ਸਿਆਸਤ ਉੱਤੇ ਧਰਮ ਦਾ ਕੁੰਡਾ ਹੋਣਾ ਜਰੂਰੀ

0
168

ਸਿਆਸਤ ਉੱਤੇ ਧਰਮ ਦਾ ਕੁੰਡਾ ਹੋਣਾ ਜਰੂਰੀ

ਹਮੀਰ ਸਿੰਘ

 ਬਰਗਾੜੀ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਖ਼ਿਲਾਫ਼ ਹੋ ਰਹੇ ਅੰਦੋਲਨ ਦੇ ਪ੍ਰਮੁੱਖ ਆਗੂ ਵਜੋਂ ਉੱਭਰੇ ਕਥਾਵਾਚਕ ਭਾਈ ਪੰਥਪ੍ਰੀਤ ਸਿੰਘ ਦਾ ਮੰਨਣਾ ਹੈ ਕਿ ਧਰਮ ਦਾ ਜਨਮ ਅਤੇ ਜਾਤ ਨਾਲ ਕੋਈ ਸਬੰਧ ਨਹੀਂ। ਇਸ ਦਾ ਸਬੰਧ ਸ਼ਬਦ, ਸੱਚਾਈ ਤੇ ਰੂਹਾਨੀਅਤ ਨਾਲ ਹੈ। ਉਹ ਖ਼ੁਦ ਹਿੰਦੂ ਪਰਿਵਾਰ ਵਿੱਚ ਜੰਮੇ ਪਲੇ ਪਰ ਗੁਰਬਾਣੀ ਤੇ ਸਰਬੱਤ ਦੇ ਭਲੇ ਦੇ ਸਿਧਾਂਤ ਤੋਂ ਪ੍ਰਭਾਵਤ ਹੋ ਕੇ ਉਹ ਸਿੱਖ ਪ੍ਰਚਾਰਕ ਬਣ ਗਏ।

ਪਿੰਡ ਜੌੜਕੀਆਂ ਦੇ ਬਾਣੀਆ ਪਰਿਵਾਰ ਵਿੱਚ 1967 ਵਿੱਚ ਜਨਮੇ ਭਾਈ ਪੰਥਪ੍ਰੀਤ ਸਿੰਘ ਗੁਰਮਤਿ ਤੋਂ ਪ੍ਰਭਾਵਤ ਹੋ ਕੇ ਸਿੰਘ ਸਜੇ ਅਤੇ ਗੁਰਮਤਿ ਦੇ ਅਧਿਐਨ ਨੇ ਉਨ੍ਹਾਂ ਨੂੰ ਪੰਥਕ ਪ੍ਰਚਾਰਕ ਬਣਨ ਵੱਲ ਪ੍ਰੇਰਿਤ ਕਰ ਦਿੱਤਾ। ਬੰਗੌਲਰ ਦੇ ਰਮਨ ਕਾਲਜ ਆਫ਼ ਫਾਰਮੇਸੀ ਵਿੱਚ 1987 ਤੋਂ 89 ਦੌਰਾਨ ਡੀ. ਫਾਰਮੇਸੀ ਕਰਦਿਆਂ ਪੰਥਪ੍ਰੀਤ ਸਿੰਘ ਨੇ 1988 ਵਿੱਚ ਆਨੰਦਪੁਰ ਸਾਹਿਬ ਆ ਕੇ ਅੰਮ੍ਰਿਤ ਛਕਿਆ। ਇਹ ਉਹ ਸਮਾਂ ਸੀ ਜਦੋਂ  ਪੰਜਾਬ ਵਿੱਚ ਖਾੜਕੂਵਾਦ ਸਿਖ਼ਰ ਉੱਤੇ ਸੀ। ਪੰਥਪ੍ਰੀਤ ਸਿੰਘ ਦਾ ਮੰਨਣਾ ਹੈ ਕਿ ਦੁਨੀਆਂ ਵਿੱਚ ਕੋਈ ਅਜਿਹਾ ਸ਼ਾਂਤਮਈ ਅੰਦੋਲਨ ਨਹੀਂ, ਜੋ ਕਾਮਯਾਬ ਨਾ ਹੋਇਆ ਹੋਵੇ। ਖਾੜਕੂ ਸੰਘਰਸ਼ ਬਹੁਤ ਘੱਟ ਕਾਮਯਾਬ ਹੋਏ ਹਨ।
ਡੀ. ਫਾਰਮੇਸੀ ਤੋਂ ਬਾਅਦ ਰੋਜ਼ੀ-ਰੋਟੀ ਲਈ ਬਠਿੰਡਾ ਜ਼ਿਲ੍ਹੇ ਦੇ ਪਿੰਡ ਭਾਈ ਬਖ਼ਤੌਰ ਵਿੱਚ ਕੈਮਿਸਟ ਦੀ ਦੁਕਾਨ ਕਰ ਲਈ ਅਤੇ 1998 ਤੱਕ ਗੁਰਮਤਿ ਦੇ ਅਧਿਐਨ ਨੇ ਉਨ੍ਹਾਂ ਨੂੰ ਪ੍ਰਚਾਰਕ ਬਣਨ ਵੱਲ ਪ੍ਰੇਰਿਤ ਕਰ ਦਿੱਤਾ। ਗੁਰਮਤਿ ਦੇ ਅਧਿਐਨ ਦੌਰਾਨ ਉਹ ਮਹਿਸੂਸ ਕਰ ਰਹੇ ਸਨ ਕਿ ਜੋ ਧਾਰਨਾਵਾਂ ਗੁਰਦੁਆਰਿਆਂ ਅੰਦਰ ਤੇ ਬਾਹਰ ਪ੍ਰਚਾਰਕਾਂ ਵੱਲੋਂ  ਪ੍ਰਚਾਰੀਆਂ ਜਾ ਰਹੀਆਂ ਹਨ, ਉਹ ਗੁਰਮਤਿ ਅਨੁਸਾਰ ਨਹੀਂ ਹਨ। ਇਸ ਲਈ ਉਨ੍ਹਾਂ ਠੇਠ ਅਤੇ ਆਮ ਲੋਕਾਂ ਦੇ ਲਹਿਜੇ ਵਿੱਚ ਕਥਾ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ।  ਪੰਥਪ੍ਰੀਤ ਸਿੰਘ ਅਨੁਸਾਰ ਉਨ੍ਹਾਂ ਨੂੰ ਡੇਰਾਵਾਦ ਉੱਤੇ ਸ਼ੁਰੂ ਤੋਂ ਇਤਰਾਜ਼ ਹੈ। ਇਸ ਕਰ ਕੇ ਉਨ੍ਹਾਂ ਆਪਣਾ ਡੇਰਾ ਜਾਂ ਗੁਰਦੁਆਰਾ ਸਥਾਪਤ ਕਰਨ ਦੀ ਬਜਾਇ ਪ੍ਰਚਾਰ ਅਤੇ ਕਰਮ ਨੂੰ ਨਾਲੋਂ ਨਾਲ ਚਲਾਉਣ ਦਾ ਫੈਸਲਾ ਕੀਤਾ।

ਪਹਿਲੀ ਵਾਰ ਕਿਸੇ ਅੰਦੋਲਨ ਵਿੱਚ ਸਾਹਮਣੇ ਆਏ ਪੰਥਪ੍ਰੀਤ ਸਿੰਘ ਦਾ ਮੰਨਣਾ ਹੈ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਦੀ  ਬੇਅਦਬੀ ਹੋਣੀ ਸ਼ੁਰੂ ਹੋਈ ਤਾਂ ਉਹ ਖ਼ੁਦ ਨੂੰ ਰੋਕ ਨਹੀਂ ਸਕੇ। ਉਨ੍ਹਾਂ ਅਨੁਸਾਰ ਤਖ਼ਤਾਂ ਦੇ ਸਿੰਘ ਸਾਹਿਬਾਨ ਅਤੇ ਸ਼੍ਰੋਮਣੀ ਕਮੇਟੀ ਦੇ ਤਾਨਾਸ਼ਾਹੀ ਰੁਝਾਨ ਨੇ ਇਨ੍ਹਾਂ ਦੋਵਾਂ ਇਤਿਹਾਸਕ ਸੰਸਥਾਵਾਂ ਦੇ ਵੱਕਾਰ ਨੂੰ ਢਾਹ ਲਾਈ ਹੈ। ਧਰਮ ਅਤੇ ਰਾਜਨੀਤੀ ਦੇ ਸਬੰਧ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਗੁਰੂ ਨੇ ਤਾਂ ਸਪੱਸ਼ਟ ਤੌਰ ਉੱਤੇ ਰਾਹ ਦੱਸਿਆ ਹੋਇਆ ਹੈ ਕਿ ਸਿਆਸਤ ਬੇਲਗਾਮ ਨਹੀਂ ਹੋਣੀ ਚਾਹੀਦੀ, ਉਸ ਉੱਤੇ ਧਰਮ ਦਾ ਕੁੰਡਾ ਹੋਣਾ ਚਾਹੀਦਾ ਹੈ। ਧਰਮ ਦਾ ਮਤਲਬ ਫਿਰਕਾਪ੍ਰਸਤ ਹੋਣਾ ਨਹੀਂ ਹੈ। ਗੁਰਮਤਿ ਨੂੰ ਸਮਝਣ ਵਾਲਾ ਕੋਈ ਵਿਅਕਤੀ ਫਿਰਕੂ ਜਾਂ ਜਾਤਪਾਤ ਵਿੱਚ ਯਕੀਨ ਰੱਖਣ ਵਾਲਾ ਹੋ ਹੀ ਨਹੀਂ ਸਕਦਾ। ਮੌਜੂਦਾ ਦੌਰ ਵਿੱਚ ਧਰਮ ਅਤੇ ਸਿਆਸਤ ਦਾ ਸੰਤੁਲਨ ਕਿਵੇਂ ਬਣੇ, ਇਸ ਬਾਰੇ ਫੈਸਲਾ ਕਰਨ ਦੀ ਜ਼ਿੰਮੇਵਾਰੀ ਸੰਗਤ ਦੀ ਹੈ। ਸੰਗਤ ਸਾਹਮਣੇ ਵਿਦਵਾਨਾਂ ਵੱਲੋਂ ਤਿਆਰ ਖਰੜੇ ਉੱਤੇ ਦੁਨੀਆਂ ਭਰ ਵਿੱਚ ਰਹਿੰਦੇ ਸਿੱਖਾਂ ਦੇ ਸੈਮੀਨਾਰ ਤੇ ਕਾਨਫਰੰਸਾਂ ਕਰਵਾ ਕੇ ਸਹਿਮਤੀ ਲਈ ਜਾਵੇ। ਸਹਿਮਤੀ ਤੋਂ ਬਾਅਦ ਪੰਥਕ ਸੰਗਠਨਾਂ ਦੇ ਨਾਮਜ਼ਦ ਨੁਮਾਇੰਦਿਆਂ ਉੱਤੇ ਆਧਾਰਤ ਸਰਬੱਤ ਖਾਲਸਾ ਵਿੱਚ ਇਨ੍ਹਾਂ ਦਾ ਐਲਾਨ ਕੀਤਾ ਜਾਵੇ।

ਬਰਗਾੜੀ ਵਿੱਚ ਬੇਅਦਬੀ ਤੇ ਪੁਲੀਸ ਗੋਲੀ ਨਾਲ ਮਾਰੇ ਗਏ ਦੋ ਨੌਜਵਾਨਾਂ ਨੂੰ ਇਨਸਾਫ਼ ਦੇ ਸੰਘਰਸ਼ ਦੀ ਅਗਵਾਈ ਕਰਨ ਵਾਲੇ ਪੰਥਕ ਆਗੂਆਂ ਵੱਲੋਂ ਕਾਲੀ ਦੀਵਾਲੀ ਮਨਾਉਣ ਅਤੇ 15 ਨਵੰਬਰ ਤੋਂ ਸੱਤਾਧਾਰੀ ਆਗੂਆਂ ਦੇ ਘਿਰਾਓ ਦਾ ਸੱਦਾ ਦਿੱਤਾ ਹੋਇਆ ਸੀ। ਅਗਲੀ ਰਣਨੀਤੀ ਬਾਅਦ ਵਿੱਚ ਬੁਲਾਈ ਮੀਟਿੰਗ ਵਿੱਚ ਤੈਅ ਕੀਤੀ ਜਾਵੇਗੀ।