28 C
Jalandhar
Wednesday, April 22, 2026
spot_img
Home Blog Page 181

ਬੱਸ ਕਰ ਜੀ ਹੁਣ ਬੱਸ ਕਰ ਜੀ

0

ਬੱਸ ਕਰ ਜੀ ਹੁਣ ਬੱਸ ਕਰ ਜੀ– ਬੁੱਲੇ ਸ਼ਾਹ

ਬੱਸ ਕਰ ਜੀ ਹੁਣ ਬੱਸ ਕਰ ਜੀ,
ਇਕ ਬਾਤ ਅਸਾਂ ਨਾਲ ਹੱਸ ਕਰ ਜੀ ।

ਤੁਸੀਂ ਦਿਲ ਮੇਰੇ ਵਿਚ ਵੱਸਦੇ ਹੋ, ਐਵੇਂ ਸਾਥੋਂ ਦੂਰ ਕਿਉਂ ਨੱਸਦੇ ਹੋ,
ਨਾਲੇ ਘੱਤ ਜਾਦੂ ਦਿਲ ਖੱਸਦੇ ਹੋ, ਹੁਣ ਕਿਤ ਵੱਲ ਜਾਸੋ ਨੱਸ ਕਰ ਜੀ ।
ਬੱਸ ਕਰ ਜੀ ਹੁਣ ਬੱਸ ਕਰ ਜੀ ।

ਤੁਸੀਂ ਮੋਇਆਂ ਨੂੰ ਮਾਰ ਨਾ ਮੁੱਕਦੇ ਸੀ, ਖਿੱਦੋ ਵਾਂਙ ਖੂੰਡੀ ਨਿੱਤ ਕੁੱਟਦੇ ਸੀ,
ਗੱਲ ਕਰਦਿਆਂ ਦਾ ਗਲ ਘੁੱਟਦੇ ਸੀ, ਹੁਣ ਤੀਰ ਲਗਾਓ ਕੱਸ ਕਰ ਜੀ ।
ਬੱਸ ਕਰ ਜੀ ਹੁਣ ਬੱਸ ਕਰ ਜੀ ।

ਤੁਸੀਂ ਛਪਦੇ ਹੋ ਅਸਾਂ ਪਕੜੇ ਹੋ, ਅਸਾਂ ਨਾਲ ਜ਼ੁਲਫ ਦੇ ਜਕੜੇ ਹੋ,
ਤੁਸੀਂ ਅਜੇ ਛਪਣ ਨੂੰ ਤਕੜੇ ਹੋ, ਹੁਣ ਜਾਣ ਨਾ ਮਿਲਦਾ ਨੱਸ ਕਰ ਜੀ ।
ਬੱਸ ਕਰ ਜੀ ਹੁਣ ਬੱਸ ਕਰ ਜੀ ।

ਬੁੱਲ੍ਹਾ ਸ਼ੌਹ ਮੈਂ ਤੇਰੀ ਬਰਦੀ ਹਾਂ, ਤੇਰਾ ਮੁੱਖ ਵੇਖਣ ਨੂੰ ਮਰਦੀ ਹਾਂ,
ਨਿੱਤ ਸੌ ਸੌ ਮਿੰਨਤਾਂ ਕਰਦੀ ਹਾਂ, ਹੁਣ ਬੈਠ ਪਿੰਜਰ ਵਿਚ ਧੱਸ ਕਰ ਜੀ ।
ਬੱਸ ਕਰ ਜੀ ਹੁਣ ਬੱਸ ਕਰ ਜੀ ।

 

ਭੱਠ ਨਮਾਜ਼ਾਂ ਤੇ ਚਿਕੜ ਰੋਜ਼ੇ, ਕਲਮੇ ਤੇ ਫਿਰ ਗਈ ਸਿਆਹੀ ।
ਬੁੱਲ੍ਹੇ ਸ਼ਾਹ ਸ਼ਹੁ ਅੰਦਰੋਂ ਮਿਲਿਆ, ਭੁੱਲੀ ਫਿਰੇ ਲੁਕਾਈ ।

ਕੰਬਦੀ ਕਲਾਈ

0

ਕੰਬਦੀ ਕਲਾਈ– ਭਾਈ ਵੀਰ ਸਿੰਘ

ਸੁਪਨੇ ਵਿਚ ਤੁਸੀਂ ਮਿਲੇ ਅਸਾਨੂੰ, ਅਸਾਂ ਧਾ ਗਲਵਕੜੀ ਪਾਈ
ਨਿਰਾ ਨੂਰ ਤੁਸੀਂ ਹੱਥ ਨ ਆਏ, ਸਾਡੀ ਕੰਬਦੀ ਰਹੀ ਕਲਾਈ,

ਧਾ ਚਰਨਾਂ ਤੇ ਸ਼ੀਸ਼ ਨਿਵਾਇਆ, ਸਾਡੇ ਮੱਥੇ ਛੋਹ ਨ ਪਾਈ,
ਤੁਸੀਂ ਉੱਚੇ ਅਸੀਂ ਨੀਵੇਂ ਸਾਂ, ਸਾਡੀ ਪੇਸ਼ ਨ ਗਈਆ ਕਾਈ,

ਫਿਰ ਲੜ ਫੜਨੇ ਨੂੰ ਉੱਠ ਦਉੜੇ, ਪਰ ਲੜ ਉਹ ‘ਬਿਜਲੀ ਲਹਿਰਾ‘
ਉਡਦਾ ਜਾਂਦਾ, ਪਰ ਉਹ ਅਪਣੀ, ਛੁਹ ਸਾਨੂੰ ਗਯਾ ਲਾਈ,

ਮਿੱਟੀ ਚਮਕ ਪਈ ਇਹ ਮੋਈ ਤੇ ਤੁਸੀਂ ਲੂੰਆਂ ਵਿਚ ਲਿਸ਼ਕੇ,
ਬਿਜਲੀ ਕੂੰਦ ਗਈ ਥਰਰਾਂਦੀ, ਹੁਣ ਚਕਾਚੂੰਧ ਹੈ ਛਾਈ ।

ਲਾਈਲੱਗ ਮੋਮਨ ਦੇ ਕੋਲੋਂ, ਖੋਜੀ ਕਾਫ਼ਰ ਚੰਗਾ ।

0

ਲਾਈਲੱਗ ਮੋਮਨ ਦੇ ਕੋਲੋਂ, ਖੋਜੀ ਕਾਫ਼ਰ ਚੰਗਾ । – ਪ੍ਰੋਫ਼ੈਸਰ ਮੋਹਨ ਸਿੰਘ

ਰੱਬ ਇੱਕ ਗੁੰਝਲਦਾਰ ਬੁਝਾਰਤ, ਰੱਬ ਇਕ ਗੋਰਖ-ਧੰਦਾ
ਖੋਲ੍ਹਣ ਲੱਗਿਆਂ ਪੇਚ ਏਸ ਦੇ, ਕਾਫ਼ਰ ਹੋ ਜਾਏ ਬੰਦਾ ।
ਕਾਫ਼ਰ ਹੋਣੋ ਡਰ ਕੇ ਜੀਵੇਂ, ਖੋਜੋਂ ਮੂਲ ਨਾ ਖੁੰਝੀ
ਲਾਈਲੱਗ ਮੋਮਨ ਦੇ ਕੋਲੋਂ, ਖੋਜੀ ਕਾਫ਼ਰ ਚੰਗਾ ।

 

ਅਪਣੀ ਜ਼ਾਤ ਵਿਖਾਲਣ ਬਦਲੇ, ਰੱਬ ਨੇ ਹੁਸਨ ਬਣਾਇਆ ।
ਵੇਖ ਹੁਸਨ ਦੇ ਤਿੱਖੇ ਜਲਵੇ, ਜ਼ੋਰ ਇਸ਼ਕ ਨੇ ਪਾਇਆ ।
ਫੁਰਿਆ ਜਦੋਂ ਇਸ਼ਕ ਦਾ ਜਾਦੂ, ਦਿਲ ਵਿਚ ਕੁੱਦੀ ਮਸਤੀ ।
ਇਹ ਮਸਤੀ ਜਦ ਬੋਲ ਉਠੀ, ਤਾਂ ਹੜ੍ਹ ਕਵਿਤਾ ਦਾ ਆਇਆ ।

ਮ੍ਰਿਤਕ ਪ੍ਰਾਣੀ ਦੇ ਫੁੱਲ

0

ਮ੍ਰਿਤਕ ਪ੍ਰਾਣੀ ਦੇ ਫੁੱਲ

ਸ; ਸੁਰਿੰਦਰ ਸਿੰਘ ‘ਖਾਲਸਾ’ ਮਿਉਦ ਕਲਾਂ ‘ਫਤਿਹਾਬਾਦ’ ਫੋਨ=94662.66708,97287.43287

ਸਸਕਾਰ ਤੋਂ ਬਾਅਦ ਦੂਜੇ ਜਾਂ ਤੀਜੇ ਦਿਨ ਅਸੀਂ, ਚੁਗਣ ਜਾਂਦੇ ਹਾਂ ਕੀਤੇ ‘ਸਸਕਾਰ’ ਦੇ ਫੁੱਲ।

ਭੁੱਲ ਗਿਆ ਏ ਗੁਰਬਾਣੀ ਦਾ ਉਪਦੇਸ਼ ਸਾਨੂੰ, ਚੁਗੀ ਜਾਂਦੇ ਹਾਂ ‘ਰਹਿਤ’ ਨੂੰ ਵਿਸਾਰ ਕੇ ਫੁੱਲ।

ਅੰਗੀਠਾ ਫਰੋਲ ਕੁਝ ਹੱਡੀਆਂ ਚੁਣ ਲਈਆਂ, ਫਿਰ ਆਖਦੇ ਹਾਂ ਉਨ੍ਹਾਂ ਨੂੰ ਸਤਿਕਾਰ ਦੇ ਫੁੱਲ।

ਸਿਵਾ ਫਰੋਲਣਾ ਮਨਮਤਿ ਹੈ ਭਾਰੀ, ਫਿਰ ਵੀ ਫਰੋਲੀ ਜਾਂਦੇ ਹਾਂ ਗੁਰਮਤਿ ਵਿਸਾਰ ਕੇ ਫੁੱਲ।

ਕਰਮ ਬਿਪਰਾਂ ਵਾਲੇ ਨੇ ਫੜ੍ਹ ਲੀਤੇ, ਗੰਗਾਘਾਟ ਦੀ ਥਾਂ ਤੇ ਪਤਾਲ ਪੁਰੀ ਵਿਚ ਤਾਰ ਕੇ ਫੁੱਲ।

ਜ਼ਰਾ ਇਤਿਹਾਸ ਨੂੰ ਵਾਚਕੇ ਤਾਂ ਵੇਖ ਲਵੋ, ਪਹਿਲੇ ਸ਼ਹੀਦਾਂ ਦੇ ਕੌਣ ਆਇਆ ਤਾਰ ਕੇ ਫੁੱਲ?

ਰਾਵੀ ਦਰਿਆ ਵਿਚ ਹੀ ਗੁੰਮ ਹੋ ਗਏ, ਗੁਰੂ ਅਰਜਨ ਦੇਵ ਜੀ ਸ਼ਹੀਦਾਂ ਦੇ ਸਿਰਤਾਜ ਦੇ ਫੁੱਲ।

ਅਨੰਦਪੁਰ ਤੇ ਦਿੱਲੀ ਰਾਜ ਵਿਚ ਗਏ ਵੰਡੇ, ਬਲਿਦਾਨ ਤੋਂ ਬਾਅਦ ਨੌਂਵੇਂ ਪਾਤਿਸ਼ਾਹ ਦੇ ਫੁੱਲ।

ਤਿੱਖੇ ਆਰੇ ਨਾਲ ਚੀਰ ਦੋ-ਫਾੜ ਕਰਤੇ, ਗੁਰੂ ਤੋਂ ਕੁਰਬਾਣ ਹੋਣ ਵਾਲੇ ‘ਮਤੀ ਦਾਸ’ ਦੇ ਫੁੱਲ।

ਭਾਈ ਦਿਆਲੇ ਨੂੰ ਦੇਗ ’ਚ ਉਬਾਲ ਦਿੱਤਾ, ਸਾੜ ਦਿੱਤੇ ਰੂੰ ’ਚ ਲਪੇਟ ਕੇ ਸਤੀ ਦਾਸ ਦੇ ਫੁੱਲ।

ਚਮਕੌਰ ਦੇ ਮੈਦਾਨ ’ਚ ਸਮੇਤ ਸਿੰਘਾਂ ਰਹੇ ਰੁਲਦੇ, ਅਜੀਤ ਸਿੰਘ ਤੇ ਸਿੰਘ ਜੁਝਾਰ ਦੇ ਫੁੱਲ।

ਸਾਹਿਬਜ਼ਾਦੇ ਜ਼ੋਰਾਵਰ ਤੇ ਫਤਹਿ ਸਿੰਘ ਦੇ, ਚਿਣੇ ਗਏ ਸਰਹਿੰਦ ‘ਖੁਨੀ’ ਦੀਵਾਰ ’ਚ ਫੁੱਲ।

ਕੁਤਬਮਿਨਾਰ ਨੇੜੇ ਦਿੱਲੀ ਵਿਚ ਰੋਲੇ, ਬੰਦਾ ਸਿੰਘ ਦੇ ਸਾਥੀਆਂ ਸਮੇਤ ਅਜੈ ਬਾਲ ਦੇ ਫੁੱਲ।

ਮਨੀ ਸਿੰਘ ਦੇ ਤਾਂ ਬੰਦ-ਬੰਦ ਸਨ ਗਏ ਕੱਟੇ, ਕਿੱਥੋਂ ਲੱਭਣੇ ਸੀ ਜੇ ਭੋਲੇ ਸਿੱਖ ਭਾਲਦੇ ਫੁੱਲ।

ਕੇਸਾਂ ਪਿੱਛੇ ਜਿਸ ਖੋਪਰ ਉਤਰਵਾ ਦਿੱਤਾ ਸੀ, ਰਹੇ ਰੁਲਦੇ ਉਸ ਦੇ, ਲਾਹੌਰ ਬਾਜ਼ਾਰ ’ਚ ਫੁੱਲ।

ਵੱਡੇ ਘਲੂਘਾਰੇ ਸਮੇਂ ਕੁੱਪ-ਰਹੀੜੇ ਦੇ ਜੰਗਲਾਂ ’ਚੋਂ, ਕਿਸ ਨੇ ਚੁਗੇ ਸਨ ਪੈਂਤੀ ਹਜ਼ਾਰ ਦੇ ਫੁੱਲ?

ਜ਼ਾਲਮ ਉਡਵਾਇਰ ਨੂੰ ਜਿਸ ਗੱਡੀ ਚਾੜ੍ਹਿਆ ਸੀ, ਰਹੇ ਕੈਦ ਲੰਡਨ ’ਚ ਉਸ ਸਰਦਾਰ ਦੇ ਫੁੱਲ।

ਉਨੀਂ ਸੌ ਸੰਤਾਲੀ ਨੂੰ ਦੇਸ਼ ਦੀ ਵੰਡ ਵੇਲੇ, ਰੁਲੇ ਇਧਰ ਵਾਲਿਆਂ ਦੇ ਤੇ ਬਾਡਰੋਂ ਪਾਰ ਦੇ ਫੁੱਲ।

ਜ਼ਰਾ ਸੋਚੋ ਕਿਸ ਲੈ ਜਾ ਕੇ ਤਾਰੇ ਇਨ੍ਹਾਂ ਸਾਰਿਆਂ ਦੇ, ਪਤਾਲ ਪੁਰੀ ਜਾਂ ਹਰ-ਦੁਆਰ ’ਚ ਫੁੱਲ।

ਵਿਚ ਚੌਰਾਸੀ ਦੇ ਹਿੰਦ ਦੀ ਸਰਕਾਰ ਨੇ ਵੀ, ਚੁਣ-ਚੁਣ ਕੇ ਰੋਲੇ ਸਨ ਹਰ ਸਰਦਾਰ ਦੇ ਫੁੱਲ।

ਬੇਅੰਤੇ ਬੁੱਚੜ ਦੇ ਭੈੜੇ ਰਾਜ ਸਮੇਂ ਵੀ, ਰੋੜ੍ਹੇ ਪੁਲਿਸ ਨੇ ਵਗਦੀਆਂ ਨਹਿਰਾਂ ਦੇ ਆਬ ’ਚ ਫੁੱਲ।

ਦਿਲਾਵਰ ਸਿੰਘ ਜੀ ਨੇ ਬੰਬ ਨਾਲ ਉੱਡਾ ਦਿੱਤੇ, ਸਿੱਖ ਜਵਾਨਾਂ ਦਾ ਮਾਸ ਖਾਣੇ ਕਾਗ ਦੇ ਫੁੱਲ।

ਉਸ ਤੋਂ ਬਾਅਦ ਕੌਮ ਘਾਤਕ ਬਾਦਲ ਜੁੰਡਲੀ ਨੇ, ਮਧੋਲ ਕੇ ਰੱਖ ਦਿੱਤੇ ਸਿੱਖੀ ਦੇ ਬਾਗ ਦੇ ਫੁੱਲ।

ਹਰ ਇਲੈਕਸ਼ਨ ’ਚ ਹੀ ਕੈਸ਼ ਕਰਦੇ ਐ, ਧਰਮੀ ਫੋਜੀਆਂ ਤੇ ਵਿਧਵਾਵਾਂ ਦੇ ਸੁਹਾਗ ਦੇ ਫੁੱਲ।

ਜੋ ਸਰਕਾਰਾਂ ਲੋਕਾਂ ਨੂੰ ਨਿਆਂ ਨਾ ਦੇਣ, ਚੁਗ ਲੈਂਦੀ ਏ ਪਬਲਿਕ ਐਸੀਆਂ ਸਰਕਾਰਾਂ ਦੇ ਫੁੱਲ।

ਪਤਿਤ ਹੋਇਆਂ ਦੇ ਬੇਸ਼ੱਕ ਚੁਗੀ ਜਾਉ, ਚੁਗਣੇ ਛੱਡ ਦਿਉ ਸਿੰਘਣੀਆਂ ਤੇ ਸਰਦਾਰਾਂ ਦੇ ਫੁੱਲ।

ਸੁਗੰਧੀਆਂ ਵਾਲੇ ਬਾਗਾਂ ਦੇ ਸੋਹਣੇ ਫੁੱਲ ਛੱਡ ਕੇ, ਰਾਖ ਫਰੋਲਦੇ ਤੇ ਲੱਭਦੇ ਸ਼ਮਸ਼ਾਨਾਂ ’ਚ ਫੁੱਲ।

ਮਨਮਤਿ ਉੱਤੇ ਮਨਮਤਿ ਹਾਂ ਕਰੀ ਜਾਂਦੇ, ਚੁਕੀ ਫਿਰਦੇ ਹਾਂ ਜਦੋਂ ‘ਧਰਮ’ ਅਸਥਾਨਾਂ ’ਤੇ ਫੁੱਲ।

‘ਸੁਰਿੰਦਰ ਸਿੰਘਾਂ’ ਸ਼ਬਦ ਤੇ ਸੁਰਤਿ ਦਾ ਮੇਲ ਹੁੰਦਾ, ਫਜ਼ੂਲ ਜਾਪਦੇ ਲੋਕਾਚਾਰੀ ਸ਼੍ਰੈਣੀ ਦੇ ਫੁੱਲ।

ਮਨੁੱਖਾ ਜਨਮ ਭ੍ਰਮ ’ਚ ਅਜਾਈਂ ਜਾਂਦਾ ਬਾਣੀ ਕਹਿੰਦੀ, ਫੋਕਟ ਕਰਮ ਹਨ ਮ੍ਰਿਤਕ ਪ੍ਰਾਣੀ ਦੇ ਫੁੱਲ।

ਬੰਦਿਆ ! ਸੋਚ ਕੇ ਸਦਾ ਹੀ ਵਿਚਾਰ; ਕਿੱਥੇ ਤੂੰ, ਤੇ ਤੇਰਾ ਕਿਰਦਾਰ ?

0

ਬੰਦਿਆ ! ਸੋਚ ਕੇ ਸਦਾ ਹੀ ਵਿਚਾਰ; ਕਿੱਥੇ ਤੂੰ, ਤੇ ਤੇਰਾ ਕਿਰਦਾਰ ?

ਸਾਰ ਵਿਹੂਣੇ ਤਰਸਣ ਜਦ ਬੁੱਢੇ ਮਾਂ-ਪਿਉ, ਰੱਬ ਦੀ ਕਰੋਪੀ ਦੀ ਹੀ ਪਉ ਚੁਫੇਰੇ ਮਾਰ।

ਬੰਦਿਆ ! ਕਰ ਲੈ ਤੂੰ ਵਿਚਾਰ, ਮਾਇਆ ਲਈ ਦੌੜਦਿਆਂ ਪਿੱਛੇ ਰਿਹਾ ਨਿਰੰਕਾਰ।

ਭੈੜੇ ਕਮਾਏ ਕਰਮਾਂ ਨਾਲ, ਮਨੁੱਖ ਦੁਨੀਆਂ ’ਚੋਂ ਜਾਂਦਾ ਸਦਾ ਹਾਰ।

ਅਗਿਆਨ ਹਨ੍ਹੇਰਾ ਪਿਆ ਭਰਮਾਵੇ, ਜਦ ਕਾਲਖ ਹੀ ਬਚੀ ਦਰਬਾਰ।

ਜਨਨੀ ਔਰਤ ਨਾਰੀ ਜਾਤੀ, ਬੜੇ ਉਮੀਦਾਂ ਨਾਲ ਸ਼ਿੰਗਾਰੇ ਸੰਸਾਰ।

ਬੰਦਿਆ! ਸੋਚ ਕੇ ਸਦਾ ਹੀ ਵਿਚਾਰ; ਕਿੱਥੇ ਤੂੰ, ਤੇ ਤੇਰਾ ਕਿਰਦਾਰ ?

ਮਨਮੁਖ ਜਿਨ੍ਹਾਂ ਦੇ ਰੋਲ ਮਾਡਲ, ਤੁਫ਼ਾਨੀ ਸੰਸਾਰ ’ਚ ਫਸੇ ਉਹ ਸਵਾਰ।

ਅਸੀਂ ਨਹੀਂ ਡਿੱਗੇ ਵੰਸ਼ ਡੇਗਿਆ, ਹੁਣ ਬੱਚੇ ਨਾ ਰਹੇ ਬਰਖ਼ੁਰਦਾਰ।

ਗਿਆਨ ਵਿਹੂਣਾ ਜੀਵਨ ਪਸ਼ੂ ਦਾ, ਦੁਨੀਆਂ ’ਚ ਲੱਗੇ ਢੋਰ ਗਵਾਰ।

ਔਰਤ ਸਨਮਾਨ ਕਿਸ ਤੋਂ ਕਰਵਾਈਏ ? ਪਸ਼ੂਆਂ ਦੀ ਫਿਰੇ ਜਦ ਡਾਰ।

365 ਦੀ ਬਜਾਏ ਇੱਕ ਡੇ ਰਹਿ ਗਿਆ, ਕਿਉਂ ਇੱਥੇ ਵੀ ਤਰਸੇ ਸਤਿਕਾਰ ?

ਬੰਦਿਆ! ਸੋਚ ਕੇ ਸਦਾ ਹੀ ਵਿਚਾਰ; ਕਿੱਥੇ ਤੂੰ, ਤੇ ਤੇਰਾ ਕਿਰਦਾਰ ?

ਮਨਮਤ ਨਾਂ ਹੈਂਕੜ ਦਾ ਹੈ, ਜੀਵਨ ਨੂੰ ਨਰਕ ਬਣਾਵੇ।

‘ਜਪੁ’ ਤੋਂ ਖੁੰਝਾ ਖ਼ੁਸ਼ਕੀ ਬੰਦਾ, ਸੁਆਸ ਅਜਾਈਂ ਗੁਆਵੇ।

ਪੰਜੇ ਵਿਕਾਰ ਦੀ ਚਾਰ-ਦੁਆਰੀ, ਪਤਿਤ/ ਨਸ਼ੇ ’ਚ ਮੇਲ ਕਰਾਵੇ।

ਗੁਰਾਂ ਨੇ ਬਖ਼ਸ਼ਿਆ ਸਿੱਖੀ ਸਰੂਪ, ਸਭ ਸਾਮ੍ਹਣੇ ਸਤਿਕਾਰ ਕਮਾਵੇ।

ਜਿਨ੍ਹਾਂ ਔਰਤਾਂ ਕੀਤੀ ਕਮਾਈ, ਉਨ੍ਹਾਂ ਘਰ ਆਪਣੇ ਰੁਸ਼ਨਾਏ।

ਗੁਰਾਂ ਦੇ ਚਰਨੀਂ ਲੱਗਿਆ ਟੱਬਰ, ਹਰ ਥਾਂ ਮਹਿਕਾਏ, ਚਮਕਾਏ।

ਗੁਰ ਸ਼ਬਦ ਦੀ ਕਰਦੇ ਜੋ ਵਿਚਾਰ; ਇਤਿਹਾਸ ਸਿਰਜਦੇ ਉਹੀ ਕਿਰਦਾਰ ?

ਬੰਦਿਆ !  ਸੋਚ ਕੇ ਸਦਾ ਹੀ ਵਿਚਾਰ; ਕਿੱਥੇ ਤੂੰ, ਤੇ ਤੇਰਾ ਕਿਰਦਾਰ ?

ਬੀਬੀ ਅਮਰ ਕੌਰ, ਲਾਲਾ ਨਗਰ, ਮਾਡਲ ਟਾਊਨ (ਜਲੰਧਰ)-99881-76886

ਦੇਸ਼ ਮੇਰੇ ਦੀਆਂ ਚੋਣਾਂ

0

ਦੇਸ਼ ਮੇਰੇ ਦੀਆਂ ਚੋਣਾਂ

ਬਲਵਿੰਦਰ ਸਿੰਘ (ਖ਼ਾਲਸਾ) ਪਿੰਡ ਚਨਾਰਥਲ, ਮੌੜ ਮੰਡੀ ( ਜਿਲ੍ਹਾ ਬਠਿੰਡਾ)-97802-64599

ਬਿਗਲ ਵੱਜਿਆ ਦੇਸ਼ ਵਿੱਚ ਚੋਣ ਵਾਲਾ, ਚੋਣ ਪ੍ਰਚਾਰ ਨੇ ਜੋਰਾਂ ’ਤੇ ਹੋਣ ਲੱਗੇ।

ਜਿਨ੍ਹਾਂ ਮਾਰਿਆ ਕਦੇ ਨਹੀਂ ਭੁੱਲ ਗੇੜਾ, ਵਾਂਗ ਕੀੜੀਆਂ ਲੀਡਰ ਭਾਉਣ ਲੱਗੇ।

ਕੁਝ ਸਮੇਂ ਲਈ ਗ਼ਰੀਬਾਂ ਦੀ ਬਣੂ ਚਾਂਦੀ, ਨਰਾਇਣ ਕੀੜੀਆਂ ਦੇ ਘਰੀਂ ਆਉਣ ਲੱਗੇ।

ਕੋਈ ਚੱਲਿਆ ਏ ਰਥ ਯਾਤਰਾ ’ਤੇ, ਸੰਗਤ ਦਰਸਨ ਨੇ ਕਈ ਕਰਵਾਉਣ ਲੱਗੇ।

ਕੈਲੇਫੋਰਨੀਆ ਦੇਸ਼ ਬਣਾ ਦਿਆਂਗੇ, ਨੀਂਹ ਪੱਥਰ ਨੇ ਥਾਂ ਥਾਂ ਟਿਕਾਉਣ ਲੱਗੇ।

ਮਸਲੇ ਦੇਸ਼ ਦੇ ਕਰਾਂਗੇ ਹੱਲ ਸਾਰੇ, ਸਦਭਾਵਨਾ ਰੈਲੀਆਂ ਕਰਾਉਣ ਲੱਗੇ।

ਦੇਣੀਆਂ ਨੌਕਰੀਆਂ ਅਤੇ ਤਰੱਕੀਆਂ ਵੀ, ਮੁੰਡੇ ਲੱਕੜ ਦੇ ਹੱਥ ਫੜਾਉਣ ਲੱਗੇ।

ਸਕੂਲੀ ਬੱਚਿਆਂ ਤਾਈਂ ਗੁੰਮਰਾਹ ਕਰਕੇ, ਵੋਟਾਂ ਮਾਪਿਆਂ ਦੀਆਂ ਹਥਿਆਉਣ ਲੱਗੇ।

ਭਾਸ਼ਨ ਕਰਦੇ ਖਿਲਾਫ ਵਿਰੋਧੀਆਂ ਦੇ, ਆਪਣੇ ਆਪ ਨੂੰ ਚੰਗੇ ਅਖਵਾਉਣ ਲੱਗੇ।

ਬਿੱਲੀ ਹੱਜ ਚੱਲੀ ਨੌ ਸੌ ਖਾ ਚੂਹਾ, ਔਗੁਣ ਆਪਣੇ ਸਾਰੇ ਛੁਪਾਉਣ ਲੱਗੇ।

ਭਗਤ ਬਗਲੇ ਬਣਦੇ ਨੇ ਮੀਟ ਅੱਖਾਂ, ਡੱਡਾਂ ਖਾਣ ਦੀ ਵਿਉਤ ਬਣਾਉਣ ਲੱਗੇ।

ਕਿਤੇ ਚੌਧਰ ਤੇ ਕੁਰਸੀ ਨਾ ਖੁੱਸ ਜਾਵੇ, ਗੱਲ ਸੋਚ ਕੇ ਇਹੋ ਘਬਰਾਉਣ ਲੱਗੇ।

ਭੁੱਲ ਜਾਓ ਪੁਰਾਣੀਆਂ ਸਭ ਗੱਲਾਂ, ਬਾਤਾਂ ਨਵੀਆਂ ਆਖ ਸੁਣਾਉਣ ਲੱਗੇ।

ਗਿਲੇ ਸ਼ਿਕਵੇ ਕਰਾਂਗੇ ਦੂਰ ਸਾਰੇ, ਚੜ੍ਹ ਸਟੇਜਾਂ ’ਤੇ ਇਹ ਫ਼ੁਰਮਾਉਣ ਲੱਗੇ।

ਦੇਸ਼ ਵਾਸਤੇ ਸਭ ਕੁਝ ਵਾਰ ਦਿਆਂਗੇ, ਗੀਤ ਦੇਸ਼ ਭਗਤੀ ਦੇ ਗਾਉਣ ਲੱਗੇ।

ਜਿਉਣਾ ਦੇਸ਼ ਲਈ ਮਰਨਾ ਵੀ ਦੇਸ਼ ਲਈ ਹੈ, ਥੁੱਕ ਨਾਲ ਇਹ ਬੜੇ ਪਕਾਉਣ ਲੱਗੇ।

ਦੇਸ਼ ਹਿਤੈਸ਼ੀ ਹੋਣ ਦੇ ਕਰਨ ਦਾਅਵੇ, ਦੇਸ਼ ਧਰੋਹ ’ਤੇ ਪੜਦੇ ਪਾਉਣ ਲੱਗੇ।

ਰਾਜ ਕਰਨਾ ਨਹੀਂ, ਕਰਾਂਗੇ ਅਸੀਂ ਸੇਵਾ; ਭੁਲੇਖੇ ਰਾਜੇ ਰਣਜੀਤ ਦੇ ਪਾਉਣ ਲੱਗੇ।

ਲਾਲਚ ਦੇ ਕੇ ਨਸ਼ੇ ਤੇ ਪੈਸਿਆਂ ਦਾ, ਮੂਰਖ ਲੋਕਾਂ ਨੂੰ ਇਹੇ ਬਣਾਉਣ ਲੱਗੇ।

ਨਸ਼ੇ ਬੰਦ ਕਰਨ ਦਾ ਜੋ ਕਰਨ ਨਾਟਕ, ਆਪਣੇ ਹੱਥੀਂ ਹੀ ਖੁਦ ਵਰਤਾਉਣ ਲੱਗੇ।

ਬਦਨਾਮ ਕਰਦੇ ਵਿਦੇਸ਼ੀ ਏਜੰਸੀਆਂ ਨੂੰ, ਜੇਲਾਂ ਵਿੱਚ ਵੀ ਨਸ਼ੇ ਪਚਾਉਣ ਲੱਗੇ।

ਸੂਝਵਾਨ ਜੇ ਪੁੱਛੇ ਸਵਾਲ ਕੋਈ, ਜਵਾਬ ਦੇਣ ਤੋਂ ਕੰਨੀ ਕਤਰਾਉਣ ਲੱਗੇ।

ਦੁੱਖੀ ਬੰਦਾ ਜੇ ਇਨ੍ਹਾਂ ਖਿਲਾਫ ਬੋਲੇ, ਫੜ੍ਹ ਕੇ ਜੇਲਾਂ ਦੇ ਵਿੱਚ ਸੁਟਵਾਉਣ ਲੱਗੇ।

ਲੋਕਾਂ ਵਿਚ ਇਹ ਆਪਸੀ ਫੁੱਟ ਪਾ ਕੇ, ਭਾਈ ਨੂੰ ਭਾਈ ਨਾਲ ਲੜਾਉਣ ਲੱਗੇ।

ਇਹੀ ਹੈ ਸਿਆਸਤ ਦੀ ਜੜ੍ਹ ਲੋਕੋ ! ਪਹਿਲਾਂ ਕੁੱਟ ਕੇ ਫੇਰ ਵਿਰਾਉਣ ਲੱਗੇ।

ਲੋਕਾਂ ਸਾਹਮਣੇ ਜਿਨ੍ਹਾਂ ਨੂੰ ਭੰਡਦੇ ਨੇ, ਰਿਸ਼ਤੇਦਾਰੀਆਂ ਉਨ੍ਹਾਂ ਨਾਲ ਪਾਉਣ ਲੱਗੇ।

ਲੀਡਰ ਲੋਕ ਦੋ ਮੂੰਹੇ ਸੱਪ ਬਣ ਕੇ, ਦੋਨਾਂ ਪਾਸਿਆਂ ਤੋਂ ਡੰਗ ਚਲਾਉਣ ਲੱਗੇ।

‘ਗੁਰ ਨਾਨਕ ਸਾਹਿਬ’ ਦੇ ਪੁਰਬ ਦਾ ਮਹੱਤਵ

0

‘ਗੁਰ ਨਾਨਕ ਸਾਹਿਬ’ ਦੇ ਪੁਰਬ ਦਾ ਮਹੱਤਵ

ਸ. ਸੁਰਿੰਦਰ ਸਿੰਘ ‘ਖਾਲਸਾ’ ਮਿਉਦ ਕਲਾਂ (ਫਤਿਹਾਬਾਦ) ਫੋਨ= 94662 66708, 97287 43287

ਗੁਰਾਂ ਦਾ ਪੁਰਬ ਹੈ ਆਇਆ, ਸਭ ਨੂੰ ਵਧਾਈਆਂ ਨੇ.. ਕਿਸੇ ਜਗਾਏ ਦੀਵੇ ਕਿਸੇ ਲੜੀਆਂ ਲਗਾਈਆਂ ਨੇ।

ਗੁਰ ਪੁਰਬ ’ਤੇ ਸਭ ਮਿਲ ਕੇ ਖੁਸ਼ੀਆਂ ਮਨਾਈਆਂ ਨੇ.. ਕਿਸੇ ਜਗਾਏ ਦੀਵੇ, ਕਿਸੇ ਲੜੀਆਂ ਲਾਈਆਂ ਨੇ।

ਗੁਰ ਪੁਰਬ ਹਰ ਸਾਲ ਹੀ, ਰਲ-ਮਿਲ ਮਣਾਉਂਦੇ ਹਾਂ, ਗੁਰਬਾਣੀ ਤੇ ਇਤਿਹਾਸ ਵੀ ਸੁਣਦੇ ਸੁਣਾਉਂਦੇ ਹਾਂ।

ਰਾਗੀ ਗਾਉਂਦੇ ਬਾਣੀ, ਢਾਡੀਆਂ ਵਾਰਾਂ ਗਾਈਆਂ ਨੇ.. ਕਿਸੇ ਜਗਾਏ ਦੀਵੇ, ਕਿਸੇ ਲੜੀਆਂ ਲਗਾਈਆਂ ਨੇ।

ਬਿਰਧ ਮਾਈਆਂ ਅੱਜ ਸਭੇ, ਗੁਰੂ ਦੁਆਰੇ ਆਏ ਨੇ, ਰੰਗ ਬਿਰੰਗੇ ਕੱਪੜਿਆਂ ਸਮੇਤ ਬੱਚੇ ਵੀ ਲਿਆਏ ਨੇ।

ਬਜ਼ੁਰਗਾਂ ਵੀ ਆ ਕੇ ਹਾਜ਼ਰੀਆਂ ਲਵਾਈਆਂ ਨੇ… ਕਿਸੇ ਜਗਾਏ ਦੀਵੇ, ਕਿਸੇ ਲੜੀਆਂ ਲਗਾਈਆਂ ਨੇ।

ਕੋਈ ਸੰਭਾਲੇ ਜੋੜੇ, ਕੋਈ ਪਾਣੀ ਪਿਲਾਉਂਦਾ ਏ, ਸੰਗਤਾਂ ਦੀ ਸਹੂਲਤ ਲਈ ਕੋਈ ਰਾਹ ਵਿਖਾਉਂਦਾ ਏ।

ਗੱਭਰੂਆਂ ਸੇਵਾ ਦੀਆਂ ਇਉਂ ਡਿਊਟੀਆਂ ਨਿਭਾਈਆਂ ਨੇ.. ਕਿਸੇ ਨੇ ਜਗਾਏ ਦੀਵੇ, ਕਿਸੇ ਲੜੀਆਂ ਲਾਈਆਂ ਨੇ।

ਨਗਰ ਕੀਰਤਨ ਦਾ ਮਤਾ ਵੀ ਸਭ ਮਿਲ ਪਕਾਇਆ ਏ, ਜੱਥਾ ਕਵੀਸ਼ਰੀ ਇਸ ਰੌਣਕ ਲਈ ਬੁੱਕ ਕਰਵਾਇਆ ਏ।

ਪ੍ਰਭਾਤ ਫੇਰੀਆਂ ਕਈ ਦਿਨਾਂ ਤੋਂ ਚਲਦੀਆਂ ਆਈਆਂ ਨੇ…..ਕਿਸੇ ਜਗਾਏ ਦੀਵੇ, ਕਿਸੇ ਲੜੀਆਂ ਲਗਾਈਆਂ ਨੇ।

ਪਾਠ ਗੁਰਬਾਣੀ ਦੇ ਕੀਤੇ ਤੇ ਅੱਜ ਭੋਗ ਵੀ ਪਾਏ ਨੇ, ਸਰੀਰਕ ਤ੍ਰਿਪਤੀ ਲਈ ਵੀ ਲੰਗਰ ਬਣਵਾਏ ਨੇ।

ਸ਼ਰਧਾ ਨਾਲ ਵਰਤਾਉਂਦੇ, ‘ਸੰਗਤਾਂ’ ਪੰਗਤਾਂ ਲਾਈਆਂ ਨੇ..ਕਿਸੇ ਜਗਾਏ ਦੀਵੇ, ਕਿਸੇ ਲੜੀਆਂ ਲਗਾਈਆਂ ਨੇ।

ਗਾ ਸੁਣ ਕੇ ਗੁਰਬਾਣੀ, ਗੱਲ ਮੰਨਣ ਦੀ ਆਉਂਦੀ ਐ, ਬਾਣੀ ਦੀ ਜਦ ਮੰਨ ਲਈ, ਜੀਵਨ ਮੁਕਤ ਕਰਾਉਂਦੀ ਐ।

ਸਤਿਗੁਰਾਂ ਨੇ ਅਸਾਂ ਨੂੰ ਇਹ ਗੱਲਾਂ ਸਮਝਾਈਆਂ ਨੇ…. ਕਿਸੇ ਜਗਾਏ ਦੀਵੇ , ਕਿਸੇ ਲੜੀਆਂ ਲਗਾਈਆਂ ਨੇ।

‘ਸੁਰਿੰਦਰ ਸਿੰਘਾ’ ਗੁਰਪੁਰਬ ’ਤੇ ਇਹੀ ਸਿੱਖਿਆ ਲੈਣੀ ਐ, ਕਿ ਸਾਰੀ ਕੌਮ ਹੈ ਬੂਟਾ, ਸਿੱਖ ਉਸੇ ਦੀ ਟਹਿਣੀ ਐ।

ਗੁਰਮਤਿ ਦੇ ਪ੍ਰਚਾਰਕਾਂ ਨੇ ਇਹ ਗੱਲਾਂ ਬਤਾਈਆਂ ਨੇ…. ਕਿਸੇ ਜਗਾਏ ਦੀਵੇ, ਕਿਸੇ ਲੜੀਆਂ ਲਗਾਈਆਂ ਨੇ।

ਆਤਮ ਪੜਚੋਲ ਹਰ ਪੁਰਬ ’ਤੇ ਕਰਦੇ ਰਹਿਣਾ ਜੀ, ਕੀ ਖਟਿਆ ? ਕੀ ਗਵਾਇਆ ? ਹਿਸਾਬ ਕਰਦੇ ਰਹਿਣਾ ਜੀ।

ਨਿੱਤਨੇਮ ਦੀਆਂ ਕਿੰਨੀਆਂ ਕੁ, ਕੀਤੀਆਂ ਕਮਾਈਆਂ ਨੇ…. ਕਿਸੇ ਜਗਾਏ ਦੀਵੇ, ਕਿਸੇ ਲੜੀਆਂ ਲਗਾਈਆਂ ਨੇ।

ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਵਾਰਤਾਲਾਪ ਨੂਰੇ ਮਾਹੀ ਦੀ

0

ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਵਾਰਤਾਲਾਪ ਨੂਰੇ ਮਾਹੀ ਦੀ

ਸ. ਬਲਵੰਤ ਸਿੰਘ ‘ਸਨੇਹੀ’ (ਜਲੰਧਰ)-92561-04826

ਨੂਰੇ ਮਾਹੀ ਆਖਿਆ, ਮੈਂ ਕਿਵੇਂ ਬਿਆਨ ਕਰਾਂ ? ਕਹਿਰ ਉੱਥੋਂ ਦਾ ਤੱਕ ਕੇ, ਮੈਂ ਕਿੱਦਾਂ ਧੀਰ ਧਰਾਂ ?

ਛਲਕਣ ਮੇਰੀਆਂ ਅੱਖੀਆਂ, ਰੁਕਦਾ ਜਾਂਦਾ ਸਾਹ। ਜੋ ਲਾਲਾਂ ਨਾਲ ਬੀਤਿਆ, ਕਿਵੇਂ ਦੱਸਾਂ ਪਾਤਿਸ਼ਾਹ!

ਦਾਤਾ! ਸ਼ਹਿਰ ਸਰਹੰਦ ਵਿੱਚ, ਕੱਠੀ ਹੋਈ ਮੁਲੱਖ। ਕਾਜ਼ੀ ਕਾਲੇ ਮਨ ਦੇ, ਨਿਰਲੱਜ ਜਿਨ੍ਹਾਂ ਦੀ ਅੱਖ।

ਕੂੜ, ਕੁਫ਼ਰ ਤੇ ਜ਼ੁਲਮ ਦੀ, ਉਨ੍ਹਾਂ ਨ੍ਹੇਰੀ ਦਿੱਤੀ ਚਲਾ। ਜੋ ਲਾਲਾਂ ਨਾਲ ਬੀਤਿਆ, ਕਿਵੇਂ ਦੱਸਾਂ ਪਾਤਿਸ਼ਾਹ!

ਕਚਿਹਰੀ ਝੂਠ ਦੀ ਪੁੱਜ ਕੇ, ਜਦ ਬੜ੍ਹਕੇ ਬੱਚੇ ਸ਼ੇਰ, ਦੁਸ਼ਟਾਂ ਨੂੰ ਗਸ਼ ਪੈ ਗਈ, ਜਦ ਗੱਜੇ ਪੁੱਤ ਦਲੇਰ।

ਝੂਠਿਆਂ ਦੇ ਦਰਬਾਰ ਵਿੱਚ, ਉਨ੍ਹਾਂ ਦਿੱਤੀ ਫ਼ਤਿਹ ਗੂੰਜਾ। ਜੋ ਲਾਲਾਂ ਨਾਲ ਬੀਤਿਆ, ਕਿਵੇਂ ਦੱਸਾਂ ਪਾਤਿਸ਼ਾਹ!

ਕੰਨੀਂ ਮੇਰੇ ਸੁਣਿਆ, ਆਇਆ ਨੇਕ ਫ਼ਰਜ਼ੰਦ (ਅੱਲ੍ਹਾ ਪੁੱਤਰ)। ਉਹ ਆਖੇ ਵਜੀਦ ਖ਼ਾਂ ਨੂੰ, ਕਿਉਂ ਬੱਚੇ ਕੀਤੇ ਬੰਦ?

ਇਹ ਸਰਾਸਰ ਜ਼ੁਲਮ ਹੈ, ਵਿੱਚ ਅੱਲ੍ਹਾ ਦੀ ਦਰਗਾਹ। ਜੋ ਲਾਲਾਂ ਨਾਲ ਬੀਤਿਆ, ਕਿਵੇਂ ਦੱਸਾਂ ਪਾਤਿਸ਼ਾਹ!

ਫਿਰ ਕੂੜ ਕੁਸੱਤ ਇੱਕ ਬੋਲਿਆ, ਨਾ ਸੁਣੋ ਏਸ ਦੀ ਗੱਲ। ਸੱਪ ਮਿਤ ਕਿਸੇ ਦੇ ਨਾ ਹੋਂਵਦੇ, ਤੂੰ ਲਾਹ ਇਨ੍ਹਾਂ ਦੀ ਖੱਲ।

ਤੂੰ ਮਗ਼ਰੂਰ (ਹੰਕਾਰੀ) ਇਨ੍ਹਾਂ ਕਾਫ਼ਰਾਂ, ਦੇਵੀਂ ਸਖ਼ਤ ਸਜ਼ਾ। ਜੋ ਲਾਲਾਂ ਨਾਲ ਬੀਤਿਆ, ਕਿਵੇਂ ਦੱਸਾਂ ਪਾਤਿਸ਼ਾਹ!

ਦਾਤਾ! ਉਸ ਦਰਬਾਰ ਵਿੱਚ, ਨਾ ਕੋਈ ਦਲੀਲ ਅਪੀਲ। ਬੱਚਿਆਂ ਨੂੰ ਉਹ ਆਖਦੇ, ਕਿ ਕਰੋ ਧਰਮ ਤਬਦੀਲ।

ਡੋਲ਼ੇ ਧੀਆਂ ਦੇ ਤੋਰੀਏ, ਤੁਸੀਂ ਮੌਜਾਂ ਲਓ ਮਨਾ। ਜੋ ਲਾਲਾਂ ਨਾਲ ਬੀਤਿਆ, ਕਿਵੇਂ ਦੱਸਾਂ ਪਾਤਿਸ਼ਾਹ!

ਬੱਚੇ ਨਿਡਰ ਹੋ ਆਖਦੇ, ਨਹੀਂ ਸਾਨੂੰ ਮਨਜ਼ੂਰ। ਲਿਆਉਣ ਲਈ ਇਸਲਾਮ ਵਿੱਚ ਕਿਉਂ ਕਰਦੈਂ ਮਜਬੂਰ?

ਅਸੀਂ ਹਾਂ ਪੁੱਤ ਦਸ਼ਮੇਸ਼ ਦੇ, ਨਾ ਪਰਬਤਾਂ ਨਾਲ ਟਕਰਾ। ਜੋ ਲਾਲਾਂ ਨਾਲ ਬੀਤਿਆ, ਕਿਵੇਂ ਦੱਸਾਂ ਪਾਤਿਸ਼ਾਹ!

ਜ਼ਾਲਮਾਂ ਗੋਂਦਾਂ ਗੁੰਦ ਕੇ, ਦਿੱਤਾ ਹੁਕਮ ਸੁਣਾ, ਜਿਊਂਦੇ ਜੀਅ ਕਿਹਾ ਕਾਫ਼ਰਾਂ, ਕੰਧੀ ਦਿਓ ਚਿਣਾ।

ਫਿਰ ਦੀਵਾਰ ’ਚ ਖਲੋ ਗਏ, ਨਿੱਕੇ ਨਿੱਕੇ ਦੋ ਖ਼ੁਦਾ। ਜੋ ਲਾਲਾਂ ਨਾਲ ਬੀਤਿਆ, ਕਿਵੇਂ ਦੱਸਾਂ ਪਾਤਿਸ਼ਾਹ!

ਫਿਰ ਦਿਨ ਦੀਵੀਂ ਸੂਰਜ ਡੁੱਬਿਆ, ਗਿਆ ਹਨੇਰਾ ਛਾ। ਧਰਤੀ ਬੁੱਕ-ਬੁੱਕ ਰੋਂਵਦੀ, ਅੰਬਰ ਮਾਰੀ ਧਾਅ।

ਲੋਕ ਧਾਹਾਂ ਮਾਰ ਆਖਦੇ, ਹੋਊ ਜ਼ੁਲਮ ਦਾ ਅੰਤ। ਕਾਹੀ ਦਾ ਬੂਟਾ ਪੁੱਟ ਕੇ, ਆਖਿਆ ਮੂੰਹੋਂ ਭਗਵੰਤ।

‘ਸਨੇਹੀ’ ਇਹ ਨਗਰੀ ਝੂਠ ਦੀ, ਛੇਤੀ ਹੋਊ ਤਬਾਹ। ਸੱਚ ਦਾ ਪਰਚਮ ਝੁਲਣਾ, ਵਿੱਚ ਸੱਚੀ ਦਰਗਾਹ।

ਸੱਚ ਦਾ ਪਰਚਮ ਝੁਲਣਾ, ਵਿੱਚ ਸੱਚੀ ਦਰਗਾਹ..

ਸਿੱਖ ਕੌਮ

0

ਸਿੱਖ ਕੌਮ

ਮੇਜਰ ਸਿੰਘ ‘ਬੁਢਲਾਡਾ’-94176 42327

ਚੰਗੇ-ਮਾੜੇ  ਦੀ ਜੀਹਨੂੰ  ਪਛਾਣ  ਹੈਨੀ,

ਭੁੱਲੇ ਇਤਿਹਾਸ, ਨਾ ਰੱਖੇ ਯਾਦ ਲੋਕੋ !

‘ਮੇਜਰ’ ਸੂਝ-ਬੂਝ ਨਾਲ ਫੈਸਲੇ ਨਾ ਲੈਂਦੀ,

ਉਹ ਕੌਮ ਹੋ ਜਾਂਦੀ ਬਰਬਾਦ ਲੋਕੋ !

 

    ‘ਦਲਿਤ ਬਨਾਮ ਸਿੱਖ’

 ਦੁਸ਼ਮਣ  ਦਲਿਤਾਂ  ਤੇ  ਸਿੱਖਾਂ  ਤਾਂਈ,

ਰਿਹਾ  ਆਪਸ  ਵਿਚ  ਲੜਾ  ਲੋਕੋ !

ਰਹਿਬਰਾਂ  ਦੀ  ਸੋਚ ਦੇ  ਉਲਟ ਇਹ,

ਵਰਜੇ  ਕੰਮ  ਰਿਹਾ  ਕਰਵਾ  ਲੋਕੋ !

ਵਰਤੋ ਦਿਮਾਗ ਆਪਸ ਵਿਚ ਰਹੋ ਮਿਲ ਕੇ,

ਦਿਓ  ਦੁਸ਼ਮਣ  ਨੂੰ  ਭਾਜੜ ਪਾ ਲੋਕੋ!

ਮੇਜਰ ਸਾਨੂੰ ਆਪਸ ਦੇ ਵਿਚ ਤੋੜ ਕੇ,

ਕਰ  ਦੇਣਾ  ਨਹੀਂ  ਤਾਂ ਤਬਾਹ  ਲੋਕੋ !

ਮੇਜਰ ਸਿੰਘ ‘ਬੁਢਲਾਡਾ’ -94176 42327

ਸਰਬੱਤ ਖਾਲਸਾ 2015

0

ਸਰਬੱਤ ਖਾਲਸਾ 2015

ਸੁਰਿੰਦਰ ਸਿੰਘ ‘ਖਾਲਸਾ‘–94662 66708, 97287 43287

ਆ ਰਹੀ ਤਰੀਕ ਦਸ ਨਵੰਬਰ ਦੋ ਹਜਾਰ ਪੰਦਰਾਂ ਦੀ, ਸਰਬੱਤ ਖਾਲਸਾ ਅੰਮਿਤ੍ਰਸਰ ਵਿਖੇ ਹੋ ਰਹਿਆ ਏ।
ਬਹੁਤ ਆਸਾਂ ਨੇ ਸਿੱਖਾਂ ਨੂੰ ਸਰਬੱਤ ਖਾਲਸਾ ਤੋਂ, ਪਰ ਖਾਲਸਾ ਜੀ ਤੁਹਾਡੇ ਨਾਂ ਤੇ ਇਹ ਕੀ ਹੋ ਰਹਿਆ ਏ।
ਉਹੀ ਚੇਹਰੇ ਨੇ ਬਾਰ-ਬਾਰ ਪਹਿਚਾਨੇ ਹੋਏ, ਜਿਹਨਾਂ ਦੇ ਤਾਰ ਪਿੱਛੇ ਬੈਠਾ ਕੋਈ ਹੋਰ ਹਿਲਾਅ ਰਹਿਆ ਏ।
ਫਜ਼ੂਲ ਐ ਸਾਰਥਕ ਸਿੱਟੇ ਦੀ ਕੋਈ ਆਸ ਰਖਣੀ, ਇਤਿਹਾਸ ਹੀ ਅਪਣੇ ਆਪ ਨੂੰ ਦੁਹਰਾਅ ਰਹਿਆ ਏ।
ਏਥੋਂ ਵੀ ਹੱਥ ਪੱਲੇ ਸਿੱਖਾਂ ਦੇ ਕੁੱਝ ਵੀ ਨਹੀਂ ਪੈਣਾ, ਇਹ ਕੌੜਾ ਸੱਚ ਸਾਹਮਣੇ ਹੀ ਨਜ਼ਰ ਆ ਰਹਿਆ ਏ।

ਸਰਬੱਤ ਖਾਲਸਾ ਲੰਘੇ ਤੋਂ ਬਾਅਦ।

ਸ਼ਰਬੱਤ ਖਾਲਸਾ ਦਾ ਰੌਲਾ ਕਈ ਦਿਨਾਂ ਤੋਂ ਪਾ ਰਹੇ ਸੀ, ਪਰ ਉਹ ਵੀ ਫਲਾਪ ਸ਼ੋ ਹੋ ਕਿ ਰਹਿ ਗਿਆ ਏ।
ਪੰਥ ਦਰਦੀਆਂ ਦੇ ਹੱਥੋਂ ਵਾਗਡੋਰ ਖਿਸਕੀ, ਇਹ ‘ਅੰਦੋਲਣ’ ਵੀ ਹਾਈ ਜੈਕ ਹੋਣਾ ਹੀ ਸੀ ਹੋ ਗਿਆ ਏ।
ਪੰਥਪ੍ਰੀਤ ਤੇ ਢਡਰੀਆਂ ਵਾਲੇ ਆਏ ਹੀ ਨਹੀਂ, ਕਿਉਂ ਨਹੀਂ? ਇਹ ਇਸ਼ਾਰਾ ਹੀ ਸਭ ਕੁੱਝ ਕਹਿ ਗਿਆ ਏ।
ਬਿਨਾਂ ਪ੍ਰਾਪਤੀ ਤੋਂ ਹੋਏ ਐਲਾਨ ਨਾਮੇ, ਇੱਟ-ਇੱਟ ਕਰਕੇ ਉਸਾਰਿਆ ਕਿਲਾ ਇਕੋ ਝੱਟਕੇ ਢਹਿ ਗਿਆ ਏ।
ਕੀਤੇ ਤੇਰਾਂ ਐਲਾਨ ਨਾਮੇ ਸਰਬਤ ਖਾਲਸਾ ਜੀ ਨੇ, ਪਰ ਮੁਖ ਮਸਲਾ ਤਾਂ ਉਥੇ ਦਾ ਉਥੇ ਹੀ ਰਹਿ ਗਿਆ ਏ।
ਗੋਟੀਆਂ ਫਿੱਟ ਹੋਈਆਂ ਫਿਰ ਤੋਂ ਸ਼ਤਰੰਜ ਦੀਆਂ, ‘ਪੰਥ ਦੋਖੀ’ ਬਾਦਲ ਫੇਰ ਪੰਥ ਦੇ ਹਡੀਂ ਬਹਿ ਗਿਆ ਏ।
ਸਿੱਖਾਂ ਨੂੰ ਊਲੂ ਬਣਾਉਣਾ ਸੀ ਫਿਰ ਬਣਾ ਗਏ ਨੇ, ਇੱਕ ਵਾਰੀ ਫੇਰ ਦੁਸ਼ਮਨ ਮੈਦਾਨ ਮਾਰ ਕੇ ਲੈ ਗਿਆ ਏ।
ਵਿਦੇਸ਼ੀਂ ਵਸੇ ਸਿੱਖਾਂ ਤੋਂ ਕੁੱਝ ਆਸ ਸੀ, ਸਭ ਨੂੰ, ਪਰ ਉਨ੍ਹਾਂ ਦਾ ਮੁਲ੍ਹਮਾਂ ਵੀ ਕੁੱਝ ਨਾ ਕੁੱਝ ਲਹਿ ਗਿਆ ਏ।
ਜਗਤਾਰ ਸਿੰਘ ਹਵਾਰੇ ਦੇ ਨਾਮ ਨੂੰ ਵਰਤ ਲਿਆ ਏ, ਬਾਕੀਆਂ ਬਾਰੇ ਮੀਡੀਆ ਬਹੁਤ ਕੁੱਝ ਕਹਿ ਰਿਹਾ ਏ।
ਕੋਈ ਉਸਾਰੂ ਸੇਧ ਨਹੀਂ ਸਿੱਖਾਂ ਨੂੰ ਦੇ ਸਕਿਆ, ਇੱਕ ਗਧਾਰ ਦੀ ਗੱਦੀ ਕੋਈ ਦੂਜਾ ਹੋਰ ਬਹਿ ਗਿਆ ਏ।
ਕੌਣ ਨਫੇ `ਚ ਰਿਹਾ ਕੌਣ ਫਾਇਦਾ ਉਠਾ ਗਿਆ ਮੌਕੇ ਦਾ, ਪਰ ਸਿੱਖ ਕੌਮ ਨੂੰ ਤਾਂ ਘਾਟਾ ਹੀ ਪੈ ਗਿਆ ਏ।
ਸਿੱਖ ਕੌਮ `ਚ ਜ਼ੋਸ਼ ਤਾਂ ਕਦੇ ਵੀ ਘਟਿਆ ਨਹੀਂ, ਪਰ ਹਮੇਸ਼ਾ ਹੀ ਲੀਡਰਸ਼ਿੱਪ ਦਾ ਹੀ ਭੱਠਾ ਬਹਿ ਗਿਆ ਏ।
ਸ਼ਰਕਾਰ ਤੇ ਐਸ. ਜੀ. ਪੀ. ਸੀ ਕਿਉਂ ਇਨ੍ਹਾਂ ਦੀ ਗੱਲ ਮਨੇਂ, ‘ਮੱਕੜ’ ਤਾਂ ਸ਼ਰੇਆਮ ਪ੍ਰੈਸ `ਚ ਕਹਿ ਰਿਹਾ ਏ।
ਕਿਤੇ ਫੇਰ ਨਾ ਸਿੱਖ, ਸਿੱਖਾਂ ਭਰਾਵਾਂ ਦਾ ਲਹੂ ਡੋਲ੍ਹਣ, ਇਸ ਖਦਸ਼ੇ ਦਾ ਅਲਾਰਮ. ਅੱਜ ਸਮਾਂ ਦੇ ਰਿਹਾ ਏ।
‘ਸੁਰਿੰਦਰ ਸਿੰਘਾ’ ਸਿੱਖਾਂ ਦੀ ਏਹੋ ਟ੍ਰੇਜ਼ਡੀ ਏ, ਹੱਥ ਆਇਆ ਮੌਕਾ ਬਿਨਾਂ ਵਰਤਿਆਂ ਹਮੇਸ਼ਾ ਰਹਿ ਗਿਆ ਏ।

Most Viewed Posts