ਦਿਸਦਾ ਭਗਵਾਨ ਸਾਨੂੰ…

0
191

ਦਿਸਦਾ ਭਗਵਾਨ ਸਾਨੂੰ…

ਤਰਲੋਕ ਸਮਾਧਵੀ, 94176-12287

ਬ੍ਰਹਮ ਦਾ ਗਿਆਨ ਸਾਨੂੰ, ਦੇਵੀ ਦਾ ਵਰਦਾਨ ਸਾਨੂੰ, ਦਿਸਦਾ ਭਗਵਾਨ ਸਾਨੂੰ, ਤਸਬੀ ਹੈ ਫੜੀ ਅਸੀਂ।

ਮਾਲਾ ਪਾਈ ਅਠੋਤਰੀ ਹੈ, ਖੋਲ੍ਹੀ ਹੋਈ ਕੋਤਰੀ ਹੈ, ਪੁੱਛਾਂ ਦਿੰਦੀ ਪੋਤਰੀ ਹੈ, ਚਲਾਈ ਸੰਪਟਾਂ ਦੀ ਲੜੀ ਅਸੀਂ।

ਵਹੁਟੀਆਂ ਨੂੰ ਫਲ ਦੇਈਏ, ਫੰਡਰਾਂ ਨੂੰ ਜਲ ਦੇਈਏ, ਕੱਢ ਵਲ ਛਲ ਦੇਈਏ, ਡਾਂਗ ਰੱਖੀ ਖੜੀ ਅਸੀਂ।

ਬੱਕਰਾ ਸ਼ਿਕਾਰ ਸਾਡਾ, ਸ਼ਰਾਬ ਨਾਲ ਪਿਆਰ ਸਾਡਾ, ਅਫ਼ੀਮ ਦਾ ਵਪਾਰ ਸਾਡਾ, ਭੰਗ ਰੱਖੀ ਧੜੀ ਅਸੀਂ।

ਕਾਮ ਦੇ ਹਾਂ ਬੀਜ ਅਸੀਂ, ਚਕਲਿਆਂ ’ਚ ਅਜੀਜ਼ ਅਸੀਂ, ਸੁਜਾਕ ਦੇ ਮਰੀਜ਼ ਅਸੀਂ, ਘੋਲੀ ਬਹੁਤ ਕੜ੍ਹੀ ਅਸੀਂ।

ਕਰੀਏ ਅਸੀਂ ਰੋਜ਼ ਦੰਗਾ, ਹਰੇਕ ਨਾਲ ਲਈਏ ਪੰਗਾ, ਭੇਖ ਸਾਡਾ ਕਈ ਰੰਗਾ, ਟਿੰਡ ਕੀਤੀ ਰੜੀ ਅਸੀਂ।

ਸ਼ਰਾਬ ਦੇ ਚੜਾਵੇ ਚਾੜ੍ਹਨ, ਟਰੱਕਾਂ ਬੱਸਾਂ ਵਾਲੇ ਖੜਨ, ਬੂਟੇ ਇੱਥੇ ਰੋਜ਼ ਸੜਨ, ਪੂਜਦੇ ਹਾਂ ਮੜੀ ਅਸੀਂ।

ਦਲੀਲ ਦੀ ਨਾ ਸੁਣੀ ਗੱਲ, ਸਾਡੀ ਢਿੱਡੀਂ ਪੈਂਦੇ ਵਲ, ਉਠਦਾ ਏ ਸਾਨੂੰ ਝੱਲ, ਸ਼ੈਤਾਨ ਦੀ ਹਾਂ ਜੜੀ ਅਸੀਂ।