39.7 C
Jalandhar
Wednesday, April 22, 2026
spot_img
Home Blog Page 172

ਸਿੱਖ ਅਤੇ ਸ਼ਸਤਰ

0

ਸਿੱਖ ਅਤੇ ਸ਼ਸਤਰ

ਗਿਆਨੀ ਮਾਨ ਸਿੰਘ (ਗ੍ਰੰਥੀ ਦਰਬਾਰ ਸਾਹਿਬ, ਅੰਮ੍ਰਿਤਸਰ)-94170-91098

ਜਗਤ ਗੁਰੂ ਨਾਨਕ ਸਾਹਿਬ ਨੇ ਜੋਤਿ ਸਰੂਪ ਹੁੰਦਿਆਂ ਦਸਾਂ ਜਾਮਿਆਂ ਰਾਹੀਂ ਜਿਸ ਪੂਰਨ ਮਨੁੱਖ ਦੀ ਘਾੜਤ ਘੜੀ, ਉਸ ਨੂੰ ਸਿੱਖ ਕਿਹਾ ਗਿਆ ਹੈ। ਸਿੱਖ ਨੂੰ ਹੀ ਸਿੰਘ ਤੇ ਕੌਰ ਦਾ ਰੁਤਬਾ ਦੇ ਕੇ ਆਪਣਾ ਰੂਪ ਬਣਾਇਆ ਗਿਆ। ਜਿਵੇਂ ਪਰਮੇਸ਼ਰ ਅਤੇ ਸਤਿਗੁਰੂ ਓਤਪੋਤਿ ਹਨ, ਇਵੇਂ ਸਿੱਖ ਵੀ ਆਪਣੇ ਜੀਵਨ ਵਿੱਚ ਗੁਰੂ ਦੀ ਸਿੱਖਿਆ ਰਾਹੀਂ ਗੁਰ ਪਰਮੇਸ਼ਰ ਵਾਲੇ ਗੁਣਾਂ ਦਾ ਧਾਰਨੀ ਹੁੰਦਾ ਹੈ। ਰੱਬੀ ਸਰੂਪ ਅਤੇ ਸਤਿਗੁਰੂ ਜੀ ਦੇ ਸਿਧਾਂਤ ਨੂੰ ਰਾਜ ਜੋਗ, ਭਗਤੀ ਸ਼ਕਤੀ, ਮੀਰੀ ਪੀਰੀ, ਸੰਤ ਸਿਪਾਹੀ ਦਾ ਸੁਮੇਲ ਮੰਨਿਆ ਗਿਆ ਹੈ।

ਕਾਦਰ ਦੀ ਕੁਦਰਤ ਦਾ ਯੂਨੀਵਰਸਲ ਸਿਧਾਂਤ ਵੀ ਹੈ ਕਿ ਹਰੇਕ ਕਿਰਿਆ ਦੀ ਪ੍ਰਤੀਕਿਰਿਆ ਹੁੰਦੀ ਹੈ। ਜਿਵੇਂ ਦਿਨ ਤੋਂ ਬਾਅਦ ਰਾਤ, ਸਰਦੀ ਤੋਂ ਬਾਅਦ ਗਰਮੀ, ਪੱਤਝੜ ਤੋਂ ਬਾਅਦ ਬਸੰਤ ਆਉਣ ਦਾ ਨੇਮ ਅਟੱਲ ਹੈ, ਇਸੇ ਤਰ੍ਹਾਂ ਇਹ ਵੀ ਅਟੱਲ ਸਿਧਾਂਤ ਹੈ ਕਿ ਹਰ ਜ਼ੁਲਮ ਤੋਂ ਬਾਅਦ ਇਨਕਲਾਬ ਆਉਂਦਾ ਹੈ। ਸਤਿਗੁਰੂ ਜੀ ਦੇ ਘਰ ਵਿੱਚ ਅਤਿ ਦੀ ਨਿਮਰਤਾ ਅਤੇ ਗਰੀਬੀ ਭਾਵ ਨੂੰ ਪਹਿਲ ਦਿੱਤੀ ਗਈ ਹੈ, ਪਰ ਇਸ ਨਿਮਰਤਾ ਨੂੰ ਕੋਈ ਬੁਜ਼ਦਿਲੀ, ਕਮਜ਼ੋਰੀ ਜਾਂ ਕਾਇਰਤਾ ਨਾ ਸਮਝ ਲਵੇ ਇਸ ਕਰਕੇ ਬਹਾਦਰੀ, ਪਰਪੱਕਤਾ ਅਤੇ ਦ੍ਰਿੜ੍ਹਤਾ ਵਾਲੇ ਗੁਣ ਵੀ ਸਿਖਾਏ ਗਏ ਹਨ। ਸਿੱਖ ਨੂੰ ਸੰਤ ਸਿਪਾਹੀ ਬਣਾਉਣ ਲਈ ਸ਼ਬਦ ਅਤੇ ਸ਼ਸਤਰ ਦਾ ਧਾਰਨੀ ਬਣਾਇਆ ਗਿਆ।

ਪੰਚਮ ਪਿਤਾ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਾਂਤਮਈ ਸ਼ਹਾਦਤ ਤੋਂ ਬਾਅਦ ਛੇਵੇਂ ਪਾਤਿਸ਼ਾਹ ਜੀ ਨੇ ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਪਹਿਨੀਆਂ ਅਤੇ ਸਿੱਖਾਂ ਨੂੰ ਵੀ ਸ਼ਸਤਰਧਾਰੀ ਹੋਣ ਦੀ ਪ੍ਰੇਰਨਾ ਕੀਤੀ। ਚਾਰ ਧਰਮ ਯੁੱਧਾਂ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਤਹਿ ਹਾਸਲ ਕਰਕੇ ਦੱਸ ਦਿੱਤਾ ਕਿ ਜੇ ਅਸੀਂ ਪੰਜਵੇਂ ਸਰੂਪ ਤੱਕ ਸ਼ਾਂਤੀ ਦੀ ਹੱਦ ਵਿਖਾ ਸਕਦੇ ਹਾਂ ਤਾਂ ਹੁਣ ਬਹਾਦਰੀ ਦੀ ਹੱਦ ਵੀ ਵੇਖੋ। ਚੌਥੇ ਧਰਮ ਯੁੱਧ ਸਮੇਂ ਹੀ ਸਿੱਖਾਂ ਸਮੇਤ ਜਦੋਂ ਆਪਣੇ ਸਭ ਤੋਂ ਛੋਟੇ ਸਾਹਿਬਜ਼ਾਦੇ ਤਿਆਗ ਮੱਲ ਨੂੰ ਤੇਗ਼ (ਸ਼ਸਤਰ) ਚਲਾਉਂਦਿਆਂ ਵੇਖਿਆ ਤਾਂ ਉਸ ਸਮੇਂ ਤੇਗ਼ ਬਹਾਦਰ ਦਾ ਲਕਬ ਬਖਸ਼ਿਸ਼ ਕਰਕੇ ਨਵਾਜਿਆ।

ਨੌਵੇਂ ਪਾਤਿਸ਼ਾਹ ਦੀ ਸ਼ਹਾਦਤ ਤੋਂ ਬਾਅਦ ਪੈਦਾ ਹੋਏ ਹਾਲਾਤ ਇੱਕੋ ਸਮੇਂ ਸਿੱਖਾਂ ਵਿੱਚ ਸੰਤ ਸਿਪਾਹੀ ਹੋਣ ਦੀ ਪ੍ਰਮੁੱਖ ਲੋੜ ਦੀ ਮੰਗ ਕਰਦੇ ਸਨ; ਇਸ ਕਰਕੇ ਸਾਹਿਬ-ਏ-ਕਮਾਲ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਪੱਕੇ ਤੌਰ ’ਤੇ ਸ਼ਸਤਰਧਾਰੀ ਕਰ ਕੇ ਸੰਘਰਸ਼ ਕਰਨ ਦਾ ਰਾਹ ਹੋਰ ਤਿੱਖਾ ਕੀਤਾ। ਘੋੜਿਆਂ ਅਤੇ ਹਾਥੀਆਂ ਦੀਆਂ ਸਵਾਰੀਆਂ, ਨਗਾਰਿਆਂ ਦੀਆਂ ਉੱਚੀਆਂ ਆਵਾਜ਼ਾਂ, ਕਿਲਿਆਂ ਦੀ ਉਸਾਰੀ, ਜੰਗੀ ਖੇਡਾਂ ਦੇ ਅਭਿਆਸਾਂ ਰਾਹੀਂ ਇਸ ਸੰਕਲਪ ਨੂੰ ਅਮਲ ’ਚ ਲਿਆਂਦਾ ਗਿਆ। ਇਸ ਆਦਰਸ਼ਕ ਸੁਮੇਲ ਲਈ ਦਸ਼ਮੇਸ਼ ਪਿਤਾ ਜੀ ਨੇ ਸ਼ਸਤਰਾਂ ਦੇ ਆਦਰ ਸਤਿਕਾਰ ਅਤੇ ਸਹੀ ਪ੍ਰਯੋਗ ਉੱਤੇ ਜੋ ਬਲ ਦਿੱਤਾ, ਉਸ ਵਿੱਚ ਹੋਲੀ ਦੇ ਤਿਉਹਾਰ ਨੂੰ ਹੋਲੇ ਮਹੱਲੇ ਵਿੱਚ ਬਦਲ ਦੇਣ ਦੀ ਇੱਕ ਮਹਾਨ ਘਟਨਾ ਸੀ। ਇਸ ਵਿੱਚ ਸ਼ਸਤਰ ਵਿਦਿਆ ਅਤੇ ਚੜ੍ਹਦੀ ਕਲਾ ਦਾ ਆਪਸ ਵਿੱਚ ਕਿੰਨਾ ਗੂੜਾ ਸਬੰਧ ਹੈ, ਕਵੀ ਨਿਹਾਲ ਸਿੰਘ ਦੀ ਇਸ ਰਚਨਾ ਤੋਂ ਸਪੱਸਟ ਹੋ ਜਾਂਦਾ ਹੈ:

‘ਬਰਛਾ, ਢਾਲ, ਕਟਾਰਾ, ਤੇਗਾ, ਕੜਛਾ ਦੇਗਾ ਗੋਲਾ ਹੈ।

ਛਕਾ ਪ੍ਰਸ਼ਾਦ, ਸਜਾ ਦਸਤਾਰਾ ਅਰ ਕਰਦੌਨਾ ਟੋਲਾ ਹੈ।

ਸੁਭੱਟ ਸੁਚਾਲਾ ਅਰ ਲੱਖ ਬਾਹਾਂ, ਕਲਗਾ ਸਿੰਘ ਸੁਚੋਲਾ ਹੈ।

ਅਪਰ ਮੁਛਹਿਰਾ ਦਾੜ੍ਹਾ ਜੈਸੇ, ਤੈਸੇ ਬੋਲਾ ਹੋਲਾ ਹੈ।’

(ਮਹਾਨ ਕੋਸ਼/ਪੰਨਾ 283)

ਗੁਰਸਿੱਖਾਂ ਅੰਦਰ ਸ਼ਸਤਰ ਦੀ ਲਗਾਵ ਪੈਦਾ ਕਰਨ ਲਈ, ਜੋ ਉਪਦੇਸ਼ ਦਸ਼ਮੇਸ਼ ਪਿਤਾ ਜੀ ਨੇ ਬਖ਼ਸ਼ਿਸ਼ ਕੀਤਾ ਉਸ ਨੂੰ ਕਵੀ ਸੰਤੋਖ ਸਿੰਘ ਜੀ ਨੇ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਰੁਤ 3, ਅਧਿ. 23 ਵਿੱਚ ਇਵੇਂ ਵਰਣਨ ਕੀਤਾ:

‘ਸ਼ਸਤ੍ਰਨ ਕੇ ਅਧੀਨ ਹੈ ਰਾਜ॥

ਜੋ ਨ ਧਰਹਿ, ਤਿਸ ਬਿਗ੍ਰਿਹ ਕਾਜ॥

ਯਾਂ ਤੇ ਸਰਬ ਖਾਲਸਾ ਸੁਨੀਅਹਿ॥

ਅਯੁਧ ਧਰਬੇ ਉਤਮ ਗੁਨੀਅਹਿ॥

ਜਬ ਹਮਰੇ ਦਰਸ਼ਨ ਕੋ ਆਵਹੁ॥

ਬਨ ਸੁਚੇਤ ਤਨ ਸ਼ਸਤ੍ਰ ਸਜਾਵਹੁ॥

ਕਮਰਕਸਾ ਕਰ ਦੇਹੁ ਦਿਖਾਈ॥

ਹਮਰੀ ਖੁਸ਼ੀ ਹੋਇ ਅਧਿਕਾਈ॥’

ਸਦੀਆਂ ਤੋਂ ਗ਼ੁਲਾਮ, ਨਿਰਬਲ, ਨਿਮਾਣੀ, ਸਾਹਸਹੀਣ ਮਾਨਸਿਕਤਾ ਦੇ ਆਦੀ ਹੋ ਚੁੱਕੇ ਲੋਕਾਂ ਲਈ ਜਬਰ ਤੇ ਜ਼ੁਲਮ ਦੇ ਖਿਲਾਫ ਜੂਝਣ ਲਈ ਇਹ ਇੱਕ ਇਨਕਲਾਬੀ ਕਦਮ ਸੀ।

ਇਤਿਹਾਸਕ ਦ੍ਰਿਸ਼ਟੀਕੋਣ ਤੋਂ ਵੇਖਿਆ ਜਾਵੇ ਤਾਂ ਵੀ ਸਿੱਖ ਪਰੰਪਰਾ ਦੇ ਮੁੱਢਲੇ ਸਿਧਾਂਤ ਹੀ ਸਿੱਖ ਨੂੰ ਭੈ ਮੁਕਤ ਹੋਣ ਦਾ ਉਪਦੇਸ਼ ਦਿੰਦੇ ਹਨ। ਗੁਰੂ ਨਾਨਕ ਸਾਹਿਬ ਜੀ ਨੇ ਸੱਚ ਕਹਿਣ ਅਤੇ ਸੱਚ ’ਤੇ ਪਹਿਰਾ ਦੇਣ ਲਈ ਜੋ ਉਪਦੇਸ਼ ਦਿੱਤਾ, ਉਸ ਸੱਚ ਦੀ ਅਜ਼ਮਤ ਨੂੰ ਬੁਲੰਦ ਰੱਖਣ ਦਾ ਹਰ ਹੀਲਾ ਵੀ ਵਰਤਿਆ। ਸਤਿਗੁਰੂ ਜੀ ਅਜਿਹੇ ਸਿੱਖ ਸੂਰਮੇ ਦੀ ਸਿਰਜਨਾ ਕਰਨਾ ਚਾਹੁੰਦੇ ਸਨ, ਜੋ ਪ੍ਰਭੂ ਬੰਦਗੀ ਵਿੱਚ ਵੀ ਗੜੂੰਦ ਹੋਵੇ ਅਤੇ ਜ਼ੁਲਮ ਦੇ ਵਿਰੁੱਧ ਡੱਟ ਜਾਣ ਦੀ ਵੀ ਤਿਆਰੀ ਰੱਖਦਾ ਹੋਵੇ। ਸਿੱਖ ਵਿੱਚ ਇੱਕੋ ਸਮੇਂ ਜਿੱਥੇ ਹੋਰ ਬਹੁਤ ਸਾਰੇ ਗੁਣ ਭਰੇ, ਉੱਥੇ ਸ਼ਸਤਰ ਵਿਦਿਆ, ਘੋੜ ਸਵਾਰੀ ਅਤੇ ਯੁੱਧ ਅਭਿਆਸ ਵਿੱਚ ਵੀ ਨਿਪੁੰਨ ਕੀਤਾ ਗਿਆ। ਅਜਿਹੇ ਗੁਣਾਂ ਕਰਕੇ ਹੀ ਕਿਸੇ ਕਵੀ ਨੇ ਬੜਾ ਸੁੰਦਰ ਲਿਖਿਆ ਹੈ:

‘ਲੈ ਕਰ ਦੁਤਾਰਾ ਗਾਵੈ ਸੰਗਤਿ ਮੇ ਵਾਰ ਆਸਾ,

ਪਕੜ ਦੁਧਾਰਾ ਬਾਹੈ ਸ਼ਤ੍ਰ ਸਿਰ ਆਰਾ ਹੈ।

ਕੜਛਾ ਲੈ ਹਾਥ ਵਰਤਾਵਤ ਅਤੁੱਟ ਦੇਗ,

ਕਠਿਨ ਕੁਦੰਡ ਬਾਣ ਵੇਖ ਕਰੈ ਪਾਰਾ ਹੈ।

ਭਕਤਿ ਗਯਾਨ ਪ੍ਰੇਮ ਔ ਵੈਰਾਗ ਕੀ ਸੁਣਾਵੈ ਕਥਾ,

ਚੜ ਕੈ ਤੁਰੰਗ ਜੰਗ ਲਲਕਾਰਾ ਹੈ।

ਤਤ੍ਵ ਗਯਾਨੀ, ਦਾਨੀ ਯੋਧਾ ਗ੍ਰਿਹੀ ਤਿਆਗੀ,

ਗੁਰੂ ਚੇਲਾ; ਧੰਨ ਧੰਨ ਧੰਨ ਗੁਰੂ ਖਾਲਸਾ ਹਮਾਰਾ ਹੈ।’

ਜਿਸ (ਗੁਰਸਿੱਖ) ਦੇ ਮੁੱਖ ਵਿੱਚ ਪ੍ਰਭੂ ਸਿਮਰਨ ਅਤੇ ਚਿੱਤ ਵਿੱਚ ਸਨਧਬੱਧ ਸ਼ਸਤਰਧਾਰੀ ਹੋ ਕੇ ਜ਼ੁਲਮ ਦੇ ਵਿੱਰੁਧ ਜੂਝਣ ਦੀ ਵਿਚਾਰਧਾਰਾ ਹੋਵੇ, ਸਤਿਗੁਰੂ ਜੀ ਵੀ ਉਸੇ ਸਿੱਖ ਦੇ ਜੀਵਨ ਨੂੰ ਧੰਨਤਾਯੋਗ ਆਖਦੇ ਹਨ।

ਸਤਿਗੁਰੂ ਜੀ ਦੀ ਬਖ਼ਸ਼ਿਸ਼ ਸਦਕਾ ਗੁਰਸਿੱਖਾਂ ਦੇ ਹੱਥਾਂ ਵਿੱਚ ਪਕੜੇ ਸ਼ਸਤਰ, ਗ਼ਰੀਬ ਦੀ ਰੱਖਿਆ ਅਤੇ ਜ਼ਾਲਮ ਦੀ ਭੱਖਿਆ ਲਈ ਚਲਾਏ ਜਾਂਦੇ ਹਨ। ਗੁਰੂ ਕਾਲ ਅਤੇ ਅੱਜ ਤੱਕ ਵੀ ਸ਼ਾਂਤੀਮਈ ਸਹਾਦਤਾਂ ਦੇ ਨਾਲ ਨਾਲ ਸਮੇਂ ਸਮੇਂ ਗੁਰਸਿੱਖ ਜੂਝਦੇ ਹੋਏ ਜੁਝਾਰੂ ਸਹਾਦਤਾਂ ਵੀ ਪ੍ਰਾਪਤ ਕਰਦੇ ਆ ਰਹੇ ਹਨ। ਜਦੋਂ ਵੀ ਕੌਮ, ਦੇਸ਼ ਉੱਤੇ ਕੋਈ ਹਮਲਾਵਰ ਬਣ ਕੇ ਆਇਆ ਤਾਂ ਗੁਰਸਿੱਖਾਂ ਵੱਲੋਂ ਉਨ੍ਹਾਂ ਦੇ ਮੂੰਹ ਮੋੜ ਦਿੱਤੇ ਗਏ। ਸਤਿਗੁਰੂ ਜੀ ਦੀ ਇਸ ਬਖ਼ਸ਼ਿਸ਼ ਸਦਕਾ ਮੁਗਲ, ਅੰਗ੍ਰੇਜਾਂ ਅਤੇ ਸਮੇਂ ਦੀ ਜ਼ਾਲਮ ਹਕੂਮਤ ਨਾਲ ਲੋਹਾ ਲੈ ਕੇ ਜੋ ਪ੍ਰਾਪਤੀਆਂ ਗੁਰਸਿੱਖਾਂ ਵੱਲੋਂ ਕੀਤੀਆਂ ਗਈਆਂ ਉਨ੍ਹਾਂ ਨੂੰ ਸਮੇਂ ਸਮੇਂ ਵੱਖ ਵੱਖ ਲਿਖਾਰੀਆਂ ਵੱਲੋਂ ਇਵੇਂ ਬਿਆਨ ਕੀਤਾ ਗਿਆ ਹੈ:

‘ਅਫ਼ਗਾਨ ਮਾਏਂ ਬਚੋਂ ਕੋ ਜਬ ਸੁਲਾਤੀ ਹੈਂ, ਯਾ ਰੋਨੇ ਧੋਨੇ ਸੇ, ਉਨਹੇ ਵੁਹ ਚੁਪ ਕਰਾਤੀ ਹੈਂ, ਤੋਂ ਕਹਿਤੀ ਹੈਂ:

ਬੱਚਾ ਖਾਮੋਸ਼ ਸੋ ਕਿ ਹਰੀਆ ਬਿਅਮਦਾ, ਬੱਚਾ ਖਾਮੋਸ਼ ਬਾਸ਼, ਕਿ ਨਲੂਆ ਬਿਅਮਦਾ।

ਜਦੋਂ ਅਬਦਾਲੀ ਪਾਸੋਂ ਭਾਰਤ ਦੀ ਅਣਖ ਆਬਰੂ 13000 ਲੜਕੀਆਂ ਸਿੰਘਾਂ ਨੇ ਛੁਡਵਾਈਆਂ ਸਨ, ਤਾਂ:

‘ਅਕਾਲ ਕਾ ਨਾਅਰਾ ਮਾਰਾ ਤਬ ਗੋਬਿੰਦ ਕੇ ਗਾਜੀ ਸਿੰਘੋਂ ਨੇ, ਭੈ ਭੀਤ ਹੁਈ ਔਰ ਕਾਂਪ ਉਠੀ, ਜੋ ਮਾਨ ਮਤੀ ਤੁਰਕਾਨੀ ਥੀ।

ਪੰਜਾਬ ਕੇ ਬੋਲੇ ਸ਼ਾਹਦ ਹੈਂ, ਹੈ ਜਿਨ ਮੇਂ ਲਟਕ ਰਹੀ ਲੀਰੇਂ, ਉਸ ਭਾਗ ਰਹੇ ਦੁਰਾਨੀ ਕੀ..।’ (ਸੁਖਨਹਾਏ ਦਾਨਸ਼ਮੰਦਾ 70)

ਸ਼ਾਹ ਮੁਹੰਮਦ ਨੇ ਸ੍ਰ. ਸਾਮ ਸਿੰਘ ਅਟਾਰੀ ਵਾਲੇ ਸਮੇਤ ਗੁਰਸਿੱਖਾਂ ਵੱਲੋਂ ਅੰਗ੍ਰੇਜਾਂ ਦੇ ਛੱਕੇ ਛੁਡਵਾਉਣ ਦਾ ਜਿਕਰ ਕਰਦਿਆਂ ਲਿਖਿਆ ਹੈ:

‘ਆਈਆਂ ਪੜਤਲਾਂ ਬੀੜ ਕੇ ਤੋਪਖਾਨੇ,

ਅਗੋਂ ਸਿੰਘਾਂ ਨੇ ਪਾਸੜੇ ਮੋੜ ਦਿੱਤੇ।

ਸੇਵਾ ਸਿੰਘ ਮਾਖੇ ਖਾਂ ਹੋਏ ਸਿੱਧੇ,

ਹੱਲੇ ਤਿੰਨ ਫਰੰਗੀ ਦੇ ਮੋੜ ਦਿੱਤੇ।

ਸ਼ਾਮ ਸਿੰਘ ਅਟਾਰੀ ਵਾਲੇ,

ਬੰਨ੍ਹ ਸ਼ਸਤਰੀ ਜੋੜ ਵਿਛੋੜ ਦਿੱਤੇ।

ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ,

ਵਾਂਗ ਨਿੰਬੂਆਂ ਲਹੂ ਨਿਚੋੜ ਦਿੱਤੇ।’

ਗੁਰਸਿੱਖ ਨੂੰ ਗੁੜਤੀ ਹੀ ਇਸ ਪ੍ਰਕਾਰ ਦੀ ਦਿੱਤੀ ਗਈ ਕਿ ਇਹ ਸ਼ਸਤਰ, ਜ਼ੁਲਮ ਰੂਪੀ ਰੋਗ ਨੂੰ ਖਤਮ ਕਰਨ ਲਈ ਇੱਕ ਡਾਕਟਰ ਦੇ ਔਜਾਰਾਂ ਦੀ ਤਰ੍ਹਾਂ ਹਨ ਜੋ ਧਰਮ ਦੀ ਧੁਜਾ ਦਾ ਫਰਲਾ ਅਤੇ ਦੇਸ਼ ਕੌਮ ਤੇ ਮਜ਼ਲੂਮਾਂ ਦੀ ਪੱਤ ਬਚਾਉਣ ਵਾਲੇ ਹਨ। ਸਿੰਘ ਸਾਹਿਬ ਗਿਆਨੀ ਸ਼ਰਮ ਸਿੰਘ ਜੀ ‘ਸ਼ਰਮ’ ਹੋਰਾਂ ਦੇ ਲਿਖੇ ਇਹ ਬੋਲ ਕਿੰਨੇ ਸਾਰਥਕ ਹਨ:

‘ਉਂਝ ਤਾਂ ਦੁਨੀਆ ’ਚ ਬਥੇਰੇ ਨੇ ਸ਼ਸਤਰ,

(ਪਰ) ਇਨ੍ਹਾਂ ਵਿੱਚ ਵਾਧਾ ਏ ਕਿ ਇਹ ਤੇਰੇ ਨੇ ਸ਼ਸਤਰ।

ਇਹ ਸ਼ਸਤਰ ਨੇ ਨਸ਼ਤਰ ਗੁਰੂ ਵੈਦ ਦੇ,

ਰੋਗੀ ਦੇ ਮਿੱਤਰ ਭਲੇਰੇ ਨੇ ਸ਼ਸਤਰ।

ਇਹ ਸ਼ਸਤਰ ਨੇ ਕਿਸੇ ਆਦਰਸ਼ ਦੇ ਲਖਾਇਕ,

ਧਰਮ ਦੀ ਧੂਜਾ ਦੇ ਫਰੇਰੇ ਨੇ ਸ਼ਸਤਰ।

ਇਨ੍ਹਾਂ ਸ਼ਸਤਰਾਂ ‘ਸ਼ਰਮ’ ਰੱਖੀ ਵਤਨ ਦੀ,

ਤਾਹੀਉਂ ਸਤਿਕਾਰਦਾ ਵਤਨ ਤੇਰੇ ਨੇ ਸ਼ਸਤਰ।’

ਇਸਤ੍ਰੀ ਜਾਤੀ ਦਾ ਸੰਸਾਰ ਤੇ ਗੁਰਮਤਿ ਵਿਚ ਸਥਾਨ

0

ਇਸਤ੍ਰੀ ਜਾਤੀ ਦਾ ਸੰਸਾਰ ਤੇ ਗੁਰਮਤਿ ਵਿਚ ਸਥਾਨ

ਭਾਈ ਅਮਰਿੰਦਰ ਸਿੰਘ ‘ਕਥਾਵਾਚਕ’, ਗੁ. ਸ਼੍ਰੀ ਗੁਰੂ ਸਿੰਘ ਸਭਾ (ਰੋਪੜ)- 94630-66567

ਸੰਸਾਰ ਵਿਚ ਮਨੁੱਖ ਬਹੁਤੀ ਵਾਰ ਮਰਦ-ਪ੍ਰਧਾਨ ਹੋ ਕੇ ਵਿਚਰਿਆ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਇਸਤ੍ਰੀ ਜਾਤੀ ਨੂੰ ਬਣਦਾ ਸਤਿਕਾਰ ਨਾ ਦਿੱਤਾ ਗਿਆ। ਸੱਚ ਇਹ ਹੈ ਕਿ ਮਨੁੱਖ ਦੀ ਘਾੜਤ ਵਿਚ ਇਸਤ੍ਰੀ ਦਾ ਵੀ ਬਰਾਬਰ ਦਾ ਹਿੱਸਾ ਰਿਹਾ। ਬੇਅੰਤ ਦੁਨੀਆ ਦੇ ਵਿਦਵਾਨਾਂ ਨੇ ਆਪਣੀਆਂ ਸੋਝੀ ਵਾਲੀਆਂ ਕਲਮਾਂ ਚੁੱਕ ਕੇ ਇਸਤ੍ਰੀ ਦੇ ਉਸ ਪੱਖ ਨੂੰ ਹੀ ਉਜਾਗਰ ਕੀਤਾ ਜਿਸ ਨਜ਼ਰ ਨਾਲ ਇਸਤ੍ਰੀ ਨੂੰ ਆਮ ਸੰਸਾਰ ਵੇਖਦਾ ਸੀ।

ਜਗਤ-ਗੁਰੂ, ਗੁਰੂ ਨਾਨਕ ਸਾਹਿਬ ਜੀ ਦੇ ਪ੍ਰਗਟ ਹੋਣ ਤੋਂ ਪਹਿਲਾਂ ਇਸਤ੍ਰੀ ਜਾਤੀ ਨਾਲ ਘੋਰ ਵਿਤਕਰਾ ਕੀਤਾ ਜਾਂਦਾ ਸੀ। ਇਸਤਰੀਆਂ ਨੂੰ ਕੇਵਲ ਮਾਤਰ ਸਰੀਰਕ-ਤ੍ਰਿਪਤੀ ਦਾ ਸਾਧਨ ਹੀ ਸਮਝਿਆ ਜਾਂਦਾ ਸੀ, ਜਿਸ ਦੇ ਸਿੱਟੇ ਵਜੋਂ ਵੇਸਵਾ-ਪੁਣੇ ਦੀ ਬਿਮਾਰੀ ਜ਼ੋਰਾਂ ’ਤੇ ਸੀ। ਮਿਸਰ ਵਿਚ ਜੰਮਦੀ ਲੜਕੀ ਨੂੰ, ਜਿਉਂਦੀਆਂ ਹੀ ਜ਼ਮੀਨ ਵਿਚ ਦਬਾ ਦਿੱਤਾ ਜਾਂਦਾ ਸੀ। ਰੋਮ ਦੀ ਸਭਿਅਤਾ ਕਾਫ਼ੀ ਵਿਕਸਤ ਸੀ ਪਰ ਉਸ ਵਿਚ ਵੀ ਔਰਤ ਲਈ ਇਨਸਾਫ਼ ਨਹੀਂ ਸੀ।

ਜੇਕਰ ਹਿੰਦੁਸਤਾਨ ਦੀ ਗੱਲ ਕਰੀਏ ਤਾਂ ਮਹਾਂਭਾਰਤ ਅਤੇ ਰਮਾਇਣ ਦੇ ਸਮੇਂ ਵੀ ਔਰਤ ਨੂੰ ਸਨਮਾਨ ਪ੍ਰਾਪਤ ਨਹੀਂ ਸੀ। ਦਰੋਪਤੀ ਨੂੰ ਵਸਤੂ ਸਮਝ ਕੇ ਦਾਅ ’ਤੇ ਲਾ ਦੇਣਾ ਇਸੇ ਹੀ ਗੱਲ ਦਾ ਪ੍ਰਤੀਕ ਹੈ। ਸਵਾਮੀ ਤੁਲਸੀ ਦਾਸ ਨੇ ਤਾਂ ਨਾਰੀ ਨੂੰ ਢੋਰ, ਮੂਰਖ ਅਤੇ ਸ਼ੂਦਰ ਸਮਾਨ ਦੱਸਿਆ, ਇੱਥੋਂ ਤੱਕ ਕਹਿ ਦਿੱਤਾ ਕਿ ਇਹਨਾਂ ਦੀ ਜਿੰਨੀ ਤਾੜਨਾ ਹੁੰਦੀ ਰਹੇ ਤਾਂ ਠੀਕ ਹੈ।

‘ਢੋਰ, ਗਵਾਰ, ਸ਼ੂਦਰ, ਪਸ਼ੂ, ਨਾਰੀ।

ਯੇਹ ਪਾਂਚੌ ਤਾੜਨ ਕੇ ਅਧਿਕਾਰੀ।

ਜੋਗੀਆਂ ਨੇ ਵੀ ਇਸਤ੍ਰੀ ਨੂੰ ਭਗਤੀ ਮਾਰਗ ਵਿਚ ਵਿਘਨ ਪਾਉਣ ਵਾਲੀ ਦੱਸਿਆ। ਉਨਾਂ ਅਨੁਸਾਰ ਜਿਵੇਂ ਲੱਕੜੀ ਨੂੰ ਘੁਣ ਹੋਲੀ-ਹੋਲੀ ਖ਼ਤਮ ਕਰ ਦਿੰਦਾ ਹੈ, ਓਵੇਂ ਹੀ ਪੁਰਸ਼ ਨੂੰ ਔਰਤ ਤਬਾਹ ਕਰ ਕੇ ਰੱਖ ਦਿੰਦੀ ਹੈ। ਗੋਰਖ ਨਾਥ ਕਹਿੰਦਾ ਹੈ:

‘ਦਾਮਿ ਕਾਢਿ ਬਾਘੜ ਲੈ ਆਇਆ।

ਮਾਉ ਕਹੇ ਮੇਰਾ ਪੂਤ ਬਿਹਾਇਆ ।

ਗੀਲੀ ਲੱਕੜੀ ਕਉ ਘੁਣ ਲਾਗਾ।

ਤਿਨ ਡਾਲ ਮੂਲ ਸਣਿ ਖਾਇਆ।

ਛੱਜੂ ਜੀ ਨੇ ਵੀ ਔਰਤ ਤੋਂ ਪਰੇ ਰਹਿਣ ਦੇ ਹੀ ਵਿਚਾਰ ਸੰਸਾਰ ਨੂੰ ਦਿੱਤੇ।

‘ਕਾਗਦ ਸੰਦਲੀ ਪੁਤਲੀ, ਤਉ ਨਾ ਤ੍ਰਿਯ ਨਿਹਾਰ।

ਯੋਹੀ ਮਾਰ ਲੈ ਜਾਵਹੀ, ਜਿਉਂ ਬਿਲੋਚਨ ਧਾੜ।’

ਜੈਨ ਮੱਤ ਅਤੇ ਬੁੱਧ ਮੱਤ ਵੇਲੇ ਵੀ ਔਰਤ ਨੂੰ ਪੂਰਾ ਸਤਿਕਾਰ ਨਾ ਮਿਲ ਸਕਿਆ। ਹਿੰਦੁਸਤਾਨ ਦੀ ਧਰਤੀ ’ਤੇ ਭਾਵੇਂ ਇਸਤ੍ਰੀ ਨੂੰ ਦੇਵੀ ਦੇ ਰੂਪ ਵਿਚ ਪੂਜਿਆ ਗਿਆ ਪਰ ਬਣਦਾ ਸਤਿਕਾਰ ਨਾ ਦਿੱਤਾ ਗਿਆ।

ਮਨੂੰ ਰਿਸ਼ੀ ਨੇ ਤਾਂ ਔਰਤ ਬਾਰੇ ਇਥੋਂ ਤੱਕ ਕਹਿ ਦਿੱਤਾ ‘ਪਤੀ ਭਾਵੇਂ ਬੁੱਢਾ ਹੋਵੇ, ਕਰੂਪ ਹੋਵੇ, ਲੰਗੜਾ, ਲੂਲਾ, ਕੋਹੜੀ ਹੋਵੇ, ਡਾਕੂ, ਸ਼ਰਾਬੀ, ਜੂਏ ਬਾਜ਼, ਸ਼ਰੇ ਆਮ ਪਾਪ ਕਰਦਾ ਹੋਵੇ; ਪਰ ਪਤਨੀ ਫਿਰ ਵੀ ਉਨ੍ਹਾਂ ਨੂੰ ਰੱਬ ਵਾਂਗ ਹੀ ਪੂਜੇ। ਇਸਤ੍ਰੀ ਨੂੰ ਜਨੇਊ ਪਾਉਣ ਦਾ, ਗਾਇਤਰੀ ਮੰਤਰ ਕਰਨ ਦਾ ਕੋਈ ਅਧਿਕਾਰ ਨਹੀਂ।

ਪੁਰਾਤਨ ਮੰਦਰਾਂ ਵਿਚ ਔਰਤ ਨੂੰ ਦੇਵ ਦਾਸੀਆਂ ਬਣਾ ਕੇ ਰੱਖਿਆ ਜਾਣ ਲੱਗਾ, ਨਤੀਜਾ ਕੀ ਨਿਕਲਿਆ ਧਰਮ ਦੇ ਅਸਥਾਨ ਵੀ ਵਿਭਚਾਰ ਦੇ ਅੱਡੇ ਬਣ ਗਏ, ਫਿਰ ਪਤੀ ਦੀ ਮੌਤ ਪਿੱਛੋਂ ਜਿਊਣ ਦੀ ਆਗਿਆ ਨਹੀਂ ਸੀ ਬਲਕਿ ਜਿਉਂਦੀ ਨੂੰ ਹੀ ਪਤੀ ਦੇ ਨਾਲ ਸਾੜ ਕੇ ਸਤੀ ਕਿਹਾ ਜਾਣ ਲੱਗਾ। ਭਾਰਤ ਵਿਚ ਮੁਸਲਮਾਨਾਂ ਦੇ ਹਮਲਾਵਰ ਬਣ ਕੇ ਆਉਣ ਨਾਲ ਉਨਾਂ ਦੇ ਜ਼ੁਲਮ ਦਾ ਵਧੇਰੇ ਸ਼ਿਕਾਰ ਵੀ ਹਿੰਦੁਸਤਾਨ ਦੀ ਔਰਤ ਨੂੰ ਹੀ ਹੋਣਾ ਪਿਆ। ਇਸਾਈ ਮੱਤ ਵਿਚ ਵੀ ਔਰਤ ਅੱਜ ਤੱਕ ਪਾਦਰੀ ਨਹੀਂ ਬਣ ਸਕੀ।

ਗੁਰਮਤਿ ਮਾਰਗ

ਇਸਤ੍ਰੀ ਕੋਲ ਦੋ ਤਰ੍ਹਾਂ ਦਾ ਖ਼ਜ਼ਾਨਾ ਹੈ, ਇਕ ਮੁੱਖ ਦਾ ਖ਼ਜ਼ਾਨਾ ਦੂਜਾ ਕੁੱਖ ਦਾ, ਬਦਕਿਸਮਤੀ ਇਹ ਹੈ ਕਿ ਜਦੋਂ ਵੀ ਕਿਸੇ ਦੀ ਕਲਮ ਚੱਲੀ ਉਹ ਇਸਤ੍ਰੀ ਦੇ ਮੁੱਖ ’ਤੇ ਹੀ ਚੱਲੀ ਪਰ ਇਸਤ੍ਰੀ ਦੀ ਕੁੱਖ ’ਤੇ ਨਹੀਂ ਚੱਲੀ। ਹੁਣ ਇਸ ਮੰਦੀ ਸੋਚ ਦੇ ਵਿਰੁੱਧ ਉੱਚੀ ਬਾਂਹ ਖੜ੍ਹੀ ਕਰਕੇ ਵਿਸ਼ਵ ਦੇ ਮਹਾਨ ਕ੍ਰਾਂਤੀਕਾਰੀ ਗੁਰੂ ਨਾਨਕ ਸਾਹਿਬ ਜੀ ਨੇ ਔਰਤ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਿਆ।

‘‘ਭੰਡਿ ਜੰਮੀਐ ਭੰਡਿ ਨਿੰਮੀਐ; ਭੰਡਿ ਮੰਗਣੁ ਵੀਆਹੁ ॥

ਭੰਡਹੁ ਹੋਵੈ ਦੋਸਤੀ; ਭੰਡਹੁ ਚਲੈ ਰਾਹੁ ॥

ਭੰਡੁ ਮੁਆ ਭੰਡੁ ਭਾਲੀਐ; ਭੰਡਿ ਹੋਵੈ ਬੰਧਾਨੁ ॥

ਸੋ ਕਿਉਂ ਮੰਦਾ ਆਖੀਐ ? ਜਿਤੁ ਜੰਮਹਿ ਰਾਜਾਨ ॥’’

(ਮਹਲਾ ੧/੪੭੩)

ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਔਰਤਾਂ ਵਿਚੋਂ ਘੁੰਢ ਕੱਢਣ ਦਾ ਰਿਵਾਜ ਖ਼ਤਮ ਕੀਤਾ। ਸਤੀ ਪ੍ਰਥਾ ਵਰਗੀ ਭੈੜੀ ਰਸਮ ਨੂੰ ਸਮਾਜ ਵਿਚੋਂ ਖ਼ਤਮ ਕਰਨ ਵਾਸਤੇ ਸਖ਼ਤ ਸ਼ਬਦਾਂ ਵਿਚ ਵਿਰੋਧ ਕੀਤਾ ਅਤੇ ਦੁਨੀਆ ਨੂੰ ਸਮਝਾਇਆ ਕਿ ਪਤੀ ਦੀ ਮੌਤ ਤੋਂ ਬਾਅਦ ਪ੍ਰਭੂ ਭਾਣੇ ਨੂੰ ਮੰਨਣਾ ਅਤੇ ਸਬਰ, ਸੰਤੋਖ, ਸੀਲ-ਸੰਜਮ ਨਾਲ ਜੀਵਨ ਬਤੀਤ ਕਰਨਾ ਅਸਲ ‘ਸਤੀ’ ਹੋਣਾ ਹੈ। ਵਿਧਵਾ ਵਿਆਹ ਕਰਨ ਦਾ ਹੱਕ ਔਰਤ ਨੂੰ ਦਿੱਤਾ।

‘‘ਸਤੀਆ ਏਹਿ ਨਾ ਆਖੀਅਨਿ; ਜੋ ਮੜਿਆ ਲਗਿ ਜਲੰਨਿ ॥

ਨਾਨਕ  ! ਸਤੀਆ ਜਾਣੀਅਨਿ; ਜਿ ਬਿਰਹੇ ਚੋਟ ਮਰੰਨਿ ॥

ਭੀ ਸੋ ਸਤੀਆ ਜਾਣੀਅਨਿ; ਸੀਲ ਸੰਤੋਖਿ ਰਹੰਨਿ॥’’ (ਮ: ੩/੭੮੭)

ਗੁਰੂ ਅਮਰਦਾਸ ਜੀ ਨੇ ਔਰਤਾਂ ਦਾ ਮਰਦਾਂ ਦੇ ਬਰਾਬਰ ਮਾਣ ਸਤਿਕਾਰ ਬਹਾਲ ਕੀਤਾ। ਧਰਮ ਪ੍ਰਚਾਰ ਲਈ 22 ਮੰਜੀਆਂ ਵਿਚੋਂ ਦੋ ਮੰਜੀਆਂ ਇਸਤ੍ਰੀ ਪ੍ਰਚਾਰਕਾਂ ਲਈ ਥਾਪੀਆਂ ਗਈਆਂ।

ਭਾਈ ਗੁਰਦਾਸ ਜੀ ਦੁਆਰਾ ਗੁਰਮਤਿ ਦਾ ਸੰਦੇਸ਼ ਨਾਰੀ ਸਨਮਾਨ ਦੀ ਅਤਿ ਉੱਤਮ ਉਦਾਹਰਨ ਹੈ:

‘‘ਦੇਖਿ ਪਰਾਈਆਂ ਚੰਗੀਆਂ;

ਮਾਵਾਂ, ਭੈਣਾਂ, ਧੀਆਂ ਜਾਣੈ॥’’ (ਵਾਰ 29:11)

‘‘ਏਕਾ ਨਾਰੀ ਜਤੀ ਹੋਇ,

ਪਰ ਨਾਰੀ ਧੀ ਭੈਣ ਵਖਾਣੈ॥’’ (ਵਾਰ 6:8)

ਗੁਰਮਤਿ ਦੀ ਲਹਿਰ ਨੇ ਸਦੀਆਂ ਤੋਂ ਵਿਗੜਿਆ ਹੋਇਆ ਔਰਤ ਜਾਤੀ ਦਾ ਸਤਿਕਾਰ ਬਹਾਲ ਕੀਤਾ। ਪਹਿਲੀ ਸਿੱਖ ਇਸਤ੍ਰੀ ‘ਬੀਬੀ ਨਾਨਕੀ ਜੀ’ ਹੋਏ। ਗੁਰੂ ਅੰਗਦ ਸਾਹਿਬ ਜੀ ਦੇ ਮਹਿਲ ‘ਮਾਤਾ ਖੀਵੀ’ ਜੀ ਦੀ ਗੁਰੂ ਕੇ ਲੰਗਰ ਦੇ ਯੋਗ ਪ੍ਰਬੰਧ ਅਤੇ ਗੁਰੂ ਘਰ ਪ੍ਰਤੀ ਸੇਵਾ ਭਾਵਨਾ ਨੇ ਔਰਤ ਜਾਤ ਵਿਚ ਉਤਸ਼ਾਹ ਪੈਦਾ ਕੀਤਾ।

‘‘ਬਲਵੰਡ ਖੀਵੀ ਨੇਕ ਜਨ; ਜਿਸੁ ਬਹੁਤੀ ਛਾਉ ਪਤ੍ਰਾਲੀ॥

ਲੰਗਰਿ ਦਉਲਤਿ ਵੰਡੀਐ; ਰਸੁ ਅੰਮ੍ਰਿਤੁ ਖੀਰਿ ਘਿਆਲੀ॥’’

(ਭਾਈ ਬਲਵੰਡ ਜੀ/966)

ਬੀਬੀ ਅਮਰੋ ਜੀ ਦੀ ਪ੍ਰੇਰਨਾ ਸਦਕਾ ਬਾਬਾ ਅਮਰਦਾਸ ਜੀ ਸਿੱਖ ਬਣੇ ਅਤੇ ਗੁਰੂ ਪਦਵੀ ਨੂੰ ਪ੍ਰਾਪਤ ਹੋਏ। ਬੀਬੀ ਭਾਨੀ ਜੀ ਦਾ ਨਾਮ ਗੁਰੂ ਪੁੱਤਰੀ, ਗੁਰੂ ਪਤਨੀ, ਗੁਰੂ ਮਾਤਾ, ਗੁਰੂ ਦਾਦੀ ਅਤੇ ਗੁਰੂ ਪੜਦਾਦੀ ਦੇ ਰੂਪ ਵਿਚ ਅਤਿ ਸਨਮਾਨਯੋਗ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਦਾਦੀ, ਗੁਰੂ ਤੇਗ਼ ਬਹਾਦਰ ਜੀ ਦੀ ਮਾਤਾ ਅਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮਹਿਲ ‘ਮਾਤਾ ਨਾਨਕੀ’ ਜੀ ਦੀ ਮਹਾਨਤਾ, ਭਲਾ ਕਿਸ ਤੋਂ ਲੁਕੀ ਹੋਈ ਹੈ ? ਸਤਿਗੁਰੂ ਤੇਗ਼ ਬਹਾਦਰ ਜੀ ਦੇ ਮਹਿਲ ‘ਮਾਤਾ ਗੁਜਰੀ’ ਜੀ ਦੀ ਗੁਰੂ-ਘਰ ਅਤੇ ਮਨੁੱਖਤਾ ਪ੍ਰਤੀ ਸੇਵਾ ਪਿਆਰ ਅਤੇ ਕੁਰਬਾਨੀ ਦੀ ਉਦਾਹਰਨ ਵਿਸ਼ਵ ਭਰ ਵਿਚ ਕਿਧਰੇ ਨਹੀਂ ਮਿਲਦੀ। ਗੁਰੂ ਗੋਬਿੰਦ ਸਿੰਘ ਜਾਣ ਮਗਰੋਂ ਸਿੱਖ ਕੌਮ ਦੀ ਸਫਲ ਵਾਗਡੋਰ ਸੰਭਾਲਣ ਦੀ ਜ਼ਿੰਮੇਵਾਰੀ ‘ਮਾਤਾ ਸੁੰਦਰੀ’ ਜੀ ਨੇ ਨਿਭਾਈ। ‘ਮਾਤਾ ਸਾਹਿਬ ਕੌਰ’ ਜੀ ਨੂੰ ਖ਼ਾਲਸਾ ਪੰਥ ਦੀ ਮਾਤਾ ਹੋਣ ਦਾ ਮਾਣ ਪ੍ਰਾਪਤ ਹੈ। ਇਸ ਤੋਂ ਵੱਧ ਸਤਿਕਾਰ ਭਲਾ ਹੋਰ ਕੀ ਹੋ ਸਕਦਾ ਹੈ ? ਮਾਈ ਭਾਗ ਕੌਰ ਜੀ, ਸ਼ਰਨ ਕੌਰ ਜੀ, ਰਾਣੀ ਸਦਾ ਕੌਰ, ਰਾਣੀ ਜਿੰਦ ਕੌਰ ਅਤੇ ਕਈ ਹੋਰ ਬਹਾਦਰ ਸਿੱਖ ਔਰਤਾਂ ਸਿੱਖ ਇਤਿਹਾਸ ਦੀਆਂ ਮਹਾਨ ਸਿੰਘਣੀਆਂ ਹਨ।

ਵਰਤਮਾਨ ਸਥਿਤੀ:

ਅੱਜ ਦੇ ਆਧੁਨਿਕ ਦੌਰ ਵਿਚ, ਅੱਜ ਦੇ ਮੀਡੀਆ ਵੱਲੋਂ ਪੈਦਾ ਕੀਤੀ ਝੂਠੀ ਅਡੰਬਰੀ ਰੰਗ ਤਮਾਸ਼ੇ ਅਤੇ ਇਸ ਤਰ੍ਹਾਂ ਦੇ ਸ਼ੋਅ ਟੀ. ਵੀ. ਚੈਨਲਾਂ ’ਤੇ ਪ੍ਰਸਾਰਿਤ ਕਰਨੇ ਜਿਸ ਵਿਚ ਇਸਤ੍ਰੀ ਦਾ ਨੰਗੇਜ, ਸਰੀਰਕ ਵਪਾਰੀ ਕਰਨ, ਸੁੰਦਰਤਾ ਨੇ ਸਮਾਜ ਦਾ ਮਹੌਲ ਵਿਗਾੜਨ ਵਿਚ ਕੋਈ ਕਸਰ ਨਹੀਂ ਛੱਡੀ।

ਅੱਜ ਕੀ ਹੋ ਗਿਆ ਮੇਰੀ ਸਿੱਖ ਭੈਣ, ਸਿੱਖ ਬੱਚੀ ਨੂੰ ? ਜੋ ਆਪਣੇ ਇਸ ਮਹਾਨ ਵਿਰਸੇ ਤੋਂ ਅਵੇਸਲੀ ਹੋ ਕੇ ‘ਬਿਪਰਨ ਕੀ ਰੀਤ’ ਦੇ ਵਹਾਅ ਵਿਚ ਰੁੜਦੀ ਜਾ ਰਹੀ ਹੈ। ਦਸਮੇਸ਼ ਪਿਤਾ ਜੀ ਦੀ ਗੋਦ ਛੱਡ ਕੇ ਉਸ ਹਨੇਰੇ ਰਾਹ ’ਤੇ ਤੁਰ ਪਈ ਹੈ, ਜਿੱਥੇ ਅੱਜ ਮੇਰੀ ਭੈਣ, ਬੱਚੀ ਕੋਲ ਅੰਮ੍ਰਿਤ ਵੇਲੇ ਜਾਗਣਾ, ਪਾਠ ਕਰਨਾ, ਗੁਰਦੁਆਰੇ ਜਾਣਾ, ਕਥਾ ਕੀਰਤਨ ਸੁਣਨ ਅਤੇ ਸੇਵਾ ਕਰਨ ਦਾ ਵਿਹਲ ਨਹੀਂ। ਉਂਞ ਬਿਊਟੀ ਪਾਰਲਰ ਜਾਣਾ ਵਾਲ ਸੈੱਟ ਕਰਾਉਣੇ, ਵਾਲ ਕਟਾਉਣੇ, ਭਰਵੱਟੇ ਸੈੱਟ ਕਰਾਉਣੇ ਅਤੇ ਗੰਦੇ ਲੱਚਰ ਗੀਤ ਦਾ ਨਾਚ-ਡਾਂਸ ਕਰਨ ਦਾ ਉਸ ਪਾਸ ਵਿਹਲ ਹੀ ਵਿਹਲ ਹੈ। ਕਈ ਤਰ੍ਹਾਂ ਦੀਆਂ ਹੋਛੀਆਂ ਚੀਜ਼ਾਂ ਖਾਣੀਆਂ ਛੂਛੇ ਮਦ ਦੇ ਭੋਗਾਂ ਨੂੰ ਨਵੀਆਂ ਕਦਰਾਂ ਕੀਮਤਾਂ ਸਮਝ ਰਹੀ ਹੈ।

ਉਹ ਕਿਉਂ ਅਵੇਸਲੀ ਹੋ ਗਈ ਹੈ, ਭੁੱਲ ਗਈ ਹੈ ਕਿ ਉਹ ਇਕ ਸਿੱਖ ਪਰਿਵਾਰ ਦੀ ਰੀੜ ਦੀ ਹੱਡੀ ਹੈ ? ਇਕ ਮਜ਼ਬੂਤ ਥੰਮ ਹੈ। ਅੱਜ ਦੀਆਂ ਕਈ ਸਿੱਖ ਭੈਣਾਂ, ਬੱਚੀਆਂ ਤਾਂ ਆਪ ਆਪਣੇ ਬੱਚਿਆਂ ਦੇ ਕੇਸਾਂ ’ਤੇ ਕੈਂਚੀ ਚਲਾਉਂਦੀਆਂ ਹਨ, ਨਾਈ ਪਾਸ ਲੈ ਜਾਂਦੀਆਂ ਹਨ ਇਹਨਾਂ ਪਾਸ ਕੇਸ ਸੰਭਾਲਣ, ਧੋਣ, ਤੇਲ ਲਾਉਣ, ਕੰਘਾ ਕਰਨ, ਜੂੜਾ ਕਰਨ ਅਤੇ ਦਸਤਾਰ ਬੰਨਣ ਦਾ ਵਿਹਲ ਹੀ ਨਹੀਂ, ਅੱਜ ਆਪਣੀ ਸੁੰਦਰਤਾ ਨੂੰ ਕਾਇਮ ਰੱਖਣ ਵਾਸਤੇ ਆਪਣੇ ਹੀ ਬੱਚੇ ਨੂੰ ਦੁੱਧ ਪਿਆਉਣ ਤੋਂ ਕੰਨੀ ਕਤਰਾ ਰਹੀ ਹੈ।

ਮੇਰੀਓ ਭੈਣੋ ! ਇਸ ਭਰਮ ਜਾਲ ਵਿੱਚੋਂ ਬਾਹਰ ਨਿਕਲੀਏ ਗੁਰਮਤਿ ਨਾਲ, ਗੁਰਬਾਣੀ ਨਾਲ ਜੁੜਿਆਂ, ਰਹਿਤ ਮਰਯਾਦਾ ਨਾਲ ਪੂਰਨ ਤੌਰ ਨਾਲ ਜੁੜਿਆਂ, ਸ਼ਬਦ ਗੁਰੂ ਨਾਲ ਚਿੱਤ ਜੋੜਿਆਂ, ਅੰਦਰਲੀ ਸੁੰਦਰਤਾ ਤੇ ਗੁਣ ਪ੍ਰਾਪਤ ਹੁੰਦੇ ਹਨ। ਅਕਾਲ ਪੁਰਖ ਵਾਹਿਗੁਰੂ ਜੀ ਤੋਂ ਅਸੀਸ ਲੈ ਕੇ ਦਸਮੇਸ਼ ਗੁਰੂ ਜੀ ਦੇ ਰਾਹ ’ਤੇ ਤੁਰੀਏ। ‘ਬਿਪਰਨ ਕੀ ਰੀਤ’ ਡੇਰਾਵਾਦ, ਬੇਮੁਖ, ਗੁਰੂ-ਘਰ ਦੇ ਦੋਖੀਆਂ ਦੇ ਰਾਹ ਤਿਆਗ ਕੇ ਗੁਰਮਤਿ ਦੇ ਚਾਨਣ ਵਿਚ ਤੁਰ ਕੇ ਸਮੁੱਚੇ ਪਰਿਵਾਰ ਦੀ ਅਗਵਾਈ ਕਰੀਏ ਅਤੇ ਖ਼ਾਲਸਾ ਪੰਥ ਦੀ ਸਦੀਵੀ ਸ਼ਾਨ ਬਰਕਰਾਰ ਰੱਖੀਏ। ਆਪਣੇ ਅਮੀਰ ਵਿਰਸੇ ਵਿਚ ਹੋਰ ਸੁਨਹਿਰੀ ਪੱਤਰੇ ਜੋੜੀਏ !

ਨਿਰਾਸ਼ਤਾ ਦਾ ਸ਼ੀਸ਼ਾ ਹੁੰਦਾ ਹੈ ਮੂੰਹ ਲਮਕਾਉਣਾ..

0

ਨਿਰਾਸ਼ਤਾ ਦਾ ਸ਼ੀਸ਼ਾ ਹੁੰਦਾ ਹੈ ਮੂੰਹ ਲਮਕਾਉਣਾ..

ਰਮੇਸ਼ ਬੱਗਾ ਚੋਹਲਾ, 1348/17/1, ਗਲੀ ਨੰ.8, ਰਿਸ਼ੀ ਨਗਰਸ ਐਕਸਟੈਨਸ਼ਨ (ਲੁਧਿਆਣਾ)-94631-32719

ਸਾਡੇ ਆਲੇ-ਦੁਆਲੇ ਹੋਰ ਵੀ ਬਹੁਤ ਸਾਰੇ ਅਜਿਹੇ ਮਹਾਂ ਪੁਰਖ ਮਿਲ ਜਾਂਦੇ ਹਨ ਜੋ ਆਪਣੀ ਨਾਲਾਇਕੀ ਅਤੇ ਲਾਪਰਵਾਹੀ ਸਦਕਾ ਅਕਸਰ ਹੀ ‘ਮੂੰਹ ਲਮਕਾਈ’ ਫਿਰਦੇ ਹੁੰਦੇ ਹਨ। ਇਨ੍ਹਾਂ ਲੋਕਾਂ ਵਿਚ ਵਡੇਰਾ ਸ਼ੁਮਾਰ ਉਨ੍ਹਾਂ ਪ੍ਰਾਣੀਆਂ ਦਾ ਹੁੰਦਾ ਹੈ ਜੋ ਆਪਣੇ ਕੰਮ ਨੂੰ ਪੂਜਾ ਸਮਝ ਕੇ ਕਰਨ ਦੀ ਬਜਾਏ ‘ਗਲ ਪਿਆ ਢੋਲ ਵਜਾਉਣ’ ਦੀ ਦੀ ਤਰਜ਼ ’ਤੇ ਲੈਂਦੇ ਹਨ।

ਇਹ ਮੁਹਾਵਰਾ ਦੇਸ਼ ਦਾ ਭਵਿੱਖ ਸਮਝੇ ਜਾਂਦੇ ਉਨ੍ਹਾਂ ਪਾੜ੍ਹੇ/ਪਾੜ੍ਹੀਆਂ ’ਤੇ ਵੀ ਅਸਰ ਅੰਦਾਜ਼ ਹੁੰਦਾ ਹੈ ਜੋ ਸਾਰਾ ਸਾਲ ਵਿਦਿਆ ਨੂੰ ਵਿਚਾਰਨ ਦੀ ਬਜਾਏ ਆਪਣੇ ਮਾਪਿਆਂ ਦੀ ਮਿਹਨਤ ਦੀ ਕਮਾਈ ਬਿਨਾਂ ਕਿਸੇ ਉਚੇਰੇ ਮਨੋਰਥ ਦੀ ਪ੍ਰਾਪਤੀ ਦੇ ਅੰਝਾਈ ਹੀ ਗਵਾਈ ਜਾਂਦੇ ਹੁੰਦੇ ਹਨ। ਉਹ ਆਪਣਾ ਬੇਸ਼ਕੀਮਤੀ ਵਕਤ ਭਲਵਾਨੀ ਗੇੜੀਆ ਜਾਂ ਸਮੋਸਿਆਂ ਦੀਆਂ ਰੇੜੀਆਂ ’ਤੇ ਖਰਚ ਕਰ ਦਿੰਦੇ ਹਨ ਅਤੇ ਜਦੋਂ ਪਰਖ ਦੀਆਂ ਘੜੀਆਂ ਭਾਵ ਇਮਤਿਹਾਨ ਆਉਂਦੇ ਹਨ ਤਾਂ ਉਸ ਵਕਤ ਬੰਜਰ ਹੋ ਚੁੱਕੇ ਅਕਲ ਦੇ ਖੇਤ ’ਚੋਂ ਕੋਈ ਸ਼ਬਦ ਨਹੀਂ ਉਘਲਦੇ। ਇਸ ਬੌਧਿਕ ਕਸਾਰੇ ਕਾਰਨ ਜਦੋਂ ਨਤੀਜ਼ਾ ਨਿਕਲਦਾ ਹੈ ਤਾਂ ਉਸ ਨਕਾਰਾਤਮਕ ਨਤੀਜੇ ਦੀ ਵਜ੍ਹਾ ਕਾਰਨ ਉਹ ਵਿਚਾਰੇ ਮੂੰਹ ਲਮਕਾਈ ਫਿਰਦੇ ਹੁੰਦੇ ਹਨ।

ਸਰਕਾਰੀ, ਅਰਧ-ਸਰਕਾਰ ਦਫ਼ਤਰਾਂ ਵਿਚ ਕੰਮ ਕਰਦੇ ਕਈ ਕੰਮਚੋਰ ਕਰਮਚਾਰੀ ਸੇਵਾ-ਭਾਵਨਾ ਤੋਂ ਸੱਖਣੇ ਹੁੰਦੇ ਹਨ। ਇਸ ਸੱਖਣਤਾ ਦੇ ਸਬੱਬ ਵਜੋਂ ਉਹ ਲੇਟ-ਲਤੀਫ਼ੀ ਦਾ ਸ਼ਿਕਾਰ ਵੀ ਹੋ ਜਾਂਦੇ ਹਨ। ਇਕ ਦਿਨ ਸਾਧ ਦਾ ਆਉਣ ਕਰਕੇ ਸੌ ਦਿਨ ਵਾਲੇ ਇਹ ਚੋਰ ਜਦੋਂ ਆਪਣੇ ਕਿਸੇ ਆਲਾ-ਅਧਿਕਾਰੀ ਦੇ ਧੱਕੇ ਚੜ੍ਹ ਜਾਂਦੇ ਹਨ ਤਾਂ ਨੌਬਤ ‘ਮੂੰਹ ਲਮਕਾਉਣ ਉਰਫ਼ ਛੁਪਾਉਣ’ ਤੱਕ ਆ ਜਾਂਦੀ ਹੈ।

ਕਈ ਬੰਦਿਆਂ ਦੀ ਫ਼ਿਤਰਤ ਹੁੰਦੀ ਹੈ ਕਿ ਉਹ ਵਕਤ ਦੀ ਕਦਰ ਹੀ ਨਹੀਂ ਕਰਦੇ। ਜਦੋਂ ਵਕਤ ਦਾ ਪਹੀਆ ਘੁੰਮਦਾ-ਘੁੰਮਦਾ ਉਨ੍ਹਾਂ ਬੰਦਿਆਂ ਨੂੰ ਪਛਾੜ ਦਿੰਦਾ ਹੈ ਤਾਂ ਉਨ੍ਹਾਂ ਦੇ ਕਈ ਬਹੁਤ ਹੀ ਜ਼ਰੂਰੀ ਕੰਮ ਹੋਣ ਤੋਂ ਰਹਿ ਜਾਂਦੇ ਹਨ। ਕੰਮ ਦਾ ਸਹੀ ਸਮੇਂ ’ਤੇ ਨਾ ਹੋਣਾ ਕਈ ਵਾਰੀ ਅਤਿ ਨਿਰਾਸ਼ਾ ਦਾ ਕਾਰਨ ਬਣ ਜਾਂਦਾ ਹੈ। ਇਸ ਨਿਰਾਸ਼ਾ ਕਾਰਨ ਕਈ ਵਾਰੀ ਉਸ ਮਾਈ-ਭਾਈ ਦਾ ਮੂੰਹ ਵੀ ‘ਲਮਕਿਆ ਹੀ ਮਿਲਦਾ’ ਹੈ।

ਸਿਆਣੇ ਬੰਦਿਆਂ ਦੀ ਸਲਾਹ ਹੈ ਕਿ ਸਿਹਤ ਹੀ ਜੀਵਨ ਦਾ ਅਸਲੀ ਧਨ ਹੁੰਦੀ ਹੈ, ਪਰ ਕਈ ਆਲਸ ਦੇ ਡੰਗੇ ਬੰਦੇ ਬਾਬਿਆਂ ਦੇ ਗੀਤ (ਪਹਿਲਾਂ ਸਿਹਤ ਜ਼ਰੂਰੀ ਹੈ) ਨੂੰ ਟਿੱਚ ਜਾਣਦੇ ਹੋਏ ਇਸ ਧਨ ਦੀ ਸਾਂਭ-ਸੰਭਾਲ ਤੋਂ ਘੇਸ ਮਾਰੀ ਰੱਖਦੇ ਹਨ। ਸਿੱਟੇ ਵਜੋਂ ਕਈ ਵਾਰ ਉਹ ਬੰਦੇ ਕਈ ਨਾਮੁਰਾਦ ਬਿਮਾਰੀਆਂ ਦੀ ਗ੍ਰਿਫ਼ਤ ਵਿਚ ਆ ਜਾਂਦੇ ਹਨ। ਜਦੋਂ ਉਨ੍ਹਾਂ ਦੀਆਂ ਬਿਮਾਰੀਆਂ ਉਪਰ ਡਾਕਟਰੀ ਦਾਅ ਅਤੇ ਦਵਾਈਆਂ ਦਾ ਅਸਰ ਫ਼ੇਲ ਹੋ ਜਾਂਦਾ ਹੈ ਤਾਂ ਉਨ੍ਹਾਂ ਪ੍ਰਭਾਵੀ ਵਿਅਕਤੀਆਂ ਅਤੇ ਪਰਿਵਾਰ ਦੇ ਮੈਂਬਰਾਂ ਦਾ ਮੂੰਹ ਵੀ ‘ਲਮਕਣੀ ਅਵਸਥਾ’ ਵਿਚ ਹੁੰਦਾ ਹੈ।

ਜਦੋਂ ਕਿਸੇ ਕਿਸਾਨ ਦੀ ਪੁੱਤਾਂ ਵਾਂਗ ਪਾਲੀ ਫ਼ਸਲ ਕਿਸੇ ਕੁਦਰਤੀ ਕਰੋਪੀ ਜਾਂ ਉਸ ਦੀ ਆਪਣੀ ਅਣਗਹਿਲੀ ਦਾ ਸ਼ਿਕਾਰ ਹੋ ਜਾਂਦੀ ਹੈ ਤਾਂ ਉਸ ਦੀ ਕੀਤੀ ਮਿਹਨਤ ਘੱਟੇ-ਕੌਡੀਆਂ ਵਿਚ ਰੁੱਲ ਜਾਂਦੀ ਹੈ। ਉਧਰ ਜਦੋਂ ਆੜ੍ਹਤੀ ਵੀ ਉਸ ਦੇ ਗਲ਼ ਵਿਚ ਅੰਗੂਠਾ ਦੇਣ ਲੱਗ ਪੈਂਦਾ ਹੈ ਤਾਂ ਉਸ ਕਿਸਾਨ ਦਾ ਮੂੰਹ ਵੀ ਵੇਖਣਯੋਗ ਹੁੰਦਾ ਹੈ।

ਜਦੋਂ ਕਿਸੇ ਨੌਜਵਾਨ ਨੇ ਕਿਸੇ ਨੌਕਰੀ ਨੂੰ ਹਾਸਲ ਕਰਨ ਲਈ ਕਿਤੇ ਦੂਰ-ਦੁਰਾਡੇ ਇੰਟਰਵਿਊ ਦੇਣ ਲਈ ਪਹੁੰਚਣਾ ਹੋਵੇ ਤਾਂ ਉਸ ਨੂੰ ਸਹੀ ਸਮੇਂ ’ਤੇ ਸਹੀ ਸਥਾਨ ’ਤੇ ਪਹੁੰਚਾਉਣ ਵਾਲੀ ਲਾਰੀ ਜਾਂ ਟ੍ਰੇਨ ਮਿਸ ਹੋ ਜਾਵੇ ਤਾਂ ਉਸ ਦਾ ‘ਮੂੰਹ ਵੀ ਲਮਕਣੋਂ’ ਨਹੀਂ ਰਹਿ ਸਕਦਾ।

ਅਜਿਹਾ ਨਿਰਾਸਾਜਨਕ ਘਟਨਾਕ੍ਰਮ ਆਸ਼ਕ ਦੀ ਦੁਨੀਆ ਵਿਚ ਤਾਂ ਅਕਸਰ ਹੀ ਵਾਪਰਦਾ ਰਹਿੰਦਾ ਹੈ। ‘ਬਾਬਾ-ਏ-ਆਸ਼ਕ’ ਭਾਈਆ ਧੀਦੋ ਉਰਫ਼ ਰਾਂਝਾ ਤਖ਼ਤ ਹਜਾਰੇ ਦੀ ਚੌਧਰ ਛੱਡ ਕੇ ਬੇਬੇ ਹੀਰ ਦੀਆਂ ਮੈਸਾਂ ਦੇ ਪੂਰੇ ਬਾਰ੍ਹਾਂ ਸਾਲ ਮੌੜੇ ਲਗਾਉਂਦਾ ਰਿਹਾ, ਪਰ ਉਸ ਦੀ ਮਿਹਨਤ ਤੋਂ ਮੁੱਖ ਮੋੜਦਿਆਂ ‘ਬੇਬੇ ਹੀਰ’ ਨੇ ਭਾਗ (ਨਿਕਾਹ ਕਰਵਾ ਕੇ) ਸੈਦੇ-ਕਾਣੇ ਦੇ ਘਰ ਨੂੰ ਲਗਾ ਦਿੱਤੇ ਸਨ। ਅਜਿਹੀ ਸੁਰਤ-ਏ-ਹਾਲ ਵਿਚ ਬਾਪੂ ਰਾਝੇ ਨੂੰ ਮੂੰਹ ਲਮਕਾ ਕੇ ਨਾਥ-ਜੋਗੀਆਂ ਦੇ ਟਿੱਲਿਆਂ ਦਾ ਰਾਹ ਫੜਨਾ ਪੈ ਗਿਆ ਅਤੇ ਕੰਨਾਂ ਵਿਚ ਮੁੰਦਰਾਂ ਪਵਾਉਣੀਆਂ ਪੈ ਗਈਆਂ ਸਨ।

ਮੂੰਹ ਲਮਕਾਉਣ ਦੀ ਤਸਵੀਰ ਕਈ ਵਾਰ ਆਧੁਨਿਕ ਆਸ਼ਕ-ਸੰਸਾਰ ਵਿਚ ਵੀ ਦੇਖ/ਸੁਣਨ ਨੂੰ ਮਿਲ ਜਾਂਦੀ ਹੈ। ਇਸ਼ਕ ਦਾ ਰੋਗ ਕਈ ਵਾਰ ਅੱਖਾਂ ਵਿਚ ਦੀ ਹੋ ਕੇ ਦਿਲਾਂ (ਭਾਵਨਾਵਾਂ) ’ਤੇ ਅਸਰ ਕਰਦਾ ਹੈ। ਜਦੋਂ ਇਹ ਅਸਰ ਆਪਣਾ ਰੰਗ ਦਿਖਾਉਂਦਾ ਹੈ ਤਾਂ ਉਸ ਵੇਲੇ ਇਹ ਗੀਤ ਆਪ ਮੁਹਾਰੇ ਹੀ ਬੁੱਲਾਂ ’ਤੇ ਆ ਜਾਂਦਾ ਹੈ ਕਿ ‘ਬੈਠ ਮੇਰੇ ਪਾਸ ਤੁਝੇ ਦੇਖਤਾ ਰਹੂੰ ਦੇਖਤਾ ਰਹੂੰ ਮੁੰਹੋਂ ਕੁਝ ਨਾ ਕਹੂੰ’ ਜਾਂ ਫਿਰ ‘ਚੰਨਾ ਤੇਰਾ ਘੁੱਟ ਭਰ ਲਾਂ ਤੈਨੂੰ ਦੇਖਿਆ ਸਬਰ ਨਾ ਆਵੇ।’

ਅਜਿਹਾ ਸਭ ਕੁੱਝ ਕਰਨ ਲਈ ਆਸ਼ਕ ਲੋਕ ਮੁਲਾਕਾਤਾਂ ਦੀਆਂ ਲੰਮੀਆਂ ਤੰਦਾਂ ਪਾਉਂਦੇ ਹਨ ਪਰ ਜੇਕਰ ਕਿਸੇ ਕਾਰਨ ਵੱਸ ਇਹ ਤੰਦਾਂ ਢਿੱਲੀਆਂ ਜਾਂ ਟੁੱਟਣ ਲੱਗ ਪੈਣ ਤਾਂ ਉਸ ਵਕਤ ਕਿਸੇ ਪਿਆਰੇ ਜਾਂ ਪਿਆਰੀ ਦੀ ਮੂੰਹ ਵੀ ਲਮਕਣੋਂ ਨਹੀਂ ਰਹਿ ਸਕਦਾ।

ਜਦੋਂ ਕੋਈ ਵਿਅਕਤੀ ਕਿਸੇ ਕੰਮ-ਕਾਜ ਲਈ ਸਰਕਾਰੀ ਦਫ਼ਤਰ ਵਿਚ ਜਾਵੇ ਤਾਂ ਅੱਗਿਓਂ ਸੰਬੰਧਿਤ ਬਾਬੂ ਜਾਂ ਉੱਚ-ਅਧਿਕਾਰੀ ਆਪਣੀ ਸੀਟ ’ਤੇ ਬਿਰਾਜਮਾਨ ਹੀ ਨਾ ਹੋਵੇ ਤਾਂ ਉਸ ਵੇਲੇ ਉਸ ਵਿਅਕਤੀ ਦਾ ਮੂੰਹ ਵੀ ਕੁਮਲਾ ਜਾਂਦਾ ਹੈ।

ਉਪਰੋਕਤ ਚਰਚਾ ਤੋਂ ਅਸੀਂ ਇਸ ਸਿੱਟੇ ’ਤੇ ਪਹੁੰਚਦੇ ਹਾਂ ਕਿ ‘ਕਿਸੇ ਵਿਅਕਤੀ ਵਿਸ਼ੇਸ਼ ਦੇ ਮੁੱਖੜੇ ’ਤੇ ਝਲਕਦੀ ਨਿਰਾਸਾ ਜਾਂ ਲਮਕੇ ਹੋਇਆ ਮੂੰਹ’ ਲਈ ਕਈ ਵਾਰੀ ਤਾਂ ਉਸ ਦੀ ਆਪਣੀ ਲਾਪਰਵਾਹੀ ਹੀ ਜ਼ਿੰਮੇਵਾਰ ਹੁੰਦੀ ਹੈ, ਪਰ ਕਈ ਵਾਰੀ ਕਿਸੇ ਮਾਹੌਲ ਦਾ ਸਾਜ਼ਗਾਰ ਨਾ ਹੋਣਾ ਵੀ ਆਪਣੀ ਨਾਂਹ-ਪੱਖੀ ਭੂਮਿਕਾ ਨਿਭਾਅ ਰਿਹਾ ਹੁੰਦਾ ਹੈ। ਸੋ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੀ ਸੋਚ ਤੇ ਸਮਰੱਥਾ ਵਿਚਲੇ ਸਮਤੋਲ ਨੂੰ ਬਣਾਈ ਰੱਖੀਏ ਅਤੇ ਅਜਿਹੀਆਂ ਪ੍ਰਸਥਿਤੀਆਂ ਨੂੰ ਪੈਦਾ ਹੀ ਨਾ ਹੋਣ ਦੇਈਏ ਜਿਸ ਕਾਰਨ ਸਾਨੂੰ ਆਪਣਾ ਮੂੰਹ ਲਮਕਾਉਣਾ ਪੈ ਜਾਵੇ।

——੦——

ਰੁਬਾਈਆਂ

0

ਰੁਬਾਈਆਂ

ਗੁਰਪ੍ਰੀਤ ਸਿੰਘ (USA)

ਦਿਨ ਤੇ ਰਾਤ ਜਿੱਥੇ ਨੇ ਮਿਲਦੇ, ਉੱਥੇ ਰੂਪ ਦੋਹਾਂ ਦੇ ਵਟਦੇ ਨੇ।

ਸਾਡੀ ਤਾਂ ਹੈ ਵੱਖਰੀ ਹੋਂਦ, ਦਾਅਵੇ ਦੋਨੋਂ ਪਏ ਕਰਦੇ ਨੇ ।

ਕਰਦਾ ਦੋਨਾਂ ਦਾ ਸ਼ਿੰਗਾਰ ਕੋਈ, ਇਕਸ ਬਿਨ ਐਂਵੇ ਮਸਲੇ ਭਖਦੇ ਨੇ।

ਮੈ ਮੇਰਾ ਦਾ ਕੋਈ ਨਾ ਅਧਾਰ, ਨਾ ਹੀ ਇਸ ਦੀ ਕੋਈ ਹਸਤੀ ਏ।

ਇਹ ਤਾਂ ਮਨ ਦਾ ਭਰਮ ਭੁਲਾਵਾ, ਜਿਹੜਾ ਦੇਂਦਾ ਫ਼ੋਕੀ ਮਸਤੀ ਏ।

ਤੂੰ ਤੇਰਾ ‘ਚ ਹੀ ਜ਼ਿੰਦਗੀ ਦਾ ਰਾਜ,

ਜਿਉਂਦੇ ਹੀ ਮਾਰ ਮਿਟਣ ਦਾ, ਇਹ ਵੀ ਹੈ ਇਕ ਅੰਦਾਜ਼।

ਦੋ ਘੜੀ ਹੀ ਜੀਅ ਲਿਆ ਕਰ, ਗ਼ਮ ਹੋਰਨਾਂ ਦੇ ਪੀ ਲਿਆ ਕਰ।

ਮੇਰੀਆਂ ਚਾਹੇ ਪ੍ਰੀਤ ਤੈਨੂੰ ਲੱਖ ਚੁੱਭਣ, ਬੁੱਲ ਸੱਜਣਾ ਆਪਣੇ ਸੀਅ ਲਿਆ ਕਰ।

ਕੌਣ ਕਹਿੰਦਾ ਮੈ ਲਿਆ ਹੈ ਪਾ ! ਜੇ ਪਾਇਆ ਤਾਂ ਡੌਰੂ ਨਾ ਖੜਕਾ।

ਜਿਸ ਪਾਇਆ ਉਹ ਕਿਉਂ ਦੱਸੇਗਾ ?

ਹੋਣਗੇ ਵੀ ਜੇਕਰ ਦੁੱਖ ਘਨੇਰੇ, ਵਾਂਗ ਸ਼ੁਦਾਈਆਂ ਹੱਸੇਗਾ।

ਚੁੱਪ ਚੁਪੀਤੇ ਕੋਈ ਆ ਛੋਹ ਦੇ ਗਿਆ। ਲਾ ਕੇ ਚਿਣਗ ਚੁਆਤੀ ਅਲੋਪ ਹੋ ਗਿਆ।

ਰਸ ਪ੍ਰੇਮ ਦਾ ਗੁਟਕਣ ਦੀ ਲੱਗੀ ਤੜਪ, ਆਪਣਾ ਆਪ ਭੁੱਲ “ਪ੍ਰੀਤ” ਕੋਈ ਹੋਰ ਹੋ ਗਿਆ।

ਵਿਰਲੇ ਪਾਉਣ ਫ਼ਕੀਰ ਨੂੰ ਖ਼ੈਰ ..

0

(ਕਾਵਿ-ਵਿਅੰਗ)

ਵਿਰਲੇ ਪਾਉਣ ਫ਼ਕੀਰ ਨੂੰ ਖ਼ੈਰ ..

ਨਿੰਦਿਆ ਚੁਗਲੀ ਦਾ ਹੋਇਆ ਬੋਲਬਾਲਾ, ਗੱਲ ਗੱਲ ’ਤੇ ਬੋਲਦੇ ਝੂਠ ਲੋਕੀ।

ਧੱਕੇ ਨਾਲ ਰਲਾਉਣ ਦੀ ਕਰਨ ਕੋਸ਼ਿਸ਼, ਵਿਚ ਭੇਡਾਂ ਦੇ ਆਪਣਾ ਊਠ ਲੋਕੀ।

ਦਿੰਦੇ ਦੂਜਿਆਂ ਤਾਈਂ ਉਪਦੇਸ਼ ਸੁੱਚਾ, ਆਪ ਛੱਕ ਕੇ ਜਗਤ ਦੀ ਜੂਠ ਲੋਕੀ।

ਵਿਰਲੇ ਪਾਉਣ ਫ਼ਕੀਰ ਨੂੰ ਖ਼ੈਰ ‘ਚੋਹਲਾ’, ਖਾਲੀ ਮੋੜ ਦੇ ਬਹੁਤੇ ਨੇ ਠੂਠ ਲੋਕੀ।

—-0—-

(ਕਾਵਿ-ਵਿਅੰਗ)

ਐਗਜ਼ਾਮ

ਧੀਦੋ ਰਾਝੇ ਨੂੰ ਆਖਦੀ ਹੀਰ ਜੱਟੀ, ਤਸੱਲੀ ਬਖ਼ਸ਼ ਨਹੀਂ ਹੋਇਆ ਐਗਜ਼ਾਮ ਮੇਰਾ।

ਡਰ ਲੱਗਦਾ ਹੈ ਕਿਤੇ ਨਾ ਆ ਜਾਵੇ, ਫੇਲ੍ਹ ਵਿਦਿਆਰਥੀਆਂ ਦੇ ਵਿਚ ਨਾਮ ਮੇਰਾ।

ਦਿਨ ਰਾਤ ਦਿਮਾਗ ’ਤੇ ਰਹੇ ਟੈਨਸ਼ਨ, ਘਟ ਗਿਆ ਖ਼ੂਨ ਹੈ ਚਾਰ ਗਰਾਮ ਮੇਰਾ।

ਹੋ ਜਾਵੇ ਟੈੱਨ ਵਿਚ ਟੂ ਪਲੱਸ ‘ਚੋਹਲਾ’, ਕਰਦੇ ਪੁਖ਼ਤਾ ਕੋਈ ਇੰਤਜ਼ਾਮ ਮੇਰਾ।

—–0—-

 -ਰਮੇਸ਼ ਬੱਗਾ ਚੋਹਲਾ, 1348/17/1, ਗਲੀ ਨੰ.8, ਰਿਸ਼ੀ ਨਗਰਸ ਐਕਸਟੈਨਸ਼ਨ (ਲੁਧਿਆਣਾ)-9463-132719

Page No 102-104 (Guru Ganth Sahib)

2

(ਪੰਨਾ ਨੰਬਰ 102-104)

Page No 102-104 (Guru Ganth Sahib)

ਮਾਝ, ਮਹਲਾ ੫ ॥

ਤੂੰ ਪੇਡੁ; ਸਾਖ (ਸ਼ਾਖ਼ ਭਾਵ ਟਹਿਣੀ) ਤੇਰੀ ਫੂਲੀ ॥ ਤੂੰ ਸੂਖਮੁ (ਭਾਵ ਬਾਰੀਕ, ਅਦ੍ਰਿਸ਼), ਹੋਆ ਅਸਥੂਲੀ (ਭਾਵ ਮੋਟਾ, ਦ੍ਰਿਸ਼ਮਾਨ, ਆਕਾਰ)॥ ਤੂੰ ਜਲਨਿਧਿ, ਤੂੰ ਫੇਨੁ ਬੁਦਬੁਦਾ (ਭਾਵ ਝੱਗ ਤੇ ਬੁਲਬਲਾ); ਤੁਧੁ ਬਿਨੁ, ਅਵਰੁ ਨ ਭਾਲੀਐ, ਜੀਉ ॥੧॥ ਤੂੰ ਸੂਤੁ, ਮਣੀਏ (ਭਾਵ ਮਣਕੇ) ਭੀ ਤੂੰ ਹੈ (ਹੈਂ)॥ ਤੂੰ ਗੰਠੀ, ਮੇਰੁ (ਅੰਤ ਔਂਕੜ ਨੂੰ ਥੋੜ੍ਹਾ ਦੁਲੈਂਕੜ ਵੱਲ ਉਚਾਰਨਾ ਜ਼ਰੂਰੀ ਕਿਉਂਕਿ ਇਹ ‘ਮੇਰੂ’ਪਰਬਤ ਹੈ, ਜੋ ਸਭ ਪਹਾੜਾਂ ਦੇ) ਸਿਰਿ ਤੂੰ ਹੈ (ਹੈਂ)॥ ਆਦਿ ਮਧਿ ਅੰਤਿ ਪ੍ਰਭੁ ਸੋਈ ; ਅਵਰੁ ਨ ਕੋਇ ਦਿਖਾਲੀਐ, ਜੀਉ ॥੨॥ ਤੂੰ ਨਿਰਗੁਣੁ,  ਸਰਗੁਣੁ ਸੁਖਦਾਤਾ ॥ ਤੂੰ ਨਿਰਬਾਣੁ (ਭਾਵ ਵਿਰਕਤ, ਤਿਆਗੀ); ਰਸੀਆ ਰੰਗਿ (’ਚ) ਰਾਤਾ (ਰਾੱਤਾ ਭਾਵ ਗ੍ਰਹਿਸਤੀ ਵੀ)॥ ਅਪਣੇ ਕਰਤਬ (ਭਾਵ ਹੁਨਰ, ਚਮਤਕਾਰ, ਖੇਡ ਤਮਾਸ਼ੇ) ਆਪੇ ਜਾਣਹਿ (ਜਾਣੈਂ) ; ਆਪੇ ਤੁਧੁ ਸਮਾਲੀਐ (ਸਮ੍ਹਾਲ਼ੀਐ), ਜੀਉ ॥੩॥ ਤੂੰ ਠਾਕੁਰੁ; ਸੇਵਕੁ ਫੁਨਿ (ਭਾਵ ‘ਭੀ, ਵੀ’) ਆਪੇ (ਭਾਵ ਆਪ ਹੀ)॥ ਤੂੰ ਗੁਪਤੁ; ਪਰਗਟੁ ਪ੍ਰਭ ! ਆਪੇ ॥ ਨਾਨਕ ! ਦਾਸੁ ਸਦਾ ਗੁਣ ਗਾਵੈ ; ਇਕ ਭੋਰੀ, ਨਦਰਿ ਨਿਹਾਲੀਐ, ਜੀਉ ॥੪॥੨੧॥੨੮॥

(ਨੋਟ: ਉਕਤ ਸ਼ਬਦ ਦੇ ਤੀਸਰੇ ਬੰਦ ’ਚ ਸ਼ਬਦ ‘ਫੁਨਿ’ ਦਰਜ ਹੈ, ਜਿਸ ਦਾ ਅਰਥ ਹੈ: ‘ਮੁੜ ਕੇ, ਫਿਰ, ਦੁਬਾਰਾ, ਫਿਰ ਵੀ ਜਾਂ ਭੀ’, ਆਦਿ; ਜੋ ਗੁਰਬਾਣੀ ’ਚ 91 ਵਾਰ ਦਰਜ ਹੈ। ਇਹੀ ਸ਼ਬਦ ਬਾਅਦ ਵਿੱਚ ‘ਪੁਨਿ’ (ਸੰਸਕ੍ਰਿਤ ਦਾ ‘ਪੁਨਰ’) ਰੂਪ ਮਿਲਦਾ ਹੈ, ਜੋ ਗੁਰੂ ਨਾਨਕ ਸਾਹਿਬ ਦੀ ਬਾਣੀ ’ਚ ਕੇਵਲ ਇੱਕ ਵਾਰ, ਰਾਗਮਾਲਾ ’ਚ 6 ਵਾਰ ਤੇ ਦਸਮ ਗ੍ਰੰਥ ’ਚ (ਪੁਨ 25 ਵਾਰ / ਪੁਨਿ 522 ਵਾਰ) ਦਰਜ ਹੈ; ਜਿਵੇਂ ਕਿ

ਊਪਰਿ ਗਗਨੁ, ਗਗਨ ਪਰਿ ਗੋਰਖੁ; ਤਾ ਕਾ ਅਗਮੁ ਗੁਰੂ ‘ਪੁਨਿ’ ਵਾਸੀ ॥ (ਮ: ੧/ ੯੯੨)

‘ਪੁਨਿ’ ਅਸਲੇਖੀ ਕੀ ਭਈ ਬਾਰੀ ॥ (ਰਾਗਮਾਲਾ / ੧੪੩੦)

‘ਪੁਨ’ ਬੈਠ ਮੰਤ੍ਰ ਬਿਚਾਰਯੋ ॥ (੨੪ ਅਵਤਾਰ ਰਾਮ / ਦਸਮ ਗ੍ਰੰਥ)

ਸਰਬ ਪਾਲਕ ਸਰਬ ਘਾਲਕ; ਸਰਬ ਕੋ ‘ਪੁਨਿ’ ਕਾਲ ॥ (ਜਾਪੁ / ਦਸਮ ਗ੍ਰੰਥ)

‘ਪੁਨਿ’; ਰਾਛਸ ਕਾ ਕਾਟਾ ਸੀਸਾ ॥ (ਚਰਿਤ੍ਰ ੪੦੪ / ਦਸਮ ਗ੍ਰੰਥ), ਆਦਿ।)

ਮਾਝ, ਮਹਲਾ ੫ ॥

ਸਫਲ ਸੁ ਬਾਣੀ, ਜਿਤੁ (ਭਾਵ ਜਿਸ ਰਾਹੀਂ), ਨਾਮੁ ਵਖਾਣੀ ॥ (ਪਰ) ਗੁਰ ਪਰਸਾਦਿ, ਕਿਨੈ+ਵਿਰਲੈ (ਨੇ) ਜਾਣੀ (ਭਾਵ ਸਭ ਨੇ ਨਹੀਂ)॥ ਧੰਨੁ ਸੁ ਵੇਲਾ (ਵੇਲ਼ਾ), ਜਿਤੁ (ਭਾਵ ਜਿਸ ਵਿੱਚ), ਹਰਿ ਗਾਵਤ (ਭਾਵ ਗਾਵਦਿਆਂ, ਕਿਰਦੰਤ) ਸੁਨਣਾ ; ਆਏ ਤੇ (‘ਤੇ’ ਭਾਵ ਉਹ, ਬਹੁ ਵਚਨ) ਪਰਵਾਨਾ, ਜੀਉ ॥੧॥ ਸੇ ਨੇਤ੍ਰ ਪਰਵਾਣੁ; ਜਿਨੀ ਦਰਸਨੁ (ਜਿਨ੍ਹੀਂ ਦਰਸ਼ਨ) ਪੇਖਾ ॥ ਸੇ ਕਰ (ਭਾਵ ਹੱਥ) ਭਲੇ, ਜਿਨੀ (ਜਿਨ੍ਹੀਂ) ਹਰਿ ਜਸੁ ਲੇਖਾ ॥ ਸੇ ਚਰਣ ਸੁਹਾਵੇ; ਜੋ, ਹਰਿ ਮਾਰਗਿ (’ਤੇ) ਚਲੇ (ਚੱਲੇ); ਹਉ (ਹੌਂ ) ਬਲਿ, ਤਿਨ (ਤਿਨ੍ਹ) ਸੰਗਿ ਪਛਾਣਾ, ਜੀਉ ॥੨॥ ਸੁਣਿ ਸਾਜਨ (ਸਾੱਜਨ ਭਾਵ ਹੇ ਸੱਜਣ)! ਮੇਰੇ ਮੀਤ ਪਿਆਰੇ !॥ ਸਾਧਸੰਗਿ, ਖਿਨ ਮਾਹਿ (ਮਾਹਿਂ) ਉਧਾਰੇ ॥ ਕਿਲਵਿਖ ਕਾਟਿ (ਕੇ), ਹੋਆ ਮਨੁ ਨਿਰਮਲੁ; ਮਿਟਿ ਗਏ ਆਵਣ ਜਾਣਾ, ਜੀਉ ॥੩॥ ਦੁਇ ਕਰ ਜੋੜਿ (ਕੇ), ਇਕੁ ਬਿਨਉ (ਭਾਵ ਬੇਨਤੀ) ਕਰੀਜੈ ॥ ਕਰਿ ਕਿਰਪਾ, ਡੁਬਦਾ ਪਥਰੁ (ਡੁੱਬਦਾ ਪੱਥਰ, ਕੱਢ) ਲੀਜੈ ॥ ਨਾਨਕ ਕਉ (ਕੌ) ਪ੍ਰਭ ਭਏ ਕ੍ਰਿਪਾਲਾ; ਪ੍ਰਭ ਨਾਨਕ ਮਨਿ ਭਾਣਾ ਜੀਉ ਭਾਵ ਪ੍ਰਭ (ਦਾ) ਨਾਨਕ (ਦੇ) ਮਨਿ (’ਚ) ਭਾਣਾ (ਭਾਵ ਰਜ਼ਾ ਮੰਨਣੀ), ਜੀਉ ॥੪॥੨੨ ॥੨੯॥

ਮਾਝ, ਮਹਲਾ ੫ ॥

ਅੰਮ੍ਰਿਤ ਬਾਣੀ, ਹਰਿ ਹਰਿ ਤੇਰੀ ॥ ਸੁਣਿ ਸੁਣਿ (ਕੇ) ਹੋਵੈ, ਪਰਮਗਤਿ ਮੇਰੀ ॥ ਜਲਨਿ (ਜਲ਼ਨ) ਬੁਝੀ, ਸੀਤਲੁ (ਸ਼ੀਤਲ) ਹੋਇ ਮਨੂਆ ; ਸਤਿਗੁਰ ਕਾ ਦਰਸਨੁ (ਦਰਸ਼ਨ) ਪਾਏ ਜੀਉ ॥੧॥ ਸੂਖੁ ਭਇਆ (ਭ+ਇਆ, ‘ਭੈਆ’ ਨਹੀਂ ਉਚਾਰਨਾ); ਦੁਖੁ, ਦੂਰਿ ਪਰਾਨਾ ॥ ਸੰਤ ਰਸਨ, ਹਰਿ ਨਾਮੁ ਵਖਾਨਾ ॥ ਜਲ ਥਲ ਨੀਰਿ (ਨਾਲ਼) ਭਰੇ, ਸਰ ਸੁਭਰ (‘ਸੁ+ਭਰ’ ਭਾਵ ਤਲਾਬ ਨੱਕਾ-ਨੱਕ); ਬਿਰਥਾ ਕੋਇ ਨ ਜਾਏ (ਭਾਵ ਜਗ੍ਹਾ) ਜੀਉ ॥੨॥ ਦਇਆ (ਦ+ਇਆ, ਦੈਆ ਨਹੀਂ ਉਚਾਰਨਾ) ਧਾਰੀ, ਤਿਨਿ (ਤਿਨ੍ਹ) ਸਿਰਜਨਹਾਰੇ (ਨੇ)॥ ਜੀਅ ਜੰਤ ਸਗਲੇ ਪ੍ਰਤਿਪਾਰੇ ॥ ਮਿਹਰਵਾਨ ਕਿਰਪਾਲ ਦਇਆਲਾ; ਸਗਲੇ ਤ੍ਰਿਪਤਿ ਅਘਾਏ ਜੀਉ ॥੩॥ ਵਣੁ ਤ੍ਰਿਣੁ (ਭਾਵ ਘਾਹ ਦਾ ਤੀਲ੍ਹਾ, ਛੋਟਾ ਪੌਦਾ) ਤ੍ਰਿਭਵਣੁ, ਕੀਤੋਨੁ (ਭਾਵ ਉਸ ਨੇ ਕੀਤਾ) ਹਰਿਆ ॥ ਕਰਣਹਾਰਿ (ਨੇ), ਖਿਨ ਭੀਤਰਿ ਕਰਿਆ ॥ ਗੁਰਮੁਖਿ, ਨਾਨਕ ! ਤਿਸੈ ਅਰਾਧੇ; ਮਨ ਕੀ ਆਸ ਪੁਜਾਏ ਜੀਉ ॥੪॥੨੩॥੩੦॥

(ਨੋਟ: ਉਕਤ ਸ਼ਬਦ ਦੇ ਤੀਸਰੇ ਬੰਦ ’ਚ ਆਇਆ ਸ਼ਬਦ ‘ਤਿਨਿ ਸਿਰਜਨਹਾਰੇ’ ਦਾ ਸਰੂਪ ਵਿਆਕਰਨ ਮੁਤਾਬਕ ‘ਤਿਨਿ ਸਿਰਜਨਹਾਰੈ’ ਹੋਣਾ ਚਾਹੀਦਾ ਸੀ, ਅਗਰ ਅਗਲੀ ਤੁਕ ’ਚ ‘ਸਗਲੇ ਪ੍ਰਤਿਪਾਰੇ’ ਬਣਤਰ ਦਰਜ ਨਾ ਹੁੰਦੀ; ਜਿਵੇਂ ਕਿ ਗੁਰਬਾਣੀ ’ਚ ‘ਸਿਰਜਣਹਾਰੈ’ 3 ਵਾਰ ਦਰਜ ਹੈ:

ਪੂਰੀ ਹੋਈ ਕਰਾਮਾਤਿ; ਆਪਿ ਸਿਰਜਣਹਾਰੈ (ਨੇ) ਧਾਰਿਆ ॥ (ਬਲਵੰਡ ਸਤਾ/੯੬੮)

ਤਾੜੀ (ਸਮਾਧੀ) ਲਾਈ; ਸਿਰਜਣਹਾਰੈ (ਨੇ)॥ (ਮ: ੧/੧੦੨੩), ਆਦਿ।

ਗੁਰਬਾਣੀ ’ਚ 31 ਵਾਰ ਦਰਜ ਸ਼ਬਦ ‘ਤੂੰਹੈ’ ਨੂੰ ਹਮੇਸ਼ਾਂ ‘ਤੂੰ ਹੈਂ’ ਪੜ੍ਹਨਾ ਹੈ।)

ਮਾਝ, ਮਹਲਾ ੫ ॥

ਤੂੰ ਮੇਰਾ ਪਿਤਾ; ਤੂੰ ਹੈ (ਹੈਂ) ਮੇਰਾ ਮਾਤਾ ॥ ਤੂੰ ਮੇਰਾ ਬੰਧਪੁ (ਭਾਵ ਰਿਸ਼ਤੇਦਾਰ); ਤੂੰ ਮੇਰਾ ਭ੍ਰਾਤਾ (ਭਾਵ ਭਰਾ)॥ ਤੂੰ ਮੇਰਾ ਰਾਖਾ ਸਭਨੀ ਥਾਈ (ਸਭਨੀਂ ਥਾਈਂ); ਤਾ (ਤਾਂ), ਭਉ ਕੇਹਾ ਕਾੜਾ (ਕਾੜ੍ਹਾ ਭਾਵ ਚਿੰਤਾ), ਜੀਉ ? ॥੧॥ ਤੁਮਰੀ (ਤੁਮ੍ਹਰੀ) ਕ੍ਰਿਪਾ ਤੇ (ਭਾਵ ਤੋਂ, ਨਾਲ਼), ਤੁਧੁ ਪਛਾਣਾ ॥ ਤੂੰ ਮੇਰੀ ਓਟ, ਤੂੰ ਹੈ (ਹੈਂ) ਮੇਰਾ ਮਾਣਾ (ਭਾਵ ਸੁਵੈਮਾਣ, ਅਣਖ)॥ ਤੁਝ ਬਿਨੁ, ਦੂਜਾ ਅਵਰੁ ਨ ਕੋਈ; ਸਭੁ ਤੇਰਾ ਖੇਲੁ ਅਖਾੜਾ, ਜੀਉ ॥੨॥ ਜੀਅ ਜੰਤ ਸਭਿ, ਤੁਧੁ ਉਪਾਏ ॥ ਜਿਤੁ+ਜਿਤੁ ਭਾਣਾ (ਭਾਵ ਜਿਸ-ਜਿਸ ਤਰਫ਼ ਸੰਕੇਤ ਮਿਲੇ), ਤਿਤੁ ਤਿਤੁ ਲਾਏ ॥ ਸਭ ਕਿਛੁ, ਕੀਤਾ ਤੇਰਾ ਹੋਵੈ ; ਨਾਹੀ (ਨਾਹੀਂ) ਕਿਛੁ, ਅਸਾੜਾ (‘ਅਸਾਡਾ’ ਨਹੀਂ ਉਚਾਰਨਾ), ਜੀਉ ॥੩॥ ਨਾਮੁ ਧਿਆਇ (ਕੇ), ਮਹਾ (ਮਹਾਂ, ਭਾਵ ਸਰਬੋਤਮ, ਰੱਬੀ ਮਿਲਾਪ ਵਾਲ਼ਾ) ਸੁਖੁ ਪਾਇਆ ॥ ਹਰਿ ਗੁਣ ਗਾਇ (ਕੇ), ਮੇਰਾ ਮਨੁ ਸੀਤਲਾਇਆ (ਸ਼ੀਤਲਾਇਆ)॥ ਗੁਰਿ+ਪੂਰੈ (ਰਾਹੀਂ), ਵਜੀ (ਵੱਜੀ) ਵਾਧਾਈ (‘ਵਧਾਈ’ ਨਹੀਂ ਉਚਾਰਨਾ); ਨਾਨਕ ! ਜਿਤਾ (ਜਿੱਤਾ) ਬਿਖਾੜਾ (ਭਾਵ ਮੁਸ਼ਕਲ ਸੰਘਰਸ਼), ਜੀਉ ॥੪॥੨੪॥੩੧॥

ਮਾਝ, ਮਹਲਾ ੫ ॥

ਜੀਅ, ਪ੍ਰਾਣ; ਪ੍ਰਭੁ, ਮਨਹਿ (‘ਮਨੈ’ ਭਾਵ ਮਨ ਦਾ) ਅਧਾਰਾ (ਭਾਵ ਸਹਾਰਾ)॥ ਭਗਤ ਜੀਵਹਿ (ਜੀਵਹਿਂ), ਗੁਣ ਗਾਇ (ਕੇ) ਅਪਾਰਾ (ਭਾਵ ਅਪਾਰ ਦੇ ਗੁਣ)॥ ਗੁਣਨਿਧਾਨ ਅੰਮ੍ਰਿਤੁ ਹਰਿ ਨਾਮਾ; ਹਰਿ ਧਿਆਇ+ਧਿਆਇ (ਕੇ), ਸੁਖੁ ਪਾਇਆ ਜੀਉ ॥੧॥ ਮਨਸਾ (ਮਨਸ਼ਾ) ਧਾਰਿ (ਕੇ), ਜੋ ਘਰ ਤੇ (ਭਾਵ ਦਿਲ ਤੋਂ) ਆਵੈ ॥ ਸਾਧ ਸੰਗਿ, ਜਨਮੁ ਮਰਣੁ ਮਿਟਾਵੈ ॥ ਆਸ ਮਨੋਰਥੁ ਪੂਰਨੁ ਹੋਵੈ; ਭੇਟਤ (ਭਾਵ ਭੇਟਦਿਆਂ, ਮਿਲਿਆਂ; ਕਿਰਦੰਤ) ਗੁਰ ਦਰਸਾਇਆ (ਦਰਸ਼ਾਇਆ, ਭਾਵ ਦਰਸ਼ਨ), ਜੀਉ ॥੨॥ ਅਗਮ (ਅਗੰਮ) ਅਗੋਚਰ, ਕਿਛੁ ਮਿਤਿ (ਭਾਵ ਮਿਣਤੀ) ਨਹੀ (ਨਹੀਂ) ਜਾਨੀ ॥ ਸਾਧਿਕ (ਭਾਵ ਸੰਘਰਸ਼ਸ਼ੀਲ ਅਤੇ) ਸਿਧ ਧਿਆਵਹਿ (ਧਿਆਵਹਿਂ) ਗਿਆਨੀ ॥ ਖੁਦੀ (ਖ਼ੁਦੀ ਭਾਵ ਹਉਮੈ) ਮਿਟੀ, ਚੂਕਾ ਭੋਲਾਵਾ (ਭਾਵ ਲਹਿ ਗਿਆ ਭੁਲੇਖਾ) ; ਗੁਰਿ (ਨੇ), ਮਨ ਹੀ ਮਹਿ ਪ੍ਰਗਟਾਇਆ, ਜੀਉ ॥੩॥ ਅਨਦ ਮੰਗਲ, ਕਲਿਆਣ ਨਿਧਾਨਾ ॥ ਸੂਖ ਸਹਜ, ਹਰਿ ਨਾਮੁ ਵਖਾਨਾ ॥ ਹੋਇ ਕ੍ਰਿਪਾਲੁ ਸੁਆਮੀ ਅਪਨਾ ; ਨਾਉ (ਨਾਉਂ), ਨਾਨਕ ! ਘਰ ਮਹਿ ਆਇਆ, ਜੀਉ ॥੪॥੨੫॥੩੨॥

ਮਾਝ, ਮਹਲਾ ੫ ॥

ਸੁਣਿ ਸੁਣਿ (ਕੇ) ਜੀਵਾ (ਜੀਵਾਂ), ਸੋਇ ਤੁਮਾਰੀ (ਤੁਮ੍ਹਾਰੀ ਭਾਵ ਤੇਰੀ ਖ਼ਬਰ, ਮਹਿਮਾ) ॥ ਤੂੰ ਪ੍ਰੀਤਮੁ, ਠਾਕੁਰੁ ਅਤਿ ਭਾਰੀ (ਭਾਵ ਵਿਸ਼ਾਲ)॥ ਤੁਮਰੇ (ਤੁਮ੍ਹਰੇ) ਕਰਤਬ (ਚਮਤਕਾਰ), ਤੁਮ ਹੀ ਜਾਣਹੁ ; ਤੁਮਰੀ (ਤੁਮ੍ਹਰੀ) ਓਟ ਗੁੋਪਾਲਾ (ਗੁਪਾਲਾ) ਜੀਉ ॥੧॥ ਗੁਣ ਗਾਵਤ (ਭਾਵ ਗਾਵਦਿਆਂ, ਕਿਰਦੰਤ), ਮਨੁ ਹਰਿਆ ਹੋਵੈ ॥ ਕਥਾ ਸੁਣਤ (ਭਾਵ ਸੁਣਦਿਆਂ), ਮਲੁ ਸਗਲੀ ਖੋਵੈ ॥ ਭੇਟਤ (ਭਾਵ ਭੇਟਦਿਆਂ) ਸੰਗਿ ਸਾਧ ਸੰਤਨ ਕੈ ; ਸਦਾ ਜਪਉ (ਜਪਉਂ, ਜਪੌਂ) ਦਇਆਲਾ ਜੀਉ ॥੨॥ ਪ੍ਰਭੁ ਅਪੁਨਾ (‘ਪੁ’ ਔਂਕੜ ਉਚਾਰਨਾ ਜ਼ਰੂਰੀ), ਸਾਸਿ ਸਾਸਿ (’ਚ) ਸਮਾਰਉ (ਸਮ੍ਹਾਰੌਂ)॥ ਇਹ ਮਤਿ; ਗੁਰ ਪ੍ਰਸਾਦਿ (ਨਾਲ਼), ਮਨਿ (’ਚ) ਧਾਰਉ (ਧਾਰੌਂ)॥ ਤੁਮਰੀ (ਤੁਮ੍ਹਰੀ) ਕ੍ਰਿਪਾ ਤੇ, ਹੋਇ ਪ੍ਰਗਾਸਾ ; ਸਰਬ ਮਇਆ (‘ਮ+ਇਆ’ ਭਾਵ ਸਭ ’ਤੇ ਮਿਹਰ ਕਰਨ ਵਾਲ਼ਾ) ਪ੍ਰਤਿਪਾਲਾ ਜੀਉ ॥੩॥ ਸਤਿ ਸਤਿ (ਸਤ੍ਯ); ਸਤਿ, ਪ੍ਰਭੁ ਸੋਈ ॥ ਸਦਾ ਸਦਾ; ਸਦ, ਆਪੇ ਹੋਈ ॥ ਚਲਿਤ ਤੁਮਾਰੇ (ਚਲਿੱਤ ਤੁਮ੍ਹਾਰੇ), ਪ੍ਰਗਟ ਪਿਆਰੇ ; ਦੇਖਿ (ਕੇ), ਨਾਨਕ ! ਭਏ ਨਿਹਾਲਾ ਜੀਉ ॥੪॥ ੨੬॥੩੩॥

(ਨੋਟ: ਉਕਤ ਸ਼ਬਦ ਦੇ ਪਹਿਲੇ ਬੰਦ ’ਚ ਸ਼ਬਦ ‘ਕਰਤਬ’ ਦਰਜ ਹੈ ‘‘ਤੁਮਰੇ ‘ਕਰਤਬ’, ਤੁਮ ਹੀ ਜਾਣਹੁ॥’’, ਜੋ ਗੁਰਬਾਣੀ ’ਚ 11 ਵਾਰ ਮਿਲਦਾ ਹੈ। ਇਸ ਦੇ ਦੋ ਸਰੂਪ ਤੇ ਭਿੰਨ-ਭਿੰਨ ਸ਼ਬਦਾਰਥ ਹਨ; ਜਿਵੇਂ ਕਿ ‘ਕਰਤੱਵ’ ਦਾ ਅਰਥ ਹੁੰਦਾ ਹੈ: ਫ਼ਰਜ਼, ਜ਼ਿੰਮੇਵਾਰੀ, ਕੰਮ-ਕਾਰ, ਆਦਿ ਜਦਕਿ ‘ਕਰਤਬ’ ਦਾ ਅਰਥ ਹੁੰਦਾ ਹੈ: ਹੁਨਰ, ਚਮਤਕਾਰ, ਬਾਜ਼ੀਗਰ, ਖੇਡ-ਤਮਾਸ਼ੇ, ਆਦਿ।

ਅਕਾਲ ਪੁਰਖ ਦੇ ਪ੍ਰਥਾਇ ‘ਕਰਤਬ’ ਵਧੇਰੇ ਦਰੁਸਤ ਜਾਪਦਾ ਹੈ, ਪਰ ਮਨੁੱਖੀ ਅਧਿਕਾਰਾਂ ਦੇ ਸੰਬੰਧ ’ਚ ‘ਕਰਤੱਵ’ ਸਹੀ ਹੋ ਸਕਦਾ ਹੈ; ਜਿਵੇਂ ਕਿ ਹੇਠਾਂ ਦਿੱਤੀਆਂ ਗਈਆਂ 4 ਤੁਕਾਂ ’ਚ ਅਗਰ ‘ਕਰਤਬ’ ਨੂੰ ‘ਕਰਤੱਵ’ ਮੰਨ ਕੇ ‘ਕਰਤੱਬ’ ਉਚਾਰਨ ਕਰੀਏ ਤਾਂ ਵਧੇਰੇ ਸਪਸ਼ਟਤਾ ਮਿਲ ਜਾਂਦੀ ਹੈ:

ਮਾਨਸ, ਜਤਨ ਕਰਤ ਬਹੁ ਭਾਤਿ (ਭਾਂਤਿ)॥ ਤਿਸ ਕੇ ‘ਕਰਤਬ’ (ਸਾਰੇ ਕੰਮ-ਕਾਜ); ਬਿਰਥੇ ਜਾਤਿ ॥ (ਮ: ੫/੨੮੬)

‘ਕਰਤਬ’ (ਕੰਮ, ਵਿਖਾਵੇ) ਕਰਨਿ ਭਲੇਰਿਆ (ਚੰਗੇ, ਪਰ); ਮਦਿ ਮਾਇਆ ਸੁਤੇ ॥ (ਮ: ੫/੩੨੧)

‘ਕਰਤਬ’ (ਸਾਡੇ ਫ਼ਰਜ਼) ਸਭਿ ਸਵਾਰੇ ॥ ਪ੍ਰਭਿ (ਨੇ) ਅਪੁਨਾ ਬਿਰਦੁ ਸਮਾਰੇ (ਸਮ੍ਹਾਰੇ ਭਾਵ ਸੰਭਾਲ਼ਿਆ)॥ (ਮ: ੫/੬੨੭)

ਰੇ ਮਨ ਮੂਸ (ਚੂਹੇ)! ਬਿਲਾ (ਖੱਡ) ਮਹਿ ਗਰਬਤ; ‘ਕਰਤਬ’ (ਕੰਮ-ਕਾਜ) ਕਰਤ ਮਹਾਂ ਮੁਘਨਾਂ (ਅੰਧਕਾਰ ਵਾਲ਼ੇ)॥ (ਮ: ੫/੧੩੮੭), ਪਰ ਬਾਕੀ ਹਰ ਜਗ੍ਹਾ ਪ੍ਰਭੂ ਦੇ ਪ੍ਰਥਾਇ ਉਚਾਰਨ ‘ਕਰਤਬ’ ਹੀ ਦਰੁਸਤ ਰਹੇਗਾ; ਜਿਵੇਂ ਕਿ ਉਕਤ ਸ਼ਬਦ ਨੰਬਰ ॥੩॥੨੧॥੨੮॥ ਜਾਂ ॥੧॥ ੨੬॥੩੩॥

ਅਪਣੇ ‘ਕਰਤਬ’ ਆਪੇ ਜਾਣਹਿ; ਆਪੇ ਤੁਧੁ ਸਮਾਲੀਐ ਜੀਉ ॥ (ਮ: ੫/੧੦੨)

ਤੁਮਰੇ ‘ਕਰਤਬ’, ਤੁਮ ਹੀ ਜਾਣਹੁ; ਤੁਮਰੀ ਓਟ ਗੁੋਪਾਲਾ ਜੀਉ ॥ (ਮ: ੫/੧੦੪), ਆਦਿ।)

ਮੁੱਖ ਵਾਕ, ਪੰਨਾ ਨੰਬਰ 600

0

Hukamnama (Guru Granth Sahib) Page No 600 

(ਵਿਆਕਰਨ ਮੁਤਾਬਕ ਸੰਖੇਪ ਸ਼ਬਦਾਰਥ ਤੇ ਉਚਾਰਨ ਸੇਧ)

ੴ ਸਤਿ ਗੁਰ ਪ੍ਰਸਾਦਿ ॥

ਸੋਰਠਿ ਮਹਲਾ ੩ ਘਰੁ ੧

ਸੇਵਕ ਸੇਵ ਕਰਹਿ ਸਭਿ ਤੇਰੀ; ਜਿਨ ਸਬਦੈ ਸਾਦੁ ਆਇਆ ॥ ਉਚਾਰਨ ਸੇਧ: ਕਰਹਿਂ, ਜਿਨ੍ਹ।

ਅਰਥ: (ਹੇ ਮਾਲਕ!) ਤਮਾਮ ਉਹ ਦਾਸ ਤੇਰੀ ਭਗਤੀ ਕਰਦੇ ਹਨ, ਜਿਨ੍ਹਾਂ ਨੂੰ (ਗੁਰੂ) ਸ਼ਬਦ ਰਾਹੀਂ ਅਨੰਦ ਪ੍ਰਾਪਤ ਹੋਇਆ।

ਗੁਰ ਕਿਰਪਾ ਤੇ ਨਿਰਮਲੁ ਹੋਆ; ਜਿਨਿ, ਵਿਚਹੁ ਆਪੁ ਗਵਾਇਆ ॥ ਉਚਾਰਨ ਸੇਧ: ਜਿਨ੍ਹ, ਵਿੱਚੋਂ।

ਅਰਥ: (ਪਰ) ਗੁਰੂ ਕਿਰਪਾ ਨਾਲ਼ ਉਹੀ ਪਵਿੱਤਰ ਜੀਵਨ ਬਣਿਆ, ਜਿਸ (ਵਿਅਕਤੀ ਨੇ, ਆਪਣੇ) ਅੰਦਰੋਂ ਅਹੰਕਾਰ (ਆਪਣੇ ਆਪ) ਨੂੰ ਤਿਆਗ ਦਿੱਤਾ।

ਅਨਦਿਨੁ ਗੁਣ ਗਾਵਹਿ ਨਿਤ ਸਾਚੇ; ਗੁਰ ਕੈ ਸਬਦਿ, ਸੁਹਾਇਆ ॥੧॥ ਉਚਾਰਨ ਸੇਧ: ਗਾਵਹਿਂ।

ਅਰਥ: ਉਹ ਰੁਜ਼ਾਨਾ ਹਰ ਦਿਨ, ਗੁਰੂ ਦੇ ਉਪਦੇਸ਼ ਨਾਲ਼ ਸਦੀਵੀ ਮਾਲਕ ਦੇ ਗੁਣ ਗਾਉਂਦੇ ਹਨ ਤੇ ਸੋਹਣਾ ਜੀਵਨ ਬਣਾ ਲੈਂਦੇ ਹਨ।

ਮੇਰੇ ਠਾਕੁਰ ! ਹਮ ਬਾਰਿਕ ਸਰਣਿ ਤੁਮਾਰੀ ॥ ਏਕੋ ਸਚਾ ਸਚੁ ਤੂ; ਕੇਵਲੁ ਆਪਿ ਮੁਰਾਰੀ ॥ ਰਹਾਉ ॥ ਉਚਾਰਨ ਸੇਧ: ਸ਼ਰਣ, ਤੁਮ੍ਾਰੀ, ਤੂੰ।

ਅਰਥ: ਹੇ ਮੇਰੇ ਮਾਲਕ! ਅਸੀਂ ਤੇਰੇ ਬੱਚੇ, ਤੇਰੀ ਸ਼ਰਣ ਆਏ ਹਾਂ ਕਿਉਂਕਿ ਕੇਵਲ ਤੂੰ ਹੀ ਸਦੀਵੀ ਤੇ ਮੁਰ (ਦੈਂਤ, ਸਾਡੇ ਵਿਕਾਰਾਂ) ਦਾ ਵੈਰੀ ਹੈਂ।

ਜਾਗਤ ਰਹੇ, ਤਿਨੀ ਪ੍ਰਭੁ ਪਾਇਆ; ਸਬਦੇ ਹਉਮੈ ਮਾਰੀ ॥ ਉਚਾਰਨ ਸੇਧ: ਤਿਨ੍ਹੀਂ।

ਅਰਥ: ਜੋ ਵਿਕਾਰਾਂ ਵੱਲੋਂ ਸੁਚੇਤ ਰਹਿੰਦੇ ਹਨ ਉਨ੍ਹਾਂ ਨੇ ਹੀ (ਉੱਜਲ ਜੀਵਨ ਬਣਾ ਕੇ ਤੈਨੂੰ) ਮਾਲਕ ਨੂੰ ਪ੍ਰਾਪਤ ਕੀਤਾ (ਕਿਉਂਕਿ ਗੁਰ) ਸ਼ਬਦ ਰਾਹੀਂ ਹਉਮੈ (ਹਨ੍ਹੇਰਾ , ਅਗਿਆਨਤਾ) ਨਾਸ ਕਰ ਲਈ।

ਗਿਰਹੀ ਮਹਿ ਸਦਾ, ਹਰਿ ਜਨ ਉਦਾਸੀ; ਗਿਆਨ ਤਤ ਬੀਚਾਰੀ ॥ ਉਚਾਰਨ ਸੇਧ: ਗਿਰਹੀ ਨੂੰ ਥੋੜ੍ਹਾ ਗ੍ਰਿਹੀ ਵਾਙ ਭਾਵ ਦਾ ਉਚਾਰਨ ਘੱਟ।

ਅਰਥ: (ਅਜਿਹੇ ਤੇਰੇ) ਸੇਵਕ (ਗੁਰੂ) ਗਿਆਨ ਦੇ ਤੱਤ-ਸਾਰ ਨੂੰ ਵਿਚਾਰ (ਸਮਝ) ਕੇ ਗ੍ਰਹਿਸਤੀ ਜੀਵਨ ਵਿੱਚ ਨਿਰਲੇਪ ਰਹਿੰਦੇ ਹਨ।

ਸਤਿਗੁਰੁ ਸੇਵਿ, ਸਦਾ ਸੁਖੁ ਪਾਇਆ; ਹਰਿ ਰਾਖਿਆ ਉਰ ਧਾਰੀ ॥੨॥

ਅਰਥ: ਸਤਿਗੁਰ (ਉਪਦੇਸ਼) ਨੂੰ ਸਦਾ ਯਾਦ ਕਰਕੇ ਅਨੰਦ ਮਾਣਿਆ ਤੇ ਹਰੀ ਯਾਦ ਨੂੰ ਹਿਰਦੇ ’ਚ ਵਸਾ (ਧਾਰ) ਕੇ ਰੱਖਿਆ।

(ਨੋਟ: ਉਕਤ ਦੋਵੇਂ ਤੁਕਾਂ ਦੀ ਸਮਾਪਤੀ ’ਚ ਬੀਚਾਰੀ, ਧਾਰੀ ਸ਼ਬਦ; ਦਰਅਸਲ ਬੀਚਾਰਿ, ਧਾਰਿ ਹਨ ਭਾਵ ‘ਵਿਚਾਰ ਕੇ, ਧਾਰ ਕੇ।)

ਇਹੁ ਮਨੂਆ ਦਹ ਦਿਸਿ ਧਾਵਦਾ; ਦੂਜੈ ਭਾਇ ਖੁਆਇਆ ॥ ਉਚਾਰਨ ਸੇਧ: ਇਹ।

(ਨੋਟ: ‘ਦਹ’ ਨੂੰ ‘ਦੈ’ ਨਹੀਂ ਪੜ੍ਹਨਾ ਕਿਉਂਕਿ ‘ਹ’ (ਸੰਸਕ੍ਰਿਤ, ਦਹ) ਦਾ ਪੰਜਾਬੀ ’ਚ ‘ਸ’ (ਦਸ) ਬਣ ਗਿਆ; ਜਿਵੇਂ ‘ਕਪਾਹ ਤੋਂ ਕਪਾਸ, ਸਿੰਧ ਤੋਂ ਹਿੰਦ’, ਇਸ ਲਈ ‘ਹ’ ਧੂਨੀ ਨੂੰ ਪੂਰਾ ਉਚਾਰਨ ਕਰਨਾ।)

ਅਰਥ: (ਰੱਬੀ ਯਾਦ ਦੀ ਬਜਾਇ) ਦੂਜੇ (ਪਾਸੇ ਭਾਵ ਮਾਯਾ) ਪਿਆਰ ਵਿੱਚ ਭਟਕਦਾ ਹੋਇਆ ਇਹ ਮਨ ਦਸ ਪਾਸੇ ਦੌੜਦਾ ਰਹਿੰਦਾ ਹੈ।

ਮਨਮੁਖ ਮੁਗਧੁ, ਹਰਿ ਨਾਮੁ ਨ ਚੇਤੈ; ਬਿਰਥਾ ਜਨਮੁ ਗਵਾਇਆ ॥

ਅਰਥ: (ਅਜਿਹਾ) ਨਾ-ਸਮਝ ਮਨੁੱਖ, ਹਰੀ ਨਾਮ ਨੂੰ ਯਾਦ ਨਹੀਂ ਕਰਦਾ ਤੇ ਵਿਅਰਥ (ਅਜਾਈਂ) ਜੀਵਨ ਬਤੀਤ ਕਰ ਲੈਂਦਾ ਹੈ।

ਸਤਿਗੁਰੁ ਭੇਟੇ, ਤਾ ਨਾਉ ਪਾਏ; ਹਉਮੈ ਮੋਹੁ ਚੁਕਾਇਆ ॥੩॥ ਉਚਾਰਨ ਸੇਧ: ਤਾਂ, ਨਾਉਂ, ਮੋਹ।

ਅਰਥ: (ਅਗਰ ਮਨੁੱਖ, ਸਤਿਗੁਰੂ ਨੂੰ ਮਿਲੇ ਤਾਂ ਹੀ ਰੱਬੀ ਯਾਦ (ਦਾਤ) ਪ੍ਰਾਪਤ ਕਰ ਸਕਦਾ ਹੈ, (ਜਿਸ ਨਾਲ਼, ਮੱਤ, ਪਦਾਰਥਾਂ ਨਾਲ਼ ਜੋੜਨ ਵਾਲ਼ੀ ਸ਼ਕਤੀ, ਮਮਤਾ ਭਾਵ ਮਾਯਾ) ਮੋਹ ਰੂਪ ਅਹੰਕਾਰ ਛੱਡਦਾ ਹੈ।

ਹਰਿ ਜਨ ਸਾਚੇ, ਸਾਚੁ ਕਮਾਵਹਿ; ਗੁਰ ਕੈ ਸਬਦਿ ਵੀਚਾਰੀ ॥ ਉਚਾਰਨ ਸੇਧ: ਕਮਾਵਹਿਂ।

ਅਰਥ: ਹਰੀ ਦੇ ਪੱਕੇ ਸਨੇਹੀ, ਗੁਰੂ ਦੇ ਸ਼ਬਦ ਰਾਹੀਂ ਵਿਚਾਰ-ਵਿਚਾਰ ਕੇ ਨਿਰੋਲ ਸੱਚ ਇਕੱਤਰ ਕਰਦੇ ਹਨ, ਕਮਾਉਂਦੇ ਹਨ।

ਆਪੇ ਮੇਲਿ ਲਏ, ਪ੍ਰਭਿ+ਸਾਚੈ; ਸਾਚੁ ਰਖਿਆ ਉਰ ਧਾਰੀ ॥ ਉਚਾਰਨ ਸੇਧ: ਮੇਲ਼, ਰੱਖਿਆ।

ਅਰਥ: (ਉਨ੍ਹਾਂ ਨੂੰ ਯਕੀਨ ਬਣ ਜਾਂਦਾ ਹੈ ਕਿ ਇਹ ਉਪਰਲਾ ਸਾਡਾ ਨਹੀਂ ਬਲਕਿ) ਸੱਚੇ ਮਾਲਕ ਨੇ ਆਪ ਹੀ (ਸਾਨੂੰ ਆਪਣੇ ਨਾਲ਼) ਮੇਲ਼ ਲਿਆ (ਤੇ ਅਸਾਂ ਉਸ ਦੀ ਮਦਦ ਨਾਲ਼) ਸਦੀਵੀ ਸਥਿਰ ਰੱਬੀ ਯਾਦ ਨੂੰ ਹਿਰਦੇ ’ਚ ਟਿਕਾ ਲਿਆ।

ਨਾਨਕ ! ਨਾਵਹੁ ਗਤਿ ਮਤਿ ਪਾਈ; ਏਹਾ ਰਾਸਿ ਹਮਾਰੀ ॥੪॥੧॥ ਸੋਰਠਿ (ਮ: ੩/੬੦੦) ਉਚਾਰਨ ਸੇਧ: ਨਾਵੋਂ, ਹਮ੍ਾਰੀ।

ਅਰਥ: ਹੇ ਨਾਨਕ ! ਇਹੀ ਸਾਡੀ ਅਸਲ ਪੂੰਜੀ ਸੀ/ਹੈ, ਜਿਸ ਨਾਲ਼ ਰੱਬੀ ਯਾਦ ਤੋਂ ਹੀ ਉੱਚੀ ਅਕਲ ਤੇ ਅਵਸਥਾ ਪ੍ਰਾਪਤ ਕੀਤੀ।

ਗੁਰੂ ਨਾਨਕ ਦਾ ਗੁਰੂ ਕੌਣ ਸੀ ?

0

ਗੁਰੂ ਨਾਨਕ ਦਾ ਗੁਰੂ ਕੌਣ ਸੀ ?

ਕਿਰਪਾਲ ਸਿੰਘ (ਬਠਿੰਡਾ)-0164-2210797, +91-98554-80797

(ਨੋਟ: ਇਹ ਲੇਖ  7-10-2010 ਨੂੰ ਤਦ ਲਿਖਾ ਗਿਆ ਜਦ ਪ੍ਰੋ. ਇੰਦਰ ਸਿੰਘ ਘੱਗਾ ਨੇ ਨਾਨਕ ਦਾ ਗੁਰੂ; ਆਵਾਜ਼ (ਕੁਦਰਤ ਦਾ ਆਰੰਭਕ ਧਮਾਕਾ) ਵਰਣਨ ਕੀਤਾ।)

ਇਸ ਦਾ ਢੁਕਵਾਂ ਜਵਾਬ ਦੇਣ ਦੀ ਮਿਸ਼ਨਰੀ ਵਿਦਵਾਨਾਂ ਦੀ ਵਿਸ਼ੇਸ਼ ਤੌਰ ’ਤੇ ਜਿੰਮੇਵਾਰੀ ਬਣਦੀ ਹੈ ਕਿਉਂਕਿ ਇਹ ਦਾਅਵਾ ਕਰ ਰਹੇ ਹਨ ਕਿ ਮਿਸ਼ਨਰੀਆਂ ਕੋਲ ਇਸ ਦਾ ਕੋਈ ਜਵਾਬ ਨਹੀਂ ਹੈ। ਇਨ੍ਹਾਂ ਤੋਂ ਪਹਿਲਾਂ ਸੌਦਾ ਸੰਪਾਦਕ ਵੀ ਦਾਅਵਾ ਕਰ ਚੁੱਕੇ ਹਨ ਕਿ ਈਸਾਈ ਪ੍ਰੋਫੈਸਰ ਦੇ ਅਜੇਹੇ ਹੀ ਸੁਆਲਾਂ ਦੇ ਜਵਾਬ ਲੱਭਣ ਲਈ ਉਨ੍ਹਾਂ ਨੇ ਮਿਸ਼ਨਰੀਆਂ ਤੱਕ ਪਹੁੰਚ ਕੀਤੀ ਤਾਂ ਉਨ੍ਹਾਂ ਪਾਸ ਵੀ ਇਨ੍ਹਾਂ ਦਾ ਕੋਈ ਜਵਾਬ ਨਹੀਂ ਸੀ। ਗੁਰਬਾਣੀ ਦੀ ਕਿਸੇ ਇੱਕ ਤੁਕ ਜਾਂ ਇੱਕ ਸ਼ਬਦ ਦੇ ਅਰਥ ਕਰਨ ਲੱਗਿਆਂ ਗੁਰੂ ਗ੍ਰੰਥ ਸਾਹਿਬ ਦੇ ਸਮੁੱਚੇ ਫ਼ਲਸਫ਼ੇ ਨੂੰ ਧਿਆਨ ’ਚ ਰੱਖਣਾ ਅਤਿ ਜਰੂਰੀ ਹੈ। ਸਮੁੱਚੇ ਫ਼ਲਸਫ਼ੇ ਨੂੰ ਧਿਆਨ ’ਚ ਰੱਖੇ ਤੋਂ ਬਿਨਾਂ, ਸ਼ਬਦਾਂ ਦੇ ਅੱਖਰੀ ਅਰਥ ਕਰਨ ਵਾਲੇ ਪਹਿਲਾਂ ਹੀ ਨਾਨਕ ਵੀਚਾਰਧਾਰਾ ਦਾ ਬਹੁਤ ਵੱਡਾ ਨੁਕਸਾਨ ਕਰ ਰਹੇ ਹਨ। ਪਰ ਜੇ ਸੌਦਾ ਸੰਪਾਦਕ ਦੀਆਂ ਲੱਛੇਦਾਰ ਦਲੀਲਾਂ ਤੋਂ ਪ੍ਰਭਾਵਿਤ ਹੋ ਕੇ ਜਾਗ੍ਰਿਤ ਸਮਝੇ ਜਾ ਰਹੇ ਵਿਦਵਾਨ ਵੀ ਉਨ੍ਹਾਂ ਦੇ ਪਦ ਚਿੰਨ੍ਹਾਂ ’ਤੇ ਚੱਲ ਪਏ ਤਾਂ ਕੌਮ ਦਾ ਰੱਬ ਹੀ ਰਾਖਾ ਹੈ।

ਭੋਲੇ ਸਿੱਖਾਂ ਨੂੰ ਟਪਲੇ ’ਚ ਪਾ ਕੇ ਦੁਬਿਧਾ ਖੜ੍ਹੀ ਕਰਨ ਲਈ ਦੇਹਧਾਰੀਆਂ ਦੇ ਚੇਲੇ ਤਾਂ ਸਿੱਖਾਂ ਨੂੰ ਇਹ ਸਵਾਲ ਆਮ ਹੀ ਪੁਛਦੇ ਰਹਿੰਦੇ ਹਨ ਕਿ ਗੁਰੂ ਨਾਨਕ ਦਾ ਗੁਰੂ ਕੌਣ ਸੀ, ਪਰ ਹੈਰਾਨੀ ਉਸ ਵੇਲੇ ਹੋਈ ਜਿਸ ਸਮੇਂ ਪੂਰੀ ਤਰ੍ਹਾਂ ਜਾਗ੍ਰਿਤ ਮੰਨਿਆ ਗਿਆ ਇੱਕ ਸਿੱਖ ਪ੍ਰਚਾਰਕ ਜਿਹੜਾ ਕਿ ਇੱਕ ਦਰਜ਼ਨ ਕ੍ਰਾਂਤੀਕਾਰੀ ਪੁਸਤਕਾਂ ਦਾ ਲੇਖਕ ਵੀ ਹੈ ਅਤੇ ਉਨ੍ਹਾਂ ਦੇ ਨਾਲ ਆਏ ਇੱਕ ਹੋਰ ਐੱਨ.ਆਰ.ਆਈ ਸਿੱਖ ਵਿਦਵਾਨ ਜਿਹੜੇ ਕਨੇਡਾ ਵਿੱਚ ਇੱਕ ਵੱਡੀ ਸਿੱਖ ਸੰਸਥਾ ਤੇ ਪ੍ਰਚਾਰ ਲਈ ਵੈੱਬਸਾਈਟ ਚਲਾ ਰਹੇ ਹਨ ਅਤੇ ਉਨ੍ਹਾਂ ਨੇ ਭਾਰਤ ਤੇ ਖਾਸ ਕਰਕੇ ਪੰਜਾਬ ’ਚ ਗੁਰਮਤਿ ਦੀ ਪੜ੍ਹਾਈ ਲਈ ਕਈ ਕੇਂਦਰ ਖੋਲ੍ਹੇ ਹੋਏ ਹਨ ਜਿਨ੍ਹਾਂ ਦਾ ਖਰਚਾ ਉਹ ਆਪਣੀ ਸੰਸਥਾਂ ਵਲੋਂ ਦੇ ਰਹੇ ਹਨ, ਸਤੰਬਰ ਮਹੀਨੇ ’ਚ ਇਸ ਲੇਖ ਦੇ ਲੇਖਕ ਦੇ ਘਰ ਹੋਈ ਇੱਕ ਮੁਲਾਕਾਤ ਦੌਰਾਨ, ਪੁੱਛਣ ਲੱਗੇ ਕਿ ਤੁਸੀਂ ਆਪਣੇ ਕਈ ਲੇਖਾਂ ’ਚ ਗੁਰਬਾਣੀ ’ਚੋਂ ਉਦਾਹਰਣਾਂ ਦੇ ਕੇ ਲਿਖਿਆ ਹੈ ਕਿ ਚੌਥੇ ਤੇ ਪੰਜਵੇਂ ਗੁਰੂ ਨੇ, ਗੁਰੂ ਨਾਨਕ ਨੂੰ ਗੁਰੂ ਲਿਖਿਆ ਹੈ। ਉਨ੍ਹਾਂ ਦਾ ਸੁਆਲ ਸੀ ਕਿ ਅਸੀਂ ਗੁਰੂ ਨਾਨਕ ਦੀ ਬਾਣੀ ਦੀ ਡੂੰਘੀ ਖੋਜ ਪੜਤਾਲ ਕੀਤੀ ਹੈ। ਉਨ੍ਹਾਂ ਕਿਤੇ ਵੀ ਆਪਣੀ ਬਾਣੀ ’ਚ ਆਪਣੇ ਆਪ ਨੂੰ ‘ਗੁਰੂ’ ਨਹੀਂ ਲਿਖਿਆ ਬਲਕਿ ਥਾਂ ਥਾਂ ਲਿਖ ਰਹੇ ਹਨ- ‘ਗੁਰੂ ਇਹ ਕਹਿ ਰਿਹਾ ਹੈ, ਗੁਰੂ ਔਹ ਕਹਿ ਰਿਹਾ ਹੈ’। ਸਿੱਧਾਂ ਨਾਲ ਹੋਈ ਗੋਸ਼ਟੀ ’ਚ ਲਿਖ ਰਹੇ ਹਨ- ‘ਸਬਦੁ ਗੁਰੂ ਸੁਰਤਿ ਧੁਨਿ ਚੇਲਾ’ ਪਰ ਕਿਤੇ ਵੀ ਇਹ ਨਹੀਂ ਲਿਖਿਆ ਕਿ ਆਹ ਸ਼ਬਦ ‘ਗੁਰੂ’ ਹੈ। ਇੱਕ ਥਾਂ ਲਿਖ ਰਹੇ ਹਨ- ‘ਮੈ ਆਪਣਾ ਗੁਰੁ ਪੂਛਿ ਦੇਖਿਆ ਅਵਰੁ ਨਾਹੀ ਥਾਉ’। ਫਿਰ ਉਹ ਕਿਹੜਾ ਗੁਰੂ ਹੈ ਜਿਸ ਨੂੰ ਗੁਰੂ ਨਾਨਕ ਸਾਹਿਬ ਜੀ ਆਪਣਾ ‘ਗੁਰੂ’ ਮੰਨਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਸ ਦਾ ਜਵਾਬ ਮਿਸ਼ਨਰੀ ਕਾਲਜ ਦੇ ਕਈ ਵਿਦਵਾਨਾਂ ਤੋਂ ਪੁੱਛਿਆ ਗਿਆ ਪਰ ਕਿਸੇ ਪਾਸ ਵੀ ਤਸੱਲੀਬਖ਼ਸ਼ ਜਵਾਬ ਨਹੀਂ ਸੀ।
ਉਨ੍ਹਾਂ ਦੇ ਸੁਆਲਾਂ ਤੋਂ ਕੋਈ ਛੱਕ ਨਹੀਂ ਸੀ ਰਹਿ ਗਿਆ ਕਿ ਇਨ੍ਹਾਂ ਵੀਰਾਂ ਨੂੰ ਟਪਲਾ ਸੌਦਾ ਸੰਪਾਦਕ ਵਲੋਂ ਛਾਪੇ ਜਾ ਰਹੇ ਭੁਲੇਖਾ ਪਾਊ ਲੇਖ ਅਤੇ ‘ਮੇਰੀ ਨਿਜੀ ਡਾਇਰੀ ਦੇ ਪੰਨੇ’ ਤੋਂ ਲੱਗਾ ਹੈ। ਇਹ ਦੱਸਣ ਯੋਗ ਹੈ ਕਿ 23 ਜੂਨ 2010 ਦੇ ਬਹੁਰੰਗੀ ਅੰਕ ’ਚ ‘ਸ਼ਬਦ ਗੁਰੂ ਸੁਰਤਿ ਧੁਨਿ ਚੇਲਾ॥’ ਸਿਰਲੇਖ ਹੇਠ ਛਪੇ ਇੱਕ ਲੇਖ ਵਿੱਚ ਗੁਰਬਖ਼ਸ਼ ਸਿੰਘ ਲੁਧਿਆਣਾ ਨੇ ਲਿਖਿਆ ਹੈ:- ‘‘ਗੁਰੂ ਗ੍ਰੰਥ ਸਾਹਿਬ ਜੀ ਅੰਦਰ ਲਗਭਗ 5800 ਸ਼ਬਦ ਹਨ ਪਰ ਇਹ ਸ਼ਬਦ, ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਤੋਂ ਪਹਿਲਾਂ ਤਾਂ ਨਹੀਂ ਸਨ ਹੁੰਦੇ। ਉਦੋਂ ਬਾਬਾ ਨਾਨਕ ਨੇ ਕਿਹੜੇ ‘ਸ਼ਬਦ’ ਨੂੰ ‘ਗੁਰੂ’ ਕਿਹਾ ਸੀ ? ਗੁਰੂ ਨਾਨਕ ਨੇ ਕਦੇ ਵੀ ਆਪਣੀ ਬਾਣੀ ਨੂੰ ‘ਸ਼ਬਦ’ ਨਹੀਂ ਕਿਹਾ। ਸਤਿਗੁਰੂ (ਅਕਾਲ ਪੁਰਖ ਦੇ ਸ਼ਬਦ ਨੂੰ ਹੀ ਗੁਰੂ ਕਿਹਾ।”
ਇਸ ਤੋਂ ਪਹਿਲਾਂ ਸੌਦਾ ਸੰਪਾਦਕ ਨੇ 6 ਜੂਨ 2010 ਦੀ ਆਪਣੀ ‘ਨਿਜੀ ਡਾਇਰੀ ਦੇ ਪੰਨੇ’ ਵਿੱਚ ਲਿਖਿਆ ਸੀ:- ‘‘ਸ਼ਬਦ (ਜਿਸ ਨੂੰ ਗੁਰੂ ਕਿਹਾ ਗਿਆ ਹੈ) ਅਕਾਲ ਪੁਰਖ ਦਾ ਉਹ ਸ਼ਬਦ ਹੈ ਜੋ ਉਸ ਨੇ ਸ੍ਰਿਸ਼ਟੀ ਦੀ ਰਚਨਾ ਕਰਨ ਵੇਲੇ ਉਚਾਰਿਆ ਸੀ ਤੇ ਜਿਸ ਵਿੱਚੋਂ ਸਾਰੀ ਦੁਨੀਆਂ ਦੇ ਫ਼ਲਸਫ਼ੇ, ਸ੍ਰਿਸ਼ਟੀ, ਗਿਆਨ, ਆਕਾਰ, ਜੀਵ-ਜੰਤੂ, ਮੌਤ-ਜੀਵਨ ਆਦਿ ਨਿਕਲੇ ਸਨ। ਅਕਾਲ ਪੁਰਖ ਦੇ ਉਸ ਸ਼ਬਦ ਤੋਂ ਬਾਹਰ, ਕੁਝ ਵੀ ਨਹੀਂ ਉਪਜ ਸਕਦਾ ਤੇ ਉਹ ਕੇਵਲ ਅਕਾਲ ਪੁਰਖ ਦਾ ਹੀ ਉਚਾਰਿਆ ਹੋਇਆ ਸ਼ਬਦ ਹੈ ਜਿਸ ਨੂੰ ਮਨੁੱਖੀ ਭਾਸ਼ਾ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਮਨੁੱਖਾਂ ਦੀਆਂ ਬੋਲੀਆਂ ਵਿੱਚ ਵੀ, ਕਈ ਕਈ ਅੱਖਰਾਂ ਦੇ ਚਾਰ-ਚਾਰ, ਪੰਜ ਜਾਂ ਉਸ ਤੋਂ ਕੁਝ ਜ਼ਿਆਦਾ ਅਰਥ ਵੀ ਕੀਤੇ ਜਾ ਸਕਦੇ ਹਨ ਪਰ ਅਕਾਲ ਪੁਰਖ ਦੇ ਉਸ ‘ਸ਼ਬਦ’ (ਜਿਸ ਨੂੰ ਬਾਬਾ ਨਾਨਕ ਨੇ ‘ਗੁਰੂ’ ਆਖਿਆ ਹੈ, ਉਸ ਦੇ ਅਰਥਾਂ ਬਾਰੇ ਤਾਂ ਮਨੁੱਖ ਅੰਦਾਜ਼ਾ ਹੀ ਨਹੀਂ ਲਾ ਸਕਦਾ ਕਿਉਂਕਿ ਉਸ ਵਿਚੋਂ ਤਾਂ ਸਾਰੀ ਸ੍ਰਿਸ਼ਟੀ ਤੇ ਇਸ ਦਾ ਸਮੁੱਚਾ ਗਿਆਨ ਨਿਕਲਿਆ ਹੈ, ਤੇ ਇਸੇ ਲਈ ਉਹ ਸਾਡਾ ਗੁਰੂ ਹੈ।”
ਮੈਂ ਸਮਝ ਗਿਆ ਕਿ ਜਿਨ੍ਹਾਂ ਵੀਰਾਂ ਨੂੰ ਮੈਂ ਆਪਣੇ ਨਾਲੋਂ ਵੱਡੇ ਵਿਦਵਾਨ ਸਮਝਦਾ ਹਾਂ ਅਤੇ ਸਹੀ ਮਾਅਨਿਆਂ ਵਿੱਚ ਉਹ ਮੈਥੋਂ ਵੱਡੇ ਵਿਦਵਾਨ ਤੇ ਸੂਝਵਾਨ ਹੈ ਵੀ ਹਨ, ਉਨ੍ਹਾਂ ਦੀ ਤਸੱਲੀ ਮੇਰਾ ਕੋਈ ਵੀ ਜਵਾਬ ਸੁਣ ਕੇ ਨਹੀਂ ਹੋ ਸਕਦੀ ਇਸ ਲਈ ਉਨ੍ਹਾਂ ਨੂੰ ਕੋਈ ਜਵਾਬ ਦੇਣ ਦੀ ਥਾਂ ਉਨ੍ਹਾਂ ਨੂੰ ਮੈਂ ਜੱਟਕਾ ਸਵਾਲ ਕੀਤਾ ਕਿ ਤੁਸੀਂ ਅੰਬ ਖਾਣੇ ਹਨ ਜਾਂ ਅੰਬ ਦੇ ਬੀਜ਼ ਦੀ ਖੋਜ਼ ਕਰਨੀ ਹੈ। ਜੇ ਤੁਹਾਨੂੰ ਦੱਸ ਦਿੱਤਾ ਜਾਵੇ ਕਿ ਅੰਬ ਦਾ ਬੀਜ਼ ਅੰਬ ਦੀ ਗਿਟਕ ਵਿੱਚ ਹੈ ਤਾਂ ਤੁਸੀਂ ਪੁੱਛੋਗੇ ਕਿ ‘‘ਸਭ ਤੋਂ ਪਹਿਲਾਂ ਗਿਟਕ ਹੋਂਦ ਵਿੱਚ ਆਈ ਜਾਂ ਅੰਬ ਦਾ ਦਰਖ਼ਤ ਜਿਸ ਨੂੰ ਅੰਬ ਲੱਗੇ, ਤੇ ਉਸ ਅੰਬ ਵਿੱਚ ਗਿਟਕ ਸੀ ਜਿਹੜਾ ਅੰਬ ਦਾ ਬੀਜ਼ ਬਣਿਆ?” ਇਸ ਸਵਾਲ ਦਾ ਮੇਰੇ ਕੋਲ ਕੋਈ ਜਵਾਬ ਨਹੀਂ ਪਰ ਜੇ ਤੁਹਾਡੀ ਇੱਛਾ ਅੰਬ ਖਾਣ ਦੀ ਹੋਵੇ ਤਾਂ ਅੰਬ ਲਿਆ ਕੇ ਦਿੱਤੇ ਜਾ ਸਕਦੇ ਹਨ। ਇਸੇ ਤਰ੍ਹਾਂ ਮੈਂ ਤਾਂ ਮੰਨਦਾ ਹਾਂ ਕਿ ਗੁਰੂ ਗ੍ਰੰਥ ਸਾਹਿਬ ’ਚ 1429 ਪੰਨਿਆਂ ’ਤੇ ਦਰਜ਼ (ੴ ਤੋਂ ਲੈ ਕੇ ‘ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ’ ਤੱਕ) ਸਮੁੱਚੀ ਹੀ ਬਾਣੀ ਸਾਡਾ ਗੁਰੂ ਹੈ।

ਜੇ ਤੁਸੀਂ ਇਸ ਸਮੁੱਚੀ ਬਾਣੀ ਨੂੰ ਗੁਰੂ ਮੰਨ ਕੇ, ਉਸ ਵਿਚ ਦਰਜ਼ ਸਿਧਾਂਤ ਨੂੰ ਸਮਝ ਅਤੇ ਆਪਣੇ ਜੀਵਨ ’ਚ ਅਪਣਾਅ ਕੇ ਆਪਣਾ ਮਨੁੱਖਾ ਜੀਵਨ ਸੰਵਾਰਨਾ ਚਾਹੁੰਦੇ ਹੋ ਤਾਂ ਕਿਸੇ ਵੀ ਗੁਰ ਸ਼ਬਦ ਦੀ ਵੀਚਾਰ ਹੋ ਸਕਦੀ ਹੈ। ਪਰ ਜੇ ਸੌਦਾ ਸੰਪਾਦਕ ਦੀ ਸਿੱਖਿਆ ਸੁਣ ਕੇ ਉਸ ਸ਼ਬਦ ਦੀ ਖੋਜ ਕਰਨਾ ਚਾਹੁੰਦੇ ਹੋ ਜਿਸ ਨੂੰ ਮਨੁੱਖੀ ਭਾਸ਼ਾ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਉਸ ਦੇ ਅਰਥਾਂ ਬਾਰੇ ਕੋਈ ਮਨੁੱਖ ਅੰਦਾਜ਼ਾ ਹੀ ਲਗਾ ਸਕਦਾ ਹੈ, ਤਾਂ ਉਸ ‘ਸ਼ਬਦ’ ਬਾਰੇ ਮੈਂ ਤੁਹਾਨੂੰ ਕੋਈ ਜਾਣਕਾਰੀ ਨਹੀਂ ਦੇ ਸਕਦਾ। ਜੇ ਤੁਹਾਡਾ ਅਜੇਹੇ ‘ਸ਼ਬਦ’ ਤੋਂ ਬਿਨਾਂ ਗੁਜ਼ਾਰਾ ਨਹੀਂ ਹੁੰਦਾ ਤਾਂ ਕਿਸੇ ਦੇਹਧਾਰੀ ਗੁਰੂ ਕੋਲ ਚਲੇ ਜਾਓ! ਉਹ ਤਹਾਨੂੰ ਸਾਰੀ ਗੁਰਬਾਣੀ ਪੜ੍ਹਨ, ਸਮਝਣ ਅਤੇ ਕਮਾਉਣ ਦੀ ਸਿੱਖਿਆ ਦੇਣ ਦੀ ਥਾਂ ਸਿਰਫ ਇੱਕ ‘ਸ਼ਬਦ’ (ਜਿਸ ਦੀ ਭਾਲ ਵਿੱਚ ਤੁਸੀਂ ਅਤੇ ਤੁਹਾਡਾ ਸੌਦਾ ਸੰਪਾਦਕ ਹੈ) ਦੇ ਦੇਵੇਗਾ ਜਿਸ ਦੇ ਰਟਨ ਨਾਲ ਸ਼ਾਇਦ ਤੁਹਾਡਾ ਪਾਰ ਉਤਾਰਾ ਹੋ ਜਾਵੇ! ਉਨ੍ਹਾਂ ਨੂੰ ਇਹ ਵੀ ਬੇਨਤੀ ਕੀਤੀ ਕਿ ਇਹ ਪ੍ਰਚਾਰ, ਕਿ ਜਿਸ ‘ਸ਼ਬਦ’ ਨੂੰ ਗੁਰੂ ਨਾਨਕ ਨੇ ਆਪਣਾ ਗੁਰੂ ਕਿਹਾ ਸੀ ਉਹ ‘ਸ਼ਬਦ’ ਗੁਰੂ ਗ੍ਰੰਥ ਸਾਹਿਬ ’ਚ ਦਰਜ਼ ਨਹੀਂ ਹੈ, ਸਿੱਖ ਧਰਮ ਲਈ ਬੜਾ ਹੀ ਖਤਰਨਾਕ ਹੈ ਕਿਉਂਕਿ ਇਸ ਦਾ ਭਾਵ ਇਹ ਨਿਕਲੇਗਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਤਾਂ ਅਸੀਂ ਐਵੇਂ ਹੀ ਗੁਰੂ ਮੰਨੀ ਜਾ ਰਹੇ ਹਾਂ, ਜਦੋਂ ਕਿ ਅਸਲੀ ‘ਸ਼ਬਦ’ ਜਿਹੜਾ ਗੁਰੂ ਨਾਨਕ ਅਤੇ ਸਿੱਖਾਂ ਦਾ ਗੁਰੂ ਹੈ, ਉਹ ਤਾਂ ਇਸ ਵਿੱਚ ਦਰਜ਼ ਹੀ ਨਹੀਂ ਹੈ ਅਤੇ ਉਸ ਦੀ ਭਾਲ ਸਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਜਾ ਕੇ ਕਰਨੀ ਪਏਗੀ! ਇਸ ਲਈ ਇਹ ਪ੍ਰਚਾਰ ਸਿੱਖਾਂ ਦਾ, ਗੁਰੂ ਗ੍ਰੰਥ ਸਾਹਿਬ ਤੋਂ ਵਿਸ਼ਵਾਸ ਉਠਾਏਗਾ। ਐਸਾ ਪ੍ਰਚਾਰ ਕਿਸੇ ਸਿੱਖ ਵਿਰੋਧੀ ਏਜੰਸੀ ਦੀ ਸਾਜਿਸ਼ ਹੀ ਹੋ ਸਕਦੀ ਹੈ ਜਿਸ ਨੂੰ ਪਛਾਨਣ ਦੀ ਅਤੇ ਸਿੱਖ ਸੰਗਤਾਂ ਨੂੰ ਆਗਾਜ਼ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਸਾਡਾ ਸਵਾਲ ਤਾਂ ਕੋਈ ਹੋਰ ਸੀ ਪਰ ਜਵਾਬ ਤੁਸੀਂ ਕੋਈ ਹੋਰ ਦੇ ਰਹੇ ਹੋ। ਇਸ ਵਿਸ਼ੇ ’ਤੇ ਇੱਕ ਮੱਤ ਨਾ ਹੋਣ ਕਰਕੇ ਉਨ੍ਹਾਂ ਗੱਲ ਦਾ ਵਿਸ਼ਾ ਬਦਲਣ ਦਾ ਸੁਝਾਅ ਦਿੱਤਾ ਜਿਹੜਾ ਕਿ ਮੰਨ ਲਿਆ ਗਿਆ। ਪਰ ਉਸ ਦਿਨ ਤੋਂ ਲੈ ਕੇ ਅੱਜ ਤੱਕ ਮੇਰੇ ਮਨ ’ਚ ਖਿਆਲ ਉਤਪਨ ਹੋ ਰਹੇ ਹਨ ਕਿ ਜੇ ਸੌਦਾ ਸੰਪਾਦਕ ਦਾ ਛੱਡਿਆ ਹੋਇਆ ਛੋਛਾ ਇਸ ਪੱਧਰ ਦੇ ਵਿਦਵਾਨ ਪ੍ਰਚਾਰਕਾਂ ਨੂੰ ਦੁਬਿਧਾ ’ਚ ਪਾ ਸਕਦਾ ਹੈ ਤਾਂ ਆਮ ਸਿੱਖਾਂ ’ਤੇ ਇਸ ਦਾ ਜੋ ਅਸਰ ਹੋ ਰਿਹਾ ਹੋਵੇਗਾ, ਉਹ ਸਿੱਖ ਸਿਧਾਂਤ ਲਈ ਕਿਤਨਾ ਮਾਰੂ ਹੋਵੇਗਾ। ਇਨ੍ਹਾਂ ਸੋਚਾਂ ’ਚ ਡੁੱਬਿਆ ਮੈਂ ਹਥਲਾ ਲੇਖ ਲਿਖਣ ਦਾ ਯਤਨ ਕਰ ਰਿਹਾ ਹਾਂ ਤੇ ਹੋਰ ਪੰਥਕ ਵਿਦਵਾਨਾਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਇਨ੍ਹਾਂ ਦੇ ਸੁਆਲਾਂ ਦਾ ਢੁਕਵਾਂ ਜਵਾਬ ਦੇ ਕੇ ਇਸ ਕੂੜ ਪ੍ਰਚਾਰ ਨੂੰ ਠੱਲ੍ਹ ਪਾਈ ਜਾਵੇ। ਮਿਸ਼ਨਰੀ ਵਿਦਵਾਨਾਂ ਦੀ ਵਿਸ਼ੇਸ਼ ਤੌਰ ’ਤੇ ਜਿੰਮੇਵਾਰੀ ਬਣਦੀ ਹੈ ਕਿਉਂਕਿ ਇਹ ਦਾਅਵਾ ਕਰ ਰਹੇ ਹਨ ਕਿ ਮਿਸ਼ਨਰੀਆਂ ਕੋਲ ਇਸ ਦਾ ਕੋਈ ਜਵਾਬ ਨਹੀਂ ਹੈ। ਇਨ੍ਹਾਂ ਤੋਂ ਪਹਿਲਾਂ ਸੌਦਾ ਸੰਪਾਦਕ ਵੀ ਦਾਅਵਾ ਕਰ ਚੁੱਕੇ ਹਨ ਕਿ ਈਸਾਈ ਪ੍ਰੋਫੈਸਰ ਦੇ ਅਜੇਹੇ ਹੀ ਸੁਆਲਾਂ ਦੇ ਜਵਾਬ ਲੱਭਣ ਲਈ ਉਨ੍ਹਾਂ ਨੇ ਮਿਸ਼ਨਰੀਆਂ ਤੱਕ ਪਹੁੰਚ ਕੀਤੀ ਤਾਂ ਉਨ੍ਹਾਂ ਪਾਸ ਵੀ ਇਨ੍ਹਾਂ ਦਾ ਕੋਈ ਜਵਾਬ ਨਹੀਂ ਸੀ।
‘ਸਬਦੁ ਗੁਰੂ’ ਦੇ ਅਰਥ ਸਮਝਣ ਲਈ, ਆਓ ਗੁਰਬਾਣੀ ’ਚੋਂ ਇਸ ਦੇ ਅਰਥ ਸਮਝਣ ਦੀ ਕੋਸ਼ਿਸ਼ ਕਰੀਏ। ਪੰਥ ਦੇ ਮਹਾਨ ਵਿਦਵਾਨ ਭਾਈ ਕਾਹਨ ਸਿੰਘ ਨਾਭਾ ਨੇ ਮਹਾਨ ਕੋਸ਼ ਵਿੱਚ ‘ਸਬਦ’ ਦੇ ਜੋ ਅਰਥ ਕੀਤੇ ਹਨ ਉਹ ਹੇਠ ਲਿਖੇ ਹਨ:-
(1) ਧੁਨਿ, ਆਵਾਜ਼, ਸੁਰ। (2) ਪਦ, ਲਫਜ਼ (3) ਗੁਫ਼ਤਗੂ, ‘ਸਬਦੌ ਹੀ ਭਗਤ ਜਾਪਦੇ ਜਿਨੁ ਕੀ ਬਾਣੀ ਸਚੀ ਹੋਇ’ (ਆਸਾ ਮ: 3)। (4) ਗੁਰ ਉਪਦੇਸ਼, ‘ਭਵਜਲ, ਬਿਨ ਸਬਦੇ ਕਿਉ ਤਰੀਐ’ (ਭੈਰਉ ਮ: 1)। (5) ਬ੍ਰਹਮ, ਕਰਤਾਰ ‘ਸਬਦੁ ਗੁਰੂ, ਸੁਰਤਿ ਧੁਨਿ ਚੇਲਾ’ (ਸਿਧ ਗੋਸਟਿ)। (6) ਧਰਮ, ਮਜ਼ਹਬ, ‘ਜੋਗ ਸਬਦੰ, ਗਿਆਨ ਸਬਦੰ, ਬੇਦ ਸਬਦੰ ਬ੍ਰਹਮਣਹ’ (ਵਾਰ ਆਸਾ)। (7) ਪੈਗ਼ਾਮ, ਸੁਨੇਹਾ, ‘ਧਨਵਾਂਡੀ, ਪਿਰ ਦੇਸ ਨਿਵਾਸੀ, ਸਚੇ ਗੁਰੂ ਪਹਿ ਸਬਦ ਪਠਾਈ’ (ਮਲਾਰ ਮ: 1) (8) ਜੈਸੇ ਤੁਕਾ ਰਾਮ, ਨਾਮਦੇਵ ਆਦਿਕ ਭਗਤਾਂ ਦੀ ਰਚਨਾ ‘ਅਭੰਗ’ ਸੂਰ ਦਾਸ ਆਦਿਕ ਦੇ ‘ਵਿਸਨੁਪਦ’ ਪ੍ਰਸਿਧ ਹੈ, ਤੈਸੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਛੰਦ ਰੂਪ ਵਾਕਯ ‘ਸਬਦ’ ਆਖੀਦੇ ਹਨ। ਸ਼ਬਦ, ਛੰਦ ਦੀ ਖਾਸ ਜਾਤਿ ਨਹੀਂ, ਅਨੇਕ ਛੰਦਾਂ ਦਾ ਰੂਪ ਸ਼ਬਦਾਂ ਵਿੱਚ ਵੇਖਿਆ ਜਾਂਦਾ ਹੈ। (9) ਧਰਮਜੀਵਨ, ‘ਘੜੀਐ ਸਬਦੁ ਸਚੀ ਟਕਸਾਲ’ (ਜਪੁਜੀ ਸਾਹਿਬ) ਸੱਚੀ ਟਕਸਾਲ ਦਾ ਧਰਮਜੀਵਨ ਇਉਂ ਘੜਿਆ ਜਾਂਦਾ ਹੈ। (10) ਸ਼ਬਦ ਦਾ ਵਾਚਯ ਅਰਥ, ਸ਼ਬਦ ਦਾ ਮਕਸਦ, ‘ਨ ਸਬਦ ਬੂਝੈ, ਨ ਜਾਣੈ ਬਾਣੀ’ (ਧਨਾਸਰੀ ਮ:3)। (11) ਗਿਆਨ ਦਾ ਸਾਧਨ ਰੂਪ ਸਬੂਤ, ਧਰਮਗ੍ਰੰਥ ਅਥਵਾ ਲੋਕ ਪ੍ਰਮਾਣ ਵਾਕਯ ‘ਜਹਾਂ ਸ਼ਾਸਤ੍ਰ ਅਰ ਲੋਕ ਕੋ ਬਚਨ ਪ੍ਰਮਾਣ ਬਖਾਨ, ਸੋਊ ਸ਼ਬਦ ਪ੍ਰਮਾਣ ਹੈ ਭਾਖਤ ਸੁਕਵਿ ਸੁਜਾਨ’ (ਲਲਿਤ ਕੌਮੁਦੀ)
  ਭਾਈ ਕਾਹਨ ਸਿੰਘ ਨਾਭਾ, ਮਹਾਨ ਕੋਸ਼ ’ਚ ‘ਗੁਰ’ ਦੇ ਅਰਥ ਕਰਦੇ ਹੋਏ ਲਿਖਦੇ ਹਨ ਕਿ ਇਹ ਸ਼ਬਦ ‘ਗ੍ਰੀ’ ਧਾਤੂ ਤੋਂ ਬਣਿਆ ਹੈ ਇਸ ਦੇ ਅਰਥ ਹਨ ਨਿਗਲਣਾ, ਅਤੇ ਸਮਝਾਉਣਾ, ਜੋ ਅਗਿਆਨ ਨੂੰ ਖਾ ਜਾਂਦਾ ਹੈ ਅਤੇ ਸਿੱਖ ਨੂੰ ਤੱਤ ਗਿਆਨ ਸਮਝਾਉਂਦਾ ਹੈ। ਉਨ੍ਹਾਂ ਲਿਖਿਆ ਹੈ ਕਿ ਗੁਰਬਾਣੀ ਵਿੱਚ ਗੁਰ, ਗੁਰੁ ਅਤੇ ਗੁਰੂ ਸ਼ਬਦ ਇੱਕ ਹੀ ਅਰਥ ਵਿੱਚ ਆਏ ਹਨ, ਯਥਾ – ‘ਗੁਰ ਅਪਨੇ ਬਲਿਹਾਰੀ’ (ਸੋਰਠ ਮ: 5), ‘ਸੁਖਸਾਗਰ ਗੁਰੁ ਪਾਇਆ’ (ਸੋਰਠ ਮ: 5), ‘ਆਪਣਾ ਗੁਰੂ ਧਿਆਏ’ (ਸੋਰਠ ਮ: 5)। ‘ਗੁਰੂ’ ਦੇ ਹੋਰ ਅਰਥ ਵੀ ਉਨ੍ਹਾਂ ਲਿਖੇ ਹਨ ਜੋ ਇਸ ਪ੍ਰਕਾਰ ਹਨ: (1) ਧਰਮਉਪਦੇਸ਼ਕ, ਧਾਰਮਿਕ ਸਿੱਖਿਆ ਦੇਣ ਵਾਲਾ ਆਚਾਰਯ। (2) ਮਤ ਦਾ ਆਚਾਰਯ, ਕਿਸੇ ਮਤ ਦਾ ਚਲਾਉਣ ਵਾਲਾ, ‘ਛਿਅ ਘਰ, ਛਿਅ ਗੁਰ ਛਿਅ ਉਪਦੇਸ’ (ਸੋਹਿਲਾ)। ਪਤਿ, ਭਰਤਾ, ‘ਸੋਭਾਵੰਤੀ ਸੋਹਾਗਣੀ ਜਿਨਿ ਗੁਰ ਕਾ ਹੇਤ ਅਪਾਰੁ’ ( ਸ੍ਰੀ ਰਾਗੁ ਮ: 3)। (3) ਵ੍ਰਿਹਸਪਤਿ, ਦੇਵਗੁਰੁ ‘ਕਹੁ ਗੁਰ ਗਜ ਸਿਵ ਸਭਕੋ ਜਾਨੈ’ (ਗਉੜੀ ਕਬੀਰ ਜੀ)। (4) ਅੰਤਹਕਰਣ, ਮਨ, ‘ਕੁੰਭੈ ਬਧਾ ਜਲੁ ਰਹੈ, ਜਲ ਬਿਨੁ ਕੁੰਭੁ ਨ ਹੋਇ॥ ਗਿਆਨ ਕਾ ਬਧਾ ਮਨੁ ਰਹੈ, ਗੁਰ (ਮਨ) ਬਿਨੁ ਗਿਆਨੁ ਨ ਹੋਇ॥’ (ਵਾਰ ਆਸਾ)। (5) ਵਿ-ਪੂਜਯ ‘ ਨਾਨਕ ਗੁਰ ਤੇ ਗੁਰ ਹੋਇਆ’ (ਗੂਜਰੀ ਮ: 3)। (6) ਵੱਡਾ, ਪ੍ਰਧਾਨ, ‘ਕਉਨ ਨਾਮ ਗੁਰ, ਜਾ ਕੈ ਸਿਮਰੈ, ਭਵਸਾਗਰ ਕਉ ਤਰਈ’ (ਸੋਰਠ ਮ: 9)  ਗੁਰੂ ਨਾਨਕ ਦਾ ਗੁਰੂ: ਗੁਰੂ ਨਾਨਕ ਸਾਹਿਬ ਆਪਣੀ ਬਾਣੀ ’ਚ ਖੁਦ ਲਿਖ ਰਹੇ ਹਨ:- ‘ਅਪਰੰਪਰ ਪਾਰਬ੍ਰਹਮੁ ਪਰਮੇਸਰੁ, ਨਾਨਕ ਗੁਰੁ ਮਿਲਿਆ ਸੋਈ ਜੀਉ॥’ (ਸੋਰਠ ਮ:1 ਪੰਨਾ 599)। ‘ਹਰਿ ਗੁਰ ਮੂਰਤਿ ਏਕਾ ਵਰਤੈ, ਨਾਨਕ ਹਰਿ ਗੁਰ ਭਾਇਆ॥’ (ਮਾਰੂ ਮ: 1 ਸੋਲਹੇ ਪੰਨਾ 1043)।

 ਸੋ ਇਸ ਵਿੱਚ ਕੋਈ ਸ਼ੰਕੇ ਵਾਲੀ ਗੱਲ ਨਹੀਂ ਰਹੀ ਕਿ ਗੁਰੂ ਨਾਨਕ ਦਾ ‘ਗੁਰੂ’ ਕੋਈ ਮਨੁੱਖ ਜਾਂ ਸਾਧੂ ਸੰਤ ਨਹੀ ਸੀ ਬਲਕਿ ਪਾਰਬ੍ਰਹਮ ਪਰਮੇਸ਼ਰ ਅਕਾਲ ਪੁਰਖ ਹੈ ਜੋ ਹਰ ਥਾਂ ਇੱਕ ਰਸ ਵਿਆਪਕ ਹੈ। ਗੁਰੂ ਨਾਨਕ ਦੇ ਚੌਥੇ ਸਰੂਪ, ਗੁਰੂ ਰਾਮਦਾਸ ਜੀ ਵੀ ਇਹੋ ਗੱਲ ਦੁਹਰਾਅ ਰਹੇ ਹਨ ਕਿ ਉਨ੍ਹਾਂ ਦਾ ਗੁਰੂ ਉਹ ਸਦਾ ਥਿਰ ਰਹਿਣ ਵਾਲਾ ਅਬਿਨਾਸ਼ੀ ਅਕਾਲ ਪੁਰਖ ਹੈ ਜੋ ਸਭਨਾਂ ਵਿੱਚ ਸਮਾਅ ਰਿਹਾ ਹੈ ਤੇ ਜੋ ਨਾ ਕਿਤੇ ਜਾਂਦਾ ਹੈ ਅਤੇ ਨਾ ਹੀ ਕਿਤੋਂ ਆਉਂਦਾ ਹੈ ਭਾਵ ਹਰ ਸਮੇਂ ਹਰ ਥਾਂ ਸਰਬ ਵਿਆਪਕ ਹੈ। ਯਥਾ:-  ‘ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨ ਜਾਇ ॥ ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ ॥13॥’ (ਰਾਗੁ ਸੂਹੀ ਮ: 4 ਪੰ: 758-59)
ਗੁਰਬਾਣੀ ਵਿੱਚ ‘ਸਬਦ’ ‘ਹੁਕਮ’ ‘ੴ ’ ‘ਨਿਰੰਕਾਰ’ ‘ਕਰਤਾਰ’ ‘ਪਾਰਬ੍ਰਹਮ’ ‘ਪਰਮੇਸ਼ਰ’ ਇਨ੍ਹਾ ਸਾਰਿਆਂ ਨੂੰ ਹੀ ਸਾਰੀ ਸ੍ਰਿਸ਼ਟੀ ਦੇ ਸਾਜਨਹਾਰੇ ਦੱਸਿਆ ਗਿਆ ਹੈ, ਜਿਸ ਦਾ ਭਾਵ ਇਹ ਨਿਕਲਿਆ ਕਿ ਇਨ੍ਹਾਂ ਵਿੱਚ ਕੋਈ ਭੇਦ ਨਹੀਂ ਇਹ ਸਾਰੇ ਇੱਕ ਹੀ ਹਸਤੀ ਦੇ ਵੱਖ ਵੱਖ ਨਾਮ ਹਨ। ਯਥਾ:- ‘ਉਤਪਤਿ ਪਰਲਉ ਸਬਦੇ ਹੋਵੈ ॥ ਸਬਦੇ ਹੀ ਫਿਰਿ ਓਪਤਿ ਹੋਵੈ ॥’ (ਮਾਝ ਮਹਲਾ 3,ਪੰਨਾ 117)। ‘ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ॥ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ॥’ (ਜਪੁਜੀ ਸਾਹਿਬ)

‘ਓਅੰਕਾਰਿ ਬ੍ਰਹਮਾ ਉਤਪਤਿ॥ ਓਅੰਕਾਰੁ ਕੀਆ ਜਿਨਿ ਚਿਤਿ॥ ਓਅੰਕਾਰਿ ਸੈਲ ਜੁਗ ਭਏ॥ ਓਅੰਕਾਰਿ ਬੇਦ ਨਿਰਮਏ॥’ (ਰਾਮਕਲੀ ਮਹਲਾ 1 ਦਖਣੀ ਓਅੰਕਾਰੁ, ਪੰਨਾ 929) ‘ਨਿਰੰਕਾਰਿ, ਆਕਾਰੁ ਉਪਾਇਆ ॥’ (ਮ:3, ਪੰਨਾ 1066) ‘ਹਰਿ ਜੀਉ, ਤੂੰ ਕਰਤਾ ਕਰਤਾਰੁ॥’ (ਸਿਰੀਰਾਗੁ ਮਹਲਾ 1, ਪੰਨਾ 54) ‘ਚੇਤਿ ਮਨਾ ਪਾਰਬ੍ਰਹਮੁ ਪਰਮੇਸਰੁ, ਸਰਬ ਕਲਾ ਜਿਨਿ ਧਾਰੀ ॥’ (ਗਉੜੀ ਮ:5 ਪੰਨਾ 248)
ਇਸ ਸਮੁੱਚੀ ਵੀਚਾਰ ਦਾ ਸਿੱਟਾ ਇਹ ਨਿਕਲਿਆ ਕਿ ਜਿਸ ਸਮੇਂ ਗੁਰੂ ਨਾਨਕ ਸਾਹਿਬ ‘ਸਬਦੁ’ ਨੂੰ ਆਪਣਾ ‘ਗੁਰੂ’ ਕਹਿੰਦੇ ਹਨ ਤਾਂ ਉਨ੍ਹਾਂ ਦਾ ਭਾਵ ਕਿਸੇ ਦੋ, ਤਿੰਨ ਜਾਂ ਇਸ ਤੋਂ ਵੱਧ ਅੱਖਰਾਂ ਦੇ ਜੋੜ ਤੋਂ ਬਣੇ ਕਿਸੇ ਇਕ ਸ਼ਬਦ ਤੋਂ ਨਹੀਂ ਬਲਕਿ ਅਕਾਲ ਪੁਰਖ ਅਤੇ ਉਸ ਦੇ ਸਮੁੱਚੇ ਗਿਆਨ ਅਤੇ ਉਸ ਤੋਂ ਮਿਲੇ ਉਪਦੇਸ਼ ਤੋਂ ਹੈ। ਅਕਾਲ ਪੁਰਖ ਦਾ ਸਮੁੱਚਾ ਗਿਆਨ ਅਤੇ ਉਪਦੇਸ਼ ਕਦੀ ਵੀ ਇੱਕ ਸ਼ਬਦ ਜਾਂ ਇੱਕ ਵਾਕ ਰਾਹੀਂ ਪੂਰੀ ਤਰ੍ਹਾਂ ਸਮਝਾਇਆ ਨਹੀਂ ਜਾ ਸਕਦਾ। ਕਬੀਰ ਸਾਹਿਬ ਨੇ ਤਾਂ ਇੱਥੋਂ ਤੱਕ ਲਿਖਿਆ ਹੈ ਕਿ ਜੇ ਸਾਰੀ ਹੀ ਧਰਤੀ ਨੂੰ ਕਾਗਜ਼ ਬਣਾ ਲਵਾਂ, ਸਾਰੀ ਬਨਸਪਤੀ ਦੀਆਂ ਕਲਮਾਂ ਬਣਾ ਲਈਆਂ ਜਾਣ ਅਤੇ ਸਾਰੇ ਹੀ ਸਮੁੰਦਰ ਦੀ ਸਿਆਹੀ ਬਣ ਲਵਾਂ ਤਾਂ ਵੀ ਉਸ ਅਗਾਧ ਬੋਧ ਅਕਾਲ ਪੁਰਖ ਦਾ ਕਿਣਕਾ ਮਾਤਰ ਵੀ ਨਹੀ ਲਿਖਿਆ ਜਾ ਸਕਦਾ:-

‘ਕਬੀਰ ਸਾਤ ਸਮੁੰਦਹਿ ਮਸੁ ਕਰਉ ਕਲਮ ਕਰਉ ਬਨਰਾਇ॥ ਬਸੁਧਾ ਕਾਗਦੁ ਜਉ ਕਰਉ ਹਰਿ ਜਸੁ ਲਿਖਨੁ ਨ ਜਾਇ॥81॥’ (ਪੰਨਾ 1368)
 ਬੇਸ਼ੱਕ ਇਨ੍ਹਾਂ ਅੱਖਰਾਂ ਨਾਲ ਅਕਾਲ ਪੁਰਖ ਦਾ ਪੂਰਾ ਵਰਨਣ ਨਹੀਂ ਹੋ ਸਕਦਾ ਪਰ ਲੋਕਾਈ ਨੂੰ ਸਮਝਾਉਣ ਲਈ ਕੋਈ ਅੱਖਰ ਤਾਂ ਵਰਤੇ ਹੀ ਜਾਣੇ ਸਨ ਇਸ ਲਈ ਇਨ੍ਹਾਂ ਅੱਖਰਾਂ ਦੀ ਵਰਤੋਂ ਕਰ ਕੇ ਗੁਰੂ ਸਾਹਿਬਾਨ ਅਤੇ ਭਗਤ ਸਾਹਿਬਾਨਾਂ ਨੇ ਅਕਾਲ ਪੁਰਖ ਅਤੇ ਸ਼ਬਦ ਗੁਰੂ ਦੀ ਸੋਝੀ ਦੇਣ ਲਈ ਅਕਾਲ ਪੁਰਖ ਤੋਂ ਉਨ੍ਹਾਂ ਦੇ ਹਿਰਦੇ ਵਿੱਚ ਉੱਤਰੀ ‘ਧੁਰ ਕੀ ਬਾਣੀ’ ਨੂੰ ਸਾਡੀ ਅਗਵਾਈ ਲਈ ਕਲਮਬੰਦ ਕਰਕੇ ਅਤੇ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦੀ ਤਰਤੀਬ ਬਧ ਸੰਪਾਦਨਾ ਕਰਕੇ ਇੱਕ ਤਰ੍ਹਾਂ ਕੁੱਜੇ ਵਿੱਚ ਸਮੁੰਦਰ ਬੰਦ ਕਰ ਦਿੱਤਾ। ਇਸ ਵਿੱਚ ਦਰਜ਼ ਸਮੁੱਚੀ ਹੀ ਬਾਣੀ ਮਨੁੱਖਤਾ ਦੀ ਗੁਰੂ ਹੈ, ਜਿਸ ਦੀ ਤਸਦੀਕ ਗੁਰਬਾਣੀ ਨੇ ਵੀ ਕੀਤੀ ਹੈ:-

‘ਬਾਣੀ ਗੁਰੂ, ਗੁਰੂ ਹੈ ਬਾਣੀ, ਵਿਚਿ ਬਾਣੀ ਅੰਮ੍ਰਿਤੁ, ਸਾਰੇ॥ ਗੁਰੁ, ਬਾਣੀ ਕਹੈ, ਸੇਵਕੁ ਜਨੁ ਮਾਨੈ, ਪਰਤਖਿ ਗੁਰੂ ਨਿਸਤਾਰੇ॥5॥’ (ਨਟ ਮ: 4, ਪੰਨਾ 982) ਪ੍ਰੋ: ਸਾਹਿਬ ਸਿੰਘ ਨੇ ਇਸ ਦੇ ਅਰਥ ਇਸ ਤਰ੍ਹਾਂ ਕੀਤੇ ਹਨ:- (ਹੇ ਭਾਈ! ਗੁਰੂ ਦੀ) ਬਾਣੀ (ਸਿੱਖ ਦਾ) ਗੁਰੂ ਹੈ, ਗੁਰੂ, ਬਾਣੀ ਵਿੱਚ ਮੌਜੂਦ ਹੈ। (ਗੁਰੂ ਦੀ) ਬਾਣੀ ਵਿੱਚ ਆਤਮਿਕ ਜੀਵਨ ਦੇਣ ਵਾਲਾ ਨਾਮ-ਜਲ (ਹੈ, ਜਿਸ ਨੂੰ ਸਿੱਖ ਹਰ ਵੇਲੇ ਆਪਣੇ ਹਿਰਦੇ ਵਿੱਚ) ਸਾਂਭ ਰੱਖਦਾ ਹੈ। ਗੁਰੂ, ਬਾਣੀ ਉਚਾਰਦਾ ਹੈ, (ਗੁਰੂ ਦਾ) ਸੇਵਕ ਉਸ ਬਾਣੀ ਉਤੇ ਸ਼ਰਧਾ ਧਾਰਦਾ ਹੈ। ਗੁਰੂ ਉਸ ਸਿੱਖ ਨੂੰ ਯਕੀਨੀ ਤੌਰ ’ਤੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦਾ ਹੈ।5।

‘ਸਤਿਗੁਰ ਬਚਨ, ਬਚਨ ਹੈ ਸਤਿਗੁਰ, ਪਾਧਰੁ ਮੁਕਤਿ ਜਨਾਵੈਗੋ॥5॥’ (ਕਾਨੜਾ ਮ: 4 ਪੰ: 1309) ਭਾਵ, ਸਤਿਗੁਰੂ (ਉਸ ਦਾ ਸਰੀਰ ਨਹੀਂ ਬਲਕਿ ਉਸ ਦਾ ਦਿੱਤਾ ਹੋਇਆ ਉਪਦੇਸ਼) ਬਚਨ ਹੈ ਅਤੇ (ਉਹ) ਉਪਦੇਸ਼ ਹੀ ਸਤਿਗੁਰੂ ਹੈ, ਗੁਰੂ ਦਾ ਉਪਦੇਸ਼ (ਮਨੁੱਖ ਨੂੰ ਵਿਕਾਰਾਂ ਤੋਂ) ਖ਼ਲਾਸੀ ਦਾ ਸਿੱਧਾ ਰਸਤਾ ਦੱਸਦਾ ਰਹਿੰਦਾ ਹੈ।5।
ਸਮੁੱਚੀ ਬਾਣੀ ’ਚ ਕਿਧਰੇ ਨਹੀਂ ਲਿਖਿਆ ਕਿ ਕੇਵਲ ਇੱਕ ਉਹ ‘ਸ਼ਬਦ’ ਜਿਹੜਾ ਅਕਾਲ ਪੁਰਖ ਨੇ ਸ੍ਰਿਸ਼ਟੀ ਦੀ ਰਚਨਾ ਕਰਨ ਵੇਲੇ ਉਚਾਰਨ ਕੀਤਾ ਸੀ, ਜਿਸ ਨੂੰ ਮਨੁੱਖੀ ਭਾਸ਼ਾ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ, ਜਿਸ ਦੇ ਅਰਥਾਂ ਬਾਰੇ ਮਨੁੱਖ ਅੰਦਾਜ਼ਾ ਨਹੀਂ ਲਾ ਸਕਦਾ, ਹੀ ਗੁਰੂ ਨਾਨਕ ਅਤੇ ਸਾਡਾ ਗੁਰੂ ਹੈ। ਅੰਦਾਜ਼ਾ ਲਗਾਓ ਜੇ ਅਸੀਂ ਆਪਣੀ ਮਾਤ ਭਾਸ਼ਾ ਵਿੱਚ ਲਿਖੀ ਗੁਰਬਾਣੀ ਤੋਂ ਸੇਧ ਲੈ ਕੇ ਆਪਣੇ ਜੀਵਨ ਦਾ ਕੋਈ ਸੁਧਾਰ ਨਹੀਂ ਕਰ ਸਕਦੇ ਤਾਂ ਉਹ ‘ਸ਼ਬਦ’ ਜਿਸ ਨੂੰ (ਨਵੇਂ ਉਪਜੇ ਖੋਜੀਆਂ ਅਨੁਸਾਰ) ਗੁਰੂ ਨਾਨਕ ਸਾਹਿਬ ਵੀ ਵਰਨਣ ਨਹੀਂ ਕਰ ਸਕੇ, ਉਸ ‘ਸ਼ਬਦ’ ਤੋਂ ਸਾਡੇ ਵਰਗੇ ਜੀਵ ਕੀ ਸੇਧ ਲੈ ਸਕਦੇ ਹਨ। ਹੁਣ ਵੇਖਦੇ ਹਾਂ ਕਿ ਗੁਰਬਾਣੀ ਅਨੁਸਾਰ ‘ਗੁਰੂ’ ਜਾਂ ‘ਸਤਿਗੁਰੂ’ ਕਿਸ ਨੂੰ ਕਿਹਾ ਜਾ ਸਕਦਾ ਹੈ:-
‘ਜਿਸੁ ਮਿਲਿਐ ਮਨਿ ਹੋਇ ਅਨੰਦੁ, ਸੋ ਸਤਿਗੁਰੁ ਕਹੀਐ॥ ਮਨ ਕੀ ਦੁਬਿਧਾ ਬਿਨਸਿ ਜਾਇ, ਹਰਿ ਪਰਮ ਪਦੁ ਲਹੀਐ॥’ (ਪੰਨਾ 168) ‘ਸਤਿ ਪੁਰਖੁ ਜਿਨਿ ਜਾਨਿਆ ਸਤਿਗੁਰੁ ਤਿਸ ਕਾ ਨਾਉ॥ ਤਿਸ ਕੈ ਸੰਗਿ ਸਿਖ ਉਧਰੈ ਨਾਨਕ ਹਰਿ ਗੁਣ ਗਾਉ॥’ (ਪੰਨਾ 286) ‘ਸਤਿਗੁਰੁ ਅੰਦਰਹੁ ਨਿਰਵੈਰੁ ਹੈ, ਸਭੁ ਦੇਖੈ ਬ੍ਰਹਮੁ ਇਕੁ ਸੋਇ॥…ਸਤਿਗੁਰੁ ਸਭਨਾ ਦਾ ਭਲਾ ਮਨਾਇਦਾ, ਤਿਸ ਦਾ ਬੁਰਾ ਕਿਉ ਹੋਇ॥’ ( ਪੰਨਾ 302) ‘ਧਨੁ ਧਨੁ ਹਰਿ ਗਿਆਨੀ ਸਤਿਗੁਰੂ ਹਮਾਰਾ, ਜਿਨਿ ਵੈਰੀ ਮਿਤ੍ਰ ਹਮ ਕਉ ਸਭ ਸਮ ਦ੍ਰਿਸਟਿ ਦਿਖਾਈ॥’ (ਪੰਨਾ 594) ‘ਸਤਿਗੁਰੁ ਨਿਰਵੈਰੁ, ਪੁਤ੍ਰ ਸਤ੍ਰ ਸਮਾਨੇ, ਅਉਗਣ ਕਟੇ ਕਰੇ ਸੁਧੁ ਦੇਹਾ॥’ (ਪੰਨਾ 960) ‘ਬ੍ਰਹਮੁ ਬਿੰਦੇ ਸੋ ਸਤਿਗੁਰੁ ਕਹੀਐ, ਹਰਿ ਹਰਿ ਕਥਾ ਸੁਣਾਵੈ॥’ (ਪੰਨਾ 1264)
ਗੁਰਬਾਣੀ ਦੇ ਉਪਰੋਕਤ ਪ੍ਰਮਾਣਾਂ ਦੀ ਕਸਵੱਟੀ ’ਤੇ ਜੇ ਗੁਰੂ ਗ੍ਰੰਥ ਸਾਹਿਬ ਜੀ ਅਤੇ ਨਾਨਕ ਵੀਚਾਰਧਾਰਾ ਦਾ ਪ੍ਰਚਾਰ ਕਰਨ ਵਾਲੇ 10 ਗੁਰੂ ਸਾਹਿਬਾਨਾਂ ਦੀ ਪਰਖ ਕੀਤੀ ਜਾਵੇ, ਤਾਂ ਕੀ ਉਹ ਗੁਰੂ ਹੋਣ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦੇ ? ਜੇ ਕਰਦੇ ਹਨ, ਤਾਂ ਇਹ ਲੋਕ ਇਨ੍ਹਾਂ ਨੂੰ ਗੁਰੂ ਕਹਿਣ ‘ਚ ਕਿਹੜੇ ਸਿਧਾਂਤ ਦੀ ਉਲੰਘਣਾ ਹੁੰਦੀ ਮਹਿਸੂਸ ਕਰਦੇ ਹਨ ? ਉਕਤ ਪ੍ਰਮਾਣਾਂ ਦੀ ਰੌਸ਼ਨੀ ਤੋਂ ਸੇਧ ਲੈਣ ਤੋਂ ਮੁਨਕਰ ਹੋਏ ਸੌਦਾ ਸੰਪਾਦਕ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਗੁਰੂ ਗ੍ਰੰਥ ਸਾਹਿਬ ਅਤੇ ਨਾਨਕ ਸਰੂਪਾਂ ’ਚ ਉਹ ਕਿਹੜੀ ਘਾਟ ਦਿੱਸ ਰਹੀ ਹੈ ਜਿਸ ਕਾਰਨ ਉਹ ਇਨ੍ਹਾਂ ਨੂੰ ਗੁਰੂ ਮੰਨਣ ਤੋਂ ਇਨਕਾਰੀ ਹੋ ਕੇ ਬੇਲੋੜੇ ਵਿਵਾਦ ਖੜ੍ਹੇ ਕਰ ਰਹੇ ਹਨ। ਕੀ ਉਹ ‘ਗੁਰ ਕਾ ਸਬਦੁ ਗੁਰ ਥੈ ਟਿਕੈ, ਹੋਰ ਥੈ ਪਰਗਟੁ ਨ ਹੋਇ ॥’ (ਪੰਨਾ 1249) ਤੋਂ ਵੀ ਮੁਨਕਰ ਹੋ ਕੇ ਗੁਰੂ ਦੀ ਭਾਲ ਵਿੱਚ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਜਾ ਕੇ ਜਰੂਰ ਔਝੜੇ ਪੈਣਗੇ ! ਅਤੇ ਆਪਣੇ ਪਿਛਲੱਗਾਂ ਨੂੰ ਵੀ ਪਾਉਣਗੇ ! ਗੁਰਮਤਿ ਦੇ ਮਹਾਨ ਵਿਆਖਿਆਕਾਰ ਭਾਈ ਨੰਦ ਲਾਲ ਸਿੰਘ ਜੀ ‘ਰਹਿਤਨਾਮਾ ਪ੍ਰਸ਼ਨ ਉੱਤਰ’ ਵਿੱਚ ਗੁਰੂ ਦੇ ਤਿੰਨ ਰੂਪਾਂ ਦਾ ਵਰਨਣ ਇਸ ਤਰ੍ਹਾਂ ਕਰ ਰਹੇ ਹਨ:- ‘ਤੀਨ ਰੂਪ ਹੈਂ ਮੋਹ ਕੇ ਸੁਨਹੁ ਨੰਦ ! ਚਿੱਤ ਲਾਇ॥ ਨਿਰਗੁਣ, ਸਰਗੁਣ, ਗੁਰ ਸ਼ਬਦ ਕਹਹੁ ਤੋਹਿ ਸਮਝਾਇ॥6॥ ਭਾਵ, ਹੋਏ ਪ੍ਰਸ਼ਨ ਉੱਤਰ ਵਿੱਚ ਗੁਰੂ ਸਾਹਿਬ ਭਾਈ ਨੰਦ ਲਾਲ ਸਿੰਘ ਜੀ ਨੂੰ ਸਮਝਾ ਰਹੇ ਹਨ ਮੇਰੀ ਗੱਲ ਧਿਆਨ ਨਾਲ ਸੁਣ! ਮੇਰੇ (ਭਾਵ ਗੁਰੂ ਦੇ) ਤਿੰਨ ਰੂਪ ਹਨ-

  1. ਨਿਰਗੁਣ ਸਰੂਪ- ਤ੍ਰਿਗੁਣਾਤੀਤ ਸਰਬ ਵਿਆਪੀ ਪਰਬ੍ਰਹਮ 2. ਸਰੁਗਣ ਸਰੂਪ- (ਨਾਨਕ ਜੋਤਿ) ਗੁਰੂ 3. ਸ਼ਬਦ ਗੁਰੂ- ਗੁਰਬਾਣੀ, ਗੁਰੂ ਗ੍ਰੰਥ ਸਾਹਿਬ।

ਇੰਡੀਆ ਅਵੇਰਨੈੱਸ ਜੁਲਾਈ 2010 ਅੰਕ ਵਿੱਚ ਛਪੇ ਇੱਕ ਲੇਖ ਵਿੱਚ ਸ. ਹਰਦੇਵ ਸਿੰਘ ਜੰਮੂ ਨੇ ਬੜੇ ਦਲੀਲ ਪੂਰਬਕ ਢੰਗ ਨਾਲ ਸਿੱਧ ਕੀਤਾ ਹੈ ਕਿ ਦੁਨੀਆਂ ਦੇ ਲੋਕਾਂ ਨੂੰ ‘ਗੁਰੂ ਨਾਨਕ ਦਾ ਸਿੱਖ ਨਾਲ ਰਿਸ਼ਤਾ’ ਸਮਝਾਉਣ ਲਈ ਸਭ ਤੋਂ ਢੁਕਵਾਂ ਸ਼ਬਦ, ਨਾਨਕ ਨੂੰ ਗੁਰੂ ‘ਪਦ’ ਨਾਲ ਸਬੋਧਨ ਕਰਨਾ ਹੀ ਹੈ।

ਗੁਰਬਾਣੀ ਦੀ ਕਿਸੇ ਇੱਕ ਤੁਕ ਜਾਂ ਇੱਕ ਸ਼ਬਦ ਦੇ ਅਰਥ ਕਰਨ ਲੱਗਿਆਂ ਗੁਰੂ ਗ੍ਰੰਥ ਸਾਹਿਬ ਦੇ ਸਮੁੱਚੇ ਫ਼ਲਸਫ਼ੇ ਨੂੰ ਧਿਆਨ ’ਚ ਰੱਖਣਾ ਅਤਿ ਜਰੂਰੀ ਹੈ। ਸਮੁੱਚੇ ਫ਼ਲਸਫ਼ੇ ਨੂੰ ਧਿਆਨ ’ਚ ਰੱਖੇ ਤੋਂ ਬਿਨਾਂ ਸ਼ਬਦਾਂ ਦੇ ਅੱਖਰੀ ਅਰਥ ਕਰਨ ਵਾਲੇ ਪਹਿਲਾਂ ਹੀ ਨਾਨਕ ਵੀਚਾਰਧਾਰਾ ਦਾ ਬਹੁਤ ਵੱਡਾ ਨੁਕਸਾਨ ਕਰ ਰਹੇ ਹਨ। ਪਰ ਜੇ ਸੌਦਾ ਸੰਪਾਦਕ ਦੀਆਂ ਲੱਛੇਦਾਰ ਦਲੀਲਾਂ ਤੋਂ ਪ੍ਰਭਾਵਿਤ ਹੋ ਕੇ ਜਾਗ੍ਰਿਤ ਸਮਝੇ ਜਾ ਰਹੇ ਵਿਦਵਾਨ ਵੀ ਉਨ੍ਹਾਂ ਦੇ ਪਦ ਚਿੰਨ੍ਹਾਂ ’ਤੇ ਚੱਲ ਪਏ ਤਾਂ ਕੌਮ ਦਾ ਰੱਬ ਹੀ ਰਾਖਾ ਹੈ।

Most Viewed Posts