ਸੰਗਰਾਂਦ ਅਤੇ ਸਿੱਖ

0
588

ਸੰਗਰਾਂਦ ਅਤੇ ਸਿੱਖ

ਅਵਤਾਰ ਸਿੰਘ ਮਿਸ਼ਨਰੀ USA

ਸੰਗ੍ਰਾਂਦ ਜਾਂ ਸਕ੍ਰਾਂਤਿ ਸੰਸਕ੍ਰਿਤ ਦਾ ਸ਼ਬਦ ਹੈ, ਜਿਸ ਦੀ ਸੰਗਯਾ ਹੈ_ਉਹ ਦਿਨ, ਜਿਸ ਵਿਚ ਸੂਰਜ ਨਵੀਂ ਰਾਸ਼ੀ ਪੁਰ ਸੰਕ੍ਰਮਣ ਕਰੇ, ਸੂਰਜ ਮਹੀਨੇ ਦਾ ਪਹਿਲਾ ਦਿਨ, ਪਹਿਲਾ ਪ੍ਰਵਿਸ਼ਟਾ (ਮਹਾਨ ਕੋਸ਼) ਪਾਠਕ ਜਨੋ! ਸਾਰੇ ਦਿਨ ਦਿਹਾਰ ਸਮੇਂ ਨਾਲ ਹੀ ਸੰਬੰਧ ਰੱਖਦੇ ਹਨ। ਪੁਰਾਤਨ ਸਮੇਂ ਮਨੁੱਖ ਜੰਗਲ ਬੇਲਿਆਂ ਵਿਚ ਨੰਗਾ ਰਹਿੰਦਾ ਸੀ, ਬਨਾਸਪਤੀ ਦੇ ਫਲ ਅਤੇ ਜਾਨਵਰਾਂ ਦਾ ਕੱਚਾ ਮਾਸ ਖਾ ਕੇ ਗੁਜਾਰਾ ਕਰਦਾ ਸੀ। ਜਿਉਂ-ਜਿਉਂ ਮਨੁੱਖ ਦੀ ਬੁੱਧੀ ਨੇ ਵਿਕਾਸ ਕੀਤਾ ਹੈ ਤਿਉਂ-ਤਿਉਂ ਹੀ ਉਹ ਸੱਭਿਅਤ ਹੋਈ ਗਿਆ। ਤਨ ਢੱਕਣ ਲੱਗ ਪਿਆ, ਮਾਸ ਸਬਜ਼ੀਆਂ ਪਕਾ ਕੇ ਖਾਣ ਲੱਗ ਪਿਆ। ਸਿਰ ਲੁਕਾਉਣ ਲਈ ਰਹਿਣ ਵਾਸਤੇ ਪਹਿਲੇ ਕੱਖਾਂ ਦੀਆਂ ਛੰਨਾਂ (ਛਪਰੀਆਂ), ਫਿਰ ਮਿੱਟੀ ਦੇ ਕੱਚੇ ਕੋਠੇ ਅਤੇ ਅੱਜ ਲੱਕੜ, ਇੱਟਾਂ, ਸ਼ੀਸ਼ੇ, ਸੀਮੈਂਟ ਆਦਿਕ ਮੈਟੀਰੀਅਲ ਦੇ ਬਣੇ ਪੱਕੇ ਮਕਾਨਾਂ ਵਿਚ ਰਹਿੰਦਾ ਹੈ। ਆਪਣੇ ਰੋਜ਼ਾਨਾ ਜੀਵਨ ਨੂੰ ਸਮਾਂਬੱਧ ਕਰਨ ਲਈ ਸਮੇਂ ਦੀ ਵੰਡ ਕੀਤੀ ਗਈ। ਪਹਿਲਾਂ ਪਹਿਲ ਦਿਨੇ ਸੂਰਜ, ਰਾਤ ਨੂੰ ਚੰਦ ਤਾਰਿਆਂ ਦੇ ਪਰਛਾਵੇਂ ਬਦਲਣ ਦੀ ਗਤੀ ਅਨੁਸਾਰ ਸਮੇਂ (ਵੇਲੇ) ਦਾ ਹਿਸਾਬ ਰੱਖਦਾ ਸੀ। ਪਹਿਲੇ ਬਹੁਤੀ ਜਾਣਕਾਰੀ (ਗਿਆਨ) ਨਾ ਹੋਣ ਕਰਕੇ ਕੁਦਰਤੀ ਸੋਮੇ ਅੱਗ, ਹਵਾ, ਪਾਣੀ, ਪਸੂ, ਪੰਛੀ, ਪਹਾੜ, ਚੰਦ ਸੂਰਜ ਅਤੇ ਤਾਰੇ ਆਦਿਕਾਂ ਨੂੰ ਗੈਬੀ ਸ਼ਕਤੀਆਂ ਸਮਝ ਪੂਜਦਾ ਸੀ। ਹੌਲੀ-ਹੌਲੀ ਹੋਰ ਵਿਕਸਿਤ ਹੋਇਆ, ਪਤੀ-ਪਤਨੀ ਬਣ ਪ੍ਰਵਾਰ ਬਣੇ, ਦਾਨੇ ਪੁਰਸ਼ ਪੈਦਾ ਹੋਏ, ਮਨੁੱਖੀ ਸਮਾਜ ਵਿਚ ਬੋਲੀ ਵਿਕਸਤ ਹੋਈ, ਉਨ੍ਹਾਂ ਨੇ ਵਿੱਦਿਆ (ਪੜ੍ਹਾਈ) ਵਿਕਸਿਤ ਕੀਤੀ। ਚੰਗੇ ਮੰਦੇ ਕਰਮਾਂ ਦਾ ਪਤਾ ਲੱਗਾ। ਚੰਗੇ ਕਰਮ ਧਰਮ ਸਮਝੇ ਗਏ ਅਤੇ ਮੰਦੇ ਪਾਪ। ਅਲੱਗ-ਅਲੱਗ ਸਮਾਜ ਅਤੇ ਮਜ਼ਹਬ ਬਣ ਗਏ।

ਵਿਦਿਆਧਾਰੀ ਗਿਆਨਵਾਨ ਲੋਕ ਧਰਮੀ ਆਗੂ ਅਤੇ ਕਬੀਲਿਆਂ ਦੇ ਰਾਜੇ ਬਣ ਗਏ। ਆਮ ਪਰਜਾ ਅਗਿਆਨੀ ਹੀ ਸੀ। ਜਿਵੇਂ ਰਾਜੇ ਹੁਕਮ ਕਰਦੇ ਅਤੇ ਮਜ਼ਹਬੀ ਆਗੂ ਮਜ਼ਹਬ ਬਾਰੇ ਲੋਕਾਂ ਨੂੰ ਦਸਦੇ, ਲੋਕ ਅੰਧ-ਵਿਸ਼ਵਾਸ ਵਿਚ ਉਵੇਂ ਹੀ ਕਰੀ ਜਾਂਦੇ। ਫਿਰ ਪੀਰ ਪੈਗੰਬਰ ਅਵਤਾਰ ਪੈਦਾ ਹੋਏ, ਉਹ ਸਿਆਣੇ ਸਨ ਉਨ੍ਹਾਂ ਨੇ ਵੱਖ-ਵੱਖ ਮਜ਼ਹਬਾਂ ਵਿਚ ਕਾਫੀ ਸੁਧਾਰ ਕੀਤਾ। ਸਮਾਂ ਪਾ ਕੇ ਉਨ੍ਹਾਂ ਦੇ ਜਾਨਸ਼ੀਨ ਧਰਮ ਆਗੂ ਬਣ ਕੇ ਵੱਖਰੀਆਂ-ਵੱਖਰੀਆਂ ਮਰਿਆਦਾਵਾਂ ਚਲਾਉਣ ਲੱਗ ਪਏ। ਹਿੰਦੂਆਂ ਵਿਚ ਬ੍ਰਾਹਮਣ (ਪੰਡਿਤ) ਮੁਸਲਮਾਨਾਂ ਵਿਚ ਮੁੱਲਾਂ (ਕਾਜ਼ੀ) ਅਤੇ ਹੋਰ ਵਿਹਲੜ ਫਿਰਤੂ ਸਾਧ, ਸਿੱਧ, ਜੋਗੀ ਗਿ੍ਰਹਸਤ ਦੀਆਂ ਘਰੇਲੂ ਜ਼ਿੰਮੇਵਾਰੀਆਂ ਤੋਂ ਭਗੋੜੇ ਹੋ ਜੰਗਲਾਂ ਪਹਾੜਾਂ ਵਿਚ ਜਾ ਬੈਠੇ। ਉਪਰੋਕਤ ਧਾਰਮਿਕ ਆਗੂਆਂ ’ਚੋਂ ਬ੍ਰਾਹਮਣ ਲੋਕਾਂ ਨੂੰ ਧਰਮ ਦੇ ਨਾਂ ਤੇ ਡਰਾਵੇ ਦੇ ਕੇ ਠੱਗਣ ਵਿਚ ਸਭ ਤੋਂ ਅੱਗੇ ਨਿਕਲ ਗਿਆ। ਇਸ ਨੇ 33 ਕਰੋੜ ਦੇਵੀ ਦੇਵਤੇ ਕਲਪਿਤ ਕਰ ਲਏ। ਉਨ੍ਹਾਂ ਦਾ ਵੱਖ-ਵੱਖ ਢੰਗਾਂ ਨਾਲ ਪੂਜਨ ਸ਼ੁਰੂ ਕਰ ਦਿੱਤਾ। ਆਪਣੀ ਮਰਜ਼ੀ ਦੇ ਗ੍ਰੰਥ ਰਚੇ ਅਤੇ ਮਰਯਾਦਾ ਮਾਨਤਾਵਾਂ ਪੈਦਾ ਕੀਤੀਆਂ, ਵੱਖ-ਵੱਖ ਕਰਮਕਾਂਡ ਚਲਾ ਦਿਤੇ। ਵੱਖ-ਵੱਖ ਤਰ੍ਹਾਂ ਦੀ ਪੂਜਾ, ਪਾਠ ਵਿਧੀਆਂ ਅਤੇ ਭੇਟਾਵਾਂ ਪੈਦਾ ਕੀਤੀਆਂ। ਕਰਮਾਂ ਦੇ ਹਿਸਾਬ ਲਈ ਵਹੀ ਖਾਤੇ ਅਤੇ ਚੰਗੀ ਮਾੜੀ ਕਿਸਮਤ ਦੱਸ ਕੇ ਲੁੱਟਣ ਲਈ ਜੋਤਸ਼ੀ ਬਣ, ਜੰਤਰੀਆਂ ਲਿਖ ਲਈਆਂ। ਦਿਨ, ਰਾਤ, ਹਫਤਾ, ਮਹੀਨਾ, ਸਾਲ ਅਤੇ ਸਦੀਆਂ ਦੇ ਉਪਾਅ ਦੱਸਣ ਲੱਗ ਪਏ। ਮੰਗਲਵਾਰ, ਵੀਰਵਾਰ ਸਿਰ ਪਾਣੀ ਨਹੀਂ ਪਾਉਣਾ, ਫਲਾਨੀ ਦਿਸ਼ਾ ਵੱਲ ਨਹੀਂ ਜਾਣਾ, ਖੁਸ਼ੀ ਦੇ ਕਰਮ ਦੁਪਹਿਰ 12 ਵਜੇ ਤੋਂ ਪਹਿਲਾਂ ਅਤੇ ਗਮੀ ਦੇ 12 ਤੋਂ ਬਾਅਦ ਕਰਨੇ, ਪੁੰਨਿਆਂ, ਮੱਸਿਆ, ਪੰਚਕਾਂ ਅਤੇ ਸੰਗ੍ਰਾਂਦਾਂ ਸਿਰਜ ਲਈਆਂ। ਬੜੇ ਜੋਰ ਸ਼ੋਰ ਅਤੇ ਦਾਅਵੇ ਨਾਲ ਪ੍ਰਚਾਰ ਕੀਤਾ ਕਿ ਜੋ ਵੀ ਇਨ੍ਹਾਂ ਪਵਿੱਤਰ ਦਿਨਾਂ ਤੇ ਬ੍ਰਾਹਮਣਾਂ ਨੂੰ ਵੱਧ ਤੋਂ ਵੱਧ ਦਾਨ ਪੁੰਨ ਕਰੇਗਾ ਉਸ ਨੂੰ ਪਰਲੋਕ ਵਿਚ ਚੰਗਾ ਫਲ ਮਿਲੇਗਾ।

ਸੰਗ੍ਰਾਂਦ ਕੀ ਹੈ? ਸੂਰਜ ਦੀਆਂ ਬਾਰਾਂ ਰਾਸਾਂ ਹਨ ਜਿਸ ਦਿਨ ਸੂਰਜ ਇਕ ਰਾਸ ਚੋਂ ਦੂਜੀ ਰਾਸ ਵਿਚ ਜਾਂਦਾ ਹੈ ਉਸ ਦਿਨ ਸੰਗ੍ਰਾਂਦ ਹੁੰਦੀ ਹੈ। ਇਸ ਦਿਨ ਬ੍ਰਾਹਮਣ ਪੁਜਾਰੀ ਸ਼ਰਧਾਲੂਆਂ ਤੋਂ ਪਿਤਰ ਪੂਜਾ ਕਰਵਾਉਂਦੇ ਹਨ। ਸੂਰਜ ਵੱਲ ਮੂੰਹ ਕਰਕੇ 88 ਹਜ਼ਾਰ ਯੋਜਨ ਦੂਰ ਬੈਠੇ ਪਿਆਸੇ ਪਿੱਤਰਾਂ ਨੂੰ ਪਾਣੀ ਦਿੱਤਾ ਜਾਂਦਾ ਹੈ ਅਤੇ ਪੂਜਾ ਭੇਟਾ ਨਾਲ ਬ੍ਰਾਹਮਣ ਦੀ ਮੁੱਠੀ ਗਰਮ ਕੀਤੀ ਜਾਂਦੀ ਹੈ। ਇਸ ਲਈ ਲੋਕ ਸੰਗ੍ਰਾਂਦ ਵਾਲੇ ਦਿਨ ਹੀ ਪਵਿੱਤਰ ਸਮਝ ਕੇ ਅੰਨ੍ਹੇਵਾਹ ਭਾਰੀ ਗਿਣਤੀ ਵਿਚ ਮੰਦਰਾਂ ਤੀਰਥਾਂ ਆਦਿਕ ਥਾਵਾਂ ਤੇ ਜਾਂਦੇ ਹਨ। ਜਦ 1469 ਈਸਵੀ ਵਿਚ ਜਗਤ ਰਹਿਬਰ ਬਾਬਾ ਨਾਨਕ ਜੀ ਇਸ ਸੰਸਾਰ ਵਿਚ ਪ੍ਰਗਟ ਹੋਏ ਤਾਂ ਉਨ੍ਹਾਂ ਨੇ ਵੱਖ-ਵੱਖ ਮਜ਼ਹਬੀ ਅਸਥਾਨਾਂ, ਤੀਰਥਾਂ ਆਦਿਕ ਤੇ ਜਾ ਕੇ ਲੋਕਾਈ ਨੂੰ ਸੱਚ ਧਰਮ ਦਾ ਉਪਦੇਸ਼ ਦਿੱਤਾ ਅਤੇ ਫਜ਼ੂਲ ਦੀਆਂ ਕਰਮਕਾਂਡੀ, ਅੰਧ-ਵਿਸ਼ਵਾਸੀ ਲੋਟੂ ਰੀਤਾਂ ਦੀ ਗੁਲਾਮੀ ਵਿੱਚੋਂ ਕੱਢਿਆ।

ਹਰਿਦੁਆਰ ਵਾਲੀ ਸਾਖੀ ਕਿ ਹੇ ਪਾਂਡਿਓ! ਜੇ ਮਨੋਕਲਪਿਤ 88 ਹਜ਼ਾਰ ਯੋਜਨ ਪਿਤਰ ਲੋਕ ਵਿਚ ਤੁਹਾਡਾ ਸੁੱਟਿਆ ਪਾਣੀ ਜਾ ਸਕਦਾ ਹੈ ਤਾਂ ਮੇਰਾ ਕਰਤਾਰਪੁਰ ਵਿਖੇ 300 ਕੋਹਾਂ ਤੇ ਕਿਉਂ ਨਹੀਂ? ਇਹ ਹੀ ਸਿੱਖਿਆ ਦਿੰਦੀ ਹੈ। ਰੱਬੀ ਭਗਤਾਂ ਅਤੇ ਸਿੱਖ ਗੁਰੂ ਸਾਹਿਬਾਨਾਂ ਨੇ ਜੋ ਉਪਦੇਸ਼ ਸੰਸਾਰ ਨੂੰ ਦਿੱਤਾ ਉਹ ‘ਗੁਰੂ ਗ੍ਰੰਥ ਸਾਹਿਬ’ ਵਿਚ ਸੁਭਾਇਮਾਨ ਹੈ। ਜੋ ਫੋਕਟ ਅਤੇ ਲੋਟੂ ਕਰਮਕਾਂਡਾਂ ਤੋਂ ਬਚਣ ਦੀ ਸਿੱਖਿਆ ਦਿੰਦਾ ਹੈ। ਰੱਬੀ ਗਿਆਨ ਦਾ ਭੰਡਾਰ ਹੈ। ਵਿਗਿਆਨਕ ਦਿ੍ਰਸ਼ਟੀਕੋਣ ਤੋਂ ਵੀ ਸਦੀਵੀ ਸਾਇੰਟਿਫਿਕ ਹੈ। ਐਸਾ ਅਮੁੱਲ ਗਿਆਨ ਦਾ ਖਜ਼ਾਨਾ ਸਾਡੇ ਕੋਲ ਹੋਣ ਦੇ ਬਾਵਜੂਦ ਵੀ ਜੇ ਅਸੀਂ ਬ੍ਰਾਹਮਣੀ ਥੋਥੇ ਕਰਮਕਾਂਡਾਂ ਵਿਚ ਫਸੇ ਹੋਏ ਹਾਂ ਤਾਂ ਸੋਚੋ ਐਸਾ ਭਾਣਾ ਕਿਉਂ ਵਰਤਿਆ ਹੈ? ਜਦ ਗੁਰੂ ਗਿਆਨ ਦੇ ਸੂਰਜ ਅੱਗੇ ਬ੍ਰਾਹਮਣੀ ਕਰਮਕਾਂਡਾਂ ਦਾ ਹਨ੍ਹੇਰਾ ਉਡਣ ਲੱਗ ਪਿਆ ਤਾਂ ਇਹ ਲੋਟੂ ਪੁਜਾਰੀ ਓਦੋਂ ਤਾਂ ਕੁਝ ਕਰ ਨਾ ਸਕੇ ਪਰ ਬਾਅਦ ਵਿਚ ਨਕਲੀ ਨਿਰਮਲੇ ਬਣ ਕੇ, ਉਦਾਸੀਆਂ ਦੇ ਰੂਪ ਵਿਚ ਸਿੱਖਾਂ ਵਿਚ ਘੁਸੜ ਕੇ ਗੁਰ ਸਿਧਾਂਤ, ਮਰਯਾਦਾ ਅਤੇ ਇਤਿਹਾਸ ਨੂੰ ਬ੍ਰਾਹਮਣੀ ਰਹੁ ਰੀਤਾਂ ਨਾਲ ਰਲ-ਗਡ ਕਰਨ ਦੇ ਨਾਲ-ਨਾਲ ਡੇਰੇ ਸੰਪ੍ਰਦਾਵਾਂ ਬਣਾ, ਓਥੇ ਧਰਮ ਵਿੱਦਿਆ ਦੇ ਨਾਂ ਮਿਲਗੋਬੇ ਪ੍ਰਚਾਰਕ ਪੁਜਾਰੀ ਪੈਦਾ ਕਰਕੇ, ਸਿੱਖ ਗੁਰਦੁਆਰਿਆਂ ਵਿਚ ਆ ਵੜੇ। ਸੰਤਾਂ-ਸਾਧਾਂ ਦਾ ਰੂਪ ਧਾਰ ਕੇ ਸਨਾਤਨੀ ਪ੍ਰਚਾਰ ਕਰਨ ਲੱਗ ਪਏ। ਬਹੁਤ ਸਾਰੇ ਬ੍ਰਾਹਮਣੀ ਕਰਮਕਾਂਡ ਅਤੇ ਰਹੁਰੀਤਾਂ ਮਰਯਾਦਾ ਦੇ ਨਾਂ ਤੇ ਗੁਰਦੁਆਰਿਆਂ ਵਿਚ ਵੀ ਚਲਾ ਦਿੱਤੀਆਂ। ਗੁਰਬਾਣੀ ਵਿਚਾਰ ਦੀ ਥਾਂ ਭਜਨਾ ਵਾਲਾ ਕੱਚੀ ਬਾਣੀ ਦਾ ਕੀਰਤਨ, ਗਿਣਤੀ ਮਿਣਤੀ ਦੇ ਪਾਠ, ਧੂਪ, ਦੀਪ, ਨਾਰੀਅਲ, ਕੁੰਭ-ਘੜਾ, ਚੰਗਾ-ਮੰਦਾ ਦਿਨ, ਦਿਸ਼ਾ, ਮਹੂਰਤ, ਧਰਤੀ ਜਾਗਦੀ-ਸੁੱਤੀ ਵਾਲਾ ਭਰਮ ਪਾ ਦਿੱਤਾ, ਜੋ ਅਜੋਕੇ ਡੇਰਾਵਾਦੀ ਪ੍ਰਬੰਧਕ ਅਤੇ ਗ੍ਰੰਥੀ ਵੀ ਕਰ ਕਰਵਾ ਰਹੇ ਹਨ।

ਆਓ ਹੁਣ ਆਪਾਂ ਇਸ ਲੇਖ ਨੂੰ ਗੁਰਬਾਣੀ ਦੀ ਸਿੱਖਿਆ ਨਾਲ ਸੰਪੂਰਨ ਕਰੀਏ। ਗੁਰਬਾਣੀ ਦਾ ਚੰਗੇ ਮਾੜੇ ਦਿਨਾਂ, ਮਹੂਰਤਾਂ ਅਤੇ ਸੰਗ੍ਰਾਂਦਾਂ ਬਾਰੇ ਫੁਰਮਾਨ ਹੈ_ਸਤਿਗੁਰ ਬਾਝਹੁ ਅੰਧੁ ਗੁਬਾਰੁ॥ ਥਿਤੀ ਵਾਰ ਸੇਵਹਿ ਮੁਗਧ ਗਾਵਾਰ॥ (੮੪੩) ਸਤਿਗੁਰਾਂ ਨੇ ਚੰਗੇ ਮਾੜੇ ਦਿਨ ਮੰਨ ਕੇ ਸੰਗ੍ਰਾਂਦਾਂ ਆਦਿਕ ਦੀ ਪੂਜਾ ਕਰਨ ਵਾਲਿਆਂ ਨੂੰ ਮੂਰਖ ਗਾਵਾਰ ਕਿਹਾ ਹੈ, ਇਹ ਬਹੁਤ ਵੱਡੀ ਫਿਟਕਾਰ ਹੈ। ‘‘ਸੋਈ ਦਿਨਸੁ ਸੁਹਾਵੜਾ, ਜਿਤੁ ਪ੍ਰਭੁ ਆਵੈ ਚਿਤਿ॥ ਜਿਤੁ ਦਿਨਿ ਵਿਸਰੈ ਪਾਰਬਰਹਮੁ ਫਿਟਿ ਭਲੇਰੀ ਰੁਤਿ॥ ੩੧੮॥ ਸਾਰੇ ਦਿਨ ਰਾਤ ਮਹੀਨੇ ਚੰਗੇ ਹਨ ਜਦੋਂ ਅਸੀਂ ਰੱਬ ਨੂੰ ਯਾਦ ਕਰਦੇ ਹਾਂ। ਇਕੱਲੀਆਂ ਪੁਨਿਆ, ਮੱਸਿਆ ਅਤੇ ਸੰਗ੍ਰਾਂਦਾਂ ਹੀ ਪਵਿੱਤਰ ਨਹੀਂ- ‘‘ਸਭੇ ਰੁਤੀ ਚੰਗੀਆ, ਜਿਤੁ ਸਚੇ ਸਿਉ ਨੇਹੁ॥ (ਮ:੧/੧੦੧੫), ਮਾਹ ਦਿਵਸ ਮੂਰਤ ਭਲੇ, ਜਿਸ ਕਉ ਨਦਰਿ ਕਰੇ॥’’ (ਮ:੫/੧੩੬) ਆਦਿ, ਬਾਰ੍ਹਾਂਮਾਹਾਂ ਦੇ ਪਾਠ ਵਿਚ ਗੁਰਦੁਆਰਿਆਂ ਵਿਚ ਪੜ੍ਹਿਆ ਜਾਂਦਾ ਹਰ ਮਹੀਨੇ ਦਾ ਸ਼ਬਦ ਪੂਰੇ ਮਹੀਨੇ ਦਾ ਉਪਦੇਸ਼ ਹੁੰਦਾ ਹੈ ਨਾ ਕਿ ਕੇਵਲ ਮਹੀਨੇ ਦੇ ਪਹਿਲੇ ਦਿਨ ਵਾਸਤੇ ਜਿਵੇਂ ਕਿ
ਗੁਰਵਾਕ :

  1. ਮਾਘਿ, ਮਜਨ ਸੰਗਿ ਸਾਧੂਆ ਧੂੜੀ ਕਰਿ ਇਸਨਾਨੁ॥
  2. ਆਸਾੜੁ ਤਪੰਦਾ ਤਿਸੁ ਲਗੈ ਹਰਿ ਨਾਹੁ ਨ ਜਿੰਨਾ ਪਾਸਿ॥
  1. ਕਤਕਿ, ਕਰਮ ਕਮਾਵਣੇ, ਦੋਸੁ ਨ ਕਾਹੂ ਜੋਗੁ॥

ਆਦਿ ਪੂਰੇ ਮਹੀਨੇ ਵਾਸਤੇ ਗੁਰੂ-ਉਪਦੇਸ਼ ਹਨ।

ਗੁਰਦੁਆਰਿਆਂ ਦੇ ਸੂਝਵਾਨ ਪ੍ਰਬੰਧਕਾਂ ਅਤੇ ਗ੍ਰੰਥੀਆਂ ਨੂੰ ਦਾਸ ਦੀ ਗੁਜ਼ਾਰਿਸ਼ ਹੈ ਕਿ ਗੁਰਬਾਣੀ ਦੀ ਰੌਸ਼ਨੀ ਵਿਚ ਗੁਰ-ਮਰਯਾਦਾ ਨੂੰ ਚਲਾਉਣ ਨਾ ਕਿ ਸੰਪਰਦਾਈਆਂ ਦੀ ‘ਡੇਰਾਵਾਦੀ ਮਰਯਾਦਾ’ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਪੰਥਕ ਮਰਯਾਦਾ ਨਾਲ ਮੇਲ ਨਹੀਂ ਖਾਂਦੀ। ਯਾਦ ਰੱਖਿਓ ਜਿਸ ਦਿਨ ਸਿੱਖਾਂ ਨੇ ਸੰਪਰਦਾਵਾਂ ਅਤੇ ਡੇਰੇ ਛੱਡ ਦਿੱਤੇ ਅਤੇ ਗੁਰੂ ਗ੍ਰੰਥ ਦੇ ਪੰਥ ਦੇ ਹੋ ਗਏ, ਉਸ ਦਿਨ ਗੁਰਦੁਆਰਿਆਂ ਵਿਚ ਧਰਮ ਦੇ ਨਾਂ ਤੇ ਕੀਤੇ ਜਾਂਦੇ ਬ੍ਰਾਹਮਣੀ ਅਤੇ ਸੰਪ੍ਰਦਾਈ ਕਰਮਕਾਂਡ ਖ਼ਤਮ ਹੋ ਜਾਣਗੇ। ਇਸ ਲਈ ਸਿੱਖਾਂ ਦੀ ਸੰਗ੍ਰਾਂਦ ਹਰ ਰੋਜ਼ ਹੈ ਨਾ ਕਿ ਸੂਰਜ ਦੀ ਰਾਸ਼ੀ ਬਦਲਣ ਵਾਲਾ ਦਿਨ ਹੀ ਸੰਗਰਾਂਦ ਹੈ। ਬ੍ਰਾਹਮਣੀ ਸੰਗ੍ਰਾਦ ਦਾ ਦਿਨ ਸਿੱਖਾਂ ਲਈ ਕੋਈ ਪਵਿੱਤਰ ਦਿਹਾੜਾ ਨਹੀਂ, ਸਿੱਖ ਮਰੇ ਪਿਤਰਾਂ ਦੀ ਥਾਂ ਜੀਉਂਦੇ ਮਾਂ-ਬਾਪ ਦੀ ਸੇਵਾ ਕਰਦੇ ਹਨ। ਹਰ ਰੋਜ਼ ਗੁਰਬਾਣੀ ਦਾ ਪਾਠ ਵਿਚਾਰ ਨਾਲ ਕਰਨਾ, ਜੀਵਨ ਵਿਚ ਧਾਰਨਾ ਅਤੇ ਸਰਬੱਤ ਦਾ ਭਲਾ ਮੰਗਣਾ ਹੀ ਸਿੱਖਾਂ ਦੀ ਸੰਗ੍ਰਾਂਦ ਹੈ।

35970cookie-checkਸੰਗਰਾਂਦ ਅਤੇ ਸਿੱਖ