ਵਿਸਾਖੀ 1469 ਜਾਂ 1699 ?

0
377

ਵਿਸਾਖੀ 1469 ਜਾਂ 1699 ?

ਪ੍ਰਿੰ. ਸੁਰਜੀਤ ਸਿੰਘ (ਦਿੱਲੀ)

‘ਖਾਲਸਾ ਜਾਂ ਸਿੰਘ’ ?- ਸੱਚਾਈ ਇਹ ਹੈ ਕਿ ਸਿੱਖ ਵਾਸਤੇ ਮੂਲ ਲਫਜ਼ ਸਿੱਖ ਹੀ ਹੈ, ਜਿਹੜਾ ਕਿ ਗੁਰਦੇਵ ਦੁਆਰਾ ਬਖ਼ਸ਼ੇ ਸਿੱਖੀ ਜੀਵਨ ਨੂੰ ਉਜਾਗਰ ਕਰਦਾ ਹੈ। ਇਸ ਤਰਾਂ ‘ਸਿੰਘ’ ਲਫਜ਼ ਸਿੱਖਾਂ ਦੇ ਨਾਵਾਂ ਦੀ ਸੰਪੂਰਨਤਾ ਦਾ ਸੂਚਕ ਹੈ। ‘ਖਾਲਸਾ’ ਜਾਂ ‘ਸਿੰਘ’ ਦੋਵੇਂ ਲਫ਼ਜ਼ ਗੁਰੂ ਨਾਨਕ ਦੇ ਸਿੱਖ ਲਈ ਹੀ ਹਨ।

ਜਿੰਨੀਆਂ ਵੀ ਪ੍ਰਾਪਤੀਆਂ ਅੱਜ ਅਸਾਂ ਵਿਸਾਖੀ 1699 ਨਾਲ ਜੋੜੀਆਂ ਹਨ-ਅਸਲ ’ਚ ਇਨਾਂ ਸਾਰੀਆਂ ਦਾ ਸੰਬੰਧ ਵਿਸਾਖੀ 1469 ਭਾਵ ਗੁਰੂ ਨਾਨਕ ਪਾਤਸ਼ਾਹ ਦੇ ਆਗਮਨ (ਜਨਮ ਦਿਨ) ਨਾਲ ਸਬੰਧਤ ਹਨ। ਆਓ ਵੀਚਾਰ ਨਾਲ ਸਾਂਝ ਪਾਈਏ :

(1) ਪਾਹੁਲ ਲੈ ਕੇ ਸਿੱਖ ਧਰਮ ’ਚ ਪ੍ਰਵੇਸ਼ ਦਾ ਨਿਯਮ ਪਹਿਲੇ ਜਾਮੇਂ ਤੋਂ ਸੀ। ਉਸ ਸਮੇਂ ਵੀ ਇਸ ਦਾ ਇਹੀ ਮਤਲਬ ਸੀ-ਪ੍ਰਭੂ ਬਖਸ਼ੇ ਸੰਪੂਰਨ ਕੇਸਾਧਾਰੀ ਸਰੂਪ ’ਚ ਕਾਇਮ ਰਹਿੰਦੇ ਹੋਏ ਗੁਰਬਾਣੀ ਸਿੱਖਿਆ ਵਿਚ ਜੀਵਨ ਜੀਉਣ ਦਾ ਪ੍ਰਣ।

(2) ਸਿੱਖ ਕੇਸਾਧਾਰੀ ਵੀ ਪਹਿਲੇ ਜਾਮੇ ਤੋਂ ਹੀ ਸੀ। ਜੇ ਕੇਸਾਧਾਰੀ ਸੀ ਤਾਂ ਸਿੱਖ ਦਾ ਕੰਘਾ ਧਾਰੀ ਵੀ ਪਹਿਲੇ ਪਾਤਸ਼ਾਹ ਤੋਂ ਹੀ ਅਰੰਭ ਹੋਣਾ ਸੁਭਾਵਕ ਗੱਲ ਹੈ।

(3) ਸਿੱਖ ਲਈ ਗੁਰਬਾਣੀ (ਗੁਰੂ ਦਾ ਸਿਧਾਂਤ) ਵੀ ਪਹਿਲੇ ਜਾਮੇ ਤੋਂ ਹੀ ਸੀ। ਇਸ ਬਾਰੇ ਗੁਰਬਾਣੀ ਵਿਚੋਂ ਵੀ ਬੇਅੰਤ ਪ੍ਰਮਾਣ ਦਿੱਤੇ ਜਾ ਸਕਦੇ ਹਨ।

(4) ਸਿੱਖਾਂ ਲਈ, ਜੰਜੂ ਵਾਲਾ ਬ੍ਰਾਹਮਣੀ ਰਸਤਾ, ਪਹਿਲੇ ਪਾਤਸ਼ਾਹ ਨੇ ਹੀ ਖਤਮ ਕਰ ਦਿੱਤਾ ਸੀ। ਕਛਹਿਰਾ ਬ੍ਰਾਹਮਣੀ ਮਾਰਗ ਤੋਂ ਛੁਟਕਾਰੇ ਦਾ ਸੂਚਕ ਹੈ। ਇਸ ਲਈ ਇਹ ਰਹਿਣੀ ਵੀ ਪਹਿਲੇ ਜਾਮੇਂ ਤੋਂ ਹੀ ਲਾਗੂ ਸੀ। ਛੇਵੇਂ ਜਾਮੇਂ ਸਮੇਂ ਕੌਮ ਸ਼ਸਤ੍ਰਧਾਰੀ ਭਾਵ ਕ੍ਰਿਪਾਨਧਾਰੀ ਵੀ ਹੋ ਚੁੱਕੀ ਸੀ।

(5) ਪ੍ਰਭੂ ਬਖ਼ਸ਼ੇ ਮਨੁੱਖਾ ਸਰੂਪ ਨੂੰ ਧਾਰਣ ਕਰਨਾ ਅਤੇ ਕੇਸ ਨਹੀਂ ਕਟਵਾਣੇ; ਇਸਤ੍ਰੀ ਤੇ ਪੁਰਖ ਦੋਨਾਂ ਨੇ ਵਿੱਭਚਾਰੀ ਜੀਵਨ ਤੋਂ ਬਚਣਾ, ਸ਼ਰਾਬ ਆਦਿ ਕਿਸੇ ਪ੍ਰਕਾਰ ਦਾ ਨਸ਼ਾ ਨਾ ਕਰਨਾ, ਆਦਿ ਰਹਿਤਾਂ ਦਾ ਪਾਲਣ ਕਰਨਾ ਤਾਂ ਸਿੱਖਾਂ ਉੱਪਰ ਪਹਿਲੇ ਜਾਮੇਂ ਤੋਂ ਹੀ ਲਾਗੂ ਸੀ।

(6) ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ‘‘ਸੋ ਦਰੁ ਆਰਤੀ ਗਾਵੀਐ; ਅੰਮ੍ਰਿਤ ਵੇਲੇ ਜਾਪੁ ਉਚਾਰਾ’’ ਰੂਪ ਵਾਲਾ ਨਿੱਤਨੇਮ ਦਾ ਅੰਗ ਪਹਿਲੇ ਪਾਤਿਸ਼ਾਹ ਤੋਂ ਹੀ ਸਨ। ਪੰਜਵੇਂ ਪਾਤਸ਼ਾਹ ਜੀ ਨੇ ਇਸ ਵਿੱਚ ਵਾਧਾ ਕਰਦਿਆਂ ਹੋਇਆਂ ‘ਸੋ ਦਰੁ’ ਨੂੰ ਨੌ ਸ਼ਬਦ ਅਤੇ ‘ਸੋਹਿਲਾ’ ਨੂੰ ਪੰਜ ਸ਼ਬਦਾਂ ਦਾ ਸਰੂਪ ਬਖ਼ਸ਼ਿਆ।

(7) ਗੁਰੂ ਦੇ ਹੁਕਮਾਂ ਤੋਂ ਆਪਣਾ ‘ਤਨ ਮਨ ਧਨ’ ਕੁਰਬਾਨ ਕਰਨ ਦੀ ਪ੍ਰੇਰਨਾ ਤੇ ਇਸ ਦੀ ਤਿਆਰੀ ਵੀ ਪਹਿਲੇ ਜਾਮੇਂ ਤੋਂ ਹੀ ਕਰਵਾਈ ਗਈ ਸੀ। ਭਾਈ ਮਰਦਾਨਾ, ਬਾਬਾ ਲਹਿਣਾ ਜੀ ਆਦਿ ਇਸੇ ਤਿਆਰੀ ਦੀ ਪ੍ਰਮੁੱਖ ਮਿਸਾਲ ਹਨ।

(8) ਗੁਰੂ ਦੇ ਹੁਕਮਾਂ ਤੋਂ ਸੀਸ ਤੱਕ ਅਰਪਣ ਕਰਣ ਵਾਲੀ ਤਿਆਰੀ ਵੀ ਪਹਿਲੇ ਜਾਮੇਂ ਤੋਂ ਹੀ ਕਰਵਾਈ ਗਈ ‘‘ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥’’ (ਮ:੧/੧੪੧੨)

(9) ਸਿੱਖੀ ਦਾ ਸਰੂਪ ਤੇ ਰਹਿਣੀ ਪਹਿਲੇ ਜਾਮੇ ਸਮੇ ਹੀ ਨਿੱਖਰ ਕੇ ਸਾਹਮਣੇ ਆ ਚੁੱਕੀ ਸੀ। ਇਸ ਦਾ ਜ਼ਿਕਰ ਚੌਥੇ ਪਾਤਸ਼ਾਹ (ਲੰਮੀ ਦਾੜੀ) ਦੀ ਇਤਿਹਾਸਕ ਸਾਖੀ ਰਾਹੀਂ ਸਪਸ਼ਟ ਹੋ ਜਾਂਦਾ ਹੈ। ਇਹ ਭਾਵਨਾ ਪ੍ਰਗਟ ਕਰਨਾ ਕਿ ਨੌ ਜਾਮਿਆਂ ਤੱਕ ਸਿੱਖ ਵੀ ਕੇਸਾਧਾਰੀ ਨਹੀਂ ਸਨ ਜਾਂ ਹਿੰਦੂ ਹੀ ਸਨ ਜਾਂ ਫਿਰ ਸਿੱਖਾਂ ਦੀ ਕੋਈ ਵੱਖ ਪਹਿਚਾਣ ਨਹੀਂ ਸੀ, ਕੇਵਲ ਆਪਣੇ ਆਪ ਨੂੰ ਧੋਖਾ ਦੇਣਾ ਹੈ।

(10) ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਗੁਰਬਾਣੀ ਸਿੱਖ ਵਾਸਤੇ, ਪਹਿਲੇ ਜਾਮੇ ਤੋਂ ਹੀ ‘ਇਕੋ ਇੱਕ ਗੁਰੂ’ ਦਾ ਦਰਜਾ ਰੱਖਦੀ ਸੀ/ਹੈ: ‘‘ਸਬਦੁ ਗੁਰੂ, ਸੁਰਤਿ ਧੁਨਿ ਚੇਲਾ ॥’’ (ਮ: ੧/੯੪੩)

(11) ਮਨੁੱਖ ਲਈ ‘ਖਾਲਸੇ’ ਦਾ ਸੰਕਲਪ ਗੁਰੂ ਨਾਨਕ ਪਾਤਸ਼ਾਹ ਨੇ ਪਹਿਲੇ ਜਾਮੇ ’ਚ ਹੀ ਉਲੀਕਿਆ ਅਤੇ ਕਬੀਰ ਸਾਹਿਬ ਦੀ ਬਾਣੀ ਰਾਹੀਂ ਇਸ ਨੂੰ ਐਲਾਨਿਆ ਵੀ ਗਿਆ, ਜਿਵੇਂ ‘‘ਕਹੁ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤਿ ਜਿਹ ਜਾਨੀ॥’’ (੬੫੫) ਇਸੇ ਖਾਲਸਾਈ ਜੀਵਨ ਵੱਲ ਟੁਰਨ ਵਾਲੇ ਨੂੰ ਹੀ ਸਿੱਖ ਧਰਮ ’ਚ ਪ੍ਰਵੇਸ਼ ਮਿਲਦਾ ਸੀ/ ਹੈ।

‘ੴ’ ਅਤੇ ‘ਖਾਲਸਾ’: ਸਿੱਖ ਵਾਸਤੇ ਖਾਲਸਾ ਜੀਵਨ ਦਾ ਅਰੰਭ ਹੀ ‘ੴ’ ਤੋਂ ਹੈ। ਆਖਿਰ ‘ੴ’ ਦੇ ਅਰਥ ਕੀ ਹਨ ? ‘ੴ’ ਦਾ ਅਰਥ ਹੀ ਇੱਕ ਅਕਾਲ ਪੁਰਖ ਤੋਂ ਛੁੱਟ ਕਿਸੇ ਅਨ-ਪੂਜਾ ਵਿਚ ਯਕੀਨ ਨਾ ਰੱਖਣਾ ਹੈ; ਮੜੀਆਂ-ਕਬਰਾਂ ਦਾ ਪੂਜਾਰੀ ਨਾ ਹੋਣਾ; ਵਹਿਮ ਭਰਮ ਨਹੀਂ ਕਰਨੇ; ਅਕਾਲ ਪੁਰਖ ਤੋਂ ਛੁਟ ਬ੍ਰਾਹਮਣ, ਮੌਲਵੀ, ਭਾਈ, ਗ੍ਰੰਥੀ ਆਦਿ ਕਿਸੇ ਵਿਚੋਲੇ ਨੂੰ ਮਨਜ਼ੂਰ ਨਹੀਂ ਕਰਨਾ, ਆਦਿ।

ਉਪ੍ਰੋਕਤ ਸਾਰੇ ਵੇਰਵਿਆਂ ਦਾ ਆਧਾਰ ਹੀ ਪਹਿਲੇ ਪਾਤਿਸ਼ਾਹ ਦਾ ਜੀਵਨ ਕਾਲ ਹੈ। ਗੁਰੂ ਨਾਨਕ ਪਾਤਸ਼ਾਹ ਜਮਾਂਦਰੂ ਗੁਰੂ ਸਨ/ਹਨ। ਇਸ ਵਾਸਤੇ ਇਸ ਸਾਰੀ ਦੇਣ ਨੂੰ, ਗੁਰੂ ਪਾਤਸ਼ਾਹ ਦੇ ਆਗਮਨ ਭਾਵ 15 ਅਪ੍ਰੈਲ 1469 (ਵਿਸਾਖ ਸੰਮਤ 1526) ਨਾਲ ਹੀ ਯਾਦ ਕਰਨਾ ਜਰੂਰੀ ਹੈ। ਜਿਨਾਂ ਗੱਲਾਂ ਨੂੰ ਅਸੀਂ ਵਿਸਾਖੀ 1699 ਦਾ ਆਧਾਰ ਬਣਾ ਕੇ ਪ੍ਰਚਾਰ ਰਹੇ ਹਾਂ ਸਿੱਖ ਧਰਮ ’ਚ ਪ੍ਰਵੇਸ਼ ਵਾਸਤੇ, ਇਹ ਸਭ ਗੱਲਾਂ ਤਾਂ ਪਹਿਲੇ ਜਾਮੇਂ ਤੋਂ ਹੀ ਲਾਗੂ ਸਨ। ‘ਸਿੱਖ, ਸਿੰਘ ਅਤੇ ਖਾਲਸਾ’ ਭਿੰਨ ਭਿੰਨ ਸ਼ਬਦ ਨਹੀਂ ਹਨ, ਤਾਂ ਫਿਰ ਵਿਸਾਖੀ ਸੰਨ 1699 ਦਾ ਵਿਸ਼ੇਸ਼ ਮਹੱਤਵ ਕੀ ਹੈ ? ਇਸ ਨੂੰ ਸਮਝਣ ਲਈ ਅਸਾਂ ਮੋਟੇ ਤੌਰ ’ਤੇ ਹੇਠ ਦਿੱਤੇ ਨੁਕਤਿਆਂ ਨੂੰ ਵੀਚਾਰਨਾ ਹੈ।

ਵਿਸਾਖੀ ਸੰਨ 1699 ਇਕ ਮੀਲ਼ ਪੱਥਰ ਅਤੇ ਇਸ ਦਾ ਮਹੱਤਵ ?-

(1). ਸੰਨ 1699 ਦੀ ਵਿਸਾਖੀ ਨੂੰ-ਕੇਵਲ ਬਾਣੀ ਦਾਇਰੇ ’ਚ ਰਹਿ ਕੇ ਹੀ-ਪੰਥਕ ਜੁਗਤ ਵਰਤਾਉਣ ਵਾਲੀ ਸਰੀਰਕ ਜ਼ਿੰਮੇਵਾਰੀ ਇਕ ਗੁਰੂ ਵਿਅਕਤੀ ਤੋਂ ਪਾਹੁਲ ਪ੍ਰਾਪਤ ਪੰਜ ਪਿਆਰਿਆਂ ਦੇ ਰੂਪ ’ਚ-ਪੰਥ ਦੇ ਸਪੁਰਦ ਕਰ ਦਿੱਤੀ ਗਈ। ਇਸੇ ਦਾ ਨਾਮ ਹੈ ‘ਪੰਥ ਦੀ ਸਾਜਨਾ’।

(2). ਸਿੱਖ ਧਰਮ ’ਚ ਪ੍ਰਵੇਸ਼ ਦੇ ਨਿਯਮ ਨੂੰ ‘ਚਰਨ ਪਾਹੁਲ’ ਤੋਂ ‘ਖੰਡੇ ਦੀ ਪਾਹੁਲ’ ’ਚ ਬਦਲਿਆ ਵਿਸਾਖੀ 1699 ਨੂੰ, ਮਕਸਦ ਉਹੀ ਸੀ। ਇਸੇ ਨੂੰ ਅੱਜ ‘ਅੰਮ੍ਰਿਤ ਛਕਣਾ’ ਵੀ ਕਹਿ ਰਹੇ ਹਾਂ ਪਰ ਅਸਲ਼ ਲਫ਼ਜ਼ ‘ਖੰਡੇ ਦੀ ਪਾਹੁਲ ਲੈਣਾ ਜਾਂ ਛਕਣਾ’ ਹੀ ਹੈ। ‘ਚਰਨ ਪਾਹੁਲ’ ਲੈਣ ਲਈ ਜਿਸ ਅਹੰਕਾਰੀ ਬਿਰਤੀ ਨੂੰ ‘ਚਰਨਾਂ’ ਵੱਲ ਝੁਕਣਾ ਪੈਂਦਾ ਸੀ ਉਸੇ ਹੰਕਾਰੀ ਬਿਰਤੀ ਨੂੰ ਹੁਣ ਸਾਂਝੇ ਬਾਟੇ ਨੂੰ ਮੂੰਹ ਲਗਾ ਕੇ ਝੁਕਣਾ ਪੈਂਦਾ ਹੈ ਭਾਵ ਸਿਧਾਂਤਿਕ ਅੰਤਰ ਕੋਈ ਨਿਵੇਕਲਾ ਨਹੀਂ ਹੈ।

(3). ਪਹਿਲੇ ਜਾਮੇਂ ਤੋਂ ਹੀ ਬਾਣੀ ਪੜ ਕੇ ਬਾਣੀ ਦੇ ਚਰਨਾਂ ਨਾਲ ਜੋੜਨ ਦਾ ਨਿਯਮ ਸੀ। ਜਿਸ ਦਾ ਨਾਮ ‘ਚਰਨ ਪਾਹੁਲ’ ਸੀ। ‘ਖੰਡੇ ਦੀ ਪਾਹੁਲ’ ’ਚ ਵੀ ਉਹੀ ਗੱਲ ਹੈ। ਕੇਵਲ ਢੰਗ ਬਦਲਿਆ ਸੀ। ‘ਪੈਰ ਧੁਆ ਕੇ ਪਿਲਾਉਣਾ’ ਸਿੱਖ ਧਰਮ ਦਾ ਕਦੇ ਨਿਯਮ ਨਹੀਂ ਰਿਹਾ, ਪੁਰਾਤਨ ਮਰਿਆਦਾ ਗੁਰੂ ਚਰਨ ਨਾਲ ਛੁਹਣ ਜਾਂ ਜੁੜਨ ਦੀ ਕਿਰਿਆ ਸੀ।

(4). ਵਿਸਾਖੀ ਸੰਨ 1699 ਨੂੰ ਹੀ ਸਿੱਖਾਂ ਦੇ ਨਾਵਾਂ ’ਚ ‘ਸਿੰਘ ਤੇ ਕੌਰ’ ਲਫਜ਼ਾਂ ਨਾਲ ਸਮਾਨਤਾ ਅਤੇ ਪਰਿਵਾਰਕ ਸਾਂਝ ਕਾਇਮ ਕੀਤੀ ਗਈ, ਜਿਸ ਦੀ ਅਰੰਭਤਾ ਗੋਬਿੰਦ ਰਾਇ ਤੋਂ ਗੋਬਿੰਦ ਸਿੰਘ ਬਣਨ ਉਪਰੰਤ ਸ਼ੁਰੂ ਹੋਈ। ਇਸ ਤਰਾਂ ਸਿੱਖਾਂ ਦੇ ਨਾਵਾਂ ਨਾਲੋਂ ਜਾਤ-ਗੋਤ ਵਾਲੀ ਲਾਹਨਤ ਹਮੇਸ਼ਾਂ ਵਾਸਤੇ ਮੁਕਾ ਦਿੱਤੀ ਗਈ। ਇਸੇ ਕਰਕੇ ਸਿੱਖਾਂ ਨੂੰ ‘ਸਿੰਘ’ ਕਰ ਕੇ ਵੀ ਸੰਬੋਧਨ ਕੀਤਾ ਜਾਣ ਲੱਗਾ। ਧਿਆਨ ਰਹੇ ਕਿ ‘ਸਿੱਖ’ ਤੇ ‘ਸਿੰਘ’ ਦੋ ਅੱਡ ਅੱਡ ਨਾਂ ਨਹੀਂ।

(5). ਗੁਰੂ ਪਾਤਿਸ਼ਾਹ ਵੱਲੋਂ ਸਿੱਖਾਂ ਨੂੰ ਪ੍ਰਾਪਤ ਹੋ ਚੁੱਕੇ ‘ਸ਼ਾਬਾਸ਼ੀ ਚਿੰਨ’ ਕੜੇ ਨੂੰ ਮਿਲਾ ਕੇ ਪੰਜ ਕਕਾਰ ਵਿਸਾਖੀ ਸੰਨ 1699 ਨੂੰ ਨਿਯਮਤ ਕਰ ਦਿੱਤੇ ਗਏ। ਬਾਕੀ ਚਾਰ ਕਕਾਰ ਤਾਂ ਨੌਵੇਂ ਪਾਤਿਸ਼ਾਹ ਤੱਕ ਸਿੱਖੀ ਦਾ ਅੰਗ ਬਣ ਚੁੱਕੇ ਸਨ। ‘ਕੜਾ’ ਇਸ ਗੱਲ ਦਾ ਪ੍ਰਗਟਾਵਾ ਸੀ ਕਿ ਸਿੱਖ ਦਾ ਮਤਲਬ ਬਾਣੀ ਦੇ ਦਾਇਰੇ ’ਚ ਜੀਵਨ ਨੂੰ ਜੀਊਣਾ ਹੈ।

(6). ਵਿਸਾਖੀ ਸੰਨ 1699 ਨੂੰ ਜਦੋਂ ਨੰਗੀ ਤਲਵਾਰ ਵਾਲੇ ਇਮਤਿਹਾਨ ਵਿਚੋਂ ਸਿੱਖ ਪੂਰੀ ਤਰਾਂ ਪਾਸ ਹੋ ਗਿਆ ਤਾਂ ਇਸ ਨੂੰ ‘ਖਾਲਸੇ’ ਵਾਲੀ ਉਪਾਧੀ ਵੀ ਪ੍ਰਦਾਨ ਕਰ ਦਿੱਤੀ ਗਈ।

ਗੁਰਗੱਦੀ ਸੰਨ 1708:- ਗੁਰਬਾਣੀ ਰੂਪ ਗੁਰੂ ਦੀ ਗੱਲ ਵੀ ਪਹਿਲੇ ਜਾਮੇ ਤੋਂ ਹੀ ਸਪਸ਼ਟ ਸੀ। ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ’ਚ ਇਸ ਬਾਰੇ ਅਨੇਕਾਂ ਪ੍ਰਮਾਣ ਮੌਜੂਦ ਹਨ। ਜਿਵੇਂ ਕਿ ‘‘ਬਾਣੀ ਗੁਰੂ, ਗੁਰੂ ਹੈ ਬਾਣੀ; ਵਿਚਿ ਬਾਣੀ ਅੰਮ੍ਰਿਤੁ, ਸਾਰੇ॥’’ (ਮ:੪/੯੮੨) ਇਸ ਲਈ ਇਤਿਹਾਸਕ ਘਟਨਾ ਸੰਨ 1708 ਦਾ ਇਹ ਮਤਲਬ ਨਹੀਂ ਕਿ ਗੁਰਬਾਣੀ ਨੂੰ ਗੁਰਗੱਦੀ ਸੰਨ 1708 ’ਚ ਪ੍ਰਾਪਤ ਹੋਈ। ਇਹ ਤਾਂ ਗੁਰਬਾਣੀ ਸਰੂਪ ਦੇ ਸੰਪੂਰਨ ਹੋਣ ਦਾ ਐਲਾਨ ਅਤੇ ‘ਗੁਰਗੱਦੀ’ ਗੁਰਬਾਣੀ ਦੇ ਸੰਪੂਰਣ ਸਰੂਪ ਨੂੰ ਸੀ। 6 ਅਕਤੂਬਰ ਸੰਨ 1708 ਦੀ ਇਤਿਹਾਸਕ ਘਟਨਾ ਇਸ ਸਚਾਈ ਦਾ ਵੀ ਐਲਾਨ ਸੀ ਕਿ ਅੱਗੋਂ ਵਾਸਤੇ ਇਸ ਰਚਨਾ ’ਚ ਕੋਈ ਵਾਧਾ-ਘਾਟਾ ਨਹੀਂ ਹੋ ਸਕਦਾ, ਕਿਉਂਕਿ ਸਰੂਪ ਸੰਪੂਰਨ ਹੋ ਚੁੱਕਾ ਹੈ। ਉਂਝ ਦਸਮੇਸ਼ ਜੀ ਤੱਕ ਹਰ ਇਕ ਗੁਰੂ ਵਿਅਕਤੀ ਨੂੰ ਇਸ ਸੰਗ੍ਰਹਿ ’ਚ ਆਪਣੀ ਰਚਨਾ ਜੋੜਣ ਦਾ ਪੂਰਾ ਹੱਕ ਸੀ। ਨੌਵੇਂ ਪਾਤਿਸ਼ਾਹ ਦੀ ਬਾਣੀ ਵੀ ਇਸ ਇਤਿਹਾਸਕ ਘਟਨਾ ਤੋਂ ਪਹਿਲਾਂ ਹੀ ਦਰਜ ਕੀਤੀ ਜਾ ਚੁੱਕੀ ਸੀ, ਜਿਸ ਤੋਂ ਉਪਰੰਤ ਇਹ ਹੱਕ ਪੰਥ ਪਾਸ ਨਹੀਂ ਰਿਹਾ ਅਤੇ ਨਾ ਹੀ ਕਦੇ ਹੋਵੇਗਾ ਕਿ ਗੁਰਬਾਣੀ ਲਿਖਤ ’ਚ ਹੋਰ ਵਾਧੂ ਕੋਈ ਸ਼ਬਦ ਦਰਜ ਕੀਤਾ ਜਾ ਸਕੇ। ਇਸ ਲਈ ਗੁਰਬਾਣੀ ਦੇ ਗੁਰੂ ਹੋਣ ਵਾਲੀ ਗੱਲ ਤਾਂ ਅਸਾਂ ਗੁਰਬਾਣੀ ਵਿੱਚੋਂ ਹੀ ਲੈਣੀ ਹੈ, ਨਾ ਕਿ ਕਿਸੇ ਇਤਿਹਾਸਕ ਘਟਨਾਵਾਂ ਵਿੱਚੋਂ।

ਵਿਸਾਖੀ ਦਾ ਦਿਨ ਹੀ ਕਿਉਂ  ? ਇਸ ’ਚ ਕੋਈ ਸ਼ੱਕ ਨਹੀਂ ਕਿ ਵਿਸਾਖੀ ਸੰਨ 1699, ਸਿੱਖ ਧਰਮ ’ਚ ਬਹੁਤ ਵੱਡਾ ਮੀਲ ਪੱਥਰ ਹੈ ਪਰ ਕਿਸ ਤਰਾਂ ? ਕਲਗੀਧਰ ਜੀ ਨੇ ਵਿਸ਼ੇਸ਼ ਸਮਾਗਮ ਲਈ ਵਿਸਾਖੀ ਦਾ ਦਿਨ ਹੀ ਕਿਉਂ ਚੁਣਿਆ ? ਇਸ ਦੀ ਸਚਾਈ ਭਾਈ ਗੁਰਦਾਸ ਜੀ ਦੀ ਰਚਨਾ ‘‘ਘਰ ਘਰ ਅੰਦਰ ਧਰਮ ਸਾਲ, ਹੋਵੈ ਕੀਰਤਨ ਸਦਾ ਵਿਸੋਆ’॥ (੧/੨੭ ਭਾਈ ਗੁਰਦਾਸ ਜੀ) ਤੋਂ ਆਪਣੇ ਆਪ ਉਭਰ ਕੇ ਸਾਹਮਣੇ ਆਉਂਦੀ ਹੈ। ‘ਵਿਸੋਆ’ ਦਾ ਅਰਥ ਹੈ ‘ਵਿਸਾਖ ਦਾ ਮਹੀਨਾ’। ਤੀਜੇ ਪਾਤਸ਼ਾਹ ਜੀ ਦੇ ਜੀਵਨ ’ਚੋਂ ਇਹ ਗੱਲ ਪੂਰੀ ਤਰਾਂ ਉੱਘੜ ਕੇ ਸਾਹਮਣੇ ਆ ਜਾਂਦੀ ਹੈ। ਇਤਿਹਾਸ ’ਚ ਜ਼ਿਕਰ ਆਉਂਦਾ ਹੈ ਕਿ ਹਰ ਵਿਸਾਖੀ ਨੂੰ, ਸਿੱਖ ਧਰਮ ਦਾ ਸਾਲਾਨਾ ਇਕੱਠ ਹੁੰਦਾ ਸੀ ਪਰ ਇਸ ਲਈ ਸੰਗਤਾਂ ਨੂੰ ਬਹੁਤ ਦੇਰ ਤੱਕ ਇੰਤਜ਼ਾਰ ਕਰਨਾ ਪੈਂਦਾ ਸੀ। ਕਿਸੇ ਕਾਰਨ ਜੇਕਰ ਉਦੋਂ ਵੀ ਕੁਝ ਸੰਗਤਾਂ ਖੁੰਝ ਜਾਂਦੀਆਂ ਤਾਂ ਦਰਸ਼ਨਾਂ ਲਈ ਅਗਲੇ ਸਾਲ ਭਾਵ ਦੋ ਸਾਲ ਤੱਕ ਲੰਘ ਜਾਂਦੇ। ਇਸੇ ਲਈ ਤੀਸਰੇ ਪਾਤਿਸ਼ਾਹ ਜੀ ਨੇ ਇਸ ਇਕੱਠ ਨੂੰ ਵਿਸਾਖੀ ਅਤੇ ਦਿਵਾਲੀ ਭਾਵ ਸਾਲ ’ਚ ਦੋ ਵਾਰੀ ਕਰ ਦਿੱਤਾ। ਇਸ ਤਰਾਂ ਜਿੱਥੇ ਕਿੱਥੇ ਵੀ ਪਾਤਿਸ਼ਾਹ ਹੁੰਦੇ, ਉੱਥੇ ਹੀ ਵਿਸਾਖੀ-ਦਿਵਾਲੀ ਦੇ ਉਚੇਚੇ ਸਮਾਗਮ ਸਜਦੇ। ਸੰਗਤਾਂ ਦੂਰੋਂ-ਨੇੜਿਓਂ ਉਨਾਂ ਦੇ ਚਰਨਾਂ ’ਚ ਪੁੱਜਦੀਆਂ। ਆਪਣੇ ਦੁੱਖ ਤਕਲੀਫਾਂ ਦੀ ਸਾਂਝ ਕਰਦੀਆਂ ਅਤੇ ਪਾਤਿਸ਼ਾਹ ਵੱਲੋਂ ਸੰਗਤਾਂ ਨੂੰ ਅਗਲੀ ਸੇਧ ਮਿਲਦੀ। ਉਨਾਂ ਦੇ ਦੁੱਖ ਦਰਦ ਵੰਡੇ ਜਾਂਦੇ। ਸਚਾਈ ਇਹ ਹੈ ਕਿ ਸਿੱਖ ਧਰਮ ਹੈ ਹੀ ‘ਸਮਾਜਕ ਧਰਮ’ ਤਾਂ ਤੇ ਪੰਥ ਅੰਦਰ ਵਿਸਾਖੀ ਦਾ ਵਿਸ਼ੇਸ਼ ਇਕੱਠ ਪਹਿਲੇ ਪਾਤਿਸ਼ਾਹ ਦੇ ਸਮੇਂ ਤੋਂ ਹੀ ਅਰੰਭ ਸੀ। ‘ਵਿਸਾਖੀ ਅਤੇ ਦਿਵਾਲੀ’ ਦੋਨੋ ਛੇ ਮਹੀਨੇ ਦੇ ਫ਼ਰਕ ਨਾਲ ਆਉਂਦੇ ਹਨ ਅਤੇ ਯਾਦ ਰੱਖਣਾ ਵੀ ਸੌਖਾ ਸੀ। ਜਦੋ ਤੱਕ ਖਾਸ ਲੋੜ ਨਾ ਹੋਵੇ, ਉਚੇਚੇ ਸੱਦਾ ਪੱਤ੍ਰ ਭੇਜਣ ਦੀ ਵੀ ਲੋੜ ਨਹੀਂ ਸੀ ਹੁੰਦੀ। ਉਂਝ ਪਟਾਕੇ ਵਾਲੀ ਦਿਵਾਲੀ ਦੇ ਤਿਉਹਾਰ ਨਾਲ ਸਿੱਖ ਧਰਮ ਦਾ ਕਦੇ ਕੋਈ ਹੋਰ ਸੰਬੰਧ ਨਹੀਂ ਰਿਹਾ। ਤੀਜੇ ਗੁਰਦੇਵ ਨੇ ਇਸ ਦਾ ਆਰੰਭ, ਸੰਗਤਾਂ ਦੇ ਖੂਨ ਪਸੀਨੇ ਦੀ ਕਮਾਈ ਨੂੰ ਆਤਿਸ਼ਬਾਜ਼ੀਆਂ ’ਚ ਫੂਕਣ ਜਾਂ ਲਾਈਟਾਂ ’ਚ ਤਬਾਹ ਕਰਣ ਲਈ ਨਹੀਂ ਸੀ ਕੀਤਾ; ਜਿਵੇਂ ਸਾਡੇ ਅੱਜ ਕੱਲ ਦੇ ਧਾਰਮਿਕ ਆਗੂ ਕਰ ਰਹੇ ਹਨ। ਵਿਸਾਖੀ ਦੀ ਮਹਾਨਤਾ ਕੇਵਲ ਗੁਰੂ ਨਾਨਕ ਆਗਮਨ ਨਾਲ ਸੰਬੰਧਤ ਹੈ। ਗੁਰੂ ਨਾਨਕ ਪਾਤਿਸ਼ਾਹ ਦਾ ਆਗਮਨ ਸਚਮੁਚ ਹੀ ਅਗੰਮੀ ਆਗਮਨ ਸੀ ਜਿਸ ਨੇ ਸੰਸਾਰ ਭਰ ਦੇ ਮਨੁੱਖ ਮਾਤ੍ਰ ’ਚ ਇਕ ਸੱਚੇ ਜੀਵਨ ਦੀ ਲਹਿਰ ਨੂੰ ਪ੍ਰਗਟ ਕਰ ਦਿੱਤਾ ਜਿਵੇਂ ਕਿ

(1). ਮਨੁੱਖ ਨੇ ਪਹਿਲੀ ਵਾਰ ਸੋਚਣਾ ਸ਼ੁਰੂ ਕੀਤਾ ਕਿ ਕਰਤੇ ਦੀਆਂ ਬੇਅੰਤ ਰਚਨਾਵਾਂ ਵਿਚੋਂ ਮਨੁੱਖਾ ਜੀਵਨ ਵਿਸ਼ੇਸ਼ ਮਹੱਤਵ ਰੱਖਦਾ ਹੈ ਤੇ ਇਸ ਦਾ ਵਿਸ਼ੇਸ਼ ਮਕਸਦ ਵੀ ਹੈ।

(2). ਧਰਮ ਕਿਸੇ ਖਾਸ ਸਮੇਂ ਜਾਂ ਦਿਨ ਉੱਪਰ, ਖਾਸ ਤਿਉਹਾਰਾਂ, ਕਰਮਕਾਂਡਾਂ, ਉਚੇਚੇ ਪਹਿਰਾਵਿਆਂ ਜਾਂ ਦਿਖਾਵੇ ਦਾ ਨਾਮ ਨਹੀਂ ਬਲਕਿ ਧਰਮ ‘ਜੀਵਨ ਜਾਚ’ ਹੈ। ਇਸ ਦੀ ਵਰਤੋਂ ਤੇ ਲੋੜ ਹਰ ਮਨੁੱਖ ਲਈ ਸੁਆਸ-ਸੁਆਸ ’ਤੇ ਚੌਵੀ ਘੰਟੇ ਦੀ ਜ਼ਿੰਦਗੀ ’ਚ ਹੈ।

(3). ਛੂਆ-ਛੂਤ, ਊਚ-ਨੀਚ, ਵਰਣ-ਵੰਡ, ਰੰਗ-ਨਸਲ-ਲਿੰਗ-ਦੇਸ਼ ਆਦਿ ਦੇ ਭੇਦ, ਨਸ਼ਿਆਂ ਨਾਲ ਜੀਵਨ ਦੀ ਬਰਬਾਦੀ, ਥਿੱਤਾਂ-ਵਾਰਾਂ, ਸ਼ਗਨਾ-ਮਹੂਰਤਾਂ ਦੇ ਭਰਮ, ਟੂਣੇ-ਟੇਵੇ, ਜਨਮ ਪਤ੍ਰੀਆਂ, ਰਾਸ਼ੀਫਲ਼ ਧਰਮ ਨਹੀਂ ਬਲਕਿ ਮਨੁੱਖੀ ਸੋਚ ਦਾ ਵਿਗਾੜ ਹਨ।

(4). ਮਨੁੱਖ ਦੇ ਧਰਮ ਭਿੰਨ-ਭਿੰਨ ਨਹੀਂ ਹੁੰਦੇ। ਜੋਗੀ, ਸੰਨਿਆਸੀ, ਬਿਭੂਤਧਾਰੀ, ਨਾਂਗੇ, ਸੰਤ, ਸਾਧ, ਭਗਤ, ਵਿਰਕਤ ਆਦਿ ਦੇ ਭੇਖ-ਵੇਹਲੜਾਂ ਦੇ ਜੀਵਨ ਅਤੇ ਗ੍ਰਿਹਸਤੀਆਂ ’ਤੇ ਭਾਰ ਹਨ। ਵਰ-ਸਰਾਪ ਆਦਿ ਧਰਮ ਦਾ ਅੰਗ ਨਹੀਂ, ਬਲਕਿ ਅਗਿਆਨੀ ਮਨੁੱਖ ਦੀ ਲੁੱਟ-ਖੋਹ ਦੇ ਰਸਤੇ ਹਨ।

(5). ਅਸਲ ਕਰਤਾਰ ਨੂੰ ਭੁੱਲ ਕੇ-ਗ੍ਰਿਹਸਤੀਆਂ ’ਚ ਖਚਿਤ ਹੋ ਕੇ ਆਪਣੇ ਆਪ ਨੂੰ ਕੇਵਲ ਦੁਨੀਆਦਾਰ ਮੰਨ ਬੈਠਣਾ ਜਾਂ ਰਾਮ ਨੂੰ ਕੁਝ ਲੋਕਾਂ ਦੀ ਜਗੀਰ ਮੰਨਣਾ-ਅਗਿਆਨਤਾ ਅਤੇ ਸੱਚੇ ਧਰਮ ਤੋਂ ਦੂਰ ਰਹਿ ਕੇ ਅਮੁੱਲੇ ਮਨੁੱਖਾ ਜਨਮ ਨੂੰ ਬਰਬਾਦ ਕਰਨਾ ਹੈ। ਧਰਮ ਤੇ ਦੁਨੀਆਂਦਾਰੀ-ਵੱਖ ਵੱਖ ਜੀਵਨ ਨਹੀਂ ਹਨ।

(6). ਮਨੁੱਖ ਨੂੰ ਸਮਝ ਆਉਣ ਲੱਗ ਪਈ ਕਿ ਸਾਰੇ ਮਨੁੱਖ ਕੇਵਲ ਇਕੋ ਹੀ ਪਿਤਾ ਦੀ ਸੰਤਾਨ ਹਨ ਅਤੇ ਪ੍ਰਭੂ ਪਿਤਾ ਸਦਾ ਅਭੁੱਲ ਹੈ। ਮਨੁੱਖਾ ਸਰੂਪ ਦੀ ਅਸਲ ਪਹਿਚਾਣ ਹੀ ਕੇਸਾਂ ਵਾਲੇ ਪੂਰਨ ਸਰੂਪ ਨਾਲ ਹੈ। ਇਹੀ ਹੈ ਪ੍ਰਭੁ ਦੀ ਰਜ਼ਾ ਵਿਚ ਚੱਲਣ ਵਾਲਾ ਮਨੁੱਖ ਦਾ ਪਹਿਲਾ ਕਦਮ।

(7). ਮਨੁੱਖ ਨੂੰ ਪਹਿਲੀ ਵਾਰੀ ਮਹਿਸੂਸ ਹੋਇਆ ਕਿ ਪ੍ਰਭੂ ਦੀ ਬੇਅੰਤ ਰਚਨਾ ’ਚ ਹਰ ਇਕ ਸ਼ੇ੍ਰਣੀ ਦਾ ਵੱਖ ਵੱਖ ਧਰਮ (ਫ਼ਰਜ਼), ਪ੍ਰਭੂ ਵੱਲੋਂ ਨੀਅਤ ਹੈ। ਸੂਰਜ, ਚੰਦ, ਪਸ਼ੂ , ਪੰਛੀ, ਖਣਿਜ, ਫੁੱਲ, ਬਨਸਪਤੀ ਹਰ ਇੱਕ ਦਾ ਧਰਮ ਪ੍ਰਭੂ ਨੇ ਆਪ ਘੜਿਆ ਹੈ। ਇਸੇ ਤਰਾਂ ਪ੍ਰਭੂ ਰਚਨਾ ’ਚ ਮਨੁੱਖ ਵੀ ਇਕ ਸ਼੍ਰੇਣੀ (ਕਿਸਮ) ਹੀ ਹੈ। ਇਸ ਦਾ ਧਰਮ ਵੀ ਬਾਕੀ ਰਚਨਾ ’ਚ ਵਰਤ ਰਹੇ ਮਸ਼ੱਕਤ ਦੇ ਉਸੇ ਇਲਾਹੀ ਨਿਯਮ ਵਿੱਚ ਹੈ ਭਾਵ ਬਾਹਰੋਂ ਸ਼ਕਲ ਮਨੁੱਖ ਦੀ ਅਤੇ ਅੰਦਰੋਂ ਸੁਭਾਅ ਕਰ ਕੇ ਪ੍ਰਭੂ ਗੁਣਾਂ ਦਾ ਧਾਰਨੀ ਹੋਣਾ ਹੈ।

(8). ਮਨੁੱਖ ਨੂੰ ਸਮਝ ਆਉਣ ਲੱਗ ਪਈ ਕਿ ਕਰਤਾ ਪ੍ਰਭੂ ਕਿਸੇ ਮੂਰਤੀ, ਪਿੱਪਲਾਂ, ਕਬਰਾਂ, ਸੱਪਾਂ, ਪਸ਼ੂਆਂ ਆਦਿ ਦੀ ਪੂਜਾ ਨਾਲ ਨਹੀਂ ਮਿਲਦਾ। ਪ੍ਰਭੂ ਦੇ ਦਰਸ਼ਨ ਤਾਂ ਅੰਦਰ ਵੱਸ ਰਹੇ ਪ੍ਰਭੂ ਅੰਸ਼ ਭਾਵ ਆਪਣੀ ਪਹਿਚਾਣ ਤੋਂ ਆਰੰਭ ਹੋਣੇ ਹਨ। ਉਪਰੰਤ ਰਚਨਾ ਦੇ ਜ਼ੱਰੇ-ਜ਼ੱਰੇ ਵਿੱਚੋਂ ਉਸ ਦੇ ਦਰਸ਼ਨ ਕੀਤੇ ਜਾ ਸਕਦੇ ਹਨ। ਇਸ ਤਰਾਂ ਮਨੁੱਖ ਅਨੇਕਾਂ ਇਸ਼ਟਾਂ ਵਾਲੀ ਥਿਊਰੀ ਵਿੱਚੋਂ ਜਾਗ ਉੱਠਿਆ। ਸਮਝ ਆ ਗਈ ਕਿ ਕਬਰਾਂ, ਮੜੀਆਂ, ਕਰੋੜਾਂ ਦੇਵੀ-ਦੇਵਤਿਆਂ, ਆਪ ਮਿਥੇ ਭਗਵਾਨਾਂ ਆਦਿ ਦੀ ਪੂਜਾ ਅਗਿਆਨਤਾ ਦਾ ਪ੍ਰਤੀਕ ਹਨ।

ਗੁਰਬਾਣੀ ਦੀ ਪੜਾਈ ਮਨੁੱਖ ਦੀ ਕਾਇਆਂ ਕਲਪ ਕਰ ਦੇਂਦੀ ਹੈ। ਉਪਰੋਕਤ ਨੁਕਤੇ ਹੀ ਨਹੀਂ ਬਲਕਿ ਅਨੇਕਾਂ ਅਜੇਹੀਆਂ ਜੀਵਨ ਸੇਧਾਂ-ਪਹਿਲੇ ਪਾਤਿਸ਼ਾਹ ਦੀ ਬਾਣੀ ਵਿੱਚੋਂ ਹੀ ਪ੍ਰਤੱਖ ਹੋ ਜਾਂਦੀਆਂ ਹਨ। ਪਾਤਿਸ਼ਾਹ ਨੇ ਕੇਵਲ ਉਪਦੇਸ਼ ਹੀ ਨਹੀਂ ਦਿੱਤੇ; ਬੇਅੰਤ ਕਸ਼ਟ ਸਹਾਰਦੇ ਹੋਏ, ਦੂਰ-ਨੇੜੇ ਵੱਡੇ ਵੱਡੇ ਇਕੱਠਾਂ ਸਮੇ ਲੋਕਾਈ ਪਾਸ ਪੁੱਜ ਕੇ ਮਹਾਨ ਦ੍ਰਿੜਤਾ ਦਲੇਰੀ-ਬੀਰਤਾ ਨਾਲ ਪ੍ਰਚਾਰ ਵੀ ਕੀਤਾ। ਇਸ ਤਰਾਂ ਮਨੁੱਖ ਦੇ ਜੀਵਨ ਅੰਦਰ ਜਦੋਂ ਪ੍ਰਭੂ ਬਖ਼ਸ਼ੇ ਅਨੰਤ ਗੁਣ ਸਿੰਚੇ ਜਾਂਦੇ ਰਹੇ ਤਾਂ ਉਸ ਅੰਦਰ ਪ੍ਰਭੂ ਪਿਆਰ-ਆਪਸੀ ਸਾਂਝ ਤੇ ਪ੍ਰਭੂ ਦੀ ਬੇਅੰਤ ਰਚਨਾ ਲਈ ਪਿਆਰ ਉਪਜਦਾ ਹੈ। ਇਸੇ ਦਾ ਹੀ ਸਿੱਟਾ ਹੁੰਦਾ ਸੀ ਕਿ ਵਿਸਾਖੀ ਨੂੰ ਜਿੱਥੇ ਕਿੱਥੇ ਵੀ ਗੁਰੂ ਪਾਤਿਸ਼ਾਹ ਮੌਜੂਦ ਹੁੰਦੇ, ਸੰਗਤਾਂ ਉੱਥੇ ਹੀ ਪੁੱਜਦੀਆਂ ਰਹਿੰਦੀਆਂ। ਵਿਸਾਖੀ ਵਾਲੇ ਦਿਹਾੜੇ ’ਤੇ ਇਹ ਵੱਡੇ-ਵੱਡੇ ਇਕੱਠ ‘ਹੋਵੈ ਕੀਰਤਨ ਸਦਾ ਵਿਸੋਆ’ ਅਨੁਸਾਰ ਗੁਰੂ ਨਾਨਕ ਪਾਤਿਸ਼ਾਹ ਦੇ ਜੀਵਨ ਕਾਲ ਤੋਂ ਹੀ ਅਰੰਭ ਹੋ ਚੁੱਕੇ ਸਨ।

(9). ਸਿੱਖ, ਕੇਸਾਧਾਰੀ ਪਹਿਲੇ ਜਾਮੇ ਤੋਂ ਹੀ ਸੀ। ਜਦੋਂ ਮਨੁੱਖ ਅੰਦਰ ਪ੍ਰਭੂ ਦੀ ਰਜ਼ਾ ਲਈ ਪਿਆਰ ਪੈਦਾ ਹੁੰਦਾ ਹੈ ਤਾਂ ਕੇਸਾਂ ਵਾਲੇ ਸਰੂਪ ਨਾਲ ਉਸ ਦੀ ਸਾਂਝ ਆਪਣੇ ਆਪ ਹੀ ਬਣ ਆਉਂਦੀ ਹੈ। ਉਸ ਨੂੰ ਪ੍ਰਭੂ ਬਖ਼ਸ਼ੇ ਸਰੂਪ ਅਤੇ ਆਪਣੇ ਮਨੁੱਖ ਹੋਣ ’ਤੇ ਮਾਣ ਮਹਿਸੂਸ ਹੋਣ ਲੱਗਦਾ ਹੈ। ਇਸੇ ਦਾ ਹੀ ਨਤੀਜਾ ਸੀ ਕਿ ਮਨੁੱਖ ਪਹਿਲੇ ਜਾਮੇਂ ਤੋਂ ਹੀ ਸੰਪੂਰਨ ਕੇਸਾਧਾਰੀ ਸਰੂਪ ’ਚ ਆ ਚੁੱਕਾ ਸੀ। ਗੁਰ ਇਤਿਹਾਸ ਅਤੇ ਬਾਣੀ ’ਚੋਂ ਅਜੇਹੇ ਬਹੁਤ ਪ੍ਰਮਾਣ ਮਿਲਦੇ ਹਨ ਜਿਵੇਂ ਅਕਾਲ ਪੁਰਖ ਦੀ ਬੇਅੰਤ ਰਚਨਾ ਵਿੱਚੋਂ ਪਾਤਿਸ਼ਾਹ ਮਨੁੱਖ ਨੂੰ ਅਕਾਲ ਪੁਰਖ ਦੀ ਸਭ ਤੋਂ ਸੁੰਦਰ ਘਾੜਤ ਦੱਸ ਕੇ, ਇਸ ਨੂੰ ਅਕਾਲ ਪੁਰਖ ਦਾ ਹੀ ਨਿੱਜ ਸਰੂਪ ਬਿਆਨ ਕਰਦੇ ਹਨ- ‘‘ਤੇਰੇ ਬੰਕੇ ਲੋਇਣ ਦੰਤ ਰੀਸਾਲਾ॥ ਸੋਹਣੇ ਨਕ ਜਿਨ ਲੰਮੜੇ ਵਾਲਾ॥’’ (ਮ:੧/੫੬) ਇਸੇ ਤਰਾਂ ਪੰਜਵੇਂ ਪਾਤਿਸ਼ਾਹ ਜੀ ਫੁਰਮਾਉਂਦੇ ਹਨ ਕਿ ‘‘ਕੇਸ ਸੰਗਿ ਦਾਸ ਪਗ ਝਾਰਉ, ਇਹੈ ਮਨੋਰਥ ਮੋਰ॥’’ (ਮ;੫/੫੦) ਅਤੇ ‘‘ਕੇਸਾ ਕਾ ਕਰਿ ਚਵਰੁ ਢੁਲਾਵਾ, ਚਰਣ ਧੂੜਿ ਮੁਖਿ ਲਾਈ॥’’ (ਮ:੫/੭੪੯), ਆਦਿ।

ਅਜੇਹੀਆਂ ਮਿਸਾਲਾਂ ਕੋਈ ਕੇਸਹੀਣ ਮਨੁੱਖ ਨਹੀਂ ਦੇ ਸਕਦਾ। ਇੱਥੇ ਹੀ ਬੱਸ ਨਹੀਂ ਸਿੱਖ ਦਾ ਤਾਂ ਧਰਮ ਹੀ ‘‘ਸਿੱਖੀ ਸਿੱਖਿਆ ਗੁਰ ਵੀਚਾਰਿ॥’’ (ਮ:੧/੪੬) ਤੋਂ ਸ਼ੁਰੂ ਹੁੰਦਾ ਹੈ। ਜਿਸ ਸਿੱਖ ਦਾ ਜੀਵਨ ਗੁਰਬਾਣੀ-ਸਿੱਖਿਆ ਤੋਂ ਆਰੰਭ ਹੁੰਦਾ ਹੈ ਤਾਂ ਉਹ ਆਪ ਕੇਸਹੀਣ ਕਿਵੇਂ ਹੋ ਸਕਦਾ ਹੈ ? ਗੁਰਬਾਣੀ ’ਚ ਪਾਤਿਸ਼ਾਹ ਰਾਹੀਂ ਪ੍ਰਵਾਣ 15 ਭਗਤਾਂ ਦੀ ਬਾਣੀ ਲੈ ਲਵੋ। ਜਦੋਂ ਇਹ ਭਗਤ ਵੀ ਪ੍ਰਭੂ ਜੀਵਨ ਨੂੰ ਪ੍ਰਾਪਤ ਹੋਏ ਤਾਂ ਸਾਰੇ ਕੇਸਾਧਾਰੀ ਸਨ। ਇੱਥੇ ਕੇਵਲ ਇਕ ਪ੍ਰਮਾਣ ਭਗਤ ਬਾਣੀ ਵਿੱਚੋਂ ਇਉਂ ਦੇ ਰਿਹਾਂ ਹਾਂ: ‘‘ਕਬੀਰ ਮਨੁ ਮੂੰਡਿਆ ਨਹੀ, ਕੇਸ ਮੁੰਡਾਏ ਕਾਂਇ॥ ਜੋ ਕਿਛੁ ਕੀਆ ਸੋ ਮਨ ਕੀਆ, ਮੂੰਡਾ ਮੂੰਡੁ ਅਜਾਂਇ॥’’ (੧੩੬੯)