‘ਹੋਲਾ ਮਹੱਲਾ’ ਮਨਾਉਣ ਤੋਂ ਪਹਿਲਾਂ ਕਈ ਮੀਟਿੰਗਾਂ ਪਰ ਬਾਦ ’ਚ ਕੁਝ ਨਹੀਂ ?

0
510

‘ਹੋਲਾ ਮਹੱਲਾ’ ਮਨਾਉਣ ਤੋਂ ਪਹਿਲਾਂ ਕਈ ਮੀਟਿੰਗਾਂ ਪਰ ਬਾਦ ’ਚ ਕੁਝ ਨਹੀਂ ?

ਬਲਵਿੰਦਰ ਸਿੰਘ ‘ਖ਼ਾਲਸਾ’, ਪਿੰਡ ਚਨਾਰਥਲ, ਮੌੜ ਮੰਡੀ (ਜ਼ਿਲ੍ਹਾ ਬਠਿੰਡਾ)-97802-64599

ਸਿੱਖ ਧਰਮ ਵਿੱਚ ਗੁਰੂ ਸਾਹਿਬਾਨਾਂ ਦੇ ਪ੍ਰਕਾਸ਼ ਉਤਸਵ, ਸ਼ਹੀਦੀ ਦਿਹਾੜੇ, ਗੁਰਗੱਦੀ ਦਿਵਸ, ਸਿੱਖਾਂ ਦੇ ਸ਼ਹੀਦੀ ਤੇ ਜਨਮ ਦਿਹਾੜਿਆਂ ਦੀ ਤਰ੍ਹਾਂ ਹੋਲਾ ਮਹੱਲਾ ਵੀ ਸਿੱਖਾਂ ਦਾ ਇੱਕ ਬਹੁਤ ਅਹਿਸ ਅਤੇ ਮੁੱਖ ਤਿਉਹਾਰ ਹੈ। ਗੁਰੂ ਸਾਹਿਬਾਂ ਨੇ ਸਿੱਖਾਂ ਨੂੰ ਰੰਗਾਂ ਨਾਲ ਖੇਡੀ ਜਾਣ ਵਾਲੀ ਝੂਠੀ (ਕੱਚੀ) ਹੋਲੀ ਤੋਂ ਵਰਜ ਕੇ ਸੱਚਾ ਤੇ ਗੁਣਾਂ ਨਾਲ ਭਰਪੂਰ ਹੋਲਾ ਮਹੱਲਾ ਮਨਾਉਣ ਦਾ ਆਦੇਸ਼ ਦਿੱਤਾ। ਗੁਰੂ ਜੀ ਨੇ ਇਸ ਦਾ ਨਾਂ ਵੀ ‘ਹੋਲੀ’ (ਮਾਦਾ) ਦੇ ਮੁਕਾਬਲੇ ‘ਹੋਲਾ’ (ਨਰ) ਰੱਖਿਆ ਭਾਵ ਹੋਲਾ ਮਹੱਲਾ ਇਸ ਰੰਗਾਂ ਵਾਲੀ ਝੂਠੀ ‘ਹੋਲੀ’ ਤੋਂ ਉਤਮ ਮੰਨਿਆ ਗਿਆ ਹੈ। ‘ਹੋਲਾ ਮਹੱਲਾ’ ਮਨਾਉਣ ਨਾਲ ਸਿੱਖਾਂ ਵਿੱਚ ਖੇਡਾਂ ਅਤੇ ਜੰਗਾਂ/ਯੁੱਧਾਂ ਵਿੱਚ ਜਿੱਤ ਪ੍ਰਾਪਤ ਕਰਨ ਦਾ ਉਤਸ਼ਾਹ ਤੇ ਹੌਸਲਾ ਪ੍ਰਾਪਤ ਹੁੰਦਾ ਹੈ। ਇਸ ਨਾਲ ਸਿਹਤ ਬਣਦੀ ਹੈ ਅਤੇ ਆਲਸ ਦੂਰ ਹੁੰਦਾ ਹੈ। ਵੈਸੇ ਤਾਂ ਇਹ ਸਾਰੀ ਸਿੱਖ ਕੌਮ ਦਾ ਸਾਝਾ ਤਿਉਹਾਰ ਹੈ ਪਰ ਨਹਿੰਗ ਸਿੰਘ ਇਸ ਨੂੰ ਕੁਝ ਜ਼ਿਆਦਾ ਉਤਸ਼ਾਹ ਨਾਲ ਮਨਾਉਂਦੇ ਹਨ। ਘੋੜ ਦੌੜਾਂ, ਗੱਤਕਾ ਆਦਿ ਕਰਤੱਬ ਦਿਖਾਉਣ ਵਿੱਚ ਜ਼ਿਆਦਾਤਰ ਨਹਿੰਗ ਸਿੰਘ ਹੀ ਮੋਹਰੀ ਹੁੰਦੇ ਹਨ। ਇਹ ਤਿਉਹਾਰ ਸਰੀਰਕ ਕਸਰਤ ਲਈ ਬਹੁਤ ਹੀ ਵਧੀਆ ਹੈ, ਇਸ ਲਈ ਹਰ ਹਾਲਤ ’ਚ ਹਰ ਸਾਲ ਮਨਾਇਆ ਜਾਣਾ ਚਾਹੀਦਾ ਹੈ ਪਰ ਇਸ ਨੂੰ ਮਨਾਉਣ ਸਮੇਂ ਕੁਝ ਕਮੀਆਂ ਵੀ ਦੇਖਣ ਨੂੰ ਮਿਲਦੀਆਂ ਹਨ ਜਿਨ੍ਹਾਂ ਨੂੰ ਦੂਰ ਕਰਨਾ ਵੀ ਉਤਨਾ ਹੀ ਜ਼ਰੂਰੀ ਹੈ। ‘ਹੋਲੇ ਮਹੱਲੇ’ ਦੀ ਮਹੱਤਤਾ, ਦੇਖਣ ਵਾਲਿਆਂ ਦਾ ਉਤਸ਼ਾਹ ਤੇ ਜਨਤਾ ਦੇ ਇਕੱਠ ਦੇ ਮੁਕਾਬਲੇ ਕੀਤੇ ਜਾਂਦੇ ਪ੍ਰਬੰਧਾਂ ਨੂੰ ਕੋਈ ਬਹੁਤਾ ਚੰਗਾ ਨਹੀਂ ਕਿਹਾ ਜਾ ਸਕਦਾ। ਪ੍ਰਬੰਧਕ, ਮੁੱਖੀ ਤੇ ਜਥੇਦਾਰ ਆਦਿ ਅਖਬਾਰਾਂ ਵਿੱਚ ਭਾਵੇਂ ਵੱਡੇ ਵੱਡੇ ਬਿਆਨ ਦੇਂਦੇ ਹਨ ਕਿ ‘ਹੋਲੇ ਮਹੱਲੇ’ ਦੀਆਂ ਮੁਕੰਮਲ ਤਿਆਰੀਆਂ ਹੋ ਚੁੱਕੀਆਂ ਹਨ ਪਰ ਜਦ ਉੱਥੇ ਜਾ ਕੇ ਦੇਖੀਦਾ ਹੈ ਤਾਂ ਇਨ੍ਹਾਂ ਦੇ ਬਿਆਨਾ ਵਿੱਚ ਅੱਧੀ ਸਚਾਈ ਵੀ ਨਹੀਂ ਹੁੰਦੀ ਕਿਉਂਕਿ ਮੁਕੰਮਲ ਤਿਆਰੀ ਤੋਂ ਭਾਵ ਹੈ: ‘ਕੁਤਾਹੀ ਰਹਿਤ ਤਿਆਰੀ’; ਜਿਵੇਂ: ਸੰਨ 2015 ਦੀ ਵਿਸਾਖੀ ਤੋਂ ਬਾਅਦ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ‘ਹੋਲਾ ਮਹੱਲਾ’ ਮਨਾਉਣ ਬਾਰੇ 8 ਅਪ੍ਰੈਲ ਨੂੰ ਅਖ਼ਬਾਰਾਂ ’ਚ ਜਥੇਦਾਰ ਬਾਬਾ ਬਲਵੀਰ ਸਿੰਘ ਜੀ (ਮੁੱਖੀ ਨਹਿੰਗ ਸਿੰਘ) ਦਾ ਬਿਆਨ ਛਪਿਆ ਸੀ ਕਿ ‘ਵਿਸਾਖੀ ਜੋੜ ਮੇਲੇ ਸਬੰਧੀ ਬੁੱਢਾ ਦਲ ਵੱਲੋਂ ਸਾਰੇ ਪ੍ਰਬੰਧ ਮੁਕੰਮਲ’ ਪਰ ‘ਹੋਲੇ ਮਹੱਲੇ’ ਸਮੇਂ ਉੱਥੇ ਜੋ ਹਾਲ ਦੇਖਿਆ ਉਸ ਮੁਤਾਬਕ ਤਾਂ ਕੋਈ ਤਿਆਰੀ ਕੀਤੀ ਹੀ ਨਹੀਂ ਗਈ ਸੀ। ਜਿਸ ਥਾਂ ’ਤੇ ‘ਹੋਲਾ ਮਹੱਲੇ’ ਦਾ ਪ੍ਰੋਗਰਾਮ ਕੀਤਾ ਜਾ ਰਿਹਾ ਸੀ ਉਸ ਦੇ ਨਾਲ ਬੱਸ ਅੱਡਾ ਤਲਵੰਡੀ ਸਾਬੋ ਦੀ ਕੰਧ ਲਗਦੀ ਸੀ, ਜਿਸ ਨਾਲ ਜੋ ਗੰਦ ਦੇਖਣ ਨੂੰ ਮਿਲਿਆ ਉਹ ਮੁਕੰਮਲ ਕੀਤੇ ਗਏ ਪ੍ਰਬੰਧਾਂ ’ਤੇ ਕਈ ਸਵਾਲ ਖੜੇ ਕਰਦਾ ਹੈ। ਮਨੁੱਖਤਾ ਦਾ ਐਨਾ ਮਲ-ਮੂਤਰ ਉੱਥੇ ਪਿਆ ਸੀ, ਜਿਸ ਉੱਪਰ ਭੀੜ ਚੜ ਰਹੀ ਸੀ। ਨਫ਼ਰੀ ਦੇ ਹਿਸਾਬ ਨਾਲ ਕੀਤੇ ਗਏ ਪ੍ਰਬੰਧਾਂ ਨਾ-ਕਾਫ਼ੀ ਸੀ। ਜਿੱਥੇ ਮੁਸ਼ਕ ਮਾਰ ਰਿਹਾ ਹੋਵੇ ਖੜਾ ਹੋਣਾ ਕੇਵਲ ਮਜ਼ਬੂਰੀ ਬਣ ਜਾਵੇ ਉੱਥੇ ਵਿਖਾਏ ਜਾਂਦੇ ਕਰਤੱਬ ਕਿਸ ਅਰਥ ? ਜਿਸ ਗਰਾਉਂਡ ਵਿੱਚ ਹੋਲਾ
 ਮਹੱਲਾ ਖੇਲਿਆ ਜਾ ਰਿਹਾ ਸੀ ਉਸ ਵਿੱਚ ਵੀ ਵੱਡੇ ਵੱਡੇ ਖੱਡੇ ਬਣੇ ਹੋਏ ਸਨ। ਜਗ੍ਹਾ ਖੁਲੀ ਨਾ ਹੋਣ ਕਾਰਨ ਘੋੜੇ ਵੀ ਦਰਸ਼ਕਾਂ ਵਿੱਚ ਵੜ ਗਏ, ਜਿਸ ਕਾਰਨ ਕਈਆਂ ਨੂੰ ਛੱਟਾਂ ਵੀ ਲੱਗੀਆਂ।

‘ਹੋਲਾ ਮਹੱਲਾ’ ਇਤਨਾ ਉਤਸ਼ਾਹਿਤ ਤਿਉਹਾਰ ਹੈ, ਜਿਸ ਦਾ ਪ੍ਰਬੰਧ ਵੀ ਪ੍ਰਭਾਵਤ ਕਰਨ ਵਾਲਾ ਹੋਣਾ ਚਾਹੀਦਾ ਹੈ। ਅਨੇਕਾਂ ਵਿਦੇਸ਼ੀ ਸੈਲਾਨੀ ਵੀ ਇਸ ਤਿਉਹਾਰ ਨੂੰ ਵੇਖਣ ਲਈ ਆਉਂਦੇ ਹਨ ਤੇ ਸਾਡਾ ਮੁੱਢਲਾ ਅਸੂਲ ਵੀ ‘ਸਰਬਤ ਦਾ ਭਲਾ’ ਹੈ, ਜਿਸ ਦਾ ਪ੍ਰਚਾਰ ਅਜਿਹੇ ਤਿਉਹਾਰਾਂ ਰਾਹੀਂ ਬੜੇ ਹੀ ਸੁਚੱਜੇ ਢੰਗ ਨਾਲ ਕੀਤਾ ਜਾ ਸਕਦਾ ਹੈ।

ਤਲਵੰਡੀ ਸਾਬੋ ਨਹਿੰਗ ਸਿੰਘਾਂ ਪਾਸ 40-50 ਕਿਲੇ ਜ਼ਮੀਨ ਸੁਣਨ ਵਿੱਚ ਆਇਆ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਵੀ ਰੁਪਏ ਦੀ ਕਮੀ ਨਹੀਂ। ਜੇਕਰ ਦੋਵੇਂ ਸੰਸਥਾਵਾਂ ਮਿਲ ਕੇ ਇੱਕ ਵੱਡਾ ਤੇ ਬਹੁ ਮੰਜ਼ਿਲਾ ਸਟੇਡੀਅਮ ਬਣਾ ਦੇਣ ਤਾਂ ਸਾਡਾ ਇਹ ਨਿਵੇਕਲਾ ਤਿਉਹਾਰ ਸੈਲਾਨੀਆਂ ਸਮੇਤ ਨਸੇੜੀ ਨੌਜਵਾਨ ਪੰਜਾਬੀ ਵਰਗ ’ਤੇ ਵੀ ਚੰਗਾ ਪ੍ਰਭਾਵ ਪਾ ਸਕਦਾ ਹੈ ਪਰ ਵਰਤਮਾਨ ਦੇ ਹਾਲਾਤਾਂ ’ਚ ਇੱਕ ਦੂਜੇ ਤੋਂ ਅੱਗੇ ਹੋ ਕੇ ਦੇਖਣ ਲਈ ਕੀਤੀ ਜਾਂਦੀ ਧੱਕਾ-ਮੁੱਕੀ ਨਾਲ ਕਈ ਨੌਜਵਾਨ ਹੱਥੋਪਾਈ ਹੁੰਦੇ ਦੇਖੇ ਜਾ ਸਕਦੇ ਹਨ ਤੇ ਕਈਆਂ ਨੇ ਇਸ ਧੱਕਾ-ਮੁੱਕੀ ’ਚ ਆਪਣੇ ਸਿਰ ਵੀ ਭੰਨਵਾਏ ਹੁੰਦੇ ਹਨ। ਕੀ ਇਸ ਤਰ੍ਹਾਂ ਦੇ ਹਾਲਾਤਾਂ ’ਚ ਲੋਕਾਂ ਸਾਹਮਣੇ ਵਿਖਾਏ ਜਾ ਰਹੇ ਕਰਤੱਬ ਕੋਈ ਪ੍ਰਭਾਵ ਪਾ ਸਕਦੇ ਹਨ ਬੇਸ਼ੱਕ ਉਸ ਵਿੱਚ ਕਿੰਨਾ ਵੀ ਉੱਚ ਦਰਜੇ ਦਾ ਖੇਲ ਵਿਖਾਇਆ ਜਾ ਰਿਹਾ ਹੋਵੇ ? ਅਜਿਹੇ ਹੀ ਕੁਝ ਹੋਰ ਕਾਰਨ ਹੁੰਦੇ ਹਨ ਜੋ ਅਜਿਹੇ ਵਿਲੱਖਣ ਤਿਉਹਾਰਾਂ ਨੂੰ ਵੀ ਕੇਵਲ ਮੇਲੇ ਦੀ ਸ਼ਕਲ ’ਚ ਬਦਲਨ ਲਈ ਕਾਫ਼ੀ ਹੁੰਦੇ ਹਨ ਤੇ ਪ੍ਰਬੰਧਕ ਕਦੇ ਵੀ ਇਨ੍ਹਾਂ ਦੁਆਰਾ ਮਿਲੀ ਕੌਮੀ ਸਫਲਤਾ ਜਾਂ ਅਸਫਲਤਾ ਦਾ ਮੁਲਾਂਕਣ ਵੀ ਨਹੀਂ ਕਰਦੇ।