ਪੰਥਕ ਸੰਸਥਾਵਾਂ/ਪ੍ਰੰਪਰਾਵਾਂ ਦਾ ਸਨਮਾਨ ਬਹਾਲ ਕਰਵਾਉਣ ਦੀ ਜਿੰਮੇਵਾਰ ਸ਼੍ਰੋਮਣੀ ਕਮੇਟੀ ਹੀ ਇਨ੍ਹਾਂ ਦਾ ਘਾਣ ਕਰਨ ’ਤੇ ਹੋਈ ਉਤਾਰੂ: ਭਾਈ ਪੰਥਪ੍ਰੀਤ ਸਿੰਘ

0
227

ਪੰਥਕ ਸੰਸਥਾਵਾਂ/ਪ੍ਰੰਪਰਾਵਾਂ ਦਾ ਸਨਮਾਨ ਬਹਾਲ ਕਰਵਾਉਣ ਦੀ ਜਿੰਮੇਵਾਰ ਸ਼੍ਰੋਮਣੀ ਕਮੇਟੀ ਹੀ ਇਨ੍ਹਾਂ ਦਾ ਘਾਣ ਕਰਨ ’ਤੇ ਹੋਈ ਉਤਾਰੂ: ਭਾਈ ਪੰਥਪ੍ਰੀਤ ਸਿੰਘ

ਆਪਣੀਆਂ ਸਤਿਕਾਰਤ ਸੰਸਥਾਵਾਂ ਅਤੇ ਪ੍ਰੰਪਰਾਵਾਂ ਬਚਾਉਣ ਲਈ ਸਿੱਖਾਂ ਲਈ ਇੱਕੋ ਇੱਕ ਰਾਹ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਸਿਆਸਤ ਤੋਂ ਅਜਾਦ ਕਰਵਾਉਣ ਲਈ ਕਮਰਕਸੇ ਕਰ ਲੈਣੇ ਚਾਹੀਦੇ ਹਨ।

ਬਠਿੰਡਾ: 2 ਜਨਵਰੀ (ਕਿਰਪਾਲ ਸਿੰਘ): ਸ਼੍ਰੋਮਣੀ ਕਮੇਟੀ ਦੀ ਮੁਖ ਜਿੰਮੇਵਾਰੀ ਹੈ; ਸਿੱਖ ਰਹਿਤ ਮਰਯਾਦਾ ਸਾਰੇ ਗੁਰਦੁਆਰਿਆਂ ਵਿੱਚ ਇੱਕਸਾਰ ਲਾਗੂ ਕਰਨਾ ਤੇ ਪੰਥ ਵਿੱਚਲੇ ਚਿਰਾਂ ਦੇ ਲਟਕ ਰਹੇ ਵਿਵਾਦਾਂ ਦਾ ਯੋਗ ਹੱਲ ਲੱਭ ਕੇ ਪੰਥ ਵਿੱਚ ਸਿਧਾਂਤਕ ਏਕਤਾ ਲਿਆਉਣਾ ਅਤੇ ਪੰਥਕ ਸੰਸਥਾਵਾਂ/ ਪ੍ਰੰਪਰਾਵਾਂ ਦਾ ਸਨਮਾਨ ਬਹਾਲ ਕਰਵਾ ਕੇ ਪੰਥ ਦੀ ਨਿਆਰੀ ਹੋਂਦ ਅਤੇ ਚੜ੍ਹਦੀ ਕਲਾ ਵਿੱਚ ਲੈ ਕੇ ਜਾਣਾ ਪਰ ਜਿਸ ਤਰ੍ਹਾਂ ਸਿਆਸਤ ਤੋਂ ਪ੍ਰੇਰਤ ਅਤੇ ਸਿਆਸੀ ਦਬਾਉ ਹੇਠ ਆ ਕੇ ਸ਼੍ਰੋਮਣੀ ਕਮੇਟੀ ਫੈਸਲੇ ਲੈ ਰਹੀ ਹੈ ਇਸ ਨੇ ਸਿੱਧ ਕਰ ਦਿੱਤਾ ਹੈ ਕਿ ਇਹ ਆਪਣੇ ਫਰਜ ਨਿਭਾਉਣ ਵਿੱਚ ਸਿਰਫ ਅਸਫਲ ਹੀ ਨਹੀਂ ਹੋਈ ਬਲਕਿ ਖ਼ੁਦ ਹੀ ਪੰਥਕ ਸੰਸਥਾਵਾਂ/ ਪ੍ਰੰਪਰਾਵਾਂ ਦਾ ਘਾਣ ਕਰਨ ’ਤੇ ਉਤਾਰੂ ਹੋਈ ਪਈ ਹੈ। ਇਹ ਸ਼ਬਦ ਸ਼੍ਰੋਮਣੀ ਕਮੇਟੀ ਵੱਲੋਂ ਬੀਤੇ ਦਿਨ ਪੰਜ ਪਿਆਰਿਆਂ ਨੂੰ ਬਰਖ਼ਾਸਤ ਕੀਤੇ ਜਾਣ ’ਤੇ ਸਖਤ ਪ੍ਰਤੀਕਰਮ ਪ੍ਰਗਟ ਕਰਦੇ ਹੋਏ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ (ਭਾਈ ਬਖ਼ਤੌਰ ਵਾਲਿਆਂ) ਨੇ ਇੱਕ ਪ੍ਰੈੱਸ ਨੋਟ ਵਿੱਚ ਕਹੇ। ਉਨ੍ਹਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਕੁਰਸੀ ਦੇ ਭੁੱਖੇ ਸ਼੍ਰੋਮਣੀ ਕਮੇਟੀ ਦੇ ਇਨ੍ਹਾਂ ਅਹੁਦੇਦਾਰਾਂ ਨੇ ਸਿੱਖ ਇਤਿਹਾਸ ਅਤੇ ਪ੍ਰੰਪਰਾਵਾਂ ਤੋਂ ਸੇਧ ਲੈਣ ਦੀ ਬਜਾਏ ਕੇਵਲ ਆਪਣੇ ਸਿਆਸੀ ਅਕਾਵਾਂ ਤੋਂ ਹਦਾਇਤਾਂ ਲੈ ਕੇ ਪੰਥਕ ਸੰਸਥਾਵਾਂ/ ਪ੍ਰੰਪਰਾਵਾਂ ਨੂੰ ਤਹਿਸ਼ ਨਹਿਸ਼ ਕਰਨ ਦੀ ਸਹੁੰ ਖਾਧੀ ਹੋਈ ਹੈ।

1699 ਦੀ ਵੈਸਾਖੀ ਦਾ ਹਵਾਲਾ ਦਿੰਦੇ ਹੋਏ ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਉਣ ਪਿੱਛੋਂ ਉਨ੍ਹਾਂ ਪਾਸੋਂ ਖ਼ੁਦ ਗੁਰੂ ਗੋਬਿੰਦ ਸਿੰਘ ਜੀ ਨੇ ਹੱਥ ਜੋੜ ਕੇ ਅੰਮ੍ਰਿਤ ਦੀ ਦਾਤ ਦੀ ਮੰਗ ਕਰਨੀ ਅਤੇ ਇਹ ਕਹਿਣਾ ਕਿ ਮੈਂ ਭਾਈ ਦਇਆ ਰਾਮ ਤੋਂ ਭਾਈ ਦਇਆ ਸਿੰਘ, ਭਾਈ ਧਰਮ ਚੰਦ ਤੋਂ ਭਾਈ ਧਰਮ ਸਿੰਘ ਤੋਂ ਬਣਾ ਸਕਦਾ ਹਾਂ ਪਰ ਖ਼ੁਦ ਗੋਬਿੰਦ ਰਾਇ ਤੋਂ ਗੋਬਿੰਦ ਸਿੰਘ ਨਹੀਂ ਬਣ ਸਕਦਾ। ਸੋ, ਤੁਸੀਂ ਹੀਂ ਅੰਮ੍ਰਿਤ ਦੀ ਦਾਤ ਬਖ਼ਸ਼ ਕੇ ਮੈਨੂੰ ਗੋਬਿੰਦ ਰਾਇ ਤੋਂ ਗੋਬਿੰਦ ਸਿੰਘ ਬਣਾਉਣ ਦੀ ਕ੍ਰਿਪਾ ਕਰੋ। ਸਿਰਫ ਇਨ੍ਹਾਂ ਹੀ ਨਹੀਂ ਪੰਜ ਪਿਅਰਿਆਂ ਦੇ ਹੁਕਮ ’ਤੇ ਹੀ ਗੁਰੂ ਸਾਹਿਬ ਜੀ ਨੂੰ ਚਮਕੌਰ ਦੀ ਗੜ੍ਹੀ ਛੱਡਣ ਲਈ ਰਾਜੀ ਹੋਣਾ ਪਿਆ ਅਤੇ ਦਾਦੂ ਦੀ ਕਬਰ ਨੂੰ ਤੀਰ ਨਾਲ ਨਮਸ਼ਕਾਰ ਕਰਨ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਖ਼ੁਦ ਪੰਜਾਂ ਪਿਆਰਿਆਂ ਤੋਂ ਤਨਖ਼ਾਹ ਲਵਾ ਕੇ ਸਾਡੇ ਸਾਰਿਆਂ ਲਈ ਇਹ ਮਿਸਾਲ ਪੈਦਾ ਕੀਤੀ ਕਿ ਬੇਸ਼ੱਕ ਕਿਸੇ ਦਾ ਕਿੱਡਾ ਵੱਡਾ ਰੁਤਬਾ ਵੀ ਕਿਉਂ ਨਾ ਹੋਵੇ ਉਹ ਪੰਥਕ ਹਿੱਤਾਂ ਅਤੇ ਗੁਰਮਤਿ ਸਿਧਾਂਤਾਂ ਦੀ ਰਖਵਾਲੀ ਲਈ ਪੰਜ ਪਿਆਰਿਆਂ ਦਾ ਹੁਕਮ ਮੰਨਣ ਲਈ ਪਾਬੰਦ ਹੋਵੇਗਾ। ਗੁਰੂ ਸਾਹਿਬ ਜੀ ਵੱਲੋਂ ਸਥਾਪਤ ਕੀਤੀਆਂ ਇਨ੍ਹਾਂ ਮਹਾਨ ਉਦਾਹਰਣਾਂ ਨੂੰ ਵੇਖਦੇ ਹੋਏ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਅਤੇ ਉਨ੍ਹਾਂ ਦੀ ਹਾਂ ਵਿੱਚ ਹਾਂ ਮਿਲਾਉਣ ਵਾਲੇ ਬਾਕੀ ਦੇ ਕਾਰਜਕਾਰੀ ਕਮੇਟੀ ਮੈਂਬਰ ਪੰਥ ਨੂੰ ਸਪਸ਼ਟ ਕਰਨ ਕਿ ਕੀ ਉਹ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਜੀ ਤੋਂ ਵੀ ਉੱਚਾ ਸਮਝਦੇ ਹਨ ?

ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਪੰਜ ਪਿਆਰਿਆਂ ਨੂੰ ਕੇਵਲ ਸ਼੍ਰੋਮਣੀ ਕਮੇਟੀ ਦੇ ਮੁਲਾਜਮ ਸਮਝਣਾਂ ਮੱਕੜ ਅਤੇ ਉਨ੍ਹਾਂ ਦੇ ਸਾਥੀਆਂ ਦੀ ਭਾਰੀ ਭੁੱਲ ਹੈ। ਜੇ ਉਹ ਐਸਾ ਸਮਝਦੇ ਹਨ ਤਾਂ ਦੱਸਣ ਕਿ ਜਿਹੜੇ ਅੰਮ੍ਰਿਤ ਅਭਿਲਾਖੀਆਂ ਨੇ ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕਿਆ ਹੈ ਕੀ ਉਨ੍ਹਾਂ ਨੇ ਗੁਰੂ ਰੂਪ ਪੰਜ ਪਿਆਰਿਆਂ ਤੋਂ ਛਕਿਆ ਹੈ ਜਾਂ ਮੱਕੜ ਦੇ ਮੁਲਾਜਮਾਂ ਤੋਂ? ਜੇ ਐਸਾ ਹੈ ਤਾਂ ਕੀ ਇਨ੍ਹਾਂ ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕਣ ਵਾਲਿਆਂ ਨੂੰ ਗੁਰੂ ਕੇ ਸਿੱਖ ਸਮਝਣਾ ਚਾਹੀਦਾ ਹੈ ਜਾਂ ਮੱਕੜ ਦੇ ਸਿੱਖ? ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਮੱਕੜ ਅਤੇ ਇਸ ਦੀ ਕਾਰਜਕਾਰੀ ਕਮੇਟੀ ਵੱਲੋਂ ਪੰਜ ਪਿਆਰਿਆਂ ਦੇ ਸਤਿਕਾਰ ਸਬੰਧੀ ਅਪਣਾਏ ਦੋਹਰੇ ਰੋਲ ਵੀ ਆਪਣੀ ਮਿਸਾਲ ਆਪ ਹੀ ਹਨ। ਹਾਲੀ ਇਨ੍ਹਾਂ ਹੀ ਦਿਨਾਂ ਵਿੱਚ ਪਿਛਲੇ ਸਾਲ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੂੰ ਇਸ ਦੋਸ਼ ਅਧੀਨ ਬਰਖ਼ਾਸਤ ਕੀਤਾ ਗਿਆ ਸੀ ਕਿ ਨਗਰ ਕੀਰਤਨ ਸਮੇਂ ਆਪਣੀ ਕੋਠੀ ਵਿੱਚੋਂ ਬਾਹਰ ਨਿਕਲ ਕੇ ਪੰਜ ਪਿਆਰਿਆਂ ਦੇ ਸਤਿਕਾਰ ਵਿੱਚ ਕਿਉਂ ਨਹੀਂ ਆ ਕੇ ਖੜ੍ਹੇ ਪਰ ਮਹਿਜ ਇੱਕ ਸਾਲ ਦੇ ਵਕਫੇ ਪਿੱਛੋਂ ਉਹੀ ਕਾਰਜਕਾਰੀ ਕਮੇਟੀ ਪੰਜ ਪਿਆਰਿਆਂ ਵੱਲੋਂ ਪੰਥਕ ਭਾਵਨਾਵਾਂ ਅਧੀਨ ਕੀਤੀ ਹਦਾਇਤ ਮੰਨਣ ਦੀ ਥਾਂ ਉਨ੍ਹਾਂ ਨੂੰ ਇਸ ਢੰਗ ਨਾਲ ਬਰਖਾਸਤ ਕਰ ਰਹੀ ਹੈ ਜਿਵੇਂ ਕਿਸੇ ਆਮ ਮੁਲਾਜ਼ਮ ਨੂੰ ਵੀ ਬਰਖ਼ਾਸਤ ਨਹੀਂ ਕੀਤਾ ਜਾ ਸਕਦਾ ਕਿਉਂਕਿ ਕਮੇਟੀ ਦੇ ਸੇਵਾ ਨਿਯਮ ਇਸ ਗੱਲ ਦੀ ਮੰਗ ਕਰਦੇ ਹਨ ਕਿ ਕਿਸੇ ਮੁਲਾਜ਼ਮ ਵਿਰੁੱਧ ਕੋਈ ਅਨੁਸ਼ਾਸ਼ਨੀ ਕਾਰਵਾਈ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਚਾਰਜਸ਼ੀਟ ਕੀਤਾ ਜਾਵੇ ਅਤੇ ਆਪਣਾ ਪੱਖ ਪੇਸ਼ ਕਰਨ ਲਈ ਉਚਿਤ ਸਮਾਂ ਦਿੱਤਾ ਜਾਵੇ ਪਰ ਜਿਸ ਤਰ੍ਹਾਂ ਸਿਰਫ 2 ਜਨਵਰੀ ਨੂੰ ਪੰਜ ਪਿਆਰਿਆਂ ਵੱਲੋਂ ਕੀਤੀ ਜਾਣ ਵਾਲੀ ਮੀਟਿੰਗ ਅਤੇ ਉਸ ਵਿੱਚ ਲਏ ਜਾਣ ਵਾਲੇ ਸੰਭਾਵੀ ਫੈਸਲਿਆਂ ਨੂੰ ਰੋਕਣ ਲਈ ਪੰਜ ਪਿਆਰਿਆਂ ਨੂੰ ਕਾਹਲੀ ਵਿੱਚ ਬਰਖ਼ਾਸਤ ਕੀਤਾ ਗਿਆ ਹੈ ਇਸ ਨੇ ਸਪਸ਼ਟ ਕਰ ਦਿੱਤਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਕੰਮ ਵਿੱਚ ਸਿਆਸੀ ਦਖ਼ਲ ਅੰਦਾਜ਼ੀ ਸਿਖਰਾਂ ’ਤੇ ਹੈ ਜਿਸ ਨੂੰ ਕੋਈ ਵੀ ਸਿੱਖ ਬਰਦਾਸ਼ਤ ਨਹੀਂ ਕਰ ਸਕਦਾ। ਸੋ, ਆਪਣੀਆਂ ਸਤਿਕਾਰਤ ਸੰਸਥਾਵਾਂ ਅਤੇ ਪ੍ਰੰਪਰਾਵਾਂ ਬਚਾਉਣ ਲਈ ਸਿੱਖਾਂ ਲਈ ਇੱਕੋ ਇੱਕ ਰਾਹ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਸਿਆਸਤ ਤੋਂ ਅਜਾਦ ਕਰਵਾਉਣ ਲਈ ਕਮਰਕਸੇ ਤਿਆਰ ਕਰ ਲੈਣੇ ਚਾਹੀਦੇ ਹਨ।