਟੇਢੇ ਚਲੇ; ਲਾਗੇ ਬੀਰੇ ਖਾਨ ਭਾਉ ਭਗਤਿ ਸਿਉ ਕਾਜੁ ਕਛੂਐ; ਮੇਰੋ ਕਾਮੁ ਦੀਵਾਨ ਰਾਮੁ ਬਿਸਾਰਿਓ ਹੈ; ਅਭਿਮਾਨਿ (ਕਾਰਨ) ਕਨਿਕ ਕਾਮਨੀ ਮਹਾ ਸੁੰਦਰੀ; ਪੇਖਿ ਪੇਖਿ ਸਚੁ ਮਾਨਿ ਰਹਾਉ ’’ (ਭਗਤ ਕਬੀਰ/੧੧੨੪)

ਪ੍ਰੋ: ਸਾਹਿਬ ਸਿੰਘ ਜੀ ਇਸ ਦੇ ਅਰਥ ਕਰਦੇ ਹੋਏ ਲਿਖਦੇ ਹਨ ਕਿ ਮਨੁੱਖ ਹੰਕਾਰ ਵਿੱਚ ਵਿੰਗੀ ਪੱਗ ਬੰਨ੍ਹਦਾ ਹੈ, ਆਕੜ ਕੇ ਤੁਰਦਾ ਹੈ, ਪਾਨ ਦੇ ਬੀੜੇ ਖਾਂਦਾ ਹੈ। ਉਹ ਆਖਦਾ ਹੈ ਕਿ ਮੇਰਾ ਕੰਮ ਹੁਕਮ ਚਲਾਉਣਾ ਹੈ। ਮਨੁੱਖ ਹੰਕਾਰ ਵਿੱਚ ਆ ਕੇ ਪ੍ਰਮਾਤਮਾ ਨੂੰ ਭੁਲਾ ਦਿੰਦਾ ਹੈ। ਇਹ ਹੰਕਾਰ ਦਾ ਪੜਦਾ ਮਨੁੱਖ ਨੂੰ ਸਾਰੀ ਉਮਰ ਪ੍ਰਮਾਤਮਾ ਨਾਲ ਮਿਲਾਪ ਨਹੀਂ ਹੋਣ ਦਿੰਦਾ।

ਮਨੁੱਖ ਜਿਹਨਾਂ ਚੀਜ਼ਾਂ ਦਾ ਹੰਕਾਰ ਕਰਦਾ ਹੈ ਉਹ ਖ਼ੁਦ ਹੀ ਥੋੜ੍ਹ ਚਿਰੀਆਂ ਹਨ। ਫਿਰ ਮਨੁੱਖ ਦਾ ਹੰਕਾਰ ਇਹਨਾਂ ਉੱਤੇ ਸਦੀਵੀ ਕਿਵੇਂ ਟਿਕ ਸਕਦਾ ਹੈ ? ਇਸ ਲਈ ਗੁਰਬਾਣੀ ਸਾਡੀ ਅਗਵਾਈ ਕਰਦੀ ਹੋਈ ਸਾਨੂੰ ਸਮਝਾਉਂਦੀ ਹੈ ਕਿ ਗੁਰੂ ਦੇ ਦੱਸੇ ਰਾਹ ’ਤੇ ਚੱਲ ਕੇ ਆਪਣਾ ਜੀਵਨ ਸਫਲ ਕਰੋ। ਗੁਰੂ ਅਮਰਦਾਸ ਜੀ ਦਾ ਫ਼ੁਰਮਾਨ ਹੈ ‘‘ਗੁਰਸਿਖ ਮੀਤ ! ਚਲਹੁ ਗੁਰ ਚਾਲੀ ਜੋ ਗੁਰੁ ਕਹੈ, ਸੋਈ ਭਲ ਮਾਨਹੁ; ਹਰਿ ਹਰਿ ਕਥਾ ਨਿਰਾਲੀ ਰਹਾਉ ’’ (ਮਹਲਾ /੬੬੭)

ਹੰਕਾਰ ਦਾ ਤਿਆਗ ਕਰਕੇ ਗੁਰੂ ਪਿਆਰ ਨੂੰ ਹਾਸਲ ਕਰਨ ਵਾਲੇ ਮਨੁੱਖ ਵਿਰਲੇ ਹੀ ਹੁੰਦੇ ਹਨ, ਨਹੀਂ ਤਾਂ ਬਹੁਤੇ ਮਨੁੱਖ ਹੰਕਾਰੀ ਹੀ ਮਿਲਦੇ ਹਨ। ਮਨੁੱਖ, ਹਉਮੈ ਅੰਦਰ ਵੀ ਕੰਮ ਤਾਂ ਸਾਰੇ ਹੀ ਚੰਗੇ ਕਰਦਾ ਹੈ ਪਰ ਇਹਨਾਂ ਕੰਮਾਂ ਵਿੱਚ ਰਲਿਆ ਹੋਇਆ ਹਉਮੈ ਦਾ ਅੰਸ਼ ਚੰਗੇ ਕੰਮਾਂ ਨੂੰ ਵੀ ਮਾੜਾ ਬਣਾ ਦਿੰਦਾ ਹੈ। ਜਿਵੇਂ ਕੋਈ ਬਹੁਤ ਮਿਹਨਤ ਕਰਕੇ ਦੁੱਧ ਪ੍ਰਾਪਤ ਕਰਦਾ ਹੈ ਪਰ ਉਸ ਦੁੱਧ ਵਿੱਚ ਕੁੱਝ ਬੂੰਦਾਂ ਹਉਮੈ ਰੂਪੀ ਕਾਂਜੀ ਦੀਆਂ ਪੈ ਜਾਣ ਤਾਂ ਉਹ ਸਾਰੇ ਦੁੱਧ ਨੂੰ ਬਰਬਾਦ ਕਰ ਦਿੰਦੀਆਂ ਹਨ। ਇਸ ਤਰ੍ਹਾਂ ਹਊਮੈ ਕੁੱਝ ਚੰਗੇ ਕੰਮ ਕੀਤਿਆਂ ਨੂੰ ਵੀ ਬਰਬਾਦ ਕਰ ਦਿੰਦੀ ਹੈ। ਧਰਮ ਦੇ ਕਰਮ ਕਰਕੇ ਵੀ ਮਨੁੱਖ ਅਧਰਮੀ ਬਣ ਜਾਂਦਾ ਹੈ। ਗੁਰੂ ਤੇਗ ਬਹਾਦਰ ਜੀ ਦਾ ਫ਼ੁਰਮਾਨ ਹੈ ‘‘ਤੀਰਥ ਬਰਤ ਅਰੁ ਦਾਨ ਕਰਿ; ਮਨ ਮੈ ਧਰੈ ਗੁਮਾਨੁ ਨਾਨਕ ! ਨਿਹਫਲ ਜਾਤ ਤਿਹ; ਜਿਉ ਕੁੰਚਰ ਇਸਨਾਨੁ ੪੬’’ (ਮਹਲਾ /੧੪੨੮)

ਜਿਸ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ ਹਉਮੈ ਨੂੰ ਪਹਿਚਾਣ ਕੇ ਮਨ ਵਿੱਚੋਂ ਕੱਢ ਦਿੱਤਾ, ਉਹ ਮਨੁੱਖ ਹੀ ਅਸਲ ਵਿੱਚ ਮੁਕਤ ਹੈ। ਗੁਰੂ ਤੇਗ ਬਹਾਦਰ ਜੀ ਫ਼ੁਰਮਾਉਂਦੇ ਹਨ ‘‘ਜਿਹਿ ਪ੍ਰਾਨੀ ਹਉਮੈ ਤਜੀ; ਕਰਤਾ ਰਾਮੁ ਪਛਾਨਿ ਕਹੁ ਨਾਨਕ ! ਵਹੁ ਮੁਕਤਿ ਨਰੁ; ਇਹ ਮਨ  ! ਸਾਚੀ ਮਾਨੁ ੧੯’’ (ਮਹਲਾ /੧੪੨੭)

ਹਉਮੈ ਪ੍ਰਭੁ ਮਿਲਾਪ ਲਈ ਇਕ ਵੱਡੀ ਰੁਕਾਵਟ ਹੈ। ਪ੍ਰਭੂ ਮਿਲਾਪ ਲਈ ਲਗਭਗ ਹਰ ਧਰਮ ਨੇ ਦੋ ਸਿਧਾਂਤ ਲਾਜ਼ਮੀ ਦੱਸੇ ਹਨ। ਉਹ ਹਨ ਸੇਵਾ ਤੇ ਸਿਮਰਨ। ਹਉਮੈ ਇਹਨਾਂ ਦੋਹਾਂ ਨੂੰ ਪੂਰਾ ਨਹੀਂ ਹੋਣ ਦਿੰਦੀ। ਹਉਮੈ; ਸੇਵਾ ਤੇ ਸਿਮਰਨ ਨੂੰ ਰੋਕਦੀ ਨਹੀਂ ਪਰ ਸਾਕਾਰ ਵੀ ਨਹੀਂ ਹੋਣ ਦਿੰਦੀ। ਗੁਰੂ ਅੰਗਦ ਦੇਵ ਜੀ ਦੇ ਸਮੇਂ ਭਾਈ ਮਾਹਣੇ ਨੂੰ ਗੁਰੂ ਘਰ ਦੀ ਸੇਵਾ ਕਰਦਿਆਂ ਕਰਦਿਆਂ ਅਹੰਕਾਰ ਹੋ ਗਿਆ। ਗੁਰੂ ਸਾਹਿਬ ਨੇ ਉਸ ਨੂੰ ਸਮ-ਦ੍ਰਿਸ਼ਟੀ ਅਪਣਾਉਣ ਤੇ ਨਿਮਰਤਾ ਵਿੱਚ ਰਹਿ ਕੇ ਸੇਵਾ ਕਰਨ ਦਾ ਉਪਦੇਸ਼ ਦਿੱਤਾ। ਇਸ ਸਿੱਖਿਆ ਨੂੰ ਗੁਰਦੁਆਰਿਆਂ ਦੇ ਸੇਵਾਦਾਰਾਂ ਤੇ ਪ੍ਰਬੰਧਕਾਂ ਨੂੰ ਆਪਣੇ ਹਿਰਦੇ ਵਿੱਚ ਵਸਾਉਣ ਦੀ ਲੋੜ ਹੈ।

ਜਦੋਂ ਗੁਰੂ ਅਰਜਨ ਦੇਵ ਜੀ ਨੇ ‘ਆਦਿ ਬੀੜ’ ਦੀ ਸੰਪਾਦਨਾ ਕੀਤੀ ਤਾਂ ਕੁੱਝ ਅਖੌਤੀ ਭਗਤ ਤੇ ਕਵੀ ਕਾਹਨਾ, ਪੀਲੂ ਤੇ ਛੱਜੂ ਵੀ ਆਪਣੀ ਰਚਨਾ ਲੈ ਕੇ ਗੁਰੂ ਦਰਬਾਰ ਵਿੱਚ ਹਾਜ਼ਰ ਹੋਏ। ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਕਾਹਨੇ ਨੂੰ ਆਪਣੀ ਰਚਨਾ ਸਣਾਉਣ ਲਈ ਕਿਹਾ। ਉਸ ਨੇ ਪਹਿਲੀ ਪੰਕਤੀ ਇਹ ਪੜ੍ਹੀ ‘ਓਹੀ ਰੇ ਮੈ ਓਹੀ ਰੇ, ਜਾ ਕਉ ਵੇਦ ਪੁਰਾਨ ਜਸ ਗਾਵੈ, ਖੋਜ ਦੇਖਉ ਮਤ ਕੋਈ ਰੇ।’

ਗੁਰੂ ਸਾਹਿਬ ਨੇ ਇਹ ਸੁਣ ਕੇ ਅੱਗੋਂ ਹੋਰ ਕੁੱਝ ਸੁਣਾਉਣ ਤੋਂ ਨਾ ਕਰ ਦਿੱਤੀ ਤੇ ਕਿਹਾ ਕਿ ਇਹ ਰਚਨਾ ਗੁਰਬਾਣੀ ਦੇ ਸਿਧਾਂਤਾਂ ਨਾਲ ਮੇਲ ਨਹੀਂ ਖਾਂਦੀ ਕਿਉਂਕਿ ਇਸ ਵਿੱਚ ਤੇਰੀ ਅੰਦਰਲੀ ਹਉਮੈ ਝਲਕਦੀ ਹੈ।

ਸੋ ਅਸੀਂ ਇਸ ਸਿੱਟੇ ’ਤੇ ਪਹੁੰਚਦੇ ਹਾਂ ਕਿ ਹਉਮੈ ਅੰਦਰ ਕੀਤੀ ਹੋਈ ਸੇਵਾ ਕਦੀ ਵੀ ਸਫਲ ਨਹੀਂ ਹੋ ਸਕਦੀ। ਗੁਰਬਾਣੀ ਦਾ ਬਚਨ ਹੈ ‘‘ਹਉਮੈ ਵਿਚਿ ਸੇਵਾ ਹੋਵਈ; ਤਾ ਮਨੁ ਬਿਰਥਾ ਜਾਇ ’’ (ਮਹਲਾ /੫੬੦)

ਅਨੇਕਾਂ ਤਰ੍ਹਾਂ ਦੀਆਂ ਤਪੱਸਿਆ ਭਾਵ ਧਾਰਮਿਕ ਕਰਮ ਮਨੁੱਖ ਕਰਦਾ ਹੈ ਪਰ ਹਉਮੈ ਦੀ ਬੁੱਧੀ ਦਾ ਹੀ ਕੈਦੀ ਬਣਿਆ ਰਹਿੰਦਾ ਹੈ। ਗੁਰੂ ਅਰਜਨ ਦੇਵ ਜੀ ਫ਼ੁਰਮਾਉਂਦੇ ਹਨ ‘‘ਪਾਠੁ ਪੜਿਓ ਅਰੁ ਬੇਦੁ ਬੀਚਾਰਿਓ; ਨਿਵਲਿ ਭੁਅੰਗਮ ਸਾਧੇ ਪੰਚ ਜਨਾ ਸਿਉ ਸੰਗੁ ਛੁਟਕਿਓ; ਅਧਿਕ ਅਹੰਬੁਧਿ ਬਾਧੇ ’’ (ਮਹਲਾ /੬੪੧), ਇਸ ਲਈ ਹਉਮੈ ਨੂੰ ਗੁਰਮਤਿ ਨੇ ਦੀਰਘ ਰੋਗ ਮੰਨਿਆ ਹੈ ਪਰ ਲਾ-ਇਲਾਜ ਨਹੀਂ। ਗੁਰੂ ਦੀ ਕਿਰਪਾ ਦੇ ਨਾਲ ਇਹ ਰੋਗ ਦੂਰ ਹੋ ਜਾਂਦਾ ਹੈ। ਧੰਨ ਹਨ ਉਹ ਸਤਸੰਗੀ, ਜਿਹੜੇ ਅਕਾਲ ਪੁਰਖ ਦੀ ਕਿਰਪਾ ਦੇ ਪਾਤਰ ਬਣ ਗਏ ਹਨ ਤੇ ਹਉਮੈ ਨੂੰ ਮਾਰ ਕੇ ਸ਼ਬਦ ਦੀ ਕਮਾਈ ਕੀਤੀ ਹੈ। ਗੁਰੂ ਨਾਨਕ ਸਾਹਿਬ ਜੀ ਦਾ ਫ਼ੁਰਮਾਨ ਹੈ ‘‘ਜਾ ਹਰਿ ਪ੍ਰਭਿ (ਨੇ) ਕਿਰਪਾ ਧਾਰੀ ਤਾ ਹਉਮੈ; ਵਿਚਹੁ ਮਾਰੀ ਸੋ ਸੇਵਕਿ (ਸੇਵਕੀ); ਰਾਮ ਪਿਆਰੀ ਜੋ ਗੁਰ ਸਬਦੀ ਬੀਚਾਰੀ ’’ (ਮਹਲਾ /੮੭੯)

ਹਉਮੈ ਤੋਂ ਛੁਟਕਾਰਾ ਪਾਉਣ ਲਈ ਹੀ ਅਸੀਂ ਹਰ ਰੋਜ਼ ਅਰਦਾਸ ਵਿੱਚ ਇਹ ਮੰਗ ਕਰਦੇ ਹਾਂ ‘ਸਿੱਖਾਂ ਦਾ ਮਨ ਨੀਵਾਂ ਮੱਤ ਉਚੀ।’, ਇਸ ਤਰ੍ਹਾਂ ਹੀ ਪ੍ਰਮਾਤਮਾ ਸਾਡੀ ਮੱਤ ਦਾ ਸਹਾਈ ਹੋਵੇਗਾ ਅਤੇ ਅਸੀਂ ਹਉਮੈ ਤੋਂ ਛੁਟਕਾਰਾ ਪਾ ਸਕਾਂਗੇ।

Most Viewed Posts