ਸੇਈ ਪਿਆਰੇ ਮੇਲ

0
557

ਸੇਈ ਪਿਆਰੇ ਮੇਲ

ਪ੍ਰੋ. ਮਨਰਾਜ ਕੌਰ (ਲੁਧਿਆਣਾ) 98555-61976

ਪਿਆਰੇ ਨਿਕਿਓ !

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।

ਨਿਕਿਓ ! ਤੁਹਾਡੇ ਇਸ ਪੰਨੇ ’ਤੇ ਆਪਣਾ ਮੇਲ ਜੋਲ ਪਿਛਲੇ ਡੇਢ ਸਾਲ ਤੋਂ ਹੈ। ਇਸ ਸਾਰੇ ਸਮੇਂ ਵਿਚ ਆਪ ਜੀ ਲਈ ਲਿਖਦਿਆਂ ਮੈਂ ਆਪਣੇ ਬਚਪਨ ਨੂੰ ਜੀਵਿਆ ਹੈ। ਆਪ ਸੱਭ ਵਿਚੋਂ ਕਿਸੇ ਦੇ ਜੀਵਨ ਵਿਚ ਕੋਈ ਤਬਦੀਲੀ ਆਈ ਹੋਵੇ ਤਾਂ ਆਪ ਜੀ ਫੋਨ ਕਰਕੇ ਜਾਂ ਚਿੱਠੀ ਲਿੱਖ ਕੇ ਜਾਂ ਹੋਰ ਵੀ ਕਿਸੇ ਤਰੀਕੇ ਰਾਹੀਂ ਆਪਣੀਆਂ ਭਾਵਨਾਵਾਂ ਸਾਡੇ ਤੱਕ ਪਹੁੰਚਾ ਸਕਦੇ ਹੋ, ਜੀ !

ਐਸਾ ਕਰਨ ਆਪਣਾ ਸੱਭ ਦਾ ਪਿਆਰ ਅਤੇ ਮੇਲ ਜੋਲ ਹੋਰ ਵਧੇਗਾ ਜੋ ਕਿ ਗੁਰਮਤਿ ਦੇ ਪ੍ਰਚਾਰ ਲਈ ਸਦਾ ਹੀ ਲਾਹੇਵੰਦ ਰਹੇਗਾ। ਇਸ ਵਾਰ ਦਾ ਵਿਸ਼ਾ ਵੀ ਇਸੇ ਗੱਲ ਨਾਲ ਸਬੰਧ ਰੱਖਦਾ ਹੈ।

ਦਾਦਾ ਜੀ….ਬੇਟਾ ਜੀ ! ਤੁਹਾਡੇ ਨਾਲ ਗੁਰਦੁਆਰਾ ਸਾਹਿਬ ਵਿਚ ਇੱਕ ਬੇਟਾ ਜੀ ਰੋਜ਼ ਬੈਠਦੇ ਹਨ, ਅੱਜ ਸੰਗਤ ਵਿਚੋਂ ਇਕ ਸੱਜਣ ਉਸ ਨਾਲ ਬੜਾ ਔਖਾ ਜਿਹਾ ਬੋਲ ਰਹੇ ਸਨ। ਕੀ ਗੱਲ ਹੋ ਗਈ ਸੀ ?

ਚਿਤਵਨ ਸਿੰਘ…… ਹਾਂ ਜੀ ! ਦਾਦਾ ਜੀ ! ਉਹ ਅਸੀਸ ਸਿੰਘ ਵੀਰ ਜੀ ਹਨ। ਕੱਲ ਉਹ ਡਿੱਗ ਪਏ ਸਨ ਤੇ ਗੋਡੇ ਤੇ ਸੱਟ ਲੱਗਣ ਕਾਰਨ ਉਹ ਅੱਜ ਚੌਂਕੜੀ ਮਾਰ ਕੇ ਨਹੀਂ ਸੀ ਬੈਠ ਸਕਦੇ ਤਾਂ ਉਹ ਵਾਲੇ ਅੰਕਲ ਜੀ, ਵੀਰ ਜੀ, ਨੂੰ ਗੁੱਸਾ ਕਰ ਰਹੇ ਸੀ ਕਿ ਗੁਰਦੁਆਰਾ ਸਾਹਿਬ ਵਿਚ ਚੌਂਕੜੀ ਮਾਰ ਕੇ ਹੀ ਬੈਠੋ।

ਦਾਦਾ ਜੀ… ਤੁਸੀਂ ਅੰਕਲ਼ ਜੀ ਨੂੰ ਦੱਸ ਦੇਣਾ ਸੀ।

ਚਿਤਵਨ ਸਿੰਘ…..ਅੰਕਲ ਜੀ ਨੇ ਮੌਕਾ ਹੀ ਨਹੀਂ ਦਿੱਤਾ ਤੇ ਗੁੱਸਾ ਕਰਨਾ ਸ਼ੁਰੂ ਕਰ ਦਿੱਤਾ ਪਰ ਨਾਲ ਦੇ ਨਾਲ ਹੀ ਭਾਈ ਸਾਹਿਬ ਜੀ ਨੇ ਅੰਕਲ ਜੀ ਨੂੰ ਸਾਰੀ ਗੱਲ ਦੱਸ ਕੇ ਕਿਹਾ ਕਿ ਬੇਟਾ ਜੀ ਬੜੇ ਸਿਆਣੇ ਹਨ ਤੇ ਸਭ ਕੁਝ ਜਾਣਦੇ ਅਤੇ ਸਮਝਦੇ ਵੀ ਹਨ।

ਦਾਦਾ ਜੀ…. ਫਿਰ ਅੰਕਲ ਜੀ ਮੰਨ ਗਏ ?

ਚਿਤਵਨ ਸਿੰਘ…. ਫਿਰ ਤਾਂ ਸਗੋਂ ਉਹ ਵੀਰ ਜੀ ਤੋਂ ਮਾਫੀ ਮੰਗਣ ਲੱਗ ਪਏ।

ਦਾਦਾ ਜੀ… ਫਿਰ ਅਸੀਸ ਸਿੰਘ ਜੀ ਨੇ ਕੀ ਕਿਹਾ ?

ਚਿਤਵਨ ਸਿੰਘ…..ਵੀਰ ਜੀ ਜੋ ਕਿਹਾ ਉਹ ਸੱਚਮੁੱਚ ਕੋਈ ਗੁਰਮਤਿ ਦਾ ਧਾਰਨੀ ਹੀ ਕਹਿ ਸਕਦਾ ਹੈ।

ਦਾਦਾ ਜੀ….. ਮੈਨੂੰ ਵੀ ਤਾਂ ਦੱਸੋ ।

ਚਿਤਵਨ ਸਿੰਘ…. ਵੀਰ ਜੀ ਨੇ ਨਿਮਰਤਾ ਸਹਿਤ ਕਿਹਾ ਕਿ ਅੰਕਲ ਜੀ! ਆਪ ਜੀ ਸਾਡੇ ਵੱਡੇ ਹੋ ਤੇ ਆਪ ਦੀ ਜ਼ਿੰਮੇਵਾਰੀ ਹੈ ਕਿ ਆਪ ਜੀ ਬੱਚਿਆਂ ਨੂੰ ਉਨਾਂ ਦੀਆਂ ਗਲਤੀਆ ਠੀਕ ਕਰਨ ਵਿੱਚ ਮੱਦਦ ਕਰੋ। ਅਸੀਂ ਬੱਚੇ ਹੋਣ ਕਾਰਨ ਅਕਸਰ ਹੀ ਗਲਤੀਆਂ ਕਰ ਦਿੰਦੇ ਹਾਂ ਤੇ ਤੁਹਾਡੇ ਵਰਗੇ ਬਜ਼ੁਰਗਾਂ ਤੋਂ ਸਿੱਖ ਕੇ ਹੀ ਠੀਕ ਕਰ ਸਕਦੇ ਹਾਂ। ਇਸ ਲਈ ਤੁਹਾਨੂੰ ਮਾਫੀ ਮੰਗਣ ਦੀ ਲੋੜ ਨਹੀਂ ਸਗੋਂ ਇਸੇ ਤਰ੍ਹਾਂ ਆਪਣੀ ਜ਼ਿੰਮੇਵਾਰੀ ਪੂਰੀ ਕਰਨ ਦੀ ਹੀ ਲੋੜ ਹੈ।

ਦਾਦਾ ਜੀ….. ਫਿਰ ਅੰਕਲ ਜੀ ਨੇ ਕੁਝ ਕਿਹਾ ?

ਚਿਤਵਨ ਸਿੰਘ…. ਅੰਕਲ ਜੀ ਦਾ ਮਨ ਹੀ ਭਰ ਗਿਆ ਤੇ ਉਹ ਵੀਰ ਜੀ ਨੂੰ ਜੱਫੀ ਵਿੱਚ ਘੁੱਟ ਕੇ ਪਿਆਰ ਕਰਨ ਲੱਗ ਪਏ ਤੇ ਨਾਲ ਹੀ ਕਿਹਾ ਕਿ ਬੇਟਾ ਅੱਜ ਤੁਸੀਂ ਮੇਰੀ ਵੀ ਸੋਚ ਬਦਲ ਦਿੱਤੀ ਹੈ।

ਦਾਦਾ ਜੀ….. ਉਹ ਕਿਵੇਂ ?

ਚਿਤਵਨ ਸਿੰਘ….. ਅੰਕਲ ਜੀ ਨੇ ਦੱਸਿਆ ਕਿ ਉਹ ਹਮੇਸ਼ਾਂ ਸੋਚਦੇ ਸਨ ਕਿ ਬੱਚਿਆਂ ਤੇ ਨੌਜੁਆਨਾਂ ਨੂੰ ਗੁਰਮਤਿ ਦੀ ਸਮਝ ਨਹੀਂ ਹੁੰਦੀ ਤੇ ਜੇ ਕੋਈ ਸਮਝਾਉਣ ਦੀ ਕੋਸ਼ਿਸ਼ ਕਰੇ ਤਾਂ, ਜਾਂ ਤਾਂ ਅਗੋਂ ਗੁੱਸਾ ਕਰ ਲੈਂਦੇ ਹਨ ਤੇ ਜਾਂ ਫਿਰ ਪੁੱਠੇ ਜੁਆਬ ਦਿੰਦੇ ਹਨ, ਪਰ ਅੱਜ ਇਕ ਨੌਜੁਆਨ ਨੇ ਆਪਣੀ ਗਲਤੀ ਨਾ ਹੁੰਦਿਆਂ ਵੀ ਮੇਰੇ ਗੁੱਸੇ ਦੇ ਬਦਲੇ ਵਿਚ ਗੁੱਸਾ ਨਾ ਕਰਕੇ ਸਗੋਂ ਮੈਨੂੰ ਸਤਿਕਾਰ ਹੀ ਦਿੱਤਾ ਹੈ ਤਾਂ ਅੱਜ ਤੋਂ ਬਾਅਦ ਮੇਰਾ ਵੀ ਇਹ ਫਰਜ਼ ਹੈ ਕਿ ਮੈਂ ਐਂਵੇ ਹੀ ਸੱਭ ਨੂੰ ਗੁੱਸਾ ਨਾ ਕਰਦਾ ਫਿਰਾਂ ਸਗੋਂ ਪਹਿਲਾਂ ਸਾਰੀ ਗੱਲ ਦਾ ਪਤਾ ਕਰ ਕੇ ਵੀ ਪਿਆਰ ਨਾਲ ਸਮਝਾਇਆ ਕਰਾਂ।

ਦਾਦਾ ਜੀ… ਇਹ ਤੇ ਸੱਚਮੁੱਚ ਹੀ ਸੋਚ ਬਦਲਣ ਵਾਲੀ ਹੀ ਗੱਲ ਹੋਈ।

ਚਿਤਵਨ ਸਿੰਘ…. ਤੇ ਮੈਨੂੰ ਅੱਜ ਇਕ ਬੜੇ ਪਿਆਰੇ ਗੁਰਮਤਿ ਦੇ ਧਾਰਨੀ ਵੀਰ ਜੀ ਨਾਲ ਸਾਂਝ ਹੋਰ ਵਧਾਉਣ ਦਾ ਮੌਕਾ ਬਣ ਗਿਆ।

ਦਾਦਾ ਜੀ…… ਕੱਲ ਮੈਨੂੰ ਵੀ ਆਪਣੇ ਵੀਰ ਸਿੰਘ ਨਾਲ ਜ਼ਰੂਰ ਮਿਲਵਾਉਣਾ।

ਚਿਤਵਨ ਸਿੰਘ…… ਜ਼ਰੂਰ ਦਾਦਾ ਜੀ।