ਪੰਜਾਬ ਵਿਚ ਹੁਣ ਦਸਤਾਰ ਵਾਲੇ ਸਰਦਾਰ ਨੂੰ ‘‘ਬਾਊ ਜੀ’’ ਕਹਿ ਕੇ ਬੁਲਾਇਆ ਜਾਂਦਾ ਹੈ
ਸਰਪੰਚ ਯਾਦਵਿੰਦਰ ਸਿੰਘ
ਸਾਡੇ ਸਿੱਖ ਗੁਰੂਆਂ ਦੀਆਂ ਉੱਚੀਆਂ, ਸੁੱਚੀਆਂ ਸਿੱਖਿਆਵਾਂ ਤੇ ਮਹਾਨ ਫਲਸਫਾ ਸੀ ਤੇ ਹੈ। ਇਸ ਨੂੰ ਅਪਣਾ ਕੇ ਸਿੱਖ ਹੀ ਨਹੀਂ ਦੁਨੀਆ ਦਾ ਕੋਈ ਵੀ ਮਨੁੱਖ ਆਪਣਾ ਜੀਵਨ ਸੰਵਾਰ ਸਕਦਾ ਹੈ ਤੇ ਇਸ ਧਰਤੀ ਉਪਰ ਆਪਣੀ ਵੱਖਰੀ ਪਹਿਚਾਣ ਬਣਾ ਸਕਦਾ ਹੈ। ਪਰ ਸਾਡਾ ਨਾਸਮਝੀ ਵਾਲਾ ਤੇ ਅਵੇਸਲਾ ਪਨ ਅਤੇ ਬਾਹਰੀ ਸਜਿਸ਼ਾਂ ਕਾਰਨ ਸਿੱਖ ਸਿਧਾਂਤ ਖ਼ਤਮ ਹੋ ਰਹੇ ਹਨ। ਇਸ ਨੂੰ ਸਪੱਸ਼ਟ ਕਰਨ ਲਈ ਮੈਂ ਆਪ ਜੀ ਦੀਆਂ ਯਾਦਾਂ ਨੂੰ ਤਕਰੀਬਨ 25 ਸਾਲ ਪਿੱਛੇ ਲੈ ਜਾਣਾ ਚਾਹਾਂਗਾ। ਉਸ ਸਮੇਂ ਸਿਰ ਉਪਰ ਦਸਤਾਰ ਸਜਾਉਣ ਵਾਲੇ ਸਿੱਖਾਂ ਨੂੰ ਸਰਦਾਰ ਜੀ ਕਹਿ ਕੇ ਬੁਲਾਇਆ ਜਾਂਦਾ ਸੀ ਉਨਾਂ ਦਿਨਾਂ ਵਿਚ ਮੇਰੇ ਮਾਸੀ ਜੀ ਦੇ ਲੜਕੇ ਜਿਨ੍ਹਾਂ ਦਾ ਪਿੰਡ ਰਣੀਆਂ (ਮੋਗਾ) ਸੀ ਤੇ ਕੈਨੇਡਾ ਦਾ ਵੀਜ਼ਾ ਮਿਲ ਜਾਣ ਬਾਅਦ ਕੇਸ ਕਟਾ ਦਿੱਤੇ ਸਨ ਤੇ ਉਹ ਮੇਰਾ ਵੀਰ ਸਾਨੂੰ ਮਿਲਣ ਬੱਸ ਰਾਹੀਂ ਸਾਡੇ ਪਿੰਡ ਆ ਰਿਹਾ ਸੀ। ਤੇ ਸਿਰ ਉਪਰ ਦਸਤਾਰ ਨਾ ਹੋਣ ਕਾਰਨ ਬੱਸ ਕਡੰਕਟਰ ਨੇ ਬਾਊ ਜੀ ਕਹਿ ਕੇ ਬੁਲਾਇਆ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਉਹ ਮੇਰਾ ਵੀਰ ਸਾਡੇ ਘਰ ਆ ਕੇ ਰੋਇਆ ਸੀ ਕਿ ਮੈਨੂੰ ਬੱਸ ਕਡੰਕਟਰ ਨੇ ਬਾਊ ਜੀ ਕਹਿ ਕੇ ਬੁਲਾਇਆ।
ਮੈਂ ਇਤਿਹਾਸ ਵਿਸ਼ੇ ਦਾ ਵਿਦਿਆਰਥੀ ਹੋਣ ਦੇ ਨਾਤੇ ਪੜ੍ਹਿਆ ਸੀ ਕਿ ਰਾਜੇ, ਮਹਾਰਾਜੇ ਤੇ ਜਗੀਰਦਾਰਾਂ ਤੋਂ ਇਲਾਵਾ ਰਾਜਿਆਂ ਲਈ ਖਾਸ ਪ੍ਰਾਪਤੀਆਂ ਕਰਨ ਵਾਲਿਆਂ ਨੂੰ ‘ਸਰਦਾਰੀ’ ਇੱਕ ਰੁਤਬੇ ਵਜੋਂ ਮਿਲਦੀ ਸੀ ਉਹ ਵਿਅਕਤੀ ਸਿਰ ਉਪਰ ਦਸਤਾਰ ਸਜਾ ਸਕਦਾ ਸੀ। ਹਿੰਦੂ ਪੁਰਾਤਨ ਗ੍ਰੰਥ ਰਿਗਵੇਦ ਜਿਸ ਅਨੁਸਾਰ ਮਨੁੱਖ ਉਤਪਤੀ ਬ੍ਰਹਮਾ ਨੇ ਕੀਤੀ ਸੀ ਜਿਸ ਦੇ ਮੂੰਹ ਵਿਚੋਂ ਬ੍ਰਾਹਮਣ ਪੈਦਾ ਹੋਏ ਸਨ। ਬਾਹਾਂ ਵਿਚੋਂ ਕਸ਼ੱਤਰੀ, ਯਾਗਾਂ (ਪੱਟਾਂ) ਵਿਚੋਂ ਵੈਸ਼ ਤੇ ਉਸਦੇ ਪੈਰਾਂ ਵਿਚੋਂ ਸ਼ੂਦਰ ਅਤੇ ਔਰਤ ਪੈਦਾ ਹੋਏ ਮੰਨੇ ਜਾਂਦੇ ਸਨ। ਸ਼ੂਦਰਾਂ ਦੀ ਜਿੰਦਗੀ ਅਤਿਅੰਤ ਤਰਸਯੋਗ ਸੀ ਉਹ ਕੇਸ ਨਹੀਂ ਰੱਖ ਸਕਦੇ ਸਨ ਨਾਂ ਸਿਰ ਉਪਰ ਦਸਤਾਰ ਸਜਾ ਸਕਦੇ ਸਨ ਨਾਂ ਹੀ ਘੋੜੇ ਦੀ ਸਵਾਰੀ ਕਰ ਸਕਦੇ ਸਨ। ਉੱਚ ਜਾਤੀਆਂ ਵਾਲਿਆਂ ਦਾ ਇਨ੍ਹਾਂ ਨੂੰ ਗੁਲਾਮ ਬਣ ਕੇ ਰਹਿਣਾ ਪੈਂਦਾ ਸੀ। ਇਹ ਗੁਲਾਮ ਜਾਨਵਰਾਂ ਵਾਂਗ ਵੇਚੇ ਅਤੇ ਖਰੀਦੇ ਜਾਂਦੇ ਸਨ।
ਸਿੱਖ ਗੁਰੂਆਂ ਨੇ ਇਸ ਨਾ ਬਰਾਬਰੀ ਖਿਲਾਫ ਅਵਾਜ ਉਠਾਈ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਸ਼ੂਦਰਾਂ ਸਿਰ ਦਸਤਾਰ ਸਜਾ ਦਿੱਤੀ ਅਤੇ ਘੋੜਿਆਂ ਦੀ ਸਵਾਰੀ ਸਮੇਤ ਸਾਰੇ ਮਨੁੱਖਾਂ ਨੂੰ ਬਰਾਬਰ ਹੋਣ ਦੇ ਮਨੁੱਖੀ ਅਧਿਕਾਰ ਖਾਲਸੇ ਦੇ ਰੂਪ ਵਿਚ ਦੇ ਦਿੱਤੇ। ਜਿਸ ਤੋਂ ਹਿੰਦੂ ਉੱਚ ਜਾਤੀ ਗੁਰੂ ਗੋਬਿੰਦ ਸਿੰਘ ਜੀ ਨਾਲ ਖਾਰ ਖਾਣ ਲੱਗ ਪਈਆਂ। ਇਨ੍ਹਾਂ ਨੇ ਕਿਉਂ ਸ਼ੂਦਰਾਂ ਨੂੰ ਸਿਰ ਉੱਪਰ ਦਸਤਾਰ ਰੂਪੀ ਤਾਜ ਸਜਾਉਣ ਤੇ ਸਰਦਾਰ ਅਖਵਾਉਣ ਦਾ ਹੱਕ ਦੇ ਦਿੱਤਾ। ਜਿਸ ਨੂੰ ਹਿੰਦੂ ਉੱਚ ਜਾਤੀਆਂ ਵਾਲੇ ਆਪਣਾ ਸਦੀਆਂ ਤੋਂ ਚਲਿਆ ਆ ਰਿਹਾ ਰਾਖਵਾਂ ਹੱਕ ਹੀ ਸਮਝਦੇ ਸਨ। ਗੁਰੂ ਗੋਬਿੰਦ ਸਿੰਘ ਜੀ ਵੱਲੋਂ ਹਿੰਦੂ ਪਹਾੜੀ ਰਾਜਿਆਂ ਨਾਲ ਕਈ ਜੰਗਾਂ ਦਸਤਾਰ ਤੇ ਸਰਦਾਰੀ ਖਾਤਰ ਹੀ ਲੜਨੀਆਂ ਪਈਆਂ ਸਨ ਜਿਨ੍ਹਾਂ ਵਿਚ ਹਜਾਰਾਂ ਕੁਰਬਾਨੀਆਂ ਦੇ ਕੇ ਦਸਤਾਰ ਤੇ ਸਰਦਾਰੀ ਦੀ ਅਣਖ-ਇੱਜ਼ਤ ਬਰਕਰਾਰ ਰੱਖੀ। ਅੱਜ ਉੱਤਰੀ ਭਾਰਤ ਵਿਚ ਹਿੰਦੂ, ਸਿੱਖ ਜਾਂ ਮੁਸਲਮਾਨਾਂ ਦੇ ਸਿਰਾਂ ਉੱਪਰ ਦਸਤਾਰ ਉਸੇ ਸਰਦਾਰੀ ਤੇ ਅਣਖ ਦੇ ਪ੍ਰਭਾਵ ਦੀ ਹੀ ਹੋਂਦ ਹੈ। ਜਦਕਿ ਦੱਖਣ ਭਾਰਤ ਵਿਚ ਸਿੱਖਾਂ ਤੋਂ ਇਲਾਵਾ ਕੋਈ ਦਸਤਾਰ ਨਹੀਂ ਸਜਾਉਂਦਾ।
ਅੱਜ ਤੋਂ 25 ਸਾਲ ਪਹਿਲਾਂ ਤੱਕ ਸਿਰ ਉੱਪਰ ਦਸਤਾਰ ਸਜਾਉਣ ਵਾਲੇ ਸਿੱਖਾਂ ਨੂੰ ਸਰਦਾਰ ਕਹਿ ਕੇ ਬੁਲਾਇਆ ਜਾਂਦਾ ਸੀ ਤਾਂ ਤਦ ਬੁਰਾ ਮਨਾਉਂਦੇ ਸਨ। ਪਰ ਅੱਜ ਪੰਜਾਬ ਵਿਚ ਵੀ ਜਿਆਦਾਤਰ ਪੰਜਾਬੀ ਵੀ ਚਾਹੇ ਉਹ ਰਿਕਸ਼ਾ ਚਾਲਕ ਹੋਵੇ, ਸਬਜੀ ਦੀ ਰੇਹੜੀ ਵਾਲਾ, ਕੋਈ ਦੁਕਾਨਦਾਰ ਜਾਂ ਹੋਰ ਕੰਮ ਧੰਦੇ ਵਾਲੇ, ਭਾਵੇਂ ਖੁੱਦ ਸਰਦਾਰ ਹੋਵੇ ਦਸਤਾਰ ਸਜੀ ਵਾਲੇ ਨੂੰ ‘‘ਬਾਊ ਜੀ’’ ਕਹਿ ਕੇ ਬੁਲਾਉਂਦੇ ਹਨ (ਆਵਾਜ਼ ਮਾਰਦੇ ਹਨ)। ਜੇਕਰ ਅਸੀਂ ਇਹ ਕਹਿ ਦਈਏ ਕਿ ਯੂ.ਪੀ. ਬਿਹਾਰ ਦੇ ਭਈਏ ਆਉਣ ਨਾਲ ਇਹ ਸਭ ਕੁਝ ਹੋ ਗਿਆ ਸਾਡੇ ਲਈ ਬਹੁਤ ਸ਼ਰਮ ਦੀ ਗੱਲ ਹੋਵੇਗੀ। ਅਸੀਂ ਸਰਦਾਰ ਦੀ ਮਹੱਤਤਾ ਉਨਾਂ ਪ੍ਰਵਾਸੀਆਂ ਨੂੰ ਸਮਝਾ ਸਕਦੇ ਸੀ। ਪਰ ਸਮਝਾਉਂਦੇ ਕਿਵੇਂ। 99ਵੇਂ ਫੀਸਦੀ ਸਰਦਾਰਾਂ ਨੂੰ ਤਾਂ ਸਰਦਾਰੀ ਦੀ ਅਹਿਮੀਅਤ ਬਾਰੇ ਜਾਣਕਾਰੀ ਹੀ ਨਹੀਂ। ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਬਣੇ ਅੰਗਰੇਜ਼ੀ ਸਕੂਲਾਂ, ਕਾਲਜਾਂ ਸਮੇਤ ਹੋਰ ਦਫ਼ਤਰਾਂ ਵਿਚ ਵੀ ਸਰਦਾਰਾਂ ਦੇ ਨਾਮ ਅੱਗੇ ਲਗਭਗ ਸਰਦਾਰ ਲਿਖਣਾ ਤੇ ਕਹਿਣਾ ਖ਼ਤਮ ਹੋ ਚੁੱਕਿਆ ਹੈ ਤੇ ਹੁਣ ਮਿਸਟਰ ਆ ਗਿਆ ਹੈ। ਇਨ੍ਹਾਂ ਹਾਲਾਤਾਂ ਲਈ ਅਸੀਂ ਸਾਰੇ ਦੋਸ਼ੀ ਹਾਂ। ਸਾਨੂੰ ਮਿਲ ਕੇ ਦਸਤਾਰ ਤੇ ਸਰਦਾਰੀ ਬਾਰੇ ਸਾਰਿਆਂ ਨੂੰ ਜਾਣੂ ਕਰਵਾਉਣਾ ਹੋਵੇਗਾ। ਫਰਵਰੀ 2011 ਨੂੰ ਸਾਡੇ ਘਰ ਸਹਿਜ ਪਾਠ ਤੇ ਸੰਗਤ ਆਈ ਹੋਈ ਸੀ ਉਸ ਸਮੇਂ ਮੇਰਾ ਬੇਟਾ 3 ਸਾਲ ਦਾ ਸੀ ਸਿਰ ਉਤੇ ਦਸਤਾਰ ਸਜੀ ਹੋਣ ਕਾਰਨ ਇੱਕ 13-14 ਸਾਲ ਦੇ ਬੱਚੇ ਦਾ ਉਸ ਨਾਲ ਪਿਆਰ ਪੈ ਗਿਆ ਤੇ ਉਸਨੇ ਬੇਟੇ ਨੂੰ ਕਿਹਾ ਆਉ ਬਾਊ ਜੀ ਮੇਰੇ ਕੋਲ ਆ ਜਾਓ ਬੇਟੇ ਦਾ ਅੱਗੋਂ ਜਵਾਬ ਸੀ ‘ਮੈਂ ਬਾਊ ਨਹੀਂ ਸਰਦਾਰ ਹਾਂ ਮੈਂ ਸਰਦਾਰ ਗੁਰਨੂਰ ਸਿੰਘ ਹਾਂ’
ਅੱਜ ਵੀ ਉਸ ਦਾ ਨਾਮ ਪੁੱਛਦੇ ਹਾਂ ਤਾਂ ਉਹ ਆਪਣਾ ਨਾਮ ਸਰਦਾਰ ਗੁਰਨੂਰ ਸਿੰਘ ਦੱਸਦਾ ਹੈ। ਸਾਨੂੰ ਚਾਹੀਦਾ ਹੈ ਕਿ ਪਹਿਲਾਂ ਅਸੀਂ ਦਸਤਾਰ ਅਤੇ ਸਰਦਾਰੀ ਬਾਰੇ ਖੁੱਦ ਜਾਣੂ ਹੋਈਏ ਤੇ ਨਾਲ ਨਾਲ ਆਪਣੇ ਬੱਚਿਆਂ ਨੂੰ ਇਸ ਬਾਰੇ ਜਾਣੂੰ ਕਰਵਾਈਏ।