ਵੈਸਾਖੀ, ਅੰਮ੍ਰਿਤ ਅਤੇ ਖ਼ਾਲਸਾ ਸਾਜਨ ਦਿਵਸ
ਅਵਤਾਰ ਸਿੰਘ ਮਿਸ਼ਨਰੀ (UK)
ਵੈਸਾਖੀ-ਸੰਸਕ੍ਰਿਤ ਦਾ ਲਫ਼ਜ਼ ਹੈ ਜਿਸ ਦਾ ਅਰਥ ਹੈ ਵਿਸ਼ਾਖਾ ਨਸ਼ੱਤ੍ਰ ਵਾਲੀ ਪੂਰਨਮਾਸ਼ੀ, ਸੂਰਜ ਦੇ ਹਿਸਾਬ ਵੈਸਾਖ ਮਹੀਨੇ ਦਾ ਪਹਿਲਾ ਦਿਨ। ਬ੍ਰਾਹਮਣੀ ਮੱਤ ਅਨੁਸਾਰ 27 ਨਸ਼ੱਤ੍ਰ ਹਨ ਇਨ੍ਹਾਂ ਚੋਂ ਵੈਸਾਖ ਨਸ਼ੱਤ੍ਰ ਪਵਿਤਰ ਮੰਨਿਆਂ ਜਾਂਦਾ ਹੈ। ਬ੍ਰਾਹਮਣ ਨੇ ਚਾਰ ਪ੍ਰਮੁੱਖ ਤਿਉਹਾਰ ਮੰਨੇ ਹਨ-ਵੈਸਾਖੀ, ਦੁਸਹਿਰਾ, ਦੀਵਾਲੀ ਅਤੇ ਹੋਲੀ। ਕ੍ਰਮਵਾਰ ਵੈਸਾਖੀ ਬ੍ਰਾਹਮਣਾਂ, ਦੁਸਹਿਰਾ ਖੱਤਰੀਆਂ, ਦਿਵਾਲੀ ਵੈਸ਼ਾਂ ਅਤੇ ਹੋਲੀ ਸ਼ੂਦਰਾਂ ਦਾ ਤਿਉਹਾਰ ਮੰਨਿਆ ਗਿਆ ਹੈ। ਬ੍ਰਾਹਮਣੀ ਗ੍ਰੰਥਾਂ ਜਿਵੇਂ ਕਿ ਮੰਨੂੰ ਸਿਮਰਤੀ ਅਨੁਸਾਰ ਮਨੁੱਖਤਾ ਨੂੰ ਊਚ-ਨੀਚ, ਜਾਤ-ਪਾਤ, ਛੂਆ-ਛਾਤ, ਵਹਿਮ-ਭਰਮ, ਕਰਮ-ਕਾਂਡ ਵਿੱਚ ਵੰਡਿਆ ਹੋਇਆ ਸੀ ਅਤੇ ਉਨ੍ਹਾਂ ਦੇ ਰੀਤੀ ਰਿਵਾਜ ਤੇ ਤਿਉਹਾਰਾਂ ਦੀਆਂ ਵੀ ਬ੍ਰਾਹਮਣ ਨੇ ਹੀ ਵੰਡੀਆਂ ਪਾਈਆਂ ਸਨ। ਇਸ ਸਾਰੀ ਵਰਣਵੰਡ ਨੂੰ ਕ੍ਰਾਂਤੀਕਾਰੀ ਭਗਤਾਂ ਅਤੇ ਸਿੱਖ ਗੁਰੂਆਂ ਨੇ ਖਤਮ ਕੀਤਾ ਭਾਵ ਇਨ੍ਹਾਂ ਵਹਿਮਾਂ ਤੋਂ ਮਨੁੱਖਤਾ ਦਾ ਖਹਿੜਾ ਛੁਡਾਇਆ- ਨਾਨਕ ਵੈਸਾਖੀ ਪ੍ਰਭ ਪਾਵੈ, ਸੁਰਤਿ ਸਬਦਿ ਮਨੁ ਮਾਨਾ॥ (੧੧੦੮) ਵੈਸਾਖ ਦੇ ਮਹੀਨੇ ਦੁਆਰਾ ਵੀ ਸ਼ਬਦ ਸੁਰਤ ਰਾਹੀਂ ਪ੍ਰਭੂ ਨੂੰ ਪਾਉਣ ਦੀ ਗੱਲ ਕੀਤੀ ਗਈ ਹੈ, ਨਾ ਕਿ ਕਿਸੇ ਪੁਜਾਰੀ ਬ੍ਰਾਹਮਣ ਜਾਂ ਭੇਖੀ ਸਾਧੂ-ਸੰਤ ਨੂੰ ਪੁੰਨ ਦਾਨ ਕਰਨ ਦੀ। ਗੁਰਸਿੱਖ ਕਿਸੇ ਮਹੀਨੇ ਜਾਂ ਥਿੱਤ ਵਾਰ ਦਾ ਪੁਜਾਰੀ ਨਹੀਂ, ਜੇ ਹੈ, ਤਾਂ ਉਹ ਗੁਰਸਿੱਖ ਨਹੀਂ ਹੋ ਸਕਦਾ ਸਗੋਂ ਮਹਾਂ ਮੂਰਖ ਹੈ-ਸਤਿਗੁਰੁ ਬਾਝਹੁ ਅੰਧ ਅੰਧਾਰ॥ ਥਿਤੀ ਵਾਰ ਸੇਵਹਿ ਮੁਗਧ ਗਵਾਰ॥ (੮੪੨) ਰੱਬ ਦੇ ਬਣਾਏ ਦਿਨ-ਰਾਤ, ਥਿੱਤ-ਵਾਰ, ਮਹੀਨੇ-ਸਾਲ ਸਾਰੇ ਹੀ ਭਲੇ ਹਨ- ਮਹਾ ਦਿਵਸ ਮੂਰ੍ਹਤ ਭਲੇ, ਜਿਸ ਕਉ ਨਦਰਿ ਕਰੇ॥ (੧੩੬)
ਵੈਸਾਖੀ ਇੱਕ ਮੌਸਮੀ ਤਿਉਹਾਰ ਹੈ ਇਸ ਦੇ ਮੇਲੇ ਤਾਂ ਪਹਿਲਾਂ ਵੀ ਲਗਦੇ ਸਨ ਅਤੇ ਫਸਲ ਪੱਕਣ ਦੀ ਖੁਸ਼ੀ ਵਿੱਚ ਜੱਟ-ਜਿਮੀਦਾਰ ਪਹਿਲਾਂ ਹੀ ਭੰਗੜੇ ਪਉਂਦੇ ਅਤੇ ਬ੍ਰਾਹਮਣ ਨੂੰ ਦਾਨ ਪੁੰਨ ਕਰਦੇ ਸਨ। ਸਮਾਂ ਬਦਲਿਆ ਸਾਧਾਂ ਦੇ ਡੇਰਿਆਂ ਤੇ ਵੀ ਦਾਨ ਕਰਨ ਲੱਗ ਪਏ ਅਤੇ ਵੈਸਾਖੀ ਮੇਲੇ ਤੇ ਗੌਣ ਵਾਲੀਆਂ ਅਤੇ ਤੂੰਬੀਆਂ ਵਾਲੇ ਵੀ ਬੁਲਾਏ ਜਾਣ ਲੱਗ ਪਏ। ਅੱਜ ਤਾਂ ਵੈਸਾਖੀ ਨਾਈਟਾਂ ਵੀ ਮਨਾਈਆਂ ਜਾਂਦੀਆਂ ਹਨ, ਵੱਡੇ-ਵੱਡੇ ਕਲਾਕਾਰ ਆਪਣੀ ਕਲਾ ਦੇ ਜੌਹਰ ਦਿਖਾਉਂਦੇ ਹਨ। ਅੱਜ ਵੈਸਾਖੀ ਪੰਜਾਬੀ ਮੇਲੇ ਦੇ ਰੂਪ ਵਿੱਚ ਹੀ ਵੱਧ ਮਨਾਈ ਜਾ ਰਹੀ ਹੈ। ਵਿਚਾਰ ਕਰੀਏ ਕਿ ਵੈਸਾਖੀ ਨਾਲ ਸਿੱਖ ਕੌਮ ਦਾ ਕੀ ਸਬੰਧ ਹੈ ?
ਵੈਸਾਖੀ ਨਾਲ ਸਿੱਖ ਕੌਮ ਦਾ ਸਬੰਧ- ਮਨੁੱਖਤਾ ਦੇ ਸੱਚੇ-ਸੁੱਚੇ ਰਹਿਬਰ, ਸਿੱਖ ਕੌਮ ਦੇ ਬਾਨੀ ਬਾਬੇ ਨਾਨਕ ਦਾ ਇਨਸਾਨੀ ਜਨਮ ਅਤੇ ਰੂਹਾਨੀ ਪ੍ਰਕਾਸ਼ ਵੈਸਾਖ ਮਹੀਨੇ ਵਿੱਚ ਹੋਇਆ ਅਤੇ ਦਸਵੇਂ ਜਾਮੇ ਵਿੱਚ ਖੰਡੇ ਦੀ ਪਾਹੁਲ ਦੇ ਕੇ, ਸਿੱਖ ਨੂੰ ਸਿੰਘ ਅਤੇ ਕੌਰ ਦੀ ਸੰਗਿਆ ਬਖਸ਼ਿਸ਼ ਦਰਦੇ, ਨਿਰਮਲ ਪੰਥ ਦੀ ਰੱਖੀ ਹੋਈ ਨੀਂਹ ਨੂੰ, ਖਾਲਸਾ ਪੰਥ ਦੇ ਰੂਪ ਵਿੱਚ, ਮਨੁੱਖੀ ਬਰਾਬਰਤਾ ਦੇ ਕੇ ਸੰਨ 1699 ਦੀ ਵੈਸਾਖੀ ਨੂੰ ਮੁਕੰਮਲ ਕੀਤਾ। ਇਸ ਕਰਕੇ ਖ਼ਾਲਸੇ ਦੀ ਵੈਸਾਖੀ, ਥਿਤੀ ਵਾਰ ਵਾਲੀ ਬ੍ਰਾਹਮਣੀ ਵੈਸਾਖੀ ਨਾਲੋਂ ਵਿਲੱਖਣ ਤੇ ਮਹਾਨ ਹੈ। ਉਪ੍ਰੋਕਤ ਮਹਾਨਤਾ ਅਤੇ ਵਿਲੱਖਣਤਾ ਕਰਕੇ ਵੈਸਾਖੀ ਨਾਲ ਸਿੱਖ ਕੌਮ ਦਾ ਸਿੱਧਾ ਸਬੰਧ ਹੈ। ਗੁਰੂ ਸਾਹਿਬਾਨ ਵੈਸਾਖੀ ਤੇ ਵਿਸ਼ੇਸ਼ ਜੋੜ ਮੇਲਾ ਕਰਿਆ ਕਰਦੇ ਸਨ। ਗੁਰ ਇਤਿਹਾਸ ਮੁਤਾਬਿਕ ਗੁਰੂ ਅਮਰਦਾਸ ਜੀ ਦੀ ਆਗਿਆ ਨਾਲ ਡੱਲਾ ਨਿਵਾਸੀ ਭਾਈ ਪਾਰੋ ਪਰਮਹੰਸ ਨੇ ਵੱਡੀ ਪੱਧਰ ‘ਤੇ ਵੈਸਾਖੀ ਜੋੜ ਮੇਲਾ ਸ਼ੁਰੂ ਕੀਤਾ। ਦਸਵੇਂ ਨਾਨਕ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦਿਨ ਖੰਡੇ ਦੀ ਪਾਹੁਲ ਦੇ ਕੇ, ਭਗਤੀ ਤੇ ਸ਼ਕਤੀ ਦਾ ਸੁਮੇਲ ਕਰ ਦਿੱਤਾ ਅਤੇ ਗੁਰਸਿੱਖਾਂ ਨੂੰ ਖ਼ਾਲਸੇ ਦੀ ਸੰਗਿਆ ਦਿੱਤੀ ਕਿਉਂਕਿ ਸਿੱਖ ਹੁਣ ਜਾਤਾਂ-ਪਾਤਾਂ, ਛੂਆ-ਛਾਤਾਂ, ਵਹਿਮਾਂ-ਭਰਮਾਂ ਅਤੇ ਕਰਮਕਾਂਡਾਂ ਦੀ ਮਿਲਾਵਟ ਤੋਂ ਖ਼ਾਲਸ ਹੋ ਚੁੱਕਾ ਸੀ। ਵੈਸਾਖੀ ਵਾਲੇ ਦਿਨ ਹੀ ਖ਼ਾਲਸਾ ਪੰਥ, ਸਰਬੱਤ ਖ਼ਾਲਸੇ ਦੇ ਰੂਪ ਵਿੱਚ ਇਕੱਤਰ ਹੋ ਕੇ, ਸ੍ਰੀ ਅਕਾਲ ਤਖ਼ਤ ਅੰਮ੍ਰਿਤਸਰ ਵਿਖੇ, ਆਪਸੀ ਵਿਚਾਰ ਵਿਟਾਂਦਰੇ ਉਪ੍ਰੰਤ ਗੁਰਬਾਣੀ ਦੀ ਰੌਸ਼ਨੀ ਵਿੱਚ, ਗੁਰਮਤੇ ਪਾਸ ਕਰਦਾ ਸੀ ਅਤੇ ਅਭਿਲਾਖੀਆਂ ਨੂੰ ਖੰਡੇ ਦੀ ਪਾਹੁਲ ਦਿੰਦਾ ਸੀ। ਇਸ ਕਰਕੇ ਸਾਰੇ ਖਾਲਸਾ ਪੰਥ ਦੀ ਮਰਯਾਦਾ ਇੱਕ ਹੋਣ ਕਰਕੇ, ਖ਼ਾਲਸਾ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹਿੰਦਾ ਸੀ। ਇਹ ਮਰਯਾਦਾ ਪਹਿਲਾਂ ਮਹੰਤਾਂ ਨੇ, ਅੰਗ੍ਰੇਜ਼ੀ ਸਰਕਾਰ ਰਾਹੀਂ ਗੁਰਦੁਆਰਿਆਂ ਉੱਤੇ ਕਾਬਜ਼ ਹੋ ਕੇ ਖਤਮ ਕੀਤੀ ਅਤੇ ਫਿਰ ਸਿੰਘਾਂ ਨੇ ਸਿੰਘ ਸਭਾ ਲਹਿਰ ਦੇ ਰੂਪ ਵਿੱਚ, ਇਨ੍ਹਾਂ ਹੰਕਾਰੀ, ਵਿਕਾਰੀ ਤੇ ਦੁਰਾਚਾਰੀ ਮਹੰਤਾਂ ਨੂੰ ਗੁਰਦੁਆਰਿਆਂ ਵਿੱਚੋਂ ਕੱਢ ਕੇ ਮਰਿਆਦਾ ਨੂੰ ਬਹਾਲ ਕੀਤੀ। ਜਿਸ ਮਰਯਾਦਾ ਨੂੰ ਦੁਬਾਰਾ ਅਜੋਕੇ ਮਾਇਆਧਾਰੀ ਗਿਆਨ ਵਿਹੂਣੇ ਹੰਕਾਰੀ ਪ੍ਰਬੰਧਕਾਂ ਅਤੇ ਭੇਖੀ ਸਾਧਾਂ ਸੰਤਾਂ ਨੇ ਧੱਕੇ ਨਾਲ ਖਤਮ ਕਰ ਦਿੱਤਾ ਹੈ।
ਹੁਣ ਵੈਸਾਖੀ ਵਾਲੇ ਦਿਨ ਗੁਰਮਤੇ ਕਰਨ ਦੀ ਥਾਂ, ਪਾਠਾਂ ਦੀਆਂ ਲੜੀਆਂ ਚਲਾ ਲਈਆਂ ਜਾਂਦੀਆਂ ਹਨ। ਇੱਕ ਥਾਂ ਕਈ-ਕਈ ਇਕੱਠੇ ਪਾਠ ਰੱਖੇ ਜਾਂਦੇ ਹਨ ਅਤੇ ਸੰਗਤਾਂ ਨੂੰ ਵੱਧ ਤੋਂ ਵੱਧ ਅਖੰਡ ਪਾਠ ਕਰਾਉਣ ਦੀਆਂ ਅਪੀਲਾਂ ਕੀਤੀਆਂ ਜਾਂਦੀਆਂ ਹਨ ਪਰ ਸ਼ਬਦ ਵਿਚਾਰ ਨੂੰ ਤਰਜੀਹ ਨਹੀਂ ਦਿੱਤੀ ਜਾਦੀ। ਕੀ ਇਨ੍ਹਾਂ ਗੁਰਪੁਰਬਾਂ ਦਾ ਮਕਸਦ, ਪਾਠਾਂ ਦੀਆਂ ਲੜੀਆਂ ਚਲਾ ਕੇ ਪੈਸਾ ਇੱਕਠਾ ਕਰਨਾ ਅਤੇ ਸੰਗਤਾਂ ਨੂੰ ਸਦਾ ਲਈ ਭਾੜੇ ਦੇ ਪਾਠੀਆਂ ਉੱਤੇ ਹੀ ਨਿਰਭਰ ਕਰਨਾ ਹੈ ? ਅੱਜ ਸੈਂਕੜਿਆਂ ਚੋਂ ਕਿਸੇ ਇੱਕ ਗੁਰਦੁਆਰੇ ਵਿੱਚ ਹੀ, ਅਕਾਲ ਤਖ਼ਤ ਤੋਂ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ ਲਾਗੂ ਹੈ, ਬਾਕੀ ਸਭ ਗੁਰਦੁਆਰਿਆਂ ਵਿੱਚ ਮਹੰਤੀ ਅਤੇ ਸੰਪ੍ਰਦਾਈ ਮਰਯਾਦਾ ਹੀ ਚਲਾਈ ਜਾਂਦੀ ਹੈ। ਸਿੱਖ, ਅਗਿਆਨਤਾ ਅਤੇ ਕਮਜੋਰੀ ਦੀ ਨੀਂਦ ਵਿੱਚ ਸੁੱਤੇ ਪਏ ਹਨ। ਗੁਰਬਾਣੀ ਦੇ ਅਸਲ ਮਨੋਰਥ ਨੂੰ ਛੱਡ ਕੇ, ਸਾਧਾਂ ਦੀਆਂ ਬਣਾਈਆਂ ਮਨੋਕਲਪਿਤ ਕਹਾਣੀਆਂ ਹੀ ਗੁਰੂ ਘਰਾਂ ਵਿੱਚ ਪ੍ਰਚਾਰੀਆਂ ਜਾ ਰਹੀਆਂ ਹਨ। ਵੈਸਾਖੀ ਦੇ ਅਸਲੀ ਸੰਦੇਸ਼ ਨੂੰ ਕਰਮਕਾਂਡਾਂ ਦੇ ਚਿੱਕੜ ਵਿੱਚ ਰੋਲਿਆ ਜਾ ਰਿਹਾ ਹੈ। ਪਿਆਰੇ ਖ਼ਾਲਸਾ ਜੀ ! ਵੈਸਾਖੀ ਦੀ ਵਿਲੱਖਣ ਮਹਾਨਤਾ ਨੂੰ ਸਮਝ ਕੇ, ਸਿੱਖ ਕੌਮ ਵਿੱਚ ਦਾਖਲ ਹੋ ਚੁੱਕੇ ਬ੍ਰਾਹਮਣੀ, ਸੰਪ੍ਰਦਾਈ ਕਰਮਕਾਂਡਾਂ ਤੋਂ ਖਹਿੜਾ ਛੁਡਾਉਣ ਦਾ ਪ੍ਰਣ ਲਈਏ ਤਾਂ ਜੋ ਗੁਰਬਾਣੀ ਦੇ ਸੱਚੇ ਸੁੱਚੇ ਵਿਚਾਰਾਂ ਨੂੰ ਧਾਰਨ ਕਰ ਸਕੀਏ।
ਖ਼ਾਲਸਾ ਸ਼ਬਦ ਦੀ ਮਹਾਨਤਾ- ਅਰਬੀ ਭਾਸ਼ਾ ਵਿੱਚ ਖ਼ਾਲਸਾ ਲਫ਼ਜ਼ ਦਾ ਅਰਥ ਨਿਰੋਲ, ਸ਼ੁੱਧ, ਖਰਾ, ਬਿਨਾ ਕਿਸੇ ਮਿਲਾਵਟ ਹੈ ਅਤੇ ਪੰਥ ਦਾ ਅਰਥ ਹੈ ਇੱਕਸਾਰਤ- ਸਿੱਧਾ ਰਸਤਾ। ਖ਼ਾਲਸਾ ਦਾ ਮਤਲਬ ਇਹ ਵੀ ਹੈ ਕਿ ਉਹ ਜ਼ਮੀਨ ਜਾਂ ਮੁਲਕ, ਜਿਸ ਦਾ ਸਿੱਧਾ ਸਬੰਧ ਬਾਦਸ਼ਾਹ ਨਾਲ ਹੋਵੇ, ਨਾ ਕਿ ਕਿਸੇ ਜਗੀਰਦਾਰ ਜਾਂ ਜਿਮੀਦਾਰ (ਵਿਚੋਲੇ) ਨਾਲ (ਮਹਾਨ ਕੋਸ਼)
ਸੋ, ਸਿੱਖ ਗੁਰੂਆਂ ਤੋਂ ਪਹਿਲਾਂ ਭਗਤਾਂ ਨੇ ਵੀ ਉਕਤ ਖ਼ਾਲਸਾ ਲਫ਼ਜ਼ ਦੀ ਵਰਤੋਂ ਕੀਤੀ ਹੈ ਜਿਵੇਂ ਕਿ ਭਗਤ ਕਬੀਰ ਜੀ ਫੁਰਮਾਂਦੇ ਹਨ- ਕਹੁ ਕਬੀਰ ਜਨ ਭਏ ਖ਼ਾਲਸੇ, ਪ੍ਰੇਮ ਭਗਤਿ ਜਿਹ ਜਾਨੀ॥ (੬੫੫) ਜਿਨ੍ਹਾਂ ਨੇ ਪ੍ਰੇਮਾਂ ਭਗਤੀ ਭਾਵ ਖਲਕਤ ਵਿੱਚ ਵਸਦੇ ਰੱਬੀ ਪਿਆਰ ਨੂੰ ਜਾਣ ਲਿਆ ਹੈ, ਉਹ ਖ਼ਾਲਸੇ ਹਨ। ਦੇਖੋ ! ਅੱਜ ਸਾਡੇ ਬਹੁਤੇ ਭਾਈ, ਕੇਵਲ ਤੇ ਕੇਵਲ ਪੰਜ ਕਕਾਰੀ ਬਾਣਾਧਾਰੀਆਂ ਨੂੰ ਹੀ ਖ਼ਾਲਸਾ ਸਮਝਦੇ ਜਾਂ ਆਖਦੇ ਤੇ ਬਾਕੀ ਹੋਰਾਂ ਨੂੰ ਨਹੀਂ, ਭਾਂਵੇਂ ਉਹ ਗੁਰਬਾਣੀ ਦੇ ਅਤਿਅਤ ਰਸੀਏ ਵੀ ਕਿਉਂ ਨਾ ਹੋਣ। ਗੁਰਬਾਣੀ ਅਨੁਸਾਰ ਤਾਂ- ਸਰਬ ਧਰਮ ਮਹਿ, ਸ੍ਰੇਸਟਿ ਧਰਮ॥ ਹਰਿ ਕੋ ਨਾਮਿ ਜਪਿ, ਨਿਰਮਲ ਕਰਮ॥ (ਸੁਖਮਨੀ) ਭਾਵ ਰੱਬ ਦਾ ਨਾਮ ਜਪਣਾ ਅਤੇ ਨਿਰਮਲ ਕਰਮ ਕਰਨੇ ਹੀ ਸਰਬ ਸਾਂਝਾ ਸ੍ਰੇਸ਼ਟ ਧਰਮ ਹੈ। ਐਸੇ ਸਰਬ ਸਾਂਝੇ ਧਰਮ ਦਾ ਧਾਰਨੀ ਖ਼ਾਲਸਾ ਕਿਉਂ ਨਹੀਂ ਹੋ ਸਕਦਾ ? ਗੁਰਬਾਣੀ ਤਾਂ ਪ੍ਰੇਮਾ ਭਗਤੀ ਕਰਨ ਵਾਲਿਆਂ ਨੂੰ ਖ਼ਾਲਸਾ ਬਿਆਨ ਰਹੀ ਹੈ। ਜੇ ਹਿਰਦੇ ਵਿੱਚ ਪ੍ਰੇਮ ਦੀ ਬਜਾਏ ਦਵੈਤ ਹੈ ਤਾਂ ਉਹ ਖ਼ਾਲਸਾ ਨਹੀਂ ਹੋ ਸਕਦਾ। ਖ਼ਾਲਸੇ ਦਾ ਮਤਲਬ ਹੈ ਖ਼ਾਲਸ, ਮਿਲਾਵਟ ਰਹਿਤ, ਜਿਸ ਦਾ ਅਕਾਲ ਪੁਰਖ ਨਾਲ ਸਿੱਧਾ ਸਬੰਧ ਹੈ। ਅੱਜ ਆਪਣੇ ਆਪ ਨੂੰ ਖ਼ਾਲਸਾ ਕਹਿਣ ਵਾਲਿਆਂ ਵਿੱਚ, ਬ੍ਰਾਹਮਣੀ ਕਰਮਕਾਂਢਾਂ ਦੀ ਮਿਲਾਵਟ ਅਤੇ ਅਕਾਲ ਪੁਰਖ ਨਾਲ ਸਿੱਧੇ ਸਬੰਧ ਦੀ ਥਾਂ, ਸਾਧਾਂ ਤੇ ਸੰਪ੍ਰਦਾਈਆਂ ਨਾਲ ਗੂੜਾ ਸਬੰਧ ਵੀ ਹੈ, ਜੋ ਬਹੁਤੇ ਹੰਕਾਰ ਤੇ ਗੁੱਸੇ ਨਾਲ ਭਰੇ ਪੀਤੇ ਰਹਿੰਦੇ ਹਨ। ਅੰਮ੍ਰਿਤ ਛੱਕ ਕੇ ਵੀ, ਉਨ੍ਹਾਂ ਅੰਦਰੋਂ, ਜਾਤ-ਪਾਤ ਦਾ ਅਭਿਮਾਨ ਨਹੀਂ ਗਿਆ ਕਿ ਅਸੀਂ ਜੱਟ, ਰਾਮਗੜੀਏ ਹਾਂ, ਫਲਾਨੇ ਤਾਂ ਮਜ਼ਬੀ ਅਤੇ ਰਵਿਦਾਸੀਏ ਹਨ। ਕੀ ਅਜਿਹੇ ਲੋਕ ਗੁਰੂ ਦੇ ਖ਼ਾਲਸੇ-ਸਿੱਖ ਹੋ ਸਕਦੇ ਹਨ ? ਕਦਾਚਿੱਤ ਵੀ ਨਹੀਂ। ਗੁਰੂ ਨੇ ਤਾਂ ਇਕੋ ਸੰਗਤ ਪੰਗਤ ਵਿੱਚ ਬੈਠਾਇਆ, ਛਕਾਇਆ ਅਤੇ ਇਕੋ ਬਾਟੇ ਵਿੱਚ ਰੱਬੀ ਬਾਣੀ ਦਾ ਅੰਮ੍ਰਿਤ ਪਿਲਾ ਕੇ, ਜਾਤ-ਪਾਤ ਅਤੇ ਸੁੱਚ-ਭਿੱਟ ਖਤਮ ਕਰ ਦਿੱਤੀ ਸੀ। ਕੀ ਅੱਜ ਖ਼ਾਲਸਾ ਕਹਾਉਣ ਵਾਲਿਆਂ ਨੇ ਜਾਤ-ਪਾਤ ਦੀ ਵੀਚਾਰ ਛੱਡ ਦਿੱਤੀ ਅਤੇ ਜਾਤ ਪਾਤ ਤੋਂ ਉੱਪਰ ਉੱਠ ਕੇ ਰਿਸ਼ਤੇਦਾਰੀਆਂ ਕਾਇਮ ਕੀਤੀਆਂ ਹਨ ? ਕੀ ਜੱਟ ਖਾਲਸੇ ਨੇ ਆਪਣੀ ਧੀ ਦਾ ਰਿਸ਼ਤਾ ਚਮਿਆਰ ਖਾਲਸੇ ਦੇ ਪੁੱਤਰ ਨੂੰ ਕੀਤਾ ਹੈ ? ਜਦਕਿ ਜੱਟ ਚਮਿਆਰ ਵਾਲਾ ਜਾਤ-ਪਾਤੀ ਵਿਤਕਰਾ ਬ੍ਰਾਹਮਣ ਦੀ ਉਪਜ ਅਤੇ ਗੁਰਮਤਿ ਅਨੁਸਾਰ ਰੱਬ ਦੇ ਪੈਦਾ ਕੀਤੇ ਇਸਤ੍ਰੀ-ਪੁਰਸ਼ਾਂ ਦੀ ਇੱਕ ਹੀ ਮਨੁੱਖਾ ਜਾਤ ਹੈ।
ਅੱਜ ਦਾ ਖ਼ਾਲਸਾ ਅੱਗ, ਤੇਲ ਜਾਂ ਘਿਓ ਦੀ ਜੋਤ ਦੀ ਪੂਜਾ ਕਰ ਰਿਹਾ ਹੈ, ਜੋ ਹੱਥੀਂ ਬਾਲੀ ਤੇ ਬੁਝ ਵੀ ਜਾਂਦੀ ਹੈ। ਗੁਰੂ ਤਾਂ ਉਸ ਜੋਤ ਦੀ ਗੱਲ ਕਰਦੇ ਹਨ ਜੋ ਸਭ ਵਿੱਚ ਸਭ ਥਾਂ ਸਦੀਵ ਜਗਦੀ ਅਤੇ ਚਾਨਣ ਕਰਦੀ ਹੈ- ਸਭਿ ਮਹਿ ਜੋਤਿ, ਜੋਤਿ ਹੈ ਸੋਇ॥ ਤਿਸੁ ਦੈ ਚਾਨਣ, ਸਭਿ ਮਹਿ ਚਾਨਣ ਹੋਇ॥ (੬੬੩) ਅੱਜ ਦਾ ਖ਼ਾਲਸਾ ਸ਼ਹੀਦਾਂ ਦੀਆਂ ਮੜ੍ਹੀਆਂ ਉੱਤੇ ਜੋਤਾਂ-ਦੀਵੇ ਜਗਾ ਰਿਹਾ ਹੈ। ਤੀਰਥਾਂ ਤੇ ਯਾਤਰਾ ਕਰਦਿਆਂ, ਵੇਹਲੜਾਂ ਨੂੰ ਕੁਥਾਂਏਂ ਦਾਨ ਕਰ ਰਿਹਾ ਹੈ। ਕੀੜੀਆਂ, ਜੂੰਆਂ, ਸੱਪਾਂ ਆਦਿਕ ਤੇ ਤਾਂ, ਥਾਂ-ਥਾਂ ਦਇਆ ਕਰ ਰਿਹਾ ਹੈ ਪਰ ਆਪਣੇ ਹੀ ਧਰਮ ਭਾਈਆਂ ਦਾ ਹੱਕ ਮਾਰ ਕੇ, ਲੋੜਵੰਦ ਕਾਮਿਆਂ ਦਾ ਖੂਨ ਪੀ ਰਿਹਾ ਹੈ। ਨੰਗੇ ਪੈਰੀਂ ਚੱਲਣ, ਚਾਲੀਸੇ ਕੱਟਣ, ਗਿਣਤੀ ਮਿਣਤੀ ਦੇ ਪਾਠ ਅਤੇ ਸੰਪਟ ਪਾਠਾਂ ਦੇ ਜਪ ਤਪ ਕਰ ਰਿਹਾ ਹੈ। ਕੀ ਐਸਾ ਵਿਸ਼ਵਾਸ਼ੀ ਤੇ ਕਰਮਕਾਂਡੀ ਸਿੱਖ ਖ਼ਾਲਸਾ ਹੋ ਸਕਦਾ ਹੈ ? ਕਦਾਚਿੱਤ ਨਹੀਂ। ਅੱਜ ਦਾ ਖਾਲਸਾ ਭਰਮ ਦਾ ਰੋਗੀ ਹੈ ਜਿਵੇਂ ਕਿ ਸੰਗ੍ਰਾਂਦ ਦਾ ਦਿਨ ਪਵਿਤ੍ਰ ਹੈ, ਬਿੱਲੀ ਰਸਤਾ ਕੱਟ ਗਈ, ਦਿਸ਼ਾ ਦਾ ਭਰਮ ਕਿ ਇੱਧਰ ਨੂੰ ਮੂੰਹ ਕਰਕੇ ਹੀ ਪਾਠ ਰੱਖਣਾ ਹੈ, ਓਧਰ ਨਹੀਂ। ਰੋਟੀ ਕੇਵਲ ਤੱਪੜਾਂ ਤੇ ਬੈਠ ਕੇ ਖਾਣਾ ਹੀ ਧਰਮ ਅਤੇ ਕੁਰਸੀਆਂ ਮੇਜਾਂ ਤੇ ਖਾਣ ਨਾਲ ਧਰਮ ਟੁੱਟ ਜਾਵੇਗਾ। ਗੁਰੂ ਮਹਾਂਰਾਜ ਦੀ ਸਵਾਰੀ ਅੱਗੇ ਬੂੰਦ ਬੂੰਦ ਪਾਣੀ ਛਿਟਕਣਾ ਕਿ ਧਰਤੀ ਪਵਿਤ੍ਰ ਹੋਵੇ ਜਦਕਿ ਜਦੋਂ ਰਸਤੇ ਕੱਚੇ ਹੁੰਦੇ ਸਨ, ਓਦੋਂ ਧੂੜ ਬੈਠਾਉਣ ਲਈ ਅਜਿਹਾ ਪਾਣੀ ਛਿੜਕਾਉ ਕੀਤਾ ਜਾਂਦਾ ਸੀ। ਅੱਜ ਪੱਕੇ ਘਰਾਂ, ਪੱਕੀਆਂ ਸੜਕਾਂ ਅਤੇ ਕਾਰਾਂ ਉੱਤੇ ਪਾਣੀ ਛਿੜਕਣਾ ਭਰਮ ਰੋਗ ਦਾ ਪ੍ਰਤੀਕ ਹੈ। ਕ੍ਰਿਪਾਨ ਉੱਤਰ ਗਈ, ਕੰਘਾ ਡਿੱਗ ਪਿਆ, ਕਛਹਿਰਾ ਦੋਹਾਂ ਪੈਰਾਂ ਚੋਂ ਇਕੱਠਾ ਲਹਿ ਗਿਆ ਤਾਂ ਅੰਮ੍ਰਿਤ ਟੁੱਟ ਗਿਆ ਦਾ ਭਰਮ, ਮਾਸ ਖਾਣ ਜਾਂ ਨਾ ਖਾਣ ਦਾ ਭਰਮ, ਕ੍ਰਿਪਾਨ ਸਰੀਰ ਤੋਂ ਦੂਰ ਹੋ ਜਾਣ ਦਾ ਭਰਮ, ਜਦਕਿ ਮਾਨਸਿਕ ਤੌਰ ਤੇ ਯੁਧ ਲਈ ਤਿਆਰ ਕਰਨ ਦਾ ਉਦਮ ਨਹੀਂ ਕੀਤਾ ਜਾਂਦਾ। ਕੀ ਕ੍ਰਿਰਪਾਨਧਾਰੀ ਹੋ ਕੇ ਦੇਸ਼-ਵਿਦੇਸ਼ ਦਾ ਹਵਾਈ ਸਫਰ, ਘੋਲ-ਕੁਸ਼ਤੀ ਜਾਂ ਕਬੱਡੀ ਆਦਿਕ ਖੇਡਾਂ ਖੇਡ ਸਕਦੇ ਹਾਂ ? ਜੇ ਨਹੀਂ, ਤਾਂ ਸਰੀਰ ਤੋਂ ਕਿਰਪਾਨ ਦੂਰ ਕਰਨਾ, ਭਰਮ ਕਿਵੇਂ ? ਨ੍ਹਾਉਣ ਵੇਲੇ ਕਦੇ ਕ੍ਰਿਪਾਨ ਸਿਰ ਤੇ, ਕਦੇ ਲੱਕ ਨਾਲ ਬੰਨਣਾ, ਕੀ ਭਰਮ ਹੈ ਜਾਂ ਮਰਿਆਦਾ ? ਕੀ ਕੋਈ ਫੌਜੀ ਜਾਂ ਸਕੂਲ ਦਾ ਵਿਦਿਆਰਥੀ ਵਰਦੀ ਸਮੇਤ ਨ੍ਹਾਉਂਦਾ ਹੈ ?
ਖ਼ਾਲਸਾ ਸ਼ਬਦ ਔਰਤ ਤੇ ਮਰਦ ਦੋਹਾਂ ਲਈ ਸਾਂਝਾ- ਔਰਤ ਲਈ ਕਿਤੇ ਖ਼ਾਲਸੀ ਸ਼ਬਦ ਨਹੀਂ ਵਰਤਿਆ ਗਿਆ, ਫਿਰ ਪੰਜਾਂ ਪਿਆਰਿਆਂ ਦਾ ਪ੍ਰਸ਼ਾਦ ਅਤੇ ਪੰਜਾਂ ਪਿਆਰਿਆਂ ਵਿੱਚ ਸ਼ਾਮਲ ਹੋਣ ਦੀ ਸੇਵਾ ਖ਼ਾਲਸਾ ਔਰਤ ਲਈ ਕਿਉਂ ਨਹੀਂ ਦਿੱਤੀ ਜਾਂਦੀ ? ਔਰਤ ਮਾਂ ਹੈ ਜਿਸ ਨੇ ਬੱਚੇ ਨੂੰ ਜਨਮ ਦਿੱਤਾ ਹੈ, ਉਹ ਖਾਲਸਾ ਦੀ ਜਿੰਮੇਵਾਰੀ ਤੋਂ ਦੂਰ ਕਿਵੇਂ ਹੋ ਗਈ ? ਸੰਪ੍ਰਦਾਈ ਅਤੇ ਡੇਰੇਦਾਰ ਔਰਤ ਨੂੰ ਗਲੀਚ ਕਹਿੰਦੇ ਹਨ ਕਿ ਉਸ ਨੂੰ ਮਾਂਹਵਾਰੀ ਆਉਂਦੀ ਹੈ, ਜਰਾ ਸੋਚੋ ਆਦਮੀ ਦੇ ਮਨ ਵਿੱਚ ਵੀ ਤਾਂ ਬੁਰੇ ਵਿਚਾਰ ਆਉਂਦੇ ਹੀ ਰਹਿੰਦੇ ਹਨ, ਫਿਰ ਆਦਮੀ ਕਿਵੇਂ ਪਵਿਤ੍ਰ ਰਹਿ ਗਿਆ ਅਤੇ ਔਰਤ ਮਲੀਨ ਹੋ ਗਈ ? ਜਦਕਿ ਮਹਾਂਵਾਰੀ ਕੁਦਰਤੀ ਕਿਰਿਆ ਹੈ ਅਤੇ ਵਿਕਾਰੀ ਮਨੁੱਖਾ ਵਿਚਾਰ ਨਿੱਜ ਕਮਜੋਰੀ ।
ਸੋ, ਜੋ ਪ੍ਰਾਣੀ ਅਜਿਹੇ ਭਰਮਾਂ ਤੋਂ ਉਪਰ ਉੱਠ, ਪ੍ਰੇਮਾ ਭਗਤੀ ਕਰੇ ਉਹ ਖਾਲਸਾ ਹੈ ਅਤੇ ਜੋ ਪੰਜ ਕਕਾਰ ਧਾਰਨ ਕਰਕੇ ਖੰਡੇ ਦੀ ਪਾਹੁਲ ਪੰਜਾਂ ਸਿੰਘਾਂ ਤੋਂ ਗੁਰਬਾਣੀ ਦੇ ਨਾਮ ਅੰਮ੍ਰਿਤ ਰਾਹੀਂ ਲਵੇ, ਉਹ ਫੌਜੀ ਖ਼ਾਲਸਾ ਹੈ। ਅੱਜ ਦਾ ਫੌਜੀ ਖ਼ਾਲਸਾ ਸ਼ਸਤਰ ਵਿਦਿਆ ਤੋਂ ਵਿਹੂਣਾ ਹੈ ਕਿਉਂਕਿ ਉਹ ਸ਼ਸ਼ਤਰਾਂ ਦੀ ਸੁਜੋਗ ਵਰਤੋਂ ਕਰਨ ਦੀ ਥਾਂ ਸ਼ਸਤਰਾਂ ਦੀ ਪੂਜਾ ਕਰਨ ਲੱਗ ਪਿਆ ਹੈ। ਖ਼ਾਲਸੇ ਨੂੰ ਸਮੇਂ ਅਨੁਸਾਰ ਅਧੁਨਿਕ ਸ਼ਸ਼ਤਰਾਂ ਨੂੰ ਵੀ ਸਿੱਖਣਾ ਚਾਹੀਦਾ ਹੈ, ਨਾਂ ਕਿ ਇਕੱਲੇ ਕ੍ਰਿਪਾਨ ਪਹਿਨ ਕੇ ਹੀ ਸ਼ਸ਼ਤ੍ਰਧਾਰੀ ਯੋਧਾ ਹੋਣ ਦਾ ਭਰਮ ਪਾਲਣਾ ਹੈ।
ਅੰਮ੍ਰਿਤ ਦੀ ਵਿਆਖਿਆ- ਅੰਮ੍ਰਿਤ ਸੰਸਕ੍ਰਿਤ ਦਾ ਸ਼ਬਦ ਹੈ ਜਿਸ ਦੇ ਪ੍ਰਕਰਣ ਅਨੁਸਾਰ ਵੱਖ-ਵੱਖ ਅਰਥ ਹਨ ਪਰ ਮੂਲ ਅਰਥ ਪ੍ਰਮੇਸ਼ਰ ਦਾ ਨਾਮ ਹੀ ਹੈ ਜਿਵੇਂ-ਅੰਮ੍ਰਿਤ ਨਾਮੁ ਪ੍ਰਮੇਸਰੁ ਤੇਰਾ, ਜੋ ਸਿਮਰੈ, ਸੋ ਜੀਵੈ॥ (੬੧੬) ਅੰਮ੍ਰਿਤ ਬਾਣੀ ਅਮਿਉ ਰਸੁ, ਅੰਮ੍ਰਿਤੁ ਹਰਿ ਕਾ ਨਾਉ॥ (੯੬੩) ਅੰਮ੍ਰਿਤ ਹਰਿ ਕਾ ਨਾਮੁ ਹੈ, ਮੇਰੀ ਜਿੰਦੜੀਏ, ਅੰਮ੍ਰਿਤ ਗੁਰਮਤਿ ਪਾਇ ਰਾਮ॥(੫੩੮) ਅੰਮ੍ਰਿਤੁ ਨਾਮੁ ਨਿਧਾਨ ਹੈ, ਮਿਲਿ ਪੀਵਹੁ ਭਾਈ॥ (੩੧੮) ਅੰਮ੍ਰਿਤ ਸਬਦੁ, ਅੰਮ੍ਰਿਤ ਹਰਿ ਬਾਣੀ॥ ਸਤਿਗੁਰਿ ਸੇਵਿਐ, ਰਿਦੈ ਸਮਾਣੀ॥ ਨਾਨਕ, ਅੰਮ੍ਰਿਤ ਨਾਮ ਸਦਾ ਸੁਖ ਦਾਤਾ, ਪੀ ਅੰਮ੍ਰਿਤੁ ਸਭ ਭੁਖ ਲਹਿ ਜਾਵਣਿਆ॥ (੧੧੮) ਆਦਿ ਤੋਂ ਇਲਾਵਾ ਹੋਰ ਪਦਾਰਥਾਂ ਨੂੰ ਵੀ ਅੰਮ੍ਰਿਤ ਕਿਹਾ ਗਿਆ ਹੈ ਜਿਵੇਂ ਮੱਖਣ- ਰਸਨਾ ਨਾਮਿ ਜਪਹੁ ਤਬ ਮਥੀਐ, ਇਨਿ ਬਿਧਿ ਅੰਮ੍ਰਿਤ ਪਾਵਹੁ॥ (੭੨੮) ਦੁੱਧ- ਸੋਇਨ ਕਟੋਰੀ ਅੰਮ੍ਰਿਤ ਭਰੀ॥(੧੧੬੩) ਮਿਠਾਸ- ਗੁਰਮੁਖਿ ਅੰਮ੍ਰਿਤ ਬਾਣੀ ਬੋਲਹਿ॥ (੬੯) ਸੁਵਾਦਿਸ਼ਟ ਭੋਜਨ-ਜਿਹ ਪ੍ਰਸਾਦਿ, ਛਤਹੀ ਅੰਮ੍ਰਿਤ ਖਾਹਿ॥ (੨੬੯) ਅਮਰ-ਹਰਿ ਅੰਮ੍ਰਿਤ ਸਜਣ ਮੇਰਾ॥ (ਗੁਰੂ ਗ੍ਰੰਥ) ਪ੍ਰਮੇਸ਼ਰ ਤੇ ਪ੍ਰਮੇਸ਼ਰ ਦਾ ਨਾਮ ਅਮਰ ਹੈ, ਜੋ ਇਸ ਨੂੰ ਜਪਦੇ ਤੇ ਧਾਰਦੇ ਹਨ ਉਹ ਵੀ ਅਮਰ ਹੋ ਜਾਂਦੇ ਹਨ ਪਰ ਇਹ ਪਦਵੀ ਗੱਲੀਂ ਬਾਤੀਂ ਨਹੀਂ ਪਾਈ ਜਾ ਸਕਦੀ ਜਿਵੇਂ- ਖਾਂਡ ਖਾਂਡ ਕਹੈ ਜਿਹਬਾ ਨਾ ਸਵਾਦ ਮੀਠੋ ਆਵੈ, ਅਗਨਿ ਅਗਨਿ ਕਹੈ ਸੀਤ ਨਾ ਬਿਨਾਸ ਹੈ। ਅਮਰ ਅਮਰ ਕਹੈ ਪਾਈਐ ਨਾ ਅਮਰ ਪਦ, ਜਉ ਲਉ ਜਿਹਵਾ ਕੈ ਸੁਰਸ ਅੰਮ੍ਰਿਤ ਨਾ ਚਾਖੀਐ।। (ਭਾ.ਗੁ) ਅੰਮ੍ਰਿਤ ਕਿੱਥੇ ਹੈ ਅਤੇ ਕਿੱਥੋਂ ਮਿਲਦਾ ਹੈ ? ਅੰਮ੍ਰਿਤ ਸਾਡੇ ਅੰਦਰ ਹੈ ਜਿਸ ਨੂੰ ਸ਼ਬਦ ਗੁਰੂ ਦੁਆਰਾ ਪ੍ਰਾਪਤ ਕੀਤੀ ਜਾ ਸਕਦਾ ਹੈ- ਸਬਦੁ ਗੁਰ ਪੀਰਾ ਗਹਿਰ ਗੰਭੀਰਾ॥ ਬਿਨਿ ਸਬਦੈ ਜਗੁ ਬਉਰਾਨੰ॥ (੬੩੫) ਭੇਖ ਤੋਂ ਉੱਪਰ ਉੱਠ ਕੇ ਸ਼ੁਭ ਗੁਣ ਧਾਰਨ ਕਰਕੇ ਹੀ ਅੰਮ੍ਰਿਤ ਪੀਣਾ ਹੈ।
ਅੰਮ੍ਰਿਤ ਬਾਰੇ ਗੁਰਬਾਣੀ ਉਪਦੇਸ਼
-
ਜਿਸੁ ਜਲ ਨਿਧਿ ਕਾਰਣਿ ਤੁਮ ਜਗਿ ਆਏ, ਸੋ ਅੰਮ੍ਰਿਤ ਗੁਰ ਪਾਹੀਂ ਜੀਉ॥ ਛੋਡਹੁ ਵੇਸੁ ਭੇਖੁ ਚਤੁਰਾਈ, ਦੁਬਿਧਾ ਇਹੁ ਫਲੁ ਨਾਹੀਂ ਜੀਉ॥੧॥ ਮਨ ਰੇ ! ਥਿਰ ਰਹੁ, ਮਤੁ ਕਤ ਜਾਹੀ ਜੀਉ॥ ਬਾਹਰਿ ਢੂਢਤ ਬਹੁਤ ਦੁਖ ਪਾਵਹਿ, ਘਰਿ ਅੰਮ੍ਰਿਤੁ ਘਟ ਮਾਹੀ ਜੀਉ॥(੫੯੮)
- ਅੰਤਰਿ ਖੂਹਟਾ ਅੰਮ੍ਰਿਤਿ ਭਰਿਆ, ਸ਼ਬਦੇ ਕਾਢਿ ਪੀਐ ਪਨਿਹਾਰੀ॥ (੫੭੦)
- ਜੇਤੇ ਘਟਿ ਅੰਮ੍ਰਿਤੁ ਸਭ ਹੀ ਮਹਿ, ਭਾਵਹਿ ਤਿਸਹਿ ਪੀਆਈ॥ (੧੧੨੩)
- ਨਾਨਕ ਅੰਮ੍ਰਿਤੁ ਮਨੈ ਮਾਹਿ, ਪਾਈਐ ਗੁਰ ਪਰਸਾਦਿ॥ (੧੨੩੮)
-
ਅੰਦਰੁ ਅੰਮ੍ਰਿਤਿ ਭਰਪੂਰ ਹੈ, ਚਾਖਿਆਂ ਸਾਦ ਜਾਪੈ॥ (੧੦੯੨) ਆਦਿ।
ਸੋ, ਗੁਰਬਾਣੀ ਅਨੁਸਾਰ ਪ੍ਰਮੇਸ਼ਰ ਦਾ ਨਾਮ, ਚੰਗੇ ਗੁਣ, ਚੰਗਾ ਭੋਜਨ, ਸਫਲ ਸੇਵਾ ਅਤੇ ਰੱਬ ਦੀ ਸਿਫਤ ਸਲਾਹ ਹੀ ਅੰਮ੍ਰਿਤ ਹੈ, ਜੋ ਸਾਡੇ ਹਿਰਦੇ ਵਿੱਚੋਂ ਹੋਣੀ ਹੈ, ਜਿਸ ਦੀ ਪ੍ਰਾਪਤੀ ਗੁਰੂ ਗਿਆਨ ਦੁਆਰਾ ਹੁੰਦੀ ਹੈ ਪਰ ਅੱਜ ਅਸੀਂ ਮਨ ਮਰਜੀ ਦੇ ਅੰਮ੍ਰਿਤ ਪੀ ਰਹੇ ਹਾਂ ਜਿਵੇਂ ਕਿ ਚਰਨ ਅੰਮ੍ਰਿਤ-ਧਰਮ ਅਸਥਾਨਾਂ ਦੇ ਬਾਹਰ ਪੈਰ ਧੋਣ ਵਾਲੇ ਚੁਬੱਚੇ ਚੋਂ ਪੈਰਾਂ ਦੇ ਧੋਣ (ਗੰਦੇ ਪਾਣੀ), ਕਿਸੇ ਘੜੇ ਜਾਂ ਸ਼ੀਸੀ ਬੋਤਲ ਵਿੱਚ ਪਾ ਰੱਖੇ ਅਤੇ ਸਰੋਵਰਾਂ ਦੇ ਪਾਣੀ ਨੂੰ ਅੰਮ੍ਰਿਤ ਸਮਝ ਪੀ ਰਹੇ ਹਾਂ। ਜੇ ਅਸੀਂ ਗੁਰੂ ਦਾ ਅੰਮ੍ਰਿਤ ਛਕਦੇ ਹਾਂ ਤਾਂ ਉਸ ਵਿੱਚ ਵੀ ਵੰਡੀਆਂ ਪਾ ਰਹੇ ਹਾਂ, ਜਿਵੇਂ ਕਿ ਕਿੱਥੋਂ ਅੰਮ੍ਰਿਤ ਛੱਕਿਆ ਹੈ ? ਨਿਹੰਗਾਂ, ਭਿੰਡਰਾਂਵਾਲਿਆਂ, ਰਾੜੇਵਾਲਿਆਂ, ਪਹੇਵੇ ਵਾਲਿਆਂ, ਫਲਾਨੇ ਸੰਤਾਂ, ਮਿਸ਼ਨਰੀ ਕਾਲਜਾਂ ਅਤੇ ਸ਼੍ਰੋਮਣੀ ਕਮੇਟੀ ਤੋਂ ਆਦਿਕ। ਗੁਰੂ ਤੋਂ ਛੱਕਿਆ ਕੋਈ ਵਿਰਲਾ ਹੀ ਕਹਿੰਦਾ ਹੈ ? ਫਿਰ ਇਹ ਸਭ ਮਰਯਾਦਾ ਵੀ ਵੱਖਰੀ-ਵੱਖਰੀ ਦ੍ਰਿੜ ਕਰਵਾਉਂਦੇ ਹਨ ਐਸਾ ਕਿਉਂ ? ਕੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਵੱਖਰੀ-ਵੱਖਰੀ ਮਰਯਾਦਾ ਦ੍ਰਿੜ ਕਰਵਾਈ ਸੀ ? ਜਰਾ ਸੋਚੋ ! ਜਦੋਂ ਖ਼ਾਲਸਾ ਪੰਥ ਇੱਕ ਹੈ ਫਿਰ ਖ਼ਾਲਸੇ ਪੰਥ ਦੀ ਮਰਯਾਦਾ ਵੀ ਇੱਕ ਹੀ ਹੋਣੀ ਚਾਹੀਦੀ ਹੈ।
ਨੋਟ-ਕੇਵਲ ਸ੍ਰੋਮਣੀ ਕਮੇਟੀ ਅਤੇ ਸਿੱਖ ਮਿਸ਼ਨਰੀ ਕਾਲਜ ਹੀ ਸਿੱਖ ਰਹਿਤ ਮਰਯਾਦਾ ਦ੍ਰਿੜ ਕਰਵਾਉਂਦੇ ਹਨ।
ਅੰਮ੍ਰਿਤ ਇੱਕ ਪ੍ਰਣ ਹੈ-ਸਿੱਖ ਗੁਰੂ ਅੱਗੇ ਪ੍ਰਣ ਕਰਦਾ ਹੈ ਕਿ ਉਹ ਕਿਰਤਮ ਦੀ ਥਾਂ ਅਕਾਲ ਦੀ ਪੂਜਾ ਕਰੇਗਾ, ਨਾਮ ਜਪੇਗਾ ਅਤੇ ਧਰਮ ਦੀ ਕਿਰਤ ਕਰਦਾ ਹੋਇਆ ਵੰਡ ਛਕੇਗਾ। ਮਨੁੱਖਤਾ ਦੀ ਸੇਵਾ ਕਰਦਾ ਹੋਇਆ ਪਰਉਪਕਾਰੀ ਜੀਵਨ ਜੀਵੇਗਾ, ਜਾਤਿ-ਪਾਤਿ ਨੂੰ ਨਹੀਂ ਮੰਨੇਗਾ। ਕਿਸੇ ਦੇਹਧਾਰੀ ਸਾਧ ਸੰਤ ਦੀ ਥਾਂ ਗੁਰੂ ਗ੍ਰੰਥ ਸਾਹਿਬ ਨੂੰ ਹੀ ਸੀਸ ਨਿਵਾਏਗਾ, ਬੁਰੇ ਕਰਮਾਂ ਦਾ ਤਿਆਗ ਕਰੇਗਾ। ਕੇਸਾਂ ਦੀ ਬੇਅਦਬੀ ਅਤੇ ਪਰਾਈ ਇਸਤ੍ਰੀ ਜਾਂ ਮਰਦ ਦਾ ਸੰਗ ਨਹੀਂ ਕਰੇਗਾ। ਜਗਤ ਜੂਠ ਤਮਾਕੂ ਨਹੀਂ ਪੀਵੇਗਾ, ਗੁਲਾਮੀ ਦੀ ਨਿਸ਼ਾਨੀ ਹਲਾਲ ਕੀਤਾ ਕੁੱਠਾ ਮਾਸ ਨਹੀਂ ਖਾਏਗਾ। ਸਰੀਰਕ ਸਫਾਈ ਨੂੰ ਮੁੱਖ ਰੱਖ ਨਿੱਤ ਇਸ਼ਨਾਨ ਕਰੇਗਾ ਪਰ ਬ੍ਰਾਹਮਣ ਵਾਲੀ ਸੁੱਚ ਭਿੱਟ ਨਹੀਂ ਰੱਖੇਗਾ। ਪੰਜ ਕਕਾਰੀ ਵਰਦੀ ਧਾਰਨ ਕਰਕੇ ਗੁਰਬਾਣੀ ਦਾ ਪਾਠ ਨਿਤਾਪ੍ਰਤੀ ਕਰਕੇ ਵਿਚਾਰੇਗਾ। ਸ਼ਸ਼ਤ੍ਰ ਵਿਦਿਆ ਦਾ ਅਭਿਆਸ ਜਾਰੀ ਰੱਖਦਾ ਮਜ਼ਲੂਮਾਂ ਦੀ ਰੱਖਿਆ ਕਰੇਗਾ। ਏਕ ਪਿਤਾ ਏਕਸ ਕੇ ਹਮ ਬਾਰਿਕ।। ਮਹਾਂਵਾਕ ਅਨੁਸਾਰ ਸਾਰੇ ਸੰਸਾਰ ਨੂੰ ਆਪਣਾ ਪ੍ਰਵਾਰ ਸਮਝੇਗਾ। ਗੁਰਬਾਣੀ ਨੂੰ ਮੂਰਤੀਆਂ ਦੀ ਤਰ੍ਹਾਂ ਧੂਫਾਂ ਧੁਖਾ ਕੇ ਜਾਂ ਜੋਤਾਂ ਬਾਲ ਕੇ ਨਹੀਂ ਪੂਜੇਗਾ ਸਗੋਂ ਗੁਰੂਆਂ ਭਗਤਾਂ ਦੇ ਰੱਬੀ ਗਿਆਨ ਨੂੰ ਵਿਚਾਰ ਨਾਲ ਸਮਝ ਕੇ ਸਮੁੱਚੇ ਸੰਸਾਰ ਵਿੱਚ ਵੰਡਦਾ ਹੋਇਆ ਆਪਣਾ ਅੰਮ੍ਰਿਤਧਾਰੀ ਜੀਵਨ ਸਫਲ ਕਰੇਗਾ।
ਗੁਰੂ ਜੀ ਨੇ ਐਸਾ ਪਰਉਪਕਾਰੀ ਖ਼ਾਲਸਾ ਪੰਥ ਸਾਜਿਆ ਸੀ । ਜਰਾ ਆਪਣੇ ਮਨਾਂ ਵਿੱਚ ਵਿਚਾਰੋ ਕਿ ਅਸੀਂ ਗੁਰੂ ਜੀ ਦੇ ਖਾਲਸੇ ਹਾਂ ? ਤੇ ਫਿਰ ਇਹ ਅਲੱਗ-ਅਲੱਗ ਮਰਿਆਦਾ ਰੂਪ ਵੰਡੀਆਂ ਸਾਡੇ ਵਿੱਚ ਕਿਵੇਂ ਪੈ ਗਈਆਂ ? ਸਿੱਖ ਧਰਮ ਵਿਗਿਆਨਕ, ਅਧੁਨਿਕ ਅਤੇ ਸਾਰੇ ਸੰਸਾਰ ਦਾ ਧਰਮ ਹੈ, ਜਿਸ ਨੂੰ ਸੰਸਾਰ ਦਾ ਕੋਈ ਵੀ ਮਨੁੱਖ ਧਾਰਨ ਕਰ ਸਕਦਾ ਹੈ। ਵੈਸਾਖੀ ਦੇ ਪੁਰਬ ਤੇ ਐਸੇ ਉਪਰਾਲੇ ਕਿਉਂ ਨਹੀਂ ਕੀਤੇ ਜਾਂਦੇ ? ਦੇਖੋ ! ਈਸਾਈਆਂ ਨੇ ਦੁਨੀਆਂ ਦੀ ਹਰੇਕ ਭਾਸ਼ਾ ਵਿੱਚ ਪਵਿਤਰ ਬਾਈਬਲ ਦਾ ਗਿਆਨ ਵੰਡ ਦਿੱਤਾ ਹੈ। ਕੈਸੀ ਭਾਵਨਾ ਹੈ ਉਨ੍ਹਾਂ ਵਿੱਚ ਪਰ ਅਸੀਂ ਪੰਜਾਬੀ ਅਤੇ ਵਰਲਡ ਭਾਸ਼ਾ ਅੰਗ੍ਰੇਜੀ ਵਿੱਚ ਵੀ ਐਸਾ ਨਹੀਂ ਕਰ ਸਕੇ। ਜਰਾ ਧਿਆਨ ਦਿਉ ! ਗੁਰੂ ਗ੍ਰੰਥ ਸਹਿਬ ਜੀ ਵਿੱਚ ਐਸੀ ਭਾਵਨਾ ਪਹਿਲਾਂ ਹੀ ਦਰਸਾਈ ਗਈ ਹੈ ਅਤੇ ਅਨੇਕਾਂ ਭਾਸ਼ਾਵਾਂ ਗੁਰਬਾਣੀ ਵਿੱਚ ਵਰਤੀਆਂ ਗਈਆਂ ਹਨ ਜੋ ਸਰਬਸਾਂਝੀਵਾਲਤਾ ਦਾ ਪ੍ਰਤੀਕ ਹਨ। ਸਾਨੂੰ ਗੁਰਬਾਣੀ ਤੋਂ ਸੇਧ ਲੈ ਕੇ ਚੱਲਣਾ ਚਾਹੀਦਾ ਹੈ, ਨਾਂ ਕਿ ਕਿਸੇ ਵੰਡਪਾਉ ਸਾਧ-ਸੰਤ, ਸੰਪਰਦਾ-ਟਕਸਾਲ ਜਾਂ ਸੰਸਥਾ ਆਦਿਕ ਤੋਂ। ਗੁਰੂ ਜੀ ਸਦਾ ਲਈ ਸਾਨੂੰ ਗੁਰੂ ਗ੍ਰੰਥ ਦੇ ਲੜ ਲਾਉਂਦੇ ਹਨ ਤੇ ਸਾਨੂੰ ਲੱਗੇ ਰਹਿੰਣਾ ਚਾਹੀਦਾ ਹੈ। ਇਹੀ ਵੈਸਾਖੀ, ਅੰਮ੍ਰਿਤ, ਖਾਲਸਾ ਸਾਜਨ ਦਿਵਸ ਦਾ ਅਸਲੀ ਸੰਦੇਸ਼ ਵਿਲੱਖਣਤਾ ਤੇ ਮਹਾਨਤਾ ਕਹੀ ਜਾ ਸਕਦੀ ਹੈ।