28 C
Jalandhar
Wednesday, April 22, 2026
spot_img
Home Blog Page 182

ਗੁਰੂ ਗ੍ਰੰਥ ਜੀ ਦੀ ਬੇ-ਅਦਬੀ…..

0

ਗੁਰੂ ਗ੍ਰੰਥ ਜੀ ਦੀ ਬੇ-ਅਦਬੀ…..

ਸ. ਸੁਰਿੰਦਰ ਸਿੰਘ ‘ਖਾਲਸਾ’ ਮਿਉਦ ਕਲਾਂ ਫਤਿਹਾਬਾਦ-094662-66708

‘ਗੁਰੂ ਗ੍ਰੰਥ ਜੀ’ ਦੇ ਪਾਵਨ ਸਰੂਪਾਂ ਦੀ, ਦੁਸ਼ਟ ਦੋਖੀ ਕਰੀ ਜਾਂਦੇ ਏ ਬੇ-ਅਦਬੀ।

ਬਖਸ਼ਿਆ ਨਹੀਂ ਜਾਵੇਗਾ ਇਕ ਵੀ ਦੋਸ਼ੀ, ‘ਸਿਖਾਂ’ ਦੀ ਹਿਸਟਰੀ ਇਹ ਦੱਸਦੀ।

ਇਹ ਕਾਰੇ ਸਰਕਾਰੀ ਏਜੈਂਸੀਆਂ ਦੇ ਨੇ, ਉਹ ਵਰਦੀ ਵਿਚ ਨੇ ਭਾਂਵੇਂ ਬੇ-ਵਰਦੀ।

ਤਾਂ ਹੀ ਤਾਂ ਧਰਨੇ ’ਤੇ ਬੈਠੇ ਸ਼ਾਂਤ ਸਿੱਖਾਂ ’ਤੇ, ਪੁਲੀਸ ਰੱਜ ਰੱਜ ਕੇ ਜ਼ੁਲਮ ਹੈ ਕਰਦੀ।

ਆਉਂਦੇ ਸਾਰ ਲਾਠੀਆਂ ਵਰ੍ਹਾ ਦਿੱਤੀਆਂ, ਨਾਲੇ ਗੋਲੀਆਂ ਦੀ ਬੁਛਾਰ ਕਰ ਦਿੱਤੀ।

ਦੋ ਸਿੰਘਾਂ ਨੂੰ ਸ਼ਹੀਦ ਥਾਂਏਂ ਕਰ ਦਿੱਤੈ, ਨਾਲੇ ਅਨੇਕਾਂ ਹੀ ਕਰ ਦਿੱਤੇ ਹਨ ਜਖਮੀ।

ਰੋਸ ਕਰਦਿਆਂ ਕਾਫੀ ਦਿਨ ਹੋ ਗਏ ਨੇ, ਹਾਲੇ ਕੋਈ ਨਹੀਂ ਪਹੁੰਚਿਆ ਦਰਦੀ।

ਬੇ-ਅਦਬੀ ਦੇ ਦੋਸ਼ੀ ਵੀ ਸਿੱਖ ਹੀ ਬਣਾ ਦਿੱਤੇ, ਸਰਕਾਰ ਨੇ ਕਮਾਲ ਹੀ ਕਰ ਤੀ।

ਆਪੇ ਕਾਤਲ ਆਪ ਹੀ ਜਜ ਬਣ ਬੈਠੇ, ਇੰਨਸਾਫ ਦੀ ਆਸ ਕੌਮ ਕਿੱਥੋਂ ਕਰਦੀ।

ਏਥੇ ਪੁਲਿਸ, ਪਾਲਤੂ ਐ ਲੀਡਰਾਂ ਦੀ, ਉਨ੍ਹਾਂ ਦੇ ਕਹੇ ’ਤੇ ਹੀ ਕਾਰਵਾਈ ਹੈ ਕਰਦੀ।

ਬਾਈਕਾਟ ਕਰੋ ਲੀਡਰਾਂ ਦੀ ਜਾਤ ਦਾ, ਸਾਡੀਆਂ ਲਾਸ਼ਾਂ ’ਤੇ ਜੋ ਰਾਜਨੀਤੀ ਕਰਦੀ।

ਦਿਖਾਦੋ ਹੱਥ ਕਰਾਰੇ ਇਨ੍ਹਾਂ ਪਾਜੀਆਂ ਨੂੰ, ਪਸੀਨੇ ਆਉਣ ਇਨ੍ਹਾਂ ਨੂੰ ਵਿਚ ਸਰਦੀ।

ਸਿੱਖੀ ਭੇਖ ਦੇਖ ਗੱਦਾਰਾਂ ਨੂੰ ਤਾਜ ਦਿੱਤਾ, ਉਸੇ ਦਾ ਫਲ ਹੀ ਸਿੱਖ ਕੌਮ ਭੁਗਤਦੀ।

ਵਿਵੇਕ ਦਾਨ ਕੌਮ ਹਮੇਸ਼ਾਂ ਮੰਗਦੀ ਐ, ਵੋਟਾਂ ਵੇਲੇ ਵਿਵੇਕ ਕਿਉਂ ਨਹੀਂ ਵਰਤਦੀ।

ਅੱਤ ਹੋ ਗਈ ਸਿੱਖ ਕੌਮੇ ਜਾਗ ਹੁਣ ਤਾਂ, ਆਲਸ ਫੜ੍ਹ ਲਈ ਤੂੰ ਜਮਾਨੇ ਭਰ ਦੀ।

ਸਾਡੀ ਗਫਲਤ ਨੇ ਆਹ ਦਿਨ ਦਿਖਾ ਦਿੱਤੇ, ਸ਼ੈਤਾਨ ਜੁੰਡਲੀ ਰਾਜ ਸਾਡੇ ’ਤੇ ਕਰਦੀ।

ਥੋੜ੍ਹਾ ਜਾਗੇ ਬੇਦੋਸ਼ੇ ਸਿੰਘ ਰਿਹਾਅ ਹੋ ਗਏ, ਲੋਕਾਂ ਦੇ ਰੋਹ ਤੋਂ ਹੀ ਸਰਕਾਰ ਡਰਦੀ।

ਗੁਰੂ ਗ੍ਰੰਥ ਜੀ ਦੇ ਦੋਸ਼ੀ ਫੜਣੇ ਬਾਕੀ ਨੇ, ਦੇਖੋ ਸੀ. ਬੀ. ਆਈ. ਕੀ ਕਾਰਵਾਈ ਕਰਦੀ।

ਜੋਸ਼ ਨੂੰ ਠੰਡਾ ਹੋਣ ਨਾ ਦਿਉ, ਪਰ ਹਰ ਸਿਆਣੀ ਕੌਮ ਹੋਸ਼ ਦਾ ਪੱਲਾ ਨਹੀਂ ਛੱਡਦੀ।

ਪੰਥ ਅੱਗੇ ‘ਸੁਰਿੰਦਰ’ ਇਕ ਅਰਜ ਗੁਜ਼ਾਰੇ, ਇਕੱਠ ਹੋ ਜਾਉ ਇਕ ਮੰਚ ’ਤੇ ਸਾਰੇ।

ਇਕੱਠੇ ਹੋ ਕੋਈ ਬਣਤ ਬਣਾਈਏ, ਪੰਥ ਦੋਖੀਆਂ ਨੂੰ ਬਾਹਰ ਦਾ ਰਾਹ ਦਿਖਾਈਏ।

ਜੇ ਬੇੜੀ ਕੌਮ ਦੀ ਲਾਉਣੀ ਪਾਰ ਸਿੱਖੋ !

0

ਜੇ ਬੇੜੀ ਕੌਮ ਦੀ ਲਾਉਣੀ ਪਾਰ ਸਿੱਖੋ !

ਮੇਜਰ ਸਿੰਘ ‘ਬੁਢਲਾਡਾ’-94176 42327

ਸਿੱਖ ਕੌਮ ਦੇ ਉੱਚ ਆਹੁਦਿਆਂ ’ਤੇ,

‘ਕਾਬਜ਼ ਹੋ ਗਏ ਨੇ ਕੌਮ-ਗ਼ੱਦਾਰ’ ਸਿੱਖੋ !

ਅਸਤੀਫ਼ੇ ਦੇਣ ਲਈ ਇਹਨਾਂ ਮਜਬੂਰ ਕਰਦੋ,

ਐਸਾ ਕਰੋ ਇਹਨਾਂ ਨਾਲ ਵਿਵਹਾਰ ਸਿੱਖੋ !

ਵੇਲਾ ਜਾਗਣ ਦਾ ਜਗਾ ਲਓ ਸਭ ਤਾਂਈ,

ਧੜ੍ਹੇ-ਬੰਦੀਆਂ ਤੋਂ ਆਓ, ਬਾਹਰ ਸਿੱਖੋ !

ਚੰਗੇ-ਮਾੜਿਆ ਦੀ ਤੁਸੀਂ ਪਛਾਣ ਕਰਨੀ,

‘ਮੇਜਰ’ ਜੇ ਬੇੜੀ ਕੌਮ ਦੀ ਲਾਉਣੀ ਪਾਰ ਸਿੱਖੋ !

ਪੱਥਰਾਂ ਵਿਚ ਨਾ ਸਿੱਖੀ ਗਵਾਚ ਜਾਏ

0

ਪੱਥਰਾਂ ਵਿਚ ਨਾ ਸਿੱਖੀ ਗਵਾਚ ਜਾਏ

ਸ: ਸੁਰਿੰਦਰ ਸਿੰਘ ‘‘ਖ਼ਾਲਸਾ” ਮਿਉਂਦ ਕਲਾਂ, ਫਤਿਹਾਬਾਦ,
ਮੋਬਾ: 97287 43287, 94662 66708

ਪੈਸਾ ਲਾ ਲਿਆ ਬਹੁਤ ਗੁਰਦੁਆਰਿਆਂ ਤੇ, ਆਉ ਸਿੱਖੀ ਦੀ ਕੁਝ ਸੰਭਾਲ ਕਰੀਏ।

ਬਾਣੀ ਉਦੇਸ਼ ਦਾ ਸਾਰੇ ਪ੍ਰਸਾਰ ਕਰੀਏ, ਗੁਰਮੁੱਖ ਰੂਹਾਂ ਦੀ ਕਿਤਿਉਂ ਭਾਲ ਕਰੀਏ।

ਨਿਸ਼ਾਨ ਝੂਲਦੇ ਨੇ ਅੱਜ ਬਹੁਤ ਉੱਚੇ, ਉੱਚਾ ਅਪਣਾ ਕੁਝ ਕਿਰਦਾਰ ਕਰੀਏ।

ਕਲਸ਼ ਸੋਨੇ ਦੇ ਗੁਰੂ ਘਰ ਚਮਕਦੇ ਨੇ, ਸਿੱਖਾਂ ’ਚੋਂ ਅਗਿਆਨ ਦਾ ਦੂਰ ਅੰਧਿਆਰ ਕਰੀਏ।

ਪੱਥਰ’ ਢੋਅ ਲਿਆ ਮੁਕਰਾਨੇ ਦਾ ਬਹੁਤ ਸਾਰਾ, ਸੀਮਿੰਟ ਸਰੀਆ ਨਾ ਹੋਰ ਬਰਬਾਦ ਕਰੀਏ।

ਗੁਰੂ ਘਰਾਂ ਦੇ ਪ੍ਰਬੰਧਕੋ ਇਕ ਬੇਨਤੀ ਹੈ, ਸਿੱਖ ਫੁੱਲਵਾੜੀ ਨੂੰ ਫੇਰ ਆਬਾਦ ਕਰੀਏ।

‘ਪੱਥਰਾਂ’ ਵਿਚ ਨਾ ‘ਸਿੱਖੀ’ ਗਵਾਚ ਜਾਏ, ‘ਸਿੱਖੀ’ ਸਿੱਖਿਆ ਗੁਰ ਵੀਚਾਰ ਕਰੀਏ।

‘ਗੁਰਮਤਿ ਗਿਆਨ’ ਮਨਾਂ ’ਚ ਵਸਾ ਲਈਏ, ਲੋੜਵੰਦਾਂ ਦੀ ਸੇਵਾ ਅਖਿਤਿਆਰ ਕਰੀਏ।

ਮੂੰਹ ਗਰੀਬ ਦਾ, ਗੋਲਕ ਗੁਰੂ ਦੀ, ਇਸ ਉਪਦੇਸ਼ ਦਾ ਹਮੇਸ਼ਾ ਧਿਆਨ ਧਰੀਏ।

ਹਰ ਗੁਰੂ-ਘਰ ਨਾਲ ਹੋਵੇ ਦਵਾਖਾਨਾ, ਸਕੂਲ਼ ਕਾਲਜਾਂ ਰਾਹੀਂ ਕੁਝ ਗਿਆਨ ਕਰੀਏ।

‘ਕਾਰ-ਸੇਵਾ’ ਰਾਹੀਂ ਮੇਟ ਨਿਸ਼ਾਨੀਆਂ ਨੂੰ, ਸਿੱਖ ਵਿਰਾਸਤ ਦਾ ਨਾ ਘਾਣ ਕਰੀਏ।

ਪੈਸਾ ਕੌਮ ਦਾ, ਨੁਕਸਾਨ ਵੀ ਕੌਮ ਦਾ, ਇਹ ਨਾ ਹੋਵੇ, ਕੁਝ ਧਿਆਨ ਕਰੀਏ।

ਬਿਲਡਿੰਗਾਂ ਗੁਰੂ ਘਰਾਂ ਦੀਆਂ ਬਹੁਤ ਬਣ ਗਈਆਂ, ਏਥੇ ਆਉਣ ਵਾਲੇ ਵੀ ਕੁਝ ਤਿਆਰ ਕਰੀਏ।

‘ਸੁਰਿੰਦਰ’ ਵਾਪਸ ਮੋੜ ਗੁਰੂ ਤੋਂ ਟੁੱਟਿਆਂ ਨੂੰ, ਪੰਥ ’ਚ ਰਲਾ ਕੇ ਫੇਰ ਸਰਦਾਰ ਕਰੀਏ।

ਕੀ ਤੁਸੀਂ ਜਾਣਦੇ ਹੋ ?

0

ਕੀ ਤੁਸੀਂ ਜਾਣਦੇ ਹੋ ?

(1). ਚੰਦ ਤੋਂ ਰੋਸ਼ਨੀ ਪ੍ਰਿਥਵੀ ’ਤੇ 1.26 ਸੈਕੰਡ ਵਿਚ ਪਹੁੰਚਦੀ ਹੈ।

(2). ਸੂਰਜ ਤੋਂ ਰੋਸ਼ਨੀ ਪ੍ਰਿਥਵੀ ’ਤੇ 8 ਮਿੰਟ 17 ਸੈਕਿੰਡ ਵਿਚ ਪਹੁੰਚਦੀ ਹੈ।

(3). ਪਲੂਟੋ ਗ੍ਰਹਿ ਤੋਂ ਰੋਸ਼ਨੀ ਪ੍ਰਿਥਵੀ ’ਤੇ 5 ਘੰਟੇ 20 ਮਿੰਟ ਵਿਚ ਪਹੁੰਚਦੀ ਹੈ।

(4). ਵੱਡੇ ਤੋਂ ਵੱਡੇ ਸ਼ੇਰ ਦਾ ਵਜ਼ਨ 150 ਤੋਂ 250 ਕਿਲੋ ਦੇ ਦਰਮਿਆਨ ਹੁੰਦਾ ਹੈ।

(5). X-ray ਦੀ ਖੋਜ 1895 ਈ. ਵਿਚ ਵਿਲਿਅਮ ਰੋਂਟਗਨ ਨੇ ਕੀਤੀ।

(6). ਸਭ ਤੋਂ ਪਹਿਲਾਂ ਟੀ.ਵੀ. ਦੀ ਖੋਜ ਇੰਗਲੈਂਡ ਵਿਚ 1936 ਵਿਚ ਹੋਈ।

(7). ਛਿਪਕਲੀ ਪਾਣੀ ’ਤੇ ਵੀ ਤੇਜ਼ ਚੱਲ ਸਕਦੀ ਹੈ।

ਪੇਸ਼ਕਸ਼ : ਬੱਚੀ ਗਗਨਦੀਪ ਕੌਰ

ਸਾਧ ਦੇ ਭੇਸ ’ਚ ਬੁੱਕਲ ਦੇ ਸੱਪ ਦੇਖੇ

0

ਸਾਧ ਦੇ ਭੇਸ ’ਚ ਬੁੱਕਲ ਦੇ ਸੱਪ ਦੇਖੇ

ਪੁੱਤ ਵਾਰ ਕੇ ਬਣਾਏ ਸੀ ਪੁੱਤ ਜਿਹੜੇ, ਅੱਜ ਸਿੰਘ ਸਜਣ ਤੋਂ, ਕੰਨੀ ਕਤਰਾਂਵਦੇ ਨੇ।

ਬ੍ਰਹਮ ਗਿਆਨੀ ਜਾਂ, ਸਿੱਧੇ ਸੰਤ ਸਜ ਕੇ, ਸੰਤ ਸਮਾਜ ਹੀ ਵੱਖਰਾ ਬਣਾਂਵਦੇ ਨੇ।

ਹਜ਼ਾਰਾਂ ਸਾਧ ਪੰਜਾਬ ’ਚ, ਖੁੰਬਾਂ ਵਾਂਗ ਉਗਦੇ, ਬਰਾਬਰ ਗੁਰੂ ਘਰ ਦੇ, ਡੇਰੇ ਬਣਾਂਵਦੇ ਨੇ।

ਰਹਿਤ ਮਰਯਾਦਾ ਨਾ, ਡੇਰੇ ’ਚ ਵੜਨ ਦਿੰਦੇ, ਸਿੱਖੀ ਸਿਧਾਂਤਾਂ ਦੀਆਂ ਧੱਜੀਆਂ ਉਡਾਂਵਦੇ ਨੇ।

ਧਰਮ ਦੇ ਨਾਂ ਤੇ, ਭਰਮਾਂ ’ਚ ਪਾ ਲੈਂਦੇ, ਭਗਵਾਂ ਸਿੱਖੀ ਨੂੰ ਰੰਗ ਚੜ੍ਹਾਂਵਦੇ ਨੇ।

ਗੁਰੂ ਗ੍ਰੰਥ ਜੀ, ਡੇਰੇ ਪ੍ਰਕਾਸ਼ ਕਰਕੇ, ਆਪ ਗੱਦੀਆਂ ਲਾ ਕੇ, ਮੱਥੇ ਟਿਕਾਂਵਦੇ ਨੇ।

ਬਿਪਰਵਾਦੀ ਰੀਤ, ਜਹਾਨ ਦੀ ਨਹੀਂ ਛੱਡਦੇ, ਗੁਰੂ ਦੀ ਹਜ਼ੂਰੀ ’ਚ ਸਭ ਕਰਵਾਂਵਦੇ ਨੇ।

ਖੰਡਨ ਜਿਸ ਗੁਰਾਂ ਨੇ, ਕੀਤਾ ਸੀ ਆਰਤੀ ਦਾ, ਥਾਲ ਦੀਵਿਆਂ ਦਾ, ਉਸ ਅੱਗੇ ਘੁਮਾਂਵਦੇ ਨੇ।

ਸਾਧ ਦੇ ਭੇਸ ’ਚ, ਬੁੱਕਲ ਦੇ ਸੱਪ ਦੇਖੇ, ਜੋ ਸਿੱਖੀ ਸਿਧਾਂਤ ’ਤੇ ਡੰਗ ਚਲਾਂਵਦੇ ਨੇ।

ਵਿਚਾਰ ਬਾਣੀ ਦੀ, ਗੁਰੂ ਘਰ ਅੰਦਰ, ਪ੍ਰਚਾਰਕ ਸੰਗਤ ਨੂੰ, ਜਦੋਂ ਸੁਣਾਂਵਦੇ ਨੇ।

ਆ ਕੇ ਸਟੇਜ ’ਤੇ, ਬਰਾਬਰ ਡੇਰੇਦਾਰ ਬਾਬੇ, ਇਲਾਕਾ ਲੀਡਰਾਂ ਤੋਂ, ਮੱਥੇ ਟਿਕਾਂਵਦੇ ਨੇ।

ਸੱਚ ਇਹਨਾਂ ਦੇ, ਗਲੇ ’ਚ ਫਸ ਜਾਂਦਾ, ਬਚਨ ਮੂਲ ਨਾ ਬਾਣੀ ਦੇ ਭਾਂਵਦੇ ਨੇ।

ਪ੍ਰਚਾਰਕ ਵੀਰ ਜਦੋਂ, ਸੱਚ ਬਿਆਨ ਕਰਦਾ, ਚੇਲੇ ਚੇਲੀਆਂ ਸਣੇ, ਕੂੜੇ ਜਲ ਜਾਂਵਦੇ ਨੇ।

ਗੱਲ ਦਲੀਲ ਨਾਲ, ਪ੍ਰਚਾਰਕ ਦੇ ਨਹੀਂ ਕਰਦੇ, ਸਗੋਂ ਗੁੰਡਿਆਂ ਤੋਂ, ਹਮਲਾ ਕਰਵਾਂਵਦੇ ਨੇ।

ਕੀਤੇ ਲਹੂ ਲੁਹਾਣ, ਨਰੈਣੂ ਦੇ ਵਾਰਸਾਂ ਨੇ, ਕਕਾਰ ਦਸਤਾਰ ਵੀ, ਸਿੱਖਾਂ ਦੀ ਲਾਂਵਦੇ ਨੇ।

ਪ੍ਰਚਾਰ ਆਪਣੇ ਘਰ, ਜਾਂ ਗੁਰੂ ਘਰਾਂ ਅੰਦਰ, ਗੁਰਮਤਿ ਪ੍ਰਚਾਰਕਾਂ ਤੋਂ, ਸਿੱਖੀ ਕਰਾਵਣਾ ਏ।

ਫਸੇ ਡੇਰੇਦਾਰਾਂ ਦੇ ਭਰਮਜਾਲ ਵਿਚੋਂ, ਗੁਰੂ ਦੇ ਗਿਆਨ ਨੇ ਬਾਹਰ ਕਢਾਵਣਾ ਏ।

ਬੱਚਿਆਂ ਦੇ ਮੂੰਹ ’ਚੋਂ ਦੁੱਧ ਘਿਓ ਖੋਹ ਕੇ, ਮਨਮਤੀ ਸਾਧਾਂ ਨੂੰ ਨਾ ਚੜ੍ਹਾਓ ਸਿੱਖੋ

ਸ਼ਰਧਾ ਗਿਆਨ ਵਿਹੂਣੀ, ਕੌਡੀ ਦੇ ਕੰਮ ਨਹੀਉਂ, ਸਾਂਝ ਬਾਣੀ ਨਾਲ, ਅੱਜ ਤੋਂ ਪਾਓ ਸਿੱਖੋ।

ਛੱਡ ਕੇ ਡੇਰੇਦਾਰਾਂ ਨੂੰ ਗੁਰੂ ਦੇ ਪੁੱਤ ਬਣ ਜੋ, ਸਿੱਧੇ ਗੁਰੂ ਦੇ ਦਰ ਤੇ ਆ ਜਾਓ ਸਿੱਖੋ।

ਬਾਣੀ ਆਪ ਪੜ੍ਹ ਕੇ, ਸਮਝ ਵਿਚਾਰ ਕਰੀਏ, ‘ਕਰਮਜੀਤ’ ਬੱਚਿਆਂ ਨੂੰ ਵੀ, ਬਾਣੀ ਪੜ੍ਹਾਓ ਸਿੱਖੋ।

ਕਰਮਜੀਤ ਸਿੰਘ ਬਿੰਜਲ, ਮੋਬਾ: 9876574960, ਜਿਲ੍ਹਾ ਜਥੇਦਾਰ, ਏਕ ਨੂਰ ਖ਼ਾਲਸਾ ਫੌਜ, ਲੁਧਿਆਣਾ

ਝਿਮਝਿਮ ਸਾਵਣ ਆਇਆ, ਗ਼ਰਮੀ ਤੋਂ ਛੁਟਕਾਰਾ ਪਾਇਆ।

0

ਝਿਮਝਿਮ ਸਾਵਣ ਆਇਆ, ਗ਼ਰਮੀ ਤੋਂ ਛੁਟਕਾਰਾ ਪਾਇਆ।

ਬੀਬੀ ਅਮਰ ਕੌਰ

ਘਨਘੋਰ ਬੱਦਲ ਗਰਜੇ, ਸਭਨਾਂ ਨੂੰ ਬਹੁਤ ਚਹਿਕਾਇਆ।

ਛਮਛਮ ਬੱਦਲ ਵਰਸੇ, ਪਿਆਸੀ ਧਰਤੀ ਨੂੰ ਤ੍ਰਿਪਤਾਇਆ।

ਗ਼ਰਮੀ ਬਹੁਤ ਸਤਾਇਆ, ਸਾਵਣ ਸ਼ਾਂਤੀ ਲੈ ਕੇ ਆਇਆ।

ਡੱਡੂਆਂ ਰੌਲਾ ਪਾਇਆ, ਫਸਲਾਂ ਨੂੰ ਇਸ ਰਜਾਇਆ।

ਮੋਰ ਪਾਉਂਦੇ ਪੈਲ੍ਹਾਂ, ਕੋਇਲਾਂ ਨੇ ਗੀਤ ਸੁਣਾਇਆ।

ਚੁਫੇਰੇ ਹੋਈ ਹਰਿਆਵਲ, ਵਾਤਾਵਰਣ ਹੈ ਮੁਸਕਾਇਆ।

ਝਿਮਝਿਮ ਸਾਵਣ ਆਇਆ, ਗ਼ਰਮੀ ਤੋਂ ਛੁਟਕਾਰਾ ਪਾਇਆ।

ਗ਼ਰੀਬਾਂ ਲਈ ਸਾਵਣ, ਮੁਸੀਬਤਾਂ ਦਾ ਪਹਾੜ ਲਿਆਵੇ,

ਬਿਮਾਰੀਆਂ ਨਾਲ ਘਿਰਦੇ, ਰੋਟੀ ਦੀ ਚਿੰਤਾ ਸਤਾਵੇ।

ਸਾਵਣ ਸੁਕਾ ਲੰਘੇ, ਸਭਨਾਂ ਨੂੰ ਬਹੁਤ ਕਲਪਾਵੇ,

ਪਾਣੀ ਲਈ ਤਰਸਦੇ, ਮਨੁੱਖ ਅੰਨ੍ਹੇਵਾਹ ਰੁੱਖ ਕਟਾਵੇ।

ਮਨੁੱਖੀ ਕਾਰਿਆਂ ਨਾਲ, ਕੁਦਰਤ ਦੀ ਕ੍ਰੋਪੀ ਆਈ,

ਮਨੁੱਖ ਨਾ ਸਮਝਿਆ, ਖ਼ਤਮ ਹੋ ਜਾਏਗੀ ਲੋਕਾਈ।

ਵੇਲਾ ਜਿਸ ਸੰਭਾਲਿਆ ਲੋਕੋ, ਫ਼ਲ ਉਸ ਮਿੱਠੜਾ ਪਾਇਆ

ਝਿਮਝਿਮ ਸਾਵਣ ਆਇਆ, ਗ਼ਰਮੀ ਤੋਂ ਛੁਟਕਾਰਾ ਪਾਇਆ।

ਗੁਰੂ-ਘਰ ਇਕ, ਸਮਾਧਾਂ ਨੇ ਚਾਰ ਯਾਰੋ

0

ਗੁਰੂ-ਘਰ ਇਕ, ਸਮਾਧਾਂ ਨੇ ਚਾਰ ਯਾਰੋ

ਜਿਹਨਾਂ ਜ਼ੁਲਮ ਦਾ ਸਾਡੇ ਤੇ ਅੰਤ ਕੀਤਾ,
ਕਬਰਾਂ ਉਹਨਾਂ ਦੀਆਂ ਰਹੇ ਉਸਾਰ ਯਾਰੋ।

ਕੋਈ ਪਾਸਾ ਨਾ ਪਿੰਡ ਦਾ ਰਿਹਾ ਖਾਲੀ,
ਗੁਰੂ-ਘਰ ਇਕ, ਸਮਾਧਾਂ ਨੇ ਚਾਰ ਯਾਰੋ।

ਵਿਹਲੇ, ਨਸ਼ਈ ਬਲੈਕੀਏ ਪੀਰ ਹੋ ਗਏ,
ਬਹਿ ਗਏ ਰੱਬ ਦਾ ਰੂਪ ਅੱਜ ਧਾਰ ਯਾਰੋ।

ਵੀਰਵਾਰ ਨੂੰ ਕਬਰ ’ਤੇ ਢੋਲ ਵੱਜਣ,
ਸਿੱਖ ਭੁੱਲ ਗਏ ਆਸਾ ਦੀ ਵਾਰ ਯਾਰੋ।

ਪਾ ਗਾਤਰੇ ਪੀਰਾਂ ਦੇ ਫਿਰਨ ਭਾਉਂਦੇ,
ਗੋਬਿੰਦ ਸਿੰਘ ਦੇ ਅੱਜ ਸਰਦਾਰ ਯਾਰੋ।

ਸਰਸਾ, ਬਿਆਸ, ਭਨਿਆਰਾ ਦੀ ਗੱਲ ਛੱਡੋ,
‘ਘੁੰਗਰਾਲੀ’ ਹੋ ਗਿਆ ਪੀਰਾਂ ਦਾ ਵਾਰ ਯਾਰੋ।

_ਮਾ: ਜਗਦੇਵ ਸਿੰਘ ‘ਘੁੰਗਰਾਲੀ’ ਮੋਬਾ: 99142-00917

ਕਿਉਂ ਧੀ ਕੁਖ ’ਚ ਕਤਲ ਕਰਾਏਂ ?

0

ਕਿਉਂ ਧੀ ਕੁਖ ’ਚ ਕਤਲ ਕਰਾਏਂ ?

ਹਵਾਲਦਾਰ ਪਰਮਜੀਤ ਸਿੰਘ ITBP
ਬਰੇਲੀ, ਯੂ.ਪੀ. ਫ਼ੋਨ : 09756679593

ਟੁਕੜੇ ਟੁਕੜੇ ਕਰਤੇ ਮੇਰੇ, ਦਿਲ ਵਿਚ ਦਰਦ ਹੋਵੇ ਨਾ ਤੇਰੇ

ਕੈਸੀ ਨਿਰਦਈ ਬਣ ਗਈ ਤੂੰ, ਝੋਰਾ ਦਿਲ ਨੂੰ ਵੱਢ ਵੱਢ ਖਾਏ।

ਮਾਏ ਨੀ ਮਾਏ-ਹਾਏ ? ਤੂੰ ਕਿਉਂ ਧੀ ਕੁੱਖ ’ਚ ਕਤਲ ਕਰਾਏਂ।

ਇਤਿਹਾਸ ਜੱਗ ਦਾ ਦੇਖ ਤੂੰ ਫੋਲ੍ਹ ਕੇ, ਹੱਕ ਆਪਣੇ ਲਈ ਦੇਖ ਤੂੰ ਬੋਲ ਕੇ

ਬਣ ਝਾਂਸੀ ਦੀ ਰਾਣੀ ਤੂੰ, ਤੈਨੂੰ ਫਿਰ ਨਾ ਕੋਈ ਝੁਕਾਏ।

ਮਾਏ ਨੀ ਮਾਏ-ਹਾਏ ? ਤੂੰ ਕਿਉਂ ਧੀ ਕੁੱਖ ’ਚ ਕਤਲ ਕਰਾਏਂ।

ਹਰ ਪਲ ਰਹੇਂ ਪੁੱਤਾਂ ਨੂੰ ਲੋਚਦੀ, ਧੀਆਂ ਬਾਰੇ ਰਹੇ ਮਾੜਾ ਸੋਚਦੀ

ਕੁੜੀਆਂ ਜੇ ਨਾ ਹੋਵਣ ਜੱਗ ਤੇ, ਫਿਰ ਤੂੰ ਨੂੰਹ ਕਿਥੋਂ ਲਿਆਏਂ।

ਮਾਏ ਨੀ ਮਾਏ-ਹਾਏ ? ਤੂੰ ਕਿਉਂ ਧੀ ਕੁੱਖ ’ਚ ਕਤਲ ਕਰਾਏਂ।

ਧੀਆਂ ਮਾਂ-ਬਾਪ ਦਾ ਦੁੱਖ ਵੰਡਾਵਣ, ਪੁੱਤ, ਘਰਾਂ ’ਚ ਪੰਮੇ ਕੰਧਾਂ ਪਾਵਣ

ਚੋਮੋਂ ਵਾਲਿਆ ਧੀ ਪੜ੍ਹ ਲਿਖ ਕੇ, ਦੇਸ਼ ਕੌਮ ਦਾ ਨਾਮ ਚਮਕਾਏ।

ਮਾਏ ਨੀ ਮਾਏ-ਹਾਏ ? ਤੂੰ ਕਿਉਂ ਧੀ ਕੁੱਖ ’ਚ ਕਤਲ ਕਰਾਏਂ।

ਰੱਬ ਸਭ ਵਧੀਆ ਕਰਦੈ

0

ਰੱਬ ਸਭ ਵਧੀਆ ਕਰਦੈ

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਰੱਬ ਤਾਂ ਜੋ ਵੀ ਕਰਦਾ, ਸਭ ਕੁੱਝ ਵਧੀਆ ਕਰਦਾ ਹੈ।
ਬੰਦਾ ਐਵੇਂ ਛੋਟੀ ਛੋਟੀ ਗਲ ਤੇ ਮਰਦਾ ਹੈ।
ਸੱਚ ਦੀ ਰਾਹ ਜੋ ਚਲਦਾ, ਉਸ ਨੁੰ ਭੈ ਕਿਸ ਗੱਲ ਦਾ ਹੈ,
ਝੂਠ, ਫਰੇਬ, ਕਪਟ ਜਿਸ ਦਿਲ ਵਿਚ, ਅੰਦਰੋਂ ਡਰਦਾ ਹੈ।
ਜੋ ਕਾਦਰ ਦੀ ਕੁਦਰਤ ਨੂੰ ਸ਼ੁਧ ਹਿਰਦੇ ਸੰਗ ਚਾਹੇ,
ਕਾਦਰ ਵੀ ਦਿਲ ਖੋਲ੍ਹ ਭੰਡਾਰੇ ਉਸ ਦੇ ਭਰਦਾ ਹੈ।
ਜਿਸ ਦੇ ਦਿਲ ਵਿੱਚ ਪਿਆਰ ਉਮਡਦਾ ਸਦਾ ਲੋਕਾਈ ਦਾ,
ਉਹ ਤਾਂ ਹੈ ਨਿਰਵੈਰ, ਵੈਰ ਕਦ ਦਿਲ ਤੇ ਧਰਦਾ ਹੈ।
ਘੁੱਗ ਜੀਣਾ ਤਾਂ ਰਜ਼ਾ ਉਸ ਦੀ ਵਿੱਚ ਸਦਾ ਰਹਿਣਾ,
ਹੁਕਮ ਉਸੇ ਦਾ ਚਲਦਾ, ਹਰ ਕੋਈ ਰੱਬ ਦਾ ਬਰਦਾ ਹੈ।
ਉਸ ਦਾ ਜਪ ਲੈ ਨਾਮ, ਚੈਨ ਜੇ ਚਿੱਤ ਦਾ ਚਾਹੁੰਦਾ ਹੈਂ,
ਆਉਣ ਜਾਣ ਦਾ ਗੇੜ, ਨਾਮ ਤੋਂ ਟੁੱਟਦਾ ਹਰਦਾ ਹੈ।
ਦਿਲ ਦੀ ਗਲ ਉਸ ਨਾਲ ਕਰੇਂਗਾ ਗਮ ਮਿਟ ਜਾਵਣਗੇ,
ਰੂਹ ਦਾ, ਰੱਬ ਦਾ, ਆਪਸ ਵਿੱਚ ਨਾ ਕੋਈ ਪਰਦਾ ਹੈ।
ਰੱਬ ਤੋਂ ਜਿਹੜਾ ਦੂਰ ਸਦਾ ਹੀ ਘਾਟੇ ਖਾਂਦਾ ਹੈ,
ਜਿਸ ਨੇ ਨਾਮ ਧਿਆਇਆ, ਸਭ ਕੁੱਝ ਉਸ ਦਾ ਬਰਦਾ ਹੈ।
ਰੱਬ ਤਾਂ ਜੋ ਵੀ ਕਰਦਾ ਸਭ ਕੁੱਝ ਵਧੀਆ ਕਰਦਾ ਹੈ।
ਬੰਦਾ ! ਐਵੇਂ ਛੋਟੀ ਛੋਟੀ ਗਲ ਤੇ ਮਰਦਾ ਹੈ।

ਰਾਜਨੀਤੀ

0

ਰਾਜਨੀਤੀ

_ਦੇਵਿੰਦਰ ਸਿੰਘ, ਮੋਬਾ: 98721-77754

ਦੂਜਿਆਂ ਵਾਂਗੂੰ ਤੂੰ ਵੀ ਘੋੜੇ ਭਜਾਈ ਚੱਲ, ਠੱਗੀਆਂ ਧੋਖੇ ਕਰਕੇ ਵਕਤ ਲੰਘਾਈ ਚੱਲ।

ਇਕ ਵੀ ਗੱਲ ਨਾ ਮੰਨੀ ਭਾਵੇਂ ਅਫ਼ਸਰ ਦੀ, ਹਾਂ ਜੀ, ਹਾਂ ਜੀ, ਕਹਿ ਕੇ ਫੂਕ ਛਕਾਈ ਚੱਲ।

ਘਰ ਵਿਚ ਭਾਵੇਂ ਕੁੱਤੇ ਜਿੰਨੀ ਕਦਰ ਨਹੀਂ, ਗੱਪ ਰੇੜ੍ਹ ਕੇ ਬਾਹਰ ਤਾਂ ਟੌਹਰ ਬਣਾਈ ਚੱਲ।

ਇਕੋ ਟਾਇਮ ਦੀ ਰੋਟੀ ਘਰ ਵਿਚ ਪੱਕਦੀ ਨਹੀਂ, ਝੂਠਾਂ ਨਾਲ ਹੀ ਫਾਈਵ ਸਟਾਰ ਵਿਖਾਈ ਚੱਲ।

ਖਾਨਦਾਨ ਦੀ ਕਿਧਰੇ ਪੁੱਛ ਪ੍ਰਤੀਤ ਨਹੀਂ, ਪੀੜ੍ਹੀ ਰਾਜ ਘਰਾਣੇ ਨਾਲ ਰਲਾਈ ਚੱਲ।

ਕਿਸੇ ਦੀ ਚੰਗੀ ਮੰਦੀ ਘੱਟ ਹੀ ਸੁਣਿਆ ਕਰ, ਸਭ ਨੂੰ ਆਪਣਾ ਰਾਗ ਹੀ ਬੱਸ ਸੁਣਾਈ ਚੱਲ।

ਅਮੀਰ ਨਹੀਂ ਬਣਿਆ ਜਾਂਦਾ ਤਨਖਾਹਾਂ ਨਾਲ, ਰਿਸ਼ਵਤ ਵਾਲੀ ਸਾਮੀ ਕੋਈ ਫਸਾਈ ਚੱਲ।

ਜੇ ਇਹ ਗੱਲਾਂ ਸਮਝ ਨਾ ਸਕਿਆ ‘ਦਵਿੰਦਰਾ’ ਤੂੰ, ਧੱਕੇ ਹੀ ਨੇ ਫਿਰ ਧੱਕੇ ਦੀ ਬੱਸ ਖਾਈ ਚੱਲ।

Most Viewed Posts