Hukamnama (Guru Granth Sahib) Page No 600
(ਵਿਆਕਰਨ ਮੁਤਾਬਕ ਸੰਖੇਪ ਸ਼ਬਦਾਰਥ ਤੇ ਉਚਾਰਨ ਸੇਧ)
ੴ ਸਤਿ ਗੁਰ ਪ੍ਰਸਾਦਿ ॥
ਸੋਰਠਿ ਮਹਲਾ ੩ ਘਰੁ ੧
ਸੇਵਕ ਸੇਵ ਕਰਹਿ ਸਭਿ ਤੇਰੀ; ਜਿਨ ਸਬਦੈ ਸਾਦੁ ਆਇਆ ॥ ਉਚਾਰਨ ਸੇਧ: ਕਰਹਿਂ, ਜਿਨ੍ਹ।
ਅਰਥ: (ਹੇ ਮਾਲਕ!) ਤਮਾਮ ਉਹ ਦਾਸ ਤੇਰੀ ਭਗਤੀ ਕਰਦੇ ਹਨ, ਜਿਨ੍ਹਾਂ ਨੂੰ (ਗੁਰੂ) ਸ਼ਬਦ ਰਾਹੀਂ ਅਨੰਦ ਪ੍ਰਾਪਤ ਹੋਇਆ।
ਗੁਰ ਕਿਰਪਾ ਤੇ ਨਿਰਮਲੁ ਹੋਆ; ਜਿਨਿ, ਵਿਚਹੁ ਆਪੁ ਗਵਾਇਆ ॥ ਉਚਾਰਨ ਸੇਧ: ਜਿਨ੍ਹ, ਵਿੱਚੋਂ।
ਅਰਥ: (ਪਰ) ਗੁਰੂ ਕਿਰਪਾ ਨਾਲ਼ ਉਹੀ ਪਵਿੱਤਰ ਜੀਵਨ ਬਣਿਆ, ਜਿਸ (ਵਿਅਕਤੀ ਨੇ, ਆਪਣੇ) ਅੰਦਰੋਂ ਅਹੰਕਾਰ (ਆਪਣੇ ਆਪ) ਨੂੰ ਤਿਆਗ ਦਿੱਤਾ।
ਅਨਦਿਨੁ ਗੁਣ ਗਾਵਹਿ ਨਿਤ ਸਾਚੇ; ਗੁਰ ਕੈ ਸਬਦਿ, ਸੁਹਾਇਆ ॥੧॥ ਉਚਾਰਨ ਸੇਧ: ਗਾਵਹਿਂ।
ਅਰਥ: ਉਹ ਰੁਜ਼ਾਨਾ ਹਰ ਦਿਨ, ਗੁਰੂ ਦੇ ਉਪਦੇਸ਼ ਨਾਲ਼ ਸਦੀਵੀ ਮਾਲਕ ਦੇ ਗੁਣ ਗਾਉਂਦੇ ਹਨ ਤੇ ਸੋਹਣਾ ਜੀਵਨ ਬਣਾ ਲੈਂਦੇ ਹਨ।
ਮੇਰੇ ਠਾਕੁਰ ! ਹਮ ਬਾਰਿਕ ਸਰਣਿ ਤੁਮਾਰੀ ॥ ਏਕੋ ਸਚਾ ਸਚੁ ਤੂ; ਕੇਵਲੁ ਆਪਿ ਮੁਰਾਰੀ ॥ ਰਹਾਉ ॥ ਉਚਾਰਨ ਸੇਧ: ਸ਼ਰਣ, ਤੁਮ੍ਾਰੀ, ਤੂੰ।
ਅਰਥ: ਹੇ ਮੇਰੇ ਮਾਲਕ! ਅਸੀਂ ਤੇਰੇ ਬੱਚੇ, ਤੇਰੀ ਸ਼ਰਣ ਆਏ ਹਾਂ ਕਿਉਂਕਿ ਕੇਵਲ ਤੂੰ ਹੀ ਸਦੀਵੀ ਤੇ ਮੁਰ (ਦੈਂਤ, ਸਾਡੇ ਵਿਕਾਰਾਂ) ਦਾ ਵੈਰੀ ਹੈਂ।
ਜਾਗਤ ਰਹੇ, ਤਿਨੀ ਪ੍ਰਭੁ ਪਾਇਆ; ਸਬਦੇ ਹਉਮੈ ਮਾਰੀ ॥ ਉਚਾਰਨ ਸੇਧ: ਤਿਨ੍ਹੀਂ।
ਅਰਥ: ਜੋ ਵਿਕਾਰਾਂ ਵੱਲੋਂ ਸੁਚੇਤ ਰਹਿੰਦੇ ਹਨ ਉਨ੍ਹਾਂ ਨੇ ਹੀ (ਉੱਜਲ ਜੀਵਨ ਬਣਾ ਕੇ ਤੈਨੂੰ) ਮਾਲਕ ਨੂੰ ਪ੍ਰਾਪਤ ਕੀਤਾ (ਕਿਉਂਕਿ ਗੁਰ) ਸ਼ਬਦ ਰਾਹੀਂ ਹਉਮੈ (ਹਨ੍ਹੇਰਾ , ਅਗਿਆਨਤਾ) ਨਾਸ ਕਰ ਲਈ।
ਗਿਰਹੀ ਮਹਿ ਸਦਾ, ਹਰਿ ਜਨ ਉਦਾਸੀ; ਗਿਆਨ ਤਤ ਬੀਚਾਰੀ ॥ ਉਚਾਰਨ ਸੇਧ: ‘ਗਿਰਹੀ’ ਨੂੰ ਥੋੜ੍ਹਾ ‘ਗ੍ਰਿਹੀ’ ਵਾਙ ਭਾਵ ‘ਗ’ ਦਾ ਉਚਾਰਨ ਘੱਟ।
ਅਰਥ: (ਅਜਿਹੇ ਤੇਰੇ) ਸੇਵਕ (ਗੁਰੂ) ਗਿਆਨ ਦੇ ਤੱਤ-ਸਾਰ ਨੂੰ ਵਿਚਾਰ (ਸਮਝ) ਕੇ ਗ੍ਰਹਿਸਤੀ ਜੀਵਨ ਵਿੱਚ ਨਿਰਲੇਪ ਰਹਿੰਦੇ ਹਨ।
ਸਤਿਗੁਰੁ ਸੇਵਿ, ਸਦਾ ਸੁਖੁ ਪਾਇਆ; ਹਰਿ ਰਾਖਿਆ ਉਰ ਧਾਰੀ ॥੨॥
ਅਰਥ: ਸਤਿਗੁਰ (ਉਪਦੇਸ਼) ਨੂੰ ਸਦਾ ਯਾਦ ਕਰਕੇ ਅਨੰਦ ਮਾਣਿਆ ਤੇ ਹਰੀ ਯਾਦ ਨੂੰ ਹਿਰਦੇ ’ਚ ਵਸਾ (ਧਾਰ) ਕੇ ਰੱਖਿਆ।
(ਨੋਟ: ਉਕਤ ਦੋਵੇਂ ਤੁਕਾਂ ਦੀ ਸਮਾਪਤੀ ’ਚ ‘ਬੀਚਾਰੀ, ਧਾਰੀ’ ਸ਼ਬਦ; ਦਰਅਸਲ ‘ਬੀਚਾਰਿ, ਧਾਰਿ’ ਹਨ ਭਾਵ ‘ਵਿਚਾਰ ਕੇ, ਧਾਰ ਕੇ।)
ਇਹੁ ਮਨੂਆ ਦਹ ਦਿਸਿ ਧਾਵਦਾ; ਦੂਜੈ ਭਾਇ ਖੁਆਇਆ ॥ ਉਚਾਰਨ ਸੇਧ: ਇਹ।
(ਨੋਟ: ‘ਦਹ’ ਨੂੰ ‘ਦੈ’ ਨਹੀਂ ਪੜ੍ਹਨਾ ਕਿਉਂਕਿ ‘ਹ’ (ਸੰਸਕ੍ਰਿਤ, ਦਹ) ਦਾ ਪੰਜਾਬੀ ’ਚ ‘ਸ’ (ਦਸ) ਬਣ ਗਿਆ; ਜਿਵੇਂ ‘ਕਪਾਹ ਤੋਂ ਕਪਾਸ, ਸਿੰਧ ਤੋਂ ਹਿੰਦ’, ਇਸ ਲਈ ‘ਹ’ ਧੂਨੀ ਨੂੰ ਪੂਰਾ ਉਚਾਰਨ ਕਰਨਾ।)
ਅਰਥ: (ਰੱਬੀ ਯਾਦ ਦੀ ਬਜਾਇ) ਦੂਜੇ (ਪਾਸੇ ਭਾਵ ਮਾਯਾ) ਪਿਆਰ ਵਿੱਚ ਭਟਕਦਾ ਹੋਇਆ ਇਹ ਮਨ ਦਸ ਪਾਸੇ ਦੌੜਦਾ ਰਹਿੰਦਾ ਹੈ।
ਮਨਮੁਖ ਮੁਗਧੁ, ਹਰਿ ਨਾਮੁ ਨ ਚੇਤੈ; ਬਿਰਥਾ ਜਨਮੁ ਗਵਾਇਆ ॥
ਅਰਥ: (ਅਜਿਹਾ) ਨਾ-ਸਮਝ ਮਨੁੱਖ, ਹਰੀ ਨਾਮ ਨੂੰ ਯਾਦ ਨਹੀਂ ਕਰਦਾ ਤੇ ਵਿਅਰਥ (ਅਜਾਈਂ) ਜੀਵਨ ਬਤੀਤ ਕਰ ਲੈਂਦਾ ਹੈ।
ਸਤਿਗੁਰੁ ਭੇਟੇ, ਤਾ ਨਾਉ ਪਾਏ; ਹਉਮੈ ਮੋਹੁ ਚੁਕਾਇਆ ॥੩॥ ਉਚਾਰਨ ਸੇਧ: ਤਾਂ, ਨਾਉਂ, ਮੋਹ।
ਅਰਥ: (ਅਗਰ ਮਨੁੱਖ, ਸਤਿਗੁਰੂ ਨੂੰ ਮਿਲੇ ਤਾਂ ਹੀ ਰੱਬੀ ਯਾਦ (ਦਾਤ) ਪ੍ਰਾਪਤ ਕਰ ਸਕਦਾ ਹੈ, (ਜਿਸ ਨਾਲ਼, ਮੱਤ, ਪਦਾਰਥਾਂ ਨਾਲ਼ ਜੋੜਨ ਵਾਲ਼ੀ ਸ਼ਕਤੀ, ਮਮਤਾ ਭਾਵ ਮਾਯਾ) ਮੋਹ ਰੂਪ ਅਹੰਕਾਰ ਛੱਡਦਾ ਹੈ।
ਹਰਿ ਜਨ ਸਾਚੇ, ਸਾਚੁ ਕਮਾਵਹਿ; ਗੁਰ ਕੈ ਸਬਦਿ ਵੀਚਾਰੀ ॥ ਉਚਾਰਨ ਸੇਧ: ਕਮਾਵਹਿਂ।
ਅਰਥ: ਹਰੀ ਦੇ ਪੱਕੇ ਸਨੇਹੀ, ਗੁਰੂ ਦੇ ਸ਼ਬਦ ਰਾਹੀਂ ਵਿਚਾਰ-ਵਿਚਾਰ ਕੇ ਨਿਰੋਲ ਸੱਚ ਇਕੱਤਰ ਕਰਦੇ ਹਨ, ਕਮਾਉਂਦੇ ਹਨ।
ਆਪੇ ਮੇਲਿ ਲਏ, ਪ੍ਰਭਿ+ਸਾਚੈ; ਸਾਚੁ ਰਖਿਆ ਉਰ ਧਾਰੀ ॥ ਉਚਾਰਨ ਸੇਧ: ਮੇਲ਼, ਰੱਖਿਆ।
ਅਰਥ: (ਉਨ੍ਹਾਂ ਨੂੰ ਯਕੀਨ ਬਣ ਜਾਂਦਾ ਹੈ ਕਿ ਇਹ ਉਪਰਲਾ ਸਾਡਾ ਨਹੀਂ ਬਲਕਿ) ਸੱਚੇ ਮਾਲਕ ਨੇ ਆਪ ਹੀ (ਸਾਨੂੰ ਆਪਣੇ ਨਾਲ਼) ਮੇਲ਼ ਲਿਆ (ਤੇ ਅਸਾਂ ਉਸ ਦੀ ਮਦਦ ਨਾਲ਼) ਸਦੀਵੀ ਸਥਿਰ ਰੱਬੀ ਯਾਦ ਨੂੰ ਹਿਰਦੇ ’ਚ ਟਿਕਾ ਲਿਆ।
ਨਾਨਕ ! ਨਾਵਹੁ ਗਤਿ ਮਤਿ ਪਾਈ; ਏਹਾ ਰਾਸਿ ਹਮਾਰੀ ॥੪॥੧॥ ਸੋਰਠਿ (ਮ: ੩/੬੦੦) ਉਚਾਰਨ ਸੇਧ: ਨਾਵੋਂ, ਹਮ੍ਾਰੀ।
ਅਰਥ: ਹੇ ਨਾਨਕ ! ਇਹੀ ਸਾਡੀ ਅਸਲ ਪੂੰਜੀ ਸੀ/ਹੈ, ਜਿਸ ਨਾਲ਼ ਰੱਬੀ ਯਾਦ ਤੋਂ ਹੀ ਉੱਚੀ ਅਕਲ ਤੇ ਅਵਸਥਾ ਪ੍ਰਾਪਤ ਕੀਤੀ।