41.5 C
Jalandhar
Wednesday, April 22, 2026
spot_img
Home Blog Page 163

ਕੀ ਭਗਤ ਧੰਨਾ ਜੀ ਨੇ ਪੱਥਰ ਵਿੱਚੋਂ ਰੱਬ ਨੂੰ ਪਾਇਆ ਸੀ ?

0

ਕੀ ਭਗਤ ਧੰਨਾ ਜੀ ਨੇ ਪੱਥਰ ਵਿੱਚੋਂ ਰੱਬ ਨੂੰ ਪਾਇਆ ਸੀ ?

ਜਸਬੀਰ ਸਿੰਘ ਵੈਨਕੂਵਰ

ਪ੍ਰਸਨ: ਕੀ ਭਗਤ ਧੰਨਾ ਜੀ ਨੇ ਪੱਥਰ ਵਿੱਚੋਂ ਰੱਬ ਨੂੰ ਪਾਇਆ ਸੀ ?

ਉੱਤਰ: ਭਗਤ ਧੰਨਾ ਜੀ ਨੇ ਆਪਣੀ ਬਾਣੀ ਵਿੱਚ ਆਪ ਹੀ ਸਪਸ਼ਟ ਕੀਤਾ ਹੈ ਕਿ ਉਹਨਾਂ ਨੂੰ ਵਾਹਿਗੁਰੂ ਦੀ ਪ੍ਰਾਪਤੀ ਕਿਵੇਂ ਹੋਈ। ਪਰੰਤੂ, ਜਿਵੇਂ ਅਸੀਂ ਗੁਰੂ ਸਾਹਿਬਾਨ ਦੀਆਂ ਵੀ ਬਹੁਤ ਸਾਰੀਆਂ ਗੱਲਾਂ, ਜੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ, ਉਹਨਾਂ ’ਚ ਵਿਸਵਾਸ ਕਰਨ ਦੀ ਬਜਾਏ ਦੂਜਿਆਂ ਦੀਆਂ ਆਖੀਆਂ ਅਥਵਾ ਲਿਖੀਆਂ ਗੱਲਾਂ ’ਤੇ ਵਧੇਰੇ ਵਿਸਵਾਸ ਕਰੀ ਬੈਠੇ ਹਾਂ, ਉਸੇ ਤਰ੍ਹਾਂ ਭਗਤ ਧੰਨਾ ਜੀ ਨੇ ਇਸ ਪ੍ਰਸਨ ਦੇ ਉੱਤਰ ਵਿੱਚ ਜੋ ਆਖਿਆ ਹੈ, ਅਸੀਂ ਉਸ ਨੂੰ ਮੰਨਣ ਦੀ ਬਜਾਏ , ਦੂਜਿਆਂ ਦੀਆਂ ਲਿਖਤਾਂ ਨੂੰ ਵਧੇਰੇ ਪ੍ਰਮਾਣਕ ਮੰਨ ਕੇ ਇਹ ਸਵੀਕਾਰ ਕਰ ਲਿਆ ਕਿ ਭਗਤ ਧੰਨਾ ਜੀ ਨੇ ਪੱਥਰ ਵਿੱਚੋਂ ਪ੍ਰਮਾਤਮਾ ਪਾਇਆ ਸੀ। ਇਸ ਦਾ ਹੀ ਇਹ ਸਿੱਟਾ ਹੈ ਕਿ ਸਿੱਖ ਸਮਾਜ ਵਿੱਚ ਵੀ ਇਹ ਆਮ ਹੀ ਆਖਿਆ ਜਾਂਦਾ ਹੈ ਕਿ, ਜੀ ਜੇਕਰ ਸੱਚੀ ਸ਼ਰਧਾ ਹੋਵੇ ਤਾਂ ਭਗਤ ਧੰਨੇ ਵਾਂਗੂੰ ਪੱਥਰ ਵਿੱਚੋਂ ਵੀ ਪਰਮਾਤਮਾ ਪਾ ਸਕੀਦਾ ਹੈ। ਅਸੀਂ ਅਜਿਹਾ ਆਖਣ ਲੱਗਿਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਇਸ ਸਿੱਖਿਆ ਨੂੰ ਭੁੱਲ ਜਾਂਦੇ ਹਾਂ, ਜਿਸ ਅਨੁਸਾਰ ਅਗਿਆਨ ਭਰਪੂਰ ਸ਼ਰਧਾ (ਵਿਸਵਾਸ, ਨਿਸ਼ਚਾ, ਪਰਤੀਤ, ਭਰੋਸੇ) ਨੂੰ ਕਿਸੇ ਵੀ ਰੂਪ ਵਿੱਚ ਪ੍ਰਵਾਨ ਨਹੀਂ ਕੀਤਾ ਗਿਆ। ਭਾਈ ਕਾਨ੍ਹ ਸਿੰਘ ਨਾਭਾ ਹੁਰੀਂ ਗੁਰਮਤਿ ਦੇ ਇਸ ਸਿਧਾਂਤ ਦੇ ਸਬੰਧ ਵਿੱਚ ਲਿਖਦੇ ਹਨ, ‘ਰੇਤ ਵਿੱਚ ਖੰਡ ਦਾ ਵਿਸਵਾਸ, ਸੂਰਜ ਦੀ ਕਿਰਨ ਨਾਲ ਚਮਕਦੇ ਮਾਰੂਥਲ ਦੀ ਤਿ੍ਰਸਨਾ ਜਲ ਤੋਂ ਪਿਆਸ ਮਿਟਣ ਦਾ ਵਿਸਵਾਸ, ਕਿਸੇ ਮੰਤ੍ਰ ਜੰਤ੍ਰ ਤੋਂ ਰੋਗ ਦੀ ਨਿਵਿ੍ਰਤੀ ਅਤੇ ਸੰਤਾਨ ਧਨ ਆਦਿ ਦੀ ਪ੍ਰਾਪਤੀ ਦਾ ਨਿਸ਼ਚਾ ਆਦਿ ਮਿਥਯਾ ਵਿਸਵਾਸ ਹਨ ਜਿਨ੍ਹਾਂ ਤੋਂ ਕਲੇਸ਼ ਅਤੇ ਪਛਤਾਵੇ ਤੋਂ ਛੁੱਟ ਹੋਰ ਕੋਈ ਫਲ ਨਹੀਂ।’ ਭਾਈ ਸਾਹਿਬ ਫਿਰ ਸੱਚੀ ਸ਼ਰਧਾ ਦੀ ਚਰਚਾ ਕਰਦਿਆਂ ਲਿਖਦੇ ਹਨ, ‘ਖੰਡ ਵਿੱਚ ਖੰਡ ਦਾ ਵਿਸਵਾਸ, ਖੂਹ ਨਦ (ਦਰਿਆ) ਸਰੋਵਰ ਤੋਂ ਪਿਆਸ ਬੁਝਣ ਦਾ ਵਿਸਵਾਸ, ਔਖਧ ਤੋਂ ਰੋਗ ਦੂਰ ਹੋਣ ਦਾ ਵਿਸਵਾਸ ਅਤੇ ਬੁਧਿ ਵਿਦਯਾ ਬਲ ਨਾਲ ਧਨ ਪ੍ਰਾਪਤੀ ਦਾ ਵਿਸਵਾਸ ਆਦਿ ਸਤਯ ਵਿਸਵਾਸ ਹਨ।’ (ਗੁਰਮਤਿ ਮਾਰਤੰਡ)

ਸੋ, ਇਹ ਧਾਰਨਾ ਗੁਰਮਤਿ ਅਨੁਕੂਲ ਨਹੀਂ ਕਿ ਕੇਵਲ ਸ਼ਰਧਾ ਹੋਣੀ ਚਾਹੀਦੀ ਹੈ; ਸ਼ਰਧਾ ਦਾ ਕੇਵਲ ਯਥਾਰਥ ਰੂਪ ਹੀ ਪ੍ਰਵਾਨ ਹੈ। ਖੈਰ, ਇਸ ਸਮੇਂ ਅਸੀਂ ਭਗਤ ਧੰਨਾ ਜੀ ਦੇ ਬਾਰੇ ਗੱਲ ਕਰ ਰਹੇ ਹਾਂ ਕਿ ਉਹਨਾਂ ਨੇ ਪਰਮਾਤਮਾ ਕਿਸ ਤਰ੍ਹਾਂ ਪਾਇਆ? ਇਸ ਲਈ ਸ਼ਰਧਾ ਬਾਰੇ ਹੋਰ ਕੁਛ ਲਿਖਣ ਤੋਂ ਸੰਕੋਚ ਕਰਦੇ ਹੋਏ ਅਸਲ ਪ੍ਰਸਨ ਵਲ ਆਉਂਦੇ ਹਾਂ। ਭਗਤ ਜੀ ਬਾਰੇ ਪ੍ਰਚੱਲਤ ਕਹਾਣੀ, ਜਿਸ ਅਨੁਸਾਰ ਆਪ ਜੀ ਨੇ ਰੱਬ ਨੂੰ ਪ੍ਰੇਮਾ ਭਗਤੀ ਰਾਹੀਂ ਨਹੀਂ ਬਲਕਿ ਪੱਥਰ ਵਿੱਚੋਂ ਲੱਭਾ ਹੈ, ਦਾ ਜ਼ਿਕਰ ਕਰਨ ਤੋਂ ਸੰਕੋਚ ਕਰਦੇ ਹੋਏ ਕੇਵਲ ਭਗਤ ਜੀ ਨੇ ਇਸ ਬਾਰੇ ਜੋ ਆਪ ਆਖਿਆ ਹੈ, ਉਸ ਦਾ ਹੀ ਜ਼ਿਕਰ ਕਰ ਰਹੇ ਹਾਂ। ਭਗਤ ਜੀ ਆਸਾ ਰਾਗ ਵਿਚਲੇ ਆਪਣੇ ਪਹਿਲੇ ਸਬਦ ਵਿੱਚ ਹੀ ਇਸ ਗੱਲ ਦਾ ਖੁਲਾਸਾ ਕਰਦੇ ਹਨ ਕਿ ਉਹਨਾਂ ਨੂੰ ਕਿਸ ਤਰ੍ਹਾਂ ਨਾਲ ਵਾਹਿਗੁਰੂ ਦੀ ਪ੍ਰਾਪਤੀ ਹੋਈ। ਪੂਰਾ ਸਬਦ ਇਸ ਤਰ੍ਹਾਂ ਹੈ:- ‘‘ਆਸਾ ਬਾਣੀ ਭਗਤ ਧੰਨੇ ਜੀ ਕੀ ੴ ਸਤਿਗੁਰ ਪ੍ਰਸਾਦਿ॥ ਭ੍ਰਮਤ ਫਿਰਤ ਬਹੁ ਜਨਮ ਬਿਲਾਨੇ ਤਨੁ ਮਨੁ ਧਨੁ ਨਹੀ ਧੀਰੇ॥ ਲਾਲਚ ਬਿਖੁ ਕਾਮ ਲੁਬਧ ਰਾਤਾ ਮਨਿ ਬਿਸਰੇ ਪ੍ਰਭ ਹੀਰੇ॥੧॥ਰਹਾਉ॥ ਬਿਖੁ ਫਲ ਮੀਠ ਲਗੇ ਮਨ ਬਉਰੇ ਚਾਰ ਬਿਚਾਰ ਨ ਜਾਨਿਆ॥ ਗੁਨ ਤੇ ਪ੍ਰੀਤਿ ਬਢੀ ਅਨ ਭਾਂਤੀ ਜਨਮ ਮਰਨ ਫਿਰਿ ਤਾਨਿਆ॥੧॥ ਜੁਗਤਿ ਜਾਨਿ ਨਹੀ ਰਿਦੈ ਨਿਵਾਸੀ ਜਲਤ ਜਾਲ ਜਮ ਫੰਧ ਪਰੇ॥ ਬਿਖੁ ਫਲ ਸੰਚਿ ਭਰੇ ਮਨ ਐਸੇ ਪਰਮ ਪੁਰਖ ਪ੍ਰਭ ਮਨ ਬਿਸਰੇ॥੨॥ ਗਿਆਨ ਪ੍ਰਵੇਸੁ ਗੁਰਹਿ ਧਨੁ ਦੀਆ ਧਿਆਨੁ ਮਾਨੁ ਮਨ ਏਕ ਮਏ॥ ਪ੍ਰੇਮ ਭਗਤਿ ਮਾਨੀ ਸੁਖੁ ਜਾਨਿਆ ਤਿ੍ਰਪਤਿ ਅਘਾਨੇ ਮੁਕਤਿ ਭਏ॥੩॥ ਜੋਤਿ ਸਮਾਇ ਸਮਾਨੀ ਜਾ ਕੈ ਅਛਲੀ ਪ੍ਰਭੁ ਪਹਿਚਾਨਿਆ॥ ਧੰਨੈ ਧਨੁ ਪਾਇਆ ਧਰਣੀਧਰੁ ਮਿਲਿ ਜਨ ਸੰਤ ਸਮਾਨਿਆ॥੪॥੧॥’’ (ਭਗਤ ਧੰਨਾ/੪੮੭)

ਭਗਤ ਜੀ ਇਸ ਸਬਦ ਦੇ ਅਖੀਰ ਵਿੱਚ ਸਪਸ਼ਟ ਕਰਦੇ ਹਨ ਕਿ ਉਹਨਾਂ ਨੂੰ ਗੁਰੂ ਨੇ ਨਾਮ ਧਨ ਦਿੱਤਾ ਹੈ, ਸੰਤ ਅਥਵਾ ਗੁਰੂ ਦੀ ਸੰਗਤ ਵਿੱਚ ਵਿੱਚੋਂ ਪ੍ਰਮਾਤਮਾ ਮਿਲਿਆ ਹੈ। ਅਸੀਂ ਭਗਤ ਜੀ ਉੱਤੇ ਵਿਸਵਾਸ ਕਰਨ ਦੀ ਬਜਾਏ ਆਪਣੇ ਸੁਆਰਥ ਲਈ ਲੋਕਾਂ ਨੂੰ ਕਰਮਕਾਂਡਾਂ ਵਿੱਚ ਉਲਝਾ ਕੇ, ਆਪਣਾ ਉੱਲੂ ਸਿੱਧਾ ਕਰਨ ਵਾਲੀ ਸ਼੍ਰੇਣੀ ਰਾਹੀਂ ਪ੍ਰਚਾਰੀ ਹੋਈ ਕਹਾਣੀ ਨੂੰ ਸੱਚ ਮੰਨ ਲਿਆ ਕਿ ਭਗਤ ਧੰਨਾ ਜੀ ਨੇ ਰੱਬ ਨੂੰ ਪੱਥਰ ’ਚੋਂ ਪਾਇਆ ਸੀ।

ਗੁਰੂ ਅਰਜਨ ਸਾਹਿਬ ਦੇ ਸਮੇਂ ਵੀ ਅਜਿਹੀ ਸ਼੍ਰੇਣੀ ਵੱਲੋਂ ਭਗਤ ਜੀ ਬਾਰੇ ਇਹੋ ਜਿਹਾ ਪ੍ਰਚਾਰ ਕੀਤਾ ਜਾ ਰਿਹਾ ਸੀ, ਇਸ ਲਈ ਗੁਰੂ ਅਰਜਨ ਮਹਾਰਾਜ ਨੇ ਭਗਤ ਜੀ ਦੇ ਇਸ ਸਬਦ ਤੋਂ ਉਪਰੰਤ ਆਸਾ ਰਾਗ ਵਿੱਚ ਹੀ ਆਪਣਾ ਇੱਕ ਸਬਦ (ਧੰਨਾ ਜੀ ਦੇ ਸ਼ਬਦ ਨੰ. 1 ਤੋਂ ਬਾਅਦ ਧੰਨਾ ਜੀ ਦੀ ਸ਼ਬਦ ਲੜੀ ’ਚ ਸ਼ਬਦ ਨੰਬਰ 2 ਦਰਜ ਕਰ ਦਿੱਤਾ ਹੈ ਜਿਸ ਵਿੱਚ ਇਸ ਗੁਮਰਾਹ ਕੁੰਨ ਪ੍ਰਚਾਰ ਤੋਂ ਲੋਕਾਈ ਨੂੰ ਸੁਚੇਤ ਕਰਦਿਆਂ ਹੋਇਆਂ ਇਹ ਸਪਸ਼ਟ ਕੀਤਾ ਹੈ ਕਿ ਭਗਤ ਧੰਨਾ ਜੀ ਦੇ ਮਨ ਵਿੱਚ ਪ੍ਰਭੂ ਭਗਤੀ ਦਾ ਚਾਉ ਕਿਵੇਂ ਪੈਦਾ ਹੋਇਆ। ਹਜੂਰ ਫੁਰਮਾਉਂਦੇ ਹਨ:-‘‘ਮਹਲਾ ੫ ॥ ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ॥ ਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ॥੧॥ ਰਹਾਉ॥ ਬੁਨਨਾ ਤਨਨਾ ਤਿਆਗਿ ਕੈ ਪ੍ਰੀਤਿ ਚਰਨ ਕਬੀਰਾ॥ ਨੀਚ ਕੁਲਾ ਜੋਲਾਹਰਾ ਭਇਓ ਗੁਨੀਯ ਗਹੀਰਾ॥੧॥ ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ॥ ਪਰਗਟੁ ਹੋਆ ਸਾਧਸੰਗਿ ਹਰਿ ਦਰਸਨੁ ਪਾਇਆ॥੨॥ ਸੈਨੁ ਨਾਈ ਬੁਤਕਾਰੀਆ ਓਹੁ ਘਰਿ ਘਰਿ ਸੁਨਿਆ॥ ਹਿਰਦੇ ਵਸਿਆ ਪਾਰਬ੍ਰਹਮੁ ਭਗਤਾ ਮਹਿ ਗਨਿਆ॥੩॥ ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ॥ ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ॥੪॥੨॥ (ਮ:੫/੪੮੮)

ਗੁਰੂ ਨਾਨਕ ਜੋਤ ਦੇ ਪੰਜਵੇਂ ਪ੍ਰਕਾਸ਼ ਗੁਰੂ ਅਰਜਨ ਮਹਾਰਾਜ ਸਪਸ਼ਟ ਕਰਦੇ ਹਨ ਕਿ ਧੰਨਾ ਜੀ ਨੇ ਨਾਮ ਦੇਵ, ਕਬੀਰ, ਰਵਿਦਾਸ, ਸੈਣ ਦੀ ਸੋਭਾ ਸੁਣੀ ਕਿ ਕਿਵੇਂ ਇਨ੍ਹਾਂ ਭਗਤਾਂ ਨੇ ਪ੍ਰਭੂ ਭਗਤੀ ਰਾਹੀਂ ਉੱਚਾ ਮਰਤਬਾ ਹਾਸਲ ਕੀਤਾ ਹੈ, ਤਾਂ ਆਪ ਦੇ ਮਨ ਵਿੱਚ ਵੀ ਪ੍ਰਮਾਤਮਾ ਦੀ ਪ੍ਰੇਮਾ ਭਗਤੀ ਦਾ ਚਾਉ ਪੈਦਾ ਹੋਇਆ। ਆਪ ਵੀ ਪਰਮੇਸਰ ਦੀ ਬੰਦਗੀ ਵਿੱਚ ਜੁਟ ਗਏ ਅਤੇ ‘‘ਅਨਦਿਨੁ ਗੁਣ ਗਾਵੈ ਰੰਗਿ ਰਾਤਾ, ਗੁਣ ਕਹਿ ਗੁਣੀ ਸਮਾਇਦਾ॥’’ (ਮ:੩/੧੦੬੫) ਦੇ ਗੁਰਵਾਕ ਅਨੁਸਾਰ ਉਸ ਅਕਾਲ ਪੁਰਖ ਨਾਲ ਇੱਕ ਮਿਕ ਹੋ ਗਏ।

ਭਾਈ ਗੁਰਦਾਸ ਜੀ ਨੇ ਆਪਣੀ ਦਸਵੀਂ ਵਾਰ, (ਜਿਸ ਦੇ ਸਬੰਧ ਵਿੱਚ ਗਿਆਨੀ ਹਜਾਰਾ ਸਿੰਘ ਜੀ ਵਾਰ ਦੇ ਸ਼ੁਰੂ ਵਿੱਚ ਹੀ ਫੁਟ ਨੋਟ ਵਿੱਚ ਲਿਖਦੇ ਹਨ:- ‘ਇਸ ਵਾਰ ਵਿੱਚ ਲੋਕ ਪ੍ਰਸਿੱਧ ਕਥਾਵਾਂ, ਦਿ੍ਰਸਟਾਂਤ ਦੇ ਢੰਗ ਪਰ ਕਹੀਆਂ ਹਨ, ਜਿਨ੍ਹਾਂ ਵਿੱਚੋਂ ਪਰਮਾਰਥ ਦੇ ਬੜੇ ਬੜੇ ਉਪਦੇਸ ਨਿਕਲਦੇ ਹਨ। ਭਾਈ ਸਾਹਿਬ ਜੀ ਇਤਿਹਾਸ ਨਹੀਂ ਲਿਖ ਰਹੇ ਦਿ੍ਰਸਟਾਂਤ ਦੇ ਕੇ ਆਪਣੇ ਉਪਦੇਸ ਨੂੰ ਪ੍ਰਕਾਸ਼ ਕਰਦੇ ਹਨ, ਦਿ੍ਰਸਟਾਂਤ ਦਾ ਸਦਾ ਇੱਕ ਅੰਗ ਲਈਦਾ ਹੈ, ਜੇ ਦੋ ਦੋ ਅੰਗ ਲਏ ਗਏ ਤਦ ਭਾਈ ਸਾਹਿਬ ਜੀ ਦੀ ਬਾਣੀ ਪਰ ਪਰਸਪਰ ਵਿਰੋਧ ਦਾ ਦੂਸਨ ਲੱਗੇਗਾ।’ ਗਿਆਨੀ ਹਜਾਰਾ ਸਿੰਘ ਜੀ ਅੱਗੇ ਲਿਖਦੇ ਹਨ: ‘ਸਾਡੀ ਵਿਦਯਾ ਦਾ ਆਮ ਅਸੂਲ ਹੈ ਕਿ ਦਿ੍ਰਸਟਾਂਤ ਦਾ ਸਦਾ ਇੱਕ ਅੰਗ ਲੈਣਾ ਹੈ। ਦੂਜੇ ਪ੍ਰਸਿੱਧ ਕਥਾਵਾਂ ਨੂੰ ਉਪਦੇਸ ਮਾਤ੍ਰ ਕਹਿਣਾ, ਕਰਤਾ ਨੂੰ ਇਤਿਹਾਸਕ ਸਤਯਤਾ ਦਾ ਜ਼ਿੰਮੇਵਾਰ ਭੀ ਨਹੀਂ ਠਹਿਰਾਉਂਦਾ। ਉਹ ਪੱਖ ਜੁਦਾ ਹੈ, ਇਹ ਪੱਖ ਜੁਦਾ ਹੈ, ਪਾਠਕ ਜਨ ਰਲਾ ਮਿਲਾ ਕੇ ਰੌਲੇ ਵਿੱਚ ਨਾ ਪੈ ਜਾਣ।’ ਵਿੱਚ ਭਗਤ ਜੀ ਬਾਰੇ ਪ੍ਰਚੱਲਤ ਕਥਾ ਦਾ ਹੀ ਜ਼ਿਕਰ ਕਰਦਿਆਂ, ਭੋਲਾ ਭਾਉ ਗੋਬਿੰਦੁ ਮਿਲਾਵੈ ਵਾਲਾ ਗੁਰਮਤਿ ਦਾ ਸਿਧਾਂਤ ਦਰਸਾਇਆ ਹੈ। ਪੂਰੀ ਪਉੜੀ ਇਸ ਪ੍ਰਕਾਰ ਹੈ ‘‘ਬਾਮ੍ਹਣ ਪੂਜੈ ਦੇਵਤੇ, ਧੰਨਾ ਗਊ ਚਰਾਵਣ ਆਵੈ। ਧੰਨੈ ਡਿਠਾ ਚਲਿਤੁ ਏਹੁ, ਪੁਛੈ ਬਾਮ੍ਹਣੁ ਆਖਿ ਸੁਣਾਵੈ। ਠਾਕੁਰ ਦੀ ਸੇਵਾ ਕਰੈ, ਜੋ ਇਛੈ ਸੋਈ ਫਲੁ ਪਾਵੈ। ਧੰਨਾ ਕਰਦਾ ਜੋਦੜੀ, ਮੈ ਭਿ ਦੇਹ ਇਕ ਜੇ ਤੁਧੁ ਭਾਵੈ। ਪਥਰੁ ਇਕ ਲਪੇਟਿ ਕਰਿ, ਦੇ ਧੰਨੈ ਨੋ ਗੈਲ ਛੁਡਾਵੈ। ਠਾਕੁਰ ਨੋ ਨ੍ਹਾਵਾਲਿ ਕੈ, ਛਾਹਿ ਰੋਟੀ ਲੈ ਭੋਗੁ ਚੜ੍ਹਾਵੈ। ਹਥਿ ਜੋੜਿ ਮਿਨਤਾਂ ਕਰੈ, ਪੈਰੀਂ ਪੈ ਪੈ ਬਹੁਤ ਮਨਾਵੈ। ਹਉਂ ਭੀ ਮੁਹੁ ਨ ਜੁਠਾਲਸਾਂ. ਤੂ ਰੁਠਾ ਮੈ ਕਿਹੁ ਨ ਸੁਖਾਵੈ। ਗੋਸਾਈ ਪਰਤਖਿ ਹੋਇ, ਰੋਟੀ ਖਾਇ ਛਾਹਿ ਮੁਹਿ ਲਾਵੈ।

ਭੋਲਾ ਭਾਉ ਗੋਬਿੰਦੁ ਮਿਲਾਵੈ ॥੧੩॥ ਭਾਈ ਗੁਰਦਾਸ ਜੀ (ਵਾਰ ੧੦ ਪਉੜੀ ੧੩)

ਸੋ, ਸੰਖੇਪ ਵਿੱਚ ਇਹੀ ਆਖਿਆ ਜਾ ਸਕਦਾ ਹੈ ਕਿ ਭਗਤ ਧੰਨਾ ਜੀ ਨੇ ਪੱਥਰ ਚੋਂ ਰੱਬ ਨਹੀਂ ਪਾਇਆ ਬਲਕਿ ਵਾਹਿਗੁਰੂ ਦੀ ਪ੍ਰੇਮਾ ਭਗਤੀ ਰਾਹੀਂ ਪਾਇਆ ਸੀ। ਪੱਥਰ ਵਿੱਚੋਂ ਪ੍ਰਮਾਤਮਾ ਨੂੰ ਪਾਉਣ ਵਾਲੀ ਗੱਲ ਉਹਨਾਂ ਲੋਕਾਂ ਨੇ ਪਰਚਾਰੀ ਹੈ ਜਿਹੜੇ ਆਮ ਲੋਕਾਂ ਨੂੰ ਕਰਮਕਾਂਡਾਂ ਵਿੱਚ ਹੀ ਉਲਝਾ ਕੇ ਆਪਣੇ ਸਵਾਰਥ ਦੀ ਸਿੱਧੀ ਵਿੱਚ ਵਿਸਵਾਸ ਰੱਖਦੇ ਹਨ।

ਨੋਟ: ਇਤਿਹਾਸ ਵਿੱਚ ਸੁਆਮੀ ਰਾਮਾਨੰਦ ਜੀ ਦੇ ਚੇਲਿਆਂ ਵਿੱਚ ਭਗਤ ਧੰਨਾ ਜੀ ਦਾ ਵੀ ਨਾਮ ਆਉਂਦਾ ਹੈ। ਇਹ ਤੱਥ ਵੀ ਧੰਨਾ ਜੀ ਬਾਰੇ ਪ੍ਰਚੱਲਤ ਕਹਾਣੀ ਨੂੰ ਝੁਠਲਾਉਂਦਾ ਹੈ। ਹੋਰ ਵਧੇਰੀ ਜਾਣਕਾਰੀ ਲਈ ਮਹਾਨ ਕੋਸ (ਭਾਈ ਕਾਨ੍ਹ ਸਿੰਘ ਨਾਭਾ) ਅਤੇ ਹਿੰਦੀ ਵਿਸਵ ਕੋਸ ਆਦਿ ਦੇਖੇ ਜਾ ਸਕਦੇ ਹਨ। ਗਿਆਨੀ ਗੁਰਦਿੱਤ ਸਿੰਘ ਜੀ ਦੀ ਪੁਸਤਕ ਗੁਰੂ ਗ੍ਰੰਥ ਸਾਹਿਬ ਦਾ ਇਤਿਹਾਸ ਵੀ ਵੇਖਣ ਯੋਗ ਹੈ। ਪ੍ਰੰਤੂ ਗੁਰੂ ਕੇ ਸਿੱਖ ਲਈ ਗੁਰੂ ਗ੍ਰੰਥ ਸਾਹਿਬ ਦੀ ਗਵਾਹੀ ਦੇ ਹੁੰਦਿਆਂ ਕਿਸੇ ਹੋਰ ਗਵਾਹੀ ਦੀ ਲੋੜ ਪ੍ਰਤੀਤ ਨਹੀਂ ਹੋਣੀ ਚਾਹੀਦੀ। ਗੁਰੂ ਗ੍ਰੰਥ ਸਾਹਿਬ ’ਤੇ ਹੀ ਵਿਸਵਾਸ ਕਰਨ ਦੀ ਲੋੜ ਹੈ।

ਉੱਤਰ ਲੰਬੇਰਾ ਹੋਣ ਦੇ ਡਰ ਕਾਰਨ ਗੁਰਮਤਿ ਦਾ ਇਹ ਪੱਖ ਨਹੀਂ ਵਿਚਾਰਿਆ ਗਿਆ ਕਿ ਗੁਰੂ ਗ੍ਰੰਥ ਸਾਹਿਬ ਅਨੁਸਾਰ ਪ੍ਰਮਾਤਮਾ ਦਾ ਸਰੂਪ ਕੀ ਹੈ ਅਤੇ ਰੱਬ ਨੂੰ ਪਾਉਣਾ ਅਰਥਾਤ ਮਿਲਣਾ ਕੀ ਹੈ? ਪਰ ਪੱਥਰ (ਨਿਰ-ਜਿੰਦ) ਬਾਰੇ ਗੁਰਮਤਿ ਆਪਣਾ ਨਜ਼ਰੀਆ ਇਉਂ ਬਿਆਨ ਕਰਦੀ ਹੈ ‘‘ਏਕੈ ਪਾਥਰ ਕੀਜੈ ਭਾਉ॥ ਦੂਜੈ ਪਾਥਰ ਧਰੀਐ ਪਾਉ॥ ਜੇ ਓਹੁ ਦੇਉ ਤ ਓਹੁ ਭੀ ਦੇਵਾ॥ ਕਹਿ ਨਾਮਦੇਉ ਹਮ ਹਰਿ ਕੀ ਸੇਵਾ॥’’ (ਭਗਤ ਨਾਮਦੇਵ/੫੨੫) ਭਾਵ ਇੱਕ ਪੱਥਰ (ਫਰਸ) ’ਤੇ ਲੋਕ ਘਰਾਂ (ਸਮੇਤ ਹਰ ਥਾਂ) ’ਚ ਪੈਰ ਧਰਦੇ ਹਨ ਜਦਕਿ ਦੂਜੇ ਪਾਸੇ ਪੱਥਰ ’ਤੇ (ਮੰਦਿਰਾਂ ’ਚ ਮੂਰਤੀ ਬਣਾ) ਸ਼ਰਧਾ ਧਰਦੇ ਹਨ। ਅਗਰ ਮੂਰਤੀ (ਪੱਥਰ) ਦੇਵਤਾ (ਰੱਬ) ਹੈ ਤਾਂ ਫਰਸ (ਪੱਥਰ) ਰੱਬ ਕਿਉਂ ਨਹੀਂ? ਇਸ ਲਈ ਨਾਮਦੇਵ ਤਾਂ ਇਸ ਭਰਮ ’ਚੋਂ ਨਿਕਲ ਕੇ ਨਿਰਾਕਾਰ ਹਰੀ ਦੀ ਸੇਵਾ ਕਰਦਾ ਹੈ।

ਭਗਤ ਕਬੀਰ ਜੀ ਪੱਥਰ (ਨਿਰਜੀਉ) ਬਾਰੇ ਇਉਂ ਬਿਆਨ ਕਰ ਰਹੇ ਹਨ ‘‘ਸਰਜੀਉ ਕਾਟਹਿ ਨਿਰਜੀਉ ਪੂਜਹਿ, ਅੰਤ ਕਾਲ ਕਉ ਭਾਰੀ॥’’ (ਭਗਤ ਕਬੀਰ/੩੩੨) ਅਤੇ ‘‘ਜਿਸੁ ਪਾਹਨ ਕਉ ਪਾਤੀ ਤੋਰੈ, ਸੋ ਪਾਹਨ ਨਿਰਜੀਉ॥’’ (ਭਗਤ ਕਬੀਰ/੪੭੯)

ਯਾਦ ਰਹੇ ਕਿ ਇਹ (ਕਬੀਰ ਜੀ ਅਤੇ ਨਾਮਦੇਵ ਜੀ) ਉਹੀ ਭਗਤ ਹਨ ਜਿਨ੍ਹਾਂ ਤੋਂ ਪ੍ਰਭਾਵਤ ਹੋ ਕੇ ਧੰਨਾ ਜੀ ਦਾ ਪੱਖ ਗੁਰੂ ਅਰਜੁਨ ਸਾਹਿਬ ਦੀ ਇਉਂ ਬਿਆਨ ਕਰ ਰਹੇ ਹਨ ਕਿ ‘‘ਬੁਨਨਾ ਤਨਨਾ ਤਿਆਗਿ ਕੈ ਪ੍ਰੀਤਿ ਚਰਨ ਕਬੀਰਾ॥ ਨੀਚ ਕੁਲਾ ਜੋਲਾਹਰਾ ਭਇਓ ਗੁਨੀਯ ਗਹੀਰਾ॥੧॥ ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ॥ ਪਰਗਟੁ ਹੋਆ ਸਾਧਸੰਗਿ ਹਰਿ ਦਰਸਨੁ ਪਾਇਆ॥੨॥ ਸੈਨੁ ਨਾਈ ਬੁਤਕਾਰੀਆ ਓਹੁ ਘਰਿ ਘਰਿ ਸੁਨਿਆ॥ ਹਿਰਦੇ ਵਸਿਆ ਪਾਰਬ੍ਰਹਮੁ ਭਗਤਾ ਮਹਿ ਗਨਿਆ॥੩॥ ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ॥ ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ॥੪॥੨॥’’ (ਮ:੫/੪੮੮)

ਪੰਜਾਬ ਵਿਚ ਕੇਸਾਂ ਦੀ ਘੱਟਦੀ ਮਹੱਤਤਾ, ਚਿੰਤਾ ਦਾ ਵਿਸ਼ਾ

0

ਪੰਜਾਬ ਵਿਚ ਕੇਸਾਂ ਦੀ ਘੱਟਦੀ ਮਹੱਤਤਾ, ਚਿੰਤਾ ਦਾ ਵਿਸ਼ਾ

ਬਲਜੀਤ ਸਿੰਘ ਨਾਭਾ

ਪੰਜਾਬ ਵਿਚ ਕੇਸਾਂ ਦੀ ਮਹੱਤਤਾ ਲਗਾਤਾਰ ਘੱਟਦੀ ਜਾ ਰਹੀ ਹੈ। ਕਿਸੇ ਸਕੂਲ ਜਾਂ ਕਾਲਜ ਵਿਚ ਨਿਗਾਾਹ ਮਾਰੀ ਜਾਵੇ ਤਾਂ 10 ਫੀਸਦੀ ਤੋਂ ਵੱਧ ਵਿਦਿਆਰਥੀ ਪੂਰਨ ਰੂਪ ਵਿਚ ਕੇਸਾਧਾਰੀ ਨਹੀਂ ਲੱਭਦੇ। ਉਸ ਤੋਂ ਵੱਧ ਵੱਡੀ ਚਿੰਤਾ ਦਾ ਵਿਸ਼ਾ ਇਨ੍ਹਾਂ ਵਿਦਿਆਰਥੀਆਂ ਦੇ ਮਾਰਗ ਦਰਸ਼ਕ ਅਧਿਆਪਕ ਹਨ, ਜੋ ਜ਼ਿਆਦਾਤਰ ਸਿੱਖ ਪਰਿਵਾਰਾਂ ਨਾਲ ਸੰਬੰਧਤ ਹੁੰਦੇ ਹੋਏ ਵੀ ਦਾੜ੍ਹੀ ਅਤੇ ਕੇਸ ਕਟਵਾ ਕੇ ਸਕੂਲ ਵਿਚ ਆਉਣ ਨੂੰ ਆਪਣਾ ਸੁਹੱਪਣ ਸਮਝਦੇ ਹਨ। ਬੜੇ ਦੁੱਖ ਦੀ ਗੱਲ ਹੈ ਕਿ 60 ਫੀਸਦੀ ਤੋਂ ਵੱਧ ਸਿੱਖਾਂ ਦੀ ਆਬਾਦੀ ਵਾਲੇ ਪੰਜਾਬ ਵਿਚ ਕੇਵਲ 15 ਫੀਸਦੀ ਅਧਿਆਪਕ ਹੀ ਆਪਣੇ ਪੂਰਨ ਗੁਰਸਿੱਖੀ ਰੂਪ ਵਿਚ ਮਿਲਦੇ ਹਨ। ਹੁਣ ਕੇਸ ਕਟਵਾਉਣਾ ਇਕ ਰਿਵਾਜ਼ ਬਣ ਗਿਆ ਹੈ। ਪਿਛਲੇ 10-15 ਸਾਲਾਂ ਤੋਂ ਇਸ ਰੁਝਾਨ ਵਿਚ ਕਾਫੀ ਵਾਧਾ ਹੋਇਆ ਹੈ। ਸਭ ਤੋਂ ਵੱਧ ਖਤਰਨਾਕ ਰੁਝਾਨ ਜੋ ਅੱਜਕੱਲ੍ਹ ਵਿਚ ਸਾਡੇ ਪੰਜਾਬ ਵਿਚ ਸ਼ੁਰੂ ਹੋਇਆ ਹੈ, ਉਹ ਹੈ ਔਰਤਾਂ ਦਾ ਵਾਲ ਕਟਵਾਉਣਾ। ਕੁਝ ਸਮਾਂ ਪਹਿਲਾਂ ਲੰਮੇ ਵਾਲ ਔਰਤਾਂ ਦੀ ਸੁੰਦਰਤਾ ਦਾ ਪ੍ਰਤੀਕ ਮੰਨੇ ਜਾਂਦੇ ਸਨ ਪਰ ਹੁਣ ਔਰਤਾਂ ਵਲੋਂ ਵਾਲ ਕਟਵਾ ਕੇ ਪੋਨੀ ਟੇਲ ਰੱਖਣ ਦਾ ਰਿਵਾਜ਼ ਫਿਰ ਜ਼ੋਰ ਫੜ ਰਿਹਾ ਹੈ। ਇਹ ਕੇਵਲ ਸ਼ਹਿਰਾਂ ਤੱਕ ਹੀ ਸੀਮਿਤ ਨਹੀਂ ਸਗੋਂ ਪਿੰਡਾਂ ਵਿਚ ਪੜ੍ਹਾਉਣ ਵਾਲੀਆਂ ਅਧਿਆਪਕਾਵਾਂ ਤੋਂ ਲੈ ਕੇ ਪੜ੍ਹਨ ਵਾਲੀਆਂ ਬੱਚੀਆਂ ਤੱਕ ਫੈਲ ਚੁਕਿਆ ਹੈ। ਜਿਸ ਸਮਾਜ ਵਿਚ ਔਰਤ ਇਸ ਤਰ੍ਹਾਂ ਦੀਆਂ ਕਾਰਵਾਈਆਂ ’ਤੇ ਉਤਰ ਜਾਵੇ ਤਾਂ ਉਸ ਸਮਾਜ ਅਤੇ ਧਰਮ ਦਾ ਜਲਦੀ ਹੀ ਕੀ ਬਣਨ ਵਾਲਾ ਹੈ, ਇਸ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਅਧਿਆਪਕ, ਕੌਮ ਅਤੇ ਦੇਸ਼ ਦੇ ਨਿਰਮਾਤਾ ਹੁੰਦੇ ਹਨ ਪਰ ਜੇ ਉਹ ਆਪ ਪਤਿਤਪੁਣੇ ਦਾ ਸਿਕਾਰ ਹੋ ਜਾਣ ਤਾਂ ਕੌਮ ਦਾ ਢਹਿੰਦੀਆਂ ਕਲਾਂ ਵਿਚ ਜਾਣਾ ਨਿਸ਼ਚਿਤ ਹੋ ਜਾਂਦਾ ਹੈ। ਅਧਿਆਪਕ ਵਰਗ ਸਭ ਤੋਂ ਵੱਧ ਪੜ੍ਹਿਆ ਲਿਖਿਆ ਵਰਗ ਮੰਨਿਆ ਜਾਂਦਾ ਹੈ। ਕਿਸੇ ਸਮੇਂ ਗੁਰੂ ਦਾ ਦਰਜਾ ਰੱਖਣ ਵਾਲੇ ਅਧਿਆਪਕ ਦੀ ਪਿਛਲੇ ਕੁਝ ਸਮੇਂ ਤੋਂ ਸਮਾਜ ਵਿਚ ਇੱਜ਼ਤ ਕਾਫੀ ਘਟੀ ਹੈ। ਅਧਿਆਪਕ ਵਰਗ ਦਾ ਇਕ ਬਹੁਤ ਵੱਡਾ ਹਿੱਸਾ ਕੁਰਾਹੇ ਪੈ ਕੇ ਸਿਰਸਾ ਅਤੇ ਬਿਆਸ ਆਦਿ ਦੇ ਡੇਰਿਆਂ ਨਾਲ ਜੁੜਿਆ ਹੋਇਆ ਹੈ। ਇਨ੍ਹਾਂ ਅਧਿਆਪਕਾਂ ਨੂੰ ਦੇਖਦੇ ਹੋਏ, ਗਰੀਬ ਅਤੇ ਅਨਪੜ੍ਹ ਪਰਿਵਾਰਾਂ ਦੇ ਵਿਦਿਆਰਥੀ ਇਨ੍ਹਾਂ ਡੇਰਿਆਂ ’ਤੇ ਪਹੁੰਚਦੇ ਹਨ। ਸਿਰਸੇ ਵਾਲੇ ਬਾਬੇ ਨੇ ਲੋਕਾਂ ਨੂੰ ਆਪਣੇ ਨਾਲ ਜੋੜਨ ਦਾ ਬਹੁਤ ਵਧੀਆ ਤਰੀਕਾ ਅਪਣਾਇਆ। ਉਸ ਨੇ ਸਭ ਤੋਂ ਪਹਿਲਾਂ ਔਰਤ ਨੂੰ ਆਪਣੇ ਨਾਲ ਜੋੜਿਆ। ਜਦੋਂ ਕੋਈ ਔਰਤ ਕਿਸੇ ਡੇਰੇ ਨਾਲ ਜੁੜਦੀ ਹੈ ਤਾਂ ਆਪਣੇ ਪਰਿਵਾਰ ਦੇ ਸਾਰੇ ਜੀਆਂ ਨੂੰ ਉਸ ਨਾਲ ਜੋੜ ਲੈਂਦੀ ਹੈ। ਪਹਿਲਾਂ ਤਾਂ ਇਹ ਡੇਰੇ ਵਾਲੇ ਲੋਕਾਂ ਨੂੰ ਕਹਿੰਦੇ ਹਨ ਕਿ ਅਸੀਂ ਤੁਹਾਨੂੰ ਆਪਣਾ ਧਰਮ ਛੱਡਣ ਲਈ ਨਹੀਂ ਕਹਾਂਗੇ। ਕੇਵਲ ਚੰਗੀ ਜ਼ਿੰਦਗੀ ਜੀਊਣ ਦੇ ਕੁਝ ਨੁਕਤੇ ਹੀ ਦੱਸਾਂਗੇ ਪਰ ਹੌਲੀ-ਹੌਲੀ ਡੇਰੇ ਵਾਲੇ ਆਪਣੇ ਸ਼ਰਧਾਲੂਆਂ ਨੂੰ ਮਨੁੱਖ ਦੇ ਜਨਮ ਤੋਂ ਲੈ ਕੇ ਮੌਤ ਤੱਕ ਦੀਆਂ ਸਾਰੀਆਂ ਕਿਰਿਆਵਾਂ ਆਪਣੇ ਨਵੇਂ ਹੀ ਤਰੀਕੇ ਨਾਲ ਕਰਨ ਲਈ ਕਹਿੰਦੇ ਹਨ।

ਇਸ ਤਰ੍ਹਾਂ ਇਹ ਅਖੌਤੀ ਡੇਰੇ ਵਾਲੇ ਬੜੇ ਹੀ ਸੋਚੇ ਸਮਝੇ ਤਰੀਕੇ ਨਾਲ ਲੋਕਾਂ ਨੂੰ ਉਨ੍ਹਾਂ ਦੇ ਆਪਣੇ ਧਰਮਾਂ ਤੋਂ ਤੋੜ ਕੇ ਹਮੇਸ਼ਾਂ ਲਈ ਆਪਣੇ ਡੇਰਿਆਂ ਦੇ ਮੁਰੀਦ ਬਣਾ ਲੈਂਦੇ ਹਨ। ਧਰਤੀ ਦਾ ਬ੍ਰਹਿਮੰਡੀ ਧੁਰਾ ਸੂਰਜ ਹੈ। ਧਰਤੀ ਉੱਨਾ ਚਿਰ ਹੀ ਆਪਣੀ ਜਗ੍ਹਾਂ ਉੱਪਰ ਰਹੇਗੀ, ਜਿੰਨਾ ਚਿਰ ਤੱਕ ਆਪਣੇ ਬ੍ਰਹਿਮੰਡੀ ਧੁਰੇ ਸੂਰਜ ਦੁਆਲੇ ਚੱਕਰ ਲਗਾਉਂਦੀ ਰਹੇਗੀ। ਜਿਸ ਸਮੇਂ ਵੀ ਉਹ ਆਪਣੇ ਧੁਰੇ ਤੋਂ ਵੱਖ ਹੋਈ, ਉਹ ਵਿਸ਼ਾਲ ਬ੍ਰਹਿਮੰਡ ਵਿਚ ਭਟਕ ਜਾਵੇਗੀ ਅਤੇ ਇਸ ਦਾ ਅੰਤ ਹੋ ਜਾਵੇਗਾ। ਇਸ ਤਰ੍ਹਾਂ ਸਿੱਖੀ ਦਾ ਦਾਰਸ਼ਨਿਕ ਧੁਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਇਨ੍ਹਾਂ ਅਖੌਤੀ ਡੇਰਿਆਂ ਵਾਲਿਆਂ ਵਲੋਂ ਆਪਣੇ ਅਖੌਤੀ ਨਾਮ ਦੇ ਕੇ ਸਾਨੂੰ ਆਪਣੇ ਧੁਰੇ ਤੋਂ ਵੱਖ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਪਣੇ ਧੁਰੇ ਤੋਂ ਵੱਖ ਹੋਣ ਦਾ ਮਾੜਾ ਹਸ਼ਰ ਸਾਨੂੰ ਪਤਾ ਹੀ ਹੈ ਕਿ ਕੀ ਹੁੰਦਾ ਹੈ। ਆਮ ਲੋਕਾਂ ਵਿਚ ਕੇਸਾਂ ਸੰਬੰਧੀ ਆਮ ਬਹਿਸ ਹੁੰਦੀ ਦੇਖੀ ਜਾਂਦੀ ਹੈ। ਕੇਸ ਕਟਵਾਉਣ ਵਾਲਿਆਂ ਦੀਆਂ ਆਮ ਦਲੀਲਾਂ ਹੁੰਦੀਆਂ ਹਨ ‘ਕੇਸਾਂ ਵਿਚ ਕੀ ਪਿਆ ਹੈ?’ ਕੇਸ ਰੱਖਣ ਦਾ ਕੀ ਫਾਇਦਾ ਜਾਂ ਫਿਰ ਸਿੱਖੀ ਚਲਾਉਣ ਵਾਲੇ ਨੇਤਾਵਾਂ ਦਾ ਬੁਰਾ ਹਾਲ ਹੈ ਤੇ ਉਹ ਖੁਦ ਸਿੱਖ ਰਹਿਤ ਮਰਯਾਦਾ ਉੱਪਰ ਖਰੇ ਨਹੀਂ ਉਤਰਦੇ ਵਗੈਰਾ-ਵਗੈਰਾ। ਪਹਿਲਾ ਸਵਾਲ ਹੈ ਕਿ ਕੇਸ ਕਿਉਂ ਰੱਖੇ ਜਾਂਦੇ ਹਨ? ਬਹੁਤ ਹਾਸੋਹੀਣਾ ਹੈ। ਅਸਲ ਸਵਾਲ ਇਹ ਹੈ ਲੋਕ ਕੇਸ ਕਿਉਂ ਕਟਵਾਉਂਦੇ ਹਨ? ਕੇਸ ਬਾਕੀ ਅੰਗਾਂ ਦੀ ਤਰ੍ਹਾਂ ਕੁਦਰਤ ਵਲੋਂ ਬਖਸ਼ੇ ਹੋਏ ਹਨ ਅਤੇ ਸਰੀਰ ਦਾ ਇਕ ਅੰਗ ਹਨ। ਦੂਜੀ ਗੱਲ ਸਾਨੂੰ ਸਿਆਸੀ ਨੇਤਾਵਾਂ ਵੱਲ ਧਿਆਨ ਨਹੀਂ ਦੇਣਾ ਚਾਹੀਦਾ ਕਿਉਂਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਬਣਨਾ ਹੈ ਨਾ ਕਿ ਕਿਸੇ ਸਿਆਸੀ ਨੇਤਾ ਦੇ। ਕੇਸਾਂ ਦੇ ਫਾਇਦੇ ਨੁਕਸਾਨ ਨੂੰ ਨਾ ਦੇਖਦੇ ਹੋਏ ਇਸ ਨੂੰ ਗੁਰੂ ਦੀ ਮੋਹਰ ਅਤੇ ਗੁਰੂ ਦੇ ਹੁਕਮ ਨੂੰ ਸਿਰ ਮੱਥੇ ਸਮਝ ਕੇ ਰੱਖਣੇ ਚਾਹੀਦੇ ਹਨ।

ਇਕ ਵਾਰ ਗੁਰੂ ਗੋਬਿੰਦ ਸਿੰਘ ਜੀ ਨੇ ਡਲੇ ਵਲੋਂ ਭੇਂਟ ਕੀਤੀ ਪਿਸਤੌਲ ਪਰਖਣ ਲਈ ਸਿੱਖਾਂ ਨੂੰ ਆਵਾਜ਼ ਲਗਾਈ ਤਾਂ ਪਿਉ-ਪੁੱਤਰ ਦੌੜ ਕੇ ਸਾਹਮਣੇ ਆਏ। ਇਸ ਵਿਚ ਫਾਇਦਾ ਨੁਕਸਾਨ ਨਹੀਂ ਸਗੋਂ ਗੁਰੂ ਦਾ ਬੁਲਾਵਾ ਸਮਝ ਕੇ ਆਪਣੇ ਆਪ ਨੂੰ ਪੇਸ਼ ਕਰਨਾ ਸੀ। ਅੱਜ ਸਾਡੇ ਵਿਚ ਇਸ ਤਰ੍ਹਾਂ ਦੀ ਭਾਵਨਾ ਖ਼ਤਮ ਹੁੰਦੀ ਜਾ ਰਹੀ ਹੈ ਅਤੇ ਹਰ ਗੱਲ ਵਿਚ ਨਫ਼ਾ-ਨੁਕਸਾਨ ਸੋਚਣ ਲੱਗੇ ਹਾਂ। ਕੁਦਰਤ ਨੇ ਮਰਦਾਂ ਨੂੰ ਦਾੜ੍ਹੀ ਅਤੇ ਮੁੱਛ ਉਨ੍ਹਾਂ ਦੇ ਸੋਹਣੇ ਅਤੇ ਤਾਕਤਵਰ ਹੋਣ ਦੇ ਪ੍ਰਤੀਕ ਵਜੋਂ ਦਿੱਤੀ ਹੈ। ਜੇ ਸ਼ੇਰ ਅਤੇ ਮੋਰ ਨੂੰ ਦੇਖਿਆ ਜਾਵੇ ਤਾਂ ਸ਼ੇਰ ਦੀ ਧੌਣ ’ਤੇ ਵਾਲ ਅਤੇ ਮੋਰ ਦੇ ਖੰਭ ਉਨ੍ਹਾਂ ਨੂੰ ਸ਼ੇਰਨੀ ਅਤੇ ਮੋਰਨੀ ਮੁਕਾਬਲੇ ਕਈ ਗੁਣਾਂ ਵੱਧ ਸੁੰਦਰਤਾ ਬਖਸ਼ਦੇ ਹਨ।

ਕੇਸਾਂ ਸੰਬੰਧੀ ਪੰਜਾਬ ਦੀ ਸਥਿਤੀ ਸੰਭਲਣ ਤੋਂ ਬਾਹਰ ਹੁੰਦੀ ਜਾ ਰਹੀ ਹੈ। ਜੇ ਇਸਨੂੰ ਨਾ ਸਾਂਭਿਆ ਗਿਆ ਤਾਂ ਕੇਸ ਰੱਖਣਾ ਗੁਰਦੁਆਰਿਆਂ ਦੇ ਗ੍ਰੰਥੀਆਂ ਤੱਕ ਹੀ ਸੀਮਤ ਹੋ ਕੇ ਰਹਿ ਜਾਵੇਗਾ। ਇਹ ਨੁਕਸਾਨ ਸਿੱਖ ਕੌਮ ਲਈ ਨਾ ਝੱਲਣਯੋਗ ਹੋਵੇਗਾ। ਇਸ ਸੰਬੰਧ ਵਿਚ ਅੰਗ੍ਰੇਜ਼ੀ ਦੇ ਪ੍ਰਸਿੱਧ ਲੇਖਕ ਖੁਸ਼ਵੰਤ ਸਿੰਘ ਦੇ ਕਹੇ ਸ਼ਬਦ ਯਾਦ ਆਉਂਦੇ ਹਨ ਕਿ 2050 ਤੱਕ ਪੰਜਾਬ ਵਿਚ ਸਿੱਖੀ ਸਰੂਪ ਖਤਮ ਹੋ ਜਾਵੇਗਾ। ਇਹ ਸਮਾਂ ਹੱਥ ’ਤੇ ਹੱਥ ਰੱਖ ਕੇ ਬੈਠਣ ਦਾ ਨਹੀਂ ਹੈ। ਇਸ ਸੰਬੰਧ ਵਿਚ ਸ਼ੋ੍ਰਮਣੀ ਕਮੇਟੀ ਨੂੰ ਖਾਸ ਕਦਮ ਉਠਾਉਣੇ ਪੈਣਗੇ। ਉਸ ਨੂੰ ਇਸ ਤਰ੍ਹਾਂ ਦੀਆਂ ਸੰਸਥਾਵਾਂ ਖੋਲ੍ਹਣੀਆਂ ਚਾਹੀਦੀਆਂ ਹਨ ਜਿਥੇ 75 ਫੀਸਦੀ ਤੱਕ ਸੀਟਾਂ ਗੁਰਸਿੱਖ ਵਿਦਿਆਰਥੀਆਂ ਲਈ ਰਾਖਵੀਆਂ ਹੋਣੀਆਂ ਚਾਹੀਦੀਆਂ ਹਨ ਅਤੇ ਪੜ੍ਹਾਉਣ ਵਾਲੇ ਅਧਿਆਪਕ ਵੀ ਪੂਰਨ ਗੁਰਸਿੱਖ ਹੋਣ। ਇਸ ਤੋਂ ਇਲਾਵਾ ਸਿੱਖੀ ਦਾ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ ਅਤੇ ਸਿੱਖਾਂ ਦੇ ਇਤਿਹਾਸ ਨੂੰ ਘਰ-ਘਰ ਪਹੁੰਚਾ ਕੇ ਨਵੀਂ ਪੀੜ੍ਹੀ ਵਿਚ ਗੁਰੂ ਪ੍ਰਤੀ ਵਫਾਦਾਰੀ ਦਾ ਜਜ਼ਬਾ ਭਰਿਆ ਜਾਵੇ। ਇਸਦੇ ਨਾਲ ਹੀ ਅਧਿਆਪਕ ਵਰਗ ਨੂੰ ਵੀ ਸੂਝ-ਬੂਝ ਤੋਂ ਕੰਮ ਲੈਂਦੇ ਹੋਏ ਆਪਣੇ ਪੂਰਨ ਸਿੱਖੀ ਸਰੂਪ ’ਚ ਰਹਿਣਾ ਚਾਹੀਦਾ ਹੈ ਤਾਂ ਜੋ ਬੱਚਿਆਂ ਨੂੰ ਯੋਗ ਅਗਵਾਈ ਮਿਲ ਸਕੇ। ਇਸ ਤਰ੍ਹਾਂ ਕਰਨ ਨਾਲ ਸਿੱਖ ਕੌਮ ਹਮੇਸ਼ਾਂ ਵਾਂਗ ਹਰ ਮੁਸ਼ਕਲ ਦਾ ਸਾਹਮਣਾ ਕਰਦੀ ਹੋਈ ਚੜ੍ਹਦੀ ਕਲਾ ਵਿਚ ਰਹੇਗੀ ਅਤੇ ਬੁਲੰਦੀਆਂ ’ਤੇ ਜਾਵੇਗੀ।

ਅਰਦਾਸ ਕਰਦੇ ਸਮੇਂ ਪੰਥ ਵੱਲੋਂ ਪ੍ਰਵਾਨਤ ਸ਼ਬਦਾਵਲੀ ਹੀ ਵਰਤਣੀ ਚਾਹੀਦੀ ਹੈ: ਭਾਈ ਗੁਰਿੰਦਰਦੀਪ ਸਿੰਘ

0

ਅਰਦਾਸ ਕਰਦੇ ਸਮੇਂ ਪੰਥ ਵੱਲੋਂ ਪ੍ਰਵਾਨਤ ਸ਼ਬਦਾਵਲੀ ਹੀ ਵਰਤਣੀ ਚਾਹੀਦੀ ਹੈ: ਭਾਈ ਗੁਰਿੰਦਰਦੀਪ ਸਿੰਘ

ਬਠਿੰਡਾ, (ਕਿਰਪਾਲ ਸਿੰਘ): ਅਰਦਾਸ ਕਰਦੇ ਸਮੇਂ ਪੰਥ ਵੱਲੋਂ ਪ੍ਰਵਾਨਤ ਸ਼ਬਦਾਵਲੀ ਹੀ ਵਰਤਣੀ ਚਾਹੀਦੀ ਹੈ। ਇਹ ਸ਼ਬਦ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਚੌਂਤਾ ਕਲਾ ਦੇ ਬਠਿੰਡਾ ਸਰਕਲ ਵੱਲੋਂ ਇੱਥੇ ਕਰਵਾਏ ਜਾ ਰਹੇ ਸਾਲਾਨਾ ਸਮਾਗਮਾਂ ਦੀ ਲੜੀ ਦੌਰਾਨ ਸਥਾਨਕ ਗੁਰਦੁਆਰਾ ਸਾਹਿਬ ਭਾਈ ਮਤੀ ਦਾਸ ਨਗਰ ਵਿਖੇ ਅੱਜ ਸਵੇਰ ਦੇ ਸਮਗਾਮ ਦੌਰਾਨ ਕਥਾ ਕਰਦਿਆਂ ਭਾਈ ਗੁਰਿੰਦਰਦੀਪ ਸਿੰਘ ਨੇ ਕਹੇ। ਉਨ੍ਹਾਂ ਕਿਹਾ ਆਮ ਤੌਰ ’ਤੇ ਅਸੀਂ ਗੁਰੂ ਅੱਗੇ ਸੰਗਤੀ ਅਰਦਾਸ ਕਰਦੇ ਸਮੇਂ ਸਿੱਖ ਰਹਿਤ ਮਰਯਾਦਾ ਅਨੁਸਾਰ ਪ੍ਰਵਾਨਤ ਸ਼ਬਦਾਵਲੀ ਨੂੰ ਛੱਡ ਕੇ ਹੋਰ ਦੁਨਿਆਵੀ ਮੰਗਾਂ ਦੀ ਲੰਬੀ ਲਿਸਟ ਪੜ੍ਹਨੀ ਸ਼ੁਰੂ ਕਰ ਦਿੰਦੇ ਹਾਂ; ਦੁੱਖਾਂ ਦਾ ਨਾਸ਼ ਤੇ ਸੁੱਖਾਂ ਦੀ ਮੰਗ ਕਰਦੇ ਹਾਂ ਅਤੇ ਕਈ ਵਾਰ ਤਾਂ ‘ਅੜੇ ਸੋ ਝੜੇ’ ਵਰਗੇ ਸ਼ਬਦਾਂ ਦੀ ਵਰਤੋਂ ਵੀ ਕਰ ਦਿੰਦੇ ਹਾਂ ਜੋ ਕਿ ਗੁਰਮਤਿ ਵੀਚਾਰਧਾਰਾ ਨਾਲ ਮੇਲ ਨਹੀਂ ਖਾਂਦੇ। ਭਾਈ ਗੁਰਿੰਦਰਪਾਲ ਸਿੰਘ ਨੇ ਕਿਹਾ ਇੱਕ ਪਾਸੇ ਤਾਂ ਅਸੀ ਅਰਦਾਸ ਦੌਰਾਨ ਸਰਬੱਤ ਦੇ ਭਲੇ ਦੀ ਮੰਗ ਕਰਦੇ ਹਾਂ ਅਤੇ ਦੂਸਰੇ ਪਾਸੇ ਆਪਣੇ ਵਿਰੋਧੀ ਵੀਚਾਰਧਾਰਾ ਵਾਲਿਆਂ ਲਈ ‘ਅੜੇ ਸੋ ਝੜੇ’ ਦੀ ਉਮੀਦ ਲਾ ਬੈਠਦੇ ਹਾਂ ਜੋ ਕਿ ਬਿਲਕੁਲ ਹੀ ਆਪਾ ਵਿਰੋਧੀ ਗੱਲਾਂ ਹਨ। ਗੁਰਬਾਣੀ ਸਾਨੂੰ ਸੇਧ ਦਿੰਦੀ ਹੈ: ‘‘ਲਾਹਿ ਪਰਦਾ, ਠਾਕੁਰੁ ਜਉ ਭੇਟਿਓ; ਤਉ, ਬਿਸਰੀ ਤਾਤਿ ਪਰਾਈ॥’’ ਭਾਵ ਜਦੋਂ ਤੋਂ (ਮੇਰੇ ਅੰਦਰੋਂ ਹਉਮੈ ਦਾ) ਪਰਦਾ ਲਾਹ ਕੇ ਮੈਨੂੰ ਠਾਕੁਰ-ਪ੍ਰਭੂ ਮਿਲਿਆ ਹੈ ਤਦੋਂ ਤੋਂ (ਮੇਰੇ ਦਿਲ ਵਿੱਚੋਂ) ਪਰਾਈ ਈਰਖਾ ਵਿਸਰ ਗਈ ਹੈ। ਗੁਰਬਾਣੀ ਦੇ ਇਸੇ ਸਿਧਾਂਤ ’ਤੇ ਚਲਦਿਆਂ ਭਾਈ ਘਨਈਆ ਜੀ ਸਿੱਖਾਂ ਨਾਲ ਜੰਗ ਦੌਰਾਨ ਜਖ਼ਮੀ ਹੋਏ ਮੁਗਲਾਂ ਨੂੰ ਵੀ ਪਾਣੀ ਪਿਲਾਉਂਦੇ ਰਹੇ ਸਨ। ਇਸ ਸਾਖੀ ਤੋਂ ਸੇਧ ਮਿਲਦੀ ਹੈ ਕਿ ਕਿਸੇ ਜ਼ਾਲਮ ਜਾਂ ਧਰਮ-ਦੋਖੀ ਨੂੰ ਜੰਗ ਵਿੱਚ ਸਜਾ ਦੇਣੀ ਹੋਰ ਗੱਲ ਹੈ ਪਰ ਗੁਰੂ ਜਾਂ ਅਕਾਲ ਪੁਰਖ ਅੱਗੇ ‘ਅੜੇ ਸੋ ਝੜੇ’ ਵਰਗੇ ਸ਼ਬਦਾਂ ਦੀ ਵਰਤੋਂ ਕਰਕੇ ਦੁਸ਼ਮਨ ਦਾ ਨੁਕਸਾਨ ਕਰਨ ਵਰਗੀ ਕੋਈ ਮੰਗ ਰੱਖਣੀ ਗੁਰਮਤਿ ਫਸਲਫੇ ਦੇ ਬਿਲਕੁਲ ਉਲਟ ਹੈ।

ਇਸੇ ਤਰ੍ਹਾਂ ਦੁੱਖਾਂ ਦਾ ਨਾਸ਼ ਕਰਨ ਅਤੇ ਸੁੱਖਾਂ ਦੀ ਮੰਗ ਕਰਨ ਵਾਲਿਆਂ ਨੂੰ ਗੁਰਬਾਣੀ ਦੀ ਇਹ ਪੰਕਤੀ ਚੇਤੇ ਰੱਖਣੀ ਚਾਹੀਦੀ ਹੈ ਕਿ ‘‘ਦੂਖੁ ਤਦੇ ਜਦਿ ਵੀਸਰੈ; ਸੁਖੁ, ਪ੍ਰਭ ਚਿਤਿ ਆਏ॥’’ ਭਾਵ (ਹੇ ਭਾਈ! ਮਨੁੱਖ ਨੂੰ) ਤਦੋਂ ਹੀ ਦੁੱਖ ਵਾਪਰਦਾ ਹੈ ਜਦੋਂ ਇਸ ਨੂੰ ਪਰਮਾਤਮਾ ਭੁੱਲ ਜਾਂਦਾ ਹੈ। ਪਰਮਾਤਮਾ ਮਨ ਵਿਚ ਵੱਸਿਆਂ (ਸਦਾ) ਸੁਖ ਪ੍ਰਤੀਤ ਹੁੰਦਾ ਹੈ। ਗੁਰੂ ਦੇ ਇਸ ਪਾਵਨ ਉਪਦੇਸ਼ਾਂ ’ਤੇ ਭਰੋਸਾ ਰੱਖਣ ਵਾਲੇ ਭਾਈ ਮਤੀ ਦਾਸ ਜੀ ਆਰੇ ਨਾਲ ਚੀਰੇ ਜਾਣ ਸਮੇਂ; ਭਾਈ ਦਿਆਲਾ ਜੀ ਦੇਗ਼ ਵਿੱਚ ਉਬਾਲੇ ਜਾਣ ਸਮੇਂ ਅਤੇ ਭਾਈ ਸਤੀ ਦਾਸ ਜੀ ਰੂੰ ਵਿੱਚ ਲਪੇਟ ਕੇ ਸਾੜੇ ਸਮੇਂ ਵੀ ਸੁੱਖ ਮਹਿਸੂਸ ਕਰਦੇ ਸਨ ਜਦੋਂ ਕਿ ਅਨੇਕਾਂ ਹੋਰ ਹਨ ਜੋ ਪ੍ਰਭੂ ਵੱਲੋਂ ਦਿੱਤੀਆਂ ਦਾਤਾਂ ਭੋਗਦੇ ਹੋਏ ਵੀ ਸੰਤੁਸ਼ਟ ਨਹੀਂ ਹੁੰਦੇ ਅਤੇ ਹਮੇਸ਼ਾਂ ਦੁਖੀ ਰਹਿੰਦੇ ਹਨ।

ਸੋ, ਜੇ ਸਾਨੂੰ ਅਰਦਾਸ ਵਿੱਚ ਕਹੇ ਗਏ ਸ਼ਬਦਾਂ: ‘ਪ੍ਰਥਮੇ ਸਰਬੱਤ ਖ਼ਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖ਼ਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚਿੱਤ ਆਵੇ, ਚਿੱਤ ਆਵਨ ਕਾ ਸਦਕਾ ਸਰਬ ਸੁੱਖ ਹੋਵੇ।’ ਅਤੇ ‘ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਿਬੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾਂ ਸਿਰ ਦਾਨ ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟੱਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ!!!’ ਉਪਰ ਪੂਰਾ ਪੂਰਾ ਭਰੋਸਾ ਹੈ ਤਾਂ ਸਿਰਫ ਇਹ ਹੀ ਮੰਗਾਂ ਅਰਦਾਸ ਵਿੱਚ ਮੰਗਣੀਆਂ ਚਾਹੀਦੀਆਂ ਹਨ ਨਾ ਕਿ ਹੋਰ ਮੰਗਾਂ ਦੀ ਲਿਸਟ ਪੜ੍ਹਨੀ ਚਾਹੀਦੀ ਹੈ। ਕਿਉਂਕਿ ਜੇ ਸਾਨੂੰ ਗੁਰੂ ਅਤੇ ਅਰਦਾਸ ’ਤੇ ਭਰੋਸਾ ਹੈ ਤਾਂ ਹੋਰ ਮੰਗਾਂ ਇਨ੍ਹਾਂ ਦੇ ਸਾਹਮਣੇ ਬਹੁਤ ਹੀ ਨਿਗੁਣੀਆਂ ਰਹਿ ਜਾਂਦੀਆਂ ਹਨ।

ਪਾਇਓ ਬਾਲ ਬੁਧਿ ਸੁਖੁ ਰੇ॥

0

ਨਿੱਕੀਆਂ ਸੇਧਾਂ

ਪਾਇਓ ਬਾਲ ਬੁਧਿ ਸੁਖੁ ਰੇ॥

ਬੀਬੀ ਮਨਰਾਜ ਕੌਰ-

ਪਿਆਰੇ ਨਿੱਕਿਓ !

ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਤਹਿ।

ਸਾਡੀ ਦੁਨੀਆਂ ਵਿੱਚ ਬੱਚਿਆਂ ਨੂੰ ਘੱਟ ਸਮਝ ਵਾਲੇ ਮੰਨਿਆ ਜਾਂਦਾ ਹੈ। ਜਦੋਂ ਕੋਈ ਆਪਣੀ ਸਮਝ ਤੋਂ ਛੋਟੀ ਗੱਲ ਕਰੇ ਤਾਂ ਅਸੀਂ ਅਕਸਰ ਕਹਿ ਦਿੰਦੇ ਹਾਂ, ‘ਕੀ ਬੱਚਿਆਂ ਵਾਲੀ ਗੱਲ ਕਰ ਰਹੇ ਹੋ?’ ਪਰ ਗੁਰਬਾਣੀ ਬਾਲ ਬੁੱਧ ਨੂੰ ਸੁੱਖ ਦਾ ਸੋਮਾ ਦੱਸਦੀ ਹੈ।

ਗੁਰਬਾਣੀ ਅਨੁਸਾਰ ਜਿਸ ਕੋਲ ਬੱਚਿਆਂ ਵਰਗੀ ਅਨਭੋਲ ਬੁੱਧੀ ਹੈ, ਉਹ ਸੁਖੀ ਹੈ। ਵੱਡਿਆਂ ਵਰਗੀ ‘ਬਹੁ ਸਿਆਣਪ’ ਅਕਸਰ ਜਮਾਂ (ਵਿਕਾਰਾਂ) ਦੀ ਮਾਰ ਪੁਆਉਂਦੀ ਹੈ। ਅਸੀਂ ਇਸ ਨੂੰ ਮਾਂ ਪੁੱਤਰ ਦੀ ਇਸ ਗੱਲ ਬਾਤ ਵਿਚੋਂ ਵੇਖਦੇ ਹਾਂ।

ਮਾਂ:-ਨਿਰਭੈ ਸਿੰਘ! ਜਲਦੀ ਘਰ ਵਾਪਿਸ ਆਓ। ਬਹੁਤ ਖੇਡ ਲਿਆ ਹੈ। ਹੋਰ ਕੰਮ ਵੀ ਕਰਨ ਵਾਲੇ ਹਨ।

ਨਿਰਭੈ ਸਿੰਘ:-ਆਇਆ ਮੰਮੀ ਜੀ।

ਮਾਂ:-ਬੇਟਾ! ਤੁਸੀਂ ਸੁੰਦਰ ਸਿੰਘ ਨਾਲ ਕਿਉਂ ਖੇਡ ਰਹੇ ਸੀ ?

ਨਿਰਭੈ ਸਿੰਘ:-ਉਹ ਮੇਰਾ ਬੜਾ ਪਿਆਰਾ ਦੋਸਤ ਹੈ।

ਮਾਂ:-ਬੇਟਾ! ਤੁਹਾਨੂੰ ਚੰਗਾ ਭਲਾ ਪਤਾ ਹੈ ਕਿ ਤੁਹਾਡੇ ਪਾਪਾ ਦੀ ਤੇ ਉਸ ਦੇ ਪਾਪਾ ਦੀ ਪਿਛਲੀਆਂ ਪੰਚਾਇਤ ਚੋਣਾਂ ਵਿੱਚ ਕਿੰਨੀ ਅਣਬਣ ਹੋ ਗਈ ਸੀ।

ਨਿਰਭੈ ਸਿੰਘ:-ਪਤਾ ਹੈ, ਪਰ ਇਹ ਤਾਂ ਪੁਰਾਣੀ ਗੱਲ ਹੋ ਗਈ ਹੈ। ਨਾਲੇ ਹੁਣ ਤਾਂ ਦੋਵੇਂ ਹੀ ਪੰਚਾਇਤ ਵਿਚ ਪੰਚ ਹਨ।

ਮਾਂ:-ਠੀਕ ਹੈ, ਪੰਚ ਹਨ ਪਰ ਇਹ ਕੋਈ ਪੁਰਾਣੀ ਗੱਲ ਨਹੀਂ ਅਜੇ ਸਿਰਫ਼ ਇੱਕ ਸਾਲ ਹੀ ਹੋਇਆ ਹੈ।

ਨਿਰਭੈ ਸਿੰਘ:-ਠੀਕ ਹੈ ਜੀ। ਮੈਨੂੰ ਇਹ ਦੱਸੋ ਕਿ ਮੈਂ ਉਦੋਂ ਕਿਹੜੀ ਜਮਾਤ ਵਿਚ ਸੀ।

ਮਾਂ:-ਇਹ ਵੀ ਕੋਈ ਪੁੱਛਣ ਵਾਲੀ ਗੱਲ ਹੈ। ਤੁਸੀਂ ਉਦੋਂ ਚੌਥੀ ਜਮਾਤ ਵਿੱਚ ਸੀ।

ਨਿਰਭੈ ਸਿੰਘ:-ਤੇ ਹੁਣ ਕਿਹੜੀ ਜਮਾਤ ਹੈ?

ਮਾਂ:-ਪੰਜਵੀਂ ਜਮਾਤ।

ਨਿਰਭੈ ਸਿੰਘ:-ਜੇ ਮੈਂ ਹੁਣ ਚੌਥੀ ਵਾਲਾ ਸਿਲੇਬਸ ਹੀ ਕਰੀ ਜਾਵਾਂ ਤਾਂ ਤੁਹਾਨੂੰ ਕਿਵੇਂ ਲੱਗੇਗਾ।

ਮਾਂ:-ਬੁਰਾ ਹੀ ਲਗੇਗਾ। ਜਿਹੜੀ ਜਮਾਤ ਵਿੱਚ ਹੈ, ਉਸੇ ਦੀ ਪੜ੍ਹਾਈ ਕਰਨੀ ਹੈ। ਕਦੀ ਕੋਈ ਵਾਪਸ ਚੌਥੀ ਜਮਾਤ ਦੀ ਪੜ੍ਹਾਈ ਥੋੜਾ ਕਰਦਾ ਹੈ।

ਨਿਰਭੈ ਸਿੰਘ:-ਬਿਲਕੁਲ ਠੀਕ, ਫਿਰ ਤੁਸੀਂ ਉਹੀ ਕਰ ਰਹੇ ਹੋ।

ਮਾਂ:-ਕੀ ਮਤਲਬ?

ਨਿਰਭੈ ਸਿੰਘ:- (ਹੱਸਦੇ ਹੋਏ) ਤੁਸੀਂ ਪਾਪਾ ਦੀ ਤੇ ਅੰਕਲ ਦੀ ਪਿਛਲੀ ਲੜਾਈ ਦੀ ਗੱਲ ਕਰ ਰਹੇ ਹੋ, ਜੋ ਇੱਕ ਸਾਲ ਪਹਿਲਾਂ ਹੋਈ ਸੀ।

ਮਾਂ:-ਪਰ ਇਹ ਤਾਂ ਸੱਚ ਹੈ।

ਨਿਰਭੈ ਸਿੰਘ:-ਸੱਚ ਤਾਂ ਹੈ ਪਰ ਪਾਪਾ ਤੇ ਅੰਕਲ ਦੀ ਅਣਬਣ ਪੰਚਾਇਤਾਂ ਚੋਣਾਂ ਕਰਕੇ ਹੋਈ ਸੀ ਤੇ ਹੁਣ ਤਾਂ ਦੋਵੇਂ ਇਕੱਠੇ ਰਲ ਕੇ ਕੰਮ ਕਰ ਰਹੇ ਹਨ।

ਮਾਂ:-ਪਰ ਸਾਡੇ ਤੇ ਉਨ੍ਹਾਂ ਦੇ ਪਰਿਵਾਰ ਦੀ ਬੋਲਚਾਲ ਉਦੋਂ ਬੰਦ ਹੋ ਗਈ ਸੀ।

ਨਿਰਭੈ ਸਿੰਘ:-ਪਰ ਹੁਣ ਤਾਂ ਸਭ ਕੁਝ ਠੀਕ ਹੈ ਨਾ ਪਿਆਰੇ ਮੰਮੀ ਜੀ।

ਮਾਂ:-ਹਾਂ ਜੀ! ਹੁਣ ਤਾਂ ਠੀਕ ਹੈ।

ਨਿਰਭੈ ਸਿੰਘ:-ਤੁਹਾਨੂੰ ਇੱਕ ਗੱਲ ਦੱਸਾਂ?

ਮਾਂ:-ਦੱਸੋ।

ਨਿਰਭੈ ਸਿੰਘ:-ਮੈਂ ਤੇ ਸੁੰਦਰ ਸਿੰਘ ਕਦੇ ਵੀ ਨਹੀਂ ਲੜੇ ਸੀ।

ਮਾਂ:-ਤੇ ਫਿਰ ਤੁਹਾਡੀ ਬੋਲਚਾਲ ਬੰਦ ਨਹੀਂ ਹੋਈ ਸੀ।

ਨਿਰਭੈ ਸਿੰਘ:-ਥੋੜੇ ਦਿਨ ਆਪਣੇ-2 ਪਾਪਾ ਕਰਕੇ ਬੰਦ ਹੋਈ ਸੀ, ਪਰ ਸਾਡੇ ਮਨ ਇੱਕ ਦੂਜੇ ਲਈ ਕੋਈ ਗੁੱਸਾ ਨਹੀਂ ਸੀ।

ਮਾਂ:-ਫਿਰ?

ਨਿਰਭੈ ਸਿੰਘ:-ਫਿਰ ਕੀ, ਅਸੀਂ ਸਕੂਲ ਵਿਚ ਇਕੱਠੇ ਹੀ ਪੜ੍ਹਦੇ ਤੇ ਖੇਡਦੇ ਰਹੇ। ਮੈਨੂੰ ਸੁੰਦਰ ਸਿੰਘ ਬਹੁਤ ਚੰਗਾ ਲੱਗਦਾ ਹੈ।

ਮਾਂ:-ਪਰ ਉਸ ਦੇ ਮੰਮੀ ਤਾਂ ਤੇਰੇ ਨਾਲ ਨਹੀਂ ਨਾ ਬੋਲਦੇ।

ਨਿਰਭੈ ਸਿੰਘ:- (ਉਦਾਸ ਹੋ ਕੇ) ਹਾਂ ਮੰਮੀ ਜੀ! ਉਹ ਵੀ ਤੁਹਾਡੇ ਵਾਂਗ ਪਿਛਲੇ ਸਾਲ ਵਾਲੀ ਪੜ੍ਹਾਈ ਕਰ ਰਹੇ ਹਨ।

ਮਾਂ:- (ਹੱਸਦੇ ਹੋਏ) ਪੁੱਤਰ ਜੀ! ਤੁਸੀਂ ਬਹੁਤ ਸ਼ਰਾਰਤੀ ਹੋ ਗਏ ਹੋ।

ਨਿਰਭੈ ਸਿੰਘ:-ਮੰਮੀ ਜੀ! ਪਲੀਜ਼ ਤੁਸੀਂ ਆਂਟੀ ਜੀ ਨੂੰ ਪਹਿਲ ਕਰਕੇ ਬੁਲਾ ਲਵੋ।

ਮਾਂ:- ਬੇਟੇ! ਇਹ ਗੱਲ ਚੰਗੀ ਨਹੀਂ ਲੱਗਣੀ, ਸਾਰੇ ਕੀ ਕਹਿਣਗੇ।

ਨਿਰਭੈ ਸਿੰਘ:-ਤੁਸੀਂ ਸਾਰਿਆਂ ਦੀ ਨਹੀਂ ਸਗੋਂ ਮੇਰੀ ਤੇ ਸੁੰਦਰ ਸਿੰਘ ਦੀ ਸੋਚੋ।

ਮਾਂ:-ਕਿਉਂ?

ਨਿਰਭੈ ਸਿੰਘ:-ਅਸੀਂ ਦੋਵੇਂ ਰਲ ਕੇ ਖ਼ੂਬ ਖੇਡਣਾ ਤੇ ਪੜ੍ਹਣਾ ਚਾਹ ਰਹੇ ਹਾਂ ਪਰ ਤੁਹਾਡੇ ਕਰਕੇ ਅਸੀਂ ਇੱਕ ਦੂਜੇ ਦੇ ਘਰ ਨਹੀਂ ਜਾ ਸਕਦੇ।

ਮਾਂ:-ਠੀਕ ਹੈ ਪੁੱਤਰ ਜੀ! ਤੁਹਾਡੇ ਲਈ ਮੈਂ ਸੁੰਦਰ ਸਿੰਘ ਦੇ ਮੰਮੀ ਜੀ ਨੂੰ ਬੁਲਾ ਲਵਾਂਗੀ, ਪਰ ਜੇ ਉਨ੍ਹਾਂ ਨੇ ਨਾ ਬੁਲਾਇਆ ਤੇ ਮੇਰੀ ਬੇਇਜ਼ਤੀ ਕਰ ਦਿੱਤੀ?

ਨਿਰਭੈ ਸਿੰਘ:-ਐਸੀ ਗੱਲ ਨਹੀਂ, ਮੈਨੂੰ ਸੁੰਦਰ ਸਿੰਘ ਨੇ ਦੱਸਿਆ ਹੈ ਕਿ ਉਹ ਵੀ ਤੁਹਾਡੀ ਤਰ੍ਹਾਂ ਹੀ ਸੋਚਦੇ ਹਨ। ਪਹਿਲ ਕਰਨ ਵਿਚ ਝਿਜਕ ਕਰ ਰਹੇ ਹਨ ਕਿ ਕਿਤੇ ਮੇਰੀ ਬੇਇਜ਼ਤੀ ਨਾ ਹੋ ਜਾਵੇ।

ਮਾਂ:- (ਮੁਸਕੁਰਾ ਕੇ) ਅੱਛਾ ਜੀ! ਤੁਹਾਡੀ ਦੋਹਾਂ ਦੀ ਖਿਚੜੀ ਪੂਰੀ ਪੱਕੀ ਹੋਈ ਹੈ।

ਨਿਰਭੈ ਸਿੰਘ:-(ਹੱਸਦੇ ਹੋਏ) ਹਾਂ ਮੰਮੀ ਜੀ! ਤੁਸੀਂ ਹੁਣੇ ਹੀ ਮੇਰੇ ਨਾਲ ਚੱਲੋ।

ਮਾਂ:-ਜ਼ਰੂਰ ਮੇਰੇ ਬੇਟੇ! ਤੁਸੀਂ ਮੇਰੀਆਂ ਵੀ ਅੱਖਾਂ ਖੋਲ੍ਹ ਦਿੱਤੀਆਂ ਹਨ।

ਨਿਰਭੈ ਸਿੰਘ:- (ਖ਼ੁਸ਼ ਹੋ ਕੇ) ਚੱਲੋ ਜੀ! ਵਾਹ ਜੀ ਵਾਹ! ਹੁਣ ਅਸੀਂ ਪਹਿਲਾਂ ਵਾਂਗ ਹੀ ਰਲ ਕੇ ਰਹਾਂਗੇ।

ਮਾਂ:- (ਝੂਠ ਮੂਠ ਡਾਂਟਦੇ ਹੋਏ) ਅੱਛਾ! ਫਿਰ ਪਿਛਲੀ ਕਲਾਸ ਦੀ ਪੜ੍ਹਾਈ ਕਹੋਗੇ।

ਨਿਰਭੈ ਸਿੰਘ:-ਮੰਮੀ ਜੀ! ਪਿਆਰ ਵਾਲੀ ਪੜ੍ਹਾਈ ਕਦੀ ਪੁਰਾਣੀ ਨਹੀਂ ਹੁੰਦੀ।

ਮਾਂ:- (ਖ਼ੁਸ਼ ਹੋ ਕੇ) ਕਾਸ਼! ਅਸੀਂ ਸਾਰੇ ਵੱਡੇ ਵੀ ਤੁਹਾਡੀ ਤਰ੍ਹਾਂ ਦੇ ਹੀ ਹੋ ਸਕੀਏ ਤਾਂ ਸਦਾ ਸੁਖੀ ਰਹੀਏ।

ਸੰਗਰਾਂਦ ਅਤੇ ਸਿੱਖ

0

ਸੰਗਰਾਂਦ ਅਤੇ ਸਿੱਖ

ਅਵਤਾਰ ਸਿੰਘ ਮਿਸ਼ਨਰੀ USA

ਸੰਗ੍ਰਾਂਦ ਜਾਂ ਸਕ੍ਰਾਂਤਿ ਸੰਸਕ੍ਰਿਤ ਦਾ ਸ਼ਬਦ ਹੈ, ਜਿਸ ਦੀ ਸੰਗਯਾ ਹੈ_ਉਹ ਦਿਨ, ਜਿਸ ਵਿਚ ਸੂਰਜ ਨਵੀਂ ਰਾਸ਼ੀ ਪੁਰ ਸੰਕ੍ਰਮਣ ਕਰੇ, ਸੂਰਜ ਮਹੀਨੇ ਦਾ ਪਹਿਲਾ ਦਿਨ, ਪਹਿਲਾ ਪ੍ਰਵਿਸ਼ਟਾ (ਮਹਾਨ ਕੋਸ਼) ਪਾਠਕ ਜਨੋ! ਸਾਰੇ ਦਿਨ ਦਿਹਾਰ ਸਮੇਂ ਨਾਲ ਹੀ ਸੰਬੰਧ ਰੱਖਦੇ ਹਨ। ਪੁਰਾਤਨ ਸਮੇਂ ਮਨੁੱਖ ਜੰਗਲ ਬੇਲਿਆਂ ਵਿਚ ਨੰਗਾ ਰਹਿੰਦਾ ਸੀ, ਬਨਾਸਪਤੀ ਦੇ ਫਲ ਅਤੇ ਜਾਨਵਰਾਂ ਦਾ ਕੱਚਾ ਮਾਸ ਖਾ ਕੇ ਗੁਜਾਰਾ ਕਰਦਾ ਸੀ। ਜਿਉਂ-ਜਿਉਂ ਮਨੁੱਖ ਦੀ ਬੁੱਧੀ ਨੇ ਵਿਕਾਸ ਕੀਤਾ ਹੈ ਤਿਉਂ-ਤਿਉਂ ਹੀ ਉਹ ਸੱਭਿਅਤ ਹੋਈ ਗਿਆ। ਤਨ ਢੱਕਣ ਲੱਗ ਪਿਆ, ਮਾਸ ਸਬਜ਼ੀਆਂ ਪਕਾ ਕੇ ਖਾਣ ਲੱਗ ਪਿਆ। ਸਿਰ ਲੁਕਾਉਣ ਲਈ ਰਹਿਣ ਵਾਸਤੇ ਪਹਿਲੇ ਕੱਖਾਂ ਦੀਆਂ ਛੰਨਾਂ (ਛਪਰੀਆਂ), ਫਿਰ ਮਿੱਟੀ ਦੇ ਕੱਚੇ ਕੋਠੇ ਅਤੇ ਅੱਜ ਲੱਕੜ, ਇੱਟਾਂ, ਸ਼ੀਸ਼ੇ, ਸੀਮੈਂਟ ਆਦਿਕ ਮੈਟੀਰੀਅਲ ਦੇ ਬਣੇ ਪੱਕੇ ਮਕਾਨਾਂ ਵਿਚ ਰਹਿੰਦਾ ਹੈ। ਆਪਣੇ ਰੋਜ਼ਾਨਾ ਜੀਵਨ ਨੂੰ ਸਮਾਂਬੱਧ ਕਰਨ ਲਈ ਸਮੇਂ ਦੀ ਵੰਡ ਕੀਤੀ ਗਈ। ਪਹਿਲਾਂ ਪਹਿਲ ਦਿਨੇ ਸੂਰਜ, ਰਾਤ ਨੂੰ ਚੰਦ ਤਾਰਿਆਂ ਦੇ ਪਰਛਾਵੇਂ ਬਦਲਣ ਦੀ ਗਤੀ ਅਨੁਸਾਰ ਸਮੇਂ (ਵੇਲੇ) ਦਾ ਹਿਸਾਬ ਰੱਖਦਾ ਸੀ। ਪਹਿਲੇ ਬਹੁਤੀ ਜਾਣਕਾਰੀ (ਗਿਆਨ) ਨਾ ਹੋਣ ਕਰਕੇ ਕੁਦਰਤੀ ਸੋਮੇ ਅੱਗ, ਹਵਾ, ਪਾਣੀ, ਪਸੂ, ਪੰਛੀ, ਪਹਾੜ, ਚੰਦ ਸੂਰਜ ਅਤੇ ਤਾਰੇ ਆਦਿਕਾਂ ਨੂੰ ਗੈਬੀ ਸ਼ਕਤੀਆਂ ਸਮਝ ਪੂਜਦਾ ਸੀ। ਹੌਲੀ-ਹੌਲੀ ਹੋਰ ਵਿਕਸਿਤ ਹੋਇਆ, ਪਤੀ-ਪਤਨੀ ਬਣ ਪ੍ਰਵਾਰ ਬਣੇ, ਦਾਨੇ ਪੁਰਸ਼ ਪੈਦਾ ਹੋਏ, ਮਨੁੱਖੀ ਸਮਾਜ ਵਿਚ ਬੋਲੀ ਵਿਕਸਤ ਹੋਈ, ਉਨ੍ਹਾਂ ਨੇ ਵਿੱਦਿਆ (ਪੜ੍ਹਾਈ) ਵਿਕਸਿਤ ਕੀਤੀ। ਚੰਗੇ ਮੰਦੇ ਕਰਮਾਂ ਦਾ ਪਤਾ ਲੱਗਾ। ਚੰਗੇ ਕਰਮ ਧਰਮ ਸਮਝੇ ਗਏ ਅਤੇ ਮੰਦੇ ਪਾਪ। ਅਲੱਗ-ਅਲੱਗ ਸਮਾਜ ਅਤੇ ਮਜ਼ਹਬ ਬਣ ਗਏ।

ਵਿਦਿਆਧਾਰੀ ਗਿਆਨਵਾਨ ਲੋਕ ਧਰਮੀ ਆਗੂ ਅਤੇ ਕਬੀਲਿਆਂ ਦੇ ਰਾਜੇ ਬਣ ਗਏ। ਆਮ ਪਰਜਾ ਅਗਿਆਨੀ ਹੀ ਸੀ। ਜਿਵੇਂ ਰਾਜੇ ਹੁਕਮ ਕਰਦੇ ਅਤੇ ਮਜ਼ਹਬੀ ਆਗੂ ਮਜ਼ਹਬ ਬਾਰੇ ਲੋਕਾਂ ਨੂੰ ਦਸਦੇ, ਲੋਕ ਅੰਧ-ਵਿਸ਼ਵਾਸ ਵਿਚ ਉਵੇਂ ਹੀ ਕਰੀ ਜਾਂਦੇ। ਫਿਰ ਪੀਰ ਪੈਗੰਬਰ ਅਵਤਾਰ ਪੈਦਾ ਹੋਏ, ਉਹ ਸਿਆਣੇ ਸਨ ਉਨ੍ਹਾਂ ਨੇ ਵੱਖ-ਵੱਖ ਮਜ਼ਹਬਾਂ ਵਿਚ ਕਾਫੀ ਸੁਧਾਰ ਕੀਤਾ। ਸਮਾਂ ਪਾ ਕੇ ਉਨ੍ਹਾਂ ਦੇ ਜਾਨਸ਼ੀਨ ਧਰਮ ਆਗੂ ਬਣ ਕੇ ਵੱਖਰੀਆਂ-ਵੱਖਰੀਆਂ ਮਰਿਆਦਾਵਾਂ ਚਲਾਉਣ ਲੱਗ ਪਏ। ਹਿੰਦੂਆਂ ਵਿਚ ਬ੍ਰਾਹਮਣ (ਪੰਡਿਤ) ਮੁਸਲਮਾਨਾਂ ਵਿਚ ਮੁੱਲਾਂ (ਕਾਜ਼ੀ) ਅਤੇ ਹੋਰ ਵਿਹਲੜ ਫਿਰਤੂ ਸਾਧ, ਸਿੱਧ, ਜੋਗੀ ਗਿ੍ਰਹਸਤ ਦੀਆਂ ਘਰੇਲੂ ਜ਼ਿੰਮੇਵਾਰੀਆਂ ਤੋਂ ਭਗੋੜੇ ਹੋ ਜੰਗਲਾਂ ਪਹਾੜਾਂ ਵਿਚ ਜਾ ਬੈਠੇ। ਉਪਰੋਕਤ ਧਾਰਮਿਕ ਆਗੂਆਂ ’ਚੋਂ ਬ੍ਰਾਹਮਣ ਲੋਕਾਂ ਨੂੰ ਧਰਮ ਦੇ ਨਾਂ ਤੇ ਡਰਾਵੇ ਦੇ ਕੇ ਠੱਗਣ ਵਿਚ ਸਭ ਤੋਂ ਅੱਗੇ ਨਿਕਲ ਗਿਆ। ਇਸ ਨੇ 33 ਕਰੋੜ ਦੇਵੀ ਦੇਵਤੇ ਕਲਪਿਤ ਕਰ ਲਏ। ਉਨ੍ਹਾਂ ਦਾ ਵੱਖ-ਵੱਖ ਢੰਗਾਂ ਨਾਲ ਪੂਜਨ ਸ਼ੁਰੂ ਕਰ ਦਿੱਤਾ। ਆਪਣੀ ਮਰਜ਼ੀ ਦੇ ਗ੍ਰੰਥ ਰਚੇ ਅਤੇ ਮਰਯਾਦਾ ਮਾਨਤਾਵਾਂ ਪੈਦਾ ਕੀਤੀਆਂ, ਵੱਖ-ਵੱਖ ਕਰਮਕਾਂਡ ਚਲਾ ਦਿਤੇ। ਵੱਖ-ਵੱਖ ਤਰ੍ਹਾਂ ਦੀ ਪੂਜਾ, ਪਾਠ ਵਿਧੀਆਂ ਅਤੇ ਭੇਟਾਵਾਂ ਪੈਦਾ ਕੀਤੀਆਂ। ਕਰਮਾਂ ਦੇ ਹਿਸਾਬ ਲਈ ਵਹੀ ਖਾਤੇ ਅਤੇ ਚੰਗੀ ਮਾੜੀ ਕਿਸਮਤ ਦੱਸ ਕੇ ਲੁੱਟਣ ਲਈ ਜੋਤਸ਼ੀ ਬਣ, ਜੰਤਰੀਆਂ ਲਿਖ ਲਈਆਂ। ਦਿਨ, ਰਾਤ, ਹਫਤਾ, ਮਹੀਨਾ, ਸਾਲ ਅਤੇ ਸਦੀਆਂ ਦੇ ਉਪਾਅ ਦੱਸਣ ਲੱਗ ਪਏ। ਮੰਗਲਵਾਰ, ਵੀਰਵਾਰ ਸਿਰ ਪਾਣੀ ਨਹੀਂ ਪਾਉਣਾ, ਫਲਾਨੀ ਦਿਸ਼ਾ ਵੱਲ ਨਹੀਂ ਜਾਣਾ, ਖੁਸ਼ੀ ਦੇ ਕਰਮ ਦੁਪਹਿਰ 12 ਵਜੇ ਤੋਂ ਪਹਿਲਾਂ ਅਤੇ ਗਮੀ ਦੇ 12 ਤੋਂ ਬਾਅਦ ਕਰਨੇ, ਪੁੰਨਿਆਂ, ਮੱਸਿਆ, ਪੰਚਕਾਂ ਅਤੇ ਸੰਗ੍ਰਾਂਦਾਂ ਸਿਰਜ ਲਈਆਂ। ਬੜੇ ਜੋਰ ਸ਼ੋਰ ਅਤੇ ਦਾਅਵੇ ਨਾਲ ਪ੍ਰਚਾਰ ਕੀਤਾ ਕਿ ਜੋ ਵੀ ਇਨ੍ਹਾਂ ਪਵਿੱਤਰ ਦਿਨਾਂ ਤੇ ਬ੍ਰਾਹਮਣਾਂ ਨੂੰ ਵੱਧ ਤੋਂ ਵੱਧ ਦਾਨ ਪੁੰਨ ਕਰੇਗਾ ਉਸ ਨੂੰ ਪਰਲੋਕ ਵਿਚ ਚੰਗਾ ਫਲ ਮਿਲੇਗਾ।

ਸੰਗ੍ਰਾਂਦ ਕੀ ਹੈ? ਸੂਰਜ ਦੀਆਂ ਬਾਰਾਂ ਰਾਸਾਂ ਹਨ ਜਿਸ ਦਿਨ ਸੂਰਜ ਇਕ ਰਾਸ ਚੋਂ ਦੂਜੀ ਰਾਸ ਵਿਚ ਜਾਂਦਾ ਹੈ ਉਸ ਦਿਨ ਸੰਗ੍ਰਾਂਦ ਹੁੰਦੀ ਹੈ। ਇਸ ਦਿਨ ਬ੍ਰਾਹਮਣ ਪੁਜਾਰੀ ਸ਼ਰਧਾਲੂਆਂ ਤੋਂ ਪਿਤਰ ਪੂਜਾ ਕਰਵਾਉਂਦੇ ਹਨ। ਸੂਰਜ ਵੱਲ ਮੂੰਹ ਕਰਕੇ 88 ਹਜ਼ਾਰ ਯੋਜਨ ਦੂਰ ਬੈਠੇ ਪਿਆਸੇ ਪਿੱਤਰਾਂ ਨੂੰ ਪਾਣੀ ਦਿੱਤਾ ਜਾਂਦਾ ਹੈ ਅਤੇ ਪੂਜਾ ਭੇਟਾ ਨਾਲ ਬ੍ਰਾਹਮਣ ਦੀ ਮੁੱਠੀ ਗਰਮ ਕੀਤੀ ਜਾਂਦੀ ਹੈ। ਇਸ ਲਈ ਲੋਕ ਸੰਗ੍ਰਾਂਦ ਵਾਲੇ ਦਿਨ ਹੀ ਪਵਿੱਤਰ ਸਮਝ ਕੇ ਅੰਨ੍ਹੇਵਾਹ ਭਾਰੀ ਗਿਣਤੀ ਵਿਚ ਮੰਦਰਾਂ ਤੀਰਥਾਂ ਆਦਿਕ ਥਾਵਾਂ ਤੇ ਜਾਂਦੇ ਹਨ। ਜਦ 1469 ਈਸਵੀ ਵਿਚ ਜਗਤ ਰਹਿਬਰ ਬਾਬਾ ਨਾਨਕ ਜੀ ਇਸ ਸੰਸਾਰ ਵਿਚ ਪ੍ਰਗਟ ਹੋਏ ਤਾਂ ਉਨ੍ਹਾਂ ਨੇ ਵੱਖ-ਵੱਖ ਮਜ਼ਹਬੀ ਅਸਥਾਨਾਂ, ਤੀਰਥਾਂ ਆਦਿਕ ਤੇ ਜਾ ਕੇ ਲੋਕਾਈ ਨੂੰ ਸੱਚ ਧਰਮ ਦਾ ਉਪਦੇਸ਼ ਦਿੱਤਾ ਅਤੇ ਫਜ਼ੂਲ ਦੀਆਂ ਕਰਮਕਾਂਡੀ, ਅੰਧ-ਵਿਸ਼ਵਾਸੀ ਲੋਟੂ ਰੀਤਾਂ ਦੀ ਗੁਲਾਮੀ ਵਿੱਚੋਂ ਕੱਢਿਆ।

ਹਰਿਦੁਆਰ ਵਾਲੀ ਸਾਖੀ ਕਿ ਹੇ ਪਾਂਡਿਓ! ਜੇ ਮਨੋਕਲਪਿਤ 88 ਹਜ਼ਾਰ ਯੋਜਨ ਪਿਤਰ ਲੋਕ ਵਿਚ ਤੁਹਾਡਾ ਸੁੱਟਿਆ ਪਾਣੀ ਜਾ ਸਕਦਾ ਹੈ ਤਾਂ ਮੇਰਾ ਕਰਤਾਰਪੁਰ ਵਿਖੇ 300 ਕੋਹਾਂ ਤੇ ਕਿਉਂ ਨਹੀਂ? ਇਹ ਹੀ ਸਿੱਖਿਆ ਦਿੰਦੀ ਹੈ। ਰੱਬੀ ਭਗਤਾਂ ਅਤੇ ਸਿੱਖ ਗੁਰੂ ਸਾਹਿਬਾਨਾਂ ਨੇ ਜੋ ਉਪਦੇਸ਼ ਸੰਸਾਰ ਨੂੰ ਦਿੱਤਾ ਉਹ ‘ਗੁਰੂ ਗ੍ਰੰਥ ਸਾਹਿਬ’ ਵਿਚ ਸੁਭਾਇਮਾਨ ਹੈ। ਜੋ ਫੋਕਟ ਅਤੇ ਲੋਟੂ ਕਰਮਕਾਂਡਾਂ ਤੋਂ ਬਚਣ ਦੀ ਸਿੱਖਿਆ ਦਿੰਦਾ ਹੈ। ਰੱਬੀ ਗਿਆਨ ਦਾ ਭੰਡਾਰ ਹੈ। ਵਿਗਿਆਨਕ ਦਿ੍ਰਸ਼ਟੀਕੋਣ ਤੋਂ ਵੀ ਸਦੀਵੀ ਸਾਇੰਟਿਫਿਕ ਹੈ। ਐਸਾ ਅਮੁੱਲ ਗਿਆਨ ਦਾ ਖਜ਼ਾਨਾ ਸਾਡੇ ਕੋਲ ਹੋਣ ਦੇ ਬਾਵਜੂਦ ਵੀ ਜੇ ਅਸੀਂ ਬ੍ਰਾਹਮਣੀ ਥੋਥੇ ਕਰਮਕਾਂਡਾਂ ਵਿਚ ਫਸੇ ਹੋਏ ਹਾਂ ਤਾਂ ਸੋਚੋ ਐਸਾ ਭਾਣਾ ਕਿਉਂ ਵਰਤਿਆ ਹੈ? ਜਦ ਗੁਰੂ ਗਿਆਨ ਦੇ ਸੂਰਜ ਅੱਗੇ ਬ੍ਰਾਹਮਣੀ ਕਰਮਕਾਂਡਾਂ ਦਾ ਹਨ੍ਹੇਰਾ ਉਡਣ ਲੱਗ ਪਿਆ ਤਾਂ ਇਹ ਲੋਟੂ ਪੁਜਾਰੀ ਓਦੋਂ ਤਾਂ ਕੁਝ ਕਰ ਨਾ ਸਕੇ ਪਰ ਬਾਅਦ ਵਿਚ ਨਕਲੀ ਨਿਰਮਲੇ ਬਣ ਕੇ, ਉਦਾਸੀਆਂ ਦੇ ਰੂਪ ਵਿਚ ਸਿੱਖਾਂ ਵਿਚ ਘੁਸੜ ਕੇ ਗੁਰ ਸਿਧਾਂਤ, ਮਰਯਾਦਾ ਅਤੇ ਇਤਿਹਾਸ ਨੂੰ ਬ੍ਰਾਹਮਣੀ ਰਹੁ ਰੀਤਾਂ ਨਾਲ ਰਲ-ਗਡ ਕਰਨ ਦੇ ਨਾਲ-ਨਾਲ ਡੇਰੇ ਸੰਪ੍ਰਦਾਵਾਂ ਬਣਾ, ਓਥੇ ਧਰਮ ਵਿੱਦਿਆ ਦੇ ਨਾਂ ਮਿਲਗੋਬੇ ਪ੍ਰਚਾਰਕ ਪੁਜਾਰੀ ਪੈਦਾ ਕਰਕੇ, ਸਿੱਖ ਗੁਰਦੁਆਰਿਆਂ ਵਿਚ ਆ ਵੜੇ। ਸੰਤਾਂ-ਸਾਧਾਂ ਦਾ ਰੂਪ ਧਾਰ ਕੇ ਸਨਾਤਨੀ ਪ੍ਰਚਾਰ ਕਰਨ ਲੱਗ ਪਏ। ਬਹੁਤ ਸਾਰੇ ਬ੍ਰਾਹਮਣੀ ਕਰਮਕਾਂਡ ਅਤੇ ਰਹੁਰੀਤਾਂ ਮਰਯਾਦਾ ਦੇ ਨਾਂ ਤੇ ਗੁਰਦੁਆਰਿਆਂ ਵਿਚ ਵੀ ਚਲਾ ਦਿੱਤੀਆਂ। ਗੁਰਬਾਣੀ ਵਿਚਾਰ ਦੀ ਥਾਂ ਭਜਨਾ ਵਾਲਾ ਕੱਚੀ ਬਾਣੀ ਦਾ ਕੀਰਤਨ, ਗਿਣਤੀ ਮਿਣਤੀ ਦੇ ਪਾਠ, ਧੂਪ, ਦੀਪ, ਨਾਰੀਅਲ, ਕੁੰਭ-ਘੜਾ, ਚੰਗਾ-ਮੰਦਾ ਦਿਨ, ਦਿਸ਼ਾ, ਮਹੂਰਤ, ਧਰਤੀ ਜਾਗਦੀ-ਸੁੱਤੀ ਵਾਲਾ ਭਰਮ ਪਾ ਦਿੱਤਾ, ਜੋ ਅਜੋਕੇ ਡੇਰਾਵਾਦੀ ਪ੍ਰਬੰਧਕ ਅਤੇ ਗ੍ਰੰਥੀ ਵੀ ਕਰ ਕਰਵਾ ਰਹੇ ਹਨ।

ਆਓ ਹੁਣ ਆਪਾਂ ਇਸ ਲੇਖ ਨੂੰ ਗੁਰਬਾਣੀ ਦੀ ਸਿੱਖਿਆ ਨਾਲ ਸੰਪੂਰਨ ਕਰੀਏ। ਗੁਰਬਾਣੀ ਦਾ ਚੰਗੇ ਮਾੜੇ ਦਿਨਾਂ, ਮਹੂਰਤਾਂ ਅਤੇ ਸੰਗ੍ਰਾਂਦਾਂ ਬਾਰੇ ਫੁਰਮਾਨ ਹੈ_ਸਤਿਗੁਰ ਬਾਝਹੁ ਅੰਧੁ ਗੁਬਾਰੁ॥ ਥਿਤੀ ਵਾਰ ਸੇਵਹਿ ਮੁਗਧ ਗਾਵਾਰ॥ (੮੪੩) ਸਤਿਗੁਰਾਂ ਨੇ ਚੰਗੇ ਮਾੜੇ ਦਿਨ ਮੰਨ ਕੇ ਸੰਗ੍ਰਾਂਦਾਂ ਆਦਿਕ ਦੀ ਪੂਜਾ ਕਰਨ ਵਾਲਿਆਂ ਨੂੰ ਮੂਰਖ ਗਾਵਾਰ ਕਿਹਾ ਹੈ, ਇਹ ਬਹੁਤ ਵੱਡੀ ਫਿਟਕਾਰ ਹੈ। ‘‘ਸੋਈ ਦਿਨਸੁ ਸੁਹਾਵੜਾ, ਜਿਤੁ ਪ੍ਰਭੁ ਆਵੈ ਚਿਤਿ॥ ਜਿਤੁ ਦਿਨਿ ਵਿਸਰੈ ਪਾਰਬਰਹਮੁ ਫਿਟਿ ਭਲੇਰੀ ਰੁਤਿ॥ ੩੧੮॥ ਸਾਰੇ ਦਿਨ ਰਾਤ ਮਹੀਨੇ ਚੰਗੇ ਹਨ ਜਦੋਂ ਅਸੀਂ ਰੱਬ ਨੂੰ ਯਾਦ ਕਰਦੇ ਹਾਂ। ਇਕੱਲੀਆਂ ਪੁਨਿਆ, ਮੱਸਿਆ ਅਤੇ ਸੰਗ੍ਰਾਂਦਾਂ ਹੀ ਪਵਿੱਤਰ ਨਹੀਂ- ‘‘ਸਭੇ ਰੁਤੀ ਚੰਗੀਆ, ਜਿਤੁ ਸਚੇ ਸਿਉ ਨੇਹੁ॥ (ਮ:੧/੧੦੧੫), ਮਾਹ ਦਿਵਸ ਮੂਰਤ ਭਲੇ, ਜਿਸ ਕਉ ਨਦਰਿ ਕਰੇ॥’’ (ਮ:੫/੧੩੬) ਆਦਿ, ਬਾਰ੍ਹਾਂਮਾਹਾਂ ਦੇ ਪਾਠ ਵਿਚ ਗੁਰਦੁਆਰਿਆਂ ਵਿਚ ਪੜ੍ਹਿਆ ਜਾਂਦਾ ਹਰ ਮਹੀਨੇ ਦਾ ਸ਼ਬਦ ਪੂਰੇ ਮਹੀਨੇ ਦਾ ਉਪਦੇਸ਼ ਹੁੰਦਾ ਹੈ ਨਾ ਕਿ ਕੇਵਲ ਮਹੀਨੇ ਦੇ ਪਹਿਲੇ ਦਿਨ ਵਾਸਤੇ ਜਿਵੇਂ ਕਿ
ਗੁਰਵਾਕ :

  1. ਮਾਘਿ, ਮਜਨ ਸੰਗਿ ਸਾਧੂਆ ਧੂੜੀ ਕਰਿ ਇਸਨਾਨੁ॥
  2. ਆਸਾੜੁ ਤਪੰਦਾ ਤਿਸੁ ਲਗੈ ਹਰਿ ਨਾਹੁ ਨ ਜਿੰਨਾ ਪਾਸਿ॥
  1. ਕਤਕਿ, ਕਰਮ ਕਮਾਵਣੇ, ਦੋਸੁ ਨ ਕਾਹੂ ਜੋਗੁ॥

ਆਦਿ ਪੂਰੇ ਮਹੀਨੇ ਵਾਸਤੇ ਗੁਰੂ-ਉਪਦੇਸ਼ ਹਨ।

ਗੁਰਦੁਆਰਿਆਂ ਦੇ ਸੂਝਵਾਨ ਪ੍ਰਬੰਧਕਾਂ ਅਤੇ ਗ੍ਰੰਥੀਆਂ ਨੂੰ ਦਾਸ ਦੀ ਗੁਜ਼ਾਰਿਸ਼ ਹੈ ਕਿ ਗੁਰਬਾਣੀ ਦੀ ਰੌਸ਼ਨੀ ਵਿਚ ਗੁਰ-ਮਰਯਾਦਾ ਨੂੰ ਚਲਾਉਣ ਨਾ ਕਿ ਸੰਪਰਦਾਈਆਂ ਦੀ ‘ਡੇਰਾਵਾਦੀ ਮਰਯਾਦਾ’ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਪੰਥਕ ਮਰਯਾਦਾ ਨਾਲ ਮੇਲ ਨਹੀਂ ਖਾਂਦੀ। ਯਾਦ ਰੱਖਿਓ ਜਿਸ ਦਿਨ ਸਿੱਖਾਂ ਨੇ ਸੰਪਰਦਾਵਾਂ ਅਤੇ ਡੇਰੇ ਛੱਡ ਦਿੱਤੇ ਅਤੇ ਗੁਰੂ ਗ੍ਰੰਥ ਦੇ ਪੰਥ ਦੇ ਹੋ ਗਏ, ਉਸ ਦਿਨ ਗੁਰਦੁਆਰਿਆਂ ਵਿਚ ਧਰਮ ਦੇ ਨਾਂ ਤੇ ਕੀਤੇ ਜਾਂਦੇ ਬ੍ਰਾਹਮਣੀ ਅਤੇ ਸੰਪ੍ਰਦਾਈ ਕਰਮਕਾਂਡ ਖ਼ਤਮ ਹੋ ਜਾਣਗੇ। ਇਸ ਲਈ ਸਿੱਖਾਂ ਦੀ ਸੰਗ੍ਰਾਂਦ ਹਰ ਰੋਜ਼ ਹੈ ਨਾ ਕਿ ਸੂਰਜ ਦੀ ਰਾਸ਼ੀ ਬਦਲਣ ਵਾਲਾ ਦਿਨ ਹੀ ਸੰਗਰਾਂਦ ਹੈ। ਬ੍ਰਾਹਮਣੀ ਸੰਗ੍ਰਾਦ ਦਾ ਦਿਨ ਸਿੱਖਾਂ ਲਈ ਕੋਈ ਪਵਿੱਤਰ ਦਿਹਾੜਾ ਨਹੀਂ, ਸਿੱਖ ਮਰੇ ਪਿਤਰਾਂ ਦੀ ਥਾਂ ਜੀਉਂਦੇ ਮਾਂ-ਬਾਪ ਦੀ ਸੇਵਾ ਕਰਦੇ ਹਨ। ਹਰ ਰੋਜ਼ ਗੁਰਬਾਣੀ ਦਾ ਪਾਠ ਵਿਚਾਰ ਨਾਲ ਕਰਨਾ, ਜੀਵਨ ਵਿਚ ਧਾਰਨਾ ਅਤੇ ਸਰਬੱਤ ਦਾ ਭਲਾ ਮੰਗਣਾ ਹੀ ਸਿੱਖਾਂ ਦੀ ਸੰਗ੍ਰਾਂਦ ਹੈ।

ਸਿਰੋਪਾਉ ਦਾ ਇਤਿਹਾਸ, ਪ੍ਰੰਪਰਾ ਅਤੇ ਦੁਰਵਰਤੋਂ

0

ਸਿਰੋਪਾਉ ਦਾ ਇਤਿਹਾਸ, ਪ੍ਰੰਪਰਾ ਅਤੇ ਦੁਰਵਰਤੋਂ

ਸ. ਅਵਤਾਰ ਸਿੰਘ ਮਿਸ਼ਨਰੀ 5104325827

ਸਿਰੋਪਾ ਸਨਮਾਨ ਚਿੰਨ੍ਹ ਦਾ ਪ੍ਰਤੀਕ ਹੈ ਜੋ ਮਹਾਂਨ ਕੋਸ਼ ਵਿੱਚ ਸਿਰ ਤੋਂ ਪੈਰ ਤੱਕ ਪਹਿਨਣ ਦੀ ਪੁਸ਼ਾਕ, ਖਿਲਤ ਰੂਪ ਦਰਸਾਇਆ ਗਿਆ ਹੈ। ਸਿਰੋਪਾ ਸ਼ਬਦ ਦੇ ਗੁਰਬਾਣੀ ਰਾਹੀਂ ਵੱਖ-ਵੱਖ ਸੰਦਰਭਾਂ ’ਚ ਅਰਥ ਕੀਤੇ ਹੋਏ ਮਿਲਦੇ ਹਨ ਜਿਵੇਂਸਰਪਾ, ਸਿਰੋਪਾ, ਸਿਰਪਾਉ, ਸਿਰਪਾਇ, ਸਿਰਪਾਵ ਅਤੇ ਸਿਰੇਪਾਉ। ਸਿਰੋਪੇ ਦੇ ਇਤਿਹਾਸ ਬਾਰੇ ਸ਼ਬਦ ਕੋਸ਼ ਜਾਂ ਮਹਾਨ ਕੋਸ਼ ਪੜ੍ਹੀਏ ਤਾਂ ਪਤਾ ਲਗਦਾ ਹੈ ਕਿ ਸਿਰੋਪਾ ਫਾਰਸੀ ਦੇ ਸ਼ਬਦ ਸਰੋਪਾ ਤੋਂ ਸ਼ੁਰੂ ਹੋਇਆ ਹੈ ਅਤੇ ਗੁਰਬਾਣੀ ਵਿਖੇ ਇਸ ਨੂੰ ਸਿਰਪਾਉ ਕਿਹਾ ਗਿਆ ਹੈ-‘‘ਪਹਿਰਿ ਸਿਰਪਾਉ ਸੇਵਕ ਜਨ ਮੇਲੇ, ਨਾਨਕ! ਪ੍ਰਗਟ ਪਹਾਰੇ॥’’ (ਮ:੫/੬੩੧) ਭਾਵ ਕਰਤਾਰ ਨੇ ਆਪਣੇ ਸੇਵਕਾਂ ਨੂੰ ਸਿਰੋਪਾ ਪਹਿਨਾ ਕੇ ਆਪਣੇ ਨਾਲ ਮੇਲਿਆ ਅਤੇ ਸੰਸਾਰ ਵਿੱਚ ਪ੍ਰਸਿੱਧ ਕਰ ਦਿੱਤਾ ਹੈ। ‘‘ਭਗਤਿ ਸਿਰਪਾਉ ਦੀਓ ਜਨ ਅਪੁਨੇ, ਪ੍ਰਤਾਪੁ ਨਾਨਕ! ਪ੍ਰਭ ਜਾਤਾ॥’’ (ਮ:੫/੬੩੧) ਭਾਵ ਪ੍ਰੇਮਾ ਭਗਤੀ ਦਾ ਸਿਰਪਾਉ ਉਸ ਅਪਨੇ ਸੇਵਕ ਨੂੰ ਦਿੱਤਾ ਜਿਸ ਨੇ ਪ੍ਰਭੂ ਦਾ ਪ੍ਰਤਾਪ ਜਾਣ ਲਿਆ।

‘‘ਸਦਾ ਅਨੰਦੁ ਕਰੇ ਆਨੰਦੀ, ਜਿਸੁ ਸਿਰਪਾਉ ਪਇਆ ਗਲਿ ਖਾਸਾ ਹੇ॥’’ (ਮ:੫/੧੦੭੩) ਭਾਵ ਉਹ ਭਗਤ ਸਦਾ ਹੀ ਵਿਗਾਸ ਵਿੱਚ ਰਹਿੰਦਾ ਹੈ ਜਿਸ ਦੇ ਹਿਰਦੇ ਰੂਪੀ ਗਲ ਵਿੱਚ ਪ੍ਰਮਾਤਮਾ ਦੀ ਬਖਸ਼ਸ਼ ਦਾ ਖਾਸ ਸਿਰਪਾਉ ਪੈਂਦਾ ਹੈ।

‘‘ਪ੍ਰੇਮ ਪਟੋਲਾ ਤੈ ਸਹਿ ਦਿਤਾ, ਢਕਣ ਕੂ ਪਤਿ ਮੇਰੀ॥’’ (ਮ:੫/੫੨੦) ਭਾਵ ਹੇ ਮੇਰੇ ਸ਼ਹਿਨਸ਼ਾਹ ਪ੍ਰਭੂ! ਆਪ ਜੀ ਨੇ ਮੇਰੀ ਪਤਿ ਢੱਕਣ ਲਈ ਪਿਆਰ ਦਾ ਪਟੋਲਾ (ਸਿਰਪਾਉ) ਮੈਨੂੰ ਬਖਸ਼ਸ਼ ਕੀਤਾ ਹੈ।

ਅਯੋਗ ਵਿਅਕਤੀ ਸਾਕਤ ਆਦਿਕ ਬਾਰੇ ਵੀ ਸਿਰਪਾਉ ਦਾ ਜਿਕਰ ਹੈ- ‘‘ਸਾਕਤ ਸਿਰਪਾਉ ਰੇਸਮੀ, ਪਹਿਰਤ ਪਤਿ ਖੋਈ॥’’ (ਮ:੫/੮੧੧) ਭਾਵ ਸ਼ਕਤੀ ਦੇ ਪੁਜਾਰੀ ਸਾਕਤ ਨੇ ਬਹੁਮੁੱਲੇ ਰੇਸ਼ਮੀ ਸਿਰਪਾਉ ਪਹਿਰ ਕੇ ਵੀ ਹਉਮੈ (ਹੰਕਾਰ) ਅਤੇ ਵਿਸ਼ੇ ਵਿਕਾਰਾਂ ਕਾਰਨ ਆਪਣੀ ਇੱਜ਼ਤ ਗਵਾਈ ਹੈ।

ਫਾਰਸੀ ਵਿੱਚ ਇਸ ਸ਼ਬਦ ਦਾ ਮਤਲਬ ਹੈ ਸਿਰ ਤੋਂ ਪੈਂਰਾ ਤੱਕ ਪਹਿਨਣ ਵਾਲੀ ਉਹ ਪੋਸ਼ਾਕ ਜੋ ਬਾਦਸ਼ਾਹ ਵਲੋਂ ਕਿਸੇ ਨੂੰ ਸਨਮਾਨਤ ਕਰਨ ਲਈ ਭਾਵ ਇੱਜਤ ਵਜੋਂ ਦਿੱਤੀ ਗਈ ਖਿਲਤ ਹੋਵੇ।

‘ਐਨਸਾਈਕਲੋਪੀਡੀਆ ਆਫ ਸਿਖਇਜਮ’ ਅਨੁਸਾਰ ਸਿਰੋਪੇ ਦੀ ਰਵਾਇਤ ਗੁਰੂ ਅੰਗਦ ਸਾਹਿਬ ਤੋਂ ਸ਼ੁਰੂ ਹੋਈ। ਸਿੱਖ ਧਰਮ ਵਿੱਚ ‘ਸਿਰੋਪਾਉ’ ਦਾ ਅਹਿਮ ਮਹੱਤਵ ਹੈ। ਸਿੱਖ ਰਹਿਤ ਮਰਿਆਦਾ ਅਨੁਸਾਰ ਗੁਰੂ ਦੀ ਬਖਸ਼ਸ਼ ਦਾ ਪ੍ਰਤੀਕ ਸਿਰਪਾਉ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਹੀ ਦਿੱਤਾ ਜਾਂਦਾ ਹੈ ਪਰ ਇਸ ਦੇ ਉਲਟ ਅੱਜ ਕੱਲ ਹੋਟਲ, ਮੈਰਿਜ ਪੈਲੇਸ ਤੇ ਹੁਣ ਗਲੀ ਮੁਹੱਲੇ ਵਿੱਚ ਹੋਣ ਵਾਲੇ ਸਮਾਗਮਾਂ ਵਿੱਚ ਵੀ ਲੋਕਾਂ ਨੂੰ ਸਿਰੋਪਾ ਦੇ ਦਿੱਤਾ ਜਾਂਦਾ ਹੈ। ਸਿੱਖ ਇਤਿਹਾਸ ਅਨੁਸਾਰ ਵੀ ਸਿਰੋਪਾ ਦੇਣ ਦੀ ਪਰੰਪਰਾ ਜਗਤ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਹਿਣਾ ਜੀ ਨੂੰ ਹਰ ਤਰ੍ਹਾਂ ਯੋਗ ਜਾਣ ਕੇ ਗੁਰਗੱਦੀ ਰੂਪ ‘ਸਿਰਪਾਉ’ ਦੀ ਬਖਸ਼ਸ਼ ਕੀਤੀ ਸੀ, ਅੱਗੋਂ ਗੁਰੂ ਅੰਗਦ ਸਾਹਿਬ ਜੀ ਨੇ ਵੀ ਬਾਬਾ ਅਮਰਦਾਸ ਜੀ ਵਲੋਂ ਤਨ ਮਨ ਨਾਲ ਨਿਭਾਈ ਗਈ ਸੇਵਾ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਗੁਰਗੱਦੀ (ਸਿਰੋਪਾ) ਬਖਸ਼ਸ ਕੀਤਾ ਸੀ। ਇਸ ਤੋਂ ਬਾਅਦ ਗੁਰੂ ਅਮਰਦਾਸ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ‘ਸਿਰੋਪਾਉ’ ਬਖਸ਼ਸ਼ ਕਰਨ ਦੀ ਪਰੰਪਰਾ ਚਲਦੀ ਰਹੀ।

ਗੁਰਦੁਆਰੇ ਜਾਂ ਧਰਮ ਅਸਥਾਂਨ ਦੇ ਹੈੱਡ ਗ੍ਰੰਥੀ, ਮੁਖੀਏ ਜਾਂ ਕਿਸੇ ਪਰਉਪਕਾਰੀ ਸੇਵਕ ਵਲੋਂ ਧਰਮ ਜਾਂ ਸਮਾਜ ਲਈ ਅਹਿਮ ਕੰਮ ਕਰਨ ਵਾਲਿਆਂ ਨੂੰ ਸਿਰੋਪਾ ਬਖਸ਼ਸ਼ ਕਰਨ ਦੀ ਪਰੰਪਰਾ ਹੈ ਜੋ ਕਿ ਹੁਣ ਵੀ ਚੱਲ ਰਹੀ ਹੈ। ਸਿਰੋਪਾ ਬਖਸ਼ਸ਼ ਕਰਨ ਮੌਕੇ ਸਿੱਖ ਰਹਿਤ ਮਰਿਆਦਾ ਦਾ ਪਾਲਣ ਕਰਨਾ ਬਹੁਤ ਹੀ ਜਰੂਰੀ ਹੈ।

‘ਸਿਰੋਪਾਉ’ ਦੀ ਰਾਜਨੀਤਕ ਹਥਿਆਰ ਦੇ ਰੂਪ ਵਿੱਚ ਦੁਰਵਰਤੋਂ ਕਰਨਾ ਅੱਜ ਆਮ ਹੋ ਗਿਆ ਹੈ। ਗੁਰੂ ਸਾਹਿਬ ਵਲੋਂ ਦਿੱਤਾ ਜਾਣ ਵਾਲਾ ਸਿਰੋਪਾ ਕਿਵੇਂ, ਕਿੱਥੇ ਅਤੇ ਕਿਸ ਨੂੰ ਦੇਣਾ ਹੈ? ਇਸ ਮਰਿਆਦਾ ਦਾ ਕੋਈ ਵਿਚਾਰ ਨਹੀਂ ਕੀਤਾ ਜਾਂਦਾ। ਸਿੱਖ ਇਤਿਹਾਸ ਦੇ ਇਕ ਕਾਲੇ ਪੰਨੇ ਅਨੁਸਾਰ ਪਿ੍ਰਥੀ ਚੰਦ ਮੀਣਾ, ਜੋ ਗੁਰੂ ਅਰਜਨ ਸਾਹਿਬ ਜੀ ਦਾ ਵੱਡਾ ਭਰਾ ਸੀ ਜਿਸ ਨੇ ਗੁਰਗੱਦੀ ਪ੍ਰਾਪਤ ਕਰਨ ਦੇ ਲਾਲਚ ਵਿੱਚ ਲਾਹੌਰ ਦੇ ਪੰਥ ਦੋਖੀ ਸੁਲਹੀ ਖਾਨ ਨੂੰ, ਉਸ ਦੇ ਘਰ ਜਾ ਕੇ ਸਿਰੋਪਾ ਦੇ ਦਿੱਤਾ ਸੀ ਤਾਂ ਕਿ ਗੁਰਗੱਦੀ ਮਿਲ ਜਾਏ। ਅੱਜ ਤਾਂ ਇੱਕ ਪਾਰਟੀ ਛੱਡ ਕੇ ਦੂਸਰੀ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਭਗੌੜਿਆਂ ਨੂੰ ਵੀ ਇਸ ਲਈ ਸਿਰੋਪਾ ਦੇ ਦਿੱਤਾ ਜਾਂਦਾ ਹੈ ਕਿ ਉਹ ਸਾਡੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਹੋਰ ਦੇਖੋ ਸਿੱਖੀ ਪ੍ਰੰਪਰਾਵਾਂ ਅਤੇ ਸਿੱਖ ਰਹਿਤ ਮਰਯਾਦਾ ਦੇ ਉਲਟ ਚੱਲਣ ਵਾਲੇ ਡੇਰੇਦਾਰ ਸੰਤਾਂ ਅਤੇ ਮਹਾਂ ਕਰੱਪਟ ਰਾਜਨੀਤਕ ਲੀਡਰਾਂ ਨੂੰ ਵੀ ਸ਼ਰੇਆਮ ਸਿਰੋਪੇ ਦਿੱਤੇ ਜਾ ਰਹੇ ਹਨ। ਹੱਦ ਇੱਥੋਂ ਤੱਕ ਟੱਪ ਗਈ ਹੈ ਕਿ ਝੋਲੀ ਚੁੱਕ ਗ੍ਰੰਥੀ, ਜਥੇਦਾਰ, ਡੇਰੇਦਾਰ ਸੰਤ ਅਤੇ ਲੀਡਰ ਛੋਟੇ-ਛੋਟੇ ਅਫਸਰਾਂ ਕਰਮਚਾਰੀਆਂ ਕੋਲ ਵੀ ਸਿਰੋਪੇ ਕਿ੍ਰਪਾਨਾਂ ਲੈ ਕੇ ਪਹੁੰਚ ਜਾਂਦੇ ਹਨ। ਅੱਜ ਗੁਰਦੁਆਰਿਆਂ ਵਿੱਚ ਕੁਰਹਿਤੀਆਂ ਦੇ ਹੱਥੋਂ ਅਣਮਤੀਏ, ਪੰਥ ਦੋਖੀਆਂ ਦੁਆਰਾ ਸਿਰੋਪਾ ਪ੍ਰਾਪਤ ਕਰਨਾ, ਆਮ ਹੋ ਗਿਆ ਹੈ।

ਹੁਣ ਵੇਲਾ ਆ ਗਿਆ ਹੈ ਕਿ ਪਿ੍ਰਥੀ ਚੰਦ ਦੇ ਪੂਰਨਿਆਂ ’ਤੇ ਚੱਲਣ ਵਾਲੇ ਇਨ੍ਹਾਂ ਸਿਆਸੀ ਪ੍ਰਬੰਧਕਾਂ ’ਤੇ ਰੋਕ ਲਾਈ ਜਾਵੇ ਅਤੇ ਇਨ੍ਹਾਂ ਤੋਂ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਮੁਕਤ ਕਰਾਉਣ ਲਈ ਉਪਰਾਲੇ ਕੀਤੇ ਜਾਣ ਤਾਂ ਕਿ ਇਨ੍ਹਾਂ ਦੀਆਂ ਸੁਆਰਥੀ ਹਰਕਤਾਂ ਕਾਰਨ ਕੌਮ ਨੂੰ ਹਾਸੇ-ਮਜਾਕ ਦਾ ਵਿਸ਼ਾ ਨਾ ਬਨਣਾ ਪਵੇ।

ਇਸ ਪ੍ਰੰਪਰਾ ਨੂੰ ਅਜੋਕੇ ਪਦਾਰਥਵਾਦੀ ਯੁਗ ਵਿੱਚ ਪ੍ਰਬੰਧਕ, ਸੰਸਥਾਵਾਂ ਅਤੇ ਰਾਜਨੀਤੀਵਾਨ ਆਪਣੀਆਂ ਨਿਜੀ ਇਛਾਵਾਂ ਦੀ ਪੂਰਤੀ ਲਈ ਇਸਤੇਮਾਲ ਕਰ ਰਹੇ ਹਨ। ‘ਸਿਰੋਪਾਉ’ ਦੀ ਬਖਸ਼ਸ ਕਿਸ ਨੂੰ, ਕਿਵੇਂ ਅਤੇ ਕਿੱਥੇ ਹੋਵੇ? ਇਸ ਮਾਮਲੇ ਤੇ ਸਿੱਖ ਵਿਦਵਾਨਾਂ, ਰਾਜਨੀਤਕਾਂ ਅਤੇ ਧਾਰਮਕ ਮੁਖੀਆਂ ਨੂੰ ਫਰਾਖਦਿਲੀ ਨਾਲ ਵੀਚਾਰ ਕਰਨੀ ਚਾਹੀਦੀ ਹੈ। ਵੇਲਾ ਮੰਗ ਕਰਦਾ ਹੈ ਕਿ ਖੋਜ ਭਰਪੂਰ ਵਿਚਾਰ ਵਿਟਾਂਦਰਾ ਕਰ ਕੇ ਖੁਦਗਰਜ ਸਿਆਸੀ ਨੇਤਾਵਾਂ ਨੂੰ ਇਸ ਸਬੰਧੀ ਸਿਖਿਆ-ਸੇਧ ਦਿੱਤੀ ਜਾਵੇ ਅਤੇ ਇਸ ਦੀ ਗ਼ਲਤ ਵਰਤੋਂ ਕਰਣ ਵਾਲਿਆਂ ਨੂੰ ਸਜਾ ਦੇਣ ਦਾ ਵਿਧਾਨ ਵੀ ਪੰਥ ਵਲੋਂ ਤਜਵੀਜ ਕੀਤਾ ਜਾਵੇ।

ਅੱਜ ਜਿਵੇਂ ਭਾਈ, ਬਾਬਾ, ਮਸੰਦ, ਗਿਆਨੀ, ਬ੍ਰਹਮ ਗਿਆਨੀ, ਮਹਾਂਪੁਰਸ਼ ਅਤੇ ਸਾਧ-ਸੰਤ ਲਫਜ਼ਾਂ ਦੀ ਅਣਧਿਕਾਰੀ ਲੋਕ ਅਤੇ ਭੇਖੀ ਸਾਧ-ਸੰਤ ਦੁਰਵਰਤੋਂ ਕਰ ਰਹੇ ਹਨ ਇਵੇਂ ਹੀ ‘ਸਿਰਪਾਉ’ ਲਫਜ਼ ਦੀ ਗਲਤ ਵਰਤੋਂ ਵੀ ਅਜਿਹੇ ਲੋਕਾਂ ਵੱਲੋਂ ਹੀ ਕੀਤੀ ਜਾ ਰਹੀ ਹੈ। ਅੱਜ ਕੱਲ੍ਹ ‘ਸਿਰਪਾਉ’ ਨੂੰ ਲੋਕਲਾਜ ਅਤੇ ਨੱਕ ਰੱਖਣ ਵਾਲਾ ਰਿਵਾਜ ਜਿਹਾ ਹੀ ਬਣਾ ਦਿੱਤਾ ਗਿਆ ਹੈ। ਗਲਾਂ ਵਿੱਚ ਸਿਰੋਪੇ ਪਾ ਕੇ ਅਖਬਾਰਾਂ ਵਿੱਚ ਫੋਟੋਆਂ ਵਾਲੀਆਂ ਖਬਰਾਂ ਛਪਾਉਣ ਨੂੰ ਵੀ ਤਰਜੀਹ ਦਿੱਤੀ ਜਾਂਦੀ ਹੈ। ਸਿਰੋਪੇ ਨੂੰ ਢਾਈ ਗਜ ਦਾ ਕਪੜਾ ਸਮਝ ਕੇ ਖ੍ਰੀਦਣਾ ਅਤੇ ਰੋਲਣਾ ਨਹੀਂ ਚਾਹੀਦਾ। ਜਰੂਰੀ ਨਹੀਂ, ਕਿ ਹਰੇਕ ਨੂੰ ਹੀ ‘ਸਿਰਪਾਉ’ ਬਖਸ਼ਸ਼ ਕੀਤਾ ਜਾਵੇ ਸਗੋਂ ਰਾਜਨੀਤਕ ਲੀਡਰਾਂ ਦਾ ਸਨਮਾਨ ਕਿਸੇ ਸ਼ੀਲਡ ਆਦਿਕ ਵਸਤੂ ਨਾਲ ਵੀ ਕੀਤਾ ਜਾ ਸਕਦਾ ਹੈ। ਘੋੜਾ ਖੋਤਾ ਇੱਕ ਨਹੀਂ ਸਮਝ ਲੈਣੇ ਚਾਹੀਦੇ ਇਨ੍ਹਾਂ ਵਿੱਚ ਬਹੁਤ ਫ਼ਰਕ ਹੁੰਦਾ ਹੈ। ਇਵੇ ਹੀ ਧਰਮ ਅਤੇ ਰਾਜਨੀਤੀ ਵਿੱਚ ਵੀ ਭੇਖਧਾਰੀ, ਢੌਂਗੀ ਅਤੇ ਕੁਰੱਪਟ ਲੋਕਾਂ ਦੀ ਪਛਾਣ ਕਰਕੇ ਹੀ ਕਿਸੇ ਭਲੇ ਪੁਰਖ ਜਾਂ ਇਸਤਰੀ ਨੂੰ ਉਨ੍ਹਾਂ ਦੀ ਯੋਗ ਸੇਵਾ ਵੇਖ ਕੇ ਹੀ ‘ਸਿਰਪਾਉ’ ਬਖਸ਼ਸ਼ ਕੀਤਾ ਜਾਵੇ। ਗੁਰਦੁਆਰਾ ਪ੍ਰਬੰਧਕਾਂ, ਗ੍ਰੰਥੀਆਂ, ਜਥੇਦਾਰਾਂ ਅਤੇ ਲੀਡਰਾਂ ਨੂੰ ਇਸ ਹੋ ਰਹੀ ‘ਸਿਰੋਪੇ’ ਦੀ ਦੁਰਵਰਤੋਂ ਪ੍ਰਤੀ ਬਹੁਤ ਹੀ ਗੰਭੀਰ ਹੋਣ ਦੀ ਜ਼ਰੂਰਤ ਹੈ।

ਯਾਦ ਰਹੇ ਕਿ ‘ਸਿਰਪਾਉ’ ਕਿਸੇ ਨੂੰ ਦਿੱਤਾ ਜਾਂ ਭੇਟ ਨਹੀਂ ਸਗੋਂ ਬਖਸ਼ਸ਼ ਕੀਤਾ ਜਾਂਦਾ ਹੈ। ਜਰਾ ਸੋਚੋ! ਭੇਟਾ ਤਾਂ ਹਮੇਸ਼ਾ ਆਪਣੇ ਤੋਂ ਵੱਡੇ ਨੂੰ ਦਿੱਤੀ ਜਾਂਦੀ ਹੈ। ‘ਸਿਰੋਪਾਉ’ ਤਾਂ ਗੁਰੂ ਦੀ ਬਖਸ਼ਸ਼ ਹੈ ਜੋ ਕਿਸੇ ਨੂੰ ਵੀ ਭੇਟ ਨਹੀਂ ਕੀਤੀ ਜਾ ਸਕਦੀ ਸਗੋਂ ਬਖਸ਼ੀ ਹੀ ਜਾ ਸਕਦੀ ਹੈ। ਆਪਾਂ ਗੁਰੂ ਸਾਹਿਬ ਅੱਗੇ ਰੁਪਿਆ ਪੈਸਾ, ਕੋਈ ਵਸਤੂ, ਪਦਾਰਥ ਜਾਂ ਰੁਮਾਲ ਭੇਟ ਕਰਦੇ ਹਾਂ ਅਤੇ ਅੱਗੋਂ ਗੁਰੂ, ਪ੍ਰਮਾਤਮਾ ਸਾਡੇ ’ਤੇ ਬਖਸ਼ਸ਼ ਕਰਦੇ ਹਨ।

ਅੱਜ ‘ਸਿਰੋਪਾਉ’ ਦੀ ਜਿਨ੍ਹੀ ਦੁਰਵਰਤੋਂ ਪਾਠੀ, ਰਾਗੀ, ਗ੍ਰੰਥੀ, ਡੇਰੇਦਾਰ ਸੰਤ ਆਦਿਕ ਧਾਰਮਿਕ ਲੋਕ ਕਰਦੇ ਹਨ ਇਨ੍ਹੀ ਆਮ ਆਦਮੀ ਨਹੀਂ ਕਰਦਾ। ਇਨ੍ਹਾਂ ਲੋਕਾਂ ਨੂੰ ਹਰ ਦੀਵਾਨ ਦੀ ਸਮਾਪਤੀ ਵੇਲੇ ਸਿਰੋਪੇ ਦੇਣ ਦਾ ਰਿਵਾਜ ਪੈ ਗਿਆ ਹੈ।

ਯਾਦ ਰਹੇ ਇਨ੍ਹਾਂ ’ਚੋਂ ਬਹੁਤੇ ਪੇਟ ਦੀ ਖਾਤਰ, ਗੁਰਬਾਣੀ ਦੇ ਸਿਧਾਂਤਾਂ ਤੋਂ ਉਲਟ ਜਾ ਕੇ ਪ੍ਰਚਾਰ ਕਰਦੇ ਹਨ ਅਸੀਂ ਫਿਰ ਵੀ ਸਤਿਕਾਰ ਨਾਲ ਇਨ੍ਹਾਂ ਲੋਕਾਂ ਨੂੰ ਬਿਨਾ ਸੋਚੇ ਸਮਝੇ ‘ਸਿਰੋਪਾਉ’ ਦਈ ਜਾ ਰਹੇ ਹਾਂ ਜੋ ਗੁਰਦੁਆਰੇ ਦੀ ਹੱਦੋਂ ਬਾਹਰ ਨਿਕਲਦੇ ਹੀ ਗੁਰ ਸਿਧਾਂਤਾਂ ਨੂੰ ਭੁੱਲ ਕੇ ਸਿਰੋਪੇ ਦੀ ਅਹਿਮੀਅਤ ਨੂੰ ਪੈਰਾਂ ’ਚ ਰੋਲਣ ਲੱਗ ਜਾਂਦੇ ਹਨ। ਅੱਜ ਤਾਂ ਸਿਰੋਪਿਆਂ ਦਾ ਵਾਪਾਰ ਹੋਣ ਲੱਗ ਪਿਆ ਹੈ। ਵੱਡੇ ਛੋਟੇ ਸਿਰੋਪਿਆਂ ਦੀਆਂ ਵੱਖ-ਵੱਖ ਭੇਟਾਵਾਂ ਹਨ। ਦੁਕਾਨਦਾਰਾਂ ਤੋਂ ਖਰੀਦਿਆ ਹੋਇਆ ਸਰੋਪਿਆਂ ਲਈ ਕਪੜਾ, ਗੁਰਦੁਆਰਿਆਂ ਰਾਹੀਂ ਫਿਰ ਉਸੇ ਦੁਕਾਨਦਾਰਾਂ ਨੂੰ ਵੇਚਿਆ ਜਾਂਦਾ ਹੈ। ਗੁਰੂ ਘਰਾਂ ’ਚ ਵੱਧ ਭੇਟਾ ਦੇਣ ਵਾਲੇ ਨੂੰ ਵੀ ਸਰੋਪਾ ਦਿੱਤਾ ਜਾਂਦਾ ਹੈ। ਅਜਿਹਾ ਮਹਿਸੂਸ ਹੁੰਦਾ ਹੈ ਕਿ ਅੱਜ ਸਿਰੋਪੇ ਵੀ ਅਮੀਰਾਂ, ਰਾਜਨੀਤਕਾਂ ਜਾਂ ਅਸਰ ਰਸੂਕ ਵਾਲਿਆਂ ਲਈ ਹੀ ਰਹਿ ਗਏ ਹਨ। ਲੋੜਵੰਦ ਗਰੀਬ ਨੂੰ ਤਾਂ ਹਰ ਥਾਂ ਧੱਕੇ ਹੀ ਪੈਂਦੇ ਹਨ।

ਮੁਆਫ ਕਰਨਾ, ਧਰਮਿਕ ਅਸਥਾਨਾਂ ਵਿੱਚ ਪਾਠ, ਕੀਰਤਨ, ਕਥਾ, ਸੁਖਮਨੀ ਪਾਠ, ਅਰਦਾਸਾਂ ਆਦਿ ਦੀ ਭੇਟਾ ਲਈ ਲੰਬੀਆਂ-2 ਲਿਸਟਾਂ ਲੱਗੀਆਂ ਹੁੰਦੀਆਂ ਹਨ ਪਰ ਲੋੜਮੰਦ ਗਰੀਬਾਂ ਨੂੰ ਕਮਰਾ ਵੀ ਮਿਲਣਾ ਮੁਸਕਿਲ ਹੈ। ਜਿਸ ਪੁਜਾਰੀਵਾਦ, ਬ੍ਰਾਹਮਣਵਾਦ, ਮਹੰਤਵਾਦ ਅਤੇ ਰਾਜਗਰਦੀਵਾਦ ਤੋਂ ਗੁਰੂਆਂ-ਭਗਤਾਂ ਨੇ ਸਾਨੂੰ ਬਚਾਇਆ ਸੀ ਅੱਜ ਅਸੀਂ ਉਸੇ ਦਲਦਲ ਵਿੱਚ ਫਿਰ ਫਸਦੇ ਜਾ ਰਹੇ ਹਾਂ।

ਸੋ, ਸਾਨੂੰ ਮਨਮਤੀ ਲੋਕਲਾਜ ਵਾਲੀਆਂ ਰਵਾਇਤਾਂ ਨੂੰ ਛੱਡ ਕੇ, ਗੁਰਮਤਿ ਪ੍ਰਚਾਰ, ਪ੍ਰਸਾਰ, ਸੇਵਾ, ਵਿਦਿਆ, ਪਰਉਪਕਾਰ ਆਦਿਕ ਧਾਰਮਿਕ ਅਤੇ ਸਮਾਜਿਕ ਖੇਤਰਾਂ ਵਿੱਚ ਉਤਸਾਹੀ ਅਤੇ ਵਧੀਆ ਕੰਮ ਕਰਨ ਵਾਲੇ ਮਾਈ-ਭਾਈ ਨੂੰ ਹੀ ‘ਸਿਰਪਾਉ’ ਦੀ ਬਖਸ਼ਸ਼ ਸੰਗਤ ਅਤੇ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਕਰਨੀ ਚਾਹੀਦੀ ਹੈ।

ਸਿੱਖਾਂ ਲਈ ਨਵਾਂ ਸਾਲ ਕਿਹੜਾ ਹੈ ਤੇ ਕਿਵੇਂ ਮਨਾਇਆ ਜਾਣਾ ਚਾਹੀਦਾ ਹੈ ?

0

ਸਿੱਖਾਂ ਲਈ ਨਵਾਂ ਸਾਲ ਕਿਹੜਾ ਹੈ ਤੇ ਕਿਵੇਂ ਮਨਾਇਆ ਜਾਣਾ ਚਾਹੀਦਾ ਹੈ ?

ਸ. ਕਿਰਪਾਲ ਸਿੰਘ ਬਠਿੰਡਾ ਮੋਬ: 9855480797

ਬਿਪਰ ਤੇ ਅੰਗਰੇਜ ਦੋਵਾਂ ਦੀ ਗੁਲਾਮੀ ਤੋਂ ਮੁਕਤ ਹੋ ਕੇ ਨਵਾਂ ਸਾਲ ਇੱਕ ਚੇਤ ਨੂੰ ਅਤੇ ਸਾਰੇ ਗੁਰਪੁਰਬ ਤੇ ਸਿੱਖ ਇਤਿਹਾਸਕ ਦਿਹਾੜੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਨਾਉਣੇ ਚਾਹੀਦੇ ਹਨ।

ਗੁਰਮਤਿ ਅਨੁਸਾਰ ਸਾਰੇ ਦਿਨ ਹੀ ਬਰਾਬਰ ਹਨ ਭਾਵ ਕੋਈ ਚੰਗਾ ਜਾਂ ਮਾੜਾ ਨਹੀਂ ਕਿਉਂਕਿ ਹਰ ਰੋਜ ਉਹੀ ਚੰਦਰਮਾਂ ਅਤੇ ਓਹੀ ਤਾਰੇ ਚੜ੍ਹਦੇ ਹਨ ਅਤੇ ਉਹੀ ਸੂਰਜ ਅਸਮਾਨ ਵਿੱਚ ਚਮਕਦਾ ਹੈ। ਉਹੀ ਜ਼ਮੀਨ ਹੈ ਅਤੇ ਉਹ ਹੀ ਹਵਾ ਵਗਦੀ ਹੈ। (ਕਹੇ ਜਾਂਦੇ) ਜੁੱਗ ਪ੍ਰਾਣੀਆਂ ਦੇ ਸੁਭਾਉ ਅਨੁਸਾਰ ਉਸ ਦੇ ਅੰਦਰ ਹੀ ਵੱਸਦੇ ਹਨ। ਕੋਈ ਹੋਰ ਥਾਂ ’ਤੇ ਸਮਾਂ, ਇਨ੍ਹਾਂ ਜੁੱਗਾਂ ਲਈ ਕਿਸ ਤਰ੍ਹਾਂ ਨਿਰੂਪਣ ਕੀਤੇ (ਮਿਥੇ) ਜਾ ਸਕਦੇ ਹਨ? ਪਾਵਨ ਵਾਕ ਹੈ ‘‘ਸੋਈ ਚੰਦੁ ਚੜਹਿ, ਸੇ ਤਾਰੇ; ਸੋਈ ਦਿਨੀਅਰੁ ਤਪਤ ਰਹੈ॥ ਸਾ ਧਰਤੀ, ਸੋ ਪਉਣੁ ਝੁਲਾਰੇ; ਜੁਗ ਜੀਅ ਖੇਲੇ, ਥਾਵ ਕੈਸੇ॥’’ (ਮ:੧/੯੦੨)

ਇਸ ਲਈ ਜਿਨ੍ਹਾਂ ਸਿੱਖਾਂ ਦੇ ਹਿਰਦੇ ਵਿੱਚ ਗੁਰੂ ਦਾ ਉਪਦੇਸ਼ ਵਸਿਆ ਹੁੰਦਾ ਹੈ ਜੇ ਉਨ੍ਹਾਂ ਵਾਸਤੇ ਮੰਨੇ ਜਾਂਦੇ ਚਾਰ ਜੁੱਗ (ਸਤਜੁਗ, ਤ੍ਰੇਤਾ, ਦੁਆਪਰ ਤੇ ਕਲਜੁਗ) ਹੀ ਬਰਾਬਰ ਹੁੰਦੇ ਹਨ ਤਾਂ ਫਿਰ ਉਨ੍ਹਾਂ ਲਈ 31 ਦਸੰਬਰ ਤੇ ਪਹਿਲੀ ਜਨਵਰੀ ਵਿੱਚ ਵੀ ਕੀ ਅੰਤਰ ਹੋਇਆ? ਕਿਉਂਕਿ ਉਨ੍ਹਾਂ ਲਈ ਹਰ ਦਿਨ, ਹਰ ਮਹੀਨਾ, ਹਰ ਸਾਲ ਹਮੇਸ਼ਾ ਹੀ ਨਵਾਂ ਰਹਿੰਦਾ ਹੈ, ਕਦੀ ਵੀ ਪੁਰਾਣਾ ਨਹੀਂ ਹੁੰਦਾ ਕਿਉਂਕਿ ਗੁਰੂ ਸਾਹਿਬ ਜੀ ਦਾ ਹੁਕਮ ਹੈ: ‘‘ਸਚੁ ਪੁਰਾਣਾ ਹੋਵੈ ਨਾਹੀ, ਸੀਤਾ ਕਦੇ ਨ ਪਾਟੈ॥’’ (ਮ:੧/੯੫੬)

ਸਮੇਂ ਦੀ ਗਿਣਤੀ ਮਿਣਤੀ ਦੀ ਸਹੂਲਤ ਲਈ ਮਨੁੱਖ ਵਲੋਂ ਬਣਾਏ ਗਏ ਵੱਖ ਵੱਖ ਕੈਲੰਡਰਾਂ ਅਨੁਸਾਰ ਅਸੀਂ ਬੀਤ ਚੁੱਕੇ ਸਾਲ ਨੂੰ ਪੁਰਾਣਾ ਤੇ ਸ਼ੁਰੂ ਹੋ ਰਹੇ ਸਾਲ ਨੂੰ ਨਵਾਂ ਕਹਿੰਦੇ ਹਾਂ। ਇਹ ਸਿਰਫ ਸਮੇਂ ਦੀ ਗਿਣਤੀ ਹੈ ਇਸ ਲਈ ਸ਼ੁਰੂ ਹੋਣ ਵਾਲੇ ਸਾਲ ਦੀ ਆਮਦ ਵਿੱਚ ਖਾਸ ਜਸ਼ਨ ਮਨਾਉਣੇ ਗੁਰਮਤਿ ਅਨੁਸਾਰ ਢੁਕਵੇਂ ਨਹੀਂ ਹਨ। ਪਰ ਸਾਡੇ ਵਿੱਚ ਨਕਲ ਕਰਨ ਦੀ ਆਦਤ ਹੋਣ ਸਦਕਾ ਜਿਸ ਤਰ੍ਹਾਂ ਦੀਵਾਲੀ ਨਾਲ ਸਿੱਖਾਂ ਦਾ ਕੋਈ ਵੀ ਸਬੰਧ ਨਹੀਂ ਹੈ ਪਰ ਸਾਡੇ ਆਸ ਪਾਸ ਦੀ ਬਹੁ ਗਿਣਤੀ ਕਿਉਂਕਿ ਦੀਵਾਲੀ ਬਹੁਤ ਹੀ ਜੋਸ਼ੋ ਖ਼ਰੋਸ਼ ਨਾਲ ਮਨਾਉਂਦੇ ਹਨ ਇਸ ਲਈ ਉਨ੍ਹਾਂ ਦੀ ਰੀਸ ਨਾਲ ਦੀਵਾਲੀ ਮਨਾਉਣ ਲਈ ਬਹਾਨਾ ਲੱਭ ਲਿਆ ਕਿ ਦੀਵਾਲੀ ਵਾਲੇ ਦਿਨ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਹੋ ਕੇ ਅੰਮਿ੍ਰਤਸਰ ਪਹੁੰਚੇ ਸਨ, ਇਸ ਖੁਸ਼ੀ ਵਿੱਚ ‘ਬੰਦੀਛੋੜ ਦਿਵਸ’ ਮਨਾਇਆ ਜਾਂਦਾ ਹੈ। ਹਾਲਾਂ ਕਿ ਇਤਿਹਾਸਕ ਤੱਥ ਇਸ ਮਿਥ ਨੂੰ ਝੁਠਲਾਉਂਦੇ ਵੀ ਹਨ ਕਿ ਗੁਰੂ ਸਾਹਿਬ ਜੀ ਦੀਵਾਲੀ ਵਾਲੇ ਦਿਨ ਹੀ ਅੰਮਿ੍ਰਤਸਰ ਵਿਖੇ ਪਹੁੰਚੇ ਸਨ। ਇਸੇ ਤਰ੍ਹਾਂ ਬਿਪਰਵਾਦੀ ਸੋਚ ਅਨੁਸਾਰ ਬਿਕ੍ਰਮੀ ਸੂਰਜੀ ਸਾਲ ਦੇ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਸੰਗਰਾਂਦ ਦਾ ਨਾਮ ਦੇ ਕੇ ਉਸ ਨੂੰ ਪਵਿੱਤਰ ਦਿਹਾੜੇ ਦੱਸ ਕੇ ਇਸ ਨੂੰ ਵਿਸ਼ੇਸ਼ ਰੂਪ ਵਿੱਚ ਮਨਾਇਆ ਜਾਂਦਾ ਹੈ। ਹਾਲਾਂ ਕਿ ਗੁਰਬਾਣੀ ਅਨੁਸਾਰ ਉਹੀ ਦਿਨ ਸੁਹਾਵੜਾ ਹੈ ਜਿਸ ਦਿਨ ਪ੍ਰਭੂ ਦੀ ਯਾਦ ਚਿੱਤ ਵਿੱਚ ਵਸ ਜਾਂਦੀ ਹੈ ਤੇ ਜਿਸ ਦਿਨ ਵਿਸਰ ਜਾਵੇ ਉਹ ਦਿਨ ਫਿਟਕਾਰਯੋਗ ਹੈ: ‘‘ਨਾਨਕ! ਸੋਈ ਦਿਨਸੁ ਸੁਹਾਵੜਾ, ਜਿਤੁ ਪ੍ਰਭੁ ਆਵੈ ਚਿਤਿ॥ ਜਿਤੁ ਦਿਨਿ ਵਿਸਰੈ ਪਾਰਬ੍ਰਹਮੁ, ਫਿਟੁ ਭਲੇਰੀ ਰੁਤਿ॥ (ਮ:੫/੩੧੮)

ਇਸ ਲਈ ਕਿਸੇ ਖਾਸ ਦਿਨ ਨੂੰ ਵਿਸ਼ੇਸ਼ ਤੌਰ ’ਤੇ ਨਵਾਂ, ਚੰਗਾ ਜਾਂ ਪਵਿੱਤਰ ਜਾਣ ਕੇ ਮਨਾਉਣ ਵਾਲਿਆਂ ਨੂੰ ਗੁਰੂ ਸਾਹਿਬ ਜੀ ਨੇ ਮੁਗਧ ਗਵਾਰ ਤੱਕ ਲਿਖ ਦਿੱਤਾ ਹੈ: ‘‘ਆਪੇ ਪੂਰਾ ਕਰੇ, ਸੁ ਹੋਇ ॥ ਏਹਿ ਥਿਤੀ ਵਾਰ, ਦੂਜਾ ਦੋਇ॥ ਸਤਿਗੁਰ ਬਾਝਹੁ ਅੰਧੁ ਗੁਬਾਰੁ॥ ਥਿਤੀ ਵਾਰ ਸੇਵਹਿ, ਮੁਗਧ ਗਵਾਰ॥’’ (ਮ:੩/੮੪੩)

ਪਰ ਇਸ ਦੇ ਬਾਵਜੂਦ ਬਹੁਗਿਣਤੀ ਸਿੱਖ ਖਾਸ ਕਰਕੇ ਡੇਰਾਵਾਦੀ ਸਿੱਖ, ਸੰਗ੍ਰਾਂਦਾਂ ਨਾਲ ਇੱਥੋਂ ਤੱਕ ਜੁੜ ਚੁੱਕੇ ਹਨ ਕਿ ਉਹ 100 ਸਾਲਾਂ ਦੀ ਸੋਚ ਤੇ ਵਿਦਵਾਨਾਂ ਦੀ 15 ਸਾਲ ਦੀ ਸਖ਼ਤ ਮਿਹਨਤ ਉਪ੍ਰੰਤ ਹੋਂਦ ਵਿੱਚ ਆਏ ਨਾਨਕਸ਼ਾਹੀ ਕੈਲੰਡਰ, ਜਿਹੜਾ 2003 ਵਿੱਚ ਲਾਗੂ ਕੀਤਾ ਗਿਆ ਸੀ ਉਸ ਨੂੰ ਰੱਦ ਕਰਵਾ ਹੀ ਗਏ। ਸੰਗਰਾਂਦਾਂ ਦੀ ਤਰ੍ਹਾਂ ਹੀ ਈਸਵੀ ਸੰਨ ਦੇ ਸਾਲ ਦੀ ਪਹਿਲੀ ਤਾਰੀਖ ਨੂੰ ਨਵੇਂ ਸਾਲ ਦੇ ਜਸ਼ਨਾਂ ਨਾਲ ਮਨਾਉਣ ਦੇ ਹੜ੍ਹ ਵਿੱਚ ਇਤਨਾਂ ਰੁੜ ਚੁੱਕੇ ਹਨ ਕਿ ਉਨ੍ਹਾਂ ਨੇ ਆਪਣੇ ਚੰਗੇ ਮੰਦੇ ਦੀ ਪਛਾਣ ਵੀ ਖ਼ਤਮ ਕਰ ਰੱਖੀ ਹੈ। ਨਵੇਂ ਸਾਲ ਦੀ ਆਮਦ ਨੂੰ ਜੀ ਆਇਆਂ ਕਹਿਣ ਲਈ ਹੋਟਲਾਂ/ਕਲੱਬਾਂ ਵਿੱਚ ਵੱਡੇ ਪੱਧਰ ’ਤੇ ਸਮਾਗਮ ਕੀਤੇ ਜਾਂਦੇ ਹਨ ਜਿੱਥੇ ਰੰਗਾ ਰੰਗ ਪ੍ਰੋਗਰਾਮ ਦੇ ਨਾਮ ਹੇਠ ਰਾਤ 12 ਵਜੇ ਤੱਕ ਨਾਚ ਗਾਣਿਆਂ ਰਾਹੀਂ ਲੱਚਰਤਾ ਫੈਲਾਈ ਜਾਂਦੀ ਹੈ ਤੇ ਸ਼ਰਾਬ ਦਾ ਖੁਲ੍ਹੇ ਰੂਪ ਵਿੱਚ ਸੇਵਨ ਕੀਤਾ ਜਾਂਦਾ ਹੈ। ਅਜੇਹੇ ਸਮਾਗਮਾਂ ਵਿੱਚ ਪ੍ਰਭੂ ਚਿੱਤ ਵਿੱਚ ਆਉਣ ਦੀ ਗੱਲ ਹੀ ਬੜੀ ਦੂਰ ਹੁੰਦੀ ਹੈ ਸਗੋਂ ਪੂਰੀ ਤਰ੍ਹਾਂ ਵਿਸਰਿਆ ਹੁੰਦਾ ਹੈ। ਸੋ ਗੁਰਬਾਣੀ ਅਨੁਸਾਰ ਤਾਂ ਇਹ ਦਿਨ ਫਿਟਕਾਰਯੋਗ ਹੋਣਾ ਚਾਹੀਦਾ ਸੀ ਪਰ ਹੈਰਾਨੀ ਹੈ ਕਿ ਉਹ ਪ੍ਰਭੂ ਨੂੰ ਮਨਹੁ ਵਿਸਾਰ ਕੇ ਵੀ ਇੱਕ ਦੂਜੇ ਨੂੰ ਨਵੇਂ ਸਾਲ ਦੀਆਂ ਵਧਾਈਆਂ ਦੇ ਰਹੇ ਹੁੰਦੇ ਹਨ। ਜਿਹੜੇ ਵਿਅਕਤੀ ਵਿਸ਼ੇਸ਼ ਪ੍ਰੋਗਰਾਮਾਂ ਵਿੱਚ ਨਹੀਂ ਵੀ ਜਾ ਸਕਦੇ ਉਹ ਟੀਵੀ ਚੈੱਨਲਾਂ ’ਤੇ ਨਵੇਂ ਸਾਲ ਲਈ ਵਿਸ਼ੇਸ਼ ਤੌਰ ’ਤੇ ਤਿਆਰ ਕੀਤੇ ਪ੍ਰੋਗਰਾਮ ਸੁਣਨ ਵਿੱਚ ਆਪਣੀ ਅੱਧੀ ਰਾਤ ਤੋਂ ਵੱਧ ਗੁਜਾਰ ਦਿੰਦੇ ਹਨ ਜਦੋਂ ਕਿ ਕਿਸੇ ਗੁਰਪੁਰਬ ਮੌਕੇ ਵਿਸ਼ੇਸ਼ ਤੌਰ ’ਤੇ ਪ੍ਰਸਾਰਤ ਕੀਤੇ ਜਾ ਰਿਹਾ ਕੀਰਤਨ/ਕਥਾ ਦਾ ਪ੍ਰੋਗਰਾਮ ਉਨ੍ਹਾਂ ਲਈ ਇੱਕ ਘੰਟਾ ਵੇਖਣਾ ਵੀ ਬਹੁਤ ਔਖਾ ਹੁੰਦਾ ਹੈ। ਇਸ ਤਰ੍ਹਾਂ ਹਰ ਪਲ ਪ੍ਰਭੂ ਦੀ ਯਾਦ ਵਿੱਚ ਬਿਤਾਉਣ ਦੀ ਗੁਰ ਸਿਖਿਆ ਦੇ ਉਲਟ ਪ੍ਰਭੂ ਨੂੰ ਵਿਸਾਰ ਕੇ ਮਨਾਏ ਜਾਣ ਵਾਲਾ ਨਵਾਂ ਸਾਲ ਪੂਰੀ ਤਰ੍ਹਾਂ ਗੁਰਮਤਿ ਦੇ ਉਲਟ ਹੈ। ਪਿਛਲੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਨੌਜਵਾਨਾਂ ਨੂੰ ਹੋਟਲਾਂ ਕਲੱਬਾਂ ਵਿੱਚ ਲੱਚਰਤਾ ਤੇ ਨਸ਼ਿਆਂ ਦੇ ਸੇਵਨ ਵਾਲੇ ਪ੍ਰੋਗਰਾਮਾਂ ਵਿੱਚ ਜਾਣ ਤੋਂ ਰੋਕਣ ਦੇ ਉਪ੍ਰਾਲੇ ਵਜੋਂ ਨਵੇਂ ਸਾਲ ਦੇ ਵਿਸ਼ੇਸ਼ ਸਮਾਗਮ ਵਜੋਂ ਗੁਰਦੁਆਰਾ ਰਕਾਬ ਗੰਜ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿੱਚ ਗੁਰਮਤਿ ਸਮਾਗਮ ਕਰਵਾਉਣੇ ਸ਼ੁਰੂ ਕੀਤੇ ਸਨ ਜਿਸ ਨੂੰ ਮੌਜੂਦਾ ਕਮੇਟੀ ਵੱਲੋਂ ਵੀ ਅਪਣਾਇਆ ਜਾ ਰਿਹਾ ਹੈ ਤੇ ਇਸ ਨੂੰ ਚੜ੍ਹਦੀ ਕਲਾ ਟਾਈਮ ਟੀ ਵੀ ਤੋਂ ਪ੍ਰਸਾਰਤ ਵੀ ਕਰਵਾਇਆ ਜਾਂਦਾ ਹੈ ਤਾਂ ਕਿ ਜਿਹੜੇ ਗੁਰਸਿੱਖ ਸਮਾਗਮ ਵਿੱਚ ਸਮੂਲੀਅਤ ਨਹੀਂ ਕਰ ਸਕਦੇ ਉਹ ਘਰ ਬੈਠੇ ਹੀ ਟੀ ਵੀ ’ਤੇ ਨਵੇਂ ਸਾਲ ਦੇ ਰੰਗਾ ਰੰਗ ਪ੍ਰੋਗਰਾਮ ਵੇਖਣ ਦੀ ਵਜਾਏ ਟੀ ਵੀ ਰਾਹੀਂ ਗੁਰਬਾਣੀ ਨਾਲ ਜੁੜ ਕੇ ਲਾਭ ਉਠਾ ਸਕਣ। ਦਿੱਲੀ ਕਮੇਟੀ ਦਾ ਇਹ ਸਲਾਹੁਣਯੋਗ ਕਦਮ ਸੀ। ਸਾਰੇ ਗੁਰਸਿੱਖਾਂ ਅਤੇ ਗੁਰਦੁਆਰਾ ਕਮੇਟੀਆਂ ਨੂੰ ਵੀ ਹਰ ਸਾਲ ਇਉਂ ਹੀ ਕਰਨਾ ਚਾਹੀਦਾ ਹੈ ਪਰ ਇਹ ਵੀ ਯਾਦ ਰਹੇ ਕਿ ਸਾਡਾ ਨਵਾਂ ਸਾਲ ਈਸਵੀ ਸੰਨ ਨਹੀਂ ਬਲਕਿ ਨਾਨਕਸ਼ਾਹੀ ਸੰਮਤ ਅਨੁਸਾਰ 30/31 ਫੱਗਣ ਅਤੇ ਇੱਕ ਚੇਤ (13 ਅਤੇ 14 ਮਾਰਚ) ਦੀ ਵਿਚਕਾਰਲੀ ਰਾਤ ਹੈ ; ਜਿਸ ਨੂੰ ਗੁਰਬਾਣੀ ਦੀ ਕਥਾ ਕੀਰਤਨ ਰਾਹੀਂ, ਪ੍ਰਭੂ ਦੀ ਕੀਰਤੀ ਵਿੱਚ ਹੀ ਗੁਜਾਰਨਾ ਚਾਹੀਦਾ ਹੈ। ਜਿਸ ਤਰ੍ਹਾਂ ਹਰ ਸਰਕਾਰ, ਅਦਾਰਾ, ਤੇ ਵਪਾਰੀ 31 ਮਾਰਚ ਨੂੰ ਵਿਤੀ ਸਾਲ ਦੀ ਸਮਾਪਤੀ ਮੌਕੇ ਆਪਣੇ ਬਹੀ ਖਾਤੇ ਚੈੱਕ ਕਰਕੇ ਆਪਣੀ ਆਮਦਨ ਤੇ ਖਰਚੇ ਦਾ ਹਿਸਾਬ ਕਿਤਾਬ ਕਰਕੇ ਵੇਖਦੇ ਹਨ ਕਿ ਉਨ੍ਹਾਂ ਨੇ ਸਾਲ ਵਿੱਚ ਕੀ ਖੱਟਿਆ ਤੇ ਕੀ ਗਵਾਇਆ ਹੈ। ਉਸ ਨਫੇ ਨੁਕਸਾਨ ਨੂੰ ਧਿਆਨ ਵਿੱਚ ਰੱਖ ਕੇ ਅਗਲੇ ਸਾਲ ਲਈ ਵਿਉਂਤਵੰਦੀ ਕੀਤੀ ਜਾਂਦੀ ਹੈ, ਉਸੇ ਤਰ੍ਹਾਂ ਸਾਡੀ ਜਿੰਦਗੀ ਦਾ ਇੱਕ ਸਾਲ ਬੀਤਣ ’ਤੇ ਆਪਣੇ ਮਨ ਦੇ ਬਹੀ ਖਾਤੇ ਚੈੱਕ ਕਰਕੇ ਹਰ ਗੁਰਸਿੱਖ ਵੀ ਇਹ ਹਿਸਾਬ ਲਾਉਣ ਦੀ ਕੋਸ਼ਿਸ਼ ਕਰੇ ਕਿ: ‘‘ਚੇਤਿ ਗੋਵਿੰਦੁ ਅਰਾਧੀਐ, ਹੋਵੈ ਅਨੰਦੁ ਘਣਾ॥’’ ਤੋਂ ਸ਼ੁਰੂ ਕਰਕੇ ‘‘ਫਲਗੁਣਿ ਅਨੰਦ ਉਪਾਰਜਨਾ, ਹਰਿ ਸਜਣ ਪ੍ਰਗਟੇ ਆਇ॥’’ (ਮਾਝ ਬਾਰਹਮਾਹਾ, ਮ: ੫) ਤੱਕ ਦੇ ਪਾਠ ਵਿੱਚੋਂ ਕੀ ਸਿੱਖਿਆ ਪ੍ਰਾਪਤ ਕੀਤੀ ਗਈ ਅਤੇ ਲੰਘੇ ਸਾਲ ਦੌਰਾਨ ਉਸ ਨੇ ਗੁਰੂ ਵਲੋਂ ਦਿੱਤੀ ਸਿਖਿਆ ਨੂੰ ਵਿਸਾਰ ਕੇ ਅਨਮੋਲ ਮਨੁਖਾ ਜਨਮ ਦਾ ਕਿਨਾਂ ਸਮਾਂ ਅਜਾਂਈ ਗੁਆ ਲਿਆ ਹੈ। ਅਗਾਂਹ ਵਾਸਤੇ ਇਸ ਘਾਟੇ ਨੂੰ ਪੂਰਾ ਕਰਨ ਲਈ ਅਗਲੇ ਸਮੇ ਨੂੰ ਕਿਸ ਤਰ੍ਹਾਂ ਲੇਖੇ ’ਚ ਲਾਉਣਾ ਹੈ। ਇਸ ਤਰ੍ਹਾਂ ਕਰਨ ਨਾਲ ਅਸੀਂ ਗੁਰੂ ਦੀ ਸਿਖਿਆ ’ਤੇ ਚੱਲਣ ਦੀ ਕੋਸ਼ਿਸ਼ ਵਿੱਚ ਵੀ ਲੱਗੇ ਰਹਾਂਗੇ ਤੇ ਨਾਨਕਸ਼ਾਹੀ ਕੈਲੰਡਰ ਸਾਡੀ ਆਮ ਜੀਵਨ ਦੀ ਵਰਤੋਂ ਵਿੱਚ ਪੂਰੀ ਤਰ੍ਹਾਂ ਲਾਗੂ ਵੀ ਹੁੰਦਾ ਰਹੇਗਾ।

ਹੋਲੀ ’ਤੇ ਵਿਸ਼ੇਸ਼

0

ਹੋਲੀ ’ਤੇ ਵਿਸ਼ੇਸ਼

ਡਾ. ਅਮਨਦੀਪ ਸਿੰਘ ਟੱਲੇਵਾਲੀਆ-98146-99446

ਹੋਲੀ ਦਾ ਸੰਵਰਿਆ ਰੂਪ ਹੋਲਾ ਮਹੱਲਾ

ਬਸੰਤ ਦੀ ਰੁੱਤ ਸ਼ੁਰੂ ਹੋਣ ਨਾਲ ਸਰਦੀ ਦਾ ਪ੍ਰਭਾਵ ਘੱਟਣ ਲੱਗਦਾ ਹੈ। ਝੜ ਚੁੱਕੇ ਦਰਖ਼ਤ ਮੁੜ ਹਰੇ ਹੋਣੇ ਸ਼ੁਰੂ ਹੁੰਦੇ ਹਨ। ਰੰਗ ਬਿਰੰਗੇ ਪਤੰਗ ਅਸਮਾਨ ਵਿਚ ਉਡਦੇ ਦਿਖਾਈ ਦਿੰਦੇ ਹਨ। ਧੁੰਦ ਦੀ ਲਪੇਟ ’ਚ ਆਇਆ ਸੂਰਜ ਵੀ ਚਮਕ ਆਉਂਦਾ ਹੈ, ਖੇਤਾਂ ’ਚ ਖੜ੍ਹੀ ਸਰੋਂ ਦੇ ਫੁੱਲ ਅਤੇ ਗੇਂਦਿਆਂ ਦੇ ਖਿੜ ਰਹੇ ਸੁਨਹਿਰੀ ਫੁੱਲ ਇਸ ਰੁੱਤ ਨੂੰ ਚਾਰ ਚੰਨ ਲਾਉਂਦੇ ਹਨ। ਇਸ ਖਿੜੀ ਰੁੱਤ ਵਿੱਚ ਆਉਂਦਾ ਹੈ ਰੰਗਾਂ ਦਾ ਤਿਉਹਾਰ ‘ਹੋਲੀ’।

ਕਿਹਾ ਜਾਂਦਾ ਹੈ ਕਿ ਇਸ ਦਿਨ ਰਾਜਾ ਹਰਣਾਖਸ਼ ਨੇ ਭਗਤ ਪ੍ਰਹਿਲਾਦ ਨੂੰ ਆਪਣੀ ਭੈਣ ਹੋਲਿਕਾ ਦੀ ਗੋਦੀ ਵਿੱਚ ਬਿਠਾ ਕੇ ਸਾੜਨ ਦੀ ਕੋਸ਼ਿਸ਼ ਕੀਤੀ। ਹੋਲਿਕਾ ਨੂੰ ਵਰ ਸੀ ਕਿ ਉਹ ਅੱਗ ਵਿੱਚ ਨਹੀਂ ਸੜਦੀ ਪਰ ਹੋਲਿਕਾ ਸੜ ਗਈ ਅਤੇ ਪ੍ਰਹਿਲਾਦ ਬਚ ਗਿਆ। ਪ੍ਰਮਾਤਮਾ ਦੇ ਭਗਤ ਦੀ ਲਾਜ ਰੱਖਣ ਸਬੰਧੀ ਜ਼ਿਕਰ ਗੁਰਬਾਣੀ ਵਿੱਚ ਵੀ ਆਉਂਦਾ ਹੈ:-‘‘ਹਰਿ ਜੁਗੁ ਜੁਗੁ ਭਗਤ ਉਪਾਇਆ, ਪੈਜ ਰਖਦਾ ਆਇਆ ਰਾਮ ਰਾਜੇ॥ ਹਰਣਾਖਸੁ ਦੁਸਟੁ ਹਰਿ ਮਾਰਿਆ, ਪ੍ਰਹਲਾਦੁ ਤਰਾਇਆ॥’’

ਉਸ ਦਿਨ ਤੋਂ ਹੀ ਹੋਲੀ ਦਾ ਤਿਉਹਾਰ ਪੂਰੇ ਭਾਰਤ ’ਚ ਹਰ ਸਾਲ ਮਨਾਇਆ ਜਾਣ ਲੱਗਿਆ। ਹੌਲੀ-ਹੌਲੀ ਇਸ ਤਿਉਹਾਰ ਵਿੱਚ ਵਿਗਾੜ ਆਉਣਾ ਸ਼ੁਰੂ ਹੋ ਗਿਆ। ਬ੍ਰਾਹਮਣਾਂ ਵੱਲੋਂ ਤਿਉਹਾਰਾਂ ਦੀ ਵੰਡ ਵਰਣਾਂ ਦੀ ਵੰਡ ਮੁਤਾਬਿਕ ਕਰ ਦਿੱਤੀ ਗਈ। ਜਿਸ ਅਨੁਸਾਰ ਵਿਸਾਖੀ ਬ੍ਰਾਹਮਣਾਂ ਦੀ, ਦੁਸ਼ਹਿਰਾ ਕਸ਼ੱਤਰੀਆਂ ਦਾ, ਦਿਵਾਲੀ ਵੈਸ਼ਾਂ ਦੀ ਅਤੇ ‘ਹੋਲੀ’ ਆਈ ਸ਼ੂਦਰਾਂ ਹਿੱਸੇ। ‘ਹੋਲੀ’ ਦਾ ਤਿਉਹਾਰ ਰੰਗਾਂ ਦੀ ਥਾਂ ਸ਼ਰਾਬ ਪੀਣ ਅਤੇ ਸ਼ੂਦਰਾਂ ਦੀ ਬੇਇਜ਼ਤੀ ਕਰਨੀ ਜਾਂ ਔਰਤਾਂ ਨੂੰ ਤੰਗ ਕਰਨਾ, ਇਸ ਤਿਉਹਾਰ ਦਾ ਇੱਕ ਅੰਗ ਬਣ ਗਿਆ। ਸਮਾਂ ਬਦਲਿਆ, ਇਸ ਗਿਰਾਵਟ ਨੂੰ ਦੂਰ ਕਰਨ ਲਈ ਅਤੇ ਲਿਤਾੜੇ ਜਾ ਰਹੇ ਲੋਕਾਂ ਹੱਥ ਕਿ੍ਰਪਾਨ ਫੜਾਉਣ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਤਿਉਹਾਰ ਨੂੰ ਨਾ ਸਿਰਫ ਨਵੇਂ ਰੰਗਾਂ ਵਿੱਚ ਹੀ ਰੰਗਿਆਂ ਸਗੋਂ ਲੋਕਾਂ ਨੂੰ ਅਣਖ ਨਾਲ ਜਿਉਣ ਦੀ ਜਾਂਚ ਵੀ ਸਿਖਾਈ। ਜਿਹੜੇ ਲੋਕਾਂ ਨੂੰ ਆਸ ਨਹੀਂ ਸੀ ਕਿ ਉਨ੍ਹਾਂ ਦੇ ਹੱਥ ਵਿੱਚ ਕੱਚੇ ਭਾਂਡਿਆਂ ਦੀ ਥਾਂ ਤਲਵਾਰਾਂ ਹੋਣਗੀਆਂ, ਉਨ੍ਹਾਂ ਨੇ ਬੜੇ ਜੋਸ਼ ਨਾਲ ਤਲਵਾਰ ਦੇ ਮੁੱਠੇ ਨੂੰ ਹੱਥ ਪਾਇਆ। ਪਹਿਲਾਂ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਲੋਕਾਂ ਵਿਚ ‘ਮਰਦਊਪੁਣੇ’ ਦੀ ਭਾਵਨਾ ਜਾਗਿ੍ਰਤ ਕਰਨ ਲਈ ਇਸ ਦਾ ਨਾ ਬਦਲ ਕੇ ‘ਹੋਲਾ’ ਰੱਖਿਆ ਜਿਸ ਤਰ੍ਹਾਂ ਪਹਿਲਾਂ ਕਈ ਚੀਜ਼ਾਂ ਦੇ ਮਰਦਾਵੇਂ ਨਾਂ ਰੱਖੇ ਸਨ। ਫਿਰ ਸ਼ਬਦ ‘ਮੁਹੱਲਾ’ ਨਾਲ ਲਾ ਕੇ ਇਸ ਨੂੰ ‘ਹੋਲੇ ਮੁਹੱਲੇ’ ਦਾ ਨਾਂ ਦਿੱਤਾ ਗਿਆ। ‘ਹੋਲੇ’ ਦਾ ਅਰਥ ਹੈ ਹੱਲਾ, ‘ਮੁਹੱਲਾ’ ਉਸ ਥਾਂ ਨੂੰ ਕਿਹਾ ਜਾਂਦਾ ਹੈ ਜਿਸ ਨੂੰ ਜਿੱਤ ਕੇ ਉੱਥੇ ਆਸਣ ਲਾਇਆ ਜਾਵੇ। ਇਸ ਰੀਤ ਨੂੰ ਕਾਇਮ ਰੱਖਣ ਲਈ ਦਸਮੇਸ਼ ਪਿਤਾ ਨੇ 1757 ਬਿ. ਵਿੱਚ ਕਿਲ੍ਹਾ ਹੋਲਗੜ੍ਹ ਦੀ ਸਥਾਪਨਾ ਕੀਤੀ ਅਤੇ ‘ਹੋਲੇ ਮੁਹੱਲੇ’ ਦੇ ਤਿਉਹਾਰ ਨੂੰ ਆਪਣੀ ਦੇਖ-ਰੇਖ ਹੇਠ ਮਨਾਉਣਾ ਸ਼ੁਰੂ ਕੀਤਾ। ਸਿੰਘਾਂ ਦੀਆਂ ਫੌਜਾਂ ਦੇ ਦੋ ਦਲ ਬਣਾ ਲਏ ਜਾਂਦੇ ਸਨ। ਇੱਕ ਦਲ ਦੇ ਕੇਸਰੀ ਬਸਤਰ ਪਹਿਨੇ ਹੁੰਦੇ ਸਨ ਅਤੇ ਦੂਸਰੇ ਦਲ ਦੇ ਚਿੱਟੇ, ਇੱਕ ਦਲ ਕਿਲ੍ਹਾ ਹੋਲਗੜ੍ਹ ਦੀ ਰਾਖੀ ਕਰਦਾ ਅਤੇ ਦੂਜਾ ਦਲ ਉਸ ਉਪਰ ਹਮਲਾ ਕਰਦਾ। ਜਿੱਤਣ ਵਾਲੇ ਦਲ ਨੂੰ ਗੁਰੂ ਗੋਬਿੰਦ ਸਿੰਘ ਜੀ ਆਪਣੇ ਹੱਥੀਂ ਇਨਾਮ ਦਿੰਦੇ। ਇਹ ਬਨਾਉਟੀ ਯੁੱਧ ਕਰਨੇ ਉਸ ਸਮੇਂ ਦੀ ਲੋੜ ਬਣ ਚੁੱਕੀ ਸੀ ਕਿਉਂਕਿ ਗੁਰੂ ਸਾਹਿਬ ਇੱਕ ਬਹੁਤ ਵੱਡੇ ਮਨੋਵਿਗਿਆਨੀ ਵੀ ਸਨ। ਉਹ ਜਾਣਦੇ ਸਨ ਕਿ ਜਿਹੜੇ ਲੋਕੀ ਇਸ ਬਨਾਉਟੀ ਜੰਗ ਵਿੱਚ ਭਾਗ ਲੈਣਗੇ ਜਾਂ ਇਸ ਜੰਗ ਨੂੰ ਦੇਖਣਗੇ, ਉਨ੍ਹਾਂ ਦੇ ਹੌਂਸਲੇ ਹੋਰ ਬੁਲੰਦ ਹੋਣਗੇ। ਇਹ ਗੁਰੂ ਸਾਹਿਬ ਦੀ ਸੋਚ ਹੀ ਸੀ, ਜਿੰਨਾਂ ਨੇ ਬੜੇ ਸੁੰਦਰ ਤਰੀਕੇ ਨਾਲ ਲੋਕਾਂ ਨੂੰ ਜਿਉਣ ਦਾ ਢੰਗ ਸਿਖਾਇਆ ਜਿਹੜਾ ਸ਼ਾਇਦ ਕਿਸੇ ਹੋਰ ਕੋਲੋਂ ਨਹੀਂ ਸੀ ਹੋਣਾ।

ਅੱਜ ਵੀ ਹਰ ਸਾਲ ‘ਹੋਲੇ ਮੁਹੱਲੇ’ ਦੇ ਦਿਨ ਅਨੰਦਪੁਰ ਸਾਹਿਬ ਵਿਖੇ ਭਾਰੀ ਜੋੜ ਮੇਲਾ ਲੱਗਦਾ ਹੈ। ਅਭਿਆਸ ਯੁੱਧ ਲਈ ਤਿਆਰ-ਬਰ-ਤਿਆਰ ਹੋਏ ਨਿਹੰਗ ਸਿੰਘ ਕਿਲ੍ਹਾ ਆਨੰਦਗੜ੍ਹ ਦੇ ਸਾਹਮਣਿਓਂ ਗੁਰਦੁਆਰਾ ਸ਼ਹੀਦੀ ਬਾਗ਼ ਸਾਹਿਬ ਤੋਂ ਇੱਕ ਨਗਰ ਕੀਰਤਨ ਆਰੰਭ ਕਰਦੇ ਹਨ। ਗੱਤਕਾ ਖੇਡਦੇ ਗੁਲਾਲ ਦੀ ਵਰਖਾ ਕਰਦੇ ਹੋਏ ਨਿਹੰਗ ਸਿੰਘ ਤਖਤ ਸ੍ਰੀ ਕੇਸਗੜ੍ਹ ਸਾਹਿਬ, ਕਿਲ੍ਹਾ ਹੋਲਗੜ੍ਹ ਅਤੇ ਯਾਦਗਾਰ ਮਾਤਾ ਜੀਤੋ ਜੀ ਨੂੰ ਮੱਥਾ ਟੇਕਣ ਉਪਰੰਤ ‘ਚਰਨ ਗੰਗਾ’ ਦੇ ਸਥਾਨ ’ਤੇ ਖੁੱਲ੍ਹੀ ਜਗ੍ਹਾ ਵਿੱਚ ਆਪਣੀ ਕਲਾ ਦੇ ਜੌਹਰ ਦਿਖਾਉਂਦੇ ਹੋਏ ਮੇਲੇ ਦੀ ਸਮਾਪਤੀ ਕਰਦੇ ਹਨ, ਇਹ ਦਿ੍ਰਸ਼ ਬੜਾ ਮਨਮੋਹਕ ਹੁੰਦਾ ਹੈ।

ਪਾਉਂਟਾ ਸਾਹਿਬ ਦੀ ਪਵਿੱਤਰ ਧਰਤੀ ’ਤੇ ਵੀ ਬੜੀ ਸ਼ਾਨੋ-ਸ਼ੌਕਤ ਨਾਲ ‘ਹੋਲਾ-ਮੁਹੱਲਾ’ ਮਨਾਇਆ ਜਾਂਦਾ ਹੈ। ਹਰ ਤਿਉਹਾਰ ਦੀ ਆਪਣੀ-2 ਵਿਸ਼ੇਸ਼ਤਾ ਹੈ ਅਤੇ ਸਾਰੇ ਹੀ ਤਿਉਹਾਰਾਂ ’ਤੇ ਲੋਕ ਨਵੇਂ-ਨਵੇਂ ਸੋਹਣੇ ਕੱਪੜੇ ਪਾ ਕੇ ਮੇਲਾ ਵੇਖਣ ਜਾਂਦੇ ਹਨ, ਪਰ ਸਿਰਫ ਹੋਲੀ ਦਾ ਤਿਉਹਾਰ ਹੀ ਇੱਕ ਅਜਿਹਾ ਤਿਉਹਾਰ ਹੈ ਜਿਸ ਦਿਨ ਲੋਕੀਂ ਆਪਣੇ ਪੁਰਾਣੇ ਤੋਂ ਪੁਰਾਣੇ ਕੱਪੜੇ ਕੱਢ ਕੇ ਪਾਉਂਦੇ ਹਨ ਫਿਰ ਵੀ ਉਨ੍ਹਾਂ ਦੇ ਚਿਹਰਿਆਂ ’ਤੇ ਰੌਣਕ ਅਤੇ ਖੁਸ਼ੀ ਕਿਤੇ ਦੁੱਗਣੀ-ਚੌਗਣੀ ਝਲਕਦੀ ਹੁੰਦੀ ਹੈ। ਇਹ ਤਿਉਹਾਰ ਇਸ ਗੱਲ ਦਾ ਵੀ ਪ੍ਰਤੀਕ ਹੈ ਕਿ ਖੁਸ਼ ਰਹਿਣ ਲਈ ਕੇਵਲ ਭੌਤਿਕ ਵਸਤਾਂ ਜਾਂ ਗਹਿਣਿਆਂ ਦੀ ਹੀ ਲੋੜ ਨਹੀਂ ਹੁੰਦੀ ਸਗੋਂ ਅੰਦਰੂਨੀ ਖੁਸ਼ੀ ਦਾ ਹੋਣਾ ਬਹੁਤ ਹੀ ਜਰੂਰੀ ਹੁੰਦਾ ਹੈ।

ਜਿੱਥੇ ਇਹ ਰੰਗ ਆਪਣੀ ਮਹਿਕ ਨਾਲ ਲੋਕਾਂ ਦੇ ਚਿਹਰੇ ਨਸ਼ਿਆਉਂਦੇ ਹਨ, ਉੱਥੇ ਇਨ੍ਹਾਂ ਰੰਗਾਂ ਵਿੱਚ ਰੰਗੇ ਲੋਕ ਧਰਮਾਂ, ਜਾਤਾਂ, ਗੋਤਾਂ, ਮਜ੍ਹਬਾਂ ਅਤੇ ਗਰੀਬੀ-ਅਮੀਰੀ ਦੇ ਭੇਦ ਭੁਲਾ ਕੇ ਇੱਕ-ਦੂਜੇ ਨੂੰ ਗਲ ਨਾਲ ਲਾਉਂਦੇ ਹਨ। ਕਿੰਨਾ ਚੰਗਾ ਹੋਵੇ ਜੇ ਇਹ ਪਿਆਰ ਦੇ ਰੰਗ ਅਸੀਂ ਇੱਕ ਦੂਜੇ ’ਤੇ ਹਰ ਰੋਜ਼ ਛਿੜਕਦੇ ਰਹੀਏ ਅਤੇ ਨਫ਼ਰਤਾਂ ਦੀ ਚੱਲ ਰਹੀ ਹਨੇਰੀ ਨੂੰ ਠੱਲ੍ਹ ਪਾਈਏ, ਬਦੀ ਉੱਤੇ ਨੇਕੀ ਦੀ ਜਿੱਤ ਹੋਵੇ ਅਤੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਿਰਜੇ ਹੋਏ ਸੁਪਨੇ ਸਾਕਾਰ ਹੋਣ।

ਔਰਤ-ਮੁਕਤੀ ਦਾ ਗ਼ਲਤ ਅਰਥ

0

ਔਰਤ-ਮੁਕਤੀ ਦਾ ਗ਼ਲਤ ਅਰਥ

ਔਰਤ-ਮੁਕਤੀ ਦੀ ਮੁਹਿੰਮ ਵਿੱਚ, ਔਰਤ-ਸ਼ੋਸ਼ਣ ਉੱਤੇ ਅੱਗ ਉਗਲਣ ਵਾਲਿਆਂ ਦੀ ਅੱਜ ਇਕ ਫੌਜ ਜਹੀ ਖੜੀ ਹੋ ਗਈ ਹੈ। ਔਰਤ-ਮੁਕਤੀ ਦੇ ਠੀਕ ਅਰਥ ਸਮਝੇ ਬਿਨਾਂ ਇਹ ਫੌਜ ਔਰਤ ਦੇ ਅਸਲੀ ਉਦੇਸ਼ ਤੋਂ ਭਟਕ ਗਈ ਹੈ।

ਅਖ਼ਬਾਰਾਂ ਤੇ ਮੈਗਜ਼ੀਨਾਂ ਵਿੱਚ ਔਰਤ-ਮੁਕਤੀ ਉੱਤੇ ਅੱਜ ਕੱਲ੍ਹ ਜੋ ਲਿਖਿਆ ਜਾ ਰਿਹਾ ਹੈ ਅਤੇ ਪ੍ਰਚਾਰਕਾਂ ਵੱਲੋਂ ਜੋ ਕਿਹਾ ਜਾ ਰਿਹਾ ਹੈ, ਉਸ ਨੂੰ ਪੜ੍ਹ ਅਤੇ ਸੁਣ ਕੇ ਲੱਗਦਾ ਹੈ ਕਿ ਜਿਵੇਂ ਔਰਤ ਨੂੰ ਆਦਮੀ ਨਾਲ ਲੜਨ ਲਈ ਤਿਆਰ ਕੀਤਾ ਜਾ ਰਿਹਾ ਹੋਵੇ।

ਔਰਤ ਸ਼ੋਸ਼ਣ (ਸਤਾਉਣਾ, ਦੁਖੀ ਕਰਨਾ) ਉੱਤੇ ਲਿਖਣ ਅਤੇ ਅੱਗ ਉਗਲਣ ਵਾਲਿਆਂ ਦੀ ਇੱਕ ਨਵੀਂ ਲਿਖਣ ਵਿਧੀ ਵੀ ਪੈਦਾ ਹੋ ਗਈ ਹੈ। ਨਾਵਲ ਅਤੇ ਕਹਾਣੀਆਂ ਛਪ ਰਹੇ ਹਨ। ਅਖ਼ਬਾਰਾਂ-ਮੈਗਜ਼ੀਨਾਂ ਵਿੱਚ ਕਾਲਮ ਛਪ ਰਹੇ ਹਨ। ਇਨ੍ਹਾਂ ਵਿੱਚ ਔਰਤ-ਮੁਕਤੀ ਨੂੰ ਸਮਝਣ ਦੀ ਕੋਸ਼ਿਸ਼ ਘੱਟ, ਆਦਮੀ ਉੱਤੇ ਹਮਲਾ ਕਰਨ ਦੀ ਜ਼ਿਦ ਵੱਧ ਹੁੰਦੀ ਹੈ। ਔਰਤ-ਮੁਕਤੀ ਦਾ ਅਰਥ ਆਦਮੀ ਨਾਲ ਟੱਕਰ ਲੈਣ ਦੀ ਤਾਕਤ ਹੁੰਦਾ ਜਾ ਰਿਹਾ ਹੈ। ਇਸ ਨਾਲ ਔਰਤ-ਆਦਮੀ ਇਕ ਦੂਜੇ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਣ ਅਤੇ ਆਪਣਾ ਵਿਆਹੁਤਾ ਜੀਵਨ ਖ਼ਰਾਬ ਕਰਨ ਉੱਤੇ ਉਤਾਰੂ ਹੋ ਰਹੇ ਹਨ।

ਔਰਤ ਦੇਹ ਦੀ ਗ਼ਲਤ ਵਰਤੋਂ ਦਾ ਸਵਾਲ ਵੀ ਵਾਰ ਵਾਰ ਉਠ ਰਿਹਾ ਹੈ। ਇਸ ਉੱਤੇ ਲਿਖਣ ਵਾਲਿਆਂ ਨੂੰ, ਲਿਖਣ ਦਾ ਮਸਾਲਾ ਤਾਂ ਮਿਲਦਾ ਹੈ ਪਰ ਇਸ ਨਾਲ ਗ਼ਲਤ-ਫਹਿਮੀਆਂ ਵੀ ਪੈਦਾ ਹੋ ਰਹੀਆਂ ਹਨ। ਜਿਹੜਾ ਬਲਾਤਕਾਰੀ ਹੈ ਜਾਂ ਜੋ ਦੇਹ ਵਪਾਰ ਦਾ ਧੰਦਾ ਕਰਦਾ ਹੈ, ਉਸ ਵਿਰੁੱਧ ਰੀਪੋਰਟ ਕਰਨ ਉੱਤੇ, ਉਸ ਨੂੰ ਸਜ਼ਾ ਦਿੱਤੀ ਜਾਂਦੀ ਹੈ। ਬਹੁਤ ਸਾਰੀਆਂ ਘਟਨਾਵਾਂ ਦੀ ਕੋਈ ਰੀਪੋਰਟ ਵੀ ਦਰਜ ਨਹੀਂ ਹੁੰਦੀ ਪਰ ਇਸ ਦਾ ਮਤਲਬ ਇਹ ਨਹੀਂ ਕਿ ਸਮਾਜ ਵਿੱਚ ਔਰਤ ਪੂਰੀ ਤਰ੍ਹਾਂ ਅਸੁੱਰਖਿਅਤ ਅਤੇ ਆਦਮੀ ਦੀ ਗ਼ੁਲਾਮ ਹੈ।

ਸੱਚ ਪੁੱਛੋ ਤਾਂ ਔਰਤ, ਜਿੰਨੀ ਸੁਰੱਖਿਅਤ ਸਾਡੇ ਸੰਸਕਾਰਾਂ ਕਾਰਨ, ਸਾਡੇ ਪ੍ਰਵਾਰਾਂ ਵਿੱਚ ਹੈ, ਓਨ੍ਹੀ ਆਜ਼ਾਦ ਅਤੇ ਸੁਰੱਖਿਅਤ ਹੋਰ ਕਿਸੇ ਵੀ ਦੇਸ਼ ਵਿੱਚ ਨਹੀਂ ਹੈ। ਵਿਆਹ ਹੁੰਦੇ ਸਾਰ ਉਹ ਘਰ ਦੀ ਮਾਲਕਣ ਬਣ ਜਾਂਦੀ ਹੈ ਅਤੇ ਪ੍ਰਤੀਕ ਦੀ ਭਾਸ਼ਾ ਵਿੱਚ ਬੋਲੀਏ ਤਾਂ ਉਸ ਨੂੰ ਘਰ ਦੀਆਂ ਚਾਬੀਆਂ ਦੇ ਦਿੱਤੀਆਂ ਜਾਂਦੀਆਂ ਹਨ। ਇਸ ਉੱਤੇ ਕੋਈ ਆਖੇ ਕਿ ਇਹ ਤਾਂ ਆਦਮੀ ਦੀ ਚਲਾਕੀ ਹੈ ਤਾਂ ਇਹ ਤਾਂ ਬਸ ਫਿਰ ਆਪੋ ਆਪਣੀ ਸਮਝ ਦਾ ਭਰਮ ਹੀ ਹੈ।

ਅਸਲੀ ਮੁਕਤੀ: ਅੱਜ ਸਾਨੂੰ ਔਰਤ ਦੀ ਆਜ਼ਾਦੀ ਦਾ ਮਤਲਬ ਇਹ ਸਮਝਾਇਆ ਜਾ ਰਿਹਾ ਹੈ ਕਿ ਆਦਮੀ ਨਾਲ ਮੁਕਾਬਲਾ ਕਰੋ, ਆਦਮੀ ਵਰਗੀ ਹੋ ਜਾਉ, ਆਦਮੀ ਦੀ ਨੱਕ ਵੱਢੋ ਤੇ ਆਦਮੀ ਤੋਂ ਉਹ ਸਾਰੇ ਕੰਮ ਕਰਵਾਉ ਜੋ ਤੁਸੀਂ ਆਪ ਕਰਦੀਆਂ ਹੋ। ਅੱਜ ਦਾ ਪੜ੍ਹਿਆ-ਲਿਖਿਆ ਅਤੇ ਸੰਵੇਦਨਸ਼ੀਲ ਆਦਮੀ ਆਪਣੀ ਪਤਨੀ ਦੇ ਹਰ ਕੰਮ ਵਿੱਚ ਹੁਣ ਕਿੰਨਾ ਹੱਥ ਵੰਡਾਉਣ ਲੱਗਾ ਹੈ, ਇਸ ਤਬਦੀਲੀ ਦੀ ਪੂਰੀ ਤਰ੍ਹਾਂ ਅਣਦੇਖੀ ਕਰ ਦਿੱਤੀ ਜਾਂਦੀ ਹੈ।

ਮੁਕਤੀ ਦੇ ਨਾਂ ਉੱਤੇ ਅੱਜ ਔਰਤ ਨੂੰ ਆਪਣੀ ਜ਼ਿੰਮੇਵਾਰੀ ਤੋਂ ਭਟਕਾਉਣ ਵਾਲੀਆਂ ਗੱਲਾਂ ਬਹੁਤ ਕੀਤੀਆਂ ਜਾ ਰਹੀਆਂ ਹਨ। ਉਸ ਦੀ ਸਮੱਸਿਆ ਨੂੰ ਠੀਕ ਸਮਝਣ ਦੀ ਕੋਸ਼ਿਸ਼ ਬਹੁਤ ਘੱਟ ਹੋ ਰਹੀ ਹੈ। ਉਸ ਦੇ ਅਧਿਕਾਰ ਦੇ ਬਚਾਅ ਦੀ ਕੋਸ਼ਿਸ਼ ਵੀ ਘੱਟ ਹੋ ਰਹੀ ਹੈ। ਮੁਕਤੀ ਦਾ ਸਾਰਾ ਅੰਦੋਲਨ ਇਕ ਨਾਹਰਾ ਬਣ ਕੇ ਰਹਿ ਗਿਆ ਹੈ। ਉਸ ਦੇ ਕੁਦਰਤੀ, ਸੁਭਾਵਕ ਗੁਣਾਂ ਦੀ ਅਣਦੇਖੀ ਕਰ ਕੇ, ਆਦਮੀ ਨਾਲ ਲੋਹਾ ਲੈਣ ਦੀ ਗੱਲ ਆਖੀ ਜਾ ਰਹੀ ਹੈ। ਉਸ ਨੂੰ ਇਹ ਕਿਉਂ ਨਹੀਂ ਸਮਝਾਇਆ ਜਾ ਰਿਹਾ ਕਿ ਆਰਥਕ ਆਜ਼ਾਦੀ ਵਿੱਚ ਹੀ, ਉਸ ਦੀ ਅਸਲੀ ਮੁਕਤੀ ਹੈ ਅਤੇ ਉਹ ਇਹ ਚੰਗੀ ਸਿੱਖਿਆ ਨਾਲ ਹੀ ਪ੍ਰਾਪਤ ਕਰ ਸਕਦੀ ਹੈ।

ਅੱਜ ਦੀਆਂ ਜਿਹੜੀਆਂ ਨਾਵਲ ਲੇਖਿਕਾਵਾਂ, ਔਰਤ-ਮੁਕਤੀ ਨੂੰ ਆਪਣਾ ਵਿਸ਼ਾ ਬਣਾ ਕੇ ਲਿਖ ਰਹੀਆਂ ਹਨ, ਉਹ ਉਨ੍ਹਾਂ ਦੇ ਨਿੱਜੀ ਅਨੁਭਵ ਉੱਤੇ ਆਧਾਰਤ ਹੈ। ਇਹ ਲੇਖਿਕਾਵਾਂ ਤਰਕਾਂ ਦਾ ਜੋ ਪਹਾੜ ਆਦਮੀ ਵਿਰੁੱਧ ਖੜਾ ਕਰਦੀਆਂ ਹਨ, ਉਹ ਔਰਤ ਦੀ ਆਜ਼ਾਦੀ ਵਿੱਚ ਰੁਕਾਵਟ ਹੀ ਬਣਦਾ ਹੈ।

ਔਰਤ-ਮੁਕਤੀ ਬਾਰੇ ਪਿੱਛੇ ਜਹੇ ਇਕ ਅੰਕੜਾ ਛਪਿਆ ਸੀ। ਉਸ ਵਿੱਚ ਕਿਹਾ ਗਿਆ ਸੀ ਕਿ ਭਾਰਤ ਦੀਆਂ ਲਗਭਗ 93 ਫੀਸਦੀ ਅੋਰਤਾਂ ਆਜ਼ਾਦ ਨਹੀਂ ਹਨ। ਉਨ੍ਹਾਂ ਨੂੰ ਆਦਮੀ ਦੀ ਸਰਦਾਰੀ ਵਿੱਚ ਜਿਊਣਾ ਪੈਂਦਾ ਹੈ। ਅੰਕੜਾ ਤਿਆਰ ਕਰਨ ਵਾਲਿਆਂ ਨੂੰ ਇਸ ਬਾਰੇ ਕਿਵੇਂ ਪਤਾ ਲੱਗਾ ? ਕਿ ਹਰ ਔਰਤ ਸ਼ੋਸ਼ਿਤ, ਪੀੜਤ ਅਤੇ ਆਦਮੀ ਦੀ ਹਵਸ ਦਾ ਸ਼ਿਕਾਰ ਹੈ ? ਅਸਲੀਅਤ ਵਿੱਚ ਵੇਖਿਆ ਜਾਵੇ ਤਾਂ ਜੇ ਕੋਈ ਤਕਲੀਫ ਹੈ, ਤਾਂ ਔਰਤ-ਪੁਰਸ਼ ਦੋਵਾਂ ਦੀ ਹੈ। ਆਰਥਕ ਸੰਕਟ ਹੋਵੇ ਜਾਂ ਕੋਈ ਵੱਡਾ ਰੋਗ, ਦੋਵਾਂ ਦਾ ਸਾਂਝਾ ਹੈ।

ਅੱਜ ਕੱਲ੍ਹ ਇਹ ਕਹਿੰਦੇ ਰਹਿਣ ਦਾ ਇਕ ਫੈਸ਼ਨ ਜਿਹਾ ਚੱਲ ਪਿਆ ਹੈ ਕਿ ਔਰਤ ਨੂੰ ਅਸੀਂ ਸਿਰਫ ਇਕ ਦੇਹ ਮੰਨਦੇ ਹਾਂ। ਇਸ ਲਈ ਉਸ ਲਈ ਸਾੜ੍ਹੀ, ਕੱਪੜੇ ਅਤੇ ਗਹਿਣੇ ਆਦਿਕ ਖਰੀਦਦੇ ਹਾਂ। ਉਸ ਦੇ ਵਿਚਾਰਾਂ, ਭਾਵਨਾਵਾਂ ਅਤੇ ਸੰਵੇਦਨਾਵਾਂ ਦਾ ਧਿਆਨ ਨਹੀਂ ਰੱਖਦੇ। ਜਿਹੜੇ ਪਰਿਵਾਰਾਂ ਵਿੱਚ ਔਰਤ ਦੀ ਕੋਈ ਆਪਣੀ ਆਮਦਨੀ ਨਹੀਂ ਹੈ, ਉਨ੍ਹਾਂ ਪਰਿਵਾਰਾਂ ਵਿੱਚ, ਇਹ ਕੁੱਝ ਹੱਦ ਤਕ ਸਹੀ ਹੋ ਸਕਦਾ ਹੈ ਪਰ ਇਸ ਨੂੰ ਔਰਤ ਦੇ ਜੀਵਨ ਦੀ ਇਕ ਅਟੱਲ ਸਚਾਈ ਮੰਨਣਾ ਸਿਰਫ ਇਕ ਹਠਧਰਮਤਾ ਹੈ। ਜੇ ਔਰਤ ਸ਼ਰਾਬ ਪੀਵੇ, ਸਿਗਰਟ ਪੀਵੇ, ਆਦਮੀ ਵਾਂਗ ਟਰੱਕ ਚਲਾਏ, ਕੀ ਤਦ ਉਹ ਆਜ਼ਾਦ ਆਖੀ ਜਾਵੇਗੀ?

ਔਰਤ ਦੀ ਮੁਕਤੀ ਲਈ ਲੜਨ ਵਾਲੇ ਜ਼ਿਆਦਾਤਰ ਲੋਕ ਦਰਅਸਲ ਆਪਣਾ ਕੋਈ ਸਮਾਜਕ, ਰਾਜਨੀਤਕ ਜਾਂ ਸਾਹਿਤਕ ਹਿਤ ਸਾਧ ਰਹੇ ਹੁੰਦੇ ਹਨ। ਕਿਸੇ ਵਪਾਰਕ ਉਦੇਸ਼ ਲਈ ਵੀ, ਉਹ ਇਸ ਵਿਸ਼ੇ ਨੂੰ ਉੱਪਰ ਚੁੱਕ ਰਹੇ ਹੁੰਦੇ ਹਨ। ਇਸ ਮੁਹਿੰਮ ਵਿੱਚ ਅੋਰਤਾਂ ਹੀ ਵੱਧ ਹਨ ਅਤੇ ਇਸ ਨੂੰ ਅਫਸੋਸ ਦਾ ਵਿਸ਼ਾ ਮੰਨਿਆ ਜਾਣਾ ਚਾਹੀਦਾ ਹੈ ਕਿ ਉਹ ਇਸ ਵਿੱਚ ਸੱਭ ਤੋਂ ਵੱਡੀ ਰੁਕਾਵਟ ਆਦਮੀ ਨੂੰ ਹੀ ਮੰਨਦੀਆਂ ਹਨ। ਜੇਕਰ ਤੁਸੀ ਕੰਮਕਾਜੀ ਹੋ, ਤਾਂ ਇਸ ਵਿੱਚ ਤੁਹਾਨੂੰ ਆਦਮੀ ਦੀ ਹੱਲਾਸ਼ੇਰੀ ਜ਼ਰੂਰ ਮਿਲਣੀ ਚਾਹੀਦੀ ਹੈ ਅਤੇ ਮਿਲ ਵੀ ਰਹੀ ਹੈ। ਤਦੇ ਤੁਸੀ ਕੰਮਕਾਜੀ ਹੋ ਪਰ ਜੇਕਰ ਪੂਰੀ ਤਰ੍ਹਾਂ ਘਰ ਸੁਆਣੀ ਹੋ, ਤਾਂ ਮੁਕਤੀ ਦੇ ਨਾਅਰੇਬਾਜ਼ਾਂ ਦੀ ਚਾਲ ਵਿੱਚ ਪੈ ਕੇ, ਘਰ ਗ੍ਰਹਿਸਤੀ ਦੀ ਅਣਦੇਖੀ ਕਰਨਾ, ਮੁਕਤੀ ਦਾ ਮਤਲਬ ਬਿਲਕੁਲ ਨਹੀਂ ਹੈ।

ਮੁਕਤੀ ਦਾ ਸਹੀ ਅਰਥ ਸਮਝੀਏ ਤਾਂ ਔਰਤਾਂ ਨੂੰ ਸਿੱਖਿਆ ਅਤੇ ਫੈਸਲੇ ਲੈਣ ਦਾ ਪੂਰਾ ਅਧਿਕਾਰ ਮਿਲਣਾ ਚਾਹੀਦਾ ਹੈ। ਪਿਆਰ ਦਾ, ਘੁੰਮਣ ਦਾ, ਵਿਚਾਰ ਪ੍ਰਗਟ ਕਰਨ ਦਾ ਅਤੇ ਨਿਆਂ ਦਾ ਵੀ ਪੂਰਾ ਹੱਕ ਹੋਣਾ ਚਾਹੀਦਾ ਹੈ। ਆਪਣੇ ਢੰਗ ਨਾਲ ਘਰ ਚਲਾਉਣ, ਬੱਚੇ ਪਾਲਣ , ਪੇਕੇ ਵਾਲਿਆਂ ਨਾਲ ਮਿਲਣ, ਚਿੱਠੀ ਪੱਤਰ ਕਰਨ, ਪੁੱਤਰ-ਪੁੱਤਰੀ ਲਈ ਨੂੰਹ-ਜੁਆਈ ਚੁਣਨ ਵਿੱਚ, ਉਨ੍ਹਾਂ ਦੀ ਇੱਛਾ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ।

ਔਰਤਾਂ ਨੂੰ ਉਨ੍ਹਾਂ ਪੁਰਾਣੀਆਂ ਪ੍ਰੰਪਰਾਵਾਂ ਅਤੇ ਘਟੀਆ ਵਿਚਾਰਾਂ ਤੋਂ ਵੀ ਮੁਕਤ ਹੋਣਾ ਹੋਵੇਗਾ ਜਿਨ੍ਹਾਂ ਦੀਆਂ ਸ਼ਿਕਾਰ ਉਹ ਸਦੀਆਂ ਤੋਂ ਹੋ ਰਹੀਆਂ ਹਨ ਅਤੇ ਜਿਨ੍ਹਾਂ ਕਾਰਨ ਉਨ੍ਹਾਂ ਦਾ ਸ਼ੋਸ਼ਣ ਹੁੰਦਾ ਹੈ। ਔਰਤ ਮੁਕਤੀ ਦੇ ਥੋਥੇ ਪ੍ਰਚਾਰ ਤੋਂ ਬਚਦੇ ਹੋਏ, ਉਹ ਆਪਣੇ ਚੁੱਲ੍ਹੇ ਚੌਕੇ ਤੋਂ ਇਲਾਵਾ ਆਧੁਨਿਕ ਜੀਵਨ ਦੇ ਖੁਲ੍ਹੇ ਮਾਹੌਲ ਨੂੰ ਵੀ ਵੇਖਣ। ਆਪਣਾ ਜੀਵਨ ਸੰਵਾਰਨ ਦੀ ਦਿਸ਼ਾ ਵਿੱਚ ਉਹ ਕੋਈ ਨਵਾਂ, ਸਾਰਥਕ ਕਦਮ ਚੁੱਕਣ।

ਉਹ ਕਿਤਾਬਾਂ, ਅਖ਼ਬਾਰ ਤੇ ਮੈਗਜ਼ੀਨ ਵੀ ਨਿਯਮਤ ਰੂਪ ਨਾਲ ਪੜ੍ਹਦੀਆਂ ਰਹਿਣ ਤਾਂ ਜੋ ਵਿਚਾਰਾਂ ਦੀ ਖਿੜਕੀ ਖੁੱਲ੍ਹੀ ਰਹੇ। ਇਨ੍ਹਾਂ ਨਾਲ, ਉਨ੍ਹਾਂ ਨੂੰ ਵਿਹਾਰਕ ਜੀਵਨ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਨਾਲ ਜੂਝਣ ਦੇ ਰਸਤੇ ਮਿਲਣਗੇ।

ਜਾਇਦਾਦ ਦੀ ਖਰੀਦ ਅਤੇ ਵੇਚ ਤੋਂ ਲੈ ਕੇ, ਆਮਦਨ ਕਰ ਦੇ ਨਿਯਮਾਂ ਨੂੰ ਵੀ ਉਹ ਜਾਣਨ, ਇਹ ਵੀ ਮੁਕਤੀ ਦਾ ਇਕ ਰਸਤਾ ਹੋਵੇਗਾ। ਇਹ ਦੁੱਖ ਦੀ ਗੱਲ ਹੈ ਕਿ ਉਨ੍ਹਾਂ ਨੂੰ ਉਪਭੋਗਤਾ ਅਧਿਕਾਰਾਂ ਅਤੇ ਔਰਤ ਆਯੋਗਾਂ ਦੀ ਕਾਰਜ ਪ੍ਰਣਾਲੀ ਬਾਰੇ ਵੀ ਬਹੁਤ ਘੱਟ ਗਿਆਨ ਹੈ। ਬਹੁਤ ਸਾਰੀਆਂ ਔਰਤਾਂ ਤਾਂ ਰੇਲ ਜਾਂ ਹਵਾਈ ਟਿਕਟ ਖਰੀਦਣ ਲਈ ਰਿਜ਼ਰਵੇਸ਼ਨ ਫਾਰਮ ਤਕ ਨਹੀਂ ਭਰ ਸਕਦੀਆਂ।

ਨਿਮਨ ਵਰਗ ਦੀਆਂ ਔਰਤਾਂ ਜੋ ਘੱਟ ਸਿੱਖਿਅਤ ਹਨ, ਉਨ੍ਹਾਂ ਨੂੰ ਵੀ ਚੈੱਕ ਕਟਣਾ, ਡਰਾਫਟ ਬਣਾਉਣਾ ਤੇ ਮਨੀਆਰਡਰ ਫਾਰਮ ਭਰਨਾ ਆਦਿ ਆਉਣਾ ਚਾਹੀਦਾ ਹੈ। ਮੁਕਤੀ ਦਾ ਨਾਹਰਾ ਬੁਲੰਦ ਕਰਨ ਵਾਲੀਆਂ ਮੁਕਤੀਵਾਦੀ ਔਰਤਾਂ ਅਤੇ ਔਰਤ-ਮੁਕਤੀ ਜਾਂ ਨਾਰੀ ਕਲਿਆਣ ਲਈ ਸੰਘਰਸ਼ ਕਰ ਰਹੇ ਲੋਕ, ਉਨ੍ਹਾਂ ਨੂੰ ਇਹ ਸੱਭ ਕੁੱਝ ਸਿਖਾਉਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ? ਉਹ ਇਹ ਸਭ ਕਰਨ ਤਾਂ ਜ਼ਿਆਦਾ ਬਿਹਤਰ ਹੋਵੇਗਾ।

ਧੰਨਵਾਦ ਸਹਿਤ ਮੈਗਜ਼ੀਨ ‘ਸਰਿਤਾ’ ਜਨਵਰੀ (ਦੂਜਾ) 2014

‘ਸੁੰਦਰਤਾ ਨੂੰ ਗਹਿਣਿਆਂ ਦੀ ਲੌੜ ਨਹੀਂ’

0

‘ਸੁੰਦਰਤਾ ਨੂੰ ਗਹਿਣਿਆਂ ਦੀ ਲੌੜ ਨਹੀਂ’

ਮੇਜਰ ਸਿੰਘ ਨਾਭਾ

‘ਸੁੰਦਰਤਾ ਨੂੰ ਗਹਿਣਿਆਂ ਦੀ ਲੌੜ ਨਹੀਂ’ ਇਹ ਮਾਟੋ (ਸਿਧਾਂਤਕ) ਭਾਰਤੀ ਨਾਰੀ ਲਈ ਅੱਜ ਦੇ ਸਾਇੰਸ ਯੁੱਗ ਵਿੱਚ ਮਹੱਤਵਪੂਰਨ ਥਾਂ ਰੱਖਦਾ ਹੈ। ਭਾਰਤੀ ਨਾਰੀ ਦਾ ਗਹਿਣਿਆਂ ਨਾਲ ਲੱਦੇ ਜਾਣਾ ਪੁਰਾਤਨ ਰਵਾਇਤਾਂ ਅਨੁਸਾਰ ਅੱਜ ਵੀ ਪੜੇ ਲਿਖੇ ਯੁੱਗ ਵਿਚ ਪ੍ਰਚੱਲਤ ਹੈ। ਕੀ ਸੁੰਦਰਤਾ ਸਿਰਫ ਗਹਿਣਿਆਂ ਨਾਲ ਸ਼ਿੰਗਾਰ ਕਰਕੇ ਹੀ ਹੁੰਦੀ ਹੈ? ਇਹ ਪ੍ਰਸ਼ਨ ਅੱਜ ਦੀ ਨਾਰੀ ਸਾਹਮਣੇ ਵਿਚਾਰਨਯੋਗ ਹੈ। ਜਦੋਂ ਕਿ ਤੇਜ਼ ਰਫਤਾਰ ਯੁੱਗ ਵਿਚ ਬਾਹਰਲੇ ਦੇਸ਼ ਅਗਾਂਹ ਲੰਘ ਚੁੱਕੇ ਹਨ। ਗਹਿਣਿਆਂ ਦੇ ਜ਼ਿਆਦਾ ਨੁਕਸਾਨ ਹੀ ਹਨ, ਫਾਇਦੇ ਤਾਂ ਸ਼ਾਇਦ ਹੀ ਕੋਈ ਹੋਣ।

ਗਹਿਣਿਆਂ ਦੇ ਸਿਲਸਿਲੇ ਵਿਚ ਪਰਿਵਾਰ ਦੀ ਆਰਥਿਕ ਦਸ਼ਾ ਕਮਜ਼ੋਰ ਹੋ ਜਾਂਦੀ ਹੈ। ਵਿਆਹ ਨੂੰ ਲੜਕੀ ਲਈ ਦੋਹਾਂ ਪਾਸਿਆਂ ਤੋਂ ਗਹਿਣੇ ਪਾਏ ਜਾਂਦੇ ਹਨ। ਇਸ ਤਰ੍ਹਾਂ ਪੈਸੇ ਦੀ ਬਰਬਾਦੀ ਹੁੰਦੀ ਹੈ। ਲੜਕੀ ਵਾਲੇ ‘ਨੱਕ ਰੱਖਣ’ ਕਰਕੇ ਆਪਣੇ ਵਿਤੋਂ ਬਾਹਰ ਹੋ ਕੇ ਗਹਿਣੇ ਬਣਵਾਉਂਦੇ ਹਨ। ਪਿੰਡਾਂ ਵਿਚ ਤਾਂ ਜ਼ਿਮੀਂਦਾਰ ਜ਼ਮੀਨਾਂ ਗਹਿਣੇ ਕਰਕੇ ਜਾਂ ਵੇਚ ਕੇ ਵਿਆਹ ਉੱਪਰ ਰੀਸੋ-ਰੀਸ ਇਕ ਦੂਜੇ ਤੋਂ ਵੱਧ ਪੈਸਾ ਖਰਚਦੇ ਹਨ ਜਿਹੜਾ ਕਿ ਜ਼ਿਆਦਾਤਰ ਗਹਿਣਿਆਂ ਉੱਪਰ ਹੀ ਖਰਚਿਆ ਜਾਂਦਾ ਹੈ। ਗਹਿਣੇ ਬਣਵਾ ਕੇ ਉਨ੍ਹਾਂ ਨੂੰ ਸੰਭਾਲਣ ਲਈ ਸਮੱਸਿਆ ਪੈਦਾ ਹੋ ਜਾਂਦੀ ਹੈ। ਅਗਰ ਕਿਸੇ ਕੋਲ ਜ਼ਿਆਦਾ ਕੀਮਤੀ ਗਹਿਣੇ ਹਨ ਤਾਂ ਉਸ ਨੂੰ ਰਾਤ ਨੂੰ ਚੋਰੀ ਦੇ ਡਰ ਕਾਰਨ ਨੀਂਦ ਵੀ ਨਹੀਂ ਆਉਂਦੀ। ਬਾਹਰ ਰਸਤੇ ਵਿਚ ਸਫਰ ਕਰਦੇ ਸਮੇਂ ਹਮੇਸ਼ਾ ਮਨ ਅੰਦਰ ਇਹੋ ਡਰ ਰਹੇਗਾ। ਬੱਸਾਂ, ਮੇਲਿਆਂ, ਭੀੜ-ਭੜੱਕੇ ਵਾਲੀਆਂ ਥਾਵਾਂ ਅੰਦਰ ਅਕਸਰ ਜ਼ਨਾਨੀਆਂ ਦੀਆਂ ਚੇਨੀਆਂ, ਗਲ ਦੇ ਹਾਰ, ਕੰਨਾਂ ਦੇ ਵਾਲੇ ਆਦਿ ਅੱਖ ਝਮਕਦਿਆਂ ਲਾਹੁਣ ਜਾਂ ਭੀੜ ਕਾਰਨ ਡਿੱਗਣ ਦੀਆਂ ਘਟਨਾਵਾਂ ਸਾਡੇ ਸਾਹਮਣੇ ਆਮ ਵਾਪਰਦੀਆਂ ਹਨ। ਗਹਿਣੇ ਅਕਸਰ ਭੁੱਖੇ ਮਰ ਰਹੇ ਬੰਦੇ ਨੂੰ ਚੋਰੀ ਅਤੇ ਲੁੱਟ ਲਈ ਉਕਸਾਉਂਦੇ ਹਨ। ਕਈ ਜ਼ਨਾਨੀਆਂ ਗਿਰੋਹ ਬਣਾ ਕੇ ਅਕਸਰ ਬੱਸਾਂ ਅਤੇ ਹੋਰ ਜਨਤਕ ਥਾਵਾਂ ਅੰਦਰ ਗਹਿਣੇ ਚੁਰਾਉਣ ਜਾਂ ਲਾਹੁਣ ਦੀ ਭਾਲ ਵਿਚ ਫਿਰਦੀਆਂ ਰਹਿੰਦੀਆਂ ਹਨ। ਸਾਨੂੰ ਆਪਣੇ ਅੰਦਰ ਝਾਤ ਮਾਰ ਕੇ ਵੇਖਣਾ ਚਾਹੀਦਾ ਹੈ ਕਿ ਕੀ ਅਸੀਂ ਚੋਰ ਅਤੇ ਲੁਟੇਰੇ ਬਣਾਉਣ ਵਿਚ ਜ਼ਿੰਮੇਵਾਰ ਤਾਂ ਨਹੀਂ?

ਗਹਿਣੇ ਪਾਉਣ ਨਾਲ ਕੰਮ-ਕਾਰ ਕਰਨ ਵਿਚ ਰੁਕਾਵਟ ਪੈਂਦੀ ਹੈ। ਇਕ ਸਾਦਾ ਇਸਤਰੀ ਫੈਕਟਰੀ ਵਿਚ ਜਾਂ ਕਿਤੇ ਵੀ ਹੱਥ ਨਾਲ ਕੰਮ ਕਰਨ ਸਮੇਂ ਲਾਜ਼ਮੀ ਵੱਧ ਕੰਮ ਕਰੇਗੀ। ਗਹਿਣੇ ਮਨ ਦੀ ਇਕਾਗਰਤਾ ਨੂੰ ਭੰਗ ਕਰਦੇ ਹਨ। ਗਹਿਣੇ ਛਣਕਦੇ ਰਹਿਣ ਕਾਰਨ ਦਫਤਰੀ ਕੰਮ-ਕਾਰ ਵਿਚ ਵਿਘਨ ਪੈਂਦਾ ਹੈ। ਦੂਸਰਿਆਂ ਦਾ ਧਿਆਨ ਵੀ ਖਿੱਚਿਆ ਜਾਂਦਾ ਹੈ। ਮਰਦ ਮੁਲਾਜ਼ਮਾਂ ਨੂੰ ਗਹਿਣਿਆਂ ਦੇ ਛਣਕਣ ਦੀ ਆਵਾਜ਼ ਮੱਲੋ-ਮੱਲੀ ਉਕਸਾਉਂਦੀ ਹੈ ਜਿਸ ਨਾਲ ਕੰਮ ’ਚ ਰੁਕਾਵਟ ਪੈਦਾ ਹੁੰਦੀ ਹੈ।

ਹਰ ਸਮੇਂ ਗਹਿਣੇ ਪਾਉਣ ਨਾਲ ਇਹ ਘਸਦੇ ਰਹਿੰਦੇ ਹਨ। ਕਈ ਵਾਰੀ ਟੁੱਟ ਵੀ ਜਾਂਦੇ ਹਨ। ਇਸ ਤਰ੍ਹਾਂ ਦੁਬਾਰਾ- ਦੁਬਾਰਾ ਬਣਾਉਣ ਨਾਲ ਇਹ ਸੁਨਿਆਰੇ ਜੋਗੇ ਹੀ ਰਹਿ ਜਾਂਦੇ ਹਨ। ਇਨ੍ਹਾਂ ਦੀ ਕੀਮਤ ਤੇ ਵਜ਼ਨ ਘੱਟ ਜਾਂਦਾ ਹੈ। ਅੱਜ-ਕੱਲ੍ਹ ਸੋਨੇ ਦੇ ਗਹਿਣਿਆਂ ਦੀ ਨਕਲ ਵੀ ਚੱਲ ਪਈ ਹੈ।

ਨਕਲੀ ਅਤੇ ਅਸਲੀ ਦਾ ਪਤਾ ਨਹੀਂ ਲਗਦਾ ਤੇ ਕਈ ਵਾਰੀ ਹੇਰਾ-ਫੇਰੀ ਵੀ ਹੋ ਜਾਂਦੀ ਹੈ। ਗਹਿਣਿਆਂ ’ਤੇ ਹਰ ਕੋਈ ਅੱਖ ਰੱਖਦਾ ਹੈ। ਅਖਬਾਰਾਂ ਵਿਚ ਅਕਸਰ ਜ਼ਨਾਨੀਆਂ ਤੋਂ ਪਾਂਡੇ, ਜੋਤਸ਼ੀ ਅਤੇ ਸਿਆਣਿਆਂ ਵੱਲੋਂ ਗਹਿਣੇ ਲੁੱਟ ਕੇ ਫਰਾਰ ਹੋਣ ਦੀਆਂ ਖਬਰਾਂ ਪੜ੍ਹਦੇ ਹਾਂ। ਭੋਲੀਆਂ ਜ਼ਨਾਨੀਆਂ ਗੱਲਾਂ ਵਿਚ ਆ ਕੇ ਸਾਰੇ ਗਹਿਣੇ ਉਤਾਰ ਕੇ ਜਾਂ ਅੰਦਰੋਂ ਕੱਢ ਕੇ ਬਾਬੇ ਨੂੰ ਦੇ ਦਿੰਦੀਆਂ ਹਨ। ਬਾਬਾ ਦੁੱਗਣਾ ਕਰਨ ਦਾ ਲਾਲਚ ਦੇ ਕੇ ਰਫੂ-ਚੱਕਰ ਹੋ ਜਾਂਦਾ ਹੈ। ਬਾਅਦ ਵਿਚ ਇਹੋ ਜਿਹਿਆਂ ਜ਼ਨਾਨੀਆਂ ਫਿਕਰ ਵਿਚ ਮਾਨਸਿਕ ਰੋਗਾਂ ਦੀ ਜਕੜ ਵਿਚ ਆ ਜਾਂਦੀਆਂ ਹਨ।

ਬੱਚਿਆਂ ਅੰਦਰ ਗਹਿਣਿਆਂ ਦਾ ਸ਼ੌਕ ਵੱਡਿਆਂ ਨੂੰ ਦੇਖ ਕੇ ਕੁਦਰਤੀ ਹੋ ਜਾਂਦਾ ਹੈ। ਕਈ ਮਾਪੇ ਸਕੂਲੀ ਬੱਚਿਆਂ ਨੂੰ ਲਾਡ-ਲਾਡ ਵਿਚ ਗਹਿਣੇ ਪਾਉਣ ਦੀ ਆਦਤ ਪਾ ਦਿੰਦੇ ਹਨ। ਇਹ ਬੱਚੇ ਪਹਿਲਾਂ ਤਾਂ ਫੈਸ਼ਨ ਮੁਤਾਬਿਕ ਡੁਪਲੀਕੇਟ ਗਹਿਣੇ ਹੀ ਪਾਉਂਦੇ ਹਨ ਪਰ ਬਾਅਦ ਵਿਚ ਅਸਲੀ ਗਹਿਣੇ ਮੰਗਣ ਲੱਗ ਪੈਂਦੇ ਹਨ। ਇਹੋ ਜਿਹੇ ਰੁਝਾਨ ਕਾਰਨ ਪੜ੍ਹਾਈ ਵੱਲੋਂ ਉਨ੍ਹਾਂ ਬੱਚਿਆਂ ਦਾ ਧਿਆਨ ਪਾਸੇ ਚਲਾ ਜਾਂਦਾ ਹੈ। ਅਗਰ ਸਕੂਲ ਅਧਿਆਪਕਾਂ ਦੇ ਗਹਿਣੇ ਪਾਏ ਹੋਣਗੇ, ਸੁਭਾਵਿਕ ਹੀ ਬੱਚੇ ਉੱਪਰ ਇਸ ਦਾ ਪ੍ਰਭਾਵ ਪਵੇਗਾ। ਬੱਚਿਆਂ ਦਾ ਧਿਆਨ ਵੀ ਪੜ੍ਹਾਈ ਵਿਚ ਨਹੀਂ ਲੱਗੇਗਾ।

ਸਾਦਗੀ ਗਹਿਣਿਆਂ ਨਾਲੋਂ ਕਿਤੇ ਵੱਧ ਪ੍ਰਭਾਵਿਤ ਕਰਦੀ ਹੈ ਬਸ਼ਰਤੇ ਕਿ ਔਰਤ ਬਾਕੀ ਗੁਣਾਂ ਨਾਲ ਮਾਲੋ-ਮਾਲ ਹੋਵੇ। ਤਿੱਖੇ ਨੈਣ-ਨਕਸ਼, ਗੋਰਾ ਰੰਗ, ਸੁਹੱਪਣਤਾ ਦਾ ਜ਼ਰੂਰ ਪ੍ਰਤੀਕ ਹਨ ਪਰ ਸ਼ਖਸੀਅਤ ਦਾ ਪ੍ਰਭਾਵ ਅੰਦਰਲੇ ਗੁਣਾਂ ਕਰਕੇ ਹੀ ਪੈਂਦਾ ਹੈ। ਨੈਣ-ਨਕਸ਼ ਤੇ ਰੰਗ-ਰੂਪ ਜੋ ਕੁਦਰਤ ਨੇ ਦਿੱਤੇ ਹਨ ਉਨ੍ਹਾਂ ਨੂੰ ਹੀ ਸਵੀਕਾਰ ਕਰਨਾ ਚਾਹੀਦਾ ਹੈ ਨਾ ਕਿ ਬਿਊਟੀ ਪਾਰਲਰਾਂ ਵਿਚ ਜਾ ਕੇ ਉਨ੍ਹਾਂ ਵਿਚ ਤਬਦੀਲੀ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਨਾਲ ਬਾਅਦ ਵਿਚ ਸਮਾਂ ਬੀਤਣ ਨਾਲ ਚਿਹਰੇ ਦੀ ਚਮੜੀ ਹੋਰ ਵੀ ਖਰਾਬ ਹੋ ਜਾਂਦੀ ਹੈ। ਇਹੋ ਜਿਹੀਆਂ ਆਦਤਾਂ ਪਾਉਣਾ ਜ਼ਿੰਦਗੀ ਨੂੰ ਨੀਰਸ ਬਣਾਉਣ ਤੋਂ ਸਿਵਾਏ ਕੁਝ ਪੱਲੇ ਨਹੀਂ ਪਾਉਂਦੀਆਂ। ਸਾਦਗੀ ਵਿਚ ਰਹਿ ਰਹੀਆਂ ਔਰਤਾਂ ਮਾਨਸਿਕ ਸ਼ਾਂਤੀ ਦਾ ਆਨੰਦਮਈ ਜੀਵਨ ਬਤੀਤ ਕਰਦੀਆਂ ਹਨ। ਪਹਿਰਾਵਾ, ਗੱਲਬਾਤ ਦਾ ਢੰਗ, ਸੁਭਾਅ ਅਤੇ ਕਿੱਤਾ ਆਦਿ ਸ਼ਖਸੀਅਤ ਨੂੰ ਚੰਗਾ ਬਣਾਉਣ ਲਈ ਸਹਾਈ ਹੁੰਦੇ ਹਨ ਨਾ ਕਿ ਗਹਿਣੇ।

Most Viewed Posts