37.4 C
Jalandhar
Wednesday, April 22, 2026
spot_img
Home Blog Page 169

ਅਸੀਂ ਬਾਗ਼ੀ ਤੇਰੀ ਬਾਣੀ ਤੋਂ…

0

ਅਸੀਂ ਬਾਗ਼ੀ ਤੇਰੀ ਬਾਣੀ ਤੋਂ…

ਅਸੀਂ ਬਾਗ਼ੀ ਤੇਰੀ ਬਾਣੀ ਤੋਂ,
ਇਕ ਸ਼ਬਦ ਨਾ ਖ਼ਾਨੇ ਪਾਇਆ ਏ।
ਨਾਨਕ ਜੀ ! ਤੇਰੇ ਸਿੱਖਾਂ ਨੇ,
ਸਿੱਖੀ ਨਾਲ ਦਗ਼ਾ ਕਮਾਇਆ ਏ॥

ਅਸੀਂ ਸਤੀਆਂ ਨੂੰ ਵੀ ਮੰਨਦੇ ਆਂ,
ਅਸੀਂ ਸਾਧਾਂ ਨੂੰ ਵੀ ਮੰਨਦੇ ਆਂ।
ਅਸੀਂ ਟੇਕੀਏ ਮੱਥਾ ਮੜ੍ਹੀਆਂ ਨੂੰ,
ਤੇ ਸ਼ਰਾਧਾਂ ਨੂੰ ਵੀ ਮੰਨਦੇ ਆਂ॥
ਅਸੀਂ ਘਰ ਦੀ ਸੁੱਖ-ਸ਼ਾਂਤੀ ਲਈ,
ਅੱਜ ਤੜਕੇ ਹਵਨ ਕਰਾਇਆ ਏ।
ਨਾਨਕ ਜੀ ! ਤੇਰੇ ਸਿੱਖਾਂ ਨੇ,
ਸਿੱਖੀ ਨਾਲ ਦਗ਼ਾ ਕਮਾਇਆ ਏ॥

ਤੈਨੂੰ ਕੌਤਕੀ ਅਸਾਂ ਬਣਾ ਦਿੱਤਾ,
ਤੇਰੇ ਕੋਲੋਂ ਮੱਕਾ ਘੁਮਾ ਦਿੱਤਾ। 
ਵਿਚ ਵੇਈਂ ਲੋਪ ਕਰਾ ਦਿੱਤਾ,
ਤੇਰਾ ਅਸਲੋਂ ਰੂਪ ਵਟਾ ਦਿੱਤਾ॥
ਤੇਰੀ ਫ਼ੋਟੋ ਪੂਜੀ ਜਾਂਦੇ ਆਂ,
ਤੇਰੇ ਕਹੇ ਨੂੰ ਫਾਹੇ ਲਾਇਆ ਏ।
ਨਾਨਕ ਜੀ ! ਤੇਰੇ ਸਿੱਖਾਂ ਨੇ,
ਸਿੱਖੀ ਨਾਲ ਦਗ਼ਾ ਕਮਾਇਆ ਏ॥

ਅਸੀਂ ਪੱਕੇ ਹਮਾਇਤੀ ਜਾਤਾਂ ਦੇ,
ਅਸੀਂ ਖ਼ੁਦ ਨੂੰ ‘ਜੱਟ’ ਕਹਾਉਂਦੇ ਆਂ।
ਅਸੀਂ ਪਾਠ ਰਖਾਈਏ ਡੇਰਿਆਂ ’ਤੇ,
ਬੜਾ ਭਾਰੀ ਲੰਗਰ ਲਾਉਂਦੇ ਆਂ॥
ਲੈ ਨਿਸ਼ਾਨ ਸਾਹਿਬ ਵੀ ਗੱਡ ਦਿੱਤਾ,
ਗੁਰਦਵਾਰਾ ਦਲਿਤਾਂ ਬਣਾਇਆ ਏ।
ਨਾਨਕ ਜੀ ! ਤੇਰੇ ਸਿੱਖਾਂ ਨੇ,
ਸਿੱਖੀ ਨਾਲ ਦਗ਼ਾ ਕਮਾਇਆ ਏ॥

ਅਸੀਂ ਸ਼ੌਂਕੀ ਗੁਰੂ ਘਰ ਜਾਵਣ ਦੇ,
ਨਾਲੇ ਠੱਗੀਆਂ-ਠੋਰੀਆਂ ਮਾਰਦੇ ਆਂ।
ਅਸੀਂ ਲੜੀ ਚਲਾਈਏ ਪਾਠਾਂ ਦੀ,
ਬਸ ਪੜ੍ਹ-ਪੜ੍ਹ ਬੁੱਤਾ ਸਾਰਦੇ ਆਂ॥
ਕੋਈ ਸੁਣਨ ਤੋਂ ਕਿਵੇਂ ਰਹਿ ਸਕਦੈ,
ਕੰਨ-ਪਾੜੂ ਸਪੀਕਰ ਲਾਇਆ ਏ।
ਨਾਨਕ ਜੀ ! ਤੇਰੇ ਸਿੱਖਾਂ ਨੇ,
ਸਿੱਖੀ ਨਾਲ ਦਗ਼ਾ ਕਮਾਇਆ ਏ॥

ਅਸੀਂ ਮੁੱਲ ਦੇ ਪਾਠ ਚਲਾ ਛੱਡੇ,
ਬੜੇ ਸੁੰਦਰ ਰੁਮਾਲੇ ਪਾ ਛੱਡੇ।
ਦਰਬਾਰ ਵੀ ਦੁੱਧ ਨਾਲ ਧੋ ਛੱਡੇ,
ਗ੍ਰੰਥ ਸਾਹਿਬ ਲਈ ਏ. ਸੀ. ਲਾ ਛੱਡੇ॥
ਫੁੱਲਾਂ ਦੀ ਵਰਖਾ ਵੇਖ ਜ਼ਰਾ,
ਕਿੱਡਾ ਨਗਰ-ਕੀਰਤਨ ਸਜਾਇਆ ਏ।
ਨਾਨਕ ਜੀ ! ਤੇਰੇ ਸਿੱਖਾਂ ਨੇ,
ਸਿੱਖੀ ਨਾਲ ਦਗ਼ਾ ਕਮਾਇਆ ਏ॥

ਅਸੀਂ ‘ਸੇਵਾ’ ਲਈ ਲੜ ਮਰਦੇ ਆਂ,
ਚੋਰੀ ਗੋਲਕਾਂ ਵਿਚੋਂ ਕਰਦੇ ਆਂ।
ਸੰਗਤ ਦਾ ਚੜ੍ਹਾਵਾ ਛਕ ਜਾਈਏ,
ਤਾਹੀਉਂ ਤਾਂ ਚੋਣਾਂ ਲੜਦੇ ਆਂ॥
ਸਿੱਖੀ ਨੂੰ ਸਾਂਭਣ ਖ਼ਾਤਰ ਜੀ,
ਚਿੱਠੀ ’ਚੋਂ ਜਥੇਦਾਰ ਆਇਆ ਏ।
ਨਾਨਕ ਜੀ ! ਤੇਰੇ ਸਿੱਖਾਂ ਨੇ,
ਸਿੱਖੀ ਨਾਲ ਦਗ਼ਾ ਕਮਾਇਆ ਏ॥

ਸਿੱਖੀ ਨਾਲ ਧ੍ਰੋਹ ਕਮਾਇਆ ਏ॥
ਸਿੱਖੀ ਨਾਲ ਦਗ਼ਾ ਕਮਾਇਆ ਏ॥

ਪੂਰਨ ਜੋਤਿ ਜਗੈ ਘਟ ਮੈ..॥

0

ਪੂਰਨ ਜੋਤਿ ਜਗੈ ਘਟ ਮੈ..॥

ਤਰਸੇਮ ਸਿੰਘ (ਲੁਧਿਆਣਾ)

ੴ ਵਾਹਿਗੁਰੂ ਜੀ ਕੀ ਫਤਹਿ॥

ਸ੍ਰੀ ਮੁਖਵਾਕ ਪਾਤਿਸਾਹੀ ੧੦॥ ਸਵੈਯਾ॥

ਜਾਗਤ ਜੋਤਿ ਜਪੈ ਨਿਸ ਬਾਸੁਰ; ਏਕੁ ਬਿਨਾ, ਮਨਿ ਨੈਕ ਨ ਆਨੈ॥

ਪੂਰਨ ਪ੍ਰੇਮ ਪ੍ਰਤੀਤ ਸਜੈ; ਬ੍ਰਤ ਗੋਰ ਮੜ੍ਹੀ ਮਠ, ਭੂਲ ਨ ਮਾਨੈ॥

ਤੀਰਥ ਦਾਨ ਦਇਆ ਤਪ ਸੰਜਮ; ਏਕੁ ਬਿਨਾ, ਨਹਿ ਏਕ ਪਛਾਨੈ॥

ਪੂਰਨ ਜੋਤਿ ਜਗੈ ਘਟ ਮੈ; ਤਬ ਖਾਲਸ ਤਾਹਿ ਨਿਖਾਲਸ ਜਾਨੈ ॥੧॥ (੩੩ ਸਵੈਯੇ)

ਪਦ ਅਰਥ: ਜਾਗਤ ਜੋਤਿ– ਜਾਗਿ੍ਰਤ ਜਾਂ ਪ੍ਰਕਾਸ਼ ਰੂਪ ਹੋਂਦ।, ਨਿਸ-ਰਾਤ।, ਬਾਸੁਰ-ਦਿਨ।, ਏਕੁ ਬਿਨਾ-ਇੱਕ ਅਕਾਲ ਪੁਰਖ ਤੋਂ ਬਿਨਾਂ।, ਨੈਕ-ਤਨਿਕ ਜਾਂ ਮਾਮੂਲੀ।, ਸਜੈ-ਵਿੱਚ ਸਜਦਾ ਹੈ ਭਾਵ ਆਪਣੇ ਆਪ ਨੂੰ ਸਜਾਉਂਦਾ ਹੈ।, ਬ੍ਰਤ-ਵਰਤ ਰੱਖਣੇ।, ਗੋਰ– ਕਬਰ ਜਾਂ ਮਜਾਰ।, ਮੜੀ– ਮਰੇ ਦੀ ਯਾਦਗਾਰ (ਕਈ ਜਗ੍ਹਾ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਅੰਗੀਠਾ ਸਾਹਿਬ ਜਾਂ ਕੋਈ ਹੋਰ ਨਾਮ ਵੀ ਦੇ ਦਿੱਤਾ ਜਾਂਦਾ ਹੈ)।, ਮਠ-ਸਾਧੂ ਦਾ ਨਿਵਾਸ ਸਥਾਨ।, ਤੀਰਥ– ਅਜਿਹੇ ਅਸਥਾਨ ਜਿਨ੍ਹਾਂ ਦੀ ਯਾਤਰਾ ਕਰਨ ਭਾਵ ਜਿੱਥੇ ਜਾਣ ਨਾਲ ਮੁਕਤੀ ਮਿਲਦੀ ਮੰਨੀਦੀ ਹੈ।, ਦਾਨ-ਪਾਠ ਪੂਜਾ ਬਦਲੇ ਦਿੱਤੀ ਗਈ ਭੇਟਾ।, ਦਇਆ– ਜੀਵ ਹੱਤਿਆ ਦਾ ਤਿਆਗ।, ਤਪ-ਦੇਵਤੇ ਨੂੰ ਖੁਸ਼ ਕਰਨ ਲਈ ਕੀਤੇ ਜਾਂਦੇ ਕਰਮ ਜਾਂ ਧੂਣੀਆਂ ਤਪਾ ਕੇ ਸਹਾਰੇ ਜਾਂਦੇ ਸ਼ਰੀਰਕ ਕਸ਼ਟ।, ਸੰਜਮ– ਕਾਮ ਇੰਦ੍ਰੀ ਨੂੰ ਕਾਬੂ ਕਰਨ ਦੇ ਯਤਨ।, ਤਾਹਿ– ਉਸ ਨੂੰ।, ਨਿਖਾਲਸ– ਪੂਰਨ ਨਿਰਮਲ ਜਾਂ ਸ਼ੁੱਧ ਸਰੂਪ।, ਜਾਨੈ– ਸਮਝਣਾ ਚਾਹੀਦਾ ਹੈ।

ਵਿਚਾਰ: ਵਿਚਾਰ ਅਧੀਨ ਸ਼ਬਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ 33 ਸਵੱਈਆਂ ਵਿੱਚੋਂ ਪਹਿਲਾ (ਆਰੰਭਕ) ਸਵੱਈਆ ਹੈ, ਜਿਵੇਂ ਕਿ ਗੁਰਬਾਣੀ ਦੀ ਲਿਖਤ ਮੁਤਾਬਕ ਕਿਸੇ ਲੰਮੀ ਰਚਨਾ ਦਾ ਪਹਿਲਾ ਸ਼ਬਦ ਆਪਣੇ ਇਸ਼ਟ (ਅਕਾਲ ਪੁਰਖ) ਦੀ ਉਸਤਤ ਵਜੋਂ ਮੰਗਲਾਚਰਨ ਰੂਪ ’ਚ ਦਰਜ ਹੁੰਦਾ ਹੈ, ਇਸੇ ਤਰ੍ਹਾਂ ਹੀ ਦਸਮੇਸ਼ ਪਿਤਾ ਜੀ ਨੇ ਆਪਣੀ ਰਚਨਾ 33 ਸਵੈਯਾ ’ਚ ਆਰੰਭਕ ਪਦੇ ਨੂੰ ਮੰਗਲਾਚਰਨ ਰੂਪ ’ਚ ਦਰਜ ਕੀਤਾ ਹੈ ਪਰ ਇਸ ਦੀ ਵਿਸ਼ੇਸ਼ਤਾ ਇਹ ਹੈ ਕਿ ਇੱਕ ਅਕਾਲ ਪੁਰਖ ਦੀ ਉਸਤਤ ਕਰਨ ਲਈ ਦੁਨਿਆਵੀ ਮੰਨੇ ਜਾਂਦੇ ਤਮਾਮ ਇਸ਼ਟਾਂ ਨੂੰ ਮਿਸਾਲ ਦੇ ਤੌਰ ’ਤੇ ਲਿਆ ਗਿਆ ਹੈ, ਜਿਵੇਂ ਕਿ ਵਰਤ ਰੱਖਣੇ, ਮਰਿਆਂ ਦੀਆਂ ਮੜ੍ਹੀਆਂ ਪੂਜਣੀਆਂ, ਕਬਰ ਸਥਾਨਾਂ ਦੀ ਪੂਜਾ ਕਰਨੀ, ਦੇਵੀ ਦੇਵਤਿਆਂ ਨੂੰ ਖੁਸ਼ ਕਰਨਾ, ਕੁਦਰਤੀ ਆਫਤਾਂ ਤੋਂ ਭੈ-ਭੀਤ ਹੋ ਕੇ ਉਨ੍ਹਾਂ ਨੂੰ ਹੀ ਰੱਬ ਮੰਨ ਬੈਠਣਾ, ਸਰੀਰਕ ਪਵਿੱਤਰਤਾ ਲਈ ਤੀਰਥ ਇਸ਼ਨਾਨ ਕਰਨੇ, ਉਥੇ ਜਾ ਕੇ ਇਸ਼ਟ ਨੂੰ ਖੁਸ਼ ਕਰਨ ਲਈ ਧੂਣੀਆਂ ਤਪਾਉਣੀਆਂ ਤੇ ਆਪਣੇ ਸਰੀਰ ਨੂੰ ਕਸ਼ਟ ਦੇਣੇ, ਧਰਮ ਕਰਮ ਬਦਲੇ ਪੂਜਾਰੀਆਂ ਨੂੰ ਭਾਰੀ ਪੁੰਨ-ਦਾਨ ਭੇਟਾ ਕਰਨਾ, ਕਾਮ ਇੰਦ੍ਰੀ ਨੂੰ ਕਾਬੂ ’ਚ ਰੱਖਣ ਲਈ ਅਨੇਕਾਂ ਸੰਜਮ ਅਪਣਾਉਣੇ; ਜਿਵੇਂ ਕਿ ਇਸਤ੍ਰੀ ਦਾ ਤਿਆਗ, ਗ੍ਰਹਿਸਤੀ ਦਾ ਤਿਆਗ, ਸਮਾਜਿਕ ਜ਼ਿੰਮੇਵਾਰੀ ਤੋਂ ਭਗੋੜੇ ਹੋਣਾ, ਆਦਿ।

ਗ੍ਰਹਿਸਤੀ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਸਮਾਜਿਕ ਪ੍ਰੇਮ ਪੈਦਾ ਕਰਨ ਲਈ ਪਰਉਪਕਾਰਤਾ ਨਾ ਕਰਨੀ, ਦੂਸਰਿਆਂ ਨਾਲ ਹਮਦਰਦੀ ਨਾ ਵਿਖਾਉਣੀ, ਇਤਿਆਦਿਕ ਅਰਥਹੀਣ ਕਰਮ; ਕਠੋਰ ਮਨ ਕਾਰਨ ਉਪਜਦੇ ਹਨ ਕਿਉਂਕਿ ਅਜਿਹਾ ਵਿਅਕਤੀ ਚੰਗੀ ਨਸੀਹਤ ਸੁਣਨ ਲਈ ਗੁਰੂ ਦਰ ਦੀ ਮਦਦ ਨਹੀਂ ਲੈਂਦਾ। ਇਹ ਤਮਾਮ ਧਾਰਮਿਕ ਮੰਨੇ ਜਾਂਦੇ ਕਰਮ; ਵਿਕਾਰਾਂ ਦੇ ਮੁਕਾਬਲੇ ਇਉਂ ਨਿਰਮੂਲ ਸਿੱਧ ਹੁੰਦੇ ਹਨ ਜਿਵੇਂ ਕਿ ਰੇਤ ਦੇ ਘਰ ਜ਼ਿਆਦਾ ਦੇਰ ਤੱਕ ਨਹੀਂ ਟਿਕ ਸਕਦੇ:

‘‘ਮਨਮੁਖ ਕਰਮ ਕਰੈ ਅਜਾਈ ॥ ਜਿਉ ਬਾਲੂ ਘਰ; ਠਉਰ ਨ ਠਾਈ ॥’’ (ਮ: ੫/੧੩੪੮)

ਦਰਅਸਲ, ਅਗਰ ਮਨੁੱਖ ਮਾਯਾ ਦੇ ਪਤੀ ਤੇ ਕੁਦਰਤ ਦੇ ਰਚੇਤਾ ਦਾ ਧਿਆਨ ਧਰਨਾ ਆਰੰਭ ਕਰ ਦਿੰਦਾ ਹੈ ਤਾਂ ਉਸ ਦਾ ਸੋਚ ਮੰਡਲ ਤੇ ਆਚਰਣ ਉੱਚਾ ਹੋਣਾ ਸ਼ੁਰੂ ਹੋ ਜਾਂਦਾ ਹੈ। ਮਨੁੱਖ, ਸਰਬ ਸ਼ਕਤੀਮਾਨ ਦਾ ਸੇਵਕ ਬਣ ਕੇ ਮਾਇਆ ਦੇ ਹੱਥਾਂ ਉੱਤੇ ਫੋਕਟ ਕਰਮ ਦੀ ਟੇਕ ਲੈਂਦਿਆਂ ਨਹੀਂ ਨੱਚਦਾ। ਸਰਬ ਸ਼ਕਤੀਮਾਨ ਨੂੰ ਆਪਣਾ ਮਾਲਕ ਬਣਾਉਣ ਨਾਲ ਮਨੁੱਖ ਹਰ ਇੱਕ ਨਾਲ ਪ੍ਰੇਮ-ਪਿਆਰ ਕਰਦਾ ਹਮਦਰਦੀ ਜਤਾਉਂਦਾ ਹੈ, ਦੁੱਖ-ਸੁੱਖ ਵਿੱਚ ਭਾਈਵਾਲ ਬਣਦਾ ਹੈ ਕਿਉਂਕਿ ਉਸ ਦਾ ਪਰਿਵਾਰ ਅਕਾਲ ਪੁਰਖ ਦੀ ਤਰ੍ਹਾਂ ਬਹੁਤ ਵੱਡਾ ਹੋ ਜਾਂਦਾ ਹੈ, ਜਿਸ ਕਾਰਨ ਜਗਤ ਠਗਣੀ ਮਾਯਾ ਨੂੰ ਆਪਣੀ ਦਾਸੀ ਬਣਾ ਲੈਂਦਾ ਹੈ: ‘‘ਮਾਇਆ ਦਾਸੀ; ਭਗਤਾ ਕੀ ਕਾਰ ਕਮਾਵੈ ॥’’ (ਮ: ੩/੨੩੧), ਪਰ ਇਹ ਸਭ ਕੁਝ ਫੋਕਟ ਕਰਮਾਂ ਨਾਲ ਪ੍ਰਾਪਤ ਨਹੀਂ ਹੁੰਦਾ। ਗੁਰੂ ਦੀ ਸ਼ਰਨ ਤੇ ਸਤਿ ਸੰਗਤ ਦੇ ਸਹਿਯੋਗ ਨਾਲ ਇੱਕ ਅਕਾਲ ਪੁਰਖ ਦਾ ਨਾਮ ਜਪਣਾ ਨਾਲ ਹੀ ਇਹ ਰੁਤਬਾ ਨਸੀਬ ਹੁੰਦਾ ਹੈ, ਜਿਸ ਦੀ ਪ੍ਰਾਪਤੀ ਕੇਵਲ ਮਨੁੱਖਾ ਜੂਨੀ ਰਾਹੀਂ ਸੰਭਵ ਹੁੰਦੀ ਹੈ ਅਤੇ ਜੋ ਕੇਵਲ ਉਕਤ ਬਿਆਨ ਕੀਤੇ ਗਏ ਕਰਮਾਂ ਤੱਕ ਸੀਮਤ ਰਹਿ ਕੇ ਆਪਣਾ ਮਨੁੱਖਾ ਜੀਵਨ ਸਮਾਪਤ ਕਰ ਗਏ ਜਾਂ ਕਰ ਲੈਂਦੇ ਹਨ ਉਹ ਜੀਵਨ ਬਾਜੀ ਹਾਰ ਗਏ ਜਾਂ ਹਾਰ ਜਾਂਦੇ ਹਨ। ਇਸ ਲਈ ਗੁਰਬਾਣੀ ਵਚਨ ਕਰਦੀ ਹੈ:

‘‘ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥

ਅਵਰਿ ਕਾਜ ਤੇਰੈ ਕਿਤੈ ਨ ਕਾਮ ॥ ਮਿਲੁ ਸਾਧਸੰਗਤਿ; ਭਜੁ ਕੇਵਲ ਨਾਮ ॥’’ (ਮ: ੫/੧੨)

ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੇ ਸਵੱਈਏ ਦੇ ਚਾਰ ਬੰਦਾਂ ਚੋਂ ਪਹਿਲੇ ਰਾਹੀਂ ਵਚਨ ਕਰਦੇ ਹਨ ਕਿ ਸਦੀਵੀ ਪ੍ਰਕਾਸ਼ਮਾਨ (ਮਾਯਾ ਦੇ ਪ੍ਰਭਾਵ ਤੋਂ ਸੁਤੰਤਰ) ਅਕਾਲ ਪੁਰਖ ਨੂੰ ਦਿਨ ਰਾਤ ਚੇਤੇ ਰੱਖਣਾ ਚਾਹੀਦਾ ਹੈ ਉਸ ਇੱਕ ਤੋਂ ਬਿਨਾਂ ਕਿਸੇ ਦੂਸਰੇ ਨੂੰ ਤਿਨਕ ਮਾਤਰ ਵੀ ਮਨ ਵਿੱਚ ਨਹੀਂ ਧਿਆਉਣਾ ਚਾਹੀਦਾ:

‘‘ਜਾਗਤ ਜੋਤਿ ਜਪੈ ਨਿਸ ਬਾਸੁਰ; ਏਕੁ ਬਿਨਾ, ਮਨਿ ਨੈਕ ਨ ਆਨੈ ॥’’

ਸ਼ਬਦ ਦੇ ਦੂਸਰੇ ਬੰਦ ’ਚ ਗੁਰੂ ਜੀ ਸਮਝਾ ਰਹੇ ਹਨ ਕਿ ਜਿਨ੍ਹਾਂ ਨੇ ਉਸ ਇੱਕ ਨੂੰ ਆਪਣੇ ਜੀਵਨ ਦਾ ਆਸਰਾ ਬਣਾ ਲਿਆ ਉਹ ਤਮਾਮ ਫੋਕਟ ਕਰਮਾਂ ਨੂੰ ਤਿਆਗ ਦਿੰਦੇ ਹਨ; ਜਿਵੇਂ ਕਿ ਵਰਤ ਰੱਖਣੇ, ਕਬਰਾਂ ਜਾਂ ਸਾਧੂਆਂ ਦੇ ਨਿਵਾਸ ਸਥਾਨ ਪੂਜਣੇ, ਜਿੱਥੇ ਉਨ੍ਹਾਂ ਤਪ ਆਦਿਕ ਕੀਤਾ ਹੁੰਦਾ ਹੈ, ਪ੍ਰਤੀ ਭੁੱਲ ਕੇ ਵੀ ਸ਼ਰਧਾ ਨਹੀਂ ਵਿਖਾਉਂਦੇ ਕਿਉਂਕਿ ਉਨ੍ਹਾਂ ਦਾ ਪ੍ਰੇਮ; ਕੇਵਲ ਇੱਕ ਅਕਾਲ ਪੁਰਖ ਨਾਲ ਬਣ ਚੁੱਕਾ ਹੁੰਦਾ ਹੈ ਭਾਵ ਉਨ੍ਹਾਂ ਦੇ ਮਨ, ਬਚ, ਕਰਮ; ਸਤਿ ਨਾਲ ਜੁੜ ਚੁੱਕੇ ਹੁੰਦੇ ਹਨ:

‘‘ਪੂਰਨ ਪ੍ਰੇਮ ਪ੍ਰਤੀਤ ਸਜੈ; ਬ੍ਰਤ ਗੋਰ ਮੜ੍ਹੀ ਮਠ, ਭੂਲ ਨ ਮਾਨੈ ॥’’

(ਨੋਟ: ਉਕਤ ਸ਼ਬਦ ਦੀ ਵਿਚਾਰ ਉਪਰੰਤ ਸਾਨੂੰ ਇਹ ਵੀ ਵੇਖਣਾ ਬਣਦਾ ਹੈ ਕਿ ਕੀ ਅੱਜ ਸਿੱਖਾਂ ਨੇ ਤੀਰਥ ਭਰਮਣ ਕਰਨੇ ਬੰਦ ਕਰ ਦਿੱਤੇ ? ਕੀ ਕਬਰਾਂ ਜਾਂ ਸਮਾਧਾਂ ਪ੍ਰਤੀ ਆਸਥਾ ਘਟ ਹੋਈ ਹੈ ? ਕੀ ਅਸੀਂ ਕਰਵਾ ਚੌਥ ਵਗੈਰਾ ਵਰਤ ਤਾਂ ਨਹੀਂ ਰੱਖਦੇ ? ਕੀ ਮਰੇ ਹੋਏ ਪ੍ਰਾਣੀਆਂ ਦੀਆਂ ਹਰ ਸਾਲ ਬਰਸੀਆਂ ਤਾਂ ਨਹੀਂ ਮਨਾਉਂਦੇ ? ਪੱਥਰ, ਮੂਰਤੀ ਤੇ ਫੋਟੋ ਪ੍ਰਤੀ ਸ਼ਰਧਾ ਰੱਖਣੀ ਗੁਰੂ ਜੀ ਨਿਰਮੂਲ ਕਰਮ ਦੱਸ ਰਹੇ ਹਨ, ਪਰ ਸਿੱਖਾਂ ਦੇ ਘਰ ਵਿੱਚ ਇਨ੍ਹਾਂ ਨੂੰ ਪੂਜਿਆ ਜਾਂਦਾ ਹੈ, ਫਰਕ ਕੇਵਲ ਦੇਵ ਪੂਜਾ ਦੀ ਜਗ੍ਹਾ ਸ਼ਹੀਦ ਪੂਜਾ ਨੇ ਲੈ ਲਈ ਹੈ। ਸਿੱਖਾਂ ਦੀ ਨਿਵੇਕਲੀ ਦਿੱਖ ਤੇ ਕਿਰਦਾਰ ਕਿੱਥੇ ਹਨ ? ਕੀ ਫਰਕ ਰਹਿ ਜਾਂਦਾ ਹੈ ਗੁਰਮਤਿ ਤੇ ਅਨਮਤਿ ਨੂੰ ਪੜ੍ਹਨ ਤੇ ਪਾਠ ਕਰਵਾਉਣ ਵਿੱਚ ?, ਅੱਜ ਸਰਕਾਰਾਂ ਨੇ ਵੀ ਸਾਡੇ ਤੀਰਥ ਭਰਮਣ ਲਈ ਬੱਸਾਂ ਦੀ ਸੁਵਿਧਾ ਉਪਲੱਬਧ ਕਰਵਾ ਦਿੱਤੀ ਹੈ। ਕੀ ਅੱਜ ਗੁਰਮਤਿ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਕੋਈ ਘਾਟ ਹੈ ਜਾਂ ਅਸੀਂ ਹੀ ਮਨਮਤ ਨੂੰ ਮਜਬੂਤੀ ਨਾਲ ਜੱਫੀ ਪਾਈ ਹੋਈ ਹੈ, ਜਿਸ ਦਾ ਨਤੀਜਾ ਸਾਡੀ ਔਲਾਦ ਦਾ ਗੁਣਹੀਣ ਹੋਣਾ ਹੈ, ਜੋ ਨਸ਼ਿਆਂ ’ਚ ਫਸੀ ਹੋਈ ਆਪਣੇ ਬਜ਼ੁਰਗਾਂ ਦਾ ਸਤਿਕਾਰ ਨਹੀਂ ਕਰ ਰਹੀ ਇਹ ਸਭ ਕੁਝ ਗੁਰੂ ਦੇ ਦਰ ਨਾਲੋਂ ਟੁੱਟਣ ਕਾਰਨ ਵਾਪਰਿਆ ਹੈ, ਜਿਸ ਗੁਰੂ ਨੇ ਸਾਡੇ ਲਈ ਸਰਬੰਸ ਦਾਨ ਕੀਤਾ ਸੀ। ਕਿੰਨੇ ਅਿਤਘਣ ਹਾਂ ਅਸੀਂ  ? )

ਸ਼ਬਦ ਦੇ ਤੀਸਰੇ ਬੰਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਫ਼ੁਰਮਾਨ ਕਰਦੇ ਹਨ ਕਿ ਪੂਰਨ ਪ੍ਰਕਾਸ਼ ਰੂਪ ਦਾ ਪੂਜਾਰੀ (ਸੇਵਕ) ਕਿਸੇ ਵੀ ਤੀਰਥ ਯਾਤਰਾ ਨੂੰ ਮਹੱਤਵ ਨਹੀਂ ਦਿੰਦਾ, ਪੂਜਾਰੀ ਸ਼੍ਰੇਣੀ ਨੂੰ ਦਾਨ ਦੇ ਨਾਂ ’ਤੇ ਆਪਣੀ ਮਿਹਨਤ ਦੀ ਕਮਾਈ ਨਹੀਂ ਲੁਟਾਉਂਦਾ, ਕਿਸੇ ਤਪ ਆਦਿ ਰਾਹੀਂ ਦੇਵੀ ਦੇਵਤੇ ਨੂੰ ਖੁਸ਼ ਨਹੀਂ ਕਰਦਾ, ਕਾਮ ਇੰਦ੍ਰੀ ਨੂੰ ਕਾਬੂ ਕਰਨ ਲਈ ਘਰ ਗ੍ਰਹਿਸਤੀ ਨੂੰ ਨਹੀਂ ਤਿਆਗਦਾ, ਆਦਿ ਧਾਰਨਾਵਾਂ ’ਚੋਂ ਕਿਸੇ ਇੱਕ ਪ੍ਰਤੀ ਵੀ ਵਿਸ਼ਵਾਸ ਬਣਾ ਕੇ ਇੱਕ ਅਕਾਲ ਪੁਰਖ ਨਾਲੋਂ ਆਪਣੀ ਬਿਰਤੀ ਨਹੀਂ ਤੋੜਦਾ ਹੈ:

‘‘ਤੀਰਥ ਦਾਨ ਦਇਆ ਤਪ ਸੰਜਮ; ਏਕੁ ਬਿਨਾ, ਨਹਿ ਏਕ ਪਛਾਨੈ ॥’’

ਉਕਤ ਪੰਕਤੀ ’ਚ ਦਰਜ ਸ਼ਬਦ ‘ਦਇਆ’ ਦਾ ਮਤਲਬ ਹਿੰਸਾ ਦਾ ਤਿਆਗ ਨਹੀਂ ਮੰਨ ਲੈਣਾ ਚਾਹੀਦਾ ਕਿਉਂਕਿ ਸਮਾਜ ਵਿੱਚ ਕੁਝ ਮਨੁੱਖ ਅਹਿੰਸਾ ਦੇ ਪੂਜਾਰੀ ਵੀ ਹਨ, ਜੋ ਆਪਣੇ ਮੂੰਹ ’ਤੇ ਪੱਟੀਆਂ ਲਪੇਟ ਕੇ ਰੱਖਦੇ ਹਨ ਤਾਂ ਜੋ ਜੀਵ ਹੱਤਿਆ ਨਾ ਹੋ ਜਾਏ। ਗੁਰਮਤਿ ਨੇ ਜੈਨੀਆਂ ਦੀ ਉਦਾਹਰਨ ਨਾਲ ਅਜਿਹੇ ਫੋਕਟ ਕਰਨ ਨੂੰ ਨਿਰਮੂਲ ਦੱਸਿਆ ਹੈ, ਜੀਵ ਹੱਤਿਆ ਦੇ ਡਰ ਕਾਰਨ ਪਾਣੀ ਨੂੰ ਇਸਤੇਮਾਲ ਨਾ ਕਰਨ ਕਰਕੇ ਇਹ ਲੋਕ ਕੁਚੀਲ ਰਹਿੰਦੇ ਹਨ:

‘‘ਦਾਨਹੁ ਤੈ ਇਸਨਾਨਹੁ ਵੰਜੇ; ਭਸੁ ਪਈ ਸਿਰਿ ਖੁਥੈ ॥… ਮੁਇਆ ਜੀਵਦਿਆ ਗਤਿ ਹੋਵੈ ਜਾਂ ਸਿਰਿ ਪਾਈਐ ਪਾਣੀ ॥

ਨਾਨਕ  ! ਸਿਰਖੁਥੇ ਸੈਤਾਨੀ; ਏਨਾ ਗਲ ਨ ਭਾਣੀ ॥’’ (ਮ: ੧/੧੫੦)

ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੇ ਸ਼ਬਦ ਦੇ ਆਖਰੀ ਬੰਦ ’ਚ ਮਿਸਾਲ ਦਿੰਦੇ ਹਨ ਕਿ ਜੋ ਮਨੁੱਖ ਇਨ੍ਹਾਂ ਤਮਾਮ ਕਰਮਕਾਂਡਾਂ ਨੂੰ ਤਿਆਗ ਕੇ ਕੇਵਲ ਜਾਗਤ ਜੋਤਿ ਅਕਾਲ ਪੁਰਖ ਨੂੰ ਸ੍ਰਿਸ਼ਟੀ ਦਾ ਕਰਤਾ, ਧਰਤਾ ਤੇ ਹਰਤਾ ਮੰਨ ਕੇ ਉਸ ਨੂੰ ਹੀ ਆਪਣਾ ਈਸ਼ਟ ਦੇਵ ਮੰਨਦਾ ਤੇ ਯਾਦ ਕਰਦਾ ਹੈ ਉਸ ਦੇ ਹਿਰਦੇ-ਘਰ ਵਿੱਚ ਸਦਾ ਪ੍ਰਕਾਸ਼ਮਾਨ ਜਾਂ ਪ੍ਰਭੂ ਦੀ ਪੂਰਨ ਜੋਤ ਜਗਦੀ ਰਹਿੰਦੀ ਹੈ ਭਾਵ ਉਹ ਵਿਅਕਤੀ ਕਿਸੇ ਵਹਿਮ-ਭਰਮ ਨੂੰ ਮਹੱਤਵ ਨਹੀਂ ਦਿੰਦਾ। ਸਗੋਂ ਤਮਾਮ ਸਮਾਜਿਕ ਜ਼ਿੰਮੇਵਾਰੀਆਂ ਨੂੰ ਨਿਭਾਉਂਦਾ ਹੋਇਆਂ ਨਾਮ ਜਪਦਾ, ਕਿਰਤ ਕਰਦਾ ਤੇ ਵੰਡ ਕੇ ਛੱਕਦਾ ਹੈ, ਕਿਸੇ ਵਿਚੋਲੇ ਨੂੰ ਆਪਣੇ ਤੇ ਗੁਰੂ ਵਿਚਕਾਰ ਨਹੀਂ ਲੈ ਕੇ ਆਉਂਦਾ, ਉਹੀ ਮਨੁੱਖ ਪੂਰਨ ਸ਼ੁੱਧ ਪ੍ਰਕਾਸ਼ਮਈ ਅਕਾਲ ਪੁਰਖ ਦਾ ਰੂਪ ਹੋ ਨਿਬੜਦਾ ਹੈ ਤੇ ਉਸ ਨੂੰ ਅਕਾਲ ਪੁਰਖ ਵਾਂਗ ਨਿਖਾਲਸ (ਪੁਰਨ ਜੋਤ ਸਰੂਪ ਸ਼ੁੱਧ) ਮੰਨਣਾ ਚਾਹੀਦਾ ਹੈ:

‘‘ਪੂਰਨ ਜੋਤਿ ਜਗੈ ਘਟ ਮੈ; ਤਬ ਖਾਲਸ ਤਾਹਿ ਨਿਖਾਲਸ ਜਾਨੈ ॥੧॥’’ (੩੩ ਸਵੈਯੇ)

ਖ਼ਾਲਸੇ ਦਾ ਵਿਅਕਤੀਤਵ

0

ਖ਼ਾਲਸੇ ਦਾ ਵਿਅਕਤੀਤਵ

ਸ਼ਿਰੋਮਣਦੀਪ ਸਿੰਘ

ਸਿੱਖ ਧਰਮ ਦੁਨੀਆਂ ਦਾ ਨਵੀਨ ਧਰਮ ਮੰਨਿਆ ਜਾਂਦਾ ਹੈ। ਇਸ ਧਰਮ ਦੀ ਸ਼ੁਰੂਆਤ ਗੁਰੂ ਨਾਨਕ ਸਾਹਿਬ ਦੇ ਜਨਮ ਨਾਲ 1469 ਈ: ਵਿੱਚ ਹੋਈ। ਉਹਨਾਂ ਤੋਂ ਬਾਅਦ ਇਹ ਜੋਤਿ 9 ਜਾਮਿਆਂ ਦੇ ਰੂਪ ਵਿੱਚ ਕਾਰਜ ਕਰਦੀ ਰਹੀ ਹੈ। 10 ਵੇਂ ਗੁਰੂ ਸਾਹਿਬਾਨ ਦੁਆਰਾ 1699 ਈ ਵਿੱਚ ਖਾਲਸਾ ਪੰਥ ਦੀ ਸਾਜਨਾ ਕਰਕੇ ਇਸ ਨੂੰ ਅੰਤਿਮ ਦਿੱਖ ਦਿੱਤੀ ਗਈ। ਇਹ ਉਹਨਾਂ ਵੱਲੋਂ ਕੀਤਾ ਗਿਆ ਇੱਕ ਅਨੋਖਾ ਕਾਰਨਾਮਾ ਸਿੱਧ ਹੋਇਆ। ਅਸਲ ਵਿੱਚ ਇਹ ਖਾਲਸਾ ਪੰਥ ਰੂਪ ਬੀਜ ਗੁਰੂ ਨਾਨਕ ਸਾਹਿਬ ਦੇ ਆਗਮਨ ਨਾਲ ਹੀ ਬੀਜਿਆ ਗਿਆ ਸੀ। ਇਹ ਵਿਚਾਰਧਾਰਾ ਕਿਸੇ ਹੋਰ ਵਿਚਾਰਾਧਾਰਾ ਨੂੰ ਰੱਦ ਨਹੀਂ ਕਰਦੀ ਸਗੋਂ ਉਸ ਨੂੰ ਨਵੀਨਤਮ ਵਿਆਖਿਆ ਨਾਲ ਪ੍ਰਫੁਲਿਤ ਹੋਣ ਦਾ ਸੁਨੇਹਾ ਦਿੰਦੀ ਹੈ। ਗੁਰੂ ਨਾਨਕ ਸਾਹਿਬ ਦਾ ‘‘ਸਿਰੁ ਧਰਿ ਤਲੀ; ਗਲੀ ਮੇਰੀ ਆਉ ॥’’ (ਮ: ੧/੧੪੧੨) ਦਾ ਸੰਕਲਪ, ਆਮ ਮਨੁੱਖਤਾ ਨੂੰ ਕਿਤੇ ਵੀ ਆਪਣੀ ਜ਼ਿੰਦਗੀ ਖਤਮ ਕਰਨ ਦੀ ਸਲਾਹ ਨਹੀਂ ਦਿੰਦਾ ਸਗੋਂ ਆਪਣੀ ਅੰਦਰੂਨੀ ਬੁਜ਼ਦਿਲੀ ਨੂੰ ਖਤਮ ਕਰਨ ਦੀ ਗੱਲ ਕਰਦਾ ਹੈ। 10 ਵੇਂ ਗੁਰੂ ਸਾਹਿਬਾਨ ਦੁਆਰਾ ਸੰਗਤ ਦੇ ਭਰੇ ਇਕੱਠ ਵਿੱਚ ਨੰਗੀ ਤਲਵਾਰ ਕਰਕੇ ਸੀਸ ਦੀ ਮੰਗ ਕਰਨਾ ਕੇਵਲ ਬਾਹਰੀ ਸੀਸ ਦੀ ਗੱਲ ਨਹੀਂ ਸੀ ਸਗੋਂ ਆਪਣੇ ਅੰਦਰ ਦੇ ਹੰਕਾਰ ਦੇ ਖਾਤਮੇ ਦੀ ਵੀ ਗੱਲ ਸੀ ਭਾਵੇਂ ਕਿ ਉਸ ਸਮੇਂ ਪੰਜ ਸਿੱਖਾਂ ਦੇ ਸੀਸ ਲੈ ਕੇ ਉਹਨਾਂ ਨੂੰ ਪੰਜ ਪਿਆਰਿਆਂ ਦਾ ਖਿਤਾਬ ਦਿੱਤਾ ਗਿਆ ਸੀ ਪਰ ਇਸ ਦਾ ਸਬੰਧ ਗੁਰੂ ਪ੍ਰਤੀ ਅੰਦਰਲੀ ਸਮਰਪਿਤ ਭਾਵਨਾ ਹੈ ਜੋ ਸਾਨੂੰ ਹਉਮੈ ਕਾਰਨ ਸਾਡੇ ਅਸਲ ਮਕਸਦ ਤੋਂ ਦੂਰ ਕਰਦੀ ਨਜ਼ਰ ਆਉਂਦੀ ਹੈ। ਗੁਰੂ ਸਾਹਿਬ ਨੇ ਖਾਲਸੇ ਵਿੱਚ ਨਿਆਰੇਪਣ ਦੀ ਗੱਲ ਕੀਤੀ, ਜਿਸ ਵਿੱਚ ਉਹਨਾਂ ਕਿਹਾ:

ਜਬ ਲਗ ਖਾਲਸਾ ਰਹੈ ਨਿਆਰਾ॥ ਤਬ ਲਗ ਤੇਜ ਦੇਉਂ ਮੈ ਸਾਰਾ॥ (ਸਰਬਲੋਹ ਗ੍ਰੰਥ)

ਪਰ ਅਜੋਕੇ ਸਮੇਂ ’ਚ ਅਸੀਂ ਉਸ ਨਿਆਰੇਪਣ ਦਾ ਰੂਪ ਹੀ ਬਦਲ ਦਿੱਤਾ ਹੈ। ਅਸੀਂ ਕੇਵਲ ਵਿਖਾਵੇ ਦਾ ਖਾਲਸਾ ਪਣ ਹੀ ਬਣਾ ਲਿਆ ਹੈ। ਖਾਲਸਾ ਹੋਣਾ ਕੋਈ ਬਾਹਰੀ ਪਹਿਰਾਵਾ ਨਹੀਂ ਸਗੋਂ ਅੰਦਰ ਦਾ ਖਾਲਸਾ ਹੋਣਾ ਹੈ, ਅਜੋਕੇ ਸਮੇਂ ਵਿੱਚ ਵੱਖ ਵੱਖ ਸੰਪਰਦਾਵਾਂ ਵੱਲੋਂ ਬਾਹਰੀ ਰੂਪ ਨੂੰ ਹੀ ਤਰਜੀਹ ਦਿੱਤੀ ਜਾ ਰਹੀ ਹੈ।

ਗੁਰੂ ਜੀ ਸਾਨੂੰ ਅੰਦਰੂਨੀ ਭਾਵ ਤੋਂ ਖਾਲਸਾ ਬਣਾਉਣਾ ਚਾਹੁੰਦੇ ਹਨ। ਜੇ ਗੁਰੂ ਨਾਨਕ ਸਾਹਿਬ ਇਸ ਗੱਲ ਨਾਲ ਸਹਿਮਤ ਹਨ ਤਾਂ ਹੀ ਉਹਨਾਂ ਭਗਤ ਕਬੀਰ ਜੀ ਦੇ ਇਨ੍ਹਾਂ ਵਚਨਾਂ ਨੂੰ ਗੁਰਬਾਣੀ ’ਚ ਜਗ੍ਹਾ ਦਿੱਤੀ :

ਕਹੁ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤਿ ਜਿਹ ਜਾਨੀ॥

ਇਸ ਵਚਨ ਤੋਂ ਸਪਸ਼ਟ ਹੈ ਕਿ ਗੁਰਬਾਣੀ ਅੰਦਰੂਨੀ ਖਾਲਸਾ ਬਣਨ ਦਾ ਉਪਦੇਸ਼ ਦਿੰਦੀ ਹੈ ਜੇਕਰ ਬਾਹਰੀ ਪਹਿਰਾਵਾ ਹੀ ਖਾਲਸਾ ਹੁੰਦਾ ਤਾਂ ਫਿਰ ਭਗਤ ਕਬੀਰ ਜੀ ਦਾ ਪਹਿਰਾਵਾ ਸਾਡੇ ਪਹਿਰਾਵੇ ਨਾਲ ਮੇਲ ਹੀ ਨਹੀਂ ਸੀ ਖਾਂਦਾ। ਇਸ ਦਾ ਭਾਵ ਇਹ ਹੋਇਆ ਕਿ ਗੁਰੂ ਸਾਹਿਬਾਨ ਨੇ ਸਿਧਾਂਤ ਦੀ ਗੱਲ ਕਰਦਿਆਂ ਅੰਦਰੂਨੀ ਖਾਲਸਾ ਬਣਨ ਨੂੰ ਵਿਸ਼ੇਸ਼ ਮਹੱਤਵ ਦਿੱਤਾ। ਭਾਈ ਕਾਹਨ ਸਿੰਘ ਜੀ ਨਾਭਾ ਨੇ ‘ਖ਼ਾਲਿਸ’ ਦੇ ਅਰਥ ਸ਼ੁੱਧ, ਨਿਰਮਲ ਅਤੇ ਬਿਨਾਂ ਮਿਲਾਵਟ ਕੀਤੇ ਹਨ (ਹਵਾਲਾ ਗੁਰਮਤ ਮਾਰਤੰਡ, ਪੰਨਾ 322)

ਉਕਤ ਵਿਚਾਰ ਮੁਤਾਬਕ ਅੰਦਰੂਨੀ ਵਿਕਾਰਾਂ ਤੋਂ ਰਹਿਤ ਹੋਣਾ ਅਤੇ ਅੰਦਰ ਦੀ ਮੈਲ ਖਤਮ ਕਰਕੇ ਸੁਚੱਜਾ ਜੀਵਨ ਜਿਉਣਾ ਹੀ ਖਾਲਸੇ ਦਾ ਅਸਲੀ ਤੇ ਨਿਆਰਾਪਣ ਹੈ। ਤਨਖਾਹ ਨਾਮੇ ’ਚ ਵੀ ਦਰ ਹੈ:

ਖਾਲਸਾ ਸੋਇ, ਜੋ ਨਿੰਦਾ ਤਿਆਗੈ। ਖਾਲਸਾ ਸੋਇ, ਲੜੇ ਹੋਇ ਆਗੈ॥

(ਨੋਟ: ਇਹ ਲੜਾਈ ਵਿਕਾਰਾਂ ਨੂੰ ਕਾਬੂ ਕਰਨ ਦੀ ਹੈ।)

ਖਾਲਸਾ ਸੋਇ, ਪਰ ਦ੍ਰਿਸਟਿ ਤਿਆਗੈ। ਖਾਲਸਾ ਸੋਇ, ਨਾਮ ਰਤ ਲਾਗੈ।

ਖਾਲਸਾ ਸੋਇ, ਗੁਰੂ ਹਿਤ ਲਾਵੈ। ਖਾਲਸਾ ਸੋਇ, ਸਾਰ ਮੁਹਿ ਖਾਵੈ।

ਖਾਲਸਾ ਸੋ, ਨਿਰਧਨ ਕੋ ਪਾਲੈ। ਖਾਲਸਾ ਸੋਇ, ਦੁਸ਼ਟ ਕਉ ਗਾਲੈ।

(1). ਖਾਲਸਾ ਅੰਦਰੂਨੀ ਤੌਰ ’ਤੇ ਕਿਸੇ ਦਾ ਵੀ ਵਿਰੋਧੀ ਨਹੀਂ ਹੋਣਾ ਚਾਹੀਦਾ। ਉਸ ਦਾ ਹਰ ਕਿਸੇ ਨਾਲ ਪਿਆਰ ਹੋਣਾ ਚਾਹੀਦਾ ਹੈ। ਗੁਰਬਾਣੀ ਦੇ ਸਿਧਾਂਤ ‘‘ਏਕੁ ਪਿਤਾ, ਏਕਸ ਕੇ ਹਮ ਬਾਰਿਕ.. ॥’’ (ਮ: ੫/੬੧੧) ਦੇ ਸੰਕਲਪ ਦਾ ਧਾਰਨੀ ਹੋਣਾ ਚਾਹੀਦਾ ਹੈ।

(2). ਪੂਰਨ ਖਾਲਸਾ ਕਿਸੇ ਵੀ ਤਰ੍ਹਾਂ ਵਿਕਾਰੀ ਜਾਂ ਕੁਰਹਿਤ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ। ਉਸ ਦੀ ਕਥਨੀ ਤੇ ਕਰਨੀ ਇਕਸਾਰ ਹੋਣੀ ਚਾਹੀਦੀ ਹੈ: ‘‘ਨਾਪਾਕ ਪਾਕੁ ਕਰਿ ਹਦੂਰਿ ਹਦੀਸਾ; ਸਾਬਤ ਸੂਰਤਿ ਦਸਤਾਰ ਸਿਰਾ ॥’’ (ਮ: ੫/੧੦੮੪)

(3). ਖਾਲਸੇ ਵਿੱਚ ਅੰਦਰੂਨੀ ਸ਼ਾਂਤੀ (ਸਥਿਰਤਾ) ਹੋਣੀ ਚਾਹੀਦੀ ਹੈ। ਕਿਸੇ ਵੀ ਪ੍ਰਕਾਰ ਦਾ ਕਰੋਧ ਉਸ ਲਈ ਹਾਨੀਕਾਰਕ ਸਿੱਧ ਹੁੰਦਾ ਹੈ: ‘‘ਕ੍ਰੋਧੁ ਨਿਵਾਰਿ ਜਲੇ ਹਉ ਮਮਤਾ; ਪ੍ਰੇਮੁ ਸਦਾ ਨਉ ਰੰਗੀ ॥’’ (ਮ: ੧/੧੨੩੨)

(4). ਖਾਲਸਾ ਹਰ ਕਿਸੇ ਦਾ ਮਦਦਗਾਰ ਹੁੰਦਾ ਹੈ। ਉਹ ਕਿਸੇ ਵੀ ਪ੍ਰਕਾਰ ਦਾ ਲੋਭ ਜਾਂ ਲਾਲਚ ਨਹੀਂ ਰੱਖਦਾ ਤੇ ਹਰ ਕਿਸੇ ਨਾਲ ਪਿਆਰ ਦੀ ਭਾਵਨਾ ਰੱਖਦਾ ਹੈ: ‘‘ਪਰਉਪਕਾਰੁ ਨਿਤ ਚਿਤਵਤੇ; ਨਾਹੀ ਕਛੁ ਪੋਚ ॥’’ (ਮ: ੫/੮੧੫)

(5). ਖਾਲਸੇ ਦਾ ਕਿਸੇ ਵਿਅਕਤੀ ਵਿਸ਼ੇਸ ਨਾਲ ਪਿਆਰ ਨਹੀਂ ਹੁੰਦਾ ਸਗੋਂ ਹਰ ਕਿਸੇ ਨਾਲ ਪਿਆਰ ਪਾਉਂਦਾ ਹੈ। ਖਾਲਸਾ ਇੱਕ ਅਕਾਲ ਪੁਰਖ ਵਾਹਿਗੁਰੂ ’ਤੇ ਟੇਕ ਰੱਖਦਾ ਹੈ। ਗੁਰੂ ਸਾਹਿਬ ਜੀ ਨੇ 33 ਸਵੱਈਆਂ ਵਿੱਚ ਖਾਲਸੇ ਨੂੰ ਇਉਂ ਰੂਪਮਾਨ ਕੀਤਾ:

ਜਾਗਤ ਜੋਤਿ ਜਪੈ ਨਿਸ ਬਾਸੁਰ; ਏਕੁ ਬਿਨਾ ਮਨਿ ਨੈਕ ਨ ਆਨੈ ॥

ਪੂਰਨ ਪ੍ਰੇਮ ਪ੍ਰਤੀਤ ਸਜੈ; ਬ੍ਰਤ ਗੋਰ ਮੜ੍ਹੀ ਮਠ, ਭੂਲ ਨ ਮਾਨੈ ॥

ਤੀਰਥ ਦਾਨ ਦਇਆ ਤਪ ਸੰਜਮ; ਏਕੁ ਬਿਨਾ, ਨਹਿ ਏਕ ਪਛਾਨੈ ॥

ਪੂਰਨ ਜੋਤਿ ਜਗੈ ਘਟ ਮੈ; ਤਬ ਖ਼ਾਲਸ ਤਾਹਿ ਨਿਖ਼ਾਲਸ ਜਾਨੈ ॥੧॥ (੩੩ ਸਵੈਯੇ)

Guru Granth Sahib Ji – A Light House for Humanity

0

Guru Granth Sahib Ji – A Light House for Humanity

Tehber Singh Rajoana – 98763-72401

Human being is the best creation of the God and God created everything on this earth for them so that they can lead a pleasant and blissful life. That’s why God created Earth, Wind, Seas, Forests, and Hills etc. for humans and gave brains to them to create paradise on this land.

So according to God’s law, human creature is the best creation and representation of God’s image in this whole world.

ਅਵਰ ਜੋਨਿ; ਤੇਰੀ ਪਨਿਹਾਰੀ ॥ ਇਸੁ ਧਰਤੀ ਮਹਿ; ਤੇਰੀ ਸਿਕਦਾਰੀ ॥ (ਮ: ੫/੩੭੪)

But humans don’t follow divine responsibilities ordained to them and as a result the world has become a miserable place to live and presents an ugly picture of life. It has happened because the actions of humans are not like human beings i.e. imbued with virtues & sterling qualities. The animal behavioural instincts are prominently visible in them.

Now, this means that the world of humans has become a zoo of animals because humans have forsaken divine behaviour consisting of sterling qualities and virtues and the ideology has been forgotten in misdeeds.

ਕਰਤੂਤਿ ਪਸੂ ਕੀ; ਮਾਨਸ ਜਾਤਿ ॥ ਲੋਕ ਪਚਾਰਾ ਕਰੈ; ਦਿਨੁ ਰਾਤਿ ॥ (ਮ: ੫/੨੬੭)

Guru Nanak Sahib Ji delved diligently and deeply on this aspect of human behaviour. Guru Sahib undertook long and arduous journeys, gave up all comforts of a well settled life for the sake of upliftment of mankind; to propagate divine knowledge and bring solace in the lives of the people of this world burning with hatred, vices and malice.

ਬਾਬਾ ਦੇਖੈ ਧਿਆਨ ਧਰਿ, ਜਲਤੀ ਸਭਿ ਪਿ੍ਰਥਮੀ ਦਿਸਿ ਆਈ।

ਬਾਝਹੁ ਗੁਰੂ ਗੁਬਾਰ ਹੈ, ਹੈ ਹੈ ਕਰਦੀ ਫਿਰੈ ਲੁਕਾਈ।

ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤਿ ਚਲਾਈ। 

ਚੜ੍ਹਿਆ ਸੋਧਣਿ, ਧਰਤਿ ਲੁਕਾਈ। (ਭਾਈ ਗੁਰਦਾਸ, ਵਾਰ 1/ਪਉੜੀ 24)

Thus, we realize that all the ten Gurus have spent their lives for upliftment and betterment of humanity and about 239 years of great struggle for providing a real vision of divine lifestyle to humanity as enshrined in Gurbani.

After this great spiritual revolution, one comes to a irrefutable conclusion that Guru Granth Sahib Ji is not just a religious book but also a real and actual definition of life and the expression of the will of God.

ਜੈਸੀ ਮੈ ਆਵੈ ਖਸਮ ਕੀ ਬਾਣੀਤੈਸੜਾ ਕਰੀ ਗਿਆਨੁ ਵੇ ਲਾਲੋ ! ॥ (ਮ: ੧/੭੨੨)

So, let us understand that Guru Granth Sahib Ji is not man-made book but the whole Guru Granth Sahib Ji real portrayal of divine thoughts to attain the real purpose of human life. There is not an iota of falsehood in it.

But in current times, the Sikhs have ignored this aspect of Gurbani. That’s why the life has become totally meaningless to most of them. Almost everyone is lost in the vicious circle of demerits because they lack the perfect character which is helpful for leading a purposeful and constructive life, which is necessary for a nice and wonderful society life. Rather everyone is deeply mired in to pulling the legs of others and has become mentally sick with chronical diseases and vices without the support of the spiritual wisdom of Gurbani.

ਜੈ ਤਨਿ; ਬਾਣੀ ਵਿਸਰਿ ਜਾਇ ॥ ਜਿਉ; ਪਕਾ ਰੋਗੀ ਵਿਲਲਾਇ ॥ (ਮ: ੧/੬੬੧)

That’s why Guru Gobind Singh’s successes are now nowhere visible in general Sikhs. Many Sikhs have deviated from Guru Sahib’s teaching and have strayed on the path of evils. Nowadays drug addiction, dowry system, corruption and lack of ethical values are indications of all this decline in moral and ethical values of life and a strong evidence of deterioration of our community values, in which we are living the life devoid of virtues and gems of divine qualities enshrined in Gurbani.

So if we want to secure the life of mankind on this earth, then we must follow every single teaching of Guru Granth Sahib Ji. Only then we can keep alive the hope of constructive and ideal lifestyle for our coming generation’s future. If we all recite, understand and imbibe the values of Gurbani seriously, only then we all will realize that Guru Granth Sahib Ji is the only Lighthouse for the salvation of humanity. If the whole world would learn and become aware of the philosophy of Guru Granth Sahib then it is sure that terrorism, gender discrimination, malicious and evil behaviour will be eradicated from this earth, because Guru Granth Sahib Ji is the supreme tool to generate and implant the ideal conditions and make improvements in the society. Now, it is for us to decide our course of action in life and eventually plan the kind of life we want for ourselves and the whole of humanity, whether it should be full of evil and vices or it should consist of virtues and blissful life for everyone.

Now-a-days, we can visualize almost all situations in which our society has become deeply mired into because of ignorance of life-giving values of Gurbani. It is strongly felt that we must contribute towards the effort to bring a change in the society through teaching of Guru Granth Sahib Ji, so that this world and society at large would become a better place to live for our forthcoming generations through this real Lighthouse of Guru Granth Sahib Ji for mankind.

ਸਭ ਸਿਖਨੁ ਕੋ ਹੁਕਮੁ ਹੈ; ਗੁਰੂ ਮਾਨਿਓ ਗ੍ਰੰਥ ॥                              (Giani Gian Singh –Panth Parkash Page 353)

ਮਾਧੋ ! ਅਬਿਦਿਆ ਹਿਤ ਕੀਨ ॥ ਬਿਬੇਕ ਦੀਪ ਮਲੀਨ ॥

0

ਮਾਧੋ  ! ਅਬਿਦਿਆ ਹਿਤ ਕੀਨ ॥ ਬਿਬੇਕ ਦੀਪ ਮਲੀਨ ॥

ਸੁਖਵਿੰਦਰ ਸਿੰਘ, ਦਸਮੇਸ਼ ਗੁਰਮਤਿ ਵਿਦਿਆਲਾ, ਗੁਰਦੁਆਰਾ ਬਾਲਾ ਸਾਹਿਬ (ਦਿੱਲੀ)-98990-70841

ਹੱਥਲੇ ਲੇਖ ਦਾ ਵਿਸ਼ਾ ‘‘ਮਾਧੋ  ! ਅਬਿਦਿਆ ਹਿਤ ਕੀਨ॥’’ ਪਾਵਨ ਸੁਨੇਹਾ ਮਨੁੱਖਤਾ ਦੀ ਭਲਾਈ ਵਾਸਤੇ ਭਗਤ ਰਵਿਦਾਸ ਜੀ ਦੁਆਰਾ ਆਸਾ ਰਾਗ ਵਿਚ ਉਚਾਰਨ ਕੀਤਾ ਹੋਇਆ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 486 ਉੱਤੇ ਸ਼ੁਭਾਇਮਾਨ ਹੈ। ਸ਼ਬਦ ਦੇ ਰਹਾਉ ਵਾਲੇ ਬੰਦ ਵਿੱਚ ਭਗਤ ਜੀ ਮਨੁੱਖਤਾ ਨਾਲ ਹਮਦਰਦੀ ਜਤਾਉਂਦਿਆ ਹੋਇਆਂ ਵਚਨ ਕਰਦੇ ਹਨ ਕਿ ਹੇ ਪ੍ਰਭੂ ! ਮੈ ਇਸ ਦੁਨੀਆ ਵਿੱਚ ਲੋਕਾਂ ਨੂੰ ਵੇਖ ਰਿਹਾ ਹਾਂ ਬਹੁਤਾਤ ਵਿੱਚ ਜੀਵ ਅਗਿਆਨਤਾ ਨਾਲ ਪਿਆਰ ਕਰ ਰਹੇ ਹਨ। ਇਸ ਲਈ ਇਨ੍ਹਾਂ ਦੇ ਬਿਬੇਕ ਦਾ ਦੀਵਾ ਧੁੰਦਲਾ ਹੋ ਗਿਆ ਹੈ ਭਾਵ ਪਰਖਹੀਣ ਹੋ ਰਹੇ ਹਨ, ਭਲੇ-ਬੁਰੇ ਦੀ ਪਛਾਣ ਹੀ ਨਹੀਂ ਕਰਦੇ।

ਅਜੋਕੇ ਸਮੇਂ ਵਿੱਚ ਹਾਲਾਤ ਇਸ ਪ੍ਰਕਾਰ ਦੇ ਹਨ, ਕੌਣ ਧਰਮੀ ਹੈ ਅਤੇ ਕੌਣ ਅਧਰਮੀ ਹੈ, ਕੌਣ ਪਾਪੀ ਹੈ ਅਤੇ ਕੌਣ ਪੁੰਨੀ ਹੈ, ਕੌਣ ਸੱਚਾ ਹੈ ਅਤੇ ਕੌਣ ਝੂਠਾ ਹੈ, ਕੌਣ ਗਿਆਨੀ ਹੈ ਅਤੇ ਕੌਣ ਅਗਿਆਨੀ ਹੈ, ਇਸ ਗੱਲ ਦਾ ਕਿਵੇਂ ਨਿਰਣਾ ਹੋਵੇ ? ਸਭ ਹੀ ਆਪਣੇ ਆਪ ਨੂੰ ਇੱਕ ਦੂਜੇ ਤੋਂ ਵੱਧ ਸੱਚੇ ਧਰਮੀ, ਚੰਗੇ ਸਮਾਜ ਸੁਧਾਰਕ ਅਖਵਾਉਣ ਦਾ ਨਿਰਾਰਥਕ ਯਤਨ ਕਰ ਰਹੇ ਹਨ, ਪਰ ਜੇ ਇਸ ਗੱਲ ਨੂੰ ਨਿਰਣਾ ਕਰ ਕੇ ਹੀ ਵੇਖਣਾ ਹੋਵੇ ਤਾਂ ਭਗਤਾ ਦੇ ਸ਼੍ਰੋਮਣੀ ਭਗਤ ਕਬੀਰ ਜੀ ਆਪਣੀ ਰਚਨਾ ਵਿੱਚ ਬਾਖੂਬੀ ਦੱਸ ਰਹੇ ਹਨ:-

ਕਬੀਰਾ  ! ਜਹਾ ਗਿਆਨੁ, ਤਹ ਧਰਮੁ ਹੈ; ਜਹਾ ਝੂਠੁ, ਤਹ ਪਾਪੁ ॥

ਜਹਾ ਲੋਭੁ, ਤਹ ਕਾਲੁ ਹੈ; ਜਹਾ ਖਿਮਾ, ਤਹ ਆਪਿ ॥ (ਭਗਤ ਕਬੀਰ/੧੩੭੨)

ਪਰ ਅਫਸੋਸ ਦੀ ਗੱਲ ਹੈ ਕਿ ਇਸ ਸੱਚ ਦੀ ਪਾਵਨ ਕਸਵੱਟੀ ਰਾਹੀਂ ਨਾ ਅਸੀਂ ਧਰਮ ਦੇ ਵਿਆਖਿਆਕਾਰਾਂ ਨੂੰ ਪਰਖ ਰਹੇ ਹਾਂ, ਨਾ ਸਮਾਜ ਦੇ ਲੀਡਰਾਂ ਨੂੰ ਪਰਖ ਰਹੇ ਹਾਂ ਸਗੋਂ ਸਾਡਾ ਤਾਂ ਬਿਬੇਕ ਰੂਪੀ ਦੀਵਾ ਭੀ ਮਲੀਨ ਹੋ ਗਿਆ ਜਾਪਦਾ ਹੈ। ਕਿੰਨਾ ਚੰਗਾ ਹੋਵੇ ਕਿ ਮਲੀਨ ਹੋਇਆ ਬਿਬੇਕ ਰੂਪੀ ਦੀਵਾ ਗਿਆਨ ਦੇ ਸੋਮੇ (ਭੰਡਾਰ) ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਬੈਠ ਆਪਣੀ ਆਗਿਆਨਤਾ ਨੂੰ ਦੂਰ ਕਰੀਏ ਅਤੇ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਵਲੋਂ ਦਿੱਤੀ ਹੋਈ ਇਸ ਸਲਾਹ ਨੂੰ ਬਿਨਾਂ ਦੇਰੀ ਕੀਤਿਆਂ ਅਪਣਾ ਲਈਏ ਕਿ ‘‘ਸਤੀ ਪਹਰੀ ਸਤੁ ਭਲਾ; ਬਹੀਐ ਪੜਿਆ ਪਾਸਿ ॥ (ਮ: ੨/੧੪੬)

ਵਿਦਿਆ ਤਾਂ ਉਹ ਰੌਸ਼ਨੀ ਹੈ ਜਿਸ ਵਿਚ ਮਨੁੱਖ ਆਪ ਸਤਿ ਨੂੰ ਵੇਖਦਾ ਹੈ। ਸਰਬ ਵਿਆਪਕ ਪ੍ਰਭੂ ਦੇ ਦਰਸ਼ਨ ਕਰਦਾ ਹੈ ਅਤੇ ਦੂਸਰਿਆਂ ਨੂੰ ਵੀ ਕਹਿੰਦਾ ਹੈ ਆਓ ਮੇਰੇ ਨਾਲ, ਮੇਰੇ ਹੱਥ ਵਿੱਚ ਰੌਸ਼ਨੀ ਹੈ ਇਸ ਰੌਸ਼ਨੀ ਵਿਚ ਆਪਾਂ ਸਾਰੇ ਹੀ ਰਲ ਕੇ ਚੱਲਾਂਗੇ। ਰੌਸ਼ਨੀ ਬੇਸ਼ੱਕ ਮੇਰੇ ਹੱਥ ਵਿਚ ਹੈ ਪਰ ਇਹ ਰਸਤਾ ਸਾਨੂੰ ਸਾਰਿਆਂ ਨੂੰ ਵਿਖਾ ਸਕਦੀ ਹੈ ਇਸ ਵਿਚ ਮੇਰਾ ਕੁਝ ਘਟੇਗਾ ਨਹੀਂ, ਤੁਹਾਡਾ ਜ਼ਰੂਰ ਫਾਇਦਾ ਹੋ ਜਾਵੇਗਾ। ਇਸ ਲਈ ਗੁਰਮਤਿ ਨੇ ਸਾਨੂੰ ਇਹ ਪ੍ਰੇਰਣਾ ਦਿੱਤੀ ਹੈ ਕਿ ਜ਼ਿੰਦਗੀ ਦੇ ਜਿੰਨੇ ਕੁ ਦਿਨ ਉਸ ਮਾਲਕ ਨੇ ਦਿੱਤੇ ਹਨ ਉਹ ਤਮਾਮ ਦਿਨ ਉਨ੍ਹਾਂ ਬੰਦਿਆਂ ਦੇ ਪਾਸ ਬੈਠ ਜਿਨ੍ਹਾਂ ਦਾ ਜੀਵਨ ਜਗਦੇ ਦੀਵੇ ਵਾਂਗ ਹੈ। ਤੇਰਾ ਕੁਝ ਖਰਚ ਨਹੀਂ ਹੋਣਾ, ਤੂੰ ਸਿਰਫ ਪਾਸ ਆ ਅਤੇ ਰੌਸ਼ਨੀ ਪ੍ਰਵਾਨ ਕਰ ਲੈ, ਦਿਲ ਦੀ ਕਿਤਾਬ ਖੋਲ੍ਹ ਕੇ ਪੜ੍ਹਨੀ ਸ਼ੁਰੂ ਕਰ ਦੇ। ਅਜਿਹਾ ਜਗਦਾ ਦੀਵਾ ਕਿਤੇ ਮਿਲ ਜਾਵੇ ਤਾਂ ਸਮਾਂ ਹੱਥੋਂ ਨਹੀਂ ਗੁਆਉਣਾ ਚਾਹੀਦਾ। ਪੜੇ-ਲਿੱਖੇ (ਵਿਦਵਾਨਾਂ) ਦੀ ਸੰਗਤ ਕਰਨ ਨਾਲ ਮਨੁੱਖ ਅਗਿਆਨਤਾ ਤੋਂ ਗਿਆਨ ਦੀ ਮੰਜਿਲ ਵੱਲ ਵੱਧਣਾ ਸ਼ੁਰੂ ਹੋ ਜਾਂਦਾ ਹੈ। ਅਜੋਕੇ ਸਮੇਂ ਦੇ ਵਿੱਚ ਸਾਡੇ ਬੱਚਿਆਂ ਨੂੰ ਦੁਨੀਆਵੀ ਪੜ੍ਹਾਈ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜਿਸ ਨਾਲ ਉਨ੍ਹਾਂ ਦਾ ਅਕੈਡਮਿਕ ਪੱਧਰ ਉੱਚਾ ਹੋਵੇਗਾ ਅਤੇ ਉਹ ਆਪਣਾ ਆਰਥਿਕ ਜੀਵਨ ਬੜੀ ਖੁਸ਼ਹਾਲੀ ਨਾਲ ਗੁਜਾਰ ਸਕਣਗੇ। ਇਸ ਦੇ ਨਾਲ ਹੀ ਸੋਨੇ ਤੇ ਸੁਹਾਗੇ ਵਾਲੀ ਗੱਲ ਉਦੋਂ ਹੋਵੇਗੀ ਜਦੋਂ ਅਸੀਂ ਆਪਣੇ ਬੱਚਿਆਂ ਨੂੰ ‘‘ਗੁਰਬਾਣੀ ਇਸੁ ਜਗ ਮਹਿ ਚਾਨਣੁ..॥ (ਮ: ੩/੬੭) ਰਾਹੀਂ ਅਧਿਆਤਮਿਕਤਾ ਵੱਲ ਪ੍ਰੇਰਿਤ ਕਰ ਸਕੀਏ।

ਖਿਆਲ ਕਰਿਆ ਜੇ ! ਪੰਥ ਪ੍ਰਮਾਣਿਕ ਸਿੱਖ ਰਹਿਤ ਮਰਯਾਦਾ ਵਿਚ ਵੀ ਦਰਜ ਹੈ ਕਿ (ਖ) ਸਿੱਖ ਲਈ ਗੁਰਮੁਖੀ ਵਿਦਿਆ ਪੜ੍ਹਨੀ ਜ਼ਰੂਰੀ ਹੈ। ਹੋਰ ਵਿਦਿਆ ਭੀ ਪੜ੍ਹੇ। (ਗ) ਸੰਤਾਨ ਨੂੰ ਵੀ ਗੁਰਮੁਖੀ ਦੀ ਵਿਦਿਆ ਦਿਵਾਉਣੀ ਸਿੱਖ ਦਾ ਫਰਜ ਹੈ ਤੇ ਗੁਰਬਾਣੀ ਦੇ ਗਿਆਨ ਦੇਣ ਬਾਰੇ ਤਾਂ ਭਾਈ ਗੁਰਦਾਸ ਜੀ ਇਥੋਂ ਤੱਕ ਆਖਦੇ ਹਨ:

ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ; ਤੈਸਾ ਪੁੰਨ ਸਿਖ ਕਉ, ਇਕ ਸਬਦ ਸਿਖਾਏ ਕਾ। (ਭਾਈ ਗੁਰਦਾਸ ਜੀ : ਕਬਿੱਤ ੬੭੩) ਫਿਰ ਅਸੀਂ ਆਪਣੇ ਬੱਚਿਆਂ ਨੂੰ ਗੁਰਬਾਣੀ ਗਿਆਨ ਤੋਂ ਕਿਉ ਵਾਂਝਾ ਰੱਖ ਰਹੇ ਹਾਂ ? ਜਦੋਂ ਕਿ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ‘‘ਵਿਦਿਆ ਵੀਚਾਰੀ ਤਾਂ, ਪਰਉਪਕਾਰੀ ॥ (ਮ: ੧/੩੫੬) ਵਚਨਾਂ ’ਤੇ ਪਹਿਰਾ ਦਿੰਦਿਆਂ ਹੀ ਅਸੀਂ ਆਪਣੀ ਬਿਬੇਕਤਾ ਤੇ ਗੁਰੂ ਵੱਲੋਂ ਬਖ਼ਸ਼ੀ ਨਸੀਹਤ ਨੂੰ ਸਮਾਜ ਦੀ ਭਲਾਈ ਲਈ ਵਰਤ ਕੇ ਲੁਕਾਈ ਨੂੰ ਗੁਰਮਤਿ ਵਿਚਾਰਧਾਰਾ ਪ੍ਰਤੀ ਆਕਰਸ਼ਕ ਕਰ ਸਕਦੇ ਹਾਂ।

ਆਉ, ਸਾਰੇ ਰਲ ਕੇ ਇਹ ਯਤਨ ਕਰੀਏ ਕਿ ਜਿਹੜੇ ਵੀਰ ਅਗਿਆਨਤਾ ਵੱਸ ਪਤਿਤਪੁਣੇ, ਨਸ਼ੇ, ਇਤਆਦਿਕ ਚੰਦਰੀਆਂ ਬੀਮਾਰੀਆਂ ਸਹੇੜ ਬੈਠੇ ਹਨ ਤੇ ਧਰਮ ਤੋਂ ਕਾਫੀ ਦੂਰ ਚਲੇ ਗਏ ਹਨ, ਉਨ੍ਹਾਂ ਨੂੰ ਸਮਝਾਈਏ ਕਿ ‘ਅੱਜੇ ਵੀ ਡੁੱਲੇ ਬੇਰਾਂ ਦਾ ਕੁਝ ਨਹੀ ਵਿਗੜਿਆ’। ਆਓ, ਵੀਰੋ  ! ਅਸੀਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਗਿਆਨ ਦਾ ਬਿਬੇਕ ਰੂਪ ਸੁਰਮਾ ਆਪਣੇ ਨੇਤ੍ਰਾਂ ਵਿੱਚ ਪੁਆ ਕੇ ਅਗਿਆਨਤਾ ਦਾ ਹਨੇਰਾ ਦੂਰ ਕਰੀਏ:

‘‘ਗਿਆਨ ਅੰਜਨੁ ਗੁਰਿ ਦੀਆ; ਅਗਿਆਨ ਅੰਧੇਰ ਬਿਨਾਸੁ ॥

ਹਰਿ ਕਿਰਪਾ ਤੇ ਸੰਤ ਭੇਟਿਆ; ਨਾਨਕ  ! ਮਨਿ ਪਰਗਾਸੁ ॥ (ਗਉੜੀ ਸੁਖਮਨੀ/ਮ: ੫/੨੯੩)

ਮਾਲਿਸ਼ ਨਾਲ ਕੀ ਨੁਕਸਾਨ ਹੋ ਸਕਦੇ ਹਨ ?

0

ਮਾਲਿਸ਼ ਨਾਲ ਕੀ ਨੁਕਸਾਨ ਹੋ ਸਕਦੇ ਹਨ ?

ਡਾ. ਹਰਸ਼ਿੰਦਰ ਕੌਰ, ਐਮ.ਡੀ., ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਮਾਲਿਸ਼ ਦੇ ਫਾਇਦਿਆਂ ਬਾਰੇ ਕਾਫ਼ੀ ਪੁਰਾਣੇ ਸਮਿਆਂ ਤੋਂ ਜਾਣਕਾਰੀ ਦਿੱਤੀ ਜਾਂਦੀ ਰਹੀ ਹੈ ਪਰ ਮੈਂ ਇਸ ਲੇਖ ਰਾਹੀਂ ਸਿਰਫ਼ ਨੁਕਸਾਨਾਂ ਬਾਰੇ ਹੀ ਚੇਤੰਨ ਕਰਨਾ ਚਾਹੁੰਦੀ ਹਾਂ।

ਸੰਨ 2007 ਵਿਚ 100 ਅਜਿਹੇ ਬੰਦਿਆਂ ਉੱਤੇ ਖੋਜ ਕੀਤੀ ਗਈ ਜੋ ਲਗਾਤਾਰ ਮਾਲਿਸ਼ ਕਰਵਾਉਂਦੇ ਰਹਿੰਦੇ ਸਨ। ਜੋ ਮਾੜੇ ਅਸਰ ਵੇਖਣ ਨੂੰ ਮਿਲੇ, ਉਹ ਸਨ :-

(1). ਇਨ੍ਹਾਂ ਵਿੱਚੋਂ 10 ਫੀਸਦੀ ਨੂੰ ਮਾਲਿਸ਼ ਤੋਂ ਬਾਅਦ ਹਲਕੀ ਖਿੱਚ ਮਹਿਸੂਸ ਹੁੰਦੀ ਰਹਿੰਦੀ ਸੀ ਤੇ ਚਮੜੀ ਘਿਸੜਨ ਦਾ ਅਹਿਸਾਸ ਹੁੰਦਾ ਸੀ।

(2). ਚਮੜੀ ਦਾ ਫਟਣਾ।

(3). ਪੱਠਿਆਂ ਅੰਦਰ ਲਹੂ ਚਲਣ ਨਾਲ ਸੋਜ਼ਿਸ਼ ਹੋਣੀ।

(4). ਕਰੌਨਿਕ ਪੇਨ ਸਿੰਡਰੋਮ :- ਲਗਾਤਾਰ ਹਲਕੀ ਪੀੜ ਹੁੰਦੀ ਰਹਿਣੀ।

(5). ਪੀੜ ਵਰਗੇ ਲੱਛਣ ਨੂੰ ਅਣਗੌਲਿਆਂ ਕਰ ਕੇ ਸਿਰਫ਼ ਮਾਲਿਸ਼ ਕਰਵਾਉਂਦੇ ਰਹਿਣ ਨਾਲ ਕਈ ਵਾਰ ਹੇਠਲੀ ਸੀਰੀਅਸ ਬੀਮਾਰੀ ਯਾਨੀ ਕੈਂਸਰ ਕਾਫ਼ੀ ਵਧਿਆ ਹੋਇਆ ਲੱਭਿਆ ਤੇ ਲਾਇਲਾਜ ਸਾਬਤ ਹੋ ਗਿਆ।

(6). ਨਸਾਂ ਦਾ ਖਿਚਿਆ ਜਾਣਾ ਤੇ ਹੱਥਾਂ ਪੈਰਾਂ ਦਾ ਸੁੰਨ ਹੋ ਜਾਣਾ।

(7). ਜੋੜਾਂ ਵਿਚ ਖਿਚਾਓ।

(8). ਜੋੜ ਦਾ ਖਿਸਕਣਾ।

(9). ਕੋਨੈਕੱਟਿਵ ਟਿਸ਼ੂ (ਮਾਸ ਤੱਤ) ਦਾ ਖਿੱਚਿਆ ਜਾਣਾ।

(10). ਇਕ 88 ਵਰ੍ਹਿਆਂ ਦੇ ਬਜ਼ੁਰਗ ਦੀ 2 ਘੰਟੇ ਦੀ ਮਾਲਿਸ਼ ਬਾਅਦ ਮੌਤ ਹੋ ਗਈ। ਚੈੱਕ ਕਰਨ ਉੱਤੇ ਪਤਾ ਲੱਗਿਆ ਕਿ ਲਹੂ ਅੰਦਰ ਮਾਇਓਗਲੋਇਨ ਬਹੁਤ ਵਧੀ ਪਈ ਸੀ ਜੋ ਗੁਰਦੇ ਫੇਲ੍ਹ ਕਰ ਗਈ। ਮਾਇਓਗਲੋਬਿਨ ਫੱਟੜ ਪੱਠਿਆਂ ਵਿੱਚੋਂ ਨਿਕਲੀ ਸੀ।

(11). ‘ਆਰਕਾਈਵਜ਼ ਆਫ਼ ਫਿਜ਼ੀਕਲ ਮੈਡੀਸਨ ਐਂਡ ਰੀਹੈਬਿਲੀਟੇਸ਼ਨ’ ਜਰਨਲ ਵਿਚ ਮਾਲਿਸ਼ ਨਾਲ ਮੋਢੇ ਦੇ ਉਤਰਨ ਤੇ ਰੀੜ੍ਹ ਦੀ ਹੱਡੀ ਵਿੱਚੋਂ ਨਿਕਲਦੀ ਨਸ ਦੇ ਦੱਬਣ ਦਾ ਜ਼ਿਕਰ ਕੀਤਾ ਗਿਆ ਹੈ।

(12). ਗਲੇ ਦੀ ਮਾਲਿਸ਼ ਨਾਲ ਦਿਮਾਗ਼ ਵਲ ਜਾਂਦੀ ਨਸ ਦੇ ਫਟਣ ਦਾ ਕੇਸ ਸਾਹਮਣੇ ਆ ਚੁੱਕਿਆ ਹੈ, ਜਿਸ ਦੀ ਮੌਤ ਹੋ ਗਈ।

(13). ਗਲੇ ਦੇ ਮਣਕੇ ਖਿਸਕਣ ਨਾਲ ਗਲੇ ਤੋਂ ਹੇਠਲੇ ਹਿੱਸੇ ਦਾ ਲਕਵਾ ਮਾਰਿਆ ਜਾਣਾ।

(14). ‘ਸਦਰਨ ਮੈਡੀਕਲ ਜਰਨਲ’ ਵਿਚ 38 ਸਾਲਾ ਔਰਤ ਦੀ ਮਾਲਿਸ਼ ਤੋਂ ਬਾਅਦ ਹੋਈ ਮੌਤ ਬਾਅਦ ਪੋਸਟ ਮਾਰਟਮ ਕਰਨ ਉੱਤੇ ਪਤਾ ਲੱਗਿਆ ਕਿ ਉਸ ਦੀ ਗਲੇ ਵਿਚਲੀ ਕੈਰੋਟਿਡ ਤੇ ਵਰਟਿਬਲਰ ਨਸ ਫੱਟਣ ਨਾਲ ਅਜਿਹਾ ਹੋਇਆ। ਹਲਕੇ ਹਲਕੇ ਝਟਕਿਆਂ ਨਾਲ ਕੀਤੀ ਮਾਲਿਸ਼ ਕਾਰਨ ਨਸਾਂ ਫਟੀਆਂ।

(15). ਤਿੱਖੀ ਸਿਰ ਪੀੜ/ਮਿਗਰੇਨ।

(16). ਪੱਟ ਤੇ ਬਾਂਹ ਦੀ ਹੱਡੀ ਦਾ ਟੁੱਟਣਾ।

(17). ਲਹੂ ਵਿਚਲੀ ਸ਼ੱਕਰ ਦੀ ਮਾਤਰਾ ਦਾ ਬਹੁਤ ਜ਼ਿਆਦਾ ਘਟਣਾ (ਖ਼ਾਸ ਕਰ ਸ਼ੱਕਰ ਰੋਗੀਆਂ ਵਿਚ)।

(18). ਮਾਲਿਸ਼ ਲਈ ਵਰਤੀ ਜਾ ਰਹੀ ਖੁਸ਼ਬੂ ਤੋਂ ਐਲਰਜੀ ਨਾਲ ਧੱਫੜ ਪੈਣੇ ਜਾਂ ਦਮੇ ਦਾ ਅਟੈਕ ਹੋਣਾ।

(19). ਅੰਤੜੀਆਂ ਦਾ ਫਟਣਾ।

(20). ਜਿਗਰ ਦੇ ਕੈਪਸੂਲ (ਬਾਹਰਲੀ ਪਰਤ) ਦਾ ਫਟਣਾ।

ਇਹ ਸਾਰੇ ਮਾੜੇ ਅਸਰ ਵੇਖਦੇ ਹੋਏ ਜਦੋਂ ਮਰਜ਼ੀ ਕਿਸੇ ਵੀ ਜਣੇ ਕੋਲੋਂ ਮਾਲਿਸ਼ ਕਰਵਾ ਲੈਣੀ ਠੀਕ ਨਹੀਂ ਹੁੰਦੀ। ਸਿਰਫ਼ ਹਲਕੀ ਮਾਲਿਸ਼ ਤੇ ਉਹ ਵੀ ਸੀਮਤ ਸਮੇਂ ਲਈ, ਪਰ ਆਪਣੇ ਰੋਗਾਂ ਦੀ ਪੂਰੀ ਪਛਾਣ ਕਰਵਾ ਲੈਣ ਬਾਅਦ ਹੀ ਕਰਵਾਉਣੀ ਚਾਹੀਦੀ ਹੈ ! ਖ਼ਿਆਲ ਰਹੇ, ਡਾਕਟਰੀ ਸਲਾਹ ਤੋਂ ਬਗ਼ੈਰ ਕਦੇ ਵੀ ਨਹੀਂ।

ਕਰਤੂਤਿ ਪਸੂ ਕੀ; ਮਾਨਸ ਜਾਤਿ ॥

0

ਕਰਤੂਤਿ ਪਸੂ ਕੀ; ਮਾਨਸ ਜਾਤਿ ॥

ਗਿਆਨੀ ਅਵਤਾਰ ਸਿੰਘ

ਵਿਚਾਰ ਅਧੀਨ ਵਿਸ਼ਾ ‘‘ਕਰਤੂਤਿ ਪਸੂ ਕੀ; ਮਾਨਸ ਜਾਤਿ ॥’’; ਪੰਜਵੇਂ ਨਾਨਕ (ਗੁਰੂ ਅਰਜਨ ਸਾਹਿਬ) ਜੀ ਦੁਆਰਾ ਸੁਖਮਨੀ ਬਾਣੀ ਦੀਆਂ ਕੁਲ 24 ਅਸ਼ਟਪਦੀਆਂ ’ਚੋਂ ਚੌਥੀ ਅਸ਼ਟਪਦੀ ਦੇ ਪੰਜਵੇਂ ਬੰਦ ਦੀ ਪਹਿਲੀ ਤੁਕ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ ਨੰਬਰ 267 ’ਤੇ ਸੁਭਾਇਮਾਨ ਹੈ। ਇਸ ਦੇ ਅੱਖਰੀਂ ਅਰਥ ਹਨ: ‘ਮਨੁੱਖਾ ਜਾਤੀ ਪਸ਼ੂ ਸਮਾਨ ਹੈ’। ਜ਼ਰੂਰੀ ਹੈ ਕਿ ਭਗਤੀ ਭਾਵਨਾ ਵਾਲ਼ਾ ਹਰ ਵਿਅਕਤੀ ਇਸ ਤੁਕ ਦਾ ਇਹ ਮਤਲਬ ਬਣਾ ਲਏਗਾ ਕਿ ਭਗਤੀ ਵਿਹੂਣਾ ਮਨੁੱਖਾ ਜੀਵਨ ਪਸ਼ੂ ਵਰਗਾ ਹੁੰਦਾ ਹੈ, ਪਰ ਪ੍ਰਸੰਗ (ਤੇ ਸਿਧਾਂਤ) ਦੀ ਲੜੀ ਨੂੰ ਨਾ ਸਮਝਣ ਕਾਰਨ ਇਹ ਧਾਰਨਾ ਗੁਰਮਤਿ ਸਿਧਾਂਤ ਦੇ ਵਿਪਰੀਤ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਫ਼ੁਰਮਾ ਰਹੇ ਹਨ ਕਿ ਪਸ਼ੂ (ਮੱਝ/ਗਾਂ ਆਦਿ) ਨੂੰ ਕੌੜੀ ਖਲ਼ (ਸਰੋਂ ਬੀਜ ਦੇ ਤੇਲ ਕੱਢਣ ਉਪਰੰਤ ਬਚਿਆ ਫ਼ੋਗ/ਵਸਤੂ) ਦੇਣ ਦੇ ਬਾਵਜੂਦ ਵੀ ਉਹ ਸਾਨੂੰ ਮਿੱਠਾ ਦੁੱਧ (ਅੰਮ੍ਰਿਤ) ਦਿੰਦਾ ਹੈ, ਇਸ ਲਈ ਪਸ਼ੂ ਸਲਾਹੁਣਯੋਗ ਹੈ: ‘‘ਪਸੂ ਮਿਲਹਿ ਚੰਗਿਆਈਆ; ਖੜੁ ਖਾਵਹਿ, ਅੰਮ੍ਰਿਤੁ ਦੇਹਿ ॥’’ (ਮ: ੧/੪੮੯) ਤਾਂ ਫਿਰ ਕਿਵੇਂ ਮੰਨ ਲਈਏ ਕਿ ਮੂਰਖ ਬੰਦਾ; ਪਸ਼ੂ ਵਰਗਾ ਹੁੰਦਾ ਹੈ ?

ਗੁਰਬਾਣੀ ਵਿੱਚ ਜਦ ਮਨੁੱਖ ਜਾਤੀ ਦੀ ਤੁਲਨਾ ਅਨ੍ਯ ਜਾਤੀ (ਪਸ਼ੂ/ਪੰਛੀ) ਨਾਲ਼ ਕੀਤੀ ਜਾਂਦੀ ਹੈ ਤਾਂ ਮਨੁੱਖ ਦਾ ਰੁਤਬਾ (ਕਿਰਦਾਰ) ਨੀਵਾਂ ਰਹਿ ਜਾਂਦਾ ਹੈ, ਨਾ ਕਿ ਉਸ ਦੇ ਬਰਾਬਰ; ਜਿਵੇਂ ਕਿ

(1). ਕਬੀਰ ਜੀ ਦਾ ਵਚਨ ਹੈ ਕਿ ਰੱਬ ਤੋਂ ਬੇਮੁੱਖ ਬੰਦੇ ਨਾਲ਼ੋਂ ਸੂਰ ਚੰਗਾ ਹੈ, ਜੋ ਪਿੰਡ ਦੀ ਗੰਦਗੀ (ਮਲ) ਖਾ ਕੇ ਸਫ਼ਾਈ ਕਰਦਾ ਹੈ: ‘‘ਕਬੀਰ ! ਸਾਕਤ ਤੇ ਸੂਕਰ ਭਲਾ; ਰਾਖੈ ਆਛਾ ਗਾਉ ॥’’ (ਭਗਤ ਕਬੀਰ/੧੩੭੨)

(2). ਭਗਤ ਰਵਿਦਾਸ ਜੀ ਦਾ ਵਚਨ ਹੈ ਕਿ ਅਨ੍ਯ ਜੂਨੀ ਜੀਵ: ਹਿਰਨ (ਨਾਦ, ਕੰਨ ਰਸ), ਮੀਨ (ਮੱਛੀ, ਜੀਭ ਰਸ), ਭ੍ਰਿੰਗ (ਭੌਰਾ, ਨੱਕ ਭਾਵ ਸੁਗੰਧ ਰਸ), ਪਤੰਗ (ਅੱਖ, ਦ੍ਰਿਸ਼ਟੀ ਰਸ) ਤੇ ਹਾਥੀ (ਕਾਮ, ਸਪਰਸ ਰਸ) ਭਾਵ ਇੱਕ-ਇੱਕ ਰੋਗ ਕਾਰਨ ਆਪਣੇ ਜੀਵਨ ਦਾ ਆਨੰਦ ਗਵਾ ਲੈਂਦੇ ਹਨ, ਪਰ ਮਨੁੱਖ ’ਚ ਤਾਂ ਕਾਬੂ ਨਾ ਹੋਣ ਵਾਲ਼ੇ ਇਹ ਪੰਜੇ ਰੋਗ ਹਨ ਉਸ ਦੀ ਬੇੜੀ ਕਿਵੇਂ ਪਾਰ ਹੋਵੇ ਜਾਂ ਅਜਿਹੇ ਜੀਵਨ ਤੋਂ ਕੀ ਆਸ ਰੱਖੀਏ ? ‘‘ਮ੍ਰਿਗ, ਮੀਨ, ਭ੍ਰਿੰਗ, ਪਤੰਗ, ਕੁੰਚਰ; ਏਕ ਦੋਖ ਬਿਨਾਸ ॥ ਪੰਚ ਦੋਖ ਅਸਾਧ ਜਾ ਮਹਿ; ਤਾ ਕੀ ਕੇਤਕ ਆਸ  ? ॥ (ਭਗਤ ਰਵਿਦਾਸ/੪੮੬)

(3). ਤਤਕਾਲੀ ਹਾਲਾਤਾਂ ਦੇ ਹਵਾਲੇ ਨਾਲ਼ ਕਬੀਰ ਜੀ ਤਾਂ ਇੱਥੋਂ ਤੱਕ ਬਿਆਨ ਕਰਦੇ ਹਨ ਕਿ ਮਰਨ ਉਪਰੰਤ ਵੀ ਪਸ਼ੂ ਦੇ ਸਰੀਰ ਕੰਮ ਆਉਂਦੇ ਹਨ, ਪਰ ਬੰਦੇ ਦਾ ਨਹੀਂ ‘‘ਨਰੂ ਮਰੈ, ਨਰੁ ਕਾਮਿ ਨ ਆਵੈ ॥ ਪਸੂ ਮਰੈ; ਦਸ ਕਾਜ ਸਵਾਰੈ ॥’’ (ਭਗਤ ਕਬੀਰ/੮੭੦), ਆਦਿ ਗੁਰ ਉਪਦੇਸ਼ਾਂ ਦੇ ਬਾਵਜੂਦ ਕੇਵਲ ‘‘ਪਸੂ ਮਾਣਸ ਚੰਮਿ ਪਲੇਟੇ; ਅੰਦਰਹੁ ਕਾਲਿਆ ॥’’ (ਮ: ੧/੧੨੮੪) ਭਾਵ ਪਸ਼ੂ ਵਰਗੇ ਮਨੁੱਖ ਬਾਹਰੋਂ ਚੰਮ ਨਾਲ਼ ਵਲ੍ਹੇਟੇ ਹਨ ਪਰ ਅੰਦਰੋਂ ਕਾਲੇ ਹਨ; ਕੇਵਲ ਸ਼ਬਦਾਰਥ ਹਨ, ਨਾ ਕਿ ਭਾਵਾਰਥ, ਜਿਨ੍ਹਾਂ ਦੇ ਸਾਰ ਨੂੰ ਸਮਝਣ ਲਈ ਗੁਰਬਾਣੀ ਸਿਧਾਂਤ ਨੂੰ ਥੋੜ੍ਹਾ ਗਹੁ ਨਾਲ਼ ਵਿਚਾਰਨਾ ਪਏਗਾ, ਨਹੀਂ ਤਾਂ ਅਨਰਥ ਹੋ ਜਾਏਗਾ। ਜੈਸੇ ਕਿ ਕੁਝ ਅਜੋਕੇ ਸਿੱਖ ਪ੍ਰਚਾਰਕ ਕਰ ਵੀ ਰਹੇ ਹਨ।

ਗੁਰਬਾਣੀ ’ਚ ਮਨੁੱਖ ਜਾਤੀ ਨੂੰ ਤਿੰਨ ਭਾਗਾਂ ’ਚ ਵੰਡਿਆ ਗਿਆ ਹੈ। ਮਨੁੱਖ ਜਾਤੀ ਦੀ ਅਰੰਭਕ ਮਾਨਸਿਕ ਦਸ਼ਾ ਨੂੰ ਇਸਤ੍ਰੀ (ਮਾਤਾ) ਘੜਦੀ (ਤਰਾਸ਼ਦੀ) ਹੈ, ਇਸ ਲਈ ਗੁਰਬਾਣੀ ਵੀ ਤਿੰਨ ਤਰ੍ਹਾਂ ਦੀ ਮਾਤਾ ਅਗਵਾਈ ਦੇ ਪ੍ਰਥਾਇ ਵਚਨ ਕਰਦੀ ਹੈ; ਜਿਵੇਂ ਕਿ

(ੳ). ਉਹ ਮਨੁੱਖ; ਜੋ ਕਿਸੇ ਰੱਬੀ ਅਦ੍ਰਿਸ਼ ਸ਼ਖ਼ਸੀਅਤ ਉੱਤੇ ਵਿਸ਼ਵਾਸ ਨਹੀਂ ਰੱਖਦੇ, ਉਸ ਦੇ ਡਰ-ਅਦਬ ’ਚ ਨਹੀਂ ਰਹਿੰਦੇ, ਜਿਸ ਕਾਰਨ ਰਾਖਸ਼ ਬਿਰਤੀ ਬਣ ਜਾਂਦੀ ਹੈ, ਬਾਰੇ ਗੁਰੂ ਵਚਨ ਹਨ: ‘‘ਪੁਤੁ ਜਿਨੂਰਾ, ਧੀਅ ਜਿੰਨੂਰੀ; ਜੋਰੂ ਜਿੰਨਾ ਦਾ ਸਿਕਦਾਰੁ ॥’’ (ਮ: ੧/੫੫੬) ਭਾਵ ਜਦ ਪੁੱਤਰ ਤੇ ਧੀ ਦੈਂਤ (ਦਾਨਵ) ਬਣ ਜਾਣ ਤਾਂ ਸਮਝੋ ਕਿ ਉਨ੍ਹਾਂ ਦੀ ਅਗਵਾਈ ਕਰਨ ਵਾਲ਼ੀ ਮਾਤਾ ਹੀ ਰਾਖਸ਼ ਸੀ।

(ਅ). ਉਹ ਮਨੁੱਖ; ਜੋ ਕਿਸੇ ਦੀ ਥੋੜ੍ਹੀ ਬਹੁਤ ਪ੍ਰੇਰਨਾ ਸਦਕਾ ਧਰਮ ਪ੍ਰਤੀ ਜਜ਼ਬਾਤੀ ਤਾਂ ਬਣ ਗਏ, ਪਰ ਯੋਗ ਅਗਵਾਈ ਨਾ ਮਿਲਣ ਕਾਰਨ ਟੀਚਾ ਪ੍ਰਾਪਤ ਕਰਨ ’ਚ ਅਸਫਲ ਰਹਿ ਗਏ, ਜਿਨ੍ਹਾਂ ਨੂੰ ਗੁਰਬਾਣੀ ਕਰਮਕਾਂਡੀ ਬਿਆਨ ਕਰਦੀ ਹੈ: ‘‘ਕਬੀਰ ! ਮਾਇ ਮੂੰਡਉ ਤਿਹ ਗੁਰੂ ਕੀ; ਜਾ ਤੇ ਭਰਮੁ ਨ ਜਾਇ ॥’’ (ਭਗਤ ਕਬੀਰ/੧੩੬੯) ਭਾਵ ਜਿਸ ਗੁਰੂ ਦੀ ਚਰਨੀਂ ਲੱਗਿਆਂ ਵੀ ਦੁਬਿਧਾ (ਅਦ੍ਰਿਸ਼ ਸ਼ਕਤੀ ’ਤੇ ਬਣੇ ਜਜ਼ਬਾਤੀ ਵਿਸ਼ਵਾਸ ਨੂੰ ਯਕੀਨ ’ਚ ਨਾ ਬਦਲ ਸਕਣਾ) ਬਣੀ ਰਹੇ, ਉਸ (ਗੁਰੂ) ਦੀ ਮਾਂ ਦਾ ਮੈਂ ਸਿਰ ਮੁੰਨ ਦਿਆਂ ਜਾਂ ਉਸ ਦਾ ਸਿਰ ਮੁੰਨਣਯੋਗ ਹੈ ਭਾਵ ਉਹ ਵਿਧਵਾ ਰਹਿੰਦੀ, ਉਸ ਦੀ ਕੁੱਖੋਂ ਜਨਮ ਲੈਣ ਵਾਲ਼ਾ ਕੋਈ ਅਖੌਤੀ ਗੁਰੂ, ਕਿਸੇ ਦੀਆਂ ਜਜ਼ਬਾਤੀ ਭਾਵਨਾਵਾਂ ਦਾ ਦੁਰਪ੍ਰਯੋਗ ਤਾਂ ਨਾ ਕਰਦਾ। ਹਿੰਦੂ ਭਾਈਚਾਰੇ ’ਚ ਸਿਰ ਮੁੰਨਣ ਤੋਂ ਭਾਵ ਪਤੀ ਦੀ ਮੌਤ ਅਤੇ ਵਿਧਵਾ ਹੋਣ ਦਾ ਪ੍ਰਤੀਕ ਹੈ।

(ੲ). ਉਹ ਮਨੁੱਖ; ਜੋ ਮਾਤਾ ਦੀ ਪ੍ਰੇਰਨਾ ਸਦਕਾ ਧਰਮ ਪ੍ਰਤੀ ਜਜ਼ਬਾਤੀ ਹੋ ਕੇ ਮੰਜ਼ਲ ਤੱਕ ਪਹੁੰਚ ਗਏ; ਜਿਵੇਂ ਕਿ ਗੁਰੂ ਅਰਜਨ ਸਾਹਿਬ ਜੀ ਆਪਣੀ ਮਾਤਾ ਪ੍ਰਤੀ ਭਾਵਨਾ ਵਿਅਕਤ ਕਰਦੇ ਹਨ: ‘‘ਪੂਤਾ ! ਮਾਤਾ ਕੀ ਆਸੀਸ ॥ ਨਿਮਖ ਨ ਬਿਸਰਉ, ਤੁਮ੍ ਕਉ ਹਰਿ ਹਰਿ; ਸਦਾ ਭਜਹੁ ਜਗਦੀਸ ॥’’ (ਮ: ੫/੪੯੬), ਅਜਿਹੀ ਇਸਤ੍ਰੀ (ਮਾਤਾ) ਲਈ ਗੁਰਬਾਣੀ ਉਪਦੇਸ਼ ਹੈ: ‘‘ਸੋ ਕਿਉ ਮੰਦਾ ਆਖੀਐ ? ਜਿਤੁ ਜੰਮਹਿ ਰਾਜਾਨ ॥’’ (ਮ: ੧/੪੭੩)

ਉਕਤ ਕੀਤੀ ਗਈ , ਅ, ੲ ਦੇ ਤਹਿਤ ਵਿਚਾਰ ਵੰਡ; ਵਿਸ਼ੇਸ਼ ਧਿਆਨ ਮੰਗਦੀ ਹੈ। ‘ੳ’ ਸੰਦੇਸ਼ ਵਾਲ਼ਾ (ਨਾਸਤਿਕ) ਜੀਵਨ ਕਿਸੇ ਲਕਸ਼ ਦੀ ਪ੍ਰਾਪਤੀ ਤੋਂ ਬਿਨਾਂ ਪਸ਼ੂ ਵਾਙ ਕੇਵਲ ਮਨੁੱਖਾ ਜੂਨ ਭੋਗਦਾ ਹੈ, ਜਿਸ ਦਾ ਉਸ ਨੂੰ ਕੋਈ ਅਹਿਸਾਸ ਜਾਂ ਗ਼ਮ ਵੀ ਨਹੀਂ ਹੁੰਦਾ ਭਾਵ ਉਹ ਨਾਸਤਿਕਤਾ ’ਚ ਖ਼ੁਸ਼ ਹੈ।

 ਵਿਸ਼ੇ ਨਾਲ਼ ਸੰਬੰਧਿਤ ਜੀਵਨ (ਕਰਮਕਾਂਡੀ) ਧਰਮ ਪ੍ਰਤੀ ਜਜ਼ਬਾਤੀ ਹੈ, ਪਰ ਯੋਗ ਸਮਝ ਦੀ ਅਣਹੋਂਦ ਕਾਰਨ ਹਰ ਧਾਰਮਿਕ ਕਾਰਜ ਨੂੰ ਕਰਮਕਾਂਡ (ਮਾਤਰ ਵਿਖਾਵੇ ਲਈ, ਜਿਸ ਦਾ ਆਤਮਾ ਨੂੰ ਕੋਈ ਲਾਭ ਨਾ ਹੋਵੇ) ਬਣਾ ਲੈਂਦਾ ਹੈ, ਇਸ ਲਈ ਗੁਰੂ ਜੀ ਇਸ ਦੀ ਤੁਲਨਾ ‘ੳ’ ਨਾਸਤਿਕ ਜੀਵਨ ਜਾਂ ਮੰਜ਼ਲ ਵਿਹੂਣੇ ਪਸ਼ੂ ਜੂਨੀ ਦੀ ਮਿਸਾਲ ਦੇ ਕੇ ਸਮਝਾਉਂਦੇ ਹਨ: ‘‘ਕਰਤੂਤਿ ਪਸੂ ਕੀ; ਮਾਨਸ ਜਾਤਿ ॥ ਲੋਕ ਪਚਾਰਾ (ਵਿਖਾਵਾ, ਪਾਖੰਡ) ਕਰੈ ਦਿਨੁ ਰਾਤਿ ॥ ਬਾਹਰਿ ਭੇਖ; ਅੰਤਰਿ ਮਲੁ ਮਾਇਆ ॥ ਛਪਸਿ ਨਾਹਿ; ਕਛੁ ਕਰੈ ਛਪਾਇਆ ॥ ਬਾਹਰਿ; ਗਿਆਨ, ਧਿਆਨ, ਇਸਨਾਨ ॥ ਅੰਤਰਿ ਬਿਆਪੈ; ਲੋਭੁ ਸੁਆਨੁ ॥’’ ਧਿਆਨ ਰਹੇ ਕਿ ਨਾਸਤਿਕ ਜੀਵਨ ਅਜਿਹੇ ਕਰਮਕਾਂਡ ਨਹੀਂ ਕਰਦੇ। ਇਸ ਲਈ ਇਹ ਮਿਸਾਲ ਉਕਤ ‘ੳ’ ਸੰਦੇਸ਼ ਵਾਲ਼ੇ ਜੀਵਨ ਲਈ ਮੰਨਣੀ ਵਿਸ਼ੇ ਦੇ ਪ੍ਰਸੰਗ ਅਨੁਕੂਲ ਨਹੀਂ ਹੋਵੇਗੀ।

ਸੁਖਮਨੀ ਬਾਣੀ ਦੀ ਇਸ ਚੌਥੀ ਅਸ਼ਟਪਦੀ ’ਚ ਵਿਸ਼ੇ ਦਾ ਅਰੰਭਕ ਪ੍ਰਸੰਗ ਤਮਾਮ ਮਨੁੱਖਾ ਜੂਨੀ ਨਾਲ਼ ਸੰਬੰਧਿਤ ਹੈ ਅਤੇ ਸੰਬੰਧਿਤ ਤੁਕ (ਭਾਵ ਤੀਜੇ, ਚੌਥੇ, ਪੰਜਵੇਂ ਬੰਦ) ਤੱਕ ਕੇਵਲ ਕਰਮਕਾਂਡੀ ਜੀਵਨਸ਼ੈਲੀ ਦਾ ਵਖਿਆਨ ਹੈ, ਜਿਸ ਦਾ ਮਤਲਬ ਹੈ ਕਿ ਧਰਮ ਪ੍ਰਤੀ ਜਜ਼ਬਾਤੀ ਹੋਇਆ ਕਰਮਕਾਂਡੀ ਜੀਵਨ ਵੀ ਅਸ਼ਟਪਦੀ ਦੇ ਪਹਿਲੇ, ਦੂਜੇ ਬੰਦ ਦੇ ਪ੍ਰਸੰਗ ਵਾਙ ਹੀ ਟੀਚਾ ਰਹਿਤ ਮਨੁੱਖਾ ਜੂਨੀ (ਪਸ਼ੂ ਵਾਙ) ਭੋਗ ਰਿਹਾ ਹੈ; ਜਿਵੇਂ

ਸਲੋਕ: ‘‘ਨਿਰਗੁਨੀਆਰ ਇਆਨਿਆ ! ਸੋ ਪ੍ਰਭੁ ਸਦਾ ਸਮਾਲਿ ॥ ਜਿਨਿ ਕੀਆ, ਤਿਸੁ ਚੀਤਿ ਰਖੁ; ਨਾਨਕ ! ਨਿਬਹੀ ਨਾਲਿ ॥੧॥’’ (ਤਮਾਮ ਮਨੁੱਖਾ ਜੂਨੀ ਲਈ)

(1). ਪਹਿਲਾ ਪਦਾ: ‘‘ਰਮਈਆ ਕੇ ਗੁਨ; ਚੇਤਿ ਪਰਾਨੀ ! ॥ ਕਵਨ ਮੂਲ ਤੇ ਕਵਨ ਦ੍ਰਿਸਟਾਨੀ  ? ॥੧॥’’ (ਤਮਾਮ ਮਨੁੱਖਾ ਜੂਨੀ ਲਈ)

(2). ਦੂਜਾ ਪਦਾ: ‘‘ਦੀਨੇ; ਹਸਤ, ਪਾਵ, ਕਰਨ, ਨੇਤ੍ਰ, ਰਸਨਾ ॥ ਤਿਸਹਿ ਤਿਆਗਿ (ਕੇ); ਅਵਰ (ਹੋਰ ਮਾਯਾ) ਸੰਗਿ ਰਚਨਾ ॥੨॥’’ (ਤਮਾਮ ਮਨੁੱਖਾ ਜੂਨੀ ਲਈ)

(3). ਤੀਜਾ ਪਦਾ: ‘‘ਆਦਿ ਅੰਤਿ; ਜੋ ਰਾਖਨਹਾਰੁ ॥ ਤਿਸ ਸਿਉ ਪ੍ਰੀਤਿ; ਨ ਕਰੈ ਗਵਾਰੁ ॥….. ਜੋ ਠਾਕੁਰੁ; ਸਦ ਸਦਾ ਹਜੂਰੇ ॥ ਤਾ ਕਉ ਅੰਧਾ; ਜਾਨਤ ਦੂਰੇ ॥੩॥’’ (ਨੋਟ: ਕੀ ਨਾਸਤਿਕ ਰੱਬ ਨੂੰ ਦੂਰ ਜਾਣਦਾ ਹੈ, ਜੋ ਉਸ ਦੀ ਹਸਤੀ ਤੋਂ ਹੀ ਮੁਨਕਰ ਹੈ ? ਭਾਵ ਇੱਥੇ ਪ੍ਰਸੰਗ ਕਰਮਕਾਂਡੀ ਜੀਵਨ ਬਾਬਤ ਸ਼ੁਰੂ ਹੋ ਗਿਆ।)

(4). ਚੌਥਾ ਪਦਾ: ‘‘ਚੰਦਨ ਲੇਪੁ; ਉਤਾਰੈ ਧੋਇ ॥ ਗਰਧਬ ਪ੍ਰੀਤਿ; ਭਸਮ ਸੰਗਿ ਹੋਇ… ॥੪॥’’ (ਨੋਟ: ਭਸਮ, ਸੁਆਹ ਤੋਂ ਭਾਵ ਕਰਮਕਾਂਡ, ਖ਼ੱਜਲ਼-ਖ਼ੁਆਰੀ ਹੈ; ਜਿਵੇਂ ਖੋਤਾ ਸੁਆਹ ’ਚ ਲਿਟਣਾ ਨਹੀਂ ਤਿਆਗਦਾ ਇਉਂ ਕਰਮਕਾਂਡੀ ਕਰਮਕਾਂਡ ਤੇ ਮਾਯਾ ਪ੍ਰਤੀ ਲਗਾਅ ਨਹੀਂ ਛੱਡਦਾ।)

(5). ਪੰਜਵਾਂ ਪਦਾ: ‘‘ਕਰਤੂਤਿ ਪਸੂ ਕੀ; ਮਾਨਸ ਜਾਤਿ ॥ ਲੋਕ ਪਚਾਰਾ; ਕਰੈ ਦਿਨੁ ਰਾਤਿ ॥ ਬਾਹਰਿ ਭੇਖ; ਅੰਤਰਿ ਮਲੁ ਮਾਇਆ ॥੫॥’’, ਆਦਿ, ਪਰ ਵਿਸ਼ੇ ਦੀ ਸਮਾਪਤੀ ’ਚ ਨਾਸਤਿਕ ਤੇ ਕਰਮਕਾਂਡੀ (ਦੋਵੇਂ ਹੀ) ਜੀਵਨ ਦਾ ਮਾਰਗ ਰੱਬੀ ਹੁਕਮ ਦੁਆਰਾ ਨਿਰਧਾਰਿਤ ਹੋਣ ਕਾਰਨ ਕੁਦਰਤ ਦੇ ਰਚੇਤਾ ਅਕਾਲ ਪੁਰਖ ਅੱਗੇ ਬੇਨਤੀ ਕੀਤੀ ਗਈ ਹੈ; ਜਿਵੇਂ ਕਿ

(8). ਅੱਠਵਾਂ ਪਦਾ: ‘‘ਤੂ ਠਾਕੁਰੁ; ਤੁਮ ਪਹਿ ਅਰਦਾਸਿ ॥ ਜੀਉ ਪਿੰਡੁ ਸਭੁ; ਤੇਰੀ ਰਾਸਿ ॥ ਤੁਮ ਮਾਤ ਪਿਤਾ; ਹਮ ਬਾਰਿਕ ਤੇਰੇ ॥ ਤੁਮਰੀ ਕ੍ਰਿਪਾ ਮਹਿ; ਸੂਖ ਘਨੇਰੇ ॥੮॥’’

‘ੲ’ ਸੰਦੇਸ਼ ਵਾਲ਼ਾ ਜੀਵਨ (ਰੱਬੀ ਪਿਆਰਾ) ਕਰਮਕਾਂਡ ਮੁਕਤ ਹੋ ਕੇ ਕੁਦਰਤ ਦੇ ਰਚੇਤਾ ਨਾਲ਼ ਜੁੜਿਆ ਹੋਇਆ ਸਰਬੋਤਮ ਜੂਨੀ ਦਾ ਅਨੰਦ ਮਾਣਦਾ ਹੈ: ‘‘ਅਵਰ ਜੋਨਿ; ਤੇਰੀ ਪਨਿਹਾਰੀ ॥ ਇਸੁ ਧਰਤੀ ਮਹਿ; ਤੇਰੀ ਸਿਕਦਾਰੀ ॥’’ (ਮ: ੫/੩੭੪)

ਜਪੁ ਬਾਣੀ ’ਚ ਧਰਤੀ ਨੂੰ ਧਰਮਸਾਲ ਕਿਹਾ ਗਿਆ ਹੈ: ‘‘ਤਿਸੁ ਵਿਚਿ; ਧਰਤੀ ਥਾਪਿ ਰਖੀ, ਧਰਮਸਾਲ ॥’’ ਧਰਮਸਾਲ ਦਾ ਅਰਥ ਹੈ ‘ਧਰਮ ਕਮਾਉਣ ਦੀ ਜਗ੍ਹਾ’। ਧਰਮਸਾਲ (ਨਾਂ) ਦਾ ਸੰਬੰਧ ਅਨ੍ਯ ਜੂਨੀ ਨਾਲ਼ ਨਹੀਂ ਭਾਵ ਧਰਮਸਾਲ (ਧਰਤੀ) ’ਤੇ ਧਰਮ ਕਮਾਈ ਮਨੁੱਖ ਤੋਂ ਬਿਨਾਂ ਕੋਈ ਹੋਰ ਜੂਨ ਨਹੀਂ ਕਰ ਸਕਦੀ।

ਗੁਰਮਤ ’ਚ ਧਰਮ ਦਾ ਸਰਬ ਸ੍ਰੇਸ਼ਟ ਵਿਸ਼ਾ ‘ਰੱਬੀ ਹਸਤੀ ਨੂੰ ਮਨੁੱਖਾ ਹਿਰਦੇ ’ਚ ਯਕੀਨੀ ਬਣਾਉਣਾ’ ਹੈ, ਤਾਂ ਜੋ ਮਨੁੱਖ ਹਰ ਕੰਮ ਦਾ ਮਹੱਤਵ ਆਪਣੇ ਉੱਪਰ ਲੈ ਕੇ ਆਪਣੀ ਹਉਮੈ ਨੂੰ ਪ੍ਰਬਲ ਕਰਦਿਆਂ ਮਾਨਵਤਾ ’ਚ ਦਵ੍ਵੈਤ ਭਾਵਨਾ ਪੈਦਾ ਕਰ ਕਰ ਵੰਡੀਆਂ ਨਾ ਪਾਵੇ।

ਕੁਦਰਤ ਨੂੰ ਇੱਕ ਸਿਲੇਬਸ ਮੰਨ ਲਈਏ ਤਾਂ ਇਸ ਦਾ ਇਮਤਿਹਾਨ; ਮਨੁੱਖਾ ਜੂਨੀ ਰਾਹੀਂ ਕੁਦਰਤ ਦੇ ਰਚੇਤਾ ਦੀ ਹੋਂਦ ਨੂੰ ਸਵੀਕਾਰਨਾ ਹੈ। ਕੁਦਰਤ ’ਚ ਧਰਤੀ ’ਤੇ ਜੀਵਾਂ ਦੀ ਰੱਖਿਆ ਲਈ ਹੀ ਹਵਾ, ਪਾਣੀ, ਰੁੱਤ, ਆਕਾਸ਼, ਸੂਰਜ, ਚੰਦ, ਦਿਨ, ਰਾਤ’, ਆਦਿ ਬਣਾਏ ਗਏ, ਨਾ ਕਿ ਮੌਸਮ ਲਈ ਧਰਤੀ ਭਾਵ ਧਰਮਸਾਲ ਬਣੀ। ਜਦ ਧਰਤੀ ਦੀ ਹਿਫ਼ਾਜ਼ਤ ਜੀਵਾਂ ਕਾਰਨ ਹੈ ਤਾਂ ਤਮਾਮ ਜੀਵਾਂ ’ਚੋਂ ਸਿਰਮੋਰ ਮਨੁੱਖਾ ਜੂਨੀ ਹੈ, ਜਿਸ ਵਿੱਚ ਗੁਰੂ ਰਾਹੀਂ ਰੱਬੀ ਸ਼ਕਤੀ ਨੂੰ ਯਾਦ ਕਰਨਾ, ਭਗਤ ਦਾ ਮੰਤਵ (ਟੀਚਾ) ਹੈ, ਇਸੇ ਲਈ ਧਰਤੀ ਨੂੰ ਧਰਮਸਾਲ ਨਾਂ ਦਿੱਤਾ ਗਿਆ ਭਾਵ ਕੁਦਰਤ ਸਿਲੇਬਸ ਵਿੱਚੋਂ ਰੱਬੀ ਸ਼ਕਤੀ ਨੂੰ ਹਿਰਦੇ ’ਚ ਯਕੀਨੀ ਬਣਾਉਣਾ ਹੀ ਇਮਤਿਹਾਨ ’ਚੋਂ ਪਾਸ ਹੋਣਾ ਹੈ, ਜਿਸ ਦਾ ਹੱਕਦਾਰ ਕੇਵਲ ਭਗਤ ਹੈ, ਉਸ ਲਈ ਧਰਤੀ, ਧਰਮਸਾਲ ਬਣ ਗਈ।

ਕਰਤਾਰ ਦੀ ਮੌਜੂਦਗੀ ਨੂੰ ਹਿਰਦੇ ’ਚ ਯਕੀਨਨ ਬਣਾਉਣਾ ਕੇਵਲ ਤਰਕ (ਗਿਆਨ) ਦਾ ਭਾਗ ਨਹੀਂ, ਇਸ ਲਈ ਵਿਸ਼ਵਾਸ ਵੀ ਲੋੜੀਂਦਾ ਹੈ ਕਿਉਂਕਿ ਰੱਬੀ ਸ਼ਕਤੀ, ਅਦ੍ਰਿਸ਼ ਹੋਣ ਕਾਰਨ ਕੇਵਲ ਤਰਕ (ਗਿਆਨ ਇੰਦ੍ਰਿਆਂ) ਨਾਲ਼ ਮਹਿਸੂਸ ਨਹੀਂ ਹੁੰਦੀ: ‘‘ਨਾਨਕ ! ਸੇ ਅਖੜੀਆਂ ਬਿਅੰਨਿ (ਹੋਰ, ਦੂਜੀਆਂ); ਜਿਨੀ ਡਿਸੰਦੋ ਮਾ ਪਿਰੀ ॥’’ (ਮ: ੫/੫੭੭) ਭਾਵ ਮੇਰੇ ਅਸਲ ਪਤੀ-ਪ੍ਰਮੇਸ਼੍ਵਰ (ਅਕਾਲ ਪੁਰਖ) ਨੂੰ ਅਨੁਭਵ ਕਰਨ ਲਈ ਦੁਨੀਆਵੀ ਅੱਖਾਂ ਦੇ ਨਾਲ਼-ਨਾਲ਼ ਵਿਸ਼ਵਾਸ (ਸ਼ਰਧਾ) ਵਾਲ਼ੀਆਂ ਅੱਖਾਂ ਹੋਣੀਆਂ ਵੀ ਜ਼ਰੂਰੀ ਹਨ। ਗੁਰਬਾਣੀ ’ਚ ਇਨ੍ਹਾਂ ਅੱਖਾਂ ਨੂੰ ਵਿਵੇਕ ਕਿਹਾ ਗਿਆ, ਜੋ ਪੂਰਨ ਅਨੁਭਵੀ ਰੁਤਬੇ ਵਜੋਂ ਗੁਰੂ ਸ਼ਖ਼ਸੀਅਤ ਮੰਨੀ ਗਈ: ‘‘ਕਹੁ ਕਬੀਰ ! ਮੈ ਸੋ ਗੁਰੁ ਪਾਇਆ; ਜਾ ਕਾ ਨਾਉ ਬਿਬੇਕੁੋ ॥’’ (ਭਗਤ ਕਬੀਰ/੭੯੩), ਵਿਵੇਕ ਤੋਂ ਭਾਵ ਤਰਕ ਅਤੇ ਨਿਸ਼ਚਾ (ਵਿਸ਼ਵਾਸ) ਦਾ ਸੁਮੇਲ ਹੈ। ਅਗਰ ਕੇਵਲ ਨਿਸ਼ਚਾ ਹੋਵੇ ਤਾਂ ਗੁਰਬਾਣੀ ਮੁਤਾਬਕ ਅੰਧਵਿਸ਼ਵਾਸ (ਕੁਦਰਤ ਪ੍ਰਤੀ ਲਗਾਅ, ਰਵਾਇਤੀ ਅਧਾਰਹੀਣ ਮਨੌਤਾਂ ਪ੍ਰਤੀ ਵਿਸ਼ਵਾਸ) ਵਧੇਗਾ ਅਤੇ ਕੇਵਲ ਤਰਕ; ਨਾਸਤਿਕ (ਨਾ-ਨਿਸ਼ਚਾ, ਨਿਰਾਕਾਰ ਪ੍ਰਤੀ ਅਵਿਸ਼ਵਾਸ) ਨੂੰ ਜਨਮ ਦੇਂਦਾ ਹੈ।

ਗੁਰਮਤਿ ਦੇ ਉਕਤ ਸਿਧਾਂਤ ਦੇ ਪ੍ਰਚਾਰ ਤੇ ਪ੍ਰਸਾਰ ਲਈ ਅਜੋਕੀ ਸਿੱਖ ਸੋਚ, ਤਿੰਨ ਤਰ੍ਹਾਂ ਨਾਲ਼ ਵਿਚਰਦੀ ਹੈ:

(1). ਨਿਰਾਕਾਰ ਪ੍ਰਤੀ ਵਿਸ਼ਵਾਸ ਅਤੇ ਕੁਦਰਤ ਪ੍ਰਤੀ ਸ਼ਰਧਾ, ਜਿਸ ਵਿੱਚ ਗੁਰਮਤਿ ਵਿਰੋਧੀ ਰਵਾਇਤੀ ਖ਼ਿਆਲਾਂ ਨੂੰ ਨਵਾਂ ਲਿਬਾਸ ਪਾ ਦਿੱਤਾ ਗਿਆ; ਜਿਵੇ ਕਿ

(ੳ). ਨਿਰਾਕਾਰ ਤੇ ਆਕਾਰ (ਕੁਦਰਤ) ਦੇ ਵਿਚਕਾਰ ਇੱਕ ਕਾਲਪਨਿਕ ਨਗਰੀ ਸਵਰਗ ਜਾਂ ਬਹਿਸ਼ਤ (ਜੰਨਤ) ਰਵਾਇਤੀ (ਪਰੰਪਰਾਵਾਦੀ) ਧਾਰਨਾ ਸੀ। ਇਸ ਕਾਲਪਨਿਕ ਨਗਰੀ ਵਾਙ ਹੀ ਸਿੱਖਾਂ ਦੀ ਇੱਕ ਸੋਚ ਨੇ ਸ਼ਹੀਦ ਨਗਰੀ ਬਣਾ ਲਈ ਭਾਵ ਕੁਝ ਸਿੱਖ ਸ਼ਹੀਦ ਅਜੇ ਤੱਕ ਅਕਾਲ ਪੁਰਖ ’ਚ ਲੀਨ ਨਹੀਂ ਹੋਏ, ਜੋ ਸ਼ਹੀਦ ਨਗਰੀ ’ਚ ਰਹਿੰਦੇ ਹਨ ਤੇ ਖਾਲਿਸਤਾਨ ਬਣਾਉਣ ਲਈ ਧਰਤੀ ’ਤੇ ਆ ਕੇ (ਦੁਰਗਾ, ਚੰਡੀ ਦੇਵੀ ਵਾਙ) ਸਾਡੀ ਮਦਦ ਕਰਨਗੇ।

(ਅ). ਹਿੰਦੂ ਮਤ ਦੇ ਆਮ ਨਾਗਰਿਕਾਂ ’ਚ ਦੇਵੀ-ਦੇਵਤਿਆਂ ਨੂੰ ਖ਼ਾਸ ਮੰਨਿਆ ਜਾਂਦਾ ਹੈ ਤੇ ਸ਼ਹੀਦ ਨਗਰੀ ਦੇ ਵਜੂਦ ਨੂੰ ਮੰਨਣ ਵਾਲ਼ਿਆਂ ਨੇ ਵੀ ਦੇਵਤਿਆਂ ਵਾਙ ਸੰਤ, ਬ੍ਰਹਮਗਿਆਨੀ, ਸ਼੍ਰੀ ਸ਼੍ਰੀ 1008, ਆਦਿ ਬੰਦੇ ਆਮ ਤੋਂ ਖ਼ਾਸ ਬਣਾ ਲਏ, ਜਿਨ੍ਹਾਂ ਦੇ ਪ੍ਰਭਾਵ ਨੂੰ ਕਿਆਮਤ ਤੱਕ ਕਾਇਮ ਰੱਖਣ ਲਈ ਦੇਵ-ਮੂਰਤੀਆਂ ਵਾਙ ਬਰਸੀਆਂ ਮਨਾਉਣੀਆਂ ਸ਼ੁਰੂ ਕਰ ਦਿੱਤੀਆਂ, ਜੋ ਕਿ ਇੱਕ ਦਿਨ 33 ਕਰੋੜ ਹੋ ਸਕਦੇ ਹਨ, ਆਦਿ।

ਵੱਡਾ ਦੁਖਾਂਤ ਇਹ ਵਾਪਰਿਆ ਕਿ ਬਣਾਏ ਗਏ ਇਨ੍ਹਾਂ ਖ਼ਾਸ ਸਿੱਖ ਮਹਾਂ ਪੁਰਸ਼ਾਂ ਨੇ ਕਾਲਪਨਿਕ ਹਿੰਦੂ ਵਿਸ਼ਵਾਸ ਵਾਙ ਬਹੁਤ ਕੁਝ ਗੁਰਮਤ ਵਿਰੋਧੀ ਵੀ ਗੁਰਬਾਣੀ ਸਿਧਾਂਤ ਸਮਝ ਕੇ ਮੰਨ ਲਿਆ; ਜਿਵੇਂ ਕਿ ‘ਗੁਰੂ ਨਾਨਕ ਸਾਹਿਬ ਜੀ; ਰਾਮਚੰਦਰ ਜੀ ਦੇ ਪੁੱਤਰ ਕੁਸ਼ ਦੇ ਵੰਸ਼ਜ ਹਨ, ਗੁਰੂ ਅੰਗਦ ਦੇਵ ਜੀ ਲਛਮਣ ਦੇ ਪੁੱਤਰ ਤੱਖ ਦੇ ਵੰਸ਼ਜ, ਗੁਰੂ ਅਮਰਦਾਸ ਜੀ; ਰਾਮ ਚੰਦਰ ਦੇ ਪੁੱਤਰ ਭਰਥ ਦੇ ਵੰਸ਼ਜ, ਗੁਰੂ ਰਾਮਦਾਸ ਜੀ; ਰਾਮ ਚੰਦਰ ਜੀ ਦੇ ਪੁੱਤਰ ਲਵ ਦੇ ਵੰਸ਼ਜ ਹਨ, ਆਦਿ।

ਪੰਜ ਪਿਆਰਿਆਂ ’ਚੋਂ ਭਾਈ ਦਇਆ ਸਿੰਘ; ਲਊ ਦਾ ਅਵਤਾਰ, ਭਾਈ ਧਰਮ ਸਿੰਘ; ਭਗਤ ਧੰਨੇ ਜੀ ਦਾ ਅਵਤਾਰ, ਭਾਈ ਮੋਹਕਮ ਸਿੰਘ ਜੀ; ਭਗਤ ਨਾਮਦੇਵ ਜੀ ਦਾ ਅਵਤਾਰ, ਭਾਈ ਸਾਹਿਬ ਸਿੰਘ ਜੀ; ਭਗਤ ਸੈਣ ਜੀ ਦਾ ਅਵਤਾਰ’ ਭਾਵ ਇਨ੍ਹਾਂ ਦੀ ਅਖੋਤੀ ਜਾਤੀ ਪਿਛਲੇ ਜਨਮ ਤੋਂ ਨਿਰੰਤਰ ਚੱਲਦੀ ਆ ਰਹੀ ਸੀ, ਪਰ ਇਸ ਮਨੌਤ ਬਾਬਤ ਗੁਰ ਨਾਨਕ ਦੇਵ ਜੀ ਦਾ ਉਪਦੇਸ਼ ਹੈ: ‘‘ਅਗੈ ਜਾਤਿ ਨ ਜੋਰੁ ਹੈ; ਅਗੈ ਜੀਉ ਨਵੇ ॥’’ (ਮ: ੧/੪੬੯)

ਇਸੇ ਸੰਤ (ਭੇਖੀ) ਪਦ ਦੀ ਦੇਣ ਹੈ ਕਿ ਮੂਲ ਮੰਤਰ ‘‘ਨਾਨਕ ! ਹੋਸੀ ਭੀ ਸਚੁ॥੧॥’’ ਤੱਕ ਹੈ, ਮਹਲਾ ੧ ਦਾ ਉਚਾਰਨ ‘ਮਹੱਲਾ ਪਹਿਲਾ’ ਹੈ, ਰਾਗਮਾਲਾ ਗੁਰੂ ਕ੍ਰਿਤ ਹੈ, ਵੱਡੀ ਰਹਰਾਸਿ ਦਾ ਪਾਠ ਕਰਵਾਉਣਾ, ਸੰਪੂਰਨ ਦਸਮ ਗ੍ਰੰਥ; ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਮੰਨਣਾ, ਔਰਤ ਜਾਤੀ ਨੂੰ ਪੰਜ ਪਿਆਰਿਆਂ ’ਚ ਨਾ ਸ਼ਾਮਲ ਕਰਨਾ, ਦਰਬਾਰ ਸਾਹਿਬ ਵਿਖੇ ਔਰਤ ਨੂੰ ਕੀਰਤਨ ਦੀ ਸੇਵਾ ਤੋਂ ਵਾਂਝੇ ਰੱਖਣਾ, ਆਦਿ। ਇਨ੍ਹਾਂ ਨੇ ਪੰਥਕ ਏਕਤਾ ਦਾ ਪ੍ਰਤੀਕ ਮੰਨੀ ਜਾਂਦੀ ਅਕਾਲ ਤਖਤ ਸਾਹਿਬ ਤੋਂ ਪ੍ਰਮਾਣਿਤ ਸਿੱਖ ਰਹਿਤ ਮਰਿਆਦਾ ਨੂੰ ਕਦੇ ਨਹੀਂ ਸਵੀਕਾਰਿਆ, ਸਗੋਂ ਆਪਣੀ ਵੱਖਰੀ ਮਰਿਆਦਾ ਬਣਾ ਲਈ। ਵਗ਼ੈਰਾ-ਵਗ਼ੈਰਾ ਤੋਂ ਸਪੱਸ਼ਟ ਹੈ ਕਿ ਇਨ੍ਹਾਂ ਦਾ ਨਿਰਾਕਾਰ ਪ੍ਰਤੀ ਨਿਸ਼ਚਾ ਤਾਂ ਹੈ, ਪਰ ਵਿਵੇਕੀ ਬਣਨ ਲਈ ਆਕਾਰ (ਕੁਦਰਤ) ਪ੍ਰਤੀ ਤਰਕ ਨੂੰ ਬਿਲਕੁਲ ਵੀ ਮਹੱਤਵ ਨਾ ਦਿੱਤਾ ਤੇ ਪ੍ਰਚਲਿਤ ਰਵਾਇਤਾਂ ਨੇ ਸੰਤ, ਬ੍ਰਹਮ ਗਿਆਨੀ ਪਦ ਰਾਹੀਂ ਗੁਰਮਤਿ ਦੀ ਵਿਲੱਖਣਤਾ ਹੀ ਅਲੋਪ ਕਰ ਦਿੱਤੀ।

ਗੁਰਬਾਣੀ; ਕੁਦਰਤ ਪ੍ਰਤੀ ਝੁਕਾਅ (ਆਕਾਰ ਪੂਜਾ ਜਾਂ ਆਮ ਤੋਂ ਖ਼ਾਸ ਬਣਨ) ਨੂੰ ਇਸ ਲਈ ਵੱਡਾ ਖ਼ਤਰਾ ਮੰਨਦੀ ਹੈ ਕਿਉਂਕਿ ਇਹ ਅੰਨ੍ਹੀ ਸ਼ਰਧਾ, ਨਿਰਾਕਾਰ ਵੱਲੋਂ ਦੂਰੀ ਬਣਾਉਂਦੀ ਹੈ। ਪਹਿਲੇ ਨਾਨਕ ਤੇ ਪੰਜਵੇਂ ਨਾਨਕ ਦੀ ਇਸ ਵਿਸ਼ੇ ਬਾਰੇ ਬੇਮਿਸਾਲ ਦਲੀਲ ਹੈ; ਜਿਵੇਂ ਕਿ

(1). ਗੁਰੂ ਨਾਨਕ ਸਾਹਿਬ ਜੀ ਦਰਖ਼ਤ ਦੇ ਵਿਸਥਾਰ ਨੂੰ ਕੁਦਰਤ (ਆਕਾਰ) ਅਤੇ ਬ੍ਰਿਛ ਦੇ ਮੂਲ (ਜੜ੍ਹ) ਨੂੰ ਨਿਰਾਕਾਰ ਪੇਸ਼ ਕਰਕੇ ‘‘ਤੂੰ ਪੇਡੁ; ਸਾਖ ਤੇਰੀ ਫੂਲੀ ॥’’ (ਮ: ੫/੧੦੨) ਵਿਸ਼ੇ ਨੂੰ ਸਪਸ਼ਟ ਕਰਦਿਆਂ ਵਚਨ ਕਰਦੇ ਹਨ ਕਿ ਮੂਲ ਨੂੰ ਤਿਆਗਣ ਵਾਲ਼ੇ ਟਹਿਣੀਆਂ (ਕੁਦਰਤ) ਨਾਲ਼ ਜੁੜ ਕੇ ਕੀ ਸੁਆਹ ਪਾਉਣਗੇ: ‘‘ਮੂਲੁ ਛੋਡਿ, ਡਾਲੀ ਲਗੇ; ਕਿਆ ਪਾਵਹਿ ਛਾਈ  ? ॥’’ (ਮ: ੧/੪੨੦)

(2). ਗੁਰੂ ਅਰਜਨ ਸਾਹਿਬ ਜੀ ਦੇ ਵਚਨ ਹਨ ਕਿ ਆਮ ਬੰਦੇ ਤੋਂ ਖ਼ਾਸ ਬਣਾ ਕੇ ਉਸ ਪ੍ਰਤੀ ਸ਼ਰਧਾ ਰੱਖਣੀ, ਧਰਤੀ ਉੱਤੇ ਮੇਰੂ (ਸਭ ਤੋਂ ਵੱਡੇ) ਪਰਬਤ ਵਾਙ ਹੈ, ਜਿਸ ਦੇ ਪਰਦੇ ’ਚ ਨਿਰਾਕਾਰ (ਮੇਰੂ ਦਾ ਰਚੇਤਾ) ਬਹੁਤ ਛੋਟਾ (ਘਾਹ-ਫੂਸ) ਜਾਪਦਾ ਹੈ ਭਾਵ ਉਧਰੋਂ ਧਿਆਨ ਹਟ ਜਾਂਦਾ ਹੈ: ‘‘ਕੀਤੇ ਕਉ ਮੇਰੈ ਸੰਮਾਨੈ; ਕਰਣਹਾਰੁ ਤ੍ਰਿਣੁ ਜਾਨੈ ॥’’ (ਮ: ੫/੬੧੩), ਆਦਿ ਪਾਵਨ ਵਚਨਾਂ ਦੇ ਪਹਿਰੇਦਾਰ ਅਖਵਾਉਣ ਵਾਲ਼ੇ ਸਿੱਖੀ ਸਰੂਪ, ਅਗਰ ਫਿਰ ਵੀ ਆਮ ਬੰਦੇ ਤੋਂ ਖ਼ਾਸ (ਮੇਰੂ) ਬਣਾ ਕੇ ਅਕਾਲ ਪੁਰਖ ਨੂੰ ਘਾਹ-ਫੂਸ ਬਣਾਉਣ ਦਾ ਯਤਨ ਕਰਨ ਤਾਂ ਉਨ੍ਹਾਂ ਲਈ ‘‘ਕਰਤੂਤਿ ਪਸੂ ਕੀ; ਮਾਨਸ ਜਾਤਿ ॥’’ ਕਹਿਣਾ ਦਰੁਸਤ ਹੋਵੇਗਾ ਕਿਉਂਕਿ ਇੱਥੇ ਵਿਵੇਕਤਾ ’ਚੋਂ ਤਰਕ ਵਿਸ਼ਾ ਅਲੋਪ ਹੈ।

(2). ਦੂਸਰੀ ਸਿੱਖ ਸੋਚ; ਉਕਤ ਆਕਾਰ (ਆਮ ਤੋਂ ਖ਼ਾਸ ਬਣਨ) ਪ੍ਰਤੀ ਧਾਰੇ ਨਿਸ਼ਚੇ (ਅੰਧਵਿਸ਼ਵਾਸ) ਨੂੰ ਆਪਣੇ ਤਰਕ (ਗਿਆਨ ਇੰਦ੍ਰਿਆਂ) ਨਾਲ਼ ਮੂਲੋਂ ਹੀ ਰੱਦ ਕਰਦੀ ਹੈ, ਜਿਸ ਦੇ ਨਾਲ਼-ਨਾਲ਼ ਅਦ੍ਰਿਸ਼ ਸ਼ਕਤੀ (ਵਿਸ਼ਿਆਂ) ਪ੍ਰਤੀ ਬਣੇ ਗੁਰਸਿੱਖ ਦੇ ਨਿਸ਼ਚੇ ਨੂੰ ਵੀ ਤਰਕ ਨਾਲ਼ ਵੇਖਦੀ ਹੈ; ਜਿਵੇਂ ਕਿ ਜੂਨਾਂ ਦਾ ਆਵਾਗਮਣ ਇਨ੍ਹਾਂ ਮੁਤਾਬਕ ‘‘ਕਰਤੂਤਿ ਪਸੂ ਕੀ; ਮਾਨਸ ਜਾਤਿ ॥’’ ਦਾ ਮਤਲਬ ਹੈ ਕਿ ਜੋ ਮਨੁੱਖ ਜਾਗਰੂਕ ਨਹੀਂ ਉਹ ਪਸ਼ੂ ਵਰਗਾ ਹੈ ਭਾਵ ਇਨ੍ਹਾਂ ਅਨੁਸਾਰ ਪਸ਼ੂ ਨਿਖਿੱਧ (ਘਟੀਆ, ਬੁਰੀ, ਨਿਕੰਮੀ) ਜੂਨ ਹੈ।

ਵਿਚਾਰਨ ਦਾ ਵਿਸ਼ਾ ਹੈ ਕਿ ਗੁਰੂ ਜੀ ਨਿਖਿੱਧ ਪਸ਼ੂ ਨਾਲ਼ ਨਿਖਿੱਧ ਮਨੁੱਖ ਦੀ ਤੁਲਨਾ ਕਰਕੇ ਕਿਸ ਨੂੰ ਅਹਿਸਾਸ ਕਰਵਾਉਣਾ ਚਾਹੁੰਦੇ ਹਨ ? ਪਸ਼ੂ ਨੂੰ ਜਾਂ ਮਨੁੱਖ ਨੂੰ; ਇਹ ਤਾਂ ਮੰਨਿਆ ਜਾ ਸਕਦਾ ਹੈ ਕਿ ਪਸ਼ੂ ਤੋਂ ਨੀਵਾਂ ਵਿਖਾ ਕੇ ਮਨੁੱਖ ਨੂੰ ਅਹਿਸਾਸ ਕਰਵਾਇਆ ਜਾਏ।

ਜੂਨਾਂ ਦੀ ਹੋਂਦ (ਆਵਾਗਮਣ) ਤੋਂ ਮੁਨਕਰ ਹੋਣ ਵਾਲ਼ੇ ਸਿੱਖ, ਗੁਰਬਾਣੀ ’ਚ ਵਰਤੇ ਗਏ ਪਸ਼ੂ ਸੁਭਾਅ ਨੂੰ ਮਨੁੱਖਾ ਸੁਭਾਅ ਨਾਲ਼ ਜੋੜਦੇ ਹਨ। ਕੀ ਪਸ਼ੂ ਆਪਣੇ ਹੀ ਜੀਵਨ ਨੂੰ ਸ਼ਰਾਬ (ਨਸ਼ਾ) ਆਦਿ ਨਾਲ਼ ਬਰਬਾਦ ਕਰ ਲੈਂਦੇ ਹਨ ?, ਕੀ ਪਸ਼ੂ ਬਲਾਤਕਾਰ ਕਰਦੇ ਹਨ ? ਕੀ ਪਸ਼ੂ ਆਪਣੇ ਹੀ ਵੰਸ਼ਜ ਨੂੰ ਕਿਸੇ ਲਾਲਚ ਵੱਸ ਮਾਰਦੇ ਹਨ ?, ਆਦਿ। ਅਗਰ ਜਵਾਬ ਨਾ ਵਿੱਚ ਹੈ ਤਾਂ ਤਮਾਮ ਜੂਨਾਂ ਦੇ ਸੁਭਾਅ ਨਾਲ਼ ਮਨੁੱਖਾ ਸੋਚ ਦੀ ਤੁਲਨਾ ਕਰਨ ਦੀ ਬਜਾਇ ਉਨ੍ਹਾਂ ਦੀ ਮੰਜ਼ਲ ਰਹਿਤ ਜ਼ਿੰਦਗੀ ਦੀ ਮਿਸਾਲ ਨਾਲ਼ ਮਨੁੱਖ ਨੂੰ ਆਪਣੇ ਟੀਚੇ ਦਾ ਅਹਿਸਾਸ ਕਰਵਾਉਣਾ ਚਾਹੀਦਾ ਹੈ ਭਾਵ ਕਿ ਤੂੰ ਪਸ਼ੂ ਵਰਗਾ ਨਹੀਂ ਕਿ ਤੇਰਾ ਕੋਈ ਲਕਸ਼ ਹੀ ਨਾ ਹੋਵੇ।

ਮੇਰਾ ਮਤਲਬ ਕੇਵਲ ਜੂਨਾਂ ਦੇ ਆਵਾਗਮਣ ਨੂੰ ਯਕੀਨੀ ਬਣਾਉਣਾ ਨਹੀਂ ਬਲਕਿ ਇਸ ਪਾਸੇ ਧਿਆਨ ਕੇਂਦ੍ਰਿਤ ਕਰਨਾ ਹੈ ਕਿ ਅਗਰ ਮਨੁੱਖਾ ਸਰੀਰ ਦੀ ਮੌਤ ਉਪਰੰਤ ਕੋਈ ਅਦ੍ਰਿਸ਼ ਸ਼ਕਤੀ (ਜੋਤ, ਆਤਮਾ, ਰੂਹ, ਆਦਿ) ਨਹੀਂ ਰਹਿ ਜਾਂਦੀ ਤਾਂ ਕੁਦਰਤ ਦੀ ਸਮਾਪਤੀ (ਕਿਆਮਤ) ਉਪਰੰਤ ਵੀ ਕੋਈ ਨਿਰਾਕਾਰੀ ਅਦ੍ਰਿਸ਼ ਸ਼ਕਤੀ ਨਹੀਂ ਬਚੇਗੀ ਤੇ ਗੁਰਬਾਣੀ ਦੇ ‘‘ਆਦਿ ਸਚੁ; ਜੁਗਾਦਿ ਸਚੁ ॥ ਹੈ ਭੀ ਸਚੁ; ਨਾਨਕ ! ਹੋਸੀ ਭੀ ਸਚੁ ॥ (ਜਪੁ), ਕਈ ਜੁਗਤਿ; ਕੀਨੋ ਬਿਸਥਾਰ ॥ ਕਈ ਬਾਰ; ਪਸਰਿਓ ਪਾਸਾਰ ॥ ਸਦਾ ਸਦਾ; ਇਕੁ ਏਕੰਕਾਰ ॥’’ (ਮ: ੫/੨੭੬), ਆਦਿ ਵਚਨਾਂ ਦਾ ਕੋਈ ਮਤਲਬ ਨਹੀਂ ਰਹਿ ਜਾਏਗਾ।

ਗੁਰੂ ਨਾਨਕ ਸਾਹਿਬ ਜੀ ਦੇ ਜੁਗਾਦਿ ਸਚੁ ਨੂੰ ਕੁਦਰਤ ਦਾ ਭਾਗ ਮੰਨ ਸਕਦੇ ਹਾਂ ਕਿਉਂਕਿ ਮਨੌਤ ਅਨੁਸਾਰ ਤਦ ਜੁਗਾਂ ਨੂੰ ਨਿਰਧਾਰਿਤ ਕਰਨ ਵਾਲ਼ਾ ਵਿਅਕਤੀ (ਪੰਡਿਤ) ਜੀਵਤ ਸੀ, ਪਰ ਆਦਿ ਸਚੁ ਦਾ ਅਰਥ ਕੁਦਰਤ ਦੀ ਅਰੰਭਤਾ ਤੋਂ ਬਾਹਰ ਚਲਾ ਜਾਂਦਾ ਹੈ ਕਿਉਂਕਿ ਇਸ ਦਾ ਅਰਥ ਕੁਦਰਤ ਦਾ ਆਦਿ (ਮੁੱਢ, ਮੂਲ, ਸਿਰਾ, ਜੜ੍ਹ) ਹੈ, ਜਦ ਕੁਦਰਤ ਨਹੀਂ ਸੀ ਅਤੇ ਹੋਸੀ ਭੀ ਸਚੁ ਦਾ ਅਰਥ ਵੀ ਕੁਦਰਤ ਦੀ ਸਮਾਪਤੀ ਉਪਰੰਤ ਹੈ ਭਾਵ ਕਿਆਮਤ ਉਪਰੰਤ ਹੋਏਗਾ ਜਾਂ ਰਹੇਗਾ ਵੀ ਸਚੁ

ਇਹ ਸਿੱਖ ਸੋਚ ਆਕਾਰ ਪ੍ਰਤੀ ਸ਼ਰਧਾ ’ਤੇ ਤਰਕ ਕਰਕੇ ਸਹੀ ਕਰ ਰਹੀ ਹੈ, ਪਰ ਨਿਰਾਕਾਰ (ਅਦ੍ਰਿਸ਼) ਵਿਸ਼ਿਆਂ ਉੱਤੇ ਤਰਕ ਕਰਕੇ ਨਾਸਤਿਕਤਾ ਦਾ ਸਬੂਤ ਵੀ ਦੇ ਦੇਂਦੀ ਹੈ ਕਿਉਂਕਿ ਫਿਰ ਵਿਸ਼ਵਾਸ ਤਾਂ ਕਿਸੇ ਉੱਤੇ ਵੀ ਨਾ ਰਿਹਾ, ਜੋ ਵਿਵੇਕਤਾ ਦਾ ਦੂਸਰਾ ਹਿਸਾ (ਪਹਿਲੂ) ਹੈ। ਕੇਵਲ ਗੁਰੂ ਗਿਆਨ ਪ੍ਰਾਪਤ ਕਰਨਾ ਵਿਸ਼ਵਾਸ ਧਾਰਨਾ ਨਹੀਂ ਹੁੰਦਾ। ਅਗਰ ਗਿਆਨ (ਤਰਕ) ਨੂੰ ਹੀ ਵਿਸ਼ਵਾਸ ਮੰਨ ਲਈਏ ਤਾਂ ਪੂਰਾ ਸਮਾਜ ਹੀ ਕੋਈ ਨਾ ਕੋਈ ਗਿਆਨ ਗ੍ਰਹਿਣ ਕਰ ਰਿਹਾ ਹੈ, ਤਾਂ ਭਿੰਨਤਾ ਜਾਂ ਵਿਲੱਖਣਤਾ ਕਾਹਦੀ ਰਹੀ ? ਕੀ ਸਾਰੇ ਹੀ ਰੱਬੀ ਭਗਤ ਹਨ ?

ਜੋ ਸਿੱਖ ਸੋਚ ਨਿਰਾਕਾਰ ਸ਼ਕਤੀ ਪ੍ਰਤੀ ਕੋਈ ਵਿਸ਼ਵਾਸ ਨਹੀਂ ਰੱਖਦੀ ਉਹ ਮੰਜ਼ਲ ਵਿਹੂਣੀ ਹੈ; ਜਿਵੇਂ ਪਸ਼ੂ, ਇਸ ਲਈ ਇਨ੍ਹਾਂ ਨੂੰ ਵੀ ‘‘ਕਰਤੂਤਿ ਪਸੂ ਕੀ; ਮਾਨਸ ਜਾਤਿ ॥’’ ਕਹਿਣਾ ਦਰੁਸਤ ਹੋਏਗਾ। ਗੁਰਬਾਣੀ ਦਾ ਉਪਦੇਸ਼ ‘‘ਪਰਥਾਇ ਸਾਖੀ ਮਹਾ ਪੁਰਖ ਬੋਲਦੇ..॥’’ ਤੋਂ ਸ਼ੁਰੂ ਜ਼ਰੂਰ ਹੁੰਦਾ ਹੈ, ਪਰ ਸਮਾਪਤੀ ‘‘ਸਾਝੀ ਸਗਲ ਜਹਾਨੈ ॥’’ (ਮ: ੩/੬੪੭) ਨਾਲ਼ ਹੁੰਦੀ ਹੈ।

ਔਗੁਣਾਂ ਭਰਪੂਰ ਜੀਵਨ ਵਾਲ਼ੇ ਨਾਸਤਿਕ ਬੰਦੇ ਨੂੰ, ਜੋ ਕਿਸੇ ਸ਼ਕਤੀ ਦੇ ਡਰ-ਅਦਬ ’ਚ ਨਾ ਰਹਿਣ ਕਾਰਨ ਆਪਣੇ ਟੀਚੇ ਪ੍ਰਤੀ ਆਕਰਸ਼ਕ ਹੀ ਨਹੀਂ ਹੋਣਾ ਚਾਹੁੰਦਾ, ਉਸ ਮੰਜ਼ਲ ਵਿਹੂਣੇ ਨੂੰ ‘‘ਕਰਤੂਤਿ ਪਸੂ ਕੀ; ਮਾਨਸ ਜਾਤਿ ॥’’ ਮੰਨਣਾ ਗ਼ਲਤ ਨਹੀਂ, ਪਰ ਉਸ ਦੀ ਮਿਸਾਲ ਨਾਲ਼ ਮੈਂ ਆਪਣਾ ਟੀਚਾ ਨਿਰਧਾਰਿਤ ਨਾ ਕਰਾਂ ਤੇ ਇਹ ਤੁਕ ਉਸੇ ਤੱਕ ਸੀਮਤ ਰੱਖਾਂ, ਮੂਰਖਤਾ ਦੀ ਨਿਸ਼ਾਨੀ ਹੋਵੇਗੀ।

ਦਰਅਸਲ ਇਸ ਦੂਸਰੀ ਸੋਚ ਨੂੰ ਸਮਝਣ ਲਈ ਥੋੜ੍ਹਾ ਭਾਰਤ ਦੇ ਇਤਿਹਾਸ ਵੱਲ ਪਰਤਣਾ (ਮੁੜਨਾ) ਪਏਗਾ। ਸੰਨ 1947 ’ਚ ਭਾਰਤ-ਪਾਕਿ ਵੰਡ ਦੌਰਾਨ ਧਰਮ ਦੇ ਨਾਂ ’ਤੇ ਦੰਗੇ ਹੋਏ। ਅਨੇਕਾਂ ਬੇਕਸੂਰ ਲੋਕ ਮਾਰੇ ਗਏ, ਔਰਤਾਂ ਦੀ ਬੇਪਤੀ ਤੇ ਸੰਪੱਤੀ ਲੁੱਟੀ ਗਈ। ਇਸ ਸੰਘਰਸ਼ ਵਿੱਚੋਂ, ਰੱਬੀ ਹੋਂਦ ਤੋਂ ਮੁਨਕਰ ਇੱਕ ਸ਼੍ਰੇਣੀ (ਕਮਿਊਨਿਸਟ) ਪੰਜਾਬ ਤੇ ਬੰਗਾਲ ਦੇ ਸੀਮਾ ਵਰਤੀ ਇਲਾਕੇ ’ਚ ਸੁਰਜੀਤ ਹੋਈ, ਜਿਸ ਨੇ ਪੰਜਾਬ ’ਚ 1977 ਤੱਕ ਆਪਣਾ ਪ੍ਰਭਾਵ ਕਾਇਮ ਰੱਖਿਆ।

(ਨੋਟ: ਧਿਆਨ ਰਹੇ ਕਿ ਪੰਜਾਬੀ ਸੂਬਾ ਬਣਨ ਉਪਰੰਤ ਸੰਨ 1966 ਤੋਂ 1977 ਤੱਕ 104 ਐੱਮ. ਐੱਲ. ਏ. ਚੁਣੇ ਜਾਂਦੇ ਸੀ ਜਿਨ੍ਹਾਂ ’ਚ ਹੋਏ ਚੁਣਾਵ ਦੌਰਾਨ ਕਮਿਊਨਿਸਟਾਂ ਨੇ 1957 ’ਚ 6, 1962 ’ਚ ਮਿਲ ਕੇ 45, 1967 ’ਚ 8, 1969 ’ਚ 5 ਤੇ 1977 ’ਚ 15 ਸੀਟਾਂ ਜਿੱਤੀਆਂ, ਪਰ ਕੀ ਕਾਰਨ ਹੈ ਕਿ ਇਸ ਤੋਂ ਬਾਅਦ ਕਮਿਊਨਿਸਟ ਖ਼ਤਮ ਹੋ ਗਏ ?)

ਇਸ ਲਹਿਰ ਨੇ ਨਿਰਾਕਾਰ ਦੀ ਹਸਤੀ ਤੋਂ ਆਮ ਬੰਦੇ ਦਾ ਵਿਸ਼ਵਾਸ ਤੋੜਿਆ, ਜਿਸ ਦੇ ਮੁਕਾਬਲੇ ’ਚ ‘ਨਿਰੰਕਾਰੀ’ ਲਹਿਰ ਚੱਲੀ ਜਿਸ ਨੇ 1978 ਦਾ ਸਾਕਾ (ਅੰਮ੍ਰਿਤਸਰ) ਵਰਤਾਇਆ। ਸਿੱਖੀ ਜਜ਼ਬਾਤਾਂ ਨੇ ਮੁੜ ਆਪਣਾ ਵਿਰਸਾ ਸੰਭਾਲ਼ਿਆ ਤੇ ਜ਼ਿਆਦਾਤਰ ਕਮਿਊਨਿਸਟ ਸੋਚ ਸਿੱਖੀ ਸਰੂਪ ’ਚ ਤਬਦੀਲ ਹੋ ਗਈ ਜਾਂ ਕਹਿ ਲਈਏ ਕਿ ਕਈ ਸਿੱਖ ਪ੍ਰਚਾਰਕ ਕਮਿਊਨਿਸਟ ਪ੍ਰਭਾਵ ਅਧੀਨ ਆ ਗਏ, ਜਿਨ੍ਹਾਂ ਦੁਆਰਾ ਕੀਤੀ ਜਾਂਦੀ ਗੁਰਮਤਿ ਦੀ ਵਿਆਖਿਆ ਸਾਡੇ ਸਾਮ੍ਹਣੇ ਹੈ। ਇਨ੍ਹਾਂ ਵਿੱਚ ਖ਼ੁਸ਼ਕੀ ਵਧੇਰੀ ਤੇ ਤ੍ਰਿਪਤੀ (ਸੰਤੁਸ਼ਟੀ) ਘੱਟ ਹੈ। ਰੱਬੀ ਡਰ-ਅਦਬ ਤੋਂ ਮੁਕਤ ਅਤੇ ਮੰਜ਼ਲ ਵਿਹੂਣੇ ਅਜਿਹੇ ਜੀਵਨ ਨੂੰ ਗੁਰਬਾਣੀ ਪਸ਼ੂ ਸਮਾਨ ਮੰਨਦੀ ਹੈ: ‘‘ਕਰਤੂਤਿ ਪਸੂ ਕੀ; ਮਾਨਸ ਜਾਤਿ ॥’’

Most Viewed Posts