‘‘ਨਾ ਕੋ ਬੈਰੀ ਨਹੀ ਬਿਗਾਨਾ .॥’’ ਦੀ ਪੈਰੋਕਾਰ ਕੌਮ ’ਚ ਭਰਾ ਮਾਰੂ ਜੰਗ ਦਾ ਆਗ਼ਾਜ਼ ?

0
579

‘‘ਨਾ ਕੋ ਬੈਰੀ ਨਹੀ ਬਿਗਾਨਾ .॥’’ ਦੀ ਪੈਰੋਕਾਰ ਕੌਮ ’ਚ ਭਰਾ ਮਾਰੂ ਜੰਗ ਦਾ ਆਗ਼ਾਜ਼ ?

ਵਾਇਸ ਚੇਅਰਮੈਨ ਸ. ਅਮਰਜੀਤ ਸਿੰਘ ਜੀ, ਸਾਹਿਬਜ਼ੰਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ (ਰੋਪੜ)-98157-03806

ਸਿੱਖੀ ਦੇ ਮੂਲ ਸਿਧਾਂਤਾਂ ਵਿੱਚੋਂ ਸਿਰਮੌਰ ਪੱਧਰ ’ਤੇ ਜੀਵਨ ਜਾਚ ਦਾ ਸਿਧਾਂਤ ਹੈ: ‘‘ਸਭੇ ਸਾਂਝੀਵਾਲ ਸਦਾਇਨਿ, ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥’’ (ਮ: 5-97) ਰਾਹੀਂ ਸਾਨੂੰ ਗੁੜ੍ਹਤੀ ਮਿਲਦੀ ਹੈ ਕਿ ‘‘ਨਾ ਕੋ ਬੈਰੀ ਨਹੀ ਬਿਗਾਨਾ, ਸਗਲ ਸੰਗਿ ਹਮ ਕਉ ਬਨਿ ਆਈ ॥’’ (ਮ: 5-1299) ਸਾਡੀਆਂ ਰਗ਼ਾਂ ਵਿੱਚ ਖੂਨ ਦੌੜਦਾ ਹੈ ਤਾਂ ਮਾਨੋ ਇਹ ਗਾਉਂਦਾ ਹੈ ਕਿ ‘‘ਸਭੁ ਕੋ ਮੀਤੁ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ ॥’’ (ਮ: 5-671) ਜੇ ਸਾਡੇ ਸਬੰਧਾਂ ਵਿੱਚ ਕੋਈ ਮਤਭੇਦ ਜਾਂ ਕੁੜੱਤਣ ਆਵੇ ਤਾਂ ਸਾਨੂੰ ਹੁਕਮ ਹੈ ਕਿ ‘‘ਹੋਇ ਇਕਤ੍ਰ ਮਿਲਹੁ ਮੇਰੇ ਭਾਈ ! ਦੁਬਿਧਾ ਦੂਰਿ ਕਰਹੁ ਲਿਵ ਲਾਇ॥ ਹਰਿ ਨਾਮੈ ਕੇ ਹੋਵਹੁ ਜੋੜੀ, ਗੁਰਮੁਖਿ ਬੈਸਹੁ ਸਫਾ ਵਿਛਾਇ ॥’’ (ਮ: 5- 1185)

ਸਾਡੇ ਇਸ਼ਟ, ਗੁਰੂ ਗ੍ਰੰਥ ਸਾਹਿਬ ਜੀ ਹਨ। ਜਦੋਂ ਇਨ੍ਹਾਂ ਦੇ ਦਰਸ਼ਨ ਕਰੀਏ ਤਾਂ ਗੱਲ ੴ ਤੋਂ ਸ਼ੁਰੂ ਹੁੰਦੀ ਹੈ ਤੇ 1430 ਅੰਕਾਂ ਤੱਕ ਇੱਕ ਵੀ ਹੁਕਮ, ਸ਼ਬਦ ਜਾਂ ਪੰਕਤੀ ਐਸੀ ਨਹੀਂ, ਜੋ ਬੰਦੇ ਨੂੰ ਬੰਦੇ ਨਾਲੋਂ ਤੋੜਨ ਦਾ ਯਤਨ ਕਰਦੀ ਹੋਵੇ। ਮਨੁੱਖ ਮਾਤਰ ਨੂੰ ਆਪਸੀ ਭਾਈਚਾਰਕ ਸਾਂਝ ਦੀ ਸਿਖਲਾਈ ਮਿਲਦੀ ਹੈ। ਜਾਤ-ਪਾਤ, ਊਚ-ਨੀਚ ਦਾ ਨਾਸ ਕਰਦਿਆਂ, ਸਿਰਫ਼ ਤੇ ਸਿਰਫ਼ ਸਹਿਚਾਰ ਦਾ ਸੰਦੇਸ਼ ਹੈ ਸਾਡੇ ਕੋਲ। ਮਾਣ ਵਾਲੀ ਗੱਲ ਇਹ ਹੈ ਕਿ ਗੁਰੂ ਨਾਨਕ ਸਾਹਿਬ ਜੀ ਤੋਂ ਅੱਜ ਤੱਕ ਦੇ ਇਤਿਹਾਸ ਤੇ ਨਿਗਾਹ ਮਾਰੀਏ ਤਾਂ ਕਦਮ-ਕਦਮ ਤੇ ਸਿੱਖ, ਗੁਰੂ ਜੀ ਦੇ ਇਨ੍ਹਾਂ ਹੁਕਮਾਂ ਨੂੰ ਕਮਾਉਂਦੇ ਨਜ਼ਰ ਆਉਂਦੇ ਹਨ। ਚਾਹੇ ਉਹ ਪੁਰਾਤਨ ਕਾਲ ’ਚ ਦੇਸ਼-ਕੌਮ ਤੇ ਪਈਆਂ ਭੀੜਾਂ ਹੋਣ, ਚਾਹੇ ਅਜੋਕੇ ਸਮੇਂ ਵਿੱਚ ਦੁਨੀਆਂ ਦੇ ਕਿਸੇ ਕੋਨੇ ਵਿੱਚ ਆਇਆ ਭੂਚਾਲ, ਹੜ੍ਹ ਜਾਂ ਕੋਈ ਮਹਾਂਮਾਰੀ ਫੈਲਣ ਵਰਗੀਆਂ ਬਿਪਤਾਵਾਂ ਆਦਿਕ, ਸਿੱਖ ਸਭ ਤੋਂ ਅੱਗੇ ਹੋ ਕੇ ਗੁਰੂ ਜੀ ਦੀ ਭੈਅ-ਭਾਵਨੀ ਚ ਰਹਿੰਦਿਆਂ, ਮਨੁੱਖਤਾ ਦੀ ਸੇਵਾ, ਬਿਨਾਂ ਕਿਸੇ ਭੇਦਭਾਵ ਦੇ ਸਭ ਤੋਂ ਅੱਗੇ ਹੋ ਕੇ ਕਰਦੇ ਹਨ। ਗੁਰਦੁਆਰਾ ਸਾਹਿਬਾਨ ਵਿੱਚ ਲੰਗਰ ਛੱਕਣ ਵੇਲੇ, ਕਿਸੇ ਨਾਲ ਭੇਦ ਭਾਵ ਨਾ ਹੋਣਾ ਲੋੜਵੰਦ ਦਾ ਦਿਲ ਜਿੱਤ ਲੈਂਦਾ ਹੈ।

ਇਤਿਹਾਸ ’ਤੇ ਨਿਗਾਹ ਮਾਰੀਏ ਤਾਂ ਗੁਰੂ ਅਮਰਦਾਸ ਸਾਹਿਬ ਜੀ ਨੇ ‘ਪਹਿਲਾਂ ਪੰਗਤ ਪਾਛੈ ਸੰਗਤ’ ਦੀ ਜਾਚ ਸਿਖਾਉਂਦਿਆਂ ਆਪਸੀ ਪਿਆਰ ਨਾਲ ਰਹਿਣ ਦਾ ਸਬਕ ਪੜ੍ਹਾਇਆ ਸੀ। ਬਾਬਾ (ਗੁਰੂ) ਅਰਜੁਨ ਸਾਹਿਬ ਲਾਹੌਰ ’ਚ ਫੈਲੀ ਮਹਾਂਮਾਰੀ ਸਮੇਂ ਆਪਣੇ ਗੁਰੂ ਪਿਤਾ ਜੀ ਦੀ ਆਗਿਆ ਅਨੁਸਾਰ ਪ੍ਰਾਣੀ ਮਾਤਰ ਦੀ ਸੇਵਾ ਕਰਦੇ ਰਹੇ। ਗੁਰੂ ਹਰਿ ਰਾਇ ਸਾਹਿਬ ਜੀ ਦੇ ਦਵਾਖਾਨੇ ਵਿੱਚੋਂ ਮੁਗ਼ਲ ਸਾਹਿਬਜ਼ਾਦੇ ਲਈ ਦਵਾਈ ਦੇਣ ਤੋਂ ਗੁਰੇਜ਼ ਨਹੀਂ ਕੀਤਾ ਜਾਂਦਾ ਸੀ। ਗੁਰਸਿੱਖ ਸਦਾ ਮਜ਼ਲੂਮਾਂ ਦੀ ਰੱਖਿਆ ਕਰਦੇ ਆਏ ਹਨ। ਖ਼ਾਲਸੇ ਦੀ ਸਿਰਜਨਾ ਵੇਲੇ ਵੀ ਵੱਖ-ਵੱਖ ਪ੍ਰਾਂਤਾਂ ਤੇ ਜਾਤਾਂ ਵਿੱਚੋਂ ਪੰਜ ਪਿਆਰੇ ਸਾਜ ਕੇ ‘‘ਅਵਲਿ ਅਲਹ ਨੂਰੁ ਉਪਾਇਆ, ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ, ਕਉਨ ਭਲੇ ਕੋ ਮੰਦੇ ॥’’ (ਕਬੀਰ/1350) ਦਾ ਉਪਦੇਸ਼ ਦ੍ਰਿੜ੍ਹ ਕਰਵਾਇਆ ਗਿਆ। ਗੁੁਰੂ ਗ੍ਰੰਥ ਸਾਹਿਬ ਜੀ ਵਿੱਚ ਵੱਖ-ਵੱਖ ਜਾਤਾਂ ਦੇ ਭਗਤਾਂ ਦੀ ਬਾਣੀ ਦਰਜ ਕਰਕੇ ਸਿੱਖ ਨੂੰ ਸਾਂਝੀਵਾਲਤਾ ਦੀ ਜਾਚ ਹਰ ਵਕਤ ਸਿਖਾਈ ਜਾਂਦੀ ਹੈ।

ਗੁਰੂ ਕਾਲ ਉਪਰੰਤ ਅੱਜ ਤੱਕ ਵੀ ਸਿੱਖ ਆਪਣੇ ਗੁਰਾਂ ਵੱਲੋਂ ਦਰਸਾਏ ਮਾਰਗ ’ਤੇ ਪਹਿਰਾ ਦਿੰਦੇ ਆਏ ਹਨ। ਹੁਣ ਵੀ ਭਾਵੇਂ ਕਸ਼ਮੀਰ ਹੋਵੇ ਜਾਂ ਗੁਜਰਾਤ, ਜਾਂ ਫਿਰ ਦੇਸ਼-ਵਿਦੇਸ਼ ਦਾ ਕੋਈ ਵੀ ਇਲਾਕਾ, ਬਿਪਤਾ ਵੇਲੇ ਸਿੱਖ ਮਨੁੱਖਤਾ ਦੀ ਸੇਵਾ ਦਾ ਮੁਜੱਸਮਾ ਬਣ ਜਾਂਦੇ ਹਨ, ਆਪਣੀ ਜਾਨ ਤਲੀ ’ਤੇ ਧਰ ਕੇ, ਸਭ ਤੋਂ ਅੱਗੇ ਹੋ ਕੇ, ਮਾਨਵਤਾ ਦੀਆਂ ਔਕੜਾਂ ਦੂਰ ਕਰਨ ਦਾ ਯਤਨ ਕਰਦੇ ਰਹੇ ਹਨ।

ਸੋਚਣ ਵਾਲੀ ਗੱਲ ਹੈ ਕਿ ਇੰਨੇ ਅਮੀਰ ਵਿਰਸੇ ਦੇ ਮਾਲਕ ਅਤੇ ਚੰਗੇ ਗੁਣਾਂ ਦੇ ਧਾਰਨੀ ਸਿੱਖ ਆਪਸ ਵਿੱਚ ਕੀ ਕਰ ਰਹੇ ਹਨ? ਸਿੱਖ-ਸਿੱਖ ਤੋਂ ਦੂਰ ਕਿਉਂ ਹੋ ਰਿਹਾ ਹੈ ? ਅੱਜ ਇੱਕ ਸਿੱਖ ਦੂਜੇ ਸਿੱਖ ਨੂੰ ਹੀ ਆਪਣਾ ਦੁਸ਼ਮਣ ਨੰਬਰ 1 (ਇੱਕ) ਮੰਨੀ ਬੈਠਾ ਹੈ। ਅੱਜ ਅਸੀਂ ਅੱਡ-ਅੱਡ ਫਿਰਕਿਆਂ ਵਿੱਚ ਵੰਡੇ ਹੋਏ ਹਾਂ। ਨੌਬਤ ਇੱਥੋਂ ਤੱਕ ਆ ਗਈ ਹੈ ਕਿ ਸਿੱਖ ਵਿਰਸੇ (ਛਬੀਲ) ਦੀ ਆੜ ਲੈ ਕੇ ਦੂਜੇ ਸਿੱਖ ਨੂੰ ਹੀ ਕਤਲ ਕਰ ਦਿੱਤਾ ਗਿਆ। ਸੋਸ਼ਲ ਮੀਡੀਆ ਤੇ ਨੈੱਟ ’ਤੇ ਅਸੀਂ ਸਿੱਖ ਹੀ, ਦੂਜੇ ਸਿੱਖ ਦੀ ਜੇਹੀ-ਤੇਹੀ ਫੇਰ ਰਹੇ ਹਾਂ। ਅਜੋਕੇ ਨੌਜਵਾਨ ਦੀ ਸੋਚ ਵਿੱਚੋਂ ਸਿੱਖੀ ਗ਼ਾਇਬ ਕਰਕੇ, ਸਿੱਖੀ ਦੇ ਨਾਮ ’ਤੇ ਜਮਾਤੀ-ਵੰਡ ਦੀ ਗੰਦਗੀ ਪਰੋਸ ਰਹੇ ਹਾਂ। ਆਮ ਸਿੱਖ ਸੰਗਤ ਠੱਗਿਆ-ਠੱਗਿਆ ਮਹਿਸੂਸ ਕਰ ਰਹੀ ਹੈ, ਕਿਉਂਕਿ ਹਰ ਆਗੂ ਦੀ ਦਿੱਖ ਤੇ ਵਿਚਾਰਧਾਰਾ ਬਾਹਰੋਂ ਸਿੱਖੀ ਨੂੰ ਪਰਨਾਈ ਲੱਗ ਰਹੀ ਹੈ। ਗੱਲ ਇੱਥੇ ਹੀ ਨਹੀਂ ਮੁੱਕਦੀ। ਦੇਸ਼ਾਂ-ਵਿਦੇਸ਼ਾਂ ਵਿੱਚ ਅਸੀਂ ਵੀ ਗੁਰੂ ਦਰਬਾਰ ਵਿੱਚ, ਵਿਰੋਧੀ ਵਿਚਾਰਧਾਰਾ ਵਾਲੇ ਨੂੰ ਸੁਣਨ ਦੀ ਬਜਾਇ ‘ਸਤਿਨਾਮ ਵਾਹਿਗੁਰੂ’ ਦੇ ਜਾਪ ਤੋਂ ਸ਼ੁਰੂ ਕਰਕੇ ਇੱਕ-ਦੂਜੇ ਦੀਆਂ ਦਸਤਾਰਾਂ ਨੂੰ ਹੱਥ ਪਾਉਂਦੇ ਹੋਏ ਦਿਖਾਈ ਦਿੰਦੇ ਹਾਂ।ਕਿਤੇ ਬਚਿੱਤਰ ਨਾਟਕ ਦੇ ਪ੍ਰਚਾਰਕ, ਆਪਣੇ ਆਪ ਨੂੰ ਸੱਚੇ ਸਿਖ ਹੋਣ ਦਾ ਦਾਅਵਾ ਕਰਦੇ ਹੋਏ, ਸਿਰਫ਼ ਤੇ ਸਿਰਫ਼ ਗੁਰੂ ਗ੍ਰੰਥ ’ਤੇ ਨਿਸ਼ਚਾ ਰੱਖਣ ਵਾਲੇ ‘ਸਿੱਖ’ ਨੂੰ ਪੰਥ ਦੋਖੀ, ਤਨਖਾਹੀਆ, ਏਜੰਟ ਤੇ ਹੋਰ ਪਤਾ ਨਹੀਂ ਕੀ-ਕੀ ਫ਼ਤਵੇ ਦੇ ਰਹੇ ਹਨ। ਗ੍ਰੰਥ ਤੇ ਪੰਥ ਦੀ ਗੱਲ ਕਰਨ ਵਾਲਾ ‘ਸਿੱਖ’ ਇਹਨਾਂ ਬਚਿੱਤਰ ਨਾਟਕ ਦੇ ਪ੍ਰਚਾਰਕਾਂ ਲਈ ਐਨਾਂ ਨਖਿੱਧ ਹੋ ਗਿਆ ਕਿ ਇਸ ਤੋਂ ਜਿਊਣ ਦਾ ਹੱਕ ਵੀ ਖੋਹਣ ਵਿੱਚ ਗੁਰੇਜ਼ ਨਹੀਂ ਕਰਦੇ ਹਨ।

ਅੱਜ ਏਜੰਸੀਆਂ ਦੇ ਬੋਲਬਾਲੇ ਅਤੇ ਮੌਜੂਦਾ ਰਾਜਸੀ ਸ਼ਹਿ ਦੇ ਸਦਕਾ, ਸਾਡੇ ਸਿੱਖੀ ਸਿਧਾਂਤਾਂ ਤੇ ਰਹਿਤ ਮਰਯਾਦਾ ਦਾ ਵੱਡਾ ਘਾਣ ਹੋ ਰਿਹਾ ਹੈ। ਸਾਡੀ ਆਪਸੀ ਲੜਾਈ ਤੇ ਬੇਵਿਸਾਹੀ ਦਾ ਨਤੀਜਾ ਇਹ ਨਿਕਲ ਰਿਹਾ ਹੈ ਕਿ ਦੁਸ਼ਮਨ ਕਦਮ-ਕਦਮ ’ਤੇ ਸਾਨੂੰ ਨੀਵਾਂ ਦਿਖਾ ਕੇ ਸਾਡਾ ਮੂੰਹ ਚਿੜ੍ਹਾ ਰਿਹਾ ਹੈ। ਕਦੀ ਗਾਤਰਿਆਂ ਦੀ ਤਰਜ਼ ’ਤੇ ਛੁਰੀਆਂ ਪਾ ਕੇ ‘ਮਾਰਚ’, ਕਦੀ ਦਰਬਾਰ ਸਾਹਿਬ ਵਿੱਚ ਚਿੱਤਰਕਲਾ ਦੇ ਨਾਮ ’ਤੇ ਮੂਰਤੀਆਂ ਦੀ ਚਿਤਰਕਾਰੀ ਨੂੰ ਅੰਜਾਮ ਦੇਣਾ, ਕਦੀ ਨਵਰਾਤਿਆਂ ਦੇ ਦਿਨਾਂ ਵਿੱਚ ‘ਚੰਡੀ ਦੀ ਵਾਰ’ ਦੇ ਬਹਾਨੇ ‘ਦੁਰਗਾ’ ਦੀ ਕਥਾ-ਪਾਠ ਆਦਿ। ਉਪਰੋਂ ਸਿੱਖ ਨੂੰ ਸਿੱਖ ਕੋਲੋਂ ਚੈਲੇਂਜ ਕਰਵਾਏ ਜਾ ਰਹੇ ਹਨ ਕਿ ਆਓ ਸਾਡੇ ਸਾਹਮਣੇ ! ਜੇ ਤੁਹਾਡੇ ਵਿੱਚ ਜ਼ੋਰ ਹੈ ਤਾਂ ਸਾਡੇ ਨਾਲ ਆ ਕੇ ਗੱਲ ਕਰਕੇ ਵਿਖਾਓ।

ਆਮ ਸਿੱਖ 1984 ਵਿੱਚ ਇਤਨਾ ਨਹੀਂ ਸੀ ਸਹਿਮਿਆ, ਜਿਤਨਾ ਹੁਣ ਸਹਿਮਿਆ ਨਜ਼ਰ ਆ ਰਿਹਾ ਹੈ। ਇਸ ਤਰ੍ਹਾਂ ਤਾਂ ਹਿੰਦ-ਪਾਕ ਵੀ ਇੱਕ ਦੂਜੇ ਨੂੰ ਨਹੀਂ ਡਰਾਉਂਦੇ, ਜਿਸ ਤਰ੍ਹਾਂ ਸਿੱਖਾਂ ਦੀ ਇੱਕ ਖਾਸ ਧਿਰ, ਦੂਜੇ ਸਿੱਖਾਂ ਨੂੰ ਡਰਾ-ਧਮਕਾ ਰਹੀ ਹੈ। ਕੀ ਅੱਜ ਤੋਂ 40-50 ਸਾਲ ਪਹਿਲਾਂ ਸਿੱਖਾਂ ਵਿੱਚ ਇਹ ਮੁੱਦੇ ਨਹੀਂ ਸਨ, ਵਿਚਾਰਾਂ ਦਾ ਵਖਰੇਵਾਂ ਨਹੀਂ ਸੀ, ਬਿਲਕੁਲ ਸੀ ! ਪਰ ਸ਼ਾਇਦ ਉਦੋਂ ਏਜੰਸੀਆਂ ਦੇ ਆਦਮੀ ਸਾਡੇ ਵਿੱਚ ਦਾਖਲ ਨਹੀਂ ਸਨ ਹੋਏ। ਸ਼ਾਇਦ ਉਦੋਂ ਦੇ ਸਿੱਖ ਆਪਸ ਵਿੱਚ ਬੈਠ ਕੇ ਵਿਚਾਰ ਵਟਾਂਦਰੇ ਰਾਹੀਂ ਮਸਲੇ ਹੱਲ ਕਰਨਾ ਜਾਣਦੇ ਸਨ। ਭਰਾ ਨੂੰ ਭਰਾ ਨਾਲ ਲੜਾ ਕੇ ਜਾਂ ਮਰਵਾ ਕੇ, ਅਸੀਂ ਕਿਸ ਕੌਮ ਦੀ ਸੇਵਾ ਕਰ ਰਹੇ ਹਾਂ ? ਦੱਸਣ ਦੀ ਲੋੜ ਨਹੀਂ। ਕੀ ਕੋਈ ਦੱਸੇਗਾ ਕਿ ਇਸ ਸਾਰੇ ਪੁਆੜੇ ਦੀ ਜੜ੍ਹ ਕਿੱਥੇ ਹੈ ਤੇ ਇਸ ਦੁਖਾਂਤ ’ਚੋਂ ਕੌਮ ਕਿਵੇਂ ਉਬਰ ਕੇ ਬਾਹਰ ਨਿਕਲੇਗੀ?

ਦੁੱਖ ਦੀ ਗੱਲ ਇਹ ਹੈ ਕਿ ਸਾਡੇ ਧਾਰਮਿਕ ਆਗੂ ਵੀ ਨਿੱਜੀ ਮੁਫਾਦ ਦੇ ਮਾਰੇ ਇਸ ਸਭ ਨੂੰ ਤਮਾਸ਼ੇ ਵਾਂਗ ਵੇਖ ਰਹੇ ਹਨ। ਦੋ-ਦੋ ਥਾਈਂ ਸੇਵਾਦਾਰਾਂ ਨੂੰ ਸਿੰਘ ਸਾਹਿਬਾਨ ਦੇ ਲਕਬ ਨਾਲ ਬੁਲਾਇਆ ਜਾ ਰਿਹਾ ਹੈ। ਪਰ ਦੋਨਾਂ ਵਿੱਚੋਂ ਕੋਈ ਵੀ ਧਿਰ ਇਸ ਫੁੱਟ ਨੂੰ ਦੂਰ ਕਰਨ ਲਈ ਯਤਨਸ਼ੀਲ ਨਜ਼ਰ ਨਹੀਂ ਆਉਂਦੀ। ਰਾਜਸੀ ਆਗੂਆਂ ਤੋਂ ਤਾਂ ਕੋਈ ਆਸ ਹੀ ਨਹੀਂ।

ਅਰਦਾਸ ਹੈ ਗੁਰੂ ਚਰਨਾਂ ਵਿੱਚ, ਕਿ ਜੋ ਸਾਂਝੀਵਾਲਤਾ ਦੇ ਉਪਦੇਸ਼ ਅਸੀਂ ਬੋਲਦੇ ਹੋਏੇ ਮਾਣ ਮਹਿਸੂਸ ਕਰਦੇ ਹਾਂ, ਉਨ੍ਹਾਂ ’ਤੇ ਪੂਰਾ ਉਤਰ ਕੇ ਜੀਵਨ ਵਿੱਚ ਕਮਾ ਸਕੀਏ। ਸਿੱਖ ਦਾ ਸਿੱਖ ’ਤੇ ਭਰੋਸਾ ਬਣੇ। ਏਜੰਸੀਆਂ ਦੇ ਸੁੱਟੇ ਜਾਲ ਵਿੱਚੋਂ ਸੁਰਖਰੂ ਤੇ ਸਾਬਤ ਕਦਮੀ ਨਿਕਲ ਸਕੀਏ। ਨਮਸਕਾਰ ਹੈ ਉਹਨਾਂ ਸਿੱਖ ਸੁਸਾਇਟੀਆਂ ਨੂੰ, ਜਿਹੜੀਆਂ ਹਰ ਬਿਪਤਾ ਵੇਲੇ ਨਿਸ਼ਕਾਮ ਸੇਵਾ ਕਰਕੇ ਦੂਜੇ ਧਰਮ ਦੇ ਲੋਕਾਂ ਨੂੰ ਵੀ ਆਪਣੇ ਭਰਾ ਸਮਝ ਕੇ ਸੇਵਾ ਕਰਦੀਆਂ ਹਨ ਤੇ ਸਿੱਖੀ ਦੇ ਨਾਮ ਨੂੰ ਚਾਰ-ਚੰਨ ਲਗਾ ਰਹੀਆਂ ਹਨ।

ਸਤਿਗੁਰ ਜੀ ਦੇ ਉਪਦੇਸ਼ ਸਿੱਖਾਂ ਲਈ ਪਹਿਲਾਂ ਹਨ। ਜੇ ਸਿੱਖ ਹੀ ਸਿੱਖ ਦਾ ਵੈਰੀ ਬਣੇਗਾ ਤਾਂ ਦੁਸ਼ਮਨ ਦਾ ਸਿੱਖੀ ਨੂੰ ਢਾਹ ਲਾਉਣ ਵਾਲਾ ਕੰਮ ਆਸਾਨ ਹੋ ਜਾਵੇਗਾ ਤੇ ਭਵਿੱਖ ਵਿੱਚ ਵੀ ਸਾਡੇ ਖੂਨੀ ਟਕਰਾਅ ਹੁੰਦੇ ਰਹਿਨਗੇ। ਇੱਕ ਸੱਚੀ ਕਹਾਵਤ ਹੈ ਕਿ ‘ਜੇ ਸਿੱਖ, ਸਿੱਖ ਨੂੰ ਨਾ ਮਾਰੇ, ਤਾਂ ਕੌਮ ਕਦੀ ਨਾ ਹਾਰੇ।’