ਅਬ ਆਇਆ ਊਂਟ ਪਹਾੜ ਕੇ ਨੀਚੇ

0
231

ਅਬ ਆਇਆ ਊਂਟ ਪਹਾੜ ਕੇ ਨੀਚੇ

ਸੁਰਜਨ ਸਿੰਘ—+9190414-09041

ਕੁਝ ਸਿੱਖ ਲੇਖਕ, ਰਾਗੀ ਤੇ ਪ੍ਰਚਾਰਕ ਆਪਣੀਆਂ ਲਿਖਤਾਂ ਅਤੇ ਭਾਸ਼ਣਾਂ ਵਿੱਚ ਇਹ ਸਵਾਲ ਅਕਸਰ ਚੁਕਦੇ ਰਹਿੰਦੇ ਹਨ ਕਿ ‘ਸਿੱਖ ਪੰਥ’ ਕੀ ਹੈ ? ਕਈ ਆਖਦੇ ਹਨ ‘ਗੁਰੂ ਗ੍ਰੰਥ’ ਹੀ ‘ਪੰਥ’ ਹੈ ਅਤੇ ਕਈ ਆਖਦੇ ਹਨ ਕਿ ‘ਪੰਥ’ ਨਾਮ ਦੀ ਕੋਈ ਹਸਤੀ ਹੈ ਹੀ ਨਹੀਂ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਰੀਰ ਤਿਆਗਣ ਤੋਂ ਪਹਿਲਾਂ ਗੁਰਿਆਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰੱਖੀ ਤੇ ‘ਪੰਥ’ ਉਨ੍ਹਾਂ ਦੀ ਤਾਬਿਆ ਗੁਰੂ ਨੇ ਕੀਤਾ। ਕੀ ਉਪਰੋਕਤ ਸੱਜਣ ਇਸ ਸੱਚਾਈ ਤੋਂ ਅਨਜਾਣ ਹਨ ?

ਦੂਜੇ ਪਾਸੇ ਬਾਦਲ ਜੀ ਆਪਣੇ ਆਪ ਨੂੰ ‘ਪੰਥ’ ਸਮਝਦੇ ਸਨ ਕਿਉਂਕਿ ਉਹ ‘ਪੰਥ’ ਦੇ ਨਾਮ ਤੇ ਵੋਟਾਂ ਮੰਗਦੇ ਸਨ ਤੇ ਚੋਣ ਜਿੱਤ ਜਾਂਦੇ ਸਨ। ਪਰ ਹਾਲ ਵਿੱਚ ਜੋ ਘਟਨਾ ਪੰਜਾਬ ਵਿੱਚ ਵਾਪਰੀ ਹੈ, ਉਸ ਨੇ ‘ਸਿੱਖ ਪੰਥ’ ਦੀ ਹੋਂਦ ਅਤੇ ਹਸਤੀ ਸਿੱਧ ਕਰ ਦਿੱਤੀ ਹੈ। ਪੰਥ ਦੋਖੀਆਂ ਅਤੇ ਸਿਆਸਤਦਾਨਾਂ ਨੂੰ ਪੰਥ ਅੱਗੇ ਘੁਟਨੇ ਟੇਕਨੇ ਪਏ ਹਨ। ‘ਊਂਟ’ ਸਮਝਦਾ ਹੈ ਕਿ ਉਸ ਤੋਂ ਉੱਚਾ ਕੋਈ ਨਹੀਂ, ਪਰ ਜਦ ਉਹ ਪਹਾੜ ਦੇ ਥੱਲੇ (ਕੋਲ) ਆਉਂਦਾ ਹੈ ਤਾਂ ਉਸ ਨੂੰ ਪਤਾ ਚਲਦਾ ਹੈ ਕਿ ਉਹ ਪਹਾੜ ਦੇ ਮੁਕਾਬਲੇ ਕੁਝ ਵੀ ਨਹੀਂ ਹੈ। ਪੰਜਾਬ ਦੀ ਮੌਜੂਦਾ ਘਟਨਾ ਕ੍ਰਮ ਨੂੰ ਵੇਖ ਕੇ ਲਗਦਾ ਹੈ ਕਿ ‘ਅਬ ਆਇਆ ਊਂਟ ਪਹਾੜ ਕੇ ਨੀਚੇ’ ਮੁਹਾਵਰਾ ਸਿਆਸਤਦਾਨਾਂ ਅਤੇ ਸਿੱਖ ਪੰਥ ਦੋਖੀਆਂ ’ਤੇ ਬਾਖ਼ੂਬੀ ਢੁਕਦਾ ਹੈ। ਬਾਦਲ ਜੀ ਨੂੰ ਵੀ ਸ਼ਾਇਦ ਆਪਣੇ ‘ਪੰਥ ਰਤਨ’ ਹੋਣ ਤੇ ਖਦਸ਼ਾ ਹੋ ਰਿਹਾ ਹੋਵੇ ਕਿ ਉਹ ‘ਪੰਥ ਰਤਨ’ ਨਹੀਂ ਹਨ। ਇਸ ਉਪਾਧੀ ਦੀ ਯੋਗਤਾ ਤੱਕ ਪਹੁੰਚਣਾ ਸੌਖਾ ਨਹੀਂ ਹੈ। ਸਿੱਖ ਇਤਿਹਾਸ ਤੇ ਝਾਤੀ ਮਾਰੋ, ਮਹਾਨ ਸਿੱਖਾਂ/ਗੁਰਮੁੱਖਾਂ ਨੇ ਵੀ ਇਹ ਲਕਬ ਆਪਣੇ ਨਾਮ ਨਾਲ ਨਹੀਂ ਜੋੜਿਆ।

ਕੁਝ ਅਖੌਤੀ ਸਿੱਖ ਸਾਹਿਤਕਾਰ ਅਤੇ ਅਖੌਤੀ ਸਿੱਖ ਪ੍ਰਚਾਰਕ ਅੰਦਰੋ ਅੰਦਰੀ ਬੜੇ ਖ਼ੁਸ਼ ਸਨ ਕਿ ਅੱਛਾ ਹੈ ਸਿਆਸਤਦਾਨਾਂ ਅਤੇ ਸੁਹਿਰਦ ਸਿੱਖਾਂ ਦੇ ਸਿੰਗ ਫਸ ਗਏ ਹਨ। ਪਰ ਜਦ ਸਿੱਖ ਪੰਥ ਦੀ ਜਿੱਤ ਹੋ ਗਈ ਹੈ ਤਾਂ ਉਹ ਆਪਣੀ ਭੜਾਸ ਕੱਢ ਰਹੇ ਹਨ ਕਿ ਸੌਦਾ ਸਾਧ ਨੂੰ ਮੁਆਫ ਕਰਨ ਵਾਲਾ ਹੁਕਨਾਮਾ ਰੱਦ ਕਰ ਦੇਣਾ ਠੀਕ ਕਾਰਵਾਈ ਨਹੀਂ ਹੈ। ਪੰਜਾਬ ਦੀ ਮੌਜੂਦਾ ਸਰਕਾਰ ’ਤੇ ਕਾਬਜ਼ ਤੇ ਪਾਵਰ ਦੇ ਨਸ਼ੇ ਵਿੱਚ ਗਲਤਾਨ ਸਿਆਸੀ ਬੰਦਿਆਂ ਤੋਂ ਹੁਕਮਨਾਮਾ ਰੱਦ ਕਰਵਾ ਲੈਣਾ ‘ਸਿੱਖ ਪੰਥ’ ਦੀ ਜਿੱਤ ਹੈ। ਸਿਰਸਾ ਸਾਧ ਨੂੰ ਮੁਆਫੀ ਦਾ ਹੁਕਮਨਾਮਾ ਜਾਰੀ ਕਰਨ ਤੇ ਜੇਹੜਾ ਖੋਰਾ ਸ੍ਰੀ ਅਕਾਲ ਤਖਤ ਸਾਹਿਬ ਦੀ ਉੱਚਤਾ ਨੂੰ ਲਗਣਾ ਸ਼ੁਰੂ ਹੋਇਆ ਸੀ, ਹੁਕਮਨਾਮਾ ਰੱਦ ਕਰਨ ਨਾਲ ਉਸ ਨੂੰ ਠੱਲ ਪੈ ਗਈ ਹੈ ।

ਹੋ ਸਕਦੈ ਕਿ ਪੰਥ ਦੀ ਜਿੱਤ ਨੂੰ ਨਾਕਾਮਯਾਬ ਕਰਨ ਲਈ ਪੰਥ ਦੋਖੀ ਅਤੇ ਸਿਆਸਤਦਾਨ ਕਈ ਤਰ੍ਹਾਂ ਦੇ ਹੱਥ ਕੰਡੇ ਅਪਣਾਉਣ, ਪਰ ਸਿੱਖਾਂ ਨੂੰ ਆਪਣੀ ਮੌਜੂਦਾ ਏਕਤਾ ਕਾਇਮ ਰੱਖਣੀ ਚਾਹੀਦੀ ਹੈ ਅਤੇ ਹੋਰ ਜਿੱਤਾਂ ਪ੍ਰਾਪਤ ਕਰਨ ਵਾਸਤੇ ‘ਸਿੱਖ ਪੰਥ’ ਨੂੰ ਹਰ ਤਰ੍ਹਾਂ ਨਾਲ ਸਤਰਕ ਅਤੇ ਸ਼ਾਂਤਿਮਈ ਢੰਗ ਨਾਲ ਤਤਪਰ ਰਹਿਣਾ ਚਾਹੀਦਾ ਹੈ।