ਭਾਈ ਮੋਤੀ ਰਾਮ ਤੇ ਦੀਵਾਨ ਟੋਡਰ ਮੱਲ ਦੀ ਗੁਰੂ ਘਰ ਪ੍ਰਤੀ ਨਿਸ਼ਠਾ

0
1032

ਭਾਈ ਮੋਤੀ ਰਾਮ ਤੇ ਦੀਵਾਨ ਟੋਡਰ ਮੱਲ ਦੀ ਗੁਰੂ ਘਰ ਪ੍ਰਤੀ ਨਿਸ਼ਠਾ

ਸੁਰਿੰਦਰ ਕੋਛੜ- 93561-27771

ਮੁਗ਼ਲਾਂ ਦੇ ਜ਼ੋਰ-ਜ਼ੁਲਮ ਕਾਰਨ ਜਦ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਸਾਥ ਦੇਣਾ, ਆਪਣੀ ਮੌਤ ਨੂੰ ਆਪ ਸੱਦਾ ਦੇਣ ਵਾਲੀ ਗੱਲ ਸੀ ਤਾਂ ਇਸ ਮੁਸੀਬਤ ਦੀ ਘੜੀ ਵਿੱਚ ਭਾਈ ਮੋਤੀ ਰਾਮ ਮਹਿਰਾ ਅਤੇ ਦੀਵਾਨ ਟੋਡਰ ਮੱਲ ਜਿਹੇ ਸਿਦਕੀ ਸਿੱਖਾਂ ਨੇ ਇਨਸਾਨੀ ਫ਼ਰਜ਼ ਨਿਭਾਉਂਦਿਆਂ ਗੁਰੂ ਘਰ ਪ੍ਰਤੀ ਜੋ ਨਿਸ਼ਠਾ, ਸਿਦਕ, ਸਮਰਪਣ ਅਤੇ ਵਫ਼ਾਦਾਰੀ ਵਿਖਾਈ, ਉਸ ਨੇ ਉਨ੍ਹਾਂ ਨੂੰ ਸਿੱਖ ਇਤਿਹਾਸ ਵਿੱਚ ਹਮੇਸ਼ਾਂ ਲਈ ਅਮਰ ਕਰ ਦਿੱਤਾ।

ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਆਨੰਦਪੁਰ ਸਾਹਿਬ ਛੱਡ ਕੇ ਜਦ ਰਵਾਨਾ ਹੋਇਆ ਤਾਂ ਸਰਸਾ ਨਦੀ ਦੇ ਕੰਢੇ ਪਰਿਵਾਰ ਦੇ ਵਿੱਛੜ ਜਾਣ ’ਤੇ ਮਾਤਾ ਗੁਜਰੀ ਜੀ ਨੇ ਛੋਟੇ ਦੋਵਾਂ ਸਾਹਿਬਜ਼ਾਦਿਆਂ ਸਹਿਤ ਰਾਤ ਕਾਇਮਦੀਨ ਮਲਾਹ ਦੀ ਕਿਸ਼ਤੀ ਵਿੱਚ ਬਿਤਾਈ। ਉਸ ਸਮੇਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਦੀ ਉਮਰ 9 ਸਾਲ ਅਤੇ ਸਾਹਿਬਜ਼ਾਦਾ ਫ਼ਤਹਿ ਸਿੰਘ ਦੀ ਉਮਰ 7 ਕੁ ਵਰ੍ਹੇ ਸੀ। ਸਰਸਾ ਨਦੀ ਤੋਂ ਗੁਰੂ-ਘਰ ਦਾ ਚਾਕਰ ਗੰਗੂ ਬ੍ਰਾਹਮਣ ਮਾਤਾ ਜੀ ਨੂੰ ਆਪਣੀਆਂ ਗੱਲਾਂ ਵਿੱਚ ਪਾ ਕੇ ਸਾਹਿਬਜ਼ਾਦਿਆਂ ਸਮੇਤ ਮੋਰਿੰਡੇ ਦੇ ਪਾਸ ਆਪਣੇ ਪਿੰਡ ਖੇੜੀ ਲੈ ਗਿਆ। ਉੱਥੇ ਪੁੱਜਣ ‘ਤੇ ਰਾਤ ਨੂੰ ਗੰਗੂ ਨੇ ਲਾਲਚ ਵਿੱਚ ਆ ਕੇ ਮਾਤਾ ਜੀ ਦੇ ਸਿਰਹਾਣੇ ਹੇਠਾਂ ਰੱਖੀ ਪੈਸਿਆਂ ਅਤੇ ਗਹਿਣਿਆਂ ਵਾਲੀ ਥੈਲੀ ਚੋਰੀ ਕਰ ਲਈ। ਜਦੋਂ ਮਾਤਾ ਜੀ ਨੇ ਸਹਿਜ-ਸੁਭਾਅ ਉਸ ਕੋਲੋਂ ਥੈਲੀ ਬਾਰੇ ਪੁੱਛਿਆਂ ਤਾਂ ਉਹ ਗੁੱਸੇ ਵਿੱਚ ਕਹਿਣ ਲੱਗਾ ਕਿ ਇੱਕ ਤਾਂ ਉਸ ਨੇ ਮੁਗ਼ਲ ਸਰਕਾਰ ਦੇ ਵਿਰੋਧੀਆਂ ਨੂੰ ਆਪਣੇ ਘਰ ਵਿੱਚ ਸ਼ਰਨ ਦਿੱਤੀ ਹੈ ਅਤੇ ਉੱਪਰੋਂ ਉਸੇ ’ਤੇ ਚੋਰੀ ਦਾ ਇਲਜ਼ਾਮ ਲਾਇਆ ਜਾ ਰਿਹਾ ਹੈ। ਉਸ ਨੇ ਸਰਕਾਰ ਵੱਲੋਂ ਮਿਲਣ ਵਾਲੇ ਇਨਾਮ ਦੇ ਲਾਲਚ ਵਿੱਚ ਅੰਨ੍ਹਾ ਹੋ ਕੇ ਮਾਤਾ ਜੀ ਦੇ ਕਮਰੇ ਨੂੰ ਬਾਹਰੋਂ ਬੰਦ ਕਰ ਦਿੱਤਾ ਅਤੇ ਗੁਰੂ ਪਰਿਵਾਰ, ਉਸ ਦੇ ਘਰ ਹੋਣ ਦੀ ਖ਼ਬਰ ਪਿੰਡ ਦੇ ਚੌਧਰੀ ਦੀ ਮਾਰਫ਼ਤ ਮੋਰਿੰਡਾ ਦੇ ਹਾਕਮ ਪਾਸ ਪਹੁੰਚਾ ਦਿੱਤੀ।

ਮੋਰਿੰਡੇ ਦੇ ਹਾਕਮਾਂ ਨੇ ਦਿਨ ਚੜ੍ਹਦਿਆਂ ਹੀ ਗੰਗੂ ਦੇ ਘਰ ਪੁੱਜ ਕੇ ਮਾਤਾ ਜੀ ਅਤੇ ਦੋਵਾਂ ਸਾਹਿਬਜ਼ਾਦਿਆਂ ਨੂੰ ਬੰਦੀ ਬਣਾ ਲਿਆ ਅਤੇ ਸਰਹਿੰਦ ਦੇ ਨਵਾਬ ਵਜ਼ੀਰ ਖ਼ਾਂ ਦੀ ਕਚਹਿਰੀ ਵਿੱਚ ਪੇਸ਼ ਕੀਤਾ। ਬੇਤਰਸ ਨਵਾਬ ਨੇ ਪੋਹ ਦੀ ਕੜਕਦੀ ਠੰਢ ਵਿੱਚ ਬਜ਼ੁਰਗ ਮਾਤਾ ਅਤੇ ਛੋਟੀ ਉਮਰ ਦੇ ਸਾਹਿਬਜ਼ਾਦਿਆਂ ਨੂੰ ਠੰਢੇ ਬੁਰਜ ਵਿੱਚ ਕੈਦ ਕਰਨ ਦਾ ਹੁਕਮ ਸੁਣਾ ਦਿੱਤਾ।

ਭਾਈ ਮੋਤੀ ਰਾਮ ਮਹਿਰਾ, ਜਿਨ੍ਹਾਂ ਨੂੰ ਸਰਹਿੰਦ ਦੇ ਨਵਾਬ ਨੇ ਹਿੰਦੂ ਕੈਦੀਆਂ ਨੂੰ ਭੋਜਨ ਛਕਾਉਣ ਲਈ ਨਿਯੁਕਤ ਕੀਤਾ ਸੀ, ਨੂੰ ਜਦੋਂ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੇ ਠੰਢੇ ਬੁਰਜ ਵਿੱਚ ਕੈਦ ਹੋਣ ਦੀ ਖ਼ਬਰ ਮਿਲੀ ਤਾਂ ਉਹ ਆਪਣੀ ਮਾਂ ਅਤੇ ਪਤਨੀ ਨਾਲ ਸਲਾਹ ਕਰਕੇ ਗਰਮ ਦੁੱਧ ਦਾ ਕੋਰਾ ਗੜਵਾ ਭਰ ਕੇ ਉਨ੍ਹਾਂ ਲਈ ਲੈ ਗਿਆ। ਉਸ ਨੂੰ ਪਤਾ ਸੀ ਕਿ ਬੁਰਜ ਦੇ ਪਹਿਰੇਦਾਰਾਂ ਨੇ ਇਹ ਗੜਵਾ ਬੁਰਜ ਤਕ ਨਹੀਂ ਪੁੱਜਣ ਦੇਣਾ, ਇਸ ਲਈ ਉਹ ਜਾਣ ਲੱਗਿਆਂ ਉਨ੍ਹਾਂ ਨੂੰ ਰਿਸ਼ਵਤ ਦੇਣ ਲਈ ਆਪਣੀ ਮਾਂ ਅਤੇ ਪਤਨੀ ਦੇ ਗਹਿਣੇ ਅਤੇ ਕੁਝ ਪੈਸੇ ਨਾਲ ਲੈ ਗਿਆ। ਉਹ ਲਗਾਤਾਰ ਤਿੰਨ ਰਾਤਾਂ ਪਹਿਰੇਦਾਰਾਂ ਨੂੰ ਰਿਸ਼ਵਤ ਦੇ ਕੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਗਰਮ ਦੁੱਧ ਪਿਆਉਣ ਲਈ ਠੰਢੇ ਬੁਰਜ ਵਿੱਚ ਜਾਂਦਾ ਰਿਹਾ।

ਉਧਰ, ਲਗਾਤਾਰ ਤਿੰਨ ਦਿਨ ਤਕ ਹਰ ਸਵੇਰ ਸਾਹਿਬਜ਼ਾਦਿਆਂ ਨੂੰ ਨਵਾਬ ਦੀ ਕਚਹਿਰੀ ਵਿੱਚ ਪੇਸ਼ ਕਰ ਕੇ ਉਨ੍ਹਾਂ ਨੂੰ ਸਿੱਖੀ ਤਿਆਗ ਕੇ ਇਸਲਾਮ ਕਬੂਲ ਕਰਨ ਲਈ ਮਜਬੂਰ ਕੀਤਾ ਜਾਂਦਾ ਰਿਹਾ। ਜਦੋਂ ਉਨ੍ਹਾਂ ’ਤੇ ਹਕੂਮਤ ਦੇ ਕਿਸੇ ਜ਼ੋਰ ਜ਼ੁਲਮ ਦਾ ਕੋਈ ਅਸਰ ਨਾ ਹੋਇਆ ਤਾਂ ਅੰਤ ਤੀਜੇ ਦਿਨ ਨਵਾਬ ਵਜ਼ੀਰ ਖ਼ਾਂ ਦੇ ਇਸ਼ਾਰੇ ’ਤੇ ਕਾਜ਼ੀ ਨੇ ਕਿਹਾ ਕਿ ਜੇ ਇਹ ਬੱਚੇ ਕਲਮਾ ਪੜ੍ਹ ਕੇ ਇਸਲਾਮ ਕਬੂਲ ਨਹੀਂ ਕਰਦੇ ਤਾਂ ਇਨ੍ਹਾਂ ਨੂੰ ਦੀਵਾਰ ਵਿੱਚ ਚਿਣਵਾ ਦਿੱਤਾ ਜਾਵੇ। ਇਸ ’ਤੇ ਨਵਾਬ ਵੱਲੋਂ ਹੁਕਮ ਜਾਰੀ ਕਰ ਕੇ ਸਾਹਿਬਜ਼ਾਦਿਆਂ ਨੂੰ ਜਿਉਂਦੇ ਦੀਵਾਰ ਵਿੱਚ ਚਿਣਵਾਏ ਜਾਣ ਤੋਂ ਬਾਅਦ ਬੜੀ ਬੇਰਹਿਮੀ ਨਾਲ ਸ਼ਹੀਦ ਕਰ ਦਿੱਤਾ ਗਿਆ। ਸਿੱਖ ਵਿਦਵਾਨ ਲਿਖਦੇ ਹਨ ਕਿ ਭਾਈ ਮੋਤੀ ਰਾਮ ਮਹਿਰਾ ਨੇ ਜਦੋਂ ਇਹ ਦੁਖਦ ਸਮਾਚਾਰ ਮਾਤਾ ਗੁਜਰੀ ਜੀ ਨੂੰ ਸੁਣਾਇਆ ਤਾਂ ਉਨ੍ਹਾਂ ਨੇ ਇਸ ਸਭ ਨੂੰ ਅਕਾਲ ਪੁਰਖ ਦਾ ਭਾਣਾ ਕਹਿ ਕੇ ਸਵੀਕਾਰਿਆ, ਅੰਤ ਉਨ੍ਹਾਂ ਨੂੰ ਵੀ ਬੁਰਜ ਤੋਂ ਹੇਠਾਂ ਸੁੱਟ ਕੇ ਸ਼ਹੀਦੀ ਕਰ ਦਿੱਤਾ ਗਿਆ। ਜ਼ਾਲਮ ਨਵਾਬ ਨੇ ਸ਼ਹੀਦ ਕੀਤੇ ਸਾਹਿਬਜ਼ਾਦਿਆਂ ਸਮੇਤ ਮਾਤਾ ਗੁਜਰੀ ਜੀ ਦੀ ਪਵਿੱਤਰ ਦੇਹ ਮੌਜੂਦਾ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਦੇ ਪਿੱਛੇ ਵਗਦੀ ਹੰਸਲਾ ਨਦੀ ਦੇ ਕੰਢੇ ਸੰਘਣੇ ਜੰਗਲ ਵਿੱਚ ਸੁਟਵਾ ਦਿੱਤੀ ਤਾਂ ਜੋ ਜੰਗਲੀ ਜਾਨਵਰ ਉਨ੍ਹਾਂ ਦੀਆਂ ਦੇਹਾਂ ਨੂੰ ਖਾ ਜਾਣ।

ਦੀਵਾਨ ਟੋਡਰ ਮੱਲ ਸਰਹਿੰਦ ਦਾ ਧਨਾਢ ਮਹਾਜਨ ਸੀ। ਦੀਵਾਨ ਟੋਡਰ ਮੱਲ ਆਗਰਾ ਤੋਂ ਲਾਹੌਰ ਤੱਕ ਜਾਣ ਲਈ ਲੰਮਾ ਸਫਰ ਤੈਅ ਕਰਨ ਵਾਲੇ ਯਾਤਰੀਆਂ ਦੀ ਪਿਆਸ ਬੁਝਾਉਣ ਲਈ ਰਾਜਾਤਾਲ ਵਿੱਚ ਬਣੇ ਤਲਾਬ ਦੇ ਪਾਣੀ ਦਾ ਪ੍ਰਬੰਧ ਕਰਨਾ ਬਹੁਤ ਵੱਡਾ ਪੁੰਨ ਸਮਝਦਾ ਸੀ। ਤਲਾਬ ਬਣਵਾਉਣ ਦੇ ਉਪਰਾਲੇ ਨਾਲ ਮਿਲੀ ਪ੍ਰਸਿੱਧੀ ਦੇ ਸਿੱਟੇ ਵਜੋਂ ਟੋਡਰ ਮੱਲ ਨੂੰ 1682 ਵਿੱਚ ‘ਦੀਵਾਨ’ ਦੀ ਉਪਾਧੀ ਪ੍ਰਾਪਤ ਹੋਈ। ਦੀਵਾਨ ਟੋਡਰ ਮੱਲ ਅਕਬਰ ਬਾਦਸਾਹ ਦੇ ਦਰਬਾਰ ਦਾ ਉੱਘਾ ਦਰਬਾਰੀ, ਧਾਰਮਿਕ ਤੇ ਦਿਆਲੂ ਸ਼ਖ਼ਸੀਅਤ ਸੀ। ਟੋਡਰ ਮੱਲ ਨੂੰ ਰਾਜ ਦਰਬਾਰ ਵਿੱਚ ਇੱਕ ਧਰਮੀ ਵਿਅਕਤੀ ਵਜੋਂ ਜਾਣਿਆ ਜਾਂਦਾ ਸੀ, ਜੋ ਖੇਤੀਬਾੜੀ ਸੁਧਾਰਾਂ ਵਿੱਚ ਮਾਹਰ ਵੀ ਸੀ।

ਟੋਡਰ ਮੱਲ ਜੀ ਨੇ ਜਦੋਂ ਨਵਾਬ ਕੋਲੋਂ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦੀਆਂ ਪਵਿੱਤਰ ਦੇਹਾਂ ਲੈ ਕੇ ਉਨ੍ਹਾਂ ਦੇ ਅੰਤਿਮ ਸਸਕਾਰ ਕਰਨ ਦੀ ਮਨਜ਼ੂਰੀ ਲੈਣ ਲਈ ਬੇਨਤੀ ਕੀਤੀ ਤਾਂ ਉਸ ਨੇ ਸ਼ਰਤ ਰੱਖੀ ਕਿ ਸਸਕਾਰ ਲਈ ਜਿੰਨੀ ਭੂਮੀ ਚਾਹੀਦੀ ਹੈ, ਸੋਨੇ ਦੀਆਂ ਮੋਹਰਾਂ ਵਿਛਾ ਕੇ ਉਨੀ ਭੂਮੀ ਲੈ ਲਵੋ। ਇਸ ’ਤੇ ਦੀਵਾਨ ਨੇ ਆਪਣੀ ਜਾਇਦਾਦ ਬਦਲੇ ਖੜਵੀਆਂ ਮੋਹਰਾਂ ਰੱਖ ਕੇ ਸਸਕਾਰ ਲਈ ਭੂਮੀ ਲੈ ਲਈ ਅਤੇ ਪੂਰੇ ਸਨਮਾਨ ਅਤੇ ਵਿਧੀ ਨਾਲ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦਾ ਸਸਕਾਰ ਕੀਤਾ। ਸਸਕਾਰ ਲਈ ਲੱਕੜੀਆਂ ਲਿਆਉਣ ਲਈ ਭਾਈ ਮੋਤੀ ਰਾਮ ਮਹਿਰਾ ਨੇ ਇਹ ਸੇਵਾ ਨਿਭਾਈ ਅਤੇ ਬੇਖ਼ੌਫ਼ ਹੋ ਕੇ ਦੀਵਾਨ ਦਾ ਸਾਥ ਦਿੱਤਾ।

ਬਾਅਦ ਵਿੱਚ ਜਦੋਂ ਨਵਾਬ ਸਰਹੰਦ ਨੂੰ ਇਹ ਪਤਾ ਲੱਗਾ ਕਿ ਭਾਈ ਮੋਤੀ ਰਾਮ ਮਹਿਰਾ ਨੇ ਪਹਿਰੇਦਾਰਾਂ ਨੂੰ ਰਿਸ਼ਵਤ ਦੇ ਕੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਤਿੰਨ ਦਿਨ ਤੱਕ ਠੰਢੇ ਬੁਰਜ ਵਿੱਚ ਗਰਮ ਦੁੱਧ ਪਿਆਇਆ ਸੀ ਤਾਂ ਉਸ ਨੇ ਹੁਕਮ ਜਾਰੀ ਕੀਤਾ ਕਿ ਮੋਤੀ ਰਾਮ ਮਹਿਰਾ ਅਤੇ ਉਸ ਦੇ ਪਰਿਵਾਰ, ਜਿਸ ਵਿੱਚ ਉਸ ਦੀ ਬਜ਼ੁਰਗ ਮਾਂ, ਪਤਨੀ ਅਤੇ ਇਕਲੌਤਾ ਪੁੱਤਰ ਸ਼ਾਮਲ ਸੀ, ਨੂੰ ਕੋਹਲੂ ਵਿੱਚ ਪੀੜ ਕੇ ਸ਼ਹੀਦ ਕੀਤਾ ਜਾਵੇ। ਇਸ ਦੇ ਨਾਲ ਹੀ ਉਸ ਨੇ ਹੁਕਮ ਜਾਰੀ ਕਰ ਕੇ ਗੁਰੂ ਘਰ ਪ੍ਰਤੀ ਵਫ਼ਾਦਾਰੀ ਵਿਖਾਉਣ ਬਦਲੇ ਦੀਵਾਨ ਟੋਡਰ ਮੱਲ ਦੀ ਹਵੇਲੀ ਅਤੇ ਉਸ ਦੀ ਹੋਰ ਜਾਇਦਾਦ ਵੀ ਨਸ਼ਟ ਕਰਵਾ ਦਿੱਤੀ।

ਭਾਈ ਕਾਨ੍ਹ ਸਿੰਘ ‘ਮਹਾਨ ਕੋਸ਼’ ਵਿੱਚ ਲਿਖਦੇ ਹਨ ਕਿ ਬਾਬਾ ਬੰਦਾ ਬਹਾਦਰ ਨੇ 1 ਜੇਠ 1767 ਨੂੰ ਸਰਹੰਦ ਫ਼ਤਹਿ ਕਰ ਕੇ ਵਜ਼ੀਰ ਖ਼ਾਂ ਦਾ ਕਤਲ ਕਰਨ ਦੇ ਨਾਲ-ਨਾਲ ਗੰਗੂ ਬ੍ਰਾਹਮਣ ਦੇ ਸਾਰੇ ਪਰਿਵਾਰ ਦਾ ਅੰਤ ਕਰ ਕੇ ਉਸ ਦੇ ਪਿੰਡ ਖੇੜੀ ਨੂੰ ਤਬਾਹ ਕਰ ਕੇ ਥੇਹ ਬਣਾ ਦਿੱਤਾ। ਬਾਅਦ ਵਿੱਚ ਉੱਥੇ ਨਵਾਂ ਪਿੰਡ ਵੱਸ ਜਾਣ ’ਤੇ ਉਸ ਦਾ ਨਾਂ ਸਹੇੜੀ ਰੱਖਿਆ ਗਿਆ।

ਭਾਈ ਮੋਤੀ ਰਾਮ ਮਹਿਰਾ ਤੇ ਉਨ੍ਹਾਂ ਦੇ ਪਰਿਵਾਰ ਦੀ ਸ਼ਹਾਦਤ ਅਤੇ ਦੀਵਾਨ ਟੋਡਰ ਮੱਲ ਸਹਿਤ ਹੋਰਨਾਂ ਸਿੱਖਾਂ ਤੇ ਗ਼ੈਰ ਸਿੱਖਾਂ, ਜਿਨ੍ਹਾਂ ਵਿੱਚ ਪੀਰ ਸੱਯਦ ਬੁੱਧੂ ਸ਼ਾਹ, ਸੱਯਦ ਬੇਗ਼, ਅਲਫ਼ ਖ਼ਾਂ, ਸੱਯਦ ਖ਼ਾਂ, ਗ਼ਨੀ ਖ਼ਾਂ ਤੇ ਨਬੀ ਖ਼ਾਂ, ਸੱਯਦ ਪੀਰ ਮੁਹੰਮਦ, ਰਾਇ ਕੱਲਾ, ਨਵਾਬ ਕਰੀਮ ਬਖ਼ਸ਼ ਤੇ ਰਹੀਮ ਬਖ਼ਸ਼, ਪਠਾਣ ਬਲਵੰਤ ਖ਼ਾਂ, ਨਵਾਬ ਸ਼ੇਰ ਮੁਹੰਮਦ ਖ਼ਾਂ ਮਲੇਰਕੋਟਲਾ, ਭੀਖਣ ਸ਼ਾਹ, ਸ਼ਰਫ਼ਦੀਨ, ਮਾਛੀਵਾੜੇ ਦੇ ਸੱਯਦ ਗ਼ਾਮੇ ਸ਼ਾਹ ਅਤੇ ਹਸਨ ਸ਼ਾਹ ਆਦਿ ਦੇ ਨਾਂ ਸ਼ਾਮਲ ਹਨ, ਦੀ ਗੁਰੂ ਘਰ ਪ੍ਰਤੀ ਨਿਸ਼ਠਾ ਅਤੇ ਸਮਰਪਣ ਆਪਣੇ ਆਪ ਵਿੱਚ ਇੱਕ ਅਨੋਖੀ ਮਿਸਾਲ ਹੈ, ਜਿਸ ਸਦਕਾ ਇਨ੍ਹਾਂ ਦਾ ਨਾਂ ਸਿੱਖ ਇਤਿਹਾਸ ਵਿੱਚ ਹਮੇਸ਼ਾਂ ਸਨਮਾਨ ਅਤੇ ਸਤਿਕਾਰ ਨਾਲ ਲਿਆ ਜਾਂਦਾ ਰਹੇਗਾ।