41.5 C
Jalandhar
Wednesday, April 22, 2026
spot_img
Home Blog Page 171

ਖਾਲਸੇ ਦੀ ਧਰਮ ਮਾਤਾ; ਮਾਤਾ ਸਾਹਿਬ ਕੌਰ ਜੀ

0

ਖਾਲਸੇ ਦੀ ਧਰਮ ਮਾਤਾ; ਮਾਤਾ ਸਾਹਿਬ ਕੌਰ ਜੀ

ਸਾਧੂ ਸਿੰਘ ਖ਼ਾਲਸਾ (ਬਠਿੰਡਾ) ਫ਼ੋਨ 98888-80824

ਮਾਤਾ ਸਾਹਿਬ ਕੌਰ ਜੀ ਦਾ ਜਨਮ 18 ਕੱਤਕ ਸੰਮਤ 1738 ਅਰਥਾਤ ਨਵੰਬਰ 1681 ਈਸਵੀ ਨੂੰ ਭਾਈ ਰਾਮੂ ਜੀ ਦੇ ਘਰ ਮਾਤਾ ਜਸਦੇਈ ਜੀ ਦੀ ਕੁੱਖੋਂ ਰੋਹਤਾਸ ਜ਼ਿਲ੍ਹਾ ਜੇਹਲਮ (ਹੁਣ ਪਾਕਿਸਤਾਨ) ਵਿਖੇ ਹੋਇਆ ਸੀ। ਮਾਪਿਆਂ ਨੇ ਪਹਿਲਾ ਨਾਂ ਸਾਹਿਬ ਦੇਵਾਂ ਰੱਖਿਆ। ਰੋਹਤਾਸ ਨਗਰ ਦੀ ਧਰਤੀ ਮਹਿਕ ਪਈ, ਦਿਬ ਸ਼ਕਤੀ ਵਾਲੀ ਅਬੋਧ ਕੰਨਿਆ ਦਾ ਜਲਾਲ ਝੱਲਿਆ ਨਹੀਂ ਸੀ ਜਾਂਦਾ। ਭਾਈ ਰਾਮੂ ਜੀ ਨੂੰ ਪੁੱਤਰਾਂ ਵਾਂਗ ਵਧਾਈਆਂ ਦਿੱਤੀਆਂ ਗਈਆਂ।

ਕੁਝ ਸਮਾਂ ਪਾ ਕੇ ਭਾਈ ਰਾਮੂ ਜੀ ਦੇ ਘਰ ਇੱਕ ਪੁੱਤਰ ਨੇ ਵੀ ਜਨਮ ਲਿਆ, ਜਿਸ ਦਾ ਨਾਂ ਸਾਹਿਬ ਚੰਦ ਰੱਖਿਆ ਗਿਆ। ਭਾਈ ਰਾਮੂ ਜੀ ਰੋਹਤਾਸ ਵਿਖੇ ਵਪਾਰ ਦਾ ਕੰਮ ਕਰਦੇ ਸਨ। ਇਹ ਸਾਰਾ ਪਰਿਵਾਰ 1700 ਈ: ਵਿਚ ਕਲਗੀਧਰ ਜੀ ਦੇ ਦਰਸਨਾਂ ਲਈ ਸ੍ਰੀ ਅਨੰਦਪੁਰ ਸਾਹਿਬ ਪੁੱਜਿਆ। ਸਭ ਤੋਂ ਪਹਿਲਾਂ ਮਾਤਾ ਸਾਹਿਬ ਦੇਵਾਂ ਜੀ ਨੇ ਆਪਣੇ ਮਾਤਾ-ਪਿਤਾ ਤੇ ਭਰਾ ਨਾਲ ਸਤਿਗੁਰੂ ਜੀ ਤੋਂ ਖੰਡੇ ਦੀ ਪਹੁਲ ਪ੍ਰਾਪਤ ਕੀਤੀ। ਕੁਝ ਦਿਨ ਅਨੰਦਪੁਰ ਸਾਹਿਬ ਵਿਖੇ ਠਹਿਰਨ ਪਿੱਛੋਂ ਭਾਈ ਰਾਮੂ ਜੀ (ਅੰਮ੍ਰਿਤ ਛਕਣ ਉਪਰੰਤ ਰੱਖਿਆ ਨਾਮ ਭਾਈ ਰਾਵ ਸਿੰਘ ਜੀ) ਨੇ ਗੁਰੂ ਜੀ ਅੱਗੇ ਆਪਣੀ ਸਪੁੱਤਰੀ ਸਾਹਿਬ ਦੇਵਾਂ (ਮਾਤਾ ਸਾਹਿਬ ਕੌਰ) ਦਾ ਰਿਸ਼ਤਾ ਸਵੀਕਾਰ ਕਰਨ ਦੀ ਬੇਨਤੀ ਕੀਤੀ। ਗੁਰੂ ਜੀ ਨੇ ਪਹਿਲਾਂ ਹੀ ਸ਼ਾਦੀਸੁਦਾ ਅਤੇ ਚਾਰ ਸਾਹਿਬਜ਼ਾਦਿਆਂ ਦਾ ਪਿਤਾ ਹੋਣ ਦੇ ਨਾਤੇ ਸਾਹਿਬ ਦੇਵਾਂ (ਮਾਤਾ ਸਾਹਿਬ ਕੌਰ) ਦਾ ਰਿਸ਼ਤਾ ਸਵੀਕਾਰ ਕਰਨ ਤੋਂ ਨਾ ਕਰ ਦਿੱਤੀ। ਭਾਈ ਰਾਵ ਸਿੰਘ ਜੀ ਨੇ ਬੇਨਤੀ ਕੀਤੀ ਕਿ ਸਾਹਿਬ ਦੇਵਾਂ (ਮਾਤਾ ਸਾਹਿਬ ਕੌਰ) ਪਹਿਲਾਂ ਹੀ ਸੰਕਲਪ ਕਰ ਚੁੱਕੀ ਹੈ ਕਿ ਉਹ ਕੇਵਲ ਗੁਰੂ ਗੋਬਿੰਦ ਸਿੰਘ ਜੀ ਨਾਲ ਹੀ ਸ਼ਾਦੀ ਕਰਨਗੇ ਹੋਰ ਕਿਸੇ ਨਾਲ ਨਹੀਂ। ਲੜਕੀ ਦੀ ਇੱਛਾ ਮੁਤਾਬਕ ਅਸੀਂ ਸਾਰਾ ਪਰਿਵਾਰ ਵੀ ਆਪਣੀ ਸਪੁੱਤਰੀ ਦਾ ਡੋਲ਼ਾ ਮਨ ਦੀਆਂ ਗਹਿਰਾਈਆਂ ਤੋਂ ਆਪ ਜੀ ਨੂੰ ਅਰਪਨ ਕਰ ਚੁੱਕੇ ਹਾਂ। ਸਾਡੇ ਸਾਰੇ ਪਰਿਵਾਰ ਦੇ ਸੰਕਲਪ ਪਿੱਛੋਂ ਸੰਗਤ ਵੀ ਇਸ ਨੂੰ ਮਾਤਾ ਜੀ ਕਹਿ ਕੇ ਬੁਲਾਉਂਦੇ ਹਨ। ਇਸ ਲਈ ਹੁਣ ਤੁਸੀ ਬੇਸ਼ੱਕ ਇਸ ਨੂੰ ਆਪਣੇ ਮਹਿਲ ਬਣਾ ਕੇ ਰੱਖੋ ਚਾਹੇ ਆਪਣੀ ਦਾਸੀ ਬਣਾ ਕੇ ਰੱਖੋ। ਆਪਣੇ ਮਨ ਵਿੱਚ ਧਾਰੇ ਸੰਕਲਪ ਉਪਰੰਤ ਮੈਂ ਇਸ ਦਾ ਡੋਲ਼ਾ ਕਿਸੇ ਹੋਰ ਥਾਂ ਨਹੀਂ ਭੇਜ ਸਕਦਾ ਅਤੇ ਨਾ ਹੀ ਇਹ ਲੜਕੀ ਹੁਣ ਹੋਰ ਕਿਧਰੇ ਜਾਣ ਲਈ ਤਿਆਰ ਹੈ। ਸਾਰੇ ਪਰਿਵਾਰ ਅਤੇ ਸੰਗਤ ਦੀ ਬੇਨਤੀ ਮੰਨਦੇ ਹੋਏ ਗੁਰੂ ਸਾਹਿਬ ਜੀ ਨੇ ਕਿਹਾ ਕਿ ਇਕ ਸ਼ਰਤ ’ਤੇ ਵਿਆਹ ਹੋ ਸਕਦਾ ਹੈ ਕਿ ਇਸ ਨਾਲ ਗ੍ਰਹਿਸਤੀ ਜੀਵਨ ਵਾਲੇ ਸਬੰਧ ਨਹੀਂ ਰੱਖੇ ਜਾਣਗੇ ਸਿਰਫ਼ ਕੁਆਰੇ ਡੋਲ਼ੇ ਦੇ ਤੌਰ ’ਤੇ ਹੀ ਸਾਡੇ ਨਾਲ ਰਹਿ ਸਕਦੀ ਹੈ। ਸ਼ਰਤ ਅਧੀਨ ਵਿਆਹ ਬਾਰੇ ਗੁਰੂ ਜੀ ਵੱਲੋਂ ਭਾਈ ਰਾਮੂ ਜੀ (ਭਾਈ ਰਾਵ ਸਿੰਘ), ਮਾਤਾ ਜਸਦੇਈ (ਜਸਦੇਵ ਕੌਰ), ਮਾਤਾ ਸਾਹਿਬ ਦੇਵਾਂ (ਮਾਤਾ ਸਾਹਿਬ ਕੌਰ), ਸਾਹਿਬ ਚੰਦ (ਸਾਹਿਬ ਸਿੰਘ) ਅਤੇ ਸੰਗਤ ਦੀ ਬੇਨਤੀ ਪ੍ਰਵਾਨ ਹੋਣ ਉਪਰੰਤ ਸਾਰੇ ਪਾਸੇ ਖੁਸੀਆਂ ਛਾ ਗਈਆਂ। ਮਾਤਾ ਸਾਹਿਬ ਕੌਰ ਜੀ ਦਾ ਗੁਰੂ ਗੋਬਿੰਦ ਸਿੰਘ ਜੀ ਨਾਲ ਅਨੰਦ ਕਾਰਜ ਸ੍ਰੀ ਅਨੰਦਪੁਰ ਸਾਹਿਬ ਵਿਖੇ 18 ਵੈਸਾਖ 1757 ਬਿ:/ 19 ਅਪ੍ਰੈਲ 1700 ਈ: ਦਿਨ ਸੋਮਵਾਰ ਨੂੰ ਭਾਵ 1699 ਦੀ ਵੈਸਾਖੀ ਤੋਂ ਇੱਕ ਸਾਲ ਪਿੱਛੋਂ ਕੀਤਾ ਗਿਆ। ਸ਼ਾਦੀ ਹੋਣ ਤੋਂ ਬਾਅਦ ਦਸਮੇਸ਼ ਪਿਤਾ ਜੀ ਦੇ ਹੁਕਮ ਅਨੁਸਾਰ ਮਾਤਾ ਸਾਹਿਬ ਕੌਰ ਜੀ ਨੇ ਸਾਰੀ ਜ਼ਿੰਦਗੀ ਗੁਰੂ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿਚ ਧਿਆਨ ਜੋੜ ਕੇ ਕੁਆਰੇ ਡੋਲ਼ੇ ਦੇ ਰੂਪ ਵਿਚ ਗੁਜਾਰੀ ਅਤੇ ਕਦੇ ਵੀ ਗੁਰੂ ਕੇ ਮਹਿਲ ਹੋਣ ਦਾ ਅਭਿਮਾਨ ਨਹੀਂ ਕੀਤਾ ਸੀ। ਜੇਕਰ ਮਾਤਾ ਜੀ ਦੇ ਮਨ ਵਿਚ ਇਕ ਪੁੱਤਰ ਦੀ ਇੱਛਾ ਆਈ ਤਾਂ ਜਾਣੀ-ਜਾਣ ਅੰਤਰਯਾਮੀ ਪ੍ਰੀਤਮ ਜੀ ਨੇ ਆਪਣੇ ਨਾਦੀ ਪੁੱਤਰ ਸਮੁੱਚੇ ਖ਼ਾਲਸਾ ਪੰਥ ਨੂੰ ਮਾਤਾ ਜੀ ਦੀ ਝੋਲ਼ੀ ਵਿਚ ਪਾ ਕੇ ਖ਼ਾਲਸੇ ਦੀ ਮਾਂ ਹੋਣ ਦਾ ਉੱਚਾ ਰੁਤਬਾ ਬਖ਼ਸ਼ਿਆ। ਉਸ ਦਿਨ ਤੋਂ ਅੱਜ ਤੱਕ ਅੰਮ੍ਰਿਤ ਛਕਾਉਣ ਉਪਰੰਤ ਅੰਮ੍ਰਿਤ ਅਭਿਲਾਖੀਆਂ ਨੂੰ ਸਿੱਖਿਆ ਦੇਣ ਸਮੇਂ ਪੰਜ ਪਿਆਰੇ ਇਹ ਵਚਨ ਜ਼ਰੂਰ ਕਹਿੰਦੇ ਹਨ ਕਿ ਅੱਜ ਤੋਂ ਤੁਹਾਡਾ ਧਾਰਮਿਕ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧਾਰਮਿਕ ਮਾਤਾ ਮਾਤਾ ਸਾਹਿਬ ਕੌਰ ਜੀ, ਜਨਮ ਕੇਸਗੜ੍ਹ ਸਾਹਿਬ ਅਤੇ ਵਾਸੀ ਅਨੰਦਪੁਰ ਸਾਹਿਬ ਦੇ ਹੋ।

ਸ੍ਰੀ ਅਨੰਦਪੁਰ ਸਾਹਿਬ ਛੱਡਣ ਸਮੇਂ 20 ਦਸੰਬਰ 1704 ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਸਮਾਉਣ ਭਾਵ 7 ਅਕਤੂਬਰ, 1708 ਈ: ਤੱਕ ਦਾ ਬੜਾ ਕਠਿਨ ਅਤੇ ਦੁਖਦਾਈ ਸਮਾਂ ਮਾਤਾ ਸਾਹਿਬ ਕੌਰ ਜੀ ਨੇ ਆਪਣੀ ਅੱਖੀਂ ਦੇਖਿਆ ਅਤੇ ਆਪ ਜੀ ਮਾਤਾ ਸੁੰਦਰ ਕੌਰ ਜੀ ਨਾਲ ਅਡੋਲ ਅਤੇ ਹਮੇਸ਼ਾਂ ਹੀ ਚੜ੍ਹਦੀ ਕਲਾ ਵਿਚ ਰਹੇ। ਕੀਰਤਪੁਰ ਵਿਖੇ ਪਰਿਵਾਰ ਵਿਛੋੜੇ ਸਮੇਂ ਆਪ ਜੀ, ਮਾਤਾ ਸੁੰਦਰੀ ਜੀ, ਦੋ ਸੇਵਕਾਵਾਂ ਬੀਬੀ ਭਾਗ ਕੌਰ, ਬੀਬੀ ਹਰਦਾਸ ਕੌਰ, ਦੋ ਸਿੰਘ ਭਾਈ ਜਵਾਹਰ ਸਿੰਘ, ਭਾਈ ਧੰਨਾ ਸਿੰਘ, ਆਪ ਦੇ ਛੋਟੇ ਭਰਾ ਭਾਈ ਸਾਹਿਬ ਸਿੰਘ ਅਤੇ ਸਹੀਦ ਭਾਈ ਮਨੀ ਸਿੰਘ ਜੀ ਨਾਲ ਦਿੱਲੀ ਜਾ ਕੇ ਰਿਹਾਇਸ਼ ਕੀਤੀ।

ਉੱਧਰ ਚਮਕੌਰ ਦੀ ਜੰਗ ਵਿੱਚ ਵੱਡੇ ਦੋ ਸਾਹਿਬਜ਼ਾਦਿਆਂ ਅਤੇ ਸਰਹਿੰਦ ਦੇ ਨਵਾਬ ਵਜ਼ੀਦ ਖਾਂ ਦੇ ਹੱਥੋਂ ਦੋ ਛੋਟੇ ਸਾਹਿਬਜ਼ਾਦੇ ਸ਼ਹੀਦ ਹੋ ਜਾਣ ਪਿੱਛੋਂ ਗੁਰੂ ਜੀ ਮੁਕਤਸਰ ਅਤੇ ਮੁਕਤਸਰ ਦੀ ਜੰਗ ਤੋਂ ਬਾਅਦ ਦਮਦਮਾ ਸਾਹਿਬ (ਤਲਵੰਡੀ ਸਾਬੋ) ਪਹੁੰਚੇ। ਇੱਥੇ ਹੀ ਦੋਵੇਂ ਮਾਤਾਵਾਂ ਭਾਈ ਮਨੀ ਸਿੰਘ ਜੀ ਨਾਲ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਕੋਲ ਫਰਵਰੀ 1706 ਨੂੰ ਦਰਸ਼ਨਾਂ ਲਈ ਪੁੱਜੀਆਂ। ਜਿਸ ਸਮੇਂ ਚਾਰੇ ਸਾਹਿਬਜ਼ਾਦਿਆਂ ਬਾਰੇ ਮਾਤਾਵਾਂ ਨੇ ਪੁੱਛਿਆ ਤਾਂ ਕਲਗੀਧਰ ਜੀ ਨੇ ਉਨ੍ਹਾਂ ਦਾ ਸੋਕ ਨਵਿਰਤ ਕਰਨ ਲਈ ਖ਼ਾਲਸੇ ਵੱਲ ਇਸ਼ਾਰਾ ਕਰਕੇ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਇਉਂ ਉਚਾਰਿਆ- ‘ਇਨ ਪੁਤਰਨ ਕੇ ਸੀਸ ਪਰ, ਵਾਰ ਦੀਏ ਸੁਤ ਚਾਰ। ਚਾਰ ਮੂਏ ਤੋ ਕਿਆ ਹੂਆ ? ਜੀਵਤ ਕਈ ਹਜਾਰ।’’

ਕੁਝ ਸਮਾਂ ਸੇਵਾ ਅਤੇ ਦਰਸ਼ਨ ਕਰਕੇ ਦੋਵੇਂ ਮਾਤਾਵਾਂ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਦਿੱਲੀ ਆ ਗਏ। ਦਮਦਮਾ ਸਾਹਿਬ (ਤਲਵੰਡੀ ਸਾਬੋ) ਤੋਂ ਨਾਂਦੇੜ ਜਾਂਦੇ ਸਮੇਂ ਜਿਸ ਸਮੇਂ ਕਲਗੀਧਰ ਜੀ ਨੇ ਮੋਤੀ ਸ਼ਾਹ ਦੇ ਬਾਗ ’ਚ ਚਰਨ ਪਾਏ ਤਾਂ ਇੱਥੋਂ ਫਿਰ ਦੱਖਣ ਦੇਸ ਜਾਣ ਸਮੇਂ ਮਾਤਾ ਸਾਹਿਬ ਕੌਰ ਸਤਿਗੁਰੂ ਜੀ ਦੇ ਨਾਲ ਹੀ ਗਏ। ਨਾਂਦੇੜ ਵਿਖੇ ਦਸਮੇਸ਼ ਪਿਤਾ ਜੀ ਨੇ ਮਾਤਾ ਜੀ ਦੀ ਰਿਹਾਇਸ਼ ਲਈ ਗੋਦਾਵਰੀ ਦੇ ਕੰਡੇ ਹੀਰਾ ਘਾਟ ਵਿਖੇ ਉਚੇਚਾ ਪ੍ਰਬੰਧ ਕਰਵਾਇਆ। ਮਾਤਾ ਸਾਹਿਬ ਕੌਰ ਨੇ ਇੱਥੇ ਹੀ ਆਪਣਾ ਟਿਕਾਣਾ ਬਣਾ ਲਿਆ। ਇੱਥੇ ਮਾਤਾ ਜੀ ਸਵਾ ਪਹਿਰ ਰਾਤ ਰਹਿੰਦਿਆਂ ਇਸ਼ਨਾਨ ਕਰਨ ਪਿੱਛੋਂ ਨਿਤਨੇਮ ਕਰਦੇ ਅਤੇ ਸੰਗਤ ਵਿੱਚ ਬੈਠ ਕੇ ਕੀਰਤਨ ਸੁਣਦੇ ਸਨ। ਕੀਰਤਨ ਦੀ ਸਮਾਪਤੀ ਪਿੱਛੋਂ ਸੰਗਤਾਂ ਨੂੰ ਉਪਦੇਸ਼ ਦਿੰਦੇ ਸਨ। ਗੁਰੂ ਜੀ ਨੇ ਆਪਣਾ ਪ੍ਰਲੋਕ ਗਮਨ ਦਾ ਸਮਾਂ ਨੇੜੇ ਵੇਖ ਕੇ ਮਾਤਾ ਸਾਹਿਬ ਕੌਰ ਜੀ ਨੂੰ ਦਿੱਲੀ ਵਿਖੇ ਮਾਤਾ ਸੁੰਦਰੀ ਜੀ ਕੋਲ ਭੇਜਣ ਦਾ ਸੰਕਲਪ ਬਣਾਇਆ ਅਤੇ ਉਨ੍ਹਾਂ ਨੂੰ ਆਪਣੇ ਕਮਰਕਸੇ ਵਿੱਚੋਂ ਪੰਜ ਸ਼ਸਤਰ (ਖੜਗ, ਦੋਧਾਰੀ ਖੰਡਾ, ਖੰਜਰ ਅਤੇ ਦੋ ਕਟਾਰਾਂ) ਪ੍ਰਦਾਨ ਕੀਤੇ। ਦਿੱਲੀ ਜਿੱਥੇ ਕਿ ਅੱਜ ਕਲ੍ਹ ਗੁਰਦੁਆਰਾ ਮਾਤਾ ਸੁੰਦਰੀ ਜੀ ਸੁਸ਼ੋਭਿਤ ਹੈ, ਇੱਥੇ ਆਪ ਸ਼ਸਤਰਾਂ ਦੀ ਸੇਵਾ ਕਰਦੇ ਰਹੇ। ਨਿਤਨੇਮ ਤੇ ਸ਼ਸਤਰਾਂ ਦੇ ਦਰਸ਼ਨ ਕਰਕੇ ਮਾਤਾ ਜੀ ਲੰਗਰ ਛਕਦੇ ਸਨ। ਹਕੂਮਤ ਨੇ ਇੱਕ ਵਾਰ ਫਿਰ ਨਵਾਂ ਮੋੜ ਲਿਆ ਜਿਸ ਕਾਰਨ ਦੋਵੇਂ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਦਿੱਲੀ ਛੱਡ ਕੇ ਮਥੁਰਾ ਅਤੇ ਭਰਤਪੁਰ ਵਿਖੇ ਚਲੇ ਗਏ। ਸੰਨ 1719 ਈਸਵੀ ਵਿੱਚ ਸੰਗਤਾਂ ਦੇ ਸੱਦੇ ਉੱਤੇ ਮਾਤਾ ਸਾਹਿਬ ਕੌਰ ਜੀ ਅਤੇ ਮਾਤਾ ਸੁੰਦਰੀ ਜੀ ਫਿਰ ਦਿੱਲੀ ਵਾਪਸ ਆ ਗਏ।

ਸ੍ਰੀ ਕਲਗੀਧਰ ਜੀ ਦੇ ਜੋਤੀ ਜੋਤਿ ਸਮਾਉਣ ਮਗਰੋਂ ਮਾਤਾ ਸਾਹਿਬ ਕੌਰ ਜੀ ਨੇ ਸੰਗਤਾਂ ਪ੍ਰਤੀ ਹੁਕਮਨਾਮੇ ਜਾਰੀ ਕੀਤੇ, ਸੰਗਤ ਅਤੇ ਪੰਗਤ ਦੀ ਪ੍ਰਥਾ ਨੂੰ ਚਾਲੂ ਰੱਖ ਕੇ ਖ਼ਾਲਸਾ ਪੰਥ ਦੀ ਅਗਵਾਈ ਕੀਤੀ। ਮਾਤਾ ਸਾਹਿਬ ਕੌਰ ਜੀ ਨੇ ਸਿੱਖਾਂ ਨੂੰ ਹੁਕਮਨਾਮੇ ਵੀ ਜਾਰੀ ਕੀਤੇ, ਜਿਨ੍ਹਾਂ ਵਿੱਚੋਂ ਨੌਂ ਹੁਕਮਨਾਮਿਆਂ ਦਾ ਵੇਰਵਾ ਉਪਲਬਧ ਹੈ। ਮਾਤਾ ਸਾਹਿਬ ਕੌਰ ਜੀ ਨੇ ਆਪਣਾ ਅੰਤਿਮ ਸਮਾਂ ਨੇੜੇ ਆਇਆ ਵੇਖ ਕੇ ਮਾਤਾ ਸੁੰਦਰੀ ਜੀ ਨੂੰ ਇਸ ਬਾਰੇ ਦੱਸਿਆ। ਕਲਗੀਧਰ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਸ਼ਸਤਰ ਅਬਿਚਲਨਗਰ ਤੋਂ ਤੁਰਨ ਵੇਲੇ ਮਾਤਾ ਸਾਹਿਬ ਕੌਰ ਜੀ ਦੇ ਸਪੁਰਦ ਕੀਤੇ ਸਨ, ਉਹ ਪੰਜੇ ਸ਼ਸਤਰ ਉਨ੍ਹਾਂ ਨੇ ਮਾਤਾ ਸਾਹਿਬ ਕੌਰ ਜੀ ਦੇ ਸਪੁਰਦ ਕਰ ਦਿੱਤੇ।

15 ਅਕਤੂਬਰ 1731 ਈ: ਦਿਨ ਸੁੱਕਰਵਾਰ ਨੂੰ ਮਾਤਾ ਸਾਹਿਬ ਕੌਰ ਜੀ ਨੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨ ਪਿੱਛੋਂ ਨਿਤਨੇਮ ਕੀਤਾ ਅਤੇ ਗੁਰੂ ਜੀ ਦੇ ਸ਼ਸਤਰਾਂ ਦੇ ਦਰਸ਼ਨ ਕਰਨ ਉਪਰੰਤ ਆਪਣਾ ਪੰਜ-ਭੂਤ ਸਰੀਰ ਤਿਆਗ ਦਿੱਤਾ। ਮਾਤਾ ਜੀ ਨੇ ਕੁੱਲ ਸੰਸਾਰਿਕ ਯਾਤਰਾ ਲਗਭਗ 50 ਸਾਲ ਭੋਗੀ, ਜਿਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤਿ ਸਮਾ ਜਾਣ ਉਪਰੰਤ ਲਗਭਗ 23 ਸਾਲ ਖਾਲਸਾ ਕੌਮ ਦੀ ਸਫਲ ਕੀਤੀ ਗਈ ਅਗਵਾਈ ਵੀ ਸ਼ਾਮਲ ਹੈ। ਮਾਤਾ ਜੀ ਦੀ ਇੱਛਾ ਮੁਤਾਬਕ ਆਪ ਦਾ ਸਸਕਾਰ ਬਾਲਾ ਸਾਹਿਬ (ਦਿੱਲੀ) ਵਿਖੇ ਕੀਤਾ ਗਿਆ।

ਮਾਤਾ ਸਾਹਿਬ ਕੌਰ ਜੀ ਵੱਲੋਂ ਮਿਲੇ ਪੰਜੇ ਸ਼ਸਤਰ ਮਾਤਾ ਸੁੰਦਰ ਕੌਰ ਜੀ ਨੇ ਆਪਣੇ ਦੇਹਾਂਤ (ਸੰਨ 1747) ਸਮੇਂ ਆਪਣੇ ਸੇਵਕ ਜੀਵਨ ਸਿੰਘ ਜੀ ਨੂੰ ਦੇ ਕੇ ਅਦਬ ਨਾਲ ਰੱਖਣ ਦੀ ਆਗ੍ਯਾ ਕੀਤੀ। ਜੀਵਨ ਸਿੰਘ ਨੇ ਆਪਣੇ ਪੁੱਤਰ ਬਖ਼ਤਾਵਰ ਸਿੰਘ ਨੂੰ; ਉਸ ਨੇ ਅੱਗੋਂ ਆਪਣੇ ਪੁੱਤਰ ਮਿੱਠੂ ਸਿੰਘ ਨੂੰ; ਉਸ ਨੇ ਆਪਣੇ ਪੁੱਤਰ ਸੇਵਾ ਸਿੰਘ; ਉਸ ਨੇ ਆਪਣੇ ਪੁੱਤਰ ਭਾਨ ਸਿੰਘ ਨੂੰ ਸੌਂਪੇ ਜਿਸ ਨੇ ਇਨ੍ਹਾਂ ਸ਼ਸਤਰਾਂ ਨੂੰ ਆਪਣੇ ਘਰ ਸੰਭਾਲ਼ ਕੇ ਰੱਖਿਆ। ਅੱਗੋਂ ਭਾਨ ਸਿੰਘ ਨੇ ਆਪਣੇ ਮਤਬੰਨੇ ਪੁੱਤਰ ਆਤਮਾ ਸਿੰਘ ਨੂੰ ਸੌਂਪੇ ਜਿਸ ਨੇ ਪੰਥ ਦੀ ਇੱਛਾ ਅਨੁਸਾਰ ਗੁਰਦੁਆਰਾ ਰਕਾਬ ਗੰਜ ਦਿੱਲੀ ਵਿਖੇ ਅਸਥਾਪਨ ਕਰ ਦਿੱਤੇ।

ਮਾਤਾ ਸਾਹਿਬ ਕੌਰ ਜੀ ਦੀ ਪਾਵਨ ਯਾਦ ਵਿਚ ਨਾਂਦੇੜ (ਮਹਾਰਾਸਟਰ) ਵਿਚ ਹੀਰਾ ਘਾਟ ਦੇ ਕੋਲ ਗੁਰਦੁਆਰਾ ਮਾਤਾ ਸਾਹਿਬ ਕੌਰ, ਤਖਤ ਸ੍ਰੀ ਦਮਦਮਾ ਸਾਹਿਬ ਅਤੇ ਗੁਰਦੁਆਰਾ ਬਾਲਾ ਸਾਹਿਬ (ਦਿੱਲੀ) ਵਿਖੇ ਸੁਸ਼ੋਭਿਤ ਹਨ। ਮਾਤਾ ਜੀ ਦੇ ਗੌਰਵਮਈ ਇਤਿਹਾਸ ਤੇ ਉਨ੍ਹਾਂ ਦੇ ਜੀਵਨ ਉਦੇਸ ਤੋਂ ਪ੍ਰੇਰਨਾ ਲੈ ਕੇ ਗੁਰਮਤਿ ਦੇ ਧਾਰਨੀ ਬਣ ਕੇ ਹੀ ਮਾਤਾ ਸਾਹਿਬ ਕੌਰ ਜੀ ਦੇ ਸਪੁੱਤਰ ਹੋਣ ਦੇ ਹੱਕਦਾਰ ਅਖਵਾ ਸਕਦੇ ਹਾਂ।

ਤਿਨਿ ਸਗਲੀ ਚਿੰਤ ਮਿਟਾਈ

0

ਤਿਨਿ ਸਗਲੀ ਚਿੰਤ ਮਿਟਾਈ

ਪ੍ਰੋ. ਮਨਰਾਜ ਕੌਰ (ਲੁਧਿਆਣਾ)

ਚਿਤਵਨ ਸਿੰਘ… ਦਾਦਾ ਜੀ ! ਮੇਰਾ ਦੋਸਤ ਸੁਖਰਾਜ ਸਿੰਘ ਕਹਿ ਰਿਹਾ ਸੀ ਕਿ ਚੋਣਾਂ ਨੇੜੇ ਆ ਰਹੀਆਂ ਹਨ ਤੇ ਬੜੀ ਚਿੰਤਾ ਹੋ ਰਹੀ ਹੈ ਕਿ ਨਵੀਂ ਸਰਕਾਰ ਪਤਾ ਨਹੀਂ ਕਿਸ ਤਰ੍ਹਾਂ ਦੀ ਬਣੇਗੀ।
ਦਾਦਾ ਜੀ…. ਫਿਰ ਤੁਸੀਂ ਕੀ ਜਵਾਬ ਦਿੱਤਾ?
ਚਿਤਵਨ ਸਿੰਘ…. ਮੈਂ ਕਿਹਾ ਬਈ ਜਿਸ ਤਰ੍ਹਾਂ ਦੀ ਅਸੀਂ ਚੁਣਾਂਗੇ ਉਸੇ ਤਰ੍ਹਾਂ ਦੀ ਬਣੇਗੀ। ਇਸ ਵਿਚ ਚਿੰਤਾ ਵਾਲੀ ਕੋਈ ਗੱਲ ਹੀ ਨਹੀਂ।
ਦਾਦਾ ਜੀ…. ਬਿਲਕੁਲ ਠੀਕ ਪੁੱਤਰ ਜੀ ! ਪਰ ਮੈਨੂੰ ਇਹ ਦੱਸੋ ਕਿ ਜਿਸ ਗੱਲ ਨੂੰ ਲੈ ਕੇ ਸਾਰਾ ਆਲਾ ਦੁਆਲਾ ਚਿੰਤਤ ਹੈ ਉਸ ਬਾਰੇ ਤੁਹਾਨੂੰ ਚਿੰਤਾ ਕਿਉਂ ਨਹੀਂ ਹੈ?
ਚਿਤਵਨ ਸਿੰਘ…. ਦਾਦਾ ਜੀ ! ਤੁਸੀਂ ਆਪ ਹੀ ਤਾਂ ਦੱਸਦੇ ਹੋ ਕਿ ਗੁਰਬਾਣੀ ਪੜੵਨ ਵਾਲੇ ਹਰ ਮੁਸ਼ਕਲ ਦਾ ਹੱਲ ਲੱਭ ਲੈਂਦੇ ਹਨ ਤੇ ਚਿੰਤਾ ਬਿਲਕੁਲ ਨਹੀਂ ਕਰਦੇ।
ਦਾਦਾ ਜੀ….. ਹਾਂ ਜੀ ! ਪੁੱਤਰ ਜੀ ! ਗੁਰਬਾਣੀ ਫੁਰਮਾਣ ਹੈ: ‘‘ਧੁਰ ਕੀ ਬਾਣੀ ਆਈ ॥ ਤਿਨਿ ਸਗਲੀ ਚਿੰਤ ਮਿਟਾਈ ॥’’ (ਮ: ੫/੬੨੮)

ਚਿਤਵਨ ਸਿੰਘ…. ਦਾਦਾ ਜੀ ! ਇਸ ਦਾ ਭਾਵ ਇਹੀ ਹੈ ਨਾ, ਕਿ ਗੁਰਬਾਣੀ ਸਮਝ ਆਈ ਤੇ ਚਿੰਤਾ ਗਈ।
ਦਾਦਾ ਜੀ…. ਬਿਲਕੁੱਲ ਠੀਕ ਪੁੱਤਰ ਜੀ ! ਪਰ ਇਸ ਦੇ ਅਰਥ ਜੀਵਨ ਦੇ ਸੰਬੰਧ ਵਿਚ ਹੋਰ ਵੀ ਡੂੰਘੇ ਹਨ।
ਚਿਤਵਨ ਸਿੰਘ….ਉਹ ਕਿਵੇਂ ਦਾਦਾ ਜੀ !
ਦਾਦਾ ਜੀ…. ਇਸ ਤੋਂ ਭਾਵ ਹੈ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿੱਚ ਧੁਰ ਕੀ ਬਾਣੀ, ਰੱਬੀ ਬਾਣੀ, ਗੁਰਬਾਣੀ ਆ ਕੇ ਵੱਸ ਗਈ ਹੈ, ਉਨੵਾਂ ਨੇ ਆਪਣੇ ਹਿਰਦੇ ਤੋਂ ਚਿੰਤਾਂਵਾਂ ਮਿਟਾ ਦਿੱਤੀਆਂ ਹਨ।
ਚਿਤਵਨ ਸਿੰਘ… ਦਾਦਾ ਜੀ ! ਗੁਰਬਾਣੀ ਤਾਂ ਸਾਰੇ ਹੀ ਪੜੵਦੇ ਹਨ ਪਰ ਚਿੰਤਾ ਤਾਂ ਸਾਰੇ ਨਹੀਂ ਮਿਟਾ ਸਕਦੇ।
ਦਾਦਾ ਜੀ ….ਹਾਂ ਜੀ ! ਬੇਟਾ ਜੀ ! ਕਿਉਂਕਿ ਗੁਰਬਾਣੀ ਦੀ ਵਿਚਾਰ ਹਿਰਦੇ ਵਿਚ ਨਹੀਂ ਵਸਦੀ।
ਚਿਤਵਨ ਸਿੰਘ….ਇਹ ਤਾਂ ਹੈ ਦਾਦਾ ਜੀ ! ਮੈਨੂੰ ਇਹ ਦੱਸੋ ਬਈ ਧੁਰ ਤੋਂ ਭਾਵ ਕੇਂਦਰ ਹੁੰਦਾ ਹੈ ਨਾ!
ਦਾਦਾ ਜੀ…. ਬਿਲਕੁਲ ਕੇਂਦਰ ਹੀ ਹੁੰਦਾ ਹੈ।
ਚਿਤਵਨ ਸਿੰਘ…. ਫਿਰ ਬਾਣੀ ਕਿਹੜੇ ਕੇਂਦਰ ਤੋਂ ਆਉਂਦੀ ਹੈ ?
ਦਾਦਾ ਜੀ…..ਬੇਟਾ ਜੀ ! ਰੱਬ ਜੀ ਸਾਰੇ ਸੰਸਾਰ ਦਾ ਕੇਂਦਰ ਹਨ, ਨਾ !
ਚਿਤਵਨ ਸਿੰਘ… ਹਾਂ ਜੀ !
ਦਾਦਾ ਜੀ….ਜਿਸ ਮਨੁੱਖ ਦੇ ਹਿਰਦੇ ਵਿਚ ਰੱਬ ਜੀ ਆ ਕੇ ਵੱਸ ਜਾਣ, ਉਥੇ ਰੱਬੀ ਬਾਣੀ ਦਾ ਵੀ ਨਿਵਾਸ ਹੋ ਜਾਂਦਾ ਹੈ।
ਚਿਤਵਨ ਸਿੰਘ….ਉਹ ਕਿਵੇਂ ਦਾਦਾ ਜੀ !
ਦਾਦਾ ਜੀ….ਬੇਟਾ ਜੀ ! ਅਸੀਂ ਸਾਰੇ ਸਮਝਦੇ ਹਾਂ ਕਿ ਹਰੇਕ ਮਨੁੱਖ ਦੇ ਅੰਦਰ ਰੱਬ ਜੀ ਗੁਣਾਂ ਦੇ ਰੂਪ ਵਿਚ ਵਸਦੇ ਹਨ।
ਚਿਤਵਨ ਸਿੰਘ….ਹਾਂ ਜੀ ! 
ਦਾਦਾ ਜੀ… ਜਦੋਂ ਕੋਈ ਮਨੁੱਖ ਆਪਣੇ ਰੱਬੀ ਗੁਣਾਂ ਨੂੰ ਪਹਿਚਾਣ ਕੇ ਜਿਊਣਾ ਸ਼ੁਰੂ ਕਰ ਦਿੰਦਾ ਹੈ ਤਾਂ ਉਹ ਆਪਣੇ ਕੇਂਦਰ ਰੱਬ ਜੀ ਨਾਲ ਇਕ ਮਿਕ ਹੋ ਜਾਂਦਾ ਹੈ। 
ਚਿਤਵਨ ਸਿੰਘ….. ਹਾਂ ਜੀ !
ਦਾਦਾ ਜੀ…. ਬੱਸ ਫਿਰ ਉਸ ਨੂੰ ਧੁਰ ਕੀ ਬਾਣੀ, ਰੱਬੀ ਬਾਣੀ ਦੀ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ।
ਚਿਤਵਨ ਸਿੰਘ…. ਫਿਰ ?
ਦਾਦਾ ਜੀ…. ਫਿਰ ਜਿਤਨਾ ਜ਼ਿਆਦਾ ਕੋਈ ਰੱਬੀ ਬਾਣੀ ਨੂੰ ਸਮਝਦਾ ਅਤੇ ਮਹਿਸੂਸ ਕਰਦਾ ਹੈ, ਉਤਨਾ ਹੀ ਉਸ ਦੇ ਅੰਦਰ ਰੱਬੀ ਗੁਣ ਵਧਦੇ ਜਾਂਦੇ ਹਨ।
ਚਿਤਵਨ ਸਿੰਘ….ਫਿਰ ?
ਦਾਦਾ ਜੀ….. ਜਿਤਨੇ ਰੱਬੀ ਗੁਣ ਵਧਦੇ ਜਾਂਦੇ ਹਨ, ਉਤਨਾ ਹੀ ਬਾਣੀ ਨੂੰ ਮਹਿਸੂਸ ਕਰਨਾ ਵਧਦਾ ਜਾਂਦਾ ਹੈ।
ਚਿਤਵਨ ਸਿੰਘ…..ਕਮਾਲ ਹੈ।
ਦਾਦਾ ਜੀ….ਹਾਂ ਜੀ ! ਬੇਟਾ ਜੀ ! ਤੇ ਫਿਰ ਇਹ ਇਕ ਜੀਵਨ ਚੱਕਰ ਬਣ ਜਾਂਦਾ ਹੈ। 
ਚਿਤਵਨ ਸਿੰਘ…..ਉਹ ਕਿਵੇਂ?
ਦਾਦਾ ਜੀ ……..ਹੋਰ ਗੁਣ, ਹੋਰ ਬਾਣੀ ਮਹਿਸੂਸ ਕਰਨਾ, ਫਿਰ ਹੋਰ ਵੱਧ ਗੁਣ, ਫਿਰ ਹੋਰ ਵੱਧ ਬਾਣੀ ਨੂੰ ਮਹਿਸੂਸ ਕਰਨਾ।
ਚਿਤਵਨ ਸਿੰਘ…..ਵਾਹ !
ਦਾਦਾ ਜੀ …… ਫਿਰ ਇੱਕ ਦਿਨ ਐਸਾ ਵੀ ਆਉਂਦਾ ਹੈ ਕਿ ਗੁਰਬਾਣੀ ਬਣੀਐ ਵਾਲੇ ਉਦੇਸ਼ ਨੂੰ ਪੂਰਾ ਕਰਦਾ ਕਰਦਾ ਮਨੁੱਖ ‘ਗੋਬਿੰਦ ਮਿਲਣ’ ਦੇ ਆਪਣੇ ਨਿਸ਼ਾਨੇ ਨੂੰ ਵੀ ਪੂਰਾ ਕਰ ਲੈਂਦਾ ਹੈ।
ਚਿਤਵਨ ਸਿੰਘ…..ਵਾਹ ਜੀ ਵਾਹ !
ਦਾਦਾ ਜੀ…… ਤੇ ਫਿਰ ਇਸ ਤਰ੍ਹਾਂ ਰੱਬੀ ਰਾਹ ਤੇ ਰੱਬੀ ਹੁਕਮ ਵਿਚ ਜਿਊਣ ਵਾਲੇ ਮਨੁੱਖ ਨੂੰ ਫਿਰ ਕੋਈ ਵੀ ਚਿੰਤਾ ਨਹੀਂ ਰਹਿੰਦੀ ।
ਚਿਤਵਨ ਸਿੰਘ…..ਵਾਹ ! ਇਸ ਤਰ੍ਹਾਂ ਵਾਪਰਦਾ ਹੈ, ਜੀਵਨ ਵਿਚ: ‘‘ਧੁਰ ਕੀ ਬਾਣੀ ਆਈ ॥ ਤਿਨਿ ਸਗਲੀ ਚਿੰਤ ਮਿਟਾਈ ॥’’ 
ਚਿਤਵਨ ਸਿੰਘ…… ਕਮਾਲ ਹੋ ਗਈ ਦਾਦਾ ਜੀ ! ਇਸ ਤਰ੍ਹਾਂ ਤਾਂ ਕਦੀ ਸਮਝਿਆ ਹੀ ਨਹੀਂ ਸੀ। ਤੁਸੀਂ ਬਹੁਤ ਸੋਹਣਾ ਸਮਝਾ ਦਿੰਦੇ ਹੋ।
ਦਾਦਾ ਜੀ….. ਬਸ ਇਤਨਾ ਯਾਦ ਰੱਖੀਏ ਕਿ ਗੁਰਬਾਣੀ ਨੂੰ ਮਹਿਸੂਸ ਕਰਨਾ ਸਿੱਖ ਲਈਏ। ਫਿਰ ਸਾਰਾ ਕੁਝ ਆਪੇ ਹੀ ਹੋ ਜਾਂਦਾ ਹੈ।
ਚਿਤਵਨ ਸਿੰਘ…..ਦਾਦਾ ਜੀ ! ਮੈਂ ਤਾਂ ਅਗੋਂ ਤੋਂ ਇਸ ਤਰ੍ਹਾਂ ਹੀ ਕਰਾਂਗਾ, ਜੀ!
ਦਾਦਾ ਜੀ….. ਬਸ ਫਿਰ ਚਿੰਤਾ ਵਾਲੀ ਗੱਲ ਹੀ ਕੋਈ ਨਹੀਂ। ਸਦਾ ਖੁਸ਼ ਰਹੋ, ਜੀ !

ਮੰਜ਼ਲ ਸਰ ਕਰਨ ਵਾਸਤੇ ਕਦਮਾਂ ਦਾ ਸਹੀ ਦਿਸ਼ਾ ’ਚ ਚੱਲਣਾ ਜ਼ਰੂਰੀ ਹੈ !

0

ਮੰਜ਼ਲ ਸਰ ਕਰਨ ਵਾਸਤੇ ਕਦਮਾਂ ਦਾ ਸਹੀ ਦਿਸ਼ਾ ’ਚ ਚੱਲਣਾ ਜ਼ਰੂਰੀ ਹੈ !

ਸੁਰਜੀਤ ਸਿੰਘ

ਮੈਨੂੰ ਕੈਨੇਡਾ ਆਏ ਨੂੰ 15 ਸਾਲ ਹੋ ਚੁਕੇ ਸੀ ਤੇ ਮੈਂ ਕੋਲੇ ਦੀ ਮਾਈਨ ਚ ਕੰਮ ਤੇ ਲਗਿਆ ਹੋਇਆ ਸੀ । ਮੈਨੂੰ ਇੱਥੋਂ ਦੀ ਜ਼ਿੰਦਗੀ ਦਾ ਬਹੁਤਾ ਤਜਰਬਾ ਨਹੀਂ ਸੀ ਕਿ ਪੈਸੇ ਨੂੰ ਕਿੱਥੇ Invest ਕਰਨਾ ਤੇ ਕਿਵੇਂ ਪੈਸੇ ਜੋੜਦੇ ਹਨ । ਬਸ ਕੰਮ ਕਰੀ ਜਾਣਾ ਤੇ ਜੋ ਚਾਰ ਪੈਸੇ ਹੋਣੇ ਉਹ ਬੈਂਕ ਵਿਚ ਰੱਖ ਦੇਣੇ । ਇਕ ਦਿਨ ਕੰਮ ’ਤੇ ਇਕ ਬਾਣੀਆਂ ਮਿਲ ਗਿਆ ਤੇ ਉਹ ਕਹਿੰਦਾ ਜੇ ਸਟਾਕ ’ਤੇ ਫੰਡ ਵਗੈਰਾ ਖਰੀਦ ਲਉ ਤਾਂ ਉਹਦੇ ’ਚ ਪੈਸੇ ਬਹੁਤੇ ਬਣ ਜਾਂਦੇ ਐ !  ਮੈ ਸਾਰੇ ਪੈਸੇ ਕਢਾ ਕੇ ਫੰਡ ਖਰੀਦ ਲਏ ।  ਦੋ ਚਾਰ ਮਹੀਨੇ ਬਾਅਦ ਸਟਾਕ ਮਾਰਕੀਟ ਕਰੈਸ਼ ਹੋ ਗਈ ਤੇ ਲੱਖਾਂ ਲੋਕਾਂ ਦੇ ਨਾਲ ਨਾਲ ਮੇਰਾ ਵੀ ਸਾਰਾ ਕੁਝ ਰੁੜ ਗਿਆ ।  ਪੈਸਾ ਪੈਸਾ ਕਰਕੇ ਜੋੜਿਆ ਜਦੋਂ ਰੁੜਦਾ ਤਾਂ ਮਨ ’ਚ ਦੁੱਖ ਲਗਦਾ ।  ਮੇਰਾ ਵੀ ਕੰਮ ’ਤੇ ਜਾਣ ਨੂੰ ਜੀਅ ਨ ਕਰਿਆ ਕਰੇ ਤੇ ਨਾ ਹੀ ਪਾਠ ’ਚ ਮਨ ਲੱਗੇ ।  ਹੋਰ ਵੀ ਬਹੁਤ ਸਨ ਜੋ ਮੇਰੇ ਵਾਂਗ ਦੁਖੀ ਸੀ ।
ਕੀ ਰੇਡੀਉ, ਪੇਪਰਾਂ, ਟੀਵੀ ’ਤੇ ਲੋਕਾਂ ਨੂੰ ਧਰਵਾਸ ਦਿੱਤੇ ਜਾ ਰਹੇ ਸੀ ਕਿ ਸਬਰ ਕਰੋ ਫੇਰ ਮੁੜ ਆਉਣਗੇ ਪਰ ਜਿਹਦੇ ਸਿਰ ਪੈਂਦੀ ਉਹਨੂੰ ਕਿੱਥੋਂ ਚੈਨ ਆਵੇ ??
ਇਕ ਦਿਨ ਮੈਂ ਡਾਕਟਰ ਦੇ ਗਿਆ ਤੇ ਉੱਥੇ ਮੈਗਜ਼ੀਨ ’ਚ ਇਕ ਗੋਰੇ ਦੀ ਲਿਖਤ ਪੜੀ ਜਿਸ ਨੇ ਮੇਰੇ ਨਾਲ਼ੋਂ ਹਜ਼ਾਰ ਗੁਣਾਂ ਵੱਧ ਨੁਕਸਾਨ ਕਰਾਇਆ ਹੋਣਾ । ਉਹ ਲਿਖਦਾ ਕਿ ਉਹ ਬਹੁਤ ਦੁਖੀ ਸੀ ਤੇ ਨੀਂਦ ਨਾ ਆਵੇ ਤੇ ਉਹ ਮੂੰਹ ਹਨੇਰੇ ਉਠ ਕੇ ਬਾਹਰ ਮਰਨ ਲਈ ਚਲੇ ਗਿਆ । ਕਹਿੰਦਾ ਮੈਂ ਕੀ ਦੇਖਿਆ ਕਿ ਅਸਮਾਨ ’ਚ ਚੰਦ ਤੇ ਤਾਰੇ ਉਵੇਂ ਚਮਕ ਰਹੇ ਸੀ । ਜਿਉਂ ਜਿਉਂ ਦਿਨ ਚੜਦਾ ਆਇਆ ਪੰਛੀ ਆਲਣਿਆਂ ’ਚੋਂ ਚੋਗਾ ਚੁਗਣ ਲਈ ਬਾਹਰ ਅਸਮਾਨ ’ਚ ਉਡਾਰੀਆਂ ਮਾਰਨ ਲੱਗ ਪਏ । ਜਿਵੇਂ ਕੁਦਰਤ ਕੋਈ ਇਲਾਹੀ ਗੀਤ ਗਾ ਰਹੀ ਸੀ ।
ਲੋਕੀਂ ਹਥਾਂ ’ਚ ਕੌਫੀ ਦਾ ਕੱਪ ਫੜੀ ਉਵੇਂ ਹਰ ਰੋਜ਼ ਦੀ ਤਰਾਂ ਕੰਮਾਂ ਤੇ ਜਾ ਰਹੇ ਸੀ । ਨਿੱਕੇ ਨਿੱਕੇ ਨਿਆਣੇ ਹੱਸਦੇ ਖੇਡਦੇ ਸਕੂਲ ਨੂੰ ਭੱਜੇ ਜਾ ਰਹੇ ਸੀ । ਹਰ ਕੋਈ ਉਵੇਂ ਜ਼ਿੰਦਗੀ ਨੂੰ ਮਾਣਦਾ ਜੀਅ ਰਿਹਾ ਸੀ ।  ਕੁਝ ਵੀ ਤੇ ਨਹੀਂ ਸੀ ਬਦਲਿਆ ?  ਜੇ ਬਦਲਿਆ ਤਾਂ ਮੇਰਾ ਮਨ ਸੀ 
ਉਹ ਲਿਖਦਾ ਮੈਨੂੰ ਇਹ ਸਾਰਾ ਕੁਝ ਦੇਖ ਕੇ ਦੁਬਾਰਾ ਜ਼ਿੰਦਗੀ ਨਾਲ ਪਿਆਰ ਹੋ ਗਿਆ ਕਿ ਮੈਂ ਕਿਹੜੀ ਗੱਲ ਪਿੱਛੇ ਇੰਨਾ ਦੁਖੀ ਹੋ ਰਿਹਾਂ ? ਮੈਂ ਹੋਰ ਕਮਾ ਲਵਾਂਗਾ ।
ਸੱਚ ਹੀ ਜਿਵੇਂ ਜਿਵੇਂ ਮੈ ਉਹਨੂੰ ਪੜਦਾ ਗਿਆ ਜਿਵੇਂ ਮੈਨੂੰ ਕੋਈ ਬ੍ਰਹਮ ਦਾ ਗਿਆਨ ਦੇ ਰਿਹਾ ਹੋਵੇ । ਮੈਂ ਜਦੋਂ ਸਾਰਾ ਪੜ ਕੇ ਉਠਿਆ ਤਾਂ ਮੇਰਾ ਸਰੀਰ ਹਲਕਾ ਫੁੱਲ ਸੀ । ਮੇਰੇ ਮਨ ਤੋਂ ਮਣਾਂ ਮੂੰਹੀ ਭਾਰ ਲਹਿ ਗਿਆ ਸੀ । ਮੇਰੀ ਜ਼ਿੰਦਗੀ ’ਚ ਇਕ ਵਾਰ ਨਹੀਂ ਤਿੰਨ ਵਾਰੀ ਮੈਂ ਨੁਕਸਾਨ ਖਾ ਚੁਕਾਂ ਤੇ ਉਹ ਵੀ ਸਾਰਾ ਕੁਝ ਗੁਆ ਕੇ । ਜਦੋਂ ਕਦੀ ਘਰ ਵਾਲੀ ਨਾਲ ਗੱਲ ਕਰਦਾਂ ਉਹ ਕਹਿ ਦਿੰਦੀ ਹੈ ਸ਼ੁਕਰ ’ਚ ਰਿਹਾ ਕਰੋ ।  ਤੁਹਾਡੇ ਨਿਆਣੇ ਵਿਆਹੇ ਗਏ । ਦੋ ਟਾਈਮ ਰੋਟੀ ਮਿਲੀ ਜਾਂਦੀ ਹੈ ।  ਹੋਰ ਕੀ ਚਾਹੀਦਾ ??  ਜਦੋਂ ਕਦੀ ਵੀ ਕੋਈ ਨੁਕਸਾਨ ਹੋਵੇ ਤਾਂ ਮੈਨੂੰ ਉਸ ਗੋਰੇ ਦੀ ਗੱਲ ਯਾਦ ਆ ਜਾਂਦੀ ਹੈ ਕਿ ਸਵੇਰੇ ਉਠ ਕੇ ਬਾਹਰ ਤੁਰਨ ਜਾਉ ਦੇਖੋ ਕੁਦਰਤ ਤੁਹਾਡੇ ਵਾਸਤੇ ਨਵਾਂ ਦਿਨ ਲੈ ਕੇ ਆਈ ਹੈ । ਇਹਨੂੰ ਆਪਦੀ ਝੋਲੀ ’ਚ ਪਾਉ ਤੇ ਕੁਦਰਤ ਨਾਲ ਜੁੜ ਕੇ ਰੱਜ ਕੇ ਆਨੰਦ ’ਚ ਜੀਉ !! ਜੇ ਕਦਮ ਸਹੀ ਹਨ ਤਾਂ ਮੰਜ਼ਲ ’ਤੇ ਅੱਜ ਨਹੀਂ ਤਾਂ ਕਲ ਪਹੁੰਚ ਜਾਵਾਂਗੇ ।
11 ਮਾਰਚ ਆ ਰਹੀ ਹੈ । ਬਹੁਤ ਨੇ ਜਿਨਾਂ ਨੇ ਸਟਾ ਲਾਇਆ ਹੋਇਆ ਪੈਸੇ ਦਾ ਨਹੀਂ ਆਸਾਂ ਦਾ । ਵੋਟਾਂ ਵਿੱਚ ਸਾਰੇ ਕਦੀ ਨਹੀਂ ਜਿੱਤਦੇ ! ਬਹੁਤ ਨੇ ਜਿਨਾਂ ਨੇ ਹਾਰਨਾ ਤੇ ਬਹੁਤਿਆਂ ਦੀਆਂ ਆਸਾਂ ਤੇ ਸੁਪਨੇ ਟੁੱਟਣਗੇ !  ਉਸ ਦਿਨ ਗੋਰੇ ਦੀ ਗੱਲ ਯਾਦ ਰੱਖਿਓ ਕਿ ਹਰ ਰੋਜ਼ ਨਵਾਂ ਦਿਨ ਚੜਦਾ ਤੇ ਨਵੀਂ ਉਮੰਗ ਲੈ ਕੇ ਆਉਦਾ !  ਜਿੱਤ ਦਾ ਹੰਕਾਰ ਨ ਕਰਿਉ ਤੇ ਦੁਜਿਆਂ ਨੂੰ ਗਲੇ ਲਾਇਓ !  ਜੋ ਹਾਰ ਗਏ ਉਨਾਂ ਨੂੰ ਇੰਨਾ ਕੁ ਯਾਦ ਰੱਖ ਲੈਣਾ ਚਾਹੀਦਾ ਕਿ ਇਹ ਸਦੀਵੀ ਰਾਜ ਨਹੀਂ !  ਹਰ ਚੌਥੇ ਪੰਜਵੇਂ ਸਾਲ ਵੋਟਾਂ ਫੇਰ ਆਣ ਖੜਨੀਆਂ ! ਜੋ ਗਲਤੀਆਂ ਹੋਈਆਂ ਉਹ ਸੁਧਾਰੋ । ਆਪਦੀ ਪਾਰਟੀ ਨੂੰ ਲੋਕ ਭਲਾਈ ਲਈ ਹੋਰ ਮਜ਼ਬੂਤ ਕਰੋ । ਨਿਰਾਸ਼ ਹੋ ਕੇ ਨਸ਼ਿਆਂ ਵੱਲ ਨੂੰ ਨਾ ਮੂੰਹ ਕਰ ਲਿਓ ਜਾਂ ਆਪਸ ਵਿੱਚ ਭਿੜਨ ਨਾ ਲੱਗ ਪਿਉ । ਮੰਜ਼ਲ ਸਰ ਕਰਨ ਵਾਸਤੇ ਕਦਮਾਂ ਦਾ ਸਹੀ ਦਿਸ਼ਾ ’ਚ ਚੱਲਣਾ ਜ਼ਰੂਰੀ ਹੈ ! 

ਜਿੱਤ ਦੀ ਉਮੀਦ ਦੇ ਨਾਲ਼ ਨਾਲ਼ ਇਸ ਦੀ ਅਸਫਲਤਾ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ।

0

ਜਿੱਤ ਦੀ ਉਮੀਦ ਦੇ ਨਾਲ਼ ਨਾਲ਼ ਇਸ ਦੀ ਅਸਫਲਤਾ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ।

ਹਰਲਾਜ ਸਿੰਘ ਬਹਾਦਰਪੁਰ ਪਿੰਡ ਤੇ ਡਾਕ : ਬਹਾਦਰਪੁਰ ਪਿੰਨ – 151501  ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ) ਮੋ : 94170-23911

ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਜੋ 4 ਫਰਵਰੀ ਨੂੰ ਹੋ ਚੁੱਕੀਆਂ ਸਨ , ਜਿਸ ਦੇ ਨਤੀਜੇ 11 ਮਾਰਚ ਨੂੰ ਆ ਗਏ, ਜਿੰਨ੍ਹਾ ਵਿੱਚ ਕਾਂਗਰਸ ਨੂੰ 77, ਆਪ ਨੂੰ 20, ਅਕਾਲੀਆਂ ਨੂੰ 18 ਅਤੇ ਲੋਕ ਇੰਨਸਾਫ ਪਾਰਟੀ ਨੂੰ 2 ਸੀਟਾਂ ਮਿਲੀਆਂ ਹਨ। ਸਾਰੀਆਂ ਪਾਰਟੀਆਂ ਦਾ ਵੱਧ ਤੋਂ ਵੱਧ ਸੀਟਾਂ ਜਿੱਤਣ ਲਈ ਜੋਰ ਲੱਗਿਆ ਹੋਇਆ ਸੀ ਜੋ ਲੱਗਣਾ ਵੀ ਚਾਹੀਦਾ ਹੈ। ਆਮ ਆਦਮੀ ਪਾਰਟੀ ਦੇ ਹਮਾਇਤੀ ਵੀਰਾਂ ਨੇ ਫੇਸਬੁੱਕ ’ਤੇ ਬਹੁਤ ਜੋਰ ਲਾਇਆ ਹੋਇਆ ਸੀ, ਜੋਰ ਲਾਉਣਾ ਉਹਨਾ ਦਾ ਹੱਕ ਵੀ ਸੀ ਤੇ ਲਾਉਣਾ ਵੀ ਚਾਹੀਦਾ ਸੀ, ਪਰ ਮੈਨੂੰ ਲੱਗਦੈ ਕਿ ਉਹ ਕੁੱਝ ਗਲਤ ਵੀ ਕਰ ਰਹੇ ਸਨ, ਜਿਵੇਂ ਕਿ ਆਮ ਆਦਮੀ ਪਾਰਟੀ ਦੇ ਵਿਰੁੱਧ ਥੋੜ੍ਹੀ ਜਿਹੀ ਵੀ ਵਿਚਾਰ ਰੱਖਣ ਜਾਂ ਵੋਟ ਨਾ ਪਾਉਣ ਵਾਲੇ ਨੂੰ ਗਦਾਰ ਤੱਕ ਕਹਿ ਦੇਣਾ ਜਾਂ ਹੋਰ ਮਾੜੇ ਲਫਜ ਵਰਤਣੇ, ਕਿਉਂਕਿ ਇਹ ਵੀਰ ਆਮ ਆਦਮੀ ਪਾਰਟੀ ਤੋਂ ਬਿਨਾਂ ਹੋਰ ਕੁੱਝ ਸੁਣਨਾ ਹੀ ਨਹੀਂ ਸੀ ਚਾਹੁੰਦੇ। ਇਹੀ ਇਹਨਾ ਦੀ ਸੱਭ ਤੋਂ ਵੱਡੀ ਕਮਜੋਰੀ ਸੀ। ਆਪਣੇ ਵਿਰੁੱਧ ਕੁੱਝ ਵੀ ਨਾ ਸੁਣਨ ਵਾਲੀ ਸੋਚ ਨੂੰ ਉਸਾਰੂ ਸੋਚ ਦੀ ਥਾਂ ਹੰਕਾਰੀ, ਔਰੰਗਜ਼ੇਬੀ ਜਾਂ ਤਾਲੇਬਾਨੀ ਸੋਚ ਕਿਹਾ ਜਾਂਦਾ ਹੈ ਇਸ ਨੂੰ ਆਮ ਲੋਕ ਪਸੰਦ ਨਹੀਂ ਕਰਦੇ। ਆਮ ਲੋਕਾਂ ਦੇ ਵਿੱਚ ਜਾਣ ਲਈ ਸਾਨੂੰ ਖਾਸ ਦੀ ਥਾਂ ਆਮ ਬਣਨਾ ਪੈਦਾ ਹੈ, ਪਰ ਆਮ ਆਦਮੀ ਪਾਰਟੀ ਦੇ ਨਾਮ ’ਤੇ ਹੋਂਦ ਵਿੱਚ ਆਈ ਪਾਰਟੀ ਦੇ ਵਰਕਰ ਆਪਣੇ ਆਪ ਨੂੰ ਆਮ ਦੀ ਥਾਂ ਖਾਸ ਸਮਝਣ ਲੱਗ ਗਏ ਸਨ ਜੋ ਪਾਰਟੀ ਲਈ ਮਾੜੇ ਸਾਬਤ ਹੋਏ। ਮੈ ਵੋਟ ਕਾਂਗਰਸ ਨੂੰ ਪਾਈ ਹੈ, ਪਰ ਮੈ ਆਮ ਆਦਮੀ ਪਾਰਟੀ ਦਾ ਕਦੇ ਵੀ ਵਿਰੋਧ ਨਹੀਂ ਕੀਤਾ, ਫੇਸਬੁੱਕ ’ਤੇ ਮੇਰੇ ਅੱਗੇ ਆਈ ਉਹ ਕੋਈ ਪੋਸਟ ਨਹੀਂ ਸੀ ਜੋ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਹੋਵੇ ਤੇ ਮੈਂ ਉਸ ਨੂੰ ਲਾਇਕ ਨਾ ਕੀਤਾ ਹੋਵੇ, ਕਿਉਂਕਿ ਮੇਰੇ ਬਹੁਤ ਸਾਰੇ ਦੋਸਤ ਆਮ ਆਦਮੀ ਦੀ ਸਪੋਰਟ ਕਰ ਰਹੇ ਸਨ ਤੇ ਨਾ ਹੀ ਮੈਂ ਖੁਦ ਆਮ ਆਦਮੀ ਪਾਰਟੀ ਨੂੰ ਮਾੜੀ ਸਮਝਦਾ ਸੀ। ਕਿਉਕਿ ਮੈ ਸਿਰਫ ਬਾਦਲ + ਭਾਜਪਾ ਦਾ ਵਿਰੋਧੀ ਹਾਂ ਤੇ ਰਹਾਂਗਾ ਵੀ, ਇਹਨਾਂ ਦੇ ਵਿਰੋਧ ਵਿੱਚ ਮੈਂ ਕਿਸੇ ਨੂੰ ਵੀ ਵੋਟ ਪਾ ਸਕਦਾ ਹਾਂ। ਮੇਰਾ ਭਰਾ ਵੀ ਬਾਦਲ ਵਿਰੋਧੀ; ਕਾਂਗਰਸੀ ਹੈ, ਪਰ ਉਸ ਨੇ ਮੈਨੂੰ ਕਾਂਗਰਸ ਨੂੰ ਵੋਟ ਪਾਉਣ ਲਈ ਨਹੀਂ ਸੀ ਕਿਹਾ। ਪਰ ਇੱਕ ਆਪ ਭਗਤ ਮੇਰੇ ਭਰਾ ਨੂੰ ਕਹਿੰਦਾ ਤੇਰੇ ਘਰ ਵਿੱਚੋਂ ਵੀ ਵੋਟਾਂ ਸਾਨੂੰ ਪੈਣਗੀਆਂ। ਮੇਰਾ ਭਰਾ ਕਹਿੰਦਾ ਇਹ ਨਹੀਂ ਹੋ ਸਕਦਾ। ਉਸ ਨੇ ਮੈਨੂੰ ਘਰ ਆ ਕੇ ਇਹ ਦੱਸਿਆ। ਬੇਸੱਕ ਸਾਡਾ ਦੋਹਾਂ ਭਰਾਵਾਂ ਦਾ ਆਪਿਸ ਵਿੱਚ ਕੋਈ ਫਰਕ ਨਹੀਂ ਹੈ ਪਰ ਮੇਰੀ ਖੁਦ ਦੀ ਹੀ ਸਲਾਹ ਇਸ ਵਾਰ ਆਮ ਆਦਮੀ ਨੂੰ ਵੋਟ ਪਾਉਣ ਦੀ ਸੀ, ਪਰ ਆਪ ਭਗਤਾਂ ਦੀ ਸੋਚ ਕਾਰਨ ਮੈਨੂੰ ਇਹ ਕਹਿਣਾ ਪਿਆ (ਮੈ ਫੇਸਬੁੱਕ ’ਤੇ ਕਹਿ ਦਿੱਤਾ) ਕਿ ਮੈ ਵੋਟ ਕਾਂਗਰਸ ਨੂੰ ਪਾਵਾਂਗਾ। ਫੇਰ ਮੈਨੂੰ ਕਹਿਣ ਲੱਗ ਗਏ ਕਿ ਭਰਾ ਦਾ ਕੀ ਹੈ, ਭਰਾ ਮਗਰ ਲੱਗ ਕੇ ਕਿਉਂ ਖੂਹ ਵਿੱਚ ਛਾਲ ਮਾਰਦੇ ਹੋ। ਇਹ ਕਿਹੜਾ ਤੁਹਾਡੇ ਨਾਲ ਖੜ੍ਹੇਗਾ ? ਮੈ ਸੋਚਿਆ ਵੀ ਕਮਾਲ ਹੈ ਕਿ ਦੁਨਿਆਵੀ ਰਿਸ਼ਤੇ ਵਿੱਚ ਭਰਾ ਤੋਂ ਨੇੜੇ ਹੋਰ ਕੌਣ ਹੋ ਸਕਦਾ ਹੈ, ਜੋ ਲੋਕ ਮੈਨੂੰ ਇਹ ਕਹਿ ਰਹੇ ਸੀ ਕਿ ਉਹ ਮੇਰੇ ਭਰਾ ਨਾਲੋਂ ਮੇਰੇ ਵੱਧ ਹਮਦਰਦੀ ਹੋ ਸਕਦੇ ਹਨ, ਨਹੀਂ ਕਦੇ ਵੀ ਨਹੀਂ। ਚਲੋ ਇਹ ਵੀ ਕੋਈ ਖਾਸ ਗੱਲ ਨਹੀਂ ਹੈ ਜਿੱਤਾਂ ਹਾਰਾਂ ਤਾਂ ਬਣੀਆਂ ਹੀ ਹਨ, ਬੇਸੱਕ ਹਰ ਕੋਈ ਜਿੱਤ ਦੀ ਆਸ ਲੈ ਕੇ ਚਲਦਾ ਹੈ, ਜੋ ਹੋਣੀ ਵੀ ਚਾਹੀਂਦੀ ਹੈ ਪਰ ਹਾਰ ਕਬੂਲਣ ਦਾ ਜਿਗਰਾ ਵੀ ਹੋਣਾ ਚਾਹੀਂਦਾ ਹੈ। ਇਹ ਜਿੱਤਾਂ ਹਾਰਾਂ ਕੋਈ ਚੰਗੇ ਹੋਣ ਦਾ ਸਬੂਤ ਵੀ ਨਹੀਂ ਹੁੰਦੀਆਂ। ਚੰਗੇ ਇਨਸਾਨ ਹਾਰਨ ਤੋਂ ਬਾਅਦ ਵੀ ਚੰਗੇ ਹੀ ਰਹਿੰਦੇ ਹਨ, ਮਾੜੇ ਜਿੱਤ ਕੇ ਵੀ ਮਾੜੇ ਹੀ ਰਹਿਣਗੇ, ਜਿਸ ਦੀ ਉਦਾਹਰਨ ਹੈ ਕਿ ਮੋਦੀ ਪੂਰੇ ਦੇਸ਼ ਵਿੱਚ ਜਿੱਤ ਕੇ ਵੀ ਮਾੜਾ (ਫਿਰਕੂ ਘੱਟ ਗਿਣਤੀਆਂ ਦਾ ਕਾਤਲ) ਹੀ ਰਹੇਗਾ ਜਿੱਤਣ ਨਾਲ ਮੋਦੀ ਇਨਸਾਨ ਨਹੀਂ ਬਣ ਸਕਦਾ। ਮਨੀਪੁਰ ਦੀ ਲੋਹ ਇਸਤਰੀ ਇਰੋਮ ਸ਼ਰਮੀਲਾ ਜਿਸ ਨੇ ਲੋਕ ਹੱਕਾਂ ਲਈ 16 ਸਾਲ ਸੰਘਰਸ਼ ਕੀਤਾ ਉਸ ਨੂੰ ਕੁੱਲ 92 ਵੋਟਾਂ ਮਿਲੀਆਂ ਹਨ ਕੀ ਉਹ ਮਾੜੀ ਸੀ? ਜਾਂ ਹੁਣ ਮਾੜੀ ਹੋ ਜਾਵੇਗੀ? ਨਹੀਂ। ਇਸ ਲਈ ਚੋਣਾਂ ਵਿੱਚ ਹੋਈ ਜਿੱਤ ਹਾਰ ਨੂੰ ਅਣਖਾਂ-ਇੱਜਤਾਂ, ਸੱਚਿਆਂ, ਝੂਠਿਆਂ, ਦੇਸ਼ ਭਗਤਾਂ, ਗਦਾਰਾਂ ਅਤੇ ਜ਼ਮੀਰਾਂ ਆਦਿ ਨਾਲ ਨਹੀਂ ਜੋੜਨਾ ਚਾਹੀਦਾ। ਆਮ ਆਦਮੀ ਪਾਰਟੀ ਪੰਜਾਬ ਵਿੱਚ ਚੰਗੀ ਥਾਂ ਬਣਾ ਗਈ ਹੈ ਪਹਿਲੀ ਵਾਰ ਲੜੀਆਂ ਚੋਣਾਂ ਵਿੱਚ ਕਾਂਗਰਸ ਤੋਂ ਬੇਸੱਕ ਹਾਰ ਗਈ ਪਰ ਸੱਤਾ ਧਾਰੀ ਬਾਦਲ ਬੀਜੇਪੀ ਨੂੰ ਹਰਾ ਕੇ ਵਿਰੋਧੀ ਧਿਰ ਬਣਨ ਵਿੱਚ ਸਫਲ ਹੋ ਗਈ। ਆਮ ਆਦਮੀ ਨੂੰ ਪੰਜਾਬ ਵਾਸੀਆਂ ਦਾ ਧੰਨਵਾਦ ਕਰਨਾ ਚਾਹੀਦਾ ਹੈ ਜਿੰਨਾਂ ਨੇ ਵਿਸ਼ਵਾਸ ਕਰਕੇ 20 ਸੀਟਾਂ ਆਮ ਆਦਮੀ ਦੀ ਝੋਲੀ ’ਚ ਪਾਈਆਂ। ਲੋਕ ਬਾਦਲਾਂ ਤੋਂ ਦੁਖੀ ਹੋਏ ਬਦਲ ਤਾਂ ਜਰੂਰ ਚਾਹੁੰਦੇ ਸੀ, ਪਰ ਉਹਨਾਂ ਨੂੰ ਇਹ ਬਦਲ ਆਪ ਦੀ ਥਾਂ ਕਾਂਗਰਸ ਵਿੱਚ ਨਜਰ ਆਇਆ, ਉਹਨਾਂ ਨੂੰ ਪਿਛਲੇ ਤਜਰਬੇ ਤੋਂ ਡਰ ਸੀ ਕਿ ਕਿਤੇ ਮਨਪ੍ਰੀਤ ਸਿੰਘ ਬਾਦਲ ਵਾਲੀ ਨਾ ਬਣੇ ਇਸ ਲਈ ਉਹਨਾਂ ਨੇ ਆਪ ਦੀ ਥਾਂ ਕਾਂਗਰਸ ਨੂੰ ਪਹਿਲ ਦਿੱਤੀ। ਇਸ ਦਾ ਬੁਰਾ ਨਾ ਮਨਾਓ ਲੋਕਾਂ ਦੇ ਵਿਸ਼ਵਾਸ ਪਾਤਰ ਬਣੋ, ਅੱਗੇ ਨੂੰ ਹੋਰ ਸੰਭਲ ਕੇ ਚੱਲੋ, ਰਹਿ ਗਈਆਂ ਕਮੀਆਂ ਨੂੰ ਦੂਰ ਕਰਕੇ 2022 ਦੀਆਂ ਚੋਣਾਂ ਲਈ ਹੁਣੇ ਤੋਂ ਤਿਆਰੀਆਂ ਸ਼ੁਰੂ ਕਰ ਦਿਓ। ਜਿੰਨਾ ਆਮ ਆਦਮੀ ਪਾਰਟੀ ਨੇ ਸੋਚਿਆ ਸੀ ਲੋਕਾਂ ਨੇ ਉਨਾ ਸਾਥ ਨਹੀਂ ਦਿੱਤਾ, ਇਸ ’ਤੇ ਗੁੱਸੇ ਥੋੜ੍ਹਾ ਹੀ ਹੋਣਾ ਹੈ ਜਿੰਨਾ ਦਿੱਤਾ ਹੈ ਉਨੇ ਦਾ ਧੰਨਵਾਦ ਕਰੋ, ਅੱਗੇ ਨੂੰ ਹੋਰ ਵਿਸ਼ਵਾਸ ਪੈਦਾ ਕਰੋ। ਕਿਉਂਕਿ ਹਾਰੇ ਵੀ ਲੋਕਾਂ ਵਿੱਚੋਂ ਹੀ ਹਾਂ ਜਿੱਤਣਾ ਵੀ ਲੋਕਾਂ ਵਿੱਚੋਂ ਹੀ ਹੈ, ਇਹ ਗੱਲ ਠੀਕ ਨਹੀਂ ਹੈ ਕਿ ਤੁਸੀਂ ਆਪਣੀ ਸੋਚ ਮੁਤਾਬਕ ਹੋਈ ਹਾਰ ਕਾਰਨ ਹੁਣ ਲੋਕਾਂ ਨੂੰ ਗਦਾਰ , ਪਿੱਠ ਵਿੱਚ ਛੁਰਾ ਮਾਰਨ ਵਾਲੇ ਕਹਿਣ ਲੱਗ ਜਾਵੋ। ਯਾਦ ਰੱਖੋ ਜਿਨ੍ਹਾਂ ਨੂੰ ਤੁਸੀਂ ਅੱਜ ਫੇਸਬੁੱਕ ’ਤੇ ਗਦਾਰ ਜਾਂ ਪਿੱਠ ਵਿੱਚ ਛੁਰਾ ਮਾਰਨ ਵਾਲੇ ਕਹਿ ਰਹੇ ਹੋ, ਕੱਲ ਨੂੰ ਉਹਨਾਂ ਕੋਲ ਹੀ ਵੋਟਾਂ ਮੰਗਣ ਜਾਣਾ ਹੈ ਤੇ ਜਿੱਤਾਉਣਾ ਵੀ ਉਹਨਾਂ ਨੇ ਹੀ ਹੈ ਕਿਤੇ ਇਹ ਨਾ ਹੋਵੇ ਕੱਲ ਨੂੰ ਤੁਹਾਨੂੰ ਇਹਨਾਂ ਕੋਲ ਜਾਣਾ ਵੀ ਔਖਾ ਹੋ ਜਾਵੇ, ਫੇਸਬੁੱਕ ਨੇ ਵੋਟਾਂ ਨਹੀਂ ਪਾਉਣੀਆਂ। ਚੋਣਾਂ ਤਾਂ ਆਉਂਦੀਆਂ ਜਾਂਦੀਆਂ ਹੀ ਰਹਿਣਗੀਆਂ ਇਹ ਤੁਹਾਡੀ ਕੋਈ ਆਖਰੀ ਚੋਣ ਨਹੀਂ ਸੀ, ਪਰ ਕਿਤੇ ਲੋਕਾਂ ਨੂੰ ਗਾਲਾਂ ਕੱਢ-ਕੱਢ ਮਾੜਾ ਬੋਲ ਬੋਲ ਕੇ ਇਸ ਜਿੱਤ ਨੂੰ ਆਖਰੀ ਨਾ ਬਣਾ ਲਿਓ। ਮੈ ਆਮ ਆਦਮੀ ਪਾਰਟੀ ਦਾ ਵਿਰੋਧੀ ਨਹੀਂ ਹਾਂ, ਪਰ ਜੋ ਆਮ ਆਦਮੀ ਦੇ ਪੱਖ ਵਿੱਚ ਨਾ ਭੁਗਤਣ ਵਾਲਿਆਂ ਨੂੰ ਫੇਸਬੁੱਕ ’ਤੇ ਮਾੜਾ ਬੋਲ ਰਹੇ ਹਨ ਉਹ ਮੈਨੂੰ ਆਪ ਦੇ ਹਮਾਇਤੀ ਵੀ ਨਹੀਂ ਲੱਗਦੇ, ਕਿਉਕਿ ਤੁਹਾਡੇ ਵਿਰੋਧੀ ਵੀ ਇਹੀ ਕੁੱਝ ਚਾਹੁੰਦੇ ਹਨ ਕਿ ਤੁਸੀਂ ਲੋਕਾਂ ਨੂੰ ਗਾਲਾਂ ਕੱਢੋ ਤਾਂ ਕਿ ਲੋਕ ਤੁਹਾਡੇ (ਆਮ ਆਦਮੀ ਪਾਰਟੀ) ਤੋਂ ਦੂਰ ਹੋਣ।

ਦੋਸਤੋ ! ਤੁਹਾਡਾ ਸਭ ਦਾ ਹੱਕ ਹੈ ਜਿਸ ਪਾਰਟੀ ਜਾਂ ਲੀਡਰ ਦੀ ਆਪਣੀ ਮਰਜ਼ੀ ਨਾਲ ਹਮਾਇਤ ਕਰੋ ਪਰ ਪਾਰਟੀਆਂ ਜਾਂ ਲੀਡਰਾਂ ਲਈ ਆਪਣੀ ਭਾਈ ਚਾਰਕ ਸਾਂਝ ਨੂੰ ਖਰਾਬ ਨਾ ਕਰੋ। ਇਹ ਤਾਂ ਆਮ ਕਹਾਵਤ ਹੈ ਕਿ ਗੰਡਾਸੇ ਦਾ ਫੱਟ ਮਿਟ ਜਾਂਦਾ ਹੈ ਪਰ ਜ਼ੁਬਾਨ ਦਾ ਫੱਟ ਨਹੀਂ ਮਿਟਦਾ ਹੁੰਦਾ। ਆਪ ਨੂੰ ਵੋਟਾਂ ਨਾ ਪਾਉਣ ਵਾਲੇ ਪੰਜਾਬੀਆਂ ਨੂੰ ਪੱਕੇ ਵਿਰੋਧੀ ਨਾ ਬਣਾਓ, ਕਿਉਂਕਿ ਤੁਹਾਨੂੰ ਪੰਜਾਬ ਦੀ ਵਾਂਗ-ਡੋਰ ਇਹਨਾਂ ਪੰਜਾਬੀਆਂ ਨੇ ਹੀ ਸੌਪਣੀ ਹੈ, ਜਿਨ੍ਹਾਂ ਨੂੰ ਤੁਸੀਂ ਅੱਜ ਫੇਸਬੁੱਕ ’ਤੇ ਬੇਵਕੂਫ, ਗਦਾਰ, ਪਿੱਠ ਵਿੱਚ ਛੁਰਾ ਮਾਰਨ ਤੇ ਮਰੀਆਂ ਜ਼ਮੀਰਾਂ ਵਾਲੇ ਆਦਿ ਕਹਿ ਰਹੇ ਹੋ।

ਧੰਨਵਾਦ

ਬਲੱਡ ਪ੍ਰੈਸ਼ਰ

0

ਬਲੱਡ ਪ੍ਰੈਸ਼ਰ (B.P.)

ਡਾ. ਅਮਨਦੀਪ ਸਿੰਘ ਟੱਲੇਵਾਲੀਆ, ਚੜ੍ਹਦੀਕਲਾ ਨਿਵਾਸ, ਬਾਬਾ ਫਰੀਦ ਨਗਰ, ਕਚਹਿਰੀ ਚੌਂਕ (ਬਰਨਾਲਾ)-98146-99446

ਜਦੋਂ ਸਾਡੇ ਸਰੀਰ ਵਿੱਚ ਖ਼ੂਨ ਦੇ ਪੰਪਿੰਗ ਕਰਨ ਲੱਗਿਆਂ ਦਿਲ ਸੁੰਗੜਦਾ ਅਤੇ ਫੈਲਦਾ ਹੈ, ਉਸ ਵੇਲੇ ਜਿਹੜਾ ਪ੍ਰੈਸ਼ਰ ਪੈਦਾ ਹੁੰਦਾ ਹੈ, ਉਸ ਨੂੰ ਬਲੱਡ ਪ੍ਰੈਸ਼ਰ ਕਹਿੰਦੇ ਹਨ। ਜਦੋਂ ਦਿਲ ਦੇ ਬਲਵ ਬੰਦ ਹੁੰਦੇ ਹਨ ਅਤੇ ਜਿਹੜਾ ਪ੍ਰੈਸ਼ਰ ਪੈਦਾ ਹੁੰਦਾ ਹੈ ਉਸ ਨੂੰ ਸਿਸਟੋਲਕ ਅਤੇ ਜਦੋਂ ਦਿਲ ਦੇ ਬਲਵ ਖੁੱਲ੍ਹਦੇ ਹਨ ਅਤੇ ਜਿਹੜਾ ਪ੍ਰੈਸ਼ਰ ਪੈਦਾ ਹੁੰਦਾ ਉਸ ਨੂੰ ਡਾਇਸਿਸਟੋਲਕ ਕਿਹਾ ਜਾਂਦਾ ਹੈ। ਬਲੱਡ ਪ੍ਰੈਸ਼ਰ ਆਮ ਹਾਲਤਾਂ ਵਿਚ 120/80 ਨਾਰਮਲ ਰੇਂਜ ਵਿੱਚ ਪਾਇਆ ਜਾਂਦਾ ਹੈ ਪਰ ਵੇਖਣ ਵਿਚ ਆਇਆ ਹੈ ਕਿ ਕਈ ਔਰਤਾਂ ਦਾ ਬੀ.ਪੀ. 110/70 ਜਾਂ ਕਈ ਪੁਰਸ਼ਾਂ ਦਾ 140/90 ਬੀ.ਪੀ. ਵੀ ਨਾਰਮਲ ਹੀ ਮੰਨਿਆ ਜਾਂਦਾ ਹੈ। ਜਦੋਂ ਬਲੱਡ ਪ੍ਰੈਸ਼ਰ ਆਪਣੀ ਨਾਰਮਲ ਰੇਂਜ ਨਾਲੋਂ ਵੱਧ ਹੁੰਦਾ ਹੈ ਤਾਂ ਉਸ ਨੂੰ ਹਾਇਪਰਟੈਨਸ਼ਨ ਦਾ ਨਾਂਅ ਦਿੱਤਾ ਜਾਂਦਾ ਹੈ।

ਬਲੱਡ ਪ੍ਰੈਸ਼ਰ ਵੱਧਣ ਦੇ ਕਾਰਨ :-

(1). ਟੈਨਸ਼ਨ :- ਮੌਜੂਦਾ ਦੌਰ ਵਿਚ ਸਭ ਨੂੰ ਪਤਾ ਹੀ ਹੈ ਕਿ ਭੱਜ-ਨੱਠ ਵਾਲੀ ਜ਼ਿੰਦਗੀ ਵਿਚ ਹਰ ਮਨੁੱਖ ਚਿੰਤਾ ਦੇ ਦੌਰ ’ਚੋਂ ਗੁਜ਼ਰ ਰਿਹਾ ਹੈ। ਮਨੁੱਖੀ ਮਨ ਉਪਰ ਟੈਨਸ਼ਨਾਂ ਹੀ ਟੈਨਸ਼ਨਾਂ ਹਨ। ਜੋ ਸਿੱਧੇ ਰੂਪ ਵਿਚ ਬਲੱਡ ਪ੍ਰੈਸ਼ਰ ਵਧਣ ਦਾ ਕਾਰਨ ਬਣਦੀਆਂ ਹਨ।

(2). ਉਨੀਦਰਾਂ :- ਜਿੱਥੇ ਲੋੜੋਂ ਵੱਧ ਨੀਂਦ ਲੈਣੀ ਸਿਹਤ ਲਈ ਹਾਨੀਕਾਰਕ ਹੈ ਉਥੇ ਜ਼ਰੂਰਤ ਅਨੁਸਾਰ ਸੌਣਾ ਵੀ ਬਹੁਤ ਜ਼ਰੂਰੀ ਹੈ ਪਰ ਉਹ ਲੋਕ ਜੋ ਆਪਣੀ ਨੀਂਦ ਨੂੰ ਮਾਰ ਲੈਂਦੇ ਹਨ ਜਾਂ ਜਿੰਨ੍ਹਾਂ ਕੋਲ ਸੌਣ ਦਾ ਸਮਾਂ ਹੀ ਨਹੀਂ ਉਹ ਹਾਈ ਬਲੱਡ ਪ੍ਰੈਸ਼ਰ ਦੇ ਸ਼ਿਕਾਰ ਹੋ ਜਾਂਦੇ ਹਨ। ਇਹ ਵੀ ਵੇਖਣ ਵਿੱਚ ਆਇਆ ਹੈ ਕਿ ਜਿੱਥੇ ਉਨੀਂਦਰਾਪਣ ਹਾਈ ਬੀ.ਪੀ. ਦਾ ਕਾਰਨ ਬਣਦਾ ਹੈ ਉਥੇ ਕਈ ਵਾਰ ਬੀ.ਪੀ. ਵੱਧਣ ਕਰਕੇ ਨੀਂਦ ਆਉਣੋਂ ਹੀ ਹੱਟ ਜਾਂਦੀ ਹੈ।

(3). ਜੱਦੀ ਪੁਸ਼ਤੀ ਕਾਰਨ :- ਅਗਰ ਕਿਸੇ ਪਰਿਵਾਰ ਦੀ ਜੱਦ (ਨਾਨਕੇ ਜਾਂ ਦਾਦਕੇ) ਪਰਿਵਾਰ ਵਿੱਚ ਹਾਈਪਰਟੈਨਸ਼ਨ ਦੀ ਸਮੱਸਿਆ ਹੈ ਤਾਂ ਉਹ ਪੀੜ੍ਹੀ ਦਰ ਪੀੜ੍ਹੀ ਚੱਲਦੀ ਰਹਿੰਦੀ ਹੈ।

(4). ਤੰਬਾਕੂ, ਸ਼ਰਾਬ ਜਾਂ ਹੋਰ ਨਸ਼ੇ :- ਨਸ਼ੇ ਸਰੀਰ ਨੂੰ ਨਸ਼ਟ ਕਰ ਦਿੰਦੇ ਹਨ। ਖਾਸ ਤੌਰ ’ਤੇ ਤੰਬਾਕੂ ਦੀ ਵਰਤੋਂ ਜਿੱਥੇ ਕੈਂਸਰ ਵਰਗੀਆਂ ਭਿਆਨਕ ਬੀਮਾਰੀਆਂ ਦਾ ਕਾਰਨ ਬਣਦੀ ਹੈ ਉਥੇ ਹਾਰਟ ਅਟੈਕ ਅਤੇ ਹਾਈਪਰਟੈਨਸ਼ਨ ਦਾ ਕਾਰਨ ਵੀ ਬਣਦਾ ਹੈ। ਸ਼ਰਾਬ ਜਾਂ ਹੋਰ ਨਸ਼ੇ ਸਿੱਧੇ ਰੂਪ ਵਿਚ ਬਲੱਡ ਪ੍ਰੈਸ਼ਰ ਵੱਧਣ ਦਾ ਕਾਰਨ ਬਣਦੇ ਹਨ।

(5). ਗੁਰਦੇ ਦੇ ਰੋਗ :- ਜਿੱਥੇ ਬਲੱਡ ਪ੍ਰੈਸ਼ਰ ਵੱਧਣ ਨਾਲ ਗੁਰਦੇ ਫੇਲ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ ਉਥੇ ਗੁਰਦੇ ਦੇ ਬਹੁਤ ਸਾਰੇ ਅਜਿਹੇ ਰੋਗ ਹਨ ਜੋ ਬਲੱਡ ਪ੍ਰੈਸ਼ਰ ਵੱਧਣ ਦਾ ਕਾਰਨ ਬਣਦੇ ਹਨ, ਸਭ ਤੋਂ ਭਿਆਨਕ ਅਤੇ ਪੀੜ੍ਹੀ ਦਰ ਪੀੜ੍ਹੀ ਚੱਲਣ ਵਾਲਾ ਗੁਰਦਿਆਂ ਦਾ ਰੋਗ ਹੈ ‘ਪੌਲੀਸਿਸਟਕ ਕਿਡਨੀ ਡਿਸੀਜ’। ਇਸ ਰੋਗ ਦਾ ਅੱਜ ਤੱਕ ਕੋਈ ਹੱਲ ਨਹੀਂ ਲੱਭਿਆ ਗਿਆ ਅਤੇ ਇਹ ਰੋਗ ਪੁਸ਼ਤ ਦਰ ਪੁਸ਼ਤ ਅੱਗੇ ਵੱਧਦਾ ਜਾਂਦਾ ਹੈ ਅਤੇ ਪੀ.ਕੇ.ਡੀ. ਦੇ ਮਰੀਜ਼ ਦੀ ਮੌਤ ਗੁਰਦੇ ਫੇਲ ਹੋਣ ਨਾਲ ਹੀ ਹੁੰਦੀ ਹੈ।

(6). ਕਸਰਤ ਦੀ ਘਾਟ :- ਜਿਹੜੇ ਲੋਕ ਜ਼ਿਆਦਾ ਐਸ਼ ਪ੍ਰਸਤ ਜ਼ਿੰਦਗੀ ਬਿਤਾਉਂਦੇ ਹਨ ਜਾਂ ਜਿਨ੍ਹਾਂ ਕੋਲ ਰੁਜ਼ਾਨਾ ਕਸਰਤ ਕਰਨ ਜਾਂ ਸੈਰ ਕਰਨ ਦਾ ਸਮਾਂ ਨਹੀਂ ਹੁੰਦਾ, ਜਿਵੇਂ ਦੁਕਾਨਦਾਰ, ਲਿਟਰੇਚਰ ਨਾਲ ਜੁੜੇ ਲੋਕ (ਲੇਖਕ) ਜਾਂ ਉਹ ਲੋਕ ਜਿਹੜੇ ਕੁਦਰਤੀ ਤੌਰ ’ਤੇ ਅਪਾਹਜ ਹੁੰਦੇ ਹਨ। ਉਨ੍ਹਾਂ ਵਿਚ ਆਮ ਲੋਕਾਂ ਨਾਲੋਂ ਬਲੱਡ ਪ੍ਰੈਸ਼ਰ ਵੱਧਣ ਦੇ ਜ਼ਿਆਦਾ ਆਸਾਰ ਹੁੰਦੇ ਹਨ।

(7). ਫਾਸਟ ਫੂਡ ਅਤੇ ਕੋਲਡ ਡਰਿੰਕਸ :- ਉਹ ਲੋਕ ਜੋ ਆਪਣੇ ਭੋਜਨ ਵਿੱਚ ਜ਼ਿਆਦਾਤਰ ਤਲੀਆਂ ਜਾਂ ਮਸਾਲੇਦਾਰ ਚੀਜ਼ਾਂ ਦਾ ਸੇਵਨ ਕਰਦੇ ਹਨ, ਜੋ ਘਰ ਦੀ ਰੋਟੀ ਦੀ ਥਾਂ ਬਾਹਰ ਢਾਬਿਆਂ, ਰੈਸਟੋਰੈਂਟਾਂ ਦੀ ਰੋਟੀ ਨੂੰ ਤਰਜੀਹ ਦਿੰਦੇ ਹਨ, ਮੈਦੇ ਤੋਂ ਬਣੀਆਂ ਜਾਂ ਜ਼ਿਆਦਾ ਥੰਦਿਆਈ ਵਾਲੀਆਂ ਵਸਤਾਂ ਦੀ ਵਰਤੋਂ ਵੀ ਬਲੱਡ ਪ੍ਰੈਸ਼ਰ ਨੂੰ ਸੱਦਾ ਦਿੰਦੀਆਂ ਹਨ। ਜ਼ਿਆਦਾ ਲੂਣ ਦੀ ਵਰਤੋਂ ਕਰਨ ਨਾਲ ਬਲੱਡ ਪ੍ਰੈਸ਼ਰ ਵੱਧਦਾ ਹੈ।

(8) ਮੋਟਾਪਾ :- ਮੋਟਾਪਾ ਆਪਣੇ ਆਪ ਵਿਚ ਕੋਈ ਰੋਗ ਨਹੀਂ ਸਗੋਂ ਹੋਰ ਰੋਗਾਂ ਨੂੰ ਜਨਮ ਦਿੰਦਾ ਹੈ। ਇਸ ਪ੍ਰਕਾਰ ਭਾਰੇ ਵਜ਼ਨ ਵਾਲੇ ਲੋਕਾਂ ਵਿੱਚ ਬਲੱਡ ਪ੍ਰੈਸ਼ਰ ਵੱਧਣ ਦਾ ਖ਼ਦਸ਼ਾ (ਫ਼ਿਕਰ) ਪਤਲੇ ਲੋਕਾਂ ਨਾਲੋਂ ਜ਼ਿਆਦਾ ਹੁੰਦਾ ਹੈ।

(9). ਟੈਲੀਫੋਨ, ਮੋਬਾਇਲ, ਟੀ.ਵੀ. ਕੰਪਿਊਟਰ, ਲਾਊਡ ਸਪੀਕਰ ਆਦਿ ਦੇ ਲਗਾਤਾਰ ਸੁਣਨਾ/ਵੇਖਣਾ ਵੀ ਬਲੱਡ ਪ੍ਰੈਸ਼ਰ ਵਧਣ ਦਾ ਕਾਰਨ ਹੋ ਨਿਬੜਦਾ ਹੈ ਕਿਉਂਕਿ ਜਦੋਂ ਦਿਮਾਗ਼ ਦੀਆਂ ਨਸਾਂ ’ਤੇ ਜ਼ਿਆਦਾ ਲੋਡ ਪੈਂਦਾ ਹੈ ਤਾਂ ਬਲੱਡ ਪੈ੍ਰਸ਼ਰ ਵੱਧਣ ਦੀ ਸਮੱਸਿਆ ਆ ਸਕਦੀ ਹੈ। ਖਾਸ ਤੌਰ ’ਤੇ ਵਿਆਹ ਸ਼ਾਦੀਆਂ ਜਾਂ ਪ੍ਰੋਗਰਾਮਾਂ ਦੌਰਾਨ ਚੱਲਣ ਵਾਲੇ ਡੈਕ/ਡੀ.ਜੇ. ਆਦਿਕ ਦੀ ਉੱਚੀ ਕੰਨ ਪਾੜਵੀਂ ਆਵਾਜ਼, ਦਿਲ ਅਤੇ ਦਿਮਾਗ਼ ’ਤੇ ਅਸਰ ਪਾਉਂਦੀਆਂ ਹਨ। ਜਿਸ ਕਰਕੇ ਹਾਰਟ ਅਟੈਕ ਹੋ ਸਕਦਾ ਹੈ ਜਾਂ ਦਿਮਾਗ਼ ਦੀ ਨਾੜੀ ਵੀ ਫਟ ਸਕਦੀ ਹੈ। ਇਸ ਦੇ ਨਾਲ ਹੀ ਮਿਲਦਾ ਜੁਲਦਾ ਇੱਕ ਹੋਰ ਕਾਰਨ ਹੈ ਬੱਸਾਂ ਗੱਡੀਆਂ ਦੇ ਪ੍ਰੈਸ਼ਰ ਹਾਰਨ, ਉਹ ਲੋਕ ਜੋ ਸੜਕਾਂ ਜਾਂ ਰੇਲਵੇ ਲਾਈਨ ਦੇ ਨੇੜੇ ਰਹਿੰਦੇ ਹਨ, ਉਨ੍ਹਾਂ ਦੇ ਕੰਨੀ ਪੈਂਦੀ ਆਵਾਜ਼ ਵੀ ਬਲੱਡ ਪ੍ਰੈਸ਼ਰ ਵੱਧਣ ਦਾ ਕਾਰਨ ਹੋ ਨਿਬੜਦੀ ਹੈ।

(10) ਗਰਭ ਨਿਰੋਧਕ ਗੋਲੀਆਂ ਅਤੇ ਹਾਰਮੋਨਜ਼ :- ਉਹ ਔਰਤਾਂ ਜੋ ਗਰਭ ਨਿਰੋਧਕ ਗੋਲੀਆਂ ਮਾਲਾ ਡੀ, ਮਾਲਾ ਐਨ ਜਾਂ ਓਵਰਿਲ ਦੀ ਵਰਤੋਂ ਕਰਦੀਆਂ ਹਨ ਜਾਂ ਜਿਨ੍ਹਾਂ ਔਰਤਾਂ ਨੂੰ ਔਸਟਰਜਿਨ ਹਾਰਮੋਨ ਦਵਾਈ ਦੇ ਰੂਪ ਵਿਚ ਦਿੱਤਾ ਜਾਂਦਾ ਹੈ ਉਨ੍ਹਾਂ ਔਰਤਾਂ ਵਿਚ ਬਲੱਡ ਪ੍ਰੈਸ਼ਰ ਅਤੇ ਹਾਰਟ ਦੇ ਰੋਗ ਹੋਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ।

(11) ਗਰਭ ਦੌਰਾਨ ਬੀ.ਪੀ. ਵੱਧਣਾ ਜਿਥੇ ਮਾਂ ਲਈ ਹਾਨੀਕਾਰਕ ਹੈ ਉਥੇ ਗਰਭ ਵਿੱਚ ਪਲ ਰਹੇ ਬੱਚੇ ਲਈ ਵੀ ਨੁਕਸਾਨਦਾਇਕ ਹੁੰਦਾ ਹੈ।

ਹਾਇਪੋਟੈਨਸ਼ਨ :- ਜਦੋਂ ਬਲੱਡ ਪ੍ਰੈਸ਼ਰ ਨਾਰਮਲ ਰੇਂਜ ਭਾਵ 120/80 ਤੋਂ ਘੱਟ ਜਾਵੇ ਤਾਂ ਉੁਸ ਨੂੰ ਹਾਇਪੋਟੈਨਸਨ ਦਾ ਨਾਂਅ ਦਿੱਤਾ ਜਾਂਦਾ ਹੈ। ਬਹੁਤ ਔਰਤਾਂ ਵਿੱਚ ਬੀ.ਪੀ. ਦਾ ਘਟਣਾ ਆਮ ਹੁੰਦਾ ਹੈ ਅਤੇ ਅਜਿਹੀਆਂ ਔਰਤਾਂ ਦਾ ਨਾਰਮਲ ਬੀ.ਪੀ. 110/70 ਹੁੰਦਾ ਹੈ।

ਬੀ.ਪੀ. ਘੱਟਣ ਦੇ ਕਾਰਨ :-

ਮਾਨਸਿਕ ਟੈਨਸ਼ਨ : ਜਿਥੇ ਮਾਨਸਿਕ ਟੈਨਸ਼ਨ ਕਾਰਨ ਬੀ.ਪੀ. ਵੱਧ ਸਕਦਾ ਹੈ ਉਥੇ ਟੈਨਸ਼ਨ ਹੀ ਬੀ.ਪੀ. ਘੱਟ ਦਾ ਕਾਰਨ ਵੀ ਬਣਦੀ ਹੈ।

ਸਰੀਰ ਵਿਚੋਂ ਪਾਣੀ ਅਤੇ ਨਮਕ ਦੀ ਮਾਤਰਾ ਘੱਟਣਾ : ਖਾਸ ਤੌਰ ’ਤੇ ਗਰਮੀਆਂ ਦੇ ਦਿਨਾਂ ਵਿੱਚ ਜ਼ਿਆਦਾ ਪਸੀਨਾ ਆਉਣ ਨਾਲ ਸਰੀਰ ਵਿਚੋਂ ਨਮਕ ਅਤੇ ਪਾਣੀ ਦੀ ਮਾਤਰਾ ਘਟਣ ਨਾਲ ਬਲੱਡ ਪ੍ਰੈਸ਼ਰ ਘੱਟ ਜਾਂਦਾ ਹੈ। ਗਰਮੀਆਂ ਵਿੱਚ ਹੈਜਾ ਵਗੈਰਾ ਹੋਣ ਦੀ ਨੌਬਤ ਆਉਣ ਕਾਰਨ ਬੀ.ਪੀ. ਘੱਟ ਜਾਂਦਾ ਹੈ। ਸੋ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਗਰਮੀਆਂ ਵਿੱਚ ਨਿੰਬੂ ਸ਼ਕੰਜਵੀ, ਸ਼ੱਕਰ ਦੇ ਸੱਤੂ, ਜੂਸ, ਦਹੀਂ, ਲੱਸੀ, ਦੁੱਧ ਵਗੈਰਾ ਜ਼ਿਆਦਾ ਇਸਤੇਮਾਲ ਕਰਨਾ ਚਾਹੀਦਾ ਹੈ ਤਾਂ ਕਿ ਸਰੀਰ ਵਿਚੋਂ ਪਾਣੀ ਦੀ ਮਾਤਰਾ ਨੂੰ ਬਰਕਰਾਰ ਰੱਖਿਆ ਜਾ ਸਕੇ।

ਜ਼ੋਰ ਦਾ ਕੰਮ ਕਰਨ ਵਾਲੇ ਲੋਕ : ਉਹ ਲੋਕ ਜੋ ਜ਼ਿਆਦਾ ਜ਼ੋਰ ਦਾ ਕੰਮ ਕਰਦੇ ਹਨ ਜਾਂ ਜਿਹੜੇ ਲੋਕ ਆਪਣੇ ਸਰੀਰ ਕੋਲੋਂ ਵਿਤੋਂ ਵੱਧ ਕੇ ਕੰਮ ਲੈਂਦੇ ਹਨ, ਉਹਨਾਂ ਦਾ ਬੀ.ਪੀ. ਵੀ ਘੱਟਣ ਲੱਗ ਜਾਂਦਾ ਹੈ।

ਖੁਰਾਕੀ ਤੱਤਾਂ ਦੀ ਘਾਟ : ਰੌਜ਼ਾਨਾ ਖਾਣ ਵਾਲੇ ਭੋਜਨ ਵਿੱਚ ਉਹ ਤੱਤ ਜੋ ਸਰੀਰ ਲਈ ਲੋੜੀਂਦੇ ਹਨ, ਦੀ ਘਾਟ ਵੀ ਬੀ.ਪੀ. ਘੱਟਣ ਦਾ ਕਾਰਨ ਬਣਦੀ ਹੈ।

ਬਲੱਡ ਪ੍ਰੈਸ਼ਰ ਅਤੇ ਧਾਰਨਾਵਾਂ :-

ਗੁੱਸਾ ਅਤੇ ਬਲੱਡ ਪ੍ਰੈਸ਼ਰ : ਕਈ ਮਰੀਜ਼ ਜਾਂ ਮਰੀਜ਼ ਦੇ ਵਾਰਸ ਡਾਕਟਰ ਕੋਲ ਆ ਕੇ ਕਹਿਣਗੇ ਜੀ, ਇਹਦਾ ਬਲੱਡ ਬਹੁਤ ਵੱਧਦਾ, ਜਦੋਂ ਪੁੱਛਦੇ ਹਾਂ ਕਿ ਤੁਹਾਨੂੰ ਕੀ ਪਤਾ ਕਿ ਇਹਦਾ ਬਲੱਡ ਵੱਧਦਾ, ਜਵਾਬ ਵਿੱਚ ਕਹਿੰਦੇ ਹਨ ਜੀ, ਇਹਨੂੰ ਗੁੱਸਾ ਬਹੁਤ ਆਉਂਦਾ ਹੈ, ਪਰ ਜਦੋਂ ਬੀ.ਪੀ. ਚੈੱਕ ਕਰਦੇ ਹਾਂ ਤਾਂ ਬੀ.ਪੀ. ਅਕਸਰ ਘਟਿਆ ਹੁੰਦਾ ਹੈ। ਸੋ ਗੁੱਸਾ ਵੱਧ ਆਉਣ ਦਾ ਕਾਰਨ ਹਰਗਿਜ਼ ਬੀ.ਪੀ. ਵਧਣਾ ਨਹੀਂ ਹੁੰਦਾ ਸਗੋਂ ਵੇਖਣ ਵਿਚ ਆਇਆ ਹੈ ਕਿ ਜਦੋਂ ਬੀ.ਪੀ. ਘਟਿਆ ਹੁੰਦਾ ਹੈ ਉਦੋਂ ਗੁੱਸਾ ਜ਼ਿਆਦਾ ਆਉਂਦਾ ਹੈ ਕਿਉਂਕਿ ਘਟੇ ਬੀ.ਪੀ. ਵਿੱਚ ਸਰੀਰ ਤੋਂ ਉੱਠਿਆ ਨਹੀਂ ਜਾਂਦਾ ਤੇ ਕੰਮਾਕਾਰਾਂ ਵੱਲ ਵੇਖ ਕੇ ਹੀ ਗੁੱਸਾ ਆਉਣ ਲੱਗ ਜਾਂਦਾ ਹੈ। ਸੋ ਸਾਨੂੰ ਇਹ ਭਰਮ ਤੋੜ ਲੈਣਾ ਚਾਹੀਦਾ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਗੁੱਸਾ ਜ਼ਿਆਦਾ ਆਉਂਦਾ ਹੈ ਤਾਂ ਉਸ ਦਾ ਬੀ.ਪੀ. ਵੱਧਦਾ ਹੀ ਹੋਵੇਗਾ।

ਚੱਕਰ ਅਤੇ ਬਲੱਡ ਪ੍ਰੈਸ਼ਰ : ਜੇਕਰ ਕਿਸੇ ਨੂੰ ਚੱਕਰ ਆਉਂਦੇ ਹੋਣ ਤਾਂ ਇਕਦਮ ਉਹੀ ਖ਼ਿਆਲ ਮਨ ’ਚ ਗੇੜੇ ਲਾਉਣਾ ਸ਼ੁਰੂ ਹੋ ਜਾਂਦਾ ਹੈ ਕਿ ਚੱਕਰ ਆਉਣ ਦਾ ਮਤਲਬ ਬੀ.ਪੀ. ਵੱਧਣਾ। ਪਰ ਸਿਰਫ਼ ਵਧੇ ਬੀ.ਪੀ. ਵਿਚ ਹੀ ਚੱਕਰ ਨਹੀਂ ਆਉਂਦੇ ਸਗੋਂ ਜੇਕਰ ਬੀ.ਪੀ. ਘਟਿਆ ਹੋਵੇ ਤਾਂ ਵੀ ਚੱਕਰ ਆਉਣ ਲੱਗ ਜਾਂਦੇ ਹਨ। ਸੋ ਸਿਰਫ਼ ਚੱਕਰ ਆਉਣ ’ਤੇ ਸਾਨੂੰ ਇਕਦਮ ‘ਗੋਲੀ’ ਨਹੀਂ ਖਾਣੀ ਚਾਹੀਦੀ। ਸਭ ਤੋਂ ਪਹਿਲਾਂ ਬਲੱਡ ਪ੍ਰੈਸ਼ਰ ਚੈੱਕ ਕਰਵਾਉਣਾ ਚਾਹੀਦਾ ਹੈ। ਕਈ ਵਾਰ ਇਸ ਤਰ੍ਹਾਂ ਵੀ ਵੇਖਣ ’ਚ ਆਉਂਦਾ ਹੈ ਕਿ ਬੀ.ਪੀ. ਬਿਲਕੁਲ ਨਾਰਮਲ ਹੁੰਦਾ ਹੈ ਪਰ ਚੱਕਰ ਬਹੁਤ ਆਉਂਦੇ ਹਨ ਤਾਂ ਇਸ ਦੇ ਹੋਰ ਕਾਰਨਾਂ ਜਿਵੇਂ ਸਰਵਾਇਕਲ ਜਾਂ ਐਸੀਡਿਟੀ ਆਦਿ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।

ਨੀਂਦ ਅਤੇ ਬਲੱਡ ਪ੍ਰੈਸ਼ਰ : ਕਈ ਲੋਕਾਂ ਦਾ ਮੰਨਣਾ ਹੈ ਕਿ ਜੇਕਰ ਨੀਂਦ ਨਹੀਂ ਆਉਂਦੀ ਤਾਂ ਜਰੂਰ ਬੀ.ਪੀ. ਵਧਿਆ ਹੋਵੇਗਾ ਜਾਂ ਜੇਕਰ ਨੀਂਦ ਜ਼ਿਆਦਾ ਆਉਂਦੀ ਹੈ ਤਾਂ ਬੀ.ਪੀ. ਘੱਟ ਹੁੰਦਾ ਹੈ। ਪਰ ਦੇਖਣ ਵਿਚ ਆਇਆ ਹੈ ਕਿ ਕਈ ਵਧੇ ਬੀ.ਪੀ. ਵਾਲੇ ਮਰੀਜ਼ ਜ਼ਿਆਦਾ ਸੌਂਦੇ ਹਨ ਕਿਉਂਕਿ ਉਨ੍ਹਾਂ ਦੇ ਮਨ ਵਿਚ ਇਹ ਗੱਲ ਘਰ ਚੁੱਕੀ ਹੁੰਦੀ ਹੈ ਕਿ ਜੇਕਰ ਸਰੀਰ ਨੂੰ ਰੈਸਟ ਦਿਆਂਗੇ ਬੀ.ਪੀ. ਠੀਕ ਹੋ ਜਾਵੇਗਾ ਅਤੇ ਇਹ ਹੈ ਵੀ ਸੱਚਮੁੱਚ ਠੀਕ। ਇਸ ਦੇ ਉਲਟ ਘਟੇ ਬੀ.ਪੀ. ਵਿੱਚ ਕਈ ਵਾਰ ਮਰੀਜ਼ ਦੀਆਂ ਲੱਤਾਂ ਦੁਖਣ ਲੱਗ ਜਾਂਦੀਆਂ ਹਨ, ਤੋੜ ਲੱਗਦੀ ਹੈ, ਜਿਸ ਕਾਰਨ ਉਸ ਨੂੰ ਨੀਂਦ ਨਹੀਂ ਆਉਂਦੀ। ਸੋ ਬਿਨਾਂ ਬਲੱਡ ਪ੍ਰੈਸ਼ਰ ਚੈੱਕ ਕੀਤਿਆਂ ਅਟਕਲਾਂ ਲਾਉਣੀਆਂ ਕਈ ਵਾਰ ਜਾਨ ਨੂੰ ਜੋਖਮ ’ਚ ਪਾਉਣ ਵਾਲਾ ਕੰਮ ਹੋ ਨਿਬੜਦਾ ਹੈ।

ਮਨ ਅਤੇ ਬਲੱਡ ਪ੍ਰੈਸ਼ਰ : ਜੀਅ ਨਾ ਲੱਗਣਾ, ਰੋਣ ਆਉਣਾ, ਚੁੱਪ ਰਹਿਣ ਨੂੰ ਜੀਅ ਕਰਨਾ, ਮਨ ਵਿਚ ਤੇਜ਼ੀ। ਇਹ ਸਾਰੀਆਂ ਨਿਸ਼ਾਨੀਆਂ ਡਿਪਰੈਸ਼ਨ ਜਾਂ ਉਦਾਸੀ ਰੋਗ ਦੀਆਂ ਹਨ। ਪਰ ਕਈ ਮਰੀਜ਼ਾਂ ਵਿੱਚ ਡਿਪਰੈਸ਼ਨ ਦੇ ਨਾਲ ਨਾਲ ਬੀ.ਪੀ. ਵੱਧਣ ਜਾਂ ਘੱਟਣ ਦੀ ਸਮੱਸਿਆ ਨਾਲੋਂ ਨਾਲ ਚੱਲਦੀ ਹੈ। ਅਜਿਹੇ ਮਰੀਜ਼ਾਂ ਵਿੱਚ ‘ਪਲ ਵਿੱਚ ਮਾਸਾ ਪਲ ਵਿੱਚ ਤੋਲਾ’ ਦੇ ਕਹਿਣ ਵਾਂਗ ਕਦੇ ਬੀ.ਪੀ. ਵੱਧ ਜਾਂਦਾ ਹੈ, ਜਦੋਂ ਵਧੇ ਦੀ ਦਵਾਈ ਖਾਂਦੇ ਹਨ ਤਾਂ ਬੀ.ਪੀ. ਇਕਦਮ ਘੱਟ ਜਾਂਦਾ ਹੈ। ਸੋ ਮਾਨਸਿਕ ਰੋਗੀਆਂ ਵਿੱਚ ਡਾਕਟਰ ਨੂੰ ਬਹੁਤ ਹੀ ਸੋਚ ਸਮਝ ਨਾਲ, ਦਵਾਈ ਦੇਣੀ ਚਾਹੀਦੀ ਹੈ ਅਤੇ ਅਜਿਹੇ ਰੋਗੀਆਂ ਨੂੰ ਵੀ ਸੰਜਮ ਤੋਂ ਕੰਮ ਲੈੈਣਾ ਚਾਹੀਦਾ ਹੈ।

ਧਿਆਨ ਦੇਣ ਯੋਗ ਗੱਲਾਂ : ਕਈ ਮਾਹਰਾਂ ਦਾ ਮੰਨਣਾ ਹੈ ਕਿ ਬਲੱਡ ਪ੍ਰੈਸ਼ਰ ਚੈੱਕ ਕਰਨ ਲੱਗਿਆਂ ਮਰੀਜ਼ ਨੂੰ ਬਿਠਾ ਕੇ ਨਹੀਂ ਸਗੋਂ ਸਿੱਧਾ ਲਿਟਾ ਕੇ ਬੀ.ਪੀ. ਚੈੱਕ ਕਰਨਾ ਚਾਹੀਦਾ ਹੈ ਅਤੇ ਬੀ.ਪੀ. ਚੈੱਕ ਕਰਨ ਲੱਗਿਆਂ ਸੱਜੇ ਅਤੇ ਖੱਬੇ ਦੋਨੋਂ ਪਾਸੀਂ ਚੈੱਕ ਕਰਨਾ ਚਾਹੀਦਾ ਹੈ। ਬਹੁਤ ਸਾਰੇ ਮਰੀਜ਼ਾਂ ਵਿੱਚ ਖੱਬੇ ਅਤੇ ਸੱਜੇ ਪਾਸੇ ਦੀ ਰੀਡਿੰਗ ਵੱਖ-ਵੱਖ ਹੁੰਦੀ ਹੈ।

ਬਲੱਡ ਪ੍ਰੈਸ਼ਰ ਦੀ ਦਵਾਈ ਕਦੇ ਵੀ ਬਿਨਾਂ ਚੈੱਕ ਕਰਵਾਏ ਨਹੀਂ ਖਾਣੀ ਚਾਹੀਦੀ ਜਿਵੇਂ ਕਿ ਦੱਸ ਚੁੱਕੇ ਹਾਂ ਕਿ ਬੀ.ਪੀ. ਵੱਧਣ ਜਾਂ ਘੱਟਣ ਦੇ ਲੱਛਣ ਲਗਭਗ ਮੁੱਢਲੀ ਸਟੇਜ਼ ’ਤੇ ਇੱਕੋ ਜਿਹੇ ਹੀ ਹੁੰਦੇ ਹਨ ਜਿਵੇਂ ਚੱਕਰ ਆਉਣਾ, ਦਿਲ ਘਬਰਾਉਣਾ, ਲੱਤਾਂ ਬਾਹਾਂ ਨੂੰ ਤੋੜ ਲੱਗਣੀ, ਸਿਰ ਨੂੰ ਕਸਾਅ ਪੈਣਾ ਆਦਿ।

ਜੇਕਰ ਬੀ.ਪੀ. ਘਟਿਆ ਹੋਵੇ ਤਾਂ ਸਭ ਤੋਂ ਪਹਿਲਾਂ ਪਾਣੀ ਵਿੱਚ ਨਮਕ ਅਤੇ ਖੰਡ ਪਾ ਕੇ ਜਾਂ ਸ਼ਹਿਦ ਪਾ ਕੇ ਪੀਣਾ ਚਾਹੀਦਾ ਹੈ। ਇੱਕਦਮ ਗੋਲੀ ਜਾਂ ਟੀਕਾ ਲਗਵਾਉਣ ਨਾਲ ਬੀ.ਪੀ. ਵੱਧ ਸਕਦਾ ਹੈ। ਇਸੇ ਤਰ੍ਹਾਂ ਜੇਕਰ ਬੀ.ਪੀ. ਵਧਿਆ ਹੋਵੇ ਤਾਂ ਚਾਰ-ਪੰਜ ਗਲਾਸ ਪਾਣੀ ਦੇ ਪੀ ਕੇ ਤੁਰਨਾ ਚਾਹੀਦਾ ਹੈ ਅਤੇ ਗਰਮ ਪਾਣੀ ਦੀ ਪਤੀਲੀ ਕਰਕੇ ਉਸ ਵਿਚ ਪੈਰ ਡੁਬੋ ਕੇ ਬੈਠਣਾ ਚਾਹੀਦਾ ਹੈ ਅਤੇ ਸਿਰ ਉਪਰ ਠੰਢਾ ਕੱਪੜਾ ਬੰਨ੍ਹ ਲੈਣਾ ਚਾਹੀਦਾ ਹੈ। ਲੋੜ ਪੈਣ ’ਤੇ ਹੀ ਗੋਲੀ ਖਾਣੀ ਜਾਂ ਟੀਕਾ ਲਗਾਉਣਾ ਚਾਹੀਦਾ ਹੈ। ਪਰ ਉਹ ਮਰੀਜ਼ ਜਿਨ੍ਹਾਂ ਦਾ ਬੀ.ਪੀ. ਬਹੁਤ ਲੰਮੇ ਸਮੇਂ ਤੋਂ ਘੱਟਦਾ ਜਾਂ ਵੱਧਦਾ ਹੈ ਉਹਨਾਂ ਨੂੰ ਸਮੇਂ ਸਮੇਂ ਸਿਰ ਡਾਕਟਰ ਦੀ ਸਲਾਹ ਲੈ ਕੇ ਹੀ ਆਪਣੀ ਦਵਾਈ ਚਾਲੂ ਰੱਖਣੀ ਚਾਹੀਦੀ ਹੈ ਕਿਉਂਕਿ ਵਧੇ ਹੋਏ ਬੀ.ਪੀ. ਨੂੰ ‘ਸਾਈਲੈਂਟ ਕਿੱਲਰ’ ਆਖਿਆ ਜਾਂਦਾ ਹੈ। ਉਹ ਲੋਕ ਜਿਨ੍ਹਾਂ ਬਾਰੇ ਅਸੀਂ ਪੜ੍ਹਦੇ ਸੁਣਦੇ ਹਾਂ ਕਿ ਫਲਾਣਾ ਚੰਗਾ ਭਲਾ ਸੁੱਤਾ ਸੀ, ਸਵੇਰੇ ਉੱਠਿਆ ਨਹੀਂ ਜਾਂ ਚੰਗੇ ਭਲੇ ਦੀ ਨਾੜ ਫੱਟ ਗਈ, ਅਜਿਹੇ ਲੋਕ ਚੰਗੇ ਭਲੇ ਨਹੀਂ ਹੁੰਦੇ ਸਗੋਂ ਉਹਨਾਂ ਅੰਦਰ ਇਹ ਬਲੱਡ ਪ੍ਰੈਸ਼ਰ ਸਾਇਲੈਂਟ ਕਿੱਲਰ ਦੇ ਰੂਪ ਵਿੱਚ ਛੁਪਿਆ ਹੁੰਦਾ ਹੈ ਜਿਸ ਦਾ ਕਿ ਉਸ ਨੂੰ ਪਤਾ ਨਹੀਂ ਹੁੰਦਾ। ਸੋ ਤੰਦਰੁਸਤ ਲੋਕਾਂ ਨੂੰ ਵੀ ਸਮੇਂ ਸਮੇਂ ਸਿਰ ਆਪਣਾ ਬਲੱਡ ਪ੍ਰੈਸ਼ਰ ਚੈੱਕ ਕਰਵਾਉਂਦੇ ਰਹਿਣਾ ਚਾਹੀਦਾ ਹੈ ਅਤੇ ਆਪਣੇ ਖਾਣ-ਪੀਣ ਵੱਲ ਧਿਆਨ ਦੇ ਕੇ ਕਸਰਤ ਅਤੇ ਸੈਰ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।

ਗਰਮੀਆਂ ਵਿੱਚ ਜ਼ਿਆਦਾਤਰ ਬੀ.ਪੀ. ਘਟਣ ਦੀ ਸਮੱਸਿਆ ਆਉਂਦੀ ਹੈ ਅਤੇ ਸਰਦੀਆਂ ਵਿੱਚ ਬੀ.ਪੀ. ਵੱਧਣ ਦੇ ਆਸਾਰ ਰਹਿੰਦੇ ਹਨ। ਇਹੀ ਕਾਰਨ ਹੈ ਕਿ ਸਰਦੀਆਂ ਵਿੱਚ ਜ਼ਿਆਦਾਤਰ ਹਾਰਟ ਅਟੈਕ ਹੁੰਦੇ ਹਨ ਕਿਉਂਕਿ ਸਰਦੀਆਂ ਵਿੱਚ ਪਸੀਨਾ ਨਾ ਆਉਣ ਕਰਕੇ ਜ਼ਿਆਦਾ ਗਰਮ ਅਤੇ ਕੈਲੋਰੀਜ਼ ਭਰਪੂਰ ਭੋਜਨ ਛਕਣ ਕਰਕੇ ਜਿਵੇਂ ਕਿ ਸਾਗ ਵਿੱਚ ਘਿਓ ਪਾ ਕੇ ਜਾਂ ਖੋਏ, ਪੰਜੀਰੀ, ਕਾਜੂ, ਦਾਖਾਂ, ਬਦਾਮ, ਰਿਉੜੀ, ਗੱਚਕ ਆਦਿ ਦੀ ਵਧੇਰੇ ਵਰਤੋਂ ਬੀ.ਪੀ. ਵੱਧਣ ਦਾ ਸਬੱਬ ਬਣਦੀ ਹੈ। ਜਿੱਥੋਂ ਤੱਕ ਹੋ ਸਕੇ ਉਹ ਲੋਕ ਜਿਹੜੇ ਹਾਈਪਰਟੈਨਸ਼ਨ ਦਾ ਸ਼ਿਕਾਰ ਹਨ ਉਨ੍ਹਾਂ ਨੂੰ ਅਜਿਹੀਆਂ ਚੀਜ਼ਾਂ ਖਾਣ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ।

ਸਿੱਖ; ਕੇਜਰੀਵਾਲ ਦੀ ਸੋਚ ਨੂੰ ਕਿਉਂ ਸਮਰਪਿਤ ਹੋਣਾ ਚਾਹੁੰਦੇ ਹਨ ?

0

ਸਿੱਖ; ਕੇਜਰੀਵਾਲ ਦੀ ਸੋਚ ਨੂੰ ਕਿਉਂ ਸਮਰਪਿਤ ਹੋਣਾ ਚਾਹੁੰਦੇ ਹਨ ?

ਗਿਆਨੀ ਅਵਤਾਰ ਸਿੰਘ-94650-40032

11 ਮਾਰਚ 2017 ਨੂੰ ਆਏ ਪੰਜਾਬ ਵਿਧਾਨ ਸਭਾ ਦੇ ਨਤੀਜਿਆਂ ’ਚ ਕਾਂਗਰਸ ਨੂੰ 77, ਆਪ/ਲੋਕ ਇਨਸਾਫ਼ ਪਾਰਟੀ ਨੂੰ 22 ਤੇ ਭਾਜਪਾ/ਅਕਾਲੀ ਦਲ ਨੂੰ 18 ਸੀਟਾਂ ਮਿਲੀਆਂ ਹਨ। 4 ਫ਼ਰਵਰੀ 2017 ਨੂੰ ਪੰਜਾਬ ਦੇ 1.9 ਕਰੋੜ ਵੋਟਰਾਂ ’ਚੋਂ 78.62% ਨੇ ਆਪਣੇ ਵੋਟ ਅਧਿਕਾਰ ਦਾ ਇਸਤੇਮਾਲ ਕੀਤਾ। ਭੁਗਤ ਚੁੱਕੀ ਇਸ ਵੋਟ ਨੂੰ 100% ਮੰਨਣ ਉਪਰੰਤ ਕਾਂਗਰਸ ਨੇ 38.5%, ਆਪ ਨੇ 23.7% ਤੇ ਅਕਾਲੀ/ਭਾਜਪਾ ਨੇ 30.6% ਵੋਟ ਪ੍ਰਾਪਤ ਕੀਤੀ, ਜੋ ਕਿ ਭੁਗਤੀ ਕੁੱਲ ਵੋਟ ਦਾ 92.8% ਬਣਦਾ ਹੈ ਅਤੇ ਬਾਕੀ ਬਚੀ 7.22% ਵੋਟ ਨੂੰ ਰਾਜਨੀਤਿਕ ਲੋਕ ਸਿੱਧੇ ਜਾਂ ਅਸਿੱਧੇ ਰੂਪ ’ਚ ਅਜਾਈਂ ਗਵਾਉਣ ਵਿੱਚ ਸਫਲ ਹੋ ਗਏ। ਇਹ ਪਹਿਲਾ ਮੌਕਾ ਨਹੀਂ ਕਿ ਪੰਜਾਬ ਦੀ 8, 24, 167 ਵੋਟ ਵਿਅਰਥ ਗਈ, ਪਰ ਇਨ੍ਹਾਂ ’ਚੋਂ ਆਪਣਾ ਪੰਜਾਬ ਪਾਰਟੀ 37,476 (.2%) ਤੇ ਅਕਾਲੀ ਦਲ ਮਾਨ ਦੀ 49, 260 (.3%) ਵੋਟ ਵੀ ਸ਼ਾਮਲ ਹੈ, ਜੋ ਸਿਮਰਨਜੀਤ ਸਿੰਘ ਮਾਨ ਨੂੰ 2014 (ਲੋਕ ਸਭਾ ’ਚ ਮਿਲੀ 35. 516) ਵੋਟ ਤੋਂ 13,744 ਵੱਧ ਗਈ। ਇਸ ਸੰਘਰਸ਼ ਲਈ ਦੋ ਵਾਰ ਸਰਬਤ ਖਾਲਸਾ ਵੀ ਬੁਲਾਇਆ ਗਿਆ।

ਪੰਜਾਬ ਦੇ ਹਾਲਾਤਾਂ ਤੋਂ ਅਸੀਂ ਸਾਰੇ ਹੀ ਵਾਕਫ਼ ਹਾਂ, ਪਰ ਗੁਰੂ ਗ੍ਰੰਥ ਸਾਹਿਬ (ਸਰਬੋਤਮ ਗਿਆਨ) ਦੀ ਰੌਸ਼ਨੀ ਦੇ ਬਾਵਜੂਦ ਸਾਡਾ ਨਜ਼ਰੀਆ ਭਿੰਨ-ਭਿੰਨ ਪਾਰਟੀਆਂ (ਜਾਂ ਨੀਤੀਆਂ) ਦਾ ਹਮਾਇਤੀ ਰਿਹਾ ਹੈ। ਕੁਝ ਲਈ ਅਕਾਲੀ ਦਲ ਬਾਦਲ ਪੰਥਕ ਪਾਰਟੀ ਹੈ, ਕੁਝ ਲਈ ਕਾਂਗਰਸ, ਕੁਝ ਲਈ ਮਾਨ ਦਲ ਤੇ ਕੁਝ ਲਈ ਆਮ ਆਦਮੀ ਪਾਰਟੀ। ਪਿਛਲੇ ਕੁਝ ਸਮੇਂ ਤੋਂ ਸਿੱਖਾਂ ਦੇ ਵਿਚਾਰ ਪੜ੍ਹਨ ਸੁਣਨ ਤੋਂ ਬਾਅਦ ਮਹਿਸੂਸ ਹੁੰਦਾ ਹੈ ਕਿ ਸਿੱਖ ਸਮਾਜਿਕ ਮੁੱਦਿਆਂ ਨੂੰ ਪੰਥਕ ਮੁੱਦਿਆਂ ਤੋਂ ਘੱਟ ਤਰਜੀਹ ਦਿੰਦੇ ਹਨ, ਜਦਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਸਮਾਜਿਕ ਰਿਸ਼ਤਿਆਂ ਦੇ ਹਰ ਪਹਿਲੂ ਦੀ ਵਕਾਲਤ ਕਰਦੀ ਹੈ। ਅਗਰ ਪੰਜਾਬ ਦੇ ਜ਼ਮੀਨੀ ਹਾਲਾਤ ਸੁਧਰਨਗੇ ਤਾਂ ਇੱਥੇ ਵਧਣ ਫੁੱਲਣ ਵਾਲ਼ੀ ਸਾਡੀ ਨਵੀਂ ਪੀੜ੍ਹੀ (ਬੱਚੇ) ਸ਼ਾਂਤੀ ਮਹਿਸੂਸ ਕਰੇਗੀ, ਜਿਸ ਦੀ ਇਜਾਜ਼ਤ ਅਜੋਕੇ ਹਾਲਾਤ ਨਹੀਂ ਦਿੰਦੇ, ਪਰ ਜਿਨ੍ਹਾਂ ਨੇ ਅਜਿਹਾ ਮਾਹੌਲ ਸਿਰਜਿਆ ਹੈ ਉਹ ਕਿਸੇ ਵੀ ਲਹਿਰ ਨੂੰ ਪਨਪਣ ਨਹੀਂ ਦੇਣਗੇ ਕਿਉਂਕਿ ਇਹ ਉਨ੍ਹਾਂ ਦੀ ਹੇਠੀ ਹੈ ਤੇ ਅਜਿਹਾ ਹੀ ਸਦੀਆਂ ਤੋਂ ਹੁੰਦਾ ਆਇਆ ਹੈ। ਇੱਕ ਘਰ ਦਾ ਬਜ਼ੁਰਗ ਆਪਣੇ ਬੱਚੇ ਦੇ ਨਿਵੇਕਲ਼ੇ ਵਿਚਾਰਾਂ ਨਾਲ਼ ਅਸਹਿਮਤ ਹੋ ਜਾਂਦਾ ਹੈ; ਜਿਵੇਂ ਕਿ ਯੂਪੀ ’ਚ ਬੇਟੇ ਅਖਿਲੇਸ਼ ਤੇ ਬਾਪ ਮੁਲਾਯਮ ਯਾਦਵ ’ਚ ਟਕਰਾਅ ਚੱਲ ਰਿਹਾ ਹੈ।

ਸਿੱਖ ਇੱਕ ਕ੍ਰਾਂਤੀਕਾਰੀ ਕੌਮ ਹੈ, ਜਿਸ ਨੇ ਹਮੇਸ਼ਾਂ ਕਿਸੇ ਲਹਿਰ ਦੀ ਅੱਗੇ ਹੋ ਕੇ ਅਗਵਾਈ ਕੀਤੀ ਪਰ ਅਜੋਕੇ ਸੁਆਰਥੀ ਯੁਗ ’ਚ ਸਿੱਖ ਭਾਰਤ ਦੇ ਭਵਿੱਖ ਲਈ ਬਣਾਈ ਜਾ ਰਹੀ ਹਿੰਦੂਕਰਨ ਕੂਟਨੀਤੀ ਤੋਂ ਅਣਜਾਣ ਆਪਣੇ ਹੀ ਇਤਿਹਾਸ ਨੂੰ ਦੁਹਰਾਉਣ ਦਾ ਯਤਨ ਨਹੀਂ ਕਰਦੇ। ਸੰਨ 1978 ਤੋਂ ਲੈ ਕੇ ਸਾਡੀ ਇਤਿਹਾਸਕ ਸਮੱਗਰੀ ਦੀ ਚੋਰੀ, ਅਕਾਲ ਤਖ਼ਤ ਸਮੇਤ ਇਤਿਹਾਸਕ ਇਮਾਰਤਾਂ ਨੂੰ ਢਾਹੁਣਾ, ਧੀਆਂ-ਭੈਣਾ ਦੀ ਬੇਪਤੀ, 2 ਲੱਖ ਬੇਗੁਨਾਹਾਂ ਦਾ ਕਤਲ, ਆਦਿ ਨਾਲ਼ ਕੌਮ ਨੇ ਇੰਨੀ ਮਾਰ ਖਾਈ, ਜੋ ਸ਼ਾਇਦ ਯਹੂਦੀਆਂ ਨੇ ਨਾ ਖਾਧੀ ਹੋਵੇ, ਪਰ ਅਸਾਂ ਪ੍ਰਾਪਤੀ ਕੀ ਕੀਤੀ ? ਜਿਨ੍ਹਾਂ ਨੂੰ ਉਮੀਦ ਨਾਲ਼ ਫ਼ਖਰ-ਏ-ਕੌਮ ਨਾਲ਼ ਸਨਮਾਣਿਤ ਕੀਤਾ ਉਹ ਆਪਣੇ ਗੁਰੂ ਦੀ ਹੋਈ ਬੇਅਦਬ ਦਾ ਕਾਰਨ ਨਾ ਲੱਭ ਸਕਿਆ।

ਮੇਰੇ ਵਰਗੇ ਕਈ ਸਿੱਖ ਹੋਣਗੇ ਜੋ ਪ੍ਰਚਲਿਤ ਅਣਉਚਿਤ ਰਵਾਇਤਾਂ ਦਾ ਭਾਰ ਢੋਣਾ ਪਸੰਦ ਨਾ ਕਰਨ, ਪਰ ਕਈ ਬਦਲਾਅ ਨੂੰ ਜ਼ਰੂਰੀ ਨਹੀਂ ਸਮਝਦੇ, ਉਨ੍ਹਾਂ ਦੁਆਰਾ ਘੜੀ ਗਈ ਆਪਣੀ ਸੋਚ ਇਹ ਇਜਾਜ਼ਤ ਨਹੀਂ ਦਿੰਦੀ, ਜਿਸ ਕਾਰਨ ਅਣਉਚਤਿ ਨੂੰ ਉਚਿਤ ਬਣਾਉਣਾ ਉਨ੍ਹਾਂ ਦੀ ਮਜਬੂਰੀ ਬਣ ਜਾਂਦਾ ਹੈ ਬੇਸ਼ੱਕ ਇਸ ਦੀ ਹਮਾਇਤੀ ਗੁਰੂ ਸਿਧਾਂਤ ਤੇ ਸਿੱਖ ਇਤਿਹਾਸ ਵੀ ਨਾ ਕਰੇ ।

ਪੰਜਾਬ ’ਚ ਬਾਦਲ ਦੀ ਬਜਾਇ ਕੈਪਟਨ (ਕਾਂਗਰਸ) ਸਰਕਾਰ ਆ ਗਈ ਹੈ ਸ਼ਾਇਦ ਕੁਝ ਇਸ ਨੂੰ ਬਦਲਾਅ ਹੋਇਆ ਸਮਝ ਕੇ ਆਪਣੀ ਜ਼ਮੀਰ ਦੀ ਆਵਾਜ਼ ਨੂੰ ਕੁਝ ਸਮੇਂ ਲਈ ਦਬਾਅ ਲਿਆ ਜਾਏ, ਪਰ ਸੋਚੋ ਕਿ ਪੰਜਾਬ ਵਿੱਚੋਂ ਸ਼ਰਾਬ ਤਸਕਰ, ਵਿਦਿਆ ਤਸਕਰ, ਚਕਿਤਸਾ ਤਸਕਰ, ਭ੍ਰਿਸ਼ਟਾਚਾਰ, ਆਦਿ ਨੂੰ ਨਵੀਂ ਸਰਕਾਰ ਕਾਬੂ ਕਰ ਸਕਦੀ ਹੈ ਕਿਉਂਕਿ ਅਕਾਲੀ ਤੇ ਕਾਂਗਰਸੀ ਇਸ ਵਾਪਾਰ ’ਚ ਬਰਾਬਰ ਦੇ ਭਾਗੀਦਾਰ ਹਨ।

ਸਿੱਖ; ਇੱਕ ਗੁਰੂ ਦੇ ਹੋ ਕੇ ਵੀ ਇੱਕ ਦੇ ਨਾ ਰਹੇ। ਭਾਰਤ ’ਚ ਲੋਕਤੰਤਰੀ ਢਾਂਚਾ ਪਿਛਲੇ 70 ਸਾਲਾਂ ਤੋਂ ਜਾਰੀ ਹੈ, ਪਰ ਸਿੱਖਾਂ ਨੇ ਕੀ ਖੱਟਿਆ ? ਪਾਕਿਸਤਾਨ ’ਚ ਹਿੰਦੂ ਤੇ ਸਿੱਖ ਮੈਰਿਜ ਐਕਟ ਬਣ ਗਿਆ, ਪਰ ਅਜਿਹੀ ਸੁਵਿਧਾ ਭਾਰਤ ਸਰਕਾਰ ਨਹੀਂ ਦੇ ਰਹੀ। ਇਹ ਹੈ ਭਾਰਤ ਦੀ ਘੱਟ ਗਿਣਤੀ ਜਨਤਾ ਪ੍ਰਤੀ ਸੋਚ ਤੇ ਅਸੀਂ ਇਨ੍ਹਾਂ ਨੂੰ ਵੋਟ ਪਾ ਕੇ ਆਪਣੀ ਕੌਮ ਵਿਰੁਧ ਸੋਚ ਨੂੰ ਉਜਾਗਰ ਕਰਦੇ ਆ ਰਹੇ ਹਾਂ। ਕੇਜਰੀਵਾਲ ਨੇ ਇੱਕ ਬਿਆਨ ਦਿੱਤਾ ਕਿ ਸਾਡੀ ਸਰਕਾਰ ਬਣਨ ਉਪਰੰਤ ਖਾਲਿਸਤਾਨ ਦੇ ਨਾਹਰੇ ਲੱਗਣੇ ਬੰਦ ਹੋ ਜਾਣਗੇ। ਇਸ ਦਾ ਪਿਛੋਕੜ ਸੀ ਕਿ ਘੱਟ ਗਿਣਤੀ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਏਗਾ, ਪਰ ਮਰੀ ਹੋਈ ਮੱਤ ਨੇ ਕਿਹਾ ਕਿ ਇਹ ਕੌਣ ਹੁੰਦਾ ਹੈ ਸਾਨੂੰ ਖਾਲਿਸਤਾਨ ਦੇ ਨਾਹਰੇ ਲਗਾਉਣ ਤੋਂ ਰੋਕਣ ਵਾਲ਼ਾ ? ਦੋ ਸਾਲ ਪਹਿਲਾਂ ਦੇਹਰਾਦੂਨ (ਉਤਰਾਖੰਡ) ’ਚ ਨੰਗੇ ਸਿਰ ਕਰਕੇ ਖਾਲਿਸਤਾਨ ਦੇ ਨਾਹਰੇ ਲਗਾਏ ਗਏ, ਆਖ਼ਿਰ ਕਿਉਂ ? ਗੁਰਮਤਿ ਦੀ ਸਮਦ੍ਰਿਸ਼ਟੀ ਦਾ ਪ੍ਰਭਾਵ ਭਾਰਤ ਦੀ ਲੁਕਾਈ ’ਤੇ ਨਾ ਪਵੇ ਇਹ ਉਸ ਨੂੰ ਰੋਕਣ ਦਾ ਇੱਕ ਯਤਨ ਸੀ, ਪਰ ਅਜਿਹੀਆਂ ਘਟਨਾਵਾਂ ਨੂੰ ਬਿਬੇਕੀ ਬੰਦਾ ਸਮਝ ਕੇ ਆਪਣੀ ਰਣਨੀਤੀ ਤਹਿ ਕਰਦਾ ਹੈ, ਮੂਰਖ ਨਹੀਂ।

ਦਿੱਲੀ ’ਚ ਜੋ ਆਪ ਸਰਕਾਰ ਕਰ ਰਹੀ ਹੈ ਉਸ ਦੀ ਚਰਚਾ ਦੇਸ਼-ਵਿਦੇਸ਼ ਵਿੱਚ ਹੁੰਦੀ ਹੈ। ਭਾਰਤ ਦੀ ਸਰਕਾਰ ਦੇ ਡਰ ਕਾਰਨ ਉਸ ਨੂੰ ਭਾਰਤੀ ਤੇ ਵਿਦੇਸ਼ੀ ਮੀਡੀਆ ਅਣਗੌਲ਼ਿਆ ਕਰਦਾ ਆ ਰਿਹਾ ਹੈ। ਅਗਰ ਇਸ ਸਰਕਾਰ ਨੂੰ ਪੰਜਾਬ ’ਚ ਇੱਕ ਮੌਕਾ ਦੇ ਕੇ ਵੇਖਿਆ ਜਾਂਦਾ ਤਾਂ ਇਸ ਵਿੱਚ ਕੀ ਹਰਜ ਸੀ ? ਪੰਜਾਬ ਦੇ ਸ਼ਿਵ ਸੈਨਿਕਾਂ ਨੇ 2014 ਵਾਙ ਚੁਣਾਵ ਲੜ ਕੇ ਆਪਣੀ ਵੋਟ ਖ਼ਰਾਬ ਕਰਨੀ ਮੁਨਾਸਬ ਨਹੀਂ ਸਮਝੀ। ਦੂਸਰੇ ਪਾਸੇ ਸਿੱਖਾਂ ਨੇ ਟੋਪੀ ਵਾਲ਼ਾ, ਟੋਪੀ ਵਾਲ਼ਾ ਕਹਿ ਕੇ ਇਸ ਮੁਹਿਮ ਨੂੰ ਰੋਕਣ ਦੇ ਤਮਾਮ ਯਤਨ ਕੀਤੇ, ਇਹੀ ਉਹ ਲੋਕ ਚਾਹੁੰਦੇ ਸਨ, ਜਿਨ੍ਹਾਂ ਨੇ ਅਜੋਕਾ ਮਾਹੌਲ ਸਿਰਜਿਆ ਤੇ ਭਾਰਤ ਨੂੰ ਹਿੰਦੂਕਰਨ ਵੱਲ ਲੈਜਾਣਾ ਚਾਹੁੰਦੇ ਹਨ। ਭਗਵੰਤ ਮਾਨ ਸ਼ਰਾਬੀ ਹੈ, ਮੰਨ ਲਿਆ; ਪਰ ਉਨ੍ਹਾਂ ਕਲਾਕਾਰਾਂ ਬਾਰੇ ਸਾਡੀ ਕੀ ਰਣਨੀਤੀ ਹੈ, ਜੋ ਅਸਭਿਅਕ ਸਮਾਜ ਸਿਰਜ ਰਹੇ ਹਨ ? ਵਿਦੇਸ਼ ’ਚ ਵਸਦੇ ਸਿੱਖਾਂ ਨੇ ਪਹਿਲੀ ਵਾਰ ਪੰਜਾਬ ਦੇ ਹਾਲਾਤਾਂ ਨੂੰ ਬਦਲਣ ਲਈ ਆਪਣੀ ਬਣਦੀ ਭੂਮਿਕਾ ਨਿਭਾਈ, ਉਨ੍ਹਾਂ ਨੂੰ ਇਸ ਕੈਪਟਨ ਸਰਕਾਰ ਨੇ ਅਤਿਵਾਦੀ ਕਿਹਾ, ਜਿਸ ਨੂੰ ‘ਆਪ’ ਸਰਕਾਰ ਦੀ ਬਜਾਇ ਬਣਦੀ ਵੇਖ ਅਸੀਂ ਖੁਸ਼ ਹੋ ਰਹੇ ਹਾਂ। ਮੈ ਕੋਈ ਰਾਜਨੀਤਿਕ ਬੰਦਾ ਨਹੀਂ, ਪਰ ਪੰਥਕ ਦਰਦ ਕਾਰਨ ਇਨ੍ਹਾਂ ਵਿਸ਼ਿਆਂ ਦੇ ਲਿਖ ਰਿਹਾ ਹਾਂ। ਮੈਂ ਅਕਾਲੀਆਂ ਦੀ ਬਜਾਇ ਕਾਂਗਰਸ ਸਰਕਾਰ ਬਣਨ ਨੂੰ ਬਦਲਾਅ ਨਹੀਂ ਮੰਨਦਾ, ਬੇਸ਼ੱਕ ਮੇਰੇ ਨਾਲ਼ ਕੋਈ ਸਹਿਮਤ ਜਾਂ ਅਸਹਿਮਤ ਹੋਵੇ।

ਪੰਜਾਬੀਆਂ ਨੇ ਇੱਕ ਸੁਨਹਿਰਾ ਮੌਕਾ ਆਪਣੇ ਹੱਥੋਂ ਗਵਾ ਲਿਆ, ਜੋ ਸਮਾਜਿਕ ਸੁਧਾਰ ਦੇ ਨਾਲ਼ ਨਾਲ਼ ਸਾਡੀਆਂ ਕੁਝ ਕੁ ਪੰਥਕ ਮੰਗਾਂ ਵੀ ਜ਼ਰੂਰ ਪੂਰੀਆਂ ਕਰਦਾ। ਸ਼ਾਇਦ ਹੁਣ ਬਾਪੂ ਸੂਰਤ ਸਿੰਘ ਜੀ ਦਾ ਮਰਨ ਵਰਤ ਉਨ੍ਹਾਂ ਦੇ ਅੰਤਿਮ ਸਮੇਂ ਤੱਕ ਜਾਰੀ ਰਹੇਗਾ।

ਮੁੱਖ ਵਾਕ ਪੰਨਾ ਨੰਬਰ 602

0

ਮੁੱਖ ਵਾਕ ਪੰਨਾ ਨੰਬਰ 602

(ਨੋਟ: ਹੇਠਾਂ ਦਿੱਤੇ ਅਰਥਾਂ ਨੂੰ ਧਿਆਨ ਨਾਲ਼ ਵਾਚਣਾ ਕਿਉਂਕਿ ਸੰਖੇਪਤਾ ਸਮੇਤ ਵਿਆਕਰਨ ਨਿਯਮਾਂ ਨੂੰ ਪ੍ਰਮੁਖਤਾ ਦਿੱਤੀ ਗਈ ਹੈ।

ਸੋਰਠਿ ਮਹਲਾ ੩ ॥

ਸੋ ਸਿਖੁ, ਸਖਾ ਬੰਧਪੁ ਹੈ, ਭਾਈ ! ਜਿ ਗੁਰ ਕੇ ਭਾਣੇ ਵਿਚਿ ਆਵੈ ॥

ਹੇ ਭਾਈ! ਉਹੀ ਸਿੱਖ (ਗੁਰੂ ਦਾ) ਪਿਆਰਾ ਤੇ ਰਿਸ਼ਤੇਦਾਰ ਹੈ, ਜਿਹੜਾ ਗੁਰੂ ਦੀ ਰਜ਼ਾ ’ਚ ਜੀਵਨ ਨਿਰਬਾਹ ਕਰਦਾ ਹੈ।

ਆਪਣੈ ਭਾਣੈ, ਜੋ ਚਲੈ ਭਾਈ ! ਵਿਛੁੜਿ ਚੋਟਾ ਖਾਵੈ ॥ ਉਚਾਰਨ ਸੇਧ: ਚੋਟਾਂ।

ਜੋ (ਸਿੱਖ) ਆਪਣੀ ਮਨਮਰਜ਼ੀ ’ਚ ਚੱਲਦਾ ਹੈ ਉਹ (ਗੁਰੂ ਮਰਜ਼ੀ/ਉਪਦੇਸ਼ ਤੋਂ) ਦੂਰ ਹੋ ਕੇ (ਵਿਕਾਰਾਂ ਦੀ) ਮਾਰ ਝੱਲਦਾ ਹੈ।

ਬਿਨੁ ਸਤਿਗੁਰ, ਸੁਖੁ ਕਦੇ ਨ ਪਾਵੈ, ਭਾਈ ! ਫਿਰਿ ਫਿਰਿ ਪਛੋਤਾਵੈ ॥੧॥

(ਕਿਉਂਕਿ) ਹੇ ਭਾਈ! ਗੁਰੂ ਤੋਂ ਬਿਨਾਂ ਸ਼ਾਂਤੀ/ਸਥਿਰਤਾ ਨਹੀਂ ਮਿਲਦੀ ਤੇ (ਦੁਖੀ ਹੁੰਦਾ ਬੰਦਾ) ਵਾਰ ਵਾਰ ਪਛੁਤਾਉਂਦਾ ਹੈ।

ਹਰਿ ਕੇ ਦਾਸ ਸੁਹੇਲੇ, ਭਾਈ ! ॥ ਜਨਮ ਜਨਮ ਕੇ ਕਿਲਬਿਖ ਦੁਖ ਕਾਟੇ; ਆਪੇ ਮੇਲਿ ਮਿਲਾਈ ॥ ਰਹਾਉ ॥        ਉਚਾਰਨ ਸੇਧ: ਦੁੱਖ, ਕਾੱਟੇ।

ਹੇ ਭਾਈ! ਹਰੀ ਦੇ ਸੇਵਕ (ਸ਼ਾਂਤੀ/ਸਥਿਰਤਾ ਕਾਰਨ) ਸਦਾ ਸੁਖਾਲੇ ਰਹਿੰਦੇ ਹਨ ਕਿਉਂਕਿ ਅਕਾਲ ਪੁਰਖ ਨੇ ਆਪ ਹੀ ਗੁਰੂ ਮਿਲਾਪ ਦੁਆਰਾ ਕਈ ਜਨਮਾਂ ਦੇ ਪਾਪ/ਕਲੇਸ਼ ਕੱਟ ਕੇ ਆਪਣੇ ਨਾਲ਼ ਮਿਲਾ ਲਿਆ।

ਇਹੁ ਕੁਟੰਬੁ ਸਭੁ ਜੀਅ ਕੇ ਬੰਧਨ, ਭਾਈ ! ਭਰਮਿ ਭੁਲਾ ਸੈਂਸਾਰਾ ॥            ਉਚਾਰਨ ਸੇਧ: ਇਹ, ਜੀ..।

ਹੇ ਭਾਈ! (ਹਰੀ ਮੇਲ਼ ਬਿਨਾਂ) ਇਹ ਸਾਰਾ ਪਰਿਵਾਰਕ ਰਿਸ਼ਤਾ; (ਨਿਮਰਲ ਰਹਿਣ ਵਾਲ਼ੀ ਇਹੁ ਰਾਮ ਕੀ ਅੰਸੁ ॥’ ਭਾਵ) ਜੀਵਾਤਮਾ ਲਈ ਬੰਧਨ ਬਣ ਜਾਂਦਾ ਹੈ (ਕਿਉਂਕਿ) ਭੁਲੇਖੇ (ਦੁਬਿਧਾ, ਬੇਚੈਨੀ) ਕਾਰਨ ਸੰਸਾਰ ਕੁਰਾਹੇ ਪਿਆ ਰਹਿੰਦਾ ਹੈ।

ਬਿਨੁ ਗੁਰ, ਬੰਧਨ ਟੂਟਹਿ ਨਾਹੀ; ਗੁਰਮੁਖਿ ਮੋਖ ਦੁਆਰਾ ॥            ਉਚਾਰਨ ਸੇਧ: ਟੂਟਹਿਂ, ਨਾਹੀਂ।

ਗੁਰੂ ਦੀ ਮਦਦ ਬਿਨਾਂ ਇਹ ਬੰਧਨ ਨਹੀਂ ਖੁੱਲ੍ਹਦੇ (ਇਸ ਲਈ) ਗੁਰੂ ਵੱਲ ਮੁੱਖ ਰੱਖਣ ਵਾਲ਼ਾ ਹੀ (ਬੰਧਨ) ਮੁਕਤ-ਦਰ ਪਾਉਂਦਾ ਹੈ।

ਕਰਮ ਕਰਹਿ, ਗੁਰ ਸਬਦੁ ਨ ਪਛਾਣਹਿ; ਮਰਿ ਜਨਮਹਿ ਵਾਰੋ ਵਾਰਾ ॥੨॥             ਉਚਾਰਨ ਸੇਧ: ਕਰਹਿਂ, ਪਛਾਣਹਿਂ, ਜਨਮੈ।

ਜੋ ਲੋਕ; ਕੇਵਲ ਸਮਾਜਿਕ ਧੰਦੇ ਹੀ ਕਰਦੇ ਹੋਣ ਤੇ ਗੁਰੂ ਉਪਦੇਸ਼ ਨੂੰ ਨਾ ਸਮਝਦੇ ਉਹ ਵਾਰ-ਵਾਰ (ਆਤਮਕ ਮੌਤ) ਮਰ ਕੇ ਜਨਮਦੇ ਰਹਿੰਦੇ ਹਨ ਭਾਵ ਕਦੇ ਖ਼ੁਸ਼ੀ ਤੇ ਕਦੇ ਗ਼ਮੀ।

ਹਉ ਮੇਰਾ ਜਗੁ ਪਲਚਿ ਰਹਿਆ, ਭਾਈ ! ਕੋਇ ਨ ਕਿਸ ਹੀ ਕੇਰਾ ॥           ਉਚਾਰਨ ਸੇਧ: ਹਉਂ।

ਹੇ ਭਾਈ ! (ਸਮਾਜਿਕ ਧੰਦਿਆਂ ਦੀ ਪਕੜ ਕਾਰਨ) ਜਗਤ ਮੈਂ-ਮੈਂ, ਮੇਰਾ-ਮੇਰਾ (ਦਵੈਤ, ਭਰਮ) ’ਚ ਖਚਿਤ ਰਹਿੰਦਾ ਹੈ (ਜਿੱਥੇ) ਕੋਈ ਕਿਸੇ ਦਾ ਸਦੀਵੀ ਸਾਥੀ ਨਹੀਂ।

ਗੁਰਮੁਖਿ ਮਹਲੁ ਪਾਇਨਿ, ਗੁਣ ਗਾਵਨਿ; ਨਿਜ ਘਰਿ ਹੋਇ ਬਸੇਰਾ ॥           ਉਚਾਰਨ ਸੇਧ: ਪਾਇਨ੍, ਗਾਵਨਿ੍।

ਗੁਰੂ ਪਿਆਰੇ (ਰੱਬੀ) ਦਰਬਾਰ (ਮਿਲਾਪ) ਪਾ ਲੈਂਦੇ ਹਨ, ਉਸ ਦੇ ਗੁਣ ਗਾਉਂਦੇ ਹਨ, (ਭਰਮ ਮੁਕਤ ਹੋ) ਆਪਣੇ ਹਿਰਦੇ-ਘਰ ਵਿੱਚ ਟਿਕ ਜਾਂਦੇ ਹਨ।

ਐਥੈ ਬੂਝੈ, ਸੁ ਆਪੁ ਪਛਾਣੈ; ਹਰਿ ਪ੍ਰਭੁ ਹੈ ਤਿਸੁ ਕੇਰਾ ॥੩॥

ਜੋ ਇਸ (ਮਨੁੱਖਾ ਜੀਵਨ ਦੌਰਾਨ ਅਸਲੀਅਤ ਨੂੰ) ਪਰਖਦਾ ਹੈ ਉਹੀ ਆਪਣੇ ਆਪ ਨੂੰ ਘੋਖ-ਪੜਤਾਲਦਾ ਹੈ। ਅਕਾਲ ਪੁਰਖ ਵੀ ਉਸੇ ਦਾ ਸਾਥੀ ਹੈ (ਜਿੱਥੇ ਕੋਇ ਨ ਕਿਸ ਹੀ ਕੇਰਾ ॥)।

ਸਤਿਗੁਰੂ ਸਦਾ ਦਇਆਲੁ ਹੈ, ਭਾਈ ! ਵਿਣੁ ਭਾਗਾ ਕਿਆ ਪਾਈਐ ? ॥             ਉਚਾਰਨ ਸੇਧ: ਭਾਗਾਂ।

ਹੇ ਭਾਈ ! ਸਤਿਗੁਰੂ ਤਾਂ ਸਦਾ ਮਿਹਰ ਦਾ ਝਰਨਾ ਹੈ, ਪਰ ਨਸੀਬਾਂ ਤੋਂ ਬਿਨਾਂ ਕੋਈ ਕੀ ਲੈ ਸਕਦਾ ਹੈ?

ਏਕ ਨਦਰਿ ਕਰਿ ਵੇਖੈ ਸਭ ਊਪਰਿ; ਜੇਹਾ ਭਾਉ, ਤੇਹਾ ਫਲੁ ਪਾਈਐ ॥              ਉਚਾਰਨ ਸੇਧ: ਫਲ਼।

ਗੁਰੂ; ਸਾਰਿਆਂ ਉੱਤੇ ਹੀ ਸਮਦ੍ਰਿਸ਼ਟੀ ਰੱਖਦਾ ਹੈ (ਪਰ ਮਨੁੱਖ ਅੰਦਰ, ਗੁਰੂ ਪ੍ਰਤੀ) ਜਿਤਨਾ ਪਿਆਰ ਭਾਵ ਹੋਵੇ ਵੈਸਾ ਹੀ ਲਾਭ ਪ੍ਰਾਪਤ ਹੁੰਦਾ ਹੈ।

ਨਾਨਕ ! ਨਾਮੁ ਵਸੈ, ਮਨ ਅੰਤਰਿ; ਵਿਚਹੁ ਆਪੁ ਗਵਾਈਐ ॥੪॥੬॥ ਸੋਰਠਿ (ਮ: ੩/੬੦੨)         ਉਚਾਰਨ ਸੇਧ: ਵਿਚੋਂ।

ਹੇ ਨਾਨਕ! (ਆਖ ਕਿ ਗੁਰੂ ਦੀ ਸਮਦ੍ਰਿਸ਼ਟੀ ਨਾਲ਼ ਜਿਸ ਦੇ) ਮਨ ’ਚ (ਰੱਬੀ) ਯਾਦ ਵੱਸ ਜਾਂਦੀ ਹੈ ਉਸ ਅੰਦਰੋਂ ਅਹੰਕਾਰ (ਆਪੁ, ਹਉ ਮੇਰਾ) ਦੂਰ ਹੋ ਜਾਂਦਾ ਹੈ।

ਚੁਣੌਤੀਆਂ ਦਾ ਸਾਹਮਣਾ ਕਰਨ ਦੀ ਤਿਆਰੀ ਦਾ ਪ੍ਰਤੀਕ ਹੋਲਾ ਮਹੱਲਾ

0

ਚੁਣੌਤੀਆਂ ਦਾ ਸਾਹਮਣਾ ਕਰਨ ਦੀ ਤਿਆਰੀ ਦਾ ਪ੍ਰਤੀਕ ਹੋਲਾ ਮਹੱਲਾ

ਪ੍ਰਕਾਸ਼ ਸਿੰਘ ਫਿਰੋਜ਼ਪੁਰੀ

ਜਦੋਂ ਬਾਬਰ ਹਮਲਾ ਕਰਕੇ ਸੈਦਪੁਰ ਦੇ ਪਠਾਣਾਂ ਨੂੰ ਬੁਰੀ ਤਰ੍ਹਾਂ ਮਾਰਦਾ ਹੈ, ਤਾਂ ਗੁਰੂ ਨਾਨਕ ਸਾਹਿਬ ਜੀ ਨੇ ਉਸ ਦਰਦਨਾਕ ਦ੍ਰਿਸ਼ ਨੂੰ ਆਪਣੇ ਸ਼ਬਦਾਂ ਵਿੱਚ ਚਿਤਰ ਕੇ ਬਿਆਨ ਕੀਤਾ: ‘‘ਰਤਨ ਵਿਗਾੜਿ ਵਿਗੋਏ ਕੁਤਂੀ; ਮੁਇਆ ਸਾਰ ਨ ਕਾਈ ॥’’ (ਮ: ੧/੩੬੦) ਨਾਲ ਹੀ ਨਾਲ ਸੈਦਪੁਰ ਦੇ ਵਾਸੀਆਂ ਨੂੰ ਹਲੂਣਾ ਵੀ ਦਿੱਤਾ ਕਿ ਜੇਕਰ ਤੁਸੀਂ ਆਉਣ ਵਾਲੇ ਵਕਤ ਦੀਆਂ ਚੁਣੌਤੀਆਂ ਪ੍ਰਤੀ ਚੇਤੰਨ ਹੁੰਦੇ ? ਤਾ ਤੁਹਾਡੀ ਹਾਲਤ ਏਨੀ ਬੁਰੀ ਨਾ ਹੁੰਦੀ: ‘‘ਅਗੋ ਦੇ ਜੇ ਚੇਤੀਐ, ਤਾਂ ਕਾਇਤੁ ਮਿਲੈ ਸਜਾਇ  ? ॥’’ (ਮ: ੧/੪੧੭) ਗੁਰੂ ਨਾਨਕ ਸਾਹਿਬ ਜੀ ਨੇ 10 ਜਾਮਿਆਂ ਵਿੱਚ ਲੁਕਾਈ ਨੂੰ ਵਾਹਿਦ (ਇੱਕ) ਰੱਬ ਨਾਲ ਜੋੜਿਆ। ਲੁਕਾਈ ਨੂੰ ਚੇਤੰਨ ਕੀਤਾ, ਆਪਣੇ ਹੱਕਾਂ ਪ੍ਰਤੀ ਜਾਗ੍ਰਿਤ ਕੀਤਾ।

ਗੁਰਮਤਿ ਵਿਚਾਰਧਾਰਾ ਸਾਨੂੰ ਇੱਕ ਅਕਾਲ ਪੁਰਖ ਨਾਲ ਜੋੜਦੀ ਹੈ, ਜਦੋਂ ਇੱਕ ਰੱਬ ਨਾਲ ਜੁੜ ਕੇ ਸਚਿਆਰ ਬਣਦਾ ਹੈ, ਉਸ ਦੇ ਜੀਵਨ ਵਿੱਚ ਬਹਾਦਰੀ ਵਾਲਾ ਗੁਣ ਆ ਜਾਂਦਾ ਹੈ। ਆਤਮਿਕ ਜੀਵਨ ਮਿਲਦਿਆਂ ਮੌਤ ਦਾ ਡਰ ਮੁਕ ਜਾਂਦਾ ਹੈ। ਉਹ ਮਨੁੱਖ ਫਿਰ ਝੂਠ, ਦੰਭ-ਪਖੰਡ, ਦਿਖਾਵੇ ਵਾਲੇ ਕਰਮਕਾਂਡ ਛੱਡ ਦਿੰਦਾ ਹੈ। ਆਪ ਛੱਡਦਾ ਹੀ ਨਹੀਂ ਬਲਕਿ ਹੋਰਨਾਂ ਨੂੰ ਵੀ ਸੱਚਾ ਮਾਰਗ ਦੱਸਦਾ ਹੈ ਜਿਵੇਂ ਕਿ ਗੁਰ ਫੁਰਮਾਨ ਹੈ ‘‘ਜਿਸ ਦੈ ਅੰਦਰਿ ਸਚੁ ਹੈ; ਸੋ ਸਚਾ ਨਾਮੁ ਮੁਖਿ ਸਚੁ ਅਲਾਏ ॥ ਓਹੁ ਹਰਿ ਮਾਰਗਿ ਆਪਿ ਚਲਦਾ; ਹੋਰਨਾ ਨੋ ਹਰਿ ਮਾਰਗਿ ਪਾਏ ॥’’ (ਮ: ੪/੧੪੦)

(ਇਕ ਗੱਲ ਚੇਤੇ ਰੱਖਣ ਵਾਲੀ ਹੈ ਕਿ ਸੱਚ ਦੇ ਮਾਰਗ ’ਤੇ ਚੱਲਣ ਵਾਲਿਆਂ ਨੂੰ ਬਹੁਤ ਮੁਸੀਬਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਤੇ ਉਹਨਾਂ ਕਰਕੇ ਹੀ ਦੁਨੀਆਂ ਵਿੱਚ ਇਨਸਾਫ, ਮਨੁੱਖਤਾ ਤੇ ਸੱਚ ਬਚਦਾ ਹੈ।)

ਗੁਰੂ ਨਾਨਕ ਦਾ ਦਰਸਾਇਆ ਮਾਰਗ ਹੈ ਹੀ ‘ਸੱਚ ਦਾ ਮਾਰਗ’। ਇਸੇ ਰਸਤੇ ’ਤੇ ਗੁਰੂ ਅਤੇ ਸਿੱਖ ਚੱਲ ਰਹੇ ਸਨ ਪਰ ਇਹ ਮਾਰਗ ਦੰਭੀ ਪਾਖੰਡੀ, ਅਖੌਤੀ ਧਰਮੀਆਂ ਅਤੇ ਜ਼ਾਲਮ ਹੁਕਮਰਾਨਾਂ ਨੂੰ ਕਦੇ ਵੀ ਪਸੰਦ ਨਹੀਂ ਸੀ ਤੇ ਨਾ ਹੀ ਹੈ। ਉਹਨਾਂ ਨੇ ਕਈ ਬਹਾਨੇ ਬਣਾਏ ਤੇ ਇਸ ਆਵਾਜ਼ ਨੂੰ ਦਬਾਉਣ ਦਾ ਯਤਨ ਕੀਤਾ। ਸੱਚ ਦੇ ਬਲਦੇ ਚਿਰਾਗ਼ ਨੂੰ ਬੁਝਾਉਣ ਦਾ ਹਰ ਯਤਨ ਕੀਤਾ। ਇਸ ਸੱਚ ਦੇ ਚਿਰਾਗ਼ ਨੂੰ ਬਲਦਾ ਰੱਖਣ ਲਈ ਗੁਰੂ ਸਾਹਿਬ ਜੀ ਨੇ ‘ਸੰਤ ਸਿਪਾਹੀ’ ਦਾ ਸੰਕਲਪ ਦਿੱਤਾ।

ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਹੋਲਾ ਮਹੱਲਾ ਦੀ ਸ਼ੁਰੂਆਤ ਕੀਤੀ। ਭਾਰਤੀ ਸੱਭਿਅਤਾ ਵਿੱਚ ਭਗਤ ਪ੍ਰਹਿਲਾਦ ਦੀ ਯਾਦ ਨੂੰ ਸਮਰਪਿਤ ਹੋਲੀ ਮਨਾਈ ਜਾਂਦੀ ਹੈ। ਮਿਥ ਅਨੁਸਾਰ ਪ੍ਰਹਿਲਾਦ ਭਗਤ ਨੇ ਆਪਣੇ ਹੀ ਜ਼ੁਲਮੀ ਪਿਤਾ, ਜੋ ਰਾਜਾ ਸੀ ਉਸ ਦੇ ਜ਼ੁਲਮ ਖਿਲਾਫ ਆਵਾਜ਼ ਬੁਲੰਦ ਕੀਤੀ। ਇੱਕ ਰੱਬ ਨਾਲ ਜੁੜ ਕੇ ਬਦੀ ਉੱਤੇ ਜਿੱਤ ਪ੍ਰਾਪਤ ਕੀਤੀ। ਉਸ ਦੀ ਯਾਦ ਵਿੱਚ ਲੋਕ ਇੱਕ ਦੂਜੇ ਉੱਤੇ ਚਿੱਕੜ, ਰੰਗ ਆਦਿ ਸੁੱਟ ਕੇ ਮਨਾਂਦੇ ਰਹੇ ਸਨ, ਪਰ ਪ੍ਰੇਰਨਾ ਨਾ ਲੈਂਦੇ ਕਿ ਅਸੀਂ ਵੀ ਜ਼ੁਲਮ ਦੇ ਖ਼ਿਲਾਫ਼ ਇਕਜੁੱਟ ਹੋ ਸਕੀਏ। ਗੁਰੂ ਨਾਨਕ ਦਾ ਘਰ ਹਮੇਸ਼ਾਂ ਬਾਬਰ ਨੂੰ ਜ਼ਾਬਰ ਕਹਿੰਦਾ ਆਇਆ ਹੈ। (ਜ਼ੁਲਮ ਕਰਨ ਵਾਲੇ ਹਾਕਮਾਂ ਨੂੰ ਲਲਕਾਰਦਾ ਆਇਆ ਹੈ।) ਹਾਲਾਤਾਂ ਨੂੰ ਦੇਖਦਿਆਂ ਬਹੁਤ ਹੀ ਦੂਰਅੰਦੇਸ਼ੀ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਹੋਲਾ ਮਹੱਲੇ ਦਾ ਸੰਕਲਪ ਦਿੱਤਾ।

‘ਹੋਲਾ ਮਹੱਲਾ’ ਦਾ ਹੋਲੀ ਨਾਲ ਕੋਈ ਸੰਬੰਧ ਨਹੀਂ ਹੈ। ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ‘ਹੋਲਾ ਮਹੱਲਾ’ ਦਾ ਮਤਲਬ ਹੈ ‘ਹਮਲਾ ਅਤੇ ਜਾਯ ਹਮਲਾ’ ਭਾਵ ਦੁਸ਼ਮਣ ਨੂੰ ਪਛਾੜਣ ਲਈ ਚੜ੍ਹਾਈ ਕਰਨੀ, ਪਰ ਪਹਿਲਾਂ ਪਹਿਚਾਣ ਕਰਨੀ ਕਿ ਦੁਸ਼ਮਣ ਕੌਣ ਹੈ ? ਉਸ ਦੀ ਕਮਜ਼ੋਰੀ ਕੀ ਹੈ ? ਅਨੰਦਪੁਰ ਸਾਹਿਬ ਵਿਖੇ ਗੁਰੂ ਦਸਮ ਪਿਤਾ ਜੀ ਨੇ ਸਿੱਖਾਂ ਨੂੰ ਸ਼ਸਤ੍ਰ ਵਿੱਦਿਆ ਦੇਣ ਦਾ ਪ੍ਰਬੰਧ ਕੀਤਾ। ਰਣਨੀਤੀ ਬਣਾਈ ਤੇ ਸਿੱਖ ਰਣਨੀਤੀ ਵਿੱਚ ਕਿੰਨੇ ਕੁ ਨਿਪੁੰਨ ਹੋ ਗਏ ਹਨ, ਇਸ ਦੀ ਪਰਖ ਕਰਨ ਲਈ ਸਿੱਖ ਫੌਜਾਂ ਨੂੰ ਦੋ ਜੱਥਿਆਂ ਵਿੱਚ ਵੰਡ ਦੇਂਦੇ ਸਨ। ਉਹਨਾਂ ਦੀ ਮਸਨੂਈ (ਬਣਾਉਟੀ) ਲੜਾਈ ਕਰਵਾਂਦੇ ਸਨ। ਜਿਹੜੇ ਯੋਧੇ ਵਧੀਆ ਪ੍ਰਦਸ਼ਨ ਕਰਦੇ ਸਨ ਉਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ। ਸਭ ਨੂੰ ਦੂਰ ਅੰਦੇਸ਼ ਹੋਣ ਦੀ ਪ੍ਰੇਰਨਾ ਕੀਤੀ ਜਾਂਦੀ। ਸਿੱਖ ਦੀ ਲੜਾਈ ਇੱਕ ਦਿਨ ਦੀ ਨਹੀਂ ਹੈ। ਸਾਨੂੰ ‘ਹੋਲਾ ਮਹੱਲਾ’ ਮਨਾਂਦੇ ਸੋਚਣ ਦੀ ਲੋੜ ਹੈ ਕਿ ਅਸੀਂ ਗੁਰੂ ਸਾਹਿਬ ਜੀ ਦੀ ਸਿੱਖਿਆ ਲੈ ਕੇ ਜੋ ਚੁਨੌਤੀਆਂ ਸਾਡੇ ਸਾਹਮਣੇ ਹਨ ਉਨ੍ਹਾਂ ਦਾ ਮੁਕਾਬਲਾ ਕਰੀਏ। ਕੌਣ ਨੇ ਸਮਾਜ ਦੇ ਦੁਸ਼ਮਣ ? ਕਿਉਂਕਿ ਅੱਜ ਦੁਸ਼ਮਣ ਤਰੀਕੇ ਬਦਲ ਕੇ ਆ ਰਿਹਾ ਹੈ ਸਾਨੂੰ ਪਹਿਚਾਣ ਕਰਨੀ ਪਵੇਗੀ।

ਜੋ ਸਮਾਜ ਵਿੱਚ ਕੁਰੀਤੀਆਂ ਫੈਲਾ ਰਹੇ ਨੇ ਚਾਹੇ ਉਹ ਸੀਰੀਅਲ ਹੋਣ ਜਾਂ ਪੰਜਾਬੀ ਸੱਭਿਆਚਾਰ ਦੇ ਨਾਮ ਦੇ ਬਣਾਈਆਂ ਗਈਆਂ ਫ਼ਿਲਮਾਂ ਹੋਣ। ਸਿੱਖੀ ਤੋਂ ਪਤਿਤ ਕਰਨ ਵਿੱਚ ਗਾਇਕਾਂ ਦਾ ਵੀ ਬਹੁਤ ਵੱਡਾ ਰੋਲ ਹੈ। ਅਖੌਤੀ ਕਲਾਕਾਰਾਂ ਨੇ ਇਹੋ ਜਿਹੇ ਗੀਤ ਗਾਏ ਕਿ ਨੌਜਵਾਨਾਂ ਨੂੰ ਨਸ਼ਿਆਂ ’ਤੇ ਲਾ ਦਿੱਤਾ। ਲੜਾਈ ਝਗੜੇ ਕਰਨਾ ਸਿੱਖਾ ਦਿੱਤਾ। ਕੌਣ ਹਨ ਉਹ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵ ਉੱਚਤਾ ਨੂੰ ਚੁਣੌਤੀ ਦੇ ਰਹੇ ਨੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਹੋਰ ਗ੍ਰੰਥ ਰੱਖਣ ਨੂੰ ਜ਼ੋਰ ਲਾ ਰਹੇ ਨੇ। ਕੌਣ ਹਨ ਉਹ ਜਿਨ੍ਹਾਂ ਨੇ ਅਕਾਲ ਤਖ਼ਤ ਦੀ ਮਾਨ ਮਰਯਾਦਾ ਨੂੰ ਸਿੱਖਾਂ ਦੇ ਮਨਾਂ ਵਿੱਚੋ ਖ਼ਤਮ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡੀ। ਕੌਣ ਨੇ ਨਸ਼ਿਆਂ ਦੇ ਵਪਾਰੀ ਜਿਨ੍ਹਾਂ ਘਰ ਘਰ ਨਸ਼ਾ ਪਹੁੰਚਾ ਦਿੱਤਾ ? ਡੇਰਾਵਾਦ ਜੋ ਸਮਾਜ ਨੂੰ ਗੁਮਰਾਹ ਕਰਕੇ ਸਾਧਾਂ ਨੂੰ ਗੁਰੂ ਤੋਂ ਵੱਡਾ ਪੇਸ਼ ਕਰਦੇ ਹਨ। ਵਹਿਮ ਭਰਮ, ਪਾਖੰਡ ਇਹ ਸਭ ਦੁਸ਼ਮਣ ਨੇ ਸਾਡੇ ਤੇ ਰੋਜ਼ ਸਾਨੂੰ ਬਰਬਾਦ ਕਰਨ ਦੀਆਂ ਸਕੀਮਾਂ ਘੜ ਰਹੇ ਹਨ।

‘ਹੋਲਾ ਮਹੱਲਾ’ ਪ੍ਰਤੀਕ ਹੈ ਸਦੀਵੀ ਚੇਤਨਤਾ ਦਾ, ਅੱਜ ਸੋਚਣ ਦੀ ਲੋੜ ਹੈ ਕਿ ਅਸੀਂ ਕਿੰਨਾ ਕੁ ਚੇਤੰਨ ਹਾਂ ? ਦੁਸ਼ਮਣ ਨੂੰ ਪਛਾੜਨ ਲਈ ਸਾਡੀ ਕੀ ਤਿਆਰੀ ਹੈ ?

Most Viewed Posts