ਸ਼੍ਰੋਮਣੀ ਕਮੇਟੀ ਦੇ ਦੋ ਹੋਰ ਮੈਂਬਰਾਂ ਵੱਲੋਂ ਅਸਤੀਫ਼ਾ
ਧਰਨੇ ਦੌਰਾਨ ਅਸਤੀਫ਼ਾ ਦੇਣ ਦਾ ਐਲਾਨ ਕਰਦੇ ਹੋਏ ਰਾਮਪੁਰਾ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਜਸਪਾਲ ਕੌਰ।
15 ਅਕਤੂਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਵਿਰੁੱਧ ਅਤੇ ਸ਼ਾਂਤਮਈ ਵਿਖਾਵਾਕਾਰੀਆਂ ’ਤੇ ਪੁਲੀਸ ਵੱਲੋਂ ਚਲਾਈ ਗੋਲੀ ਦੇ ਰੋਸ ਵਜੋਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਮੈਂਬਰਾਂ ਨੇ ਅਸਤੀਫ਼ਾ ਦੇ ਦਿੱਤਾ। ਅਸਤੀਫ਼ਾ ਦੇਣ ਵਾਲਿਆਂ ਵਿੱਚ ਜ਼ਿਲ੍ਹਾ ਬਠਿੰਡਾ ਦੇ ਹਲਕਾ ਰਾਮਪੁਰਾ ਫੂਲ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਜਸਪਾਲ ਕੌਰ ਮਹਿਰਾਜ ਤੇ ਜ਼ਿਲ੍ਹਾ ਤਰਨ ਤਾਰਨ ਦੇ ਹਲਕਾ ਖੇਮਕਰਨ ਤੋਂ ਮੈਂਬਰ ਬਾਬਾ ਅਵਤਾਰ ਸਿੰਘ ਸ਼ਾਮਲ ਹਨ।
ਬਠਿੰਡਾ-ਚੰਡੀਗੜ੍ਹ ਮੁੱਖ ਸੜਕ ’ਤੇ ਰਾਮਪੁਰਾ ਫਾਟਕ ਕੋਲ ਲੱਗੇ ਧਰਨੇ ਵਿੱਚ ਬੀਬੀ ਜਸਪਾਲ ਕੌਰ ਨੇ ਅਸਤੀਫ਼ਾ ਦੇਣ ਦਾ ਐਲਾਨ ਕੀਤਾ। ਇਸ ਮੌਕੇ ਉਨ੍ਹਾਂ ਦੇ ਪਤੀ ਜਗਜੀਤ ਸਿੰਘ ਖਾਲਸਾ ਵੀ ਹਾਜ਼ਰ ਸਨ। ਮਹਿਲਾ ਮੈਂਬਰ ਨੇ ਆਖਿਆ ਕਿ ਉਹ ਆਪਣਾ ਅਸਤੀਫ਼ਾ ਰਸਮੀ ਤੌਰ ’ਤੇ ਭਲਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਨੂੰ ਭੇਜਣਗੇ। ਨਾਲ ਹੀ ਅਸਤੀਫ਼ੇ ਦੀ ਕਾਪੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੂੰ ਵੀ ਭੇਜੀ ਜਾਵੇਗੀ। ਬੀਬੀ ਜਸਪਾਲ ਕੌਰ ਅਤੇ ਉਨ੍ਹਾਂ ਦੇ ਪਤੀ ਜਗਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਪਹਿਲਾਂ ਨਾਨਕਸ਼ਾਹੀ ਕੈਲੰਡਰ ਦੇ ਮਾਮਲੇ ’ਤੇ ਉਨ੍ਹਾਂ ਦੇ ਮਨ ਨੂੰ ਸੱਟ ਵੱਜੀ ਅਤੇ ਮਗਰੋਂ ਡੇਰਾ ਸਿਰਸਾ ਦੇ ਮੁਖੀ ਨੂੰ ਦਿੱਤੀ ਮੁਆਫ਼ੀ ਨੇ ਉਨ੍ਹਾਂ ਨੂੰ ਝੰਜੋੜ ਦਿੱਤਾ। ਇਸ ਰੋਸ ਵਿੱਚ ਉਨ੍ਹਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਅੰਮ੍ਰਿਤਸਰ ਵਿੱਚ ਬੁਲਾਈ ਮੀਟਿੰਗ ਵਿੱਚ ਸ਼ਮੂਲੀਅਤ ਨਹੀਂ ਕੀਤੀ ਸੀ ਅਤੇ ਉਸ ਮਗਰੋਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਚੰਡੀਗੜ੍ਹ ਵਿੱਚ ਬੁਲਾਈ ਮੀਟਿੰਗ ਵਿੱਚ ਵੀ ਹਿੱਸਾ ਨਹੀਂ ਲਿਆ ਸੀ।
ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਬਾਬਾ ਅਵਤਾਰ ਸਿੰਘ ਘਰਿਆਲਾ ਨੇ ਅੱਜ ਆਪਣਾ ਅਸਤੀਫ਼ਾ ਕਮੇਟੀ ਪ੍ਰਧਾਨ ਅਵਤਾਰ ਸਿੰਘ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਅੰਮ੍ਰਿਤਸਰ ਦਫ਼ਤਰ ਭੇਜ ਦਿੱਤਾ। ਉਨ੍ਹਾਂ ਸ਼੍ਰੋਮਣੀ ਕਮੇਟੀ ਦੀ ਮੈਂਬਰੀ ਤੋਂ ਹੀ ਅਸਤੀਫ਼ਾ ਦੇ ਦਿੱਤਾ ਹੈ, ਜਦੋਂ ਕਿ ਉਹ ਅਕਾਲੀ ਦਲ ਦੇ ਮੈਂਬਰ ਬਣੇ ਰਹਿਣਗੇ । ਬਾਬਾ ਅਵਤਾਰ ਸਿੰਘ ਨੇ ਅੱਜ ਇੱਥੇ ਕਿਹਾ ਕਿ ਉਹ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦੇਣ ਦੇ ਤਰੀਕੇ ਤੋਂ ਡਾਢੇ ਦੁਖੀ ਸਨ।
ਉਨ੍ਹਾਂ ਕਿਹਾ ਕਿ ਹੁਣ ਬਰਗਾੜੀ (ਫ਼ਰੀਦਕੋਟ) ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਇਸ ਮਗਰੋਂ ਰੋਸ ਜ਼ਾਹਰ ਕਰ ਰਹੇ ਦੋ ਸਿੰਘਾਂ ਨੂੰ ਗੋਲੀਆਂ ਮਾਰ ਕੇ ਮਾਰ ਦੇਣ ਨੇ ਉਨ੍ਹਾਂ ਨੂੰ ਹੋਰ ਵੀ ਮਾਨਸਿਕ ਪ੍ਰੇਸ਼ਾਨੀ ਵਿੱਚ ਪਾ ਦਿੱਤਾ। ਬਾਬਾ ਅਵਤਾਰ ਸਿੰਘ ਪਿੰਡ ਘਰਿਆਲਾ ਵਿੱਚ ਡੇਰਾ ਸ਼ਹੀਦ ਭਾਈ ਲਖਬੀਰ ਸਿੰਘ ਦੇ ਮੁਖੀ ਹਨ।
ਦੋ ਮੈਂਬਰਾਂ ਵੱਲੋਂ ਅਕਾਲੀ ਦਲ ਨਾਲੋਂ ਤੋੜ-ਵਿਛੋੜਾ
ਸਮਾਲਸਰ: ਇੱਥੇ ਕੌਮੀ ਮਾਰਗ ’ਤੇ ਲੰਡੇ ਰੋਡ ਚੌਰਾਹੇ ਉਪਰ ਲੱਗੇ ਧਰਨੇ ਦੌਰਾਨ ਸ਼੍ਰੋਮਣੀ ਕਮੇਟੀ ਮੈਂਬਰਾਂ ਜਗਤਾਰ ਸਿੰਘ ਰੋਡੇ ਤੇ ਸੁਖਹਰਪ੍ਰੀਤ ਸਿੰਘ ਰੋਡੇ ਅਤੇ ਪ੍ਰਧਾਨ ਬੀਸੀ ਵਿੰਗ ਸੁਲੱਖਣ ਸਿੰਘ ਕਲਸੀ ਨੇ ਸ਼੍ਰੋਮਣੀ ਅਕਾਲੀ ਦਲ ਨਾਲੋਂ ਤੋੜ ਵਿਛੋੜਾ ਕਰਨ ਦਾ ਐਲਾਨ ਕਰ ਦਿੱਤਾ। ਜਗਤਾਰ ਸਿੰਘ ਰੋਡੇ ਬੀਤੀ ਦੇਰ ਰਾਤ ਹੀ ਜੇਲ੍ਹ ਤੋਂ ਛੁੱਟ ਕੇ ਆਏ ਹਨ।