ਪੰਜਾਬ ਦੀ ਧਾਰਮਿਕ ਧਰਤੀ ’ਤੇ ਵੱਧ ਰਿਹਾ ਪਤਿਤਪੁਣਾ

0
306

ਪੰਜਾਬ ਦੀ ਧਾਰਮਿਕ ਧਰਤੀ ’ਤੇ ਵੱਧ ਰਿਹਾ ਪਤਿਤਪੁਣਾ

ਬਲਬੀਰ ਸਿੰਘ ਬੱਬੀ, ਪਿੰਡ-ਤੱਖਰਾਂ (ਲੁਧਿਆਣਾ)- 92175-92531

ਅੱਜ ਗੁਰਾਂ ਦੇ ਨਾਮ ਹੇਠ ਵਸ ਰਹੇ ਮੇਰੇ ਪੰਜਾਬ ਵਿੱਚ ਇਕੋ ਨਹੀਂ ਅਨੇਕਾਂ ਹੀ ਬੁਰਾਈਆਂ ਨੇ ਜਨਮ ਲੈ ਲਿਆ ਹੈ। ਪੰਜਾਬ ਵਿੱਚ ਬੁਰਾਈਆਂ ਵੀ ਇਹੋ ਜਿਹੀਆਂਪੜ੍ਹਦੇ-ਸੁਣਦੇ ਹਾਂ ਜੋ ਪੂਰੀ ਦੁਨੀਆਂ ਵਿੱਚ ਸ਼ਾਇਦ ਹੀ ਹੋਣ। ਜਦੋਂ ਕਦੀ ਸਿਆਣੇ ਬਜ਼ੁਰਗਾਂ ਕੋਲ ਬੈਠ ਕੇ ਅੱਜ ਦੇ ਪੰਜਾਬ ਦੀਆਂ ਕਈ ਘਟਨਾਵਾਂ ਦੀ ਚਰਚਾ ਕਰਦੇ ਹਾਂ ਤਾਂ ਅਜੀਬ ਗੱਲਾਂ ਸੁਣ ਕੇ ਕਈ ਬਜ਼ੁਰਗਾਂ ਦੇ ਵੀ ਹੰਝੂ ਤੱਕ ਨਿਕਲਦੇ ਹਨ ਤੇ ਉਹ ਉਦਾਸੀ ਵਿੱਚ ਕਹਿੰਦੇ ਹਨ, ਕਿ ਇਹੋ ਜਿਹਾ ਤਾਂ ਸੁਪਨਾ ਵੀ ਕਦੀ ਨਹੀਂ ਸੋਚਿਆ ਸੀ ਜੋ ਅੱਜ ਸਾਡੀ ਸਰ ਜ਼ਮੀਨ ’ਤੇ ਹੋ ਰਿਹਾ ਹੈ। ਹੋਰ ਸਾਰੀਆਂ ਗੱਲਾਂ ਛੱਡ, ਅੱਜ ਪੰਜਾਬ ਦੀ ਧਰਤੀ ਉੱਤੇ ਸਿੱਖ ਧਰਮ ਵਿੱਚ ਵੱਧ ਰਹੇ ਪਤਿਤਪੁਣ ਬਾਰੇ ਗੱਲ ਕਰਦੇ ਹਾਂ।

ਪੰਜਾਬ ਦੀ ਧਰਤੀ ਦਾ ਨਾਮ ਧਰਮ ਨਾਲ ਵਿਸ਼ੇਸ਼ ਤੌਰ ’ਤੇ ਜੁੜਿਆ ਹੋਇਆ ਹੈ, ਜੁੜੇ ਵੀ ਕਿਉਂ ਨਾ ਇਹ ਧਰਤੀ ਜਗਤ ਗੁਰੂ, ਗੁਰੂ ਨਾਨਕ ਦੇਵ ਜੀ ਦੀ ਹੈ। ਉਨ੍ਹਾਂ ਨੇ ਸਿੱਖ ਧਰਮ ਦੀ ਨੀਂਹ ਰੱਖ ਕੇ ਇੱਕ ਨਵਾਂ ਇਨਕਲਾਬ ਪੈਦਾ ਕੀਤਾ। ਸਮੁੱਚੀ ਦੁਨੀਆਂ ਵਿੱਚ ਧਰਮ ਦੇ ਨਾਂ ਹੇਠ ਹੋ ਰਹੇ ਪਾਖੰਡ ਨੂੰ ਨੰਗਾ ਕੀਤਾ, ਅੱਗੋਂ ਦਸਾਂ ਗੁਰੂਆਂ ਨੇ ਸਿੱਖੀ ਨੂੰ ਨਵੇਂ ਰੰਗ-ਢੰਗ ਵਿੱਚ ਪੇਸ਼ ਕੀਤਾ। ਅਨੇਕਾਂ ਭਗਤਾਂ, ਸੂਰਬੀਰ ਯੋਧਿਆਂ, ਸਿੱਖ ਜਰਨੈਲਾਂ ਨੇ ਸਿੱਖੀ ਲਈ ਆਪਾ ਵਾਰ ਕੇ ਇਹੋ ਜਿਹੀਆਂਕੁਰਬਾਨੀਆਂ ਕੀਤੀਆਂ ਤੇ ਪੂਰੀ ਦੁਨੀਆਂ ਦਾ ਧਿਆਨ ਖਿੱਚ ਕੇ ਅਜੀਬ ਗਾਥਾਵਾਂ ਪੇਸ਼ ਕੀਤੀਆਂ। ਇਹ ਸਭ ਕੁਝ ਸਿੱਖੀ ਦੇ ਵਿਹੜੇ ਦਾ ਹੀ ਸ਼ਿੰਗਾਰ ਬਣਿਆ। ਕੁਝ ਅਨੋਖੀਆਂ ਗੱਲਾਂ ਅੱਖਾਂ ਅੱਗੇ ਲਿਆ ਕੇ ਤੱਕੋ ਕਿ ਇਹ ਸਭ ਕਿਵੇਂ ਹੋ ਸਕਦਾ ਸੀ, ਗੁਰੂਆਂ ਦੀ ਅਪਾਰ ਬਖ਼ਸ਼ਿਸ਼, ਬਾਣੀ-ਬਾਣੇ ’ਚ ਪ੍ਰਪੱਕ ਰੂਹਾਂ ਨੇ ਬੜਾ ਕੁਝ ਰਚਿਆ, ਇਤਿਹਾਸ ਬਣਿਆ ਤੇ ਇਤਿਹਾਸ ਵੀ ਸਭ ਤੋਂ ਅਲੱਗ।

ਅੱਜ ਗੁਰੂਆਂ ਦੇ ਵਾਰਸ ਭਾਵ ਅਸੀਂ ਕਿਹੜੇ ਨਵੇਂ ਪਾਸੇ ਨੂੰ ਤੁਰ ਪਏ ਹਾਂ ਤੇ ਨਵੇਂ ਪੂਰਨੇ ਪਾ ਰਹੇ ਹਾਂ। ਜਿੱਥੇ ਇਹ ਗੱਲ ਫ਼ਿਕਰ ਕਰਨ ਵਾਲੀ ਹੈ, ਉੱਥੇ ਸੋਚਣ ਵਾਲੀ ਵੀ ਹੈ। ਅੱਜ ਦੇ ਮੌਜੂਦਾ ਸਮੇਂ ਵੱਲ ਤੱਕ ਕੇ ਅੱਜ ਦੀ ਨੌਜੁਆਨੀ ਬਾਰੇ ਗੱਲ ਕਰੀਏ ਤਾਂ ਯਕੀਨ ਹੀ ਨਹੀਂ ਆਉਂਦਾ ਕਿ ਇਹ ਗੁਰਾਂ ਦੇ ਨਾਂ ਹੇਠ ਵੱਸਣ ਵਾਲੇ ਪੰਜਾਬ ਦੀ ਧਰਤੀ ਹੈ। ਕਿਉਂਕਿ ਅੱਜ ਵੱਡੇ ਪੱਧਰ ’ਤੇ ਨੌਜੁਆਨੀ, ਨੌਜੁਆਨੀ ਤੋਂ ਉੱਪਰਲਾ ਵਰਗ ਤੇ ਕਈ ਸਿਆਣੀ ਉਮਰ ਵਾਲੇ ਵੀ ਆਪ ਪੂਰੀ ਤਰ੍ਹਾਂ ਸਿਰ ਤੇ ਦਾੜ੍ਹੀ ਦੇ ਵਾਲਾਂ ਤੋਂ ਪਤਿਤ ਭਾਵ ਘੋਨ-ਮੋਨ ਹਨ। ਜਦੋਂ ਘਰਾਂ ਦੇ ਵਡੇਰੇ ਹੀ ਪੂਰੀ ਤਰ੍ਹਾਂ ਪਤਿਤ ਹੋਣ ਤਾਂ ਉਹ ਕਿਵੇਂ ਛੋਟੇ ਬੱਚਿਆਂ ਤੇ ਨੌਜੁਆਨਾਂ ਨੂੰ ਵਾਲ ਰੱਖਣ ਲਈ ਪ੍ਰੇਰ ਸਕਦੇ ਹਨ। ਅੱਜ ਸਾਡੇ ਘਰਾਂ ਦੀਆਂ ਔਰਤਾਂ ਤੇ ਖ਼ਾਸ ਕਰ ਨਵੀਆਂ ਬੀਬੀਆਂ ਬੱਚਿਆਂ ਦੇ ਵਾਲ ਸਾਂਭਣ ਖੁਣੋਂ ਹੀ ਕਟਵਾ ਕੇ ਰਾਜੀ ਹਨ। ਪਿੱਛਲੇ ਦਿਨੀ ਮੈਂ ਮੇਰੀ ਜਾਣਕਾਰ ਅਧਿਆਪਕ ਬੀਬੀ ਦੇ ਘਰ ਗਿਆ ਤਾਂ ਛੇਵੀਂ ’ਚ ਪੜ੍ਹਦੇ ਉਸ ਦੇ ਲੜਕੇ ਦੇ ਵਾਲ ਕੱਟੇ ਤੱਕ ਕੇ ਮੈਂ ਪ੍ਰਸ਼ਨ ਕਰ ਬੈਠਾ ਜੋ ਉਸ ਨੇ ਜਵਾਬ ਦਿੱਤਾ ਮੈਂ ਸੁਣ ਕੇ ਸੁੰਨ ਹੋ ਗਿਆ। ਅਖੇ ਵੀਰ ਜੀ, ਸਭ ਤੋਂ ਪਹਿਲਾਂ ਤਾਂ ਰੋਜ਼ਾਨਾ ਆਪਣੀ ਡਿਊਟੀ ਜਾਣ ਦਾ ਫ਼ਿਕਰ ਹੁੰਦਾ ਹੈ ਤੇ ਨਾਲ ਹੀ ਬੱਚਿਆਂ ਦੀ ਸਕੂਲ ਵੈਨ ਵੀ ਜਲਦੀ ਆ ਜਾਂਦੀ ਹੈ, ਹੁਣ ਦੱਸੋਂ ਕਿੱਥੇ ਮੇਰੇ ਕੋਲ ਬੱਚਿਆਂ ਦੀਆਂ ਮੀਢੀਆਂ ਗੁੰਦਣ ਦਾ ਟਾਇਮ ? ਹੁਣ ਸੋਚੋ ਜਦੋਂ ਇੱਕ ਅਧਿਆਪਕ ਦੇ ਆਪਣੇ ਬੱਚੇ ਬਾਰੇ ਇਹ ਖਿਆਲ ਹਨ ਤਾਂ ਕਦੋਂ ਉਹ ਸਕੂਲੀ ਬੱਚਿਆਂ ਨੂੰ ਕੇਸ ਰੱਖਣ ਲਈ ਪ੍ਰੇਰਨਾ ਦੇ ਸਕਦੀ ਹੈ?

ਅੱਜ ਵਾਲ ਨਾ ਰੱਖਣ ਦੇ ਬਹਾਨੇ ਵੀ ਅਜੀਬ ਹਨ, ਅਸੀਂ ਤਾਂ ਜੀ ਕਬੱਡੀ ਦੇ ਖਿਡਾਰੀ ਹਾਂ ਜਦੋਂ ਜੱਫਾ ਪੈਦਾ ਤਾਂ ਵਾਲਾ ਕਾਰਨ ਹੀ ਕੰਮ ਖਰਾਬ ਹੁੰਦਾ ਹੈ। ਸਾਡੇ ਮੁੰਡੇ ਦਾ ਤਾਂ ਅੱਧਾ ਸਿਰ ਦਰਦ ਰਹਿੰਦਾ ਹੈ, ਕਿਸੇ ਦੇ ਪੱਗ ਬੰਨਣ ਕਾਰਨ ਸਿਕਰੀ ਪੈਦੀ ਹੈ ਤੇ ਕਿਸੇ ਦੇ ਜੂੰਆਂ, ਹੋਰ ਤਾਂ ਹੋਰ ਅਖੇ ਸਾਡੇ ਮੁੰਡੇ ਦੇ ਮੀਢੀ ਤੇ ਜੂੜ੍ਹਾ ਗੁੰਦਣ ਕਾਰਨ ਵਾਲ ਤੋੜ ਫਿਨਸੀਆਂ ਨਾਲ ਸਿਰ ਭਰ ਜਾਂਦਾ ਹੈ। ਇਹ ਸਭ ਬਹਾਨੇ ਨਹੀਂ ਹਨ ਤਾਂ ਹੋਰ ਕੀ ਹੈ ?

ਇਕੋ ਹੋਰ ਵੱਡਾ ਕਾਰਨ ਜੋ ਕਿ ਦਿਨ-ਬ-ਦਿਨ ਕਿਸੇ ਖ਼ਾਸ ਬਿਮਾਰੀ ਵਾਂਗ ਵੱਧਦਾ ਹੀ ਜਾਂਦਾ ਹੈ ਉਹ ਹੈ ਅੱਜ ਦੀ ਚੱਲ ਰਹੀ ਗਲਤ ਤੇ ਲੱਚਰ ਗਾਇਕੀ, ਅੱਜ ਬਹੁ-ਗਿਣਤੀ ਪੰਜਾਬੀ ਗਾਇਕ ਕਲਾਕਾਰ ਵੀ ਸਿਰ-ਦਾੜ੍ਹੀ ਤੋਂ ਪੂਰੀ ਤਰ੍ਹਾਂ ਘੋਨ-ਮੋਨ ਹਨ। ਗਾਇਕ ਦਾੜ੍ਹੀ ਤੇ ਵਾਲਾਂ ਦੇ ਵੀ ਅਜੀਬ ਜਿਹੇ ਫੈਸ਼ਨ ਬਣਾ ਕੇ ਪੇਸ਼ ਹੁੰਦੇ ਹਨ ਤੇ ਉਨ੍ਹਾਂ ਦੀ ਰੀਸ ਅੱਜ ਦੀ ਮੰਡੀਰ ਕਰ ਰਹੀ ਹੈ, ਗਾਇਕਾਂ ਜਿਹੇ ਵਾਲ ਬਣਾ ਕੇ ਅੱਜ ਨੌਜੁਆਨ ਪਿੰਡਾਂ ਤੇ ਸ਼ਹਿਰਾਂ ਤੋਂ ਬਿਨਾਂ ਵਿੱਦਿਅਕ ਅਦਾਰਿਆਂ ਵਿੱਚ ਵੀ ਵਿਚਰ ਰਹੇ ਹਨ ਜੋ ਕਿ ਅੱਜ ਪਤਿਤਪੁਣੇ ਦਾ ਵੱਡਾ ਕਾਰਨ ਹੈ। ਜਿਨ੍ਹਾਂ ਗਾਇਕਾਂ ਨੂੰ ਰੋਲ ਮਾਡਲ ਸਮਝ ਕੇ ਅੱਜ ਦੀ ਨੌਜੁਆਨੀ ਵਿਚਰ ਰਹੀ ਹੈ ਜੇ ਉਨ੍ਹਾਂ ’ਚੋ ਕੁਝ ਕੁ ਗਾਇਕ ਹੀ ਪੱਗ ਬੰਨਣੀ ਸ਼ੁਰੂ ਕਰ ਦੇਣ ਤਾਂ ਮੈਂ ਦਾਅਵਾ ਕਰਦਾ ਹਾਂ ਕਿ ਪਤਿਤਪੁਣੇ ਨੂੰ ਕਾਫੀ ਹੱਦ ਤੱਕ ਠੱਲ ਪਾਈ ਜਾ ਸਕਦੀ ਹੈ।

ਇਸ ਵਿਸ਼ੇ ਨਾਲ ਧਾਰਮਿਕ ਗੱਲ ਕਰਨੀ ਅਤਿ ਜ਼ਰੂਰੀ ਹੈ। ਅੱਜ ਇੱਕ ਨਹੀਂ ਅਨੇਕਾਂ ਵੱਡੀਆਂ ਛੋਟੀਆਂ ਗੁਰਦੁਆਰਾ ਕਮੇਟੀਆਂ, ਸੰਸਥਾਵਾਂ, ਗੁਰੂ ਘਰ, ਰਾਗੀ-ਢਾਡੀ, ਪ੍ਰਚਾਰਕ ਤੇ ਅਨੇਕਾਂ ਬਾਬਿਆਂ ਤੋਂ ਬਿਨਾਂ ਹੋਰ ਬਹੁਤ ਕੁਝ ਸਿੱਖੀ ਦੇ ਵਿਹੜੇ ਵਿੱਚ ਹੈ ਤੇ ਪ੍ਰਚਾਰ ਲਈ ਵੀ ਦਿਨ ਰਾਤ ਇੱਕ ਕੀਤਾ ਹੋਇਆ ਹੈ ਪਰ ਦੁਖੀ ਮਨ ਨਾਲ ਲਿਖ ਰਿਹਾ ਹਾਂ ਕਿ ਸਭ ਕੁਝ ਇਹ ਹੋ ਕਿਸ ਲਈ ਰਿਹਾ ਹੈ। ਜਿਨ੍ਹਾਂ ਲਈ ਹੋ ਰਿਹਾ ਹੈ ਉਨ੍ਹਾਂ ’ਤੇ ਤਾਂ ਇਸ ਪ੍ਰਚਾਰ ਦਾ ਜ਼ਰਾ ਵੀ ਅਸਰ ਨਹੀਂ ਹੈ। ਜੇ ਅਸਰ ਹੋਵੇ ਤਾਂ ਬਹੁਤਾ ਨਹੀਂ ਤਾਂ ਥੋੜ੍ਹਾ ਜਿਹਾ ਨਤੀਜਾ ਤਾਂ ਅੱਜ ਸਾਡੇ ਸਾਹਮਣੇ ਆਉਣਾ ਚਾਹੀਦਾ ਸੀ ਭਾਵ ਨੌਜੁਆਨੀ ਸਿੱਖੀ ਵੱਲ ਮੁੜੇ ਤੇ ਪਤਿਤਪੁਣਾ ਘਟੇ ਪਰ ਇਹ ਘਟਣ ਦੀ ਜਗ੍ਹਾ ਅੱਜ ਵੱਧ ਹੀ ਰਿਹਾ ਹੈ। ਗੱਲ ਸੋਚ ਤੋਂ ਬਾਹਰ ਹੋ ਜਾਂਦੀ ਹੈ ਜਦੋਂ ਸਾਡੇ ਧਾਰਮਿਕ ਆਗੂਆਂ ਦੇ ਕੁਝ ਬੱਚੇ ਪਤਿਤ ਤੱਕਦੇ ਹਾਂ। ਅੱਜ ਕਈ ਜੱਥੇਦਾਰਾਂ, ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਤੇ ਮੁਲਾਜ਼ਮਾਂ, ਰਾਗੀ ਤੇ ਗ੍ਰੰਥੀ ਸਿੰਘਾਂ, ਬਾਬਿਆਂ ਤੇ ਹੋਰ ਪ੍ਰਚਾਰਕਾਂ ਦੇ ਬੱਚੇ ਵੀ ਪਤਿਤਪੁਣੇ ’ਚ ਰੰਗੇ ਹੋਏ ਹਨ, ਮੈਂ ਤਾਂ ਖੁਦ ਸ਼ਰਮ ਜਿਹੀ ਮਹਿਸੂਸ ਕਰਦਾ ਹਾਂ ਜਦੋਂ ਮਾਂ-ਬਾਪ ਦੇ ਉਪਰੋਂ ਦੀ ਗਾਤਰੇ ਕ੍ਰਿਪਾਨਾਂ ਪਾ ਕੇ ਕਾਰਾਂ ’ਚ ਬੈਠੇ ਜਾਂਦੇ ਹਨ ਤੇ ਕਾਰ ਚਲਾ ਰਿਹਾ ਬੱਚਾ ਪੂਰੀ ਤਰ੍ਹਾਂ ਘੋਨ-ਮੋਨ ਤੇ ਕੰਨ ’ਚ ਨੱਤੀਆਂ ਪਾ ਕੇ ਵਿਚਰਦਾ ਹੈ।

ਕੁਝ ਗੱਲ ਰਾਜਨੀਤਿਕ ਪਾਰਟੀਆਂ ਦੀ ਕਰਨੀ ਵੀ ਜ਼ਰੂਰੀ ਹੈ ਪੰਜਾਬ ’ਚ ਅੱਜ ਕਈ ਰਾਜਨੀਤਿਕ ਪਾਰਟੀਆਂ ਵਿਚਰ ਕੇ ਪੰਜਾਬ ਲਈ ਬੜਾ ਕੁਝ ਕਰਨਾ ਲੋਚਦੀਆਂ ਹਨ ਤੇ ਨਿੱਤ ਨਵੇਂ ਪ੍ਰੋਗਰਾਮ ਪੰਜਾਬ ਵਾਸੀਆਂ ਲਈ ਦੇ ਰਹੀਆਂ ਹਨ ਪਰ ਸਿੱਖ ਨੌਜੁਆਨੀ ਵਿਚ ਵੱਧ ਰਹੇ ਪਤਿਤਪੁਣੇ ਬਾਰੇ ਕੋਈ ਵੀ ਗੱਲ ਨਹੀਂ ਕਰ ਰਿਹਾ ਹੋਰ ਕਿਸੇ ਤੋਂ ਤਾਂ ਆਸ ਵੀ ਨਹੀਂ ਹੈ। ਪੰਜਾਬ ਦੀ ਮਾਂ ਪਾਰਟੀ ਅਖਵਾ ਰਹੀ ਅਕਾਲੀ ਦਲ ਨੇ ਵੀ ਇਸ ਵਿਸ਼ੇ ’ਤੇ ਕੋਈ ਫਿਕਰਮੰਦੀ ਨਹੀਂ ਵਿਖਾਈ। ਇਹ ਗੱਲ ਇਤਿਹਾਸਕ ਹੈ ਸ. ਕਪੂਰ ਸਿੰਘ ਸਮਰਾਲੇ ਤੋਂ ਚੋਣ ਲੜ ਰਹੇ ਸਨ ਤੇ ਉਨ੍ਹਾਂ ਨੇ ਲਲਕਾਰ ਕੇ ਕਿਹਾ ਸੀ ਕਿ ਕੋਈ ਵੀ ਪਤਿਤ ਮੈਨੂੰ ਵੋਟ ਨਾ ਪਾਵੇ, ਚਾਹੇ ਮੈਂ ਹਾਰ ਹੀ ਜਾਵਾਂ, ਇਸ ਗੱਲ ਨੂੰ ਅੱਜ ਦੇ ਅਕਾਲੀ ਦਲ ਨਾਲ ਜੋੜ ਕੇ ਵੇਖੋ ਕਿ ਅੱਜ ਦਾ ਅਕਾਲੀ ਦਲ ਘੋਨ-ਮੋਨ ਅਕਾਲੀ ਦਲ ਬਣ ਕੇ ਰਹਿ ਗਿਆ ਹੈ ਕਿੱਥੇ ਗਈ ਸ. ਕਪੂਰ ਸਿੰਘ ਵਾਲੀ ਸੋਚ? ਅੱਜ ਵੱਡੀ ਪੱਧਰ ’ਤੇ ਅਕਾਲੀ ਦਲ ਵਿਚ ਪਤਿਤ ਅਹੁਦੇਦਾਰ ਹਨ ਜੋ ਵਡੇਰੀ ਉਮਰ ਦੇ ਹਨ ਤੇ ਨਵੇਂ ਵੀ। ਸਿੱਖ ਸਟੂਡੈਟ ਫੈਡਰੇਸਨ ਦਾ ਹਰਿਆਵਲ ਦਸਤਾ ਜੋ ਮੁੱਖ ਤੌਰ ’ਤੇ ਸਿੱਖੀ ਦੇ ਪਹਿਰੇਦਾਰ ਵਿਚਰਦੇ ਸਨ ਅੱਜ ਉਹ ਵੀ ਕੁਰਸੀ ਦੇ ਆਨੰਦ ਮਾਣਨ ਵਿਚ ਲੱਗੇ ਹੋਏ ਹਨ ਕੀ ਲੈਣਾ ਸਿੱਖੀ ਤੋਂ। ਅਕਾਲੀ ਦਲ ਵਿਚਲੀ ਨਵੀਂ ਬਣੀ ਵਿੱਦਿਆਰਥੀ ਜੱਥੇਬੰਦੀ, ਕਾਫੀ ਚਿਰ ਤੋਂ ਸਰਗਰਮ ਹੈ ਤੇ ਇਸ ਵਿਚ ਵੱਡੇ ਪੱਧਰ ’ਤੇ ਪਤਿਤ ਨੌਜੁਆਨ ਹਨ ਜੋ ਕਿ ਅਕਾਲੀ ਦਲ ਦੀ ਨੁਮਾਇੰਦਗੀ ਕਰਦੇ ਹਨ। ਕਿੰਨਾ ਚੰਗਾ ਹੁੰਦਾ ਜੇ ਇਸ ਦੇ ਮੈਂਬਰ ਬਣਨ ਲਈ ਪੱਗ ਦੀ ਸ਼ਰਤ ਲਾਜ਼ਮੀ ਕੀਤੀ ਹੁੰਦੀ ਤੇ ਕੁਝ ਕੁ ਫ਼ਰਕ ਤਾਂ ਪਤਿਤਪੁਣੇ ਨੂੰ ਜ਼ਰੂਰ ਹੀ ਪੈਦਾ ਪਰ ਇੱਥੇ ਤਾਂ ਕੁਰਸੀ ਚਾਹੀਦੀ ਹੈ ਕੀ ਲੈਣਾ ਸਿੱਖੀ ਤੋਂ, ਸਭ ਕੁਝ ਸਾਡੇ ਸਾਹਮਣੇ ਹੋ ਰਿਹਾ ਹੈ, ਕਿਸੇ ਨੂੰ ਹੈ ਕੋਈ ਫ਼ਿਕਰ?

ਅੱਜ ਪੇਂਡੂ ਪ੍ਰਾਇਮਰੀ ਸਕੂਲਾਂ ਤੋਂ ਲੈ ਕੇ ਵੱਡੇ-ਵੱਡੇ ਵਿੱਦਿਅਕ ਅਦਾਰਿਆਂ ਵਿਚ ਵੱਡੀ ਗਿਣਤੀ ਵਿਚ ਨੌਜੁਆਨ ਪਤਿਤਪੁਣੇ ਵਿਚ ਰੰਗੇ ਨਜ਼ਰ ਆਉਂਦੇ ਹਨ। ਇਨ੍ਹਾਂ ’ਚੋ ਸਿੱਖ ਵਿੱਦਿਆਰਥੀਆਂ ਤੇ ਗ਼ੈਰ ਸਿੱਖਾਂ ਦੀ ਪਛਾਣ ਸਿਰਫ਼ ਉਨ੍ਹਾਂ ਦੇ ਨਾਮ ਤੋਂ ਹੀ ਹੁੰਦੀ ਹੈ, ਨਾ ਕਿ ਰਹਿਣ-ਸਹਿਣ ਤੇ ਪਹਿਰਾਵੇ ਤੋਂ, ਪਿਛਲੇ ਦਿਨੀਂ ਇਕੋਂਵਿੱਦਿਅਕ ਅਦਾਰੇ ’ਚ ਤੱਕਿਆਂ ਕਿ ਦਸ ਨੌਜੁਆਨਾਂ ਵਿਚੋਂ ਸਿਰਫ ਇਕੋਂ ਹੀ ਪੱਗ ਵਾਲਾ ਤੇ ਨੌ ਜਣੇ ਪਤਿਤ ਭਾਵ ਘੋਨ-ਮੋਨ ਸਨ ਜੋ ਕਿ ਚਿੰਤਾ ਜਨਕ ਹੈ।

ਅੰਤ ਵਿਚ ਮੈਂ ਅੱਜ ਦੀ ਨੌਜੁਆਨੀ ਨੂੰ ਇਕੋਂ ਬੇਨਤੀ ਬਾਰ-ਬਾਰ ਕਰਾਂਗਾ ਕਿ ਸਭ ਕੁਝ ਛੱਡ ਕੇ ਸਿਰਫ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਸਾਕੇ ਵੱਲ ਹੀ ਤੱਕ ਲਵੋ, ਜਿਨਾਂ ਨੇ ਸਿੱਖੀ ਕੇਸਾਂ ਸੰਗ ਨਿਭਾਉਣ ਲਈ ਬਹੁਤ ਵੱਡੀ ਕਰਬਾਨੀ ਦਿੱਤੀ ਜੋ ਦੁਨੀਆਂ ਦੇ ਕਿਸੇ ਵੀ ਹਿੱਸੇ ਵਿਚ ਨਹੀਂ ਹੋ ਸਕਦੀ। ਚਾਹੀਦਾ ਤਾਂ ਇਹ ਸੀ ਕਿ ਹਰ ਘਰ ਵਿਚ ਭਾਈ ਤਾਰੂ ਸਿੰਘ ਦੀ ਵੱਡੀ ਤਸਵੀਰ ਲੱਗੀ ਹੋਵੇ ਜੋ ਸਾਨੂੰ ਸਿੱਖੀ ਦਾ ਪੈਗ਼ਾਮ ਦਿੰਦੀ ਪਰ ਇੱਥੇ ਤਾਂ ਸਭ ਉਲਟ ਹੈ। ਐ, ਮੇਰੇ ਨੌਜੁਆਨ ਵੀਰੋ! ਜਾਗੋ, ਸਭ ਗਲਤ ਅਲਾਮਤਾਂ ਨਸ਼ੇ ਆਦਿ ਤਿਆਗ ਕੇ ਗੁਰੂ ਲੜ ਲੱਗ ਕੇ ਬਾਣੀ ਤੇ ਬਾਣੇ ਦੇ ਧਾਰਨੀ ਬਣੋ ਤਾਂ ਕਿ ਸਿੱਖੀ ’ਤੇ ਮਾਣ ਤਾਂ ਹੋਵੇ ਹੀ, ਨਾਲ ਹੀ ਸਾਡੇ ਪੰਜਾਬ ਵਾਸੀ ਸਿੱਖਾਂ ਦੀ ਛਾਤੀ ਵੀ ਚੌੜੀ ਹੋਵੇ ਤੇ ਅਸੀਂ ਮਾਣ ਨਾਲ ਕਹੀਏ ਕਿ ਅਸੀਂ ਅਸਲੀ ਸਿੱਖ ਹਾਂ, ਨਾ ਕਿ……….।