ਗੁਰਮਤਿ ਪ੍ਰਚਾਰਕਾਂ ਦੇ ਸੰਘਰਸ਼ ਨੂੰ ਖ਼ਤਮ ਕਰਨ ਲਈ ਗ਼ਰਮ ਖ਼ਿਆਲੀ ਰਾਜਨੀਤਿਕ ਬੰਦੇ ਅਪਣਾ ਰਹੇ ਹਨ: ‘ਹਥਕੰਡੇ’
ਗਿਆਨੀ ਅਵਤਾਰ ਸਿੰਘ
ਪੰਜਾਬ ਦੇ ਜ਼ਮੀਨੀ ਹਾਲਾਤਾਂ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਵਾਲੀ ਮਨਸਾ ਨਾਲ ਸਿਮਰਨਜੀਤ ਸਿੰਘ ਮਾਨ ਤੇ ਯੂਨਾਈਟੇਡ ਅਕਾਲੀ ਦਲ ਨੇ ਮਿਲ ਕੇ ਜੋ ਮੁਹਿਮ ਸ਼ੁਰੂ ਕੀਤੀ ਸੀ, ਉਸ ਵਿੱਚ ਮਿਤੀ 25-10-2015 (ਸ਼ਹੀਦ ਹੋਏ 2 ਸਿੰਘਾਂ ਦੇ ਭੋਗ) ਤੋਂ ਮਾਤ੍ਰ ਕੁਝ ਕੁ ਦਿਨ ਪਹਿਲਾਂ ਹੀ ਆਏ ਬਦਲਾਅ ਕਿ ਅਸੀਂ ਗੁਰਮਤਿ ਪ੍ਰਚਾਰਕਾਂ ਨਾਲ ਮਿਲ ਕੇ ਸੰਘਰਸ਼ ਨੂੰ ਜਾਰੀ ਰੱਖਾਂਗੇ, ਇੱਕ ਸੰਦੇਹ ਪੂਰਵਕ ਕਦਮ ਸੀ ਕਿਉਂਕਿ ਰਾਜਨੀਤਿਕ ਬੰਦਿਆਂ ਨੇ ਕੁਝ ਕਦਮ ਆਮ ਸਹਿਮਤੀ ਤੋਂ ਬਿਨਾ ਵੀ ਉਠਾਏ; ਜਿਵੇਂ ਕਿ ‘ਸਰਬੱਤ ਖ਼ਾਲਸਾ’ ਬੁਲਾਉਣਾ, ਜਥੇਦਾਰਾਂ ਦੀਆਂ ਨਿਯੁਕਤੀਆਂ ਆਦਿ, ਰਾਜਨੀਤਿਕ ਬੰਦਿਆਂ ਦੇ ਗੁਪਤ ਏਜੰਡੇ ਵਿੱਚ ਸੀ, ਜਿਸ ਨੂੰ ਪ੍ਰਚਾਰਕਾਂ ਦੇ ਧਿਆਨ ’ਚੋਂ ਨਿਰੰਤਰ ਗੁਪਤ ਰੱਖਿਆ ਜਾ ਰਿਹਾ ਸੀ।
ਦੂਸਰੇ ਪਾਸੇ ਆਪਣੀਆਂ ਕੁਝ ਮੰਗਾਂ ਪ੍ਰਚਾਰਕਾਂ ਦੇ ਹੱਥ ’ਚ ਫੜਾਉਣ ਵਿੱਚ ਵੀ ਇਹ ਬੰਦੇ ਕਾਮਯਾਬ ਹੋ ਗਏ; ਜਿਵੇਂ ਕਿ ਖ਼ੂਨ ਦਾ ਪਿਆਲਾ ਬਾਦਲ ਨੂੰ ਭੇਟ ਕਰਨਾ, ਮੰਤ੍ਰੀਆਂ ਦਾ ਘਿਰਾਉ ਆਦਿ ਉਕਸਾਉਣ ਵਾਲੀਆਂ ਮੰਗਾਂ ਤਾਂ ਜੋ ਪੰਜਾਬ ਦੇ ਮਾਹੌਲ ਨੂੰ 2017 ਦੇ ਚੁਣਾਵ ਤੱਕ ਨਿਰੰਤਰ ਗ਼ਰਮ ਰੱਖਿਆ ਜਾ ਸਕੇ। ਅੱਜ ਵੀ ਇਨ੍ਹਾਂ ਦੇ ਕੁਝ ਕੁ ਗੁਪਤ ਏਜੰਡੇ ਹਨ; ਜਿਵੇਂ ਕਿ ਵਿਸਾਖੀ 2016 ਅਤੇ ਦਿਵਾਲੀ 2016 ’ਚ ‘ਸਰਬੱਤ ਖਾਲਸਾ’ ਦੇ ਨਾਂ ਹੇਠ ਵੱਡੇ ਇਕੱਠ ਕਰਨੇ ਅਤੇ ਕਾਂਗਰਸ ਪਾਰਟੀ ਨਾਲ ਮਿਲ ਕੇ ਅਗਲਾ ਚੁਣਾਵ ਲੜਨਾ । ਇਸ ਲਈ ਵੱਧ ਤੋਂ ਵੱਧ ਸੀਟਾਂ ’ਤੇ ਆਪਣੇ ਵਿਧਾਇਕਾਂ ਦੀ ਮੰਗ ਕਰਨ ਲਈ ਕਾਂਗਰਸ ਦੇ ਸਾਹਮਣੇ ਆਪਣਾ ਜਨਾਧਾਰ ਖੜ੍ਹਾ ਕਰਨ ਲਈ ਉਕਤ ‘ਸਰਬੱਤ ਖ਼ਾਲਸਾ’ ਬੁਲਾਉਣੇ ਅਤਿ ਜ਼ਰੂਰੀ ਜਾਪਦੇ ਹਨ ਕਿਉਂਕਿ ਘੱਟ ਖਰਚੇ ਨਾਲ ਵੱਧ ਬੰਦਿਆਂ ਤੱਕ ਆਪਣੀ ਗੱਲ ਪਹੁੰਚਾਉਣ ਲਈ ‘ਸਰਬੱਤ ਖ਼ਾਲਸਾ’ ਦਾ ਨਾਂ ਬੜਾ ਹੀ ਢੁੱਕਵਾਂ ਇਨ੍ਹਾਂ ਲਈ ਪ੍ਰਤੀਤ ਹੁੰਦਾ ਜਾਪਦਾ ਹੈ। ਇਹ ਵੀ ਹੋ ਸਕਦਾ ਹੈ ਕਿ ਇਹੀ ਤਰੀਕਾ ਹੋਰ ਵੀ ਰਾਜਨੀਤਿਕ ਪਾਰਟੀਆਂ ਵਾਲੇ ਅਪਣਾਉਣਾ ਸ਼ੁਰੂ ਕਰ ਦੇਣ।
ਲਗਭਗ ਪਿਛਲੇ 2 ਮਹੀਨਿਆਂ ਤੋਂ ਨਿਰੰਤਰ ਜੂਝ ਰਹੀ ਸਿੱਖ ਕੌਮ ਦੇ ਇਨ੍ਹਾਂ ਅਖੌਤੀ ਆਗੂਆਂ ਨੇ ਇੱਕ ਵਾਰ ਵੀ ਜਨਤਾ ਨੂੰ ਸ਼ਾਂਤਮਈ ਰਹਿਣ ਦਾ ਫ਼ੁਰਮਾਨ ਨਹੀਂ ਸੁਣਾਇਆ ਅਤੇ ਕਾਂਗਰਸ ਪ੍ਰਤਿ ਨਰਮ ਰਵੱਈਆ ਰੱਖ ਕੇ ਇਹ ਲੋਕ ਕੀ ਸੰਦੇਸ਼ ਕੌਮ ਨੂੰ ਦੇਣਾ ਚਾਹੁੰਦੇ ਹਨ ? ਕੀ ਸਿੱਖਾਂ ਉੱਪਰ ਹੋਏ ਅਤਿਆਚਾਰ ਲਈ ਕਾਂਗਰਸ ਪਾਰਟੀ ਜ਼ਿੰਮੇਵਾਰ ਨਹੀਂ ? ਇਨ੍ਹਾਂ ਬੰਦਿਆ ਦੁਆਰਾ ਸਿੱਖ ਪ੍ਰਚਾਰਕਾਂ ਅਤੇ ਬੰਦੀ ਸਿੰਘਾਂ ਦੇ ਨਾਂ, ਕੇਵਲ ਆਪਣੇ ਹਿਤਾਂ ਦੀ ਪੂਰਤੀ ਲਈ ਹੀ ਵਰਤੇ ਜਾ ਰਹੇ ਹਨ।
ਸਿੱਖਾਂ ਨੂੰ ਕੁਝ ਕਰਨ ਤੋਂ ਪਹਿਲਾਂ ਇਹ ਵੀਚਾਰਨਾ ਜ਼ਰੂਰੀ ਹੈ:
25-10-2015 ਨੂੰ ਪਾਸ ਕੀਤੇ ਗਏ ਮਤਿਆਂ ’ਚ 9 ਵੇਂ ਮਤੇ ’ਚ ਤਿੰਨ ਮੰਗਾਂ ਸ਼ਾਮਲ ਸਨ:
(1) ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰ ਕੇ ਸਜਾ ਦੇਣੀ (ਜੋ ਕਿ ਹੁਣ ਕੇਸ ਸੀ. ਬੀ. ਆਈ. ਕੋਲ ਹੈ)।
(2). ਸ਼ਾਂਤੀਮਈ ਬੈਠ ਕੇ ਸਿਮਰਨ ਕਰਨ ਵਾਲੀਆਂ ਸੰਗਤਾਂ ਉੱਪਰ ਕੀਤੇ ਗਏ ਫਾਇਰ ਦੌਰਾਨ 2 ਸਿੰਘਾਂ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਵਿਰੁਧ ਧਾਰਾ 302 ਦਾ ਮੁਕੱਦਮਾ ਦਰਜ ਕਰਨਾ (ਜੋ ਕਿ ਬਿਨਾ ਕਿਸੇ ਦੇ ਨਾਮ ਤੋਂ ਐੱਫ. ਆਈ. ਆਰ. ਨੰਬਰ 130, ਮਿਤੀ 21-10-2015 ਨੂੰ ਪਹਿਲਾਂ ਹੀ ਕੇਸ ਦਰਜ ਕੀਤਾ ਜਾ ਚੁੱਕਾ ਸੀ)।
(3). ਗ਼ਲਤ ਪਕੜੇ ਗਏ ਦੋ ਸਿੰਘਾਂ ਨੂੰ ਬਿਨਾ ਸ਼ਰਤ ਰਿਹਾ ਕਰਨਾ (ਜੋ ਕਿ ਰਿਹਾ ਹੋ ਚੁੱਕੇ ਹਨ)।
ਉਕਤ ਮੰਗਾਂ ਨਾ ਮੰਨਣ ’ਤੇ ਮਿਤੀ 15-11-2015 ਤੋਂ ਉਪਰੰਤ ਪੰਜਾਬ ਸਰਕਾਰ ਦੇ ਮੰਤ੍ਰੀਆਂ, ਸੰਸਦਾਂ ਦਾ ਘਿਰਾਉ ਕੀਤਾ ਜਾਣਾ ਸ਼ਾਮਲ ਸੀ, ਇਨ੍ਹਾਂ ਮੰਗਾਂ ਬਾਰੇ ਸਿੱਖ ਕੌਮ ਨੂੰ ਚਾਹੀਦਾ ਹੈ ਕਿ ਉਹ ਕੁਝ ਸਮਾਂ ਬਾਦਲ ਸਰਕਾਰ ਨੂੰ ਹੋਰ ਦੇਵੇ ਜਿਸ ਨਾਲ ਸਾਡਾ ਕੇਸ ਮਜ਼ਬੂਤ ਹੋਵੇਗਾ ਕਿਉਂਕਿ ਉਕਤ ਕੇਸ ਦੇ ਅਸਲ ਦੋਸ਼ੀ ਕੌਣ ਹਨ? ਇਸ ਬਾਰੇ ਸਿੱਖ ਕੌਮ ਤੋਂ ਇਲਾਵਾ ਸਭ ਨੂੰ ਪਤਾ ਹੈ, ਇਸ ਲਈ ਇਨ੍ਹਾਂ ਕੇਸਾਂ ਦਾ ਸੱਚ ਵੀ ਸਿੱਖ ਕੌਮ ਕਦੇ ਨਹੀਂ ਜਾਣ ਸਕੇਗੀ। ਗ਼ਰਮ ਖਿਆਲੀ ਰਾਜਨੀਤਿਕ ਬੰਦੇ ਵੀ ਇੱਕ ਤਰ੍ਹਾਂ ਨਾਲ ਇਨ੍ਹਾਂ ਮਸਲਿਆਂ ਬਾਰੇ ਪੰਜਾਬ ਸਰਕਾਰ ਦੇ ਹੀ ਹੱਥ ਮਜ਼ਬੂਤ ਕਰ ਰਹੇ ਹਨ ਕਿਉਂਕਿ ਜੋ ਸਿੱਖ ਕੌਮ ਦੇ ਵੀਚਾਰਾਂ ’ਚ ਉਛਾਲ ਆਇਆ ਸੀ ਉਸ ਨੂੰ ਬਾਦਲ ਸ਼ਾਂਤ ਨਹੀਂ ਕਰ ਸਕਿਆ ਪਰ ‘ਸਰਬੱਤ ਖ਼ਾਲਸੇ’ ਰਾਹੀਂ ਬਾਦਲ ਉਹ ਕੰਮ ਕਰ ਗਿਆ ਜੋ ਕਦੇ ਵੀ ਨਹੀਂ ਕਰ ਸਕਦਾ ਸੀ; ਜਿਵੇਂ ਬਾਦਲ ਨੂੰ ਛੱਡ ਕੇ ਜਾਣ ਵਾਲਿਆਂ ਨੂੰ ਰੋਕਣਾ, ਜਨਤਾ ਦਾ ਮੂੰਹ ਬੰਦ ਕਰਨਾ ਆਦਿ।
ਸਿੱਖ ਸਮਾਜ ਲਈ ਇਹ ਵੀ ਵੀਚਾਰ ਦਾ ਵਿਸ਼ਾ ਹੈ ਕਿ ਸਿਮਰਨਜੀਤ ਸਿੰਘ ਮਾਨ ਦਾ ‘ਸਰਬੱਤ ਖਾਲਸਾ’ ਸਟੇਜ ਤੋਂ ਭਾਸ਼ਨ ਨਾ ਦੇ ਕੇ ਇਹ ਸਿੱਧ ਕਰਨਾ ਕਿ ਉਹ ਤਾਂ ਕੇਵਲ ਕੌਮ ’ਚ ਏਕਤਾ ਨੂੰ ਬਣਾਏ ਰੱਖਣ ਲਈ ਹੀ ਸੰਘਰਸ਼ ਦੀ ਅਗਵਾਈ ਕਰ ਰਹੇ ਹਨ, ਜਿਸ ਵਿੱਚ ਉਨ੍ਹਾਂ ਦਾ ਨਿਜੀ ਕੋਈ ਲਾਭ ਨਹੀਂ ਪਰ ਹੋ ਇਸ ਦੇ ਵਿਪਰੀਤ ਹੀ ਸਭ ਕੁਝ ਰਿਹਾ ਹੈ ਜਿਸ ਵਿੱਚ ਉਨ੍ਹਾਂ ਦਾ ਕੇਵਲ ਰਾਜਨੀਤਿਕ ਸੁਆਰਥ ਹੀ ਸੁਆਰਥ ਛੁਪਿਆ ਵਿਖਾਈ ਦੇ ਰਿਹਾ ਹੈ।
‘ਸਰਬੱਤ ਖ਼ਾਲਸਾ’ ਰੂਪੀ ਮੁਹਿਮ ਨੂੰ ਖੜ੍ਹਾ ਕਰਨ ਵਾਲੇ ਪ੍ਰਮੁੱਖ ਵਿਅਕਤੀ ਮਾਨ ਸਾਹਿਬ ਵਿਰੁਧ ਦੇਸ਼-ਦਰੋਹ ਦਾ ਕੇਸ ਦਰਜ ਨਾ ਕਰਨਾ, ਕੀ ਇਹ ਸੰਦੇਸ਼ ਨਹੀਂ ਦੇਂਦਾ ਕਿ ਬਾਦਲ ਸਾਹਿਬ ਖ਼ੁਦ ਹੀ ਉਨ੍ਹਾਂ ਨੂੰ ਅਗਲੇ ਉਲੀਕੇ ਗਏ ਪ੍ਰੋਗਰਾਮਾ ਨੂੰ ਮੁਕੰਬਲ ਕਰਨ ਲਈ ਅਸਿੱਧੀ ਮਦਦ ਕਰ ਰਹੇ ਹਨ ਕਿਉਂਕਿ ਪੰਜਾਬ ਦਾ ਮਾਹੌਲ ਗ਼ਰਮ ਰੱਖਣ ’ਚ ਜਿੱਥੇ ਮਾਨ ਨੂੰ ਕੁਝ ਮਿਲਦਾ ਵਿਖਾਈ ਦੇਂਦਾ ਹੈ ਉੱਥੇ ਬਾਦਲ ਨੂੰ ਵੀ ਵਿਰੋਧੀ ਵੋਟ ’ਚ ਫੁੱਟ ਪਾਉਣ ਵਾਲੀ (ਭੇਦ) ਕੂਟਨੀਤੀ ਕਾਰਨ ਲਾਭ ਹੀ ਲਾਭ ਮਿਲਦਾ ਵਿਖਾਈ ਦੇ ਰਿਹਾ ਹੈ।