ਹੁਣ ਜਾਗੋ ਆਈਆ

0
285

ਹੁਣ ਜਾਗੋ ਆਈਆ

ਡਾ. ਗੁਰਮੀਤ ਸਿੰਘ, ਬਰਸਾਲ (ਕੈਲੇਫੋਰਨੀਆਂ) ਮੋ. (408) 209-7072

ਜਾਗ ਸਿੰਘਾ ਜਾਗ, ਬਈ ਹੁਣ ਜਾਗੋ ਆਈਆ। ਜਾਗਣ ਤੇਰੇ ਭਾਗ, ਬਈ ਹੁਣ ਜਾਗੋ ਆਈਆ।
ਤੂੰ ਸੁਤਾ ਏਂ ਲੰਬੀਆਂ ਤਾਣੀ, ਚੋਰਾਂ ਦੀ ਤੈਨੂੰ ਚੰਬੜੀ ਢਾਣੀ।
ਰਾਜ ਧਰਮ ਦਿਆਂ ਠੇਕੇਦਾਰਾਂ, ਪਾ ਲਈ ਏ ਗਲਵਕੜੀ ਜਾਣੀ।
ਇਕ ਦੂਜੇ ਦੇ ਪੂਰਕ ਬਣ ਕੇ, ਲੁਟ ਕਰਨ ਦੀ ਨੀਤੀ ਠਾਣੀ।
ਡੇਰੇਦਾਰਾਂ, ਸਾਧਾਂ, ਸੰਤਾਂ, ਚੰਗੀ ਧੂਮ ਮਚਾਈਆ, ਬਈ ਹੁਣ ਜਾਗੋ ਆਈਆ।
ਜਾਗ ਸਿੰਘਾ ਜਾਗ, ਬਈ ਹੁਣ ਜਾਗੋ ਆਈਆ।
ਨਰਕ ਸੁਰਗ ਦੀ ਕਲਪਤ ਬਾਰੀ, ਸਾਧਾਂ ਨੇ ਅਸਮਾਨੀ ਚਾੜ੍ਹੀ।
ਸਿਧੇ ਸਾਦੇ ਲੋਕਾਂ ਦੇ ਇਸ, ਡਰ ਲਾਲਚ ਨੇ ਅਕਲ ਹੈ ਮਾਰੀ।
ਧਰਮ ਕਰਮ ਸਭ ਬਿਜ਼ਨਸ ਬਣਿਆਂ, ਕੱਛਾਂ ਮਾਰੇ ਅੱਜ ਪੁਜਾਰੀ।
ਸਭ ਦੁਨੀਆਂ ਦੇ ਧਰਮ ਸਥਾਨੀ, ਸੇਲ ਪਾਠਾਂ ਦੀ ਲਾਈਆ, ਬਈ ਹੁਣ ਜਾਗੋ ਆਈਆ।
ਜਾਗ ਸਿੰਘਾ ਜਾਗ, ਬਈ ਹੁਣ ਜਾਗੋ ਆਈਆ।
ਤੋਤੇ ਵਾਂਗੂ ਸਿਖਿਆ ਰਟਦੇ, ਸਮਝ ਅਮਲ ’ਤੋਂ ਪਾਸਾ ਵਟਦੇ।
ਗਿਣ ਮਿਣ ਕੇ ਇਹ ਰੱਬ ਧਿਆਉਂਦੇ, ਕਰਮ ਕਾਂਡ ’ਤੋਂ ਕਦੇ ਨਾ ਹਟਦੇ।
ਮਜ਼ਹਬਾਂ ਵਾਲਾ ਰੌਲਾ ਪਾ ਕੇ, ਜਾਂਦੇ ਧਰਮ ਦੀ ਹੀ ਜੜ੍ਹ ਪਟਦੇ।
ਵਹਿਮਾਂ. ਭਰਮਾਂ, ਅੰਧਵਿਸ਼ਵਾਸਾਂ, ਜਿੰਦਗੀ ਨਰਕ ਬਣਾਈਆ, ਬਈ ਹੁਣ ਜਾਗੋ ਆਈਆ।
ਜਾਗ ਸਿੰਘਾ ਜਾਗ, ਬਈ ਹੁਣ ਜਾਗੋ ਆਈਆ।
ਉੱਠੋ ਸਿੰਘੋ ਲਾ ਜੈਕਾਰੇ, ਸਿੱਖੀ ਸਭ ਨੂੰ ਹਾਕਾਂ ਮਾਰੇ।
ਬਾਣੀ ਗੁਰੂ, ਗੁਰੂ ਹੈ ਬਾਣੀ, ਵਿਚ ਬਾਣੀ ਦੇ ਅੰਮਿ੍ਰਤ, ਸਾਰੇ।
ਗੁਰਬਾਣੀ ਦੀ ਕਸਵੱਟੀ ’ਤੇ, ਸੁਧਰਨ ਲਈ ਇਤਿਹਾਸ ਪੁਕਾਰੇ।
ਗਿਆਨ ਵਿਹੂਣੇ ਸ਼ਰਧਾਵਾਨਾਂ, ਬੜੀ ਮਿਲਾਵਟ ਪਾਈਆ, ਬਈ ਹੁਣ ਜਾਗੋ ਆਈਆ।
ਜਾਗ ਸਿੰਘਾ ਜਾਗ, ਬਈ ਹੁਣ ਜਾਗੋ ਆਈਆ।
ਗੁਰੂ ਗ੍ਰੰਥ ਦੇ ਲੱਗ ਜੋ ਚਰਨੀਂ, ਬਾਣੀ ਸਿੱਖੋ ਆਪੇ ਪੜ੍ਹਣੀ।
ਗੁਰੂ ਸਿਖਿਆ ਨੂੰ ਸਮਝ ਕੇ ਆਪਣੇ, ਜੀਵਨ ਦੇ ਵਿਚ ਧਾਰਨ ਕਰਨੀ।
ਅੰਮਿ੍ਰਤ ਰੂਪੀ ਗੁਰਬਾਣੀ ਦੀ, ਹਰ ਸਾਹ ਦੇ ਨਾਲ ਘੁੱਟ ਹੈ ਭਰਨੀ।
ਹਰ ਬੰਦੇ ਦੀ ਜਿੰਦਗੀ ਬਾਣੀ, ਕਰਦੀ ਦੂਣ ਸਵਾਈਆ, ਬਈ ਹੁਣ ਜਾਗੋ ਆਈਆ।
ਜਾਗ ਸਿੰਘਾ ਜਾਗ, ਬਈ ਹੁਣ ਜਾਗੋ ਆਈਆ। ਜਾਗਣ ਤੇਰੇ ਭਾਗ, ਬਈ ਹੁਣ ਜਾਗੋ ਆਈਆ।