ਆਈ. ਏ. ਐੱਸ. ਨਤੀਜੇ-ਸਿੱਖ ਮਸਾਂ ਹੀ ਨਜ਼ਰ ਆਏ— ਸਿੱਖ ਜਾਗਣ
ਤਰਲੋਚਨ ਸਿੰਘ
ਅੱਜ ਦੇ ਯੁੱਗ ਵਿੱਚ ਹਰ ਕੋਈ ਚਾਹੁੰਦਾ ਹੈ ਕਿ ਉਸ ਦਾ ਪੁੱਤਰ ਧੀ ਆਈ.ਏ.ਐੱਸ ਬਣੇ ਭਾਵ ਵੱਡਾ ਅਫਸਰ ਬਣੇ। ਭਾਰਤ ਸਰਕਾਰ ਦਾ ਪਬਲਿਕ ਸਰਵਿਸ ਕਮਿਸ਼ਨ ਹਰ ਸਾਲ ਇਮਤਿਹਾਨ ਲੈਂਦਾ ਹੈ, ਜਿਸ ਰਾਹੀਂ ਸਾਰੇ ਅਫਸਰ ਚੁਣੇ ਜਾਂਦੇ ਹਨ। ਦਸ ਲੱਖ ਵਿਦਿਆਰਥੀ ਇਸ ਇਮਤਿਹਾਨ ਵਿੱਚ ਬੈਠਦੇ ਹਨ। ਇਸ ਸਾਲ ਇਨ੍ਹਾਂ ਵਿੱਚੋਂ 1150 ਦੀ ਚੋਣ ਹੋਈ ਹੈ। ਇਸ ਵਿੱਚ ਵਿਦੇਸ਼ ਵਿਭਾਗ ਦੇ ਆਈ.ਐਫ.ਐੱਸ. ਜੋ ਬਾਹਰ ਜਾ ਕੇ ਅੰਬੈਸਡਰ ਲੱਗਣਗੇ, ਆਈ.ਏ.ਐੱਸ. ਜੋ ਪਹਿਲਾਂ ਐੱਸ.ਡੀ.ਐਮ. ਫਿਰ ਡੀ.ਸੀ. ਤੇ ਫਿਰ ਸਕੱਤਰੇਤ ਵਿੱਚ ਸਕੱਤਰ ਲੱਗਣਗੇ। ਇਨ੍ਹਾਂ ਵਿੱਚੋਂ ਹੀ ਬਾਕੀ ਸਾਰੇ ਮਹਿਕਮਿਆਂ ਭਾਵ ਇਨਕਮ ਟੈਕਸ, ਪੁਲਿਸ ਦੇ ਆਈ.ਪੀ.ਐੱਸ. ਜਿਨ੍ਹਾਂ ਨੇ ਪੁਲਿਸ ਵਿਭਾਗ ਦੀਆਂ ਸਾਰੀਆਂ ਪੱਦਵੀਆਂ ਲੈਣੀਆਂ ਹਨ। ਇਨਫਰਮੇਸ਼ਨ ਬਰਾਡਕਾਸਟਿੰਗ, ਜੰਗਲਾਤ, ਰੇਲਵੇ ਵਿਭਾਗ, ਅਕਾਊਂਟਸ ਵਿਭਾਗ ਆਦਿ ਭਾਰਤ ਸਰਕਾਰ ਦੇ ਹਰ ਵਿਭਾਗ ਦੇ ਅਫਸਰ ਚੁਣੇ ਜਾਂਦੇ ਹਨ। ਇਹ ਜੋ 1150 ਚੁਣੇ ਗਏ ਹਨ, ਇਨ੍ਹਾਂ ਨੇ 35 ਸਾਲ ਤੋਂ ਵੱਧ ਸਰਕਾਰੀ ਨੌਕਰੀ ਕਰਨੀ ਹੈ ਤੇ ਵੱਡੀ ਤੋਂ ਵੱਡੀ ਪੱਦਵੀ ਤੱਕ ਪੁੱਜਣਗੇ। ਦੂਜਾ ਇਸ ਵਿੱਚ ਇਹ ਕਾਨੂੰਨ ਹੈ ਕਿ ਇਹ ਸਾਰੇ ਭਾਰਤ ਦੇ ਹਰ ਸੂਬੇ ਵਿੱਚ ਜਾਣਗੇ। ਜੋ 1150 ਅਫਸਰ ਚੁਣੇ ਗਏ ਹਨ, ਉਨ੍ਹਾਂ ਵਿੱਚ ਸਿੱਖਾਂ ਦਾ ਨਾਂ ਟਾਂਵਾ-ਟਾਂਵਾ ਹੀ ਨਜ਼ਰ ਆਉਂਦਾ ਹੈ। ਪਹਿਲੇ 100 ਵਿੱਚ ਇਕ ਵੀ ਸਿੱਖ ਨਹੀਂ ਹੈ-ਭਾਵ ਕੋਈ ਵੀ ਆਈ.ਪੀ.ਐੱਸ. ਜਾਂ ਆਈ.ਏ.ਐੱਸ. ਨਹੀਂ ਬਣ ਸਕਿਆ ਹੈ, ਜੋ ਸਿੰਘ ਜਾਂ ਕੌਰ ਵਾਲੇ ਨਾਂ ਹਨ, ਉਹ 101 ਨੰਬਰ, 109 ਨੰਬਰ, 123 ਨੰਬਰ 131 ’ਤੇ ਇਕ ਲੜਕੀ ਹੈ। ਫਿਰ 259 ’ਤੇ 275 ’ਤੇ 332 ’ਤੇ ਲੱਭੇ ਹਨ। ਕੁੱਲ ਮੈਂ 22 ਐਸੇ ਨਾਂ ਦੇਖੇ ਹਨ। ਵੈਸੇ ਜਾਟ ਤੇ ਰਾਜਪੂਤ ਵੀ ਸਿੰਘ ਲਿਖਦੇ ਹਨ-ਇਸ ਲਈ ਮੈਨੂੰ ਯਕੀਨ ਨਹੀਂ ਹੈ ਕਿ ਇਹ ਸਾਰੇ ਸਿੱਖ ਹੋਣਗੇ। ਹੈਰਾਨਗੀ ਇਹ ਹੈ ਕਿ ਪੰਜਾਬ ਵਿੱਚ ਸਿੱਖਾਂ ਦਾ ਬੋਲਬਾਲਾ ਹੈ। ਸ਼੍ਰੋਮਣੀ ਕਮੇਟੀ ਕੋਲ 1000 ਕਰੋੜ ਰੁਪਏ ਦੀ ਸਲਾਨਾ ਆਮਦਨ ਹੈ। ਪੰਜਾਬ ਸਰਕਾਰ ਨੇ ਬੜੀਆਂ ਸਹੂਲਤਾਂ ਦੇ ਰੱਖੀਆਂ ਹਨ। ਆਈ.ਏ.ਐੱਸ. ਦੀ ਟਰੇਨਿੰਗ ਦੇ ਕਈ ਇੰਸਟੀਚਿਊਟ ਖੋਲ੍ਹ ਰੱਖੇ ਹਨ। ਫਿਰ ਕੀ ਗੱਲ ਸਿੱਖ ਇਸ ਜ਼ਰੂਰੀ ਵਿਸ਼ੇ ’ਤੇ ਫੇਲ੍ਹ ਕਿਉਂ ਹੋ ਰਹੇ ਹਨ ? ਸਾਡਾ ਧਿਆਨ ਵੱਡੇ ਨਗਰ ਕੀਰਤਨ, ਵੱਡੇ ਦੀਵਾਨ ਤੇ ਇਹੋ ਜਿਹੇ ਪ੍ਰੋਗਰਾਮ ਕਰਨ ਵਿੱਚ ਲੱਗ ਰਿਹਾ ਹੈ। ਇਹ ਸੋਚ ਹੀ ਨਹੀਂ ਕਿ ਸਿੱਖਾਂ ਨੂੰ ਅਫਸਰ ਬਣਨ ਦਾ ਕੀ ਲਾਭ ਹੈ। ਜੋ ਨਤੀਜਾ ਇਸ ਸਾਲ ਆਇਆ ਹੈ, ਇਹੋ ਜਿਹਾ ਪਿਛਲੇ ਕਈ ਸਾਲਾਂ ਤੋਂ ਆ ਰਿਹਾ ਹੈ। ਪੰਜਾਬ ਸਰਕਾਰ ਵਿੱਚ ਜੋ ਆਈ.ਏ.ਐੱਸ ਤੇ ਆਈ.ਪੀ.ਐੱਸ. ਆ ਰਹੇ ਹਨ। ਉਹ ਸਾਰੇ ਬਾਹਰਲੇ ਸੂਬਿਆਂ ਦੇ ਹਨ। ਅੱਜ ਪੰਜਾਬ ਦੇ ਡੀ.ਸੀ., ਐੱਸ.ਐੱਸ.ਪੀ., ਸਕੱਤਰੇਤ ਵਿੱਚ ਸਕੱਤਰ, ਵੇਖੋ ਤੁਹਾਡਾ ਕੀ ਹਿੱਸਾ ਹੈ। ਜੋ ਸਿੱਖ ਹੈ ਵੀ, ਵਧੇਰੇ ਕਰਕੇ ਪੰਜਾਬ ਵਿੱਚ ਜੋ ਪੀ. ਸੀ. ਐੱਸ. ਤੇ ਡੀ. ਐੱਸ. ਪੀ. ਪੁਲਿਸ ਅਫਸਰ ਹਨ, ਉਨ੍ਹਾਂ ਵਿੱਚੋਂ ਬਹੁਤੇ ਤਰੱਕੀ ਕਰਕੇ ਆਏ ਹਨ। ਅਗਲੇ ਕਈ ਸਾਲਾਂ ਤੱਕ ਵੱਡੇ ਅਫਸਰ ਗੈਰ-ਪੰਜਾਬੀ ਹੀ ਹੋਇਆ ਕਰਨਗੇ। ਮੈਂ ਇਹ ਨਹੀਂ ਕਹਿੰਦਾ ਕਿ ਉਹ ਚੰਗੇ ਕੰਮ ਨਹੀਂ ਕਰਨਗੇ। ਪਰ ਸਾਡੇ ਸਿੱਖ ਵਿਦਿਆਰਥੀ ਕਿਉਂ ਨਾ ਅਫਸਰ ਬਣਨ ? ਉਨ੍ਹਾਂ ਦੀ ਰੁਚੀ ਤੇ ਲਗਨ ਵਧਾਉਣ ਅਤੇ ਉਨ੍ਹਾਂ ਨੂੰ ਟਰੇਨਿੰਗ ਦਾ ਪ੍ਰਬੰਧ, ਇਸ ਦੀ ਖਾਸ ਲੋੜ ਹੈ। ਮੁਸਲਮਾਨਾਂ ਵਿੱਚ ਦਾਨ ਕਰਨ ਨੂੰ ਜ਼ਕਾਤ ਆਖਦੇ ਹਨ। ਹਰ ਇਕ ਲਈ ਜ਼ਕਾਤ ਲਾਜ਼ਮੀ ਹੈ। 1997 ਵਿੱਚ ਇਕ ਮੁਸਲਮਾਨ ਅਫਸਰ ਜ਼ਫ਼ਰ ਮਹਿਮੂਦ ਨੇ ਰਿਟਾਇਰ ਹੋ ਕੇ ਇਕ ਜ਼ਕਾਤ ਫਾਊਂਡੇਸ਼ਨ ਬਣਾਈ ਹੈ। ਉਹ ਹਰ ਸਾਲ ਮੁਸਲਮਾਨ ਵਿਦਿਆਰਥੀ, ਜੋ ਬੀ. ਏ. ਪਾਸ ਕਰ ਲਵੇ, ਉਸ ਨੂੰ ਇਕ ਇਮਤਿਹਾਨ ਵਿੱਚ ਬੁਲਾਉਂਦੇ ਹਨ। ਜੋ ਉਸ ਪਰਚੇ ਵਿੱਚ ਪਾਸ ਹੋ ਜਾਵੇ, ਉਸ ਨੂੰ ਆਈ. ਏ. ਐੱਸ. ਦੀ ਟਰੇਨਿੰਗ ਲਈ ਦਿੱਲੀ ਭੇਜਦੇ ਹਨ। ਹਰ ਇੱਕ ਨੂੰ ਆਪਣੀ ਮਰਜੀ ਦਾ ਆਈ.ਏ.ਐੱਸ. ਟਰੇਨਿੰਗ ਇੰਸਟੀਚਿਊਟ ਚੁਣਨ ਦਾ ਹੱਕ ਹੈ। ਦਿੱਲੀ ਵਿੱਚ ਵੱਡੀ ਪੱਧਰ ’ਤੇ ਬਣੇ ਹੋਏ ਹਨ। ਨਾਲ ਹੀ ਹਰ ਇਕ ਮੁਸਲਮਾਨ ਟਰੇਨੀ ਨੂੰ ਰਹਿਣ ਦਾ ਖਰਚਾ ਦਿੱਤਾ ਜਾਂਦਾ ਹੈ। ਅੰਦਾਜ਼ੇ ਅਨੁਸਾਰ ਜ਼ਕਾਤ ਕਮੇਟੀ 1 ਲੱਖ 75 ਹਜ਼ਾਰ ਰੁਪਏ ਇਸ ਇਕ ਲੜਕੇ ’ਤੇ ਖਰਚ ਕਰਦੀ ਹੈ। ਇਸ ਸਾਲ 38 ਮੁਸਲਮਾਨ ਆਈ. ਏ. ਐੱਸ, ਆਈ. ਪੀ. ਐੱਸ. ਲਈ ਚੁਣੇ ਗਏ ਹਨ। ਇਹ ਹੈ ਦਾਨ ਦੇ ਪੈਸੇ ਦਾ ਸਹੀ ਖਰਚ। ਸਿੱਖਾਂ ਵਿੱਚ ਦਾਨ ਦਾ ਘਾਟਾ ਨਹੀਂ, ਆਲੀਸ਼ਾਨ ਗੁਰਦੁਆਰੇ, ਹਰ ਥਾਂ ਸੋਨਾ ਦਾਨ ਕਰਦੇ ਹੀ ਹਨ। ਲੰਗਰ ਬਹੁਤ ਦਾਨ ਕਰਦੇ ਹਨ। ਪਰ ਕੌਮ ਦੇ ਲੀਡਰਾਂ ਦੀ ਰੁਚੀ ਸਿੱਖਾਂ ਨੂੰ ਅਫਸਰ ਬਣਾਉਣ ਵੱਲ ਨਹੀਂ ਹੈ। ਨਾਅਰੇ ਰੋਜ਼ ਵੱਡੇ ਲਗਾਉਂਦੇ ਹਨ ਪਰ ਉਚੇਰੀ ਸੋਚ, ਜੋ ਸਹੀ ਰੂਪ ਵਿੱਚ ਕੌਮ ਨੂੰ ਲਾਭ ਦੇਵੇ, ਉਸ ਦੀ ਕਮੀ ਹੈ। ਪਿੱਛੇ ਜਿਹੇ ਆਰਮੀ ਦੇ ਜਰਨੈਲ ਨੇ ਬਿਆਨ ਦਿੱਤਾ ਹੈ ਕਿ ਫੌਜ ਵਿੱਚ ਵੀ ਸਿੱਖ ਘੱਟ ਰਹੇ ਹਨ। ਅਫਸਰ ਬਣਨ ਦੇ ਟੈਸਟ ਵਿੱਚ ਫੇਲ੍ਹ ਹੁੰਦੇ ਹਨ। ਮੈਂ ਇਹ ਇਸ ਲਈ ਲਿਖ ਰਿਹਾ ਹਾਂ ਕਿ ਇਹ ਜ਼ਰੂਰੀ ਪੱਖ ਹੈ। ਇਸ ਦਾ ਲਾਭ ਸਾਰੀ ਕੌਮ ਨੂੰ ਹੋਵੇਗਾ। ਅੱਜ ਦਿੱਲੀ ਸਰਕਾਰ ਵਿੱਚ ਇਕ ਵੀ ਸਿੱਖ ਸਕੱਤਰ ਨਜ਼ਰ ਨਹੀਂ ਆਉਂਦਾ ਹੈ। ਪਹਿਲਾਂ ਚਾਰ ਜਾਂ ਪੰਜ ਹੁੰਦੇ ਸਨ। ਬਾਕੀ ਮਹਿਕਮਿਆਂ ਵਿੱਚ ਵੀ ਇਹੋ ਹਾਲ ਹੈ। ਮੁਸਲਮਾਨਾਂ ਦੀ ਮਿਸਾਲ ਨੂੰ ਵੇਖੋ। ਇਸ ਲਈ ਉਪਰਾਲਾ ਕਰੋ, ਇਹ ਵੱਡੀ ਸੇਵਾ ਹੋਵੇਗੀ।