‘ਧਰਮ ਦੀ ਆਤਮਾ’

0
232

‘ਧਰਮ ਦੀ ਆਤਮਾ’

ਹਰਦੇਵ ਸਿੰਘ, ਜੰਮੂ

ਧਰਮ ਸਬੰਧੀ ਮਨੁੱਖੀ ਮਤਿ ਦੇ ਆਰੰਭਕ ਵਿਕਾਸ ਕ੍ਰਮ ਵਿਚ ਦੁਸ਼ਣ, ਅਗਿਆਨਤਾ ਅਤੇ ਭਰਮ-ਵਹਿਮ ਦੀ ਬਹੁਤਾਤ ਸੀ। ਐਸਾ ਕਰਨ ਵਾਲੇ ਕੋਈ ਹੋਰ ਨਹੀਂ ਬਲਕਿ ਮਨੁੱਖ ਦੇ ਆਪਣੇ ਪੁਰਵਜ ਸਨ। ਇਹ ਉਹ ਅਵਸਥਾ ਸੀ ਜਿਸ ਦੇ ਚਲਦੇ, ਮਨੁੱਖੀ ਪ੍ਰਵ੍ਰਿਤੀ ਅਤੇ ਅੰਤਰਚੇਤਨਾ ਦੀ ਗਿਆਨ ਸੰਪਨਤਾ ਲਈ ‘ਤਰਕ’ ਦਾਖ਼ਲ ਹੋਇਆ। ਇਸ ਪੱਖੋਂ ਵਿਕਸਤ ਮਤਿ ਅੱਜ ਉਸ ਦੁਸ਼ਣ, ਅਗਿਆਨਤਾ ਅਤੇ ਵਹਿਮ ਭਰਮ ਨੂੰ ਤ੍ਰਿਸਕਾਰ ਦੀ ਦ੍ਰਿਸ਼ਟੀ ਨਾਲ ਵੇਖਦੀ ਹੈ, ਪਰ ਇਸ ਤ੍ਰਿਸਕਾਰ ਨੇ ਕਈਂ ਥਾਂ ਘ੍ਰਿਣਾ ਦਾ ਰੂਪ ਵੀ ਲਿਆ ਹੈ।
ਜੇ ਕਰ ਪਰਮੇਸ਼ਵਰ ਅਪਾਰ ਬੇਅੰਤ ਹੈ, ਤਾਂ ਲਾਜ਼ਮੀ ਤੌਰ ਤੇ ਉਸ ਨਾਲ ਸਬੰਧਤ ‘ਪੈਗੰਬਰੀ ਅਨੁਭਵ’ ਦੀ ਪਰਕਾਸ਼ਠਾ ਦੇ ਕਈਂ ਪੱਖ ਵੀ, ਮਨੁੱਖਾ ਚੇਤਨ ਦੀ ਤਰਕ ਸ਼ਕਤੀ ਤੋਂ ਪਰੇ ਹੋਣਗੇ। ਮਨੁੱਖ ਦੀ ਇਹ ਅਸਮਰਥਾ, ਧਰਮ ਦੇ ‘ਪਰਾ-ਤਰਕ’ ਪੱਖ ਹਨ। ਪਰਾ ਤਰਕ ਪੱਖ ਤੋਂ ਭਾਵ, ਉਹ ਪੱਖ, ਜਿਹੜੇ ਮਨੁੱਖੀ ਤਰਕ ਬੌਧ ਤੋਂ ਪਰੇ ਹਨ।
ਇਹ ਸਹੀ ਹੈ ਕਿ ਅਗਿਆਨਤਾ ਅਤੇ ਭਰਮ-ਵਹਿਮ ਦੇ ਪ੍ਰਦੁਸ਼ਣ ਦਾ ਸ਼ੁਧੀਕਰਣ ਜ਼ਰੂਰੀ ਹੈ, ਪਰ ਕਈਂ ਵਾਰ ਇਹ ਜਤਨ, ਕੁੱਝ ਪੈਰੋਕਾਰਾਂ ਦੀ ਬੁੱਧੀ ਨੂੰ ਧਰਮ ਦੇ ‘ਪਰਾ-ਤਰਕ’ ਪੱਖਾਂ ਨੂੰ ਰੱਦ ਕਰਨ ਵੱਲ ਲੈ ਜਾਂਦੇ ਰਹੇ ਹਨ। ਅਕਸਰ ਐਸੇ ਕਥਿਤ ਸੁਧਾਰਕ ਆਤਮਕ ਅਧਿਆਤਮ, ਪਿਆਰ ਦੇ ਮਨੋਭਵਾਂ ਦੀ ਭਰਪੂਰਤਾ ਤੋਂ ਹੀਨ, ਠੰਡੇ ਅਤੇ ਖਾਲੀ ਰੇਗਿਸਤਾਨ ਵਾਂਗ ਵਿਚਰਦੇ ਹਨ ਅਤੇ ਕਿਸੇ ਪੀ. ਐਚ. ਡੀ. ਨੂੰ ਤਾਂ ਆਪਣੀ ਡਿਗਰੀ ਦੇ ਡੱਬੇ ਵਿਚ ਹੀ ਸਾਰਾ ‘ਸਮੰਦਰ’ ਦਿੱਸਦਾ ਹੈ।
ਧਰਮ ਦੀ ਆਤਮਾ ਕੇਵਲ ‘ਪਰਾ-ਤਰਕ’ ਜਾਂ ਕੇਵਲ ‘ਨਿਰਾ-ਤਰਕ’ (ਕੇਵਲ ਤਰਕ) ਵਿਚ ਨਹੀਂ ਉਤਰ ਸਕਦੀ। ਧਰਮ ਦੀ ਆਤਮਾ ‘ਪਰਾ-ਤਰਕ’ ਅਤੇ ‘ਨਿਰਾ-ਤਰਕ’ ਵਿਚਕਾਰਲੇ ਸੰਤੁਲਨ ਤੇ ਟਿੱਕਦੀ ਹੈ। ਧਰਮ (ਮਨੁੱਖ ਦਾ ਪਰਮਾਤਮਾ ਨਾਲ ਸਬੰਧ) ਕੇਵਲ ਤਰਕ ਦੇ ਅਧਾਰ ਤੇ ਨਹੀਂ ਸਮਝਿਆ ਜਾ ਸਕਦਾ। ਧਰਮ ਦੀ ਆਤਮਾ ਧਰਮ ਦਾ ਚੇਤਨ ਹੈ।
ਇਕ ਸਮੂਹ ਵਿਚ, ਧਰਮ ਕੇਵਲ ਕਿਸੇ ਦਾ ਨਿਜੀ ਵਿਸ਼ਾ ਨਹੀਂ ਹੁੰਦਾ, ਬਲਕਿ ਇਹ ਸਮੂਹ ਨਾਲ ਸਬੰਧਤ ਹੁੰਦਾ ਹੈ। ਇਸ ਲਈ ਇਸ ਦੇ ਪ੍ਰਤੀ ਆਕਰਸ਼ਣ ਲਈ ਇਸ ਦੀ ਵਿਚਾਰ ਵਿਚ ਕੇਵਲ ‘ਨਿਰਾ ਤਰਕ’ ਦੇ ਅੰਸ ਨਹੀਂ, ਬਲਕਿ ‘ਪਰਾ ਤਰਕ’ ਦੇ ਸੱਚ ਦੀ ਸਵਕ੍ਰਿਤੀ ਵੀ ਹੋਂਣੀ ਚਾਹੀਦੀ ਹੈ। ਜੇਕਰ ਕੁਦਰਤ ਵਿਚ ਵਿਸਮਾਦ ਹੈ, ਤਾਂ ਕੋਈ ਸ਼ੱਕ ਨਹੀਂ ਕਿ ਵਿਸਮਾਦ, ‘ਭਰਮ-ਵਹਿਮ ਰੂਪ ਤਰਕਾਂ’ ਤੋਂ ਪਰੇ ਹੋ ਕੇ ਵਿਚਾਰਿਆ ਜਾਣਾ ਚਾਹੀਦਾ ਹੈ। ਗੁਰਬਾਣੀ ਵਿਚ ਤਾਰਕਿਕ ਜੁਗਤ ‘ਪਰਾ-ਤਰਕ’ ਨੂੰ ਮੁੱਖ ਰੱਖਦੇ ਉਚਾਰੀ ਗਈ ਹੈ। ਤਰਕ ਜਿਸ ਵੇਲੇ ਆਪਣੀ ਹੱਦ ਟੱਪਦਾ ਹੈ, ਤਾਂ ਹਉਮੈ ਭਰਿਆ ਭਰਮ-ਵਹਿਮ ਬਣ ਜਾਂਦਾ ਹੈ। ਐਸੇ ਸੰਵੇਦਨਹੀਨ ‘ਨਿਰਾ ਤਰਕ’ ਨਾਲ ਧਰਮ ਦੀ ਆਤਮਾ ਨੂੰ ਨਹੀਂ ਸਮਝਿਆ ਜਾ ਸਕਦਾ।