ਪੰਜਾਬ ਦੇ ਵੀ ਸਾਹਿਤਕਾਰ ਜਾਗੇ, ਤਿੰਨ ਜਣਿਆਂ ਨੇ ਮੋੜੇ ਅਕਾਦਮੀ ਪੁਰਸਕਾਰ ਮੋੜੇ
ਨਵੀਂ ਦਿੱਲੀ/ ਚੰਡੀਗੜ੍ਹ, 11 ਅਕਤੂਬਰ: ਭਾਰਤ ‘ਚ ਵਧ ਰਹੀ ਅਸਹਿਣਸ਼ੀਲਤਾ ਅਤੇ ਵਿਗੜ ਰਹੇ ਫ਼ਿਰਕੂ ਮਾਹੌਲ ਦੇ ਵਿਰੋਧ ਵਜੋਂ ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕਰਨ ਵਾਲੇ ਲੇਖਕਾਂ ਦੀ ਸੂਚੀ ਲੰਮੀ ਹੁੰਦੀ ਜਾ ਰਹੀ ਹੈ। ਪੰਜਾਬ ਦੇ ਸਾਹਿਤਕਾਰਾਂ ਨੇ ਵੀ ਪੁਰਸਕਾਰ ਮੋੜਨ ਦਾ ਸਿਲਸਿਲਾ ਸ਼ੁਰੂ ਕਰ ਦਿਤਾ ਹੈ। ਪੰਜਾਬ ਦੇ ਤਿੰਨ ਲੇਖਕਾਂ ਗੁਰਬਚਨ ਸਿੰਘ ਭੁੱਲਰ, ਅਜਮੇਰ ਸਿੰਘ ਔਲਖ, ਆਤਮਜੀਤ ਸਿੰਘ ਨੇ ਵੀ ਐਲਾਨ ਕੀਤਾ ਕਿ ਉਹ ਅਪਣੇ ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕਰ ਰਹੇ ਹਨ। ਇਨ੍ਹਾਂ ਤੋਂ ਇਲਾਵਾ ਪੰਜਾਬ ਦੇ ਹੀ ਲੇਖਕ ਮੇਘ ਰਾਜ ਮਿੱਤਰ ਨੇ ਪੰਜਾਬ ਸਰਕਾਰ ਦਾ ਸ਼੍ਰੋਮਣੀ ਪੁਰਸਕਾਰ ਮੋੜਨ ਦਾ ਐਲਾਨ ਕੀਤਾ ਹੈ।
ਪੁਰਸਕਾਰ ਵਾਪਸ ਕਰਨ ਦਾ ਐਲਾਨ ਕਰਦਿਆਂ ਸ. ਭੁੱਲਰ ਨੇ ਕਿਹਾ, ”ਪਿਛਲੇ ਕੁੱਝ ਸਮੇਂ ਤੋਂ ਗਿਣੀ-ਮਿੱਥੀ ਯੋਜਨਾ ਸਾਜ਼ਸ਼ ਤਹਿਤ ਦੇਸ਼ ਦੇ ਸਮਾਜਕ ਤਾਣੇ-ਬਾਣੇ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਅਧੀਨ ਸਾਹਿਤ ਤੇ ਸਭਿਆਚਾਰ ‘ਤੇ ਹਮਲਾ ਹੋ ਰਿਹਾ ਹੈ। ਇਸ ਕਾਰਨ ਮੈਂ ਬਹੁਤ ਦੁਖੀ ਹਾਂ।” ਬਠਿੰਡਾ ਨਾਲ ਸਬੰਧਤ 78 ਸਾਲਾਂ ਦੇ ਭੁੱਲਰ ਨੂੰ 2005 ‘ਚ ਉਨ੍ਹਾਂ ਦੀ ਨਿਕੀਆਂ ਕਹਾਣੀਆਂ ਦੀ ਪੁਸਤਕ ‘ਅਗਨੀ-ਕਲਸ਼’ ਲਈ ਸਾਹਿਤ ਅਕਾਦਮੀ ਪੁਰਸਕਾਰ ਦਿਤਾ ਗਿਆ ਸੀ।
ਪੰਜਾਬੀ ਨਾਟਕਕਾਰ ਔਲਖ ਨੇ ਕਿਹਾ ਕਿ ਉਹ ‘ਪ੍ਰਗਤੀਸ਼ੀਲ ਲੇਖਕਾਂ, ਤਰਕਸ਼ੀਲ ਅੰਦੋਲਨ ਦੇ ਆਗੂਆਂ ਅਤੇ ਸਿਖਿਆ ਤੇ ਸਭਿਆਚਾਰ ਦੇ ਜਬਰੀ ਭਗਵਾਂਕਰਨ ਤੋਂ’ ਬਹੁਤ ਦੁਖੀ ਹਨ। ਪੰਜਾਬੀ ਥੀਏਟਰ ਦੀ ਮਸ਼ਹੂਰ ਹਸਤੀ ਆਤਮਜੀਤ ਸਿੰਘ ਨੇ ਕਿਹਾ ਕਿ ਉਹ ਦੇਸ਼ ਅੰਦਰ ਫ਼ਿਰਕੂ ਨਫ਼ਰਤ ਦੀਆਂ ਘਟਨਾਵਾਂ ਤੋਂ ਬਹੁਤ ਦੁਖੀ ਹਨ ਅਤੇ ਅਪਣਾ ਅਕਾਦਮੀ ਪੁਰਸਕਾਰ ਮੋੜ ਰਹੇ ਹਨ। ਮੇਘ ਰਾਜ ਮਿੱਤਰ ਨੇ ਕਿਹਾ ਕਿ ਉਹ ਪੰਜਾਬ ਦੇ ਕਿਸਾਨਾਂ ਦੀ ਦੁਰਦਸ਼ਾ ਵਿਰੁਧ ਅਪਣਾ ਪੁਰਸਕਾਰ ਮੋੜ ਰਹੇ ਹਨ।
ਇਸ ਦੌਰਾਨ ਗੁਜਰਾਤ ਦੇ ਲੇਖਕ ਗਣੇਸ਼ ਦੇਵੀ ਨੇ ਵੀ ਅਪਣਾ ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕਰ ਦਿਤਾ ਹੈ।
ਸਾਹਿਤ ਅਕਾਦਮੀ ‘ਚ ਅਪਣੇ ਅਹੁਦਿਆਂ ਤੋਂ ਅਸਤੀਫ਼ਾ ਦੇਣ ਵਾਲਿਆਂ ਦੇ ਸਮੂਹ ‘ਚ ਸ਼ਾਮਲ ਹੁੰਦਿਆਂ ਕੰਨੜ ਲੇਖਕ ਅਤੇ ਖੋਜਾਰਥੀ ਡਾ. ਅਰਵਿੰਦ ਮਲਗੱਤੀ ਨੇ ਅੱਜ ਅਕਾਦਮੀ ਦੀ ਆਮ ਕੌਂਸਲ ਤੋਂ ਅਸਤੀਫ਼ਾ ਦੇ ਦਿਤਾ। ਉਨ੍ਹਾਂ ਤਰੱਕੀਸ਼ੀਲ ਵਿਚਾਰਕ ਅਤੇ ਵਿਦਵਾਨ ਐਮ.ਐਮ. ਕਲਬੁਰਗੀ ਦੇ ਕਤਲ ‘ਤੇ ਅਕਾਦਮੀ ਦੀ ਚੁੱਪ ਦੇ ਵਿਰੋਧ ‘ਚ ਉਸ ਦੀ ਨਿੰਦਾ ਕੀਤੀ ਹੈ।
ਉਧਰ ਲੇਖਕਾਂ ਦੇ ਵਧਦੇ ਵਿਰੋਧ ਵਿਚਕਾਰ ਸਾਹਿਤ ਅਕਾਦਮੀ ਨੇ ਕਿਹਾ ਹੈ ਕਿ ਉਹ ਪ੍ਰਗਟਾਵੇ ਦੀ ਆਜ਼ਾਦੀ ਦੇ ਹੱਕ ‘ਚ ਹੈ ਅਤੇ ਕਿਤੇ ਵੀ ਕਿਸੇ ਵੀ ਲੇਖਕ ਜਾਂ ਕਲਾਕਾਰ ‘ਤੇ ਹਮਲੇ ਦੀ ਨਿੰਦਾ ਕਰਦੀ ਹੈ। ਨਾਲ ਹੀ ਇਸ ਨੇ ਸੰਵਿਧਾਨ ‘ਚ ਲਿਖੀਆਂ ‘ਮੂਲ ਧਰਮਨਿਰਪੇਖ ਕਦਰਾਂ-ਕੀਮਤਾਂ’ ਪ੍ਰਤੀ ਅਹਿਦ ਵੀ ਪ੍ਰਗਟਾਇਆ।
ਦੇਸ਼ ਦੀ ਸਰਬਉੱਚ ਸਾਹਿਤਕ ਸੰਸਥਾ ਦੇ ਚੇਅਰਮੈਨ ਵਿਸ਼ਵਨਾਥ ਪ੍ਰਸਾਦ ਤਿਵਾੜੀ ਨੇ ਇਕ ਬਿਆਨ ‘ਚ ਕਿਹਾ, ”ਅਸੀਂ ਇਸ ਗੱਲ ‘ਤੇ ਜ਼ੋਰ ਦੇਣਾ ਚਾਹੁੰਦੇ ਹਾਂ ਕਿ ਅਕਾਦਮੀ ਸਾਰੇ ਲੇਖਕਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੇ ਹੱਕ ‘ਚ ਹੈ ਭਾਵੇਂ ਉਹ ਕਿਸੇ ਵੀ ਜਾਤ, ਰੰਗ, ਨਸਲ ਜਾਂ ਕੌਮੀਅਤ ਦੇ ਕਿਉਂ ਨਾ ਹੋਣ। ਸਾਹਿਤ ਅਕਾਦਮੀ ਕਿਸੇ ਲੇਖਕ ਜਾਂ ਕਲਾਕਾਰ ‘ਤੇ ਕਿਤੇ ਵੀ ਹਮਲਾ ਅਤੇ ਕਤਲ ਦੀ ਨਿੰਦਾ ਕਰਦੀ ਹੈ।”
ਨੈਨਤਾਰਾ ਸਹਿਗਲ, ਸਾਰਾ ਜੋਸੇਫ਼, ਉਦੈ ਪ੍ਰਕਾਸ਼ ਅਤੇ ਅਸ਼ੋਕ ਵਾਜਪਾਈ ਵਰਗੇ ਕਈ ਲੇਖਕਾਂ ਵਲੋਂ ਅਪਣਾ ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕੀਤੇ ਜਾਣ ਕਾਰਨ ਅਕਾਦਮੀ ਨੇ ਇਹ ਟਿਪਣੀ ਕੀਤੀ ਹੈ।
ਇਨ੍ਹਾਂ ਤੋਂ ਇਲਾਵਾ ਕਵੀ ਸਚਿਦਾਨੰਦਨ ਅਤੇ ਕੇਕੀ ਦਾਰੂਵਾਲਾ ਨੇ ਲੇਖਕ ਐਮ.²ਐਮ. ਕਲਬੁਰਗੀ ਦੇ ਕਤਲ ‘ਤੇ ਅਕਾਦਮੀ ਦੀ ਚੁੱਪ ਅਤੇ ਵਧਦੀ ਅਸਹਿਣਸ਼ੀਲਤਾ ਵਿਰੁਧ ਅਪਣਾ ਰੋਸ ਦਰਜ ਕਰਵਾਇਆ ਹੈ।
ਇਸ ਦੌਰਾਨ 2014 ‘ਚ ਅਪਣੇ ਕੰਮ ਲਈ ਸਾਹਿਤ ਅਕਾਦਮੀ ਪੁਰਸਕਾਰ ਜਿੱਤਣ ਵਾਲੇ ਕਵੀ ਅਤੇ ਆਲੋਚਕ ਆਦਿਲ ਜੁੱਸਾਵਾਲਾ ਨੇ ਅਕਾਦਮੀ ਨੂੰ ਲੇਖਕਾਂ ਦੀ ‘ਬਰਦਾਸ਼ਤ ਤੋਂ ਬਾਹਰ ਸੈਂਸਰਸ਼ਿਪ’ ਅਤੇ ‘ਹਿੰਸਕ ਅਸਹਿਣਸ਼ੀਲ ਧੜਿਆਂ’ ਦੀ ਨਿੰਦਾ ਕਰਨ ਦੀ ਅਪੀਲ ਕਰਦਿਆਂ ਸਾਹਿਤ ਅਕਾਦਮੀ ਦੇ ਚੇਅਰਪਰਸਨ ਨੂੰ ਇਕ ਚਿੱਠੀ ਲਿਖੀ। (ਪੀਟੀਆਈ)