ਹਰ ਯੁੱਗ ਵਿਚ ਰਿਹਾ ਹੈ ‘ਲੱਤਾਂ ਖਿੱਚਣ ਵਾਲਿਆਂ ਦਾ ਬੋਲਬਾਲਾ’

0
232

ਹਰ ਯੁੱਗ ਵਿਚ ਰਿਹਾ ਹੈ ‘ਲੱਤਾਂ ਖਿੱਚਣ ਵਾਲਿਆਂ ਦਾ ਬੋਲਬਾਲਾ’

-ਰਮੇਸ਼ ਬੱਗਾ ਚੋਹਲਾ #੧੩੪੮/੧੭/੧ ਗਲੀ ਨੰ:੮ ਰਿਸ਼ੀ ਨਗਰ, ਐਕਸਟੈਨਸ਼ਨ (ਲੁਧਿਆਣਾ) ਮੋ:94631-32719 

ਹਰੇਕ ਪਿੰਡ, ਕਸਬੇ ਅਤੇ ਸ਼ਹਿਰ ਵਿਚ ਲੱਤਾਂ ਖਿੱਚਣ ਵਾਲੇ ਆਮ ਹੀ ਮਿਲ ਜਾਂਦੇ ਹਨ। ਇਨ੍ਹਾਂ ਭੱਦਰ ਪੁਰਸ਼ਾਂ ਦੀ ਹਾਜ਼ਰੀ ਆਦਿ-ਜੁਗਾਦਿ ਸੱਚ ਹੈ। ਇਹ ਇੱਕ ਕਿਸਮ ਦੇ ਅੜਿੱਕਾ ਸਿੰਘ ਹੀ ਹੁੰਦੇ ਹਨ ਜਿਹੜੇ ਦੂਜਿਆਂ ਦੇ ਕੰਮ ਵਿੱਚ ਅੜਿੱਕਾ ਪਾ ਕੇ ਜਾਂ ਉਨ੍ਹਾਂ ਦੀਆਂ ਲੱਤਾਂ ਖਿੱਚ ਕੇ ਆਨੰਦ-ਪ੍ਰਸੰਨ ਹੁੰਦੇ ਰਹਿੰਦੇ ਹਨ। ਇਨ੍ਹਾਂ ਲੱਤਾਂ ਖਿੱਚਣ ਵਾਲੇ ਜਿਉਂੜਿਆਂ ਦੇ ਮਨ ਅਤੇ ਤਨ ਈਰਖਾ ਦੀ ਅੱਗ ਵਿਚ ਸੜ੍ਹੇ ਅਤੇ ਰੜੇ ਹੁੰਦੇ ਹਨ, ਇਸ ਕਰਕੇ ਇਹ ਵਰਗ ਵਿਕਾਸਵਾਦੀ ਨਜ਼ਰੀਏ ਦਾ ਹਮੇਸ਼ਾਂ ਹੀ ਵਿਰੋਧੀ ਰਹਿੰਦਾ ਹੈ। ਦੂਜਿਆਂ ਦੇ ਸੁੱਖ ਵਿਚ ਦੁੱਖ ਮਨਾਉਣਾ ਇਨ੍ਹਾਂ ਲੱਤਾਂ ਖਿੱਚਣ ਵਾਲਿਆਂ ਦਾ ਇਕ ਵਿਸ਼ੇਸ਼ ਸੁਭਾਅ ਹੁੰਦਾ ਹੈ। ਕਿਸੇ ਵਿਅਕਤੀ ਦੀ ਤਰੱਕੀ ਵਾਲੀ ਤੋਰ ਇਨ੍ਹਾਂ ਦੀ ਬਰਦਾਸ਼ਤ ਤੋਂ ਬਾਹਰ ਹੁੰਦੀ ਹੈ ਇਸ ਲਈ ਇਹ ਉਸ ਵਿਅਕਤੀ ਦੀਆਂ ਲੱਤਾਂ ਖਿੱਚਣ ਦੀ ਤਾਕ ਵਿਚ ਰਹਿੰਦੇ ਹਨ।

ਲੱਤਾਂ ਖਿੱਚਣ ਵਾਲੇ ਇਸ ‘ਭਾਈਚਾਰੇ’ ਵਿਚ ਕਈ ਵਾਰੀ ਬਿਗਾਨੇ ਘੱਟ ਅਤੇ ਆਪਣੇ ਵਧੇਰੇ ਹੁੰਦੇ ਹਨ। ਕਈ ਵਾਰ ਤਾਂ ਇਹ (ਲੱਤਾਂ ਖਿੱਚਣ ਦੀ) ਡਿਊਟੀ ਸਾਡੇ ਸਕੇ-ਸੋਧਰੇ ਅਤੇ ਸੱਜਣ-ਮਿੱਤਰ ਹੀ ਨਿਭਾਈ ਜਾਂਦੇ ਹਨ। ਪਰ ਇਨ੍ਹਾਂ ਵੱਲੋਂ ਇਹ ਡਿਊਟੀ ਬੜੀ ਹੀ ਚੁਤਰਾਈ ਅਤੇ ਸਫ਼ਾਈ ਨਾਲ ਨਿਭਾਈ ਜਾਂਦੀ ਹੈ। 

ਲੱਤਾਂ ਖਿੱਚਣ ਦੀਆਂ ਉਦਾਹਰਣਾਂ ਸਾਡੇ ਆਪਣੇ ਘਰ-ਪਰਿਵਾਰ ਵਿਚ ਵੀ ਮਿਲ ਜਾਂਦੀਆਂ ਹਨ। ਗੱਲ ਉਨ੍ਹਾਂ ਭਲਿਆਂ ਸਮਿਆਂ ਦੀ ਹੈ ਜਦੋਂ ਮੇਰੇ ਸਵ: ਬਾਪੂ ਨੇ ਮੈਟਿ੍ਰਕ ਦਾ ਇਮਤਿਹਾਨ ਪਾਸ ਕੀਤਾ ਸੀ। ਉਨ੍ਹਾਂ ਸਮਿਆਂ ਵਿਚ ਕੋਈ ਵਿਰਲਾ-ਟਾਵਾਂ ਹੀ ਪੜ੍ਹਿਆ ਕਰਦਾ ਸੀ। ਪੜ੍ਹਾਈ ਤੋਂ ਬਾਅਦ ਬਾਪੂ ਦੀ ਚੋਣ ਇੱਕ ਚੰਗੇ ਸਰਕਾਰੀ ਅਹੁਦੇ ਲਈ ਹੋ ਗਈ ਸੀ ਪਰ ਉਨ੍ਹਾਂ ਨੂੰ ਇਸ ਕੰਮ ਲਈ ਆਪਣੇ ਨਗਰ-ਖੇੜੇ ਤੋਂ ਦੂਰ ਜਾਣਾ ਪੈਣਾ ਸੀ। ਜਦੋਂ ਬਾਪੂ ਘਰੋਂ ਚਾਲੇ ਪਾਉਣ ਲੱਗਾ ਤਾਂ ਤਾਏ ਨੇ ਪਿੱਛੋਂ ਆਪਣੇ ਇਕੱਲੇ ਰਹਿ ਜਾਣ ਦਾ ਵਾਸਤਾ ਪਾ ਕੇ ਬਾਪੂ ਦੀ ਲੱਤ ਖਿੱਚ ਲਈ। ਤਾਏ ਦਾ ਵਾਸਤਾ ਮੰਨ ਕੇ ਬਾਪੂ ਨੇ ਆਪਣਾ ਇਰਾਦਾ ਤਾਂ ਬਦਲ ਲਿਆ ਪਰ ਲੱਤ ਖਿੱਚੀ ਜਾਣ ਕਾਰਨ ਉਹ (ਬਾਪੂ) ਆਪਣੀ ਸਾਰੀ ਹਯਾਤੀ ਫਿਰ ਸਾਬਤ ਕਦਮੀ (ਆਰਥਿਕ ਪੱਖੋਂ) ਨਹੀਂ ਹੋ ਸਕਿਆ। ਇਸ ਗੱਲ ਨੂੰ ਲੈ ਕੇ ਉਹ ਸਾਰੀ ਉਮਰ ਝੁਰਦਾ ਹੀ ਚਲਾ ਗਿਆ ਤੇ ਅੰਤ ਨੂੰ ਰਾਮ ਪਿਆਰਾ ਹੋ ਗਿਆ।

ਲੱਤਾਂ ਖਿੱਚਣ ਦੀ ਦੂਜੀ ਉਦਾਹਰਣ ਵੀ ਸਾਡੇ ਆਪਣੇ ਲਾਣੇ ਨਾਲ ਹੀ ਸੰਬੰਧਤ ਹੈ। ਜਦੋਂ ਮੈਂ ਆਪਣੇ ਨਗਰ ਦੇ ਸਕੂਲ (ਬਾਬਾ ਭਾਈ ਅਦਲੀ) ਵਿਚੋਂ ਦਸਵੀਂ ਜ਼ਮਾਤ ਪਹਿਲੇ ਦਰਜੇ ਵਿਚ ਪਾਸ ਕੀਤੀ ਤਾਂ ਮੇਰੀ ਇੱਛਾ ਅੱਗੇ ਹੋਰ ਪੜ੍ਹਨ ਦੀ ਸੀ ਪਰ ਇਸ ਸਕੂਲ ਦੀ ਗਿਆਰਵੀਂ ਜ਼ਮਾਤ ਵਿਚ ਮੇਰੇ ਮਨ ਭਾਉਂਦੇ ਵਿਸ਼ੇ (ਵਿਗਿਆਨ ਤੇ ਗਣਿਤ) ਨਾ ਹੋਣ ਕਰਕੇ ਮੈਨੂੰ ਸਕੂਲ ਬਦਲਣਾ ਪੈਣਾ ਸੀ। ਇਕੱਲਾ ਅਤੇ ਲਾਡਲਾ ਪੁੱਤਰ ਹੋਣ ਕਰਕੇ ਸਾਡੇ ਟੱਬਰ ਦੇ ਕੁੱਝ ਮੈਂਬਰਾਂ ਵਿਚ ਮੇਰੇ ਘਰ ਤੋਂ ਬਾਹਰ ਜਾਣ ਦੀ ਸਹਿਮਤੀ ਨਹੀਂ ਬਣ ਸਕੀ। ਮੇਰੀ ਇਸ ਲੱਤ ਖਿੱਚਾਈ ਕਾਰਨ ਮੈਂ ਸਮਾਜਿਕ ਤੌਰ ’ਤੇ ਕੁੱਝ ਵਧੇਰੇ ਸਤਿਕਾਰੀ ਅਤੇ ਵਕਾਰੀ (ਦੋਵੇਂ) ਵਿਸ਼ਿਆਂ ਦੀ ਪੜ੍ਹਾਈ ਤੋਂ ਵੰਚਿਤ ਰਹਿ ਗਿਆ।

ਲੱਤਾਂ ਖਿੱਚਣ ਵਾਲਿਆਂ ਦਾ ਇੱਕ ਵਿਤਕਰੇ ਭਰਿਆ ਵਰਤਾਰਾ ਹੋਰ ਵੀ ਹੈ। ਜਦੋਂ ਕਿਸੇ ਘਰਾਣੇ (ਵਿਸ਼ੇਸ਼ ਕਰਕੇ ਪੇਂਡੂ) ਦੀ ਕੋਈ ਲੜਕੀ ਕਿਸੇ ਉਚੇਰੀ ਸਿੱਖਿਆ ਨੂੰ ਹਾਸਲ ਕਰਨ ਹਿੱਤ ਦੂਰ- ਦੁਰਾਡੇ ਦਾ ਸਫ਼ਰ ਤੈਅ ਕਰਨਾ ਚਾਹੁੰਦੀ ਹੈ ਤਾਂ ‘ਜ਼ਮਾਨਾ ਖ਼ਰਾਬ’ ਕਹਿ ਕੇ ਉਸ ਦੀਆਂ ਲੱਤਾਂ ਵੀ ਖਿੱਚ ਦਿੱਤੀਆਂ ਜਾਂਦੀਆਂ ਹਨ।

ਲੱਤਾਂ ਖਿੱਚਣ ਵਾਲੇ ਬਸ਼ਰ ਕਈ ਵਾਰੀ ਸਰਕਾਰੀ ਅਤੇ ਗ਼ੈਰ ਸਰਕਾਰੀ ਵਿਭਾਗਾਂ ਵਿਚ ਵੀ ਟੱਕਰ ਜਾਂਦੇ ਹਨ ਜਿਹੜੇ ਆਪਣੇ ਸਹਿਯੋਗੀਆਂ/ਸਹਿਕਰਮੀਆਂ ਦੇ ਕਿਸੇ ਨਿਰੋਏ ਅਤੇ ਨਿਵਕਲੇ ਕੰਮ- ਢੰਗ ਦਾ ਮਜ਼ਾਕ ਉਡਾ ਕੇ ਉਨ੍ਹਾਂ ਦੀਆਂ ਲੱਤਾਂ ਖਿੱਚ ਕੇ ਲ਼ੁਤਫ਼ ਲੈਂਦੇ ਰਹਿੰਦੇ ਹਨ। ਇਹ ਲੱਤ-ਖਿਚਾਈ ਉਸ ਵਕਤ ਤਾਂ ਹੋਰ ਵੀ ਦੁਖ਼ਦਾਈ ਹੋ ਨਿੱਬੜਦੀ ਹੈ ਜਿੱਥੇ ਲੱਤਾਂ ਖਿੱਚਣ ਵਾਲਿਆਂ ਦੀ ਬਹੁ-ਸੰਮਤੀ ਜਾਂ ਬਹੁਗਿਣਤੀ ਹੋ ਜਾਂਦੀ ਹੈ।

ਭਾਵੇਂ ਲੱਤਾਂ ਖਿੱਚਣ ਵਾਲੇ ਮਹਿਕਮੇ ਦਾ ਬੋਲਬਾਲਾ ਚਾਰੇ ਯੁੱਗਾਂ ਵਿਚ ਚੱਲਿਆ ਆ ਰਿਹਾ ਹੈ ਪਰ ਨਵੀਆਂ ਅਤੇ ਨਿਰਾਲੀਆਂ ਰਾਹਾਂ ਦੇ ਪਾਂਧੀ ਇਨ੍ਹਾਂ ਈਰਖਾਲੂਆਂ ਦੀ ਰਤਾ ਪ੍ਰਵਾਹ ਨਹੀਂ ਕਰਦੇ। ਜਿਨ੍ਹਾਂ ਨੂੰ ਆਪਣੀ ਮੰਜ਼ਿਲ ਨਾਲ ਇਸ਼ਕ ਹੋ ਜਾਂਦਾ ਹੈ ਉਹ ਆਪਣੀ ਹਾਥੀਆਂ ਵਾਲੀ ਮਸਤ ਚਾਲ ਚੱਲਦੇ ਰਹਿੰਦੇ ਹਨ ਅਤੇ ਲੱਤਾਂ ਖਿੱਚਣ ਵਾਲਿਆਂ ਦੀ ਕੁੱਤੇ-ਭਕਾਈ ਵੱਲ ਧਿਆਨ ਹੀ ਨਹੀਂ ਦਿੰਦੇ।