34.2 C
Jalandhar
Wednesday, April 22, 2026
spot_img
Home Blog Page 160

ਗੁਰਮਤਿ ਸਮਝੇ ਤੋਂ ਬਿਨਾਂ ਹੀ ਸੰਪ੍ਰਦਾਈ ਲੋਕ ਸਿਰਫ ਅੱਖਰੀਂ ਅਰਥ ਕਰਕੇ ਅਰਥਾਂ ਦੇ ਅਨਰਥ ਕਰਕੇ ਸੰਗਤਾਂ ਵਿੱਚ ਦੁਬਿਧਾ ਪੈਦਾ ਕਰ ਰਹੇ ਹਨ

0

ਗੁਰਮਤਿ ਸਮਝੇ ਤੋਂ ਬਿਨਾਂ ਹੀ ਸੰਪ੍ਰਦਾਈ ਲੋਕ ਸਿਰਫ ਅੱਖਰੀਂ ਅਰਥ ਕਰਕੇ ਅਰਥਾਂ ਦੇ ਅਨਰਥ ਕਰਕੇ ਸੰਗਤਾਂ ਵਿੱਚ ਦੁਬਿਧਾ ਪੈਦਾ ਕਰ ਰਹੇ ਹਨ

ਕਿਰਪਾਲ ਸਿੰਘ ਬਠਿੰਡਾ-ਮੋਬ: 98554-80797

ਭਾਈ ਹਰੀ ਸਿੰਘ ਰੰਧਾਵਾ ਵੱਲੋਂ ਪਿਛਲੇ ਸਮੇਂ ’ਚ ਕੀਤੀ ਕਥਾ ਦੌਰਾਨ ਮਹਾਂਵਾਰੀ ਦੇ ਦਿਨਾਂ ਵਿੱਚ ਬੀਬੀਆਂ ’ਚ ਆਈ ਅਪਵਿੱਤਰਤਾ ਅਤੇ ਪਾਥੀਆਂ ਵਿੱਚੋਂ ‘ਵਾਹਿਗੁਰੂ’ ਸ਼ਬਦ ਦੀ ਆ ਰਹੀ ਅਵਾਜ਼ ਵਰਗੇ ਸ਼ਬਦਾਂ ਦੀ ਵਰਤੋਂ ਕੀਤੇ ਜਾਣ ’ਤੇ ਸਰੀ (ਕੈਨੇਡਾ) ਵਿੱਚ ਵਧੇ ਵਿਵਾਦ ਉਪ੍ਰੰਤ ਗੁਰਦੁਆਰੇ ਦੇ ਪ੍ਰਬੰਧਕਾਂ ਵੱਲੋਂ ਦੋਵਾਂ ਧਿਰਾਂ ਦੀ ਕਰਾਈ ਦੋ ਦਿਨਾਂ ਮੀਟਿੰਗ ਦੌਰਾਨ ਭਾਈ ਹਰੀ ਸਿੰਘ ਰੰਧਾਵਾ ਜੀ ਵਾਰ ਵਾਰ ਗੁਰਬਾਣੀ ਦੀ ਇਹ ਤੁਕ “ਨਵੇ ਛਿਦ੍ਰ ਸ੍ਰਵਹਿ, ਅਪਵਿਤ੍ਰਾ ॥” ਦਾ ਪ੍ਰਮਾਣ ਦੇ ਕੇ ਇਹ ਕਹਿੰਦੇ ਰਹੇ ਕਿ ਮਹਾਂਵਾਰੀ ਦੇ ਦਿਨਾਂ ਵਿੱਚ ਬੀਬੀਆਂ ਦਾ ਸਰੀਰ ਅਪਵਿੱਤਰ ਹੋ ਜਾਂਦਾ ਹੈ, ਜੋ ਚੌਥੇ ਦਿਨ ਸਿਰ ਨਹ੍ਹਾ ਕੇ ਹੀ ਪਵਿੱਤਰ ਹੋ ਸਕਦੀਆਂ ਹਨ। ਪਹਿਲੀ ਗੱਲ ਤਾਂ ਇਹ ਹੈ ਕਿ ਉਹ ਇਸ ਤੋਂ ਅਗਲੀ ਤੁਕ ਪੜ੍ਹਦੇ ਹੀ ਨਹੀਂ ਸਨ ਅਤੇ ਨਾਂ ਹੀ ਸੁਣਦੇ ਸਨ। ਅਗਲੀਆਂ ਤੁਕਾਂ ਇਹ ਹਨ : “ਬੋਲਿ ਹਰਿ ਨਾਮ, ਪਵਿਤ੍ਰ ਸਭਿ ਕਿਤਾ ॥ ਜੇ ਹਰਿ ਸੁਪ੍ਰਸੰਨੁ ਹੋਵੈ ਮੇਰਾ ਸੁਆਮੀ; ਹਰਿ ਸਿਮਰਤ ਮਲੁ ਲਹਿ ਜਾਵੈ ਜੀਉ ॥” ਜਿਸ ਦੇ ਪ੍ਰੋ: ਸਾਹਿਬ ਸਿੰਘ ਨੇ ਅਰਥ ਇਸ ਤਰ੍ਹਾਂ ਕੀਤੇ ਹਨ:- (ਹੇ ਭਾਈ! ਮਨੁੱਖਾ ਸਰੀਰ ਵਿਚ ਨੱਕ ਕੰਨ ਆਦਿਕ ਨੌ ਛੇਕ ਹਨ, ਇਹ) ਨੌ ਹੀ ਛੇਕ ਸਿੰਮਦੇ ਰਹਿੰਦੇ ਹਨ (ਅਤੇ ਵਿਕਾਰ-ਵਾਸਨਾ ਆਦਿਕ ਦੇ ਕਾਰਨ) ਅਪਵਿੱਤਰ ਭੀ ਹਨ। (ਜਿਹੜਾ ਮਨੁੱਖ ਹਰਿ-ਨਾਮ ਉਚਾਰਦਾ ਹੈ) ਹਰਿ-ਨਾਮ ਉਚਾਰ ਕੇ ਉਸ ਨੇ ਇਹ ਸਾਰੇ ਪਵਿੱਤਰ ਕਰ ਲਏ ਹਨ। ਹੇ ਭਾਈ ! ਜੇ ਮੇਰਾ ਮਾਲਕ-ਪ੍ਰਭੂ ਕਿਸੇ ਜੀਵ ਉਤੇ ਦਇਆਵਾਨ ਹੋ ਜਾਏ, ਤਾ ਹਰਿ-ਨਾਮ ਸਿਮਰਦਿਆਂ (ਉਸ ਦੇ ਇਹਨਾਂ ਇੰਦ੍ਰਿਆਂ ਦੀ ਵਿਕਾਰਾਂ ਦੀ) ਮੈਲ ਦੂਰ ਹੋ ਜਾਂਦੀ ਹੈ ॥

ਦੂਸਰੀ ਗੱਲ ਹੈ ਕਿ ਗਿਆਨੀ ਜਸਵੀਰ ਸਿੰਘ ਦੀ ਇਸ ਦਲੀਲ ਨਾਲ ਵੀ ਰੰਧਾਵਾ ਜੀ ਸਹਿਮਤ ਹੁੰਦੇ ਨਜ਼ਰ ਨਹੀਂ ਆਏ ਕਿ “ਜਿਉ ਜੋਰੂ ਸਿਰਨਾਵਣੀ; ਆਵੈ ਵਾਰੋ ਵਾਰ ॥ ਜੂਠੇ ਜੂਠਾ ਮੁਖਿ ਵਸੈ; ਨਿਤ ਨਿਤ ਹੋਇ ਖੁਆਰੁ ॥ ਸੂਚੇ ਏਹਿ ਨ ਆਖੀਅਹਿ; ਬਹਨਿ ਜਿ ਪਿੰਡਾ ਧੋਇ ॥ ਸੂਚੇ ਸੇਈ ਨਾਨਕਾ ! ਜਿਨ ਮਨਿ ਵਸਿਆ ਸੋਇ ॥” ਵਿੱਚ ਗੁਰੂ ਸਾਹਿਬ ਜੀ ਨੇ ਮਹਾਂਵਾਰੀ ਦੇ ਦਿਨਾਂ ਵਿੱਚ ਇਸਤਰੀ ਨੂੰ ਅਪਵਿੱਤਰ ਨਹੀਂ ਮੰਨਿਆ ਬਲਕਿ ਇੱਕ ਉਦਾਹਰਣ ਦਿੱਤੀ ਹੈ ਕਿ ਜਿਸ ਤਰ੍ਹਾਂ ਇਸਤਰੀ ਨੂੰ ਕੁਦਰਤੀ ਨਿਯਮਾਂ ਅਨੁਸਾਰ ਮਹਾਂਵਾਰੀ ਹਰ ਮਹੀਨੇ ਵਾਰ ਵਾਰ ਆਉਂਦੀ ਹੈ; ਇਸੇ ਤਰ੍ਹਾਂ ਝੂਠੇ ਮਨੁੱਖ ਦੇ ਮੂੰਹ ਵਿਚ ਸਦਾ ਝੂਠ ਹੀ ਰਹਿੰਦਾ ਹੈ ਤੇ ਇਸ ਕਰਕੇ ਉਹ ਸਦਾ ਖ਼ੁਆਰ ਹੀ ਹੁੰਦਾ ਰਹਿੰਦਾ ਹੈ। ਅਜੇਹੇ ਮਨੁੱਖ ਨਿਰਾ ਸਰੀਰ ਨੂੰ ਹੀ ਧੋ ਕੇ ਸੁੱਚੇ ਨਹੀਂ ਆਖੇ ਜਾਂਦੇ। ਹੇ ਨਾਨਕ ! ਕੇਵਲ ਉਹੀ ਮਨੁੱਖ ਸੁੱਚੇ ਹਨ ਜਿਨ੍ਹਾਂ ਦੇ ਮਨ ਵਿੱਚ ਪ੍ਰਭੂ ਵੱਸਦਾ ਹੈ। ਬਾਕੀ ਵਿਦਵਾਨਾਂ ਦੇ ਅਰਥ ਭਾਵ ਵੀ ਬਿਲਕੁਲ ਇਸ ਦੇ ਨਾਲ ਮਿਲਦੇ ਜੁਲਦੇ ਹੀ ਹਨ।

ਗੁਰੂ ਸਾਹਿਬ ਜੀ ਵੱਲੋਂ ਇਹ ਉਸੇ ਤਰ੍ਹਾਂ ਇੱਕ ਉਦਾਹਰਣ ਹੈ ਜਿਵੇਂ: “ਨੀਚ ਜਾਤਿ ਹਰਿ ਜਪਤਿਆ; ਉਤਮ ਪਦਵੀ ਪਾਇ ॥ ਪੂਛਹੁ ਬਿਦਰ, ਦਾਸੀ ਸੁਤੈ; ਕਿਸਨੁ ਉਤਰਿਆ ਘਰਿ ਜਿਸੁ ਜਾਇ ॥” ਤੁਕ ਵਿੱਚ ਗੁਰੂ ਸਾਹਿਬ ਜੀ ਜਨਮ ਕਰਕੇ ਕਿਸੇ ਨੂੰ ਨੀਚ ਜਾਤ ਨਹੀਂ ਮੰਨਦੇ ਪਰ ਸਮਾਜ ਵਿੱਚ ਪ੍ਰਚਲਤ ਹੋਣ ਕਰਕੇ ਇੱਕ ਉਦਾਹਰਣ ਦਿੱਤੀ ਗਈ ਹੈ ਕਿ “ਹੇ ਭਾਈ ! ਨੀਵੀਂ ਜਾਤਿ ਵਾਲਾ ਮਨੁੱਖ ਭੀ ਪਰਮਾਤਮਾ ਦਾ ਨਾਮ ਜਪਣ ਨਾਲ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ (ਜੇ ਯਕੀਨ ਨਹੀਂ ਆਉਂਦਾ, ਤਾਂ ਕਿਸੇ ਪਾਸੋਂ) ਦਾਸੀ ਦੇ ਪੁੱਤਰ ਬਿਦਰ ਦੀ ਗੱਲ ਪੁੱਛ ਵੇਖੋ। ਉਸ ਬਿਦਰ ਦੇ ਘਰ ਵਿਚ ਕ੍ਰਿਸ਼ਨ ਜੀ ਜਾ ਕੇ ਠਹਿਰੇ ਸਨ।”

ਤੀਸਰੀ ਗੱਲ ਹੈ ਕਿ ਜੇ ਰੰਧਾਵਾ ਸਾਹਿਬ ਦੀ ਗੱਲ ਮੰਨ ਵੀ ਲਈਏ ਕਿ ਨੌ ਹੀ ਦੁਆਰਿਆਂ ਵਿੱਚੋਂ ਹਰ ਸਮੇਂ ਕੁਝ ਨਾ ਕੁਝ ਸਿੰਮਦਾ ਰਹਿੰਦਾ ਹੋਣ ਕਰਕੇ ਉਹ ਅਪਵਿੱਤਰ ਹੋਏ ਰਹਿੰਦੇ ਹਨ ਤਾਂ ਇਹ ਗੱਲ ਸਿਰਫ ਇਸਤਰੀਆਂ ਦੇ ਮਹਾਂਵਾਰੀ ਆਉਣ ਦੇ ਦਿਨਾਂ ਵਿੱਚ ਅਪਵਿੱਤਰ ਹੋਣ ’ਤੇ ਹੀ ਨਹੀਂ ਢੁਕਦੀ ਬਲਕਿ ਮਨੁੱਖ ’ਤੇ ਵੀ ਉਤਨੀ ਹੀ ਢੁਕਦੀ ਹੈ ਕਿਉਂਕਿ ਇਸਤਰੀ ਨੂੰ ਮਹਾਂਵਾਰੀ ਤਾਂ ਮਹੀਨੇ ਬਾਅਦ ਤਿੰਨ ਦਿਨ ਲਈ ਹੀ ਆਉਂਦੀ ਹੈ ਪਰ ਬਾਕੀ ਦੇ ਹਰ ਪਲ ਇਸਤਰੀ ਪੁਰਸ਼ਾਂ ਦੋਵਾਂ ਦੇ ਨੌ ਦੁਆਰੇ ਤਾਂ ਹਮੇਸ਼ਾਂ ਅਪਵਿੱਤਰ ਹੀ ਰਹਿੰਦੇ ਹਨ। ਇੱਥੋਂ ਤੱਕ ਕਿ ਮਨੁਖ ਦੇ ਸਮੁੱਚੇ ਸਰੀਰ ਵਿੱਚੋਂ ਹਰ ਪਲ ਪਸੀਨਾ ਨਿਕਲਦਾ ਰਹਿੰਦਾ ਹੈ ਜਿਸ ਕਾਰਣ ਸਰੀਰ ਵੀ ਹਮੇਸ਼ਾਂ ਗੰਦਾ ਹੋਇਆ ਰਹਿੰਦਾ ਹੈ। ਫਿਰ ਮਨੁਖ ਵੀ ਉਤਨਾ ਹੀ ਅਪਵਿੱਤਰ ਹੋਇਆ ਰਹਿੰਦਾ ਹੈ ਜਿਤਨਾ ਕਿ ਇਸਤਰੀ। ਇਸ ਹਿਸਾਬ ਨਾਲ ਤਾਂ ਕੋਈ ਵੀ ਮਨੁੱਖ ਕਦੀ ਵੀ ਪਵਿੱਤਰ ਨਹੀ ਹੋ ਸਕਦਾ।

ਸੋ, ਗੱਲ ਕੁਦਰਤੀ ਕਿਰਿਆ ਕਾਰਣ ਅਪਵਿੱਤਰ ਹੋਣ ਦੀ ਨਹੀਂ ਬਲਕਿ ਸਫਾਈ ਰੱਖਣ ਦੀ ਹੈ। ਹਰ ਔਰਤ ਜਿਹੜੀ ਵੀ ਗੁਰੂ ਦੀ ਹਜੂਰੀ ਵਿੱਚ ਹਾਜਰੀ ਭਰਨ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਕੇ ਪਾਠ ਕਰਨ ਆਉਂਦੀ ਹੈ ਉਸ ਨੂੰ ਘੱਟ ਤੋਂ ਘੱਟ ਇਤਨੀ ਤਾਂ ਸੂਝ ਹੁੰਦੀ ਹੀ ਹੈ ਕਿ ਉਹ ਸਫਾਈ ਕਰਕੇ ਹੀ ਆਉਂਦੀ ਹੈ ਇਸ ਲਈ ਕਿਸੇ ’ਤੇ ਰੋਕ ਲਾਉਣੀ ਗੁਰਮਤਿ ਦੇ ਬਿਲਕੁਲ ਉਲਟ ਹੈ। ਜਿਹੜੇ ਵੀਰ ਗੁਰਬਾਣੀ ਦੇ ਸ਼ਨਾਤਨੀ ਅਰਥ ਕਰਕੇ ਬੀਬੀਆਂ ਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠਣ, ਦਰਬਾਰ ਸਾਹਿਬ ਜੀ ਵਿਖੇ ਕੀਰਤਨ ਕਰਨ, ਪੰਜ ਪਿਆਰਿਆਂ ਵਿੱਚ ਸ਼ਾਮਲ ਹੋਣ ਜਾਂ ਕੋਈ ਹੋਰ ਸੇਵਾ ਨਿਭਾਉਣ ’ਤੇ ਰੋਕ ਲਾਏ ਜਾਣ ਦੀ ਵਕਾਲਤ ਕਰਦੇ ਹਨ ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਭਗਤ ਕਬੀਰ ਸਾਹਿਬ ਜੀ ਦਾ ਇਹ ਸ਼ਬਦ ਚੇਤੇ ਰੱਖਣਾ ਚਾਹੀਦਾ ਹੈ:

“ਮਾਤਾ ਜੂਠੀ ਪਿਤਾ ਭੀ ਜੂਠਾ, ਜੂਠੇ ਹੀ ਫਲ ਲਾਗੇ ॥ ਆਵਹਿ ਜੂਠੇ ਜਾਹਿ ਭੀ ਜੂਠੇ, ਜੂਠੇ ਮਰਹਿ ਅਭਾਗੇ ॥੧॥ ਕਹੁ ਪੰਡਿਤ ! ਸੂਚਾ ਕਵਨੁ ਠਾਉ ॥ ਜਹਾਂ ਬੈਸਿ, ਹਉ ਭੋਜਨੁ ਖਾਉ ॥੧॥ ਰਹਾਉ ॥ ਜਿਹਬਾ ਜੂਠੀ ਬੋਲਤ ਜੂਠਾ, ਕਰਨ ਨੇਤ੍ਰ ਸਭਿ ਜੂਠੇ ॥ ਇੰਦ੍ਰੀ ਕੀ ਜੂਠਿ ਉਤਰਸਿ ਨਾਹੀ, ਬ੍ਰਹਮ ਅਗਨਿ ਕੇ ਲੂਠੇ ॥੨॥ ਅਗਨਿ ਭੀ ਜੂਠੀ, ਪਾਨੀ ਜੂਠਾ, ਜੂਠੀ ਬੈਸਿ ਪਕਾਇਆ ॥ ਜੂਠੀ ਕਰਛੀ ਪਰੋਸਨ ਲਾਗਾ, ਜੂਠੇ ਹੀ ਬੈਠਿ ਖਾਇਆ ॥੩॥ ਗੋਬਰੁ ਜੂਠਾ ਚਉਕਾ ਜੂਠਾ, ਜੂਠੀ ਦੀਨੀ ਕਾਰਾ ॥ ਕਹਿ ਕਬੀਰ, ਤੇਈ ਨਰ ਸੂਚੇ, ਸਾਚੀ ਪਰੀ ਬਿਚਾਰਾ ॥੪॥”


ਮੈਡੀਕਲ ਸਾਇੰਸ ਦੀ ਉਦਾਹਰਣ ਨੂੰ ਭਾਈ ਰੰਧਾਵਾ ਜੀ ਦੇ ਨਾਲ ਆਏ ਇੱਕ ਸਮਰਥਕ ਨੇ ਗੁਰਬਾਣੀ ਦੀ ਇਸ ਤੁਕ ਦਾ ਹਵਾਲਾ ਦੇ ਕੇ ਰੱਦ ਕੀਤਾ: “ਮੁਕਤਿ ਨਹੀ, ਬਿਦਿਆ ਬਿਗਿਆਨਿ ॥” ਇਸ ਤੁਕ ਵਿੱਚ ਉਹ ਸਮਰਥਕ ਆਪਣੇ ਵੱਲੋਂ ‘ਬਿਗਿਆਨਿ’ ਦੇ ਅਰਥ ‘ਵਿਗਿਆਨ’ ਭਾਵ ‘ਸਾਇੰਸ’ ਕਰਦਾ ਸੀ ਜਦੋਂ ਕਿ ਪ੍ਰੋ: ਸਾਹਿਬ ਸਿੰਘ ਜੀ ਨੇ ਇਸ ਦੇ ਅਰਥ ਇਸ ਤਰ੍ਹਾਂ ਕੀਤੇ ਹਨ:-

ਗਿਆਨਿ = ਗਿਆਨ ਵਿਚ। ਬਿਗਿਆਨਿ = ਬਿਨਾਂ-ਗਿਆਨ ਤੋਂ = ਗਿਆਨ-ਹੀਨਤਾ ਵਿਚ। ਬਿਦਿਆ = ਆਤਮਕ ਵਿੱਦਿਆ। ਬਿਦਿਆ ਬਿਗਿਆਨੀ = ਆਤਮਕ ਵਿੱਦਿਆ ਦੀ ਸੂਝ ਤੋਂ ਬਿਨਾ।

ਫਰੀਦਕੋਟੀ ਟੀਕੇ ਵਿੱਚ ਇਸ ਤੁਕ ਦੇ ਅਰਥ ਇਸ ਤਰ੍ਹਾਂ ਕੀਤੇ ਹਨ: “ਪਰੰਤੂ ਬਿਗ੍ਯਾਨ ਬਿਦ੍ਯਾ ਸੇ ਬਿਨਾ ਮੁਕਤੀ ਪ੍ਰਾਪਤਿ ਨਹੀਂ ਹੋਤੀ॥”

ਸੋ, ਇਸ ਤੋਂ ਪਤਾ ਲਗਦਾ ਹੈ ਕਿ ਗੁਰਬਾਣੀ ਦੀ ਫ਼ਿਲਾਸਫ਼ੀ ਭਾਵ ਗੁਰਮਤਿ ਸਮਝੇ ਤੋਂ ਬਿਨਾਂ ਹੀ ਸੰਪ੍ਰਦਾਈ ਲੋਕ ਸਿਰਫ ਅੱਖਰੀਂ ਅਰਥ ਕਰਕੇ ਅਰਥਾਂ ਦੇ ਅਨਰਥ ਕਰਕੇ ਸੰਗਤਾਂ ਵਿੱਚ ਦੁਬਿਧਾ ਪੈਦਾ ਕਰ ਰਹੇ ਹਨ।

ਦੋ ਦਿਨਾਂ ਦੇ ਚਲਦੇ ਵਿਵਾਦ ਦੌਰਾਨ ਰੰਧਾਵਾ ਜੀ ਇਹ ਤਾਂ ਮੰਨਣ ਲੱਗ ਪਏ ਕਿ ਉਨ੍ਹਾਂ ਔਰਤ ਨੂੰ ਅਪਵਿੱਤਰ ਨਹੀਂ ਕਿਹਾ ਪਰ ਮਹਾਂਵਾਰੀ ਦੀ ਕਿਰਿਆ ਨੂੰ ਅਪਵਿੱਤਰ ਕਿਹਾ ਹੈ। ਜੇ ਗੱਲ ਸਹੀ ਹੈ ਤਾਂ ਉਨ੍ਹਾਂ ਵੱਲੋਂ ਹੀ ਦਿੱਤੇ ਪ੍ਰਮਾਣ “ਨਵੇ ਛਿਦ੍ਰ ਸ੍ਰਵਹਿ, ਅਪਵਿਤ੍ਰਾ ॥” ਅਨੁਸਾਰ ਇਹ ਅਪਵਿੱਤਰਤਾ ਤਾਂ ਇਸਤਰੀ ਪੁਰਸ਼ਾਂ ਦੋਵਾਂ ਵਿੱਚ ਹੀ ਹਰ ਸਮੇਂ ਬਣੀ ਰਹਿੰਦੀ ਹੈ ਫਿਰ ਸਿਰਫ ਔਰਤਾਂ ’ਤੇ ਪਾਬੰਦੀ ਕਿਉਂ?

ਭਾਈ ਹਰੀ ਸਿੰਘ ਜੀ ਰੰਧਾਵਾ ਇੱਕ ਨੌਜਵਾਨ ਭੁਪਿੰਦਰ ਸਿੰਘ ਦੇ ਇਸ ਸਵਾਲ ਦਾ ਜਵਾਬ ਵੀ ਨਹੀਂ ਦੇ ਸਕੇ ਕਿ ਜੇ ਅੰਦਰੂਨੀ ਕਪੜਿਆਂ ਨੂੰ ਖੂਨ ਦੇ ਦਾਗ ਲੱਗਣ ਕਾਰਣ ਹੀ ਔਰਤ ਅਪਵਿੱਤਰ ਹੋ ਜਾਂਦੀ ਹੈ ਤੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਨਹੀਂ ਬੈਠ ਸਕਦੀ ਤਾਂ ਜੇਕਰ ਮਰਦ ਦੇ ਸਰੀਰ ’ਤੇ ਕੋਈ ਜਖ਼ਮ ਹੋ ਜਾਣ ਕਰਕੇ ਖੂਨ ਸਿਮਦਾ ਹੋਵੇ ਤਾਂ ਕੀ ਉਹ ਪੱਟੀ ਬੰਨ੍ਹ ਕੇ ਤਾਬਿਆ ਬੈਠ ਸਕਦਾ ਹੈ ਜਾਂ ਨਹੀਂ ? ਦੂਸਰਾ ਸਵਾਲ ਕੇ ਪਾਥੀਆਂ, ਜੋ ਪਸ਼ੂਆਂ ਦੇ ਮਲ ਮੂਤਰ ਤੋਂ ਬਣੀਆਂ ਹਨ, ’ਚੋਂ ਕਿਸੇ ਉਚੀ ਆਤਮਿਕ ਅਵਸਥਾ ਵਾਲੇ ਵਿਅਕਤੀ ਨੂੰ ‘ਵਾਹਿਗੁਰੂ ਵਾਹਿਗੁਰੂ’ ਸ਼ਬਦ ਸੁਣਾਈ ਦੇ ਸਕਦਾ ਹੈ ਤਾਂ ਮਹਾਂਵਾਰੀ ਦੇ ਦਿਨਾਂ ਵਿੱਚ ਇੱਕ ਔਰਤ ਵਿੱਚੋਂ ਉਸ ਵਿਅਕਤੀ ਨੂੰ ਉਹ ਪਵਿੱਤਰਤਾ ਕਿਉਂ ਵਿਖਾਈ ਨਹੀਂ ਦਿੰਦੀ ਜਦੋਂ ਕਿ ਸਾਡੀਆਂ ਮਾਤਾਵਾਂ ਨੂੰ ਮਹਾਂਵਾਰੀ ਆਉਣ ਕਰਕੇ ਹੀ ਮੇਰੇ, ਤੁਹਾਡੇ ਸਮੇਤ ਹਰ ਵਿਅਕਤੀ ਦੀ ਹੋਂਦ ਵਜੂਦ ਵਿੱਚ ਆਈ ਹੈ।

ਸਿੱਖ ਆਵਾਜ਼ : ਭਰਾ, ਇਹ ਮਰਦ ਔਰਤ ਦਾ ਸਵਾਲ ਨਹੀ, ਤੇ ਬੰਦੇ ਨੂੰ ਬਾਬਾਸੀਰ ਹੋ ਜਾਵੇ ਤਾ ਓਹ ਗੱਲ ਭੀ ਕਪੜੇ ਨੂੰ ਪਲੀਤ ਕਰ ਦਿੰਦੀ ਹੈ| ਇਹੀ ਨਹੀ, ਜੇ ਕਿਸੇ ਬੰਦੇ ਨੂੰ nocturnal (semen) emission ਹੋ ਜਾਵੇ, ਤਾਂ ਫਿਰ ਉਸਦੇ ਕਪੜੇ ਪਲੀਤ ਹੋ ਜਾਂਦੇ ਨੇ| ਗੁਰਬਾਣੀ ਵਿਚ ਤਾਂ ਕਿਹਾ ਹੈ ਕਿ ਪਿਸ਼ਾਬ ਤੇ ਖੂਨ ਕਪੜੇ ਨੂੰ ਪਲੀਤ ਕਰਦੇ ਨੇ, ਤਾ ਫਿਰ ਅਸੀਂ ਇਸ ਗੱਲ ਨੂੰ ਕਿਓਂ ਨਹੀ ਮਨ ਰਹੇ?? ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ ॥ (ਜੇ ਖੂਨ ਕਪੜੇ ਨੂੰ ਲੱਗ ਜਾਵੇ ਤਾਂ ਉਹ ਜਾਮਾ ਪਲੀਤ ਹੋ ਜਾਂਦੇ ਨੇ) ਮੂਤ ਪਲੀਤੀ ਕਪੜੁ ਹੋਇ ॥ (ਪਿਸ਼ਾਬ ਕਪੜੇ ਨੂੰ ਪਲੀਤ ਕਰਦਾ ਹੈ)

ਕਿਰਪਾਲ ਸਿੰਘ : ਵੀਰ ਜੀ ਤੁਹਾਡੀ ਪਹਿਲੀ ਮੁਸ਼ਕਲ ਤਾਂ ਇਹ ਹੈ ਕਿ ਤੁਸੀਂ ਸਰੀਰਕ ਸਫਾਈ ਅਤੇ ਸਰੀਰਕ ਅਪਵਿੱਤਰਤਾ ਦੇ ਫਰਕ ਨੂੰ ਨਹੀਂ ਸਮਝ ਰਹੇ। ਦੂਸਰੀ ਗੱਲ ਹੈ ਕਿ ਜੇ ਤੁਹਾਡੀ ਮੰਨ ਵੀ ਲਈਏ ਕਿ ਜੇ ਬੰਦੇ ਨੂੰ ਬਵਾਸੀਰ ਹੋ ਜਾਵੇ, nocturnal (semen) emission ਹੋ ਜਾਵੇ, ਜਾਂ ਕਪੜਿਆਂ ਨੂੰ ਪਿਸ਼ਾਬ ਲੱਗ ਜਾਵੇ ਤਾਂ ਫਿਰ ਉਸਦੇ ਕਪੜੇ ਪਲੀਤ ਹੋ ਜਾਂਦੇ ਨੇ; ਵੀਰ ਜੀ ਇੇਹ ਦੱਸੋ ਕੀ ਅੱਜ ਤੱਕ ਕਿਸੇ ਡੇਰੇਦਾਰ ਪ੍ਰਚਾਰਕ ਨੇ ਕਿਸੇ ਬੰਦੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠਣ ਤੋਂ ਦਰਬਾਰ ਸਾਹਿਬ ‘ਚ ਕੀਰਤਨ ਕਰਨ ਤੋਂ, ਪੰਜਾਂ ਪਿਆਰਿਆਂ ‘ਚ ਸੇਵਾ ਨਿਭਾਉਣ ਤੋਂ ਜਾਂ ਕਿਸੇ ਹੋਰ ਸੇਵਾ ਕਰਨ ਤੋਂ ਰੋਕਿਆ ਹੈ ਕਿਉਂਕਿ ਬਵਾਸੀਰ ਤਾਂ ਚਲੋਂ ਕਿਸੇ ਵਿਰਲੇ ਵਿਅਕਤੀ ਨੂੰ ਹੋਵੇਗੀ nocturnal (semen) emission ਅਤੇ ਪਿਸ਼ਾਬ ਨਾਲ ਤਾਂ ਹਰ ਬੰਦੇ ਦੇ ਕਪੜੇ ਹੀ ਪਲੀਤ ਹੋ ਸਕਦੇ ਹਨ। ਪਿਸ਼ਾਬ ਕਰਨ ਸਮੇਂ ਮਨੁੱਖ ਕਿਤਨਾ ਵੀ ਧਿਆਨ ਰੱਖੇ ਪਿਸ਼ਾਬ ਦੇ ਇੱਕ ਦੋ ਛਿੱਟੇ ਕਛਿਹਰੇ ਨੂੰ ਲੱਗ ਹੀ ਹਨ। ਜੇ ਤੁਹਾਡਾ ਕਹਿਣਾ ਹੈ ਕਿ ਇਨ੍ਹਾਂ ਕਿਰਿਆਵਾਂ ਕਾਰਨ ਜਿਸ ਮਰਦ ਦੇ ਕਪੜੇ ਪਲੀਤ ਹੋਏ ਹੁੰਦੇ ਹਨ ਉਹ ਖੁਦ ਹੀ ਸੇਵਾ ‘ਚ ਸ਼ਾਮਲ ਨਹੀਂ ਹੁੰਦਾ ਤਾਂ ਕੀ ਇਹ ਗੱਲ ਬੀਬੀਆਂ ‘ਤੇ ਨਹੀਂ ਢੁਕਦੀ ਕਿ ਜਿਸ ਨੂੰ ਮਾਸਕ ਧਰਮ ਆਇਆ ਹੁੰਦਾ ਹੈ ਉਹ ਖੁਦ ਹੀ ਸੇਵਾ ‘ਚ ਸ਼ਾਮਲ ਨਹੀਂ ਹੁੰਦੀਆਂ। ਕੀ ਤੁਸੀਂ ਬੀਬੀਆਂ ਨੂੰ ਤੁਸੀਂ ਇਨੀਆਂ ਬੁੱਧੀਹੀਣ, ਬੇਸਮਝ ਅਤੇ ਅਗਿਆਨਣਾਂ ਸਮਝਦੇ ਹੋ ਕਿ ੳੁਨ੍ਹਾਂ ਨੂੰ ਇਹ ਪਤਾ ਹੀ ਨਹੀਂ ਚਲਦਾ ਕਿ ਉਨ੍ਹਾਂ ਨੂੰ ਮਾਸਕ ਧਰਮ ਆਉਣ ਸਦਕਾ ਉਨ੍ਹਾਂ ਦੇ ਕਪੜੇ ਮਲੀਨ ਹੋ ਚੁੱਕੇ ਹਨ?

ਸਿੱਖ ਆਵਾਜ਼ : ਗੁਰਬਾਣੀ ਵਿਚ ਤਾਂ ਸਾਫ਼ ਲਿਖਿਆ ਹੈ, ਕਿ ਪਿਸ਼ਾਬ ਤੇ ਖੂਨ ਕਪੜੇਆਂ ਨੂੰ ਪਲੀਤ ਕਰਦੇ ਨੇ| ਤੇ ਇਹ ਤਾਂ common sense ਵਾਲੀ ਗੱਲ ਹੀ ਹੈ ਕਿ ਤਾਬੀਆਂ ਦੀ, ਪੰਜਾ ਪਿਆਰਿਆਂ ਦੀ ਸੇਵਾ ਪਲੀਤ ਹੋਏ ਕਪੜੇਆਂ ਨਾਲ ਨਹੀ ਕਰੀ ਦੀ| ਤੁਸੀਂ ਸ੍ਰੀ ਦਰਬਾਰ ਸਾਹਿਬ ਦੀ ਮਰਿਆਦਾ ਬਾਰੇ ਸਵਾਲ ਪੁਛਿਆ ਹੈ, ਜੁਵਾਬ ਇਹ ਹੈ ਕਿ ਉਥੇ ਭੀ ਇਹ ਮਰਿਆਦਾ ਹੈ ਕਿ ਤਾਬੀਆਂ ਦੀ ਸੇਵਾ ਕਰਨ ਵਾਲੇ ਗ੍ਰੰਥੀ ਸਿੰਘ ਨੂੰ ਸਾਫ਼ ਕਪੜੇ ਪਿਹਨਣੇ ਪੈਂਦੇ ਹਨ| ਜੇ ਉਹ ਗ੍ਰੰਥੀ ਸਿੰਘ ਨੂੰ ਪਿਸ਼ਾਬ ਆ ਜਾਏ ਤਾਂ ਉਸਨੂੰ ਦੁਬਾਰਾ ਇਸ਼ਨਾਨ ਕਰਕੇ ਫਿਰ ਤੋਂ ਓਹ ਕਪੜੇ ਪਿਹਨਣੇ ਪੈਂਦੇ ਹਨ ਜਿਸਨੂ ਪਿਸ਼ਾਬ ਨਾ ਲਗਾ ਹੋਵੇ| ਜਿਹੜੀ ਰਹਿਤ ਬੰਦਿਆਂ ਤੇ ਲਾਗੂ ਹੁੰਦੀ ਹੈ, ਉਹੀ ਔਰਤਾਂ ਤੇ ਭੀ ਲਾਗੂ ਹੁੰਦੀ ਹੈ|

ਕਿਰਪਾਲ ਸਿੰਘ : ਵੀਰ ਜੀ ! ਸਾਡਾ ਸਵਾਲ ਇਹ ਹੈ ਕਿ ਜਿਸ ਤਰ੍ਹਾਂ ਮਰਦ ਦੁਬਾਰਾ ਇਸ਼ਨਾਨ ਕਰਕੇ ਤਬਿਆ ਬੈਠ ਸਕਦੇ ਹਨ ਕੀ ਉਸੇ ਤਰ੍ਹਾਂ ਇਸਤਰੀਆਂ (ਜਿਨ੍ਹਾਂ ਦਾ ਤਿੰਨ ਦਿਨਾਂ ਮਾਸਕ ਧਰਮ ਦਾ ਸਮਾਂ ਸਮਾਪਤ ਹੋ ਚੁਕਿਆ ਹੈ; ਜਾਂ ਗਰਭਵਤੀ ਹੋਣ ਕਰਕੇ ਮਾਸਕ ਧਰਮ ਆਉਣਾ ਬੰਦ ਹੋ ਗਿਆ ਹੈ; ਜਾਂ ਉਨ੍ਹਾਂ ਦੀ ਉਮਰ ੪੫-੫੦ ਸਾਲ ਤੋਂ ਉਪਰ ਹੋ ਜਾਣ ਕਰਕੇ ਮਾਸਕ ਧਰਮ ਆਉਣਾ ਬੰਦ ਹੋ ਗਿਆ ਹੈ ਕੀ ਉਹ) ਇਸ਼ਨਾਨ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆਂ ਬੈਠ ਸਕਦੀਆਂ ਹਨ ਅਤੇ ਪੰਜਾ ਪਿਆਰਿਆਂ ਦੀ ਸੇਵਾ ਨਿਭਾ ਸਕਦੀਆਂ ਹਨ ਜਾਂ ਨਹੀਂ??

ਸਿੱਖ ਆਵਾਜ਼ : ਜੀ ਹਾਂ, ਜੇ ਕੋਈ ਇਸਤਰੀ ਇਸ਼ਨਾਨ ਕਰ ਲਵੇ, ਤਾਂ ਉਹ ਭੀ ਤਾਬਿਆਂ ਦੀ ਸੇਵਾ ਨਿਭਾ ਸਕਦੀ ਹੈ| ਰਿਹਤ ਦੋਨਾਂ ਲਈ ਇਕ ਬਰਾਬਰ ਹੈ|

ਕਿਰਪਾਲ ਸਿੰਘ : ਧੰਨਵਾਦ ਜੀ ਹੁਣ ਤੁਸੀਂ ਸਹੀ ਜਵਾਬ ਦਿੱਤਾ ਹੈ। ਹੁਣ ਤੁਸੀਂ ਇਹੀ ਗੱਲ ਰੰਧਾਵਾ ਜੀ ਸਮੇਤ ਸੰਤ ਸਮਾਜ ਅਤੇ ਜਥੇਦਾਰਾਂ ਨੁੰ ਸਮਝਾ ਦੇਵੋ ਕਿ ਉਹ ਦਰਬਾਰ ਸਾਹਿਬ ‘ਚ ਬੀਬੀਆਂ ਵੱਲੋਂ ਗ੍ਰੰਥੀ, ਕੀਰਤਨ, ਪੰਜ ਪਿਆਰਿਆਂ ਅਤੇ ਹੋਰ ਸੇਵਾਵਾਂ ਨਿਭਾੳੁਣ ਦੀ ਆਗਿਆ ਦੇਣ ਦਾ ਵਿਰੋਧ ਕਰਕੇ ਨਿੱਤ ਨਵੇਂ ਵਿਵਾਦਾਂ ਨੂੰ ਜਨਮ ਦੇਣ ਤੋਂ ਸੰਕੋਚ ਕਰਨ ਜੀ। ਸਗੋਂ ਕੌਮ ਦੇ ਆਗੂਆਂ ਵਜੋ ਸਹੀ ਰੋਲ ਨਿਭਾਉਂਦੇ ਹੋਏ ਖ਼ੁਦ ਪਹਿਲ ਕਰਕੇ ਬੀਬੀਆਂ ਨੂੰ ਹਰ ਤਰ੍ਹਾਂ ਦੀ ਸੇਵਾ ਨਿਭਾਉਣ ਦੀਆਂ ਹੱਕਦਾਰ ਹੋਣ ਦਾ ਐਲਾਨ ਕਰਨ।

ਸਿੱਖ ਆਵਾਜ਼ : ਜੀ ਹਾਂ, ਇਥੇ ਮੈ ਤੁਹਾਡੇ ਨਾਲ ਸਿਹਮਤ ਹਾਂ| ਇਸ ਮਸਲੇ ਵਿਚ ਦੋਨਾਂ ਧਿਰਾਂ ਨੇ ਸਟੈਂਡ ਲਿਆ, ਪਰ ਪੂਰਨ ਸਚ ਦੋਨਾ ਪਾਸ ਨਹੀ| ਸੰਤ ਸਮਾਜ ਦੀ ਇਹ ਗਲਤੀ ਹੈ ਕਿ ਉਹ ਮਾਹਵਾਰੀ ਦੀ ਕ੍ਰਿਯਾ ਨੂੰ ਲੈਕੇ ਇਹ ਨਾ ਆਖਣ ਕਿ ਔਰਤ ਬਿਲਕੁਲ ਭੀ ਨਾ ਤਾਬਿਆਂ ਦੀ ਸੇਵਾ ਕਰਨ ਕਿਓਂਕਿ ਮਾਹਵਾਰੀ ਦੀ ਕ੍ਰਿਯਾ ਬੱਸ ਕੁਛ ਦਿਨਾ ਲਈ ਹੁੰਦੀ ਹੈ| ਤੇ ਦੂਜੇ ਪਾਸੇ ਮਿਸ਼ਨਰੀ ਵੀਰ ਭੀ ਇਹ ਨਾ ਆਖਣ ਦੀ ਮਾਹਵਾਰੀ ਦਾ ਕੋਈ ਫਰਕ ਹੀ ਨਹੀ, ਤੇ ਔਰਤ ਲਹੂ ਨਾਲ ਪਲੀਤ ਹੋਏ ਕਪੜੇਆਂ ਸਮੇਤ ਤਾਬਿਆਂ ਤੇ ਬੈਠੇ, ਇਹ ਭੀ ਜ਼ਿਦ ਗਲਤ ਹੈ| ਇਹ ਮੇਰਾ ਨਿਜੀ ਖਿਆਲ ਹੈ| ਜਿਦਰ ਤਕ ਦਰਬਾਰ ਸਾਹਿਬ ਦੀ ਗੱਲ ਹੈ, ਜੇ ਇਤਿਹਾਸ ਫੋਲਿਆ ਜਾਵੇ, ਤਾ ਇਕ ਭੀ ਮਿਸਾਲ ਨਹੀ ਮਿਲਦੀ ਜਦੋਂ ਔਰਤ ਨੇ ਤਾਬੀਆਂ ਦੀ ਸੇਵਾ ਨਿਭਾਈ ਹੋਵੇ| ਸ਼ਾਇਦ ਇਸੇ ਵਾਸਤੇ ਇਸ ਗੱਲ ਵਿਚ ਵਾਦ ਵਿਵਾਦ ਹੈ| ਪਿਹਲੇ ਦਿਨ ਗੁਰਦੁਆਰੇ ਵਿਚ ਜੋ ਜਲੂਸ ਮਿਸ਼ਨਰੀਆਂ ਨੇ ਕੀਤਾ, ਉਹ ਸਚ ਮੁਚ ਆਪਣੇ ਵਿਚ ਹੀ ਇਕ ਨਮੂਨਾ ਬਣਕੇ ਰਹਿ ਗਿਆ ਹੈ| ਕਿਸੇ ਮਸਲੇ ਨੂੰ ਸੁਲਝਾਉਣ ਲਈ, ਗੱਲ ਕਰਨ ਦਾ ਭੀ ਕੋਈ ਤਰੀਕਾ ਹੁੰਦਾ ਹੈ| ਪਰ ਗੁਰਦਵਾਰੇ ਵਿਚ ਉਚੀ ਉਚੀ ਰੌਲਾ ਪਾਉਣਾ, ਸੰਗਤ ਨੂੰ ਧਕੇ ਮਾਰਨੇ, ਇਸ ਤਰ੍ਹਾ ਤਾਂ ਜਾਨਵਰ ਭੀ ਨਹੀ ਕਰਦੇ| ਜੇ ਤੁਹਾਡੇ ਤੇ ਮੇਰੇ ਵਰਗੇ ਬੰਦੇ ਜਿਆਦਾ ਹੋਣ ਤਾਂ ਕੋਈ ਭੀ ਮਸਲਾ ਹੱਲ ਹੋ ਸਕਦਾ ਹੈ|

ਕਿਰਪਾਲ ਸਿੰਘ : ਧੰਨਵਾਦ ਜੀ। ਤੁਹਾਡੇ ਵੀਚਾਰ ਕਾਫੀ ਹੱਦ ਤੱਕ ਮੇਰੇ ਨਾਲ ਮਿਲਦੇ ਨਜ਼ਰ ਆ ਰਹੇ ਹਨ। ਪਰ ਮੈਂ ਤੁਹਾਡੇ ਇਸ ਕਥਨ ਨਾਲ ਬਿਲਕੁਲ ਸਹਿਮਤ ਨਹੀਂ ਹਾਂ ਕਿ ਮਿਸ਼ਨਰੀ ਇਹ ਜ਼ਿਦ ਕਰ ਰਹੇ ਹਨ ਕਿ ਔਰਤ ਲਹੂ ਨਾਲ ਪਲੀਤ ਹੋਏ ਕਪੜਿਆਂ ਸਮੇਤ ਤਾਬਿਆ ‘ਤੇ ਬੈਠੇ। ਮੈਂ ਖ਼ੁਦ ਮਿਸ਼ਨਰੀ ਵਰਗ ਵਿੱਚੋਂ ਹਾਂ ਨਾਂ ਮੈ ਖ਼ੁਦ ਇਹ ਗੱਲ ਕਦੀ ਕਹੀ ਜਾਂ ਲਿਖੀ ਹੈ ਅਤੇ ਨਾ ਹੀ ਕਿਸੇ ਹੋਰ ਮਿਸ਼ਨਰੀ ਵਿਦਵਾਨ ਦੇ ਮੂੰਹੋਂ ਕਦੀ ਇਹ ਸ਼ਬਦ ਸੁਣੇ ਹਨ। ਸਰੀਰਕ ਸਫਾਈ ਰੱਖਣ ਦਾ ਮਿਸ਼ਨਰੀਆਂ ਨੇ ਕਦੀ ਵੀ ਵਿਰੋਧ ਨਹੀਂ ਕੀਤਾ ਉਹ ਸਿਰਫ ਸੰਪ੍ਰਦਾਈ ਪ੍ਰਚਾਰਕਾਂ ਵੱਲੋਂ ਜੋ ਸਫਾਈ ਨੂੰ ਪਵਿੱਤਰਤਾ ਵਜੋਂ ਪ੍ਰਚਾਰਿਆ ਜਾ ਰਿਹਾ ਹੈ ਉਸ ਦਾ ਮਿਸ਼ਨਰੀ ਇਸ ਦਲੀਲ ਨਾਲ ਵਿਰੋਧ ਕਰਦੇ ਹਨ ਕਿ ਨਿਰੰਕਾਰ ਅਕਾਲ ਪੁਰਖ਼ ਦੇ ਨਾਮ ਤੋਂ ਬਿਨਾਂ ਇਸ ਦੁਨੀਆਂ ਵਿੱਚ ਕੁਝ ਵੀ ਪਵਿੱਤਰ ਨਹੀਂ ਹੈ ਅਤੇ ਕੇਵਲ ਸਰੀਰ ਧੋਣ ਨਾਲ ਕੋਈ ਮਨੁਖ ਪਵਿੱਤਰ ਨਹੀਂ ਹੋ ਸਕਦਾ: “ਮਨਿ ਮੈਲੈ, ਸਭੁ ਕਿਛੁ ਮੈਲਾ; ਤਨਿ ਧੋਤੈ, ਮਨੁ ਹਛਾ ਨ ਹੋਇ ॥” ਇਸ ਦਲੀਲ ਦੇ ਸੰਪ੍ਰਦਾਈ ਲੋਕ ਗਲਤ ਅਰਥ ਕੱਢ ਲੈਂਦੇ ਹਨ ਕਿ ਮਿਸ਼ਨਰੀ ਇਹ ਆਖਦੇ ਹਨ ਕਿ: “ਔਰਤ ਲਹੂ ਨਾਲ ਪਲੀਤ ਹੋਏ ਕਪੜਿਆਂ ਸਮੇਤ ਤਾਬਿਆ ‘ਤੇ ਬੈਠ ਸਕਦੀ ਹੈ।” ਸ਼ਾਇਦ ਇਸੇ ਪ੍ਰਚਾਰ ਤੋਂ ਤੁਸੀਂ ਵੀ ਪ੍ਰਭਾਵਤ ਹੋਏ ਜਾਪਦੇ ਹੋ! ਸੋ ਤੁਹਾਨੂੰ ਮਿਸ਼ਨਰੀਆਂ ਸਬੰਧੀ ਆਪਣੀ ਸੋਚ ਬਦਲਣ ਦੀ ਲੋੜ ਹੈ। ਤੁਹਾਡੀ ਇਸ ਦਲੀਲ ਵਿੱਚ ਵੀ ਕੋਈ ਵਜ਼ਨ ਨਹੀਂ ਹੈ ਕਿ “ਜਿੱਥੋਂ ਤਕ ਦਰਬਾਰ ਸਾਹਿਬ ਦੀ ਗੱਲ ਹੈ, ਜੇ ਇਤਿਹਾਸ ਫੋਲਿਆ ਜਾਵੇ, ਤਾ ਇਕ ਭੀ ਕੋਈ ਮਿਸਾਲ ਨਹੀ ਮਿਲਦੀ ਜਦੋਂ ਔਰਤ ਨੇ ਤਾਬਿਆ ਦੀ ਸੇਵਾ ਨਿਭਾਈ ਹੋਵੇ| ਸ਼ਾਇਦ ਇਸੇ ਵਾਸਤੇ ਇਸ ਗੱਲ ਦਾ ਵਾਦ ਵਿਵਾਦ ਹੈ|” ਵੀਰ ਜੀ ਕੀ ਤੁਸੀਂ ਇਸ ਗੱਲ ਤੋਂ ਮੁਨਕਰ ਹੋ ਸਕਦੇ ਹੋ ਕਿ ਗੁਰੂ ਅਮਰ ਦਾਸ ਜੀ ਨੇ ਪ੍ਰਚਾਰ ਹਿੱਤ 52 ਪੀਹੜੇ ਸਥਾਪਤ ਕੀਤੇ ਸਨ ਜਿਨ੍ਹਾਂ ਦੀਆਂ ਮੁਖੀ ਇਸਤਰੀਆਂ ਬਣਾਈਆਂ ਗਈਆਂ। ਜੇ ਇੱਕ ਗੁਰੂ ਵੱਲੋਂ ਸਥਾਪਤ ਕੀਤੇ ਪ੍ਰਚਾਰ ਕੇਂਦਰ ਦੀ ਮੁਖੀ ਇਸਤਰੀ ਹੋ ਕੇ ਪ੍ਰਚਾਰ ਕਰ ਸਕਦੀ ਹੈ ਤਾਂ ਦੂਸਰੇ ਗੁਰੂ ਵੱਲੋਂ ਸਥਾਪਤ ਕੀਤੇ ਕੇਂਦਰੀ ਅਸਥਾਨ ਦਰਬਾਰ ‘ਚ ਇਸਤਰੀ ਗ੍ਰੰਥੀ ਅਤੇ ਕੀਰਤਨੀਏ ਵਜੋਂ ਸੇਵਾ ਕਿਉਂ ਨਹੀਂ ਨਿਭਾ ਸਕਦੀ ? ਦੂਸਰੀ ਮਿਸਾਲ ਹੈ ਕਿ ਅਸੀਂ ਤੁਸੀਂ ਤਕਰੀਬਨ ਸਾਰੇ ਇਸ ਗੱਲ ਨਾਲ ਸਹਿਮਤ ਹਾਂ ਕਿ 1699 ਦੀ ਵੈਸਾਖੀ ਨੂੰ ਅੰਮ੍ਰਿਤ ਛਕਾਉਣ ਸਮੇਂ ਮਾਤਾ ਸਾਹਿਬ ਕੌਰ ਜੀ ਨੇ ਪਤਾਸੇ ਪਾਏ ਸਨ। ਕੀ ਇਸ ਦੇ ਇਹ ਅਰਥ ਨਹੀਂ ਨਿਕਲਦੇ ਕਿ ਅੰਮ੍ਰਿਤ ਦੀ ਤਿਆਰੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨਾਲ ਮਾਤਾ ਸਾਹਿਬ ਕੌਰ ਵੀ ਸ਼ਾਮਲ ਸੀ ਇਸੇ ਕਾਰਨ ਅੰਮ੍ਰਿਤ ਛਕਾਉਣ ਉਪ੍ਰੰਤ ਅੰਮ੍ਰਿਤ ਅਭਿਲਾਖੀਆਂ ਨੂੰ ਇਹ ਸਿੱਖਿਆ ਦਿੱਤੀ ਜਾਂਦੀ ਹੈ ਕਿ ਅੱਜ ਤੋਂ ਤੁਹਾਡਾ ਧਾਰਮਿਕ ਪਿਤਾ ਗੁਰੂ ਗੋਬਿੰਦ ਸਿੰਘ ਜੀ ਅਤੇ ਧਾਰਮਿਕ ਮਾਤਾ, ਮਾਤਾ ਸਾਹਿਬ ਕੌਰ ਜੀ ਹਨ। ਫਿਰ ਇਸ ਇਤਿਹਾਸਕ ਸਚਾਈ ਨੂੰ ਅੱਖੋਂ ਪਰੋਖੇ ਕਰਕੇ ਅੱਜ ਬੀਬੀਆਂ ‘ਤੇ ਅੰਮ੍ਰਿਤ ਸੰਚਾਰ ਸਮਾਗਮ ਵਿੱਚ ਸ਼ਾਮਲ ਹੋਣ ‘ਤੇ ਪਬੰਦੀ ਕਿਉਂ? ਤੁਸੀ ਕਹਿ ਸਕਦੇ ਹੋ ਕਿ ਪੰਜ ਪਿਆਰਿਆਂ ਦੀ ਚੋਣ ਕਰਨ ਸਮੇਂ ਕਿਸੇ ਵੀ ਬੀਬੀ ਨੇ ਆਪਣੇ ਆਪ ਨੂੰ ਪੇਸ਼ ਨਹੀਂ ਕੀਤਾ। ਜੇ ਇਹ ਗੱਲ ਹੈ ਤਾਂ ਘੱਟ ਤੋਂ ਘੱਟ ਪਤਾਸੇ ਪਾ ਉਣ ਦੀ ਸੇਵਾ ਹੀ ਕਿਸੇ ਬੀਬੀ ਪਾਸੋਂ ਕਰਵਾਈ ਜਾਵੇ। ਦੂਸਰੀ ਗੱਲ ਹੈ ਕਿ ਦਰਬਾਰ ਸਾਹਿਬ ਦੀ ਮਰਯਾਦਾ ਤਾਂ ਪਹਿਲਾਂ ਹੀ ‘ਗੁਰ ਬਿਲਾਸ ਪਾ: 6’ ਦੇ ਕਰਤੇ ਨੇ ਬਿਪ੍ਰਵਾਦ ਦੀ ਭੇਟ ਚੜ੍ਹਾ ਦਿੱਤਾ ਜਦੋਂ ਉਸ ਨੇ ਲਿਖ ਦਿੱਤਾ ਕਿ ਜਿਸ ਸਮੇਂ ਦਰਬਾਰ ਸਾਹਿਬ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ ਤਾਂ ਵਿਸ਼ਨੂੰ ਜੀ ਨੇ ਆ ਦਰਸ਼ਨ ਦਿੱਤੇ ਅਤੇ ਕਿਹਾ ਕਿ ਗੁਰੂ ਅਰਜੁਨ ਮੇਰਾ ਹੀ ਮੰਦਰ ਬਣਾ ਰਿਹਾ ਹੈ। ਇਸ ਵਿੱਚ ਦੇਰ ਰਾਤ ਤੋਂ ਬਾਅਦ ਦਿਨ ਚੜ੍ਹਨ ਤੋਂ ਕੁਝ ਸਮਾਂ ਪਹਿਲਾਂ ਤੱਕ ਮੇਰਾ ਪਹਿਰਾ ਰਹੇਗਾ ਅਤੇ ਉਸ ਤੋਂ ਬਾਅਦ ਗੁਰੂ ਦਾ! ਇਹੋ ਕਾਰਣ ਹੈ ਕਿ ਅਜ ਤਕ ਕੀਰਤਨ ਤਾਂ ਸਵਾ ਪਹਿਰ ਰਾਤ ਰਹਿੰਦੇ ਹੀ ਸ਼ੁਰੂ ਹੋ ਜਾਂਦਾ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਨ ਚੜ੍ਹਨ ਤੋਂ ਥੋਹੜਾ ਚਿਰ ਪਹਿਲਾਂ ਹੀ ਕੀਤਾ ਜਾਂਦਾ ਹੈ ਜਦੋਂ ਕਿ ਮਰਯਾਦਾ ਇਹ ਹੈ ਕਿ ਕੀਰਤਨ ਗੁਰੂ ਦੀ ਹਜੂਰੀ ਵਿੱਚ ਹੀ ਹੋਣਾ ਚਾਹੀਦਾ ਹੈ। ਸਿੱਖ ਨੇ ਮੱਥਾ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਟੇਕਣਾ ਹੁੰਦਾ ਹੈ; ਫਿਰ ਤੁਸੀਂ ਹੀ ਦੱਸੋਂ ਕਿ ਰਾਤ ਢਾਈ ਵਜੇ ਤੋਂ ਸਵੇਰੇ ਤਕਰੀਬਨ ਸਾਢੇ ਪੰਜ ਵਜੇ ਤੱਕ ਦਰਬਾਰ ਸਾਹਿਬ ਵਿੱਚ ਪਹੁੰਚ ਰਹੀ ਸਿੱਖ ਸੰਗਤ ਮੱਥਾ ਕਿਸ ਨੂੰ ਟੇਕ ਰਹੀ ਹੁੰਦੀ ਹੈ ? ਕੀ ਇਹ ਸੱਚ ਨਹੀਂ ਕਿ ਜਿਨ੍ਹਾਂ ਨੇ ਗੁਰ ਬਿਲਾਸ ਪਾ: 6 ਪੜ੍ਹੀ ਸੁਣੀ ਹੋਵੇਗੀ ਉਨ੍ਹਾਂ ਦੇ ਮਨ ਵਿੱਚ ਇਹ ਖ਼ਿਆਲ ਨਹੀਂ ਉਪਜੇਗਾ ਕਿ ਵਿਸ਼ਨੂੰ ਜੀ ਦਾ ਪਹਿਰਾ ਹੋਣ ਕਰਕੇ ਉਹ ਸੂਖਸ਼ਮ ਰੂਪ ਵਿੱਚ ਪੀਹੜਾ ਸਾਹਿਬ ‘ਤੇ ਬਿਰਾਜਮਾਨ ਹਨ ਜਿਨ੍ਹਾਂ ਨੂੰ ਮੱਥਾ ਟੇਕ ਰਹੇ ਹਨ। ਜੇ ਤੁਸੀਂ ਇਸ ਨਾਲ ਸਹਿਮਤ ਨਹੀਂ ਹੋ ਤਾਂ ਦੱਸੋ ਕਿ ਪੀਹੜਾ ਸਾਹਿਬ ਅਤੇ ਉਪਰ ਸੁੰਦਰ ਵਿਛਾਈ ਕਿਸ ਲਈ ਹਨ? ਜੇ ਤੁਸੀ ਗੁਰੂ ਗ੍ਰੰਥ ਸਾਹਿਬ ਜੀ ਲਈ ਮੰਨਦੇ ਹੋ ਤਾਂ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਭੁਲੇਖਾ ਪਾਉਣ ਲਈ ਵਿਛਾਈ ਸਮੇਤ ਪੀਹੜਾ ਸਾਹਿਬ ਉਥੇ ਬਿਲਕੁਲ ਨਹੀਂ ਹੋਣ ਚਾਹੀਦੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਆਉਣ ਤੋਂ ਕੇਵਲ 10-15 ਮਿੰਟ ਪਹਿਲਾਂ ਸ਼ੁਸੋਭਿਤ ਕੀਤੇ ਜਾਣੇ ਚਾਹੀਦੇ ਹਨ। ਇਸ ਤੋਂ ਇਲਾਵਾ ਦਰਬਾਰ ਸਾਹਿਬ ਨੂੰ ਕੱਚੇ ਦੁੱਧ ਨਾਲ ਧੋਣਾ ਵੀ ਨਿਰੋਲ ਬਿਪਰਵਾਦੀ ਮਰਯਾਦਾ ਕਹੀ ਜਾ ਸਕਦੀ ਹੈ ਕਿਉਂ ? ਗੁਰਬਾਣੀ ਵਿੱਚ ਇੱਕ ਵੀ ਉਦਾਹਰਣ ਐਸੀ ਨਹੀਂ ਮਿਲਦੀ ਜਿੱਥੇ ਗੁਰੂ ਸਾਹਿਬ ਜੀ ਨੇ ਕਿਸੇ ਜਗ੍ਹਾ ਨੂੰ ਦੁੱਧ ਨਾਲ ਧੋ ਕੇ ਪਵਿੱਤਰ ਕਰਨ ਦੀ ਗੱਲ ਲਿਖੀ ਹੋਵੇ।

ਸੋ, ਵੀਰ ਜੀ ਲੋੜ ਹੈ ਬਿਪਰਵਾਦੀ ਧਾਰਨਾ ਮੁਤਾਬਿਕ ਇਸਤਰੀਆਂ ਨੂੰ ਪਲੀਤ ਕਹਿਣ ਦਾ ਤਿਆਗ ਕਰਕੇ ਗੁਰਬਾਣੀ ਤੋਂ ਸੇਧ ਲੈ ਕੇ ਉਨ੍ਹਾਂ ਨੂੰ ਮਰਦਾਂ ਦੇ ਬਰਾਬਰ ਦੇ ਹੱਕ ਅਤੇ ਸਨਮਾਨ ਦੇਣ ਦੀ।

ਤੀਸਰੀ ਗੱਲ ਜੋ ਤੁਸੀਂ ਸਰੀ ਦੇ ਗੁਰਦੁਆਰਾ ਸਾਹਿਬ ਵਿੱਚ ਪਹਿਲੇ ਦਿਨ (ਮਿਸ਼ਨਰੀਆਂ ਵੱਲੋਂ) ਜਲੂਸ ਕੱਢਣ ਸਬੰਧੀ ਲਿਖੀ ਹੈ ਨਿਰਸੰਦੇਹ ਉਹ ਬਹੁਤ ਹੀ ਨਿੰਦਣਯੋਗ ਵਰਤਾਰਾ ਸੀ ਜਿਸ ਦੀ ਮੈਂ ਨਿੰਦਾ ਕਰਦਾ ਹਾਂ ਪਰ ਇਸ ਸਾਰੇ ਦਾ ਦੋਸ਼ ਕੇਵਲ ਮਿਸ਼ਨਰੀਆਂ ਨੂੰ ਦੇਣਾ ਸਰਾਸਰ ਗਲਤ ਹੈ। ਕੀ ਇਸ ਲਈ ਪ੍ਰਬੰਧਕ ਅਤੇ ਭਾਈ ਰੰਧਾਵਾ ਜੀ ਬਰਾਬਰ ਦੇ ਦੋਸ਼ੀ ਨਹੀਂ ਹਨ? ਸਵਾਲ ਪੁੱਛਣ ਵਾਲਿਆਂ ਨੂੰ ਤੁਹਾਡੇ ਵੱਲੋਂ ਕੇਵਲ ‘ਮਿਸ਼ਨਰੀ’ ਕਹਿਣ ਨੂੰ ਤੁਸੀਂ ਜਾਇਜ਼ ਕਿਵੇਂ ਠਹਿਰਾ ਸਕਦੇ ਹੋ? ਕੀ ਸਵਾਲ ਪੁੱਛਣ ਵਾਲੇ ਸੰਗਤ ਦਾ ਹਿੱਸਾ ਨਹੀ ਹੋ ਸਕਦੇ? ਸੋ ਰੰਧਾਵਾ ਅਤੇ ਪ੍ਰਬੰਧਕ ਪੱਖੀਆਂ ਨੂੰ ਤੁਹਾਡੇ ਵੱਲੋਂ ਸੰਗਤ ਲਿਖਣਾ ਅਤੇ ਸਵਾਲ ਕਰਨ ਵਾਲਿਆਂ ਨੂੰ ਗੁਰਦੁਆਰਾ ਸਾਹਿਬ ਦੀ ਮਰਯਾਦਾ ਭੰਗ ਕਰਕੇ ਜਲੂਸ ਕੱਢਣ ਵਾਲੇ ‘ਮਿਸ਼ਨਰੀ’ ਲਿਖਣਾ ਅਨਿਆਇ ਪੂਰਬਕ ਹੈ।

ਸਵਾਲ ਕਰਨ ਵਾਲਿਆਂ ਨੇ ਰੰਧਾਵਾ ਜੀ ਦੇ ਆਉਣ ਤੋਂ ਪਹਿਲਾਂ ਪ੍ਰਬੰਧਕਾਂ ਨੂੰ ਲਿਖਤੀ ਸਵਾਲ ਦੇ ਕੇ ਸੂਚਿਤ ਕਰ ਦਿੱਤਾ ਸੀ ਕਿ ਉਨ੍ਹਾਂ ਨੂੰ ਇਨ੍ਹਾਂ ਸਵਾਲਾਂ ਦੇ ਉੱਤਰ ਲੈ ਕੇ ਦਿੱਤੇ ਜਾਣ ਨਹੀਂ ਤਾਂ ਉਹ ਖੁਦ ਸੰਗਤ ਵਿੱਚ ਇਹ ਸਵਾਲ ਪੁੱਛਣਗੇ। ਪ੍ਰਬੰਧਕਾਂ ਵੱਲੋਂ ਸਵਾਲ ਕਰਤਾਵਾਂ ਨੂੰ ਬਿਲਕੁਲ ਹੀ ਨਜ਼ਰ ਅੰਦਾਜ਼ ਕਰਨਾ ਕੀ ਉਨਾਂ ਦੀ ਗਲਤੀ ਨਹੀਂ ਹੈ?

ਸੋ, ਵੀਰ ਜੀ ਤੁਹਾਨੂੰ ਬੇਨਤੀ ਹੈ ਕਿ ਪੱਖਪਾਤੀ ਰੋਲ ਨਿਭਉਣ ਦੀ ਥਾਂ ਆਪਣੇ ਲਿਖੇ ਹੋਏ ਇਨ੍ਹਾਂ ਸ਼ਬਦਾਂ ‘ਤੇ ਪਹਿਰਾ ਦੇਣ ਦੀ ਖੇਚਲ ਕਰੋ ਜਿਸ ਵਿੱਚ ਤੁਸੀਂ ਲਿਖਿਆ ਹੈ: ” ਜੇ ਤੁਹਾਡੇ ਤੇ ਮੇਰੇ ਵਰਗੇ ਬੰਦੇ ਜਿਆਦਾ ਹੋਣ ਤਾਂ ਕੋਈ ਭੀ ਮਸਲਾ ਹੱਲ ਹੋ ਸਕਦਾ ਹੈ|” ਸੋ ਹਿੰਦੂ ਧਰਮ ਤੋਂ ਪ੍ਰਭਾਵਤ ਉਦਾਸੀਆਂ ਤੇ ਨਿਰਮਲਿਆਂ ਵੱਲੋਂ ਪ੍ਰਚਲਤ ਕੀਤੀਆਂ ਬਿਪ੍ਰਵਾਦੀ ਮਰਯਾਦਾਵਾਂ ਨੂੰ ਪ੍ਰੰਪਰਾ ਦਾ ਨਾਮ ਦੇ ਕੇ ਸਿੱਖਾਂ ਦਾ ਹਿੰਦੂਕਰਨ ਵਾਲਿਆਂ ਦਾ ਸਾਥ ਦੇਣ ਦੀ ਵਜ਼ਾਏ ਗੁਰਬਾਣੀ ਤੋਂ ਸੇਧ ਲੈ ਕੇ ਸਿੱਖ ਸੰਗਤਾਂ ਨੂੰ ਜਾਗਰੂਕ ਕਰਕੇ ਪੰਥ ਵਿੱਚ ਸਿਧਾਂਤਕ ਏਕਤ ਵੱਲ ਵਧਣ ਦਾ ਯਤਨ ਕੀਤਾ ਜਾਵੇ ਜੀ।

ਤੀਰਥੁ

0

ਤੀਰਥੁ

ਪ੍ਰੀਤਮ ਸਿੰਘ, ਕਰਨਾਲ 94164-05173

ਭਾਈ ਕਾਹਨ ਸਿੰਘ ਜੀ ਨਾਭਾ ਅਨੁਸਾਰ ਤੀਰਥ ਉਹ ਅਸਥਾਨ ਹੈ, ਜਿਸ ਦੁਆਰਾ ਪਾਪ ਤੋਂ ਬਚ ਜਾਈਏ, ਜਿੱਥੇ ਧਰਮ-ਭਾਵ ਨਾਲ ਲੋਕ ਪਾਪ ਦੂਰ ਕਰਨ ਲਈ ਜਾਣ। ਸੰਸਾਰ ਦੇ ਸਾਰੇ ਮਤਾਂ ਨੇ ਆਪਣੇ ਆਪਣੇ ਨਿਸ਼ਚੇ ਅਨੁਸਾਰ ਅਨੇਕ ਪਵਿਤ੍ਰ ਥਾਂ ਤੀਰਥ ਮੰਨ ਰੱਖੇ ਹਨ। ਕਿਤਨਿਆਂ ਨੇ ਦਰਸ਼ਨ ਅਤੇ ਸਪਰਸ਼ ਮਾਤ੍ਰ ਤੋਂ ਹੀ ਤੀਰਥਾਂ ਨੂੰ ਮੁਕਤਿ ਦਾ ਸਾਧਨ ਨਿਸ਼ਚੇ ਕੀਤਾ ਹੈ। ਗੁਰਮਤਿ ਅਨੁਸਾਰ ਧਰਮ ਦੀ ਘਟਨਾ ਤੋਂ ਕੋਈ ਲਾਭ ਲੈਣ ਲਈ ਤੀਰਥਾਂ ’ਤੇ ਜਾਣਾ ਉੱਤਮ ਹੈ, ਪਰ ਤੀਰਥਾਂ ਦਾ ਮੁਕਤਿ ਨਾਲ ਸਿਧਾ ਕੋਈ ਸੰਬੰਧ ਨਹੀਂ ਹੈ। ਗੁਰੂ ਸਾਹਿਬ ਨੇ ਸੱਚਾ ਤੀਰਥ ਰੱਬੀ ਨਾਮ ਨੂੰ ਦੱਸਿਆ ਹੈ: ‘‘ਤੀਰਥਿ ਨਾਵਣ ਜਾਉ, ਤੀਰਥੁ ਨਾਮੁ ਹੈ॥ ਤੀਰਥੁ ਸਬਦ ਬੀਚਾਰ ਅੰਤਰਿ ਗਿਆਨੁ ਹੈ॥’’ (ਮ:੧/ਅੰਕ ੬੮੭) ਭਾਵ ਗੁਰੂ ਦੇ ਸ਼ਬਦ ਨੂੰ ਵਿਚਾਰ ਮੰਡਲ ਵਿਚ ਟਿਕਾਣਾ ਹੀ ਮੇਰੇ ਵਾਸਤੇ ਤੀਰਥ ਹੈ, ਕਿਉਂਕਿ ਇਸ ਦੀ ਬਰਕਤ ਨਾਲ ਮੇਰੇ ਅੰਦਰ ਪਰਮਾਤਮਾ ਨਾਲ ਡੂੰਘੀ ਸਾਂਝ ਬਣਦੀ ਹੈ। ਜਦੋਂ ਉਸ ਪ੍ਰਭੂ ਨਾਲ ਹੀ ਸਾਂਝ ਬਣ ਗਈ ਤਾਂ ਫਿਰ ਪਾਪਾਂ ਦਾ ਡੇਰਾ ਉੱਠ ਹੀ ਗਿਆ। ਪਾਪ ਕਿੱਥੇ ਰਹਿ ਗਏ?

ਅਸਲ ਵਿਚ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਕੁਝ ਕੁ ਕਰਮ ਮਿਥ ਲਏ ਗਏ ਸਨ ਜਿਨ੍ਹਾਂ ਦੇ ਕਰਨ ਨਾਲ ਕਿਹਾ ਜਾਂਦਾ ਸੀ ਕਿ ਪਾਪ ਨਾਸ ਹੋ ਜਾਂਦੇ ਹਨ ਤੇ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ। ਇਨ੍ਹਾਂ ਕਰਮਾਂ ਦਾ ਜ਼ਿਕਰ ਗੁਰੂ ਸਾਹਿਬ ਨੇ ਜਪੁ ਜੀ ਸਾਹਿਬ ਦੀ ਪਹਿਲੀ ਪਉੜੀ ਵਿਚ ਕੀਤਾ ਹੈ। ‘‘ਸੋਚੈ, ਸੋਚਿ ਨ ਹੋਵਈ, ਜੇ ਸੋਚੀ ਲਖਵਾਰ॥ ’’ ਸਭ ਤੋਂ ਪਹਿਲਾ ਕਰਮ ਗੁਰੂ ਸਾਹਿਬ ਨੇ ਤੀਰਥਾਂ ਤੇ ਨ੍ਹਾੳਣ ਦਾ ਹੀ ਲਿਆ ਹੈ। ਇਹ ਸਮਝ ਲਿਆ ਜਾਂਦਾ ਸੀ ਕਿ ਤੀਰਥ ਉੱਤੇ ਜਾ ਕੇ ਇਸ਼ਨਾਨ ਕਰ ਲੈਣ ਨਾਲ ਮਨੁੱਖ ਦੇ ਪਾਪ ਧੁੱਲ ਜਾਂਦੇ ਹਨ ਤੇ ਉਹ ਪਵਿੱਤਰ ਹੋ ਜਾਂਦਾ ਹੈ। ਮਨ ਕਰ ਕੇ ਵੀ ਅਤੇ ਤਨ ਕਰ ਕੇ ਵੀ। ਗੁਰੂ ਸਾਹਿਬ ਨੇ ਇਸ ਵਿਚਾਰ ਦਾ ਪੁਰਜ਼ੋਰ ਖੰਡਨ ਕੀਤਾ ਹੈ। ਉਹਨਾਂ ਨੇ ਕਿਹਾ ਕਿ ਤੀਰਥਾਂ ਦਾ ਇਸ਼ਨਾਨ ਨਾ ਤਾਂ ਪਾਪ ਨਾਸ ਕਰਦਾ ਹੈ ਤੇ ਨਾ ਹੀ ਪ੍ਰਭੂ ਪ੍ਰਾਪਤੀ ਦਾ ਸਾਧਨ ਮਾਤ੍ਰ ਹੈ। ਇਹ ਵੀ ਆਖਿਆ ਇਹ ਕਰਮ ਪ੍ਰਮਾਤਮਾ ਨੂੰ ਭੀ ਨਹੀਂ ਭਾਉਂਦਾ। ਜੇ ਤੀਰਥ ਉੱਤੇ ਨ੍ਹਾਉਣਾ ਪ੍ਰਮਾਤਮਾ ਨੂੰ ਨਹੀਂ ਚੰਗਾ ਲਗਦਾ ਤਾਂ ਮੈਂ ਉੱਥੇ ਜਾ ਕੇ ਨਹਾ ਕੇ ਕੀ ਕਰਨਾ ਹੈ। ਜਪੁ ਜੀ ਸਾਹਿਬ ਦੀ ਛੇਵੀਂ ਪਉੜੀ ਵਿਚ ਗੁਰੂ ਜੀ ਆਖਦੇ ਹਨ, ‘‘ਤੀਰਥਿ ਨਾਵਾ, ਜੇ ਤਿਸੁ ਭਾਵਾ, ਵਿਣੁ ਭਾਣੇ, ਕਿ ਨਾਇ ਕਰੀ ?॥’’ ਇਸ ਤੋਂ ਇਹ ਤਾਂ ਸਪੱਸ਼ਟ ਹੈ ਕਿ ਗੁਰਮਤਿ ਵਿਚ ਤੀਰਥਾਂ ’ਤੇ ਇਸ਼ਨਾਨ ਕਰਨਾ ਸਿਰਫ਼ ਮਨਮਤ ਹੈ।

ਇਸ਼ਨਾਨ ਨਾਲ ਮਨੁੱਖ ਦਾ ਸਿਰਫ ਤਨ ਹੀ ਸਾਫ਼ ਹੁੰਦਾ ਹੈ। ਮਨ ਜੋ ਸਰੀਰ ਦੇ ਅੰਦਰ ਹੈ ਅਤੇ ਸੂਖਸ਼ਮ (ਸਥੂਲ ਨਹੀਂ) ਹੈ, ਉਹ ਤਨ ਨੂੰ ਸਾਫ ਕਰਨ ਨਾਲ ਸਾਫ ਨਹੀਂ ਹੁੰਦਾ ਭਾਵ ਪਵਿੱਤਰ ਨਹੀਂ ਹੁੰਦਾ। ਮਨ ਤਾਂ ਅਨੇਕਾਂ ਜਨਮਾਂ ਤੋਂ ਪਾਪਾਂ ਨਾਲ, ਵਿਕਾਰਾਂ ਨਾਲ ਮੈਲਾ ਹੋਇਆ ਪਿਆ ਹੈ। ਗੁਰਬਾਣੀ ਫੁਰਮਾਨ ਹੈ: ‘‘ਜਨਮ ਜਨਮ ਕੀ ਇਸ ਮਨ ਕੋ ਮਲੁ ਲਾਗੀ, ਕਾਲਾ ਹੋਆ ਸਿਆਹ॥ ਖੰਨਲੀ ਧੋਤੀ ਉਜਲੀ ਨ ਹੋਵਈ, ਜੇ ਸਉ ਧੋਵਣਿ ਪਾਹੁ॥’’ (ਮ:੩/ਅੰਕ ੬੫੧) ਭਾਵ ਜਿਵੇਂ ਕੋਹਲੂ ਦੀ ਲੀਰ ਵਿਚ ਇਤਨੀ ਮੈਲ ਤੇ ਥਿੰਦਾਈ ਲਗੀ ਹੁੰਦੀ ਹੈ ਕਿ ਉਸ ਨੂੰ ਅਗਰ ਸੌ ਵਾਰੀ ਪਾਹ ਲਾ ਕੇ ਵੀ ਧੋਤਾ ਜਾਏ ਤਾਂ ਸਾਫ ਨਹੀਂ ਹੁੰਦੀ। ਇਸੇ ਤਰ੍ਹਾਂ ਮਨ ਪਾਣੀ ਨਾਲ ਸਾਫ ਨਹੀਂ ਹੁੰਦਾ। ਮਨ ਦੀ ਮੈਲ ਦੁਨਿਆਵੀ ਅੱਖਾਂ ਨਾਲ ਨਹੀਂ ਦਿੱਸਦੀ। ਕਰਮਾਂ ਕਰਕੇ ਪਤਾ ਲਗਦਾ ਹੈ। ਮਨ ਦੀ ਮੈਲ ਦੇ ਰੂਪ ਹਨ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਆਸ਼ਾ, ਤਿ੍ਰਸ਼ਨਾ, ਨਿੰਦਿਆ, ਚੁਗਲੀ, ਈਰਖਾ ਆਦਿ। ਗੁਰੂ ਅਰਜੁਨ ਦੇਵ ਜੀ ਫੁਰਮਾਂਦੇ ਹਨ, ‘‘ਤੀਰਥਿ ਨਾਇ ਨ ਉਤਰਸਿ ਮੈਲੁ॥ ਕਰਮ ਧਰਮ ਸਭਿ ਹਉਮੈ ਫੈਲ॥’’ (ਮ:੫/ਅੰਕ ੮੯੦) ਗੁਰੂ ਨਾਨਕ ਦੇਵ ਜੀ ਆਖਦੇ ਹਨ, ‘‘ਤੀਰਥ ਨਾਤਾ ਕਿਆ ਕਰੇ, ਮਨ ਮਹਿ ਮੈਲੁ ਗੁਮਾਨੁ॥’’ (ਮ:੧/ਅੰਕ ੬੧) ਇਸੇ ਪ੍ਰਕਾਰ ਗੁਰੂ ਅਮਰਦਾਸ ਜੀ ਵੀ ਆਖਦੇ ਹਨ, ‘‘ਅਨੇਕ ਤੀਰਥ ਜੇ ਜਤਨ ਕਰੈ, ਤਾ ਅੰਤਰ ਕੀ ਹਉਮੈ ਕਦੇ ਨ ਜਾਇ॥’’ (ਮ:੩/ਅੰਕ ੪੯੧) ਇਕ ਜਗ੍ਹਾ ਗੁਰੂ ਨਾਨਕ ਸਾਹਿਬ ਜੀ ਆਖਦੇ ਹਨ, ‘‘ਨਾਵਣ ਚਲੇ ਤੀਰਥੀ, ਮਨਿ ਖੋਟੇ ਤਨਿ ਚੋਰ॥ ਇਕੁ ਭਾਉ ਲਥੀ ਨਾਤਿਆ, ਦੁਇ ਭਾ ਚੜੀਅਸੁ ਹੋਰ॥’’ (ਮ:੧/ਅੰਕ ੭੮੯) ਭਾਵ ਕਿ ਜੇ ਖੋਟੇ ਮਨ ਨਾਲ ਤੀਰਥਾਂ ’ਤੇ ਨ੍ਹਾਉਣ ਤੁਰ ਪਏ ਤੇ ਸਰੀਰ ਵਿਚ ਕਾਮਾਦਿਕ ਚੋਰ ਭੀ ਟਿਕੇ ਰਹੇ, ਤਾ ਨ੍ਹਾਉਣ ਨਾਲ ਇਕ ਹਿੱਸਾ (ਸਰੀਰ ਦੀ ਬਾਹਰਲੀ) ਮੈਲ ਤਾਂ ਲਹਿ ਗਈ ਪਰ ਮਨ ਵਿਚ ਅਹੰਕਾਰ ਆਦਿਕ ਦੀ ਦੂਣੀ ਮੈਲ ਹੋਰ ਚੜ੍ਹ ਗਈ। ਤੁੰਮੀ ਵਾਲਾ ਹਾਲ ਹੀ ਹੁੰਦਾ ਹੈ ਜੋ ਕਿ ਬਾਹਰੋਂ ਤਾਂ ਧੋਤੀ ਜਾਂਦੀ ਹੈ ਪਰ ਉਸ ਦੇ ਅੰਦਰ ਨਿਰੋਲ ਵਿਸ (ਕਉੜਤਣ) ਟਿਕੀ ਰਹਿੰਦੀ ਹੈ। ‘‘ਬਾਹਰਿ ਧੋਤੀ ਤੂਮੜੀ, ਅੰਦਰਿ ਵਿਸੁ ਨਿਕੋਰ॥’’ (ਮ:੧/ਅੰਕ ੭੮੯) ਭਗਤ ਕਬੀਰ ਜੀ ਵੀ ਆਖਦੇ ਹਨ ਕਿ , ‘‘ਨਾਵਨ ਕਉ ਤੀਰਥ ਘਨੇ ਮਨ ਬਉਰਾ ਰੇ ! ਪੂਜਨ ਕਉ ਬਹੁ ਦੇਵ॥ ਕਹੁ ਕਬੀਰ ! ਛੂਟਨੁ ਨਹੀ, ਮਨ ਬਉਰਾ ਰੇ ! ਛੂਟਨੁ ਹਰਿ ਕੀ ਸੇਵ॥’’ (ਅੰਕ ੩੩੬) ਭਗਤ ਜੀ ਇਹ ਵੀ ਸਮਝ ਦੇਂਦੇ ਹਨ ਕਿ ‘‘ਜਲ ਕੈ ਮਜਨਿ ਜੇ ਗਤਿ ਹੋਵੈ, ਨਿਤ ਨਿਤ ਮੇਂਡੁਕ ਨਾਵਹਿ॥ ਜੈਸੇ ਮੇਂਡੁਕ ਤੈਸੇ ਓਇ ਨਰ, ਫਿਰਿ ਫਿਰਿ ਜੋਨੀ ਆਵਹਿ॥ (ਅੰਕ ੪੮੪) ਭਾਵ ਪਾਣੀ ਵਿਚ ਚੁੱਭੀ ਲਾਇਆਂ ਜੇ ਮੁਕਤੀ ਮਿਲ ਸਕਦੀ ਹੋਵੇ ਤਾਂ ਡੱਡੂ ਸਦਾ ਹੀ ਨ੍ਹਾਉਂਦੇ ਹਨ। ਜਿਵੇਂ ਉਹ ਡੱਡੂ ਹਨ ਤਿਵੇਂ ਉਹ ਮਨੁੱਖ ਸਮਝੋ। ਨਾਮ ਤੋਂ ਬਿਨਾ ਉਹ ਸਦਾ ਜੂਨਾਂ ਵਿਚ ਪਏ ਰਹਿੰਦੇ ਹਨ।

ਕਈ ਭਲੇ ਪੁਰਖਾਂ ਨੇ ਆਪਣੇ ਨਾਮ ਨਾਲ ‘ਤੀਰਥ’ ਲਾਇਆ ਹੁੰਦਾ ਹੈ। ਜਿਵੇਂ ਸੁਆਮੀ ਰਾਮ ਤੀਰਥ। ਇਹ ਪੁਰਖ ਪ੍ਰਭੂ ਦੇ ਨਾਮ ਨਾਲ ਪਵਿੱਤਰ ਹੋਏ ਹੁੰਦੇ ਹਨ। ਇਹਨਾਂ ਦੇ ਸੰਗ ਵਿਚ ਜੋ ਮਨੁੱਖ ਆਉਂਦੇ ਹਨ ਉਹ ਵੀ ਉਹਨਾਂ ਦੇ ਸਾਥ ਕਰ ਕੇ ਪਵਿੱਤਰ ਹੋ ਜਾਂਦੇ ਹਨ। ਆਮ ਕਿਹਾ ਜਾਂਦਾ ਹੈ ‘ਜੈਸੀ ਸੰਗਤਿ ਤੈਸੀ ਰੰਗਤਿ।’ ਗੁਰਬਾਣੀ ਵੀ ਫੁਰਮਾਨ ਕਰਦੀ ਹੈ ‘‘ਜੈਸਾ ਸੇਵੈ ਤੈਸੋ ਹੋਇ॥’’ (ਮ:੧/ਅੰਕ ੨੨੩)

ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਮਨ ਦਾ ਕੀ ਇਲਾਜ ਕੀਤਾ ਜਾਏ, ਇਸ ਦੀ ਪਵਿੱਤ੍ਰਤਾ ਕਿਵੇਂ ਕਾਇਮ ਰੱਖੀ ਜਾਏ, ਇਸ ਨੂੰ ਪਾਪਾਂ ਤੋਂ ਮੁਕਤਿ ਕਿਵੇਂ ਕੀਤਾ ਜਾਏ। ਇਸ ਵਿਸ਼ੇ ਦੇ ਅਰੰਭਕ ’ਚ ਹੀ ਮਨ ਨੂੰ ਧੋਣ ਵਾਸਤੇ ਜੋ ਤੀਰਥ ਹੈ, ਉਹ ਹੈ ‘ਨਾਮ’, ‘ਗੁਰੂ ਦੇ ਸ਼ਬਦ ਦੀ ਵੀਚਾਰ’। ਗੁਰੂ ਅਮਰਦਾਸ ਜੀ ਅਨੰਦ ਸਾਹਿਬ ਦੀ ਬਾਣੀ ਵਿਚ ਮਨ ਦੇ ਧੋਣ ਬਾਰੇ ਵੀ ਸਪੱਸ਼ਟ ਰੂਪ ਵਿਚ ਦੱਸਦੇ ਹਨ, ‘‘ਮੰਨੁ ਧੋਵਹੁ ਸਬਦਿ ਲਾਗਹੁ, ਹਰਿ ਸਿਉ ਰਹਹੁ ਚਿਤੁ ਲਾਇ॥’’ (ਮ:੩/ਅੰਕ ੯੧੯) ਗੁਰੂ ਹੀ ਸਾਡੇ ਮਨ ਦਾ ਇਲਾਜ ਕਰਦਾ ਹੈ, ਗੁਰੂ ਨਾਮ ਦੀ ਦਾਤਿ ਦੇ ਕੇ ਸਾਡਾ ਮਨ ਤੇ ਤਨ ਦੋਵੇਂ ਪਵਿੱਤਰ ਕਰ ਦੇਂਦਾ ਹੈ। ਸਾਨੂੰ ਮਨੁੱਖਾਂ ਨੂੰ ਗੁਰੂ ਦੀ ਸ਼ਰਨ ਵਿਚ ਆ ਜਾਣਾ ਚਾਹੀਦਾ ਹੈ ਤੇ ਗੁਰੂ ਦੀ ਸੇਵਾ ਵਿਚ ਲਗਣਾ ਚਾਹੀਦਾ ਹੈ, ਗੁਰੂ ਦੇ ਉਪਦੇਸ਼ ਦੀ ਕਮਾਈ ਕਰਨੀ ਚਾਹੀਦੀ ਹੈ। ਸੇਵਾ ਉਹ, ਜੋ ਗੁਰੂ ਨੂੰ ਚੰਗੀ ਲਗੇ। ਜਿਸ ’ਤੇ ਗੁਰੂ ਦਾ ਮਨ ਪ੍ਰਸੰਨ ਹੋ ਜਾਏ। ‘‘ਸਾ ਸੇਵਾ ਕੀਤੀ ਸਫਲ ਹੈ, ਜਿਤੁ ਸਤਿਗੁਰ ਕਾ ਮਨੁ ਮੰਨੇ॥ ਸਤਿਗੁਰ ਕਾ ਮਨੁ ਮੰਨਿਆ, ਤਾ ਪਾਪ ਕਸੰਮਲ ਭੰਨੇ॥’’ (ਮ:੩/ਅੰਕ ੩੧੪)

ਗੁਰੂ ਹੀ ਸਾਡਾ ਤੀਰਥ ਹੈ, ਆਤਮਕ ਜੀਵਨ ਦੇਣ ਵਾਲੇ ਨਾਮ ਜਲ ਦਾ ਸਰੋਵਰ ਹੈ। ਗੁਰੂ ਦੇ ਅਥਾਹ ਗਿਆਨ ਵਿਚ ਇਸ਼ਨਾਨ ਕਰਨਾ ਹੀ ਤੀਰਥ ’ਤੇ ਇਸ਼ਨਾਨ ਕਰਨ ਦੇ ਸਮਾਨ ਹੈ। ਗੁਰਬਾਣੀ ਫੁਰਮਾਨ ਹੈ, ‘‘ਗੁਰਦੇਵ ਤੀਰਥੁ ਅੰਮਿ੍ਰਤ ਸਰੋਵਰੁ, ਗੁਰ ਗਿਆਨ ਮਜਨੁ ਅਪਰੰਪਰਾ॥’’ (ਮ:੫/ਅੰਕ ੨੫੦)

ਜੋਗੀ ਫਿਰਕੇ ਨੇ ਇਹ ਗਲ ਆਮ ਪ੍ਰਸਿੱਧ ਕੀਤੀ ਹੋਈ ਹੈ ਕਿ ਤੀਰਥਾਂ ’ਤੇ ਨ੍ਹਾਉਣ ਦਾ ਫਲ ਮਿਲਦਾ ਹੈ ‘ਸੁਖ’ ਭਾਵ ਮਨ ਨੂੰ ਕੋਈ ਮੈਲ ਨਹੀਂ ਲਗਦੀ। ਇਸ ਲਈ ਕਈ ਸਾਧ ਡੇਰੇ ਗੁਰੂ ਗ੍ਰੰਥ ਸਾਹਿਬ ਤੋਂ ਇਹ ਤੁਕ ਪੜ੍ਹ ਕੇ ਸੁਣਾ ਦੇਂਦੇ ਹਨ, ‘‘ਤੀਰਥਿ ਨਾਈਐ ਸੁਖੁ ਫਲੁ ਪਾਈਐ, ਮੈਲ ਨ ਲਾਗੈ ਕਾਈ॥’’ (ਸਿਧ ਗੋਸਟਿ ਮ:੧/ਅੰਕ ੯੩੯) ਉਹ ਕਹਿੰਦੇ ਹਨ ਕਿ ਦੇਖੋ ਗੁਰੂ ਨਾਨਕ ਦੇਵ ਜੀ ਦੇ ਬਚਨ ਗੁਰਬਾਣੀ ਵਿਚ ਮੌਜੂਦ ਹਨ। ਆਮ ਸੱਜਣ ਟਪਲਾ ਖਾ ਜਾਂਦੇ ਹਨ। ਜਿਹੜੇ ਮਨੁੱਖ ਨਿਤ ਬਾਣੀ ਦਾ ਸਹਿਜ ਪਾਠ ਕਰਦੇ ਹਨ ਉਹਨਾਂ ਨੂੰ ਪਤਾ ਹੈ ਕਿ ਇਹ ਜੋਗੀਆਂ ਦੇ ਬਚਨ ਹਨ ਜੋ ਗੁਰੂ ਸਾਹਿਬ ਨੇ ਕਲਮ ਬੰਦ ਕੀਤੇ ਹਨ। ਜੋਗੀ ਆਖਦੇ ਹਨ ‘‘ਹਾਟੀ ਬਾਟੀ ਰਹਹਿ ਨਿਰਾਲੇ, ਰੂਖਿ ਬਿਰਖਿ ਉਦਿਆਨੇ॥ ਕੰਦ ਮੂਲੁ ਅਹਾਰੋ ਖਾਈਐ, ਅਉਧੂ ਬੋਲੈ ਗਿਆਨੇ॥ ਤੀਰਥਿ ਨਾਈਐ ਸੁਖੁ ਫਲੁ ਪਾਈਐ, ਮੈਲੁ ਨ ਲਾਗੈ ਕਾਈ॥ ਗੋਰਖ ਪੂਤੁ ਲੋਹਾਰੀਪਾ ਬੋਲੈ, ਜੋਗ ਜੁਗਤਿ ਬਿਧਿ ਸਾਈ॥’’ (ਸਿਧ ਗੋਸਟਿ ਮ:੧/ਅੰਕ ੯੩੯) ਭਾਵ ਗੋਰਖ ਦੇ ਚੇਲੇ ਲੋਹਾਰੀਪਾ ਦਾ ਕਥਨ ਹੈ ਕਿ ਅਸੀਂ ਦੁਨੀਆਂ ਦੇ ਮੇਲਿਆਂ, ਭਾਵ ਸੰਸਾਰਕ ਝੰਬੇਲਿਆਂ ਤੋਂ ਵੱਖਰੇ ਜੰਗਲ ਵਿਚ ਕਿਸੇ ਰੁੱਖ-ਬਿਰਖ ਹੇਠ ਰਹਿੰਦੇ ਹਾਂ। ਗਾਜਰ ਮੂਲੀ ਉੱਤੇ ਗੁਜ਼ਾਰਾ ਕਰਦੇ ਹਾਂ। ਤੀਰਥ ’ਤੇ ਇਸ਼ਨਾਨ ਕਰਦੇ ਹਾਂ; ਇਸ ਦਾ ਫਲ ਮਿਲਦਾ ਹੈ ‘ਸੁਖ’ ਤੇ ਮਨ ਨੂੰ ਕੋਈ ਮੈਲ ਭੀ ਨਹੀਂ ਲੱਗਦੀ। ਇਹ ਸਾਡੀ ਜੋਗ ਦੀ ਜੁਗਤੀ ਹੈ। ਗੁਰੂ ਸਾਹਿਬ ਨੇ ਜੋ ਜੁਆਬ ਦਿਤਾ ਹੈ ਉਹ ਇਹ ਹੈ, ‘‘ਹਾਟੀ ਬਾਟੀ ਨੀਦ ਨ ਆਵੈ, ਪਰ ਘਰਿ ਚਿਤੁ ਨ ਡੁੋਲਾਈ॥ ਬਿਨੁ ਨਾਵੈ ਮਨੁ ਟੇਕ ਨ ਟਿਕਈ, ਨਾਨਕ ! ਭੂਖ ਨ ਜਾਈ॥’’ (ਮ:੧/ਅੰਕ ੯੩੯) ਭਾਵ ਅਸਲ ਗਿਆਨ ਦੀ ਵਿਚਾਰ ਇਹ ਹੈ ਕਿ ਦੁਨੀਆਂ ਦੇ ਧੰਧਿਆਂ ਵਿਚ ਰਹਿੰਦਿਆਂ ਮਨੁੱਖ ਨੂੰ ਨੀਂਦ ਨਹੀਂ ਆਉਂਦੀ ਭਾਵ ਕਿ ਧੰਧਿਆਂ ਵਿਚ ਗ਼ਰਕ ਨਾ ਹੋ ਜਾਏ। ਪਰਾਏ ਘਰ ਵਿਚ ਮਨ ਨੂੰ ਡੋਲਣ ਨਾ ਦੇਵੇ। ਪਰ, ਹੇ ਨਾਨਕ! ਪ੍ਰਭੂ ਦੇ ਨਾਮ ਤੋਂ ਬਿਨਾ ਮਨ ਟਿਕ ਕੇ ਨਹੀਂ ਰਹਿ ਸਕਦਾ ਤੇ ਮਾਇਆ ਦੀ ਤ੍ਰਿਸ਼ਨਾ ਨਹੀਂ ਹਟਦੀ।

ਕਈ ਵਾਰੀ ਇਹ ਸੋਚ ਲਿਆ ਜਾਂਦਾ ਹੈ ਕਿ ਇਸ਼ਨਾਨ ਕਰਨਾ ਹੀ ਨਹੀਂ ਚਾਹੀਦਾ। ਗੁਰਬਾਣੀ ਵਿਚੋਂ ਇਕ ਤੁਕ ਲੈ ਕੇ ਉਸ ਦੇ ਅਰਥ ਕਰ ਕੇ ਆਮ ਲੋਕਾਂ ਨੂੰ ਭਰਮਾਇਆ ਜਾਂਦਾ ਹੈ। ਦੇਖੋ ਜੀ ਇਹ ਸੰਤ ਕਿਤਨੇ ਪਹੁੰਚੇ ਹੋਏ ਹਨ, ਇਹ ਕਦੀ ਨ੍ਹਾਉਂਦੇ ਹੀ ਨਹੀਂ ਹਨ। ਫਿਰ ਵੀ ਠੀਕ ਠਾਕ ਹਨ। ਉਦਾਹਰਣ ਵਜੋਂ ਗੁਰਬਾਣੀ ਦੀ ਤੁਕ ਬੋਲ ਦੇਂਦੇ ਹਨ, ‘‘ਸਾਧ ਭਲੇ ਅਣਨਾਤਿਆ”। ਤੁਕ ਵੀ ਅਧੀ ਬੋਲਦੇ ਹਨ। ਪੂਰਾ ਸ਼ਬਦ ਤਾਂ ਬੜੇ ਦੂਰ ਦੀ ਗੱਲ ਹੈ। ਪੂਰੀ ਤੁਕ ਇਸ ਤਰ੍ਹਾਂ ਹੈ, ‘‘ਬਾਹਰਿ ਧੋਤੀ ਤੂਮੜੀ, ਅੰਦਰਿ ਵਿਸੁ ਨਿਕੋਰ॥ ਸਾਧ ਭਲੇ ਅਣਨਾਤਿਆ, ਚੋਰ ਸਿ ਚੋਰਾ ਚੋਰ॥’’ (ਮ:੧/ਅੰਕ ੭੮੯) ਅਰਥਾਤ ਭਲੇ ਮਨੁੱਖ ਤੀਰਥਾਂ ’ਤੇ ਨ੍ਹਾਉਣ ਤੋਂ ਬਿਨਾ ਹੀ ਭਲੇ ਹਨ, ਤੇ ਚੋਰ ਤੀਰਥਾਂ ’ਤੇ ਨ੍ਹਾ ਕੇ ਵੀ ਚੋਰ ਹੀ ਹਨ। ਗੁਰਬਾਣੀ ਦਾ ਤਾਂ ਸਗੋਂ ਇਸ਼ਨਾਨ ਬਾਰੇ ਫੁਰਮਾਨ ਹੈ, ‘‘ਗੁਰ ਸਤਿਗੁਰ ਕਾ ਜੋ ਸਿਖੁ ਅਖਾਏ, ਸੁ ਭਲਕੇ ਉਠਿ ਹਰਿ ਨਾਮੁ ਧਿਆਵੈ॥ ਉਦਮ ਕਰੇ ਭਲਕੇ ਪਰਭਾਤੀ, ਇਸਨਾਨੁ ਕਰੇ ਅੰਮ੍ਰਿਤਸਰਿ ਨਾਵੈ॥’’ (ਮ:੪/ਅੰਕ ੩੦੫) ਭਾਵ ਜੋ ਮਨੁੱਖ ਸਤਿਗੁਰੂ ਦਾ ਸੱਚਾ ਸਿੱਖ ਅਖਵਾਂਦਾ ਹੈ ਉਹ ਰੋਜ਼ ਸਵੇਰੇ ਉੱਠ ਕੇ ਹਰਿ-ਨਾਮ ਦਾ ਸਿਮਰਨ ਕਰਦਾ ਹੈ। ਹਰ ਰੋਜ਼ ਸਵੇਰੇ ਉਦਮ ਕਰਦਾ ਹੈ, ਇਸ਼ਨਾਨ ਕਰਦਾ ਹੈ ਤੇ ਫਿਰ ਨਾਮ ਰੂਪ ਅੰਮ੍ਰਿਤ ਦੇ ਸਰੋਵਰ ਵਿਚ ਟੁੱਭੀ ਲਾਉਂਦਾ ਹੈ। ਗੁਰੂ ਸਾਹਿਬ ਤਾਂ ਆਖਦੇ ਹਨ ਕਿ ‘‘ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ, ਮਨ ਤਨ ਭਏ ਅਰੋਗਾ॥’’ (ਮ:੫/ਅੰਕ ੬੧੧) ਭਾਵ ਹੇ ਭਾਈ! ਅੰਮ੍ਰਿਤ ਵੇਲੇ ਇਸ਼ਨਾਨ ਕਰ ਕੇ, ਆਪਣੇ ਪ੍ਰਭੂ ਦਾ ਨਾਮ ਸਿਮਰ ਕੇ ਮਨ ਅਤੇ ਸਰੀਰ ਨਰੋਏ ਹੋ ਜਾਂਦੇ ਹਨ।

ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ‘‘ਅੰਤਰਗਤਿ ਤੀਰਥਿ ਮਲਿ ਨਾਉ ॥’’ (ਜਪੁ /ਮ: ੧) ਭਾਵ ਗੁਰਬਾਣੀ ਦਾ ਸਹਿਜ ਪਾਠ ਵੀਚਾਰ ਸਾਹਿਤ ਕਰਦੇ ਰਹੀਏ। ਇਸ ਤਰ੍ਹਾਂ ਕਰਨ ਨਾਲ ਕਈ ਭਰਮ ਭੁਲੇਖੇ ਦੂਰ ਹੋਣਗੇ, ਸਾਡੇ ਗਿਆਨ ਵਿਚ ਵੀ ਵਾਧਾ ਹੋਵੇਗਾ, ਜੀਵਨ ਵਿਚ ਤਬਦੀਲੀ ਵੀ ਆਵੇਗੀ ਅਤੇ ਕੋਈ ਸਾਨੂੰ ਗੁਰਬਾਣੀ ਵਿਚੋਂ ਇਕ ਜਾਂ ਅੱਧੀ ਤੁਕ ਸੁਣਾ ਕੇ ਟੱਪਲਾ ਨਹੀਂ ਲਾ ਸਕੇਗਾ।

‘ਭਾਰੀ ਜਗ੍ਹਾ’

0

‘ਭਾਰੀ ਜਗ੍ਹਾ’

ਇਹ ‘ਜਗ੍ਹਾ’ ਬਹੁਤ ਭਾਰੀ ਐ, ਇਹ ਬਹੁਤ ਕਰਨੀ ਵਾਲੇ ਬਾਬੇ ਪੀਰ ਦੀ ਜਗ੍ਹਾ ਹੈ।

ਵਿਰਸਾ ਸਿੰਘ ਨੇ ਆਪਣੇ ਖੇਤਾਂ ਵਿਚ ਇੱਟਾਂ ਦੀ ਬਣੀ ਹੋਈ ਤੇ ਕਲੀ ਕੀਤੀ ਹੋਈ ਇਕ ਸਮਾਧ ਵੱਲ ਇਸ਼ਾਰਾ ਕਰਕੇ,

ਅਪਣੇ ਨਾਲ ਆਏ ਅਪਣੇ ਰਿਸ਼ਤੇਦਾਰ ਨੂੰ ਕਿਹਾ, ਉਹ ਅੱਗੇ ਬੋਲਿਆ: ਇੱਥੋਂ ਸਭ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ

ਅਤੇ ਜੇ ਕਰ ਕੋਈ ਭੁੱਲ ਕੇ ਵੀ ਇਸ ਦੀ ਅਵਗਿਆ ਕਰਦਾ ਹੈ ਤਾਂ ਉਸ ਦਾ, ਇਹ ਪੀਰ ਬਹੁਤ ਬੁਰਾ ਹਾਲ ਕਰਦਾ ਹੈ। ਹਾਲੇ ਉਹ ਹੋਰ ਕੁਝ ਕਹਿਣਾ ਚਾਹੁੰਦਾ ਸੀ ਇਨੇਂ ਨੂੰ ਇੱਕ ਕੁੱਤਾ ਘੁੰਮਦਾ-ਘੁੰਮਦਾ ਉੱਥੇ ਆ ਗਿਆ ਤੇ ਅਪਣੀ ਆਦਤ ਅਨੁਸਾਰ ਪਹਿਲਾਂ ਉੱਥੇ ਇੱਕ ਦੋ ਗੇੜੇ ਕੱਢੇ ਤੇ ਫਿਰ ਲੱਤ ਚੁੱਕ ਕੇ ਉੱਥੇ ਪਿਸ਼ਾਬ ਕਰਕੇ ਔਹ ਗਿਆ ਔਹ ਗਿਆ।

ਵਿਰਸਾ ਸਿੰਘ ਦਾ ਰਿਸ਼ਤੇਦਾਰ ਕਦੇ ਕੁੱਤੇ ਵੱਲ, ਕਦੇ ਵਿਰਸਾ ਸਿੰਘ ਵੱਲ ਦੇਖੇ ਤੇ ਵਿਰਸਾ ਸਿੰਘ ਨੂੰ ਹੁਣ ਕੋਈ ਗੱਲ ਨਾ ਔਹੜੇ?

ਉਹ ਅਪਣੇ ਰਿਸ਼ਤੇਦਾਰ ਨਾਲ ਨਜ਼ਰਾਂ ਨਾ ਮਿਲਾ ਸਕਿਆ।……..ਇਕ ਕੁੱਤੇ ਨੇ ਉਸ ਦੇ ਅੰਧਵਿਸ਼ਵਾਸ ਨੂੰ ਤੋੜਣ ਦੀ ਕੋਸ਼ਿਸ਼

ਤਾਂ ਕੀਤੀ। ਸ਼ਾਇਦ ਕੁੱਤੇ ਤੋਂ ਹੀ ਉਸ ਨੂੰ ਅਕਲ ਆ ਜਾਏ ਗੁਰੂ ਭਲੀ ਕਰੇ…………..।

ਸ੍ਰ. ਸੁਰਿੰਦਰ ਸਿੰਘ ‘ਖਾਲਸਾ’ ਮਿਉਂਦ ਕਲਾਂ, (ਫਤਿਹਾਬਾਦ)

ਮੋਬਾਇਲ= 094662-66708, 097287-43287

ਬਾਬਾ ਬੰਦਾ ਸਿੰਘ ਦਾ ਸੰਘਰਸ਼ਮਈ ਜੀਵਨ ਅਤੇ ਸ਼ਹੀਦੀ

0

ਬਾਬਾ ਬੰਦਾ ਸਿੰਘ ਦਾ ਸੰਘਰਸ਼ਮਈ ਜੀਵਨ ਅਤੇ ਸ਼ਹੀਦੀ

ਸ. ਕਿਰਪਾਲ ਸਿੰਘ ਬਠਿੰਡਾ ਮੋਬ: 9855480797

ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਜਨਮ 16 ਅਕਤੂਬਰ, 1670 ਈ. ਨੂੰ ਪੁਣਛ ਜ਼ਿਲ੍ਹੇ ਦੇ ਇਕ ਛੋਟੇ ਜਿਹੇ ਪਿੰਡ ਰਾਜੌਰੀ ਵਿਚ ਇਕ ਸਾਧਾਰਨ ਕਿਸਾਨ ‘ਰਾਮਦੇਵ’ ਦੇ ਘਰ ਹੋਇਆ ਸੀ। ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਪਹਿਲਾ ਨਾਮ ਲਛਮਣ ਦਾਸ ਸੀ। ਉਸ ਨੂੰ ਸ਼ਿਕਾਰ ਖੇਡ੍ਹਣ ਦਾ ਸ਼ੌਕ ਸੀ। ਇਕ ਦਿਨ ਉਸ ਨੇ ਇਕ ਹਿਰਨੀ ਦਾ ਸ਼ਿਕਾਰ ਕੀਤਾ। ਹਿਰਨੀ ਦੇ ਪੇਟ ਵਿਚ ਦੋ ਬੱਚੇ ਸਨ। ਲਛਮਣ ਦਾਸ ਨੂੰ ਇਸ ਘਟਨਾ ਨੇ ਝੰਜੋੜ ਕੇ ਰੱਖ ਦਿੱਤਾ। ਉਸ ਨੇ ਅੱਗੋਂ ਕਦੇ ਸ਼ਿਕਾਰ ਨਾ ਖੇਡ੍ਹਣ ਦੀ ਸਹੁੰ ਖਾਧੀ। ਹਿਰਨੀ ਦੀ ਹੱਤਿਆ ਦੇ ਪਸ਼ਚਾਤਾਪ ਕਾਰਨ ਉਸ ਦੇ ਮਨ ਵਿਚ ਉਦਾਸੀਨਤਾ ਦੀ ਭਾਵਨਾ ਜਾਗ ਉੱਠੀ। ਉਹ ਸਾਧੂਆਂ ਦੇ ਇਕ ਟੋਲੇ ਨਾਲ ਮਿਲ ਕੇ ਭਾਰਤ ਵਿਚ ਤੀਰਥ ’ਤੇ ਘੁੰਮਣ ਫਿਰਨ ਲੱਗਾ। ਕੁਝ ਚਿਰ ਬਾਅਦ ਨਾਸਿਕ ਵਿਖੇ ਪਹੁੰਚਣ ’ਤੇ ਉਸ ਦਾ ਮੇਲ ਇਕ ਜੋਗੀ ਔਘੜ ਨਾਥ ਨਾਲ ਹੋਇਆ। ਔਘੜ ਨਾਥ ਇਕ ਤਾਂਤਰਿਕ ਸੀ, ਜੋ ਜੰਤਰ-ਮੰਤਰ ਵਿਚ ਨਿਪੁੰਨ ਸੀ। ਲਛਮਣ ਦਾਸ ਉਸ ਦਾ ਚੇਲਾ ਬਣ ਗਿਆ ਅਤੇ ਉਸ ਕੋਲ ਹੀ ਰਹਿਣ ਲੱਗਾ। ਲਛਮਣ ਦਾਸ ਦਾ ਨਾਂ ਸਾਧੂਆਂ ਵਿਚ ਮਾਧੋਦਾਸ ਬੈਰਾਗੀ ਵੀ ਪ੍ਰਸਿੱਧ ਸੀ। ਉਸ ਨੇ ਔਘੜ ਨਾਥ ਦੀ ਤਨੋ-ਮਨੋ ਸੇਵਾ ਕੀਤੀ। ਮਾਧੋਦਾਸ ਨੇ ਆਪਣਾ ਸੁਤੰਤਰ ਡੇਰਾ ਗੋਦਾਵਰੀ ਦੇ ਕੰਢੇ ਨਾਂਦੇੜ ਦੇ ਸਥਾਨ ’ਤੇ ਬਣਾ ਲਿਆ ਸੀ। ਉਸ ਇਲਾਕੇ ਦੇ ਲੋਕਾਂ ਵਿਚ ਉਸ ਦੀ ਬੜੀ ਪ੍ਰਸਿੱਧੀ ਹੋ ਗਈ ਸੀ। ਆਪਣੀ ਦੱਖਣ ਦੀ ਯਾਤਰਾ ਸਮੇਂ ਦਸਮੇਸ਼ ਗੁਰੂ ਜੀ 1708 ਈ. ਵਿਚ ਨਾਂਦੇੜ ਪਹੁੰਚੇ। ਗੁਰੂ ਜੀ ਨੂੰ ਮਾਧੋਦਾਸ ਦੀ ਪ੍ਰਸਿੱਧੀ ਦੀ ਜਾਣਕਾਰੀ ਮਿਲ ਚੁੱਕੀ ਸੀ। ਇਕ ਦਿਨ ਉਹ ਸਿੰਘਾਂ ਸਮੇਤ ਮਾਧੋ ਦਾਸ ਦੇ ਡੇਰੇ ਜਾ ਬਿਰਾਜਮਾਨ ਹੋਏ। ਮਾਧੋ ਦਾਸ ਸਤਿਗੁਰਾਂ ਨੂੰ ਆਪਣੇ ਆਸਣ ਉੱਤੇ ਬਿਰਾਜਮਾਨ ਵੇਖ ਕੇ ਅਤਿ ਕ੍ਰੋਧਿਤ ਹੋਇਆ। ਪਰੰਤੂ ਉਸ ਦੇ ਸਾਰੇ ਜੰਤਰ-ਮੰਤਰ ਫੇਲ੍ਹ ਹੋ ਗਏ। ਮਾਧੋ ਦਾਸ ਗੁਰੂ ਜੀ ਦੀ ਅਗੰਮੀ ਸ਼ਖ਼ਸੀਅਤ ਤੋਂ ਬਹੁਤ ਪ੍ਰਭਾਵਿਤ ਹੋਇਆ। ਉਸ ਦੇ ਮਨ ਵਿਚ ਪੂਰਨ ਬ੍ਰਹਮ ਗਿਆਨ ਦੀ ਅਭਿਲਾਖਾ ਸੀ। ਇਸ ਦੀ ਪੂਰਤੀ ਲਈ ਉਹ ਗੁਰੂ ਜੀ ਦਾ ਬੰਦਾ ਭਾਵ ਉਨ੍ਹਾਂ ਦਾ ਸੇਵਕ ਬਣ ਗਿਆ। ਗੁਰੂ ਜੀ ਨੇ ਉਸ ਨੂੰ ਅੰਮਿ੍ਰਤ ਛਕਾ ਕੇ ਸਿੰਘ ਸਜਾਇਆ ਅਤੇ ਉਸ ਦਾ ਨਵਾਂ ਨਾਮ ਗੁਰਬਖ਼ਸ਼ ਸਿੰਘ ਉਰਫ਼ ਬੰਦਾ ਸਿੰਘ ਬਹਾਦਰ ਰੱਖ ਦਿੱਤਾ। ਬੰਦਾ ਸਿੰਘ ਇਕ ਤਪੱਸਵੀ ਸੀ, ਉਸ ਦਾ ਹਿਰਦਾ ਸ਼ੁੱਧ ਸੀ। ਗੁਰੂ ਜੀ ਦਾ ਪ੍ਰਤੱਖ ਰੂਪ ਵਿਚ ਆਸ਼ੀਰਵਾਦ ਅਤੇ ਛੋਹ ਪ੍ਰਾਪਤ ਕਰਕੇ ਉਸ ਨੇ ਥੋੜ੍ਹੇ ਦਿਨਾਂ ਵਿਚ ਹੀ ਗੁਰਮਤਿ ਦਾ ਗਿਆਨ ਤੇ ਖ਼ਾਲਸੇ ਦੀ ਰਹਿਤ ਦਿ੍ਰੜ੍ਹ ਕਰ ਲਈ ਸੀ। ਗੁਰੂ ਜੀ ਦੀ ਚਰਨ-ਛੋਹ ਪ੍ਰਾਪਤ ਕਰ ਕੇ ਉਸ ਨੇ ਜੰਤਰ-ਮੰਤਰ ਤਿਆਗ ਕੇ ਧੁਰ ਕੀ ਬਾਣੀ ਨੂੰ ਆਪਣੇ ਹਿਰਦੇ ਵਿਚ ਵਸਾ ਲਿਆ ਸੀ। ਉਹ ਇਸ ਤਰ੍ਹਾਂ ਪੂਰਨ ਗੁਰਸਿੱਖ ਤੇ ਗੁਰੂ ਘਰ ਦਾ ਪੱਕਾ ਸੇਵਕ ਬਣ ਚੁੱਕਾ ਸੀ। ਗੁਰੂ ਜੀ ਨੇ ਉਸ ਦਾ ਨਿਸ਼ਚਾ, ਦਿ੍ਰੜ੍ਹਤਾ ਅਤੇ ਯੋਗਤਾ ਵੇਖ ਕੇ ਹੀ ਉਸ ਨੂੰ ਖਾਲਸੇ ਦਾ ਆਗੂ ਥਾਪਿਆ। ਸਲਾਹ-ਮਸ਼ਵਰਾ ਕਰਨ ਲਈ ਗੁਰੂ ਸਾਹਿਬ ਨੇ ਪੰਜ ਪਿਆਰੇ ਭਾਈ ਬਿਨੋਦ ਸਿੰਘ, ਭਾਈ ਕਾਹਨ ਸਿੰਘ, ਭਾਈ ਬਾਜ ਸਿੰਘ, ਭਾਈ ਦਇਆ ਸਿੰਘ ਤੇ ਭਾਈ ਰਣ ਸਿੰਘ ਨਾਲ ਤੋਰੇ। ਇਨ੍ਹਾਂ ਤੋਂ ਇਲਾਵਾ 20 ਸਿੰਘ ਹੋਰ ਸੰਭਾਵੀ ਸੰਘਰਸ਼ ਵਿਚ ਬਾਬਾ ਬੰਦਾ ਸਿੰਘ ਜੀ ਦਾ ਸਾਥ ਦੇਣ ਲਈ ਨਾਲ ਤੋਰੇ। ਇਨ੍ਹਾਂ 25 ਸਿੰਘਾਂ ਦੇ ਕਾਫਲੇ ਨੇ ਪੰਜਾਬ ਵੱਲ ਕੂਚ ਕੀਤਾ। ਦਿੱਲੀ ਪਾਰ ਕਰਦਿਆਂ ਹੀ ਸਿੱਖ ਸੰਗਤਾਂ ਨੂੰ ਹੁਕਮਨਾਮੇ ਭੇਜੇ ਗਏ। ਹੁਕਮ ਦਾ ਪਾਲਣ ਕਰਦਿਆਂ ਸਿੱਖ ਸੰਗਤਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਸੁਆਗਤ ਲਈ ਅੱਗੇ ਆ ਗਈਆਂ। ਗੁਰੂ ਸਾਹਿਬ ਦੇ ਪਰਵਾਰ ਦੀਆਂ ਸ਼ਹੀਦੀਆਂ ਦੇ ਜ਼ਖਮ, ਸਿੱਖ ਸੰਗਤਾਂ ਵਿਚ ਅਜੇ ਤਾਜ਼ਾ ਸਨ। ਉਹ ਕੁਝ ਸਮੇਂ ਦੇ ਅੰਦਰ ਹੀ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿਚ ਕੇਸਰੀ-ਖਾਲਸਾਈ ਝੰਡੇ ਥੱਲੇ ਇਕੱਠੇ ਹੋ ਗਏ, ਉਨ੍ਹਾਂ ਨੇ ਰਣ-ਭੂਮੀ ਵਿਚ ਆਪਣਾ ਨਾਹਰਾ ‘ਰਾਜ ਕਰੇਗਾ ਖਾਲਸਾ’ ਨਿਸ਼ਚਿਤ ਕਰ ਦਿੱਤਾ।

ਹੈਰਾਨੀ ਵਾਲੀ ਗੱਲ ਇਹ ਹੈ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਨੂੰ ਤੁਰੇ ਤਾਂ ਉਨ੍ਹਾਂ ਕੋਲ 25 ਸਿੰਘਾਂ ਤੋਂ ਇਲਾਵਾ ਕੋਈ ਫੌਜ ਨਹੀਂ ਸੀ; ਕੋਈ ਜੰਗੀ ਸਾਜੋ-ਸਾਮਾਨ, ਗੋਲੀ-ਬਾਰੂਦ ਆਦਿ ਨਹੀਂ ਸੀ; ਕੋਈ ਸਿਖਿਅਤ ਫੌਜ ਨਹੀਂ ਸੀ। ਮੁਸਲਮਾਨ ਲਿਖਾਰੀ ਖਾਫ਼ੀ ਖਾਨ ਤੇ ਮੁਹੰਮਦ ਕਾਸਮ ਅਨੁਸਾਰ ਛੇਤੀ ਹੀ 4000 ਘੋੜ-ਸਵਾਰ ਤੇ 7800 ਸਿਪਾਹੀ ਪੈਦਲ ਉਸ ਨਾਲ ਆ ਰਲ਼ੇ। ਮਸ਼ਹੂਰ ਇਤਿਹਾਸਕਾਰ ਸ੍ਰੀ ਗੋਕਲ ਚੰਦ ਨਾਰੰਗ ਅਨੁਸਾਰ ਪੈਦਲ ਸੈਨਿਕ ਦੀ ਗਿਣਤੀ 8900 ਹੋ ਗਈ ਤੇ ਵਧਦੀ ਹੋਈ ਅੰਤ 40,000 ਤੱਕ ਪਹੁੰਚ ਗਈ। ਮਹਾਨ ਜਰਨੈਲਾਂ ਸਿਕੰਦਰ ਮਹਾਨ, ਨੈਪੋਲੀਅਨ, ਹਿਟਲਰ ਜਾਂ ਚਰਚਿਲ ਦੀ ਮਹਾਨਤਾ ਦੁਨੀਆਂ ਵਿਚ ਮੰਨੀ ਜਾਂਦੀ ਹੈ। ਪਰੰਤੂ ਇਨ੍ਹਾਂ ਦੇ ਪਿੱਛੇ ਉਨ੍ਹਾਂ ਦੇ ਮੁਲਕਾਂ ਦੀ ਮੁਕੰਮਲ ਜਨ-ਸ਼ਕਤੀ ਤੇ ਰਾਜ-ਸ਼ਕਤੀ ਸੀ। ਵੱਡੀ ਜੰਗਜੂ ਅਤੇ ਯੁੱਧ ਵਿੱਦਿਆ ਵਿਚ ਪੂਰੀ ਤਰ੍ਹਾਂ ਨਿਪੁੰਨ ਫੌਜ ਸੀ ਅਤੇ ਉਹ ਉਨ੍ਹਾਂ ਮੁਲਕਾਂ ਦੇ ਬਾਦਸ਼ਾਹ ਜਾਂ ਮੰਨੇ ਹੋਏ ਰਾਜਨੀਤਿਕ ਨੇਤਾ ਵੀ ਸਨ। ਪਰੰਤੂ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਮਹਾਨਤਾ ਇਹ ਹੈ ਕਿ ਸਤਿਗੁਰੂ ਦੀ ਕਿ੍ਰਪਾ ਦੁਆਰਾ ਉਨ੍ਹਾਂ ਨੇ ਸਭ ਕੁਝ ਨਾਲੋਂ ਨਾਲ ਕੀਤਾ। ਫੌਜ ਸੰਗਠਨ, ਸੰਘਰਸ਼ ਅਤੇ ਜਿੱਤਾਂ ਨਾਲੋਂ-ਨਾਲ ਚਲਦੀਆਂ ਰਹੀਆਂ। ਬਾਬਾ ਬੰਦਾ ਸਿੰਘ ਜੀ ਦੀ ਫੌਜ ਦੀ ਬਣਤਰ ਤੋਂ ਇਸ ਗੱਲ ਦੀ ਪ੍ਰੋੜ੍ਹਤਾ ਹੁੰਦੀ ਹੈ ਕਿ ਬਾਬਾ ਜੀ ਦਾ ਮੰਤਵ ਪੰਜਾਬ ਦੇ ਹਰ ਵਰਗ ਦੇ ਲੋਕਾਂ ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਨੂੰ ਇਕ ਪਲੇਟਫਾਰਮ ’ਤੇ ਇਕੱਠੇ ਕਰਨਾ ਸੀ। ਸਮਕਾਲੀ ਭਰੋਸੇਯੋਗ ਗਵਾਹੀਆਂ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਦੀ ਫੌਜ ਵਿਚ ਕੇਵਲ ਸਿੱਖ ਹੀ ਨਹੀਂ ਸਨ, ਘੱਟੋ-ਘੱਟ ਪੰਜ ਹਜ਼ਾਰ ਮੁਸਲਮਾਨ ਵੀ ਮੁਗ਼ਲਾਂ ਵਿਰੁੱਧ ਲੜਨ ਲਈ ਉਨ੍ਹਾਂ ਦਾ ਸਾਥ ਦੇ ਰਹੇ ਸਨ। ਹਿੰਦੂ ਵੀ ਹਜ਼ਾਰਾਂ ਦੀ ਗਿਣਤੀ ਵਿਚ ਨਾਲ ਆ ਰਲ਼ੇ। ਉਦਾਸੀ ਸੰਪ੍ਰਦਾ ਦੇ ਲੋਕ ਵੀ ਅੰਮ੍ਰਿਤ ਛੱਕ ਕੇ ਬਾਬਾ ਬੰਦਾ ਸਿੰਘ ਦੀ ਫੌਜ ਵਿਚ ਸ਼ਾਮਲ ਹੋ ਗਏ। ਇਨ੍ਹਾਂ ਤੋਂ ਇਲਾਵਾ ਬਾਬਾ ਜੀ ਨੇ ਪਛੜੀਆਂ ਸ਼੍ਰੇਣੀਆਂ ਤੇ ਦਲਿਤ ਜਾਤੀਆਂ ਨੂੰ ਵੀ ਨਾਲ ਰੱਖਿਆ। ਉਨ੍ਹਾਂ ਨੇ ਪ੍ਰਤੀਤ ਕਰ ਲਿਆ ਸੀ ਕਿ ਅੰਮ੍ਰਿਤ ਛੱਕਣ ਦੇ ਬਾਅਦ ਜਾਤ-ਪਾਤ ਦਾ ਭੇਦ-ਭਾਵ ਮਿਟ ਜਾਂਦਾ ਹੈ। ਉਨ੍ਹਾਂ ਦਾ ਵਿਸ਼ਵਾਸ ਸੀ ਕਿ ਇਨ੍ਹਾਂ ਦੁਰਬਲ ਤੇ ਨਿਤਾਣੇ ਹੋਏ ਲੋਕਾਂ ਅੰਦਰ ਸਾਹਸ ਪੈਦਾ ਕਰ ਕੇ ਆਪਣੇ ਨਾਲ ਰਲਾਉਣ ਨਾਲ ਅੰਦੋਲਨ ਦੁਰਬਲ ਹੋਣ ਦੀ ਥਾਂ ਹੋਰ ਮਜ਼ਬੂਤ ਹੁੰਦਾ ਹੈ।

ਬਾਬਾ ਬੰਦਾ ਸਿੰਘ ਨੇ ਅਜਿਹੀ ਹਲਚਲ ਮਚਾਈ ਕਿ ਮੁਗ਼ਲਾਂ ਨੂੰ ਵਿਸ਼ਵਾਸ ਨਹੀਂ ਸੀ ਆ ਰਿਹਾ ਕਿ ਇਸ ਤਰ੍ਹਾਂ ਵੀ ਹੋ ਸਕਦਾ ਹੈ। ਸੱਚਮੁਚ ਹੀ ਇਹ ਇਕ ਅਣਹੋਣੀ ਸੀ। ਖਰਚਾ ਚਲਾਉਣ ਅਤੇ ਧਨ ਦੀ ਪੂਰਤੀ ਲਈ ਉਸ ਨੇ ਉੱਘੇ ਵਪਾਰੀਆਂ ਨੂੰ ਵੰਗਾਰਿਆ। ਸਭ ਨੇ ਖੁੱਲ੍ਹ ਕੇ ਮਦਦ ਕੀਤੀ। ਆਰਥਿਕ ਲੋੜਾਂ ਦੀ ਪੂਰਤੀ ਹੁੰਦਿਆਂ ਹੀ ਉਨ੍ਹਾਂ ਨੇ ਪੰਜਾਬ ’ਤੇ ਹਮਲਾ ਕਰ ਦਿੱਤਾ ਤੇ ਜਿੱਤਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਨਵੰਬਰ 11, 1709 ਈ: ਨੂੰ ਸਮਾਣਾ ’ਤੇ ਜਿੱਤ ਪ੍ਰਾਪਤ ਕੀਤੀ। ਇਸ ਤੋਂ ਬਾਅਦ ਸੋਨੀਪਤ, ਕੈਥਲ, ਸਮਾਣਾ, ਘੁੜਾਮ, ਠਸਕਾ, ਸ਼ਾਹਬਾਦ, ਕਪੂਰੀ ਤੇ ਸਢੌਰਾ ’ਤੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਉਹਨੀਂ ਦਿਨੀਂ ਇਹ ਸ਼ਹਿਰ ਮੁਗ਼ਲ ਰਾਜ ਦੇ ਗੜ੍ਹ ਮੰਨੇ ਜਾਂਦੇ ਸਨ। ਬਾਬਾ ਬੰਦਾ ਸਿੰਘ ਬਹਾਦਰ ਦੇ ਆਉਣ ਬਾਰੇ ਸੁਣ ਕੇ ਮਾਝੇ ਤੇ ਦੁਆਬੇ ਦੇ ਸਿੱਖਾਂ ਨੇ ਹਕੂਮਤ ਵਿਰੁੱਧ ਬਗ਼ਾਵਤ ਕਰ ਦਿੱਤੀ ਕਿਉਂਕਿ ਸਿੱਖਾਂ ਦੇ ਹੌਂਸਲੇ ਬਹੁਤ ਬੁਲੰਦ ਹੋ ਚੁੱਕੇ ਸਨ। ਉਹ ਰੋਪੜ ਨੂੰ ਜਿੱਤ ਕੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਆ ਮਿਲੇ। ਹੁਣ ਸਿੱਖ ਆਪਣੇ ਮੁੱਖ ਨਿਸ਼ਾਨੇ ਸਰਹਿੰਦ ’ਤੇ ਜ਼ੋਰਦਾਰ ਹੱਲਾ ਬੋਲਣ ਲਈ ਕਚੀਚੀਅ ਲੈਣ ਲੱਗੇ। ਆਖ਼ਰ ਉਹ ਘੜੀ ਆ ਗਈ ਜਿਸ ਦਾ ਉਹ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਸੂਬੇਦਾਰ ਵਜ਼ੀਰ ਖਾਂ ਨੂੰ ਸਬਕ ਸਿਖਾਉਣ ਲਈ ਸਿੱਖਾਂ ਨੇ ਚੱਪੜਚਿੜੀ ਦਾ ਮੈਦਾਨ ਆ ਮੱਲਿਆ (ਚੱਪੜਚਿੜੀ, ਸਰਹਿੰਦ ਤੋਂ 12 ਕੋਹ ਦੀ ਵਿੱਥ ’ਤੇ ਖਰੜ ਲਾਂਡਰਾ ਸੜਕ ’ਤੇ ਸਥਿਤ ਹੈ) ਸੂਬੇਦਾਰ ਵਜ਼ੀਰ ਖਾਂ ਦੀਆਂ ਫੌਜਾਂ ਸਿੱਖਾਂ ਦੇ ਤੂਫਾਨ ਨੂੰ ਰੋਕਣ ਲਈ ਅੱਗੇ ਵਧੀਆਂ। ਸਿੰਘਾਂ ਨੇ ਸਰਹਿੰਦ ’ਤੇ ਹਮਲੇ ਲਈ ਪਹਿਲਾਂ ਹੀ ਜ਼ੋਰਦਾਰ ਤਿਆਰੀਆਂ ਕੀਤੀਆਂ ਹੋਈਆਂ ਸਨ। 12 ਮਈ, 1710 ਈ: ਨੂੰ ਚੱਪੜਚਿੜੀ ਦੇ ਮੈਦਾਨ ਵਿਚ ਜ਼ੋਰਦਾਰ ਖੂਨ-ਡੋਲ੍ਹਵਾਂ ਮੁਕਾਬਲਾ ਹੋਇਆ। ਇਸ ਭਿਆਨਕ ਲੜਾਈ ਵਿਚ ਵਜ਼ੀਰ ਖਾਂ ਮਾਰਿਆ ਗਿਆ। ਵਜ਼ੀਰ ਖਾਂ ਦੇ ਮਰਨ ਨਾਲ ਬਾਕੀ ਮੁਸਲਮਾਨ ਫੌਜਾਂ ਮੈਦਾਨ ਛੱਡ ਕੇ ਦੌੜ ਗਈਆਂ ਅਤੇ ਸਰਹੰਦ ਫ਼ਤਹਿ ਹੋ ਗਈ। ਅਗਲੇ ਦਿਨ 13 ਮਈ, 1710 ਈ. ਨੂੰ ਸਿੱਖ ਫੌਜਾਂ ਸਰਹਿੰਦ ਵਿਚ ਦਾਖ਼ਲ ਹੋਈਆਂ। ਦੇਖਦੇ-ਦੇਖਦੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਿਤਮਾਂ ਦੀ ਨਗਰੀ ਸਰਹਿੰਦ ਨੂੰ ਇੱਟਾਂ ਦੇ ਢੇਰ ਵਿਚ ਬਦਲ ਦਿੱਤਾ। ਵੱਸਦਾ-ਰੱਸਦਾ ਸਰਹਿੰਦ ਸ਼ਹਿਰ ਖੰਡਰ ਵਿਚ ਤਬਦੀਲ ਹੋ ਗਿਆ। ਸ਼ਾਹੀ ਅਮੀਰਾਂ ਤੋਂ ਧਨ ਵਸੂਲਿਆ ਗਿਆ ਤੇ ਦੋਸ਼ੀਆਂ ਨੂੰ ਚੁਣ-ਚੁਣ ਕੇ ਸਜ਼ਾਵਾਂ ਦਿੱਤੀਆਂ ਗਈਆਂ। ਵਜ਼ੀਰ ਖਾਂ ਦੇ ਮਹੱਲਾਂ ਵਿੱਚੋਂ ਬਹੁਤ ਸਾਰਾ ਧਨ ਬਾਬਾ ਬੰਦਾ ਸਿੰਘ ਬਹਾਦਰ ਦੇ ਹੱਥ ਲੱਗਾ। ਅਗਲੇ ਦਿਨ 14 ਮਈ 1710 ਨੂੰ ਬਾਬਾ ਬਾਜ ਸਿੰਘ ਨੂੰ ਸਰਹਿੰਦ ਦਾ ਗਵਰਨਰ ਅਤੇ ਬਾਬਾ ਆਲੀ ਸਿੰਘ ਸਲੌਦੀ ਨੂੰ ਡਿਪਟੀ ਗਵਰਨਰ ਥਾਪਿਆ ਗਿਆ। ਸਮਾਣੇ ਦਾ ਗਵਰਨਰ ਸ. ਫ਼ਤਹਿ ਸਿੰਘ ਨੂੰ ਨਿਯੁਕਤ ਕੀਤਾ ਗਿਆ। ਸਰਹਿੰਦ ’ਤੇ ਮੁਕੰਮਲ ਕਬਜ਼ਾ ਕਰਨ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਮਲੇਰ ਕੋਟਲੇ ਵੱਲ ਵਧਿਆ। ਪਰ ਨਵਾਬ ਮਲੇਰ ਕੋਟਲਾ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਮੇਂ ਮਾਰੇ ਗਏ ‘ਹਾਅ-ਦੇ-ਨਾਰ੍ਹੇ’ ਨੂੰ ਧਿਆਨ ਵਿੱਚ ਰੱਖਦਿਆਂ ਇਸ ਸ਼ਹਿਰ ਨੂੰ ਕੋਈ ਨੁਕਸਾਨ ਨਾ ਪਹੁੰਚਾਇਆ।

ਮੁਖਲਿਸਗੜ੍ਹ ਦਾ ਕਿਲ੍ਹਾ ਸ਼ਾਹ ਜਹਾਨ ਦੀ ਆਗਿਆ ਅਨੁਸਾਰ ਮੁਖਲਿਸ ਖਾਨ ਨੇ ਬਣਵਾਇਆ ਸੀ। ਜਿਸ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਕਿਲ੍ਹੇ ਉੱਤੇ ਕਬਜ਼ਾ ਕੀਤਾ ਤਾਂ ਇਹ ਬੜੀ ਟੁੱਟੀ-ਭੱਜੀ ਹਾਲਤ ਵਿਚ ਸੀ, ਛੇਤੀ ਹੀ ਇਸ ਦੀ ਮੁਰੰਮਤ ਕੀਤੀ ਤੇ ਇਸ ਦਾ ਨਾਂ ‘ਲੋਹਗੜ੍ਹ’ ਰੱਖਿਆ ਗਿਆ। ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਦੀ ਬਜਾਏ ਮੁਖਲਿਸਗੜ੍ਹ ਨੂੰ ਆਪਣੀ ਰਾਜਧਾਨੀ ਬਣਾਇਆ ਤੇ ਆਪਣੀਆਂ ਅਗਲੀਆਂ ਮੁਹਿੰਮਾਂ ਦਾ ਅਧਾਰ ਕੇਂਦਰ ਬਣਾਇਆ। ਸਰਹਿੰਦ ਦਾ ਖ਼ਜ਼ਾਨਾ, ਸਾਰੀਆਂ ਮੁਹਿੰਮਾਂ ਵਿਚ ਪ੍ਰਾਪਤ ਹੋਇਆ ਮਾਲ-ਅਸਬਾਬ, ਜੰਗੀ ਸਾਮਾਨ ਅਤੇ ਕਬਜ਼ੇ ਹੇਠ ਆਏ ਇਲਾਕਿਆਂ ਤੋਂ ਉਗਰਾਹਿਆ ਹੋਇਆ ਮਾਮਲਾ ਸਭ ਇੱਥੇ ਇਕੱਠੇ ਕੀਤੇ ਗਏ। ਅਸਲੀ ਅਰਥਾਂ ਵਿਚ ਲੋਹਗੜ੍ਹ ਸਿੰਘਾਂ ਦੇ ਨਵੇਂ ਬਣ ਰਹੇ ਰਾਜ ਦੀ ਰਾਜਧਾਨੀ ਬਣ ਗਿਆ। ਫੌਜੀ ਨਜ਼ਰੀਏ ਤੋਂ ਇਸ ਜਗ੍ਹਾ ਦੀ ਚੋਣ ਕਾਫ਼ੀ ਬੁੱਧੀਮਾਨੀ ਵਾਲੀ ਸੀ ਕਿਉਂਕਿ ਸੁਰੱਖਿਆ ਪੱਖੋਂ ਇਹ ਮੁੱਖ ਮਾਰਗ ਤੋਂ ਹਟ ਕੇ ਨੀਮ ਪਹਾੜੀ ਇਲਾਕੇ ਨਾਲ ਲੱਗਣ ਕਰਕੇ ਕਾਫ਼ੀ ਸੁਰੱਖਿਅਤ ਸੀ। ਬਾਬਾ ਬੰਦਾ ਸਿੰਘ ਬਹਾਦਰ ਹੁਣ ਇਕ ਬੇਤਾਜ਼ ਬਾਦਸ਼ਾਹ ਬਣ ਗਿਆ ਸੀ। ਉਸ ਦੇ ਕੋਲ ਸ਼ਰਧਾਲੂ ਸਿੰਘਾਂ ਦੀ ਫੌਜ ਭੀ ਹੋ ਗਈ ਸੀ। ਰਾਜ-ਕਾਜ ਲਈ ਰਾਜਧਾਨੀ ਵੀ ਤੇ ਰਹਿਣ ਲਈ ਮਹਿਲ ਭੀ। ਉਸ ਨੇ ਰਾਜ ਦੀ ਸਦੀਵੀ ਪੱਕੀ ਨਿਸ਼ਾਨੀ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਦਾ ਸਿੱਕਾ ਭੀ ਜਾਰੀ ਕਰ ਦਿੱਤਾ, ਜਿਸ ’ਤੇ ਫ਼ਾਰਸੀ ਦੇ ਹੇਠ ਲਿਖੇ ਸ਼ਬਦ ਉੱਕਰੇ ਹੋਏ ਸਨ: ‘ਸਿੱਕਾ ਜ਼ਦ ਬਰ ਹਰ ਦੋ ਆਲਮ ਤੇਗ਼ਿ ਨਾਨਕ ਵਾਹਿਬ ਅਸਤ, ਫ਼ਤਹਿ ਗੋਬਿੰਦ ਸਿੰਘ ਸ਼ਾਹਿ-ਸ਼ਾਹਾਨ ਫ਼ਜਲਿ ਸੱਚਾ ਸਾਹਿਬ ਅਸਤ।’ ਜਿਸ ਦਾ ਅਰਥ ਹੈ: ‘ਸਿੱਕਾ ਮਾਰਿਆ ਦੋ ਜਹਾਨ ਉੱਤੇ, ਬਖ਼ਸ਼ਾਂ ਬਖ਼ਸ਼ੀਆਂ ਨਾਨਕ ਦੀ ਤੇਗ਼ ਨੇ ਜੀ। ਫ਼ਤਹਿ ਸ਼ਾਹਿ ਸ਼ਾਹਾਨ ਗੋਬਿੰਦ ਸਿੰਘ ਦੀ, ਮਿਹਰਾਂ ਕੀਤੀਆਂ ਸੱਚੇ ਰੱਬ ਨੇ ਜੀ।’ ਬਾਦਸ਼ਾਹੀ ਸਿੱਕਿਆਂ ਦੀ ਤਰ੍ਹਾਂ ਇਸ ਦੇ ਪਿਛਲੇ ਪਾਸੇ ਰਾਜਧਾਨੀ ਦੀ ਉਸਤਤਿ ਦੇ ਇਹ ਸ਼ਬਦ ਸਨ: ‘ਜ਼ਰਬ ਬ-ਅਮਾਨੁ-ਦਹਿਰ, ਮੁਸੱਵਰਤ ਸ਼ਹਿਰ, ਜੀਨਤੁ-ਤਖ਼ਤੁ, ਮੁਬਾਰਕ ਬਖ਼ਤ।’ ਅਰਥਾਤ ਜਾਰੀ ਹੋਇਆ ਸੰਸਾਰ ਦੇ ਸ਼ਾਂਤੀ-ਅਸਥਾਨ, ਸ਼ਹਿਰਾਂ ਦੀ ਮੂਰਤਿ, ਧੰਨਭਾਗੀ ਰਾਜਧਾਨੀ ਤੋਂ। ਬਾਬਾ ਬੰਦਾ ਸਿੰਘ ਬਹਾਦਰ ਨੇ ਸਰਕਾਰੀ ਦਸਤਾਵੇਜ਼, ਸੰਨਦਾਂ, ਪ੍ਰਵਾਨਿਆਂ ਆਦਿ ਲਈ ਮੋਹਰ ਬਣਵਾਈ। ਮੋਹਰ ਦੇ ਸ਼ਬਦ ਇਹ ਸਨ:- ‘ਦੇਗੋ ਤੇਗ਼ੋ ਫ਼ਤਹਿ ਓ ਨੁਸਰਤਿ ਬੇ-ਦਿਰੰਗ ਯਾਫ਼ਤ ਅਜ ਨਾਨਕ ਗੁਰੂ ਗੋਬਿੰਦ ਸਿੰਘ’ ਅਰਥਾਤ- ਦੇਗ ਤੇਗ ਜਿੱਤ ਸੇਵਾ ਨਿਰਾਲਮ, ਗੁਰੂ ਨਾਨਕ-ਗੋਬਿੰਦ ਸਿੰਘ ਤੋਂ ਪਾਈ।

ਮੁਗ਼ਲ ਬਾਦਸ਼ਾਹਾਂ ਦੇ ਰਾਜ-ਸੰਮਤ ਦੀ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਭੀ ਸਰਹਿੰਦ ਦੀ ਫ਼ਤਹਿ ਤੋਂ ਇਕ ਨਵ ਸੰਮਤ ਨਾਨਕਸ਼ਾਹੀ ਆਰੰਭ ਕੀਤਾ ਜੋ ਉਸ ਦੇ ਰਾਜ ਦੇ ਅੰਤ ਦੇ ਨਾਲ ਹੀ ਸਮਾਪਤ ਹੋ ਗਿਆ। ਉਸ ਨੇ ਇਹ ਸਭ ਕੁਝ ਮੁਗ਼ਲ ਬਾਦਸ਼ਾਹ ਦੀ ਨਕਲ ਦੇ ਤੌਰ ’ਤੇ ਇਸ ਲਈ ਕੀਤਾ ਕਿ ਸਿੰਘਾਂ ਵਿਚ ਮੁਗ਼ਲਾਂ ਦੀ ਬਰਾਬਰੀ ਦੀ ਸਪਿਰਟ ਪੈਦਾ ਹੋ ਜਾਵੇ ਕਿ ਉਹ ਕਿਸੇ ਨਾਲੋਂ ਘੱਟ ਨਹੀਂ ਹਨ। ਫ਼ਰਕ ਇੰਨਾ ਹੈ ਕਿ ਮੁਗ਼ਲ ਬਾਦਸ਼ਾਹਾਂ ਦੇ ਸਿੱਕੇ, ਰਾਜਧਾਨੀ, ਮੋਹਰ ਬਾਦਸ਼ਾਹ ਦੇ ਨਾਂ ’ਤੇ ਚੱਲਦੇ ਸਨ ਪਰ ਖ਼ਾਲਸੇ ਦਾ ਰਾਜ ਨੇਤਾ ਬਾਬਾ ਬੰਦਾ ਸਿੰਘ ਆਪਣੇ ਨਿੱਜੀ ਨਾਂ ’ਤੇ ਕੁਝ ਨਹੀਂ ਕਰਦਾ ਸੀ। ਉਹ ਰਾਜ ਦੀ ਪ੍ਰਾਪਤੀ ਵਾਹਿਗੁਰੂ ਦੀ ਮਿਹਰ ਨਾਲ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਦੀ ਬਖਸ਼ਸ਼ ਮੰਨਦਾ ਸੀ ਤੇ ਆਪ ਦੇਗ਼ ਤੇ ਤੇਗ਼ ਰਾਹੀਂ ਕੇਵਲ ਸੇਵਾਦਾਰ ਸੀ। ਉਸ ਲਈ ਬਖਸ਼ਸ਼ ਗੁਰੂ ਨਾਨਕ ਦੇਵ ਜੀ ਦੀ ਹੈ। ਫ਼ਤਹਿ ਗੁਰੂ ਗੋਬਿੰਦ ਸਿੰਘ ਜੀ ਦੀ ਤੇ ਪਾਤਸ਼ਾਹੀ ਅਕਾਲ ਪੁਰਖ ਦੀ ਹੈ।

ਜਿੱਤ ਦਾ ਸਿਲਸਿਲਾ ਜਾਰੀ ਰੱਖਦਿਆਂ ਬਾਬਾ ਬੰਦਾ ਸਿੰਘ ਬਹਾਦਰ ਨੇ ਜੁਲਾਈ 1710 ਈ. ਵਿੱਚ ਗੰਗਾ ਤੇ ਜਮਨਾ ਦੇ ਮੈਦਾਨੀ ਇਲਾਕਿਆਂ ’ਤੇ ਕਬਜ਼ਾ ਕਰ ਲਿਆ। ਮਾਝੇ ਤੇ ਦੁਆਬੇ ਦੇ ਸਿੱਖ ਉੱਠ ਖੜ੍ਹੇ ਹੋਏ। ਸਿੱਖ ਦੀ ਚੜ੍ਹਤ ਨੇ ਹਿੰਦੋਸਤਾਨ ਦੇ ਬਾਦਸ਼ਾਹ ਬਹਾਦਰ ਸ਼ਾਹ ਨੂੰ ਭੈ-ਭੀਤ ਕਰ ਦਿੱਤਾ। ਉਸ ਨੇ ਸਿੱਖਾਂ ਕੋਲੋਂ ਜਿੱਤਿਆ ਹੋਇਆ ਇਲਾਕਾ ਲੈਣ ਲਈ ਆਪ ਪੰਜਾਬ ਵੱਲ ਕੂਚ ਕੀਤਾ। ਹਾਲਾਤਾਂ ਅਨੁਸਾਰ ਸਿੱਖਾਂ ਨੂੰ ਪਿੱਛੇ ਹਟਣਾ ਪਿਆ। ਬਾਬਾ ਬੰਦਾ ਸਿੰਘ ਬਹਾਦਰ ਸਮੇਤ ਸਿੱਖ ਲੋਹਗੜ੍ਹ ਦੇ ਕਿਲ੍ਹੇ ਆ ਟਿਕੇ। ਸ਼ਾਹੀ ਸੈਨਾ ਨੇ ਕਿਲ੍ਹੇ ਨੂੰ ਘੇਰ ਲਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਪਿੱਛੇ ਹਟ ਕੇ ਪਹਾੜ ਵੱਲ ਚਲਾ ਗਿਆ। ਇਸੇ ਦੌਰਾਨ ਪੰਥ-ਦੋਖੀ ਪਹਾੜੀ ਰਾਜੇ ਭੀਮ ਚੰਦ ਨੂੰ ਜਾ ਸੋਧਿਆ।

18 ਫਰਵਰੀ 1712 ਨੂੰ ਬਹਾਦਰ ਸ਼ਾਹ ਦੀ ਮੌਤ ਹੋ ਗਈ ਤੇ ਫ਼ਰੁੱਖ਼ਸ਼ੀਅਰ ਦਿੱਲੀ ਦਾ ਬਾਦਸ਼ਾਹ ਬਣਿਆ। ਫ਼ਰੁੱਖ਼ਸ਼ੀਅਰ ਇਕ ਕਮਜ਼ੋਰ ਬਾਦਸ਼ਾਹ ਸੀ। ਬਾਬਾ ਬੰਦਾ ਸਿੰਘ ਨੇ ਇਸ ਮੌਕੇ ਦਾ ਲਾਭ ਉਠਾਇਆ ਤੇ ਮੁੜ ਆਪਣੀ ਤਾਕਤ ਨੂੰ ਸੰਗਠਿਤ ਕੀਤਾ ਤੇ ਕਈ ਇਲਾਕਿਆਂ ’ਤੇ ਕਬਜ਼ਾ ਕਰ ਲਿਆ ਅਤੇ ਸਰਹਿੰਦ ਤੇ ਲੋਹਗੜ੍ਹ ਫਿਰ ਜਿੱਤ ਲਏ। ਬਟਾਲਾ ਤੇ ਕਲਾਨੌਰ ਨੂੰ ਜਿੱਤ ਕੇ ਸਮਸ਼ ਖਾਨ ਨੂੰ ਮਾਰ ਮੁਕਾਇਆ ਅੰਤ ਗੁਰਦਾਸ ਨੰਗਲ ਦੀ ਕੱਚੀ ਗੜ੍ਹੀ ਵਿਚ ਬਾਬਾ ਬੰਦਾ ਸਿੰਘ ਤੇ ਕਈ ਹੋਰ ਸਿੰਘ; ਮੁਗ਼ਲ ਫੌਜ ਦੇ ਘੇਰੇ ਵਿਚ ਆ ਗਏ। ਇਹ ਘੇਰਾ ਲੰਬਾ ਸਮਾਂ ਭਾਵ ਅੱਠ ਮਹੀਨੇ ਜਾਰੀ ਰਿਹਾ। ਘੇਰਾ ਲੰਬਾ ਹੋਣ ਕਾਰਨ ਰਾਸ਼ਨ ਦੀ ਕਮੀ ਹੋਣ ਲੱਗੀ। ਸਿਪਾਹੀ ਭੁੱਖ ਤੇ ਪਿਆਸ ਨਾਲ ਮਰਨ ਲੱਗੇ। ਇਸ ਸਮੇਂ ਬਾਬਾ ਬਿਨੋਦ ਸਿੰਘ ਸਮੇਤ ਬਾਬਾ ਬੰਦਾ ਸਿੰਘ ਦੇ ਕਈ ਭਰੋਸੇਵੰਦ ਸਾਥੀ ਵੀ ਉਨ੍ਹਾਂ ਦਾ ਸਾਥ ਛੱਡ ਗਏ। ਬੰਦਾ ਸਿੰਘ ਬਹਾਦਰ ਨੂੰ ਲਗਪਗ 737 ਸਾਥੀਆਂ ਸਮੇਤ ਗਿ੍ਰਫ਼ਤਾਰ ਕਰ ਲਿਆ ਗਿਆ। ਫਿਰ ਪਿੰਜਰੇ ਵਿਚ ਬੰਦ ਕਰ ਕੇ ਦਿੱਲੀ ਲਿਜਾਇਆ ਗਿਆ 5 ਮਾਰਚ, 1716 ਯੂਲੀਅਨ ਨੂੰ ਸਿੱਖ ਕੈਦੀਆਂ ਦਾ ਕਤਲੇਆਮ ਸ਼ੁਰੂ ਹੋਇਆ ਤਕਰੀਬਨ 100 ਸਿੱਖ ਨੂੰ ਰੋਜ਼ ਕਤਲ ਕੀਤਾ ਜਾਂਦਾ, ਸਿੱਖ ਅਜਿੱਤ ਭਾਵਨਾ ਨਾਲ ਮੌਤ ਨੂੰ ਜੀ ਆਇਆਂ ਕਹਿੰਦੇ, ਖਿੜ੍ਹੇ ਚਿਹਰੇ ਨਾਲ ਸ਼ਹੀਦ ਹੁੰਦੇ ਰਹੇ। ਤਕਰੀਬਨ ਤਿੰਨ ਮਹੀਨੇ ਤੱਕ ਅੰਤ ਦਾ ਜਬਰ, ਜ਼ੁਲਮ, ਤਸ਼ੱਦਦ ਅਤੇ ਤਸੀਹੇ ਦੇਣ ਤੋਂ ਬਾਅਦ 11 ਹਾੜ ਬਿਕ੍ਰਮੀ ਸੰਮਤ 1773; 9 ਜੂਨ, 1716 ਯੂਲੀਅਨ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੂੰ ਤੇ ਉਨ੍ਹਾਂ ਦੇ ਸਾਥੀਆਂ ਨੂੰ ਕਿਲ੍ਹੇ ਤੋਂ ਬਾਹਰ ਲਿਆਂਦਾ ਗਿਆ ਤੇ ਜਲੂਸ ਦੀ ਸ਼ਕਲ ਰਾਹੀਂ ਕੁਤਬ ਮੀਨਾਰ ਦੇ ਨੇੜੇ ਖਵਾਜਾ ਕੁਤਬਦੀਨ ਬਖਤਿਆਰ ਕਾਕੀ ਦੇ ਰੋਜ਼ੇ ਪਾਸ ਪਹੁੰਚਾਇਆ ਗਿਆ। ਬਹੁਤ ਸਾਰੇ ਚਸ਼ਮਦੀਦ ਗਵਾਹਾਂ ਅਨੁਸਾਰ ਬਾਬਾ ਬੰਦਾ ਸਿੰਘ ਦੀ ਸ਼ਹਾਦਤ ਇਸ ਤਰ੍ਹਾਂ ਹੋਈ:-

ਉਂਞ ਤਾਂ ਸਾਰਾ ਇਤਿਹਾਸ ਹੀ ਸ਼ਹੀਦੀਆਂ ਨਾਲ ਭਰਿਆ ਪਿਆ ਹੈ ਪਰ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਸਿੱਖ ਇਤਿਹਾਸ ਵਿੱਚ ਹੀ ਨਹੀਂ, ਸਗੋਂ ਸੰਸਾਰ ਦੇ ਸਮੁੱਚੇ ਇਤਿਹਾਸ ਵਿਚ ਹੀ ਲੂੰ-ਕੰਡੇ ਖੜ੍ਹੇ ਕਰਨ ਵਾਲੀ ਸ਼ਹੀਦੀ ਹੈ। ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦੀ ਜਾਮ ਪਿਲਾਉਣ ਤੋਂ ਪਹਿਲਾਂ ਉਨ੍ਹਾਂ ਦੇ ਪੌਣੇ ਚਾਰ ਸਾਲ ਦੇ ਪੁੱਤਰ ਅਜੈ ਸਿੰਘ ਨੂੰ ਕਤਲ ਕਰ ਕੇ ਉਸ ਦਾ ਧੜਕਦਾ ਦਿਲ ਬਾਬਾ ਜੀ ਦੇ ਮੂੰਹ ਵਿਚ ਤੁੰਨਿਆ ਗਿਆ। ਉਸ ਦੇ ਪੁੱਤਰ ਦੀਆਂ ਆਂਦਰਾਂ ਕੱਢ ਕੇ ਉਨ੍ਹਾਂ ਦਾ ਹਾਰ ਬਾਬਾ ਬੰਦਾ ਸਿੰਘ ਬਹਾਦਰ ਦੇ ਗਲ ਵਿਚ ਪਾਇਆ ਗਿਆ। ਫਿਰ ਜਲਾਦ ਨੇ ਉਨ੍ਹਾਂ ਦੀਆਂ ਅੱਖਾਂ ਕੱਢੀਆਂ, ਹੱਥ ਪੈਰ ਕੱਟੇ ਗਏ, ਲਾਲ ਭਖਦੇ ਜੰਬੂਰ ਨਾਲ ਸਰੀਰ ਤੋਂ ਮਾਸ ਨੋਚਿਆ ਗਿਆ ਅਤੇ ਅੰਤ ਵਿਚ ਸਿਰ ਤੇ ਧੜ ਨੂੰ ਅਲੱਗ ਕਰ ਕੇ ਟੁਕੜੇ-ਟੁਕੜੇ ਕਰ ਦਿੱਤੇ ਗਏ। ਸਿੱਖਾਂ ਦਾ ਪਹਿਲਾ ਹੁਕਮਰਾਨ ਇਸ ਤਰ੍ਹਾਂ 11 ਹਾੜ ਬਿਕ੍ਰਮੀ ਸੰਮਤ 1713; 9 ਜੂਨ, 1716 ਯੂਲੀਅਨ ਨੂੰ ਸ਼ਹੀਦ ਹੋ ਗਿਆ।

ਨਾਨਕਸ਼ਾਹੀ ਕੈਲੰਡਰ ਅਨੁਸਾਰ 11 ਹਾੜ ਹਰ ਸਾਲ 25 ਜੂਨ ਨੂੰ ਆਉਂਦਾ ਹੈ। ਇਹ ਸ਼ਹੀਦੀ ਆਪਣੇ-ਆਪ ਵਿਚ ਅਦੁੱਤੀ ਤੇ ਲਾਸਾਨੀ ਸੀ। ਇਹ ਮਾਣ ਪਰ ਅਸਰਚਜਤਾ ਵਾਲੀ ਗੱਲ ਹੈ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਇਸ ਸਾਰੇ ਜ਼ੁਲਮ-ਸਿਤਮ ਦੌਰਾਨ ਪੂਰੀ ਤਰ੍ਹਾਂ ਅਹਿੱਲ ਅਤੇ ਅਡੋਲ ਰਹੇ। ਇਸ ਤਰ੍ਹਾਂ ਉਨ੍ਹਾਂ ਸਿੱਖ ਸ਼ਹੀਦੀ ਵਿਰਾਸਤ ਉੱਤੇ ਪੂਰਾ ਪਹਿਰਾ ਦਿੱਤਾ। ਇਹ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖਿਆ, ਥਾਪੜੇ ਅਤੇ ਉਨ੍ਹਾਂ ਪਾਸੋਂ ਛਕੀ ਖੰਡੇ ਦੀ ਪਾਹੁਲ ਦਾ ਹੀ ਕਮਾਲ ਕਿਹਾ ਜਾ ਸਕਦਾ ਹੈ ਕਿ ਜਿਹੜਾ ਲਛਮਣ ਦਾਸ ਹਿਰਨੀ ਦੇ ਤੜਫਦੇ ਹੋਏ ਬੱਚੇ ਨੂੰ ਵੇਖ ਕੇ ਬੈਰਾਗੀ ਬਣ ਗਿਆ ਸੀ; ਉਸ ਵਿੱਚ ਇਤਨੀ ਨਿਰਭੈਤਾ ਤੇ ਅਡੋਲਤਾ ਆਈ ਕਿ ਉਸ ਦੇ ਆਪਣੇ ਬੱਚੇ ਦਾ ਕਾਲਜਾ ਕੱਢ ਕੇ ਮੂੰਹ ਵਿੱਚ ਤੁੰਨਣ ਤੇ ਉਸ ਦੀਆਂ ਅਦਰਾਂ ਦਾ ਹਾਰ ਗਲ਼ੇ ਵਿੱਚ ਪਾਉਣ ਸਮੇਂ ਜਰਾ ਜਿੰਨਾਂ ਨਹੀ ਡੋਲਿਆ ਅਤੇ ਗ਼ਰਮ ਜੰਮੂਰ ਨਾਲ ਮਾਸ ਨੋਚੇ ਜਾਣ, ਅੱਖ ਕੱਢੇ ਜਾਣ, ਹੱਥ ਪੈਰ ਕੱਟੇ ਜਾਣ ਸਮੇਂ ਉਸ ਨੇ ਆਪਣੇ ਮੁੱਖੋਂ ‘ਸੀ’ ਤੱਕ ਨਹੀਂ ਉਚਾਰੀ ਤੇ ਸਾਰੇ ਤਸੀਹਿਆਂ ਨੂੰ ਅਕਾਲ ਪੁਰਖ਼ ਦਾ ਭਾਣਾ ਮੰਨ ਕੇ ਖਿੜ੍ਹੇ ਮੱਥੇ ਸਹਾਰਿਆ।

ਬਾਬਾ ਬੰਦਾ ਸਿੰਘ ਬਹਾਦਰ ਦੀ ਪੰਜਾਬ ਖਾਸ ਕਰ ਸਿੱਖ ਨੂੰ ਬਹੁਤ ਵੱਡੀ ਦੇਣ ਹੈ। ਕੁਝ ਖੇਤਰ ਵਿਚ ਉਸ ਦੇ ਪਾਏ ਹੋਏ ਪੂਰਨੇ ਅੱਜ ਤੱਕ ਅਪਣਾਏ ਜਾ ਰਹੇ ਹਨ। ਬਾਬਾ ਜੀ ਦਾ ਪਹਿਲਾ ਕੰਮ ਸਿਰਲੱਥ ਖ਼ਾਲਸਾ ਨੂੰ ਦਰਪੇਸ਼ ਹਾਲਾਤਾਂ ਦੇ ਮੱਦੇ-ਨਜ਼ਰ ਹੋਰ ਚੰਗੀ ਤਰ੍ਹਾਂ ਸੰਗਠਿਤ ਕਰਨਾ ਸੀ। ਫੌਜੀ ਜਰਨੈਲ ਦੇ ਤੌਰ ’ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਕੋਈ ਵੀ ਮੁਕਾਬਲਾ ਨਹੀਂ ਸੀ। ਮੈਗਰੇਗਰ ਲਿਖਦਾ ਹੈ, ‘ਬੰਦਾ ਸਿੰਘ ਬਹਾਦਰ ਜਰਨੈਲਾਂ ਵਿਚ ਉੱਚੀ ਥਾਂ ਰੱਖਦਾ ਹੈ ਉਸ ਦਾ ਨਾਮ ਪੰਜਾਬ ਤੇ ਪੰਜਾਬੋਂ ਬਾਹਰ ਮੁਗਲਾਂ ਵਿਚ ਦਹਿਸ਼ਤ ਫੈਲਾਉਣ ਲਈ ਕਾਫ਼ੀ ਸੀ।’

ਗੋਕਲ ਚੰਦ ਨਾਰੰਗ ਅਨੁਸਾਰ, ‘ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲਾਂ ਦੇ ਅਜਿੱਤ ਹੋਣ ਦਾ ਭਰਮ ਤੋੜਿਆ ਤੇ ਬਾਬਾ ਬੰਦਾ ਸਿੰਘ ਨੇ ਮੁਗ਼ਲਾਂ ਨੂੰ ਪੰਜਾਬ ਦੀ ਧਰਤੀ ਤੋਂ ਮਾਰ ਮੁਕਾਇਆ।’ ਉਨ੍ਹਾਂ ਨੇ ਪੰਜਾਬ ਦੇ ਵਾਹੀਕਾਰ ਕਿਸਾਨਾਂ ਨੂੰ ਭੋਇੰ ਦੇ ਮਾਲਕ ਬਣਾ ਦਿੱਤਾ। ਉਨ੍ਹਾਂ ਤੋਂ ਪਿੱਛੋਂ ਵੀ ਇਹ ਪ੍ਰਬੰਧ ਅੰਗਰੇਜ਼ਾਂ ਦੇ ਰਾਜ ਤੱਕ ਇਵੇਂ ਹੀ ਚੱਲਦਾ ਰਿਹਾ। ਉਨ੍ਹਾਂ ਨੇ ਪੰਜਾਬ ਵਿਚ ਰਾਜਨੀਤਕ ਜਾਗਿ੍ਰਤੀ ਲਿਆਉਣ ਦੇ ਨਾਲ-ਨਾਲ ਆਰਥਿਕ ਖੁਸ਼ਹਾਲੀ ਦਾ ਵੀ ਮੁੱਢ ਬੰਨ੍ਹ ਦਿੱਤਾ ਸੀ। ਉਨ੍ਹਾਂ ਨੇ ਪੰਜਾਬ ਵਿਚ ਇਕ ਵੱਡੀ ਕ੍ਰਾਂਤੀ ਲਿਆਂਦੀ ਸੀ। ਦੂਜਿਆਂ ਦੀਆਂ ਜ਼ਮੀਨਾਂ ’ਤੇ ਕੰਮ ਕਰਨ ਵਾਲੇ ਬੇਜ਼ਮੀਨੇ ਮੁਜਾਰੇ ਤੇ ਕਿਸਾਨਾਂ ਨੂੰ ਜ਼ਿਮੀਂਦਾਰ ਤੇ ਸਿੱਖ ਸਿਰਦਾਰ ਬਣਾ ਦਿੱਤਾ ਸੀ। ਇਸ ਪੱਖੋਂ ਵੀ ਪੰਜਾਬ ਬਾਬਾ ਬੰਦਾ ਸਿੰਘ ਬਹਾਦਰ ਦੀ ਲੰਮੀ ਦ੍ਰਿਸ਼ਟੀ ਤੇ ਡੂੰਘੀ ਸੋਚ ਨਾਲ ਦਿੱਤੀ ਉਨ੍ਹਾਂ ਦੀ ਦੇਣ ਦਾ ਸਦਾ ਰਿਣੀ ਰਹੇਗਾ।

ਇਹ ਪਹਿਲੀ ਵਾਰ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਰਹਿਨੁਮਾਈ ਹੇਠ ਪੰਜਾਬ ਦੇ ਦੱਬੇ-ਕੁਚਲੇ ਲੋਕਾਂ ਨੇ ਆਜ਼ਾਦੀ ਦਾ ਆਨੰਦ ਮਾਣਿਆ। ਬਾਬਾ ਬੰਦਾ ਸਿੰਘ ਬਹਾਦਰ ਦੇ ਪਾਏ ਪੂਰਨਿਆਂ ਨੇ ਆਉਣ ਵਾਲੇ ਸਮੇਂ ਵਿਚ ਸਿੱਖ ਕੌਮ ਲਈ ਚਾਨਣਮੁਨਾਰੇ ਦਾ ਕੰਮ ਕੀਤਾ ਤੇ ਹਮੇਸ਼ਾਂ ਲਈ ਸਿੱਖ ਕੌਮ ਅੰਦਰ ਆਜ਼ਾਦੀ ਦੀ ਚਿਣਗ ਲਾ ਦਿੱਤੀ ਜੋ ਕਿ ਪਿੱਛੋਂ ਜਾ ਕੇ ਰਾਜ ਦੀ ਪ੍ਰਾਪਤੀ ਲਈ ਸੰਘਰਸ਼ ਦਾ ਕਾਰਨ ਬਣੀ। ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਤਕਰੀਬਨ 6 ਸਾਲ ਯਮਨਾ ਤੋਂ ਰਾਵੀ ਤੱਕ ਦੇ ਵਿਸ਼ਾਲ ਇਲਾਕੇ ਉੱਤੇ ਰਾਜ ਕੀਤਾ। ਮਹੱਤਵਪੂਰਨ ਗੱਲ ਇਹ ਹੈ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਤਹਿਤ ਆਏ ਇਸ ਵਿਸ਼ਾਲ ਰਾਜ ਵਿਚ ਉਨ੍ਹਾਂ ਦੇ ਸਮੇਂ ਵਿਚ ਨਾ ਤਾਂ ਕਿਸੇ ਵੀ ਧਰਮ ਦੇ ਧਾਰਮਿਕ ਅਸਥਾਨ ਮੰਦਰਾਂ ਜਾਂ ਮਸਜਿਦਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਅਤੇ ਨਾ ਹੀ ਇਸ ਸਮੇਂ ਕਿਸੇ ਹਿੰਦੂ ਦਾ ਤਿਲਕ ਜਾਂ ਜੰਞੂ ਹੀ ਉਤਾਰਿਆ ਗਿਆ। ਸਗੋਂ ਇਹ ਚਿੰਨ੍ਹ ਮੁਕੰਮਲ ਰੂਪ ਵਿਚ ਸੁਰੱਖਿਅਤ ਰੱਖੇ ਗਏ।

ਦੇਸ਼ ਆਜ਼ਾਦ ਹੋਏ ਨੂੰ ਭਾਵੇਂ 7 ਦਹਾਕੇ ਬੀਤਣ ਵਾਲੇ ਹਨ ਪਰ ਅੱਜ ਵੀ ਲੋਕ ਜਬਰ, ਜ਼ੁਲਮ, ਧੱਕੇਸ਼ਾਹੀ, ਆਰਥਿਕ ਸ਼ੋਸ਼ਣ ਤੇ ਬੇਇਨਸਾਫ਼ੀ ਕਾਰਨ ਦੁਖੀ ਹਨ। ਅੱਜ ਦੇਸ਼ ਅੰਦਰ 50 ਕਰੋੜ ਤੋਂ ਵੱਧ ਲੋਕ ਗਰੀਬੀ ਦੀ ਰੇਖਾ ਤੋਂ ਹੇਠਾਂ ਜੀਵਨ ਬਤੀਤ ਕਰ ਰਹੇ ਹਨ। ਬੜੀ ਭਾਰੀ ਗਿਣਤੀ ਵਿਚ ਲੋਕਾਂ ਪਾਸ ਕੁੱਲੀ, ਗੁੱਲੀ ਅਤੇ ਜੁੱਲੀ ਨਹੀਂ ਹੈ। ਬਹੁਤੇ ਤਾਂ ਆਪਣੀਆਂ ਰਾਤਾਂ ਸੜਕਾਂ ਦੇ ਫੁੱਟਪਾਥ ਉੱਤੇ ਹੀ ਨੀਲੇ ਅਸਮਾਨ ਹੇਠ ਗੁਜ਼ਾਰਨ ਲਈ ਮਜਬੂਰ ਹਨ। ਮੁਲਕ ਦੀ ਸਾਰੀ ਯੋਜਨਾਕਾਰੀ ਹੀ ਇਸ ਤਰ੍ਹਾਂ ਕੀਤੀ ਜਾਂਦੀ ਹੈ ਜਿਸ ਨਾਲ ਅਮੀਰ ਹੋਰ ਅਮੀਰ ਹੋਵੇ ਅਤੇ ਗਰੀਬ ਹੋਰ ਗਰੀਬ ਤਥਾ ਰਾਜ ਘਰਾਣਿਆਂ ਦਾ ਗ਼ੁਲਾਮ ਹੀ ਬਣਿਆ ਰਹੇ। ਦੇਸ਼ ਦੀ ਸਿੱਖਿਆ ਨੀਤੀ ਵੀ ਅਜਿਹੀ ਹੀ ਹੈ ਕਿ ਗਰੀਬਾਂ ਦੇ ਬੱਚੇ ਅੱਧ ਪੜ੍ਹੇ ਜਾਂ ਅਨਪੜ੍ਹ ਹੀ ਹਨ। ਉਨ੍ਹਾਂ ਨੂੰ ਜੋ ਸਿੱਖਿਆ ਦਿੱਤੀ ਵੀ ਜਾ ਰਹੀ ਹੈ ਉਹ ਮਿਆਰੀ ਨਹੀਂ ਹੈ। ਦੇਸ਼ ਨੂੰ ਸਹੀ ਅਰਥਾਂ ਵਿਚ ਆਜ਼ਾਦ ਕਰਾਉਣ, ਆਰਥਿਕ ਖੁਸ਼ਹਾਲੀ ਅਤੇ ਸਮਾਜਿਕ ਬਰਾਬਰੀ ਲਿਆਉਣ ਲਈ ਮੁਲਕ ਨੂੰ ਦੇਰ ਸਵੇਰ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਹੀ ਅਪਨਾਉਣਾ ਪਵੇਗਾ। ਅੱਜ ਫਿਰ ਲੋੜ ਹੈ ਬਾਬਾ ਬੰਦਾ ਸਿੰਘ ਜੀ ਬਹਾਦਰ ਵਰਗੇ ਸ਼ਕਤੀਸ਼ਾਲੀ ਤੇ ਨਿਸ਼ਕਾਮ ਆਗੂ ਦੀ, ਜੋ ਮੁਲਕਾਂ ਵਿਚ ਖਾਲਸਾ ਮਿਸ਼ਨ ਅਨੁਸਾਰ ਸਮਾਜਿਕ ਬਰਾਬਰੀ, ਆਰਥਿਕ ਖੁਸ਼ਹਾਲੀ ਤੇ ਲੋਕ ਰਾਜੀ ਕਦਰਾਂ-ਕੀਮਤਾਂ ਨੂੰ ਬਹਾਲ ਕਰ ਸਕੇ।

ਸੋਨੇ ਦੇ ਚੌਰ ਜਾਂ ਸੋਨੇ ਵਰਗੇ ਸਿੱਖ ?

0

ਸੋਨੇ ਦੇ ਚੌਰ ਜਾਂ ਸੋਨੇ ਵਰਗੇ ਸਿੱਖ ?

-ਸਾਹਿਬ ਸਿੰਘ- 98152-70101

ਸਿਰ ਝੁਕਦਾ ਹੈ ਸਿੱਖਾਂ ਦੀ ਸ਼ਰਧਾ ਦੇ ਅੱਗੇ ਕਿ ਇੱਕ ਸ਼ਰਧਾਲੂ ਨੇ ਪਿਛਲੀ ਦਿਨੀਂ ਮਾਰਚ 2015 ਵਿੱਚ ਲਗਭਗ 17 ਲੱਖ ਰੁਪਏ ਦਾ ਚੌਰ ਜੋ ਕਿ ਸੋਨੇ ਨਾਲ ਬਣਿਆ ਅਤੇ ਹੀਰਿਆਂ ਨਾਲ ਜੜਿਆ ਹੋਇਆ ਹੈ, ਦਰਬਾਰ ਸਾਹਿਬ ਅੰਮਿ੍ਰਤਸਰ ਵਿਖੇ ਬੜੇ ਹੀ ਅਦਬ ਸਤਿਕਾਰ ਸਾਹਿਤ ਭੇਟਾ ਕੀਤਾ। ਇਹ ਚੌਰ ਤਕਰੀਬਨ 433 ਗਰਾਮ 22 ਕੈਰਟ ਗੋਲਡ ਅਤੇ 3.50 ਲੱਖ ਦੇ ਹੀਰਿਆਂ ਨਾਲ ਬਣਾਇਆ ਗਿਆ ਹੈ। ਇਸ ਸ਼ਰਧਾਲੂ ਤੋਂ ਇਹ ਚੌਰ ਗਿਆਨੀ ਜਗਤਾਰ ਸਿੰਘ ਜੀ ਨੇ ਪ੍ਰਾਪਤ ਕੀਤਾ ਅਤੇ ਉਹਨਾਂ ਨੂੰ ਸਿਰੋਪਾ ਦੇ ਕੇ ਨਿਵਾਜਿਆ ਗਿਆ। ਇਹ ਪਹਿਲੀ ਵਾਰੀ ਨਹੀਂ ਕਿ ਇਸ ਸ਼ਰਧਾਲੂ ਨੇ ਅਜਿਹਾ ਵਿਲੱਖਣ ਕੰਮ ਕੀਤਾ ਹੋਵੇ। ਪਹਿਲਾਂ ਵੀ ਚਾਂਦੀ ਦੇ ਦਰਵਾਜੇ ਉੱਪਰ ਸੋਨੇ ਨਾਲ ਮੜਵਾ ਕੇ ਧੰਨੁ ਧੰਨੁ ਰਾਮਦਾਸੁ ਗੁਰ ਜਿਨਿ ਸਿਰਿਆ ਤਿਨੇ ਸਵਾਰਿਆ ਜੋ ਕਿ ਦਰਸ਼ਨੀ ਡਿਓਡੀ ਸ੍ਰੀ ਦਰਬਾਰ ਸਾਹਿਬ ਵਿਖੇ ਸੁਸ਼ੋਭਿਤ ਹੈ, ਤੁਸੀਂ ਕਦੀ ਵੀ ਦਰਸ਼ਨ ਕਰ ਸਕਦੇ ਹੋ।
ਸਦਕੇ ਜਾਈਏ ਐਸੇ ਗੁਰਸਿੱਖਾਂ ਦੇ ਅਤੇ ਉਹਨਾਂ ਦੀ ਭਾਵਨਾ ਦੇ। ਦਸ਼ਮੇਸ਼ ਪਿਤਾ ਜੀਓ ਪਟਨੇ ਦੀ ਧਰਤੀ ਤੇ ਬਾਲ ਗੋਬਿੰਦ ਰਾਇ ਦੇ ਰੂਪ ਵਿੱਚ ਜੇਕਰ ਤੁਸੀਂ ਸੋਨੇ ਦੇ ਕੜੇ ਗੰਗਾ ਵਿੱਚ ਨਾ ਸੁੱਟੇ ਹੁੰਦੇ ਤਾਂ ਸ਼ਾਇਦ ਮੈਨੂੰ ਭੁਲੇਖਾ ਪੈ ਜਾਣਾ ਸੀ ਕਿ ਤੁਸੀਂ ਸੋਨੇ ਨਾਲ ਬਹੁਤ ਪਿਆਰ ਕਰਦੇ ਹੋ ਅਤੇ ਮੈਂ ਵੀ 2 ਜਾਂ 3 ਨੰਬਰ ਦੀ ਕਮਾਈ ਕਰਕੇ ਸੋਨੇ ਦਾ ਸਮਾਨ ਦੇ ਕੇ ਤੁਹਾਨੂੰ ਖੁਸ਼ ਕਰਨ ਵਿੱਚ ਕੋਈ ਕਸਰ ਨਹੀਂ ਸੀ ਛੱਡਣੀ। ਪਰ ਤੁਸੀਂ ਸਾਡੇ ’ਤੇ ਕਿਤਨੀ ਕਿਰਪਾ ਕੀਤੀ ਕਿ ਆਪਣਾ ਦਿਲ ਖੋਲ੍ਹ ਦੇ ਦਿਖਾ ਦਿੱਤਾ ਕਿ ਮੈਨੂੰ ਸੋਨੇ ਨਾਲ ਨਹੀਂ ਸਗੋਂ ਸੋਨੇ ਵਰਗੇ ਗੁਰਸਿੱਖਾਂ ਨਾਲ ਪਿਆਰ ਹੈ। ਗੁਰੂ ਸਾਹਿਬਾਨ ਦੇ ਸਮੇਂ ਰਾਇ ਬੁਲਾਰ, ਦੌਲਤ ਖਾਂ ਲੋਧੀ, ਰਾਜਾ ਸ਼ਿਵਨਾਭ, ਮਲਕ ਭਾਗੋ, ਭਾਈ ਡੱਲੇ ਨੇ ਅਨੇਕਾਂ ਤਰ੍ਹਾਂ ਨਾਲ ਸਮਾਨ ਸੋਨਾ, ਹੀਰੇ ਦੇ ਥਾਲ ਦੇ ਕੇ ਗੁਰੂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਗੁਰ ਸਾਹਿਬ ਨੇ ਅਸੂਲਾਂ ਨਾਲ ਕਦੀ ਵੀ ਸਮਝੌਤਾ ਨਹੀਂ ਕੀਤਾ।ਦਸ਼ਮੇਸ ਪਿਤਾ ਜੀ ਦੇ ਇਸ ਪਰਿਵਾਰ ਵਿੱਚ ਸਾਰੇ ਮੈਂਬਰਾਂ ਵਿੱਚ ਏਕਤਾ ਖਿੰਡ-ਪੁੰਡ ਗਈ ਹੋਵੇ, ਸਾਡੇ ਘਰ ਵਿੱਚ ਕਈ ਤਰ੍ਹਾਂ ਦੇ ਧੜੇ, ਡੇਰੇ, ਟਕਸਾਲਾਂ, ਦਲ, ਜਥੇ, ਸਭਾ, ਸੁਸਾਇਟੀਆਂ ਬਣ ਗਈਆਂ ਹੋਣ, ਸਾਡੇ ਪਰਿਵਾਰ ਦੇ ਨੌਜਵਾਨ ਬੱਚੇ ਨਸ਼ਿਆਂ ਵਿੱਚ ਗਰਕ ਹੋ ਗਏ ਹੋਣ, ਪਤਿਤਪੁਣਾ ਮੇਰੇ ਘਰ ਪਰਿਵਾਰ ਤੇ ਭਾਰੂ ਹੋ ਗਿਆ ਹੋਵੇ। ਘਰ ਪਰਿਵਾਰ ਨੂੰ ਸੇਧ ਦੇਣ ਵਾਲੇ ਹੀ ਗੁਰਬਾਣੀ ਦਾ ਵਪਾਰ ਕਰਨ ਲਗ ਪਏ ਹੋਣ। ਇਹ ਕਹਿ ਦੇਣਾ ਕਿ ਵਾੜ ਹੀ ਖੇਤ ਨੂੰ ਖਾਣ ਲੱਗ ਪਈ ਹੋਵੇ, ਆਪੋ ਧਾਪੀ ਪੈ ਗਈ ਹੋਵੇ। ਇਸ ਘੜੀ ਵਿੱਚ ਤੁਹਾਡੇ ਲਈ ਕੋਈ ਸੋਨੇ ਦਾ ਤੋਹਫਾ ਲੈ ਕੇ ਆਵੇ ਤਾਂ ਤੁਹਾਨੂੰ ਕਿਸ ਤਰ੍ਹਾਂ ਲਗੇਗਾ, ਜ਼ਰਾ ਸੋਚੀਏ।

18ਵੀਂ ਸਦੀ ਦੀ ਗੱਲ ਕਰੀਏ ਤਾਂ ਗੁਰਦੁਆਰੇ ਭਾਵੇਂ ਕੱਚੇ ਹੁੰਦੇ ਸੀ ਪਰ ਸਿੱਖ ਪੱਕੇ ਸੀ ਕਿ ਮੁਗਲ ਬਾਦਸ਼ਾਹ ਸਾਨੂੰ ਖਤਮ ਕਰਨਾ ਤਾਂ ਦੂਰ, ਜਿਉਂਦੇ ਜੀਅ ਕਿਸੇ ਇੱਕ ਸਿੱਖ ਨੂੰ ਵੀ ਸਿੱਖੀ ਤੋਂ ਡੁਲਾ ਨਾ ਸਕੇ। ਪਰ ਅਫਸੋਸ ਕਿ ਅੱਜ ਅਸੀਂ ਹਜਾਰਾਂ ਮਣ ਸੋਨਾ ਅਪਣੇ ਗੁਰਦੁਆਰਿਆਂ ’ਤੇ ਪਾਲਕੀਆਂ, ਚਾਨਣੀਆਂ ਤੇ ਚੌਰਾਂ ਤੇ ਲਗਾ ਦਿੱਤਾ ਹੈ ਪਰ ਰਿਜ਼ਲਟ ਕੀ ਨਿਕਲਿਆ, ਕਿ ਇਹੀ ਸੋਨਾ ਸਾਡੇ ਨਿਘਾਰ ਦਾ ਕਾਰਨ ਬਣਦਾ ਗਿਆ। ਚੌਧਰ ਦੀ ਭੁੱਖ ਨੇ ਸਾਡੀ ਮੱਤ ਮਾਰ ਦਿੱਤੀ ਹੈ। ਅਸੀਂ ਅਪਣੇ ਗੁਰਦੁਆਰਿਆਂ ਨੂੰ ਚਮਕਾਉਣ ਅਤੇ ਲਿਸ਼ਕਾਉਣ ਲਈ ਸੰਗਤਾਂ ਵੱਲੋਂ ਭੇਟ ਕੀਤੀ ਮਾਇਆ ਦੀ ਐਸੀ ਦੁਰਵਰਤੋਂ ਕੀਤੀ ਕਿ ਸਾਡਾ ਸਾਰਾ ਜ਼ੋਰ ਕੇਵਲ ਇਹਨਾਂ ਚੀਜ਼ਾਂ ’ਤੇ ਹੀ ਰਹਿ ਗਿਆ ਹੈ। ਬੇਸ਼ੱਕ ਅਸੀਂ ਗੁਰਦੁਆਰੇ ਮਾਲਾਮਾਲ ਕਰ ਲਏ ਪਰ ਸਿੱਖ ਕੰਗਾਲ ਅਤੇ ਕੰਗਾਲ ਹੁੰਦਾ ਗਿਆ।

ਸੋਨੇ ਦੇ ਚੌਰ ਅਤੇ ਗੁੰਬਦਾਂ ਲਈ ਸੋਨਾ ਦਾਨ ਕਰਨ ਵਾਲਿਓ! ਅੱਜ ਜ਼ਰਾ ਝਾਤ ਮਾਰੋ ਕਿ ਦਸਮੇਸ਼ ਪਿਤਾ ਦੇ ਇਸ ਪਰਿਵਾਰ ਵਿੱਚ ਕਿਤਨੇ ਅੰਮਿ੍ਰਤਧਾਰੀ-ਜੱਜ,ਡਾਕਟਰ, ਅਰਥ ਸ਼ਾਸਤਰੀ ,ਵਿਗਿਆਨਕ, ਜਰਨਲਿਸਟ ਅਤੇ ਪਾਇਲਟ ਹਨ। ਕਿੰਨੇ ਸਾਡੇ ਕੋਲ ਵੱਡੇ ਹਸਪਤਾਲ ਹਨ, ਕਿੰਨੇ ਸਾਡੇ ਕੋਲ ਵੱਡੀਆਂ ਵੱਡੀਆਂ ਯੂਨੀਵਰਸਿਟੀ ਹਨ। ਕਿੰਨਾ ਸਾਡੇ ਕੋਲ ਸ਼ੋਸ਼ਲ ਮੀਡੀਆ ਹੈ। ਅਸੀ ਅੱਜ ਤੱਕ ਕੋਈ ਨੋਬਲ ਪ੍ਰਾਈਜ਼ ਕਿਉਂ ਨਹੀਂ ਜਿੱਤਿਆ? ਕਿੰਨੇ ਸਾਬਤ ਸੂਰਤ ਖਿਡਾਰੀ ਇੰਟਰਨੈਸ਼ਨਲ ਲੈਵਲ ਤੇ ਪਹੁੰਚਦੇ ਹਨ। ਸਾਡੀ ਆਵਾਜ਼ ਦੁਨੀਆਂ ਤੱਕ ਕਿਉਂ ਨਹੀਂ ਪਹੁੰਚਦੀ। ਗੁਰਸਿੱਖ ਸ਼ਰਧਾਲੂ ਜੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ 17,00,000/- ਰੁਪਈਏ ਨਾਲ ਤਕਰੀਬਨ 500 ਬੱਚਿਆਂ ਨੂੰ ਇੱਕ ਸਾਲ ਫ੍ਰੀ ਵਿਦਿਆ ਦਿੱਤੀ ਜਾ ਸਕਦੀ ਸੀ। ਸ਼ਾਇਦ ਇਸਦੇ ਵਿਚੋਂ ਹੀ ਕੋਈ ਸੋਨੇ ਵਰਗਾ ਗੁਰਸਿੱਖ ਪੈਦਾ ਹੋ ਜਾਂਦਾ।ਮੈਨੂੰ ਲੱਗਦਾ ਕਿ ਜੇ ਅਸੀਂ ਗੁਰਬਾਣੀ ਨੂੰ ਸਮਝਿਆ ਹੁੰਦਾ ਤਾਂ ਐਸੀਆਂ ਨਾਦਾਨੀਆਂ ਕਦੇ ਨਾ ਕਰਦੇ। ਕਿਉਂਕਿ ਭਾਈ ਗੁਰਦਾਸ ਜੀ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ ਤੈਸਾ ਪੁੰਨ ਸਿਖ ਕਉ ਇਕ ਸ਼ਬਦ ਸਿਖਾਏ ਕਾ। (673-6) ਆਓ ਅਸੀਂ ਪ੍ਰਣ ਲਈਏ ਕਿ ਚੌਰ ਕੀ, ਜੇਕਰ ਗੁਰਦੁਆਰੇ ਵੀ ਸੋਨੇ ਦੇ ਬਣਾ ਕੇ ਦਾਨ ਕਰ ਦੇਈਏ ਤਾਂ ਉਸ ਦਾ ਕੋਈ ਅਰਥ ਨਹੀਂ। ਜੇਕਰ ਉਸ ਵਿੱਚ ਬੈਠਣ ਵਾਲੇ ਅਗਿਆਨਤਾ ਨਾਲ ਜੂਝ ਰਹੇ ਹਨ। ਲੋੜ ਹੈ ਗਿਆਨ ਵੰਡਣ ਦੀ ਅਤੇ ਆਉਣ ਵਾਲੀ ਪਨੀਰੀ ਨੂੰ ਚੰਗੀ ਅਤੇ ਉਚੇਰੀ ਵਿਦਿਆ ਦੇਣ ਦੀ। ਜਿਨ੍ਹਾਂ ਦਾ ਪ੍ਰਬੰਧ ਸਾਡੇ ਗੁਰਦੁਆਰਿਆਂ ਸਾਹਿਬ ਤੋਂ ਹੋਣਾ ਚਾਹੀਦਾ ਹੈ। ਸੋਨਾ ਦਾਨ ਕਰਨ ਦੀ ਸੋਚ ਨੂੰ ਬਦਲ ਕੇ ਸੋਨੇ (24 ਕੈਰਟ) ਵਰਗੇ ਗੁਰਸਿੱਖ ਬਣਾਈਏ, ਉਨ੍ਹਾਂ ਨੂੰ ਪੜ੍ਹਾਈਏ ਲਿਖਾਈਏ ਤਾਂ ਕਿ ਸਾਡੇ ਨੌਜਵਾਨ ਇਨ੍ਹਾਂ ਗੁਰਦੁਆਰਿਆਂ ’ਤੇ ਮਾਣ ਮਹਿਸੂਸ ਕਰ ਸਕਣ ਅਤੇ ਸਿੱਖੀ ਦੀ ਚੜ੍ਹਦੀ ਕਲਾ ਹੋਵੇ।

ਬਧਾ ਚਟੀ ਜੋ ਭਰੇ…

0

ਬਧਾ ਚਟੀ ਜੋ ਭਰੇ…

_ਜਸਵੰਤ ਕੌਰ (ਡਾ:), ਰੋਪੜ 94178-02835

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਪੁਰਾਤਨ ਰੂੜ੍ਹੀਆਂ ਦੇ ਖੰਡਨ ਲਈ ਪੈਦਾ ਕੀਤਾ ਸੀ। ਪੁਰਾਤਨ ਰੀਤਾਂ ਜਿਹੜੀਆਂ ਸਮਾਜ ਨੂੰ ਗੂੰਦ ਵਾਂਗ ਚੰਬੜੀਆਂ ਹੋਈਆਂ ਸਨ, ਜਿਹੜੀਆਂ ਲੋਕਾਂ ਦੇ ਦਿਲੋ-ਦਿਮਾਗ ਨੂੰ ਗ੍ਰਸ ਚੁੱਕੀਆਂ ਸਨ, ਜਿਨ੍ਹਾਂ ਨੇ ਮਨੁੱਖੀ ਜੀਵਨ ਨੂੰ ਹੱਥਲ ਬਣਾ ਲਿਆ ਸੀ। ਜਿਵੇਂ 68 ਤੀਰਥਾਂ ਦੀ ਯਾਤਰਾ, ਧਾਰਮਿਕ ਕਰਮਕਾਂਡ, ਸਰਾਧ, ਪਿੰਡ, ਪੱਤਲ, ਗੱਤ ਕਰਾਉਣੀ, ਛਿਲਾ, ਸੂਤਕ-ਪਾਤਕ ਆਦਿ। ‘ਸ੍ਰੀ ਆਸਾ ਕੀ ਵਾਰ’ ਇਨ੍ਹਾਂ ਸਭਨਾਂ ਦਾ ਖੰਡਨ ਕਰਦੀ ਹੈ। ‘ਸ੍ਰੀ ਸੁਖਮਨੀ ਸਾਹਿਬ’ ਵਿਚ ਪ੍ਰਸ਼ਨ-ਉੱਤਰਾਂ ਦੇ ਰੂਪ ਵਿਚ ਬਹੁਤ ਹੀ ਸਪੱਸ਼ਟ ਹੈ ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ ਜਿਵੇਂ :

_ਅਵਰ ਉਪਦੇਸੈ ਆਪਿ ਨ ਕਰੈ॥ ਆਵਤ ਜਾਵਤ ਜਨਮੈ ਮਰੈ॥

_ਆਪਸ ਕਉ ਜੋ ਜਾਣੈ ਨੀਚਾ॥ ਸੋਊ ਗਨੀਐ ਸਭ ਤੇ ਊਚਾ॥

_ਜਿਹ ਪ੍ਰਸਾਦਿ ਤੇਰੇ ਕਾਰਜ ਪੂਰੇ॥ ਤਿਸਹਿ ਜਾਨੁ ਮਨ! ਸਦਾ ਹਜੂਰੇ॥

_ਮਨੁ ਬੇਚੈ ਸਤਿਗੁਰ ਕੈ ਪਾਸਿ॥ ਤਿਸ ਸੇਵਕ ਕੇ ਕਾਰਜ ਰਾਸਿ॥

_ਸੰਗਿ ਨ ਚਾਲਸਿ ਤੇਰੈ ਧਨਾ॥ ਤੂੰ ਕਿਆ ਲਪਟਾਵਹਿ ਮੂਰਖ ਮਨਾ॥

ਸਾਫ਼ ਸਪੱਸ਼ਟ ਹੈ ਕਿ ਮਨੁੱਖ ਕਿਹੋ ਜਿਹਾ ਹੋਣਾ ਚਾਹੀਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਵੀਨਤਮ ਅਤੇ ਸੰਪੂਰਨ ਗਿਆਨ ਦੇ ਸ੍ਰੋਤ ਅਤੇ ਖਜ਼ਾਨਾ ਹਨ। ਇਸ ਸਭ ਕੁਝ ਲਿਖਣ ਤੋਂ ਭਾਵ ਹੈ ਗੁਰਬਾਣੀ ਰਚਨਹਾਰਿਆਂ ਨੇ ਮਨੁੱਖ ਨੂੰ ਜਿਸ ਗਰਕਣ ਵਿਚੋਂ ਕੱਢਿਆ ਸੀ, ਅੱਜ ਦੇ ਸਮੇਂ ਵਿਚ ਧਰਮ ਪ੍ਰਚਾਰਕ (ਕਈ ਥਾਵਾਂ ਤੇ) ਮੁੜ ਕੇ ਸ਼ਰਧਾਲੂਆਂ ਨੂੰ ਉਸੇ ਵਿਚ ਧਕੇਲ ਰਹੇ ਹਨ। ਧਾਰਮਿਕ ਯਾਤਰਾਵਾਂ, ਤੀਰਥ ਰਟਨ, ਮਿੱਥੇ ਕੁਝ ਦਿਨਾਂ ਲਈ ਹੀ ਧਰਮ ਸਥਾਨਾਂ ਦੇ ਇਸ਼ਨਾਨ, ਦਰਸ਼ਨ ਅਤੇ ਪੈਦਲ ਯਾਤਰਾ ਕਰਨੀਆਂ। ਸੁਖਣਾ ਸੁਖਣੀਆਂ, ਫਿਰ ਉਨ੍ਹਾਂ ਨੂੰ ਪੂਰੀਆਂ ਹੋਣ ਤੇ ਉਨ੍ਹਾਂ ਥਾਵਾਂ ਤੇ ਜਾਣਾ। ਸੁੱਖਣਾ ਉਤਾਰਨ ਲਈ ਪਾਠ ਆਦਿ ਕਰਾਉਣੇ, ਇਹ ਸਭ ਕੁਝ ਕੀ ਹੈ? ਕੀ ਸੁਲਝੇ ਹੋਏ ਗੁਰੂ ਕੇ ਸਿੱਖਾਂ ਦੇ ਹਾਲਾਤ ਹਨ?

ਪਿੱਛੇ ਜਿਹੇ ਸਾਨੂੰ ‘ਪਟਨਾ ਸਾਹਿਬ’ ਵਿਖੇ ਜਾਣ ਦਾ ਸਬੱਬ ਮਿਲਿਆ। ਚਿਰੋਕਣੀ ਤਮੰਨਾ ਸੀ ਕਿ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਸਥਾਨ ਨੂੰ ਅੱਖੀਂ ਤੱਕਾਂ, ਨਤਮਸਤਕ ਹੋਵਾਂ। ਉਥੋਂ ਦੇ ਜਨਮ ਸਥਾਨ ਗੁਰਦੁਆਰਾ ਸਾਹਿਬ ਵਿਚ ਤਾਂ ਸਚਮੁਚ ਹੀ ਦਰਸ਼ਨ-ਯੋਗ ਸੁੰਦਰ ਸਥਾਨ ਬਣਾਇਆ ਹੋਇਆ ਹੈ ਪਰ ਉੱਥੇ ਵੀ ਇਧਰੋਂ ਜੋ ਵੀ ਸੰਗਤ ਜਾਂਦੀ ਹੈ ਤੀਰਥ ਸਥਾਨਾਂ ਵਾਲੇ ਵਿਸ਼ਵਾਸ ਨਾਲ ਹੀ ਜਾਂਦੀ ਹੈ। ਉਥੋਂ ਦੇ ਪ੍ਰਚਾਰਕ ਸਾਹਿਬ ਵੀ ‘ਕਰਾਮਾਤੀ’ ਢੰਗ ਨਾਲ ਪ੍ਰਚਾਰ ਕਰਦੇ ਹਨ। ਉਨ੍ਹਾਂ ਦੇ ਮਨ ਵਿਚ ਵੀ ਇਹੀ ਹੈ ‘‘ਜੇ ਅਰਦਾਸ ਕਰਾਉਣੀ ਹੈ ਤਾਂ ਇੱਧਰ ਆ ਜਾਓ। ਭਾਵ ਅਰਦਾਸ ਭੇਟਾ ਭਾਈ ਜੀ ਦੇ ਹੱਥ ਫੜਾਓ ਨਹੀਂ ਤਾਂ ਮਾਇਆ ਗੋਲਕ ਵਿਚ ਪਾ ਦਿਓ। ਗੁਰੂ ਸਾਹਿਬ ਜੀ ਦਾ ਪ੍ਰਚਾਰ ਸਿੱਖੀ ਫੈਲਾਓ ਸੀ, ਪਟਨਾ ਦੀ ਸਿੱਖੀ ਸੇਵਕੀ ਦੁਆਰਾ ਗੁਰੂ ਤੇਰੀ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਪ੍ਰਤੀ ਭਾਵ-ਭਿੰਨੀ, ਸਿੱਖੀ ਦੀ ਗੱਲ ਘੱਟ ਕਰਦੇ ਹਨ, ਉਨ੍ਹਾਂ ਨਾਲ ਕਰਾਮਾਤਾਂ ਜੋੜ ਕੇ ਵਧੇਰੇ ਦੱਸਦੇ ਹਨ। ਜਿਵੇਂ ਗੁਰਦੁਆਰਾ ਗਊ ਘਾਟ ਸਾਹਿਬ ਵਿਚ ਥੰਮਾਂ ਨੂੰ ਘੁੱਟਣਾ, ਉੱਥੇ ਅਰਦਾਸ ਕਰਾਉਣੀ, ਉੱਥੋਂ ਦੇ ਸੇਵਾਦਾਰਾਂ ਵਲੋਂ ਸੰਗਤ ਅੱਗੇ ਹੱਥ ਜੋੜ ਕੇ ਦਇਆ ਭਾਵਨਾ ਇੰਝ ਪ੍ਰਗਟ ਕਰਨੀ ਕਿ ਸੰਗਤ ਉਨ੍ਹਾਂ ਦੇ ਹੱਥ ਵਿਚ ਵੀ ਕੁਝ ਨਾ ਕੁਝ ਫੜਾ ਕੇ ਜਾਵੇ।

ਇਹ ਸਾਰੇ ਦ੍ਰਿਸ਼ ਤੱਕ ਕੇ ਜਾਪਦਾ ਹੈ ਇਨ੍ਹਾਂ ਵਿਚਾਰਿਆਂ ਦਾ ਕਸੂਰ ਨਹੀਂ। ਇਹ ਗਰੀਬੀ ਵਿਚੋਂ ਉੱਠ ਕੇ ਸਥਾਨਕ ਧਰਮਾਂ ਸਥਾਨਾਂ ਉੱਤੇ ਪ੍ਰਬੰਧਕਾਂ ਦੀ ਦਇਆ ਦ੍ਰਿਸ਼ਟੀ ਨਾਲ ਰੁਜ਼ਗਾਰ ਸਿਰ ਤਾਂ ਹੋ ਗਏ ਹਨ ਪਰ ਸ਼ਰਧਾ…..। ਇਹ ਵਿਚਾਰੇ ਤਾਂ ਬੱਧੇ ਚੱਟੀ ਭਰਦੇ ਪਏ ਹਨ। ‘‘ਗੁਰੂ ਕਾ ਬਾਗ’’ ਵਿਚ ਵੀ ਇਸੇ ਤਰ੍ਹਾਂ ਹੀ ਹੋਇਆ। ਗੁਰਦੁਆਰਾ ਸਾਹਿਬ ਦਾ ਇਤਿਹਾਸ ਕੁਝ ਹੋਰ ਲਿਖਿਆ ਹੋਇਆ ਹੈ ਪ੍ਰਚਾਰਕ ਕਰਾਮਾਤਾਂ ਜੋੜ ਕੇ ਕੁਝ ਹੋਰ ਹੀ ਦੱਸ ਰਿਹਾ ਸੀ। ‘ਕੰਗਨ ਘਾਟ’ ਗੁਰਦੁਆਰਾ ਸਾਹਿਬ ਤਾਂ ਮਸਾਂ ਮੰਜੇ ਕੁ ਜਿੰਨੀ ਥਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਸਨ। ਉਨ੍ਹਾਂ ਨੂੰ ਲੋਏ ਲੋਏ ਸੁਖ ਆਸਨ ਕਰਕੇ ਨਿੱਜ ਸਥਾਨ ਪਹੁੰਚਾ ਦਿੱਤਾ ਗਿਆ ਸੀ ਪਰ ਉਹ ਥਾਂ ਇੰਨੀ ਜ਼ਿਆਦਾ ਗੰਦੀ ਸੀ ਕਿ ਦੇਖ ਕੇ ਘਿ੍ਰਣਾ ਪੈਦਾ ਹੋ ਰਹੀ ਸੀ। ਜਨਮ ਸਥਾਨ ਗੁਰਦੁਆਰਾ ਸਾਹਿਬ ਨੂੰ ਬੇਥਾਹ ਆਮਦਨ ਹੁੰਦੀ ਹੈ ਕੀ ਉਨ੍ਹਾਂ ਦੇ ਬਜਟ ਵਿਚ ‘ਕੰਗਨਘਾਟ’ ਸੁਧਾਰ ਦੀ ਅਜੇ ਵਾਰੀ ਨਹੀਂ ਆਈ?

ਬੱਧਾ ਚੱਟੀ……ਵਾਲੀ ਗੱਲ ਨਾਲ ਹੀ ਸਰਾਂ ਵਿਚ ਕਮਰੇ ਦੇਣ, ਗੁਰਦੁਆਰਾ ਸਾਹਿਬ ਦੀਆਂ ਬੱਸਾਂ ਯਾਤਰੂਆਂ ਨੂੰ ਉਪਲੱਭਦ ਕਰਾਉਣ ਲਈ ਬਹੁਤ ਹੀ ਰੁੱਖਾ ਵਰਤਾਓ ਦੇਖਣ ਨੂੰ ਮਿਲਿਆ। ਇਸ ਬਾਰੇ ਜਦੋਂ ਮੈਨੇਜਰ ਸਾਹਿਬ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਸੰਗਤ ਦਾ ਗੁੱਸਾ ਅਤੇ ਪਰੇਸ਼ਾਨੀ ਦੇਖ ਕੇ ਪ੍ਰਬੰਧ ਕਰਨ ਵਿਚ ਕੁਝ ਤੇਜ਼ੀ ਤਾਂ ਲਿਆਂਦੀ ਪਰ ਵਰਤਾਓ ਉਨ੍ਹਾਂ ਦਾ ਵੀ ਬਹੁਤ ਹੀ ਰੁੱਖਾ ਅਤੇ ਘਟੀਆ ਸੀ। ਕੁਝ ਧਾਰਮਿਕ ਸਥਾਨਾਂ ਉੱਤੇ ਪ੍ਰਬੰਧਕ ਅਤੇ ਪ੍ਰਚਾਰਕ ਠੀਕ ਵਰਤਾਓ ਵਾਲੇ ਵੀ ਮਿਲੇ।

ਇਹ ਹਾਲ ਬਿਹਾਰ, ਪਟਨਾ ਸਾਹਿਬ ਦੇ ਗੁਰਦੁਆਰਿਆਂ ਵਿਚ ਹੀ ਦੇਖਣ ਨੂੰ ਨਹੀਂ ਮਿਲਦਾ। ਹੋਰ ਧਾਰਮਿਕ ਸਥਾਨਾਂ ’ਤੇ ਵੀ ਮਿਲਦਾ ਹੈ। ਪੰਜਾਬ ਵਿਚ ਵੀ ਛੇਹਰਟਾ ਸਾਹਿਬ ਗੁਰਦੁਆਰਾ ਸਾਹਿਬ ਦੇ ਗੇਟ ਉੱਤੇ ਜੋ ਸ਼ਬਦਾਵਲੀ ਲਿਖੀ ਮਿਲਦੀ ਹੈ ਉੱਥੇ ਵੀ ‘ਵਾਹਿਗੁਰੂ’ ਦੇ ਭਾਣੇ ਅਤੇ ਹੁਕਮ ਨੂੰ ਮੰਨਣ ਦੀ ਬਜਾਏ ਸੁਖਣਾ ਸੁੱਖਣ ਦੀ ਗੱਲ ਕੀਤੀ ਗਈ ਹੈ। ਗੁਰੂ ਕੋਲ ‘ਅਰਦਾਸ’ ‘ਬੇਨਤੀ’, ਜੋੜਦੀ ਕਰਨੀ ਹੈ ਕਿ ਅਸੀਂ ਸ਼ਰਤਾਂ ਲਾਉਣੀਆਂ ਹਨ ਜੇ ਤੁਸੀਂ ਮੈਨੂੰ ਇਹ ਦਿਓਗੇ ਤਾਂ ਮੈਂ ਪਾਠ ਕਰਾਵਾਂਗਾ। ਗੁਰੂ ਸਾਹਿਬ ਦੀਆਂ ਸਿੱਖਿਆਵਾਂ, ਉਪਦੇਸ਼ ਉਨ੍ਹਾਂ ਦੀ ਬਾਣੀ ਦੇ ਆਧਾਰ ਤੇ ਪਰਗਟਾ ਕੇ ਹੀ ਅਗਿਆਨੀ ਸਿੱਖ ਸੰਗਤ ਨੂੰ ਗਿਆਨਵਾਨ ਅਤੇ ਗੁਰਮਤਿ ਦੇ ਰਾਹੀ ਬਣਾਇਆ ਜਾ ਸਕਦਾ ਹੈ। ਜੇਕਰ ਪ੍ਰਚਾਰਕ ਕਰਾਮਾਤਾਂ ਨੂੰ ਵਿਸ਼ੇਸ਼ ਤੌਰ ਤੇ ਪ੍ਰਗਟਾਅ ਕੇ ਦੱਸਣਗੇ ਤਾਂ ਧਾਰਮਿਕਤਾ ਵਿਚ ਅੰਧ-ਵਿਸ਼ਵਾਸ ਅਤੇ ਸਿਰਫ ਮੱਥਾ ਟੇਕਣ ਅਤੇ ਮੰਨਤ ਮੰਨਣ ਦੀ ਹੀ ਗੱਲ ਘਰ ਕਰ ਜਾਵੇਗੀ। ਗੁਰਸਿੱਖੀ ਨੂੰ ਅਪਨਾਉਣ ਦੀ ਗੱਲ ਕਰਨੀ ਲਾਂਭੇ ਚਲੀ ਜਾਵੇਗੀ ਇਸੇ ਕਰਕੇ ਹੀ ਧਾਰਮਿਕ ਯਾਤਰਾਵਾਂ ਵਾਲੇ ਮਿੱਟੀ ਘੱਟਾ ਉਡਾਉਂਦੇ ਟਰੱਕਾਂ, ਟਰਾਲੀਆਂ, ਮੋਟਰਸਾਈਕਲਾਂ ਦੀਆਂ ਧੂੜਾਂ ਉਡਾਉਂਦੇ ਘੁੰਮ ਰਹੇ ਹਨ। ਸਿਰਾਂ ਉੱਤੇ ਰੁਮਾਲ ਬੱਧੇ ਹਨ। ਜੂੜੇ ਅਤੇ ਪਗੜੀਆਂ ਗਾਇਬ ਹਨ। ‘ਬੋਲੇ ਸੋ ਨਿਹਾਲ’ ਦੇ ਨਾਅਰੇ ਹੀ ਸੁਣਦੇ ਹਨ। ਆਚਰਣਕ ਪੱਖੋਂ ਅਸੀਂ ਗਿਰਦੇ ਜਾ ਰਹੇ ਹਾਂ। ਥਾਂ-ਥਾਂ ’ਤੇ ਮਹਾਨ, ਮਹਾਨਤਮ, ਪਵਿੱਤਰ, ਪਰਮ-ਪਵਿੱਤਰ ਕੀਰਤਨ ਦਰਬਾਰ ਹੋ ਰਹੇ ਹਨ, ਸੱਚ, ਸੁੱਚ ਧਰਮ ਅਖਾਉਤੀ ਬਣ ਕੇ ਰਹਿ ਗਿਆ ਹੈ। ਅਸੀਂ ਕਦੋਂ ਤੱਕ ਬੱਧਾ ਚੱਟੀ…..ਵਾਲਾ ਵਰਤਾਓ ਅਖ਼ਤਿਆਰ ਕਰੀ ਰੱਖਾਂਗੇ। ਵਾਹਿਗੁਰੂ ਜੀ! ਸਾਨੂੰ ਸੁਮੱਤ ਬਖਸ਼ੋ। ਸਾਡੀ ਕਰਨੀ ਅਤੇ ਕਥਨੀ ਦੇ ਇਕ ਹੋਣ ਵਿਚ ਸਹਾਈ ਹੋਣਾ ਜੀ।

ਅਕਾਲ ਪੁਰਖ ਕੀ ਫੌਜ : ਖਾਲਸਾ

0

ਅਕਾਲ ਪੁਰਖ ਕੀ ਫੌਜ : ਖਾਲਸਾ

ਅਵਤਾਰ ਸਿੰਘ ਤੁੰਗਵਾਲੀ 98557-58064

ਅਕਾਲ ਪੁਰਖ – ਭਾਵ ਖੁਦ ਪ੍ਰਮਾਤਮਾ, ਦੁਨੀਆਂ ਦਾ ਸਿਰਜਣਹਾਰ, ਕਣ ਕਣ ਵਿੱਚ ਵਸਿਆ ਪ੍ਰਮਾਤਮਾ ਤੇ ਫੌਜ ਤੋਂ ਭਾਵ ਅਨਿਆਂ ਖਿਲਾਫ਼ ਲੜਨ ਵਾਲੀ ਇੱਕ ਖ਼ਾਸ ਕਿਸਮ ਅਤੇ ਖ਼ਾਸ ਅਧਿਕਾਰਾਂ ਵਾਲੀ ਟੁਕੜੀ। ਅਕਾਲ ਪੁਰਖ ਕੀ ਫੌਜ ਦਾ ਭਾਵ ਕਿਸੇ ਇੱਕ ਦੇਸ਼ ਜਾਂ ਇੱਕ ਧਰਮ ਜਾਂ ਕਿਸੇ ਖ਼ਾਸ ਫਿਰਕੇ ਜਾਂ ਇਲਾਕੇ ਨਾਲ ਸਬੰਧਤ ਨਹੀਂ ਬਲਕਿ ਜਿੱਥੋਂ ਤੱਕ ਅਕਾਲ ਪੁਰਖ ਦੀ ਪਹੁੰਚ ਹੈ ਤੇ ਜਿੱਥੋਂ ਤੱਕ ਅਕਾਲ ਪੁਰਖ ਭਾਵ ਪ੍ਰਮਾਤਮਾ ਦਾ ਬਲ ਹੈ, ਉੱਥੋਂ ਤੱਕ ਦੇ ਅਧਿਕਾਰਾਂ ਦੇ ਹੱਕ ਵਿੱਚ ਅਤੇ ਉੱਥੋਂ ਤੱਕ ਦੇ ਅਨਿਆਂ ਖਿਲਾਫ਼ ਲੜਨ ਵਾਲੀ ਫੌਜ, ਭਾਵ ਪਰਮਾਤਮਾ ਦਾ ਜੋਰ ਪੂਰੇ ਬ੍ਰਹਮੰਡ, ਪੂਰੇ ਵਿਸ਼ਵ ਅਤੇ ਅਕਾਸ ਪਾਤਾਲ ਅਤੇ ਕਿਣਕੇ ਕਿਣਕੇ ਉੱਪਰ ਹੈ ਇਸ ਲਈ ਇਸ ਫੌਜ ਦੀ ਸਾਜਨਾ ਵੀ ਇਨ੍ਹਾਂ ਸਭ ਦੀ ਰਾਖੀ ਲਈ ਕੀਤੀ ਗਈ ਹੈ। ਹੁਣ ਇਹ ਸਮਝਣਾ ਬਣਦਾ ਹੈ ਕਿ ਜਿਨ੍ਹਾਂ ਆਦਰਸ਼ਾਂ ਨੂੰ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਫੌਜ ਦੀ ਸਾਜਨਾ ਕੀਤੀ ਸੀ, ਕੀ ਉਹ ਉਨ੍ਹਾਂ ਆਦਰਸ਼ਾਂ ਉੱਪਰ ਚੱਲ ਕੇ ਵਿਸ਼ਵ ਭਰ ਵਿੱਚ ਆਪਣਾ ਬਣਦਾ ਯੋਗ ਅਕਸ ਕਾਇਮ ਕਰ ਸਕੀ ਹੈ?

ਵਿਸ਼ਵ ਭਰ ਵਿੱਚ ਹਰ ਦੇਸ਼ ਦੀ ਆਪਣੀ ਇੱਕ ਫੌਜ ਹੁੰਦੀ ਹੈ ਜੋ ਸਰਹੱਦਾਂ ਦੀ ਰਾਖੀ ਕਰਦੀ ਹੈ। ਉਸ ਫੌਜ ਦੀ ਗਿਣਤੀ ਹਰ ਦੇਸ ਨੇ ਆਪਣੇ ਖ਼ਤਰੇ ਅਤੇ ਵਿੱਤ ਮੁਤਾਬਿਕ ਸੀਮਤ ਰੱਖੀ ਹੋਈ ਹੁੰਦੀ ਹੈ। ਉਸ ਫੌਜ ਦਾ ਕੰਮ ਕਰਨ ਦਾ ਆਪਣਾ ਸੀਮਤ ਦਾਇਰਾ, ਅਧਿਕਾਰ ਅਤੇ ਫਰਜ਼ ਹੁੰਦੇ ਹਨ। ਇਸ ਤੋਂ ਇਲਾਵਾ ਸੰਸਾਰ ਭਰ ਵਿੱਚ ਕਈ-ਕਈ ਦੇਸ਼ਾਂ ਨੇ ਰਲ ਕੇ ਸਾਂਝੀਆਂ ਸ਼ਾਂਤੀ ਸੈਨਾਵਾਂ ਦਾ ਵੀ ਗਠਨ ਕੀਤਾ ਹੈ ਜੋ ਇੱਕ ਦੂਸਰੇ ਦੇਸ਼ ਵਿੱਚ ਜਾ ਕੇ ਉਨ੍ਹਾਂ ਦੀ ਸਹਾਇਤਾ ਕਰਦੀਆਂ ਹਨ। ਭਾਵ ਕਿ ਦੁਨੀਆਂ ਭਰ ਵਿੱਚ ਗਠਿਤ ਕੀਤੀਆਂ ਫੌਜਾਂ ਦੇ ਵੀ ਆਪਣੇ ਆਪਣੇ ਸੀਮਤ ਅਧਿਕਾਰ ਖੇਤਰ ਹੁੰਦੇ ਹਨ ਜਿੱਥੋਂ ਤੱਕ ਉਹ ਜਾ ਸਕਦੀਆਂ ਹਨ ਪਰ ਅਕਾਲ ਪੁਰਖ ਕੀ ਫੌਜ ਜੋ ਖੁਦ ਪ੍ਰਮਾਤਮਾ ਨੇ ਗਠਿਤ ਕੀਤੀ ਹੈ, ਦਾ ਅੱਜ ਤੱਕ ਉਹ ਮੁਕਾਮ ਨਹੀਂ ਬਣ ਸਕਿਆ ਜੋ ਬਣਨਾ ਚਾਹੀਦਾ ਸੀ: ‘‘ਖ਼ਾਲਸਾ ਮੇਰੀ ਜਾਤ ਅਰ ਪਤ॥ ਖ਼ਾਲਸਾ ਸੋ ਮਾ ਕੋ ਉਤਪਤ॥’’

ਖ਼ਾਲਸੇ ਦੇ ਸਿਰਜਨਹਾਰ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਜਿਨ੍ਹਾਂ ਜਿਨ੍ਹਾਂ ਆਦਰਸ਼ਾਂ ਨੂੰ ਲੈ ਕੇ ਖ਼ਾਲਸਾ ਫੌਜ ਕਾਇਮ ਕੀਤੀ ਸੀ, ਸ਼ਾਇਦ ਉਹ ਆਦਰਸ਼ ਅੱਜ ਬਹੁਤ ਬਹੁਤ ਪਿੱਛੇ ਰਹਿ ਗਏ ਹਨ ਤੇ ਸਾਡੀਆਂ ਸੰਸਥਾਵਾਂ ਅਤੇ ਸਾਡੇ ਆਗੂ ਅੱਜ ਕੋਈ ਪ੍ਰਭਤਾ, ਲਾਲਸਾ, ਵੱਸ ਹੋ ਕੇ ਜਾਣੋ ਖ਼ਾਲਸਾ ਫੌਜ ਦੇ ਵਜੂਦ ਅਤੇ ਇਸ ਦੇ ਸਿਧਾਂਤਾਂ ਪ੍ਰਤੀ ਬਹੁਤ ਹੀ ਅਵੇਸਲੇ ਹੋਏ ਪਏ ਹਨ। ਕਲਗੀਆਂ ਵਾਲੇ ਪਾਤਿਸ਼ਾਹ ਨੇ 1699 ਦੀ ਵਿਸਾਖੀ ਵਾਲੇ ਦਿਨ ਭਰੇ ਦੀਵਾਨ ਵਿੱਚ ਜਿਸ ਤਰ੍ਹਾਂ ਵਾਰੀ ਵਾਰੀ ਪੰਜ ਸਿਰਾਂ ਦੀ ਮੰਗ ਕੀਤੀ ਤੇ ਇਹ ਸਿਰ ਵੀ ਕਿਸੇ ਖ਼ਾਸ ਜਾਤ ਜਾਂ ਕਿਸੇ ਖ਼ਾਸ ਫਿਰਕੇ ਦੇ ਨਹੀਂ ਬਲਕਿ ਉਸ ਸਮੇਂ ਦੇ ਸਮਾਜ ਵੱਲੋਂ ਲਿਤਾੜੇ, ਵਿਸਾਰੇ, ਦੁਰਕਾਰੇ ਵਰਗਾਂ ਦੇ ਸਨ, ਜੋ ਕਿਸੇ ਅਲੋਕਾਰੀ ਘਟਨਾ ਤੋਂ ਘੱਟ ਨਹੀਂ ਸੀ। ਵਾਕਈ ਗੁਰੂ ਸਾਹਿਬ ਇੱਕ ਖਾਸ ਫੌਜ ਦੀ ਸਿਰਜਨਾ ਕਰ ਰਹੇ ਸਨ ਤਾਂ ਜਾਹਿਰ ਹੈ ਕਿ ਇਹ ਕਿਸੇ ਬੰਧਨ, ਦਾਇਰੇ, ਲਕੀਰ ਜਾਂ ਫਿਰ ਕਿਸੇ ਪ੍ਰਚੱਲਤ ਖ਼ਾਸ ਮਰਯਾਦਾ ਵਿੱਚ ਰਹਿ ਕੇ ਨਹੀਂ ਹੋ ਸਕਦੀ ਸੀ। ਇਸ ਲਈ ਗੁਰੂ ਸਾਹਿਬ ਨੇ ਪਿਛਲੀਆਂ ਸਾਰੀਆਂ ਮਰਯਾਦਾਵਾਂ ਨੂੰ ਨਵਾਂ ਰੂਪ ਦਿੰਦਿਆਂ ਇਨ੍ਹਾਂ ਵੱਖ ਵੱਖ ਜਾਤਾਂ ਦੇ ਸਿੰਘਾਂ ਜੋ ਬਾਅਦ ਵਿੱਚ ਪੰਜ ਪਿਆਰੇ ਅਖਵਾਏ, ਅੰਮਿ੍ਰਤਪਾਨ ਕਰਵਾ ਕੇ ਸਦਾ ਲਈ ਖ਼ਾਲਸਾ ਫੌਜ ਦੇ ਜਨਰਲ ਨਿਯੁਕਤ ਕਰ ਦਿੱਤੇ ਤੇ ਖੁਦ ਉਨ੍ਹਾਂ ਅੱਗੇ ਕਿਸੇ ਨਿਮਾਣੇ ਵਾਂਗੂ ਗੋਡਣੀਆਂ ਭਾਰ ਹੋ ਕੇ ਅੰਮਿ੍ਰਤ ਦੀ ਦਾਤ ਮੰਗਣ ਲੱਗੇ। ਇਹ ਉਸ ਸਮੇਂ ਸੰਸਾਰ ਦੀ ‘ਆਪੇ ਗੁਰੁ ਚੇਲਾ’ ਵਾਲੀ ਇੱਕ ਅਲੌਕਿਕ ਘਟਨਾ ਸੀ ਤੇ ਇਸ ਤੋਂ ਪਹਿਲਾਂ ਸੰਸਾਰ ਵਿੱਚ ਕਿਧਰੇ ਵੀ ਅਜਿਹੀ ਫੌਜ ਦੀ ਸਥਾਪਨਾ ਨਹੀਂ ਹੋਈ ਸੀ। ਇਸ ਫੌਜ ਦੇ ਹਰ ਸਿਪਾਹੀ ਦਾ ਪਿਤਾ ਗੁਰੂ ਗੋਬਿੰਦ ਸਿੰਘ ਅਤੇ ਮਾਤਾ ਸਾਹਿਬ ਕੌਰ ਹੈ ਤੇ ਹਰ ਸਿਪਾਹੀ ਦਾ ਜਨਮ ਸਥਾਨ ਸ਼੍ਰੀ ਆਨੰਦਪੁਰ ਸਾਹਿਬ ਹੈ। ਧੰਨ ਹਨ ਗੁਰੂ ਗੋਬਿੰਦ ਸਿੰਘ ਜੀ, ਜਿਨ੍ਹਾਂ ਨੇ ਉਸ ਸਮੇਂ ਇਸ ਨੂੰ ਆਪਣੀ ਨਹੀਂ ਬਲਕਿ ‘ਅਕਾਲ ਪੁਰਖ ਕੀ ਫੌਜ’ ਆਖਿਆ: ‘‘ਖ਼ਾਲਸਾ ਅਕਾਲ ਪੁਰਖ ਕੀ ਫ਼ੌਜ ॥ ਪ੍ਰਗਟਿਓ ਖ਼ਾਲਸਾ ਪ੍ਰਮਾਤਮ ਕੀ ਮੌਜ ॥’’

ਅਸੀਂ ਖ਼ਾਲਸਾ ਸਾਜਨਾ ਦਿਵਸ ਭਾਵ ‘ਖਾਲਸਾ ਫੌਜ ਸਥਾਪਨਾ ਦਿਵਸ’ ਹਰ ਵਰ੍ਹੇ 1 ਵਿਸਾਖ ਨੂੰ ਮਨਾਉਂਦੇ ਹਾਂ ਪਰ ਕੁੱਝ ਗੱਲਾਂ ਹਨ ਜੋ ਅੱਜ ਰੜਕਦੀਆਂ ਹਨ। ਗੁਰੂ ਦਸਮ ਪਾਤਿਸ਼ਾਹ ਨੇ ਇੱਕੋ ਅੰਮ੍ਰਿਤ ਬਣਾਇਆ ਸੀ ਤੇ ਬਿਨ੍ਹਾਂ ਕੋਈ ਜਾਤ ਪਾਤ, ਰੰਗ, ਨਸਲ ਆਦਿ ਪੁੱਛੇ ਹਰ ਵਿਅਕਤੀ ਨੂੰ ਛਕਾ ਕੇ ਅਕਾਲ ਪੁਰਖ ਕੀ ਫੌਜ ਵਿੱਚ ਸ਼ਾਮਲ ਕੀਤਾ ਸੀ। ਅੱਗੋਂ ਪੰਜ ਪਿਆਰਿਆਂ ਦੁਆਰਾ ਵਿਧੀ ਵਿਧਾਨ ਅਨੁਸਾਰ ਅੰਮ੍ਰਿਤ ਤਿਆਰ ਕਰਕੇ ਸੰਗਤ ਨੂੰ ਛੁਕਾਉਣ ਦਾ ਹੁਕਮ ਕੀਤਾ ਪਰ ਅਫਸੋਸ! ਅੱਜ ਜਿੰਨੇ ਧੜੇ ਉਤਨੇ ਅੰਮ੍ਰਿਤ ਬਣਾਈ ਬੈਠੇ ਹਨ। ਗੁਰੂ ਦਸਮ ਪਾਤਿਸ਼ਾਹ ਨੇ ਖ਼ਾਲਸਾ ਫੌਜ ਨੂੰ ਆਪਣੀ ਫੌਜ ਨਹੀਂ ਕਿਹਾ ਪਰ ਅੱਜ ਹਰ ਬਾਬਾ ਆਪਣੇ ਆਪਣੇ ਰੰਗਾਂ ਦੇ ਗਾਤਰੇ, ਆਪਣੀਆਂ ਖ਼ਾਸ ਰੰਗ ਦੀਆਂ ਦਸਤਾਰਾਂ ਅਤੇ ਆਪਣੀ ਆਪਣੀ ਮਰਯਾਦਾ ਬਣਾਈ ਬੈਠਾ ਹੈ ਤੇ ਖ਼ਾਲਸਾ ਫੌਜ ਦੇ ਆਦਰਸ਼ਾਂ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਜਾਪਦਾ ਹੈ। ਅੱਜ ਇਹ ਬਾਬੇ ਆਪਣੇ ਡੇਰਿਆਂ ਵਿੱਚ ਆਪਣੇ ਸਿੱਖ ਬਣਾਉਣ ਲਈ ਨਾਮ ਦਾ ਅੰਮ੍ਰਿਤ ਤਾਂ ਛਕਾਉਂਦੇ ਹਨ ਪਰ ਇਹ ਕਦੇ ਖ਼ਾਲਸਾ ਸਾਜਨਾ ਦਿਵਸ ਜਾਂ ‘ਖਾਲਸਾ ਫੌਜ ਸਥਾਪਨਾ ਦਿਵਸ’ ਨਹੀਂ ਮਨਾਉਂਦੇ, ਨਾ ਹੀ ਇਹ ਕੋਈ ਗੁਰਪੁਰਬ ਮਨਾਉਂਦੇ ਹਨ। ਆਹ ਹੁਣ ਇਨ੍ਹਾਂ ਨੇ ਨਵਾਂ ਰਿਵਾਜ ਚਲਾ ਦਿੱਤਾ ਹੈ। ਅਕੇ ਜੀ ਫਲਾਣੇ ਵੱਡੇ ਬਾਬੇ ਦੀ ਬਰਸੀ ਮਨਾਈ ਜਾ ਰਹੀ ਹੈ ਤੇ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਗੁਰਮਤਿ ਸਮਾਗਮ ਕੀਤਾ ਜਾ ਰਿਹਾ ਹੈ। ਭਾਵ ਗੁਰੂ ਨਾਨਕ ਦਾ ਨਾਮ ਵਰਤ ਕੇ ਬਰਸੀ ਆਪਣੇ ਬਾਬੇ ਦੀ ਮਨਾ ਰਹੇ ਹਨ। ਕਿੱਡਾ ਵੱਡਾ ਧੋਖਾ ਕੀਤਾ ਜਾ ਰਿਹਾ ਹੈ ਸਿੱਖਾਂ ਨਾਲ, ਪਰ ਸਾਡੇ ਭੋਲੇ ਭਾਲੇ ਸਿੱਖ ਮੱਛੀ ਵਾਂਗ ਇਨ੍ਹਾਂ ਦੀ ਕੁੰਡੀ ਵਿੱਚ ਫਸ ਜਾਂਦੇ ਹਨ। ਬਾਬੇ ਨਾਨਕ ਦਾ ਨਾਮ ਵਰਤ ਕੇ ਆਪਣੇ ਡੇਰੇ ਨਾਲ ਜੋੜਨ ਲਈ ਮਛਲੀ ਫੜ੍ਹਨ ਲਈ ਕੁੰਡੀ ਪਾਉਣਾ ਹੀ ਹੈ। ਅੱਜ ‘ਅਕਾਲ ਪੁਰਖ ਕੀ ਫੌਜ’ ਦੀ ਹਾਲਤ ਇਹ ਹੈ ਕਿ ਇਸ ਨੂੰ ਵਿਸ਼ਵ ਵਿੱਚ ਤਾਂ ਕੀ ਭਾਰਤ ਵਿੱਚ ਵੀ ਲੋਕ ਪਛਾਨਣੋਂ ਹਟ ਗਏ ਹਨ। ਇੱਕ ਆਮ ਪ੍ਰਚੱਲਤ ਗੱਲ ਹੈ ਕਿ ਲਹੌਰ ਸਟੇਸ਼ਨ ’ਤੇ ਇੱਕ ਮੁਸਲਮਾਨ ਆਪਣੀ 18 ਸਾਲਾਂ ਦੀ ਧੀ ਦੀ ਬਾਂਹ ਫੜ੍ਹੀ ਰੇਲ ਗੱਡੀ ਵਿੱਚ ਇੱਕ ਡੱਬੇ ਤੋਂ ਦੂਜੇ ਡੱਬੇ, ਦੂਜੇ ਤੋਂ ਤੀਜੇ, ਕਾਹਲੀ ਕਾਹਲੀ ਭੱਜਿਆ ਫਿਰਦਾ ਸੀ। ਕਿਸੇ ਨੇ ਪੁੱਛਿਆ ਮੀਆਂ ਜੀ ਕੀ ਗੱਲ ਇਸ ਤਰ੍ਹਾਂ ਕਿਉਂ ਭੱਜੇ ਫਿਰਦੇ ਹੋ? ਮੀਆਂ ਜੀ ਕਹਿੰਦੇ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਕੋਈ ਸਿੱਖ ਲੱਭਦਾ ਹਾਂ, ਇਸ ਲੜਕੀ ਨੂੰ ਬੰਬੇ ਭੇਜਣਾ ਹੈ। ਭਾਵ ਭਰੀ ਰੇਲ ਗੱਡੀ ਵਿੱਚ ਉਹ ਇੱਕ ਗੁਰੂ ਕੇ ਸਿੱਖ ਨੂੰ ਲੱਭ ਰਿਹਾ ਹੈ ਜਿਸ ਉੱਪਰ ਉਸ ਨੂੰ ਇਤਨਾ ਭਰੋਸਾ ਸੀ ਕਿ ਉਸ ਦੀ ਲੜਕੀ ਸਹੀ ਸਲਾਮਤ ਬੰਬੇ ਪਹੁੰਚ ਜਾਵੇਗੀ ਤੇ ਉਹ ਘਰ ਜਾ ਕੇ ਸਿਰ ਥੱਲੇ ਬਾਂਹ ਰੱਖ ਕੇ ਆਰਾਮ ਨਾਲ ਸੌਂ ਜਾਵੇਗਾ, ਪਰ ਅੱਜ ਸਾਡੇ ਸਿੱਖਾਂ ਦਾ ਕਿਰਦਾਰ ਹੀ ਇਤਨਾ ਨੀਵਾਂ ਹੋ ਗਿਆ ਕਿ ਕੋਈ ਤਾਂ ਕੀ, ਉਸ ’ਤੇ ਆਪਣੇ ਵੀ ਵਿਸ਼ਵਾਸ਼ ਨਹੀਂ ਕਰਦੇ। ਕੋਈ ਸਮਾਂ ਸੀ ਜਦ ਅਦਾਲਤਾਂ ਵਿੱਚ ਇੱਕ ਅੰਮ੍ਰਿਤਧਾਰੀ ਸਿੱਖ ਦੀ ਗਵਾਹੀ ਉੱਪਰ ਹੀ ਜੱਜ ਫੈਸਲਾ ਸੁਣਾ ਦਿੰਦਾ ਸੀ ਪਰ ਅੱਜ ਤਾਂ ਅਦਾਲਤਾਂ ਵੀ ਕਹਿ ਰਹੀਆਂ ਹਨ ਕਿ ਸਿੱਖ ਗਾਤਰਾ ਪਾ ਕੇ ਗਵਾਹੀ ਹੀ ਨਹੀਂ ਦੇ ਸਕਦਾ ਪਰ ਅੱਜ ਸਾਡੇ ਜਥੇਦਾਰ ਚੁੱਪ ਹਨ ਤੇ ਸਾਡੇ ਸਿੱਖਾਂ ਦਾ ਖੂਨ ਇੱਕ ਦਮ ਠੰਡਾ ਹੋ ਗਿਆ ਹੈ। ਅਸਲ ਵਿੱਚ ਗ਼ਰਮ ਖ਼ੂਨ ਵਾਲੇ ਸਿੱਖ ਅਸੀਂ ਪੰਥ ਵਿੱਚੋਂ ਬਾਹਰ ਕਰ ਦਿੱਤੇ ਹਨ ਜੋ ਡੇਰਿਆਂ ਦੇ ਲੜ ਲੱਗ ਗਏ। ਭਾਵ ਨਿੱਕ ਸੁੱਕ ਸਮਝੀਆਂ ਜਾਂਦੀਆਂ ਅਖੌਤੀ ਜਾਤਾਂ ਵਿੱਚੋਂ ਕਲਗੀਆਂ ਵਾਲੇ ਪਾਤਿਸ਼ਾਹ ਨੇ ਖ਼ਾਲਸਾ ਸਾਜਿਆ ਸੀ ਤੇ ਚਿੜੀਆਂ ਨੂੰ ਬਾਜਾਂ ਨਾਲ ਲੜਨ ਦੀ ਸ਼ਕਤੀ ਬਖਸ਼ੀ ਸੀ ਪਰ ਅੱਜ ਇਹ ਸ਼ਕਤੀ ਅਸੀਂ ਗੁਆ ਲਈ ਹੈ। ਇਹ ਸ਼ਕਤੀ ਅੱਜ ਡੇਰਿਆਂ ਵਿੱਚ ਜਾ ਕੇ ਅਤੇ ਨਸ਼ਿਆਂ ਵਿੱਚ ਗ਼ਲਤਾਨ ਹੋ ਕੇ ਆਪਣੀ ਸ਼ਕਤੀ ਭੁੱਲ ਬੈਠੀ ਹੈ।

ਇਸ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਅਜਿਹੇ ਖਾਲਸੇ ਲਈ ਵੀ ਹੁਕਮ ਕੀਤਾ :

ਜਬ ਲਗ ਖ਼ਾਲਸਾ ਰਹੇ ਨਿਆਰਾ ॥ ਤਬ ਲਗ ਤੇਜ ਦੀਉ ਮੈਂ ਸਾਰਾ ॥
ਜਬ ਇਹ ਗਹੈ ਬਿਪਰਨ ਕੀ ਰੀਤ ॥ ਮੈਂ ਨ ਕਰੋਂ ਇਨ ਕੀ ਪ੍ਰਤੀਤ ॥

ਇਹੀ ਕਾਰਨ ਹੈ ਕਿ ਜਦ ਗੁਰੂ ਕੀਆਂ ਫੌਜਾਂ ਨੂੰ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਘੇਰਾ ਪਿਆ ਤਾਂ ਤਨਖ਼ਾਹਾਂ ਲੈਣ ਵਾਲੇ ਸਿੱਖ ਭੁੱਖ ਪਿਆਸ ਨੂੰ ਨਾ ਸਹਾਰਦੇ ਹੋਏ ਬੇਦਾਵਾ ਦੇ ਕੇ ਘਰੋ ਘਰੀਂ ਚਲੇ ਗਏ ਪਰ ਬਿਨ ਤਨਖ਼ਾਹਾਂ ਲੜਨ ਵਾਲਾ ਅਸਲ ਖ਼ਾਲਸਾ ਭੁੱਖੇ ਭਾਣੇ ਵੀ ਗੁਰੂ ਸਾਹਿਬ ਜੀ ਨਾਲ ਡਟਿਆ ਰਿਹਾ। ਜਿਸ ਚਮਕੌਰੇ ਜਿਮੀਂਦਾਰ ਨੇ ਮੁਗਲ ਹਕੂਮਤ ਦੇ ਵਿਰੁਧ ਡਟ ਕੇ ਲੜਨ ਲਈ ਗੁਰੂ ਸਾਹਿਬ ਜੀ ਨੂੰ ਆਪਣੀ ਹਵੇਲੀ ਦਿੱਤਾ ਸੀ, ਉਸ ਚਮਕੌਰੇ ਦੇ ਨਾਮ ਉੱਪਰ ਹੀ ‘ਚਮਕੌਰ ਸਾਹਿਬ’ ਸ਼ਹਿਰ ਵਸਾਇਆ ਗਿਆ ਅਤੇ ਤਨਖ਼ਾਹਾਂ ਲੈ ਕੇ ‘ਬੇਦਾਵਾ’ ਦੇ ਕੇ ਘਰੋ ਘਰੀਂ ਗਏ 40 ਸਿੱਖ, ਜੋ ਮਾਈ ਭਾਗੋ ਵਰਗੀਆਂ ਮਹਾਨ ਸਿੱਖਣੀਆਂ ਦੀਆਂ ਵੰਗਾਰਾਂ ਸੁਣ ਕੇ ਮੁੜ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਆ ਰਲੇ ਤੇ ਖਿਦਰਾਣੇ ਦੀ ਢਾਬ ’ਤੇ ਹੋ ਰਹੀ ਜੰਗ ਵਿੱਚ ਸ਼ਾਮਲ ਹੋ ਕੇ, ਬਿਨ ਤਨਖ਼ਾਹਾਂ ਲੜਨ ਵਾਲੇ ਸਿੱਖਾਂ ਦੇ ਨਾਲ ਹੀ ਜੰਗ ਵਿੱਚ ਸ਼ਹੀਦ ਹੋ ਗਏ, ਉਨ੍ਹਾਂ ਤਮਾਮ ਗੁਰੂ ਨੂੰ ਸਮਰਪਤ ਸਿੱਖਾਂ ਦੇ ਨਾਮ ’ਤੇ ਹੀ ਸ਼ਹਿਰ ਦਾ ਨਾਮ ਸ਼੍ਰੀ ਮੁਕਤਸਰ ਸਾਹਿਬ ਰੱਖਿਆ ਗਿਆ। ਇਹੀ ਕਾਰਨ ਹੈ ਕਿ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਲਗੀਆਂ ਵਾਲੇ ਪਾਤਿਸ਼ਾਹ ਦੁਆਰਾ ਬਖਸ਼ਿਆ ਨਿਰਮਲ ਪੰਥ ਖ਼ਾਲਸਾ, ਅਸੀਂ ਕਿਧਰੇ ਗੁਆ ਲਿਆ ਹੈ ਜਿਸ ਕਾਰਨ ਅਸੀਂ ਅੱਜ ਭਟਕ ਗਏ ਹਾਂ।

ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੱਕ ਖਾਲਸਾ ਫੌਜਾਂ ਨੇ ਆਪਣੇ ਜੌਹਰ ਦਿਖਾਏ ਅਤੇ ਸੰਸਾਰ ਭਰ ਵਿੱਚ ਨਾਮ ਚਮਕਾਇਆ। ਆਸਟ੍ਰੇਲੀਆ ਦੀ ਇੱਕ ਏਜੰਸੀ ‘ਬਿਲੀਅਨਏਅਰਜ਼ ਆਸਟ੍ਰੇਲੀਆ’ ਨੇ ਸੰਸਾਰ ਦੇ ਸਭ ਤੋਂ ਬਹਾਦਰ 10 ਵਿਅਕਤੀਆਂ ਦੀ ਚੋਣ ਲਈ ਇੱਕ ਸਰਵੇਖਣ ਕਰਵਾਇਆ ਜਿਸ ਵਿੱਚ ਸਿੱਖ ਫੌਜ ਭਾਵ ‘ਅਕਾਲ ਪੁਰਖ ਕੀ ਫੌਜ’ ਦੇ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਨੇ ਹੁਣ ਤੱਕ ਦੇ ਪੂਰੇ ਸੰਸਾਰ ਨੂੰ ਪਛਾੜਦਿਆਂ ਪਹਿਲਾ ਸਥਾਨ ਪ੍ਰਾਪਤ ਕੀਤਾ ਜਦਕਿ ਆਪਣੇ ਸਮਿਆਂ ਵਿੱਚ ਸਭ ਤੋਂ ਬਹਾਦਰ ਸਮਝੇ ਜਾਂਦੇ ਚੰਗੇਜ ਖ਼ਾਨ ਨੇ ਦੂਜਾ ਤੇ ਅਲੈਗਜੈਂਡਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਹ ਸਰਵੇਖਣ ਦੇਖ ਕੇ ਸਾਡੇ ਸਿੱਖਾਂ ਦੇ ਸੀਨੇ 56-56 ਇੰਚ ਚੌੜੇ ਹੋ ਗਏ ਹੋਣਗੇ। ਇਸ ਤੋਂ ਪਤਾ ਚਲਦਾ ਹੈ ਕਿ ਉਸ ਸਮੇਂ ਤੱਕ ਅਕਾਲ ਪੁਰਖ ਕੀ ਫੌਜ ਨੇ ਆਦਰਸ਼ ਅਪਣਾਏ ਹੋਏ ਸਨ ਤੇ ਵਾਕਈ ਗੁਰੂ ਗੋਬਿੰਦ ਸਿੰਘ ਦੁਆਰਾ ਬਖਸ਼ਿਆ ਨਾਮ ‘ਅਕਾਲ ਪੁਰਖ ਕੀ ਫੌਜ’ ਪੂਰੀ ਤਰ੍ਹਾਂ ਵਾਜਬ ਅਤੇ 100 ਫੀਸਦੀ ਸੱਚ ਹੈ ਪਰ ਸਮੇਂ ਦੀ ਢਾਲ ਦੇ ਨਾਲ ਨਾਲ ਅੱਜ ਇਸ ਫੌਜ ਦਾ ਵਜੂਦ ਵੀ ਖ਼ਤਰੇ ਵਿੱਚ ਪਿਆ ਜਾਪ ਰਿਹਾ ਹੈ। ਅੱਜ ਹਰ ਸਿਆਸੀ ਲੀਡਰ ਤੇ ਸਿੱਖ ਆਗੂ ਇਤਿਹਾਸ ਸੁਣਾ ਸੁਣਾ ਕੇ ਆਪਣੀ ਪਿੱਠ ਥਪ-ਥਪਾਉਂਦੇ ਹਨ ਪਰ ਇਸ ਅਕਾਲ ਪੁਰਖ ਕੀ ਫੌਜ ਦੀ ਹੋਂਦ ਹਸਤੀ ਬਚਾਉਣ ਲਈ ਕੁੱਝ ਵੀ ਕਰਦੇ ਨਜ਼ਰ ਨਹੀਂ ਆਉਂਦੇ। ਹੋਰ ਤਾਂ ਕੀ, ਦਿਨੋ ਦਿਨ ਸਿਰ ਚੁੱਕੀ ਜਾਂਦੇ ਸਿੱਖੀ ਦੇ ਵਿਰੋਧੀ ਡੇਰਿਆਂ ਖਿਲਾਫ਼ ਸਾਡੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਕੁੱਝ ਨਹੀਂ ਕਰਦੀ ਬਲਕਿ ਇਨ੍ਹਾਂ ਦੇ ਸਮਾਗਮਾਂ ਵਿੱਚ ਜਾ ਕੇ ਸਿਰੋਪੇ ਜ਼ਰੂਰ ਪਵਾ ਲੈਂਦੇ ਹਨ। ਕਈ ਵਾਰੀ ਤਾਂ ਸੋਨੇ ਦੇ ਕੜਿਆਂ ਨਾਲ ਵੀ ਸਨਮਾਨ ਕਰਵਾ ਲੈਂਦੇ ਹਨ ਜਦਕਿ ਗੁਰਬਾਣੀ ਇਸ ਨੂੰ ਕੂੜ ਭਾਵ ਕੂੜਾ, ਝੂਠਾ ਕਹਿ ਰਹੀ ਹੈ।

‘‘ਕੂੜੁ ਸੁਇਨਾ ਕੂੜੁ ਰੁਪਾ ਕੂੜੁ ਪੈਨ੍ਹਣਹਾਰੁ ॥ ਕੂੜੁ ਕਾਇਆ ਕੂੜੁ ਕਪੜੁ, ਕੂੜੁ ਰੂਪੁ ਅਪਾਰੁ ॥
ਨਾਨਕੁ ਵਖਾਣੈ ਬੇਨਤੀ, ਤੁਧੁ ਬਾਝੁ ਕੂੜੋ ਕੂੜੁ ॥’’ (468 ਰਾਗ ਆਸਾ)

ਇਨ੍ਹਾਂ ਆਗੂਆਂ ਦੇ ਸਾਹਮਣੇ ਹੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਹੁੰਦੀ ਹੈ, ਜਾਤ ਪਾਤੀ ਵਿਤਕਰਾ ਹੋ ਰਿਹਾ ਹੁੰਦਾ ਹੈ, ਵੱਖਰੀਆਂ ਪੰਗਤਾਂ ਵਿੱਚ ਲੰਗਰ ਛਕਾਇਆ ਜਾ ਰਿਹਾ ਹੁੰਦਾ ਹੈ, ਪਰ ਉਸ ਸਮੇਂ ਇਨ੍ਹਾਂ ਦੀ ਜ਼ੁਬਾਨ ਉੱਪਰ ਤਾਲੇ ਲੱਗੇ ਹੁੰਦੇ ਹਨ। ਪਤਾ ਨਹੀਂ ਕਿਉਂ ਅੱਜ ਹਰ ਆਗੂ ਡਰ ਡਰ ਕੇ ਬੋਲਦਾ ਹੈ ਕਿ ਕਿਤੇ ਖੱਬੇ ਪਾਸੇ ਵਾਲਾ ਨਾ ਗੁੱਸੇ ਹੋ ਜਾਵੇ ਜਾਂ ਆਹ ਸੱਜੇ ਪਾਸੇ ਵਾਲਾ ਨਾ ਮੂੰਹ ਮੋੜ ਜਾਵੇ ਪਰ ਸੱਚ ਮੂੰਹ ਮੋੜ ਜਾਵੇ, ਇਸ ਦਾ ਕੋਈ ਫ਼ਿਕਰ ਨਹੀਂ। ਅੱਜ ਹਰ ਪਿੰਡ ਸ਼ਹਿਰ ਵਿੱਚ ਵੱਖ ਵੱਖ ਜਾਤਾਂ ਦੇ ਗੁਰਦੁਆਰੇ ਬਣ ਗਏ, ਪਰ ਮਜਾਲ ਹੈ ਕਿ ਕੋਈ ਆਗੂ ਇਨ੍ਹਾਂ ਨੂੰ ਰੋਕੇ। ਭਾਵੇਂ ਅੱਜ ਇੱਕ ਤੋਂ ਵੱਧ ਗੁਰਦੁਆਰਾ ਸਾਹਿਬਾਨਾਂ ਦੀ ਜ਼ਰੂਰਤ ਹੈ ਕਿਉਂਕਿ ਅੱਜ ਹਰ ਵਿਅਕਤੀ ਆਪਣੇ ਛੋਟੇ ਵੱਡੇ ਸਮਾਗਮ ਗੁਰਦੁਆਰਾ ਸਾਹਿਬ ਵਿੱਚ ਹੀ ਕਰਦਾ ਹੈ ਤੇ ਕਈ ਵਾਰੀ ਤਾਂ ਇੱਕ ਇੱਕ ਦਿਨ ਵਿੱਚ ਕਈ-ਕਈ ਸਮਾਗਮ ਆ ਜਾਂਦੇ ਹਨ ਪਰ ਗੁਰਦੁਆਰਿਆਂ ਦੇ ਨਾਮ ਤਾਂ ਗੁਰੂ ਸਾਹਿਬਾਨਾਂ ਦੇ ਨਾਮ ਉੱਪਰ ਹੀ ਰੱਖਣੇ ਚਾਹੀਦੇ ਹਨ। ਜਾਤ ਪਾਤ ਅਧਾਰਿਤ ਗੁਰਦੁਆਰੇ ਸਿੱਖੀ ਸਿਧਾਂਤਾਂ ਦਾ ਮੂੰਹ ਚਿੜਾਉਣ ਦੇ ਬਰਾਬਰ ਹਨ। ਸਿੱਖਾਂ ਵਿੱਚ ਡੇਰਾਵਾਦ ਤਾਂ ਪਹਿਲਾਂ ਹੀ ਫੈਲਿਆ ਹੋਇਆ ਸੀ ਜਿਸ ਕਾਰਨ ਵੱਡਾ ਘਾਟਾ ਪੈ ਰਿਹਾ ਸੀ ਪਰ ਹੁਣ ਇੱਕ ਨਵੀਂ ਬਿਮਾਰੀ ਚੱਲ ਪਈ ਹੈ, ਪਰ ਸਾਡੇ ਜਥੇਦਾਰ ਸਾਹਿਬਾਨ ਸਭ ਜਾਣਦੇ ਹੋਏ ਵੀ ਅੱਖਾਂ ਬੰਦ ਕਰੀ ਬੈਠੇ ਹਨ। ਗੁਰੂ ਗ੍ਰੰਥ ਸਾਹਿਬ ਦੀ ਮਰਯਾਦਾ ਦੇ ਨਾਮ ਹੇਠ ਕਈ ਸਭਾਵਾਂ ਤੇ ਕਮੇਟੀਆਂ ਬਣੀਆਂ ਹੋਈਆਂ ਹਨ ਪਰ ਉਹ ਵੀ ਇੱਧਰ ਨਹੀਂ ਝਾਕਦੀਆਂ। ਬਾਬਾ ਵਿਸ਼ਵਕਰਮਾ ਇੱਕ ਦੇਵਤਾ ਹੈ ਪਰ ਵਿਸ਼ਵਕਰਮਾ ਨੂੰ ਮਿਸਤਰੀਆਂ ਨਾਲ ਜੋੜ ਕੇ ਇਨ੍ਹਾਂ ਦਾ ਪਿਤਾ ਸਿੱਧ ਕੀਤਾ ਜਾ ਰਿਹਾ ਹੈ। ਇਹ ਵੀ ਭੋਲੇ ਵਿਚਾਰੇ ਵੱਡੇ ਵੱਡੇ ਗਾਤਰੇ ਪਾ ਕੇ ਗੁਰੂ ਗੋਬਿੰਦ ਸਿੰਘ ਪਿਤਾ ਨੂੰ ਛੱਡ ਕੇ ਵਿਸ਼ਵਕਰਮਾ ਨੂੰ ਆਪਣਾ ਸਭ ਕੁੱਝ ਮੰਨੀ ਬੈਠੇ ਹਨ ਤੇ ਵਿਸ਼ਵਕਰਮਾ ਦੇ ਨਾਮ ’ਤੇ ਬਣੇ ਗੁਰਦੁਆਰਿਆਂ ਵਿੱਚ ਵਿਸ਼ਵਕਰਮਾ ਦੀਆਂ ਮੂਰਤੀਆਂ ਸਥਾਪਿਤ ਕਰ ਰਹੇ ਹਨ ਜੋ ਕਿ ਗੁਰੂ ਗ੍ਰੰਥ ਸਾਹਿਬ ਦੀ ਘੋਰ ਬੇਅਦਬੀ ਹੈ। ਬੁੱਤ ਪੂਜਣ ਵਾਲਿਆਂ ਲਈ ਗੁਰਬਾਣੀ ਹੁਕਮ :

‘‘ਬੁਤ ਪੂਜਿ ਪੂਜਿ ਹਿੰਦੂ ਮੂਏ, ਤੁਰਕ ਮੂਏ ਸਿਰੁ ਨਾਈ ॥’’ (654)

ਸਿੱਖੀ ਦਾ ਮੁੱਢ ਬੰਨ੍ਹਣ ਵਾਲੇ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਮੂਰਤੀ ਪੂਜਾ ਤੋਂ ਸਖ਼ਤੀ ਨਾਲ ਵਰਜਿਆ ਸੀ ਪਰ ਅੱਜ ਅਸੀਂ ਉਹੀ ਕੁੱਝ ਕਰ ਕਰ ਰਹੇ ਹਾਂ ਜਿਸ ਤੋਂ ਗੁਰਬਾਣੀ ਰੋਕਦੀ ਹੈ। ਸਿੱਖੀ ਵਿਰੋਧੀ ਸ਼ਕਤੀਆਂ ਨੇ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਵਿੱਚ ਮੂਰਤੀਆਂ ਸਥਾਪਿਤ ਕੀਤੀਆਂ ਸਨ ਜਿਨ੍ਹਾਂ ਨੂੰ ਬੜੀ ਮੁਸ਼ਕਲ ਨਾਲ ਭਾਈ ਦਿੱਤ ਸਿੰਘ ਵਰਗੇ ਬਹਾਦਰ ਤੇ ਸਿਰੜੀ ਸਿੱਖਾਂ ਨੇ ਚੁਕਵਾਇਆ ਸੀ ਪਰ ਉਸ ਤੋਂ ਬਾਅਦ ਇਸ ਸਿੱਖ ਵਿਰੋਧੀ ਸ਼ਕਤੀ ਨੇ ਇਹ ਧਾਰ ਲਿਆ ਸੀ ਕਿ ਤੁਸੀਂ ਤਾਂ ਇੱਕ ਦਰਬਾਰ ਸਾਹਿਬ ਤੋਂ ਮੂਰਤੀਆਂ ਚੁੱਕੀਆਂ ਹਨ, ਹੁਣ ਅਸੀਂ ਪਿੰਡ-ਪਿੰਡ, ਸ਼ਹਿਰ-ਸ਼ਹਿਰ ਗੁਰਦੁਆਰਿਆਂ ਵਿੱਚ ਮੂਰਤੀਆਂ ਸਥਾਪਿਤ ਕਰ ਦੇਵਾਂਗੇ ਤੇ ਤੁਹਾਨੂੰ ਪਤਾ ਵੀ ਨਹੀਂ ਚੱਲਣਾ। ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀਆਂ ਨੂੰ ਇੱਧਰ ਵੀ ਝਾਕ ਕੇ ਇਸ ਵੱਖਰੀ ਹੋ ਰਹੀ ਕੌਮ ਨੂੰ ਹੁਣੇ ਹੀ ਸਮਝਾਉਣਾ ਚਾਹੀਦਾ ਹੈ, ਨਹੀਂ ਤਾਂ ਇਤਨੀ ਦੇਰ ਹੋ ਜਾਵੇਗੀ ਜਿਸ ਤਰ੍ਹਾਂ ਪਹਿਲਾਂ ਅਸੀਂ ਸਿੱਖੀ ਦੇ ਇੱਕ ਵੱਡੇ ਭਾਗ ਭਗਤ ਰਵਿਦਾਸ ਜੀ ਦੇ ਜਾਨਸ਼ੀਨਾਂ ਨੂੰ ਅੱਡ ਹੁੰਦੇ ਵੇਖਿਆ ਹੈ, ਉਸੇ ਤਰ੍ਹਾਂ ਕਿਤੇ ਇਹ ਵੀ ਅੱਡ ਹੀ ਨਾ ਹੋ ਜਾਣ।

ਸੋ, ਆਓ ਖਾਲਸਾ ਜੀ! ਖ਼ਾਲਸਾ ਸਿਰਜਣਾ ਦਿਵਸ ਜਾਂ ਅਕਾਲ ਪੁਰਖ ਕੀ ਫੌਜ ਸਥਾਪਨਾ ਦਿਵਸ ਤਾਂ ਹੀ ਮਨਾਏ ਜਾਣੇ ਸਫਲ ਹਨ ਜੇਕਰ ਅਸੀਂ ਇਸ ਖੇਤਰ ਵਿੱਚ ਕੋਈ ਤਰੱਕੀ ਕਰੀਏ। ਸਿੱਖ ਪੰਥ ਵਿੱਚ ਪੈ ਰਹੀਆਂ ਵੰਡੀਆਂ ਨੂੰ ਖ਼ਤਮ ਕਰਨ ਲਈ ਇੱਕਜੁਟ ਹੋਈਏ। ਸਭ ਤੋਂ ਪਹਿਲਾਂ ਸਿੱਖੀ ਦੇ ਮੁੱਖ ਅੰਗ ਦਲਿਤ ਸਿੱਖ ਮਜ੍ਹਬੀ ਸਿੱਖ, ਰਵੀਦਾਸੀਏ ਸਿੱਖ, ਮਹਿਰਾ ਸਿੱਖ, ਨਾਈ, ਛੀਂਬੇ ਆਦਿ ਅਖੌਤੀ ਨੀਵੀਆਂ ਜਾਤਾਂ ਤੇ ਟੁੱਟ ਚੁੱਕੇ ਤੇ ਡੇਰਾਵਾਦ ਦੇ ਧੱਕੇ ਚੜ੍ਹ ਚੁੱਕੇ ਸਿੱਖਾਂ ਨੂੰ ਸਿੱਖੀ ਵਿੱਚ ਲਿਆਉਣ ਲਈ ਖ਼ਾਸ ਪ੍ਰੋਗਰਾਮ ਉਲੀਕੀਏ। ਜਿਨ੍ਹੀਂ ਦੇਰ ਇਹ ਸਿੱਖ, ਸਿੱਖੀ ਵਿੱਚ ਨਹੀਂ ਆਉਂਦੇ, ਸਿੱਖੀ ਵੱਧ ਨਹੀਂ ਸਕਦੀ। ਉਸ ਤੋਂ ਬਾਅਦ ਵੱਖ ਵੱਖ ਬਣ ਰਹੇ ਧੜ੍ਹਿਆਂ ਨੂੰ ਇੱਕ ਕਰਨ ਲਈ ਆਪਸੀ ਮੱਤਭੇਦ ਮਿਟਾਉਣ ਲਈ ਯੋਗ ਉਪਰਾਲੇ ਕਰਨੇ ਚਾਹੀਦੇ ਹਨ। ਇਸ ਕੰਮ ਲਈ ਦੇਸ਼ਾਂ ਵਿਦੇਸ਼ਾਂ ਦੇ ਸਿੱਖ ਆਗੂਆਂ ਦੀ ਇੱਕ ਕਮੇਟੀ ਬਣਾਈ ਜਾਣੀ ਚਾਹੀਦੀ ਹੈ। ਅਜਿਹਾ ਕਰਨ ਨਾਲ ਹੀ ਸਿੱਖ ਫੌਜ ਦੀ ਚੜ੍ਹਦੀ ਕਲਾ ਹੋ ਸਕਦੀ ਹੈ।

ਆਓ, ਅਕਾਲ ਪੁਰਖ ਦੀ ਇਸ ਫੌਜ ਦਾ ਨਾਮ ਆਪਣੇ ਸੂਬੇ, ਜਾਂ ਦੇਸ਼ ਦੀਆਂ ਹੱਦਾਂ ਤੋਂ ਬਾਹਰ ਕੱਢੀਏ ਤੇ ਕਾਮਨਾ ਕਰੀਏ ਕਿ ਅਕਾਲ ਪੁਰਖ ਕੀ ਫੌਜ ਦਾ ਮਤਲਬ, ਸਹੀ ਮਾਇਨਿਆਂ ਵਿੱਚ ਲਾਗੂ ਹੋ ਸਕੇ। ਅਕਾਲ ਪੁਰਖ ਦੀ ਇਸ ਫੌਜ ਲਈ ਨਾ ਤਾਂ ਕਿਸੇ ਪਾਸਪੋਰਟ ਦੀ ਜ਼ਰੂਰਤ ਪਵੇ, ਨਾ ਕਿਸੇ ਦੀ ਮਨਜੂਰੀ ਲੈਣ ਦੀ ਜ਼ਰੂਰਤ ਪਵੇ, ਅਕਾਲ ਪੁਰਖ ਕੀ ਫੌਜ ਦਾ ਹਰ ਸਿਪਾਹੀ ਜਦ ਮਰਜੀ ਚਾਹੇ ਕਿਧਰੇ ਵੀ ਜਾ ਸਕਦਾ ਹੋਵੇ। ਉਸ ਦੀ ਕੋਈ ਤਲਾਸ਼ੀ ਨਾ ਹੋਵੇ, ਉਸ ਨੂੰ ਕੋਈ ਕਿਤੇ ਨਾ ਰੋਕੇ, ਪਰ ਇਹ ਨੇੜ ਭਵਿੱਖ ਵਿੱਚ ਹੋ ਸਕੇਗਾ, ਐਸਾ ਸੰਭਵ ਨਹੀਂ ਲਗਦਾ।

‘ਠੰਡੇ ਪਾਣੀ ਜੋ ਨਹਿ ਨ੍ਹਾਵੇ।’

0

‘ਠੰਡੇ ਪਾਣੀ ਜੋ ਨਹਿ ਨ੍ਹਾਵੇ।’

ਸੂਬੇਦਾਰ ਹਰਦਿਆਲ ਸਿੰਘ (ਰਿਟਾ.)-075891-35032

ਕੁਝ ਸਮਾਂ ਪਹਿਲਾਂ ਇਕ ਟੀ. ਵੀ. ਚੈਨਲ ਰਾਹੀਂ ਇੱਕ ਮਸ਼ਹੂਰ ਕਥਾ ਵਾਚਕ (ਗਿਆਨੀ ਪਰਮਜੀਤ ਸਿੰਘ ਖਾਲਸਾ) ਦੀ ਰਿਕਾਰਡ ਕੀਤੀ ਹੋਈ ਕਥਾ ਪ੍ਰਸਾਰਤ ਕੀਤੀ ਗਈ ਸੀ। ਜਿਸ ਵਿਚ ਉਕਤ ਗਿਆਨੀ ਜੀ ਨੇ ਕਿਹਾ ਕਿ ਇਕ ਗੁਰਸਿੱਖ ਨੂੰ ਅੱਧੀ ਰਾਤ 12 ਵਜ ਕੇ 5 ਮਿੰਟ ’ਤੇ ਉੱਠ ਕੇ ਠੰਡੇ ਪਾਣੀ ਦੀ ਟੂਟੀ ਹੇਠਾਂ ਸਿਰ ਕਰਨਾ ਚਾਹੀਦਾ ਹੈ ਅਤੇ ਇਹ ਕਿਹਾ ਕਿ ਗ਼ਰਮ ਪਾਣੀ ਨਾਲ ਨਹਾਉਣ ਵਾਲੇ ਨੂੰ ਤਾਂ ਗੁਰਦੁਆਰੇ ਚੌਰ ਸਾਹਿਬ ਦੀ ਸੇਵਾ ਕਰਨ ਦਾ ਹੱਕ ਨਹੀਂ। ਜਾਉ ਕਿਹੜੇ ਗੁਰਦੁਆਰੇ ਜਾਉਂਗੇ? ਫਿਰ ਆਪਣੇ ਦੋਵਾਂ ਹੱਥਾਂ ਦੀਆਂ ਉਂਗਲਾਂ ਨੂੰ ਟੇਡੇ ਮੇਡੇ ਕਰਕੇ ਨਕਲ ਉਤਾਰਦਿਆਂ ਕਿਹਾ ਕਿ ਗ਼ਰਮ ਪਾਣੀ ਨਾਲ ਨਹਾਉਣ ਵਾਲਿਆਂ ਦੇ ਹੱਥ ਇਸ ਤਰ੍ਹਾਂ ਹੋ ਜਾਂਦੇ ਹਨ ਭਾਵ ਉਹਨਾਂ ਨੂੰ ਗੰਠੀਆ ਹੋ ਜਾਂਦਾ ਹੈ। ਫਿਰ ਇਹ ਕਿਹਾ ਕਿ ਕਈ ਪ੍ਰੇਮੀ ਕਹਿੰਦੇ ਹਨ ਕਿ ਜੇ ਉਹ ਅੱਧੀ ਰਾਤੀਂ ਸਿਮਰਨ ਕਰਨ ਲਈ ਉੱਠਦੇ ਹਨ ਤਾਂ ਦਿਨੇ ਕੰਮ ਵੇਲੇ ਉਹਨਾਂ ਨੂੰ ਨੀਂਦ ਆਉਂਦੀ ਰਹਿੰਦੀ ਹੈ। ਇਸ ਦੇ ਜਵਾਬ ਵਿਚ ਗਿਆਨੀ ਜੀ ਨੇ ‘‘ਅਚਿੰਤ ਕੰਮ ਕਰਹਿ ਪ੍ਰਭ ਤਿਨ ਕੇ, ਜਿਨ ਹਰਿ ਕਾ ਨਾਮੁ ਪਿਆਰਾ॥’’ (ਮ: ੩/੬੩੮) ਦਾ ਹਵਾਲਾ ਦੇ ਦਿੱਤਾ। ਫਿਰ ਇਹ ਵੀ ਕਿਹਾ ਕਿ ਗ਼ਰਮ ਪਾਣੀ ਨਾਲ ਨਹਾਉਣ ਵਾਲਿਆਂ ਦੇ ਸਿਰ ਅਤੇ ਸਰੀਰ ’ਤੇ ਖੁਰਕ ਹੁੰਦੀ ਰਹਿੰਦੀ ਹੈ।

ਇਸ ਵਿਚ ਕੋਈ ਸ਼ੱਕ ਨਹੀਂ ਕਿ ਹਰੀ ਆਪਣੇ ਪਿਆਰਿਆਂ ਦੇ ਕੰਮ ਅਚਿੰਤ ਹੀ ਕਰਦਾ ਹੈ ਪਰ ਇਹ ਅਵਸਥਾ ਹਰ ਵੇਲੇ ਹਰ ਕਿਸੇ ’ਤੇ ਨਹੀਂ ਬਣਦੀ। ਜ਼ਿਆਦਾਤਰ ਸਿੱਖ ਕੌਮ ਤਾਂ ਪਹਿਲਾਂ ਹੀ ਸਿੱਖ ਧਰਮ ਦੇ ਮੁੱਢਲੇ ਅਸੂਲਾਂ-ਕਿਰਤ ਕਰਨੀ, ਨਾਮ ਜਪਣ ਅਤੇ ਵੰਡ ਛੱਕਣ ਨੂੰ ਤਿੱਲਾਂਦਲੀ ਦੇ ਚੁੱਕੀ ਹੈ ਉਪਰੋਂ ਐਸੀਆਂ ਗੁਮਰਾਹ ਕੁਨ ਦਲੀਲਾਂ ਦੇਣੀਆਂ ਕਿ ਆਉ ਸਿੱਖੋ ਅੱਧੀ ਰਾਤੀਂ ਉੱਠ ਕੇ ਮਾਲਾ ਫੇਰਨੀਆਂ ਸ਼ੁਰੂ ਕਰ ਦਿਉ ਦਿਨੇ ਤੁਹਾਡੇ ਕਾਰ ਵਿਹਾਰ ਬਾਬਾ ਨਾਨਕ ਕਰ ਦਿਆ ਕਰੇਗਾ, ਕੌਮ ਲਈ ਬੜਾ ਮੰਦਭਾਗਾ ਹੈ। ਕਾਰ ਵਿਹਾਰ ਕਰਦਿਆਂ ਗਿਆਨ ਅਤੇ ਕਰਮ ਇੰਦਰਿਆਂ ਦਾ ਕੰਮ ਜਾਣ ਬੁਝ ਕੇ ਗੁਰੂ ’ਤੇ ਛੱਡ ਦੇਣਾ ਕੋਈ ਸਿਆਣਪ ਨਹੀਂ।

ਡਾਕਟਰਾਂ ਦੀ ਰਾਇ ਅਨੁਸਾਰ 6 ਤੋਂ 8 ਘੰਟੇ ਨੀਂਦ ਜ਼ਰੂਰੀ ਹੈ। ਆਪਣੇ ਕੰਮ ਦੇ ਸਮੇਂ ਹਮੇਸ਼ਾ ਉਂਘਦੇ ਰਹਿਣਾ ਜਿੱਥੇ ਹਾਸੇ ਮਜ਼ਾਕ ਦਾ ਕਾਰਨ ਬਣਦਾ ਹੈ ਉੱਥੇ ਕੰਮ ਵਿਚ ਵਿਘਨ ਵੀ ਪੈਂਦਾ ਹੈ। ਨੀਂਦ ਕਾਰਨ concentration, working memory, performance, understanding, timely reaction ਦੀ ਘਾਟ ਹੁੰਦੀ ਹੈ। ਜੇ ਕੋਈ ਮਸ਼ੀਨਰੀ ਵਗੈਰਾ ਉਪਰ ਕੰਮ ਕਰਦਾ ਹੈ ਤਾਂ ਉਹ ਹਾਦਸੇ ਦਾ ਵੀ ਸ਼ਿਕਾਰ ਹੋ ਸਕਦਾ ਹੈ। ਲਗਾਤਾਰ ਉਨੀਂਦਰੇ ਰਹਿਣ ਅਤੇ ਨੀਂਦ ਪੂਰੀ ਨਾ ਹੋਣ ਨਾਲ ਕਈ ਸਰੀਰਕ ਬੀਮਾਰੀਆਂ ਨੂੰ ਸੱਦਾ ਦੇਣਾ ਹੈ। ਦਿਨ ਵੇਲੇ ਕੰਮ ਕਰਦਿਆਂ ਸਰੀਰ ਦੇ ਸੈਲਾਂ ਅਤੇ ਕੋਸ਼ਕਾਵਾਂ ਦੀ ਟੁੱਟ ਭੱਜ ਦੀ ਨੀਂਦ ਵੇਲੇ ਬਣਤਰ ਨਾ ਹੋਣ ਕਰਕੇ ਬੁਢਾਪੇ ਦੇ ਚਿੰਨ੍ਹ ਜਲਦੀ ਨਜ਼ਰ ਆਉਣ ਲਗਦੇ ਹਨ। 6 ਘੰਟੇ ਤੋਂ ਘੱਟ ਨੀਂਦ obesity, diabetes type 2, hypertention ਅਤੇ ਹੋਰ ਘਾਤਕ ਬੀਮਾਰੀਆਂ ਦਾ ਕਾਰਣ ਬਣਦੀ ਹੈ। 20% ਸੜਕ ਹਾਦਸੇ ਨੀਂਦ ਆਉਣ ਦੇ ਕਾਰਨ ਹੁੰਦੇ ਹਨ। ਪਿੱਛੇ ਜਿਹੇ ਦਿੱਲੀ ਤੋਂ ਅੰਮ੍ਰਿਤਸਰ ਰਾਤ ਸਮੇਂ ਜਾ ਰਹੀ ਬਸ ਦੇ ਡਰਾਇਵਰ ਨੂੰ ਨੀਂਦ ਆਉਣ ਕਾਰਨ ਬਸ ਸਰਹਿੰਦ ਨਹਿਰ ਵਿਚ ਡਿੱਗ ਪਈ ਸੀ ਜਿਸ ਕਰਕੇ ਸਾਰੀਆਂ ਸਵਾਰੀਆਂ ਮਾਰੀਆਂ ਗਈਆਂ ਸਨ। ਮਸ਼ਹੂਰ ਕਮੇਡੀਅਨ ਜਸਪਾਲ ਭੱਟੀ ਦੀ ਮੌਤ ਦਾ ਕਾਰਣ ਵੀ ਰਾਤ ਸਮੇਂ ਕਾਰ ਚਲਾਉਂਦੇ ਡਰਾਇਵਰ ਨੂੰ ਨੀਂਦ ਆਉਣਾ ਦਸਿਆ ਗਿਆ ਸੀ।

ਮੁੰਬਈ ਵਰਗੇ ਸ਼ਹਿਰਾਂ ’ਚ ਜਿੱਥੇ ਸਾਰਾ ਸਾਲ ਤਕਰੀਬਨ ਇੱਕੋ ਜਿਹਾ ਤਾਪਮਾਨ ਰਹਿੰਦਾ ਹੈ ਕਿਸੇ ਸਮੇਂ ਵੀ ਠੰਡੇ ਪਾਣੀ ਨਾਲ ਨਹਾਇਆ ਜਾ ਸਕਦਾ ਹੈ। ਪਰ ਕਈ ਮੈਦਾਨੀ, ਪਹਾੜੀ ਅਤੇ ਖਾਸ ਕਰਕੇ ਬਰਫਬਾਰੀ ਵਾਲੇ ਇਲਾਕਿਆਂ ਵਿਚ ਮੁਸ਼ਕਲ ਹੈ। ਦਾਸ ਆਰਮੀ ਦੀ 30 ਸਾਲਾ ਨੋਕਰੀ ਦੋਰਾਨ ਬਰਫਬਾਰੀ (high altitude) ਤੇ ਤੈਨਾਤ ਰਿਹਾ ਹੈ ਜਿੱਥੇ ਸਰਦੀਆਂ ਦਾ ਤਾਪਮਾਨ -10 ਸੈਂਟੀਗ੍ਰੇਡ ਤੋਂ -20 ਸੈਂਟੀਗ੍ਰੇਡ ਹੋ ਜਾਂਦਾ ਸੀ ਅਤੇ ਬਰਫਬਾਰੀ ਕਾਰਨ ਪਾਣੀ ਦੇ ਸਰੋਤ ਵੀ ਜੰਮ ਜਾਂਦੇ ਸਨ ਅਤੇ ਬਰਫ ਨੂੰ ਗ਼ਰਮ ਕਰਕੇ ਹੀ ਪਾਣੀ ਮਿਲਦਾ ਸੀ ਉਹਨਾਂ ਥਾਵਾਂ ’ਤੇ ਦਾਸ ਤੜਕੇ ਤਿੰਨ ਵਜੇ ਉੱਠ ਕੇ ਗ਼ਰਮ ਪਾਣੀ ਨਾਲ ਇਸ਼ਨਾਨ ਕਰਕੇ ਨਿੱਤਨੇਮ ਕਰਦਾ ਰਿਹਾ ਹੈ। ਦਾਸ ਦੇ ਗੈਰਸਿੱਖ ਸਾਥੀ ਕਿਹਾ ਕਰਦੇ ਸਨ ਕਿ ਤੁਸੀਂ ਰਮ ਨਹੀਂ ਪੀਂਦੇ, ਅੰਡੇ ਮੀਟ ਨਹੀ ਖਾਂਦੇ ਤੁਸੀਂ (high altitude) ਤੇ ਇੱਕ ਦਿਨ ਵੀ ਨਹੀਂ ਰਹਿ ਸਕਦੇ, ਪਰ 18 ਮਹੀਨਿਆਂ ਦੀ ਪੋਸਟਿੰਗ ਦੇ ਦੌਰਾਨ ਗੰਠੀਆ ਤਾਂ ਕੀ ਹੋਣਾ ਸੀ ਜੁਕਾਮ ਯਾ ਕਿਸੇ ਕਿਸਮ ਸੀ ਦਵਾਈ ਲੈਣ ਦੀ ਲੋੜ ਨਹੀਂ ਪਈ।

ਗੰਠੀਆ ਆਮ ਤੌਰ ਤੇ 50-60 ਸਾਲ ਦੀ ਉਮਰ ਤੋਂ ਹੁੰਦਾ ਹੈ। ਕਿਸੇ ਕਿਸੇ ਹਾਲਤ ਵਿਚ ਇਹ ਪਹਿਲਾਂ ਵੀ ਹੋ ਸਕਦਾ ਹੈ। ਕੋਈ 100 ਕਿਸਮਾਂ ਦੇ ਗੰਠੀਏ ਦੇ ਅਨੇਕਾਂ ਕਾਰਨ ਹਨ ਪਰ ਗ਼ਰਮ ਪਾਣੀ ਨਾਲ ਨਹਾਉਣਾ ਗੰਠੀਏ ਦਾ ਕਾਰਨ ਬਿਲਕੁਲ ਨਹੀਂ। ਉਲਟਾ ਡਾਕਟਰ ਤਾਂ ਗੰਠੀਏ ਦੇ ਰੋਗੀ ਨੂੰ ਗ਼ਰਮ ਪਾਣੀ ਨਾਲ ਨਹਾਉਣ ਜਾਂ ਗ਼ਰਮ ਪਾਣੀ ਦੀਆਂ ਬੋਤਲਾਂ ਨਾਲ ਸੇਕ ਦੇਣ ਜਾਂ ਗੰਠੀਏ ਵਾਲੇ ਅੰਗ ਨੂੰ ਸਿੱਧੇ ਤੌਰ ’ਤੇ ਗ਼ਰਮ ਪਾਣੀ ਵਿਚ ਪਾਉਣ ਦੀ ਸਲਾਹ ਦਿੰਦੇ ਹਨ ਜਿਸ ਨਾਲ ਕਾਫੀ ਅਰਾਮ ਵੀ ਮਿਲਦਾ ਹੈ ਅਤੇ ਜੁੜਿਆ ਹੋਇਆ ਜੋੜ ਰਵਾਂ ਹੋ ਜਾਂਦਾ ਹੈ।

ਬਰਫਬਾਰੀ ਵਾਲੀਆਂ ਥਾਵਾਂ ਤੇ ਪਿੰਘਲਦੀ ਹੋਈ ਬਰਫ ਦੇ ਠੰਡੇ ਪਾਣੀ ਵਿਚ ਨਹਾਉਣ ਨਾਲ hypothermia ਹੋ ਸਕਦਾ ਹੈ। ਉਸ ਪਾਣੀ ਵਿਚ 15 ਮਿੰਟ ਰਹਿਣ ਨਾਲ ਇਨਸਾਨ ਦੀ ਮੌਤ ਹੋ ਸਕਦੀ ਹੈ। ਅੱਧੀ ਰਾਤ ਨੂੰ ਸਿਰ ਨਹਾਉਣਾ ਅਤੇ ਫਿਰ ਕੇਸ ਸੁਕਾਉਣ ਦਾ ਕੋਈ ਬੰਦੋਬਸਤ ਨਾ ਹੋਣਾ ਅਤੇ ਬਾਹਰਲੇ ਵਾਤਾਵਰਨ ਦਾ ਤਾਪਮਾਨ ਅਤਿਅੰਤ ਠੰਡਾ ਹੋਣਾ ਮੌਤ ਨੂੰ ਸੱਦਾ ਦੇਣਾ ਹੈ ਕਿਉਂਕਿ body heat loss ਹੋਣ ਕਰਕੇ ਸਰੀਰ ਦਾ ਤਾਪਮਾਨ 82.4 ਡਿਗਰੀ ਤੇ ਦਿਲ ਲਹੂ ਨੂੰ ਸਰੀਰ ਵਿਚ ਪੰਪ ਕਰਨਾ ਬੰਦ ਕਰ ਦਿੰਦਾ ਹੈ। ਸਰੀਰ ਦੇ 68 ਡਿਗਰੀ ਤਾਪਮਾਨ ਉਪਰ ਦਿਮਾਗ਼ ਕੰਮ ਕਰਨਾ ਬੰਦ ਕਰ ਦਿੰਦਾ ਹੈ।

ਜੇ ਕੋਈ ਪ੍ਰੇਮੀ ਕੜਕਦੀ ਠੰਡ ਵਿਚ ਅੰਮ੍ਰਿਤ ਵੇਲੇ ਉੱਠ ਕੇ ਗ਼ਰਮ ਪਾਣੀ ਨਾਲ ਇਸ਼ਨਾਨ ਕਰਕੇ ਅਤੇ ਸਿਮਰਨ/ਨਿਤਨੇਮ ਕਰਕੇ ਗੁਰਦੁਆਰੇ ਜਾਵੇ ਅਤੇ ਉੱਥੇ ਸ਼ਰਧਾ ਪੂਰਵਕ ਚੌਰ ਸਾਹਿਬ ਦੀ ਸੇਵਾ ਕਰਨ ਲਗੇ ਤਾਂ ਕੀ ਉਸ ਨੂੰ ਧੱਕੇ ਮਾਰ ਕੇ ਬਾਹਰ ਕੱਢ ਦੇਣਾ ਚਾਹੀਦਾ ਹੈ। ਧੱਕੇ ਤਾਂ ਭਗਤ ਨਾਮਦੇਵ ਜੀ ਨੂੰ ਵੀ ਪੰਡਿਤਾਂ ਨੇ ਮਾਰੇ ਸਨ। ਫਿਰ ਕੀ ਹੋਇਆ: ‘‘ਫੇਰਿ ਦੀਆ ਦੇਹੁਰਾ ਨਾਮੇ ਕਉ, ਪੰਡੀਅਨ ਕਉ ਪਿਛਵਾਰਲਾ॥’’ (1292)

ਕੀ ਕਿਸੇ ਦੀ ਸ਼ਰਧਾ ਨੂੰ ਨਾਪਣ ਦਾ ਕੋਈ ਪੈਮਾਨਾ ਹੈ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਜਿੱਥੇ 100, 500 ਅਤੇ 1000 ਰੁਪਏ ਦੇ ਨੋਟਾਂ ਦਾ ਢੇਰ ਲਗ ਜਾਂਦਾ ਹੈ ਉੱਥੇ ਇਕ ਇਕ ਰੁਪਏ ਦੇ ਸਿਕਿਆਂ ਦਾ ਵੀ ਢੇਰ ਲਗ ਜਾਂਦਾ ਹੈ। ਕੀ ਇਕ ਰੁਪਏ ਦਾ ਮੱਥਾ ਟੇਕਣ ਵਾਲੇ ਦੀ ਸ਼ਰਧਾ ਇਕ ਹਜ਼ਾਰ ਰੁਪਏ ਦਾ ਮੱਥਾ ਟੇਕਣ ਵਾਲੇ ਤੋਂ ਕਿਸੇ ਤਰ੍ਹਾਂ ਘਟ ਹੈ? ਸ਼੍ਰੀ ਰਾਮ ਚੰਦਰ ਨੇ ਭੀਲਣੀ ਨੂੰ ਨਹੀਂ ਕਿਹਾ ਸੀ ਕਿ ਇਹ ਬੇਰ ਤੇਰੇ ਜੂਠੇ ਹਨ, ਉਹ ਤਾਂ ਬੜੇ ਚਾਅ ਨਾਲ ਖਾਧੇ ਸਨ। ਸ਼੍ਰੀ ਕ੍ਰਿਸ਼ਨ ਨੇ ਬਿਦਰ ਦਾ ਬੇਲੂਣਾ ਸਾਗ ਅਤੇ ਸੁਦਾਮੇ ਦੇ ਸਤੂ ਬੜੇ ਚਾਅ ਨਾਲ ਖਾਧੇ ਸਨ।

ਕਿਸੇ ਹਸਪਤਾਲ ਦੇ ਡਾਕਟਰ ਅਤੇ ਨਰਸਾਂ ਕਿਸੇ ਮਰੀਜ਼ ਦਾ ਇਲਾਜ ਕਰਦੇ ਸਮੇਂ ਉਸ ਦੀ ਬਹੁਤ ਸੇਵਾ ਕਰਦੇ ਹਨ। ਨਰਸਾਂ ਤਾਂ ਮਰੀਜ਼ ਦੇ ਕਪੜੇ ਬਦਲਦੀਆਂ ਅਤੇ ਖਾਣਾਂ ਵੀ ਖਵਾਉਂਦੀਆ ਹਨ। ਸਫਾਈ ਕਰਮਚਾਰੀ ਮਰੀਜ਼ ਦਾ ਮਲ-ਮੂਤਰ ਵੀ ਸਾਫ ਕਰਦੇ ਹਨ, ਜੋ ਕਿ ਕਈ ਵਾਰ ਪਰਿਵਾਰ ਦੇ ਜੀਅ ਕਰਨ ਤੋਂ ਕਤਰਾਅ ਜਾਂਦੇ ਹਨ, ਪਰ ਜੇ ਕਿਧਰੇ ਉਸ ਮਰੀਜ਼ ਦੀ ਮੌਤ ਹੋ ਜਾਵੇ ਤਾਂ ਜਿੱਥੇ ਪਰਿਵਾਰ ਦੇ ਜੀਅ ਭੁਬਾਂ ਮਾਰ ਕੇ ਰੌਂਦੇ ਹਨ ਉੱਥੇ ਹਸਪਤਾਲ ਦੇ ਕਰਮਚਾਰੀ ਭਾਵਹੀਨ ਰਹਿੰਦੇ ਹਨ। ਉਹਨਾਂ ਨੂੰ ਕੋਈ ਦੁਖ ਨਹੀਂ ਹੁੰਦਾ ਕਿਉਂਕਿ ਉਹ ਮਰੀਜ਼ ਨਾਲ ਮਨ ਕਰਕੇ ਨਹੀਂ ਮਾਇਆ ਕਰਕੇ ਜੁੜੇ ਹੁੰਦੇ ਹਨ। ਅਸੀਂ ਵੀ ਗੁਰੂ ਨਾਲ ਮਨ ਕਰਕੇ ਨਹੀ ਮਾਇਆ ਕਰਕੇ ਜੁੜਦੇ ਹਾਂ। ਪਹਿਲਾਂ ਮਾਇਆ ਮੰਗਣ ਲਈ ਅਰਦਾਸਾਂ ਕਰਦੇ ਅਤੇ ਕਰਵਾਉਂਦੇ ਹਾਂ। ‘ਹੇ ਅਕਾਲ ਪੁਰਖ! ਆਪਣੇ ਸੇਵਕ ਦੇ ਕਾਰਜ ਰਾਸ ਕਰਨੇ, ਕਾਰੋਬਾਰਾਂ ਵਿਚ ਵਾਧੇ ਪਾਉਣੇ, ਬਚਿਆਂ ਨੁੰ ਉੱਚ ਵਿਦਿਆ ਦਾ ਦਾਨ ਬਖਸ਼ਣਾਂ (ਬੇਸ਼ਕ ਉਹ ਸਾਰਾ ਸਾਲ ਇੰਟਰਨੈਟ ’ਤੇ ਚੈਟਿੰਗ ਕਰਦੇ ਰਹਿਣ), ਉਹਨਾਂ ਨੂੰ ਉਚ ਅਧਿਕਾਰੀ ਬਣਾਉਣਾ ਵਗੈਰਾ ਵਗੈਰਾ।’ ਜਦੋਂ ਕਿਸੇ ਰੂਪ ਵਿਚ ਮਾਇਆ ਮਿਲ ਜਾਂਦੀ ਹੈ ਫਿਰ ਉਸ ਉਤੇ ‘ਮੇਰੀ’ ਦੀ ਮੁਹਰ ਲਾ ਕੇ ਗੁਰੂ ਨੂੰ ਦੇਣ ਦੀ ਹੋੜ ਵਿਚ ਲੱਗ ਜਾਂਦੇ ਹਾਂ। ਆਉ ਭਾਈ ਗੁਰੂ ਨਾਲ ਮਾਇਆ ਕਰਕੇ ਨਹੀਂ, ਤਨ ਕਰਕੇ ਨਹੀਂ ਮਨ ਕਰਕੇ ਜੁੜੀਏ।

ਆਉ ਟੂਕ ਮਾਤਰ ਵਿਚਾਰ ਕਰੀਏ ਕਿ ਅਸੀਂ ਪੁਰਾਤਨ ਰਹਿਤਨਾਮਿਆਂ, ਹੁਕਮਨਾਮਿਆਂ ਅਤੇ ਤਨਖ਼ਾਹ ਨਾਮਿਆਂ ’ਤੇ ਕਿੰਨਾ ਕੁ ਖਰਾ ਉੱਤਰਦੇ ਹਾਂ। ਸਿਰਲੇਖ ਵਾਲੀ ਪੰਕਤੀ ਵਾਲੇ ਭਾਈ ਨੰਦ ਲਾਲ ਜੀ ਦੇ ਤਨਖ਼ਾਹ ਨਾਮੇ ਵਿਚ ਅੱਗੇ ਚਲ ਕੇ ਲਿਖਿਆ ਹੈ ਕਿ ‘ਖਾਲਸਾ ਸੋਈ ਜੁ ਚੜੈ ਤੁਰੰਗ। ਖਾਲਸਾ ਸੋਈ ਜੋ ਕਰੈ ਨਿਤ ਜੰਗ॥’ ਜਿਸ ਸਮੇਂ ਇਹ ਤਨਖ਼ਾਹ ਨਾਮਾ ਲਿਖਿਆ ਹੋਵੇਗਾ ਉਸ ਵੇਲੇ ਘੋੜਾ (ਤੁਰੰਗ) ਆਵਾਜਾਈ ਦਾ ਸਭ ਤੋਂ ਤੇਜ ਸਾਧਨ ਹੋਵੇਗਾ। ਅੱਜ ਕਲ ਦੇ ਆਧੁਨਿਕ ਯੁਗ ਵਿਚ ਘੋੜਾ ਰੱਖਣਾ ਕਿਸੇ ਮਹਿੰਗੀ ਕਾਰ ਰੱਖਣ ਤੋਂ ਵੀ ਜ਼ਿਆਦਾ ਮਹਿੰਗਾ ਹੈ ਅਤੇ ਉਸ ਦੇ ਮੁਕਾਬਲੇ ਉਪਯੋਗੀ ਬਿਲਕੁਲ ਨਹੀਂ। ਜਿੱਥੇ ਕਾਰ ਰਾਹੀਂ 4-5 ਸੌ ਕਿਲੋਮੀਟਰ ਦਾ ਸਫਰ 4-5 ਘੰਟਿਆਂ ਵਿਚ ਕੀਤਾ ਜਾ ਸਕਦਾ ਹੈ ਉੱਥੇ ਘੋੜੇ ਰਾਹੀਂ ਉਸ ਸਫਰ ਲਈ 4-5 ਦਿਨ ਲਗ ਸਕਦੇ ਹਨ।

ਸੋ, ਇਸ ਹੁਕਮ ਤੇ ਅੱਜ ਕਲ ਅਮਲ ਕਰਨਾਂ ਨਾ-ਮੁਮਕਨ ਹੈ। ਅੱਜ ਕਲ ਖਾਲਸਾ ਜੰਗ ਤਾਂ ਜ਼ਰੂਰ ਕਰਦਾ ਹੈ ਪਰ ਉਹ ਜੰਗ ਧਰਮ ਦੀ ਰਾਖੀ ਜਾਂ ਕਿਸੇ ਮਜ਼ਲੂਮ ਦੀ ਰਾਖੀ ਲਈ ਨਹੀਂ। ਅੱਜ ਕਲ ਤਾਂ ਸਿੱਖ ਜੰਗ ਕਰਦਾ ਹੈ ਜ਼ਰ, ਜੋਰੂ, ਜ਼ਮੀਨ, ਪ੍ਰਧਾਨਗੀਆਂ ਅਤੇ ਗੁਰੂ ਦੀਆਂ ਗੋਲਕਾਂ ’ਤੇ ਕਬਜ਼ਾ ਕਰਨ ਲਈ। ਇਸ ਲਈ ਤਾਂ ਸਿੱਖ, ਸਿੱਖਾਂ ਦੀਆਂ ਪੱਗਾਂ ਪੈਰਾਂ ’ਚ ਰੋਲਦੇ, ਦਾੜੀ ਕੇਸ ਪੁਟਦੇ, ਡਾਂਗਾਂ ਕ੍ਰਿਪਾਨਾਂ ਖੜਕਾਉਂਦੇ ਅਤੇ ਗੋਲੀਆਂ ਚਲਾਉਂਦੇ ਹਨ।

ਰਹਿਤਨਾਮਾਂ ਭਾਈ ਪ੍ਰਹਿਲਾਦ ਸਿੰਘ ਬਚਨ ਸ਼੍ਰੀ ਮੁਖਵਾਕ ਪਾਤਸ਼ਾਹੀ ੧0

‘ਹੋਇ ਸਿੱਖ ਸਿਰ ਟੋਪੀ ਧਰੈ॥ ਸਾਤ ਜਨਮ ਕੁਸ਼ਟੀ ਹੋਇ ਮਰੈ॥’

ਅੱਜ ਕਲ ਨਕਲੀ ਦਸਤਾਰਾਂ (ਟੋਪੀਆਂ) ਜਿਨ੍ਹਾਂ ਦੇ ਸਾਮ੍ਹਣੇ ਪਾਸੇ ਬਕਾਇਦਾ ਖੰਡੇ ਦੇ ਨਿਸ਼ਾਨ ਦੀ ਕਢਾਈ ਕੀਤੀ ਹੁੰਦੀ ਹੈ, ਪਹਿਨਣ ਦਾ ਰਿਵਾਜ ਪੈ ਗਿਆ ਹੈ। ਇਹ ਟੋਪੀਆਂ ਕੇਵਲ ਬੱਚੇ ਹੀ ਨਹੀਂ, ਉਹਨਾਂ ਦੇ ਬਾਪ ਅਤੇ ਦਾਦੇ ਵੀ ਪਹਿਨਦੇ ਹਨ। ਕਿਧਰੇ ਕਿਧਰੇ ਇਹ ਟੋਪੀਆਂ ਅੰਮ੍ਰਿਤਧਾਰੀ ਬੀਬੀਆਂ ਦੇ ਸਿਰ ’ਤੇ ਪਾਈਆਂ ਦੇਖੀਆਂ ਜਾਂਦੀਆਂ ਹਨ। ਇਹ ਟੋਪੀਆਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਨਾਲ ਲਗਦੇ ਬਜ਼ਾਰਾਂ ਵਿਚ ਬੜੇ ਧੜ੍ਹਲੇ ਨਾਲ ਵੇਚੀਆਂ ਜਾਂਦੀਆਂ ਹਨ। ਜਿੱਥੋਂ ਅਨਭੋਲ ਸ਼ਰਧਾਲੂ ਸ਼ਰਧਾਵਸ ਖ਼ਰੀਦ ਕੇ ਲੈ ਜਾਂਦੇ ਹਨ। ਕੀ ਸਾਡੇ ਆਗੂਆਂ ਦਾ ਇਸ ਪਾਸੇ ਧਿਆਨ ਨਹੀਂ ਜਾਂਦਾ ਜਾਂ ਫਿਰ ਉਹ ਇਹਨਾਂ ਨੂੰ ਦੇਖ ਕੇ ਅਣਡਿਠ ਕਰਨ ਵਿਚ ਆਪਣੀ ਭਲਾਈ ਸਮਝਦੇ ਹਨ। ਨੌਜਵਾਨ ਤਬਕਾ ਤਾਂ ਇਹ ਟੋਪੀਆਂ ਨੂੰ ਸਿਰ ’ਤੇ ਪਾਉਣ ਵੇਲੇ ਜੂੜਾ (ਕੇਸ) ਖੋਹਲ ਲੈਂਦੇ ਹਨ ਤਾਂ ਕਿ ਇਹ ਟੋਪੀ ਸਿਰ ’ਤੇ ਚੰਗੀ ਤਰ੍ਹਾਂ ਫਿਟ ਹੋ ਜਾਵੇ। ਉਹ ਤਾਂ ਦੇਖਣ ਨੂੰ ਸਿੱਖ ਲਗਦੇ ਹੀ ਨਹੀਂ। ਉਹ ਤਾਂ ਦਸਤਾਰਾਂ ਵੀ ਕੇਸ ਖੋਹਲ ਕੇ ਬੰਨਦੇ ਹਨ।

ਦਾਸ ਪਿਛਲੇ ਸਾਲ ਆਸਨਸੋਲ (ਪੱਛਮੀ ਬੰਗਾਲ) ਗਿਆ ਸੀ। ਇਕ ਦਿਨ ਰਾਤ ਦੇ 8 ਕੁ ਵਜੇ ਇਕ ਵਸਤੂ ਦੀ ਭਾਲ ਵਿਚ ਬਜ਼ਾਰ ਵਿਚ ਘੁੰਮ ਰਿਹਾ ਸੀ ਧਿਆਨ ਜਰਾ ਦੁਕਾਨਾਂ ਵੱਲ ਸੀ। ਐਨੇ ਨੂੰ ਇਕ ਮੋੜ ’ਤੇ ਇਕ ਗੁਰਸਿੱਖ ਨੇ ਫ਼ਤਹਿ ਬੁਲਾ ਦਿੱਤੀ। ਉਸ ਗੁਰਸਿੱਖ ਨੇ ਵੀ ਦਾਸ ਵਾਂਗ ਦਾਹੜਾ ਪ੍ਰਕਾਸ਼ ਕੀਤਾ, ਅਤੇ ਕੁਰਤਾ ਪਜਾਮਾ ਪਾ ਕੇ ਗਾਤਰਾ ਉੱਪਰ ਦੀ ਸਜਾਇਆ ਹੋਇਆ ਸੀ। ਫ਼ਤਹਿ ਦਾ ਜਵਾਬ ਦਿੰਦਿਆਂ ਰੂਹ ਖੁਸ਼ ਹੋ ਗਈ। ਝੱਟ ਹੀ ਧਿਆਨ ਪੰਜਾਬ ਪਹੁੰਚ ਗਿਆ ਜਿੱਥੇ ਦਾਸ ਪਿਛਲੇ 14 ਸਾਲ ਤੋ ਆਰਮੀ ਦੀ ਸੀ.ਐਸ. ਡੀ. ਕੈਨਟੀਨ ਕੰਪਲੈਕਸ ਵਿਚ ਨੌਕਰੀ ਕਰ ਰਿਹਾ ਹੈ। ਉੱਥੇ ਰੋਜ਼ਾਨਾਂ ਹਜ਼ਾਰਾਂ ਗ੍ਰਾਹਕ ਆਉਂਦੇ ਹਨ। ਜਿਹਨਾਂ ਵਿਚ ਸੈਂਕੜੇ ਅੰਮ੍ਰਿਤਧਾਰੀ ਗੁਰਸਿੱਖ ਦੁੱਧ ਚਿੱਟੇ ਦਾਹੜੇ, ਕੁਰਤੇ ਪਜਾਮੇ ਪਾਏ ਅਤੇ ਗਾਤਰੇ ਉਪਰ ਦੀ ਸਜਾਏ ਹੁੰਦੇ ਹਨ ਪਰ ਉਹ ਕਦੇ ਕਿਸੇ ਗੁਰਸਿੱਖ ਨੂੰ ਫ਼ਤਹਿ ਬਲਾਉਂਦੇ ਸੁਣੇ ਜਾ ਵੇਖੇ ਨਹੀਂ। ਇਸ ਦੇ ਉਲਟ ਉਹ ਰਮ ਦੀਆਂ ਬੋਤਲਾਂ ਜ਼ਰੂਰ ਚੁੱਕੀ ਜਾਂਦੇ ਵੇਖੀਦੇ ਹਨ। ਅੱਜ ਕਲ ਕਿਸੇ ਨੂੰ ਪੁੱਛਣ ਦਾ ਕੋਈ ਹੱਕ ਨਹੀਂ ਪਰ ਦਾਸ ਨੇ ਹਿੰਮਤ ਕਰ ਕੇ ਕਈਆਂ ਨੂੰ ਪੁੱਛਿਆ ਕਿ ਭਾਈ! ਤੁਸੀਂ ਤਾਂ ਅੰਮ੍ਰਿਤ ਪਾਨ ਕਰ ਚੁਕੇ ਹੋ ਤੁਸੀਂ ਇਹ ਜਹਿਰ (ਸ਼ਰਾਬ) ਕਿਸ ਲਈ ਵਿਹਾਜ ਰਹੇ ਹੋ ਤਾਂ ਉਹ ਸ਼ਰਮਿੰਦੇ ਜਿਹੇ ਹੁੰਦਿਆਂ ਜਵਾਬ ਦਿੰਦੇ ਕਿ ਕੀ ਕਰੀਏ ਜੀ ਸੱਜਣ ਮਿੱਤਰ ਰਿਸ਼ਤੇਦਾਰ ਹੀ ਛਡਦੇ ਨਹੀਂ। ਉਹ ਕਹਿੰਦੇ ਹਨ ਕਿ ਜੇ ਤੁਸੀਂ ਨਹੀਂ ਪੀਣੀ ਤਾਂ ਸਾਨੂੰ ਤਾਂ ਲਿਆ ਦਿਓ। ਹੈਰਾਨੀ ਤਾਂ ਉਦੋਂ ਹੁੰਦੀ ਹੈ ਜਦੋਂ ਕਈ ਅੰਮ੍ਰਿਤਧਾਰੀ ਬੀਬੀਆਂ ਵੀ ਰਮ ਲੈਣ ਵਾਲੀ ਲਾਇਨ ਵਿਚ ਖਲੋਤੀਆਂ ਵੇਖੀਆਂ ਜਾਂਦੀਆਂ ਹਨ। ਕਿਸੇ ਸਮੇਂ ਪੰਜਾਬ ਵਿਚ ਇਕ ਗੀਤ ਗਾਇਆ ਜਾਂਦਾ ਸੀ।

‘ਮੇਰਾ ਰੁਸੇ ਨਾਂ ਕਲਗੀਆਂ ਵਾਲਾ ਤੇ ਜੱਗ ਭਾਵੇਂ ਸਾਰਾ ਰੁਸ ਜਾਏ।’

ਪਰ ਅੱਜ ਕੱਲ ਤਾਂ

‘ਮੇਰਾ ਰੁਸੇ ਨਾਂ ਮਿੱਤਰ ਪਿਆਰਾ ਤੇ ਰੱਬ ਭਾਵੇਂ ਸਾਰਾ ਰੁਸ ਜਾਏ।’

ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਵਿਖੇ ਅੰਮ੍ਰਿਤ ਸੰਚਾਰ ਸੰਪੂਰਨ ਹੋਣ ਤੋਂ ਬਾਅਦ ਪੰਜਾਂ ਪਿਆਰਿਆਂ ਵਿਚੋਂ ਇਕ ਸਿੰਘ ਵੱਲੋਂ ਰਹਿਤ ਮਰਿਆਦਾ ਦ੍ਰਿੜ੍ਹ ਕਰਵਾਉਂਦੇ ਹੋਏ ਦੱਸਿਆ ਗਿਆ ਸੀ ਕਿ ਤੁਸੀਂ ਅੱਜ ਤੋ ਭੰਗ, ਅਫੀਮ, ਸ਼ਰਾਬ, ਤਮਾਕੂ ਆਦਿ ਕੋਈ ਨਸ਼ਾ ਨਹੀਂ ਕਰਨਾ। ਜੇ ਤੁਸੀ ਦੁਕਾਨਦਾਰੀ ਕਰਦੇ ਹੋ ਤਾਂ ਇਹਨਾਂ ਚੀਜਾਂ ਦਾ ਵਪਾਰ ਵੀ ਨਹੀਂ ਕਰਨਾ ਭਾਵ ਕਿ ਹੱਥ ਵੀ ਨਹੀਂ ਲਾਉਣਾ। ਆਰੀਆ ਸਮਾਜੀ ਸੁਆਮੀ ਦਇਆ ਨੰਦ ਨੇ ਆਪਣਾ ਅੰਤ ਸਮਾਂ ਨੇੜੇ ਆਇਆ ਜਾਣ ਕੇ ਆਪਣੇ ਚੇਲਿਆਂ ਨੂੰ ਕਹਿ ਦਿੱਤਾ ਸੀ ਕਿ ਜਿਸ ਕਿਸੇ ਨੇ ਆਪਣੇ ਜੀਵਨ ਕਾਲ ਵਿਚ ਤਮਾਕੂ ਵਰਤਿਆ ਹੋਵੇ ਜਾਂ ਹੱਥ ਲਾਇਆ ਹੋਵੇ ਉਹ ਉਹਨਾਂ (ਸੁਆਮੀ) ਦੀ ਮ੍ਰਿਤਕ ਦੇਹ ਨੂੰ ਹੱਥ ਨਾ ਲਾਵੇ। ਸਭ ਨੂੰ ਦਸ ਦਿੱਤਾ ਗਿਆ। ਫਿਰ ਅਜਮੇਰ ਵਿਚ ਐਸਾ ਕੋਈ ਹਿੰਦੂ ਤਾਂ ਨਾ ਮਿਲਿਆ, ਸਿੱਖਾਂ ਨੇ ਹੀ ਉਸ ਸੁਆਮੀ ਦੀ ਮ੍ਰਿਤਕ ਦੇਹ ਦਾ ਸੰਸਕਾਰ ਕੀਤਾ ਸੀ। ਅੱਜ ਅੰਮ੍ਰਿਤਧਾਰੀ ਸਿੱਖ ਕਹਿੰਦੇ ਹਨ ਕਿ ਜੇ ਸ਼ਰਾਬ ਨੂੰ ਹੱਥ ਲਾ ਲਏ ਤਾਂ ਕੀ ਹੋਇਆ?

ਗਯਾਨ ਰਤਨਾਵਲੀ ਦੀ ਤੀਜੀ ਪਾਉੜੀ ਦਾ ਟੀਕਾ ਇਸ ਤਰ੍ਹਾਂ ਹੈ ‘ਸਾਹਿਬ ਦਸਵੇਂ ਪਾਤਸ਼ਾਹ ਬਚਨ ਕੀਤਾ ਜੋ ਕੋਈ ਸਿੱਖਾਂ ਨੂੰ ਅਗੋਂ ਵਾਹਗੁਰੂ ਜੀ ਕੀ ਫਤੇ ਬੂਲਾਂਵਦਾ ਹੈ ਉਸ ਵੱਲ ਮੇਰਾ ਮੁਖ ਹੁੰਦਾ ਹੈ ਜੋ ਪਿੱਛੋ ਬੁਲਾਂਵਦਾ ਹੈ ਉਸ ਵੱਲ ਮੇਰਾ ਸੱਜਾ ਮੋਢਾ ਹੁੰਦਾ ਹੈ, ਜੋ ਪਿੱਛੋ ਹੋਲੀ ਬੁਲਾਂਵਦਾ ਹੈ, ਉਸ ਵਲ ਮੇਰਾ ਬਾਵਾਂ ਮੋਢਾ ਹੁੰਦਾ ਹੈ ਅਰ ਜੋ ਪਿੱਛੋਂ ਵੀ ਨਹੀ ਬੁਲਾਂਵਦਾ ਉਸ ਵਲ ਮੇਰੀ ਪਿੱਠ ਹੁੰਦੀ ਹੈ।’

ਰਹਿਤ ਨਾਮਾ ਭਾਈ ਦੇਸਾ ਸਿੰਘ ਵਿਚ ਲਿਖਿਆ ਹੈ- ‘ਆਗੇ ਆਵਤ ਸਿੰਘ ਜੁ ਪਾਵੇ। ਵਾਹਗੁਰੂ ਕੀ ਫਤੇ ਬੁਲਾਵੇ।’

ਰਹਿਤਨਾਮਾ ਭਾਈ ਚੌਪਾ ਸਿੰਘ ਵਿਚ ਲਿਖਿਆ ਹੈ – ‘ਗੁਰੂ ਕੀ ਫਤੇ ਮਿਲਣੇ ਵਖਤ ਬੁਲਾਵੇ, ਸਿੱਖ ਕੋ ਦੇਖ ਕੇ ਪਹਿਲੇ ਫਤੇ ਬੁਲਾਵੇ, ਜੋ ਫਤੇ ਨਾ ਮੰਨੇ ਸੋ ਤਨਖਾਹੀਆ।’

ਪੰਜਾਬ ਵਿਚ ਤਾਂ ਸ਼ਾਇਦ ਇਹ ਰਿਵਾਜ ਹੀ ਨਹੀ ਰਿਹਾ। ਸਿੱਖ ਕੌਮ ਕੋਲ ਬਹੁਤ ਕੁਝ ਹੈ ਪਰ ਭਰਾਤ੍ਰੀ ਭਾਵ ਦੀ ਬਹੁਤ ਕਮੀ ਹੈ।

ਭਾਈ ਦਇਆ ਸਿੰਘ ਜੀ ਜੋ ਪੰਜਾਂ ਪਿਆਰਿਆਂ ਵਿਚੋਂ ਇਕ ਸਨ, ਦੇ ਰਹਿਤ ਨਾਮੇ ਵਿਚ ਲਿਖਿਆ ਹੈ ਕਿ ਸਿੱਖ ਚੌਥੇ ਦਿਨ ਕੇਸੀ ਇਸ਼ਨਾਨ ਕਰੇ। ਅੱਜ ਕੱਲ ਇਕ ਕੀਰਤਨੀ ਜੱਥੇ ਨਾਲ ਸਬੰਧਤ ਸਿੱਖ ਆਪਣੀ ਦਲੀਲ ਇਹ ਕਹਿ ਕੇ ਦਿੰਦੇ ਹਨ ਕਿ ‘ਇਕ ਪਸੂ ਟੋਬੇ ਵਿਚ ਸਿਰ ਡੋਬ ਡੋਬ ਕੇ ਨਹਾਉਂਦਾ ਹੈ ਤੇ ਇਕ ਗੁਰਸਿੱਖ ਦਾ ਬਿਨਾਂ ਕੇਸੀ ਇਸ਼ਨਾਨ, ਇਸ਼ਨਾਨ ਕਿਵੇਂ ਪੂਰਾ ਹੋ ਸਕਦਾ ਹੈ ਅਤੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਕਿਵੇਂ ਬੈਠ ਸਕਦਾ ਹੈ।’

ਕਥਾ ਕਰਨੀ ਇਕ ਕਲਾ ਹੈ। ਇਸ ਦੀ ਮਹਾਰਤ ਹਾਸਿਲ ਕੀਤੀ ਜਾ ਸਕਦੀ ਹੈ ਪਰ ਪ੍ਰੇਮ ਕਰਨ ਦੀ ਨਹੀਂ। ਪ੍ਰੇਮ ਤਾਂ ਹਿਰਦੇ ਅੰਦਰੋਂ ਇਸ ਤਰ੍ਹਾਂ ਫੁਟਦਾ ਹੈ ਜਿਵੇਂ ਧਰਤੀ ਅੰਦਰੋਂ ਕੋਈ ਚਸ਼ਮਾ। ‘ਪ੍ਰਿੰ: ਪ੍ਰਕਾਸ ਸਿੰਘ ਜੀ ਨੇ ਪ੍ਰੌਫੈਸਰ ਸਾਹਿਬ ਸਿੰਘ ਜੀ ਦੀਆਂ ਯਾਦਾਂ ਤਾਜਾ ਕਰਦਿਆਂ ਲਿਖਿਆ ਹੈ ਕਿ ਇਕ ਪ੍ਰਚਾਰਕ ਨੇ ਖਾਲਸਾ ਕਾਲਜ ਦੇ ਗੁਰਦੁਆਰੇ ਤਿੰਨ ਦਿਨ ਜਾਤ ਪਾਤ ਤੇ ਛੂਤ ਛਾਤ ਵਿਰੁਧ ਚੰਗਾ ਪ੍ਰਚਾਰ ਕੀਤਾ। ਪ੍ਰਿੰਸੀਪਲ ਸਾਹਿਬ ਸਿੰਘ ਨੇ ਉਸ ਨੂੰ ਆਪਣੇ ਘਰ ਖਾਣਾ ਖਾਣ ਦਾ ਸੱਦਾ ਦੇ ਦਿਤਾ। ਖਾਣਾ ਸ਼ੂਰੁ ਕਰਨ ਤੋ ਪਹਿਲਾਂ ਇਕ ਸੱਜਣ ਹੋਰ ਵੀ ਆ ਗਿਆ। ਪ੍ਰਚਾਰਕ ਦੇ ਪੁੱਛਣ ’ਤੇ ਪ੍ਰਿੰਸੀਪਲ ਸਾਹਿਬ ਸਿੰਘ ਨੇ ਦਸਿਆ ਕਿ ਇਹ ਸੱਜਣ ਸਾਡੇ ਘਰ ਦੀ ਸਫਾਈ ਕਰਦਾ ਹੈ ਅਤੇ ਉਹ ਗੰਦ ਵੀ ਚੁਕਦਾ ਹੈ ਜਿਹੜਾ ਅਸੀਂ ਸਵੇਰੇ ਆਪਣੇ ਅੰਦਰੋਂ ਕੱਢਦੇ ਹਾਂ। ਪ੍ਰਚਾਰਕ ਹੋਰੀਂ ਸੁਣਦੇ ਹੀ ਉੱਠ ਖਲੋਤੇ ਅਤੇ ਬਿਨਾਂ ਖਾਣਾ ਖਾਧੇ ਜਾਣ ਲਗੇ ਤਾਂ ਪ੍ਰਿੰਸੀਪਲ ਸਾਹਿਬ ਸਿੰਘ ਜੀ ਨੇ ਆਖਿਆ ਤੁਸੀਂ ਤਾਂ ਛੂਤ ਛਾਤ ਤੇ ਜਾਤ ਪਾਤ ਦੇ ਖਿਲਾਫ ਜ਼ੋਰਦਾਰ ਪ੍ਰਚਾਰ ਕਰਦੇ ਹੋ ਉਹ ਤੁਹਾਡਾ ਪ੍ਰਚਾਰ ਕਿੱਥੇ ਗਿਆ?’

ਕਥਾ ਤਾਂ ਪ੍ਰਿੰ: ਗੰਡਾ ਸਿੰਘ ਨੇ ਵੀ ਕੀਤੀ ਸੀ। ਸ਼ਬਦ ਸੀ ‘‘ਬੇਗਮਪੁਰਾ ਸਹਰ ਕੋ ਨਾਉ॥’’ ‘ਲੰਗਰ ਛਕਦਿਆ ਕੋਲ ਬੈਠੇ ਸੰਤ ਬਾਬਾ ਅਤਰ ਸਿੰਘ ਜੀ ਨੇ ਕਿਹਾ ਅੱਜ ਤੁਸਾਂ ਬਹੁਤ ਚੰਗੀ ਕਥਾ ਕੀਤੀ। ਬੜਾ ਆਨੰਦ ਆਇਆ। ਨਾਲ ਹੀ ਪੁੱਛ ਲਿਆ ਕਿ ਤੁਸੀਂ ਬੇਗ਼ਮਪੁਰਾ ਵੇਖਿਆ ਹੈ। ਪ੍ਰਿੰਸੀਪਲ ਸਾਹਿਬ ਨੇ ਜਵਾਬ ਦਿਤਾ ਕੋਣ ਜਾਣੈ ਬੇਗ਼ਮਪੁਰਾ ਹੈ ਵੀ ਕਿ ਨਹੀਂ। ਸਾਨੂੰ ਤਾਂ ਕਥਾ ਕਰਨ ਲਈ ਕਿਹਾ ਗਿਆ ਸੀ। ਸੋ, ਅਸਾਂ ਕਥਾ ਕਰ ਦਿਤੀ।’

ਐਸੇ ਗੁਣੀ ਗਿਆਨੀ ਦੇ ਸਾਹਮਣੇ ਦਾਸ ਦੀ ਤੁਛ ਬੁੱਧੀ ਅਸਮਾਨ ’ਚ ਉੱਡਦੇ ਇੱਕ ਮਛਰ ਤੁਲ ਵੀ ਨਹੀਂ। ਇਸ ਕਰਕੇ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਉੱਕਤ ਗਿਆਨੀ ਜੀ ਜਿੱਥੇ ਆਪਣੇ ਹੱਥ ਵਿੱਚ ਤਿੰਨ ਫੁੱਟ ਲੰਮੀ ਕਿਰਪਾਨ ਰੱਖਦੇ ਹਨ ਉੱਥੇ ਇਕ ਘੋੜਾ (ਤੁਰੰਗ) ਜ਼ਰੂਰ ਰੱਖ ਲੈਣ ਅਤੇ ਆਧੁਨਿਕ ਯੁਗ ਦੇ ਆਵਾਜਾਈ ਦੇ ਸਾਧਨਾਂ ਏਅਰ ਕੰਡੀਸ਼ਨ ਕਾਰਾਂ, ਰੇਲ ਗਡੀਆਂ ਅਤੇ ਹਵਾਈ ਜਹਾਜਾਂ ਦੇ ਸਫਰ ਨੂੰ ਤਿਆਗ ਕੇ ‘‘ਖਾਲਸਾ ਸੋਈ ਜੋ ਚੜੈ ਤੁਰੰਗ॥’’ ਅਨੁਸਾਰ ਦੇਸ਼ ਅਤੇ ਵਿਦੇਸ਼ ਦਾ ਸਫਰ ਘੋੜੇ ’ਤੇ ਹੀ ਕਰਿਆ ਕਰਨ ਅਤੇ ਆਪਣੇ ਤਖੱਲਸ ‘ਖਾਲਸਾ’ ਨੂੰ ਸਿਧ ਕਰਦਿਆਂ ਕਥਨੀ ਅਤੇ ਕਰਨੀ ’ਤੇ ਖਰੇ ਉਤਰਣ ਵਰਨਾ ਸਿੱਖ ਕੌਮ ਨੂੰ ਆਪਣੀਆਂ ਗ਼ੁਮਰਾਹਕੁਨ ਦਲੀਲਾਂ ਦੇਣ ਤੋ ਗੁਰੇਜ ਕਰਨ। ‘ਮੇਂਗਣਾ ਪਾ ਕੇ ਦਿੱਤਾ ਦੁੱਧ ਤਾਂ ਗਲੇ ਨਹੀਂ ਉਤਰਦਾ।’

ਪੁਰਾਤਨ ਸਮੇਂ ਵੇਲੇ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਚਾਨਣ ਕਰਨ ਲਈ ਦੀਵਾ ਜਗਾਇਆ ਜਾਂਦਾ ਸੀ। ਫਿਰ ਬਿਜਲੀ ਦੀ ਵਰਤੋਂ ਸ਼ੁਰੂ ਹੋਈ। ਫਿਰ ਲੰਗਰ ਦੇ ਪ੍ਰਸ਼ਾਦੇ ਤਿਆਰ ਕਰਨ ਲਈ ਬਿਜਲੀ ਨਾਲ ਚਲਣ ਵਾਲਾ ਪਲਾਂਟ ਲਾਇਆ ਗਿਆ। ਫਿਰ ਸਰੋਵਰ ਦੇ ਜਲ ਦੀ ਸਫਾਈ ਲਈ ਵਾਟਰ ਫਿਲਟਰ ਪਲਾਂਟ ਲਾਇਆ ਗਿਆ ਅਤੇ ਹੱਥੀਂ ਕਾਰ ਸੇਵਾ ਕਰਨ ਦੀ ਛੁੱਟੀ ਕੀਤੀ ਗਈ। ਫਿਰ ਦਰਬਾਰ ਸਾਹਿਬ ਦੇ ਅੰਦਰ ਅਤੇ ਬਾਹਰ ਪ੍ਰਕਰਮਾ ਵਿਚ ਏਅਰ ਕੰਡੀਸ਼ਨਰ ਲਾਏ ਗਏ। ਪੁਰਾਤਨ ਸਮੇਂ ਵਿੱਚ ਲੰਗਰਾਂ ਵਿਚ ਸਰਬ ਲੋਹ ਦੇ ਬਰਤਨ ਵਰਤੇ ਜਾਂਦੇ ਸਨ, ਅੱਜ ਕਿਹੜਾ ਗੁਰਦੁਆਰਾ ਹੈ, ਜਿੱਥੇ ਲੰਗਰ ਹਾਲ ਵਿਚ ਸਟੀਲ ਅਤੇ ਐਲੂਮੀਨੀਅਮ ਦੇ ਬਰਤਨ ਨਹੀਂ ਵਰਤੇ ਜਾਂਦੇ। ਜਦੋਂ ਅਸੀਂ ਨਵੇਂ ਜਮਾਨੇ ਦੀਆਂ ਸਾਇੰਸ ਦੀਆਂ ਏਨੀਆਂ ਕਾਢਾਂ ਦੀ ਵਰਤੋਂ ਧੜ੍ਹੱਲੇ ਨਾਲ ਕਰ ਰਹੇ ਹਾਂ ਤਾਂ ਫਿਰ ਗੀਜਰ ਨਾਲ ਪਾਣੀ ਗ਼ਰਮ ਕਰਕੇ ਨਹਾਉਣ ਤੋਂ ਐਨਾ ਬਵੇਲਾ ਕਿਉਂ?

40 ਤੋਂ ਵਧ ਰਹਿਤਨਾਮਿਆਂ ਦੇ ਲਿਖਾਰੀਆਂ ਦਾ ਵਿਸ਼ੇ ਉੱਪਰ ਇਕ ਮਤ ਨਹੀਂ। ਮੌਜੁਦਾ ਸਿੱਖ ਰਹਿਤ ਮਰਿਯਾਦਾ ਤਿਆਰ ਕਰਦਿਆਂ ਅਨੇਕਾਂ ਵਿਦਵਾਨ ਗੁਰਸਿੱਖਾਂ ਨੇ ਬੇਅੰਤ ਸੰਗਤਾਂ ਅਤੇ ਸੰਸਥਾਂਵਾਂ ਦੀ ਰਾਇ ਉੱਪਰ ਲੰਮਾਂ ਸਮਾਂ ਵਿਚਾਰ ਕਰਕੇ ਜਿਹੜੀ ਮਰਯਾਦਾ ਸਿੱਖ ਕੌਮ ਦੀ ਝੌਲੀ ਵਿਚ ਪਾਈ ਹੈ ਉਸ ਦੇ ਸ਼ੂਰੁ ਵਿਚ ਹੀ ਲਿਖਿਆ ਹੈ ਕਿ ‘ਸਿੱਖ ਅ੍ਰੰਮਿਤ ਵੇਲੇ (ਪਹਿਰ ਰਾਤ ਰਹਿੰਦੀ) ਜਾਗ ਕੇ ਇਸ਼ਨਾਨ ਕਰੇ ਅਤੇ ਇਕ ਅਕਾਲ ਪੁਰਖ ਦਾ ਧਿਆਨ ਕਰਦਾ ਹੋਇਆ ‘ਵਾਹਿਗੁਰੂ’ ਨਾਮ ਜਪੇ।’ ਇਸ ਵਿਚ ਠੰਡੇ ਤੱਤੇ ਪਾਣੀ ਦਾ ਕੋਈ ਜ਼ਿਕਰ ਨਹੀਂ ਇਸ ਲਈ ਆਉ ਭਾਈ, ਠੰਡੇ ਤੱਤੇ ਪਾਣੀ ਦੀ ਘੁੰਮਣ ਘੇਰੀ ਵਿਚ ਗੋਤੇ ਖਾਣ ਦੀ ਬਜਾਏ ਗੁਰੂ ਨਾਲ ਕੇਵਲ ਤਨ ਕਰਕੇ ਨਹੀਂ, ਮਨ ਕਰਕੇ ਜੁੜੀਏ। ਗੁਰਵਾਕ ਹੈ: ‘‘ਮਨਿ ਮੈਲੈ ਸਭੁ ਕਿਛੁ ਮੈਲਾ। ਤਨਿ ਧੋਤੈ, ਮਨੁ ਹਛਾ ਨਾ ਹੋਇ॥’’ (558)

ਦਸ਼ਮੇਸ਼ ਪਿਤਾ ਦੇ ਬਚਨ ਅਸੀਂ ਰੋਜ ਪੜ੍ਹਦੇ ਹਾਂ:-

‘‘ਸਾਚੁ ਕਹੋਂ ਸੁਨ ਲੇਹੁ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ॥’’ ਤਥਾ

‘‘ਕੂਰ ਕ੍ਰਿਆ ਉਰਿਝਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦੁ ਨ ਪਾਇਓ॥’’

ਕ੍ਰਿਪਾਨ ਬਨਾਮ ਜਨੇਊ….?

0

ਕ੍ਰਿਪਾਨ ਬਨਾਮ ਜਨੇਊ….?

ਗੁਰਦੇਵ ਸਿੰਘ ਸੱਧੇਵਾਲੀਆ

ਬਾਬਾ ਫੌਜਾ ਸਿੰਘ ਨੇ ਪੰਜਾਬ ਜਾਂ ਬਾਹਰ ਆਮ ਹੀ ਵੇਖਿਆ ਕਿ ਅੰਮ੍ਰਿਤਧਾਰੀ ਸਿੰਘ-ਸਿੰਘਣੀਆਂ ਗਲਾਂ ਵਿੱਚ ਕਾਲੀ ਜਿਹੀ ਡੋਰ ਬੰਨ੍ਹ ਕੇ, ਉਸ ਨਾਲ ਇੰਚ ਕੁ ਛੁਰੀ ਜਿਹੀ ਜਿੰਨੀ ਨੰਗੀ ਕ੍ਰਿਪਾਨ ਲਮਕਾਈ ਫਿਰਨਗੇ, ਉਸ ਕਾਲੀ ਡੋਰੀ ਨਾਲ ਬੰਨੀ ‘ਕ੍ਰਿਪਾਨ’ ਕਿਉਂਕਿ ਛੋਟੀ ਹੁੰਦੀ ਹੈ, ਜਿਹੜੀ ਦਿੱਸਦੀ ਨਹੀਂ ਤੇ ਉਪਰ ਬੰਨੀ ਡੋਰ ਜਨੇਊ ਦਾ ਭੁਲੇਖਾ ਜਿਹਾ ਪਾਉਂਦੀ ਹੈ।

ਬਾਬਾ ਫੌਜਾ ਸਿੰਘ ਨੇ ਇੱਕ ਨਵੇਂ ਸੱਜੇ ਸਿੰਘ ਨੂੰ ਜਦ ਇਸ ਦਾ ਕਾਰਨ ਪੁੱਛਿਆ, ਤਾਂ ਉਹ ਅੱਗੋਂ ਕਹਿਣ ਲੱਗਾ ਕਿ ਜਿੱਥੋਂ ਅਸੀਂ ਅੰਮ੍ਰਿਤ ਛੱਕਿਆ ਸੀ ਉਹ ‘ਬਾਬਾ ਜੀ’ ਕਹਿੰਦੇ ਸਨ, ਕਿ ਭਾਈ ਪੰਜ ਕਕਾਰ ਕਦੇ ਵੀ ਸਰੀਰ ਨਾਲੋਂ ਜੁਦਾ ਨਹੀਂ ਕਰਨੇ, ਭਾਵੇਂ ਛੋਟੀ ਹੀ ਪਾ ਲਵੋ, ਗੁਰੂ ਦੀ ਨਿਸ਼ਾਨੀ ਹਮੇਸ਼ਾ ਸਰੀਰ ਦੇ ਅੰਗਾਂ ਨਾਲ ਲਾ ਕੇ ਰੱਖਣੀ ਚਾਹੀਦੀ ਹੈ। ਇਸ ਲਈ ਜਦ ਇਸ਼ਨਾਨ ਕਰਨ ਲੱਗੀਦਾ ਹੈ ਤਾਂ ਵੱਡੀ ਗਾਤਰੇ ਵਾਲੀ ਕ੍ਰਿਪਾਨ ਲਾਹੁਣੀ ਪੈਂਦੀ ਹੈ।

ਤੇਰੇ ‘ਬਾਬੇ’ ਜਦ ਬਾਹਰ ਆਉਂਦੇ ਹਨ, ਲਾਹ ਕੇ ਨਹੀਂ ਆਉਂਦੇ ?

ਓ ਤਾਂ ਯਾਰ ਮਜਬੂਰੀ ਏ ਨਾ !

ਇਸ਼ਨਾਨ ਕਰਨ ਲੱਗਿਆਂ ਮਜਬੂਰੀ ਵਾਲੇ ਖਾਤੇ ਦਾ ਜਿੰਦਾ ਨਹੀਂ ਖੁਲ੍ਹਦਾ ?

ਲੈ ! ਇਸ਼ਨਾਨ ਕਰਨਾ ਕਾਹਦੀ ਮਜਬੂਰੀ ਬਈ ?

ਇਸ਼ਨਾਨ ਕਰਨਾ ਮਜਬੂਰੀ ਨਹੀਂ, ਪਰ ਗਾਤਰਾ ਤਾਂ ਭਿੱਜਦਾ ਏ !

ਤਾਂ ਹੀ ਤਾਂ ‘ਬਾਬਾ ਜੀ’ ਨੇ ਸੌਖਾ ਰਾਹ ਦੱਸਿਆ! ਜੁਗਤੀ ਹੁੰਦੀ ਮਹਾਂਪੁਰਖਾਂ ਕੋਲੇ..?

ਤੇਰੇ ਇੰਨ੍ਹਾਂ ‘ਮਹਾਂਪੁਰਖਾਂ’ ਦੀਆਂ ਜੁਗਤੀਆਂ ਨੇ ਹੀ ਤਾਂ ਕ੍ਰਿਪਾਨ ਦਾ ਜਨੇਊ ਬਣਾ ਕੇ ਧਰ ਦਿੱਤਾ। ਨਹੀਂ ਤਾਂ ਕੋਈ ਕਾਰਨ ਨਹੀਂ ਕਿ ਜੇ ਜਹਾਜ ’ਤੇ ਚੜ੍ਹਨ ਲੱਗਿਆਂ ਲੱਥ ਗਈ, ਡਾਕਟਰ ਦੇ ਐਕਸਰੇ ਕਰਾਉਣ ਲੱਗਿਆਂ ਲੱਥੀ ਤੋਂ ਕੋਈ ਹਨੇਰ ਨਹੀਂ ਆਉਂਦਾ, ਤਾਂ 10 ਮਿੰਟ ਕੇਵਲ ਇਸ਼ਨਾਨ ਕਰਨ ਲੱਗਿਆਂ ਲੱਥਣ ਨਾਲ ਗੁਰੂ ਨਹੀਂ ਰੁੱਸਦਾ ਪਰ ਤੇਰੇ ਆਹ ਨਿੱਤ ਲਮਕਾਈ ਫਿਰਦੇ ਜਨੇਊ ਨਾਲ ਕ੍ਰਿਪਾਨ ਦੇ ਪੱਲੇ ਕੱਖ ਨਹੀਂ ਰਹਿੰਦਾ।

ਥੋਨੂੰ ਨੁਕਤਾਚੀਨੀਆਂ ਨੂੰ ਰਹਿਤ ਮਰਯਾਦਾ ਦਾ ਕੀ ਪਤੈ ਤੁਸੀਂ ਮਹਾਂਪੁਰਖਾਂ ਨਾਲੋਂ ਸਿਆਣੇ ਹੋ? ਉਹ ਬਾਬੇ ਉਪਰ ਖਿੱਝ ਗਿਆ।

ਵਾਕਿਆ ਹੀ ਮਿੱਤਰਾ ਤੇਰੇ ‘ਮਹਾਂਪੁਰਖਾਂ’ ਦੇ ਮੁਕਾਬਲੇ ਸਾਨੂੰ ਕੱਖ ਨਹੀਂ ਪਤਾ, ਜੇ ਸਾਨੂੰ ਪਤਾ ਹੁੰਦਾ ਤਾਂ ਸਾਨੂੰ ਕਦੋਂ ਦਾ ਹੀ ਇਹ ਵੀ ਨਾ ਪਤਾ ਲਗ ਜਾਂਦਾ ਕਿ ਗੁਰੂ ਪਾਤਸ਼ਾਹ ਨੇ ਖਾਲਸੇ ਨੂੰ ਕਛਹਿਰਾ ਹਨੂਮਾਨ ਜੀ ‘ਮਹਾਰਾਜ’ ਤੋਂ ਲੈ ਕੇ ਦਿੱਤਾ ਹੈ। ਅਸੀਂ ਤਾਂ ਐਵੇਂ ਭਗਤ ਤ੍ਰਿਲੋਚਨ ਜੀ ਦੀ ਗੁਰਬਾਣੀ ਵਿੱਚ ਕਹੀ ਹੋਈ ਕਛਾਉਟੀ ਯਾਨੀ ਕੱਛੀ ਹੀ ਸਮਝਦੇ ਰਹੇ..?

ਬਾਬਾ ਫੌਜਾ ਸਿੰਘ ਨੂੰ ਸਮਝ ਨਹੀਂ ਸੀ ਆ ਰਹੀ ਕਿ ਕਿਹੜੇ ‘ਬਾਬਾ ਜੀ’ ਦਾ ਬਚਨ ਸਤ ਕਰ ਜਾਣਿਆ ਜਾਵੇ, ਸਰੀਰ ਤੋਂ ਦੂਰ ਨਾ ਕਰਨ ਵਾਲਿਆਂ ਦਾ, ਕਿ ਸਰੀਰ ਨਾਲ ਲਾਈ ਰੱਖਣ ਵਾਲਿਆਂ ਦਾ! ਉਸ ਨੂੰ ਟਰੰਟੋ ਦੇ ਹੀ ਇੱਕ ਨਾਨਕਸਰੀ ਬਾਬੇ ਨਾਲ, ਜਿਹੜਾ ਬਾਅਦ ਵਿਚ ਹਾਰਟ ਅਟੈਕ ਨਾਲ ਮਰ ਗਿਆ ਸੀ, ਕੀਤੀ ਗੱਲਬਾਤ ਯਾਦ ਆਈ।

ਬਾਬੇ ਫੌਜਾ ਸਿੰਘ ਦੇ ਰਿਸ਼ਤੇਦਾਰ ਦਾ ਸੁਖਮਨੀ ਸਾਹਿਬ ਦੇ ਪਾਠ ਦੇ ਨਾਲ ਸਵੇਰ ਦਾ ਚਾਹ-ਪਾਣੀ ਵੀ ਠਾਠ ਵਿੱਚ ਹੀ ਸੀ। ਵੈਸੇ ਠਾਠ ਵਿੱਚ ਲੰਗਰ ਨਹੀਂ ਪਕਦਾ ਪਰ ਵਪਾਰ ਨੂੰ ਮੁੱਖ ਰੱਖ ਕੇ ਉਨ੍ਹਾਂ ਉਪਰ ਨਾਨਕਸਰੀ ‘ਮਰਯਾਦਾ’ ਹੀ ਰੱਖੀ ਹੈ, ਹੇਠਾਂ ਬੇਸਮਿੰਟ ਵਿੱਚ ਬਾਹਰੋਂ ਆਏ ਪਾਠਾਂ ਤੇ ਲੰਗਰਾਂ ਵਾਲੀ।

ਬੇਸ਼ੱਕ ਹੇਠਾਂ ਲੰਗਰ ਬਣਿਆ ਹੋਵੇ, ਪਰ ਉਪਰ ਵਾਲੇ ‘ਬਾਬੇ’ ਹੇਠਾਂ ਵਾਲਾ ਲੰਗਰ ਨਹੀਂ ਛਕਦੇ ਕਿਉਂਕਿ ਪਕਿਆ-ਪਕਾਇਆ ਵਾਲੀ ‘ਮਰਯਾਦਾ’ ਹੇਠਾਂ ਵਾਲੇ ’ਤੇ ਸ਼ਾਇਦ ਲਾਗੂ ਨਹੀਂ ਹੁੰਦੀ..?

ਤੁਰਿਆ ਫਿਰਦਾ ‘ਬਾਬਾ’ ਬਾਬੇ ਫੌਜਾ ਸਿੰਘ ਨੇ ਦੇਖਿਆ ਤਾਂ ਬਾਬੇ ਸੋਚਿਆ ਕਿਉਂ ਨਾ ਸ਼ੰਕਾ ਹੀ ਨਿਰਵਿਰਤ ਕੀਤਾ ਜਾਵੇ। ਭਲਵਾਨਾਂ ਵਾਂਗ ਗੇੜਾ ਦਿੰਦੇ ਫਿਰਦੇ ‘ਸਾਧ’ ਨੂੰ ਬਾਬਾ ਫੌਜਾ ਸਿੰਘ ਨੇ ਜਦ ਕ੍ਰਿਪਾਨ ਬਾਰੇ ਪੁੱਛਿਆ, ਕਿ ਬਾਬਿਓ ਤੁਹਾਡੀ ਕ੍ਰਿਪਾਨ ਕਿੱਧਰ ਗਈ? ਤਾਂ ਉਹ ਕਹਿਣ ਲੱਗੇ ਭਾਈ ਕ੍ਰਿਪਾਨ ਦਰਅਸਲ ਗੁਰੂ ਜੀ ਦੀ ਨਿਸ਼ਾਨੀ ਹੈ ਤੇ ਇਹ ਨਿਸ਼ਾਨੀ ਅਸੀਂ ਕੰਘੇ ਵਿੱਚ ਹੀ ਰੱਖ ਲਈਦੀ ਹੈ।

ਬਾਬਿਓ! ਤੁਸੀਂ ਜਦ ਪੰਜ ਪਿਆਰਿਆਂ ਵਿੱਚ ਲੱਗਦੇ ਹੋ ਤਾਂ ਕੀ ਇਸੇ ਨਿਸ਼ਾਨੀ ਨਾਲ ਹੀ ਲੱਗਦੇ ਹੋ ਅਤੇ ਕੀ ਐਲਾਨੀਆ ਕਹਿੰਦੇ ਹੋ ਕਿ ਕੰਘੇ ਵਾਲੀ ਨਾਲ ਹੀ ਸਾਰ ਲਿਆ ਕਰੋ।

ਓ ਭਾਈ! ਦਰਅਸਲ ਇਹ ਕਕਾਰ ਹੈ, ਜਦ ਕਦੇ ਵਾਸ਼ਰੂਮ ਬਗੈਰਾ ਜਾਈਦਾ ਤਾਂ ਗੰਦੀ ਥੈਂ ਜਾਣ ਕਾਰਨ ਇਸ ਦੀ ਬੇਅਦਬੀ ਹੁੰਦੀ ਹੈ ਇਸ ਲਈ…

ਪਰ ਕਛਹਿਰਾ ਵੀ ਤਾਂ ਕਕਾਰ ਹੀ ਹੈ, ਕੀ ਇਸ ਨੂੰ ਵੀ ਲਾਹ ਕੇ ਵਾਥਰੂਮ ਜਾਂਦੇ ਹੋ.? ਬਾਬੇ ਦੇ ਇਸ ਸਿੱਧੇ ਸਵਾਲ ’ਤੇ ਉਹ ਖਿੱਝ ਗਿਆ ਅਤੇ ਆਪਣੀ ਲੁੱਟ-ਮਾਰ ਵਾਲੀ ਪਾਲਸ਼ ਕੀਤੀ ਭਾਸ਼ਾ ਬਦਲ ਕੇ ਅਸਲ ਰੂਪ ਵਿਚ ਆ ਗਿਆ।

ਤੂੰ ਕਹਿਣਾ ਕੀ ਚਾਹੁੰਦੈ ? ਉਹ ਕਾਫੀ ਉੱਚੀ ਤੇ ਸਖ਼ਤ ਬੋਲਿਆ।

ਬਾਬਿਓ! ਮੈਂ ਜੋ ਕਿਹਾ ਪੰਜਾਬੀ ’ਚ ਹੀ ਕਿਹਾ, ਤੁਹਾਡੀ ਨਹੀਂ ਸਮਝ ਆਇਆ ਤਾਂ ਮੇਰਾ ਕੀ ਕਸੂਰ।

ਇੰਨੇ ਚਿਰ ਤੱਕ ਇੱਕ ਦੋ ਬੰਦੇ ਹੋਰ ਅਤੇ ਠਾਠ ਦਾ ਪ੍ਰਧਾਨ ਜਿਹੜਾ ‘ਸਾਧ’ ਦੀ ਕੱਛ ਤੱਕ ਹੀ ਆਉਂਦਾ ਸੀ, ਉਹ ਵੀ ਆ ਗਿਆ। ਗੱਲ ਹੁਣ ਕਿਸੇ ਸਿਰ-ਥਾਂ ਵਾਲੀ ਰਹੀ ਨਹੀਂ ਸੀ ਐਵੇਂ ਝਬਲ ਜਿਹੀਆਂ ਕੱਚੀਆਂ ਦਲੀਲਾਂ ’ਤੇ ਬਹਿਸ ਬਸਈਆ ਜਿਹਾ ਚਲ ਪਿਆ ਸੀ। ਇਸੇ ਤੱਤ-ਬੜੱਤ ਵਿਚ ਪ੍ਰਧਾਨ ਨੇ ਅਸਲੀ ਗੱਲ ਕਹਿ ਦਿੱਤੀ ਜਿਹੜੀ ਇਨ੍ਹਾਂ ਦੇ ਮੋਹਰੀ ਸਿਖਾਉਂਦੇ ਸਨ ਜਾਂ ਜਿਹੜੀ ਸਿੱਖਾਂ ਦਾ ਮਖੌਲ ਉਡਾਉਣ ਲਈ ਫਾਸ਼ੀ ਸੋਚ ਕਹਿੰਦੀ ਹੈ, ਕਿ ‘ਹੇ ਖਾਂ! ਤੋਪਾਂ ਦਾ ਜੁਗ ਆ ਗਿਆ ਇਹ ਹਾਲੇ ਵੀ ਛੁਰੀਆਂ ਜਿਹੀਆਂ ਚੁੱਕੀ ਫਿਰਦੇ ਨੇ? ਬੇਸ਼ੱਕ ਪ੍ਰਧਾਨ ਨੇ ਇੱਥੇ ਲਫਜ਼ ਕਿ੍ਰਪਾਨ ਹੀ ਵਰਤਿਆ ਪਰ ਸੋਚ ਉਸ ਦੀ ਸਾਡੇ ਲੋਕਾਂ ’ਤੇ ‘ਤਰਸ’ ਜਿਹਾ ਹੀ ਕਰਦੀ ਜਾਪਦੀ ਸੀ, ਕਿ ਇਹ ‘ਮੂਰਖ ਲਾਣਾ’ ਕਿਹੜੇ ਜੰਗਲੀ ਜੁਗ ਵਿਚ ਤੁਰਿਆ ਫਿਰਦੈ!

ਬਾਬੇ ਫੌਜਾ ਸਿੰਘ ਨੇ ਇਹ ਕਹਿ ਕੇ ਬਹਿਸ ਬੰਦ ਕਰ ਦਿੱਤੀ, ਕਿ ਤੁਹਾਨੂੰ ਆਪਣੇ ਠਾਠ ਅੱਗੇ ਬਾਹਰ-ਜਰੂਰ ਤੋਪਾਂ ਬੀੜ ਦੇਣੀਆਂ ਚਾਹੀਦੀਐਂ ਤਾਂ ਕਿ ਸਾਡੇ ਵਰਗੇ ਜੀਵਾਂ ਨੂੰ ਪਤਾ ਚਲੇ ਕਿ ਤੁਸੀਂ ਤੋਪਾਂ ਵਾਲੇ ਜੁਗ ਵਿਚ ਰਹਿ ਰਹੇ ਹੋ।

ਬਾਬਾ ਫੌਜਾ ਸਿੰਘ ਸੋਚ ਰਿਹਾ ਸੀ ਕਿ ਕਹਿੰਦੇ ਹਨ ਕਿ ਬ੍ਰਹਮਗਿਆਨੀ ਸਮ ਦ੍ਰਿਸ਼ਟੀ ਵਾਲੇ ਹੁੰਦੇ ਹਨ ਪਰ ਠਾਠ ਵਾਲਿਆਂ ਦੇ ‘ਬ੍ਰਹਮਗਿਆਨੀ’ ਪਾਉਂਦੇ ਹੀ ਨਹੀਂ ਰਹੇ ਤੇ ਟਕਸਾਲ ਵਾਲੇ ‘ਬ੍ਰਹਾਮਗਿਆਨੀ’ ਲਾਹੁੰਦੇ ਹੀ ਨਹੀਂ ਰਹੇ! ਤੇ ਬੈਠੇ ਸਾਰੇ ਇੱਕਠੇ ਹੀ ਹੁੰਦੇ ਹਨ। ਇਹ ਸਮਦ੍ਰਿਸ਼ਟਾ ਸਮਝ ਜਿਹੀ ਨਹੀਂ ਆਉਂਦੀ!

ਆਖਰ ਬਾਬੇ ਨੇ ਆਪ ਹੀ ਸੋਚ ਕੇ ਸੋਚਣਾ ਬੰਦ ਕਰ ਦਿੱਤਾ ਕਿ ਫੌਜਾ ਸਿਆਂ ਤੈਂ ਸਮਝ ਕੇ ਜਰੂਰ ਡਾਗਾਂ ਖਾਣੀਐਂ, ਚਾਰ ਹੱਡੀਆਂ ਬਚਾ ਜਿਹੜੀਆਂ ਰਹਿੰਦੀਐਂ, ਇਹ ‘ਜਨੇਊ’ ਤੇ ‘ਕ੍ਰਿਪਾਨ’ ਦੀ ਇਨ੍ਹਾਂ ਇਵੇਂ ਹੀ ਘਿਉ ਖਿੱਚੜੀ ਬਣਾ ਦੇਣੀ ਹੈ, ਪਤਾ ਹੀ ਨਹੀਂ ਲੱਗਣਾ ‘ਜਨੇਊ’ ਕਿਹੜੈ ਤੇ ‘ਕ੍ਰਿਪਾਨ’ ਕਿਹੜੀਐ? ਆਖਰ ‘ਮਹਾਂਪੁਰਖਾਂ’ ਦੀਆਂ ‘ਜੁਗਤੀਆਂ’ ਕਿਸ ਮਰਜ ਦੀ ਦਵਾ ਹਨ !!!!

ਇੱਕ ਬਾਪ ਦੇ ਪੁੱਤਰ ਨੂੰ ਅੰਤਲੇ ਬੋਲ

0

ਇੱਕ ਬਾਪ ਦੇ ਪੁੱਤਰ ਨੂੰ ਅੰਤਲੇ ਬੋਲ

ਹਰਨਾਮ ਦਾਸ ਮਹੇ, ਮੈਨੇਜਰ (ਰਿਟਾ. ਐਸ. ਬੀ. ਆਈ.) ਬਾਈਪਾਸ (ਜਲੰਧਰ)-94654-66905

ਭਾਰਤ ਵਿੱਚ ਗੋਰਿਆਂ ਦਾ ਆਗਮਨ ਕਲਕੱਤੇ ਤੋਂ ਹੋਇਆ ਸੀ। ਜਾਤ-ਪਾਤ ਅਤੇ ਛੂਤ-ਛਾਤ ਕਾਰਨ ਦੇਸ਼ ਦੀ ਦੁਰਦਸ਼ਾ ਸੀ। ਦੇਸ਼ ਨੂੰ ਹਰ ਖੇਤਰ ਵਿੱਚ ਪਿਛੜਿਆ ਵੇਖ ਕੇ ਅੰਗਰੇਜ਼ਾਂ ਨੇ ਸੰਭਾਵਨਾਵਾਂ ਤਲਾਸੀਆਂ। ਸਭ ਤੋਂ ਪਹਿਲਾਂ ਗੋਰਿਆਂ ਨੇ ਵਿਉਪਾਰ ਕਰਦੇ ਕਰਦੇ ਆਸਾਮ ਵਿੱਚ ਚਾਹ ਦੀ ਖੇਤੀ , ਖੰਡ ਦੀਆਂ ਮਿਲਾਂ, ਨਰਮੇ ਦੀ ਕਤਾਈ, ਕੱਪੜੇ ਦੀਆਂ ਮਿਲਾਂ ਅਤੇ ਚਮੜਾ ਉਦਯੋਗ ਨੂੰ ਪ੍ਰਫੱੁਲਤ ਕੀਤਾ ਕਿਉਂਕਿ ਇਹ ਸਾਰੇ ਦੇ ਸਾਰੇ ਗੋਰਿਆਂ ਨੂੰ ਆਪਣੇ ਜੀਵਨ ਦੀਆਂ ਲੋੜਾਂ ਵਾਸਤੇ ਅਤੇ ਦੂਸਰੇ ਦੇਸ਼ਾਂ ਵਿੱਚ ਵਿਉਪਾਰ ਕਰਨ ਵਾਸਤੇ ਜ਼ਰੂਰੀ ਸੀ।

ਚਮੜੇ ਸੰਬੰਧੀ ਸਾਰੇ ਦਾ ਸਾਰਾ ਕਾਰੋਬਾਰ ਭਾਰਤ ਵਿੱਚ ਨੀਵੀਂ ਜ਼ਾਤੀ ਦੇ ਕਹੇ ਜਾਂਦੇ ਚੰਡਾਲ, ਚਮਾਰ (ਜਿਨ੍ਹਾਂ ਨੂੰ ਬਾਅਦ ਵਿੱਚ ਆਦਿ-ਧਰਮ, ਰਵਿ ਦਾਸੀਏ ਆਖਣ ਲੱਗ ਪਏ) ਲੋਕ ਹੀ ਕਰਦੇ ਸਨ। ਗੋਰਿਆਂ ਨੂੰ ਚਮੜੇ ਦੀਆਂ ਬਣੀਆਂ ਵਸਤਾਂ ਨਾਲ ਬਹੁਤ ਲਗਾਓ ਸੀ। ਇਸ ਕਰਕੇ ਗੋਰਿਆਂ ਨੇ ਚਮੜੇ ਦੇ ਉਦਯੋਗ ਨੂੰ ਵਧੇਰੇ ਪ੍ਰਫੁੱਲਤ ਕੀਤਾ ਸੀ। ਅਣਵੰਡੇ ਪੰਜਾਬ ਦੇ ਚਮਾਰ, ਚਮੜੇ ਦਾ ਵਿਉਪਾਰ ਕਰਨ ਲਈ ਹੌਲੀ-ਹੌਲੀ ਕਲਕੱਤੇ ਪਹੁੰਚਦੇ ਗਏ। ਇਹ ਲੋਕ ਕਾਫੀ ਅਮੀਰ ਹੁੰਦੇ ਗਏ, ਸੇਠ ਕਹਾਉਣ ਲਗ ਪਏ। ਲੇਖਕ ਵੀ ਅਜਿਹੇ ਹੀ ਇੱਕ ਸੇਠ ਦਾ ਨਤਪੋਤਰਾ ਹੈ।

ਓਸ ਸਮੇਂ ਦੀ ਗੱਲ ਹੈ, ਇੱਕ ਸੇਠ ਦਾ ਪੁੱਤਰ ਕਲਕੱਤੇ ਕੁਕਰਮਾ ਵਿੱਚ ਪੈ ਗਿਆ। ਆਮ ਤੌਰ ’ਤੇ ਵਡੇ ਘਰਾਂ ਦੇ ਮੁੰਡੇ ਪੈਸੇ ਦੀ ਆਮਦ ਕਾਰਨ ਵਿਗੜ ਜਾਂਦੇ ਹਨ। ਇਕਲੌਤਾ, ਲਾਡਲਾ ਅਤੇ ਪਰਿਵਾਰਿਕ ਲੋੜ ਕਾਰਨ ਪੁੱਤਰ ਦਾ ਵਿਆਹ ਵੀ ਕਰ ਦਿੱਤਾ। ਤਦੋਂ ਦੇਸੀ ਸ਼ਰਾਬ ਦਾ ਨਸ਼ਾ ਹੀ ਮਸ਼ਹੂਰ ਸੀ, ਪੁੱਤਰ ਨਸ਼ਾ ਵੀ ਕਰਦਾ ਸੀ, ਕੁਕਰਮ ਵਾਸਤੇ ਚੌਰੰਗੀ ਚੌਂਕ, ਸੋਨਾ ਘਾਸ਼ੀ ਅਤੇ ਖਿਦਰਪੁਰ (ਸਰਕਾਰ ਤੋਂ ਮਨਜ਼ੂਰ ਸ਼ੁਦਾ ਅੱਡੇ) ਦੇ ਕੋਠਿਆਂ ’ਤੇ ਵੀ ਜਾਂਦਾ ਸੀ ਅਤੇ ਜੁਆ ਵੀ ਖੇਡਦਾ ਸੀ। ਸੇਠ ਨੇ ਪੁੱਤਰ ਨੂੰ ਬਹੁਤ ਸਮਝਾਇਆ ਪਰ ਪੁੱਤਰ ਨਹੀਂ ਸਮਝਿਆ। ਸੇਠ ਨੂੰ ਆਪਣੇ ਮਰਨ ਦੇ ਬਾਅਦ ਪੁੱਤਰ ਵੱਲੋਂ ਵਿਰਾਸਤ ਸੰਭਾਲਣ ਦਾ ਵੀ ਫ਼ਿਕਰ ਸੀ। ਜਦ ਸੇਠ ਦੇ ਸਾਰੇ ਦੇ ਸਾਰੇ ਤਰੀਕੇ ਸਮਝਾਉਣ ਦੇ ਰਾਸ ਨਾ ਆਏ ਤਾਂ ਸੇਠ, ਪੁੱਤਰ ਦੇ ਗ਼ਮ ਕਾਰਨ ਅਸਾਧ ਰੋਗ ਅਤੇ ਬੁਢੇਪੇ ਦਾ ਸ਼ਿਕਾਰ ਵੀ ਹੋ ਗਿਆ। ਪ੍ਰਾਣ ਤਿਆਗਣ ਤੋਂ ਪਹਿਲਾਂ ਸੇਠ ਨੇ ਪਿਆਰ ਨਾਲ ਪੁੱਤਰ ਨੂੰ ਬੁਲਾਇਆ ਤੇ ਕਿਹਾ ਕਿ ਪੁੱਤਰ ‘ਮੈਂ ਤੇਰੇ ਨਾਲ ਹਾਂ, ਤੇਰੇ ਸਾਰੇ ਕੰਮਾਂ ਤੇ ਆਦਤਾਂ ਨਾਲ ਸਹਿਮਤ ਹਾਂ ਮੇਰੀ ਜ਼ਿੰਦਗੀ ਦਾ ਕੋਈ ਭਰੋਸੀ ਨਹੀਂ। ਤੂੰ ਅੱਗੇ ਤੋਂ ਮੇਰੀਆਂ ਤਿੰਨ ਗੱਲਾਂ ਸਮਝ ਲੈ।’

ਪਹਿਲੀ ਗੱਲ- ‘ਜਦ ਤੂੰ ਸ਼ਰਾਬ ਪੀਣੀ ਹੈ ਤਾਂ ਤੁਸਾਂ ਕਿਸੇ ਦੀ ਲਿਆਂਦੀ ਜਾਂ ਖ਼ਰੀਦੀ ਹੋਈ ਨਹੀਂ ਪੀਣੀ ਸਗੋਂ ਆਪ ਠੇਕੇ ਤੋਂ ਲਿਆ ਕੇ ਪੀਣੀ ਹੈ।’

ਦੂਜੀ ਗੱਲ ਕਿ ਜਦੋਂ ਤੁਸਾਂ ਵੇਸ਼ਵਾ ਵਿਰਤੀ ਅੱਡਿਆਂ ਦੇ ਕੋਠੇ ਜਾਣਾ ਹੈ ਤਾਂ ਰਾਤ ਨੂੰ ਨਹੀਂ ਸਗੋਂ ਸਵੇਰੇ ਜਾਣਾ ਹੈ।’

ਤੀਜੀ ਗੱਲ ਪੁੱਤਰ! ਧਿਆਨ ਨਾਲ ਸੁਣ ਲੈ- ‘ਜੇ ਜੁਆ ਖੇਡਣ ਜਾਣਾ ਹੈ ਤਾਂ ਆਦਿ ਜੁਆਰੀਆਂ ਨਾਲ ਹੀ ਖੇਡਣਾ ਹੈ। ਉਹ ਬਹੁਤ ਪੱਕੇ, ਰੜੇ ਤੇ ਤਜੁਰਬੇਕਾਰ ਹੁੰਦੇ ਹਨ। ਤੂੰ ਬਹੁਤ ਵੱਡਾ ਬੰਦਾ ਬਣ ਜਾਵੇਂਗਾ ਅਤੇ ਰੜ ਵੀ ਜਾਵੇਂਗਾ।’

ਸੇਠ ਜੀ ਮਹੀਨੇ ਕੁ ਬਾਅਦ ਹੀ ਅੱਖਾਂ ਮੀਟ ਗਏ। ਅੰਤਿਮ ਅਰਦਾਸ ਨਾਲ ਪੱਗੜੀ ਦੀ ਰਸਮ ਵੀ ਹੋਈ। ਪਰ ਪੁੱਤਰ ਅਜੇ ਵੀ ਆਪਣੇ ਚਾਲਿਆਂ ਤੋਂ ਟਲਿਆ ਨਹੀਂ। ਇਕ ਦਿਨ ਪੁੱਤਰ ਨੂੰ ਬੈਠੇ ਬੈਠੇ ਯਾਦ ਆਇਆ ਕਿ ਬਾਪੂ ਨੇ ਤਿੰਨ ਗੱਲਾਂ ’ਤੇ ਅਮਲ ਕਰਨ ਨੂੰ ਕਿਹਾ ਸੀ। ਓਸ ਸਮੇਂ ਕਲਕੱਤੇ ਵਿੱਚ ਦੇਸੀ ਸ਼ਰਾਬ ਦਾ ਬਹੁਤ ਬੋਲ ਬਾਲਾ ਸੀ ਅਤੇ ਹੁਣ ਤੱਕ ਵੀ ਰਿਹਾ ਹੈ। ਪਹਿਲਾਂ ਆਮ ਤੌਰ ’ਤੇ ਠੇਕੇ ਨਾਲਿਆਂ ਤੇ ਖੋਖਿਆਂ ਵਿੱਚ ਹੀ ਹੁੰਦੇ ਸਨ। ਸ਼ਰਾਬ ਦੀ ਲਾਲਸਾ ਉੱਠਦਿਆਂ ਇਕ ਦਿਨ ਉਸ ਨੂੰ ਬਾਪੂ ਦੀਆਂ ਗੱਲਾਂ ਦਾ ਚੇਤਾ ਆਇਆ ਤਾਂ ਆਪ ਹੀ ਸ਼ਰਾਬ ਖਰੀਦਣ ਵਾਸਤੇ ਚਲਿਆ ਗਿਆ। ਜਾ ਕੇ ਦੇਖਦਾ ਹੈ ਕਿ ਲੋਕ ਖੋਖੇ ਦੇ ਦੁਆਲੇ ਸ਼ਰਾਬ ਪੀ ਰਹੇ ਹਨ। ਕੁਝ ਕੁ ਗੰਦੇ ਨਾਲੇ ਤੋਂ ਪੀਂਦੇ ਪੀਂਦੇ, ਲੁੜਕਦੇ ਲੁੜਕਦੇ, ਬੇਸ਼ੁੱਧ ਹੋਇਆਂ ਦੀਆਂ ਲੱਤਾਂ ਨਾਲੇ ਵਿੱਚ ਅਤੇ ਧੜ ਸਿਰ ਬਾਹਰ ਕੱਚੇ ਰਸਤੇ ’ਤੇ ਪਏ ਹੋਇਆਂ, ਕਈਆਂ ਨੂੰ ਉਲਟੀਆਂ ਆਉਣ ਕਾਰਨ ਉਨ੍ਹਾਂ ਦੇ ਮੂੰਹਾਂ ’ਤੇ ਮੱਖੀਆਂ ਭਿਣਕਦੀਆਂ ਅਤੇ ਕੁੱਤੇ ਵੀ ਮੂੰਹ ਚੱਟ ਰਹੇ ਸਨ। ਇਹ ਸਾਰਾ ਨਜ਼ਾਰਾ ਦੇਖ ਕੇ ਉਹ ਠਠੰਬਰ ਗਿਆ ਤਾਂ ਉਸ ਨੇ ਸੋਚਿਆ ਕਿ ਮੈਂ ਵੀ ਤਾਂ ਨਸ਼ੇ ਵਿੱਚ ਬੇਸ਼ੁੱਧ ਹੋ ਜਾਂਦਾ ਹਾਂ, ਮੇਰਾ ਵੀ ਇਹੋ ਹਾਲ ਹੁੰਦਾ ਹੋਵੇਗਾ। ਉਹ ਸ਼ਰਾਬ ਖ਼ਰੀਦੇ ਬਿਨਾ ਹੀ ਵਾਪਸ ਆ ਗਿਆ।

ਪਹਿਲੀ ਰਾਤ ਸ਼ਰਾਬ ਛੱਡਣ ਕਾਰਨ ਉਸ ਨੂੰ ਠੀਕ ਤਰ੍ਹਾਂ ਨੀਂਦ ਨਾ ਆਈ। ਪਹਿਲਾਂ ਤਾਂ ਸ਼ਾਮ ਨੂੰ ਖੁਸਮੁਸਾ ਹੋਣ ’ਤੇ ਪੀ ਕੇ ਵੇਸਵਾਵਾਂ ਦੇ ਕੋਠਿਆਂ ’ਤੇ ਵੀ ਜਾਂਦਾ ਸੀ, ਪਰ ਜਦ ਸ਼ਰਾਬ ਛੱਡਣ ਦਾ ਵਿਚਾਰ ਬਣਾ ਲਿਆ ਤਾਂ ਪੁੱਤਰ ਨੂੰ ਸੋਚ ਸੋਚ ਕੇ ਬਾਪੂ ਦੀ ਦੂਜੀ ਗੱਲ ਯਾਦ ਆ ਗਈ ਕਿ ਉਸ ਨੇ ਸਵੇਰੇ ਸਵੇਰੇ ਵੇਸ਼ਵਾ ਪਾਸ ਜਾਣ ਲਈ ਕਿਹਾ ਹੈ। ਜਦ ਉਹ ਸੋਨਾਘਾਸੀ ਕੋਠੇ ’ਤੇ ਗਿਆ ਤਾਂ ਦੇਖਦਾ ਹੈ ਕਿ ਰਾਤ ਦੀ ਦੁਧੀਆਂ ਰੌਸ਼ਨੀ ਵਿੱਚ ਚਮਕਦੇ ਫੁੱਲਾਂ ਵਰਗੇ ਚਿਹਰੇ, ਦਿਨ ਦੇ ਉਜਾਲੇ ਵਿੱਚ ਉਜੜੇ ਹੋਏ ਚਮਨ ਦਿੱਸਦੇ ਹਨ। ਉਸ ਦੇ ਦਿਮਾਗ਼ ਵਿੱਚ ਆਇਆ ਕਿ ਮੇਰੀ ਭਾਗਾਂ ਵਾਲੀ ਇਨ੍ਹਾਂ ਦੇ ਮੁਕਾਬਲੇ ਤਾਂ ਅਪਸਰਾਂ ਵਰਗੀ ਹੈ। ਇਹ ਤਾਂ ਨਿਰਾ ਚਿੱਕੜ ਤੇ ਬਿਮਾਰੀਆਂ ਦਾ ਘਰ ਹਨ। ਉਸ ਦਾ ਮਨ ਖੱਟਾ ਹੋ ਗਿਆ ਅਤੇ ਅੱਗੇ ਤੋਂ ਇੱਥੇ ਆਉਣਾ ਤੋਂ ਤੌਬਾ ਕਰ ਲਈ। ਦੁੱਖੀ ਜਿਹਾ ਹੋ ਕੇ ਘਰ ਨੂੰ ਮੁੜ ਆਇਆ।

ਵਾਪਸ ਤੁਰੇ ਆਉਂਦੇ ਨੇ ਜੇਬ ਟਟੋਲੀ ਤਾਂ ਨਿੱਗਰ (ਭਾਰੀ) ਜਾਪੀ। ਮਨ ਵਿੱਚ ਲਾਲਚ ਆਇਆ ਕਿ ਚੱਲੋ ਜੁਏ ਦੇ ਅੱਡੇ ’ਤੇ ਜਾ ਕੇ ਦੋ ਬਾਜੀਆਂ ਖੇਡ ਕੇ ਮਨ ਪ੍ਰਚਾਉਂਦੇ ਹਾਂ। ਅੱਡੇ ’ਤੇ ਪਹੁੰਚਿਆ ਤਾਂ ਜੁਆਰੀ ਖੁਸ਼ ਹੋ ਗਏ। ਇੱਕ ਢਾਣੀ ਆਪਣੇ ਵਲ ਤੇ ਦੂਸਰੀ ਆਪਣੇ ਵਲ ਖਿੱਚੇ, ਪਰ ਉਹ ਬੋਲਿਆ ਕਿ ਤੁਹਾਡੇ ਵਿੱਚ ਹੰਡਿਆ ’ਤੇ ਆਦਿ ਜੁਆਰੀ ਕਿਹੜਾ ਹੈ? ਇੱਕ ਬੋਲਿਆ ਕਿ ‘ਓਹ ਅਗਲੇ ਅੱਡੇ ’ਤੇ ਚਲੇ ਜਾਓ, ਬਥੇਰੇ ਮਿਲ ਜਾਣਗੇ।’ ਅੱਗੇ ਜਾ ਕੇ ਫਿਰ ਉਸ ਨੂੰ ਉੱਤਰ ਮਿਲਿਆ ਕਿ ਆਦਿ ਜੁਆਰੀਏ ਅੱਗੇ ਹਨ। ਜਦ ਅੱਗੇ ਗਿਆ ਤਾਂ ਇਹ ਉਹ ਜੁਆਰੀਏ ਸਨ ਜਿਹੜੇ ਆਪਣਾ ਧਨ ਦੌਲਤ, ਕਾਰੋਬਾਰ, ਘਰ-ਬਾਰ, ਆਪਣੀਆਂ ਜੁਆਨ ਪਤਨੀਆਂ ਜਾਂ ਧੀਆਂ ਜੁਏ ਵਿੱਚ ਹਾਰ ਚੁੱਕੇ ਸਨ। ਉਹ ਆਦਤ ਤੋਂ ਮਜਬੂਰ ਬੈਠੇ ਸਿਰਫ ਗੀਟੀਆਂ ਤੇ ਸਲਵਾੜ ਦੇ ਕਾਨਿਆਂ ਦੀਆਂ ਦੋ ਫਾੜ ਕੀਤੀਆਂ ਚਾਲਾਂ ਨਾਲ ਹੀ ਆਪਣਾ ਮਨ ਪਰਚਾ ਰਹੇ ਸਨ।

ਪੁੱਤਰ ਨੇ ਪੁੱਛਿਆ ਕਿ ਇਹ ਕੀ ਕਰ ਰਹੇ ਹੋ? ਤਾਂ ਉਨ੍ਹਾਂ ਕਿਹਾ ਕਿ ਤੂੰ ਕੀ ਲੈਣਾ ਹੈ? ਉਸ ਉੱਤਰ ਦਿੱਤਾ ਕਿ ਭਰਾਵੋ! ਮੈਂ ਤਾਂ ਬੜੀ ਆਸ ਨਾਲ ਤੁਹਾਡੇ ਨਾਲ ਜੁਆ ਖੇਡਣ ਆਇਆ ਹਾਂ, ਪਰ ਤੁਹਾਡੇ ਪਾਸ ਤਾਂ…………. ‘ਭਰਾਵਾ ਮੁੜ ਜਾ ਘਰ ਨੂੰ, ਨਹੀਂ ਤਾਂ ਸਾਡੇ ਵਾਲਾ ਹਾਲ ਹੀ ਹੋ ਜਾਵੇਗਾ’ ਉਸ ਨੇ ਪੁੱਛਿਆ ਕਿ ਕੀ ਮਤਲੱਬ? ‘ਭਰਾਵਾ ਪਹਿਲਾਂ ਅਸੀਂ ਆਪਣੇ ਪੈਸੇ ਹਾਰੇ, ਫਿਰ ਕਾਰੋਬਾਰ ਹਾਰਿਆ, ਫਿਰ ਘਰਬਾਰ ਹਾਰਿਆ, ਫਿਰ ਆਪਣੀਆਂ ਪਤਨੀਆਂ ਤੇ ਜੁਆਨ ਧੀਆਂ ਦਾਅ ’ਤੇ ਲਾਈਆਂ। ਹੁਣ ਤਾਂ ਅਸੀਂ ਸਭ ਕੁਝ ਲੁਟਾ ਕੇ ਇਨ੍ਹਾਂ ਹਾਲਾਤਾਂ ਵਿੱਚ ਤੇਰੇ ਸਾਹਮਣੇ ਹਾਂ ਅਤੇ ਆਪਣਾ ਹੁਣ ਭੁਸ (ਲਾਲਚ) ਪੂਰਾ ਕਰ ਰਹੇ ਹਾਂ। ਇਸੇ ਕਰਕੇ ਤੈਨੂੰ ਸਲਾਹ ਦਿੰਦੇ ਹਾਂ ਕਿ ਸਮਾਂ ਰਹਿੰਦੇ ਘਰ ਨੂੰ ਮੁੜ ਜਾ।’

ਨੇਕ ਪਿਤਾ ਦੀ ਸਲਾਹ ਮੰਨਣ ਕਾਰਨ ਅੱਜ ਉਹ ਪੁੱਤਰ ਆਪਣੇ ਪਰਿਵਾਰ ’ਚ ਹੱਸਦਾ ਖੇਡਦਾ, ਅਨੰਦ ਮਾਣਦਾ ਹੈ, ਪਰ ਪਿਓ ਤਾਂ ਵੇਚਾਰਾ ਪੁੱਤਰ ਦੀਆਂ ਕੋਝੀਆਂ ਕਰਤੂਤਾਂ ਕਾਰਨ ਇਹ ਦਿਨ ਦੇਖਣ ਤੋਂ ਵਾਂਝਾ ਹੀ, ਆਪਣਾ ਸੁਖਾਲਾ ਜੀਵਨ ਭੋਗਣ ਤੋਂ ਪਹਿਲਾਂ ਹੀ ਜ਼ਹਾਨ ਤੋਂ ਉੱਠ ਗਿਆ ਸੀ।

Most Viewed Posts